ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label 'ਲੋਕ ਪਹਿਲਕਦਮੀ'(Peoples’s Initative). Show all posts
Showing posts with label 'ਲੋਕ ਪਹਿਲਕਦਮੀ'(Peoples’s Initative). Show all posts

Monday, January 11, 2016

'ਨੇਸ਼ਨ ਸਟੇਟ' ਦੇ ਖਾਕੇ 'ਚੋਂ ਬਾਹਰ ਨਿਕਲਣਾ ਜ਼ਰੂਰੀ:ਭਾਰਦਵਾਜ


ਮੇਰੀਆਂ ਫਿਲਮਾਂ ਵਿਚ ਸਹਿਤ ਅਤੇ ਸਾਂਝੇ ਸਭਿਆਚਾਰ ਦੀਆਂ ਸੈਂਕੜੇ ਸੂਖ਼ਮ ਲੜੀਆਂ ਜੁੜਦੀਆਂ ਹਨ। ਇਹ ਸਿਰਫ਼ ਉਸ ਨੂੰ ਸਮਝ ਆਉਂਦੀਆਂ ਹਨ ਜੋ ਭਾਰਤੀ ਨੇਸ਼ਨ ਸਟੇਟ ਦੇ ਵਿਚਾਰਕ ਤੇ ਭੂੰਗੋਲਿਕ ਖਾਕੇ ਤੋਂ ਲਾਂਭੇ ਹੋ ਕੇ ਪੰਜ ਦਰਿਆਵਾਂ ਵਾਲੇ ਪੰਜਾਬ ਦੀ ਸਾਂਝੀ ਰਹਿਤਲ ਦੀ ਸਮਝ ਰੱਖਦਾ ਹੈ। ਆਜ਼ਾਦ ਸੋਚ ਬਣਾਉਣ ਲਈ ਨੇਸ਼ਨ ਸਟੇਟ ਦੇ ਖਾਕੇ 'ਚੋਂ ਬਾਹਰ ਨਿਕਲਣਾ ਜ਼ਰੂਰੀ ਹੈ। ਉੱਘੇ ਦਸਤਾਵੇਜ਼ੀ ਫਿਲਮਸਾਜ਼ ਅਜੈ ਭਾਰਦਵਾਜ ਨੇ ਚੰਡੀਗੜ੍ਹ 'ਚ ਆਪਣੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਪਰਦਾਪੇਸ਼ ਹੋਣ ਤੋਂ ਬਾਅਦ ਵਿਚਾਰ ਚਰਚਾ ਦੌਰਾਨ ਇਹ ਗੱਲ ਕਹੀ।

ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ 'ਚ 'ਲੋਕ ਪਹਿਲਕਦਮੀ(People,s Initiative) ਤਨਜ਼ੀਮ ਵੱਲੋਂ ਉਨ੍ਹਾਂ ਦੀ ਫ਼ਿਲਮ ਪਰਦਾਪੇਸ਼ ਕਰਨ ਤੇ ਵਿਚਾਰ-ਚਰਚਾ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਅਜੈ ਦੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਗੰਭੀਰ ਸੰਵਾਦ ਛੇੜਨ 'ਚ ਕਾਮਯਾਬ ਰਹੀ । ਦਰਸ਼ਕਾਂ ਨੇ ਫ਼ਿਲਮ ਦੀ ਪੇਸ਼ਕਾਰੀ, ਵਿਧੀ, ਵਿਸ਼ੇ ਅਤੇ ਕਿਰਦਾਰਾਂ ਬਾਰੇ ਬੇਬਾਕ ਟਿੱਪਣੀਆਂ,ਅਲੋਚਨਾ ਤੇ ਤਿੱਖੇ ਸਵਾਲ ਕੀਤੇ।


ਅਜੈ ਨੇ ਕਿਹਾ ਕਿ ਸਾਡੇ 'ਤੇ ਰਾਸ਼ਟਰਵਾਦ ਦਾ ਮੁਲੱਮਾਂ ਬਹੁਤ ਗਹਿਰਾ ਚੜ੍ਹ ਚੁੱਕਿਆ ਹੈ। ਅਸੀਂ 65 ਸਾਲਾਂ 'ਚ ਨੇਸ਼ਨ ਸਟੇਟ ਦੀ ਜੱਦ 'ਚ ਰਹਿੰਦਿਆਂ ਆਪਣੇ ਚੇਤ ਅਤੇ ਅਚੇਤ ਨੂੰ ਉਸ ਦੀਆਂ ਹੱਦਾਂ 'ਚ ਬੰਨ੍ਹ ਲਿਆ ਹੈ । ਉਸ ਤੋਂ ਬਾਹਰ ਕੁਝ ਵੀ ਸੋਚਣ-ਸਮਝਣ ਲਈ ਤਿਆਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮਨੁੱਖੀ ਕੁਦਰਤੀ ਪਛਾਣ ਨੂੰ ਜਗਾਉਣ ਦੇ ਪੱਧਰ 'ਤੇ ਅਜਿਹੀ ਕੋਸ਼ਿਸ਼ ਜੋ ਉਸ (ਨੇਸ਼ਨ ਸਟੇਟ) ਸੋਚ ਦੇ ਦਾਇਰੇ ਨੂੰ ਤੋੜਦੀ ਹੈ, ਸਾਨੂੰ ਉਸਦਾ ਸੰਵਾਦ ਸਮਝ ਨਹੀਂ ਆਉਂਦਾ ਹੈ ।


ਉਨ੍ਹਾਂ ਕਿਹਾ ਕਿ ਨਵੇਂ ਸਿਆਸੀ ਸੰਵਾਦ ਲਈ ਸਾਨੂੰ ਸੱਭਿਆਚਾਰਕ ਧਰਤਾਲ 'ਤੇ ਖੜ੍ਹਕੇ ਉਸ ਦੀ ਜ਼ੁਬਾਨ 'ਚ ਹੀ ਗੱਲ ਕਰਨੀ ਪਵੇਗੀ । ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਿਆਸਤ ਸੱਭਿਆਚਾਰਕ ਮੁਹਾਵਰੇ ਨਾਲ ਅਮੀਰ ਨਹੀਂ ਹੁੰਦੀ, ਉਹ ਲੋਕਾਂ ਨਾਲ ਸੰਵਾਦ ਹੀ ਨਹੀਂ ਰਚਾ ਸਕਦੀ। ਸਮਾਜ ਵਿਰੋਧੀ ਸਿਆਸਤ ਨੂੰ ਹਰਾਉਣ ਲਈ ਮੁਹਾਵਰਾ ਸੱਭਿਆਚਾਰ 'ਚੋਂ ਹੀ ਘੜਨ ਪਵੇਗਾ। 

ਦਰਸ਼ਕਾਂ ਦੇ ਸਭ ਤੋਂ ਵੱਡੇ ਇਤਰਾਜ਼ ਤੇ ਫਿਲਮ ਦੀ ਵਿਧਾ ਬਾਰੇ ਬੋਲਦਿਆਂ ਅਜੈ ਭਾਰਦਵਾਜ ਨੇ ਕਿਹਾ ਕਿ ਡਾਕੂਮੈਂਟਰੀ ਬਾਰੇ ਖਿੰਡਾਅ ਹੋਣ ਦੇ ਇਤਰਾਜ਼ ਦਾ ਵੱਡਾ ਕਾਰਨ ਪਿੱਠਵਰਤੀ ਤਕਰੀਰ(voice over)ਦਾ ਨਾ ਹੋਣਾ ਹੈ ਪਰ ਇਹ ਮੇਰਾ ਸੁਚੇਤ ਫੈਸਲਾ ਹੈ ਕਿਉਂਕਿ ਮੈਂ ਪਿੱਠਵਰਤੀ ਤਕਰੀਰ ਨਾਲ ਦਰਸ਼ਕ ਦੀ ਸੋਚਣ ਸ਼ਕਤੀ ਤੇ ਕਲਪਨਾ ਨੂੰ ਬੰਨ੍ਹਣਾ ਨਹੀਂ ਚਾਹੁੰਦਾ ਹਾਂ । ਸਾਨੂੰ ਨੇਸ਼ਨ ਸਟੇਟ ਦੀ ਵਿਚਾਰਧਾਰਾ 'ਚ ਬੰਨ੍ਹਿਆਂ ਨੂੰ ਹੀ ਇਸ ਫਿਲਮ 'ਚ ਖਿੰਡਾਅ ਨਜ਼ਰ ਆਉਂਦਾ ਹੈ। ਜਦੋਂ ਕਿ ਮੈਂ ਇਸ ਫ਼ਿਲਮ ਨੂੰ ਪਿਰੋਈ ਹੋਈ ਇਕ ਲੜੀ ਵਾਂਗ ਦੇਖ਼ਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਫਿਲਮ ਟਕਰਾਅ (Reflection) ਲਈ ਬਣਾਉਂਦਾ ਹਾਂ, ਜੋ ਸਾਡੀ ਇਕਹਰੀ ਸੋਚ 'ਤੇ ਸੱਟ ਮਾਰ ਸਕੇ।

ਉਨ੍ਹਾਂ ਫ਼ਿਲਮ ਬਣਾਉਣ ਦੀ ਮਨਸ਼ਾ ਬਾਰੇ ਬੋਲਦਿਆਂ ਕਿਹਾ ਕਿ ਮੇਰੇ ਅੰਦਰ ਜਦੋਂ ਬਹੁਤ ਸਾਰੀਆਂ ਤੰਦਾਂ ਦੀ ਲੜੀ ਜੁੜ ਕੇ ਇਕ ਸ਼ਾਨਦਾਰ ਕਹਾਣੀ ਬਣੀ ਤੇ ਤਾਂ ਹੀ ਮੈਂ ਇਸ ਨੂੰ ਪਰਦੇ 'ਤੇ ਲੈ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਫ਼ਿਲਮ ਦੇਖਣ ਦੀ ਕਲਾ ਨੂੰ ਵਿਕਸਤ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਬਿੰਬਾਂ ਜ਼ਰੀਏ ਫ਼ਿਲਮ ਨੂੰ ਸਮਝ ਤੇ ਫੜ ਸਕੀਏ।

ਅਜੈ ਨੇ ਕਿਹਾ ਕਿ ਅਸੀਂ ਚੀਜ਼ਾਂ ਨੂੰ ਸਿਰਫ਼ ਆਪੋ ਆਪਣੇ ਖਾਕੇ ਵਿਚ ਰੱਖ ਕੇ ਸੋਚਣ ਅਤੇ ਦੇਖਣ ਦੇ ਆਦੀ ਹੋ ਚੁੱਕੇ ਹਾਂ,ਜੋ ਬੇਹੱਦ ਖ਼ਤਰਨਾਕ ਹੈ। ਲੋਕਾਂ ਨੂੰ ਗਿਆਨ ਦੇਣ ਦੀ ਪਰੰਪਰਾ ਵਧ ਰਹੀ ਹੈ ਤੇ ਲੋਕਾਂ ਤੋਂ ਗਿਆਨ ਲੈਣ ਦੀ ਰਵਾਇਤ ਖ਼ਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਦਵਾਈ ਦੀ ਪੁੜੀ ਵਾਂਗ ਕੋਈ ਵਿਚਾਰ ਦੇਣ ਦੇ ਖ਼ਿਲਾਫ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਲੋਕ ਹਰ ਮਸਲੇ 'ਚ ਸਾਥੋਂ ਕਿਤੇ ਵੱਧ ਅਮੀਰ ਹੁੰਦੇ ਹਨ। ਸੱਚ ਇਹ ਹੈ ਕਿ ਹਮੇਸ਼ਾ ਲੈਣ-ਦੇਣ ਦਾ ਰਿਸ਼ਤਾ ਹੀ ਸੰਵਾਦ ਤੇ ਸਮਾਜ ਨੂੰ ਅਮੀਰ ਬਣਾਉਂਦਾ ਹੈ।

ਇਸ ਫ਼ਿਲਮ ਦੇ ਪਰਦਪੇਸ਼ ਹੋਣ ਤੇ ਵਿਚਾਰ ਚਰਚਾ ਮੌਕੇ ਮਸ਼ਹੂਰ ਲੇਖ਼ਕ ਗੁਲਜ਼ਾਰ ਸੰਧੂ, ਸਾਬਕਾ ਆਈ ਏ ਐਸ ਟੀ ਆਰ ਸਾਰੰਗਲ, 'ਦ ਟ੍ਰਿਬਿਊਨ' ਦੇ ਬਿਓਰਾ ਚੀਫ਼ ਸਰਬਜੀਤ ਧਾਲੀਵਾਲ,ਪੰਜਾਬ ਬੁੱਕ ਸੈਂਟਰ ਦੇ ਕਰਤਾ ਧਰਤਾ ਪਾਲ ਵਿਰਕ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਸੰਜੀਵ ਪਾਂਡੇ, ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ,ਫੋਟੋਗ੍ਰਾਫ਼ਰ ਦੀਵਾਨ ਮਾਨਾ,ਨਾਵਲਕਾਰ ਜਸਬੀਰ ਮੰਡ,ਕੈਨੇਡੀਅਨ ਅਖ਼ਬਾਰ 'ਨਵੀਂ ਦੁਨੀਆ' ਦੇ ਸੰਪਾਦਕ ਨਵਤੇਜ ਬੈਂਸ, ਲੇਖ਼ਕ ਪਰਮਜੀਤ ਕੱਟੂ, ਗੁਰਨਾਮ ਕੰਵਰ. ਪੱਤਰਕਾਰ ਚਰਨਜੀਤ ਤੇਜਾ, ਫ਼ਿਲਮਸਾਜ਼ ਕੁਲਵਿੰਦਰ ਗੁਰੂ ਹਰਸਹਾਏ,ਕਵੀ ਬਲਵਿੰਦਰ ਸੰਧੂ, ਮਾਲਵਿੰਦਰ ਮਾਲੀ,ਇਮਰਾਨ ਖਾਨ,ਕਪਿਲ ਦੇਵ ਤੇ ਸਨੀ ਸਿੰਘ,ਗੰਗਵੀਰ ਰਾਠੌੜ ਮਲਕੀਤ ਸਿੰਘ ਤੇ ਯਾਦਵਿੰਦਰ ਕਰਫਿਊ ਤੋਂ ਇਲਾਵਾ ਤੋਂ ਕਈ ਹੋਰ ਦੋਸਤਾਂ ਮਿੱਤਰਾਂ ਨੇ ਹਿੱਸਾ ਲਿਆ।

ਟੀਮ 'ਲੋਕ ਪਹਿਲਕਦਮੀ' 
ਫੋਟੋਆਂ ਪਰਮਜੀਤ ਕੱਟੂ ਦੀ ਅੱਖ਼ ਤੋਂ

Sunday, July 20, 2014

ਦਲਿਤਾਂ ਦਾ ਇਸਲਾਮ ਨਾਲ ਇਤਿਹਾਸਕ 'ਸਿਆਸੀ-ਆਰਥਿਕ' ਰਿਸ਼ਤੈ: ਅਜੈ ਭਾਰਦਵਾਜ

'ਅਸਲ ਇਨਕਲਾਬੀ ਫ਼ਕੀਰ ਹੁੰਦਾ ਹੈ ਤੇ ਅਸਲ ਫ਼ਕੀਰ ਇਨਕਲਾਬੀ ਹੁੰਦੈ'।-ਅਜੈ 

ਭਾਰਤ 'ਚ ਇਸਲਾਮ ਦੀ ਆਮਦ ਨਾਲ ਦਲਿਤਾਂ ਨੂੰ ਇਕ ਹੱਦ ਤੱਕ ਮੁਕਤੀ ਮਿਲੀ ਕਿਉਂਕਿ ਇਸਲਾਮ 'ਚ ਜਿੱਥੇ ਹਿੰਦੂ ਧਰਮ ਵਰਗਾ ਜਾਤੀਵਾਦ ਨਹੀਂ ਸੀ। ਓਥੇ ਹੀ ਇਸਲਾਮ ਆਪਣੇ ਨਾਲ 'ਦਸਤਕਾਰੀ'( ਗੁਣਾਤਮਕ ਕਿੱਤੇ ) ਲੈ ਕੇ ਆਇਆ,ਜੋ 'ਦਲਿਤ ਅਜ਼ਾਦੀ' ਦਾ ਵੱਡਾ ਸਾਧਨ ਬਣੀ। ਜਿਹੜੇ ਦਲਿਤ ਜਾਤੀਵਾਦ ਕਾਰਨ ਗੁਲਾਮੀ ਭਰੇ ਜ਼ਿੰਦਗੀ ਜਿਉਂਦੇ ਸਨ ਉਹ ਦਸਤਕਾਰੀ ਕਿੱਤਿਆਂ ਕਾਰਨ ਵਿਅਕਤੀਗਤ ਤੌਰ 'ਤੇ ਆਜ਼ਾਦ ਹੋਏ। ਦਲਿਤਾਂ ਦਾ ਇਸਲਾਮ ਨਾਲ ਸਿਆਸੀ-ਆਰਥਿਕਤਾ ਨਾਲ ਜੁੜਿਆ ਰਿਸ਼ਤਾ ਸੀ। ਇਹੀ ਕਾਰਨ ਹੈ ਕਿ ਅੱਜ ਵੀ ਬਹੁਤ ਸਾਰੇ ਦਲਿਤ (ਖਾਸ ਕਰ ਮਾਝੇ-ਦੁਆਬੇ ਦੇ) ਇਤਿਹਾਸਕ ਸੂਫ਼ੀ ਦਰਗਾਹਾਂ ਨਾਲ ਜੁੜੇ ਹੋਏ ਨੇ ਤੇ ਓਥੋਂ ਊਰਜਾ ਲੈਂਦੇ ਹਨ। ਇਹ ਸੂਫੀ ਦਰਗਾਹਾਂ ਦੇ ਸੰਤ ਦਲਿਤ ਲਹਿਰ 'ਚ ਚੇਤਨ ਰੋਲ ਅਦਾ ਕਰਦੇ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਲਾਲ ਸਿੰਘ ਦਿਲ ਚੇਤ-ਅਚੇਤ ਤੌਰ 'ਤੇ ਇਸਲਾਮ ਨਾਲ ਪਹਿਲਾਂ ਹੀ ਪ੍ਰਭਾਵਤ ਸੀ,ਇਸੇ ਲਈ ਜਦੋਂ ਉਹ ਨਕਸਲਬਾੜੀ ਲਹਿਰ ਤੇ ਮਾਰਕਸਵਾਦੀਆਂ ਤੋਂ ਨਿਰਾਸ਼ ਹੋਇਆ ਓਹਨੇ ਇਸਲਾਮ ਕਬੂਲ ਕੀਤਾ। 'ਲੋਕ ਪਹਿਲਕਦਮੀ' ਤਨਜ਼ੀਮ ਵਲੋਂ ਦਸਤਾਵੇਜ਼ੀ ਫ਼ਿਲਮ 'ਕਿਤੇ ਮਿਲ ਵੇ ਮਾਹੀ' ਪਰਦਪੇਸ਼ ਕਰਨ ਤੋਂ ਬਾਅਦ ਹੋਈ ਚਰਚਾ ਦੌਰਾਨ ਫ਼ਿਲਮ ਦੇ ਨਿਰਦੇਸ਼ਕ ਅਜੈ ਭਾਰਦਵਾਜ ਨੇ ਇਹ ਵਿਚਾਰ ਰੱਖੇ। 

ਫ਼ਿਲਮ ਪਰਦਾਪੇਸ਼ ਹੋਣ ਤੋਂ ਬਾਅਦ ਨਿਰਦੇਸ਼ਕ ਨੇ ਇਸੇ ਫ਼ਿਲਮ ਨੂੰ ਸ਼ੂਟ ਕਰਨ ਸਮੇਂ ਦੇ ਉਹ ਅਣ-ਦਿਖਾਏ ਹਿੱਸੇ ਦਿਖਾਏ ਜਿਨ੍ਹਾਂ 'ਚ ਲਾਲ ਸਿੰਘ ਦਿਲ ਇਸਲਾਮ ਕਬੂਲ ਕਰਨ ਦੀ ਕਹਾਣੀ ਦੱਸਦਾ ਹੈ'। ਬਕੌਲ ਅਜੈ 'ਦਿਲ ਦੀ ਕਵਿਤਾ 'ਕਾਂਗਲਾ ਤੇਲੀ' ਵੀ ਇਸਦੀ ਗਵਾਹ ਹੈ ਕਿਉਂਕਿ 'ਲਹਿਰ ਤੋਂ ਪਹਿਲਾਂ ਲਿਖੀ ਇਸ ਕਵਿਤਾ 'ਚ ਉਹ ਸਮਾਜ ਦੀ ਕੰਨ੍ਹੀ 'ਤੇ ਪਏ ਸਾਰੇ ਵਰਗਾਂ ਦੀ ਕਹਾਣੀ ਕਹਿੰਦਾ ਹੈ,ਜਿਨ੍ਹਾਂ ਨੂੰ ਇਸਲਾਮ ਨੇ ਅਜ਼ਾਦ ਜ਼ਿੰਦਗੀ ਬਖਸ਼ੀ। ਖੁਦ ਦਿਲ ਪਿੰਡ ਦੀ ਸ਼ਾਮਲਾਟ ਜ਼ਮੀਨ ਜੋ ਹੁਣ ਉਚਜਾਤੀਆਂ ਦੇ ਕਬਜ਼ੇ ਹੇਠ ਹੈ ਦਾ ਹਵਾਲਾ ਦਿੰਦਾ ਕਹਿੰਦਾ ਹੈ ਕਿ 'ਇਨ੍ਹਾਂ ਨਾਲੋਂ ਅੰਗਰੇਜ਼ ਤੇ ਮੁਸਲਮਾਨ ਚੰਗੇ ਸਨ।ਜਿਨ੍ਹਾਂ ਨੇ ਸਾਨੂੰ ਡੰਗਰ ਚਰਾਉਣ ਦੀ ਚਰਾਂਦਾਂ ਦਿੱਤੀਆਂ,ਇਨ੍ਹਾਂ ਨੇ ਤਾਂ ਉਹ ਵੀ ਖੋਹ ਲਈਆਂ।

ਅਜੈ ਨੇ ਕਿਹਾ ਕਿ 'ਇਸਲਾਮ ਕਬੂਲ ਕਰਨ 'ਤੇ ਜਿਹੜੇ ਲੋਕ ਦਿਲ ਨੂੰ ਪਾਗਲ ਕਰਾਰ ਦਿੰਦੇ ਨੇ ਸ਼ਾਇਦ ਉਨ੍ਹਾਂ ਨੂੰ ਨਹੀਂ ਪਤੈ ਕਿ 'ਦਿਲ ਵੀ ਲਹਿਰ ਤੋਂ ਨਿਰਾਸ਼ ਹੋਏ ਤਮਾਮ ਲੇਖਕਾਂ ਵਾਂਗ ਕੋਈ ਜੁਗਾੜੀ ਰਾਹ ਚੁਣ ਸਕਦਾ ਸੀ ਤੇ ਇਸ ਦਾ ਉਸ ਕੋਲ ਪੂਰਾ ਮੌਕਾ ਸੀ ਪਰ ਉਸਨੇ ਸਾਦਗੀ ਤੇ ਫ਼ਕੀਰੀ ਚੁਣੀ। 

ਲਾਲ ਸਿੰਘ ਦਿਲ ਹਿੰਦੂ ਧਰਮ ਦੇ ਦਲਿਤਾਂ ਪ੍ਰਤੀ ਵਤੀਰੇ ਬਾਰੇ ਇਸ਼ਾਰਾ ਕਰਦਾ ਕਹਿੰਦਾ ਹੈ ਕਿ 'ਜਿਨ੍ਹਾਂ ਲੋਕਾਂ ਤੋਂ ਇਬਾਦਤ ਦਾ ਨਾਂਅ ਖੋਹ ਲਿਆ ਜਾਵੇ,ਉਹ ਕੁਦਰਤੀ ਹੀ ਮੁਸਲਮਾਨ ਹਨ'। 

ਦਿਲ ਗਾਂ ਜਾਂ ਹੋਰ ਮਾਸ ਨਾ ਖਾਣ ਵਾਲਿਆਂ ਦਾ ਵਿਰੋਧ ਕਰਦਾ ਹੋਇਆ ਪਿੰਡ ਦੇ ਕਸਾਈਆਂ ਦੇ ਮਹੱਲੇ ਨੂੰ ਸੈਲੀਬਰੇਟ ਕਰਦਾ ਹੈ'।ਉਸ ਦੇ ਮੁਤਬਾਕ 'ਇਕ ਵੱਡਾ ਡੰਗਰ ਵੱਢਣ ਨਾਲ ਕਿੰਨਿਆਂ ਨੂੰ ਰੁਜ਼ਗਾਰ ਮਿਲਦੈ, ਇਨ੍ਹਾਂ ਨੂੰ ਕੀ ਪਤੈ,ਇਹ ਕਹਿੰਦੇ ਨੇ 'ਇਨਸਾਨ ਨੂੰ ਖਾਓ,ਗਾਂ ਨੂੰ ਨਾ ਖਾਓ'।

ਅਜੈ ਮੁਤਾਬਕ 'ਬਟਵਾਰਾ ਸਾਡੀ ਹਰ ਚੀਜ਼ 'ਚ ਮੌਜੂਦ ਹੈ। ਵੰਡ ਦਾ ਵੱਡਾ ਨੁਕਸਾਨ ਦਲਿਤਾਂ ਨੂੰ ਹੋਇਆ ਕਿਉਂਕਿ ਪੰਜਾਬੀ ਸਮਾਜ ਦੇ ਜਾਤੀ ਤੇ ਧਾਰਮਿਕ ਸਮੀਕਰਨ ਬਦਲਣ ਨਾਲ ਦਲਿਤਾਂ ਦੀ ਬੇਕਦਰੀ ਜ਼ਿਆਦਾ ਹੋਣੀ ਸ਼ੁਰੂ ਹੋਈ।


ਚਰਚਾ 'ਚ ਹਿੱਸਾ ਲੈਂਦਿਆਂ ਨਾਟਕਕਾਰ ਸੈਮੂਅਲ ਜੌਹਨ ਨੇ ਕਿਹਾ ਕਿ ' ਅੱਜ ਪੰਜਾਬ ਦਾ ਬ੍ਰਾਹਮਣ ਜੱਟ ਹੈ'। ਵੈਸੇ ਜੱਟ ਦਲਿਤਾਂ ਨਾਲ ਨਹੁੰ ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਨੇ, ਪਰ ਅਮਲੀ ਤੌਰ 'ਤੇ ਆਮ ਜੱਟ ਤਾਂ ਕੀ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਇਸ ਰਿਸ਼ਤੇ ਨੂੰ ਨਿਭਾਉਣ ਨੂੰ ਤਿਆਰ ਨਹੀਂ'। ਸੈਮੂਅਲ ਨੇ ਕਿਹਾ ਕਿ 'ਮੈਂ ਬਾਓਪੁਰ ਦੇ ਦਲਿਤ ਮਸਲੇ 'ਚ ਕਈ ਕਿਸਾਨ ਯੂਨੀਅਨਾਂ ਨੂੰ ਪਹੁੰਚ ਕੀਤੀ ਕਿ ਉਹ ਅੱਜ ਆ ਕੇ ਇਸ ਨਹੁੰ ਮਾਸ ਦੇ ਰਿਸ਼ਤੇ ਨੂੰ ਨਿਭਾਉਣ ਪਰ ਕੋਈ ਤਿਆਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ 'ਜਿਹੜੀਆਂ ਖੱਬੀਆਂ ਸੱਜੀਆਂ ਧਿਰਾਂ ਜਾਤ ਦੇ ਮਸਲੇ 'ਤੇ ਕੰਮ ਕਰਦੀਆਂ ਰਹੀਆਂ, ਉਨ੍ਹਾਂ ਦੀ ਮਸਲੇ ਨੂੰ ਸਲਝਾਉੇਣ ਬਾਰੇ ਠੀਕ ਸਮਝ ਨਹੀਂ ਰਹੀ, ਇਸੇ ਲਈ ਮਸਲਾ ਜਿਉਂ ਦਾ ਤਿਉਂ ਹੈ'। 
  
ਇਸ ਮੌਕੇ ਪੰਜਾਬੀ ਦੇ ਪ੍ਰੋਫੈਸਰ ਡਾ ਗੁਰਮੁਖ ਸਿੰਘ ਨੇ ਇਹ ਸਵਾਲ ਖੜ੍ਹਾ ਕੀਤਾ ਕਿ ਕਿ 'ਕੀ ਇਸ ਗੁੰਝਲਦਾਰ ਮਸਲੇ ਨੂੰ ਇਕ ਸਮਾਜ ਬਨਾਮ ਦੂਜਾ ਸਮਾਜ ਦੀਆਂ ਬਾਰਿਨਰੀਜ਼ ਤੋਂ ਪਰ੍ਹੇ ਸੁਲਝਾਇਆ ਜਾ ਸਕਦੈ? ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਬਟਵਾਰੇ ਦੇ ਨਾਲ ਨਾਲ 1984 ਦੇ ਮਸਲੇ ਨੂੰ ਓਨੀ ਵੀ ਡੂੰਘਾਈ ਨਾਲ ਸਮਝਣ ਦੀ ਲੋੜ ਹੈ,ਕਿਉਂਕਿ ਇਸ ਨੇ ਵੀ ਪੰਜਾਬ ਨੂੰ ਪਿੱਛੇ ਧੱਕਿਆ ਹੈ'। 

ਪੱਤਰਕਾਰ ਚਰਨਜੀਤ ਤੇਜਾ ਦੇ ਸਵਾਲਾਂ ਦੇ ਜਵਾਬ 'ਚ ਅਜੈ ਨੇ ਕਿਹਾ ਕਿ 'ਸਿੱਖ ਧਰਮ ਭਾਵੇਂ ਵਿਚਾਰਕ ਤੌਰ 'ਤੇ ਜਾਤ ਪਾਤ ਦਾ ਵਿਰੋਧ ਕਰਦਾ ਹੈ ਪਰ ਅਮਲੀ ਤੌਰ 'ਤੇ ਇਹ ਬ੍ਰਾਹਮਣਵਾਦ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ। ਕਿਉਂਕਿ ਅਮਲੀ ਤੌਰ 'ਤੇ ਬ੍ਰਾਹਮਣਵਾਦ ਇਸ 'ਤੇ ਵੀ ਭਾਰੂ ਰਿਹਾ। 

ਐਡਵੋਕੇਟ ਅਰਜੁਨ ਸ਼ਿਓਰਾਣ ਨੇ ਸਵਾਲ ਕੀਤਾ ਕਿ ' ਕੀ ਅਨੰਦ ਪਟਵਰਧਨ ਦੀ ਫ਼ਿਲਮ 'ਜੈ ਭੀਮ ਕਾਮਰੇਡ' ਦੇ ਵਿਲਾਸ ਘੋਗਰੇ ਤੇ ਲਾਲ ਸਿੰਘ ਦਿਲ 'ਚ ਇਕੋ ਜਿਹੇ ਚਰਿੱਤਰ ਨਹੀਂ ਹਨ ? ਅਜੈ ਨੇ ਜਵਾਬ ਦਿੱਤਾ ਕਿ 'ਉਹ ਹੋਰ ਤਰ੍ਹਾਂ ਦੇ ਬੰਦਾ ਤੇ ਹੋਰ ਤਰ੍ਹਾਂ ਦਾ ਪਿੱਠ-ਭੂਮੀ ਹੈ।ਮਹਾਂਰਾਸਟਰ 'ਚ ਦਲਿਤ ਲਹਿਰ ਦਾ ਹੋਰ ਇਤਿਹਾਸ ਹੈ। ਓਥੇ ਅੰਬੇਡਕਰ ਲੀਡ ਕਰਦਾ ਹੈ ਤੇ ਇੱਥੇ ਇਹੀ ਸੂਫ਼ੀ ਦਰਗਾਹਾਂ ਦੇ ਸੰਤ ਅੰਬੇਡਕਰ ਨੂੰ ਪੰਜਾਬ ਆਉਣ ਦਾ ਸੱਦਾ ਦਿੰਦੇ ਹਨ। ਲਾਲ ਸਿੰਘ ਦਿਲ ਤੇ ਵਿਲਾਸ ਘੋਗਰੇ 'ਚ ਇਹੀ ਫਰਕ ਵੀ ਹੈ ਕਿ ਘੋਗਰੇ ਬੇਹੱਦ ਸੰਵੇਦਨਸ਼ੀਲ ਹੋ ਕੇ ਖ਼ੁਦਕੁਸ਼ੀ ਕਰਦਾ ਹੈ ਤੇ ਲਾਲ ਸਿੰਘ ਦਿਲ ਫਕੀਰੀ ਲਹਿਜੇ 'ਚ ਸਭ 'ਚ ਛੱਡ ਕੇ ਇਸਲਾਮ ਕਬੂਲ ਕਰਕੇ ਸਾਦੀ ਜ਼ਿੰਦਗੀ ਜਿਉਂਦਾ ਹੈ'। 

ਸਵਾਲਾਂ-ਜਵਾਬਾਂ ਦੇ ਆਖ਼ਿਰ 'ਚ 'ਲੋਕ ਪਹਿਲਕਦਮੀ' ਨੇ ਨਿਰਦੇਸ਼ਕ ਨੂੰ ਸਵਾਲ ਕੀਤਾ ਕਿ 'ਇਕ ਇਨਕਲਾਬੀ ਤੇ ਇਕ ਫ਼ਕੀਰ 'ਚ ਕੀ ਫ਼ਰਕ ਹੁੰਦਾ ਹੈ,ਤੁਸੀਂ ਦੋਵਾਂ ਨਾਲ ਜੁੜੇ ਰਹੇ ਹੋਂ? ਅਜੈ ਨੇ ਕਿਹਾ 'ਅਸਲ ਇਨਕਲਾਬੀ ਫ਼ਕੀਰ ਹੁੰਦਾ ਹੈ ਤੇ ਅਸਲ ਫ਼ਕੀਰ ਇਨਕਲਾਬੀ ਹੁੰਦੈ'। 

ਫ਼ਿਲਮ ਪਰਦਾਪੇਸ਼ ਹੋਣ ਤੇ ਚਰਚਾ 'ਚ ਦਰਸ਼ਕਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਇਸ ਮੌਕੇ ਜਾਣੇ-ਪਛਾਣੇ ਨਾਵਲਕਾਰ ਮਨਮੋਹਨ, ਪੱਤਰਕਾਰ ਐਸ ਪੀ ਸਿੰਘ, ਅਡਵਾਂਸ ਦੇ ਸੰਪਾਦਕ ਅਜੈ ਭਾਰਦਵਾਜ, ਪੱਤਰਕਾਰ ਅਸ਼ੋਕ ਸ਼ਰਮਾ, ਪੱਤਰਕਾਰ ਜਸਵੀਰ ਸਮਰ, ਨਾਟਕਕਾਰ ਸੈਮੂਅਲ ਜੌਹਨ, ਪ੍ਰਫੈਸਰ ਗੁਰਮੁਖ ਸਿੰਘ, ਮਾਲਵਿੰਦਰ ਮਾਲੀ, ਗੁਰਦਰਸ਼ਨ ਬਾਈਆਕੂਕਾਬਾਰਾ ਰਸਾਲੇ ਦੇ ਸੰਪਾਦਕ ਸ਼ਿਵਦੀਪ, ਰਿਸਰਚ ਸਕਾਲਰ ਪਰਮਜੀਤ ਕੱਟੂ, ਪੱਤਰਕਾਰ ਚਰਨਜੀਤ ਤੇਜਾ, ਪੱਤਰਕਾਰ ਪੂਜਾ ਸ਼ਰਮਾ, ਪੱਤਰਕਾਰ ਰਮਨਦੀਪ ਸੋਢੀ, ਪੱਤਰਕਾਰ ਅਮਰਿੰਦਰ ਸਿੰਘ, 'ਲੋਕ ਪਹਿਕਦਮੀ' ਦੇ ਸੰਚਾਲਕ ਜਸਦੀਪ ਸਿੰਘ, ਨਵਜੀਤ ਕੌਰ, ਗੰਗਵੀਰ ਰਠੌੜ ਸਮੇਤ ਕਈ ਲੇਖ਼ਕ –ਪੱਤਰਕਾਰ ਹਾਜ਼ਰ ਸਨ। 

ਟੀਮ ਲੋਕ ਪਹਿਲਕਦਮੀ
ਤਸਵੀਰਕਾਰ-ਨਵਜੀਤ ਕੌਰ

Sunday, March 23, 2014

'ਲੋਕ ਪਹਿਲਕਦਮੀ' “EMBEDDED JOURNALISM” ਕਿਤਾਬ 'ਤੇ ਕਰਵਾਏਗੀ ਚਰਚਾ




'ਲੋਕ ਪਹਿਲਕਦਮੀ' ਤਨਜ਼ੀਮ 6 ਅਪ੍ਰੈਲ (ਐਤਵਾਰ) ਨੂੰ ਜਾਣੇ ਪਛਾਣੇ ਪੱਤਰਕਾਰਾਂ ਜਸਪਾਲ ਸਿੰਘ ਸਿੱਧੂ ਤੇ ਅਨਿਲ ਚਮੜੀਆ ਵਲੋਂ ਸੰਪਾਦਤ ਕਿਤਾਬ 'ਐਮਬੇਡਡ ਜਰਨਲਿਜ਼ਮ,ਪੰਜਾਬ' (ਜੁੜਤ ਪੱਤਰਕਾਰੀ,ਪੰਜਾਬ) ਉੱਤੇ ਚਰਚਾ ਕਰਵਾਏਗੀ। ਇਹ ਵਿਚਾਰ-ਚਰਚਾ ਚੰਡੀਗੜ੍ਹ ਦੇ ਗੁਰਦੁਆਰਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਲਾਟ ਨੰਬਰ 1, ਸੈਕਟਰ 28ਚੰਡੀਗੜ੍ਹ  ਦੇ ਕਾਨਫਰੰਸ ਹਾਲ 'ਚ 11 ਤੋਂ 2 ਵਜੇ ਤੱਕ ਚੱਲੇਗੀ। ਚਰਚਾ ਦੇ ਮੁੱਖ ਬੁਲਾਰੇ ਜਗਤਾਰ ਸਿੰਘ(ਲੇਖਕ 'ਖਾਲਿਸਤਾਨ ਸਟਰਗਲ: ਏ ਨਾਨ ਮੂਵਮੈਂਟ' ਤੇ ਸਾਬਕਾ ਪੱਤਰਕਾਰ,ਇੰਡੀਅਨ ਐਕਸਪ੍ਰੈਸ) ਤੇ ਹਮੀਰ ਸਿੰਘ(ਸੀਨੀਅਰ ਪੱਤਰਕਾਰ,ਪੰਜਾਬੀ ਟ੍ਰਿਬਿਊਨ) ਹੋਣਗੇ। ਇਹ ਕਿਤਾਬ ' ਜਨ ਮੀਡੀਆ ਪ੍ਰਕਾਸ਼ਨ ਦਿੱਲੀ' ਵਲੋਂ ਛਾਪੀ ਗਈ ਹੈ। 

ਕਿਤਾਬ 'ਚ ਇਕ ਲੇਖ ਪੱਤਰਕਾਰ ਜਸਪਾਲ ਸਿੱਧੂ ਵਲੋਂ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਲੇਖਕਾਂ 'ਚ ਪ੍ਰੋ.ਪ੍ਰੀਤਮ ਸਿੰਘ(ਪ੍ਰੋਫੈਸਰ,ਔਕਸਫੋਰਡ ਯੂਨੀਵਰਸਿਟੀ), ਰਾਮ ਨਰਾਇਣ ਕੁਮਾਰ (ਮਨੁੱਖੀ ਅਧਿਕਾਰ ਕਾਰਕੁੰਨ) ਪਤਵੰਤ ਸਿੰਘ(ਸਿੱਖ ਬੁੱਧੀਜੀਵੀ),ਤ੍ਰਿਲੋਕ ਸਿੰਘ ਦੀਪ(ਤਤਕਾਲੀ ਸੀਨੀਅਰ ਪੱਤਰਕਾਰ,ਦਿਨਮਾਨ),ਪ੍ਰੈਸ ਕੌਂਸਲ ਆਫ ਇੰਡੀਆ ਦੀ ਰਿਪੋਰਟ ਸ਼ਾਮਲ ਹੈ। 1990-91 'ਚ ਕੇਂਦਰ ਸਰਕਾਰ ਵਲੋਂ ਪੱਤਰਕਾਰ ਬੀ ਜੀ ਵਰਗੀਜ਼ ਦੀ ਅਗਵਾਈ 'ਚ ਕਸ਼ਮੀਰ ਤੇ ਪੰਜਾਬ ਦੀ ਪੱਤਰਕਾਰੀ ਦੇ ਹਲਾਤਾਂ ਦਾ ਸਰਵੇਖਣ ਕਰਨ ਲਈ ਪ੍ਰੈਸ ਕੌਂਸਲ ਦੀ ਇਕ ਟੀਮ ਭੇਜੀ ਗਈ ਸੀ।ਜਿਸ ਦੀ ਹੀ ਰਿਪੋਰਟ ਨੂੰ ਕਿਤਾਬ ਜ਼ਰੀਏ ਪਹਿਲੀ ਵਾਰ ਛਾਪਿਆ ਜਾ ਰਿਹਾ ਹੈ। 'ਐਮਬੇਡਡ ਜਰਨਲਿਜ਼ਮ' (ਜੁੜਤ ਪੱਤਰਕਾਰੀ) ਦਾ ਕਨਸੈਪਟ 2004 'ਚ ਅਮਰੀਕਾ ਵਲੋਂ ਇਰਾਕ 'ਤੇ ਕੀਤੇ ਹਮਲੇ ਦੌਰਾਨ ਉਦੋਂ ਸਾਹਮਣੇ ਆਇਆ ਸੀ ਜਦੋਂ ਅਮਰੀਕੀ ਫੌਜ ਆਪਣੇ ਨਾਲ 600 ਪੱਤਰਕਾਰਾਂ ਨੂੰ ਜੰਗ ਦੇ ਮੈਦਾਨ 'ਚ ਲੈ ਕੇ ਗਈ ਤੇ ਉਹ ਸਿਰਫ਼ ਫੌਜ ਦੀ ਸੂਚਨਾ ਦੇ ਅਧਾਰ 'ਤੇ ਹੀ ਰਿਪੋਰਟਟਿੰਗ ਕਰਦੇ ਹਨ।ਜਿਸ ਨਾਲ ਪੱਤਰਕਾਰੀ ਸਰਕਾਰੀ ਪ੍ਰਚਾਰ ਹੋ ਨਿੱਬੜੀ। ਉਸ ਮੌਕੇ ਪੂਰੀ ਦੁਨੀਆ 'ਚ 'ਜੁੜਤ ਪੱਤਰਕਾਰੀ' ਦੀ ਕਾਫੀ ਅਲੋਚਨਾ ਹੋਈ ਸੀ। 

ਇਸੇ ਸ਼ਬਦ ਨੂੰ ਮੁੱਖ ਰੱਖ ਕੇ ਜਸਪਾਲ ਸਿੱਧੂ ਤੇ ਅਨਿਲ ਚਮੜੀਆ ਨੇ 'ਓਪਰੇਸ਼ਨ ਬਲਿਊ ਸਟਾਰ' 'ਚ ਮੀਡੀਆ ਦੇ ਇਕ ਪਾਸੜ ਰਵੱਈਏ ਦੀਆਂ ਪਰਤਾਂ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੁਤਾਬਕ ਅਸਲ ਮੰਗਾਂ ਮਸਲਿਆਂ ਨੂੰ ਦਬਾਅ ਕੇ ਸਟੇਟ ਪੱਤਰਕਾਰੀ ਜ਼ਰੀਏ 'ਪਾਪੂਲਰ ਸਪੋਰਟ' ਕਿਵੇਂ ਹਾਸਲ ਕਰਦੀ ਹੈ,ਇਹਦੀਆਂ ਉਦਾਹਰਨਾਂ ਇਸ ਕਿਤਾਬ 'ਚ ਦਰਜ ਹਨ। ਪ੍ਰੋ. ਪ੍ਰੀਤਮ ਸਿੰਘ ਦਾ ਲੇਖ ਕਹਿੰਦਾ ਹੈ ਕਿ 'ਬਲਿਊ ਸਟਾਰ' ਦੀ ਮੀਡੀਆ ਨੇ ਇਕਤਰਫਾ ਰਿਪੋਰਟਿੰਗ ਕੀਤੀ ਤੇ ਚੀਜ਼ਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ। 

'ਲੋਕ ਪਹਿਲਕਦਮੀ' ਵਲੋਂ ਸਾਰੇ ਦੋਸਤਾਂ ਮਿੱਤਰਾਂ ਨੂੰ ਵਿਚਾਰ-ਚਰਚਾ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ।ਹਰ ਵਿਅਕਤੀਗਤ ਤੇ ਵਿਚਾਰਧਾਰਕ ਵਿਰੋਧ ਤੇ ਪੱਖ ਦਾ ਸਵਾਗਤ ਹੈ। ਅਸੀਂ ਸਹਿਮਤੀਆਂ ਦੀ ਦੌਰ 'ਚ ਅਸਹਿਮਤੀਆਂ ਨੂੰ ਹਮੇਸ਼ਾ ਤਰਜ਼ੀਹ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਦਿੰਦੇ ਰਹਾਂਗੇ। 

ਟੀਮ 'ਲੋਕ ਪਹਿਲਕਦਮੀ' 

ਨੈਨਇੰਦਰ ਸਿੰਘ (98761-10958) ਜਸਦੀਪ ਸਿੰਘ(99886-38850) ਗੰਗਵੀਰ ਰਠੌੜ-(99889-54521) ਕਪਿਲ ਦੇਵ (98725-96106) ਇਮਰਾਨ ਖਾਨ (98882-650070) ਹਰਪ੍ਰੀਤ ਸਿੰਘ ਕਾਹਲੋਂ (94641-41678)

Thursday, April 25, 2013

'ਇਸਲਾਮ' ਪੰਜਾਬ ਦੀ ਮਿੱਟੀ ਤੇ ਹਵਾ 'ਚ ਮੌਜੂਦ ਹੈ : ਅਜੈ ਭਾਰਦਵਾਜ

'ਮੇਰੀਆਂ ਫਿਲਮਾਂ ਮੇਰੇ ਅੰਦਰ ਚਿਰ੍ਹਾਂ ਤੋਂ ਚੱਲਦੇ ਸਵਾਲਾਂ ਦੇ ਜਵਾਬ ਲੱਭਦੀਆਂ ਹਨ। ਇਨ੍ਹਾਂ ਫਿਲਮਾਂ ਉੱਤੇ ਕੰਮ ਕਰਦੇ ਹੋਏ ਮੈਨੂੰ ਕਿੰਨੀ ਸੰਤੁਸ਼ਟੀ ਮਿਲੀ ਹੈ, ਇਹ ਮੈਂ ਹੀ ਜਾਣਦਾ ਹਾਂ। ਬਚਪਨ ਤੋਂ ਹੀ ਗਲੀ-ਮੁਹੱਲੇ ਵਿੱਚ 'ਗਆਂਢੀਆਂ' ਦੇ ਜਾਣ ਦੀਆਂ ਗੱਲਾਂ ਸੁਣਦਾ ਸੀ। ਅਵਚੇਤਨ ਮਨ ਵਿੱਚ ਲਗਾਤਾਰ ਇਹ ਚੀਜ਼ਾਂ ਪੁੰਗਰਦੀਆਂ ਰਹੀਆਂ ਤੇ ਆਖ਼ਰਕਾਰ ਮੈਂ ਇਸ ਵਿਸ਼ੇ ਉੱਤੇ ਕੰਮ ਕਰ ਸਕਿਆ, ਜਿਸ ਨਾਲ ਹਰ ਸੱਚਾ ਪੰਜਾਬੀ ਜੁੜਿਆ ਹੋਇਆ ਹੈ, ਫਿਰ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕਿਉਂ ਨਾ ਵਸਿਆ ਹੋਵੇ। ਹਰ ਪੰਜਾਬੀ ਆਪਣੀਆਂ ਜੜ੍ਹਾਂ ਦੀ ਭਾਲ ਵਿੱਚ ਲੱਗਾ ਹੋਇਆ ਹੈ ਕਿਉਂਕਿ ਦੇਸ਼ ਦੀ ਵੰਡ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਵਿਰਸੇ ਨੂੰ ਹੀ ਹੈ।' 

ਇਹ ਗੱਲ ਫਿਲਮਸਾਜ਼ ਅਜੈ ਭਾਰਦਵਾਜ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਉਸਦੀਆਂ ਭਾਰਤ-ਪਾਕਿਸਤਾਨ ਵੰਡ ਉੱਤੇ ਅਧਾਰਤ ਫਿਲਮਾਂ 'ਰੱਬਾ ਹੁਣ ਕੀ ਕਰੀਏ' ਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ ' ਦੀ 'ਲੋਕ ਪਹਿਲਕਦਮੀ' ਤਨਜ਼ੀਮ ਵਲੋਂ ਕਰਵਾਈ ਸਕਰੀਨਿੰਗ ਤੋਂ ਬਾਅਦ ਹੋਈ ਵਿਚਾਰ-ਚਰਚਾ ਮੌਕੇ ਕਹੀ।ਇਸ ਮੌਕੇ ਦਿੱਲੀ ਦੇ ਹੀ ਜਾਣੇ ਪਛਾਣੇ ਫਿਲਮ ਟਿੱਪਣੀਕਾਰ ਮਿਹਰ ਪੰਡਯਾ ਅਤੇ ਦਸਤਾਵੇਜ਼ੀ ਫਿਲਮਸਾਜ਼ ਦਲਜੀਤ ਅਮੀ ਵੀ ਮੌਜੂਦ ਸਨ।  

ਉਨ੍ਹਾਂ ਕਿਹਾ ਕਿ 'ਇਨ੍ਹਾਂ ਫਿਲਮਾਂ ਉੱਤੇ ਕੰਮ ਕਰਦੇ ਹੋਏ ਹੀ ਇਹ ਅਹਿਸਾਸ ਹੋਇਆ ਕਿ ਪੰਜਾਬੀ ਸੱਭਿਆਚਾਰ ਵਿੱਚ ਇਸਲਾਮ ਬਹੁਤ ਡੂੰਘਾ ਵਸਿਆ ਹੋਇਆ ਹੈ ਤੇ ਵੰਡਣ ਦੀਆਂ ਹਜ਼ਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਸਲਾਮ ਇਸ ਮਿੱਟੀ ਤੇ ਹਵਾ ਵਿੱਚ ਮੌਜੂਦ ਹੈ ਅਤੇ ਇਸ ਤੋਂ ਬਿਨ੍ਹਾਂ ਪੰਜਾਬੀ ਸੱਭਿਆਚਾਰ ਅਧੂਰਾ ਤੇ ਇਕ ਲੱਤ 'ਤੇ ਹੈ। ਇਸੇ ਲਈ ਵੰਡ ਤੋਂ ਬਾਅਦ ਹਰ ਪੰਜਾਬੀ ਪ੍ਰੇਸ਼ਾਨ ਹੈ ਕਿਉਂਕਿ 47 ਵਿੱਚ ਮਿਲਿਆ ਅਧੂਰਾਪਨ ਉਸਨੂੰ ਲਗਾਤਾਰ ਪ੍ਰੇਸ਼ਾਨ ਕਰਦਾ ਹੈ।   

ਅਜੈ ਨੇ ਕਿਹਾ ਕਿ 'ਇਨ੍ਹਾਂ ਫਿਲਮਾਂ ਨੂੰ ਬਨਾਉਣ ਮੌਕੇ ਉਸਨੂੰ ਆਪਣੀਆਂ ਜੜ੍ਹਾਂ ਦੇ ਨੇੜੇ ਹੋਣ ਦਾ ਮੌਕਾ ਮਿਲਿਆ। ਹਿੰਦ-ਪਾਕ ਵੰਡ ਮੌਕੇ ਕੀ ਹੋਇਆ ਅਤੇ ਕਿਵੇਂ ਵਾਪਰਿਆ, ਇਸਨੂੰ ਕਾਫੀ ਨੇੜੇ ਤੋਂ ਜਾਣਿਆ। ਖੁਦ ਨਾਲ ਜੁੜਾਅ ਦੇ ਦੌਰਾਨ ਕਾਫੀ ਕੁੱਝ ਚੰਗੇ-ਬੁਰੇ ਦਾ ਅਹਿਸਾਸ ਹੀ ਹੁੰਦਾ ਹੈ ਅਤੇ ਇਹੀ ਅਹਿਸਾਸ ਮੈਨੂੰ ਆਤਮ ਵਿਸ਼ਵਾਸ ਵੀ ਦਿੰਦਾ ਸੀ ਕਿਉਂਕਿ ਆਪਣੇ ਅਤੇ ਆਪਣੇ ਸਮਾਜ ਦੀ ਵਰਤਾਰਿਆਂ ਬਾਰੇ ਗਹਿਨ ਜਾਨਣ ਨੂੰ ਮਿਲਦਾ ਹੈ।ਅਜੈ ਨੇ ਕਿਹਾ ਕਿ 47 ਦੀ ਵੰਡ ਮੌਕੇ ਭਾਵੇਂ ਦੋ ਦੇਸ਼ ਵੰਡੇ ਗਏ, ਪਰ ਪੰਜਾਬੀਆਂ ਦੀ ਖਿੱਚ ਬਰਕਰਾਰ ਹੈ। ਇਹੀ ਕਾਰਨ ਹੈ ਕਿ ਭਾਰਤ-ਪਾਕਿਸਤਾਨ ਵਿੱਚ ਲੋਕ ਆਪਣੀਆਂ ਜੜ੍ਹਾਂ ਨੂੰ ਲੱਭਣ ਲਈ ਪੁਰਾਣੇ ਪਿੰਡਾਂ ਵਿੱਚ ਆਉਂਦੇ-ਜਾਂਦੇ ਰਹਿੰਦੇ ਨੇ।  


ਦਲਜੀਤ ਤੇ ਅਜੈ
ਫਿਲਮ ਟਿੱਪਣੀਕਾਰ ਮਿਹਰ ਪੰਡਯਾ ਨੇ ਕਿਹਾ ਕਿ ' 47 ਦੀ ਵੰਡ ਦੇ ਵਿਸ਼ੇ ਉੱਤੇ ਬਣੀਆਂ ਇਹ ਫਿਲਮਾਂ ਜ਼ਿਆਦਾਤਰ ਮੌਕੇ ਕਿਸੇ ਤੀਸਰੇ ਬਾਰੇ ਗੱਲ ਕਰਦੀਆਂ ਹਨ। ਫਿਲਮ ਵਿੱਚ ਆਏ ਜ਼ਿਆਦਾਤਰ ਲੋਕ ਇਹੋ ਦੱਸ ਰਹੇ ਹਨ ਕਿ ਵੰਡ ਮੌਕੇ 'ਫਲਾਣੇ' ਨੇ ਕੀ ਅਤੇ ਕਿਵੇਂ ਕੀਤਾ। ਪਰ ਇਹ ਫਿਲਮਾਂ ਇਸ ਗੱਲ ਵੱਲ ਵੀ ਧਿਆਨ ਦਿਵਾਉਂਦੀਆਂ ਹਨ ਕਿ ਵੱਢ-ਟੁੱਕ ਜਾਂ ਲੁੱਟ-ਖੋਹਾਂ ਕਰਨ ਵਾਲੇ ਲੋਕ ਵੀ ਇਸੇ ਸਮਾਜ ਦਾ ਹਿੱਸਾ ਸਨ। ਇਸ ਲਈ ਨੁਕਸਾਨ ਵੀ ਇਸੇ ਸਮਾਜ ਦਾ ਹੀ ਹੋਇਆ ਹੈ।  

ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਫਿਲਮ ਵਿੱਚ ਆਏ ਲੋਕ ਵੰਡ ਦੀ ਦਾਸਤਾਨ ਕਿਵੇਂ ਬਿਨ੍ਹਾਂ ਰੁਕੇ ਦੱਸ ਰਹੇ ਹਨ, ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ ਪਰ ਉਨ੍ਹਾਂ ਦੀ ਉਮਰ ਵੇਖਕੇ ਲੱਗਦੈ ਕਿ ਉਹ ਵੰਡ ਵੇਲੇ ਮਸਾਂ 5-6 ਵਰ੍ਹਿਆਂ ਦੇ ਹੀ ਹੋਣਗੇ। ਇਸ ਉਮਰ ਦੇ ਬਾਵਜੂਦ ਵੀ ਉਨ੍ਹਾਂ ਦੇ ਅੰਤਰ ਮਨ ਵਿੱਚ ਵੰਡ ਦਾ ਵਰਤਾਰਾ ਇੰਜ ਉਕਰਿਆ ਪਿਆ ਹੈ ਜਿਵੇਂ ਤਾਜ਼ਾ ਲਿਖਿਆ ਗਿਆ ਹੋਵੇ। ਮੈਨੂੰ ਵੀ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਸੀ ਜਦੋਂ ਮੈਂ ਆਪਣੀ ਕਿਤਾਬ ਲੇਖਣੀ ਦੌਰਾਨ ਭੂਮਿਕਾ ਲਿਖ ਰਿਹਾ ਸੀ ਤਾਂ ਮੈਨੂੰ ਵੀ 90ਵੇਂ ਦੇ ਦੰਗਿਆਂ ਦੀਆਂ ਤਸਵੀਰਾਂ ਸਪੱਸ਼ਟ ਦਿਖਾਈ ਦੇਣ ਲੱਗ ਪਈਆਂ ਸਨ। ਉਨ੍ਹਾਂ ਕਿਹਾ ਕਿ ਅਕਸਰ ਕਿਹਾ ਜਾਂਦਾ ਹੈ ਕਿ ਪੁਰਾਣੀਆਂ ਘਟਨਾਵਾਂ ਨੂੰ ਕੁਰੇਦਿਆ ਨਹੀਂ ਜਾਣਾ ਚਾਹੀਦਾ, ਪਰ ਮੈਂ ਕਹਿੰਦਾ ਹਾਂ ਕਿ ਚੀਜਾਂ ਉੱਤੇ ਡੂੰਘੀ ਚਰਚਾ ਹੋਣੀ ਚਾਹੀਦੀ ਹੈ, ਤਾਂ ਹੀ ਇਸ 'ਤੇ ਬੇਹਤਰ ਤੇ ਠੋਸ ਸਮਝ ਬਣ ਸਕੇਗੀ।  


ਯਾਦਵਿੰਦਰ ਤੇ ਮਿਹਰ
ਫਿਲਮਸਾਜ਼ ਤੇ ਪੱਤਰਕਾਰ ਦਲਜੀਤ ਅਮੀ ਨੇ ਕਿਹਾ ਕਿ 'ਇਹ ਫਿਲਮਾਂ ਵੇਖਣ ਤੋਂ ਬਾਅਦ ਹਰ ਇਕ ਸੰਵੇਦਨਸ਼ੀਲ ਬੰਦਾ ਕੰਬ ਉੱਠਦਾ ਹੈ ਤੇ  ਵੰਡ ਦੌਰਾਨ ਕਲਮਾ ਵੀ ਸਾਡਿਆਂ ਨੇ ਪੜ੍ਹਿਆ ਤੇ ਕਤਲੇਅਮ ਵੀ ਸਾਡਿਆਂ ਨੇ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ 'ਨੇਸ਼ਨ ਸਟੇਟ' ਨੇ ਭਾਵੇਂ ਸਮਾਜ ਨੂੰ ਖਾਕਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਪਰ ਲੋਕ ਆਪਣਾ ਸਾਂਝੇ ਸੱਭਿਆਚਾਰ ਜ਼ਰੀਏ ਆਪ ਆਪ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਜੈ ਨੇ ਫਿਲਮਾਂ ਬਣਾ ਕੇ ਚੰਗਾ ਕੰਮ ਕੀਤਾ ਹੈ ਤੇ ਸਾਨੂੰ ਇਹ ਸਵਾਲਾਂ ਦੇ ਜਵਾਬ ਲੱਭਣ ਦੀ ਲੋੜ ਹੈ ਕਿ ਇਹ ਸਭ ਕੁਝ ਕਿਵੇਂ ਵਾਪਰਦਾ ਹੈ'। 

ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਸੁਰਿੰਦਰ ਸਿੰਘ ਕਿਹਾ ਕਿ 'ਪੰਜਾਬ ਨੂੰ 47 ਤੇ 84 ਨਾਲ ਤਾਂ ਵੱਡਾ ਧੱਕਾ ਲੱਗਿਆ ਹੀ ਪਰ ਨਾਲ ਹੀ ਮੰਡੀ ਸੱਭਿਅਚਾਰ ਵੀ ਪੰਜਾਬ ਨੂੰ ਬਰਮਾਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਫੀਵਾਦ ਨੇ ਪੰਜਾਬ ਨੂੰ ਜੋੜਿਆ ਹੈ ਤੇ ਵੰਡ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਦੇ ਪੰਜਾਬ ਖਿੱਤੇ 'ਚ ਇਸਲਾਮ ਤੇ ਮੁਸਲਮਾਨਾਂ ਦੀ ਹਾਜ਼ਰੀ ਸਭ ਤੋਂ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰਨ ਸ਼ਾਹ ਕੋਟੀ ਤੇ ਨੁਸਰਤ ਫਤਹਿ ਅਲੀ ਖਾਨ ਜਿਹੇ ਲੋਕਾਂ ਨੇ ਇਕ ਪੰਜਾਬ ਦੇ ਸਾਂਝੇ ਸੱਭਿਆਚਾਰ ਨੂੰ ਉਭਾਰਨ 'ਚ ਵੱਡੀ ਭੂਮਿਕਾ ਨਿਭਾਈ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਇਤਿਹਾਸਕਾਰਾਂ ਤੇ ਯੂਨੀਵਰਸਿਟੀਆਂ ਦਾ ਰੋਲ ਇਸ ਮਾਮਲੇ 'ਚ ਬਹੁਤਾ ਚੰਗਾ ਨਹੀਂ ਰਿਹਾ ਹੈ। 

ਪਿਛਲੇ ਹੀ ਪ੍ਰੋਗਰਾਮ ਦੀ ਤਰ੍ਹਾਂ ਇਸ ਵਾਰ ਵੀ 'ਲੋਕ ਪਹਿਲਕਦਮੀ' ਤਨਜ਼ੀਮ ਨੂੰ ਦੋਸਤਾਂ ਮਿੱਤਰਾਂ ਦਾ ਭਰਵਾਂ ਹੁੰਗਾਰਾ ਮਿਲਿਆ।ਇਸ ਪ੍ਰੋਗਰਾਮ 'ਚ ਸਵਾਲਾਂ ਜਵਾਬਾਂ ਦੇ ਦੌਰ 'ਚ ਸੀਨੀਅਰ ਪੱਤਰਕਾਰ ਹਮੀਰ ਸਿੰਘ,ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੁਰਚਰਨ ਸਿੰਘ,ਇੰਦੂ ਬਾਲਾ ਆਦਿ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਫੈਸਰ ਗੁਰਮੁੱਖ ਸਿੰਘ,ਸੀਨੀਅਰ ਪੱਤਰਕਾਰ ਬਲਜੀਤ ਬੱਲੀ,ਮਨਜੀਤ ਸਿੱਧੂ ਆਦਿ ਬਹੁਤ ਸਾਰੇ ਖੇਤਰਾਂ ਨਾਲ ਜੁੜੇ ਦੋਸਤ ਮਿੱਤਰ ਫਿਲਮ ਸਕਰੀਨਿੰਗ ਦੇਖਣ ਪੁੱਜੇ ਹੋਏ ਸਨ। 

'ਲੋਕ ਪਹਿਲਕਦਮੀ' ਲਈ ਖੁਸ਼ੀ ਦੀ ਗੱਲ ਇਹ ਸੀ ਕਿ ਇਸ ਪ੍ਰੋਗਰਾਮ 'ਚ ਤਨਜ਼ੀਮ ਦੇ ਲਗਭਗ ਸਾਰੇ ਹੀ ਮੈਂਬਰ ਪੁੱਜੇ ਹੋਏ ਸਨ,ਜਿਨ੍ਹਾਂ 'ਚ ਨੈਨਇੰਦਰ ਸਿੰਘ,ਜਸਦੀਪ ਸਿੰਘ, ਇਮਰਾਨ ਖਾਨ,ਰਮਨਜੀਤ ਸਿੰਘ,ਕਪਿਲ ਦੇਵ,ਪਰਮਜੀਤ ਕੱਟੂ,ਗੰਗਵੀਰ ਰਠੌੜ,ਹਰਪ੍ਰੀਤ ਸਿੰਘ ਕਾਹਲੋਂ,ਵੀਰਪਾਲ ਕੌਰ,ਨਵਜੀਤ ਕੌਰ ਤੇ ਯਾਦਵਿੰਦਰ ਕਰਫਿਊ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਫਿਲਮਾਂ ਦੇਖਣ ਤੇ ਵਿਚਾਰ ਚਰਚਾ 'ਚ ਹਿੱਸੇ ਲੈਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ। 


ਪਟਿਆ
ਲੇ ਵਾਲੇ ਬਾਈ ਰਮਨਜੀਤ ਦੀ ਰਿਪੋਰਟ 
ਫ਼ੋਟੋਕਾਰ: ਨਵਜੀਤ ਕੌਰ

Tuesday, April 9, 2013

'ਲੋਕ ਪਹਿਲਕਦਮੀ'('People's Initiative') ਫ਼ਿਲਮਸਾਜ਼ ਅਜੇ ਭਾਰਦਵਾਜ ਦੀਆਂ ਵੰਡ ਬਾਰੇ ਫਿਲਮਾਂ 'ਤੇ ਕਰਵਾਏਗੀ ਚਰਚਾ

ਬੁਲਾਰੇ: ਅਜੇ ਭਾਰਦਵਾਜ,ਦਿੱਲੀ ਦੇ ਨੌਜਵਾਨ ਫਿਲਮ ਆਲੋਚਕ ਮਿਹਿਰ ਪੰਡਿਆ ਤੇ ਫ਼ਿਲਮਸਾਜ਼ ਦਲਜੀਤ ਅਮੀ

1947 ਦੀ ਵੰਡ ਨੂੰ ਸਮਝਦੀਆਂ-ਸਮਝਾਉਂਦੀਆਂ ਤੇ ਸਵਾਲ ਕਰਦੀਆਂ ਫਿਲਮਾਂ 'ਰੱਬਾ ਹੁਣ ਕੀ ਕਰੀਏ' ਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ ਤੇ ਦੀ ਹੋਵੇਗੀ 
ਸਕਰੀਨਿੰ

ਤਰੀਕ-21 ਅਪ੍ਰੈਲ 
ਸਥਾਨ-ਸੈਕਟਰ-27, ਪ੍ਰੈਸ ਕਲੱਬ,ਚੰਡੀਗੜ੍ਹ 
ਸਮਾਂ-12 ਤੋਂ 5 ਵਜੇ ਤੱਕ

'ਲੋਕ ਪਹਿਲਕਦਮੀ'('People's Initiative') ਤਨਜ਼ੀਮ ਦੀ ਟੀਮ ਨੇ ਇਕ ਬੈਠਕ 'ਚ ਅਗਲੇ ਪ੍ਰੋਗਰਾਮ ਬਾਰੇ ਫੈਸਲਾ ਲੈਂਦਿਆਂ ਤੈਅ ਕੀਤਾ ਕਿ '21 ਅਪ੍ਰੈਲ ਨੂੰ ਦਿੱਲੀ ਰਹਿੰਦੇ ਦਸਤਾਵੇਜ਼ੀ ਫ਼ਿਲਮਸਾਜ਼ ਅਜੇ ਭਾਰਦਵਾਜ ਦੀਆਂ 1947 ਦੀ ਵੰਡ ਦੇ ਦਰਦ ਦੀਆਂ ਤੈਹਾਂ ਫਰੋਲਦੀਆਂ ਦੋ ਫਿਲਮਾਂ 'ਰੱਬਾ ਹੁਣ ਕੀ ਕਰੀਏ', ਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦੀ ਸਕਰੀਨਿੰਗ ਤੋਂ ਬਾਅਦ ਵਿਚਾਰ ਚਰਚਾ ਕਰਵਾਈ ਜਾਵੇਗੀ।ਇਹ ਪ੍ਰੋਗਰਾਮ 21 ਅਪ੍ਰੈਲ ਦਿਨ ਐਤਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਦੁਪਿਹਰ 12 ਵਜੇ ਤੋਂ 5 ਵਜੇ ਤੱਕ ਕਰਵਾਇਆ ਜਾਵੇਗਾ।ਜਿਸ 'ਚ ਦੋਵਾਂ ਫਿਲਮਾਂ ਦੇ ਨਿਰਦੇਸ਼ਕ ਅਜੇ ਭਾਰਦਵਾਜ,ਦਿੱਲੀ ਦੇ ਮਸ਼ਹੂਰ ਨੌਜਵਾਨ ਫਿਲਮ ਆਲੋਚਕ ਮਿਹਿਰ ਪੰਡਿਆ ਤੇ ਜਾਣੇ-ਪਛਾਣੇ ਦਸਤਾਵੇਜ਼ੀ ਫਿਲਮਸਾਜ਼ ਤੇ ਸੀਨੀਅਰ ਪੱਤਰਕਾਰ ਦਲਜੀਤ ਅਮੀ ਬੁਲਾਰਿਆਂ ਦੇ ਤੌਰ 'ਤੇ ਹਿੱਸਾ ਲੈਣਗੇ।

ਦੱਸਣਯੋਗ ਹੈ ਕਿ ਅਜੇ ਭਾਦਰਵਾਜ ਨੇ ਆਪਣਾ ਫਿਲਮੀ ਸਫ਼ਰ ਦਸਤਾਵੇਜ਼ੀ ਫਿਲਮ 'ਇਕ ਮਿੰਟ ਕਾ ਮੌਨ' ਨਾਲ ਸ਼ੁਰੂ ਕੀਤਾ ਸੀ ਜੋ ਮਰਹੂਮ ਕਵੀ ਲਾਲ ਸਿੰਘ ਦਿਲ ਨੂੰ ਕੇਂਦਰ 'ਚ ਰੱਖ ਕੇ ਬਣਾਈ ਫਿਲਮ 'ਕਿਤੇ ਮਿਲ ਵੇ ਮਾਹੀ'(ਦਲਿਤ ਤੇ ਸੂਫ਼ੀਵਾਦ ਮੁੱਦਾ) ਤੋਂ ਹੁੰਦਿਆਂ 'ਰੱਬਾ ਹੁਣ ਕੀ ਕਰੀਏ' ਜ਼ਰੀਏ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਤੱਕ ਪੁੱਜਦਾ ਹੈ।ਇਨ੍ਹਾਂ ਫਿਲਮਾਂ 'ਤੇ ਬੋਲਣ ਵਾਲੇ ਦਿੱਲੀ ਯੂਨੀਵਰਸਿਟੀ ਦੇ ਨੌਜਵਾਨ ਫ਼ਿਲਮ ਆਲੋਚਕ ਮਿਹਿਰ ਪੰਡਿਆ ਲੰਮੇ ਸਮੇਂ ਤੋਂ ਫਿਲਮਾਂ 'ਤੇ ਬਹੁਤ ਡੂੰਘਾ ਤੇ ਸੂਖ਼ਮ ਕੰਮ ਕਰ ਰਹੇ ਹਨ। ਉਹ ਹਿੰਦੀ ਦੇ ਸਾਹਿਤਕ ਤੇ ਸਿਨੇਮਾਈ ਸਮਾਜ ਦੇ ਜਾਣੇ ਪਛਾਣੇ ਚਿਹਰੇ ਹਨ। ਹਿੰਦੀ ਦੇ ਮਸ਼ਹੂਰ ਸਾਹਿਤਕ ਰਸਾਲੇ 'ਕਥਾਦੇਸ਼' 'ਚ ਹਰ ਵਾਰ ਸਿਨੇਮਾ 'ਤੇ ਕਾਲਮ ਲਿਖ਼ਦੇ ਹਨ ਤੇ ਪਿੱਛੇ ਜਿਹੇ ਹੀ ਉਨ੍ਹਾਂ ਦੀ ਸਿਨੇਮੇ 'ਤੇ ਚਰਚਿਤ ਕਿਤਾਬ 'ਸ਼ਹਿਰ ਤੇ ਸਿਨੇਮਾ ਵਾਇਆ ਦਿੱਲੀ' ਆਈ ਹੈ। ਇਸੇ ਤਰ੍ਹਾਂ ਦਲਜੀਤ ਅਮੀ ਪੰਜਾਬੀ ਦੇ ਜਾਣੇ ਪਛਾਣੇ ਦਸਤਾਵੇਜ਼ੀ ਫ਼ਿਲਮਸਾਜ਼ ਹਨ।ਚੰਡੀਗੜ੍ਹ ਰਹਿ ਕੇ ਲੰਮੇ ਸਮੇਂ ਤੋਂ ਪੰਜਾਬ 'ਤੇ ਦਸਤਾਵੇਜ਼ੀ ਫਿਲਮਾਂ ਬਣਾ ਰਹੇ ਹਨ। ਉਨ੍ਹਾਂ ਦੀ ਮਹਿਲ ਕਲਾਂ ਕਿਰਨਜੀਤ ਕਾਂਡ 'ਤੇ ਬਣੀ ਫ਼ਿਲਮ 'ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ' ਕਾਫੀ ਚਰਚਾ 'ਚ ਰਹੀ ਸੀ। ਫ਼ਿਲਮੀ ਦੁਨੀਆ ਤੋਂ ਇਲਾਵਾ ਦਲਜੀਤ ਅਮੀ ਪੱਤਰਕਾਰੀ 'ਚ ਵੀ ਦਖ਼ਲ ਰੱਖਦੇ ਹਨ ਤੇ ਡੈਅ ਐਂਡ ਨਾਈਟ ਚੈਨਲ ਦੇ ਸਲਾਹਕਾਰ ਸੰਪਾਦਕ ਹਨ।


ਲੋਕ ਪਹਿਲਕਦਮੀ ਤਨਜ਼ੀਮ ਦੀ ਟੀਮ ਲੰਮੀ ਵਿਚਾਰ-ਚਰਚਾ ਤੋਂ ਬਾਅਦ ਇਸ ਸਿੱਟੇ 'ਤੇ ਪੁੱਜੀ ਕਿ ਅਜੇ ਭਾਰਦਵਾਜ ਦੀਆਂ ਫਿਲਮਾਂ ਦੇ ਜ਼ਰੀਏ 1947 ਵੰਡ ਦੀ ਨੂੰ ਹੋਰ ਡੂੰਘਾਈ ਨਾਲ ਦੇਖਿਆ,ਸਮਝਿਆ ਤੇ ਵਿਚਾਰਿਆ ਜਾਵੇ। 'ਲੋਕ ਪਲਿਕਦਮੀ' ਵਲੋਂ ਪਿਛਲੀ ਵਾਰ ਸਵੀਡਨ ਦੀ ਸਟਾਕਹੌਮ ਯੂਨੀਵਰਸਿਟੀ ਦੇ ਪ੍ਰੋਫੈਸਰ ਇਸ਼ਤਿਆਕ ਅਹਿਮਦ ਨੂੰ ਉਨ੍ਹਾਂ ਦੀ ਕਿਤਾਬ ' ਦਾ ਪੰਜਾਬ: ਬਲੱਡੀਡ,ਪਾਰਟੀਸ਼ਨਡ ਐਂਡ ਕਲੀਨਜ਼ਿਡ' 'ਤੇ ਭਾਸ਼ਨ ਲਈ ਬੁਲਾਇਆ ਗਿਆ ਸੀ ਤੇ ਤਨਜ਼ੀਮ ਨੂੰ ਬੁੱਧੀਜੀਵੀਆਂ,ਪੱਤਰਕਾਰਾਂ ਤੇ ਦੋਸਤਾਂ ਮਿੱਤਰਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਵਾਰ ਕਿਤਾਬਾਂ ਤੋਂ ਬਾਅਦ ਫਿਲਮਾਂ ਜ਼ਰੀਏ ਵੰਡ ਨੂੰ ਸਮਝਣ 
ਲਈ ਅਜੇ ਨੂੰ ਸੱਦਾ ਦਿੱਤਾ ਗਿਆ ਹੈ।ਸਾਨੂੰ ਲੱਗਦਾ ਲੱਗਾ ਹੈ ਕਿ ਫ਼ਿਲਮ ਇਕ ਅਜਿਹਾ ਮਾਧਿਅਮ ਹੈ ਜਿਸ ਜ਼ਰੀਏ ਲੋਕ ਆਪਣੇ ਆਪ ਨੂੰ ਰਿਲੇਟ ਕਰਕੇ ਚੀਜ਼ਾਂ ਨੂੰ ਮੁੜ ਪ੍ਰਭਾਸ਼ਤ ਕਰਦੇ ਹੋਏ ਨਵੇਂ ਸਿਰਿਓਂ ਫੜ੍ਹਦੇ-ਸਮਝਦੇ ਹਨ।



ਇਸ ਬੈਠਕ 'ਚ ਤਨਜ਼ੀਮ ਦੇ ਲਈ ਇਕ ਸਤਰ 'ਤਾਂ ਕਿ ਕਾਫ਼ਲਾ ਰਵਾਂ-ਦਵਾਂ ਰਹੇ' ਵੀ ਘੜੀ ਗਈ। ਇਸ ਸਤਰ ਦੀ 'ਲੋਕ ਪਹਿਲਕਦਮੀ' ਨਾਲ ਜੁੜੀ ਹਰ ਚੀਜ਼ 'ਤੇ ਵਰਤੋਂ ਕੀਤੀ ਜਾਵੇਗੀ।

ਟੀਮ ਵਲੋਂ ਆਪਣਾ ਨਿਸ਼ਾਨਾ ਮੁੜ ਦੁਹਰਾਇਆ ਗਿਆ ਜਿਸ ਦੇ ਤਹਿਤ 'ਲੋਕ ਪਹਿਲਕਦਮੀ' ਜਮਹੂਰੀਅਤ ਨੁੰ ਹਰ ਥਾਂ 'ਸ਼ਬਦੀ ਅਡੰਬਰ' 'ਚੋਂ ਕੱਢ ਕੇ ਮਨੁੱਖ ਤੋਂ ਮਨੁੱਖ ਤੇ ਸਿਆਸਤ ਤੋਂ ਸਿਆਸਤ ਪ੍ਰਤੀ ਇਕ ਅਮਲੀ ਜਹਮੂਰੀ ਸਿਹਤਮੰਦ ਪਹੁੰਚ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਅਸੀਂ ਘੱਟੋ ਘੱਟੋ ਆਪਣੇ ਸੁਭਾਅ ਪੱਖੋਂ (ਜਿਸ 'ਤੇ ਸਟੇਟ ਨੇ ਪਾਬੰਦੀ ਨਹੀਂ ਲਗਾਈ) ਵੱਖਰੇ ਵਿਚਾਰ,ਵੱਖਰੇ ਸੁਭਾਅ ਤੇ ਵੱਖਰੀ ਸਿਆਸਤ ਵਾਲਿਆਂ ਪ੍ਰਤੀ ਜਮਹੂਰੀ ਪਹੁੰਚ ਅਪਣਾਈਏ ਤੇ ਸੋਚ ਤੋਂ ਵੱਖਰਾ ਸੁਣਨ,ਦੇਖਣ ਤੇ ਅਸਹਿਮਤੀ ਲਈ ਜਿਗਰਾ ਮਜ਼ਬੂਤ ਕਰੀਏ। ਸੰਵਾਦ ਹੀ ਮਸਲਿਆਂ ਦੀ ਮੰਜ਼ਲ ਹੈ। ਬੰਦੇ ਕਤਲ ਹੋ ਸਕਦੇ ਹਨ ਪਰ ਵਿਚਾਰਧਰਾਵਾਂ ਕਦੇ ਕਤਲ ਨਹੀਂ ਹੁੰਦੀਆਂ ਤੇ ਇਸੇ ਲਈ ਮੌਜੂਦਾ ਦੌਰ 'ਚ ਸਮਾਜ ਨੂੰ ਸਭ ਤੋਂ ਵੱਧ ਅਸਿਹਮਤੀ ਦੀ ਦਲੇਰੀ ਤੇ ਸਹਿਮਤੀ ਦੇ ਬਿਬੇਕ ਦੀ ਲੋੜ ਹੈ।

'ਲੋਕ ਪਹਿਲਕਦਮੀ' ਦੀ ਬੈਠਕ 'ਚ ਇਸ ਤੋਂ ਅਗਲੇ ਪ੍ਰੋਗਰਾਮ ਦੀ ਵੀ ਚਰਚਾ ਕੀਤੀ ਗਈ ਕਿ ਅਗਲੀ ਵਿਚਾਰ-ਚਰਚਾ ਮਸ਼ਹੂਰ ਚਿੰਤਕ ਪੈਰੀ ਐਂਡਰਸਨ ਦੀ ਕਿਤਾਬ 'ਦਾ ਇੰਡੀਅਨ ਅਡਿਓਲਿਜੀ' 'ਤੇ ਕਰਵਾਈ ਜਾ ਸਕਦੀ ਹੈ।ਇਸ ਸਬੰਧੀ ਪੰਜਾਬੀ ਲੇਖ਼ਕ ਤੇ ਤਰਜ਼ਮਾਕਾਰ ਬੂਟਾ ਸਿੰਘ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਪਰ ਇਸ ਫੈਸਲੇ 'ਤੇ ਤਨਜ਼ੀਮ ਦੀ ਅਗਲੀਆਂ ਬੈਠਕਾਂ 'ਚ ਸਾਂਝੀ ਸਹਿਮਤੀ ਮਿਲਣ ਤੋਂ ਬਾਅਦ ਹੀ ਮੋਹਰ ਲੱਗੇਗੀ।


'ਲੋਕ ਪਹਿਕਦਮੀ' ਦੀ ਇਸ ਬੈਠਕ 'ਚ ਨੈਨਇੰਦਰ ਸਿੰਘ,ਜਸਦੀਪ ਸਿੰਘ,ਕਪਿਲ ਦੇਵ ਤੇ ਯਾਦਵਿੰਦਰ ਕਰਫਿਊ ਹਾਜ਼ਰ ਸਨ।ਇਸ ਬੈਠਕ ਦੇ ਫੈਸਲੇ ਬਾਰੇ ਤਨਜ਼ੀਮ ਦੇ ਹੋਰ ਮੈਂਬਰਾਂ ਇਮਰਾਨ ਖਾਨ,ਪਰਮਜੀਤ ਕੱਟੂ,ਰਮਨਜੀਤ ਸਿੰਘ,ਗਗਨਦੀਪ ਸੋਹਲ,ਹਰਪ੍ਰੀਤ ਸਿੰਘ ਕਾਹਲੋਂ,ਅੰਮ੍ਰਿਤਪਾਲ ਸਿੰਘ ਪ੍ਰੀਤ, ਗੰਗਵੀਰ ਰਠੌੜ ਤੇ ਵੀਰਪਾਲ ਕੌਰ ਤੋਂ ਵੀ ਸਹਿਮਤੀ ਲਈ ਗਈ।


ਬੈਠਕ 'ਚ ਇਹ ਵੀ ਤੈਅ ਹੋਇਆ ਕਿ ਚੰਡੀਗੜ੍ਹ ਦੇ ਸਿੱਖਿਆ ਤੇ ਹੋਰ ਲੋਕ ਸਰਗਰਮੀ ਅਦਾਰਿਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਤਨਜ਼ੀਮ ਵਲੋਂ ਪ੍ਰੋਗਰਾਮ ਸਬੰਧੀ ਛਾਪੇ ਪੋਸਟਰ ਲਗਾਏ ਜਾਣਗੇ ਤਾਂ ਕਿ ਫ਼ਿਲਮਾਂ ਤੇ ਚਰਚਾ ਸਬੰਧੀ ਇਕ ਲੋਕ ਸੁਨੇਹਾ ਲੋਕਾਂ ਤੱਕ ਪੁੱਜ ਸਕੇ।ਪੰਜਾਬੀ ਯੂਨੀਵਰਸਿਟੀ ਦੀਆਂ ਵੱਖ ਵੱਖ ਥਾਵਾਂ 'ਤੇ ਲੋਕ ਸੁਨੇਹਾ ਪਹੁੰਚਾਉਣ ਦੀ ਜ਼ਿੰਮੇਵਾਰੀ ਪਰਮਜੀਤ ਕੱਟੂ ਤੇ ਅੰਮ੍ਰਿਤਪਾਲ ਸਿੰਘ ਪ੍ਰੀਤ ਨੇ ਚੁੱਕੀ ਹੈ।ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਦੇ ਹੋਰ ਲੋਕ ਸਰਗਰਮੀ ਅਦਾਰਿਆਂ 'ਚ ਯਾਦਵਿੰਦਰ ਕਰਫਿਊ,ਜਸਦੀਪ ਸਿੰਘ ਤੇ ਕਪਿਲ ਦੇਵ ਪੋਸਟਰ ਚਿਪਕਾਉਣ ਦੀ ਸੇਵਾ ਨਿਭਾਉਣਗੇ।


ਵਲੋਂ: ਟੀਮ 'ਲੋਕ ਪਹਿਲਕਦਮੀ'---ਨੈਨਇੰਦਰ ਸਿੰਘ--98761-10958 ਜਸਦੀਪ ਸਿੰਘ----99886-38850 ਕਪਿਲ ਦੇਵ----98725-96106--ਅੰਮ੍ਰਿਤਪਾਲ ਸਿੰਘ ਪ੍ਰੀਤ--94179-43606


ਅਜੇ ਭਾਰਦਵਾਜ ਬਾਰੇ ਮੇਰੀਆਂ ਦੋ ਗੱਲਾਂ 

ਜੇ ਭਾਰਦਵਾਜ ਨੇ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਤੋਂ ਸਿਆਸਤ ਦੀ ਮਾਸਟਰ ਕੀਤੀ ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਟੀ(ਦਿੱਲੀ) ਦੇ ਜਨ ਸੰਚਾਰ ਤੇ ਖੋਜ ਵਿਭਾਗ ਤੋਂ ਮੀਡੀਆ ਦਾ ਕੋਰਸ ਕੀਤਾ। 1984 ਤੋਂ 87 ਤੱਕ ਨੁੱਕੜ ਨਾਟਕਾਂ ਦੀ ਟੀਮ ‘ਅਵਹਾਨ ਨਾਟਿਯਾ ਮੰਚ'ਨਾਲ ਜੁੜੇ ਰਹੇ।ਲਗਭਗ ਅੱਧਾ ਦਹਾਕਾ ਐਨ ਡੀ ਟੀ ਟੀ,ਟੀ ਵੀ-18 ਆਦਿ ਨਾਲ ਵੀ ਕੰਮ ਕੀਤਾ। 1997 'ਚ ਪਹਿਲੀ ਦਸਤਾਵੇਜ਼ੀ ਫ਼ਿਲਮ ਆਇਸਾ ਜਥੇਬੰਦੀ ਦੇ ਉੱਘੇ ਆਗੂ ਚੰਦਰਸੇਖ਼ਰ ਦੇ ਵਹਿਸ਼ੀਆਨਾ ਕਤਲ ਦੇ ਖ਼ਿਲਾਫ ਚੱਲੀ ਵਿਦਿਆਰਥੀ ਲਹਿਰ ਬਾਰੇ 'ਏਕ ਮਿੰਟ ਕਾ ਮੌਨ' ਬਣਾਈ। 2005 'ਚ ਅਜੇ ਮਰਹੂਮ ਕਵੀ ਲਾਲ ਸਿੰਘ ਦਿਲ ਨੂੰ ਕੇਂਦਰ 'ਚ ਰੱਖ ਕੇ ਬਣਾਈ ਫ਼ਿਲਮ 'ਕਿਤੇ ਮਿਲ ਵੇ ਮਾਹੀ' ਜ਼ਰੀਏ ਆਪਣੀ ਧਰਤੀ ਵੱਲ ਮੁੜਦਾ ਹੈ। ਇਸ ਤੋਂ ਬਾਅਦ ਉਹ ਪੰਜਾਬ ਨੂੰ ਦੋ ਹੋਰ ਕਮਾਲ ਦੀਆਂ ਫ਼ਿਲਮਾਂ 'ਰੱਬਾ ਹੁਣ ਕੀ ਕਰੀਏ' ਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦਿੰਦਾ ਹੈ। ਅਜੇ ਦੀਆਂ ਫ਼ਿਲਮਾਂ ਮਨੁੱਖ 'ਚ ਵਕਤੀ ਗਰਮੀ ਪੈਦਾ ਨਹੀ ਕਰਦੀਆਂ ਬਲ ਕਿ ਮਨੁੱਖਤਾ,ਪਿਆਰ ਤੇ ਲੋਕਾਈ ਲਈ ਡੂੰਘੀ ਫਿਲਾਸਫੀਕਲ ਭੁੱਖ ਤੇ ਚਿਣਗ ਜਗਾਉਂਦੀਆਂ ਹਨ। ਇਹ ਫ਼ਿਲਮਾਂ ਜਿੱਥੇ ਮਨੁੱਖ ਨੂੰ ਉਸਦੀਆਂ ਆਰਗੈਨਿਕ/ਕੁਦਰਤੀ ਜੜ੍ਹਾਂ ਨਾਲ ਜੋੜਦੀਆਂ ਹਨ,ਓਥੇ ਹੀ ਕਲਾਤਮਕ ਕੰਮ ਬੇਹੱਦ ਬਾ-ਕਮਾਲ ਹੈ। ਫਿਲਮਾਂ ਦੇ ਕਈ ਦ੍ਰਿਸ਼ ਵੇਖਦਿਆਂ ਲੱਗਦਾ ਹੈ ਕਿ ਅਸੀਂ ਕੋਈ ਦਸਤਾਵੇਜ਼ੀ ਫ਼ਿਲਮ ਨਹੀਂ ਕੋਈ ਕਲਾਤਮਕ ਫਿਕਸ਼ਨ ਫਿਲਮ ਦੇਖ ਰਹੇ ਹਾਂ।

ਅਜੇ ਸਾਡੇ ਸਮਿਆਂ ਦਾ ਬੇਹਤਰੀਨ ਫ਼ਿਲਮਸਾਜ਼ ਹੈ,ਪਰ ਪੰਜਾਬੀਆਂ ਦੀ ਤਰਾਸਦੀ ਇਹ ਹੈ ਕਿ ਅਸੀਂ ਇਕੱਲੇ 'ਅਜੇ ਭਾਦਰਵਾਜ' ਨੂੰ ਹੀ ਨਹੀਂ ਬਲ ਕਿ ਬਹੁਤ ਸਾਰੇ ਸੱਭਿਆਚਾਰ ਕਾਮਿਆਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ। ਪੰਜਾਬ ਦੇ ਸਿਆਸੀ-ਸੱਭਿਆਚਾਰਕ ਫਰੰਟਾਂ 'ਤੇ ਝੁੰਡਵਾਦੀ ਕਬੀਲਾਈ ਮਾਨਸਿਕਤਾ ਵਾਲੇ ਘੜੰਮ ਚੌਧਰੀਆਂ ਦੀ ਧੜੇਬੰਦ ਸਿਆਸਤ ਭਾਰੂ ਰਹੀ ਹੈ ਤੇ ਹੁਣ ਵੀ ਨਵੀਂ ਪੀੜ੍ਹੀ ਦੇ ਬਹੁਤ ਸਾਰੇ ਘੜੰਮ ਚੌਧਰੀ ਆਪਣੇ ਪੁਰਖਿਆਂ ਦੀ ਲੋਕ-ਮਾਰੂ ਧੜੇਬੰਦ ਵਿਰਾਸਤ ਦਾ ਪੱਲਾ ਫੜ੍ਹ ਕੇ ਬਿਮਾਰ ਪੰਜਾਬ ਦਾ ਹੋਰ ਬੇੜਾ ਗਰਕ ਕਰਨ ਤੁਰੇ ਹੋਏ ਹਨ। ਰੌਚਿਕ ਗੱਲ ਇਹ ਹੈ ਕਿ ਜਿਹੜੀ ਸਿਆਸਤ ਤੇ ਸਿਆਸੀ ਪਹੁੰਚ ਨੂੰ ਉਹ ਵਾਰ ਵਾਰ ਗਾਲ੍ਹਾਂ ਕੱਢਦੇ ਹਨ ਆਪ ਵੀ ਸ਼ਬਦੀ ਨਹੀਂ ਅਮਲੀ ਤੌਰ 'ਤੇ ਦੂਜੇ ਪ੍ਰਤੀ ਉਹੀ ਪਹੁੰਚ ਰੱਖਦੇ ਹਨ।  ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ ਲੱਗਭਗ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਸਿਆਸੀ,ਸਮਾਜਿਕ ਤੇ ਸੱਭਿਆਰਚਾਕ ਖੜੋਤ ਟੁੱਟਣ ਦਾ ਨਾਂਅ ਨਹੀਂ ਲੈ ਰਹੀ ਹੈ। ਜਿਸਦੇ ਜਵਾਬ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਤੋਂ ਜ਼ਰੂਰ ਮੰਗੇਗਾ।


'ਲੋਕ ਪਹਿਕਦਮੀ' ਅਜਿਹੀਆਂ 'ਇਤਿਹਾਸਕ ਗਲਤੀਆਂ'  ਦੀ ਜ਼ਿੰਮੇਵਾਰੀ ਚੁੱਕਦੇ ਹੋਏ ਪਾੜਾਂ ਨੂੰ ਭਰਨ ਦੀ ਨਿੱਕੀ ਜਿਹੀ ਕੋਸ਼ਿਸ਼ ਕਰ ਰਹੀ ਹੈ,ਉਮੀਦ ਹੈ ਕਿ ਪੰਜਾਬ 'ਝੁੰਡਵਾਦੀ ਧੜੇਬੰਦ ਘੜੰਮ ਚੌਧਰੀ' ਸਿਆਸਤ 'ਚੋਂ ਨਿਕਲ ਕੇ ਭਵਿੱਖ ਵੱਲ ਨਵੀਆਂ ਪੁਲਾਘਾਂ ਪੁੱਟੇਗਾ।


ਯਾਦਵਿੰਦਰ ਕਰਫਿਊ

Monday, March 4, 2013

'ਲੋਕ ਪਹਿਲਕਦਮੀ'('People's Initiative'):ਇਸ਼ਤਿਆਕ ਅਹਿਮਦ ਦੀ ਕਿਤਾਬ 'ਤੇ ਹੋਈ ਰੌਚਿਕ ਵਿਚਾਰ-ਚਰਚਾ



ਸੁਖਬੀਰ ਬਾਜਵਾ,ਯਾਦਵਿੰਦਰ ਤੇ ਪੋ: ਇਸ਼ਤਿਆਕ ਅਹਿਮਦ
ਵੰਡ ਗੈਰ-ਕੁਦਰਤੀ ਤੇ ਬੇ-ਦਲੀਲੀ ਸੀ :ਇਸ਼ਤਿਆਕ ਅਹਿਮਦ 

ਭਾਰਤ-ਪਾਕਿਸਤਾਨ ਦੀ ਵੰਡ ਗੈਰ-ਕੁਦਰਤੀ,ਬੇਦਲੀਲੀ ਤੇ ਗੈਰ ਸਮਾਜਿਕ ਸੀ।ਇਹ ਦੋਵੇਂ ਖਿੱਤੇ ਭੂਗੋਲਿਕ ਤੌਰ 'ਤੇ ਭਾਵੇਂ ਵੰਡੇ ਗਏ ਪਰ ਸਮਾਜ ਵਿਰੋਧੀ ਸ਼ਕਤੀਆਂ ਭਾਵਨਾਤਕ ਮੋਹ ਨੂੰ ਵੰਡਣ ਨੂੰ ਅਸਫਲ ਰਹੀਆਂ ਹਨ,ਜਿਸ ਕਾਰਨ ਹੀ ਦੋਵਾਂ ਦੇਸ਼ਾਂ ਦੇ ਲੋਕ ਆਪਣੇ ਪੱਧਰ 'ਤੇ ਲਗਾਤਾਰ ਸੰਵਾਦ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਗੱਲ ਸਵੀਡਨ ਦੀ ਸਟੌਕਹੌਮ ਯੂਨੀਵਰਸਟੀ ਦੇ ਰਾਜਨੀਤੀ ਦੇ ਪ੍ਰੈਫਸਰ ਤੇ ਭਾਰਤ ਪਾਕਿਸਤਾਨ ਮਸਲੇ 'ਚ ਸਾਂਝੇ ਪੰਜਾਬ ਦੀ ਵੰਡ ਬਾਰੇ 'ਦ ਪੰਜਾਬ ਬਲੱਡੀਡ,ਪਾਰਟੀਸ਼ਨਡ ਐਡ ਕਲਿਨਜ਼ਡ' ਕਿਤਾਬ ਦੇ ਲੇਖ਼ਕ ਇਸ਼ਤਿਹਾਕ ਅਹਿਮਦ ਨੇ ਵਿਚਾਰ-ਚਰਚਾ ਕਰਦਿਆਂ ਕਹੀ।ਕਿਤਾਬ 'ਤੇ ਚਰਚਾ ਦਾ ਪ੍ਰੋਗਰਾਮ 'ਲੋਕ ਪਹਿਲਕਦਮੀ' ਵਲੋਂ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਸੀ।


ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਨੇ ਪ੍ਰੋਫੈਸਰ ਇਸ਼ਤਿਆਕ ਅਹਿਮਦ ਨੂੰ ਬੁੱਕੇ ਭੇਂਟ ਕਰਕੇ 'ਜੀ ਆਇਆਂ ਨੂੰ' ਕਿਹਾ ਤੇ 'ਲੋਕ ਪਹਿਲਕਦਮੀ' ਦੇ 
ਉਪਰਾਲੇ ਲਈ ਨੈਨਇੰਦਰ ਸਿੰਘ,ਕਪਿਲ ਦੇਵ,ਰਮਨਜੀਤ ਸਿੰਘ,ਜਸਦੀਪ ਸਿੰਘ ਤੇ ਯਾਦਵਿੰਦਰ ਕਰਫਿਊ ਦਾ ਧੰਨਵਾਦ ਕੀਤਾ।ਬਾਜਵਾ ਨੇ ਕਿਹਾ ਕਿ ਪ੍ਰੈਸ ਕੱਲਬ ਆਪਣੇ ਭਾਰਤ-ਪਾਕਿ ਟੂਰਾਂ ਜ਼ਰੀਏ ਭਾਈਚਾਰਕ ਸਾਂਝ ਵਧਾਉਣ ਦੇ ਲਗਾਤਾਰ ਉਪਰਾਲੇ ਕਰ ਰਿਹਾ ਹੈ'।

ਅਹਿਮਦ ਕਿਹਾ ਕਿ ਵੰਡ ਪਿੱਛੇ ਫੌਰੀ ਸਿਆਸਤ ਤੋਂ ਲੈਕੇ ਵੰਨ-ਸਵੰਨਾ ਫਿਰਕੂ ਰੁਝਾਨ ਅਤੇ ਅੰਗਰੇਜ਼ ਬਸਤਾਨਾਂ ਦੀ ਚਿਰਕਾਲੀ ਨੀਤੀ ਕਾਰਜਸ਼ੀਲ ਸੀ। ਇਹ ਨਾਕਸ ਰਾਜਪ੍ਰਬੰਧ ਦੀ ਬਦੌਲਤ ਖ਼ੂਨੀ ਹੋਈ ਅਤੇ ਇਸ ਖ਼ੂਨੀ ਰੁਝਾਨ ਦੇ ਪਿੱਛੇ ਲੁਕੇ ਆਰਥਿਕ ਕਾਰਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ 'ਇਹ ਵੰਡ ਕੌਮ ਅਧਾਰਤ ਨਹੀਂ ਧਰਮ ਅਧਾਰਤ ਹੋਈ ਸੀ,ਜਿਸ 'ਚ ਵੱਡੀ ਭੂਮਿਕਾ ਮੁਸਲਿਮ ਲੀਗ ਨੇ ਵੀ ਅਦਾ ਕੀਤੀ ਸੇ ਤੇ ਕਾਂਗਰਸ ਦਾ ਰੋਲ ਕੁੱਲ ਮਿਲਾ ਕੇ ਠੀਕ ਠਾਕ ਸੀ। ਉਨ੍ਹਾਂ ਕਿਹਾ ਕਿ ਇਸ ਵੰਡ ਨੇ ਸਭ ਤੋਂ ਵੱਡਾ ਨੁਕਸਾਨ ਦੋਵਾਂ ਪੰਜਾਬਾਂ ਦਾ ਕੀਤਾ ਹੈ,ਜਿਸ ਦੇ ਜ਼ਖ਼ਮ ਅਜੇ ਤੱਕ ਭਰੇ ਨਹੀਂ ਜਾ ਸਕੇ ਹਨ'।ਉਨ੍ਹਾਂ ਕਿਹਾ ਕਿ ਕੋਈ ਵੀ ਰਾਜ ਧਰਮ ਅਧਾਰਤ ਨਹੀਂ ਹੋਣਾ ਚਾਹੀਦਾ,ਕਿਉਂਕਿ ਇਸ ਦੇ ਸਿੱਟੇ ਬੜੇ ਗੰਭੀਰ ਨਿਕਲਦੇ ਹਨ ਤੇ ਪਾਕਿਸਤਾਨ ਇਨ੍ਹਾਂ ਸਿੱਟਿਆਂ ਨੂੰ ਭੁਗਤ ਰਿਹਾ ਹੈ'।


ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਸਾਂਝਾ ਪੰਜਾਬ ਜੋਗੀਆਂ,ਨਾਥਾਂ,ਸੂਫੀਆਂ,ਫਰੀਦ,ਨਾਨਕ ਦੀ ਧਰਤੀ ਸੀ ਜਿਨ੍ਹਾਂ ਨੇ ਹਮੇਸ਼ਾਂ ਸਮਾਜਿਕ ਸਦਭਾਵਨਾ ਦੀ ਗੱਲ ਕੀਤੀ ਤੇ ਇਸੇ ਲਈ ਆਮ ਲੋਕ ਵੰਡ ਨਹੀਂ ਚਾਹੁੰਦੇ ਸਨ ਪਰ ਉਹ ਵੰਡ ਦਾ ਸ਼ਿਕਾਰ ਸਿਰਫ ਕੁਝ ਲੋਕਾਂ ਦੇ ਸਿਆਸੀ ਮੁਫਾਦਾਂ ਕਰਕੇ ਹੋਏ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਪੱਖੀ ਸੱਭਿਆਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ।


ਉਨ੍ਹਾਂ ਕਿਹਾ ਕਿ ਭਾਵੇਂ 'ਰੈਡਕਲਿਫ ਲਾਈਨ' ਖ਼ਤਮ ਨਹੀਂ ਕੀਤੀ ਜਾ ਸਕਦੀ ਪਰ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਾਂਗ 'ਚ ਸੱਭਿਆਚਾਰ-ਸਮਾਜਕ ਭਾਈਚਾਰਕ ਸਾਂਝ ਪੈਦਾ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਯੂਰਪੀ ਯੂਨੀਅਨ ਵਾਂਗ ਵੀਜ਼ਾ ਤੇ ਆਰਥਿਕ ਅਦਾਨ ਪ੍ਰਦਾਨ ਰਾਹ ਅਪਨਾਉਣੀ ਚਾਹੀਦੀ ਹੈ'।



ਸਿੱਖ ਚਿੰਤਕ ਅਜਮੇਰ ਸਿੰਘ
ਅਹਿਮਦ ਨੇ ਕਿਹਾ ਕਿ ਮੇਰੀ ਕਿਤਾਬ 'ਦ ਪੰਜਾਬ ਬਲੱਡੀਡ,ਪਾਰਟੀਸ਼ਨਡ ਐਂਡ ਕਲੀਨਜ਼ਡ' ਇਸ ਮਸਲੇ ਨੂੰ ਡੂੰਘਾਈ ਨਾਲ ਫਰੋਲਦੀ ਹੈ,ਪਰ ਮੇਰੇ ਕੋਲ ਭਾਰਤ-ਪਾਕਿਸਤਾਨ ਨੂੰ ਵੰਡ ਨੂੰ ਲੈ ਕੇ ਸਾਰੇ ਜਵਾਬ ਨਹੀਂ ਹਨ।

ਇਸ ਚਰਚਾ 'ਚ ਭਾਗ ਲੈਂਦਿਆਂ ਸਿੱਖ ਚਿੰਤਕ ਅਜਮੇਰ ਸਿੰਘ ਨੇ ਕਿਹਾ ਕਿ 'ਵੰਡ ਦੌਰਾਨ ਕੀ ਹੋਇਆ ਇਸ 'ਤੇ ਤਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਪਰ ਲੋੜ ਉਹ ਸਵਾਲ ਦਾ ਜਵਾਬ ਲੱਭਣ ਦੀ ਹੈ ਕਿ ਇਹ ਸਭ ਕਿਉਂ ਵਾਪਰਿਆ ਤੇ ਇਸ 'ਚ ਕਿਹੜੀਆਂ ਸ਼ਕਤੀਆਂ ਸ਼ਾਮਲ ਸਨ।ਉਨ੍ਹਾਂ ਕਿਹਾ 'ਨੇਸ਼ਨ ਸਟੇਟ ਦਾ ਮਾਡਲ ਜਾਂ ਨੈਸ਼ਨਲਿਜ਼ਮ ਦੇ ਵਿਚਾਰ ਇਸ ਤਰ੍ਹਾਂ ਦੀ ਵਰਤਾਰਿਆਂ ਲਈ ਮੁੱਖ ਜ਼ਿੰਮੇਵਾਰ ਹੈ' ਕਿਉਂਕਿ ਇਹ ਫਿਰਨੀ ਤੋਂ ਬਗੈਰ ਕੇਂਦਰ ਬਣਾਉਣਾ ਚਾਹੁੰਦਾ ਹੈ ਤੇ ਹਰ ਨੈਸ਼ਨਲਿਜ਼ਮ ਦਾ ਇਕ ਕੋਰ ਗਰੁੱਪ ਹੁੰਦਾ ਹੈ ਜੋ ਜੋ ਬਾਕੀਆਂ ਘੇਰਿਆਂ ਨੂੰ ਜਾਂ ਤਾਂ ਆਪਣੇ 'ਚ ਸਮਾ ਲੈਂਦਾ ਹੈ ਜਾਂ ਉਨ੍ਹਾਂ ਦੀ ਕਤਲੋਗਾਰਤ ਕਰਦਾ ਹੈ ।ਪੂਰੀ ਦੁਨੀਆਂ ਦੇ ਨੇਸ਼ਨ ਸਟੇਟ ਮਾਡਲ ਇਸ ਦੀ ਗਵਾਹੀ ਭਰਦੇ ਹਨ।
ਦਲਜੀਤ ਸਰਾਂ,ਇੰਦਰਜੀਤ ਜੀ ਤੇ ਪਿੱਛੇ ਗੁਰਬਚਨ




ਉਨ੍ਹਾਂ ਕਿਹਾ ਕਿ ਜੇ ਦੁਨੀਆ ਨੇ ਇਸ ਤੋਂ ਬਚਣਾ ਹੈ ਤਾਂ ਮੌਜੂਦਾ ਸਿਆਸੀ-ਆਰਥਿਕ ਮਾਡਲਾਂ ਤੋਂ ਹਟ ਕੇ ਸੋਚਣਾ ਪਵੇਗਾ'।ਉਨ੍ਹਾਂ ਕਿਹਾ ਕਿ ਲੋਕ ਪੱਖੀ ਸਿਆਸੀ ਪਾਰਟੀਆਂ ਲੋਕ ਵਿਰੋਧੀ ਸਿਆਸਤ ਦਾ ਵਿਰੋਧ ਤਾਂ ਕਰਦੀਆਂ ਹਨ ਪਰ ਲੋਕ ਵਿਰੋਧੀ ਸਿਆਸਤ ਦੇ ਸਿਆਸੀ-ਆਰਥਿਕ ਮਾਡਲ ਨੂੰ ਰੱਦ ਨਾ ਕਰਕੇ ਅਪਣਾਉਦੀਆਂ ਰਹੀਆਂ ਤੇ ਅਪਣਾ ਰਹੀਆਂ ਹਨ ਤੇ ਇਹ ਨੈਸ਼ਨਲਿਜ਼ਮ ਅਣਮਨੁੱਖੀ ਪੂੰਜੀਵਾਦੀ ਵਰਤਾਰੇ 'ਚੋਂ ਨਿਕਲਿਆ ਹੋਇਆ ਕਨਸੈਪਟ ਹੈ,ਜੋ ਹਮੇਸ਼ਾਂ ਕੰਨ੍ਹੀ 'ਤੇ ਪਏ ਲੋਕਾਂ ਦੇ ਖੁਨ ਨਾਲ ਹੀ ਜਿਉਂਦਾ ਰਹਿ ਸਕਦਾ ਹੈ।


ਅਜਮੇਰ ਸਿੰਘ ਨੇ ਕਿਹਾ ਕਿ 'ਸਾਨੂੰ ਸਥਾਨਕ ਅਮੀਰ ਇਤਹਾਸ ਦੇ ਤਜ਼ਰਬਿਆਂ 'ਚੋਂ ਇਕ ਬਦਲਵਾਂ ਲੋਕਪੱਖੀ ਮਾਡਲ ਸਥਾਪਤ ਕਰਨ ਦੀ ਲੋੜ,ਜੋ ਇਸ ਵਕਤ ਕਿਸੇ ਧਿਰ ਕੋਲ ਨਹੀਂ ਵਿਖਦਾ ਹੈ ਪਰ ਅਜਿਹੇ ਮਾਡਲ ਨੂੰ ਅਪਣਾ ਕੇ ਹੀ ਪੰਜਾਬ ਤੇ ਤੇ ਸਰਬਤ ਦਾ ਭਲਾ ਹੋ ਸਕਦਾ ਹੈ'।ਅਜਿਹੇ ਮਾਡਲ ਨੂੰ ਬਣਾਉਣ ਦੀ ਸੋਚ ਲਈ ਲੋਕ ਪੱਖੀ ਲੋਕਾਂ ਨੂੰ ਅੱਜ ਤੋਂ ਹੀ ਕਦਮ ਪੁੱਟਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੂੰਜੀਵਾਦ ਦੇ ਪੂਰਨ ਮਾਡਲਾਂ ਨੂੰ ਛੱਡਣ ਦੀ ਲੋੜ ਹੈ ਕਿਉਂਕਿ ਮਨੁੱਖਤਾਵਾਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਖੜ੍ਹੇ ਹਨ'।
'ਦ ਹਿੰਦੂ'  ਦੇ ਪੱਤਰਕਾਰ ਸਰਬਜੀਤ ਪੰਧੇਰ ਦਾ ਸਵਾਲ 

ਇਸ ਤੋਂ ਬਾਅਦ ਫਿਲਹਾਲ ਰਸਾਲੇ ਸੰਪਾਦਕ ਗੁਰਬਚਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 'ਪੰਜਾਬ 'ਚ ਭਾਈਚਾਰ ਨਾਲ ਰਹਿੰਦੇ ਲੋਕ ਇਕ ਦੂਜੇ ਦੇ ਪਿਆਸੇ ਕਿਵੇਂ ਹੋ ਗਏ ਇਸ ਦੀਆਂ ਜੜ੍ਹਾਂ ਨੂੰ ਲੱਭਣ ਦੀ ਲੋੜ ਹੈ'।ਉਨ੍ਹਾਂ ਕਿਹਾ ਕਿ ਅਸਲ ਸਥਿਤੀ ਇੱਥੋਂ ਪੈਦਾ ਹੁੰਦੀ ਹੋਈ ਕਿ ਸਥਾਨਕ ਹਲਾਤ ਨੂੰ ਕੋਈ ਸੰਬੋਧਤ ਨਹੀਂ ਹੋਇਆ ਤੇ ਹੌਲ਼ੀ ਹੌਲੀ ਇਸਨੇ ਦੂਸ਼ਤ ਅਧਿਆਤਮਕ ਰੰਗ ਫੜ੍ਹ ਲਿਆ ਤੇ ਦੋਵੇਂ ਪਾਸਿਆਂ 'ਚ ਮਨੋਦੂਸ਼ਤ ਸਥਿਤੀ ਪੈਦਾ ਹੋ ਗਈ।


ਉਨ੍ਹਾਂ ਕਿਹਾ ਕਿ 1984 ਦੇ ਸਮੇਂ ਵੀ ਪੰਜਾਬ ਦੀਆਂ ਛੋਟੀਆਂ ਛੋਟੀਆਂ ਸਥਾਨਕ ਤੇ ਪ੍ਰਾਂਤਕ ਮੰਗਾਂ ਸਨ ਪਰ ਹਿੰਦੂਤਵੀ ਤੇ ਬ੍ਰਹਮਣੀ ਸੁਪਰ ਸਟੇਟ ਦੇ ਅਵਚੇਤਨ ਨੇ ਇਹ ਸਥਿਤੀ ਨੂੰ ਪੈਦਾ ਕਰਨ 'ਚ ਅਹਿਮ ਰੋਲ ਅਦਾ ਕੀਤਾ ਤੇ ਕਰ ਰਿਹਾ ਹੈ'।ਕਿਉਂਕਿ ਉਹ ਸੁਪਰਸਟੇਟ ਮਾਨਸਿਕਤਾ 'ਚੋਂ ਦੂਜੇ ਭਾਵ ਕੰਨ੍ਹੀ 'ਤੇ ਪਏ ਸਮੂਹਾਂ ਨੂੰ ਕੋਈ ਸਪੇਸ ਦੇਣ ਨੂੰ ਤਿਆਰ ਨਹੀਂ ਹੈ ਤੇ ਜਿਸ ਦੇ ਵਜੋਂ ਹੀ ਧਮਾਕੇਖੇਜ਼ ਹਾਲਤ ਪੈਦਾ ਹੁੰਦੀ ਹੈ।ਇਸੇ ਕਾਰਨ ਹੀ ਇਸੇ ਤਰ੍ਹਾਂ ਦੇ ਵਰਤਾਰੇ ਲਗਤਾਰ ਸਾਹਮਣੇ ਆਉਂਦੇ ਹਨ'।
ਸਿੱਖ ਚਿੰਤਕ ਪੋ: ਗੁਰਤੇਜ ਸਿੰਘ

ਸਿੱਖ ਚਿੰਤਕ ਪ੍ਰੈਫਸਰ ਗੁਰਤੇਜ ਸਿੰਘ ਨੇ ਪ੍ਰੋਫੈਸਰ ਇਸ਼ਤਿਆਕ ਅਹਿਮਦ ਦੀ ਕਿਤਾਬ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਉਨ੍ਹਾਂ ਦੇ ਭਾਰਤ-ਪਾਕਿਸਤਾਨ ਦੀ ਵੰਡ ਬਾਰੇ ਕਾਂਗਰਸ ਪੱਖੀ ਵਿਚਾਰਾਂ ਦਾ ਵਿਰੋਧ ਵੀ ਕੀਤਾ।

ਇਸ ਤੋਂ ਇਲਾਵਾ ਪ੍ਰੋਗਰਾਮ 'ਚ ਨੇ ਸਵਾਲ ਜਵਾਬ ਤੇ ਵਿਚਾਰ-ਚਰਚਾ ਦੇ ਦੌਰਾਨ 'ਚ ਸੀਨੀਅਰ ਪੱਤਰਕਾਰ ਤੇ ਸਾਊਸ ਏਸ਼ੀਆ ਪੋਸਟ ਦੇ 
ਸੰਪਾਦਕ ਗੋਬਿੰਦ ਠੁਕਰਾਲ,ਹਿੰਦੂ ਅਖ਼ਬਾਰ ਦੇ ਸੀਨਅਰ ਪੱਤਰਕਾਰ ਸਰਬਜੀਤ ਪੰਧੇਰ,ਚਿੰਤਕ ਡਾ ਸਵਰਾਜ ਸਿੰਘ,ਪੰਜਾਬ ਬੁੱਕ ਸੈਂਟਰ ਦੇ ਕਰਤਾ-ਧਰਤਾ ਪਾਲ ਵਿਰਕ,ਸਾਬਕਾ ਆਈ ਏ ਐਸ ਕੁਲਬੀਰ ਸਿੰਘ ਸਿੱਧੂ,ਆਦਿ ਨੇ ਆਪਣੇ ਸਵਾਲ-ਜਵਾਬ ਤੇ ਵਿਚਾਰ ਪੇਸ਼ ਕੀਤੇ।


'ਕੈਮਰੇ ਦਾ ਯਾਰ' ਦਲਜੀਤ ਅਮੀ
ਪੋਗਰਾਮ ਦੇ ਵਿਦਾਈ ਵੇਲੇ ਲੋਕ ਪਹਿਕਦਮੀ ਵਲੋਂ ਨੈਨਇੰਦਰ ਸਿੰਘ ਤੇ ਯਾਦਵਿੰਦਰ ਕਰਫਿਊ ਨੇ ਵਿਚਾਰ ਚਰਚਾ 'ਚ ਸ਼ਾਮਲ ਹੋਣ ਵਾਲੇ ਸੱਜਣਾਂ-ਮਿਤੱਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਸਾਡਾ ਮਕਸਦ ਉਮੀਦ ਤੋਂ ਵੱਧ ਪੂਰਾ ਹੋਇਆ ਹੈ,ਕਿਉਂਕਿ ਲੋਕ ਪਹਿਕਦਮੀ ਸਾਰੇ ਮਸਲਿਆਂ 'ਤੇ ਗੰਭੀਰ ਵਿਭਿੰਨਤਾਵਾਦੀ ਬਹਿਸ ਚਾਹੁੰਦੀ ਹੈ'।ਉਨ੍ਹਾਂ ਕਿਹਾ ਕਿ 'ਸਾਡਾ ਮੰਨਣਾ ਹੈ ਕਿ ਇਤਿਹਾਸ 'ਤੇ ਮਿੱਟੀ ਪਾ ਕੇ ਅੱਗੇ ਨਹੀਂ ਵਧਿਆ ਜਾ ਸਕਦਾ ਹੈ ਤੇ ਸਾਰੇ ਸਿਆਸੀ,ਸਮਾਜਿਕ,ਸੱਭਿਆਚਾਰ ਮਸਲਿਆਂ ਦਾ ਹੱਲ ਵਿਚਾਰ ਚਰਚਾ ਹੈ,ਜੋ ਜਮਹੂਰੀ ਸੱਭਿਆਚਾਰ ਦੀ ਆਕਸੀਜਨ ਹੈ,ਪਰ ਸਾਡੀ ਤਰਾਸਦੀ ਹੈ ਕਿ ਅਸੀਂ ਵੱਖਰੇ ਵਿਚਾਰ ਵਾਲਿਆਂ ਪ੍ਰਤੀ ਅਜੀਬ ਤਰ੍ਹਾਂ ਦੀ ਪਹੁੰਚ ਰੱਖਦੇ ਹਾਂ ਜੋ ਜਮਹੂਰੀ ਸੱਭਿਆਚਾਰ ਲਈ ਸਭ ਤੋਂ ਖਤਰਨਾਕ ਹੈ ਕਿਉਂਕਿ ਦੁਨੀਆਂ ਦੇ ਹਰ ਮਸਲੇ ਦਾ ਹੱਲ ਡਾਇਲਾਗ ਨਾਲ ਹੋਇਆ ਹੈ ਤੇ ਡਾਇਲਾਗ ਨਾਲ ਹੀ ਹੋਵੇਗਾ।ਉਨ੍ਹਾਂ ਕਿਹਾ ਕਿ 'ਲੋਕ ਪਹਿਲਕਦਮੀ'  ਨੂੰ ਇਸੇ ਲਈ ਬਣਾਇਆ ਹੈ ਤੇ ਅਸੀਂ ਆਉਣ ਦਿਨਾਂ 'ਚ ਕਿਸੇ ਹੋਰ ਅਜਿਹੀ ਸਖ਼ਸ਼ੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ'।

ਇਸ ਸਿਹਤਮੰਦ ਵਿਚਾਰ-ਚਰਚਾ 
ਨੂੰ ਸੁਣਣ ਤੋਂ ਬਾਅਦ ਪੰਜਾਬ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਤੇ ਅੱਜਕਲ਼੍ਹ ਸਮਾਜ ਸੇਵੀ ਵਜੋਂ ਕੰਮ ਕਰ ਰਹੇ ਜੁਗਰਾਜ ਸਿੰਘ ਗਿੱਲ ਨੇ ਵਿਅਕਤੀਗਤ ਤੌਰ 'ਤੇ ਕਿਹਾ ਕਿ 'ਲੋਕ ਪਹਿਲਕਦਮੀ ਦੀ ਅਗਲੀ ਕਿਸੇ ਵੀ ਪਹਿਲਕਦਮੀ ਲਈ ਖਾਣ-ਪੀਣ ਤੋਂ ਹਾਲ ਤੱਕ ਦਾ ਸਾਰਾ ਪ੍ਰਬੰਧ ਉਹ ਖ਼ੁਦ ਕਰਨਗੇ ਤੇ ਹੋਰ ਵੀ ਸਹਿਯੋਗ ਦਿੰਦੇ ਰਹਿਣਗੇ'।
ਪੂਰਬੀ ਚਿੰਤਨ ਵਾਲੇ ਡਾ ਸਵਰਾਜ ਸਿੰਘ

ਇਸ ਚਰਚਾ 'ਚ ਸੀਨੀਅਰ ਪੱਤਰਕਾਰ ਬਲਜੀਤ ਬੱਲੀ, 'ਦ ਟ੍ਰਿਬਿਊਨ ਦੇ ਬਿਓਰੋ ਚੀਫ ਸਰਬਜੀਤ ਧਾਲੀਵਾਲ,ਸੀਨੀਅਰ ਪੱਤਰਕਾਰ ਰਮਜੀਤ ਸਿੰਘ,ਫਿਲਮਸਾਜ਼ ਤੇ ਪੱਤਰਕਾਰ ਦਲਜੀਤ ਅਮੀ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਜਸਵੀਰ ਸਮਰ,ਹਿੰਦੋਸਤਾਨ ਟਾਈਮਜ਼ ਦੇ ਪੱਤਰਕਾਰ ਸੰਜਮਪ੍ਰੀਤ, ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਜੀ ਸੀ ਭਾਰਦਵਾਜ, ਭਾਸਕਰ ਦੇ ਪੱਤਰਕਾਰ ਇੰਦਰਪ੍ਰੀਤ ਸਿੰਘ,ਡੇਅ ਐਂਡ ਨਾਈਟ ਦੇ ਜਗਤਾਰ ਭੁੱਲਰ,ਸਿੱਖ ਚਿੰਤਕ ਰਣਜੀਤ ਸਿੰਘ,ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਜੋਗਿੰਦਰ ਸਿੰਘ ਤੂਰ ਤੇ ਐਡਵੋਕੇਟ ਜਗਦੇਵ ਸਿੰਘ,ਫਿਲਮ ਨਿਰਦੇਸ਼ਕ ਜਤਿੰਦਰ ਮੌਹਰ,ਲੇਖਕ ਤੇ ਸਾਬਕਾ ਸੈਸ਼ਨ ਜੱਜ ਅਵਤਾਰ ਸਿੰਘ ਗਿੱਲ,ਰਿਟਾਇਡ ਲੈਫਟੀਨੈਂਟ ਜਨ: ਕਰਤਾਰ ਸਿੰਘ, ਡਾ ਜੀ ਐਸ ਕੰਗ,ਲੇਖ਼ਕ ਮਿਸਜ਼ ਨੀਲੂ ਪੁਰੀ, ਰੱਖਿਆ ਮਾਮਲਿਆਂ ਦੇ ਵਿਸ਼ਲੇਸ਼ਕ ਮਨਦੀਪ ਸਿੰਘ ਬਾਜਵਾ,ਰਿਟਾਇਰਡ ਕਰਨਲ ਬੀ ਐਸ ਬੈਂਸ,ਗੰਗਵੀਰ ਰਠੌੜ,ਰੋਹਨ ਤੇ ਹੋਰ ਕਈ ਦੋਸਤਾਂ ਮਿੱਤਰ ਵਿਚਾਰ ਚਰਚਾ 'ਚ ਸ਼ਾਮਲ ਹੋਏ।

ਬਾਈ ਕਪਿਲ ਦੇਵ ਦਾ ਸ਼ਾਨਦਾਰ ਫੋਟੋਆਂ ਖਿੱਚਣ ਲਈ ਧੰਨਵਾਦ


'ਲੋਕ ਪਹਿਲਕਦਮੀ' ਇਸ ਵਿਚਾਰ-ਚਰਚਾ ਦੀ ਵੀਡਿਓ ਰਿਕਾਰਡਿੰਗ ਆਉਣ ਵਾਲੇ ਦਿਨਾਂ 'ਚ ਪੇਸ਼ ਕਰੇਗੀ।

Thursday, February 28, 2013

ਚੰਡੀਗੜ੍ਹ: 'ਲੋਕ ਪਹਿਲਕਦਮੀ' ਮਸ਼ਹੂਰ ਲੇਖ਼ਕ ਇਸ਼ਤਿਆਕ ਅਹਿਮਦ ਨੂੰ ਕਰੇਗੀ ਰੂਬਰੂ

'ਇਸ਼ਤਿਆਕ ਅਹਿਮਦ' ਦੀ ਕਿਤਾਬ  ਦਾ ਕਵਰ
ਦਿਨ ਐਤਵਾਰ,ਤਰੀਕ-3 ਮਾਰਚ 
ਸਥਾਨ-ਪ੍ਰੈਸ ਕਲੱਬ,ਚੰਡੀਗੜ੍ਹ,ਸੈਕਟਰ-27 
ਸਮਾਂ-1 ਤੋਂ 4

'ਲੋਕ ਪਹਿਲਕਦਮੀ'(Peoples’s Initative) ਵਲੋਂ ਸਟੌਕਹੋਮ ਯੂਨੀਵਰਸਿਟੀ ਦੇ ਪ੍ਰਫੈਸਰ,ਸਿਆਸੀ ਵਿਗਿਆਨੀ ਤੇ 1947 ਦੀ ਵੰਡ 'ਤੇ ਲਿਖੀ ਮਸ਼ਹੂਰ ਕਿਤਾਬ 'Punjab: Bloodied,Patitioned and cleansed’ ਦੇ ਲੇਖਕ 'ਇਸ਼ਤਿਆਕ ਅਹਿਮਦ' ਨੂੰ ਕਿਤਾਬ ਤੇ ਵੰਡ ਉੱਤੇ ਵਿਚਾਰ-ਚਰਚਾ ਬਾਰੇ ਚੰਡੀਗੜ੍ਹ ਪ੍ਰੈਸ ਕਲੱਬ (ਕਾਨਫਰੰਸ ਹਾਲ, ਸੈਕਟਰ-27) ਵਿਖੇ 3 ਮਾਰਚ ਦਿਨ ਐਤਵਾਰ ਨੂੰ ਸੱਦਿਆ ਗਿਆ ਹੈ।ਉਹ ਦੁਪਿਹਰ 1 ਤੋਂ 4 ਵਜੇ ਤੱਕ ਭਾਰਤ-ਪਾਕਿਸਤਾਨ ਵੰਡ ਬਾਰੇ ਆਪਣੇ ਵਿਚਾਰ ਰੱਖਣਗੇ ਤੇ ਦੋਸਤਾਂ-ਮਿੱਤਰਾਂ ਦੇ ਸਵਾਲਾਂ ਦੇ ਰੂਬਰੂ ਹੋਣਗੇ।ਅਸੀਂ ਸਾਰੇ ਦੋਸਤਾਂ-ਮਿੱਤਰਾਂ ਨੂੰ ਪਹੁੰਚਣ ਦਾ ਸੱਦਾ ਦਿੰਦੇ ਹਾਂ।

ਇਹ 'ਲੋਕ ਪਹਿਲਕਦਮੀ' ਦਾ ਪਹਿਲਾ ਉਪਰਲਾ ਹੈ। ਅਸੀਂ ਆਉਣ ਵਾਲੇ ਦਿਨਾਂ ਕਿਤਾਬਾਂ,ਫਿਲਮਾਂ ਤੇ ਲੋਕ ਕਲਾਵਾਂ ਜ਼ਰੀਏ ਲੋਕ ਸੰਵਾਦ ਸਥਾਪਤ ਕਰਨ ਦੀ ਕੋਸ਼ਿਸ਼ ਕਰਾਂਗੇ,ਜਿਸ ਨਾਲ 'ਅਮਲੀ ਜਮਹੂਰੀ' ਕਦਰਾਂ-ਕਮੀਤਾਂ ਵਾਲਾ ਸੱਭਿਆਚਾਰ ਮਜ਼ਬੁਤ ਹੋ ਸਕੇ। ਲੋਕ ਸਹਿਯੋਗ ਨਾਲ ਅੱਗੇ ਵੀ ਇਸ ਤਰ੍ਹਾਂ ਦੀਆਂ ਪਹਿਕਦਮੀਆਂ ਜਾਰੀ ਰਹਿਣਗੀਆਂ।ਫਿਲਹਾਲ 'ਲੋਕ ਪਹਿਕਦਮੀ' ਦੀ ਆਰਜ਼ੀ ਟੀਮ ਗਠਿਤ ਕੀਤੀ ਹੈ ਤੇ ਸਾਡੇ ਵਲੋਂ ਇਸ ਟੀਮ ਦਾ ਹਿੱਸਾ ਬਣਨ ਦਾ ਸਭ ਨੂੰ ਖੁੱਲ੍ਹਾ ਸੱਦਾ ਹੈ।

'ਲੋਕ ਪਹਿਲਕਦਮੀ' ਟੀਮ

ਨੈਨਇੰਦਰ ਸਿੰਘ--------98761-10958
ਜਸਦੀਪ ਸਿੰਘ---------99886-38850
ਰਮਨਜੀਤ ਸਿੰਘ--------98788-80137
ਯਾਦਵਿੰਦਰ ਕਰਫਿਊ------95308--95198