ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਕਲਮ. Show all posts
Showing posts with label ਕਲਮ. Show all posts

Monday, May 6, 2013

ਸੁਰਿੰਦਰ ਨੀਰ ਦਾ ਨਾਵਲ : 'ਮਾਇਆ'

ਸ਼ਿਕਾਰਗਾਹ ਤੋਂ ਬਾਅਦ ਲੇਖਿਕਾ ਸੁਰਿੰਦਰ ਨੀਰ ਦਾ ਨਵਾਂ ਨਾਵਲ 'ਮਾਇਆ' ਸਾਹਿਤਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਹੈ।ਇਹ ਪੰਜਾਬੀ ਦਾ ਸਭ ਤੋਂ ਲੰਬਾ ਨਾਵਲ ਹੈ। ਇਸੇ ਬਾਰੇ ਹੀ 'ਫ਼ਿਲਹਾਲ' ਰਸਾਲੇ ਦੇ ਸੰਪਾਦਕ ਗੁਰਬਚਨ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਗੁਰਬਚਨ ਛੇਤੀ ਹੀ ਆਪਣੇ ਬਲਾਗ 'ਏਜੰਡਾ ਪੰਜਾਬ' ਦਾ ਲੋਕ ਅਰਪਣ ਕਰਨਗੇ। 'ਫ਼ਿਲਹਾਲ' ਦੀ ਵੈਬਸਾਈਟ ਵੀ ਉਸਾਰੀ ਅਧੀਨ ਹੈ ਤੇ ਛੇਤੀ ਹੀ ਤਹਾਨੂੰ 'ਫ਼ਿਲਹਾਲ' ਦੀਆਂ ਰਚਨਾਵਾਂ ਪੜ੍ਹਨ ਲਈ ਊਂਗਲਾਂ ਕੀਅ ਬੋਰਡ 'ਤੇ ਲਿਜਾਣੀਆਂ ਪੈਣਗੀਆਂ।-ਗੁਲਾਮ ਕਲਮ 

ਪੰਜਾਬੀ 'ਚ ਏਨਾ ਲੰਮਾ ਨਾਵਲ ਪਹਿਲਾਂ ਨਹੀਂ ਲਿਖਿਆ ਗਿਆ। ਕਰੜੀ ਮਿਹਨਤ ਦਾ ਨਤੀਜਾ ਹੈ ਇਹ। ਪੰਜਾਬੀ ਲੇਖਕ ਮਿਹਨਤ ਕਰਨੀ ਭੁਲ ਚੁੱਕਾ ਹੈ। ਫ਼ਿਲਮ ਜਗਤ 'ਚੋਂ ਇਕ ਮਿਸਾਲ ਲੈਂਦਾ ਹਾਂ। ਰਾਜ ਕਪੂਰ ਦੀ ਫ਼ਿਲਮ 'ਮੇਰਾ ਨਾਮ ਜੋਕਰ' ਬਹੁਤ ਲੰਮੀ ਸੀ। ਬੜੀ ਮਿਹਨਤ ਕੀਤੀ ਗਈ। ਗਾਣੇ ਖਿੱਚ ਪਾਉਣ ਵਾਲੇ ਸਨ,ਪਰ ਫ਼ਿਲਮ ਪਿੱਟ ਗਈ। ਰਾਜ ਕਪੂਰ ਨੇ ਕਿਹਾ, ''ਫੁੱਟੇਜ ਨੇ ਹਮ ਕੋ ਡੁਬੋ ਦੀਆ।''(ਫੁੱਟੇਜ=ਲੰਮਾਈ) 

ਮੈਨੂੰ ਲੱਗਦਾ, ਲੰਬਾਈ ਨੇ ਸੁਰਿੰਦਰ ਨੀਰ ਦੇ ਨਾਵਲ 'ਮਾਇਆ' ਨੂੰ ਡੋਬ ਦਿੱਤਾ ਹੈ। ਅਜਿਹਾ ਕਿਉਂ ਹੋਇਆ ਹੈ? ਆਓ ਦੇਖੀਏ, ਸੰਭਾਵਨਾਵਾਂ ਨਾਲ ਭਰੀ ਨਾਵਲ ਦੀ ਸਮੱਗਰੀ ਕਿਵੇਂ ਢਹਿੰਦੀ ਹੈ; ਕਿਵੇਂ ਸਾਰਥਿਕਤਾ ਗੁਵਾਂਦੀ ਹੈ। ਕਿਵੇਂ ਇਸ ਨਾਵਲ ਨੂੰ ਪੜ੍ਹਦਿਆਂ ਸੰਵੇਦਨਾ ਵਾਲਾ ਪਾਠਕ ਹਤਾਸ਼ ਮਹਿਸੂਸ ਕਰਦਾ ਹੈ। ਫ਼ਿਲਮ ਦਾ ਹਵਾਲਾ ਦੇਣ ਦਾ ਕਾਰਣ ਇਹ ਹੈ ਕਿ ਮਾਇਆ ਰਚਨਾਤਮਿਕ ਬਿਰਤਾਂਤ ਨਹੀਂ ਹੈ। ਇਹ ਪਾਪੂਲਰ ਫ਼ਿਲਮੀ ਸ਼ੈਲੀ 'ਚ ਲਿਖਿਆ ਗਿਆ ਕਥਾ ਬਿਆਨ ਹੈ ਜੋ ਟੈਲੀ ਸੀਰੀਅਲ ਦੀ ਤਕਨੀਕ ਵੀ ਅਪਣਾਂਦਾ ਹੈ। 

ਮਾਇਆ ਦਾ ਕਿਰਦਾਰ ਪਿਤਾ ਪੁਰਖੀ ਸਥਾਪਨਾ 'ਚ ਖਲਲ ਪੈਦਾ ਕਰਦਾ ਹੈ। ਉਹ ਘਰਤੋਂ ਬਾਹਰ ਵਲ ਤੁਰ ਪੈਂਦੀ ਹੈ, ਅੰਨ੍ਹੀ ਗਲੀ ਵਲ। ਚਿੱਤ ਵਿਚ ਪੇਂਟਿੰਗ ਸਿਖਣ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣ ਦਾ ਭੂਤ ਸਵਾਰ ਹੈ। ਘਰ ਤੋਂ ਬਾਹਰ ਜੋ ਸਪੇਸ ਹੈ ਉੱਥੇ 'ਬਘਿਆੜ' ਹਨ। 'ਔਰਤ ਬਨਾਮ ਮਰਦ ਸੰਸਾਰ' ਦਾ ਪ੍ਰਾਬਲਮੈਟਿਕ ਸਾਹਮਣੇ ਆਉਂਦਾ ਹੈ। ਪਰ ਲੇਖਿਕਾ ਦੀ ਰਵਾਇਤੀ ਪੱਧਰ ਦੀ ਨਾਵਲੀ ਸੂਝ ਇਹਦੇ ਨਾਲ ਇਨਸਾਫ਼ ਨਹੀਂ ਕਰ ਸਕਦੀ। 

ਨੀਰ ਦੀ ਸੀਮਾ ਦਾ ਪਤਾ 'ਸ਼ਿਕਾਰਗਾਹ' 'ਚ ਲੱਗਾ ਸੀ। ਇਸ ਨਾਵਲ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਮਨਸ਼ਾ ਕੁਝ ਹੋਰ ਸੀ। ਉਨ੍ਹਾਂ ਇਹਨੂੰ ਲਾਸਾਨੀ ਰਚਨਾ ਦਾ ਦਰਜਾ ਦਿੱਤਾ ਤੇ ਲੇਖਿਕਾ ਨੂੰ ਕੁਰਾਹੇ ਪਾ ਦਿੱਤਾ। ਨਤੀਜਾ ਪੰਜਾਬੀ ਨਾਵਲਕਾਰੀ ਲਈ ਚੰਗਾ ਨਹੀਂ ਨਿਕਲਿਆ। ਇਹਦਾ ਪਤਾ ਨਾਵਲ 'ਮਾਇਆ' ਤੋਂ ਲੱਗਦਾ ਹੈ। ਇਸ ਨਾਵਲ ਨੂੰ ਵੱਡੇ ਕੈਨਵਸ 'ਤੇ ਫੈਲਾਣ ਦਾ ਯਤਨ ਕੀਤਾ ਗਿਆ ਹੈ, ਪਰ ਕਲਾਤਮਿਕ ਸੀਮਾਵਾਂ ਲੇਖਿਕਾ ਦੀ ਵਿਰਾਟ ਪੱਧਰ ਦੀ ਮਹਤਵ ਅਕਾਂਖਿਆ ਵਿਰੁੱਧ ਖੜ ਜਾਂਦੀਆਂ ਹਨ ਤੇ ਨਾਵਲ ਸੂਝਵਾਨ ਅਤੇ ਆਮ ਪਾਠਕ ਦੋਨਾਂ ਲਈ ਅਪੜ੍ਹਣਯੋਗ ਰਚਨਾ ਬਣ ਜਾਂਦਾ ਹੈ। 

ਨੀਰ ਦੀ ਅਸਲ ਤਾਕਤ ਕਸ਼ਮੀਰੀ ਪਿਛੋਕੜ ਦਾ ਹੋਣ 'ਚ ਹੈ। ਉਸ ਖਿੱਤੇ ਵਿਚ ਸਿੱਖ ਸਭਿਆਚਾਰ 'ਚ ਪਰੁੱਚੇ ਭਾਈਚਾਰੇ ਦਾ ਅੰਗ ਹੋਣਾ ਵੀ ਉਹਨੂੰ ਵੱਖਰਿਆਂਦਾ ਹੈ। ਇਸ ਸਭਿਆਚਾਰ ਦਾ ਆਪਣਾ ਜੋ ਜੀਣ ਥੀਣ ਹੈ ਉਸ ਵਿਚ ਉਹਦੀ ਆਸਥਾ ਹੈ। ਉਹ ਆਪਣੀ ਸਥਾਨਿਕਤਾ ਦੇ ਸੰਕਟਾਂ ਨੂੰ ਸਮਝਦੀ ਹੈ। ਨਾਵਲਕਾਰ ਵਜੋਂ ਇਹ ਉਹਦੀ 'ਪੂੰਜੀ' ਹੈ। 'ਸ਼ਿਕਾਰਗਾਹ' 'ਚ ਉਹ ਇਸ 'ਪੂੰਜੀ' ਨੂੰ ਜਿੰਨਾ ਕੁ ਵਰਤਦੀ ਹੈ, ਨਾਵਲ ਉੱਨਾ ਕੁ ਵੱਖਰਾ ਦਿੱਸਦਾ ਹੈ। ਪਹਿਲੇ 30-40 ਸਫ਼ੇ ਇਹਦੀ ਮਿਸਾਲ ਹਨ। ਫਿਰ ਨਾਵਲ ਦੀ ਤੋਰ ਰਵਾਇਤੀ ਘਿਸ ਦਾ ਸ਼ਿਕਾਰ ਹੋ ਜਾਂਦੀ ਹੈ, ਤੇ ਨਾਵਲ ਦੀ ਸੀਮਾ ਪ੍ਰਗਟ ਹੁੰਦੀ ਹੈ। ਕਸ਼ਮੀਰੀ ਲੋਕਾਂ ਦੀ ਆਜ਼ਾਦ ਹਸਤੀ ਬਾਰੇ ਤੜਪ ਨੂੰ ਉਹ ਕੇਂਦਰੀ ਸੱਤਾ ਦੀ ਭਾਸ਼ਾ ਰਾਹੀਂ ਸਮਝਦੀ ਹੈ। ਕੁੱਲ ਮਿਲਾ ਕੇ 'ਸ਼ਿਕਾਰਗਾਹ' ਸਾਧਾਰਣ ਰਚਨਾ ਬਣ ਜਾਂਦਾ ਹੈ। 

ਮਾਇਆ ਦਾ ਬੁਨਿਆਦੀ ਸੰਕਟ ਇਹ ਹੈ ਕਿ ਲੇਖਿਕਾ ਰਵਾਇਤੀ ਘਿਸ ਜੁਗਤਾਂ ਨੂੰ ਤੀਬਰਤਾ ਨਾਲ ਵਰਤਦੀ ਹੈ। ਹੁਣ ਉਹਦੇ ਕੋਲ ਨਾਵਲ ਦੀ ਲੰਮਾਈ ਵਾਲਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਦੀ ਪੂਰਤੀ ਲਈ ਉਹ ਨਾਵਲ ਨੂੰ ਸਕੀਮੀਪਣ ਦਾ ਸ਼ਿਕਾਰ ਬਣਾਂਦੀ ਹੈ। ਅੰਤ ਇਹ ਕਲਾਤਮਿਕ ਬਿਰਤਾਂਤ ਵਜੋਂ ਫੇਲ ਹੋ ਜਾਂਦਾ ਹੈ। 

ਬਿੱਲੀ/ਬਲਬੀਰ ਦਾ ਘਰੋਂ ਨਿਕਲਣਾ ਏਨਾ ਵਾਸਤਵਿਕ ਨਹੀਂ ਹੈ ਜਿੰਨਾ ਲੇਖਿਕਾ ਦੀ ਤੈਅਸ਼ੁਦਾ ਸਕੀਮ ਅਨੁਕੂਲ ਹੈ। ਉਹ ਘਰੋਂ ਨਿਕਲਦੀ ਹੈ, ਨਾਵਲ ਦੇ ਅੰਤ ਤੱਕ ਵਾਪਿਸ ਨਹੀਂ ਪਰਤਦੀ। ਆਪਣੇ ਰਾਹ ਦੀ ਤਲਾਸ਼ ਕਰਦੀ ਹੈ। ਨਾਵਲ ਇਸ ਸਥਿਤੀ ਨੂੰ ਮਸਲਾ-ਗ੍ਰਸਤ ਕਰਨ ਦੇ ਯਤਨ 'ਚ 700 ਤੋਂ ਵੱਧ ਸਫ਼ਿਆਂ ਤੱਕ ਫੈਲ ਜਾਂਦਾ ਹੈ, ਤੇ ਚਲੰਤ+ਘਿਸ ਜੁਗਤਾਂ ਦਾ ਸ਼ਿਕਾਰ ਹੋ ਜਾਂਦਾ ਹੈ। 

ਬਲਬੀਰ ਜਿਸ ਅੰਨ੍ਹੀ ਗਲੀ 'ਚ ਪੁੱਜਦੀ ਹੈ, ਜਿਸ ਤਰ੍ਹਾਂ ਪਹਿਲੀ ਰਾਤ ਉਹਦਾ 'ਰੇਪ' ਹੁੰਦੀ ਹੈ ਤੇ ਜਿਸ ਹਾਈਪਰ ਲਹਿਜ਼ੇ 'ਚ ਇਹ ਵਾਰਦਾਤ ਵਾਪਰਦੀ ਹੈ, ਤੇ ਜਿਵੇਂ ਉਹ ਮਰਨ ਲਈ ਤਿਆਰ ਹੁੰਦੀ ਗੁਰਬਾਣੀ 'ਚੋਂ ਸਲੋਕ ਨੂੰ ਸੁਣਦੀ ਹੈ, ਤੇ ਉਹਦੇ 'ਤੇ ਜੋ ਅਸਰ ਹੁੰਦਾ ਹੈ, ਇਹ ਸਭ ਬੜਾ ਤੇਜ਼ੀ ਨਾਲ ਵਾਪਰਦਾ ਹੈ। ਅਜਿਹਾ ਘਟਨਾ-ਕ੍ਰਮ ਨਾਵਲ ਦੀ ਟੋਨ ਨੂੰ ਸੈੱਟ ਕਰ ਦੇਂਦਾ ਹੈ। ਪਤਾ ਚਲਦਾ ਹੈ ਨਾਵਲ ਨੇ ਝਟਕੇ ਵਾਲੀ ਘਟਨਾਕਾਰੀ ਰਾਹੀਂ ਹੀ ਤੁਰਨਾ ਹੈ। ਇਹਨੇ ਕਿਸੇ ਸਥਿਤੀ ਦੀਆਂ ਅੰਤ੍ਰੀਵੀ ਤੈਹਾਂ ਵਲ ਦੇਖਣਾ ਨਹੀਂ ਹੈ। ਸਤਹੀ ਲਿਖਣਕਾਰੀ ਦੇ ਇਸ ਪੈਰਾਡਾਈਮ ਦੀ ਲੇਖਿਕਾ ਸ਼ਿਕਾਰ ਦਿਸਦੀ ਹੈ, ਪਰ ਉਹਦੇ ਕੋਲ ਹੁਣ ਇਹੀ ਰਸਤਾ ਹੈ। ਕਲਾਤਮਿਕ ਦ੍ਰਿਸ਼ਟੀ ਦੀ ਅਣਹੋਂਦ ਦਾ ਆਰੰਭ ਤੋਂ ਹੀ ਪਤਾ ਲੱਗ ਜਾਂਦਾ ਹੈ। ਉਹਦੀ ਨਾਵਲਕਾਰੀ ਦਾ ਰਾਹ ਤੈਅ ਹੋ ਜਾਂਦਾ ਹੈ। ਇਸ ਰਾਹ ਨੇ ਲੇਖਿਕਾ ਸਮੇਤ ਬਿਰਤਾਂਤਕ ਗਤੀ ਅਤੇ ਪਾਤਰਾਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਹੈ। ਬੇਸ਼ੱਕ ਇਸ ਲਪੇਟ ਵਿਚ ਆਉਣ ਦੀ ਪਾਠਕ ਨੂੰ ਲਾਚਾਰੀ ਨਹੀਂ ਹੈ। ਪਰ ਜੇ ਉਹ ਇਹਨੂੰ ਵਿਚਾਲੇ ਨਹੀਂ ਛੱਡਦਾ ਤਾਂ ਅੰਤ ਤੱਕ ਪੁੱਜਦਿਆਂ ਉਹਦਾ ਉਹੀ ਹਾਲ ਹੋਣਾ ਹੈ ਜੋ ਲੰਮੇ ਟੈਲੀ ਸੀਰੀਅਲ ਦੇਖ ਕੇ ਹੁੰਦਾ ਹੈ। 

ਲੇਖਿਕਾ ਕੋਲ ਬਿਰਤਾਂਤ ਨੂੰ ਤੇਜ਼ ਗਤੀ 'ਚ ਰੱਖਣ ਲਈ ਇਹੀ ਜੁਗਤ ਹੈ। ਇਸ ਜੁਗਤ ਵਿਚ ਲਕੀਰਤਾ (horizontality) ਹੈ, ਉਸਾਰ (verticality) ਨਹੀਂ। ਇਹ ਮਹੀਨ ਬੁੱਨਤਰ ਨੂੰ ਬਾਈਪਾਸ ਕਰਦੀ ਹੈ ਜਦ ਕਿ ਬੁੱਨਤਰ ਹੀ ਬਿਰਤਾਂਤਕਾਰੀ ਨੂੰ ਕਥਾਕਾਰੀ ਤੋਂ ਵਖਰਿਆਂਦੀ ਹੈ। ਪਾਠਕ ਮਨੁੱਖੀ ਸਥਿਤੀ ਦੀਆਂ ਤੈਹਾਂ ਤੱਕ ਇਹਦੇ ਰਾਹੀਂ ਪੁੱਜਦਾ ਹੈ।ਮਹੀਨ ਬੁੱਨਤਰ ਬਿਰਤਾਂਤ ਨੂੰ ਸ਼ਿਲਪਕਾਰੀ ਦੇ ਨਿਕਟ ਕਰਦੀ ਹੈ ਤੇ ਨਾਵਲੀ ਬਿਰਤਾਂਤ ਸਹਿਜ ਤੇ ਸੰਤੁਲਤ ਗਤੀ 'ਚ ਰਹਿੰਦਾ ਹੈ। ਭਾਸ਼ਾ ਰਚਨਾਤਮਿਕ ਹੁੰਦੀ ਹੈ, ਘਟਨਾਵਾਂ ਦਾ ਵਾਹਣ ਹੋਣ ਤੱਕ ਸੀਮਤ ਨਹੀਂ ਰਹਿੰਦੀ। ਅਰਥ ਸੱਕ ਵਾਂਗ ਨਿਕਲਦੇ ਹਨ। ਅਜਿਹੀ ਭਾਸ਼ਾ ਵਾਲੀ ਚਰਨਾਕਾਰੀ ਵਲ ਦੋਬਾਰਾ ਪਰਤਨ ਦਾ ਮਨ ਕਰਦਾ ਰਹਿੰਦਾ ਹੈ। ਕਲਾਤਮਿਕ ਬਿਰਤਾਂਤ ਇਸੇ ਨੂੰ ਕਹਿੰਦੇ ਹਨ। ਨਾਵਲ 'ਮਾਇਆ' 'ਚ ਭਾਸ਼ਾ ਦੀ ਸੁਰ ਉੱਚੀ ਹੈ। ਜਿਸ ਮੈਲੋਡਰਾਮੈਟਿਕ ਢੰਗ ਨਾਲ ਰੇਪ ਦੀ ਵਾਰਦਾਤ ਘਟਦੀ ਹੈ, ਉਹ ਪਾਪੂਲਰ ਸਿਨੇਮੇ ਦੀ ਭਾਸ਼ਾ ਹੈ। ਜਿਵੇਂ ਬਲਬੀਰ ਚੰਡੀਗੜ੍ਹ ਪੁੱਜਦੀ ਹੈ, ਬਲਬੀਰ ਤੋਂ ਮਾਇਆ ਬਣਦੀ ਹੈ, ਸਮੀਰ ਨਾਲ ਨੇੜਤਾ ਪੈਦਾ ਹੁੰਦੀ ਹੈ, ਨੇੜਤਾ ਖੌਫ਼ ਪੈਦਾ ਕਰਦੀ ਹੈ, ਇਹ ਸਕੀਮ ਦੀ ਅਨੁਸਾਰੀ ਬਣਤ ਹੈ। ਜੇ ਇਹੀ ਨਾਵਲਕਾਰ ਦੀ ਪਾਠਗਤ ਨੀਤੀ (textual strategy) ਹੈ ਤਾਂ ਔਰਤ ਦੀ ਆਜ਼ਾਦੀ ਦਾ ਸਮੱਸਿਆਕਾਰ ਪਸਤ ਹੋ ਜਾਂਦਾ ਹੈ। ਪਾਤਰਾਂ ਦਾ ਵਜੂਦ ਲੇਖਿਕਾ ਦੇ ਕਬਜ਼ੇ 'ਚ ਆ ਜਾਂਦਾ ਹੈ। ਬਲਬੀਰ ਪਿਤਾ ਪੁਰਖੀ ਸਥਾਪਨਾ ਤੋਂ ਬਰੀ ਹੋਣਾ ਚਾਹੁੰਦੀ ਹੈ ਤੇ ਆਣ ਡਿੱਗਦੀ ਹੈ ਲੇਖਿਕਾ ਦੀ ਬਾਜ਼ਾਰੀ ਪਾਠਗਤ ਨੀਤੀ ਦੇ ਟ੍ਰੈਪ 'ਚ। ਸੁਰਿੰਦਰ ਨੀਰ ਦੀ 'ਵਿਯਨ', ਜਿਵੇਂ ਨਾਵਲ 'ਚ ਪ੍ਰਗਟ ਹੈ, ਮਿਡਲ ਕਲਾਸੀ ਰਵਾਇਤੀ ਔਰਤਾਂ ਵਾਲੀ ਹੈ। ਮਾਇਆ ਦਾ ਕਿਰਦਾਰ ਇਸ ਵਿਯਨ ਦਾ ਪਰਤੌ ਬਣਦਾ ਹੈ। 

ਕਲਾ ਦੇ ਪਿੜ ਵਿਚ ਮਾਇਆ ਦਾ ਦਾਖਲਾ ਕਲਾ ਦੀ ਮੰਡੀ ਰਾਹੀਂ ਹੁੰਦਾ ਹੈ। ਮੰਡੀ ਦੇ ਦਲਾਲ ਉਹਦਾ ਸ਼ੋਸ਼ਨ ਕਰਨਾ ਚਾਹੁੰਦੇ ਹਨ, ਉਹਦੇ ਜਿਸਮ ਅਤੇ ਆਰਟ ਦੋਨਾਂ ਦਾ। ਉਨ੍ਹਾਂ ਨਾਲ ਉਹ ਬੇਖੌਫ਼ ਹਿੱਸੇਦਾਰੀ ਪਾਉਂਦੀ ਹੇ। ਉਹ ਜੋ ਕਰਦੀ ਹੈ ਉਹਦੀ ਸਫ਼ਾਈ 'ਚ ਲੇਖਕੀ ਟਿੱਪਣੀ+ਤਬਸਰਾ ਮੁਹੱਈਆ ਹੋਈ ਜਾਂਦਾ ਹੈ। ਉਹਦੇ ਕੋਲ ਆਪਣੀ ਅਕਾਂਖਿਆ ਦੀ ਪੂਰਤੀ ਦਾ ਹੋਰ ਕੋਈ ਰਾਹ ਨਹੀਂ ਹੈ। ਬਦਲੇ 'ਚ ਉਹ 'ਯੂਜ਼ ਐਂਡ ਥਰੋਅ' ਦੀ ਨੀਤੀ ਦੀ ਵਰਤੋਂ ਕਰਦੀ ਹੈ। ਝੂਠ ਬੋਲ ਕੇ, ਪਬਲਿਕ ਰਿਲੇਸ਼ਨੀ ਜੁਗਤਾਂ ਰਾਹੀਂ 'ਅਗਾਂਹ' ਨਿਕਲ ਜਾਣ 'ਚ ਸਫ਼ਲ ਹੁੰਦੀ ਹੈ। ਲੇਖਿਕਾ ਸੰਭਵ/ਅਸੰਭਵ ਘਟਨਾਵਾਂ ਨੂੰ ਬਣਾਵਟੀ ਵਾਸਤਵਿਕਤਾ (contrived reality) 'ਚ ਬੰਨ੍ਹਦੀ ਹੈ। ਨਾਵਲ ਦੀ ਸਿਰਜੀ ਜਾਅਲੀ ਵਾਸਤਵਿਕਤਾ 'ਚ ਮਾਇਆ ਦਾ ਇਕੋ ਦਿਨ 'ਚ ਪਾਸਪੋਰਟ ਬਣਦਾ ਹੈ ਤੇ ਅਮਰੀਕਾ ਦਾ ਵੀਜ਼ਾ ਵੀ ਲੱਗ ਜਾਂਦਾ ਹੈ। ਅਮਰੀਕਾ ਜਾ ਕੇ ਉਹ ਹੋਰ ਠਹਿਰਣਾ ਚਾਹੁੰਦੀ ਹੈ ਤਾਂ ਉਸ ਦਾ ਨਵਾਂ ਪੈਟਰਨ ਕਹਿੰਦਾ, ''ਮੈਂ ਇੰਡੀਅਨ ਗੌਰਮਿੰਟ ਤੋਂ ਵੀਜ਼ਾ ਲਗਵਾ ਦੇਨਾਂ। (ਕੀ ਅਮਰੀਕੀ ਵੀਜ਼ਾ ਭਾਰਤ ਸਰਕਾਰ ਦੇਂਦੀ ਹੈ?) 

ਔਰਤ ਬਨਾਮ ਪਿਤਾ ਪੁਰਖੀ ਸਥਾਪਨਾ ਵਾਲਾ ਸੰਸਾਰ। ਸੰਭਾਵਨਾਵਾਂ ਵਾਲਾ ਇਹ ਜੋ ਸਮੱਸਿਆਕਾਰ ਹੈ, ਉਹ ਕੁਰਾਹੇ ਪੈ ਚੁੱਕਾ ਹੈ। ਪਿਤਾ ਪੁਰਖੀ ਹੈਜਮਨੀ ਤੇ ਨਾਵਲਕਾਰ ਦੀ ਪਾਠਗਤ ਨੀਤੀ 'ਚ ਫਰਕ ਨਹੀਂ ਦਿਖਦਾ। ਦੋਨਾਂ ਦੀ ਮੰਡੀ ਨਾਲ ਲੜਾਈ ਨਹੀਂ।

ਚੰਡੀਗੜ੍ਹ/ਦਿੱਲੀ ਵਾਲੇ ਲੋਕੈਲ 'ਚ ਮਾਇਆ ਤੀਬਰ ਢੰਗ ਨਾਲ ਵਾਪਰਦੀ ਹੈ ਤੇ ਉਹਦੇ ਰਾਹੀਂ ਲੇਖਿਕਾ ਵਾਪਰਦੀ ਦਿਸਦੀ ਹੈ, ਕਿਉਂਕਿ ਲੇਖਿਕਾ ਦਰਸ਼ਕ ਨਹੀਂ ਮਾਇਆ ਦੀ ਧਿਰ ਹੈ। ਜੇ ਦਰਸ਼ਕ ਹੁੰਦੀ ਤਾਂ ਮਾਇਆ ਨੂੰ ਸੁਤੰਤਰ ਵਿਅਕਤੀ ਬਣਾਂਦੀ। ਤਦ ਮਾਇਆ ਲੇਖਿਕਾ ਵਿਰੁੱਧ ਬਗ਼ਾਵਤ ਕਰ ਦੇਂਦੀ। ਬਗ਼ਾਵਤ ਦਾ ਤੰਤ ਉਸ ਵਿਚ ਲੇਖਿਕਾ ਨੇ ਰਹਿਣ ਨਹੀਂ ਦਿੱਤਾ, ਸਿਰਫ਼ ਚੁਸਤੀ ਨਾਲ 'ਯੂਜ਼ ਐਂਡ ਥਰੋਅ' ਦੀ ਜੁਗਤ ਵਰਤਣ ਦੀ ਜਾਚ ਸਿਖੀ ਹੈ। ਨਾਵਲ ਦੀਆਂ ਤੈਹਾਂ ਫਰੋਲਦਿਆਂ ਦਿਸਦਾ ਹੈ ਕਿ ਇਹ ਮੰਡੀ ਦੀ ਸਿਧਾਂਤਕੀ ਅਨੁਕੂਲ ਰਚਿਆ ਗਿਆ ਹੈ। ਮਾਇਆ ਉਹੀ ਕੁਝ ਬੋਲਦੀ ਹੈ ਜੋ ਲੇਖਿਕਾ ਨਿਰਦੇਸ਼ਿਤ ਕਰਦੀ ਹੈ। ਜਾਂ ਲੇਖਿਕਾ ਦਾ ਉਹੀ ਸਟੈਂਡ ਹੈ ਜੋ ਮਾਇਆ ਦਾ ਹੈ। ਬਿਰਤਾਂਤ ਦੋਨਾਂ ਦੀ ਓਵਰਲੈਪਿੰਗ ਵਾਲੀ ਲੀਲਾ ਵਿਚ ਤਬਦੀਲ ਹੁੰਦਾ ਦਿਖਦਾ ਹੈ। 

ਮਾਇਆ ਚੰਡੀਗੜ੍ਹ ਦਿੱਲੀ ਅਮਰੀਕਾ ਰਾਣੀਖੇਤ ਘੁੰਮਦੀ ਹੈ ਤੇ ਲੇਖਿਕਾ ਉਹਦਾ ਪ੍ਰਛਾਵਾਂ ਬਣ ਕੇ ਨਾਲ ਰਹਿੰਦੀ ਹੈ। ਬਾਕੀ ਪਾਤਰ, ਜੋ ਮਾਇਆ ਨਾਲ ਮੋਹ ਦੇ ਰਿਸ਼ਤੇ 'ਚ ਜੁੜਦੇ ਹਨ, ਉਹ ਵੀ ਇਸ ਟ੍ਰੈਪ 'ਚ ਹਨ। ਉਸੇ ਤਰ੍ਹਾਂ ਦੀ ਬੋਲੀ ਬੋਲਦੇ ਹਨ ਜਿਵੇਂ ਮਾਇਆ ਬੋਲਦੀ ਹੈ ਜਾਂ ਲੇਖਿਕਾ ਬੋਲਦੀ ਹੈ। ਸ਼ਬਦਾਂ ਦੀ ਚੋਣ ਵੀ ਉਹੀ ਹੈ। ਇਵੇਂ ਘਟਨਾਕਾਰੀ ਦਾ ਕੇਂਦਰੀਕਰਨ ਹੋਈ ਜਾਂਦਾ ਹੈ। ਸਭ ਨੇ ਉੱਥੇ ਪੁੱਜਣਾ ਹੈ ਜਿੱਥੇ ਲੇਖਿਕਾ ਪਹੁੰਚਾਣਾ ਚਾਹੁੰਦੀ ਹੈ। ਸਭ ਦਾ ਲਕਸ਼ ਲੇਖਿਕਾ ਦੀ ਰੁਮਾਂਸੀ ਦ੍ਰਿਸ਼ਟੀ ਅਨੁਕੂਲ ਹੈ। 

ਸ਼ਿਵ ਮੈਨਨ ਦਾ ਮਿਲਣਾ, ਦਿੱਲੀ ਜਾਣ ਤੇ ਉਹਦੇ ਨਾਲ ਬਜ਼ਨਸੀ ਤੇ ਸੇਜ਼ ਸਾਂਝ ਦਾ ਨਾਤਾ ਆਦਿ, ਫਿਰ ਅਚਾਨਕ ਅਮਰੀਕਾ ਲਈ ਜਾਣ ਦਾ ਕਹਾਣੀ ਮੋੜ, ਏਅਰਪੋਰਟ 'ਤੇ ਆਰਟ ਕ੍ਰਿਟਿਕ ਦਾ ਮਿਲਣਾ ਤੇ ਦੁਨੀਆਂ ਦੇ ਆਰਟ ਕੇਂਦਰਾਂ ਦਾ ਰਟਣ! ਜਾਂ ਪਾਤਰਾਂ ਦਾ ਇਕ ਦੂਜੇ ਨਾਲ ਪਿਆਰ ਮਿਲਾਪ ਜਾਂ ਸ਼ਾਦੀ ਆਦਿ ਇੱਕੋ ਪੈਰਾਡਾਈਮ ਦੇ ਅਨੁਸਾਰੀ ਹਨ। ਬਾਖ਼ਤਿਨ ਦੇ ਸੰਵਾਦੀ ਬਿਰਤਾਂਤ ਦਾ ਹਵਾਲਾ ਦੇਣਾ ਹੋਵੇ ਤਾਂ ਕਹਾਂਗੇ ਇਹ ਸੰਵਾਦੀ ਦੀ ਜਗ੍ਹਾ ਇਕਾਲਾਪੀ ਰਚਨਾ ਹੈ। ਨਾਵਲ ਲਿਖਣ ਦਾ ਇਹ ਮਾੱਡਲ ਜੇ ਭਾਈ ਵੀਰ ਸਿੰਘ ਜਾਂ ਨਾਨਕ ਸਿੰਘ ਅਨੁਕੂਲ ਮੰਨ ਲਈਏ ਤਾਂ ਸਮੱਸਿਆ ਹਲ ਨਹੀਂ ਹੁੰਦੀ। ਭਾਈ ਸਾਹਿਬ ਤੇ ਨਾਨਕ ਸਿੰਘ ਨੂੰ ਉਸ ਸੰਸਾਰ ਦੀਆਂ ਕਲਪਨਾਵਾਂ ਦੀ ਸੋਝੀ ਸੀ – ਰੁਮਾਂਸੀ ਤੇ ਆਦਰਸ਼ਕ ਕਲਪਨਾਵਾਂ ਦੀ ਜੋ ਉਹ ਚਿਤਰ ਰਹੇ ਸਨ। ਆਪਣੀ ਸੀਮਾ ਦੇ ਅੰਦਰਵਾਰ ਰਹਿ ਕੇ ਉਹ ਰੁਮਾਂਸੀ ਨਾਵਲ ਦਾ ਜੋ ਸਿਰਜਣ ਕਰਦੇ ਹਨ ਉਹਦੀ ਅੰਤਰ-ਲੈਅ ਹੈ। 

ਮਾਇਆ 'ਚ ਅੰਤਰ-ਲੈਅ ਖੰਡਿਤ ਹੈ ਕਿਉਂ ਜੋ ਲੇਖਿਕਾ ਸੀਮਤ ਅਨੁਭਵ ਰਾਹੀਂ ਅਸੀਮ ਫੈਲਾਅ ਦੇ ਰਾਹੇ ਪਈ ਹੋਈ ਹੈ। ਦੋ ਨਾਵਲਾਂ ਦਾ ਮਸੌਦਾ ਇੱਕੋ 'ਚ ਫਿਟ ਹੁੰਦਾ ਹੈ। ਦੋ ਲੋਕੈਲਾਂ 'ਤੇ ਕਹਾਣੀ ਦੀ ਸਮਾਨਾਂਤਰਤਾ ਨੂੰ ਕਾਇਮ ਰੱਖਣਾ ਨਵੀਂ ਕਾਢ ਨਹੀਂ ਹੈ, ਪਰ ਇਸ ਅੰਤਰ-ਜੋੜ ਲਈ ਵਿਧੀਰਵਾਇਤੀ ਜਾਂ ਯੰਤਰੀ ਸਫ਼ਲ ਨਹੀਂ ਹੁੰਦੀ। ਮਾਇਆ 'ਚ ਸਮਾਨਾਂਤਰ ਲੋਕੈਲ 'ਚ ਵਾਪਰਣ ਵਾਲੀਆਂ ਘਟਨਾਵਾਂ ਨੂੰ ਸਿਰਫ਼ ਸਾਹਿਬਜੀਤ ਜੋੜਨ ਵਾਲਾ ਹੈ ਜਾਂ ਕਿਸੇ ਹੱਦ ਤੱਕ ਮਾਇਆ ਆਪ। ਪਰ ਲੇਖਿਕਾ ਦੀਆਂ ਟਿੱਪਣੀਆਂ ਕਿਤੇ ਜ਼ਿਆਦਾ ਜੋੜਦੀਆਂ ਹਨ ਜੋ ਮਕਾਨਕੀ ਕਵਾਇਦ ਹੈ। ਨਾਵਲ 'ਚ 1984 ਦੀ ਸਿੱਖ ਖਾੜਕੂਵਾਦ ਦੇ ਹਵਾਲੇ ਨਾਲ ਮੌਜੂਦ ਸਮੱਗਰੀ ਧਿਆਨ ਖਿੱਚਦੀ ਹੈ। ਓਪ੍ਰੇਸ਼ਨ ਬਲੂ ਸਟਾਰ ਤੇ ਓਪ੍ਰੇਸ਼ਨ ਬਲੈਕ ਥੰਡਰ ਦਾ ਜ਼ਿਕਰ ਹੈ, ਪਰ ਇਸ ਜ਼ਿਕਰ ਪਿੱਛੇ 'ਸਿੱਖ ਕੌਮ ਦੀ ਆਜ਼ਾਦੀ' ਦਾ ਹਵਾਲਾ ਜੋ ਦੱਸਿਆ ਗਿਆ ਹੈ, ਉਹਦੇ ਆਰ ਜਾਂ ਪਾਰ ਦਾ ਕੋਈ ਜ਼ਿਕਰ ਨਹੀਂ ਹੈ। ਕੀ ਪੰਜਾਬ ਦੇ ਪਿੰਡੇ ਨੂੰ ਲੂਹਣ ਵਾਲੀਆਂ ਘਟਨਾਵਾਂ ਨੂੰ ਸਰਸਰੀ ਹਵਾਲੇ ਨਾਲ ਦੇਖਿਆ ਜਾਣਾ ਚਾਹੀਦਾ ਹੈ? ਇਹਦੀ ਰਾਜਨੀਤੀ, ਇਹਦੀ ਸਿਧਾਂਤਕੀ ਨੂੰ ਬਿਨਾਂ ਛੋਹਿਆਂ ਇਹਦਾ ਜੋ ਬਿਆਨ ਹੈ, ਇਹਦੇ ਅਰਥ ਕੀ ਹਨ? 'ਕੌਮ ਦੀ ਆਜ਼ਾਦੀ' ਦਾ ਹਵਾਲਾ ਹੈ, ਇਹਦਾ ਸਿਆਸੀ ਤਰਕ ਕਿਤੇ ਨਹੀਂ ਹੈ। 

ਸਾਹਿਬਜੀਤ ਵਰਗਾ ਪਾਤਰ, ਜੋ ਪਹਿਲਾਂ ਖਾੜਕੂ ਸਿਧਾਂਤਕੀ ਅਨੁਸਾਰ ਬੋਲਦਾ ਹੈ, ਬਾਅਦ ਵਿਚ ਮਲੂਕੜਾ ਰੁਮਾਂਸੀ ਤੇ ਸਿਆਸੀ ਮੋੜਾਂ ਤੋਂ ਬੇਲਾਗ ਕਿਵੇਂ ਰਹਿੰਦਾ ਹੈ? ਉਹ ਵੀ ਮਾਇਆ ਦੀ ਭਾਸ਼ਾ ਬੋਲਣ ਲੱਗਦਾ ਹੈ। ਸਿੱਖ ਰਹਿਤਲ ਨੂੰ ਨਾਵਲੀ ਪੇਸ਼ਕਾਰੀ 'ਚ ਅਹਮੀਅਤ ਹੈ। ਇਹ ਸਾਰੀਆਂ ਗੱਲਾਂ ਇਸ ਨਾਵਲ ਵਲ ਧਿਆਨ ਖਿੱਚਦੀਆਂ ਹਨ, ਜਿਵੇਂ ਸਾਹਿਬਜੀਤ ਦਾ ਕਿਰਦਾਰ ਹੋਰਾਂ ਸਭ ਕਿਰਦਾਰਾਂ ਤੋਂ ਵੱਧ ਅਹਿਮੀਅਤ ਵਾਲਾ ਬਣਦਾ ਹੈ। ਪਰ ਗੱਲ ਵਿਚਾਲੇ ਰਹਿ ਜਾਂਦੀ ਹੈ। ਮਸਲਾ ਤਦ ਇਹ ਹੈ ਕਿ ਨਾਵਲ ਵਿਚ ਜੋ ਅਲਪ ਪੱਧਰ 'ਤੇ ਪ੍ਰਮਾਣਿਕ ਛੋਹਾਂ ਵਾਲਾ ਹਿੱਸਾ ਹੈ ਉਹ ਅਪ੍ਰਮਾਣਿਕ ਫੈਲਾਅ ਹੇਠ ਦੱਬ ਜਾਂਦਾ ਹੈ। ਜੰਮੂ ਵਾਲੀ ਸਥਾਨਿਕਤਾ ਦਾ ਜੋ ਨਾਵਲ ਵਿਚ ਹਿੱਸਾ ਹੈ, ਉਹਦੇ ਸਾਹਮਣੇ ਚੰਡੀਗੜ੍ਹ ਜਾਂ ਦਿੱਲੀ ਜਾਂ ਅਮਰੀਕਾ ਵਾਲੀ ਸਥਾਨਿਕਤਾ, ਜੋ ਮਾਇਆ ਦੇ ਕਿਰਦਾਰ ਦਾ ਵੱਖਰਾ ਰੂਪ ਪ੍ਰਸਤੁਤ ਕਰਦੀ ਹੈ, ਅਪ੍ਰਮਾਣਿਕ ਹੈ। ਜ਼ਾਹਿਰ ਹੈ, ਨਾਵਲ ਦਾ ਜ਼ਿਆਦਾ ਹਿੱਸਾ ਚਾਲੂ/ਅਪ੍ਰਮਾਣਿਕ ਚਿਤਰਪਟ ਨੇ ਮੱਲਿਆ ਹੋਇਆ ਹੈ ਜਿਸ ਕਰਕੇ ਜੰਮੂ ਵਾਲੀ ਸਥਾਨਿਕਤਾ ਦਾ ਕਾਰਜ-ਕਰਮ ਤੇ ਘਟਨਾਵਲੀ ਦੂਜੈਲੀ ਥਾਂ 'ਤੇ ਜਾ ਖੜਦਾ ਹੈ। ਨਾਵਲ ਚੂੰਕਿ ਮਾਇਆ 'ਤੇ ਕੇਂਦ੍ਰਿਤ ਹੈ ਤਾਂ ਜੰਮੂ ਵਾਲੀ ਸਥਾਨਿਕਤਾ ਸਮੁੱਚੇ ਪ੍ਰਸੰਗ 'ਚ ਅਰਥ ਗੰਵਾ ਦੇਂਦੀ ਹੈ ਕਿਉਂਕਿ ਮਾਇਆ ਨੇ ਜੰਮੂ ਨੂੰ ਲਗਪਗ ਹਮੇਸ਼ਾਂ ਲਈ ਤਿਆਗ ਦਿੱਤਾ ਹੈ। ਜੰਮੂ, ਦਿੱਲੀ (ਅਮਰੀਕਾ) ਅਤੇ ਅੰਤ ਵਿਚ ਮਕਲੋਡਗੰਜ। ਤਿੰਨਾ ਦੇ ਬਿਰਤਾਂਤ ਵਿਚ ਜੋ ਖੋਲ ਹਨ ਉਹ ਲੇਖਿਕਾ ਦੀਆਂ ਟਿੱਪਣੀਆਂ/ਤਬਸਰੇ ਰਾਹੀਂ ਹੀ ਪੁਰ ਹੁੰਦੇ ਹਨ। ਲੇਖਿਕੀ over-presence ਬਿਰਤਾਂਤ ਲਈ ਉਸੇ ਤਰ੍ਹਾਂ ਅਸਹਿ ਹੈ ਜਿਵੇਂ ਬਲਬੀਰ ਲਈ ਪਿਤਾ ਪੁਰਖੀ ਫ਼ਾਸ਼ੀਵਾਦ। 

600 ਸਫ਼ਿਆਂ ਤੋਂ ਬਾਅਦ ਜੇ ਮਾਇਆ ਮਕਲੋਡਗੰਜ ਦੇ ਨਿਮਨਾਂ 'ਚ ਰਹਿ ਕੇ, ਮਦਰ ਟੀਰੇਸਾ ਵਾਂਗ, ਪੀੜਤਾਂ ਦੀ ਪੀੜਾ ਹਰਨ ਕਰਦੀ ਹੈ ਤਾਂ ਇਹ ਸ਼ੁਰੂ ਤੋਂ ਤੁਰੀ ਆ ਰਹੀ ਯੰਤਰਤਾ ਦੀ ਆਖਰੀ ਕਿਸ਼ਤ ਬਣੇ ਬਗ਼ੈਰ ਨਹੀਂ ਰਹਿ ਸਕਦੀ। ਮਾਇਆ ਦਾ ਵਿਚਾਰਧਾਰਕ ਮੋੜ ਕਿਸੇ ਤਰ੍ਹਾਂ ਦੀ ਨਵੀਂ ਅੰਤਰ-ਲੈਅ ਪੈਦਾ ਕਰਨ ਦੇ ਸਮਰਥ ਨਹੀਂ ਰਹਿੰਦਾ। ਜੇ ਲੇਖਿਕਾ ਨੇ ਅਜਿਹਾ ਅੰਤ ਕਰਨਾ ਸੀ ਤਾਂ ਉਹਨੂੰ ਤਿੰਨ ਚੌਥਾਈ ਹਿੱਸੇ ਦੀ ਬਣਾਵਟ ਵਲ ਧਿਆਨ ਦੇ ਕੇ ਨਾਵਲ ਨੂੰ ਮੁੜ ਤੋਂ ਲਿਖਣਾ ਚਾਹੀਦਾ ਸੀ। ਨਤੀਜਾ ਇਹ ਕਿ ਅਖੀਰਲੇ ਭਾਗ ਦੀ ਘਟ ਅਸ਼ਾਂਤ ਸੁਰ ਪਹਿਲੇ ਵੱਡੇ ਹਿੱਸੇ ਦੀ ਅਪਾਰ ਪੱਧਰ ਦੀ ਅਸ਼ਾਂਤ ਸੁਰ (hyper tonality) ਦੇ ਮੁਕਾਬਲੇ ਸਿੱਥਲ ਦਿਖਦੀ ਹੈ। ਨਿਮਨਾਂ ਦੀ ਪੀੜਾ ਹਰਨ ਕਰਨ ਦਾ ਮੋੜ ਅਖਤਿਆਰ ਕਰਕੇ ਜ਼ਿੰਦਗੀ ਦੀ ਸੰਪੂਰਤਾ ਪ੍ਰਾਪਤ ਕਰਨ ਦਾ ਇਲਹਾਮ ਵੀ ਝਟਕੇ ਵਾਂਗ ਹੁੰਦਾ ਹੈ। ਕੁੱਲ ਮਿਲਾ ਕੇ, ਨਾਵਲ 'ਚ ਕੁਝ ਟੁਕੜੀਆਂ ਬਹੁਤ ਚੰਗੀਆਂ ਹਨ, ਪਰ ਇਹ ਨਾਵਲ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੁੰਦੀਆਂ। ਨਾ ਮਕਲੋਡਗੰਜ ਦਾ ਅੰਤ ਪਹਿਲੇ ਛੇਅ ਸੌ ਸਫ਼ਿਆਂ ਦੀ hyper tension ਦੇ ਮੁਕਾਬਲੇ ਖੜ ਸਕਦਾ ਹੈ। 

ਸ਼ਿਕਾਰਗਾਹ ਜਿਵੇਂ ਰਿਲੀਜ਼ ਹੋਇਆ, ਤੇ ਹੁਣ ਮਾਇਆ ਬਾਰੇ ਜੋ ਪ੍ਰਮੋਸ਼ਨੀ ਏਜੰਡਾ ਤਿਆਰ ਹੈ, ਉਸ ਦੇ ਕੇਂਦਰ ਵਿਚ ਲੇਖਿਕਾ ਸੁਰਿੰਦਰ ਨੀਰ ਹੈ। ਨਾਵਲ 'ਚ ਮਾਇਆ ਅਗਾਂਹ ਜਾਣ ਲਈ ਸਮਝੋਤਾ ਕਰਦੀ ਹੈ, ਕਲਾ ਦੀ ਮੰਡੀ ਅੰਦਰ ਜਾ ਖੁੱਭਦੀ ਹੈ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣਾ ਚਾਹੁੰਦੀ ਹੈ। ਜ਼ਾਹਿਰ ਹੈ ਲੇਖਿਕਾ ਕੋਲ ਮੰਡੀ ਦਾ ਪੁੱਖਤਾ ਵਿਕਲਪ ਨਹੀਂ ਹੈ, ਜਿਵੇਂ ਉਹਦੇ ਕਿਰਦਾਰ ਮਾਇਆ ਕੋਲ ਵੀ ਨਹੀਂ ਹੈ ਭਾਵੇਂ ਅੰਤ ਵਿਚ ਉਹ ਤਬਦੀਲ ਹੁੰਦੀ ਦਿਖਦੀ ਹੈ। ਜੇ ਇਹ ਗੱਲ ਹੈ ਤਾਂ ਏਥੇ ਔਰਤ ਦੀ ਆਜ਼ਾਦ ਹਸਤੀ ਦਾ ਤਸੱਵਰ ਬੇਜ਼ਮੀਨਾ ਹੋ ਜਾਂਦਾ ਹੈ, ਕਿਉਂਕਿ ਵਿਸ਼ਵੀਕਰਨ ਦੇ ਇਸ ਯੁੱਗ ਵਿਚ ਸਾਹਿਤ/ਕਲਾ ਦੀ ਮੰਡੀ ਵਿਚ ਔਰਤ ਅਤੇ ਕਲਾ ਦੋਨਾਂ ਨੂੰ ਵਸਤੂ ਹੀ ਸਮਝਿਆ ਜਾਂਦਾ ਹੈ। 

ਮਾਇਆ ਨਾਵਲ ਦੇ ਪਿਛਲੇ ਪਾਸੇ ਦਿੱਤੀ ਗਈ ਲੇਖਿਕ ਦੀ ਤਸਵੀਰ ਦੀ ਚਿਹਨਕਤਾ ਅਤੇ ਸ਼ਿਕਾਰਗਾਹ 'ਚ ਮੌਜੂਦ ਭੂਮਿਕਾ ਅਤੇ ਜੈਕਟ ਕਵਰ 'ਤੇ ਟੀਸੀਮੁਖ ਬਿਆਨ ਇਸ ਪ੍ਰਸੰਗ 'ਚ ਅਰਥਾਂ ਤੋਂ ਖਾਲੀ ਨਹੀਂ ਹੈ। 

 -ਗੁਰਬਚਨ

Monday, April 29, 2013

ਸਾਹਿਰ : ਯਿਹ ਦੁਨੀਆ ਅਗਰ ਮਿਲ਼ ਭੀ ਜਾਏ ਤੋ ਕਯਾ ਹੈ


ਕੁਲਵਿੰਦਰ ਦਾ ਸਾਹਿਰ ਬਾਰੇ ਲੇਖ ਦੋਸਤਾਂ ਮਿੱਤਰਾਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਛਾਪਿਆ ਜਾ ਰਿਹਾ ਹੈ। ਇਹ ਪੰਜਾਬੀ ਦੇ ਸਾਹਿਤਕ ਤੇ ਵਿਚਾਰਕ ਰਸਾਲੇ 'ਫ਼ਿਲਹਾਲ' ਦੇ ਇਸੇ ਅੰਕ 'ਚ ਛਪਿਆ ਸੀ।ਇਸ ਦੀ ਕਾਪੀ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਹੁਰਾਂ ਨੂੰ ਬੇਨਤੀ ਕਰਕੇ ਮੰਗਵਾਈ ਹੈ।-ਗੁਲਾਮ ਕਲਮ

ਗੁਰੂ ਦੱਤ ਦੀ ਫ਼ਿਲਮ 'ਪਿਆਸਾ' (1957) ਦੀ ਸਿਖ਼ਰ 'ਤੇ ਰਫ਼ੀ ਦੀ ਅਵਾਜ਼ ਵਿਚ ਸਾਹਿਰ ਦੀ ਰਚਨਾ ਅਤੇ ਐਸ. ਡੀ. ਬਰਮਨ ਦੀ ਧੁਨ ਗੂੰਜਦੀ ਹੈ -
ਯਿਹ ਮਹਿਲੋ ਯਿਹ ਤਖ਼ਤੋਂ, ਯਿਹ ਤਾਜੋਂ ਕੀ ਦੁਨੀਆ 
ਯਿਹ ਇਨਸਾਂ ਕੇ ਦੁਸ਼ਮਣ ਸਮਾਜੋਂ ਕੀ ਦੁਨੀਆ 
ਯਿਹ ਦੌਲਤ ਕੇ ਭੂਖੇ ਰਿਵਾਜੋਂ ਕੀ ਦੁਨੀਆ 
ਯਿਹ ਦੁਨੀਆ ਅਗਰ ਮਿਲ਼ ਭੀ ਜਾਏ ਤੋ ਕਯਾ ਹੈ 

ਆਡੀਟੋਰੀਅਮ ਦੇ ਦਰਵਾਜ਼ੇ ਤੇ ਖੜ੍ਹੇ ਵਿਜੇ (ਗੁਰੂ ਦੱਤ) ਵਿਚ ਸੂਲੀ ਟੰਗੇ ਈਸਾ ਦੀ ਝਲਕ ਵੀ ਮਿਲ਼ਦੀ ਹੈ ਅਤੇ ਸਾਹਿਰ ਦੀ ਪਰਛਾਈਂ ਵੀ।

ਸਾਹਿਰ ਦੇ ਅਸਲੀ ਨਾਂ ਅਬਦੁਲ ਹਈ ਬਾਰੇ ਵੀ ਸ਼ਾਨਦਾਰ ਕਿੱਸਾ ਹੈ। ਅੱਖੜ ਜਗੀਰਦਾਰ ਫ਼ਜ਼ਲ ਮੁਹੰਮਦ ਦੀ ਗਿਆਰਵੀਂ ਪਤਨੀ ਸਰਦਾਰ ਬੇਗਮ ਨੇ 8 ਮਾਰਚ, 1921 ਨੂੰ ਮੁੰਡੇ ਨੂੰ ਜਨਮ ਦਿੱਤਾ। ਬਾਪ ਨੇ ਨਾਂ ਰੱਖਿਆ ਅਬਦੁਲ ਹਈ। ਅਬਦੁਲ ਹਈ ਫ਼ਜ਼ਲ ਮੁਹੰਮਦ ਦੇ ਗੁਆਂਢ ਵਿਚ ਵਸਦੇ ਦੁਸ਼ਮਣ ਦਾ ਨਾਂ ਸੀ। ਰੋਜ਼ ਸ਼ਾਮ ਸਾਹਿਰ ਦਾ ਬਾਪ ਗੁਆਂਢੀ ਨੂੰ ਗਾਲ੍ਹਾਂ ਕੱਢਦਾ। ਇਤਰਾਜ਼ ਕਰਨ 'ਤੇ ਉਸ ਦਾ ਜੁਆਬ ਹੁੰਦਾ ਕਿ ਉਹ ਤਾਂ ਆਪਣੇ ਬੇਟੇ ਨੂੰ ਗਾਲ੍ਹਾਂ ਕੱਢ ਰਿਹਾ ਹੈ। ਘਰ ਵਿਚ ਇਕੱਲਾ ਮੁੰਡਾ ਹੋਣ ਕਾਰਣ ਸਾਹਿਰ ਦਾ ਬਚਪਨ ਬੜਾ ਵਧੀਆ ਬੀਤਿਆ। ਸਭ ਕੁਝ ਉਲ਼ਟ ਪੁਲਟ ਗਿਆ ਜਦ ਸਾਹਿਰ ਦੇ ਮਾਂ ਬਾਪ ਵਿਚ ਅਨਬਣ ਹੋ ਗਈ। ਆਪਣੀਆਂ ਜਗੀਰੂ ਰੁਚੀਆਂ ਕਾਰਣ ਬਾਪ ਉਸ ਨੂੰ ਅੱਯਾਸ਼ੀ ਪੱਠਾ ਬਨਾਉਣਾ ਚਾਹੁੰਦਾ ਸੀ। ਮਾਂ ਸਾਹਿਰ ਨੂੰ ਪੜ੍ਹਾ ਲਿਖਾ ਕੇ ਚੰਗਾ ਇਨਸਾਨ ਬਨਾਉਣਾ 'ਤੇ ਅੜੀ ਹੋਈ ਸੀ। ਦੋਨਾਂ ਵਿਚਕਾਰ ਖਿੱਚੋਤਾਨ ਏਨੀ ਵੱਧ ਗਈ ਕਿ ਸਰਦਾਰ ਬੇਗ਼ਮ ਨੇ ਅਦਾਲਤ ਦੀ ਜਾ ਸ਼ਰਣ ਲਈ। ਅਦਾਲਤ ਨੇ ਮਾਂ ਜਾਂ ਬਾਪ ਦੋਵਾਂ ਚੋਂ ਇਕ ਨੂੰ ਚੁਣਨ ਦੀ ਸਾਹਿਰ ਦੀ ਖਾਹਿਸ਼ ਪੁੱਛੀ ਤਾਂ ਉਹਨੇ ਮਾਂ ਨੂੰ ਚੁਣਿਆ। 

ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਾ ਦਿੱਤਾ ਗਿਆ। ਉਹ ਵੱਡਾ ਹੋ ਕੇ ਵਕੀਲ ਬਣਨਾ ਚਾਹੁੰਦਾ ਸੀ। ਪੜ੍ਹਾਈ ਲਿਖਾਈ ਤਾਂ ਸ਼ੁਰੂ ਹੋ ਗਈ ਪਰ ਜੀਵਨ ਵਿਚ ਤੰਗੀਆਂ ਤੁਰਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਨੇ ਸਾਹਿਰ ਨੂੰ ਇਰਦ ਗਿਰਦ ਬਾਰੇ ਸੋਚਵਾਨ ਬਣਾ ਦਿੱਤਾ। ਉਸ ਨੂੰ ਜਗੀਰੂ ਕਦਰਾਂ ਕੀਮਤਾਂ ਨਾਲ਼ ਨਫ਼ਰਤ ਹੋ ਗਈ। 

ਸਕੂਲ ਤੋਂ ਬਾਅਦ ਉਸ ਨੇ ਲੁਧਿਆਣੇ ਦੇ ਗੌਰਮਿੰਟ ਕਾਲਿਜ ਵਿਚ ਦਾਖਲਾ ਲਿਆ। ਜੁਆਨੀ ਤੇ ਪੈਰ ਧਰਦਿਆਂ ਆਪਣੇ ਬਾਗ਼ੀ ਸੁਭਾ ਕਾਰਣ ਉਸ ਦੇ ਕੋਮਲ ਹਿਰਦੇ ਨੇ ਮਨੁੱਖੀ ਭਾਵਨਾਵਾਂ ਅਤੇ ਜ਼ਾਲਮ ਸਮਾਜ ਵਿਚਲੇ ਦਵੰਦ ਨੂੰ ਸ਼ਿਅਰਾਂ ਦੇ ਰੂਪ ਵਿਚ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਇਕਬਾਲ ਦਾ ਸ਼ਿਅਰ 'ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਮੀਰਾਜ਼ ਭੀ, ਸੈਂਕੜੋ ਸਾਹਿਰ ਭੀ ਹੋਂਗੇ, ਸਾਹਿਬ-ਏ-ਏਜਾਜ਼ ਭੀ' ਪੜ੍ਹਿਆ। ਉਨ੍ਹਾਂ ਸੈਂਕੜਿਆਂ ਚੋਂ ਆਪਣੇ ਆਪ ਨੂੰ ਇੱਕ ਸਮਝਦਿਆਂ ਅਬਦੁਲ ਹਈ ਸ਼ੇਅਰ ਲਿਖਦਾ 'ਸਾਹਿਰ' ਲੁਧਿਆਣਵੀ ਬਣ ਗਿਆ। 

ਇਹ ਦੌਰ ਵੀ ਸਮਾਜੀ ਉਥਲ-ਪੁਥਲ ਦਾ ਸੀ। ਦੇਸ਼ ਨੂੰ ਅਜ਼ਾਦ ਕਰਾਉਣ ਦੀ ਅਵਾਜ਼ ਫ਼ਿਜ਼ਾ ਵਿਚ ਗੂੰਜ ਰਹੀ ਸੀ। ਕਮਿਊਨਿਸਟ ਲਹਿਰ ਪੂਰੀ ਚੜ੍ਹਤ 'ਤੇ ਸੀ। ਸਾਹਿਰ ਮਾਰਕਸਵਾਦੀ ਵਿਚਾਰਧਾਰਾ ਵਲ ਖਿੱਚਿਆ ਗਿਆ। ਉਹਨੇ ਬਰਤਾਨਵੀ ਸਾਮਰਾਜ ਅਤੇ ਭਾਰਤੀ ਜਗੀਰਦਾਰੀ ਦੇ ਖਿਲਾਫ਼ ਨਜ਼ਮਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਕਈ ਰਚਨਾਵਾਂ 'ਕਿਰਤੀ' ਅਤੇ ਹੋਰਨਾਂ ਖੱਬੇਪੱਖੀ ਰਸਾਲਿਆਂ ਵਿਚ ਛਪਣ ਲੱਗੀਆਂ। ਬਲਵੰਤ ਗਾਰਗੀ ਦੇ ਸ਼ਬਦਾਂ ਵਿਚ, ''ਉਸ (ਸਾਹਿਰ) ਨੂੰ ਪਤਾ ਸੀ ਕਿ ਉਹ ਵੱਡਾ ਸ਼ਾਇਰ ਹੈ। ਇਸ ਗੱਲ ਦਾ ਗਿਆਨ ਉਸ ਨੂੰ 22 ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ।'' ਉਹ ਵਿਦਿਆਰਥੀ ਯੂਨੀਅਨ ਦਾ ਆਗੂ ਬਣ ਗਿਆ। 

ਇਸ ਦੇ ਨਾਲ਼ ਹੀ ਉਸ ਦੇ ਇਸ਼ਕਾਂ ਦੇ ਕਿੱਸੇ ਵੀ ਮਸ਼ਹੂਰ ਹੋਣ ਲੱਗੇ। ਪਹਿਲਾ ਕਿੱਸਾ ਮਹਿੰਦਰ ਚੌਧਰੀ ਨਾਲ਼ ਉਸ ਦੇ ਪ੍ਰੇਮ ਦਾ ਹੈ। ਪਰ ਬਿਮਾਰੀ ਨਾਲ਼ ਮਹਿੰਦਰ ਚੌਧਰੀ ਦੀ ਮੌਤ ਹੋ ਗਈ। ਇਸ ਮੌਤ ਨੇ ਸਾਹਿਰ ਨੂੰ ਇਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ। ਇਹ ਸ਼ੇਅਰ ਉਸ ਦੀ ਮਨੋਦਸ਼ਾ ਨੂੰ ਬਿਆਨ ਕਰਦਾ ਹੈ - 
ਕੋਸਰ ਮੇਂ ਵੁਹ ਧੁਲੀ ਹੋਈ ਬਾਂਹੇਂ ਭੀ ਜਲ ਗਈ 
ਜੋ ਦੇਖਤੀ ਥੀਂ ਮੁਝ ਕੋ ਵੁਹ ਨਿਗਾਹੋਂ ਭੀ ਜਲ ਗਈ 


ਉਸ ਦਾ ਜਿਗਰੀ ਦੋਸਤ ਕ੍ਰਿਸ਼ਨ ਅਦੀਬ ਲਿਖਦਾ ਹੈ, ''ਮੈਂ ਸਾਹਿਰ ਦੇ ਸੁਭਾ ਨੂੰ ਜਾਣਦਾ ਸੀ। ਕਈ ਵਾਰ ਮੈਨੂੰ ਪਹਿਲਾਂ ਵੀ ਤਜਰਬਾ ਹੋ ਚੁਕਿਆ ਸੀ। ... ਕੁਝ ਦਿਨ ਹੋਰ ਲੰਘ ਗਏ। ਮਹਿੰਦਰ ਦਾ ਤਸੱਵਰ ਸਾਹਿਰ ਦੇ ਦਿਲ ਅਤੇ ਦਿਮਾਗ਼ ਤੋਂ ਉੱਡ ਗਿਆ।''  

ਤਦ ਸਾਹਿਰ ਦਾ ਇਸ਼ਕ ਆਪਣੇ ਕਾਲਿਜ ਦੀ ਇਕ ਹੋਰ ਵਿਦਿਆਰਥਣ ਈਸ਼ਰ ਕੌਰ ਨਾਲ਼ ਹੋ ਗਿਆ। ਕੁਝ ਦਿਨਾਂ ਬਾਅਦ ਈਸ਼ਰ ਕੌਰ ਨੇ ਆਪਣੀ ਮਜਬੂਰੀ ਜ਼ਾਹਿਰ ਕਰ ਦਿੱਤੀ। ਸਾਹਿਰ ਫਿਰ ਆਪਣੇ ਸਫ਼ਰ ਤੇ ਇਕੱਲਾ ਸੀ। ਇਸ ਤੋੜ ਵਿਛੋੜੇ ਦਾ ਜ਼ਿਕਰ ਸਾਹਿਰ ਦੀ ਇਕ ਹੋਰ ਨਜ਼ਮ 'ਕਿਸੀ ਕੋ ਉਦਾਸ ਦੇਖ ਕਰ' ਵਿਚ ਮਿਲਦਾ ਹੈ। ਇਸ਼ਕ ਦੀ ਅਸਫ਼ਲਤਾ ਦੇ ਨਾਲ਼ ਹੀ ਸਾਹਿਰ ਵਿਚ ਆਈ ਵਿਚਾਰਧਾਰਕ ਤਬਦੀਲੀ ਦੀ ਝਲਕ ਇਸ ਨਜ਼ਮ ਵਿਚ ਮਿਲ਼ਦੀ ਹੈ। ਉਹ ਇਸ਼ਕ ਦੀ ਅਸਫ਼ਲਤਾ ਦੇ ਗ਼ਮ ਨੂੰ ਸਮਾਜੀ ਪ੍ਰਬੰਧ ਨਾਲ਼ ਜੋੜਦਾ ਹੈ 
ਗਲੀ ਗਲੀ ਮੇਂ ਯਿਹ ਬਿਕਤੇ ਹੂਏ ਜਵਾਂ ਚਿਹਰੇ ਹਸੀਨ ਆਖੋਂ ਮੇਂ ਯਿਹ ਆਫ਼ਸੁਰਦਗੀ 1 ਸੀ ਛਾਈ ਹੂਈ 
ਯਿਹ ਜੰਗ ਔਰ ਯਿਹ ਮੇਰੇ ਵਤਨ ਕੇ ਸ਼ੋਖ ਜਵਾਂ 
ਖ਼ਰੀਦੀ ਜਾਤੀ ਹੈ ਉਠਤੀ ਜਵਾਨੀਆਂ ਜਿਨ ਕੀ 
ਯਿਹ ਬਾਤ ਬਾਤ ਪੇ ਕਾਨੂਨ-ਓ-ਜ਼ਾਬਤੇ ਕੀ ਗਰਿਫ਼ਤ 
ਯਿਹ ਜ਼ਿੱਲਤੇਂ, ਯਿਹ ਗ਼ੁਲਾਮੀ, ਯਿਹ ਦੌਰੇ ਮਜਬੂਰੀ 
ਯਿਹ ਗ਼ਮ ਬਹੁਤ ਹੈ ਮਿਰੀ ਜ਼ਿੰਦਗੀ ਕੇ ਮਿਟਾਨੇ ਕੋ 
ਉਦਾਸ ਰਹਿ ਕੇ ਮਿਰੇ ਦਿਲ ਕੋ ਔਰ ਰੰਜ ਨ ਦੋ 
1 ਨਿਰਾਸ਼ਾ 
  
ਲਾਹੌਰ ਦਾ ਦਿਆਲ ਸਿੰਘ ਕਾਲਜ ਉਹਦੀ ਅਗਲੀ ਮੰਜ਼ਿਲ ਬਣਿਆ। ਕੌਮੀ ਤੇ ਕੌਮਾਂਤਰੀ ਦੋਵਾਂ ਪੱਧਰਾਂ 'ਤੇ ਹਲਚਲ ਦਾ ਸਿਲਸਿਲਾ ਜਾਰੀ ਸੀ। ਉਹ ਪ੍ਰੋਗਰੇਸਿਵ ਰਾਈਟਰਜ਼ ਐਸੋਸ਼ੀਏਸ਼ਨ ਦਾ ਮੈਂਬਰ ਬਣ ਗਿਆ। 1945 ਵਿਚ ਤਰੱਕੀਪਸੰਦ ਲੇਖਕਾਂ ਦੀ ਹੈਦਰਾਬਾਦ ਵਿਚ ਹੋਈ ਕਾਨਫਰੰਸ ਵਿਚ ਪੰਜਾਬ ਤੋਂ ਸ਼ਾਮਲ ਹੋਣ ਵਾਲ਼ਾ ਲੇਖਕ ਸਿਰਫ਼ ਸਾਹਿਰ ਹੀ ਸੀ। ਉਹਦੀਆਂ ਰਚਨਾਵਾਂ ਲੋਕਾਂ ਵਿਚ ਮਕਬੂਲ ਹੋ ਰਹੀਆਂ ਸਨ। ਇਕ ਪਾਸੇ ਇਨਕਲਾਬੀ ਨਜ਼ਮਾਂ, ਦੂਜੇ ਪਾਸੇ ਉਹਦੇ ਇਸ਼ਕਾਂ ਦੇ ਕਿੱਸੇ। ਚੱਕਰ ਐਸਾ ਚੱਲਿਆ ਕਿ ਉਹ ਪਹਿਲਾਂ ਗੌਰਮਿੰਟ ਕਾਲਜ ਲੁਧਿਆਣਾ ਤੇ ਫਿਰ ਦਿਆਲ ਸਿੰਘ ਕਾਲਜ ਲਾਹੌਰ 'ਚੋਂ ਕੱਢਿਆ ਗਿਆ। ਉਹ ਲਾਹੌਰ ਤੋਂ ਨਿਕਲਦੇ ਅਦਬੀ ਰਸਾਲੇ 'ਅਦਬ-ਏ-ਲਤੀਫ਼' ਦਾ ਸੰਪਾਦਕ ਬਣ ਗਿਆ। 

ਲਾਹੌਰ ਵਿਚ ਆਪਣੀਆਂ ਨਜ਼ਮਾਂ ਨੂੰ ਛਪਾਉਣ ਲਈ ਸਾਹਿਰ ਦੋ ਸਾਲ ਕੋਸ਼ਿਸ਼ ਕਰਦਾ ਰਿਹਾ। ਸੰਨ 1945 ਵਿਚ ਉਸ ਦੀਆਂ ਆਸਾਂ ਨੂੰ ਬੂਰ ਪਿਆ। ਪਹਿਲਾ ਕਾਵਿ ਸੰਗ੍ਰਿਹ 'ਤਲਖ਼ੀਆਂ' ਛਪਿਆ। ਇਸ ਕਿਤਾਬ ਦੇ ਛਪਦੇ ਸਾਰ ਹੀ ਸਾਹਿਰ ਪੂਰੇ ਹਿੰਦੋਸਤਾਨ ਵਿਚ ਮਸ਼ਹੂਰ ਹੋ ਗਿਆ। ਤਲਖ਼ੀਆਂ ਦੀਆਂ ਕਈ ਨਜ਼ਮਾਂ ਮਕਬੂਲ ਹੋਈਆਂ। ਤਾਜ ਮਹਿਲ ਬਾਰੇ ਲਿਖੀ ਉਹਦੀ ਨਜ਼ਮ ਤਰੱਕੀ-ਪਸੰਦ ਹਲਕਿਆਂ 'ਚ ਬਹੁਤ ਚਰਚਿਤ ਹੋਈ - 
ਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ
ਹਮ ਗਰੀਬੋਂ ਕੀ ਮੁਹਬਤ ਕਾ ਉਡਾਇਆ ਹੈ 
ਮਜ਼ਾਕ ਮੇਰੀ ਮਹਿਬੂਬ! ਕਹੀਂ ਔਰ ਮਿਲਾ ਕਰ ਮੁਝਸੇ। 

ਦਿਲਚਸਪ ਗੱਲ ਇਹ ਹੈ ਕਿ ਸਾਹਿਰ ਨੇ ਅਜੇ ਤੱਕ ਤਾਜ ਮਹਿਲ ਨਹੀਂ ਸੀ ਦੇਖਿਅ। ਬਕੌਲ ਸਾਹਿਰ, ਉਸ ਦੇ ਲਈ ''ਆਗਰੇ ਜਾਣ ਦੀ ਕੀ ਲੋੜ ਸੀ? ਕਾਰਲ ਮਾਰਕਸ ਦਾ ਫਲਸਫਾ ਪੜ੍ਹਿਆ ਹੋਇਆ ਸੀ ਅਤੇ ਜੁਗਰਾਫ਼ੀਆ ਵੀ ਯਾਦ ਸੀ। ਇਹ ਵੀ ਪਤਾ ਸੀ ਕਿ ਤਾਜ ਮਹਿਲ ਜਮਨਾ ਦੇ ਕੰਢੇ, ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਮਹਿਲ ਲਈ ਬਣਵਾਇਆ ਸੀ। ਇਸ ਨਜ਼ਮ ਬਾਰੇ ਬਲਵੰਤ ਗਾਰਗੀ ਬਾਖੂਬ ਲਿਖਦਾ ਹੈ, ''ਸਾਹਿਰ ਵਿਚ ਦਿਵਯ ਗਿਆਨ ਸੀ, ਤੀਜੀ ਅੱਖ! ਸ਼ਾਇਰ ਦਾ ਅਹਿਸਾਸ, ਤਖ਼ਈਅਲ ਤੇ ਸਮਾਜੀ ਚੇਤਨਾ! ਕਈ ਲੋਕ ਤਾਜ ਮਹਿਲ ਦੇ ਅੰਦਰ ਬੈਠੇ ਤਾਜ ਮਹਿਲ ਨਹੀਂ ਦੇਖ ਸਕਦੇ, ਸਾਹਿਰ ਲਾਹੌਰ ਬੈਠਾ ਤਾਜ ਮਹਿਲ ਉਸਾਰ ਸਕਦਾ ਹੈ।

'' ਖੈਰ! ਸ਼ਾਇਰ ਵਜੋਂ ਸਾਹਿਰ ਪ੍ਰਸਿੱਧੀ ਦੀਆਂ ਨਵੀਆਂ ਪੋੜੀਆਂ ਚੜ੍ਹਦਾ ਜਾ ਰਿਹਾ ਸੀ ਪਰ ਘਰੇਲੂ ਤੰਗੀਆਂ ਮੂੰਹ ਅੱਡੀ ਖੜ੍ਹੀਆਂ ਸਨ। ਉਹਨੂੰ ਲੱਗਦਾ ਬੰਬਈ ਦੀ ਫ਼ਿਲਮ ਇੰਡਸਟਰੀ ਉਹਨੂੰ ਬੁਲਾ ਰਹੀ ਹੈ। ਉਸ ਵੇਲੇ ਦੀ ਅਦਬੀ ਦੁਨੀਆਂ ਵਿਚ ਫ਼ਿਲਮੀ ਸ਼ਾਇਰੀ ਨੂੰ ਚੰਗਾ ਨਹੀਂ ਸੀ ਮੰਨਿਆ ਜਾਂਦਾ। ਇਸ ਸੰਕੋਚ ਕਰਕੇ ਉਹ ਲਾਹੌਰ ਵਿਚ ਹੀ ਟਿਕਿਆ ਆ ਰਿਹਾ ਸੀ। ਅਚਾਨਕ ਇਕ ਦਿਨ ਉਹ ਗੱਡੀ 'ਚ ਬੈਠ ਬੰਬਈ ਜਾ ਪਹੁੰਚਾ। ਇਹ 1945 ਦੀ ਗੱਲ ਹੈ।

ਬੰਬਈ ਵਿਚ ਕਲਾ ਮੰਦਰ ਫ਼ਿਲਮਜ਼ ਦੇ ਬੈਨਰ ਤੇ ਲਲਿਤ ਮਹਿਤਾ ਦੇ ਨਿਰਦੇਸ਼ਨ ਹੇਠ 'ਅਜ਼ਾਦੀ ਕੀ ਰਾਹ ਪਰ' ਨਾਂ ਦੀ ਫ਼ਿਲਮ ਬਣ ਰਹੀ ਸੀ। 24 ਸਾਲ ਦੇ ਸਾਹਿਰ ਨੂੰ ਇਸ ਫ਼ਿਲਮ ਦੇ ਗੀਤ ਲਿਖਣ ਦਾ ਮੌਕਾ ਮਿਲ਼ਿਆ। ਇਸ ਫ਼ਿਲਮ ਦਾ ਨਾਇਕ ਪ੍ਰਿਥਵੀ ਰਾਜ ਕੂਪਰ ਸੀ। ਸਾਹਿਰ ਦੇ ਚਾਰ ਗਾਣੇ ਇਸ ਫ਼ਿਲਮ ਵਿਚ ਲਏ ਗਏ, ਜਿਨ੍ਹਾਂ ਵਿਚੋਂ 'ਬਦਲ ਰਹੀ ਹੈ ਜ਼ਿੰਦਗੀ' ਮਸ਼ਹੂਰ ਹੋਇਆ। ਕੁਝ ਅਰਸਾ ਗੁਜ਼ਰਿਆ ਤਾਂ ਬੰਬਈ ਦੀ ਜ਼ਿੰਦਗੀ ਉਹਨੂੰ ਅਵਾਜ਼ਾਰ ਕਰਨ ਲੱਗ ਪਈ, ਉਹਦੇ ਅੰਦਰਲੀ ਤੜਪ ਉਹਨੂੰ ਬੇਚੈਨ ਕਰੀ ਰੱਖਦੀ ਸੀ। ਉਹ ਦਿੱਲੀ ਆ ਗਿਆ ਜਿੱਥੇ ਉਸ ਨੇ 'ਸ਼ਾਹਰਾਹ' ਨਾਂ ਦਾ ਪਰਚਾ ਕੱਢਿਆ। 

ਦਿੱਲੀ 'ਚ ਵੀ ਉਹਦੇ ਲਈ ਕੁਝ ਨਹੀਂ ਸੀ ਪਿਆ ਹੋਇਆ। ਉਹ ਫਿਰ ਬੰਬਈ ਵਾਪਸ ਚਲਾ ਗਿਆ। ਸੰਨ 1947 ਵਿਚ ਅਜ਼ਾਦੀ ਆਉਣ ਦੇ ਨਾਲ਼ ਮੁਲਕ ਵੰਡਿਆ ਗਿਆ। ਸਾਹਿਰ ਬੰਬਈ ਛੱਡ ਲਾਹੌਰ ਚਲਿਆ ਗਿਆ। ਉੱਥੇ ਚੌਧਰੀ ਨਜ਼ੀਰ ਨੇ ਦੁਮਾਸਿਕ ਰਸਾਲਾ 'ਸਵੇਰਾ' ਕੱਢਿਆ ਤਾਂ ਉਹਨੇ ਅਹਿਮਦ ਨਦੀਮ ਕਾਸਮੀ ਅਤੇ ਸਾਹਿਰ ਨੂੰ ਸੰਪਾਦਕੀ ਬੋਰਡ ਵਿਚ ਸ਼ਾਮਲ ਕੀਤਾ। 'ਸਵੇਰਾ ' ਖੱਬੇਪੱਖੀ ਰਸਾਲਾ ਸੀ ਅਤੇ ਹਕੂਮਤ ਦੇ ਖਿਲਾਫ਼ ਅਵਾਜ਼ ਬੁਲੰਦ ਕਰਦਾ ਸੀ। ਸਾਹਿਰ ਦੇ ਕੁਝ ਲੇਖਾਂ ਤੋਂ ਪਾਕਿਸਤਾਨ ਦੀ ਹਾਕਮ ਜਮਾਤ ਘਬਰਾ ਗਈ। ਉਹਦੇ ਖਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋ ਗਏ। ਸਾਹਿਰ ਮਾਂ ਨੂੰ ਲੈ ਕੇ ਦਿੱਲੀ ਪਹੁੰਚ ਗਿਆ। 

ਦਿੱਲੀ ਵਿਚ ਉਹਨੇ ਕੁਝ ਦੇਰ 'ਪ੍ਰੀਤਲੜੀ', ਜਦ ਗੁਰਬਖ਼ਸ਼ ਸਿੰਘ ਤੇ ਨਵਤੇਜ ਸਿੰਘ ਕੁਝ ਅਰਸੇ ਲਈ ਪ੍ਰੀਤਨਗਰ ਛੱਡ ਕੇ ਮਹਿਰੋਲੀ ਰਹਿਣ ਲੱਗ ਪਏ ਸਨ, ਵਿਚ ਕੰਮ ਕੀਤਾ। ਬਾਅਦ ਵਿਚ ਯੂਸਫ਼ ਦਿਹਲਵੀ ਦੇ 'ਸ਼ਾਹਰਾਹ' ਦੇ ਸੰਪਾਦਨ ਨਾਲ਼ ਜੁੜ ਗਿਆ। 'ਸ਼ਾਹਰਾਹ' ਦੌਰਾਨ ਸਾਹਿਰ ਨੇ ਚਿੱਲੀ ਦੇ ਸ਼ਾਇਰ ਪਾਬਲੋ ਨੈਰੂਦਾ ਅਤੇ ਸਪੇਨ ਦੇ ਕਵੀ ਲੋਰਕਾ ਉਤੇ ਲੇਖ ਲਿਖੇ, ਜੋ ਬਹੁਤ ਮਕਬੂਲ ਹੋਏ। ਉਦੋਂ ਅਮਨ ਤਹਿਰੀਕ ਤੇ ਕਮਿਊਨਿਸਟ ਲਹਿਰ ਦਾ ਜ਼ੋਰ ਸੀ। ਹਾਲਾਤ ਸੁਖਾਵੇਂ ਨਹੀਂ ਸਨ। ਫੜੋ-ਫੜਾਈ ਚਲ ਰਹੀ ਸੀ। 'ਅਜ਼ਾਦੀ ਕੀ ਰਾਹ ਪਰ' ਫ਼ਿਲਮ, ਜੋ 1949 ਵਿਚ ਰਲੀਜ਼ ਹੋਈ ਸੀ, ਸਫ਼ਲ ਨਹੀਂ ਹੋਈ। ਸਾਹਿਰ ਦੀ ਆਰਥਿਕ ਤੰਗੀ ਤੇ ਪ੍ਰੇਸ਼ਾਨੀ ਵਧਣ ਲੱਗੀ। 

ਵਿਚਾਰਧਾਰਕ ਪੱਖੋਂ ਪ੍ਰੋੜ ਹੋ ਚੁਕੇ ਸਾਹਿਰ ਨੂੰ ਪਤਾ ਸੀ ਕਿ ਸਰਮਾਏਦਾਰੀ ਪ੍ਰਬੰਧ ਵਿਚ ਹਰ ਚੀਜ਼ ਜਿਣਸ ਬਣ ਜਾਂਦੀ ਹੈ। ਤਲਖ਼ੀਆਂ ਵਿਚ ਸ਼ਾਮਲ ਨਜ਼ਮ 'ਫ਼ਨਕਾਰ' ਵਿਚ ਸਾਹਿਰ ਨੇ ਇਨਸਾਨੀ ਰਿਸ਼ਤਿਆਂ ਅਤੇ ਕਲਾਤਮਕ ਪ੍ਰਤਿਭਾ ਦੇ ਜਿਣਸ ਬਣ ਜਾਣ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ - 
ਮੈਂ ਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ 
ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ 
ਆਜ ਦੁੱਕਾਨ ਪੇ ਨੀਲਾਮ ਉਠੇਗਾ ਉਨ ਕਾ 
ਤੂ ਨੇ  ਜਿਨ ਗੀਤੋਂ ਪੇ ਰੱਖੀ ਥੀ ਮੁਹੱਬਤ ਕੀ ਅਸਾਸ 1 
ਜ ਚਾਂਦੀ ਕੇ ਤਰਾਜ਼ੂ ਮੇਂ ਤੁਲੇਗੀ ਹਰ ਚੀਜ਼ 
ਮੇਰੇ ਅਫ਼ਕਾਰ, ਮਿਰੀ ਸ਼ਾਇਰੀ ਮਿਰਾ ਅਹਿਸਾਸ 
ਜੋ ਤਿਰੀ ਜ਼ਾਤ ਸੇ ਮਨਸੂਬ ਥੇ ਉਨ ਗੀਤੋਂ ਕੋ 
ਮੁਫ਼ਲਿਸੀ 2 ਜਿਨਸ ਬਨਾਨੇ ਪੇ ਉਤਰ ਆਈ ਹੈ 
ਭੂਕ, ਤਿਰੇ ਰੁਖ਼ੇ ਰੰਗੀਂ ਕੇ ਫ਼ਸਾਨੋ ਕੇ ਇਵਜ਼ 
ਚੰਦ ਅਸ਼ੀਆਏ-ਜ਼ਰੂਰਤ 3 ਤਮੰਨਾਈ 4 ਹੈ 
ਦੇਖ, ਇਸ ਕਾਰਗਹੇ-ਮਿਹਨਤੋ-ਸਰਮਾਇਆ 5 ਮੇਂ 
ਮੇਰੇ ਨਗ਼ਮੇਂ ਭੀ ਮਿਰੇ ਪਾਸ ਨਹੀਂ ਰਹਿ ਸਕਤੇ। 
ਤੇਰੇ ਜਲਵੇ ਕਿਸੀ ਜ਼ਰਦਾਰ ਕੀ ਮੀਰਾਸ 6 ਸਹੀ 
ਤੇਰੇ ਖ਼ਾਕੇ ਭੀ ਮਿਰੇ ਪਾਸ ਨਹੀਂ ਰਹ ਸਕਤੇ। 
 ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ 
ਮੈਂਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ 
  1 ਬੁਨਿਆਦ 2 ਗ਼ਰੀਬੀ 3 ਲੋੜੀਂਦੀਆਂ 4 ਚਾਹਵਾਨ 5 ਮਿਹਨਤ ਤੇ ਪੈਸੇ ਦਾ ਕਾਰਖ਼ਾਨਾ 6 ਵਿਰਾਸਤ 

'ਸ਼ਾਹਰਾਹ' ਦੇ ਦੋ ਕੁ ਅੰਕ ਛਪਣ ਬਾਅਦ ਸਾਹਿਰ ਨੇ ਤੀਜੇ ਅੰਕ ਦਾ ਖਰੜਾ ਝੋਲੇ ਵਿਚ ਪਾਇਆ ਤੇ ਬੰਬਈ ਵਲ ਦੋਬਾਰਾ ਚਾਲੇ ਪਾ ਲਏ। ਹਾਲਾਤ ਦਾ ਵਿਅੰਗ ਇਹ ਸੀ ਕਿ ਬੰਬਈ ਦੇ ਨਿਰਮਾਤਾ ਸਾਹਿਰ ਦੀ ਚੰਗੇ ਸ਼ਾਇਰ ਵਜੋਂ ਇੱਜ਼ਤ ਤਾਂ ਕਰਦੇ ਸਨ ਪਰ ਉਸ ਨੂੰ ਕੰਮ ਦੇਣ ਦਾ ਜੋਖ਼ਮ ਉਠਾਉਣਾ ਲਈ ਤਿਆਰ ਨਾ ਹੁੰਦੇ। ਚੰਦ ਰੁਪਿਆਂ ਦੀ ਖਾਤਿਰ ਸਾਹਿਰ ਨੂੰ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਨੂੰ ਖੁਸ਼ਖਤ ਕਰਕੇ ਲਿਖਣਾ ਪੈਂਦਾ। ਹੱਦ ਤਾਂ ਇਹ ਹੋ ਗਈ ਕਿ ਜਦ ਉੱਘੇ ਨਿਰਮਾਤਾ ਨਿਰਦੇਸ਼ਕ ਸ਼ਾਹਿਦ ਲਤੀਫ਼ ਨੇ ਸਾਹਿਰ ਤੋਂ ਫ਼ਿਲਮੀ ਗੀਤ ਲਿਖਾਉਣ ਤੋਂ ਇਨਕਾਰ ਕਰਦਿਆਂ ਕਿਹਾ, ''ਸਾਹਿਰ ਸਾਹਿਬ! ਜੇ ਤੁਹਾਡੀ ਆਰਥਿਕ ਦਸ਼ਾ ਚੰਗੀ ਨਹੀਂ ਤਾਂ ਤੁਸੀਂ ਬਿਨਾਂ ਕਿਸੇ ਤੱਕਲਫ਼ ਦੇ ਸਾਡੇ ਘਰ ਦੋ ਵੇਲੇ ਰੋਟੀ ਖਾ ਸਕਦੇ ਹੋ।'' ਦੋ ਵੇਲੇ ਦੀ ਰੋਟੀ ਖਾਤਿਰ ਸਾਹਿਰ ਨੂੰ ਮਾਂ ਦੇ ਗਹਿਣੇ ਵੇਚਣੇ ਪਏ।
ਜਾਨ ਨਿਸਾਰ ਖਾਨ,ਸਾਹਿਰ ਤੇ ਮਹਿੰਦਰ ਰੰਧਾਵਾ

ਉਹਨੇ ਹਾਰ ਨਹੀਂ ਮੰਨੀ। ਇਹ ਵੀ ਤਾਂ ਇਕ ਲੜਾਈ ਸੀ। ਉਹ ਆਪਣੀ ਵਿਚਾਰਧਾਰਾ ਤੇ ਗ਼ੈਰਤ ਦੀ ਖਾਤਿਰ ਭਟਕ ਰਿਹਾ ਸੀ। ਏਨਾ ਬੁਲੰਦ ਸ਼ਾਇਰ ਹਾਰ ਕਿਵੇਂ ਮੰਨ ਸਕਦਾ ਸੀ? ਲੁਧਿਆਣੇ ਦਿਨ ਦੇ ਗਿਆਰਾਂ ਵਜੇ ਉੱਠਣ ਵਾਲਾ ਸਾਹਿਰ ਬੰਬਈ ਵਿਚ ਸਵੇਰੇ ਛੇ ਵਜੇ ਉਠ ਕੰਮ ਦੀ ਤਲਾਸ਼ ਵਿਚ ਜੁਟ ਜਾਂਦਾ। ਮੋਢੇ ਤੇ ਕਾਮਰੇਡੀ ਝੋਲ਼ਾ ਲਟਕਾ ਸਟੂਡੀਓ ਸਟੂਡੀਓ ਹੋਕਾ ਦੇਂਦਾ, ''ਗੀਤ ਲਿਖਵਾ ਲਓ!'' ਫ਼ਿਲਮ ਨਿਰਮਾਤਾ ਗੀਤ ਸੁਣਦੇ, ਸਲਾਹੁੰਦੇ, ਪਰ ਆਪਣੀ ਫ਼ਿਲਮ ਲਈ ਉਨ੍ਹਾਂ ਨੂੰ ਚੁਣਨ ਤੋਂ ਇਨਕਾਰ ਕਰ ਦੇਂਦੇ। ਕੋਈ ਨਾ ਕੋਈ ਬਹਾਨਾ, ਕੋਈ ਡਰ, ਕੋਈ ਘੁਣਤਰ ਉਨ੍ਹਾਂ ਕੋਲ ਹੁੰਦੀ। ਸਾਹਿਰ ਕਦੇ ਆਪਣੇ ਗੀਤਾਂ ਵਲ ਦੇਖਦਾ ਕਦੇ ਫ਼ਿਲਮ ਨਿਰਮਾਤਾਵਾਂ ਦੇ ਚਿਹਰਿਆਂ ਵਲ। ਚਿਹਰੇ ਜੋ ਨੋਟਾਂ ਨਾਲ ਤੂਸੇ ਹੁੰਦੇ। 

ਇਕ ਨਿਰਮਾਤਾ ਨੇ ਜਦ ਸਾਹਿਰ ਨੂੰ ਬਾਰ ਬਾਰ ਚੱਕਰ ਲਗਵਾਏ ਤਾਂ ਤੰਗ ਆ ਕੇ ਸਾਹਿਰ ਨੇ ਆਪਣਾ ਗੀਤ ਇਹ ਕਹਿੰਦਿਆਂ ਪਾੜ ਸੁਟਿਆ - ''ਕੀ ਤੁਸੀਂ ਮੇਰੇ ਗੀਤ ਯੂ.ਐਨ. ਓ ਵਿਚ ਫੈਸਲਾ ਕਰਾਉਣ ਲਈ ਭੇਜ ਰਹੇ ਹੋ?'' 

ਫ਼ਿਲਮੀ ਜਗਤ 'ਚ ਇਹ ਕੋਈ ਨਵੀਂ ਗੱਲ ਨਹੀਂ ਸੀ। ਏਥੇ ਟੇਲੰਟ ਪਹਿਲਾਂ ਰੁਲਦੀ ਹੈ, ਜਾਂ ਉਹਨੂੰ ਰੋਲਿਆ ਜਾਂਦਾ, ਫਿਰ ਅਚਾਨਕ ਜਿਵੇਂ ਕੋਈ ਧਮਾਕਾ ਪੈਦਾ ਹੋ ਜਾਂਦਾ। ਰੁਲਣ ਵਾਲਾ ਮਹਾਨ ਬਣ ਜਾਂਦਾ। ਉਹਦਾ ਗੁਣ ਗਾਇਨ ਹੋਣ ਲੱਗਦਾ। ਸਾਹਿਰ ਨੂੰ ਉਸ ਧਮਾਕੇ ਦੀ ਉਡੀਕ ਸੀ। ਅਜਿਹਾ ਦੌਰ ਜਰਮਨ ਨਾਟਕਕਾਰ ਬਰਤੋਲਤ ਬ੍ਰੈਖ਼ਤ ਤੇ ਵੀ ਆਇਆ ਸੀ ਜਦ ਉਸ ਨੂੰ ਜਰਮਨ ਛੱਡ ਅਮਰੀਕਾ ਜਾਣਾ ਪਿਆ ਸੀ। ਬ੍ਰੈਖ਼ਤ ਹੌਲੀਵੁੱਡ ਵਿਚ ਰੁਜ਼ਗਾਰ ਦੇ ਇਸ ਸੰਘਰਸ਼ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ - 
ਨਿਤ ਮੈਂ ਆਪਣੀ ਰੋਜ਼ੀ ਲਈ ਜਾਂਦਾ ਹਾਂ 
ਬਜ਼ਾਰ ਵਿਚ, ਜਿਥੇ ਝੂਠ ਵਿਕਦੇ ਨੇ 

ਹੌਲੀਵੁੱਡ ਦੀ ਤਰਜ਼ ਤੇ ਬੌਲੀਵੁੱਡ ਕਹੀ ਜਾਂਦੀ ਬੰਬਈ ਦੀ ਮਾਇਆ ਨਗਰੀ ਵਿਚ ਸਾਹਿਰ ਦੀ ਹਾਲਤ ਅਜਿਹੀ ਹੀ ਸੀ। ਨਿਰਮਾਤਾ ਨਿਰਦੇਸ਼ਕ ਮੋਹਨ ਸਹਿਗਲ ਦੀ ਸਲਾਹ 'ਤੇ ਸਾਹਿਰ ਸੰਗੀਤਕਾਰ ਐਸ. ਡੀ. ਬਰਮਨ ਨੂੰ ਮਿਲਿਆ। ਐਸ. ਡੀ. ਬਰਮਨ ਨੂੰ ਅਜਿਹੇ ਗੀਤਕਾਰ ਦੀ ਲੋੜ ਸੀ ਜੋ ਉਸ ਦੀਆਂ ਬਣਾਈਆਂ ਧੁਨਾਂ 'ਤੇ ਗੀਤ ਰਚ ਸਕੇ। ਸਾਹਿਰ ਐਸ. ਡੀ. ਬਰਮਨ ਦੀ ਕਸਵਟੀ ਤੇ ਪੂਰਾ ਉਤਰਿਆ। 1951 ਵਿਚ ਆਈ ਫ਼ਿਲਮ 'ਨੌਜੁਆਨ'' ਫ਼ਿਲਮ ਨੇ ਸਾਹਿਰ ਲਈ ਭਵਿੱਖ ਦੇ ਰਾਹ ਖੋਲ੍ਹ ਦਿੱਤੇ। ਇਸੇ ਹੀ ਸਾਲ ਆਈ ਗੁਰੂ ਦੱਤ ਦੀ ਫ਼ਿਲਮ ''ਬਾਜ਼ੀ'' ਨੇ ਸਾਹਿਰ ਨੂੰ ਫ਼ਿਲਮੀ ਗੀਤਕਾਰ ਵਜੋਂ ਸਥਾਪਤ ਕਰ ਦਿੱਤਾ। ਸਾਹਿਰ-ਬਰਮਨ ਦੀ ਜੋੜੀ ਕਾਇਮ ਹੋ ਚੁੱਕੀ ਸੀ। ਇਕ ਤੋਂ ਬਾਅਦ ਦੂਜੀ ਫ਼ਿਲਮ, ਸਭ ਹਿੱਟ। ਇਤਿਹਾਸ ਰਚ ਦਿੱਤਾ। ਪਰ ਨਿੱਜੀ ਹਉਮੈ ਨੇ ਦੋਵਾਂ ਵਿਚ ਦੂਰੀਆਂ ਵੀ ਪੈਦਾ ਕਰ ਦਿੱਤੀਆਂ। ਦੋਵੇਂ ਫ਼ਿਲਮਾਂ ਦੀ ਸਫ਼ਲਤਾ ਲਈ ਆਪਣੇ ਆਪਣੇ ਦਾਅਵੇ ਠੋਕਣ ਲੱਗੇ। ਮੌਕਾਪ੍ਰਸਤਾਂ ਨੇ ਇਸ ਨੂੰ ਹਵਾ ਦਿੱਤੀ। ਗੁਰੂ ਦੱਤ ਦੀ 'ਪਿਆਸਾ'' (1957) ਇਸ ਵਿਵਾਦ ਦੀ ਸਿਖ਼ਰ ਹੋ ਨਿੱਬੜੀ। ਐਸ. ਡੀ. ਬਰਮਨ ਦਾ ਕਹਿਣਾ ਸੀ ਕਿ ਉਸ ਦੇ ਸੰਗੀਤ ਨੇ ਫ਼ਿਲਮ ਨੂੰ ਏਨੀ ਬੁਲੰਦੀ 'ਤੇ ਪਹੁੰਚਾਇਆ ਹੈ, ਪਰ ਸਾਰੇ ਪਾਸਿਆਂ ਤੋਂ ਸਿਫ਼ਤਾਂ ਸਾਹਿਰ ਦੇ ਗੀਤਾਂ ਦੀਆਂ ਹੋ ਰਹੀਆਂ ਹਨ। ਅੰਤ, ਸਾਹਿਰ ਅਤੇ ਬਰਮਨ ਨੇ ਵੱਖੋ ਵੱਖਰੇ ਰਾਹ ਫੜ ਲਏ। 

ਤਦ ਸਾਹਿਰ ਫ਼ਿਲਮ ਨਿਰਮਾਤਾ ਬੀ.ਆਰ.ਚੋਪੜਾ ਦੇ ਖੇਮੇ ਦਾ ਅਤੁੱਟ ਅੰਗ ਬਣ ਗਿਆ। ਚੋਪੜਾ ਦੀ ਫ਼ਿਲਮ 'ਨਇਆ ਦੌਰ' ਵਿਚ ਸਾਹਿਰ ਦੇ ਗੀਤਾਂ ਨੂੰ ਓ.ਪੀ.ਨਈਅਰ ਨੇ ਸੰਗੀਤ ਨਾਲ ਸਜਾਇਆ। ਸਾਰੇ ਗਾਣੇ ਹਿੱਟ ਹੋ ਗਏ, ਖਾਸ ਕਰਕੇ ਗਾਣਾ 'ਮਾਂਗ ਕੇ ਸਾਥ ਤੁਮ੍ਹਾਰਾ ਮੈਂ ਨੇ ਮਾਂਗ ਲੀਆ ਸੰਸਾਰ' ਤੇ 'ਉੜੇਂ ਜਬ ਜਬ ਜ਼ੁਲਫ਼ੇਂ ਤੇਰੀ ਕਆਰਿਓਂ ਕਾ ਦਿਲ ਫਿਸਲੇ. ..।' ਸਾਹਿਰ ਤਾਂ ਸਵੈਮਾਨੀ ਸੀ ਹੀ, ਓ ਪੀ ਨੱਈਅਰ ਵੀ ਕਿਸੇ ਗੱਲੋਂ ਆਪਣੇ ਆਪ ਨੂੰ ਘਟ ਨਹੀਂ ਸੀ ਸਮਝਦਾ। ਦੋਨਾਂ ਦੀ ਜੋੜੀ ਨੇ ਹਿੱਟ ਗੀਤ ਤਾਂ ਦਿੱਤੇ ਪਰ ਦੋਵਾਂ ਵਿਚਕਾਰ ਠੰਨ ਗਈ। ਇਹ ਗੱਲ ਧਿਆਨ ਮੰਗਦੀ ਹੈ ਕਿ ਸਾਹਿਰ ਦੀ ਸ਼ਾਇਰੀ ਜਜ਼ਬਿਆਂ ਨਾਲ਼ ਲਬਰੇਜ਼ ਹੁੰਦੀ ਪਰ ਕਾਰੋਬਾਰੀ ਮਾਮਲੇ ਵਿਚ ਉਹ ਕਠੋਰ ਹੋ ਜਾਂਦਾ। ਜ਼ਿੰਦਗੀ ਦੇ ਤਲਖ਼ ਤਜਰਬਿਆਂ ਨੇ ਉਸ ਨੂੰ ਇਸ ਖਾਤੇ 'ਚ ਅੜੀਅਲ ਬਣਾ ਦਿੱਤਾ ਸੀ। ਕਾਮਯਾਬੀ ਦੀ ਸਿਖਰ 'ਤੇ ਪੁੱਜਦਿਆਂ ਉਹਨੇ ਫ਼ਿਲਮ ਨਿਰਮਾਤਾਵਾਂ 'ਤੇ ਆਪਣੀਆਂ ਸ਼ਰਤਾਂ ਠੋਕਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸ਼ਰਤਾਂ ਮੁਆਵਜ਼ੇ ਦੀਆਂ ਵੀ ਹੁੰਦੀਆਂ ਅਤੇ ਸੰਗੀਤਕਾਰਾਂ ਤੇ ਗਾਇਕਾਂ ਦੀ ਚੋਣ ਦੀਆਂ ਵੀ। ਉਹਦੇ ਫ਼ਨ ਅਤੇ ਦਰਸ਼ਕਾਂ ਵਿਚ ਉਹਦੀ ਮਕਬੂਲੀਅਤ ਦਾ ਏਨਾ ਸਿੱਕਾ ਜੰਮ ਚੁੱਕਾ ਸੀ ਕਿ ਨਿਰਮਾਤਾ ਉਸ ਦੀਆਂ ਸ਼ਰਤਾ ਅੱਗੇ ਸਿਰ ਝੁਕਾਉਣ ਲਈ ਤਿਆਰ ਹੋ ਜਾਂਦੇ। ਸਾਹਿਰ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਉਸ ਨੂੰ ਸੰਗੀਤਕਾਰ ਨਾਲ਼ੋਂ ਵੱਧ ਪੈਸਾ ਦੇਣ, ਉਹ ਤਿਆਰ ਹੋ ਗਏ। ਉਹਦੇ ਜ਼ੋਰ ਦੇਣ 'ਤੇ ਰੇਡੀਓ ਦੇ ਗੀਤਾਂ ਵੇਲੇ ਗੀਤਕਾਰ ਦੇ ਨਾਂ ਨਾਲ ਗੀਤਕਾਰ ਦਾ ਨਾਂ ਵੀ ਦੱਸਿਆ ਜਾਣ ਲੱਗਿਆ। ਬੰਬਈ ਦੀ ਪ੍ਰਥਾ ਰਹੀ ਸੀ ਕਿ ਗੀਤਕਾਰ ਸੰਗੀਤਕਾਰ ਦੇ ਕੋਲ਼ ਜਾ ਕੇ ਉਸਦੀ ਸਿਰਜੀ ਧੁਨ ਅਨੁਸਾਰ ਆਪਣੇ ਗੀਤ ਨੂੰ ਅੰਤਮ ਰੂਪ ਦਿੰਦਾ ਸੀ। ਸਾਹਿਰ ਨੇ ਫ਼ਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਸੰਗੀਤਕਾਰ ਉਸ ਦੇ ਘਰ ਜਾ ਕੇ ਗੀਤ ਨੂੰ ਅੰਤਮ ਰੂਪ ਦੇਣ। ਉਹਦੇ ਮਾਮਲੇ 'ਚ ਅਜਿਹਾ ਹੀ ਹੋਣ ਲੱਗਾ। 

ਲਾਚਾਰੀ-ਵੱਸ ਫ਼ਿਲਮ ਨਿਰਮਾਤਾਵਾਂ ਨੂੰ ਨੌਸ਼ਾਦ, ਐਸ.ਡੀ.ਬਰਮਨ ਅਤੇ ਓ.ਪੀ. ਨਈਅਰ ਜਿਹੇ ਪਹਿਲੀ ਪਾਲ ਦੇ ਸੰਗੀਤਕਾਰਾਂ ਦੀ ਥਾਂ ਖੱਯਾਮ, ਰਵੀ ਅਤੇ ਐਨ ਦੱਤਾ ਜਿਹੇ ਸੰਗੀਤਕਾਰਾਂ ਨੂੰ ਲੈਣਾ ਪਿਆ। ਉਹੀ ਸਾਹਿਰ ਦੀ ਅੜੀ ਪੁਗਾਣ ਲਈ ਤਿਆਰ ਹੋਏ। ਪਹਿਲੀ ਕਤਾਰ ਵਾਲਿਆਂ ਨੇ ਵੀ ਆਪਣੇ ਸਵੈ-ਅਭਿਮਾਨ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਦਾ ਨਤੀਜਾ ਦੂਜੀ ਪਾਲ ਵਾਲੇ ਸੰਗੀਤਕਾਰਾਂ ਲਈ ਚੰਗਾ ਨਿਕਲਿਆ। ਸਾਹਿਰ ਦੇ ਗੀਤਾਂ ਦੇ ਆਸਰੇ ਉਨ੍ਹਾਂ ਦਾ ਵਕਾਰ ਵੀ ਵਧਣ ਲੱਗਾ। ਫਿਰ ਸਾਹਿਰ ਨੇ ਐਲਾਨ ਕੀਤਾ - ''ਬਰਨਾਰਡ ਸ਼ਾਅ ਨੂੰ ਮਾਣ ਸੀ ਕਿ ਉਹ ਆਪਣੇ ਇੱਕ ਲਫ਼ਜ਼ ਦੀ ਕੀਮਤ ਇਕ ਪੌਂਡ ਲੈਂਦਾ ਹਾਂ। ਮੈਂ ਇਕ ਆਪਣੇ ਇਕ ਗੀਤ ਦਾ ਮੁਆਵਜ਼ਾ ਦਸ ਹਜ਼ਾਰ ਰੁਪਏ ਵਸੂਲ ਕਰਦਾ ਹਾਂ ਤੇ ਮੈਂ ਇਕ ਸਿਗਰਟ ਦੇ ਦਸਾਂ ਕਸ਼ਾਂ ਵਿਚ ਗਾਣਾ ਲਿਖ ਲੈਂਦਾ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਮੇਰੇ ਸਿਗਰਟ ਦੇ ਇਕ ਕਸ਼ ਦੀ ਕੀਮਤ ਇਕ ਹਜ਼ਾਰ ਰੁਪਿਆ ਹੁੰਦੀ ਹੈ।'' ਉਂਝ ਬਲਵੰਤ ਗਾਰਗੀ ਕੋਲ਼ ਉਸ ਨੇ ਮੰਨਿਆ, ''ਮੇਰਾ ਰੇਟ ਐਂਵੇ ਹੀ ਵਧ ਗਿਆ। ਦਰਅਸਲ ਮੈਂ ਬਹੁਤੀਆਂ ਫ਼ਿਲਮਾਂ ਲਈ ਲਿਖਣਾ ਨਹੀਂ ਸੀ ਚਾਹੁੰਦਾ। ਮੇਰਾ ਰੇਟ ਇਕ ਗੀਤ ਦਾ ਪੰਜ ਹਜ਼ਾਰ ਸੀ। ਇਕ ਮਾਲਦਾਰ ਪ੍ਰੋਡੀਊਸਰ ਆਇਆ ਤੇ ਉਸ ਨੇ ਕਿਹਾ ਕਿ ਸਾਹਿਰ ਸਾਹਿਬ ਅਸੀਂ ਤਾਂ ਤੁਹਾਥੋਂ ਹੀ ਗੀਤ ਲਿਖਵਾਂਗੇ। ਮੈਂ ਆਖਿਆ, ਮੇਰਾ ਰੇਟ ਤਾਂ ਦਸ ਹਜ਼ਾਰ ਰੁਪਏ ਇਕ ਗੀਤ ਦਾ ਹੈ। ਸੋਚਿਆ ਸੀ ਇਨੇ ਪੈਸੇ ਕੌਣ ਦੇਵੇਗਾ। ਪਰ ਉਹ ਸੇਠ ਪ੍ਰੋਡੀਊਸਰ ਮੰਨ ਗਿਆ। ਉਸ ਨੇ ਆਖਿਆ ਮਨਜ਼ੂਰ ਹੈ। ਇਸ ਤਰ੍ਹਾਂ ਮੇਰਾ ਰੇਟ ਦਸ ਹਜ਼ਾਰ ਰੁਪਏ ਫ਼ੀ ਗੀਤ ਹੋ ਗਿਆ। '' ਸਾਹਿਰ ਦੇ ਇਸ ਵਤੀਰੇ ਤੋਂ ਉਸ ਦੇ ਕਰੀਬੀ ਦੋਸਤ ਵੀ ਅਛੂਤੇ ਨਹੀਂ ਰਹੇ। ਆਪਣੀ ਗਜ਼ਲ ਦੀ ਧੁਨ ਪੂਰੀ ਕਰਨ ਲਈ ਸਾਹਿਰ ਦੇ ਬਚਪਨ ਦਾ ਸਾਥੀ ਸੰਗੀਤਕਾਰ ਜੈ ਦੇਵ ਉਸ ਤੋਂ ਇਕ ਸ਼ਿਅਰ ਦੀ ਗੁਜ਼ਾਰਿਸ਼ ਕਰਦਾ ਰਿਹਾ। ਪਰ ਸਾਹਿਰ ਨੇ ਉਸ ਦੀ ਇਹ ਮੰਗ ਪੂਰੀ ਨਹੀਂ ਕੀਤੀ। 

ਸ਼ੌਹਰਤ ਦਾ ਸਿਰ ਵੀ ਘੁੰਮਾ ਦਿੱਤਾ। ਸਾਰਾ ਦਿਨ ਸਾਹਿਰ ਆਪਣੇ ਮਿੱਤਰਾਂ ਦੀ ਜੁੰਡਲੀ ਵਿਚ ਘਿਰਿਆ ਰਹਿੰਦਾ। ਗੱਲ ਭਾਵੇਂ ਲਤਾ ਮੰਗੇਸ਼ਕਰ ਦੀ ਸੁਰੀਲੀ ਆਵਾਜ਼ ਤੋਂ ਸ਼ੁਰੂ ਹੁੰਦੀ ਜਾਂ ਮਦਰਾਸੀ ਡੋਸੇ ਦੇ ਸੁਆਦ ਤੋਂ, ਪਰ ਮੁਕਣਾ ਇਹਨੇ ਇਸ ਮੁੱਦੇ 'ਤੇ ਹੁੰਦਾ ਕਿ ਇਸ ਦੌਰ ਨੇ ਜੇ ਉਰਦੂ ਦਾ ਕੋਈ ਸ਼ਾਇਰ ਪੈਦਾ ਕੀਤਾ ਹੈ ਤਾਂ ਉਹ ਸਾਹਿਰ ਹੈ।' ਉਨ੍ਹਾਂ ਦਿਨਾਂ ਬਾਰੇ ਸਾਹਿਰ ਦਾ ਇਕ ਹੋਰ ਦੋਸਤ ਪ੍ਰਕਾਸ਼ ਪੰਡਤ ਵਿਅੰਗ ਨਾਲ਼ ਲਿਖਦਾ ਹੈ, ''ਕੰਧਾਂ ਦੇ ਕੰਨ ਤਾਂ ਹੁੰਦੇ ਹਨ ਪਰ ਜ਼ੁਬਾਨ ਨਹੀਂ', ਇਸ ਲਈ ਆਪਣੀਆਂ ਕਦੇ ਖਤਮ ਨਾ ਹੋਣ ਵਾਲ਼ੀਆਂ ਗੱਲਾਂ ਨੂੰ ਸੁਣਾਉਣ ਅਤੇ ਹਾਮੀ ਭਰਵਾਉਣ ਲਈ ਸਾਹਿਰ ਇਕ ਅੱਧੇ ਮਿੱਤਰ ਨੂੰ ਆਪਣੇ ਨਾਲ਼ ਰੱਖਦਾ ਹੈ, ਉਸ ਦਾ ਸਾਰਾ ਖਰਚਾ ਚੁੱਕਦਾ ਹੈ ਅਤੇ ਸੁਣਨ ਤੋਂ ਇਲਾਵਾ ਉਸ ਨੂੰ ਹੋਰ ਕੋਈ ਕਸ਼ਟ ਨਹੀਂ ਹੋਣ ਦਿੰਦਾ। ਪਰ ਰਾਤ ਦੇ ਸੰਨਾਟੇ ਵਿਚ ਉਸ ਨੂੰ ਇਕੱਲਤਾ ਸਤਾਉਣ ਲਗਦੀ ਹੈ। ਇਸ ਦੌਰਾਨ ਸਾਹਿਰ ਦਾ ਇਸ਼ਕ ਵੀ ਚਰਚਾ ਵਿਚ ਰਿਹਾ। ਅਮ੍ਰਿਤਾ ਪ੍ਰੀਤਮ ਤੋਂ ਇਲਾਵਾ ਹੈਦਰਾਬਾਦ ਦੀ ਹਾਜਰਾ ਮਸਰੂਰ ਨਾਲ ਉਸ ਦੀ ਨੇੜਤਾ ਦੇ ਚਰਚੇ ਰਹੇ। ਲਤਾ ਮੰਗੇਸ਼ਕਰ ਨਾਲ਼ ਇਸ਼ਕ ਵੀ ਰਿਹਾ ਤੇ ਦੁਸ਼ਮਣੀ ਵੀ। ਸਾਹਿਰ ਲਤਾ ਬਾਰੇ ਕਹਿੰਦਾ, ''ਉਹ ਮੇਰੇ ਗੀਤਾਂ ਤੇ ਮਰਦੀ ਹੈ 'ਤੇ ਮੈਂ ਉਸ ਦੀ ਆਵਾਜ਼ 'ਤੇ। ਫਿਰ ਵੀ ਸਾਡੇ ਦਰਮਿਆਨ ਹਜ਼ਾਰਾਂ ਮੀਲ ਦਾ ਫਾਸਲਾ ਹੈ।'' ਲਤਾ ਉੱਤੇ ਉਸ ਨੇ 'ਤੇਰੀ ਆਵਾਜ਼' ਨਜ਼ਮ ਲਿਖੀ। ਬਾਅਦ ਵਿਚ ਦੋਵਾਂ ਦੀ ਅਣਖ਼ ਨੇ ਦੋਸਤੀ ਨੂੰ ਦੁਸ਼ਮਣੀ ਵਿਚ ਤਬਦੀਲ ਕਰ ਦਿੱਤਾ। ਗੱਲ ਏਥੇ ਤੱਕ ਪੁੱਜ ਗਈ ਕਿ ਜਦ ਕੋਈ ਨਿਰਮਾਤਾ ਸਾਹਿਰ ਨੂੰ ਗੀਤ ਲਿਖਣ ਲਈ ਕਹਿੰਦਾ ਤਾਂ ਉਹਦੀ ਪਹਿਲੀ ਸ਼ਰਤ ਹੁੰਦੀ, ''ਮੇਰਾ ਇਕ ਵੀ ਗੀਤ ਲਤਾ ਮੰਗੇਸ਼ਕਰ ਨਹੀਂ ਗਾਏਗੀ।'' 


ਜਦ ਬਾਅਦ ਵਿਚ ਲਤਾ ਮੰਗੇਸ਼ਕਰ ਦੀ ਸਾਹਿਰ ਨਾਲ ਸੁਲਹ ਹੋ ਗਈ ਤਾਂ ਸਾਹਿਰ ਨੇ ਕਿਹਾ, ''ਹੁਣ ਸਾਡੀ ਦੋਸਤੀ ਸਹੀ ਅਰਥਾਂ ਵਿਚ ਦੋਸਤੀ ਹੈ। ਦੋਸਤੀ ਅਸਲ ਵਿਚ ਦੋ ਬਰਾਬਰ ਦੇ ਇਨਸਾਨਾਂ ਵਿਚ ਹੀ ਹੋ ਸਕਦੀ ਹੈ। '' ਜਦ ਸੁਧਾ ਮਲਹੋਤਰਾ ਨਾਂ ਦੀ ਨਵੀਂ ਗਾਇਕਾ ਸਾਹਿਰ ਦੀ ਜ਼ਿੰਦਗੀ ਵਿਚ ਆਈ ਤਾਂ ਉਹਨੇ ਸੰਗੀਤਕਾਰਾਂ ਨੂੰ ਸੁਧਾ ਦੇ ਨਾਂ ਦੀ ਸਿਫ਼ਾਰਸ਼ ਕਰਨੀ ਸੁਰੂ ਕਰ ਦਿੱਤੀ। ਇਹ ਰਿਸ਼ਤਾ ਵੀ ਸਿਰੇ ਨਾ ਚੜ੍ਹ ਸਕਿਆ, ਪਰ ਇਸ ਰਿਸ਼ਤੇ ਨੂੰ ਸਾਹਿਰ ਨੇ ਹੇਠਲੀ ਨਜ਼ਮ ਵਿਚ ਸ਼ਿੱਦਤ ਨਾਲ ਬਿਆਨ ਕੀਤਾ ਹੈ - 
ਨ ਮੈਂ ਤੁਮਸੇ ਕੋਈ ਉੱਮੀਦ ਰੱਖੂੰ ਦਿਲ ਨਵਾਜ਼ੀ ਕੀ 
ਨ ਤੁਮ ਮੇਰੀ ਤਰਫ਼ ਦੇਖੋ ਗ਼ਲਤ ਅੰਦਾਜ਼ ਨਜ਼ਰੋਂ ਸੇ 
ਨ ਮੇਰੇ ਦਿਲ ਕੀ ਧੜਕਨ ਲੜਖੜਾਏ ਤੇਰੀ ਬਾਤੋਂ ਸੇ 
ਨ ਜ਼ਾਹਿਰ ਹੋ ਤੁਮ੍ਹਾਰੀ ਕਸ਼ਮਕਸ਼ ਕਾ ਰਾਜ਼ ਨਜ਼ਰੋਂ ਸੇ 
 ਤੁਮ੍ਹੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ 
ਮੁਝੇ ਭੀ ਲੋਗ ਕਹਤੇ ਹੈਂ ਕਿ ਯੇ ਜਲਵੇ ਪਰਾਏ ਹੈਂ 
ਮਿਰੇ ਹਮਰਾਹ ਵੀ ਭੀ ਰੁਸਵਾਈਆਂ 1 ਹੈਂ ਮੇਰੇ ਮਾਜ਼ੀ 2 ਕੀ 
ਤੁਮ੍ਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈ! 
 ਤੁਆਰੁਫ਼ 3 ਰੋਗ ਬਨ ਜਾਏ ਤੋ ਉਸ ਕੋ ਭੂਲਨਾ ਬਿਹਤਰ 
ਤਆਲੁਕ ਬੋਝ ਬਨ ਜਾਏ ਤੋ ਉਸ ਕੋ ਤੋੜਨਾ ਅੱਛਾ 
ਵੁਹ ਅਫ਼ਸਾਨਾ ਜਿਸੇ ਤਕਮੀਲ 4 ਤਕ ਲਾਨਾ ਨਾ ਹੋ ਮੁਮਕਿਨ 
 ਉਸੇ ਇਕ ਖ਼ੂਬਸੂਰਤ ਮੋੜ ਦੇ ਕੇ ਛੋੜਨਾ ਅੱਛਾ 
ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ। 
1 ਬਦਨਾਮੀਆਂ 2 ਭੂਤਕਾਲ 3 ਜਾਣਪਛਾਣ 4 ਸੰਪੂਰਨਤਾ 

ਮਹਿੰਦਰ ਕੁਮਾਰ ਦੀ ਆਵਾਜ਼ ਵਿਚ ਇਸ ਗੀਤ ਨੂੰ ਰਿਕਾਰਡ ਕੀਤਾ ਗਿਆ। ਸੰਗੀਤਕਾਰ ਰਵੀ ਅਨੁਸਾਰ ਇਸ ਗੀਤ ਦੇ ਸੱਤਰ ਤੋਂ ਵੱਧ ਰੀਟੇਕ ਹੋਏ, ''ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਇਤਿਹਾਸ ਸਿਰਜ ਰਹੇ ਹਾਂ।'' ਸਾਹਿਰ ਦਾ ਕੋਈ ਵੀ ਇਸ਼ਕ ਸਿਰੇ ਤੱਕ ਨਹੀਂ ਪਹੁੰਚ ਸਕਿਆ। ਸ਼ਾਇਦ ਸਾਹਿਰ ਨੇ ਆਪਣੇ ਦਿਲ ਦੇ ਦਰਵਾਜੇ ਬੰਦ ਕਰ ਲਏ ਹੋਏ ਸਨ। ਉਹ ਸਭ ਤੋਂ ਵੱਧ ਇਸ਼ਕ ਆਪਣੀਆਂ ਨਜ਼ਮਾਂ ਨਾਲ਼ ਕਰਦਾ ਸੀ। ਇਹ ਇਕ ਸੱਚਾਈ ਹੈ ਕਿ ਸਾਹਿਰ ਦੀ 'ਪਿਆਸਾ' ਤੇ 'ਨਇਆ ਦੌਰ' ਤੋਂ ਬਾਅਦ ਦੀ ਫ਼ਿਲਮੀ ਸ਼ਾਇਰੀ ਕਿਸੇ ਪੱਖੋਂ ਊਣੀ ਨਹੀਂ। ਉਸ ਨੇ ਹਿੰਦੀ ਸਿਨੇਮਾ ਜਿਹੀਆਂ ਵਪਾਰਕ ਫ਼ਿਲਮਾਂ ਵਿਚ ਸਮਾਜਕ ਸਰੋਕਾਰਾਂ ਲਈ ਥਾਂ ਬਣਾਈ। ਬਕੌਲ ਸਾਹਿਰ, ''ਮੈਂ ਵੀ ਸ਼ੁਰੂ ਵਿਚ ਫ਼ਿਲਮੀ ਦੁਨੀਆਂ ਦੀ ਰਵਾਇਤ ਨਾਲ਼ ਮਿਲ਼ਦੀ ਜੁਲ਼ਦੀ ਸ਼ਾਇਰੀ ਕੀਤੀ ਤੇ ਬਾਅਦ ਵਿਚ ਆਪਣੀ ਜਗ੍ਹਾ ਬਣਾਉਣ ਤੇ ਮੈਂ ਇਸ ਯੋਗ ਹੋਇਆ ਕਿ ਬਹੁਤ ਸਾਰੀਆਂ ਫ਼ਿਲਮਾਂ ਵਿਚੋਂ ਆਪਣੀ ਪਸੰਦ ਦੀਆਂ ਫ਼ਿਲਮਾਂ ਚੁਣ ਸਕਾਂ। ਇਸ ਤਰ੍ਹਾਂ ਮੈਂ ਆਸਾਨੀ ਨਾਲ਼ ਆਪਣੇ ਖ਼ਿਆਲਾਂ ਤੇ ਜਜ਼ਬਿਆਂ ਦਾ ਪ੍ਰਚਾਰ ਕਰ ਸਕਿਆ।'' 

ਸਾਹਿਰ ਦਾ ਕਹਿਣਾ ਸੀ ਕਿ ਹਿੰਦੀ ਫ਼ਿਲਮਾਂ ਦੇ ਬੁਹਤੇ ਗੀਤ ਦਾ ਵਿਸ਼ਾ ਪ੍ਰੇਮ ਹੁੰਦਾ ਹੈ। ਉਸ ਨੇ ਕਿਹਾ, ''ਮੈਂ ਹੁਣ ਤੀਕ ਪੰਜ ਸੌ ਗਾਣੇ ਤਾਂ ਲਿਖੇ ਹੋਣਗੇ। ਸਾਰੇ ਹੀ ਮਹੁੱਬਤ ਦੇ। ਆਖ਼ਿਰ ਕਿੰਨੇ ਕੁ ਨਵੇਂ ਸ਼ਬਦ ਨਵੀਂ ਤਰ੍ਹਾਂ ਬੀੜ ਸਕਦਾ ਹਾਂ। ਮੈਨੂੰ ਲਿਖਣ ਲੱਗੇ ਸੋਚਣਾ ਪੈਂਦਾ ਹੈ ਕਿ ਮੇਰਾ ਘਟੀਆ ਗੀਤ ਵੀ ਬਾਕੀਆਂ ਦੇ ਵਧੀਆ ਗੀਤਾਂ ਨਾਲ਼ੋਂ ਚੰਗਾ ਹੋਣਾ ਚਾਹੀਦਾ ਹੈ।'' 

ਰੂਸ ਇਨਕਲਾਬ ਦੇ ਬਾਅਦ ਲੈਨਿਨ ਨੇ ਸਿਨਮੇ ਦੀ ਸਮਰਥਾ ਨੂੰ ਦੇਖਦਿਆਂ ਇਸ ਨੂੰ ਸਭ ਤੋਂ ਮਹੱਤਵਪੂਰਨ ਕਲਾ ਦਾ ਦਰਜਾ ਦਿੱਤਾ ਸੀ। ਸਾਹਿਰ ਵੀ ਸਿਨੇਮੇ ਦੀ ਵਿਆਪਕ ਪਹੁੰਚ ਨੂੰ ਸਮਝਦਾ ਸੀ। ਉਸ ਦੀ ਮਾਨਤਾ ਸੀ ਕਿ ''ਫ਼ਿਲਮ ਦੇ ਇਸ ਪਹਿਲੂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਆਪਣੇ ਖ਼ਿਆਲਾਤ ਤੇ ਜਜ਼ਬਾਤ ਦਾ ਪ੍ਰਚਾਰ ਕਰਨ ਲਈ ਇਹ ਇਕ ਪਾਵਰਫੁਲ ਮਾਧਿਅਮ ਹੈ।'' ਉਹ ਇਹ ਵੀ ਸਮਝਦਾ ਸੀ ਫ਼ਿਲਮ ਨੂੰ ਜੇ ਉਸਾਰੂ ਅਤੇ ਸੁਧਾਰ ਦੇ ਮੰਤਵ ਲਈ ਵਰਤਿਆ ਜਾਵੇ ਤਾਂ ਲੋਕਾਂ ਦੀ ਸੂਝ ਸਮਝ ਦੀ ਪਾਲ਼ਣਾ ਅਤੇ ਸਮਾਜਿਕ ਉੱਨਤੀ ਦੀ ਰਫ਼ਤਾਰ ਬਹੁਤ ਤੇਜ਼ ਕੀਤੀ ਜਾ ਸਕਦੀ ਹੈ।'' ਸਾਹਿਰ ਨੇ ਸਿਨਮੇ ਦੀ ਇਸ ਤਾਕਤ ਨੂੰ ਪਛਾਣਿਆ ਜਿਸ ਨੂੰ ਉਸ ਦੇ ਬਹੁਤ ਸਾਰੇ ਸਮਕਾਲੀ ਹੀ ਨਹੀਂ ਸਗੋਂ ਉਸ ਤੋਂ ਬਾਅਦ ਅੱਜ ਦੇ ਖੱਬੇਪੱਖੀ ਕਲਾਕਾਰ ਸਮਝਣ ਤੋਂ ਇਨਕਾਰੀ ਹਨ। ਸਾਹਿਰ ਦਾ ਕਹਿਣਾ ਸੀ ਕਿ ''ਬਦਕਿਸਮਤੀ ਨਾਲ਼ ਸਾਡੇ ਵਲੋਂ ਫ਼ਿਲਮ ਦੇ ਇਸ ਪੱਖ ਤੇ ਧਿਆਨ ਨਹੀਂ ਦਿੱਤਾ ਗਿਆ। ਕਿਉਂ ਕਿ ਹੋਰ ਵਿਭਾਗਾਂ ਵਾਂਗ ਇਹ ਵਿਭਾਗ ਵੀ ਅਜੇ ਤੱਕ ਜ਼ਿਆਦਾ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੀ ਹੈ ਜੋ ਨਿੱਜੀ ਲਾਭ ਨੂੰ ਸਮਾਜੀ ਸੇਵਾ ਨਾਲ਼ੋ ਤਰਜੀਹ ਦਿੰਦੇ ਹਨ। ਇਸੇ ਕਾਰਣ ਸਾਡੀਆਂ ਫ਼ਿਲਮੀ ਕਹਾਣੀਆਂ, ਫ਼ਿਲਮੀ ਧੁਨਾਂ ਅਤੇ ਫ਼ਿਲਮੀ ਨਗਮਿਆਂ ਦਾ ਮਿਆਰ ਆਮ ਤੌਰ ਤੇ ਬਹੁਤ ਨੀਵਾਂ ਹੁੰਦਾ ਹੈ। ਇਹੋ ਕਾਰਣ ਹੈ ਕਿ ਸਾਹਿਤਕ ਹਲਕੇ ਫ਼ਿਲਮੀ ਅਦਬ ਨੂੰ ਨਫ਼ਰਤ ਤੇ ਘਿਰਣਾ ਦੀ ਨਜ਼ਰ ਨਾਲ਼ ਦੇਖਦੇ ਹਨ।'' 

ਸਾਹਿਰ ਦਾ ਵਿਚਾਰ ਸੀ, ''ਮੇਰੀ ਹਮੇਸ਼ਾ ਇਹੋ ਕੋਸ਼ਿਸ਼ ਰਹੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਫ਼ਿਲਮੀ ਨਗ਼ਮਿਆਂ ਨੂੰ ਤਖ਼ਲੀਕੀ ਸ਼ਾਇਰੀ ਦੇ ਨੇੜੇ ਲਿਆ ਸਕਾਂ ਤੇ ਇਸ ਦੇ ਰਾਹੀਂ ਨਵੇਂ ਸਿਆਸੀ ਤੇ ਸਮਾਜੀ ਦ੍ਰਿਸ਼ਟੀਕੋਣ ਲੋਕਾਂ ਤੱਕ ਪਹੁੰਚਾ ਸਕਾਂ।'' 

ਸਾਹਿਰ ਨੇ ਅਨੇਕਾਂ ਫ਼ਿਲਮਾਂ ਲਈ ਗੀਤ ਲਿਖੇ ਜਿਨ੍ਹਾਂ ਚੋਂ ਬਹੂ ਬੇਗ਼ਮ, ਆਂਖੇ, ਜਾਲ, ਕਾਜਲ, ਬਰਸਾਤ ਕੀ ਰਾਤ, ਗਜ਼ਲ, ਵਕਤ, ਧੂਲ ਕਾ ਫੂਲ, ਧਰਮਪੁੱਤਰ, ਫਿਰ ਸੁਬਹ ਹੋਗੀ, ਗੁਮਰਾਹ, ਕਭੀ ਕਭੀ, ਚੰਬਲ ਕੀ ਕਸਮ, ਹਮ ਦੋਨੋ, ਮੁਝੇ ਜੀਨੇ ਦੋ, ਨੀਲਕਮਲ, ਤ੍ਰਿਸ਼ੂਲ ਆਦਿ ਪ੍ਰਮੁੱਖ ਹਨ। 1963 ਵਿਚ ਜਦ ਸੁਨੀਲ ਦੱਤ ਨੇ ਡਾਕੂਆਂ ਤੇ 'ਮੁਝੇ ਜੀਨੇ ਦੋ' ਫ਼ਿਲਮ ਬਣਾਈ ਤਾਂ ਸਾਹਿਰ ਨੇ ਲੋਰੀ ਲਿਖੀ ਜਿਸ ਵਿਚ ਮਾਂ ਦੇ ਬੋਲ ਸਨ - 
ਤੇਰੇ ਬਚਪਨ ਕੋ ਜੁਆਨੀ ਕੀ ਦੂਆ ਦੇਤੀ ਹੂੰ 
ਔਰ ਦੂਆ ਦੇ ਕੇ ਪਰੇਸ਼ਾਨ ਸੀ ਹੋ ਜਾਤੀ ਹੂੰ 

ਇਹ ਸਾਹਿਰ ਦੀ ਕਲਮ ਦਾ ਜਾਦੂ ਸੀ ਕਿ ਇਸ ਗੀਤ ਤੋਂ ਪ੍ਰਭਾਵਤ ਹੋ ਚੰਬਲ ਦੇ ਡਾਕੂ, ਕਾਰ ਵਿਚ ਬੰਬਈ ਤੋਂ ਪੰਜਾਬ ਆਉਂਦੇ ਸਾਹਿਰ ਨੂੰ, ਗਵਾਲੀਅਰ ਤੋਂ ਆਪਣੇ ਨਾਲ਼ ਲੈ ਗਏ ਤੇ ਰੱਜ ਕੇ ਸੇਵਾ ਕੀਤੀ। ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ 1951 ਵਿਚ ਬਣੀ ਪੰਜਾਬੀ ਫ਼ਿਲਮ 'ਬਾਲੋ' ਲਈ ਸਾਹਿਰ ਨੇ ਇਕ ਗੀਤ ਲਿਖਿਆ ਸੀ। ਬਾਲੋ ਦਾ ਸੰਗੀਤ ਐਨ ਦੱਤਾ ਦਾ ਸੀ। ਸੁਰਿੰਦਰ ਕੌਰ ਅਤੇ ਕ੍ਰਿਸ਼ਨ ਗੋਇਲ ਦਾ ਗਾਏ ਉਸ ਗੀਤ ਦੇ ਬੋਲ ਸਨ - 
ਬੇੜੀ ਦਾ ਮਲਾਹ ਕੋਈ ਨਾ 
ਇਕ ਵਾਰ ਮਿਲ਼ ਜਾ ਵੇ 
ਜ਼ਿੰਦਗੀ ਦਾ ਵਸਾਹ ਕੋਈ ਨਾ 

ਆਪਣੀ ਫ਼ਿਲਮੀ ਸ਼ਾਇਰੀ ਦੇ ਨਾਲ਼ ਨਾਲ਼ ਸਾਹਿਰ ਦੀ ਅਦਬੀ ਸ਼ਾਇਰੀ ਦਾ ਸਫ਼ਰ ਵੀ ਜਾਰੀ ਸੀ। ਉਹ ਮੁਸ਼ਾਇਰਿਆਂ ਦਾ ਵੀ ਓਨਾ ਹੀ ਲੋਕ-ਪ੍ਰਿਅ ਸ਼ਾਇਰ ਸੀ। ਤਲਖ਼ੀਆਂ ਤੋਂ ਇਲਾਵਾ ਸਾਹਿਰ ਦੀਆਂ ਪੁਸਤਕਾਂ ਵਿਚ ਪਰਛਾਈਆਂ, ਗਾਤਾ ਜਾਏ ਬਨਜਾਰਾ, ਆਓ ਕਿ ਕੋਈ ਖ਼ਾਬ ਬੁਨੇਂ ਸ਼ਾਮਲ ਹਨ। ਉਸ ਦੀ ਪ੍ਰਸਿੱਧੀ ਦੀ ਸਿਖ਼ਰ ਤੇ ਉਸ ਨੂੰ ਲੁਧਿਆਣੇ ਦੇ ਓਸੇ ਕਾਲਿਜ਼ ਨੇ ਸਨਮਾਨਤ ਕੀਤਾ ਜਿਥੋਂ ਕਦੇ ਉਸ ਨੂੰ ਕੱਢਿਆ ਗਿਆ ਸੀ। ਵਿਅੰਗ ਵਜੋਂ ਸਾਹਿਰ ਨੇ ਆਪਣੀ ਨਜ਼ਮ 'ਨਜ਼ਰ-ਏ-ਕਾਲਿਜ' ਵਿਚ ਕਿਹਾ - ਲੇਕਿਨ ਹਮ ਇਨ ਫਜ਼ਾਓਂ ਕੇ ਪਾਲੇ ਹੂਏ ਤੋਂ ਹੈਂ ਗਰ ਯਾਂ ਨਹੀਂ, ਯਹਾਂ ਸੇ ਨਿਕਾਲੇ ਹੂਏ ਤੋਂ ਹੈਂ। 

ਜਦ 22 ਨਵੰਬਰ, 1970 ਨੂੰ ਲੁਧਿਆਣੇ ਦੇ ਗੌਰਮਿੰਟ ਕਾਲਿਜ, ਜਦੋਂ ਪ੍ਰੋਫੈਸਰ ਪ੍ਰੀਤਮ ਸਿੰਘ ਕਾਲਜ ਦੇ ਪ੍ਰਿੰਸੀਪਲ ਸਨ, ਨੇ ਸਾਹਿਰ ਨੂੰ ਸਨਮਾਨਤ ਕੀਤਾ ਤਾਂ ਇਸ ਮੌਕੇ ਸਾਹਿਰ ਨੇ 'ਐ ਨਈ ਨਸਲ' ਨਜ਼ਮ ਪੇਸ਼ ਕੀਤੀ - 
ਮੇਰੇ ਅਜਦਾਦ 1 ਕਾ ਵਤਨ ਯਿਹ ਸ਼ਹਰ 
ਮੇਰੀ ਤਾਲੀਮ ਕਾ ਜਹਾਂ ਯਿਹ ਮਕਾਮ 
ਮੇਰੇ ਬਚਪਨ ਕੀ ਦੋਸਤ, ਯਿਹ ਗਲੀਆਂ 
ਜਿਨ ਮੇਂ ਰੁਸਵਾ 2 ਹੂਆ ਸ਼ਬਾਬ ਕਾ ਨਾਮ ... 
 ਮੈਂ ਯਹਾਂ ਜਬ ਸਊਰ ਕੋ ਪਹੁੰਚਾ 
ਅਜਨਬੀ ਕੌਮ ਕੀ ਥੀ ਕੌਮ ਗ਼ੁਲਾਮ 
ਯੂਨੀਅਨ ਜੈਕ ਦਰਸਗਾਹ 3 ਪੇ ਥਾ 
ਔਰ ਵਤਨ ਮੇਂ ਥਾ ਸਾਮਰਾਜੀ ਨਜ਼ਾਮ 
ਇਸੀ ਮਿੱਟੀ ਕੋ ਹਾਥ ਮੇਂ ਲੇ ਕਰ 
ਹਮ ਬਨੇ ਥੇ ਬਗ਼ਾਵਤੋਂ ਕੇ ਅਮਾਮ 4 ... 
ਕਾਫ਼ਿਲੇ ਆਤੇ ਜਾਤੇ ਰਹਿਤੇ ਹੈਂ 
ਕਬ ਹੂਆ ਹੈ ਯਹਾਂ ਕਿਸੀ ਕਾ ਕਯਾਮ 5 
ਨਸਲ ਦਰ ਨਸਲ ਕਾਮ ਜਾਰੀ ਹੈ 
ਕਾਰ-ਏ-ਦੁਨੀਆ 6 ਕਭੀ ਹੂਆ ਕਿਸੀ ਕਾ ਤਮਾਮ 
ਕਲ ਜਹਾਂ ਮੈਂ ਥਾ ਆਜ ਤੂ ਹੈ ਵਹਾਂ 
ਐ ਨਈ ਨਸਲ! ਤੁਝ ਕੋ ਮਿਰਾ ਸਲਾਮ। 
1 ਪੁਰਖੇ 2 ਬਦਨਾਮ 3 ਵਿਦਿਆਲਾ 4 ਆਗੂ 5 ਨਿਵਾਸ 6 ਦੁਨੀਆਂ ਦਾ ਕੰਮ 

ਬਾਅਦ ਵਿਚ ਦੋਸਤਾਂ ਨਾਲ਼ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸਾਹਿਰ ਨੇ ਕਿਹਾ, ''ਮੈਂ ਸਿਰਫ਼ ਇਸ ਲਈ ਆਇਆ ਕਿ ਲੁਧਿਆਣੇ ਵਿਚ ਮੇਰੇ ਬਚਪਨ ਦੀਆਂ ਯਾਦਾਂ ਨੇ ... ਮੇਰਾ ਯਾਰ ਫ਼ੋਟੋਗ੍ਰਾਫ਼ਰ ਕ੍ਰਿਸ਼ਨ ਅਦੀਬ ਵੀ ਇਥੇ ਹੈ ... ਅਸੀਂ ਚੌੜਾ ਬਜ਼ਾਰ ਵਿਚ ਇਕੱਠੇ ਕੁਲਫ਼ੀਆਂ ਖਾਧੀਆਂ ... ਮੇਰੇ ਅੱਬਾ ਤੇ ਦਾਦਾ ਦੀਆਂ ਕਬਰਾਂ ਵੀ ਇਥੇ ਨੇ। ਮੇਰਾ ਮਾਜ਼ੀ ਇਥੇ ਦਫ਼ਨ ਹੈ ... ਲੁਧਿਆਣਾ ਮੇਰੀਆਂ ਯਾਦਾਂ ਦਾ ਕਬਰਿਸਤਾਨ ਹੈ ... ਮੈਨੂੰ ਬਹੁਤ ਅਜੀਜ਼।''ਲੋਕਾਂ ਦਾ ਸ਼ਾਇਰ ਹੋਣ ਕਾਰਣ ਸਾਹਿਰ ਆਪਣੇ ਵਿਰਸੇ ਨੂੰ ਰੋਮਾਂਸਵਾਦੀ ਨਜ਼ਰੀਏ ਨਾਲ਼ ਨਹੀਂ ਸਗੋਂ ਨੁਕਤਾਚੀਨ ਵਾਲ਼ੇ ਨਜ਼ਰੀਏ ਨਾਲ਼ ਦੇਖਦਾ ਹੈ। ਨਜ਼ਮ 'ਜਾਗੀਰ' ਵਿਚ ਉਹ ਆਪਣੇ ਜਗੀਰੂ ਪੁਰਖਿਆਂ ਵਲੋਂ ਨਿਭਾਏ ਲੋਕ-ਵਿਰੋਧੀ ਰੋਲ ਨੂੰ ਕਬੂਲਦਾ ਸਰੇਆਮ ਐਲਾਨਦਾ ਹੈ - 
 ਮੈਂ ਉਨ ਅਜਦਾਦ ਕਾ ਬੇਟਾ ਹੂੰ ਜਿਨ੍ਹੋਂ ਨੇ ਪੈਹਮ 1 
 ਅਜਨਬੀ ਕੌਮ ਕੇ ਸਾਏ ਕੀ ਹਮਾਯਤ ਕੀ ਹੈ 
ਗ਼ਦਰ ਕੀ ਸਾਇਤੇ-ਨਾਪਾਕ 2 ਸੇ ਲੇ ਕਰ ਅਬ ਤਕ 
ਹਰ ਕੜੇ ਵਕਤ ਮੇਂ ਸਰਕਾਰ ਕੀ ਖ਼ਿਦਮਤ ਕੀ ਹੈ 

1 ਲਗਾਤਾਰ 2 ਅਪਵਿੱਤਰ ਘੜੀ 

ਸਮਾਜੀ ਤੌਰ ਤੇ ਪ੍ਰਤੀਬੱਧ ਹੋਣ ਕਾਰਣ ਸਾਹਿਰ ਦੇ ਬੋਲ ਵਕਤ ਦੀ ਵੰਗਾਰ ਬਣੇ। 1946 ਦੀ ਨੇਵੀ ਬਗ਼ਾਵਤ ਦੀ ਅਸਫ਼ਲਤਾ ਬਾਅਦ ਸਾਹਿਰ ਮੁਲਕ ਦੇ ਆਗੂਆਂ ਨੂੰ ਵੰਗਾਰਦਾ ਪੁੱਛਦਾ ਹੈ - 
ਐ ਰਹਿਬਰੇ ਮੁਲਕੋ ਕੌਮ ਬਤਾ 
ਆਂਖੇ ਤੋ ਉਠਾ ਨਜ਼ਰੇਂ ਤੋ ਮਿਲਾ 
ਕੁਛ ਹਮ ਵੀ ਸੁਨੇਂ ਹਮਕੋ ਭੀ ਬਤਾ 
ਯਿਹ ਕਿਸਕਾ ਲਹੂ ਹੈ ਕੌਨ ਮਰਾ 

1961 ਵਿਚ ਪੈਤ੍ਰਿਸ ਲਮੂੰਬਾ ਦੇ ਕਤਲ ਤੋਂ ਬਾਅਦ ਦਿੱਲੀ ਵਿਖੇ ਕੌਮਾਂਤਰੀ ਅਮਨ ਕਾਨਫਰੰਸ ਵਿਚ ਸਾਹਿਰ ਗਰਜਦਾ ਹੈ - 

ਜ਼ੁਲਮ ਫਿਰ ਜ਼ਲਮ ਹੈ, ਬੜ੍ਹਤਾ ਹੈ ਤੋ ਮਿਟ ਜਾਤਾ ਹੈ ਖ਼ੂਨ ਫਿਰ ਖ਼ੂਨ ਹੈ, ਟਪਕੇਗਾ ਤੋ ਜਮ ਜਾਏਗਾ 

ਅਮਨ ਲਹਿਰ ਬਾਰੇ ਸਾਹਿਰ ਦੀਆਂ ਨਜ਼ਮਾਂ 'ਐ ਸ਼ਰੀਫ਼ ਇਨਸਾਨ' ਅਤੇ 'ਪਰਛਾਈਆਂ' ਆਪਣੀ ਮਿਸਾਲ ਆਪ ਹਨ। ਬਾਅਦ ਵਿਚ ਉਹਨੇ ਬੰਬਈ ਵਿਚ ਆਪਣੇ ਬੰਗਲੇ ਦਾ ਨਾਂ ਵੀ 'ਪਰਛਾਈਆਂ' ਰੱਖਿਆ। ਤਰੱਕੀਪਸੰਦ ਲਹਿਰ ਦੇ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਸਮਝਦਾ ਹਾਂ ਕਿ ਤਰੱਕੀ ਪਸੰਦ ਤਹਿਰੀਕ ਨੇ ਅਦਬ ਤੇ ਮੁਲਕ ਦੀ ਬਹੁਤ ਖ਼ਿਦਮਤ ਕੀਤੀ ਹੈ, ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਤੋਂ ਕੁਝ ਗ਼ਲਤੀਆਂ ਵੀ ਜ਼ਰੂਰ ਹੋਈਆਂ ਹਨ, ਐਪਰ ਜੋ ਲੋਕ ਸਿਰਫ਼ ਇਸ ਦੀਆਂ ਖ਼ਾਮੀਆਂ ਗਿਣਦੇ ਹਨ, ਮੈਂ ਉਨ੍ਹਾਂ ਤੋਂ ਸੰਤੁਸ਼ਟ ਨਹੀਂ। ਇਸ ਤਹਿਰੀਕ ਦੇ ਕਾਰਕੁਨਾਂ ਨੇ ਕਾਫ਼ੀ ਕੁਰਬਾਨੀਆਂ ਦਿੱਤੀਆਂ ਹਨ। ਤਕਲੀਫ਼ਾਂ ਝੱਲੀਆਂ ਹਨ। ਇਹ ਠੀਕ ਹੈ ਕਿ ਉਹ ਇਕ ਦੂਜੇ ਦੀ ਸ਼ੁਹਰਤ ਵਿਚ ਵਾਧੇ ਦਾ ਕਾਰਣ ਬਣੇ। ਉਸ ਦੀ ਵਜ੍ਹਾ ਸਮਾਜ ਤੇ ਅਦਬ ਦੇ ਗ਼ਲਤ ਝੁਕਾਵਾਂ ਦੇ ਖਿਲਾਫ਼ ਉਨ੍ਹਾਂ ਦੀ ਨਜ਼ਰਿਆਤੀ ਏਕਤਾ ਸੀ। ਹੁਣ ਜੇ ਤਹਿਰੀਕ ਵਿਚ ਕਰਾਈਸਸ ਪੈਦਾ ਹੋਇਆ ਤਾਂ ਇਸ ਦਾ ਸਬੱਬ ਇਹ ਹੈ ਕਿ ਅਸਾਡੇ ਜ਼ਿਹਨਾਂ 'ਤੇ ਸਰਮਾਏਦਾਰੀ ਦੇ ਖ਼ਤਮੇ ਲਈ ਸਮਾਜਵਾਦ ਦਾ ਜੋ ਖੁਸ਼ਗਵਾਰ ਤਸੱਵਰ ਸੀ ਉਸ ਵਿਚ ਵੀ ਸ਼ਖਸੀ ਆਜ਼ਾਦੀ ਅਤੇ ਕੁਝ ਦੂਜੇ ਮੁਆਮਲਿਆਂ ਬਾਰੇ, ਕੁਝ ਅਮਲੀ ਤਰੁੱਟੀਆਂ ਮਹਿਸੂਸ ਹੋਈਆਂ।'' 

ਆਪਣੇ ਰਾਜਸੀ ਵਿਚਾਰਾਂ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਕਦੇ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਰਿਹਾ। ਗ਼ੁਲਾਮ ਹਿੰਦੋਸਤਾਨ ਵਿਚ ਆਜ਼ਾਦੀ ਦੇ ਚੰਗੇ ਪਹਿਲੂ ਤਲਾਸ਼ ਕਰਨਾ ਤੇ ਉਨ੍ਹਾਂ ਦਾ ਪ੍ਰਚਾਰ ਕਰਨਾ ਮੇਰਾ ਮੁੱਖ ਉਦੇਸ਼ ਜ਼ਰੂਰ ਰਿਹੈ। ਹੁਣ ਦਿਮਾਗੀ ਤੌਰ ਤੇ ਆਰਥਿਕ ਆਜ਼ਾਦੀ ਦਾ ਹਾਮੀ ਹਾਂ, ਜਿਸ ਦੀ ਸਪਸ਼ਟ ਰੂਪ ਰੇਖਾ ਮੇਰੇ ਸਾਹਮਣੇ ਕਮਿਊਨਿਜ਼ਮ ਹੈ।'' 

ਗੌਰਮਿੰਟ ਕਾਲਿਜ ਲੁਧਿਆਣੇ ਦੇ ਸਨਮਾਨ ਤੋਂ ਬਾਅਦ ਸਾਹਿਰ ਜਲੰਧਰ ਵਿਚ ਨਰੇਸ਼ ਕੁਮਾਰ ਸ਼ਾਦ ਨੂੰ ਸਪਰਪਿਤ ਮੁਸ਼ਾਇਰੇ ਵਿਚ ਸ਼ਾਮਲ ਹੋਇਆ। ਜਦ ਉਹ ਆਪਣਾ ਕਲਾਮ ਪੜ੍ਹਨ ਲੱਗਾ ਤਾਂ ਪੰਡਾਲ ਚੋਂ ਇੱਕ ਆਰ.ਐਸ.ਐਸ ਸਮਰਥਕ ਚੀਕਿਆ - ''ਹਮ ਨਹੀਂ ਸੁਨੇਂਗੇ, ਸਾਹਿਰ ਲੁਧਿਆਣਵੀ ਕਮਿਊਨਿਸਟ ਸ਼ਾਇਰ ਹੈ ..'' ਲੋਕਾਂ ਨੇ ਉਸ ਨੂੰ ਬਾਹਰ ਧਕੇਲ ਦਿੱਤਾ। ਬਾਹਰ ਦੇਰ ਰਾਤ ਤੱਕ ਸਾਹਿਰ ਪ੍ਰਸੰਸਕਾਂ ਨੂੰ ਆਪਣੀਆਂ ਨਜ਼ਮਾਂ ਸੁਣਾਉਂਦਾ ਰਿਹਾ। 25 ਅਕਤੂਬਰ, 1980 ਨੂੰ ਬੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਸਾਹਿਰ ਦਾ ਦਿਹਾਂਤ ਹੋ ਗਿਆ। 

-ਕੁਲਵਿੰਦਰ 
ਮੋ : 9815568747

Tuesday, August 14, 2012

"ਬਲ਼ਦੇ ਬਿਰਖ": ਪਰਵਾਸੀ ਵੇਦਨਾ ਦੀ ਦਰਦਮਈ ਗਾਥਾ

ਪਰਮਿੰਦਰ ਕੌਰ ਸਵੈਚ
"ਬਲ਼ਦੇ ਬਿਰਖ" ਪਰਮਿੰਦਰ ਕੌਰ ਸਵੈਚ ਦੇ ਨਾਟਕਾਂ ਤੇ ਲਘੂ-ਨਾਟਕਾਂ ਦਾ ਸੰਗ੍ਰਿਹ ਹੈ ਜਿਸ ਵਿੱਚ ਉਹਨਾਂ ਕਨੈਡਾ ਦੀ ਧਰਤੀ ਤੇ ਵਸ ਰਹੇ ਲੋਕਾਂ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਨਾਟਕ ਰਾਹੀਂ ਪੇਸ਼ ਕੀਤਾ ਹੈ। ਪਰਮਿੰਦਰ ਸਵੈਚ ਇੱਕ ਨਾਟਕਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਚੰਗੀ ਕਵਿੱਤਰੀ ਵੀ ਹੈ। ਉਸਨੂੰ ਮਨੁੱਖੀ ਜ਼ਜਬੇ ਦੀ ਕਦਰ ਹੈ ਤੇ ਉਹ ਮਨੁੱਖੀ ਮਨ ਦੀਆਂ ਸ਼ੂਖਮ ਪ੍ਰਵਿਰਤੀਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ ਇਸ ਕਰਕੇ ਉਹ ਨਾਟਕਾਂ ਦੀ ਪ੍ਰਸਥਿਤੀਆਂ ਨੂੰ ਬੜੀ ਘੋਖਵੀਂ ਅੱਖ ਨਾਲ ਨਿਰਖ਼ ਪਰਖ਼ ਸਕਦੀ ਹੈ। ਉਸਦੀ ਇਹ ਵਿਸ਼ਲੇਸ਼ਣੀ ਨਜ਼ਰ ਹੀ ਪਾਤਰਾਂ ਨੂੰ ਕਟਾਖਸ਼ੀ ਸੰਵਾਦਾਂ ਨਾਲ ਲੈਸ ਕਰਕੇ ਨਾਟਕ ਦੇ ਵਿਸ਼ੇ ਨੂੰ ਹੋਰ ਵੀ ਅਹਿਮ ਬਣਾ ਦਿੰਦੀ ਹੈ।

ਪੰਜਾਬੀ ਨਾਟ ਪਰੰਪਰਾ ਵਿੱਚ ਇਹ ਗੱਲ ਵਿਚਾਰਨ ਵਾਲੀ ਹੈ ਕਿ ਉਹਨਾਂ ਨਾਟਕਕਾਰਾਂ ਦੇ ਨਾਟਕ ਜ਼ਿਆਦਾ ਮੰਚਿਤ ਕੀਤੇ ਗਏ ਜਾਂ ਹੋਏ ਜੋ ਖੁਦ ਰੰਗ-ਕਰਮੀ ਸਨ ਜਾਂ ਖੁਦ ਨਿਰਦੇਸ਼ਣ ਦਾ ਰੋਲ ਨਿਭਾਉਂਦੇ ਰਹੇ ਹਨ। ਪਰਮਿੰਦਰ ਸਵੈਚ ਨੂੰ ਵੀ ਇਹ ਕੁਦਰਤ ਵਲੋਂ ਹੀ ਵਰ ਪ੍ਰਾਪਤ ਹੈ ਉਹ ਖੁਦ ਇਹਨਾਂ ਨਾਟਕਾਂ ਵਿੱਚ ਨਿਰਦੇਸ਼ਨ ਤੇ ਪਾਤਰਾਂ ਦੇ ਰੋਲ ਨੂੰ ਨਿਭਾ ਸਕਦੀ ਹੈ ਤੇ ਮੰਚਨ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਉਹਨਾਂ ਵਿੱਚ ਯੋਗ ਤਬਦੀਲੀਆਂ ਕਰ ਸਕਦੀ ਹੈ। ਨਾਟਕ ਹਰ ਵਾਰ ਕੁਝ ਨਾ ਕੁਝ ਤਬਦੀਲੀਆਂ ਚਾਹੁੰਦਾ ਹੈ ਇਹਨਾਂ ਤਬਦੀਲੀਆਂ ਵਿੱਚ ਦੀ ਗੁਜ਼ਰਦਾ ਹੋਇਆ ਉਹ ਇੱਕ ਅਜ਼ੀਮ ਰਚਨਾ ਹੋ ਨਿਬੜਦਾ ਹੈ।

ਨਾਟਕ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਰਤੀ ਕਾਵਿਯ-ਸਾਸ਼ਤਰ ਅਨੁਸਾਰ ਇਸਦਾ ਮੁੱਢ ਭਰਤਮੁਨੀ ਦੇ 'ਨਾਟਯ-ਸਾਸ਼ਤਰ' ਨਾਲ ਬੱਝਦਾ ਹੈ ਜਿਸਨੇ ਨਾਟਯ ਦੇ ਨਿਯਮਾਂ ਨੂੰ ਨਿਰਧਾਰਿਤ ਕੀਤਾ। ਅਰਸਤੂ ਨੇ ਵੀ ਤ੍ਰਾਸਦੀ ਨੂੰ ਉੱਤਮ ਨਾਟਕ ਦਾ ਪ੍ਰਤੀਨਿੱਧ ਮੰਨ ਕੇ ਇਸਨੂੰ ਪਰਿਭਾਸ਼ਿਤ ਕੀਤਾ ਹੈ। ਸਿਸਰੋ ਨਾਟਕ ਨੂੰ ਜੀਵਨ ਦਾ ਉਤਾਰਾ, ਰਸਮਾਂ ਜਾਂ ਵਿਵਹਾਰਾਂ ਦਾ ਸ਼ੀਸ਼ਾ ਅਤੇ ਸੱਚ ਦਾ ਪ੍ਰਤੀਨਿੱਧ ਮੰਨਦਾ ਹੈ। ਭਾਰਤੀ ਕਾਵਿ ਸਾਸ਼ਤਰ ਅਨੁਸਾਰ ਕਾਵਿ ਦੇ ਦੋ ਰੂਪ ਮੰਨੇ ਗਏ ਹਨ। ਪਹਿਲਾ ਸ਼੍ਰਵ ਕਾਵਿ ਦੂਸਰਾ ਦ੍ਰਿਸ਼ ਕਾਵਿ। ਨਾਟਕ ਦ੍ਰਿਸ਼ ਕਾਵਿ ਅਧੀਨ ਆਉਂਦਾ ਹੈ।ਇਸਦਾ ਸੰਬੰਧ ਕੇਵਲ ਬਾਹਰੀ ਜਗਤ ਨਾਲ ਹੀ ਨਹੀਂ ਹੁੰਦਾ ਸਗੋਂ ਭਾਵ ਜਗਤ ਨਾਲ ਵੀ ਪੂਰੀ ਤਰ੍ਹਾਂ ਜੁੜਿਆ ਹੁੰਦਾ ਹੈ। ਨਾਟਕ ਦੇ ਮੰਚਨ ਸਮੇਂ ਰੰਗਮੰਚ ਦੇ ਤੱਤਾਂ ਜਿਵੇਂ ਚਿੱਤਰਕਾਰੀ, ਵੇਸ਼ਭੂਸਾ, ਨ੍ਰਿਤ, ਮੁਦਰਾਵਾਂ, ਗਤੀਆਂ, ਰੰਗਾਂ, ਧੁੰਨੀ ਪ੍ਰਭਾਵਾਂ ਦੀ ਵਰਤੋਂ ਨਾਲ ਨਾਟਕ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। 

ਨੌਰਾ ਰਿਚਰਡਜ਼ ਨੇ ਪੰਜਾਬੀ ਨਾਟਕ ਦੀ ਨੀਂਹ ਰੱਖੀ ਅਤੇ ਸੰਸਕ੍ਰਿਤ ਤੋਂ ਨਾਟਕ ਪੰਜਾਬੀ ਵਿੱਚ ਅਨੁਵਾਦ ਕਰਵਾਏ। ਕੁੱਝ ਕਿਰਤਾਂ ਹਿੰਦੀ ਵਿਚੋਂ ਵੀ ਅਨੁਵਾਦਿਤ ਕਰਵਾਈਆਂ ਤੇ ਆਪਣੇ ਵਿਦਿਆਰਥੌਆਂ ਨੂੰ ਜਿਵੇਂ ਆਈ. ਸੀ. ਨੰਦਾ, ਹਰਚਰਨ ਸਿੰਘ, ਗਾਰਗੀ ਆਦਿ ਨੂੰ ਪੰਜਾਬੀ ਨਾਟਕ ਲਿਖਣ ਲਈ ਪ੍ਰੇਰਿਆ। ਪਰਮਿੰਦਰ ਸਵੈਚ ਦੇ ਨਾਟਕ ਤੇ ਨਜ਼ਰ ਮਾਰੀਏ ਤਾਂ ਖ਼ੁਸ਼ੀ ਦੀ ਗੱਲ ਇਹ ਹੈ ਕਿ ਇਹ ਸਾਰੇ ਦੇ ਸਾਰੇ ਨਾਟਕ ਕੈਨੇਡਾ ਦੀ ਧਰਤੀ ਦੀ ਉਪਜ ਹਨ। ਜੋ ਵੀ ਇਹਨਾਂ ਨਾਟਕਾਂ ਦਾ ਵਿਸ਼ਾ ਵਸਤੂ ਹੈ ਉਹ ਸਾਡੀ ਅਜੋਕੀ ਜ਼ਿੰਦਗੀ ਦੇ ਯਥਾਰਥ ਨਾਲ ਸਿੱਧੇ ਤੌਰ ਤੇ ਬੱਝਿਆ ਹੋਇਆ ਹੈ। ਇਹਨਾਂ ਨਾਟਕਾਂ ਵਿਚਲਾ ਜੀਵਨ ਹੀ ਸਾਡਾ ਨਿਤਾ ਪ੍ਰਤੀ ਦਾ ਜੀਵਨ ਹੈ। ਇਸ ਕਰਕੇ ਇਸ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਪਰਮਿੰਦਰ ਸਵੈਚ ਦੇ ਨਾਟਕਾਂ ਵਿੱਚ ਕਲਪਣਾ ਘੱਟ ਹੈ ਤੇ ਇਹ ਜੀਵਨ ਦੇ ਕੌੜੇ ਯਥਾਰਥ ਨਾਲ ਓਤਪੋਤ ਹਨ।ਇਹਨਾਂ ਨਾਟਕਾਂ ਦੇ ਵਿਸ਼ੇ ਜਨ ਸਾਧਾਰਣ ਦੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ 'ਤੇ ਸਿੱਧੀ ਸਪਾਟ ਲਾਈਟ ਪਾਉਂਦੇ ਹਨ ਤੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਾਗਰੂਕ ਕਰਦੇ ਹਨ। ਇਹ ਵੀ ਇਹਨਾਂ ਨਾਟਕਾਂ ਦੀ ਅਹਿਮ ਪ੍ਰਾਪਤੀ ਹੈ।

ਇਹਨਾਂ ਨਾਟਕਾਂ ਦੇ ਵਿਸ਼ਾ ਵਸਤੂ ਅੱਜ ਦੀ ਸਿਆਸਤ ਵੋਟਾਂ ਵਟੋਰਨ, ਭਰੂਣ ਹੱਤਿਆ, ਡਰੱਗ ਸਮੱਗਲਿੰਗ, ਕਤਲੋ ਗਾਰਤ ਨਵੀਂ ਪੀੜ੍ਹੀ ਦੀਆਂ ਸਮੱਸਿਆਵਾਂ, ਮਾਨਵੀ ਰਿਸ਼ਤਿਆਂ ਵਿੱਚ ਆ ਰਹੀਆਂ ਤਰੇੜਾਂ, ਸਦੀਆਂ ਤੋਂ ਤੁਰਿਆ ਆ ਰਿਹਾ ਅੰਧਵਿਸ਼ਵਾਸ, ਔਰਤ ਦੀ ਤ੍ਰਾਸਦੀ, ਮਾਨਸਿਕ ਪਰੇਸ਼ਾਨੀਆਂ, ਆਰਥਿਕ ਤੰਗੀਆਂ ਤੁਰਸ਼ੀਆਂ, ਮਾਨਸਿਕ ਤਣਾਉ ਤੇ ਗ਼ਦਰੀ ਬਾਬਿਆਂ ਦੇ ਗੌਰਵਮਈ ਇਤਿਹਾਸ ਆਦਿ ਨੂੰ ਕਲਮਬੱਧ ਕੀਤਾ ਗਿਆ ਹੈ। ਇਹਨਾਂ ਵਿਸ਼ਿਆਂ ਦਾ ਨਿਬਾਹ ਮੇਰੀ ਜਾਚੇ ਖੂਬਸੂਰਤੀ ਨਾਲ ਹੋਇਆ ਹੈ।ਇਸ ਵਿੱਚ ਵਾਧੂ ਵਾਰਤਾਲਾਪ ਦੀ ਭਰਤੀ ਤੋਂ ਗੁਰੇਜ਼ ਕੀਤਾ ਗਿਆ ਹੈ। ਸੁਨੇਹਾ ਸਿੱਧਾ ਤੇ ਸਪੱਸ਼ਟ ਹੈ। ਅਜੋਕੇ ਦੌਰ ਵਿੱਚ ਜਦਕਿ ਹਰ ਕੋਈ ਸਮੇਂ ਦੀ ਤੰਗੀ ਤੁਰਸ਼ੀ ਤੋਂ ਦੁਖੀ ਹੈ ਇਹ ਲਘੂ ਨਾਟਕਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ।

ਪਰਮਿੰਦਰ ਸਵੈਚ ਦੀ ਖੁਸ਼ਕਿਸਮਤੀ ਇਹ ਵੀ ਹੈ ਕਿ ਇਹਨਾਂ ਨੂੰ ਭਾਜੀ ਗੁਰਸ਼ਰਨ ਸਿੰਘ ਹੋਰਾਂ ਨਾਲ ਸਟੇਜ ਕਰਨ ਦਾ ਮੌਕਾ ਮਿਲਿਆ ਹੈ ਤੇ ਇਹ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਉਹਨਾਂ ਵਰਗੇ ਹੀ ਪ੍ਰਭਾਵਸ਼ਾਲੀ ਨਾਟਕ ਲਿਖਣ ਵਿੱਚ ਤੇ ਉਹਨਾਂ ਨੂੰ ਮੰਚਿਤ ਕਰਨ ਵਿੱਚ ਕਾਮਯਾਬ ਹੋਈ ਹੈ ਇਸ ਲਈ ਉਹਨਾਂ ਨੂੰ ਮੁਬਾਰਕਵਾਦ ਕਹਿਣਾ ਬਣਦਾ ਹੈ। 'ਬਲ਼ਦੇ ਬਿਰਖ' ਪੁਸਤਕ ਵਿੱਚ ਕੁੱਲ 13 ਨਾਟਕ ਸ਼ਾਮਲ ਹਨ। ਕੁੱਝ ਬਿਲਕੁਲ ਲਘੂ-ਨਾਟਕ ਹਨ, ਕੁੱਝ ਕੁ ਕਾਫ਼ੀ ਲੰਬੇ ਹਨ ਜੋ ਸਟੇਜ ਤੇ ਮੰਚਿਤ ਕਰਨ ਸਮੇਂ ਘੰਟੇ ਤੋਂ ਡੇਢ ਘੰਟੇ ਦਾ ਸਮਾਂ ਲੈ ਸਕਦੇ ਹਨ।ਇੰਨੇ ਸਮੇਂ ਵਿੱਚ ਸੰਵਾਦਾਂ ਰਾਹੀਂ ਵਿਸ਼ੇ ਨੂੰ ਪੂਰੀ ਤਰ੍ਹਾਂ ਉਭਾਰਿਆ ਜਾ ਸਕਦਾ ਹੈ।ਦਰਸ਼ਕ ਪੂਰੀ ਤਰ੍ਹਾਂ ਇਸ ਨਾਲ ਜੁੜ ਜਾਂਦੇ ਹਨ।ਮਧਿਅੰਤਰ ਵਿੱਚ ਦੀ ਗੁਜ਼ਰਦਿਆਂ ਨਾਟਕ ਨੂੰ ਆਪਣੇ ਕਲਾਈਮੈਕਸ ਤੇ ਪਹੁੰਚਣ ਤੇ ਦਰਸ਼ਕਾਂ ਤੇ ਸਰੋਤਿਆਂ ਉਪਰ ਆਪਣਾ ਪ੍ਰਭਾਵ ਛੱਡਣ ਵਿੱਚ ਕਾਮਯਾਬੀ ਮਿਲਣੀ ਹੈ।

ਕਾਵਿ-ਨਾਟਕ 'ਭਲਾ ਮੈਂ ਕੌਣ' ਇਹਨਾਂ ਸਾਰਿਆਂ ਨਾਟਕਾਂ ਤੋਂ ਵੱਖਰਾ ਹੈ।ਇਹ ਸਾਰੇ ਦਾ ਸਾਰਾ ਕਵਿਤਾ ਰਾਹੀਂ ਸਿਰਜੇ ਵਾਰਤਾਲਾਪ ਰਾਹੀਂ ਪੇਸ਼ ਕੀਤਾ ਗਿਆ। ਇਹ ਭਰੂਣ ਹੱਤਿਆ ਵਾਰੇ ਹੈ ਜਿਸ ਪਾਤਰ ਨੂੰ ਹਰ ਕੋਈ ਮਾਂ ਬਾਪ ਤੋਂ ਲੈ ਕੇ ਦਾਦੀ ਦਾਦਾ ਡਾਕਟਰ ਵੀ ਖਤਮ ਕਰਨਾ ਚਾਹੁੰਦੇ ਹਨ। ਪਰਮਿੰਦਰ ਸਵੈਚ ਦੀ ਕਲਮ ਨੇ ਕੁੱਖ ਤੋਂ ਕਬਰਸਿਤਾਨ ਤੱਕ ਦੇ ਸਫ਼ਰ ਨੂੰ ਬੜੀ ਹੀ ਨਿਪੁੰਨਤਾ ਤੇ ਕਲਾਤਮਿਕ ਡਾਇਲਾਗਾਂ ਰਾਹੀਂ ਕਲਮਬੱਧ ਕੀਤਾ ਹੈ। ਕਾਵਿ ਦੀ ਆਪਣੀ ਇੱਕ ਵੱਖਰੀ ਸ਼ਕਤੀ ਹੁੰਦੀ ਹੈ ਜੋ ਸਰੋਤਿਆਂ ਦੇ ਮਨਾਂ ਨੂੰ ਧੂਹ ਪਾ ਕੇ ਆਪਣੇ ਨਾਲ ਜੋੜ ਲੈਂਦੀ ਹੇ। ਇਹ ਉਸ ਪਾਤਰ ਤੇ ਵੀ ਨਿਰਭਰ ਕਰਦਾ ਹੈ ਕਿ ਉਹਦੇ ਕਹਿਣ ਦਾ ਅੰਦਾਜ਼ ਕਿੰਨਾ ਆਕਰਸ਼ਕ ਹੈ ਇਹ ਡਾਇਲਾਗ ਤੁਸੀਂ ਮਹਿਸੂਸ ਕਰ ਸਕਦੇ ਹੋ। ਇਹ ਹੈ---
 
 ਜੇ ਇੱਦਾਂ ਸਭ ਲੋਕ ਕਰਨਗੇ, 
 ਕੁੱਖ ਵਿੱਚ ਧੀਆਂ ਕਤਲ ਕਰਨਗੇ, 
 ਇਸ ਤੋਂ ਅੱਗੇ ਕੀ ਕਰਨਗੇ ? 
 ਕਿੱਥੋਂ ਵਾਰਸ ਪੈਦਾ ਕਰਨਗੇ ?
 ਮਾਂ ਹੋ ਕੇ ਇੱਕ ਕਾਤਲ ਨਾ ਬਣ, 
 ਇੱਕ ਜ਼ਹਿਰੀਲੀ ਨਾਗਣ ਨਾ ਬਣ। 
 ਉੱਠ ਤੱਕ ਆਪਣਾ ਮੂਲ ਪਛਾਣ, 
 ਵੈਰੀ ਨੂੰ ਤੂੰ ਵੈਰੀ ਜਾਣ। 
 ਨਾ ਮਾਰੀਂ, ਨਾ ਮਾਰੀਂ ਮਾਏ 
 ਇਹ ਸਿਤਮ ਨਾ ਢਾਹੀਂ ਮਾਏ 
 ਨਾ ਮਾਰੀਂ, ਨਾ ਮਾਰੀਂ, ਨਾ ਮਾਰੀਂ-------------।

ਸੋ ਨਾਟਕ ਦੇ ਇਤਿਹਾਸਕ ਵਿਕਾਸ ਵਿੱਚ ਦੀ ਗੁਜ਼ਰਦਿਆਂ ਤੇ ਵਿਵੇਚਨ ਰਾਹੀਂ ਨਾਟ ਤਕਨੀਕਾਂ ਨੂੰ ਪਰਖਦਿਆਂ, ਮਨੁੱਖੀ ਤ੍ਰਾਸਦੀ ਦੇ ਸਦੀਵੀ ਰੂਪ ਨੂੰ ਭਾਂਪਦਿਆਂ, ਉਤਕ੍ਰਿਸ਼ਟ ਸਮਾਜਿਕ ਵਿਅੰਗ ਚਿਤਰਣ, ਅਜੋਕੇ ਮਾਨਵੀ ਸਰੋਕਾਰਾਂ ਨੂੰ ਦਿਬ ਦ੍ਰਿਸ਼ਟੀ ਨਾਲ ਉਭਾਰਦਿਆਂ, ਵਸਤੂ ਤੇ ਤਕਨੀਕ ਦੀ ਪੱਧਰ ਤੇ ਲੇਖਕਾਂ ਨੇ ਨਵੇਂ ਪ੍ਰਯੋਗਾਂ ਰਾਹੀਂ ਪੰਜਾਬੀ ਨਾਟਕ ਨੂੰ ਨਵ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ।ਬਹੁਤ ਬਹੁਤ ਮੁਬਾਰਕਬਾਦ ਤੇ 'ਬਲ਼ਦੇ ਬਿਰਖ' ਨਾਟ ਸੰਗ੍ਰਿਹ ਨੂੰ ਜੀ ਆਇਆਂ। ਇਹ ਹਮੇਸ਼ਾਂ ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਅਹਿਮ ਪੁਸਤਕ ਗਿਣੀ ਜਾਵੇਗੀ ਕਿਉਂਕਿ ਇਸ ਦੀ ਸਗਲੀ ਮਿੱਟੀ ਤੇ ਜਿੰਦ ਜਾਨ ਕਨੈਡੀਅਨ ਧਰਤੀ ਤੇ ਵਸਣ ਵਾਲਿਆਂ ਦੇ ਦੁੱਖਾਂ ਦੀ ਗਾਥਾ ਹੈ। ਸਾਡੇ ਸਮੁੱਚੇ ਜੀਵਨ ਦਾ ਸ਼ੀਸ਼ਾ ਹੈ। ਪਰਵਾਸੀਆਂ ਦੀ ਮਾਨਸਿਕਤਾ ਦੀ ਕਹਾਣੀ ਹੈ। 

ਮਨਜੀਤ ਮੀਤ

Monday, August 13, 2012

ਗੁਰੀਲਾ ਕੰਧ ਚਿੱਤਰਕਾਰ ਬੈਂਕਸੀ ਦੀ ਕਲਾਤਮਿਕ ਸਿਆਸਤ

ਬੈਂਕਸੀ ਇੰਗਲੈਂਡ ਦੇ ਗ੍ਰਾਫ਼ਟੀ ਕਲਾਕਾਰ,ਸਿਆਸੀ ਕਾਰਕੁੰਨ, ਫ਼ਿਲਮ ਨਿਰਦੇਸ਼ਕ ਅਤੇ ਚਿੱਤਰਕਾਰ ਦਾ ਫਰਜ਼ੀ ਨਾਂ ਹੈ। ਕਈਆਂ ਨੇ ਉਸ ਨੂੰ ਰੌਬਿਨ ਬੈਂਕਸ ਜਾਂ ਰੌਬਿਨ ਗੁਨਿੰਗਹਾਮ ਦਾ ਨਾਂ ਦਿੱਤਾ ਹੈ। ਗ਼੍ਰਾਫਿਕ ਡਿਜ਼ਾਇਨਰ ਅਤੇ ਲੇਖਕ ਟ੍ਰਿਸਟਾਨ ਮਾਨਕੋ ਦੇ ਅਨੁਸਾਰ, ”ਬੈਂਕਸੀ ਦਾ ਜਨਮ 1974 ਨੂੰ ਇੰਗਲੈਂਡ ਦੇ ਸ਼ਹਿਰ ਬ੍ਰਿਸਟਲ ਵਿਖੇ ਹੋਇਆ।” ਬੈਂਕਸੀ ਦੀ ਅਸਲ ਪਹਿਚਾਣ ਬਾਰੇ ਕੋਈ ਨਹੀਂ ਜਾਣਦਾ।


ਵੱਖ ਵੱਖ ਲੋਕਾਂ ਵੱਲੋਂ ਉਸ ਦੇ ਨਾਂ ਬਾਰੇ ਕਿਆਫ਼ੇ ਹੀ ਲਗਾਏ ਜਾਂਦੇ ਰਹੇ ਹਨ। ਗਾਰਡੀਅਨ ਅਨਲਿਮਟਿਡ ਦਾ ਪੱਤਰਕਾਰ ਸਿਮੋਨ ਹੈਟਿਨਸਟੋਨ ਉਨ੍ਹਾਂ ਕੁਝ ਗਿਣੇ ਚੁਣੇ ਲੋਕਾਂ ਵਿੱਚ ਸ਼ਾਮਲ ਹੈ ਜਿਸ ਨੇ ਬੈਂਕਸੀ ਨਾਲ਼ ਆਹਮਣੇ-ਸਾਹਮਣੇ ਮੁਲਾਕਾਤ ਕੀਤੀ ਸੀ। ਉਸ ਅਨੁਸਾਰ ਬੈਂਕਸੀ ”ਇੱਕ 28 ਕੁ ਸਾਲ ਦਾ ਬੰਦਾ ਹੈ ਜੋ ਜੀਨ ਨਾਲ਼ ਟੀ ਸ਼ਰਟ ਪਹਿਨਦਾ ਹੈ।” ਇਸੇ ਮੁਲਾਕਾਤ ਵਿੱਚ ਬੈਂਕਸੀ ਦੱਸਦਾ ਹੈ ਕਿ ਉਸ ਦੇ ਮਾਪੇ ਸਮਝਦੇ ਹਨ ਕਿ ਉਹ ਇੱਕ ਪੇਂਟਰ ਅਤੇ ਡੈਕੋਰੇਟਰ ਹੈ।

ਆਪਣੀਆਂ ਰਚਨਾਵਾਂ ਨਾਲ਼ ਬੈਂਕਸੀ ਹਾਕਮ ਜਮਾਤ ਤੇ ਤਿੱਖਾ ਵਿਅੰਗ ਕਰਦਾ ਹੈ। ਬੈਂਕਸੀ ਆਪਣੀ ਕਲਾ ਨੂੰ ਕੰਧਾਂ ਤੇ ਸਿਰਜਦਾ ਹੈ। ਕਈ ਵਾਰ ਉਹ ਲੋੜੀਂਦੇ ਢਾਂਚੇ ਵੀ ਉਸਾਰਦਾ ਹੈ। ਬੈਂਕਸੀ ਦੇ ਸਟੈਂਸਲਾਂ ਵਿੱਚ ਪ੍ਰਬੰਧ ‘ਤੇ ਚੋਭਵੇਂ ਕਟਾਖਸ਼ ਕੀਤੇ ਹੁੰਦੇ ਹਨ।

ਬੈਂਕਸੀ ਕਲਾਕਾਰਾਂ ਅਤੇ ਸੰਗੀਤਕਾਰਾਂ ਦੇ ਸਹਿਯੋਗ ਦੇ ਬ੍ਰਿਸਟੋਲ ਭੂਮੀਗਤ ਦ੍ਰਿਸ਼ ਲਹਿਰ ਦੀ ਪਦਾਇਸ਼ ਹੈ। ਨਿਰਖ਼ਕਾਰਾਂ ਅਨੁਸਾਰ ਬੈਂਕਸੀ ਦਾ ਕੰਮ ਬਲੇਕ ਲੀ ਰੈਟ ਨਾਲ਼ ਮਿਲਦਾ ਜੁਲ਼ਦਾ ਹੈ, ਜਿਸ ਨੇ 1981 ਵਿੱਚ ਪੈਰਿਸ ਵਿੱਚ ਸਟੈਂਸਲਾਂ ਨਾਲ਼ ਕੰਮ ਸ਼ੁਰੂ ਕੀਤਾ ਸੀ, ਅਤੇ ਅਨਾਰਕੋ ਪੰਕ ਬੈਂਡ ਕਰਾਸ ਨਾਲ਼ – ਜਿਸ ਨੇ 1970-80 ਵਿਆਂ ਵਿੱਚ



ਲੰਡਨ ਟਿਊਬ ਸਿਸਟਮ ਵਿੱਚ ਗ੍ਰਾਫਟੀ ਸਟੈਂਸਲ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਨੂੰ ਅੱਜ ਵੀ ਜਾਰੀ ਰੱਖ ਰਹੇ ਸਨ। ਫਿਰ ਵੀ, ਬੈਂਕਸੀ ਨੇ ਆਪਣੀ ਵੈੱਬਸਾਈਟ ਵਿੱਚ , ”ਅਸਲ ਵਿੱਚ ਉਸ ਦਾ ਕੰਮ ਮੈਸਿਵ ਅਟੈਕ ਦੇ 3-ਡੀ ਦੇ ਨਾਂਅ ਨਾਲ਼ ਜਾਣੇ ਜਾਂਦੇ ਕਲਾਕਾਰ ਮੈਸਿਵ ਅਟੈਕ ਦੇ ਕੰਮ ਤੇ ਅਧਾਰਤ ਸੀ।”



ਗ੍ਰਾਫ਼ਟੀ ਬਾਰੇ ਆਪਣੀ ਕਿਤਾਬ ”ਵਾਲ ਐਂਡ ਪੀਸ” (ਕੰਧ ਅਤੇ ਸ਼ਾਂਤੀ) (2005) ਵਿੱਚ ਬੈਂਕਸੀ ਲਿਖਦਾ ਹੈ, ”ਗ੍ਰਾਫ਼ਟੀ ਵਿੱਚ ਉਹ ਸੁਸਤ ਸੀ ਅਤੇ ਜਾਂ ਤਾਂ ਉਹ ਫੜਿਆ ਜਾਂਦਾ ਸੀ ਅਤੇ ਜਾਂ ਉਹ ਇੱਕ ਬੈਠਕ ਵਿੱਚ ਆਪਣੇ ਕੰਮ ਨੂੰ ਖਤਮ ਨਹੀਂ ਸੀ ਕਰ ਸਕਦਾ। ਇਸ ਲਈ ਸਮੇਂ ਨੂੰ ਘਟਾਉਣ ਅਤੇ ਰੰਗਾਂ ਦੇ ਆਪਸ ਵਿੱਚ ਮਿਲਣ ਨੂੰ ਘਟਾਉਣ ਲਈ ਉਸ ਨੇ ਸਟੈਂਸਲ ਦੀ ਤਕਨੀਕ ਨੂੰ ਘੜ ਲਿਆ।” ਜਿਸ ਵਿੱਚ ਸਮੇਂ ਦੀ ਬੱਚਤ ਹੁੰਦੀ ਹੈ।


ਬੈਂਕਸੀ ਦੀਆਂ ਰਚਨਾਵਾਂ ਜੰਗ ਵਿਰੋਧੀ, ਸਰਮਾਏਦਾਰੀ ਵਿਰੋਧੀ, ਫਾਸ਼ੀਵਾਦ ਵਿਰੋਧੀ, ਸੱਤਾ ਵਿਰੋਧੀ, ਅਰਾਜਕਤਾਵਾਦੀ, ਨਿਹਿਲਵਾਦੀ ਅਤੇ ਹੋਂਦਵਾਦੀ ਵਿਚਾਰਾਂ ਨੂੰ ਪ੍ਰਗਟਾਉਂਦੀਆਂ ਹਨ। ਕਈ ਵਾਰ ਇਨ੍ਹਾਂ ਵਿੱਚ ਨਾਹਰਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਮਨੁੱਖੀ ਲਾਲਚ, ਗਰੀਬੀ, ਪਾਖੰਡ, ਬੋਰੀਅਤ, ਨਿਰਾਸ਼ਾ, ਅਬਸਰਡਿਟੀ ਅਤੇ ਅਲਿਹਦਗੀ ਬੈਂਕਸੀ ਦੇ ਪਸੰਦੀਦਾ ਵਿਸ਼ੇ ਹਨ।


ਭਾਵੇਂ ਬੈਂਕਸੀ ਆਮ ਤੌਰ ਤੇ ਦ੍ਰਿਸ਼ ਦੀ ਕਲਪਨਾ ਅਤੇ ਸਚਿੱਤਰਕਾਰੀ ਤੇ ਭਰੋਸਾ ਕਰਦਾ ਹੈ ਫਿਰ ਵੀ ਉਹ ਆਪਣੇ ਅਰਾਜਕਤਾਵਾਦੀ ਵਿਚਾਰਾਂ ਦੀ ਅਤੀ ਦਾ ਇਹ ਕਹਿ ਕੇ ਪ੍ਰਗਟਾਵਾ ਕਰਦਾ ਹੈ, ”ਫਾਸ਼ੀਵਾਦੀ ਠੱਗਾਂ ਅਤੇ ਧਾਰਮਿਕ ਬੁਨਿਆਦ ਪ੍ਰਸਤਾਂ ਨੂੰ ਗੋਲ਼ੀ ਮਾਰ ਦੇਣੀ ਚਾਹੀਦੀ ਹੈ। ”


ਵਾਲ ਐਂਡ ਪੀਸ ਤੋਂ ਇਲਾਵਾ ਬੈਂਕਸੀ ਦੀਆਂ ”ਬੈਂਕਸੀ, ਬੈਂਗਿੰਗ ਯੂਅਰ ਹੈੱਡ ਅਗੇਂਸਟ ਏ ਬ੍ਰਿਕ ਵਾਲ” (2001), ”ਬੈਂਕਸੀ, ਅਗਜ਼ਿਸਟਿਨਸਲਿਜ਼ਮ” (2002), ”ਬੈਂਕਸੀ, ਕੱਟ ਇਟ ਆਉਟ” (2004), ”ਬੈਂਕਸੀ, ਪਿਕਚਰਜ਼ ਆਫ਼ ਵਾਲ” (2005) ਨਾਂ ਦੀਆਂ ਕਿਤਾਬਾਂ ਛਪੀਆਂ ਹਨ। ਉਸ ਦੀ ਨਵੀਂ ਕਿਤਾਬ ”ਯੂ ਆਰ ਐਨ ਅਸੈਪਟੇਬਲ ਲੈਵਲ ਆਫ਼ ਥ੍ਰੈਟ” ਏਸੇ ਮਹੀਨੇ ਛਪਣ ਵਾਲ਼ੀ ਹੈ।


”ਐਗਜ਼ਿਟ ਥਰੂ ਦੀ ਗਿਫਟ ਸ਼ਾਪ” (2010) ਨਾਲ਼ ਬੈਂਕਸੀ ਨੇ ਫ਼ਿਲਮ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। ਐਗਜ਼ਿਟ ਥਰੂ ਦੀ ਗਿਫਟ ਸ਼ਾਪ ਨੂੰ ਦੁਨੀਆਂ ਦੀ ਪਹਿਲੀ ਨੁੱਕੜ ਕਲਾ ਦੀ ਤਬਾਹਕੁਨ ਫ਼ਿਲਮ ਦਾ ਦਰਜ਼ਾ ਦਿੱਤਾ ਗਿਆ। ਫ਼ਿਲਮ ਆਸਕਰ ਇਨਾਮ ਲਈ ਵੀ ਨਾਮਜ਼ਦ ਕੀਤੀ ਗਈ ਸੀ। ‘ਵਨ ਨੇਸ਼ਨ ਅੰਡਰ ਸੀਸੀਟੀਵੀ’ ਬੈਂਕਸੀ ਦੀਆਂ ਸਭ ਤੋਂ ਚਰਚਿਤ ਰਚਨਾਵਾਂ ਵਿੱਚ ਸ਼ਾਮਲ ਹੈ।

ਕਲਾ ਦੇ ਵਪਾਰੀਆਂ ਦੇ ਹੱਥਾਂ ਵਿੱਚ ਕੇਂਦਰਤ ਹੋਣ ਤੇ ਬੈਂਕਸੀ ਤਿੱਖਾ ਵਿਅੰਗ ਕਰਦਾ ਹੈ ”ਜਦ ਤੁਸੀਂ ਇੱਕ ਆਰਟ ਗੈਲਰੀ ਵਿੱਚ ਜਾਂਦੇ ਹੋ ਤਾਂ ਤੁਸੀਂ ਕੁਝ ਅਰਬਪਤੀਆਂ ਦੇ ਟ੍ਰਾਫ਼ੀ ਕੈਬਨਿਟ ਨੂੰ ਦੇਖਣ ਵਾਲ਼ੇ ਸੈਲਾਨੀ ਹੁੰਦੇ ਹੋ।”

ਮੱਧ ਵਰਗ ਦੀ ਫਿਤਰਤ ‘ਤੇ ਬੈਂਕਸੀ ਦੀ ਇਹ ਚੋਭ ਭਾਰਤੀ ਹਾਲਤਾਂ ‘ਤੇ ਵੀ ਓਨੀ ਹੀ ਢੁੱਕਦੀ ਹੈ – ”ਜਦ ਤੱਕ ਸਰਮਾਏਦਾਰੀ ਤਬਾਹ ਨਹੀਂ ਹੁੰਦੀ, ਅਸੀਂ ਦੁਨੀਆਂ ਨੂੰ ਬਦਲਣ ਲਈ ਕੁਝ ਨਹੀਂ ਕਰ ਸਕਦੇ। ਤਦ ਤੱਕ ਅਸੀਂ ਖਰੀਦਦਾਰੀ ਕਰਕੇ ਆਪਣੇ ਦਿਲ ਨੂੰ ਤਸੱਲੀ ਤਾਂ ਦੇ ਸਕਦੇ ਹਾਂ!’










































ਕੁਲਵਿੰਦਰ 
ਲਲਕਾਰ ਤੋਂ ਧੰਨਵਾਦ ਸਹਿਤ

Tuesday, November 16, 2010

“ਛੱਟਾ ਚਾਨਣਾ ਦਾ - A Splash of Light”

ਜਝਾਰੂ ਤੇ ਸੰਘਰਸ਼ਸ਼ੀਲ ਗੀਤਾਂ ਦੇ ਰਿਕਾਰਡ ਨੂੰ ਕੈਨੇਡਾ ਦੇ ਸਾਹਿਤਕ ਪਰਚੇ ਵਤਨ ਦੀ ਵੈਬਸਾਈਟ 'ਤੇ ਸਾਂਝਾ ਕੀਤਾ ਗਿਆ।ਵਤਨ ਦੇ ਇਸ ਉਪਰਾਲੇ ਨੂੰ ਦੋਸਤਾਂ,ਮਿੱਤਰਾਂ ਤੱਕ ਪਹੁੰਚਾ ਰਹੇ ਹਾਂ-ਗੁਲਾਮ ਕਲਮ

ਸੰਘਰਸ਼-ਸ਼ੀਲ ਲੋਕਾਂ ਦੇ” 12 ਗੀਤਾਂ ਦਾ ਰਿਕਾਰਡ “ਛੱਟਾ ਚਾਨਣਾ ਦਾ” ਹੁਣ ਵਤਨ ਦੇ ਵੈੱਬਸਾਈਟ ਉੱਤੇ ਪਾ ਦਿੱਤਾ ਗਿਆ ਹੈ। ਇਸ ਰਿਕਾਰਡ ਵਿੱਚ ਸੰਤ ਰਾਮ ਉਦਾਸੀ, ਪਾਸ਼, ਸ਼ਹਰਯਾਰ, ਜਗਰੂਪ ਝਨੀਰ, ਨਰਿੰਦਰ ਚਾਹਲ, ਜੈਮਲ ਪੱਡਾ, ਰਾਮ ਸਿੰਘ, ਸੁਰਿੰਦਰ ਗਿੱਲ, ਅਤੇ ਜਸਵੰਤ ਖਟਕੜ ਦੇ ਲਿਖੇ ਹੋਏ ਗੀਤ ਹਨ। ਨਾਟਕਕਾਰ ਗੁਰਸ਼ਰਨ ਸਿੰਘ ਦੀ ਨਿਰਦੇਸ਼ਨਾ ਵਿੱਚ ਇਹਨਾਂ ਗੀਤਾਂ ਨੂੰ ਗਾਉਣ ਵਿੱਚ ਆਗੂ ਅਵਾਜ਼ ਪਰਮਜੀਤ ਸਿੰਘ ਦੀ ਹੈ ਅਤੇ ਉਸ ਦਾ ਸਾਥ ਦਿੱਤਾ ਹੈ ਕੇਵਲ ਧਾਲੀਵਾਲ ਅਤੇ ਦਲੀਪ ਭਨੋਟ ਨੇ। ਇਹ ਰਿਕਾਰਡ ਸੰਨ 1983 ਵਿੱਚ ਇਪਾਨਾ ਨੇ ਤਿਆਰ ਕਰਵਾਇਆ ਸੀ ਜਦੋਂ ਗੁਰਸ਼ਰਨ ਸਿੰਘ ਅਤੇ ਉਹਨਾਂ ਦੀ ਟੀਮ ਪਹਿਲੀ ਵਾਰ ਕੈਨੇਡਾ ਆਈ ਸੀ।

ਇਹ ਗੀਤ ਸੁਣਨ ਲਈ ਵਤਨ ਦੇ ਵੈੱਬਸਾਈਟ www.watanpunjabi.ca ‘ਤੇ ਹੇਠਾਂ “ਵਿਸ਼ੇਸ਼ ਸਮੱਗਰੀ” ਵਾਲੇ ਹਿੱਸੇ ਵਿੱਚ ਜਾਉ ਅਤੇ ਪਹਿਲੇ ਬਟਨ “ਸੰਗੀਤ” ਉੱਤੇ ਕਲਿੱਕ ਕਰੋ। ਇਸ ਨਾਲ ਤੁਸੀਂ ਉਸ ਸਫੇ ‘ਤੇ ਪਹੁੰਚ ਜਾਉਗੇ ਜਿੱਥੇ “ਛੱਟਾ ਚਾਨਣਾ ਦਾ - A Splash of Light” ਦਾ ਬਟਨ ਹੈ।

Saturday, September 18, 2010

ਛੋਟੇ ਵੀਰ ਸੁਖਚਰਨਪ੍ਰੀਤ (ਸੁੱਖੀ)! ਇਹ ਤੂੰ ਕੀ ਕਰ ਰਿਹੈਂ, ਤੈਨੂੰ ਪਤੈ?

ਪਿਛਲੇ ਦਿਨੀਂ ਸੁਖਚਰਨਪ੍ਰੀਤ ਵਲੋਂ ਲਿਖੇ ਲੇਖ਼ "ਕਿਰਨਜੀਤ ਦੇ ਸੰਘਰਸ਼ ਤੋਂ ਕਿਰਨਜੀਤਾਂ ਦੀ ਬਦਨਾਮੀ ਤੱਕ" ਦੇ ਜਵਾਬ 'ਚ ਇਨਕਲਾਬੀ ਕੇਂਦਰ ਪੰਜਾਬ ਦੇ ਅਹੁਦੇਦਾਰ ਕੰਵਲਜੀਤ ਖੰਨਾ ਨੇ ਲਿਖ਼ਤ ਭੇਜੀ ਹੈ।ਲਿਖ਼ਤ ਛਾਪਣ ਦੇ ਨਾਲ ਹੀ ਇਸ ਵਿਚਾਰ ਚਰਚਾ 'ਚ ਸ਼ਾਮਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ।ਇਸੇ ਲਿਖ਼ਤ ਦੇ ਹੇਠਾਂ ਸੁਖਚਰਨਪ੍ਰੀਤ ਦੀ ਲਿਖ਼ਤ ਪੜ੍ਹ ਸਕਦੇ ਹੋਂ।--ਗੁਲਾਮ ਕਲਮ

ਕਿਰਨਜੀਤ ਦੇ ਸੰਘਰਸ਼ ਤੋਂ ਕਿਰਨਜੀਤ ਦੀ ਬਦਨਾਮੀ ਤੱਕ’ ਨਾਮੀ ਆਪਣੀ ਲਿਖਤ ਵਿੱਚ ਤੂੰ (ਜਾਣੇ ਜਾਂ ਅਣਜਾਣੇ) ਜੋ ਕੁੱਝ ਲਿਖਿਆ ਹੈ, ਉਸਨੂੰ ਛੋਟੇ ਵੀਰ ਦੁਬਾਰਾ ਪੜ੍ਹ! ਭਲਾ ਤੂੰ ਕੀ ਕਹਿਣਾ ਚਾਹੁੰਨੈ? ਮੇਰੀ ਜਾਚੇ ਤੂੰ ਦੋ ਗੱਲਾਂ ਕਰ ਰਿਹੈਂ ਪਹਿਲੀ ਇਹ ਕਿ ਜਿਨ੍ਹਾਂ ਲੋਕਾਂ ਨੇ 1997 ’ਚ ਬੱਚੀ ਕਿਰਨਜੀਤ ਨਾਲ ਹੋਏ ਧੱਕੇ ਤੇ ਕਤਲ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ ਸੀ। ਉਹ ਹੁਣ ਕਿਰਨਜੀਤ ਦੀ ਬਦਨਾਮੀ ਕਰਵਾ ਰਹੇ ਹਨ ਅਤੇ ਦੂਜੀ ਗੱਲ ਤੂੰ ਇਸ ਘੋਲ ਬਾਰੇ ਬਣੀ ਦਸਤਾਵੇਜੀ ਫਿਲਮ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’ ਦੇ ਸਬੰਧ ’ਚ ਐਕਸ਼ਨ ਕਮੇਟੀ ਤੇ ਡਿਫੈਂਸ ਕਮੇਟੀ ਦੇ ਰੋਲ ਦੀ ਕਰਨੀ ਚਾਹੀ ਹੈ। ਅਸਲ ’ਚ ਪਹਿਲੀ ਗੱਲ ਤਾਂ ਦੂਜੀ ਲਈ ਬਹਾਨਾ ਹੈ ਅਸਲੀ ਗੱਲ ਤਾਂ ਦੂਜੀ ਹੀ ਹੈ।

ਚਲੋ,ਫਿਰ ਵੀ ਗੱਲ ਨਾਈਵਾਲਾ ਸਕੂਲ ਦੀ ਘਟਨਾ ਤੋਂ ਸ਼ੁਰੂ ਕਰਦੇ ਹਾਂ। ਇਸ ਸਾਲ 12 ਅਗਸਤ 2010 ਨੂੰ ਕਿਰਨਜੀਤ ਦੀ ਬਰਸੀ ਦੀ ਤਿਆਰੀ ਮੁਹਿੰਮ ਚੱਲ ਰਹੀ ਹੈ। 4 ਅਗਸਤ ਨੂੰ ਨਾਈਵਾਲਾ ਸਕੂਲ ਦਾ ਮੁੱਖ ਅਧਿਆਪਕ, ਜਿਹੜਾ ਮਹਿਲ ਕਲਾਂ ਐਕਸ਼ਨ ਕਮੇਟੀ ਦਾ ਮੈਂਬਰ ਵੀ ਹੈ, ਪ੍ਰੇਮ ਕੁਮਾਰ ਇਸੇ ਸਬੰਧ ’ਚ ਪ੍ਰਾਰਥਨਾ ਸਭਾ ’ਚ ਬੱਚਿਆਂ ਨੂੰ ਸੰਬੋਧਿਤ ਹੁੰਦਾ ਹੈ। ਉਹ ਬੱਚੀਆਂ ਨੂੰ ਆਪਣੇ ਖਿਲਾਫ਼ ਹੋਣ ਵਾਲੀਆਂ ਵਧੀਕੀਆਂ ਖਿਲਾਫ਼ ਨਿਝੱਕ ਹੋ ਕੇ ਬੋਲਣ ਲਈ ਪ੍ਰੇਰਿਤ ਕਰਦਾ ਹੈ। ਇਸ ਪ੍ਰੇਰਨਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਤਿੰਨ ਬੱਚੀਆਂ ਆਪਣੇ ਖਿਲਾਫ਼ ਇੱਕ ਅਧਿਆਪਕ ਮਹਿੰਦਰ ਸਿੰਘ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦੀ ਸ਼ਿਕਾਇਤ ਆਪਣੀਆਂ ਮੈਡਮਾਂ ਕੋਲ ਕਰਦੀਆਂ ਹਨ। ਬਾਅਦ ਦੁਪਹਿਰ ਤੱਕ ਮਾਮਲਾ ਮੁੱਖ ਅਧਿਆਪਕ ਤੱਕ ਪਹੁੰਚ ਜਾਂਦਾ ਹੈ। 5 ਅਗਸਤ ਨੂੰ ਇਸ ਮੁੱਦੇ ’ਤੇ ਪਸਵਕ ਕਮੇਟੀ, ਪੰਚਾਇਤ ਤੇ ਹੋਰ ਲੋਕਾਂ ਨਾਲ ਗੱਲ ਸਾਂਝੀ ਹੁੰਦੀ ਹੈ। 6 ਅਗਸਤ ਨੂੰ ਦੋਸ਼ੀ ਅਧਿਆਪਕ ਖਿਲਾਫ਼ ਸ਼ਿਕਾਇਤ ਵਿਭਾਗ ਤੇ ਪੁਲਸ ਤੱਕ ਪਹੁੰਚ ਜਾਂਦੀ ਹੈ। ਭਲਾ ਮਾਮਲੇ ਨੂੰ ਦਬਾਉਣ ਦੀ ਗੱਲ ਕਿਹੜੇ ਪਾਸਿਓਂ ਆ ਗਈ? ਮਾਮਲੇ ’ਤੇ ਕਾਰਵਾਈ ਹੋਈ, ਦੋਸ਼ੀ ਅਧਿਆਪਕ ਖਿਲਾਫ਼ ਕੇਸ ਦਰਜ ਹੋਇਆ ਤੇ ਬਦਲੀ ਗੁਰਦਾਸਪੁਰ ਜ਼ਿਲ•ੇ ਦੀ ਕੀਤੀ ਗਈ। ਇਸ ਮਾਮਲੇ ਸਮੇਤ ਕਿਸੇ ਵੀ ਮਾਮਲੇ ’ਤੇ ਕਾਰਵਾਈ ਦੇ ਢੰਗ ਤੇ ਵਿਚਾਰਾਂ ਦੇ ਮੱਤਭੇਦ ਹੋ ਜਾਣੇ ਸੁਭਾਵਿਕ ਹਨ। ਪਰ ਇਨੀ ਗੱਲ ਨੂੰ ‘ਕਿਰਨਜੀਤ ਦੀ ਬਦਨਾਮੀ ਤੱਕ’ ਦਾ ਸਫ਼ਰ ਬਣਾ ਦੇਣਾ ਭਲਾ ਕਿੰਨੀ ਕੁ ਸਿਆਣਪ ਤੇ ਪਰਪੱਕਤਾ ਹੈ? ਇਸ ਮਾਮਲੇ ’ਤੇ 12 ਅਗਸਤ ਨੂੰ ਬਰਸੀ ਸਮਾਗਮ ’ਚ ਵੀ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਸੀ। ਹਾਂ ਇਸ ਮਾਮਲੇ ’ਚ ਸਿੱਖਿਆ ਅਧਿਕਾਰੀ ਨੇ ਆਪਣੀਆਂ ਅੱਖਾਂ ’ਚ ਰੜਕਦੇ ਮੁੱਖ ਅਧਿਆਪਕ ਪ੍ਰੇਮ ਕੁਮਾਰ ਨੂੰ ਬਲੀ ਦਾ ਬੱਕਰਾ ਜ਼ਰੂਰ ਬਣਾ ਲਿਆ।

ਮੁੱਖ ਅਧਿਆਪਕ ਦੀ ਬਦਲੀ ਖਿਲਾਫ਼ ਉਦੋਂ ਹੀ ਪਿੰਡ ਵਾਸੀਆਂ ਵੱਲੋਂ ਸੰਘਰਸ਼ ਵਿੱਢ ਦੇਣਾ ਤੇ ਸਕੂਲ ਨੂੰ ਤਾਲਾ ਲਾ ਦੇਣਾ ਵੀ ਭਲਾ ਕੀ ਦਰਸਾਉਂਦਾ ਹੈ। ਇਹੋ ਨਾ ਕਿ ਮਾ. ਪ੍ਰੇਮ ਕੁਮਾਰ ਪਿੰਡ ਵਾਸੀਆਂ ਦਾ ਸਤਿਕਾਰਤ ਅਧਿਆਪਕ ਹੈ। ਤੈਨੂੰ ਪਤਾ ਹੀ ਹੈ ਕਿ ਮੁਅੱਤਲੀ ਅਤੇ ਅਧਿਆਪਕ ਆਗੂਆਂ ਦੀਆਂ ਬਦਲੀਆਂ ਖਿਲਾਫ਼ ਇਸ ਸੰਘਰਸ਼ ਵਿੱਚ 11 ਸਤੰਬਰ ਨੂੰ ਪਿੰਡ ਨਾਈਵਾਲਾ ਤੋਂ ਲੋਕਾਂ ਦੀਆਂ ਭਰੀਆਂ ਟਰਾਲੀਆਂ ਆਈਆਂ ਸਨ। ਮਾ. ਪ੍ਰੇਮ ਕੁਮਾਰ ਪੂਰਾ ਇੱਕ ਦਹਾਕਾ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਦਾ ਆਗੂ ਰਿਹਾ, ਉਮਰ ਕੈਦ ਦੀ ਸਜ਼ਾ, ਨੌਕਰੀ ਤੋਂ ਬਰਖਾਸਤੀ ਸਭ ਕੁੱਝ ਖਿੜੇ ਮੱਥੇ ਝੱਲਿਆ। ਕੀ ਉਹ ਹੁਣ ‘ਕਿਰਨਜੀਤ ਦੀ ਬਦਨਾਮੀ ਕਰਵਾਏਗਾ? ਤੂੰ ਥੋੜ੍ਹਾ ਗੰਭੀਰਤਾ ਨਾਲ ਸੋਚ, ਤੂੰ ਕੀ ਕਹਿ ਰਿਹੈਂ? ਪਿਆਰੇ ਵੀਰ ਤੇਰਾ ਨਿਸ਼ਾਨਾ ਜੇ ਕਿਧਰੇ ਹੋਰ ਸੀ ਤਾਂ ਤੂੰ ਵਾਕਿਆ ਹੀ ਖੁੰਝ ਗਿਐਂ!

ਰਹੀ ਗੱਲ ਕਿਰਨਜੀਤ ਕਾਂਡ ਵਿਰੋਧੀ ਸੰਘਰਸ਼ ਦੀ ਦਸਤਾਵੇਜੀ ਫਿਲਮ ਬਣਾ ਰਹੇ ‘ਸੂਤਰਧਾਰ’ ਨਾਲ ਜੁੜੇ ‘ਕੱਚ-ਸੱਚ’ ਦੀ! ਜਾਪਦੈ ਤੂੰ ਅਸਲ ’ਚ ਗੱਲ ਤਾਂ ਇਹੋ ਹੀ ਕਰਨਾ ਚਾਹੁੰਦਾ ਸੀ ਪਰ ਗਲਤ ਰਸਤਾ ਫੜ ਲਿਆ। ‘ਹਰ ਮਿੱਟੀ ਕੁੱਟਿਆ ਨਹੀਂ ਭੁਰਦੀ’ ਵਿੱਚ ਇੱਕ ਵਿਦਿਆਰਥਣ ਹਰਦੀਪ ਕਹਿੰਦੀ ਹੈ, ‘ਇਸ ਸੰਘਰਸ਼ ਨੇ ਔਰਤ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ। ਜੋ ਔਰਤਾਂ, ਜੋ ਕੁੜੀਆਂ ਪਹਿਲਾਂ ਘਰ ਆ ਕੇ ਗੱਲ ਨਹੀਂ ਸੀ ਕਰਦੀਆਂ, ਉਹ ਅੱਜ ਕਰ ਰਹੀਆਂ ਨੇ।’ ਫਿਲਮ ਨੇ ਸੱਚ ਫਿਲਮਾਇਆ ਹੈ ਤੇ ਨਾਈਵਾਲਾ ਸਕੂਲ ਦੀਆਂ ਬੱਚੀਆਂ ਨੇ ਜੁਰੱਅਤ ਕੀਤੀ ਹੈ ਤੇ ਛੋਟੇ ਵੀਰ ਇਸ ਜੁਰੱਅਤ ਨੂੰ ਹੁੰਗਾਰਾ ਦੇਣ ਵਾਲਾ ਮਾ. ਪ੍ਰੇਮ ਕੁਮਾਰ ਤਾਂ ਕੁੜੀਆਂ ਨੂੰ, ਬੱਚੀਆਂ ਨੂੰ ਬਦਨਾਮੀ ਖਿਲਾਫ਼ ਸੰਘਰਸ਼ ਲਈ ਪ੍ਰੇਰਿਤ ਕਰ ਰਿਹਾ ਹੈ।

ਸੂਤਰਧਾਰ ਵੱਲੋਂ ਐਕਸ਼ਨ ਕਮੇਟੀ ਦੇ ਆਗੂ ਕੁਲਵੰਤ ਪੰਡੋਰੀ ਨੂੰ ਲਿਖੀ ਚਿੱਠੀ ਵਿੱਚ ਕਾਫ਼ੀ ਨੁਕਤੇ ਉਠਾਏ ਹਨ। ਕੁੱਝ ਨੁਕਤੇ ਲੰਮੀ ਬਹਿਸ ਵਿਚਾਰ ਦੇ ਮੁੱਦੇ ਹਨ। ਪਰ ਕੁੱਝ ਗੱਲਾਂ ਜੋ ਪਿਆਰੇ ਸੂਤਰਧਾਰ ਨੇ ਸਵੈ-ਸਿਰਜੀ ਕੁੰਠਾ ’ਚੋਂ ਸਾਡੇ ਖਿਲਾਫ਼ ਲਿਖੀਆਂ ਨੇ, ਵਾਕਿਆ ਹੀ ਦੁੱਖਦਾਇਕ ਤੇ ਅਫ਼ਸੋਸਜਨਾਕ ਹਨ। ਡਿਫੈਂਸ ਕਮੇਟੀ ਨੇ ਸਾਥੀ ਸੂਤਰਧਾਰ ਨਾਲ ਮਿਲ ਕੇ ਇੱਕ ਬਹੁਤ ਹੀ ਅਹਿਮ ਕਾਰਜ ਹੱਥ ਲਿਆ ਸੀ ਜਿਸਨੂੰ ਸਾਰਿਆਂ ਨੇ ਆਪਣੇ ਵਿੱਤ ਤੇ ਡਿਊਟੀਆਂ ਮੁਤਾਬਕ ਨਿਭਾਇਆ ਹੈ। ਇਹ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਕਾਫ਼ੀ ਗੱਲਾਂ ਤਹਿ ਹੋਈਆਂ ਸਨ। ਡਿਫੈਂਸ ਕਮੇਟੀ ਅੱਜ ਵੀ ਉਨ੍ਹਾਂ ਗੱਲਾਂ ’ਤੇ ਸਟੈਂਡ ਕਰਦੀ ਹੈ। ਮਿਲ ਬੈਠ ਕੇ ਗੁਣ-ਦੋਸ਼ ਨਿਤਾਰਣ ਲਈ ਕਮੇਟੀ ਅੱਜ ਵੀ ਤਿਆਰ ਹੈ। ਡਿਫੈਂਸ ਕਮੇਟੀ ਨੇ ਕਦੇ ਵੀ ਸੱਭਿਆਚਾਰਕ ਕਾਮੇ ਨੂੰ ਪੁਚਕਾਰੇ ਜਾਣ ਵਾਲਾ ਜਾਨਵਰ ਨਹੀਂ ਸਮਝਿਆ, ਦੁਰਕਾਰਨਾ ਤਾਂ ਦੂਰ ਦੀ ਗੱਲ! ਡਿਫੈਂਸ ਕਮੇਟੀ ਦੀ ਬੇਨਤੀ ’ਤੇ ਹੀ ਪਹਿਲੀ ਮਈ, 2006 ਨੂੰ ਪ. ਲ. ਸ. ਮੰਚ ਦੇ ਮੇਲੇ ’ਤੇ ਇਹ ਫ਼ਿਲਮ ਦਿਖਾਈ ਗਈ ਸੀ ਤੇ ਉਚਿਆਈ ਵੀ ਗਈ ਸੀ। ਮਈ ਦਿਵਸ ਸਮਾਗਮ, ਗ਼ਦਰੀ ਮੇਲਾ ਭਲਾ ਕੋਈ ਸਿਆਸੀ ਕਾਨਫਰੰਸਾਂ ਹਨ ਕਿ ਸੱਭਿਆਚਾਰਕ ਕਾਮੇ ਵਰਤੇ ਜਾਂਦੇ ਹਨ। ਕਿਰਨਜੀਤ ਦੀ ਬਰਸੀ ’ਤੇ ਤਾਂ ਸਗੋਂ ਮੁੱਖ ਨਾਟਕ ਅਖੀਰ ’ਤੇ ਪ੍ਰੋਗਰਾਮ ਦਾ ਸਿਖਰ ਹੁੰਦਾ ਹੈ। ਸੱਭਿਆਚਾਰਕ ਕਾਮੇ ਵਰਤੇ ਜਾ ਹੇ ਹਨ, ਕਿਵੇਂ ਵਰਤੇ ਜਾ ਰਹੇ ਹਨ? ਕਦੋਂ ਜੋਗਿੰਦਰ ਬਾਹਰਲਾ ਵਰਤਿਆ ਗਿਆ ਤੇ ਕਿਵੇਂ ਗੁਰਸ਼ਰਨ ਸਿੰਘ ਵਰਤਿਆ ਗਿਆ?

ਕਿਸੇ ਹਰਕ੍ਰਿਸ਼ਨ ਸੁਰਜੀਤ ਦੀ ਸੜੀ ਜ਼ੁਬਾਨ ਨਾਲ ਹੀ ਸੱਭਿਆਚਾਰ ਕਾਮੇ ਲੋਕਾਂ ਤੇ ਲੋਕਾਂ ਦੀਆਂ ਲਹਿਰਾਂ ਲਈ ‘ਨਚਾਰ’ ਨਹੀਂ ਬਨਣ ਲੱਗੇ, ਇੰਨਾ ਯਕੀਨ ਜ਼ਰੂਰ ਰੱਖਣਾ ਚਾਹੀਦੈ, ਦੋਸਤ! ਅਸਲ ’ਚ ਪਿਆਰੇ ਸੁੱਖੀ ਤੈਨੂੰ ਵੀ ਪਤੈ ਕਿ ਇਹ ਦਸਤਾਵੇਜ ਕਿਵੇਂ ਬਣਿਐ? ਕਿਰਨਜੀਤ ਲੜੀ, ਲੋਕ ਲੜੇ, ਐਕਸ਼ਨ ਕਮੇਟੀ ਲੜੀ ਤੇ ਸੰਘਰਸ਼ ਕਮੇਟੀ ਲੜੀ। ਇਹ ਸਾਰਾ ਕੁੱਝ ਘੱਟੋ ਘੱਟ ਕਿਸੇ ਸਿਆਸੀ-ਵਿਚਾਰਕ ਬੰਧੇਜ਼ ’ਚ ਹੋਇਆ ਹੈ। ਕਿ ਨਹੀਂ? ਹਾਂ ਕੋਈ ਫਰੀ ਲਾਂਸਰ ਬੰਬੇ ਤੋਂ, ਆ ਕੇ ਆਪਣੇ ਤੌਰ ’ਤੇ ਕੋਈ ਫ਼ਿਲਮ ਬਣਾ ਲੈ ਜਾਂਦਾ ਤੇ ਮਰਜ਼ੀ ਨਾਲ ਆਪਣੇ ਪ੍ਰੋਡਕਟ ਦੀ ਸਿਆਸੀ ਆਰਥਿਕਤਾ ਤੈਅ ਕਰ ਲੈਂਦਾ, ਸਾਨੂੰ ਕੋਈ ਮਤਲਬ ਨਹੀਂ ਸੀ ਹੋਣਾ। ਪਰ ਅਸੀਂ ਤਾਂ ਇਹ ਸਮਝ ਕੇ, ਮਿੱਥ ਕੇ ਚੱਲੇ ਸੀ ਕਿ ਸੂਤਰਧਾਰ ਸਾਥੀ ਸਾਡਾ ਆਪਣਾ ਹੈ, ਸਾਡੇ ਇਨਕਲਾਬੀ ਖੇਮੇ ਦਾ ਹੈ, ਜਿਵੇਂ ਕਿ ਤੂੰ ਹੈ! ਵਿਚਾਰਧਾਰਕ, ਵਿਹਾਰਕ ਮੱਤਭੇਦ ਹੋ ਸਕਦੇ ਹਨ ਪਰ ਜੇ ਪੂਰੀ ਤੇਰਾਂ ਸਾਲਾਂ ਦੀ ਇਕ ਲਹਿਰ, ਲੱਖ ਦਿੱਕਤਾਂ ਦੇ ਬਾਵਜੂਦ, ਮੱਤਭੇਦਾਂ ਤੇ ਮੋੜਾਂ ਘੋੜਾਂ ਦੇ ਬਾਵਜੂਦ ਇੱਕਜੁੱਟ ਹੈ ਤਾਂ ਇਹ ਕਿਸੇ ਘੱਟੋ ਘੱਟ ਸਿਆਸਤ ਬੰਧੇਜ਼ ’ਤੇ ਹੀ ਖੜ੍ਹੀ ਹੈ। ਜਿਨ੍ਹਾਂ ‘ਸਿਆਸੀ ਚੌਧਰੀਆਂ’ ਨੇ ਇਹ ਬੰਧੇਜ਼ ਤੋੜਿਆ ਹੋਵੇਗਾ ਉਹ ਬਹੁਤੀ ਦੇਰ ਤੱਕ ਲੋਕਾਂ ਦੇ ‘ਚੌਧਰੀ’ ਬਣੇ ਨਹੀਂ ਰਹਿ ਸਕਦੇ। ਤੇਰਾ ਪਿਆਰਾ ਸੂਤਰਧਾਰ ਸਾਡਾ ਵੀ ਪਿਆਰਾ ਹੈ, ਸਤਿਕਾਰਿਆ ਹੈ। ਪਰ ਅਕੈਡਮਿਕ ਈਗੋ ਮਾੜੀ ਹੁੰਦੀ ਹੈ ਤੇ ਉਸਦਾ ਸੰਦ ਬਨਣਾ ਉਸ ਤੋਂ ਵੀ ਮਾੜਾ। ਸੂਤਰਧਾਰ ਸਾਡੇ ਖੇਮੇ ਦਾ ਮਿੱਤਰ ਹੈ। ਮਿੱਤਰਤਾ ਪੂਰਵਕ ਵਾਰਤਾਲਾਪ ਅਤਿਅੰਤ ਜ਼ਰੂਰੀ ਹੈ। ਪਰ ਵਾਰਤਾਲਾਪ ਦੀ ਥਾਂ ਆਪਣੀ ਹੀ ਲਹਿਰ ਨੂੰ ‘ਸਿਆਸੀ ਚੌਧਰੀਆਂ’ ਦੇ ਫਤਵੇ ਜਾਰੀ ਕਰਨੇ ਚੰਗੇ ਨਹੀਂ ਹੁੰਦੇ। ਆਉ ਰਲ ਮਿਲ ਕੇ ਉਸਾਰੂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰੀਏ।

- ਕੰਵਲਜੀਤ ਖੰਨਾ
ਲੇਖ਼ਕ ਇਨਕਲਾਬੀ ਕੇਂਦਰ,ਪੰਜਾਬ ਦੇ ਅਹੁਦੇਦਾਰ ਹਨ।

Thursday, September 9, 2010

ਮੌਤ ਦੀ ਸਰਦਲ ਤੋਂ ਜ਼ਿੰਦਗੀ ਦਾ ਗੀਤ

ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਚਿੰਤਨਸ਼ੀਲ ਤੇ ਮਕਬੂਲ ਕਵੀ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰਕੇ ਉਸ ਦੀਆਂ ਕਵਿਤਾਵਾਂ ਨਿੱਤ ਨਵੇਂ ਅਰਥ ਸਿਰਜਦੀਆਂ, ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹੋਈਆਂ ਦੇਸ਼/ਕਾਲ ਤੋਂ ਪਾਰ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਾਤ ਨਾਲ ਜੂਝਦਾ ਰਿਹਾ। ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨੇਰੀਆਂ ਵਿਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਸਲਾ ਰੱਖਦਾ ਰਿਹਾ। ਇਹੀ ਸਾਰਾ ਜੀਵਨ ਅਨੁਭਵ/ਦ੍ਰਿਸ਼ਟੀ ਉਸ ਦੀ ਕਵਿਤਾ ’ਚ ਫਲਦੀ ਰਹੀ, ਜਿਸ ਕਰਕੇ ਉਸ ਦੀ ਕਵਿਤਾ ਵਿਲੱਖਣ, ਮੌਲਿਕ ਤੇ ਸੱਜਰਾ ਮੁਹਾਂਦਰਾ ਰੱਖਦੀ ਹੈ। ਡਾ.ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ,‘‘ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।’’

9 ਸਤੰਬਰ, 1950 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਜੰਮਿਆ ਪਾਸ਼ ਬਚਪਨ ਤੋਂ ਹੀ ਸੰਵੇਦਨਸ਼ੀਲ ਸੀ।ਪਾਸ਼ ਨੇ ਆਜ਼ਾਦਾਨਾ ਸੁਭਾਅ ਕਾਰਨ ਨੌਵੀਂ ਕਲਾਸ ਵਿਚ ਦਾਖਲ ਹੋਣ ਦੀ ਥਾਂ ਕਪੂਰਥਲੇ ਖੁੱਲ੍ਹੇ ਤਕਨੀਕੀ ਸਕੂਲ ਵਿਚ ਦਾਖਲਾ ਲੈ ਲਿਆ। ਉਸ ਦੀ ਖੱਬੇ ਪੱਖੀ ਰਾਜਨੀਤਕ ਕਾਰਕੁਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ ਹੋ ਗਈ। ਤੇ ਜਿਵੇਂ ਪਾਸ਼ ਦੀ ਜ਼ਿੰਦਗੀ ਨੇ ਆਪਣਾ ਰੁਖ਼ ਹੀ ਬਦਲ ਲਿਆ।

1967 ਵਿਚ ਪਾਸ਼ ਬਾਰਡਰ ਸਕਿਓਰਿਟੀ ਫੋਰਸ ਵਿਚ ਹੋ ਗਿਆ ਪਰ ਤਿੰਨ ਮਹੀਨਿਆਂ ’ਚ ਹੀ ਇਹ ਨੌਕਰੀ ਛੱਡ ਆਇਆ। ਜਲੰਧਰ ਛਾਉਣੀ ਵਿਖੇ ਜੈਨ ਹਾਈ ਸਕੂਲ ਤੋਂ ਨੌਵੀਂ ਜਮਾਤ ਪਾਸ ਕੀਤੀ। 1968 ਵਿਚ ਨਕਸਲਬਾੜੀ ਲਹਿਰ ਪੰਜਾਬ ਵਿਚ ਜ਼ੋਰ ਫੜਨ ਲੱਗੀ। ਪਾਸ਼ ਦੀ ਉਮਰ 18 ਸਾਲ ਸੀ ਅਤੇ ਉਹ ਨਕਸਲਬਾੜੀ ਲਹਿਰ ਵਿਚ ਸ਼ਾਮਲ ਹੋ ਗਿਆ। ਉਸ ਵੇਲੇ ਰੂਸ ਅਤੇ ਚੀਨ ਦਾ ਸਮਾਜਵਾਦੀ ਇਨਕਲਾਬ ਦੁਨੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰ ਰਿਹਾ ਸੀ। ਇਸੇ ਲਈ ਪਾਸ਼ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦਾ ਹੋਇਆ ਇਸ ਨੂੰ ਆਪਣੀ ਕਵਿਤਾ ਦਾ ਧੁਰਾ ਬਣਾਉਂਦਾ ਹੈ। ਉਸ ਦੇ ਤੱਤੇ ਖੂਨ ’ਚੋਂ ਉਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਸ਼ਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ। ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਪਾਸ਼ ਰਾਜਸੀ ਗਤੀਵਿਧੀਆਂ ਵਿਚ ਵੀ ਸਰਗਰਮ ਹੋ ਗਿਆ ਸੀ। ਉਹ ਨਕਸਲਬਾੜੀ ਲਹਿਰ ਨਾਲ ਜੁੜੀਆਂ ਸਾਹਿਤਕ ਅਤੇ ਰਾਜਸੀ ਗਤੀਵਿਧੀਆਂ ਵਿਚ ਸਰਗਰਮ ਰਿਹਾ। 1970 ਵਿਚ ਛਪਿਆ ਪਾਸ਼ ਦਾ ਪਹਿਲਾ ਕਾਵਿ-ਸੰਗ੍ਰਹਿ ‘ਲੋਹ-ਕਥਾ’ ਉਸ ਦੀਆਂ ਨਕਸਲਬਾੜੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਦਾ ਹੀ ਸਾਹਿਤਕ ਸਿੱਟਾ ਕਿਹਾ ਜਾ ਸਕਦਾ ਹੈ।

ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤਕ ਦਾ ਸਮਾਂ ਸਾਹਿਤਕ/ਰਾਜਸੀ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। 1972 ਵਿਚ ਪਾਸ਼ ਨੇ ‘ਸਿਆੜ’ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸੇ ਵੇਲੇ ਉਸ ਨੂੰ ਮੋਗਾ-ਕਾਂਡ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। 1973 ਵਿਚ ‘ਸਿਆੜ’ ਬੰਦ ਹੋ ਗਿਆ ਅਤੇ 1974 ਵਿਚ ਪਾਸ਼ ਦੀ ਦੂਜੀ ਕਾਵਿ-ਪੁਸਤਕ ‘ਉਡਦੇ ਬਾਜਾਂ ਮਗਰ’ ਛਪੀ। ਮਈ 1974 ਵਿਚ ਹੋਈ ਰੇਲਵੇ ਹੜਤਾਲ ਦੌਰਾਨ ਪਾਸ਼ ਦੀ ਗ੍ਰਿਫ਼ਤਾਰੀ ਹੋਈ। ਰਿਹਾਅ ਹੋ ਕੇ ‘ਹੇਮ ਜਯੋਤੀ’ ਦੀ ਸੰਪਾਦਕੀ ਕੀਤੀ। ਕੁਝ ਸਮਾਂ ਦੇਸ-ਪ੍ਰਦੇਸ (ਲੰਡਨ) ਦਾ ਪੱਤਰ ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਅਥਲੀਟ ਦੀ ‘ਸਵੈ-ਜੀਵਨੀ’ ‘ਫਲਾਇੰਗ ਸਿੱਖ’ ਲਿਖ ਕੇ ਦਿੱਤੀ।

ਜੂਨ 1978 ਨੂੰ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਲ ਹੋਇਆ। ਇਨ੍ਹੀਂ ਦਿਨੀਂ ਸਤੰਬਰ, 1978 ਨੂੰ ਪਾਸ਼ ਦਾ ਤੀਜਾ ਤੇ ਆਖਰੀ ਕਾਵਿ-ਸੰਗ੍ਰਹਿ ‘ਸਾਡੇ ਸਮਿਆਂ ਵਿਚ’ ਛਪਿਆ। ਗ੍ਰਹਿਸਥੀ ਜੀਵਨ ਦੀ ਗੱਡੀ ਨੂੰ ਤੋਰਨ ਲਈ ਪਾਸ਼ ਨੇ 1979 ਵਿਚ ਗੁਆਂਢੀ ਪਿੰਡ ਉੱਗੀ ਵਿਖੇ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਖੋਲ੍ਹ ਲਿਆ ਅਤੇ ਇਸੇ ਸਾਲ ਉਸ ਨੇ ਹੱਥ ਲਿਖਤ ਪਰਚਾ ‘ਹਾਕ’ ਕੱਢਣਾ ਸ਼ੁਰੂ ਕੀਤਾ। ਪਾਸ਼ ਪੰਜਾਬ ਦੇ ਵਿਗੜ ਰਹੇ ਮਾਹੌਲ ਅਤੇ ਪ੍ਰਤੀਕੂਲ ਸਥਿਤੀਆਂ ਕਾਰਨ ਨਾ ਸਕੂਲ ਹੀ ਚਲਾ ਸਕਿਆ ਅਤੇ ਨਾ ‘ਹਾਕ’ ਪਰਚੇ ਨੂੰ ਲਗਾਤਾਰ ਕੱਢ ਸਕਿਆ।

ਨਕਸਲਬਾੜੀ ਲਹਿਰ ਦੇ ਪੰਜਾਬ ਵਿਚੋਂ ਬਿਖਰਨ ਅਤੇ ਖਾਲਿਸਤਾਨ ਲਹਿਰ ਦੇ ਪੰਜਾਬ ਵਿਚ ਜ਼ੋਰ ਫੜਨ ਨੇ ਪਾਸ਼ ਦੀਆਂ ਮੁਸ਼ਕਲਾਂ ’ਚ ਵਾਧਾ ਕਰ ਦਿੱਤਾ। ਇਸੇ ਵੇਲੇ 19 ਜਨਵਰੀ, 1982 ਨੂੰ ਪਾਸ਼ ਦੇ ਘਰ ਧੀ ਵਿੰਕਲ ਦਾ ਜਨਮ ਹੋਇਆ, ਜਿਸ ਨੇ ਪਾਸ਼ ਦੀਆਂ ਜ਼ਿੰਮੇਵਾਰੀਆਂ ਨੂੰ ਵਧਾ ਦਿੱਤਾ। ਅਜਿਹੇ ਮਾਹੌਲ ਵਿਚ ਪਾਸ਼ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਸੀ। ਫਿਰ ਵੀ ਉਸ ਨੇ ਜ਼ਿੰਦਗੀ ਦਾ ਸਾਹਮਣਾ ਕੀਤਾ ਜਿਸ ਦਾ ਵਰਨਣ ਉਸ ਦੀ ਡਾਇਰੀ ਵਿਚ ਕਈ ਥਾਈਂ ਆਉਂਦਾ ਹੈ। ਉਹ ਦੋੋਸਤੀਆਂ ਨਿਭਾਉਂਦਾ, ਜ਼ਿੰਦਗੀ ਦੀਆਂ ਧੁੱਪਾਂ-ਛਾਵਾਂ ਹੰਢਾਉਂਦਾ, ਤਿਉਹਾਰ ਮਨਾਉਂਦਾ, ਚਿੰਤਨ ਕਰਦਾ, ਵਰਜਿਸ਼ ਕਰਦਾ, ਘਰ ਦੇ ਫਿਕਰਾਂ ’ਚ ਰੁੱਝਿਆ ਉਮਰ ਦੇ ਹਰ ਪਲ ਨਾਲ ਖਹਿ ਕੇ ਲੰਘਦਾ ਰਿਹਾ। ਅਸਲ ਵਿਚ ਪਾਸ਼ ਭਰਪੂਰ ਜ਼ਿੰਦਗੀ ਜਿਉਣ ਦਾ ਚਾਹਵਾਨ ਸੀ। ਉਸ ਦੇ ਹਰ ਸਾਲ ਦਾ ਹਿਸਾਬ, ਉਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ, ਭਵਿੱਖ ਨੂੰ ਹੋਰ ਮਾਣਨ ਦੀ ਇੱਛਾ, ਪਾਸ਼ ਦੇ ਆਮ ਮਨੁੱਖ ਨਾਲੋਂ ਵਿਸ਼ੇਸ਼ ਤੇ ਵਿਲੱਖਣ ਹੋਣ ਦਾ ਪ੍ਰਮਾਣ ਹੈ।

ਪੰਜਾਬ ਵਿਚ ਖਾਲਿਸਤਾਨੀ ਲਹਿਰ ਵਧੇਰੇ ਜ਼ੋਰ ਫੜ ਰਹੀ ਸੀ, ਜਿਸ ਨਾਲ ਪਾਸ਼ ਦੇ ਵਿਚਾਰਧਾਰਕ ਵਖਰੇਵੇਂ ਵਧ ਰਹੇ ਸਨ। ਪਾਸ਼ ਦੀ ਸ਼ਖਸੀਅਤ ਹੀ ਐਸੀ ਸੀ ਕਿ ਉਹ ਰਾਜਸੀ ਗਤੀਵਿਧੀਆਂ ਤੋਂ ਨਿਰਲੇਪ ਨਹੀਂ ਰਹਿ ਸਕਿਆ। ਅਮਰੀਕਾ ਜਾ ਕੇ ਮਾਸਿਕ ਪੱਤਰ ਐਂਟੀ-47 ਦੀ ਸੰਪਾਦਨਾ ਦਾ ਕੰਮ ਸੰਭਾਲ ਲਿਆ। ਇਸ ਵਿਚ ਸਿੱਖ ਖਾੜਕੂਆਂ ਦਾ ਖੁੱਲ੍ਹ ਕੇ ਵਿਰੋਧ ਕਰਨ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਇਨ੍ਹਾਂ ਖਾੜਕੂਆਂ ਦੀਆਂ ਧਮਕੀਆਂ ਕਰਕੇ ਹੀ ਪਾਸ਼ ਦੀ ਪਹਿਲਾਂ ਤੋਂ ਅਸਥਿਰ ਤੇ ਸੰਘਰਸ਼ਸ਼ੀਲ ਜ਼ਿੰਦਗੀ ਨੂੰ ਬਿਲਕੁਲ ਮੁਹਾਲ ਕਰ ਦਿੱਤਾ ਸੀ। ਗੁਰਬਚਨ ਨੇ ਲਿਖਿਆ ਹੈ ਕਿ ‘‘ਪਾਸ਼ ਨੂੰ ਹਿੰਸਕ ਧੰਦੂਕਾਰਾ ਫੈਲਾਉਣ ਵਾਲਿਆਂ ’ਤੇ ਗੁੱਸਾ ਸੀ ਕਿਉਂਕਿ ਇਹਦੇ ਰਾਹੀਂ ਮਾਸੂਮ ਬੰਦਾ ਪਿਸ ਰਿਹਾ ਸੀ ਜੋ ਪਹਿਲਾਂ ਹੀ ਸਟੇਟ ਦੇ ਤਸ਼ੱਦਦ ਦਾ ਸ਼ਿਕਾਰ ਸੀ।’’ ਇਸ ਤੋਂ ਪਹਿਲਾਂ ਵੀ ਪਾਸ਼ ਇਕ ਚਿੱਠੀ ਵਿਚ ਲਿਖਦਾ ਹੈ ਕਿ ‘‘ਮੇਰੇ ਅੰਦਰ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਨਾਲ ਅੰਤਾਂ ਦੀ ਨਫ਼ਰਤ ਹੈ, ਕੇਵਲ ਸਿੱਖਾਂ ਦੀ ਹੀ ਨਹੀਂ ਸਗੋਂ ਹਿੰਦੂਆਂ ਦੇ ਲਈ ਵੀ।’’

ਪਾਸ਼ ਅਮਰੀਕਾ ਵਿਖੇ ਇਕ ਸੈਲਾਨੀ ਦੇ ਤੌਰ ’ਤੇ ਗਿਆ ਸੀ ਤੇ ਉਸ ਨੂੰ ਅਮਰੀਕਾ ਵਿਚ ਲੰਮਾ ਸਮਾਂ ਰਹਿਣ ਲਈ ਹਰ ਸਾਲ ਵੀਜ਼ਾ ਲੈਣ ਦੀ ਸ਼ਰਤ ਸੀ। 1987 ਵਿਚ ਪਾਸ਼ ਨੂੰ ਦੁਬਾਰਾ ਵੀਜ਼ਾ ਲੈਣ ਲਈ ਕੈਨੇਡਾ ਜਾਣਾ ਪਿਆ। ਦੁਬਾਰਾ ਅਮਰੀਕਾ ਜਾਣ ਲਈ ਪਾਸ਼ ਕਈ ਹੀਲੇ-ਵਸੀਲੇ ਕਰਦਾ ਰਿਹਾ ਤੇ ਅਖੀਰ ਉਹ ਬਰਾਜ਼ੀਲ ਦਾ ਵੀਜ਼ਾ ਲੈਣ ਵਿਚ ਸਫਲ ਵੀ ਹੋ ਗਿਆ। 23 ਜਨਵਰੀ, 1988 ਨੂੰ ਪਾਸ਼ ਆਪਣੇ ਮਿੱਤਰ ਹੰਸ ਰਾਜ ਸਮੇਤ ਖਾਲਿਸਤਾਨੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਸਾਰੀ ਉਮਰ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਦਹਿਕਦੇ ਅੰਗਿਆਰਾਂ ’ਤੇ ਸੌਂ ਕੇ ਰਾਤ ਰੁਸ਼ਨਾਉਣ ’ਚ ਮਸਰੂਫ਼ ਰਿਹਾ:

ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ
ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ
ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ
ਮੌਤ ਦੀ ਸਰਦਲ ਤੇ ਬਹਿ ਕੇ ਗਾਉਂਦੇ ਰਹੇ ਨੇ ਲੋਕ


ਪਰਮਜੀਤ ਸਿੰਘ ਕੱਟੂ
ਲੇਖ਼ਕ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਖੋਜਕਰਤਾ ਹਨ।

Thursday, September 24, 2009

ਡੈਸ਼ ਸਾਹਿਬ


(ਡੈਸ਼ ‘ਚ ਜਿਹਦਾ ਮਰਜ਼ੀ ਨਾਮ ਭਰ ਲਿਓ)

ਡੈਸ਼ ਸਾਹਿਬ ਵੀ ਕਵਿਤਾ ਸੋਚਦਾ ਹੈ
ਉਦਾਸੀ ਤੇ ਪਾਸ਼ ਵਾਂਗ
ਬਹਿਰ ਦੇ ਅੰਦਰ ਬਾਹਰ ਬਹਿਣਾ ਲੋਚਦਾ ਹੈ


‘ਦਿੱਲੀ ਦੀ ਹਾਕਮ ਔਰਤ ਦੇ ਪਿੰਡ ਦੀ ਕੁੜੀ ਨਾਲ ਵੈਰ’ ਵਾਲੀ ਕਵਿਤਾ ਪੜ੍ਹ ਕੇ
ਓਸ ਦਾ ਪੈਨ ਵੀ ਕਵਿਤਾ ਬੋਚਦਾ ਹੈ

ਕਿ ਦਿੱਲੀ ਦੇ ਫਿਕਰਾਂ ‘ਚ
ਓਹਰੇ ਪਿੰਡ ਦਾ ਜ਼ਿਕਰ ਕਿਊਂ ਨੀ ਆਉਂਦਾ

ਸ਼ਤਾਬਦੀ ਦੇ ਟੁੱਟੇ ਸ਼ੀਸ਼ੇ ‘ਚ
ਅੱਧੇ ਪਿੰਡ ਦੇ ਖਾਲੀ ਖੀਸੇ ਦਾ

ਮੰਤਰੀ ਨਾਲ ਹੋਏ ਧੱਕੇ ‘ਚ
ਫੰਦੇ ਨਾਲ ਲਟਕੇ ਜੱਗੇ ਦਾ

ਫੈਸ਼ਨ ਵੀਕਾਂ ਦੀ ਲੜਾਈ ‘ਚ
ਸੰਤੀ ਦੇ ਪਾਟੇ ਝੱਗੇ ਦਾ
ਜ਼ਿਕਰ ਕਿਉਂ ਨਹੀਂ ਆਉਂਦਾ

ਪਰ ਫੇਰ ਬੋਸ ਦੀ ਉੱਚੀ ਹਾਕ ਸੁਣ
ਔਕਾਤ ‘ਚ ਵਾਪਸ ਆਉਂਦਾ ਹੈ

ਨੀਮ ਸਰਕਾਰੀ ਹੈੱਡਲਾਈਨਾਂ ਲਿਖਦਾ ਹੈ
ਖੱਸੀ ਗੁਲਾਮ ਪੱਤਰਕਾਰ ਦੀ ਜ਼ਾਤ ‘ਚ ਵਾਪਸ ਆਉਂਦਾ ਹੈ

ਦਵਿੰਦਰਪਾਲ