ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਵਾਇਆ ਬਠਿੰਡਾ. Show all posts
Showing posts with label ਵਾਇਆ ਬਠਿੰਡਾ. Show all posts

Sunday, September 16, 2012

ਵਾਇਆ ਬਠਿੰਡਾ,ਨਾਲੇ ਤੋਰੀ ਨਾਲੇ ਟਿੰਢਾ

ਬਠਿੰਡਾ ਦੇ ਜੰਮਿਆਂ ਨੂੰ ਕਦੇ ਇਹ ਮਿਹਣਾ ਤੰਗ ਕਰਦਾ ਹੁੰਦਾ ਸੀ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ।’ ਮਿਹਣਾ ਕੋਈ ਜ਼ਿਆਦਤੀ ਵੀ ਨਹੀਂ ਸੀ। ਵਲ਼ਦਾਰ ਰੇਤਲਾ ਇਲਾਕਾ, ਟਿੱਬਿਆਂ ਦੀ ਉਡਦੀ ਧੂੜ, ਅੰਗਰੇਜ਼ਾਂ ਦਾ ਸੱਤ ਲਾਈਨਾਂ ਵਾਲਾ ਰੇਲਵੇ ਜੰਕਸ਼ਨ ਦਾ ਤੋਹਫ਼ਾ, ਛੋਟੇ-ਛੋਟੇ ਬਜ਼ਾਰਾਂ ’ਚ ਖੜ੍ਹੀਆਂ ਬਲਦ ਗੱਡੀਆਂ ਤੇ ਬੋਤਿਆਂ ਦੀਆਂ ਕਤਾਰਾਂ, ਕਈ ਏਕੜ ’ਚ ਫੈਲਿਆ ਕਿਲ੍ਹਾ ਤੇ ਇਸ ਦੀ ਬੁੱਕਲ ’ਚ ਬਣੇ ਘਰ, ਇਨ੍ਹਾਂ ਘਰਾਂ ਦੀਆਂ ਘੜਿਆਂ ਤੇ ਟੋਕਣੀਆਂ ਨਾਲ ਪਾਣੀ ਭਰਦੀਆਂ ਸੁਆਣੀਆਂ, ਸ਼ਾਮ ਢਲਦੇ ਤੇ ਸਵੇਰ ਪੈਂਦੇ ਚੱਲਣ ਵਾਲੀਆਂ ਹਨੇਰੀਆਂ, ਲੇਹਾ, ਕਰੀਰ ਤੇ ਮਲ੍ਹੇ-ਝਾੜੀਆਂ, ਕਮਲ, ਜਗਜੀਤ ਤੇ ਰਾਜੇਸ਼ ਵਰਗੀਆਂ ਛੋਟੀਆਂ ਜਿਹੀਆਂ ਟਾਕੀਆਂ, ਪਿਆਰ-ਮੁਹੱਬਤ ਵੰਡਦੇ ਸਿੱਧ-ਪੱਧਰੇ ਲੋਕ ਤੇ ਸੱਟਾ ਬਜ਼ਾਰ। ਉਦੋਂ ਇਹੋ ਪਛਾਣ ਸੀ ਬਠਿੰਡਾ ਦੀ।

ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਪੁੱਜੇ ਲੋਕਾਂ ਦੇ ਮਨਾਂ ’ਚ ਉਸ ਪੁਰਾਣੇ ਬਠਿੰਡਾ ਦੇ ਨੈਣ ਨਕਸ਼ ਅੱਜ ਵੀ ਤਾਜ਼ਾ ਹਨ। ਉਦੋਂ ਹਾੜ੍ਹੀ ਰੁੱਤੇ ਛੋਲਿਆਂ ਦੇ ਢੇਰ ਲੱਗਦੇ। ਵੱਡੀਆਂ ਚੱਕੀਆਂ ’ਤੇ ਛੋਲਿਆਂ ਦੀ ਦਾਲ ਬਣ ਕੇ ਇੱਥੋਂ ਬਾਹਰ ਜਾਂਦੀ ਸੀ। ਮਾਰਵਾੜੀ ਤੇ ਗੁਜਰਾਤੀ ਵੀ ਇੱਥੇ ਹੀ ਠਹਿਰ ਕਰਦੇ। ਕਾਲ ਮਾਰੇ ਇਲਾਕਿਆਂ ਨੂੰ ਬਠਿੰਡਾ ਜੰਕਸ਼ਨ ਤੋਂ ਰੇਲਾਂ ਰਾਹੀਂ ਪਾਣੀ ਭੇਜਿਆ ਜਾਂਦਾ ਸੀ। ਵਕਤ ਦੀ ਅੰਗੜਾਈ ਨੇ ਹੁਣ ਮਿਹਣਾ ਮਾਰਨ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ।

ਥਰਮਲਾਂ ਦੀਆਂ ਚਿਮਨੀਆਂ, ਹਰਿਆਵਲ ’ਚ ਵਸੀ ਛਾਉਣੀ, ਖਾਦਾਂ ਦਾ ਕਾਰਖਾਨਾ, ਚਾਰ-ਚੁਫ਼ੇਰੇ ਝੀਲਾਂ ਅਤੇ ਇਨ੍ਹਾਂ ਝੀਲਾਂ ਵਿੱਚ ਚੱਲਦੀਆਂ ਕਿਸ਼ਤੀਆਂ ਤੇ ਸ਼ਿਕਾਰੇ, ਓਵਰ ਬਰਿੱਜਾਂ ਉਪਰੋਂ ਲੰਘਦੀਆਂ ਗੱਡੀਆਂ, ਸ਼ਾਪਿੰਗ ਮਾਲ, ਆਧੁਨਿਕ ਕਲੋਨੀਆਂ ਅੱਜ ਆਧੁਨਿਕ ਬਠਿੰਡਾ ਦੀ ਪਛਾਣ ਹਨ। ਦਿਨੋਂ-ਦਿਨ ਤਰੱਕੀ ਕਰ ਰਿਹਾ ਬਠਿੰਡਾ ਸੱਚਮੁੱਚ ਹੁਣ ‘ਸਿਟੀ ਆਫ਼ ਲੇਕਸ’ ਜਾਂ ਫਿਰ ‘ਸ਼ਾਰਜਾਹ ਆਫ਼ ਪੰਜਾਬ’ ਬਣ ਚੱਲਿਆ ਹੈ। ਸਿਆਸੀ ਲੋਕ ਤਾਂ ਹੁਣ ਇਸ ਨੂੰ ‘ਬਾਦਲਾਂ ਦਾ ਬਠਿੰਡਾ’ ਵੀ ਆਖਣ ਲੱਗੇ ਹਨ ਜਿਨ੍ਹਾਂ ਨੇ ਇੱਥੇ ਹਵਾਈ ਅੱਡਾ ਬਣਾ ਕੇ ਜਹਾਜ਼ ਉਡਾਉਣ ਦੀ ਤਿਆਰੀ ਕੀਤੀ ਹੈ।

ਕੇਂਦਰੀ ਯੂਨੀਵਰਸਿਟੀ ਬਣ ਗਈ ਹੈ ਅਤੇ ਹੁਣ ਟੈਕਸਟਾਈਲ ਹੱਬ ਬਣਾਉਣ ਦੀ ਗੱਲ ਚੱਲੀ ਹੈ। ‘ਵਾਇਆ ਬਠਿੰਡਾ’ ਦਾ ਮਿਹਣਾ ਮਾਰਨ ਵਾਲੇ ਹੁਣ ਆ ਕੇ ਤੱਕਣ ਬਠਿੰਡਾ। ਬੰਦੂਕਾਂ ਰੱਖਣ ਦੇ ਸ਼ੌਕੀਨਾਂ ਨੇ ਹੁਣ ਕਲਮਾਂ ਫੜ ਲਈਆਂ ਹਨ। ਬਠਿੰਡਾ ਵਿੱਚ ਵਿਕਾਸ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਆਧੁਨਿਕ ਬਠਿੰਡਾ ਛੱਡ ਕੇ ਅੱਜ ਵੀ ਕੈਂਸਰ ਭੰਨੇ ਲੋਕ ਸਸਤੇ ਇਲਾਜ ਖਾਤਰ ਬੀਕਾਨੇਰ ਜਾਣ ਲਈ ਮਜਬੂਰ ਹਨ। ਮਾੜੇ ਪਾਣੀਆਂ ਵਾਲੇ ਪਿੰਡਾਂ ਦੀਆਂ ਔਰਤਾਂ ਨੂੰ ਹਾਲੇ ਵੀ ਸਿਰਾਂ ’ਤੇ ਪਾਣੀ ਢੋਣਾ ਪੈਂਦਾ ਹੈ।

ਬਠਿੰਡਾ ਜ਼ਿਲ੍ਹੇ ਵਿੱਚ ਹੁਣ ਸਰਕਾਰੀ ਤੇ ਪ੍ਰਾਈਵੇਟ ਤਿੰਨ ਯੂਨੀਵਰਸਿਟੀਆਂ ਹਨ ਜਦੋਂਕਿ ਕਿਸੇ ਵੇਲੇ ਪੁਰਾਣੇ ਬਠਿੰਡਾ ਵਿੱਚ ਇੱਕ ਹੀ ਸਕੂਲ ਹੁੰਦਾ ਸੀ ਜਿੱਥੇ ਮੂੰਹ ਜ਼ੁਬਾਨੀ ਗਿਣਤੀ-ਮਿਣਤੀ ਰੱਖਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਬਹੁਤੀ ਪੁਰਾਣੀ ਗੱਲ ਨਹੀਂ ਕਿ ਜਦੋਂ ਮਾਲਵੇ ਵਿੱਚ ਜ਼ੋਰਦਾਰ ਝੱਖੜ ਤੇ ਹਨੇਰੀ ਆਉਣੀ ਤਾਂ ਆਮ ਘਰਾਂ ਵਿੱਚ ਇਹੋ ਆਖਿਆ ਜਾਂਦਾ ਸੀ ਕਿ ‘ਬਠਿੰਡੇ ਵਾਲਾ ਦਿਓ’ ਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿੱਚ ਬਠਿੰਡਾ ਦੇ ਲੋਕਾਂ ਨੂੰ ਕਿਲ੍ਹੇ ਵਿਚਲੇ ਦਿਓ ਤੋਂ ਮੁਕਤ ਕਰਵਾਇਆ ਦੱਸਿਆ ਜਾਂਦਾ ਹੈ। ਹੁਣ ਬਠਿੰਡਾ ਵਿੱਚ ਨਵੇਂ ਜ਼ਮਾਨੇ ਦੀ ਹਨੇਰੀ ਨੇ ਇਸ ਸ਼ਹਿਰ ਨੂੰ ਕਾਰਪੋਰੇਟ ਵਿਕਾਸ ਦਾ ਰੰਗ ਚਾੜ੍ਹ ਦਿੱਤਾ ਹੈ। ਹੁਣ ਬਠਿੰਡਾ ਉਪਰੋਂ ਚਮਕਾਂ ਮਾਰਦਾ ਹੈ ਜਦੋਂਕਿ ਇੱਥੋਂ ਦੇ ਲੋਕ ਹਾਲੇ ਵੀ ਬੁਨਿਆਦੀ ਲੋੜਾਂ ਲਈ ਜੰਗ ਲੜ ਰਹੇ ਹਨ। ਹਵਾਈ ਅੱਡੇ ਤਾਂ ਮਿਲ ਗਏ ਹਨ ਪਰ ਲੋਕਾਂ ਨੂੰ ਪਾਣੀ ਨਹੀਂ ਮਿਲਿਆ। ਜ਼ੋਰਦਾਰ ਮੀਂਹ ਪੈ ਜਾਏ ਤਾਂ ਪੂਰਾ ਬਠਿੰਡਾ ਡੁੱਬ ਜਾਂਦਾ ਹੈ।

20 ਅਗਸਤ 1948 ਤੋਂ ਪਹਿਲਾਂ ਇਹ ਤਹਿਸੀਲ ਸੀ। ਪੈਪਸੂ ਮਿਹਰਬਾਨ ਹੋਈ ਤਾਂ 1948 ’ਚ ਬਠਿੰਡਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ। ਜ਼ਿਲ੍ਹਾ ਕਚਹਿਰੀਆਂ ਪੈਪਸੂ ਦੇ ਪ੍ਰਬੰਧਕੀ ਸਲਾਹਕਾਰ ਪੀ.ਸੀ.ਰਾਓ ਦੀ ਦੇਣ ਹਨ। ਇੱਥੇ 1969 ’ਚ ਗੁਰੂ ਨਾਨਕ ਥਰਮਲ ਪਲਾਟ ਦਾ ਨੀਂਹ ਪੱਥਰ ਰੱਖਿਆ ਗਿਆ। ਫਿਰ ਕੀ ਸੀ, ਕੱਕੇ ਰੇਤੇ ਵਾਲੀਆਂ ਹਨੇਰੀਆਂ ਵਗਣੀਆਂ ਬੰਦ ਹੋਈਆਂ। ਖਾਦ ਫੈਕਟਰੀ ਅਤੇ ਉਸ ਤੋਂ ਬਾਅਦ ਬਣੀ ਬਠਿੰਡਾ ਛਾਉਣੀ ਨੇ ਸ਼ਹਿਰ ਤੇ ਇਲਾਕੇ ਦਾ ਚਿਹਰਾ-ਮੋਹਰਾ ਹੀ ਬਦਲ ਦਿੱਤਾ। ਹਵਾਈ ਫ਼ੌਜ ਦੇ ਹਵਾਈ ਅੱਡੇ, ਤੇਲ ਡਿਪੂ, ਕਾਂਡਲਾ-ਬਠਿੰਡਾ ਤੇਲ ਪਾਈਪ ਲਾਈਨ, ਸੀਮਿੰਟ ਕਾਰਖਾਨਾ ਤੇ ਤੇਲ ਸੋਧਕ ਕਾਰਖ਼ਾਨੇ ਨੇ ਇਸ ਨੂੰ ਨਵਾਂ ਰੂਪ ਦਿੱਤਾ।

ਬਠਿੰਡਾ ਦੇ ਇਤਿਹਾਸਕ ਕਿਲ੍ਹੇ ਨੂੰ ਨਵਾਂ ਰੰਗ ਰੂਪ ਚਾੜ੍ਹਿਆ ਜਾ ਰਿਹਾ ਹੈ। ਭੱਟੀ ਰਾਜਪੂਤ 279 ਈਸਵੀ ਵਿੱਚ ਪੰਜਾਬ ਦਾ ਰਾਜਾ ਬਣਿਆ। ਉਸ ਨੇ ਬਠਿੰਡਾ ਨੂੰ ਮਾਲਵੇ ਦੀ ਰਾਜਧਾਨੀ ਬਣਾਇਆ। ਇਸੇ ਲਈ ਕਹਿੰਦੇ ਹਨ ਕਿ ਸ਼ਹਿਰ ਦਾ ਨਾਂ ਪਹਿਲਾਂ ਭੱਟੀਆਂ ਤੋਂ ਭਟਿੰਡਾ ਤੇ ਫਿਰ ਬਠਿੰਡਾ ਬਣਿਆ। 15 ਏਕੜ ’ਚ ਬਣਿਆ ਇੱਥੋਂ ਦਾ ਕਿਲ੍ਹਾ ਤਕਰੀਬਨ 1800 ਸਾਲ ਪੁਰਾਣਾ ਹੈ। ਇਸ ਕਿਲ੍ਹੇ ਦੁਆਲੇ 36 ਬੁਰਜ ਹਨ ਜਦੋਂਕਿ ਇਸ ਦੀ ਉਚਾਈ 118 ਫੁੱਟ ਹੈ। ਕਿਲ੍ਹੇ ਉਪਰ ਖੜ੍ਹ ਕੇ ਸਾਰਾ ਬਠਿੰਡਾ ਦਿਸਦਾ ਹੈ। ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦੱਬ ਦੇ ਪੂਰਵਜਾਂ ਨੇ 279 ਈਸਵੀ ਵਿੱਚ ਬਣਾਇਆ ਸੀ। ਰਾਜਾ ਵਿਨੈ ਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਪਿਆ। 22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਵਿੱਚ ਚਰਨ ਪਾਏ। ਮਹਾਰਾਜਾ ਕਰਮ ਸਿੰਘ ਨੇ 1843-45 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖਿਆ।

ਬੇਗਮ ਰਜ਼ੀਆ ਸੁਲਤਾਨ 1239 ਤੋਂ 1240 ਤੱਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ ’ਚ ਕੈਦ ਰਹੀ ਸੀ। ਗਵਰਨਰ ਅਲਤੂਨੀਆਂ ਨੇ ਰਜ਼ੀਆ ਬੇਗਮ ਦੇ ਕਿਲ੍ਹੇ ਵਿਚਲੇ ਬਾਕੀ ਹਿੱਸੇ ਵਿੱਚ ਜਾਣ ’ਤੇ ਪਾਬੰਦੀ ਲਾਈ ਹੋਈ ਸੀ। ਇਤਿਹਾਸਕਾਰਾਂ ਮੁਤਾਬਕ ਰਜ਼ੀਆ ਸੁਲਤਾਨ ਨੂੰ ਸਿਰਫ਼ ਸ਼ੱੁਕਰਵਾਰ ਵਾਲੇ ਦਿਨ ਇੱਥੋਂ ਦੇ ਹਾਜੀ ਰਤਨ ਵਾਲੀ ਮਸਜਿਦ ’ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਸੀ। ਹਰ ਸ਼ੱੁਕਰਵਾਰ ਨੂੰ ਉਹ ਬੱਘੀ ’ਚ ਸਵਾਰ ਹੋ ਕੇ ਨਮਾਜ਼ ਲਈ ਜਾਂਦੀ ਸੀ। ਜਿਸ ਸੰਮਨ ਬੁਰਜ ’ਚ ਰਜ਼ੀਆ ਸੁਲਤਾਨ ਕੈਦ ਰਹੀ, ਹੁਣ ਉਸ ਦੀ ਹਾਲਤ ਖਸਤਾ ਹੈ। ਸੰਮਨ ਬੁਰਜ ਅੰਦਰਲੀ ਅਨਮੋਲ ਮੀਨਾਕਾਰੀ ਤੇ ਛੱਤ ਦੀ ਚਿੱਤਰਕਾਰੀ ਆਪਣੀ ਹੋਂਦ ਗੁਆ ਰਹੀ ਹੈ।

ਬੁਰਜ ਦੀਆਂ ਛੱਤਾਂ ਨੂੰ ਚਾਰ-ਚੁਫ਼ੇਰੇ ਥਮ੍ਹਲੇ ਖੜ੍ਹੇ ਕਰਕੇ ਬਚਾਇਆ ਗਿਆ ਹੈ। ਛੱਤ ਉੱਪਰਲੀ ਚਿੱਤਰਕਾਰੀ ਹੁਣ ਮੱਧਮ ਪੈ ਚੁੱਕੀ ਹੈ ਤੇ ਬੁਰਜ ਦੇ ਦਰਵਾਜ਼ੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਜਿਸ ਵੇਲੇ ਰਜ਼ੀਆ ਸੁਲਤਾਨ ਸੰਮਨ ਬੁਰਜ ਵਿੱਚ ਕੈਦ ਸੀ ਤਾਂ ਤਿਉਹਾਰਾਂ ਮੌਕੇ ਖ਼ਾਸ ਤੌਰ ’ਤੇ ਲੋਕ ਮੀਨਾ ਬਾਜ਼ਾਰ ਵਾਲੇ ਪਾਸਿਓਂ ਉਸ ਦੀ ਇੱਕ ਝਲਕ ਲਈ ਘੰਟਿਆਂਬੱਧੀ ਰੁਕ ਜਾਂਦੇ ਸਨ।

ਇਤਿਹਾਸਕਾਰ ਦੱਸਦੇ ਹਨ ਕਿ ਦਿੱਲੀ ਦੇ ਬਾਦਸ਼ਾਹ ਦੀ ਧੀ ਰਜ਼ੀਆ ਸੁਲਤਾਨ, ਅਲਤੂਨੀਆਂ ਦਾ ਤਖਤਾ ਪਲਟਣ ਲਈ ਆਪਣੇ ਪ੍ਰੇਮੀ ਜਲਾਲੂਦੀਨ ਯਾਕੂਤ ਨਾਲ ਇੱਥੇ ਆਈ ਸੀ। ਰਜ਼ੀਆ ਦੇ ਭਰਾਵਾਂ ਨੇ ਯਾਕੂਤ ਨੂੰ ਮਰਵਾ ਦਿੱਤਾ ਅਤੇ ਅਲਤੂਨੀਆਂ ਨੇ ਰਜ਼ੀਆ ਸੁਲਤਾਨ ਨੂੰ 1239 ’ਚ ਇਸ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ। ਆਖਦੇ ਹਨ ਕਿ ਰਜ਼ੀਆ ਸੁਲਤਾਨ ਨੇ ਇਸ ਕਿਲ੍ਹੇ ਤੋਂ ਛਾਲ ਮਾਰ ਦਿੱਤੀ ਸੀ। ਦੂਜੇ ਪਾਸੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਸਲ ’ਚ ਰਜ਼ੀਆ ਸੁਲਤਾਨ ਦੇ ਭਰਾਵਾਂ ਨੇ 13 ਅਕਤੂਬਰ 1240 ਨੂੰ ਰਜ਼ੀਆ ਬੇਗਮ ਤੇ ਉਸ ਦੇ ਪਤੀ ਅਲਤੂਨੀਆਂ ਨੂੰ ਕੈਥਲ ਕੋਲ ਮਰਵਾ ਦਿੱਤਾ ਸੀ। ਰਜ਼ੀਆ ਬੇਗਮ ਦੇ ਭਰਾ ਪਹਿਲਾਂ ਅਲਤੂਨੀਆਂ ਦੇ ਦੋਸਤ ਸਨ। ਰਜ਼ੀਆ ਨਾਲ ਅਲਤੂਨੀਆਂ ਦਾ ਨਿਕਾਹ ਹੋਣ ਤੋਂ ਬਾਅਦ ਉਸ ਦੇ ਦੁਸ਼ਮਣ ਬਣ ਗਏ।

ਰਜ਼ੀਆ ਬੇਗਮ ਦੇ ਪ੍ਰੇਮੀ ਯਾਕੂਤ ਦੀ ਕਬਰ ਬਠਿੰਡਾ ਦੀ ਰੇਲਵੇ ਕਲੋਨੀ ਦੇ ਪਿਛਲੇ ਪਾਸੇ ਸਥਿਤ ਹੈ ਜਿਸ ਨੂੰ ਆਧੁਨਿਕ ਜ਼ਮਾਨੇ ਦੇ ਲੋਕ ਲਵਰਜ਼ ਪੁਆਇੰਟ ਵੀ ਆਖਦੇ ਹਨ। ਰਜ਼ੀਆ ਨੇ ਜਲਾਲੂਦੀਨ ਯਾਕੂਤ ਨੂੰ ਫ਼ੌਜਾਂ ਦਾ ਸੈਨਾਪਤੀ ਬਣਾ ਦਿੱਤਾ ਸੀ। ਇਸ ਕਾਰਨ ਬਠਿੰਡਾ ਦੇ ਗਵਰਨਰ ਅਲਤੂਨੀਆਂ ਸਮੇਤ ਪੰਜਾਬ ਦੇ ਕੁਝ ਗਵਰਨਰ ਬਾਗੀ ਹੋ ਗਏ ਸਨ। ਤੁਰਕਾਂ ਨੇ ਬਗਾਵਤ ਕਰ ਦਿੱਤੀ। ਜਦੋਂ ਰਜ਼ੀਆ ਬਗਾਵਤ ਕੁਚਲਣ ਲਈ ਇਸ ਪਾਸੇ ਵਧੀ ਤਾਂ ਯਾਕੂਤ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਰਜ਼ੀਆ ਨੂੰ ਕੈਦ ਕਰਕੇ ਅਲਤੂਨੀਆਂ ਦੇ ਹਵਾਲੇ ਕਰ ਦਿੱਤਾ ਗਿਆ। ਬਠਿੰਡਾ ਦੇ ਪੁਰਾਣੇ ਕਿਲ੍ਹੇ ਦਾ ਮੁਹਾਂਦਰਾ ਸਮੇਂ ਦੀ ਗਰਦਿਸ਼ ਵਿੱਚ ਗੁਆਚ ਗਿਆ ਹੈ। ਪੁਰਾਤਤਵ ਵਿਭਾਗ ਇਸ ਕਿਲ੍ਹੇ ਨੂੰ ਸੰਭਾਲਣ ਲਈ ਚਾਰ-ਚੁਫ਼ੇਰੇ ਤੋਂ ਨਵਾਂ ਰੂਪ ਦੇ ਰਿਹਾ ਹੈ ਜਿਸ ਕਰਕੇ ਪੁਰਾਣੀ ਦਿੱਖ ਗੁਆਚਣ ਲੱਗੀ ਹੈ।

ਇਸੇ ਤਰ੍ਹਾਂ ਬਟਵਾਰੇ ਤੋਂ ਪਹਿਲਾਂ ਬਾਬਾ ਹਾਜੀ ਰਤਨ ਦੀ ਸਮਾਧ ’ਤੇ ਵੱਡਾ ਮੇਲਾ ਲੱਗਦਾ ਰਿਹਾ ਹੈ। ਬਾਬਾ ਹਾਜੀ ਰਤਨ ਦਾ ਪਹਿਲਾ ਨਾਂ ਰਤਨਪਾਲ ਸੀ। ਮਗਰੋਂ ਉਹ ਮੱਕਾ ਸ਼ਰੀਫ਼ ਗਏ ਅਤੇ ਮੁਸਲਮਾਨ ਬਣ ਗਏ। ਉਨ੍ਹਾਂ ਨੇ ਬਠਿੰਡਾ ਵਾਪਸ ਆ ਕੇ ਇਸਲਾਮ ਮੱਤ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਮਕਬਰਾ ਇਸੇ ਸ਼ਹਿਰ ਵਿੱਚ ਹੈ। ਪੁਰਾਤਨ ਸ਼ਹਿਰ ਬਠਿੰਡਾ ਆਪਣੀ ਗੋਦ ਵਿੱਚ ਅਨੇਕਾਂ ਯਾਦਾਂ ਨੂੰ ਸਮੋਈ ਬੈਠਾ ਹੈ। ਇੱਥੇ ਗੋਆ ਦੇ ਸ਼ਹੀਦ ਮਾਸਟਰ ਕਰਨੈਲ ਸਿੰਘ ਨੂੰ ਸਮਰਪਿਤ ਟੀਚਰਜ਼ ਹੋਮ ਹੈ। ਇਸ ਦੇ ਨੇੜੇ ਫ਼ੌਜੀ ਚੌਕ ਹੈ ਜੋ ਵਿਕਟੋਰੀਆ ਕਰਾਸ ਸੂਬੇਦਾਰ ਨੰਦ ਸਿੰਘ ਨੂੰ ਸਮਰਪਿਤ ਹੈ। 

ਚਰਨਜੀਤ ਭੁੱਲਰ 
ਲੇਖ਼ਕ ਸੀਨੀਅਰ ਪੱਤਰਕਾਰ ਹਨ। 
94170-11171

Sunday, July 22, 2012

ਸਦੀਕ ਦੀ ਬੁਲੰਦੀ ਤੇ ਬਾਦਲ ਦੀ ਨਿਵਾਣ !----ਗੁਰਬਚਨ ਸਿੰਘ ਭੁੱਲਰ

ਪੰਜਾਬ ਵਿਧਾਨ ਸਭਾ ਵਿਚ ਲੋਕ-ਪਿਆਰੇ ਗਾਇਕ ਮੁਹੰਮਦ ਸਦੀਕ ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਉੱਚ-ਦੁਮਾਲੜੇ ਨਾਂ ਪ੍ਰੋ. ਮੋਹਨ ਸਿੰਘ ਦੀ ਇਕ ਬੇਹੱਦ ਖ਼ੂਬਸੂਰਤ ਅਤੇ ਅਰਥਭਰਪੂਰ ਰਚਨਾ ਪੇਸ਼ ਕੀਤੇ ਜਾਣ ਦੇ ਸੰਬੰਧ ਵਿਚ ਜੋ ਕੁਛ ਹੋਇਆ, ਉਹ ਪੰਜਾਬੀਆਂ ਦਾ, ਖਾਸ ਕਰਕੇ ਲੇਖਕਾਂ ਤੇ ਕਲਾਕਾਰਾਂ ਦਾ ਕਈ ਪੱਖਾਂ ਤੋਂ ਧਿਆਨ ਮੰਗਦਾ ਹੈ। ਇਹ ਘਟਨਾ ਵਾਪਰਨ ਤੋਂ ਤੁਰਤ ਮਗਰੋਂ ਚੰਡੀਗੜ੍ਹ ਤੋਂ ਇਕ ਪੱਤਰਕਾਰ ਮਿੱਤਰ ਨੇ ਫ਼ੋਨ ਕੀਤਾ ਤਾਂ ਮੈਂ ਸਮਝਿਆ, ਬਾਦਲ ਸਾਹਿਬ ਤੋਂ ਉਹਦਾ ਭਾਵ ਸੁਖਬੀਰ ਸਿੰਘ ਤੋਂ ਹੈ। ਮੈਂ ਗੱਲ ਆਈ-ਗਈ ਕਰਨ ਲੱਗਿਆ ਤਾਂ ਉਹਨੇ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਗੱਲ ਕਰ ਰਿਹਾ ਹੈ।


ਕਹਾਣੀ ਇਹ ਬਣੀ ਕਿ ਭਦੌੜ ਹਲਕੇ ਤੋਂ ਬਾਦਲ ਸਾਹਿਬ ਦੇ ਉਮੀਦਵਾਰ, ਉੱਚੀਆਂ ਪਦਵੀਆਂ ਉੱਤੇ ਰਹੇ ਆਈ ਏ ਐੱਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਕਾਂਗਰਸੀ ਵਿਧਾਇਕ ਬਣੇ ਗਾਇਕ ਮੁਹੰਮਦ ਸਦੀਕ ਨੇ ਵਿਧਾਨ ਸਭਾ ਵਿਚ ਆਪਣੇ ਹਲਕੇ ਦੀ ਕਿਸੇ ਵਿਦਿਅਕ ਸਮੱਸਿਆ ਬਾਰੇ ਸਰਕਾਰ ਤੋਂ ਸਵਾਲ ਪੁੱਛਿਆ। ਮੁੱਖ ਮੰਤਰੀ ਜੀ ਸ਼ਾਇਦ ਵਿੱਦਿਆ-ਸ਼ਿੱਦਿਆ ਬਾਰੇ ਐਵੇਂ ਵਾਧੂ ਮਹੱਤਵਹੀਣ ਗੱਲਾਂ ਉੱਤੇ ਸਦਨ ਦਾ ਕੀਮਤੀ ਸਮਾਂ ਨਹੀਂ ਸਨ ਗੁਆਉਣਾ ਚਾਹੁੰਦੇ। ਤੇ ਜਾਂ ਫੇਰ ਸ਼ਾਇਦ ਗੱਲ ਨੂੰ ਆਪਣੀ ਪਹਿਲਾਂ ਤੋਂ ਹੀ ਸੋਚੀ-ਮਿਥੀ ਸੇਧ ਵਿਚ ਲਿਜਾਣਾ ਚਾਹੁੰਦੇ ਸਨ ਕਿਉਂਕਿ ਸਦੀਕ ਨੇ ਅਖ਼ਬਾਰਾਂ ਨੂੰ ਦੱਸਿਆ ਕਿ ਸਦਨ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਬਾਦਲ ਸਾਹਿਬ ਉਹਨੂੰ ਵਾਰ ਵਾਰ ਗੀਤ ਸੁਣਾਉਣ ਲਈ ਆਖ ਰਹੇ ਸਨ। ਕੀ ਉਹ ਗੀਤ ਸੁਣਾਉਣ ਦੀ ਵਾਰ ਵਾਰ ਮੰਗ ਇਸੇ ਲਈ ਕਰ ਰਹੇ ਸਨ ਕਿ ਉਹ ਕੁਛ ਹੋਵੇ ਜੋ ਹੋਇਆ? ਖ਼ੈਰ, ਇਸ ਵਾਰ ਉਹ ਸਦਨ ਦੀ ਕਾਰਵਾਈ ਦੌਰਾਨ ਬੋਲੇ, ਸਦੀਕ ਛੱਡ ਇਹ ਗੱਲਾਂ, ਕੁਛ ਗਾ ਕੇ ਸੁਣਾ।


ਜਦੋਂ ਸਦੀਕ ਗਾਉਣ ਲਈ ਤਿਆਰ ਹੋਣ ਲੱਗਿਆ, ਉਹਨੂੰ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਅਤੇ ਕੁਛ ਹੋਰ ਵਿਧਾਇਕਾਂ ਨੇ ਰੋਕਣਾ ਚਾਹਿਆ। ਪਰ ਉਹ ਕਹਿੰਦਾ, ਬਾਦਲ ਸਾਹਿਬ ਸਦਨ ਵਿਚ ਸਭ ਤੋਂ ਵੱਡੀ ਉਮਰ ਦੇ ਸਿਆਸਤਦਾਨ ਹਨ ਤੇ ਮੈਂ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਇਸ ਕਰਕੇ ਮੈਂ ਇਹਨਾਂ ਦਾ ਕਿਹਾ ਨਹੀਂ ਮੋੜ ਸਕਦਾ। ਇਸ ਦੌਰਾਨ ਸਪੀਕਰ ਸਾਹਿਬ ਨੇ ਵੀ ਮੁੱਖ ਮੰਤਰੀ ਜੀ ਦੀ ਫ਼ਰਮਾਇਸ਼ ਦੀ ਪੁਸ਼ਟੀ ਕਰਦਿਆਂ ਗਾਉਣ ਦੀ ਆਗਿਆ ਦੇ ਦਿੱਤੀ। ਜਦੋਂ ਹੀ ਸਦੀਕ ਨੇ ਕਾਵਿ-ਸਮਰਾਟ ਮੋਹਨ ਸਿੰਘ ਦੀ ਗ਼ਜ਼ਲ ਸਮਾਪਤ ਕੀਤੀ, ਮੁੱਖ ਮੰਤਰੀ ਜੀ ਬੋਲੇ, ਸਦੀਕ ਹੁਣ ਕਾਂਗਰਸ ਦੀ ਹਾਰ ਦੇ ਵੈਣ ਵੀ ਪਾ ਦੇ। ਸਦੀਕ ਦਾ ਅਵਾਕ ਰਹਿ ਜਾਣਾ ਕੁਦਰਤੀ ਸੀ। ਮੁੱਖ ਮੰਤਰੀ ਬਾਦਲ ਜੀ ਦੀ ਸ਼ਤਰੰਜੀ ਚਾਲ ਤੋਂ ਉਹ ਮਾਤ ਖਾ ਚੁੱਕਿਆ ਸੀ ਅਤੇ ਉਹਨਾਂ ਦੇ ਇਹਨਾਂ ਬੋਲਾਂ ਨਾਲ ਦੂਜੇ ਅਕਾਲੀਆਂ ਨੂੰ ਉਸ ਉੱਤੇ ਅਤੇ ਨਾਲ ਹੀ ਕਾਂਗਰਸ ਉੱਤੇ ਹਮਲੇ ਕਰਨ ਵਾਸਤੇ ਲੋੜੀਂਦਾ ਸੰਕੇਤ ਮਿਲ ਚੁੱਕਿਆ ਸੀ।


ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਬਾਰੇ ਇਹ ਸਭ ਸੁਣ ਕੇ ਇਸ ਘਟਨਾ ਨੇ ਮੇਰੇ ਮਨ ਵਿਚ ਬਿਲਕੁਲ ਹੀ ਵੱਖਰਾ ਰੂਪ ਧਾਰਨ ਕਰ ਲਿਆ ਅਤੇ ਕਈ ਸਵਾਲ ਉੱਭਰ ਕੇ ਸਾਹਮਣੇ ਆ ਖਲੋਤੇ। ਕਲਾ ਤੇ ਸਿਆਸਤ ਦਾ ਆਪਸ ਵਿਚ ਕੀ ਨਾਤਾ ਹੈ? ਕਲਾ ਦਾ ਸਮਾਜਕ ਜਮਾਤਾਂ ਨਾਲ ਕੀ ਰਿਸ਼ਤਾ ਹੈ? ਕੀ ਖਰੀ ਕਲਾ ਅਪਵਿੱਤਰ, ਭਾਵ ਪਲੀਤ ਵੀ ਹੋ ਸਕਦੀ ਹੈ ਜੋ ਭਲੇ ਕਹਾਉਣ ਵਾਲੇ ਲੋਕਾਂ ਉੱਤੇ ਗੰਦੇ ਛਿੱਟੇ ਪਾਉਂਦੀ ਹੋਵੇ? ਕਲਾ ਨੂੰ ਹਰ ਕੋਈ ਮਾਣ ਸਕਦਾ ਹੈ ਕਿ ਇਹਨੂੰ ਮਾਣਨ ਵਾਸਤੇ ਕਿਸੇ ਖਾਸ ਸੁਚੱਜ ਤੇ ਸਲੀਕੇ ਦੀ ਲੋੜ ਪੈਂਦੀ ਹੈ? ਜਿਵੇਂ ਸਿਆਸਤਦਾਨਾਂ ਨੂੰ ਆਪਣੀ ਵੋਟ-ਆਧਾਰਿਤ ਮੰਗਵੀਂ ਹਉਂ ਪਿਆਰੀ ਹੁੰਦੀ ਹੈ ਜਿਸ ਕਰਕੇ ਉਹਨਾਂ ਦਾ ਰਾਹ ਉਲੰਘਣ ਵਾਲੇ ਅੱਖ ਦਾ ਤਿਣਕਾ ਬਣ ਜਾਂਦੇ ਹਨ, ਕੀ ਕਲਾਕਾਰ ਦਾ ਵੀ ਕੋਈ ਕਲਾ-ਆਧਾਰਿਤ ਸੁੱਚਾ ਸਵੈਮਾਣ ਹੁੰਦਾ ਹੈ ਜਿਸਦਾ ਆਦਰ ਕੀਤਾ ਜਾਣਾ ਚਾਹੀਦਾ ਹੈ ਜਾਂ ਉਸ ਉੱਤੇ ਝੂਠੇ ਦੂਸ਼ਣ ਲਾ ਕੇ ਤੇ ਹੋ-ਹੋ-ਹੋ ਕਰ ਕੇ ਮਨ ਦੀ ਮੌਜ ਅਨੁਸਾਰ ਉਹਦਾ ਮਖੌਲ ਉਡਾਇਆ ਤੇ ਨਿਰਾਦਰ ਕੀਤਾ ਜਾ ਸਕਦਾ ਹੈ?


ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਬਾਬੇ ਨਾਨਕ ਦਾ ਅਤੇ ਉਹਦੇ ਬੇਲੀ ਭਾਈ ਮਰਦਾਨੇ ਦਾ ਦੇਸ ਦੇ, ਖਾਸ ਕਰਕੇ ਪੰਜਾਬ ਦੇ ਇਤਿਹਾਸ ਵਿਚ ਕੀ ਸਥਾਨ ਹੈ। ਪੰਜਾਬ ਦਾ ਲੋਕ-ਮਨ ਸਰਬਸੰਮਤੀ ਨਾਲ ਆਖਦਾ ਹੈ: ਨਾਨਕ ਜੇਡ ਫ਼ਕੀਰ ਨਾ ਕੋਈ! ... ਧੰਨ ਬਾਬਾ ਨਾਨਕ ਜੀਹਨੇ ਜੱਗ ਤਾਰਿਆ!... ਨਾਨਕ ਨਾਨਕ ਹੋਵੇ ਵੇਲੇ ਅੰਮ੍ਰਿਤ ਦੇ! ਵਿਆਹ ਦੇ ਨਿਰੋਲ ਸੰਸਾਰਿਕ-ਰੁਮਾਂਚਿਕ ਕਾਰਜ ਸਮੇਂ ਵੀ ਮਸਤੀ ਵਿਚ ਆਈਆਂ ਮੁਟਿਆਰ ਮੇਲਣਾਂ ਰਸਮਾਂ ਨਿਭਾਉਣ ਸਮੇਂ ਕਿਧਰੇ ਜਾਣ ਲੱਗਿਆਂ, ਮਗਰੋਂ ਜੋ ਮਰਜ਼ੀ ਗਾਉਂਦੀਆਂ ਫਿਰਨ, ''ਆਉਂਦੀ ਕੁੜੀਏ...” ਲੜੀ ਦੇ ਗੀਤਾਂ ਦਾ ਆਰੰਭ ਇਹ ਦੋ ਨਾਂ ਧਿਆ ਕੇ ਹੀ ਕਰਦੀਆਂ ਹਨ: ਆਉਂਦੀ ਕੁੜੀਏ, ਜਾਂਦੀ ਕੁੜੀਏ, ਚੱਕ ਲੈ ਬਾਜ਼ਾਰ ਵਿਚੋਂ ਕਾਨਾ, ਨੀ ਭਗਤੀ ਦੋ ਕਰ ਗਏ, ਬਾਬਾ ਨਾਨਕ ਤੇ ਮਰਦਾਨਾ, ਭਗਤੀ ਦੋ ਕਰ ਗਏ! ਰਿਸ਼ੀ-ਕਵੀ ਪ੍ਰੋ. ਪੂਰਨ ਸਿੰਘ ਕਹਿੰਦੇ ਹਨ:ਪੰਜਾਬ ਜੀਂਦਾ ਗੁਰਾਂ ਦੇ ਨਾਂ ’ਤੇ! ਭਾਈ ਮਰਦਾਨੇ ਦਾ ਤਾਂ ਕਹਿਣਾ ਹੀ ਕੀ! ਸਾਡੇ ਇਤਿਹਾਸ ਵਿਚ ਉਹਦੇ ਨਾਲੋਂ ਸੁਭਾਗਾ ਕੌਣ ਹੋਵੇਗਾ ਜਿਸਨੂੰ ਬਾਬੇ ਨਾਨਕ ਦੀ ਸਾਂਝੀ ਬੁਰਕੀ ਵਾਲੀ ਦੋਸਤੀ ਤੇ ਭਰੱਪਣ ਦਾ ਮਾਣ ਹਾਸਲ ਹੋਵੇ ਅਤੇ ਜਿਸਦੀ ਰਬਾਬ ਨਾਨਕ-ਨਾਨਕ ਤੋਂ ਬਿਨਾਂ ਹੋਰ ਕੋਈ ਆਵਾਜ਼ਾ ਕੱਢਣ ਹੀ ਨਾ ਜਾਣਦੀ ਹੋਵੇ! ਲੋਕ ਆਖਦੇ ਹਨ: ਨਾਨਕ ਨਾਨਕ ਕਰਦੀ ਰਬਾਬ ਮਰਦਾਨੇ ਦੀ!


ਬਿਕਰਮ ਸਿੰਘ ਮਜੀਠੀਆ ਬਾਦਲ ਸਾਹਿਬ ਦੇ ਮੰਤਰੀ ਮੰਡਲ ਵਿਚ ਮੰਤਰੀ ਦੀ ਪਦਵੀ ਲਈ ਲੋੜੀਂਦੀ ਪੂਰੀ ਜੋਗਤਾ ਰੱਖਣ ਵਾਲੇ ਸੱਜਨ ਹਨ। ਉਹਨਾਂ ਦੀ ਇਸ ਇਕੋ-ਇਕ ਜੋਗਤਾ ਨੂੰ ਉਹ ਆਪ ਵੀ ਜਾਣਦੇ ਹਨ ਤੇ ਪੰਜਾਬ ਦੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਦਾ ਮਨੋਹਰ ਵਿਚਾਰ ਹੈ ਕਿ ਸਦੀਕ ਨੇ''ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ...ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ” ਗਾਉਣ ਨਾਲ ਸਦਨ ਦੀ ਪਵਿੱਤਰਤਾ ਘਟਾ ਕੇ ਉਹਨੂੰ ਰਿਕਾਰਡਿੰਗ ਸਟੂਡੀਓ ਬਣਾ ਦਿੱਤਾ ਹੈ! ਬੋਲੋ ਜੀ ਵਾਹਿਗੁਰੂ! ਪਹਿਲੀ ਵਾਰ ਪਤਾ ਲੱਗਿਆ ਕਿ ਰਿਕਾਰਡਿੰਗ ਸਟੂਡੀਓ ਕੋਈ ਦਾਰੂ ਦੇ ਠੇਕੇ ਵਰਗੀ ਜਾਂ ਬਾਜ਼ਾਰੀ ਕੋਠੇ ਵਰਗੀ ਥਾਂ ਹੁੰਦੀ ਹੈ ਜਿਸਤੋਂ ਮਜੀਠੀਆ ਜੀ ਵਰਗੇ ਸਾਊ ਬੰਦਿਆਂ ਨੂੰ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ। ਬਾਬਾ ਕਿਹਾ ਕਰਦਾ ਸੀ, ਰਬਾਬ ਛੇੜ ਭਾਈ ਮਰਦਾਨਿਆ, ਬਾਣੀ ਆਈ ਐ! ਜੇ ਅੱਜ ਬਾਬਾ ਦੇਹਮਾਨ ਹੁੰਦਾ, ਉਹਨੇ ਰਬਾਬ ਛੇੜਨ ਦੀ ਥਾਂ ਕਹਿਣਾ ਸੀ, ਰਬਾਬ ਚੁੱਕ ਭਾਈ ਮਰਦਾਨਿਆ, ਕਿਸੇ ਹੋਰ ਦੇਸ ਚੱਲੀਏ ਜਿਥੇ ਸਾਡਾ ਨਾਂ ਲਿਆਂ ਉਸ ਥਾਂ ਦੀ ਪਵਿੱਤਰਤਾ ਭੰਗ ਨਾ ਹੁੰਦੀ ਹੋਵੇ!


ਸਦੀਕ ਦਾ ਮਖੌਲ ਉਡਾਉਣ ਵਾਲਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਦੁਨੀਆ ਦੇ ਅਨੇਕ ਦੇਸਾਂ ਦੀਆਂ ਪਾਰਲੀਮੈਂਟਾਂ ਵਿਚ, ਹੋਰ ਤਾਂ ਹੋਰ, ਸੰਸਾਰ ਦੀ ਮਹਾਂ-ਪਾਰਲੀਮੈਂਟ ਅਰਥਾਤ ਸੰਯੁਕਤ ਰਾਸ਼ਟਰ ਵਿਚ ਗਾਇਕੀ, ਸੰਗੀਤ ਤੇ ਨ੍ਰਿਤ ਆਦਿ ਦੀਆਂ ਪੇਸ਼ਕਾਰੀਆਂ ਕੋਈ ਅਲੋਕਾਰ ਗੱਲ ਨਹੀਂ। ਸਮੇਂ ਸਮੇਂ ਸਾਡੇ ਕਈ ਭਾਰਤੀ ਕਲਾਕਾਰਾਂ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਪਣੀ ਕਲਾ ਦੀ ਕਿਰਪਾ ਕਰਨ ਦੀ ਬੇਨਤੀ ਕੀਤੀ ਜਾਂਦੀ ਰਹੀ ਹੈ। ਏਨੀਂ ਦੂਰ ਕਿਉਂ ਜਾਣਾ, ਦਸਦੇ ਹਨ, ਅਕਾਲੀ ਸਾਂਸਦ ਕਿੱਕਰ ਸਿੰਘ ਨੇ ਇਕ ਵਾਰ ਆਪਣੀ ਸੰਸਦ ਵਿਚ ਕਵਿਤਾ ਪੜ੍ਹੀ ਸੀ। ਇਹ ਗੱਲ ਵੱਖਰੀ ਹੈ ਕਿ ਸ਼ਬਦਾਵਲੀ ਕਾਰਨ ਦੁਰਦੁਰ ਹੋਣ ਮਗਰੋਂ ਉਹ ਸਪੀਕਰ ਨੂੰ ਰਿਕਾਰਡ ਵਿਚੋਂ ਮੇਸਣੀ ਪੈ ਗਈ ਸੀ। ਉਸ ਕਵਿਤਾ ਦੀਆਂ ਦੋ ਸਤਰਾਂ ਅਜੇ ਵੀ ਮੈਨੂੰ ਚੇਤੇ ਹਨ: ਨਹਿਰੂ ਨੇ ਬਣਾਈਆਂ ਨਹਿਰਾਂ, ਪੁਟਾਏ ਕੂਪ ਜੀ/ ਇੰਦਰਾ ਨੇ ਕਟਵਾਈਆਂ ਇੰਦਰੀਆਂ, ਲਵਾਏ ਲੂਪ ਜੀ। ਕੁਛ ਸਮੇਂ ਮਗਰੋਂ ਕੁਛ ਪ੍ਰਮੁੱਖ ਅਕਾਲੀ ਆਗੂ ਮੰਗਾਂ ਦਾ ਲੰਮਾ-ਚੌੜਾ ਚਿੱਠਾ ਲੈ ਕੇ ਇੰਦਰਾ ਗਾਂਧੀ ਨੂੰ ਮਿਲਣ ਗਏ। (ਵੱਡੇ ਬਾਦਲ ਜੀ ਉਹਨਾਂ ਵਿਚ ਸ਼ਾਮਲ ਸਨ ਕਿ ਨਹੀਂ, ਮੈਨੂੰ ਇਹ ਜਾਣਕਾਰੀ ਨਹੀਂ)। ਕਹਿੰਦੇ ਹਨ, ਇੰਦਰਾ ਨੇ ਮੱਥੇ ਉੱਤੇ ਤਿਉੜੀ ਪਾ ਕੇ ਕਿਹਾ,''ਕੀਕਰ ਸਿੰਘ ਕੋ ਤੋ ਕਾ ਖਾ ਭੀ ਨਹੀਂ ਆਤਾ। ਸੁਨਾ ਹੈ, ਸੰਤ ਜੀ ਕਵਿਤਾ ਲਿਖਨੇ ਕਾ ਸ਼ੌਕ ਰਖਤੇ ਹੈਂ ਔਰ ਵੁਹ ਕਵਿਤਾ ਲਿਖਤੇ ਭੀ ਇਸੀ ਰੰਗ ਮੇਂ ਹੈਂ!” ਉਹਦਾ ਭਾਵ ਸੀ, ਇਹ ਕਵਿਤਾ ਕਿੱਕਰ ਸਿੰਘ ਤੋਂ ਸੰਤ ਫ਼ਤਿਹ ਸਿੰਘ ਨੇ ਲਿਖ ਕੇ ਬੁਲਵਾਈ ਹੈ। ਮੰਗ-ਪੱਤਰ ਅਕਾਲੀ ਆਗੂਆਂ ਦੇ ਹੱਥਾਂ ਵਿਚ ਕੰਬਣ ਲੱਗ ਗਿਆ। ਗ਼ਜ਼ਬ ਸਾਂਈਂ ਦਾ, ਅਜਿਹੇ ਇਤਿਹਾਸ ਵਾਲੀ ਅਕਾਲੀ ਪਾਰਟੀ ਆਖਦੀ ਹੈ ਕਿ ਪੰਜਾਬੀ ਕਵਿਤਾ ਦੇ ਗੌਰਵ ਪ੍ਰੋ. ਮੋਹਨ ਸਿੰਘ ਦੀ ਪਾਕ-ਪਵਿੱਤਰ ਗ਼ਜ਼ਲ ਨਿਰਛਲ ਗਾਇਕ ਮੁਹੰਮਦ ਸਦੀਕ ਵੱਲੋਂ ਗਾਏ ਜਾਣ ਨਾਲ ਸਾਡੀ ਵਿਧਾਨ ਸਭਾ ਅਪਵਿੱਤਰ ਹੋ ਗਈ!


ਇਤਿਹਾਸ ਗਵਾਹ ਹੈ, ਹਰ ਕਾਲ ਵਿਚ ਤੇ ਹਰ ਦੇਸ ਵਿਚ ਹਰ ਕਿਸਮ ਦੀ ਕਲਾ ਨੂੰ ਧਾਰਮਿਕ ਰਾਹਬਰਾਂ ਨੇ ਵੀ ਸਤਿਕਾਰਿਆ ਹੈ ਅਤੇ ਦੁਨਿਆਵੀ ਰਾਜਿਆਂ ਨੇ ਵੀ। ਦਸਮੇਸ਼ ਪਿਤਾ ਨੇ ਤਾਂ ਬਵੰਜਾ ਕਵੀ ਇਕੱਤਰ ਕਰ ਕੇ ਉਹਨਾਂ ਨੂੰ ਉੱਤਮ ਰਚਨਾ ਕਰਨ ਲਈ ਸੁਖਾਵਾਂ ਮਾਹੌਲ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਸਦੀਕ ਦੀ ਗਾਈ ਬਾਬੇ ਨਾਨਕ, ਮਰਦਾਨੇ ਤੇ ਪੰਜਾਬ ਦੀ ਸਿਫ਼ਤ ਨਾਲ ਵਿਧਾਨ ਸਭਾ ਪਲੀਤ ਹੋ ਗਈ ਹੋਣ ਦਾ ਰੌਲਾ ਪਾਉਣ ਵਾਲਿਆਂ ਨੂੰ ਕਲਗ਼ੀਆਂ ਵਾਲੇ ਦਾ ਹੀਰ ਸੁਣਨਾ ਅਤੇ ਰਚਣਾ ਜਾਂ ਤਾਂ ਪਤਾ ਨਹੀਂ ਜਾਂ ਫੇਰ ਉਹ ਯਾਦ ਕਰਨਾ ਨਹੀਂ ਚਾਹੁੰਦੇ। ਗੁਰੂ ਜੀ ਬਠਿੰਡੇ ਦੇ ਕਿਲ਼ੇ ਦੀ ਫ਼ਸੀਲ ਉੱਤੇ, ਜਿਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ, ਰਾਤਰੀ ਵਿਸਰਾਮ ਕਰ ਰਹੇ ਸਨ। ਟਿਕੀ ਰਾਤ ਤੋਂ ਕਿਲ਼ੇ ਦੀ ਕੰਧ ਕੋਲ ਉੱਤਰੇ ਹੋਏ ਊਠਾਂ ਵਾਲੇ ਵਪਾਰੀ ਬੜੀ ਮਿੱਠੀ ਆਵਾਜ਼ ਤੇ ਮਨਮੋਹਕ ਹੇਕ ਨਾਲ ਹੀਰ ਗਾਉਣ ਲੱਗੇ। ਗੁਰੂ ਜੀ ਨੇ ਉਹ ਅਗਲੀ ਸਵੇਰ ਬੁਲਾਏ ਤੇ ਰਾਤ ਵਾਂਗ ਗਾਉਣ ਲਈ ਆਖਿਆ। ਉਹਨਾਂ ਬਿਚਾਰਿਆਂ ਨੇ ਕੱਚੇ ਜਿਹੇ ਹੋ ਕੇ ਹੱਥ ਜੋੜੇ,''ਮਹਾਰਾਜ, ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀ-ਪੀਰ ਲਗਦੇ ਹੋ। ਉਹ ਤਾਂ ਸੰਸਾਰਕ ਇਸ਼ਕ-ਮੁਸ਼ਕ ਦੀਆਂ ਗੱਲਾਂ ਸਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ!” ਗੁਰੂ ਜੀ ਨੇ ਕਲਾ ਦਾ ਮਹੱਤਵ ਸਮਝਾ ਕੇ, ਪ੍ਰੇਰ ਕੇ ਉਹਨਾਂ ਦੀ ਝਿਜਕ ਲਾਹੀ ਤੇ ਹੀਰ ਸੁਣੀ। ਕਹਿੰਦੇ ਹਨ, ਇਹੋ ਘਟਨਾ ਉਹਨਾਂ ਲਈ ਆਪ ਹੀਰ ਲਿਖਣ ਵਾਸਤੇ ਪ੍ਰੇਰਨਾ ਬਣੀ।


ਮਜੀਠੀਆ ਸਾਹਿਬ ਨੇ ਕੇਵਲ ਸਾਹਿਤ ਨੂੰ ਅਤੇ ਸੰਗੀਤ ਤੇ ਗਾਇਕੀ ਨੂੰ ਹੀ ਨਹੀਂ ਭੰਡਿਆ ਸਗੋਂ ''ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸੀ ਸਦਨ ਵਿਚ ਨੱਚਣਾ ਵੀ ਸ਼ੁਰੂ ਕਰ ਦੇਣਗੇ” ਆਖ ਕੇ ਨ੍ਰਿਤ-ਕਲਾ ਨੂੰ ਵੀ ਟਿੱਚ ਜਾਣਿਆ ਹੈ। ਕਲਾਵਾਂ ਵੱਲ ਸਾਡੇ ਹਾਕਮਾਂ ਦਾ ਅਜਿਹਾ ਤ੍ਰਿਸਕਾਰੀ ਅਤੇ ਅਗਿਆਨੀ ਰਵਈਆ ਸਮਝੋਂ ਬਾਹਰ ਹੈ! ਜਾਂ ਤਾਂ ਇਹ ਉਹਨਾਂ ਦੇ ਕਲਾਵਾਂ ਨੂੰ ਸਮਝਣ-ਸਲਾਹੁਣ ਤੋਂ ਸੱਖਣੇ ਸਭਿਆਚਾਰਕ ਪੱਧਰ ਨੂੰ ਉਜਾਗਰ ਕਰਦਾ ਹੈ ਤੇ ਜਾਂ ਫੇਰ ਇਹ ਇਸ ਮਾਨਸਿਕਤਾ ਦਾ ਪਰਗਟਾਵਾ ਹੈ ਕਿ ਵਿਰੋਧੀਆਂ ਨੂੰ ਨੀਵਾਂ ਦਿਖਾਇਆ ਜਾਵੇ, ਭਾਵੇਂ ਇਸ ਜਤਨ ਵਿਚ ਕਲਾ ਨੂੰ ਵੀ ਸੱਤਾ ਦੀ ਸ਼ਮਸ਼ੀਰ ਨਾਲ ਝਟਕਾਉਣਾ ਕਿਉਂ ਨਾ ਪੈ ਜਾਵੇ! ਨ੍ਰਿਤ ਤਾਂ ਨਟਰਾਜ ਸ਼ਿਵ ਦੀ ਦੇਣ ਹੈ। ਸੰਗੀਤ ਦਾ ਉਦੈ ਵੀ ਉਸੇ ਦੇ ਹੀ ਨਾਂ ਹੈ। ਦੋਵਾਂ ਛਾਤੀਆਂ ਉੱਤੇ ਬਾਂਹ ਰੱਖ ਕੇ ਆਨੰਦ-ਅਵਸਥਾ ਵਿਚ ਪਈ ਨਿਰਵਸਤਰ ਸ਼ਕਤੀ ਨੂੰ ਦੇਖ ਕੇ ਮਹਾਂਦੇਵ ਨੇ ਨਵੇਂ ਸਾਜ਼ ਵੀਨਾ ਦੀ ਕਲਪਨਾ ਅਤੇ ਰਚਨਾ ਕੀਤੀ। ਇਸੇ ਵੀਨਾ ਦੀ ਅਰਧ-ਕਾਇਆ ਨੇ ਤੂੰਬੀ ਦਾ ਰੂਪ ਧਾਰਿਆ ਜੋ ਸਦੀਕ ਬਜਾਉਂਦਾ ਹੈ। ਸਾਹਿਤ ਨੂੰ ਤਾਂ ਜਨਮ ਹੀ ਸੰਸਾਰ ਦੀ ਪਲੇਠੀ ਪੁਸਤਕ, ਰਿਗਵੇਦ ਦੇ ਰੂਪ ਵਿਚ ਪੰਜਾਬ ਨੇ ਦਿੱਤਾ। ਨੇੜੇ ਦੀ ਗੱਲ ਲਉ। ਗੁਰੂ ਸਾਹਿਬਾਨ ਨੇ ਧੁਰ-ਕੀ-ਬਾਣੀ ਦੇ ਰੂਪ ਵਿਚ ਅਮਰ ਸਾਹਿਤ ਤਾਂ ਰਚਿਆ ਹੀ, ਰਾਗਾਂ ਵਿਚ ਢਾਲ ਕੇ ਸਾਨੂੰ ਗਾਇਕੀ ਦਾ ਮਹੱਤਵ ਵੀ ਦੱਸਿਆ। ਸੰਗੀਤ ਤਾਂ ਭਾਈ ਮਰਦਾਨੇ ਦੀ ਰਬਾਬ ਦੇ ਰੂਪ ਵਿਚ ਸਾਡੇ ਬਾਬੇ ਦੇ ਨਾਲ ਨਾਲ ਤੁਰਦਾ ਸੀ ਅਤੇ ਫੇਰ ਅਗਲੇ ਗੁਰੂਆਂ ਦੇ ਵੀ ਹਜ਼ੂਰ ਰਿਹਾ। ਕੇਵਲ ਸਦੀਕ ਨੂੰ ਤੇ ਉਸ ਦੇ ਬਹਾਨੇ ਕਾਂਗਰਸੀਆਂ ਨੂੰ ਨੀਵਾਂ ਦਿਖਾਉਣ ਲਈ ਸਾਹਿਤ, ਸੰਗੀਤ, ਗਾਇਕੀ, ਨ੍ਰਿਤ, ਆਦਿ ਸਭ ਕਲਾਵਾਂ ਦੀ ਏਨੀਂ ਘੋਰ ਬੇਅਦਬੀ! ਵਾਹਿਗੁਰੂ! ਵਾਹਿਗੁਰੂ!! ਸਿਆਸਤਦਾਨਾਂ ਹੱਥੋਂ ਕਲਾ ਅਤੇ ਕਲਾਕਾਰ ਨੂੰ ਇਉਂ ਨਿਰਾਦਰੀ, ਤ੍ਰਿਸਕਾਰ ਤੇ ਟਿੱਚਰਾਂ ਦਾ ਨਿਸ਼ਾਨਾ ਬਣਾ ਕੇ ਛੁਟਿਆਏ ਜਾਣਾ ਸਾਡੇ ਸਭਿਆਚਾਰ ਦਾ ਦੁਖਦਾਈ ਅਤੇ ਚਿੰਤਾਜਨਕ ਵਰਤਾਰਾ ਹੈ।


ਅਕਾਲੀ ਵਿਧਾਇਕਾਂ ਨੂੰ ਸਦਨ ਦੀ ਪਵਿੱਤਰਤਾ ਭੰਗ ਹੋ ਜਾਣ ਬਾਰੇ ਇਉਂ ਹਿੱਕਾਂ ਪਿੱਟਣ ਦੀ ਤਾਂ ਲੋੜ ਹੀ ਨਹੀਂ ਸੀ। ਵਿਧਾਨ ਸਭਾ ਦੇ ਨੇਮ ਨਿਰਸੰਦੇਹ ਅਜਿਹੀਆਂ ਹਾਲਤਾਂ ਨਾਲ ਨਿੱਬੜਨ ਵਾਸਤੇ ਕਾਫ਼ੀ ਹਨ। ਉਹ ਸਦੀਕ ਨੂੰ ਅਜਿਹੇ ਕਾਰੇ ਲਈ ਉਕਸਾਉਣ ਬਦਲੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਜੀ ਦੇ ਸੰਬੰਧ ਵਿਚ ਨਿੰਦਿਆ-ਪ੍ਰਸਤਾਵ ਨਹੀਂ ਤਾਂ ਘੱਟੋ-ਘੱਟ ਅਸਹਿਮਤੀ-ਪ੍ਰਸਤਾਵ ਲਿਆ ਸਕਦੇ ਹਨ। ਇਸੇ ਪਰਕਾਰ ਸਦੀਕ ਨੂੰ ਇਸ ਕਾਰੇ ਲਈ ਬਾਕਾਇਦਾ ਆਗਿਆ ਤੇ ਸਮਾਂ ਦੇਣ ਬਦਲੇ ਉਹ ਸਪੀਕਰ ਵਿਰੁੱਧ ਅਵਿਸ਼ਵਾਸ-ਪ੍ਰਸਤਾਵ ਪਾਸ ਕਰ ਕੇ ਉਹਦੀ ਥਾਂ ਨਵਾਂ ਸਪੀਕਰ ਚੁਣ ਸਕਦੇ ਹਨ। ਜਿਥੋਂ ਤੱਕ ਸਦੀਕ ਦਾ ਸੰਬੰਧ ਹੈ, ਸੰਵਿਧਾਨਕ ਮਾਹਿਰਾਂ ਦਾ ਕਹਿਣਾ ਹੈ ਕਿ ਸਪੀਕਰ ਵੱਲੋਂ ਗਾਉਣ ਦੀ ਬਾਕਾਇਦਾ ਆਗਿਆ ਹੋਣ ਕਾਰਨ ਅਤੇ ਇਕ ਵੀ ਅਜੋਗ ਸ਼ਬਦ ਨਾ ਬੋਲੇ-ਗਾਏ ਜਾਣ ਕਾਰਨ ਉਹਨੇ ਜੋ ਕੁਝ ਵੀ ਕੀਤਾ, ਉਹ ਪੂਰੀ ਤਰ੍ਹਾਂ ਨੇਮਾਂ ਦੇ ਅਨੁਸਾਰ ਹੈ ਅਤੇ ਵਿਧਾਨ ਸਭਾ ਦੀ ਮਰਯਾਦਾ ਦੀ ਕੋਈ ਉਲੰਘਣਾ ਨਹੀਂ ਬਣਦੀ।


ਫੇਰ ਵੀ ਜੇ ਹਾਕਮ ਧਿਰ ਦਿਲੋਂ ਸਮਝਦੀ ਹੈ ਕਿ ਸਦੀਕ ਦੇ ਗਾਉਣ ਨਾਲ ਸਦਨ ਅਪਵਿੱਤਰ ਹੋ ਗਿਆ, ਪਰ ਉਹ ਮੁੱਖ ਮੰਤਰੀ ਜੀ ਤੇ ਸਪੀਕਰ ਦੇ ਵਿਰੁੱਧ ਕੋਈ ਮਤਾ ਨਹੀਂ ਲਿਆਉਣਾ ਚਾਹੁੰਦੀ, ਇਹ ਵੀ ਕੋਈ ਬਹੁਤ ਵੱਡਾ ਮਸਲਾ ਨਹੀਂ। ਹਕੂਮਤ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਕਿਸ ਦਿਨ ਕੰਮ ਆਵੇਗੀ। ਵਿਧਾਨ ਸਭਾ ਵਿਚ ਪੰਜਾਬੀ ਦੀ ਥਾਂ ਸੰਸਕ੍ਰਿਤ ਵਿਚ ਸਹੁੰ ਚੁੱਕਣ ਵਾਲੀ ਮਾਨਸਿਕਤਾ ਦੀ ਮਾਲਕ ਇਸ ਪਾਰਟੀ ਨੂੰ ਪੰਜਾਬ ਵਿਚ ਵਧਣ-ਫੁੱਲਣ ਦਾ ਏਨਾਂ ਵੱਡਾ ਮੌਕਾ ਦਿੱਤਾ ਹੈ, ਉਹ ਏਨਾਂ ਕੰਮ ਵੀ ਨਹੀਂ ਕਰੇਗੀ ਕਿ ਹਰਦੁਆਰੋਂ ਪੰਜ ਪੰਡੇ ਬੁਲਾ ਕੇ ਹਵਨ ਤੇ ਮੰਤਰਜਾਪ ਨਾਲ ਸਦਨ ਨੂੰ ਪਵਿੱਤਰ ਕਰਵਾ ਦੇਵੇ ਅਤੇ ਜਿਹੜੇ ਜਿਹੜੇ ਵਿਧਾਇਕ ਸਦੀਕ ਦੀ ਕਰਤੂਤ ਨਾਲ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਦੇ ਹਨ, ਪਵਿੱਤਰ ਗੋ-ਮੂਤਰ ਵਿਚ ਘੋਲੇ ਹੋਏ ਪਵਿੱਤਰ ਗੋ-ਗੋਬਰ ਦੇ ਛਿੱਟਿਆਂ ਨਾਲ ਉਹਨਾਂ ਦੀ ਸ਼ੁੱਧੀ ਕਰਵਾ ਦੇਵੇ!


ਕਲਾ ਅਤੇ ਸਿਆਸਤ ਦੇ ਸੰਬੰਧਾਂ ਦੀਆਂ ਇਸ ਵਕੂਏ ਵਰਗੀਆਂ ਮਿਸਾਲਾਂ ਇਤਿਹਾਸ ਵਿਚ ਵੀ ਮਿਲਦੀਆਂ ਹਨ। ਔਰੰਗਜ਼ੇਬ ਨੇ ਆਪਣੇ ਰਾਜ ਵਿਚ ਮੌਸੀਕੀ, ਭਾਵ ਸੰਗੀਤ ਉੱਤੇ ਪਾਬੰਦੀ ਲਾ ਦਿੱਤੀ। ਤਾਨਾਂ ਕੱਢਣ ਖ਼ਾਤਰ ਬਿਹਬਲ ਕਲਾਕਾਰ ਰੋਸ ਪਰਗਟ ਕਰਨ ਲਈ ਅਤੇ ਬਾਦਸ਼ਾਹ ਦੀ ਜ਼ਮੀਰ ਨੂੰ ਝੰਜੋੜਨ ਲਈ ਲਾਲ ਕਿਲ੍ਹੇ ਦੇ ਅੱਗੋਂ ਦੀ ਅਰਥੀ ਲੈ ਤੁਰੇ। ਔਰੰਗਜ਼ੇਬ, ਜਿਸਨੂੰ ਸੂਹੀਆਂ ਨੇ ਪਹਿਲਾਂ ਹੀ ਖ਼ਬਰ ਦੇ ਦਿੱਤੀ ਸੀ, ਟਿੱਚਰੀ ਰਉਂ ਵਿਚ ਕਿਲ੍ਹੇ ਦੀ ਫ਼ਸੀਲ ਉੱਤੇ ਟਹਿਲ ਰਿਹਾ ਸੀ। ਅਰਥੀ ਨੇੜੇ ਆਈ ਤੋਂ ਉਹਨੇ ਮੂਹਰਲੇ ਕਾਨ੍ਹੀਆਂ ਦਾ ਨਾਂ ਲੈ ਕੇ ਪੁੱਛਿਆ, ਮੀਆਂ, ਕੌਣ ਵਫ਼ਾਤ ਪਾ ਗਿਆ? ਉਹ ਰੋਣਹਾਕੇ ਹੋ ਕੇ ਬੋਲੇ, ਜਹਾਂਪਨਾਹ, ਮੌਸੀਕੀ ਚੱਲ ਵਸੀ! ਔਰੰਗਜ਼ੇਬ ਕਹਿੰਦਾ, ਕਬਰ ਡੂੰਘੀ ਪੱਟਿਉ! ਜ਼ਰੂਰੀ ਨਹੀਂ ਕਿ ਕਲਾ ਹਰ ਕਿਸੇ ਦੇ ਮਨ ਨੂੰ ਹੀ ਹੁਲਾਰੇ ਵਿਚ ਲੈ ਆਵੇ। ਬਹੁਤ ਲੋਕ ਕਲਾ ਲਈ ਥਿੰਧੇ ਘੜੇ ਹੁੰਦੇ ਹਨ। ਦੋ ਜਣੇ ਗੁਲਾਬ ਦੇ ਖੇਤ ਦੇ ਵਿਚਕਾਰੋਂ ਲੰਘਦੀ ਪਗਡੰਡੀ ਉੱਤੇ ਤੁਰੇ ਜਾ ਰਹੇ ਸਨ। ਦੋਵੇਂ ਪਾਸੀਂ ਲਾਲ ਸੂਹੇ ਫੁੱਲ ਹੀ ਫੁੱਲ। ਸੱਜੇ ਵੀ, ਖੱਬੇ ਵੀ, ਅੱਗੇ ਵੀ, ਪਿੱਛੇ ਵੀ, ਨਜ਼ਰ ਦੀ ਹੱਦ ਤੱਕ ਗੁਲਾਬ ਦੇ ਫੁੱਲਾਂ ਦੀ ਸੂਹੀ ਮਖ਼ਮਲੀ ਚਾਦਰ ਵਿਛੀ ਹੋਈ। ਇਕ ਜਣਾ ਸਭ ਤੋਂ ਮਹਾਨ ਕਲਾਕਾਰ, ਭਾਵ ਕੁਦਰਤ ਦੀ ਇਸ ਰਚਨਾ ਤੋਂ ਗਦਗਦ ਹੋ ਕੇ ਬੋਲਿਆ, ਯਿਹ ਖ਼ੁਸ਼ਬੂ, ਰੰਗ ਯਿਹ, ਔਰ ਯਿਹ ਨਜ਼ਾਰਾ, ਜੀਅ ਮੇਂ ਆਤਾ ਹੈ ਯਹੀਂ ਮਰ ਜਾਈਏ! ਦੂਜਾ ਬੋਲਿਆ, ਯਾਰ ਜੇ ਏਨੇਂ ਫੁੱਲਾਂ ਦੀ ਗੁਲਕੰਦ ਬਣਾ ਕੇ ਵੇਚਣੀ ਹੋਵੇ, ਬੰਦਾ ਲੱਖਾਂ ਖੱਟ ਲਵੇ!


ਪੁਸ਼ਪ-ਸੁਹਜ ਅਤੇ ਗੁਲਕੰਦ ਤੱਕ ਪੁੱਜ ਕੇ ਇਹ ਸਵਾਲ ਵੀ ਖੜ੍ਹਾ ਹੋ ਜਾਂਦਾ ਹੈ ਕਿ ਕਲਾ ਹੁੰਦੀ ਕੀ ਹੈ? ਕੀ ਕਲਾ ਸਦੀਕ ਦੇ ਆਖਣ ਵਾਂਗ ਮਾਣਨ ਤੇ ਪੂਜਣ ਵਾਲੀ ਸ਼ੈਅ ਹੈ ਜਾਂ ਅਕਾਲੀਆਂ ਦੇ ਸੋਚਣ-ਕਹਿਣ ਵਾਂਗ ਇਹਨੂੰ ਮਸਲ-ਮਿੱਧ ਕੇ ਗੁਲਕੰਦ ਬਣਾ ਲੈਣੀ ਚਾਹੀਦੀ ਹੈ? ਮਿਸਾਲ ਵਜੋਂ, ਕੀ ਲੋਕਰਾਜ ਦੇ ਮੰਦਰ, ਵਿਧਾਨ ਸਭਾ ਵਿਚ ਮੋਹਨ ਸਿੰਘ ਦੀ ਲਿਖੀ ਤੇ ਸਦੀਕ ਦੀ ਗਾਈ ਪੰਜਾਬ, ਬਾਬੇ ਨਾਨਕ ਤੇ ਮਰਦਾਨੇ ਦੀ ਉਸਤਤ ਕਲਾ ਹੈ ਜਾਂ ਸਰਕਾਰ ਦੇ ਹੱਥ ਲੱਗੀ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਵਿਚੋਂ ਕਰੋੜਾਂ ਰੁਪਏ ਰੋੜ੍ਹ ਕੇ ਅਧਨੰਗੀਆਂ ਕੁੜੀਆਂ ਦੀ ਡਾਰ ਵਿਚਕਾਰ ਸ਼ਾਹਰੁਖ ਖਾਂ ਨਾਂ ਦੇ ਬਾਜ਼ਾਰੂ ਨਚਾਰ ਦਾ 1984 ਦੇ ਸਿੱਖ ਕਤਲਾਮ ਦੀ ਬਰਸੀ ਵਾਲੇ ਦਿਨ ਲੱਕ ਹਿਲਾਉਣਾ ਅਤੇ ਛੱਮਕਛੱਲੋ ਗਾਉਣਾ ਕਲਾ ਹੈ? ਸਦੀਕ ਜਿਹੇ ਨਿਰਛਲ ਮਨੁੱਖ ਅਤੇ ਵਧੀਆ ਗਾਇਕ ਦੀ ਨਿਰਾਦਰੀ ਤੋਂ ਖਰੀ ਕਲਾ ਦੀ ਸ਼ਕਤੀ ਅਤੇ ਕਲਾਕਾਰ ਦੇ ਸਵੈਮਾਣ ਦੀ ਇਕ ਬੜੀ ਡੂੰਘੀ ਗੱਲ ਚੇਤੇ ਆ ਗਈ। ਮੈਨੂੰ ਇਹ ਕਮਾਲ ਦੀ ਘਟਨਾ ਬਜ਼ੁਰਗ ਮਿੱਤਰ ਅਤੇ ਪ੍ਰਸਿੱਧ ਸਭਿਆਚਾਰ-ਗਿਆਤਾ ਬਠਿੰਡੇ ਵਾਲੇ ਪ੍ਰੋ. ਕਰਮ ਸਿੰਘ ਨੇ ਸੁਣਾਈ ਸੀ।


ਬਠਿੰਡੇ ਦੂਰ ਦੂਰ ਤੱਕ ਮੰਨਿਆ ਹੋਇਆ ਇਕ ਗਮੰਤਰੀ ਹੁੰਦਾ ਸੀ, ਨਗੀਨਾ ਮਰਾਸੀ, ਆਪਣੀ ਕਲਾ ਦੇ ਸੁਹਜ, ਸ਼ਕਤੀ ਤੇ ਪ੍ਰਭਾਵ ਬਾਰੇ ਪੂਰਾ ਸਚੇਤ। ਰੱਜ ਕੇ ਸਵੈਮਾਨੀ ਪਰ ਅਭਿਮਾਨ ਤੋਂ ਉੱਕਾ ਹੀ ਮੁਕਤ! ਪਟਿਆਲੀਏ ਮਹਾਰਾਜਾ ਭੂਪਿੰਦਰ ਸਿੰਘ ਕੁਛ ਦਿਨਾਂ ਵਾਸਤੇ ਬਠਿੰਡੇ ਦੇ ਕਿਲ਼ੇ ਵਿਚ ਟਿਕੇ ਹੋਏ ਸਨ। ਇਕ ਦਿਨ ਉਹਨਾਂ ਦਾ ਦਿਲ ਕੀਤਾ, ਕੁਛ ਗਾਉਣ-ਬਜਾਉਣ ਹੀ ਸੁਣਿਆ ਜਾਵੇ! ਓਦੋਂ ਰਾਜਿਆਂ ਵਾਸਤੇ ਸਥਾਨਕਤਾ ਨਾਲ ਵਾਹ ਦੀ ਅਹਿਮ ਕੜੀ ਨੰਬਰਦਾਰ-ਜ਼ੈਲਦਾਰ ਹੀ ਹੁੰਦੇ ਸਨ। ਮਹਾਰਾਜਾ ਸਾਹਿਬ ਨੇ ਜ਼ੈਲਦਾਰ ਦਸੌਂਧਾ ਸਿੰਘ ਨੂੰ ਕਿਹਾ, ਅੱਜ ਸ਼ਾਮ ਕੋਈ ਵਧੀਆ ਗਵਈਆ ਤਾਂ ਬੁਲਾਓ। ਨਗੀਨੇ ਦੇ ਸੁਭਾਅ ਤੋਂ ਜਾਣੂ ਜ਼ੈਲਦਾਰ ਨੂੰ ਪਤਾ ਸੀ ਕਿ ਕਿਸੇ ਹੱਥ ਸੁਨੇਹਾ ਭੇਜਿਆਂ ਉਹਨੇ ਆਉਣਾ ਨਹੀਂ। ਕੋਈ ਲਾਗੀ-ਤੱਥਾ ਭੇਜਣ ਦੀ ਥਾਂ ਉਹਨੇ ਆਪ ਚੱਲ ਕੇ ਜਾਣਾ ਹੀ ਮੁਨਾਸਿਬ ਸਮਝਿਆ। ਉਹਨੇ ਆਖਿਆ, ਨਗੀਨਿਆ, ਮਹਾਰਾਜਾ ਸਾਹਿਬ ਨੇ ਗੌਣ ਸੁਣਨ ਦੀ ਇੱਛਾ ਦੱਸੀ ਹੈ, ਅੱਜ ਆਥਣੇ ਕਿਲ਼ੇ ਵਿਚ ਪਹੁੰਚ ਜਾਈਂ। ਨਗੀਨੇ ਨੇ ਝੱਟ ਸਵਾਲ ਕੀਤਾ, ਜ਼ੈਲਦਾਰਾ, ਮਹਾਰਾਜ ਗੌਣ ਸੁਣਨਾ ਜਾਣਦੇ ਵੀ ਨੇ? ਉਹਦੀ ਗੱਲ ਸੁਣ ਕੇ ਜ਼ੈਲਦਾਰ ਹੈਰਾਨ ਰਹਿ ਗਿਆ ਤੇ ਬੋਲਿਆ, ਕੀ ਕਮਲੀਆਂ ਮਾਰਦਾ ਹੈਂ, ਨਗੀਨਿਆ, ਮਹਾਰਾਜਾ ਸਾਹਿਬ ਗੌਣ ਸੁਣਨ ਵੀ ਨਹੀਂ ਜਾਣਦੇ? ਨਗੀਨਾ ਕਹਿੰਦਾ, ਚੰਗਾ, ਜ਼ੈਲਦਾਰ ਸਾਹਿਬ, ਜੇ ਇਹ ਗੱਲ ਹੈ, ਕਿਲ਼ੇ ਵਿਚ ਕੱਕਾ ਰੇਤਾ ਵਿਛਵਾ ਲੈਣਾ; ਮੇਰਾ ਗੌਣ ਸੁਣਨ ਆਈ ਮਾਈ ਹੀਰ ਦੀਆਂ ਸੱਜਰੀਆਂ ਪੈੜਾਂ ਦਿਖਾਵਾਂਗੇ!


ਸਦੀਕ ਬੱਸ ਇਥੇ ਹੀ ਮਾਰ ਖਾ ਗਿਆ! ਗਾਉਣ ਤੋਂ ਪਹਿਲਾਂ ਉਹਨੂੰ ਚਾਹੀਦਾ ਸੀ, ਗਾ ਕੇ ਸੁਣਾਉਣ ਦੀ ਫ਼ਰਮਾਇਸ਼ ਕਰਨ ਵਾਲਿਆਂ ਨੂੰ ਪੁਛਦਾ, ਮੋਤੀਆਂ ਵਾਲਿਓ, ਗਾਇਆ ਹੋਇਆ ਸੁਣਨਾ ਵੀ ਆਉਂਦਾ ਹੈ? ਜੇ ਉਹ ਹਾਂ ਆਖਣ ਦੀ ਹਿੰਮਤ ਕਰਦੇ, ਫੇਰ ਉਹਨੂੰ ਕਹਿਣਾ ਚਾਹੀਦਾ ਸੀ, ਚੰਗਾ, ਜਨਾਬ, ਪੰਜਾਬ ਦਾ ਨਕਸ਼ਾ ਮੰਗਵਾ ਕੇ ਵਿਧਾਨ ਸਭਾ ਦੀ ਕੰਧ ਉੱਤੇ ਟੰਗ ਲਵੋ। ਜਦੋਂ ਮੈਂ ਮੋਹਨ ਸਿੰਘ ਦੀ ਵਜਦ ਵਿਚ ਆ ਕੇ ਲਿਖੀ ਹੋਈ ਪੰਜਾਬ ਦੀ, ਸੰਸਾਰ-ਤਾਰਕ ਬਾਬੇ ਨਾਨਕ ਦੀ ਤਾਬ ਦੀ, ਸਾਡੇ ਪੁਰਖੇ ਮਰਦਾਨੇ ਦੀ ਰਬਾਬ ਦੀ, ਪੰਜਾਬੀਆਂ ਦੇ ਸ਼ਬਾਬ ਦੀ, ਆਸ਼ਕ ਬਣਾਉਣ ਵਾਲੇ ਚਨਾਬ ਦੀ ਸਿਫ਼ਤ ਨੂੰ ਮਸਤ ਹੋ ਕੇ ਮੂੰਹ ਦੀ ਥਾਂ ਐਥੋਂ, ਹਿੱਕ ਦੇ ਵਿਚਕਾਰੋਂ, ਡੂੰਘੇ ਦਿਲ ਤੋਂ ਗਾਇਆ, ਪੰਜਾਬ ਦੇ ਨਕਸ਼ੇ ਵਿਚੋਂ ਇਲਾਹੀ ਨੂਰ ਝਰਦਾ ਦਿਖਾਵਾਂਗੇ!


ਸਦੀਕ ਹੰਢੇ-ਵਰਤੇ ਸਿਆਸੀ ਅਨੁਭਵੀਆਂ ਵਿਚ ਨਵਾਂ ਨਵਾਂ ਵਿਚਰਨ ਲੱਗਿਆ ਹੈ। ਚੰਗਾ ਹੋਵੇ, ਉਹ ਕੁਛ ਗੱਲਾਂ ਯਾਦ ਰੱਖੇ। ਜਿਸ ਮਰਦਾਨੇ ਬਿਨਾਂ ਆਪਣਾ ਬਾਬਾ ਸਾਹ ਨਹੀਂ ਸੀ ਲੈਂਦਾ ਤੇ ਜਿਸਦੀਆਂ ਔਲਾਦਾਂ ਦਰਬਾਰ ਸਾਹਿਬ ਵਿਚ ਜੁਗੜਿਆਂ ਤੱਕ ਕੀਰਤਨ ਕਰਦੀਆਂ ਰਹੀਆਂ ਸਨ, ਉਸ ਕੁਲ ਦੇ ਰਬਾਬੀਆਂ ਤੇ ਕੀਰਤਨੀਆਂ ਨੂੰ ਹੁਣ ਕੀਰਤਨ-ਸਥਾਨ ਦੇ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ। ਸਦੀਕ ਨੂੰ ਕੌੜੀ ਲੱਗ ਸਕਦੀ ਹੈ, ਪਰ ਉਹਨੂੰ ਮੇਰੀ ਇਕ ਸਲਾਹ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ''ਵੱਡੇ ਬੰਦਿਆਂ” ਵਿਚ ਉਠਦਿਆਂ-ਬੈਠਦਿਆਂ ਆਪਣੇ ਵਰਗੇ ਸਾਧਾਰਨ ਬੰਦਿਆਂ ਨੂੰ ਆਪਣਾ ਮੂਲ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਇਹ ਤਾਂ ਲੋਕਰਾਜ ਦੀਆਂ ਮਜਬੂਰੀਆਂ ਹਨ ਕਿ ਵਿਧਾਨ ਸਭਾ ਵਿਚ ਨਵੇਂ-ਪੁਰਾਣੇ ਰਾਜੇ ਅਤੇ ਹਮਾ-ਤੁਮਾ ਰੰਕ ਬਰਾਬਰ ਬੈਠਦੇ ਹਨ। ਜੇ ਸੁਖੀ ਰਹਿਣਾ ਹੈ, ਇਹਦਾ ਇਹ ਅਰਥ ਕਦੇ ਨਾ ਲੈਣਾ ਕਿ ਉਥੇ ਬੈਠੇ ਸਭ ਸੱਚਮੁੱਚ ਬਰਾਬਰ ਹੋ ਗਏ ਹਨ! ਮੇਰਾ ਦਾਅਵਾ ਹੈ ਕਿ ਜੇ ਸਦੀਕ ਦੀ ਗਾਈ ਇਸ ਉੱਚ-ਪਾਏ ਦੀ ਗ਼ਜ਼ਲ ਦੀ ਥਾਂ ਮਜੀਠੀਆ ਸਾਹਿਬ ਨੇ ਵਿਧਾਨ ਸਭਾ ਵਿਚ ''ਕਰ ਦੇ ਬੁੜ੍ਹੇ ਦਾ ਚਿੱਤ ਰਾਜੀ, ਉੱਤੇ ਲੈ ਕੇ ਅੰਬ-ਰਸੀਆ” ਗੀਤ ਵੀ ਗਾਇਆ ਹੁੰਦਾ, ਸਦਨ ਦੀ ਪਵਿੱਤਰਤਾ ਭੰਗ ਹੋਣ ਦੀ ਥਾਂ ਦੂਣ-ਸਵਾਈ ਹੋ ਜਾਂਦੀ। ਇਥੇ ਮੈਨੂੰ ਫ਼ਿਲਮ ਪਾਕੀਜ਼ਾ ਦਾ ਇਕ ਦ੍ਰਿਸ਼ ਯਾਦ ਆ ਗਿਆ। ਸਾਹਿਬ ਜਾਨ ਦਾ ਮੁਜਰਾ ਦੇਖਣ ਆਏ ਨਵਾਬਾਂ-ਰਈਸਾਂ ਨੂੰ ਪਾਨ ਦੇ ਬੀੜੇ ਦੇ ਰਹੀ ਅੰਮੀ ਜਾਨ ਇਕ ਸਰੋਤੇ ਨੂੰ ਪੰਜ-ਸੱਤ ਪੌੜੀਆਂ ਉੱਚੇ ਮੰਚ-ਰੂਪੀ ਵਿਸ਼ਾਲ ਹਾਲ ਦੀ ਆਖ਼ਰੀ ਪੌੜੀ ਕੋਲ ਥੰਮ੍ਹ ਨਾਲ ਢੋ ਲਾ ਕੇ ਬੈਠਦਿਆਂ ਦੇਖ ਆਖਦੀ ਹੈ, ਇਥੇ ਕਿਉਂ ਬੈਠ ਗਏ ਠੇਕੇਦਾਰ ਸਾਹਿਬ, ਐਧਰ ਆ ਕੇ ਬੈਠੋ। ਉਹ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿੰਦਾ ਹੈ, ਨਹੀਂ ਅੰਮੀ ਜਾਨ, ਮੈਂ ਇਥੇ ਹੀ ਠੀਕ ਹਾਂ, ਮੈਨੂੰ ਆਪਣੀ ਥਾਂ ਦਾ ਅਹਿਸਾਸ ਹੈ!


ਇਕ ਗੱਲ ਹੋਰ ਵੀ ਹੈ। ਲੋਕ-ਸੂਝ ਦਾ ਚੰਗਾ ਗਿਆਤਾ ਹੋਣ ਦੇ ਬਾਵਜੂਦ ਸਦੀਕ ਇਹ ਲਲਕਾਰਾ ਕਿਵੇਂ ਭੁੱਲ ਗਿਆ: ਕਿਥੇ ਜਾਏਂ ਗਾ ਬੂਬਣਿਆ ਸਾਧਾ, ਛੇੜ ਕੇ ਭਰਿੰਡ-ਰੰਗੀਆਂ! ਸਦੀਕ ਸਾਹਿਬ, ਸੱਤਾਧਾਰੀਆਂ ਦੇ ਚਹੇਤੇ ਅਤੇ ਖ਼ੁਦ ਸਾਰੀ ਉਮਰ ਆਮ ਲੋਕਾਂ ਤੋਂ ਚਾਰ ਹੱਥ ਉੱਚੀ ਕੁਰਸੀ ਉੱਤੇ ਬੈਠ ਕੇ ਰਾਜ ਚਲਾਉਂਦੇ ਰਹੇ ਦਰਬਾਰਾ ਸਿੰਘ ਗੁਰੂ ਦੀਆਂ ਗੋਡਣੀਆਂ ਲੁਆ ਕੇ ਜਾਉਂਗੇ ਕਿਥੇ? ਦੇਖੋ ਜੀ, ਖ਼ਸਮਾਂ ਨੂੰ ਖਾਂਦੀ ਜਮਹੂਰੀਅਤ, ਕੋਈ ਸਦੀਕ ਕਿਸੇ ਗੁਰੂ ਨੂੰ ਹਰਾ ਦੇਵੇ, ਸੱਚੀ ਗੱਲ ਹੈ, ਬੁਰਾ ਤਾਂ ਲੱਗਣਾ ਹੀ ਹੋਇਆ! 


ਪਰਕਾਸ਼ ਸਿੰਘ ਬਾਦਲ ਵਰਗੇ ਸਾਊ, ਮਿੱਠ-ਬੋਲੜੇ ਅਤੇ ਪਚਾਸੀ ਸਾਲ ਦੀ ਗਹਿਰ-ਗੰਭੀਰ ਆਯੂ ਨੂੰ ਪੁੱਜੇ ਆਗੂ ਨੇ ਆਪਣੇ ਜਨਤਕ ਅਕਸ ਦੇ ਪੂਰੀ ਤਰ੍ਹਾਂ ਉਲਟ ਅਜਿਹਾ ਕਿਉਂ ਕੀਤਾ, ਹਰ ਕਿਸੇ ਦੀ ਸਮਝ ਤੋਂ ਬਾਹਰ ਹੈ। ਸਦੀਕ ਦੀ ਤੇ ਉਸ ਰਾਹੀਂ ਕਾਂਗਰਸ ਦੀ ਹੱਤਕ ਤਾਂ ਉਹ ਕਿਸੇ ਵੀ ਅਕਾਲੀ ਵਿਧਾਇਕ ਤੋਂ ਕਰਵਾ ਸਕਦੇ ਸਨ। ਸੰਸਦ ਸਮੇਤ ਪੂਰੇ ਦੇਸ ਦੀਆਂ ਵਿਧਾਨ ਸਭਾਵਾਂ ਵਿਚ ਪਸੂਆਂ ਤੋਂ ਗਿਆ-ਗੁਜ਼ਰਿਆ ਨਰਕੀ ਜੀਵਨ ਜਿਉਣ ਲਈ ਮਜਬੂਰ ਤੇ ਬੇਵੱਸ ਕਰੋੜਾਂ ਮੰਦਭਾਗਿਆਂ ਦੇ ਗੰਭੀਰ ਮੁੱਦਿਆਂ ਬਾਰੇ ਗੰਭੀਰ ਗੱਲ ਛੇੜਨ ਤੇ ਗੰਭੀਰ ਬਹਿਸ ਕਰਨ ਵਾਲੇ ਲੋਕ-ਪ੍ਰਤੀਨਿਧਾਂ ਦੀ ਤਾਂ ਘਾਟ ਹੋ ਸਕਦੀ ਹੈ, ਕਿਸੇ ਦੀ ਚਿੱਟੀ ਪੱਗ ਲਾਹੁਣ ਤੇ ਉਛਾਲਣ ਵਾਲਿਆਂ ਦੀ ਥੋੜ ਮਹਿਸੂਸ ਹੋਣ ਦਾ ਤਾਂ ਸਵਾਲ ਹੀ ਨਹੀਂ। ਮੀਆਂ ਗ਼ਾਲਿਬ ਡੇਢ ਸਦੀਆਂ ਪਹਿਲਾਂ ਇਹਨਾਂ ਬਾਰੇ ਹੀ ਤਾਂ ਭਵਿੱਖਬਾਣੀ ਕਰ ਗਏ ਸਨ: ....ਕਮੀ ਨਹੀਂ ਗ਼ਾਲਿਬ, ਏਕ ਡੂੰਢੋ ਹਜ਼ਾਰ ਮਿਲਤੇ ਹੈਂ! ਬਾਦਲ ਸਾਹਿਬ ਨੂੰ ਗਾਰੇ ਦਾ ਬੁੱਕ ਭਰ ਕੇ ਸਦੀਕ ਵੱਲ ਆਪ ਵਗਾਹੁਣ ਦੀ ਕੀ ਲੋੜ ਪੈ ਗਈ! ਕੀ ਸਦੀਕ ਦਾ ਉਹਨਾਂ ਦੇ ਖਾਸੋ-ਖਾਸ ਉਮੀਦਵਾਰ ਨੂੰ ਹਰਾ ਕੇ ਜਿੱਤਣਾ ਵੋਟਾਂ ਵਾਲੇ ਲੋਕਰਾਜ ਵਿਚ ਏਡਾ ਵੱਡਾ ਗੁਨਾਹ ਹੈ ਕਿ ਉਹ ਉਹਨੂੰ ਅਗਲੀ, ਅਗਲੇਰੀ ਜਾਂ ਉਸ ਤੋਂ ਵੀ ਪਰੇਰੀ ਕਿਸੇ ਚੋਣ ਵਿਚ ਹਰਾ ਲੈਣ ਤੱਕ ਬਖ਼ਸ਼ਣਗੇ ਹੀ ਨਹੀਂ?


ਮੈਂ ਇਸ ਮੁੱਦੇ ਬਾਰੇ ਅਨੇਕ ਲੇਖਕਾਂ,ਵਿਦਵਾਨਾਂ ਤੇ ਕਲਾਕਾਰਾਂ ਨਾਲ ਗੱਲ ਕੀਤੀ ਹੈ ਅਤੇ ਮੇਰੇ ਹੋਰ ਲੇਖਾਂ ਦੇ ਸੰਬੰਧ ਵਿਚ ਫ਼ੋਨ ਕਰਨ ਵਾਲੇ ਅਨਗਿਣਤ ਪਾਠਕਾਂ ਦੀ ਇਸ ਸੰਬੰਧੀ ਰਾਇ ਲਈ ਹੈ। ਸ਼ਾਇਦ ਬਾਦਲ ਸਾਹਿਬ ਨੂੰ ਇਹ ਗੱਲ ਸੁਣਨੀ ਚੰਗੀ ਨਾ ਲੱਗੇ, ਸਭ ਦਾ ਇਕੋ ਮੱਤ ਹੈ ਕਿ ਇਸ ਘਟਨਾ ਨਾਲ ਉਹਨਾਂ ਸਭ ਦੀ ਨਜ਼ਰ ਵਿਚ ਬਾਦਲ ਜੀ ਦਾ ਕੱਦ ਘਟਿਆ ਹੈ ਤੇ ਸਦੀਕ ਦਾ ਉੱਚਾ ਹੋਇਆ ਹੈ! ਮੈਂ ਕਲਮ ਦੀ ਸਹੁੰ ਖਾ ਕੇ ਪੂਰੀ ਈਮਾਨਦਾਰੀ ਨਾਲ ਆਖਦਾ ਹਾਂ ਕਿ ਜੇ ਇਸ ਕਿੱਸੇ ਦਾ ਕਰਤਾ ਮੈਂ ਹੋਵਾਂ, ਵਿਧਾਨ ਸਭਾ ਦੇ ਅਗਲੇ ਸਮਾਗਮ ਵਿਚ ਸਦੀਕ ਤੋਂ ਅਤੇ ਉਸ ਰਾਹੀਂ ਸਮੂਹ ਲੇਖਕਾਂ ਤੇ ਕਲਾਕਾਰਾਂ ਅਤੇ ਆਮ ਪੰਜਾਬੀਆਂ ਤੋਂ ਮਾਫ਼ੀ ਮੰਗ ਲਵਾਂ। ਜੇ ਮਾਫ਼ੀ ਮੰਗਣ ਦਾ ਜੇਰਾ ਨਾ ਵੀ ਕਰ ਸਕਾਂ, ਇਹ ਜ਼ਰੂਰ ਕਹਿ ਦੇਵਾਂ, ਸਦੀਕ, ਭਾਈ, ਜੋ ਕੁਛ ਹੋਇਆ, ਉਸਦਾ ਮੈਨੂੰ ਬਹੁਤ ਅਫ਼ਸੋਸ ਹੈ, ਤੂੰ ਵੀ ਭੁੱਲ ਜਾ!


ਅੰਤ ਵਿਚ ਇਹ ਸਵਾਲ ਮਨ ਵਿਚ ਆਉਂਦਾ ਹੈ ਕਿ ਜੇ ਅੱਜ ਸਾਡੀ ਕਵਿਤਾ ਦੇ ਉੱਚੇ ਝੂਲਦੇ ਪਰਚਮ ਮੋਹਨ ਸਿੰਘ ਹੁੰਦੇ, ਉਹ ਇਸ ਘਟਨਾ ਮਗਰੋਂ ਆਪਣੀ ਇਸ ਗ਼ਜ਼ਲ ਵਿਚ ਹੋਰ ਕਿਹੜੇ ਸ਼ਿਅਰ ਜੋੜ ਕੇ ਇਸ ਨੂੰ ਮੁਕੰਮਲ ਕਰਦੇ! ਸ਼ਬਦ ਦੇ ਗਹਿਰੇ ਸਾਗਰ ਦੇ ਥੱਲੇ ਤੋਂ ਅਜਿਹੇ ਅਨਮੋਲ ਮੋਤੀ ਤਾਂ ਉਸਤਾਦ ਸ਼ਾਇਰ ਮੋਹਨ ਸਿੰਘ ਹੀ ਕੱਢ ਕੇ ਲਿਆ ਸਕਦਾ ਸੀ:
  ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ,
 ਭਾਰਤ ਹੈ ਜੇ ਸ਼ਰਾਬ, ਇਹ ਨਸ਼ਾ ਸ਼ਰਾਬ ਦਾ। 
ਆਉਣ ਨੂੰ ਤਾਂ ਜਵਾਨੀਆਂ ਹਰ ਇਕ ’ਤੇ ਆਉਂਦੀਆਂ, 
 ਪਰ ਹੋਰ ਹੀ ਹਿਸਾਬ ਹੈ ਸਾਡੇ ਸ਼ਬਾਬ ਦਾ। 
 ਗੰਗਾ ਬਣਾਵੇ ਦੇਵਤੇ ਤੇ ਜਮੁਨਾ ਦੇਵੀਆਂ, 
 ਆਸ਼ਿਕ ਮਗਰ ਬਣਾ ਸਕੇ ਪਾਣੀ ਚਨਾਬ ਦਾ। 
 ਪੰਜਾਬੀਉ ਨਾ ਨੀਂਵੀਂਆਂ ਗੱਲਾਂ ਦੀ ਤੱਕ ਰੱਖੋ, 
 ਹੁੰਦਾ ਕਦੀ ਨਾ ਆਲ੍ਹਣਾ ਝਿੱਕਾ ਉਕਾਬ ਦਾ। 
 ਭਾਈਆਂ ਤੇ ਪੰਡਿਤਾਂ ਦੀਆਂ ਗੱਲਾਂ ’ਤੇ ਨਾ ਖਪੋ, 
 ਕੀਤਾ ਇਹਨਾਂ ਨੇ ਕੰਮ ਕਦੋਂ ਹੈ ਸਵਾਬ ਦਾ। 
 ਮਿਟ ਜਾਣ ਆਪੇ ਬੋਲੀਆਂ ਵਰਣਾਂ ਦੇ ਵਿਤਕਰੇ, 
 ਮਰਦਾਨੇ ਵਾਂਗ ਛੇੜੀਏ ਜੇ ਸੁਰ ਰਬਾਬ ਦਾ। 
 ਉੱਠੋ ਕਿ ਉੱਠ ਕੇ ਦੇਸ ਦਾ ਮੂੰਹ-ਮੱਥਾ ਡੌਲੀਏ, 
 ਮੁੜ ਕੇ ਪੰਜਾਬ ਸਾਜੀਏ ਨਾਨਕ ਦੇ ਖ਼ਾਬ ਦਾ।
 ਪਤਾਲਾਂ ਤੋਂ ਲਿਆਈਏ ਮੁੜ ਕੱਢ ਕੇ ਮਨੀ, 
 ਅਸਮਾਨ ਉੱਤੋਂ ਲਾਹੀਏ ਰਤਨ ਆਫ਼ਤਾਬ ਦਾ। 
 ਪੱਤਝੜ ਤੋਂ ਬਚਾਈਏ ਧਰਤੀ ਪੰਜਾਬ ਦੀ, 
 ਖੇੜੇ ਦੇ ਵਿਚ ਲਿਆਈਏ ਮੁੜ ਫੁੱਲ ਗੁਲਾਬ ਦਾ! 

ਵਰਤਮਾਨ ਦੌਰ ਦੀ ਪੰਜਾਬੀ ਕਵਿਤਾ ਦਾ ਮੋਹਨ ਸਿੰਘ ਨਾਂ ਦਾ ਉਹ ਸੂਰਜ ਤਾਂ ਦੁਮੇਲ ਦੇ ਓਹਲੇ ਹੋ ਗਿਆ। ਸੂਰਜ ਦੀ ਗ਼ੈਰਹਾਜ਼ਰੀ ਵਿਚ ਦੀਵੇ ਵਿਤ ਅਨੁਸਾਰ ਚਾਨਣ ਦਾ ਜਤਨ ਕਰਦੇ ਰਹਿਣ ਦਾ ਉਸ ਨੂੰ ਦਿੱਤਾ ਆਪਣਾ ਵਚਨ ਸਦਾ ਤੋਂ ਨਿਭਾਉਂਦੇ ਆਏ ਹਨ। ਗ਼ਜ਼ਲ ਦੀ ਸੰਪੂਰਨਤਾ ਦਾ ਮੇਰਾ ਨਿਮਾਣਾ ਜਿਹਾ ਜਤਨ ਹਾਜ਼ਰ ਹੈ:


ਅੱਖਰਾਂ ਨੂੰ ਪੂਜਦਾ ਸੀ, ਹੇਕ ਸੁਣ ਕੇ ਝੂਮਦਾ, 
 ਹਸ਼ਰ ਕੀ ਪੰਜਾਬ ਹੁਣ ਖਾਨਾ-ਖ਼ਰਾਬ ਦਾ। 
 ਕਲਾ ਦੀਆਂ ਕੀਮਤਾਂ ਤੇ ਮੁੱਲ ਸਭਿਆਚਾਰ ਦਾ, 
 ਉੂਣਿਆਂ ਨੂੰ ਕੀ ਪਤਾ ਪੂਰੇ ਹਿਸਾਬ ਦਾ। 
 ਬੋਲ ਬਾਬੇ ਦੇ ਇਥੇ ਹੁਣ ਕੌਣ ਪੂਜਦਾ, 
 ਮਰਦਾਨਿਆ ਕੋਈ ਸਰੋਤਾ ਰਿਹਾ ਨਾ ਰਬਾਬ ਦਾ। 
 ਹੱਤਕ ਗ਼ਜ਼ਲਕਾਰ ਦੀ,ਅਪਮਾਨ ਗਾਇਕ ਦਾ, 
 ਕਿਥੇ ਗਿਆ ਸੁਚੱਜ ਉਹ ਅਦਬ-ਅਦਾਬ ਦਾ।
 ਹਰ ਅੱਖਰ ਮੋਹਨ ਦਾ ਹੀਰਾ ਪੰਨਾ ਲਾਲ ਮੋਤੀ, 
 ਜੌਹਰੀਆਂ ਤੋਂ ਬਾਝ ਹੋਇਆ ਕੌਡੀਆਂ ਦੀ ਬਾਬ ਦਾ।
 ਦੁੱਧ ਸੀ ਦਸਤਾਰ ਸ਼੍ਹਮਲੇਦਾਰ ਗੁਣੀ ਗਾਇਕ ਦੀ,
 ਬੁੱਕ ਗਾਰਾ ਪੈ ਗਿਆ ਸਿਆਸੀ ਅਜ਼ਾਬ ਦਾ!

ਸਦੀਕ ਦੇ ਮੂੰਹੋਂ ਮੋਹਨ ਸਿੰਘ ਦੀ ਗ਼ਜ਼ਲ ਪੂਰੀ ਹੋਣ ਪਿੱਛੋਂ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਨੇ ਵੈਣ ਪਾਉਣ ਦੀ ਵੀ ਫ਼ਰਮਾਇਸ਼ ਕੀਤੀ ਸੀ। ਸ਼ਾਇਦ ਸ਼ਬਦ-ਕਲਾ ਅਤੇ ਗਾਇਣ-ਕਲਾ ਨੂੰ ਆਸ ਅਨੁਸਾਰ ਸਤਿਕਾਰ ਮਿਲਣ ਦੀ ਥਾਂ ਅਚਾਨਕ ਤ੍ਰਿਸਕਾਰੇ ਤੇ ਦੁਰਕਾਰੇ ਜਾਣ ਕਾਰਨ ਬੌਂਦਲਿਆ ਤੇ ਭਮੱਤਰਿਆ ਸਦੀਕ ਇਹ ਫ਼ਰਮਾਇਸ਼ ਪੂਰੀ ਨਹੀਂ ਸੀ ਕਰ ਸਕਿਆ। ਇਸ ਕਰਕੇ ਇਹ ਅੰਤਲਾ ਸ਼ਿਅਰ ਤੂੰਬੀ ਵਾਲੇ ਸਦੀਕ ਅਤੇ ਕਿਤਾਬ ਵਾਲੇ ਮੋਹਨ ਸਿੰਘ ਦਾ ਧਿਆਨ ਧਰਦਿਆਂ ਮੇਰੇ ਵੱਲੋਂ ਉਚੇਚੇ ਤੌਰ ਉੱਤੇ ਬਾਦਲ ਸਾਹਿਬ ਦੇ ਬਜ਼ੁਰਗ ਚਰਨਾਂ ਵਿਚ ਭੇਟ ਹੈ: ਬਹਿ ਕੇ ਆਓ ਵੈਣ ਪਾਈਏ,ਕਲਾ ਵਾਲੇ ਦੋਸਤੋ, ਸਰਕਾਰੀ ਸੱਥਰ ਵਿਛ ਗਿਆ ਤੂੰਬੀ,ਕਿਤਾਬ ਦਾ!

ਗੁਰਬਚਨ ਸਿੰਘ ਭੁੱਲਰ

Friday, December 30, 2011

ਵਾਇਆ ਬਠਿੰਡੇ ਵਾਲੇ ਕਾਮਰੇਡ ਨਾਲ ਇਕਬਾਲੀਆ ਇਸ਼ਕ ਦੀ ਕਹਾਣੀ

ਸਾਡੇ ਸ਼ਹਿਰ ਚੰਡੀਗੜ੍ਹ ਜੇ ਕੋਈ ਸਿੱਧੇ ਰਸਤੇ ਨਾ ਆ ਕੇ ਘੁੰਮ-ਘੁੰਮਾ ਕੇ ਪਹੁੰਚੇ ਤਾਂ ਅਕਸਰ ਕਹੀਦਾ ਹੈ, “ਜੀ ਇਹ ਵਾਇਆ ਬਠਿੰਡਾ ਆਏ ਨੇ।” ਜੇ ਕੋਈ ਗੱਲ ਉੱਡਦੀ ਉੱਡਦੀ ਪਤਾ ਚਲੇ ਤਾਂ ਹੱਸ ਕੇ ਕਹੀਦਾ ਹੈ, “ਇਹ ਗੱਲ ਮੇਰੇ ਤੱਕ ਵਾਇਆ ਬਠਿੰਡਾ ਪਹੁੰਚੀ ਹੈ।” ਤੇ ਜੇ ਕਿਸੇ ਸ਼ਖ਼ਸ ਦੀ ਬਦਲੀ ਸਿਟੀ ਬਿਊਟੀਫੁੱਲ ਤੋਂ ਬਠਿੰਡਾ ਕਰ ਦਿੱਤੀ ਜਾਏ ਤਾਂ ਤੇ ਉਹ ਨੌਕਰੀ ਛੱਡਣ ਨੂੰ ਤਰਜ਼ੀਹ ਦੇਣ ਲਗਦਾ ਹੈ।

ਇਹ ਮਿਸਾਲਾਂ ਮੈਂ ਇਸ ਲਈ ਦਿੱਤੀਆਂ ਹਨ ਕਿ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਬਠਿੰਡੇ ਨੂੰ ਕਿੰਨਾ ਦੂਰ ਸਮਝਿਆ ਜਾਂਦਾ ਹੈ।ਵੈਸੇ ਚੰਡੀਗੜ੍ਹ ਤੋਂ ਬਠਿੰਡਾ ਪਹੁੰਚਣ ਲਈ ਓਨਾ ਹੀ ਵਕਤ ਲਗਦਾ ਹੈ, ਜਿੰਨਾਂ ਚੰਡੀਗੜ੍ਹ ਤੋਂ ਦਿੱਲੀ ਲਈ। ਜੇ ਕਦੇ ਬਠਿੰਡਾ-ਚੰਡੀਗੜ੍ਹ ਸ਼ਤਾਬਦੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਤਿੰਨ ਘੰਟਿਆਂ ਵਿਚ ਇਹ ਸਫ਼ਰ ਤਹਿ ਹੋ ਜਾਏਗਾ।ਉਂਜ ਬਠਿੰਡਾ ਹੈ ਤੇ ‘ਬੈਕ ਆਫ਼ ਬਿਯਾਂਡ’ ਹੀ -ਯਾਨੀ ਕਿ ਕੁਝ-ਕੁਝ ਪਛੜਿਆ ਹੋਇਆ।ਪੰਜਾਬ ਦੇ ਹੋਰ ਸ਼ਹਿਰਾਂ ਵਰਗੀ ਸ਼ਾਨ ਵੀ ਨਹੀਂ ਹੈ ਇਸ ਦੀ। ਨਾ ਪਟਿਆਲੇ ਦੀ ਰਿਆਸਤੀ ਠਾਠ, ਨਾ ਜਲੰਧਰ ਵਰਗੀ ਅਖ਼ਬਾਰਾਂ ਦੀ ਗਹਿਮਾਂ-ਗਹਿਮੀ, ਨਾ ਅੰਮ੍ਰਿਤਸਰ ਜਿਹਾ ਧਾਰਮਿਕ ਵਿਰਸਾ, ਨਾ ਲੁਧਿਆਣੇ ਜਿਹੀ ਇੰਡਸਟਰੀ।

ਉਂਜ ਦੂਰੀ ਮਾਨਸਿਕ ਹੁੰਦੀ ਹੈ ਜੇ ਮਨ ਕਰੇ ਤਾ ਬਠਿੰਡਾ ਆਹ ਖੜਾ ਹੈ , ਜੇ ਨਾ ਕਰੇ ਤਾਂ ਬਠਿੰਡਾ ਕਾਲੇ ਕੋਹ । ਹੁਣ ਤੁਸੀਂ ਕਹੋਂਗੇ ਕਿ ਮੈਂ ਇਹ ਬਠਿੰਂਡਾ ਗਾਥਾ ਕਾਹਨੂੰ ਛੇੜ ਬੈਠੀ ਹਾਂ। ਖ਼ੈਰ ਕੋਈ ਵਜਹ ਤਾਂ ਹੋਵੇਗੀ ਹੀ ਤਾਂ ਹੀ ਸੋਚ ਦੀਆਂ ਸਾਰੀਆਂ ਸੜਕਾਂ ਬਠਿੰਡੇ ਵੱਲ ਤੁਰ ਪਈਆਂ ਨੇ।ਪੰਜਾਬੀ ਸਾਹਿਤਕ ਪਰਚਿਆਂ ਦੀ ਇੱਕ ਰਵਾਇਤ ਰਹੀ ਹੈ ਕਿ ਜੇ ਕਰ ਤੁਹਾਡੇ ‘ਚ ਜੁਅੱਰਤ ਹੈ ਤਾਂ ਇਨ੍ਹਾਂ ਵਿਚ ਤੁਸੀਂ ਆਪਣੀਆਂ ਪ੍ਰੇਮ ਕਹਾਣੀਆਂ ਦਿਲ ਖੋਲ੍ਹ ਕੇ ਸੁਣਾ ਸਕਦੇ ਹੋ- ਚਾਹੇ ਸੱਚੀਆਂ ਹੋਣ ਚਾਹੇ ਝੂਠੀਆਂ।ਤੇ ਜੇ ਪ੍ਰੇਮ ਕਹਾਣੀ ਔਰਤ ਦੀ ਕਲਮ ਤੋਂ ਲਿਖੀ ਹੋਏੀ ਹੋਵੇ ਤਾਂ ਬੱਸ ‘ਬੱਲੇ-ਬੱਲੇ’ ਹੀ ਹੋ ਜਾਂਦੀ ਹੈ। ਹਾਂ ਗੁਰਬਚਨ ਵਰਗੇ ਕੁਝ ਲੇਖਕ ਦੂਜਿਆਂ ਦੀਆਂ ਪ੍ਰੇਮ ਕਹਾਣੀਆਂ ਬੜੇ ਚਸਕੇ ਲਗਾ ਕੇ ਸੁਣਾਉਂਦੇ ਨੇ ਤੇ ਮੇਰੇ ‘ਤੇ ਵੀ ਇਹ ਮਿਹਰਬਾਨੀ ਹੋ ਚੁੱਕੀ । ਮੇਰੇ ਤੋਂ ਪਹਿਲੀ ਪੀੜ੍ਹੀ ਦੀਆਂ ਲੇਖਕਾਵਾਂ ਤੇ ਅਦਾਕਾਰ ਔਰਤਾਂ ‘ਤੇ ਇਹ ਮਿਹਰਬਾਨੀ ਬਲਵੰਤ ਗਾਰਗੀ- ਜਿਸਨੂੰ ਸਾਹਿਤਕ ਅਦਾਰਿਆਂ ਵਿਚ ‘ਬਠਿੰਡੇ ਦਾ ਬਾਣੀਆ’ ਕਿਹਾ ਜਾਂਦਾ ਸੀ , ਕਰਿਆ ਕਰਦਾ ਸੀ।ਉਂਜ ਇਸ ਮੌਕੇ ਮੈਨੂੰ ਆਪਣੀ ਇੱਕ ਬਠਿੰਡਾ ਯਾਤਰਾ ਯਾਦ ਆ ਰਹੀ ਹੈ।

ਸੱਚੀ ਗੱਲ ਤਾਂ ਇਹ ਹੈ ਸ਼ਾਇਦ ਉਹ ਲੋਕ ਹੀ ਦੂਜਿਆਂ ਦੀ ਪ੍ਰੀਤ ਦੇ ਕਿੱਸੇ ਘੜਦੇ ਤੇ ਸੁਣਾਉਂਦੇ ਹਨ ਜਿਨ੍ਹਾਂ ਦੀ ਆਪਣੀ ਜ਼ਿੰਦਗੀ ਵਿਚ ਇਸ ਜਜ਼ਬੇ ਦੀ ਕਮੀ ਰਹੀ ਹੋਵੇ. ਨਹੀਂ ਤਾਂ ਆਪਣੀਆਂ ਕਹਾਣੀਆਂ ਤੋਂ ਹੀ ਫੁਰਸਤ ਕਿੱਥੇ ਮਿਲਦੀ ਹੈ। ਪਹਿਲੇ ਪਿਆਰ ਕਰਨਾ ਤੇ ਫਿਰ ਉਸ ਪਿਆਰ ਨੂੰ ਕਹਾਣੀ ਵਿਚ ਤਬਦੀਲ ਹੁੰਦਿਆਂ ਵੇਖਣਾ-ਸੁਣਨਾ ਇੱਕ ਫੁੱਲ-ਟਾਈਮ ਜਾਬ ਹੈ.ਖ਼ੈਰ, ਹੁਣ ਮੈਂ ਇਨ੍ਹਾਂ ‘ਪੀਪਿੰਗ ਟਾਮਜ਼’ ਦੀ ਗੱਲ ਛੱਡ ਕੇ ਆਪਣੀ ਬਠਿੰਡਾ ਯਾਤਰਾ ਵੱਲ ਮੁੜਦੀ ਹਾਂ. ਇਹ ਤੇ ਹੁਣ ਮੈਂ ਜ਼ਾਹਿਰ ਕਰ ਹੀ ਚੁੱਕੀ ਹਾਂ ਕਿ ਇਸ ਯਾਤਰਾ ਦਾ ਸਬੰਧ ਮੇਰੇ ਇਕ ਪ੍ਰੇਮ ਰਿਸ਼ਤੇ ਨਾਲ ਹੀ ਹੈ।

ਉਂਜ ਮੇਰਾ ਇੰਜ ਆਪਣੀ ਪ੍ਰੀਤ ਕਹਾਣੀਆਂ ਸੁਣਾਨ ਦਾ ਰੁਝਾਨ ਵੀ ਮੇਰੀ ਵੱਧਦੀ ਉਮਰ ਦਾ ਤਕਾਜ਼ਾ ਹੈ ਤੇ ਪਿਆਰ ਤੋਂ ੇਵੇਹਲੀ ਹੋਣ ਦਾ ਵੀ. ਕੁਝ ਵਰ੍ਹੇ ਪਹਿਲਾਂ ਵਿਹਲ ਕਿੱਥੇ ਸੀ। ਹਾਂ ਪਹਿਲਾਂ ਕੁਝ ਝਿਜਕ ਜਿਹੀ ਵੀ ਸੀ।ਪਰ ਅੱਜ ਦੀ ਅਵਸਥਾ ਵਿਚ ਲਕਸ਼ਮੀ ਛਾਇਆ ਸਟਾਈਲ ਸ਼ਰਮ ਬੇਮਤਲਬ ਲਗਦੀ ਹੈ ਤੇ ਮੈਂ ਆਪਣੀ ਕਹਾਣੀ ਆਪਣੀ ਜ਼ੁਬਾਨੀ ਸੁਨਾਣਾ ਚਾਹੁੰਨੀ ਹਾਂ।

ਯਾਦ ਹੈ ਸਕੂਲ ਵਿਚ ਇਤਿਹਾਸ ਰੱਟਣਾ ਔਖਾ ਲਗਦਾ ਸੀ ਪਰ ਜਿੱਥੇ ਕਿਧਰੇ ਕੋਈ ਪ੍ਰੇਮ ਗਾਥਾ ਆ ਜਾਂਦੀ ਤਾਂ ਇਤਿਹਾਸ ਵੀ ਰੌਚਕ ਬਣ ਜਾਂਦਾ।ਲੜਾਈਆਂ ਦੀਆਂ ਤਾਰੀਖਾਂ ਯਾਦ ਰੱਖਣਾ ਕਿੰਨਾ ਔਖਾ ਸੀ ਤੇ ਪਿਆਰ ਦੇ ਕਿੱਸੇ ਯਾਦ ਰੱਖਣਾ ਕਿੰਨਾ ਸੌਖਾ! ਸੋ ਇੱਕ ਵਾਰ ਸਕੂਲ ਵਿਚ ਕਲਾਸ ਟੈਸਟ ਦੇ ਪਰਚੇ ‘ਚ ਜਹਾਂਗੀਰ ਬਾਰੇ ਲਿਖਦਿਆਂ ਮੈਂ ਨੂਰ ਜਹਾਂ ਤੇ ਅਨਾਰਕਲੀ ਦਾ ਖੂਬ ਖ਼ੂਬ ਜ਼ਿਕਰ ਕੀਤਾ। ਦੂਜਾ ਸਵਾਲ ਸ਼ਾਹਜਹਾਨ ਦੀ ਸ਼ਖ਼ਸੀਅਤ ਦਾ ਸੀ.ਉਸ ਦਾ ਜੁਆਬ ਲਿਖਦਿਆਂ ਮੈਂ ਮੁਮਤਾਜ਼ ਮਹੱਲ ਦੀ ਗੱਲ ਛੇੜ ਦਿੱਤੀ ਸੀ.ਮੇਰੀ ਇਸ ਉਤਰ ਕਾਪੀ ਤੇ ਟੀਚਰ ਨੇ ਲਿਖਿਆ ਸੀ, “ਡੂ ਨਾਟ ਗਿਵ ਸੋ ਮੱਚ ਸਪੇਸ ਟੂ ਲਵ ਸਟੋਰੀਜ਼.”

ਅੰਗਰੇਜ਼ੀ ਅਖ਼ਬਾਰਾਂ ਵਿਚ ਪੱਤਰਕਾਰੀ ਦੇ ਲੰਮੇ ਸਾਲਾਂ ਦੌਰਾਨ ਮੈਂ ਕਿਸੇ ਨਾ ਕਿਸੇ ਤਰਾਂ ਥੋੜਾ ਰੱਖ-ਰਖਾ ਕਰ ਕੇ ,ਮਾੜੀ-ਮੋਟੀ ਪਿਆਰ ਦੀ ਗੱਲ ਕਰ ਹੀ ਦਿੰਦੀ ਰਹੀ ਹਾਂ। ਪਰ ਇਹ ਖ਼ਤਰਾ ਬਰਾਬਰ ਰਿਹਾ ਕਿ ਕੋਈ ਇਹ ਨਾ ਕਹਿ ਦੇਵੇ ਕਿ ਅਖਬਾਰ ਦੀ ਪ੍ਰਾਫੈਸ਼ਨਲ ਸਪੇਸ ਦਾ ਪਰਸਨਲ ਇਸਤੇਮਾਲ ਕੀਤਾ ਗਿਆ ਹੈ।

ਬੈਕ ਟੂ ਬਠਿੰਡਾ

ਇਹ ਯਾਤਰਾ ਸੰਨ 1996 ਵਿਚ ਹੋਈ ਸੀ। ਉਸ ਸਾਲ ਲੋਕ ਸਭਾ ਦੀਆਂ ਚੋਣਾਂ ਵਿਚ ਪੰਜਾਬੀ ਗਾਇਕ ਕੁਲਦੀਪ ਮਾਣਕ ਖੜਾ ਹੋਇਆ ਸੀ. ਸੋ ਇੰਡੀਅਨ ਐਕਸਪ੍ਰੈਸ ਲਈ ਇਸ ‘ਤੇ ਇੱਕ ਫੀਚਰ ਲਿਖਣ ਲਈ ਮੈਂ ਬਠਿੰਡਾ ਜਾਣਾ ਸੀ।ਨਾਲ ਹੀ ਮੈਂ ਸੋਚ ਗਈ ਸਾਂ ਕਿ ਐਦਕਾਂ ਦਰਸ਼ਨ ਜੈਕ ਨੂੰ ਮਿਲ ਕੇ ਆਣਾ ਹੈ।

ਹਾਂ, ਦਰਸ਼ਨ ਜੈਕ ਮੇਰੇ ਪਹਿਲੇ ਪਿਆਰ ਦਾ ਨਾਂ ਸੀ। ਨਕਸਲਵਾਦੀ ਲਹਿਰ ਦੌਰਾਨ ਉਹ ਪਟਿਆਲੇ ਸਟੂਡੈਂਟ ਯੂਨੀਅਨ ਵਿਚ ਸਰਗਰਮ ਸੀ ਤੇ ਯੂਨੀਵਰਸਿਟੀ ਤੋਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਸੀ। ਇੱਕ ਵਾਰ ਪਹਿਲਾਂ ਕਿਸੇ ਅਖ਼ਬਾਰ ਵਿਚ ਜ਼ਿਕਰ-ਏ-ਦਰਸ਼ਨ ਕੀਤਾ ਤਾਂ ਦੋਸਤਾਂ ਦੀ ਬੈਠਕ ਵਿਚ ਹਰਭਜਨ ਹਲਵਾਰਵੀ ਨੇ ਚਿੜ ਕੇ ਕਿਹਾ ਸੀ ਕਿ ਏਨਾ ਲੰਮਾ ਓਸ ਤੇ ਲਿਖ ਰਹੀ ਹੈ, ਜੋ ਕੁਝ ਵੀ ਬੰਦਾ ਨਹੀਂ ਸੀ।

ਐਕਸਕਿਯੂਜ਼ ਮੀ ਪਲੀਜ਼! ਹੁਣ ਮੈਂ ਨਕਸਲਬਾੜੀ ਅੰਦੋਂਲਨ ਦੀ ਕੋਈ ਪ੍ਰਸੰਸਕ ਥੋੜਾ ਸਾਂ ਕਿ ਇਹ ਦੇਖ ਕੇ ਆਪਣਾ ਦਿਲ ਦਿੰਦੀ ਕਿ ਬੰਦੇ ਨੇ ਇਸ ਲਹਿਰ ਵਿਚ ਕੀ ਯੋਗਦਾਨ ਪਾਇਆ ਹੈ। ਨਾ ਹੀ ਮੈਂ ਇਸ ਅਸਫ਼ਲ ਲਹਿਰ ਦਾ ਕੋਈ ਮੈਡਲ ਸਾਂ ਜੋ ਹਾਰੇ ਹੋਏ ਯੋਧਿਆਂ ਦੀਆਂ ਛਾਤੀਆਂ ‘ਤੇ ਵਾਰੀ ਵਾਰੀ ਟੰਗਿਆ ਜਾਂਦਾ।

ਸੋ ‘ਦਰਸ਼ਨ ਹੀ ਕਿਉਂ’ ਦੀ ਬਹਿਸ ਬੇਮਾਨੇ ਹੈ।ਉਹ ਮੇਰਾ ਪਿਆਰ ਸੀ।ਮੈਂ ਉਸਨੂੰ ਪਿਆਰ ਕੀਤਾ ਤੇ ਉਸਨੇ ਵੀ।ਇਸ ਪ੍ਰੇਮ ਲਹਿਰ ਦੀ ਕਿਸੇ ਰਾਜਨੀਤਿਕ ਲਹਿਰ ਦੇ ਨੁੱਕਤੇ ਤੋਂ ਚੀਰ-ਫਾੜ ਕਰਨੀ ਨਜ਼ਾਇਜ਼ ਹੋਵੇਗੀ। ਇਹ ਬਿਲਕੁਲ ਨਿੱਜੀ ਮਾਮਲਾ ਸੀ।ਇਸ ਪ੍ਰਸੰਗ ਵਿਚ ਦਰਸ਼ਨ ਦਾ ਨਕਸਬਾੜੀ ਲਹਿਰ ਨਾਲ ਕਦੇ ਸੰਬੰਧਿਤ ਰਹੇ ਹੋਣਾ ਮੇਰੇ ਲਈ ਮਹਿਜ਼ ਇਤਫ਼ਾਕ ਹੀ ਸੀ।

ਹਾਂ ਦਰਸ਼ਨ ਰਾਹੀਂ, ਮੈਂ ਕਈ ਨਕਸਲਵਾਦੀ ਸੂਰਮਿਆਂ ਦੇ ਕਾਰਨਾਮਿਆਂ ਤੇ ਕਮਰਿੇਆਂ ਦੇ ਦਰਸ਼ਨ ਜਰੂਰ ਕੀਤੇ ਜਿਨ੍ਹਾਂ ‘ਚ ਹਲਵਾਰਵੀ, ਅਮਰਜੀਤ ਚੰਦਨ ਤੇ ਚਿੱਤਰਕਾਰ ਮਲਕੀਤ ਦਾ ਨਾਂ ਲਿਆ ਜਾ ਸਕਦਾ ਹੈ। ਚੰਡੀਗੜ੍ਹ ‘ਚ ਦਰਸ਼ਨ ਪੰਜਾਬ ਯੁਨਵਿਰਸਿਟੀ ਦੇ ਹੋਸਟਲ ਵਿਚ ਰਹਿੰਦਾ ਸੀ. ਸੋ ਸਾਡੇ ਇਕੱਲ ਵਿਚ ਮਿਲਣ ਲਈ ਉਹ ਆਪਣੇ ਇਨਾਂ ਦੋਸਤਾਂ ਦੇ ਕਮਰਿਆਂ ਦੀ ਚਾਬੀ ਮੰਗ ਲਿਆਂਦਾ ਸੀ।

ਲਗਦੈ ਹੁਣ ਮੈਂ ਐਵੇਂ ਉਲਝ ਰਹੀ ਹਾਂ. ਕੀ ਇਹ ਯਾਤਰਾ ਦੀ ਦੁਖਦੀ ਰਗ ਤੋਂ ਬਚਣ ਦਾ ਤਰੀਕਾ ਹੈ?ਦੱਸ ਰਹੀ ਸਾਂ ਕਿ ਬਠਿੰਡੇ ਦੇ ਉਸ ਦੌਰੇ ਦੌਰਾਨ ਮੈਂ ਦਰਸ਼ਨ ਨੂੰ ਮਿਲਣਾ ਚਾਹੁੰਦੀ ਸਾਂ. ਤੇ ਮੈਂ ਮਿਲੀ ਵੀ ,ਪੂਰੇ ਵੀਹ ਸਾਲਾਂ ਬਾਅਦ. ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਉਹੀ ਮੈਂ ਆਪਣੇ ਆਪ ਨੂੰ ਵੀ ਪੁੱਛਿਆ ਸੀ ਕਿ ਏਨੇ ਲੰਮੇ ਸਮੇਂ ਬਾਅਦ ਕਿਉਂ ?ਪ੍ਰੇਮ ਕਹਾਣੀ ਤਾਂ ਕਦ ਦੀ ਖ਼ਤਮ ਹੋ ਚੁੱਕੀ ਸੀ!
ਸ਼ਾਇਦ ਇਸ ਲਈ ਕਿ ਏਨੇ ਵਰ੍ਹਿਆਂ ਪਿਛੋਂ ਵੀ ਦਰਸ਼ਨ ਜੈਕ ਨਾਂ ਦੇ ਸ਼ਖ਼ਸ ਲਈ ਮੇਰੇ ਮਨ ਚੋਂ ਰੰਜਿਸ਼ ਨਹੀਂ ਸੀ ਗਈ . ਇਹ ਉਹ ਸ਼ਖ਼ਸ ਹੈ ਜਿਸ ਨੇ ਮੈਨੂੰ ਪਹਿਲੀ ਪ੍ਰੀਤ, ਪਹਿਲੀ ਪੀੜ ਤੇ ਪਲੇਠੀ ਦੀ ਨਜ਼ਮ ਦਿੱਤੀ ਸੀ.ਹਾਲਾਂ ਕਿ ਮੈਂ ਇੱਕ ਖ਼ੁਸ਼-ਤਬੀਅਤ ਰੂਹ ਹਾਂ ਜੋ ਜ਼ਿਆਦਾ ਦੇਰ ਉਦਾਸ, ਨਾਰਾਜ਼ ਨਹੀਂ ਰਹਿ ਸਕਦੀ/ ਰੰਜ਼ਿਸ਼ਾਂ ਨਹੀਂ ਪਾਲ ਸਕਦੀ.ਦਰਸ਼ਨ ਜੈਕ ਤੇ ਦੀਪਕ ਸੂਰਮੇ ਜਿਹੀਆਂ ਸ਼ਖ਼ਸੀਅਤਾਂ ਦੇ ਬਾਵਜੂਦ ਮੇਰਾ ਮਨੁੱਖੀ ਚੰਗਿਆਈ ਵਿਚ ਵਿਸ਼ਵਾਸ ਕਾਇਮ ਰਿਹਾ ਹੈ. ਫ਼ੈਜ਼ ਸਾਹਿਬ ਕਹਿੰਦੇ ਹਨ: “

ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ,
ਜੋ ਚਾਹੇ ਲਗਾ ਦੇ ਡਰ ਕੈਸਾ ‘ਗਰ ਜੀਤ ਗਏ ਤੋਂ ਕਿਆ ਕਹਿਨੇ, ਹਾਰੇ ਭੀ ਤੋਂ ਬਾਜ਼ੀ ਮਾਤ ਨਹੀਂ.”

ਸੋ ਆਪਾਂ ਵੀ ਬਾਜ਼ੀ ਵਿਚ ਮਾਤ ਨਹੀਂ ਸੀ ਖਾਧੀ!ੋ ਉਹਨਾਂ ਦਿਨਾਂ ਵਿਚ ਜਦ ਲੋਕ ਸਭਾ ਚੋਣਾਂ ‘ਚ ਮਾਣਕ ਇਹ ਗਾਣਾ ਗਾ ਕੇ ਵੋਟਾਂ ਮੰਗ ਰਿਹਾ ਸੀ, “ਜਦ ਲੋੜ ਪਈ ਤਾਂ ਵੇਖਾਂਗੇ, ਯਾਰਾ ਓਹ ਤੇਰੀ ਯਾਰੀ।” ਮੈਂ ਬਠਿੰਡਾ ਪਹੁੰਚੀ. ਮਾਣਕ ਉਸ ਇਲਾਕੇ ਦਾ ਮਹਿਬੂਬ ਗਾਇਕ ਸੀ. ਕਲੀ ਲਾਉਂਦਾ ਤਾਂ ਹਜ਼ਾਰਾਂ ਬੰਦਿਆਂ ਦਾ ਇਕੱਠ ਵਾਹ ਵਾਹ ਕਰ ਉਠਦਾ। ਉਹਦਾ ਚੋਣ ਅਭਿਆਨ ਵੀ ਗਾਣਿਆਂ ਨਾਲ ਹੀ ਹੋ ਰਿਹਾ ਸੀ. ਬਠਿੰਡਾ ਪਹੁੰਚ ਕੇ ਪਹਿਲਾਂ ਤਾਂ ਮੈਂ ਮਾਣਕ ਤੇ ਅਕਾਲੀ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਦੀਆਂ ਚੋਣ ਸਭਾਵਾਂ ‘ਚ ਗਈ. ਸ਼ਾਮ ਮੈਂ ਦਰਸ਼ਨ ਤੇ ਉਸਦੇ ਪਰਿਵਾਰ ਨੂੰ ਉਸ ਦੇ ਘਰ ਮਿਲਣ ਲਈ ਰਾਖਵੀਂ ਰੱਖ ਲਈ.ਇਹ ਮੈਂ ਇਸ ਲਈ ਦੱਸ ਰਹੀ ਹਾਂ ਕਿ ਕੋਈ ਦਿਲਜਲਿਆ ਪੱਤਰਕਾਰ ਕੁਲੀਗ ਫੇਰ ਨਾ ਕਹਿ ਦੇਵੇ ਕਿ ਵੇਖੋ ਜੀ ਨੀਰੂ ਨੇ ਪ੍ਰੋਫੈਸ਼ਨਲ ਦੌਰੇ ਨੂੰ ਪਰਸਨਲ ਬਣਾ ਲਿਆ! ਵੈਸੇ ਪੱਤਰਕਾਰੀ ਵਿਚ ਮੇਰਾ ਹੁੱਨਰ ਪਰਸਨਲਾਈਜ਼ਡ ਲਿੱਖਤ ਹੀ ਰਹੀ ਹੈ।

ਬਠਿੰਡੇ ਮੈਂ ਇੱਕ ਵਾਰ ਪਹਿਲਾਂ ਵੀ ਆਈ ਸਾਂ ਤੇ ਦਰਸ਼ਨ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਸੀ।ਖੈਰ ਇਹ ਕਿੱਸਾ ਵੀ ਰੌਚਕ ਹੈ। ਵੀਹ ਸਾਲਾਂ ਮਗਰੋਂ ਜਦੋਂ ਮੈਂ ਤੈਅ ਕੀਤਾ ਕਿ ਦਰਸ਼ਨ ਨੂੰ ਮੁਆਫ਼ੀ ਦਿੱਤੀ ਜਾਏ ਤਾਂ ਤਲਾਸ਼ ਸ਼ੁਰੂ ਹੋਈ ਦਰਸ਼ਨ ਦੀ। ਦਰਸ਼ਨ ਨੇ ਮੇਰੇ ਤੋਂ ਮਾਫ਼ੀ ਥੋੜੇ ਨਾ ਮੰਗੀ ਸੀ, ਇਹ ਤਾਂ ਮੈਂ ਆਪੇ ਹੀ ਉਸ ਲਈ ਮੁਾਅਫ਼-ਕਰੋ ਅਭਿਆਨ ਸ਼ੁਰੂ ਕਰ ਦਿੱਤਾ ਸੀ। ਇਸ ਦਾ ਪਹਿਲੇ ਦੱਸੇ ਕਾਰਨਾਂ ਤੋਂ ਇਲਾਵਾ ਇੱਕ ਹੋਰ ਕਾਰਨ ਵੀ ਸੀ ਕਿ ਵੀਹ ਸਾਲਾਂ ਵਿਚ ਕੁਝ ਅਜਿਹੇ ਬੰਦਿਆਂ ਨਾਲ ਵਾਸਤਾ ਪਿਆ ਸੀ ਜਿਸ ਨਾਲ ਦਰਸ਼ਨ ਦੀ ਬੇਵਫ਼ਾਈ ਬੜੀ ਮਸੂਮ ਜੇਹੀ ਲੱਗਣ ਲੱਗ ਪਈ ਸੀ ਤੇ ਉਸ ਨਾਲ ਬਿਤਾਇਆ ਸਮਾਂ ਚੰਗਾ ਚੰਗਾ ।

ਪਾਤਰ ਤੋਂ ਦਰਸ਼ਨ ਦਾ ਪਤਾ ਨਹੀਂ ਸੀ ਮਿਲਿਆ।ਪਰ ਮੇਰੇ ਦੋਸਤ ਮਨਮੋਹਨ ਸ਼ਰਮਾ, ਜੋ ਨਕਸਲਵਾਦੀ ਲਹਿਰ ‘ਚ ਸਰਗਰਮ ਰਹਿ ਚੁੱਕਿਆ ਸੀ,ਨੇ ਇਹ ਪਤਾ ਲਗਾਇਆ ਸੀ ਕਿ ਕਚਿਹਰੀ ਵਿਚ ਇੱਕ ਨਾਹਰ ਸਿੰਘ ਵਕੀਲ ਹੈ ਜਿਸ ਦਾ ਪੁੱਤਰ ਦਰਸ਼ਨ ਦਾ ਦੋਸਤ ਹੈ।ਸੋਂ ਬਠਿੰਡੇ ਨਸ਼ਿਆਂ ‘ਤੇ ਅਖਬਾਰ ਲਈ ਸਟੋਰੀ ਕਰਨ ਗਈ ਤਾਂ ਨਾਹਰ ਸਿੰਘ ਵਕੀਲ ਦੇ ਚੈਂਬਰ ਵਿਚ ਜਾ ਪੁਜੀ।ਵਕੀਲ ਕੋਲ ਤਿੰਨ ਚਾਰ ਹੋਰ ਲੋਕ ਬੈਠੇ ਸਨ।ਮੈਂ ਆਪਣਾ ਪਰੀਚੈ ਦੇ ਕੇ ਦਰਸ਼ਨ ਦਾ ਪਤਾ ਪੁੱਛਿਆ ਤਾਂ ਵਕੀਲ ਨੇ ਸਵਾਲ ਕੀਤਾ:

“ਕਿਊਂ ਮਿਲਣਾ ਹੈ ਉਸ ਨੂੰ?”
“ਉਹ ਮੇਰਾ ਕਲਾਸ-ਫ਼ੈਲੋ ਸੀ.”
“ਉਹ ਤਾਂ ਠੀਕ ਹੈ ਪਰ ਕੀ ਕਰੋਂਗੇ ਮਿਲਕੇ?
ਬਜ਼ੁਰਗ ਦੇ ਰਵੱਈਏ ਤੇ ਮੈਂ ਹੈਰਾਨ ਹੋਈ ਤੇ ਕਿਹਾ,“ਬੱਸ ਐਵੇਂ ਹੀ.”
“ਡਿੱਗਿਆ ਪਿਆ ਹੋਣਾ ਕਿਤੇ ਸ਼ਰਾਬ ਪੀ ਕੇ.”
ਮੈਂ ਇਸੇ ਗੱਲ ਨੂੰ ਫੜ ਲਿਆ,“ਜੀ ਮੈਂ ਨਸ਼ਿਆਂ ਤੇ ਲਿਖਣ ਆਈ ਹਾਂ.”

ਬੜੀ ਬੇਦਿਲੀ ਨਾਲ ਨਾਹਰ ਸਿੰਘ ਨੇ ਦਰਸ਼ਨ ਦਾ ਪਤਾ ਦਿੱਤਾ ਤੇ ਫੋਟੋਗ੍ਰਾਫਰ, ਡੀ-ਐਡਿਕਸ਼ਨ ਕਲੀਨਿਕ ਦਾ ਡਾਕਟਰ, ਟੈਕਸੀ ਡਰਾਈਵਰ ਤੇ ਮੈਂ ਪਹੁੰਚ ਗਏ ਉਸ ਪਤੇ ਤੇ. ਬੂਹਾ ਖੜਕਾਣ ਦੀ ਹਿੰਮਤ ਨਾ ਹੋਈ ਮੇਰੀ. ਖ਼ਰੇ ਉਹਦੀ ਵਹੁੱਟੀ ਕੀ ਕਹੇ? ਖ਼ਰੇ ਦਰਸ਼ਨ ਕੀ ਸੋਚੇ? ਡਾਕਟਰ ਨੇ ਦਰਵਾਜ਼ਾ ਖੜਕਾਇਆ ਤੇ ਇੱਕ ਸੁਹਣੀ ਹੱਟੀ-ਕੱਟੀ ਜੱਟੀ ਬਾਹਰ ਆਈ. ਮੈਂ ਗੱਡੀ ਤੋਂ ਨਿੱਕਲ ਕੇ ਉਸ ਤੱਕ ਗਈ ਤੇ ਆਪਣੇ ਬਾਰੇ ਦੱਸਿਆ।

“ਹਾਂ ਜੀ ਮੈਂ ਤੁਹਾਡੇ ਬਾਰੇ ਜਾਣਦੀ ਹਾਂ. ਪਿੱਛੇ ਟੀ.ਵੀ. ਤੇ ਵੀ ਦੇਖਿਆ ਸੀ. ਇਹ ਕਚਿਹਰੀ ਗਏ ਹੋਏ ਨੇ. ਤੁਸੀਂ ਅੰਦਰ ਆਓ.” ਦਰਵਾਜ਼ੇ ਪਿੱਛੋਂ ਪੰਦਰਾਂ-ਸੋਲਾਂ ਸਾਲਾਂ ਦੀ ਬਾਂਕੀ ਜਿਹੀ ਕੁੜੀ ਜਿਸ ਦਾ ਨੱਕ ਦਰਸ਼ਨ ਵਰਗਾ ਤਿੱਖਾ ਸੀ ਤੇ ਅੱਖਾਂ ਉਹਦੇ ਵਰਗੀਆਂ ਹੀ ਨਿੱਕੀਆਂ, ਝਾਕ ਰਹੀ ਸੀ. ਇੱਥੇ ਮੇਰੇ ਲਈ ਲਾਜ਼ਮੀ ਹੋ ਗਿਆ ਹੈ ਪਲੇਠੀ ਦੀ ਮੇਰੀ ਉਸ ਨਜ਼ਮ ਦਾ ਦੁਹਰਾਣਾ ਜਿਸ ਨਾਂ ਮੁਕਤੀ ਸੀ:

ਉਹ ਵਾਲ ਜਿਹੜੇ ਮੈਂ ਇਸ ਲਈ

ਵਧਾ ਰਹੀ ਸਾਂ

ਕਿ ਤੇਰੇ ਪਿੰਡ ਦੇ ਮੁੰਡੇ ਮੈਨੂੰ
ਕਾਲੀ ਮੇਮ ਕਹਿ ਨਾ ਛੇੜਨ
ਵਾਲ ਕੱਟਣ ਵਾਲੀ ਚੀਨਣ ਨੇ

ਮੁੜ ਛੋਟੇ ਕੱਟ ਦਿੱਤੇ ਹਨ

ਅਣ-ਪਾਏ ਉਹ ਰੇਸ਼ਮੀ ਸੂਟ ਨੂੰ

ਅਲਮਾਰੀ ਦੇ ਹਨੇਰੇ ਕੋਨੇ ‘ਚ

ਪੈਂਟਾਂ ਦੇ ਪਿੱਛੇ ਧੱਕ ਦਿੱਤਾ ਹੈ

ਤੇਰਾ ਅਧੂਰਾ ਸਵੈਟਰ ਸਲਾਈਆਂ ਸਮੇਤ
ਪਰੇ ਰੱਖ ਕੇ ਉਂਗਲਾਂ
ਟਾਈਪ ਰਾਈਟਰ
ਨਾਲ ਵਿਆਹੀਆਂ ਗਈਆਂ ਨੇ
ਬਾਥਰੂਮ ‘ਚੋਂ ਸਿਗਰਟਾਂ ਦਾ

ਪੈਕਟ ਕੱਢ ਕੇ

ਤੇ ਕਾਫ਼ੀ ਹਾਊਸ ਵਿਚ ਧੂੰਆਂ
ਛੱਡ ਕੇ
ਮੈਨੂੰ ਲਗਦਾ ਹੈ
ਤੇਰੇ ਇਲਾਵਾ ਹੋਰ ਮਰਦ ਵੀ ਹਨ’


...ਤਿੱਖੇ ਨੱਕ ਤੇ ਨਿੱਕੀਆਂ ਅੱਖਾਂ ਵਾਲੀ ਕੁੜੀ ਮੇਰੇ ਵੱਲ ਲਗਾਤਾਰ ਵੇਖ ਰਹੀ ਸੀ. ਮੈਂ ਪੁਛਿਆ,“ਇਹ ਤੇਰੀ ਬੇਟੀ ਹੈ?””
“ਹਾਂ, ਇੱਕ ਬੇਟਾ ਵੀ ਹੈ.”
“ਇਸ ਦਾ ਨਾਂ ਕੀ ਹੈ?”
“ਪਰਮਪ੍ਰੀਤ. ਆਓ ਅੰਦਰ ਆਓ।”
“ਨਹੀਂ ਫੇਰ ਆਵਾਂਗੀ. ਅੱਜ ਬਹੁਤ ਸਾਰੇ ਲੋਕ ਨਾਲ ਨੇ ਤੇ ਚੰਡੀਗੜ੍ਹ ਵਾਪਸ ਵੀ ਪਹੁੰਚਣਾ ਹੈ।”
ਪਰਮਪ੍ਰੀਤ ਵੱਲ ਵੇਖ ਕੇ ਮੈਂ ਮੁਸਕਰਾਈ ਤੇ ਹੱਥ ਹਿੱਲਾਇਆ. ਉਸ ਨੇ ਵੀ ਹੱਥ ਹਿਲਾਇਆ।
ਦਰਸ਼ਨ ਦੀ ਵਹੁੱਟੀ ਮੈਨੂੰ ਸੜਕ ਤੱਕ ਛੱਡਣ ਆਈ।
“ਤੁਹਾਡਾ ਨਾਂ ਕੀ ਹੈ? ਮੈਂ ਪੁੱਛਿਆ।
“ਮੇਰਾ ਨਾਂ ਰੁਪਿੰਦਰ ਹੈ।ਫੇਰ ਕਦੇ ਜਰੂਰ ਆਉਣਾ।”

ਮੈਂ ਇਸ ਮੁਲਾਕਾਤ ਤੋਂ ਬਹੁਤ ਖ਼ੁਸ਼ ਹੋਈ ਸਾਂਰੁਪਿੰਦਰ ਬੜੇ ਨਿੱਘ ਨਾਲ ਮਿਲੀ ਸੀ। ਦਰਸ਼ਨ ਦੀ ਬੇਟੀ ਬਿਲਕੁਲ ਉਸ ਤਰਾਂ ਦੀ ਸੀ ਜਿਸ ਤਰਾਂ ਦੀ ਵੀਹ ਵਰ੍ਹੇ ਪਹਿਲਾਂ ਮੈਂ ਸੋਚਿਆ ਸੀ ਕਿ ਸਾਡੀ ਬੇਟੀ ਹੋਵੇਗੀ। ਤੇ ਨਾਂ ਸੀ ਪਰਮਪ੍ਰੀਤ. ਯਾਨੀ ਕਿ ਪਹਿਲਾ ਪਿਆਰ! ਫਸਟ ਲਵ! ਸੁਪਨਿਆਂ ਦੀਆਂ ਦੁਨੀਆਂ ਵਿਚ ਵਿਚਰਨ ਵਾਲੇ ਲੋਕਾਂ ਨੂੰ ਕਈ ਵਾਰ ਅਸਲੀਅਤ ਨਜ਼ਰ ਹੀ ਨਹੀਂ ਆਉਂਦੀ। ਇਹੀ ਹਾਲ ਮੇਰਾ ਸੀ। ਮੈਨੂੰ ਲੱਗਿਆ ਇਹ ਪਰਮਪ੍ਰੀਤ ਮੇਰੇ ਹੀ ਫਸਟ ਲਵ ਦੀ ਨਿਸ਼ਾਨੀ ਹੈ!

...ਵੀਹ ਸਾਲ ਪਹਿਲਾਂ ਦਰਸ਼ਨ ਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਕਿਸੇ ਕੋਨੇ ਵਿਚ ਬੈਠੇ ਹਾਂ. ਕੋਈ ਮਾਰਕਸਵਾਦ ਦਾ ਭਾਸ਼ਨ ਦੇ ਕੇ ਉਹ ਕਹਿੰਦਾ ਹੈ:
“ਮੈਂ ਤਾਂ ਵਿਆਹ ਕਰ ਰਿਹਾਂ ਤੇਰੇ ਨਾਲ ਕਿ ਸਾਡੇ ਬੱਚੇ ਤੰਦਰੁਸਤ ਹੋਣ। ਤੂੰ ਤੰਦਰੁਸਤ ਜੋ ਹੈ!”
ਮੈਂ ਉਸ ਨੂੰ ਮੂੰਹ ਚਿੜਾਂਦੀ ਹਾਂ।
“ਦੱਸ ਤੂੰ ਕੀ ਚਾਹੁੰਨੀ ਹੈ ਕਿ ਸਾਡੇ ਕੁੜੀ ਹੋਵੇ ਜਾਂ ਮੁੰਡਾ?”
ਮੈਂ ਕਿਹਾ, “ਕੁੜੀ”
“ਨਹੀਂ ਮੈਂ ਮੁੰਡਾ ਚਾਹੁੰਦਾ ਹਾਂ, ਕੁੜੀ ਤੋਂ ਤੈਂ ਕੀ ਲੈਣਾ ਹੈ?”
“ਮੈਂ ਉਸਨੂੰ ਸੀ ਕੇ ਸੋਹਣੇ ਕੱਪੜੇ ਪੁਆਵਾਂਗੀ, ਵਾਲਾਂ ‘ਚ ਲਾਲ ਰਿਬਨ ਲਗਾਵਾਂਗੀ.”
“ਪਰ ਇਹ ਵੀ ਸੋਚ ਕਿ ਵੱਡੇ ਹੋ ਕੇ ਉਹ ਇਸ਼ਕ ਵੀ ਕਰੇਗੀ ਤੇ ਸਾਡੇ ਲਈ ਮੁਸੀਬਤ ਖੜੀ ਹੋ ਜਾਏਗੀ।”

..ਫ਼ਲੈਸ਼ ਫ਼ਾਰਵਡ!

ਦਰਸ਼ਨ ਦੀ ਧੀ ਨੂੰ ਦੇਖ ਕੇ ਮੇਰੇ ਮਨ ਵਿਚ ਆਇਆ ਕਿ ਚਲੋ ਇਹ ਵੀ ਚੰਗਾ ਹੋਇਆ ਹੁਣ ਜਦ ਇਸ ਦੀ ਪਰਮਪ੍ਰੀਤ ਇਸ਼ਕ ਕਰੇਗੀ ਤਾਂ ਦਰਸ਼ਨ ਮੁਸੀਬਤ ‘ਚ ਪਵੇਗਾ. ਪਰ ਨਾਲ ਇਹ ਵੀ ਸੋਚਿਆ ਕਿ ਮੇਰੀ ਬੇਟੀ ਉਪਾਸਨਾ ਵੀ ਦਸ ਸਾਲ ਦੀ ਹੋ ਗਈ ਸੀ. ਉਹ ਵੀ ਤਾਂ ਇਸ਼ਕ ਕਰੇਗੀ! ਕਿਸ ਮਾਂ ਦੀ ਧੀ ਹੈ! ਪਰ ਮੇਰੇ ਲਈ ਮੁਸੀਬਤ ਨਹੀਂ ਬਣੇਗੀ. ਮੈਂ ਇਸ਼ਕ ਨੂੰ ਮੁਸੀਬਤ ਨਹੀਂ ਸਮਝਦੀ, ਮੈਂ ਕਰਾਂ ਜਾਂ ਮੇਰੀ ਬੇਟੀ ਕਰੇ! ਰੱਬਾ ਸਭ ਦੁਨੀਆਂ ਦੀਆਂ ਬੇਟੀਆਂ ਇਸ਼ਕ ਕਰਨ! ਦਰਸ਼ਨ ਦੀ ਵੀ!

ਦਰਸ਼ਨ ਜਰਨਲਿਜ਼ਮ ਦੀ ਕਲਾਸ ਵਿਚ ਮੇਰਾ ਜਮਾਤੀ ਸੀ ਤੇ ਉੱਥੇ ਹੀ ਮੈਂ ਉਸ ਨੂੰ ਮਿਲੀ।ਉਹ ਬਾਕੀਆਂ ਤੋਂ ਕੁਝ ਵੱਖਰਾ ਸੀ।ਉਮਰ ਵਿਚ ਕੁਝ ਵੱਡਾ, ਸੁਹਣਾ, ਕੱਪੜਿਆਂ ਤੋਂ ਲਾਪਰਵਾਹ. ਕਦੇ ਉਸਨੇ ਇੱਕ ਪੈਰ ਵਿਚ ਚਿੱਟੀ ਜੁਰਾਬ ਪਾਈ ਹੁੰਦੀ ਤੇ ਦੂਜੇ ਵਿਚ ਨੀਲੀ।ਲਹਿਜ਼ਾ ਉਹਦਾ ਦੇਸੀ ਸੀ ਤੇ ਅੰਗਰੇਜ਼ੀ ਉਹ ਬੜੀ ਪੀਹ-ਪੀਹ ਕੇ ਬੋਲਦਾ।ਕਲਾਸ ਵਿਚ ਪ੍ਰੋਫੈਸਰਾਂ ਨੂੰ ਮਜ਼ਾਕ ਕਰਕੇ ਸਭ ਦਾ ਦਿਲ ਜਿਹਾ ਲਗਾਈ ਰੱਖਦਾ।

ਕੁਝ ਸਾਲ ਪਹਿਲਾਂ ਸਾਡੇ ਇੱਕ ਜਮਾਤੀ ਦੋਸਤ ਸ਼ੇਖ਼ਰ ਗੁਪਤਾ ਨੇ ਮੈਨੂੰ ਮਜ਼ਾਕ ਕਰਦਿਆਂ ਕਿਹਾ,“ਇਕੋ ਲੈਫ਼ਟਿਸਟ ਸੀ ਸਾਡੀ ਕਲਾਸ ਵਿਚ ਤੇ ਉਹਨੂੰ ਵੇਖਦਿਆਂ ਹੀ ਯੂ ਫ਼ੈਲ ਇਨ ਲਵ ਵਿਦ ਹਿਮ।”

ਪਰ ਇਹ ਗੱਲ ਗਲਤ ਹੈਦਰਸ਼ਨ ਵੱਲੋਂ ਕੜੀ ਮਿਹਨਤ ਕਰਨ ਦੇ ਬਾਵਜੂਦ ਵੀ ਪੰਜ-ਛੇ ਮਹੀਨੇ ਲੱਗ ਗਏ ਸਨ ।ਜੇ ਇੱਕ ਦਿਨ ਮੈਂ ਛੁੱਟੀ ਕਰ ਲੈਂਦੀ ਤਾਂ ਦਰਸ਼ਨ ਵਾਲ ਬਖੇਰ ਕੇ ਮਜਨੂੰ ਜਿਹਾ ਬਣਿਆ,ਹਰ ਉਸ ਡਿਪਾਰਟਮੈਂਟ ਵਿਚ ਜਿੱਥੇ ਮੇਰੀਆਂ ਸਹੇਲੀਆਂ ਪੜਦੀਆਂ ਸਨ, ਮੇਰਾ ਪਤਾ ਲੈਣ ਪੁੱਜ ਜਾਂਦਾ। ਸਾਈਕਾਲਿਜੀ ਦੀ ਰੀਟਾ ਲਾਲ ਕਹਿੰਦੀ,“ਦਰਸ਼ਨ ਤੈਨੂੰ ਲੱਭ ਰਿਹਾ ਸੀ।”
ਪਾਲਿਟਿਕਲ ਸਾਇੰਸ ਦੀ ਨੰਦਿਤਾ ਸੂਦ ਕਹਿੰਦੀ,“ਡੌਂਟ ਪਲੇ ਵਿੱਦ ਦਿਸ ਬੁਆਏ! ਉਹ ਮਜਨੂੰ ਬਣ ਤੈਨੂੰ ਲੱਭਦਾ ਫਿਰਦਾ।”
ਖੈਰ ਇਹ ਤਾਂ ਬਾਅਦ ਵਿਚ ਪਤਾ ਚੱਲਿਆ ਕੌਣ ਕਿਸ ਨਾਲ ਖੇਡ ਰਿਹਾ ਸੀ। ਹੋਰ ਤਾਂ ਹੋਰ ਦਰਸ਼ਨ ਨੇ ਪਾਤਰ ਦੀਆਂ ਨਜ਼ਮਾਂ ਵੀ ਆਪਣੀਆਂ ਕਹਿ ਕੇ ਮੈਨੂੰ ਸੁਣਾਈਆਂ। ਵਕਤ ਮੇਰਾ ਪੰਜਾਬੀ ਕਵਿਤਾ ਦਾ ਗਿਆਨ ‘ਅੱਜ ਆਖਾਂ ਵਾਰਸ ਸ਼ਾਹ’ ਤੇ ‘ਅੰਬੀ ਦਾ ਬੂਟਾ’ ਤੱਕ ਹੀ ਸੀਮਤ ਸੀ. ਸੋ ਇਹ ਗੱਲ ਵੀ ਮੇਰੀਆਂ ਵੀਹ ਸਾਲ ਪਾਲੀਆਂ ਰੰਜਿਸ਼ਾਂ ਵਿਚ ਸ਼ਾਮਿਲ ਸੀ. ਬਹੁਤ ਬਾਅਦ ਵਿਚ ਪਾਤਰ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਦਾਖਲਾ ਲੈਣ ਮਗਰੋਂ ਦਰਸ਼ਨ ਉਸ ਕੋਲੋਂ ਚਾਰ-ਪੰਜ ਨਜ਼ਮਾਂ ਲੈ ਗਿਆ ਸੀ, ਆਪਣੀਆਂ ਕਹਿ ਕੇ ਕੁੜੀਆਂ ਨੂੰ ਇਮਪ੍ਰੈਸ ਕਰਨ ਲਈ. ਸੋ ਪਾਤਰ ਵੀ ਇਸ ਸਾਜ਼ਿਸ਼ ਵਿਚ ਸ਼ਾਮਿਲ ਸੀ! ਹਾਂ ਇੱਕ ਗੱਲ ਹੋਰ ਯਾਦ ਆਈ।ਦਰਸ਼ਨ ਦਾ ਲੋਕਲ ਗਾਰਡੀਅਨ ਸੀ ਹਿੰਦੀ ਦਾ ਸ਼ਾਇਰ ਕੁਮਾਰ ਵਿਕਲ।ਬਹੁਤ ਅਜੀਬ ਦੈਂਤ ਜਿਹਾ ਇਨਸਾਨ ਲਗਦਾ ਸੀ ਉਹ।ਮੂੰਹ ‘ਚੋਂ ਪਾਨ ਦੀ ਪੀਕ ਸੁੱਟਦਾ ਤੇ ਕਾਹਲੀ-ਕਾਹਲੀ ਬੋਲਦਾ. ਏਹੀ ਵਿਕਲ ਸਾਹਿਬ ਮੇਰੀ ਜ਼ਿੰਦਗੀ ‘ਚੋਂ ਦਰਸ਼ਨ ਦੇ ਨਿਕਲ ਜਾਣ ਮਗਰੋਂ ਮੈਨੂੰ ਕਹਿੰਦੇ, “ਉਹ ਗਲਤ ਲੜਕਾ ਸੀ. ਆਪ ਸੋਚ ਜੋ ਮਾਰਕਸਵਾਦ ਦਾ ਨਹੀਂ ਬਣਿਆ, ਉਹ ਕਿਸੇ ਕੁੜੀ ਦਾ ਕਿਵੇਂ ਬਣ ਸਕਦਾ ਹੈ।”

ਬਾਅਦ ਵਿਚ ਦਰਸ਼ਨ ਦਾ ਕਿੱਸਾ ਇੱਕ ਐਬਸਰਡ ਡਰਾਮਾ ਜਿਹਾ ਬਣ ਗਿਆ। ਜਿਸ ਵਿਚ ਦਰਸ਼ਨ ਆਪ ਤੇ ਕੁਝ ਹੋਰ ਦੋਸਤ ਮਿੱਤਰ ਆਪਣਾ ਆਪਣਾ ਯੋਗਦਾਨ ਪਾਉਂਦੇ ਰਹੇ।ਹਾਂ ਇੱਕ ਸ਼ਖ਼ਸ ਨੂੰ ਤਾਂ ਮੈਂ ਭੁੱਲ ਹੀ ਗਈ। ਜਰਨਲਿਜ਼ਮ ਦੇ ਪ੍ਰੋਫੈਸਰ ਤਾਰਾ ਚੰਦ ਗੁਪਤਾ ਸਾਡੇ ਇਸ਼ਕ ਦੇ ਸਖ਼ਤ ਖਿਲਾਫ਼ ਸਨ ਤੇ ਆਪਣੀ ‘ਲਾਇਕ ਵਿਦਿਆਰਥਣ’ ਨੂੰ ਉਸ ‘ਲੋਫ਼ਰ’ ਤੋਂ ਬਚਾਉਣਾ ਚਾਹੁੰਦੇ ਸਨ! ਹੁਣ ਜੇ ਕਿਸੇ ਦਿਨ ਬੈਠਾਂ ਤੇ ਇੱਕ ਪੂਰਾ ਨਾਟਕ ਲਿਖਿਆ ਜਾ ਸਕਦਾ ਹੈ ਇਸ ਨਾਕਾਮਯਾਬ ਇਸ਼ਕ ‘ਤੇ. ਕਿਆ ਕਿਆ ਅਜੀਬ ਕਿਰਦਾਰ ਨਿਕਲਣਗੇ।
ਦਰਸ਼ਨ ਨੇ ਕਿਹਾ ਉਹ ਦੋ ਸਾਲ ਬਾਅਦ ਹੀ ਵਿਆਹ ਕਰੇਗਾ ਜਦ ਉਸਦੀ ਠੇਕੇਦਾਰੀ ਜੰਮ ਜਾਏਗੀ. ਇਸ ਵਾਰ ਜਦ ਉਹ ਲੁਧਿਆਣੇ ਤੋਂ ਆਇਆ ਤੇ ਭੁਪਿੰਦਰ ਬਰਾੜ ਤੇ ਗੌਤਮ ਦੇ ਸਾਂਝੇ ਕਮਰੇ ਦੀ ਚਾਬੀ ਲੈ ਕੇ ਆਇਆ. ਮੇਰਾ ਕਮਰੇ ‘ਚ ਜਾਣ ਨੂੰ ਜੀਅ ਨਾ ਕੀਤਾ।ਬਹਿਸ ਛਿੜੀ ਤੇ ਫਿਰ ਲੜਾਈ ਹੋਈ ਤੇ ‘ਕਿੱਸਾ ਮੁਕਤਸਰ’ ਹੋ ਗਿਆ।

ਜੇ ਮੈਂ ਨਿਰੁਪਮਾ ਦੱਤ ਨਾ ਹੋ ਕੇ ਵਕਤ ਵਿਚ ਕੁਝ ਪਿੱਛੇ ਜਾ ਕੇ ਉਮਰਾਓ ਜਾਨ ਹੁੰਦੀ ਤਾਂ ਗਾਉਂਦੀ, ‘ਜੁਸਤਜੁ ਜਿਸਕੀ ਕੀ ਉਸਕੋ ਤੋਂ ਨਾ ਪਾਇਆ ਹਮਨੇ, ਇਸੀ ਬਹਾਨੇ ਸੇ ਮਗਰ ਦੇਖ ਲੀ ਦੁਨੀਆ ਹਮਨੇ’। ਹਾਂ, ਅਗਰ ਸਮੇਂ ਵਿਚ ਕੁਝ ਅੱਗੇ ਹੁੰਦੀ ਤਾਂ ਦਰਸ਼ਨ ਦਾ ਸ਼ੁਕਰੀਆ ਕਰਦੀ ਕਿ ਮੈਨੂੰ ਮਾਸੂਮੀਅਤ ਦੀ ਕੈਦ ‘ਚੋਂ ਕੱਢ ਅਨੁਭਵ ਦੇ ਰਾਹ ਪਾਇਆ ਹੈ. ਪਰ ਇੰਝ ਨਹੀਂ ਸੀ ਹੋਣਾ.ਛੋੇਟੇ ਸ਼ਹਿਰ ਨੇ , ਛੋਟੀਆਂ ਸੋਚਾਂ ਵਾਲੇ ਲੋਕਾਂ ਨੇ , ਮੇਰੇ ਆਪਣੇ ਘਰ ਦੇ ਸੰਸਕਾਰਾਂ ਨੇ, ਦਰਸ਼ਨ ਤੇ ਉਸ ਜਿਹੇ ਹੀ ਦੂਹਰੇ ਮਾਪਦੰਡਾਂ ਵਾਲੇ ਸਮਾਜ ਨੇ ਇਸ ਤਰਾਂ ਨਹੀਂ ਸੀ ਹੋਣ ਦਿੱਤਾ।ਦਰਸ਼ਨ ਆਪਣੇ ਇਸ਼ਕਾਂ ਦੀ ਗਿਣਤੀ ਤਾਂ ਵਧਾਉਣਾ ਚਾਹੁੰਦਾ ਸੀ ਪਰ ਬੇਟੀ ਦੇ ਇਸ਼ਕ ਨੂੰ ਮੁਸੀਬਤ ਸਮਝਦਾ ਸੀ।ਪਿਆਰ ਦੇ ਦਿਨਾਂ ਵਿਚ ਉਹ ਮੈਨੂੰ ਹਿਦਾਇਤ ਜਿਹੀ ਦਿੰਦਾ ਕਿ ਉਹੀ ਔਰਤ ਸ਼ਰੀਫ਼ ਹੁੰਦੀ ਹੈ ਜੋ ਇੱਕ, ਸਿਰਫ ਇੱਕ ਹੀ ਮਰਦ ਨਾਲ ਸੌਂਵੇ. ਤੇ ਹੁਣ ਮੈਂ ਸੋਚਦੀ ਹਾਂ ਸ਼ਰੀਫ਼ ਮਰਦ ਕੌਣ ਹੁੰਦਾ ਹੈ ਜਨਾਬ? ਉਹ ਸ਼ਰਾਫ਼ਤ ਕਿੰਨੀਆਂ ਔਰਤਾਂ ਨਾਲ ਸੌਂ-ਜਾਗ ਕੇ ਹਾਸਿਲ ਕਰਦਾ ਹੈ?

ਆਖਰ ਹੋਇਆ ਇਹ ਕਿ ਮੇਰੇ ਸਵੈਮਾਨ ਨੂੰ ਡਾਢੀ ਚੋਟ ਪਹੁੰਚੀ ਤੇ ਮਾਨਸਿਕਤਾ ਘਾਇਲ ਹੋ ਗਈ।ਬਠਿੰਡਾ ਜਿੱਥੇ ਮੈਂ, ਦਰਸ਼ਨ ਅਨੁਸਾਰ ਵਿਆਹ ਕੇ ਜਾਣਾ ਸੀ, ਤੂੜੀ ਵਾਲੇ ਕੋਠੇ ਵਿਚੋਂ ਲਾਲਟੇਨ ਲਿਜਾ ਕੇ ਤੂੜੀ ਕੱਢਣੀ ਸੀ ਤੇ ਬੁੜ੍ਹੀਆਂ ਨਾਲ ਮੰਡੀ ਜਾ ਕੇ ਨਰਮਾ ਵੇਚਣਾ ਸੀ, ਮੇਰੇ ਤੋਂ ਮਾਨਸਿਕ ਤੌਰ ਤੇ ਬਹੁਤ ਦੂਰ ਹੋ ਗਿਆ।

ਹੁਣ ਤੁਸੀਂ ਕਹੋਂਗੇ ਕਿ ਯਾਤਰਾ ਦੀ ਗੱਲ ਛੱਡ ਕੇ ਮੈਂ ਹੋਰ ਗਲਾਂ ‘ਚ ਉਲਝ ਗਈ ਹਾਂ। ਨਹੀਂ, ਇਹ ਸਭ ਉਸੇ ਯਾਤਰਾ ਦਾ ਹਿੱਸਾ ਹੈ ਜੋ ਵਾਇਆ ਬਠਿੰਡਾ ਕੀਤੀ ਜਾਂਦੀ ਹੈ।

ਮੈਂ ਦੱਸ ਰਹੀ ਸੀ ਕਿ 1996 ਦੇ ਚੇਤਰ ਦੀਆਂ ਚੋਣਾਂ ਦੋਰਾਨ ਜਦ ਮੈਂ ਬਠਿੰਡੇ ਕੁਲਦੀਪ ਮਾਣਕ ਦੀਆਂ ਕਲੀਆਂ ਸੁਣਕੇ ਸ਼ਾਮ ਨੂੰ ਦਰਸ਼ਨ ਦੇ ਘਰ ਗਈ ਤਾਂ ਉਹ ਸਹਿ-ਪਰਿਵਾਰ ਮੇਰੀ ਉਡੀਕ ਕਰ ਰਿਹਾ ਸੀ. ਉਸ ਨੂੰ ਦੇਖ ਕੇ ਬਹੁਤ ਹੈਰਾਨੀ ਹੋਈ।ਉਹ ਕਮਜ਼ੋਰ ਹੋ ਗਿਆ ਸੀ. ਕਿਸੇ ਹਾਦਸੇ ਵਿਚ ਉਹਦੇ ਦੰਦ ਟੁੱਟ ਗਏ ਸਨ ਤੇ ਆਵਾਜ਼ ਬੁੜ੍ਹਿਆਂ ਵਰਗੀ ਹੋ ਗਈ ਸੀ. ਹੁਣ ਉਹ ਅੰਗਰੇਜ਼ੀ ਹੀ ਨਹੀਂ ਸਗੋਂ ਪੰਜਾਬੀ ਵੀ ਪੀਹ-ਪੀਹ ਕੇ ਬੋਲਦਾ ਸੀ. ਪਰ ਹਾਸਾ-ਠੱਠਾ ਪਹਿਲਾਂ ਵਰਗਾ ਹੀ ਸੀ. ਮੈਂ ਸਹਿਜ ਨਾਲ ਚਾਹ ਪੀਤੀ, ਸਿਗਰਟ ਪੀਤੀ ਤੇ ਦਰਸ਼ਨ ਦੇ ਪਰਿਵਾਰ ਦੇ ਹਸੀ-ਮਜ਼ਾਕ ਵਿਚ ਸ਼ਰੀਕ ਹੋਈ।
ਪਰ ਹੌਲੀ ਹੌਲੀ ਮੈਂ ਕੁਝ ਉਖੜਨ ਲੱਗੀ।

ਜਦ ਦਰਸ਼ਨ ਦੀ ਪਤਨੀ ਰੁਪਿੰਦਰ ਹਸਦੀ
ਤਾਂ ਉਸਦੀਆਂ ਗੱਲ੍ਹਾਂ ਵਿਚ ਡੂੰਘੇ ਟੋਏ ਪੈਂਦੇ. ਇਹ ਵੇਖ-ਵੇਖ ਕੇ ਮੈਨੂੰ ਈਰਖਾ ਹੋਣ ਲੱਗੀ.ਤਦ ਹੀ ਮੈਨੂੰ ਯਾਦ ਆਇਆ ਕਿ ਵੀਹ ਸਾਲ ਪਹਿਲਾਂ ਦਰਸ਼ਨ ਨੇ ਆਪਣੇ ਪਿੰਡ ਦਾ ਨਾਂ ਨਾਨਕਪੁਰਾ ਦੱਸਿਆ ਸੀ. ਵੀਹ ਸਾਲਾਂ ਮਗਰੋਂ ਜਦ ਮੈਂ ਉਹਨੂੰ ਮੁਆਫ਼ੀ ਦੇਣੀ ਚਾਹੀ ਤਾਂ ਇਸ ਨਾਂ ਦਾ ਕੋਈ ਪਿੰਡ ਹੈ ਹੀ ਨਹੀਂ ਸੀ ਉੱਥੇ. ਅਚਾਨਕ ਮੈਂ ਰੁਪਿੰਦਰ ਨੂੰ ਪੁੱਛਿਆ,
“ਦਰਸ਼ਨ ਦੇ ਪਿੰਡ ਦਾ ਕੀ ਨਾਂ ਹੈ?”
“ਭੋਖੜਾ।”

ਦਰਸ਼ਨ ਨੂੰ ਮੁਖ਼ਾਬਤ ਹੋ ਕੇ ਮੈਂ ਖਿਝ ਕੇ ਕਿਹਾ, “ਤੂੰ ਤਾਂ ਮੈਨੂੰ ਆਪਣੇ ਪਿੰਡ ਦਾ ਨਾਂ ਵੀ ਗਲਤ ਦੱਸਿਆ ਸੀ।ਡਰਦਾ ਹੋਵੇਂਗਾ ਕਿਤੇ ਮੈਂ ਪਿੱਛੇ-ਪਿੱਛੇ ਨਾ ਆ ਜਾਵਾਂ।”

ਦੋਹੇਂ ਮੀਆਂ-ਬੀਵੀ ਸਫ਼ਾਈ ਦੇਣ ਲੱਗੇ ਕਿ ਮਿਊਂਸਪੈਲਟੀ ਦੇ ਰਿਕਾਰਡ ਵਿਚ ਨਵਾਂ ਨਾਂ ਨਾਨਕਪੁਰਾ ਹੀ ਸੀ ਪਰ ਪ੍ਰਚਲਿਤ ਨਾਂ ਭੋਖੜਾ ਹੀ ਰਿਹਾ ਸੀ, ਜੋ ਬੋਲਣ ਵਿਚ ਸੋਹਣਾ ਨਹੀਂ ਸੀ ਤੇ ਕਿਸੇ ਫ਼ਾਹਸ਼ ਸ਼ਬਦ ਨਾਲ ਮਿਲਦਾ-ਜੁਲਦਾ ਸੀ। ਮੇਰੇ ਮਨ ਵਿਚ ਆਇਆ ਕਿ ਚੰਡੀਗੜ੍ਹ ਦੀ ਜੰਮਪਲ ਕੁੜੀ ਨੂੰ ਇੰਪਰੈਸ ਕਰਨ ਲਈ ਦਰਸ਼ਨ ਨੇ ਆਪਣੇ ਵੱਲੋਂ ਪਿੰਡ ਦਾ ਨਾਂ ਵੀ ਸੋਹਣਾ ਕਰ ਕੇ ਦੱਸਿਆ ਸੀ।
ਗੱਲਾਂ ਘੁੰਮਦੀਆਂ-ਘੁੰਮਾਉਂਦੀਆਂ ਚੋਣਾਂ ਅਤੇ ਕੁਲਦੀਪ ਮਾਣਕ ਤੱਕ ਪਹੁੰਚ ਗਈਆਂ. ਦਰਸ਼ਨ ਕਹਿਣ ਲੱਗਾ, “ਮਾਣਕ ਦੇ ਗੀਤ ਸੁਣਨ ਤਾਂ ਬਹੁੱਤ ਸਾਰੇ ਲੋਕ ਆਉਣਗੇ, ਪਰ ਵੋਟ ਤਾਂ ਇਹ ਪੰਥ ਨੂੰ ਹੀ ਪਾਉਣਗੇ।ਏਹੀ ਸੋਚ ਹੈ ਜੱਟਵੈਧ ਦੀ.. ”
ਦਰਸ਼ਨ ਦਾ ਇਹ ਬ੍ਰਹਮ ਵਾਕ ਸੁਣ ਕੇ ਪਤਾ ਨਹੀਂ ਕਿਉਂ ਮੇਰੇ ਅੰਦਰ ਵੀਹ ਸਾਲ ਪੁਰਾਣੀ ਰੰਜਿਸ਼ ਦੀ ਕਾੜ੍ਹਨੀ ਵਿਚ ਉਬਲ ਆਇਆ ਗੁੱਸਾ ਅਚਾਨਕ ਹਾਸੇ ‘ਚ ਬਦਲ ਗਿਆ ।

ਮੈਂ ਦਰਸ਼ਨ ਦੀਆਂ ਅੱਖਾਂ ਵਿਚ ਸਿੱਧੇ ਵੇਖਦੇ ਹੋਏ ਕਿਹਾ , “ ਬਿਲਕੁਲ ਉਵੇਂ ਹੀ ਜਿਵੇਂ ਜੱਟਵੈਧ ਪਿਆਰ ਤਾਂ ਕਰੇਗੀ ਨਿਰੁਪਮਾ ਦੱਤ ਨਾਲ , ਪਰ ਵਿਆਹ ਲਈ ਚਾਹਿਦੀ ਹੈ ਕੋਈ ਰੁਪਿੰਦਰ ਕੌਰ!।”

ਦਰਸ਼ਨ ਝੇਂਪ ਗਿਆ ਪਰ ਰੁਪਿੰਦਰ ਖਿੜਖੜਾ ਕੇ ਹੱਸ ਪਈ. ਇਸ ਵਾਰ ਹੱਸਦੀ ਰੁਪਿੰਦਰ ਦੀਆਂ ਗੱਲ੍ਹਾਂ ਵਿਚ ਪੈ ਰਹੇ ਟੋਏ ਵੇਖ ਕੇ ਮੈਨੂੰ ਹੱਸਦ ਨਹੀਂ ਹੋਈ।ਤੇ ਵੀਹ ਸਾਲਾਂ ਦੇ ਅਰਸੇ ਪਿਛੋਂ ਮੈਂ ਦਰਸ਼ਨ ਜੈਕ ਨੂੰ ਸਹਿਵਨ ਹੀ ਮੁਆਫ਼ ਕਰ ਗਈ।

ਨਿਰੁਪਮਾ ਦੱਤ
ਲੇਖ਼ਿਕਾ ਅੱਜਕਲ੍ਹ 'ਸੰਡੇ ਇੰਡੀਅਨ' ਰਸਾਲੇ ਦੇ ਪੰਜਾਬੀ ਅੰਕ ਦੀ ਸੰਪਾਦਕ ਹੈ।

ਸੰਖ 'ਚੋਂ ਧੰਨਵਾਦ ਸਹਿਤ