ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, September 26, 2010

ਪਾਸ਼ ਨੂੰ ਚੇ-ਗਵੇਰਾ ਬਨਾਉਣਾ ਚਾਹੁੰਦਾ ਹਾਂ-ਅਨੁਰਾਗ ਕਸ਼ਯਪ

ਦਿੱਲੀ ‘ਚ 23 ਤੇ 24 ਸਤੰਬਰ ਨੂੰ ਮਹੱਲਾ ਲਾਈਵ,ਯਾਤਰਾ ਬੁੱਕਸ ਤੇ ਜਨਤੰਤਰ ਨੇ ਸਾਂਝੇ ਤੌਰ ‘ਤੇ ਮੁੱਖ ਧਰਾਈ ਸਿਨੇਮੇ ਦੇ ਬਦਲ ‘ਤੇ ਇਕ ਬਹਿਸ ਕਰਵਾਈ।ਜਿਸ ‘ਚ ਫਿਲਮਸਾਜ਼ੀ ਨਾਲ ਜੁੜੀਆਂ ਅਹਿਮ ਸਖ਼ਸ਼ੀਅਤਾਂ ਪਹੁੰਚੀਆਂ।ਮੈਂ 23 ਨੂੰ ਦਫਤਰੀ ਕਾਰਨਾਂ ਕਰਕੇ ਨਹੀਂ ਜਾ ਸਕਿਆ,24 ਨੂੰ ਪੁੱਜਿਆ।ਸੂਰਜ ਕੁੰਡ ਦੇ “ਬਹਿਸਤਲਬ” ਹਾਲ ‘ਚ ਪੁੱਜਣ ਤੋਂ ਪਹਿਲਾਂ ਹੀ ਗੇਟ ‘ਤੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ(ਫਿਲਮ ਨੋ-ਸਮੋਕਿੰਗ,ਬਲੈਕ ਫ੍ਰਾਈ-ਡੇਅ,ਗੁਲਾਲ,ਦੇਵ-ਡੀ,ਉਡਾਣ ਦਾ ਨਿਰਦੇਸ਼ਕ)ਮਿਲ ਗਿਆ।ਦਿੱਲੀ ਦੇ ਮੇਰੇ ਜਿਹੜੇ ਦੋਸਤਾਂ ਨਾਲ ਅਨੁਰਾਗ ਦੀ ਯਾਰੀ ਹੈ,ਉਨ੍ਹਾਂ ਨੂੰ ਮੈਂ ਕਈ ਵਾਰ ਕਿਹਾ ਵੀ ਸੀ ਕਿ ਅਨੁਰਾਗ ਤੋਂ ਪਾਸ਼ ਦੀ ਫਿਲਮ ਬਾਰੇ ਪੁੱਛਿਓ।ਉਹ ਵੀ ਬਹਿਸ ‘ਚ ਪੁੱਜੇ ਹੋਏ,ਪਰ ਅਨੁਰਾਗ ਜਦੋਂ ਸਿੱਧਮ ਸਿੱਧਾ ਟੱਕਰ ਗਿਆ ਤਾਂ ਮੈਂ ਆਪਣੀ ਪਛਾਣ ਦੱਸਕੇ ਸਿੱਧੇ ਸਵਾਲ ਦਾਗਣੇ ਸ਼ੁਰੂ ਕਰ ਦਿੱਤੇ।

ਮੈਂ ਅਨੁਰਾਗ ਦੀ ਲੰਮੀ ਇੰਟਰਵਿਊ ਕਰਨ ਦੇ ਮੂਡ ‘ਚ ਸੀ,ਪਰ ਦੂਜੇ ਦਿਨ ਦੀ ਬਹਿਸ ਸ਼ੁਰੂ ਹੋਣ ਵਾਲੀ ਸੀ।ਜਿਸ ‘ਚ ਅਨੁਰਾਗ ਨੇ ਬੁਲਾਰੇ ਦੇ ਤੌਰ ‘ਤੇ ਬੋਲਣਾ ਸੀ।ਫਿਰ ਵੀ ਪਾਸ਼ ਦੀ ਫਿਲ਼ਮ ਬਾਰੇ ਕੁਝ ਗੱਲਾਂ ਜ਼ਰੂਰ ਹੋਈਆਂ।ਉਸਦੀ ਫਿਲਮ ਬਾਰੇ ਪਹਿਲੀ ਟਿੱਪਣੀ ਸੀ ਮੈਂ ਪਾਸ਼ ਨੂੰ ਚੇ-ਗਵੇਰਾ ਬਨਾਉਣਾ ਚਾਹੁੰਦਾ ਹਾਂ।ਜਿਹੜਾ ਸਾਡੀ ਨੌਜਵਾਨ ਪੀੜ੍ਹੀ ਦੇ ਦਿਲੋ-ਦਿਮਾਗ 'ਤੇ ਛਾ ਜਾਵੇ।ਫਿਲਮ ਦੇ ਪੜਾਅ ਬਾਰੇ ਬੋਲਦਿਆਂ ਅਨੁਰਾਗ ਨੇ ਕਿਹਾ ਕਿ ਫਿਲਮ ਆਪਣੇ ਪਹਿਲੇ ਪੜਾਅ ‘ਚ ਵੀ ਨਹੀਂ ਹੈ,ਇਹ ਅਗਲੇ 5-6 ਸਾਲਾਂ ਤੱਕ ਤਿਆਰ ਹੋਣ ਦੀ ਸੰਭਾਵਨਾ ਹੈ।ਮੇਰੀ ਖੋਜੀ ਟੀਮ ਪਾਸ਼ ਦੇ ਜੀਵਨ ਦੇ ਹਰ ਪੱਖ ਨੂੰ ਫਰੋਲ ਰਹੀ ਹੈ।ਮੈਂ ਪੁੱਛਿਆ ਤੁਸੀਂ ਇਸ ਸਬੰਧੀ ਕਿੰਨੇ ਕੁ ਲੋਕਾਂ ਨੂੰ ਮਿਲੇ।ਅਨੁਰਾਗ ਕਹਿੰਦਾ ਮੈਂ ਹਿੰਦੀ ਅਲੋਚਕ ਨਾਮਵਰ ਸਿੰਘ ਤੇ ਇਕ ਦੋ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਹੈ,ਪਰ ਇਕ ਨਿਰਦੇਸ਼ਕ ਦੇ ਤੌਰ ‘ਤੇ ਮੈਨੂੰ ਲਗਦਾ ਹੈ ਕਿ ਮੈਂ ਇਹੋ ਜਿਹੇ ਕਿਸੇ ਵੀ ਕਰੈਕਟਰ ‘ਤੇ ਫਿਲਮ ਬਣਾਉਣ ਸਬੰਧੀ ਜ਼ਿਆਦਾ ਲੋਕਾਂ ਨੂੰ ਨਹੀਂ ਮਿਲਾਂਗਾ।ਪੁੱਛਿਆ ਗਿਆ ਕਿਉਂ…?ਜਵਾਬ ਸੀ ,ਜ਼ਿਆਦਾ ਲੋਕਾਂ ਨੂੰ ਮਿਲਦਿਆਂ ਬੰਦਾ ਸਬਜੈਕਟਿਵ ਹੋ ਜਾਂਦਾ ਹੈ,ਜਿਸ ਕਾਰਨ ਤੁਸੀਂ ਪਾਤਰ ਤੇ ਫਿਲਮ ਨਾਲ ਇਨਸਾਫ ਨਹੀਂ ਕਰ ਪਾਉਂਦੇ।ਖੋਜੀ ਟੀਮ ਦੇ ਕੰਮ ਨੂੰ ਗਹੁ ਨਾਲ ਵਾਚਦਿਆਂ ਹੀ ਇਕ ਚੰਗੀ ਫਿਲਮ ਤਿਆਰ ਕੀਤੀ ਜਾ ਸਕੇਗੀ।ਹਾਂ,ਜਿੰਨੀ ਛੇਤੀ ਹੋ ਸਕਿਆ ਪਾਸ਼ ਦੇ ਪਿਤਾ ਜੀ ਨੂੰ ਅਮਰੀਕਾ ਜਾ ਕੇ ਮਿਲਾਂਗਾ।

ਮੈਂ ਕਿਹਾ ਪਾਸ਼ ‘ਤੇ ਫਿਲਮ ਨੂੰ ਲੈ ਕੇ ਲੋਕਾਂ ਨੁੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ।ਹੱਸਕੇ ਅਨੁਰਾਗ ਕਹਿੰਦਾ ਲੋਕਾਂ ਦੀਆਂ ਉਮੀਦਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ,ਪਰ ਪਾਸ਼ ਨੂੰ ਪਾਸ਼ ਵਰਗਾ ਪੇਸ਼ ਕਰਨ ਦੀ ਕੋਸ਼ਿਸ ਕਰਾਂਗਾ।ਪਾਸ਼ ਦੀ ਵਿਵਾਦਾਂ ਭਰੀ ਜ਼ਿੰਦਗੀ ਤੇ ਮੌਤ ਬਾਰੇ ਵੀ ਗੱਲਬਾਤ ਕੀਤੀ ਗਈ।ਪੱਛਿਆ ਗਿਆ ਕਿ ਚੇ-ਗਵੇਰੇ ਦੇ ਇਸ਼ਕਾਂ ਤੇ ਮੌਤ ‘ਤੇ ਦੁਨੀਆਂ ‘ਚ ਕਾਫੀ ਚਰਚਾ ਹੁੰਦੀ ਰਹੀ ਹੈ।ਪਾਸ਼ ਦੇ ਕਈ ਇਸ਼ਕ ਤੇ ਮੌਤ ਵੀ ਕਾਫੀ ਭਾਵਨਾਤਮਿਕ ਮਸਲੇ ਹਨ,ਇਹਨਾਂ ਨਾਲ ਕਿਵੇਂ ਨਜਿੱਠੋਂਗੇ।ਇਹ ਲਾਤੀਨੀ ਅਮਰੀਕਾ ਨਹੀਂ ਭਾਰਤ ਹੈ,ਜੇ ਕਿਸੇ ਹੋਰ ਨੇ ਗਾਲ੍ਹਾਂ ਨਾ ਕੱਢੀਆਂ ਤਾਂ ਆਦਰਸ਼ਵਾਦੀ ਕਾਮਰੇਡਾਂ ਦੀਆਂ ਤਾਂ ਵੱਟ ‘ਤੇ ਪਈਆਂ ਹਨ।ਅਨੁਰਾਗ ਕਹਿੰਦਾ ਮੈਂ ਫਿਲਮਸਾਜ਼ ਦੇ ਤੌਰ ‘ਤੇ ਉਸਦੀ ਕਵਿਤਾ ਤੇ ਜ਼ਿੰਦਗੀ ਨੁੰ ਚਿੱਤਰਣ ਦੀ ਕੋਸ਼ਿਸ ਕਰਾਂਗਾ।ਜਿਨ੍ਹਾਂ ਨੂੰ ਲਗਦਾ ਹੈ ਕਿ ਫਿਲਮਾਂ ਨੇ ਕ੍ਰਾਂਤੀ ਕਰਨੀ ਹੈ,ਉਹ ਸੁਫਨਮਈ ਦੁਨੀਆਂ ‘ਚ ਫਿਰਦੇ ਰਹਿਣ।ਇਸ ਧਰਤੀ ‘ਤੇ ਬਹੁਤ ਸ਼ਾਨਦਾਰ ਆਦਰਸ਼ ਹੋਏ ਹਨ,ਪਰ ਸਾਡਾ ਸਿਨੇਮਾ ਹੁਣ ਤੱਕ ਆਪਣੇ ਆਦਰਸ਼ਾਂ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕਿਆ।ਬੱਸ ਮੇਰਾ ਸਰੋਕਾਰ ਸਿਰਫ ਐਨਾ ਹੈ।

ਇਹਨਾਂ ਦੋ ਚਾਰ ਗੱਲਾਂ ਤੋਂ ਬਾਅਦ ਅਨੁਰਾਗ ਬੁਲਾਰਿਆ ‘ਚ ਤੇ ਮੈਂ ਸਰੋਤਿਆ ‘ਚ ਸੀ ।ਭਾਰਤੀ ਸਿਨੇਮੇ ਬਾਰੇ ਤਿੱਖੀ ਵਿਚਾਰ ਚਰਚਾ ਹੁੰਦੀ ਰਹੀ।ਸਮਾਜ ਦੀ ਕੰਨ੍ਹੀ ‘ਤੇ ਪਏ ਵਿਸ਼ਿਆਂ ਤੇ ਲੋਕਾਂ ਨੂੰ ਸਿਨੇਮੇ ਦੀ ਮੁੱਖ ਧਾਰਾ ਕਿਵੇਂ ਬਣਾਇਆ ਜਾਵੇ,ਇਸ ਮਸਲੇ ‘ਤੇ ਦੋ ਦਿਨ ਬਹਿਸ ਚਲਦੀ ਰਹੀ।ਅੰਤ ਇਸ ਗੱਲ ਨਾਲ ਹੋਇਆ ਕਿ ਉਹ ਬਹਿਸ ਹੀ ਕੀ ਹੋਈ,ਜਿਹੜੀ ਕਿਸੇ ਸਿੱਟੇ ‘ਤੇ ਪੁੱਜ ਜਾਵੇ।

ਯਾਦਵਿੰਦਰ ਕਰਫਿਊ
mail2malwa@gmail.com,malwa2delhi@yahoo.co.in
09899436972

Thursday, September 23, 2010

ਮਸਲਾ ਦੋ ਗਜ਼ ਜ਼ਮੀਨ ਦਾ।

‘ਦੋ ਗਜ਼ ਜ਼ਮੀਨ’ ਦਾ ਮਸਲਾ ਵੱਡਾ ਹੈ। ਉਂਝ ਇਹ ਟੁਕੜਾ ਬਹੁਤਾ ਵੱਡਾ ਨਹੀਂ। ਜੋ ਜ਼ਮੀਨਾਂ ਵਾਲੇ ਹਨ, ਉਨ੍ਹਾਂ ਨੂੰ ਇਕੱਲੀ ‘ਦੋ ਗਜ਼ ਜ਼ਮੀਨ’ ਨਹੀਂ, ਮਸਲਾ ਵੀ ਛੋਟਾ ਲੱਗਦਾ ਹੈ। ਛੋਟੇ ਵੱਡੇ ਦਾ ਪਾੜਾ ਵੱਡਾ ਹੈ। ਤਾਹੀਂਓ ਮਸਲਾ ਵੱਡਾ ਬਣਿਆ ਹੈ। ਵੱਡਿਆਂ ਨੂੰ ਸਭ ਕੁਝ ਛੋਟਾ ਹੀ ਦਿੱਖਦਾ ਹੈ। ਉਨ੍ਹਾਂ ਲਈ ਇਨਸਾਨ ਵੀ ਤਾਂ ਚਿੜੀ ਜਨੌਰ ਹਨ। ਗੱਲ ਜਨੌਰਾਂ ’ਤੇ ਵੀ ਨਹੀਂ ਮੁੱਕਦੀ। ਕਿਸਾਨ ਤਾਂ ਚਿੜੀ ਜਨੌਰਾਂ ਲਈ ਵੀ ਦਸਵੰਦ ਕੱਢਦਾ ਹੈ। ਇਹ ਕੌਣ ਹਨ, ਜੋ ਦਸਵੰਦ ਤਾਂ ਦੂਰ ਦੀ ਗੱਲ, ਚਿੜੀ ਜਨੌਰਾਂ ਦਾ ਹਿੱਸਾ ਵੀ ਛੱਕ ਜਾਂਦੇ ਹਨ। ਇਹ ਵੱਡੇ ਲੋਕ ਹਨ, ਵੱਡੇ ਮਹਿਲਾਂ ਤੇ ਵੱਡੇ ਨੋਟਾਂ ਦੀ ਗੱਲ ਕਰਨ ਵਾਲੇ। ਤਾਂ ਜੋ ਅਗਲੀ ਪੁਸ਼ਤ ਹੋਰ ਵੱਡੀ ਹੋ ਸਕੇ। ਇਨ੍ਹਾਂ ਵੱਡਿਆਂ ’ਚ ਛੋਟਾ ਤਾਂ ਹੋਰ ਸੁੰਘੜ ਗਿਆ ਹੈ। ਉਸ ਦੀ ‘ਦੋ ਗਜ਼ ਜ਼ਮੀਨ’ ਵੀ ਹੱਥੋਂ ਨਿਕਲਣ ਲੱਗੀ ਹੈ। ਵੇਲਾ ਉਹ ਵੀ ਗਿਆ ਜਦੋਂ ਮਰਨ ਮਗਰੋਂ ਇਨਸਾਨ ਨੂੰ ‘ਦੋ ਗਜ਼ ਜ਼ਮੀਨ’ ਨਸੀਬ ਹੋ ਜਾਂਦੀ ਸੀ। ਘੱਟੋ ਘੱਟ ਮਰਨ ਮਗਰੋਂ ਤਾਂ ਉਨ੍ਹਾਂ ਨੂੰ ‘ਜ਼ਮੀਨ ਵਾਲੇ’ ਹੋਣ ਦਾ ਅਹਿਸਾਸ ਹੁੰਦਾ ਸੀ। ਹੁਣ ਨਾ ‘ਦੋ ਗਜ਼ ਜ਼ਮੀਨ’ ਰਹੀ ਹੈ ਤੇ ਨਾ ਉਹ ਅਹਿਸਾਸ। ਅਬੋਹਰ ਦੇ ਮੁਸਲਿਮ ਭਾਈਚਾਰੇ ਦੀ ਮੰਗ ਦਾ ਫਿਕਰ ਏਨਾ ਵੱਡਿਆਂ ਨੂੰ ਹੁੰਦਾ ਤਾਂ ਮੋਇਆ ਨੂੰ ਦਫਨਾਉਣ ਲਈ ਰਾਜਸਥਾਨ ਦੀ ਓਟ ਨਾ ਲੈਣੀ ਪੈਂਦੀ। ‘ਦੋ ਗਜ਼ ਜ਼ਮੀਨ’ ਨਹੀਂ ਮਿਲਣੀ, ਇਹ ਝੋਰਾ ਜਿਉਂਦੇ ਜੀਅ ਹੀ ਅਬੋਹਰ ਦੇ ਜਾਇਆ ਨੂੰ ਖਾਣ ਲੱਗ ਜਾਂਦਾ ਹੈ। ਅਬੋਹਰ ’ਚ ਮੁਸਲਿਮ ਭਾਈਚਾਰੇ ਲਈ ਕਬਰਸਤਾਨ ਵਾਸਤੇ ਥਾਂ ਨਹੀਂ। ਮੁਰਦੇ ਦਫਨਾਉਣ ਲਈ ਗੰਗਾਨਗਰ ਜਾਣਾ ਪੈਂਦਾ ਹੈ। ਜਦੋਂ ਉਥੋਂ ਜੁਆਬ ਮਿਲ ਗਿਆ,ਫਿਰ ਕਿਥੇ ਜਾਣਗੇ, ਫਿਰ ਮਸਲਾ ‘ਦੋ ਗਜ਼ ਜ਼ਮੀਨ’ ਦਾ ਛੋਟਾ ਕਿਵੇਂ ਹੋਇਆ, ਜਿਵੇਂ ਇਹ ਵੱਡੇ ਸਮਝਦੇ ਹਨ।

‘ਮਹਿਮਾ ਭਗਵਾਨਾ’ ਇਸ ਪਿੰਡ ਦੇ ਨਾਮ ਤੋਂ ਇੰਂਝ ਲੱਗਦਾ ਕਿ ਇੱਥੇ ‘ਛੋਟਿਆ’ ਦੀ ਜ਼ਿੰਦਗੀ ਸੁਖਾਲੀ ਹੋਊ। ਭਰਮ ਰਹਿ ਜਾਂਦਾ ਜੇ ਪਿੰਡ ਦੇ ਨਿਤਾਣਿਆ ਨੂੰ ‘ਦੋ ਗਜ਼ ਜ਼ਮੀਨ’ ਮਿਲ ਜਾਂਦੀ। ਸ਼ਮਸ਼ਾਨ ਘਾਟ ਵਾਲੀ ਥਾਂ ਪਿੰਡ ਦੇ ਜਲ ਘਰ ਵਾਸਤੇ ਦੇ ਦਿੱਤੀ ਗਈ ਹੈ। ਆਖਰ ਇਨ੍ਹਾਂ ਨਿਤਾਣਿਆ ਦੇ ਸਿਵਿਆਂ ਦਾ ਮੌਕੇ ’ਤੇ ਫੈਸਲਾ ਹੁੰਦਾ ਹੈ। ਗੁਆਂਢੀ ਦੇ ਮਨ ’ਚ ਰਹਿਮ ਦਿਲੀ ਨਾ ਆਉਂਦੀ ਤਾਂ 24 ਵਰਿਆਂ ਦੇ ਦਲਿਤ ਨੌਜਵਾਨ ਨੂੰ ‘ਦੋ ਗਜ਼ ਜ਼ਮੀਨ’ ਵੀ ਨਹੀਂ ਮਿਲਣੀ ਸੀ। ਨੌਜਵਾਨ ਦਾ ਸਿਵਾ ਗੁਆਂਢੀ ਦੇ ਖੇਤ ’ਚ ਬਲਿਆ। ਹੱਦ ਉਦੋਂ ਹੋ ਗਈ ਜਦੋਂ ਚਾਰ ਵਰਿਆਂ ਦੇ ਪਿੰਡ ਦੇ ਇੱਕ ਬੱਚੇ ਨੂੰ ਦੋ ਗਜ਼ ਜਮੀਨ ਦਾ ਟੋਟਾ ਵੀ ਨਾ ਮਿਲਿਆ। ਆਖਰ ਮਾਪਿਆਂ ਨੇ ਰੋਸ ’ਚ ਪਿੰਡ ਦੇ ਸਾਬਕਾ ਸਰਪੰਚ ਦੇ ਘਰ ਅੱਗੇ ਆਪਣੇ ਬੱਚੇ ਦਾ ਸੜਕ ’ਤੇ ਹੀ ਸਸਕਾਰ ਕਰ ਦਿੱਤਾ। ਏਦਾ ਦਾ ਹਾਲ ਬਹੁਤੇ ਪਿੰਡਾਂ ’ਚ ਹੈ। ਸ਼ਹਿਰਾਂ ’ਚ ਤਾਂ ‘ਦੋ ਗਜ਼ ਜ਼ਮੀਨ’ਦਾ ਮਸਲਾ ਹੋਰ ਵੀ ਵੱਡਾ ਬਣਨ ਲੱਗਾ ਹੈ। ਏਦਾ ਵੀ ਕਦੇ ਕਦੇ ਹੋ ਜਾਂਦਾ ਹੈ, ਅਗਨ ਭੇਟ ਕਰਨ ਵਾਸਤੇ ਵਾਰੀ ਉਡੀਕਣੀ ਪੈਂਦੀ ਹੈ। ਗਰੀਬ ਬੰਦੇ ਲਈ ਜਿਉਣਾ ਤਾਂ ਦੂਰ ਦੀ ਗੱਲ,ਮਰਨਾ ਵੀ ਮਹਿੰਗਾ ਹੋ ਗਿਆ ਹੈ। ਹਾਲਾਤ ਏਦਾ ਦੇ ਬਣ ਗਏ ਹਨ ਕਿ ‘ਛੋਟਿਆ’ ਲਈ ਤਾਂ ‘ਕਫਨ’ ਵੀ ‘ਵੱਡਾ’ ਬਣ ਗਿਆ ਹੈ। ਤਾਜ਼ਾ ਘਟਨਾ ਹੈ, ਦਿੱਲੀ ’ਚ ਫੁੱਟ ਪਾਥ ’ਤੇ ਇੱਕ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ।ਲੰਘਣ ਵਾਲੇ ਆਪਣੇ ਮਸਤੀ ਚੱਲਦੇ ਗਏ। ਔਰਤ ਜ਼ਿੰਦਗੀ ਨਾਲ ਲੜਦੀ ਰਹੀ। ਉਸ ਨੂੰ ਜਾਪੇ ਲਈ ਸੁਖਾਵੀਂ ਥਾਂ ਮਿਲ ਜਾਂਦੀ ,ਸਾਇਦ ਉਹ ਔਰਤ ਬਚ ਜਾਂਦੀ। ਉਸ ਨੂੰ ਤਾਂ ਕਫਨ ਵੀ ਨਸੀਬ ਨਾ ਹੋਇਆ। ਚੰਡੀਗੜ• ਦੇ ਹਸਪਤਾਲ ’ਚ ਵੀ ਏਦਾ ਹੀ ਹੋਇਆ। ਗਰੀਬ ਮਜ਼ਦੂਰ ਆਪਣੀ ਗਰਭਪਤੀ ਪਤਨੀ ਨੂੰ ਹਸਪਤਾਲ ਦੇ ਗੇਟ ਤੇ ਬਿਠਾ ਕੇ ਕਾਊਂਟਰ ’ਤੇ ਪਰਚੀ ਬਣਾਉਣ ਚਲਾ ਗਿਆ। ਕਾਊਂਟਰ ਤੋਂ ਉਸ ਨੂੰ ਮੋੜ ਦਿੱਤਾ ਗਿਆ ਕਿਉਂਕਿ ਉਸ ਕੋਲ ਪੈਸੇ ਖੁੱਲ•ੇ ਨਹੀਂ ਸਨ। ਉਸ ਨੇ ਆਪਣੀ ਗਰਭਪਤੀ ਪਤਨੀ ਦਾ ਵਾਸਤਾ ਵੀ ਪਾਇਆ, ਕਿਸੇ ਨਾ ਸੁਣੀ। ਜਦੋਂ ਖੁੱਲ•ੇ ਪੈਸਿਆਂ ਦੀ ਭਾਲ ਭਾਲ ਕਰਦਾ ਉਹ ਪਤਨੀ ਕੋਲ ਪੁੱਜਾ ਤਾਂ ਉਸ ਦੀ ਗੋਦ ’ਚ ਬੱਚਾ ਖੇਡ ਰਿਹਾ ਸੀ। ਗਰੀਬ ਲਈ ਤਾਂ ਸਰਕਾਰੀ ਹਸਪਤਾਲ ਹੀ ਤਾਂ ਬਚੇ ਸਨ।

ਜਲੰਧਰ ਦੀ ਗਰਭਪਤੀ ਔਰਤ ਰਾਧਾ ਨੂੰ ਵੀ ਸਿਵਲ ਹਸਪਤਾਲ ’ਚ ਥਾਂ ਨਾ ਮਿਲ ਸਕੀ। ਉਸ ਦੀ ਸੱਸ ਨੇ ਜਦੋਂ ਸਟਾਫ ਤੋਂ ਵੀਲ ਚੇਅਰ ਮੰਗੀ ਤਾਂ ਸਟਾਫ ਵਾਲੇ ਫੀਸ ਮੰਗਣ ਲੱਗ ਪਏ। ਉਸ ਕੋਲ ਫੀਸ ਨਹੀਂ ਸੀ। ਨਾ ਉਸ ਨੂੰ ਵੀਲ ਚੇਅਰ ਮਿਲੀ ਤੇ ਨਾ ਕਿਧਰੋਂ ਡਾਕਟਰ ਲੱਭੇ। ਜਦੋਂ ਉਹ ਵਾਪਸ ਨੂੰਹ ਕੋਲ ਮੁੜੀ ਤਾਂ ਓ.ਪੀ.ਡੀ ਵਰਾਂਡੇ ’ਚ ਹੀ ਉਸਦੀ ਨੂੰਹ ਤੇ ਨਵਜੰਮਿਆ ਬੱਚਾ ਪਿਆ ਸੀ। ਮੌੜ ਮੰਡੀ ਦੇ ਸਰਕਾਰੀ ਹਸਪਤਾਲ ’ਚ ਵੀ ਘੱਟ ਨਹੀਂ ਹੋਈ । ਗਰੀਬ ਔਰਤ ਦਾ ਜਦੋਂ ਜਣੇਪਾ ਹੋ ਰਿਹਾ ਸੀ ਤਾਂ ਹਸਪਤਾਲ ਦੀ ਬਿਜਲੀ ਠੱਪ ਹੋ ਗਈ। ਆਖਰ ‘ਟਾਚਰ’ ਦੇ ਚਾਨਣ ’ਚ ਜਣੇਪਾ ਹੋਇਆ। ਕੀ ਹਸਪਤਾਲ ਨੂੰ ਬਿਜਲੀ ਦੀ ‘ਹਾਟ ਲਾਈਨ’ ਸਪਲਾਈ ਨਹੀਂ ? ਬਠਿੰਡਾ ਸ਼ਹਿਰ ਦੇ ਇੱਕ ਵੱਡੇ ਅਕਾਲੀ ਨੇਤਾ ਦੇ ਪ੍ਰਾਈਵੇਟ ਘਰ ਨੂੰ ਪਾਵਰ ਨਿਗਮ ਨੇ ‘ਹਾਟ ਲਾਈਨ’ ਬਿਜਲੀ ਸਪਲਾਈ ਦਿੱਤੀ ਹੋਈ ਹੈ। ਬਹਾਨਾ ਇਹ ਬਣਾਇਆ ਗਿਆ ਹੈ ਕਿ ਇਸ ਨੇਤਾ ਦੇ ਘਰ ਮੁੱਖ ਮੰਤਰੀ ਕਦੇ ਕਦਾਈ ਠਹਿਰਦੇ ਹਨ। ਪਾਵਰ ਨਿਗਮ ਨੇ ਤਾਂ ‘ਡੇਰਿਆ’ ਨੂੰ ਵੀ ਰਾਤੋਂ ਰਾਤ ਹਾਟ ਲਾਈਨ ਸਪਲਾਈ ਚਾਲੂ ਕੀਤੀ ਹੋਈ ਹੈ। ਇਹ ਵੱਖਰਾ ਮਸਲਾ ਹੈ। ਕੁਰਾਲੀ ਦੇ ਸਰਕਾਰੀ ਹਸਪਤਾਲ ’ਚ ‘ਮੋਮਬੱਤੀ’ ਦੇ ਚਾਨਣ ’ਚ ਅਪਰੇਸ਼ਨ ਕਰਨ ਦਾ ਮਸਲਾ ਵੱਖਰਾ ਨਹੀਂ ਹੈ। ਜਗਰਾਓ ਦਾ ਗਰੀਬ ਮਾਲੀ ਖੁਦਕਸ਼ੀ ਕਰ ਗਿਆ। ਉਸ ਨੂੰ 28 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਸੀ। ਸਾਥੀ ਕਾਮੇ ਉਸ ਦੀ ਲਾਸ਼ ਨੂੰ ਸੜਕ ’ਤੇ ਲੈ ਆਏ। ਉਨ੍ਹਾਂ ਸਰਕਾਰ ਤੋਂ ਬਥੇਰਾ ਪੁੱਛਿਆ, ਲੇਕਿਨ ਜੁਆਬ ਨਹੀਂ ਮਿਲਿਆ। ਵੇਤਨ ਰੁਕਣ ਮਗਰੋਂ ਇਸ ਮਾਲੀ ਲਈ ਆਪਣੇ ਦੋ ਗੂੰਗੇ ਬੋਲੇ ਬੱਚਿਆਂ ਦੀ ਪਰਵਰਿਸ਼ ਔਖੀ ਹੋ ਗਈ ਸੀ। ਆਖਰ ਖੁਦਕਸ਼ੀ ਕਰ ਗਿਆ, ਇਹ ਸੋਚ ਕੇ ਕਿ ਸ਼ਾਇਦ ਗੂੰਗੀ ਬੋਲੀ ਸਰਕਾਰ ਦੇ ਕੰਨ ਖੁੱਲ• ਜਾਣ। ਉਸ ਨੇ ਇਹ ਨਹੀਂ ਸੋਚਿਆ ਕਿ ਸਰਕਾਰਾਂ ‘ਵੱਡਿਆਂ’ ਦੀਆਂ ਹੁੰਦੀਆਂ ਨੇ। ‘ਛੋਟਿਆਂ’ ਲਈ ਸਰਕਾਰ ਹੁੰਦੀ ਤਾਂ ਉਸ ਨੂੰ ਇਹ ਨੌਬਤ ਹੀ ਨਹੀਂ ਆਉਣੀ ਸੀ।ਜੋ ਨਿੱਕੇ ਹੁੰਦੇ ਬਾਪ ਦੇ ਕੰਧਾੜੇ ਚੜਨ ਤੋਂ ਡਰਦੇ ਸਨ, ਉਹ ਪਾਣੀ ਵਾਲੀਆਂ ਟੈਂਕੀਆਂ ’ਤੇ ਚੜੇ ਫਿਰਦੇ ਨੇ। ਮਸਲਾ ਉਨ੍ਹਾਂ ਦਾ ਵੀ ਰੁਜ਼ਗਾਰ ਦਾ ਹੈ। ਉਹ ਵੀ ਤਾਂ ਬੱਸ ਥੋੜੀ ਥਾਂ ਹੀ ਮੰਗਦੇ ਹਨ ਜਿਥੇ ਬੈਠ ਕੇ ਉਹ ਭਵਿੱਖ ਨੂੰ ਪਾਲ ਸਕਣ। ਕਿਤੇ ਇਹ ਨਾ ਹੋਵੇ ਕਿ ਰੁਜ਼ਗਾਰ ਲੱਭਦੇ ਲੱਭਦੇ ਫੁੱਟਪਾਥਾਂ ਜੋਗੇ ਰਹਿ ਜਾਣ। ਜਦੋਂ ਤੋਂ ਸੰਪਤੀ ਦੇ ਭਾਅ ਵਧੇ ਹਨ, ਉਦੋਂ ਤੋਂ ਤਾਂ ਫੁੱਟ ਪਾਥ ਵੀ ਛੋਟੇ ਹੋਣ ਲੱਗੇ ਹਨ। ਖਜ਼ਾਨਾ ਭਰਨ ਵਾਸਤੇ ਫੁੱਟਪਾਥ ਵੀ ਨਿਲਾਮ ਹੋ ਸਕਦੇ ਹਨ, ਇਹ ਵੀ ਸੰਭਵ ਹੈ। ਫੁੱਟ ਪਾਥਾਂ ’ਤੇ ਸੌਣ ਵਾਲਿਆਂ ਨੂੰ ਇਹ ਖਬਰ ਹਲੂਣ ਦੇਣ ਵਾਲੀ ਹੋਵੇਗੀ। ਫਿਰ ਤਾਂ ਉਨ੍ਹਾਂ ਕੋਲ ‘ਦੋ ਗਜ਼ ਜ਼ਮੀਨ’ ਵੀ ਨਹੀਂ ਬਚੇਗੀ। ਆਖਰ ਫੁੱਟ ਪਾਥਾਂ ’ਤੇ ਸੌਣ ਵਾਲਿਆਂ ਦੇ ਵੀ ਤਾਂ ਅਰਮਾਣ ਹੁੰਦੇ ਹਨ। ਲੋਕ ਰਾਜੀ ਸਰਕਾਰਾਂ ਨੂੰ ਇਨ੍ਹਾਂ ਦੇ ਅਰਮਾਣਾ ਨਾਲ ਕੀ, ਇਨ੍ਹਾਂ ਦੀ ਕਿਹੜਾ ਵੋਟ ਹੁੰਦੀ ਹੈ। ‘ਵੋਟਾਂ ਦੀ ਮੰਡੀ’ ’ਚ ਇਹ ਵਿਕਣ ਜੋਗੇ ਵੀ ਨਹੀਂ। ‘ਵੈਲਫੇਅਰ ਸਟੇਟ’ ਕੋਲ ਸਕੀਮ ਤਾਂ ਫੁੱਟ ਪਾਥ ’ਤੇ ਬੈਠਣ ਵਾਲੇ ਮੋਚੀ ਲਈ ਵੀ ਹੈ, ਬਸ਼ਰਤੇ ਨਗਰ ਕੌਂਸਲ ਵਾਲੇ ਲਿਖ ਕੇ ਦੇ ਦੇਣ ਕਿ ਇਹ ਫੁੱਟ ਪਾਥ ਦੀ ਇਹ ਥਾਂ ਫਲ•ਾਣੇ ਮੋਚੀ ਨੂੰ ਅਲਾਟ ਕੀਤੀ ਜਾਂਦੀ ਹੈ। ਕੌਂਸਲ ਤੋਂ ਮੋਚੀ ਨੂੰ ਨਾ ਤਾਂ ਅਲਾਟਮੈਂਟ ਲੈਟਰ ਮਿਲਦਾ ਹੈ ਤੇ ਇੱਧਰ ਨਾ ਭਲਾਈ ਸਕੀਮ ਦਾ ਲਾਹਾ । ਅਸਲ ’ਚ ਤਾਂ ਇਹ ਛੋਟੇ ਲੋਕ ਕਿਸੇ ਬਾਗ ਦੀ ਮੂਲੀ ਵੀ ਨਹੀਂ ਹੁੰਦੇ।ਇਨ੍ਹਾਂ ਛੋਟਿਆਂ ਕੋਲ ਤਾਂ ਭੁੱਖ ਲੱਗਣ ’ਤੇ ਢਿੱਡ ਬੰਨਣ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਬਚਦਾ।

ਕਿਥੋਂ ਦਾ ਇਨਸਾਫ ਹੈ ਕਿ ਇੱਕ ਡਿਪਟੀ ਕਮਿਸ਼ਨਰ ਕੋਲ 27 ਹਜ਼ਾਰ ਵਰਗ ਗਜ ਦਾ ਸਰਕਾਰੀ ਘਰ ਹੈ। ਜਦੋਂ ਕਿ ਲੋਕ ਰਾਜ ’ਚ ਜੋ ਸਰਕਾਰਾਂ ਨੂੰ ਤਾਜ ਬਖਸਦੇ ਹਨ,ਉਨ੍ਹਾਂ ਕੋਲ ਦੋ ਗਜ ਜਗਾਂ ਵੀ ਨਹੀਂ। ਸਰਕਾਰ ਡਿਪਟੀ ਕਮਿਸ਼ਨਰ ਨਹੀਂ ਬਣਾਉਂਦੇ,ਛੱਤ ਨੂੰ ਤਰਸਣ ਵਾਲੇ ਬਣਾਉਂਦੇ ਨੇ, ਹਰ ਦਫਾ ਇੱਕ ਨਵੀਂ ਉਮੀਦ ਨਾਲ। ਹੋ ਸਕਦਾ ਹੈ ਕਿ ਕਿਸੇ ਡੀ.ਸੀ ਨੇ ਕਦੇ ਆਪਣੀ ਵੋਟ ਦਾ ਇਸਤੇਮਾਲ ਵੀ ਨਾ ਕੀਤਾ ਹੋਵੇ। ਭਲਾਈ ਦਾ ਕੇਹਾ ਢਕਵੰਜ ਹੈ ਕਿ ਵੱਡੀਆਂ ਕੰਪਨੀਆਂ ਨੂੰ ਇੱਕ ਰੁਪਏ ਲੀਜ ’ਤੇ ਇੱਕ ਏਕੜ ਥਾਂ ਦੇ ਸਮਝੌਤੇ ਹੋ ਰਹੇ ਹਨ। ਜਦੋਂ ਕੋਈ ਕਿਰਤੀ ਸਿਰ ਢੱਕਣ ਵਾਸਤੇ ‘ਦੋ ਗਜ਼ ਜ਼ਮੀਨ’ ਦੀ ਗੱਲ ਕਰਦਾ ਹੈ ਤਾਂ ਪੂਰਾ ਪੰਜਾਬ ਸੁੰਘੜ ਜਾਂਦਾ ਹੈ।

ਮੁੱਖ ਮੰਤਰੀ ਪੰਜਾਬ ਦੇ ਪਿੰਡ ਬਾਦਲ ਦੇ ਗੁਆਂਢੀ ਪਿੰਡ ਗੱਗੜ ’ਚ ਆਲੀਸ਼ਾਨ ਕਲੋਨੀ ਬਣਾਈ ਤਾਂ ਗਰੀਬਾਂ ਵਾਸਤੇ ਗਈ ਸੀ। ਹੋਇਆ ਉਲਟ, ਜੋ ਸਰਕਾਰ ਦੇ ‘ਆਪਣੇ’ ਸਨ, ਉਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਘਰ ਅਲਾਟ ਹੋ ਗਏ। ਗਰੀਬੀ ਰੇਖਾਂ ਤੋਂ ਹੇਠਾਂ ਰਹਿੰਦੇ ਅੱਜ ਵੀ ਉਥੇ ਹੀ ਹਨ। ਪਿੰਡ ਦਾ ਸਭ ਤੋਂ ਗਰੀਬ ਆਦਮੀ ਅੱਜ ਵੀ ਰੂੜੀ ’ਤੇ ਰਾਤ ਕੱਟਦਾ ਹੈ। ਪਿੰਡਾਂ ’ਚ ਤਾਂ ਅੱਜ ਵੀ ਬਹੁਤੇ ਮਜ਼ਦੂਰ ਡੰਗਰਾਂ ਵਾਲੇ ਵਾੜੇ ’ਚ ਸੌਂਦੇ ਹਨ। ਉਨ੍ਹਾਂ ਨਾਲੋਂ ਤਾਂ ਭੇਡਾਂ ਬੱਕਰੀਆਂ ਵੀ ਚੰਗੀਆਂ ਹਨ। ਕਦੋਂ ਤੱਕ ਇਸ ਤਰ੍ਹਾਂ ਚੱਲੇਗਾ। ਸੋਚਣਾ ਸਰਕਾਰਾਂ ਨੂੰ ਵੀ ਪੈਣਾ ਹੈ ਕਿ ਜਦੋਂ ਫੁੱਟ ਪਾਥਾਂ ਵਾਲੇ ਨੀਂਦ ਚੋਂ ਉਠੇ ਤਾਂ ਉਹ ਫਿਰ ਸੌਣਗੇ ਨਹੀਂ,ਨੀਂਦ ਹਰਾਮ ਕਰਨਗੇ। ਜਦੋਂ ਸਹੀ ਸੇਧ ਮਿਲ ਗਈ ਤਾਂ ਉਹ ਫਿਰ ਟੈਂਕੀਆਂ ’ਤੇ ਨਹੀਂ ਚੜਣਗੇ, ਟੈਂਕ ਬਣਨਗੇ ‘ਵੱਡਿਆਂ’ ਨੂੰ ਹਲੂਣਾ ਦੇਣ ਲਈ। ਜਦੋਂ ਵੱਡਾ ਹਲੂਣਾ ਵੱਜਦਾ ਹੈ ਤਾਂ ਦਰੱਖਤ ਵੀ ਜੜ੍ਹੋਂ ਹਿੱਲ ਜਾਂਦੇ ਹਨ। ਜਿਨ੍ਹਾਂ ਦੀ ਜੜ੍ਹ ਹੀ ਲੋਕਾਂ ਕਾਰਨ ਲੱਗੀ ਹੁੰਦੀ ਹੈ,ਉਨ੍ਹਾਂ ਨੂੰ ਜਗਾਉਣ ਲਈ ਇੱਕਲੇ ਜੋਸ਼ ਦੀ ਨਹੀਂ, ਬਲਕਿ ਹੋਸ਼ ਵੀ ਦਹਾੜੇਗਾ। ਦੇਰ ਸਵੇਰ ਲੋਕਾਂ ਦੀ ਤਾਕਤ ਹੀ ਏਦਾ ਦਾ ਮਾਹੌਲ ਸਿਰਜੇਗੀ ਕਿ ਕਿਸੇ ਨੂੰ ‘ਦੋ ਗਜ਼ ਜ਼ਮੀਨ’ ਲਈ ਤਰਸਣਾ ਨਾ ਪਵੇ।

ਚਰਨਜੀਤ ਭੁੱਲਰ,ਬਠਿੰਡਾ
ਲੇਖਕ ਪੱਤਰਕਾਰ ਹਨ।

ਪੰਜ-ਆਬਾਂ ਦੀ ਜੁਗਨੀ ਦਾ ਕਲੇਸ਼

ਅਮਰੀਕਾ ਬੈਠੇ ਪੰਜਾਬੀ ਲੇਖਕ ਵਿਦਵਾਨ ਡਾ: ਗੁਰਮੇਲ ਸਿੱਧੂ ਦੇ ਮਨ ਵਿਚ ਵਿਚਾਰ ਆਉਂਦਾ ਹੈ ਕਿ ਪੰਜਾਬੀਆਂ ਦੇ ਪ੍ਰਸਿਧ ਲੋਕ ਗਾਇਨ ‘ਜੁਗਨੀ’ ਬਾਰੇ ਪੰਜਾਬੀ ਪਾਠਕਾਂ ਨੂੰ ਇਕ ਖੋਜ ਭਰਪੂਰ ਲੇਖ ਲਿਖ ਕੇ ਦਿੱਤਾ ਜਾਵੇ। ਉਹ ਕੰਪਿਊਟਰ ਉੱਤੇ ਬੈਠ ਕੇ ਗੂਗਲ ਸਰਚ ਇੰਜਨ ਵਿਚ ‘ਜੁਗਨੀ’ ਟਾਇਪ ਕਰਦੇ ਹਨ। ਠਾਹ ਦੇਣੇ ਵਿਕੀਪੀਡੀਆ ਉੱਤੇ ‘ਜੁਗਨੀ’ ਬਾਰੇ ਲੇਖ ਆ ਜਾਂਦਾ ਹੈ। ਡਾ: ਸਹਿਬ ਨੂੰ ਸਾਇਸ ਦੇ ਯੁੱਗ ਵਿਚ ਇਸ ਪ੍ਰਕਾਰ ਇਲਹਾਮ ਹੁੰਦਾ ਹੈ।ਜਿਵੇਂ ਅੰਨ੍ਹੇ ਦੇ ਪੈਰ ਹੇਠ ਬਟੇਰਾ ਆਏ ‘ਤੇ ਉਹ ਖੁਦ ਨੂੰ ਸ਼ਿਕਾਰੀ ਸਮਝਣ ਲੱਗ ਜਾਂਦਾ ਹੈ, ਕੁਝ ਇਹੋ ਜਿਹੀ ਅਵਸਥਾ ਡਾ: ਸਾਹਿਬ ਦੀ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਚੋਰੀ ਕਰੇ, ਸਾਰਾ ਪੁੰਨ ਡਾ: ਸਾਹਿਬ ਖੱਟ ਲੈਣਾ ਚਾਹੁੰਦੇ ਹਨ।ਉਹ ਹੱਫਲ ਕੇ ਉਸ ਲੇਖ ਦਾ ਪੰਜਾਂ ਮਿੰਟਾਂ ਵਿਚ ਅਨੁਵਾਦ ਕਰ ਦਿੰਦੇ ਹਨ। ਛੇਵੇਂ ਮਿੰਟ ਲੇਖ ਅਖਬਾਰ ਪਤ੍ਰਿਕਾਵਾਂ ਨੂੰ ਈ-ਮੇਲ ਹੋ ਜਾਂਦਾ ਹੈ। ਅੱਗੋਂ ਡਾ: ਗੁਰਦਿਆਲ ਸਿੰਘ ਰਾਏ ਜੀ ਸੱਤਵੇਂ ਮਿੰਟ ਇਹ ਗਿਆਨ ਵਰਧਕ ਲੇਖ ‘ਜੁਗਨੀ ਦਾ ਨਿਕਾਸ ਅਤੇ ਵਿਕਾਸ’ ਲਿਖਾਰੀ.ਓਰਗ ਦੀ ਸਾਇਟ ਉੱਤੇ ਚਾੜ੍ਹ ਦਿੰਦੇ ਹਨ।ਸੱਤਾਂ ਮਿੰਟਾਂ ਵਿਚ ਇਕ ਇਤਿਹਾਸਕ ਅਤੇ ਖੋਜ ਭਰਪੂਰ ਲੇਖ ਪੰਜਾਬੀ ਪਾਠਕਾਂ ਮੂਹਰੇ ਪਰੋਸਿਆ ਜਾਂਦਾ ਹੈ। ਕੀ ਕੋਈ ਹੋਰ ਭਾਸ਼ਾ ਦਾ ਲੇਖਕ ਐਨੀ ਫਾਸਟ ਸਰਵਿਸ ਦੇ ਸਕਦਾ ਹੈ? ਅੰਗਰੇਜ਼ੀ ਦੇ ਕਿਸੇ ਲੇਖਕ ਨੇ ਇਹੀ ਲੇਖ ਲਿਖਣਾ ਹੁੰਦਾ ਤਾਂ ਪਹਿਲਾਂ ਉਹਨੇ ਕਿਤਾਬਾਂ ਲੱਭਣੀਆਂ ਸੀ ਜਾਂ ਗਾਇਕਾਂ ਤੋਂ ਪਤਾ ਕਰਨਾ ਸੀ ਕਿ ਤੁਸੀਂ ਗਾਈ ਜਾਂਦੇ ਹੋ, ਤੁਹਾਨੂੰ ਇਸਦੇ ਪਿਛੋਕੜ ਦਾ ਗਿਆਨ ਹੈ? ਜਾਂ ਮਹਾਨ ਕੋਸ਼ ਫਰੋਲਣੇ ਸੀ। ਖੋਜ ਕਰਦਿਆਂ ਹੋ ਸਕਦਾ ਅੰਗਰੇਜ਼ੀ ਦਾ ਲਿਖਾਰੀ ਜੁਗਨੀ ਦੀਆਂ ਪੈੜਾਂ ਲੱਭਦਾ ਭਾਰਤ, ਮੁਲਤਾਨ ਜਾਂ ਇਰਾਨ ਚਲਾ ਜਾਂਦਾ। ਪਰ ਸਾਡੇ ਪੰਜਾਬੀ ਲੇਖਕਾਂ ਕੋਲ ਐਨਾ ਸਮਾਂ ਕਿਥੇ ਹੈ? ਜਿਹੜਾ ਉਹ ਫਜ਼ੂਲ ਖਰਚਦੇ ਫਿਰਨ ਤੇ ਨਾ ਹੀ ਪੰਜਾਬੀ ਪਾਠਕਾਂ ਕੋਲ ਐਨਾ ਸਬਰ ਹੈ ਕਿ ਉਹ ਐਨਾ ਚਿਰ ਉਡੀਕਣ?

ਡਾ: ਸਾਹਿਬ ਦਾ ਲੇਖ ਇੰਟਰਨੈਟ ‘ਤੇ ਪੜ੍ਹ ਕੇ ਜੁਗਨੀ ਵਿਚਾਰੀ ਰੋ ਪੈਂਦੀ ਹੈ, ਕੁਰਾਲਉਂਦੀ ਹੈ, ਵੈਣ ਪਾਉਂਦੀ ਹੈ, “ਇਹ ਮੇਰਾ ਨਿਕਾਸ ਤੇ ਵਿਕਾਸ ਕਰਦਿਆਂ, ਮੇਰਾ ਤਾਂ ਸਤਿਨਾਸ ਹੀ ਕਰ ਸਿੱਟਿਆ ਹੈ। ਮੇਰਾ ਜਨਮਦਿਨ ਹੀ ਬਦਲ ਕੇ ਰੱਖ ਦਿੱਤਾ ਹੈ। ਦੋ ਹਜ਼ਾਰ ਸਾਲ ਤੋਂ ਵੀ ਵਡੇਰੀ ਮੇਰੀ ਉਮਰ ਨੂੰ ਬਦਲ ਕੇ ਉਨੀ ਸੌ ਛੇ ਬਣਾ ਦਿੱਤਾ? ਹਾਏ ਮੇਰਿਆਂ ਰੱਬਾ!”

ਮਾਨਯੋਗ ਡਾ: ਸਾਹਿਬ ਲੇਖ ਦਾ ਅਨਵਾਦ ਕਰਕੇ ਆਪਣੀ ਮੌਲਿਕ ਰਚਨਾ ਦਰਸਾਉਣ ਲੱਗੇ ਇਹ ਭੁੱਲ ਗਏ ਕਿ ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਉਵੇਂ ਵਿਕੀਪੀਡੀਆ ‘ਤੇ ਦਿੱਤੀ ਜਾਣਕਾਰੀ ਧੂਰ ਦਰਗਾਹੀ ਜਾਂ ਇਲਾਹੀ ਤੇ ਖੋਜ ਭਰਪੂਰ ਨਹੀਂ ਹੁੰਦੀ। ਕੋਈ ਵੀ ਲੱਲੀ-ਛੱਲੀ ਉੱਠ ਕੇ ਉਸਨੂੰ ਸੰਪਾਦਿਤ ਕਰ ਸਕਦਾ ਹੈ। ਡਾ: ਗੁਰਮੇਲ ਸਿੱਧੂ ਦਾ ਲੇਖ ਲਿਖਾਰੀ ਦੀ ਸਾਇਟ ਉੱਤੇ ਪੜ੍ਹ ਕੇ ਅਤੇ ਜੁਗਨੀ ਬਾਰੇ ਵਿਕੀਪੀਡੀਆ ਦਾ ਲੇਖ ਪੜ੍ਹ ਪਾਠਕ ਸਮਝ ਸਕਦੇ ਹਨ ਕਿ ਡਾ: ਸਾਹਿਬ ਨੇ ਇਕ ਅੱਖਰ ਪੱਲਿਉਂ ਨਹੀਂ ਲਿਖਿਆ। ਡਾ: ਸਾਹਿਬ ਇੰਟਰਨੈਟ ‘ਤੇ ਲਿਖੇ ਲੇਖ ਵਾਲੀ ਤੂਤੀ ਬੋਲਦੇ ਹੋਏ ਆਖਦੇ ਹਨ ਕਿ ਅੰਗਰੇਜ਼ਾਂ ਦੇ 1906 ਵਿਚ ਜੁਬਲੀ ਮਨਾਉਣ ਤੋਂ ਪਹਿਲਾਂ ਜੁਗਨੀ ਦਾ ਕਿਧਰੇ ਵੀ ਜਿ਼ਕਰ ਨਹੀਂ ਆਉਂਦਾ।ਜਿ਼ਕਰ ਤਾਂ ਮਿਲਦਾ ਜੇ ਡਾ: ਸਾਹਿਬ ਨੇ ਕੋਈ ਕਿਤਾਬ ਫਰੋਲੀ ਹੁੰਦੀ ਜਾਂ ਖੋਜ ਕਰਨ ਦੀ ਕੋਸਿ਼ਸ਼ ਕੀਤੀ ਹੁੰਦੀ। ਇੰਟਰਨੈਟ ਜਿ਼ੰਦਾਬਾਦ! ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਹੀ ਚੌਖਾ।ਅਰਬੀ ਦੇ ਹਜ਼ਾਰ ਸਾਲ ਪੁਰਾਣੇ ਗ੍ਰੰਥ ‘ਨਾਰਦ’ ਵਿਚ ਜੁਗਨੀ ਦਾ ਵਿਸਥਾਰਪੁਰਵਕ ਜਿ਼ਕਰ ਹੈ। ਡਾ: ਸਾਹਿਬ ਜੁਬਲੀ ਵਾਲੀ ਮਿਸ਼ਾਲ ਨਾਲ ਮੜ੍ਹ ਕੇ ਜੁਗਨੀ ਦਾ ਇਤਿਹਾਸਕ ਮਹੱਤਵ ਜੋੜ ਦਿੰਦੇ ਹਨ। ਇਸ ਨਾਲ ਉਹ ਜੁਗਨੀ ਦੇ ਕੁਝ ਟੱਪੇਆਂ ਦੀ ਬਣਤਰ ਉੱਤੇ ਵੀ ਟਿੱਪਣੀ ਕਰਦੇ ਹਨ। ਪਰ ਡਾ: ਸਾਹਿਬ ਨੂੰ ਟੱਪਿਆਂ ਵਿਚ ਸੰਕੇਤ ਨਜ਼ਰ ਨਹੀਂ ਆਉਂਦਾ।ਡਾ: ਸਾਹਿਬ ਸੰਕੇਤ ਦੇਖੋ:-

ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ।


ਹੁਣ ਇਸ਼ਕ ਇਥੇ ਇਸ਼ਕ ਮਜ਼ਾਜੀ ਨਹੀਂ, ਇਸ਼ਕ ਹਕੀਕੀ ਵੱਲ ਇਸ਼ਾਰਾ ਹੈ। ਕੀ ਮਿਸ਼ਾਲ ਨੂੰ ਧਾਗੇ ਲੱਗੇ ਹੁੰਦੇ ਹਨ? ਧਾਗੇ ਅੱਗ ਨਾਲ ਸੜ੍ਹਣਗੇ ਨਹੀਂ? ਇਹ ਧਾਗੇ ਉਹ ਹਨ ਜਿਸ ਵਿਚ ਤਾਵੀਜ਼ ਰੂਪੀ ਜੁਗਨੀ ਪਰੋਈ ਹੁੰਦੀ ਹੈ।

ਆਉ ਹੁਣ ਜੁਗਨੀ ਬਾਰੇ ਥੋੜਾ ਜਿਹਾ ਮੈਂ ਚਾਨਣਾ ਪਾਵਾਂ। ਜੁਗਨੀ ਦਾ ਜਨਮ ਉੱਤਰੀ ਭਾਰਤ ਵਿਚ ਦੋ ਹਜ਼ਾਰ ਸਾਲ ਪਹਿਲਾਂ ਹੋਇਆ ਸੀ। ਨਾਥ ਯੋਗੀ, ਯੋਗ ਧਾਰਨ ਕਰਵਾਉਣ ਸਮੇਂ ਆਪਣੇ ਚੇਲਿਆਂ ਦੇ ਗਲੇ ਵਿਚ ਨਿਸ਼ਾਨੀ ਵਜੋਂ ਇਕ ਵਿਸ਼ੇਸ਼ ਕਿਸਮ ਦਾ ਧਾਤੂ ਤਵੀਤ ਪਾਇਆ ਕਰਦੇ ਸਨ। ਜਿਸਨੂੰ ਉਹ ਯੋਗ+ਗ੍ਰਹਿਨੀ ਕਿਹਾ ਕਰਦੇ ਸਨ।ਇਕ ਜਗ੍ਹਾ ਰਹਿੰਦਿਆਂ ਜਦੋਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਉਹਨਾਂ ਦੇ ਚੇਲੇ ਯੋਗ ਵਿਦਿਆ ਵਿਚ ਮਾਹਿਰ ਹੋ ਗਏ ਹਨ ਤਾਂ ਉਹ ਅਗਲੀ ਮੰਜਿ਼ਲ ‘ਤੇ ਜਾ ਕਿਆਮ ਕਰਦੇ ਸਨ। ਨਵੇਂ ਥਾਂ ਉਹ ਯੋਗ+ਗ੍ਰਹਿਨੀ ਲੈ ਜਾਂਦੇ ਤੇ ਯੋਗ ਦਾ ਪ੍ਰਚਾਰ ਕਰਦੇ। ਇਹ ਯੋਗ ਗ੍ਰਹਿਨੀ ਹੌਲੀ ਹੌਲੀ ਯੋਗਨੀ ਬਣ ਗਈ। ਨਾਥਾਂ ਦੀ ਪ੍ਰੰਮਪਰਾ ਦਾ ਇਕ ਅੰਗ।ਯੋਗਨੀ ਸਿੱਧਾਂ ਨਾਥ ਦੀ ਪਹਿਚਾਣ ਦਾ ਇਕ ਚਿੰਨ੍ਹ ਬਣ ਕੇ ਪ੍ਰਚੱਲਤ ਹੋਈ। ਦੇਸ਼ ਵਿਦੇਸ਼ਾਂ ਵਿਚ ਯੋਗੀਆਂ ਨੇ ਆਪਣੇ ਅਕੀਦੇ ਅਤੇ ਇਸ਼ਟ ਨੂੰ ਪ੍ਰਚਾਰਿਆ। ਉਸ ਤੋਂ ਉਪਰੰਤ ਹਜ਼ਰਤ ਮੁਹੰਮਦ ਦੇ ਪੈਰੋਕਾਰ ਤੁਅਸਬੀ ਹੁੰਦੇ ਗਏ, ਜਿਸ ਦੀ ਬਗਾਵਤ ਦੇ ਸਿੱਟੇ ਵਜੋਂ ਸੂਫੀ ਸੰਪਰਦਾਏ ਦਾ ਜਨਮ ਹੋਇਆ।ਸੂਫੀ ਭਾਵੇਂ ਮੰਨਦੇ ਤਾਂ ਇਸਲਾਮ ਨੂੰ ਹੀ ਸੀ, ਪਰ ਉਹ ਪੁਰਾਤਨ ਮੁਸਲਮਾਨਾਂ ਵਾਂਗ ਕੱਟੜ ਨਹੀਂ ਸਨ। ਇਸ ਕਾਰਨ ਸੂਫੀਵਾਦ ਦਾ ਉਭਾਰ ਬਹੁਤ ਤੀਰਬਰਗਤੀ ਨਾਲ ਹੋਇਆ।ਸੂਫੀਆਂ ਨੂੰ ਜਦੋਂ ਯੋਗਨੀ ਬਾਰੇ ਇਲਮ ਹੋਇਆ ਤਾਂ ਉਹਨਾਂ ਨੇ ਯੋਗਨੀ ਨੂੰ ਅਪਨਾ ਲਿਆ। ਪਰ ਇਸ ਦੀ ਦਿੱਖ ਅਤੇ ਬਣਤਰ ਵਿਚ ਤਬਦੀਲੀ ਕਰਕੇ ਉਹ ਇਸਨੂੰ ਆਪਣੇ ਡੌਲ੍ਹੇ ਉੱਤੇ ਬੰਨ੍ਹਣ ਲੱਗ ਪਏ।ਨਾਥਾਂ ਨਾਲੋਂ ਸੂਫੀਆਂ ਨੇ ਯੋਗਨੀ ਨੂੰ ਇਕ ਉੱਚਾ ਤੇ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ। ਉਹ ਹਰੇਕ ਚੇਲੇ ਦੀ ਬਜਾਏ ਯੋਗਨੀ ਆਪਣੇ ਅਗਲੇ ਗੱਦੀਨਸ਼ੀਨ ਨੂੰ ਸੌਂਪਦੇ। ਜਿਹੜਾ ਸੂਫੀ ਦਰਵੇਸ਼ ‘ਮਾਰਫਤ’ ਦੀ ਅਵਸਥਾ ਉੱਤੇ ਪਹੁੰਚ ਜਾਂਦਾ, ਯੋਗਨੀ ਉਸ ਕੋਲ ਹੁੰਦੀ ਤੇ ਅੱਗੋਂ ਉਹ ਇਸਨੂੰ ਆਪਣੇ ਮੁਕਾਬਲੇ ਉੱਤੇ ਪਹੁੰਚ ਚੁੱਕੇ ਫਕੀਰ ਨੂੰ ਹੀ ਬਖਸ਼ਦੇ।ਇਸ ਤਰ੍ਹਾਂ ਸੂਫੀ ਫਕੀਰ ਯੋਗਨੀ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫਰ ਕਰਵਾਉਂਦੇ। ਜਿਥੇ ਯੋਗਨੀ ਚਲੀ ਜਾਂਦੀ ਉਥੇ ਦੇ ਫਕੀਰਾਂ ਵਿਚ ਹੁਲਾਸ ਦੀ ਲਹਿਰ ਦੌੜ ਜਾਂਦੀ। ਉਹ ਯੋਗਨੀ ਪ੍ਰਾਪਤ ਕਰਨ ਦੀ ਲਾਲਸਾ ਵਿਚ ਕਠਿਨ ਤੋਂ ਕਠਿਨ ਇਮਤਿਹਾਨ ਦਿੰਦੇ। ਚਿੱਲੇ ਕੱਟਦੇ।ਯੋਗਨੀ ਧਾਰਨ ਕਰਵਾਉਣ ਸਮੇਂ ਜਸ਼ਨ ਹੁੰਦਾ। ਯੋਗਨੀ ਦਾ ਗੁਣਗਾਨ ਕੀਤਾ ਜਾਂਦਾ।ਜੁਗਨੂੰ ਇਕ ਜੀਵ ਹੁੰਦਾ ਹੈ, ਜਦੋਂ ਉਹ ਹਵਾ ਵਿਚ ਉੱਡਦਾ ਹੈ ਤਾਂ ਰੋਸ਼ਨੀ ਪੈਦਾ ਕਰਦਾ ਹੈ। ਇਥੋਂ ਹੀ ਇਹ ਗਿਆਨਤਾ ਦਾ ਚਾਨਣ ਫੈਲਾਉਣ ਵਾਲੀ ਯੋਗਨੀ; ਜੁਗਨੀ ਬਣ ਕੇ ਸਾਡਾ ਲੋਕ ਗੀਤ ਬਣੀ। ਬੇਸ਼ਕ ਆਧੁਨਿਕ ਕਵੀਆਂ ਨੇ ਇਸਦੇ ਨਕਸ਼ ਵਿਗਾੜ ਕੇ ਇਸ ਨੂੰ ਮੁਟਿਆਰ ਵਜੋਂ ਚਿੱਤਰਿਆ ਹੈ, ਪਰ ਪੁਰਾਤਨ ਕਾਵਿ ਵਿਚ ਇਸ ਦਾ ਸਪਸ਼ਟ ਜਿ਼ਕਰ ਆਉਂਦਾ ਹੈ। ਖਾਸ ਕਰ ਅਰਬੀ ਅਤੇ ਫਾਰਸੀ ਦੀਆਂ ਭਾਸ਼ਾਵਾਂ ਵਿਚਲੇ ਜੁਗਨੀ ਕਾਵਿ ਵਿਚ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅਜ਼ਮੇਰ ਸ਼ਰੀਫ ਵਿਖੇ ਚਿੱਲਾ ਕੱਟ ਕੇ ਜੁਗਨੀ ਪ੍ਰਾਪਤ ਕੀਤੀ ਸੀ। ਅੱਜ ਵੀ ਅਜ਼ਮੇਰ ਸ਼ਰੀਫ ਜਾਵੋ ਤਾਂ ਦਰਗਾਹ ਵਿਚ ਵੜ੍ਹਦਿਆਂ ਜੇ ਖੱਬੇ ਪਾਸੇ ਮੁੜ ਜਾਇਏ ਤਾਂ ਉਥੇ ਉਹ ਜਗ੍ਹਾ ਮੌਜੂਦ ਹੈ ਜਿਥੇ ਸ਼ੇਖ ਫਰੀਦ ਸਾਹਿਬ ਨੇ ਚਿੱਲਾ ਕੱਟਿਆ ਸੀ। ਉੱਥੇ ਬਕਾਇਦਾ ਹਰੇ ਰੰਗ ਦੇ ਅੱਖਰਾਂ ਵਿਚ ਹਿੰਦੀ ਅਤੇ ਉਰਦੂ ਵਿਚ ਇਹ ਲਿਖਿਆ ਹੋਇਆ ਹੈ। ਮੈਂ ਕਈ ਵਾਰ ਜਾ ਚੁੱਕਾ ਹਾਂ। ਤੁਸੀਂ ਜਾ ਕੇ ਦੇਖ ਸਕਦੇ ਹੋ।

ਉਥੋਂ ਥੋੜ੍ਹੀ ਵਿੱਥ ‘ਤੇ ਰਾਜਸਥਾਨ ਵਿਚ ਹੀ ਇਕ ਪੁਸ਼ਕਰ ਨਾਮ ਦੀ ਜਗ੍ਹਾ ਹੈ, ਬ੍ਰਹਮਾ ਦਾ ਭਾਰਤ ਵਿਚ ਸਭ ਤੋਂ ਵੱਡਾ ਮੰਦਰ ਇਸ ਸਥਾਨ ‘ਤੇ ਸਥਿਤ ਹੈ। ਪੁਸ਼ਕਰ ਦੇ ਕਰੀਬ ਹੀ ਅਜੇ ਨਗਰ ਨਾਮ ਦਾ ਕਸਬਾ ਹੈ। ਇਸ ਕਸਬੇ ਵਿਚ ਇਕ ਬਹੁਤ ਉੱਚੇ ਪਹਾੜ ਉੱਤੇ ਕਾਦਰੀ ਮੱਤ ਦੇ ਨਾਥਾਂ ਦਾ ਟਿੱਲਾ ਹੈ। ਉਸ ਟਿੱਲੇ ਵਿਚ ਯੋਗੀਆਂ ਦੇ ਰੁਦਰਾਖਸ਼ ਅਤੇ ਜੁਗਨੀਆਂ ਪਾਈਆਂ ਤੁਸੀਂ ਅੱਜ ਵੀ ਦੇਖ ਸਕਦੇ ਹੋ।
ਮੇਰਾ ਜੱਦੀ ਸ਼ਹਿਰ ਜਗਰਾਉਂ ਹੈ।ਪੰਜਾਬੀ ਗੀਤਾਂ ਵਿਚ ਵੀ ਇਸਦਾ ਜਿ਼ਕਰ ਆਉਂਦਾ ਹੈ:-

ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ
ਲੱਗਦੀ ਰੋਸ਼ਨੀ ਭਾਰੀ
ਵੈਅਲੀਆਂ ਦਾ ’ਕੱਠ ਹੋ ਗਿਆ
ਉਥੇ ਬੋਤਲਾਂ ਮੰਗਾ ਲਈਆਂ ਚਾਲੀ
ਚਾਲੀਆਂ ‘ਚੋਂ ਇਕ ਬਚ’ਗੀ
ਉਹ ਚੁੱਕ ਕੇ ਮਹਿਲ ਨਾਲ ਮਾਰੀ
ਮੁਨਸ਼ੀ ਡਾਗੋਂ ਦਾ
ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ
ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੁਰ ਦੌਧਰ ਦੀ
ਲੱਕ ਪਤਲਾ ਬਦਨ ਦੀ ਭਾਰੀ
ਪਰਲੋਂ ਆ ਜਾਂਦੀ
ਜੇ ਹੁੰਦੀ ਨਾ ਪੁਲਸ ਸਰਕਾਰੀ


ਜਗਰਾਉਂ ਇਕ ਸੂਫੀ ਫਕੀਰ ਜੱਗਰਾਵ ਨੇ ਵਸਾਇਆ ਸੀ। ਮੇਰੇ ਸ਼ਹਿਰ ਹਰ ਸਾਲ ਮਾਰਚ ਮਹੀਨੇ ਵਿਚ ਇਕ ਮਸ਼ਹੂਰ ਮੇਲਾ ਲੱਗਦਾ ਹੈ, ਜਿਸਨੂੰ ‘ਰੋਸ਼ਨੀ ਦਾ ਮੇਲਾ’ ਕਿਹਾ ਜਾਂਦਾ ਹੈ। ਜੋ ਮੇਰੇ ਜੱਦੀ ਘਰ ਦੇ ਐਨ ਸਾਹਮਣੇ ਬਣੀ ਖਾਨਗਾਹ ਵਿਚ ਲੱਗਦਾ ਹੈ।ਇਹ ਮੇਲਾ ਜਹਾਂਗੀਰ ਦੇ ਜਗਰਾਂਉ ਆਉਣ ਸਮੇਂ ਤੋਂ ਹੀ ਲੱਗਣ ਲੱਗਾ ਹੈ।ਇਥੇ ਵਰਣਨਯੋਗ ਹੈ ਕਿ ਰੋਸ਼ਨੀ ਦੇ ਮੇਲੇ ਵਿਚ 1840 ਤੋਂ ਜੁਗਨੀ ਗਾਈ ਜਾਂਦੀ ਹੈ। 1857 ਦੇ ਗਦਰ ਤੋਂ ਵੀ ਪਹਿਲਾਂ। ਲੱਗਦੈ ਕਦੇ ਡਾ: ਸਾਹਿਬ ਨੂੰ ‘ਛਪਾਰ ਦਾ ਮੇਲਾ’ ਦੇਖਣ ਦਾ ਅਵਸਰ ਨਹੀਂ ਮਿਲਿਆ, ਉਥੇ ਜਿੱਥੇ ਲੁੱਚੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉੱਥੇ ਜੁਗਨੀ, ਜਿੰਦੂਆ ਤੇ ਮਾਹੀਆ ਵੀ ਸੈਂਕੜੇ ਸਾਲਾਂ ਤੋਂ ਗਾਏ ਜਾਂਦੇ ਹਨ।ਜੁਗਨੀ ਬਾਰੇ ਖੋਜ ਕਰਨ ਲਈ ਇਨਸਾਈਕਲੋਪੀਡੀਆ ਔਫ ਸੂਫੀਇਜ਼ਮ ਦਾ ਪੰਨਾ ਨੰ: 900 ਦੇਖੋ। ਇਸ ਤੋਂ ਇਲਾਵਾਂ ਹੇਠ ਲਿਖੀਆਂ ਕਿਤਾਬਾਂ ਪੜ੍ਹਣ ਦੀ ਖੇਚਲ ਕਰੋ। ਜੁਗਨੀ ਬਾਰੇ ਇਤਿਹਾਸਕ ਲੇਖ ਲਿਖਣ ਦਾ ਮਜ਼ਾ ਦੇਖਿਉ ਕਿੰਨਾ ਆਉਂਦਾ ਹੈ:-

1. Sufism by Seyyed and Llewellyn Vaughan-Lee,
2. Kashf al-Mahjûb by Hujwiri
3. The Risâla by Qushayri Hossein Nasr,
4. Sufi practices by Sunil Verma
5. The Sufi movement by Sayyid Muhammad Baba As-Samasi and Alen Gorden
6. Sufism's Many Paths by Dr. Alan Godlas, University of Georgia
7. Gorakshanath Jogis of India by Ramesh Upadiay

ਲੇਖਕ -ਬਲਰਾਜ ਸਿੱਧੂ, ਯੂ. ਕੇ.

Saturday, September 18, 2010

ਏਥੇ ਸੈਕਸ ਪਾਬੰਦੀ ਹੈ,ਔਰਤ ਦੇ ਲਈ

ਸੈਕਸ ਨੂੰ ਸਾਡੇ ਸਮਾਜ ‘ਚ ਹਮੇਸ਼ਾ ਹੀ ਪਾਬੰਦੀਸ਼ੁਦਾ ਮੰਨਿਆ ਗਿਆ ਹੈ।ਸੈਕਸ ‘ਤੇ ਗੱਲਬਾਤ ਕਰਨਾ।ਉਸਨੂੰ ਜੱਗਜ਼ਾਹਰ ਕਰਨਾ ਜਾਂ ਆਪਸ ‘ਚ ਸ਼ੇਅਰ ਕਰਨਾ।ਸਭ ਥਾਂ ਸੈਕਸ ਪਾਬੰਦੀਸ਼ੁਦਾ ਹੈ।ਸੈਕਸ ਦਾ ਜ਼ਿਕਰ ਛਿੜਦਿਆਂ ਹੀ ਪਲ ਭਰ ‘ਚ ਸਾਡਾ ਸੱਭਿਆਚਾਰ ਤੇ ਵਿਰਾਸਤ ਖਤਰੇ ‘ਚ ਪੈ ਜਾਂਦੇ ਹਨ।ਮੂੰਹ ‘ਤੇ ਹੱਥ ਰੱਖਕੇ ਸੈਕਸ ਦੀ ਗੱਲਬਾਤ ‘ਤੇ ਸ਼ਰਮ ਤੇ ਗੰਦਗੀ ਜ਼ਾਹਰ ਕੀਤੀ ਜਾਂਦੀ ਹੈ।ਸੈਕਸ ਨੂੰ ਇਸ ਪੱਧਰ ‘ਤੇ ਨਫਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਤੁੱਛ ਚੀਜ਼ ਹੈ।

ਖੁੱਲ੍ਹਕੇ ਸੈਕਸ ਦਾ ਵਿਰੋਧ ਕਰਦੇ ਹੋਏ ਮੈਂ ਉਹਨਾਂ ਸੱਭਿਅਕ-ਵਿਰਾਸਤੀ ਰਾਖ਼ਸ਼ਾਂ ਨੂੰ ਵੇਖਿਆ ਹੈ,ਜਿਨ੍ਹਾਂ ਨੂੰ ਸੜਕ ਦੇ ਫਿਰਦੀ ਕੁੜੀ “ਕਮਾਲ ਦਾ ਮਾਲ” ਵਿਖਾਈ ਦਿੰਦੀ ਹੈ।ਜਿਸਨੂੰ ਵੇਖਕੇ ਉਹਨਾਂ ਦੇ ਹੱਥ ਤੇ ਦਿਮਾਗ ਨਾ ਜਾਣੇ ਕਿੱਥੇ ਕਿੱਥੇ ਵਿਚਰਨ ਲੱਗਦੇ ਹਨ।ਜਿਨ੍ਹਾਂ ਨੂੰ ਰਾਤ ਨੁੰ ਹਨ੍ਹੇਰੇ ‘ਚ ਨੀਲੀਆਂ ਫਿਲਮਾਂ(BLUE FILMS) ਵੇਖਦਿਆਂ ਕਦੇ ਸ਼ਰਮ ਨਹੀਂ ਆਉਂਦੀ ਤੇ ਨੀਲੀਆਂ ਫਿਲਮਾਂ ਦੇ ਨਾਲ ਰੰਗੀਨ “ਮਾਲ” ਵੀ ਹਰ ਵਕਤ ਜਿਨ੍ਹਾਂ ਦੀ ਪਹਿਲ ਰਹਿੰਦਾ ਹੈ।ਪਰ ਰਾਤ ਤੋਂ ਸਵੇਰ ਹੁੰਦਿਆਂ ਹੁੰਦਿਆਂ ਉਨ੍ਹਾਂ ਦਾ ਸੈਕਸ ਮੋਹ “ਸੈਕਸ ਪਾਬੰਦੀ” ‘ਚ ਬਦਲ ਜਾਂਦਾ ਹੈ।

ਇਹ ਸਹੀ ਹੈ ਕਿ ਅਸੀਂ ਬਦਲਾਅ ਦੇ ਦੌਰ ‘ਚੋਂ ਗੁਜ਼ਰ ਰਹੇ ਹਾਂ।ਹਰ ਦਿਨ,ਹਰ ਪਲ ਸਾਡੇ ਨੇੜੇ ਤੇੜੇ ਕੁਝ ਨਾ ਕੁਝ ਬਦਲ ਰਿਹਾ ਹੈ।ਅਸੀਂ ਆਧੁਨਿਕ ਹੋ ਰਹੇ ਹਾਂ।ਇਥੋਂ ਤੱਕ ਕਿ ਟੀ ਵੀ ਦੇ ਵਿਖਾਏ ਜਾਣ ਵਾਲੇ ਕੰਡੋਮ,ਕੇਅਰਫਰੀ,ਬ੍ਰਾਅ ਦੇ ਇਸ਼ਤਿਹਾਰਾਂ ਨੂੰ ਵੀ ਅਸੀਂ ਖੱਲ੍ਹਕੇ ਵੇਖਦੇ ਹਾਂ।ਇਕ ਦੂਜੇ ਨੂੰ ਦੱਸ ਵੀ ਰਹੇ ਹਾਂ,ਪਰ ਸੈਕਸ ਨੂੰ ਮੰਨਣ ਤੇ ਇਸਤੇ ਅਧਿਕਾਰ ਜਤਾਉਣ ਨੂੰ ਅਜੇ ਵੀ ਅਸੀਂ ਆਪਣੀ ਸੱਭਿਅਤਾ ਤੇ ਵਿਰਾਸਤ ਦੇ ਤਬੂਤਾਂ ‘ਚ ਬੰਦ ਕਰ ਰੱਖਿਆ ਹੈ। ਸਾਨੂੰ ਹਰ ਸਮੇਂ ਡਰ ਰਹਿੰਦਾ ਹੈ ਕਿ ਜੇ ਸੈਕਸ ਦਾ ਭੂਤ ਬਾਹਰ ਆ ਗਿਆ ਤਾਂ ਸਾਡੀਆਂ ਸਾਰੀਆਂ ਪੌਰਾਣਿਕ ਮਾਨਤਾਵਾਂ ਤੇ ਸਥਾਪਨਾਵਾਂ ਪਲ ਭਰ ‘ਚ ਢਹਿ ਢੇਰੀ ਹੋ ਜਾਣਗੀਆਂ(ਜੇ ਹੋ ਜਾਣਗੀਆਂ ਤਾਂ ਕਿੰਨੀਆਂ ਕਮਜ਼ੋਰ ਨੇ ਇਹ ਮਾਨਤਾਵਾਂ)।ਅਸੀਂ ਪੱਛਮੀ ਭੋਗਵਾਦ ਦਾ ਸ਼ਿਕਾਰ ਹੋ ਜਾਂਵਾਗੇ।ਇਸ ਲਈ ਜਿੰਨਾ ਹੋ ਸਕੇ ਆਪਣੀਆਂ ਮਾਵਾਂ-ਭੈਣਾਂ,ਪਤਨੀਆਂ ਨੂੰ ਸੈਕਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ ਤੇ ਉਨ੍ਹਾਂ ਦੀਆਂ ਇੱਛਾਵਾਂ ਨੁੰ ਅਪਾਹਿਜ ਬਣਾਉਣ ਦੀ ਵੀ।

ਸਾਡੇ ਪੌਰਾਣਾ ‘ਚ ਲਿਖਿਆ ਹੋਇਆ ਹੈ ਕਿ ਯੌਨ ਸੁੱਖ ਔਰਤ ਲਈ ਵਰਜਿਤ ਤੇ ਮਰਦ ਦੇ ਲਈ ਹਰ ਵਕਤ ਖੁੱਲ੍ਹਾ ਹੈ।ਮਰਦ ਅਜ਼ਾਦ ਨੇ ਹਰ ਥਾਂ “ਮੂੰਹ ਮਾਰਨ” ਲਈ।ਇਹੀ ਕਾਰਨ ਹੈ ਕਿ ਸਾਡੇ ਸਮਾਜ ‘ਚ ਔਰਤ ਨੂੰ ਆਪਣੀ ਮਨਮਰਜ਼ੀ ਦਾ ਸੈਕਸ ਚੁਣਨ ਦੀ ਅਜ਼ਾਦੀ ਨਹੀਂ ਹੈ।

ਕਮਾਲ ਦੀ ਗੱਲ ਹੈ ਕਿ ਔਰਤ-ਸੈਕਸ ‘ਤੇ ਉਹ ਲੋਕ ਵੀ ਆਪਣੇ ਮੂੰਹ ‘ਤੇ ਪੱਟੀ ਧਰ ਲੈਂਦੇ ਹਨ ਜੋ ਔਰਤ ਮਸਲੇ ਦੀ ਵਿਚਾਰ-ਚਰਚਾ ਦੇ ਬਹਾਨੇ “ਔਰਤ ਦੇਹ” ਦੇ ਸਭ ਤੋਂ ਵੱਡੇ ਸਮਰਥਕ ਬਣੇ ਫਿਰਦੇ ਹਨ।ਔਰਤ ਜਦ ਆਪਣੇ ਸੁੱਖ ਦੇ ਲਈ ਸੈਕਸ ਦੀ ਮੰਗ ਕਰਨ ਲੱਗਦੀ ਹੈ ਤਾਂ ਪੁਰਾਤਨ ਤੇ ਪਰੰਪਰਾਵਾਦੀਆਂ ਦੀ ਤਰ੍ਹਾਂ ਉਨ੍ਹਾਂ ਦੇ ਤਨ-ਮਨ ਨੂੰ ਅੱਗ ਲੱਗ ਜਾਂਦੀ ਹੈ।ਇਹਨਾਂ ਔਰਤ ਵਿਚਾਰਵਾਦੀਆਂ ਨੂੰ ਸੈਕਸ ਦੇ ਮਾਮਲੇ ‘ਚ ਉਹੀ ਦੱਬੀ-ਘੁਟੀ ਔਰਤ ਚਾਹੀਦੀ ਹੈ ਜੋ ਮੰਗ ਜਾਂ ਸਵਾਲ ਜਵਾਬ ਨਾ ਕਰ ਸਕੇ।

ਪਤਾ ਨਹੀ ਲੋਕ ਇਹ ਕਿਉਂ ਮੰਨ ਬੈਠੇ ਹਨ ਕਿ ਅਸੀਂ ਤੇ ਸਾਡਾ ਸਮਾਜ ਲਗਾਤਾਰ ਬਦਲ ਜਾਂ ਵਿਕਸਤ ਹੋ ਰਿਹਾ ਹੈ।ਅੱਜ ਵੀ ਜਦੋਂ ਮੈਂ ਕਿਸੇ ਔਰਤ ਨੂੰ ਦਾਜ ਜਾਂ ਯੌਨ ਸ਼ੋਸ਼ਣ ਦੇ ਮਾਮਲਿਆਂ ‘ਚ ਮਰਦੀ ਵੇਖਦੀ ਹਾਂ ਤਾਂ ਮੈਨੂੰ ਲਗਦਾ ਹੈ ਕਿ ਅਜੇ ਵੀ ਅਸੀਂ ਸਦੀਆਂ ਪੁਰਾਣੀ ਦੁਨੀਆਂ ‘ਚ ਜੀਅ ਰਹੇ ਹਾਂ।

ਮੈਨੂੰ ਇਕ ਗੱਲ ਦਾ ਜਵਾਬ ਤੁਹਾਡੇ ਸਾਰਿਆਂ ਕੋਲੋਂ ਚਾਹੀਦੈ ਕਿ ਆਖਰ ਜਦ ਮਰਦ ਆਪਣੇ ਜ਼ੋਰ ‘ਤੇ ਅੰਦਰੂਨੀ ਤੇ ਬਾਹਰੀ ਸਾਰੇ ਸੁੱਖ ਭੋਗਣ ਲਈ ਸੁਤੰਤਰ ਹੈ ਤਾਂ ਇਹ ਅਜ਼ਾਦੀ ਔਰਤ ਲਈ ਕਿਉਂ ਨਹੀ ਤੇ ਕਿਸ ਕਾਰਨ ਨਹੀਂ ਦਿੱਤੀ ਜਾਂਦੀ..?

ਕੀ ਇੱਛਾਵਾਂ ਸਿਰਫ ਮਰਦਾਂ ਦੀਆਂ ਹੀ ਗੁਲਾਮ ਹੁੰਦੀਆਂ ਹਨ,ਔਰਤਾਂ ਦੀਆਂ ਨਹੀਂ..??

ਲੇਖ਼ਿਕਾ ਅਨੂਜਾ ਰਸਤੋਗੀ ਦੇ ਸ਼ਬਦ-
(ਮੈਂ ਮੈਗਜੀਨਾਂ-ਅਖ਼ਬਾਰਾਂ ਲਈ ਕਦੇ ਨਹੀਂ ਲਿਖਿਆ,ਅਜੇ ਤੱਕ ਜੋ ਵੀ ਲਿਖਿਆ,ਆਪਣੇ ਬਲੌਗ ਲਈ ਲਿਖਿਆ ਹੈ।ਮੈਨੂੰ ਮਨਮਰਜ਼ੀ ਦਾ ਲਿਖਣਾ ਪਸੰਦ ਹੈ,ਸਮਝੌਤੇ ਤੋਂ ਬਗੈਰ)

ਛੋਟੇ ਵੀਰ ਸੁਖਚਰਨਪ੍ਰੀਤ (ਸੁੱਖੀ)! ਇਹ ਤੂੰ ਕੀ ਕਰ ਰਿਹੈਂ, ਤੈਨੂੰ ਪਤੈ?

ਪਿਛਲੇ ਦਿਨੀਂ ਸੁਖਚਰਨਪ੍ਰੀਤ ਵਲੋਂ ਲਿਖੇ ਲੇਖ਼ "ਕਿਰਨਜੀਤ ਦੇ ਸੰਘਰਸ਼ ਤੋਂ ਕਿਰਨਜੀਤਾਂ ਦੀ ਬਦਨਾਮੀ ਤੱਕ" ਦੇ ਜਵਾਬ 'ਚ ਇਨਕਲਾਬੀ ਕੇਂਦਰ ਪੰਜਾਬ ਦੇ ਅਹੁਦੇਦਾਰ ਕੰਵਲਜੀਤ ਖੰਨਾ ਨੇ ਲਿਖ਼ਤ ਭੇਜੀ ਹੈ।ਲਿਖ਼ਤ ਛਾਪਣ ਦੇ ਨਾਲ ਹੀ ਇਸ ਵਿਚਾਰ ਚਰਚਾ 'ਚ ਸ਼ਾਮਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ।ਇਸੇ ਲਿਖ਼ਤ ਦੇ ਹੇਠਾਂ ਸੁਖਚਰਨਪ੍ਰੀਤ ਦੀ ਲਿਖ਼ਤ ਪੜ੍ਹ ਸਕਦੇ ਹੋਂ।--ਗੁਲਾਮ ਕਲਮ

ਕਿਰਨਜੀਤ ਦੇ ਸੰਘਰਸ਼ ਤੋਂ ਕਿਰਨਜੀਤ ਦੀ ਬਦਨਾਮੀ ਤੱਕ’ ਨਾਮੀ ਆਪਣੀ ਲਿਖਤ ਵਿੱਚ ਤੂੰ (ਜਾਣੇ ਜਾਂ ਅਣਜਾਣੇ) ਜੋ ਕੁੱਝ ਲਿਖਿਆ ਹੈ, ਉਸਨੂੰ ਛੋਟੇ ਵੀਰ ਦੁਬਾਰਾ ਪੜ੍ਹ! ਭਲਾ ਤੂੰ ਕੀ ਕਹਿਣਾ ਚਾਹੁੰਨੈ? ਮੇਰੀ ਜਾਚੇ ਤੂੰ ਦੋ ਗੱਲਾਂ ਕਰ ਰਿਹੈਂ ਪਹਿਲੀ ਇਹ ਕਿ ਜਿਨ੍ਹਾਂ ਲੋਕਾਂ ਨੇ 1997 ’ਚ ਬੱਚੀ ਕਿਰਨਜੀਤ ਨਾਲ ਹੋਏ ਧੱਕੇ ਤੇ ਕਤਲ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ ਸੀ। ਉਹ ਹੁਣ ਕਿਰਨਜੀਤ ਦੀ ਬਦਨਾਮੀ ਕਰਵਾ ਰਹੇ ਹਨ ਅਤੇ ਦੂਜੀ ਗੱਲ ਤੂੰ ਇਸ ਘੋਲ ਬਾਰੇ ਬਣੀ ਦਸਤਾਵੇਜੀ ਫਿਲਮ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’ ਦੇ ਸਬੰਧ ’ਚ ਐਕਸ਼ਨ ਕਮੇਟੀ ਤੇ ਡਿਫੈਂਸ ਕਮੇਟੀ ਦੇ ਰੋਲ ਦੀ ਕਰਨੀ ਚਾਹੀ ਹੈ। ਅਸਲ ’ਚ ਪਹਿਲੀ ਗੱਲ ਤਾਂ ਦੂਜੀ ਲਈ ਬਹਾਨਾ ਹੈ ਅਸਲੀ ਗੱਲ ਤਾਂ ਦੂਜੀ ਹੀ ਹੈ।

ਚਲੋ,ਫਿਰ ਵੀ ਗੱਲ ਨਾਈਵਾਲਾ ਸਕੂਲ ਦੀ ਘਟਨਾ ਤੋਂ ਸ਼ੁਰੂ ਕਰਦੇ ਹਾਂ। ਇਸ ਸਾਲ 12 ਅਗਸਤ 2010 ਨੂੰ ਕਿਰਨਜੀਤ ਦੀ ਬਰਸੀ ਦੀ ਤਿਆਰੀ ਮੁਹਿੰਮ ਚੱਲ ਰਹੀ ਹੈ। 4 ਅਗਸਤ ਨੂੰ ਨਾਈਵਾਲਾ ਸਕੂਲ ਦਾ ਮੁੱਖ ਅਧਿਆਪਕ, ਜਿਹੜਾ ਮਹਿਲ ਕਲਾਂ ਐਕਸ਼ਨ ਕਮੇਟੀ ਦਾ ਮੈਂਬਰ ਵੀ ਹੈ, ਪ੍ਰੇਮ ਕੁਮਾਰ ਇਸੇ ਸਬੰਧ ’ਚ ਪ੍ਰਾਰਥਨਾ ਸਭਾ ’ਚ ਬੱਚਿਆਂ ਨੂੰ ਸੰਬੋਧਿਤ ਹੁੰਦਾ ਹੈ। ਉਹ ਬੱਚੀਆਂ ਨੂੰ ਆਪਣੇ ਖਿਲਾਫ਼ ਹੋਣ ਵਾਲੀਆਂ ਵਧੀਕੀਆਂ ਖਿਲਾਫ਼ ਨਿਝੱਕ ਹੋ ਕੇ ਬੋਲਣ ਲਈ ਪ੍ਰੇਰਿਤ ਕਰਦਾ ਹੈ। ਇਸ ਪ੍ਰੇਰਨਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਤਿੰਨ ਬੱਚੀਆਂ ਆਪਣੇ ਖਿਲਾਫ਼ ਇੱਕ ਅਧਿਆਪਕ ਮਹਿੰਦਰ ਸਿੰਘ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦੀ ਸ਼ਿਕਾਇਤ ਆਪਣੀਆਂ ਮੈਡਮਾਂ ਕੋਲ ਕਰਦੀਆਂ ਹਨ। ਬਾਅਦ ਦੁਪਹਿਰ ਤੱਕ ਮਾਮਲਾ ਮੁੱਖ ਅਧਿਆਪਕ ਤੱਕ ਪਹੁੰਚ ਜਾਂਦਾ ਹੈ। 5 ਅਗਸਤ ਨੂੰ ਇਸ ਮੁੱਦੇ ’ਤੇ ਪਸਵਕ ਕਮੇਟੀ, ਪੰਚਾਇਤ ਤੇ ਹੋਰ ਲੋਕਾਂ ਨਾਲ ਗੱਲ ਸਾਂਝੀ ਹੁੰਦੀ ਹੈ। 6 ਅਗਸਤ ਨੂੰ ਦੋਸ਼ੀ ਅਧਿਆਪਕ ਖਿਲਾਫ਼ ਸ਼ਿਕਾਇਤ ਵਿਭਾਗ ਤੇ ਪੁਲਸ ਤੱਕ ਪਹੁੰਚ ਜਾਂਦੀ ਹੈ। ਭਲਾ ਮਾਮਲੇ ਨੂੰ ਦਬਾਉਣ ਦੀ ਗੱਲ ਕਿਹੜੇ ਪਾਸਿਓਂ ਆ ਗਈ? ਮਾਮਲੇ ’ਤੇ ਕਾਰਵਾਈ ਹੋਈ, ਦੋਸ਼ੀ ਅਧਿਆਪਕ ਖਿਲਾਫ਼ ਕੇਸ ਦਰਜ ਹੋਇਆ ਤੇ ਬਦਲੀ ਗੁਰਦਾਸਪੁਰ ਜ਼ਿਲ•ੇ ਦੀ ਕੀਤੀ ਗਈ। ਇਸ ਮਾਮਲੇ ਸਮੇਤ ਕਿਸੇ ਵੀ ਮਾਮਲੇ ’ਤੇ ਕਾਰਵਾਈ ਦੇ ਢੰਗ ਤੇ ਵਿਚਾਰਾਂ ਦੇ ਮੱਤਭੇਦ ਹੋ ਜਾਣੇ ਸੁਭਾਵਿਕ ਹਨ। ਪਰ ਇਨੀ ਗੱਲ ਨੂੰ ‘ਕਿਰਨਜੀਤ ਦੀ ਬਦਨਾਮੀ ਤੱਕ’ ਦਾ ਸਫ਼ਰ ਬਣਾ ਦੇਣਾ ਭਲਾ ਕਿੰਨੀ ਕੁ ਸਿਆਣਪ ਤੇ ਪਰਪੱਕਤਾ ਹੈ? ਇਸ ਮਾਮਲੇ ’ਤੇ 12 ਅਗਸਤ ਨੂੰ ਬਰਸੀ ਸਮਾਗਮ ’ਚ ਵੀ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਸੀ। ਹਾਂ ਇਸ ਮਾਮਲੇ ’ਚ ਸਿੱਖਿਆ ਅਧਿਕਾਰੀ ਨੇ ਆਪਣੀਆਂ ਅੱਖਾਂ ’ਚ ਰੜਕਦੇ ਮੁੱਖ ਅਧਿਆਪਕ ਪ੍ਰੇਮ ਕੁਮਾਰ ਨੂੰ ਬਲੀ ਦਾ ਬੱਕਰਾ ਜ਼ਰੂਰ ਬਣਾ ਲਿਆ।

ਮੁੱਖ ਅਧਿਆਪਕ ਦੀ ਬਦਲੀ ਖਿਲਾਫ਼ ਉਦੋਂ ਹੀ ਪਿੰਡ ਵਾਸੀਆਂ ਵੱਲੋਂ ਸੰਘਰਸ਼ ਵਿੱਢ ਦੇਣਾ ਤੇ ਸਕੂਲ ਨੂੰ ਤਾਲਾ ਲਾ ਦੇਣਾ ਵੀ ਭਲਾ ਕੀ ਦਰਸਾਉਂਦਾ ਹੈ। ਇਹੋ ਨਾ ਕਿ ਮਾ. ਪ੍ਰੇਮ ਕੁਮਾਰ ਪਿੰਡ ਵਾਸੀਆਂ ਦਾ ਸਤਿਕਾਰਤ ਅਧਿਆਪਕ ਹੈ। ਤੈਨੂੰ ਪਤਾ ਹੀ ਹੈ ਕਿ ਮੁਅੱਤਲੀ ਅਤੇ ਅਧਿਆਪਕ ਆਗੂਆਂ ਦੀਆਂ ਬਦਲੀਆਂ ਖਿਲਾਫ਼ ਇਸ ਸੰਘਰਸ਼ ਵਿੱਚ 11 ਸਤੰਬਰ ਨੂੰ ਪਿੰਡ ਨਾਈਵਾਲਾ ਤੋਂ ਲੋਕਾਂ ਦੀਆਂ ਭਰੀਆਂ ਟਰਾਲੀਆਂ ਆਈਆਂ ਸਨ। ਮਾ. ਪ੍ਰੇਮ ਕੁਮਾਰ ਪੂਰਾ ਇੱਕ ਦਹਾਕਾ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਦਾ ਆਗੂ ਰਿਹਾ, ਉਮਰ ਕੈਦ ਦੀ ਸਜ਼ਾ, ਨੌਕਰੀ ਤੋਂ ਬਰਖਾਸਤੀ ਸਭ ਕੁੱਝ ਖਿੜੇ ਮੱਥੇ ਝੱਲਿਆ। ਕੀ ਉਹ ਹੁਣ ‘ਕਿਰਨਜੀਤ ਦੀ ਬਦਨਾਮੀ ਕਰਵਾਏਗਾ? ਤੂੰ ਥੋੜ੍ਹਾ ਗੰਭੀਰਤਾ ਨਾਲ ਸੋਚ, ਤੂੰ ਕੀ ਕਹਿ ਰਿਹੈਂ? ਪਿਆਰੇ ਵੀਰ ਤੇਰਾ ਨਿਸ਼ਾਨਾ ਜੇ ਕਿਧਰੇ ਹੋਰ ਸੀ ਤਾਂ ਤੂੰ ਵਾਕਿਆ ਹੀ ਖੁੰਝ ਗਿਐਂ!

ਰਹੀ ਗੱਲ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਦੀ ਦਸਤਾਵੇਜੀ ਫਿਲਮ ਬਣਾ ਰਹੇ ‘ਸੂਤਰਧਾਰ’ ਨਾਲ ਜੁੜੇ ‘ਕੱਚ-ਸੱਚ’ ਦੀ! ਜਾਪਦੈ ਤੂੰ ਅਸਲ ’ਚ ਗੱਲ ਤਾਂ ਇਹੋ ਹੀ ਕਰਨਾ ਚਾਹੁੰਦਾ ਸੀ ਪਰ ਗਲਤ ਰਸਤਾ ਫੜ ਲਿਆ। ‘ਹਰ ਮਿੱਟੀ ਕੁੱਟਿਆ ਨਹੀਂ ਭੁਰਦੀ’ ਵਿੱਚ ਇੱਕ ਵਿਦਿਆਰਥਣ ਹਰਦੀਪ ਕਹਿੰਦੀ ਹੈ, ‘ਇਸ ਸੰਘਰਸ਼ ਨੇ ਔਰਤ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ। ਜੋ ਔਰਤਾਂ, ਜੋ ਕੁੜੀਆਂ ਪਹਿਲਾਂ ਘਰ ਆ ਕੇ ਗੱਲ ਨਹੀਂ ਸੀ ਕਰਦੀਆਂ, ਉਹ ਅੱਜ ਕਰ ਰਹੀਆਂ ਨੇ।’ ਫਿਲਮ ਨੇ ਸੱਚ ਫਿਲਮਾਇਆ ਹੈ ਤੇ ਨਾਈਵਾਲਾ ਸਕੂਲ ਦੀਆਂ ਬੱਚੀਆਂ ਨੇ ਜੁਰੱਅਤ ਕੀਤੀ ਹੈ ਤੇ ਛੋਟੇ ਵੀਰ ਇਸ ਜੁਰੱਅਤ ਨੂੰ ਹੁੰਗਾਰਾ ਦੇਣ ਵਾਲਾ ਮਾ. ਪ੍ਰੇਮ ਕੁਮਾਰ ਤਾਂ ਕੁੜੀਆਂ ਨੂੰ, ਬੱਚੀਆਂ ਨੂੰ ਬਦਨਾਮੀ ਖਿਲਾਫ਼ ਸੰਘਰਸ਼ ਲਈ ਪ੍ਰੇਰਿਤ ਕਰ ਰਿਹਾ ਹੈ।

ਸੂਤਰਧਾਰ ਵੱਲੋਂ ਐਕਸ਼ਨ ਕਮੇਟੀ ਦੇ ਆਗੂ ਕੁਲਵੰਤ ਪੰਡੋਰੀ ਨੂੰ ਲਿਖੀ ਚਿੱਠੀ ਵਿੱਚ ਕਾਫ਼ੀ ਨੁਕਤੇ ਉਠਾਏ ਹਨ। ਕੁੱਝ ਨੁਕਤੇ ਲੰਮੀ ਬਹਿਸ ਵਿਚਾਰ ਦੇ ਮੁੱਦੇ ਹਨ। ਪਰ ਕੁੱਝ ਗੱਲਾਂ ਜੋ ਪਿਆਰੇ ਸੂਤਰਧਾਰ ਨੇ ਸਵੈ-ਸਿਰਜੀ ਕੁੰਠਾ ’ਚੋਂ ਸਾਡੇ ਖਿਲਾਫ਼ ਲਿਖੀਆਂ ਨੇ, ਵਾਕਿਆ ਹੀ ਦੁੱਖਦਾਇਕ ਤੇ ਅਫ਼ਸੋਸਜਨਾਕ ਹਨ। ਡਿਫੈਂਸ ਕਮੇਟੀ ਨੇ ਸਾਥੀ ਸੂਤਰਧਾਰ ਨਾਲ ਮਿਲ ਕੇ ਇੱਕ ਬਹੁਤ ਹੀ ਅਹਿਮ ਕਾਰਜ ਹੱਥ ਲਿਆ ਸੀ ਜਿਸਨੂੰ ਸਾਰਿਆਂ ਨੇ ਆਪਣੇ ਵਿੱਤ ਤੇ ਡਿਊਟੀਆਂ ਮੁਤਾਬਕ ਨਿਭਾਇਆ ਹੈ। ਇਹ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਕਾਫ਼ੀ ਗੱਲਾਂ ਤਹਿ ਹੋਈਆਂ ਸਨ। ਡਿਫੈਂਸ ਕਮੇਟੀ ਅੱਜ ਵੀ ਉਨ੍ਹਾਂ ਗੱਲਾਂ ’ਤੇ ਸਟੈਂਡ ਕਰਦੀ ਹੈ। ਮਿਲ ਬੈਠ ਕੇ ਗੁਣ-ਦੋਸ਼ ਨਿਤਾਰਣ ਲਈ ਕਮੇਟੀ ਅੱਜ ਵੀ ਤਿਆਰ ਹੈ। ਡਿਫੈਂਸ ਕਮੇਟੀ ਨੇ ਕਦੇ ਵੀ ਸੱਭਿਆਚਾਰਕ ਕਾਮੇ ਨੂੰ ਪੁਚਕਾਰੇ ਜਾਣ ਵਾਲਾ ਜਾਨਵਰ ਨਹੀਂ ਸਮਝਿਆ, ਦੁਰਕਾਰਨਾ ਤਾਂ ਦੂਰ ਦੀ ਗੱਲ! ਡਿਫੈਂਸ ਕਮੇਟੀ ਦੀ ਬੇਨਤੀ ’ਤੇ ਹੀ ਪਹਿਲੀ ਮਈ, 2006 ਨੂੰ ਪ. ਲ. ਸ. ਮੰਚ ਦੇ ਮੇਲੇ ’ਤੇ ਇਹ ਫ਼ਿਲਮ ਦਿਖਾਈ ਗਈ ਸੀ ਤੇ ਉਚਿਆਈ ਵੀ ਗਈ ਸੀ। ਮਈ ਦਿਵਸ ਸਮਾਗਮ, ਗ਼ਦਰੀ ਮੇਲਾ ਭਲਾ ਕੋਈ ਸਿਆਸੀ ਕਾਨਫਰੰਸਾਂ ਹਨ ਕਿ ਸੱਭਿਆਚਾਰਕ ਕਾਮੇ ਵਰਤੇ ਜਾਂਦੇ ਹਨ। ਕਿਰਨਜੀਤ ਦੀ ਬਰਸੀ ’ਤੇ ਤਾਂ ਸਗੋਂ ਮੁੱਖ ਨਾਟਕ ਅਖੀਰ ’ਤੇ ਪ੍ਰੋਗਰਾਮ ਦਾ ਸਿਖਰ ਹੁੰਦਾ ਹੈ। ਸੱਭਿਆਚਾਰਕ ਕਾਮੇ ਵਰਤੇ ਜਾ ਹੇ ਹਨ, ਕਿਵੇਂ ਵਰਤੇ ਜਾ ਰਹੇ ਹਨ? ਕਦੋਂ ਜੋਗਿੰਦਰ ਬਾਹਰਲਾ ਵਰਤਿਆ ਗਿਆ ਤੇ ਕਿਵੇਂ ਗੁਰਸ਼ਰਨ ਸਿੰਘ ਵਰਤਿਆ ਗਿਆ?

ਕਿਸੇ ਹਰਕ੍ਰਿਸ਼ਨ ਸੁਰਜੀਤ ਦੀ ਸੜੀ ਜ਼ੁਬਾਨ ਨਾਲ ਹੀ ਸੱਭਿਆਚਾਰ ਕਾਮੇ ਲੋਕਾਂ ਤੇ ਲੋਕਾਂ ਦੀਆਂ ਲਹਿਰਾਂ ਲਈ ‘ਨਚਾਰ’ ਨਹੀਂ ਬਨਣ ਲੱਗੇ, ਇੰਨਾ ਯਕੀਨ ਜ਼ਰੂਰ ਰੱਖਣਾ ਚਾਹੀਦੈ, ਦੋਸਤ! ਅਸਲ ’ਚ ਪਿਆਰੇ ਸੁੱਖੀ ਤੈਨੂੰ ਵੀ ਪਤੈ ਕਿ ਇਹ ਦਸਤਾਵੇਜ ਕਿਵੇਂ ਬਣਿਐ? ਕਿਰਨਜੀਤ ਲੜੀ, ਲੋਕ ਲੜੇ, ਐਕਸ਼ਨ ਕਮੇਟੀ ਲੜੀ ਤੇ ਸੰਘਰਸ਼ ਕਮੇਟੀ ਲੜੀ। ਇਹ ਸਾਰਾ ਕੁੱਝ ਘੱਟੋ ਘੱਟ ਕਿਸੇ ਸਿਆਸੀ-ਵਿਚਾਰਕ ਬੰਧੇਜ਼ ’ਚ ਹੋਇਆ ਹੈ। ਕਿ ਨਹੀਂ? ਹਾਂ ਕੋਈ ਫਰੀ ਲਾਂਸਰ ਬੰਬੇ ਤੋਂ, ਆ ਕੇ ਆਪਣੇ ਤੌਰ ’ਤੇ ਕੋਈ ਫ਼ਿਲਮ ਬਣਾ ਲੈ ਜਾਂਦਾ ਤੇ ਮਰਜ਼ੀ ਨਾਲ ਆਪਣੇ ਪ੍ਰੋਡਕਟ ਦੀ ਸਿਆਸੀ ਆਰਥਿਕਤਾ ਤੈਅ ਕਰ ਲੈਂਦਾ, ਸਾਨੂੰ ਕੋਈ ਮਤਲਬ ਨਹੀਂ ਸੀ ਹੋਣਾ। ਪਰ ਅਸੀਂ ਤਾਂ ਇਹ ਸਮਝ ਕੇ, ਮਿੱਥ ਕੇ ਚੱਲੇ ਸੀ ਕਿ ਸੂਤਰਧਾਰ ਸਾਥੀ ਸਾਡਾ ਆਪਣਾ ਹੈ, ਸਾਡੇ ਇਨਕਲਾਬੀ ਖੇਮੇ ਦਾ ਹੈ, ਜਿਵੇਂ ਕਿ ਤੂੰ ਹੈ! ਵਿਚਾਰਧਾਰਕ, ਵਿਹਾਰਕ ਮੱਤਭੇਦ ਹੋ ਸਕਦੇ ਹਨ ਪਰ ਜੇ ਪੂਰੀ ਤੇਰਾਂ ਸਾਲਾਂ ਦੀ ਇਕ ਲਹਿਰ, ਲੱਖ ਦਿੱਕਤਾਂ ਦੇ ਬਾਵਜੂਦ, ਮੱਤਭੇਦਾਂ ਤੇ ਮੋੜਾਂ ਘੋੜਾਂ ਦੇ ਬਾਵਜੂਦ ਇੱਕਜੁੱਟ ਹੈ ਤਾਂ ਇਹ ਕਿਸੇ ਘੱਟੋ ਘੱਟ ਸਿਆਸਤ ਬੰਧੇਜ਼ ’ਤੇ ਹੀ ਖੜ੍ਹੀ ਹੈ। ਜਿਨ੍ਹਾਂ ‘ਸਿਆਸੀ ਚੌਧਰੀਆਂ’ ਨੇ ਇਹ ਬੰਧੇਜ਼ ਤੋੜਿਆ ਹੋਵੇਗਾ ਉਹ ਬਹੁਤੀ ਦੇਰ ਤੱਕ ਲੋਕਾਂ ਦੇ ‘ਚੌਧਰੀ’ ਬਣੇ ਨਹੀਂ ਰਹਿ ਸਕਦੇ। ਤੇਰਾ ਪਿਆਰਾ ਸੂਤਰਧਾਰ ਸਾਡਾ ਵੀ ਪਿਆਰਾ ਹੈ, ਸਤਿਕਾਰਿਆ ਹੈ। ਪਰ ਅਕੈਡਮਿਕ ਈਗੋ ਮਾੜੀ ਹੁੰਦੀ ਹੈ ਤੇ ਉਸਦਾ ਸੰਦ ਬਨਣਾ ਉਸ ਤੋਂ ਵੀ ਮਾੜਾ। ਸੂਤਰਧਾਰ ਸਾਡੇ ਖੇਮੇ ਦਾ ਮਿੱਤਰ ਹੈ। ਮਿੱਤਰਤਾ ਪੂਰਵਕ ਵਾਰਤਾਲਾਪ ਅਤਿਅੰਤ ਜ਼ਰੂਰੀ ਹੈ। ਪਰ ਵਾਰਤਾਲਾਪ ਦੀ ਥਾਂ ਆਪਣੀ ਹੀ ਲਹਿਰ ਨੂੰ ‘ਸਿਆਸੀ ਚੌਧਰੀਆਂ’ ਦੇ ਫਤਵੇ ਜਾਰੀ ਕਰਨੇ ਚੰਗੇ ਨਹੀਂ ਹੁੰਦੇ। ਆਉ ਰਲ ਮਿਲ ਕੇ ਉਸਾਰੂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੀਏ।

- ਕੰਵਲਜੀਤ ਖੰਨਾ
ਲੇਖ਼ਕ ਇਨਕਲਾਬੀ ਕੇਂਦਰ,ਪੰਜਾਬ ਦੇ ਅਹੁਦੇਦਾਰ ਹਨ।

Monday, September 13, 2010

ਖਬਰਦਾਰ ! ਵਰਨਾ ਹਕੂਮਤ-ਹਕੂਮਤ ਹੁੰਦੀ ਹੈ

ਕੇਂਦਰੀ ਗ੍ਰਹਿ ਮੰਤਰਾਲੇ ਨੇ 6 ਮਈ 2010 ਨੂੰ ਐਸਾ ਆਦੇਸ਼ ਜਾਰੀ ਕੀਤਾ ਹੈ ਜਿਹੜਾ ਮਨੁੱਖੀ ਅਧਿਕਾਰਾਂ ਜਾਣਨ, ਲਿਖਣ , ਆਪਣੇ ਵਿਚਾਰ ਰੱਖਣ ਦੇ ਉੱਤੇ ਸਿੱਧੀ ਨਾਜ਼ੀਵਾਦੀ ਪਾਬੰਦੀ ਦਾ ਰਾਹ ਖੋਹਲਦਾ ਹੈ।ਇੱਕ ਜਮਹੂਰੀ ਅਖਵਾਉਂਦੇ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਇਹ ਫੁਰਮਾਨ ‘ਜਮਹੂਰੀਅਤ’ ਨੂੰ ਹੀ ਕਟਹਿਰੇ ‘ਚ ਖੜਾ ਕਰ ਦਿੰਦਾ ਹੈ। ਫੁਰਮਾਨ ਇਹ ਹੈ ਕਿ ਸਰਕਾਰ ਦੀ ਨਜ਼ਰ ‘ਚ ਇਹ ਗੱਲ ਆਈ ਹੈ ਕਿ ਕੁਝ ਮਾਉਵਾਦੀ ਨੇਤਾ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੇ ਲਈ ਕੁਝ ਗੈਰ-ਸਰਕਾਰੀ ਸੰਗਠਨਾਂ ਅਤੇ ਬੁੱਧੀਜੀਵੀਆਂ ਨਾਲ ਸਿੱਧਾ ਸੰਪਰਕ ਕਰ ਰਹੇ ਹਨ ਅਤੇ ਉਹਨਾਂ ਨੂੰ ਅਜੇਹੇ ਕਦਮ ਲੈਣ ਲਈ ਉਕਸਾ ਰਹੇ ਹਨ, ਜਿਹੜੇ ਭਾਰਤੀ ਕਮਿਉਨਿਸਟ ਪਾਰਟੀ (ਮਾਓਵਾਦੀ) ਦੀ ਵਿਚਾਰਧਾਰਾ ਨੂੰ ਸਮਰਥਨ ਮੁਹੱਈਆ ਕਰਵਾਉਣ, ਗ੍ਰਹਿ ਮੰਤਰਾਲੇ ਨੇ ਅਜਿਹੇ ਲੋਕਾਂ ਨੂੰ ਬਾਜ਼ ਆਉਣ ਲਈ ਕਿਹਾ ਹੈ ਅਤੇ ਧਮਕੀ ਦਿੱਤੀ ਹੈ ਕਿ ਉਹਨਾਂ ਨੂੰ ਗੈਰ-ਕਾਨੂੰਨੀ ਸਰਗਰਮੀਆਂ (ਨਿਵਾਰਣ) ਕਾਨੂੰਨ 1967 ਦੀ ਧਾਰਾ 39(ਯੂ ਏ ਪੀ ਏ) ਦੇ ਅਧੀਨ ਦਸ ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ।

ਜਮਹੂਰੀਅਤ, ਵਿਚਾਰ ਰੱਖਣ ਜਾਣਨ ਅਤੇ ਹਕੂਮਤ ਦੀ ਸਖ਼ਤ ਨੁਕਤਾਚੀਨੀ ਕਰਨ ਦੀ ਗਰੰਟੀ ਦਾ ਹੀ ਤਾਂ ਨਾਂ ਹੈ। ਅਜੇਹੇ ਫੁਰਮਾਨ ਤਾਂ ਫੌਜੀ ਜਾਂ ਪੁਲਸੀਆ ਹਕੂਮਤ ਹੀ ਜਾਰੀ ਕਰਦੀ ਹੈ। ਪਰ ਕੇਂਦਰ ਉਤੇ ਕਾਬਜ਼ ਸਾਂਝੇ ਅਗਾਂਹਵਧੂ ਸੰਗਠਨ ਦੀ ਸਰਕਾਰ ਆਪਣੇ ਪਿਛਲੇਰੇ ਸਾਲਾਂ(2004-2009) ਤੋਂ ਹੀ ਬੁਧੀਜੀਵੀਆਂ ਅਤੇ ਜਮਹੂਰੀ ਲੋਕਾਂ, ਜਮਹੂਰੀ ਹੱਕਾਂ ਲਈ ਲੜਨ ਵਾਲੇ ਸੰਗਠਨਾਂ ਦੀ ਸੂਚੀ ਤਿਆਰ ਕਰ ਰਹੀ ਸੀ, ਜਿਹਨਾਂ ਨੂੰ ਉਹ ਸਰਕਾਰ ਦੀ ਤਿੱਖੀ ਆਲੋਚਨਾ ਕਰਨ ਵਾਲੇ ਅਤੇ ਲੋਕਾਂ ਨੂੰ ਇਸ ਪ੍ਰਬੰਧ ਵਿਰੁੱਧ ਜਾਗ੍ਰਿਤ ਕਰਨ ਵਾਲੇ ਸਮਝਦੀ ਹੈ। ਦੇਸ਼ ਭਰ ਦਾ ਖੁਫੀਆ ਤੰਤਰ, ਸਮੇਤ ਰਾਜ ਸਰਕਾਰਾਂ ਦੇ ਹਰਲ-ਹਰਲ ਕਰਦਾ, ਅਜੇਹੇ ਵਿਆਕਤੀਆਂ ਦੀਆਂ ਲਿਸਟਾਂ ਬਣਾਉਣ ਅਤੇ ਘਰਾਂ ‘ਚ ਜਾਕੇ ਦਹਿਸ਼ਤ ਪਾਉਣ ‘ਚ ਲੱਗਾ ਹੋਇਆ ਹੈ।

ਵੇਖਣ ਨੂੰ ਇਹ ਫੁਰਮਾਨ ਜਿਨ੍ਹਾਂ ਭੋਲਾ-ਭਾਲਾ ਲੱਗੇ, ਪਰ ਇਸਦੇ ਸੁਆਰਥ ਬੜੇ ਖਤਰਨਾਕ ਹਨ। ਗ੍ਰਹਿ ਮੰਤਰਾਲੇ ਸਮੇਤ ਭਾਰਤੀ ਹਕੂਮਤ ਅਤੇ ਪ੍ਰਬੰਧ ਇਹੋ ਚਾਹੁੰਦਾ ਹੈ ਕਿ ਲੋਕ, ਸੋਚਣਾ, ਸਮਝਣਾ, ਵਿਚਾਰਨਾ ਅਤੇ ਵਿਚਾਰਾਂ ਨੂੰ ਹੋਰਾਂ ਤੱਕ ਪਹੁੰਚਾਉਣਾ ਬੰਦ ਕਰ ਦੇਣ। ਲੋਕ ਸਿਰਫ਼ ਸਰਕਾਰ ਵਲੋਂ ਦਿੱਤੀਆਂ ਸੂਚਨਾਵਾਂ ਉਤੇ ਹੀ ਨਿਰਭਰ ਰਹਿਣ, ਉਹੋ ਹੀ ਸੋਚਣ, ਉਹੋ ਸਮਝਣ, ਉਹੋ ਹੀ ਵਿਚਾਰਨ ਅਤੇ ਉਹੋ ਪ੍ਰਚਾਰਨ। ਜੇ ਉਹ ਸਰਕਾਰ ਦੀ ਰਜਾ ਤੋਂ ਬਾਹਰ ਜਾਂਦੇ ਹਨ ਤਾਂ ਜੇਲ੍ਹ ਜਾਣ ਲਈ ਤਿਆਰ ਰਹਿਣ। ਇਹ ਸਿੱਧਾ ਬੁਸ਼ਵਾਦੀ ਭਾਵ ਹਿਟਲਰੀ ਫੁਰਮਾਨ ਹੈ, ‘‘ਤੁਸੀਂ ਜਾਂ ਤਾਂ ਸਾਡੇ ਨਾਲ ਖਲੋਵੋ, ਜੇ ਨਹੀਂ ਤਾਂ ਤੁਸੀਂ ਅੱਤਵਾਦੀ ਹੋ।’’ ਹਰ ਯੁੱਗ ‘ਚ ਹਕੂਮਤ ਚਲਾਉਣ ਲਈ ਸਮੇਂ ਦੀ ਹਕੂਮਤ ਅਜੇਹੇ ਹਿਟਲਰੀ ਵਿਚਾਰਾਂ ਨਾਲ ਆਤਮਸਾਤ ਕਰ ਲੈਂਦੀ ਹੈ, ਜਿਹੜੇ ਹਕੂਮਤ ਨੂੰ ਹੋਰ ਜ਼ਾਬਰ ਬਣਾਉਣ ‘ਚ ਸਹਾਈ ਹੁੰਦੇ ਹਨ। ਭਾਰਤੀ ਹੁਕਮਰਾਨਾਂ ਨੇ ਬੁਸ਼ ਦੀ ਸੋਚ ਲੈਕੇ ਇਸਦਾ ਪ੍ਰਮਾਣ ਦਿੱਤਾ ਹੈ। ਅਤੇ ਜ਼ਾਹਰ ਕਰ ਦਿੱਤਾ ਹੈ ਕਿ ਜਮਹੂਰੀਅਤ ਉਨ੍ਹਾਂ ਦੀ ਆਪਣੀ ਰਖੈਲ ਹੈ, ਉਨ੍ਹਾਂ ਦੇ ਹੱਥਾਂ ਦਾ ਖਿਡੌਣਾ ਹੈ। ਵੈਸੇ ਵੀ ਅਮਰੀਕਨ ਰਾਸ਼ਟਰਪਤੀ ਨੂੰ, ਸਾਡੇ ਮੀਸਣੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਭਾਰਤੀ ਹਕੂਮਤ, ‘ਬੜੇ ਪਿਆਰੇ ਤੇ ਨਿੱਘੇ ਦੋਸਤ’ ਮੰਨਦੇ ਆ ਰਹੇ ਹਨ।

ਪਰ ਐਨ ਐਸ ਮੌਕੇ ਕੇਂਦਰੀ ਹਕੂਮਤ ਦੇ ਇਹ ਫੁਰਮਾਨ ਜਾਰੀ ਕਰਨ ਦਾ ਭਾਵ ਇਹ ਹੈ ਕਿ ਆਦਿਵਾਸੀ ਲੋਕਾਂ ਨੂੰ ਕੁਚਲਣ ਅਤੇ ਮਾਓਵਾਦ ਦਾ ਹਊਆ ਖੜਾ ਕਰਕੇ ਇਨਕਲਾਬੀ ਕਮਿਉਨਿਸਟਾਂ ਨੂੰ ਖਤਮ ਕਰਨ,ਇਨ੍ਹਾਂ ਦਾ ਮੁਕੰਮਲ ਸਫਾਇਆ ਕਰਨ ਦੀ ਕੇਂਦਰੀ ਹਕੂਮਤ ਦੀ ਨਾਜ਼ੀਆਨਾ ਕਾਰਵਾਈ ਦਾ ਦੇਸ਼ ਦੇ ਜਮਹੂਰੀ ਅਤੇ ਬੁੱਧੀਜੀਵੀ ਹਲਕੇ ਵਿਰੋਧ ਨਾ ਕਰਨ। ਕਿਉਂਕਿ ਦੇਸ਼ ਦੇ ਬਹੁਤੇਰੇ ਲੇਖਕਾਂ, ਬੁੱਧੀਜੀਵੀਆਂ ਨੇ ਗ੍ਰਹਿ ਵਿਭਾਗ ਵਲੋਂ ਚਲਾਈ ਜਾ ਰਹੀ ਅਰਧ-ਫੌਜੀ ਮੁਹਿੰਮ ਦਾ ਨਾਂ ਸਿਰਫ਼ ਵਿਰੋਧ ਹੀ ਕੀਤਾ ਹੈ, ਸਗੋਂ ਮਾਓਵਾਦੀਆਂ ਦੇ ਇਲਾਕੇ ‘ਚ ਜਾਕੇ ਉਥੇ ਇੱਕ ਨਵੀਂ ਕਿਸਮ ਦੀ ਸਮਾਜਿਕ, ਰਾਜਨੀਤਿਕ ਅਤੇ ਵਿਕਾਸਮੁਖੀ ਸੰਰਚਨਾ ਦੀ ਸਿਰਜਨਾ ਨੂੰ ਵਾਚਿਆ ਜਾਂਚਿਆ ਹੈ ਅਤੇ ਉਨ੍ਹਾਂ ਹਾਲਤਾਂ ਨੂੰ ਸਮਝਿਆ ਹੈ ਕਿ ਆਖਿਰ ਕਿਉਂ? ਆਦਿਵਾਸੀ ਲੋਕਾਂ ‘ਚ ਮਾਓਵਾਦੀ ਐਨੇ ਹਰਮਨ ਪਿਆਰੇ ਹਨ? ਉਨ੍ਹਾਂ ਦੀ ਕਿਹੜੀ ਇੱਕ ਅਲੱਗ ਸੋਚ ਹੈ? ਉਹ ਕਿਹੋ-ਜਿਹਾ ਵਿਕਾਸ ਕਰ ਰਹੇ ਹਨ? ਜਿਸ ਕਾਰਨ ਅਤਿਗਰੀਬ ਆਦਿਵਾਸੀ, ਉਨ੍ਹਾਂ ਦੇ ਨਾਲ ਖੜੇ ਹਨ। ਬੁੱਧੀਜੀਵੀਆਂ ਦੀਆਂ ਇਨ੍ਹਾਂ ਪਹਿਲਕਦਮੀਆਂ ਨਾਲ ਉਸ ਖਿੱਤੇ ਦੀਆਂ ਜੋ ਜ਼ਮੀਨੀ ਸਚਾਈਆਂ ਬਾਹਰ ਲਿਆਂਦੀਆਂ,ਨੂੰ ਮੁੱਖਧਾਰਾ ਦੇ ਮੀਡੀਆ ਨੇ ਵਿਸ਼ੇਸ਼ ਤੌਰ ਉਤੇ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ। ਇਸ ਨਾਲ ਜਿੱਥੇ ਹਕੂਮਤ ਦੇ ਪ੍ਰਚਾਰੇ ਜਾਂਦੇ ਆਰਥਿਕ ਵਿਕਾਸ ਦਾ ਭੱਦਾ ਚਿਹਰਾ ਉਜਾਗਰ ਹੋਇਆ ਹੈ, ਉ¤ਥੇ ਗ੍ਰਹਿ ਮੰਤਰਾਲੇ ਲਈ ਇਹ ਹਜ਼ਮ ਕਰਨਯੋਗ ਨਹੀਂ ਹੈ। ਹਕੂਮਤਾਂ ਸੱਚ ਨੂੰ ਪ੍ਰਵਾਨ ਕਰਨਾ ਕਦੋਂ ਜਾਣਦੀਆਂ ਹਨ। ਲੋਕਾਂ ਦੀ ਨਜ਼ਰ ‘ਚ ਜਿਸ ਵਿਕਾਸ ਦੀਆਂ ਸਰਕਾਰ ਟਾਹਰਾਂ ਉ¤ਤੇ ਤੁਲੀ ਹੋਈ ਸੀ, ਸਾਫ਼ ਹੋਇਆ ਕਿ ਇਹ ਵਿਕਾਸ ਗਰੀਬਾਂ, ਆਦਿਵਾਸੀਆਂ ਕਿਸਾਨਾਂ ਅਤੇ ਪੂਰੀ ਮਿਹਨਤਕਸ਼ ਆਬਾਦੀ ਨੂੰ ਸ਼ਿਕਾਰ ਬਣਾਕੇ ਹਾਸਲ ਕੀਤਾ ਜਾ ਰਿਹਾ ਹੈ। ਸਰਕਾਰ ਨਹੀਂ ਚਾਹੁੰਦੀ ਕਿ ਇਹ ਹਕੀਕਤ ਲੋਕਾਈ ‘ਚ ਨੰਗੀ ਹੋਵੇ।

ਇਹ ਫੁਰਮਾਨ ਇਸ ਗੱਲ ਦੀ ਵੀ ਸ਼ਾਹਦੀ ਭਰਦਾ ਹੈ ਕਿ ਹਕੂਮਤ ਆਦਿਵਾਸੀਆਂ ਦੇ ਜਲ, ਜ਼ਮੀਨ, ਅਤੇ ਖਣਿਜ ਦੇ ਭੰਡਾਰਾਂ ਦੀ ਸੰਪਤੀ ਨੂੰ ਮੁੱਠੀ ਭਰ ਮੁਨਾਫ਼ਾਖੋਰਾਂ ਦੇ ਹੱਥਾਂ ‘ਚ ਦੇਣ ਲਈ ਜਮਹੂਰੀਅਤ ਦੇ ਸਾਰੇ ਮਾਨਦੰਡਾਂ ਨੂੰ ਕੁਚਲਣ ਉੱਤੇ ਉਤਰੀ ਹੋਈ ਹੈ। ਉਹ ਬੁੱਧਜੀਵੀਆਂ ਨੂੰ ਸਾਫ਼ ਕਰਨ ਉੱਤੇ ਆ ਗਈ ਹੈ ਕਿ ਤੁਹਾਡੀ ਰਜ਼ਾ ਇਸ ਹਕੂਮਤ ਦੀ ਰਜ਼ਾ ਵਿੱਚ ਰਹਿਣੀ ਚਾਹੀਦੀ ਹੈ। ਵਰਨਾ ਹਕੂਮਤ, ਹਕੂਮਤ ਹੀ ਹੁੰਦੀ ਹੈ।

ਅਰੁੰਧਤੀ ਰਾਏ ਦੇ ਲੇਖ ‘ਮਾਓਵਾਦੀਆਂ ਨਾਲ ਵਿਚਰਦਿਆਂ’(ਵਾਕਿੰਗ ਵਿੱਚ ਦਾ ਮਾਓਇਸਟ) ਉੱਤੇ ਗ੍ਰਹਿ ਮੰਤਰੀ ਚਿਦੰਬਰਮ ਐਨੇ ਬੌਖਲਾ ਗਏ ਅਤੇ ਉਨ੍ਹਾਂ ਨੇ ਰਾਜ ਸਭਾ ‘ਚ ਦਿੱਤੇ ਆਪਣੇ ਭਾਸ਼ਨ ‘ਚ ਵੀ ਬੁੱਧੀਜੀਵਆਂ ਨੂੰ ਨਸੀਹਤ ਦਿੱਤੀ ਕਿ ਉਹ ਸੋਚਣ ਕਿ ਜੇ ਮਾਓਵਾਦੀ ਸੱਤਾ ਵਿੱਚ ਆ ਜਾਣਗੇ ਤਾਂ ਕੀ 36 ਪੇਜਾਂ ਦੇ ਲੇਖ ਲਿਖਣ ਤੇ ਛਾਪਣ ਦੀ ਆਜ਼ਾਦੀ ਉਹਨਾਂ ਨੂੰ ਮਿਲੇਗੀ? ਉਨ੍ਹਾਂ ਦਾ ਭਾਵ ਹੈ ਕਿ ਇਹ ਸਾਡੀ ਭਾਵ ਬੁਰਜੂਆ ਜਮਹੂਰੀਅਤ ਤੁਹਾਨੂੰ ਇਹ ਆਜ਼ਾਦੀ ਦੇ ਰਹੀ ਅਤੇ ਤੁਸੀਂ ਇਸ ਜਮਹੂਰੀਅਤ ਦੇ ਚੌਖਟੇ ‘ਚੋਂ ਬਾਹਰ ਜਾ ਰਹੇ ਹੋ। ਤੁਹਾਨੂੰ ਇਹਦੇ ਘੇਰੇ ਅੰਦਰ ਰਹਿਕੇ ਹੀ ਇਸ ਦੀ ਰਾਖੀ ਕਰਨੀ ਚਾਹੀਦੀ ਹੈ।

ਹਕੂਮਤ ਚਾਹੁੰਦੀ ਹੈ ਕਿ ਮਾਓਵਾਦੀਆਂ ਦਾ ਚਿਹਰਾ ਭਾਰਤੀ ਲੋਕਾਂ ‘ਚ ਅਤੇ ਪੂਰੀ ਦੁਨੀਆਂ ‘ਚ ਇੱਕ ਖੂੰਖਾਰ ਅੱਤਵਾਦੀਆਂ ਵਰਗਾ ਲੱਗੇ ਇਸੇ ਕਰਕੇ ਮੀਡੀਆ ਦਾਂਤੇਵਾੜਾ ‘ਚ 75 ਸੀ.ਆਰ.ਪੀ.ਐਫ. ਦੇ ਮੁਲਾਜ਼ਮਾਂ ਦੇ ਮਾਰੇ ਜਾਣ ਜਾਂ ਬਸ ਉਡਾਉਣ, ਸਕੂਲਾਂ ਜਾਂ ਹੋਰ ਇਮਾਰਤਾਂ ਢਾਹੁਣ ਦੀਆਂ ਖ਼ਬਰਾਂ ਬੜੀਆਂ ਵਧਾ ਚੜਾਕੇ ਛਾਪਦਾ ਹੈ। ਦੂਸਰੇ ਪਾਸੇ ਇਨ੍ਹਾਂ ਬੁੱਧੀਜੀਵੀਆਂ ਨੇ ਪਹਿਲਕਦਮੀ ਕਰਕੇ ਇਨ੍ਹਾਂ ਘਟਨਾਵਾਂ ਦੇ ਪਿੱਛੇ ਕੰਮ ਕਰਦੇ ਕਾਰਕਾਂ ਅਤੇ ਕਿਹੜੇ ਸੰਦਰਭ ‘ਚ ਵਾਪਰ ਰਹੀਆਂ ਹਨ, ਨੂੰ ਵੀ ਸਾਹਮਣੇ ਲਿਆਂਦਾ ਹੈ। ਉਨ੍ਹਾਂ ਨੇ ਆਪਣੇ ਲੇਖਾਂ ‘ਚ ਮੌਜੂਦਾ ਰਾਜਸੀ ਵਿਵਸਥਾ ਵਿੱਚ ਮੌਜੂਦਾ ਢਾਂਚਾਗ੍ਰਸਤ ਹਿੰਸਾ, ਬੇਇਨਸਾਫੀ, ਭ੍ਰਿਸ਼ਟਾਚਾਰ ਅਤੇ ਹਕੂਮਤ ਦੀਆਂ ਨੀਤੀਆਂ ਦੀ ਜੜ• ਉੱਤੇ ਉਂਗਲ ਧਰੀ ਹੈ। ਉਨ੍ਹਾਂ ਨੇ ਉਸ ਖੇਤਰ ਵਿੱਚ ਸਰਕਾਰੀ ਯੋਜਨਾਬੱਧੀ ਆਰਥਿਕ ਹਿੰਸਾ ਅਤੇ ਪੁਲੀਸ, ਨੀਮ ਫੌਜੀ ਬਲਾਂ ਅਤੇ ਪੁਲੀਸ ਵਲੋਂ ਪਾਲੇ ਪਲੋਸੇ ਸਲਵਾ-ਜੂਡਮ ਵਰਗੇ ਸੰਗਠਨਾਂ ਦੀ ਦਹਿਸ਼ਤੀ ਹਿੰਸਾ ਨੂੰ ਸਾਹਮਣੇ ਲਿਆਂਦਾ ਹੈ। ਇਹ ਬੌਧਿਕ ਖੇਤਰ ਦਾ ਕੰਮ ਸੱਤਾ ਨੂੰ ਹਜ਼ਮ ਕਿਵੇਂ ਆ ਸਕਦਾ ਹੈ। ਇਹ ਬੌਧਿਕ ਖੇਤਰ ਦੇ ਕਾਮੇ ਜਿਨ੍ਹਾਂ ਦੀ ਸਮਾਜ ਵਿੱਚ ਆਪਣੀ ਪਛਾਣ ਹੈ, ਜਦੋਂ ਉਹ ਸੱਚ ਨੂੰ ਸੱਚ ਕਹਿ ਦੇਣ ਤਾਂ ਹਕੂਮਤ ਦੇ ਪਿੱਸੂ ਪੈਣੇ ਲਾਜ਼ਮੀ ਸਨ ਸੋ ਹਕੂਮਤ ਦੇ ਗ੍ਰਹਿ ਮੰਤਰਾਲੇ ਵਲੋਂ ਇਹ ਨਵਾਂ ਫੁਰਮਾਨ ਇਸੇ ਘਬਰਾਹਟ ਦਾ ਸਿੱਟਾ ਹੈ। ਕੀ ਇਹ ਫੁਰਮਾਨ ਜਾਂ ਅਜਿਹੇ ਆਦੇਸ਼ ਦੇਸ਼ ਦੇ ਨਾਗਰਿਕ ਅਧਿਕਾਰ ਸੰਗਠਨਾਂ, ਬੁੱਧੀਜੀਵੀਆਂ ਅਤੇ ਜਮਹੂਰੀ ਲੋਕਾਂ ਦੇ ਮੂੰਹ ਉਤੇ ਤਾਲੇ ਲਾ ਸਕਣਗੇ? ਕੀ ਇਹ ਫੁਰਮਾਨ ਉਨ੍ਹਾਂ ਕਮਿਉਨਿਸਟ ਇਨਕਲਾਬੀਆਂ (ਮਾਓਵਾਦੀਆਂ) ਉਤੇ ਹੁੰਦੇ ਸਰਕਾਰੀ ਜ਼ਬਰ ਨੂੰ ਚੁੱਪ ਕਰਕੇ ਵੇਖਣ ਦਾ ਮਾਹੌਲ ਬਣਾ ਦੇਣਗੇ? ਕੀ ਸਰਕਾਰ ਅਜੇਹੀਆਂ ਗੈਰ-ਜਮਹੂਰੀ ਅਤੇ ਅਣਮਨੁੱਖੀ ਕਾਰਵਾਈਆਂ ਜਮਹੂਰੀਅਤ ਦੇ ਨਾਂ ਹੇਠ ਸਦਾ ਜਾਰੀ ਰੱਖ ਸਕੇਗੀ? ਹਕੂਮਤ ਨੂੰ ਆਪਣਾ ਅਖੌਤੀ ਜਮਹੂਰੀ ਬੁਰਕਾ ਤਿਆਗਣਾ ਪਵੇਗਾ, ਜੋ ਉਹ ਕਰਦੀ ਆ ਰਹੀ ਹੈ। ਇਹ ਫੁਰਮਾਨ ਵੀ ਉ¤ਥੇ ਕੜੀ ਦਾ ਅੰਗ ਹੈ। ਬੁੱਧੀਜੀਵੀਆਂ ਨੂੰ ਡਰਾਇਆ ਜਾ ਰਿਹਾ ਹੈ। ਚੁੱਪ ਰਹੋ ਵਰਨਾਂ ਹਕੂਮਤ-ਹਕੂਮਤ ਹੈ। ਪਰ ਉਹ ਚੁੱਪ ਨਹੀਂ ਰਹਿਣਗੇ। ਇਸ ਫੁਰਮਾਨ(ਆਰਡੀਨੈਂਸ ਰੂਪੀ ਚਿੱਠੀ) ਦਾ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ। ਲੋਕਾਂ, ਬੌਧਿਕ ਹਲਕਿਆਂ, ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰਾਂ ਵਲੋਂ ਹਕੂਮਤ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਹ ਇਨ੍ਹਾਂ ਗੁਪਤ ਆਰਡੀਨੈਂਸਾਂ ਤੋਂ ਨਹੀਂ ਡਰਦੇ ਹਕੂਮਤ ਦੇ ਗੈਰ ਮਾਨਵੀ ਚਿਹਰੇ ਦਾ ਨਕਾਬ ਉਤਾਰਨ ਲਈ ਉਹ ਹਰ ਕੀਮਤ ਅਦਾ ਕਰਨ ਲਈ ਤਿਆਰ ਹਨ।

ਲੇਖ਼ਕ--ਨਰਭਿੰਦਰ
ਸਾਬਕਾ ਸੰਪਾਦਕ ‘ਜੈਕਾਰਾ’
ਸਿਰਸਾ।
ਮੋਬਾ; 09354430211

Saturday, September 11, 2010

ਨਕਸਲੀ ਲਹਿਰ ਦੇ ਜ਼ਿੰਦਾ ਸ਼ਹੀਦ ਦਰਸ਼ਨ ਦੁਸਾਂਝ

ਜਨਮ ਦਿਨ 'ਤੇ ਯਾਦ ਕਰਦਿਆਂ

“ਮੈਨੂੰ ਖੰਜਰ ਨਾਲ ਮਾਰੋ

ਜਾਂ ਸੂਲੀ ਤੇ ਟੰਗ ਦੇਵੋ
ਮੈਂ ਮਰ ਕੇ ਵੀ
ਚੁਗਿਰਦੇ ਵਿੱਚ ਬਿਖਰ ਜਾਵਾਂਗਾ।
ਤੇ ਤੁਹਾਨੂੰ ਹਰ ਸਿਰ ਵਿੱਚੋਂ
ਮੇਰਾ ਹੀ ਅਕਸ ਦਿੱਸੇਗਾ।“


ਇਹ ਸ਼ਬਦ ਹਨ, ਇਨਕਲਾਬੀ ਲਹਿਰ ਦਾ ਮਾਣ, ਗਹਿਰਾ ਚਿੰਤਕ, ਰਾਜਨੀਤੀਵਾਨ, ਜਥੇਬੰਦਕ ਲੇਖਿਕ, ਰੰਗਕਰਮੀ ਅਤੇ ਸਮੇਂ ਸਮੇਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣ ਦੀਆਂ ਮਿਸਾਲੀ ਪਿਰਤਾਂ ਪਾਉਣ ਵਾਲਾ ਪੰਜਾਬ ਦਾ ਜੁਲੀਅਸ ਫਿਊਚਕ ਦਰਸ਼ਨ ਦੁਸਾਂਝ ਹੁਣਾਂ ਦੇ, ਜਿਸ ਨੂੰ ਜ਼ਿੰਦਾ ਸ਼ਹੀਦ ਕਰਕੇ ਵੀ ਜਾਣਿਆ ਜਾਂਦਾ ਹੈ ।ਉਹ ਜਾਤਾਂ, ਧਰਮਾਂ ਇਲਾਕਿਆਂ ਤੋਂ ਉੱਪਰ ਸੀ।ਜਿਸ ਦੀ ਜ਼ਿੰਦਗੀ ਇੱਕ ਫਿਲਮੀ ਕਹਾਣੀ ਜਿਹੀ ਹੀ ਜਾਪਦੀ ਹੈ।12 ਸਤੰਬਰ 1937 ਨੂੰ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ਵਿੱਚ ਜਨਮੇ ਦਰਸ਼ਨ ਦੁਸਾਂਝ ਬਚਪਨ ਵਿੱਚ ਆਪਣੇ ਜਨਮ ਦੇਣ ਵਾਲੇ ਮਾਂ-ਬਾਪ ਦੀ ਬੁੱਕਲ ਦਾ ਨਿੱਘ ਨਾ ਮਾਣ ਸਕੇ।ਉਸ ਨੂੰ ਪਿੰਡ ਦੁਸਾਂਝ ਕਲਾਂ ਦੇ ਹਜ਼ਾਰਾ ਸਿੰਘ ਤੇ ਹਰਨਾਮ ਕੌਰ ਨੇ ਗੋਂਦ ਲੈ ਲਿਆ ਜਿਨ੍ਹਾਂ ਦੀ ਝੋਲੀ ਔਲਾਦ ਤਂੋ ਸੱਖਣੀ ਸੀ।ਉੱਧਰ ਦਰਸ਼ਨ ਦੀ ਮਾਂ ਨੇ ਆਰਥਿਕ ਮਜ਼ਬੂਰੀਆ, ਥੁੜਾਂ ਦੇ ਕਾਰਨ ਆਪਣੇ ਜਿਗਰ ਦੇ ਟੁਕੜੇ ਨੂੰ ਇਸ ਜੋੜੀ ਨੂੰ ਈਸ਼ਰ ਸਿੰਘ ਰਾਂਹੀ ਦੇ ਦਿੱਤਾ।ਪਰ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦਰਸ਼ਨ ਨੂੰ ਮਿਲਣ ਆਉਂਦੀ ਰਹੀ, ਉਸ ਦੇ ਬੱਚੇ ਵੀ ਉਸ ਨਾਲ ਖੇਡਦੇ।1947 ਦੀ ਫਿਰਕੂ ਵੰਡ ਨੇ ਦਹਿਸ਼ਤ ਦਾ ਇਹੋ ਜਿਹਾ ਨੰਗਾ ਨਾਚ ਨੱਚਿਆਂ ਕਿ ਸਦੀਆਂ ਤੋਂ ਮੋਹ ਪਿਆਰ ਨਾਲ ਰਹਿੰਦੇ ਲੋਕ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ।ਦੁਸਾਂਝ ਦਾ ਪਰਿਵਾਰ ਪਿੰਡ ਦੁਸਾਂਝ ਕਲਾਂ ਆ ਗਿਆ।ਇੱਕ ਵਾਰੀ ਪਿੰਡ ਕਿਸੇ ਮੁੰਡੇ ਨੇ ਬੰਗਾਲੀ ਹੋਣ ਦਾ ਮੇਹਣਾ ਮਾਰ ਦਿੱਤਾ।ਉਸ ਨੇ ਮਾਂ ਤਂੋ ਪੁੱਛਿਆਂ ਮਾਂ ਨੇ ਇਨਕਾਰ ਕਰ ਦਿੱਤਾ।ਉਹ ਵਿਛੜਨ ਦੇ ਡਰ ਕਰਕੇ ਬਿਮਾਰ ਪੈ ਗਈ, ਬਿਮਾਰੀ ਤੇ ਸਦਮੇ ਕਰਕੇ ਮਾਂ ਦੀ ਮੌਤ ਹੋ ਗਈ।ਉਸ ਨੇ ਜ਼ਿੱਦ ਕਰਕੇ ਆਪਣੇ ਪਿਉ ਤੋਂ ਪੁੱਛ ਲਿਆ।ਪਿਉ ਨੇ ਈਸ਼ਰ ਸਿੰਘ ਦਾ ਐਡਰੈਸ ਦੇ ਦਿੱਤਾ ।ਪਰ ਜਦੋਂ ਉਹ ਈਸ਼ਰ ਸਿੰਘ ਕੋਲ ਗਿਆ ਤਾਂ ਉਸ ਕਿਹਾ ਕਿ ਕਾਕਾ ਦੰਗਿਆਂ ਤੋ ਪਿੱਛੋਂ ਨਹੀਂ ਦੇਖੀ।ਉਸ ਅੰਦਰ ਧੁੰਦਲੀਆਂ ਯਾਦਾਂ ਮੁੜ ਸੁਰਜੀਤ ਹੋ ਗਈਆਂ।ਉਹ ਨਿਕਲ ਤੁਰਿਆ ਆਪਣੇ ਜਨਮ ਦੇਣ ਵਾਲੇ ਮਾਂ ਪਿਉ ਦੀ ਭਾਲ ਵਿੱਚ ।ਉਹ ਕਲਕੱਤੇ ਦੀਆਂ ਗਲੀਆਂ, ਬਸਤੀਆਂ, ਬਜ਼ਾਰਾਂ ਅਤੇ ਨਵੀਆਂ ਉਸਰਦੀਆਂ ਇਮਾਰਤਾਂ ਹਰ ਥਾਂ ਗੱਲ ਕੀ ਹਰ ਔਰਤ ਵਿੱਚੋਂ ਉਹ ਆਪਣੀ ਜਨਮ ਦੇਣ ਵਾਲੀ ਮਾਂ ਭਾਲਦਾ ਰਿਹਾ।ਜਦੋਂ ਘਰੋਂ ਲਿਆਂਦਾ ਪੈਸਾ ਮੁੱਕ ਗਿਆ ਤਾਂ ਉਹ ਰੇਲ ਗੱਡੀਆਂ, ਬਜ਼ਾਰਾਂ ਤੇ ਬੱਸ ਅੱਡਿਆਂ ਤੇ ਬੁਨੈਣਾਂ, ਗੁਬਾਰੇ, ਭਾਂਡੇ, ਜੁੱਤੀਆਂ, ਬੱਚਿਆਂ ਦੇ ਖਿਡੌਣੇ, ਭੰਬੀਰੀਆਂ, ਬੱਚਿਆਂ ਦੇ ਖਾਣ ਦੀਆਂ ਚੀਜ਼ਾਂ ਵੇਚਦਾ ਰਿਹਾ ਪਰ ਖਾਲੀ ਹੱਥ ਵਾਪਸ ਆਇਆ ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ।

“ਵੇਲੋਂ ਟੁੱਟਿਆ ਮੈਂ ਫਲ ਕੋਈ
ਜਾਂ ਅੰਬਰ ਦਾ ਤਾਰਾ,
ਖੁੰਜਿਆ ਖਬਰੇ ਕਿਹੜੀ ਮਾਂ ਦਾ
ਪੁੱਤਰ ਇੱਕ ਅਮੁੱਲਾ।“


ਉਹ ਵਾਪਸ ਪਿੰਡ ਆ ਗਿਆ ਪਰ ਸਾਰੀ ਜ਼ਿੰਦਗੀ ਉਸ ਦਾ ਕਲਕੱਤੇ ਨਾਲ ਮੋਹ ਰਿਹਾ, ਜਦੋਂ ਵੀ ਉਹ ਕਲਕੱਤੇ ਜਾਂਦਾ ਤਾਂ ਉਸ ਨੂੰ ਉਥੋਂ ਦੀ ਮਿੱਟੀ ਖਿੱਚਦੀ ਤੇ ਉੱਥੋਂ ਦੀ ਹਵਾ ਵਿੱਚੋਂ ਅਪਣੇਪਨ ਦੀ ਮਹਿਕ ਆਉਂਦੀ। ਜਦੋਂ ਉਹ ਪਿੰਡ ਦੇ ਸਕੂਲ ਪੜ੍ਹਨ ਲੱਗਾ ਤਾਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ, ਚੰਗਾ ਖਿਡਾਰੀ, ਵਧੀਆ ਤੈਰਾਕ, ਸੱਚ ਬੋਲਣ ਵਾਲਾ ਤੇ ਗਰੀਬ ਮਜ਼ਦੂਰਾਂ ਦੇ ਹੱਕ ਵਿੱਚ ਖੜ੍ਹਨ ਵਾਲਾ ਇਹ ਸਾਰੇ ਗੁਣ ਉਸ ਨੇ ਬਚਪਨ ਵਿੱਚ ਹੀ ਗ੍ਰਹਿਣ ਕਰ ਲਏ ਸੀ ।ਦਸਵੀਂ ਪਾਸ ਕਰਨ ਉਪਰੰਤ ਦਰਸ਼ਨ ਨੂੰ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੇ ਇੱਕ ਮਿੱਲ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।ਉਸ ਨੇ ਮਿੱਲ ਕਾਮਿਆਂ ਨਾਲ ਹੁੰਦੇ ਦੁਰਵਿਵਹਾਰ ਤੇ ਖੂਨ ਪਸੀਨੇ ਦੀ ਕਮਾਈ ਕਰਦੇ ਕਿਰਤੀਆਂ ਦੇ ਘਰਾਂ ਵਿੱਚ ਨੱਚਦੀ ਅੱਖੀਂ ਡਿੱਠੀ, ਹੱਡੀਂ ਹੰਢਾਂਈ ਗਰੀਬੀ ਨੇ ਉਸ ਦੇ ਕਾਲਜੇ ਭਾਂਬੜ ਬਾਲ ਦਿੱਤੇ।ਗ਼ਰੀਬੀ ਗ਼ੁਲਾਮੀ ਤੇ ਗ਼ਰੀਬੀ ਕਾਰਨ ਫੈਲੇ ਦੁੱਖਾਂ ਦਾ ਅਹਿਸਾਸ ਉਸ ਨੂੰ ਹੋ ਚੁੱਕਾ ਸੀ, ਕਿ ਮਾਲਕ ਕਿਵੇਂ ਮਜ਼ਦੂਰਾਂ ਦੀ ਮੇਹਨਤ, ਹੱਕ ਸੁਪਨਿਆਂ ਤੇ ਅਰਮਾਨਾਂ ਨੂੰ ਡਕਾਰ ਜਾਂਦੇ ਹਨ।ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ:-

“ਮੇਰਾ ਪੇਟ ਹੁੰਦਾ ਨਾ ਰੋਟੀ ਤੋਂ ਖਾਲੀ,
ਹੋਰਾਂ ਲਈ ਮਰਨੇ ਦਾ ਜੇਰਾ ਨਾ ਹੁੰਦਾ।“


ਗਦਰੀਆਂ ਤੇ ਕਿਰਤੀਆਂ ਦਾ ਪ੍ਰਭਾਵ ਕਬੂਲਦਾ ਪੀੜਤ ਵਰਗ ਦੀ ਮੁਕਤੀ ਤੇ ਅਜ਼ਾਦ ਫਿਜ਼ਾ ਲਈ ਇੱਕੋ ਇੱਕ ਸੰਪੂਰਨ ਹੱਲ ਸੰਪੂਰਨ ਇਨਕਲਾਬ ਹੈ ਤੇ ਇਹ ਮਾਰਕਸਵਾਦ ਵਿਚਾਰਧਾਰਾ ਅਧੀਨ ਹੀ ਕੀਤਾ ਜਾ ਸਕਦਾ ਹੈ। ਮਾਰਕਸਵਾਦ ਹੀ ਇੱਕ ਅਜਿਹੀ ਵਿਗਿਆਨਕ ਵਿਚਾਰਧਾਰਾ ਹੈ, ਜੋ ਮੇਹਨਤਕਸ਼ ਦੇ ਸੁਪਨਿਆਂ ਦਾ ਸਮਾਜ ਸਿਰਜ ਸਕਦੀ ਹੈ।ਉਹ ਖੁਸ਼ਹੈਸੀਅਤੀ ਟੈਕਸ ਵਿਰੁੱਧ ਨੰਿਰੰਦਰ ਦੁਸਾਂਝ ਦੀ ਨਿਰਦੇਸ਼ਨਾ ਹੇਠ ਖੇਡੇ ਜਾਂਦੇ ਨਾਟਕ “ਜ਼ੋਰੀ ਮੰਗੇ ਦਾਨ ਵੇ ਲਾਲੋ” ਵਿੱਚ ਭਾਗ ਲਿਆ ਤੇ ਪੁਲਿਸ ਗ੍ਰਿਫ਼ਤਾਰੀ ਵੀ ਹੋਈ।ਫਿਰ ਉਹ ਜੁਗਿੰਦਰ ਬਾਹਰਲਾ ਦੀ ਨਾਟਕ ਟੀਮ ਦੁਆਰਾ ਲੱਗੀ ਵਰਕਸ਼ਾਪ ਵਿੱਚ ਦਰਸ਼ਨ ਦੀ ਮਿੱਤਰਤਾ ਆਤਮਜੀਤ ਸਿੰਘ ਸੁਰਵਿੰਡ ਜਿਸ ਦਾ ਅਸਲੀ ਨਾਂ ਰਾਠਾ ਸਿੰਘ ਸੀ ਨਾਲ ਹੋਈ ।ਆਤਮਜੀਤ ਦੀ ਜੀਵਨ ਸਾਥਣ ਮਹਿੰਦਰ ਕੌਰ ਜੋ ਦੁਆਬੇ ਦੀ ਸੀ ਤੇ ਦਰਸ਼ਨ ਵੀ ਦੁਆਬੇ ਦਾ ਹੋਣ ਕਰਕੇ ਬੋਲੀ ਇੱਕੋ ਜਿਹੀ ਹੋਣ ਕਰਕੇ ਭੈਣ ਭਰਾ ਦੇ ਰਿਸ਼ਤੇ ਵਿੱਚ ਇਹੋ ਜਿਹੇ ਬੱਝੇ ਕਿ ਉਮਰ ਭਰ ਆਖਰੀ ਸਾਹਾ ਤੱਕ ਖੂਨ ਦੇ ਰਿਸ਼ਤਿਆ ਤੋਂ ੳੁੱਪਰ ਦੀ ਸਾਂਝ ਕਾਇਮ ਰਹੀ ਤੇ ਦਰਸ਼ਨ ਦੁਸਾਂਝ ਨੇ ਵੀ ਆਤਮਜੀਤ ਦੀ ਮੌਤ ਤੋਂ ਬਾਅਦ ਭੈਣ ਮਿੰਦਰ ਕੌਰ ਦੇ ਪਰਿਵਾਰ ਦੀ ਹਰ ਜਿੰਮੇਵਾਰੀ ਨਿਭਾਈ।ਉਸ ਦੇ ਚਾਰੇ ਪੁੱਤਰਾਂ ਦੇ ਵਿਆਹ ਆਪਣੇ ਹੱਥੀਂ ਅੰਤਰਜਾਤੀ ਕਰਕੇ ਸੱਚੇ ਕਮਿਉਨਿਸਟ ਦੀ ਮਿਸਾਲ ਪੇਸ਼ ਕੀਤੀ।12 ਸਤੰਬਰ 1970 ਨੂੰ ਦਰਸ਼ਨ ਦੁਸਾਂਝ ਜੋਗਿੰਦਰ ਸਿੰਘ ਦੇ ਖੂਹ ਤੋਂ ਫੜਿਆ ਗਿਆ, ਰਵਿੰਦਰ ਸਿੰਘ ਜਗਤਪੁਰ ਇੱਕ ਦਿਨ ਪਹਿਲਾ ਪੁਲਿਸ ਨੇ ਫੜ੍ਹ ਲਿਆ ਜਿਸ ਤੋ ਇੱਥੇ ਰੱਖੀ ਮੀਟਿੰਗ ਬਾਰੇ ਪਤਾ ਲੱਗ ਗਿਆ ਸੀ ਪੁਲਿਸ ਨੇ ਰਵਿੰਦਰ ਦਾ ਨਵਾਂ ਸ਼ਹਿਰ ਲਾਗੇ ਪਿੰਡ ਦੁਰਗਾਪੁਰ ਦੇ ਭੱਠੇ ਕੋਲ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ੱਿਦੱਤਾ ਪੁਲਿਸ ਨੇ ਸਾਰਾ ਇਲਾਕਾ ਘੇਰ ਲਿਆ ਕਾਮਰੇਡ ਨੂੰ ਮੰਜੇ ਤੇ ਪਏ ਨੂੰ ਦਬੋਚ ਲਿਆ।ਪੁਲਿਸ ਫੜ੍ਹ ਕੇ ਬੰਗਿਆਂ ਦੇ ਥਾਣੇ ਲੈ ਗਈ। ਪੁੱਛ-ਗਿੱਛ ਕੀਤੀ ਕੁਝ ਪੱਲੇ ਨਾ ਪਿਆ ਤਾਂ ਤਸ਼ੱਦਦ ਸ਼ੁਰੂ ਹੋ ਗਿਆ “ਪੋਸਟਰ ਲੀਫਲੈਟ ਛਾਪਣ ਦਾ ਕੰਮ ਕਿੱਥੇ ਹੁੰਦਾ? ਹਥਿਆਰ ਤੇ ਵਿਸਫੋਟ ਬਣਾਉਣ ਦੀ ਫੈਕਟਰੀ ਕਿੱਥੈ ਹੈ? ਪਾਰਟੀ ,ਆਗੂਆਂ ਦੇ ਨਾਂ ਆਦਿ ਬਹੁਤ ਸਾਰੇ ਭੇਦ ਜਾਨਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਾ ਦੱਸਣ ਤੇ ਬੇਰਹਿਮ ਲਾਠੀਚਾਰਜ, ਮਾਨਸਿਕ ਦਬਾਅ, ਪਿਸ਼ਾਬ ਨਾਲ ਭਰੇ ਮੱਟ ਕੋਲ ਖੜ੍ਹੇ ਰੱਖਣਾ, ਹੱਥ ਪੈਰ੍ਹ ਬੰਨ ਕੇ ਛੱਤ ਨਾਲ ਟੰਗੀ ਰੱਖਣਾ ਆਦਿ ਬਹੁਤ ਸਾਰੇ ਗੈਰ ਮਨੁੱਖੀ ਤਸੀਹੇ ਦਿੱਤੇ ਗਏ ਪਰ ਉਹ ਇਤਿਹਾਸ ਦੇ ਮਹਾਨ ਨਾਇਕਾ ਨੂੰ ਯਾਦ ਕਰਕੇ ਅਡੋਲ ਚਿੱਤ ਸਭ ਕੁੱਝ ਸਹਿੰਦਾ ਰਿਹਾ। ਸ਼ਰਾਬ ਨਾਲ ਧੁੱਤ ਹੋਏ ਪੁਲਿਸੀਆਂ ਵੱਲੋਂ ਪਹਿਲਾਂ ਤਾਂ ਕੁੱਟ ਕੁੱਟ ਕੇ ਲੱਤਾਂ ਤੋੜੀਆਂ ਗਈਆਂ ਫਿਰ ਥੜ੍ਹੇ ਉੱਪਰ ਲਿਟਾ ਕੇ ਥਾਣੇਦਾਰ ਲੱਤਾਂ ਤੇ ਇੱਟਾਂ ਮਾਰਨ ਲੱਗ ਪਿਆ।ਲੱਤਾਂ ਦਾ ਕਚਰਾ ਬਣਾ ਦਿੱਤਾ।ਇਸ ਤਸ਼ੱਦਦ ਬਾਰੇ ਜੁਝਾਰਵਾਦੀ ਕਵੀ ਦਰਸ਼ਨ ਖਟਕੜ੍ਹ ਆਪਣੀ ਕਵਿਤਾ ਵਿੱਚ ਲਿਖਦਾ ਹੈ:-
“ਚਿਣੇ ਨੀਹਾਂ ਵਿੱਚ ਜਾਈਏ
ਜਾਂ ਲੱਤਾ ਚੂਰ ਕਰਵਾਈਏ
ਸਰਹੰਦ ਦੀ ਦੀਵਾਰ ਹੋਵੇ
ਜਾਂ ਥਾਣਾ ਬੰਗਿਆਂ ਦਾ”

ਉਸ ਦੀ ਸੂਰਮਗਤੀ ਨੂੰ ਬਿਆਨ ਕਰਦੀਆਂ ਕਈ ਦੰਦ ਕਥਾਵਾਂ ਬਣ ਗਈਆਂ।ਕੇਵਲ ਕੌਰ ਤੇ ਮਿੰਦਰ ਕੌਰ ਵੱਲੋਂ ਦਿੱਤੀ ਅਸਲੀ ਇਨਸਾਨ ਦੀ ਕਹਾਣੀ ਨਾਵਲ ਨੇ ਦਰਸ਼ਨ ਨੂੰ ਬਹੁਤ ਹਿੰਮਤ ਦਿੱਤੀ।ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਨਕਸਲੀਆਂ ਦੇ ਮੁਫਤ ਕੇਸ ਲੜੇ ਗਏ।ਐਡਵੋਕੇਟ ਹਰਭਜਨ ਸੰਘਾ ਤੇ ਹਰਦਿਆਲ ਸਿੰਘ ਨੇ ਵੀ ਮੁਫਤ ਕੇਸ ਲੜੇ।22 ਮਈ 1975 ਵਿੱਚ ਹੋਏ ਸੂਰਾਨੂਸੀ ਕਾਂਡ ਵਿੱਚ ਸਾਥੀ ਜਿੰਦਾ ਤਾਂ ਥਾਂ ਤੇ ਹੀ ਸ਼ਹੀਦ ਹੋ ਗਿਆ।ਪਰ ਦੁਸਾਂਝ ਦੇ ਇੱਕ ਗੋਲੀ ਖੱਬੀ ਲੱਤ ਵਿੱਚ ਇੱਕ ਛਾਤੀ ਦੇ ਖੱਬੇ ਪਾਸੇ, ਇੱਕ ਬਾਂਹ ਵਿੱਚ, ਇੱਕ ਪਿੱਠ ਵਿੱਚ ਮਾਰੀ ਉਹ ਗੋਲੀਆਂ ਨਾਲ ਪਰੁੰਨਿਆਂ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਲਲਕਾਰਨ ਦੀ ਹਿੰਮਤ ਰੱਖਦਾ ਸੀ।ਉਸ ਨੂੰ ਪਾਣੀ ਨਾ ਦਿੱਤਾ ਇਲਾਜ ਨਾ ਕਰਵਾਇਆ ਲੱਤ ਕੱਟ ਦਿੱਤੀ ਡੀ.ਐਸ.ਪੀ ਕਿਸ਼ਨ ਸਿੰਘ ਹਸਪਤਾਲ ਆਇਆ ।ਦਰਸ਼ਨ ਵੱਲ ਨਫ਼ਰਤ ਨਾਲ ਦੇਖਿਆ ਰੋਅਬ ਨਾਲ ਬੋਲਿਆ “ਹੁਣ ਜਾ ਕੇ ਗੁਰਦੁਆਰਾ ਲੱਭ ਲਈਂ, ਤੇਰਾ ਹੋ ਗਿਆ ਇਨਕਲਾਬ।ਤਾਂ ਸਿਰੜੀ ਦੁਸਾਂਝ ਦਾ ਕਹਿਣਾ ਸੀ,“ ਮੈਂ ਗੁਰਦੁਆਰੇ ਨਹੀਂ ਬਹਿੰਦਾ। ਮੇਰੀਆਂ ਭਾਂਵੇ ਦੋਵੇ ਲੱਤਾਂ ਵੱਢ ਦਿਓ, ਮੈਂ ਸਿਰ ਪਰਨੇ ਤੁਰ ਕੇ ਵੀ ਇਨਕਲਾਬ ਦੀ ਮਿਸ਼ਾਲ ਜਗਾਈ ਰੱਖਣ ਦੀ ਹਿੰਮਤ ਰੱਖਦਾ ਹਾਂ।ਨਾਲੇ ਤੁਹਾਡਾ ਜਬਰ ਮੈਨੂੰ ਇਨਕਲਾਬ ਦੇ ਰਾਹ ਤੋਂ ਥੜਕਾ ਨਹੀਂ ਸਕਦਾ।ਜੇ ਮੈਂ ਮਰ ਮੁੱਕ ਵੀ ਗਿਆ ਤਾਂ ਹੋਰ ਬੜ੍ਹੇ ਕਾਮਰੇਡ ਨੇ ਤੁਹਾਡੀਆਂ ਧੌਣਾਂ ਲਾਹ ਕੇ ਹਿਸਾਬ ਕਿਤਾਬ ਚੁੱਕਦਾ ਕਰ ਦੇਣਗੇ” ਦਰਸ਼ਨ ਗੁੱਸੇ ਵਿੱਚ ਲਲਕਾਰਿਆ ਸੀ।ਦਰਸ਼ਨ ਦੇ ਜੇਲ੍ਹ ਹੁੰਦਿਆ ਹੀ ਦਰਸ਼ਨ ਤੇ ਰਵਿੰਦਰ ਦੇ ਫੜ੍ਹੇ ਜਾਣ ਤੇ ਸੋਹਣ ਲਾਲ ਜੋਸ਼ੀ ਨੂੰ ਦੋਸ਼ੀ ਸਮਝ ਕੇ ਮਾਰ ਦਿੱਤਾ ਪਰ ਦਰਸ਼ਨ ਸੱਚਾਈ ਜਾਣਦਾ ਹੋਣ ਕਰਕੇ ਇਸ ਨਾਲ ਅਸਿਹਮਤ ਸੀ ਜਦੋ ਉਸ ਦੀ ਮਾਂ ਤੇ ਮਾਸੀ ਜੇਲ੍ਹ ਵਿੱਚ ਆਉਂਦੀਆਂ ਤਾਂ ਦਰਸ਼ਨ ਨੂੰ ਕਹਿੰਦੀਆਂ “ਸੋਹਣ ਨੂੰ ਮਿਲਿਆਂ ਬੜਾ ਚਿਰ ਹੋ ਗਿਆ ,ਪੁੱਤ ਨੂੰ ਆਖੀਂ ਕਿਤੇ ਮਿਲ ਜਾਵੇ।“ਮਾਂ ਤਰਲਾ ਲੈਂਦੀ ਤਾ ਉਸ ਦਾ ਗੱਚ ਭਰ ਆਉਂਦਾ ਇਸੇ ਤਰ੍ਹਾਂ ਹੀ ਪਿੰਡ ਮੰਗੂਵਾਲ ਦਾ ਹੀ ਰਾਮ ਕਿਸ਼ਨ ਕਿਸ਼ੂ ਸੀ ਜੋ ‘ਆਪਣਿਆਂ’ ਦੀ ਹੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਦੁਸਾਂਝ ਨੇ ਜੇਲ੍ਹ ਤੋਂ ਆ ਕੇ ਇਨ੍ਹਾਂ ਦੀ ਮੌਤ ਦੀ ਜਾਂਚ ਕਰਵਾਈ, ਸ਼ਹੀਦਾਂ ਦਾ ਦਰਜਾ ਦੁਆਇਆ ਸ਼ਹੀਦਾਂ ਦੀ ਵੰਗਾਰ ਵਿੱਚ ਸ਼ਾਮਿਲ ਕਰਵਾਇਆ।ਦੁਸਾਂਝ ਜੰਗਜੂ ਸਿਪਾਹੀਆਂ ਦੀ ਤਰ੍ਹਾਂ ਸਾਹਿਤ ਦੇ ਖੇਤਰ ਵਿੱਚ ਵਿਚਰਿਆ ਉਸ ਨੇ ਜੂਝ ਰਹੇ ਮਨੁੱਖਾਂ ਦਾ ਸਾਹਿਤ ਰਚਿਆ ਨਵੰਬਰ 1994 ਵਿੱਚ “ਲੂਣੀ ਧਰਤੀ” ਕਾਵਿ ਸੰਗ੍ਰਹਿ ਲਿਖਿਆ ਜੋ ਮੇਹਨਤੀ ਵਰਗ ਦੀ ਪੀੜਾ, ਤੜਫ, ਠੱਗੇ ਜਾਣ ਦਾ ਅਹਿਸਾਸ, ਅਖੌਤੀ ਰਾਜਸੀ ਅਜ਼ਾਦੀ, ਸੂਰਮਗਤੀ ਦੁਆਲੇ ਕੇਂਦਰਤ ਹੈ।

“ਛਿੜ ਪਈ ਚਰਚਾ ਹੈ ਕਿਸ ਦੀ ਕੌਣ ਹੈ ਉਹ ਸੂਰਮਾ
ਸਰਘੀਆਂ ਦੇ ਬੋਲ ਜੋ ਖੇਤਾਂ ‘ਚ ਸਾਡੇ ਗਾ ਰਿਹਾ”


“ਅੱਖਾਂ ‘ਚ ਅੱਖਾਂ ਵਕਤ ਦੇ
ਡਰਦੇ ਨੇ ਜਿਹੜੇ ਪਾਉਣ ਤੋਂ
ਬੋਝ ਆਪਣੇ ਆਪ ਦਾ
ਕਿਸ ਤਰ੍ਹਾਂ ਢੋਂਦੇ ਨੇ ਲੋਕ”


“ਮੇਰਾ ਨਾਂ ਕੀ ਪੁੱਛਦੇ ਹੋ
ਮੈ ਇੱਕ ਭਟਕਣ ਹਾਂ
ਤੇ ਮੈਨੂੰ ਤਲਾਸ਼ ਹੈ
ਉਸ ਕੁੱਖ ਦੀ ਜੋ ਧੁੱਪਾਂ ਜੰਮੇ


ਡਾ. ਸਰਬਜੀਤ ਦੇ ਸ਼ਬਦਾਂ ਵਿੱਚ “ਜਿੱਥੇ ਇਹ ਕਵਿਤਾ ਵਿਚਾਰਧਾਰਕ ਚੇਤਨਾ ਨਾਲ ਉੱਥੇ ਉਹ ਕਾਵਿਕਤਾ ਵੀ ਬਣਾਈ ਰੱਖਦੀ ਹੈ”। ਦਰਸ਼ਨ ਦੁਸਾਂਝ ਦੀ ਦੂਜੀ ਕਿਤਾਬ “ਅਮਿੱਟ ਪੈੜਾਂ” ਇਨਕਲਾਬੀ ਲਹਿਰ ਵਿੱਚ ਯੋਗਦਾਨ ਪਾਉਂਣ ਵਾਲੇ ਉਨ੍ਹਾਂ ਹੀਰਿਆਂ ਦੀ ਦਾਸਤਾਨ ਹੈ ਜੋ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਏ ਪਰ ਲਹਿਰ ਲਈ ਥੰਮ ਬਣੇ ਰਹੇ। ਉਨ੍ਹਾਂ ਦੀ ਕੁਰਬਾਨੀ ਲਗਨ ਤੇ ਕਰਮ ਨੁੰ “ਅਮਿੱਟ ਪੈੜਾਂ” ਰਾਹੀਂ ਰੂਪਮਾਨ ਕੀਤਾ।ਮੰਗਲ ਸਿੰਘ ਮੰਗਾ, ਪ੍ਰੋ. ਰਾਮ ਸ਼ਰਨ ਨੇਗੀ, ਕੇਵਲ ਕੌਰ ਤੇ ਹੋਰ ਬਹੁਤ ਸਾਰੇ ਸੱਚੇ ਸੁੱਚੇ ਬੱਬਰਾਂ ਦੀ ਗਾਥਾ ਲਿਖ ਕੇ ਅਮਰ ਕਰਨ ਦੀ ਕੋਸ਼ਿਸ਼ ਕੀਤੀ।ਦਰਸ਼ਨ ਦੁਸਾਂਝ ਦੀ ਕੁਰਬਾਨੀ, ਪ੍ਰਤੀਬੱਧਤਾ ਅਤੇ ਲਗਨ ਸਦਕਾ ਉਹ ਰਾਜਨੀਤਕ ਤੇ ਸਾਹਿਤਕ ਖੇਤਰ ਵਿੱਚ ਹਮੇਸ਼ਾ ਚਰਚਿਤ ਰਹੇ। ਸਾਹਿਤਕਾਰ ਉਸ ਦੇ ਜੀਵਨ, ਉਦੇਸ਼ ਤੇ ਸੰਘਰਸ਼ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾੳਂੁਦੇ ਰਹੇ ।ਸੁਖਪਾਲ ਸੰਘੇੜਾ ਨੇ ਇੱਕ ਦਹਿਸ਼ਤ ਪਸੰਦ ਦੀ ਡਾਇਰੀ ਨਾਵਲ, ਜਿਸ ਤੋਂ ਲੋਕ ਕਲਾ ਮੰਡੀ ਮੁੱਲਾਂਪੁਰ ਨੇ ਨਾਟਕ ਤਿਆਰ ਕਰਕੇ ਇੱਕ ਮਈ, 2001 ਨੂੰ ਪੰਜਾਬੀ ਭਵਨ ਵਿੱਚ ਖੇਡਿਆ ਇਸ ਵਿੱਚ ਇਸ ਗੁਰੀਲੇ ਦੀ ਜੀਵਨ ਗਾਥਾ ਰਾਹੀਂ ਉਸ ਦੀ ਬਹਾਦਰੀ ਨੂੰ ਪੇਸ਼ ਕੀਤਾ। ਅਜਮੇਰ ਸਿੱਧੂ ਨੇ ਜਿੱਥੇ ਦਰਸ਼ਨ ਦੁਸਾਂਝ ਦੀ ਜੀਵਨੀ “ ਤੁਰਦੇ ਪੈਰਾਂ ਦੀ ਦਾਸਤਾਨ” ਤੇ ਇੱਕ ਕਹਾਣੀ “ਦਿੱਲੀ ਦੇ ਕਿੰਗਰੇ” ਵੀ ਲਿਖੀ।ਦਰਸ਼ਨ ਖਟਕੜ੍ਹ, ਇਕਬਾਲ ਖਾਨ, ਜਸਵੀਰ ਦੀਪ ਆਦਿ ਬਹੁਤ ਸਾਰੇ ਲੇਖਿਕਾਂ ਨੇ ਰਚਨਾਵਾਂ ਰਾਹੀਂ ਦਰਸ਼ਨ ਦੁਸਾਂਝ ਦੀ ਸੂਰਮਗਤੀ ਨੂੰ ਪੇਸ਼ ਕੀਤਾ।ਦਰਸ਼ਨ ਦੁਸਾਂਝ ਸਾਰੀ ਜ਼ਿੰਦਗੀ ਹੀ ਇੱਕ ਲੱਤ ਨਾਲ ਇਨਕਲਾਬ ਲਈ ਜੂਝਦਾ ਰਿਹਾ ਪਰ ਪਾਰਟੀ ਦੀਆਂ ਫੁੱਟਾਂ, ਸਾਥੀਆਂ ਦੀ ਵਫਾਦਾਰੀ ਨਾ ਨਿਭਾਉਣ ਦੀ ਸੱਟ ਨੇ ਉਸ ਦੇ ਦਿਲ ਤੇ ਗਹਿਰਾ ਅਸਰ ਪਾਇਆ। ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ

“ਮਿਲੇ ਜੋ ਦੋਸਤ ਵੀ ਮੈਨੂੰ
ਮੇਰੇ ਗਮਖਾਰ ਨਾ ਨਿਕਲੇ
ਕਿਵੇ ਦਿਲ ਖੋਲ੍ਹ ਕੇ ਰੱਖਾਂ
ਭਰੋਸਾ ਹੀ ਨਹੀ ਬੱਝਦਾ”


ਸਾਡੇ ਘਰ ਦੁਸਾਂਝ ਦਾ ਆਉਣਾ ਜਾਣਾ ਮੇਰੇ ਬਚਪਨ ਤੋਂ ਸੀ।ਮੇਰੇ ਡੈਡੀ ਜੀ ਦੇ ਬਾਹਰ ਜਾਣ ਤੋਂ ਬਾਅਦ ਸਿਆਣੇ ਬਜੁਰਗਾਂ ਵਾਂਗ ਸਾਡਾ ਖਿਆਲ ਰੱਖਿਆ, ਸਾਨੂੰ ਚੰਗੇ ਮਨੁੱਖ ਬਣਾਉਣ ਦੀ ਕੋਸ਼ਿਸ਼ ਕੀਤੀ।ਜਦੋ ਮੈਂ ਉਨ੍ਹਾਂ ਨੂੰ ਇਕੱਲਤਾ ਵਿੱਚ ਨਿਰਾਸ਼ ਦੇਖਿਆ ਤਾ ਮੈਂ ਕਹਿ ਦਿੱਤਾ ਤੁਸੀ ਕਦੇ ਨਾ ਮਹਿਸੂਸ ਕਰਿਓ ਕਿ ਮੇਰਾ ਕੋਈ ਬੱਚਾ ਨਹੀਂ, ਮੈਂ ਤੁਹਾਡੀ ਧੀ ਹਾਂ। ਇਨ੍ਹਾਂ ਸ਼ਬਦਾ ਨੇ ਮੈਨੂੰ ਤੇ ਦੁਸਾਂਝ ਨੂੰ ਰਿਸ਼ਤੇ ਵਿੱਚ ਬੰਨ੍ਹ ਦਿੱਤਾ ਜੋ ਉਨਾਂ ਦੀ ਮੌਤ ਤੱਕ ਤੇ ਮੇਰੀ ਸਾਰੀ ਜ਼ਿੰਦਗੀ ਕਾਇਮ ਰਹੇਗਾ।ਉਨ੍ਹਾਂ ਅੰਦਰ ਇੱਕ ਬਹੁਤ ਹੀ ਨਰਮ ਦਿਲ ਵੀ ਧੜਕਦਾ ਸੀ। ਹਰ ਰਿਸ਼ਤੇ ਨੂੰ ਮੋਹ ਪਿਆਰ ਸਤਿਕਾਰ ਨਾਲ ਨਿਭਾਇਆ ਹੀ ਨਹੀ ਸਗੋ ਮਾਣ ਵੀ ਦਿੱਤਾ। ਉਹ ਕਿਹਾ ਕਰਦੇ ਸਨ:-

“ਮੈਂ ਜ਼ਿੰਦਗੀ ਨੂੰ
ਉਹ ਅਰਥ ਦੇਵਾਂਗਾ
ਕਿ ਮੌਤ ਤੋਂ ਪਿੱਛੋਂ
ਜ਼ਿਕਰ ਮੇਰਾ ਜੇ ਛਿੜੇ
ਤੈਨੂੰ ਨਮੋਸ਼ੀ ਹੋਣ ਨਹੀਂ ਲੱਗੀ ”


ਬਰਸਾਤਾਂ ਵਿੱਚ ਉਸ ਦੀ ਲੱਤ ਗਲ ਜਾਣੀ ।ਉਹ ਲਗਾਤਾਰ ਬਿਮਾਰ ਰਹਿਣ ਲੱਗੇ ਪਰ ਉਹ ਉਸ ਦਿੜ੍ਰਤਾ ਨਾਲ ਹਰ ਬਿਮਾਰੀ ਨਾਲ ਲੜਦੇ ਰਹੇ ਪਰ ਜੁਲਾਈ 2000 ਵਿੱਚ ਬਿਮਾਰੀਆਂ ਦਾ ਹਮਲਾ ਤੇਜ਼ ਹੋ ਗਿਆ।ਉਹ ਅਨੇਕਾਂ ਬਿਮਾਰੀਆਂ ਦੇ ਚੌਤਰਫ਼ੇ ਹਮਲੇ ਨੂੰ ਪਛਾੜਨ ਲਈ ਜ਼ਿੰਦਗੀ ਮੌਤ ਦਾ ਸੰਘਰਸ਼ ਲੜਨ ਲੱਗੇ ।ਸਰਕਾਰੀ ਹਸਪਤਾਲ ਅੰਮ੍ਰਤਸਰ ਇਲਾਜ ਕਰਵਾਉਂਦਿਆ ਇਸ ਸੰਗਰਾਮੀਏ ਦੀ ਹਾਲਤ ਗੰਭੀਰ ਹੋ ਗਈ ।ਇਸ ਤੋਂ ਪਿੱਛੋਂ ਨਈਅਰ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾ ਦਿੱਤਾ ਜਿੱਥੇ ਉਹ 19 ਅਗਸਤ 2000 ਨੂੰ ਸਵੇਰੇ ਤਿੰਨ ਵਜੇ ਸਦੀਵੀ ਵਿਛੋੜਾ ਦੇ ਗਏ।

ਲੇਖ਼ਕ--ਜਸਵੀਰ ਕੌਰ ਮੰਗੂਵਾਲ

ਪੰਜਾਬੀ ਦੇ ਪ੍ਰਮਾਣੂ ਬੰਬ ਲੇਖ਼ਕ

ਤਸਲੀਮਾ ਨਸਰੀਨ ਨੇ ਕੁਝ ਔਰਤਾਂ ਦੇ ਹੱਕਾਂ ਬਾਰੇ ਲੇਖ ਲਿਖੇ। ਉਹਨਾਂ ਲੇਖਾਂ ਦਾ ਅਨੁਵਾਦ ਕਰਕੇ ਇਕ ਹਿੰਦੀ ਦੇ ਪ੍ਰਕਾਸ਼ਕ ਨੇ ਕਿਤਾਬ ਛਾਪ ਦਿੱਤੀ, ‘ਔਰਤ ਕੇ ਹੱਕ ਮੇ’। ਉਹ ਕਿਤਾਬ ਸਾਡੀ ਇਕ ਪਟਿਆਲੇ ਦੀ ਵਿਦਵਾਨ ਡਾ: ਕੁਲਵੰਤ ਕੌਰ ਨੇ ਪੜ੍ਹੀ ਤੇ ਚੁੱਕ ਕੇ ਪੰਜਾਬੀ ਵਿਚ ਚੇਪ ਦਿੱਤੀ।ਕੁਝ ਗੱਲਾਂ ਨਾਲ ਆਪਣੇ ਧਰਮ ਨਾਲ ਸਬੰਧਤ ਕਰਕੇ ਲਿਖ ਦਿੱਤੀਆਂ ਗਈਆਂ। ਪੰਜਾਬੀ ਪਾਠਕਾਂ ਲਈ ਇਕ ਨਾਇਯਾਬ ਤੋਹਫਾ ਤਿਆਰ ਹੋ ਗਿਆ। ਸਿੱਖ ਸਾਇਕੀ ਦੀ ਵੀ ਗੱਲ ਹੋ ਗਈ। ਪੁਸਤਕ ਦਾ ਨਾਮਕਰਨ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੁਕ ਚੁੱਕ ਲਈ, ‘ਦੌਲਤ ਗੁਜ਼ਰਾਨ ਹੈ। ਪੁੱਤਰ ਨਿਸ਼ਾਨ ਹੈ। ਔਰਤ ਇਮਾਨ ਹੈ’। ਪੁਸਤਕ ਇੰਗਲੈਂਡ ਵਿਚ ਆ ਕੇ ਰਿਲੀਜ਼ ਕਰ ਦਿੱਤੀ ਗਈ। ਸਾਊਥਾਲ ਵਿਚ ਹੋਏ ਰਿਲੀਜ਼ ਸਮਾਹਰੋ ਵਿਚ ਇੰਗਲੈਂਡ ਦੇ ਲੇਖਕਾਂ ਦੀ ਕਰੀਮ ਦੇ ਇਕੱਠ (ਜਿਸ ਵਿਚ ਸਾਥੀ ਲੁਧਿਆਣਵੀ ਤੇ ਬਹਾਦਰ ਸਾਥੀ ਸ਼ਾਮਲ ਸਨ।) ਵਿਚ ਪੁਸਤਕ ਸਬੰਧੀ ਇੰਗਲੈਂਡ ਦੇ ਇਕ ਡਾ: ਵਿਦਵਾਨ ਗੁਰਦੀਪ ਸਿੰਘ ਜਗਬੀਰ ਨੇ ਪਰਚਾ ਪੜ੍ਹ ਦਿੱਤਾ।ਉਥੇ ਹਾਜ਼ਰ ਪਤਵੰਤਿਆਂ ਵਿਚੋਂ ਕਿਸੇ ਨੇ ਵੀ ਮੇਰੇ ਤੋਂ ਸਿਵਾਏ (ਜਾਂ ਲੇਖਿਕਾ ਡਾ: ਸਾਹਿਬਾ ਤੋਂ ਬਿਨਾ) ਦੋਨੋਂ ਪੁਸਤਕਾਂ ਨਹੀਂ ਪੜ੍ਹੀਆਂ ਸਨ।

ਵਿਦਵਾਨਾਂ ਦੀਆਂ ਟਿਪਣੀਆਂ ਸ਼ੁਰੂ ਹੋ ਜਾਂਦੀਆਂ ਹਨ, “ਔਰਤ ਨੂੰ ਕਿਸੇ ਧਰਮ ਨੇ ਬਰਾਬਰ ਦਾ ਹੱਕ ਦਿੱਤਾ ਹੈ।ਜੇ ਦਿੱਤਾ ਹੈ, ਤਾਂ ਸਿਰਫ ਸਿੱਖ ਧਰਮ ਨੇ ਦਿੱਤਾ ਹੈ…।” ਮੇਰੇ ਮਨ ਵਿਚ ਪ੍ਰਸ਼ਨ ਖੜ੍ਹੇ ਹੋ ਜਾਂਦੇ ਹਨ।ਸਿੱਖ ਧਰਮ ਨੇ ਔਰਤ ਨੂੰ ਬਰਾਬਰ ਦਾ ਸਥਾਨ ਦਿੱਤਾ ਹੈ...? ਸਿੱਖਾਂ ਦੇ ਦਸ ਗੁਰੂ ਹੋਏ ਦਸ ਦੇ ਦਸ ਮਰਦ! ਪੰਜ ਪਿਆਰੇ ਪੰਜ ਦੇ ਪੰਜ ਮਰਦ! ਅੱਜ ਵੀ ਔਰਤਾਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਿਲ ਨਹੀਂ ਕੀਤਾ ਜਾਂਦਾ! ਅਸੀਂ ਆਪਣੇ ਧਾਰਮਿਕ ਗ੍ਰੰਥ ਵਿਚ ਭਗਤਾਂ ਦੀ ਬਾਣੀ ਲੈ ਲਈ।ਭੱਟਾਂ ਦੀ ਬਾਣੀ ਲੈ ਲਈ। ਪਰ ਕਿਸੇ ਇਕ ਔਰਤ ਦੀ ਬਾਣੀ ਨਹੀਂ।ਕੀ ਉਦੋਂ ਔਰਤਾਂ ਨੂੰ ਬਾਣੀ ਰਚਨ ਦੀ ਆਜ਼ਾਦੀ ਨਹੀਂ ਸੀ? ਪਰ ਮੀਰਾ ਬਾਈ ਤਾਂ ਉਸ ਤੋਂ ਬਹੁਤ ਪਹਿਲਾਂ ਹੋਈ ਹੈ ਤੇ ਉਹਦੀ ਬਾਣੀ ਉਪਲਬਧ ਹੈ!… ਸਾਡੇ ਦਰਬਾਰ ਸਾਹਿਬ ਵਿਚ ਔਰਤਾਂ ਨੂੰ ਕੀਰਤਨ ਦੀ ਆਗਿਆ ਦਾ ਮਸਲਾ?...ਇਹ ਵਿਦਵਾਨ ਜੋ ਕਹਿ ਰਹੇ ਨੇ ਠੀਕ ਹੀ ਕਹਿ ਰਹੇ ਹੋਣਗੇ। ਹਾਂ ਬਈ ਸਿੱਖ ਧਰਮ ਵਿਚ ਔਰਤ ਨੂੰ ਬਰਾਬਰ ਦਾ ਅਧਿਕਾਰ ਹੈ। “ਪੜ੍ਹ ਅੱਖਰ ਇਹੋ ਬੁਝੀਏ, ਮੂਰਖ ਨਾਲ ਨਾ ਲੁਝੀਏ।”

ਸ਼ੈਕਸਪੀਅਰ ਦਾ ਓਪਹੀਲਿਆ ਨਾਂ ਦੀ ਇਕ ਨਾਟ ਮੰਡਲੀ ਦੀ ਅਦਾਕਾਰਾ ਨਾਲ ਧੂੰਆਂ-ਧਾਰ ਇਸ਼ਕ ਚੱਲਦਾ ਸੀ। ਸ਼ੈਕਸਪੀਅਰ ਦੇ ਘਰ ਦੇ ਨੇੜ੍ਹੇ ਹੀ ਕੌਪਲਟਨ ਪਰਿਵਾਰ ਦਾ ਮਹਿਲ ਸੀ। ਉਹਨਾਂ ਦੀਆਂ ਜਾਗੀਰਾਂ ਨੂੰ ਲੂਸੀ ਕੌਪਲਟਨ ਅਸਟੇਟ ਕਿਹਾ ਜਾਂਦਾ ਸੀ। ਸ਼ੈਕਸਪੀਅਰ ਦਾ ਵਿਆਹ ਹੋਣ ਵਿਚ ਇਹ ਪਰਿਵਾਰ ਬਹੁਤ ਵੱਡਾ ਅੜੀਕਾ ਬਣਿਆ ਸੀ। ਉਹਨਾਂ ਦੀ ਲੜਕੀ ਮਾਰਗਰਟ ਕੌਪਲਟਨ ਦਾ ਕਿਸੇ ਸਧਾਰਨ ਲੜਕੇ ਉੱਤੇ ਦਿਲ ਆ ਜਾਂਦਾ ਹੈ ਤੇ ਉਹ ਹਾਸੇ ਵਿਚ ਉਸ ਲੜਕੇ ਨੂੰ ਸਰਕਸ ਵਾਲੇ ਕਿਸੇ ਭਲਵਾਨ ਨਾਲ ਘੁਲਣ ਨੂੰ ਆਖਦੀ ਹੈ ਤੇ ਮੁਕਾਬਲੇ ਵਿਚ ਉਹ ਲੜਕਾ ਮਾਰਿਆ ਜਾਂਦਾ ਹੈ।ਮਾਰਗਰਟ ਨੂੰ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ ਤੇ ਉਹ ਡੁੱਬ ਕੇ ਮਰ ਜਾਂਦੀ ਹੈ।ਇਸ ਗੱਲ ਉੱਤੇ ਕੌਪਲਟਨ ਪਰਿਵਾਰ ਆਪਣੇ ਅਸਰ ਰਸੂਖ ਨਾਲ ਮਿੱਟੀ ਪਾ ਲੈਂਦਾ ਹੈ। ਸ਼ੈਕਸਪੀਅਰ ਦਾ ਵਿਆਹ ਐਨ ਹੈਥਵੇਅ ਨਾਲ ਹੋ ਜਾਂਦਾ ਹੈ।ਐਨ ਪੰਜਾਬੀ ਲੇਖਕਾਂ ਦੀਆਂ ਪਤਨੀਆਂ ਵਰਗੀ ਹੁੰਦੀ ਹੈ, ਉਸਨੂੰ ਸ਼ੈਕਸਪੀਅਰ ਦੇ ਰਚੇ ਸਾਹਿਤ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ।ਸ਼ੈਕਸਪੀਅਰ ਆਪਣੀ ਹਰ ਰਚਨਾ ਮੁਕੰਮਲ ਕਰਨ ਬਾਅਦ ਆਪਣੇ ਜ਼ਿਹਨ ਨੂੰ ਖਾਲੀ ਕਰਨ ਲਈ ਰੱਜ ਕੇ ਜੱਟਾਂ ਵਾਂਗ ਸ਼ਰਾਬ ਪੀਂਦਾ ਤੇ ਕਈ ਕਈ ਦਿਨ ਬੇਸੁਰਤ ਰਹਿੰਦਾ ਸੀ। ਕਈ ਵਾਰ ਤਾਂ ਉਸਨੂੰ ਘੋੜਾਗੱਡੀ ’ਤੇ ਲੱਧ ਕੇ ਉਸਦੇ ਘਰ ਦੇ ਨਜ਼ਦੀਕ ਬਣੇ ਸ਼ਰਾਬਖਾਨੇ ‘ਡਨ ਕਾਉ’ ਵਿਚੋਂ ਦੋਸਤ ਘਰ ਛੱਡਕੇ ਆਉਂਦੇ ਹੁੰਦੇ ਸੀ।ਉਦੋਂ ਸ਼ਰਾਬਖਾਨਿਆਂ ਨੂੰ ਪਬਲਿਕ ਹਾਉਸ ਕਿਹਾ ਜਾਂਦਾ ਸੀ। ਇਸੇ ਪਬਲਿਕ ਹਾਉਸ ਨੂੰ ਸੰਖੇਪ ਕਰ ਕੇ ਮੌਜੂਦਾ ਪੱਬ ਸ਼ਬਦ ਈਜ਼ਾਦ ਹੋਇਆ ਹੈ। ਬਹਰਹਾਲ, ਇਕ ਵਾਰ 1585 ਵਿਚ ਸ਼ੈਕਸਪੀਅਰ ਨੇ ਤੜਕ ਸਾਰ ਇਕ ਨਾਟਕ ਮੁਕੰਮਲ ਕਰ ਲਿਆ। ਉਸ ਤੋਂ ਬਾਅਦ ਆਦਤਨ ਉਸਨੂੰ ਸ਼ਰਾਬ ਪੀਣ ਦੀ ਤਲਬ ਹੋਈ। ਘਰੇ ਆਇਰਸ਼ ਘਰ ਦੀ ਕੱਢੀ ਦੀ ਬੋਤਲ ਪਈ ਸੀ। ਉਹਨੂੰ ਪੀਂਦਿਆਂ ਕਿਤੇ ਸ਼ੈਕਸਪੀਅਰ ਨੂੰ ਮਾਰਗਰਟ ਦਾ ਖਿਆਲ ਆ ਗਿਆ। ਉਹ ਜਾ ਕੇ ਕੌਪਲਟਨ ਹਾਊਸ ਮੂਹਰੇ ਅੰਮ੍ਰਿਤ ਵੇਲੇ ਗਾਲ੍ਹਾਂ ਕੱਢ ਕੇ ਆਪਣੀ ਭੜਾਸ ਕੱਢਣ ਲੱਗ ਪਿਆ।ਮਹਿਲ ਦੇ ਦਰਵਾਜ਼ੇ ਮੂਹਰੇ ਇਕ ਖਰਗੋਸ਼ ਭੱਜਿਆ ਫਿਰਦਾ ਸੀ। ਸ਼ੈਕਸਪੀਅਰ ਨੇ ਉਹ ਫੜ੍ਹ ਲਿਆ ਤੇ ਘਰੇ ਆ ਕੇ ਭੁੰਨ੍ਹ ਕੇ ਮੀਟ ਬਣਾ ਲਿਆ।ਕੌਪਲਟਨ ਪਰਿਵਾਰ ਨੂੰ ਇਸ ਬਾਰੇ ਪਤਾ ਲੱਗ ਗਿਆ ਤੇ ਉਹਨਾਂ ਨੇ ਅਦਾਲਤੀ ਕਾਰਵਾਈ ਕਰਕੇ ਸ਼ੈਕਸਪੀਅਰ ਨੂੰ ਜੁਰਮਾਨਾ ਕਰਵਾ ਦਿੱਤਾ। ਉਸ ਉਪਰੰਤ ਸ਼ੈਕਸਪੀਅਰ ਦੀਆਂ ਬਦਤਮੀਜ਼ੀਆਂ ਤੋਂ ਤੰਗ ਆ ਕੇ ਉਹਨਾਂ ਨੇ ਸ਼ੈਕਸਪੀਅਰ ਨੂੰ ਆਨੇ-ਬਹਾਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਜ਼ਬੂਰਨ ਸ਼ੈਕਸਪੀਅਰ ਨੂੰ ਸਟੈਟਫਰਡ ਛੱਡਣਾ ਪਿਆ। ਪਰ ਉਹਨੇ ਪਿਉ ਦੇ ਪੁੱਤ ਨੇ ਫਿਰ ਆਪਣੀਆਂ ਰਚਨਾਵਾਂ ਵਿਚ ਇਸ ਲੂਸੀ ਕੌਪਲਟਨ ਪਰਿਵਾਰ ਦੀ ਉਹ ਮਿੱਟੀ ਪਲੀਤ ਕੀਤੀ ਰਹੇ ਰੱਬ ਦਾ ਨਾਂ।ਨਮੂਨਾ ਦੇਖੋ:- A Parliament member, a Justice of the Peace, At home a poor scarecrow, in London an ass; If lousy is Lucy, as some folk miscall it, Then Lucy is lousy, whatever befall it. He think himself great, Yet an ass in his state We allow by his ears With but asses to mate.

ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਵਿਚ ਸ਼ੈਕਸਪੀਅਰ ਨੇ ਐਨਾ ਕੁਝ ਲਿਖਿਆ ਹੈ ਕਿ ਉਸਦਾ ਸਹੀ ਤਰਜ਼ਮਾ ਪੰਜਾਬੀ ਵਿਚ ਕਰੀਏ ਤਾਂ ਉਹ ਲਿਖਣ ਤੇ ਛਾਪਣਯੋਗ ਨਹੀਂ। ਉਹ ਕਿੱਸੇ ਯਾਰਾਂ ਦੋਸਤਾਂ ਦੀ ਢਾਣੀ ਵਿਚ ਬੈਠ ਕੇ ਚੁਟਖਾਰੇ ਲੈ ਕੇ ਸੁਣਾਏ ਜਾ ਸਕਦੇ ਹਨ।

ਸਾਡੇ ਪੰਜਾਬੀ ਲੇਖਕ ਵੀ ਅਜਿਹੇ ਕੰਮਾਂ ਵਿਚ ਪਿਛੇ ਨਹੀਂ ਰਹੇ।ਕੋਈ ਸੱਪ ਦੀ ਪੂਛ ਉੱਤੇ ਤਾਂ ਪੈਰ ਰੱਖ ਕੇ ਸੱਪ ਤੋਂ ਤਾਂ ਬਚ ਸਕਦਾ ਹੈ। ਪਰ ਪੰਜਾਬੀ ਲੇਖਕ ਤੋਂ ਨਹੀਂ।ਪੰਜਾਬੀ ਲੇਖਕ ਤਾਂ ਤੁਰੇ ਫਿਰਦੇ ਪ੍ਰਮਾਣੂ ਬੰਬ ਹਨ। ਇਕ ਪੰਜਾਬੀ ਗੀਤਕਾਰ ਦੀ ਗੁਆਢੀਆਂ ਨਾਲ ਨਹੀਂ ਸੀ ਬਣਦੀ।ਉਹਨੇ ਗੀਤਾਂ ਵਿਚ ਉਹਨਾਂ ਦੀ ਕੁੜੀ ਦਾ ਨਾਮ ਤੱਕ ਲਿਖ ਕੇ ਐਨੀ ਜੱਖਣਾ ਪੱਟੀ ਕਿ ਵਿਚਾਰਿਆਂ ਦੀ ਕੁੜੀ ਦਾ ਪੱਕਾ ਹੋਇਆ ਰਿਸ਼ਤਾ ਟੁੱਟ ਗਿਆ ਤੇ ਫਿਰ ਜਿਹੜਾ ਸਾਕ ਹੋਣ ਲੱਗਿਆ ਕਰੇ। ਆਡੋਂ-ਗੁਆਡੋਂ ਲੜਕੀ ਵਾਲਿਆਂ ਬਾਰੇ ਪੁੱਛ-ਪੜਤਾਲ ਕਰਕੇ ਪੂਠੇ ਪੈਰੀਂ ਮੁੜ ਜਾਇਆ ਕਰੇ। ਅੱਕ ਕੇ ਵਿਚਾਰਿਆਂ ਸ਼ਹਿਰ ਛੱਡ ਦਿੱਤਾ ਆਪਣੇ ਪਿੰਡ ਰਹਿ ਕੇ ਆਪਣੀ ਲੜਕੀ ਵਿਆਹੀ। ਪੰਜਾਬੀ ਲੇਖਕ ਨੂੰ ਜੇ ਕੋਈ ਐਨਾ ਆਖ ਦੇਵੇ ਕਿ ਤੁਹਾਡੀ ਰਚਨਾ ਪੜ੍ਹੀ ਸੀ।

ਹੁਣ ਅੱਗੇ ਭਾਵੇਂ ਅਗਲੇ ਨੇ ਅਲੋਚਨਾ ਹੀ ਕਰਨੀ ਹੋਵੇ। ਸਾਡੇ ਲੇਖਕ ਜਦੇ ਗੱਲ ਬੋਚ ਲੈਂਦੇ ਹਨ, “ਦੇਖਿਆ? ਪਾ’ਤੇ ਕੁਨਾ ਭੜਾਕੇ। ’ਠਾਰਾਂ ਕਿਤਾਬਾਂ ਪੜ੍ਹਨੀਆਂ ਪਈਆਂ ਮੈਨੂੰ। ਮੈਂ ਪੰਜ ਸਾਲ ’ਡੀਕਦਾ ਰਿਹਾ।ਕੋਈ ਹੋਰ ਇਸ ਵਿਸ਼ੇ ’ਤੇ ਲਿਖੂ। ਹੋਰ ਤਾਂ ਸਾਰੇ ਜੂੰਆਂ ਜਿਹੀਆਂ ਮਾਰਨ ਜੋਗੇ ਨੇ। ਹਾਰਕੇ ਮੈਂ ਕਿਹਾ ਮਨਾ ਤੇਰੀ ਕਲਮ ਨੂੰ ਹੀ ਲਿਖਣਾ ਪੈਣਾ। ਹਲੇ ਤੂੰ ਇਹਦੀ ਅਗਲੀ ਕਿਸ਼ਤ ਪੜ੍ਹੀ ਦੇਖੀਂ ਮੈਂ ਤਾਂ ਅੱਗ ’ਤੇ ਬਰਫ ਬਣਾ ਕੇ ਦਿਖਾਤੀ।…” ਲੇਖਕ ਇਕੋ ਸਾਹ ਲੱਗਿਆ ਪਿਆ ਹੁੰਦਾ ਹੈ ਤੇ ਅਗਲਾ ਸੋਚਦਾ ਹੈ। ਕਿਥੇ ਪੰਗਾ ਲੈ ਲਿਆ।ਮੈਂ ਤਾਂ ਇਹਨੂੰ ਦੱਸਣਾ ਸੀ ਬਈ ਫਲਾਨੇ ਲੇਖਕ ਨੇ ਇਹੀ ਚੀਜ਼ ਬਹੁਤ ਵਧੀਆ ਲਿਖੀ ਸੀ।ਤੂੰ ਉਹਨੂੰ ਪੜ੍ਹੀਂ।ਇਹ ਅਸਮਾਨ ਨੂੰ ਹੀ ਅੱਡੀਆਂ ਲਾਈ ਜਾਂਦਾ ਹੈ।ਲੇਖਕ ਬੇਅਟਕ ਜਾਰੀ ਹੁੰਦਾ ਹੈ, “ਉਹ ਮੈਂ ਜਿਹੜਾ ਪਿਛਲੇ ਸਾਲ ਨਾਵਲ ਲਿਖਿਆ ਸੀ ਨਾ। ਉਹ ਪੜ੍ਹ ਕੇ ਮੇਰੀ ਇਕ ਪਾਠਕਾ ਨੇ ਕਨੇਡਾ… ਸਰਦਾਰ ਜੀ ਕਨੇਡਾ ਕਨੇਡਾ… ਕਨੇਡਾ ਤੋਂ ਫੋਨ ਕੀਤਾ।” ਇਹ ਸੁਣ ਕੇ ਸੁਣਨ ਵਾਲਾ ਆਪਣੇ ਮਨ ਵਿਚ ਆਖਦਾ ਹੈ, “ਗੱਪੀਆ ਫੇਰ ਕੀ ਵਰਲਡ ਟਰੇਡ ਸੈਂਟਰ ਡਿੱਗ ਪਿਐ। ਕਨੇਡਾ ਵੀ ਧਰਤੀ ਉੱਤੇ ਹੀ ਹੈ। ਉਹ ਕਿਹੜਾ ਚੰਨ ’ਤੇ ਵਸਿਆ ਹੋਇਆ ਹੈ।” “ਕਨੇਡਾ ਤੋਂ ਫੋਨ ਕਰਕੇ ਕਹਿੰਦੀ ਭਾਜੀ ਮੈਨੂੰ ਉਹ ਪੈਨ ਦੇ ਦਿਉ ਜਿਸ ਨਾਲ ਤੁਸੀਂ ਇਹ ਨਾਵਲ ਲਿਖਿਆ ਹੈ। ਸਾਡੇ ਇਥੇ ਅੰਗਰੇਜ਼ਾਂ ਨੇ ਕਈ ਦੇਸ਼ਾਂ ਦੇ ਮਹਾਨ ਲੇਖਕਾਂ ਦੀਆਂ ਕਲਮਾਂ ਦੀ ਪ੍ਰਦਰਸ਼ਣੀ ਲਾਉਣੀ ਹੈ ਜਿਨ੍ਹਾਂ ਨਾਲ ਉਹਨਾਂ ਨੇ ਵਿਸ਼ਵ ਪ੍ਰਸਿੱਧ ਨਾਵਲ ਲਿਖੇ। ਤੁਹਾਡਾ ਪੈਨ ਰੱਖ ਕੇ ਮੈਂ ਵੀ ਮਾਣ ਨਾਲ ਕਹੂੰ। ਇਹ ਸਾਡੇ ਪੰਜਾਬੀ ਦੇ ਬਹੁਤ ਵੱਡੇ ਨਾਵਲਿਸਟ ਦਾ ਉਹ ਪੈਨ ਹੈ ਜਿਸਦੇ ਨਾਲ ਉਹਨੇ ਕਲਾਸਿਕ ਨਾਵਲ ਲਿਖਿਆ ਹੈ।ਮੈਂ ਉਦੋਂ ਹੀ ਭੱਜ ਕੇ ਡਾਕ ’ਚ ਪਾ ਕੇ ਆਇਆ।ਘਰਵਾਲੀ ਕਹੇ ਰੋਟੀ ਖਾਹ ਜੋ। ਤੁਸੀਂ ਰਾਤ ਵੀ ਨਹੀਂ ਸੀ ਖਾਧੀ। ਮੈਂ ਕਿਹਾ ਰੋਟੀ ਰੂਟੀ ਮੈਂ ਆ ਕਿ ਹੀ ਖਾਊਂਗਾ। ਸਰਦਾਰ ਜੀ, ਐਤਕੀ ਫੇਰ ਮੈਂ ਸੋਚਿਆ ਕੋਈ ਕੱਲ੍ਹ ਨੂੰ ਹੋਰ ਪੈਨ ਮੰਗ ਲੈਂਦੈ। ਆਹ ਦੋ ਕਿਸ਼ਤਾਂ ਦਾ ਲੇਖ ਮੈਂ ਬਾਰਾਂ ਪੈਨਾਂ ਨਾਲ ਲਿਖਿਐ। ਜਿਹੜਾ ਮੰਗੂ ਆਪਾਂ ਨਾਂਹ ਨਹੀਂ ਕਰਨੀ।” ਅਗਲਾ ਸਮਝ ਜਾਂਦਾ ਹੈ ਕਿ ਇਹ ਤਾਂ ਤੋਪੇ ਹੀ ਤੋੜੀ ਜਾਂਦਾ ਹੈ।ਇਹਦੇ ਤੋਂ ਖਹਿੜਾ ਛੁਡਾਉ। ਅਗਲਾ ਕੋਈ ਬਹਾਨਾ ਲਾ ਕੇ ਜਾਣ ਲੱਗਦਾ ਹੈ ਤਾਂ ਲੇਖਕ ਸਾਹਿਬ ਪਿਛੀਉਂ ਅਵਾਜ਼ ਮਾਰ ਕੇ ਆਖਦੇ ਹਨ, “ਉਹ ਸੱਚ ਯਾਰ… ਪੈਗ-ਸ਼ੈਗ ਲਵਾਇਏ ਤੈਨੂੰ?” ਪਹਿਲਾਂ ਹੀ ਤਸ਼ੱਦਦ ਸਹਾਰ ਚੁੱਕਾ ਅਗਲਾ ਪਿੱਛੇ ਮੁੜ ਕੇ ਨਹੀਂ ਦੇਖਦਾ ਤੇ ਗੱਲ ਅਣਸੁਣੀ ਕਰਕੇ ਭੱਜਣ ਦੀ ਕਰਦਾ ਹੈ। ਇਸੇ ਨਾਲ ਮਿਲਦੀ ਜੁਲਦੀ ਇਕ ਸੱਚੀ ਘਟਨਾ ਹੈ।ਇਕ ਬੰਦਾ ਆਪਣੇ ਕਿਸੇ ਦੋਸਤ ਤੋਂ ਪੰਜ ਹਜ਼ਾਰ ਰੁਪਏ ਉਦਾਰੇ ਮੰਗਣ ਗਿਆ ਤਾਂ ਦੋਸਤ ਨੇ ਕਾਰਨ ਪੁੱਛਿਆ।ਅੱਗੋਂ ਉਹਨੇ ਆਪਣੇ ਕਿਸੇ ਕੇਸ ਵਿਚ ਫਸੇ ਹੋਣ ਬਾਰੇ ਦੱਸ ਕੇ ਦੱਸਿਆ ਕਿ ਇਹ ਫਲਾਨੇ ਅਫਸਰ ਨੂੰ ਚਾਹ ਪਾਣੀ ਵਾਸਤੇ ਦੇਣੇ ਹਨ। ਅੱਗੋਂ ਉਹਦਾ ਦੋਸਤ ਬੋਲਿਆ, “ਤੂੰ ਕਮਲਾ ਹੋਇਐਂ? ਪੰਜ ਹਜ਼ਾਰ ਰੁਪਈਏ ਖਰਾਬ ਕਰਨ ਲੱਗਿਐ। ਉਹ ਪੁਲਿਸ ਅਫਸਰ ਅਖਬਾਰਾਂ ਵਿਚ ਪੰਜਾਬੀ ਦੇ ਲੇਖ ਲਿਖਦੈ। ਜਾ ਕੇ ਦੋ ਕੁ ਲੇਖਾਂ ਦੀਆਂ ਤਾਰੀਫਾਂ ਕਰਾਂਗੇ… ਉਹ ਤਾਂ ਫਿਰੂ ਸੱਪ ਵਾਂਗੂ ਮੇਲਦਾ। ਕੰਮ ਵੀ ਮੁਫਤ ਕਰੂ ਨਾਲੇ ਆਪਾਂ ਨੂੰ ਚਾਹ ਪਾਣੀ ਵੀ ਉਹੀ ਪਿਆਊ।”

ਲੇਖਕ -ਬਲਰਾਜ ਸਿੱਧੂ, ਯੂ. ਕੇ.

Thursday, September 9, 2010

ਮੌਤ ਦੀ ਸਰਦਲ ਤੋਂ ਜ਼ਿੰਦਗੀ ਦਾ ਗੀਤ

ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਚਿੰਤਨਸ਼ੀਲ ਤੇ ਮਕਬੂਲ ਕਵੀ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰਕੇ ਉਸ ਦੀਆਂ ਕਵਿਤਾਵਾਂ ਨਿੱਤ ਨਵੇਂ ਅਰਥ ਸਿਰਜਦੀਆਂ, ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹੋਈਆਂ ਦੇਸ਼/ਕਾਲ ਤੋਂ ਪਾਰ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਾਤ ਨਾਲ ਜੂਝਦਾ ਰਿਹਾ। ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨੇਰੀਆਂ ਵਿਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਸਲਾ ਰੱਖਦਾ ਰਿਹਾ। ਇਹੀ ਸਾਰਾ ਜੀਵਨ ਅਨੁਭਵ/ਦ੍ਰਿਸ਼ਟੀ ਉਸ ਦੀ ਕਵਿਤਾ ’ਚ ਫਲਦੀ ਰਹੀ, ਜਿਸ ਕਰਕੇ ਉਸ ਦੀ ਕਵਿਤਾ ਵਿਲੱਖਣ, ਮੌਲਿਕ ਤੇ ਸੱਜਰਾ ਮੁਹਾਂਦਰਾ ਰੱਖਦੀ ਹੈ। ਡਾ.ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ,‘‘ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।’’

9 ਸਤੰਬਰ, 1950 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਜੰਮਿਆ ਪਾਸ਼ ਬਚਪਨ ਤੋਂ ਹੀ ਸੰਵੇਦਨਸ਼ੀਲ ਸੀ।ਪਾਸ਼ ਨੇ ਆਜ਼ਾਦਾਨਾ ਸੁਭਾਅ ਕਾਰਨ ਨੌਵੀਂ ਕਲਾਸ ਵਿਚ ਦਾਖਲ ਹੋਣ ਦੀ ਥਾਂ ਕਪੂਰਥਲੇ ਖੁੱਲ੍ਹੇ ਤਕਨੀਕੀ ਸਕੂਲ ਵਿਚ ਦਾਖਲਾ ਲੈ ਲਿਆ। ਉਸ ਦੀ ਖੱਬੇ ਪੱਖੀ ਰਾਜਨੀਤਕ ਕਾਰਕੁਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ ਹੋ ਗਈ। ਤੇ ਜਿਵੇਂ ਪਾਸ਼ ਦੀ ਜ਼ਿੰਦਗੀ ਨੇ ਆਪਣਾ ਰੁਖ਼ ਹੀ ਬਦਲ ਲਿਆ।

1967 ਵਿਚ ਪਾਸ਼ ਬਾਰਡਰ ਸਕਿਓਰਿਟੀ ਫੋਰਸ ਵਿਚ ਹੋ ਗਿਆ ਪਰ ਤਿੰਨ ਮਹੀਨਿਆਂ ’ਚ ਹੀ ਇਹ ਨੌਕਰੀ ਛੱਡ ਆਇਆ। ਜਲੰਧਰ ਛਾਉਣੀ ਵਿਖੇ ਜੈਨ ਹਾਈ ਸਕੂਲ ਤੋਂ ਨੌਵੀਂ ਜਮਾਤ ਪਾਸ ਕੀਤੀ। 1968 ਵਿਚ ਨਕਸਲਬਾੜੀ ਲਹਿਰ ਪੰਜਾਬ ਵਿਚ ਜ਼ੋਰ ਫੜਨ ਲੱਗੀ। ਪਾਸ਼ ਦੀ ਉਮਰ 18 ਸਾਲ ਸੀ ਅਤੇ ਉਹ ਨਕਸਲਬਾੜੀ ਲਹਿਰ ਵਿਚ ਸ਼ਾਮਲ ਹੋ ਗਿਆ। ਉਸ ਵੇਲੇ ਰੂਸ ਅਤੇ ਚੀਨ ਦਾ ਸਮਾਜਵਾਦੀ ਇਨਕਲਾਬ ਦੁਨੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰ ਰਿਹਾ ਸੀ। ਇਸੇ ਲਈ ਪਾਸ਼ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦਾ ਹੋਇਆ ਇਸ ਨੂੰ ਆਪਣੀ ਕਵਿਤਾ ਦਾ ਧੁਰਾ ਬਣਾਉਂਦਾ ਹੈ। ਉਸ ਦੇ ਤੱਤੇ ਖੂਨ ’ਚੋਂ ਉਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਸ਼ਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ। ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਪਾਸ਼ ਰਾਜਸੀ ਗਤੀਵਿਧੀਆਂ ਵਿਚ ਵੀ ਸਰਗਰਮ ਹੋ ਗਿਆ ਸੀ। ਉਹ ਨਕਸਲਬਾੜੀ ਲਹਿਰ ਨਾਲ ਜੁੜੀਆਂ ਸਾਹਿਤਕ ਅਤੇ ਰਾਜਸੀ ਗਤੀਵਿਧੀਆਂ ਵਿਚ ਸਰਗਰਮ ਰਿਹਾ। 1970 ਵਿਚ ਛਪਿਆ ਪਾਸ਼ ਦਾ ਪਹਿਲਾ ਕਾਵਿ-ਸੰਗ੍ਰਹਿ ‘ਲੋਹ-ਕਥਾ’ ਉਸ ਦੀਆਂ ਨਕਸਲਬਾੜੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਦਾ ਹੀ ਸਾਹਿਤਕ ਸਿੱਟਾ ਕਿਹਾ ਜਾ ਸਕਦਾ ਹੈ।

ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤਕ ਦਾ ਸਮਾਂ ਸਾਹਿਤਕ/ਰਾਜਸੀ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। 1972 ਵਿਚ ਪਾਸ਼ ਨੇ ‘ਸਿਆੜ’ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸੇ ਵੇਲੇ ਉਸ ਨੂੰ ਮੋਗਾ-ਕਾਂਡ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। 1973 ਵਿਚ ‘ਸਿਆੜ’ ਬੰਦ ਹੋ ਗਿਆ ਅਤੇ 1974 ਵਿਚ ਪਾਸ਼ ਦੀ ਦੂਜੀ ਕਾਵਿ-ਪੁਸਤਕ ‘ਉਡਦੇ ਬਾਜਾਂ ਮਗਰ’ ਛਪੀ। ਮਈ 1974 ਵਿਚ ਹੋਈ ਰੇਲਵੇ ਹੜਤਾਲ ਦੌਰਾਨ ਪਾਸ਼ ਦੀ ਗ੍ਰਿਫ਼ਤਾਰੀ ਹੋਈ। ਰਿਹਾਅ ਹੋ ਕੇ ‘ਹੇਮ ਜਯੋਤੀ’ ਦੀ ਸੰਪਾਦਕੀ ਕੀਤੀ। ਕੁਝ ਸਮਾਂ ਦੇਸ-ਪ੍ਰਦੇਸ (ਲੰਡਨ) ਦਾ ਪੱਤਰ ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਅਥਲੀਟ ਦੀ ‘ਸਵੈ-ਜੀਵਨੀ’ ‘ਫਲਾਇੰਗ ਸਿੱਖ’ ਲਿਖ ਕੇ ਦਿੱਤੀ।

ਜੂਨ 1978 ਨੂੰ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਲ ਹੋਇਆ। ਇਨ੍ਹੀਂ ਦਿਨੀਂ ਸਤੰਬਰ, 1978 ਨੂੰ ਪਾਸ਼ ਦਾ ਤੀਜਾ ਤੇ ਆਖਰੀ ਕਾਵਿ-ਸੰਗ੍ਰਹਿ ‘ਸਾਡੇ ਸਮਿਆਂ ਵਿਚ’ ਛਪਿਆ। ਗ੍ਰਹਿਸਥੀ ਜੀਵਨ ਦੀ ਗੱਡੀ ਨੂੰ ਤੋਰਨ ਲਈ ਪਾਸ਼ ਨੇ 1979 ਵਿਚ ਗੁਆਂਢੀ ਪਿੰਡ ਉੱਗੀ ਵਿਖੇ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਖੋਲ੍ਹ ਲਿਆ ਅਤੇ ਇਸੇ ਸਾਲ ਉਸ ਨੇ ਹੱਥ ਲਿਖਤ ਪਰਚਾ ‘ਹਾਕ’ ਕੱਢਣਾ ਸ਼ੁਰੂ ਕੀਤਾ। ਪਾਸ਼ ਪੰਜਾਬ ਦੇ ਵਿਗੜ ਰਹੇ ਮਾਹੌਲ ਅਤੇ ਪ੍ਰਤੀਕੂਲ ਸਥਿਤੀਆਂ ਕਾਰਨ ਨਾ ਸਕੂਲ ਹੀ ਚਲਾ ਸਕਿਆ ਅਤੇ ਨਾ ‘ਹਾਕ’ ਪਰਚੇ ਨੂੰ ਲਗਾਤਾਰ ਕੱਢ ਸਕਿਆ।

ਨਕਸਲਬਾੜੀ ਲਹਿਰ ਦੇ ਪੰਜਾਬ ਵਿਚੋਂ ਬਿਖਰਨ ਅਤੇ ਖਾਲਿਸਤਾਨ ਲਹਿਰ ਦੇ ਪੰਜਾਬ ਵਿਚ ਜ਼ੋਰ ਫੜਨ ਨੇ ਪਾਸ਼ ਦੀਆਂ ਮੁਸ਼ਕਲਾਂ ’ਚ ਵਾਧਾ ਕਰ ਦਿੱਤਾ। ਇਸੇ ਵੇਲੇ 19 ਜਨਵਰੀ, 1982 ਨੂੰ ਪਾਸ਼ ਦੇ ਘਰ ਧੀ ਵਿੰਕਲ ਦਾ ਜਨਮ ਹੋਇਆ, ਜਿਸ ਨੇ ਪਾਸ਼ ਦੀਆਂ ਜ਼ਿੰਮੇਵਾਰੀਆਂ ਨੂੰ ਵਧਾ ਦਿੱਤਾ। ਅਜਿਹੇ ਮਾਹੌਲ ਵਿਚ ਪਾਸ਼ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਸੀ। ਫਿਰ ਵੀ ਉਸ ਨੇ ਜ਼ਿੰਦਗੀ ਦਾ ਸਾਹਮਣਾ ਕੀਤਾ ਜਿਸ ਦਾ ਵਰਨਣ ਉਸ ਦੀ ਡਾਇਰੀ ਵਿਚ ਕਈ ਥਾਈਂ ਆਉਂਦਾ ਹੈ। ਉਹ ਦੋੋਸਤੀਆਂ ਨਿਭਾਉਂਦਾ, ਜ਼ਿੰਦਗੀ ਦੀਆਂ ਧੁੱਪਾਂ-ਛਾਵਾਂ ਹੰਢਾਉਂਦਾ, ਤਿਉਹਾਰ ਮਨਾਉਂਦਾ, ਚਿੰਤਨ ਕਰਦਾ, ਵਰਜਿਸ਼ ਕਰਦਾ, ਘਰ ਦੇ ਫਿਕਰਾਂ ’ਚ ਰੁੱਝਿਆ ਉਮਰ ਦੇ ਹਰ ਪਲ ਨਾਲ ਖਹਿ ਕੇ ਲੰਘਦਾ ਰਿਹਾ। ਅਸਲ ਵਿਚ ਪਾਸ਼ ਭਰਪੂਰ ਜ਼ਿੰਦਗੀ ਜਿਉਣ ਦਾ ਚਾਹਵਾਨ ਸੀ। ਉਸ ਦੇ ਹਰ ਸਾਲ ਦਾ ਹਿਸਾਬ, ਉਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ, ਭਵਿੱਖ ਨੂੰ ਹੋਰ ਮਾਣਨ ਦੀ ਇੱਛਾ, ਪਾਸ਼ ਦੇ ਆਮ ਮਨੁੱਖ ਨਾਲੋਂ ਵਿਸ਼ੇਸ਼ ਤੇ ਵਿਲੱਖਣ ਹੋਣ ਦਾ ਪ੍ਰਮਾਣ ਹੈ।

ਪੰਜਾਬ ਵਿਚ ਖਾਲਿਸਤਾਨੀ ਲਹਿਰ ਵਧੇਰੇ ਜ਼ੋਰ ਫੜ ਰਹੀ ਸੀ, ਜਿਸ ਨਾਲ ਪਾਸ਼ ਦੇ ਵਿਚਾਰਧਾਰਕ ਵਖਰੇਵੇਂ ਵਧ ਰਹੇ ਸਨ। ਪਾਸ਼ ਦੀ ਸ਼ਖਸੀਅਤ ਹੀ ਐਸੀ ਸੀ ਕਿ ਉਹ ਰਾਜਸੀ ਗਤੀਵਿਧੀਆਂ ਤੋਂ ਨਿਰਲੇਪ ਨਹੀਂ ਰਹਿ ਸਕਿਆ। ਅਮਰੀਕਾ ਜਾ ਕੇ ਮਾਸਿਕ ਪੱਤਰ ਐਂਟੀ-47 ਦੀ ਸੰਪਾਦਨਾ ਦਾ ਕੰਮ ਸੰਭਾਲ ਲਿਆ। ਇਸ ਵਿਚ ਸਿੱਖ ਖਾੜਕੂਆਂ ਦਾ ਖੁੱਲ੍ਹ ਕੇ ਵਿਰੋਧ ਕਰਨ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਇਨ੍ਹਾਂ ਖਾੜਕੂਆਂ ਦੀਆਂ ਧਮਕੀਆਂ ਕਰਕੇ ਹੀ ਪਾਸ਼ ਦੀ ਪਹਿਲਾਂ ਤੋਂ ਅਸਥਿਰ ਤੇ ਸੰਘਰਸ਼ਸ਼ੀਲ ਜ਼ਿੰਦਗੀ ਨੂੰ ਬਿਲਕੁਲ ਮੁਹਾਲ ਕਰ ਦਿੱਤਾ ਸੀ। ਗੁਰਬਚਨ ਨੇ ਲਿਖਿਆ ਹੈ ਕਿ ‘‘ਪਾਸ਼ ਨੂੰ ਹਿੰਸਕ ਧੰਦੂਕਾਰਾ ਫੈਲਾਉਣ ਵਾਲਿਆਂ ’ਤੇ ਗੁੱਸਾ ਸੀ ਕਿਉਂਕਿ ਇਹਦੇ ਰਾਹੀਂ ਮਾਸੂਮ ਬੰਦਾ ਪਿਸ ਰਿਹਾ ਸੀ ਜੋ ਪਹਿਲਾਂ ਹੀ ਸਟੇਟ ਦੇ ਤਸ਼ੱਦਦ ਦਾ ਸ਼ਿਕਾਰ ਸੀ।’’ ਇਸ ਤੋਂ ਪਹਿਲਾਂ ਵੀ ਪਾਸ਼ ਇਕ ਚਿੱਠੀ ਵਿਚ ਲਿਖਦਾ ਹੈ ਕਿ ‘‘ਮੇਰੇ ਅੰਦਰ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਨਾਲ ਅੰਤਾਂ ਦੀ ਨਫ਼ਰਤ ਹੈ, ਕੇਵਲ ਸਿੱਖਾਂ ਦੀ ਹੀ ਨਹੀਂ ਸਗੋਂ ਹਿੰਦੂਆਂ ਦੇ ਲਈ ਵੀ।’’

ਪਾਸ਼ ਅਮਰੀਕਾ ਵਿਖੇ ਇਕ ਸੈਲਾਨੀ ਦੇ ਤੌਰ ’ਤੇ ਗਿਆ ਸੀ ਤੇ ਉਸ ਨੂੰ ਅਮਰੀਕਾ ਵਿਚ ਲੰਮਾ ਸਮਾਂ ਰਹਿਣ ਲਈ ਹਰ ਸਾਲ ਵੀਜ਼ਾ ਲੈਣ ਦੀ ਸ਼ਰਤ ਸੀ। 1987 ਵਿਚ ਪਾਸ਼ ਨੂੰ ਦੁਬਾਰਾ ਵੀਜ਼ਾ ਲੈਣ ਲਈ ਕੈਨੇਡਾ ਜਾਣਾ ਪਿਆ। ਦੁਬਾਰਾ ਅਮਰੀਕਾ ਜਾਣ ਲਈ ਪਾਸ਼ ਕਈ ਹੀਲੇ-ਵਸੀਲੇ ਕਰਦਾ ਰਿਹਾ ਤੇ ਅਖੀਰ ਉਹ ਬਰਾਜ਼ੀਲ ਦਾ ਵੀਜ਼ਾ ਲੈਣ ਵਿਚ ਸਫਲ ਵੀ ਹੋ ਗਿਆ। 23 ਜਨਵਰੀ, 1988 ਨੂੰ ਪਾਸ਼ ਆਪਣੇ ਮਿੱਤਰ ਹੰਸ ਰਾਜ ਸਮੇਤ ਖਾਲਿਸਤਾਨੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਸਾਰੀ ਉਮਰ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਦਹਿਕਦੇ ਅੰਗਿਆਰਾਂ ’ਤੇ ਸੌਂ ਕੇ ਰਾਤ ਰੁਸ਼ਨਾਉਣ ’ਚ ਮਸਰੂਫ਼ ਰਿਹਾ:

ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ
ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ
ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ
ਮੌਤ ਦੀ ਸਰਦਲ ਤੇ ਬਹਿ ਕੇ ਗਾਉਂਦੇ ਰਹੇ ਨੇ ਲੋਕ


ਪਰਮਜੀਤ ਸਿੰਘ ਕੱਟੂ
ਲੇਖ਼ਕ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਖੋਜਕਰਤਾ ਹਨ।

Wednesday, September 8, 2010

ਕਾਮਰੇਡਾਂ ਵਲੋਂ ਸਿੱਖ ਇਤਿਹਾਸ ਦੀ ਭੰਨਤੋੜ

ਪ੍ਰਭਸ਼ਰਨਬੀਰ ਸਿੰਘ ਜਿਹਾ ਸਮਝਦਾਰ ਸਿੱਖ ਚਿੰਤਕ ਰਣਜੀਤ ਸਿੰਘ ਦੇ ਰਾਜ ਦਾ ਕੱਟੜ ਹਮਾਇਤੀ ਹੈ,ਇਹ ਬੜੀ ਅਜੀਬ ਜਿਹੀ ਗੱਲ ਲੱਗ ਰਹੀ ਹੈ।ਜਦੋਂ ਕਿ ਕਈ ਸਿੱਖ ਚਿੰਤਕ(ਕਿਤਾਬੀ ਨਹੀਂ) ਰਣਜੀਤ ਸਿੰਘ ਦੇ ਰਾਜ ਨੂੰ ਬਾਦਲ ਦੇ ਰਾਜ ਵਰਗਾ ਹੀ ਮੰਨਦੇ ਹਨ।ਇਕ ਦੋਸਤ ਨੇ ਬਾਬੇ ਨਾਨਕ ਦੇ ਫਲਸਫੇ ਤੋਂ ਲੈ ਕੇ ਸਿੱਖੀ ‘ਚ ਰਾਜ ਦੇ ਕਨਸੈਪਟ ਤੇ ਰਣਜੀਤ ਸਿੰਘ ਦੇ ਰਾਜ ਕਰਨ ਦੇ ਤਰੀਕੇ ‘ਤੇ ਲਿਖਣ ਲਈ ਵੀ ਕਿਹਾ ਹੈ।ਪ੍ਰਭਸ਼ਰਨਬੀਰ ਫਿਰ ਤੋਂ ਸਿਆਸੀ ਧਿਰਾਂ ਦੀ ਲੜਾਈ ਨੂੰ “ਸਿੱਖੀ ਵਿਰੁੱਧ ਨਫਰਤ” ਦਾ ਨਾਂਅ ਦੇ ਰਹੇ ਹਨ।ਸਿਆਸੀ ਧਿਰਾਂ ਦੀ ਲੜਾਈ ਨੂੰ ਕਿਸੇ ਧਰਮ ਜਾਂ ਸਮੂਹ ਭਾਈਚਾਰੇ ਪ੍ਰਤੀ ਨਫਰਤ ਦਾ ਨਾਂਅ ਦੇਣਾ ਇਤਿਹਾਸਕ ਬੇਇੰਸਾਫੀ ਹੈ।ਕਸ਼ਮੀਰ ਬਾਰੇ ਜਿਹੜੀ ਘੱਟੋ ਘੱਟ ਗੱਲ ਉਹਨਾਂ ਹੁਣ ਮੰਨੀ।ਉਹ ਓਹਨਾਂ ਨੇ ਪਹਿਲਾਂ ਕਿਉਂ ਨਹੀਂ ਰੱਖੀ..?ਮੈਨੂੰ ਪੜ੍ਹਨ ਤੋਂ ਬਾਅਦ ਜਿੰਨੀ ਜਾਣਕਾਰੀ ਪ੍ਰਾਪਤ ਹੋਈ,ਉਸਨੂੰ ਇਮਾਨਦਾਰੀ ਨਾਲ ਸਾਹਮਣੇ ਰੱਖਿਆ।ਗਵਰਨਰ ਸਿੱਖ ਹੋਵੇ ਜਾਂ ਹਿੰਦੂ ...ਕੀ ਕਸ਼ਮੀਰ ‘ਚ ਰਾਜ ਰਣਜੀਤ ਸਿੰਘ ਦੀ ਰਹਿਨੁਮਾਈ ‘ਚ ਨਹੀਂ ਹੋ ਰਿਹਾ ਸੀ..?ਜਿਨ੍ਹਾਂ ਹਵਾਲਿਆਂ ਨੂੰ ਤੁਸੀਂ ਸਹੀ ਮੰਨਦੇ ਹੋਂ,ਉਹਨਾਂ ਅਨੁਸਾਰ ਜੋ ਕੁਝ ਹੋਇਆ ਕੀ ਉਹ ਘੱਟ ਸੀ..? ਇਤਿਹਾਸ ਦੇ ਕਾਲੇ ਸੱਚ ਨੂੰ ਮੰਨਣ ਤੋਂ ਇਨਕਾਰੀ ਨਹੀਂ ਹੋਣਾ ਚਾਹੀਦਾ।ਉੱਤਰ-ਆਧੁਨਿਕਤਾ ਦੇ ਫਲਸਫੇ ਦੇ ਜਨਮ ਬਾਰੇ ਜਾਣਕਾਰੀ ਹੈ,ਮੈਂ ਤਾਂ ਦੁਨੀਆਂ ਭਰ ‘ਚ ਉਸਦੇ ਫੈਲਾਅ ਦੀ ਸਿਆਸਤ ਤੇ ਕੌਮੀਅਤਾਂ ਨਾਲ ਉਸਦੇ ਰਿਸ਼ਤੇ ਦੀ ਗੱਲ ਕਰ ਰਿਹਾ ਹਾਂ,ਕਿਉਂਕਿ ਸਾਮਰਾਜੀ ਤਾਕਤਾਂ ਵਲੋਂ ਇਸ ਦੌਰ ‘ਚ ਵੱਡੇ ਵੱਡੇ ਭਰਮ ਫੈਲਾਏ ਜਾ ਰਹੇ ਹਨ।ਪ੍ਰਭਸ਼ਰਨਬੀਰ ਸਿੰਘ ਦਾ ਲੇਖ ਪੜ੍ਹੋ ਤੇ ਮੈਂ ਥੋੜ੍ਹੇ ਸਮੇਂ ਬਾਅਦ ਜਵਾਬ ਨਾਲ ਮਿਲਾਂਗਾ-ਯਾਦਵਿੰਦਰ ਕਰਫਿਊ

ਯਾਦਵਿੰਦਰ ਕਰਫਿਊ ਦੇ ਲੇਖ “ਪੰਜਾਬ,ਸਿੱਖ,ਕਾਮਰੇਡ ਅਤੇ ਕੌਮੀ ਲਹਿਰਾਂ” ਦਾ ਜਵਾਬ

“Whoever of my officers is appointed in Kashmir, before occupying himself with anything, he must make the people happy and earn their good wishes.”
-Maharaja Ranjit Singh
quoted in Umdat-ut-Tawarikh, III, p. 180

ਹਰੀ ਸਿੰਘ ਨਲੂਏ ਨੇ ਕਸ਼ਮੀਰ ਵਿੱਚ ਸਮਾਜਿਕ ਅਤੇ ਆਰਥਿਕ ਸੁਧਾਰਾਂ ਦਾ ਨਵਾਂ ਯੁੱਗ ਲਿਆਂਦਾ। ਉਦਾਹਰਣ ਵਜੋਂ ਉਸਨੇ ਬੇਗਾਰੀ ਵਰਗੇ ਬੇਹੱਦ ਬਦਨਾਮ ਪ੍ਰਬੰਧ ਉੱਤੇ ਪਾਬੰਦੀ ਲਗਾਈ, ਅਫਗਾਨ ਹਾਕਮਾਂ ਵਲੋਂ ਹਿੰਦੂਆਂ ਉੱਤੇ ਲਾਈਆਂ ਗਈਆਂ ਪਾਬੰਦੀਆਂ ਜਿਵੇਂ ਪੱਗ ਬੰਨ੍ਹਣ, ਜੁੱਤੀ ਪਾਉਣ, ਘੋੜੇ ਉੱਤੇ ਚੜ੍ਹਨ ਅਤੇ ਟਿੱਕਾ ਲਾਉਣ ਨੂੰ ਵੀ ਖਤਮ ਕੀਤਾ।
- (ਪੰਡਿਤ ਗੋਪਾਲ ਕੌਲ, ਗੁਲਸਤਾਨ-ਏ-ਕਸ਼ਮੀਰ ਪੰ.66-67)

ਅਰਥਚਾਰੇ ਨੂੰ ਮੁੜ ਤੋਂ ਲੀਹਾਂ ਉੱਤੇ ਕਰਨ ਲਈ,ਹਰੀ ਸਿੰਘ ਨਲੂਏ ਨੇ ਖੇਤੀਬਾੜੀ ਦੇ ਵਿਕਾਸ ਤੋਂ ਇਲਾਵਾ ਸ਼ਾਲ ਅਤੇ ਕਾਗਜ਼ ਦੀਆਂ ਸਨਅਤਾਂ ਦੀ ਤਰੱਕੀ ਅਤੇ ਕੇਸਰ ਦੀ ਖੇਤੀ ਵਿੱਚ ਸੁਧਾਰ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ।
- (ਆਰ. ਕੇ. ਪਰਮੂ, ਹਿਸਟਰੀ ਆਫ ਸਿੱਖ ਰੂਲ ਇਨ ਕਸ਼ਮੀਰ, ਪੰਨਾ 124)
ਮੀਹਾਂ ਸਿੰਘ ਨੇ ਕਸ਼ਮੀਰ ਨੂੰ ‘ਧਰਤੀ ਉੱਤੇ ਸਵਰਗ’ ਬਣਾ ਦਿੱਤਾ ਸੀ।
- (ਬੀਰਬਲ ਕਚਰੂ, ਤਾਰੀਖ-ਏ-ਕਸ਼ਮੀਰ 262)

ਆਖਰੀ ਹਵਾਲੇ ਦੀ ਗਵਾਹੀ ਆਰ. ਕੇ. ਪਰਮੂ, ਬੈਰਨ ਵੌਨ ਹੂਗਲ ਅਤੇ ਜੀ. ਟੀ. ਵਿਗਨੇ ਦੀਆਂ ਕਿਤਾਬਾਂ ਵਿੱਚ ਵੀ ਮਿਲਦੀ ਹੈ। ਮੀਹਾਂ ਸਿੰਘ 1834 ਤੋਂ 1841 ਈ. ਤੱਕ ਕਸ਼ਮੀਰ ਦਾ ਗਵਰਨਰ ਰਿਹਾ ਸੀ। ਉਸ ਦੇ ਰਾਜ ਨੂੰ ਕਸ਼ਮੀਰ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਆਰ. ਕੇ. ਪਰਮੂ ਨੇ ਆਪਣੀ ਕਿਤਾਬ ‘ਹਿਸਟਰੀ ਆਫ ਸਿੱਖ ਰੂਲ ਇਨ ਕਸ਼ਮੀਰ’ ਵਿੱਚ ਮੀਹਾਂ ਸਿੰਘ ਬਾਰੇ ਚੈਪਟਰ ਦਾ ਨਾਮ ‘ਐਨ ਇਨਟਰਵਲ ਔਫ ਪ੍ਰੌਸਪੈਰਿਟੀ ਐਂਡ ਪਲੈਂਟੀ’ ਰੱਖਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਏਨੇ ਹਵਾਲਿਆਂ ਦੇ ਬਾਜਵੂਦ ਵੀ ਯਾਦਵਿੰਦਰ ਨੂੰ ਕਿਉਂ ਲੱਗਦਾ ਹੈ ਕਿ, “ਸਿੱਖ ਸ਼ਾਸ਼ਕ ਅਫਗਾਨਾਂ ਨਾਲੋਂ ਘੱਟ ਜ਼ਾਲਮ, ਲੋਟੂ, ਅਸਹਿਣਸ਼ੀਲ ਤੇ ਕੱਟੜਵਾਦੀ ਨਹੀਂ ਸਨ।” ਕਾਰਣ ਇਹੋ ਹੈ ਕਿ ਸਿੱਖ-ਵਿਰੋਧੀ ਨਫਰਤ ਪੰਜਾਬ ਦੇ ਕਾਮਰੇਡਾਂ ਦੇ ਅਵਚੇਤਨ ਤੱਕ ਉੱਤਰ ਚੁੱਕੀ ਹੈ। ਏਸੇ ਲਈ ਇਨ੍ਹਾਂ ਨੇ, ਜਿਨ੍ਹਾਂ ਵਿੱਚ ਹੁਣ ਯਾਦਵਿੰਦਰ ਵੀ ਸ਼ਾਮਲ ਹੋ ਚੁੱਕਾ ਹੈ, ਹਮੇਸ਼ਾ ਹੀ ਇਤਿਹਾਸ ਦੀ ਅਜਿਹੇ ਟੇਢੇ ਢੰਗ ਨਾਲ ਵਿਆਖਿਆ ਕੀਤੀ ਹੈ, ਜਿਹੜੀ ਸਿੱਖ-ਵਿਰੋਧੀ ਹਕੂਮਤਾਂ ਨੂੰ ਰਾਸ ਆਉਂਦੀ ਹੋਵੇ। ਯਾਦਵਿੰਦਰ ਦੇ ਇਸ ਲੇਖ ਰਾਹੀਂ ਤਾਂ ਇਹ ਸਪੱਸ਼ਟ ਹੀ ਹੋ ਜਾਂਦਾ ਹੈ ਕਿ ਉਸਦੇ ਆਪਣੇ ਦਿਮਾਗ ਅੰਦਰ ਸਿੱਖੀ ਪ੍ਰਤੀ ਕਿੰਨੀ ਨਫਰਤ ਪਲ ਰਹੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ਉਹ ਕਸ਼ਮੀਰ ਦੇ ਇਤਿਹਾਸ ਦੀ “ਖੋਜ” ਕਰਦਿਆਂ ਉਪਰੋਕਤ ਹਵਾਲਿਆਂ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦਾ ਸੀ? ਮੈਂ ਇਹ ਤਾਂ ਕਹਿ ਨਹੀਂ ਸੀ ਰਿਹਾ ਕਿ ਕਸ਼ਮੀਰ ਵਿੱਚ ਸਿੱਖ ਰਾਜ ਦੌਰਾਨ ਕੋਈ ਇੱਕ ਵੀ ਘਟਨਾ ਮਾੜੀ ਨਹੀਂ ਵਾਪਰੀ, ਕਿਉਂਕਿ ਅਜਿਹੀ ਆਸ ਕਰਨੀ ਤਾਂ ਗੈਰ-ਹਕੀਕੀ ਹੈ। ਗਲਤੀਆਂ ਕਿਸੇ ਤੋਂ ਵੀ ਹੋ ਸਕਦੀਆਂ ਹਨ। ਪਰ ਕਸ਼ਮੀਰ ਦੇ ਪਹਿਲਾਂ ਵਾਲੇ ਅਤੇ ਬਾਅਦ ਵਾਲੇ ਸ਼ਾਸਕਾਂ ਦੇ ਮੁਕਾਬਲੇ ਸਿੱਖਾਂ ਦਾ ਰਾਜ-ਪ੍ਰਬੰਧ ਕਿਤੇ ਬਿਹਤਰ ਅਤੇ ਲੋਕ-ਪੱਖੀ ਸੀ।

ਯਾਦਵਿੰਦਰ ਨੇ ਆਪਣੇ ਲੇਖ ਦੇ ਸ਼ੁਰੂ ਵਿੱਚ ਮੰਨਿਆ ਹੈ ਕਿ ‘ਜੇ ਸਿਆਸਤ ਅਤੇ ਵਿਚਾਰ ਭਾਵਨਾਤਮਕ ਵਹਾਅ ’ਚ ਵਹਿ ਜਾਣ ਤਾਂ ਨਾਕਾਰਾਤਮਕ ਭਵਿੱਖ ਸਾਹਮਣੇ ਖੜ੍ਹਾ ਹੁੰਦਾ ਹੈ।’ ਪਰ ਉਨ੍ਹਾਂ ਦਾ ਆਪਣਾ ਲੇਖ ਗੁੱਸੇ ਅਤੇ ਨਫ਼ਰਤ ਦੀਆਂ ਭਾਵਨਾਵਾਂ ਵਿੱਚੋਂ ਪੈਦਾ ਹੋਈਆਂ ਉਲਾਰੂ ਟਿੱਪਣੀਆਂ, ਜਿਨ੍ਹਾਂ ਵਿੱਚੋਂ ਬਹੁਤੀਆਂ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ ਉਨ੍ਹਾਂ ਕੋਈ ਤਕਲੀਫ ਵੀ ਕਰਨ ਦੀ ਲੋੜ ਨਹੀਂ ਸਮਝੀ, ਨਾਲ ਭਰਿਆ ਪਿਆ ਹੈ। ਮੈਂ ਆਪਣੇ ਪੂਰੇ ਲੇਖ ਵਿੱਚ ਯਾਦਵਿੰਦਰ ਦੀ ਸੁਹਿਰਦਤਾ ’ਤੇ ਕੋਈ ਸ਼ੱਕ ਨਹੀਂ ਸੀ ਕੀਤਾ ਪਰ ਯਾਦਵਿੰਦਰ ਨੇ ਮੇਰੇ ਉੱਤੇ ਆਪਣੀ ਮਨ-ਮਰਜ਼ੀ ਦੇ ਲੇਬਲ ਲਗਾਉਣ ਤੋਂ ਵੀ ਕੋਈ ਝਿਜਕ ਨਹੀਂ ਦਿਖਾਈ। ਪਹਿਲੇ ਹੀ ਪੈਰ੍ਹੇ ਵਿੱਚ ਉਨ੍ਹਾਂ ਮੈਨੂੰ ‘ਉੱਤਰ-ਆਧੁਨਿਕਤਾ ਦਾ ਉਪਾਸਕ’ ਕਿਹਾ ਹੈ। ਕੀ ਉਹ ਮੇਰੇ ਲੇਖ ਦੇ ਹਵਾਲੇ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਨਗੇ ਕਿ ਮੇਰੇ ਲੇਖ ਦੀ ਕਿਹੜੀ ਸਤਰ ਮੈਨੂੰ ਉੱਤਰ ਆਧੁਨਿਕਤਾ ਦਾ ਉਪਾਸਕ ਸਿੱਧ ਕਰਦੀ ਹੈ। ਮੈਂ ਆਪਣੇ ਲੇਖ ਵਿੱਚ ਬਰਨਾਰਡ ਸਟੀਗਲਰ ਤੋਂ ਬਿਨਾਂ ਕਿਸੇ ਵੀ ਹੋਰ ਸਮਕਾਲੀ ਲੇਖਕ ਦਾ ਹਵਾਲਾ ਨਹੀਂ ਦਿੱਤਾ। ਸਟੀਗਲਰ ਦਾ ਕੰਮ ਤਕਨਾਲੋਜੀ ਦੀ ਫਿਲਾਸਫੀ ਉੱਤੇ ਹੈ, ਜਿਸ ਰਾਹੀਂ ਉਸਨੇ ਸਮਕਾਲੀ ਤਕਨਾਲੋਜੀਕਲ ਸਮਾਜ ਦੀ ਭਰਵੀਂ ਅਲੋਚਨਾ ਕਰਦਿਆਂ ਪੂੰਜੀਵਾਦ ਉੱਤੇ ਹਮਲਾ ਕੀਤਾ ਹੈ ਅਤੇ ਪੂੰਜੀਵਾਦ ਦਾ ਬਦਲ ਲੱਭਣ ਦਾ ਸੱਦਾ ਦਿੱਤਾ ਹੈ। ਉਹ ਉੱਤਰ-ਆਧੁਨਿਕ ਕਿਵੇਂ ਹੋ ਗਿਆ, ਇਹ ਗੱਲ ਮੇਰੀ ਸਮਝ ਵਿੱਚ ਨਹੀਂ ਪਈ। ਬਾਕੀ ਉੱਤਰ ਆਧੁਨਿਕਤਾ ਦੀ ਅਹਿਮੀਅਤ ਬਾਰੇ ਵੀ ਬਹਿਸ ਕੀਤੀ ਜਾ ਸਕਦੀ ਹੈ ਪਰ ਹਾਲ ਦੀ ਘੜੀ ਇਹ ਸਾਡਾ ਵਿਸ਼ਾ ਨਹੀਂ ਹੈ। ਪਹਿਲੇ ਹੀ ਪੈਰ੍ਹੇ ਵਿੱਚ ਯਾਦਵਿੰਦਰ ਨੇ ਇੱਕ ਹੋਰ ਦਾਅਵਾ ਇਹ ਕੀਤਾ ਹੈ ਕਿ ਮੈਂ ‘ਸਿੱਖ ਸ਼ਾਸਕਾਂ, ਸਿੱਖ ਧਰਮ ਅਤੇ ਧਰਮ ਨੂੰ ਮੰਨਣ ਵਾਲੇ ਲੋਕਾਂ ਵਿੱਚ ਲਕੀਰ’ ਨਹੀਂ ਖਿੱਚ ਰਿਹਾ। ਮੈਂ ਸਮਝਦਾ ਹਾਂ ਕਿ ਮੇਰੇ ਲੇਖ ਬਾਰੇ ਇਹ ਨਤੀਜਾ ਉਸਨੇ ਆਪਣੀ ਮਰਜ਼ੀ ਨਾਲ ਹੀ ਕੱਢਿਆ ਹੈ। ਮੈਂ ਤਾਂ ਹਮੇਸ਼ਾ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਮਨਮੋਹਣ ਸਿੰਘ ਵਰਗੇ ਲੋਕਾਂ ਅਤੇ ਇਨਸਾਫ ਲਈ ਜੂਝਣ ਵਾਲੇ ਸਿੱਖਾਂ ਨੂੰ ਵੱਖੋ-ਵੱਖਰੀਆਂ ਸ਼੍ਰੇਣੀਆਂ ਵਿੱਚ ਰੱਖਦਾ ਹਾਂ। ਏਨਾ ਹੀ ਨਹੀਂ, ਖਾਲਿਸਤਾਨ ਲਈ ਸੰਘਰਸ਼ ਨੂੰ ਅਜਿਹੇ ਲੋਕਾਂ ਦੇ ਵਿਰੁੱਧ ਸੰਘਰਸ਼ ਵਜੋਂ ਵੀ ਲਿਆ ਜਾ ਸਕਦਾ ਹੈ।

ਯਾਦਵਿੰਦਰ ਨੇ ਦੀਵਾਨ ਮੋਤੀ ਰਾਮ ਵਲੋਂ ਕਸ਼ਮੀਰ ਦੇ ਲੋਕਾਂ ਉੱਤੇ ਕੀਤੀਆਂ ਗਈਆਂ ਜ਼ਿਆਦਤੀਆਂ ਦੀ ਗੱਲ ਕੀਤੀ ਹੈ। ਪਹਿਲੀ ਗੱਲ ਤਾਂ ਇਹ ਕਿ ਦੀਵਾਨ ਮੋਤੀ ਰਾਮ ਸਿੱਖ ਨਹੀਂ ਸੀ। ਫਿਰ ਵੀ ਜੇਕਰ ਉਸ ਵਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਨੂੰ ਯਾਦਵਿੰਦਰ ਸਿੱਖ ਸ਼ਾਸਕਾਂ ਦੇ ਖਾਤੇ ਵਿੱਚ ਪਾਉਣ ਲਈ ਬਜ਼ਿਦ ਹੈ ਤਾਂ ਉਸਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦੀਵਾਨ ਮੋਤੀ ਰਾਮ ਵਲੋਂ ਕਸ਼ਮੀਰ ਦੇ ਪ੍ਰਬੰਧ ਵਿੱਚ ਕੀਤੀਆਂ ਜਾ ਰਹੀਆਂ ਕੁਤਾਹੀਆਂ ਦੇ ਮੱਦੇਨਜ਼ਰ ਮਹਾਰਾਜਾ ਰਣਜੀਤ ਸਿੰਘ ਨੇ ਉਸਦੀ ਥਾਂ ਸ. ਹਰੀ ਸਿੰਘ ਨਲੂਆ ਨੂੰ ਕਸ਼ਮੀਰ ਦਾ ਗਵਰਨਰ ਬਣਾ ਕੇ ਭੇਜਿਆ ਸੀ।

ਸ. ਹਰੀ ਸਿੰਘ ਨਲੂਆ ਜਦ ਆਪਣੇ ਕਾਫਲੇ ਸਮੇਤ ਸ੍ਰੀਨਗਰ ਵੱਲ ਵਧ ਰਹੇ ਸਨ ਤਾਂ ਸਥਾਨਕ ਕਸ਼ਮੀਰੀ ਚੌਧਰੀਆਂ ਨੇ ਗਰੀਬ ਲੋਕਾਂ ਨੂੰ ਸ. ਹਰੀ ਸਿੰਘ ਨਲੂਏ ਦਾ ਮਾਲ-ਅਸਬਾਬ ਢੋਣ ਲਈ ਵਗਾਰ ਵਿੱਚ ਫੜਿਆ ਹੋਇਆ ਸੀ। ਜਿਹੜੇ ਲੋਕ ਕੰਮ ਕਰਨ ਤੋਂ ਇਨਕਾਰੀ ਸਨ ਜਾਂ ਕਮਜ਼ੋਰੀ ਕਾਰਨ ਭਾਰ ਨਹੀਂ ਸਨ ਉਠਾ ਸਕਦੇ, ਉਨ੍ਹਾਂ ਨੂੰ ਚੌਧਰੀਆਂ ਵਲੋਂ ਕੁਟਾਪਾ ਚਾੜ੍ਹਿਆ ਜਾਂਦਾ ਸੀ। ਜਦੋਂ ਸ. ਹਰੀ ਸਿੰਘ ਨਲੂਏ ਨੇ ਕੁਝ ਗਰੀਬਾਂ ਦੇ ਇਉਂ ਕੁੱਟ ਪੈਂਦੀ ਦੇਖੀ ਤਾਂ ਉਨ੍ਹਾਂ ਨੇ ਚੌਧਰੀਆਂ ਨੂੰ ਬੁਲਾ ਕੇ ਇਸ ਦਾ ਕਾਰਨ ਪੁੱਛਿਆ। ਚੌਧਰੀਆਂ ਨੇ ਦੱਸਿਆ ਕਿ ਇਹ ਵਗਾਰ ਵਿੱਚ ਫੜ੍ਹੇ ਹੋਏ ਲੋਕ ਹਨ ਅਤੇ ਕੰਮ ਕਰਨ ਤੋਂ ਇਨਕਾਰੀ ਹਨ। ਇਹ ਸੁਣ ਕੇ ਸ. ਹਰੀ ਸਿੰਘ ਨਲੂਆ ਨੇ ਕਾਫਲੇ ਨੂੰ ਉੱਥੇ ਹੀ ਕਿਆਮ ਕਰਨ ਦਾ ਹੁਕਮ ਕਰ ਦਿੱਤਾ ਅਤੇ ਕਿਹਾ ਕਿ ਜਿੰਨਾ ਚਿਰ ਮਾਲ-ਅਸਬਾਬ ਢੋਣ ਲਈ ਡੰਗਰਾਂ ਦਾ ਪ੍ਰਬੰਧ ਨਹੀਂ ਹੋ ਜਾਂਦਾ ਓਨਾ ਚਿਰ ਅੱਗੇ ਨਹੀਂ ਵਧਿਆ ਜਾਵੇਗਾ। ਉੱਥੇ ਬੈਠਿਆਂ ਹੀ ਉਨ੍ਹਾਂ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਕਿਸੇ ਨੂੰ ਵੀ ਵਗਾਰ ਵਿੱਚ ਨਾ ਫੜ੍ਹਿਆ ਜਾਵੇ। ਜੇਕਰ ਕਿਸੇ ਤੋਂ ਕੰਮ ਕਰਵਾਉਣਾ ਹੈ ਤਾਂ ਉਸਨੂੰ ਪੂਰਾ ਮਿਹਨਤਾਨਾ ਵੀ ਦਿੱਤਾ ਜਾਵੇ। ਗਰੀਬ ਅਤੇ ਮਜ਼ਲੂਮ ਲੋਕਾਂ ਪ੍ਰਤੀ ਰਹਿਮਦਿਲ ਰਵੱਈਆ ਰੱਖਣ ਵਾਲਾ ਸ਼ਖਸ ਅੱਤਿਆਚਾਰੀ ਕਿਵੇਂ ਹੋ ਸਕਦਾ ਹੈ? ਉਪਰੋਕਤ ਘਟਨਾ ਦਾ ਵੇਰਵਾ ਸੁਰਿੰਦਰ ਸਿੰਘ ਜੌਹਰ ਦੀ ਕਿਤਾਬ ‘ਹਰੀ ਸਿੰਘ ਨਲੂਆ’ ਵਿੱਚ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਗਾਰ ਦੀ ਇਹ ਪ੍ਰਥਾ ਕਸ਼ਮੀਰ ਵਿੱਚ ਹਿੰਦੂ ਰਾਜੇ ਸ਼ੰਕਰ ਵਰਮਾ ਦੇ ਸਮੇਂ ਵਿੱਚ 907 ਈ. ਤੋਂ ਚਲਦੀ ਆ ਰਹੀ ਸੀ। ਇਸਦਾ ਖਾਤਮਾ ਸਿੱਖ ਰਾਜ ਵੇਲੇ ਹੋਇਆ। ਯਾਦਵਿੰਦਰ ਨੇ ਮਾਲੀਆ ਘਟਾਉਣ ਅਤੇ ਵਗਾਰ ਖਤਮ ਕਰਨ ਦੀ ਤੁਲਨਾ ਮੁਗਲਾਂ ਵਲੋਂ ਬੁਨਿਆਦਾ ਢਾਂਚਾ (ਨਹਿਰਾਂ, ਸੜਕਾਂ, ਖੂਹ, ਖੇਤੀ) ਉਸਾਰੇ ਜਾਣ ਨਾਲ ਕੀਤੀ ਹੈ ਅਤੇ ਦੋਹਾਂ ਨੂੰ ਇੱਕੋ ਜਿਹੇ ਕਦਮ ਗਰਦਾਨਿਆ ਹੈ। ਆਪਣੀ ਸਿੱਖ-ਵਿਰੋਧੀ ਨਫਰਤ ਕਾਰਣ ਉਹ ਏਨਾ ਅੰਨ੍ਹਾ ਹੋ ਚੁੱਕਾ ਹੈ ਕਿ ਉਸਨੂੰ ਇਨ੍ਹਾਂ ਦੋਹਾਂ ਅਮਲਾਂ ਵਿਚਲਾ ਬੁਨਿਆਦੀ ਫਰਕ ਵੀ ਨਜ਼ਰ ਨਹੀਂ ਆਉਂਦਾ। ਬੁਨਿਆਦੀ ਢਾਂਚਾ ਹਕੂਮਤ ਦੀ ਆਮਦਨ ਵਧਾਉਣ ਲਈ ਖੜ੍ਹਾ ਕੀਤਾ ਜਾਂਦਾ ਹੈ ਨਾ ਕਿ ਲੋਕਾਂ ਦੀ ਬਿਹਤਰੀ ਲਈ। ਜਦੋਂ ਕਿ ਮਾਲੀਆ ਘਟਾਉਣ ਅਤੇ ਵਗਾਰ ਖਤਮ ਕਰਨ ਨਾਲ ਰਾਜ ਦੀ ਆਮਦਨ ਘਟਦੀ ਹੈ। ਕਿਸੇ ਵੀ ਰਾਜ-ਪ੍ਰਬੰਧ ਨੇ ਅਜਿਹੇ ਕਦਮਾਂ ਰਾਹੀਂ ਹੀ ਲੋਕਾਂ ਦਾ ਜੀਵਨ ਸੌਖਾ ਕਰਨਾ ਹੁੰਦਾ ਹੈ।

ਯਾਦਵਿੰਦਰ ਦੀ ‘ਦਿਆਨਤਦਾਰੀ’ ਦੀ ਇੱਕ ਹੋਰ ਮਿਸਾਲ ਦੇਖੋ, ਆਪਣੇ ਲੇਖ ਵਿੱਚ ਉਸਨੇ ਗਵਾਸ਼ਾ ਨਾਥ ਕੌਲ ਦੀ ਕਿਤਾਬ “ਕਸ਼ਮੀਰ ਦੈਨ ਐਂਡ ਨਾਓ” ਦਾ ਹਵਾਲਾ ਦਿੰਦਿਆਂ ਸਿੱਖ ਰਾਜ ਦੌਰਾਨ ਜਨਤਾ ਦੇ ਮਾੜੇ ਹਾਲਾਂ ਦਾ ਵੇਰਵਾ ਦਰਜ ਕੀਤਾ ਹੈ। ਜਦੋਂ ਕਿ ਅਸਲੀਅਤ ਵਿੱਚ ਗਵਾਸ਼ਾ ਨਾਥ ਕੌਲ ਨੇ ਉਕਤ ਹਾਲਾਤ 1920ਵਿਆਂ ਦੇ ਸ੍ਰੀਨਗਰ ਸ਼ਹਿਰ ਦੇ ਬਾਰੇ ਦਰਜ ਕੀਤੇ ਹਨ ਜਦੋਂ ਸਿੱਖ ਰਾਜ ਨੂੰ ਖਤਮ ਹੋਇਆਂ 70 ਵਰ੍ਹੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਸੀ। ਉਸ ਸਮੇਂ ਕਸ਼ਮੀਰ ਦਾ ਹਾਕਮ ਹਰੀ ਸਿੰਘ ਡੋਗਰਾ ਸੀ, ਜੋ ਕਿ ਇੱਕ ਹਿੰਦੂ ਸੀ। ਇਸੇ ਤਰ੍ਹਾਂ ਰਿਚਰਡ ਸਾਇਮੰਡਜ਼ ਦਾ ਹਵਾਲਾ ਵੀ 20ਵੀਂ ਸਦੀ ਦੇ ਡੋਗਰਾ ਰਾਜ ਸਬੰਧੀ ਹੈ ਨਾ ਕਿ ਸਿੱਖ ਰਾਜ ਸਬੰਧੀ। ਹੈਰਾਨੀ ਵਾਲੀ ਗੱਲ ਹੈ ਕਿ ਤੱਥਾਂ ਦੀ ਏਨੀ ਤੋੜ-ਮਰੋੜ ਕਰਨ ਵਾਲੇ ਲੋਕ ਵੀ ਆਪਣੇ-ਆਪ ਨੂੰ ਮਨੁੱਖਤਾ ਦੇ ਅਲੰਬਰਦਾਰ ਅਖਵਾਉਂਦੇ ਹਨ। ਅਜਿਹਾ ਉਦੋਂ ਵਾਪਰਦਾ ਹੈ ਜਦੋਂ ਇਤਿਹਾਸਕ ਹਵਾਲਿਆਂ ਦੀ ਖੋਜ ਕਰਨ ਦੀ ਜਗ੍ਹਾ ਕੋਈ ‘ਖੋਜਕਾਰ’ ਹਵਾਲਿਆਂ ਵਿੱਚੋਂ ਹਵਾਲੇ ਲੱਭ ਕੇ ਬੁੱਤਾ ਸਾਰਨ ਦਾ ਯਤਨ ਕਰਦਾ ਹੈ। ਮੈਂ ਇਸੇ ਗੱਲ ਉੱਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਕਾਮਰੇਡ ਸਿੱਖੀ ਦਾ ਵਿਰੋਧ ਕਰਨ ਲਈ ਏਨਾ ਹੇਠਾਂ ਡਿੱਗ ਜਾਂਦੇ ਹਨ ਕਿ ਇਤਿਹਾਸ ਨੂੰ ਤੋੜਨ-ਮਰੋੜਨ ਤੱਕ ਚਲੇ ਜਾਂਦੇ ਹਨ। ਅਜਿਹੀ ਹੋਛੀ ਜਿੱਦਬਾਜ਼ੀ ਨੇ ਪਿਛਲੀ ਅੱਧੀ ਸਦੀ ਦੌਰਾਨ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ ਹੈ। ਸਿੱਖਾਂ ਕੋਲ ਬੌਧਿਕ ਜਮਾਤ ਨਾ ਹੋਣ ਕਾਰਨ ਕਾਮਰੇਡਾਂ ਨੇ ਆਪਣੀ ਮਰਜ਼ੀ ਨਾਲ ਇਤਿਹਾਸ ਦੀ ਵਿਆਖਿਆ ਕਰ ਦਿੱਤੀ। ਇਸੇ ਵਰਤਾਰੇ ਵਿੱਚੋਂ ਪੰਜਾਬ ਦਾ ਅਜੋਕਾ ਮਾਹੌਲ ਪੈਦਾ ਹੋਇਆ ਹੈ, ਜਿਸ ਵਿੱਚ ਲੋਕਾਂ ਨੂੰ ਲੁੱਟ ਕੇ ਖਾਣ ਵਾਲੇ ਬਾਦਲਦਲੀਏ ਅਤੇ ਕਾਂਗਰਸੀ ਪੰਜਾਬ ਦੇ ਲੋਕਾਂ ਦੀ ਰਾਜਸੀ ਪ੍ਰਤੀਨਿਧਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਹਨ। 1978 ਤੋਂ ਬਾਅਦ ਪੰਜਾਬ ਵਿੱਚ ਉੱਠੀ ਸਿੱਖ ਸੰਘਰਸ਼ ਦੀ ਲਹਿਰ ਨੇ ਦਿੱਲੀ ਦਰਬਾਰ ਨੂੰ ਭਾਜੜਾਂ ਪਾ ਦਿੱਤੀਆਂ ਸਨ ਪਰ ਦਿੱਲੀ ’ਤੇ ਹਕੂਮਤ ਕਰ ਰਹੇ ਬ੍ਰਾਹਮਣ-ਬਾਣੀਆ ਗੱਠਜੋੜ ਨੇ ਪੰਜਾਬ ਦੇ ਕਾਮਰੇਡਾਂ ਨੂੰ ਵਰਤ ਕੇ ਇਸ ਲਹਿਰ ਨੂੰ ਕੁਚਲ ਕੇ ਹੀ ਸਾਹ ਲਿਆ।ਕੀ ਪੰਜਾਬ ਦੇ ਕਾਮਰੇਡਾਂ ਨੇ ਆਪਣੇ ਇਸ ਗੁਨਾਹ ਲਈ ਪੰਜਾਬ ਦੇ ਲੋਕਾਂ ਤੋਂ ਕਦੇ ਮੁਆਫੀ ਮੰਗੀ ਹੈ?

ਬਾਕੀ ਰਹੀ ਗੱਲ ਵਿਲੀਅਮ ਪੂਰਕਰੌਫਟ ਦੇ ਹਵਾਲੇ ਦੀ। ਮੂਰਕਰੌਫਟ ਈਸਟ ਇੰਡੀਆ ਕੰਪਨੀ ਦਾ ਮੁਲਾਜ਼ਮ ਸੀ। ਉਹ ਕਸ਼ਮੀਰ ਵਿੱਚ ਸੈਰ ਕਰਨ ਲਈ ਨਹੀਂ ਗਿਆ ਸੀ, ਸਗੋਂ ਅੰਗਰੇਜ਼ ਬਸਤੀਵਾਦੀ ਹਾਕਮਾਂ ਦਾ ਨੌਕਰ ਬਣ ਕੇ ਉਨ੍ਹਾਂ ਦੇ ਕੰਮ ਕਰਨ ਗਿਆ ਸੀ। ਅੰਗਰੇਜ਼ ਹਾਕਮਾਂ ਨੇ ਬਹੁਤ ਜਲਦੀ ਹੀ ਇਹ ਪ੍ਰਤੀਤ ਕਰ ਲਿਆ ਸੀ ਕਿ ਭਾਰਤ ਵਿੱਚ ਸਭ ਤੋਂ ਵੱਡੀ ਤਾਕਤ ਸਿੱਖ ਰਾਜ ਹੈ। ਇਸ ਲਈ ਸਿੱਖ ਰਾਜ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਉਨ੍ਹਾਂ ਨੇ ਬਹੁਤ ਪਹਿਲਾਂ ਹੀ ਘੜਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸੇ ਮਕਸਦ ਨਾਲ ਉਨ੍ਹਾਂ ਸਰ ਸਈਅਦ ਅਹਿਮਦ ਬਰੇਲਵੀ ਨੂੰ ਸਿੱਖ ਰਾਜ ਵਿਰੁੱਧ ਜਹਾਦ ਛੇੜਨ ਲਈ ਉਕਸਾਇਆ ਅਤੇ ਉਸਦੀ ਮਦਦ ਕੀਤੀ। ਅੰਗਰੇਜ਼ਾਂ ਦਾ ਮਕਸਦ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਫੁੱਟ ਪਾ ਕੇ ਮੁਸਲਮਾਨਾਂ ਨੂੰ ਸਿੱਖ ਰਾਜ ਦੇ ਵਿਰੁੱਧ ਆਪਣੀ ਲੜਾਈ ਵਿੱਚ ਵਰਤਣਾ ਸੀ।
ਮੂਰਕਰੌਫਟ ਵੀ ਈਸਟ ਇੰਡੀਆ ਕੰਪਨੀ ਦਾ ਮੁਲਾਜ਼ਮ ਹੋਣ ਕਰਕੇ ਇਸੇ ਮਕਸਦ ਨੂੰ ਸਾਹਮਣੇ ਰੱਖ ਕੇ ਲਿਖ ਰਿਹਾ ਸੀ। ਇਸ ਦੇ ਮੁਕਾਬਲੇ ਗੈਰ-ਬਰਤਾਨਵੀ ਲੇਖਕ ਵੌਨ ਹੂਗਲ ਦੀ ਗਵਾਹੀ ਜ਼ਿਆਦਾ ਭਰੋਸੇਯੋਗ ਹੈ, ਜਿਸਨੇ ਸਿੱਖ-ਰਾਜ ਦੇ ਹੱਕ ਵਿੱਚ ਲਿਖਿਆ ਹੈ।

ਯਾਦਵਿੰਦਰ ਨੇ ਦਾਅਵਾ ਕੀਤਾ ਹੈ ਕਿ ਉਸਨੇ ‘ਐਮ. ਐਲ. ਦੀਆਂ ਲਗਭਗ ਸਾਰੀਆਂ ਧਿਰਾਂ ਦੀ ਸਿਆਸਤ ਦੇ ਅਮਲ ਨੂੰ ਨੇੜਿਓਂ ਵੇਖਿਆ ਹੈ, ਕਿਤੇ ਕਿਸੇ ਦੇ ਮੂੰਹੋਂ ਇੱਕ ਸ਼ਬਦ ਵੀ ਸਿੱਖੀ ਵਿਰੋਧੀ ਨਿਕਲਦਾ ਨਹੀਂ ਵੇਖਿਆ।’ ਉਸਦਾ ਕਹਿਣਾ ਹੈ ਕਿ, ‘ਕਿਸੇ ਬੇਵਕੂਫ ਕਾਮਰੇਡ ਦੇ ਇੱਕ ਅੱਧੇ ਬਿਆਨ ਨੂੰ ਸਿੱਖਾਂ ਪ੍ਰਤੀ ਨਫਰਤ ਦਾ ਨਾਂਅ ਦੇਣਾ ਹੈ ਤਾਂ ਕੁਝ ਨਹੀਂ ਕਿਹਾ ਜਾ ਸਕਦਾ।’ ਪਾਸ਼ ਸਿੱਖ ਜੁਝਾਰੂਆਂ ਲਈ ‘ਭਿੰਡਰਾਂਵਾਲੇ ਦੀ ਲਗੌੜ’ ਅਤੇ ‘ਖਾਲਿਸਤਾਨੀ ਦਹਿਸ਼ਤਗਰਦ’ ਵਰਗੇ ਸ਼ਬਦ ਵਰਤਦਾ ਸੀ।ਇਹ ਨਫਰਤ ਨਹੀਂ ਤਾਂ ਹੋਰ ਕੀ ਹੈ? ਜਾਂ ਫਿਰ ਅਸੀਂ ਪਾਸ਼ ਨੂੰ ਯਾਦਵਿੰਦਰ ਦੇ ਦੱਸੇ ਮੁਤਾਬਕ ‘ਇੱਕ-ਅੱਧਾ ਬੇਵਕੂਫ ਕਾਮਰੇਡ’ ਮੰਨ ਲਈਏ।ਸਿੱਖ ਜੁਝਾਰੂਆਂ ਪ੍ਰਤੀ ਪਾਸ਼ ਤੇ ਉਸਦੇ ਸਾਥੀਆਂ ਦਾ ਕੀ ਰਵੱਈਆ ਸੀ, ਇਹ ਤਾਂ ਕਿਸੇ ਤੋਂ ਲੁਕਿਆ ਨਹੀਂ।ਬਾਕੀ ਦਿੱਲੀ ਵਿੱਚ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਬਾਰੇ ਪੀ. ਯੂ. ਸੀ. ਐਲ. ਨੇ ਸ਼ਲਾਘਾਯੋਗ ਕੰਮ ਕੀਤਾ ਸੀ। ਪਰ ਮੇਰੇ ਪਿਛਲੇ ਲੇਖ ਵਿੱਚ ਟਿੱਪਣੀਆਂ ਪੰਜਾਬੀ ਕਾਮਰੇਡਾਂ ਬਾਰੇ ਕੀਤੀਆਂ ਸਨ ਨਾ ਕਿ ਸਾਰੇ ਕਾਮਰੇਡਾਂ ਬਾਰੇ।

ਮਹਾਰਾਜਾ ਰਣਜੀਤ ਸਿੰਘ ਵਿੱਚ ਬਥੇਰੇ ਸ਼ਖਸੀ ਔਗੁਣ ਸਨ। ਅਜਿਹੇ ਔਗੁਣ ਸਿੱਖ ਰਾਜ ਨਾਲ ਸਬੰਧਿਤ ਹੋਰ ਵਿਅਕਤੀਆਂ ਵਿੱਚ ਵੀ ਸਨ। ਪਰ ਉਦੋਂ ਦਾ ਸਮਾਜ ਇਨ੍ਹਾਂ ਔਗੁਣਾਂ ਵਿੱਚ ਗ੍ਰਸਤ ਨਹੀਂ ਸੀ। ਜੋ ਕੁਝ ਪੰਜਾਬ ਵਿੱਚ ਅੱਜ ਚੱਲ ਰਿਹਾ ਹੈ ਉਸਨੂੰ ਕੁਝ ਕੁ ਲੋਕਾਂ ਦੇ ਗਲਤ ਵਿਹਾਰ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਪੂੰਜੀਵਾਦੀ ਸਿਸਟਮ ਨੇ ਮੁਨਾਫਾ ਵਧਾਉਣ ਖਾਤਰ ਉਪਭੋਗੀ ਮਾਨਸਿਕਤਾ ਤਿਆਰ ਕਰਨ ਲਈ ਪੂਰੇ ਦੇ ਪੂਰੇ ਸਮਾਜ ਅੰਦਰ ਆਪਣੇ ਬੇਅੰਤ ਸਾਧਨਾਂ ਰਾਹੀਂ ਇਹ ਔਗੁਣ ਲਿਆਉਣ ਦੀ ਮੁਹਿੰਮ ਵਿੱਢੀ ਹੋਈ ਹੈ। ਮਨੁੱਖਾਂ ਵਿੱਚ ਔਗੁਣ ਤਾਂ ਪੁਰਾਤਨ ਸਮੇਂ ਤੋਂ ਹੀ ਪਾਏ ਜਾਂਦੇ ਹਨ। ਪਰ ਇਸ ਬਹਾਨੇ ਨਾਲ ਪੂੰਜੀਵਾਦੀ ਸਿਸਟਮਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਜੇ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹਾ ਕਰਨ ਨਾਲ ਪੂੰਜੀਵਾਦ ਨਾਲ ਉਸਦੀ ਸਾਂਝ-ਭਿਆਲੀ ਹੀ ਨੰਗੀ ਹੋਵੇਗੀ। ਜੇਕਰ ਮੈਂ ਅਜੋਕੇ ਪੂੰਜੀਵਾਦ ਦੀ ਅਲੋਚਨਾ ਲਈ ਸਟੀਗਲਰ ਦਾ ਹਵਾਲਾ ਦੇ ਦਿੱਤਾ ਤਾਂ ਕੋਈ ਗੁਨਾਹ ਤਾਂ ਨਹੀਂ ਕਰ ਲਿਆ। ਕੀ ਸਮਕਾਲੀ ਲੇਖਕਾਂ ਦੇ ਹਵਾਲੇ ਦੇਣੇ ਹੀ ਗਲਤ ਗੱਲ ਹੈ? ਜੇ ਯਾਦਵਿੰਦਰ ਨੂੰ ਵਾਕਿਆ ਹੀ ਇਹ ਭੁਲੇਖਾ ਹੈ ਕਿ ਹਰ ਇੱਕ ਸਮਕਾਲੀ ਲੇਖਕ ਉੱਤਰ-ਆਧੁਨਿਕ ਹੈ, ਤਾਂ ਉਸਨੂੰ ਲਿਖਣਾ ਛੱਡ ਕੇ ਕੁਝ ਚਿਰ ਲਈ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ?

1849 ਤੋਂ ਬਾਅਦ ਹੁਣ ਤੱਕ ਸਿੱਖ ਆਪਣੀ ਆਜ਼ਾਦੀ ਦਾ ਸੰਘਰਸ਼ ਲੜਦੇ ਆ ਰਹੇ ਹਨ।ਇਸ ਸਾਰੇ ਸਮੇਂ ਦੌਰਾਨ ਕਦੇ ਇੱਕ ਦਿਨ ਲਈ ਵੀ ਸਿੱਖਾਂ ਦੇ ਹੱਥ ਪੰਜਾਬ ਦਾ ਰਾਜ ਨਹੀਂ ਆਇਆ।ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਪੰਜਾਬ ਦਾ ਰਾਜ ਆਇਆ ਹੈ, ਉਹ ਸਿੱਖਾਂ ਦੇ ਭੇਸ ਵਿੱਚ ਹਕੂਮਤ ਦੇ ਹੱਥਠੋਕੇ ਹਨ।ਪਿਛਲੇ ਤਿੰਨ ਦਹਾਕਿਆਂ ਤੋਂ ਲੜਿਆ ਜਾ ਰਿਹਾ ਸਿੱਖ ਸੰਘਰਸ਼ ਦਿੱਲੀ ਦਰਬਾਰ ਦੇ ਨਾਲ-ਨਾਲ ਸਿੱਖੀ ਦੇ ਭੇਸ ਵਿੱਚ ਲੁਕੇ ਹੋਏ ਪਾਖੰਡੀਆਂ ਦੇ ਵਿਰੁੱਧ ਵੀ ਹੈ। ਸੰਘਰਸ਼ ਦੌਰਾਨ ਸਾਰੇ ਸਿੱਖਾਂ ਨੇ ਭਰਵੇਂ ਰੂਪ ਵਿੱਚ ਬਾਦਲ-ਟੌਹੜਾ ਜੁੰਡਲੀ ਦੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਰੱਦ ਕੀਤਾ। 1989 ਦੀਆਂ ਵੋਟਾਂ ਵਿੱਚ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਦਾ ਵੀ ਇਹੀ ਕਾਰਣ ਸੀ। ਪਰ ਸਿੱਖਾਂ ਕੋਲ ਆਪਣੀ ਬੌਧਿਕ ਪ੍ਰਤੀਨਿਧਤਾ ਨਾ ਹੋਣ ਦਾ ਖਮਿਆਜ਼ਾ ਸਿੱਖ ਸੰਘਰਸ਼ ਨੂੰ ਭੁਗਤਣਾ ਪਿਆ। ਪੰਜਾਬ ਦੇ ਕਾਮਰੇਡਾਂ, ਜਿਨ੍ਹਾਂ ਦੀ ਪੰਜਾਬ ਦੀ ਬੌਧਿਕਤਾ ਉੱਤੇ ਅਜਾਰੇਦਾਰੀ ਸੀ, ਨੇ ਸਿੱਖ ਸੰਘਰਸ਼ ਨੂੰ ਫਿਰਕੂ ਅਤੇ ਦਹਿਸ਼ਤਗਰਦ ਸਿੱਧ ਕਰਨ ਆਪਣਾ ਪੂਰਾ ਤਾਣ ਲਾਇਆ। ਜ਼ਾਹਰ ਤੌਰ ਉੱਤੇ ਅਜਿਹਾ ਕਰਨ ਨਾਲ ਇਨ੍ਹਾਂ ਨੂੰ ਹਕੂਮਤ ਦੀ ਖੁਸ਼ਨੂਦੀ ਹਾਸਲ ਹੁੰਦੀ ਸੀ। ਸਿੱਖ ਸੰਘਰਸ਼ ਦੇ ਮੱਠੇ ਪੈਣ ਦਾ ਵੀ ਇੱਕ ਕਾਰਣ ਪੰਜਾਬ ਦੇ ਕਾਮਰੇਡਾਂ ਵਲੋਂ ਇਸ ਵਿਰੁੱਧ ਕੀਤਾ ਗਿਆ ਝੂਠਾ ਪ੍ਰਾਪੇਗੰਡਾ ਹੈ। ਜਿੱਥੋਂ ਤੱਕ ਸਿੱਖੀ ਦੇ ਕਿਰਤ ਕਰੋ, ਵੰਡ ਛਕੋ ਦੇ ਸਿਧਾਤਾਂ ਦੀ ਪ੍ਰੋੜਤਾ ਕਰਨ ਦਾ ਸਵਾਲ ਹੈ, ਅਜਿਹਾ ਸਿਰਫ ਨੀਤੀ ਵਜੋਂ ਕੀਤਾ ਗਿਆ ਤਾਂ ਕਿ ਲੋਕ ਮਨਾਂ ਵਿੱਚ ਗਹਿਰੀ ਵਸੀ ਹੋਈ ਸਿੱਖ ਸ਼ਬਦਾਵਲੀ ਨੂੰ ਵਰਤ ਕੇ ਆਪਣੇ ਸਿਆਸੀ ਪ੍ਰੋਗਰਾਮ ਨੂੰ ਅੱਗੇ ਤੋਰਿਆ ਜਾ ਸਕੇ। ਅਜਿਹੀ ਹੀ ਨੀਤੀ ਦਾ ਮੁਜ਼ਾਹਰਾ ਸੀ. ਪੀ. ਆਈ. ਵਲੋਂ ਵੀ ਪਿੱਛੇ ਜਿਹੇ ਜਲੰਧਰ ਵਿਖੇ ਕੀਤਾ ਗਿਆ ਸੀ। ਜਦੋਂ ਉਨ੍ਹਾਂ ਇੱਕ ਰੈਲੀ ਵਿੱਚ ਮਾਰਕਸ ਅਤੇ ਲੈਨਨ ਦੀਆਂ ਤਸਵੀਰਾਂ ਦੇ ਬਰਾਬਰ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲਗਾਈਆਂ ਸਨ। ਕੀ ਇਹਦਾ ਮਤਲਬ ਇਹ ਮੰਨ ਲਈਏ ਕਿ ਸੀ. ਪੀ. ਆਈ. ਦੀ ਸਿੱਖੀ ਪ੍ਰਤੀ ਪਹੁੰਚ ਵਿੱਚ ਬੁਨਿਆਦੀ ਤਬਦੀਲੀ ਆ ਚੁੱਕੀ ਹੈ।

ਕੌਮੀਅਤ ਬਾਰੇ ਗੱਲ ਕਰਦਿਆਂ ਯਾਦਵਿੰਦਰ ਨੇ ਦਸ ਬਾਰਾਂ ਚਿੰਤਕਾਂ ਦੇ ਨਾਮ ਲਏ ਹਨ ਪਰ ਉਹ ਕੌਮੀਅਤ ਬਾਰੇ ਕੀ ਸੋਚਦੇ ਹਨ, ਇਹ ਨਹੀਂ ਦੱਸਿਆ। ਇਸਨੂੰ ਅੰਗਰੇਜ਼ੀ ਵਿੱਚ ਨੇਮ-ਡਰੌਪਿੰਗ ਕਹਿੰਦੇ ਹਨ, ਜਿਸਦਾ ਮਕਸਦ ਬਹੁਤ ਸਾਰੇ ਚਿੰਤਕਾਂ ਦੇ ਨਾਂ ਲੈ ਕੇ ਪਾਠਕਾਂ ਅੰਦਰ ਆਪਣੀ ਵਿਦਵਤਾ ਦੀ ਧੌਂਸ ਜਮਾਉਣਾ ਹੁੰਦਾ ਹੈ। ਜੇ ਕਾਰਲ ਮਾਰਕਸ ਕੌਮੀਅਤਾਂ ਦੀ ਲੜਾਈ ਦੇ ਹੱਕ ਵਿੱਚ ਗੱਲ ਕਰਦਾ ਹੈ ਤਾਂ ਸਟਾਲਿਨ ਨੂੰ ਕੀ ਹੋ ਗਿਆ ਸੀ ਕਿ ਉਸਨੇ ਰੂਸ ਵਿੱਚ ਕੌਮੀਅਤਾਂ ਦਾ ਘਾਣ ਕੀਤਾ? 30 ਲੱਖ ਯੁਕਰੇਨੀਅਨਾਂ ਨੂੰ ਮਾਰ ਕੇ ਉਨ੍ਹਾਂ ਦੀ ਨਸਲਕੁਸ਼ੀ ਕੀਤੀ।

ਜੇ ਯਾਦਵਿੰਦਰ ਨੇ ਇਹ ਮੰਨਿਆ ਹੈ ਕਿ ਆਨੰਦਪੁਰ ਸਾਹਿਬ ਦਾ ਪਹਿਲਾ ਮਤਾ ਕੌਮੀਅਤਾਂ ਦੀ ਲੜਾਈ ਦੀ ਤਰਜਮਾਨੀ ਕਰਦਾ ਹੈ ਤਾਂ ਉਸਨੂੰ ਇਹ ਮੰਨਣ ਤੋਂ ਵੀ ਝਿਜਕ ਨਹੀਂ ਦਿਖਾਉਣੀ ਚਾਹੀਦੀ ਕਿ ਪੰਜਾਬ ਦੇ ਕਾਮਰੇਡਾਂ ਨੇ ਉਸ ਮਤੇ ਲਈ ਚੱਲੇ ਸੰਘਰਸ਼ ਵਿੱਚ ਕੋਈ ਹਿੱਸਾ ਨਹੀਂ ਪਾਇਆ ਸਗੋਂ ਉਸ ਸੰਘਰਸ਼ ਦੇ ਵਿਰੁੱਧ ਭੁਗਤੇ ਹਨ।

ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਇੱਥੋਂ ਦੇ ਬੌਧਿਕ ਵਰਗ ਨੇ ਨਾ ਇਸ ਧਰਤੀ ਦੀ ਪੀੜ ਨੂੰ ਚੰਗੀ ਤਰ੍ਹਾਂ ਪਛਾਣਿਆ ਹੈ ਅਤੇ ਨਾ ਹੀ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ। ਉੱਤਰ-ਆਧੁਨਿਕਤਾ ਬਾਰੇ ਵੀ ਪੰਜਾਬੀ ਵਿਦਵਾਨਾਂ ਨੇ ਬਹੁਤਾ ਕਰਕੇ ਪੇਤਲੀ ਪਹੁੰਚ ਹੀ ਅਪਣਾਈ ਹੈ। ਬਹੁਤੇ ਵਿਦਵਾਨ ਤਾਂ ਹਰ ਇੱਕ ਸਮਕਾਲੀ ਯੂਰਪੀ ਲੇਖਕ ਨੂੰ ਹੀ ਉੱਤਰ-ਆਧੁਨਿਕ ਮੰਨ ਲੈਂਦੇ ਹਨ। ਉਨ੍ਹਾਂ ਅਨੁਸਾਰ ਜਿਹੜਾ ਵੀ ਸਮਕਾਲੀ ਲੇਖਕ ਮਾਰਕਸਵਾਦੀ ਨਹੀਂ ਹੈ, ਉਹ ਉੱਤਰ-ਆਧੁਨਿਕ ਹੈ। ਮੇਰੇ ਸਟੀਗਲਰ ਦੇ ਹਵਾਲੇ ਦੇ ਆਧਾਰ ਉੱਤੇ ਹੀ ਮੈਨੂੰ ‘ਉਤਰ-ਆਧੁਨਿਕਤਾ ਦਾ ਉਪਾਸਕ’ ਕਹਿ ਕੇ ਯਾਦਵਿੰਦਰ ਵੀ ਅਜਿਹਾ ਹੀ ਕਰ ਰਿਹਾ ਹੈ। ਉਤਰ-ਆਧੁਨਿਕ ਫਲਸਫੇ ਪ੍ਰਤੀ ਅਲੋਚਨਾਤਮਕ ਰਵੱਈਆ ਰੱਖਣਾ ਕੋਈ ਮਾੜੀ ਗੱਲ ਨਹੀਂ ਅਤੇ ਰੱਖਣਾ ਚਾਹੀਦਾ ਵੀ ਹੈ। ਮੈਂ ਖੁਦ ਵੀ ਅਜਿਹਾ ਹੀ ਰਵੱਈਆ ਰੱਖਦਾ ਹਾਂ।ਪਰ ਅਲੋਚਨਾਤਮਕ ਹੋਣ ਤੋਂ ਪਹਿਲਾਂ ਕਿਸੇ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਬਗੈਰ ਸਮਝ ਦੇ ਕੀਤੀ ਅਲੋਚਨਾ ਦੀ ਪੜ੍ਹੇ-ਲਿਖੇ ਬੰਦਿਆਂ ਲਈ ਤਾਂ ਕੋਈ ਤੁਕ ਨਹੀਂ ਬਣਦੀ, ਹਾਂ ਪੰਜਾਬੀ ਕਾਮਰੇਡ ਇਸ ਕਲਾ ਦੇ ਪੂਰੇ ਮਾਹਰ ਹਨ। ਉਹ ਆਪਣੀ ਬਕਵਾਸਬਾਜ਼ੀ ਦੀ ਤੁਕ ਬਣਾਉਣ ਲਈ ਕਿਸੇ ਵੀ ਪੱਧਰ ’ਤੇ ਜਾ ਸਕਦੇ ਹਨ। ਜਨਾਬ ਦੀ ਜਾਣਕਾਰੀ ਲਈ ਦੋ ਪ੍ਰਮੁੱਖ ਉਤਰ-ਆਧੁਨਿਕ ਚਿੰਤਕ ਲਿਓਤਾਰਦ ਅਤੇ ਬੌਦਰੀਲਾ ਹਨ। ਬਹੁਤੇ ਯੂਰਪੀ ਚਿੰਤਕਾਂ ਜਿਵੇਂ ਹਾਈਡਿਗਰ ਅਤੇ ਦੈਰਿਦਾ ਆਦਿ ਉੱਤੇ ਧੱਕੇ ਨਾਲ ਹੀ ਉਤਰ-ਆਧੁਨਿਕ ਹੋਣ ਦਾ ਲੇਬਲ ਦਿੱਤਾ ਜਾਂਦਾ ਹੈ।ਜਦੋਂ ਕਿ ਉਨ੍ਹਾਂ ਨੇ ਆਪਣੀਆਂ ਮੁਲਾਕਾਤਾਂ ਦੌਰਾਨ ਸਪੱਸ਼ਟ ਰੂਪ ਵਿੱਚ ਕਿਹਾ ਹੈ ਕਿ ਅਸੀਂ ਉੱਤਰ-ਆਧੁਨਿਕ ਨਹੀਂ ਹਾਂ।ਉੱਤਰ-ਆਧੁਨਿਕ ਚਿੰਤਕਾਂ ਵਿੱਚੋਂ ਬੌਦਰੀਲਾ ਦੀ ਪਹੁੰਚ ਪੂਰੀ ਤਰ੍ਹਾਂ ਸਾਮਰਾਜ ਵਿਰੋਧੀ ਹੈ। ਬੌਦਰੀਲਾ ਨੇ ਪਹਿਲੀ ਇਰਾਕ ਜੰਗ ਦੌਰਾਨ ਮੀਡੀਏ ਦੇ ਰੋਲ ਦੀ ਅਲੋਚਨਾ ਕਰਦੀ ਇੱਕ ਇੱਕ ਕਮਾਲ ਦੀ ਕਿਤਾਬ ਲਿਖੀ ਹੈ। ਗਿਆਰਾਂ ਸਤੰਬਰ ਦੇ ਹਮਲਿਆਂ ਬਾਰੇ ਵੀ ਉਸ ਨੇ ‘ਸਪਿਰਿਟ ਆਫ ਟੈਰੋਰਿਜ਼ਮ’ ਨਾਂ ਦੀ ਕਿਤਾਬ ਲਿਖ ਕੇ ਪੱਛਮੀ ਸਾਮਰਾਜੀ ਮੁਲਕਾਂ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਬਿਨਾਂ ਪੜ੍ਹੇ ਹੀ ਕਿਸੇ ਲੇਖਕ ਨੂੰ ਰੱਦ ਕਰਨਾ ਹੋਛਾਪਣ ਹੈ, ਜੋ ਪੰਜਾਬੀ ਕਾਮਰੇਡਾਂ ਵਿੱਚ ਅਕਸਰ ਵੇਖਣ ਨੂੰ ਮਿਲਦਾ ਹੈ। ਬਾਕੀ ਉੱਤਰ-ਆਧੁਨਿਕਤਾ ਦਾ ਫਲਸਫਾ ਦੁਨੀਆਂ ਉੱਤੇ 90ਵਿਆਂ ਵਿੱਚ ਨਹੀਂ ਫੈਲਿਆ ਜਿਵੇਂ ਯਾਦਵਿੰਦਰ ਨੇ ਦੱਸਿਆ ਹੈ, ਸਗੋਂ ਇਸਦੀ ਜੜ੍ਹ ਕਾਫੀ ਪੁਰਾਣੀ ਹੈ। 1870ਵਿਆਂ ਵਿੱਚ ਜੌਹਨ ਵੈਟਕਿਨਜ਼ ਚੈਪਮੈਨ ਨੇ ਇਸਦੀ ਪਹਿਲੀ ਵਾਰ ਵਰਤੋਂ ਕੀਤੀ ਸੀ। 1926 ਵਿੱਚ ਬੀ. ਆਈ. ਬੈੱਲ ਨੇ ‘ਪੋਸਟਮਾਰਡਰਨਿਜ਼ਮ ਐਂਡ ਅਦਰ ਐਸੇਜ਼’ ਨਾਂ ਦੀ ਕਿਤਾਬ ਲਿਖੀ। 20ਵੀਂ ਸਦੀ ਦੇ ਤੀਜੇ ਦਹਾਕੇ ਦੌਰਾਨ ਕਲਾ ਦੇ ਖੇਤਰ ਵਿੱਚ ਉੱਤਰ-ਆਧਿੁਨਕਤਾ ਦੀ ਲਹਿਰ ਭਾਰੂ ਸੀ। ਮਈ 1968 ਵਿੱਚ ਫਰਾਂਸ ਵਿੱਚ ਚੱਲੇ ਸਰਕਾਰ ਵਿਰੋਧੀ ਅੰਦੋਲਨ ਤੋਂ ਪਹਿਲਾਂ ਉੱਤਰ-ਆਧੁਨਿਕ ਫਲਸਫਾ ਕਾਫੀ ਜ਼ੋਰ ਫੜ੍ਹ ਚੁੱਕਾ ਸੀ। ਸੋ ਬੇਨਤੀ ਹੈ ਕਿ ਕਿਸੇ ਵਿਚਾਰਧਾਰਾ ਦੀ ਅਲੋਚਨਾ ਪੇਸ਼ ਕਰਨ ਤੋਂ ਪਹਿਲਾਂ ਉਸਨੂੰ ਸਮਝ ਜ਼ਰੂਰ ਲਿਆ ਜਾਵੇ।

ਮੈਂ ਇਹ ਬਹਿਸ ਇਸ ਆਸ ਨਾਲ ਸ਼ੁਰੂ ਕੀਤੀ ਸੀ ਕਿ ਸ਼ਾਇਦ ਅਜਿਹੀ ਬਹਿਸ ਰਾਹੀਂ ਅਸੀਂ ਆਪਣੇ ਇਤਿਹਾਸ ਤੋਂ ਕੁਝ ਸਿੱਖ ਸਕੀਏ। ਪਰ ਯਾਦਵਿੰਦਰ ਦੇ ਰਵੱਈਏ ਨੂੰ ਦੇਖ ਕੇ ਮੈਨੂੰ ਹੈਰਾਨੀ ਵੀ ਹੋਈ ਹੈ ਤੇ ਨਿਰਾਸ਼ਤਾ ਵੀ। ਅਸੀਂ ਕਲਮ ਰਾਹੀਂ ਇੱਕ ਦੂਜੇ ਨਾਲ ਸੰਵਾਦ ਰਚਾ ਰਹੇ ਹਾਂ, ਤਾਂ ਕਿ ਪੜ੍ਹਨ ਵਾਲਿਆਂ ਨੂੰ ਕੁਝ ਉਸਾਰੂ ਪੜ੍ਹਨ ਨੂੰ ਮਿਲੇ, ਇਸ ਵਿੱਚ ਗੋਲੀ ਦੀ ਗੱਲ ਕਿੱਥੋਂ ਆ ਗਈ? ਆਪਣੀ ਗੱਲ ਨੂੰ ਦਲੀਲ ਪੂਰਬਕ ਕਹਿਣ ਦਾ ਢੰਗ ਸਿੱਖਣਾ ਚਾਹੀਦਾ ਹੈ, ਖਾਹ-ਮਖਾਹ ‘ਸ਼ਹੀਦ’ ਬਣਨ ਨਾਲ ਸਮਾਜ ਦਾ ਕੁਝ ਨਹੀਂ ਸੰਵਰਨਾ।

ਲੇਖਕ-ਪ੍ਰਭਸ਼ਰਨਬੀਰ ਸਿੰਘ

Saturday, September 4, 2010

ਇਕ ਇੰਚ ਤੋਂ ਗੋਲੀ ਮਾਰਕੇ ਕਤਲ,ਪਰ ਝੂਠ ਮੀਲਾਂ ਲੰਮੇ

ਮਾਓਵਾਦੀ ਪਾਰਟੀ ਦੇ ਬੁਲਾਰੇ ਚੇਰੂਕੁਰੀ ਰਾਜ ਕੁਮਾਰ ਉਰਫ ਅਜ਼ਾਦ ਦੇ ਸਿੱਧੇ ਮੁਕਾਬਲੇ ਦੀਆਂ ਖ਼ਬਰਾਂ ਕੁਝ ਸਮਾਂ ਪਹਿਲਾਂ ਆਈਆਂ ਸਨ।ਪਰ ਮਾਓਵਾਦੀਆਂ ਨੇ ਇਸਨੂੰ ਝੂਠਾ ਮੁਕਾਬਲਾ ਦੱਸਿਆ ਸੀ।ਉਸਤੋਂ ਬਾਅਦ ਵੱਖ ਵੱਖ ਮਨੁੱਖੀ ਅਧਿਕਾਰ ਜਥੇਬੰਦੀਆਂਵਲੋਂ ਅਜ਼ਾਦ ਦੇ ਮੁਕਾਬਲੇ ਦੀ ਜਾਂਚ ਦੀ ਮੰਗ ਉੱਠਦੀ ਰਹੀ।ਹੁਣ ਅਜ਼ਾਦ ਦੀ ਪੋਸਟ ਮਾਰਟਮ ਆਉਣ ਤੋਂ ਬਾਅਦ ਪੁਲਸੀਆ ਕਾਰਵਾਈ 'ਤੇ ਸਵਾਲ ਖੜ੍ਹੇ ਹੋਏ ਹਨ।ਇਸ ਸਬੰਧੀ ਭਾਰਤ ਦੇ ਕਈ ਵੱਡੇ ਮੈਗਜ਼ੀਨਾਂ ਤੇ ਅਖ਼ਬਾਰਾਂ 'ਚ ਪੱਤਰਕਾਰਾਂ ਨੇ ਅਜ਼ਾਦ ਦੀ ਮੌਤ ਨੂੰ ਕਤਲ ਦੱਸਦਿਆਂ ਲੰਮੇ ਲੇਖ ਲਿਖੇ।ਸ਼ੋਮਾ ਚੌਧਰੀ ਨੇ ਤਹਿਲਕਾ ਤੇ ਪਸੁੰਨ ਬਾਜਪਈ ਨੇ ਜਨਸੱਤਾ 'ਚ ਲਿਖਿਆ ਹੈ।ਇਸਤੋਂ ਇਲਾਵਾ ਮਸ਼ਹੂਰ ਮੈਗਜ਼ੀਨ "ਆਉਟ ਲੁੱਕ" ਨੇ "ਅਜ਼ਾਦ ਦਾ ਕਤਲ" ਨਾਂਅ ਹੇਠ ਲੰਮੀ ਕਵਰ ਸਟੋਰੀ ਛਾਪੀ ਹੈ।ਇਸੇ ਕਵਰ ਸਟੋਰੀ ਦਾ ਪੰਜਾਬੀ ਤਰਜ਼ਮਾ ਸੁਤੰਤਰ ਬੁੱਧੀਜੀਵੀ ਬੂਟਾ ਸਿੰਘ ਨੇ ਕੀਤਾ ਹੈ। -ਗੁਲਾਮ ਕਲਮ

ਕੀ ਆਜ਼ਾਦ ਵੀ ਕਾਂਗਰਸ ਲਈ ਸੋਹਰਾਬੂਦੀਨ ਸਾਬਤ ਹੋਵੇਗਾ? ਉਸ ਦੀ ਪੋਸਟ–ਮਾਰਟਮ ਰਿਪੋਰਟ ਤਾਂ ਇਹੀ ਦਰਸਾਉਂਦੀ ਹੈ ਕਿ ਉਸ ਨੂੰ ਜਾਣ–ਬੁੱਝਕੇ ਮਾਰਿਆ ਗਿਆ।-ਸੌਕੇਤ ਦੱਤਾ

ਮ੍ਰਿਤਕ ਬੰਦੇ ਆਪਣੇ ਨਾਲ ਬੀਤੀ ਬਿਆਨ ਨਹੀਂ ਕਰ ਸਕਦੇ ਹੁੰਦੇ। ਪਰ ਜਦੋਂ ਮ੍ਰਿਤਕ ਵਿਅਕਤੀ ਚੇਰੂਕੁਰੀ ਰਾਜ ਕੁਮਾਰ ਉਰਫ਼ ਆਜ਼ਾਦ ਹੋਵੇ ਤਾਂ ਮੌਤ ਦਾ ਢੰਗ ਬਹੁਤ ਕੁਝ ਬਿਆਨ ਕਰ ਦਿੰਦਾ ਹੈ। ਮਾਓਵਾਦੀ ਆਗੂ ਦੀ ਪੋਸਟ ਮਾਰਟਮ ਰਿਪੋਰਟ, ਜਿਸ ਤੱਕ ਆਊਟਲੁੱਕ ਨੇ ਪਹੁੰਚ ਕਰ ਲਈ ਹੈ, ਸਪਸ਼ਟ ਤੌਰ ’ਤੇ ਸਾਬਤ ਕਰਦੀ ਹੈ ਕਿ ਉਸ ਨੂੰ ਮੁਕਾਬਲੇ ਵਿਚ ਮਾਰਿਆ ਗਿਆ ਸੀ। ਜਦੋਂ ਇਸ ਨੂੰ ਐਫ ਆਈ ਆਰ ਅਤੇ ਸਰਕਾਰੀ ਛਾਣਬੀਣ ਦੀਆਂ ਰਿਪੋਰਟਾਂ ਨਾਲ ਜੋੜਕੇ ਘੋਖਿਆ ਜਾਂਦਾ ਹੈ ਤਾਂ ਇਹ ਆਂਧਰਾ ਪ੍ਰਦੇਸ਼ ਪੁਲੀਸ ਵੱਲੋਂ ਘੜੀ ਗਈ ਉਸਦੀ ਮੌਤ ਦੀ ਕਹਾਣੀ ਦੇ ਝੂਠ ਦੇ ਪੁਲੰਦੇ ਦੀ ਪੋਲ ਖੋਲਦੀ ਹੈ। ਇਹ ਮੁਕਾਬਲੇ ਦਾ ਦਾਅਵਾ, ਜਿਸ ਨੂੰ ਭਾਰਤ ਦੀ ‘‘ਅੰਦਰੂਨੀ ਸੁਰੱਖਿਆ ਨੂੰ ਸਭ ਤੋਂ ਵੱਡੇ ਖ਼ਤਰੇ’’ ਵਿਰੁੱਧ ਯੂ ਪੀ ਏ ਸਰਕਾਰ ਵੱਲੋਂ ਲੜੀ ਜਾ ਰਹੀ ਜੰਗ ਦੇ ਵੱਡੇ ਹਾਸਲ ਵਜੋਂ ਧੁਮਾਇਆ ਜਾ ਰਿਹਾ ਹੈ, ਅਸਲ ਵਿਚ ਰਾਜ ਵੱਲੋਂ ਗਿਣ-ਮਿਥਕੇ ਕੀਤਾ ਗਿਆ ਕਤਲ ਸੀ। ਆਜ਼ਾਦ, ਜਿਸ ਦੀ ਸਰਕਾਰ ਨਾਲ ਚੱਲਣ ਵਾਲੀ ਗੱਲਬਾਤ ’ਚ ਕੁੰਜੀਵਤ ਭੂਮਿਕਾ ਸੀ, ਨੂੰ ਚੁੱਕਕੇ ਗਿੱਠ ਕੁ ਜਿੰਨੀ ਦੂਰੀ ਤੋਂ ਪਿਸਤੌਲ ਨਾਲ ਗੋਲੀ ਮਾਰਕੇ ਮਾਰ ਦਿੱਤਾ ਗਿਆ। ਸਰਕਾਰ ਵਲੋਂ ਪੇਸ਼ ਕਹਾਣੀ ਉਕਾ ਹੀ ਮਨ ਨੂੰ ਨਹੀਂ ਲੱਗਦੀ ਕਿ ਪਹਾੜੀ ਦੇ ਸਿਖਰ ’ਤੇ ਛੁਪੇ ਮਾਓਵਾਦੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਈਆਂ ਅਤੇ ਜਦੋਂ ਸੁਰੱਖਿਆ ਦਸਤਿਆਂ ਨੇ ਹੇਠੋਂ ਇਸ ਦੇ ਜਵਾਬ ’ਚ ਗੋਲੀ ਚਲਾਈ ਤਾਂ ਆਜ਼ਾਦ ਮਾਰਿਆ ਗਿਆ।

ਮਾਰੇ ਜਾਣ ਤੋਂ ਦੋ ਦਿਨ ਬਾਅਦ ਆਦਿਲਾਬਾਦ ਜ਼ਿਲ•ਾ ਹਸਪਤਾਲ ਦੇ ਡਾਕਟਰਾਂ ਵੱਲੋਂ ਆਜ਼ਾਦ ਦੀ ਲਾਸ਼ ਦੇ ਪੋਸਟ ਮਾਰਟਮ ਦੀ ਰਿਪੋਰਟ ’ਚ ਦਰਜ ਹੈ ਕਿ ਉਸਦੀ ਛਾਤੀ ਦੇ ਖੱਬੇ ਪਾਸੇ ਕੁਝ ਇੰਚ ਉਪਰ ਵੱਲ ਇਕ ਸੈਂਟੀਮੀਟਰ ਦਾ ਅੰਡਾਕਾਰ ਜ਼ਖ਼ਮ ਸੀ ਜਿੱਥੇ ਗੋਲੀ ਲੱਗਕੇ ਦਿਲ ਪਾੜਕੇ ਕੰਗਰੋੜ ਦੇ ਨੌਵੇਂ ਤੇ ਦਸਵੇਂ ਮਣਕੇ ਵਿਚਾਲਿਉਂ ਬਾਹਰ ਨਿੱਕਲੀ ਹੋਈ ਸੀ। ਪੋਸਟ-ਮਾਰਟਮ ਕਰਨ ਵਾਲੇ ਡਾਕਟਰਾਂ ਨੇ ਰਿਪੋਰਟ ’ਚ ਦਰਜ ਕੀਤਾ ਹੈ ਕਿ ਜਿਸ ਥਾਂ ਜ਼ਖ਼ਮ ਸੀ ਉਥੇ,‘‘ਖੱਬੇ ਪਾਸੇ ਪੱਸਲੀਆਂ ਵਿਚਕਾਰਲੀ ਥਾਂ ਉ¤ਤੇ ‘‘ਕਾਲੇ ਅਤੇ ਲੂਹੇ ਹੋਣ’’ ਦੇ ਨਿਸ਼ਾਨ ਸਨ।

ਫਾਰੈਂਸਿਕ ਪ੍ਰਣਾਲੀ, ਜੋ ਗੋਲੀ ਦੇ ਘਾਤਕ ਜ਼ਖ਼ਮਾਂ ਦੀ ਬੁਝਾਰਤ ਬੁੱਝਣ ਦਾ ਕੰਮ ਵੀ ਕਰਦੀ ਹੈ, ਮੁਤਾਬਿਕ ‘‘ਕਾਲੇ ਅਤੇ ਲੂਹੇ ਹੋਣ ਦੇ ਨਿਸ਼ਾਨ’’ ਭੇਤ ਨਸ਼ਰ ਕਰਨ ਵਾਲੇ ਹੁੰਦੇ ਹਨ। ਸੈਂਕੜੇ ਪੋਸਟ ਮਾਰਟਮਾਂ ਦੇ ਸਾਰੇ ਮਾਹਰ ਕਹਿੰਦੇ ਹਨ ਕਿ ਜਦੋਂ ਜ਼ਖ਼ਮ ਵਾਲੀ ਜਗਾ• ਉ¤ਤੇ ‘‘ਲੂਹੇ ਹੋਣ’’ ਦੇ ਨਾਲ ‘‘ਕਾਲੇ ਨਿਸ਼ਾਨ’’ ਪਏ ਹੋਣ ਤਾਂ ਇਸ ਦਾ ਅਰਥ ਸਿਰਫ਼ ਇਹ ਹੁੰਦਾ ਹੈ ਕਿ ਮ੍ਰਿਤਕ ਨੂੰ ਗੋਲੀ 7.5 ਸੈਂਟੀਮੀਟਰ ਜਾਂ ਇਸ ਤੋਂ ਵੀ ਥੋੜ•ੇ ਫਾਸਲੇ ਤੋਂ ਮਾਰੀ ਗਈ-ਵਿਵਹਾਰਕ ਤੌਰ ’ਤੇ ਇਸ ਦਾ ਭਾਵ ਹੈ ਐਨ ਨੇੜਿਉਂ ਗੋਲੀ ਮਾਰਨਾ।

ਪੋਸਟ ਮਾਰਟਮ ਰਿਪੋਰਟ ਦੀਆਂ ਟਿੱਪਣੀਆਂ ਦੀ ਬਿਹਤਰ ਵਿਆਖਿਆ ਕਰਾਉਣ ਅਤੇ ਇਸ ਬਾਰੇ ਵਿਚਾਰ ਲੈਣ ਲਈ, ਆਊਟ ਲੁਕ ਨੇ ਤਿੰਨ ਵੱਖ-ਵੱਖ ਸ਼ਹਿਰਾਂ ਨਾਲ ਸੰਬੰਧਤ ਦੇਸ਼ ਦੇ ਫਾਰੈਂਸਿਕ ਪ੍ਰਣਾਲੀ ਦੇ ਅਤੇ ਬਾਰੂਦੀ ਹਥਿਆਰਾਂ ਦੇ ਜ਼ਖ਼ਮਾਂ ਦੇ ਚੋਟੀ ਦੇ ਮਾਹਰਾਂ ਨੂੰ ਇਸ ਦੀਆਂ ਕਾਪੀਆਂ ਦਿੱਤੀਆਂ। ਤੁਅੱਸਬ ਰਹਿਤ ਅਤੇ ਹਕੀਕਤਮੁਖੀ ਰਾਏ ਯਕੀਨੀ ਬਣਾਉਣ ਲਈ, ਸਿਰਫ਼ ਰਿਪੋਰਟ ਦਾ ਸਾਰਤੱਤ ਹੀ ਉਨ•ਾਂ ਨੂੰ ਦਿੱਤਾ ਗਿਆ, ਮ੍ਰਿਤਕ ਦਾ ਨਾਂ ਨਹੀਂ ਦੱਸਿਆ ਗਿਆ। ਤਿੰਨਾਂ ਹੀ ਮਾਹਰਾਂ ਦੀ ਰਾਏ ਸੀ ਕਿ ਨੇੜਿਉਂ, ਸ਼ਾਇਦ 7.5 ਸੈਂਟੀਮੀਟਰ ਤੋਂ ਵੀ ਘੱਟ ਨੇੜਿਉਂ, ਗੋਲੀ ਮਾਰੇ ਜਾਣ ਦੀ ਸੰਭਾਵਨਾ ਜ਼ਿਆਦਾ, ਬਹੁਤ ਜ਼ਿਆਦਾ ਹੈ।

ਮੈਡੀਸਿਨ ਦੇ ਗੋਲਡ ਮੈਡਲਿਸਟ ਅਤੇ ਅੱਜਕੱਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ ਵਿਖੇ ਫਾਰੈਂਸਿਕ ਮੈਡੀਸਿਨ ਅਤੇ ਜ਼ਹਿਰ ਅਧਿਐਨ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਡਾ. ਸੁਧੀਰ ਗੁਪਤਾ ਨੂੰ ਇਸ ਖੇਤਰ ਦੀ ਅਥਾਰਟੀ ਮੰਨਿਆ ਜਾਂਦਾ ਹੈ। ਉਹ ਮੁਕਾਬਲਿਆਂ ’ਚ ਮੌਤਾਂ ਦੇ ਅਧਿਐਨ ਦਾ ਮਾਹਰ ਵੀ ਹੈ, ਜਿਸ ਦਾ ਅਜਿਹੇ 30 ਮਾਮਲਿਆਂ ਨਾਲ ਵਾਹ ਪਿਆ ਹੈ। ਆਜ਼ਾਦ ਦੀ ਪੋਸਟ-ਮਾਰਟਮ ਰਿਪੋਰਟ ਦੀ ਘੋਖ ਕਰਨ ਤੋਂ ਬਾਅਦ, ਗੁਪਤਾ ਨੇ ਨਿਚੋੜ ਕੱਢਿਆ ਕਿ ਮ੍ਰਿਤਕ ਨੂੰ ਬਹੁਤ ‘‘ਨੇੜਿਉਂ ਗੋਲੀ’’ ਮਾਰਕੇ ਮਾਰਿਆ ਗਿਆ ਸੀ।

ਉਹ ਇਸ ਤਰ੍ਹਾਂ ਵਿਆਖਿਆ ਕਰਦਾ ਹੈ : ‘‘ਜਦੋਂ ਬਾਰੂਦੀ ਹਥਿਆਰ ਦੀ ਗੋਲੀ ਲੱਗਣ ਵਾਲੀ ਥਾਂ ਦੇ ਦੁਆਲੇ ਕਾਲਾ ਦਾਗ਼ ਪੈ ਕੇ ਚਮੜੀ ਕਾਲੀ ਹੋ ਗਈ ਹੋਵੇ, ਲੂਹੇ ਹੋਣ ਦੇ ਨਿਸ਼ਾਨ ਪਏ ਹੋਣ, ਤਾਂ ਇਹ ਬੰਦੂਕ ਚਲ ਕੇ ਨਿੱਕਲੀ ਬਾਰੂਦ ਦੀ ਲਾਟ ਤੇ ਧੂੰਏਂ ਦੀ ਵਜਾ• ਕਰਕੇ ਹੁੰਦਾ ਹੈ। ਇਹ ਨਿਸ਼ਾਨ ਨੇੜਿਉਂ (ਐਨ ਨੇੜਿਉਂ) ਗੋਲੀ ਮਾਰੀ ਹੋਣ ਦਾ ਜ਼ੋਰਦਾਰ ਸੰਕੇਤ ਹੁੰਦੇ ਹਨ। ਇਸ ਥਾਂ ਦੀ ਚਮੜੀ ਲਾਟ ਨਾਲ ਲੂਹੀ ਜਾਂਦੀ ਹੈ ਇਹ (ਲਾਟ) ਇਕੱਠੀ ਹੋ ਕੇ ਜੰਮਦੀ ਨਹੀਂ। ਜੇ ਗੋਲੀ ਐਨ ਨੇੜਿਉਂ ਚਲਾਈ ਗਈ ਹੋਵੇ, ਤਾਂ ਇਹ (ਲਾਟ) ਬੰਦੂਕ ਦੇ ਮੂੰਹ ਤੋਂ ਬਹੁਤ ਥੋੜ•ੇ ਫ਼ਾਸਲੇ ਤੱਕ ਹੀ ਜਾਂਦੀ ਹੈ ਅਤੇ ਇਸ ਕਰਕੇ ਇਸ ਨਾਲ ਚਮੜੀ ਲੂਹੀ ਜਾਂਦੀ ਹੈ। ਨੇੜਿਉਂ ਵੱਜੀ ਗੋਲੀ ਦੇ ਬਾਰੂਦ ਦੀ ਰਹਿੰਦ-ਖੂੰਹਦ ਚਮੜੀ ’ਚ ਧਸ ਜਾਂਦੀ ਹੈ ਅਤੇ ਇਥੇ ਦਾਗ਼ ਪੈ ਜਾਂਦਾ ਹੈ। ਇਹ ਨੋਟ ਕੀਤਾ ਜਾਵੇ ਕਿ ਇਸ ਦਾ ਜਮਾ ਨਾਮਾਤਰ ਹੋਣ ਕਾਰਨ ਲਾਟ ਅਤੇ ਬਾਰੂਦ ਬਹੁਤੇ ਫ਼ਾਸਲੇ ਤੱਕ ਨਹੀਂ ਜਾ ਸਕਦੇ।’’ ਹਾਲਾਂਕਿ, ਪੇਸ਼ੇਵਰ ਵਿਅਕਤੀ ਵਾਲੀ ਰਿਵਾਜ਼ੀ ਚੇਤਾਵਨੀ ਦਿੰਦਾ ਹੋਇਆ ਗੁਪਤਾ ਇਹ ਵਕਾਲਤ ਵੀ ਕਰ ਜਾਂਦਾ ਹੈ ਕਿ ‘‘ਗੋਲੀ ਦੀ ਮਾਰ ਦਾ ਸਹੀ ਅੰਦਾਜ਼ਾ ਲਾਉਣ ਲਈ ਬੰਦੂਕ ਨਾਲ ਉਸ ਤਰ੍ਹਾਂ ਦੀ ਗੋਲੀ ਚਲਾਕੇ ਦੇਖ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਬਾਰੂਦ ਅਸਲ ਫਾਇਰਿੰਗ ਸਮੇਂ ਵਰਤਿਆ ਗਿਆ ਸੀ।’’

ਜਿਹੜੇ ਦੂਸਰੇ ਮਾਹਰ ਤੱਕ ਆਊਟਲੁਕ ਨੇ ਪਹੁੰਚ ਕੀਤੀ ਸੀ ਉਸ ਦੇ ਨਾਂ ਤੋਂ ਫਾਰੈਂਸਿਕ ਮੈਡੀਸਿਨ ਦੇ ਸਾਰੇ ਵਿਦਿਆਰਥੀ ਚੰਗੀ ਤਰ•ਾਂ ਵਾਕਫ਼ ਹਨ। ਡਾ. ਬੀ ਊਮਾਦੇਤਨ ਫਾਰੈਂਸਿਕ ਮੈਡੀਸਿਨ ਵਿਭਾਗ ਦਾ ਸਾਬਕਾ ਮੁਖੀ ਅਤੇ ਥਿਰੂਵਨੰਤਾਪੁਰਮ ਮੈਡੀਕਲ ਕਾਲਜ ਵਿਖੇ ਪੁਲਿਸ ਸਰਜਨ ਹੈ। ਉਸਦੀ ਕਿਤਾਬ, ਫਾਰੈਂਸਿਕ ਮੈਡੀਸਿਨ ਦੇ ਅਸੂਲ ਅਤੇ ਅਭਿਆਸ, ਫਾਰੈਂਸਿਕ ਵਿਦਿਆਰਥੀਆਂ ਲਈ ਮਿਆਰੀ ਪਾਠ–ਪੁਸਤਕ ਹੈ। ਪੂਰੀ ਸਾਵਧਾਨੀ ਨਾਲ ਰਾਏ ਦੇਣ ਵਾਲਾ ਊਮਾਦੇਤਨ ਬਹੁਤ ਹੀ ਸਪਸ਼ਟ ਕਰ ਦਿੰਦਾ ਹੈ ਕਿ ਹਾਸਲ ਡੇਟਾ ਤੋਂ ਰਾਇ ਬਣਾ ਲੈਣਾ ਮੁਸ਼ਕਲ ਹੈ ਅਤੇ ਖ਼ਤਰਨਾਕ ਵੀ। ਪਰ ਉਸ ਨੂੰ ਵੀ ‘‘ਜਖ਼ਮ ਦੇ ਸਿਰਿਆਂ ਤੋਂ ਚਮੜੀ ਦਾ ਕਾਲੀ ਅਤੇ ਲੂਹੀ ਹੋਣਾ ਕੋਈ ਸਾਜਿਸ਼ ਲੱਗਦੀ ਹੈ। ‘‘ਆਮ ਤੌਰ ’ਤੇ, ਐਨ ਨੇੜਿਉਂ, 7.5 ਸੈਂਟੀਮੀਟਰ ਤੋਂ ਵੀ ਘੱਟ ਫ਼ਾਸਲੇ ਤੋਂ, ਗੋਲੀ ਲੱਗਣ ਨਾਲ ਤਿੰਨ ਤਰ•ਾਂ ਦੇ ਨਿਸ਼ਾਨ ਪੈ ਜਾਂਦੇ ਹਨ: ਜਖ਼ਮ ਵਾਲੀ ਥਾਂ ਲੂਹੀ ਜਾਂਦੀ ਹੈ; ਅਣ ਮੱਚੇ ਬਾਰੂਦ ਨਾਲ ਇਥੇ ਗੋਲ ਨਿਸ਼ਾਨ ਬਣ ਜਾਂਦਾ ਹੈ ਅਤੇ ਧੂੰਏ ਨਾਲ ਇਹ ਥਾਂ ਕਾਲੀ ਪੈ ਜਾਂਦੀ ਹੈ। ਜੇ ਮ੍ਰਿਤਕ ਨੇ ਸੂਤੀ ਕਮੀਜ਼ ਪਹਿਨੀਂ ਹੋਈ ਹੋਵੇ ਤਾਂ ਬਾਰੂਦ ਦਾ ਦਾਗ਼ ਕੱਪੜੇ ’ਤੇ ਪੈ ਜਾਂਦਾ ਹੈ। ਪਰ ਇਨ੍ਹਾਂ ਹੋਰ ਸੰਕੇਤਾਂ ਨਾਲ ਜੁੜਕੇ ਚਮੜੀ ਲੂਹੀ ਹੋਣ ਦਾ ਪੱਕਾ ਸੰਕੇਤ ਇਹੀ ਹੁੰਦਾ ਹੈ ਕਿ ਐਨ ਨੇੜਿਉਂ ਗੋਲੀ ਮਾਰੀ ਗਈ ਹੈ।’’

ਤੀਜਾ ਮਾਹਰ ਬਹੁਤ ਜ਼ਿਆਦਾ ਕਾਬਲੀਅਤ ਰੱਖਦਾ ਹੈ, ਉਸ ਨੇ ਨਾਂ ਗੁਪਤ ਰੱਖਣ ਦੀ ਗੁਜ਼ਾਰਿਸ਼ ਤਹਿਤ ਰਾਏ ਦਿੱਤੀ। ਚੰਡੀਗੜ• ਦੀ ਕੇਂਦਰੀ ਫਾਰੈਂਸਿਕ ਸਾਇੰਸਿਜ਼ ਲੈਬੋਰੇਟਰੀ ਦਾ ਇਹ ਸਾਬਕਾ ਡਾਇਰੈਕਟਰ ਬਾਰੂਦੀ ਹਥਿਆਰਾਂ ਦੇ ਜ਼ਖ਼ਮਾਂ ਦੇ ਅਧਿਐਨ ਦਾ ਮਾਹਰ ਹੈ ਅਤੇ ਉਸ ਨੇ ਇਸ ਵਿਸ਼ੇ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਉਸ ਦਾ ਕਹਿਣਾ ਹੈ, ‘‘ਜ਼ਖ਼ਮ ਦੇ ਦੁਆਲੇ ਦਾ ਰੰਗ ਕਾਲਾ ਹੋ ਜਾਣ ਦੀ ਵਜਾ• ਗੰਦਗੀ ਅਤੇ ਸੱਟ ਦੇ ਨਿਸ਼ਾਨ ਵੀ ਹੋ ਸਕਦੀ ਹੈ, ਪਰ ਜਦੋਂ ਇਸ ਦੇ ਜ਼ਖ਼ਮ ਦਾ ਆਲਾ ਦੁਆਲਾ ਲੂਹਿਆ ਗਿਆ ਹੋਵੇ, ਫੇਰ ਇਹ ਲਗਭਗ ਯਕੀਨੀ ਹੁੰਦਾ ਹੈ ਕਿ ਗੋਲੀ ਐਨ ਨੇੜਿਉਂ ਚਲਾਈ ਗਈ ਸੀ ਅਤੇ ਵਰਤਿਆ ਗਿਆ ਹਥਿਆਰ ਪਿਸਤੌਲ ਸੀ, ਨਾ ਕਿ ਏ ਕੇ-47 ਵਰਗੀ ਬੰਦੂਕ। ਇਸ ਨਾਲ ਵੀ ਇਸੇ ਤਰ੍ਹਾਂ ਦਾ ਜ਼ਖ਼ਮ ਹੁੰਦਾ ਹੈ ਪਰ ਤੰਤੂਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ। ਮੇਰਾ ਅੰਦਾਜ਼ਾ ਹੈ ਕਿ ਗੋਲੀ .38 ਬੋਰ (9 ਐਮ ਐਮ ਪਿਸਤੌਲ) ਤੋਂ ਚਲਾਈ ਗਈ ਸੀ।’’

ਜੇ ਪੋਸਟ-ਮਾਰਟਮ ਦੀ ਰਿਪੋਰਟ ਪੁਲਿਸ ਦੇ ਦਾਅਵਿਆਂ ਦੀ ਪੋਲ ਖੋਲਦੀ ਹੈ, ਤਾਂ 2 ਜੁਲਾਈ ਨੂੰ ਸਰਕਲ ਇੰਸਪੈਕਟਰ ਰਘੂਨੰਦਨ ਰਾਉ ਵੱਲੋਂ ਦਿੱਤੀ ਇਤਲਾਹ ਦੇ ਅਧਾਰ ’ਤੇ ਦਰਜ ਕੀਤੀ ਐਫ ਆਈ ਆਰ ਹੋਰ ਵੀ ਜ਼ਿਆਦਾ ਆਪਾ–ਵਿਰੋਧੀ ਹੈ। ਇਹ ਕਹਿੰਦੀ ਹੈ ਕਿ ਪੁਲਿਸ ਨੂੰ ਸੂਹੀਆ ਵਿਭਾਗ ਤੋਂ ਸੂਚਨਾ ਮਿਲੀ ਕਿ ਮਹਾਂਰਾਸ਼ਟਰ ਵਾਲੇ ਪਾਸਿਉਂ 20-25 ਮਾਓਵਾਦੀਆਂ ਦੇ ਤਕੜੇ ਦਸਤੇ ਨੇ ਵਾਂਕੇਡੀ ਜੰਗਲ ’ਚ ਘੁਸਪੈਠ ਕੀਤੀ ਹੈ। ਪਹਿਲੀ ਜੁਲਾਈ ਦੀ ਰਾਤ ਨੂੰ, ਰਾਓ ਦੀ ਟੀਮ, ਜੋ ਰਾਤ ਨੂੰ ਦੇਖ ਸਕਣ ਵਾਲੇ ਯੰਤਰਾਂ ਨਾਲ ਲੈਸ ਸੀ, ਨੇ ਸੈਂਕੜੇ ਏਕੜਾਂ ’ਚ ਫੈਲੇ ਜੰਗਲ ’ਚ ਦਸਤੇ ਦੀ ਪੈੜ ਨੱਪ ਲਈ। ਪੁਲਿਸ ਦਾ ਦਾਅਵਾ ਹੈ ਕਿ ਇਸ ਨੇ ਦਸਤੇ ਨੂੰ ਲਲਕਾਰਿਆ, ਪਰ ਅੱਗੋਂ ਗੋਲੀਆਂ ਦੀ ਜ਼ੋਰਦਾਰ ਬੌਛਾੜ ਦੇ ਰੂਪ ’ਚ ਜਵਾਬ ਆਇਆ। ਪੁਲਿਸ ਨੇ ਵੀ ਅੱਗੋਂ ਗੋਲੀਆਂ ਚਲਾਈਆਂ;ਅਤੇ 30 ਮਿੰਟ ਗੋਲੀਆਂ ਦਾ ਵਟਾਂਦਰਾ ਹੁੰਦਾ ਰਿਹਾ। ਜਦੋਂ ਗੋਲੀਆਂ ਚੱਲਣੀਆਂ ਬੰਦ ਹੋਈਆਂ ਤਾਂ ਰਾਓ ਦੀ ਅਗਵਾਈ ਹੇਠ ਪੁਲਿਸ ਪਾਰਟੀ ਠਹਿਰਣ ਤੇ ਰਾਤ ਕੱਟਣ ਲਈ ਪਹਾੜੀ ਵੱਲ ਚਲੀ ਗਈ। ਅਗਲੇ ਦਿਨ ਸਵੱਖਤੇ, ਜਦੋਂ ਉਸ ਨੇ ਤਲਾਸ਼ੀ ਮੁਹਿੰਮ ਫੇਰ ਸ਼ੁਰੂ ਕਰਨ ’ਤੇ ਦੋ ਅਣਪਛਾਤੀਆਂ ਲਾਸ਼ਾਂ ਦਾ ਠੇਡਾ ਲੱਗਣ ’ਤੇ ਇਨ੍ਹਾਂ ਦਾ ਪਤਾ ਲੱਗਿਆ, ਨੇੜੇ ਹੀ ਇਨ੍ਹਾਂ ਦੇ ਕਿਟ ਬੈਗ, ਇਕ ਏ ਕੇ-ਸੰਤਾਲੀ ਅਤੇ ਇਕ 9-ਐਮ ਐਮ ਦਾ ਪਿਸਤੌਲ ਪਏ ਸਨ। ਇਕ ਲਾਸ਼ ਆਜ਼ਾਦ ਦੀ ਸੀ; ਦੂਜੀ ਮ੍ਰਿਤਕ ਦੇਹ ਫਰੀਲਾਂਸ ਪੱਤਰਕਾਰ ਹੇਮਚੰਦਰ ਪਾਂਡੇ ਦੀ ਸੀ।

ਇਥੇ ਨਾ ਸਿਰਫ਼ ਪਹਿਲੀਆਂ ਵਾਲੀਆਂ ਆਪਾ–ਵਿਰੋਧੀ ਚੀਜ਼ਾਂ ਉਭਰਦੀਆਂ ਹਨ, ਐ¤ਫ ਆਈ ਆਰ ਅਤੇ ਜਾਂਚ ਰਿਪੋਰਟ ’ਚ ਦੋ ਹੋਰ ਅਹਿਮ ਸਵਾਲਾਂ ਦਾ ਜਵਾਬ ਵੀ ਨਹੀਂ ਹੈ:

* ਜੇ ਮਾਓਵਾਦੀਆਂ ਨੂੰ ਆਜ਼ਾਦ ਦੀ ਲਾਸ਼ ਛੱਡਕੇ ਭੱਜਣਾ ਵੀ ਪੈ ਗਿਆ ਹੋਵੇ, ਤਾਂ ਗੋਲੀਆਂ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਏ ਕੇ –ਸੰਤਾਲੀ ਅਤੇ 9-ਐਮ ਐਮ ਪਿਸਤੌਲ ਕਿਉਂ ਨਹੀਂ ਚੁੱਕਿਆ? ਏ ਕੇ-ਸੰਤਾਲੀ ਅਤੇ 9-ਐਮ ਐਮ ਦਾ ਪਿਸਤੌਲ ਮਾਓਵਾਦੀਆਂ ਲਈ ਬਹੁਤ ਕੀਮਤੀ ਚੀਜ਼ਾਂ ਹਨ ਅਤੇ ਉਹ ਕਦੇ ਛੱਡ ਕੇ ਨਹੀਂ ਜਾਂਦੇ।

*ਜੇ ਪੁਲਿਸ ਦੂਰੋਂ ਗੋਲੀ ਚਲਾ ਰਹੀ ਸੀ ਤਾਂ ਫੇਰ ਆਜ਼ਾਦ ਦੀ ਮੌਤ ਥੋੜ•ੀ ਦੂਰੀ ਤੋਂ ਮਾਰ ਕਰਨ ਵਾਲੇ 9-ਐਮ ਐਮ ਪਿਸਤੌਲ ਦੀ ਗੋਲੀ ਨਾਲ ਕਿਵੇਂ ਹੋ ਗਈ?

ਸਵਾਮੀ ਅਗਨੀਵੇਸ਼ ਖ਼ੁਦ ਹੈਰਾਨ–ਪ੍ਰੇਸ਼ਾਨ ਹੈ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅਮਨ ਦੀ ਤਲਾਸ਼ ’ਚ ਗੱਲਬਾਤ ਚਲਾਉਣ ਲਈ ਕਿਹਾ ਸੀ। ‘‘ਜੇ ਉਹ ਉਸੇ ਬੰਦੇ ਨੂੰ ਮਾਰ ਦਿੰਦੇ ਹਨ ਜੋ ਗੱਲਬਾਤ ਸ਼ੁਰੂ ਕਰਨ ਲਈ ਮੇਰਾ ਸੁਨੇਹਾ ਦੰਡਕਾਰਣੀਆਂ ’ਚ ਮਾਓਵਾਦੀ ਲੀਡਰਸ਼ਿਪ ਕੋਲ ਲੈ ਕੇ ਜਾ ਰਿਹਾ ਸੀ ਅਤੇ ਜਿਸ ਵੱਲੋਂ ਸੰਜੀਦਗੀ ਦਾ ਅਹਿਮ ਸੰਕੇਤ ਆਇਆ ਸੀ, ਤਾਂ ਅਸੀਂ ਗੱਲ ਕਿਸ ਨਾਲ ਕਰਾਂਗੇ? ਕੀ ਅਸੀਂ ਇਹ ਟਕਰਾਅ ਖ਼ਤਮ ਕਰਨਾ ਚਾਹੁੰਦੇ ਹਾਂ ਜਾਂ ਭਾਰਤ ਦੇ ਕੇਂਦਰ ਵਿਚ ਇਸ ਜੰਗ ਨੂੰ ਚੱਲਦਾ ਰੱਖਣ ਦਾ ਮਨ ਬਣਾਇਆ ਹੋਇਆ ਹੈ? ਜਦੋਂ ਐਸੇ ਬੰਦੇ ਦੀ ਮੌਤ ਵਿਚੋਂ ਐਸੇ ਪ੍ਰੇਸ਼ਾਨ ਕਰਨ ਵਾਲੇ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ, ਤਾਂ ਕੀ ਇਸ ਦੀ ਢੁੱਕਵੀਂ ਪੜਤਾਲ ਦੀ ਲੋੜ ਨਹੀਂ ਬਣਦੀ?’’ ਜਿਸ ਦੇਸ਼ ਨੇ ਆਪਣੇ ਆਪ ਨਾਲ ਹੀ ਜੰਗ ਛੇੜੀ ਹੋਈ ਹੋਵੇ, ਉਹ ਤਾਂ ਛੋਟੀ ਤੋਂ ਛੋਟੀ ਸਚਾਈ ਦਾ ਵੀ ਰਿਣੀ ਹੁੰਦਾ ਹੈ।

ਨਹੀਂ ਤਾਂ, ਆਜ਼ਾਦ ਕਾਂਗਰਸ ਲਈ ਸੋਹਰਾਬੂਦੀਨ ਹੋ ਨਿਬੜੇਗਾ। ਆਪਣੇ ਗੁਜਰਾਤ ਵਿਚਲੇ ਹਮਸਾਇਆਂ ਵਾਂਗ (ਜਿਹੜੇ ਓਦੋਂ ਤੱਕ ਟੱਸ ਤੋਂ ਮੱਸ ਨਹੀਂ ਹੋਏ ਜਦੋਂ ਤੱਕ ਸੁਪਰੀਮ ਕੋਰਟ ਨੇ ਦਖ਼ਲਅੰਦਾਜੀ ਨਹੀਂ ਕੀਤੀ), ਕੇਂਦਰ ਤੇ ਸੂਬਾ ਸਰਕਾਰ ਨੇ ਆਜ਼ਾਦ ਦੇ ਮਾਮਲੇ ’ਚ ਨਾਂਹ ਫੜੀ ਹੋਈ ਹੈ ਅਤੇ ਇਹ ਨਾਖੁਸ਼ਗਵਾਰ ਤੱਥਾਂ ਨੂੰ ਦਬਾਉਣ ਦਾ ਸਿਰਤੋੜ ਯਤਨ ਕਰ ਰਹੀਆਂ ਹਨ। ਸੋਹਰਾਬੂਦੀਨ ਦੇ ਮੁਕਾਬਲੇ ਵਾਂਗ, ਆਜ਼ਾਦ ਦੀ ਮੌਤ ’ਚ ਚਲਾਕੀ ਛੁਪੀ ਹੋਈ ਹੈ। ਸਾਰੇ ਵੇਰਵੇ ਇਹੀ ਪੁਸ਼ਟੀ ਕਰਦੇ ਹਨ ਕਿ ਪਹਿਲਾਂ ਤਾਂ ਇਸ ਮਾਓਵਾਦੀ ਸਿਧਾਂਤਕਾਰ ਨੂੰ ਅਮਨ ਗੱਲਬਾਤ ਲਈ ਉਕਸਾ ਲਿਆ। ਫੇਰ ਉਸ ਨੂੰ ਪੱਖ ਪੇਸ਼ ਕਰਨ ਦਾ ਮੌਕਾ ਦੇਣ ਦੀ ਬਜਾਏ, ਸਰਕਾਰ ਨੇ ਸਦਾ ਲਈ ਖ਼ਾਮੋਸ਼ ਕਰ ਦਿੱਤਾ।

ਆਜ਼ਾਦ ਦਾ ਡਾਕਟਰ ਭਰਾ ਕਹਿੰਦਾ ਹੈ, ‘‘ਨੀਵੀਂ ਥਾਂ ਤੋਂ ਚਲਾਈ ਗੋਲੀ ਕਿਸੇ ਬੰਦੇ ਦੀ ਛਾਤੀ ’ਚ ਲੱਗਕੇ ਦੂਜੇ ਪਾਸੇ ਇਸ ਤਰ੍ਹਾਂ ਕਿਵੇਂ ਨਿਕਲ ਸਕਦੀ ਹੈ।

ਆਊਟਲੁਕ ਨੇ ਆਜ਼ਾਦ ਦੀ ਪਛਾਣ ਨਸ਼ਰ ਨਾ ਕਰਕੇ ਉਸ ਦੀ ਪੋਸਟ-ਮਾਰਟਮ ਰਿਪੋਰਟ ਦੇ ਵਿਸ਼ਲੇਸ਼ਣ ਸਬੰਧੀ ਤਿੰਨ ਮਾਹਰਾਂ ਦੀ ਰਾਏ ਮੰਗੀ। ਤਿੰਨਾਂ ਦਾ ਹੀ ਕਹਿਣਾ ਹੈ ਕਿ ਗੋਲੀ 7.5 ਸੈਂਟੀਮੀਟਰ ਜਾਂ ਇਸ ਤੋਂ ਵੀ ਥੋੜ੍ਹੇ ਫ਼ਾਸਲੇ ਤੋਂ ਮਾਰੀ ਗਈ ਸੀ।‘‘ਜੇ ਗੋਲੀ ਲੱਗਣ ਵਾਲੀ ਥਾਂ ਦੁਆਲੇ ਕਾਲੇ ਰੰਗ ਦੇ ਅਤੇ ਲੂਹੇ ਜਾਣ ਦੇ ਨਿਸ਼ਾਨ ਹੋਣ, ਤਾਂ ਇਹ ਬਾਰੂਦੀ ਹਥਿਆਰ ਵਿਚੋਂ ਨਿਕਲਣ ਵਾਲੀ ਅੱਗ, ਧੂੰਏਂ ਅਤੇ ਬਾਰੂਦ ਦੀ ਵਜਾ• ਨਾਲ ਪੈਂਦੇ ਹਨ। ਘਣਤਾ ਥੋੜ੍ਹੀ ਹੋਣ ਕਾਰਨ, ਅੱਗ ਦੀ ਲਾਟ ਅਤੇ ਬਾਰੂਦ ਬਹੁਤੀ ਦੂਰ ਤਕ ਨਹੀਂ ਜਾ ਸਕਦੇ। ਇਸ ਲਈ, ਇਸ ਤਰ੍ਹਾਂ ਦੇ ਨਿਸ਼ਾਨ ਬਹੁਤ ਨੇੜਿਉਂ ਗੋਲੀ ਮਾਰੇ ਜਾਣ ਦਾ ਸੰਕੇਤ ਦਿੰਦੇ ਹਨ।’’-ਡਾ. ਸੁਧੀਰ ਗੁਪਤਾ, ਏਮਜ਼ ਨਵੀਂ ਦਿੱਲੀ ਵਿਖੇ ਫੋਰੈਂਸਿਕ ਮੈਡੀਸਿਨ ਅਤੇ ਜ਼ਹਿਰ ਦੇ ਅਸਰਾਂ ਅਧਿਐਨ ਬਾਰੇ ਐਸੋਸੀਏਟ ਪ੍ਰੋਫੈਸਰ। ਉਸ ਨੇ ਪੁਲਿਸ ਮੁਕਾਬਲਿਆਂ ਵਿਚ ਹੋਈਆਂ 30 ਮੌਤਾਂ ਦੇ ਮੁਆਇਨੇ ਕੀਤੇ ਹੋਏ ਹਨ।

‘‘ਰਿਪੋਰਟ ਚਮੜੀ ਲੂਹੀ ਹੋਣ ਦਾ ਜ਼ਿਕਰ ਤਾਂ ਕਰਦੀ ਹੈ, ਪਰ ਦਾਗ਼ ਨਹੀਂ ਪਏ ਹੋਏ। ਪਰ ਜੇ ਮ੍ਰਿਤਕ ਨੇ ਕਮੀਜ਼ ਪਹਿਨੀ ਹੋਈ ਸੀ, ਤਾਂ ਦਾਗ਼ ਕਮੀਜ਼ ਉਪਰ ਪਏ ਹੋ ਸਕਦੇ ਹਨ। ਅਤੇ ਇੱਥੇ ਸਿਰਫ਼ ਚਮੜੀ ਲੂਹੀ ਹੋਈ ਹੀ ਦਿਖਾਈ ਦਿੰਦੀ ਹੈ। ਗੋਲੀ ਲੱਗਣ ਵਾਲੀ ਥਾਂ ਚਮੜੀ ਲੂਹੀ ਹੋਣ ਦੇ ਨਾਲ ਜੇ ਦਾਗ਼ ਪਿਆ ਹੋਇਆ ਹੈ ਤਾਂ ਇਹ ਸਪਸ਼ਟ ਸੰਕੇਤ ਹੁੰਦਾ ਹੈ ਕਿ ਗੋਲੀ 7.5 ਸੈਂਟੀਮੀਟਰ ਤੋਂ ਵੀ ਨੇੜਿਉਂ ਮਾਰੀ ਗਈ ਹੈ।’’-ਡਾ. ਬੀ ਊਮਾਦੇਤਨ, ਫੋਰੈਂਸਿਕ ਮੈਡੀਸਿਨ ਵਿਭਾਗ ਦਾ ਸਾਬਕਾ ਮੁਖੀ, ਅਤੇ ਪੁਲੀਸ ਸਰਜਨ, ਥਿਰੂਵਨੰਤਾਪੁਰਮ ਮੈਡੀਕਲ ਕਾਲਜ। ਫੋਰੈਂਸਿਕ ਮੈਡੀਸਿਨ ਦੇ ਅਸੂਲ ਅਤੇ ਅਭਿਆਸ ਕਿਤਾਬ ਦਾ ਲੇਖਕ

‘‘ਅੰਡਾਕਾਰ ਜ਼ਖ਼ਮ ਦਿਖਾਉਂਦਾ ਹੈ ਕਿ ਗੋਲੀ ਥੋੜ੍ਹਾ ਪਾਸੇ ਤੋਂ ਮਾਰੀ ਗਈ ਸੀ। ਇਹ ਲਗਭਗ ਨਿਸ਼ਚਿਤ ਹੈ ਕਿ ਗੋਲੀ ਬਹੁਤ ਹੀ ਨੇੜਿਉਂ ਚਲਾਈ ਗਈ ਸੀ। ਵਰਤਿਆ ਗਿਆ ਹਥਿਆਰ ਪਿਸਤੌਲ ਸੀ ਨਾ ਕਿ ਏ ਕੇ-ਸੰਤਾਲੀ ਕਿਸਮ ਵਰਗਾ। ਮੇਰਾ ਅੰਦਾਜ਼ਾ ਹੈ ਕਿ ਇਹ ਵਿਅਕਤੀ ਜਿਸ ਗੋਲੀ ਨਾਲ ਮਾਰਿਆ ਗਿਆ ਉਹ .38 ਬੋਰ (9 ਐਮ ਐਮ) ਪਿਸਤੌਲ ਨਾਲ ਮਾਰੀ ਗਈ ਸੀ।’’

-ਕੇਂਦਰੀ ਫਾਰੈਂਸਿਕ ਸਾਇੰਸਿਜ਼ ਲੈਬੋਰੇਟਰੀ, ਚੰਡੀਗੜ ਦਾ ਸੇਵਾ–ਮੁਕਤ ਨਿਰਦੇਸ਼ਕ, ਬਾਰੂਦੀ ਹਥਿਆਰ ਨਾਲ ਹੋਏ ਜ਼ਖ਼ਮਾਂ ਦਾ ਮਾਹਰ ਅਤੇ ਬਾਰੂਦੀ ਹਥਿਆਰਾਂ ਦੇ ਜ਼ਖ਼ਮਾਂ ਸੰਬੰਧੀ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਜਿਸ ਨੇ ਆਪਣੀ ਪਛਾਣ ਗੁਪਤ ਰੱਖੀ।

ਯੋਜਨਾਬੱਧ ਕਤਲ ਖ਼ਿਲਾਫ ਉੱਠਦੀਆਂ ਆਵਾਜ਼ਾਂ

‘‘ਆਜ਼ਾਦ ਦੇ ਮਾਮਲੇ ’ਚ, ਇਵੇਂ ਹੀ ਹੋਰ ਸਾਰੇ ਮਾਮਲਿਆਂ ’ਚ, ਕਿਸੇ ਆਜ਼ਾਦ ਸੰਸਥਾ ਨੂੰ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ, ਨਾ ਕਿ ਉਹੀ ਪੁਲਿਸ ਜਾਂਚ ਕਰੇ, ਜਿਸ ਨੇ ਉਸ ਨੂੰ ਮਾਰਿਆ ਸੀ।’’ -ਜਸਟਿਸ ਮਾਲੀਮਥ, ਕੇਰਲਾ ਦਾ ਸਾਬਕਾ ਮੁੱਖ ਜੱਜ, ਕਰਨਾਟਕਾ

‘‘ਦੋ ਸਾਲਾਂ ’ਚ ਮੈਂ ਮੁਕਾਬਲਿਆਂ ਦੇ 110 ਮਾਮਲਿਆਂ ਦੀ ਸੁਣਵਾਈ ਕੀਤੀ ਹੈ...ਸਾਰੇ ਮ੍ਰਿਤਕਾਂ ਦੇ ਸਿਰ ਜਾਂ ਛਾਤੀ ’ਚ ਗੋਲੀ ਮਾਰੀ ਗਈ ਸੀ। ਪੁਲਸ ਸੱਚੀਉਂ ਹੀ ਕਮਾਲ ਦੀ ਨਿਸ਼ਾਨਚੀ ਹੋਵੇਗੀ।’’ ਜਸਟਿਸ ਏ ਪੀ ਸ਼ਾਹ, ਸਾਬਕਾ ਮੁੱਖ ਜੱਜ, ਦਿੱਲੀ ਹਾਈ ਕੋਰਟ

‘‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਅਗਵਾਈ ਸੇਧਾਂ ਕਾਰਗਰ ਨਹੀਂ ਹਨ। ਬੇਖੌਫ਼ ਹੋ ਕੇ ਐਸੀਆਂ ਕਾਰਵਾਈਆਂ ਕਰਦੀ ਰਹਿੰਦੀ ਹੈ ਅਸੀਂ ਵਾਰ ਵਾਰ ਇਨ੍ਹਾਂ ਦੀ ਜਾਂਚ ਕਰਾਏ ਜਾਣ ਦੀ ਮੰਗ ਕਰਦੇ ਹਾਂ, ਪਰ ਕੋਈ ਫ਼ਾਇਦਾ ਨਹੀਂ ਹੁੰਦਾ। ’’ -ਕੇ ਜੀ ਕੰਨਾਬਿਰਾਨ, ਐਡਵੋਕੇਟ, ਮਨੁੱਖੀ ਅਧਿਕਾਰ ਘੁਲਾਈਆ

‘‘ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ ਆਜ਼ਾਦ ਦੇ ਕਤਲ ਦੀ ਆਪ ਜਾਂਚ ਕਰਾਉਣ ਦੀ ਪਹਿਲ ਕਰਨੀ ਚਾਹੀਦੀ ਸੀ। ਉਸ ਦੀ ਖਾਮੋਸ਼ੀ ਦਰਸਾਉਂਦੀ ਹੈ ਕਿ ਉਹ ਖ਼ੁਦ ਦੋਸ਼ੀ ਹੈ।’’ ਪ੍ਰਸ਼ਾਂਤ ਭੂਸ਼ਨ, ਐਡਵੋਕੇਟ, ਸੁਪਰੀਮ ਕੋਰਟ

ਸਿੱਧਾ ਨਿਆਂ ਹੈ ਹੀ ਨਹੀਂ ਜੱਜ ਕਹਿੰਦੇ ਹਨ ‘ਮੁਕਾਬਲਿਆਂ’ ਦੀ ਪੜਤਾਲ ਕਿਸੇ ਆਜ਼ਾਦਾਨਾ ਸੰਸਥਾ ਤੋਂ ਲਾਜ਼ਮੀ ਕਰਾਈ ਜਾਣੀ ਚਾਹੀਦੀ ਹੈ। ਪਰ ਕੋਈ ਕਾਨੂੰਨ ਇਸ ਨੂੰ ਲਾਜ਼ਮੀ ਕਰਾਰ ਨਹੀਂ ਦਿੰਦਾ।-ਅਨੁਰਾਧਾ ਰਮਨ


ਜਿਵੇਂ ਗੁਜਰਾਤ ਸਰਕਾਰ ਦੇ ਸਿਰ ’ਤੇ ਸੋਹਰਾਬੂਦੀਨ ਸ਼ੇਖ ਦਾ ਭੂਤ ਮੰਡਰਾ ਰਿਹਾ ਹੈ ਅਤੇ ਸੂਬੇ ਦਾ ਗ੍ਰਹਿ ਮੰਤਰੀ ਤਲਬ ਕਰ ਲਿਆ ਗਿਆ ਹੈ, ਕੀ ਸੀ ਪੀ ਆਈ (ਮਾਓਵਾਦੀ) ਦੇ ਦੂਜੇ ਨੰਬਰ ਦੇ ਚੋਟੀ ਦੇ ਆਗੂ ਚੇਰੂਕੁਰੀ ਰਾਜਕੁਮਾਰ ਆਜ਼ਾਦ ਦਾ ਭੂਤ, ਜਿਸ ਨੂੰ 1 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਆਦਿਲਾਬਾਦ ਜ਼ਿਲ•ੇ ਅੰਦਰ ‘ਮੁਕਾਬਲੇ’ ਵਿਚ ਗੋਲੀ ਨਾਲ ਮਾਰ ਦਿੱਤਾ ਗਿਆ ਸੀ, ਕੇਂਦਰ ਦੀ ਯੂ ਪੀ ਏ ਸਰਕਾਰ ਨੂੰ ਇਸੇ ਤਰ੍ਹਾਂ ਸਤਾਏਗਾ ਨਹੀਂ? ਘੱਟੋ ਘੱਟ ਪੋਸਟ–ਮਾਰਟਮ ਦੀ ਰਿਪੋਰਟ ਤੋਂ ਤਾਂ ਇਹੀ ਜਾਪਦਾ ਹੈ।

ਪਹਿਲਾਂ ਤੋਂ ਸ਼ੱਕ ਇਹੀ ਸੀ ਕਿ ਆਜ਼ਾਦ ਨੂੰ ਗਿਣ ਮਿੱਥਕੇ ਕਤਲ ਕੀਤਾ ਗਿਆ, ਹਾਲਾਂਕਿ ਨਾ ਸਰਕਾਰਾਂ ਇਹ ਮੰਨਣਗੀਆਂ ਤੇ ਨਾ ਹੀ ਪੁਲਿਸ ਮੰਨੇਗੀ। ਕਤਲ ਓਦੋਂ ਹੋਇਆ ਜਦੋਂ ਮਾਓਵਾਦੀ ਕੇਂਦਰ ਨਾਲ ਗੱਲਬਾਤ ਦੀ ਤਿਆਰੀ ਕਰ ਰਹੇ ਸਨ, ਜੋ ਇਸ ਦੀ ਪੜਤਾਲ ’ਚ ਸਹਾਇਤਾ ਕਰਨ ਤੋਂ ਹੀ ਇਨਕਾਰੀ ਹੈ ਕਿ ਕੀ ਉਸ ਨੂੰ ਮਾਰਿਆ ਗਿਆ ਜਾਂ ਉਸ ਦੀ ਮੌਤ ਹੋਈ। ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਇਸ ਤਰ•ਾਂ ਦੇ ਹਾਸੋਹੀਣੇ ਬਹਾਨੇ ਬਣਾਕੇ ਪੜਤਾਲ ਦੀ ਮੰਗ ਠੁਕਰਾਉਂਦਾ ਆ ਰਿਹਾ ਹੈ: ਕਿ ਅਮਨ–ਕਾਨੂੰਨ ਸੂਬੇ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ, ਅਤੇ ਇਸ ਕਰਕੇ ਕੇਂਦਰ, ਸੰਘ ਢਾਂਚੇ ਦੀ ਸਹੀ ਭਾਵਨਾ ਨੂੰ ਮੁੱਖ ਰੱਖਕੇ, ਅਜਿਹੇ ਮਾਮਲਿਆਂ ’ਚ ਦਖ਼ਲ ਨਹੀਂ ਦਿੰਦਾ।

ਇਹ ਦਲੀਲਾਂ ਕਾਟ ਨਹੀਂ ਕਰਦੀਆਂ। ਬੰਬਈ ਹਾਈ ਕੋਰਟ ਦਾ ਸਾਬਕਾ ਜੱਜ, ਜਸਟਿਸ ਹੌਸਬਤ ਸੁਰੇਸ਼ ਕਹਿੰਦਾ ਹੈ ‘‘ਆਜ਼ਾਦ ਦੇ ਮਾਮਲੇ ’ਚ, ਸੂਬਾ ਅਤੇ ਕੇਂਦਰ ਸਰਕਾਰ ਨੇ ਜ਼ਿੰਮੇਵਾਰੀ ਤੋਂ ਕੋਤਾਹੀ ਕੀਤੀ ਹੈ। ਆਂਧਰਾ ਪ੍ਰਦੇਸ਼ ਨੂੰ ਜਾਂਚ ਕਰਾਉਣ ਦੀ ਹਦਾਇਤ ਦੇਣ ਤੋਂ ਕਿਹੜੀ ਚੀਜ਼ ਰੋਕਦੀ ਹੈ? ਅਜਿਹੇ ਖ਼ੂਨ ਸਿੱਧੇ ਤੌਰ ’ਤੇ ਕਤਲ ਬਣਦੇ ਹਨ ਅਤੇ ਇਨ੍ਹਾਂ ਨੂੰ ਇੰਜ ਹੀ ਦਰਜ ਕਰਨਾ ਚਾਹੀਦਾ ਹੈ। ਇਨ•ਾਂ ਦੀ ਅਦਾਲਤੀ ਜਾਂਚ ਅਣਸਰਦੀ ਲੋੜ ਹੈ। ਇਹ ਲਾਜ਼ਮੀ ਮੰਨਣਾ ਹੋਵੇਗਾ ਕਿ ਅਜਿਹੇ ਖ਼ੂਨ ਬੁਨਿਆਦੀ ਮਨੁੱਖੀ ਹੱਕਾਂ ਦੀ ਉਲੰਘਣਾ ਹਨ।’’

ਅਜਿਹੇ ਮੁਕਾਬਲਿਆਂ ਬਾਰੇ ਪੁਲਿਸ ਇਹ ਕਹਿਕੇ ਆਪਣੇ ਖ਼ੂਨ ਨਾਲ ਲਿੱਬੜੇ ਹੱਥਾਂ ਦੇ ਦਾਗ਼ ਮਿਟਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਸ ਨੂੰ ਤਾਂ ਗੋਲੀ ਸਵੈ–ਰੱਖਿਆ ਲਈ ਚਲਾਉਣੀ ਪਈ ਅਤੇ ਇਹ ਆਸ ਰੱਖਦੀ ਹੈ ਕਿ ਲੋਕ ਇਸ ਨੂੰ ਮੰਨ ਲੈਣਗੇ। ਪੁਲਿਸ ਨੇ ਆਜ਼ਾਦ ਦੇ ਮੁਕਾਬਲੇ ਦਾ ਜੋ ਦ੍ਰਿਸ਼ ਪੇਸ਼ ਕੀਤਾ ਹੈ, ਕਿ ਆਜ਼ਾਦ ਤੇ ਉਸਦੇ ਸਾਥੀਆਂ ਨੇ ਪਹਾੜੀ ਉ¤ਪਰੋਂ ਗੋਲੀਆਂ ਚਲਾਈਆਂ; ਪੁਲਿਸ ਪਾਰਟੀ ਨੇ ਜਵਾਬੀ ਗੋਲੀਆਂ ਚਲਾਈਆਂ; ਆਜ਼ਾਦ ਅਤੇ ਕੁਝ ਹੋਰ ਮਾਰੇ ਗਏ, ਪੋਸਟ ਮਾਰਟਮ ਦੀ ਰਿਪੋਰਟ ਇਸ ਨੂੰ ਝੁਠਲਾਉਂਦੀ ਹੈ (ਮੁੱਖ ਸਟੋਰੀ ਦੇਖੋ) ਜੋ ਦਰਸਾਉਂਦੀ ਹੈ ਕਿ ਉਸ ਨੂੰ ਗੋਲੀ ਐਨ ਨੇੜਿਉਂ ਮਾਰੀ ਗਈ ਸੀ।

ਦਿੱਲੀ ਹਾਈ ਕੋਰਟ ਦਾ ਸਾਬਕਾ ਜੱਜ ਏ ਪੀ ਸ਼ਾਹ, ਜਿਸਨੇ 1990ਵਿਆਂ ਵਿਚ ਬੰਬਈ ਹਾਈ ਕੋਰਟ ਦੇ ਮੁੱਖ ਜੱਜ ਵਜੋਂ, ਬਹੁਤ ਸਾਰੇ ਐਸੇ ਮਾਮਲਿਆਂ ਦੀ ਸੁਣਵਾਈ ਕੀਤੀ ਜਿਨ•ਾਂ ’ਚ ਗਰੋਹ ਮੈਂਬਰਾਂ ਦਾ ਸਫ਼ਾਇਆ ਕੀਤਾ ਗਿਆ ਸੀ, ਕਹਿੰਦਾ ਹੈ, ‘‘ਅਸੀਂ ਦੋ ਸਾਲਾਂ ’ਚ 110 ਮਾਮਲਿਆਂ ਦੀ ਘੋਖ–ਪੜਤਾਲ ਕੀਤੀ। ਹਰ ਵਾਰ ਇਕੋ ਹੀ ਤਰੀਕਾ ਵਰਤਿਆ ਗਿਆ ਸੀ। ਪੁਲਿਸ ਕਹਿ ਦਿੰਦੀ ਹੈ ਕਿ ਅਸੀਂ ਤਾਂ ਸਵੈ–ਰੱਖਿਆ ਲਈ ਗੋਲੀ ਚਲਾਈ। ਪਰ ਪੋਸਟ–ਮਾਰਟਮ ਰਿਪੋਰਟਾਂ ਤੋਂ ਹਮੇਸ਼ਾ ਇਹੀ ਸਾਹਮਣੇ ਆਇਆ ਕਿ ਇਨ੍ਹਾਂ ਗਰੋਹ ਮੈਂਬਰਾਂ ਦੇ ਜਾਂ ਤਾਂ ਸਿਰਾਂ ’ਚ ਗੋਲੀ ਗਈ ਜਾਂ ਛਾਤੀ ਦੇ ਖੱਬੇ ਪਾਸੇ। ਇੰਜ ਜਾਪਦਾ ਹੈ ਕਿ ਪੁਲਿਸ ਤਾਂ ਵਿਸ਼ੇਸ਼ ਮਾਹਰ ਨਿਸ਼ਾਨਚੀ ਹੈ।’’ ਆਜ਼ਾਦ ਨੂੰ ਵੀ ਛਾਤੀ ’ਚ, ਦਿਲ ਵਾਲੇ ਹਿੱਸੇ ’ਚ ਗੋਲੀ ਮਾਰੀ ਗਈ।

ਆਮ ਤੌਰ ’ਤੇ, ਮੁਕਾਬਲਿਆਂ ਵਾਲੇ ਮਾਮਲਿਆਂ ਦਾ ਕੁਝ ਨਹੀਂ ਬਣਦਾ-ਜੇ ਜਾਂਚ ਹੋ ਵੀ ਜਾਵੇ ਤਾਂ ਵੀ ਨਹੀਂ। ਜਸਟਿਸ ਸ਼ਾਹ ਨੂੰ ਉਹ ਮਾਮਲਾ ਯਾਦ ਹੈ ਜਦੋਂ ਉਸ ਨੇ ਬੰਬਈ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਦੇ ਮੁਖੀ ਵਜੋਂ ਉਸ ਜਨਤਕ ਹਿੱਤ ਪਟੀਸ਼ਨ ਦੀ ਸੁਣਵਾਈ ਕੀਤੀ ਜੋ ਪੀ ਯੂ ਸੀ ਐ¤ਲ ਨੇ ਦੋ ਸ਼ੱਕੀ ਦਹਿਸ਼ਤਗਰਦਾਂ ਦੇ ਮੁਕਾਬਲੇ ’ਚ ਮਾਰੇ ਗਏ ਹੋਣ ਦੇ ਸੰਬੰਧ ’ਚ ਪਾਈ ਸੀ। ਬੈਂਚ ਨੇ ਇਹ ਮਾਮਲਾ ਸਿਵਲ ਅਦਾਲਤ ਦੇ ਮੁੱਖ ਜੱਜ ਨੂੰ ਭੇਜ ਦਿੱਤਾ, ਜਿਸ ਨੇ ਫ਼ੈਸਲਾ ਦਿੱਤਾ ਕਿ ਮੁਕਾਬਲਾ ਝੂਠਾ ਸੀ। ਪਰ ਹਾਈ ਕੋਰਟ ਦੇ ਜਿਸ ਨਵੇਂ ਬੈਂਚ ਕੋਲ ਮਾਮਲਾ ਆਇਆ ਉਸ ਨੇ ਇਹ ਪਛਤਾਲ ਰੱਦ ਕਰ ਦਿੱਤੀ। ਫਿਰ ਵੀ, ਕੁਝ ਚੰਗਾ ਸਿੱਟਾ ਨਿਕਲਿਆ। ਪੀ ਯੂ ਸੀ ਐਲ ਦੀ ਪੈਰਵਾਈ ਦੀ ਬਦੌਲਤ, ਬੈਂਚ ਨੇ ਮਹਾਂਰਾਸ਼ਟਰ ਸਰਕਾਰ ਨੂੰ ਨਾਲ ਹੀ ਇਹ ਹਦਾਇਤ ਵੀ ਕਰ ਦਿੱਤੀ ਕਿ ਸੂਬਾਈ ਮਨੁੱਖੀ ਅਧਿਕਾਰ ਕਮਿਸ਼ਨ ਬਣਾਇਆ ਜਾਵੇ।

ਜਸਟਿਸ ਸ਼ਾਹ ਦਾ ਕਹਿਣਾ ਹੈ ਕਿ ਆਜ਼ਾਦਾਨਾ ਪੜਤਾਲ ਕਰਾਉਣਾ ਅਹਿਮ ਚੀਜ਼ ਹੈ: ‘‘ਆਜ਼ਾਦ ਦੇ ਮਾਮਲੇ ਸਣੇ, ਸਾਰੇ ਮੁਕਾਬਲਿਆਂ ’ਚ, ਆਜ਼ਾਦਾਨਾ ਪੜਤਾਲ ਹੀ ਸੱਚ ਸਾਹਮਣੇ ਲਿਆ ਸਕਦੀ ਹੈ ਨਾ ਕਿ ਪੁਲਿਸੀ ਪੜਤਾਲ।’’ ਸਾਬਕਾ ਜੱਜ ਅਤੇ ਮਨੁੱਖੀ ਅਧਿਕਾਰ ਕਾਰਕੁਨ ਹਰ ਕੋਈ ਸਹਿਮਤ ਹੈ ਕਿ ਨਿਆਂਪ੍ਰਣਾਲੀ ਨੇ ਸਰਗਰਮ ਪਹੁੰਚ ਨਹੀਂ ਅਪਣਾਈ ਹੈ। ਇਕੱਲੇ ਆਂਧਰਾ ਪ੍ਰਦੇਸ਼ ’ਚ ਹੀ, 1960ਵਿਆਂ ਤੋਂ ਲੈ ਕੇ 2000 ਲੋਕਾਂ ਨੂੰ ਮੁਕਾਬਲਿਆਂ ’ਚ ਖ਼ਤਮ ਕਰ ਦਿੱਤਾ ਗਿਆ ਹੈ। ਜਦੋਂ ਸੁਰੱਖਿਆ ਦੀ ਦੁਹਾਈ ਦਿੱਤੀ ਜਾਂਦੀ ਹੈ ਤਾਂ ਅਦਾਲਤਾਂ ਅਕਸਰ ਹੀ ਚੁੱਪ ਕਰ ਜਾਂਦੀਆਂ ਹਨ। ਸ਼ਾਇਦ ਹੀ ਇਨ੍ਹਾਂ ਦੀ ਦਲੀਲ ਕਦੇ ਪੁਲਿਸ ’ਤੇ ਭਾਰੂ ਹੋਈ ਹੋਵੇ। ਪਿਛਲੇ ਸਾਲ, ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਪੁਲਿਸ ਲਈ ਇਹ ਲਾਜ਼ਮੀ ਕਰ ਦਿੱਤਾ ਕਿ ਮੁਕਾਬਲੇ ਦੇ ਹਰੇਕ ਮਾਮਲੇ ’ਚ ਉਨ੍ਹਾਂ ਪੁਲਸੀਆਂ ਦੇ ਨਾਂ ਦਿੰਦੇ ਹੋਏ ਐਫ ਆਰ ਆਰ ਲਾਜ਼ਮੀ ਦਰਜ ਕੀਤੀਆਂ ਜਾਇਆ ਕਰਨ ਜੋ ਇਨ੍ਹਾਂ ’ਚ ਸ਼ਾਮਲ ਹੁੰਦੇ ਹਨ। ਇਸ ਨੇ ਆਜ਼ਾਦਾਨਾ ਪੜਤਾਲ ਕਰਾਉਣਾ ਅਤੇ ਸਵੈ–ਰੱਖਿਆ ਦੇ ਅਧਾਰ ਨੂੰ ਅਦਾਲਤ ’ਚ ਸਾਬਤ ਕਰਨਾ ਵੀ ਲਾਜ਼ਮੀ ਕਰਾਰ ਦੇ ਦਿੱਤਾ। ਪਰ ਪੁਲਿਸ ਨੇ ਅਪੀਲ ਕਰ ਦਿੱਤੀ ਅਤੇ ਸੁਪਰੀਮ ਕੋਰਟ ਨੇ ਇਸ ਫ਼ੈਸਲੇ ’ਤੇ ਰੋਕ ਲਾ ਦਿੱਤੀ। ਜਸਟਿਸ ਸੁਰੇਸ਼ ਕਹਿੰਦਾ ਹੈ, ‘‘ਇਹ ਹੈਰਾਨੀ ਵਾਲੀ ਗੱਲ ਨਹੀਂ ਹੈ। ਹਰ ਵਾਰ ਪੁਲਿਸ ਜਾਂ ਸਰਕਾਰ ਦੇਸ਼ ਨੂੰ ਖ਼ਤਰੇ ਦੀ ਦੁਹਾਈ ਦਿੰਦੀ ਹੈ ਅਤੇ ਅਦਾਲਤਾਂ ਅਕਸਰ ਹੀ ਐਸੇ ਫ਼ੈਸਲਿਆਂ ’ਤੇ ਰੋਕ ਲਾ ਦਿੰਦੀਆਂ ਹਨ।’’

ਭਾਰਤ ਦਾ ਸਾਬਕਾ ਚੀਫ ਜਸਟਿਸ, ਜਸਟਿਸ ਜੇ ਐਸ ਵਰਮਾ ਜੋ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੁਖੀ ਰਿਹਾ ਹੈ, ਕਹਿੰਦਾ ਹੈ ਕਿ ਮੁਕਾਬਲਿਆਂ ’ਚ ਹੋਈਆਂ ਸਾਰੀਆਂ ਮੌਤਾਂ ਦੀ ਡੂੰਘਾਈ ਨਾਲ ਛਾਣਬੀਣ ਕਰਾਉਣਾ ਜ਼ਰੂਰੀ ਹੈ। ਉਹ ਕਹਿੰਦਾ ਹੈ, ‘‘ਸਾਨੂੰ ਇਹ ਲਾਜ਼ਮੀ ਘੋਖਣਾ ਚਾਹੀਦਾ ਹੈ ਕਿ ਕੀ ਇਹ ਮੌਤਾਂ ਵਿਸ਼ੇਸ਼ ਮਾਮਲੇ ਹਨ?-ਇਨ੍ਹਾਂ ਨੂੰ ਆਮ ਅਸੂਲ ਬਣਾਏ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਰਕਾਰ ਵੱਲੋਂ ਪੇਸ਼ ਕੀਤੇ ਪੱਖ ਨੂੰ ਉਂਜ ਹੀ ਨਹੀਂ ਮੰਨਿਆ ਜਾ ਸਕਦਾ।’’ 1997 ’ਚ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਬਣਾਈਆਂ ਗਈਆਂ ਅਗਵਾਈ–ਸੇਧਾਂ ’ਚ ਕਿਹਾ ਗਿਆ ਸੀ ਕਿ ਕਾਨੂੰਨ ਲਾਗੂ ਕਰਨ ਵਾਲੀ ਤਾਕਤ ਵਜੋਂ ਪੁਲਿਸ ਨੂੰ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ ਮਿਲ ਜਾਂਦਾ, ਹਾਲਾਂਕਿ ਕਾਨੂੰਨ ਸਵੈ–ਰੱਖਿਆ ਲਈ ਕਿਸੇ ਨੂੰ ਮਾਰਨ ਦੀ ਹਾਲਤ ਨੂੰ ਛੋਟ ਵਜੋਂ ਲੈਂਦਾ ਹੈ, ਬਸ਼ਰਤੇ ਕਿ ਇਹ ਸਾਬਤ ਹੁੰਦਾ ਹੋਵੇ। ਇਸ ਕਰਕੇ, ਅਗਵਾਈ–ਸੇਧਾਂ ਕਹਿੰਦੀਆਂ ਹਨ ਕਿ ਅਜਿਹੀਆਂ ਮੌਤਾਂ ਦੀ ਸਹੀ ਪੜਤਾਲ ਜ਼ਰੂਰ ਕਰਾਈ ਜਾਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਦਾ ਕਾਰਨ ਨਿਸਚਿਤ ਹੋ ਸਕੇ। ਬਾਕੀ ਸਾਬਕਾ ਜੱਜਾਂ ਵਾਂਗ, ਜਸਟਿਸ ਵੀ ਐ¤ਸ ਮਾਲੀਮਾਥ ਦਾ ਵੀ ਦ੍ਰਿੜ ਵਿਚਾਰ ਹੈ ਕਿ ਅਜਿਹੀ ਜਾਂਚ ਉਸੇ ਪੁਲਿਸ ਤੋਂ ਨਹੀਂ ਕਰਵਾਈ ਜਾ ਸਕਦੀ ਜੋ ਖ਼ੁਦ ਹੀ ਸ਼ਿਕਾਇਤ ਦਰਜ ਕਰਨ ਵਾਲੀ ਧਿਰ ਹੁੰਦੀ ਹੈ।

ਜਦਕਿ, ਮਨੁੱਖ ਅਧਿਕਾਰ ਘੁਲਾਟੀਆ ਅਤੇ ਵਕੀਲ ਕੇ ਜੀ ਕੰਨਾਬਿਰਾਨ ਕਹਿੰਦਾ ਹੈ, ‘‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਅਗਵਾਈ-ਸੇਧਾਂ ਅਸਰਹੀਣ ਹਨ। ਪੁਲਿਸ ਬੇਖੌਫ਼ ਹੋ ਕੇ ਐਸੀਆਂ ਕਾਰਵਾਈਆਂ ਕਰਦੀ ਰਹਿੰਦੀ ਹੈ ਅਸੀਂ ਵਾਰ ਵਾਰ ਇਨ੍ਹਾਂ ਦੀ ਜਾਂਚ ਕਰਾਏ ਜਾਣ ਦੀ ਮੰਗ ਕਰਦੇ ਹਾਂ, ਪਰ ਕੋਈ ਫ਼ਾਇਦਾ ਨਹੀਂ ਹੁੰਦਾ। ਇਹ ਕਿਵੇਂ ਜਾਇਜ਼ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਸਿਆਸੀ ਵਿਚਾਰਾਂ ਕਾਰਨ ਕਤਲ ਕਰ ਦਿੱਤੇ ਜਾਵੇ?’’

ਪੰਜਾਬੀ ਤਰਜ਼ਮਾ ----ਬੂਟਾ ਸਿੰਘ