ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, February 16, 2015

'ਕੁਦੇਸਣ' : ਔਰਤ ਦੇ ਵਜੂਦ ਦੀ ਕਹਾਣੀ


ਅੰਮ੍ਰਿਤਾ ਪ੍ਰੀਤਮ ਆਪਣੇ ਨਾਵਲ ਪਿੰਜਰ ਦੇ ਪਾਤਰ 'ਪੂਰੋ' ਹਵਾਲੇ ਨਾਲ ਲਿਖਦੀ ਹੈ ਕਿ ਜਦੋਂ ਵੀ ਕੋਈ ਕੁੜੀ ਦੋਵਾਂ ਪਾਸਿਓਂ(ਭਾਰਤ-ਪਾਕਿਸਤਾਨ) ਆਪਣੇ ਘਰ ਸਹੀ ਠਿਕਾਣੇ 'ਤੇ ਪਹੁੰਚ ਗਈ ਸਮਝਣਾ ਪੂਰੋ ਦੀ ਆਤਮਾ ਵੀ ਨਾਲ ਪਹੁੰਚ ਗਈ।ਇਹ ਮਨੁੱਖਤਾ ਦੇ ਉਸ ਵਾਸੇ ਦੀ ਅਰਦਾਸ ਹੈ ਜੋ ਅੰਮ੍ਰਿਤਾ ਪ੍ਰੀਤਮ ਨੇ ਕੀਤੀ। ਅਜਿਹੀਆਂ ਹਜ਼ਾਰਾਂ ਹੀ ਔਰਤਾਂ ਆਪਣੇ ਉਸ ਸਹੀ ਠਿਕਾਣੇ ਨੂੰ ਲੱਭਦੀਆਂ ਹਨ।ਇਹ ਠਿਕਾਣੇ ਜ਼ਰੂਰੀ ਨਹੀਂ ਭੂਗੋਲਿਕ ਹੱਦਾਂ 'ਚ ਹੋਵੇ। ਔਰਤ ਲਈ ਇਹ ਸਨਮਾਨ,ਪਛਾਣ ਤੇ ਵਸੇਬੇ ਦਾ ਸੰਘਰਸ਼ ਹੈ ਜੋ ਉਹ ਘਰ ਘਰ ਕਰ ਰਹੀ ਹੈ।ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਉੜੀਸਾ ਦੀਆਂ ਸੜਕਾਂ 'ਤੇ ਗ਼ਰੀਬੀ ਨਾਲ ਜੂਝਦੀਆਂ ਭੋਗ ਵਾਸਨਾ ਲਈ ਲੋਕ ਖਰੀਦਦੇ ਹਨ। ਇਹ ਉਹੀ ਔਰਤ ਹੈ ਜੋ ਸੁੰਨੀਆ ਗਲੀਆਂ 'ਚ ਚਿੱਥੜੇ ਹੋ ਚੁੱਕੇ ਆਪਣੇ ਸਰੀਰਾਂ ਚੋਂ ਖੇਰੂ ਹੋਈ ਆਤਮਾ ਨੂੰ ਮੁੜ ਸਮੇਟਦੀਆਂ ਸਮਾਜ ਦੀਆਂ ਟਿੱਚਰਾਂ ਚੋਂ ਆਪਣਾ ਵਜੂਦ ਲੱਭਦੀਆਂ ਹਨ। ਇਹ ਉਹੀ ਔਰਤ ਹੈ ਜੋ ਜਾਨ ਨਹੀਂ,ਹੱਡ-ਮਾਸ ਦਾ ਮਨੁੱਖ ਨਹੀਂ ਮਹਿਜ਼ ਇੱਕ ਵਸਤੂ ਬਣਕੇ ਰਹਿ ਜਾਂਦੀ ਹੈ ਜਦੋਂ ਕੋਈ ਇਹਨੂੰ ਆਪਣਾ ਘਰ ਵਧਾਉਣ ਲਈ ਮੁੱਲ਼ ਦੀ ਤੀਵੀਂ ਬਣਾ ਖਰੀਦਦਾ ਹੈ।ਇਸ ਤੜਪ,ਸੰਤਾਪ,ਹਿਜਰ 'ਚ ਵਾਵਰੋਲੇ ਖਾਂਦੀ ਔਰਤ ਮਨ ਦੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਨਿਰਦੇਸ਼ਕ ਜੀਤ ਮਠਾਰੂ ਨੇ ਆਪਣੀ ਫ਼ਿਲਮ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੇ ਮਾਰਫਤ।  ਕੁਦੇਸਣ ਫ਼ਿਲਮ ਜਤਿੰਦਰ ਬਰਾੜ ਦੇ ਲਿਖੇ ਨਾਟਕ 'ਕੁਦੇਸਣ' 'ਤੇ ਅਧਾਰਤ ਹੈ ਅਤੇ ਇਹ ਫ਼ਿਲਮ ਟੋਰਾਂਟੋ ਪੰਜਾਬੀ ਫ਼ਿਲਮ ਫੈਸਟੀਵਲ ਤੇ ਹੋਰ ਪੁਰਸਕਾਰਾਂ 'ਚ ਖਾਸ ਖਿੱਚ ਦਾ ਕੇਂਦਰ ਬਣੀ ਹੋਈ ਹੈ। ਯਕੀਨਣ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਲਿਹਾਜ਼ ਨਾਲ ਇੱਕ ਚੰਗੀ ਫ਼ਿਲਮ ਬਣਾਈ ਗਈ ਹੈ।  ਪੰਜਾਬੀ ਤੇ ਹਿੰਦੀ ਦੋ-ਭਾਸ਼ੀ ਫ਼ਿਲਮ ਦੇ ਜ਼ਰੀਏ ਜੀਤ ਮਠਾਰੂ ਨਿਰਦੇਸ਼ਕੀ ਅੱਖ ਤੋਂ ਕੀ ਨਜ਼ਰੀਆ ਰੱਖਦਾ ਹੈ,ਇਸ ਸਦੰਰਭ 'ਚ ਹਰਪ੍ਰੀਤ ਸਿੰਘ ਕਾਹਲੋਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। 

ਕੁਦੇਸਣ ਫ਼ਿਲਮ ਨੂੰ ਲੈ ਕੇ ਕਨੇਡਾ 'ਚ ਟੋਰਾਂਟੋ ਪੰਜਾਬੀ ਫ਼ਿਲਮ ਉਤਸਵ ਦਾ ਤਜ਼ਰਬਾ ਕਿਹੋ ਜਿਹਾ ਰਿਹਾ? 

:ਮੈਂ ਦੱਸਣਾ ਚਾਹਵਾਂਗਾ ਕਿ ਫਿਲਮ ਦੇ ਪ੍ਰੀਮਿਅਰ ਤੋਂ ਪਹਿਲਾਂ ਹੀ ਫ਼ਿਲਮ ਚਰਚਾ 'ਚ ਆ ਚੁੱਕੀ ਸੀ।ਯੂ ਟਿਊਬ 'ਤੇ ਕੁਦੇਸਣ-ਵੂਮੈਨ ਫਰੋਮ ਦੀ ਈਸਟ ਦੀਆਂ ਝਲਕੀਆਂ ਨੂੰ ਬਹੁਤ ਪਸੰਦ ਕੀਤਾ ਗਿਆ।ਉੱਥੇ ਜੋ ਸਨੀ ਗਿੱਲ,ਚੋਪੜਾ ਸਾਹਬ ਤੇ ਹੋਰਾਂ ਨੇ ਮਿਲਕੇ ਇਹ ਫੈਸਟੀਵਲ ਓਰਗਨਾਈਜ਼ ਕੀਤਾ ਤਾਂ ਇਹ ਪੰਜਾਬੀ ਸਿਨੇਮਾ ਦੇ ਮਿਜਾਜ਼ 'ਚ ਬਹੁਤ ਸੁਖਾਂਵਾ ਮਹਿਸੂਸ ਹੋ ਰਿਹਾ ਹੈ।ਉੱਥੇ ਮੇਰੀ ਫ਼ਿਲਮ ਕੁਦੇਸਣ ਨੂੰ ਵੇਖ ਕੇ ਲੋਕਾਂ ਨੇ ਮੈਨੂੰ ਖੜ੍ਹੇ ਹੋ ਕੇ ਸ਼ਾਬਾਸ਼ੀ ਦਿੱਤੀ।ਮੈਨੂੰ ਬਹੁਤ ਸਾਰੇ ਲੋਕਾਂ ਤੋਂ ਇਹ ਸੁਨਣ ਨੂੰ ਮਿਲਿਆ ਕਿ ਅਜਿਹੀਆਂ ਫ਼ਿਲਮਾਂ ਵੇਖਕੇ ਸਾਨੂੰ ਪੰਜਾਬੀ ਸਿਨੇਮਾ 'ਤੇ ਮਾਣ ਹੁੰਦਾ ਹੈ। 

ਕੁਦੇਸਣ ਫ਼ਿਲਮ ਦਾ ਵਿਸ਼ਾ ਚੁਨਣ ਦਾ ਵਿਚਾਰ ਕਿਵੇਂ ਬਣਿਆ? 

 :ਅਸਲ 'ਚ ਇਸ ਤੋਂ ਪਹਿਲਾਂ ਮੈਂ ਇੱਕ ਫ਼ਿਲਮ 'ਅੱਡੀ ਟੱਪਾ' ਬਣਾਈ ਸੀ ਜੋ ਕਿ ਵਪਾਰਕ ਪੱਖੋਂ ਬਹੁਤੀ ਚੱਲੀ ਨਹੀਂ ਪਰ ਇਹ ਪੰਜਾਬੀ ਸਿਨੇਮਾ 'ਚ ਸੰਸਪੈਂਸ ਜੋਨਰ ਦੀ ਵੱਖਰੀ ਫ਼ਿਲਮ ਆਈ ਸੀ।ਇਸ ਤੋਂ ਬਾਅਦ ਅਸੀ ਕਾਫੀ ਸੰਭਲਕੇ ਕੰਮ ਸ਼ੁਰੂ ਕੀਤਾ।ਅਸੀ ਅੰਮ੍ਰਿਤਸਰ ਪੰਜਾਬੀ ਨਾਟ ਸ਼ਾਲਾ ਵੱਲੋਂ ਖੇਡਿਆ ਗਿਆ ਜਤਿੰਦਰ ਬਰਾੜ ਹੁਣਾਂ ਦਾ ਨਾਟਕ 'ਕੁਦੇਸਣ' ਵੇਖਿਆ।ਮੇਰੇ ਮਨ 'ਚ ਇਸ ਨਾਟਕ ਨੂੰ ਸਿਨੇਮਾਈ ਰੁਪਾਂਤਰਣ ਕਰਨ ਦਾ ਵਿਚਾਰ ਆਇਆ। ਮੈਂ ਤੇ ਮੇਰੇ ਭਾਈਵਾਲ ਸੁਰੇਸ਼ ਵਰਸਾਨੀ (ਜੋ ਲੰਡਨ ਰਹਿੰਦੇ ਹਨ) ਦੇ ਮਨ 'ਚ ਸੀ ਕਿ ਅਸੀ ਪੰਜਾਬੀ 'ਚ ਕੋਈ ਸੰਸਾਰ ਪੱਧਰ ਦੀ ਫ਼ਿਲਮ ਬਣਾਈਏ।ਸੋ ਅਸੀ ਕੁਦੇਸਣ ਫਿਲਮ ਦੇ ਸਕ੍ਰੀਨਪਲੇ ਨੂੰ ਲਿਖਦੇ ਹੋਏ ਅਸੀ 2009 'ਚ ਕੰਮ ਸ਼ੁਰੂ ਕੀਤਾ ਸੀ। 

ਕੁਦੇਸਣ-ਵੂਮੈਨ ਫਰੋਮ ਦੀ ਈਸਟ ਬਣਾਉਂਦੇ ਹੋਏ ਆਮ ਫ਼ਿਲਮਾਂ ਨਾਲੋਂ ਜ਼ਿਆਦਾ ਸਮਾਂ ਖਪਤ ਹੋਈ ਹੈ,ਅਜਿਹਾ ਲੱਗਦਾ ਹੈ? 

 :ਉਹ ਇਸ ਲਈ ਕਿ ਜਦੋਂ ਅਸੀਂ ਇਹ ਫ਼ਿਲਮ ਸ਼ੁਰੂ ਕੀਤੀ ਸੀ ਤਾਂ ਇਸ ਫ਼ਿਲਮ 'ਚ ਮੁੱਖ ਅਦਾਕਾਰਾ ਕੋਈ ਹੋਰ ਸੀ।ਜਦੋਂ ਅਸੀਂ ਲੱਗਭਗ ਸਾਰੀ ਫ਼ਿਲਮ ਖਤਮ ਕਰ ਕਲਾਈਮੈਕਸ ਦੇ ਨੇੜੇ ਪਹੁੰਚੇ ਸਾਂ ਤਾਂ ਅਸੀ ਕੁਝ ਬਦਲਾਅ ਕਰਨੇ ਜ਼ਰੂਰੀ ਸਮਝੇ ਪਰ ਇਸ ਸਭ ਲਈ ਸਬੰਧਤ ਅਦਾਕਾਰਾ ਵੱਲੋਂ ਸਾਨੂੰ ਤਾਰੀਖ਼ਾਂ ਉਪਲਬਧ ਨਹੀਂ ਕਰਵਾਈਆਂ ਗਈਆਂ।ਇਸ ਸਬੰਧੀ ਉਹਦੇ ਅਤੇ ਉਹਦੀ ਮਾਂ ਦੇ ਕਾਰਨ ਵੀ ਬਹੁਤ ਅਜੀਬ ਸਨ ਜੋ ਮੈਂ ਇੱਥੇ ਦੱਸਣਾ ਜ਼ਰੂਰੀ ਨਹੀਂ ਸਮਝਦਾ।ਇਸ ਕਰਕੇ ਸਾਨੂੰ ਇਹ ਫਿਲਮ ਮੁੜ ਤੋਂ ਨਵੀਂ ਅਦਾਕਾਰਾ ਨਾਲ ਸ਼ੂਟ ਕਰਨੀ ਪਈ।ਫਿਰ ਅਸੀਂ ਭੋਜਪੁਰੀ ਫਿਲਮਾਂ ਦੀ ਸਟਾਰ ਅਦਾਕਾਰਾ ਪਾਖੀ ਹੇਗੜੇ ਨੂੰ ਲੈਕੇ ਇਸ ਫਿਲਮ ਦਾ ਦੁਬਾਰਾ ਫਿਲਮਾਂਕਣ ਕੀਤਾ।ਹਾਂ ਇਹ ਜ਼ਰੂਰ ਹੈ ਕਿ ਪਾਖੀ ਦਾ ਕੰਮ ਵੇਖਕੇ ਅਤੇ ਫ਼ਿਲਮ ਪ੍ਰਤੀ ਦਰਸ਼ਕਾਂ ਦੀ ਪ੍ਰਤੀਕਿਰਿਆ ਵੇਖਕੇ ਸਾਨੂੰ ਇੰਝ ਲੱਗਦਾ ਹੈ ਕਿ ਜੋ ਹੁੰਦ ਹੈ ਚੰਗੇ ਲਈ ਹੀ ਹੁੰਦਾ ਹੈ।ਸੋ 2010 'ਚ ਮੁੜ ਫ਼ਿਲਮ ਬਣਾਉਣ ਕਰਕੇ ਸਾਡਾ ਬਜਟ ਵੀ ਡਗਮਗਾ ਗਿਆ ਜਿਸ ਕਾਰਣ ਅਸੀਂ ਇਸ ਫ਼ਿਲਮ ਨੂੰ ਬਣਾਉਂਦੇ ਹੋਏ ਕਾਫੀ ਸਮਾਂ ਲੈ ਗਏ। 

ਕੁਦੇਸਣ ਫ਼ਿਲਮ ਨੂੰ ਵੇਖਦੇ ਹੋਏ ਦਰਸ਼ਕਾਂ ਦੀ ਕੋਈ ਖਾਸ ਟਿੱਪਣੀ ਜੋ ਤੁਹਾਨੂੰ ਯਾਦ ਰਹਿ ਗਈ ਹੋਵੇ? 

 :ਬਹੁਤ ਸਾਰੀਆਂ ਟਿੱਪਣੀਆਂ ਯਾਦਗਾਰ ਹਨ ਪਰ ਦੋ ਦਾ ਜ਼ਿਕਰ ਮੈਂ ਇੱਥੇ ਜ਼ਰੂਰ ਕਰਨਾ ਚਾਹਵਾਂਗਾ। ਕੁਦੇਸਣ ਫ਼ਿਲਮ ਵੇਖਣ ਤੋਂ ਬਾਅਦ ਮੇਰੇ ਕੋਲ ਇੱਕ ਸੱਜਣ ਆਏ ਅਤੇ ਉਹਨਾਂ ਕਿਹਾ ਕਿ ਕੁਦੇਸਣ ਵੇਖਣ ਤੋਂ ਬਾਅਦ ਮੈਨੂੰ ਨਰਗਿਸ ਦੱਤ ਦੀ ਫ਼ਿਲਮ 'ਮਦਰ ਇੰਡੀਆ' ਯਾਦ ਆ ਗਈ। ਇੱਕ ਹੋਰ ਦਰਸ਼ਕ ਨੇ ਮੇਰੇ ਕੋਲ ਆ ਕੇ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਤੁਹਾਡੀ ਫ਼ਿਲਮ ਵੇਖਦੇ ਹੋਏ ਮੈਨੂੰ ਬਿਮਲ ਰਾਏ ਤੇ ਸਤਿਆਜੀਤ ਰੇ ਦੀਆਂ ਫ਼ਿਲਮਾਂ ਯਾਦ ਆ ਜਾਂਦੀ ਹਨ। 

ਅਜਿਹੀ ਟਿੱਪਣੀਆਂ 'ਚ ਤੁਹਾਡੀ ਫ਼ਿਲਮ ਦੀ ਚਰਚਾ ਵੀ ਹੋ ਰਹੀ ਹੈ।ਗੁਰਵਿੰਦਰ ਸਿੰਘ ਦੀ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਬਾਰੇ ਵੀ ਕੁਝ ਅਜਿਹੀ ਟਿੱਪਣੀਆਂ ਹੋਈਆਂ ਕਿ ਸਾਨੂੰ ਪੰਜਾਬੀ ਸਿਨੇਮਾ ਦਾ ਸਤਿਆਜੀਤ ਰੇ ਮਿਲ ਗਿਆ।ਇਹ ਚੰਗਾ ਸੰਕੇਤ ਹੈ ਜਾਂ ਅਸੀ ਅਜਿਹੀ ਚੀਜ਼ ਨੂੰ ਸਥਾਪਤ ਕਰਨ ਦੀ ਕਾਹਲੀ ਕਰ ਰਹੇ ਹਾਂ? 

 :ਨਹੀਂ ਕੋਈ ਅਜਿਹਾ ਕਹਿ ਰਿਹਾ ਹੈ ਤਾਂ ਇਹ ਸਾਡੇ ਲਈ ਚੰਗੀ ਗੱਲ ਹੈ।ਹਾਂ ਸੁਧਾਰ ਦੀ ਗੁੰਜਾਇਸ਼ ਸਦਾ ਰਹਿਣੀ ਚਾਹੀਦੀ ਹੈ ਅਜੇ ਬਹੁਤ ਸਾਰੇ ਕੰਮ ਕਰਨੇ ਹਨ।ਅਸੀ ਉਹਨਾਂ ਮਹਾਨ ਫ਼ਿਲਮਸਾਜ਼ਾਂ ਦੇ ਬਰਾਬਰ ਤਾਂ ਨਹੀਂ ਪਹੁੰਚੇ ਪਰ ਅਜਿਹਾ ਕਿਸੇ ਚੀਜ਼ ਨੂੰ ਸਥਾਪਿਤ ਕਰਨ ਲਈ ਨਹੀਂ ਕਿਹਾ ਜਾ ਰਿਹਾ ਸਗੋਂ ਇਹ ਤਾਂ ਹੌਂਸਲਾ ਅਫਜ਼ਾਈ ਹੈ।'ਅੰਨ੍ਹੇ ਘੋੜੇ ਦਾ ਦਾਨ' ਫ਼ਿਲਮ ਮੈਂ ਖੁਦ ਵੇਖੀ ਸੀ ਟੋਰਾਂਟੋ ਫ਼ਿਲਮ ਫੈਸਟੀਵਲ ਦੌਰਾਨ,ਇਹ ਫ਼ਿਲਮ ਬਹੁਤ ਹੀ ਵਧੀਆ ਫ਼ਿਲਮ ਹੈ। 

ਕੁਦੇਸਣ ਫ਼ਿਲਮ ਦੀ ਕਹਾਣੀ ਔਰਤ ਮਨ ਦੀ ਸੰਵੇਦਨਾ ਨੂੰ ਕਿੰਝ ਬੁਣਦੀ ਹੈ?

:ਇਹ ਕਹਾਣੀ ਇੱਕ ਕੁੜੀ ਦੁਆਲੇ ਘੁੰਮਦੀ ਹੈ ਜਿਹਦਾ ਪਿਓ ਬਿਹਾਰ 'ਚ ਰਹਿੰਦਾ ਹੈ ਤੇ ਗ਼ਰੀਬੀ ਕਰਕੇ ਆਪਣੀ ਕੁੜੀ ਨੂੰ ਪੰਜਾਬ ਵੇਚ ਦਿੰਦਾ ਹੈ।ਇਸ ਤੋਂ ਪਹਿਲਾਂ ਵੀ ਉਹਨੇ ਇੱਕ ਕੁੜੀ ਵੇਚੀ ਹੁੰਦੀ ਹੈ।ਏਧਰ ਪੰਜਾਬ 'ਚ ਪਾਲਾ ਸਿੰਘ ਨਾਮ ਦਾ ਕਿਰਦਾਰ ਹੁੰਦਾ ਹੈ ਜੋ ਕਾਫੀ ਬਿਰਧ ਹੋ ਚੁੱਕਾ ਹੈ।ਉਸ ਘਰ ਕੋਈ ਮੁੰਡਾ ਨਹੀਂ ਹੈ ਅਤੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਕੋਈ ਮੁੰਡਾ ਤਾਂ ਦੇ ਨਹੀਂ ਸਕਦੀ ਸੋ ਮੈਨੂੰ ਤਾਂ ਆਪਣੀ ਜ਼ਮੀਨ ਲਈ ਸੰਤਾਨ ਚਾਹੀਦੀ ਹੈ।ਕਿਉਂ ਕਿ ਉਹਦੀ ਦੋ ਕੁੜੀਆਂ ਹੀ ਸਨ ਜੋ ਵਿਆਹ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੂੰ ਆਪਣੇ ਚਾਰ ਕਿਲੇ ਜ਼ਮੀਨ ਲਈ ਵਾਰਸ ਚਾਹੀਦਾ ਹੈ।ਫਿਰ ਉਹਦੀ ਘਰ ਵਾਲੀ ਉਹਨੂੰ ਸਲਾਹ ਦਿੰਦੀ ਹੈ ਕਿ ਤੂੰ ਬਿਹਾਰ ਤੋਂ ਕੁੜੀ ਖਰੀਦ ਲਿਆ।ਇਹ ਕੁੜੀ 10 ਹਜ਼ਾਰ ਦੀ ਮੱਝ ਵੇਚਕੇ 6 ਹਜ਼ਾਰ ਦੇ ਮੁੱਲ ਨਾਲ ਲਿਆਈ ਜਾਂਦੀ ਹੈ। ਇੰਝ ਉਹ ਫਿਰ ਆਪਣੀ ਮੱਝ ਵੇਚ ਕੇ ਕੁੜੀ ਖਰੀਦਕੇ ਲਿਆਉਂਦੇ ਹਨ ਤਾਂ ਕਿ ਸੰਤਾਨ ਪ੍ਰਾਪਤੀ ਹੋ ਸਕੇ।ਸੋ ਇਹ ਫ਼ਿਲਮ ਇੱਕ ਔਰਤ ਦੇ ਜਜ਼ਬਾਤ ਉਹਦੀ ਤੜਪ ਨੂੰ ਬਿਆਨ ਕਰਦੀ ਹੋਈ ਸਾਡੇ ਸਾਹਮਣੇ ਕਈ ਸਵਾਲ ਪੇਸ਼ ਕਰਦੀ ਹੈ।  

ਫ਼ਿਲਮ ਨੂੰ ਬਣਾਉਣ ਦੌਰਾਨ ਔਰਤਾਂ ਨਾਲ ਜੁੜੇ ਮਸਲਿਆਂ ਨੂੰ ਤੁਸੀਂ ਕਾਫੀ ਨੇੜੇ ਤੋਂ ਸਮਝਿਆ ਹੋਵੇਗਾ? 

:ਜਦੋਂ ਅਸੀ ਔਰਤਾਂ ਨਾਲ ਜੁੜੇ ਮਸਲਿਆ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਸੰਸਾਰ ਦਾ ਸਭ ਤੋਂ ਵੱਡਾ ਕ੍ਰਿਮਿਨਲ ਟ੍ਰੇਡ ਹੈ ਔਰਤਾਂ ਦੀ ਖਰੀਦੋ ਫਰੋਖ਼ਤ।ਪਹਿਲਾਂ ਨਸ਼ਾਖੋਰੀ ਨੂੰ ਲੈਕੇ ਧੰਦਾ ਤੇ ਉਸ ਤੋਂ ਬਾਅਦ ਔਰਤਾਂ ਦੀ ਖਰੀਦੋ ਫਰੋਖ਼ਤ।ਇਹ ਹੁਣ ਤੋਂ ਨਹੀਂ ਬਹੁਤ ਪੁਰਾਣਾ ਚਲਿਆ ਆ ਰਿਹਾ ਹੈ ਅਤੇ ਇਹਦੀਆਂ ਜੜ੍ਹਾ ਸਿਰਫ ਪੰਜਾਬ ਜਾਂ ਬਿਹਾਰ ਤੱਕ ਨਹੀਂ ਸਗੋਂ ਪੂਰੇ ਸੰਸਾਰ 'ਚ ਔਰਤਾਂ ਦੀ ਖਰੀਦੋ ਫਰੋਖ਼ਤ ਇੱਕ ਦੇਸ਼ ਤੋਂ ਦੂਜੇ ਦੇਸ਼ ਬਹੁਤ ਵੱਡੇ ਪੱਧਰ 'ਤੇ ਹੁੰਦੀ ਹੈ। ਇਹ ਪੂਰਾ ਸਿਸਟਮ ਬਹੁਤ ਲੈਅਬੱਧ ਤਰੀਕੇ ਨਾਲ ਚਲਾਇਆ ਜਾਂਦਾ ਹੈ।ਅਜਿਹੇ 'ਚ ਬਾਬਾ ਨਾਨਕ ਦੀ ਕਹੀ ਗੱਲ ਔਰਤ ਦੇ ਹੱਕ 'ਚ ਸਭ ਬੇਮਾਇਨੇ ਹੋ ਜਾਂਦੀ ਹੈ ਕਿਉਂ ਕਿ ਅਜਿਹੇ ਵਪਾਰੀਕਰਨ ਨੂੰ ਲੈਕੇ ਕੋਈ ਗੰਭੀਰ ਕਦਮ ਨਹੀਂ ਚੁੱਕੇ ਗਏ ਅਤੇ ਇਸ 'ਚ ਪ੍ਰਸਾਸ਼ਨਕ ਹੱਲਾਸ਼ੇਰੀ ਨਾ ਮਿਲਦੀ ਹੋਵੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਇਸ ਬਾਰੇ ਇੱਕ ਹੋਰ ਨੁਕਤਾ ਸਾਨੂੰ ਬੇਚੈਨ ਕਰੇਗਾ ਕਿ ਵੂਮੈਨ ਟੈਫਕਿੰਗ ਜਾਂ ਟ੍ਰੇਡਿੰਗ ਪਹਿਲਾਂ ਨਾਲੋਂ ਘੱਟ ਨਹੀਂ ਹੋਈ ਸਗੋਂ ਹੋਰ ਵਧੀ ਹੈ।ਮੇਰਾ ਕਹਿਣ ਦਾ ਅਰਥ ਇਹੋ ਸੀ ਕਿ ਇਸ ਫ਼ਿਲਮ ਜ਼ਰੀਏ ਮੈਂ ਇਹੋ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਜੋ ਕੇ ਕੋਈ ਦੂਜੀ ਪ੍ਰਾਣੀ ਨਹੀਂ ਹੈ ਉਹ ਬੰਦੇ ਦੇ ਬਰਾਬਰ ਹੈ ਅਸੀਂ ਉਸ ਨੂੰ ਕਿਵੇਂ ਵੇਚ ਸਕਦੇ ਹਾਂ।ਕਿਉਂ ਕਿ ਉਸ 'ਚ ਵੀ ਜਾਨ ਹੈ ਅਤੇ ਉਹ ਕੋਈ ਨਿਰਜੀਵ ਵਸਤੂ ਨਹੀਂ ਹੈ ਉਹ ਹੱਡ ਮਾਸ ਦੀ ਇੱਕ ਜ਼ਿੰਦਗੀ ਹੈ। 

ਔਰਤਾਂ ਦੀ ਖਰੀਦੋ ਫਰੋਖ਼ਤ ਦੇ ਤਾਣੇ ਬਾਣੇ ਨੂੰ ਸਮਝਦੇ ਹੋਏ ਇਹ ਸਮਝਨ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ? :

ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਵੀ ਨਹੀਂ ਕਿ ਇਸ 'ਤੇ ਕਾਬੂ ਨਾ ਪਾਇਆ ਜਾ ਸਕੇ।ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ।ਹਾਲ ਹੀ 'ਚ ਚਰਚਾ 'ਚ ਰਿਹਾ ਆਮਿਰ ਖ਼ਾਨ ਦੇ ਸ਼ੋਅ 'ਚ ਮੈਨੂੰ ਉਹਦੀ ਇੱਕ ਕਹੀ ਗੱਲ ਬਹੁਤ ਸੋਹਣੀ ਲੱਗੀ।ਉਹਨੇ ਕਿਹਾ ਸੀ ਕਿ ਤੁਸੀ ਇਹ ਸੋਚੋ ਕਿ ਸਾਡੇ ਕੋਲ ਇੱਕ ਜਾਦੂ ਦੀ ਛੜੀ ਹੈ ਅਤੇ ਇਹ ਛੜੀ ਕੋਈ ਹੋਰ ਨਹੀਂ ਸਗੋਂ ਅਸੀਂ ਖੁਦ ਹਾਂ।ਜਦੋਂ ਤੱਕ ਅਸੀ ਖੁਦ ਪਹਿਲ ਨਹੀਂ ਕਰਦੇ ਉਦੋਂ ਤੱਕ ਸਮਾਜ 'ਚ ਕੁਝ ਵੀ ਬਦਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।ਕਿਉਂ ਕਿ ਪੂਰੇ ਦਾ ਪੂਰਾ ਸਿਸਟਮ ਜੇ ਸਾਡੇ ਲਈ ਹੈ ਤਾਂ ਇਸ ਨੂੰ ਵੀ ਅਸੀਂ ਰੱਦ ਨਹੀਂ ਕਰ ਸਕਦੇ ਕਿ ਪੂਰਾ ਸਿਸਟਮ ਬਣਦਾ ਤਾਂ ਸਾਡੇ ਤੋਂ ਹੈ।ਸ਼ੁਰੂਆਤ ਹਮੇਸ਼ਾ ਕਦਮ ਅੱਗੇ ਵਧਾਉਣ ਨਾਲ ਹੀ ਹੁੰਦੀ ਹੈ ਹੁਣ ਇਹ ਸਾਡੇ 'ਤੇ ਹੈ ਕਿ ਅਸੀ ਉਹ ਕਦਮ ਵਧਾ ਰਹੇ ਹਾਂ ਕਿ ਨਹੀਂ।ਇਸ ਲਈ ਉਨ੍ਹਾਂ ਇਲਾਕਿਆਂ 'ਚ ਗ਼ਰੀਬੀ ਸਭ ਤੋਂ ਵੱਡਾ ਕਾਰਨ ਹੈ ਜਦੋਂ ਤੱਕ ਸਰਕਾਰਾਂ ਇਸ ਗ਼ਰੀਬੀ ਨੂੰ ਦੂਰ ਕਰਨ ਬਾਰੇ ਨਹੀਂ ਸੋਚਣਗੀਆਂ ਉਦੋਂ ਤੱਕ ਕੁਝ ਬਦਲ ਦੀ ਕਲਪਣਾ ਸੰਭਵ ਨਹੀਂ ਹੈ।ਤੁਸੀ ਅਕਸਰ ਵੇਖਦੇ ਹੋ ਕਿ ਨੇਪਾਲ ਲੋਕ ਜਾਂਦੇ ਹਨ ਅਤੇ ਉਧਰੋਂ ਟੈਂਪੂ 'ਤੇ ਕੁੜੀ ਬਿਠਾ ਲਿਆਉਂਦੇ ਹਨ।ਇਹ ਸਾਰਾ ਕੁਝ ਇੰਨਾ ਸੌਖਾ ਹੈ ਕਿ ਕਿਸੇ ਨੂੰ ਇਸ 'ਤੇ ਸ਼ੱਕ ਵੀ ਨਹੀਂ ਹੁੰਦਾ। 

ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਤੁਸੀਂ ਸੰਗੀਤ 'ਚ ਵੀ ਯਥਾਰਥ ਨੂੰ ਸਿਰਜਣ ਲਈ ਬਹੁਤ ਨਵੇਕਲਾ ਪ੍ਰਯੋਗ ਕੀਤਾ ਹੈ?

:ਇਸ ਸਭ ਲਈ ਮੇਰੇ ਮਨ 'ਚ ਇੱਕੋ ਗੱਲ ਸੀ ਕਿ ਮੈਂ ਸੰਗੀਤ ਦੇ ਵਪਾਰਕ ਪੱਖ ਨੂੰ ਨਹੀਂ ਸੀ ਵੇਖ ਰਿਹਾ ਸਗੋਂ ਮੈਂ ਕਹਾਣੀ ਦੇ ਮਿਜਾਜ਼ ਅਤੇ ਕਿਰਦਾਰਾਂ ਦੀ ਰੂਹਦਾਰੀ ਮੁਤਾਬਕ ਸੰਗੀਤ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ।ਜਿਵੇਂ ਕਿ ਫ਼ਿਲਮ ਵਿਚਲੀ ਮੁੱਖ ਜਨਾਨੀ ਕਿਰਦਾਰ ਬਿਹਾਰ ਦੀ ਹੈ ਅਤੇ ਉਹਦੇ ਸੰਤਾਪ ਨੂੰ ਬਿਆਨ ਕਰਨ ਲਈ ਮੈਂ ਉਹਦੀ ਮਾਨਸਿਕ ਦਸ਼ਾ ਮੁਤਾਬਕ ਹੀ ਸੰਗੀਤ ਨੂੰ ਵਰਤਿਆ ਹੈ।ਇਸੇ ਲਈ ਕੁਦੇਸਣ ਪੰਜਾਬੀ ਫ਼ਿਲਮ ਹੋਣ ਦੇ ਬਾਵਜੂਦ ਸੰਗੀਤ ਪੱਖੋਂ ਭੋਜਪੁਰੀ ਹੈ।ਕਿਉਂ ਕਿ ਗੀਤ ਸਮਾਜ ਦੇ ਕਿਰਦਾਰ ਦੀ ਸਿਰਜਣਾ ਹੁੰਦੇ ਹਨ।ਫ਼ਿਲਮ 'ਚ ਜਦੋਂ ਮੈਂ ਪੰਜਾਬੀ ਕਿਰਦਾਰਾਂ ਦੀ ਖੁਸ਼ੀ ਵਿਖਾਉਂਦਾ ਹਾਂ ਤਾਂ ਮੈਂ ਸੰਗੀਤ ਵੀ ਪੰਜਾਬੀ ਲੋਕ ਸੱਭਿਆਚਾਰ ਦਾ ਹੀ ਰੱਖਦਾ ਹਾਂ।ਜਦੋਂ ਫ਼ਿਲਮ ਦੀ ਮੁੱਖ ਜਨਾਨੀ ਕਿਰਦਾਰ ਦੇ ਜਜ਼ਬਾਤ ਨੂੰ ਵਿਖਾਉਣਾ ਹੋਵੇ ਤਾਂ ਸੰਗੀਤ ਵੀ ਭੋਜਪੁਰੀ 'ਚ ਹੋ ਜਾਂਦਾ ਹੈ।ਕਿਉਂ ਕਿ ਇਸ ਕਿਰਦਾਰ ਦੀਆਂ ਦੁੱਖ ਤਕਲੀਫਾਂ,ਸੰਤਾਪ,ਖੁਸ਼ੀ ਚੋਂ ਹੀ ਉਹਦੇ ਲੋਕ ਗੀਤ ਪੈਦਾ ਹੋਏ ਹਨ।ਫ਼ਿਲਮ ਨੂੰ ਜ਼ਮੀਨੀ ਸੱਚਾਈ ਦੇ ਨੇੜੇ ਲਿਆਉਣ ਲਈ ਮੈਂ ਅਜਿਹਾ ਜ਼ਰੂਰੀ ਸਮਝਿਆ। 

ਇਸ ਤੋਂ ਬਾਅਦ ਕੀ ਵਿਉਂਤਬੰਦੀਆਂ ਹੋ ਰਹੀਆਂ ਹਨ? 

:ਮੈਂ ਇੱਕ ਹਿੰਦੀ ਫ਼ਿਲਮ ਬਣਾਉਣ ਜਾ ਰਿਹਾ ਹਾਂ ਜੋ ਕਿ ਪਤੀ ਪਤਨੀ ਦੀ ਇੱਕ ਅਪਾਰਟਮੈਂਟ 'ਚ ਹੋ ਰਹੇ ਘਟਨਾਕ੍ਰਮ ਦੀ ਸਸਪੈਂਸ ਥ੍ਰਿਲਰ ਫ਼ਿਲਮ ਹੈ ਅਤੇ ਇੱਕ ਮੈਂ ਬਹੁਤ ਹੀ ਪਿਆਰੀ ਪ੍ਰੇਮ ਕਹਾਣੀ ਬਣਾਉਣੀ ਚਾਹੁੰਦਾ ਹਾਂ।ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਵੇਗੀ ਇਹ ਮੇਰਾ ਯਕੀਨ ਹੈ ਕਿਉਂ ਕਿ ਇਸ ਨੂੰ ਵੇਖਕੇ ਦਰਸ਼ਕਾਂ ਨੂੰ ਗੁਲਜ਼ਾਰ ਸਾਹਬ ਦੀ ਫ਼ਿਲਮ 'ਕੋਸ਼ਿਸ਼' ਜ਼ਰੂਰ ਯਾਦ ਆਵੇਗੀ।

ਮੁਲਾਕਾਤੀ--ਹਰਪ੍ਰੀਤ ਸਿੰਘ ਕਾਹਲੋਂ