ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਫੇਸਬੁੱਕ. Show all posts
Showing posts with label ਫੇਸਬੁੱਕ. Show all posts

Sunday, February 13, 2011

ਗਾਂਧੀ-:ਭਾਰਤ 'ਤੇ ਥੋਪਿਆ ਹੋਇਆ "ਕੌਮੀ ਪਿਓ"

ਗੁਲਾਮ ਕਲਮ 'ਤੇ ਗਾਂਧੀ ਬਾਰੇ ਚਲਾਈ ਬਹਿਸ ਅੱਗੇ ਤੋਰਨ ਲਈ ਪੀ ਟੀ ਸੀ ਨਿਊਜ਼ ਵਾਲੇ ਦਵਿੰਦਰਪਾਲ ਨੇ ਇਕ ਲਿਖ਼ਤ ਭੇਜੀ ਹੈ,ਜੋ ਕਈ ਨਵੇਂ ਸਵਾਲਾਂ ਦੇ ਜਨਮ ਨਾਲ ਕੁਝ ਪੁਰਾਣੇ ਸਵਾਲਾਂ ਦੇ ਜਵਾਬ ਦਿੰਦੀ ਹੈ।ਤੁਸੀਂ ਲਿਖ਼ਤ ਪੜ੍ਹਕੇ ਆਪਣੇ ਪੱਖੀ ਜਾਂ ਵਿਰੋਧੀ ਵਿਚਾਰ ਰਚਨਾ ਹੇਠਾਂ ਟਿੱਪਣੀ ਦੇ ਕੇ ਜਾਂ ਲਿਖ਼ਤ ਭੇਜਕੇ ਦਰ ਕਰਵਾ ਸਕਦੇ ਹੋਂ।--ਯਾਦਵਿੰਦਰ ਕਰਫਿਊ

ਗੱਲ ਸ਼ੁਰੂ ਕਰਨ ਤੋਂ ਪਹਿਲੋਂ ਯਾਦਵਿੰਦਰ ਦੀ ਤਾਰੀਫ ਜ਼ਰੂਰ ਕਰ ਦਿਆਂ ਜਿਹਨੇ ਪਬਲਿਸ਼ਿੰਗ ਦਾ ਗੁਰ ਆਪਣੇ ਬਲੋਗ 'ਤੇ ਲਾਗੂ ਕਰ ਕੇ ਓਹ ਮੁੱਦੇ ਛੇੜਣ ਦਾ ਵਲ ਸਿੱਖ ਲਿਐ ਜਿਹੜੇ ਬੰਦੇ ਦੇ ਦਿਮਾਗ ਨੂੰ ਲੂਤੀਆਂ ਲਾ ਦਿੰਦੇ ਨੇ।ਹੁਣ ਚਲੀਏ ਮੁੱਦੇ ਵੱਲ, ਮੋਹਨਦਾਸ ਕਰਮ ਚੰਦ ਗਾਂਧੀ ਦਾ ਮੇਰੇ ਸਿਰ 'ਤੇ ਮੇਰੇ ਕੌਮੀ ਪਿਓ ਦੇ ਤੌਰ 'ਤੇ ਥੋਪਿਆ ਜਾਣਾ, ਓਹ ਵੀ ਓਸ ਮੁਲਕ 'ਚ ਜਿਹੜਾ ਧਰਮ ਤੋਂ ਲੈ ਕੇ ਬੱਚੇ ਪੈਦਾ ਕਰਨ ਦੇ ਢੰਗ ਤੱਕ ਚੁਣਨ ਦੀ ਅਜ਼ਾਦੀ ਦੇਣ ਦਾ ਦਾਅਵਾ ਕਰਦਾ ਹੈ, ਕੀ ਇੱਕ ਸਿਆਸੀ ਫੈਸਲਾ ਨਹੀਂ ਹੈ? ਜੇ ਹੈ ਤਾਂ ਰਿਸ਼ਤਾ ਪਿਓ ਦਾ ਕਿਓਂ, ਜਦੋਂਕਿ ਖੂਨ ਦੇ ਰਿਸ਼ਤੇ ਵਾਲੇ ਬਾਪ ਤੋਂ ਬਗ਼ੈਰ ਹੋਰ ਕਿਸੇ ਨੂੰ ਵੀ ਆਪਣੇ ਪਿਓ ਵਰਗਾ ਅਸੀਂ ਓਦੋਂ ਕਹਿਣੇ ਆਂ ਜਦੋਂ ਭਾਵੁਕਤਾ ਦੀ ਸਾਂਝ ਬਣਦੀ ਹੈ ਤੇ ਓਸ ਸ਼ਖ਼ਸ ਲਈ ਪਿਤਾ ਸਮਾਨ ਆਦਰ ਮਨ 'ਚ ਪੈਦਾ ਹੁੰਦਾ ਹੈ। ਸਿੱਖਾਂ ਲਈ ਦਸਵੇਂ ਗੁਰੁ ਨੁੰ ਆਪਣਾ ਪਿਤਾ ਜਾਂ ਪਿਓ ਕਹਿਣਾ ਓਸੇ ਸਨਮਾਨ ਤੇ ਭਾਵੁਕ ਸਾਂਝ ਦਾ ਨਤੀਜਾ ਹੈ ਜਿਸ ਦੇ ਪੈਦਾ ਹੋਣ ਦੇ ਕਾਰਨ ਓਸ ਯੁਗ ਪੁਰਸ਼ ਦੇ ਵਿਹਾਰ ਤੋਂ ਜੰਮਦੇ ਨੇ, ਓਸ ਦੀਆਂ ਕੁਰਬਾਨੀਆਂ ਤੋਂ ਜੰਮਦੇ ਨੇ।

ਦਸਮ ਪਿਤਾ ਜਾਂ ਗੁਰੁ ਗੋਬਿੰਦ ਸਿੰਘ... ਇਹ ਕਹਿਣ ਦੀ ਅਜ਼ਾਦੀ ਵੀ ਸਿੱਖ ਧਰਮ ਹਰ ਸਿੱਖ ਨੂੰ ਦਿੰਦਾ ਹੈ, ਓਸ 'ਤੇ ਪਿਓ ਥੋਪਿਆ ਨਹੀਂ ਜਾਂਦਾ, ਧਰਮ ਵੱਲੋਂ ਜਾਂ ਸਟੇਟ ਵੱਲੋਂ। ਇਹ ਉਦਾਹਰਣ ਇਸ ਲਈ ਦੇ ਰਿਹਾਂ ਕਿਓਂਕਿ ਮੈਂ ਨਾਸਤਿਕ ਸਿੱਖ ਹਾਂ ਤੇ ਇਸੇ ਧਰਮ 'ਚੋਂ ਅਕੀਦੇ ਦੀ ਅਜ਼ਾਦੀ ਦੇ ਨਾਲ ਹੀ ਰੱਬ ਦੇ ਕੋਨਸੈਪਟ ਨਾਲ ਲੜਣ ਦੀ ਧਾਰਨਾ ਦੀ ਤਰਕਸ਼ੀਲਤਾ ਵੀ ਮਿਲਦੀ ਹੈ ਪਰ ਕੀ ਸਟੇਟ ਨੇ ਇਹ ਅਜ਼ਾਦੀ ਗਾਂਧੀ ਨੂੰ ਮੇਰਾ ਪਿਓ ਐਲਾਨਦਿਆਂ ਛੱਡੀ ਹੈ, ਜਾਂ ਕਿ ਭਾਵਨਾਤਮਕ ਰਿਸ਼ਤਾ ਪੂਰੇ ਮੁਲਕ 'ਤੇ ਥੋਪ ਕੇ ਬਲੈਕਮੇਲ ਦਾ ਮੁੱਦਾ ਖੜਾ ਕਰ ਦਿੱਤੈ ਬਈ ਜੇ ਰਾਸ਼ਟਰਪਿਤਾ ਨਾ ਮੰਨੋ ਤਾਂ ਤੁਸੀਂ ਰਾਸ਼ਟਰ ਵਿਰੋਧੀ ਹੋਏ। ਇਸ 'ਤੇ ਵੀ ਬਹਿਸ ਛੇੜਣ ਤੋਂ ਪਹਿਲੋਂ ਸਵਾਲ ਇਹ ਹੈ ਕਿ 15 ਅਗਸਤ 1947 ਨੂੰ ਜੋ ਸਾਡੇ ਨਾਲ ਹੋਇਆ ਓਹ ਦਰਅਸਲ ਕੀ ਸੀ?

ਕੀ ਇਹ ਸੰਪੂਰਣ ਅਜ਼ਾਦੀ ਸੀ?
ਕੀ ਓਸ ਦੌਰ ਦੀ ਤਬਦੀਲੀ ਮਹਾਤਮਾ ਗਾਂਧੀ ਕਾਰਨ ਹੋਈ?
ਕੀ ਅਸੀਂ ਅੰਗਰੇਜ਼ਾਂ ਨੂੰ ਇਸ ਮੁਲਕ 'ਚੋਂ ਕੱਢਣ 'ਚ ਪੂਰੀ ਤਰਾਂ ਆਪਣੇ ਦਮ 'ਤੇ ਗਾਂਧੀ ਦੇ ਦਰਸਾਏ ਰਾਹ 'ਤੇ ਚੱਲ ਕੇ ਕਾਮਯਾਬ ਹੋਏ?
ਕੀ ਅਜ਼ਾਦੀ ਦੇ ਸਾਰੇ ਪੈਰਾਮੀਟਰ ਹਰ ਭਾਰਤੀ ਲਈ ਬਰਾਬਰ ਹਨ?


ਜੁਆਬ ਕਈਆਂ ਨੂੰ ਹਜ਼ਮ ਨਹੀਂ ਹੋਣੇ, ਕਈਆਂ ਮੈਨੂੰ ਦੇਸ਼ਧ੍ਰੋਹੀ ਦਾ ਦਰਜਾ ਦੇਣ ਦਾ ਮਾਣ ਵੀ ਹਾਸਲ ਕਰਨੈ ਪਰ ਸੱਚ ਇਹ ਹੈ ਕਿ 1947 'ਚ ਜੋ ਹੋਇਆ ਓਹ 'ਟ੍ਰਸਟੀਸ਼ਿੱਪ' ਦਾ ਤਬਾਦਲਾ ਸੀ। ਇੱਕ ਹਾਕਮ ਦੇ ਹੱਥੋਂ ਦੂਜੇ ਦੇ ਹੱਥ ਤਾਕਤ ਦਾ ਜਾਣਾ, ਇਸ ਦੌਰਾਨ ਕਈ ਲੱਖਾਂ ਦਾ ਕਤਲ ਹੋਣਾ, ਸਾਢੇ ਪੰਜ ਸੌ ਰਿਆਸਤਾਂ ਦਾ ਰਲ ਗੱਡ ਹੋ ਕੇ ਇੱਕ ਪਾਰਲੀਮੈਂਟ ਦੀ ਕਾਇਮੀ ਤਾਂ ਕਿ ਸਾਂਝੀ ਤਾਕਤ ਨਾਲ ਸਰਮਾਇਆ ਕਾਬੂ ਰੱਖਣ 'ਚ ਮਦਦ ਮਿਲੇ, ਰਹੀ ਗੱਲ ਅੰਗਰੇਜ਼ਾਂ ਦੀ ਤਾਂ ਦੋ ਵੱਡੀਆਂ ਆਲਮੀ ਜੰਗਾਂ 'ਚ ਨਿਚੋੜੇ ਜਾਣ ਤੋਂ ਬਾਅਦ ਤੇ ਇਸ ਖਿੱਤੇ ਦਾ ਵੀ ਪੂਰੀ ਤਰਾਂ ਖ਼ਜ਼ਾਨਾ ਤੇ ਕੁਦਰਤੀ ਸੋਮੇ ਲੁੱਟਣ ਤੋਂ ਬਾਅਦ ਸਮੇਂ ਦੀਆਂ ਤਕਨੀਕਾਂ, ਤਾਕਤਾਂ ਤੇ ਖਰਚਿਆਂ ਦੀ ਪੂਰੀ ਵਰਤੋਂ ਦੇ ਬਾਅਦ ਵੀ ਓਹਨਾਂ ਲਈ ਆਪਣੇ ਅੰਪਾਇਰ ਦੀ ਸਭ ਤੋਂ ਵੱਡੀ ਕਲੋਨੀ ਨੂੰ ਸਾਂਭਣਾ ਔਖਾ ਸੀ, ਪੜ੍ਹ ਲਿਖ ਕੇ ਜਾਗਰੂਕ ਹੋ ਰਹੀ ਨਵੀਂ ਪੀੜੀ ਵੀ ਨਿੱਤ ਨਵੇਂ ਸਵਾਲ ਖੜੇ ਕਰਦੀ ਸੀ ਤੇ ਸਥਾਨਕ ਸਰਮਾਏਦਾਰ ਵੀ ਵੰਡੇ ਜਾ ਰਹੇ ਸੋਮਿਆਂ ਤੇ ਮੁਨਾਫੇ ਦੀ ਘਾਟ ਕਾਰਨ ਓਹਨਾਂ ਤੋਂ ਔਖੇ ਸਨ। ਖ਼ਾਸ ਤੌਰ 'ਤੇ ਓਦੋਂ ਜਦੋਂ ਲਗਾਤਾਰ ਕ੍ਰਾਂਤੀਕਾਰੀਆਂ ਨੇ ਕਦੇ ਕੱਲੇ ਕੱਲੇ ਤੇ ਕਦੇ ਗਦਰੀਆਂ ਜਾਂ ਅਜ਼ਾਦ ਹਿੰਦ ਫੌਜ ਰਾਹੀਂ ਗੋਰਿਆਂ ਦੀ ਤਾਕਤ ਉਲਝਾਉਣ 'ਚ ਪੂਰਾ ਟਿੱਲ ਲਾਇਆ ਹੋਇਆ ਸੀ।

ਸੋ ਅਜਿਹੇ ਹਾਲ 'ਚ ਰੋਜ਼ ਅੰਦਰੂਨੀ ਹਮਲਿਆਂ ਦਾ ਸਾਹਮਣਾ ਕਰਨ ਤੋਂ ਨਾਬਰ ਹੋਏ ਗੋਰਿਆਂ ਨੂੰ ਕੀ ਗਾਂਧੀ ਦੀ ਅਹਿੰਸਾ ਨੇ ਪ੍ਰੇਰਿਆ ਕਿ ਓਹ ਇਹ ਮੁਲਕ ਛੱਡ ਜਾਣ?

ਜਦੋਂ ਕੋਈ ਵੀ ਸਿਆਣਾ ਸ਼ਖ਼ਸ ਇਸ ਗੱਲ ਦੀ ਵਕਾਲਤ ਕਰਦੈ ਕਿ ਗਾਂਧੀ ਤੋਂ ਸਿੱਖਣ ਵਾਲੀ ਗੱਲ ਸਿੱਖ ਤੇ ਮੌਜੂ ਬਣਾਉਨ ਵਾਲੀ ਬਾਰੇ ਗੱਲ ਨਾਂ ਛੇੜ ਤਾਂ ਇਹ ਤਾਂ ਲਗਭਗ 'ਆਈਡਲ ਵਰਸ਼ਿਪ' ਹੋਈ ਪੱਥਰ ਦੇ ਬੁੱਤਾਂ ਦੀ ਪੂਜਾ ਜਿਹੜੇ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਗਾਂਧੀ ਦੇ ਲਾਏ ਹੀ ਨਜ਼ਰ ਆਉਂਦੇ ਨੇ। ਜ਼ਰਾ ਗਾਂਧੀ ਦੇ ਦਿੱਤੇ 'ਓਰਿਜਿਨਲ ਆਈਡਿਆਜ਼' ਦੀ ਗੱਲ ਕਰੀਏ… ਘੱਟ ਖਪਤ ਵਾਲੀ ਪ੍ਰੇਰਣਾ ਕੀ ਸਿਰਫ ਗਾਂਧੀ ਦੀ ਦੇਣ ਹੈ? ਕੀ ਬੋਧੀ ਪਹਿਲੋਂ ਹੀ ਇੱਕ ਕੱਪੜੇ 'ਚ ਨਹੀਂ ਤੁਰੇ ਫਿਰਦੇ? ਕੀ ਬਾਬੇ ਨਾਨਕ ਨੇ ਵਾਧੂ ਕਮਾਈ ਗ਼ਰੀਬ ਨਾਲ ਰਲ ਵੰਡਣ ਦੀ ਗੱਲ ਨਹੀਂ ਕੀਤੀ? ਕੀ ਖੁਦ ਹਿੰਦੂ ਸਾਧ ਵੀ ਇੱਕ ਬਗਲੀ ਬੰਨ ਕੇ ਨਹੀਂ ਤੁਰੇ ਫਿਰਦੇ ਰਹੇ ਸਦੀਆਂ ਤੋਂ? ਤੇ ਕੀ ਇਸਲਾਮ ਦਾ ਮਹਾਨ ਹਿੱਸਾ ਸੂਫੀਆਂ ਨੇ ਵੀ ਇੱਕੋ ਉੱਨ ਦੇ ਕੱਪੜੇ ਦੇ ਆਸਰੇ ਖੁਦਾ ਦੀ ਖੁਦਾਈ ਨਹੀਂ ਵੇਖੀ? ਫੇਰ ਓਹ ਸਾਰਾ ਕੁਝ ਬਾਅਦ 'ਚ ਜਦੋਂ ਹੋਂਦ 'ਚ ਹੈ ਤੇ ਗਾਂਧੀ ਤੋਂ ਪਹਿਲੋਂ ਹੀ ਤੇ ਬਾਅਦ 'ਚ ਵੀ ਸਿਆਣੇ ਓਹਨਾਂ ਦੀਆਂ ਉਦਾਹਰਣਾਂ ਦਿੰਦੇ ਨੇ ਤਾਂ ਕੀ ਸਿਰਫ ਗਾਂਧੀ ਵੀ ਸਿਆਣੇ ਲੋਕਾਂ ਦੇ ਦਰਸਾਏ ਰਾਹ ਤੇ ਹੀ ਨਹੀਂ ਸੀ ਚੱਲਿਆ?

ਇੱਕ ਹੋਰ ਓਰਿਜਿਨਲ ਆਈਡਿਏ ਦੀ ਗੱਲ ਕਰੀਏ… ਸਦੀਆਂ ਤੋਂ, ਪਹਿਲੋਂ ਹੀ ਲਤਾੜੇ ਪਏ ਦਲਿਤ ਤਬਕੇ ਨੂੰ ਕੀ ਬ੍ਰਾਹਮਣਾਂ ਵੱਲੋਂ ਦਿੱਤੇ ਗਏ ਪਹਿਲੇ ਨਾਮ ਬਹੁਤ ਨਹੀਂ ਸਨ ਜਿਹੜਾ ਹਰੀਜਨ ਨਾਂ ਦੀ ਨਵੀਂ ਪਛਾਣ ਪੈਦਾ ਕਰ ਦਿੱਤੀ ਉੱਚ ਜ਼ਾਤਾਂ ਤੋਂ ਨਿਖੇੜਣ ਲਈ, ਤੇ ਤਰਕ ਕੀ ਦਿੱਤਾ ਕਿ ਇਹ ਰੱਬ ਦੇ ਪਿਆਰੇ ਨੇ, ਜੇ ਅਜਿਹਾ ਸੀ ਤਾਂ ਸਿਰਫ ਸਾਰਿਆਂ ਨੂੰ ਹਿੰਦੂ ਦਾ ਹੀ ਸਾਂਝਾ ਨਾਮ ਦੇਣ ਦੀ ਲੜਾਈ ਕਿਓਂ ਨਾਂ ਛੇੜੀ ਮਹਾਤਮਾ ਨੇ? ਬੜੀ ਮਹਾਨ ਲੜਾਈ ਹੋਣੀ ਸੀ ਓਹ।ਤੇ ਜੇ ਨਾਮਕਰਨ ਦੀ ਲੋੜ ਹੈ ਈ ਸੀ ਤਾਂ ਮਹਾਂਬ੍ਰਾਹਮਣ ਵਰਗਾ ਕੋਈ ਅਜਿਹਾ ਨਾਮ ਕਿਓਂ ਨਾਂ ਦਿੱਤਾ ਜਿਹੜਾ ਅਨਪੜ੍ਹ ਪਰ ਉੱਚ ਜ਼ਾਤਾਂ ਲਈ ਥੋੜਾ ਬਹੁਤ ਤਾਂ ਕਨਫਿਊਜ਼ਿੰਗ ਹੁੰਦਾ? ਜਦੋਂ ਪਹਿਲੀ ਜੰਗ 'ਚ ਗੋਰਿਆਂ ਨੇ ਵਾਦਾ ਖਿਲਾਫੀ ਕੀਤੀ ਸੀ ਤਾਂ ਅਜਿਹਾ ਕਿਓਂ ਨਾਂ ਕੀਤਾ ਕਿ ਸਾਰਾ ਮੁਲਕ ਪਿੱਛੇ ਲਾ ਕੇ ਓਦੋਂ ਤੱਕ ਲਈ ਚੁੱਪ ਸਾਧ ਲੈਂਦੇ ਜਾਂ ਬਾਈਕਾਟ ਕਰਦੇ ਚਾਹੇ ਅਹਿੰਸਾ ਨਾਲ ਹੀ ਕਰਦੇ ਜਦੋਂ ਤੱਕ ਗੋਰੇ ਈਨ ਨਾਂ ਮੰਨਦੇ, ਕਿਓਂ ਬੈਠਕਾਂ ਦਾ ਦੌਰ ਹੀ ਚਲਦਾ ਰਿਹਾ ਮੌਜੂਦਾ ਦੌਰ ਦੇ ਸੜੇ ਹੋਏ ਸਿਆਸਤਦਾਨਾਂ ਵਾਂਗ?

ਜ਼ਰਾ ਗਾਂਧੀ ਦੀ ਕਾਰਜ ਪ੍ਰਣਾਲੀ ਵਾਚੋ ਤਾਂ ਸਾਫ ਹੋਵੇ ਕਿ ਹਿੰਦੁਸਤਾਨ 'ਚ ਕੰਮਾਂ ਕਾਜਾਂ 'ਚ ਫੇਲ੍ਹ ਹੋਏ ਨੁੰ ਜਦੋਂ ਵਕੀਲ ਬਣਾ ਤਾ ਬਾਹਰ ਭੇਜ ਕੇ ਤੇ ਅਫਰੀਕਾ 'ਚ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਕਿੰਨੀ ਸਾਂਝ ਭਿਆਲੀ ਸੀ ਓਥੇ ਦੇ ਗੋਰਿਆਂ ਨਾਲ, ਸਿਰਫ ਟ੍ਰੇਨ 'ਚ ਸੀਟ ਨਾਂ ਮਿਲਣ ਦੀ ਗੱਲ ਦਾ ਵਿਰੋਧ ਕਰਨ ਵਾਲੀ ਕਹਾਣੀ ਸਕੂਲਾਂ ਦੇ ਨਿਆਣਿਆਂ ਨੂੰ ਪੜ੍ਹਾ ਕੇ ਜਿਸ ਨੂੰ ਅਜ਼ਾਦੀ ਦਾ ਯੋਧਾ ਗਰਦਾਨਿਆ ਗਿਐ ਓਹ ਕੀ ਅੰਗਰੇਜ਼ਾਂ ਦੀ ਕਲੀਅਰੈਂਸ ਬਗ਼ੈਰ ਮੁਲਕ ਆ ਗਿਆ ਸੀ ਵਾਪਸ ਤੇ ਕਿੰਨੀਆਂ ਬੈਠਕਾਂ ਹੋਈਆਂ ਸਨ ਏਧਰ ਤੇ ਓਧਰਲੇ ਅੰਗਰੇਜ਼ ਅਫਸਰਾਂ ਨਾਲ ਓਸਦੀਆਂ ਆਉਣ ਤੋਂ ਪਹਿਲੋਂ ਤੇ ਬਾਅਦ 'ਚ?

ਕਿਓਂ 1947 ਤੋਂ ਬਾਅਦ ਇੱਕ ਦਮ ਇੱਕ ਬਾਪੂ ਤੇ ਇੱਕ ਚਾਚੇ ਦੀ ਲੋੜ ਮੁਲਕ ਨੂੰ ਪੈ ਗਈ ਜਾਂ ਦੇ ਦਿੱਤੇ ਗਏ? ਸਾਡੇ ਕੋਲ ਯੋਧੇ ਵੀ ਹੈ ਸਨ ਸਰਾਭੇ, ਭਗਤ, ਨੇਤਾ ਜੀ ਵਰਗੇ ਪਰ ਕੀ ਇਹਨਾਂ 'ਚੋਂ ਕਿਸੇ ਦਾ ਜਨਤਕ ਹੀਰੋ ਬਣਾਇਆ ਜਾਣਾ ਅਜਿਹੇ ਹਾਕਮਾ ਦੇ ਹੱਕ 'ਚ ਜਾ ਸਕਦਾ ਹੈ ਜਿਹਨਾਂ ਨੇ ਜਨਤਾ ਹਮੇਸ਼ਾਂ ਗੂੰਗੀ ਬੋਲੀ ਰੱਖਣ ਦੀ ਠਾਣੀ ਹੋਵੇ? ਜੇ ਉਤਲੇ ਲੋਕਾਂ 'ਚੋਂ ਕੋਈ ਵੀ ਰਾਸ਼ਟਰ ਪਿਤਾ ਗਰਦਾਨਿਆ ਹੁੰਦਾ ਤਾਂ ਓਸਦੀ ਜ਼ਿੰਦਗੀ ਪੜਾਉਣੀ ਪੈਂਦੀ ਤੇ ਲੋਕਾਂ ਨੂੰ ਸਮਝਾਉਣਾ ਪੈਂਦਾ ਕਿ ਜੇ ਤੁਹਾਡਾ ਹੱਕ ਕੋਈ ਮਾਰ ਰਿਹੈ ਤਾਂ ਉੱਠੇ ਤੇ ਓਸ ਜਮਹੂਰੀ ਤੇ ਮਨੁੱਖੀ ਹੱਕ ਖਾਤਰ ਲੜ ਮਰੋ। ਪਰ ਗੋਰਿਆਂ ਦੇ ਵਾਰਸ ਭੁਰੇ ਹਾਕਮਾਂ ਲਈ ਇਹ ਸੰਭਵ ਨਹੀਂ ਸੀ ਸੋ ਮੁਲਕ ਨੂੰ ਹੀਰੋ ਅਜਿਹੇ ਬਖਸ਼ਣੇ ਜ਼ਰੂਰੀ ਸਨ ਜਿਹੜੇ ਸੌਖਿਆਂ ਈਨ ਮੰਨਣਾ ਸਿਖਾਉਂਦੇ ਹੋਣ। ਗਾਂਧੀ ਨਾਲੋਂ ਬਿਹਤਰ ਹੋਰ ਕੌਣ ਅਜਿਹਾ ਹੋ ਸਕਦੈ।

1931 'ਚ ਬੋਲੇ ਇੱਕ ਝੂਠ ਦੀ ਗੱਲ ਕਿਓਂ ਨਹੀਂ ਉੱਠਣ ਦਿੱਤੀ ਜਾਂਦੀ, ਲੋਕਾਂ ਦੀ ਭਰੀ ਮਜਲਿਸ ਨੂੰ ਕਹਿ ਦਿੱਤਾ ਗਿਆ ਕਿ ਮੈਂ ਭਗਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੰਗਰੇਜ਼ ਨਹੀਂ ਮੰਨੇ! ਪਰ ਜੇ 'ਗਾਂਧੀ-ਇਰਵਿਨ' ਸਮਝੌਤੇ ਦੀ ਇੱਕ ਸ਼ਰਤ ਭਗਤ ਸਿੰਘ ਦਾ ਛੱਡਿਆ ਜਾਣਾ ਹੁੰਦੀ ਤੇ ਅੰਗਰੇਜ਼ ਮੁੱਕਰਦਾ ਤਾਂ ਗੱਲ ਸੱਚ ਮਨੀਂਦੀ, ਹੁਣ ਕੱਲੇ ਜ਼ੁਬਾਨੀ ਕਹੇ ਨੇ ਤਾਂ ਇਤਿਹਾਸ ਨੂੰ ਸੱਚ ਨਹੀਂ ਬਣਾ ਦੇਣਾ। ਓਹ ਵੀ ਓਦੋਂ ਜਦੋਂ ਆਰਕਾਈਵ ਔਫ ਇੰਡੀਆ ਦੇ ਕਾਗ਼ਜ਼ਾਤ ਸਾਫ ਕਹਿੰਦੇ ਨੇ ਗਾਂਧੀ ਵੱਲੋਂ ਮੰਗ ਸਿਰਫ ਏਨੀ ਹੋਈ ਸੀ ਕਿ ਕਰਾਚੀ 'ਚ ਕਾਂਗਰਸ ਦੇ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ 'ਤੇ ਮੋਹਰ ਲੱਗਣ ਤੱਕ ਲਈ ਫਾਂਸੀ ਦੀ ਸਜ਼ਾ ਨੂੰ ਮੁਲਤਵੀ ਰੱਖਿਆ ਜਾਵੇ। ਪਰ ਇਰਵਿਨ ਨਹੀਂ ਮੰਨਿਆ ਕਿਓਂਕਿ ਓਸ ਮੁਤਾਬਿਕ ਸਜ਼ਾ ਮੁਲਤਵੀ ਹੋਣ 'ਤੇ ਪ੍ਰਭਾਵ ਇਹ ਜਾਣਾ ਸੀ ਕਿ ਅੰਗਰੇਜ਼ਾਂ ਈਨ ਮੰਨ ਲਈ ਤੇ ਕ੍ਰਾਂਤੀਕਾਰੀ ਤਗੜੇ ਹੋ ਜਾਣੇ ਸੀ ਜੋਸ਼ ਖਾ ਕੇ। ਬੱਸ ਏਨੇ ਕੁ ਤਰਕ ਨੇ ਰਾਸ਼ਟਰ ਪਿਤਾ ਚੁੱਪ ਕਰਾ 'ਤਾ। ਕਾਰਨ ਸੀ ਇੱਕ ਤਾਂ ਅੰਗਰੇਜ਼ਾਂ ਦੀ ਭਗਤੀ ਤੇ ਤੇ ਦੂਜੇ ਆਪਣੀ ਸਿਆਸਤ ਨੂੰ ਖ਼ਤਰਾ ਓਸ ਮੁੰਡੇ ਤੋਂ ਜਿਹੜਾ 23 ਸਾਲ ਦੀ ਉਮਰ 'ਚ ਹੀ ਏਨੀ ਕਾਬਲੀਅਤ ਰੱਖਦਾ ਸੀ ਕਿ ਖੁਦ ਨੂੰ ਵੇਲੇ ਦੀ ਸਿਆਸਤ ਦਾ ਥੰਮ ਮੰਨਣ ਵਾਲੇ ਗਾਂਧੀ 'ਤੇ ਵੀ ਲੱਖਾਂ ਲੋਕਾਂ ਦਾ ਦਬਾਅ ਸੀ ਓਸਨੂੰ ਬਚਾਉਣ ਲਈ, 23 ਸਾਲ ਦੇ ਇਸ ਨੌਜੁਆਨ ਨੇ ਓਹਨੂੰ ਮਜ਼ਬੂਰ ਕਰ ਦਿੱਤਾ ਸੀ ਲੋਕਾਂ ਮੁਹਰੇ ਆਪਣੀ ਤਾਕਤ ਜ਼ਾਹਰ ਕਰਨ ਲਈ, ਓਹ ਤਾਕਤ ਜਿਹੜੀ ਖਲਾਅ 'ਚ ਅਹਿੰਸਾ ਵਾਦੀ ਧਰਨਿਆਂ ਦੇ ਆਸਰੇ ਤੇ ਕਦੇ ਸਵਾਲ ਨਾਂ ਚੁੱਕਣ ਵਾਲੀ ਭੇਡ ਜਨਤਾ ਵੱਲੋਂ ਗੋਰਿਆਂ ਦੀ ਡਾਂਗਾਂ ਖਾ ਕੇ ਦਿੱਤੀ ਗਈ ਸੀ।18 ਫਰਵਰੀ ਤੇ 19 ਮਾਰਚ ਨੂੰ ਵਾਏਸਰਾਏ ਨਾਲ ਭਗਤ ਸਿੰਘ ਦਾ ਮੁੱਦਾ ਵਿਚਾਰਿਆ ਜਾਂਦਾ ਹੈ। 'ਵਿਚਾਰਿਆ ਜਾਂਦੈ', ਓਹ ਗਾਂਧੀ ਜੋ ਕਰਾਚੀ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ ਦੇ ਦਸਤਖ਼ਤ ਕਰਾ ਕੇ ਇਸ ਰੈਜ਼ੋਲਿਊਸਨ ਦਾ ਹਿੱਸੇਦਾਰ ਬਣਦਾ ਹੈ ਕਿ 'ਕਾਂਗਰਸ ਓਹਨਾਂ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਦੀ ਹੈ ਤੇ ਓਹਨਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੈ' ਓਹ ਗਾਂਧੀ ਮੁੱਦਾ ਵਿਚਾਰਦਾ ਹੈ।

ਕਿਓਂ ਨਹੀਂ ਸਮੇਂ ਦੇ ਸਭ ਤੋਂ ਵੱਡੇ ਲੀਡਰ ਨੇ ਆਪਣਾ ਅਹਿੰਸਾਵਾਦੀ ਮਰਣ ਵਰਤ ਰੱਖਿਆ ਇਹਨਾਂ ਨੌਜੁਆਨਾਂ ਦੀ ਫਾਂਸੀ ਰੁਕਵਾਉਣ ਲਈ, ਫੇਰ ਚਾਹੇ ਓਹਨਾਂ ਅੱਗੇ ਵੀ ਅਹਿੰਸਾ ਦਾ ਰਾਹ ਛੱਡਣ ਦੀ ਸ਼ਰਤ ਰੱਖਦਾ? ਕਿਓਂ 20 ਮਾਰਚ ਨੂੰ ਵੀ 'ਰੇਸਿਸਟ' ਦਾ ਦਰਜਾ ਪ੍ਰਾਪਤ ਗ੍ਰਹਿ ਸਕੱਤਰ ਇਮਰਸਨ ਨਾਲ ਇਸ ਗੱਲ ਦਾ ਵਿਚਾਰ ਵਟਾਂਦਰਾ ਕੀਤਾ ਜਾਂਦਾ ਰਿਹਾ ਕਿ ਫਾਂਸੀ ਦੀ ਸੂਰਤ 'ਚ ਲੋਕਾਂ ਦਾ ਰੋਹ ਕਾਬੂ ਕਰਨ 'ਚ ਗਾਂਧੀ ਕਿੱਦਾਂ ਮਦਦਗਾਰ ਸਾਬਤ ਹੋ ਸਕਦੈ? ਖੁਦ ਇਰਵਿਨ ਦੀ ਸਵੈ-ਜੀਵਨੀ ਦੱਸਦੀ ਐ ਕਿ ਗਾਂਧੀ ਸਿਰਫ ਏਸ ਗੱਲ ਦੀ ਓਸ ਤੋਂ ਇਜਾਜ਼ਤ ਮੰਗਦਾ ਰਿਹਾ ਕਿ ਕੀ ਓਹ ਲੋਕਾਂ 'ਚ ਜਾ ਕਿ ਇਹ ਝੂਠ ਮਾਰ ਦੇਵੇ ਕਿ ਮੈਂ ਵਾਏਸਰਾਏ 'ਤੇ ਇਹਨਾਂ ਨੌਜੁਆਨਾਂ ਨੂੰ ਬਚਾਉਣ ਲਈ ਪੂਰਾ ਦਬਾਅ ਬਣਾਇਆ ਹੋਇਐ। ਜਿਹਨਾਂ ਪਹਿਲੀ ਵਾਰ ਪੜ੍ਹੀਆਂ ਹੋਣ ਓਹ ਥੋੜੀ ਜਿਹੀ ਖੋਜ ਨਾਲ ਇਹ ਗੱਲਾਂ ਆਪਣੀ ਨੇੜਲੀ ਲਾਇਬ੍ਰੇਰੀ 'ਚ ਭਗਤ ਸਿੰਘ ਦੇ ਮੁਕੱਦਮੇ ਨਾਲ ਸਬੰਧਤ ਕਿਤਾਬਾਂ ਤੋਂ ਲੈ ਕੇ ਇੰਟਰਨੈੱਟ ਤੱਕ 'ਤੇ ਪੁਸ਼ਟੀ ਕਰ ਸਕਦੇ ਨੇ ਪਰ ਇਹ ਸਾਰੇ ਤੱਥ ਚੇਤਾ ਕਰਾਉਣ ਲੱਗਿਆਂ ਮੇਰਾ ਮਕਸਦ ਇਹ ਦੱਸਣਾ ਨਹੀਂ ਹੈ ਕਿ ਗਾਂਧੀ ਦਾ ਸ਼ਹੀਦ ਭਗਤ ਸਿੰਘ ਦੇ ਕਤਲ/ਸ਼ਹਾਦਤ 'ਚ ਕੀ ਰੋਲ ਹੈ, ਨਾਂ ਹੀ ਓਹਨਾਂ ਦੇਸ਼ਭਗਤਾਂ ਨੂੰ ਮੁਆਫੀ ਦੀ ਲੋੜ ਸੀ ਜਾਂ ਓਹਨਾਂ ਕਬੂਲਣੀ ਸੀ ਜੇ ਮਿਲਦੀ, ਪਰ ਇਹਨਾਂ ਤੱਥਾਂ ਤੋਂ ਓਸ ਬੰਦੇ ਦੀ ਅਸਲ ਔਕਾਤ ਪਤਾ ਲਗਦੀ ਹੈ ਜਿਹੜਾ ਓਸ ਵੇਲੇ ਕਾਂਗਰਸ ਦਾ ਤੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਲੀਡਰ ਸੀ।

ਓਹ ਏਨਾ ਅਸੁਰੱਖਿਆ ਦਾ ਸ਼ਿਕਾਰ ਆਗੂ/ਸਿਆਸਤਦਾਨ ਸੀ ਕਿ ਓਸ ਤੋਂ ਬਗ਼ੈਰ ਕੋਈ ਵੀ ਲੋਕਾਂ ਦੀਆਂ ਅੱਖਾਂ 'ਚ ਚੜਦਾ ਹੋਵੇ ਓਹਦੀ ਖੈਰ ਨਹੀਂ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਪਹਿਲਾ ਐਸਾ ਸ਼ਖ਼ਸ ਸੀ ਜਿਹਦੀ ਤਾਕਤ ਨੇ ਓਸ ਨੂੰ ਪਾਰਟੀ ਦੇ ਅੰਦਰ ਹੀ ਹਰਾ ਕੇ ਓਹਦੇ ਲਈ ਚੁਣੌਤੀ ਖੜੀ ਕੀਤੀ ਸੀ। ਪਰ ਨਤੀਜਾ ਕੀ ਹੋਇਆ? ਓਸਦਾ ਵੀ ਇਤਿਹਾਸ ਗਵਾਹ ਹੈ? ਇਹਨਾਂ ਸਾਰੇ ਹਲਾਤਾਂ 'ਚ ਗਾਂਧੀ ਸਿਰਫ ਇੱਕ ਘਾਗ ਤੇ ਮੌਕਾਪ੍ਰਸਤ ਸਿਆਸਤਦਾਨ ਸਾਬਤ ਹੁੰਦਾ ਹੈ ਜਿਹੜਾ ਆਪਣੇ ਮਾਲਕਾਂ ਦੀ ਹਾਂ 'ਚ ਹਾਂ ਭਰਨ ਲਈ ਹਰ ਥਾਂ ਮੌਜੂਦ ਹੈ, ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਤੋਂ ਲੈ ਕੇ ਦੇਸ਼ ਭਗਤਾਂ ਦੇ ਵਿਰੋਧ ਤੱਕ, ਜਾਤੀ ਵਾਦ ਪ੍ਰਤੀ ਕੋਈ ਸਮਾਜ ਸੁਧਾਰਕ ਨਜ਼ਰੀਆ ਸਖ਼ਤੀ ਨਾਲ ਲਿਆਉਣ ਤੋਂ ਗੁਰੇਜ਼ ਕਰਨ ਤੋਂ ਲੈ ਕੇ ਸਾਊ ਜਨਤਾ ਨੂੰ ਭੇਡ ਬੱਕਰੀਆਂ ਬਣਾਈ ਰੱਖਣ ਤੱਕ ਓਹ ਅੰਗਰੇਜ਼ਾ ਦੇ ਪੂਰਾ ਕੰਮ ਆਇਆ ਇਸ ਗੱਲ ਦੀ ਹਾਮੀ ਓਸ ਦੇ ਕਾਰੇ ਤੇ ਇਤਿਹਾਸ ਦੋਹੇ ਭਰਦੇ ਨੇ। ਜਿਹੜੇ ਲੋਕ ਗਾਂਧੀ ਦੇ 'ਮਾਸ ਲੀਡਰ' ਹੋਣ ਜਾਂ 'ਮਾਸ ਮੂਵਮੈਂਟ' ਖੜੀ ਕਰਨ ਦੀ ਤਾਕਤ ਦੀ ਸ਼ਲਾਘਾ ਕਰਦੇ ਨੇ ਓਹ ਇਸ ਮੁਲਕ ਦੇ ਲੋਕਾਂ ਦੀ ਆਦਤ ਨੂੰ ਮੌਜੂਦਾ 'ਚ ਤੇ ਬੀਤੇ ਸਮੇਂ 'ਚ ਧਿਆਨ ਨਾਲ ਵੇਖਣ 'ਚ ਅਸਫਲ ਰਹੇ ਨੇ। ਜਦੋਂ ਇਸ ਮੁਲਕ 'ਚ ਧਰਮ ਦੇ ਅੰਨ੍ਹੇ ਕੀਤੇ ਲੋਕਾਂ ਦੀ ਕਰੋੜਾਂ ਵਾਲੀ ਬਹੁਗਿਣਤੀ ਹਮੇਸ਼ਾਂ ਹੀ ਵੱਗ ਦੇ ਵੱਗ ਭਰ ਕੇ ਅਖੌਤੀ ਸਾਧਾਂ ਸੰਤਾਂ ਤੇ ਬਾਬਿਆਂ ਮਗਰ ਤੁਰੀ ਰਹੀ ਹੈ ਤਾਂ ਜਦੋਂ ਇੱਕ ਐਸਾ ਸ਼ਖ਼ਸ ਮਹਾਤਮਾ ਦੇ ਤੌਰ 'ਤੇ ਪਰਚਾਰਿਆ ਜਾ ਰਿਹਾ ਹੋਵੇ ਜਿਹਦੀ 'ਇਮੇਜ ਬਿਲਡਿੰਗ' ਦਾ ਕੰਮ ਓਸ ਵੇਲੇ ਦੀ ਓਹਨਾਂ ਦੀ ਆਪਣੀ ਪਾਰਟੀ ਕਾਂਗਰਸ ਤੋਂ ਲੈ ਕੇ ਓਹਨਾਂ 'ਤੇ ਹਾਕਮ ਅੰਗਰੇਜ਼ਾਂ ਦੀ ਪ੍ਰੈਸ ਕਰ ਰਹੀ ਹੋਵੇ ਤਾਂ ਕੀ ਸਾਡੀਆਂ ਇਹ ਸਾਊ ਭੇਡਾਂ, ਬੱਕਰੀਆਂ ਦੀ ਮਾਸ ਮੂਵਮੈਂਟ ਕਿਸੇ ਤਰਾਂ ਅਸੰਭਵ ਲਗਦੀ ਹੈ, ਓਹ ਵੀ ਓਦੋਂ ਜਦੋਂ ਕਈ ਦਹਾਕੇ ਬਾਅਦ ਅੱਜ ਵੀ ਪਹਿਲੋਂ ਨਾਲੋਂ ਕਿਤੇ ਵੱਧ ਪੜ੍ਹ ਚੁੱਕੇ ਤੇ ਅਜ਼ਾਦੀ ਮਾਣ ਰਹੇ ਓਹਨਾਂ ਲੋਕਾਂ ਦੀ ਔਲਾਦ ਨੂੰ ਮੰਦਰ ਮਸਜਿਦ ਦਾ ਮੁੱਦਾ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਵਿਹਲਾ ਘੜੀਸੀ ਫਿਰਦੈ।

ਅੱਜ ਵੀ ਜੇ ਸਟੇਟ ਨੂੰ ਸਵਾਲ ਕੀਤਾ ਜਾਂਦੈ ਤਾਂ ਗੁਲਾਮੀ ਦਾ ਅਹਿਸਾਸ ਧੁਰੋਂ ਜਾਗਦੈ। ਜਦੋਂ ਪੁੱਛ ਲਈਏ ਕਿ ਕੀ 1947 'ਚ ਸੱਚੀ ਅਜ਼ਾਦੀ ਆਈ ਸੀ ਤਾਂ ਇਹਨਾਂ ਭੇਡ ਬੱਕਰੀਆਂ 'ਚੋਂ ਹੀ ਕਈ ਨੈਸ਼ਨਲਿਜ਼ਮ ਦੀ ਡਾਂਗ ਇਹ ਕਹਿ ਕੇ ਸਿਰ 'ਚ ਮਾਰਦੇ ਨੇ ਕਿ ਜੇ ਅਜ਼ਾਦੀ ਨਾਂ ਆਈ ਹੁੰਦੀ ਤਾਂ ਤੁੰ ਇਹੋ ਈ ਸਵਾਲ ਪੁੱਛਣ ਲਈ ਵੀ ਅਜ਼ਾਦ ਨਾਂ ਹੁੰਦਾ, ਜਿਵੇ ਮਨੁੱਖੀ ਜ਼ੁਬਾਨ ਨੂੰ ਬਿਲਕੁਲ ਹੀ ਜ਼ਿੰਦੇ ਸਨ 47 ਤੋਂ ਪਹਿਲੋਂ। ਏਹਨਾਂ ਭਲੇਮਾਣਸਾਂ ਦੀ ਗੱਲ ਦਾ ਵੀ ਜੁਆਬ ਦੇ ਦੇਈਏ ਕਿ ਓਹਨਾਂ ਵੇਲੇ ਭਗਤ ਸਿੰਘ ਦਾ ਬਿਆਨ ਅਖਬਾਰਾਂ 'ਚ ਛਪਦਾ ਸੀ ਓਹ ਵੀ ਅੰਗਰੇਜ਼ਾਂ ਦੀ ਮਦਦ ਨਾਲ ਚਲਦੀਆਂ ਅਖਬਾਰਾਂ 'ਚ, ਤੇ ਕਈ ਪਾਰਟੀਆਂ ਵਾਲੇ ਆਪੋ ਆਪਣੀ ਸਿਆਸਤ ਖੁੱਲ੍ਹ ਕੇ ਕਰਦੇ ਸੀ, ਚਾਹੋ ਤਾਂ ਕਿਸੇ ਦੇ ਆਰਕਾਈਵ ਫੋਲ ਲਓ। ਤੇ ਅੱਜ ਬਿਨਾਇਕ ਸੇਨ ਤੋਂ ਲੈ ਕੇ ਮੀਰਵਾਇਜ਼ ਫਾਰੂਕ ਤੱਕ ਕੋਈ ਕੁਝ ਕਹਿ ਕੇ ਵੇਖੇ ਤਾਂ ਫੇਰ ਅਜ਼ਾਦੀ ਦਾ ਮਤਲਬ ਦੱਸਿਓ? ਸੇਨ ਤਾਂ ਕਹਿੰਦਾ ਵੀ ਕੁਝ ਨਹੀਂ ਸੀ ਫੇਰ ਇਹ ਹਾਲ ਨੇ। ਜਦੋਂ ਦਹਾਕਿਆਂ ਬੱਧੀ ਸਟੇਟ ਦਾ ਪ੍ਰਚਾਰ ਮੁੱਢਲੀ ਪੜ੍ਹਾਈ ਤੋਂ ਕਿਸੇ ਨੂੰ ਤੁਹਾਡੇ 'ਤੇ ਇੱਕ ਭਾਵੁਕ ਰਿਸ਼ਤੇ ਰਾਹੀਂ ਥੋਪ ਰਿਹਾ ਹੋਵੇ, ਓਸਨੂੰ ਸੱਚ ਦੇ ਇਕਲੌਤੇ ਪਹਿਰੇਦਾਰ ਦੇ ਤੌਰ 'ਤੇ ਤੁਹਾਨੂੰ ਪੜ੍ਹਾਇਆ ਜਾਂਦਾ ਹੋਵੇ, ਓਸਦੀ ਜੀਵਨ ਜਾਚ ਨੂੰ ਦੁਨੀਆ ਦੀ ਬਿਹਤਰੀਨ ਜੀਵਨ ਜਾਚ ਦੱਸਿਆ ਜਾਂਦਾ ਹੋਵੇ, ਓਸਦੀ ਪਹਿਚਾਣ ਨੂੰ ਦੁਨੀਆ 'ਚ ਤੁਹਾਡੀ ਕੌਮੀ ਪਹਿਚਾਣ ਦੱਸਿਆ ਜਾਂਦਾ ਹੋਵੇ ਤਾਂ ਯਕੀਨ ਕਰਨਾ ਔਖਾ ਹੁੰਦੈ ਕਿ ਓਹ ਇਨਸਾਨ ਏਡਾ ਵੱਡਾ ਠੱਗ ਵੀ ਹੋ ਸਕਦੈ, ਹੁਣ ਜੇ ਤੁਸੀ ਕਹੋ ਕਿ ਮੌਜੂਦਾ ਭਾਰਤ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਦੇਣ ਹੈ ਤਾਂ ਮੈਂ ਪੂਰੀ ਤਰਾਂ ਇੱਤਫਾਕ ਰੱਖਾਂਗਾ ਤੁਹਾਡੀ ਗੱਲ ਨਾਲ।

ਕਿਓਂਕਿ ਕੁਝ ਹੋਰ ਕਿਹਾ ਤਾਂ ਦੇਸ਼ਧ੍ਰੋਹੀ ਹੋਵਾਂਗਾ। ਤੁਹਾਡੇ ਰਾਸ਼ਟਰਪਿਤਾ ਦੀ ਸ਼ਾਨ 'ਚ ਗੁਸਤਾਖੀ ਕਰਾਂਗਾ ਤੇ ਕਿਸੇ ਵੱਡੀ ਪਾਰਟੀ ਦੇ ਵੱਡੇ ਸੋਟੇ ਦਾ ਭਾਗੀਦਾਰ ਵੀ ਹੋਵਾਂਗਾ, ਸੋ ਕਰੋੜਾਂ ਲੋਕਾਂ ਨੂੰ ਭੇਡ ਦੀ ਜ਼ਿੰਦਗੀ ਲਈ ਗਾਂਧੀ ਦਾ ਸ਼ੁਕਰੀਆ।

ਦਵਿੰਦਰਪਾਲ
ਪੀ ਟੀ ਸੀ ਨਿਊਜ਼

Saturday, February 12, 2011

ਗਾਂਧੀ,ਅਰੁੰਧਤੀ,ਮਾਓਵਾਦੀ ਕਵੀ ਤੇ ਫੇਸਬੁੱਕ

ਗਾਂਧੀ ਨੂੰ ਲੈ ਕੇ ਵਿਚਾਰ ਚਰਚਾ ਹੁੰਦੀ ਹੀ ਰਹਿੰਦੀ ਹੈ।ਇਸੇ ਤਰ੍ਹਾਂ ਫੇਸਬੁੱਕ 'ਤੇ ਕੁਲਵਿੰਦਰ ਬੱਛੋਆਣਾ ਨੇ ਅਰੁੰਧਤੀ ਦੀ ਗਾਂਧੀ 'ਤੇ ਕੀਤੀ ਟਿੱਪਣੀ ਨਾਲ ਇਕ ਬਹਿਸ ਛੇੜੀ,ਜਿਸ 'ਚ ਚਰਨ ਗਿੱਲ ਤੇ ਸੁਦੀਪ ਸਿੰਘ ਨੇ ਇਕ ਦੂਜੇ ਨਾਲ ਜਵਾਬਤਲਬੀ ਕੀਤੀ।ਮੈਨੂੰ ਵੀ ਇਹ ਬਹਿਸ ਟੈਗ ਕੀਤੀ ਗਈ,ਪਰ ਮੈਂ ਕੁਝ ਬੋਲ੍ਹਣ ਦੀ ਬਜਾਏ ਬਹਿਸ 'ਚ ਕੁਝ ਹੋਰ ਜੋੜ ਕੇ ਇਸ ਨੂੰ ਇਕ ਮਾਰਡੇਟਰ ਦੇ ਤੌਰ 'ਤੇ ਬਲੌਗ ਜ਼ਰੀਏ ਜਨਤਾ ਦੀ ਕਚਹਿਰੀ 'ਚ ਲਿਜਾਣ ਦਾ ਫੈਸਲਾ ਕੀਤਾ।ਕੁਝ ਲੋਕ ਗਾਂਧੀ ਤੇ ਗਾਂਧੀਵਾਦ ਫਲਸਫੇ ਨੂੰ ਤੋੜ ਕੇ ਵੇਖਦੇ ਰਹੇ ਹਨ।ਖਾਸ ਕਰ ਇਸ ਦੌਰ ਅੰਦਰ ਗਾਂਧੀਅਨਾਂ ਦਾ ਸਿਆਸੀ ਹਿੰਸਾ 'ਚ ਵਿਸ਼ਵਾਸ਼ ਰੱਖਣ ਵਾਲਿਆਂ ਬਾਰੇ ਐਨੀ ਖੁੱਲ੍ਹਦਿਲੀ ਨਾਲ ਸੋਚਣਾ ਗਾਂਧੀਵਾਦੀ ਫਲਸਫੇ ਦਾ ਮੌਜੂਦਾ ਸਿਆਸੀ ਹਾਲਤਾਂ 'ਤੇ ਅਮਲੀ ਰੂਪ 'ਚ ਲਾਗੂ ਨਾ ਹੋਣ ਵੱਲ ਵੀ ਇਸ਼ਾਰਾ ਕਰਦਾ ਹੈ।ਅਰੁੰਧਤੀ ਮੁਤਾਬਕ,ਜਿੱਥੇ ਜਨਤਾ ਭੁੱਖ ਕਾਰਨ ਮਰ ਰਹੀ ਹੋਵੇ,ਓਥੇ ਭੁੱਖ ਹੜਤਾਲ ਨਹੀਂ ਕੀਤੀ ਜਾ ਸਕਦੀ।ਦੂਜੇ ਪਾਸੇ ਰੈਡੀਕਲ ਕਮਿਊਨਿਸਟਾਂ ਦੀ ਧਿਰਾਂ ਜਿਵੇਂ 60-70ਵਿਆਂ 'ਚ ਗਾਂਧੀ ਨੂੰ ਮੁੱਢੋਂ ਰੱਦ ਕਰਦੀਆਂ ਰਹੀਆਂ ਹਨ,ਉਨ੍ਹਾਂ ਦਾ ਨਜ਼ਰੀਆ ਵੀ ਬਦਲਿਆ ਹੈ।ਮਾਓਵਾਦੀ ਵਿਚਾਰਧਾਰਾ ਦਾ ਹਮਾਇਤੀ ਆਂਧਰਾ ਪ੍ਰਦੇਸ਼ ਦਾ ਮਸ਼ਹੂਰ ਕਵੀਂ ਵਰਵਰ ਰਾਓ ਗਾਂਧੀ ਦੇ ਕਈ ਪੱਖਾਂ ਨੂੰ ਚੰਗਾ ਮੰਨਦਾ ਹੈ।ਮੈਂ ਉਸ ਨਾਲ ਬੀ.ਬੀ.ਸੀ. ਦੇ ਪੱਤਰਕਾਰ ਰਹੇ ਅਲੋਕ ਪ੍ਰਕਾਸ਼ ਪੁਤੁਲ ਦੀ ਰਵੀਵਾਰ ਪਰਚੇ ਲਈ ਕੀਤੀ ਇੰਟਰਵਿਊ 'ਚ ਗਾਂਧੀ ਬਾਰੇ ਕੀਤੇ ਸਵਾਲ ਦੇ ਜਵਾਬ ਦਾ ਤਰਜ਼ਮਾ ਪਾ ਰਿਹਾ ਹਾਂ।ਜੋ ਇਸ ਵਿਚਾਰ ਚਰਚਾ 'ਚ ਕੁਝ ਨਵਾਂ ਜੋੜੇਗਾ।ਬਾਕੀ ਮੈਂ ਆਪਣੇ ਵਲੋਂ ਗਾਂਧੀ ਦੇ ਪੱਖ ਤੇ ਵਿਰੋਧ 'ਚ ਲਿਖ਼ਕੇ ਭੇਜਣ ਲਈ ਦੋਸਤਾਂ ਮਿੱਤਰਾਂ ਨੁੰ ਖੁੱਲ੍ਹਾ ਸੱਦਾ ਦਿੰਦਾ ਹਾਂ ਤਾਂ ਕਿ ਇਹ ਚਰਚਾ ਅੱਗੇ ਵਧੇ।--ਯਾਦਵਿੰਦਰ ਕਰਫਿਊ

ਇੰਟਰਵਿਊਕਾਰ -ਤੁਹਾਡੇ ਲੇਖ (WALKING WITH THE COMRADES) ਦੇ ਇੱਕ ਹੋਰ ਨੁਕਤੇ ਵੱਲ ਔਂਦੇ ਹਾਂ,ਜਿਥੇ ਗਾਂਧੀ ਬਾਰੇ ਤੁਹਾਡਾ ਲਹਿਜ਼ਾ ਖ਼ਾਸ ਤੌਰ ਤੇ ਸਖਤ ਹੈ।ਤੁਸੀਂ ਕਿਹਾ ਹੈ,ਕਿ ਚਾਰੂ ਮਜੂਮਦਾਰ ਨੇ ਭਾਰਤ ਚ ਇਨਕਲਾਬ ਦੇ ਸੁਪਨੇ ਨੂੰ ਸੱਚ ਬਣਾਈ ਰੱਖਿਆ ਹੈ।ਜ਼ਰਾ ਇਸ ਸੁਪਨੇ ਤੋਂ ਬਗ਼ੈਰ ਸਮਾਜ ਦੀ ਕਲਪਨਾ ਤਾਂ ਕਰੋ। ਸਿਰਫ ਇਸੇ ਕਰਕੇ,ਅਸੀਂ ਚਾਰੂ ਨੂੰ ਬਹੁਤ ਜ਼ਿਆਦਾ ਨਿਰਦਈ ਹੋਣ ਦਾ ਫਤਵਾ ਨਹੀਂ ਦੇ ਸਕਦੇ। ਖਾਸ ਕਰਕੇ, ਜਦੋਂ ਅਸੀਂ "ਅਹਿੰਸਾ" ਪਰਮੋ ਧਰਮ ਦੇ ਗਾਂਧੀ ਦੇ ਪਵਿੱਤਰ ਗਪੌੜ ਅਤੇ ਟਰੱਸਟੀਸ਼ਿਪ ਬਾਰੇ ਉਸ ਦੇ ਵਿਚਾਰਾਂ ਨੂੰ ਚਿੰਬੜੇ ਹੋਏ ਹਾਂ। ਤੁਸੀਂ ਇਹ ਵੀ ਕਿਹਾ ਹੈ ਕਿ ਜੇ ਗੋਲੀਬਾਰੀ ਹੋਣ ਲੱਗੇ ਤਾਂ ਕੀ ਕਰੋਗੇ.....। ਕੀ ਤੁਸੀਂ ਇਹ ਸੋਚਦੇ ਹੋ ਕਿ ਗਾਂਧੀ ਵਰਗੀ ਹਸਤੀ ਦੀ ਖਿੱਲੀ ਉਡਾਈ ਜਾ ਸਕਦੀ ਹੈ ?----CNN-IBN ਟੀ ਵੀ ਚੈਨਲ ਦੀ ਇੰਟਰਵਿਊਕਾਰ ਸਾਗਰਿਕਾ ਘੋਸ਼,16 ਅਪਰੈਲ 2010

ਅਰੁੰਧਤੀ ਰਾਏ----ਮੈਂ ਸਮਝਦੀ ਹਾਂ ਕਿ ਗਾਂਧੀ 'ਚ ਕਾਫੀ ਕੁੱਝ ਐਸਾ ਹੈ,ਜੋ ਮੌਜੂ ਬਣਾਏ ਜਾਣ ਦਾ ਹੀ ਹੱਕਦਾਰ ਹੈ।ਕੁੱਝ ਐਸੀ ਚੀਜ਼ ਵੀ ਹੈ ਜਿਸਦਾ ਬਹੁਤ ਸਤਿਕਾਰ ਕਰਨਾ ਬਣਦਾ ਹੈ, ਖ਼ਾਸ ਤੌਰ ਤੇ ਖਪਤ ਘੱਟ ਤੋਂ ਘੱਟ ਅਤੇ ਓਨੀਆਂ ਕੁ ਲੋੜਾਂ ਵਾਲ਼ੀ ਜੀਵਨ ਜਾਚ ਜਿਸ ਨਾਲ਼ ਜ਼ਿੰਦਗੀ ਜੀਵੀ ਜਾ ਸਕਦੀ ਹੋਵੇ। ਫਿਰ ਵੀ, ਮੈਂ ਉਹ ਪੜ੍ਹ ਕੇ ਸੁਣਾਉਣਾ ਚਾਹਾਂਗੀ ਜੋ ਉਸਨੇ ਟਰੱਸਟੀਸ਼ਿਪ ਬਾਰੇ ਕਿਹਾ ਸੀ,"ਅਮੀਰ ਆਦਮੀ ਦੀ ਦੌਲਤ ਉਸੇ ਦੇ ਕੋਲ ਰਹੇਗੀ। ਜਿੰਨੀ ਉਸ ਨੂੰ ਆਪਣੀਆਂ ਵਿਆਕਤੀਗਤ ਲੋੜਾਂ ਲਈ ਲੋੜੀਂਦੀ ਹੈ, ਉਹ ਉਸ ਵਿੱਚੋਂ ਵਰਤ ਸਕੇਗਾ ਅਤੇ ਬਾਕੀ ਦੀ ਦੌਲਤ ਦਾ ਉਹ ਟਰੱਸਟੀ ਹੋਵੇਗਾ ਜੋ ਸਮਾਜ ਦੇ ਭਲੇ ਲਈ ਖਰਚ ਕੀਤੀ ਜਾਵੇਗੀ।"ਮੈਂ ਸਮਝਦੀ ਹਾਂ ਕਿ ਇਹ ਐਸਾ ਬਿਆਨ ਹੈ ਜਿਸ ਦਾ ਮੌਜੂ ਉਡਾਇਆ ਜਾ ਸਕਦਾ ਹੈ। ਮੈਨੂੰ ਅਜਿਹਾ ਕਰਨ ਚ ਕੋਈ ਦਿੱਕਤ ਨਹੀਂ ਹੈ।

Charan Gill---ਸਵਾਲ ਇਹ ਹੈ ਕਿ ਕੀ ਗਾਂਧੀ ਦੇ ਦੂਰ ਦ੍ਰਿਸ਼ਟੀ ਵਾਲੇ ਪੱਖਾਂ ਤੋਂ ਪ੍ਰੇਰਨਾ ਲਈ ਜਾਵੇ ਤੇ ਉਨ੍ਹਾਂ ਨੂੰ ਉਭਾਰਿਆ ਜਾਵੇ ਜਾਂ ਉਸਦੀਆਂ 'ਕੁਝ ਮੌਜੂ ਬਣਾਏ ਜਾਣ ਦੀਆਂ ਹੱਕਦਾਰ' ਗੱਲਾਂ ਨੂੰ ਉਭਾਰ ਕੇ ਨਫਰਤ ਫੈਲਾਈ ਜਾਵੇ।ਵੈਸੇ ਭਾਰਤ ਦੇ ਖੱਬੇ ਪੱਖੀਆਂ ਨੇ ਗਾਂਧੀ ਦੀ ਖਿੱਲੀ ਉਡਾਉਣ ਦਾ ਕੰਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਹੇਠਲੇ ਪਧਰ ਤੇ ਤਾਂ ਚਰਿਤਰਘਾਤੀ ਅਸ਼ਲੀਲ ਮਜਾਕਬਾਜੀ ਨੂੰ ਵੀ ਬਥੇਰੀ ਚੱਲੀ ਹੈ। ਖਿਆਲ ਇਹ ਸੀ ਕਿ ਗਾਂਧੀ ਦਾ ਪ੍ਰਭਾਵ ਜੇ ਜਨਤਾ ਤੋਂ ਖਤਮ ਕਰ ਦਿੱਤਾ ਜਾਵੇ ਤਾਂ ਇਨਕਲਾਬ ਅੱਗੇ ਵਧੇਗਾਕਿਤੇ ਅਰੁੰਧਤੀ ਰਾਏ ਅਜਿਹੀ ਹਲਕੀ ਹਰਕਤ ਤਾਂ ਨਹੀਂ ਕਰ ਰਹੀ ਕਿ ਆਪਣੇ ਆਪ ਨੂੰ ਵੱਡਾ ਕਰਨ ਲਈ ਗਾਂਧੀ ਦਾ ਮਜਾਕ ਉਡਾਉਣ ਦਾ ਇਰਾਦਾ ਰਖਦੀ ਹੋਵੇ। ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਗਾਂਧੀ ਤੋਂ ਸਿੱਖਣ ਵਾਲਾ ਸਿੱਖ ਲਈਏ ਅਤੇ ਉਸਦੀਆਂ 'ਕੁਝ ਮੌਜੂ ਬਣਾਏ ਜਾਣ ਦੀਆਂ ਹੱਕਦਾਰ' ਗੱਲਾਂ ਛੱਡ ਦੇਈਏ।

Ashwani Kumar Sawan -----ਵੈਸੇ ਤਾਂ ਅਰੁੰਧਤੀ ਨੇ ਇਸ ਬਿਆਨ ‘ਚ ਸਮੇਂ ਨੂੰ ਨਹੀਂ ਦਰਸਾਇਆ ਪਰ ਮੈਨੂੰ ਅੰਦੇਸ਼ਾ ਹੈ ਕਿ ਬਿਆਨ ਦਾ ਸਮਾਂ ਉਹ ਹੋਵੇਗਾ ਜਦੋਂ ਭਗਤ ਸਿੰਘ ਹੁਣਾ ਦੀ ਵਿਚਾਰਧਾਰਾ ਤੇਜ਼ੀ ਨਾਲ ਫੈਲ ਰਹੀ ਸੀ।ਉਂਝ ਗਾਂਧੀ ਕੋਲ ਆਪਣਾ ਕੁਝ ਵੀ ਨਹੀਂ ਸੀ।ਲੋਕਾਂ ਨੂੰ ਪਤਾ ਹੀ ਨਹੀਂ ਕਿ ਗਾਂਧੀ ਨੇ ਜੋ ਵੀ ਅਹਿੰਸਾ ਵਗੈਰਾ ਦੀ ਗੱਲ ਕੀਤੀ ਹੈ ਉਹ ਉਹਨੇ ਬਾਈਬਲ ਵਿਚੋਂ ਜੀਸਸ ਕਰਾਈਸਸ ਦੀਆਂ ਸਿੱਖਿਆ ਪੱੜ੍ਹਕੇ ਸਿਰਫ ਦੁਹਰਾਈਆਂ ਹਨ…ਤੇ ਅਸੀ ਸੋਚਦੇ ਹਾਂ ਕਿ ਇਹ ਉਹਦੀ ਕੁਦਰਤੀ ਵਿਚਾਰਧਾਰਾ ਦਾ ਹਿੱਸਾ ਹੈ।ਬਾਕੀ ਮੈਨੂੰ ਇਸ ਗੱਲ ਦੀ ਸੰਭਾਵਨਾ ਵੀ ਲੱਗਦੀ ਹੈ ਕਿ ਗਾਂਧੀ ਨੇ ਜੀਸਸ ਦੀਆਂ ਗੱਲਾਂ ਇਸ ਲਈ ਪ੍ਰਚਾਰ ਕੀਤੀਆਂ ਤਾਂ ਜੋ ਅੰਗਰੇਜ਼ਾ ਉੱਤੇ ਉਸ ਦਾ ਪ੍ਰਭਾਵ ਪੈ ਸਕੇ।ਹੋਰ ਮੇਰੀ ਰਾਇ ਮੁਤਾਬਕ ਸਿਆਸਤ ਕਰਨ ਤੋਂ ਇਲਾਵਾ ਗਾਂਧੀ ਨੇ ਦੇਸ਼ ਨੂੰ ਹੋਰ ਕੁਝ ਨਹੀਂ ਦਿੱਤਾ।ਉਹ ਤਾਂ ਸ਼ੁਕਰ ਹੈ ਕਿ ਸਾਡੇ ਪੰਜਾਬੀ ਭਰਾਵਾਂ ਨੇ ਅਜ਼ਾਦੀ ਲਈ ਹੰਭਲਾ ਮਾਰਿਆ ਤੇ ਨਾਇਕ ਬਣ ਗਏ ਗਾਂਧੀ ਤੇ ਨਹਿਰੂ।ਹਾਂ…ਸਭ ਤੋਂ ਵੱਡੀ ਇਹਨਾਂ ਨੇ ਕਰਤੂਤ ਇਹ ਕੀਤੀ ਕਿ ਪੰਜਾਬ ਤੇ ਬੰਗਾਲ ਨੂੰ ਵੰਡ ਦਿੱਤਾ ਤਾਂ ਜੋ ਦੋਵੇਂ ਜੁਝਾਰੂ ਕੌਮਾਂ ਘੱਟ ਗਿਣਤੀ ਤਬਕੇ ‘ਚ ਆ ਜਾਣ

Sudeep Singh-------Well, why should Gandhi be exempted from a rational criticism?
Whereas in reference to above given comment of Roy – she is not maligning him here, but criticizing him logically. Those who do not agree to her views, need answer her logic.By the way, the above comment of Arundhati Roy is part of interview, wherein a seemingly hostile interviewer was grilling her on her essay ‘Walking with the Comrades’. The question raised was – some thing like - “Whether Gandhi is figure deserve to be mocked?” In her reply, she praised Gandhi for certain things and criticized his certain aspects. The above given lines are the part where she is being critical of Gandhi.


ਕੁਲਵਿੰਦਰ ਬੱਛੋਆਣਾ-----CHARAN GILL JI..ਮੇਰੇ ਖਿਆਲ ਕਿਸੇ ਵੀ ਵਿਆਕਤੀ ਦਾ ਸਹੀ ਮੁਲਾਂਕਣ ਉਸਦੇ ਚੰਗੇ ਅਤੇ ਮਾੜੇ ਦੋਵੇਂ ਤਰਾਂ ਦੇ ਪੱਖਾਂ ਨੂੰ ਵਾਚ ਕੇ ਹੀ ਕੀਤਾ ਜਾ ਸਕਦਾ ਹੈ। ਅਰੁੰਧਤੀ ਰਾਏ ਨੇ ਇਸੇਤਰਾਂ ਹੀ ਕੀਤਾ ਹੈ। ਪਰੰਤੂ ਗਾਂਧੀ ਦੈ ਅੰਧਵਿਸ਼ਵਾਸ਼ੀ ਸ਼ਰਧਾਲੂ ੳਸਦੇ "ਕਦੇ ਵੀ ਤੇ ਕਿਤੇ ਵੀ ਨਾ ਲਾਗੂ ਹੋ ਸਕਣ ਵਾਲੇ ਆਦਰਸ਼ਵਾਦ" ਬਾਰੇ ਤਰਕ ਨਾਲ ਸੋਚਣ ਨੂੰ ਤਿਆਰ ਹੀ ਨਹੀਂ। ਗਾਂਧੀ ਨੂੰ "ਬਾਪੂ" ਬਣਾਉਣ ਤੋਂ ਪਹਿਲਾਂ ਅਸੀਂ ਇਹ ਨਹੀ ਸੋਚਿਆ ਕਿ ਉਹ ਅਪਣੇ "ਪੁੱਤਰਾਂ" ਲਈ ਕਿਸਤਰਾਂ ਦਾ ਭਵਿੱਖ ਦੇ ਕੇ ਗਿਆ ਹੈ।


Charan Gill-------ਮਹਾਤਮਾ ਗਾਂਧੀ ਆਪਣੀਆਂ ਸੀਮਾਵਾਂ ਤੋਂ ਸੁਚੇਤ ਸੀ।ਮਹਾਨ ਆਗੂਆਂ ਵਿੱਚੋਂ ਸਵੈ-ਆਲੋਚਨਾ ਕਰਨ ਵਿੱਚ ਸ਼ਾਇਦ ਗਾਂਧੀ ਸਭ ਤੋਂ ਅੱਗੇ ਸੀ.ਉਹ ਇਕਸਾਰ ਹੋਣ ਵਿਚ ਯਕੀਨ ਨਹੀਂ ਸੀ ਰੱਖਦਾ, ਜਿਸ ਤੋਂ ਬਿਨਾ ਕਿਸੇ ਦ੍ਰਿਸ਼ਟੀਕੋਨ ਬਾਰੇ ਕੋਈ ਗੁੰਦਵਾਂ ਬਿਆਨ ਸੰਭਵ ਨਹੀਂ ਹੋ ਸਕਦਾ। ਵਾਸਤਵ ਵਿਚ ਉਹ ਖਿਆਲਾਂ ਦੀ ਇਕਸਾਰਤਾ ਨੂੰ ਛੋਟੇ ਦਿਮਾਗ਼ਾਂ ਦੀ ਸ਼ਰਾਰਤੀ ਕਾਢ ਜਾਂ ਛਲੇਡਾ ਸਮਝਦਾ ਸੀ। ਸਵਾਲ ਇਹ ਹੈ ਕਿ ਕੀ ਜੀਵਨ ਦੀਆਂ ਜਟਿਲਤਾਵਾਂ ਨੂੰ ਕੇਵਲ ਐਲਗੋਰਿਦਮੀਕਲੀ ਸਮਝਿਆ ਜਾ ਸਕਦਾ ਹੈ।----------------------------“ਇਸ ਤਰ੍ਹਾਂ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਲੜਾਈ ਦੇ ਤਿੰਨ ਰੂਪਾਂ ਵਿਚ ਸਾਹਮਣੇ ਆਇਆ। ਇਹ ਸੀ: ਗਤੀਵਿਧੀ ਦੀ ਲੜਾਈ, ਪੈਂਤੜੇ ਦੀ ਲੜਾਈ, ਤੇ ਜ਼ਮੀਨਦੋਜ਼ ਲੜਾਈ। ਗਾਂਧੀ ਜੀ ਦਾ ਸ਼ਾਂਤੀਵਾਦੀ ਸਤਿਆਗ੍ਰਹਿ ਪੈਂਤੜੇ ਦੀ ਲੜਾਈ ਸੀ। ਇਹ ਲੜਾਈ ਕਦੇ ਗਤੀਵਿਧੀ ਦੀ ਲੜਾਈ ਬਣ ਜਾਂਦੀ ਸੀ ਅਤੇ ਕਦੇ ਜ਼ਮੀਨਦੋਜ਼ ਲੜਾਈ। ਬਾਈਕਾਟ ਪੈਂਤੜੇ ਦੀ ਲੜਾਈ ਆਖੀ ਜਾ ਸਕਦੀ ਹੈ ਜਦਕਿ ਕਈ ਪੜਾਵਾਂ ਉੱਤੇ ਹੜਤਾਲਾਂ ਗਤੀਵਿਧੀ ਦੀ ਲੜਾਈ ਬਣ ਜਾਂਦੀਆਂ ਹਨ ਅਤੇ ਹਥਿਆਰ ਤੇ ਲੜਾਕੇ ਦਸਤਿਆਂ ਦੀ ਖੁਫ਼ੀਆ ਤਿਆਰੀ ਜ਼ਮੀਨਦੋਜ਼ ਸੰਗਰਾਮ ਨਾਲ ਸੰਬੰਧ ਰੱਖਦੀ ਹੈ। ਛਾਪਾਮਾਰ ਦਾਅਪੇਚ ਵੀ ਜ਼ਮੀਨਦੋਜ਼ ਸੰਗਰਾਮ ਦਾ ਹੀ ਹਿੱਸਾ ਹਨ।” ---ਪ੍ਰਿਜ਼ਨ ਨੋਟਬੁਕਸ ,ਗ੍ਰੈਮਸਕੀ


Sudeep Singh---------ਤਾਂਕਿ ਚਰਚਾ ਅਰਥ-ਭਰਪੂਰ ਸੰਵਾਦ ਦੀ ਡੋਰੀ ਤੋਂ ਨਾ ਹਿੱਲੇ, ਇਸ ਲਈ ਅਰੰਧੁਤੀ ਰਾਇ ਵਲੋਂ ਉਠਾਏ ਨੁਕਤੇ ਨੂੰ ਧਿਆਨ 'ਚ ਰੱਖਣਾ ਜਰੂਰੀ ਹੈ। ਗਾਂਧੀ ਜੀ ਦਾ ਉਕਤ ਕਥਨ, ਇੱਕ ਰਾਸ਼ਟਰ ਆਗੂ ਦੀ ਹੈਸੀਅਤ 'ਚ, ਮੁਕਤੀ ਲਈ ਜੂਝ ਰਹੀ ਭਾਰਤੀ ਕੌਮ ਦੇ ਸੰਘਰਸ਼ ਦੇ ਨਿਸ਼ਾਨੇ ਪ੍ਰਤੀ ਲੀਡਰਸ਼ਿਪ ਦਾ ਦ੍ਰਿਸ਼ਟੀਕੋਣ ਹੈ। ਉਹਨਾਂ ਦਾ ਵਿਚਾਰ ਕਿ ਅਮੀਰ ਦੌਲਤ ਦੇ ਟ੍ਰਸਟੀ ਹਨ ਜਿਸ ਨੂੰ ਆਪਣੀ ਜਰੂਰਤ ਪੂਰੀ ਕਰਨ ਤੋਂ ਬਾਅਦ ਉਹ ਗਰੀਬਾਂ ਲਈ ਵਰਤਣਗੇ। ਇਹ ਸਮਾਜਕ ਨਾ ਬਰਾਬਰੀ ਅਤੇ ਕਿਰਤ ਦੀ ਲੁੱਟ ਨੂੰ ਸਦਾਚਾਰਕ ਤੌਰ 'ਤੇ ਜਾਇਜ ਠਹਿਰਾਉਣ ਦਾ ਯਤਨ ਹੈ, ਜਿਸ ਵਿੱਚ ਉਹ, ਬਦਕਿਸਮਤੀ ਨਾਲ ਕਾਮਯਾਬ ਰਹੇ। ਇਹ ਤਾਂ, ਮੁਕਤੀ ਲਈ ਜੂਝ ਰਹੇ ਕਰੋੜਾਂ ਭਾਰਤੀਆਂ ਦੇ ਵਿਸ਼ਵਾਸ ਤੇ ਅਥਾਹ ਕੁਰਬਾਨੀਆਂ ਦੇ ਪ੍ਰਸੰਗ 'ਚ ਗੁਨਾਹ ਵਾਂਗ ਹੈ, ਜਿਸਦਾ ਭਰਵਾਂ ਤੇ ਬਾਦਲੀਲ ਮੁਤਾਲਿਆ ਹੋਣਾ ਚਾਹੀਦਾ ਹੈ।

ਪੱਤਰਕਾਰ ਅਲੋਕ ਪ੍ਰਕਾਸ਼ ਪੁਤੁਲ----ਜਿਹੜੇ ਯੂਜੇਨਪਤੀਆਂ ਦੀ ਤੁਸੀ ਗੱਲ ਕਰ ਰਹੇ ਓ,ਉਹਨਾਂ ਦੀ ਇੱਕ ਕਵਿਤਾ ਦਾ ਪੰਜਾਬੀ ਤਰਜੁਮਾ ਵੀ ਹੈ।ਉੱਠੋ ਤੇ ਜਾਗੋ ਓ ਭੁੱਖੇ ਬੰਦੀਓ..!ਹੁਣ ਖਿਚੋ ਲਾਲ ਤਲਵਾਰਾਂ…ਆਖਰ ਕਦੋਂ ਤੱਕ ਸਹੇਂਗਾ ਭਾਈ,ਜ਼ਾਲਮਾਂ ਦਾ ਅੱਤਿਆਚਾਰ..।ਮੇਰਾ ਮਤਲਬ ਜਦੋਂ ਕ੍ਰਾਂਤੀ ਦੀ ਗੱਲ ਤੁਰਦੀ ਹੈ ਤਾਂ ਇੱਥੇ ਵੀ ਤਲਵਾਰਾਂ ਨਾਲ ਹੀ ਹੋ ਰਹੀ ਹੈ।ਇੱਥੇ ਵੀ ਹਿੰਸਾ ਦੀ ਹੀ ਗੱਲ ਤੁਰ ਰਹੀ ਹੈ।ਅਜਿਹੇ ਹਲਾਤਾਂ ‘ਚ ਤੁਹਾਨੂੰ ਗਾਂਧੀ ਪ੍ਰਭਾਵਿਤ ਕਿਵੇਂ ਕਰਦਾ ਹੈ?

ਮਾਓਵਾਦੀ ਕਵੀ ਵਰਵਰ ਰਾਓ--------ਮੈਂ ਬਹੁਤ ਜਗ੍ਹਾ ‘ਤੇ ਬੋਲਿਆ ਹਾਂ,ਇੱਕ ਨੁਕਤੇ ‘ਚ ਮੈਂ ਕੁਝ ਹੱਦ ਤੱਕ ਗਾਂਧੀ ਨੂੰ ਇਸ ਲਈ ਮੰਨਦਾ ਹਾਂ ਕਿ ਇੱਕ(anti-imperialist)ਸਾਮਰਾਜ ਵਿਰੋਧੀ ਦੂਜੀ ਗੱਲ ਇਹ ਐ ਕਿ ਜਿਹੜੇ ਵਿਕਾਸ ਦੇ ਬਾਰੇ ਗਾਂਧੀ ਤੇ ਨਹਿਰੂ ਦੀ ਵਿਚਾਰਧਾਰਾ ਆਉਂਦੀ ਹੈ ਉਹਨਾਂ ਚੋਂ ਵੱਡੇ ਵੱਡੇ ਪ੍ਰੋਜੈਕਟ ਨੂੰ ਹਮਾਇਤ ਦੇਣ ਵਾਲਾ ਨਹਿਰੂ ਹੈ ਤੇ ਛੋਟੇ ਛੋਟੇ ਘਰ ਦੇ ਲਘੂ ਸਨਅਤ ਨੂੰ ਯਾਨਿ ਕਿ(handicrafts)ਹੱਥ ਕਿਰਤ,ਪਿੰਡ ‘ਚ ਲੱਗਣ ਵਾਲੇ(industries, Cottage industries, small scale industries)ਸਨਅਤ,ਸੂਤੀ ਸਨਅਤ,ਖਾਦੀ ਦਾ ਹਮਾਇਤੀ ਗਾਂਧੀ ਹੈ।ਇਹ ਗਾਂਧੀ ਜੋ ਕਹਿੰਦਾ ਹੈ ਅਸੀ ਮੈਂ ਹਮਾਇਤ ਕਰਦਾ ਹਾਂ।

Monday, February 7, 2011

ਮਿਸਰ ਦਾ ਵਿਦਰੋਹ,ਸਮਾਜਿਕ ਮੀਡੀਆ ਤੇ ਭਵਿੱਖ

ਲੋਕਤੰਤਰ ਸਾਸ਼ਨ ਪ੍ਰਬੰਧ ਦੁਨੀਆਂ ਦਾ ਸਭ ਵਧੀਆ ਸਾਸ਼ਨ ਮੰਨਿਆ ਗਿਆ ਹੈ,ਇਸ ਵਿਚ ਕੋਈ ਦੋ ਰਾਂਵਾਂ ਨਹੀਂ ਹਨ।ਲੋਕਤੰਤਰ ਦੀ ਕੀਮਤ ਕੀ ਹੁਦੀ ਹੈ,ਇਹ ਗੁਲਾਮ,ਨਰੰਕੁਸ਼,ਰਾਜਾਸ਼ਾਹੀ ਪ੍ਰਬੰਧਾਂ ਅਧੀਨ ਜੀਵਨ ਗੁਜ਼ਾਰਨ ਵਾਲੇ ਲੋਕਾਂ ਤੋ ਪੁੱਛੀ ਜਾ ਸਕਦੀ ਹੈ, ਜਾਂ ਫਿਰ ਹੁਣ ਪੁੱਛੀ ਜਾ ਸਕਦੀ ਹੈ,ਟਿਉਨੀਸ਼ੀਆ,ਯਮਨ ਅਤੇ ਮਿਸਰ ਦੇ ਲੋਕਾਂ ਤੋਂ, ਜਿਹੜੇ ਸਹਿੰਦੇ ਰਹੇ ਦਹਾਕਿਆਂ ਤੱਕ ਅਲੋਕਤੰਤਰੀ ਸਰਕਾਰਾਂ ਦਾ ਦਮਨਕਾਰੀ ਚੱਕਰ ਨੂੰ, ਸਹਿੰਦੇ ਰਹੇ ਅਪਦੇ ਪਿੰਡਿਆਂ ਤੇ ਅਣਮਨੁੱਖੀ ਤਸ਼ੱਦਦ ।ਇਹ ਤਾਂਘ ਉਹਨਾਂ ਲੋਕਾਂ ਦੇ ਮਨਾਂ ਵਿੱਚ ਦਹਾਕਿਆਂ ਤੱਕ ਪਲਦੀ ਰਹੀ ਤੇ ਭਾਲ ਵਿਚ ਸੀ ਅਜਿਹੇ ਮੌਕੇ ਦੀ ਜਿਸ ਦਾ ਮੌਕਾ ਉਨ੍ਹਾਂ ਨੂੰ ਟਿਉਨੀਸ਼ੀਆ ਦੀ ਜੈਸਮੀਨ ਰੈਵੋਲੂਸ਼ਨ ਨੇ ਦਿੱਤਾ ਹੈ।


ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੋਚਿਆ ਸੀ ਕਿ ਫੇਸਬੁੱਕ ਅਤੇ ਟਵਿਟਰ ਵਰਗੀਆਂ ਵੈੱਬਸਈਟਾਂ ਵੀ ਕ੍ਰਾਂਤੀ ਲਿਆ ਸਕਦੀਆਂ ਹਨ ।ਕਿਸ ਤਰਾਂ ਨੌਜਵਾਂਨ ਪੀੜੀ ਨੇ ਇਹਨਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਕ੍ਰਾਂਤੀ ਲਈ ਤਿਆਰ ਕੀਤਾ ,ਇਹ ਸਭ ਕੁਝ ਲੋਕਾਂ ਦੇ ਸਾਹਮਣੇ ਹੈ ।ਫੇਸਬੁਕ ਅਤੇ ਟਵਿਟਰ ਵਰਗੀਆਂ ਅਨੇਕਾਂ ਸ਼ੋਸ਼ਲ ਨੈੱਟਵਰਕਿੰਗ ਸਾਇਟਾਂ, ਜਿਥੇ ਮਨੁੱਖੀ ਆਜ਼ਾਦੀ ਦੀਆਂ ਵੱਡੀਆਂ ਅਲੰਬਰਦਾਰ ਨੇ,ਉਥੇ ਹੀ ਲੋਕਾਂ ਦਾ ਸ਼ੋਸ਼ਣ ਕਰ ਰਹੀਆਂ ਸਰਕਾਰਾਂ ਦੀ ਵਿਰੁੱਧ ਇਕ ਕਾਰਗਰ ਹਥਿਆਰ ਹੋ ਨਿਬੜਿਆਂ ਹਨ ।ਸੰਸਾਰ ਦੇ ਉਹ ਦੇਸ਼ ਜਿਥੇ ਲੋਕਤੰਤਰ ਸਰਕਾਰਾਂ ਨਹੀਂ ਹਨ, ਉਹਨਾਂ ਲਈ ਬਹੁਤ ਵੱਡਾ ਖਤਰਾ ਹਨ ਇਹ ਸ਼ੋਸਲ ਨੈੱਟਵਰਕਿੰਗ ਸਾਇਟਾਂ।ਇਸਦੀ ਉਦਾਹਰਨ ਨਿੱਤ ਦਿਨ ਵੱਖ-ਵੱਖ ਸਰਕਾਰਾਂ ਦੁਆਰ ਇਹਨਾਂ ਸਾਇਟਾਂ ਨੂੰ ਮਿਲਦੀਆਂ ਬੰਦ ਕਰਨ ਦੀਆਂ ਧਮਕੀਆਂ ਹਨ।

ਜਿੱਥੋਂ ਗੱਲ ਸ਼ੁਰੂ ਕੀਤੀ,ਮੈਂ ਉਥੇ ਫਿਰ ਆਉਂਦਾ ਹਾਂ,ਮਿਸਰ ਤਾਂ ਦੇਰ ਸਵੇਰ ਤੀਹ ਸਾਲਾਂ ਦੇ ਰਾਜਸ਼ਾਹੀ ਸਾਸ਼ਨ ਤੋਂ ਨਿਜਾਤ ਮਿਲ ਜਾਵੇਗੀ,ਪਰ ਸੰਸਾਰ ਦੀ ਇਸ ਮਹੱਤਵਪੂਰਨ ਇਤਹਾਸਕ ਘਟਨਾ ਤੋਂ ਸਾਨੂੰ ਸਿੱਖਣ ਲਈ ਕੀ ਹੈ।ਜਿਹੜਾ ਜਜ਼ਬਾ ਹੁਣ ਮਿਸਰ ਅਤੇ ਟਿਉਨੀਸ਼ੀਆ ਦੇ ਲੋਕਾਂ ਦੇ ਮਨਾਂ ਵਿਚ ਸਾਨੂੰ ਹੁਣ ਦੇਖਣ ਨੂੰ ਮਿਲ ਰਿਹਾ ਹੈ, ਉਹੀ ਜਜ਼ਬਾ ਭਗਤ ਸਿੰਘ,ਰਾਜਗੁਰੂ, ਲਾਲਾ ਲਾਜਪਤ ਰਾਏ ਅਤੇ ਹਜਾਂਰਾ ਨਾਮੀ ਅਤੇ ਬੇਨਾਮੀ ਸਹੀਦਾਂ ਦੇ ਮਨਾਂ ਵਿਚ ਵੀ ਤਾਂਘ ਰਹੀ ਹੋਣੀ ,ਜਿਸ ਨੂੰ ਅੱਜ ਦੀ ਮੌਜੂਦਾ ਪੀੜ੍ਹੀ ਦੇ ਬਹੁਤੇ ਵਰਗ ਨੇ ਚਾਹੇ , ਅਣਚਾਹੇ ਰੂਪ ਵਿੱਚ ਭੁਲਾ ਦਿੱਤਾ ਹੈ ।ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਸਿਰਫ ਉਹਨਾਂ ਦੇ ਜਨਮ ਦਿਨ ਜਾਂ ਸ਼ਹੀਦੀ ਦਿਹਾੜਿਆਂ ਤੇ ।ਦੇਸ਼ ਪ੍ਰੇਮ ਦੀ ਭਾਵਨਾ ਤੋ ਬਗੈਰ ਦੇਸ਼ ਬਹਤਾ ਚਿਰ ਬੁਲੰਦੀਆਂ ਨੂੰ ਨਹੀਂ ਛੂੰਹਦੇ ।

ਮਿਸਰ ਦੇ ਤਹਰੀਰ ਚੌਂਕ ਵਿਚ ਉਸ ਘਟਨਾਂ ਨੇ ਮੈਨੂੰ ਅੰਦਰਂੋ ਹਿਲਾ ਦਿੱਤਾ ਜਦੋ ਇਹ ਖਬਰ ਆਈ ਕਿ ਤਿੰਨ ਹਜ਼ਾਰ ਲੋਕਾਂ ਨੇ ਮਨੁੱਖੀ ਕੜੀ ਬਣਾਕੇ ਕਾਇਰੋ ਵਿਖੇ ਸਥਿਤ ਨੈਸ਼ਨਲ ਮਿਊਜ਼ੀਅਮ ਦੀ ਰਖਵਾਲੀ ਕਰ ਰਹੀ ਸੀ।ਇਹ ਮਿਸਾਲ ਹੈਰਾਨ ਕਰਨ ਵਾਲੀ ਸੀ,ਕਿਉਂਕਿ ਇਸ ਦੇ ਉਲਟ ਸਾਡੇ ਦੇਸ਼ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਸਾਡੇ ਪ੍ਰਦਰਸ਼ਕਾਰੀਆਂ ਦੀ ਵੱਧ ਤੋ ਵੱਧ ਕੋਸ਼ਿਸ਼ ਸਰਕਾਰੀ ਜਾਇਦਾਦ ਨੂੰ ਵੱਧ ਤੋਂ ਵੱਧ ਨੁਕਸਾਨ ਕਰਨ ਦੀ ਹੁੰਦੀ ਹੈ।ਇਕ ਹੋਰ ਸਬਕ ਸਾਡੇ ਬੁਧੀਜੀਵੀ ਵਰਗ ਨੂੰ ਸਿੱਖਣ ਦੀ ਜ਼ਰੂਰਤ ਹੈ,ਉਹ ਹੈ ਕਿ ਚੁੱਪ ਸਭ ਤੋ ਵੱਡਾ ਜ਼ੁਰਮ ਹੁੰਦਾ ਹੈ ।ਇਸ ਵਰਗ ਨੇ ਹੀ ਲੋਕਾਂ ਨੂੰ ਔਖੇ-ਸੌਖੇ ਸਮੇਂ ਵਿਚ ਸੇਧ ਦੇਣੀ ਹੁੰਦੀ ਹੈ ।ਸਭ ਤੋਂ ਵੱਡਾ ਸਬਕ ਸਾਡੀ ਕੇਂਦਰੀ ਅਤੇ ਸੂਬਾ ਸਰਕਾਰਾਂ ਲਈ ਹੈ,ਜਿਹੜੀਆਂ ਸਾਡੇ ਲਚਕਦਾਰ ਜਮਹੂਰੀ ਤੰਤਰ ਵਿਚ ਲੋਕਾਂ ਦੇ ਸਬਰ ਦਾ ਇਮਤਿਹਾਨ ਲੈਣ ਲੱਗੀਆਂ ਹੋਈਆਂ ਹਨ ।ਲੋਕਾਂ ਦਾ ਗੁੱਸਾ ਕਦੋ ਕੀ ਰੂਪ ਅਖਤਿਆਰ ਕਰ ਲਵੇਗਾ ਇਹ ਆਉਣ ਵਾਲਾ ਸਮਾਂ ਹੀ ਤੈਅ ਕਰਗੇ। ਸੰਸਾਰ ਦੀ ਪੰਜਾਹ ਪ੍ਰਤੀਸ਼ਤ ਅਬਾਦੀ ਜਮਹੂਰੀਅਤ ਦਾ ਅਨੰਦ ਮਾਣ ਰਹੀ ਹੈ,ਪਰ ਪੰਜਾਹ ਪ੍ਰਤੀਸ਼ਤ ਅਬਾਦੀ ਨੂੰ ਅਜੇ ਵੀ ਪਤਾ ਨਹੀ ਕਦੋ ਤੱਕ ਇਸ ਤਰਾਂ ਅਲੋਕਤੰਤਰੀ ਸਰਕਾਰਾਂ ਨਾਲ ਜੂਝਣਾਂ ਪੈਣਾ ਹੈ ।ਅਮਰੀਕਾ ਜਿਹੜਾ ਲੋਕਤੰਤਰੀ ਸਰਕਾਰਾਂ ਦਾ ਵੱਡਾ ਅਲੰਬਰਦਾਰ ਕਹਾਉਂਦਾ ਹੈ ,ਉਸ ਦੀ ਭੂਮਿਕਾ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ,ਕਿਉਂਕਿ ਮਿਸਰ ਦਾ ਮੌਜੂਦਾ ਰਾਸ਼ਟਰਪਤੀ ਮੁਬਾਰਕ ਅਮਰੀਕਾ ਦਾ ਤੀਹ ਸਾਲ਼ਾਂ ਤੋ ਅਹਤਿਆਤਦੀ ਬਣਿਆ ਆ ਰਿਹਾ ਹੈ ।ਮਿਸਰ ਦੀ ਅਰਥਵਿਵਸਥਾ ਵੀ ਅਮਰੀਕਾ ਤੇ ਪੂਰੀ ਤਰਾਂ ਨਿਰਭਰ ਹੈ,ਇਸ ਲਈ ਹੁਣ ਦੇਖਣਾ ਹੋਵੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ ।

ਲੇਖ਼ਕ--ਜਰਨੈਲ ਸਿੰਘ

Monday, August 2, 2010

ਦਲਿਤ-ਕਿਸਾਨ:-ਫਰਾਂਸ ਦੇ ਸਾਰਤਰ ਤੋਂ ਲਹਿਰੇਗਾਗੇ ਦੇ ਸੈਮੂਅਲ ਜੌਹਨ ਤੱਕ

ਫੇਸਬੁੱਕ ਦਾ ਮੱਧਵਰਗੀ ਤਮਾਸ਼ਾ
ਰੋਜ਼ਾਨਾ ਦੇ ਕੰਮ ਕਾਰ ਕਰਦੇ ਅਚਾਨਕ ਹੀ ਯਾਦ ਆਇਆ ਕਿ ਕਈ ਦਿਨ ਹੋ ਗਏ ਫੇਸ ਬੁੱਕ ਨਹੀਂ ਖੋਲ੍ਹੀ ਤੇ ਦੋਸਤਾਂ ਮਿੱਤਰਾਂ ਦੀਆਂ ਸਰਗਰਮੀਆਂ ਦੇਖਣ ਲਈ ਆਪਣੇ ਕੰਪਿਊਟਰ ਤੇ ਫੇਸਬੁੱਕ 'ਤੇ ਲੌਗ ਇਨ ਕੀਤਾ ਤਾਂ ਸਾਹਮਣੇ ਯਾਦਵਿੰਦਰ ਦੁਆਰਾ ਸਾਰਤਰ ਦੀ ਲਿਖੀ ਇਹ ਸਤਰ ਪੋਸਟ ਕੀਤੀ ਮਿਲੀ, “ਇਕ ਕਿਸਾਨ ਜਦੋਂ ਹਥਿਆਰ ਉਠਾਉਂਦਾ ਹੈ ਤਾਂ ਉਹ ਮਨੁੱਖਤਾ ਦਾ ਪ੍ਰਤੀਕ ਹੈ”।ਪੜ੍ਹ ਕੇ ਚੰਗਾ ਲੱਗਾ।ਥੱਲੇ ਜਸਦੀਪ ਨੇ ਬੜੇ ਮੂਡ ਵਿਚ ਕੁਮੈਂਟ ਕੀਤਾ ਹੋਇਆ ਸੀ(ਤੇ ਜਦੋਂ ਜੱਟ ਦਾ ਸੀਰੀ ਹਥਿਆਰ ਉਠਾਉਂਦਾ ਹੈ) ਤੇ ਅੱਗੇ ਯਾਦਵਿੰਦਰ ਦਾ ਜਵਾਬ ਤੇ ਫਿਰ ਦੋਨੇ ਕੁਮੈਂਟੋ ਕਮੈਂਟੀ ਹੋ ਗਏ ਤੇ ਇਸ ਦੋਸਤਾਨਾ ਘੋਲ ਵਿਚ ਹੋਰਨਾ ਵਾਂਗੂ ਮੇਰਾ ਵੀ ਸ਼ਾਮਲ ਹੋਣ ਨੂੰ ਮਨ ਕੀਤਾ।ਦੋਹਾਂ ਵਿਚਲੇ ਹੋ ਰਹੀ ਇਸ ਬਹਿਸ ਨੂੰ ਚੌੜ ਨਹੀਂ ਕਿਹਾ ਜਾ ਸਕਦਾ ਤੇ ਪਰ ਦੋਹਾਂ ਦੇ ਵਿਚਾਰਾਂ ਨਾਲ ਹੀ ਸਹਿਮਤ ਨਹੀਂ ਹੋ ਸਕਿਆ।ਇਸ ਲਈ ਇਕ ਲੰਮਾਂ ਕੁਮੈਂਟ ਲਿਖ ਦਿਤਾ।ਪਰ ਮਨ ਹਾਲੇ ਵੀ ਇਧਰ ਹੀ ਸੋਚੀ ਜਾ ਰਿਹਾ ਸੀ।ਇਸ ਪੋਸਟ ਤੇ ਹੋ ਰਹੀ ਬਹਿਸ ਵਿਚ ਕੁਝ ਅਜਿਹਾ ਸੀ ਜਿਸ ਨਾਲ ਮੈਂ ਸਹਿਮਤ ਨਹੀਂ ਸੀ ਤੇ ਇਕ ਗੱਲ ਜੋ ਹੋਰ ਸੀ ਇਹਨਾਂ ਕੁਮੈਂਟਾਂ ਵਿਚ ਹਰ ਹਾਲ ਵਿਚ ਕੁਝ ਸਾਬਤ ਕਰਨ ਦੀ ਸੁਰ ਸੀ ਤੇ ਦੋਹੇਂ ਗੱਲਾਂ ਇਸ ਵਿਚ ਸ਼ਾਮਲ ਹੋਣ ਦੀ ਉਤਸੁਕਤਾ ਪੈਦਾ ਕਰਨ ਲਈ ਕਾਫੀ ਸਨ।ਫਿਰ ਇਸੇ ਸੋਚ ਵਿਚ ਜਦੋਂ ਯਾਦਵਿੰਦਰ ਨੂੰ ਫੋਨ ਕੀਤਾ ਤਾਂ ਓਧਰ ਵੀ ਇਹੋ ਹਾਲ ਸੀ ਬਿਨਾਂ ਕਿਸੇ ਰਸਮੀਂ ਹਾਏ ਹੈਲੋ ਦੇ ਮੂਹਰੋਂ ਸਿੱਧਾ ਮੋੜਵਾਂ ਜਵਾਬ ਇਸੇ ਕੁਮੈਂਟ ਦਾ ਸੀ ਤੇ ਫਿਰ ਬਾਕੀ ਗੱਲਾਂ ਭੁੱਲ ਗਈਆਂ ਤੇ ਇਕ ਸੰਖੇਪ ਗੱਲਬਾਤ ਤੋਂ ਬਾਅਦ ਬਿਨਾਂ ਕਿਸੇ ਨਤੀਜੇ ਤੇ ਪਹੁੰਚਿਆਂ ਫੈਸਲਾ ਇਹ ਹੋਇਆ ਕਿ ਇਸ ਗੱਲਬਾਤ 'ਤੇ ਖੁੱਲ੍ਹੇ ਰੂਪ 'ਚ ਵਿਚਾਰ ਰੱਖੇ ਜਾਣ।

ਇਹਨਾਂ ਗੱਲਾਂ ਨੂੰ ਲਿਖਣ ਦਾ ਫੈਸਲਾ ਵੀ ਰਸਮੀਂ ਨਹੀਂ ਹੈ ਇਸ ਲਈ ਰਸਮੀ ਤੱਥਾਂ ਅਤੇ ਪਰਿਭਾਸ਼ਾਵਾਂ ਦੀ ਉਲਝਣ ਵਿਚ ਵੀ ਪੈਣ ਦਾ ਮੂਡ ਨਹੀਂ ਹੈ।ਇਹ ਲਿਖਤ ਓਹਨਾਂ ਨਾਲ ਸੰਵਾਦ ਛੇੜਨ ਲਈ ਨਹੀਂ ਹੈ ਜੋ ਹਰ ਵਰਤਾਰੇ ਨੂੰ ਆਪਣੇ ਹੀ ਚੌਖਟੇ ਵਿਚ ਰੱਖ ਕੇ ਦੇਖਦੇ ਹਨ ਤੇ ਓਹਨਾਂ ਨਾਲ ਸੰਵਾਦ ਕਰਨ ਲਈ ਵੀ ਨਹੀਂ ਹੈ,ਜੋ ਸਿਧਾਂਤਕਾਰਾਂ ਦੇ ਸਿਧਾਂਤਕਾਰ ਹਨ।ਇਸਦਾ ਮਕਸਦ ਤਾਂ ਸਿਰਫ ਆਪਣੀ ਪੀੜ੍ਹੀ ਦੇ ਉਹਨਾਂ ਲੋਕਾਂ ਨਾਲ ਸੰਵਾਦ ਛੇੜਨ ਲਈ ਹੈ ਜਿਨਾਂ ਨਵੇਂ ਤਜਰਿਬਆਂ ਨੂੰ ਅਹੁਲ ਰਹੀ ਹੈ ਤੇ ਅਮਲਾਂ 'ਚੋਂ ਸਿੱਖਣ ਦੇ ਗੇੜ ਵਿਚ ਹੈ ਤੇ ਉਸ ਸਮੇਂ ਵਿਚ ਜਦੋਂ ਸੀਰੀਅਸ ਵਰਕ ਲਈ ਚਾਰੇ ਪਾਸੇ ਨੈਗਿਟਿਵ ਮਾਹੌਲ ਹੈ ਤੇ ਪ੍ਰੇਰਨਾ ਦੇ ਸਰੋਤ ਬਹੁਤ ਘੱਟ ਹਨ।ਸਭ ਤੋਂ ਖਾਸ ਗੱਲ ਕਿ ਜੋ ਨਵੀਂ ਪੀੜੀ ਦੇ ਲੋਕ ਇਸ ਹਾਲਤ ਵਿਚ ਵੀ ਸੱਚ ਲੱਭਣ ਦੀ ਗੰਭੀਰ ਕੋਸ਼ਿਸ਼ ਕਰ ਰਹੇ ਹਨ।ਉਹਨਾਂ ਨੂੰ ਬਿਨਾਂ ਕਿਸੇ ਹੀਲ ਹੁੱਜਤ ਦੇ ਛਿਤਰੋ ਛਿਤਰੀ ਹੋਣ ਦਾ ਖੁੱਲ੍ਹਾ ਸੱਦਾ ਹੈ।

ਪੋਸਟ ਤੇ ਹੋ ਰਹੀ ਬਹਿਸ ਨੂੰ ਪੜਦਿਆਂ ਇਸ ਗੱਲ ਦੀ ਹੈਰਾਨੀ ਹੋਈ ਕਿ ਇਸ ਸਿਸਟਮ ਦੀ ਨੌਕਰੀ ਨੇ ਸਾਨੂੰ ਕਿੰਨਾ ਮਕੈਨੀਕਲ ਬਣਾ ਦਿੰਦੀ ਹੈ ।ਘੜੇ ਘੜਾਏ ਚੌਖਟਿਆਂ ਵਿਚੋਂ ਬਾਹਰ ਜਾਣ ਤੋਂ ਡਰ ਲੱਗਦਾ ਹੈ,ਹਰ ਗੱਲ ਦਾ ਸਪਸ਼ਟੀਕਰਨ ਦੇਣਾ ਪੈਂਦਾ ਹੈ,ਤੇ ਪੁਰਾਣੀ ਪੀੜ੍ਹੀ ਵਾਂਗੂੰ ਜਿਵੇਂ ਕਿ ਹਮੇਸ਼ਾਂ ਹੁੰਦਾ ਹੈ ਬਹਿਸ ਕਈ ਵਾਰ ਬਹਿਸਣ ਲਈ ਹੀ ਹੁੰਦੀ ਹੈ ਤੇ ਫਿਰ ਨਤੀੌਜਾ ਇਹ ਨਿਕਲਦਾ ਹੈ ਕਿ ਕੁਝ ਸਾਬਤ ਕਰਨ ਦੀ ਕਾਹਲ ਪੈ ਜਾਂਦੀ ਹੈ ਤੇ ਫਿਰ ਸਾਰੀ ਗੱਲਬਾਤ ਦਾ ਸੱਤਿਆਨਾਸ।

ਸੋ ਮਿਤਰੋ ਜਸਦੀਪ ,ਯਾਦਵਿੰਦਰ ਤੇ ਸ਼ਰਾਰਤੀ ਮੂਡ (ਪਰ ਦਿਲਕਸ਼)ਵਾਲਾ ਤੇਜਾ ਇਸ ਗੱਲਬਾਤ ਦੇ ਸਰੋਤ ਹਨ।ਤੇਜੇ ਦੇ ਦੋਹੇਂ ਕੁਮੈਂਟ ਚੰਗੇ ਲੱਗੇ ਇਕ ਤਾਂ ਕਿ “ਜੇ ਹਥਿਆਰ 10-15 ਕਿਲਿਆਂ ਵਾਲੇ ਕਿਸਾਨ ਦੇ ਹੱਥ ਵਿਚ ਹੈ ਤਾਂ ਫੈਸ਼ਨ ਹੈ ਜੇ ਛੋਟੇ ਕਿਸਾਨ ਕੋਲ ਤਾਂ ਮਨੁੱਖਤਾ”।ਤੇ ਦੂਜਾ “ ਸਮਝ ਨਹੀਂ ਲੱਗੀ” ਪੜ ਕੇ ਕਹਿਣ ਨੂੰ ਜੀ ਕਰ ਆਇਆ ਕਿ ਇਹ ਆ ਪੰਜਾਬੀ ਮਾਰੀ ਸਿੱਧੀ ਗਿਟਿਆਂ ਚ।


ਜਸਦੀਪ ਜਦੋਂ ਇਹ ਕੁਮੈਂਟ ਕਰ ਰਿਹਾ ਹੈ ਕਿ ਜਦੋਂ ਕਿਸਾਨ ਦਾ ਸੀਰੀ ਹਥਿਅਰ ਉਠਾਉਂਦਾ ਹੈ ਤੇ ਯਾਦਵਿੰਦਰ ਦਾ ਇਹ ਜਵਾਬ ਕਿ ਸਾਰਤਰ ਦੀ ਟਿੱਪਣੀ ਰਾਜ ਦੀ ਹਿੰਸਾ ਤੇ ਜਬਰ ਦੇ ਵਿਰੋਧ ਦੀ ਹਿੰਸਾ ਦੇ ਸਬੰਧ ਵਿਚ ਹੀ ਹੈ ਤਾਂ ਗੱਲ ਸਾਫ ਹੋ ਜਾਣੀ ਚਾਹੀਦੀ ਸੀ।ਪਰ ਮਸਲਾ ਥੋੜਾ ਹੋਰ ਪਾਸੇ ਚਲਿਆ ਗਿਆ।ਸਾਬਤ ਕਰਨ ਦੇ ਚੱਕਰ ਵਿਚ ਯਾਦਵਿੰਦਰ ਨੇ ਉਦਾਸੀ ਦੇ ਉਹ ਗੀਤ “ਗਲ ਲੱਗ ਕੇ ਸੀਰੀ ਦੇ ਜੱਟ ਰੋਵੇ” ਦੀ ਉਦਾਹਰਨ ਦੇ ਦਿਤੀ ਤੇ ਅੱਗੋਂ ਜਸਦੀਪ ਨੇ ਜਵਾਬੋ ਜਵਾਬੀ ਹੁੰਦਿਆਂ ਦਲਿਤ ਤੇ ਮਜਦੂਰ ਕਿਸਾਨ ਦੇ ਰਿਸ਼ਤੇ ਦੇ ਸਵਾਲ ਨੂੰ ਰਲ ਗੱਡ ਕਰ ਦਿਤਾ।ਹੁਣ ਕੇਂਦਰ ਬਿੰਦੂ ਸਾਰਤਰ ਦੀ ਟਿੱਪਣੀ ਨਹੀਂ ਕਿਸਾਨੀ ਦੇ ਖਾਸੇ ਦੀ ਪ੍ਰੀਭਾਸ਼ਾ ਜਾਂ ਕਿਸਾਨੀ ਨੂੰ ਕਿਸ ਖਾਨੇ ਵਿਚ ਰੱਖਿਆ ਜਾਵੇ ਹੋ ਗਿਆ ਹੈ।ਇਸ ਗੱਲ ਵਿਚੋਂ ਇਕ ਗੱਲ ਜੋ ਉਭਰ ਕੇ ਸਾਹਮਣੇ ਆਈ ਹੈ ਉਹ ਇਹ ਕਿ ਪੰਜਾਬ ਵਿਚ ਜੰਮਪਲ ਕੇ ਵੀ ਅਸੀਂ ਪੰਜਾਬ ਬਾਰੇ ਕਿੰਨਾ ਘੱਟ ਜਾਣਦੇ ਹਾਂ।ਇਸ ਪਾਸੇ ਵੱਲ ਹੋਰ ਜਾਣ ਤੋਂ ਪਹਿਲਾਂ ਸਾਰਤਰ ਦੀ ਟਿਪਣੀ ਦੇ ਸਬੰਧ ਵਿਚ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੀ ਸਮਝ ਮੁਤਾਬਕ ਕਿਸਾਨ ਹੋਵੇ ਭਾਵੇਂ ਕੋਈ ਹੋਰ ਜਦੋਂ ਰਾਜ ਦੀ ਹਿੰਸਾ ਦਾ ਨਪੀੜਿਆ ਕੋਈ ਵੀ ਹਥਿਅਰ ਉਠਾਉਂਦਾ ਹੈ ਤਾਂ ਉਹ ਮਨੁੱਖਤਾ ਹੀ ਨਹੀਂ ਵਿਕਾਸ ਦਾ ਪ੍ਰਤੀਕ ਵੀ ਹੈ।ਰਹੀ ਗੱਲ ਕਿਸਾਨ ਤੇ ਮਜ਼ਦੂਰ ਦੇ ਰਿਸ਼ਤੇ ਦੀ ਤਾਂ ਪਹਿਲਾਂ ਤਾਂ ਇਹ ਗੱਲ ਸਾਫ ਹੋਣੀ ਚਾਹੀਦੀ ਹੈ ਕਿ ਮਜ਼ਦੂਰ ਹੋਣਾ ਜਾਂ ਦਲਿਤ ਹੋਣਾਂ ਦੋਹੇਂ ਇਕੋ ਸਿਕੇ ਦੇ ਦੋ ਪਾਸੇ ਅੱਜ ਦੇ ਸਮਾਜ ਵਿਚ ਤਾਂ ਨਹੀਂ ਹਨ।ਹਾਂ ਬਹੁਤੇ ਦਲਿਤ ਅੱਜ ਵੀ ਮਜ਼ਦੂਰ ਹੀ ਹਨ ਸਗੋਂ ਕਈ ਥਾਂਈ ਤਾਂ ਅਜਿਹੀ ਮਜ਼ਦੂਰੀ ਕਰਨ ਲਈ ਮਜਬੂਰ ਹਨ ਜੋ ਕੋਈ ਵੀ ਹੋਰ ਕਰਨਾ ਨਹੀਂ ਚਾਹੁੰਦੇ ਜਿਵੇਂ ਸਿਰ ਤੇ ਮੈਲਾ ਢੋਣਾ ਸਿਰਫ ਦਲਿਤਾਂ ਦੇ ਹਿੱਸੇ ਆਇਆ ਹੈ ਤੇ ਇਹ ਪ੍ਰਥਾ ਗੈਰ ਕਾਨੂੰਨੀ ਹੋਣ ਦੇ ਬਾਵਜੂਦ ਹਾਲੇ ਵੀ ਪੰਜਾਬ ਵਰਗੇ ਸੂਬੇ ਵਿਚ ਵੀ ਜਾਰੀ ਹੈ।ਭਾਵੇਂ ਥੋੜੇ ਸੁਧਰੇ ਰੂਪ ਵਿਚ ਹੈ।ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਸਾਰੇ ਮਜ਼ਦੂਰ ਦਲਿਤ ਹਨ ਜਾਂ ਵਧੇਰੇ ਸਪਸ਼ਟ ਇਹ ਕਹਿਣਾ ਚਾਹੀਦਾ ਹੈ ਕਿ ਮਜਦੂਰ ਤੇ ਕਿਸਾਨ ਦਾ ਰਿਸ਼ਤਾ ਤੈਅ ਕਰਨ ਸਮੇਂ ਇਹ ਗੱਲ ਹੀ ਮੁੱਖ ਭੂਮਿਕਾ ਨਿਭਾਉਂਦੀ ਹੈ।

ਦਲਿਤਾਂ ਦਾ ਆਰਥਿਕ ਸ਼ੋਸ਼ਣ ਹੀ ਮੁੱਖ ਗੱਲ ਨਹੀਂ ਹੈ ਦਲਿਤਾਂ ਦੇ ਸੰਦਰਭ ਵਿਚ ਤਾਂ ਆਰਥਿਕ ਤੌਰ ਤੇ ਮਜ਼ਬੂਤ ਦਲਿਤ ਵੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ ਤੇ ਇਹ ਸ਼ੋਸ਼ਣ ਮਾਨਸਿਕ ਜ਼ਿਆਦਾ ਹੁੰਦਾ ਹੈ।ਜੇ ਤੁਸੀਂ ਪੰਜਾਬ ਵਿਚ ਰਹਿੰਦੇ ਹੋ ਤੇ ਤੁਹਾਡੇ ਕਿਤੇ ਵਿਚ ਤੁਹਾਡਾ ਕੋਈ ਸਹਿਕਰਮੀ ਦਲਿਤ ਹੈ ਤਾਂ ਤੁਸੀ ਉੱਚ ਜਾਤੀ ਕਰਮਚਾਰੀਆਂ ਇਥੋਂ ਤੱਕ ਕਿ ਉਸਦੇ ਜੂਨੀਅਰਾਂ ਦੇ ਵਤੀਰੇ ਤੋਂ ਬਹੁਤ ਕੁਝ ਸਮਝ ਸਕਦੇ ਹੋ।ਦਲਿਤਾਂ ਦੀ ਹਾਲਤ ਜੇ ਸਮਝਣੀ ਹੈ ਤਾਂ ਇਸ ਵਿਚ ਇਕੋ ਹੀ ਉਦਾਹਰਨ ਕਾਫੀ ਰਹੇਗੀ ।ਬਠਿੰਡੇ ਜ਼ਿਲੇ ਵਿਚ ਭੁੱਚੋ ਮੰਡੀ ਵਿਚ ਬਣਿਆ ਡੇਰਾ ਰੂੰਮੀ ਵਾਲਾ ਵਿਚ ਦਲਿਤਾਂ ਅਤੇ ਉੱਚ ਜਾਤੀਆਂ ਦੇ ਅੱਡ-ਅੱਡ ਲੰਗਰ ਲੱਗਦੇ ਹਨ ਤੇ ਤੁਹਾਡਾ ਰੰਗ ਦੇਖਕੇ ਕੋਈ ਸੇਵਾਦਾਰ ਤੁਹਾਡੀ ਬਾਂਹ ਫੜਕੇ ਇਹ ਕਹਿ ਸਕਦਾ ਹੈ ਕਿ ਤੂੰ ਫਲਾਣੇ ਲੰਗਰ ਵਿਚ ਬੈਠ।

ਮਜ਼ਦੂਰ ਭਾਵੇਂ ਬਹੁਤੇ ਦਲਿਤ ਹੀ ਹਨ ਪਰ ਸਾਰੇ ਮਜ਼ਦੂਰ ਦਲਿਤ ਨਹੀਂ ਹਨ।ਇਸ ਲਈ ਦਲਿਤ ਹੋਣ ਕਰਕੇ ਸੋਸ਼ਣ ਹੋਣਾ ਅਤੇ ਮਜਦੂਰ ਹੋਣ ਕਰਕੇ ਸੋਸ਼ਣ ਹੋਣਾ ਦੋਵੇਂ ਅੱਡ ਗੱਲਾਂ ਹਨ।ਜੇ ਮਜ਼ਦੂਰ ਹੋਣਾ ਤੇ ਦਲਿਤ ਹੋਣਾ ਇਕ ਗੱਲ ਵੀ ਹੁੰਦੀ ਤਾਂ ਵੀ ਦਲਿਤ ਹੋਣ ਕਰਕੇ ਹੋਣ ਵਾਲਾ ਸ਼ੋਸ਼ਣ ਅਤੇ ਮਜ਼ਦੂਰ ਹੋਣ ਕਰਕੇ ਹੋਣ ਵਾਲਾ ਸ਼ੋਸ਼ਣ ਦੋਹੇਂ ਇਕੱਠੇ ਸਹਿਣੇ ਪੇਂਦੇ ਨਾਂ ਕਿ ਇਕੋ ਤਰਾਂ ਦਾ ਸੋਸ਼ਣ ਹੁੰਦਾ।ਸੋ ਇਹ ਤਾਂ ਮੇਰੀ ਨਜ਼ਰ ਵਿਚ ਇਕ ਵੱਖਰਾ ਸਵਾਲ ਹੈ।ਜਿਥੋਂ ਤੱਕ ਰਹੀ ਮਜ਼ਦੂਰ ਦੀ ਗੱਲ ਤਾਂ ਮਜ਼ਦੂਰ ਤੇ ਕਿਸਾਨ ਦਾ ਰਿਸ਼ਤਾ ਦੁਸ਼ਮਣ ਵਾਲਾ ਤਾਂ ਬਿਲਕੁਲ ਨਹੀਂ ਹੈ ਹਾਂ ਹਿਤਾਂ ਦਾ ਵਿਰੋਧ ਜਰੂਰ ਹੈ ਤੇ ਉਹ ਵੀ ਜਮੀਨ ਦੀ ਮਾਲਕੀ ਤੋਂ ਵਿਹੂਣੀ ਹੋ ਚੁੱਕੀ ਕਿਸਾਨੀ ਜਾਂ ਛੋਟੀ ਕਿਸਾਨੀ ਨਾਲ ਨਹੀਂ ਹੈ ਜਿਸਨੂੰ ਕਦੇ ਮਜ਼ਦੂਰ ਦੀ ਲੋੜ ਹੀ ਨਹੀਂ ਪੈਂਦੀ ਜਾਂ ਬਹੁਤ ਘੱਟ ਪੈਂਦੀ ਹੈ।ਤੇ ਹਰ ਤਰਾਂ ਦੀ ਕਿਸਾਨੀ ਵੱਲੋਂ ਸਮੁੱਚੇ ਰੂਪ ਵਿਚ ਮਜ਼ਦੂਰ ਦਾ ਦਿਹਾੜੀ ਦੇ ਰੇਟ ਨੂੰ ਲੈ ਕੇ ਬਾਈਕਾਟ ਕਰਨ ਵਾਲੇ ਮਸਲੇ ਵਿਚ ਜਸਦੀਪ ਠੀਕ ਕਹਿੰਦਾ ਹੈ ਕਿ ਇਥੇ ਕਾਸਟ ਸਿਸਟਮ ਵੀ ਅਸਰ ਪਾਉਂਦਾ ਹੈ।ਕਿਸਾਨੀ ਚੋਂ ਬਾਹਰ ਹੋ ਚੁੱਕੀ ਜਾਂ ਬਾਹਰ ਹੋਣ ਜਾ ਰਹੀ ਧਿਰ ਜੱਟਵਾਦ ਕਰਕੇ ਹੀ ਖੁਦਕਸ਼ੀਆਂ ਨੂੰ ਪਹਿਲ ਦੇ ਰਹੀ ਹੈ ਬਜਾਏ ਮਜ਼ਦੂਰ ਬਣਨ ਦੇ।ਇਹ ਜੱਟਵਾਦ ਹੀ ਹੈ ਜੋ ਆਪਣਾ ਰੋਲ ਅਦਾ ਕਰਦਾ ਹੋਇਆਂ ਉਸ ਕਿਸਾਨੀ ਨੂੰ ਵੀ ਮਜਦੂਰਾਂ ਦੇ ਬਾਈਕਾਟ ਵਿਚ ਸ਼ਾਮਲ ਕਰ ਲੇਂਦਾ ਹੈ।ਕਿਉਂਕਿ ਇਹ ਮਸਲੇ ਪੱਤਰਕਾਰੀ ਦੀਆਂ ਲੈਬਾਂ ਵਿਚ ਬੈਠਕੇ ਹੱਲ ਨਹੀਂ ਹੋਣੇ ਇਸ ਲਈ ਸਿਰਫ ਇੰਨਾ ਹੀ ਕਹਾਂਗਾ ਕਿ ਭਲੇ ਦਿਨ ਆਉਣਗੇ ਜਦੋਂ ਸਾਂਝੇ ਹਿਤਾਂ ਵਾਲਿਆਂ ਦੀ ਯਾਰੀ ਪਵੇਗੀ।

ਇਸ ਬਹਿਸ ਵਿਚ ਜੋ ਦੂਸਰਾ ਇਤਰਾਜ਼ਯੋਗ ਪੱਖ ਜਾਂ ਘਾਟ ਮੈਨੂੰ ਲੱਗੀ ਉਹ ਇਹ ਉਦਾਸੀ ਵਾਲੇ ਗੀਤ ਦੀ ਉਦਾਹਰਨ।ਕਿਸਾਨ ਮਜ਼ਦੂਰ ਦੇ ਰਿਸ਼ਤੇ ਨੂੰ ਤਹਿ ਕਰਨ ਵੇਲੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਪੰਜਾਬ ਵਿਚ ਕੋਈ ਸੀਰੀ ਨਹੀਂ ਹੈ।ਜਾਂ ਤਾਂ ਉਹ ਮਜ਼ਦੂਰ ਨੇ ਜੋ ਰੋਜ਼ ਖੇਤਾਂ ਵਿਚ,ਉਸਾਰੀ ਦੇ ਕੰਮਾਂ ਜਾਂ ਹੋਰ ਕੰਮਾਂ ਲਈ ਸ਼ਹਿਰ ਦੇ ਲੇਬਰ ਚੌਂਕਾਂ ਵਿਚ ਜਾਂਦੇ ਹਨ ਜਾਂ ਫਿਰ ਬੰਦੂਆਂ ਮਜ਼ਦੂਰ ਹਨ ਜੋ ਸਾਲ ਦੇ ਉਕਾ ਪੁੱਕਾ ਪੈਸਿਆਂ ਤੇ ਸਰਦੇ ਪੁੱਜਦੇ ਕਿਸਾਨ ਲਈ ਖੇਤਾਂ ਵਿਚ ਕੰਮ ਕਰਦੇ ਹਨ।ਸੀਰੀ ਪਾਲੀ ਦੀ ਪ੍ਰਥਾ ਪੰਜਾਬ ਵਿਚ ਖਤਮ ਹੋਈ ਨੂੰ ਦਹਾਕੇ ਬੀਤ ਗਏ ਹਨ।ਸੀਰੀ ਪਾਲੀ ਦੀ ਪ੍ਰਥਾ ਵਿਚ ਜੱਟ ਤੇ ਸੀਰੀ ਦੇ ਰੂਪ ਵਿਚ ਉਹ ਦੋ ਵਿਅਕਤੀ ਇਕੱਠੇ ਕੰਮ ਕਰਦੇ ਸਨ ਜਿਸਨਾਂ ਦੀ ਮਿਹਨਤ ਵੀ ਸਾਂਝੀ ਸੀ ਤੇ ਫਸਲ ਵੀ ਸਾਂਝੀ ਭਾਵੇਂ ਬਰਾਬਰ ਨਹੀਂ ਸੀ।ਸਾਡੇ ਇਲਾਕੇ ਵਿਚ ਇਸਨੂੰ ਪੰਜ ਦਵੰਜੀ ਵੀ ਕਹਿੰਦੇ ਸਨ।ਇਸ ਉਹ ਸਮਾਂ ਸੀ ਜਦੋਂ ਫਸਲ ਮਰਨ ਤੇ ਜਾਂ ਘਾਟਾ ਪੈਣ ਤੇ ਸੀਰੀ ਦੇ ਗਲ ਲੱਗ ਕੇ ਜੱਟ ਰੋਂਦਾ ਸੀ।ਕਿਉਂਕਿ ਹਿੱਤ ਸਾਂਝੇ ਸੀ।ਹੁਣ ਵੀ ਹਿਤ ਸਾਂਝੇ ਹਨ ਪਰ ਓਸ ਕਿਸਾਨੀ ਨਾਲ ਜੋ ਮਜਦੂਰ ਬਣਨ ਦੀ ਹਾਲਤ ਵਿਚ ਹੈ ਜਾਂ ਲਗਪਗ ਬਣ ਚੁੱਕੀ ਹੈ।ਦੋਹਾਂ ਦੇ ਰਵਾਇਤੀ ਵਿਰੋਧੀ ਧਨਾਡ ਕਿਸਾਨ ਹਨ ਜਿਸਨੇ ਮਜ਼ਦੂਰ ਦਾ ਖੂਨ ਤੇ ਛੋਟੇ ਕਿਸਾਨ ਦੀ ਜ਼ਮੀਨ ਚੂਸ ਲਈ।ਪਰ ਹੁਣ ਹੋਰ ਵੀ ਬਹੁਤ ਕੁਝ ਹੈ ਜੋ ਇਹਨਾਂ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ।ਸਮਾਂ ਬਦਲ ਰਿਹਾ ਹੈ ਦੋਸਤਾਂ ਦੀਆਂ ਕਤਾਰਾਂ ਬਣਦੀਆਂ ਢਹਿੰਦੀਆਂ ਰਹਿਣਗੀਆਂ।ਬੇਹੱਦ ਮਜ਼ਬੂਤ ਹੋ ਚੁੱਕਾ ਆੜਤੀਆ ਪ੍ਰਬੰਧ,ਮਣਾਂ ਮੂੰਹੀ ਕਰਜਾ ,ਘਟਦੀ ਆਮਦਨ ਤੇ ਨਵਾਂ ਐਸ਼ ਈ ਜੈਡ ਦਾ ਦੈਂਤ।ਇਹ ਨਵੇਂ-ਨਵੇਂ ਤੋਹਫੇ ਨੇ ਖੁੱਲ੍ਹੀ ਆਰਥਿਕ ਮੰਡੀ ਦੇ।ਜਿਨਾਂ ਨੇ ਦੋਸਤਾਂ-ਦੁਸ਼ਮਣਾਂ ਦੇ ਨਵੇਂ ਚਿਹਰੇ ਘੜਨੇ ਹਨ।ਮਜ਼ਦੂਰ ਕਿਸਾਨ ਦੇ ਇਸ ਵਿਰੋਧ ਵਿਚ ਇਕ ਹੋਰ ਧਿਰ ਵੀ ਹੈ ਪਰਵਾਸੀ ਮਜ਼ਦੂਰ ਜਿਸਨੂੰ ਪੰਜਾਬ ਵਿਚ ਕਿਸਾਨ-ਮਜ਼ਦੂਰ ਸਾਰੇ ਭਈਆ ਕਹਿਣ 'ਤੇ ਇਕ ਮੱਤ ਹਨ।ਇਕੱਲੇ ਲੁਧਿਆਣੇ ਵਿਚ ਹੀ ਇਹ ਲੱਖਾਂ ਵਿਚ ਹਨ ਤੇ ਉਹ ਵੀ ਕਾਫੀ ਹੱਦ ਤੱਕ ਜਥੇਬੰਦਕ ਹਾਲਤ ਵਿਚ ਤੇ ਇਹਨਾਂ ਵਿਚੋਂ ਕਾਫੀ ਅਜਿਹੇ ਹਨ ਜੋ ਬਿਹਾਰ ਯੂਪੀ ਦੀਆਂ ਉੱਚ ਜਾਤਾਂ ਨਾਲ ਸਬੰਧ ਰੱਖਦੇ ਹਨ।ਪਰ ਇਹਨਾਂ ਨੂੰ ਪੰਜਾਬੀ ਮਜ਼ਦੂਰ ਵੀ ਨਫਰਤ ਨਾਲ ਦੇਖਦਾ ਹੈ।ਸਰਵੇ ਕਰਵਾ ਕੇ ਵੇਖ ਲਵੋ ਬਹੁਸੰਮਤੀ ਇਹਨਾਂ ਨੂੰ ਪੰਜਾਬੋਂ ਕੱਢਣ 'ਤੇ ਹੋਵੇਗੀ(ਭਾਵੇਂ ਇਹ ਠੀਕ ਵਤੀਰਾ ਨਹੀਂ ਹੈ)।ਇਸ ਬਾਰੇ ਕੀ ਖਿਆਲ ਹੈ ਕੌਣ ਦੁਸ਼ਮਣ ਹੈ, ਕੌਣ ਦੋਸਤ….ਕਿਵੇਂ ਨਿਤਾਰਿਆ ਜਾਵੇ,ਮਜ਼ਦੂਰ ਮਜ਼ਦੂਰ ਨੂੰ ਦੁਸ਼ਮਣ ਸਮਝਦਾ ਹੈ।ਕੁਝ ਫੈਸਲੇ ਸਮੇਂ ਨੇ ਕਰਨੇ ਹਨ ਜਾਂ ਸਿਆਸੀ ਲਹਿਰਾਂ ਨੇ ਇਹ ਕੱਲਾ ਬੁੱਧੀਭੇੜ ਦਾ ਕੰਮ ਨਹੀਂ ਹੈ।ਹਾਂ ਹਾਲਤਾਂ ਨੂੰ ਸਹੀ ਦਿਸ਼ਾ ਵਿਚ ਸਮਝ ਕੇ ਇਸੇ ਦਿਸ਼ਾ ਵਿਚ ਕਹਿਣ ਦੀ ਲੋੜ ਜ਼ਰੂਰ ਦਰਕਾਰ ਹੈ।

ਪੰਜਾਬ ਦਾ ਜਾਣਿਆਂ ਪਛਾਣਿਆਂ ਰੰਗ ਕਰਮੀ ਸੈਮੂਅਲ ਜੌਹਨ,ਜਿਹੜਾ ਨਾਟਕ ਪਿੰਡਾਂ ਦੀਆਂ ਸੱਥਾਂ ਵਿਚ ਤੱਪੜਘਸੀ ਸਟਾਇਲ ਵਿਚ ਖੇਡ ਰਿਹਾ ਹੈ,ਉਹਦੇ ਪਾਤਰ ਦ੍ਰਿਸ਼ਾਂ ਵਿਚ ਕੁਝ ਕਹਿਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਨ।ਜਦੋਂ ਜ਼ਮੀਨੋ ਬਾਹਰ ਹੋ ਰਹੇ ਜੱਟ ਦੇ ਪੁੱਤ ਨੂੰ ਉਸਦੀ ਮਾਂ ਗਰੀਬਾਂ ਦੇ ਮੁੰਡੇ ਨਾਲ ਖੇਡਣ ਤੋਂ ਰੋਕਦੀ ਹੋਈ ਕਹਿੰਦੀ ਹੈ ਕਿ “ਬੂਟਿਆ ਕੰਮੀ ਕੰਮੀਣਾਂ ਨਾਲ ਤੇਰਾ ਕੀ ਮੇਲ, ਜੱਟਾਂ ਦੇ ਮੁੰਡੇ ਮਰਗੇ,ਜੇ ਹੁਣ ਵੇਹੜੇ ਵਾਲਿਆਂ ਨਾਲ ਖੇਡਿਆਂ ਤਾਂ ਲੱਤਾਂ ਤੋੜਦੂੰਂ” ਤੇ ਮਾਂ ਦੀਆਂ ਗਾਲਾਂ ਸੁਣ ਕੇ ਚੁੱਪ ਕਰਨ ਵਾਲਾ ਬੂਟਾ ਸਿਰਫ ਇੰਨਾ ਹੀ ਮਨ ਵਿਚ ਕਹਿੰਦਾ ਕਿ “ਬੇਬੇ ਯਾਰੀ ਆ ਯਾਰੀ ….ਆਏਂ ਛੱਡੀ ਜਾਂਦੀ ਆ ਕਿਤੇ”।ਤੇ ਜਦੋਂ ਬਾਪ ਕਰਜੇ ਦੇ ਬੋਝ ਵਿਚ ਦਿਹਾੜੀ ਜਾਣ ਦੇ ਡਰੋਂ ਖੁਦਕਸ਼ੀ ਕਰ ਜਾਂਦਾ ਹੈ ਤੇ ਬੂਟਾ ਬਾਪ ਦਾ ਕਰਜਾ ਉਤਾਰਦਾ ਜਮੀਨ ਚੋਂ ਬਾਹਰ ਹੋ ਜਾਂਦਾ ਹੈ ਤੇ ਖੁਦਕਸ਼ੀ ਦੀ ਬਜਾਏ ਕਿਸੇ ਜੱਟ ਨਾਲ ਦਿਹਾੜੀ ਜਾਣ ਲਈ ਕੌਲਾ ਚੱਕਦਾ ਹੈ ਤਾਂ ਆਪਣੇ ਦਲਿਤ ਯਾਰ ਨੂੰ ਅਵਾਜ਼ ਮਾਰਦਾ ਹੈ “ ਓਏ ਭੋਲਿਆ ਅੱਜ ਯਾਰੀ ਪੱਕੀ ਹੋ ਗਈ ਔਏ”, ਤੇ ਜ਼ਮੀਨ ਹਥਿਆਉਣ ਵਾਲੇ ਆੜਤੀਏ ਜੱਟ ਸਰਦਾਰ ਵੱਲ ਹੱਥ ਕਰਕੇ ਕਹਿੰਦਾ ਹੈ “ ਜੇ ਹੁਣ ਕੋਈ ਆਪਣੇ ਵਿਚਾਲੇ ਆਇਆ ਤਾਂ ਲੱਤਾਂ ਕਿਹੜਾ ਨਾਂ ਭੰਨਦਿਆਂ ਸਾਲੇ ਦੀਆਂ”

ਸੁਖਚਰਨਪ੍ਰੀਤ ਬਰਨਾਲਾ
ਲੇਖਕ ਪੱਤਰਕਾਰ ਹੈ।