ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, February 24, 2016

ਪੰਜਾਬ ਦਾ ਉਮਰ ਖ਼ਾਲਿਦ ਨਾਲ ਰਿਸ਼ਤਾ

ਦੋ ਮਾਵਾਂ। ਇਕ ਨੇ ਮੈਨੂੰ ਊਂਗਲ ਫੜ ਕੇ ਤੁਰਨਾ ਤੇ ਦੂਜੀ ਨੇ ਜਿਉਣਾ ਸਿਖਾਇਆ। ਸਮਾਜ,ਸੱਭਿਆਚਾਰ,ਕਲਾ,ਸਾਹਿਤ ਤੇ ਸਿਆਸਤ ਨੂੰ ਦੇਖਣ-ਸਮਝਣ ਦੀ ਨਜ਼ਰ ਪੈਦਾ ਕੀਤੀ। ਤੁਰਨਾ ਸਿਖਾਉਣ ਵਾਲੀ ਮਾਂ ਦੀ ਗੋਦੀ 'ਚ ਪਿੰਡ (ਧਨੌਲੇ) ਖੇਡਿਆ ਤੇ ਜਿਉਣਾ ਸਿਖਾਉਣ ਵਾਲੀ ਮਾਂ ਦੀ ਗੋਦੀ 'ਚ ਦਿੱਲੀ। ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ਨੂੰ ਆਪਣੀ ਦੂਜੀ ਮਾਂ ਮੰਨਦਾ ਹਾਂ।
ਇਹ ਖ਼ਾਲਿਦ ਨਾਲ 2011 ਦੀ ਹੋਲੀ ਦੀ ਫੋਟੋ ਹੈ,ਜਿਸ 'ਚ ਉਹ ਸਭ ਤੋਂ ਅੱਗੇ ਖੜ੍ਹਾ ਹੈ। ਮੈਂ ਸੱਜਿਓਂ ਦੂਜੇ ਨੰਬਰ 'ਤੇ ਹਾਂ।


ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਕਦੇ ਵਿਦਿਆਰਥੀ ਨਹੀਂ ਰਿਹਾ। ਦਿੱਲੀ 'ਚ ਪੱਤਰਕਾਰੀ ਕਰਦਿਆਂ ਯੂਨੀਵਰਸਿਟੀ ਨਾਲ ਰਿਸ਼ਤਾ ਜੁੜਿਆ ਤੇ 'ਵਰਸਟੀ ਦਾ ਬੇਹੱਦ ਪਿਆਰ ਮਾਣਿਆ। ਮੈਂ ਪੱਤਰਕਾਰੀ ਤੋਂ ਵੱਧ ਜੇ ਐਨ ਯੂ ਤੋਂ ਸਿੱਖਿਆ ਹੈ।

ਕਥਿਤ ਦੇਸਧ੍ਰੋਹੀ ਉਮਰ ਖ਼ਾਲਿਦ ਨੂੰ ਮੈਂ 2010 ਤੋਂ ਜਾਣਦਾ ਹਾਂ। ਯੂਨੀਵਰਸਿਟੀ 'ਚ ਓਹਦੇ ਨਾਲ ਲਗਾਤਾਰ ਮੁਲਾਕਾਤਾਂ ਹੁੰਦੀਆਂ ਰਹੀਆਂ। ਉਸ ਨਾਲ ਕਸ਼ਮੀਰ,ਮਨੀਪੁਰ,ਆਦਿਵਾਸੀਆਂ ਤੇ ਦਲਿਤ ਜਿਹੇ ਮਸਲਿਆਂ 'ਤੇ ਗੰਭੀਰ ਚਰਚਾ ਹੁੰਦੀ ਰਹੀ ਹੈ। ਖਾਲਿਦ ਨੂੰ ਪੰਜਾਬ ਬਾਰੇ ਜਾਣਨ ਦੀ ਹਮੇਸ਼ਾਂ ਤਾਂਘ ਰਹੀ ਤੇ ਮੈਂ ਉਸ ਨਾਲ ਪੰਜਾਬ ਦੇ ਇਤਿਹਾਸ,ਵਰਤਮਾਨ ਤੇ ਭਵਿੱਖ ਨਾਲ ਵਿਚਾਰ-ਚਰਚਾ ਕਰਦਾ ਰਿਹਾ ਹਾਂ।

ਖ਼ਾਲਿਦ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਨੌਜਵਾਨ ਹੈ। ਦੇਸ ਦੀ ਦਸ਼ਾ ਤੇ ਦਿਸ਼ਾ ਬਾਰੇ ਫਿਕਰਮੰਦ ਹੈ। ਧਾਰਮਿਕ ਘੱਟਗਿਣਤੀਆਂ,ਕੌਮੀਅਤਾਂ,ਦਲਿਤਾਂ ਤੇ ਆਦਿਵਾਸੀਆਂ 'ਤੇ ਹੋ ਰਹੇ ਜ਼ੁਲਮਾਂ ਖ਼ਿਲਾਫ ਬੋਲਦਾ ਹੈ। ਉਮਰ ਨਾਸਤਿਕ ਹੈ ਪਰ ਉਹ ਸਿੱਖਾਂ,ਇਸਾਈਆਂ ਤੇ ਮੁਸਲਮਾਨ ਖ਼ਿਲਾਫ ਹੋ ਰਹੀ ਧਰੁਵੀਕਰਨ ਦੀ ਸਿਆਸਤ ਖ਼ਿਲਾਫ ਡੱਟ ਕੇ ਲੜਦਾ ਤੇ ਬੋਲਦਾ ਰਿਹਾ ਹੈ।


ਬੇਹੱਦ ਗੰਭੀਰ ਨੌਜਵਾਨ ਹੋਣ ਦੇ ਬਾਵਜੂਦ ਉਹ ਬੇਹੱਦ ਹਸਮੁਖ ਹੈ। ਜੇ ਐਨ ਯੂ 'ਚ ਹੋਲੀ ਦਾ ਤਿਓਹਾਰ ਬੜੇ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਂਦਾ ਹੈ। ਮੈਂ ਵੀ ਹੋਲੀ ਓਥੇ ਖੇਡਣੀ ਸਿੱਖੀ। 2011 'ਚ ਮੈਂ ਤੇ ਉਮਰ ਸਤਲੁਜ ਹੋਸਟਲ ਦੇ ਪਿੱਛੇ ਹੋਲੀ ਖੇਡੇ। ਗਾਣੇ ਗਾਏ,ਪੰਜਾਬੀ ਬੋਲੀਆਂ ਪਾਈਆਂ। ਹਾਸੇ-ਮਜ਼ਾਕ 'ਚ ਜ਼ਿੰਦਾਬਾਦ-ਮੁਰਦਾਬਾਦ ਕੀਤੀ। ਖਾਲਿਦ ਨਾਸਤਿਕ ਹੁੰਦਿਆਂ ਹੋਇਆਂ ਵੀ ਹਰ ਧਰਮ ਦੇ ਤਿਓਹਾਰਾਂ ਤੇ ਰਿਵਾਜਾਂ ਦਾ ਆਦਰ ਕਰਦਾ ਹੈ। ਉਹ ਸਮਾਜਿਕ,ਸੱਭਿਆਚਾਰਕ ਤੇ ਧਾਰਮਿਕ ਵੰਨ-ਸਵੰਨਤਾ ਦਾ ਕਦਰਦਾਨ ਹੈ। ਬੜੀ ਰੌਚਿਕ ਗੱਲ ਹੈ ਕਿ ਨਾਸਤਿਕ ਹੁੰਦਿਆਂ ਹੋਇਆ ਖਾਲਿਦ ਨੂੰ ਕਹਿਣਾ ਪਿਆ ਕਿ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਮੈਂ ਮੁਸਲਮਾਨ ਹਾਂ। ਉਸਦੀ ਇਹ ਗੱਲ ਸੁਣਕੇ ਮੈਨੂੰ ਲੱਗਿਆ ਕਿ ਇਸ ਦੇਸ ਦਾ ਅਸਲ ਸੱਚ ਇਹੀ ਹੈ।


ਦਰ ਅਸਲ ਪਛਾਣ ਦਾ ਮਸਲਾ ਬੇਹੱਦ ਗੁੰਝਲਦਾਰ ਹੈ। ਵਿਅਕਤੀਗਤ ਪੱਧਰ 'ਤੇ ਪਛਾਣ ਛੱਡਣ ਨਾਲ ਪਛਾਣ ਦੀ ਸਮਾਜਿਕਤਾ ਤੇ ਸਿਆਸਤ ਖ਼ਤਮ ਨਹੀਂ ਹੁੰਦੀ ਹੈ। ਪਛਾਣ ਹਰ ਮੋੜ 'ਤੇ ਤੁਹਾਡੇ ਸਾਹਮਣੇ ਖੜ੍ਹੀ ਹੁੰਦੀ ਹੈ। ਅੱਜ ਪੂਰੀ ਦੁਨੀਆ ਪਛਾਣ ਦੇ ਸਵਾਲਾਂ ਨਾਲ ਦੋ-ਚਾਰ ਹੋ ਰਹੀ ਹੈ। ਪਛਾਣ ਦੇ ਸਵਾਲ ਤੋਂ ਭੱਜਿਆਂ ਪਛਾਣ ਦੇ ਸਵਾਲ ਦਾ ਹੱਲ ਨਹੀਂ ਹੋ ਸਕਦਾ ਹੈ। ਅੱਜ ਪਛਾਣ 'ਤੇ ਨਾਂਅ 'ਤੇ ਘੱਟਗਿਣਤੀਆਂ ਤੇ ਕੌਮੀਅਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖ਼ਾਲਿਦ ਨੂੰ ਮੁਸਲਮਾਨ ਹੋਣ ਦਾ ਅਹਿਸਾਸ ਕਰਵਾਉਣ ਦੀ ਸਿਆਸਤ ਨੇ ਪਛਾਣ ਦੇ ਸਵਾਲ ਦੀ ਗੰਭੀਰਤਾ ਨੂੰ ਚਿੰਨ੍ਹਤ ਕੀਤਾ ਹੈ।  ਖ਼ਾਲਿਦ ਬਹਾਨੇ ਪਛਾਣ ਦੇ ਹਰ ਪਹਿਲੂ 'ਤੇ ਖੁੱਲ੍ਹਦਿਲੀ ਨਾਲ ਵਿਚਾਰ-ਚਰਚਾ ਹੋਣੀ ਚਾਹੀਦੀ ਹੈ।


ਬਿਹਤਰ ਸਮਾਜ ਦਾ ਸੁਫ਼ਨਾ ਦੇਖਣ ਵਾਲੀ ਹਰ ਵਿਚਾਰਧਾਰਾ ਨੂੰ ਮੌਜੂਦਾ ਦੌਰ 'ਚ ਪਛਾਣ ਦੇ ਸਵਾਲ ਨਾਲ ਸੰਵਾਦ ਰਚਾਉਣ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਅਜਿਹੇ ਲੋਕ ਘੱਟਗਿਣਤੀਆਂ ਤੇ ਕੌਮੀਅਤਾਂ ਦੀਆਂ ਵਿਸਵਾਸ਼ ਨਹੀਂ ਜਿੱਤਣਗੇ ਉਦੋਂ ਤੱਕ ਕਿਸੇ ਵੀ ਹੱਲ ਵੱਲ ਵਧਣਾ ਮੁਸ਼ਕਲ ਹੈ।

ਯਾਦਵਿੰਦਰ ਕਰਫਿਊ 
Mob: 95308-95198

Wednesday, February 10, 2016

ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਕਿਵੇਂ ਮਰਦੇ ਹਨ?

ਕਿਸੇ ਕਮਿਊਨਿਸਟ ਦੇ ਖ਼ੁਦਕੁਸ਼ੀ ਕਰਨ ਦਾ ਮਤਲਬ ਕੀ ਹੈ? ਚੜ੍ਹਦੀ ਕਲਾ ਦੀ ਵਿਚਾਰਧਾਰਾ ਨਾਲ ਵਿਚਰਦਾ ਮਨੁੱਖ ਢਹਿੰਦੀ ਕਲਾ ਦਾ ਸ਼ਿਕਾਰ ਕਿਉਂ ਹੋ ਜਾਂਦਾ ਹੈ? ਖ਼ੁਦਕੁਸ਼ੀ ਵੀ ਕਿਸੇ 'ਸਿਆਸੀ/ਲੀਡਰ ਭਗਤੀ ਲਹਿਰ' ਨੂੰ ਕਿਉਂ ਨਹੀਂ ਤੋੜ ਪਾਉਂਦੀ? ਕੀ 'ਜਥੇਬੰਦਕ ਸੱਤਾ' ਨਾਲ ਵਿਚਰਦੇ ਲੋਕ ਮਨੁੱਖੀ ਭਾਵਨਾਵਾਂ ਰਹਿਤ ਮਸ਼ੀਨ ਬਣ ਜਾਂਦੇ ਹਨ? ਕੀ 'ਜਥੇਬੰਦੀ ਦੀ ਹਕੂਮਤ' ਵੀ 'ਸੱਤਾ ਦੀ ਹਕੂਮਤ' ਵਰਗੀ ਹੋ ਗਈ ਹੈ? ਕੀ ਵਿਚਾਰਧਾਰਾ 'ਜਥੇਬੰਦਕ ਸੱਤਾ' ਅੱਗੇ ਫੇਲ੍ਹ ਹੋ ਜਾਂਦੀ ਹੈ? ਕੀ 'ਜਥੇਬੰਦਕ ਸੱਤਾਈ ਤਾਨਸ਼ਾਹੀ' ਹੀ ਵਿਚਾਰਧਾਰਾ ਦਾ ਕਤਲ ਕਰ ਰਹੀ ਹੈ? ਕੀ 'ਜਥੇਬੰਦਕ ਤਾਨਾਸ਼ਾਹੀ' ਹਰ ਵਿਰੋਧ ਤੇ ਵਿਰੋਧੀ ਨੂੰ ਦੁਸ਼ਮਣ ਕਰਾਰ ਦੇ ਕੇ ਦਰੜਦੀ ਰਹੇਗੀ? ਕੀ ਪੰਜਾਬ 'ਚ ਕਮਿਊਨਿਸਟ ਲਹਿਰ ਦੀ ਨਾ-ਕਾਮਯਾਬੀ ਪਿੱਛੇ ਬਾਹਰੀ ਕਾਰਕਾਂ ਦੇ ਨਾਲ ਨਾਲ 'ਅੰਦਰੂਨੀ ਤਾਨਾਸ਼ਾਹੀ' ਵੀ ਮੁੱਖ ਜ਼ਿੰਮੇਵਾਰ ਹੈ? 

ਇਨ੍ਹਾਂ ਸਵਾਲਾਂ ਨਾਲ ਮੈਂ ਪਿਛਲੇ ਸਮੇਂ 'ਚ ਰੂਬਰੂ ਹੁੰਦਾ ਰਿਹਾ ਹਾਂ। ਮੇਰੇ ਦੇਖਦਿਆਂ ਬਹੁਤ ਸਾਰੇ ਸੰਵੇਦਨਸ਼ੀਲ ਨੌਜਵਾਨ ਕਮਿਊਨਿਸਟ ਲਹਿਰ ਤੋਂ ਦੂਰ ਹੋਏ ਹਨ। ਕਿਉਂ ਦੂਰ ਹੋਏ ਹਨ? ਕੀ ਜੇ ਉਹ ਦੂਰ ਨਾ ਹੁੰਦੇ ਤਾਂ ਉਹ ਵੀ ਨਵਕਰਨ ਵਾਂਗ ਖ਼ੁਦਕੁਸ਼ੀ ਦਾ ਸ਼ਿਕਾਰ ਹੁੰਦੇ? ਕੀ ਹਰ 'ਜਥੇਬੰਦਕ ਹਕੂਮਤ' ਨੂੰ ਸਵਾਲਾਂ ਤੋਂ ਡਰ ਲੱਗਦਾ ਹੈ? ਕੀ ਇਸੇ ਲਈ ਹਰ ਆਲੋਚਨਾਤਮਿਕ ਸਵਾਲ ਕਰਨ ਵਾਲੇ ਨੂੰ ਦੁਸ਼ਮਣ,ਭਗੌੜਾ ਆਦਿ ਆਦਿ ਕਰਾਰ ਦਿੱਤਾ ਜਾਂਦਾ ਹੈ? 

 ਦਰ ਅਸਲ ਸਵਾਲ ਸਿਰਫ਼ ਨਵਕਰਨ ਦੀ ਖ਼ੁਦਕੁਸ਼ੀ ਤੇ ਰੈਵੋਲੂਸ਼ਨਿਰੀ ਕਮਿਊਨਿਸਟ ਲੀਗ ਆਫ ਇੰਡੀਆ ਦੇ 'ਅਸੰਵੇਦਨਸ਼ੀਲ ਵਤੀਰੇ/ਰਵੱਈਏ' ਦਾ ਨਹੀਂ ਹੈ। ਸਵਾਲ ਹੈ ਕਿ ਪੂਰੀ ਕਮਿਊਨਿਸਟ ਲਹਿਰ 'ਚ ਇਸ ਤਰ੍ਹਾਂ ਦੇ 'ਅਸੰਵੇਦਨਸ਼ੀਲ ਵਤੀਰੇ/ਰਵੱਈਏ' 'ਤੇ ਅੱਜ ਤੱਕ ਕਦੇ ਕੋਈ ਗੰਭੀਰ ਚਰਚਾ ਕਿਉਂ ਨਹੀਂ ਹੋਈ ਹੈ? ਜਿਹੜੇ ਇਸ ਦਾ ਸ਼ਿਕਾਰ ਵੀ ਬਣਦੇ ਰਹੇ ਹਨ ਉਹ 'ਜਥੇਬੰਦਕ ਸਮਝੌਤੇ' ਤੋਂ ਬਾਅਦ 'ਜਥੇਬੰਦਕ ਸੱਤਾ' ਦਾ ਹੀ ਹਿੱਸਾ ਬਣ ਗਏ। ਇਹ ਗੱਲ ਇਸ ਲਈ ਵੀ ਅਹਿਮ ਹੈ ਕਿ ਨਵਕਰਨ ਦੇ ਮਸਲੇ 'ਤੇ ਕਈ ਕਮਿਊਨਿਸਟ ਪਾਰਟੀਆਂ ਸਵਾਲਾਂ ਦਾ ਸਾਹਮਣਾ ਨਾ ਕਰ ਕੇ ਟਕਸਾਲੀ ਪਹੁੰਚ ਨਾਲ 'ਰੈਵੋਲੂਸ਼ਨਿਰੀ ਕਮਿਊਨਿਸਟ ਲੀਗ ਆਫ ਇੰਡੀਆ' ਦੀ ਪਿੱਠ 'ਤੇ ਖੜ੍ਹੀਆਂ ਹੋ ਗਈਆਂ ਹਨ। ਕੀ ਹਰ ਨੈਤਕਿਤਾ-ਅਨੈਤਿਕਾ 'ਚ ਇਕ ਦੂਜੇ ਦਾ ਸਾਥ ਦੇਣ ਦੀ ਸਿੱਖਿਆ ਕਮਿਊਨਿਜ਼ਮ ਦਿੰਦਾ ਹੈ? ਜੇ ਨਹੀਂ ਤਾਂ ਮਸਲੇ ਦੀ ਘੋਖ ਤੇ ਜਾਂਚ ਪੜਤਾਲ ਤੋਂ ਬਿਨਾਂ ਹੀ 'ਕੌਮਨ ਮਿਨੀਮਮ ਹਮਾਇਤ' ਦੇਣ ਦਾ ਮਤਲਬ ਕੀ ਹੈ? 

ਸਵਾਲ ਇਹ ਵੀ ਹੈ ਕਿ ਅਗਾਂਹਵਧੂ ਲਹਿਰ ਨਾਲ ਜੁੜੇ ਲੋਕ ਵੀ ਵਿਚਾਰਕ ਤੇ ਵਿਅਕਤੀਗਤ ਮੱਤਭੇਦਾਂ ਦੇ ਚੱਲਦਿਆਂ 'ਸੰਘੀਆਂ' (ਆਰਐਸਐਸ) ਵਾਂਗ ਵਿਅਕਤੀ ਦੀ ਕਿਰਦਾਰਕੁਸ਼ੀ 'ਚ ਕਿਉਂ ਜੁਟ ਜਾਂਦੇ ਹਨ? ਅਜਿਹੀਆਂ ਕਿਰਦਾਰਕੁਸ਼ੀਆਂ ਕਰਨ ਦੀ ਸਿਖਲਾਈ ਉਨ੍ਹਾਂ ਨੂੰ ਕੌਣ ਦਿੰਦਾ ਹੈ? ਵਿਚਾਰਧਾਰਾ ਤਾਂ ਕਿਸੇ ਨੂੰ ਅਜਿਹਾ 'ਖ਼ਤਰਨਾਕ ਮਨੁੱਖ ਤੇ ਭਗਤ' ਸਿਰਜਣਾ ਨਹੀਂ ਸਿਖਾਉਂਦੀ। ਹੰਕਾਰ ਦੀਆਂ ਸਭ ਹੱਦਾਂ ਪਾਰ ਕਿਉਂ ਹੋ ਜਾਂਦੀਆਂ ਹੈ? ਸਹਿਜ ਦੁਨੀਆ ਸਿਰਜਣ ਦਾ ਸੁਫ਼ਨਾ ਦੇਖਣ ਵਾਲੇ ਖ਼ੁਦ ਸਹਿਜ ਕਿਉਂ ਨਹੀਂ ਰਹਿ ਪਾਉਂਦੇ? ਜਿਹੜੇ ਲੋਕ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਨੂੰ ਉਠਾਉਂਦੇ ਰਹੇ ਹਨ ਉਨ੍ਹਾਂ ਨੂੰ ਭਗੌੜਾ/ਆਦਿ,ਆਦਿ,ਆਦਿ ਦੇ ਵਿਸ਼ੇਸ਼ਣ ਦੇ ਕੇ ਨਵਕਰਨ ਜਿਹੀ ਹਾਲਤ ਵੱਲ ਧੱਕਿਆ ਜਾਂਦਾ ਹੈ। ਕੁਝ ਨਵਕਰਨ ਬਣ ਜਾਂਦੇ ਹਨ ਤੇ ਕੁਝ 'ਖ਼ੁਸ਼ਕਿਸਮਤ' ਬਚ ਜਾਂਦੇ ਹਨ। ਦਲਜੀਤ ਅਮੀ ਨੂੰ ਵੀ 'ਆਈਫਲ ਟਾਵਰ' ਤੋਂ ਸੁੱਟਣ ਦੀ ਧਮਕੀ ਦਿੱਤੀ ਗਈ ਸੀ। ਇਕ ਹੋਰ ਵੱਡੇ ਕਾਮਰੇਡ ਨੂੰ ਜ਼ਿੰਦਗੀ ਦੇ ਆਖ਼ਰੀ ਮਰਹੱਲੇ 'ਤੇ ਆ ਕੇ ਲੱਗਦਾ ਹੈ ਕਿ 'ਮੇਰਾ ਪੈਦਾ ਹੋਣਾ ਹੀ ਗੁਨਾਹ ਸੀ। ਸਾਰੀ ਉਮਰ ਚੜ੍ਹਦੀ ਕਲਾ ਦੀ ਧਾਰਾ ਨਾਲ ਯਾਰੀ ਪਗਾਉਣ ਵਾਲੇ ਨੂੰ ਇਵੇਂ ਕਿਉਂ ਲੱਗਣ ਲੱਗ ਗਿਆ ?


ਹੁਣ ਮਸਲਾ ਇਹ ਹੈ ਕਿ ਇਹ ਸਾਰੀਆਂ ਗੱਲਾਂ 'ਕਰਨ ਵਾਲਿਆਂ' ਕੋਲ ਕੌਣ ਕਰੇਗਾ? ਕਿਉਂਕਿ ਅੱਜ ਦੀ ਘੜੀ ਤਾਂ 'ਕਰਨ ਵਾਲੇ' ਕੁਝ ਸੁਣਨ ਨੂੰ ਤਿਆਰ ਨਹੀਂ। ਜਥੇਬੰਦਕ ਢਾਂਚਿਆਂ ਦਾ ਹਿੱਸਾ ਬਣੇ ਲੋਕਾਂ ਨੂੰ ਜ਼ੁਅੱਰਤ ਨਾਲ ਸਭ ਕੁਝ ਕਹਿਣਾ ਚਾਹੀਦਾ ਹੈ। ਸੁਣਨ ਵਾਲਿਆਂ ਨੂੰ ਦਿਲ-ਦਿਮਾਗ ਵੱਡੇ ਕਰਨੇ ਚਾਹੀਦੇ ਹਨ। ਇਹ ਵੀ ਕੌੜਾ ਸੱਚ ਹੈ ਕਿ ਹਰ ਕਹਿਣ ਵਾਲੇ ਨੂੰ ਹਰ ਵਾਰ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਦਲਜੀਤ ਅਮੀ ਨੇ ਬੇਹੱਦ ਗੰਭੀਰਤਾ ਨਾਲ ਮਸਲੇ ਨੂੰ ਉਠਾਇਆ ਹੈ। ਉਮੀਦ ਹੈ ਕਿ ਅੱਗੇ ਤੋਂ ਕਿਸੇ ਸੋਹਣੇ ਸਮਾਜ ਦਾ ਸੁਫਨਾ ਦੇਖਣ ਵਾਲੇ ਨਵਕਰਨ ਨੂੰ ਖ਼ੁਦਕੁਸ਼ੀ ਕਰਵਾਉਣ ਦਾ ਮਾਹੌਲ ਨਹੀਂ ਸਿਰਜਿਆ ਜਾਵੇਗਾ। ਧਮਕੀਆਂ, ਟੈਗ ਤੇ ਵਿਸ਼ੇਸ਼ਣ ਕਚਲਰ ਦੀ ਥਾਂ ਸਿਹਤਮੰਦ ਸੱਭਿਆਚਾਰ ਲਵੇਗਾ। ਹੋ ਸਕਦੈ ਇਸ ਟਿੱਪਣੀ ਤੇ ਅਮੀ ਦੇ ਲੇਖ਼ ਦੀ ਵੀ ਮਸ਼ੀਨੀ ਅਸੰਦੇਵਨਸ਼ੀਲ ਪਹੁੰਚ ਤੇ ਕਲਾਸੀਕਲ ਪਰਿਭਾਸ਼ਵਾਂ ਨਾਲ ਖਿੱਲੀ ਉਡਾ ਦਿੱਤੀ ਜਾਵੇ ਪਰ ਕੋਈ ਹੋਰ ਨਵਕਰਨ ਨਾ ਬਣੇ। ਇਸ ਲਈ ਜ਼ਰੂਰੀ ਹੈ ਕਿ ਸੱਚ ਲਿਖਿਆ,ਬੋਲਿਆ ਜਾਵੇ।-ਯਾਦਵਿੰਦਰ ਕਰਫਿਊ

ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਕਿਵੇਂ ਮਰਦੇ ਹਨ? 


ਰੋਹਿਤ ਵੇਮੁਲਾ ਤੋਂ ਬਾਅਦ ਨਵਕਰਨ ਦੀ ਖ਼ੁਦਕੁਸ਼ੀ ਸੋਗ਼ਵਾਰ ਹੈ। ਨਵਕਰਨ ਦੀ ਖ਼ੁਦਕੁਸ਼ੀ ਇੱਕ ਪਾਸੇ ਤਾਂ ਖ਼ੁਦਕੁਸ਼ੀਆਂ ਦੇ ਰੁਝਾਨ ਦੀ ਕੜੀ ਹੈ ਪਰ ਦੂਜੇ ਪਾਸੇ ਉਸ ਦੀ ਪਛਾਣ ਨਾਲ ਜੁੜ ਕੇ ਇਸੇ ਰੁਝਾਨ ਦਾ ਗੁੰਝਲਦਾਰ ਪੱਖ ਉਜਾਗਰ ਕਰਦੀ ਹੈ। ਨਵਕਰਨ ਇੱਕ ਕਮਿਉਨਿਸਟ ਧੜੇ (ਰੈਵੂਲੁਸ਼ਨਰੀ ਕਮਿਉਨਿਸਟ ਲੀਗ ਆਫ਼ ਇੰਡੀਆ ਜਾਂ ਆਰ.ਸੀ.ਐੱਲ.ਆਈ.) ਦਾ ਕੁੱਲਵਕਤੀ ਕਾਮਾ ਸੀ। ਉਸ ਦੀ ਉਮਰ 22 ਸਾਲਾਂ ਦੀ ਸੀ। ਰਹਿਤ ਵੇਮੁਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਰੋਸ ਮੁਜ਼ਾਹਰੇ ਦੀਆਂ ਤਸਵੀਰਾਂ ਫੇਸਬੁੱਕ ਉੱਤੇ ਨਵਕਰਨ ਦੀ ਆਖ਼ਰੀ ਪੋਸਟ ਹਨ। ਜਦੋਂ ਰੋਹਿਤ ਵੇਮੁਲਾ ਦੀ ਆਖ਼ਰੀ ਖ਼ਤ ਦੀ ਲਗਾਤਾਰ ਚਰਚਾ ਚੱਲ ਰਹੀ ਹੈ ਤਾਂ ਇਸੇ ਦੌਰਾਨ ਨਵਕਰਨ ਨੇ ਆਪਣੀ ਜ਼ਿੰਦਗੀ ਦੀ ਆਖ਼ਰੀ ਚਿੱਠੀ ਲਿਖੀ ਹੈ। ਰੋਹਿਤ ਵੇਮੁਲਾ ਵਾਂਗ ਨਵਕਰਨ ਵੀ ਆਪਣੀ ਚਿੱਠੀ ਵਿੱਚ ਕਿਸੇ ਨੂੰ ਮੁਖ਼ਾਤਬ ਨਹੀਂ ਅਤੇ ਅੰਤ ਵਿੱਚ ਉਸ ਨੇ ਆਪਣਾ ਨਾਮ ਨਹੀਂ ਲਿਖਿਆ। ਇਹ ਚਿੱਠੀ ਪੜ੍ਹਨਾ ਦਰਦਨਾਕ ਹੈ ਪਰ ਇਹ ਸਾਡੇ ਦੌਰ ਦੇ ਯੁੱਗ ਪਲਟਾਉਣ ਤੁਰੇ ਨੌਜਵਾਨ ਨੇ ਲਿਖੀ ਹੈ ਇਸ ਲਈ ਪੜ੍ਹਨੀ ਜ਼ਰੂਰੀ ਹੈ। ਟੁਕੜਿਆਂ ਵਿੱਚ ਲਿਖੀ ਇਸ ਚਿੱਠੀ ਦਾ ਉਤਾਰਾ ਇੰਝ ਹੈ।

… ਸ਼ਾਇਦ ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ। … … ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ। ਪਰ ਆਪਣੇ ਅੰਦਰ ਦੋ ਚੀਜ਼ਾਂ ਨੂੰ ਸੰਭਾਲਦੇ ਹੁਣ ਮੈਂ ਹੰਭ ਚੁੱਕਾ ਹਾਂ। ਜਿਨ੍ਹਾਂ ਲੋਕਾਂ ਨਾਲ ਮੈਂ ਤੁਰਿਆ ਸਾਂ ਮੇਰੇ ਵਿੱਚ ਉਨ੍ਹਾਂ ਵਰਗੀ ਚੰਗਿਆਈ ਨਹੀਂ। ਸ਼ਾਇਦ ਇਸੇ ਕਰ ਕੇ ਮੈਂ ਉਨ੍ਹਾਂ ਦਾ ਸਾਥ ਨਹੀਂ ਨਿਭਾ ਸਕਿਆ। ਦੋਸਤੋ ਮੈਨੂੰ ਮਾਫ਼ ਕਰ ਦੇਣਾ। … … 

ਅਤੇ ਇੱਕ ਨਿੱਕੀ ਜਿਹੀ ਪਿਆਰੀ ਜਿਹੀ ਰੂਹ ਤੋਂ ਵੀ ਮੈਂ ਮਾਫ਼ੀ ਮੰਗਦਾ … ਮੈਨੂੰ ਮਾਫ਼ ਕਰ ਦੇਣਾ … ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ … … ਅਲਵਿਦਾ, ਮੈਂ ਇਹ ਫ਼ੈਸਲਾ ਆਪਣੀ ਖ਼ੁਦ ਦੀ ਕਮਜ਼ੋਰੀ ਕਰ ਕੇ ਲੈ ਰਿਹਾ ਹਾਂ। ਮੇਰੇ ਲਈ ਹੁਣ ਕਰਨ ਨੂੰ ਇਸ ਤੋਂ ਬਿਹਤਰ ਕੰਮ ਨਹੀਂ ਹੈ। ਹੋ ਸਕੇ ਤਾਂ ਮੇਰੇ ਬਾਰੇ ਸੋਚਣਾ ਤਾਂ ਜ਼ਰਾ ਰਿਆਇਤ ਨਾਲ …ਇਸ ਚਿੱਠੀ ਦੇ ਸ਼ਬਦਾਂ ਵਿੱਚ ਬਹੁਤ ਵਿੱਥ ਹੈ ਜੋ ਪਾਠਕ ਨੂੰ ਪਰੇਸ਼ਾਨ ਕਰਦੀ ਹੈ। ਕੁਝ ਸ਼ਬਦਾਂ ਦੇ ਅਰਥ ਤਾਂ ਉਸ ਨਾਲ ਰੋਜ਼ਾਨਾ ਰਾਬਤੇ ਵਾਲਿਆਂ ਦੇ ਸਮਝ ਵਿੱਚ ਵਧੇਰੇ ਆ ਸਕਦੇ ਹਨ। ਚਿੱਠੀ ਦੱਸਦੀ ਹੈ ਕਿ ਉਹ ਆਪਣੇ ਸਾਥੀਆਂ ਵਰਗੀ ‘ਚੰਗਿਆਈ’ ਨਾ ਹੋਣ ਕਾਰਨ ਉਨ੍ਹਾਂ ਨਾਲ ‘ਨਿਭ ਨਹੀਂ ਸਕਿਆ’ ਅਤੇ ‘ਹੰਭ’ ਜਾਣ ਕਾਰਨ ਇਸ ਫ਼ੈਸਲੇ ਨੂੰ ਟਾਲਦਾ ਰਿਹਾ ਪਰ ਆਖ਼ਰ ਉਹ ‘ਅਟੱਲ’ ਪਲ ਆ ਗਿਆ ਜਦੋਂ ਉਸ ਨੇ ਆਪਣੀ ‘ਕਾਇਰਤਾ ਅਤੇ ਕਮਜ਼ੋਰੀ’ ਦੀ ਥਾਂ ਮੌਤ ਨੂੰ ਤਰਜੀਹ ਦਿੱਤੀ। ਚਿੱਠੀ ਦੇ ਸ਼ਬਦਾਂ ਵਿਚਲੀ ਵਿੱਥ ਤੋਂ ਬਿਨਾਂ ਇਸ ਵਿੱਚ ਨਵਕਰਨ ਦੇ ਕਿਰਦਾਰ ਦਾ ਇੱਕ ਪੱਖ ਬਹੁਤ ਸਾਫ਼ ਝਲਕਦਾ ਹੈ। ਉਹ ਬਹੁਤ ਬੋਚ ਕੇ ਲਿਖ ਰਿਹਾ ਹੈ। ਇੱਕ ਸੁਆਲ ਤਾਂ ਸਹਿਜ ਹੀ ਉਘੜ ਆਉਂਦਾ ਹੈ ਕਿ ਉਹ ਜਿਸ ਮਾਹੌਲ ਵਿੱਚ ਰਹਿ ਰਿਹਾ ਸੀ, ਉਸ ਵਿੱਚ ‘ਭਗੌੜਾ’ ਅਤੇ ‘ਗੱਦਾਰ’ ਸ਼ਬਦਾਂ ਦੀ ਵਰਤੋਂ ਕਿੰਝ ਹੁੰਦੀ ਹੈ?


ਰੋਹਿਤ ਵੇਮੁਲਾ ਦੀ ਚਿੱਠੀ ਉੱਤੇ ਬਹੁਤ ਚਰਚਾ ਹੋ ਰਹੀ ਹੈ। ਨਵਕਰਨ ਦੀ ਚਿੱਠੀ ਰੋਹਿਤ ਵੇਮੁਲਾ ਦੀ ਚਿੱਠੀ ਦੀ ਇੱਕ ਹੋਰ ਪੜ੍ਹਤ ਉਘਾੜਦੀ ਹੈ। ਦਰਅਸਲ ਇਨ੍ਹਾਂ ਚਿੱਠੀਆਂ ਦੀ ਸਾਂਝੀ ਤੰਦ ਇਨ੍ਹਾਂ ਦੋਵਾਂ ਦਾ ਸਰਗਰਮ ਕਾਰਕੁੰਨ ਹੋਣਾ ਹੈ। ਰੋਹਿਤ ‘ਆਪਣੇ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਦੇ ਪਰਿਵਾਰ ਨੂੰ ਨਿਰਾਸ਼ ਕਰਨ ਲਈ ਮੁਆਫ਼ੀ ਮੰਗਦਾ’ ਹੈ ਅਤ ਨਵਕਰਨ ਆਪਣੇ ਸਾਥੀਆਂ ਤੋਂ ਮੌਤ ਤੋਂ ਬਾਅਦ ‘ਜ਼ਰਾ ਰਿਆਇਤ ਨਾਲ’ ਸੋਚਣ ਦੀ ਮੰਗ ਕਰਦਾ ਹੈ। ਰੋਹਿਤ ਲਿਖਦਾ ਹੈ, “ਲੋਕ ਮੈਨੂੰ ਡਰਪੋਕ ਕਰਾਰ ਦੇ ਸਕਦੇ ਹਨ। ਮੇਰੇ ਜਾਣ ਤੋਂ ਬਾਅਦ ਮੈਨੂੰ ਖ਼ੁਦਗਰਜ਼ ਜਾਂ ਮੂਰਖ਼ ਕਰਾਰ ਦਿੱਤਾ ਜਾ ਸਕਦਾ ਹੈ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਕੋਈ ਮੈਨੂੰ ਬਾਅਦ ਵਿੱਚ ਕੀ ਕਹਿੰਦਾ ਹੈ।” ਨਵਕਰਨ ਲਿਖਦਾ ਹੈ, “ਮੈਂ ਭਗੌੜਾ ਹਾਂ ਪਰ ਗੱਦਾਰ ਨਹੀਂ।” ਰੋਹਿਤ ਆਪਣੀ ਹਾਲਤ ਬਿਆਨ ਕਰਦਾ ਹੈ, “ਮੈਂ ਇਸ ਵੇਲੇ ਸੋਗ਼ਵਾਰ ਨਹੀਂ ਹਾਂ। ਮੈਂ ਉਦਾਸ ਨਹੀਂ ਹਾਂ। ਮੈਂ ਸੱਖਣਾ ਹਾਂ। ਬਿਲਕੁਲ ਖ਼ਾਲੀ, ਆਪਣੇ-ਆਪ ਤੋਂ ਬੇਖ਼ਬਰ। ਇਹੋ ਦੁੱਖ ਹੈ। ਇਸੇ ਕਾਰਨ ਮੈਂ ਵਿਦਾ ਹੁੰਦਾ ਹਾਂ।” ਨਵਕਰਨ ਇਸੇ ਲਿਖਤ ਦਾ ਅਗਲਾ ਫਿਕਰਾ ਲਿਖਦਾ ਜਾਪਦਾ ਹੈ, “ਮੈਂ ਅਜਿਹਾ ਕਰਨ ਦਾ ਫ਼ੈਸਲਾ ਬਹੁਤ ਪਹਿਲਾਂ ਲੈ ਚੁੱਕਾ ਹੁੰਦਾ ਪਰ ਜੋ ਚੀਜ਼ ਮੈਨੂੰ ਇਹ ਕਰਨ ਤੋਂ ਰੋਕਦੀ ਸੀ ਉਹ ਮੇਰੀ ਕਾਇਰਤਾ ਸੀ। … ਅਤੇ ਉਹ ਪਲ ਆ ਗਿਆ, ਜਿਸ ਪਲ ਦੀ ਅਟੱਲਤਾ ਦਾ ਮੈਨੂੰ ਸ਼ੁਰੂ ਤੋਂ ਹੀ ਭਰੋਸਾ ਸੀ, ਪੱਕਾ ਤੇ ਦ੍ਰਿੜ੍ਹ ਭਰੋਸਾ।”


ਇਹ ਦੋਵੇਂ ਚਿੱਠੀਆਂ ਇੱਕੋ ਦੌਰ ਦੇ ਸਰਗਰਮ ਕਾਰਕੁੰਨਾਂ ਨੇ ਲਿਖੀਆਂ ਹਨ। ਇਹ ਦੋਵੇਂ ਆਖ਼ਰੀ ਵੇਲੇ ਤੱਕ ਆਪਣੀਆਂ ਜਥੇਬੰਦੀਆਂ ਦੇ ਸਰਗਰਮ ਕਾਰਕੁੰਨ ਸਨ। ਦੋਵੇਂ ‘ਯੁੱਗ ਪਲਟਾਉਣ ਵਿੱਚ ਮਸਰੂਫ਼’ ਸਨ। ਯੁੱਗ ਪਲਟਾਉਣ ਤੋਂ ਬਿਹਤਰ ਸੁਫ਼ਨਾ ਜਾਂ ਜਿਊਣ ਦਾ ਕਾਰਨ ਕੀ ਹੋ ਸਕਦਾ ਹੈ? ਯੁੱਗ ਪਲਟਾਉਣ ਦਾ ਸੁਫ਼ਨਾ ਦਰਦਮੰਦੀ ਨਾਲ ਲਬਰੇਜ਼ ਜੀਆਂ ਨੂੰ ਹੀ ਆਉਂਦਾ ਹੈ। ਉਨ੍ਹਾਂ ਵਿੱਚੋਂ ਵਧੇਰੇ ਹਿੰਮਤ ਵਾਲੇ ਕੁੱਲਵਕਤੀ ਕਾਰਕੁੰਨ ਬਣਦੇ ਹਨ। ਇਹ ਗੱਲ ਤਾਂ ਨਿਜ਼ਾਮ ਵਿਰੁਧ ਚੱਲਦੀਆਂ ਯੁੱਗ ਪਲਟਾਉਣ ਦੇ ਸੁਫ਼ਨਿਆਂ ਵਾਲੀਆਂ ਤਮਾਮ ਲਹਿਰਾਂ ਬਾਬਤ ਮੰਨੀ ਜਾਂਦੀ ਹੈ ਕਿ ਕੁੱਲਵਕਤੀ ਕਾਰਕੁੰਨ ਸਮਾਜ ਦੀ ਮਲਾਈ ਹੁੰਦੇ ਹਨ। ਇਹ ਸੁਆਲ ਆਪਣੀ ਥਾਂ ਹੈ ਕਿ ਇਸ ਧਾਰਨਾ ਨੂੰ ਪੇਸ਼ ਕਰਨ ਦੀ ਸਿਆਸਤ ਕੀ ਹੈ?ਜਦੋਂ ਕੋਈ ਜਥੇਬੰਦੀ ਜਾਂ ਲਹਿਰ ਯੁੱਗ ਪਲਟਾਉਣ ਜਾਂ ਨਿਜ਼ਾਮ ਬਦਲਣ ਦਾ ਦਾਅਵਾ ਕਰਦੀ ਹੈ ਤਾਂ ਉਸ ਦੀ ਹਕੂਮਤ ਦਾ ਘੇਰਾ ਹੁੰਦਾ ਹੈ। ਉਸ ਜਥੇਬੰਦੀ ਜਾਂ ਲਹਿਰ ਨੂੰ ਭਾਵੇਂ ਸਮੁੱਚੇ ਨਿਜ਼ਾਮ ਨੂੰ ਬਦਲਣ ਵਿੱਚ ਕਾਮਯਾਬੀ ਨਾ ਮਿਲੇ ਪਰ ਉਸ ਦਾ ਸਿੱਕਾ ਕਿਤੇ ਤਾਂ ਚੱਲਦਾ ਹੈ। ਕੁੱਲਵਕਤੀ ਕਾਰਕੁੰਨਾਂ ਵਿੱਚ ਤਾਂ ਉਨ੍ਹਾਂ ਦਾ ਆਪਣਾ ਸਿੱਕਾ ਚੱਲਦਾ ਹੈ। ਜੇ ਕੁੱਲਵਕਤੀਆਂ ਉੱਤੇ ਗ਼ਾਲਬ ਨਿਜ਼ਾਮ ਦਾ ਅਸਰ ਮਾਅਨੇ ਰੱਖਦਾ ਹੈ ਤਾਂ ਜਥੇਬੰਦੀਆਂ ਦੀ ਹਕੂਮਤ ਵੀ ਮਾਅਨੇ ਰੱਖਦੀ ਹੈ। ਨਵਾਂ ਮਨੁੱਖ ਸਿਰਜਣ ਦਾ ਸੁਫ਼ਨਾ ਇੱਕ ਸੋਚ ਦੇ ਜੀਆਂ ਦੇ ਆਪਸੀ ਵਿਹਾਰ ਵਿੱਚੋਂ ਨਕਸ਼ ਨਿਖਾਰਦਾ ਹੈ। ਇਹ ਸੁਆਲ ਮਾਅਨੇ ਰੱਖਦਾ ਹੈ ਕਿ ਯੁੱਗ ਪਲਟਾਉਣ ਦਾ ਸੁਫ਼ਨਾ ਮੌਜੂਦਾ ਨਿਜ਼ਾਮ ਦੇ ਨਿਘਾਰ ਦਾ ਸ਼ਿਕਾਰ ਹੋਏ ਮਨੁੱਖ ਦਾ ਇਲਾਜ ਕਿਵੇਂ ਕਰਦਾ ਹੈ? ਯੁੱਗ ਪਲਟਾਉਣ ਦੀ ਹਾਮੀ ਭਰਨ ਵਾਲੀਆਂ ਜਥੇਬੰਦੀਆਂ ਅਤੇ ਲਹਿਰਾਂ ਦੀ ਇਹ ਟਕਸਾਲੀ ਦਲੀਲ ਹੈ ਕਿ ਮਨੁੱਖ ਨੂੰ ਜ਼ਲਾਲਤ ਦੀ ਜ਼ਿੰਦਗੀ ਜਿਉਣ ਦੀ ਥਾਂ ਬਗ਼ਾਵਤ ਦੇ ਰਾਹ ਤੁਰਨਾ ਚਾਹੀਦਾ ਹੈ। ਪਿਛਲੇ ਸਾਲਾਂ ਵਿੱਚ ਇਹ ਦਲੀਲ ਲਗਾਤਾਰ ਦਿੱਤੀ ਗਈ ਹੈ ਕਿ ਬਦਹਾਲੀ ਕਾਰਨ ਖ਼ੁਦਕੁਸ਼ੀਆਂ ਕਰਨ ਦੀ ਥਾਂ ਲੋਕਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ, ਜਥੇਬੰਦ ਹੋਣਾ ਚਾਹੀਦਾ ਹੈ ਅਤੇ ਸੰਘਰਸ਼ ਕਰਨਾ ਚਾਹੀਦਾ ਹੈ।


ਲਾਮਬੰਦੀ ਬੰਦੇ ਨੂੰ ਸੰਵੇਦਨਾ ਤੋਂ ਸੁਹਜ ਦੇ ਰਾਹ ਤੋਰਦੀ ਹੈ। ਇਹ ਬੰਦੇ ਨੂੰ ਅਹਿਸਾਸ ਕਰਵਾਉਂਦੀ ਹੈ ਕਿ ਉਸ ਦੀਆਂ ਦੁਸ਼ਵਾਰੀਆਂ ਦਾ ਕਾਰਨ ਵਿਅਕਤੀਗਤ ਨਾਕਾਮਯਾਬੀਆਂ ਜਾਂ ਮੱਥੇ ਉੱਤੇ ਲਿਖੀਆਂ ਤਕਦੀਰਾਂ ਨਹੀਂ ਸਗੋਂ ਨਿਜ਼ਾਮ ਹੈ। ਇਹ ਸੋਚ ਮਨੁੱਖ ਦੀ ਮਨੁੱਖ ਨਾਲ ਸਾਂਝ ਪਾਉਂਦੀ ਹੈ। ਮਨੁੱਖ ਨੂੰ ਦਰਦਮੰਦ ਬਣਾਉਂਦੀ ਹੈ ਅਤੇ ਸਾਂਝੇ ਉਦਮ ਦੇ ਉਪਰਾਲਿਆਂ ਨੂੰ ਅਹਿਮੀਅਤ ਦਿੰਦੀ ਹੈ। ਇਹ ਮਨੁੱਖ ਨੂੰ ਨਿੱਜੀ ਦੁਸ਼ਵਾਰੀਆਂ ਨੂੰ ਸ਼ਰਮ, ਸਲੀਕੇ ਜਾਂ ਪਰਦੇ ਵਿੱਚ ਕੱਜ ਕੇ ਰੱਖਣ ਦੀ ਥਾਂ ਸਮਾਜਿਕ ਜੀਅ ਵਜੋਂ ਵਿਚਾਰਨ ਦੀ ਸੂਝ ਦਿੰਦੀ ਹੈ। ਇਹ ਸੁਆਲ ਆਪਣੀ ਥਾਂ ਅਹਿਮ ਹੈ ਕਿ ਇਨ੍ਹਾਂ ਵਾਅਦਿਆਂ/ਦਾਅਵਿਆਂ ਅਤੇ ਕਾਰਗੁਜ਼ਾਰੀ ਵਿੱਚ ਕਿੰਨਾ ਫ਼ਾਸਲਾ ਹੁੰਦਾ ਹੈ?


ਰੋਹਿਤ ਅਤੇ ਨਵਕਰਨ ਦੀਆਂ ਖ਼ੁਦਕੁਸ਼ੀਆਂ ਇਨ੍ਹਾਂ ਦਾਅਵਿਆਂ ਦੀ ਪੜਚੋਲ ਦੀ ਮੰਗ ਕਰਦੀਆਂ ਹਨ। ਜੇ ਰੋਹਿਤ ਧਰਨੇ ਤੋਂ ਜਾ ਕੇ ਖ਼ੁਦਕੁਸ਼ੀ ਕਰਦਾ ਹੈ ਤਾਂ ਇਹ ਸੁਆਲ ਤਾਂ ਉਸ ਦੇ ਸਾਥੀਆਂ ਦੇ ਦਿਲ-ਦਿਮਾਗ਼ ਵਿੱਚ ਆਉਣਾ ਚਾਹੀਦਾ ਹੈ ਕਿ ਨਿਜ਼ਾਮ ਦੇ ਸੱਖਣੇ ਕੀਤੇ ਮਨੁੱਖ ਵਿੱਚ ‘ਯੁੱਗ ਪਲਟਾਉਣ ਦਾ ਸੁਫ਼ਨਾ’ ਲੋੜੀਂਦਾ ਨਿੱਘ ਭਰਨ ਵਿੱਚ ਨਾਕਾਮਯਾਬ ਕਿਉਂ ਰਿਹਾ ਹੈ? ਯੁੱਗ ਪਲਟਾਉਣ ਵਿੱਚ ਮਸਰੂਫ਼ ਜਥੇਬੰਦੀਆਂ ‘ਸੱੱਖਣਾ ਹੋ ਕੇ ਤੁਰ ਗਏ ਸਾਥੀ’ ਦੇ ਸੋਗ਼ ਵਿੱਚ ਆਪਣੀ ਨਾਕਾਮਯਾਬੀ ਨੂੰ ਕਿਉਂ ਨਹੀਂ ਪਛਾਣਦੀਆਂ? ਜੇ ਨਿਜ਼ਾਮ ‘ਯੁੱਗ ਪਲਟਾਉਣ ਦੇ ਸੁਫ਼ਨੇ ਲੈਣ ਵਾਲੇ ਜੀਆਂ’ ਦਾ ਸਾਹ ਘੁੱਟਣ ਉੱਤੇ ਉਤਾਰੂ ਹੈ ਤਾਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਆਪਣੇ ਸਾਥੀਆਂ ਦੇ ਦਿਲਾਂ ਦੀ ਧੜਕਣ ਸੁਣਨ ਵੇਲੇ ਮਸ਼ੀਨਾਂ ਕਿਉਂ ਬਣ ਜਾਂਦੇ ਹਨ?


ਮੌਜੂਦਾ ਨਿਜ਼ਾਮ ਦੀ ਦਲੀਲ ਰਹਿੰਦੀ ਹੈ ਕਿ ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨ ਨਿੱਜੀ ਹਨ। ਨਿਜ਼ਾਮ ਆਪਣੇ-ਆਪ ਨੂੰ ਕਾਤਲ ਦੇ ਘੇਰੇ ਵਿੱਚੋਂ ਕੱਢਣ ਦਾ ਉਪਰਾਲਾ ਇਸੇ ਦਲੀਲ ਦੇ ਸਹਾਰੇ ਨਾਲ ਕਰਦਾ ਹੈ। ਦੂਜੇ ਪਾਸੇ ‘ਯੁੱਗ ਪਲਟਾਉਣ ਦਾ ਦਾਅਵਾ/ਵਾਅਦਾ ਕਰਨ ਵਾਲੀਆਂ ਜਥੇਬੰਦੀਆਂ ਅਤੇ ਲੋਕ’ ਹਰ ਸੁਆਲ ਨੂੰ ਗ਼ੱਦਾਰੀ ਜਾਂ ਭੰਡੀ ਪ੍ਰਚਾਰ ਜਾਂ ਉਲਟ-ਇਨਕਲਾਬੀ ਕਰਾਰ ਦਿੰਦੇ ਹਨ। ਇਸੇ ਦੇ ਨਤੀਜੇ ਵਜੋਂ ਜਦੋਂ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕਾਂ’ ਦਾ ਮੋਹ ਭੰਗ ਹੁੰਦਾ ਹੈ ਤਾਂ ਉਹ ‘ਯੁੱਗ ਪਲਟਾਉਣ ਦੇ ਹਰ ਉਪਰਾਲੇ’ ਤੋਂ ਮੂੰਹ ਫੇਰ ਲੈਂਦੇ ਹਨ। ਉਹ ਆਪਣੇ ਤਜਰਬਿਆਂ ਦੇ ਹਵਾਲਿਆਂ ਨਾਲ ਇਨ੍ਹਾਂ ਉਪਰਾਲਿਆਂ ਦੇ ਬੇਮਾਅਨੇ ਹੋਣ ਦੇ ਪ੍ਰਚਾਰਕ ਤੱਕ ਬਣ ਜਾਂਦੇ ਹਨ।


ਜੇ ਰੋਹਿਤ ਬਾਬਤ ਸੁਆਲਾਂ ਨੂੰ ਪੁੱਛਣ ਉੱਤੇ ਮੌਜੂਦਾ ਨਿਜ਼ਾਮ ਦੇਸ਼ ਧਰੋਹੀ ਜਾਂ ਨਕਸਲਵਾਦੀ ਜਾਂ ਹਿੰਦੂ ਵਿਰੋਧੀ ਕਰਾਰ ਦਿੰਦਾ ਹੈ ਤਾਂ ਸੁਆਲ ਢੁਕਵਾਂ ਹੈ। ਜੇ ਰੋਹਿਤ ਅਤੇ ਨਵਕਰਨ ਬਾਬਤ ਪੁੱਛੇ ਸੁਆਲਾਂ ਨੂੰ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ’ ਭੰਡੀ ਪ੍ਰਚਾਰ ਜਾਂ ਗ਼ੱਦਾਰੀ ਕਰਾਰ ਦਿੰਦੇ ਹਨ ਤਾਂ ਇਹ ਸੁਆਲ ਵਾਰ-ਵਾਰ ਪੁੱਛੇ ਜਾਣੇ ਬਣਦੇ ਹਨ। ਜੇ ‘ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕ ਬੁਖ਼ਾਰ ਨਾਲ ਨਹੀਂ ਮਰਦੇ’ ਤਾਂ ਪੜਚੋਲ ਨਾਲ ਵੀ ਨਹੀਂ ਮਰਨ ਲੱਗੇ। ਸੰਘਰਸ਼ਯਾਫ਼ਤਾ ਰੋਹਿਤ ਵੇਮੁਲਾ ਨੂੰ ਆਪਣੇ ਸਾਥੀਆਂ ਦੇ ਸੰਗ ਵਿੱਚ ਜ਼ਿੰਦਗੀ ਸੱਖਣੀ ਕਿਉਂ ਲੱਗਦੀ ਸੀ/ਹੈ? ਨਵਕਰਨ ਨੂੰ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਅਟੱਲਤਾ ਵਰਗਾ ਪੱਕਾ ਅਤੇ ਦ੍ਰਿੜ੍ਹ ਭਰੋਸਾ ਕਿਉਂ ਸੀ/ਹੈ?

ਦਲਜੀਤ ਅਮੀ
ਦਲਜੀਤ ਅਮੀ ਡੌਟ ਕੌਮ ਤੋਂ ਧੰਨਵਾਦ ਸਹਿਤ

Tuesday, January 19, 2016

ਪਲ-ਪਲ ਮਰਦੇ ਮਨੁੱਖ ਦੀ ਖ਼ੁਦਕੁਸ਼ੀ ਦੀ ਦਾਸਤਾਨ

ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਪੀ.ਐਚ.ਡੀ. ਵਿਦਿਆਰਥੀ ਰੋਹਿਤ ਵੇਮੂਲਾ(ਕਰੀਬ 26 ਸਾਲਾ) ਨੇ ਐਤਵਾਰ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦਲਿਤ ਭਾਈਚਾਰੇ ਦੇ ਰੋਹਿਤ ਨੂੰ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਨਾਲ ਕੁਝ ਦਿਨਾਂ ਪਹਿਲਾਂ ਹੋਸਟਲ ਤੋਂ ਕੱਢ ਦਿੱਤਾ ਗਿਆ ਸੀ। ਇਸ ਦੇ ਵਿਰੋਧ ਵਿੱਚ ਉਹ ਪਿਛਲੇ ਕੁਝ ਦਿਨਾਂ ਤੋਂ ਦੂਜੇ ਵਿਦਿਆਰਥੀਆਂ ਨਾਲ ਖੁੱਲ੍ਹੇ ਆਸਮਾਨ ਹੇਠ ਰਹਿ ਰਿਹਾ ਸੀ। ਕਈ ਦੂਜੇ ਵਿਦਿਆਰਥੀ ਵੀ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਸਨ। ਖ਼ੁਦਕੁਸ਼ੀ ਤੋਂ ਪਹਿਲਾਂ ਰੋਹਿਤ ਵੇਮੂਲਾ ਨੇ ਇੱਕ ਪੱਤਰ ਛੱਡਿਆ ਸੀ ਜੋ ਸਿਰਫ਼ ਸਿਆਸਤ,ਭੇਦਭਾਵ ਬਾਰੇ ਹੀ ਨਹੀਂ ਸਗੋਂ ਜ਼ਿੰਦਗੀ ਦੀਆਂ ਸਮਾਜਿਕ,ਮਾਨਸਿਕ ਤੇ ਰੂਹਾਨੀ ਤਲਖ਼ ਹਕੀਕਤਾਂ ਦੀ ਦਾਸਤਾਨ ਕਹਿੰਦਾ ਹੈ। ਇਹ ਪੱਤਰ ਸੰਵੇਦਨਹੀਨ ਸਮਾਜ 'ਚ ਇਕ ਸੰਵੇਦਨਸ਼ੀਲ ਮਨੁੱਖ ਦੀ ਹੋਣੀ ਹੈ।  


ਗੁੱਡ ਮਾਰਨਿੰਗ,

ਤੁਸੀਂ ਜਦੋਂ ਇਹ ਪੱਤਰ ਪੜ੍ਹ ਰਹੇ ਹੋਵੋਗੇ ਉਦੋਂ ਮੈਂ ਨਹੀਂ ਹੋਵਾਂਗਾ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਮੇਰੀ ਪ੍ਰਵਾਹ ਸੀ। ਤੁਸੀਂ ਲੋਕ ਮੈਨੂੰ ਪਿਆਰ ਕਰਦੇ ਸੀ ਤੇ ਤੁਸੀਂ ਮੇਰਾ ਬਹੁਤ ਖ਼ਿਆਲ ਵੀ ਰੱਖਿਆ। ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ। ਮੈਨੂੰ ਹਮੇਸ਼ਾ ਖ਼ੁਦ ਤੋਂ ਹੀ ਤਕਲੀਫ਼ ਰਹੀ। ਮੈਂ ਆਪਣੀ ਆਤਮਾ ਤੇ ਆਪਣੀ ਦੇਹ ਵਿੱਚ ਵਧਦੇ ਖਾਲੀਪਣ ਨੂੰ ਮਹਿਸੂਸ ਕਰ ਰਿਹਾ ਹਾਂ। ਮੈਂ ਇੱਕ ਰਾਖਸ਼ ਬਣ ਗਿਆ ਹਾਂ। ਮੈਂ ਹਮੇਸ਼ਾ ਇੱਕ ਲੇਖਕ ਬਣਨਾ ਚਾਹੁੰਦਾ ਸੀ। ਕਾਰਲ ਸਗਾਨ ਵਾਂਗ ਵਿਗਿਆਨ ‘ਤੇ ਲਿਖਣ ਵਾਲਾ ਪਰ ਆਖ਼ਰ ਵਿੱਚ ਮੈਂ ਸਿਰਫ਼ ਇਹ ਪੱਤਰ ਲਿਖ ਪਾ ਰਿਹਾ ਹਾਂ।


ਮੈਨੂੰ ਵਿਗਿਆਨ ਨਾਲ ਪਿਆਰ ਸੀ, ਤਾਰਿਆਂ ਨਾਲ, ਕੁਦਰਤ ਨਾਲ। ਮੈਂ ਲੋਕਾਂ ਨਾਲ ਪਿਆਰ ਕੀਤਾ ਪਰ ਇਹ ਨਹੀਂ ਜਾਣ ਸਕਿਆ ਕਿ ਲੋਕ ਕਦੋਂ ਤੋਂ ਕੁਦਰਤ ਨੂੰ ਤਲਾਕ ਦੇ ਚੁੱਕੇ ਹਨ। ਸਾਡੀਆਂ ਭਾਵਨਾਵਾਂ ਦੂਜੇ ਦਰਜੇ ਦੀਆਂ ਹੋ ਗਈਆਂ ਹਨ। ਸਾਡਾ ਪਿਆਰ ਬਨਾਉਟੀ ਹੈ। ਸਾਡੀਆਂ ਮੰਨਤਾਂ ਝੂਠੀਆਂ ਹਨ। ਸਾਡੀਆਂ ਮੌਲਕਤਾਵਾਂ ਜਾਇਜ਼ ਹਨ। ਬੱਸ ਨਕਲੀ ਕਲਾ ਦੇ ਜ਼ਰੀਏ ਇਹ ਬੇਹੱਦ ਮੁਸ਼ਕਲ ਹੋ ਗਿਆ ਹੈ ਕਿ ਅਸੀਂ ਪਿਆਰ ਕਰੀਏ ਤੇ ਦੁਖੀ ਨਾ ਹੋਈਏ।

ਇੱਕ ਆਦਮੀ ਦੀ ਕੀਮਤ ਉਸ ਦੀ ਤਤਕਾਲੀ ਪਛਾਣ ਤੇ ਨਜ਼ਦੀਕੀ ਸੰਭਾਵਨਾ ਤੱਕ ਸੀਮਤ ਕਰ ਦਿੱਤੀ ਗਈ ਹੈ। ਇੱਕ ਵੋਟ ਤੱਕ, ਆਦਮੀ ਇੱਕ ਅੰਕੜਾ ਬਣ ਕੇ ਰਹਿ ਗਿਆ ਹੈ। ਸਿਰਫ਼ ਤੇ ਸਿਰਫ਼ ਇੱਕ ਵਸਤੂ, ਬੰਦੇ ਨੂੰ ਮਾਪਣ ਦਾ ਪੈਮਾਨਾ ਦਿਮਾਗ਼ ਨਹੀਂ ਬਲਕਿ ਇੱਕ ਅਜਿਹੀ ਚੀਜ਼ ਜਿਹੜੀ ਸਟਾਰ਼ਡਸਟ ਤੋਂ ਬਣੀ ਸੀ।


ਮੈਂ ਪਹਿਲੀ ਵਾਰ ਇਸ ਤਰ੍ਹਾਂ ਦਾ ਪੱਤਰ ਲਿਖ ਰਿਹਾ ਹਾਂ। ਪਹਿਲੀ ਵਾਰ ਆਖਰੀ ਪੱਤਰ ਲਿਖ ਰਿਹਾ ਹਾਂ। ਮੈਨੂੰ ਮਾਫ਼ ਕਰਨਾ ਜੇਕਰ ਇਸ ਦਾ ਕੋਈ ਮਤਲਬ ਨਾ ਨਿਕਲੇ ਤਾਂ। ਹੋ ਸਕਦਾ ਹੈ ਕਿ ਮੈਂ ਗ਼ਲਤ ਹੋਵਾਂ ਹੁਣ ਤੱਕ ਦੁਨੀਆ ਨੂੰ ਸਮਝਣ ਵਿੱਚ, ਪ੍ਰੇਮ, ਦਰਦ, ਜੀਵਨ ਤੇ ਮੌਤ ਨੂੰ ਸਮਝਣ ਵਿੱਚ ਅਜਿਹੀ ਕੋਈ ਹੜਬੜੀ ਵੀ ਨਹੀਂ ਸੀ ਪਰ ਮੈਂ ਹਮੇਸ਼ਾ ਜਲਦੀ ਵਿੱਚ ਸੀ, ਬੇਚੈਨ ਸੀ। ਇੱਕ ਜੀਵਨ ਸ਼ੁਰੂ ਕਰਨ ਲਈ, ਇਸ ਪੂਰੇ ਸਮੇਂ ਵਿੱਚ ਮੇਰੇ ਵਰਗੇ ਲੋਕਾਂ ਲਈ ਜ਼ਿੰਦਗੀ ਸਰਾਪ ਹੀ ਰਿਹਾ, ਮੇਰਾ ਜਨਮ ਭਿਆਨਕ ਦੁਰਘਟਨਾ ਸੀ। ਮੈਂ ਆਪਣੇ ਬਚਪਨ ਦੇ ਇਕੱਲੇਪਣ ਤੋਂ ਕਦੇ ਉੱਭਰ ਨਹੀਂ ਸਕਿਆ, ਬਚਪਨ ਵਿੱਚ ਮੈਨੂੰ ਕਿਸੇ ਦਾ ਪਿਆਰ ਨਹੀਂ ਮਿਲਿਆ।

ਇਸ ਪਲ ਮੈਨੂੰ ਸੱਟ ਨਹੀਂ ਲੱਗੀ, ਮੈਂ ਦੁਖੀ ਨਹੀਂ ਹਾਂ, ਮੈਂ ਬੱਸ ਖ਼ਾਲੀ ਹਾਂ ਮੈਨੂੰ ਆਪਣੀ ਵੀ ਚਿੰਤਾ ਨਹੀਂ ਹੈ, ਇਹ ਤਰਸਯੋਗ ਹੈ ਤੇ ਇਹੀ ਕਾਰਨ ਹੈ ਕਿ ਮੈਂ ਅਜਿਹਾ ਕਰ ਰਿਹਾ ਹਾਂ।


ਲੋਕ ਮੈਨੂੰ ਕਾਇਰ ਕਰਾਰ ਦੇਣਗੇ, ਸਵਾਰਥੀ ਵੀ, ਮੂਰਖ ਵੀ ਜਦੋਂ ਮੈਂ ਚਲਾ ਜਾਵਾਂਗਾ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਮੈਨੂੰ ਕੀ ਕਹਿਣਗੇ। ਮੈਂ ਮਰਨ ਤੋਂ ਬਾਅਦ ਦੀਆਂ ਭੂਤ-ਪ੍ਰੇਤ ਦੀਆਂ ਕਹਾਣੀਆਂ ‘ਤੇ ਯਕੀਨ ਨਹੀਂ ਕਰਦਾ। ਜੇਕਰ ਕਿਸੇ ਚੀਜ਼ ‘ਤੇ ਮੇਰਾ ਯਕੀਨ ਹੈ ਤਾਂ ਉਹ ਇਹ ਕਿ ਮੈਂ ਸਿਤਾਰਿਆਂ ਤੱਕ ਸਫ਼ਰ ਕਰ ਪਾਵਾਂਗਾ ਤੇ ਜਾਣ ਸਕਾਂਗਾ ਕਿ ਦੂਸਰੀ ਦੁਨੀਆ ਕਿਹੋ ਜਿਹੀ ਹੈ।

ਤੁਸੀਂ ਜੋ ਮੇਰਾ ਪੱਤਰ ਪੜ੍ਹ ਰਹੇ ਹੋ। ਜੇਕਰ ਕੁਝ ਕਰ ਸਕਦੇ ਹੋ ਤਾਂ ਮੈਨੂੰ ਆਪਣੀ ਸੱਤ ਮਹੀਨਿਆਂ ਦੀ ਫੈਲੋਸ਼ਿਪ ਮਿਲਣੀ ਬਾਕੀ ਹੈ। ਇੱਕ ਲੱਖ 75 ਹਜ਼ਾਰ ਰੁਪਏ। ਕ੍ਰਿਪਾ ਇਹ ਕਰ ਦੇਣਾ ਕਿ ਮੇਰੇ ਪਰਿਵਾਰ ਨੂੰ ਪੈਸਾ ਮਿਲ ਜਾਵੇ। ਮੈਂ ਰਾਮ ਜੀ ਨੂੰ 40 ਹਜ਼ਾਰ ਰੁਪਏ ਦੇਣੇ ਸਨ। ਉਨ੍ਹਾਂ ਕਦੇ ਪੈਸੇ ਵਾਪਸ ਨਹੀਂ ਮੰਗੇ ਪਰ ਪਲੀਜ਼ ਫੈਲੋਸ਼ਿਪ ਦੇ ਪੈਸਿਆਂ ਵਿੱਚੋਂ ਰਾਮ ਜੀ ਨੂੰ ਪੈਸੇ ਦੇ ਦੇਣਾ। ਮੈਂ ਚਾਹੁੰਦਾ ਹਾਂ ਕਿ ਮੇਰਾ ਸੰਸਕਾਰ ਸ਼ਾਂਤ ਤੇ ਚੁੱਪਚਾਪ ਹੋਵੇ। ਲੋਕ ਅਜਿਹਾ ਵਿਵਹਾਰ ਕਰਨ ਕਿ ਮੈਂ ਆਇਆ ਸੀ ਤੇ ਚਲਾ ਗਿਆ। ਮੇਰੇ ਲਈ ਹੰਝੂ ਨਾ ਵਹਾਉਣਾ। ਤੁਸੀਂ ਜਾਣ ਲੈਣਾ ਕਿ ਮੈਂ ਜਿਉਣ ਤੋਂ ਵੱਧ ਮਰ ਕੇ ਖ਼ੁਸ਼ ਹਾਂ।

ਪਰਛਾਵੇਂ ਤੋਂ ਤਾਰਿਆਂ ਤੱਕ 

ਓਮਾ ਅੰਨ੍ਹਾ, ਇਹ ਕੰਮ ਆਪਣੇ ਕਮਰੇ ਵਿੱਚ ਕਰਨ ਲਈ ਮਾਫ਼ੀ ਚਾਹੁੰਦਾ ਹਾਂ।ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਪਰਿਵਾਰ, ਤੁਸੀਂ ਸਭ ਨੂੰ ਨਿਰਾਸ਼ ਕਰਨ ਲਈ ਮਾਫ਼ੀ, ਤੁਸੀਂ ਸਾਰਿਆਂ ਨੇ ਬਹੁਤ ਪਿਆਰ ਕੀਤਾ। ਸਾਰਿਆਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ।

ਆਖ਼ਰੀ ਵਾਰ 
ਜੈ ਭੀਮ 

ਮੈਂ ਰਸਮੀ ਕਾਰਵਾਈ ਲਿਖਣਾ ਭੁੱਲ ਗਿਆ, ਖ਼ੁਦ ਨੂੰ ਮਾਰਨ ਦੀ ਇਸ ਕਾਰਵਾਈ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਕਿਸੇ ਨੇ ਮੈਨੂੰ ਆਪਣੀ ਕਿਸੇ ਕਾਰਵਾਈ ਤੇ ਸ਼ਬਦਾਂ ਨਾਲ ਅਜਿਹਾ ਕਰਨ ਲਈ ਭੜਕਾਇਆ ਨਹੀਂ। ਇਹ ਮੇਰਾ ਫ਼ੈਸਲਾ ਹੈ ਤੇ ਮੈਂ ਇਸ ਦੇ ਲਈ ਖ਼ੁਦ ਜ਼ਿੰਮੇਵਾਰ ਹਾਂ। ਮੇਰੇ ਜਾਣ ਤੋਂ ਬਾਅਦ ਮੇਰੇ ਦੋਸਤਾਂ ਤੇ ਦੁਸ਼ਮਣਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।

ਏਬੀਪੀ ਸਾਂਝਾ ਤੋਂ ਧੰਨਵਾਦ ਸਹਿਤ

Monday, January 11, 2016

'ਨੇਸ਼ਨ ਸਟੇਟ' ਦੇ ਖਾਕੇ 'ਚੋਂ ਬਾਹਰ ਨਿਕਲਣਾ ਜ਼ਰੂਰੀ:ਭਾਰਦਵਾਜ


ਮੇਰੀਆਂ ਫਿਲਮਾਂ ਵਿਚ ਸਹਿਤ ਅਤੇ ਸਾਂਝੇ ਸਭਿਆਚਾਰ ਦੀਆਂ ਸੈਂਕੜੇ ਸੂਖ਼ਮ ਲੜੀਆਂ ਜੁੜਦੀਆਂ ਹਨ। ਇਹ ਸਿਰਫ਼ ਉਸ ਨੂੰ ਸਮਝ ਆਉਂਦੀਆਂ ਹਨ ਜੋ ਭਾਰਤੀ ਨੇਸ਼ਨ ਸਟੇਟ ਦੇ ਵਿਚਾਰਕ ਤੇ ਭੂੰਗੋਲਿਕ ਖਾਕੇ ਤੋਂ ਲਾਂਭੇ ਹੋ ਕੇ ਪੰਜ ਦਰਿਆਵਾਂ ਵਾਲੇ ਪੰਜਾਬ ਦੀ ਸਾਂਝੀ ਰਹਿਤਲ ਦੀ ਸਮਝ ਰੱਖਦਾ ਹੈ। ਆਜ਼ਾਦ ਸੋਚ ਬਣਾਉਣ ਲਈ ਨੇਸ਼ਨ ਸਟੇਟ ਦੇ ਖਾਕੇ 'ਚੋਂ ਬਾਹਰ ਨਿਕਲਣਾ ਜ਼ਰੂਰੀ ਹੈ। ਉੱਘੇ ਦਸਤਾਵੇਜ਼ੀ ਫਿਲਮਸਾਜ਼ ਅਜੈ ਭਾਰਦਵਾਜ ਨੇ ਚੰਡੀਗੜ੍ਹ 'ਚ ਆਪਣੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਪਰਦਾਪੇਸ਼ ਹੋਣ ਤੋਂ ਬਾਅਦ ਵਿਚਾਰ ਚਰਚਾ ਦੌਰਾਨ ਇਹ ਗੱਲ ਕਹੀ।

ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ 'ਚ 'ਲੋਕ ਪਹਿਲਕਦਮੀ(People,s Initiative) ਤਨਜ਼ੀਮ ਵੱਲੋਂ ਉਨ੍ਹਾਂ ਦੀ ਫ਼ਿਲਮ ਪਰਦਾਪੇਸ਼ ਕਰਨ ਤੇ ਵਿਚਾਰ-ਚਰਚਾ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਅਜੈ ਦੀ ਫ਼ਿਲਮ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਗੰਭੀਰ ਸੰਵਾਦ ਛੇੜਨ 'ਚ ਕਾਮਯਾਬ ਰਹੀ । ਦਰਸ਼ਕਾਂ ਨੇ ਫ਼ਿਲਮ ਦੀ ਪੇਸ਼ਕਾਰੀ, ਵਿਧੀ, ਵਿਸ਼ੇ ਅਤੇ ਕਿਰਦਾਰਾਂ ਬਾਰੇ ਬੇਬਾਕ ਟਿੱਪਣੀਆਂ,ਅਲੋਚਨਾ ਤੇ ਤਿੱਖੇ ਸਵਾਲ ਕੀਤੇ।


ਅਜੈ ਨੇ ਕਿਹਾ ਕਿ ਸਾਡੇ 'ਤੇ ਰਾਸ਼ਟਰਵਾਦ ਦਾ ਮੁਲੱਮਾਂ ਬਹੁਤ ਗਹਿਰਾ ਚੜ੍ਹ ਚੁੱਕਿਆ ਹੈ। ਅਸੀਂ 65 ਸਾਲਾਂ 'ਚ ਨੇਸ਼ਨ ਸਟੇਟ ਦੀ ਜੱਦ 'ਚ ਰਹਿੰਦਿਆਂ ਆਪਣੇ ਚੇਤ ਅਤੇ ਅਚੇਤ ਨੂੰ ਉਸ ਦੀਆਂ ਹੱਦਾਂ 'ਚ ਬੰਨ੍ਹ ਲਿਆ ਹੈ । ਉਸ ਤੋਂ ਬਾਹਰ ਕੁਝ ਵੀ ਸੋਚਣ-ਸਮਝਣ ਲਈ ਤਿਆਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮਨੁੱਖੀ ਕੁਦਰਤੀ ਪਛਾਣ ਨੂੰ ਜਗਾਉਣ ਦੇ ਪੱਧਰ 'ਤੇ ਅਜਿਹੀ ਕੋਸ਼ਿਸ਼ ਜੋ ਉਸ (ਨੇਸ਼ਨ ਸਟੇਟ) ਸੋਚ ਦੇ ਦਾਇਰੇ ਨੂੰ ਤੋੜਦੀ ਹੈ, ਸਾਨੂੰ ਉਸਦਾ ਸੰਵਾਦ ਸਮਝ ਨਹੀਂ ਆਉਂਦਾ ਹੈ ।


ਉਨ੍ਹਾਂ ਕਿਹਾ ਕਿ ਨਵੇਂ ਸਿਆਸੀ ਸੰਵਾਦ ਲਈ ਸਾਨੂੰ ਸੱਭਿਆਚਾਰਕ ਧਰਤਾਲ 'ਤੇ ਖੜ੍ਹਕੇ ਉਸ ਦੀ ਜ਼ੁਬਾਨ 'ਚ ਹੀ ਗੱਲ ਕਰਨੀ ਪਵੇਗੀ । ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਿਆਸਤ ਸੱਭਿਆਚਾਰਕ ਮੁਹਾਵਰੇ ਨਾਲ ਅਮੀਰ ਨਹੀਂ ਹੁੰਦੀ, ਉਹ ਲੋਕਾਂ ਨਾਲ ਸੰਵਾਦ ਹੀ ਨਹੀਂ ਰਚਾ ਸਕਦੀ। ਸਮਾਜ ਵਿਰੋਧੀ ਸਿਆਸਤ ਨੂੰ ਹਰਾਉਣ ਲਈ ਮੁਹਾਵਰਾ ਸੱਭਿਆਚਾਰ 'ਚੋਂ ਹੀ ਘੜਨ ਪਵੇਗਾ। 

ਦਰਸ਼ਕਾਂ ਦੇ ਸਭ ਤੋਂ ਵੱਡੇ ਇਤਰਾਜ਼ ਤੇ ਫਿਲਮ ਦੀ ਵਿਧਾ ਬਾਰੇ ਬੋਲਦਿਆਂ ਅਜੈ ਭਾਰਦਵਾਜ ਨੇ ਕਿਹਾ ਕਿ ਡਾਕੂਮੈਂਟਰੀ ਬਾਰੇ ਖਿੰਡਾਅ ਹੋਣ ਦੇ ਇਤਰਾਜ਼ ਦਾ ਵੱਡਾ ਕਾਰਨ ਪਿੱਠਵਰਤੀ ਤਕਰੀਰ(voice over)ਦਾ ਨਾ ਹੋਣਾ ਹੈ ਪਰ ਇਹ ਮੇਰਾ ਸੁਚੇਤ ਫੈਸਲਾ ਹੈ ਕਿਉਂਕਿ ਮੈਂ ਪਿੱਠਵਰਤੀ ਤਕਰੀਰ ਨਾਲ ਦਰਸ਼ਕ ਦੀ ਸੋਚਣ ਸ਼ਕਤੀ ਤੇ ਕਲਪਨਾ ਨੂੰ ਬੰਨ੍ਹਣਾ ਨਹੀਂ ਚਾਹੁੰਦਾ ਹਾਂ । ਸਾਨੂੰ ਨੇਸ਼ਨ ਸਟੇਟ ਦੀ ਵਿਚਾਰਧਾਰਾ 'ਚ ਬੰਨ੍ਹਿਆਂ ਨੂੰ ਹੀ ਇਸ ਫਿਲਮ 'ਚ ਖਿੰਡਾਅ ਨਜ਼ਰ ਆਉਂਦਾ ਹੈ। ਜਦੋਂ ਕਿ ਮੈਂ ਇਸ ਫ਼ਿਲਮ ਨੂੰ ਪਿਰੋਈ ਹੋਈ ਇਕ ਲੜੀ ਵਾਂਗ ਦੇਖ਼ਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਫਿਲਮ ਟਕਰਾਅ (Reflection) ਲਈ ਬਣਾਉਂਦਾ ਹਾਂ, ਜੋ ਸਾਡੀ ਇਕਹਰੀ ਸੋਚ 'ਤੇ ਸੱਟ ਮਾਰ ਸਕੇ।

ਉਨ੍ਹਾਂ ਫ਼ਿਲਮ ਬਣਾਉਣ ਦੀ ਮਨਸ਼ਾ ਬਾਰੇ ਬੋਲਦਿਆਂ ਕਿਹਾ ਕਿ ਮੇਰੇ ਅੰਦਰ ਜਦੋਂ ਬਹੁਤ ਸਾਰੀਆਂ ਤੰਦਾਂ ਦੀ ਲੜੀ ਜੁੜ ਕੇ ਇਕ ਸ਼ਾਨਦਾਰ ਕਹਾਣੀ ਬਣੀ ਤੇ ਤਾਂ ਹੀ ਮੈਂ ਇਸ ਨੂੰ ਪਰਦੇ 'ਤੇ ਲੈ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਫ਼ਿਲਮ ਦੇਖਣ ਦੀ ਕਲਾ ਨੂੰ ਵਿਕਸਤ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਬਿੰਬਾਂ ਜ਼ਰੀਏ ਫ਼ਿਲਮ ਨੂੰ ਸਮਝ ਤੇ ਫੜ ਸਕੀਏ।

ਅਜੈ ਨੇ ਕਿਹਾ ਕਿ ਅਸੀਂ ਚੀਜ਼ਾਂ ਨੂੰ ਸਿਰਫ਼ ਆਪੋ ਆਪਣੇ ਖਾਕੇ ਵਿਚ ਰੱਖ ਕੇ ਸੋਚਣ ਅਤੇ ਦੇਖਣ ਦੇ ਆਦੀ ਹੋ ਚੁੱਕੇ ਹਾਂ,ਜੋ ਬੇਹੱਦ ਖ਼ਤਰਨਾਕ ਹੈ। ਲੋਕਾਂ ਨੂੰ ਗਿਆਨ ਦੇਣ ਦੀ ਪਰੰਪਰਾ ਵਧ ਰਹੀ ਹੈ ਤੇ ਲੋਕਾਂ ਤੋਂ ਗਿਆਨ ਲੈਣ ਦੀ ਰਵਾਇਤ ਖ਼ਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਦਵਾਈ ਦੀ ਪੁੜੀ ਵਾਂਗ ਕੋਈ ਵਿਚਾਰ ਦੇਣ ਦੇ ਖ਼ਿਲਾਫ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਲੋਕ ਹਰ ਮਸਲੇ 'ਚ ਸਾਥੋਂ ਕਿਤੇ ਵੱਧ ਅਮੀਰ ਹੁੰਦੇ ਹਨ। ਸੱਚ ਇਹ ਹੈ ਕਿ ਹਮੇਸ਼ਾ ਲੈਣ-ਦੇਣ ਦਾ ਰਿਸ਼ਤਾ ਹੀ ਸੰਵਾਦ ਤੇ ਸਮਾਜ ਨੂੰ ਅਮੀਰ ਬਣਾਉਂਦਾ ਹੈ।

ਇਸ ਫ਼ਿਲਮ ਦੇ ਪਰਦਪੇਸ਼ ਹੋਣ ਤੇ ਵਿਚਾਰ ਚਰਚਾ ਮੌਕੇ ਮਸ਼ਹੂਰ ਲੇਖ਼ਕ ਗੁਲਜ਼ਾਰ ਸੰਧੂ, ਸਾਬਕਾ ਆਈ ਏ ਐਸ ਟੀ ਆਰ ਸਾਰੰਗਲ, 'ਦ ਟ੍ਰਿਬਿਊਨ' ਦੇ ਬਿਓਰਾ ਚੀਫ਼ ਸਰਬਜੀਤ ਧਾਲੀਵਾਲ,ਪੰਜਾਬ ਬੁੱਕ ਸੈਂਟਰ ਦੇ ਕਰਤਾ ਧਰਤਾ ਪਾਲ ਵਿਰਕ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਸੰਜੀਵ ਪਾਂਡੇ, ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ,ਫੋਟੋਗ੍ਰਾਫ਼ਰ ਦੀਵਾਨ ਮਾਨਾ,ਨਾਵਲਕਾਰ ਜਸਬੀਰ ਮੰਡ,ਕੈਨੇਡੀਅਨ ਅਖ਼ਬਾਰ 'ਨਵੀਂ ਦੁਨੀਆ' ਦੇ ਸੰਪਾਦਕ ਨਵਤੇਜ ਬੈਂਸ, ਲੇਖ਼ਕ ਪਰਮਜੀਤ ਕੱਟੂ, ਗੁਰਨਾਮ ਕੰਵਰ. ਪੱਤਰਕਾਰ ਚਰਨਜੀਤ ਤੇਜਾ, ਫ਼ਿਲਮਸਾਜ਼ ਕੁਲਵਿੰਦਰ ਗੁਰੂ ਹਰਸਹਾਏ,ਕਵੀ ਬਲਵਿੰਦਰ ਸੰਧੂ, ਮਾਲਵਿੰਦਰ ਮਾਲੀ,ਇਮਰਾਨ ਖਾਨ,ਕਪਿਲ ਦੇਵ ਤੇ ਸਨੀ ਸਿੰਘ,ਗੰਗਵੀਰ ਰਾਠੌੜ ਮਲਕੀਤ ਸਿੰਘ ਤੇ ਯਾਦਵਿੰਦਰ ਕਰਫਿਊ ਤੋਂ ਇਲਾਵਾ ਤੋਂ ਕਈ ਹੋਰ ਦੋਸਤਾਂ ਮਿੱਤਰਾਂ ਨੇ ਹਿੱਸਾ ਲਿਆ।

ਟੀਮ 'ਲੋਕ ਪਹਿਲਕਦਮੀ' 
ਫੋਟੋਆਂ ਪਰਮਜੀਤ ਕੱਟੂ ਦੀ ਅੱਖ਼ ਤੋਂ