ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਗ਼ਦਰ ਲਹਿਰ. Show all posts
Showing posts with label ਗ਼ਦਰ ਲਹਿਰ. Show all posts

Saturday, May 18, 2013

ਕਨੇਡਾ 'ਚ ਗ਼ਦਰ ਲਹਿਰ ਸ਼ਤਾਬਦੀ ਵਰ੍ਹੇ ਸਬੰਧੀ ਪ੍ਰੋਗਰਾਮ ਜਾਰੀ

ਭਾਰਤ ਦੀ ਜੰਗੇ ਅਜ਼ਾਦੀ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਉਣ ਵਾਲੀ ਗ਼ਦਰ ਲਹਿਰ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਉਪਰੰਤ ਗ਼ਦਰੀ ਯੋਧਿਆਂ ਦੀ ਸੋਚ ਨੂੰ ਪੁਨਰ ਜਾਗਰਿਤ ਕਰਨ ਅਤੇ ਇਸ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਅਰਪਿਤ ਕਰਨ ਲਈ ਸਥਾਪਤ ਕੀਤੀ ਜਥੇਬੰਦੀ 'ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ' ਦੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 

ਯਾਦ ਰਹੇ ਕਿ ਸੰਨ 1993 ਵਿੱਚ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਅਨੇਕਾਂ ਹੋਰ ਦੇਸ਼ ਭਗਤਾਂ ਨਾਲ ਮਿਲਕੇ, ਅਮਰੀਕਾ ਦੇ ਔਸਟਰੀਆ ਸ਼ਹਿਰ 'ਚ ਭਾਰਤ ਨੂੰ ਜ਼ਾਲਮ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਾਉਣ ਲਈ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ ਜਿਸ ਉਪਰੰਤ ਸੈਂਕੜੇ ਦੇਸ਼ ਭਗਤਾਂ ਨੇ, ਉੱਤਰੀ ਅਮਰੀਕਾ ਅਤੇ ਸੰਸਾਰ ਦੇ ਹੋਰ ਭਾਗਾਂ ਤੋਂ ਸੁਖ-ਅਰਾਮ ਦੀ ਜ਼ਿੰਦਗੀ ਨੂੰ ਲੱਤ ਮਾਰ, ਭਾਰਤ ਜਾ ਕੇ ਦੇਸ਼ ਦੀ ਜੰਗੇ ਅਜ਼ਾਦੀ ਲਈ ਆਪਾ ਵਾਰਨ ਦੀਆਂ ਕਸਮਾਂ ਖਾ, ਲਹਿਰ 'ਚ ਕੁੱਦਣ ਦਾ ਫੈਸਲਾ ਕੀਤਾ ਸੀ। 

ਇਹ ਦੇਸ਼ ਭਗਤ ਜਿਹਨਾਂ 'ਚ ਮੁੱਖ ਤੌਰ ਤੇ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਰਾਭਾ, ਲਾਲਾ ਹਰਦਿਆਲ, ਊਧਮ ਸਿੰਘ ਕਸੇਲ ਆਦਿ ਸ਼ਾਮਲ ਸਨ ਨੇ ਭਾਰਤ ਪਹੁੰਚ ਕੇ, ਅਜ਼ਾਦੀ ਸੰਗਰਾਮ 'ਚ ਨਵੀਂ ਰੂਹ ਫੂਕ ਦਿੱਤੀ। ਜਿਸ ਦੇ ਸਿੱਟੇ ਵਜੋਂ ਭਾਰਤੀ ਫੌਜੀ ਛਾਉਣੀਆਂ 'ਚ ਬਗਾਵਤ ਵੀ ਬਿਲਕੁੱਲ ਤਿਆਰੀ ਹੋ ਚੁੱਕੀ ਸੀ ਪਰ ਐਨ ਮੌਕੇ ਤੇ ਲਹਿਰ 'ਚ ਸ਼ਾਮਲ ਗ਼ਦਾਰਾਂ ਵਲੋਂ ਇਸ ਬਗਾਵਤ ਦੀ ਸੂਹ ਸਰਕਾਰ ਤੱਕ ਪਹੁੰਚਾਏ ਜਾਣ ਕਾਰਣ ਇਹ ਬਗਾਵਤ ਨੇਪਰੇ ਨਾ ਚੜ੍ਹ ਸਕੀ ਤੇ ਦੇਸ਼ ਭਗਤਾਂ ਦੀ ਫੜੋ ਫੜਾਈ ਸ਼ੁਰੂ ਹੋ ਗਈ। ਅੰਗਰੇਜ਼ੀ ਸਰਕਾਰ ਦੁਆਰਾ ਬਹੁਤ ਸਾਰੇ ਦੇਸ਼ ਭਗਤਾਂ ਨੂੰ ਫਾਂਸੀਆਂ ਤੇ ਚਾੜ੍ਹ ਦਿੱਤਾ ਗਿਆ, ਉਹਨਾਂ ਦੀਆਂ ਜਾਇਦਾਦਾਂ ਜਬਤ ਕਰ ਲਈਆਂ ਗਈਆਂ ਤੇ ਬਹੁਤ ਸਾਰਿਆਂ ਨੂੰ ਦੇਸ਼ ਨਿਕਾਲਾ ਦੇ ਕੇ ਕਾਲ਼ੇ ਪਾਣੀਆਂ ਦੀਆਂ ਜੇਲ਼੍ਹਾਂ 'ਚ ਸੜਨ ਲਈ ਮਜ਼ਬੂਰ ਕਰ ਦਿੱਤਾ। 


ਇਸ ਲਈ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਉਹਨਾਂ ਦੀ ਸੋਚ ਨੂੰ ਅਜੋਕੀ ਪੀੜ੍ਹੀ ਤੱਕ ਪਹੁੰਚਦਾ ਕਰਨ ਲਈ ਇਸ ਕਮੇਟੀ ਦੁਆਰਾ ਵੱਖ ਵੱਖ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾ ਚੁੱਕੀ ਹੈ। ਜੋ ਇਸ ਪ੍ਰਕਾਰ ਹੈ। 

1. 2 ਜੂਨ, 2013 ਨੂੰ ਬੱਚਿਆਂ ਦੇ ਗ਼ਦਰ ਬਾਰੇ ਲੇਖ ਅਤੇ ਭਾਸ਼ਨ ਮੁਕਾਬਲੇ, #126, 7536-130 ਸਟਰੀਟ, ਸਰ੍ਹੀ ਤੇ ਸਥਿਤ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਕਰਵਾਏ ਜਾਣਗੇ। ਬੱਚਿਆਂ ਦੁਆਰਾ ਲਿਖੇ ਲੇਖ ਮਿਤੀ 25 ਮਈ ਤੱਕ ਉਪਰੋਕਤ ਪਤੇ ਤੇ ਜਾਂ ਕਮੇਟੀ ਦੀ email - info@ghadarparty.com 'ਤੇ ਪਹੁੰਚਦੇ ਕਰ ਦਿੱਤੇ ਜਾਣ। ਅੱਵਲ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਅਤੇ ਪੁਰਸਕਾਰ ਵੀ ਦਿੱਤੇ ਜਾਣਗੇ। 

2. 16 ਜੂਨ, 2013 ਨੂੰ ਗ਼ਦਰ ਦੀ ਕਵਿਤਾ ਦੇ ਸਬੰਧ ਵਿੱਚ ਕਵੀ ਦਰਬਾਰ, ਸਵੇਰ ਦੇ 11 ਵਜੇ ਗਰੈਂਡ ਤਾਜ ਬੈਂਕੁਇਟ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। 

3. 23 ਜੂਨ, 2013 ਨੂੰ ਨੌਰਥ ਡੈਲਟਾ ਸੰਕੈਡਰੀ ਸਕੂਲ 11461, 81 ਐਵੀਨਿਊ ਵਿਖੇ, ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਵਿੱਚ ਰਾਧਾ ਡਿਸੂਜ਼ਾ, ਮਾਇਆ ਰਾਮ ਨਾਥ, ਗੁਰੂਮੇਲ ਸਿੱਧੂ, ਚਿਰੰਜੀ ਲਾਲ ਅਤੇ ਸੋਹਣ ਪੂੰਨੀ ਆਦਿ ਵਿਦਵਾਨ ਮੁੱਖ ਬੁਲਾਰੇ ਹੋਣਗੇ। 

4. 6 ਜੁਲਾਈ, 2013 ਨੂੰ ਐਬੀ ਆਰਟ ਸੈਂਟਰ ਐਬਸਫੋਰਡ ਵਿਖੇ ਸ਼ਾਮ ਦੇ 4 ਵਜੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪਰਮਿੰਦਰ ਸਵੈਚ ਦੁਆਰਾ ਲਿਖਿਆ ਤੇ ਗੁਰਦੀਪ ਭੁੱਲਰ ਦੀ ਨਿਰਦੇਸ਼ਨਾ ਹੇਠ ਤਿਆਰ ਨਾਟਕ 'ਤਵਾਰੀਖ਼ ਬੋਲਦੀ ਹੈ' ਅਤੇ ਮੁੱਲਾਂਪੁਰ ਕਲਾ ਕੇਂਦਰ ਵਲੋਂ ਕੈਲਗਰੀ ਦੀ ਟੀਮ ਦੁਆਰਾ ਤਿਆਰ ਕੀਤਾ ਨਾਟਕ 'ਗਾਥਾ ਕਾਲ਼ੇ ਪਾਣੀਆਂ ਦੀ' ਪੇਸ਼ ਕੀਤੇ ਜਾਣਗੇ।

 5. 7 ਜੁਲਾਈ 2013, ਨੂੰ ਬੈੱਲ ਪ੍ਰਫਾਰਮਿੰਗ ਆਰਟ ਸੈਂਟਰ ਸਰ੍ਹੀ ਵਿਖੇ ਵੀ ਸ਼ਾਮ ਦੇ ਪੰਜ ਵਜੇ ਉਪਰੋਕਤ ਨਾਟਕ ਪੇਸ਼ ਕੀਤੇ ਜਾਣਗੇ। 

6. 14 ਜੁਲਾਈ,2013 ਨੂੰ ਬੈੱਲ ਪ੍ਰਫਾਰਮਿੰਗ ਆਰਟਸ ਸੈਂਟਰ ਸਰ੍ਹੀ ਵਿਖੇ ਹੀ ਸ਼ਾਮ ਦੇ 4 ਵਜੇ ਪਬਲਿਕ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਮੁੱਖ ਬੁਲਾਰੇ ਪ੍ਰੋ. ਜਗਮੋਹਨ ਸਿੰਘ, ਡਾ. ਵਰਿਆਮ ਸੰਧੂ, ਚਿਰੰਜੀ ਲਾਲਾ, ਰਾਧਾ ਡੀਸੂਜ਼ਾ ਆਦਿ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਵੀ ਆਪਣੇ ਵਿਚਾਰ ਪੇਸ਼ ਕਰਨਗੀਆਂ। ਸਾਰੇ ਲੋਕ ਪੱਖੀ ਅਤੇ ਦੇਸ਼ ਭਗਤ ਸ਼ਖਸ਼ੀਅਤਾਂ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਗ਼ਦਰੀ ਯੋਧਿਆਂ ਦੀ ਸੋਚ ਨੂੰ ਅਜੋਕੀ ਪੀੜ੍ਹੀ ਤੱਕ ਵੱਧ ਤੋਂ ਵੱਧ ਪਹੁੰਚਾਇਆ ਜਾ ਸਕੇ ਅਤੇ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਕਾਰਜ ਅੱਗੇ ਤੋਰਿਆ ਜਾ ਸਕੇ।ਕਮੇਟੀ ਵਲੋਂ ਸਭ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਸਾਰੇ ਪ੍ਰੋਗਰਾਮ ਬਿਲਕੁੱਲ ਫਰੀ ਹਨ। ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ।ਅਵਤਾਰ ਗਿੱਲ 604 728 7011, ਹਰਭਜਨ ਚੀਮਾ 604 377 2415, ਪਰਮਿੰਦਰ ਸਵੈਚ 604 760 4794 

ਬਾਈ ਅਵਤਾਰ ਗਿੱਲ 
ਮੀਡੀਆ ਕੋਆਰਡੀਨੇਟਰ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ 
info@ghadarparty.com

Thursday, April 25, 2013

ਕਨੇਡਾ 'ਚ ਗ਼ਦਰੀ ਬਾਬਿਆਂ ਨੂੰ ਸੰਗਰਾਮੀ ਸ਼ਰਧਾਂਜਲੀ

ਗ਼ਦਰ ਪਾਰਟੀ ਦੀ ਸਥਾਪਨਾ ਤੋਂ ਪੂਰੇ 100 ਸਾਲ ਬਾਅਦ ਉਨ੍ਹਾਂ ਮਹਾਨ ਗ਼ਦਰੀ ਸੂਰਬੀਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਸਲਾਮ ਕਰਨ ਲਈ, ਉਨ੍ਹਾਂ ਦਾ ਸਹੀ ਸੁਨੇਹਾ ਘਰ ਘਰ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਉਸਾਰੀ ਗਈ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮਾਂ ਦੀ ਲੜੀ ਵਜੋਂ ਬ੍ਰਿਟਿਸ਼ ਕੁਲੰਬੀਆਂ ਸੂਬੇ ਦੇ ਸ਼ਹਿਰਾਂ ਵੈਨਕੋਵਰ ਅਤੇ ਸਰ੍ਹੀ ਵਿਚਲੇ ਵਿਸਾਖੀ ਦੇ ਨਗਰ ਕੀਰਤਨਾਂ ਸਮੇਂ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਦੀ ਇੱਕ ਨੁਮਾਇਸ਼ ਲਾਈ ਗਈ ਜੋ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਖੋਜ ਭਰਪੂਰ ਮਿਹਨਤ ਨਾਲ ਤਿਆਰ ਕੀਤੀ ਗਈ ਹੈ 'ਤੇ ਜਿਸ ਵਿੱਚ 190 ਤਸਵੀਰਾਂ ਹਨ।ਇਹ ਨੁਮਾਇਸ਼ ਬੜੇ ਹੀ ਸੁਚੱਜੇ ਢੰਗ ਨਾਲ ਤਿਆਰ ਕੀਤੀ ਗਈ ਹੈ।ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲੋਂ ਤਿਆਰ ਕੀਤਾ ਗ਼ਦਰ ਲਹਿਰ ਨਾਲ ਸਬੰਧਤ ਕਲੰਡਰ ਵੀ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੱਲੋਂ ਇੱਥੇ ਦੁਬਾਰਾ 10,000 ਦੀ ਗਿਣਤੀ ਵਿੱਚ ਛਪਵਾਕੇ ਵੰਡਿਆ ਗਿਆ। ਪ੍ਰਦਰਸ਼ਨੀ ਨੂੰ ਦੇਖਣ ਵਿੱਚ ਉਤਸ਼ਾਹ ਇਸ ਕਦਰ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਖੁਦ ਇਸ ਪ੍ਰਦਰਸ਼ਨੀ ਬਾਰੇ ਜਾਣਕਾਰੀ ਦੇ ਰਹੇ ਸਨ ਜੋ ਸ਼ਤਾਬਦੀ ਮਨਾਏ ਜਾਣ ਦਾ ਮੁੱਖ ਉਦੇਸ਼ ਹੈ।

ਗ਼ਦਰ ਲਹਿਰ ਨਾਲ ਸਬੰਧਤ ਸਾਹਿਤ ਦੀ ਸਟਾਲ ਵਿੱਚ ਵੀ ਲੋਕਾਂ ਦੀ ਦਿਲਚਸਪੀ ਦੇਖਣ ਯੋਗ ਸੀ।ਇਸਦੇ ਨਾਲ ਨਾਲ ਕਮੇਟੀ ਵੱਲੋਂ ਕਰਵਾਏ ਜਾ ਰਹੇ ਹੋਰ ਪ੍ਰੋਗਰਾਮ ਜਿਵੇਂ ਬੱਚਿਆਂ ਦੇ ਲੇਖ ਅਤੇ ਭਾਸ਼ਨ ਮੁਕਾਬਲੇ, ਕਵੀ ਦਰਵਾਰ, ਸੈਮੀਨਾਰ, ਕਲਚਰਲ ਪ੍ਰੋਗਰਾਮ ਅਤੇ ਪਬਲਿਕ ਰੈਲੀ ਆਦਿ ਦਾ ਵੇਰਵਾ ਵੀ ਜਾਰੀ ਕੀਤਾ ਗਿਆ।ਦੋਨੋ ਹੀ ਦਿਨ ਇੰਨ੍ਹਾਂ ਨਗਰ ਕੀਰਤਨਾਂ ਵਿੱਚ ਸ਼ਾਮਲ 2.5 ਲੱਖ ਲੋਕਾਂ ਨੂੰ ਬੁਲਾਰੇ ਹਰਭਜਨ ਚੀਮਾ, ਪ੍ਰਮਿੰਦਰ ਸਵੈਚ,ਲਖਵੀਰ ਖੁਣ ਖੁਣ, ਪ੍ਰੋਫੈ: ਦਰਸ਼ਨ ਸਿੰਘ ਧਾਲੀਵਾਲ, ਕ੍ਰਿਪਾਲ ਬੈਂਸ ਅਤੇ ਬਾਈ ਅਵਤਾਰ ਗਿੱਲ ਗ਼ਦਰ ਪਾਰਟੀ ਦਾ ਇਤਿਹਾਸ ਅਤੇ ਲਹਿਰ ਬਾਰੇ ਭਰਪੂਰ ਜਾਣਕਾਰੀ ਦਿੰਦੇ ਰਹੇ।ਬਿੱਲਾ ਗਿੱਲ ਨੇ ਸੰਤ ਰਾਮ ਉਦਾਸੀ ਦਾ ਗੀਤ "ਸਾਡਾ ਅੰਮੀਓ ਕਰੋ ਨਾ ਜਰਾ ਝੋਰਾ" ਪੇਸ਼ ਕੀਤਾ, ਕ੍ਰਿਸ਼ਨਾ ਕਾਲੇਜ ਆਫ਼ ਇੰਡੀਅਨ ਡਾਂਸ ਐਂਡ ਮਿਊਜ਼ਿਕ ਦੇ ਸੰਚਾਲਕ ਦਵਿੰਦਰ ਭੱਟੀ 'ਤੇ ਉਨ੍ਹਾਂ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤੇ, ਵੈਨਕੋਵਰ ਵਾਲੇ ਨਗਰ ਕੀਰਤਨ ਵਿੱਚ ਖਾਲਸਾ ਦੀਵਾਨ ਸੁਸਾਇਟੀ ਵੈਨਕੋਵਰ ਦੇ ਸੈਕਟਰੀ ਜੁਗਿੰਦਰ ਸਿੰਘ ਸੁਨਰ, ਸਰ੍ਹੀ ਵਿੱਚ ਪ੍ਰੇਮ ਸਿੰਘ ਬਿਨਿੰਗ ਅਤੇ ਗੁਰਦਵਾਰਾ ਦਸ਼ਮੇਸ਼ ਦਰਬਾਰ ਦੇ ਪ੍ਰਧਾਨ ਗਿਆਨ ਸਿੰਘ ਗਿੱਲ ਵੀ ਸਟੇਜ ਤੇ ਆਏ ਅਤੇ ਉਨ੍ਹਾਂ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਸੰਗਤਾਂ ਦਾ ਧੰਨਵਾਦ ਕੀਤਾ।ਇੱਥੇ ਇਹ ਗੱਲ ਖਾਸ ਤੌਰ ਤੇ ਯਾਦ ਰੱਖਣ ਯੋਗ ਹੈ ਕਿ ਗ਼ਦਰ ਲਹਿਰ ਮੁਕੰਮਲ ਤੌਰ ਤੇ ਸੈਕੁਲਰ 'ਤੇ ਇਨਕਲਾਬੀ ਲਹਿਰ ਸੀ ਜਿਸਨੇ ਬ੍ਰਿਟਿਸ਼ ਬਸਤੀਵਾਦ ਖ਼ਿਲਾਫ ਹਥਿਆਰਬੰਦ ਘੋਲ ਵਿੱਢਿਆ ਪਰ ਭਾਰਤ ਸਮੇਤ ਵਿਦੇਸ਼ਾਂ ਵਿੱਚ ਕੁੱਝ ਤਾਕਤਾਂ ਪੂਰੇ 100 ਸਾਲ ਬਾਅਦ ਹੁਣ ਗ਼ਦਰ ਲਹਿਰ ਨੂੰ ਕਿਸੇ ਖਾਸ ਫਿਰਕੇ ਨਾਲ ਜੋੜਕੇ ਲੋਕਾਂ ਵਿੱਚ ਭੁਲੇਖਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਗ਼ਦਰ ਪਾਰਟੀ ਦੀ ਸੈਕੁਲਰ ਸੋਚ ਤੇ ਗੁੱਝਾ ਹਮਲਾ ਹੈ।ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਲੋਕਾਂ ਨੂੰ ਅਜਿਹੀਆਂ ਸਾਜਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੀ ਹੈ।


ਜਾਰੀ ਕਰਤਾ… ਬਾਈ ਅਵਤਾਰ ਗਿੱਲ 

ਮੀਡੀਆ ਕੋਆਰਡੀਨੇਟਰ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ 
604-728-7011 
Email--infi@ghadarparty.com

Tuesday, April 9, 2013

ਇਤਿਹਾਸਕਾਰਾਂ ਨੇ ਗ਼ਦਰ ਲਹਿਰ ਨਾਲ ਇਨਸਾਫ਼ ਨਹੀਂ ਕੀਤਾ: ਅਜਮੇਰ ਸਿੰਘ

ਗ਼ਦਰ ਲਹਿਰ ਭਾਰਤ ਦੀਆਂ ਆਜ਼ਾਦੀ ਲਹਿਰਾਂ ਵਿਚ ਆਪਣਾ ਨਿਵੇਕਲਾ ਸਥਾਨ ਰੱਖਦੀ ਹੈ ਅਤੇ ਚੱਲ ਰਹੇ ਵਰ੍ਹੇ ਨੂੰ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਵਰ੍ਹੇ ਵੱਜੋਂ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪਹਿਲਕਦਮੀ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਵਲ਼ੋਂ ਯੂਨੀਵਰਸਿਟੀ ਕੈਂਪਸ ਵਿਚ ''ਭਾਰਤ ਦੀਆਂ ਅਜ਼ਾਦੀ ਲਹਿਰਾਂ ਵਿਚ ਗ਼ਦਰ ਲਹਿਰ ਦਾ ਸਥਾਨ ਅਤੇ ਯੋਗਦਾਨ'' ਦੇ ਵਿਸ਼ੇ ਉਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕੀਤਾ, ਜਿਸ ਵਿਚ ਪਹੁੰਚੇ ਵਿਦਵਾਨਾਂ ਤੇ ਬੁਲਾਰਿਆਂ ਨੇ ਗ਼ਦਰ ਲਹਿਰ ਦੇ ਅਣਗੌਲੇ ਕਰ ਦਿੱਤੇ ਗਏ ਪੱਖਾਂ ਨੂੰ ਉਭਾਰਿਆ। ਕਲਾ ਭਵਨ ਵਿਖੇ ਹੋਏ ਇਸ ਸੈਮੀਨਾਰ ਵਿਚ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਉੱਘੇ ਸਿੱਖ ਚਿੰਤਕ ਤੇ ਵਿਦਵਾਨ ਅਜਮੇਰ ਸਿੰਘ, ਕੌਮਾਂਤਰੀ ਪੱਧਰ ਦੇ ਖੋਜੀ ਡਾ. ਦਰਸ਼ਨ ਸਿੰਘ ਤਾਤਲਾ ਅਤੇ 'ਗ਼ਦਰ ਲਹਿਰ ਦੀ ਅਸਲੀ ਗਾਥਾ' ਪੁਸਤਕ ਲੜੀ ਦੇ ਸੰਪਾਦਕ ਰਾਜਵਿੰਦਰ ਸਿੰਘ ਰਾਹੀ ਨੇ ਆਪਣੇ ਵਿਚਾਰ ਸਾਂਝੇ ਕੀਤੇ।


ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਵਾਲੀਆ ਨੇ ਸੈਮੀਨਾਰ ਦਾ ਉਦਘਾਟਨ ਕਰਦਿਆਂ ਸੈਮੀਨਾਰ ਵਿਚ ਪਹੁੰਚੇ ਵਿਦਵਾਨਾਂ ਦਾ ਸਵਾਗਤ ਕੀਤਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਉਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਦੀਆਂ ਕਵਿਤਾਵਾਂ ਅੰਦਰ ਜਗ੍ਹਾ ਜਗ੍ਹਾ ਦਸਮੇਸ਼ ਪਿਤਾ ਦੀਆਂ ਕੁਰਬਾਨੀਆਂ ਨੂੰ ਚਿਤਾਰਦੇ ਹੋਏ ਉਨ੍ਹਾਂ ਕੋਲੋਂ ਸ਼ੁਭ ਕਰਮਨ ਲਈ ਜੂਝਣ ਦੀ ਪ੍ਰੇਰਨਾ ਲਈ ਗਈ ਹੈ। ਸਟੇਜ ਦੀ ਪਿਛਲੀ ਕੰਧ ਉਤੇ ਲੱਗੀ ਗ਼ਦਰੀ ਬਾਬਿਆਂ ਦੀ ਗਰੁੱਪ ਫੋਟੋ ਵੱਲ ਇਛਾਰਾ ਕਰਦੇ ਹੋਏ ਪ੍ਰੋ: ਵਾਲੀਆ ਨੇ ਕਿਹਾ ਕਿ ਫੋਟੋ ਹੀ ਦਰਸਾਉਂਦੀ ਹੈ ਕਿ ਗ਼ਦਰੀ ਬਾਬੇ ਗੁਰਸਿੱਖ ਸਨ ਅਤੇ ਉਨ੍ਹਾਂ ਨੇ ਸਿੱਖੀ ਦੇ ਇਨਕਲਾਬੀ ਵਿਰਸੇ ਤੋਂ ਪ੍ਰੇਰਿਤ ਹੋ ਕੇ ਹੀ ਭਾਰਤ ਦੀ ਆਜ਼ਾਦੀ ਦਾ ਸੰਗਰਾਮ ਵਿੱਢਿਆ ਸੀ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਇਸ ਉਪਰੰਤ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇਕ ਕਾਰਕੁੰਨ ਨੇ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਵੱਲੋਂ ਸੈਮੀਨਾਰ ਲਈ ਉਚੇਚੇ ਤੌਰ 'ਤੇ ਲਿਖੇ ਪਰਚੇ ਦੀ ਸੰਖੇਪ ਰੂਪ ਵਿਚ ਜਾਣ ਪਛਾਣ ਕਰਵਾਈ ਅਤੇ ਸਰੋਤਿਆਂ ਨੂੰ ਦੱਸਿਆ ਕਿ ਪ੍ਰੋ: ਸਾਹਿਬ ਸਿਹਤ ਦੇ ਕਾਰਨਾਂ ਕਰਕੇ ਸੈਮੀਨਾਰ ਵਿਚ ਸ਼ਾਮਲ ਨਹੀਂ ਹੋ ਸਕੇ।

ਰਾਜਵਿੰਦਰ ਸਿੰਘ ਰਾਹੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੱਬੇ-ਪੱਖੀ ਹੁੰਦਿਆਂ ਉਨ੍ਹਾਂ ਨੂੰ ਇਹ ਬਹੁਤ ਭੁਲੇਖਾ ਸੀ ਕਿ ਉਹ ਗ਼ਦਰ ਲਹਿਰ ਬਾਰੇ ਬਹੁਤ ਕੁਝ ਜਾਣਦੇ ਹਨ ਪਰ ਹੁਣ ਜਦੋਂ ਉਨ੍ਹਾਂ ਗ਼ਦਰ ਲਹਿਰ ਨੂੰ ਸੰਕੀਰਨ ਨਜ਼ਰੀਏ ਤੋਂ ਮੁਕਤ ਹੋ ਕੇ ਵੇਖਣ ਦਾ ਯਤਨ ਕੀਤਾ, ਤਾਂ ਉਹ ਇਸ ਨਤੀਜੇ ਉੱਤੇ ਪਹੁੰਚੇ ਹਨ ਕਿ ਖੱਬੇ-ਪੱਖੀਆਂ ਨੇ ਗ਼ਦਰ ਲਹਿਰ ਦੇ ਬੁਨਿਆਦੀ ਖ਼ਾਸੇ ਨੂੰ ਨਾ ਸਿਰਫ਼ ਅੱਖੋਂ ਪਰੋਖੇ ਕੀਤਾ ਹੈ ਬਲਕਿ ਇਸ ਲਹਿਰ ਨਾਲ ਜੁੜੇ ਅਸਲ ਤੱਥਾਂ ਨੂੰ ਛੁਪਾਉਣ ਦੇ ਸੁਚੇਤ ਯਤਨ ਵੀ ਕੀਤੇ ਹਨ। ''ਗਦਰ ਲਹਿਰ ਵਿਚ ਗੁਰਦੁਆਰਿਆਂ ਦਾ ਕੇਂਦਰੀ ਰੋਲ'' ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਾਹੀ ਨੇ ਕਿਹਾ ਕਿ ਇਹ ਲਹਿਰ ਧਾਰਮਕ ਬਿਰਤੀ ਵਾਲੇ ਸਿੱਖਾਂ ਵੱਲੋਂ ਆਪਣੇ ਵਿਰਸੇ ਅਤੇ ਸਿੱਖੀ ਸਿਧਾਂਤ ਤੋਂ ਸੇਧ ਲੈਂਦਿਆਂ ਗ਼ੁਲਾਮੀ ਦੇ ਖਿਲਾਫ਼ ਅਤੇ ਆਜ਼ਾਦੀ ਦੀ ਤਾਂਘ ਵਿਚ ਸ਼ੁਰੂ ਕੀਤੀ ਗਈ ਸੀ ਜਿਸ ਦੇ ਕੇਂਦਰ ਸਿੱਖ ਗੁਰਦੁਆਰੇ ਹੀ ਸਨ। ਉਸ ਨੇ ਸਟੇਜ ਉਤੇ ਲੱਗੀ ਗ਼ਦਰੀ ਬਾਬਿਆਂ ਦੀ ਗਰੁੱਪ ਫੋਟੋ ਦੀ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਇਹ ਫੋਟੋ 1930 ਈ: ਵਿਚ ਅੰਮ੍ਰਿਤਸਰ ਵਿਖੇ ਦੇਸ਼ਭਗਤ ਪਰਿਵਾਰ ਸਹਾਇਕ ਕਮੇਟੀ ਦੇ ਦਫ਼ਤਰ ਵਿਚ ਗੁਰਦਿਆਲ ਸਿੰਘ ਫੋਟੋਗਰਾਫਰ ਨੇ ਉਸ ਵਕਤ ਖਿੱਚੀ ਸੀ ਜਦੋਂ ਲਗਭਗ ਸਾਰੇ ਬਾਬੇ ਜੇਲ੍ਹਾਂ ਵਿਚੋਂ ਬਾਹਰ ਆ ਚੁੱਕੇ ਸਨ। ਉਸ ਨੇ ਦੱਸਿਆ ਕਿ ਫੋਟੋ ਵਿਚ ਸ਼ਾਮਲ ਸਾਰੇ ਬਾਬੇ ਅੰਮ੍ਰਿਤਧਾਰੀ ਹਨ ਅਤੇ ਬਾਬਾ ਵਸਾਖਾ ਸਿੰਘ ਦਦੇਹਰ ਤੇ ਹੋਰ ਬਾਬਿਆਂ ਦੇ ਹੱਥਾਂ ਵਿਚ ਸ੍ਰੀ ਸਾਹਿਬ ਫੜੀ ਹੋਈ ਹੈ। ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਗ਼ਦਰੀ ਬਾਬੇ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਸਨ ਅਤੇ ਉਨ੍ਹਾਂ ਨੇ ਜ਼ਿੰਦਗੀ ਭਂਰ ਸਿੱਖ ਧਰਮ ਦੇ ਅਸੂਲਾਂ ਤੇ ਕਦਰਾਂ ਕੀਮਤਾਂ ਨੂੰ ਅਪਣਾਈ ਰੱਖਿਆ ਸੀ। ਜਦੋਂ ਉਹ ਇਕੱਲੇ ਇਕੱਲੇ ਬਾਬੇ ਦੀ ਜਾਣ ਪਛਾਣ ਕਰਵਾ ਰਹੇ ਸਨ ਤਾਂ ਸਰੋਤੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਬਾਬਿਆਂ ਦੀ ਫੋਟੋ ਨੂੰ ਨਿਹਾਰਦੇ ਰਹੇ ਅਤੇ ਉਨ੍ਹਾਂ ਦੀਆਂ ਨਜ਼ਰਾਂ ਕਿੰਨਾ ਚਿਰ ਫੋਟੋ ਉਤੇ ਹੀ ਟਿਕੀਆਂ ਰਹੀਆਂ। 
ਡਾ. ਦਰਸ਼ਨ ਸਿੰਘ ਤਾਤਲਾ ਨੇ ''ਗ਼ਦਰੀ ਵਿਰਾਸਤ - ਸਮਕਾਲੀ ਪ੍ਰਸੰਗਕਤਾ'' ਵਿਸ਼ੇ ਉੱਤੇ ਆਪਣਾ ਪਰਚਾ ਪੜ੍ਹਿਆ। ਉਨ੍ਹਾਂ ਦਾ ਪਰਚਾ ਇਸ ਨੁਕਤੇ ਉੱਤੇ ਕੇਂਦਰਿਤ ਸੀ ਕਿ ਪੰਜਾਬ ਦੀ ਵਾਰਸ ਧਿਰ ਹੀ ਅਸਲ ਵਿਚ ਗ਼ਦਰੀ ਬਾਬਿਆਂ ਜਾਂ ਗਦਰ ਲਹਿਰ ਦੀ ਵਾਰਸ ਹੋ ਸਕਦੀ ਹੈ। ਪੰਜਾਬੀ ਸੂਬੇ ਦੇ ਮਾਮਲੇ, ਕੇਂਦਰ ਦੀਆਂ ਸ਼ਕਤੀਆਂ ਨੂੰ ਮੁੜ-ਪ੍ਰਭਾਸ਼ਤ ਕਰਨ ਤੇ ਸੰਘੀ ਢਾਂਚੇ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੇ ਮਾਮਲੇ ਅਤੇ 1984 ਦੇ ਦੁਖਾਂਤ ਬਾਰੇ ਖੱਬੇ-ਪੱਖੀਆਂ ਦੀ ਪਹੁੰਚ ਪੰਜਾਬ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਬਾਰੇ ਖੱਬੇ-ਪੱਖੀ ਧਿਰ ਕੇਂਦਰ ਸਰਕਾਰ ਦੀ ਪਹੁੰਚ ਅਪਣਾਅ ਕੇ ਹੀ ਚੱਲਦੀ ਰਹੀ ਹੈ ਜਦਕਿ ਗਦਰੀ ਬਾਬਿਆਂ ਦੀ ਵਿਚਾਰਧਾਰਾ ਇਨਸਾਫ, ਬਰਾਬਰੀ ਅਤੇ ਧੱਕੇਸ਼ਾਹੀ ਦਾ ਵਿਰੋਧ ਕਰਨ ਦੀ ਸੀ। ਇਸ ਲਈ ਪੰਜਾਬ ਵਿਚਲੀ ਖੱਬੇ ਪੱਖੀ ਧਿਰ ਗ਼ਦਰ ਲਹਿਰ ਦੀ ਵਾਰਸ ਨਹੀਂ ਅਖਵਾ ਸਕਦੀ ਕਿਉਂਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਪੰਜਾਬ ਵਿਰੋਧੀ ਪਹੁੰਚ ਅਪਣਾਈ ਜਾਂਦੀ ਰਹੀ ਹੈ। ਸਿੱਖ ਸੰਘਰਸ਼ ਪ੍ਰਤਿ ਖੱਬੇ ਪੱਖੀਆਂ ਦਾ ਰਵਈਆ ਨਾਂਹ-ਪੱਖੀ ਰਿਹਾ ਅਤੇ ਉਹ ਭਾਰਤੀ ਸਟੇਟ ਦੀ ਬੋਲੀ ਹੀ ਬੋਲਦੇ ਰਹੇ। 

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਪੁਸਤਕ ਲੜੀ ਦੇ ਕਰਤਾ ਅਜਮੇਰ ਸਿੰਘ ਨੇ ''ਗਦਰ ਲਹਿਰ ਦੀ ਇਤਿਹਾਸਕਾਰੀ ਦਾ ਕੱਚ ਅਤੇ ਸੱਚ'' ਵਿਸ਼ੇ ਉੱਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗ਼਼ਦਰ ਪਾਰਟੀ ਦਾ ਹੁਣ ਤਕ ਜੋ ਵੀ ਇਤਿਹਾਸ ਲਿਖਿਆ ਗਿਆ ਹੈ, ਉਹ ਇਕ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ। ਇਸ ਵਿਚ ਧਰਮ ਦੇ ਪੱਖ ਨੂੰ ਨਾ ਸਿਰਫ ਕੋਈ ਅਹਿਮੀਅਤ ਨਹੀਂ ਦਿਤੀ ਗਈ, ਸਗੋਂ ਧਰਮ ਬਾਰੇ ਨਾਂਹ-ਪੱਖੀ ਵਤੀਰਾ ਅਪਣਾਇਆ ਗਿਆ ਹੈ। ਗ਼਼ਦਰੀ ਬਾਬਿਆਂ ਨੂੰ ਧਰਮ ਤੋਂ ਮੁਕਤ ਜਾਂ ਨਿਰਲੇਪ ਦਿਖਾਉਣ ਦੇ ਯਤਨ ਕੀਤੇ ਗਏ ਹਨ। ਇਸ ਸਚਾਈ ਉਤੇ ਜਾਣ ਬੁੱਝ ਕੇ ਪੜਦਾ ਪਾਉਣ ਦੇ ਯਤਨ ਕੀਤੇ ਗਏ ਹਨ ਕਿ ਗ਼਼ਦਰੀ ਯੋਧਿਆਂ ਦੀ ਵੱਡੀ ਬਹੁਗਿਣਤੀ ਸਿੱਖ ਧਰਮ ਤੋਂ ਗੂੜ੍ਹੀ ਤਰ੍ਹਾਂ ਪ੍ਰੇਰਿਤ ਸੀ, ਉਨ੍ਹਾਂ ਦਾ ਹਰ ਖ਼ਿਆਲ ਤੇ ਕਰਮ ਸਿੱਖ ਸਿਧਾਂਤਾਂ ਦੇ ਅਨੁਸਾਰੀ ਸੀ। ਗ਼ਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁਨ ਨਹੀਂ ਸਨ। ਉਹ ਆਤਮਕ ਤੌਰ 'ਤੇ ਜਾਗਰੂਪ ਰੂਹਾਂ ਸਨ। ਉਹ ਨਾਮ-ਰੱਤੇ ਜਿਊੜੇ ਸਨ। ਉਹ ਬਾਣੀ ਦੇ ਰਸੀਏ ਤੇ ਨਾਮ ਦੇ ਅਭਿਆਸੀ ਸਨ। ਉਨ੍ਹਾਂ ਦੀ ਜ਼ਮੀਰ, ਬਿਬੇਕ ਤੇ ਅੰਦਾਜ਼ ਵਿਚ ਵੱਡਾ ਬਲ ਸੀ। ਉਨ੍ਹਾਂ ਦਾ ਇਕ ਇਕ ਕਰਮ ਇਸ ਦਾ ਗਵਾਹ ਹੈ। ਪਦਾਰਥਕ ਕੀਮਤਾਂ ਨਾਲ ਲਥਪਥ ਹੋਇਆ ਇਤਿਹਾਸ ਰੂਹਾਨੀ ਕੀਮਤਾਂ ਦੀ ਪਾਲਣਾ ਕਰ ਰਹੇ ਵਿਅਕਤੀਆਂ ਨਾਲ ਨਿਆਂ ਨਹੀਂ ਕਰ ਸਕਦਾ। ਉਨ੍ਹਾਂ ਨੇ ਸੰਸਾਰ ਪ੍ਰਸਿੱਧ ਇਤਿਹਾਸ ਸ਼ਾਸਤਰੀ ਈ. ਐਚ. ਕਾਰ ਦੇ ਹਵਾਲੇ ਨਾਲ ਦੱਸਿਆ ਕਿ ਇਤਿਹਾਸ ਦੀ ਕਿਸੇ ਰਚਨਾ ਨੂੰ ਪੜ੍ਹਨ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਇਸ ਦਾ ਲੇਖਕ ਕੌਣ ਹੈ, ਉਸਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਤੇ ਮਾਨਸਿਕ ਪ੍ਰਵਿਰਤੀਆਂ ਕਿਹੋ ਜਿਹੀਆਂ ਹਨ। ਇਸ ਤੱਥ ਦੀ ਰੋਸ਼ਨੀ ਵਿਚ ਹੀ ਇਤਿਹਾਸ ਰਚਨਾ ਨੂੰ ਠੀਕ ਤਰ੍ਹਾਂ ਬੁੱਝਿਆ ਤੇ ਸਮਝਿਆ ਜਾ ਸਕਦਾ ਹੈ। 

ਉਨ੍ਹਾਂ ਨੇ ਬਜ਼ੁਰਗ ਮਾਰਕਸੀ ਚਿੰਤਕ ਪ੍ਰੋ: ਰਣਧੀਰ ਸਿੰਘ (ਦਿੱਲੀ) ਦੇ ਇਕ ਕਥਨ ਦਾ ਹਵਾਲਾ ਦੇ ਕੇ ਕਿਹਾ ਕਿ ਬਾਗ਼ੀ ਲੋਕਾਂ ਦੀਆਂ ਪਹਿਲਕਦਮੀਆਂ ਹਮੇਸ਼ਾ ਹੀ ਸੂਖ਼ਮਭਾਵੀ ਵਿਦਵਾਨਾਂ ਦੀ ਸਮਝ ਤੇ ਪਕੜ ਤੋਂ ਬਾਹਰ ਰਹਿੰਦੀਆਂ ਹਨ। ਸਿਰਫ਼ ਉਹ ਵਿਦਵਾਨ ਹੀ ਇਨਕਲਾਬੀ ਲਹਿਰ ਨੂੰ ਠੀਕ ਰੂਪ ਵਿਚ ਸਮਝ ਸਕਦਾ ਹੈ ਜਿਸ ਦਾ ਆਪਣਾ ਨਜ਼ਰੀਆ ਇਨਕਲਾਬੀ ਹੋਵੇ ਜਾਂ ਉਸ ਕੋਲ ਇਨਕਲਾਬੀ ਅਨੁਭਵ ਹੋਵੇ। ਇਨਕਲਾਬੀ ਨਜ਼ਰੀਏ ਤੇ ਅਨੁਭਵ ਤੋਂ ਸੱਖਣੇ ਵਿਦਵਾਨ ਇਨਕਲਾਬੀ ਲਹਿਰ ਨਾਲ ਇਨਸਾਫ਼ ਨਹੀਂ ਕਰ ਸਕਦੇ।ਅਜਮੇਰ ਸਿੰਘ ਨੇ ਇਸ ਦ੍ਰਿਸ਼ਟੀ ਤੋਂ ਗ਼ਦਰ ਪਾਰਟੀ ਦਾ ਇਤਿਹਾਸ ਲਿਖਣ ਵਾਲੇ ਸਾਰੇ ਪ੍ਰਮੁੱਖ ਵਿਦਵਾਨਾਂ ਦੀਆਂ ਸੀਮਤਾਈਆਂ ਦੀ ਨਿਸ਼ਾਨ ਦੇਹੀ ਕੀਤੀ ਅਤੇ ਠੋਸ ਤੱਥਾਂ ਦੇ ਹਵਾਲਿਆਂ ਨਾਲ ਇਹ ਕੌੜਾ ਸੱਚ ਉਭਾਰਿਆ ਕਿ ਅਧੁਨਿਕਵਾਦੀ ਇਤਿਹਾਸਕਾਰਾਂ ਨੇ ਗ਼ਦਰੀ ਬਾਬਿਆਂ ਨਾਲ ਭਾਰੀ ਅਨਿਆਂ ਕੀਤਾ ਹੈ। ਗ਼ਦਰੀ ਬਾਬੇ ਦੇਸ਼-ਭਗਤ ਸਨ ਪਰ ਉਨ੍ਹਾਂ ਦਾ ਦੇਸ਼ ਪ੍ਰੇਮ ਕਿਸੇ ਵਿਸ਼ੇਸ਼ ਭੋਇੰ-ਮੰਡਲ ਜਾਂ ਕਿਸੇ ਜਾਤੀ-ਅਭਿਮਾਨ ਉਤੇ ਅਧਾਰਿਤ ਨਹੀਂ ਸੀ, ਸਗੋਂ ਗੁਰੂ ਦੇ ਨਿੱਜੀ ਪ੍ਰੇਮ ਉਤੇ ਟਿਕਿਆ ਹੋਇਆ ਸੀ। ਉਹ ਗੁਰੂ-ਲਿਵ ਵਿਚ ਰਹਿੰਦੇ ਹੋਏ ਹੀ ਦੇਸ਼-ਭਗਤ ਸਨ। ਉਨ੍ਹਾਂ ਦੇ ਹਰ ਬਚਨ ਤੇ ਕਰਮ ਵਿਚੋਂ ਗੁਰੂ ਦੀ ਖ਼ਾਤਿਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਮਾਨਵਵਾਦੀ ਭਾਵਨਾ ਡੁਲ੍ਹ ਡੁਲ੍ਹ ਪੈਂਦੀ ਸੀ। ਇਸ ਕਰਕੇ, ਉਨ੍ਹਾਂ ਨੂੰ, ਅਜੋਕੇ ਆਧੁਨਿਕਵਾਦੀ ਅਰਥਾਂ ਵਿਚ 'ਰਾਸ਼ਟਰਵਾਦੀ' ਕਹਿਣਾ ਅਨਮੱਤ ਹੈ। ਇਸ ਅਨਮੱਤ ਦਾ ਪਰਚਾਰ ਵਿਆਪਕ ਪੈਮਾਨੇ 'ਤੇ, ਯੋਜਨਾਬੱਧ ਢੰਗਾਂ ਨਾਲ ਹੋ ਰਿਹਾ ਹੈ। ਇਸ ਵਿਚ ਰਾਜਸੀ ਸੁਆਰਥ ਦੇ ਅੰਸ਼ ਸ਼ਾਮਲ ਹਨ। ਇਹ ਬਿਪਰ ਸੰਸਕਾਰ ਹੈ ਜਿਹੜਾ ਵੰਨ-ਸੁਵੰਨੇ ਮਨ-ਲੁਭਾਉਣੇ ਸਿਧਾਂਤਕ ਅੰਦਾਜ਼ਾਂ-ਭਗਵੇਂ, ਲਾਲ, ਤਿਰੰਗੇ ਤੇ ਰੰਗ-ਬਰੰਗੇ ਲਿਬਾਸਾਂ-ਵਿਚ ਪਰਗਟ ਹੋ ਰਿਹਾ ਹੈ। 

ਉਨ੍ਹਾਂ ਕਿਹਾ ਕਿ ਜਿਹੜੀਆਂ ਤਾਕਤਾਂ ਸਿੱਖ ਕੌਮ ਨਾਲ ਢਿੱਡੋਂ ਖਾਰ ਖਾਂਦੀਆਂ ਹਨ, ਤੇ ਇਸ ਨੂੰ ਹਸਤੀਹੀਣ ਕਰਨਾ ਚਾਹੁੰਦੀਆਂ ਹਨ, ਉਹ ਨਾ ਸਿਰਫ਼ ਗ਼਼ਦਰ ਲਹਿਰ ਨੂੰ ਸਿੱਖ ਪੰਥ ਨਾਲੋਂ ਨਿਖੇੜਨਾ ਤੇ ਤੋੜਨਾ ਚਾਹੁੰਦੀਆਂ ਹਨ, ਸਗੋਂ ਇਸ ਨੂੰ ਸਿੱਖ ਪੰਥ ਦੇ ਵਿਰੋਧ ਵਿਚ ਭੁਗਤਾਉਣਾ ਚਾਹੁੰਦੀਆਂ ਹਨ। ਇਸ ਕਾਰਜ ਵਿਚ ਹਿੰਦੂਤਵੀ ਤਾਕਤਾਂ, ਉਦਾਰਪੰਥੀਆਂ ਤੇ ਖੱਬੇ ਪੱਖੀਆਂ ਵਿਚਕਾਰ ਪੂਰਨ ਸਾਂਝ ਪ੍ਰਗਟ ਹੋ ਰਹੀ ਹੈ। ਇਸ ਸਾਂਝ ਦਾ ਸਭ ਤੋਂ ਉਘੜਵਾਂ ਇਜ਼ਹਾਰ ਤਿੰਨਾਂ ਦੇ ਸਾਂਝੇ ਗਿਆਨ ਪ੍ਰਬੰਧ ਦੇ ਰੂਪ ਵਿਚ ਹੋ ਰਿਹਾ ਹੈ। ਤਿੰਨਾਂ ਵਰਗਾਂ ਦੇ ਸਰੋਕਾਰ, ਡਰ, ਤੇ ਫਿਕਰ ਸਾਂਝੇ ਹਨ; ਤਿੰਨਾਂ ਵੱਲੋਂ (ਸਿੱਖ ਕੌਮ ਦੇ ਵਿਰੁੱਧ) ਵਰਤੀ ਜਾ ਰਹੀ ਭਾਸ਼ਾ ਸਾਂਝੀ ਹੈ। ਰਾਸ਼ਟਰਵਾਦ ਤਿੰਨਾਂ ਦਾ ਸਾਂਝਾ ਇਸ਼ਟ ਤੇ ਸਾਂਝਾ ਵਿਚਾਰਧਾਰਕ ਹਥਿਆਰ ਹੈ। ਤਿੰਨੇ ਭਾਰਤੀ ਕੌਮ ਦੀ ਧਾਰਨਾ ਦੇ ਕਾਇਲ ਹਨ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਜੋਸ਼ੀਲੇ ਸਮਰਥਕ ਹਨ। ਤਿੰਨਾਂ ਵੱਲੋਂ ਗ਼ਦਰੀ ਬਾਬਿਆਂ ਨੂੰ ਰਾਸ਼ਟਰਵਾਦੀ ਰੰਗ ਵਿਚ ਪੇਸ਼ ਕਰਨ ਦੇ ਇਕ ਦੂਜੇ ਨਾਲੋਂ ਵਧਕੇ ਯਤਨ ਕੀਤੇ ਜਾ ਰਹੇ ਹਨ। 

ਅੰਤ ਵਿਚ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਜਿਹੀ ਪਹਿਲਕਦਮੀ ਲਈ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਗ਼ਦਰ ਲਹਿਰ ਨੂੰ ਸਿੱਖ ਵਿਰਾਸਤ ਤੋਂ ਵੱਖ ਕਰਕੇ ਨਹੀਂ ਵੇਖ ਸਕਦੇ।

ਸੁਰਜੀਤ ਗੋਪੀਪੁਰ ਦੀ ਰਿਪੋਰਟ

Thursday, April 4, 2013

ਗ਼ਦਰ ਲਹਿਰ ਨੂੰ ਧਾਰਮਿਕ ਹੱਦਾਂ 'ਚ ਕੈਦ ਕਰਨ ਦੀ ਖ਼ਤਰਨਾਕ ਸੋਚ

ਦੇਸ਼ ਨੂੰ ਬਰਤਾਨਵੀ ਸਾਮਰਾਜੀਆਂ ਤੋਂ ਮੁਕਤ ਕਰਵਾਉਣ ਲਈ ਇਸ ਵੱਡੇ ਤੇ ਲੁਟੇਰੇ ਸਾਮਰਾਜ ਨਾਲ ਟੱਕਰ ਲੈਣ ਵਾਲੀ ਗ਼ਦਰੀ ਇਨਕਲਾਬੀਆਂ ਦੀ ਇਕ ਛੋਟੀ ਜਿਹੀ ਟੁਕੜੀ ਦੇ ਸੰਘਰਸ਼ਾਂ ਦਾ ਇਤਿਹਾਸ ਬੇਮਿਸਾਲ ਕੁਰਬਾਨੀਆਂ ਭਰਿਆ ਹੈ।ਇਤਿਹਾਸ ਦੇ ਉਹਨਾਂ ਮਹਾਨ ਸਪੂਤਾਂ ਦੀਆਂ ਅਮਿੱਟ ਦੇਣਾ ਤੇ ਕੁਰਬਾਨੀਆਂ ਦੇ ਸੰਗਰਾਮੀ ਵਿਰਸੇ ਦੀ ਸੱਚੀ ਵਾਰਸ ਮਿਹਨਤਕਸ ਜਮਾਤ ਤਾਂ ਇਸਤੋਂ ਜਾਣੂ ਹੈ ਹੀ, ਦੁਸਮਣ ਜਮਾਤ ਵੀ ਉਹਨਾਂ ਦੀਆਂ ਕੁਰਬਾਨੀਆਂ ਦਾ ਲੋਹਾ ਮੰਨਦੀ ਹੈ ਜਿਸਦੀ ਜਿੰਦਾ ਮਿਸਾਲ ਇਹ ਹੈ ਕਿ ਪੂਰੀ ਇਕ ਸਦੀ ਦੇ ਅਰਸੇ 'ਚ ਬਰਤਾਨਵੀ ਸਾਮਰਾਜੀਆਂ ਤੇ ਉਹਨਾਂ ਦੇ ਪਿੱਠੂ ਭਾਰਤੀ ਹਾਕਮਾਂ ਨੇ ਕਦੇ ਵੀ ਗ਼ਦਰੀਆਂ ਨੂੰ ਦੇਸ਼ ਭਗਤਾਂ ਵਜੋਂ ਨਹੀਂ ਸਵੀਕਾਰਿਆ।ਉਲਟਾ ਉਹਨਾਂ ਦੇ 'ਗ਼ਦਰ ਦੇ ਭੂਤ' ਤੋਂ ਡਰਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਗ਼ਦਰੀ ਵਿਰਾਸਤ ਤੋਂ ਕੋਰੇ ਰੱਖਣ ਲਈ ਗ਼ਦਰ ਵਿਰਾਸਤ ਨੂੰ ਪਾਠ ਪੁਸਤਕਾਂ 'ਚ ਦਰਜ ਕਰਨ, ਗ਼ਦਰ ਲਹਿਰ ਦੀਆਂ ਇਤਿਹਾਸਕ ਨਿਸ਼ਾਨੀਆਂ, ਯਾਦਗਰਾਂ, ਉਦੇਸ਼ ਤੇ ਅੰਗਰੇਜੀ ਹਕੂਮਤ ਵੱਲੋਂ ਗ਼ਦਰੀਆਂ ਦੀਆਂ ਜਬਤ ਕੀਤੀਆਂ ਜਾਇਦਾਦਾਂ ਨੂੰ ਵਾਪਸ ਕਰਵਾਉਣਾ ਵੀ ਅੱਜ ਤੱਕ ਮੁਨਾਸਬ ਨਹੀਂ ਸਮਝਿਆ।ਇਸੇ ਡਰ ਕਾਰਨ ਸਾਮਰਾਜਭਗਤ ਭਾਰਤੀ ਹਾਕਮ ਗ਼ਦਰ ਲਹਿਰ ਦੀ ਵਿਰਾਸਤ ਨੂੰ ਸੰਭਾਲਣ ਤੇ ਅੱਗੇ ਲਿਜਾਣ ਵਾਲੇ ਲੋਕਾਂ ਤੇ ਖਰੀਆਂ ਲੋਕਪੱਖੀ ਤਾਕਤਾਂ ਨੂੰ ਦਬਾਉਣ-ਲਤਾੜਣ ਲੱਗੀਆਂ ਹੋਈਆਂ ਹਨ।ਲੋਕਦੋਖੀ ਤਾਕਤਾਂ ਦਾ ਹਮੇਸ਼ਾਂ ਇਹੀ ਚਰਿੱਤਰ ਹੁੰਦਾ ਹੈ।

ਦੂਜਾ, ਕੁੱਝ ਤਾਕਤਾਂ ਗ਼ਦਰ ਲਹਿਰ ਦੀ ਸੰਗਰਾਮੀ ਵਿਰਾਸਤ ਨੂੰ ਆਪਣੇ ਸੌੜੇ ਤੁਅੱਸਬਾਂ ਨਾਲ ਛਾਂਗ-ਤਰਾਸ਼ ਕੇ ਇਸ ਨੂੰ ਵਿਗਾੜਦੇ ਹੋਏ, ਭਾਰਤੀ ਕਿਰਤੀ ਲੋਕਾਂ ਨਾਲ ਦਗਾ ਕਰਦੇ ਹੋਏ ਸਿੱਧੇ-ਅਸਿੱਧੇ ਲੁਟੇਰੀਆਂ ਜਮਾਤਾਂ ਦੀ ਸੇਵਾ ਕਰਨ ਵਿਚ ਲੱਗੀਆਂ ਹੋਈਆਂ ਹਨ।ਇਹ ਤਾਕਤਾਂ ਲੋਕਾਂ ਅੰਦਰਲੇ ਜਾਤੀ-ਪਾਤੀ, ਖੇਤਰੀ, ਧਾਰਮਿਕ ਤੇ ਭਾਸ਼ਾਈ ਤੁਅਸਬਾਂ ਨੂੰ ਬੜਾਵਾ ਦਿੰਦਿਆਂ ਜਿੱਥੇ ਇਕ ਪਾਸੇ ਸਧਾਰਨ ਲੋਕਾਂ ਨੂੰ ਆਪਸ ਵਿਚ ਜਾਂ ਗਲਤ ਦੁਸਮਣਾਂ ਖਿਲਾਫ ਲੜਾ ਕੇ ਉਹਨਾਂ ਦਾ ਘਾਣ ਕਰਵਾਉਦੀਆਂ ਹਨ ਉੱਥੇ ਦੂਜੇ ਪਾਸੇ ਲੋਕਦੋਖੀ ਪ੍ਰਬੰਧ ਖਿਲਾਫ ਲੜਾਈ ਨੂੰ ਕਮਜ਼ੋਰ ਕਰਨ ਦੀਆਂ ਵਾਹਕ ਵੀ ਬਣਦੀਆਂ ਹਨ।ਇਹਨਾਂ ਤਾਕਤਾਂ ਕੋਲ ਆਪਣੇ-ਆਪਣੇ ਜਾਤੀ-ਪਾਤੀ, ਖੇਤਰੀ, ਧਾਰਮਿਕ ਤੇ ਭਾਸ਼ਾਈ ਵਿਰਸੇ ਚੋਂ ਲੋਕ ਦੁਸ਼ਮਣ ਜਮਾਤਾਂ ਖਿਲਾਫ ਘੱਟ-ਵੱਧ ਰੂਪ 'ਚ ਸੰਘਰਸ਼ਾਂ ਦਾ ਇਕ ਇਤਿਹਾਸ ਤਾਂ ਹੁੰਦਾ ਹੈ ਪਰ ਇਹਨਾਂ ਕੋਲ ਵਰਤਮਾਨ ਤੇ ਭਵਿੱਖ 'ਚ ਕਿਰਤੀ ਜਮਾਤ ਦੀ ਮੁਕਤੀ ਲਈ ਇਸ ਜਮਾਤ ਦੇ ਮੁੱਖ ਦੁਸ਼ਮਣ ਖਿਲਾਫ ਲੜਾਈ ਦਾ ਕੋਈ ਸਪੱਸ਼ਟ ਵਿਗਿਆਨਕ ਸਿਧਾਂਤਕ ਤੇ ਵਿਹਾਰਕ ਚੌਖਟਾ ਨਹੀਂ ਹੈ।ਇਨ੍ਹਾਂ ਤਾਕਤਾਂ ਦਾ ਮੌਜੂਦਾ ਪੂੰਜੀਵਾਦੀ ਦੌਰ ਅੰਦਰ ਮਿਹਨਤਕਸ਼ ਤਬਕਿਆਂ ਦੇ ਮੁਕਤੀ ਸੰਗਰਾਮ ਵਿਚ ਕੋਈ ਗਿਣਨਯੋਗ ਯੋਗਦਾਨ ਵੀ ਨਹੀਂ ਹੈ ਜਦਕਿ ਦਾਅਵੇ ਸੰਸਾਰ ਵਿਆਪੀ ਹਨ।ਇਨ੍ਹਾਂ ਦਾ ਲੋਕ ਮੁਕਤੀ ਦਾ ਰਾਹ ਗੈਰ-ਵਿਗਿਆਨਕ ਲੀਹਾਂ ਤੇ ਟਿਕਿਆ ਹੋਇਆ ਹੈ।ਮਹਿਜ਼ ਖਿਆਲੀ ਤੇ ਲੱਛੇਦਾਰ ਭਾਸ਼ਾ ਵਾਲੇ ਉਪਦੇਸ਼ ਜਾਂ ਬਹੁਤੇ ਤੱਤੇ ਭਾਸ਼ਣ ਸਧਾਰਨ ਗ਼ਰੀਬ ਕਿਰਤੀਆਂ ਦਾ ਕੁਝ ਵੀ ਨਹੀਂ ਸੁਆਰਦੇ/ਸੁਆਰਨਗੇ।

ਇਨ੍ਹਾਂ ਰੂੜ੍ਹੀਵਾਦੀ ਤਾਕਤਾਂ ਦੀਆਂ ਕਈ ਸ਼੍ਰੇਣੀਆਂ ਹਨ, ਜਿਨ੍ਹਾਂ ਵਿਚ ਕਈ ਤਰ੍ਹਾਂ ਦੇ ਅੰਤਰ ਵਿਰੋਧ ਹਨ।ਇਹਨਾਂ ਵਿਚੋਂ ਇੱਕ ਹਿੱਸਾ ਗ਼ਦਰ ਲਹਿਰ ਨੂੰ ਇਤਿਹਾਸਕ ਪਰਿਪੇਖ ਚੋਂ ਪੜ੍ਹਚੋਲਦਿਆਂ ਕਈ ਸਵਾਲ ਉਭਾਰ ਰਿਹਾ ਹੈ ਜੋ ਗ਼ਦਰ ਸ਼ਤਾਬਦੀ ਵਰ੍ਹਾ 2013 'ਚ ਹੋਰ ਵੱਧ ਤਿੱਖੇ ਤੇ ਸਿੱਧੇ ਰੂਪ 'ਚ ਸਾਹਮਣੇ ਆ ਰਹੇ ਹਨ।ਇਹ ਅੰਸ਼ ਕੌਮੀਅਤਾਂ ਦੇ ਸਵਾਲ ਨੂੰ ਮਾਰਕਸਵਾਦੀ ਤੇ ਅਧਿਆਤਮਵਾਦੀ ਨਜ਼ਰੀਏ ਤੋਂ ਨਜਿੱਠਦਾ ਹੋਇਆ ਅਖੀਰ ਅਧਿਆਤਮਵਾਦੀ ਦਲਦਲ 'ਚ ਧਸ ਚੁੱਕਾ ਹੈ।ਅਜਿਹੀਆਂ ਗੈਰ-ਵਿਗਿਆਨਕ ਕਸਰਤਾਂ ਕਰਨ ਵਾਲਿਆਂ ਨਾਲ ਇਤਿਹਾਸ 'ਚ ਅਜਿਹਾ ਹੀ ਹੁੰਦਾ ਆਇਆ ਹੈ।ਅਜਿਹੇ ਅੰਸ਼ ਸਮਾਜ ਦੀਆਂ ਅਗਾਂਹਵਧੂ ਲਹਿਰ ਦੀਆਂ ਸਿਰਫ ਘਾਟਾਂ, ਕਮਜ਼ੋਰੀਆਂ ਤੇ ਸੀਮਤਾਈਆਂ ਨੂੰ ਫੜਕੇ, ਲਹਿਰ ਦੀਆਂ ਪ੍ਰਾਪਤੀਆਂ ਨੂੰ ਰਸਮੀ ਤੌਰ ਤੇ ਸਵੀਕਾਰਦਿਆਂ ਉਸ ਲਹਿਰ ਦੀਆਂ ਘਾਟਾਂ, ਕਮਜ਼ੋਰੀਆਂ ਤੇ ਸੀਮਤਾਈਆਂ ਤੇ ਜਿਆਦਾ ਜ਼ੋਰ ਦੇ ਕੇ ਉਸਨੂੰ ਆਪਣੇ ਸੌੜੇ ਵਿਚਾਰਧਾਰਕ ਚੌਖਟੇ ਵਿਚ ਫਿੱਟ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ।ਇਸੇ ਤਰ੍ਹਾਂ ਗ਼ਦਰ ਲਹਿਰ ਦੀਆਂ ਮਹਾਨ ਪ੍ਰਾਪਤੀਆਂ ਦੇ ਨਾਲ-ਨਾਲ ਇਸਦੀਆਂ ਅਚੇਤ-ਸੁਚੇਤ ਕਈ ਸਾਰੀਆਂ ਘਾਟਾਂ, ਕਮਜ਼ੋਰੀਆਂ ਤੇ ਸੀਮਤਾਈਆਂ ਵੀ ਸਨ।ਗ਼ਦਰ ਲਹਿਰ ਵਿਰਾਸਤ ਦੀਆਂ ਵਾਰਸ ਖਰੀਆਂ ਲੋਕਪੱਖੀ ਤਾਕਤਾਂ ਨੇ ਇਨ੍ਹਾਂ ਘਾਟਾਂ, ਕਮਜ਼ੋਰੀਆਂ ਤੇ ਸੀਮਤਾਈਆਂ ਨੂੰ ਬੇਬਾਕੀ ਨਾਲ ਪੜ੍ਹਚੋਲਦਿਆਂ ਨਵੀਆਂ ਹਾਸਲ ਹਾਲਤਾਂ 'ਚ ਦੂਰ ਕਰਦਿਆਂ ਲੋਕ ਮੁਕਤੀ ਲਹਿਰ ਨੂੰ ਅੱਗੇ ਵਧਾਉਣਾ ਹੁੰਦਾ ਹੈ।ਕਈ ਤਰ੍ਹਾਂ ਦੇ ਅੰਤਰ ਵਿਰੋਧਾਂ ਦੇ ਬਾਵਯੂਦ ਖਰੀਆਂ ਲੋਕਪੱਖੀ ਤਾਕਤਾਂ ਇਸ ਕਾਜ਼ ਲਈ ਲਗਾਤਾਰ ਯਤਨਸ਼ੀਲ ਹਨ।

ਪਰ ਇਹ ਅਖੌਤੀ ਬੁੱਧੀਜੀਵੀ ਗ਼ਦਰ ਲਹਿਰ ਦਾ ਮੁਲਾਂਕਣ ਲਹਿਰ ਅੰਦਰ ਸਰਗਰਮ ਵਿਅਕਤੀਆਂ ਦੀ 'ਧਾਰਮਿਕ ਪਛਾਣ', 'ਪ੍ਰੇਰਨਾ ਸ਼ਕਤੀ', 'ਮਨੋਜਗਤ', 'ਬਹੁਗਿਣਤੀ' ਆਦਿ ਤੋਂ ਕਰ ਰਹੇ ਹਨ।ਪ੍ਰੰਤੂ ਕਿਸੇ ਵੀ ਲਹਿਰ ਦਾ ਮੁਲਾਂਕਣ ਲਹਿਰ ਅੰਦਰ ਸਰਗਰਮ ਵਿਅਕਤੀਆਂ ਦੀ 'ਧਾਰਮਿਕ ਪਛਾਣ', 'ਪ੍ਰੇਰਨਾ ਸ਼ਕਤੀ', 'ਮਨੋਜਗਤ', 'ਬਹੁਗਿਣਤੀ' ਆਦਿ ਤੋਂ ਨਹੀਂ ਕੀਤਾ ਜਾਂਦਾ (ਮੁਲਾਂਕਣ ਸਮੇਂ ਇਹ ਉਸਦਾ ਇਕ ਹਿੱਸਾ ਤਾਂ ਹੋ ਸਕਦੇ ਹਨ) ਬਲਕਿ ਉਸ ਲਹਿਰ ਦੇ ਰਾਹ ਦਰਸਾਊ ਵਿਚਾਰਧਾਰਕ ਸਿਆਸੀ ਨੀਤੀ ਨਿਰਣਿਆਂ, ਯੁੱਧਨੀਤਿਕ ਕਾਰਜਾਂ ਤੇ ਉਸਦੇ ਹਾਸਲ ਸਿੱਟਿਆਂ ਤੋਂ ਹੁੰਦਾ ਹੈ।ਗ਼ਦਰ ਪਾਰਟੀ ਦਾ ਉਦੇਸ਼ ਦੇਸ਼ ਵਿਚੋਂ ਬਰਤਾਨਵੀ ਸਾਮਰਾਜ ਨੂੰ ਖਤਮ ਕਰਕੇ ਅਜ਼ਾਦੀ ਪ੍ਰਾਪਤ ਕਰਨਾ ਸੀ।ਇਸੇ ਸੇਧ ਵਿਚ ਉਹਨਾਂ ਹਥਿਆਰਬੰਦ ਇਨਕਲਾਬ ਜ਼ਰੀਏ ਅੰਗਰੇਜ਼ੀ ਰਾਜ ਨੂੰ ਭਾਰਤ ਵਿਚੋਂ ਖਤਮ ਕਰਨ ਦੇ ਨੀਤੀ ਨਿਰਣੇ ਘੜੇ।ਇਸ ਸਮੇਂ ਦੇਸ਼ ਤੇ ਕੌਮਾਂਤਰੀ ਪੱਧਰ ਤੇ ਚੱਲ ਰਹੇ ਅਨੇਕਾਂ ਰੁਝਾਨਾਂ ਦੇ ਵਿਚਾਰਾਂ ਦਾ ਗ਼ਦਰ ਲਹਿਰ ਉੱਪਰ ਪ੍ਰਭਾਵ ਸੀ।ਪਰ ਦੁਸ਼ਮਣ ਖਿਲਾਫ ਲੜਾਈ ਦੇ ਰਾਹ ਅੱਗੇ ਵੱਧਦਿਆਂ , ਅਨੇਕਾਂ ਅਨੂਭਵ ਤੇ ਤਜਰਬੇ ਗ੍ਰਹਿਣ ਕਰਦਿਆਂ ਗ਼ਦਰ ਪਾਰਟੀ ਲਗਾਤਾਰ ਪ੍ਰਪੱਕ ਹੁੰਦੀ ਗਈ ਤੇ ਸੰਕੀਰਨ ਤੁਅਸਬਾ ਤੋਂ ਉਪਰ ਉਠਦਿਆਂ ਅਜ਼ਾਦੀ ਪ੍ਰਾਪਤੀ ਦੇ ਉਦੇਸ਼ ਨੂੰ ਪ੍ਰਮੁੱਖਤਾ ਦਿੰਦੀ ਗਈ।

ਇਨ੍ਹਾਂ ਅਖੌਤੀ ਬੁੱਧੀਜੀਵੀਆਂ ਵੱਲੋਂ ਗ਼ਦਰ ਲਹਿਰ ਦੇ ਇਹਿਾਸਕਾਰਾਂ ਉਪਰ 'ਗ਼ਦਰ ਲਹਿਰ 'ਚ ਇਕ ਬਹੁਗਿਣਤੀ ਧਾਰਮਿਕ ਅੰਸ਼ ਦੀ ਪ੍ਰਧਾਨਤਾ ਨੂੰ ਅਣਗੌਲਿਆਂ ਕਰਨ' ਦੇ ਦੋਸ਼ ਲਾਏ ਜਾ ਰਹੇ ਹਨ।ਇਸਦੇ ਜਵਾਬ ਵਜੋਂ ਅਸੀਂ ਕੁਝ ਮੋੜਵੇਂ ਸਵਾਲ ਕਰਦੇ ਹਾਂ ਕਿ ਕੀ ਗ਼ਦਰ ਲਹਿਰ ਵਿਚ ਕੁਰਬਾਨ ਹੋਏ ਧਾਰਮਿਕ ਪਿਛੋਕੜ ਵਾਲੇ ਬਹੁਗਿਣਤੀ ਸਿੱਖਾਂ ਦੀ ਕੁਰਬਾਨੀ ਨੂੰ ਕਿਸੇ ਸਾਜ਼ਿਸ਼ ਅਧੀਨ ਹਿੰਦੂ ਜਾਂ ਮੁਸਲਮਾਨ ਗ਼ਦਰੀਆਂ ਵਿਚ ਸੰਮਲਿਤ ਕੀਤਾ ਜਾ ਰਿਹਾ ਹੈ? ਕੀ ਗ਼ਦਰ ਲਹਿਰ ਨੇ ਕੋਈ ਧਰਮ ਯੁੱਧ ਲੜਿਆ ਜਾਂ ਗੁਲਾਮ ਭਾਰਤੀ ਲੋਕਾਂ ਦੀ ਆਜ਼ਾਦੀ ਦਾ ਯੁੱਧ? ਕੀ ਅੱਜ ਗ਼ਦਰ ਸ਼ਤਾਬਦੀ ਸਮੇਂ 'ਗ਼ਦਰ ਲਹਿਰ 'ਚ ਸਿੱਖ ਅੰਸ਼ ਦੀ ਪ੍ਰਧਾਨਤਾ' ਲਈ ਯੁੱਧ ਛੇੜਣਾ ਚਾਹੀਦਾ ਹੈ ਜਾਂ ਲੁਟੇਰੇ ਸਾਮਰਾਜ ਤੇ ਦੇਸੀ ਸਰਮਾਏਦਾਰਾਂ ਹੱਥੋਂ ਦੇਸ਼ ਦੇ ਲੁੱਟੇ ਲਤਾੜੇ ਜਾਂਦੇ ਲੋਕਾਂ ਦੀ ਮੁਕਤੀ ਲਈ ਜੱਦੋਜਹਿਦ ਕਰਨੀ ਚਾਹੀਦੀ ਹੈ? ਤੁਸੀਂ ਬਹੁਗਿਣਤੀ ਧਾਰਮਿਕ ਅੰਸ਼ ਦੀ ਪ੍ਰਧਾਨਤਾ ਦੇ ਨਜ਼ਰੀਏ ਤੋਂ ਹੀ ਸਹੀ ਉਨ੍ਹਾਂ ਗ਼ਦਰੀ ਸੂਰਵੀਰਾਂ ਦੀ ਸਧਾਰਨ ਲੋਕਾਂ ਦੀ ਲੁੱਟ-ਜਬਰ ਤੋਂ ਮੁਕਤੀ ਦੀ ਲਹਿਰ ਨੂੰ ਅੱਜ ਦੇ ਸਮੇਂ 'ਚ ਅੱਗੇ ਲਿਜਾਣ ਲਈ ਕੀ ਕਰ ਰਹੇ ਹੋ?

ਇਨ੍ਹਾਂ ਅਖੌਤੀ ਬੁੱਧੀਜੀਵੀਆਂ ਵੱਲੋਂ ਗ਼ਦਰ ਲਹਿਰ ਉਪਰ ਹਿੰਦੂ ਰਾਸ਼ਟਰਵਾਦੀਆਂ ਦਾ ਗਲਬਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ।ਭਾਰਤ ਅੰਦਰ ਬਰਤਾਨਵੀ ਰਾਜ ਤੇ ਉਸਦੇ ਭਾੜੇ ਦੇ ਵਿਦਵਾਨਾਂ ਨੇ ਸਭ ਤੋਂ ਪਹਿਲਾਂ ਭਾਰਤ ਦਾ ਇਤਿਹਾਸ ਲਿਖਣ ਸਮੇਂ ਦੇਸ਼ ਦੀਆਂ ਕੌਮੀ ਘੱਟ ਗਿਣਤੀਆਂ ਨੂੰ ਕੋਈ ਤਰਜੀਹ ਨਹੀਂ ਦਿੱਤੀ।ਇਤਿਹਾਸ ਨੂੰ ਤੋੜਿਆ-ਮਰੋੜਿਆ ਗਿਆ।ਭਾਰਤੀਆਂ ਵਿਚ ਫਿਰਕੂ ਜ਼ਹਿਰ ਫੈਲਾਉਣ ਤੇ ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਪੇਸ਼ ਕਰਨ ਦੀ ਸਾਜ਼ਿਸ਼ ਅੰਗਰੇਜ਼ ਰਾਜ ਦੀ 'ਪਾੜੋ ਤੇ ਰਾਜ ਕਰੋ' ਦੀ ਨੀਤੀ ਵਿਚੋਂ ਨਿਕਲੀ ਹੋਈ ਸੀ।ਜਿਸਦਾ ਪ੍ਰਭਾਵ ਉਸ ਸਮੇਂ ਤੇ ਉਸਤੋਂ ਬਾਅਦ ਦੀਆਂ ਸਮਾਜਕ ਲਹਿਰਾਂ ਉਪਰ ਵੀ ਪਿਆ ਜਿਸਦੀ ਨਿਸ਼ਾਨਦੇਹੀ ਕਰਨ ਵਿਚ ਗ਼ਦਰ ਲਹਿਰ ਦੀਆਂ ਵੀ ਅਨੇਕਾਂ ਸੀਮਤਾਈਆਂ ਸਨ।ਅੰਗਰੇਜ ਰਾਜ ਦੀ ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਪੇਸ਼ ਕਰਨ ਦੀ ਸਾਜ਼ਸ਼ ਨੂੰ ਬਾਅਦ ਦੇ ਇਤਿਹਾਸਕਾਰਾਂ ਨੇ ਸਾਹਮਣੇ ਵੀ ਲਿਆਂਦਾ ਹੈ।ਪਰ ਅੱਜ ਸੌ ਸਾਲ ਦੇ ਅਰਸੇ ਬਾਅਦ ਗ਼ਦਰ ਪਾਰਟੀ ਵਿਚ ਵਰਤੇ ਜਾਂਦੇ 'ਗ਼ਦਰ', 'ਯੁਗਾਂਤਰ ਆਸ਼ਰਮ', 'ਵੰਦੇ ਮਾਤਰਮ', 'ਭਾਰਤ ਮਾਤਾ' ਵਰਗੇ ਸ਼ਬਦਾਂ ਨੂੰ ਫੜਕੇ ਉਨ੍ਹਾਂ ਦੇ ਸੰਕਲਪਾਂ ਨੂੰ ਹਿੰਦੂ ਪਿਛੋਕੜ ਨਾਲ ਜੁੜੇ ਹੋਣ ਕਾਰਨ ਗ਼ਦਰ ਪਾਰਟੀ ਦੀ ਉਪਰਲੀ ਲੀਡਰਸ਼ਿੱਪ ਉਪਰ ਹਿੰਦੂ ਰਾਸ਼ਟਰ ਸਥਾਪਤ ਕਰਨ ਦੀ ਸਾਜ਼ਿਸ਼ ਹੋਣ ਦਾ ਬੇਬੁਨਿਆਦਾ ਦੋਸ਼ ਮੜ੍ਹਨਾ ਸਿਰੇ ਦੀ ਨਾਲਾਇਕੀ ਤੇ ਸਮਾਜਕ ਤਬਦੀਲੀ ਦੀ ਜੱਦੋਜਹਿਦ ਨਾਲੋਂ ਟੁੱਟੀ ਅਪਹਾਜ ਮਾਨਸਿਕਤਾ ਦਾ ਸਬੂਤ ਹੈ।

ਮੱਧਯੁੱਗੀ ਸੋਚ ਦੇ ਧਾਰਨੀ ਇਨ੍ਹਾਂ ਪਿਛਾਖੜਾਂ ਦੀਆਂ ਗੱਲਾਂ ਤੇ 'ਅਫਸੋਸ' ਨਾਲ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੀ ਦਿਮਾਗੀ ਕਸਰਤ ਨਿਰਾਰਥਕ ਹੀ ਚਲੀ ਜਾਵੇਗੀ।21ਵੀਂ ਸਦੀ ਦਾ ਦੌਰ ਜਿੱਥੇ ਅੱਜ ਸੰਸਾਰ ਨਕਸ਼ੇ ਤੋਂ ਤਾਨਾਸ਼ਾਹੀਆਂ ਵਗਾਹ ਮਾਰੀਆਂ ਜਾ ਰਹੀਆਂ ਹਨ ਉੱਥੇ ਮੱਧਯੁਗੀ ਜਾਤੀ-ਪਾਤੀ ਤੇ ਧਾਰਮਿਕ ਰਾਜ ਸਥਾਪਤ ਕਰਨ ਦੇ ਵਿਚਾਰ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਸਮਾਂ ਵਿਹਾਅ ਚੁੱਕੇ ਵਿਚਾਰ ਹੀ ਹਨ। ਮੌਜੂਦਾ ਦੌਰ ਜਾਤੀ-ਪਾਤੀ, ਖੇਤਰੀ ਤੇ ਧਾਰਮਿਕ ਕ੍ਰਾਂਤੀਆਂ ਦਾ ਨਹੀਂ ਬਲਕਿ ਜਮਾਤੀ ਸੰਘਰਸ਼ਾਂ ਦਾ ਦੌਰ ਹੈ।

ਮਨਦੀਪ
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 9
Mob: 98764-42052

Wednesday, March 13, 2013

ਗਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਦੇ ਫੰਡ ਰੇਜ਼ਿੰਗ ਡਿਨਰ ਨੂੰ ਭਰਵਾਂ ਹੁੰਗਾਰਾ

ਗ਼ਦਰ ਪਾਰਟੀ ਦੀ ਸ਼ਤਾਬਦੀ ਦਾ ਵਰ੍ਹਾ 2013 ਮਨਾਉਣ ਲਈ ਬਣਾਈ ਗਈ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੱਲੋਂ ਜਥੇਬੰਦ ਕੀਤਾ ਅੱਜ ਦਾ ਫੰਡ ਰੇਜ਼ਿੰਗ ਡਿਨਰ ਬਹੁਤ ਹੀ ਸਫ਼ਲ ਰਿਹਾ ਜਿਸਨੂੰ ਤਕਰੀਬਨ 600 ਲੋਕਾਂ ਦੇ ਇਕੱਠ ਨੇ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਮਿੰਦਰ ਸਵੈਚ ਨੇ ਗ਼ਦਰ ਲਹਿਰ, ਗ਼ਦਰੀ ਸੂਰਮਿਆਂ ਤੇ ਸਰਕਾਰ ਦੇ ਰਵੱਈਏ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਗ਼ਦਰ ਲਹਿਰ ਦੀ ਸ਼ਤਾਬਦੀ ਮਨਾਉਣ ਦੇ ਮਕਸਦ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਮੌਕਾ ਅੱਜ ਸਾਡੇ ਹਿੱਸੇ ਆਇਆ ਹੈ। ਅੱਜ ਅਸੀਂ ਇਹ ਸ਼ਤਾਬਦੀ ਮਨਾ ਰਹੇ ਹਾਂ ਪਰ ਸਾਡਾ ਮੁੱਖ ਉਦੇਸ਼ ਗ਼ਦਰ ਲਹਿਰ ਬਾਰੇ ਇਹ ਜਾਣਕਾਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪਕੇ ਜਾਣਾ ਤੇ ਗ਼ਦਰ ਪਾਰਟੀ ਦੇ ਸਪੁਨਿਆਂ ਨੂੰ ਪੂਰਾ ਕਰਨਾ ਵੀ ਹੈ।ਉਪਰੰਤ ਸ਼ਤਾਬਦੀ ਕਮੇਟੀ ਦੇ ਮੈਂਬਰਾਂ ਨੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਗ਼ਦਰ ਲਹਿਰ ਦਾ ਇਤਿਹਾਸ ਸਮੇਤ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਾ ਕਲੈਂਡਰ (ਅਪਰੈਲ 2013 ਤੋਂ ਮਾਰਚ 2014) ਤੱਕ ਜਾਰੀ ਕੀਤਾ।ਇਸ ਕਲੈਂਡਰ ਦੀ 10,000 ਕਾਪੀ ਛਾਪੀ ਗਈ ਹੈ। ਪ੍ਰੋਗਰਾਮ ਨੂਂ ਅੱਗੇ ਵਧਾਉਂਦਿਆਂ ਸਭ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਰਵਾਏ ਜਾਂਦੇ ਗ਼ਦਰੀ ਬਾਬਿਆਂ ਦੇ ਸਲਾਨਾ ਮੇਲੇ ਤੇ ਪੇਸ਼ ਕੀਤੇ ਗਏ ਝੰਡੇ ਦੇ ਗੀਤ ਦੀ ਵੀਡੀਓ ਦਿਖਾਈ ਗਈ ਜੋ ਇਸ ਵਾਰ ਅਕਤੂਬਰ 2012 ਦੇ ਮੇਲੇ ਤੇ ਅਜ਼ਾਦ ਹਿੰਦ ਫੌਜ ਨੂੰ ਸਮਰਪਤ ਸੀ।

ਇੰਦਰਜੀਤ ਸਿੰਘ ਧਾਮੀ ਦੀ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਬਾਰੇ ਜੋਸ਼ੀਲੀ ਕਵਿਤਾ ਤੋਂ ਬਾਅਦ ਕ੍ਰਿਪਾਲ ਬੈਂਸ ਨੇ ਗ਼ਦਰ ਪਾਰਟੀ ਦੇ ਹੋਂਦ ਵਿੱਚ ਆਉਣ ਦੇ ਕਾਰਨਾਂ, ਪਾਰਟੀ ਦੇ ਉੇਦੇਸ਼ਾਂ ਜਿਵੇਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤੀ ਅਤੇ ਭਾਰਤ ਵਿੱਚ ਜਮਾਤ ਅਤੇ ਜਾਤ ਪਾਤ ਰਹਿਤ ਬਰਾਬਰਤਾ ਵਾਲਾ ਸਮਾਜ ਸਥਾਪਤ ਕਰਨ ਬਾਰੇ ਵਿਸਥਾਰ ਪੂਰਵਕ ਦੱਸਿਆ।ਉਨ੍ਹਾਂ ਇਹ ਵੀ ਦੱਸਿਆ ਕਿ ਗ਼ਦਰੀ ਬਾਬਿਆਂ ਦਾ ਇਹ ਪੱਕਾ ਵਿਸ਼ਵਾਸ਼ ਸੀ ਕਿ ਇਹ ਸਭ ਕੁੱਝ ਹਥਿਆਰਬੰਦ ਇਨਕਲਾਬ ਰਾਹੀਂ ਕੀਤਾ ਜਾ ਸਕੇਗਾ।ਉਨ੍ਹਾਂ ਗ਼ਦਰੀ ਬਾਬਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਬਾਰੇ ਵੀ ਚਾਨਣਾ ਪਾਇਆ।ਉਨ੍ਹਾਂ ਦੀ ਤਕਰੀਰ ਵਿੱਚੋਂ ਕੁੱਝ ਮੁੱਦਿਆਂ ਬਾਰੇ ਦੁਬਾਰਾ ਗੱਲ ਕਰਨ ਦੀ ਮੰਗ ਮੀਰਾਂ ਵਿਰਕ ਨੇ ਖੁਦ ਸਟੇਜ ਤੇ ਆਕੇ ਕੀਤੀ ਜਿਨ੍ਹਾਂ ਬਾਰੇ ਕ੍ਰਿਪਾਲ ਬੈਂਸ ਨੇ ਇੱਕ ਵਾਰ ਫੇਰ ਦੁਹਰਾਇਆ ਉਨ੍ਹਾਂ ਵਿੱਚੋਂ ਇੱਕ ਮੁੱਦਾ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਅੰਦਰ ਪੱਗ ਦੀ ਹੋਈ ਹੱਤਕ ਦੇ ਵਿਰੋਧ ਵਿੱਚ ਰੱਖੀ ਗਈ ਭੁੱਖ ਹੜਤਾਲ ਬਾਰੇ ਸੀ ਤੇ ਦੂਸਰਾ ਮੁੱਦਾ 1915 ਵਿੱਚ ਜਦੋਂ ਕਰਤਾਰ ਸਿੰਘ ਸਰਾਭਾ ਭਾਰਤ ਵਿਚਲੀਆਂ ਛੌਣੀਆਂ ਵਿੱਚ ਭਾਰਤੀ ਫੌਜੀਆਂ ਨੂੰ ਬ੍ਰਿਟਿਸ਼ ਸਾਮਰਾਜ ਵਿਰੁੱਧ ਗ਼ਦਰ ਕਰਨ ਲਈ ਪ੍ਰੇਰ ਰਿਹਾ ਸੀ ਉਸੇ ਵਕਤ ਕਰਮਚੰਦ ਗਾਂਧੀ ਇੰਗਲੈਂਡ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟਿਸ਼ ਫੌਜ ਵਿੱਚ ਭਰਤੀ ਹੋਕੇ ਸੰਸਾਰ ਜੰਗ ਵਿੱਚ ਸ਼ਾਮਲ ਹੋਕੇ ਅੰਗ਼ਰੇਜ਼ਾਂ ਦੀ ਮਦਦ ਕਰਨ ਲਈ ਕਹਿ ਰਿਹਾ ਸੀ।ਇਸ ਯਤਨ ਦੀ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਇਹ ਲੜਾਈ ਭਾਰਤ ਵਿੱਚ ਲੜੀ ਜਾ ਰਹੀ ਸੀ ਉਸਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਇਹ ਲੜਾਈ ਅਮਰੀਕਾ ਅਤੇ ਕੈਨੇਡਾ ਵਿੱਚ ਨਸਲਵਾਦ ਦੇ ਵਿਰੁੱਧ ਜਾਰੀ ਰਹੀ। ਬੇਸ਼ੱਕ ਗ਼ਦਰ ਪਾਰਟੀ 1947 ਵਿੱਚ ਭੰਗ ਕਰ ਦਿੱਤੀ ਗਈ ਪਰੰਤੂ ਨਸਲਵਾਦ ਖ਼ਤਮ ਨਹੀਂ ਹੋਇਆ ਸਗੋਂ 1968 ਤੱਕ ਹੋਰ ਵਧਦਾ ਗਿਆ। ਕੈਨੇਡਾ ਵਿੱਚ ਈਸਟ ਇੰਡੀਅਨ ਡਿਫੈਂਸ ਕਮੇਟੀ ਨੇ ਇਸ ਜੱਦੋ ਜਹਿਦ ਨੂੰ ਗ਼ਦਰ ਪਾਰਟੀ ਦੀਆਂ ਲੀਹਾਂ ਤੇ ਜਾਰੀ ਰੱਖਿਆ ਅਤੇ ਹਿੰਦੁਸਤਾਨ ਵਿੱਚ ਚੱਲ ਰਹੇ ਲੋਕ ਜਮਹੂਰੀ ਇਨਕਲਾਬ ਦੀ ਹਮਾਇਤ ਵੀ ਪੂਰਨ ਤੌਰ ਤੇ ਜਾਰੀ ਰੱਖੀ।ਸਿੱਟੇ ਵਜੋਂ ਭਾਵੇਂ ਅੱਜ ਨੰਗੇ ਚਿੱਟੇ ਰੂਪ ਵਿੱਚ ਨਸਲਵਾਦ ਬਹੁਤ ਘੱਟ ਦਿਖਾਈ ਦੇ ਰਿਹਾ ਹੈ ਪਰ ਇਹ ਨਸਲਵਾਦ ਅੱਜ ਵੀ ਸਰਕਾਰੀ ਨੀਤੀਆਂ ਵਿੱਚੋਂ ਝਲਕ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਏਸ਼ੀਅਨ ਲੋਕਾਂ ਦੇ ਮਾਪਿਆਂ ਨੂੰ ਕੈਨੇਡਾ ਮੰਗਵਾਉਣ ਦਾ ਹੱਕ ਸੁਪਰ ਵੀਜ਼ੇ ਦੇ ਨਾਂ ਥੱਲੇ ਖੋਹ ਲਿਆ ਗਿਆ ਹੈ। ਹੁਣ ਸੁਪਰ ਵੀਜ਼ੇ ਤਹਿਤ ਆਏ ਮਾਪੇ ਕੰਮ ਨਹੀਂ ਕਰ ਸਕਦੇ, ਉਨ੍ਹਾਂ ਦੀ ਇੰਸ਼ੋਰੈਂਸ ਦਾ ਖਰਚ ਵੀ ਸਾਨੂੰ ਖੁਦ ਨੂੰ ਕਰਨਾ ਪੈਂਦਾ ਹੈ 'ਤੇ ਉਹ ਪੈਨਸ਼ੈਨ ਦੇ ਹੱਕ ਤੋਂ ਵੀ ਵਾਂਝੇ ਕਰ ਦਿੱਤੇ ਗਏ ਹਨ।ਇਹ ਕਾਨੂੰਨ ਯੂਰਪੀਅਨ ਲੋਕਾਂ 'ਤੇ ਲਾਗੂ ਨਹੀਂ ਹੈ।

 ਸ਼ਾਂਤੀ ਥੰਮਣ ਨੇ ਗੀਤ ''ਸਮੇਂ ਦੀ ਮੰਗ''. ਬਿੱਲਾ ਤੱਖਰ ਤੇ ਸਾਥੀਆਂ ਵੱਲੋਂ ਗ਼ਦਰ ਲਹਿਰ ਨਾਲ ਸਬੰਧਤ ਇਨਕਲਾਬੀ ਵਾਰ, ਅਨਮੋਲ ਸਵੈਚ ਨੇ ਗੁਰਭਜਨ ਗਿੱਲ ਦੀ ਕਵਿਤਾ ''ਰਾਤ ਬਾਕੀ ਹੈ'' ਪੇਸ਼ ਕੀਤੀ।ਬਾਈ ਅਵਤਾਰ ਗਿੱਲ ਵੱਲੋਂ ਤਿਆਰ ਕਰਵਾਈਆਂ ਕੋਰੀਓਗਰਾਫੀਆਂ ਸੁਰਿੰਦਰ ਗਿੱਲ ਦੇ ਗੀਤ ''ਛੱਟਾ ਚਾਨਣਾ ਦਾ'' ਅਤੇ ਅਵਤਾਰ ਪਾਸ਼ ਦੇ ਗੀਤ ''ਦਹਿਕਦੇ ਅੰਗਿਆਰਾਂ ਤੇ'' ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਕਮਲ ਪ੍ਰੀਤ ਦੀ ਅਵਾਜ਼ ਦਾ ਅਹਿਮ ਯੋਗਦਾਨ ਰਿਹਾ। ਬਾਈ ਅਵਤਾਰ ਗਿੱਲ ਨੇ ਗ਼ਦਰ ਪਾਰਟੀ ਦਾ ਕੈਨੇਡਾ ਵਿੱਚ ਮਹੱਤਵ ਦੱਸਦਿਆਂ ਗ਼ਦਰ ਪਾਰਟੀ ਨੂੰ ਸਮਰਪਤ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਹਰਭਜਨ ਚੀਮਾ ਨੇ ਗ਼ਦਰ ਪਾਰਟੀ ਬਾਰੇ ਗੱਲ ਕਰਦਿਆਂ ਜੋਰ ਦੇ ਕੇ ਕਿਹਾ ਪਰਵਿਾਰਾਂ ਨੂੰ ਕੱਠੇ ਕਰਨ ਦਾ ਹੱਕ ਸਾਡੇ ਬਜ਼ੁਰਗਾਂ ਨੇ 1908 ਵਿੱਚ ਤਕੜੇ ਸੰਘਰਸ਼ ਰਾਹੀਂ ਹਾਸਲ ਕੀਤਾ ਸੀ ਜੋ ਅੱਜ ਹਾਰਪਰ ਸਰਕਾਰ ਨੇ ਏਸ਼ੀਅਨ ਲੋਕਾਂ ਤੋਂ ਇਹ ਹੱਕ 100 ਸਾਲ ਬਾਅਦ ਖੋਹਕੇ ਉਨ੍ਹਾਂ ਉੱਪਰ ਸਿੱਧਾ ਹਮਲਾ ਕੀਤਾ ਹੈ।ਜਿਸਨੂੰ ਸਾਡੀ ਕਮੇਟੀ ਗ਼ਦਰ ਪਾਰਟੀ ਦੀਆਂ ਲੀਹਾਂ ਤੇ ਚਲਦੀ ਹੋਈ ਮੁੜ ਹਾਸਲ ਕਰਨ ਲਈ ਸਿਦਕਦਿਲੀ ਨਾਲ ਜੱਦੋ ਜਹਿਦ ਕਰਦੀ ਰਹੇਗੀ। ਉਨ੍ਹਾਂ ਆਏ ਹੋਏ ਲੋਕਾਂ ਦਾ ਇਸ ਫੰਡ ਰੇਜ਼ਿੰਗ ਡਿਨਰ ਵਿੱਚ ਯੋਗਦਾਨ ਪਾਉਣ ਲਈ, ਵਪਾਰੀ ਵੀਰਾਂ ਵੱਲੋਂ ਕੀਤੀ ਆਰਥਿਕ ਮਦਦ ਲਈ, ਮੀਡੀਏ ਵੱਲੋਂ ਖਾਸ ਕਰਕੇ ਰੈੱਡ ਐਫ ਐਮ ਰੇਡੀਓ ਵੱਲੋਂ ਸਹਿਯੋਗ ਕਰਨ ਲਈ ਅਤੇ ਕਮੇਟੀ ਮੈਂਬਰਾਂ ਦਾ ਫੰਡ ਰੇਜ਼ਿੰਗ ਬਿਨਰ ਨੂੰ ਕਾਮਯਾਬ ਕਰਨ ਲਈ ਧੰਨਵਾਦਿ ਕੀਤਾ।

ਪ੍ਰੋਗਰਾਮ ਦੁਰਾਨ ਪੇਸ਼ ਕੀਤੀਆਂ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਬਹੁਤ ਹੀ ਸਲਾਹਿਆ। ''ਛੱਟਾ ਚਾਨਣਾਂ ਦਾ'' ਦੀ ਪੇਸ਼ ਕਾਰੀ ਕੈਨੇਡਾ ਦੇ ਜੰਮਪਲ ਬੱਚਿਆਂ ਜਸਨੂਰ ਤੇ ਹਰਮੋਤ ਖੱਖ, ਨਵਨੀਤ, ਪਰਣੀਤ, ਰਨਦੀਪ 'ਤੇ ਇਸ਼ਾਨਪ੍ਰੀਤ ਗਿੱਲ ਤੋਂ ਇਲਾਵਾ ਮਨਜੀਤ ਨਾਗਰਾ ਅਤੇ ਦਵਿੰਦਰ ਬਚਰਾ ਨੇ ਬਾ-ਕਮਾਲ ਪੇਸ਼ਕਾਰੀ ਕੀਤੀ। ਦਹਿਕਦੇ ਅੰਗਿਆਰਾਂ ਵਿੱਚ ਗੁਰਮੇਲ ਗਿੱਲ ਤੇ ਪਰਮ ਸਰਾਂ ਦੀ ਭੂਮਿਕਾ ਕਾਬਲੇ ਤਾਰੀਫ ਸੀ।ਅੰਤ ਵਿੱਚ ਗਾਇਕਾ ਤਰੰਨਮ ਪ੍ਰੀਤ ਦੀ ਅਵਾਜ਼ ਵਿੱਚ ਪਾਈਆਂ ਗਈਆਂ ਸੰਗਰਾਮੀ ਬੋਲੀਆਂ ਤੇ ਅਧਾਰਤ ਗਿੱਧਾ ਦਵਿੰਦਰ ਕੌਰ ਤੇ ਜਸਨੂਰ ਕੌਰ ਖੱਖ, ਪਰਮਜੀਤ ਕੌਰ, ਜਸਪ੍ਰੀਤ ਕੌਰ ਤੇ ਜਤਿੰਦਰ ਕੌਰ ਗਿੱਲ, ਜਸਮੇਲ ਕੌਰ ਸਿੱਧੂ, ਮਨਜੀਤ ਨਾਗਰਾ ਤੇ ਦਵਿੰਦਰ ਕੌਰ ਬਚਰਾ, ਹਰਬੰਸ ਕੌਰ ਪੁਰੇਵਾਲ ਅਤੇ ਸਵਰਨਜੀਤ ਕੌਰ ਗਰੇਵਾਲ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਇੰਦਰਜੀਤ ਸਿੰਘ ਬੈਂਸ ਹੋਰਾਂ ਇਸ ਯਤਨ ਲਈ ਵਧਾਈ ਦਿੱਤੀ।ਇਸ ਦੁਰਾਨ ਵਪਾਰੀ ਵੱੀਰਾਂ ਵੱਲੋਂ ਸਪੌਂਸਰ ਕੀਤੇ ਸਮਾਨ ਦੇ ਰੈਫਿਲਜ਼ ਵੀ ਕੱਢੇ ਗਏ।ਮਨਜੀਤ ਨਾਗਰਾ ਤੇ ਦਵਿੰਦਰ ਬਚਰਾ ਦਾ ਇਸ ਪ੍ਰਬੰਧ ਵਿੱਚ ਅਹਿਮ ਯੋਗਦਾਨ ਰਿਹਾ ਜੋ ਵਧਾਈ ਦੇ ਪਾਤਰ ਹਨ।

ਗ਼ਦਰ ਪਾਰਟੀ ਸ਼ਤਾਬਦੀ ਕਮੇਟੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਅੱਜ ਵੀ 65 ਸਾਲ ਬੀਤ ਜਾਣ ਤੇ ਵੀ ਭਾਰਤ ਅੰਦਰ ਗ਼ਦਰੀ ਸੂਰਮਿਆਂ ਦੀ ਸੋਚ ਦਾ ਸਮਾਜ ਨਹੀਂ ਸਿਰਜਿਆ ਜਾ ਸਕਿਆ ਹੈ ਜਿਸ ਲਈ ਯਤਨ ਜਾਰੀ ਰਹਿਣੇ ਚਾਹੀਦੇ ਹਨ।ਅਸੀਂ ਇੰਨ੍ਹਾਂ ਮਹਾਨ ਗ਼ਦਰੀ ਬਾਬਿਆ ਦੀਆਂ ਕੁਰਬਾਨੀਆ ਨੂੰ ਕਦੇ ਵੀ ਭੁਲਾ ਨਹੀਂ ਸਕਦੇ ਸਗੋਂ ਉਨ੍ਹਾਂ ਲੀਹਾਂ ਤੇ ਚਲਣ ਦਾ ਭਰਪੂਰ ਯਤਨ ਕਰ ਰਹੇ ਹਾਂ।

ਸਾਲ 2013 ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦਾ ਵੇਰਵਾ

ਮਿਤੀ 16 ਜੂਨ 2013 ਦਿਨ ਐਤਵਾਰ, ਕਵੀ ਦਰਬਾਰ, ਸਥਾਨ ਗ੍ਰੈਂਡ ਤਾਜ ਬੈਂਕੁਇਟ ਹਾਲ ਸਮਾਂ 11 ਵਜੇ ਸਵੇਰੇ, 23 ਜੂਨ ਦਿਨ ਐਤਵਾਰ ਸੈਮੀਨਾਰ ਸਥਾਨ ਨੌਰਥ ਡੈਲਟਾ ਸੈਕੰਡਰੀ ਸਕੂਲ ਸਮਾਂ 11 ਵਜੇ ਸਵੇਰੇ, 06 ਜੁਲਾਈ ਦਿਨ ਐਤਵਾਰ ਕਲਚਰਲ ਪ੍ਰੋਗਰਾਮ ਤੇ ਬੁਲਾਰੇ ਸਥਾਨ ਐਬਸਫੋਰਡ ਆਰਟ ਸੈਂਟਰ, 07 ਜੁਲਾਈ ਦਿਨ ਐਤਵਾਰ ਕਲਚਰਲ ਪ੍ਰੋਗਰਾਮ ਸਥਾਨ ਬੈੱਲ ਪ੍ਰਫਾਰਮਿਮਗ ਆਰਟ ਸੈਂਟਰ ਸਰ੍ਹੀ, 14 ਜੁਲਾਈ ਦਿਨ ਐਤਵਾਰ ਪਬਲਿਕ ਰੈਲੀ ਤੇ ਸਨਮਾਨ ਸਮਾਰੋਹ ਹੋਣਗੇ।ਇਸਤੋਂ ਇਲਾਵਾ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਫੈਟੀਵਲ 25 ਅਗਸਤ, ਸ਼ਹੀਦ ਭਗਤ ਸਿੰਘ 5 ਕਿਲੋਮੀਟਰ ਰਨ 22 ਸਿਤੰਬਰ, ਸਲਾਨਾ ਤਰਕਸ਼ੀਲ ਮੇਲਾ 13 ਅਕਤੂਬਰ, ਡਿਫੈਂਸ ਕਮੇਟੀ ਦੀ 40 ਵੀਂ ਵਰ੍ਹੇ ਗੰਢ 30 ਨਵੰਬਰ ਇਹ ਸਾਰੇ ਪ੍ਰੋਗਰਾਮ ਵੀ ਗ਼ਦਰ ਲਹਿਰ ਨੂੰ ਸਮਰਪਤ ਕੀਤੇ ਜਾਣਗੇ।ਸਮੁੱਚੇ ਭਾਈਚਾਰੇ ਨੂੰ ਇੰਨ੍ਹਾਂ ਪ੍ਰੋਗਰਾਮਾਂ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਦੀ ਹੇ।ਆਸ ਕਰਦੇ ਹਾਂ ਕਿ ਆਪ ਸਭ ਇੰਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਕੇ ਸਾਡੇ ਮਹਾਨ ਨਾਇਕਾਂ ਨੂੰ ਸ਼ਰਧਾਂਜਲੀ ਪੇਸ਼ ਕਰੋਗੇ।

ਸਰ੍ਹੀ ਤੋਂ ਪਰਮਿੰਦਰ ਸਵੈਚ ਦੀ ਰਪਟ

Monday, February 25, 2013

'ਬ੍ਰਾਹਮਣਵਾਦੀ-ਜੱਟਵਾਦੀ' ਪ੍ਰਬੰਧ ’ਚ ਗੁਰੂ ਰਵੀਦਾਸ ਦੇ ਚਿੰਤਨ ਦੀ ਸਾਰਥਿਕਤਾ

ਬ੍ਰਾਹਮਣ ਬੈਸ ਸੂਦ ਅਰੁ ਖਤ੍ਰੀ, ਡੇਮ ਚੰਡਾਲ ਮਲੇਛ ਮਨ ਸੋਇ॥ 
ਹੋਇ ਪੁਨੀਤ ਭਗਵੰਤ ਭਜਨ ਤੇ, ਆਪੁ ਤਾਰਿ ਤਾਰੇ ਕੁਲ ਦੋਇ॥ 
ਪੰਡਿਤ ਸੂਰ ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰ ਨ ਕੋਇ॥ 
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ, ਭਨਿ ਰਵਿਦਾਸ ਜਨਮੇ ਜਗਿ ਓਇ॥(ਪੰਨਾ 858)

'ਬਨਾਰਸ', ਜੋ ਬ੍ਰਾਹਮਣ ਤੇ ਹਿੰਦੂ ਸੰਸਕ੍ਰਿਤੀ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ ਅਤੇ ਅਜੋਕੇ ਸਮੇਂ ਵਿੱਚ ਵੀ ਹੈ। ਉਸ ਬਨਾਰਸ ਦੇ ਗੰਗਾ ਕੰਡਿਓ ਕਈ ਵਿਚਾਰਧਾਰਾਵਾਂ ਦੇ ਪਰਵਾਹ ਨੇ ਜਨਮ ਲਿਆ, ਕੁਝ ਵਿਚਾਰਧਾਰਾਵਾਂ ਜੀਵਨ ਵਿਕਾਸ ਵਜੋਂ ਉਭਰੀਆਂ ਤੇ ਕਈ ਵਿਚਾਰਧਾਰਾਵਾਂ ਉਹ ਸਨ, ਜਿਹਨਾਂ ਨੇ ਸਮਾਜ ਵਿੱਚ ਇੱਕ ਨਵੀਂ ਸੋਚ ਤੇ ਇੱਕ ਮਾਰੂ ਹੜ੍ਹ ਦਾ ਕੰਮ ਕੀਤਾ, ਜਿਸ ਵਿੱਚ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਹਿਲਾ ਕੇ ਰੱਖ ਦਿੱਤਾ। ਜਾਤਪਾਤ, ਧਰਮਿਕ ਕਰਮ ਕਾਂਡ, ਛੁਆ-ਛਾਤ ਇਹ ਉਹ ਅੰਨਾਪਣ ਸੀ, ਜੋ ਬ੍ਰਾਹਮਣਵਾਦੀ ਸੋਚ ਅਤੇ ਹਿੰਦੂ ਧਰਮ ਦੀ ਵਿਚਾਰਧਾਰਾ ਵਿੱਚੋਂ ਨਿਕਲਿਆ ਸੀ। ਇਹਨਾਂ ਮਨੌਤਾਂ ਤੇ ਵਿਚਾਰਾਂ ਨਾਲ ਜੋ ਵਿਚਾਰਧਾਰਾ ਦਾ ਟਕਰਾਅ ਹੋਇਆ ਅਤੇ ਜਿਸਨੇ ਇਹਨਾਂ ਨੂੰ ਆਪਣੀ ਤਰਕ ਦੀ ਸੱਟ ਨਾਲ ਵੰਗਾਰਿਆ, ਉਹਨਾਂ ਵਿਚਾਰਧਾਰਾਵਾਂ ਦੇ ਮੁੱਖ ਮੋਢੀ ਸਨ 'ਸੰਤ ਕਬੀਰ ਜੀ' ਅਤੇ 'ਗੁਰੁ ਰਵੀਦਾਸ ਜੀ' ਇਹ ਉਹ ਮਹਾਂਪੁਰਖ, ਵਿਚਾਰਕ ਅਤੇ ਤਰਕਵਾਦੀ ਸਨ, ਜਿਨ੍ਹਾਂ ਨੇ ਸਦੀਆਂ ਤੋਂ ਲਤਾੜੀ ਹੋਈ ਸ਼ੂਦਰ ਜਾਤੀ ਨੂੰ ਅਵਾਜ਼ ਦਿੱਤੀ। ਸੰਤ ਕਬੀਰ ਜੀ ਅਤੇ ਗੁਰੁ ਰਵੀਦਾਸ ਜੀ ਦੋਂਵੇ ਹੀ ਇਹਨਾਂ ਲਤਾੜੀਆਂ ਹੋਈਆਂ ਕੌਮਾਂ ਨਾਲ ਸਬੰਧ ਰਖਦੇ ਸੀ, ਜਿਹਨਾਂ ਨੇ ਆਪਣੀ ਕਲਮ ਦੀ ਤਰਕ ਸ਼ਕਤੀ ਨਾਲ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਵੰਗਾਰਿਆ ਤੇ ਇੱਕ ਨਵੀਂ ਸੋਚ ਅਤੇ ਦਿਸ਼ਾ ਨਾਲ ਲੋਕਾਂ ਨੂੰ ਲਾਮਬੰਦ ਕੀਤਾ। ਸੰਤ ਕਬੀਰ ਜੀ ਗੁਰੁ ਰਵੀਦਾਸ ਜੀ ਦੇ ਸਮਕਾਲੀ ਸਨ, ਉਹਨਾਂ ਨੇ ਵੀ ਗੁਰੁ ਰਵੀਦਾਸ ਜੀ ਦੀ ਵਿਚਾਰਧਾਰਾ ਦੀ ਉਸਤਤ ਕਰਦੇ ਹੋਏ ਫਰਮਾਇਆ ਹੈ,,,,


ਸਾਧਨ ਮੇ ਰਵੀਦਾਸ ਸੰਤ ਹੈ ਸੁਪਰ ਰਿਸਿ ਸੋ ਮਾਨਿਆ॥ 
ਹਿੰਦੂ ਤੁਰਕ ਹੁਈ ਦੀਨ ਬਨੇ ਹੈਂ ਕੁਛ ਨਹੀ ਪਹਿਚਾਨਿਆ॥ 

ਗੁਰੂ ਰਵੀਦਾਸ ਜੀ ਦੀ ਰਚੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਸ਼੍ਰੀ ਗੁਰੁ ਅਰਜਨ ਦੇਵ ਜੀ ਨੇ ਗੁਰੁ ਰਵੀਦਾਸ ਜੀ ਦੀ ਸੋਚ ਨੂੰ ਸੱਚੀ ਹਮੇਸ਼ਾ ਲਈ ਜੀਵਤ ਕਰ ਦਿੱਤਾ।ਇਸ ਤੋਂ ਅਸੀ ਇੱਕ ਗੱਲ ਸਾਫ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਕਿਸੇ ਇੱਕ ਧਰਮ ਜਾਂ ਜਾਤੀ ਦਾ ਨਾਂ ਹੋ ਕਿ ਸੰਪੂਰਨ ਮਨਾਵਤਾ ਦਾ ਗਰੰਥ ਹੈ ਅਤੇ ਸਭ ਦਾ ਸਾਂਝਾ ਹੈ। ਸ਼੍ਰੀ ਗੁਰੁ ਰਾਮਦਾਸ ਜੀ ਨੇ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੇ ਸੋਚ ਦੀ ਉਸਤਤ ਕਰਦੇ ਹੋਏ ਫਰਮਾਇਆ ਹੈ,,,

ਰਵਿਦਾਸੁ ਚਮਾਰੁ ਉਸਤਿਤ ਕਰੇ ਹਰਿ ਕੀਰਤਿ ਨਿਮਖ ਇਕ ਗਾਇ?? 
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ?? (ਪੰਨਾ 733)

ਗੁਰੁ ਰਵੀਦਾਸ ਜੀ ਦੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ 40 ਸ਼ਬਦ ਅਤੇ ਇੱਕ ਸਲੋਕ ਪ੍ਰਵਾਨ ਚੜੇ ਹਨ? ਉਹਨਾਂ ਦੀ ਇਸ ਰਚੀ ਬਾਨੀ ਦੇ ਅਧਾਰ ਤੇ ਹੀ ਅਸੀਂ ਊਹਨਾਂ ਦੇ ਜੀਵਨ ਅਤੇ ਵਿਚਾਰਧਾਰਾ ਦਾ ਅਨੁਮਾਨ ਲਗਾ ਸਕਦੇ ਹਾਂ। ਭਾਂਵੇ ਕਿ ਗੁਰੁ ਰਵੀਦਾਸ ਜੀ ਦੀ ਰਚਨਾ ਸਾਨੂੰ ਕੁਝ ਕੁ ਬਾਹਰੋਂ ਵੀ ਮਿਲਦੀ ਹੈ,ਪਰ ਉਸ ਉਪਰ ਅਸੀਂ ਪੂਰਨ ਤੌਰ ਤੇ ਯਕੀਨ ਨਹੀ ਕਰ ਸਕਦੇ ਕਿ ਇਹ ਗੁਰੂ ਰਵੀਦਾਸ ਜੀ ਦੇ ਹੀ ਹੈ? ਕਿਉਂਕਿ ਉਸ ਰਚਨਾ ਵਿੱਚ ਬ੍ਰਾਹਮਣਵਾਦੀ ਸੋਚ ਦਾ ਝਲਕ ਦਿਖਾਈ ਦਿੰਦੀ ਹੈ, ਜਿਸਦਾ ਵਿਰੋਧ ਉਹਨਾਂ ਨੇ ਹਮੇਸ਼ਾ ਕੀਤਾ ਹੈ।


ਬ੍ਰਾਹਮਣਵਾਦੀ ਹਿੰਦੂਵਾਦੀਆਂ ਦੀ 'ਸਿਆਸੀ ਸ਼ਰਾਰਤ'
ਗੁਰੁ ਰਵੀਦਾਸ ਜੀ ਦੇ ਜੀਵਨ ਅਤੇ ਉਹਨਾਂ ਦੀ ਰਚਨਾ ਦੀ ਗੱਲ ਕਰੀਏ ਤਾਂ, ਗੁਰੂ ਰਵੀਦਾਸ ਜੀ ਇੱਕ ਸਧਾਰਨ ਅਤੇ ਨਿਮਰਤਾ ਵਾਲੇ ਵਿਅਕਤੀ ਸਨ ਅਤੇ ਚਮਾਰ ਜਾਤੀ ਭਾਵ ਸ਼ੂਦਰ ਜਾਤੀ ਨਾਲ ਸਬੰਧ ਰਖਦੇ ਸਨ। ਉਹਨਾਂ ਨੇ ਹਮੇਸ਼ਾ ਕਿਰਤ ਦੀ ਰੋਟੀ ਨੂੰ ਸਵੀਕਾਰਿਆ ਅਤੇ ਇਸ ਵਿੱਚ ਹੀ ਵਿਸ਼ਵਾਸ ਕੀਤਾ। ਭਾਂਵੇ ਕਿ ਲ਼ੋਕਾਂ ਨੇ ਉਹਨਾਂ ਨੂੰ ਬਹੁਤ ਕੁਝ ਦਾਨ ਦਿੱਤਾ ਪਰ ਉਹਨਾਂ ਨੇ ਹਮੇਸ਼ਾ ਕਿਰਤ ਨੂੰ ਹੀ ਸਿਰ ਮੱਥੇ ਮੰਨਿਆ। ਉਹਨਾਂ ਨੇ ਆਪਨੇ ਜੀਵਨ ਵਿੱਚ ਕਿਰਤ ਦੀ ਰੋਟੀ ਅਤੇ ਪ੍ਰਭੂ ਭਗਤੀ ਨੂੰ ਪਹਿਲਾ ਦਰਜਾ ਦਿੱਤਾ ।  ਉਹਨਾਂ  ਨੇ ਹਮੇਸ਼ਾ ਸਿਰ ਇੱਕੋ ਪਰਮਾਤਮਾ ਰੂਪੀ ਰੱਬੀ ਸ਼ਕਤੀ ਦੀ ਹੋਂਦ ਨੂੰ ਸਵੀਕਾਰ ਕੀਤਾ ਅਤੇ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਅਤੇ ਬਹੁ ਦੇਵੀ-ਦੇਵਤਿਆਂ ਦਾ ਖੰਡਨ ਕੀਤਾ।ਗੁਰੂ ਰਵੀਦਾਸ ਜੀ ਹਿੰਦੂ ਦੇਵੀ ਦੇਵਤਿਆਂ ਦਾ ਵਿਰੋਧ ਕਰਦੇ ਫਰਮਾਂਉਦੇ ਹਨ।

ਹਰਿ ਜਪਤ ਤੋਊ ਜਨਾ ਪਦਮ ਕਵਲਾਸ ਪਤਿ' ਤਾਸ ਸਮ ਤੁਲਿ ਨਹੀ ਆਨ ਕੋਊ?? (ਪੰਨਾ1293)

ਭਾਵ ਪਰਮਾਤਮਾ ਸਭ ਤੋਂ ਉਪਰ ਤੇ ਸ਼ਕਤੀਵਾਨ ਹੈ, ਇਥੋਂ ਤੱਕ ਕਿ ਪਦਮਾ ਪਤਿ(ਵਿਸ਼ਨੂੰ) ਅਤੇ ਪਤਿ (ਸ਼ਿਵਜੀ) ਵੀ ਉਸ ਤੋਂ ਬਹੁਤ ਨੀਵੇ ਹਨ।

ਉਸ ਸਮੇ ਜੋ ਸਮਾਜਿਕ ਹਾਲਤ ਸੀ, ਉਸ ਵਿੱਚ ਨੀੰਵੀ ਜਾਤ ਨਾਲ ਜਾਨਵਰਾਂ ਤੋਂ ਵੀ ਬੁਰਾ ਸਲੂਕ ਕੀਤਾ ਜਾਂਦਾ ਸੀ। ਜੇ ਕੋਈ ਨੀਵੀ ਜਾਤ ਵਾਲਾ ਭਾਵ ਸ਼ੂਦਰ ਜਾਤੀ ਦਾ ਵਿਅਕਤੀ ਕੋਈ ਗਿਆਨ ਜਾਂ ਕੁਝ ਪੜਨ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਂਦੀ ਸੀ। ਜੇ ਕੋਈ ਗਿਆਨ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਤਾਂ ਉਸ ਦੇ ਕੰਨ ਵਿੱਚ ਗਰਮ ਕਰਕੇ ਸਿੱਕਾ ਢਾਲ ਦਿੱਤਾ ਜਾਂਦਾ ਸੀ।ਅਜਿਹੇ ਕਠੋਰ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਰਮ ਦੇ ਚਲਦੇ ਗੁਰੂ ਰਵੀਦਾਸ ਜੀ ਨੇ ਤਰਕ ਤੇ ਕਿਰਤ ਦੇ ਅਧਾਰ ਤੇ ਇਕ ਅਜਿਹੀ ਵਿਚਾਰਧਾਰਾ ਨੂੰ ਉ?ਪਜਿਆ, ਜਿਸਨੇ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਨੂੰ ਹਿੱਲਾ ਕੇ ਰੱਖ ਦਿੱਤਾ। ਉਹਨਾਂ ਦੀ ਵਿਚਾਰਧਾਰਾ ਨੇ ਸਭ ਲੋਕਾਂ ਨੂੰ ਇੱਕ ਕਤਾਰ ਵਿੱਚ ਖੜਾ ਕਰ ਦਿੱਤਾ ਸੀ, ਜਿਥੇ ਨਾ ਕੋਈ ਜਾਤ ਪਾਤ ਨਾ ਹੀ ਕੋਈ ਊਚ-ਨੀਚ ਸੀ, ਅਤੇ ਸਾਰੇ ਬਰਾਬਰਤਾ ਦਾ ਹੱਕ ਰੱਖਦੇ ਸਨ। ਜਿਸ ਕਰਕੇ ਬਹੁ ਗਿਣਤੀ ਸ਼ੂਦਰ ਸਮਾਜ ਉਹਨਾਂ ਦਾ ਉਪਾਸਕ ਬਣ ਗਿਆ । ਪਰ ਇਸਦੇ ਨਾਲ ਹੀ ਕੁਝ ਉਚੇ ਵਰਗ ਦੇ ਲੋਕ ਵੀ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਣ ਲੱਗੇ ਜਿਵੇਂ ਕਿ 'ਮੀਰਾ ਬਾਈ'।ਮੀਰਾ ਬਾਈ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ, ਜਿਸ ਕਾਰਨ ਉਹ ਗੁਰੂ ਰਵੀਦਾਸ ਜੀ ਦੀ ਉਪਾਸਕ ਬਣ ਗਈ। ਪਰ ਸਮੇਂ ਦੇ ਬ੍ਰਾਹਮਣੀ ਸਮਾਜ ਤੇ ਚਲਾਕ ਸੋਚ ਨੇ ਮੀਰਾ ਬਾਈ ਨੂੰ ਅਲੱਗ ਰੂਪ ਵਿੱਚ ਪੇਸ਼ ਕਰ ਛਡਿਆ ਹੈ। ਗੁਰੂ ਰਵੀਦਾਸ ਜੀ ਦੇ ਉਹ ਵਿਚਾਰ ਹੀ ਸਨ, ਜਿਹਨਾਂ ਕਾਰਣ ਬਨਾਰਸ ਦੀ ਸੱਤਾ ਅਤੇ ਹਿੰਦੂ ਧਰਮ ਦੀ ਕੰਧਾ ਹਿਲ ਗਈਆਂ ਸਨ, ਜਿਸ ਕਾਰਨ ਉਸ ਸਮੇਂ ਦੀ ਸੱਤਾ ਅਤੇ ਬ੍ਰਾਹਮਣਵਾਦੀ ਲੋਕਾਂ ਨੇ ਉਹਨਾਂ ਨੂੰ ਖੁਦ ਦੇ ਰੰਬੀ ਮਾਰਕੇ ਕਤਲ ਦਾ ਹੁਕਮ ਸੁਣਾ ਦਿੱਤਾ ਸੀ। ਅਖਿਰ ਗੁਰੂ ਸਾਹਿਬ ਨੇ ਬੇ-ਝਿਝਕ, ਅਤੇ ਨਿਡਰਤਾ ਨਾਲ ਆਪਣੀ ਵਿਚਾਰਧਾਰਾ ਦੀ ਲੌਅ ਦਿਖਾ, ਹੁਕਮ ਅਨੁਸਾਰ ਖੁਦ ਜੋਤਿ ਜੋਤ ਸਮਾ ਗਏ? ਅਕਸਰ ਲੋਕਾਂ ਤੋਂ ਕਹਿੰਦੇ ਸੁਣਿਆ ਹੈ ਕਿ ਉਹਨਾਂ ਨੇ ਰੰਬੀ ਮਾਰ ਅਪਣੇ ਅੰਦਰੋ ਜੇਨਿਊ ਕੱਢ ਕੇ ਵਿਖਾਇਆ ਸ਼ੀ. ਪਰ ਇਹ ਗੱਲ ਬਿਲਕੁਲ ਗਲਤ ਹੈ, ਕਿਉਂਕਿ ਉਹ ਕਦੀ ਵੀ ਚਮਤਕਾਰ ਵਿੱਚ ਵਿਸ਼ਵਾਸ ਨਹੀ ਰੱਖਦੇ ਸਨ ਅਤੇ ਤੇ ਨਾ ਹੀ ਉਹ ਇਹੋ ਜਿਹੀਆਂ ਹਿੰਦੂ ਮਨੌਤਾਂ ਵਿੱਚ ਵਿਸ਼ਵਾਸ ਕਰਦੇ ਸਨ, ਸਗੋਂ ਉਹਨਾਂ ਨੇ ਤੇ ਹਮੇਸ਼ਾ ਇਸਦਾ ਵਿਰੋਧ ਕੀਤਾ ਸ਼ੀ।

ਗੁਰੂ ਰਵੀਦਾਸ ਖਿਲਾਫ ਬ੍ਰਹਮਣਵਾਦੀ ਤਸਵੀਰੀ ਸਾਜਿਸ਼--ਫੋਟੋ--ਤਸਵੀਰਘਰ ਸਾਈਟ ਤੋਂ
ਉਹਨਾਂ ਦੀ ਵਿਚਾਰਧਾਰਾ ਦੀ ਲੋਅ ਜੋ ਬਨਾਰਸ ਤੋਂ ਚੱਲ ਪੂਰੇ ਭਾਰਤ ਵਿੱਚ ਰੋਸ਼ਨਾਈ ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਾ ਬਿਰਾਜੀ ਗਈ? ਜਿਸ ਸਦਕਾ ਅੱਜ ਇਹ ਸਮੂਹ ਲੋਕਾਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ।ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਸਦਕਾ ਹੀ ਅਜ ਇਸ ਲੋਅ ਨੂੰ ਹਮੇਸ਼ਾ ਬਲਦੀ ਰਹਿਣ ਦਾ ਰੁਤਬਾ ਹਾਸਲ ਹੋਇਆ। ਗੁਰੂ ਰਵੀਦਾਸ ਜੀ ਦੀ ਕੁਝ ਕੁ ਬਾਨੀ ਜੋ ਸਾਨੂੰ ਬਾਹਰੋਂ ਵੀ ਮਿਲਦੀ ਹੈ, ਪਰ ਉਹ ਸ਼ੱਕੀ ਜਾਪਦੀ ਹੈ, ਕਿਉਂਕਿ ਗੁਰੂ ਰਵੀਦਾਸ ਜੀ ਨੇ ਜਿਸ ਚੀਜ਼ ਦਾ ਵਿਰੋਧ ਕੀਤਾ ਸੀ, ਉਸ ਨੂੰ ਹੀ ਇਸ ਬਾਨੀ ਵਿੱਚ ਪ੍ਰੱਮਖ ਵਿਖਾਇਆ ਗਿਆ ਹੈ। ਇਸ ਤੋਂ ਇੱਕ ਗੱਲ ਤੇ ਜਰੂਰ ਸਾਬਤ ਹੁੰਦੀ ਹੈ ਕਿ ਇਹ ਬਾਹਰਲੀ ਬਾਨੀ ਸ਼ੱਕੀ ਹੈ ਅਤੇ ਬ੍ਰਾਹਮਣ ਅਤੇ ਹਿੰਦੂ ਧਰਮ ਦੇ ਪ੍ਰਭਾਵ ਹੇਠਾਂ ਨਵੀ ਲਿਖੀ ਗਈ ਹੈ ਅਤੇ ਗੁਰੂ ਰਵੀਦਾਸ ਜੀ ਦੇ ਨਾਮ ਹੁੇਠਾਂ ਗਲਤ ਤੌਰ ਤੇ ਛਾਪੀ ਗਈ ਹੈ।

ਅਜੋਕੇ ਸਮੇਂ ਵਿੱਚ ਗੁਰੂ ਰਵੀਦਾਸ ਜੀ ਦੇ ਉਪਾਸਕ ਭਾਂਵੇ ਬਹੁਤ ਗਿਣਤੀ ਵਿੱਚ ਹਨ, ਪਰ ਇਹ ਸਭ ਹੁਣ ਇਸ ਵਿਚਾਰਧਾਰਾ ਨੂੰ ਨਿੱਜੀ ਬਣਾਉਂਦੇ ਜਾ ਰਹੇ ਹਨ, ਜਦ ਕਿ ਕੋਈ ਵੀ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਨਹੀ ਕਰ ਰਿਹਾ। ਗੁਰੂ ਰਵੀਦਾਸ ਜੀ ਨੇ ਸਭ ਨੂੰ ਬਰਾਬਰਤਾ ਦਾ ਪਾਠ ਪੜਾਇਆ, ਪਰ ਅਫਸੋਸ ਇਸਦੇ ਅਜੋਕੇ ਸਮੇ ਦੇ ਉਪਾਸਕ ਇਸ ਨੂੰ ਅਲੱਗ ਜਾਤ ਅਤੇ ਵਰਗ ਵਿੱਚ ਸਮੇਟ ਰਹੇ ਹਨ।ਗੁਰੂਰਵੀਦਾਸ ਜੀ ਨੇ ਕਦੀ ਵੀ ਨਹੀ ਕਿਹਾ ਕਿ ਇਹ ਵਿਚਾਰਧਾਰਾ ਅਤੇ ਬਾਣੀ ਕਿਸੇ ਖਾਸ ਵਰਗ ਜਾਂ ਜਾਤ ਲਈ ਹੇ, ਉਹਨਾਂ ਨੇ ਇਸਨੂੰ ਸਭ ਮਨੁੱਖਤਾ ਲਈ ਸਮਰਪਿਤ ਕੀਤਾ ਹੈ।ਜਦ ਕਿ ਅੱਜ ਗੁਰੂ ਰਵੀਦਾਸ ਜੀ ਨੂੰ ਵੀ ਨਿੱਜੀ ਗੁਰੂ ਵਜੌਂ ਪੇਸ਼ ਕੀਤਾ ਜਾ ਰਿਹਾ ਹੈ। ਭਾਵੇਂ ੁਿਕ ਅੱਜ ਇਸ ਵਰਗ ਦੇ ਲੋਕ ਬਹੁਤ ਪੜ੍ਹ ਲਿਖ ਰਹੇ ਹਨ, ਪਰ ਫਿਰ ਵੀ ਉਹ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਤੇ ਸੋਚ ਤੋਂ ਬਹੁਤ ਦੂਰ ਹਨ। ਜੋ ਬ੍ਰਾਹਮਣੀ ਮਨੌਤਾਂ ਤੇ ਹਿੰਦੂ ਧਾਰਮਿਕ ਰੀਤੀ ਰਿਵਾਜ਼ਾਂ ਤੇ ਕਰਮ ਕਾਂਡਾਂ ਦਾ ਗੁਰੂ ਰਵੀਦਾਸ ਜੀ ਨੇ ਵਿਰੋਧ ਕੀਤਾ ਸੀ, ਜਿਵੇਂ ਕਿ ਮੂਰਤੀ ਪੂਜਾ, ਬਹੁ ਦੇਵੀ ਦੇਵਤਿਆਂ ਨੂੰ ਮੰਨਣਾ, ਆਰਤੀ ਕਰਨੀ ਆਦਿ, ਉਹਨਾਂ ਹੀ ਕਰਮ ਕਾਂਡਾ ਅਤੇ ਅੰਧ-ਵਿਸ਼ਵਾਸ ਦੁਬਾਰਾ ਫਸਦੇ ਜਾ ਰਹੇ ਹਨ। ਸਮੇਂ ਦੀ ਬ੍ਰਾਹਮਣਵਾਦੀ ਸੋਚ ਨੇ ਗੁਰੂ ਰਵੀਦਾਸ ਜੀ ਦੀ ਸੋਚ ਨੂੰ ਹਮੇਸ਼ਾ ਬਦਲਣਾ ਚਾਹਿਆ ਹੈ ਅਤੇ ਬਹੁਤ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ, ਇਸ ਵਿੱਚ ਕੋਈ ਸ਼ੱਕ ਨਹੀ ਹੈ।ਅਜੋਕੇ ਸਮੇਂ ਵਿੱਚ ਜੋ ਇਸ ਵਿਚਾਰਧਾਰਾ ਦਾ ਘਾਣ ਕਰ ਰਹੀ ਹੈ ਉਹ ਹੈ ਹਿੰਦੂ ਸ਼ੰਸਥਾ ਆਰ.ਐਸ,ਐਸ.।ਇਹ ਉਹ ਸੰਸਥਾ ਹੈ ਜਿਸ ਨੇ ਹਮੇਸ਼ਾ ਹੀ ਬ੍ਰਾਹਮਣਵਾਦੀ ਸੋਚ ਨੂੰ ਅਪਣਾਕੇ ਲੋਕਾਂ ਨੂੰ ਇੱਕ ਦੂਸਰੇ ਖਿਲਾਫ ਖੜਾ ਕੀਤਾ ਹੈ ਅਤੇ ਜਾਤ ਤੇ ਧਰਮ ਦੇ ਅਧਾਰ ਤੇ ਲੋਕਾਂ ਵਿੱਚ ਵੰਡੀਆਂ ਪਾਕੇ ਕਤਲੇਆਮ ਕੀਤਾ ਹੈ। ਇਸ ਸੰਸਥਾ ਦੀ ਕਾਰਗੁਜਾਰੀ ਹੀ ਹੈ ਕਿ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਦਾ ਹਿੰਦੂਕਰਨ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਇਹ ਰਿਹਾ ਹੈ ਕਿ ਇਸ ਨੂੰ ਇੱਕ ਖਾਸ ਜਾਤ ਤੇ ਵਰਗ ਦੀ ਵਿਚਾਰਧਾਰਾ ਤੇ ਇੱਕ ਜਾਤ ਤੇ ਵਰਗ ਦਾ ਗੁਰੂ ਬਣਾਇਆ ਜਾ ਰਿਹਾ ਹੈ।

ਹੁਣ ਹਾਲਾਤ ਇਸ ਤਰੀਕੇ ਦੇ ਹੋ ਗਏ ਹਨ ਕਿ ਗੁਰੂ ਰਵੀਦਾਸ ਜੀ ਦੇ ਮੰਦਰ ਤੇ ਮੂਰਤੀਆਂ ਤੱਕ ਦੀ ਸਥਾਪਣਾ ਕੀਤੀ ਜਾ ਰਹੀ ਹੈ ਅਤੇ ਆਰਤੀਆਂ ਹੋਣ ਲਗ ਗਈਆਂ ਹਨ। ਸਭ ਤੋਂ ਮੰਦਭਾਗੀ ਗੱਲ ਜੋ ਇਸ ਸਮੇਂ ਹੋਈ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਨੀ ਕੱਢ ਇੱਕ ਅਲੱਗ ਗਰੰਥ ਨੂੰ ਤਿਆਰ ਕਰਨਾ। ਇਹ ਸਭ ਕੁਝ ਅਪਣੇ ਆਪ ਨਹੀ ਹੋ ਰਿਹਾ ਇਸ ਵਿੱਚ ਬ੍ਰਾਹਮਣਵਾਦੀ ਚਲਾਕ ਸੋਚ ਤੇ ਆਰ.ਐਸ.ਐਸ ਦਾ ਵੱਡਮੁਲਾ ਹਥ ਹੈ।ਜਿਸ ਕਾਰਣ ਅੱਜ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਨੂੰ ਇੱਕ ਖਾਸ ਵਰਗ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ।

ਗੁਰੂ ਰਵੀਦਾਸ ਜੀ ਦੇ ਅਜੋਕੇ ਉਪਾਸਕ ਭਾਵ ਚਮਾਰ ਜਾਂ ਰਵੀਦਾਸੀਆ ਜਾਤੀ ਦੇ ਲੋਕਾਂ ਦਾ ਗੁਰਦੁਆਰਿਆਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਣ ਜਾਂ ਕਰਣ ਪਿਛੱੇ ਵੀ ਆਰ.ਐਸ.ਐਸ, ਦਾ ਵਿਸ਼ੇਸ਼ ਹੱਥ ਹੈ, ਕਿਉਂਕਿ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹਨਾਂ ਜਾਤਾਂ ਨੂੰ ਕਦੀ ਵੀ ਕੋਈ ਸਥਾਨ ਨਹੀ ਦਿੱਤਾ ਗਿਆ ਅਤੇ ਗੁਰਦੁਆਰਿਆਂ ਵਿੱਚ ਅਤੇ ਸਿੱਖ ਧਰਮ ਵਿੱਚ ਵੀ ਹੁਣ ਇਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ 'ਚੌਥੇ ਪੌੜੇ' ਵਾਲੇ ਕਹਿ ਕੇ ਅਲਗ ਕਤਾਰ ਵਿੱਚ ਬਠਾਇਆ ਜਾ ਰਿਹਾ ਹੈ? ਅਜੋਕਾ ਸਿਖ ਧਰਮ ਦੀ ਬਾਗਡੋਰ ਧਨਾਡ ਹਿੰਦੂ ਸੋਚ ਰੱਖਣ ਵਾਲੇ ਜੱਟਵਾਦੀ ਲੋਕਾਂ ਕੋਲ ਹੈ, ਜੋ ਆਰ.ਐਸ.ਐਸ ਦੇ ਇਸ਼ਾਰਿਆਂ ਦੇ ਚਲਦੇ ਹਨ ਅਤੇ ਜੋ ਇਹਨਾਂ ਨਿਚਲੀ ਜਾਤ ਵਾਲਿਆਂ ਨਾਲ ਘਿਰਣਾ ਕਰਦੇ ਹਨ?ਇਸ ਦਾ ਜਿਊਂਦਾ ਜਾਗਦਾ ਸਬੂਤ ਹੈ, ਇਹ ਹੈ ਕਿ ਜਦ ਗੁਰੂ ਰਵੀਦਾਸ ਜੀ ਦੀ ਤਸਵੀਰ ਨੂੰ ਹਰਿਮੰਦਰ ਸਾਹਿਬ ਵਿੱਚ ਲਾਉਣ ਦੀ ਗੱਲ ਚੱਲੀ ਤਾਂ ਅਕਾਲ ਤਖਤ ਦੇ ਜੱਥੇਦਾਰਾਂ ਨੇ ਛੋਟੀ ਜਾਤ ਦਾ ਹੋਣ ਕਾਰਣ ਇਹ ਬਹਾਨਾ ਕੱਢ ਮਾਰਿਆ ਕਿ ਤੁਹਾਡੇ ਰਵੀਦਾਸ ਜੀ ਦਾ ਸਿਰ ਨੰਗਾ ਹੈ।ਇਸ ਤੋਂ ਇਹ ਗੱਲ ਤੇ ਸਾਫ ਹੁੰਦੀ ਹੈ, ਅਕਾਲ ਤਖਤ ਦੇ ਜੱਥੇਦਾਰ ਕਿੰਨੀ ਕੁ ਅਕਲ ਤੇ ਸਿਖਿਆ ਵਾਲੀ ਗੱਲ ਕਰ ਸਕਦੇ ਹਨ, ਇਸ ਤੋ ਵੱਡੀ ਸ਼ਰਮਨਾਕ ਗੱਲ ਕੀ ਹੋਵੇਗੀ? ਫਿਰ ਤੇ ਇਹਨਾਂ ਨੂੰ ਕਾਗਜ਼ੀ ਰੁਪਿਆਂ ਤੇ ਵੀ ਰੋਕ ਲਾਉਣੀ ਚਾਹੀਦੀ ਹੈ, ਕਿਉਂਕਿ ਗਾਂਧੀ ਦੇ ਕਿਹੜਾ ਕੋਈ ਪਗ ਬੰਨ੍ਹੀ ਹੁੰਦੀ ਹੈ।ਇਥੋਂ ਪਤਾ ਲਗਦਾ ਹੈ ਕਿ ਇਹ ਕਿੰਨਾ ਕਿ ਨੀਵੀਆਂ ਜਾਤਾਂ ਨਾਲ ਹਮਦਰਦੀ ਅਤੇ ਭਾਈਚਾਰੇ ਵਾਲਾ ਸਲ਼ੂਕ ਰਖਦੇ ਹਨ।ਇਸ ਕਾਰਣ ਇਸ ਜਾਤ ਦੇ ਲੋਕਾਂ ਵਲੋਂ ਇੱਕ ਅਲੱਗ ਜਾਤ ਦੇ ਅਧਾਰ ਤੇ ਵਿਚਾਰਧਾਰਾ ਦੀ ਹੋਂਦ ਉਪਜੀ ਹੈ। ਮੈਂ ਇੱਥੇ ਇਕ ਗੱਲ ਸਾਫ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਦੁਆਰਾ ਖੜਿਆ ਕੀਤੇ ਜਾਣ ਵਾਲਾ ਅਲੱਗ ਧਰਮ ਜਾਂ ਰਾਹ ਗਲਤ ਨਹੀ ਹੈ ਪਰ ਇਹਨਾਂ ਦੁਆਰਾ ਵਰਤੇ ਜਾ ਰਹੇ ਕਰਮ ਕਾਂਡ ਹਿੰਦੂਵਾਦੀ ਹਨ, ਜਿਹਨਾਂ ਦਾ ਖੁਦ ਗੁਰੂ ਰਵੀਦਾਸ ਜੀ ਨੇ ਵਿਰੋਧ ਕੀਤਾ ਹੈ।

ਅੱਜ ਦੇ ਸਮੇ ਵਿੱਚ ਗੁਰੂ ਰਵੀਦਾਸ ਜੀ ਨੂੰ ਚਮਤਕਾਰਾਂ ਨਾਲ ਜੋੜਕੇ ਵਿਖਾਇਆ ਜਾ ਰਿਹਾ ਹੈ, ਜਿਵੇਂ ਕਿ ਉਹਨਾਂ ਦਾ ਰਾਮਾਨੰਦ ਨੂੰ ਗੁਰੂ ਧਾਰਨਾ, ਗੰਗਾ ਵਲੋਂ ਸੋਨੇ ਦੇ ਕੰਗਨ ਕੱਢਕੇ ਦੇਣਾ, ਮੂਰਤੀਆਂ ਪਾਣੀ ਉਪਰ ਚਲਣਾ ਲਾਉਣਾ, ਕ੍ਰਿਸ਼ਨ ਦੀ ਭਗਤੀ ਕਰਨੀ ਅਤੇ ਹੋਰ ਕਈ।ਗੁਰੂ ਰਵੀਦਾਸ ਜੀ ਇਕ ਤਰਕਵਾਦੀ ਵਿਚਾਰਧਾਰਕ ਸਨ, ਉਹਨਾਂ ਨੇ ਹਮੇਸ਼ਾ ਸਮੇਂ ਦੀ ਸੱਤਾ ਤੇ ਬ੍ਰਾਹਮਣਵਾਦੀ ਸੋਚ ਨਾਲ ਅਪਣੀ ਤਰਕ ਦੇ ਅਧਾਰ ਤੇ ਟੱਕਰ ਲਈ ਹੈ, ਨਾ ਕਿ ਕੋਈ ਚਮਤਕਾਰ ਵਿਖਾਕੇ।ਇਹ ਜੋ ਉਪਰੋਕਤ ਚਮਤਕਾਰ ਤੇ ਗੱਲਾਂ ਜੋੜ ਗੁਰੂ ਰਵੀਦਾਸ ਜੀ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਇਹ ਚਲਾਕ ਬ੍ਰਾਹਮਣਵਾਦੀ ਅਤੇ ਆਰ.ਐਸ.ਐਸ ਦਾ ਨਤੀਜਾ ਹੈ। ਜੋ ਕਿ ਰਵੀਦਾਸ ਜੀ ਦੇ ਅਸਲ ਵਿਚਾਰਾਂ ਨੂੰ ਖਤਮ ਕਰ ਇਸਦਾ ਹਿੰਦੂਕਰਨ ਕਰ ਰਹੇ ਹਨ।

ਆਖਿਰ ਵਿੱਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਗੁਰੂ ਰਵੀਦਾਸ ਜੀ ਦੀ ਸੋਚ ਨੂੰ ਇੱਕ ਵਰਗ ਨਾਲ ਨਾ ਜੋੜਕੇ ਵੇਖਿਆ ਜਾਵੇ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਝਿਆ ਜਾਵੇ ਅਤੇ ਫੈਲਾਏ ਜਾ ਰਹੇ ਝੂਠੇ ਚਮਤਕਾਰਾਂ ਤੇ ਕਰਮ ਕਾਂਡਾ ਦਾ ਖੰਡਨ ਕਰ ਬੇਗਮਪੁਰੇ ਦੀ ਨੀਂਹ ਰੱਖੀ ਜਾਵੇ, ਜੋ ਸਭ ਦਾ ਸਾਂਝਾ ਤੇ ਮਨੁੱਖਤਾਵਾਦੀ ਹੋਵੇ।

ਅੰਮ੍ਰਿਤਪਾਲ ਸਿੰਘ ਪ੍ਰੀਤ 9417943606
ਲੇਖਕ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਲਾਅ ਗਰੈਜੁਏਟ ਹਨ ਤੇ ਅੱਜਕਲ੍ਹ ਨਿਜੀ ਤੇ ਸੱਭਿਆਚਾਰਕ-ਸਿਆਸੀ ਸਰਗਰਮੀਆਂ  ' ਮਸ਼ਰੂਫ ਹਨ
Mob--94179-43606

Sunday, February 17, 2013

ਕਨੇਡਾ 'ਚ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹਾਂ ਦੀਆਂ ਤਿਆਰੀਆਂ ਮੁਕੰਮਲ

ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੱਲੋਂ ਗ਼ਦਰ ਪਾਰਟੀ ਦੀ 100ਵੀਂ ਵਰ੍ਹੇਗੰਢ ਮਨਾਉਣ ਸਬੰਧੀ ਬਹੁਤ ਸਾਰੀਆਂ ਮੀਟਿੰਗਾਂ ਵਿੱਚ ਬੜੀ ਹੀ ਸੋਚ ਵਿਚਾਰ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਗ਼ਦਰ ਪਾਰਟੀ ਦੀ ਸਥਾਪਨਾ ਦਾ 100ਵਾਂ ਵਰ੍ਹਾ ਬੜੇ ਹੀ ਉਤਸ਼ਾਹ ਅਤੇ ਜੋਸ਼ ਭਰਪੂਰ ਸਮਾਗਮਾਂ ਰਾਹੀਂ ਮਨਾਇਆ ਜਾਵੇ।ਇਨ੍ਹਾਂ ਸਮਾਗਮਾਂ ਦਾ ਮੁੱਖ ਮੰਤਵ ਗ਼ਦਰ ਪਾਰਟੀ ਦੀ ਸੋਚ ਨੂੰ ਅੱਗੇ ਲੋਕਾਂ ਵਿੱਚ ਲਿਜਾਣਾ ਹੋਵੇਗਾ।ਇਹ ਪ੍ਰੋਗਰਾਮ ਬੀ.ਸੀ. ਸੂਬੇ ਦੇ ਲੋਅਰ ਮੇਨਲੈਂਡ ਖੇਤਰ ਵਿੱਚ ਖਾਸ ਤੌਰ ਤੇ ਕੇਂਦਰਤ ਹੋਣਗੇ।ਇਨ੍ਹਾਂ ਪ੍ਰੋਗਰਾਮਾਂ ਦੀ ਵਿਸਥਾਰ ਪੂਰਵਕ ਰੂਪ ਰੇਖਾ ਵੀ ਤਿਆਰ ਕੀਤੀ ਜਾ ਚੁੱਕੀ ਹੈ ਜੋ ਇਸ ਪ੍ਰਕਾਰ ਹੈ।

ਇਹ ਸਮਾਗਮ 10 ਮਾਰਚ 2013 ਨੂੰ ਗਰੈਂਡ ਤਾਜ਼ ਬੈਂਕੁਇਟ ਹਾਲ ਵਿੱਚ ਇੱਕ ਡਿਨਰ ਪਾਰਟੀ ਰਾਹੀਂ ਫੰਡ ਇਕੱਠਾ ਕਰਨ ਨਾਲ ਸ਼ੁਰੂ ਹੋਣਗੇ। ਕਵੀ ਦਰਬਾਰ 16 ਜੂਨ ਨੂੰ ਸਵੇਰ ਦੇ 11 ਵਜੇ ਗਰੈਂਡ ਤਾਜ਼ ਬੈਂਕੁਇਟ ਹਾਲ ਵਿੱਚ ਹੋਵੇਗਾ। ਜੂਨ ਵਿੱਚ ਸੈਮੀਨਾਰ, ਬੱਚਿਆਂ ਦੇ ਲੇਖ 'ਤੇ ਭਾਸ਼ਨ ਮੁਕਾਬਲੇ ਹੋਣਗੇ। 6 ਜੁਲਾਈ ਸ਼ਨੀਵਾਰ ਐਬਸਫੋਰਡ ਆਰਟ ਸੈਂਟਰ ਅਤੇ 7 ਜੁਲਾਈ ਐਤਵਾਰ ਨੂੰ ਸਭਿਆਚਾਰਕ ਪ੍ਰੋਗਰਾਮ ਬੈੱਲ ਪ੍ਰਫਾਰਮਿੰਗ ਆਰਟ ਸੈਂਟਰ ਸਰ੍ਹੀ ਵਿੱਚ ਹੋਣਗੇ ਜਿਸ ਵਿੱਚ ਸੰਗਰਾਮੀ ਗਿੱਧਾ ਤੇ ਗਦਰ ਲਹਿਰ ਨਾਲ ਸਬੰਧਤ ਨਾਟਕ ਦਰਸਾਏ ਜਾਣਗੇ। ਪ੍ਰੋਗਰਾਮ 14 ਜੁਲਾਈ 2013 ਨੂੰ ਬੱੈਲ ਪ੍ਰਫਾਰਮਿੰਗ ਆਰਟ ਸੈਂਟਰ ਸਰ੍ਹੀ ਵਿਖੇ ਇੱਕ ਵੱਡੀ ਪਬਲਿਕ ਰੈਲੀ ਰਾਹੀਂ ਸਿਖਰ ਤੇ ਪਹੁੰਚਣਗੇ।ਇਨ੍ਹਾਂ ਪ੍ਰੋਗਰਾਮਾਂ ਤੋਂ ਬਿਨਾ ਇੱਕ ਪ੍ਰਦਰਸ਼ਨੀ ਅਤੇ ਇੱਕ ਡਾਕੂਮੈਂਟਰੀ ਫਿਲਮ ਵੀ ਤਿਆਰ ਕੀਤੀ ਜਾਵੇਗੀ ਜੋ ਕਿ ਉਪਰੋਕਤ ਪ੍ਰੋਗਰਾਮਾਂ ਦੌਰਾਨ ਦਿਖਾਈ ਜਾਵੇਗੀ।ਇਹ ਪ੍ਰਦਰਸ਼ਨੀ ਅਤੇ ਡਾਕੂਮੈਂਟਰੀ ਹੋਰਨਾਂ ਸਹਿਯੋਗੀ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ, ਖੇਡ ਮੇਲਿਆਂ ਅਤੇ ਨਗਰ ਕੀਰਤਨਾਂ ਦੌਰਾਨ ਵੀ ਪ੍ਰਦਰਸ਼ਤ ਕੀਤੀ ਜਾਵੇਗੀ।ਇਹ ਸਮਾਗਮ ਸਾਰਾ ਸਾਲ ਚੱਲਦੇ ਰਹਿਣਗੇ। ਅਜਿਹੇ ਪ੍ਰੋਗਰਾਮ ਐਡਮਿੰਟਨ, ਕੈਲਗਿਰੀ ਅਤੇ ਵਿਨੀਪੈੱਗ ਸ਼ਹਿਰਾਂ ਵਿੱਚ ਵੀ ਸ਼ਤਾਬਦੀ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਹਨ।
ਕੈਲੇਫੋਰਨੀਆ ਦੇ ਗੁਰਦੁਆਰੇ 'ਚ ਜੁੜੇ ਗਦਰੀਆਂ ਦੀ ਤਸਵੀਰ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗ਼ਦਰ ਪਾਰਟੀ ਦੀ ਸਥਾਪਨਾ ਇੱਕ ਸਦੀ ਪਹਿਲਾਂ ਬਹੁਤ ਸਾਰੇ ਦੇਸ਼ ਭਗਤਾਂ ਜਿਵੇਂ ਕਿ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਕੇਸਰ ਸਿੰਘ, ਕਾਂਸ਼ੀ ਰਾਮ ਮੰਢੋਲੀ, ਠਾਕਰ ਦਾਸ ਧੂਰੀ, ਕਰੀਮ ਬਖਸ਼ ਆਦਿ ਦੁਆਰਾ ਸੈਕੁਲਰ ਲੀਹਾਂ ਤੇ ਕੀਤੀ ਗਈ ਸੀ, ਇਹੀ ਵਜ੍ਹਾ ਸੀ ਕਿ ਇਹ ਕਮੇਟੀ ਸਮਾਜ ਦੇ ਵੱਖ ਵੱਖ ਧਰਮਾਂ ਵਿੱਚ ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਰਹੀ।ਇਸ ਪਾਰਟੀ ਨੇ ਬ੍ਰਿਟਿਸ਼ ਬਸਤੀਵਾਦੀ ਸਿਸਟਮ ਦੇ ਖ਼ਿਲਾਫ ਹਥਿਆਰਬੰਦ ਅੰਦੋਲਨ ਅਰੰਭਿਆ।ਇਸ ਪਾਰਟੀ ਦਾ ਮੁੱਖ ਟੀਚਾ ਸਮਾਜਿਕ ਤੇ ਆਰਥਿਕ ਬਰਾਬਰੀ ਵਾਲਾ ਸਮਾਜ ਸਥਾਪਤ ਕਰਨਾ ਅਤੇ ਔਰਤਾਂ ਨਾਲ ਹੁੰਦੇ ਵਿਤਕਰੇ ਨੂੰ ਰੋਕਣਾ ਸੀ।ਕੈਨੇਡਾ ਵਿੱਚ ਭਾਈ ਬਲਵੰਤ ਸਿੰਘ, ਭਾਈ ਭਾਗ ਸਿੰਘ ਭਿੱਖੀਵਿੰਡ, ਡਾ. ਤਾਰਕ ਨਾਥ ਦਾਸ, ਜੀ. ਡੀ. ਕੁਮਾਰ ਅਤੇ ਰਹੀਮ ਹੁਸੈਨ ਵਰਗੇ ਦੇਸ਼ ਭਗਤਾਂ ਨੇ ਭਾਰਤੀਆਂ ਨਾਲ ਹੋ ਰਹੇ ਨਸਲੀ ਵਿਤਕਰੇ ਤੇ ਇੰਮੀਗਰੇਸ਼ਨ ਦੇ ਨਸਲੀ ਕਾਨੂੰਨਾਂ ਦੇ ਖਿਲਾਫ਼ ਲੋਕਾਂ ਨੂੰ ਜਥੇਬੰਦ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ।ਆਪਣੇ ਨਿਸ਼ਾਨੇ ਦੀ ਪੂਰਤੀ ਲਈ ਗ਼ਦਰ ਪਾਰਟੀ ਦੇ ਮੈਂਬਰਾਂ ਨੇ ਅਨੇਕਾਂ ਤਰ੍ਹਾਂ ਦੇ ਤਸੀਹੇ ਝੱਲਣ ਦੇ ਨਾਲ ਨਾਲ ਫ਼ਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ।ਉਨ੍ਹਾਂ ਨੂੰ ਅੰਡੇਮਾਨ, ਨਿਕੋਬਾਰ ਦੀਆਂ ਜੇਲ੍ਹਾਂ ਵਿੱਚ ਦੇਸ਼ ਨਿਕਾਲ਼ਾ ਦੇ ਕੇ ਡੱਕ ਦਿੱਤਾ ਗਿਆ।ਜਿੱਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਰਿਹਾ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਤੱਕ ਵੀ ਜ਼ਬਤ ਕਰ ਲਈਆਂ ਗਈਆਂ।

ਅਸੀਂ ਗ਼ਦਰੀ ਬਾਬਿਆਂ ਦੇ ਸਦਾ ਰਿਣੀ ਰਹਾਂਗੇ ਕਿ ਉਨ੍ਹਾਂ ਸਾਡਾ ਭਵਿੱਖ ਸੰਵਾਰਨ ਲਈ ਅਪਣਾ ਸਭ ਕੁੱਝ ਦਾਅ ਤੇ ਲਾ ਦਿੱਤਾ ਤਾਂ ਜੋ ਅਸੀਂ ਆਪਣੀ ਹੋਣੀ ਦੇ ਮਾਲਕ ਆਪ ਬਣ ਸਕੀਏ।ਪ੍ਰੰਤੂ ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੇ ਸੁਪਨੇ ਹਾਲੇ ਵੀ ਅਧੂਰੇ ਪਏ ਹਨ, ਦਿਨੋ ਦਿਨ ਅਮੀਰ ਗ਼ਰੀਬ ਦਾ ਪਾੜਾ ਵਧ ਰਿਹਾ ਹੈ।ਭਾਰਤੀਆਂ ਖ਼ਿਲਾਫ ਭੇਦ ਭਾਵ ਨੰਗੇ ਚਿੱਟੇ ਰੂਪ ਵਿੱਚ ਭਾਵੇਂ ਘੱਟਿਆ ਹੈ ਪਰ ਲੁਕਵੇਂ ਰੂਪ ਵਿੱਚ ਉਵੇਂ ਚੱਲ ਰਿਹਾ ਹੈ। ਔਰਤਾਂ ਖ਼ਿਲਾਫ ਇਹ ਹਾਲੇ ਵੀ ਜਾਰੀ ਹੈ।ਨਾ ਹੀ ਭਾਰਤੀ ਸਰਕਾਰ 'ਤੇ ਨਾ ਹੀ ਕੈਨੇਡੀਅਨ ਸਰਕਾਰ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਕੋਈ ਮੁੱਲ ਪਾਇਆ ਹੈ ਸਗੋਂ ਬ੍ਰਿਟਿਸ਼ ਸਰਕਾਰ ਦੇ ਬਸਤੀਵਾਦੀ ਪ੍ਰਬੰਧ ਦੀ ਹੀ ਤੂਤੀ ਬੋਲਦੀ ਹੈ, ਆਰਥਿਕ ਵਿਤਕਰਾ ਵੀ ਉਸੇ ਤਰ੍ਹਾਂ ਜਾਰੀ ਹੈ।ਇਸਤੋਂ ਵੀ ਗੰਭੀਰ ਮੁੱਦਾ ਇਹ ਹੈ ਕਿ ਕੁੱਝ ਮੂਲਵਾਦੀ ਜਥੇਬੰਦੀਆਂ ਨੇ ਗ਼ਦਰੀ ਬਾਬਿਆਂ ਨੂੰ ਫਿਰਕੂ ਲੀਹਾਂ ਤੇ ਵੰਡਣਾ ਸ਼ੁਰੂ ਕਰ ਦਿੱਤਾ ਹੈ, ਜਿਹੜਾ ਉਹਨਾਂ ਦੀ ਸੋਚ ਨਾਲ ਸਰਾਸਰ ਧੱਕਾ ਹੈ॥ਇਸ ਲਈ ਅੱਜ ਸਮੇਂ ਦੀ ਗੰਭੀਰ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਨ ਅਤੇ ਗ਼ਦਰ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਨੂੰ ਹਰ ਇੱਕ ਆਦਮੀ ਤੱਕ ਪਹੁੰਚਦਾ ਕਰਨ ਲਈ ਉੱਠ ਖੜ੍ਹੇ ਹੋਈਏ ਜਿਹੜਾ ਕਿ ਸਾਡਾ ਮੁਢਲਾ ਫ਼ਰਜ਼ ਹੈ।ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵਿੱਚ ਹੇਠ ਲਿਖੀਆਂ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ।

ਤਰਕਸ਼ੀਲ਼ ਸਭਿਆਚਾਰਕ ਸੁਸਾਇਟੀ ਆਫ ਕਨੇਡਾ, ਸਾਹਿਤ ਸਭਾ ਸਰ੍ਹੀ, ਈਸਟ ਇੰਡੀਅਨ ਡੀਫੈਂਸ ਕਮੇਟੀ, ਕੇਂਦਰੀ ਪੰਜਾਬੀ ਲਿਖਾਰੀ ਸਭਾ ਨੌਰਥ ਅਮਰੀਕਾ,ਕਮਿਊਨਿਸਟ ਪਾਰਟੀ ਆਫ਼ ਕਨੇਡਾ (ਬੀ ਸੀ), ਖਾਲਸਾ ਦਿਵਾਨ ਸੁਸਾਇਟੀ (ਐਬਸਫੋਰਡ), ਇੰਡੋ ਕਨੇਡੀਅਨ ਯੂਥ ਕਲੱਬ, ਲੋਕ ਵਿਰਸਾ ਕਲਚਰਲ ਐਸੋਸੀਏਸ਼ਨ, ਪੰਜਾਬੀ ਸਾਹਿਤ ਸਭਾ ਰਜਿਸਟਰਡ, ਸ਼ਹੀਦ ਭਗਤ ਸਿੰਘ ਮੈਮੋਰੀਅਲ ਰਨ ਸੁਸਾਇਟੀ, ਫਰੇਜ਼ਰ ਵੈਲੀ ਪੀਸ ਕੌਂਸਲ, ਸਕਿਉਰਟੀ ਪ੍ਰੋਫੈਸ਼ਨਲਜ਼ ਵੈੱਲਫੇਅਰ ਐਸੋਸੀਏਸ਼ਨ, ਸੋਹਣ ਸਿੰਘ ਪੂਨੀ (ਇਤਿਹਾਸਕਾਰ), ਦਵਿੰਦਰ ਬਚਰਾ (ਸਰਗਰਮ ਮੈਂਬਰ), ਮਨਜੀਤ ਨਾਗਰਾ (ਸਰਗਰਮ ਮੈਂਬਰ), ਸਾਹਿਤ ਅਕੈਡਮੀ ਲੁਧਿਆਣਾ, ਲੋਕ ਮੰਚ, ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕਨੈਡੀਅਨਜ਼, ਸਾਂਝਾ ਵਿਹੜਾ ਐਸੋਸੀਏਸ਼ਨ, ਮਮਤਾ ਫਾਊਂਡੇਸ਼ਨ ਆਫ਼ ਕਨੇਡਾ, ਪ੍ਰੋਗਰੈਸਿਵ ਨਾਰੀ ਕਲਚਰਲ ਐਸੋਸੀਏਸ਼ਨ,ਸੰਗਮ ਸਿਸਟਰਜ਼ ਸੁਸਾਇਟੀ, ਸੀਨੀਅਰ ਸਿਟੀਜ਼ਨਜ਼ (ਐਬਸਫੋਰਡ), ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਔਰਗੇਨਾਈਜ਼ੇਸ਼ਨ।

ਅਸੀਂ ਬੜੀ ਹੀ ਫ਼ਰਾਖ਼ ਦਿਲੀ ਨਾਲ ਗ਼ਦਰ ਪਾਰਟੀ ਦੀ ਸਥਾਪਨਾ ਸਬੰਧੀ ਸੰਸਾਰ ਪੱਧਰ ਤੇ ਗ਼ਦਰੀਆਂ ਦੀ ਸੋਚ ਤੇ ਪਹਿਰਾ ਦਿੰਦਿਆ ਉਸੇ ਹੀ ਸਪਿਰਟ ਅਨੁਸਾਰ ਕਰਵਾਏ ਜਾ ਰਹੇ ਸਮਾਗਮਾਂ ਦਾ ਭਰਪੂਰ ਸਵਾਗਤ ਕਰਦੇ ਹਾਂ। ਅਸੀਂ ਹਰ ਸ਼ਖਸ਼ੀਅਤ ਅਤੇ ਸੰਸਥਾ ਨੂੰ ਇਸ ਉਦੇਸ਼ ਲਈ ਬਣੀ ਕਮੇਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ ਤਾਂ ਜੋ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।ਵਧੇਰੇ ਜਾਣਕਾਰੀ ਅਤੇ ਪ੍ਰੋਗਰਾਮ ਦੀ ਸਹਾਇਤਾ ਲਈ ਹੇਠ ਲ਼ਿਖੇ ਨੰਬਰਾਂ ਤੇ ਤਾਲਮੇਲ ਕੀਤਾ ਜਾਵੇ।

ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ(ਸੁਸਾਇਟੀ) ਕਨੇਡਾ 
ਅਵਤਾਰ ਗਿੱਲ 604-728-7011, ਪਰਮਿੰਦਰ ਸਵੈਚ 604-760-4794
ਲਖਵੀਰ ਖੁਨਖੁਨ 604-209-8794, ਦਵਿੰਦਰ ਬਚਰਾ 604-219-1184

Wednesday, November 14, 2012

ਗ਼ਦਰ ਲਹਿਰ ਦੀ 100ਵੀਂ ਵਰ੍ਹੇ ਗੰਢ ਮਨਾਉਣ ਦੀਆਂ ਤਿਆਰੀਆਂ ਸ਼ੁਰੂ

ਗਲਾ ਵਰ੍ਹਾ 2013 ਉੱਤਰੀ ਅਮਰੀਕਾ ਵਿੱਚ ਵਸਦੇ ਭਾਰਤੀਆਂ ਲਈ ਬਹੁਤ ਹੀ ਮਹੱਤਵ ਪੂਰਨ ਵਰ੍ਹਾ ਹੈ ਕਿਓਂਕਿ ਇਹ ਵਰ੍ਹਾ ਗਦਰ ਲਹਿਰ ਦੀ 100 ਵੀ ਵਰ੍ਹੇ ਗੰਢ ਹੈ।ਗ਼ਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਸ਼ਹਿਰ ਆਸਟਰੀਆ ਵਿੱਚ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਵਿਸ਼ਨੂੰ ਗਣੇਸ਼ ਪਿੰਗਲੇ, ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਕੁਲੰਬੀਆ ਦਰਿਆ ਦੇ ਮੰਡ ਦੀਆਂ ਮਿੱਲਾਂ ਵਿੱਚ ਕੰਮ ਕਰਦੇ ਕਾਮਿਆਂ ਅਤੇ ਕੈਨੇਡਾ ਤੋਂ ਬਹੁਤ ਸਾਰੇ ਲੋਕਾਂ ਦੀ ਸ਼ਮੂਲੀਅਤ ਨਾਲ 1913 ਵਿੱਚ ਕੀਤੀ ਗਈ ਸੀ।ਇਹ ਉਹ ਸਮਾਂ ਸੀ ਜਦੋਂ ਅਮਰੀਕਾ ਅਤੇ ਕੈਨੇਡਾ ਵਿੱਚ ਰੰਗਦਾਰ ਲੋਕਾਂ ਖਾਸ ਕਰਕੇ ਭਾਰਤੀਆਂ ਨੂੰ ਨਸਲੀ ਹਮਲੇ ਅਤੇ ਵਿਤਕਰੇ ਭਰੇ ਇੰਮੀਗਰੇਸ਼ਨ ਦੇ ਕਾਨੂੰਨ ਲਾਗੂ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।ਉਸ ਸਮੇਂ ਇੰਨ੍ਹਾਂ ਗ਼ਦਰੀਆਂ ਨੂੰ ਇਹ ਅਹਿਸਾਸ ਹੋਇਆ ਕਿ ਇਹ ਸਭ ਕੁੱਝ ਜੋ ਸਾਡੇ ਨਾਲ ਹੋ ਰਿਹਾ ਹੈ ਸਾਡੇ ਮੁਲਕ ਦੀ ਗੁਲਾਮੀ ਦਾ ਸਿੱਟਾ ਹੈ।ਗ਼ਦਰ ਪਾਰਟੀ ਦਾ ਮੁੱਖ ਮੰਤਵ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤ ਕਰਾਕੇ ਬਰਾਬਰੀ ਵਾਲਾ ਸਮਾਜ ਸਿਰਜਣਾ ਅਤੇ ਉੱਤਰੀ ਅਮਰੀਕਾ ਵਿਚਲੇ ਨਸਲੀ ਅਤੇ ਆਰਥਿਕ ਵਿਤਕਰਿਆਂ ਵਾਲੇ ਕਾਨੂੰਨਾਂ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨਾ ਸੀ।ਗ਼ਦਰ ਪਾਰਟੀ ਵੱਲੋਂ ਪਰਚਾ ਗ਼ਦਰ ਪ੍ਰਕਾਸ਼ਿਤ ਕੀਤਾ ਗਿਆ। ਜਿਸਦਾ ਪਹਿਲਾ ਅੰਕ ਇੱਕ ਨਵੰਬਰ 1913 ਨੂੰ ਜਾਰੀ ਹੋਇਆ ਜਿਸਦੀ ਸੰਪਾਦਕੀ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਗ਼ਦਰੀਆਂ ਨੂੰ ਭਾਰਤ ਵਾਪਸ ਜਾਕੇ ਗ਼ਦਰ ਕਰਨ ਲਈ ਪ੍ਰੇਰਦਿਆਂ ਜਜ਼ਬਾਤੀ ਅਪੀਲ ਕੀਤੀ 'ਤੇ ਕਿਹਾ "ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨ, ਇਹੋ ਆਖ਼ਰੀ ਵਚਨ ਫ਼ੁਰਮਾਨ ਹੋ ਗਿਆ" ਸਾਡਾ ਨਾਂ ਕੀ ਹੈ? ਗ਼ਦਰ। ਸਾਡਾ ਕੰਮ ਕੀ ਹੈ? ਗ਼ਦਰ। ਕਿੱਥੇ ਹੋਵੇਗਾ? ਭਾਰਤ ਵਿੱਚ। ਇਸ ਜਜ਼ਬਾਤੀ ਅਪੀਲ ਨੇ ਲੋਕਾਂ ਉੱਪਰ ਬਹੁਤ ਵੱਡਾ ਅਸਰ ਕੀਤਾ 'ਤੇ ਸੈਂਕੜੇ ਲੋਕ ਗ਼ਦਰ ਪਾਰਟੀ ਨਾਲ ਜੁੜ ਗਏ। ਗ਼ਦਰ ਪਾਰਟੀ ਦੇ ਪ੍ਰੋਗਰਾਮ ਅਧੀਨ ਲੋਕ ਅਤੇ ਵਿਦਿਆਰਥੀ ਆਪੋ ਆਪਣੇ ਕੰਮ ਕਾਰ 'ਤੇ ਪੜ੍ਹਾਈ ਵਿੱਚੇ ਛੱਡ ਭਾਰਤ ਲਈ ਰਵਾਨਾ ਹੋ ਗਏ।ਉਨ੍ਹਾਂ ਉੱਥੇ ਜਾ ਕੇ ਅੰਤਾਂ ਦੇ ਤਸੀਹੇ, ਕਾਲੇ ਪਾਣੀਆਂ ਦੀ ਉਮਰ ਕੈਦ ਸਮੇਤ ਫਾਂਸੀ ਦੇ ਰੱਸੇ ਚੁੰਮੇ ਜਿਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਸੀ ਜਿਸਨੂੰ 18 ਸਾਲ ਦੀ ਉਮਰ ਵਿੱਚ ਹੀ ਫਾਂਸੀ ਦੇ ਦਿੱਤੀ ਗਈ ਸੀ।
ਕੈਲੇਫੋਰਨੀਆ ਦੇ ਗੁਰਦੁਆਰੇ 'ਚ ਜੁੜੇ ਗਦਰੀਆਂ ਦੀ ਤਸਵੀਰ

ਅੱਜ ਜਦੋਂ ਪੂਰੇ 100 ਸਾਲ ਬਾਅਦ ਸਾਨੂੰ ਉਨ੍ਹਾਂ ਮਹਾਨ ਗਦਰੀ ਯੋਧਿਆਂ ਨੂੰ ਯਾਦ ਕਰਨ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਅੱਜ ਦੇ ਸਮੇਂ ਵਿੱਚ ਗ਼ਦਰ ਲਹਿਰ ਦੀ ਮਹੱਤਤਾ ਬਾਰੇ ਵਿਚਾਰਾਂ ਕਰਨ ਦਾ ਸਮਾਂ ਮਿਲ ਰਿਹਾ ਹੈ ਤਾਂ ਕਿਓਂ ਨਾ ਅਸੀਂ ਸਾਰੇ ਸੈਕੁਲਰ ਸੋਚ ਦੇ ਲੋਕ / ਜਥੇਬੰਦੀਆਂ ਇਸ ਸ਼ਤਾਬਦੀ ਨੂੰ ਇਕੱਠੇ ਹੋ ਕੇ ਮਨਾਈਏ।ਇਸੇ ਹੀ ਲੜੀ ਵਿੱਚ ਸਾਲ 1914 ਕਾਮਾਗਾਟਾ ਮਾਰੂ ਦਾ ਸ਼ਤਾਬਦੀ, ਸਾਲ 1915 ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਾਈ ਮੇਵਾ ਸਿੰਘ ਦੇ ਸ਼ਹੀਦੀ ਸ਼ਤਾਬਦੀ ਵਰ੍ਹੇ ਹਨ ਜੋ ਇਸੇ ਤਰ੍ਹਾਂ ਇਕੱਠੇ ਹੋਕੇ ਮਨਾਏ ਜਾਣੇ ਚਾਹੀਦੇ ਹਨ।ਇਸ ਸਬੰਧੀ ਈਸਟ ਇੰਡੀਅਨ ਡਿਫੈਂਸ ਕਮੇਟੀ ਅਤੇ ਤਰਕਸ਼ੀਲ਼ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਨੇ ਵਿਚਾਰ ਵਟਾਂਦਰਾ ਕੀਤਾ 'ਤੇ ਇਹ ਫੈਸਲਾ ਲਿਆ ਕਿ ਕੈਨੇਡਾ ਭਰ ਵਿੱਚ ਸ਼ਤਾਬਦੀ ਮਨਾਉਣ ਸਬੰਧੀ ਤਾਲਮੇਲ ਪੈਦਾ ਕਰਨ ਲਈ ਹੋਰਨਾ ਸ਼ਹਿਰਾਂ ਵਿੱਚ ਵੀ ਸੰਪਰਕ ਕੀਤਾ ਜਾਵੇ।ਤਾਲਮੇਲ ਕਮੇਟੀ ਵਿੱਚ ਵੱਧ ਤੋਂ ਵੱਧ ਸੰਸਥਾਵਾਂ ਸ਼ਾਮਲ ਕੀਤੀਆਂ ਜਾਣ।ਇਸੇ ਸਬੰਧ ਵਿੱਚ ਇੱਕ ਵਫਦ ਕੈਲਗਿਰੀ ਅਤੇ ਐਡਮਿੰਟਨ ਗਿਆ ਅਤੇ ਉੱਥੇ ਦੀਆਂ ਸਥਾਨਕ ਜਥੇਬੰਦੀਆਂ ਨਾਲ ਤਾਲਮੇਲ ਕੀਤਾ, ਜਿੰਨ੍ਹਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ, ਵਿਨੀਪੈੱਗ ਵਿੱਚ ਵੀ ਸਾਥੀਆਂ ਨੇ ਸ਼ਤਾਬਦੀ ਨੂੰ ਜੋਰ ਸ਼ੋਰ ਨਾਲ ਮਨਾਉਣ ਲਈ ਸਹਿਮਤੀ ਦਿੱਤੀ।ਕਨੇਡਾ ਭਰ ਦੇ ਬਾਕੀ ਸ਼ਹਿਰਾਂ ਵਿੱਚ ਵੀ ਸੈਕੁਲਰ ਸੋਚ ਲਈ ਕੰਮ ਕਰ ਰਹੀਆਂ ਸਾਰੀਆਂ ਹੀ ਸੰਸਥਾਵਾਂ ਅਤੇ ਸਾਰੇ ਲੋਕਾਂ ਨੂੰ ਇਨਾਂ੍ਹ ਸ਼ਤਾਬਦੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਅਤੇ ਬਣਾਈ ਜਾਣ ਵਾਲੀ ਤਾਲਮੇਲ ਕਮੇਟੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਇਸ ਸਬੰਧੀ ਹੇਠ ਲਿਖੀਆਂ ਜਥੇਬੰਦੀਆਂ ਨੇ ਤਾਲਮੇਲ ਕਮੇਟੀ ਵਿੱਚ ਸ਼ਮੂਲੀਅਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਜਿੰਨ੍ਹਾਂ ਵਿੱਚ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋ: ਅਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਰਨ ਸੁਸਾਇਟੀ ਵੈਨਕੁਵਰ, ਪ੍ਰੋਗਰੈਸਿਵ ਪੀਪਲਜ਼ ਫਾਉਂਡੇਸ਼ਨ ਆਫ ਐਡਮਿੰਟਨ, ਪ੍ਰੋਗਰੈਸਿਵ ਕਲਚਰਲ ਐਸੋ:, ਅਰਪਨ ਲਿਖਾਰੀ ਸਭਾ, ਪੰਜਾਬੀ ਲਿਖਾਰੀ ਸਭਾ, ਪੰਜਾਬੀ ਸਾਹਿਤ ਸਭਾ ਕੈਲਗਿਰੀ ਅਤੇ ਸੋਹਣ ਪੂਨੀ ਇਤਿਹਾਸਕਾਰ ਵੀ ਸ਼ਾਮਲ ਹਨ।ਇਸ ਤਾਲਮੇਲ ਕਮੇਟੀ ਵਿੱਚ ਸ਼ਮੂਲੀਅਤ ਕਰਨ ਲਈ ਹੇਠ ਲਿਖੇ ਸਾਥੀਆਂ ਨਾਲ ਛੇਤੀ ਤੋਂ ਛੇਤੀ ਸੰਪਰਕ ਕੀਤਾ ਜਾਵੇ।

ਹਰਭਜਨ ਚੀਮਾ ਸਕੱਤਰ ਈਸਟ ਇੰਡੀਅਨ ਡਿਫੈਂਸ ਕਮੇਟੀ ਵੈਨਕੁਵਰ                        (604) 377-2415 
ਅਵਤਾਰ ਬਾਈ ਪ੍ਰਧਾਨ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੈਨਕੂਵਰ  (604) 728-7011 
ਭਜਨ ਸਿੰਘ ਗਿੱਲ ਮੈਂਬਰ ਤਾਲਮੇਲ ਕਮੇਟੀ ਕੈਲਗਿਰੀ                                             (403) 455–4220                          
ਹਰਨੇਕ ਧਾਲੀਵਾਲ ਵਿਨੀਪੈੱਗ                                                                            (204) 488-6960 
ਜਗਮੋਹਣ ਸਿੰਘ ਗਿੱਲ ਢੁੱਡੀਕੇ ਵਿਨੀਪੈੱਗ                                                              (204) 421-1523
ਦਲਬੀਰ ਸੈਂਗੀਓਨ ਪ੍ਰਧਾਨ ਪ੍ਰੋਗਰੈੱਸਿਵ ਪੀਪਲਜ਼ ਫ਼ਾਊਂਡੇਸ਼ਨ ਆਫ ਐਡਮਿੰਟਨ           (780) 995-5475 

ਜੂਨ ਦੇ ਗਦਰੀ ਸ਼ਹੀਦ ਨੂੰ ਸਲਾਮ