ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਅਸਲੀ ਮਹਾਂਨਾਇਕ. Show all posts
Showing posts with label ਅਸਲੀ ਮਹਾਂਨਾਇਕ. Show all posts

Tuesday, September 3, 2013

'ਮਦਰਾਸ ਕੈਫੇ'--ਸਿਆਸੀ ਘਟਨਾਕ੍ਰਮ ਵਿਖਾਉਣ ਦੀ ਜ਼ੁਅਰਤ

“ਸਾਰਿਆਂ ਦੇ ਆਪੋ ਆਪਣੇ ਸੱਚ ਹੁੰਦੇ ਹਨ,ਨਿਰਭਰ ਕਰਦਾ ਹੈ ਕਿ ਤੁਸੀ ਕਿੱਥੇ ਖੜ੍ਹੇ ਹੋ।”--ਮਦਰਾਸ ਕੈਫੇ ਦਾ ਸੰਵਾਦ

ਸ਼ੂਜਿਤ ਸਰਕਾਰ ਦੀ ਫ਼ਿਲਮ ਸਿਆਸੀ ਘਟਨਾਕ੍ਰਮ ਨੂੰ ਵਿਖਾਉਣ ਦਾ ਸਾਹਸ ਵੀ ਰੱਖਦੀ ਹੈ ਅਤੇ ਕਿਸੇ ਦੇ ਵੀ ਹੱਕ ‘ਚ ਟਿੱਪਣੀ ਨਾ ਕਰਦੀ ਹੋਈ ਇਤਿਹਾਸ ਦੇ ਉਸ ਪਹਿਲੂ ਨੂੰ ਸਾਡੇ ਸਾਹਮਣੇ ਲਿਆਕੇ ਖੜ੍ਹਾ ਵੀ ਕਰਦੀ ਹੈ ਤਾਂ ਕਿ ਅਸੀ ਆਪਣੀ ਟਿੱਪਣੀ ਆਪ ਬਣਾ ਸਕੀਏ।ਫ਼ਿਲਮ ਨਜ਼ਰੀਏ ਦੀ ਗੱਲ ਕਰਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਗਵਾਕੇ ਅਸੀ ਕੀ ਘਾਟਾ ਖਾਧਾ ਅਤੇ ਨਾਲੋਂ ਨਾਲ ਭਾਰਤ ਅੰਦਰ ਬਹੁਭਾਸ਼ੀ ਖੇਤਰ ਅਤੇ ਬਹੁਧਰਮੀ ਖੇਤਰ ਦੀਆਂ ਮਜਬੂਰੀਆਂ ‘ਚ ਸਿਆਸੀ ਸਮਾਜਿਕ ਢਾਂਚੇ ਦੀ ਰੂਪ ਰੇਖਾ ਨੂੰ ਵੀ ਉਜਾਗਰ ਕਰ ਜਾਂਦੀ ਹੈ ਕਿ ਇੱਕ ਰਾਸ਼ਟਰ ਦੇ ਰੂਪ ‘ਚ ਭਾਰਤ ਦੀ ਕਲਪਨਾ ਕਰਨ ਦੌਰਾਨ ਚਣੌਤੀਆਂ ਕੀ ਹਨ। ਫ਼ਿਲਮ ਨੂੰ ਵੇਖਣ ਦੌਰਾਨ ਬਹੁਤ ਗੱਲਾਂ ਤੋਂ ਅਸਹਿਮਤੀ ਹੋ ਸਕਦੀ ਹੈ ਪਰ ਜਿਸ ਦ੍ਰਿਸ਼ਟੀਕੋਣ ਤੋਂ ਸ਼ੁਜਿਤ ਸਰਕਾਰ ਨੇ ਮਦਰਾਸ ਕੈਫੇ ਫ਼ਿਲਮ ਦਾ ਨਿਰਮਾਣ ਕੀਤਾ ਉਸ ਦ੍ਰਿਸ਼ਟੀਕੋਣ ਤੋਂ ਕੁਝ ਗੱਲਾਂ ਮੁੱਢਲੇ ਤੌਰ ‘ਤੇ ਕਰਨੀਆਂ ਬਣਦੀਆਂ ਹਨ।ਜੇ ਸਿਨੇਮਾ ਇੱਕ ਕਲਾ ਹੈ ਤਾਂ ਸ਼ੁਜਿਤ ਨੇ ਉਸ ਕੈਨਵਸ ਨੂੰ ਸਾਬਤ ਕੀਤਾ ਹੈ।ਸਾਹਸੀ ਅਤੇ ਸਿਆਸੀ ਕਹਾਣੀ ਕਹਿਣ ਲਈ ਨਿਰਦੇਸ਼ਕ ਨੂੰ ਬੜਾ ਮਜ਼ਬੂਤ ਹੋਕੇ ਕੰਮ ਕਰਨਾ ਪੈਂਦਾ ਹੈ।ਦੂਜਾ ਸ਼ੂਜਿਤ ਨੇ ਫ਼ਿਲਮ ਦੇ ਰੂਪ ‘ਚ ਸਮਾਜਿਕ ਵਜੇਦਾਰੀ ਤੋਂ ਵੀ ਮੂੰਹ ਨਹੀਂ ਮੋੜਿਆ।ਮਦਰਾਸ ਕੈਫੇ ਬਤੌਰ ਦਰਸ਼ਕ ਦੇ ਰੂਪ ‘ਚ ਸੰਵਾਦ ਕਰਦੀ ਹੋਈ ਦੱਸਦੀ ਹੈ ਕਿ ਸ਼੍ਰੀ ਲੰਕਾ ‘ਚ ਤਮਿਲ ਲੋਕਾਂ ਦੇ ਹੱਕਾਂ ਲਈ ਲੜਨਾ ਇੱਕ ਚਣੌਤੀ ਹੈ ਅਤੇ ਲਿਬਰੇਸ਼ਨ ਟਾਈਗਰ ਆਫ ਤਮਿਲ ਇਲਮ ਦੀ 1976 ਦੀ ਸਥਾਪਨਾ ਤੋਂ ਗੁਜ਼ਰਦੇ ਹੋਏ 1980 ਤੋਂ 2009 ਤੱਕ ਸਮਾਨਤਾ ਅਤੇ ਬੁਹਤਰੀਨ ਹੱਕਾਂ ਲਈ ਵਿੱਢੀ ਜੰਗ ‘ਚ ਲੱਖਾਂ ਦੀਆਂ ਜਾਨਾਂ ਗਈਆਂ ਹਨ।
 
ਇਹ ਫ਼ਿਲਮ ਬੇਹਤਰ ਢੰਗ ਨਾਲ ਦੱਸਦੀ ਹੈ ਸਮਾਜਿਕ ਅਸਮਾਨਤਾ ਚੋਂ ਜਿਸ ਅੰਸਤੋਸ਼ ਨੂੰ ਪਨਾਹ ਮਿਲਦੀ ਹੈ ਉਹ ਕਿਸੇ ਬੇਹਤਰ ਸਮਾਜ ਦੀ ਉਸਾਰੀ ਨੂੰ ਕਿੰਝ ਢਹਿ ਢੇਰੀ ਕਰਦੀ ਹੈ।ਸਾਰੀ ਖੇਡ ਆਰਥਿਕਤਾ ਦੀ ਹੈ।ਧਨਾਢ ਕਿਉਂ ਵੱਡੇ ਆਤੰਕੀ ਗੁੱਟਾਂ ਨੂੰ ਸ਼ਹਿ ਦਿੰਦੇ ਹਨ, ਕਿਉਂ ਉਹਨਾਂ ਨੂੰ ਆਰਥਿਕ ਮਦਦ ਕਰਦੇ ਹਨ ਆਖਰ ਇਹ ਸਾਰੀ ਖੇਡ ਬਜ਼ਾਰੀ ਹਊਆ ਖੜ੍ਹਾ ਕਰਨਾ ਹੀ ਤਾਂ ਹੈ।ਕੈਪਟਲਿਸਟ ਸੁਭਾਅ ਦੀ ਇੱਕ ਪ੍ਰਵਿਰਤੀ ਹੁੰਦੀ ਹੈ ਕਿ ਅਸੰਤੁਲਨ ਨੂੰ ਕਾਇਮ ਕਰਨਾ ਅਤੇ ਬਜ਼ਾਰੀ ਜ਼ਰੂਰਤ ਨੂੰ ਖੜ੍ਹਾ ਰੱਖਣਾ।ਸ਼ੂਜਿਤ ਦੀ ਫ਼ਿਲਮ ਦੀ ਖੂਬਸੂਰਤੀ ਇਹ ਹੈ ਕਿ ਇਹ ਸਿਰਫ ਫ਼ਿਲਮ ਦੀ ਕਹਾਣੀ ਤੱਕ ਮਹਿਦੂਦ ਨਹੀਂ ਹੈ।ਮਦਰਾਸ ਕੈਫੇ ਭਾਰਤ ਦੀ ਪਹਿਲੀ ਇਤਿਹਾਸਕ ਟਿੱਪਣੀਕਾਰ ਫ਼ਿਲਮ ਵਜੋਂ ਖੜ੍ਹਦੀ ਹੈ।ਇਸ ਫ਼ਿਲਮ ਨੂੰ ਕਿਸੇ ਵੀ ਪੱਖ ਦੇ ਹੱਕ ‘ਚ ਨਿਤਰਦੀ ਫ਼ਿਲਮ ਤੋਂ ਪਰੇ ਹੋਕੇ ਵੇਖਣ ਦੀ ਲੋੜ ਹੈ।
 
ਇਸ ਫ਼ਿਲਮ ਨਾਲ ਰਾਜੀਵ ਗਾਂਧੀ ਕਤਲ ਕਾਂਢ ਦੀਆਂ ਕੁਝ ਹੋਰ ਪਰਤਾਂ ਵੀ ਵੱਖ ਵੱਖ ਮੀਡੀਆ ‘ਚ ਸੁਰਖੀਆਂ ‘ਚ ਹਨ।ਜਿਵੇਂ ਕਿ ਰਾਜੀਵ ਗਾਂਧੀ ਕਤਲ ‘ਚ ਸਜ਼ਾਯਾਫਤਾ ਨਾਲਿਨੀ ਦੇ ਵਕੀਲ ਐੱਸ. ਦੋਰਾਸੈਮੀ ਦੀ ਲੰਮੀ ਮੁਲਾਕਾਤ ‘I’ve evidence to prove that Rajiv Gandhi’s murder was an inside job’ ਸਿਰਲੇਖ ਅਧੀਨ ਛਪੀ ਹੈ।ਇਸ ਤੋਂ ਇਲਾਵਾ ਹੋਰ ਵੀ ਕਈ ਤੱਥ ਕਤਲ ਨਾਲ ਸਬੰਧਿਤ ਖੁੱਲ੍ਹਕੇ ਸਾਹਮਣੇ ਆ ਰਹੇ ਹਨ।ਇੰਡੀਆ ਟੂਡੇ ਰਸਾਲੇ ਦੇ ਹਵਾਲੇ ਨਾਲ ‘ਰਾ’ ਦੇ ਬੀ.ਰਮਨ ਆਪਣੀ ਕਿਤਾਬ ‘Cowboys of Raw’ ‘ਚ ਅਜਿਹਾ ਇਸ਼ਾਰੇ ਕਰਦੇ ਹਨ ਕਿ ਪ੍ਰਭਾਕਰਨ ‘ਤੇ ਕੀਤੇ 3 ਅਸਫਲ ਹਮਲਿਆਂ ਨੇ ਰਾਜੀਵ ਗਾਂਧੀ ਦੇ ਕਤਲ ਦੀ ਜ਼ਮੀਨ ਤਿਆਰ ਕੀਤੀ।ਦੂਜੇ ਪਾਸੇ ਕੇ.ਰਘੂਤਮਨ ਦੀ ਕਿਤਾਬ ‘Conspiracy to kill Rajiv Gandhi’ ਇਹ ਖੁਲਾਸਾ ਕਰਦੀ ਹੈ ਕਿ ਲਿੱਟੇ ਨੇ ਜਾਨਬੁਝਕੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਕਹਾਣੀਆ ਬਣਾਈਆ ਸਨ।ਫਿਲਹਾਲ ਫਿਲਮ ਗੁਪਤਚਰ ਸੰਸਥਾਵਾਂ ਦੀ ਅਸਫਲਤਾ ਨੂੰ ਵੀ ਬਿਆਨ ਕਰਦੀ ਹੈ।ਪ੍ਰਭਾਕਰਨ ਨੂੰ ਕ੍ਰਾਂਤੀਕਾਰੀ ਵੀ ਕਹਿੰਦੀ ਹੈ।ਤਮਿਲ ਲੋਕਾਂ ਦੇ ਘਾਣ ਨੂੰ ਵੀ ਬਿਆਨ ਕਰਦੀ ਹੈ ਅਤੇ ਰਾਜੀਵ ਗਾਂਧੀ ਨੂੰ ਗਵਾਉਣ ਉੱਤੇ ਰੋਸ ਵੀ ਪ੍ਰਗਟਾਉਂਦੀ ਹੈ।ਫਿਲਮ ਦੇ ਪੂਰੇ ਘਟਨਾਕ੍ਰਮ ਹਲਾਤਾਂ ਨੂੰ ਬਿਆਨ ਕਰਦੇ ਹਨ ਪਰ ਕਿਸੇ ਤਰ੍ਹਾਂ ਦੀ ਵੀ ਧਾਰਨਾ ਨਹੀਂ ਥੋਪਦੇ। ਮਦਰਾਸ ਕੈਫੇ ਇੱਕ ਬੇਹਤਰੀਨ ਪਾਲੀਟਿਕਲ ਥ੍ਰਿਲਰ ਫ਼ਿਲਮ ਹੋਣ ਦੇ ਬਾਵਜੂਦ ਕੁਝ ਕਮੀਆਂ ‘ਚ ਤਾਂ ਹੈ।ਪਰ ਇਸ ਨਾਲ ਮੈਂ ਸਾਰੇ ਸਿਨੇਮਾ ਦੇ ਕੈਨਵਸ ਨੂੰ ਇੰਝ ਵੀ ਸਮਝਨ ਦੀ ਕੌਸ਼ਿਸ਼ ਕਰ ਰਿਹਾ ਹਾਂ।ਕੀ ਵਾਕਿਆ ਹੀ ਅਜਿਹੀਆਂ ਕਹਾਣੀਆਂ ਨੂੰ ਦਰਸ਼ਕ ਸਵੀਕਾਰਤਾ ਦੇਣ ਲੱਗ ਪਿਆ ਹੈ।ਕਿਉਂ ਕਿ ਆਪਣੀ ਤਰ੍ਹਾਂ ਦੀ ਇਹ ਮੈਨੂੰ ਪਹਿਲੀ ਫ਼ਿਲਮ ਲੱਗੀ।ਹਾਲੀਵੁੱਡ ਸਿਨੇਮਾ ਅੰਦਰ ਵਿਅਕਤੀ ਵਿਸ਼ੇਸ਼ ਜਾਂ ਅਜਿਹੀ ਸਿਆਸੀ ਸਾਜਿਸ਼ ਦੀਆਂ ਕਹਾਣੀਆਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪਰਦੇ ‘ਤੇ ਉੱਤਰੀਆਂ ਹਨ।ਰਾਸ਼ਟਰਪਤੀ ਜਾਨ ਕਨੈਡੀ ਦੇ ਕਤਲ ‘ਤੇ ਅਧਾਰਿਤ ‘ਜੇ.ਐੱਫ.ਕੇ’ 1 ਸਿੰਤਬਰ ਨੂੰ ਸਵਰਗਵਾਸ ਹੋਏ ਬੀ.ਬੀ.ਸੀ ਅਤੇ ਬਾਅਦ ‘ਚ ਅਲ ਜਜ਼ੀਰਾ ਦੇ ਰਿਪੋਟਰ ਡੇਵਿਡ ਫਰੋਸਟ ਅਤੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਵਾਰਤਾਲਾਪ ‘ਤੇ ਅਧਾਰਿਤ ਰਾਨ ਹਾਵਰਡ ਦੀ ਫ਼ਿਲਮ ‘ਫਰੋਸਟ/ਨਿਕਸਨ’ ਸਟੀਵਨ ਸਪੀਲਬਰਗ ਦੀ ਬੇਹਤਰੀਨ ਡੇਨੀਅਲ ਡੇ ਲੇਵਿਸ ਦੀ ਅਦਾਕਾਰੀ ਨਾਲ ਸੱਜੀ ਫ਼ਿਲਮ ‘ਲਿੰਕਨ’ ਇਸੇ ਸ਼੍ਰੇਣੀ ਦੀਆਂ ਫ਼ਿਲਮਾਂ ਹਨ।
 
ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਭਾਰਤੀ ਸਿਨੇਮਾ ਅੰਦਰ ਵਪਾਰਕ ਸਿਨੇਮਾ ਇਸ ਤੋਂ ਪਹਿਲਾਂ ਏਨਾ ਜ਼ਿਆਦਾ ਸਟੀਕ ਸਿਆਸੀ ਗੱਲ ਕਰਦਾ ਨਜ਼ਰ ਨਹੀਂ ਆਇਆ।ਫ਼ਿਲਮ ‘ਕਿੱਸਾ ਕੁਰਸੀ ਕਾ’ ਅਜੇ ਤੱਕ ਪਾਬੰਧੀਸ਼ੁਦਾ ਫ਼ਿਲਮ ਹੈ।ਗੁਲਜ਼ਾਰ ਵੱਲੋਂ ਸੰਜੀਵ ਕੁਮਾਰ ਨਾਲ ਬਣਾਈ ਗਈ ਫ਼ਿਲਮ ‘ਆਂਧੀ’ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।ਵਿਵਾਦਤ ਫ਼ਿਲਮਾਂ ਦੀ ਜਮਾਤ ‘ਚ ਦੀਪਾ ਮਹਿਤਾ ਦੀ ‘ਫਾਇਰ’ ਹੋਵੇ ਜਾਂ ‘ਵਾਟਰ’ ਇਹਨਾਂ ਲਈ ਭਾਰਤੀ ਸੰਗਠਨਾ ਦੀ ਪ੍ਰਤੀਕਿਰਿਆ ਕਦੀ ਵੀ ਨਰਮ ਨਹੀਂ ਰਹੀ ਹੈ।ਕੀ ਸਾਡਾ ਸਿਨੇਮਾ ਹੁਣ ਸਿਆਸੀ ਗੱਲ ਕਹਿਣ ‘ਚ ਸਾਹਸ ਦਿਖਾਉਣ ਲੱਗ ਪਿਆ ਹੈ ਅਤੇ ਲੋਕ ਹੁਣ ਉਸ ਸਿਨੇਮਾ ਨੂੰ ਉਸੇ ਰੂਪ ‘ਚ ਵੇਖਣ ਲਈ ਤਿਆਰ ਹੋ ਰਹੇ ਹਨ।
 
ਕੁਝ ਸਾਰਥਕ ਗੱਲਾਂ ਦੇ ਬਾਵਜੂਦ ਅਜੇ ਭਾਰਤ ਦਾ ਸਿਨੇਮਾ ਸ਼ੁੱਧ ਰੂਪ ‘ਚ ਕਹਾਣੀ ਕਹਿਣ ਦੇ ਰੁਝਾਣ ‘ਚ ਨਹੀਂ ਹੈ।ਬੇਸ਼ੱਕ ਪ੍ਰਕਾਸ਼ ਝਾਅ ਦੀ ਆਰਕਸ਼ਣ,ਚਕਰਵਿਹੂ,ਸੱਤਿਆਗ੍ਰਹਿ ਜਾਂ ਅਨੁਰਾਗ ਕਸ਼ਿਅਪ ਦੀ ਗੈਂਗਸ ਆਫ ਵਾਸੇਪੁਰ ਵਰਗੀਆਂ ਫ਼ਿਲਮਾਂ ਆਈਆਂ ਹਨ।ਪਰ ਅਸੀ ਜਾਣਦੇ ਹਾਂ ਕਿ ਫ਼ਿਲਮ ਆਰਕਸ਼ਣ ਦੇ ਸਮੇਂ ਪ੍ਰਕਾਸ਼ ਝਾਅ ਨੇ ਇਹ ਕਿਹਾ ਸੀ ਕਿ ਹੁਣ ਨਿਰਦੇਸ਼ਕ ਨੂੰ ਫ਼ਿਲਮ ਬਣਾਉਣ ਵੇਲੇ ਸੈਂਸਰ ਦੀ ਮਨਜ਼ੂਰੀ ਤੋਂ ਬਾਅਦ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਵੀ ਬਕਾਇਦਾ ਇਜਾਜ਼ਤ ਲੈਣੀ ਪਿਆ ਕਰੇਗੀ।

ਦੂਜੇ ਪਾਸੇ ਸਾਡੇ ਕੋਲ ਇਹ ਵੀ ਉਦਾਹਰਨਾਂ ਹਨ ਜਿਸ ਸਟੀਕ ਅੰਦਾਜ਼ ਨਾਲ ਸਿੰਕਦਰ ਫ਼ਿਲਮ ਆਪਣੀ ਗੱਲ ਕਹਿੰਦੀ ਹੈ ਜਾਂ ਫ਼ਿਲਮ ‘ਸਾਡਾ ਹੱਕ’ ਪੰਜਾਬੀ ਸਿਨੇਮਾ ‘ਚ ਉਤਰਦੀਆਂ ਹਨ ਉਸ ਦੀ ਅਗਲੀ ਕਤਾਰ ‘ਚ ਰਾਜੀਵ ਸ਼ਰਮਾ ਦੀ ਵਿਦੇਸ਼ੀ ਏਜੰਟਾ ਦੀ ਠੱਗੀ ‘ਚ ਪਿਸ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ‘ਤੇ ਕੇਂਦਰਿਤ ਫ਼ਿਲਮ ਨਾਬਰ ਵੀ ਖੜ੍ਹੀ ਹੈ ਅਤੇ ਬਾਅਦ ‘ਚ 1984 ‘ਤੇ ਅਧਾਰਿਤ ਗੁਰਵਿੰਦਰ ਸਿੰਘ ਦੀ ਵਰਿਆਮ ਸੰਧੂ ਦੀਆਂ ਕਹਾਣੀਆਂ ‘ਤੇ ਕੇਂਦਰਿਤ ਫ਼ਿਲਮ ਵੀ ਹੈ।ਪਰ ਕੁਝ ਫ਼ਿਲਮਾਂ ਦਾ ਬੰਦ ਹੋਣਾ ਜਾਂ ਲੱਟਕਣਾ ਸਾਡੇ ਕੋਲ ਅੱਜ ਵੀ ਸਵਾਲ ਖੜ੍ਹਾ ਕਰਦਾ ਹੈ ਕਿ ਸਾਡਾ ਸਿਨੇਮਾ ਅਸੀ ਉਸ ਰੂਪ ‘ਚ ਖੁਲ੍ਹੇ ਤੌਰ ‘ਤੇ ਵੇਖਣ ਨੂੰ ਤਿਆਰ ਨਹੀਂ ਹੋਵੇ ਜਿਸ ਸਟੀਕ ਰੂਪ ‘ਚ ਵਿਦੇਸ਼ੀ ਸਿਨੇਮਾ ਦੀਆਂ ਫ਼ਿਲਮਾਂ ਸਾਡੇ ਕੋਲ ਹਨ।ਸੰਜੇ ਚੌਹਾਨ ਵੱਲੋਂ ਲਿਖੀ ਜਾ ਰਹੀ ਅਤੇ ਤਿਗਮਾਂਸ਼ੂ ਧੂਲੀਆ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ ਕੁਝ ਸੰਗਠਨਾਂ ਵੱਲੋਂ ਵਿਰੋਧ ਕਾਰਨ ਹੀ ਬੰਦ ਹੋ ਚੁੱਕੀ ਹੈ।ਸੰਜੇ ‘ਬਾਲਮੀਕੀ ਕੀ ਬੰਦੂਕ’ ਨਾਂ ਦੀ ਫ਼ਿਲਮ ਲਿਖ ਰਹੇ ਸਨ।ਇਸ ਸਾਰੇ ਘਟਨਾਕ੍ਰਮ ਨੂੰ ਲੈਕੇ ਸੰਜੇ ਦਾ ਕਹਿਣਾ ਜਦੋਂ ਸਾਡੇ ‘ਤੇ ਇਹ ਦੋਸ਼ ਲੱਗਦੇ ਹਨ ਕਿ ਅਸੀ ਭਾਰਤ ਦੀ ਕਹਾਣੀ ਨਹੀਂ ਕਹਿ ਰਹੇ ਤਾਂ ਇਹ ਗੱਲ ਜ਼ਰੂਰ ਧਿਆਨ ‘ਚ ਰਹੇ ਕੋਈ ਭਾਰਤ ਦੀ ਕਹਾਣੀ ਕਹਿਣ ਤੋਂ ਸਾਨੂੰ ਰੋਕ ਵੀ ਰਿਹਾ ਹੈ ਅਤੇ ਇਸ ਦਾ ਵਿਰੋਧ ਵੀ ਹੋ ਰਿਹਾ ਹੈ ਸੋ ਇਸੇ ਕਾਰਨ ਅਸੀ ਬਾਲਮੀਕੀ ਕੀ ਬੰਦੂਕ ਨਾਂ ਦੀ ਫ਼ਿਲਮ ਬਣਾਉਣ ਦਾ ਖਿਆਲ ਹੀ ਛੱਡ ਦਿੱਤਾ।ਪੀਪਲੀ ਲਾਈਵ ਫ਼ਿਲਮ ਤੋਂ ਬਾਅਦ ਅਨੁਸ਼ਾ ਰਿਜ਼ਵੀ ਅਮਿਤਾਬ ਘੋਸ਼ ਦੇ ਨਾਵਲ ‘ਸੀ ਆਫ ਪਾਪੀਜ਼’ ਨਾਮ ਦੀ ਫ਼ਿਲਮ ਬਣਾ ਰਹੀ ਹੈ।ਅਨੁਸ਼ਾ ਨੇ ਆਰਕਸ਼ਨ ਫ਼ਿਲਮ ਦੇ ਹੰਗਾਮੇ ਦੌਰਾਨ ਇਹ ਪੁੱਛਿਆ ਸੀ ਕਿ ਸਾਡੇ ਦਰਸ਼ਕ ਕਿੰਨੇ ਕੁ ਧੀਰਜ ਵਾਲੇ ਹਨ ਇਹ ਵੀ ਚੰਗੇ ਸਿਨੇਮਾ ਦਾ ਅਧਾਰ ਤੈਅ ਕਰਦਾ ਹੈ।ਅਨੁਸ਼ਾ ਮੁਤਾਬਕ ਉਹ ਜਿਸ ਫ਼ਿਲਮਮ ਦਾ ਨਿਰਮਾਣ ਕਰ ਰਹੀ ਹੈ ਉਸ ਦਾ ਕਥਾਨਕ 1830 ਦੇ ਨੇੜੇ ਤੇੜੇ ਦਾ ਹੈ।ਇਤਿਹਾਸਕ ਤੌਰ ‘ਤੇ ਇਸ ਕਥਾਨਕ ‘ਚ ਇੱਕ ਛੋਟੀ ਜਾਤੀ ਦਾ ਮੁੰਡਾ ਠਾਕੁਰਾਂ ਦੀ ਕੁੜੀ ਨੂੰ ਲੈ ਕੇ ਭੱਜਦਾ ਹੈ।ਉਸ ਕਾਲ ‘ਚ ਮਹਾਤਮਾ ਗਾਂਧੀ ਨਹੀਂ ਸਨ ਜਿਨ੍ਹਾਂ ਨੇ ਜਾਤੀ ਲਈ ਹਰੀਜਨ ਸ਼ਬਦ ਦਿੱਤਾ।ਹੁਣ ਦੱਸੋ ਆਪਣੀ ਕਹਾਣੀ ਦੀ ਮੌਲਿਕਤਾ ਲਈ ਮੈਂ ਉਸ ਮੁੰਡੇ ਨੂੰ ਕਿਰਦਾਰਾਂ ਦੀ ਜ਼ੁਬਾਨ ਤੋਂ ਕੀ ਕਹਿਕੇ ਸੰਬੋਧਿਤ ਕਰਵਾਵਾਂ ਤਾਂ ਕਿ ਇਤਿਹਾਸ ਵੀ ਮੌਲਿਕ ਲੱਗੇ ਅਤੇ ਮੈਨੂੰ ਕਿਸੇ ਜਾਤੀ ਸਗੰਠਨ ਦੇ ਵਿਰੋਧ ਦਾ ਸਾਹਮਣਾ ਵੀ ਨਾ ਕਰਨਾ ਪਵੇ।ਸੋ ਇਹਨਾਂ ਗੱਲਾਂ ‘ਚ ਇਹ ਸਮਝਣਾ ਪਵੇਗਾ ਕਿ ਅਸੀ ਕਿਸੇ ਫ਼ਿਲਮ ਮਾਰਫਤ ਜੋ ਕਹਿ ਰਹੇ ਹਾਂ ਉਸ ਵਿਚਲੀ ਮੌਲਿਕਤਾ ‘ਚ ਭਾਵਨਾ ਕਿਹੋ ਜਿਹੀ ਹੈ।
 
ਫ਼ਿਲਮ 1947 ਅਰਥ ਦਾ ਹਵਾਲਾ ਦੇਵਾਂਗਾ।ਇਸ ਫ਼ਿਲਮ ‘ਚ ਸੰਵਾਦ ਚੱਲਦੇ ਹਨ ਜੋ ਮੁਸਲਮਾਨ,ਹਿੰਦੂ ਤੇ ਸਿੱਖਾਂ ਦਰਮਿਆਨ ਚੱਲ ਰਹੇ ਹਨ।ਸੁਣਨ ਵਾਲਾ ਇਹਨਾਂ ਸੰਵਾਦ ਨੂੰ ਕਿੰਝ ਲੈਂਦਾ ਇਹ ਬਹੁਤ ਅਹਿਮ ਸਵਾਲ ਹੈ।1947 ਦੀ ਲੋਕਾਂ ਵਿੱਚ ਜਿਸ ਫਿਰਕੂ ਵਹਿਸ਼ਤ ਨੂੰ ਇਹਨਾਂ ਸੰਵਾਦਾਂ ਨੇ ਪੇਸ਼ ਕੀਤਾ ਹੈ ਉਹ ਕਿਸੇ ਵੀ ਬੰਦੇ ਨੂੰ ਜਜ਼ਬਾਤੀ ਕਰ ਸਕਦੇ ਹਨ।ਪਰ ਇਹਨਾਂ ਸਾਰੇ ਨੁਕਤਿਆਂ ‘ਤੇ ਇਹ ਜ਼ਰੂਰੀ ਸਮਝਨ ਵਾਲੀ ਗੱਲ ਹੈ ਕਿ ਅਸੀ ਇਤਿਹਾਸ ਦੇ ਉਹਨਾਂ ਹਲਾਤਾਂ ਨੂੰ ਸੰਵੇਦਸ਼ੀਲਤਾ ਦੇ ਕਿਸ ਪੈਮਾਨੇ ‘ਤੇ ਜਜ਼ਬ ਕਰ ਰਹੇ ਹਾਂ।ਅਸਲ ‘ਚ ਅਜਿਹੇ ਸਿਨੇਮਾ ਨੂੰ ਦਰਸ਼ਕਾਂ ਦੇ ਬੌਧਿਕ ਵਿਸ਼ਵਾਸ ਦੀ ਸਖਤ ਜ਼ਰੂਰਤ ਹੈ।ਰਾਹੁਲ ਢੋਲਕੀਆ ਦੀ ਪਰਜ਼ਾਨੀਆਂ,ਗੋਵਿੰਦ ਨਹਿਲਾਨੀ ਦੀ ਦੇਵ,ਨੰਦਿਤਾ ਦਾਸ ਦੀ ਫ਼ਿਰਾਕ ਇਹ ਸਾਰੀਆਂ ਫ਼ਿਲਮਾਂ ਦੌਰਾਨ ਨਿਰਦੇਸ਼ਕ ‘ਚ ਆਪਣੀਆਂ ਫ਼ਿਲਮਾਂ ਪ੍ਰਤੀ ਬੇਰੁੱਖੀ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।ਸੋ ਅਜਿਹੇ ਵਰਤਾਰੇ ‘ਚ ਨਿਰਦੇਸ਼ਕ ਵੱਲੋਂ ਸਾਹਸੀ ਸਿਨੇਮਾ ਦਰਸ਼ਕਾਂ ਦੀ ਸਮਝ ‘ਤੇ ਹੀ ਨਿਰਭਰ ਕਰਦਾ ਹੈ।
 
ਬਦਲਦੇ ਦੌਰ ਦੇ ਭਾਰਤੀ ਸਿਨੇਮਾ ‘ਚ ਗੰਭੀਰਤਾ ਹੋਰ ਵੱਧਣੀ ਚਾਹੀਦੀ ਹੈ।ਆਪਣੇ ਆਪ ‘ਚ ਹੈਰਾਨੀ ਹੁੰਦੀ ਹੈ ਕਿ ਬਹੁਤ ਕਹਾਣੀਆਂ ਸਾਡੇ ਦੇਸ਼ ਦੀਆਂ ਹਨ ਅਤੇ ਉਹਨਾਂ ਕਹਾਣੀਆਂ ‘ਤੇ ਪਹਿਲਾਂ ਫ਼ਿਲਮਾਂ ਵਿਦੇਸ਼ੀ ਫ਼ਿਲਮਸਾਜ਼ਾਂ ਨੇ ਬਣਾਈਆਂ ਹਨ।ਕੀ ਸਾਡੀ ਕਹਾਣੀਆਂ ਦੀ ਸਾਡੇ ਵਿੱਚ ਪ੍ਰਸੰਗਕਿਤਾ ਘੱਟ ਹੈ? ਮਹਾਤਮਾ ਗਾਂਧੀ ਦੀ ਜੀਵਨੀ ‘ਤੇ ਪਹਿਲਾਂ ਫ਼ਿਲਮ ਰਿਚਰਡ ਐਟਨਬਰੋ ਨੇ ਬਣਾਈ ਫਿਰ ਭਾਰਤੀ ਸਿਨੇਮਾ ਨੇ ਗਾਂਧੀ ਜੀਵਨੀ ਨੂੰ ਆਪਣੇ ਸਿਨੇਮਾ ਦਾ ਵਿਸ਼ਾ ਬਣਾਇਆ।ਮੇਰਾ ਮੰਨਣਾ ਹੈ ਕਿ ਸੰਵਾਦ ਬਹੁਤ ਜ਼ਰੂਰੀ ਹੈ ਅਤੇ ਇਸ ਦਾ ਬਾਈਕਾਟ ਨਹੀਂ ਹੋਣਾ ਚਾਹੀਦਾ।ਜੋ ਫ਼ਿਲਮ ਸਿੰਕਦਰ ਦੌਰਾਨ ਹੋਇਆ ਅਜਿਹਾ ਸਿਨੇਮਾ ਦੇ ਕਲਾਤਮਕ ਪੱਖ ਨੂੰ ਵੱਡਾ ਨੁਕਸਾਨ ਹੈ।ਸਿਨੇਮਾ ਅੰਦਰ ਹਰ ਵਿਸ਼ੇ ‘ਤੇ ਬਣੀ ਫ਼ਿਲਮ ਦਾ ਸਵਾਗਤ ਹੋਣਾ ਚਾਹੀਦਾ ਹੈ।ਉਸ ‘ਤੇ ਚਰਚਾ ਹੋਣੀ ਚਾਹੀਦੀ ਹੈ।ਸੰਵੇਦਨਸ਼ੀਲ ਸਿਨੇਮਾ ਧਿਆਨ ਦੀ ਮੰਗ ਕਰਦਾ ਹੈ।
 
ਚਲਦੇ ਚਲਦੇ : ਸ਼ੂਜਿਤ ਸਰਕਾਰ ਨੇ ਇਸ ਤੋਂ ਪਹਿਲਾਂ ਯਹਾਂ,ਸ਼ੂਬਾਈਟ,ਵਿੱਕੀ ਡੋਨਰ ਆਦਿ ਫ਼ਿਲਮਾਂ ਬਣਾਈਆਂ ਹਨ।ਸ਼ੁਜਿਤ ਸਰਕਾਰ ਦੀ ਅਗਲੀ ਆਉਣ ਵਾਲੀ ਫ਼ਿਲਮ ‘ਹਮਾਰਾ ਬਜਾਜ’ ਹੈ।ਫ਼ਿਲਮ ਮਦਰਾਸ ਕੈਫੇ ਦਾ ਪਹਿਲਾਂ ਨਾਮ ‘ਜਾਫਨਾ’ ਰਖਿਆ ਗਿਆ ਸੀ।ਇਸ ਫ਼ਿਲਮ ਨੂੰ 7 ਸਾਲ ਦੀ ਲੰਮੀ ਖੋਜ ਦੌਰਾਨ ਬਣਾਇਆ ਗਿਆ।ਇਸ ਫ਼ਿਲਮ ‘ਤੇ ਪੈਸਾ ਲਗਾਉਣ ਨੂੰ ਕੋਈ ਤਿਆਰ ਨਹੀਂ ਸੀ ਬਾਅਦ ‘ਚ ਜਾਨ ਇਬ੍ਰਾਹਿਮ ਨੇ ਇਸ ਨੂੰ ਆਪਣੀ ਪ੍ਰੋਡਕਸ਼ਨ ‘ਚ ਬਣਾਉਣ ਦਾ ਫੈਸਲਾ ਕੀਤਾ।ਇਸ ਫ਼ਿਲਮ ਦੌਰਾਨ ਫ਼ਿਲਮ ਵਿੱਕੀ ਡੋਨਰ ਦੇ ਨਿਰਮਾਤਾ ਵੀ ਜਾਨ ਇਬ੍ਰਾਹਿਮ ਹੀ ਸਨ।

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ। ਅੱਜਕਲ੍ਹ ਬਾਬੇ ਨਾਨਕ ਦੀ ਵੇਈ ਦੇ ਕੰਢੇ ਅਮੀਰ ਖੁਸਰੋ ਵਾਂਗ 'ਖੁਸਰੋ ਦਰਿਆ ਪ੍ਰੇਮ ਕਾ,ਉਲਟੀ ਵਾ ਕੀ ਧਾਰ,ਜੋ ਉਤਰਾ ਸੋ ਡੂਬ ਗਿਆ,ਜੋ ਡੂਬਾ ਸੋ ਪਾਰ' ਪਿਆਰ ਦੀਆਂ ਰੂਹਾਨੀ ਤਾਰੀਆਂ 'ਚ ਮਸਤ ਹੈ।

Sunday, September 9, 2012

ਜੂਲੀਅਨ ਅਸਾਂਜ ਦਾ ਸ਼ਿਕਾਰੀ ਪਿੱਛਾ: ਆਜ਼ਾਦੀ 'ਤੇ ਹਮਲਾ ਅਤੇ ਪੱਤਰਕਾਰੀ ਦਾ ਮਜ਼ਾਕ

ਆਸਟ੍ਰੇਲੀਆਈ ਪੱਤਰਕਾਰ ਜੌਹਨ ਰਿਚਰਡ ਪਿਲਜਰ (ਜਨਮ 9 ਅਕਤੂਬਰ 1939) ਆਜ਼ਾਦ ਪੱਤਰਕਾਰੀ ਖੇਤਰ ਦੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਹੈ।ਉਨ੍ਹਾਂ ਨੇ ਮਨੁੱਖਤਾ ਉੱਪਰ ਥੋਪੀਆਂ ਨਹੱਕੀਆਂ ਜੰਗਾਂ ਬਾਰੇ ਵਿਸਤਾਰਤ ਰਿਪੋਰਟਿੰਗ ਰਾਹੀਂ ਅਤੇ 50 ਤੋਂ ਵੱਧ ਡਾਕੂਮੈਂਟਰੀ ਫਿਲਮਾਂ ਬਣਾਕੇ ਆਲਮੀ ਸਰਮਾਏਦਾਰੀ ਦਾ ਕਮਾਲ ਦਾ ਪਰਦਾਫਾਸ਼ ਕੀਤਾ ਹੈ। ਪੇਸ਼ ਹੈ ਉਨ੍ਹਾਂ ਦਾ ਤਾਜ਼ਾ ਲੇਖ ਜੋ ਜੂਲੀਅਨ ਅਸਾਂਜ ਮਾਮਲੇ 'ਚ ਘੜੀ ਅਮਰੀਕੀ ਸਾਜਿਸ਼ ਦਾ ਪਰਦਾਫਾਸ਼ ਕਰਦਾ ਹੈ-ਬੂਟਾ ਸਿੰਘ

ਰਤਾਨਵੀ ਹਕੂਮਤ ਵਲੋਂ ਲੰਦਨ ਸਥਿਤ ਐਕੂਆਡੋਰ ਦੇ ਸਫ਼ਾਰਤਖ਼ਾਨੇ ਉੱਪਰ ਹਮਲਾ ਕਰਕੇ ਜੂਲੀਅਨ ਅਸਾਂਜ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦੀ ਅਹਿਮੀਅਤ ਇਤਿਹਾਸਕ ਹੈ। ਕਿਸੇ ਸਮੇਂ ਟੈਲੀਵਿਜ਼ਨ ਸਨਅਤ ਦੇ ਇਕ ਕਾਰੋਬਾਰੀ ਦਾ ਸਾਬਕਾ ਲੋਕ ਸੰਪਰਕ ਅਧਿਕਾਰੀ ਅਤੇ ਸ਼ੇਖ਼ ਰਿਆਸਤਾਂ ਨੂੰ ਹਥਿਆਰ ਵੇਚਣ ਦਾ ਧੰਦਾ ਕਰਦਾ ਰਿਹਾ ਡੇਵਿਡ ਕੈਮਰਨ ਉਨ੍ਹਾਂ ਕੌਮਾਂਤਰੀ ਰਵਾਇਤਾਂ ਦੀਆਂ ਧੱਜੀਆਂ ਉਡਾਉਣ ਲਈ ਐਨ ਢੁੱਕਵਾਂ ਸ਼ਖਸ ਹੈ ਜਿਨ੍ਹਾਂ ਨੂੰ ਬਰਤਾਨਵੀਆਂ ਨੇ ਉੱਥਲ-ਪੁੱਥਲ ਦੇ ਸਮਿਆਂ 'ਚ ਵੀ ਆਂਚ ਨਹੀਂ ਆਉਣ ਦਿੱਤੀ। ਜਿਵੇਂ ਟੋਨੀ ਬਲੇਅਰ ਵਲੋਂ ਇਰਾਕ ਉੱਪਰ ਹਮਲੇ ਦਾ ਸਿੱਟਾ 7 ਜੁਲਾਈ 2005 ਨੂੰ ਲੰਦਨ 'ਚ ਅੱਤਵਾਦੀ ਕਾਰਵਾਈਆਂ 'ਚ ਨਿਕਲਿਆ ਸੀ, ਉਸੇ ਤਰ੍ਹਾਂ ਹੀ ਕੈਮਰਨ ਅਤੇ ਬਦੇਸ਼ ਸਕੱਤਰ ਵਿਲੀਅਮ ਹੇਗ ਨੇ ਦੁਨੀਆ 'ਚ ਬਰਤਾਨਵੀ ਨੁਮਾਇੰਦਿਆਂ ਦੀ ਸੁਰੱਖਿਆ ਦਾਅ 'ਤੇ ਲਾ ਦਿੱਤੀ ਹੈ।

ਬਦੇਸ਼ੀ ਸਫ਼ਾਰਤਖ਼ਾਨਿਆਂ ਵਿਚੋਂ ਕਾਤਲਾਂ ਨੂੰ ਕੱਢਣ ਲਈ ਬਣਾਏ ਕਾਨੂੰਨ ਦਾ ਗ਼ਲਤ ਇਸਤੇਮਾਲ ਕਰਨ ਦੀ ਘੁਰਕੀ ਦੇ ਕੇ, ਉਹ ਵੀ ਇਕ ਬੇਕਸੂਰ ਬੰਦੇ ਨੂੰ ਅਖੌਤੀ ''ਮੁਜਰਮ'' ਵਲੋਂ ਬਦਨਾਮ ਕਰਕੇ, ਹੇਗ ਨੇ ਦੁਨੀਆ 'ਚ ਬਰਤਾਨੀਆ ਦੀ ਹਾਲਤ ਹਾਸੋਹੀਣੀ ਬਣਾ ਦਿੱਤੀ ਹੈ, ਹਾਲਾਂਕਿ ਖ਼ੁਦ ਬਰਤਾਨੀਆ ਵਿਚ ਅਜਿਹੇ ਵਿਚਾਰਾਂ ਨੂੰ ਜ਼ਿਆਦਾਤਰ ਦਬਾਅ ਦਿੱਤਾ ਗਿਆ। ਇੰਡੋਨੇਸ਼ੀਆ 'ਚ ਨਸਲਘਾਤ ਤੋਂ ਲੈ ਕੇ ਇਰਾਕ ਅਤੇ ਅਫ਼ਗਾਨਿਸਤਾਨ ਉੱਪਰ ਹਮਲਿਆਂ ਦੇ ਲੰਮੇ ਖ਼ੂਨੀ ਸਿਲਸਿਲੇ ਦੌਰਾਨ ਬਰਤਾਨੀਆ ਦੀ ਹਮਾਇਤ ਕਰਨ ਵਾਲੇ ਜ਼ੁਅਰਤਮੰਦ ਕਹਾਉਂਦੇ ਅਖ਼ਬਾਰ ਅਤੇ ਰੇਡੀਓ-ਟੀਵੀ ਬ੍ਰਾਡਕਾਸਟਰ ਹੁਣ ਐਕੂਆਡੋਰ ਦੇ ''ਮਨੁੱਖੀ ਹੱਕਾਂ ਦੇ ਰਿਕਾਰਡ'' ਉੱਪਰ ਹਮਲੇ ਕਰਨ 'ਚ ਜੁੱਟੇ ਹੋਏ ਹਨ, ਕਿਉਂਕਿ ਐਕੂਆਡੋਰ ਦਾ ਅਸਲ ਜੁਰਮ ਇਹ ਹੈ ਕਿ ਉਸ ਨੇ ਲੰਦਨ ਅਤੇ ਵਾਸ਼ਿੰਗਟਨ 'ਚ ਬੈਠੇ ਧੱਕੜਾਂ ਨਾਲ ਮੱਥਾ ਲਾਇਆ ਹੈ।

ਇੰਞ ਲਗਦਾ ਹੈ ਜਿਵੇਂ ਓਲਿੰਪਿਕ ਦੀ ਖੁਸ਼ੀ 'ਚ ਤਾੜੀਆਂ ਮਾਰਨ ਵਾਲੇ ਰਾਤੋ-ਰਾਤ ਬਸਤੀਵਾਦੀ ਬਦਮਾਸ਼ੀ ਦਾ ਸ਼ਰੇਆਮ ਮੁਜ਼ਾਹਰਾ ਕਰਨ 'ਤੇ ਉੱਤਰ ਆਏ ਹੋਣ। ਜ਼ਰਾ ਬਰਤਾਨਵੀ ਫ਼ੌਜੀ ਅਫ਼ਸਰ-ਕਮ-ਬੀ ਬੀ ਸੀ ਪੱਤਰਕਾਰ ਮਾਰਕ ਅਰਬਨ ਨੂੰ ਐਕੂਆਡੋਰ ਦੇ ਸਫ਼ਾਰਤਖ਼ਾਨੇ ਦੇ ਬਾਹਰ ਮਿਣ ਮਿਣ ਕਰਦਿਆਂ ਜਨਾਬ ਕ੍ਰਿਸਟੋਫ਼ਰ ਮੇਅਰ ਨਾਲ ''ਵਾਰਤਾਲਾਪ'' ਕਰਦੇ ਨੂੰ ਦੇਖੋ, ਜੋ ਵਾਸ਼ਿੰਗਟਨ 'ਚ ਬਲੇਅਰ ਦਾ ਸਾਬਕਾ ਹਮਾਇਤੀ ਰਿਹਾ ਹੈ। ਇਹ ਜੋੜੀ ਹੈਂਕੜ ਨਾਲ ਗੁੱਸਾ ਜ਼ਾਹਰ ਕਰਦੀ ਹੈ ਕਿ ਵੱਖਰੀ 
ਤਰ੍ਹਾਂ ਦਾ ਅਸਾਂਜ ਅਤੇ ਨਿਧੜਕ ਰੈਫਲ ਕੋਰੇਆ (ਐਕੂਆਡੋਰ ਦਾ ਰਾਸ਼ਟਰਪਤੀ) ਪੱਛਮੀ ਪ੍ਰਬੰਧ ਦੇ ਧਾੜਵੀਪਣ ਦਾ ਪਰਦਾਫਾਸ਼ ਕਿਉਂ ਕਰਦੇ ਹਨ। ਦੀ ਗਾਰਡੀਅਨ ਯੂ ਕੇ ਦੇ ਪੰਨਿਆਂ 'ਚ ਵੀ ਅਜਿਹੀ ਤੌਹੀਨ ਦੇ ਕਾਫ਼ੀ ਉੱਘੜਵੇਂ ਝਲਕਾਰੇ ਮਿਲ ਜਾਂਦੇ ਹਨ। ਇਸ ਨੇ ਹੇਗ ਨੂੰ ''ਤਹੱਮਲ'' ਰੱਖਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਕਿ ਸਫ਼ਾਰਤਖ਼ਾਨੇ 'ਤੇ ਹਮਲਾ ਕੀਤੇ ਜਾਣ ਨਾਲ ''ਲੋੜੋਂ ਵੱਧ ਮੁਸ਼ਕਲ'' ਖੜ੍ਹੀ ਹੋਵੇਗੀ। ਦੀ ਗਾਰਡੀਅਨ ਨੇ ਐਲਾਨ ਕੀਤਾ, ਅਸਾਂਜ ਸਿਆਸੀ ਪਨਾਹਗ਼ੀਰ ਨਹੀਂ ਕਿਉਂਕਿ ''ਕਿਸੇ ਵੀ ਸੂਰਤ 'ਚ ਨਾ ਸਵੀਡਨ ਕਿਸੇ ਐਸੇ ਬੰਦੇ ਨੂੰ ਦੇਸ ਨਿਕਾਲਾ ਦੇਵੇਗਾ ਨਾ ਯੂ ਕੇ ਦੇਵੇਗਾ ਜਿਸ ਨੂੰ ਤਸ਼ੱਦਦ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ।''

ਇਸ ਬਿਆਨ ਵਿਚਲੀ ਗ਼ੈਰਜ਼ਿੰਮੇਵਾਰੀ ਅਸਾਂਜ ਦੇ ਸਮੁੱਚੇ ਮਾਮਲੇ 'ਚ ਦੀ ਗਾਰਡੀਅਨ ਯੂ ਕੇ ਦੀ ਧੋਖੇਬਾਜ਼ ਭੂਮਿਕਾ ਨਾਲ ਕਿੰਨੀ ਮਿਲਦੀ ਜੁਲਦੀ ਹੈ। ਅਖ਼ਬਾਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਿਕੀਲੀਕਸ ਵਲੋਂ ਨਸ਼ਰ ਕੀਤੇ ਦਸਤਾਵੇਜ਼ ਦਰਸਾਉਂਦੇ ਹਨ ਕਿ ਨਾਗਰਿਕ ਹੱਕਾਂ ਦੇ ਮਾਮਲੇ 'ਚ ਸਵੀਡਨ ਅਮਰੀਕਾ ਦੇ ਦਬਾਅ ਅੱਗੇ ਲਗਾਤਾਰ ਗੋਡੇ ਟੇਕਦਾ ਰਿਹਾ ਹੈ। ਦਸੰਬਰ 2001 'ਚ, ਸਵੀਡਿਸ਼ ਹਕੂਮਤ ਨੇ ਦੋ ਮਿਸਰੀ ਨਾਗਰਿਕਾਂ, ਅਹਿਮਦ ਅਗੀਜ਼ਾ ਅਤੇ ਮੁਹੰਮਦਲ-ਜ਼ਾਰੀ ਦੀ ਸਿਆਸੀ ਪਨਾਹ ਅਚਾਨਕ ਰੱਦ ਕਰ ਦਿੱਤੀ, ਉਨ੍ਹਾਂ ਨੂੰ ਸਟਾਕਹੋਮ ਹਵਾਈ ਅੱਡੇ ਉੱਪਰ ਸੀ ਆਈ ਏ ਦੇ ਅਗਵਾ ਕਰੂ ਗ੍ਰੋਹ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਮਿਸਰ ''ਵਾਪਸ ਭੇਜ ਦਿੱਤਾ'' ਗਿਆ, ਜਿੱਥੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਸਵੀਡਨ ਦੇ ਨਿਆਂ ਸਬੰਧੀ ਲੋਕਪਾਲ ਵਲੋਂ ਕੀਤੀ ਛਾਣਬੀਣ 'ਚ ਸਾਹਮਣੇ ਆਇਆ ਕਿ ਹਕੂਮਤ ਨੇ ਦੋਵਾਂ ਦੇ ਮਨੁੱਖੀ ਹੱਕਾਂ ਦਾ ''ਘੋਰ ਉਲੰਘਣ ਕੀਤਾ'' ਸੀ। 2009 'ਚ ਵਿਕੀਲੀਕਸ ਵਲੋਂ ਸੰਨ੍ਹ ਲਾਏ ਅਮਰੀਕੀ ਸਫ਼ਾਰਤਖ਼ਾਨੇ ਦੇ ਕੇਬਲ ਸੁਨੇਹੇ, ਜਿਸਦਾ ਸਿਰਲੇਖ ਸੀ ''ਵਿਕੀਲੀਕਸ ਨੇ ਨਿਰਪੱਖਤਾ ਨੂੰ ਇਤਿਹਾਸ ਦੇ ਕੂੜਾਦਾਨ 'ਚ ਵਗਾਹ ਮਾਰਿਆ'', ਤੋਂ ਸਵੀਡਨ ਦੇ ਕੁਲੀਨ ਵਰਗ ਦੇ ਫੜ੍ਹਮਾਰ ਕਿਰਦਾਰ ਦਾ ਢੌਂਗ ਨੰਗਾ ਹੁੰਦਾ ਹੈ। ਇਕ ਹੋਰ ਅਮਰੀਕੀ ਕੇਬਲ ਸੁਨੇਹੇ ਤੋਂ ਭੇਤ ਖੁੱਲਦਾ ਹੈ ਕਿ ''[ਨਾਟੋ ਨੂੰ ਸਵੀਡਨ ਦੇ ਫ਼ੌਜੀ ਅਤੇ ਖੁਫ਼ੀਆ ਸੇਵਾ ਦੇ] ਸਹਿਯੋਗ ਦੀ ਇੰਤਹਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ'' ਅਤੇ ਜੇ ਇਸ ਨੂੰ ਗੁਪਤ ਨਹੀਂ ਰੱਖਿਆ ਜਾਂਦਾ ਤਾਂ ''ਮੁਲਕ 'ਚ ਹਕੂਮਤ ਦੀ ਆਲਚੋਨਾ ਸ਼ੁਰੂ ਹੋ ਜਾਵੇਗੀ।''


ਸਵੀਡਿਸ਼ ਬਦੇਸ਼ ਮੰਤਰੀ, ਕਾਰਲ ਬਿਲਡ ਵਲੋਂ ਇਰਾਕ ਦੀ ਮੁਕਤੀ ਲਈ ਜਾਰਜ ਡਬਲਯੂ. ਬੁਸ਼ ਦੀ ਕਮੇਟੀ 'ਚ ਬਦਨਾਮ ਆਗੂ ਭੂਮਿਕਾ ਨਿਭਾਈ ਗਈ ਅਤੇ ਰਿਪਬਲਿਕਨ ਪਾਰਟੀ ਦੇ ਘੋਰ ਸੱਜੇਪੱਖੀ ਧੜੇ ਨਾਲ ਇਸ ਦੇ ਗੂੜ੍ਹੇ ਸਬੰਧ ਹਨ। ਸਵੀਡਨ ਦੇ ਸਰਕਾਰੀ ਮੁਕੱਦਮਿਆਂ ਦੇ ਸਾਬਕਾ ਨਿਰਦੇਸ਼ਕ ਸਵੇਨ-ਐਰਿਕ ਐਲਮ ਅਨੁਸਾਰ, ਲਿੰਗਕ ਬਦਤਮੀਜ਼ੀ ਦੇ ਇਲਜ਼ਾਮਾਂ ਦੇ ਅਧਾਰ 'ਤੇ ਅਸਾਂਜ ਨੂੰ ਦੇਸ ਨਿਕਾਲਾ ਦੇਣ ਦਾ ਫ਼ੈਸਲਾ ''ਤਰਕਹੀਣ ਅਤੇ ਮਰਯਾਦਾ ਦੇ ਉਲਟ ਤਾਂ ਹੈ ਹੀ, ਨਜਾਇਜ਼ ਅਤੇ ਬੇਮੇਲ ਵੀ ਹੈ।'' ਪੁੱਛਗਿੱਛ ਲਈ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੇ ਜਾਣ 'ਤੇ ਅਸਾਂਜ ਨੂੰ ਸਵੀਡਨ ਛੱਡਕੇ ਲੰਦਨ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਜਿੱਥੇ, ਉਸ ਨੇ ਫਿਰ ਪੁੱਛਗਿੱਛ ਲਈ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੀ। ਮਈ ਵਿਚ, ਦੇਸ ਨਿਕਾਲੇ ਬਾਰੇ ਆਖ਼ਰੀ ਦਰਖ਼ਾਸਤ ਉੱਪਰ ਫ਼ੈਸਲੇ 'ਚ, ਬਰਤਾਨੀਆ ਦੀ ਸਰਵਉੱਚ ਅਦਾਲਤ ਵਲੋਂ ਕੋਈ ''ਇਲਜ਼ਾਮ'' ਨਾ ਹੋਣ ਦਾ ਜ਼ਿਕਰ ਕਰਕੇ ਆਪਣੀ ਹਾਲਤ ਹੋਰ ਵੀ ਹਾਸੋਹੀਣੀ ਬਣਾ ਲਈ ਗਈ।

ਇਸ ਦੇ ਨਾਲ ਹੀ ਅਸਾਂਜ ਵਿਰੁੱਧ ਨਿੱਜੀ ਗਾਲੀਗਲੋਚ ਭਰੀ ਮੁਹਿੰਮ ਚਲਾਈ ਗਈ। ਇਹ ਜ਼ਿਆਦਾਤਰ ਦੀ ਗਾਰਡੀਅਨ ਯੂ ਕੇ ਦੀ ਘੜੀ ਹੋਈ ਹੈ, ਜੋ ਵਿਕੀਲੀਕਸ ਦੇ ਇੰਕਸ਼ਾਫ਼ਾਂ ਤੋਂ ਚੋਖੇ ਮੁਨਾਫ਼ੇ ਕਮਾਕੇ ਹੁਣ, ਦੁਰਕਾਰੇ ਆਸ਼ਕ ਵਾਂਗ, ਜਾਣਕਾਰੀ ਦੇ ਸਾਬਕਾ ਸੂਤਰ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ। ਗਾਰਡੀਅਨ ਯੂ ਕੇ ਦੀ ਇਸ ਬਾਰੇ ਛਾਪੀ ਕਿਤਾਬ ਨੇ ਹਾਲੀਵੁੱਡ ਫਿਲਮਾਂ ਵਾਂਗ ਮੋਟੀ ਕਮਾਈ ਕੀਤੀ ਹੈ, ਪਰ ਇਸ 'ਚੋਂ ਫੁੱਟੀ ਕੌਡੀ ਵੀ ਅਸਾਂਜ ਜਾਂ ਵਿਕੀਲੀਕਸ ਨੂੰ ਨਹੀਂ ਦਿੱਤੀ ਗਈ। ਇਸ ਦੇ ਲੇਖਕ, ਡੇਵਿਡ ਲੇਹ ਅਤੇ ਲਿਊਕ ਹਾਰਡਿੰਗ ਅਸਾਂਜ, ਨੂੰ ''ਦਾਗ਼ੀ ਸ਼ਖਸੀਅਤ'' ਅਤੇ ''ਬੇਰਹਿਮ'' ਗਰਦਾਨਕੇ ਅਕਾਰਣ ਹੀ ਗਾਲ੍ਹਾਂ ਦੇ ਰਹੇ ਹਨ। ਇਨ੍ਹਾਂ ਨੇ ਉਹ ਗੁਪਤ ਪਾਸਵਰਡ ਵੀ ਨਸ਼ਰ ਕਰ ਦਿੱਤਾ ਜੋ ਅਸਾਂਜ ਨੇ ਅਖ਼ਬਾਰ 'ਤੇ ਭਰੋਸਾ ਕਰਕੇ ਇਸ ਦੇ ਹਵਾਲੇ ਕਰ ਦਿੱਤਾ ਸੀ। ਇਹ ਉਸ ਡਿਜੀਟਲ ਫਾਈਲ ਦੀ ਸੁਰੱਖਿਆ ਲਈ ਬਣਾਇਆ ਗਿਆ ਸੀ ਜਿਸ ਵਿਚ ਅਮਰੀਕੀ ਸਫ਼ਾਰਤਖ਼ਾਨੇ ਦੇ ਕੇਬਲ ਸੁਨੇਹਿਆਂ ਦਾ ਰਿਕਾਰਡ ਹੈ। 20 ਅਗਸਤ ਨੂੰ ਹਾਰਡਿੰਗ ਨੇ ਐਕੂਆਡੋਰ ਦੇ ਸਫ਼ਾਰਤਖ਼ਾਨੇ ਤੋਂ ਬਾਹਰ ਆਕੇ, ਆਪਣੇ ਬਲਾਗ ਉੱਪਰ ਬਾਘੀਆਂ ਪਾਈਆਂ, ''ਸਕਾਟਲੈਂਡ ਯਾਰਡ ਨਹਿਲੇ 'ਤੇ ਦਹਿਲਾ ਮਾਰ ਸਕਦਾ ਹੈ।'' ਕਿੰਨਾ ਵਿਅੰਗਮਈ ਹੈ, ਜੇ ਇਹ ਪੂਰੀ ਤਰ੍ਹਾਂ ਢੁੱਕਦਾ ਹੋਵੇ, ਕਿ ਅਖ਼ਬਾਰ ਵਲੋਂ ਅਸਾਂਜ ਨੂੰ ਬੇਰਹਿਮੀ ਨਾਲ ਦੁਰਕਾਰਨਾ ਇਸੇ ਵਿਸ਼ੇ ਬਾਰੇ ਮਰਡੌਕ ਪ੍ਰੈੱਸ ਦੀ ਤੁਅੱਸਬੀ ਭਵਿੱਖਬਾਣੀਨੁਮਾ ਬਿਆਨਬਾਜ਼ੀ ਨਾਲ ਕਿੰਨਾ ਮਿਲਦਾ ਜੁਲਦਾ ਹੈ। ਕਿੰਨਾ ਅਜੀਬ ਹੈ ਇਹ! ਲੈਵੀਸਨ ਜਾਂਚ (ਨਿਊਜ਼ ਇੰਟਰਨੈਸ਼ਨਲ ਫ਼ੋਨ ਹੈਕਿੰਗ ਘੁਟਾਲੇ ਪਿੱਛੋਂ ਲਾਰਡ ਜਸਟਿਸ ਲੈਵੀਸਨ ਦੀ ਅਗਵਾਈ 'ਚ 13 ਜੁਲਾਈ 2011 ਨੂੰ ਬਰਤਾਨਵੀ ਪ੍ਰੈੱਸ ਦੀ ਨੈਤਿਕਤਾ ਦੀ ਪੜਤਾਲ ਲਈ ਬਣਾਈ ਕਮੇਟੀ-ਅਨੁਵਾਦਕ), ਹੈਕਗੇਟ ਘੁਟਾਲਾ (ਨਿਊਜ਼ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਨਿਊਜ਼ ਇੰਟਰਨੈਸ਼ਨਲ ਵਲੋਂ ਪ੍ਰਕਾਸ਼ਤ ਬਰਤਾਨਵੀ ਅਖ਼ਬਾਰਾਂ ਵਲੋਂ ਖ਼ਬਰਾਂ ਘੜਨ ਖ਼ਾਤਰ ਪੁਲਿਸ ਨੂੰ ਰਿਸ਼ਵਤ, ਫ਼ੋਨਾਂ 'ਚ ਸੰਨ੍ਹ ਲਾਉਣ ਅਤੇ ਹੋਰ ਨਜਾਇਜ਼ ਢੰਗ ਵਰਤਣ ਦਾ ਘੁਟਾਲਾ-ਅਨੁਵਾਦਕ) ਅਤੇ ਮਾਣਯੋਗ, ਆਜ਼ਾਦ ਪੱਤਰਕਾਰੀ ਦੀ ਸ਼ਾਨ ਕਿਵੇਂ ਘੱਟੇ ਰੁਲ ਰਹੀ ਹੈ।

ਅਸਾਂਜ ਨੂੰ ਸਤਾਉਣ ਵਾਲੇ ਉਸ ਦੇ ਮੁਕੱਦਮੇ ਨੂੰ ਤੂਲ ਦੇ ਰਹੇ ਹਨ। ਉਸ ਉੱਪਰ ਕੋਈ ਜੁਰਮ ਨਹੀਂ ਹੈ, ਉਹ ਨਿਆਂ ਪ੍ਰਣਾਲੀ ਤੋਂ ਭਗੌੜਾ ਨਹੀਂ ਹੈ। ਮਾਮਲੇ 'ਚ ਸ਼ਾਮਲ ਕੀਤੀਆਂ ਔਰਤਾਂ ਦੇ ਟੈਕਸਟ ਸੁਨੇਹਿਆਂ ਸਮੇਤ ਸਵੀਡਿਸ਼ ਮੁਕੱਦਮੇ ਦੇ ਦਸਤਾਵੇਜ਼ਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਸੈਕਸ ਨਾਲ ਸਬੰਧਤ ਇਲਜ਼ਾਮ ਕਿੰਨੇ ਬੇਤੁਕੇ ਹਨ-ਇਹ ਇਲਜ਼ਾਮ ਸਟਾਕਹੋਮ ਦੀ ਸੀਨੀਅਰ ਸਰਕਾਰੀ ਵਕੀਲ ਇਵਾ ਫਿਨੇ ਨੇ, ਇਕ ਸਿਆਸਤਦਾਨ ਕਲੈਸ ਬੌਰਜਸਟਰ ਦੇ ਦਖ਼ਲਅੰਦਾਜ਼ੀ ਕਰਨ ਤੋਂ ਪਹਿਲਾਂ, ਤੁਰੰਤ ਰੱਦ ਕਰ ਦਿੱਤੇ ਸਨ। ਬਰੈਡਲੇ ਮੈਨਿੰਗ ਦਾ ਮੁਕੱਦਮਾ ਸ਼ੁਰੂ ਹੋਣ ਦੇ ਮੁੱਢਲੇ ਅਮਲ ਸਮੇਂ, ਅਮਰੀਕੀ ਫ਼ੌਜ ਦੇ ਇਕ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਸੀ ਕਿ ਐੱਫ ਬੀ ਆਈ ''ਵਿਕੀਲੀਕਸ ਦੇ ਬਾਨੀਆਂ, ਮਾਲਕਾਂ ਜਾਂ ਪ੍ਰਬੰਧਕਾਂ'' ਨੂੰ ਜਾਸੂਸੀ ਕਾਰਨ ਗੁਪਤ ਤੌਰ 'ਤੇ ਨਿਸ਼ਾਨਾ ਬਣਾ ਰਹੀ ਹੈ। ਚਾਰ ਵਰੇ ਪਹਿਲਾਂ, ਵਿਕੀਲੀਕਸ ਵਲੋਂ ਨਸ਼ਰ ਕੀਤੇ ਗਏ ਪੈਂਟਾਗਾਨ ਦੇ ਇਕ ਦਸਤਾਵੇਜ਼, ਜਿਸ ਵੱਲ ਘੱਟ ਹੀ ਗ਼ੌਰ ਕੀਤਾ ਗਿਆ, 'ਚ ਬਿਆਨ ਕੀਤਾ ਗਿਆ ਕਿ ਕਿਵੇਂ ਵਿਕੀਲੀਕਸ ਅਤੇ ਅਸਾਂਜ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਕੇ ਤਬਾਹ ਕੀਤਾ ਜਾਵੇਗਾ ਅਤੇ ''ਫ਼ੌਜਦਾਰੀ ਮੁਕੱਦਮੇ'' 'ਚ ਫਸਾਇਆ ਜਾਵੇਗਾ। 18 ਅਗਸਤ ਨੂੰ ਸਿਡਨੀ ਮਾਰਨਿੰਗ ਹੇਰਾਲਡ ਨੇ ਸੂਚਨਾ ਦੀ ਆਜ਼ਾਦੀ ਤਹਿਤ ਸਰਕਾਰੀ ਫਾਈਲਾਂ ਨਸ਼ਰ ਕਰਨ ਦੀ ਮੁਹਿੰਮ ਦੁਆਰਾ, ਭੇਤ ਖੋਲਿਆ ਕਿ ਆਸਟ੍ਰੇਲੀਆ ਦੀ ਸਰਕਾਰ ਨੂੰ ਵਾਰ-ਵਾਰ ਪ੍ਰਮਾਣਿਕ ਖ਼ਬਰ ਮਿਲਦੀ ਰਹੀ ਸੀ ਕਿ ਅਮਰੀਕੀ ਹਕੂਮਤ ਅਸਾਂਜ ਦਾ ''ਬੇਮਿਸਾਲ'' ਪਿੱਛਾ ਕਰ ਰਹੀ ਹੈ ਪਰ ਇਸ ਨੇ ਕੋਈ ਉਜਰ ਨਹੀਂ ਕੀਤਾ। ਐਕੂਆਡੋਰ ਵਲੋਂ ਅਸਾਂਜ ਨੂੰ ਪਨਾਹ ਦੇਣ ਦੀ ਇਕ ਵਜ੍ਹਾ ਹੈ ਉਸ ਨੂੰ ''ਉਸ ਰਾਜ ਵਲੋਂ'' ਬੇਸਹਾਰਾ ਛੱਡ ਦੇਣਾ ''ਜਿਸ ਦਾ ਉਹ ਨਾਗਰਿਕ ਹੈ''। 2010 'ਚ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਅਸਾਂਜ ਅਤੇ ਵਿਕੀਲੀਕਸ ਦਾ ਕੋਈ ਜੁਰਮ ਨਹੀਂ ਬਣਦਾ। ਉਸ ਦਾ ਮੁਕੱਦਮਾ ਸਾਡੇ ਸਾਰਿਆਂ ਉੱਪਰ ਅਤੇ ਆਜ਼ਾਦੀ ਉੱਪਰ ਹਮਲਾ ਹੈ। 

ਲੇਖਕ-ਜੌਹਨ ਪਿਲਜਰ 
ਅਨੁਵਾਦਕ ਬੂਟਾ ਸਿੰਘ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। ਫ਼ੋਨ:94634-74342

Thursday, December 9, 2010

ਇੰਟਰਨੈੱਟ - ਲੋਕਤੰਤਰ ਦਾ ਪੰਜਵਾਂ ਥੰਮ੍ਹ (ਵਿਕੀਲੀਕਸ)

ਪ੍ਰੈਸ ਵਲੋਂ ਲੋਕਤੰਤਰ ਵਿੱਚ ਆਪਣੀ ਭੂਮਿਕਾ ਨਾ ਅਦਾ ਕਰਕੇ ਬਾਕੀ ਤਿੰਨ ਥੰਮ੍ਹਾਂ ਨਾਲ 'ਸੌਦੇਬਾਜ਼ੀ' ਦੇ ਚੱਕਰਾਂ ਪੈ ਜਾਣ ਕਰਕੇ, ਇੰਟਰਨੈੱਟ ਉੱਤੇ ਪ੍ਰੈਸ ਦੀ ਨਵੀਂ ਭੂਮਿਕਾ ਕਹਿਣ ਦੀ ਬਜਾਏ ਇਸ ਨੂੰ ਪੰਜਵਾਂ ਥੰਮ੍ਹ ਹੀ ਕਹਿ ਲਿਆ ਜਾਵੇ ਤਾਂ ਚੰਗਾ ਹੈ-ਲੇਖ਼ਕ

ਵਿਕੀਲੀਕਸ, ਜੋ ਅਮਰੀਕਾ ਦਾ ਚੇਹਰਾ ਬੇਨਕਾਬ ਕਰਨ ਲੱਗਾ ਹੈ, ਇੰਟਰਨੈੱਟ ਦੀ ਦੁਨੀਆਂ 'ਚ ਆਪਣੇ ਆਪ 'ਚ ਨਵਾਂ ਇਨਕਲਾਬ ਹੈ। ਇਹ ਵੈੱਬਸਾਈਟ ਆਪਣੀ ਸਾਈਟ ਉੱਤੇ ਬੇਸ਼ੁਮਾਰ ਡੌਕੂਮੈਂਟ ਉਪਲੱਬਧ ਕਰਵਾ ਰਹੀ ਹੈ, ਜੋ ਅਮਰੀਕਾ ਸਮੇਤ ਕਈ ਦੇਸ਼ਾਂ ਨਾਲ ਸਬੰਧਿਤ ਹਨ, ਜਿਸ ਵਿੱਚ ਅਮਰੀਕਾ ਤੇ ਰਾਜਦੂਤ (ਅਤੇ ਹੋਰ ਲੋਕ) ਵਲੋਂ ਦੂਜੇ ਦੇਸ਼ਾਂ ਵੱਲ ਕੀਤੀਆਂ ਬੇਹੁਦਾ ਟਿੱਪਣੀਆਂ ਵੀ ਸ਼ਾਮਲ ਹਨ। ਇਹ ਟੀਮ ਦਾਅਵਾ ਕਰਦੀ ਹੈ ਕਿ ਕਿਸੇ ਵਲੋਂ ਵੀ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਇੰਕ੍ਰਿਪਟ ਕੀਤੀ ਹੋਈ ਅਤੇ ਗੁਪਤ ਰੱਖੀ ਜਾਵੇਗੀ। ਕਈ ਅਖ਼ਬਾਰਾਂ ਤੇ ਪੱਤਰਕਾਰਾਂ ਨੇ ਇਸ ਦੇ ਸਹਿਯੋਗ ਦਾ ਐਲਾਨ ਕੀਤਾ ਹੈ।

ਮਰੀਕਾ ਆਪਣੀ ਹੋਈ ਕਿਰਕਰੀ ਤੋਂ ਐਨਾ ਹਰਫਲਿਆ ਹੋਇਆ ਹੈ ਕਿ ਉਸ ਨੇ ਇਸ ਨੂੰ ਰੋਕਣ ਲਈ ਬਹੁਤ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਜਤਨ ਸ਼ੁਰੂ ਕੀਤੇ ਹਨ, ਜਿਸ ਵਿੱਚ ਵਿਕਿਲੀਕਸ ਨਾਲ ਕਾਰੋਬਾਰ ਕਰਨ ਤੇ ਪੈਸੇ ਦਾ ਲੈਣ ਦੇਣ ਕਰਨ ਵਾਲੀਆਂ ਕੰਪਨੀਆਂ ਨੂੰ ਘੁਰਕੀ ਦੇਣਾ (ਜਿਸ ਤਹਿਤ ਮਾਸਟਰਕਾਰਡ, ਵੀਜ਼ਾ, ਪੇਪਾਲ ਨੇ ਲੈਣ ਦੇਣ ਬੰਦ ਕਰ ਦਿੱਤਾ ਹੈ), ਬੈਂਕ ਵਲੋਂ ਅਕਾਊਂਟ ਬੰਦ ਕਰਨਾ, ਸਰੀਰਕ ਛੇੜਛਾੜ ਦਾ ਕੇਸ, ਵੈੱਬ ਸਾਈਟ ਉੱਤੇ ਸਾਈਬਰ ਹਮਲੇ ਕਰਵਾਉਣੇ ਵੀ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸੈਕਟਰੀ ਵਲੋਂ ਤਾਂ ਇਸ ਨੂੰ ਮਾਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਮੈਨੂੰ ਇਹ ਰੋਜ਼ਾਨਾ ਦੇ ਵਿਚਾਰ ਪੜ੍ਹਦਿਆ ਲੱਗਾ ਕਿ ਇਹ 'ਤਰੱਕੀਸ਼ੁਦਾ' ਦੇਸ਼ਾਂ ਵਿੱਚ ਵੀ ਤਰੱਕੀ ਜਾਂ ਆਜ਼ਾਦੀ ਦਾ ਦਾਅਵਾ ਬਹੁਤਾ ਵੇਖਾਵਾ ਭਰ ਹੈ, ਜਦੋਂ ਕਿ ਅਸਲੀਅਤ 'ਚ ਡੌਕੂਮੈਂਟ ਲੀਕ ਹੋਣ ਕਰਕੇ ਇਹ ਦੇਸ਼ ਹੱਥਾਂ-ਪੈਰਾਂ 'ਚ ਆ ਗਏ ਅਤੇ ਇੱਕ ਸਿੱਖ ਲੀਡਰ ਵਲੋਂ ਇੱਕ ਡੇਰਾ ਦੇ ਪ੍ਰਧਾਨ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਜਾਂ ਮੁੱਲ੍ਹਾਂਵਾਂ ਵਲੋਂ ਦਿੱਤੇ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ਦੇ ਸਿਰ ਕਲਮ ਦੇ ਐਲਾਨ ਦੇ ਜਮ੍ਹਾਂ ਬਰਾਬਰ ਖੜ੍ਹੇ ਜਾਪਦੇ ਹਨ (ਭਾਵੇਂ ਕਿ ਮੈਂ ਪ੍ਰੈਸ ਦੀ ਆਜ਼ਾਦੀ ਦੇ ਹੱਕ 'ਚ ਹਾਂ, ਪਰ ਜਿਹੜਾ ਕਿਸੇ ਧਰਮ ਬਾਰੇ ਮਾੜੇ ਵਿਚਾਰ ਛਾਪੇ ਤਾਂ ਅਜਿਹੀ ਆਜ਼ਾਦੀ ਦੇ ਨਾਲ ਨਹੀਂ। ਇਹੀ ਸਮਝ ਨੀ ਆਉਂਦਾ ਕਿ ਅਸਲ 'ਚ ਉਦੋਂ ਇਹੀ ਮੁਲਕ ਪ੍ਰੈਸ ਦੀ ਆਜ਼ਾਦੀ ਦੇ ਦਮਗਜੇ ਮਰਦੇ ਸੀ, ਹੁਣ ਪ੍ਰੈਸ ਦੀ ਆਜ਼ਾਦੀ ਕਿਧਰ ਗਈ।

ਰਾਕ ਦੀ ਵਿਡੀਓ [1] ਕਿ ਕਿਵੇਂ ਅਮਰੀਕੀ ਹੈਲੀਕਪਟਰ (2007 ਵਿੱਚ) 'ਚ ਸਵਾਰ ਫੌਜੀ ਇਰਾਕੀਆਂ ਨੂੰ ਕੁੱਤੇ ਬਿੱਲੀਆਂ ਤੋਂ ਵੱਧ ਕੁਝ ਨੀਂ ਸਮਝਦੇ ਅਤੇ ਵਿਡੀਓ ਗੇਮ ਵਿੱਚ ਮਾਰਨ ਵਾਂਗ ਭਰੋਸਾ ਭਰ ਵੀ ਨਹੀਂ ਸੋਚਦੇ। '9 ਤੋਂ 5' [2] ਲੜਨ ਵਾਲੇ ਸਿਪਾਹੀ ਸ਼ਾਇਦ ਆਪਣੀ ਅਮਰੀਕੀ ਜਨਤਾ ਨੂੰ ਖੁਸ਼ ਕਰਨ ਲਈ ਕਈ ਦਾਅਵੇ ਕਰਦੇ ਹੋਣ, ਪਰ ਇਹ ਵਿਡੀਓ ਉਨ੍ਹਾਂ ਸਭ ਨੂੰ ਵੇਖਣੀ ਤੇ ਸਮਝਣੀ ਚਾਹੀਦੀ ਹੈ, ਜੋ ਆਪਣੇ '9 ਤੋਂ 5' ਆਲੇ ਫੌਜੀਆਂ ਲਈ ਪੈਸੇ ਦਿੰਦੇ ਹਨ ਅਤੇ ਅਮਰੀਕੀਆਂ ਤੋਂ ਬਿਨਾਂ ਸਭ ਨੂੰ (ਆਮ ਬੰਦਿਆਂ ਤੇ ਅੱਤਵਾਦੀਆਂ ਨੂੰ) ਵਿਡੀਓ ਗੇਮ ਦੇ ਕਰੈਕਟਰ ਤੋਂ ਵੱਧ ਕੁਝ ਨੀਂ ਸਮਝਦੇ।

ਮੀਦ ਹੈ ਕਿ ਇਹ ਮੁਹਿੰਮ ਰੁਕਦੀ ਨਹੀਂ, ਕਿਉਂਕਿ ਟੋਰੈਂਟ, ਅਤੇ ਡੀਸੈਂਟਰਲਾਈਜਡ ਕੰਮ ਹੋਣ ਕਰਕੇ ਇਹ ਸਭ ਸੰਭਵਾਨਾ ਹੈ ਕਿ ਅਮਰੀਕਾ ਤੇ ਜੁੰਡੀ ਦੇ ਯਾਰ ਇਹ ਖਤਮ ਨਹੀਂ ਕਰ ਸਕਣਗੇ। ਬੀਬੀਸੀ ਦੇ ਸਾਈਟ ਨੇ ਤਾਂ ਇੰਟਰਨੈੱਟ ਨੂੰ ਭਸਮਾਸੁਰ ਦਾ ਨਾਂ ਦਿੱਤਾ ਹੈ, ਜੋ ਅਮਰੀਕਾ ਦੀ ਤਾਕਤ ਹੋਣ ਦੇ ਨਾਲ ਨਾਲ ਉਸ ਦੇ ਗਲ਼ੇ ਦੀ ਹੀ ਹੱਡੀ ਬਣਦਾ ਜਾਪਦਾ ਹੈ (ਪਹਿਲਾਂ ਗਲੋਬਲਾਈਜੇਸ਼ਨ ਦੇ ਜਿੰਨ ਨੇ ਵੀ ਅਮਰੀਕਾ ਨੂੰ ਤੰਗ ਕਰ ਛੱਡਿਆ ਹੈ)।

ਮੈਂ ਅਮਰੀਕਾ ਲਈ ਹੀ ਨਹੀਂ, ਭਾਰਤ ਸਰਕਾਰ ਦੇ ਕਈ 'ਗੁਪਤ' ਕਦਮਾਂ ਬਾਰੇ ਜਾਣਨਾ ਚਾਹੁੰਦਾ ਹਾਂ, ਅਤੇ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਵਿਕਿਲੀਕਸ ਨੇ ਅਮਰੀਕਾ ਦੇ ਪੋਤੜੇ ਫੋਲੇ ਹਨ, ਭਾਰਤੀ ਸਰਕਾਰਾਂ ਦੇ ਕਾਲੇ ਕਾਰਨਾਮੇ ਸਾਹਮਣੇ ਆਉਣੇ ਚਾਹੀਦੇ ਹਨ (ਤੇ ਅੱਜ ਨਾ ਭਲਕ ਆ ਵੀ ਜਾਣਗੇ), ਜਿਸ ਵਿੱਚ ਅਰਬਾਂ-ਖ਼ਰਬਾਂ ਦੇ ਘਪਲੇ, ਧਰਮ ਦੇ ਨਾਂ ਉੱਤੇ ਕੀਤੇ ਸਰਕਾਰੀ ਕਤਲ (ਦਿੱਲੀ ਹੋਵੇ ਜਾਂ ਗੁਜਰਾਤ), ਕੇ.ਪੀ.ਐਸ. ਗਿੱਲ ਵਰਗੇ ਬੁੱਚੜਾਂ ਵਲੋਂ ਕੀਤੇ ਫਰਜ਼ੀ ਕਤਲਾਂ ਦਾ ਕੱਚਾ ਚਿੱਠਾ। ਭਾਵੇਂ ਹਾਲੇ ਇਹ ਔਖਾ ਲੱਗੇ, ਪਰ ਇਹ ਪੱਕਾ ਹੋ ਗਿਆ ਹੈ ਕਿ ਜੇ ਬੰਦਾ ਚਾਹੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ ਅਤੇ ਇੰਟਰਨੈੱਟ ਨੂੰ ਸੈਂਸਰ ਕਰਨਾ ਅਮਰੀਕਾ ਵਰਗੇ ਮੁਲਕ ਲਈ ਵੀ ਸੌਖਾ ਨਹੀਂ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ ਉਹੀ ਅਮਰੀਕਾ ਹੈ, ਜੋ ਕਿ ਚੀਨ ਦੀ ਮੀਡਿਆ ਸੈਂਸਰਸ਼ਿਪ ਦਾ ਵਿਰੋਧ ਕਰਦਾ ਹੈ, ਅਤੇ ਹੁਣ ਜਦ ਖੁਦ ਦੇ ਸਾਹਮਣੇ ਮਸਲਾ ਆਇਆ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵੀ ਬਾਜ਼ ਨਹੀਂ ਆਉਂਦਾ ਜਾਪਦਾ।

ਫੇਰ ਵੀ ਬਾਹਰਲੀ ਪ੍ਰੈਸ ਬਾਰੇ ਪੜ੍ਹ ਕੇ ਸੁਣ ਕੇ ਲੱਗਦਾ ਹੈ ਕਿ ਕੁਝ ਕੁ ਈਮਾਨ ਤਾਂ ਉਨ੍ਹਾਂ ਲੋਕਾਂ ਦਾ ਜਿਉਂਦਾ ਹੈ, ਜੇ ਇਸ ਦੇ ਮੁਕਾਬਲੇ ਭਾਰਤ ਦੀ ਪ੍ਰੈਸ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਸੁਰਖੀਆਂ 'ਚ ਆਇਆਂ 'ਪ੍ਰੈਸ ਵਾਲੇ ਦਲਾਲਾਂ' ਮਸਲਾ ਅਖ਼ਬਾਰਾਂ 'ਚ ਗਧੇ ਦੇ ਸਿਰ ਤੋਂ ਸਿੰਗ ਗੁਆਚਣ ਵਾਂਗ ਗੁਆਚ ਹੀ ਗਿਆ।

ਰ ਸਰਕਾਰੋਂ ਹੁਣ ਵੇਲੇ ਬਦਲ ਗਿਆ, ਇਹ ਗੱਲ ਯਾਦ ਰੱਖਿਓ, ਅੱਜ ਨਾ ਭਲਕੇ, ਸਭ ਕੁਝ ਸਾਹਮਣੇ ਆਉਣਾ ਹੀ ਹੈ, ਲੋਕਾਂ ਜਾਣਨਾ ਚਾਹੁੰਦੇ ਹਨ ਕਿ ਲੱਖਾਂ ਦੇ ਘਪਲੇ ਕਿਵੇਂ ਹੁੰਦੇ ਹਨ, ਟੈਕਸਾਂ ਦੇ ਕਰੋੜਾਂ ਰੁਪਏ ਕਿਧਰ ਖਰਚੇ, ਪੱਤਰਕਾਰ ਕਿਵੇਂ ਵੱਡੇ ਵੱਡੇ ਸਨਅਤੀ ਘਰਾਣਿਆਂ ਦੇ ਦਲਾਲ ('ਦੱ..' ਸ਼ਬਦ ਮੈਂ ਚਾਹੁੰਦਾ ਹੋਇਆ ਵੀ ਵਰਤ ਨਾ ਸਕਿਆ) ਬਣ ਗਏ, ਕਿਵੇਂ ਗਰੀਬਾਂ ਦਾ ਖੂਨ ਪੀਤਾ, ਕਿਵੇਂ ਨਿਰਦੋਸ਼ ਲੋਕ ਮਾਰੇ, ਗਾਂਧੀਗਿਰੀ ਕਰਦੇ ਸੰਘਰਸ਼ਸ਼ੀਲ ਲੋਕ ਗੁੰਡਿਆਂ ਤੋਂ ਮਰਵਾਏ।

ਹੁਣ ਸਰਕਾਰਾਂ ਵਲੋਂ ਮਸਲਿਆਂ ਉੱਤੇ ਪਰਦੇ ਪਾਉਣੇ ਓਨ੍ਹਾਂ ਸੌਖੇ ਨਹੀਂ ਰਹਿਣਗੇ, ਗੁਪਤ ਹੋਣ ਦਾ ਕੀ ਅਰਥ ਹੈ? ਜੇ ਤੁਸੀਂ ਕਿਸੇ ਦੇਸ਼ ਨੂੰ ਬਰਬਾਦ ਕਰਨ ਦੀਆਂ ਗੋਂਦਾਂ ਗੁੰਦੋ ਤਾਂ ਉਹ ਗੁਪਤ ਹਨ, ਉਹ ਪ੍ਰਾਈਵੇਟ ਹਨ, ਜੇ ਮੈਂ ਕਿਸੇ ਦੇ ਕਤਲ ਕਰਨ ਬਾਰੇ ਕਿਸੇ ਨਾਲ ਸਲਾਹ ਕਰਾਂ ਤਾਂ ਕਿ ਇਹ ਮੇਰਾ ਨਿੱਜੀ ਮਸਲਾ ਹੈ, ਸਮਾਜ ਦਾ ਨਹੀਂ??

ਖ਼ੈਰ ਵਿਕਿਲੀਕਸ ਨੇ ਅਜਿਹੀ ਪਰਤ ਪਾਈ ਹੈ, ਜੋ ਕਿ ਲੋਕਤੰਤਰ ਦੇ ਮੋਢੀ ਕਹਾਉਂਦੇ ਮੁਲਕਾਂ ਦੇ ਚਿਹਰੇ ਨੰਗੇ ਕਰ ਗਈ, ਇਹ ਹੀ ਇੰਟਰਨੈੱਟ ਦਾ ਅਸਲ ਭਵਿੱਖ ਹੈ, ਇਹ ਹੀ ਪ੍ਰੈਸ ਦਾ ਭਵਿੱਖ ਹੈ, ਇਹੀ ਲੋਕਤੰਤਰ ਦਾ ਉਹ ਰੂਪ ਹੈ, ਜੋ ਇੰਟਰਨੈੱਟ ਦੇ ਜੁੱਗ 'ਚ ਹੋਣਾ ਚਾਹੀਦਾ ਹੈ ਅਤੇ ਹੋਵੇਗਾ।

ਜੇ ਵਿਕਿਲੀਕਸ ਬਾਰੇ ਤਾਜ਼ਾ ਜਾਣਕਾਰੀ ਲੈਣੀ ਹੋਵੇ ਤਾਂ:

http://twitter.com/#!/wikileaks

(ਇਹ ਸਾਈਟ ਤੋਂ ਤਾਜ਼ਾ ਲਿੰਕ ਲਵੋ, ਉਸ ਉੱਤੇ ਮਿੱਰਰ ਵੇਖੋ ਅਤੇ ਉੱਥੋਂ ਮਿੱਰਰ ਰਾਹੀਂ ਤੁਸੀਂ ਜਾਣਕਾਰੀ ਲੈ ਸਕਦੇ ਹੋ)

ਵਿਕਿਲੀਕਸ ਵਲੋਂ ਜਾਰੀ ਕੀਤੀ ਜਾਣਕਾਰੀ ਦੀਆਂ ਸੁਰਖੀਆਂ (ਅੰਗਰੇਜ਼ੀ 'ਚ): http://www.bbc.co.uk/news/world-us-canada-11914040

ਵਿਕਿਲੀਕਸ ਬਾਰੇ ਅੰਗਰੇਜ਼ੀ ਵਿੱਚ ਜਾਣਕਾਰੀ ਲੈਣ ਲਈ ਪੜ੍ਹੋ: http://www.bbc.co.uk/news/technology-10757263

ਇੱਕ ਪੱਤਰਕਾਰ ਦੇ ਜੁਬਾਨੀ: "ਇਹ ਲੋਕਾਂ ਤੇ ਸਰਕਾਰ ਵਿੱਚ ਆਪਸੀ ਜੰਗ ਦੀ ਸ਼ੁਰੂਆਤ ਹੈ।"
ਵਿਕਿਲੀਕਸ ਵੀ ਟਵਿੱਟਰ ਉੱਤੇ ਆਖਦਾ ਹੈ: "We open governments."

[1] Video: Collateral Murder

(ਇਹ ਵਿਡੀਓ ਤਾਂ ਬਾਹਰ ਆ ਸਕੀ ਕਿਉਂਕਿ ਇਹ 'ਚ ਪ੍ਰੈਸ ਦੇ ਬੰਦੇ ਮਾਰੇ ਗਏ, ਹੁਣ ਤੁਸੀਂ ਸੋਚ ਸਕਦੇ ਹੋ ਕਿ ਅਜਿਹੇ ਅਣਜਾਣੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਕਿੰਨੀ ਕੁ ਹੋ ਸਕਦੀ ਹੈ)

[2] 9 ਤੋਂ 5 ਦਾ ਮਤਲਬ ਕਿ "ਪ੍ਰੋਫੈਸ਼ਨ ਨੌਕਰੀ" ਪੇਸ਼ਾ ਸਿਪਾਹੀ, ਜਿਹੜੇ 9 ਵਜੇ ਡਿਊਟੀ ਉੱਤੇ ਲੜਨ ਜਾਂਦੇ ਹਨ, 5 ਵਜੇ ਆਥਣੇ ਵਾਪਸ ਆ ਜਾਂਦੇ ਹਨ, ਪੰਜਾਬੀ 'ਚ ਸ਼ਾਇਦ 'ਭਾੜੇ ਦੇ ਸਿਪਾਹੀ' ਵੀ ਕਹਿ ਸਕਦੇ ਹਾਂ। ਇਹਨਾਂ ਨੂੰ ਦਿਨ 'ਚ ਹਰੇਕ ਘੰਟੇ ਬਾਅਦ ਬਰੇਕ, ਲੰਚਬਰੇਕ, ਅਤੇ ਕੋਕ, ਪੈਪਸੀ, ਬਰਗਰ ਪੀਜ਼ੇ, ਜੰਗ-ਏ-ਮੈਦਾਨ 'ਚ ਚਾਹੀਦੇ ਹਨ। ਇਹਨਾਂ ਲਈ ਲੜਾਈ ਇੱਕ ਕੰਮ ਹੈ, ਧੰਦਾ ਹੈ, ਇਸੇ
ਕਰਕੇ ਇਹ ਵੀਅਤਨਾਮ 'ਚ ਹਾਰੇ, ਇਰਾਕ 'ਚ ਵੀ ਜਿੱਤੇ ਨਹੀਂ, ਅਤੇ ਅਫਗਾਨਸਤਾਨ 'ਚ ਵੀ ਹਾਰ ਦੇ ਕਿਨਾਰੇ ਹਨ। ਜੇ ਇਹ ਸਦੀ
ਦਾ ਇਤਿਹਾਸ ਪੜ੍ਹਿਆ ਜਾਵੇ ਤਾਂ ਪਤਾ ਲੱਗੇਗਾ ਕਿ ਏਸ਼ੀਆਈ ਲੋਕਾਂ ਲਈ ਲੜਾਈ ਇੱਕ ਜਨੂੰਨ ਹੈ, ਜੰਗ ਕੋਈ ਕੰਮ ਨਹੀਂ, ਧੰਦਾ ਨਹੀਂ,
ਫੌਜ ਦੀ ਨੌਕਰੀ ਜ਼ਰੂਰ ਹੈ, ਪਰ ਜਦੋਂ ਜੰਗ ਲੱਗੇ ਤਾਂ ਇਹ ਧੰਦਾ ਨਹੀਂ, ਮਰਨ-ਮਾਰਨ ਦਾ ਅਜਿਹਾ ਸਿਲਸਿਲਾ ਹੈ, ਜਿਸ 'ਚ ਜਿੱਤੇ ਹਾਰ ਬਿਨਾਂ ਹੋਰ ਕਈ ਗੱਲ ਨਹੀਂ ਔੜਦੀ। ਜੰਗ ਕਦੇ ਗਿਣਤੀ, ਹਥਿਆਰਾਂ ਨਾਲ ਨਹੀਂ ਨਹੀਂ ਜਿੱਤੀ ਜਾਂਦੀ।


ਲੇਖ਼ਕ ਅਮਨਪ੍ਰੀਤ ਸਿੰਘ ਆਲਮਵਾਲਾ ਪੇਸ਼ੇ ਵਜੋਂ ਸੌਫਟਵੇਅਰ ਇੰਜੀਨੀਅਰ ਹੈ।ਮੋਗੇ ਜ਼ਿਲੇ ਦੇ ਪਿੰਡ ਆਲਮਵਾਲਾ ਤੋਂ ਉੱਠਕੇ ਪੂਨੇ ਪਹੁੰਚਿਆ।ਕੰਪਿਊਟਰ ਤੇ ਇੰਟਰਨੈੱਟ 'ਤੇ ਤਕਨੀਕ ਸਹਾਰੇ ਪੰਜਾਬੀ ਭਾਸ਼ਾਈ ਕ੍ਰਾਂਤੀ ਕਰਨ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਹੈ ਤੇ ਕੁਝ ਹੱਦ ਤੱਕ ਕੰਪਿਊਟਰ/ਇੰਟਨੈੱਟ ਨੂੰ ਪੰਜਾਬੀ 'ਚ ਰੰਗਣ 'ਚ ਸਫਲ ਵੀ ਹੋਇਆ ।ਪੇਂਡੂ ਪੰਜਾਬੀ ਮੁੰਡਾ ਨਾਂਅ ਦਾ ਬਲੌਗ ਚਲਾਉਂਦਾ ਹੈ।ਆਪਣੇ ਬਾਰੇ ਆਪਣੇ ਸ਼ਬਦਾਂ 'ਚ ਲਿਖਦਾ ਹੈ-ਇੱਕ ਪਿੰਡ ਆਲਮਵਾਲਾ ਕਲਾਂ ਦਾ ਮੁੰਡਾ,ਜੋ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਹੈ।

Wednesday, September 30, 2009

ਮੈਂ ਬੁਸ਼ ਦੇ ਛਿੱਤਰ ਕਿਉਂ ਮਾਰਿਆ..?--ਮੁੰਤਜ਼ਰ ਅਲ-ਜ਼ੈਦੀ

ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਦੇ ਛਿੱਤਰ ਮਾਰਨ ਵਾਲੇ ਇਰਾਕੀ ਪੱਤਰਕਾਰ ਮੁੰਤਜ਼ਰ ਅਲ-ਜ਼ੈਦੀ ਨੇ ਜੇਲ੍ਹ 'ਚੋਂ ਆਉਣ ਤੋਂ ਬਾਅਦ ਲੰਦਨ ਦੇ ਅਖ਼ਬਾਰ "ਦੀ ਗਾਰਡੀਅਨ" ਲਈ ਲਿਖੇ ਆਰਟੀਕਲ ਨੂੰ ਅਸੀਂ ਪੰਜਾਬੀ ਅਨੁਵਾਦ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ।ਇਹ ਲੇਖ ਇਰਾਕੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ।ਸਭਤੋਂ ਵੱਡੀ ਗੱਲ ਕਿ ਜ਼ੈਦੀ ਦੇ ਵੱਡੀ ਲੜਾਈ ਲੜਨ ਤੋਂ ਬਾਅਦ ਵੀ ਹੌਂਸਲੇ ਬੁਲੰਦ ਨੇ ਤੇ ਜ਼ਿਆਦਾਤਰ ਇਰਾਕੀ ਲੋਕ ਤੇ ਮੀਡੀਆ ਉਸਦੇ ਪੱਖ 'ਚ ਖੜ੍ਹਾ ਹੈ।ਪਰ ਇਸਦੇ ਨਾਲ ਮਿਲਦੀ ਜੁਲਦੀ ਘਟਨਾ ਹੀ ਭਾਰਤ 'ਚ ਹੋਈ ਸੀ।ਜਿਸ 'ਚ ਦੈਨਿਕ ਜਾਗਰਣ ਦੇ ਪੱਤਰਕਾਰ ਜਰਨੈਲ ਸਿੰਘ ਨੇ 84 ਕਤਲੇਆਮ ਸਬੰਧੀ ਗ੍ਰਹਿ ਮੰਤਰੀ ਪੀ.ਚਿੰਦਬਰਮ ਨੂੰ ਛਿੱਤਰ ਮਾਰਿਆ ਸੀ।ਪਰ ਜ਼ੈਦੀ ਦੇ ਪੱਖ 'ਚ ਖੜ੍ਹਨ ਵਾਲੇ ਮੁੱਖ ਧਰਾਈ ਭਾਰਤੀ ਮੀਡੀਏ ਨੇ ਦੋਗਲਾਪਣ ਕਰਦੇ ਹੋਏ ਅਪਣਾ ਦੋਹਰਾਪਣ ਦਿਖਾਇਆ।ਤੇ ਪ੍ਰੋਫੈਸ਼ਨਲਿਜ਼ਮ ਦੀ ਦੁਹਾਈ ਦੇਕੇ ਜਰਨੈਲ ਸਿੰਘ ਨੂੰ ਜਰਨਲਿਸਟ ਦੀ ਥਾਂ ਜਰਨੈਲਲਿਸਟ ਤੱਕ ਲਿਖਿਆ।ਇਸ ਮਾਮਲੇ 'ਚ ਕਿਤੇ ਨਾ ਕਿਤੇ ਭਾਰਤੀ ਮੀਡੀਏ ਦੀ ਹਿੰਦੂਤਵੀ ਸੋਚ ਵੀ ਸਾਹਮਣੇ ਆਈ।ਇਹ ਪ੍ਰੋਫੈਸ਼ਨਲਿਜ਼ਮ ਦੀ ਸ਼ੈਅ ਤੇ ਭਾਰਤੀ ਮੀਡੀਏ ਦੇ ਚਰਿੱਤਰ ਨੂੰ ਚੇਤਨ ਵਰਗਾਂ ਵਲੋਂ ਘੋਖਣ ਦੀ ਜ਼ਰੂਰਤ ਹੈ।ਉਮੀਦ ਹੈ ਤੁਸੀਂ ਜ਼ੈਦੀ ਦੀਆਂ ਦਲੀਲਾਂ 'ਤੇ ਅਪਣੇ ਵਿਚਾਰ ਜ਼ਰੂਰ ਦਿਓਂਗੇ--ਗੁਲਾਮ ਕਲਮ



ਮੈਂ ਕੋਈ ਹੀਰੋ ਨਹੀਂ।ਮੈਂ ਨਿਰਦੋਸ਼ ਇਰਾਕੀਆਂ ਦਾ ਕਤਲੇਆਮ ਤੇ ਉਹਨਾਂ ਦੀ ਪੀੜਾ ਨੂੰ ਨੇੜਿਓਂ ਦੇਖਿਆ ਹੈ।ਅੱਜ ਮੈਂ ਅਜ਼ਾਦ ਹਾਂ ਪਰ ਮੇਰਾ ਦੇਸ਼ ਅਜੇ ਭਿਆਨਕ ਯੁੱਧ ਦੇ ਆਗੋਸ਼ 'ਚ ਕੈਦ ਹੈ।ਜਿਸ ਆਦਮੀ ਨੇ ਬੁਸ਼ 'ਤੇ ਜੁੱਤੀ ਸੁੱਟੀ ਉਸ ਬਾਰੇ ਤਮਾਮ ਗੱਲਾਂ ਕਰੀਆਂ ਤੇ ਕਹੀਆਂ ਜਾ ਰਹੀਆਂ ਨੇ।ਕੋਈ ਉਸਨੂੰ ਹੀਰੋ ਬਣਾ ਰਿਹਾ ਹੈ ਤੇ ਕੋਈ ਉਸਦੇ ਐਕਸ਼ਨ ਬਾਰੇ ਗੱਲਬਾਤ ਕਰ ਰਿਹਾ ਹੈ।ਅਤੇ ਇਸਨੂੰ ਇਕ ਤਰ੍ਹਾਂ ਦੇ ਵਿਰੋਧ ਦਾ ਪ੍ਰਤੀਕ ਮੰਨ ਲਿਆ ਗਿਆ ਹੈ।ਪਰ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਇਕ ਅਸਾਨ ਜਿਹਾ ਜਵਾਬ ਦੇਣਾ ਚਾਹੁੰਦਾ ਹਾਂ ਤੇ ਦੱਸਣਾ ਚਾਹੁੰਦਾ ਕਿ ਆਖਿਰ ਕਿਸ ਵਜ੍ਹਾ ਕਾਰਨ ਮੈਂ ਬੁਸ਼ ੳੁੱਤੇ ਛਿੱਤਰ ਸੁੱਟਣ ਲਈ ਮਜ਼ਬੂਰ ਹੋਇਆ।ਇਸਦਾ ਦਰਦ ਕਾਸ਼ ਤੁਸੀਂ ਵੀ ਸਮਝ ਪਾਉਂਦੇ....ਕਿ ਜਿਸਦੇ ਦੇਸ਼ ਦੀ ਅਸਮਿਤਾ ਨੂੰ ਫੌਜੀਆਂ ਦੇ ਬੂਟਾਂ ਦੇ ਤਲਿਆਂ ਹੇਠਾਂ ਰੌਂਦ ਦਿੱਤਾ ਗਿਆ।ਜਿਸਦੇ ਦੇਸ਼ ਵਾਸੀਆਂ ਨੂੰ ਕਦਮ ਕਦਮ 'ਤੇ ਅਪਮਾਨ ਸਹਿਣਾ ਪਿਆ,ਜਿਸਦੇ ਨਿਰਦੋਸ਼ ਦੇਸ਼ਵਾਸੀਆਂ ਦਾ ਖੂਨ ਵਹਾਇਆ ਗਿਆ।ਹਾਲ ਦੇ ਸਾਲਾਂ 'ਚ 10 ਲੱਖ ਇਰਾਕੀ ਲੋਕ ਫੌਜ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਤੇ ਹੁਣ ਦੇਸ਼ 'ਚ 10 ਲੱਖ ਤੋਂ ਜ਼ਿਆਦਾ ਯਤੀਮ-ਬੇਸਹਾਰਾ ਲੋਕ,10 ਲੱਖ ਵਿਧਵਾਵਾਂ ਤੇ ਹਜ਼ਾਰਾ ਅਜਿਹੇ ਬੇਚਾਰੇ ਜਿਨ੍ਹਾਂ ਨੂੰ ਦੁਨੀਆਂ ਵੇਖਣੀ ਨਸੀਬ ਨਹੀਂ ਹੋਈ।ਲੱਖਾਂ ਲੋਕ ਇਸ ਦੇਸ਼ 'ਚ ਤੇ ਇਸਤੋਂ ਬਾਹਰ ਬੇਘਰ ਹੋ ਗਏ।ਸਾਡਾ ਦੇਸ਼ ਅਜਿਹਾ ਹੋਇਆ ਕਰਦਾ ਸੀ ਜਿਸ 'ਚ ਅਰਬ ਵੀ ਸਨ,ਤੁਰਕ ਵੀ ਸਨ ਤਾਂ ਕੁਰਦ,ਅਸੀਰੀ,ਸਾਬੀਨ ਤੇ ਯਜਦੀ ਅਪਣੀ ਰੋਟੀ ਕਮਾਉਂਦੇ ਸੀ।

ਏਥੇ ਬਹੁ-ਸੰਖਿਅਕ ਸ਼ੀਆ ਲੋਕ ਸੁੰਨੀਆਂ ਦੇ ਨਾਲ ਇਕੋ ਲਾਇਨ 'ਚ ਨਮਾਜ਼ ਪੜ੍ਹਦੇ ਸਨ...ਮੁਸਲਮਾਨ ਇਸਾਈਆਂ ਦੇ ਨਾਲ ਈਸਾ ਮਸੀਹ ਦਾ ਜਨਮ ਦਿਨ ਮਿਲਕੇ ਮਨਾਉਂਦੇ ਸਨ।ਹਾਲਾਂਕਿ ਪਿਛਲੇ 10 ਸਾਲਾਂ 'ਚ ਸਾਡੇ ਦੇਸ਼ 'ਚ ਅਨੇਕਾਂ ਤਰ੍ਹਾਂ ਦੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਪਰ ਅਸੀਂ ਸਾਰੇ ਇਹਨਾਂ ਦਾ ਮਿਲਜੁਲਕੇ ਮੁਕਾਬਲਾ ਕਰਦੇ ਰਹੇ ਹਾਂ।ਜੇ ਅਸੀਂ ਭੁੱਖੇ ਵੀ ਰਹੇ ਤਾਂ ਵੀ ਸਾਰਿਆਂ ਦਾ ਸਾਥ ਸੀ।ਅਸੀਂ ਇਰਾਕੀ ਅਪਣੀ ਇਕਜੁੱਟਤਾ ਦੌਰਾਨ ਹੋਏ ਹਮਲਿਆਂ ਨੂੰ ਅਜੇ ਤੱਕ ਨਹੀਂ ਭੁੱਲੇ।ਇਹਨਾਂ ਹਮਲਿਆਂ ਨੇ ਹੀ ਭਰਾ ਨੂੰ ਭਰਾ ਤੋਂ ਦੂਰ ਕਰ ਦਿੱਤਾ ਤੇ ਗੁਆਂਢੀ ਵੀ ਗੁਆਂਢੀ ਤੋਂ ਦੂਰ ਹੋ ਗਿਆ।ਸਾਡੇ ਘਰ ਮਾਤਮ ਦੇ ਟੈਂਟਾਂ 'ਚ ਬਦਲ ਗਏ।ਮੈਂ ਕੋਈ ਹੀਰੋ ਨਹੀਂ ਹਾਂ,ਪਰ ਮੇਰਾ ਅਪਣਾ ਇਕ ਵਿਚਾਰ ਹੈ।ਮੇਰਾ ਇਕ ਸਟੈਂਡ ਹੈ।ਜਦੋਂ ਮੇਰੇ ਦੇਸ਼ ਦੀ ਬੇਇੱਜ਼ਤੀ ਕੀਤੀ ਗਈ ਤਾਂ ਮੈਂ ਇਸਨੂੰ ਬੇਇੱਜ਼ਤੀ ਸਮਝਿਆ,ਮੈਂ ਅਪਣੇ ਬਗਦਾਦ ਨੂੰ ਅੱਗ ਦੇ ਅੰਗਾਰਿਆਂ 'ਚ ਘਿਰਿਆ ਪਾਇਆ ਤੇ ਏਥੇ ਲਾਸ਼ਾਂ ਤੇ ਲਾਸ਼ਾ ਵਿਛਾਈਆਂ ਜਾ ਰਹੀਆਂ ਸਨ।ਮੈਂ ਕਿਵੇਂ ਹਜ਼ਾਰਾਂ ਪੀੜਾਦਾਇਕ ਫੋਟੋਆਂ ਨੂੰ ਭੁਲਾ ਦਿਆਂ ਜੋ ਮੈਨੂੰ ਸ਼ੰਘਰਸ਼ ਲਈ ਅੱਗੇ ਧੱਕ ਰਹੀਆਂ ਸਨ।ਅਬੂ ਗਰੀਬ ਜੇਲ੍ਹ ਦਾ ਸਕੈਂਡਲ,ਫਾਲੂਜਾ ਦਾ ਕਤਲੇਆਮ,ਜਫਜ਼,ਹਥੀਦਾ,ਸਦਰ ਸਿਟੀ,ਬਸਰਾ,ਦਿਆਲਾ,ਮੋਸੂਲ,ਤਾਲ ਅਫਾਰ ਤੇ ਦੇਸ਼ ਦਾ ਕੋਨਾ ਕੋਨਾ ਇਕ ਲਹੂ ਲੂਹਾਨ ਸ਼ਕਲ ਨਾਲ ਨਜ਼ਰ ਆਉਂਦਾ ਸੀ।ਮੈਂ ਅਪਣੀ ਐਨ ਮਚਦੀ ਹੋਈ ਧਰਤੀ ਦੀ ਲੰਬੀ ਯਾਤਰਾ ਕੀਤੀ।ਅਪਣੀਆਂ ਅੱਖਾਂ ਨਾਲ ਪੀੜਤਾਂ,ਯਤੀਮਾਂ ਤੇ ਜਿਨ੍ਹਾਂ ਦਾ ਸਭ ਕੁਝ ਲੁੱਟ ਚੁੱਕਿਆ ਸੀ ਉਹਨਾਂ ਦੀਆਂ ਚੀਕਾਂ ਸੁਣੀਆਂ।ਮੈਂ ਅਪਣੇ ਖੁਦ ਦੇ ਹੋਣ ਉੱਤੇ ਸ਼ਰਮ ਮਹਿਸੂਸ ਕੀਤੀ,ਕਿਉਂਕਿ ਮੇਰੇ ਕੋਲ ਸੱਤਾ ਨਹੀਂ ਸੀ।



ਰੋਜ਼ਾਨਾ ਤਮਾਮ ਤ੍ਰਾਸ਼ਦੀਆਂ ਦੀ ਅਪਣੀ ਪ੍ਰੋਫੈਸ਼ਨਲ ਡਿਊਟੀ ਪੂਰੀ ਕਰਕੇ ਜਦੋਂ ਮੈਂ ਮਲਬੇ 'ਚ ਤਬਦੀਲ ਹੋਏ ਇਰਾਕੀ ਮਕਾਨਾਂ ਨੂੰ ਸਾਫ ਕਰਦਾ ਜਾਂ ਅਪਣੇ ਕੱਪੜਿਆਂ 'ਤੇ ਲੱਗੇ ਖੂਨ ਨੂੰ ਸਾਫ ਕਰਦਾ ਤਾਂ ਮੇਰੇ ਦੰਦ ਅਪਣੇ ਆਪ ਕਚੀਚੀ ਵੱਟ ਲੈਂਦੇ ਤੇ ਉਦੋਂ ਮੈਂ ਪ੍ਰਣ ਲੈਂਦਾ ਸਾਂ ਕਿ ਇਸਦਾ ਬਦਲਾ ਜ਼ਰੂਰ ਲਵਾਂਗਾ।ਤੇ ਜਦੋਂ ਮੌਕਾ ਆਇਆ ਮੈਂ ਇਸ 'ਚ ਦੇਰ ਨਹੀਂ ਲਾਈ।ਮੈਂ ਜਦੋਂ ਬੂਟ ਮਾਰਨ ਲਈ ਕੱਢਿਆ ਤਾਂ ਮੇਰੀ ਨਜ਼ਰ ਉਹਨਾਂ ਖੂਨ ਭਰੇ ਅੱਥਰੂਆਂ ਨੂੰ ਵੇਖ ਰਹੀ ਸੀ,ਜੋ ਅਪਣੇ ਦੇਸ਼ 'ਤੇ ਕਬਜ਼ਾ ਹੋਣ ਤੋਂ ਬਾਅਦ ਲਗਤਾਰ ਰੋ ਰਹੇ ਸਨ।ਮੇਰੇ ਕੰਨਾਂ 'ਚ ਉਹਨਾਂ ਬੇਵੱਸ ਮਾਵਾਂ ਦੀ ਅਵਾਜ਼ ਗੂੰਜ ਰਹੀ ਸੀ ,ਜਿਨ੍ਹਾਂ ਦੇ ਬੇਗੁਨਾਹ ਬੱਚੇ ਮਾਰ ਦਿੱਤੇ ਗਏ ਸਨ।ਮੈਂ ਉਹਨਾਂ ਬੇਸਹਾਰਾ ਬੱਚਿਆਂ ਦੀ ਅਵਾਜ਼ ਸੁਣ ਰਿਹਾ ਸੀ ਜੋ ਅਪਣੇ ਮਾਂ ਬਾਪ ਨੂੰ ਖੋਹ ਚੁੱਕੇ ਸਨ।ਮੇਰੇ ਸਾਹਮਣੇ ਉਹਨਾਂ ਦਰਦ ਭਰੀਆਂ ਕਿਲਕਾਰੀਆਂ ਦੀ ਅਵਾਜ਼ ਸੀ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ।

ਬੂਟ ਸੁੱਟਣ ਤੋਂ ਬਾਅਦ ਜਦੋਂ ਲੋਕ ਮੇਰੇ ਕੋਲ ਆਏ ਤਾਂ ਮੈਂ ਕਿਹਾ ਕੀ ਤੁਹਾਨੂੰ ਪਤੈ ਕਿ ਇਹ ਛਿੱਤਰ ਕਿੰਨੇ ਘਰਾਂ ਦੀ ਅਵਾਜ਼ ਸੀ।ੳੇੁਸਦੀ ਅਵਾਜ਼ ਬੋਲਿਆਂ ਨੂੰ ਸੁਣਾਏ ਗਏ ਧਮਾਕੇ ਦੀ ਤਰ੍ਹਾਂ ਸਾਬਿਤ ਹੋਈ।ਜਦੋਂ ਸਾਰੀਆਂ ਮਾਨਵੀ ਕਦਰਾਂ ਕੀਮਤਾਂ ਢਹਿ ਢੇਰੀ ਹੋ ਚੁੱਕੀਆਂ ਸਨ ਤਾਂ ਅਜਿਹੇ 'ਚ ਹੋ ਸਕਦਾ ਕਿ ਉਹ ਛਿੱਤਰ ਹੀ ਸਹੀ ਜਵਾਬ ਸੀ।ਜਦ ਮੈਂ ਉਸ ਅਪਰਾਧੀ ਬੁਸ਼ 'ਤੇ ਬੂਟ ਸੁੱਟਿਆ ਤਾਂ ਮੇਰਾ ਐਕਸ਼ਨ ਉਸਦੇ ਤਮਾਮ ਝੂਠਾਂ ਤੇ ਮਸ਼ਕਰੀਆਂ ਨੂੰ ਖਾਰਿਜ਼ ਕਰਨ ਲਈ ਸੀ।ਇਹ ਮੇਰੇ ਦੇਸ਼ 'ਤੇ ਉਸਦੇ ਕਬਜ਼ੇ ਦੇ ਖਿਲਾਫ ਸਹੀ ਨਿਸ਼ਾਨਾ ਸੀ।ਉਸਨੇ ਜਿਸ ਤਰ੍ਹਾਂ ਮੇਰੇ ਅਪਣੇ ਲੋਕ ਜੋ ਬੇਗੁਨਾਹ ਸੀ,ਨੂੰ ਕਤਲ ਕਰਵਾਇਆ,ਇਹ ਛਿੱਤਰ ਉਹਨਾਂ ਦੀ ਅਵਾਜ਼ ਸੀ।ਮੇਰਾ ਛਿੱਤਰ ਉਸਦੀ ਉਸ ਨੀਅਤ ਦੇ ਖਿਲਾਫ ਸੀ ਜਿਸਦੀ ਵਜ੍ਹਾ ਕਾਰਨ ਸਾਡੇ ਦੇਸ਼ ਦੀ ਦੌਲਤ ਲੁੱਟੀ ਗਈ।ਸਾਡੇ ਸਾਰੇ ਮਾਨਵੀ ਸ੍ਰੋਤਾਂ ਨੂੰ ਤਹਿਸ ਨਹਿਸ਼ ਕਰ ਦਿੱਤਾ ਗਿਆ ਤੇ ਸਾਡੇ ਬੱਚਿਆਂ ਨੂੰ ਦਿਸ਼ਾਹੀਣ ਹਾਲਤ 'ਚ ਛੱਡ ਦਿੱਤਾ ਗਿਆ।


ਜੇ ਤੁਸੀਂ ਸਮਝਦੇ ਹੋ ਕਿ ਬਤੌਰ ਪੱਤਰਕਾਰ ਮੈਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ ਤੇ ਇਸ ਨਾਲ ਉਹਨਾਂ ਲੋਕਾਂ ਨੂੰ ਸਿਰ ਝਕਾਉਣਾ ਪਿਆ ਜਿਥੇ ਮੈਂ ਕੰਮ ਕਰਦਾ ਸੀ ਤਾਂ ਮੈਂ ਮੁਆਫੀ ਮੰਗਦਾਂ ਹਾਂ।ਪਰ ਮੇਰੇ ਇਹ ਵਿਰੋਧ ਦੇਸ਼ ਦੇ ਉਸ ਆਮ ਨਾਗਰਿਕ ਦਾ ਵਿਰੋਧ ਸੀ ਜੋ ਰੋਜ਼ਾਨਾ ਅਪਣੇ ਦੇਸ਼ ਨੂੰ ਉਸ ਵਿਅਕਤੀ ਦੀਆਂ ਫੌਜਾਂ ਦੇ ਤਲੇ ਹੇਠ ਮਸਲਦਾ ਵੇਖਦਾ ਸੀ।ਮੇਰੇ ਪ੍ਰੋਫੈਸ਼ਨਿਲਮ ਉੱਤੇ ਮੇਰੀ ਦੇਸ਼ ਭਗਤੀ ਭਾਰੂ ਰਹੀ।...ਤੇ ਜੇ ਦੇਸ ਭਗਤੀ ਨੇ ਆਪਣੀ ਅਵਾਜ਼ ਬੁਲੰਦ ਕਰਨੀ ਹੈ ਤਾਂ ਪ੍ਰੋਫੈਸ਼ਨਲਿਜ਼ਮ ਨੂੰ ਇਸ ਨਾਲ ਅਪਣਾ ਤਾਲਮੇਲ ਬਿਠਾ ਲੈਣਾ ਚਾਹੀਦਾ ਹੈ।ਮੈਂ ਇਹ ਕੰਮ ਇਸ ਲਈ ਨਹੀਂ ਕੀਤਾ ਕਿ ਮੇਰਾ ਨਾਂਅ ਇਤਿਹਾਸ ਦੇ ਸੁਨਿਹਰੀ ਪੰਨਿਆਂ 'ਚ ਦਰਜ ਹੋ ਜਾਵੇ ਜਾਂ ਇਸਦੇ ਬਦਲੇ ਮੈਨੂੰ ਕੋਈ ਇਨਾਮ ਮਿਲੇ।ਮੈਂ ਸਿਰਫ ਤੇ ਸਿਰਫ ਅਪਣੇ ਦੇਸ ਦਾ ਬਚਾਅ ਕਰਨਾ ਚਾਹੁੰਦਾ ਹਾਂ।ਮੈਂ ਉਸਨੂੰ ਤਿਲ ਤਿਲ ਕਰਕੇ ਮਰਨਾ ਨਹੀਂ ਦੇਣਾ ਚਾਹੁੰਦਾ।ਮੈਂ ਉਸਨੂੰ ਫੌਜ ਦੇ ਤਲਿਆਂ ਹੇਠ ਰੋਂਦਦਾ ਨਹੀਂ ਵੇਖਣਾ ਚਾਹੁੰਦਾ.....ਨਹੀਂ ਵੇਖਣਾ ਚਾਹੁੰਦਾ।

ਪੰਜਾਬੀ ਅਨੁਵਾਦ--ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

Wednesday, January 21, 2009

ਸ਼ਬਦ ਜੋ "ਆਖਿਰ" ਤੱਕ ਕਹੇ ਗਏ

ਸ਼੍ਰੀਲੰਕਾ ਦੇ ਅਖਬਾਰ 'ਦ ਸੰਡੇ ਲੀਡਰ' ਦੇ ਸੰਪਾਦਕ ਲਸੰਥਾ ਵਿਕ੍ਰਮਤੁੰਗਾ ਦੀ 8 ਜਨਵਰੀ ਨੂੰ ਮੋਟਰਸਾਇਕਲ 'ਤੇ ਆਏ ਦੋ ਬੰਦੂਕਧਾਰੀਆਂ ਨੇ ਕਤਲ ਕਰ ਦਿੱਤਾ ਸੀ।ਲਸੰਥਾ ਨੂੰ ਪੂਰੇ ਦੱਖਣੀ ਏਸ਼ੀਆ ਦੀ ਪੱਤਰਕਾਰੀ 'ਚ ਇਕ ਜਝਾਰੂ ਪੱਤਰਕਾਰ ਦੇ ਤੌਰ 'ਤੇ ਜਾਣਿਆ ਜਾਂਦਾ ਸੀ।ਉਹਨਾਂ ਅਪਣੇ ਪੂਰੇ ਜੀਵਨ 'ਚ ਹਮੇਸ਼ਾ ਹੀ "ਸਮਝੌਤਾਵਾਦ" ਨੂੰ ਨਕਾਰਿਆ।ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਬੇ ਨਾਨਕ ਨੂੰ "ਰਾਜੇ ਸੀਂਹ ,ਮਕੱਦਮ ਕੁੱਤੇ" ਕਹਿੰਦਿਆਂ "ਬਾਬਰ" ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ,ਲਸੰਥਾ ਨੂੰ ਵੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦਿਆਂ "ਸਰਕਾਰੀ ਅੱਤਵਾਦ" ਦਾ ਸ਼ਿਕਾਰ ਹੋਣਾ ਪਿਆ,ਪਰ ਲੋਕਾਂ ਦੀ ਆਵਾਜ਼ ਬਣਨ ਵਾਲੇ ਇਤਿਹਾਸ ਤੋਂ ਸਮੂਹ ਲੋਕਾਈ ਲਈ ਚਾਨਣ ਮੁਨਾਰੇ ਬਣੇ ਹਨ ਤੇ ਦੁਨਿਆਵੀ ਮੌਤ ਤੋਂ ਬਾਅਦ ਵੀ ਉਹ ਹਮੇਸ਼ਾਂ (ਨਾਨਕ,ਗੋਬਿੰਦ,ਭਗਤ,ਖਾਲੜਾ ਤੇ ਲਸੰਥਾ) ਦੀ ਤਰ੍ਹਾਂ ਜਿਉਂਦੇ ਰਹੇ ਹਨ।ਲਸੰਥਾ ਦੇ ਕਤਲ ਲਈ ਸ਼੍ਰੀਲੰਕਾਈ ਲੇਖਕਾਂ,ਪੱਤਰਕਾਰਾਂ,ਚਿੰਤਕਾਂ ਦੇ ਇਕ ਵੱਡੇ ਸ਼ੈਕਸ਼ਨ ਨੇ ਸਰਕਾਰ ਨੂੰ ਜ਼ਿੰਮੇਂਵਾਰ ਠਹਿਰਾਇਆ ਤੇ ਉਸਦੇ ਕਦਮਾਂ 'ਤੇ ਚੱਲਣ ਦਾ ਪ੍ਰਣ ਲਿਆ ਹੈ।ਅਸੀਂ ਵੀ ਉਹਨਾਂ ਨੂੰ ਇਸੇ ਕਰਕੇ ਯਾਦ ਕਰ ਰਹੇ ਹਾਂ ਤਾਂਕਿ ਉਹ ਸਾਡੇ ਸਭ ਦੇ ਰਾਹ ਦਰਸਾਵੇ ਬਣੇ ਰਹਿਣ।ਲਸੰਥਾ ਨੇ ਅਪਣੇ ਕਤਲ ਤੋਂ ਕੁੱਝ ਸਮਾਂ ਪਹਿਲਾਂ ਹੀ ਇੱਕ ਲੇਖ ਲਿਖਿਆ ਸੀ,ਜੋ 11 ਜਨਵਰੀ ਨੂੰ ਪ੍ਰਕਾਸ਼ਿਤ ਹੋਇਆ।ਇਸੇ ਲੇਖ ਦੇ ਕੁਝ ਅੰਸ਼ ਅਸੀਂ ਪੇਸ਼ ਰਹੇ ਹਾਂ,ਕ੍ਰਿਪਾ ਕਰਕੇ ਪੜ੍ਹਨ ਤੋਂ ਬਾਅਦ ਸੱਚਾਈ ਖਾਤਰ ਜੂਝੇ,ਉਸ ਨਾਇਕ ਲਈ ਕੁਝ ਸ਼ਬਦ ਜ਼ਰੂਰ ਕਹਿਣਾ......ਯਾਦਵਿੰਦਰ ਕਰਫਿਊ ਤੇ ਹਰਪ੍ਰੀਤ ਰਠੌੜ।




ਸ਼੍ਰੀਲੰਕਾ ਵਿੱਚ ਪੱਤਰਕਾਰੀ ਦੇ ਇਲਾਵਾ ਅਜਿਹਾ ਕੋਈ ਦੂਜਾ ਪੇਸ਼ਾ ਨਹੀਂ ਜਿਸ ਵਿੱਚ ਤੁਹਾਡੇ ਤੋਂ ਇਹ ਉਮੀਦ ਕੀਤੀ ਜਾਂਦੀ ਹੋਵੇ ਕਿ ਤੁਸੀਂ ਆਪਣੀ ਜਾਨ 'ਤੇ ਖੇਡਕੇ ਆਪਣੀ ਕਲਾ ਦੀ ਵਰਤੋਂ ਫੌਜ ਨੂੰ ਬਚਾਉਣ ਲਈ ਕਰੋ। ਪਿਛਲੇ ਕੁੱਝ ਸਾਲਾਂ 'ਚ ਆਜ਼ਾਦ ਮੀਡੀਏ 'ਤੇ ਹਮਲਿਆਂ 'ਚ ਵਾਧਾ ਹੋਇਆ ਹੈ।ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਅਦਾਰਿਆਂ ਨੂੰ ਜਲਾਇਆ ਗਿਆ ਹੈ, ਉਨ੍ਹਾਂ 'ਤੇ ਬੰਬਾਰੀ ਹੋਈ ਹੈ, ਉਨ੍ਹਾਂ ਨੂੰ ਸੀਲ ਕੀਤਾ ਅਤੇ ਦਬਾਇਆ ਗਿਆ ਹੈ। ਅਣਗਿਣਤ ਪੱਤਰਕਾਰਾਂ ਨੂੰ ਪ੍ਰੇਸ਼ਾਨ ਕੀਤਾ,ਧਮਕਾਇਆ ਅਤੇ ਮਾਰਿਆ ਗਿਆ। ਮੇਰੇ ਲਈ ਇਹ ਫਖਰ ਦੀ ਗੱਲ ਹੈ ਕਿ ਮੈਂ ਵੀ ਇਸ ਜਮਾਤ ਦਾ ਇੱਕ ਹਿੱਸਾ ਹਾਂ।

ਮੈਂ ਪੱਤਰਕਾਰੀ ਦੇ ਪੇਸ਼ੇ 'ਚ ਕਾਫੀ ਲੰਮੇ ਸਮੇਂ ਤੋਂ ਹਾਂ। ਇਸ ਦੌਰ ਵਿੱਚ ਸ਼੍ਰੀਲੰਕਾ 'ਚ ਕਾਫੀ ਕੁੱਝ ਬਦਲ ਗਿਆ ਹੈ, ਹਾਲਾਤ ਵਧੇਰੇ ਕਰਕੇ ਖਰਾਬ ਹੀ ਹੋਏ ਨੇ। ਅਸੀਂ ਇੱਕ ਅਜਿਹੀ ਘਰੇਲੂ ਜੰਗ 'ਚ ਫਸੇ ਹਾਂ ਜਿਸਦੇ ਭਾਗੀਦਾਰਾਂ ਦੀ ਖੂਨ ਦੀ ਪਿਆਸ ਦੀ ਕੋਈ ਹੱਦ ਨਹੀਂ ਹੈ। ਦਹਿਸ਼ਤ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ, ਫਿਰ ਭਾਂਵੇ ਉਹ ਅੱਤਵਾਦੀਆਂ ਦੀ ਹੋਵੇ ਜਾਂ ਸਰਕਾਰ ਦੀ।ਕਤਲ ਉਹ ਪਹਿਲਾ ਸੰਦ ਹੈ ਜਿਸਦਾ ਇਸਤੇਮਾਲ ਸਰਕਾਰ ਆਜ਼ਾਦੀ ਦੇ ਇਸ ਸਾਧਨ 'ਤੇ ਕਾਬੂ ਪਾਉਣ ਲਈ ਕਰਦੀ ਹੈ। ਅੱਜ ਪੱਤਰਕਾਰ ਇਸਦਾ ਸ਼ਿਕਾਰ ਨੇ ਤੇ ਕੱਲ੍ਹ ਜੱਜ ਹੋਣਗੇ। ਕਿਸੇ ਲਈ ਵੀ ਖਤਰਾ ਘੱਟ ਜਾਂ ਜ਼ਿਆਦਾ ਨਹੀਂ ਹੈ।
ਪਰ ਮੈਂ ਇਸ ਕੰਮ ਨੂੰ ਕਿਉਂ ਕਰਦਾ ਹਾਂ? ਮੈਂ ਇੱਕ ਪਤੀ ਹਾਂ, ਮੇਰੇ ਤਿੰਨ ਹੱਸਦੇ-ਖੇਡਦੇ ਬੱਚੇ ਨੇ। ਮੇਰੇ ਦੋਸਤ ਕਹਿੰਦੇ ਨੇ ਕਿ ਮੈਨੂੰ ਕੋਈ ਦੂਜਾ ਸੁਰੱਖਿਅਤ ਅਤੇ ਬਿਹਤਰ ਰਾਹ ਅਖਤਿਆਰ ਕਰਨਾ ਚਾਹੀਦਾ ਹੈ। ਦੋਹਾਂ ਹੀ ਧਿਰਾਂ ਦੇ ਸਿਆਸਤਦਾਨਾਂ ਨੇ ਮੈਂਨੂੰ ਕਈ ਵਾਰ ਕਿਹਾ ਕਿ ਮੈਂ ਸਿਆਸਤ 'ਚ ਆ ਜਾਵਾਂ। ਮੈਨੂੰ ਮੰਤਰੀ ਅਹੁਦੇ ਦੀ ਪੇਸ਼ਕਸ਼ ਵੀ ਕਈ ਵਾਰ ਹੋਈ। ਵੱਖ-ਵੱਖ ਮੁਲਕਾਂ ਦੇ ਸਫੀਰਾਂ ਨੂੰ ਪਤਾ ਹੈ ਕਿ ਸ਼੍ਰੀਲੰਕਾ 'ਚ ਪੱਤਰਕਾਰੀ ਕਿੰਨੀ ਖਤਰਨਾਕ ਹੈ। ਉਨ੍ਹਾਂ ਨੇ ਮੈਨੂੰ ਕਿਸੇ ਦੂਜੇ ਮੁਲਕ 'ਚ ਸੁਰੱਖਿਅਤ ਟਿਕਾਣਾ ਦੇਣ ਦੀ ਗੱਲ ਵੀ ਕਹੀ। ਪਰ ਮੈਂ ਕਿਸੇ ਦੀ ਨਹੀਂ ਸੁਣੀ। ਉੱਚੀਆਂ ਅਹੁਦੇਦਾਰੀਆਂ, ਸ਼ਹੁਰਤ, ਦੌਲਤ ਅਤੇ ਸੁਰੱਖਿਆ ਤੋਂ ਵੀ ਵੱਡੀ ਗੱਲ ਹੁੰਦੀ ਹੈ- ਆਤਮਾ ਦੀ ਆਵਾਜ਼।
'ਦ ਸੰਡੇ ਲੀਡਰ' ਇੱਕ ਵਿਵਾਦਤ ਅਖਬਾਰ ਹੈ ਕਿਉਂਕਿ ਇਸ ਵਿੱਚ ਅਸੀਂ ਚੋਰ ਨੂੰ ਚੋਰ ਅਤੇ ਕਾਤਲ ਨੂੰ ਕਾਤਲ ਕਹਿੰਦੇ ਹਾਂ। ਸੱਚ ਨੂੰ ਅਸੀਂ ਸ਼ਬਦਜਾਲ ਨਾਲ ਢੱਕਣ ਦੀ ਕੋਸ਼ਿਸ਼ ਨਹੀਂ ਕਰਦੇ। ਜੇ ਅਸੀਂ ਕਿਸੇ ਦੀ ਪੋਲ ਖੋਲਦੇ ਹਾਂ ਤਾਂ ਬਕਾਇਦਾ ਉਸਦੇ ਦਸਤਾਵੇਜ਼ੀ ਸਬੂਤ ਵੀ ਦਿੰਦੇ ਹਾਂ। ਤਮਾਮ ਬੇਨਕਾਬੀਆਂ ਦੇ ਬਾਵਜੂਦ ਪਿਛਲੇ 15 ਵਰ੍ਹਿਆਂ ਤੋਂ ਕੋਈ ਵੀ ਸਾਨੂੰ ਗਲਤ ਸਾਬਿਤ ਨਹੀਂ ਕਰ ਸਕਿਆ ਹੈ। ਆਜ਼ਾਦ ਮੀਡੀਆ ਇੱਕ ਸ਼ੀਸ਼ੇ ਵਾਂਗ ਹੁੰਦਾ ਹੈ ਜਿਸ ਵਿੱਚ ਲੋਕ ਆਪਣਾ ਅਕਸ ਵੇਖ ਸਕਦੇ ਹਨ। ਕਦੇ ਕਦਾਈਂ ਲੋਕਾਂ ਨੂੰ ਇਸ ਵਿੱਚ ਪੇਸ਼ ਕੀਤੀ ਆਪਣੀ ਛਵੀ ਚੰਗੀ ਨਹੀਂ ਲੱਗਦੀ। ਇਸ ਲਈ ਇਸ ਸ਼ੀਸ਼ੇ ਨੂੰ ਲੈ ਕੇ ਚੱਲਣ ਵਾਲਾ ਪੱਤਰਕਾਰ ਕਾਫੀ ਖਤਰੇ 'ਚ ਰਹਿੰਦਾ ਹੈ। ''ਸਾਡੀ ਪ੍ਰਤੀਬੱਧਤਾ ਸ਼੍ਰੀਲੰਕਾ 'ਚ ਇੱਕ ਪਾਰਦਰਸ਼ੀ, ਧਰਮ ਨਿਰਪੱਖ ਅਤੇ ਲਿਬਰਲ ਲੋਕਤੰਤਰ ਪ੍ਰਤੀ ਹੈ''- ਇਨ੍ਹਾਂ ਸ਼ਬਦਾਂ ਵੱਲ ਗੌਰ ਕਰੋ। ਪਾਰਦਰਸ਼ੀ ਯਾਨਿ- ਸਰਕਾਰ ਦੀ ਜਵਾਬਦੇਹੀ ਜਨਤਾ ਦੇ ਪ੍ਰਤੀ ਹੋਵੇ ਅਤੇ ਉਹ ਸੱਤਾ ਦੀ ਦੁਰਵਰਤੋਂ ਨਾ ਕਰੇ। ਧਰਮਨਿਰਪੱਖ ਯਾਨਿ- ਸਾਡੇ ਵਰਗੇ ਬਹੁਕੌਮੀ ਅਤੇ ਬਹੁਸੱਭਿਅਕ ਸਮਾਜ ਰਲ ਮਿਲ ਕੇ ਰਹਿ ਸਕਣ। ਲਿਬਰਲ ਤਾਕਿ- ਅਸੀਂ ਦੂਜਿਆਂ ਨੂੰ ਉਹ ਭਾਂਵੇਂ ਜਿਹੋ ਜਿਹੇ ਨੇ,ਉਸੇ ਤਰ੍ਹਾਂ ਸਵੀਕਾਰ ਕਰ ਸਕੀਏ।ਜੇਕਰ ਤੁਸੀਂ ਮੈਥੋਂ ਲੋਕਤੰਤਰ ਦੀ ਮਹੱਤਤਾ ਜਾਨਣਾ ਚਾਹੋ ਤਾਂ ਬਿਹਤਰ ਹੈ ਕਿ ਤੁਸੀਂ ਮੇਰਾ ਅਖਬਾਰ ਖਰੀਦਣਾ ਬੰਦ ਕਰ ਦਿਓ।
'ਦ ਸੰਡੇ ਲੀਡਰ' ਨੇ "ਬਹੁਮਤ" ਦੀ ਹਾਂ 'ਚ ਹਾਂ ਮਿਲਾ ਕੇ ਸੁਰੱਖਿਅਤ ਰਹਿਣਾ ਕਦੀ ਵੀ ਪਸੰਦ ਨਹੀਂ ਕੀਤਾ। ਅਸੀਂ ਅਕਸਰ ਉਨ੍ਹਾਂ ਵਿਚਾਰਾਂ ਨੂੰ ਰੱਖਿਆ ਜੋ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਆਉਂਦੇ। ਮਸਲਨ ਅਸੀਂ ਕਹਿੰਦੇ ਰਹੇ ਹਾਂ ਕਿ ਵੱਖਵਾਦੀ ਅੱਤਵਾਦ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਪਰ ਵਧੇਰੇ ਅਹਿਮ ਹੈ ਕਿ ਅੱਤਵਾਦ ਦੀਆਂ ਜੜ੍ਹਾਂ ਨੂੰ ਖਤਮ ਕੀਤਾ ਜਾਵੇ। ਅਸੀਂ ਸ੍ਰੀਲੰਕਾ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਉਹ ਜਾਤੀਗਤ ਤਣਾਅ ਨੁੰ ਇਤਿਹਾਸਕ ਨਜ਼ਰੀਏ ਨਾਲ ਵੇਖੇ,ਅੱਤਵਾਦ ਦੇ ਨਜ਼ਰੀਏ ਨਾਲ ਨਹੀਂ।ਅਸੀਂ ਅੱਤਵਾਦ ਖਿਲਾਫ ਲੜਾਈ 'ਚ ਸਰਕਾਰ ਦੇ ਉਸ ਅੱਤਵਾਦ ਦੀ ਵੀ ਖਿਲਾਫਤ ਕੀਤੀ ਜੋ ਅਪਣੇ ਹੀ ਨਾਗਰਿਕਾਂ 'ਤੇ ਬੰਬ ਵਰ੍ਹਾਉਂਦਾ ਹੈ।

ਕੁੱਝ ਲੋਕ ਮੰਨਦੇ ਨੇ ਕਿ ਸੰਡੇ ਲੀਡਰ ਦਾ ਆਪਣਾ ਕੋਈ ਸਿਆਸੀ ਏਜੰਡਾ ਹੈ, ਪਰ ਸੱਚ ਆਖਾਂ ਤਾਂ ਸਾਡਾ ਅਜਿਹਾ ਕੋਈ ਏਜੰਡਾ ਨਹੀਂ ਹੈ। ਅਕਸਰ ਹੀ ਅਸੀਂ ਸਰਕਾਰ ਦੀ ਆਲੋਚਨਾ ਵਿਰੋਧੀ ਧਿਰ ਤੋਂ ਵੀ ਜ਼ਿਆਦਾ ਤਿੱਖੇ ਢੰਗ ਨਾਲ ਕਰਦੇ ਦਿੱਸਦੇ ਹਾਂ- ਅਤੇ ਇਹ ਸਿਰਫ ਇਸ ਲਈ ਕਿਉਂਕਿ ਵਿਰੋਧੀ ਧਿਰ ਵੱਲੋਂ ਕੀਤੀ ਨਿਖੇਧੀ ਦਾ ਫਾਇਦਾ ਵੀ ਕੀ? ਅਸੀਂ ਜੋ ਪੋਲਾਂ ਖੋਲ੍ਹੀਆਂ ਨੇ ਉਨ੍ਹਾਂ ਦੇ ਚੱਲਦਿਆਂ ਅਸੀਂ ਯੂ.ਐੱਨ.ਪੀ. ਸਰਕਾਰ ਦੀ ਅੱਖ ਦਾ ਸਭ ਤੋਂ ਵੱਡਾ ਰੋੜਾ ਬਣੇ ਹੋਏ ਹਾਂ। ਪਰ ਅਸੀਂ ਤਮਿਲ ਟਾਇਰਜ਼ ਦੀਆਂ ਨੀਤੀਆਂ ਦੇ ਵੀ ਓਨੇ ਹੀ ਖਿਲਾਫ ਹਾਂ।ਲਿੱਟੇ ਵਰਗੀ ਬੇਦਰਦ ਅਤੇ ਖੂਣ ਦੀ ਪਿਆਸੀ ਜਥੇਬੰਦੀ ਇਸ ਧਰਤੀ 'ਤੇ ਦੂਜੀ ਕੋਈ ਵੀ ਨਹੀਂ। ਉਸ ਨੂੰ ਜ਼ਰੂਰ ਹੀ ਖਤਮ ਕੀਤਾ ਜਾਣਾ ਚਾਹੀਦਾ ਹੈ। ਪਰ ਇਹ ਕੰਮ ਆਮ ਤਮਿਲ ਲੋਕਾਂ 'ਤੇ ਗੋਲੀਬਾਰੀ ਅਤੇ ਬੰਬਾਰੀ ਕਰ ਕੇ ਨਹੀਂ ਹੋਣਾ ਚਾਹੀਦਾ। ਇਹ ਗਲਤ ਤਾਂ ਹੈ ਹੀ,ਸਿੰਹਲੀ ਲੋਕਾਂ ਲਈ ਵੀ ਸ਼ਰਮ ਦੀ ਗੱਲ ਹੈ।



ਦੋ ਮੌਕਿਆਂ 'ਤੇ ਮੇਰੇ 'ਤੇ ਹਮਲਾ ਹੋ ਚੁੱਕਿਆ ਹੈ ੳਤੇ ਮੇਰੇ ਘਰ ਵੀ ਮਸੀਨਗੰਨਾਂ ਨਾਲ ਗੋਲੀਬਾਰੀ ਹੋ ਚੁੱਕੀ ਹੈ। ਨਾ ਤਾਂ ਪੁਲਿਸ ਨੇ ਹੀ ਕਦੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਤੇ ਨਾ ਹੀ ਕਦੇ ਹਮਲਾਵਰਾਂ ਨੂੰ ਫੜ੍ਹਿਆ ਜਾ ਸਕਿਆ। ਕਈ ਕਾਰਨਾਂ ਕਰਕੇ ਮੈਂ ਮੰਨਦਾ ਹਾਂ ਕਿ ਹਮਲਾਵਰਾਂ ਨੂੰ ਸਰਕਾਰ ਤੋਂ ਹੀ ਹੱਲਾਸ਼ੇਰੀ ਮਿਲੀ ਸੀ। ਅਤੇ ਜੇਕਰ ਮੈਂ ਮਾਰਿਆ ਹੀ ਗਿਆ ਤਾਂ ਸਰਕਾਰ ਹੀ ਅਸਲੀ ਗੁਨਾਹਗਾਰ ਹੋਵੇਗੀ। ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਮੈਂ ਅਤੇ ਮਹਿੰਦਾ ਰਾਜਪਕਸੇ ਤਕਰੀਬਨ 25 ਵਰ੍ਹਿਆਂ ਤੱਕ ਦੋਸਤ ਰਹੇ ਹਾਂ। ਮੈਂ ਉਨ੍ਹਾਂ ਕੁੱਝ ਗਿਣੇ ਚੁਣੇ ਲੋਕਾਂ 'ਚੋਂ ਇੱਕ ਹਾਂ ਜੋ ਮਹਿੰਦਾ ਨੂੰ ਉਸਦੇ ਪਹਿਲੇ ਨਾਂ ਤੋਂ ਹੀ ਬੁਲਾਉਂਦੇ ਹਾਂ। ਸ਼ਾਇਦ ਹੀ ਕੋਈ ਮਹੀਨਾ ਅਜਿਹਾ ਲੰਘਦਾ ਹੋਵੇ ਜਦੋਂ ਅਸੀਂ ਨਾ ਮਿਲਦੇ ਹੋਈਏ। 2005 'ਚ ਜਦੋਂ ਮਹਿੰਦਾ ਦਾ ਨਾਂ ਰਾਸ਼ਟਰਪਤੀ ਅਹੁਦੇ ਲਈ ਅੱਗੇ ਆਇਆ ਤਾਂ ਉਸਦਾ ਜਿੰਨਾ ਸਵਾਗਤ ਇਸ ਕਾਲਮ ਵਿੱਚ ਕੀਤਾ ਗਿਆ ਸੀ ਉਨਾਂ ਹੋਰ ਕਿਤੇ ਨਹੀਂ ਸੀ ਹੋਇਆ। ਮਨੁੱਖੀ ਅਧਿਕਾਰਾਂ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਹਰ ਕੋਈ ਜਾਣਦਾ ਸੀ। ਫਿਰ ਇੱਕ ਗਲਤੀ ਹੋਈ ਅਤੇ ਹੰਬਨਟੋਟਾ ਦਾ ਘੁਟਾਲਾ ਸਭ ਦੇ ਸਾਹਮਣੇ ਆ ਗਿਆ।
ਇੱਕ ਬਹੁਤ ਵੱਡੇ ਧਰਮ ਸੰਕਟ 'ਚੋਂ ਲੰਘਣ ਤੋਂ ਬਾਅਦ ਅਸੀਂ ਇਸਦੀ ਰਿਪੋਰਟ ਛਾਪੀ ਸੀ ਅਤੇ ਗੁਜ਼ਾਰਿਸ਼ ਕੀਤੀ ਸੀ ਕਿ ਉਹ ਪੈਸਾ ਵਾਪਸ ਕਰ ਦੇਣ। ਅਤੇ ਕਈ ਹਫਤਿਆਂ ਬਾਅਦ ਜਦੋਂ ਉਨ੍ਹਾਂ ਨੇ ਇਹ ਕੀਤਾ ਤਾਂ ਉਨ੍ਹਾਂ ਦੀ ਸਾਖ 'ਤੇ ਧੱਬਾ ਲੱਗ ਚੁੱਕਿਆ ਸੀ।

ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਵੀ ਅਫਸੋਸ ਜ਼ਾਹਰ ਕਰੋਗੇ। ਛੇਤੀ ਹੀ ਜਾਂਚ ਦੀ ਘੋਸ਼ਣਾ ਵੀ ਹੋਵੇਗੀ। ਪਰ ਪਿਛਲੀ ਸਾਰੀ ਜਾਂਚ ਦੀ ਤਰ੍ਹਾਂ ਹੀ ਇਸ ਵਾਰ ਵੀ ਸੱਚ ਸਾਹਮਣੇ ਨਹੀਂ ਆਏਗਾ। ਸਾਨੂੰ ਦੋਹਾਂ ਨੂੰ ਹੀ ਪਤਾ ਹੈ ਕਿ ਉਸਦੇ ਪਿੱਛੇ ਕੌਣ ਹੈ ਪਰ ਕੋਈ ਉਸਦਾ ਨਾਂ ਨਹੀਂ ਲਵੇਗਾ। ਮੇਰੀ ਹੀ ਨਹੀਂ ਤੁਹਾਡੀ ਜ਼ਿੰਦਗੀ ਪਿੱਛੇ ਵੀ ਉਹੀ ਹੈ। ਮੈਂ ਇਸ ਸਫਰ ਨੂੰ ਇਕੱਲਿਆਂ ਨਹੀਂ ਜੀਵਿਆ। ਮੀਡੀਆ ਦੀਆਂ ਦੂਜੀਆਂ ਵੰਨਗੀਆਂ 'ਚ ਮੇਰੇ ਜੋ ਸਾਥੀ ਸੀ ਉਹ ਅੱਜ ਜਾਂ ਤਾਂ ਮਾਰੇ ਜਾ ਚੁੱਕੇ ਹਨ ਜਾਂ ਬਿਨਾ ਕਿਸੇ ਮੁਕੱਦਮੇ ਦੇ ਹੀ ਜੇਲ੍ਹ 'ਚ ਹਨ। ਮੇਰੇ ਇਲਾਵਾ ਜਿਨ੍ਹਾਂ ਦੀ ਮੌਤ ਦਾ ਸਾਇਆ ਤੁਹਾਡੇ ਰਾਸ਼ਟਰਪਤੀ ਕਾਰਜਕਾਲ 'ਤੇ ਪਿਆ ਹੈ, ਉਨ੍ਹਾਂ ਨੇ ਇਸ ਆਜ਼ਾਦੀ ਦੀ ਕੀਮਤ ਚੁਕਾਈ ਹੈ ਜਿਸਦੀ ਤੁਸੀਂ ਕਦੇ ਲੜਾਈ ਲੜੀ ਸੀ।
ਮੈਂ ਜਾਣਦਾ ਹਾਂ ਕਿ ਮੌਤ ਆਵੇਗੀ। ਪਰ ਜੇ ਅੱਜ ਅਸੀਂ ਨਹੀਂ ਬੋਲਾਂਗੇ ਤਾਂ ਉਨ੍ਹਾਂ ਲੋਕਾਂ ਲਈ ਬੋਲਣ ਵਾਲਾ ਕੋਈ ਨਹੀਂ ਬਚੇਗਾ। ਜੋ ਘੱਟ ਗਿਣਤੀਆਂ 'ਚ ਆਉਂਦੇ ਨੇ, ਦੱਬੇ-ਕੁਚਲੇ ਨੇ ਅਤੇ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ

ਅਨੁਵਾਦਕ---ਹਰਪ੍ਰੀਤ ਰਠੌੜ