ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, September 26, 2012

ਕਨੇਡਾ: ਸਾਧੂ ਬਿਨਿੰਗ ਦੀ 'ਨਾਸਤਿਕ ਬਾਣੀ' ਲੋਕ-ਅਰਪਣ


23 ਸਤੰਬਰ ਨੂੰ ਨੌਰਥ ਡੈਲਟਾ, ਰੀਕਰੀਏਸ਼ਨ ਸੈਂਟਰ ਵਿਖੇ ਪੰਜਾਬੀ ਲੇਖਕ ਤੇ ਚਿੰਤਕ ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕਬਾਣੀ ਵਤਨ ਮੈਗਜ਼ੀਨ ਅਤੇ ਪੰਜਾਬੀ ਆਰਟਿਸਟ ਅਸੋਸੀਏਸ਼ਨ ਆਫ਼ ਰਿਚਮੰਡ (ਪਾਰ) ਵੱਲੋਂ ਭਰਵੇਂ ਇਕੱਠ ਵਿਚ ਲੋਕ ਅਰਪਣ ਕੀਤੀ ਗਈ। ਇਸ ਸਮਾਰੋਹ ਦੀ ਵਿਸ਼ੇਸ਼ਤਾ ਇਹ ਸੀ ਕਿ ਰੱਬ ਦੀ ਹੋਂਦ 'ਤੇ ਵਿਸ਼ਵਾਸ਼ ਕਰਨ ਵਾਲੇ ਅਤੇ ਨਾ ਕਰਨ ਵਾਲੇ ਵਿਦਵਾਨਾਂ ਨੇ ਵਿਚਾਰ-ਵਟਾਂਦਰਾ ਕੀਤਾ। ਸਮਾਗਮ ਦੀ ਕਾਰਵਾਈ ਉੱਘੇ ਵਿਦਵਾਨ ਡਾ ਸਾਧੂ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਈ। ਉਹ ਵਿਚ ਵਿਚ ਆਪਣੇ ਦਾਰਸ਼ਨਿਕ ਵਿਚਾਰ ਵੀ ਸਾਂਝੇ ਕਰਦੇ ਰਹੇ।

ਪ੍ਰਧਾਨਗੀ ਮੰਡਲ ਵਿਚ ਡਾ. ਰਘਬੀਰ ਸਿੰਘ ਸਿਰਜਣਾ, ਖੁਸ਼ੀਰਾਮ, ਡਾ ਸੈਫ਼ ਖਾਲਿਦ ਅਤੇ ਕਿਤਾਬ ਦੇ ਲੇਖਕ ਸਾਧੂ ਬਿਨਿੰਗ ਬੈਠੇ। ਲੋਕ ਅਰਪਣ ਕਰਨ ਦੀ ਰਸਮ ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਭਜੋਤ ਕੌਰ ਸਿੰਘ ਅਤੇ ਨਾਸਤਿਕ ਬਾਣੀ ਦੇ ਲੇਖਕ ਦੀ ਜੀਵਨ ਸਾਥਣ ਜਗਦੀਸ਼ ਕੌਰ ਬਿਨਿੰਗ ਨੇ ਨਿਭਾਈ।

ਸਾਧੂ ਬਿਨਿੰਗ ਨੇ ਸਮਾਗਮ ਦੀ ਸ਼ੁਰੂਆਤ ਆਪਣੇ ਨਾਸਤਿਕ ਬਨਣ ਦੇ ਸਫ਼ਰ ਬਾਰੇ ਜਾਣਕਾਰੀ ਦੇ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਬਚਪਨ ਵਿਚ ਦਰਸ਼ਨ ਸਿੰਘ ਕਨੇਡੀਅਨ ਦੇ ਸਾਥ ਅਤੇ ਪ੍ਰੀਤਲੜੀ ਦਾ ਪਾਠਕ ਬਨਣ ਕਰਕੇ ਰੱਬ ਦੀ ਹੋਂਦ ਬਾਰੇ ਪ੍ਰਸ਼ਨ ਛੋਟੀ ਉਮਰ ਵਿਚ ਹੀ ਉੱਠਣੇ ਸ਼ੁਰੂ ਹੋ ਗਏ ਸਨ। 16-17 ਸਾਲ ਦੀ ਉਮਰ ਵਿਚ ਉਨ੍ਹਾਂ ਕੁਝ ਦੇਰ ਲਈ ਕੇਸ ਵੀ ਰੱਖੇ। ਪਰ 20 ਸਾਲ ਦੀ ਉਮਰ ਤੱਕ ਰੱਬ ਦੀ ਅਣਹੋਂਦ ਬਾਰੇ ਉਨ੍ਹਾਂ ਦੇ ਵਿਚਾਰ ਪੱਕ ਚੁੱਕੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਪੰਜ-ਛੇ ਸਾਲਾਂ ਦੌਰਾਨ ਉਨ੍ਹਾਂ ਨੇ ਨਾਸਤਿਕਤਾ ਬਾਰੇ ਗੰਭੀਰਤਾ ਨਾਲ ਪੜ੍ਹਿਆ। ਇਹ ਪੜਦਿਆਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਨਾਸਤਿਕਤਾ ਵਾਲਾ ਰਾਹ ਹੀ ਇਨਸਾਨ ਲਈ ਉੱਤਮ ਹੈ। ਇਸ ਕਿਤਾਬ ਦੇ ਛਪਵਾਉਣ ਦੇ ਮੰਤਵ ਬਾਰੇ ਉਨ੍ਹਾਂ ਕਿਹਾ ਕਿ ਭਾਈਚਾਰੇ ਵਿਚ ਇਸ ਵਿਸ਼ੇ ਬਾਰੇ ਸੰਵਾਦ ਸ਼ੁਰੂ ਕਰਨਾ ਹੈ।

ਪ੍ਰਭਜੋਤ ਕੌਰ ਸਿੰਘ ਨੇ ਕਿਹਾ ਕਿ ਆਸਤਿਕਤਾ ਅਤੇ ਨਾਸਤਿਕਤਾ ਜੀਵਣ ਜਿਊਣ ਦੇ ਢੰਗ ਹਨ। ਇਨਸਾਨ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਸ ਨੇ ਕਿਹੜਾ ਰਾਹ ਚੁਨਣਾ ਹੈ। ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸਰਦਾਰ ਪ੍ਰਗਟ ਸਿੰਘ ਭੁਰਜੀ ਨੇ ਕਿਹਾ ਕਿ ਇਸ ਸ਼੍ਰਿਸ਼ਟੀ ਦੀ ਸਿਰਜਣਾ ਸਰਬ ਸ਼ਕਤੀਮਾਨ ਪਰਮਾਤਮਾ ਨੇ ਕੀਤੀ ਹੈ। ਅਜਮੇਰ ਰੋਡੇ ਨੇ ਪ੍ਰਸ਼ਨ ਉਠਾਇਆ ਕਿ ਫਿਰ ਉਸ ਸਿਰਜਣਹਾਰੇ ਦੀ ਸਿਰਜਣਾ ਕਿਸ ਨੇ ਕੀਤੀ। ਅਜਮੇਰ ਰੋਡੇ ਨੇ ਧਰਮ ਤੇ ਵਿਗਿਆਨ ਦੇ ਵੱਖਰੇਵੇਂ ਬਾਰੇ ਗੱਲ ਕੀਤੀ।

ਰੇਡੀਓ ਸੰਵਾਦਾਤਾ ਗੁਰਪ੍ਰੀਤ ਸਿੰਘ ਨੇ ਧਰਮ ਅਤੇ ਸਿਆਸਤ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਨੇ ਦੁਨੀਆਂ ਦੇ ਵੱਖ ਵੱਖ ਹਿਸਿਆਂ ਦੀਆਂ ਉਦਾਹਰਣਾ ਦੇ ਕੇ ਦੱਸਿਆ ਕਿ ਧਰਮ ਤੇ ਸਿਆਸਤ ਰਲ ਕੇ ਭਿਆਨਕ ਤਬਾਹੀ ਮਚਾਉਂਦੇ ਹਨ। ਉਨ੍ਹਾਂ ਨੇ ਧਰਮ ਅਤੇ ਸਿਆਸਤ ਨੂੰ ਵੱਖ-ਵੱਖ ਰੱਖਣ 'ਤੇ ਜ਼ੋਰ ਦਿੱਤਾ। ਯੂ ਬੀ ਸੀ ਦੇ ਅਧਿਆਪਕ ਸੁਖਵੰਤ ਹੁੰਦਲ ਨੇ ਕਿਹਾ ਕਿ ਇਹ ਕਿਤਾਬ ਪੜ੍ਹ ਕੇ ਪਤਾ ਲੱਗਦਾ ਹੈ ਕਿ ਨਾਸਤਿਕ ਵਿਚਾਰ ਹਜ਼ਾਰਾਂ ਸਾਲਾਂ ਤੋਂ ਚਲੇ ਆਉਂਦੇ ਹਨ। ਉਨ੍ਹਾਂ ਕਿਤਾਬ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਨਾਸਤਿਕ ਵਿਚਾਰਾਂ ਲਈ ਸਮਾਜ ਵਿਚ ਥਾਂ ਬਣਾਉਣ ਲਈ ਰਾਹ ਪੱਧਰਾ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਿਤਾਬ ਇਹ ਮਿੱਥ ਵੀ ਤੋੜਦੀ ਹੈ ਕਿ ਨਾਸਤਿਕ ਵਿਚਾਰ ਸਿਰਫ਼ ਕੌਮਨਿਸਟਾਂ ਦੇ ਹੀ ਹੁੰਦੇ ਹਨ। ਉਨ੍ਹਾਂ ਕਿਤਾਬ ਦੀ ਸੀਮਾ ਦੀ ਗੱਲ ਕਰਦਿਆਂ ਕਿਹਾ ਕਿ ਇਹ ਆਸਤਿਕ ਲੋਕਾਂ ਨੂੰ ਆਪਣੇ ਵੱਲ ਨਹੀਂ ਖਿੱਚਦੀ।

ਤਰਕਸ਼ੀਲ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਅਵਤਾਰ ਗਿੱਲ ਨੇ ਕਿਹਾ ਕਿ ਰੱਬ ਉਨ੍ਹਾਂ ਲਈ ਗੁੰਝਲਦਾਰ ਬੁਝਾਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬ ਤਰਕਸ਼ੀਲ ਲਹਿਰ ਲਈ ਵੱਡਮੁੱਲੀ ਹੈ। ਸੁੱਖੀ ਢਿੱਲੋਂ ਨੇ ਸਿੱਖ ਧਰਮ ਵਿਚ ਜਾਤਪਾਤ ਦੀ ਗੱਲ ਕੀਤੀ। ਖੁਸ਼ੀਰਾਮ ਨੇ ਕਿਹਾ ਕਿ ਨਾਸਤਿਕ ਇਨਸਾਨ ਨੂੰ ਆਪਣੇ ਆਪ 'ਤੇ ਵਿਸ਼ਵਾਸ਼ ਹੁੰਦਾ ਹੈ ਜਦੋਂ ਕਿ ਆਸਤਿਕ ਨੂੰ ਕਿਸੇ ਅਜੇਹੀ ਸ਼ਕਤੀ 'ਤੇ, ਜਿਸਦੀ ਕੋਈ ਹੋਂਦ ਹੀ ਨਹੀਂ ਹੁੰਦੀ। ਉਨ੍ਹਾਂ ਨੇ ਵੱਧ ਤੋਂ ਵੱਧ ਉਸਾਰੂ ਸੋਚ ਵਾਲੀਆਂ ਕਿਤਾਬਾਂ ਪੜ੍ਹਨ 'ਤੇ ਜ਼ੋਰ ਦਿੱਤਾ। ਹਰਬੰਸ ਢਿੱਲੋਂ ਨੇ ਕਿਹਾ ਕਿ ਸਾਇੰਸਦਾਨ ਆਖਦੇ ਹਨ ਕਿ ਜਿਹੜੀ ਦਲੀਲ ਤਰਕ ਦੀ ਕਸਵੱਟੀ 'ਤੇ ਨਹੀਂ ਉਤਰਦੀ ਉਸਦਾ ਥਾਂ ਕੂੜੇ ਦੀ ਟੋਕਰੀ ਹੁੰਦਾ ਹੈ। ਧਰਮ ਵਿਸ਼ਵਾਸ਼ 'ਤੇ ਖੜ੍ਹਾ ਹੈ। ਧਰਮ ਨੇ ਇਨਸਾਨ ਦਾ ਫਾਇਦੇ ਨਾਲੋਂ ਨੁਕਸਾਨ ਵਧੇਰੇ ਕੀਤਾ ਹੈ।

ਪ੍ਰੋ: ਗੁਰਮੀਤ ਸਿੰਘ ਟਿਵਾਣਾ ਨੇ ਧਰਮ ਅਤੇ ਮਾਰਕਸਵਾਦ ਦੀ ਗੱਲ ਕੀਤੀ। ਸਤਵੰਤ ਦੀਪਕ ਨੇ ਗੁਰਚਰਨ ਰਾਮਪੁਰੀ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਅਤੇ ਆਪਣੇ ਵੱਲੋਂ ਲੇਖਕ ਨੂੰ ਵਧਾਈ ਦਿੱਤੀ। ਇਨ੍ਹਾਂ ਤੋਂ ਇਲਾਵਾ ਜਰਨੈਲ ਸਿੰਘ ਸੇਖਾ, ਨਦੀਮ ਪਰਮਾਰ, ਪ੍ਰਿੰਸੀਪਲ ਕਸ਼ਮੀਰ ਸਿੰਘ ਗਿੱਲ ਨੇ ਲੇਖਕ ਨੂੰ ਵਧਾਈ ਦਿੱਤੀ। ਹਰਮਿੰਦਰ ਮਾਹਲ, ਡਾ: ਰਿਸ਼ੀ ਸਿੰਘ, ਹਰਜੀਤ ਦੌਧਰੀਆ, ਅਮਰਜੀਤ ਸੂਫ਼ੀ, ਅਮਨਪਾਲ ਸਾਰਾ, ਰਨਬੀਰ ਜੌਹਲ, ਪਰਵਿੰਦਰ ਧਾਰੀਵਾਲ, ਤਨਦੀਪ ਤਮੰਨਾ ਅਤੇ ਨਵਦੀਪ ਸਿੱਧੂ ਨੇ ਲੇਖਕ ਨੂੰ ਵਧਾਈ ਦਿੱਤੀ। ਸਮੇਂ ਦੀ ਘਾਟ ਕਾਰਣ ਕੁਝ ਬੁਲਾਰਿਆਂ ਨੂੰ ਸਮਾਂ ਨਹੀਂ ਮਿਲ ਸਕਿਆ।

ਅੰਤ ਵਿਚ ਲੇਖਕ, ਸਾਧੂ ਬਿਨਿੰਗ ਨੇ ਹਾਜ਼ਰੀਨ ਤੋਂ ਇਲਾਵਾ ਗੁਰਪ੍ਰੀਤ ਸਿੰਘ ਰੇਡੀਓ ਇੰਡੀਆ, ਰੇਡੀਓ ਪੰਜਾਬ ਤੋਂ ਕੁਲਜੀਤ ਕੌਰ, ਕਰਮਜੀਤ ਥਿੰਦ, ਜੁਆਏ ਟੀ ਵੀ ਤੋਂ ਹਰਪ੍ਰੀਤ ਸਿੰਘ, ਡਾ ਪਰਗਟ ਸਿੰਘ ਭੁਰਜੀ, ਸੁਖਵੰਤ ਹੁੰਦਲ, ਪਾਲ ਬਿਨਿੰਗ ਅਤੇ ਡਾ: ਸਾਧੂ ਸਿੰਘ ਦਾ ਧੰਨਵਾਦ ਕੀਤਾ।

ਸਰੀ ਤੋਂ ਹਰਪ੍ਰੀਤ ਸੇਖਾ ਦੀ ਰਿਪੋਰਟ

Tuesday, September 25, 2012

ਜਾਤਪਾਤ 'ਤੇ ਵਿਚਾਰ ਚਰਚਾ:ਬੁੱਧ,ਅੰਬੇਡਕਰ ਕਾਫੀ ਨਹੀਂ,ਮਾਰਕਸ ਜ਼ਰੂਰੀ

ਪਿਛਲੇ ਦਿਨੀਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਤੇਲਗੂ ਚਿੰਤਕਾ ਰੰਗਨਾਇਕੰਮਾ ਦੀ ਅਨੁਵਾਦਿਤ ਪੁਸਤਕ 'ਜਾਤਪਾਤ ਦੇ ਸਵਾਲ ਦੇ ਹੱਲ ਲਈ ਬੁੱਧ ਕਾਫੀ ਨਹੀਂ, ਅੰਬੇਡਕਰ ਵੀ ਕਾਫੀ ਨਹੀਂ, ਮਾਰਕਸ ਜ਼ਰੂਰੀ ਹੈ' 'ਤੇ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਚਰਚਾ ਦੇ ਪ੍ਰਧਾਨਗੀ ਮੰਡਲ 'ਚ ਡਾ. ਸੇਵਾ ਸਿੰਘ, ਕਾ. ਨੌਨਿਹਾਲ ਸਿੰਘ, ਹਰਵਿੰਦਰ ਭੰਡਾਲ ਅਤੇ ਬੂਟਾ ਸਿੰਘ ਸ਼ਸ਼ੋਭਿਤ ਹੋਏ। ਡਾ. ਮਨਿੰਦਰ ਕਾਂਗ ਨੇ ਕਿਤਾਬ ਦੀ ਜਾਣ ਪਛਾਣ ਕਰਾਉਂਦਿਆਂ ਕਿਹਾ: ਭਾਵੇਂ ਕਿਤਾਬ ਵਿਚ ਲੰਮੇ ਵੇਰਵੇ ਅਤੇ ਵਾਧੂ ਵਿਸਥਾਰ ਹਨ ਪਰ ਕਿਤਾਬ ਦੀ ਟਾਈਪੋਗ੍ਰਾਫ਼ੀ ਧੂਹ ਪਾਊ ਤੇ ਸਿੱਖਣਯੋਗ ਹੈ।

ਵਿਚਾਰ ਚਰਚਾ ਦੇ ਮੁੱਖ ਬੁਲਾਰੇ ਡਾ. ਸੇਵਾ ਸਿੰਘ ਨੇ ਕਿਤਾਬ 'ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਿਤਾਬ ਦੇ ਅਨੁਵਾਦਕ ਬੂਟਾ ਸਿੰਘ ਅਤੇ 5ਆਬ ਪ੍ਰਕਾਸ਼ਨ ਦੇ ਪ੍ਰਕਾਸ਼ਕ ਕੇਸਰ ਦਾ ਅਜਿਹੀ ਕਿਤਾਬ ਪਾਠਕਾਂ ਤੱਕ ਪਹੁੰਚਾਉਣ ਲਈ ਧੰਨਵਾਦ ਕੀਤਾ।

ਕਿਤਾਬ ਬਾਰੇ ਗੱਲ ਕਰਦਿਆਂ ਡਾ. ਸੇਵਾ ਸਿੰਘ ਨੇ ਕਿਹਾ: '' ਮੁਲਕ ਦੇ ਠੋਸ ਹਾਲਾਤ ਨੂੰ ਸਮਝਣ ਲਈ ਮਾਰਕਸਵਾਦ ਨੂੰ ਮਸ਼ੀਨੀ ਰੂਪ 'ਚ ਨਹੀਂ, ਵਿਰੋਧ-ਵਿਕਾਸੀ ਰੂਪ 'ਚ ਲੈਣਾ ਜ਼ਰੂਰੀ ਹੈ। ਮਾਰਕਸ ਅਨੁਸਾਰ ਕਿਸੇ ਵਿਚਾਰਧਾਰਾ ਦੇ ਸਭ ਤੋਂ ਮਜ਼ਬੂਤ ਨੁਕਤੇ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਪਰ ਰੰਗਨਾਇਕੰਮਾ ਦੀ ਕਿਤਾਬ ਡਾ. ਅੰਬੇਡਕਰ ਦੀ ਵਿਚਾਰਧਾਰਾ ਦੇ ਸਭ ਤੋਂ ਕਮਜ਼ੋਰ ਨੁਕਤੇ ਨੂੰ ਨਿਸ਼ਾਨਾ ਬਣਾਉਂਦੀ ਹੈ।''


ਉਨ੍ਹਾਂ ਕਿਹਾ ਕਿ ਭਾਰਤ ਦੀ ਉੱਭਰ ਰਹੀ ਬੁਰਜ਼ੂਆਜੀ ਹਿੰਦੂ ਸੀ, ਇਸ ਨਾਲ ਤਿੱਖੇ ਸੰਘਰਸ਼ ਦੇ ਪ੍ਰਸੰਗ 'ਚ ਹੀ ਡਾ. ਅੰਬੇਡਕਰ ਹੋਰਾਂ ਦੀ ਲੰਮੀ ਜੱਦੋਜਹਿਦ ਨੂੰ ਦੇਖਣਾ ਚਾਹੀਦਾ ਹੈ। ਬੁੱਧ ਧਰਮ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਤਾਬ 'ਚ ਬੁੱਧ ਧਰਮ ਨੂੰ ਸਮੁੱਚੇ ਰੂਪ 'ਚ ਨਹੀਂ ਦੇਖਿਆ ਗਿਆ, ਸਿਰਫ਼ ਇਸ ਦੇ ਅਧਿਆਤਮਵਾਦੀ ਪਹਿਲੂ ਨੂੰ ਪੇਸ਼ ਕਰਦਿਆਂ ਇਕ ਅਧੂਰਾ ਵਿਸ਼ਲੇਸ਼ਣ ਕੀਤਾ ਗਿਆ ਹੈ, ਇਸ ਤਰ੍ਹਾਂ ਦੀਆਂ ਕਿਤਾਬਾਂ ਪਾਠਕ ਨੂੰ ਭਰਵੀਂ ਚੇਤਨਾ ਨਹੀਂ ਦੇ ਸਕਦੀਆਂ।

ਦਲਿਤ ਕਹਾਣੀਕਾਰ ਅਤੇ ਚਿੰਤਕ ਮੋਹਣ ਲਾਲ ਫ਼ਿਲੌਰੀਆ ਅਤੇ ਐਡਵੋਕੇਟ ਮਾਨਵ ਨੇ ਕਿਤਾਬ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਮਾਰਕਸਵਾਦੀ ਆਲੋਚਕ ਡਾ. ਅੰਬੇਡਕਰ ਨੂੰ ਪੜ੍ਹੇ ਬਿਨ੍ਹਾਂ ਹੀ ਆਲੋਚਨਾ ਕਰਦੇ ਹਨ ਅਤੇ ਅਜਿਹੀਆਂ ਕਿਤਾਬਾਂ ਅੱਗੇ ਵਧ ਰਹੇ ਅੰਬੇਡਕਾਰੀ ਵਿਚਾਰਧਾਰਾ ਦਾ ਰਾਹ ਰੋਕਣ ਦੀ ਸਾਜਿਸ਼ ਤਹਿਤ ਛਾਪੀਆਂ ਜਾ ਰਹੀਆਂ ਹਨ।

ਕਮਿਊਨਿਸਟ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਬਾਦਲੀਲ ਪੱਖ ਪੇਸ਼ ਕੀਤਾ ਕਿ ਕਿਤਾਬ ਅੰਬੇਡਕਰ ਜਾਂ ਬੁੱਧ ਦੇ ਇਤਿਹਾਸਕ ਯੋਗਦਾਨ ਨੂੰ ਬਿਲਕੁਲ ਨਹੀਂ ਨਕਾਰਦੀ ਸਗੋਂ ਸੀਮਤਾਈਆਂ ਅਤੇ ਕਮੀਆਂ ਵੱਲ ਧਿਆਨ ਦਿਵਾਉਂਦੀ ਹੋਈ ਇਨ੍ਹਾਂ ਦਾ ਹੱਲ ਤਲਾਸ਼ਣ ਬਾਰੇ ਸੋਚਣ ਲਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਮਿਊਨਿਸਟ ਲਹਿਰ ਦੀ ਸਭ ਤੋਂ ਦੱਬੇ-ਕੁਚਲੇ ਲੋਕਾਂ ਤੋਂ ਟੁੱਟੇ ਹੋਣ ਦੀ ਅਸਲ ਵਜ੍ਹਾ ਸਮਾਜ ਦੀ ਠੋਸ ਹਕੀਕਤ ਨੂੰ ਸਮਝਣ 'ਚ ਉਨ੍ਹਾਂ ਦੀ ਅਸਫ਼ਲਤਾ ਹੈ। ਉਹ ਇਸ ਕਮੀ ਨੂੰ ਗੰਭੀਰਤਾ ਨਾਲ ਮਹਿਸੂਸ ਕਰਦੇ ਹਨ।

ਕਮੇਟੀ ਦੇ ਮੀਤ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਹੋਰਾਂ ਨੇ ਅਜਿਹੀਆਂ ਕਿਤਾਬਾਂ ਛਾਪੇ ਜਾਣ ਦੀ ਮਹੱਤਤਾ ਨੂੰ ਸਮਝਣ ਦੇ ਨਾਲ-ਨਾਲ ਜਾਤਪਾਤ ਦੇ ਮਸਲੇ ਦੀ ਗੰਭੀਰਤਾ ਨੂੰ ਆਤਮਸਾਤ ਕਰਨ ਲਈ ਅੰਬੇਡਕਰ ਅਤੇ ਮਾਰਕਸ ਦੀਆਂ ਵਿਚਾਰਧਾਰਾਵਾਂ ਦਾ ਜਜ਼ਬਾਤੀ ਵਹਿਣ ਤੋਂ ਉੱਪਰ ਉੱਠਕੇ ਭਰਵਾਂ ਅਧਿਐਨ ਕਰਨ 'ਤੇ ਜ਼ੋਰ ਦਿੱਤਾ।

ਕਿਤਾਬ ਦੇ ਅਨੁਵਾਦਕ ਬੂਟਾ ਸਿੰਘ ਨੇ ਕਿਹਾ ਕਿ ਜਾਤਪਾਤ ਦੇ ਗੰਭੀਰ ਮਸਲੇ ਨੂੰ ਸਿਆਸੀ ਏਜੰਡੇ 'ਤੇ ਲਿਆਉਣ 'ਚ ਡਾ. ਅੰਬੇਡਕਰ ਹੋਰਾਂ ਦਾ ਇਤਿਹਾਸਕ ਯੋਗਦਾਨ ਅਤੇ ਲੰਮੀ ਸੰਜੀਦਾ ਜੱਦੋਜਹਿਦ ਆਪਣੀ ਥਾਂ ਅਹਿਮ ਹੈ ਪਰ ਸਮੇਂ ਨਾਲ ਜਾਤਪਾਤੀ ਵਿਵਸਥਾ 'ਚ ਤਬਦੀਲੀਆਂ ਆਈਆਂ ਹਨ। ਦਲਿਤ ਸਮਾਜ ਵਿਚੋਂ ਉੱਭਰੀ ਕੁਲੀਨ ਪਰਤ ਵਲੋਂ ਮਿਥਿਆ ਦਲਿਤ ਏਜੰਡਾ ਦਲਿਤ ਅਵਾਮ ਦੇ ਹਿੱਤਾਂ ਨੂੰ ਮੁਖ਼ਾਤਿਬ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਹੋਰਾਂ ਵਲੋਂ ਅਖ਼ਤਿਆਰ ਕੀਤੇ ਸੰਘਰਸ਼ ਦੇ ਵੱਖੋ-ਵੱਖਰੇ ਪੈਂਤੜਿਆਂ ਅਤੇ ਉਨ੍ਹਾਂ ਦੇ ਸੰਘਰਸ਼ ਦੇ ਮਾਡਲ 'ਚੋਂ ਪੇਚੀਦਾ ਸਵਾਲ ਉੱਭਰਦੇ ਹਨ।ਅੰਬੇਡਕਰ ਵਿਚਾਰਧਾਰਾ ਦੇ ਅਧਿਆਤਮਵਾਦੀ ਪਹਿਲੂ ਨੂੰ ਮੱਦੇਨਜ਼ਰ ਰੱਖਦਿਆਂ ਇਸ ਦੀਆਂ ਵਜੂਦ-ਸਮੋਈਆਂ ਸੀਮਤਾਈਆਂ, ਖ਼ਾਸ ਕਰਕੇ ਰਾਜ ਦੇ ਜਮਾਤੀ ਕਿਰਦਾਰ ਬਾਰੇ ਸਮਝ ਦੀ ਘਾਟ ਅਤੇ ਰਿਜ਼ਰਵੇਸ਼ਨ ਤੇ ਸੰਸਦਵਾਦ ਉੱਪਰ ਵਧਵੀਂ ਟੇਕ ਨੂੰ ਸਮਝਣਾ ਜ਼ਰੂਰੀ ਹੈ।

ਮਾਰਕਸਵਾਦੀ ਚਿੰਤਕ ਹਰਵਿੰਦਰ ਭੰਡਾਲ ਨੇ ਸਮੁੱਚੀ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਕਿਤਾਬ ਦੇ ਕਮਜ਼ੋਰ ਨੁਕਤਿਆਂ ਦੇ ਨਾਲ-ਨਾਲ ਇਸ ਦੇ ਸਭ ਤੋਂ ਮਜ਼ਬੂਤ ਨੁਕਤਿਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬ੍ਰਾਹਮਣਵਾਦੀ ਸਰਮਾਏਦਾਰੀ ਵਲੋਂ ਡਾ. ਅੰਬੇਡਕਰ ਨੂੰ ਨਿਰੋਲ ਸੰਵਿਧਾਨ ਘਾੜਾ ਬਣਾ ਕੇ ਪੇਸ਼ ਕਰਨਾ ਇਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਗੋਸ਼ਟੀ ਦਾ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗੁਰਮੀਤ ਨੇ ਕੀਤਾ ਅਤੇ ਉਨ੍ਹਾਂ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰੋਤਿਆਂ ਤੇ ਚਿੰਤਕਾਂ ਵਲੋਂ ਐਨੇ ਵਿਵਾਦਪੂਰਨ ਮਸਲੇ ਬਾਰੇ ਬਹਿਸ ਨੂੰ ਪੂਰੇ ਤਹੱਮਲ ਤੇ ਸੰਜੀਦਗੀ ਨਾਲ ਸੁਨਣ ਅਤੇ ਤਹਿ ਦਿਲੋਂ ਸਹਿਯੋਗ ਦੇਣ ਕਾਰਨ ਹੀ ਗੋਸ਼ਟੀ ਕਾਮਯਾਬ ਹੋਈ ਹੈ।

ਵਿਚਾਰ ਚਰਚਾ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਤੋਂ ਇਲਾਵਾ, ਹਰਬੀਰ ਕੌਰ, ਜੋਗੀ ਜੀ, ਡਾ. ਰਜਨੀਸ਼ ਬਹਾਦਰ ਸਿੰਘ, ਨਵਾਂ ਜ਼ਮਾਨਾ ਦੇ ਸਾਹਿਤ ਸੰਪਾਦਕ ਬਲਬੀਰ ਪਰਵਾਨਾ, ਜਗਵਿੰਦਰ ਜੋਧਾ, ਦੇਸ ਰਾਜ ਕਾਲੀ, ਡਾ. ਸੈਲੇਸ਼, ਕਾਮਰੇਡ ਸ਼ਿਵ ਨਵਾਂਸ਼ਹਿਰ, ਮਨਦੀਪ ਸਨੇਹੀ, ਦੀਪ ਨਿਰਮੋਹੀ, ਹਰਭਜਨ, ਪਾਲ ਸਿੰਘ ਚਾਨਾ ਆਦਿ ਵੀ ਹਾਜ਼ਰ ਸਨ।

Sunday, September 23, 2012

ਤਰਕਭਾਰਤੀ ਤੇ ਸੰਗਮ ਪ੍ਰਕਾਸ਼ਨ ਦੇ ਸੰਚਾਲਕਾਂ ਤੇ ਸੰਪਾਦਕਾਂ ਨੂੰ ਰਿਹਾਅ ਕਰਨ ਦੀ ਮੰਗ

ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਬਾਬਾ ਬੂਝਾ ਸਿੰਘ ਪ੍ਰਕਾਸ਼ਨ ਬੰਗਾ, ਪੰਜ ਆਬ ਪ੍ਰਕਾਸ਼ਨ ਜਲੰਧਰ, ਦਿਲਦੀਪ ਪ੍ਰਕਾਸ਼ਨ ਸਮਰਾਲਾ, ਬਲਰਾਜ ਸਾਹਨੀ ਪ੍ਰਕਾਸ਼ਨ ਬਠਿੰਡਾ, ਚੇਤਨਾ ਪ੍ਰਕਾਸ਼ਨ ਲੁਧਿਆਣਾ, ਚਿੰਤਨ ਪ੍ਰਕਾਸ਼ਨ ਲੁਧਿਆਣਾ, ਯੂਨੀਸਟਾਰ ਪਬਲੀਕੇਸ਼ਨ ਚੰਡੀਗੜ੍ਹ ਨੇ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੇ ਅਮਿਤ ਮਿੱਤਰ ਅਤੇ ਸੰਗਮ ਪ੍ਰਕਾਸ਼ਨ ਦੇ ਅਸ਼ੋਕ ਗਰਗ ਤੇ ਸੰਪਾਦਕ ਮੋਗਾ ਵਾਸੀ ਜਗਜੀਤ ਸਿੰਘ ਸਾਹੋਕੇ ਅਤੇ ਸਮਾਣਾ ਵਾਸੀ ਸਵਤੰਤਰ ਨੂੰ ਬਾਬੂ ਰਜਬ ਅਲੀ ਦੀ ਕਿਤਾਬ 'ਚ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਨੂੰ ਅਧਾਰ ਬਣਾਕੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਐਕਟ ਤਹਿਤ ਗ੍ਰਿਫ਼ਤਾਰ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਤਰਕਭਾਰਤੀ ਅਤੇ ਸੰਗਮ ਪ੍ਰਕਾਸ਼ਨ ਅਗਾਂਹਵਧੂ ਪ੍ਰਕਾਸ਼ਨ ਸਮੂਹ ਹਨ ਜੋ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਤੇ ਹਿੰਦੀ ਜ਼ਬਾਨਾਂ 'ਚ ਅਗਾਂਹਵਧੂ, ਵਿਗਿਆਨਕ/ਤਰਕਸ਼ੀਲ ਤੇ ਇਨਕਲਾਬੀ ਕਿਤਾਬਾਂ ਅਤੇ ਰਸਾਲੇ ਛਾਪਕੇ ਦੇਸ-ਵਿਦੇਸ਼ 'ਚ ਅਗਾਂਹਵਧੂ ਵਿਚਾਰਾਂ ਦਾ ਚਾਨਣ ਵੰਡ ਰਹੇ ਹਨ।

ਉਨ੍ਹਾਂ ਕਿਹਾ ਕਿ ਬਾਬੂ ਰਜਬ ਅਲੀ (1894-1979) ਪੰਜਾਬ ਦੇ ਮਸ਼ਹੂਰ ਕਵੀ ਹੋਏ ਹਨ। ਹੀਰ ਰਾਂਝਾ, ਦੁੱਲਾ ਭੱਟੀ, ਮਿਰਜ਼ਾ ਸਾਹਿਬਾਂ ਦੀਆਂ ਗਾਥਾਵਾਂ ਅਤੇ ਭਗਤ ਸਿੰਘ ਦੀ ਸ਼ਹਾਦਤ ਵਰਗੇ ਵਿਸ਼ਿਆਂ ਬਾਰੇ ਉਨ੍ਹਾਂ ਦੀਆਂ ਕਥਾਵਾਂ ਅਤੇ ਕਿੱਸੇ ਪੁਰਾਤਨ ਪੰਜਾਬੀ ਸਾਹਿਤ ਦਾ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ ਨੂੰ ਪੰਜਾਬ ਦੇ ਭਾਸ਼ਾ ਵਿਭਾਗ ਅਤੇ ਹੋਰ ਕਈ ਪ੍ਰਕਾਸ਼ਕਾਂ ਵਲੋਂ ਛਾਪਿਆ ਗਿਆ ਹੈ। ਜੇ ਸਰਕਾਰੀ ਪ੍ਰਕਾਸ਼ਕਾਂ ਸਮੇਤ ਕੋਈ ਵੀ ਸਮਕਾਲੀ ਪ੍ਰਕਾਸ਼ਕ ਬੀਤੇ ਜ਼ਮਾਨੇ ਦੀਆਂ ਅਜਿਹੀਆਂ ਸਾਹਿਤਕ ਕਿਤਾਬਾਂ ਨੂੰ ਦੁਬਾਰਾ ਛਾਪਦਾ ਹੈ ਜਿਨ੍ਹਾਂ ਵਿਚ ਉਸ ਜ਼ਮਾਨੇ ਦੇ ਪ੍ਰਚਲਤ ਲੋਕ ਮੁਹਾਵਰੇ ਅਨੁਸਾਰ ਜਾਤੀ ਸ਼ਬਦ ਵਰਤੇ ਗਏ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਪ੍ਰਕਾਸ਼ਕ ਜਾਤਪਾਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾੜੇ ਇਰਾਦੇ ਨਾਲ ਇਹ ਲਿਖਤਾਂ ਛਾਪ ਰਹੇ ਹਨ। ਇਹ ਕਿਵੇਂ ਵੀ ਅਪਰਾਧਕ ਮਾਮਲਾ ਨਹੀਂ ਬਣਦਾ। ਬਾਬੂ ਰਜਬ ਅਲੀ ਦੀਆਂ ਕਵਿਤਾਵਾਂ 'ਚ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਨੂੰ ਇਤਿਹਾਸਕ ਰੂਪ 'ਚ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਾਰੀਆਂ ਕਵਿਤਾਵਾਂ ਬਹੁਤ ਪੁਰਾਣੀਆਂ ਹਨ। ਅਤੇ ਇਨ੍ਹਾਂ ਨੂੰ ਮੁੜ ਛਾਪਣ ਪਿੱਛੇ ਇਨ੍ਹਾਂ ਪ੍ਰਕਾਸ਼ਨ ਸਮੂਹਾਂ ਦਾ ਇਰਾਦਾ ਕਦਾਚਿਤ ਵੀ ਜਾਤਪਾਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਸੈਂਕੜੇ ਅਗਾਂਹਵਧੂ ਕਿਤਾਬਾਂ ਛਾਪਣ ਵਾਲੇ ਲੋਕਪੱਖੀ ਅਦਾਰਿਆਂ ਦੇ ਸੰਚਾਲਕਾਂ ਨੂੰ ਦਲਿਤ ਵਿਰੋਧੀ ਦਰਸਾਕੇ ਗ੍ਰਿਫ਼ਤਾਰ ਕਰਨਾ ਪੰਜਾਬ ਸਰਕਾਰ ਦੀ ਪੂਰੀ ਤਰ੍ਹਾਂ ਗ਼ੈਰਜ਼ਿੰਮੇਵਾਰਾਨਾ ਅਤੇ ਨਿਹਾਇਤ ਨਿੰਦਣਯੋਗ ਕਾਰਵਾਈ ਹੈ ਜੋ ਅਕਾਦਮਿਕ ਅਤੇ ਪ੍ਰੈੱਸ ਦੀ ਆਜ਼ਾਦੀ ਉੱਪਰ ਸੰਗੀਨ ਹਮਲਾ ਹੈ। ਅਜਿਹੇ ਕਦਮਾਂ ਦੇ ਸਿੱਟੇ ਪੰਜਾਬੀ ਸਾਹਿਤ ਸਿਰਜਣਾ, ਖ਼ਾਸ ਕਰਕੇ ਪ੍ਰਕਾਸ਼ਨ ਦੇ ਭਵਿੱਖ ਲਈ ਬਹੁਤ ਘਾਤਕ ਅਤੇ ਦੂਰ-ਰਸ ਹੋਣਗੇ ਅਤੇ ਇੰਝ ਪ੍ਰਕਾਸ਼ਕ ਕੋਈ ਕਿਤਾਬਾਂ ਹੀ ਨਹੀਂ ਛਾਪ ਸਕਣਗੇ। ਉਨ੍ਹਾਂ ਮੰਗ ਕੀਤੀ ਕਿ ਅਮਿੱਤ ਮਿੱਤਰ, ਅਸ਼ੋਕ ਗਰਗ, ਜਗਜੀਤ ਸਿੰਘ ਸਾਹੋਕੇ ਅਤੇ ਸਵਤੰਤਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਦਰਜ ਬੇਬੁਨਿਆਦ ਕੇਸ ਤੁਰੰਤ ਰੱਦ ਕੀਤੇ ਜਾਣ।

ਬੂਟਾ ਸਿੰਘ (ਬਾਬਾ ਬੂਝਾ ਸਿੰਘ ਪ੍ਰਕਾਸ਼ਨ ਬੰਗਾ, ਫ਼ੋਨ 94634-74342) 
ਕੇਸਰ ਸਿੰਘ (ਪੰਜ ਆਬ ਪ੍ਰਕਾਸ਼ਨ ਜਲੰਧਰ, ਫ਼ੋਨ 98140-87063)

Thursday, September 20, 2012

ਇਕ ਇਮਾਨਦਾਰ ਬੁੱਧੀਜੀਵੀ ਦੀ ਹੋਣੀ

ਮੈਂ ਤੁਹਾਨੂੰ ਇਕ ਹੋਰ ਆਖ਼ਰੀ ਮਾਮਲੇ ਬਾਰੇ ਦੱਸਣ ਜਾ ਰਿਹਾਂ-ਅਤੇ ਇਸ ਤਰਾਂ ਦੀਆਂ ਕਈ ਹੋਰ ਮਿਸਾਲਾਂ ਹੋਣਗੀਆਂ। ਇਹ ਕਥਾ ਸੱਚੀਓਂ ਹੀ ਦੁਖਾਂਤਕ ਹੈ। ਤੁਹਾਡੇ ਵਿਚੋਂ ਕਿੰਨੇ ਕੁ ਜੋਨ ਪੀਟਰਸ ਤੇ ਉਸ ਦੀ ਕਿਤਾਬ ਬਾਰੇ ਜਾਣਦੇ ਹਨ? ਕੁਝ ਵਰੇ ਪਹਿਲਾਂ (1984 'ਚ) ਇਹ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਸੀ। ਜੋਨ ਪੀਟਰਸ ਨਾਂ ਦੀ ਔਰਤ ਦੀ ਲਿਖੀ (ਜਾਂ ਘੱਟੋਘੱਟ ਉਸ ਦੇ ਦਸਤਖ਼ਤਾਂ ਹੇਠ ਛਪੀ) ਇਸ ਕਿਤਾਬ ਦੇ ਦਸ ਐਡੀਸ਼ਨ ਛਪੇ। ਫੁੱਟ ਨੋਟਾਂ ਦੀ ਭਰਮਾਰ ਦੇਖਕੇ ਲੱਗਦਾ ਸੀ ਕਿ ਇਹ ਕਿਤਾਬ ਕਿਸੇ ਵੱਡੇ ਵਿਦਵਾਨ ਦੀ ਘਾਲੀ ਘਾਲਣਾ ਹੈ। ਇਸ ਦਾ ਉਦੇਸ਼ ਇਹ ਦਿਖਾਉਣਾ ਸੀ ਕਿ ਫ਼ਲਸਤੀਨੀ ਲੋਕ ਤਾਂ ਇੱਥੇ (ਸਾਬਕਾ ਫ਼ਲਸਤੀਨ ਦੀ ਸਰਜ਼ਮੀਨ ਉੱਪਰ 1920 ਤੋਂ ਲੈ ਕੇ 1948 ਦਰਮਿਆਨ ਦੇ ਸਾਲਾਂ 'ਚ ਵਸਾਏ ਯਹੂਦੀ ਇਲਾਕਿਆਂ) ਹੁਣੇ ਜਹੇ ਆ ਕੇ ਵਸੇ ਪ੍ਰਵਾਸੀ ਲੋਕ ਹਨ। ਇਹ ਕਿਤਾਬ ਬਹੁਤ ਹਰਮਨਪਿਆਰੀ ਹੋਈ। ਸੈਂਕੜੇ ਰੀਵਿਊ ਕਰਤਾਵਾਂ ਨੇ ਇਸ ਦੇ ਸੋਹਲੇ ਗਾਏ, ਅਤੇ ਇਕ ਵੀ ਨਾਂਹਪੱਖੀ ਰੀਵਿਊ ਦੇਖਣ 'ਚ ਨਹੀਂ ਆਇਆ। ਦੀ ਵਾਸ਼ਿੰਗਟਨ ਪੋਸਟ, ਦੀ ਨਿਊ ਯਾਰਕ ਟਾਈਮਜ਼, ਹਰ ਕੋਈ ਇਸ ਦੀਆਂ ਸਿਫ਼ਤਾਂ ਕਰ ਰਿਹਾ ਸੀ। ਇਹ ਕਿਤਾਬ ਸਾਬਤ ਕਰਦੀ ਸੀ ਕਿ ਅਸਲ ਵਿਚ ਫ਼ਲਸਤੀਨੀ ਨਾਂ ਦੇ ਕੋਈ ਲੋਕ ਹੈ ਹੀ ਨਹੀਂ!

ਨਿਰਸੰਦੇਹ, ਇਸ ਦਾ ਗੁੱਝਾ ਅਰਥ ਸੀ ਕਿ ਜੇ ਇਸਰਾਇਲ ਇਨਾਂ ਸਾਰਿਆਂ ਨੂੰ ਇੱਥੋਂ ਦਬੱਲ ਦੇਵੇ ਤਾਂ ਇਹ ਕੋਈ ਇਖ਼ਲਾਕੀ ਮੁੱਦਾ ਨਹੀਂ ਬਣਦਾ, ਕਿਉਂਕਿ ਇਹ ਤਾਂ ਯਹੂਦੀਆਂ ਦੇ ਆਬਾਦ ਕੀਤੇ ਮੁਲਕ 'ਚ ਹੁਣੇ ਜਹੇ ਆ ਕੇ ਵਸੇ ਪ੍ਰਵਾਸੀ ਹਨ। ਇਸ ਵਿਚ ਵਸੋਂ ਬਾਰੇ ਹਰ ਤਰਾਂ ਦਾ ਵਿਸ਼ਲੇਸ਼ਣ ਵੀ ਦਿੱਤਾ ਗਿਆ ਸੀ, ਅਤੇ ਸ਼ਿਕਾਗੋ ਯੂਨੀਵਰਸਿਟੀ ਵਿਖੇ ਆਬਾਦੀ ਬਾਰੇ ਇਕ ਵੱਡੇ ਪ੍ਰੋਫੈਸਰ (ਫਿਲਿਪ ਐੱਮ ਹੌਜਰ) ਨੇ ਇਸ ਉੱਪਰ ਪ੍ਰਮਾਣਿਕਤਾ ਦੀ ਮੋਹਰ ਵੀ ਲਗਾਈ ਹੋਈ ਸੀ। ਇਹ ਉਸ ਵਰੇ ਦਾ ਵੱਡਾ ਬੌਧਿਕ ਮਾਅਰਕਾ ਸੀ: ਸਾਓਲ ਬੈਲੋ, ਬਾਰਬਰਾ ਟੁਚਮੈਨ, ਹਰ ਕੋਈ ਇਸ ਨੂੰ ਚਾਕਲੇਟ ਕੇਕ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਦੀ ਬਹੁਤ ਮਹਾਨ ਸ਼ੈਅ ਦੱਸ ਰਿਹਾ ਸੀ। ਖ਼ੈਰ, ਨਾਰਮਨ ਫਿੰਕਲਸਟੇਨ ਨਾਂ ਦੇ ਇਕ ਬੰਦੇ ਨੇ, ਜੋ ਪ੍ਰਿੰਸਟਨ ਯੂਨੀਵਰਸਿਟੀ ਵਿਖੇ ਗਰੈਜੂਏਸ਼ਨ ਦਾ ਵਿਦਿਆਰਥੀ ਸੀ, ਨੇ ਕਿਤਾਬ ਨਿੱਠਕੇ ਪੜਨੀ ਸ਼ੁਰੂ ਕਰ ਦਿੱਤੀ। ਉਸ ਦੀ ਰੁਚੀ ਯਹੂਦੀਵਾਦ ਦੀ ਤਵਾਰੀਖ਼ 'ਚ ਸੀ, ਅਤੇ ਜਿਉਂ ਹੀ ਉਸਨੇ ਇਹ ਕਿਤਾਬ ਪੜ ਲਈ ਉਸ ਨੂੰ ਇਸ ਵਿਚ ਬਿਆਨ ਕੀਤੀਆਂ ਗਈਆਂ ਕਈ ਚੀਜ਼ਾਂ ਅਜੀਬ ਲੱਗੀਆਂ। ਉਹ ਬਹੁਤ ਨਘੋਚੀ ਵਿਦਿਆਰਥੀ ਹੈ ਅਤੇ ਉਸਨੇ ਹਵਾਲਿਆਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਪੋਲ ਖੁੱਲ ਗਿਆ ਕਿ ਸਭ ਕੁਝ ਇਕ ਛਲਾਵਾ ਹੀ ਸੀ, ਇਹ ਪੂਰੀ ਤਰਾਂ ਜਾਅਲਸਾਜ਼ੀ ਸੀ। ਖ਼ੈਰ, ਫਿੰਕਲਸਟੇਨ ਨੇ ਮੁੱਢਲੇ ਨਿਰਣਿਆਂ ਦੇ ਅਧਾਰ 'ਤੇ ਇਕ ਸੰਖੇਪ ਪਰਚਾ ਲਿਖਿਆ, ਇਹ ਪੰਝੀ ਕੁ ਸਫ਼ਿਆਂ ਦਾ ਸੀ, ਅਤੇ ਉਸ ਨੇ ਤੀਹ ਕੁ ਐਸੇ ਬੰਦਿਆਂ ਨੂੰ ਇਹ ਪਰਚਾ ਭੇਜ ਦਿੱਤਾ ਜੋ ਇਸ ਮਜਮੂਨ 'ਚ ਰੁਚੀ ਰੱਖਦੇ ਸਨ ਤੇ ਇਸ ਖੇਤਰ ਦੇ ਵਿਦਵਾਨ ਸਮਝੇ ਜਾਂਦੇ ਸਨ। ਉਸ ਨੇ ਤਾਕੀਦ ਕੀਤੀ: ''ਮੈਨੂੰ ਇਸ ਕਿਤਾਬ ਵਿਚੋਂ ਇਹ ਕੁਝ ਲੱਭਿਆ ਹੈ, ਕੀ ਤੁਹਾਨੂੰ ਲੱਗਦੈ ਕਿ ਇਹ ਕੋਈ ਕੰਮ ਦੀ ਚੀਜ਼ ਹੈ?''
ਜੋਨ ਪੀਟਰਸ 

ਚਲੋ, ਉਸ ਨੂੰ ਇਕ ਜਵਾਬ ਮਿਲ ਗਿਆ, ਮੇਰੇ ਵਲੋਂ। ਮੈਂ ਉਸ ਨੂੰ ਦੱਸਿਆ, ਹਾਂ, ਮੇਰੀ ਜਾਚੇ ਇਹ ਰੌਚਕ ਵਿਸ਼ਾ ਹੈ, ਪਰ ਮੈਂ ਉਸ ਨੂੰ ਚੇਤਾਵਨੀ ਵੀ ਦਿੱਤੀ, ਜੇ ਤੂੰ ਇਸ ਦੀ ਪੈਰਵਾਈ ਕਰੇਂਗਾ, ਤੂੰ ਸਿਆਪਾ ਗਲ ਪਾ ਬੈਠੇਂਗਾ-ਕਿਉਂਕਿ ਤੂੰ ਅਮਰੀਕੀ ਬੁੱਧੀਮਾਨ ਭਾਈਚਾਰੇ ਦੀ ਜਾਅਲਸਾਜ਼ ਗ੍ਰੋਹ ਵਜੋਂ ਪੋਲ ਖੋਲਣ ਜਾ ਰਿਹਾ ਏਂ, ਉਨਾਂ ਨੂੰ ਇਹ ਗਵਾਰਾ ਨਹੀਂ ਹੋਵੇਗਾ ਅਤੇ ਉਹ ਤੈਨੂੰ ਬਰਬਾਦ ਕਰਨ ਲਈ ਟਿੱਲ ਲਾ ਦੇਣਗੇ। ਇਸ ਲਈ ਮੈਂ ਕਿਹਾ : ਜੇ ਤੂੰ ਇਹ ਕਰਨਾ ਹੀ ਚਾਹੁੰਦਾ ਏਂ, ਜ਼ਰੂਰ ਕਰ, ਪਰ ਉਸ ਮੁਸ਼ਕਲ ਤੋਂ ਖ਼ਬਰਦਾਰ ਜ਼ਰੂਰ ਰਹੀਂ ਜੋ ਤੇਰੇ ਗਲ ਪੈਣ ਜਾ ਰਹੀ ਹੈ। ਇਹ ਅਹਿਮ ਸਵਾਲ ਹੈ, ਤੁਹਾਡੇ ਵਲੋਂ ਇਕ ਵਸੋਂ ਨੂੰ ਦਬੱਲ ਦੇਣ ਦੀ ਇਖ਼ਲਾਕੀ ਬੁਨਿਆਦ ਦੀਆਂ ਹੀ ਧੱਜੀਆਂ ਉਡਾ ਦੇਣਾ ਛੋਟੀ-ਮੋਟੀ ਗੱਲ ਨਹੀਂ ਹੈ-ਇਸ ਨਾਲ ਇਕ ਹਕੀਕੀ ਭਿਆਨਕਤਾ ਦੀ ਨੀਂਹ ਤਿਆਰ ਹੋਣ ਜਾ ਰਹੀ ਹੈ-ਇਸ ਕਰਕੇ ਖ਼ਾਸੇ ਲੋਕਾਂ ਦੀਆਂ ਜ਼ਿੰਦਗੀਆਂ ਦਾਅ 'ਤੇ ਲੱਗ ਸਕਦੀਆਂ ਹਨ। ਪਰ ਤੇਰੀ ਆਪਣੀ ਜ਼ਿੰਦਗੀ ਲਈ ਵੀ ਖ਼ਤਰਾ ਹੈ, ਮੈਂ ਉਸ ਨੂੰ ਕਿਹਾ, ਕਿਉਂਕਿ ਜੇ ਤੂੰ ਇਸ ਦੀ ਪੈਰਵਾਈ ਕਰਦਾ ਏਂ, ਤੇਰਾ ਭਵਿੱਖ ਤਬਾਹ ਹੋਣਾ ਤੈਅ ਏ।

ਖ਼ੈਰ, ਉਸ ਨੂੰ ਮੇਰੀ ਗੱਲ 'ਤੇ ਯਕੀਨ ਨਾ ਆਇਆ। ਇਸ ਪਿੱਛੋਂ ਅਸੀਂ ਬਹੁਤ ਗੂੜੇ ਮਿੱਤਰ ਬਣ ਗਏ, ਇਸ ਤੋਂ ਪਹਿਲਾਂ ਮੈਂ ਉਸ ਦਾ ਜਾਣੂੰ ਨਹੀਂ ਸੀ। ਉਹ ਨਾ ਟਲਿਆ ਅਤੇ ਉਸ ਨੇ ਇਕ ਲੇਖ ਲਿਖ ਕੇ ਰਸਾਲਿਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਇਸ ਨੂੰ ਟਿੱਚ ਨਹੀਂ ਜਾਣਿਆ। ਆਖ਼ਿਰ ਮੈਂ ਇਸ ਦਾ ਇਕ ਅੰਸ਼ ਇਲੀਨੋ ਤੋਂ ਛਪਦੇ ਖੱਬੇਪੱਖੀ ਰਸਾਲੇ ਇਨ ਦੀਜ਼ ਟਾਈਮਜ਼ 'ਚ ਛਪਵਾਉਣ 'ਚ ਕਾਮਯਾਬ ਹੋ ਗਿਆ, ਜਿੱਥੇ ਤੁਹਾਡੇ 'ਚੋਂ ਕੁਝ ਨੇ ਇਹ ਜ਼ਰੂਰ ਪੜਿਆ ਹੋਵੇਗਾ। ਹੋਰ ਕਿਤਿਓਂ ਕੋਈ ਜਵਾਬ ਨਹੀਂ ਆਇਆ। ਇਸੇ ਦੌਰਾਨ ਉਸ ਦੇ ਪ੍ਰੋਫੈਸਰਾਂ-ਭਾਵ ਪ੍ਰਿੰਸਟਨ ਯੂਨੀਵਰਸਿਟੀ ਵਾਲਿਆਂ, ਜੋ ਇਕ ਸੰਜੀਦਾ ਥਾਂ ਮੰਨੀ ਜਾਂਦੀ ਹੈ, ਨੇ ਉਸ ਨਾਲ ਬੋਲਚਾਲ ਬੰਦ ਕਰ ਦਿੱਤੀ; ਉਹ ਉਸ ਨੂੰ ਮਿਲਣ ਦਾ ਸਮਾਂ ਨਾ ਦਿੰਦੇ, ਉਸ ਦੇ ਪਰਚੇ ਨਾ ਪੜਦੇ, ਅਸਲ ਵਿਚ ਉਸ ਨੂੰ ਆਪਣਾ ਪ੍ਰੋਗਰਾਮ ਅੱਧ-ਵਿਚਾਲੇ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ।
ਨਾਰਮਨ ਫਿੰਕਲਸਟੇਨ

ਇਸ ਵਕਤ, ਉਹ ਮਾਯੂਸੀ ਦੇ ਆਲਮ 'ਚ ਘਿਰਦਾ ਜਾ ਰਿਹਾ ਸੀ, ਅਤੇ ਉਸ ਨੇ ਮੇਰੀ ਸਲਾਹ ਲਈ। ਮੈਂ ਆਪਣੀ ਸਮਝ ਅਨੁਸਾਰ ਉਸ ਨੂੰ ਚੰਗੀ ਸਲਾਹ ਦੇ ਦਿੱਤੀ, ਪਰ ਇਹ ਭੈੜੀ ਸਲਾਹ ਸਾਬਤ ਹੋਈ: ਮੈਂ ਉਸ ਨੂੰ ਸੁਝਾਅ ਦਿੱਤਾ ਕਿ ਉਹ (ਯੂਨੀਵਰਸਿਟੀ ਦੇ) ਕਿਸੇ ਹੋਰ ਵਿਭਾਗ 'ਚ ਤਬਾਦਲਾ ਕਰਵਾ ਲਵੇ, ਜਿੱਥੇ ਕੁਝ ਲੋਕ ਮੇਰੇ ਜਾਣੂੰ ਸਨ ਅਤੇ ਮੇਰਾ ਖ਼ਿਆਲ ਸੀ ਕਿ ਉੱਥੇ ਘੱਟੋਘੱਟ ਉਸ ਨਾਲ ਚੰਗਾ ਸਲੂਕ ਤਾਂ ਕੀਤਾ ਜਾਵੇਗਾ। ਇਹ ਅੰਦਾਜ਼ਾ ਗਲ਼ਤ ਨਿਕਲਿਆ। ਉਸ ਨੇ ਵਿਭਾਗ ਬਦਲ ਲਿਆ, ਅਤੇ ਜਦੋਂ ਉਸ ਦਾ ਥੀਸਿਜ਼ ਲਿਖਣ ਦਾ ਵਕਤ ਆ ਗਿਆ, ਉਸ ਨੂੰ ਕੋਈ ਅਧਿਆਪਕ ਨਾ ਮਿਲਿਆ ਜੋ ਉਸ ਦਾ ਥੀਸਿਜ਼ ਪੜੇ, ਉਸ ਨੂੰ ਕੋਈ ਵੀ ਆਪਣੇ ਥੀਸਿਜ਼ ਦੀ ਵਜਾਹਤ ਕਰਨ ਵਾਲਾ ਨਾ ਥਿਆਇਆ। ਆਖ਼ਿਰ, ਗਲੋਂ ਲਾਹੁਣ ਲਈ, ਉਨਾਂ ਨੇ ਉਸ ਨੂੰ ਪੀਐੱਚ. ਡੀ ਦੇ ਦਿੱਤੀ। ਉਹ ਬਹੁਤ ਹੁਸ਼ਿਆਰ ਸੀ-ਪਰ ਉਨਾਂ ਨੇ ਇੰਨਾ ਵੀ ਲਿਖਕੇ ਨਹੀਂ ਦਿੱਤਾ ਕਿ ਉਹ ਪ੍ਰਿੰਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਸੀ। ਮੇਰੇ ਕਹਿਣ ਦਾ ਭਾਵ, ਕਈ ਵਾਰ ਤੁਹਾਡੇ ਕੋਲ ਅਜਿਹੇ ਵਿਦਿਆਰਥੀ ਹੁੰਦੇ ਹਨ ਜਿਨਾਂ ਦੀ ਸਿਫਾਰਸ਼ ਕਰਨਾ ਮੁਸ਼ਕਲ ਹੁੰਦਾ ਹੈ, ਕਿਉਂਕਿ ਤੁਸੀਂ ਸੱਚੀਓਂ ਹੀ ਨਹੀਂ ਸੋਚਿਆ ਹੁੰਦਾ ਕਿ ਉਹ ਲਾਇਕ ਵਿਦਿਆਰਥੀ ਸਨ-ਪਰ ਤੁਸੀਂ ਉਨਾਂ ਬਾਰੇ ਕੁਝ ਨਾ ਕੁਝ ਲਿਖ ਸਕਦੇ ਹੋ, ਅਜਿਹਾ ਕਰਨ ਦੇ ਬਥੇਰੇ ਢੰਗ ਹਨ। ਇਹ ਨੇਕ ਬੰਦਾ ਸੀ, ਪਰ ਅਸਲ ਵਿਚ ਉਸ ਦੇ ਹੱਕ 'ਚ ਚੰਦ ਲਫ਼ਜ਼ ਲਿਖਕੇ ਦੇਣ ਲਈ ਕੋਈ ਵੀ ਤਿਆਰ ਨਹੀਂ ਸੀ।

ਹੁਣ ਉਹ ਨਿਊ ਯਾਰਕ ਸ਼ਹਿਰ 'ਚ ਕਿਸੇ ਨਿੱਕੇ ਜਹੇ ਕਮਰੇ 'ਚ ਰਹਿ ਰਿਹਾ ਹੈ, ਅਤੇ ਸਕੂਲੀ ਪੜਾਈ ਛੱਡ ਚੁੱਕੇ ਅੱਲੜਾਂ 'ਚ ਪਾਰਟ-ਟਾਈਮ ਸਮਾਜ-ਭਲਾਈ ਕੰਮ ਕਰਦਾ ਹੈ। ਉਹ ਬਹੁਤ ਹੀ ਹੋਣਹਾਰ ਵਿਦਵਾਨ ਸੀ-ਉਸ ਨੂੰ ਜੋ ਕਰਨ ਲਈ ਕਿਹਾ ਗਿਆ ਸੀ ਜੇ ਉਹ ਉਹੀ ਕੁਝ ਕਰਦਾ ਰਹਿੰਦਾ, ਉਸ ਨੇ ਤਰੱਕੀ ਕਰਦੇ ਜਾਣਾ ਸੀ ਅਤੇ ਇਸ ਵਕਤ ਉਹ ਕਿਸੇ ਵੱਡੀ ਯੂਨੀਵਰਸਿਟੀ 'ਚ ਪ੍ਰੋਫੈਸਰ ਲੱਗਿਆ ਹੁੰਦਾ। ਇਸ ਦੀ ਬਜਾਏ ਉਹ ਦੋ ਕੁ ਹਜ਼ਾਰ ਡਾਲਰ ਸਾਲਾਨਾ 'ਤੇ ਉਨਾਂ ਅੱਲੜ ਬੱਚਿਆਂ 'ਚ ਪਾਰਟ-ਟਾਈਮ ਕੰਮ ਕਰ ਰਿਹਾ ਹੈ ਜਿਨਾਂ ਦੀ ਜ਼ਿੰਦਗੀ ਲੀਹੋਂ ਲੱਥੀ ਹੋਈ ਹੈ। ਸੱਚੀ ਗੱਲ ਇਹ ਹੈ ਕਿ ਇਹ ਕਾਤਲ ਦਸਤੇ ਹੱਥੋਂ ਜ਼ਿਬਾਹ ਹੋਣ ਨਾਲੋਂ ਤਾਂ ਬਿਹਤਰ ਹਾਲਤ ਹੈ-ਕਾਤਲ ਦਸਤੇ ਹੱਥੋਂ ਜਿਬਾਹ ਹੋਣ ਨਾਲੋਂ ਪੂਰੀ ਤਰਾਂ ਬਿਹਤਰ ਹਾਲਤ। ਕਿਸੇ ਨੂੰ ਕਾਬੂ ਕਰਨ ਲਈ ਚਾਰ-ਚੁਫੇਰੇ ਅਜਿਹੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ।

ਪਰ ਮੈਨੂੰ ਜੋਨ ਪੀਟਰਸ ਵਾਲੀ ਕਹਾਣੀ ਨੂੰ ਅੱਗੇ ਤੋਰਨ ਦੀ ਇਜਾਜ਼ਤ ਦਿਓ। ਫਿੰਕਲਸਟੇਨ ਬਹੁਤ ਸਿਰੜੀ ਹੈ: ਉਸ ਨੇ ਹੁਨਾਲ ਦੀਆਂ ਛੁੱਟੀਆਂ ਲਈਆਂ ਅਤੇ ਨਿਊ ਯਾਰਕ ਪਬਲਿਕ ਲਾਇਬ੍ਰੇਰੀ 'ਚ ਡੇਰਾ ਲਾ ਲਿਆ ਜਿੱਥੇ ਬੈਠਕੇ ਉਸ ਨੇ 'ਕੱਲੇ-'ਕੱਲੇ ਹਵਾਲੇ ਦੀ ਘੋਖ-ਪੜਤਾਲ ਕੀਤੀ-ਅਤੇ ਉਸ ਨੇ ਜਾਅਲਸਾਜ਼ੀ ਦਾ ਐਸਾ ਰਿਕਾਰਡ ਲੱਭ ਲਿਆ ਕਿ ਤੁਸੀਂ ਯਕੀਨ ਨਹੀਂ ਕਰਨਾ। ਖ਼ੈਰ, ਨਿਊ ਯਾਰਕ ਦਾ ਬੁੱਧੀਮਾਨ ਭਾਈਚਾਰਾ ਬਹੁਤ ਹੀ ਨਿੱਕਾ ਜਿਹਾ ਘੇਰਾ ਹੈ, ਅਤੇ ਬਹੁਤ ਛੇਤੀ ਹੀ ਹਰ ਕਿਸੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਹਰ ਕਿਸੇ ਨੂੰ ਜਾਣਕਾਰੀ ਹੋ ਗਈ ਕਿ ਕਿਤਾਬ ਧੋਖਾਧੜੀ ਹੈ ਅਤੇ ਛੇਤੀ ਹੀ ਇਸ ਦੀ ਪੋਲ ਖੁੱਲਣ ਜਾ ਰਹੀ ਹੈ। ਨਿਊ ਯਾਰਕ ਰੀਵਿਊ ਆਫ ਬੁੱਕਸ ਰਸਾਲਾ ਤਿੱਖੇ ਪ੍ਰਤੀਕਰਮ ਦੇਣ ਲਈ ਕਾਫ਼ੀ ਤੇਜ਼-ਤਰਾਰ ਸੀ-ਇਨਾਂ ਨੂੰ ਪਤਾ ਸੀ ਕਿ ਇਹ ਜਾਅਲਸਾਜ਼ੀ ਹੈ, ਪਰ ਸੰਪਾਦਕ ਆਪਣੇ ਮਿੱਤਰਾਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਇਸ ਨੇ ਰੀਵਿਊ ਹੀ ਨਹੀਂ ਛਾਪਿਆ। ਇਹੀ ਇਕ ਰਸਾਲਾ ਸੀ ਜਿਸ ਨੇ ਰੀਵਿਊ ਨਹੀਂ ਦਿੱਤਾ।

ਇਸੇ ਦੌਰਾਨ, ਫਿੰਕਲਸਟੇਨ ਨੂੰ ਵੱਡੇ ਵੱਡੇ ਪ੍ਰੋਫੈਸਰਾਂ ਦੇ ਸੁਨੇਹੇ ਆਉਣ ਲੱਗੇ ਜੋ ਉਸ ਨੂੰ ਨਸੀਹਤ ਦੇ ਰਹੇ ਸਨ, ''ਦੇਖ, ਆਪਣਾ ਜਹਾਦ ਛੱਡ ਦੇ; ਇਸ ਨੂੰ ਵਾਪਸ ਲੈ ਲੈ ਅਤੇ ਅਸੀਂ ਤੇਰਾ ਪੂਰਾ ਖ਼ਿਆਲ ਰੱਖਾਂਗੇ, ਅਸੀਂ ਯਕੀਨੀਂ ਬਣਾਵਾਂਗੇ ਕਿ ਤੈਨੂੰ ਨੌਕਰੀ ਮਿਲ ਜਾਵੇ,'' ਇਸ ਤਰਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਪਰ ਉਸ ਨੇ ਕੰਮ ਜਾਰੀ ਰੱਖਿਆ-ਉਹ ਅੱਗੇ ਵਧਦਾ ਗਿਆ। ਜਦੋਂ ਵੀ ਇਸ ਕਿਤਾਬ ਦੇ ਹੱਕ 'ਚ ਕੋਈ ਰੀਵਿਊ ਛਪਦਾ, ਉਹ ਸੰਪਾਦਕ ਨੂੰ ਖ਼ਤ ਲਿਖਦਾ ਜਿਸ ਨੂੰ ਕੋਈ ਨਾ ਛਾਪਦਾ; ਉਹ ਜੋ ਕੁਝ ਵੀ ਕਰ ਸਕਦਾ ਸੀ ਉਸ ਦੀ ਪੂਰੀ ਵਾਹ ਲਾ ਰਿਹਾ ਸੀ। ਅਸੀਂ ਪ੍ਰਕਾਸ਼ਕਾਂ ਤੱਕ ਪਹੁੰਚ ਕੀਤੀ ਅਤੇ ਉਨਾਂ ਨੂੰ ਪੁੱਛਿਆ ਕਿ ਕੀ ਉਹ ਉਸ ਦੇ ਕਿਸੇ ਸਵਾਲ ਦਾ ਜਵਾਬ ਦੇਣਗੇ, ਅਤੇ ਉਨਾਂ ਦਾ ਜਵਾਬ ਨਾਂਹ 'ਚ ਹੁੰਦਾ-ਅਤੇ ਉਹ ਸਹੀ ਸਨ। ਉਹ ਕਿਉਂ ਜਵਾਬ ਦੇਣ? ਪੂਰੇ ਪ੍ਰਬੰਧ ਨੇ ਜ਼ਬਾਨ ਨੂੰ ਤਾਲਾ ਲਾ ਰੱਖਿਆ ਸੀ, ਅਮਰੀਕਾ ਵਿਚ ਇਸ ਦੀ ਕਦੇ ਨੁਕਤਾਚੀਨੀ ਨਹੀਂ ਸੀ ਹੋਣ ਲੱਗੀ। ਪਰ ਫਿਰ ਉਨਾਂ ਤੋਂ ਤਕਨੀਕੀ ਗ਼ਲਤੀ ਹੋ ਗਈ; ਉਨਾਂ ਨੇ ਇੰਗਲੈਂਡ ਵਿਚ ਕਿਤਾਬ ਛਾਪੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਿੱਥੇ ਬੁੱਧੀਮਾਨ ਭਾਈਚਾਰੇ ਨੂੰ ਐਨੀ ਅਸਾਨੀ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ।

ਖ਼ੈਰ,ਜਿਉਂ ਹੀ ਮੈਨੂੰ ਪਤਾ ਲੱਗਿਆ ਕਿ ਕਿਤਾਬ ਇੰਗਲੈਂਡ ਵਿਚ ਛਪਣ ਜਾ ਰਹੀ ਹੈ, ਮੈਂ ਝੱਟ ਫਿੰਕਲਸਟੇਨ ਦੀ ਲਿਖਤ ਦੀਆਂ ਕਾਪੀਆਂ ਬਰਤਾਨੀਆਂ ਦੇ ਕਈ ਵਿਦਵਾਨਾਂ ਅਤੇ ਪੱਤਰਕਾਰਾਂ ਨੂੰ ਭੇਜ ਦਿੱਤੀਆਂ ਜਿਨਾਂ ਦੀ ਮੱਧ-ਪੂਰਬ ਵਿਚ ਦਿਲਚਸਪੀ ਹੈ-ਅਤੇ ਉਨਾਂ ਨੇ ਤਿਆਰੀ ਕਰ ਲਈ। ਜਿਉਂ ਹੀ ਕਿਤਾਬ ਛਪਕੇ ਆਈ, ਇਹ ਰੱਦ ਕਰ ਦਿੱਤੀ ਗਈ, ਇਸ ਦਾ ਹੀਜ-ਪਿਆਜ਼ ਪੂਰੀ ਤਰਾਂ ਨੰਗਾ ਹੋ ਗਿਆ। ਇੱਥੋਂ ਤੱਕ ਕਿ ਦੀ ਟਾਈਮਜ਼ ਲਿਟਰੇਰੀ ਸਪਲੀਮੈਂਟ, ਦੀ ਲੰਦਨ ਰੀਵਿਊ, ਦੀ ਆਬਜ਼ਰਵਰ ਵਰਗੇ ਹਰ ਵੱਡੇ ਰਸਾਲੇ ਨੇ ਰੀਵਿਊ 'ਚ ਆਖ ਦਿੱਤਾ ਕਿ ਇਹ ਕਿਤਾਬ ਤਾਂ ਬਕਵਾਸ, ਮੂੜਮੱਤ ਉੱਪਰ ਵੀ ਪੂਰੀ ਨਹੀਂ ਉੱਤਰਦੀ। ਮੈਂ ਤਾਂ ਕਹਾਂਗਾ, ਵਾਹਵਾ ਆਲੋਚਕਾਂ ਵਲੋਂ ਫਿੰਕਲਸਟੇਨ ਵਲੋਂ ਕੀਤੀ ਆਲੋਚਨਾ ਦਾ ਜ਼ਿਕਰ ਕੀਤੇ ਬਗ਼ੈਰ ਇਸ ਨੂੰ ਵਰਤਿਆ ਗਿਆ-ਪਰ ਹਰ ਕਿਸੇ ਨੇ ਕਿਤਾਬ ਬਾਰੇ ਨਰਮ ਤੋਂ ਨਰਮ ਸ਼ਬਦ ''ਹਾਸੋਹੀਣੀ,'' ਜਾਂ ''ਊਲ-ਜਲੂਲ'' ਵਰਤਿਆ।

ਖ਼ੈਰ, ਇੱਥੇ ਲੋਕ ਬਰਤਾਨਵੀ ਰੀਵਿਊ ਪੜਦੇ ਹਨ-ਜੇ ਤੁਸੀਂ ਅਮਰੀਕੀ ਬੁੱਧੀਜੀਵੀ ਭਾਈਚਾਰੇ ਵਿਚ ਸ਼ਾਮਲ ਹੋ, ਤੁਸੀਂ ਦੀ ਟਾਈਮਜ਼ ਲਿਟਰੇਰੀ ਸਪਲੀਮੈਂਟ ਅਤੇ ਦੀ ਲੰਦਨ ਰੀਵਿਊ ਪੜਦੇ ਹੋ, ਇਸ ਕਰਕੇ ਥੋੜੀ ਪ੍ਰੇਸ਼ਾਨੀ ਖੜੀ ਹੋ ਗਈ। ਇਨਾਂ ਲੋਕਾਂ ਨੇ ਪੈਰ ਖਿੱਚਣੇ ਸ਼ੁਰੂ ਕਰ ਦਿੱਤੇ; ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ''ਦੇਖੋ, ਮੈਂ ਬਿਲਕੁਲ ਨਹੀਂ ਕਿਹਾ ਕਿ ਕਿਤਾਬ ਚੰਗੀ ਸੀ, ਮੈਂ ਤਾਂ ਬਸ ਏਨਾ ਕਿਹਾ ਸੀ ਕਿ ਵਿਸ਼ਾ ਰੌਚਕ ਹੈ,'' ਇਸ ਤਰਾਂ ਦੀਆਂ ਗੱਲਾਂ ਹੋਣ ਲੱਗੀਆਂ। ਇੱਥੇ ਆ ਕੇ, ਦੀ ਨਿਊ ਯਾਰਕ ਰੀਵਿਊ ਹਰਕਤ 'ਚ ਆ ਗਿਆ, ਅਤੇ ਇਨਾਂ ਨੇ ਉਹੀ ਕੁਝ ਕੀਤਾ ਜੋ ਅਜਿਹੇ ਹਾਲਾਤ ਇਹ ਹਮੇਸ਼ਾ ਕਰਦੇ ਆਏ ਹਨ। ਦੇਖੋ, ਜਿਸ ਵਿਚੋਂ ਤੁਸੀਂ ਗੁਜ਼ਰ ਰਹੇ ਹੋ ਇਹ ਆਮ ਗੱਲ ਹੈ-ਜੇ ਇਕ ਕਿਤਾਬ ਇੰਗਲੈਂਡ ਵਿਚ ਨਕਾਰ ਦਿੱਤੀ ਜਾਂਦੀ ਹੈ ਤਾਂ ਇੱਥੇ ਲੋਕਾਂ ਨੂੰ ਪਤਾ ਚਲ ਜਾਂਦਾ ਹੈ, ਜਾਂ ਜੇ ਇੰਗਲੈਂਡ ਵਿਚ ਕਿਤਾਬ ਦੀ ਤਾਰੀਫ਼ ਹੁੰਦੀ ਹੈ, ਤੁਹਾਨੂੰ ਪ੍ਰਤੀਕਰਮ ਦੇਣਾ ਪੈਂਦਾ ਹੈ। ਅਤੇ ਜੇ ਕਿਤਾਬ ਇਸਰਾਇਲ ਬਾਰੇ ਹੈ, ਅਜਿਹਾ ਕਰਨ ਦਾ ਇਕ ਘੜਿਆ-ਘੜਾਇਆ ਤਰੀਕਾ ਹੈ: ਇਸ ਦਾ ਰੀਵਿਊ ਕਰਨ ਲਈ ਇਕ ਇਸਰਾਇਲੀ ਵਿਦਵਾਨ ਫੜ ਲਿਆ ਜਾਂਦਾ ਹੈ। ਇਸ ਨੂੰ ਆਪਣੀ ਖੱਲ ਬਚਾਉਣਾ ਕਿਹਾ ਜਾਂਦਾ ਹੈ-ਕਿਉਂਕਿ ਇਸਰਾਇਲੀ ਵਿਦਵਾਨ ਕੁਝ ਵੀ ਕਹਿ ਦੇਵੇ, ਤੁਹਾਨੂੰ ਕੋਈ ਆਂਚ ਨਹੀਂ ਆਉਂਦੀ: ਕੋਈ ਵੀ ਰਸਾਲੇ ਉੱਪਰ ਸਾਮੀ ਨਸਲ ਦਾ ਵਿਰੋਧੀ ਹੋਣ ਦਾ ਇਲਜ਼ਾਮ ਨਹੀਂ ਲਾ ਸਕਦਾ, ਕੋਈ ਵੀ ਆਮ ਹਥਿਆਰ ਕੰਮ ਨਹੀਂ ਆਉਂਦਾ।

ਇਸ ਲਈ ਜਦੋਂ ਪੀਟਰਸ ਦੀ ਕਿਤਾਬ ਇੰਗਲੈਂਡ 'ਚ ਰੱਦ ਹੋ ਗਈ, ਦੀ ਨਿਊ ਯਾਰਕ ਰੀਵਿਊ ਨੇ ਇਹ ਕੰਮ ਇਕ ਸੱਜਣ, ਦਰ ਅਸਲ ਫਲਸਤੀਨੀ ਕੌਮਵਾਦ ਬਾਰੇ ਇਸਰਾਇਲ ਦੇ ਇਕ ਚੋਟੀ ਦੇ ਮਾਹਰ (ਯੇਹੋਸ਼ੂਆ ਪੋਰਾਥ) ਨੂੰ ਸੌਂਪ ਦਿੱਤਾ, ਜਿਸ ਨੂੰ ਇਸ ਵਿਸ਼ੇ ਦੀ ਚੋਖੀ ਜਾਣਕਾਰੀ ਹੈ। ਅਤੇ ਉਸ ਨੇ ਇਕ ਰੀਵਿਊ ਲਿਖ ਦਿੱਤਾ, ਜਿਸ ਨੂੰ ਇਨਾਂ ਨੇ ਫਿਰ ਨਹੀਂ ਛਾਪਿਆ। ਲਗਭਗ ਇਕ ਵਰਾ ਗੁਜ਼ਰ ਗਿਆ ਤੇ ਇਹ ਛਾਪਿਆ ਹੀ ਨਹੀਂ ਗਿਆ; ਕੋਈ ਨਹੀਂ ਸੀ ਜਾਣਦਾ ਕਿ ਅਸਲ ਵਿਚ ਕੀ ਵਾਪਰ ਰਿਹਾ ਸੀ, ਪਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਨੂੰ ਨਾ ਛਾਪਣ ਲਈ ਵਾਹਵਾ ਦਬਾਅ ਪਾਇਆ ਗਿਆ ਹੋਵੇਗਾ। ਆਖ਼ਿਰ ਦੀ ਨਿਊ ਯਾਰਕ ਟਾਈਮਜ਼ 'ਚ ਇਹ ਲਿਖ ਦਿੱਤਾ ਗਿਆ ਕਿ ਇਹ ਰੀਵਿਊ ਛਾਪਿਆ ਨਹੀਂ ਜਾ ਰਿਹਾ, ਇਸ ਕਰਕੇ ਅੰਤ ਇਸ ਦੇ ਕੁਝ ਅੰਸ਼ ਛਾਪ ਦਿੱਤੇ ਗਏ ਹਨ। ਇਹ ਆਲੋਚਨਾਤਮਕ ਸੀ, ਇਸ ਨੇ ਕਿਹਾ ਕਿ ਕਿਤਾਬ ਬਕਵਾਸ ਹੈ ਵਗੈਰਾ ਵਗੈਰਾ। ਪਰ ਇਸ ਨੇ ਸੁਖ਼ਾਲਾ ਰਾਹ ਲੱਭ ਲਿਆ, ਇਹ ਸੱਜਣ ਬਿਲਕੁਲ ਨਹੀਂ ਕੂਇਆ ਕਿ ਇਸ ਨੂੰ ਮੁੱਦੇ ਬਾਰੇ ਕੀ ਜਾਣਕਾਰੀ ਹੈ।

ਅਸਲ ਵਿਚ, ਇਸਰਾਇਲੀ ਰੀਵਿਊ ਬਹੁਤ ਹੀ ਆਲੋਚਨਾਤਮਕ ਸਨ: ਇਸਰਾਇਲੀ ਪ੍ਰੈੱਸ ਦਾ ਪ੍ਰਤੀਕਰਮ ਸੀ ਕਿ ਉਨਾਂ ਨੂੰ ਉਮੀਦ ਸੀ ਕਿ ਕਿਤਾਬ ਜ਼ਿਆਦਾ ਪੜੀ ਨਹੀਂ ਜਾਵੇਗੀ ਕਿਉਂਕਿ ਓੜਕ ਇਹ ਯਹੂਦੀਆਂ ਲਈ ਨੁਕਸਾਨਦੇਹ ਹੋਵੇਗੀ-ਕਦੇ ਨਾ ਕਦੇ ਇਸ ਦੀ ਪੋਲ ਖੁੱਲ ਜਾਵੇਗੀ, ਅਤੇ ਫਿਰ ਇਹ ਨਿਰੀ ਜਾਅਲਸਾਜ਼ੀ ਅਤੇ ਧੋਖਾਧੜੀ ਦਿਖਾਈ ਦੇਵੇਗੀ, ਅਤੇ ਇਸ ਦਾ ਇਸਰਾਇਲ ਉੱਪਰ ਮਾੜਾ ਅਸਰ ਪਵੇਗਾ। ਮੈਨੂੰ ਕਹਿਣਾ ਚਾਹੀਦਾ, ਉਨਾਂ ਨੇ ਅਮਰੀਕੀ ਬੁੱਧੀਮਾਨ ਭਾਈਚਾਰੇ ਨੂੰ ਘਟਾਕੇ ਅੰਗਿਆ।

ਕੁਝ ਵੀ ਹੋਵੇ, ਇੱਥੇ ਆਕੇ ਅਮਰੀਕੀ ਬੁੱਧੀਮਾਨ ਭਾਈਚਾਰੇ ਨੂੰ ਅਹਿਸਾਸ ਹੋ ਗਿਆ ਕਿ ਪੀਟਰਸ ਦੀ ਕਿਤਾਬ ਨੇ ਤਾਂ ਸਿਆਪਾ ਸਹੇੜ ਲਿਆ, ਅਤੇ ਇਕ ਤਰਾਂ ਨਾਲ ਇਹ ਗ਼ਾਇਬ ਹੀ ਹੋ ਗਈ-ਹੁਣ ਕੋਈ ਇਸ ਦੀ ਗੱਲ ਨਹੀਂ ਕਰਦਾ। ਕਹਿਣ ਦਾ ਭਾਵ, ਇਹ ਹਾਲੇ ਵੀ ਹਵਾਈ ਅੱਡਿਆਂ ਦੇ ਅਖ਼ਬਾਰਾਂ ਦੇ ਖੋਖਿਆਂ ਵਗੈਰਾ 'ਤੇ ਮਿਲ ਜਾਂਦੀ ਹੈ, ਪਰ ਸਭ ਤੋਂ ਤੇਜ਼-ਤਰਾਰ ਅਤੇ ਹੁਸ਼ਿਆਰ ਲੋਕ ਜਾਣਦੇ ਹਨ ਕਿ ਹੁਣ ਉਨਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਇਸ ਦੀ ਚਰਚਾ ਨਹੀਂ ਕਰਨਗੇ: ਕਿਉਂਕਿ ਇਸ ਦਾ ਪਰਦਾਫਾਸ਼ ਹੋ ਗਿਆ ਸੀ ਅਤੇ ਉਨਾਂ ਦੀ ਵੀ ਪੋਲ ਖੁੱਲ ਗਈ ਸੀ।

ਚਲੋ, ਪਰ ਨੁਕਤਾ ਇਹ ਹੈ, ਜੋ ਕੁਝ ਫਿੰਕਲਸਟੇਨ ਨਾਲ ਹੋਇਆ ਉਹ ਕਿਸੇ ਵੀ ਈਮਾਨਦਾਰ ਆਲੋਚਕ ਨਾਲ ਵਾਪਰ ਸਕਦਾ ਹੈ-ਅਤੇ ਅਜਿਹੀਆਂ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। (ਸੰਪਾਦਕ ਦੀ ਟਿੱਪਣੀ: ਫਿੰਕਲਸਟੇਨ ਨੇ ਇਸ ਤੋਂ ਬਾਦ ਆਜ਼ਾਦ ਪ੍ਰੈੱਸਾਂ ਤੋਂ ਕਈ ਕਿਤਾਬਾਂ ਛਪਵਾਈਆਂ ਹਨ। )

ਹਾਲੇ ਵੀ ਯੂਨੀਵਰਸਿਟੀਆਂ ਜਾਂ ਕਿਸੇ ਵੀ ਹੋਰ ਸੰਸਥਾ ਵਿਚ, ਤੁਹਾਨੂੰ ਅਕਸਰ ਹੀ ਚੁੱਪਚੁਪੀਤੇ ਕੰਮ ਕਰਦੇ ਰਹਿਣ ਵਾਲੇ ਵੱਖਰੇ ਖ਼ਿਆਲਾਂ ਦੇ ਬੰਦੇ ਮਿਲ ਜਾਣਗੇ-ਅਤੇ ਉਹ ਕਿਸੇ ਨਾ ਕਿਸੇ ਢੰਗ ਨਾਲ ਜਿਊਂਦੇ ਰਹਿ ਸਕਦੇ ਹਨ, ਖ਼ਾਸ ਕਰਕੇ ਜੇ ਉਨਾਂ ਨੂੰ ਭਾਈਚਾਰੇ ਦੀ ਮਦਦ ਮਿਲਦੀ ਰਹੇ। ਪਰ ਜੇ ਉਨਾਂ ਦੇ ਕੰਮ ਬਹੁਤ ਹੀ ਖ਼ੱਲਲ ਪੈ ਜਾਂਦਾ ਹੈ ਜਾਂ ਬਹੁਤ ਹੀ ਧਮੱਚੜ ਮੱਚ ਜਾਂਦਾ ਹੈ-ਜਾਂ ਤੁਸੀਂ ਜਾਣਦੇ ਹੀ ਹੋ ਜੇ ਇਹ ਬਹੁਤ ਹੀ ਕਾਰਗਰ ਹੋਵੇ-ਤਾਂ ਬਹੁਤ ਸੰਭਾਵਨਾ ਹੁੰਦੀ ਹੈ ਕਿ ਉਨਾਂ ਨੂੰ ਕੱਢ ਦਿੱਤਾ ਜਾਵੇ। ਹਾਲਾਂਕਿ ਆਮ ਦਸਤੂਰ ਇਹ ਹੈ ਕਿ ਪਹਿਲੀ ਗੱਲ ਤਾਂ ਉਨਾਂ ਨੂੰ ਸੰਸਥਾਵਾਂ ਦੇ ਅੰਦਰ ਆਉਣ ਹੀ ਨਹੀਂ ਦਿੱਤਾ ਜਾਵੇਗਾ, ਖ਼ਾਸ ਕਰਕੇ ਜੇ ਉਹ ਨੌਜਵਾਨ ਹੋਣ-ਉਨਾਂ ਨੂੰ ਮੱਖਣ 'ਚੋਂ ਵਾਲ ਵਾਂਗ ਧੂਹ ਕੇ ਪਾਸੇ ਕਰ ਦਿੱਤਾ ਜਾਵੇਗਾ। ਇਸ ਲਈ ਜ਼ਿਆਦਾਤਰ ਮਾਮਲਿਆਂ 'ਚ, ਜੋ ਸੰਸਥਾਵਾਂ 'ਚ ਵੜਨ 'ਚ ਕਾਮਯਾਬ ਹੋ ਜਾਣ ਅਤੇ ਇੱਥੇ ਟਿਕੇ ਰਹਿਣ ਵਾਲੇ ਲੋਕ ਪਹਿਲਾਂ ਹੀ ਸਹੀ ਅਕੀਦੇ ਬਣਾ ਲੈਂਦੇ ਹਨ: ਜੀ ਹਜ਼ੂਰੀਏ ਬਨਣਾ ਉਨਾਂ ਲਈ ਸਮੱਸਿਆ ਨਹੀਂ ਹੈ, ਉਹ ਤਾਂ ਪਹਿਲਾਂ ਹੀ ਜੀ ਹਜ਼ੂਰੀਏ ਹੁੰਦੇ ਹਨ, ਇਸੇ ਦੀ ਬਦੌਲਤ ਹੀ ਉਹ ਇੱਥੇ ਅੱਪੜੇ ਹੁੰਦੇ ਹਨ। ਇੰਞ ਵਿਚਾਰਧਾਰਕ ਕੰਟਰੋਲ ਤੰਤਰ ਅਧਿਐਨ ਉੱਪਰ ਆਪਣੀ ਜਕੜ ਬਣਾਈ ਰੱਖਦਾ ਹੈ-ਮੇਰੇ ਖ਼ਿਆਲ ਅਨੁਸਾਰ, ਇਹ ਹੈ ਇਸ ਦੇ ਸਿਲਸਿਲੇ ਦੀ ਮੂਲ ਕਥਾ।

ਲੇਖਕ-ਨੋਅਮ ਚੌਮਸਕੀ 
ਅਨੁਵਾਦਕ ਬੂਟਾ ਸਿੰਘ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। ਫ਼ੋਨ:94634-74342

Wednesday, September 19, 2012

ਕਨੇਡਾ: ਸਰੀ 'ਚ ਕਾਮਰੇਡ ਚਾਹਲ ਨੂੰ ਕੀਤਾ ਗਿਆ ਯਾਦ

ਬੀਤੀ 4 ਸਤੰਬਰ 2012 ਨੂੰ ਸਾਥੀ ਦਰਸ਼ਨ ਚਾਹਲ ਜੋ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਣ ਉਪਰੰਤ ਸਰੀਰਕ ਵਿਛੋੜਾ ਦੇ ਗਏ ਸਨ ਸਬੰਧੀ ਸ਼ਰਧਾਂਜਲੀ ਸਮਾਗਮ ਪਰੋਗਰੈੱਸਿਵ ਕਲਚਰਲ ਸੈਂਟਰ ਸਰ੍ਹੀ ਵਿਖੇ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਅਵਤਾਰ ਬਾਈ ਪ੍ਰਧਾਨ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਨੇ ਸਾਥੀ ਚਾਹਲ ਦੀ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਸਾਥੀ ਚਾਹਲ 16 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਇਨਕਲਾਬੀ ਜਮਹੂਰੀ ਲਹਿਰ ਵਿੱਚ ਕੁੱਦ ਪਿਆ ਸੀ। ਇਸ ਲਹਿਰ ਲਈ ਚਣੌਤੀ ਭਰਿਆ ਦੌਰ ਸੀ ਜਦੋਂ ਸਰਕਾਰ ਇਸ ਲਹਿਰ ਦੇ ਦਰਜਨਾਂ ਜੁਝਾਰੂਆਂ ਨੂੰ ਝੂਠੇ ਪੁਲੀਸ ਮੁਕਾਬਲਿਆਂ 'ਚ ਖਤਮ ਕਰਕੇ ਲਹਿਰ ਨੂੰ ਮਲੀਆਮੇਟ ਕਰਨ ਤੇ ਤੁਲੀ ਹੋਈ ਸੀ ਪਰ ਦਰਸ਼ਨ ਚਾਹਲ 'ਤੇ ਉਸਦੇ ਸਾਥੀਆਂ ਦੀ ਅਗਵਾਈ ਨੇ ਉਸ ਸਮੇਂ ਦੀ ਵਿਦਿਆਰਥੀ ਲਹਿਰ ਨੂੰ ਜਥੇਬੰਦ ਕਰਕੇ ਪੰਜਾਬ ਦੀ ਇੱਕ ਵੱਡੀ ਤਾਕਤ ਵਜੋਂ ਉਭਾਰਿਆ।ਉਨ੍ਹਾਂ ਨੇ ਸਾਲ 1972 ਵਿੱਚ ਮੋਗਾ ਰੀਗਲ ਸਿਨੇਮਾ 'ਚ ਵਾਪਰੇ ਗੋਲੀ ਕਾਂਡ ਵਿਰੁਧ ਘੋਲ ਦੀ ਸਫਲਤਾ ਪੂਰਵਕ ਅਗਵਾਈ ਕੀਤੀ।ਉਸਤੋਂ ਬਾਅਦ ਨੌਜਵਾਨ ਭਾਰਤ ਸਭਾ ਅਤੇ ਵਾਹੀਕਾਰਾ ਯੂਨੀਅਨ ਵਿੱਚ ਅਣਥੱਕ ਕੰਮ ਕਰਦਿਆਂ ਇਨਕਲਾਬੀ ਮੈਗਜ਼ੀਨ ਜ਼ਫ਼ਰਨਾਮਾ ਅਤੇ ਜੈਕਾਰਾ ਦੀ ਸੰਪਾਦਕੀ ਵੀ ਸੁਚੱਜੇ ਢੰਗ ਨਾਲ ਕੀਤੀ।ਸਾਲ 1973 ਵਿੱਚ ਅਖੌਤੀ ਅਜ਼ਾਦੀ ਮਨਾ ਰਹੇ ਕਾਂਗਰਸੀਆਂ ਦੀ ਹਾਜ਼ਰੀ ਵਿੱਚ ਤਿਰੰਗੇ ਝੰਡੇ ਨੂੰ ਸਾੜਿਆ ਅਤੇ ਇਸ ਕੰਮ ਬਦਲੇ ਜੇਲ੍ਹ ਵਿੱਚ ਬੰਦ ਰਹੇ। ਐਮਰਜੈਂਸੀ ਦੇ  ਦੌਰ ਵਿੱਚ ਵੀ ਸਾਥੀ ਚਾਹਲ ਨੇ ਹੋਰ ਸਿਆਸੀ ਆਗੂਆਂ ਦੇ ਨਾਲ 26 ਮਹੀਨੇ ਜੇਲ੍ਹ ਵਿੱਚ ਗੁਜ਼ਾਰੇ।


ਸਾਥੀ ਚਾਹਲ ਨੂੰ ਯਾਦ ਕਰਦਿਆਂ ਬੁਲਾਰਿਆਂ ਨਿਰਭੈ ਸਿੰਘ ਢੁੱਡੀਕੇ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਹਰਭਜਨ ਚੀਮਾ ਆਗੂ ਈਸਟ ਇੰਡੀਅਨ ਡਿਫੈਂਸ ਕਮੇਟੀ, ਡਾ: ਸਾਧੂ ਬਿਨਿੰਗ, ਨਿਰਮਲ ਸਿੰਘ ਕਿੰਗਰਾ, ਨਛੱਤਰ ਸਿੰਘ ਗਿੱਲ, ਕਾਮਰੇਡ ਹਰਜੀਤ ਦੌਧਰੀਆ, ਸੁਰਿੰਦਰ ਮੰਗੂਵਾਲ, ਸਤਿੰਦਰ ਸਿੱਧੂ,ਮਾਸਟਰ ਮੁਖਤਿਆਰ ਸਿੰਘ,ਗੁਰਮੇਲ ਗਿੱਲ, ਲੇਖਕ ਮੋਹਣ ਗਿੱਲ, ਸੰਤੋਖ ਢੇਸੀ ਆਗੂ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸਿਏਸ਼ਨ, ਪ੍ਰਮਿੰਦਰ ਕੌਰ ਮੈਂਬਰ ਸ਼ਹੀਦ ਭਗਤ ਸਿੰਘ ਰਨ ਸੁਸਾਇਟੀ ਤੋਂ ਇਲਾਵਾ ਰੇਡੀਓ ਹੋਸਟ ਗੁਰਵਿੰਦਰ ਧਾਲੀਵਾਲ ਅਤੇ ਅਮਨਦੀਪ ਚਾਹਲ ਪੁੱਤਰ ਦਰਸ਼ਨ ਚਾਹਲ ਨੇ ਵੀ ਸਾਥੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਸਾਰੇ ਸਮਾਰੋਹ ਦੌਰਾਨ ਬੁਲਾਰਿਆਂ ਨੇ ਕਾਮਰੇਡ ਚਾਹਲ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਏ ਹੋਰ ਲੋਕਾਂ ਦੀ ਵੀ ਗੱਲ ਕੀਤੀ।ਸਾਲ 1974 ਵਿੱਚ ਡੀਜ਼ਲ ਦੀ ਬਨਾਉਟੀ ਘਾਟ 'ਤੇ ਬਲੈਕ ਦੇ ਵਿਰੁੱਧ ਉੱਠੇ ਕਿਸਾਨੀ ਘੋਲ ਵਿੱਚ ਸ਼ਹੀਦ ਹੋਏ ਸਾਥੀ ਪਿਆਰਾ ਸਿੰਘ ਗਾਲਿਬ ਦਾ ਜਿਕਰ ਵਰਨਣ ਯੋਗ ਹੈ।ਇਸੇ ਹੀ ਤਰ੍ਹਾਂ ਬੁਲਾਰਿਆਂ ਨੇਂ ਅੱਜ ਦੇ ਸੰਦਰਭ ਵਿੱਚ ਇਨਕਲਾਬੀ ਵਿਚਾਰਧਾਰਾ ਦੀ ਕੈਨੇਡਾ ਵਿੱਚ ਸਾਰਥਿਕਤਾ ਬਾਰੇ ਗਲਬਾਤ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਥੇ ਵੀ ਸਾਡੇ ਸਰੋਕਾਰ ਓਵੇਂ ਜਿਵੇਂ ਹੀ ਹਨ ਜਿਹੋ ਜਿਹੇ ਭਾਰਤ ਵਰਗੇ ਹੋਰਾਂ ਮੁਲਕਾਂ ਵਿੱਚ ਹਨ, ਇੱਥੇ ਵੀ ਕੰਮ ਕਾਜੀ ਵਰਗ ਦੀ ਆਰਥਿਕ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਆਮਦਨ ਦਾ ਪਾੜਾ ਵਧ ਰਿਹਾ ਹੈ, ਸਰਕਾਰ ਸਿਹਤ, ਸਿੱਖਿਆ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਹੂਲਤਾਂ ਤੋਂ ਪੈਰ ਪਿੱਛੇ ਖਿੱਚ ਰਹੀ ਹੈ।ਸਾਥੀ ਚਾਹਲ ਨੂੰ ਸ਼ਰਧਾਂਜਲੀ ਦਾ ਸਹੀ ਅਰਥ ਇਹ ਹੈ ਕਿ ਅਸੀਂ ਇੰਨ੍ਹਾਂ ਮਸਲਿਆਂ ਪ੍ਰਤੀ ਆਪਣੇ ਸਰੋਕਾਰ ਜਾਹਰ ਕਰਦੇ ਹੋਏ ਅਵਾਜ਼ ਬੁਲੰਦ ਕਰੀਏ ਤਾਂ ਕਿ ਇਹ ਨਾ ਹੋਵੇ ਕਿ ਜਦੋਂ ਤੱਕ ਅਸੀਂ ਜਾਗੀਏ ਤਾਂ ਓਦੋਂ ਬਹੁਤ ਦੇਰ ਹੋ ਚੁੱਕੀ ਹੋਵੇ।

ਪ੍ਰੋਗਰਾਮ ਦੇ ਅੰਤ 'ਚ ਸਾਥੀ ਚਾਹਲ ਦੇ ਪਰਵਾਰ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

ਸਰੀ ਤੋਂ ਅਵਤਾਰ ਬਾਈ ਦੀ ਰਿਪੋਰਟ
 604-728-7011

Tuesday, September 18, 2012

ਤਿੱਤਲੀ ਜਿਹੀ ਚੰਚਲ ਤੇ ਬੱਚੇ ਜਿੰਨੀ ਮਾਸੂਮ ਹੈ ਬਰਫੀ

ਫਿਲਮ ਬਰਫੀ ਨੂੰ ਵੇਖਣ ਲਈ ਅੱਖਾਂ ਨਾਲੋਂ ਜ਼ਿਆਦਾ ਦਿਲ ਦਾ ਮਾਲੂਕ ਹੋਣਾ ਜ਼ਰੂਰੀ ਹੈ।ਇਸ਼ਕ ਦੀਆਂ ਰੁਬਾਈਆਂ ਅੰਬਰਾਂ 'ਚ ਤੈਰ ਰਹੀਆਂ ਹਨ ਅਤੇ ਮਹਿਸੂਸ ਹੋ ਰਿਹਾ ਹੈ ਕਿ ਪਿਆਰ ਦੇ ਅਜਿਹੇ ਰੂਪ ਨੂੰ ਸੌ ਵਾਰ ਸਲਾਮ ਕਰਨ ਨੂੰ ਦਿਲ ਕਰਦਾ ਹੈ।ਇਸ਼ਕ ਦੀ ਅਜਿਹੀ ਕਹਾਣੀ ਜੋ ਦਾਰਜਲਿੰਗ ਦੀ ਨੈਰੋ ਗੇਜ਼ ਰੇਲਗੱਡੀ ਤੋਂ ਨਿਕਲਦੀ ਹੋਈ ਬ੍ਰਾਡ ਮਾਈਂਡਡ ਆਧੁਨਿਕ ਦਿਲਾਂ ਨੂੰ ਕੁਝ ਕਹਿ ਰਹੀ ਹੈ ਇਸ ਨੂੰ ਬਹੁਤ ਧਿਆਨ ਲਾ ਕੇ ਸੁਣਨਾ ਪਵੇਗਾ।ਚੰਚਲ ਤਿਤਲੀ ਨਾਲ ਖੇਡਦੇ ਹੋਏ ਇੱਕ ਬੱਚਾ ਇਸੇ ਲਈ ਸਹਿਜ ਹੁੰਦਾ ਹੈ ਕਿਉਂ ਕਿ ਉਸ 'ਚ ਤਿਤਲੀ ਜਿੰਨੀ ਹੀ ਮਾਸੂਮੀਅਤ ਹੁੰਦੀ ਹੈ।ਬਰਫੀ ਬਾਰੇ ਲਿਖਦੇ ਹੋਏ ਮੈਂ ਸਿਆਸੀ ਚੀਰ ਫਾੜ ਨਹੀਂ ਕਰਨਾ ਚਾਹੁੰਦਾ ਸਗੋਂ ਦੋ ਜਜ਼ਬਾਤੀ ਸਲਾਈਆਂ 'ਚ ਰੇਸ਼ਮ ਜ਼ਿੰਦਗੀ ਨੂੰ ਬੁਨਣਾ ਚਾਹੁੰਦਾ ਹੈ।

ਬਰਫੀ ਆਪਣੀ ਸ਼ੁਰੂਆਤ ਤੋਂ ਹੀ ਤੁਹਾਨੂੰ ਚੁਲਬੁਲੇ ਢੰਗ ਨਾਲ ਹਦਾਇਤਾਂ ਦਿੰਦੀ ਹੋਈ ਆਪਣੇ ਨਾਲ ਜੋੜ ਲਵੇਗੀ।"ਹੋ ਗਈ ਪਿਕਚਰ ਸ਼ੁਰੂ' ਇੰਝ ਜਾਪੇਗਾ ਜਿਵੇਂ ਤੁਸੀ ਬੱਚੇ ਨਾਲ ਆਪ ਬੱਚੇ ਬਣ ਖੇਡਨ ਲੱਗ ਪਏ ਹੋ।ਫਿਰ ਬਰਫੀ ਸ਼ੁਰੂਆਤ 'ਚ ਬਿਆਨ ਕਰਦੀ ਹੈ ਕਿ ਅੱਜ ਦੀ ਮਹੁੱਬਤ ਕੀ ਹੈ ਜੋ ਕਿ "ਆਜ ਕਾ ਪਿਆਰ ਐਸਾ…ਟੂ ਮਿਨਟ ਨਿਊਡਲ ਜੈਸਾ" ਜੋ ਕੋਰਟ 'ਚ ਜਾਕੇ ਮਰ ਜਾਂਦਾ ਹੈ।ਵੈਸੇ ਤਾਂ ਇਸ ਸਮੇਂ ਜੋ ਫ਼ਿਲਮਾਂ ਸਾਨੂੰ ਵਿਖ ਰਹੀਆਂ ਹਨ ਉਹ ਜਾਂ ਤਾਂ 'ਏ' ਸਰਟੀਫਿਕੇਟਡ ਹਨ ਜਾਂ ਯੂ/ਏ ਸਰਟੀਫਿਕੇਟਡ ਪਰ ਸ਼ੁੱਧ ਰੂਪ 'ਚ 'ਯੂ' ਸਰਟੀਫਿਕੇਟਡ ਫਿਲਮ ਜਿਹਨੂੰ ਕਿ ਪਰਿਵਾਰਕ ਮੰਨਿਆ ਜਾਂਦਾ ਹੈ ਬਹੁਤ ਘੱਟ ਕੀ ਉਮੀਦ ਤੋਂ ਬਾਹਰ ਹਨ ਉੱਥੇ 'ਬਰਫੀ' ਖਾਲਸ ਪਰਿਵਾਰਕ ਫਿਲਮ ਆਈ ਹੈ।ਵੈਸੇ ਨਿਜੀ ਤੌਰ 'ਤੇ ਮੈਨੂੰ ਨਹੀਂ ਲੱਗਦਾ ਕਿ ਦਰਸ਼ਕ ਅਜਿਹੇ ਸਰਟੀਫਿਕੇਟ ਵੱਲ ਧਿਆਨ ਦਿੰਦੇ ਵੀ ਹਨ।ਕਿਉਂ ਕਿ ਜੋ ਪਸੰਦ ਹੈ ਉਹ ਹੈ,ਇਸ ਲਈ ਕੋਈ ਹੱਦਬੰਦੀ ਜਾਂ ਕਿੰਤੂ ਪ੍ਰੰਤੂ ਨਹੀਂ ਹੈ।

ਬਰਫੀ ਕਹਾਣੀ ਮਰਫੀ (ਰਣਬੀਰ ਕਪੂਰ) ਝਿਲਮਿਲ (ਪ੍ਰਿਅੰਕਾ ਚੋਪੜਾ) ਅਤੇ ਮਿਸੇਜ਼ ਸੇਨਗੁਪਤਾ ਸ਼ਰੂਤੀ (ਇਲੇਨਾ ਡਿਕਰੂਜ਼) ਦੀ ਹੈ।ਮਰਫੀ ਬਹਿਰਾ ਤੇ ਗੂੰਗਾ ਹੈ।ਝਿਲਮਿਲ ਅੋਟਿਸਮ ਦੀ ਬਿਮਾਰੀ ਨਾਲ ਗ੍ਰਸਤ ਹੈ ਅਤੇ ਸ਼ਰੂਤੀ ਆਮ ਲੋਕਾਂ ਦੀ ਤਰ੍ਹਾਂ ਸਧਾਰਨ ਹੈ।ਪਰ ਮਰਫੀ ਆਪਣੇ ਅਧੂਰੇਪਣ ਕਰਕੇ ਵੀ ਕਮਜ਼ੋਰ ਨਹੀਂ ਹੈ ਅਤੇ ਪਿਆਰ ਦਾ ਸਭ ਤੋਂ ਉੱਤਮ ਪ੍ਰਗਟਾਵਾ ਵੀ ਉਹੀ ਕਰਦਾ ਹੈ ਅਤੇ ਪ੍ਰਿਅੰਕਾ ਵੀ ਬਿਮਾਰੀ ਦੇ ਬਾਵਜੂਦ ਪਿਆਰ ਨੂੰ ਮਹਿਸੂਸ ਕਰਦੀ ਅਤੇ ਸ਼ਰੂਤੀ ਸਧਾਰਨ ਹੋਣ ਦੇ ਬਾਵਜੂਦ(ਜਿਹਦੇ ਕੋਲ ਸੁਨਣ,ਬੋਲਣ ਦੀ ਸਮਰੱਥਾ ਹੈ) ਵੀ ਆਪਣੇ ਜਜ਼ਬਾਤ ਪ੍ਰਗਟ ਨਹੀਂ ਕਰ ਸਕਦੀ।ਅਜਿਹੇ ਕਿਰਦਾਰਾਂ ਨਾਲ ਚਲਦੀ ਬਰਫੀ ਆਪਣੀ ਇਸ ਧਾਰਨਾ ਨੂੰ ਮਜ਼ਬੂਤ ਕਰਦੀ ਹੈ ਕਿ ਪਿਆਰ ਕਰਨ ਲਈ ਸੋਚਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਨਾ ਹੀ ਇਹ ਕੋਈ ਪਦਾਰਥਕ ਵਸਤੂ ਹੈ ਜਿਸ ਬਾਰੇ ਤੁਸੀ ਪਹਿਲਾਂ ਉਹਦੇ ਗੁਣ,ਫਾਇਦਾ,ਸਮਾਂ,ਵਜ਼ਨ ਨੂੰ ਜਾਂਚਦੇ ਪਰਖਦੇ ਰਹੋ।

ਅਸਲ 'ਚ ਇਹ ਫਿਲਮ 70 ਦੇ ਦਹਾਕੇ 'ਚ ਆਪਣੀ ਕਹਾਣੀ ਨੂੰ ਪੇਸ਼ ਕਰਦਾ 2012 ਤੱਕ ਆਉਂਦੇ ਹੋਵੇ ਆਧੁਨਿਕਤਾ ਨਾਲ ਪਿਆਰ ਦੇ ਬਦਲੇ ਪਦਾਰਥਕ ਵਰਤਾਰੇ ਨੂੰ ਵੀ ਬਿਆਨ ਕਰਦਾ ਜਾਂਦਾ ਹੈ।ਮਰਫੀ ਸ਼ਰੂਤੀ ਨੂੰ ਪਿਆਰ ਕਰਦਾ ਹੈ ਪਰ ਸ਼ਰੂਤੀ ਪਿਆਰ ਕਰਨ ਦੇ ਬਾਵਜੂਦ ਤਰਕ-ਵਿਤਰਕ 'ਚ ਸੋਚਦੀ ਵਿਹਾਰਕ ਸੋਚਦੀ ਉਸ ਪਿਆਰ ਨੂੰ ਰੱਦ ਕਰਦੀ ਹੈ ਅਤੇ ਇੱਛਾ ਦੇ ਉਲਟ ਕਿਸੇ ਹੋਰ ਨਾਲ ਵਿਆਹ ਕਰਦੀ ਹੈ।ਸ਼ਰੂਤੀ ਉਸ ਲਕੀਰ ਦਾ ਪਾਤਰ ਹੈ ਜੋ ਬਣੀ ਬਣਾਈ ਲਕੀਰ 'ਤੇ ਚੱਲਦੀ ਹੈ।ਜਿਵੇਂ ਕਿ ਬਹੁਮਤ ਲੋਕ ਅਜਿਹੀ ਲਕੀਰ ਦੇ ਫਕੀਰ ਹੀ ਹਨ।ਪੂਰੀ ਫ਼ਿਲਮ 'ਚ ਇਸ ਨੂੰ ਬਹੁਤ ਸਹਿਜ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਹ ਵੀ ਬਿਆਨ ਕੀਤਾ ਗਿਆ ਹੈ ਕਿ ਕਿੰਝ ਕਿਰਦਾਰ ਆਪਣੇ ਦਿਲ ਨੂੰ ਤਸੱਲੀ ਦੇਣ ਲਈ ਝੂਠੇ ਖਾਨਿਆਂ 'ਚ ਜਿਊਂਦੇ ਹਨ।ਸ਼ਰੂਤੀ ਨੂੰ ਬਾਰ ਬਾਰ ਮੌਕਾ ਮਿਲਦਾ ਹੈ ਪਰ ਉਹ ਕਿਰਦਾਰ ਆਪਣੇ ਮਨ ਦੀ ਡੋਰ ਨੂੰ ਅਜ਼ਾਦ ਨਹੀਂ ਰੱਖਦਾ ਅਤੇ ਮਹਿਜ਼ ਇੱਕ ਅਜਿਹੀ ਪਤੰਗ ਬਣਦਾ ਹੈ ਜਿਹਦੀ ਡੋਰ ਕਿਸੇ ਹੋਰ ਹੱਥ ਹੈ।ਜਦੋਂ ਉਹ ਫੈਸਲਾ ਲੈਂਦੀ ਹੈ ਉਦੋਂ ਬਹੁਤ ਦੇਰ ਹੋ ਚੁੱਕੀ ਹੈ।

ਬਰਫੀ ਕਹਾਣੀ ਇੱਕ ਦੂਜੇ ਲਈ ਸਵਾਰਥ ਤੋਂ ਉੱਪਰ ਉੱਠਕੇ ਤਿਆਗ ਦੀ ਕਹਾਣੀ ਹੈ ਅਤੇ ਹੋਸ਼ ਵਾਲੀ ਦੁਨੀਆਂ 'ਚ ਇੱਕ ਮਿਸਾਲ ਦੀ ਤਰ੍ਹਾਂ ਵਿਚਰਦੇ ਹਨ।ਝਿਲਮਿਲ ਔਟਿਸਮ ਦੀ ਮਰੀਜ਼ ਹੋਣ ਦੇ ਬਾਵਜੂਦ ਮਰਫੀ ਅਤੇ ਸ਼ਰੂਤੀ ਨੂੰ ਇੱਕਠੇ ਵੇਖਕੇ ਆਪਣੇ ਆਪ ਨੂੰ ਮਰਫੀ ਤੋਂ ਜੁਦਾ ਕਰਦੀ ਹੈ।ਫਿਰ ਜਦੋਂ ਮਰਫੀ ਝਿਲਮਿਲ ਨੂੰ ਲੱਭਦਾ ਹੋਇਆ ਮੁਸਕਾਨ ਆਸ਼ਰਮ 'ਚ ਜਾਂਦਾ ਹੈ ਅਤੇ ਨਾ ਲੱਭਣ 'ਤੇ ਵਾਪਸ ਜਾਣ ਲੱਗਦਾ ਹੈ ਉਸ ਸਮੇਂ ਦਾ ਦ੍ਰਿਸ਼ ਮਹਿਸੂਸ ਕਰੋ।ਮਰਫੀ ਨੂੰ ਝਿਲਮਿਲ ਪਿੱਛੋਂ ਅਵਾਜ਼ ਮਾਰ ਰਹੀ ਹੈ ਪਰ ਬਹਿਰਾ ਤੇ ਗੂੰਗਾ ਹੈ।ਸ਼ਰੂਤੀ ਚਾਹੁੰਦੀ ਤਾਂ ਮਰਫੀ ਨੂੰ ਬਿਨਾਂ ਦੱਸੇ ਝਿਲਮਿਲ ਤੋਂ ਦੂਰ ਲੈਕੇ ਜਾ ਸਕਦੀ ਸੀ ਪਰ ਸ਼ਰੂਤੀ ਹੀ ਮਰਫੀ ਨੂੰ ਦੱਸਦੀ ਹੈ ਕਿ ਤੇਰੀ ਮਹੁੱਬਤ ਤੈਨੂੰ ਪਿੱਛੋਂ ਅਵਾਜ਼ ਮਾਰ ਰਹੀ ਹੈ।ਅਸਲ 'ਚ ਬਰਫੀ ਪੂਰੀ ਫ਼ਿਲਮ ਹੀ ਮਹੁੱਬਤ ਨੂੰ ਮਹੁੱਬਤ ਦੇ ਹੱਥਾਂ 'ਚ ਸੌਂਪਨ ਦੀ ਦਾਸਤਾਨ ਹੈ।ਜ਼ਰਾ ਇਹਦੇ ਗਾਣਿਆ ਨੂੰ ਧਿਆਨ ਨਾਲ ਸੁਣਕੇ ਤਾਂ ਵੇਖੋ।
ਫਿਰ ਲੇ ਆਇਆ ਦਿਲ ਮਜਬੂਰ ਕਿਆ ਕੀਜੈ 
ਰਾਸ ਨਾ ਆਇਆ ਰਹਿਣਾ ਦੂਰ ਕਿਆ ਕੀਜੈ 
ਦਿਲ ਕਹਿ ਰਹਾ ਹੈ, ਉਸੇ ਮਕੁੰਮਲ ਕਰ ਭੀ ਆਓ 
ਵੋ ਜੋ ਅਧੂਰੀ ਸੀ ਬਾਤ ਬਾਕੀ ਹੈ 
ਵੋ ਜੋ ਅਧੂਰੀ ਸੀ ਯਾਦ ਬਾਕੀ ਹੈ 

ਬਰਫੀ ਫ਼ਿਲਮ ਅਸਧਾਰਨ ਪਾਤਰਾਂ ਰਾਹੀਂ ਸਧਾਰਨ ਗੱਲ ਨੂੰ ਬਹੁਤ ਸਹਿਜਤਾ ਨਾਲ ਸਮਝਾ ਰਹੀ ਹੈ।ਫਿਲਮ ਦੇ ਮੁੱਖ ਕਿਰਦਾਰਾਂ ਤੋਂ ਇਲਾਵਾ ਬਾਕੀ ਕਿਰਦਾਰ ਵੀ ਬਹੁਤ ਕੁਝ ਪੇਸ਼ ਕਰਦੇ ਹਨ।ਤੁਹਾਨੂੰ ਫਿਲਮ ਵੇਖਦੇ ਹੋਏ ਸ਼ਰੂਤੀ ਦੀ ਮਾਂ(ਰੂਪਾ ਗਾਂਗੁਲੀ) ਚੋਂ ਮੈਟਰੀਲਿਸਟਕ ਵਿਹਾਰ ਦਾ ਦਵੰਦ ਵੀ ਨਜ਼ਰ ਆਏਗਾ ਅਤੇ ਉਸ ਕਿਰਦਾਰ ਦਾ ਵਿਖੰਡਨ ਵੀ ਨਜ਼ਰ ਆਏਗਾ।ਜੋ ਦੁਨਿਆਵੀ ਚੀਜ਼ਾਂ ਬਦਲੇ ਆਪਣੇ ਫੈਸਲੇ ਨੂੰ ਸਹੀ ਵੀ ਠਹਿਰਾ ਰਿਹਾ ਹੈ ਅਤੇ ਅੰਦਰੋ ਅੰਦਰ ਸੱਚੇ ਪਿਆਰ ਜਾਂ ਆਪਣੇ ਸਹਿਜ ਹੋਣ ਲਈ ਛਟਪਟਾ ਵੀ ਰਿਹਾ ਹੈ।ਸੋਰਭ ਸ਼ੁਕਲਾ ਦੇ ਪਾਤਰ ਨਾਲ ਤੁਹਾਨੂੰ ਪਿਆਰ ਹੋ ਜਾਵੇਗਾ।ਪੂਰੀ ਫ਼ਿਲਮ 'ਚ ਇੰਝ ਜਾਪਦਾ ਹੈ ਜਿਵੇਂ ਨਿਰਦੇਸ਼ਕ ਅਨੁਰਾਗ ਬਾਸੂ ਅਸਧਾਰਨ ਪਾਤਰਾਂ ਰਾਹੀਂ ਸਧਾਰਨ ਦੁਨੀਆਂ ਨੂੰ ਉਹਨਾਂ ਦਾ ਅਕਸ ਵਿਖਾ ਰਹੇ ਹੋਣ।ਬਤੌਰ ਨਿਰਦੇਸ਼ਕ ਅਨੁਰਾਗ ਬਾਸੂ ਦੀਆਂ ਪਿਛਲੀਆਂ ਫਿਲਮਾਂ ਵੱਲ ਝਾਤ ਮਾਰੀਏ ਤਾਂ ਮਰਡਰ ਬੇਸ਼ੱਕ ਹਾਲੀਵੁੱਡ ਫਿਲਮ ਅਨਫੇਥਫੁੱਲ ਦੀ ਨਕਲ ਹੋ ਸਕਦੀ ਹੈ ਜਾਂ ਗੈਂਗਸਟਰ ਫ਼ਿਲਮ ਮਹੇਸ਼ ਭੱਟ ਦੇ ਪ੍ਰਭਾਵਿਤ ਕੈਂਪ ਦੀ ਮਹਿਸੂਸ ਹੁੰਦੀ ਹੈ ਪਰ ਕਾਈਟਸ ਤੇ ਮੈਟਰੋ ਤੋਂ ਅਨੁਰਾਗ ਬਾਸੂ ਆਪਣੀ ਪਛਾਣ ਨੂੰ ਗੂੜ੍ਹਾ ਕਰਦਾ ਜਾਂਦਾ ਹੈ।ਮੈਟਰੋ ਹੋਵੇ ਜਾਂ ਕਾਈਟਸ ਜਾਂ ਬਰਫੀ ਅਨੁਰਾਗ ਦੀਆਂ ਫਿਲਮਾਂ ਦੁਨਿਆਈ ਜੱਦੋਜਹਿਦ 'ਚ ਜ਼ਿੰਦਗੀ ਦਾ ਫਲਸਫਾ ਤਲਾਸ਼ਦੀਆਂ ਫ਼ਿਲਮਾਂ ਹਨ ਜੋ ਆਪਣੇ ਕਿਰਦਾਰਾਂ ਨੂੰ ਅਸਧਾਰਨ ਰੱਖਕੇ ਵੀ ਸਧਾਰਨ ਰੰਗ 'ਚ ਰੱਖਦੀਆਂ ਹਨ।

ਨਿਖਿਲ ਅਡਵਾਨੀ ਨੇ ਸਲਾਮ-ਏ-ਇਸ਼ਕ ਫਿਲਮ ਬਣਾਈ ਸੀ ਅਨੁਰਾਗ ਨੇ ਮੈਟਰੋ।ਦੋਵਾਂ 'ਚ ਪੇਸ਼ਕਾਰੀ ਦਾ ਮਸੌਦਾ ਇੱਕ ਹੋਣ ਦੇ ਬਾਵਜੂਦ ਅਨੁਰਾਗ ਨੇ ਪੇਸ਼ਕਾਰੀ ਦੇ ਤਰੀਕੇ ਨੂੰ ਖਾਸ ਬਣਾਇਆ।ਇਸੇ ਤਰ੍ਹਾਂ ਸੰਜੇ ਲੀਲਾ ਬੰਸਾਲੀ ਨੂੰ ਵੀ ਬਰਫੀ ਫ਼ਿਲਮ ਤੋਂ ਬਾਅਦ ਸਿੱਖਣਾ ਚਾਹੀਦਾ ਹੈ ਕਿ ਬਲੈਕ ਜਾਂ ਗੁਜ਼ਾਰਿਸ਼ ਰੱਚਦੇ ਹੋਏ ਉਹ ਕਿਰਦਾਰਾਂ ਨਾਲ ਓਵਰ ਇਮੋਸ਼ਨਲ ਹੋਣ ਤੋਂ ਕਿਵੇਂ ਦਰਸ਼ਕਾਂ ਨੂੰ ਬਚਾਵੇ।ਅਨੁਰਾਗ ਦੀ ਬਰਫੀ ਦੇ ਕਿਰਦਾਰ ਵਿਕਲਾਂਗ ਹੁੰਦੇ ਹੋਏ ਵੀ ਰਹਿਮ ਦੀ ਦਰਕਾਰ ਨਹੀਂ ਰੱਖਦੇ ਉਹ ਆਮ ਲੋਕਾਂ ਦੀ ਤਰ੍ਹਾਂ ਦੁਨੀਆਂ 'ਚ ਵਿਚਰਦੇ ਹਨ।ਮਰਫੀ ਨੂੰ ਪੁਲਿਸ ਆਮ ਬੰਦੇ ਦੀ ਤਰ੍ਹਾਂ ਹੀ ਪੇਸ਼ ਹੁੰਦੀ ਹੈ ਅਤੇ ਇਹਨਾਂ ਕਿਰਦਾਰ ਦਾ ਰੋਜ਼ਾਨਾ ਜੀਵਨ ਅਤੇ ਰਹਿਣ ਸਹਿਣ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਹੈ।ਕਿਰਦਾਰ ਨਾਲ ਅਸੀ ਜੁੜਦੇ ਹਾਂ,ਭਾਵਨਾਤਮਕ ਹੁੰਦੇ ਹਾਂ ,ਹੱਸਦੇ ਹਾਂ ਪਰ ਕਿਸੇ ਵੀ ਜਜ਼ਬਾਤ 'ਚ ਅਤਿ ਨਹੀਂ ਹੈ।

ਰਣਬੀਰ ਕਪੂਰ ਦਾ ਰਾਕਸਟਾਰ ਤੋਂ ਬਾਅਦ ਕੀ ਹੋ ਸਕਦਾ ਸੀ ਅਤੇ ਹੁਣ ਬਰਫੀ ਤੋਂ ਬਾਅਦ ਰਣਬੀਰ ਤੋਂ ਉਮੀਦ ਇਹ ਹੋਵੇਗੀ ਕਿ ਉਹ ਇਸ ਤੋਂ ਅੱਗੇ ਕੀ ਕਰੇਗਾ।ਰਣਬੀਰ ਰਿਸ਼ੀ ਕਪੂਰ ਦਾ ਮੁੰਡਾ ਹੈ ਅਤੇ ਕਪੂਰ ਖਾਨਦਾਨ ਦਾ ਚਿਰਾਗ ਪਰ ਮੈਨੂੰ ਇਹ ਕਹਿਣ 'ਚ ਬਿਲਕੁਲ ਵੀ ਝਿਜਕ ਨਹੀਂ ਕਿ ਅਦਾਕਾਰੀ ਪੱਖੋਂ ਉਹ ਬਹੁਤ ਪ੍ਰਤਿਭਾਵਾਨ ਹੈ।ਬਰਫੀ ਨੂੰ ਜ਼ਿੰਦਾ ਕਰਨਾ ਉਹ ਵੀ ਪੂਰੀ ਫਿਲਮ 'ਚ ਬਿਨਾਂ ਸੰਵਾਦ ਬੋਲੇ ਇਹ ਉਸ ਦਾ ਘਾਲਣਾ ਨੂੰ ਵਿਖਾਉਂਦਾ ਹੈ।ਰਣਬੀਰ ਨੂੰ ਬਰਫੀ 'ਚ ਵੇਖਦੇ ਹੋਏ ਸ਼ਮੀ ਕਪੂਰ ਜਾਂ ਚਾਰਲੀ ਚੈਪਲਿਨ ਮਹਿਸੂਸ ਹੁੰਦੇ ਹਨ।ਇੱਥੇ ਮੇਰਾ ਮਤਲਬ ਨਕਲ ਤੋਂ ਬਿਲਕੁਲ ਨਹੀਂ ਹੈ।ਰਣਬੀਰ ਦਾ ਪੁਤਲੇ ਨਾਲ ਸੰਵਾਦ ਰਚਾਉਣਾ ਜਾਂ ਪੂਰੀ ਫ਼ਿਲਮ 'ਚ ਉਹਦੀ ਚੰਚਲਤਾ ਜਾਂ ਮੀਂਹ 'ਚ ਕੁੜੀ ਦੇ ਮਾਪਿਆਂ ਤੋਂ ਕੁੜੀ ਦਾ ਹੱਥ ਮੰਗਣ ਤੋਂ ਬਾਅਦ ਕੁੜੀ ਨਾਲ ਜਜ਼ਬਾਤੀ ਸੰਵਾਦ…ਜ਼ਿਕਰ ਸ਼ਬਦਾਂ 'ਚ ਸਮੇਟ ਨਹੀਂ ਸਕਦੇ।

ਬਰਫੀ ਫ਼ਿਲਮ ਦੀ ਸਭ ਤੋਂ ਵੱਧ ਖੂਬਸੂਰਤੀ ਇਹੋ ਹੈ ਕਿ ਬਲੈਕ ਜਾਂ ਗੁਜ਼ਾਰਿਸ਼ ਦੀ ਤਰ੍ਹਾਂ ਇਹ ਕੁਝ ਕਹਿਣ ਦਾ ਯਤਨ ਨਹੀਂ ਕਰਦੀ।ਇਹ ਗੁਲਜ਼ਾਰ ਦੀ ਫ਼ਿਲਮ ਕੋਸ਼ਿਸ਼ ਦੀ ਤਰ੍ਹਾਂ ਹੈ ਜੋ ਕਿ ਸਹਿਜ ਹੈ।ਇਹ ਗੁਲਜ਼ਾਰ ਦੀ ਕੋਸ਼ਿਸ਼ ਤੋਂ ਅੱਗੇ ਦਾ ਕਦਮ ਹੈ।ਬਰਫੀ ਦੇ ਪਾਤਰ ਨੈਤਿਕ ਅਨੈਤਿਕ ਦੀ ਬਹਿਸ 'ਚ ਨਹੀਂ ਪੈਂਦਾ।ਜਿਵੇਂ ਦੀ ਦੁਨੀਆਂ ਹੈ ਉਸੇ ਤਰ੍ਹਾਂ ਦਾ ਇਹਦੇ ਪਾਤਰਾਂ ਦਾ ਵਰਤਾਰਾ ਹੈ।ਪ੍ਰੀਤਮ ਨੇ ਆਪਣੇ ਅੰਦਾਜ਼ ਤੋਂ ਹੱਟਕੇ ਰੂਹਦਾਰੀ ਵਾਲੇ ਸੰਗੀਤ ਦੀ ਰੱਚਣਾ ਕੀਤੀ ਹੈ।ਬਹੁਤ ਦੇਰ ਬਾਅਦ ਇੱਕ ਅਜਿਹੀ ਫ਼ਿਲਮ ਵੇਖਣ ਨੂੰ ਮਿਲੀ ਜੋ ਵੇਖਣ ਤੋਂ ਬਾਅਦ ਸਿਰਫ ਨਜ਼ਰ ਨਹੀਂ ਆਉਂਦੀ ਸਗੋਂ ਮਹਿਸੂਸ ਹੁੰਦੀ ਹੈ।

ਇਸ ਫ਼ਿਲਮ ਅੰਦਰਲੇ ਪਿਆਰ ਨੂੰ ਤਰਕ ਵਿਤਰਕ ਰਾਹੀਂ ਗਲਤਾਨ ਨਹੀਂ ਕੀਤਾ ਜਾ ਸਕਦਾ।1970 ਦੀ ਇਹ ਮਹੁੱਬਤ 2012 ਦੀ ਦੁਨੀਆਂ ਨੂੰ ਕੁਝ ਇਸ਼ਾਰੇ ਕਰ ਰਹੀ ਹੈ।ਆਖਰ ਕਵੀ ਦੀ ਕਲਪਨਾ ਚੋਂ ਪ੍ਰੇਮ ਗੀਤ ਦੂਰ ਨਾ ਹੋ ਜਾਵੇ ਜਾਂ ਵਿਚਰ ਰਹੇ ਕਿਰਦਾਰਾਂ 'ਚ ਪਿਆਰ ਸਿਰਫ ਕਾਮਰੇਡੀ ਨਜ਼ਰੀਏ ਨਾਲ ਰੁੱਖਾ ਨਾ ਹੋ ਜਾਵੇ।ਡਾ. ਜਿਵਾਗੋ ਵੇਖੋਗੇ ਤਾਂ ਸਮਝ ਆ ਜਾਵੇਗਾ।

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮ ਅਲੋਚਕ ਹੈ ਤੇ ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
ਮੌਬ-94641-41678

Sunday, September 16, 2012

ਵਾਇਆ ਬਠਿੰਡਾ,ਨਾਲੇ ਤੋਰੀ ਨਾਲੇ ਟਿੰਢਾ

ਬਠਿੰਡਾ ਦੇ ਜੰਮਿਆਂ ਨੂੰ ਕਦੇ ਇਹ ਮਿਹਣਾ ਤੰਗ ਕਰਦਾ ਹੁੰਦਾ ਸੀ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ।’ ਮਿਹਣਾ ਕੋਈ ਜ਼ਿਆਦਤੀ ਵੀ ਨਹੀਂ ਸੀ। ਵਲ਼ਦਾਰ ਰੇਤਲਾ ਇਲਾਕਾ, ਟਿੱਬਿਆਂ ਦੀ ਉਡਦੀ ਧੂੜ, ਅੰਗਰੇਜ਼ਾਂ ਦਾ ਸੱਤ ਲਾਈਨਾਂ ਵਾਲਾ ਰੇਲਵੇ ਜੰਕਸ਼ਨ ਦਾ ਤੋਹਫ਼ਾ, ਛੋਟੇ-ਛੋਟੇ ਬਜ਼ਾਰਾਂ ’ਚ ਖੜ੍ਹੀਆਂ ਬਲਦ ਗੱਡੀਆਂ ਤੇ ਬੋਤਿਆਂ ਦੀਆਂ ਕਤਾਰਾਂ, ਕਈ ਏਕੜ ’ਚ ਫੈਲਿਆ ਕਿਲ੍ਹਾ ਤੇ ਇਸ ਦੀ ਬੁੱਕਲ ’ਚ ਬਣੇ ਘਰ, ਇਨ੍ਹਾਂ ਘਰਾਂ ਦੀਆਂ ਘੜਿਆਂ ਤੇ ਟੋਕਣੀਆਂ ਨਾਲ ਪਾਣੀ ਭਰਦੀਆਂ ਸੁਆਣੀਆਂ, ਸ਼ਾਮ ਢਲਦੇ ਤੇ ਸਵੇਰ ਪੈਂਦੇ ਚੱਲਣ ਵਾਲੀਆਂ ਹਨੇਰੀਆਂ, ਲੇਹਾ, ਕਰੀਰ ਤੇ ਮਲ੍ਹੇ-ਝਾੜੀਆਂ, ਕਮਲ, ਜਗਜੀਤ ਤੇ ਰਾਜੇਸ਼ ਵਰਗੀਆਂ ਛੋਟੀਆਂ ਜਿਹੀਆਂ ਟਾਕੀਆਂ, ਪਿਆਰ-ਮੁਹੱਬਤ ਵੰਡਦੇ ਸਿੱਧ-ਪੱਧਰੇ ਲੋਕ ਤੇ ਸੱਟਾ ਬਜ਼ਾਰ। ਉਦੋਂ ਇਹੋ ਪਛਾਣ ਸੀ ਬਠਿੰਡਾ ਦੀ।

ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਪੁੱਜੇ ਲੋਕਾਂ ਦੇ ਮਨਾਂ ’ਚ ਉਸ ਪੁਰਾਣੇ ਬਠਿੰਡਾ ਦੇ ਨੈਣ ਨਕਸ਼ ਅੱਜ ਵੀ ਤਾਜ਼ਾ ਹਨ। ਉਦੋਂ ਹਾੜ੍ਹੀ ਰੁੱਤੇ ਛੋਲਿਆਂ ਦੇ ਢੇਰ ਲੱਗਦੇ। ਵੱਡੀਆਂ ਚੱਕੀਆਂ ’ਤੇ ਛੋਲਿਆਂ ਦੀ ਦਾਲ ਬਣ ਕੇ ਇੱਥੋਂ ਬਾਹਰ ਜਾਂਦੀ ਸੀ। ਮਾਰਵਾੜੀ ਤੇ ਗੁਜਰਾਤੀ ਵੀ ਇੱਥੇ ਹੀ ਠਹਿਰ ਕਰਦੇ। ਕਾਲ ਮਾਰੇ ਇਲਾਕਿਆਂ ਨੂੰ ਬਠਿੰਡਾ ਜੰਕਸ਼ਨ ਤੋਂ ਰੇਲਾਂ ਰਾਹੀਂ ਪਾਣੀ ਭੇਜਿਆ ਜਾਂਦਾ ਸੀ। ਵਕਤ ਦੀ ਅੰਗੜਾਈ ਨੇ ਹੁਣ ਮਿਹਣਾ ਮਾਰਨ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ।

ਥਰਮਲਾਂ ਦੀਆਂ ਚਿਮਨੀਆਂ, ਹਰਿਆਵਲ ’ਚ ਵਸੀ ਛਾਉਣੀ, ਖਾਦਾਂ ਦਾ ਕਾਰਖਾਨਾ, ਚਾਰ-ਚੁਫ਼ੇਰੇ ਝੀਲਾਂ ਅਤੇ ਇਨ੍ਹਾਂ ਝੀਲਾਂ ਵਿੱਚ ਚੱਲਦੀਆਂ ਕਿਸ਼ਤੀਆਂ ਤੇ ਸ਼ਿਕਾਰੇ, ਓਵਰ ਬਰਿੱਜਾਂ ਉਪਰੋਂ ਲੰਘਦੀਆਂ ਗੱਡੀਆਂ, ਸ਼ਾਪਿੰਗ ਮਾਲ, ਆਧੁਨਿਕ ਕਲੋਨੀਆਂ ਅੱਜ ਆਧੁਨਿਕ ਬਠਿੰਡਾ ਦੀ ਪਛਾਣ ਹਨ। ਦਿਨੋਂ-ਦਿਨ ਤਰੱਕੀ ਕਰ ਰਿਹਾ ਬਠਿੰਡਾ ਸੱਚਮੁੱਚ ਹੁਣ ‘ਸਿਟੀ ਆਫ਼ ਲੇਕਸ’ ਜਾਂ ਫਿਰ ‘ਸ਼ਾਰਜਾਹ ਆਫ਼ ਪੰਜਾਬ’ ਬਣ ਚੱਲਿਆ ਹੈ। ਸਿਆਸੀ ਲੋਕ ਤਾਂ ਹੁਣ ਇਸ ਨੂੰ ‘ਬਾਦਲਾਂ ਦਾ ਬਠਿੰਡਾ’ ਵੀ ਆਖਣ ਲੱਗੇ ਹਨ ਜਿਨ੍ਹਾਂ ਨੇ ਇੱਥੇ ਹਵਾਈ ਅੱਡਾ ਬਣਾ ਕੇ ਜਹਾਜ਼ ਉਡਾਉਣ ਦੀ ਤਿਆਰੀ ਕੀਤੀ ਹੈ।

ਕੇਂਦਰੀ ਯੂਨੀਵਰਸਿਟੀ ਬਣ ਗਈ ਹੈ ਅਤੇ ਹੁਣ ਟੈਕਸਟਾਈਲ ਹੱਬ ਬਣਾਉਣ ਦੀ ਗੱਲ ਚੱਲੀ ਹੈ। ‘ਵਾਇਆ ਬਠਿੰਡਾ’ ਦਾ ਮਿਹਣਾ ਮਾਰਨ ਵਾਲੇ ਹੁਣ ਆ ਕੇ ਤੱਕਣ ਬਠਿੰਡਾ। ਬੰਦੂਕਾਂ ਰੱਖਣ ਦੇ ਸ਼ੌਕੀਨਾਂ ਨੇ ਹੁਣ ਕਲਮਾਂ ਫੜ ਲਈਆਂ ਹਨ। ਬਠਿੰਡਾ ਵਿੱਚ ਵਿਕਾਸ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਆਧੁਨਿਕ ਬਠਿੰਡਾ ਛੱਡ ਕੇ ਅੱਜ ਵੀ ਕੈਂਸਰ ਭੰਨੇ ਲੋਕ ਸਸਤੇ ਇਲਾਜ ਖਾਤਰ ਬੀਕਾਨੇਰ ਜਾਣ ਲਈ ਮਜਬੂਰ ਹਨ। ਮਾੜੇ ਪਾਣੀਆਂ ਵਾਲੇ ਪਿੰਡਾਂ ਦੀਆਂ ਔਰਤਾਂ ਨੂੰ ਹਾਲੇ ਵੀ ਸਿਰਾਂ ’ਤੇ ਪਾਣੀ ਢੋਣਾ ਪੈਂਦਾ ਹੈ।

ਬਠਿੰਡਾ ਜ਼ਿਲ੍ਹੇ ਵਿੱਚ ਹੁਣ ਸਰਕਾਰੀ ਤੇ ਪ੍ਰਾਈਵੇਟ ਤਿੰਨ ਯੂਨੀਵਰਸਿਟੀਆਂ ਹਨ ਜਦੋਂਕਿ ਕਿਸੇ ਵੇਲੇ ਪੁਰਾਣੇ ਬਠਿੰਡਾ ਵਿੱਚ ਇੱਕ ਹੀ ਸਕੂਲ ਹੁੰਦਾ ਸੀ ਜਿੱਥੇ ਮੂੰਹ ਜ਼ੁਬਾਨੀ ਗਿਣਤੀ-ਮਿਣਤੀ ਰੱਖਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਬਹੁਤੀ ਪੁਰਾਣੀ ਗੱਲ ਨਹੀਂ ਕਿ ਜਦੋਂ ਮਾਲਵੇ ਵਿੱਚ ਜ਼ੋਰਦਾਰ ਝੱਖੜ ਤੇ ਹਨੇਰੀ ਆਉਣੀ ਤਾਂ ਆਮ ਘਰਾਂ ਵਿੱਚ ਇਹੋ ਆਖਿਆ ਜਾਂਦਾ ਸੀ ਕਿ ‘ਬਠਿੰਡੇ ਵਾਲਾ ਦਿਓ’ ਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿੱਚ ਬਠਿੰਡਾ ਦੇ ਲੋਕਾਂ ਨੂੰ ਕਿਲ੍ਹੇ ਵਿਚਲੇ ਦਿਓ ਤੋਂ ਮੁਕਤ ਕਰਵਾਇਆ ਦੱਸਿਆ ਜਾਂਦਾ ਹੈ। ਹੁਣ ਬਠਿੰਡਾ ਵਿੱਚ ਨਵੇਂ ਜ਼ਮਾਨੇ ਦੀ ਹਨੇਰੀ ਨੇ ਇਸ ਸ਼ਹਿਰ ਨੂੰ ਕਾਰਪੋਰੇਟ ਵਿਕਾਸ ਦਾ ਰੰਗ ਚਾੜ੍ਹ ਦਿੱਤਾ ਹੈ। ਹੁਣ ਬਠਿੰਡਾ ਉਪਰੋਂ ਚਮਕਾਂ ਮਾਰਦਾ ਹੈ ਜਦੋਂਕਿ ਇੱਥੋਂ ਦੇ ਲੋਕ ਹਾਲੇ ਵੀ ਬੁਨਿਆਦੀ ਲੋੜਾਂ ਲਈ ਜੰਗ ਲੜ ਰਹੇ ਹਨ। ਹਵਾਈ ਅੱਡੇ ਤਾਂ ਮਿਲ ਗਏ ਹਨ ਪਰ ਲੋਕਾਂ ਨੂੰ ਪਾਣੀ ਨਹੀਂ ਮਿਲਿਆ। ਜ਼ੋਰਦਾਰ ਮੀਂਹ ਪੈ ਜਾਏ ਤਾਂ ਪੂਰਾ ਬਠਿੰਡਾ ਡੁੱਬ ਜਾਂਦਾ ਹੈ।

20 ਅਗਸਤ 1948 ਤੋਂ ਪਹਿਲਾਂ ਇਹ ਤਹਿਸੀਲ ਸੀ। ਪੈਪਸੂ ਮਿਹਰਬਾਨ ਹੋਈ ਤਾਂ 1948 ’ਚ ਬਠਿੰਡਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ। ਜ਼ਿਲ੍ਹਾ ਕਚਹਿਰੀਆਂ ਪੈਪਸੂ ਦੇ ਪ੍ਰਬੰਧਕੀ ਸਲਾਹਕਾਰ ਪੀ.ਸੀ.ਰਾਓ ਦੀ ਦੇਣ ਹਨ। ਇੱਥੇ 1969 ’ਚ ਗੁਰੂ ਨਾਨਕ ਥਰਮਲ ਪਲਾਟ ਦਾ ਨੀਂਹ ਪੱਥਰ ਰੱਖਿਆ ਗਿਆ। ਫਿਰ ਕੀ ਸੀ, ਕੱਕੇ ਰੇਤੇ ਵਾਲੀਆਂ ਹਨੇਰੀਆਂ ਵਗਣੀਆਂ ਬੰਦ ਹੋਈਆਂ। ਖਾਦ ਫੈਕਟਰੀ ਅਤੇ ਉਸ ਤੋਂ ਬਾਅਦ ਬਣੀ ਬਠਿੰਡਾ ਛਾਉਣੀ ਨੇ ਸ਼ਹਿਰ ਤੇ ਇਲਾਕੇ ਦਾ ਚਿਹਰਾ-ਮੋਹਰਾ ਹੀ ਬਦਲ ਦਿੱਤਾ। ਹਵਾਈ ਫ਼ੌਜ ਦੇ ਹਵਾਈ ਅੱਡੇ, ਤੇਲ ਡਿਪੂ, ਕਾਂਡਲਾ-ਬਠਿੰਡਾ ਤੇਲ ਪਾਈਪ ਲਾਈਨ, ਸੀਮਿੰਟ ਕਾਰਖਾਨਾ ਤੇ ਤੇਲ ਸੋਧਕ ਕਾਰਖ਼ਾਨੇ ਨੇ ਇਸ ਨੂੰ ਨਵਾਂ ਰੂਪ ਦਿੱਤਾ।

ਬਠਿੰਡਾ ਦੇ ਇਤਿਹਾਸਕ ਕਿਲ੍ਹੇ ਨੂੰ ਨਵਾਂ ਰੰਗ ਰੂਪ ਚਾੜ੍ਹਿਆ ਜਾ ਰਿਹਾ ਹੈ। ਭੱਟੀ ਰਾਜਪੂਤ 279 ਈਸਵੀ ਵਿੱਚ ਪੰਜਾਬ ਦਾ ਰਾਜਾ ਬਣਿਆ। ਉਸ ਨੇ ਬਠਿੰਡਾ ਨੂੰ ਮਾਲਵੇ ਦੀ ਰਾਜਧਾਨੀ ਬਣਾਇਆ। ਇਸੇ ਲਈ ਕਹਿੰਦੇ ਹਨ ਕਿ ਸ਼ਹਿਰ ਦਾ ਨਾਂ ਪਹਿਲਾਂ ਭੱਟੀਆਂ ਤੋਂ ਭਟਿੰਡਾ ਤੇ ਫਿਰ ਬਠਿੰਡਾ ਬਣਿਆ। 15 ਏਕੜ ’ਚ ਬਣਿਆ ਇੱਥੋਂ ਦਾ ਕਿਲ੍ਹਾ ਤਕਰੀਬਨ 1800 ਸਾਲ ਪੁਰਾਣਾ ਹੈ। ਇਸ ਕਿਲ੍ਹੇ ਦੁਆਲੇ 36 ਬੁਰਜ ਹਨ ਜਦੋਂਕਿ ਇਸ ਦੀ ਉਚਾਈ 118 ਫੁੱਟ ਹੈ। ਕਿਲ੍ਹੇ ਉਪਰ ਖੜ੍ਹ ਕੇ ਸਾਰਾ ਬਠਿੰਡਾ ਦਿਸਦਾ ਹੈ। ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦੱਬ ਦੇ ਪੂਰਵਜਾਂ ਨੇ 279 ਈਸਵੀ ਵਿੱਚ ਬਣਾਇਆ ਸੀ। ਰਾਜਾ ਵਿਨੈ ਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਪਿਆ। 22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਵਿੱਚ ਚਰਨ ਪਾਏ। ਮਹਾਰਾਜਾ ਕਰਮ ਸਿੰਘ ਨੇ 1843-45 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖਿਆ।

ਬੇਗਮ ਰਜ਼ੀਆ ਸੁਲਤਾਨ 1239 ਤੋਂ 1240 ਤੱਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ ’ਚ ਕੈਦ ਰਹੀ ਸੀ। ਗਵਰਨਰ ਅਲਤੂਨੀਆਂ ਨੇ ਰਜ਼ੀਆ ਬੇਗਮ ਦੇ ਕਿਲ੍ਹੇ ਵਿਚਲੇ ਬਾਕੀ ਹਿੱਸੇ ਵਿੱਚ ਜਾਣ ’ਤੇ ਪਾਬੰਦੀ ਲਾਈ ਹੋਈ ਸੀ। ਇਤਿਹਾਸਕਾਰਾਂ ਮੁਤਾਬਕ ਰਜ਼ੀਆ ਸੁਲਤਾਨ ਨੂੰ ਸਿਰਫ਼ ਸ਼ੱੁਕਰਵਾਰ ਵਾਲੇ ਦਿਨ ਇੱਥੋਂ ਦੇ ਹਾਜੀ ਰਤਨ ਵਾਲੀ ਮਸਜਿਦ ’ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਸੀ। ਹਰ ਸ਼ੱੁਕਰਵਾਰ ਨੂੰ ਉਹ ਬੱਘੀ ’ਚ ਸਵਾਰ ਹੋ ਕੇ ਨਮਾਜ਼ ਲਈ ਜਾਂਦੀ ਸੀ। ਜਿਸ ਸੰਮਨ ਬੁਰਜ ’ਚ ਰਜ਼ੀਆ ਸੁਲਤਾਨ ਕੈਦ ਰਹੀ, ਹੁਣ ਉਸ ਦੀ ਹਾਲਤ ਖਸਤਾ ਹੈ। ਸੰਮਨ ਬੁਰਜ ਅੰਦਰਲੀ ਅਨਮੋਲ ਮੀਨਾਕਾਰੀ ਤੇ ਛੱਤ ਦੀ ਚਿੱਤਰਕਾਰੀ ਆਪਣੀ ਹੋਂਦ ਗੁਆ ਰਹੀ ਹੈ।

ਬੁਰਜ ਦੀਆਂ ਛੱਤਾਂ ਨੂੰ ਚਾਰ-ਚੁਫ਼ੇਰੇ ਥਮ੍ਹਲੇ ਖੜ੍ਹੇ ਕਰਕੇ ਬਚਾਇਆ ਗਿਆ ਹੈ। ਛੱਤ ਉੱਪਰਲੀ ਚਿੱਤਰਕਾਰੀ ਹੁਣ ਮੱਧਮ ਪੈ ਚੁੱਕੀ ਹੈ ਤੇ ਬੁਰਜ ਦੇ ਦਰਵਾਜ਼ੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਜਿਸ ਵੇਲੇ ਰਜ਼ੀਆ ਸੁਲਤਾਨ ਸੰਮਨ ਬੁਰਜ ਵਿੱਚ ਕੈਦ ਸੀ ਤਾਂ ਤਿਉਹਾਰਾਂ ਮੌਕੇ ਖ਼ਾਸ ਤੌਰ ’ਤੇ ਲੋਕ ਮੀਨਾ ਬਾਜ਼ਾਰ ਵਾਲੇ ਪਾਸਿਓਂ ਉਸ ਦੀ ਇੱਕ ਝਲਕ ਲਈ ਘੰਟਿਆਂਬੱਧੀ ਰੁਕ ਜਾਂਦੇ ਸਨ।

ਇਤਿਹਾਸਕਾਰ ਦੱਸਦੇ ਹਨ ਕਿ ਦਿੱਲੀ ਦੇ ਬਾਦਸ਼ਾਹ ਦੀ ਧੀ ਰਜ਼ੀਆ ਸੁਲਤਾਨ, ਅਲਤੂਨੀਆਂ ਦਾ ਤਖਤਾ ਪਲਟਣ ਲਈ ਆਪਣੇ ਪ੍ਰੇਮੀ ਜਲਾਲੂਦੀਨ ਯਾਕੂਤ ਨਾਲ ਇੱਥੇ ਆਈ ਸੀ। ਰਜ਼ੀਆ ਦੇ ਭਰਾਵਾਂ ਨੇ ਯਾਕੂਤ ਨੂੰ ਮਰਵਾ ਦਿੱਤਾ ਅਤੇ ਅਲਤੂਨੀਆਂ ਨੇ ਰਜ਼ੀਆ ਸੁਲਤਾਨ ਨੂੰ 1239 ’ਚ ਇਸ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ। ਆਖਦੇ ਹਨ ਕਿ ਰਜ਼ੀਆ ਸੁਲਤਾਨ ਨੇ ਇਸ ਕਿਲ੍ਹੇ ਤੋਂ ਛਾਲ ਮਾਰ ਦਿੱਤੀ ਸੀ। ਦੂਜੇ ਪਾਸੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਸਲ ’ਚ ਰਜ਼ੀਆ ਸੁਲਤਾਨ ਦੇ ਭਰਾਵਾਂ ਨੇ 13 ਅਕਤੂਬਰ 1240 ਨੂੰ ਰਜ਼ੀਆ ਬੇਗਮ ਤੇ ਉਸ ਦੇ ਪਤੀ ਅਲਤੂਨੀਆਂ ਨੂੰ ਕੈਥਲ ਕੋਲ ਮਰਵਾ ਦਿੱਤਾ ਸੀ। ਰਜ਼ੀਆ ਬੇਗਮ ਦੇ ਭਰਾ ਪਹਿਲਾਂ ਅਲਤੂਨੀਆਂ ਦੇ ਦੋਸਤ ਸਨ। ਰਜ਼ੀਆ ਨਾਲ ਅਲਤੂਨੀਆਂ ਦਾ ਨਿਕਾਹ ਹੋਣ ਤੋਂ ਬਾਅਦ ਉਸ ਦੇ ਦੁਸ਼ਮਣ ਬਣ ਗਏ।

ਰਜ਼ੀਆ ਬੇਗਮ ਦੇ ਪ੍ਰੇਮੀ ਯਾਕੂਤ ਦੀ ਕਬਰ ਬਠਿੰਡਾ ਦੀ ਰੇਲਵੇ ਕਲੋਨੀ ਦੇ ਪਿਛਲੇ ਪਾਸੇ ਸਥਿਤ ਹੈ ਜਿਸ ਨੂੰ ਆਧੁਨਿਕ ਜ਼ਮਾਨੇ ਦੇ ਲੋਕ ਲਵਰਜ਼ ਪੁਆਇੰਟ ਵੀ ਆਖਦੇ ਹਨ। ਰਜ਼ੀਆ ਨੇ ਜਲਾਲੂਦੀਨ ਯਾਕੂਤ ਨੂੰ ਫ਼ੌਜਾਂ ਦਾ ਸੈਨਾਪਤੀ ਬਣਾ ਦਿੱਤਾ ਸੀ। ਇਸ ਕਾਰਨ ਬਠਿੰਡਾ ਦੇ ਗਵਰਨਰ ਅਲਤੂਨੀਆਂ ਸਮੇਤ ਪੰਜਾਬ ਦੇ ਕੁਝ ਗਵਰਨਰ ਬਾਗੀ ਹੋ ਗਏ ਸਨ। ਤੁਰਕਾਂ ਨੇ ਬਗਾਵਤ ਕਰ ਦਿੱਤੀ। ਜਦੋਂ ਰਜ਼ੀਆ ਬਗਾਵਤ ਕੁਚਲਣ ਲਈ ਇਸ ਪਾਸੇ ਵਧੀ ਤਾਂ ਯਾਕੂਤ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਰਜ਼ੀਆ ਨੂੰ ਕੈਦ ਕਰਕੇ ਅਲਤੂਨੀਆਂ ਦੇ ਹਵਾਲੇ ਕਰ ਦਿੱਤਾ ਗਿਆ। ਬਠਿੰਡਾ ਦੇ ਪੁਰਾਣੇ ਕਿਲ੍ਹੇ ਦਾ ਮੁਹਾਂਦਰਾ ਸਮੇਂ ਦੀ ਗਰਦਿਸ਼ ਵਿੱਚ ਗੁਆਚ ਗਿਆ ਹੈ। ਪੁਰਾਤਤਵ ਵਿਭਾਗ ਇਸ ਕਿਲ੍ਹੇ ਨੂੰ ਸੰਭਾਲਣ ਲਈ ਚਾਰ-ਚੁਫ਼ੇਰੇ ਤੋਂ ਨਵਾਂ ਰੂਪ ਦੇ ਰਿਹਾ ਹੈ ਜਿਸ ਕਰਕੇ ਪੁਰਾਣੀ ਦਿੱਖ ਗੁਆਚਣ ਲੱਗੀ ਹੈ।

ਇਸੇ ਤਰ੍ਹਾਂ ਬਟਵਾਰੇ ਤੋਂ ਪਹਿਲਾਂ ਬਾਬਾ ਹਾਜੀ ਰਤਨ ਦੀ ਸਮਾਧ ’ਤੇ ਵੱਡਾ ਮੇਲਾ ਲੱਗਦਾ ਰਿਹਾ ਹੈ। ਬਾਬਾ ਹਾਜੀ ਰਤਨ ਦਾ ਪਹਿਲਾ ਨਾਂ ਰਤਨਪਾਲ ਸੀ। ਮਗਰੋਂ ਉਹ ਮੱਕਾ ਸ਼ਰੀਫ਼ ਗਏ ਅਤੇ ਮੁਸਲਮਾਨ ਬਣ ਗਏ। ਉਨ੍ਹਾਂ ਨੇ ਬਠਿੰਡਾ ਵਾਪਸ ਆ ਕੇ ਇਸਲਾਮ ਮੱਤ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਮਕਬਰਾ ਇਸੇ ਸ਼ਹਿਰ ਵਿੱਚ ਹੈ। ਪੁਰਾਤਨ ਸ਼ਹਿਰ ਬਠਿੰਡਾ ਆਪਣੀ ਗੋਦ ਵਿੱਚ ਅਨੇਕਾਂ ਯਾਦਾਂ ਨੂੰ ਸਮੋਈ ਬੈਠਾ ਹੈ। ਇੱਥੇ ਗੋਆ ਦੇ ਸ਼ਹੀਦ ਮਾਸਟਰ ਕਰਨੈਲ ਸਿੰਘ ਨੂੰ ਸਮਰਪਿਤ ਟੀਚਰਜ਼ ਹੋਮ ਹੈ। ਇਸ ਦੇ ਨੇੜੇ ਫ਼ੌਜੀ ਚੌਕ ਹੈ ਜੋ ਵਿਕਟੋਰੀਆ ਕਰਾਸ ਸੂਬੇਦਾਰ ਨੰਦ ਸਿੰਘ ਨੂੰ ਸਮਰਪਿਤ ਹੈ। 

ਚਰਨਜੀਤ ਭੁੱਲਰ 
ਲੇਖ਼ਕ ਸੀਨੀਅਰ ਪੱਤਰਕਾਰ ਹਨ। 
94170-11171

Thursday, September 13, 2012

ਨਾਸਤਿਕ ਬਾਣੀ: ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ

'ਨਾਸਤਿਕ ਬਾਣੀ' ਵਾਲਾ ਸਾਧੂ ਬਿਨਿੰਗ
"ਧਰਮ ਟਟਹਿਣਿਆਂ ਵਾਂਗ ਹਨ। ਉਨ੍ਹਾਂ ਨੂੰ ਚਮਕਣ ਲਈ ਹਨੇਰੇ ਦੀ ਲੋੜ ਹੈ।" - ਆਰਥਰ ਸ਼ੌਪਨਹਾਊਰ 

"ਜਦੋਂ ਬੰਦਾ ਧਰਮ ਤੋਂ ਆਜ਼ਾਦ ਹੋ ਜਾਂਦਾ ਹੈ ਤਾਂ ਉਸ ਦੇ ਇਕ ਸਾਵੀ ਪੱਧਰੀ ਤੇ ਭਰਪੂਰ ਜ਼ਿੰਦਗੀ ਮਾਨਣ ਦੇ ਮੌਕੇ ਵਧ ਜਾਂਦੇ ਹਨ।" - ਸਿਗਮੰਡ ਫਰਾਇਡ। 


"ਦੁਨੀਆਂ ਵਿਚ ਦੋ ਤਰ੍ਹਾਂ ਦੇ ਲੋਕ ਹਨ :ਧਰਮ ਬਿਨਾਂ ਸੂਝਵਾਨ ਲੋਕ,ਅਤੇ ਸੂਝ ਬਿਨਾਂ ਧਾਰਮਿਕ ਲੋਕ।" --ਅਬੁਲ-ਅੱਲਾ-ਅਲ-ਮਾਇਰੀ।

ਕਿਤਾਬ ਖੋਲ੍ਹਣ ਤੋਂ ਪਹਿਲਾਂ ਹੀ ਕਿਤਾਬ ਦੇ ਟਾਈਟਲ ਉੱਤੇ ਛਪੇ ਇਹ ਸ਼ਬਦ ਤੁਹਾਡੇ ਦਿਮਾਗ ਦੇ ਦਰਵਾਜ਼ੇ ਖੋਲ੍ਹ ਦਿੰਦੇ ਹਨ। ਜਿਉਂ-ਜਿਉਂ ਕਿਤਾਬ ਵਿੱਚੋਂ ਅੱਗੇ ਕੋਈ ਪੰਨਾ ਖੁੱਲ੍ਹਦਾ ਹੈ ਤਾਂ ਹਰ ਜਗ੍ਹਾ ਤੋਂ ਕੋਈ ਨਾ ਕੋਈ ਅਜਿਹਾ ਵਾਕ ਮਿਲਦਾ ਹੈ ਜਿਸ ਨੂੰ ਪੜ੍ਹ ਕੇ ਦਿਮਾਗ ਵਿਚ ਹਲਚਲ ਜਿਹੀ ਮਚ ਜਾਂਦੀ ਹੈ, ਸੋਚਾਂ ਵਿਚ ਦੀਵੇ ਜਗਣ ਲੱਗ ਪੈਂਦੇ ਹਨ। ਬੌਧਿਕ ਹੁਲਾਸ ਦਾ ਅਨੁਭਵ ਹੁੰਦਾ ਹੈ। ਇਹ ਕਿਤਾਬ ਆਸਤਿਕਤਾ ਅਤੇ ਧਾਰਮਿਕ ਸੋਚ ਦੇ ਫੁੱਲੇ ਹੋਏ ਗੁਬਾਰੇ ਵਿੱਚ ਸੂਈ ਵਾਂਗ ਚੁੱਭ ਜਾਂਦੀ ਹੈ ਅਤੇ ਉਸ ਦੀ ਸਾਰੀ ਦੀ ਸਾਰੀ ਫੂਕ ਕੱਢ ਦਿੰਦੀ ਹੈ। ਇਹ ਪੁਸਤਕ ਪੜ੍ਹ ਕੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਸੰਸਾਰ ਦੇ ਰੌਸ਼ਨ ਦਿਮਾਗ ਲੋਕ ਤਾਂ ਰੱਬ ਅਤੇ ਧਰਮ ਆਦਿ ਬਾਰੇ ਬਹੁਤ ਠੀਕ ਤਰ੍ਹਾਂ ਹੀ ਸੋਚਦੇ ਹਨ ਪਰ ਉਨ੍ਹਾਂ ਦੇ ਵਿਚਾਰ ਅਧਿਆਤਮਵਾਦੀ ਸਾਹਿਤ ਦੇ ਬਹੁਤ ਵੱਡੇ ਅੰਬਾਰ ਹੇਠ ਦੱਬੇ ਰਹਿ ਜਾਂਦੇ ਹਨ। ਇਸ ਦੀ ਪੁਸ਼ਟੀ ਲਈ ਪੁਸਤਕ ਵਿਚੋਂ ਵੱਖ-ਵੱਖ ਦੇਸ਼ਾਂ ਦੇ ਸੂਝਵਾਨ ਲੋਕਾਂ ਦੇ ਵਿਚਾਰ ਪੜ੍ਹੇ ਜਾ ਸਕਦੇ ਹਨ ਜਿਵੇਂ ਮਹਾਨ ਅੰਗਰੇਜ਼ ਦਾਰਸ਼ਨਿਕ ਬਰਟਰੰਡ ਰਸਲ ਕਹਿੰਦਾ ਹੈ - "ਧਰਮ ਸਾਡੀ ਸੂਝ ਦੇ ਬਚਪਨੇ ਦੀ ਰਹਿੰਦ-ਖੂੰਹਦ ਹੈ, ਜਿਵੇਂ-ਜਿਵੇਂ ਅਸੀਂ ਤਰਕ ਅਤੇ ਵਿਗਿਆਨ ਨੂੰ ਸੇਧ ਲਈ ਅਪਣਾਵਾਂਗੇ, ਇਹ ਘਟਦਾ ਜਾਵੇਗਾ।" ਦੱਖਣੀ ਅਮਰੀਕਾ ਦੇ ਦੇਸ਼ ਟ੍ਰਿਨੀਦਾਦ ਅਤੇ ਟੈਬੇਗੋ ਦੇ ਪਹਿਲੇ ਪ੍ਰਧਾਨ ਮੰਤਰੀ ਐਰਿਕ ਵਿਲਿਅਮਜ਼ ਅਨੁਸਾਰ, "ਧਰਮ ਇਨਸਾਨਾਂ ਦੀ ਉਸੇ ਤਰ੍ਹਾਂ ਸੇਵਾ ਕਰਦਾ ਹੈ ਜਿੱਦਾਂ ਘੋੜੇ ਦੇ ਲੱਗੇ ਖੋਪੇ ਕਰਦੇ ਹਨ।" ਜਰਮਨ ਕਵੀ ਹਾਈਨਰਿਕ ਹਾਈਨ ਧਰਮ ਦੀ ਤੁਲਨਾ ਅੰਨ੍ਹੇ ਬੰਦੇ ਨਾਲ ਕਰਦਾ ਹੋਇਆ ਲਿਖਦਾ ਹੈ, "ਮੱਧ ਯੁੱਗ ਸਮੇਂ ਧਰਮ ਲੋਕਾਂ ਨੂੰ ਰਸਤਾ ਦਿਖਾ ਸਕਦਾ ਸੀ, ਜਿਵੇਂ ਘੁੱਪ ਹਨੇਰੀ ਰਾਤ ਵਿਚ ਇਕ ਅੰਨ੍ਹਾ ਬੰਦਾ ਚੰਗਾ ਪੱਥਪ੍ਰਦਰਸ਼ਕ ਹੋ ਸਕਦਾ ਹੈ; ਉਹਨੂੰ ਰਾਹਾਂ ਅਤੇ ਥਾਵਾਂ ਦਾ ਸੁਜਾਖੇ ਨਾਲੋਂ ਜ਼ਿਆਦਾ ਪਤਾ ਹੁੰਦਾ ਹੈ ਪਰ ਜਦੋਂ ਦਿਨ ਚੜ੍ਹ ਜਾਵੇ ਫੇਰ ਅੰਨਿਆਂ ਤੋਂ ਰਸਤਾ ਪੁੱਛਣਾ ਮੂਰਖਤਾ ਹੈ।" ਮਸ਼ਹੂਰ ਅਮਰੀਕਨ ਤਾਰਾ ਵਿਗਿਆਨੀ ਕਾਰਲ ਸੇਗਨ ਨਾਸਤਿਕਤਾ ਬਾਰੇ ਸਪੱਸ਼ਟ ਕਰਦਾ ਹੈ ਕਿ "ਨਾਸਤਿਕਤਾ ਸਿਰਫ ਏਨੇ ਗਿਆਨ ਨਾਲੋਂ ਵਾਧੂ ਹੈ ਕਿ ਰੱਬ ਨਹੀਂ ਹੈ ਅਤੇ ਧਰਮ ਤਾਂ ਗਲਤੀ ਹੈ ਜਾਂ ਧੋਖਾ। ਨਾਸਤਿਕਤਾ ਤਾਂ ਇਕ ਨਜ਼ਰੀਆ ਹੈ, ਤਕਾਜ਼ਾ ਹੈ ਦੁਨੀਆਂ ਨੂੰ ਨਿਰਪੱਖ ਹੋ ਕੇ ਨਿਡਰਤਾ ਨਾਲ ਦੇਖਣ ਦਾ, ਸਾਰੀਆਂ ਚੀਜ਼ਾਂ ਨੂੰ ਕੁਦਰਤ ਦੇ ਹਿੱਸੇ ਵਜੋਂ ਸਮਝਣ ਦੀ ਕੋਸ਼ਿਸ਼।"


ਅਜਿਹੀ ਪੁਸਤਕ ਦੀ ਤਰਕਸ਼ੀਲ ਲਹਿਰ ਨੂੰ ਬਹੁਤ ਲੋੜ ਸੀ। ਤਰਕਸ਼ੀਲ ਵਿਚਾਰਾਂ ਦੇ ਸਮਰਥਕ ਬਹੁਤ ਸਾਰੇ ਵਿਅਕਤੀ ਵਹਿਮਾਂ-ਭਰਮਾਂ-ਪਖੰਡਾਂ ਨੂੰ ਤਾਂ ਸ਼ਿੱਦਤ ਨਾਲ ਰੱਦ ਕਰਦੇ ਹਨ ਪਰ ਤਰਕਸ਼ੀਲਤਾ ਦੇ ਮੰਤਕੀ ਸਿੱਟੇ ਯਾਨੀ ਨਾਸਤਿਕਤਾ 'ਤੇ ਪਹੁੰਚਣ ਤੋਂ ਉਰੇ ਹੀ ਖੜ੍ਹ ਜਾਂਦੇ ਹਨ। ਇਹ ਕਿਤਾਬ ਇਸ ਖੜੋਤ ਨੂੰ ਤੋੜਦੀ ਹੈ।


ਇਹ ਉਹ ਪੁਸਤਕ ਹੈ ਜਿਸ ਦੇ ਹਰ ਸ਼ਬਦ, ਹਰ ਵਾਕ ਵਿੱਚ ਡੂੰਘੇ ਅਰਥ ਛਿਪੇ ਹੋਏ ਹਨ। ਕਈ ਵਾਰ ਕੁਟੇਸ਼ਨਾਂ ਸਿਰਫ ਸ਼ਬਦਾਂ ਦੀ ਖੇਡ ਹੀ ਹੁੰਦੀਆਂ ਹਨ, ਪਰ ਇੱਥੇ ਇਉਂ ਨਹੀਂ ਹੈ। ਹਰ ਕੁਟੇਸ਼ਨ ਦੇ ਪਿੱਛੇ ਇਕ ਪੂਰਾ ਸੂਰਾ ਇਤਿਹਾਸ ਹੈ। ਜਿਵੇਂ ਇਕ ਕੁਟੇਸ਼ਨ ਹੈ, "ਉਨ੍ਹਾਂ ਸਾਰਿਆਂ ਨੂੰ ਮਾਰ ਦੇਵੋ। ਪਰਮਾਤਮਾ ਆਪਣੇ ਬੰਦਿਆਂ ਨੂੰ ਆਪੇ ਹੀ ਪਛਾਣ ਲਵੇਗਾ।" ਇਸ ਇਕੱਲੀ ਕੁਟੇਸ਼ਨ ਨੂੰ ਪੜ੍ਹਨ ਨਾਲ ਕੋਈ ਖਾਸ ਅਰਥ ਨਹੀਂ ਨਿਕਲਦਾ ਪਰ ਜਦ ਇਨ੍ਹਾਂ ਸ਼ਬਦਾਂ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਇਹ ਸ਼ਬਦ ਇਸਾਈ ਜਿਹਾਦੀਆਂ ਦੇ ਬਹੁਤ ਕਰੂਪ ਰੂਪ ਨੂੰ ਦਰਸਾਉਂਦੇ ਹਨ। ਇਤਿਹਾਸਕ ਤੌਰ 'ਤੇ ਬਾਹਰਵੀਂ ਤੇਹਰਵੀਂ ਸਦੀ ਦੇ ਯੌਰਪ ਵਿਚ ਈਸਾਈਆਂ ਵਿਚੋਂ ਨਿਕਲ ਕੇ ਵੱਖ ਵੱਖ ਫਿਕਰੇ ਬਣ ਰਹੇ ਸਨ। ਜਿਵੇਂ ਹੁਣ ਸਿੱਖਾਂ ਵਿਚੋਂ ਸੱਚਾ ਸੌਦਾ, ਰਾਧਾ ਸਵਾਮੀ, ਨਿਰੰਕਾਰੀ ਆਦਿ ਫਿਰਕੇ ਬਣੇ ਹਨ। ਈਸਾਈਆਂ ਦੇ ਧਰਮ ਗੁਰੂ ਪੋਪ ਇਨੋਸੈਂਟ ਤੀਜੇ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ। ਸੋ ਉਸ ਨੇ ਆਪਣੀਆਂ ਧਾਰਮਿਕ ਫੋਜਾਂ ਨੂੰ ਹੁਕਮ ਦਿੱਤਾ ਕਿ ਇਸ ਤਰ੍ਹਾਂ ਦੇ ਸਾਰੇ ਲੋਕਾਂ ਖਿਲਾਫ ਜਹਾਦ ਛੇੜਿਆ ਜਾਵੇ। ਇਨ੍ਹਾਂ ਧਾਰਮਿਕ ਫੌਜਾਂ ਨੇ ਫਰਾਂਸ ਦੇ ਸ਼ਹਿਰ ਬੇਜ਼ੀਅਰ ਵਿਚ ਵੱਡਾ ਕਤਲੇਆਮ ਕੀਤਾ ਕਿਉਂਕਿ ਉਥੇ ਕੈਥੋਲਿਕ ਇਸਾਈਆਂ ਵਿੱਚੋਂ ਨਿਕਲੇ ਫਿਰਕੇ 'ਕਥਾਰ' ਦਾ ਬਹੁਤ ਬੋਲਬਾਲਾ ਸੀ। ਸ਼ਹਿਰ ਉੱਤੇ ਕਬਜ਼ਾ ਕਰਨ ਬਾਅਦ ਇਸਾਈ ਧਾਰਮਿਕ ਫੌਜਾਂ ਦੇ ਜਰਨੈਲ ਸਾਈਮਨ ਡੇ ਮੌਂਟਫੋਰਟ ਨੇ ਆਮ ਲੋਕਾਂ ਬਾਰੇ ਪੁੱਛਿਆ ਕਿ ਇਨ੍ਹਾਂ ਦਾ ਕੀ ਕੀਤਾ ਜਾਵੇ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਕਹਿ ਰਹੇ ਹਨ ਕਿ ਉਹ ਤਾਂ ਬੜੇ ਧਰਮੀ ਇਸਾਈ ਹਨ। ਤਦ ਪੋਪ ਦੇ ਨੁਮਾਇੰਦੇ ਅਰਨਾਲਡ ਅਮਾਲਹਿਕ ਨੇ ਕਿਹਾ, "ਉਨ੍ਹਾਂ ਸਾਰਿਆਂ ਨੂੰ ਮਾਰ ਦਿਓ, ਪ੍ਰਮਾਤਮਾ ਆਪਣਿਆਂ ਨੂੰ ਆਪੇ ਪਛਾਣ ਲਵੇਗਾ।" (ਭਾਵ ਜਿਹੜੇ ਸਹੀ ਇਸਾਈ ਹੋਣਗੇ ਉਨ੍ਹਾਂ ਨੂੰ ਸਵਰਗ ਵਿਚ ਘੱਲ ਦੇਵੇਗਾ।) ਇਸੇ ਤਰ੍ਹਾਂ ਹੀ ਕੀਤਾ ਗਿਆ ਅਤੇ ਜੁਲਾਈ 1209 ਵਿਚ ਇਸ ਕਸਬੇ ਦਾ ਹਰ ਆਦਮੀ, ਔਰਤ ਅਤੇ ਬੱਚਾ, ਜਿਨ੍ਹਾਂ ਦੀ ਗਿਣਤੀ 20,000 ਦੇ ਲੱਗਭੱਗ ਸੀ, ਕਤਲ ਕਰ ਦਿੱਤਾ ਗਿਆ। (ਮੱਧਯੁੱਗ ਦੇ ਧਾਰਮਿਕ ਵਹਿਸ਼ੀਪੁਣੇ ਨੂੰ ਅੱਜ ਦਾ ਸਾਮਰਾਜ ਕਿਵੇਂ ਲਾਗੂ ਕਰਦਾ ਹੈ, ਇਸ ਦਾ ਜ਼ਿਕਰ ਕਰਨਾ ਵੀ ਕੁਥਾਵੇਂ ਨਹੀਂ ਹੋਵੇਗਾ। ਵੀਅਤਨਾਮ ਯੁੱਧ ਵਿਚ ਅਮਰੀਕਨ ਜਰਨੈਲਾਂ ਵੱਲੋਂ ਵੀਅਤਨਾਮੀ ਲੋਕਾਂ ਦੇ ਕਤਲੇਆਮ ਉਤਸਾਹਿਤ ਕਰਨ ਲਈ ਫੌਜੀਆਂ ਵਿੱਚ ਉਕਤ ਕੁਟੇਸ਼ਨ ਬਹੁਤ ਪ੍ਰਚਾਰੀ ਗਈ ਅਤੇ ਹੁਣ ਇਰਾਕ ਅਤੇ ਅਫਗਾਨਿਸਤਾਨ ਯੁੱਧ ਵਿਚ ਵੀ ਅਮਰੀਕਨ ਸਾਮਰਾਜੀਆਂ ਵੱਲੋਂ ਇਸ ਕੁਟੇਸ਼ਨ ਨੂੰ ਇਸ ਤਰ੍ਹਾਂ ਬਦਲ ਕੇ ਪ੍ਰਚਾਰਿਆ ਗਿਆ, "ਸਾਰਿਆਂ ਨੂੰ ਮਾਰ ਦਿਓ, ਅੱਲਾ ਆਪਣੇ ਬੰਦੇ ਆਪੇ ਪਛਾਣ ਲਵੇਗਾ" ਇਸ ਤਰ੍ਹਾਂ ਸਾਮਰਾਜੀ ਮੰਤਵਾਂ ਲਈ ਹੁਣ ਵੀ ਧਾਰਮਿਕ ਜਨੂੰਨ ਭਰਿਆ ਜਾ ਰਿਹਾ ਹੈ।



ਇਸੇ ਤਰ੍ਹਾਂ ਕੁਝ ਹੋਰ ਧਾਰਮਿਕ ਲੋਕਾਂ ਦੇ ਵਿਚਾਰ ਵੀ ਦਿੱਤੇ ਗਏ ਹਨ ਤਾਂ ਜੋ ਵਿਗਿਆਨਕ ਸੋਚ ਵਾਲੇ ਲੋਕਾਂ ਦੇ ਮੁਕਾਬਲੇ ਉਨ੍ਹਾਂ ਦੀ ਮਨੁੱਖਤਾ ਵਿਰੋਧੀ ਸੋਚ ਦੀ ਇਕ ਝਲਕ ਦੇਖੀ ਜਾ ਸਕੇ। ਜਿਵੇਂ ਪੋਪ ਪਾਇਅਸ ਗਿਆਰ੍ਹਵਾਂ ਇਟਲੀ ਦੇ ਜਾਲਮ ਡਿਕਟੇਟਰ ਮੁਸੋਲਿਨੀ ਬਾਰੇ ਕਹਿੰਦਾ ਹੈ - "ਮੁਸੋਲਿਨੀ ਬਹੁਤ ਹੀ ਵਧੀਆ ਬੰਦਾ ਹੈ। ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣਦੇ ਸਮਝਦੇ ਹੋ? ਉਹ ਬਹੁਤ ਹੀ ਵਧੀਆ ਬੰਦਾ ਹੈ।" ਇਵੇਂ ਮਦਰ ਟੈਰਿਸਾ ਕਹਿੰਦੀ ਹੈ, "ਗਰੀਬਾਂ ਵਲੋਂ ਆਪਣੀ ਸਥਿਤੀ ਨੂੰ ਮੰਨ ਲੈਣਾ ਕਿੰਨੀ ਸੁੰਦਰ ਗੱਲ ਹੈ। ਗਰੀਬਾਂ ਦੇ ਨਰਕ ਭੋਗਣ ਨਾਲ ਸਾਰੀ ਦੁਨੀਆਂ ਨੂੰ ਸੁੱਖ ਮਿਲਦਾ ਹੈ।"


ਇਸ ਪੁਸਤਕ ਵਿਚ 500 ਦੇ ਲੱਗਭੱਗ ਵਿਦਵਾਨਾਂ, ਚਿੰਤਕਾਂ, ਵਿਗਿਆਨੀਆਂ, ਸਿਆਸਤਦਾਨਾਂ ਅਤੇ ਹੋਰ ਮਹਾਨ ਵਿਅਕਤੀਆਂ ਦੇ ਰੱਬ ਧਰਮ ਅਤੇ ਹੋਰ ਸਬੰਧੰਤ ਮਸਲਿਆਂ ਬਾਰੇ ਵਿਚਾਰ ਇਕੱਤਰ ਕੀਤੇ ਗਏ ਹਨ। ਇਹ ਵਿਚਾਰ ਇਤਿਹਾਸਕ ਕਾਲਕ੍ਰਮ ਵਿਚ ਹਨ, ਯਾਨੀ ਢਾਈ ਹਜ਼ਾਰ ਸਾਲ ਪਹਿਲਾਂ ਹੋਏ ਚਾਰਵਾਕ, ਮਹਾਤਮਾ ਬੁੱਧ ਅਤੇ ਯੂਨਾਨੀ ਦਾਰਸ਼ਨਿਕਾਂ ਤੋਂ ਸ਼ੁਰੂ ਕਰਕੇ ਹੁਣ ਤੱਕ ਦੇ ਚਿੰਤਕਾਂ ਦੇ ਵਿਚਾਰ ਦਿੱਤੇ ਗਏ ਹਨ।


ਪੁਸਤਕ ਦਾ ਕਰਤਾ ਸਾਧੂ ਬਿਨਿੰਗ 1967 ਤੋਂ ਕੈਨੇਡਾ ਵਿਚ ਰਹਿ ਰਿਹਾ ਅਗਾਂਹਵਧੂ ਪੰਜਾਬੀ ਬੁੱਧੀਜੀਵੀ ਲੇਖਕ/ਚਿੰਤਕ ਹੈ, ਜਿਸ ਨੇ ਪਹਿਲਾਂ ਵੀ ਵਾਰਤਕ, ਖੋਜ, ਅਨੁਵਾਦ, ਕਵਿਤਾ ਅਤੇ ਨਾਟਕ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ। ਜਿੱਥੇ ਉਨ੍ਹਾਂ ਇਸ ਪੁਸਤਕ ਲਈ ਐਨੀ ਖੋਜ, ਚੋਣ, ਅਨੁਵਾਦ ਅਤੇ ਸੰਗ੍ਰਿਹ ਕਰਨ ਦਾ ਵੱਡਮੁੱਲਾ ਕਾਰਜ ਕੀਤਾ ਹੈ, ਉੱਥੇ ਉਨ੍ਹਾਂ ਵਲੋਂ ਇਸ ਪੁਸਤਕ ਦੀ ਭੂਮਿਕਾ ਵਜੋਂ ਲਿਖਿਆ ਗਿਆ ਆਰਟੀਕਲ 'ਪੰਜਾਬੀ ਭਾਈਚਾਰਾ ਅਤੇ ਧਰਮ' ਵੀ ਬਹੁਤ ਮਹੱਤਵਪੂਰਨ ਨੁਕਤੇ ਉਠਾਉਂਦਾ ਹੈ। ਇਸ ਲੇਖ ਵਿਚ ਪੰਜਾਬੀਆਂ ਦੀ ਸੋਚ ਉੱਤੇ ਧਾਰਮਿਕ ਜਕੜਬੰਦੀ ਦਾ ਵਰਨਣ ਅਤੇ ਵਿਸ਼ਲੇਸ਼ਣ ਬਹੁਤ ਸੰਤੁਲਿਤ ਢੰਗ ਨਾਲ ਕੀਤਾ ਗਿਆ ਹੈ। ਲੇਖਕ ਦੀ ਇਹ ਗੱਲ ਦਰੁਸਤ ਹੈ ਕਿ "ਇਸ ਵੇਲੇ ਭਾਰਤ ਵਿਚ ਤੇ ਖਾਸ ਕਰ ਪੰਜਾਬ ਵਿਚ ਧਰਮ ਤੇ ਸਿਆਸਤ ਵਿਚ ਵਿੱਥ ਭਾਲਣੀ ਮੁਸ਼ਕਿਲ ਹੈ। ਧਰਮ ਏਨੇ ਸ਼ਕਤੀਸ਼ਾਲੀ ਹਨ ਕਿ ਇਸ ਬਾਰੇ ਅਲੋਚਨਾਤਮਿਕ ਨਜ਼ਰੀਆ ਰੱਖਣਾ ਖਤਰਾ ਸਹੇੜਨ ਵਾਲੀ ਗੱਲ ਹੈ। ਨਤੀਜੇ ਵਜੋਂ, ਸਿਆਸਤ ਨੂੰ ਧਰਮ ਤੋਂ ਵੱਖ ਕਰਕੇ ਵੇਖਣ ਦੀ ਯੋਗਤਾ ਅਤੇ ਖਾਹਿਸ਼ ਪੰਜਾਬੀਆਂ ਵਿਚੋਂ ਗਾਇਬ ਹੋ ਗਈ ਲਗਦੀ ਹੈ। ਧਰਮ ਬਾਰੇ ਬਹੁਤੀ ਚਰਚਾ ਇਸ ਨੁਕਤੇ ਤੋਂ ਹੀ ਕੀਤੀ ਜਾਂਦੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਬਿਹਤਰ ਬਣਾਇਆ ਜਾਵੇ ਨਾ ਕਿ ਵਿਗਿਆਨਕ ਨਜ਼ਰੀਏ ਨਾਲ ਇਸ ਦੀ ਸਾਰਥਿਕਤਾ 'ਤੇ ਕਿੰਤੂ ਕੀਤਾ ਜਾਵੇ ਜਾਂ ਇਸ ਦੇ ਅਸਰ ਨੂੰ ਘਟਾਇਆ ਜਾਵੇ।" ਅਤੇ "ਜਿੱਥੇ ਪੰਜਾਬੀ ਭਾਈਚਾਰਾ ਬਹੁਤ ਸਾਰੇ ਪਹਿਲੂਆਂ ਵਿਚ ਦੁਨੀਆਂ ਦੇ ਬਾਕੀ ਭਾਈਚਾਰਿਆਂ ਦੇ ਬਰਾਬਰ ਖੜ੍ਹਦਾ ਹੈ, ਉੱਥੇ ਬੌਧਿਕ ਪੱਖੋਂ ਇਸ ਦੀ ਗਰੀਬੀ ਸ਼ਰੇਆਮ ਨਜ਼ਰ ਆਉਂਦੀ ਹੈ, ਜਿਸ ਦਾ ਮੁੱਖ ਕਾਰਨ ਧਰਮ ਵੱਲ ਬੇਲੋੜਾ ਧਿਆਨ ਜਾਪਦਾ ਹੈ। ਧਰਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਕਿਸਮ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਮਸਲਾ ਸਮਾਜ ਵਿਚ ਸੰਤੁਲਨ ਪੈਦਾ ਕਰਨ ਦਾ ਹੈ ਜੋ ਇਸ ਵੇਲੇ ਨਜ਼ਰ ਨਹੀਂ ਆ ਰਿਹਾ।"


ਲੇਖਕ ਦਾ ਮੰਨਣਾ ਹੈ ਕਿ ਕਾਫੀ ਗਿਣਤੀ ਪੰਜਾਬੀ ਲੇਖਕ ਅਤੇ ਬੁੱਧੀਜੀਵੀ ਨਾ ਤਾਂ ਰੱਬ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਧਰਮ ਨੂੰ ਸਮਾਜ ਲਈ ਲਾਹੇਵੰਦ ਸਮਝਦੇ ਹਨ, ਪਰ ਬਹੁਤ ਸਾਰੇ ਸਮਾਜਿਕ ਕਾਰਨਾਂ ਵੱਸ ਉਹ ਇਸ ਬਾਰੇ ਚੁੱਪ ਸਾਧੀ ਰੱਖਦੇ ਹਨ। ਲੇਖਕ ਅਨੁਸਾਰ ਸ਼ਾਇਦ ਪੰਜਾਬੀਆਂ ਨਾਲ ਜਪਾਨੀ ਕਹਾਵਤ ਵਰਗਾ ਕੁਝ ਵਾਪਰ ਗਿਆ ਹੈ ਕਿ "ਜੇ ਤੁਸੀਂ ਉਨ੍ਹਾਂ ਨੂੰ ਜਿੱਤ ਨਹੀਂ ਸਕਦੇ ਤਾਂ ਉਨ੍ਹਾਂ ਨਾਲ ਰਲ਼ ਜਾਓ।" ਲੇਖਕ ਧਰਮ ਦੇ ਰੋਲ ਬਾਰੇ ਬਹੁਤ ਸਪੱਸ਼ਟ ਹੈ। ਉਸ ਦਾ ਨਿਰਣਾ ਹੈ ਕਿ ਧਰਮ ਵਿਅਕਤੀ ਦੀ ਪੱਧਰ 'ਤੇ ਭਾਵੇਂ ਕਿਸੇ ਨੂੰ ਵਕਤੀ ਸੁੱਖ ਸ਼ਾਂਤੀ ਦਾ ਅਹਿਸਾਸ ਕਰਵਾਉਂਦਾ ਹੋਵੇ ਪਰ ਸਮਾਜਿਕ ਪੱਧਰ 'ਤੇ ਇਸ ਦਾ ਰੋਲ ਨਾਂਹ-ਪੱਖੀ ਰਹਿੰਦਾ ਹੈ।


ਭੂਮਿਕਾ ਦੇ ਅਖੀਰ ਵਿਚ ਲੇਖਕ ਪੰਜਾਬੀ ਬੁੱਧੀਜੀਵੀਆਂ ਨੂੰ ਇਹ ਕਹਿ ਕੇ ਹਲੂਣਦਾ ਹੈ-ਪੰਜਾਬੀ ਸਮਾਜ ਵਿਚਲੇ ਰੌਸ਼ਨ ਦਿਮਾਗ ਲੋਕਾਂ ਕੋਲੋਂ ਸਮਾਂ ਇਸ ਵੇਲੇ ਮੰਗ ਕਰ ਰਿਹਾ ਹੈ ਕਿ ਉਹ ਆਪਣੇ ਸਮਾਜ ਨੂੰ ਪਿਛਲੀਆਂ ਸਦੀਆਂ ਦੇ ਹਨੇਰਿਆਂ ਵਿੱਚੋਂ ਕੱਢ ਕੇ ਇੱਕੀਵੀਂ ਸਦੀ ਵਿੱਚ ਲਿਆਉਣ ਲਈ ਆਪਣਾ ਯੋਗਦਾਨ ਪਾਉਣ। ਇਸ ਦੇ ਲਈ ਉਨ੍ਹਾਂ ਕੁਝ ਵਿਸ਼ੇ ਵੀ ਦਿੱਤੇ ਹਨ, ਜਿਨ੍ਹਾਂ ਬਾਰੇ ਵਿਚਾਰ-ਚਰਚਾ ਚਲਾਉਣ ਦੀ ਲੋੜ ਹੈ। ਪੁਸਤਕ ਦੇ ਅੰਤ ਵਿਚ ਦਿੱਤੀ ਪੁਸਤਕਾਂ ਅਤੇ ਇੰਟਰਨੈੱਟ ਵੈਬਸਾਈਟਾਂ ਦੀ ਸੂਚੀ ਵੀ ਬਹੁਤ ਮਹੱਤਵਪੂਰਨ ਹੈ ਜੋ ਇਨ੍ਹਾਂ ਵਿਸ਼ਿਆਂ ਬਾਰੇ ਹੋਰ ਜਾਣਨ, ਸਮਝਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਲਈ ਬਹੁਤ ਕੰਮ ਦੀ ਚੀਜ਼ ਹੈ।


ਰਾਜਪਾਲ ਸਿੰਘ

Sunday, September 9, 2012

ਜੂਲੀਅਨ ਅਸਾਂਜ ਦਾ ਸ਼ਿਕਾਰੀ ਪਿੱਛਾ: ਆਜ਼ਾਦੀ 'ਤੇ ਹਮਲਾ ਅਤੇ ਪੱਤਰਕਾਰੀ ਦਾ ਮਜ਼ਾਕ

ਆਸਟ੍ਰੇਲੀਆਈ ਪੱਤਰਕਾਰ ਜੌਹਨ ਰਿਚਰਡ ਪਿਲਜਰ (ਜਨਮ 9 ਅਕਤੂਬਰ 1939) ਆਜ਼ਾਦ ਪੱਤਰਕਾਰੀ ਖੇਤਰ ਦੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਹੈ।ਉਨ੍ਹਾਂ ਨੇ ਮਨੁੱਖਤਾ ਉੱਪਰ ਥੋਪੀਆਂ ਨਹੱਕੀਆਂ ਜੰਗਾਂ ਬਾਰੇ ਵਿਸਤਾਰਤ ਰਿਪੋਰਟਿੰਗ ਰਾਹੀਂ ਅਤੇ 50 ਤੋਂ ਵੱਧ ਡਾਕੂਮੈਂਟਰੀ ਫਿਲਮਾਂ ਬਣਾਕੇ ਆਲਮੀ ਸਰਮਾਏਦਾਰੀ ਦਾ ਕਮਾਲ ਦਾ ਪਰਦਾਫਾਸ਼ ਕੀਤਾ ਹੈ। ਪੇਸ਼ ਹੈ ਉਨ੍ਹਾਂ ਦਾ ਤਾਜ਼ਾ ਲੇਖ ਜੋ ਜੂਲੀਅਨ ਅਸਾਂਜ ਮਾਮਲੇ 'ਚ ਘੜੀ ਅਮਰੀਕੀ ਸਾਜਿਸ਼ ਦਾ ਪਰਦਾਫਾਸ਼ ਕਰਦਾ ਹੈ-ਬੂਟਾ ਸਿੰਘ

ਰਤਾਨਵੀ ਹਕੂਮਤ ਵਲੋਂ ਲੰਦਨ ਸਥਿਤ ਐਕੂਆਡੋਰ ਦੇ ਸਫ਼ਾਰਤਖ਼ਾਨੇ ਉੱਪਰ ਹਮਲਾ ਕਰਕੇ ਜੂਲੀਅਨ ਅਸਾਂਜ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦੀ ਅਹਿਮੀਅਤ ਇਤਿਹਾਸਕ ਹੈ। ਕਿਸੇ ਸਮੇਂ ਟੈਲੀਵਿਜ਼ਨ ਸਨਅਤ ਦੇ ਇਕ ਕਾਰੋਬਾਰੀ ਦਾ ਸਾਬਕਾ ਲੋਕ ਸੰਪਰਕ ਅਧਿਕਾਰੀ ਅਤੇ ਸ਼ੇਖ਼ ਰਿਆਸਤਾਂ ਨੂੰ ਹਥਿਆਰ ਵੇਚਣ ਦਾ ਧੰਦਾ ਕਰਦਾ ਰਿਹਾ ਡੇਵਿਡ ਕੈਮਰਨ ਉਨ੍ਹਾਂ ਕੌਮਾਂਤਰੀ ਰਵਾਇਤਾਂ ਦੀਆਂ ਧੱਜੀਆਂ ਉਡਾਉਣ ਲਈ ਐਨ ਢੁੱਕਵਾਂ ਸ਼ਖਸ ਹੈ ਜਿਨ੍ਹਾਂ ਨੂੰ ਬਰਤਾਨਵੀਆਂ ਨੇ ਉੱਥਲ-ਪੁੱਥਲ ਦੇ ਸਮਿਆਂ 'ਚ ਵੀ ਆਂਚ ਨਹੀਂ ਆਉਣ ਦਿੱਤੀ। ਜਿਵੇਂ ਟੋਨੀ ਬਲੇਅਰ ਵਲੋਂ ਇਰਾਕ ਉੱਪਰ ਹਮਲੇ ਦਾ ਸਿੱਟਾ 7 ਜੁਲਾਈ 2005 ਨੂੰ ਲੰਦਨ 'ਚ ਅੱਤਵਾਦੀ ਕਾਰਵਾਈਆਂ 'ਚ ਨਿਕਲਿਆ ਸੀ, ਉਸੇ ਤਰ੍ਹਾਂ ਹੀ ਕੈਮਰਨ ਅਤੇ ਬਦੇਸ਼ ਸਕੱਤਰ ਵਿਲੀਅਮ ਹੇਗ ਨੇ ਦੁਨੀਆ 'ਚ ਬਰਤਾਨਵੀ ਨੁਮਾਇੰਦਿਆਂ ਦੀ ਸੁਰੱਖਿਆ ਦਾਅ 'ਤੇ ਲਾ ਦਿੱਤੀ ਹੈ।

ਬਦੇਸ਼ੀ ਸਫ਼ਾਰਤਖ਼ਾਨਿਆਂ ਵਿਚੋਂ ਕਾਤਲਾਂ ਨੂੰ ਕੱਢਣ ਲਈ ਬਣਾਏ ਕਾਨੂੰਨ ਦਾ ਗ਼ਲਤ ਇਸਤੇਮਾਲ ਕਰਨ ਦੀ ਘੁਰਕੀ ਦੇ ਕੇ, ਉਹ ਵੀ ਇਕ ਬੇਕਸੂਰ ਬੰਦੇ ਨੂੰ ਅਖੌਤੀ ''ਮੁਜਰਮ'' ਵਲੋਂ ਬਦਨਾਮ ਕਰਕੇ, ਹੇਗ ਨੇ ਦੁਨੀਆ 'ਚ ਬਰਤਾਨੀਆ ਦੀ ਹਾਲਤ ਹਾਸੋਹੀਣੀ ਬਣਾ ਦਿੱਤੀ ਹੈ, ਹਾਲਾਂਕਿ ਖ਼ੁਦ ਬਰਤਾਨੀਆ ਵਿਚ ਅਜਿਹੇ ਵਿਚਾਰਾਂ ਨੂੰ ਜ਼ਿਆਦਾਤਰ ਦਬਾਅ ਦਿੱਤਾ ਗਿਆ। ਇੰਡੋਨੇਸ਼ੀਆ 'ਚ ਨਸਲਘਾਤ ਤੋਂ ਲੈ ਕੇ ਇਰਾਕ ਅਤੇ ਅਫ਼ਗਾਨਿਸਤਾਨ ਉੱਪਰ ਹਮਲਿਆਂ ਦੇ ਲੰਮੇ ਖ਼ੂਨੀ ਸਿਲਸਿਲੇ ਦੌਰਾਨ ਬਰਤਾਨੀਆ ਦੀ ਹਮਾਇਤ ਕਰਨ ਵਾਲੇ ਜ਼ੁਅਰਤਮੰਦ ਕਹਾਉਂਦੇ ਅਖ਼ਬਾਰ ਅਤੇ ਰੇਡੀਓ-ਟੀਵੀ ਬ੍ਰਾਡਕਾਸਟਰ ਹੁਣ ਐਕੂਆਡੋਰ ਦੇ ''ਮਨੁੱਖੀ ਹੱਕਾਂ ਦੇ ਰਿਕਾਰਡ'' ਉੱਪਰ ਹਮਲੇ ਕਰਨ 'ਚ ਜੁੱਟੇ ਹੋਏ ਹਨ, ਕਿਉਂਕਿ ਐਕੂਆਡੋਰ ਦਾ ਅਸਲ ਜੁਰਮ ਇਹ ਹੈ ਕਿ ਉਸ ਨੇ ਲੰਦਨ ਅਤੇ ਵਾਸ਼ਿੰਗਟਨ 'ਚ ਬੈਠੇ ਧੱਕੜਾਂ ਨਾਲ ਮੱਥਾ ਲਾਇਆ ਹੈ।

ਇੰਞ ਲਗਦਾ ਹੈ ਜਿਵੇਂ ਓਲਿੰਪਿਕ ਦੀ ਖੁਸ਼ੀ 'ਚ ਤਾੜੀਆਂ ਮਾਰਨ ਵਾਲੇ ਰਾਤੋ-ਰਾਤ ਬਸਤੀਵਾਦੀ ਬਦਮਾਸ਼ੀ ਦਾ ਸ਼ਰੇਆਮ ਮੁਜ਼ਾਹਰਾ ਕਰਨ 'ਤੇ ਉੱਤਰ ਆਏ ਹੋਣ। ਜ਼ਰਾ ਬਰਤਾਨਵੀ ਫ਼ੌਜੀ ਅਫ਼ਸਰ-ਕਮ-ਬੀ ਬੀ ਸੀ ਪੱਤਰਕਾਰ ਮਾਰਕ ਅਰਬਨ ਨੂੰ ਐਕੂਆਡੋਰ ਦੇ ਸਫ਼ਾਰਤਖ਼ਾਨੇ ਦੇ ਬਾਹਰ ਮਿਣ ਮਿਣ ਕਰਦਿਆਂ ਜਨਾਬ ਕ੍ਰਿਸਟੋਫ਼ਰ ਮੇਅਰ ਨਾਲ ''ਵਾਰਤਾਲਾਪ'' ਕਰਦੇ ਨੂੰ ਦੇਖੋ, ਜੋ ਵਾਸ਼ਿੰਗਟਨ 'ਚ ਬਲੇਅਰ ਦਾ ਸਾਬਕਾ ਹਮਾਇਤੀ ਰਿਹਾ ਹੈ। ਇਹ ਜੋੜੀ ਹੈਂਕੜ ਨਾਲ ਗੁੱਸਾ ਜ਼ਾਹਰ ਕਰਦੀ ਹੈ ਕਿ ਵੱਖਰੀ 
ਤਰ੍ਹਾਂ ਦਾ ਅਸਾਂਜ ਅਤੇ ਨਿਧੜਕ ਰੈਫਲ ਕੋਰੇਆ (ਐਕੂਆਡੋਰ ਦਾ ਰਾਸ਼ਟਰਪਤੀ) ਪੱਛਮੀ ਪ੍ਰਬੰਧ ਦੇ ਧਾੜਵੀਪਣ ਦਾ ਪਰਦਾਫਾਸ਼ ਕਿਉਂ ਕਰਦੇ ਹਨ। ਦੀ ਗਾਰਡੀਅਨ ਯੂ ਕੇ ਦੇ ਪੰਨਿਆਂ 'ਚ ਵੀ ਅਜਿਹੀ ਤੌਹੀਨ ਦੇ ਕਾਫ਼ੀ ਉੱਘੜਵੇਂ ਝਲਕਾਰੇ ਮਿਲ ਜਾਂਦੇ ਹਨ। ਇਸ ਨੇ ਹੇਗ ਨੂੰ ''ਤਹੱਮਲ'' ਰੱਖਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਕਿ ਸਫ਼ਾਰਤਖ਼ਾਨੇ 'ਤੇ ਹਮਲਾ ਕੀਤੇ ਜਾਣ ਨਾਲ ''ਲੋੜੋਂ ਵੱਧ ਮੁਸ਼ਕਲ'' ਖੜ੍ਹੀ ਹੋਵੇਗੀ। ਦੀ ਗਾਰਡੀਅਨ ਨੇ ਐਲਾਨ ਕੀਤਾ, ਅਸਾਂਜ ਸਿਆਸੀ ਪਨਾਹਗ਼ੀਰ ਨਹੀਂ ਕਿਉਂਕਿ ''ਕਿਸੇ ਵੀ ਸੂਰਤ 'ਚ ਨਾ ਸਵੀਡਨ ਕਿਸੇ ਐਸੇ ਬੰਦੇ ਨੂੰ ਦੇਸ ਨਿਕਾਲਾ ਦੇਵੇਗਾ ਨਾ ਯੂ ਕੇ ਦੇਵੇਗਾ ਜਿਸ ਨੂੰ ਤਸ਼ੱਦਦ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ।''

ਇਸ ਬਿਆਨ ਵਿਚਲੀ ਗ਼ੈਰਜ਼ਿੰਮੇਵਾਰੀ ਅਸਾਂਜ ਦੇ ਸਮੁੱਚੇ ਮਾਮਲੇ 'ਚ ਦੀ ਗਾਰਡੀਅਨ ਯੂ ਕੇ ਦੀ ਧੋਖੇਬਾਜ਼ ਭੂਮਿਕਾ ਨਾਲ ਕਿੰਨੀ ਮਿਲਦੀ ਜੁਲਦੀ ਹੈ। ਅਖ਼ਬਾਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਿਕੀਲੀਕਸ ਵਲੋਂ ਨਸ਼ਰ ਕੀਤੇ ਦਸਤਾਵੇਜ਼ ਦਰਸਾਉਂਦੇ ਹਨ ਕਿ ਨਾਗਰਿਕ ਹੱਕਾਂ ਦੇ ਮਾਮਲੇ 'ਚ ਸਵੀਡਨ ਅਮਰੀਕਾ ਦੇ ਦਬਾਅ ਅੱਗੇ ਲਗਾਤਾਰ ਗੋਡੇ ਟੇਕਦਾ ਰਿਹਾ ਹੈ। ਦਸੰਬਰ 2001 'ਚ, ਸਵੀਡਿਸ਼ ਹਕੂਮਤ ਨੇ ਦੋ ਮਿਸਰੀ ਨਾਗਰਿਕਾਂ, ਅਹਿਮਦ ਅਗੀਜ਼ਾ ਅਤੇ ਮੁਹੰਮਦਲ-ਜ਼ਾਰੀ ਦੀ ਸਿਆਸੀ ਪਨਾਹ ਅਚਾਨਕ ਰੱਦ ਕਰ ਦਿੱਤੀ, ਉਨ੍ਹਾਂ ਨੂੰ ਸਟਾਕਹੋਮ ਹਵਾਈ ਅੱਡੇ ਉੱਪਰ ਸੀ ਆਈ ਏ ਦੇ ਅਗਵਾ ਕਰੂ ਗ੍ਰੋਹ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਮਿਸਰ ''ਵਾਪਸ ਭੇਜ ਦਿੱਤਾ'' ਗਿਆ, ਜਿੱਥੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਸਵੀਡਨ ਦੇ ਨਿਆਂ ਸਬੰਧੀ ਲੋਕਪਾਲ ਵਲੋਂ ਕੀਤੀ ਛਾਣਬੀਣ 'ਚ ਸਾਹਮਣੇ ਆਇਆ ਕਿ ਹਕੂਮਤ ਨੇ ਦੋਵਾਂ ਦੇ ਮਨੁੱਖੀ ਹੱਕਾਂ ਦਾ ''ਘੋਰ ਉਲੰਘਣ ਕੀਤਾ'' ਸੀ। 2009 'ਚ ਵਿਕੀਲੀਕਸ ਵਲੋਂ ਸੰਨ੍ਹ ਲਾਏ ਅਮਰੀਕੀ ਸਫ਼ਾਰਤਖ਼ਾਨੇ ਦੇ ਕੇਬਲ ਸੁਨੇਹੇ, ਜਿਸਦਾ ਸਿਰਲੇਖ ਸੀ ''ਵਿਕੀਲੀਕਸ ਨੇ ਨਿਰਪੱਖਤਾ ਨੂੰ ਇਤਿਹਾਸ ਦੇ ਕੂੜਾਦਾਨ 'ਚ ਵਗਾਹ ਮਾਰਿਆ'', ਤੋਂ ਸਵੀਡਨ ਦੇ ਕੁਲੀਨ ਵਰਗ ਦੇ ਫੜ੍ਹਮਾਰ ਕਿਰਦਾਰ ਦਾ ਢੌਂਗ ਨੰਗਾ ਹੁੰਦਾ ਹੈ। ਇਕ ਹੋਰ ਅਮਰੀਕੀ ਕੇਬਲ ਸੁਨੇਹੇ ਤੋਂ ਭੇਤ ਖੁੱਲਦਾ ਹੈ ਕਿ ''[ਨਾਟੋ ਨੂੰ ਸਵੀਡਨ ਦੇ ਫ਼ੌਜੀ ਅਤੇ ਖੁਫ਼ੀਆ ਸੇਵਾ ਦੇ] ਸਹਿਯੋਗ ਦੀ ਇੰਤਹਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ'' ਅਤੇ ਜੇ ਇਸ ਨੂੰ ਗੁਪਤ ਨਹੀਂ ਰੱਖਿਆ ਜਾਂਦਾ ਤਾਂ ''ਮੁਲਕ 'ਚ ਹਕੂਮਤ ਦੀ ਆਲਚੋਨਾ ਸ਼ੁਰੂ ਹੋ ਜਾਵੇਗੀ।''


ਸਵੀਡਿਸ਼ ਬਦੇਸ਼ ਮੰਤਰੀ, ਕਾਰਲ ਬਿਲਡ ਵਲੋਂ ਇਰਾਕ ਦੀ ਮੁਕਤੀ ਲਈ ਜਾਰਜ ਡਬਲਯੂ. ਬੁਸ਼ ਦੀ ਕਮੇਟੀ 'ਚ ਬਦਨਾਮ ਆਗੂ ਭੂਮਿਕਾ ਨਿਭਾਈ ਗਈ ਅਤੇ ਰਿਪਬਲਿਕਨ ਪਾਰਟੀ ਦੇ ਘੋਰ ਸੱਜੇਪੱਖੀ ਧੜੇ ਨਾਲ ਇਸ ਦੇ ਗੂੜ੍ਹੇ ਸਬੰਧ ਹਨ। ਸਵੀਡਨ ਦੇ ਸਰਕਾਰੀ ਮੁਕੱਦਮਿਆਂ ਦੇ ਸਾਬਕਾ ਨਿਰਦੇਸ਼ਕ ਸਵੇਨ-ਐਰਿਕ ਐਲਮ ਅਨੁਸਾਰ, ਲਿੰਗਕ ਬਦਤਮੀਜ਼ੀ ਦੇ ਇਲਜ਼ਾਮਾਂ ਦੇ ਅਧਾਰ 'ਤੇ ਅਸਾਂਜ ਨੂੰ ਦੇਸ ਨਿਕਾਲਾ ਦੇਣ ਦਾ ਫ਼ੈਸਲਾ ''ਤਰਕਹੀਣ ਅਤੇ ਮਰਯਾਦਾ ਦੇ ਉਲਟ ਤਾਂ ਹੈ ਹੀ, ਨਜਾਇਜ਼ ਅਤੇ ਬੇਮੇਲ ਵੀ ਹੈ।'' ਪੁੱਛਗਿੱਛ ਲਈ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੇ ਜਾਣ 'ਤੇ ਅਸਾਂਜ ਨੂੰ ਸਵੀਡਨ ਛੱਡਕੇ ਲੰਦਨ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਜਿੱਥੇ, ਉਸ ਨੇ ਫਿਰ ਪੁੱਛਗਿੱਛ ਲਈ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੀ। ਮਈ ਵਿਚ, ਦੇਸ ਨਿਕਾਲੇ ਬਾਰੇ ਆਖ਼ਰੀ ਦਰਖ਼ਾਸਤ ਉੱਪਰ ਫ਼ੈਸਲੇ 'ਚ, ਬਰਤਾਨੀਆ ਦੀ ਸਰਵਉੱਚ ਅਦਾਲਤ ਵਲੋਂ ਕੋਈ ''ਇਲਜ਼ਾਮ'' ਨਾ ਹੋਣ ਦਾ ਜ਼ਿਕਰ ਕਰਕੇ ਆਪਣੀ ਹਾਲਤ ਹੋਰ ਵੀ ਹਾਸੋਹੀਣੀ ਬਣਾ ਲਈ ਗਈ।

ਇਸ ਦੇ ਨਾਲ ਹੀ ਅਸਾਂਜ ਵਿਰੁੱਧ ਨਿੱਜੀ ਗਾਲੀਗਲੋਚ ਭਰੀ ਮੁਹਿੰਮ ਚਲਾਈ ਗਈ। ਇਹ ਜ਼ਿਆਦਾਤਰ ਦੀ ਗਾਰਡੀਅਨ ਯੂ ਕੇ ਦੀ ਘੜੀ ਹੋਈ ਹੈ, ਜੋ ਵਿਕੀਲੀਕਸ ਦੇ ਇੰਕਸ਼ਾਫ਼ਾਂ ਤੋਂ ਚੋਖੇ ਮੁਨਾਫ਼ੇ ਕਮਾਕੇ ਹੁਣ, ਦੁਰਕਾਰੇ ਆਸ਼ਕ ਵਾਂਗ, ਜਾਣਕਾਰੀ ਦੇ ਸਾਬਕਾ ਸੂਤਰ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ। ਗਾਰਡੀਅਨ ਯੂ ਕੇ ਦੀ ਇਸ ਬਾਰੇ ਛਾਪੀ ਕਿਤਾਬ ਨੇ ਹਾਲੀਵੁੱਡ ਫਿਲਮਾਂ ਵਾਂਗ ਮੋਟੀ ਕਮਾਈ ਕੀਤੀ ਹੈ, ਪਰ ਇਸ 'ਚੋਂ ਫੁੱਟੀ ਕੌਡੀ ਵੀ ਅਸਾਂਜ ਜਾਂ ਵਿਕੀਲੀਕਸ ਨੂੰ ਨਹੀਂ ਦਿੱਤੀ ਗਈ। ਇਸ ਦੇ ਲੇਖਕ, ਡੇਵਿਡ ਲੇਹ ਅਤੇ ਲਿਊਕ ਹਾਰਡਿੰਗ ਅਸਾਂਜ, ਨੂੰ ''ਦਾਗ਼ੀ ਸ਼ਖਸੀਅਤ'' ਅਤੇ ''ਬੇਰਹਿਮ'' ਗਰਦਾਨਕੇ ਅਕਾਰਣ ਹੀ ਗਾਲ੍ਹਾਂ ਦੇ ਰਹੇ ਹਨ। ਇਨ੍ਹਾਂ ਨੇ ਉਹ ਗੁਪਤ ਪਾਸਵਰਡ ਵੀ ਨਸ਼ਰ ਕਰ ਦਿੱਤਾ ਜੋ ਅਸਾਂਜ ਨੇ ਅਖ਼ਬਾਰ 'ਤੇ ਭਰੋਸਾ ਕਰਕੇ ਇਸ ਦੇ ਹਵਾਲੇ ਕਰ ਦਿੱਤਾ ਸੀ। ਇਹ ਉਸ ਡਿਜੀਟਲ ਫਾਈਲ ਦੀ ਸੁਰੱਖਿਆ ਲਈ ਬਣਾਇਆ ਗਿਆ ਸੀ ਜਿਸ ਵਿਚ ਅਮਰੀਕੀ ਸਫ਼ਾਰਤਖ਼ਾਨੇ ਦੇ ਕੇਬਲ ਸੁਨੇਹਿਆਂ ਦਾ ਰਿਕਾਰਡ ਹੈ। 20 ਅਗਸਤ ਨੂੰ ਹਾਰਡਿੰਗ ਨੇ ਐਕੂਆਡੋਰ ਦੇ ਸਫ਼ਾਰਤਖ਼ਾਨੇ ਤੋਂ ਬਾਹਰ ਆਕੇ, ਆਪਣੇ ਬਲਾਗ ਉੱਪਰ ਬਾਘੀਆਂ ਪਾਈਆਂ, ''ਸਕਾਟਲੈਂਡ ਯਾਰਡ ਨਹਿਲੇ 'ਤੇ ਦਹਿਲਾ ਮਾਰ ਸਕਦਾ ਹੈ।'' ਕਿੰਨਾ ਵਿਅੰਗਮਈ ਹੈ, ਜੇ ਇਹ ਪੂਰੀ ਤਰ੍ਹਾਂ ਢੁੱਕਦਾ ਹੋਵੇ, ਕਿ ਅਖ਼ਬਾਰ ਵਲੋਂ ਅਸਾਂਜ ਨੂੰ ਬੇਰਹਿਮੀ ਨਾਲ ਦੁਰਕਾਰਨਾ ਇਸੇ ਵਿਸ਼ੇ ਬਾਰੇ ਮਰਡੌਕ ਪ੍ਰੈੱਸ ਦੀ ਤੁਅੱਸਬੀ ਭਵਿੱਖਬਾਣੀਨੁਮਾ ਬਿਆਨਬਾਜ਼ੀ ਨਾਲ ਕਿੰਨਾ ਮਿਲਦਾ ਜੁਲਦਾ ਹੈ। ਕਿੰਨਾ ਅਜੀਬ ਹੈ ਇਹ! ਲੈਵੀਸਨ ਜਾਂਚ (ਨਿਊਜ਼ ਇੰਟਰਨੈਸ਼ਨਲ ਫ਼ੋਨ ਹੈਕਿੰਗ ਘੁਟਾਲੇ ਪਿੱਛੋਂ ਲਾਰਡ ਜਸਟਿਸ ਲੈਵੀਸਨ ਦੀ ਅਗਵਾਈ 'ਚ 13 ਜੁਲਾਈ 2011 ਨੂੰ ਬਰਤਾਨਵੀ ਪ੍ਰੈੱਸ ਦੀ ਨੈਤਿਕਤਾ ਦੀ ਪੜਤਾਲ ਲਈ ਬਣਾਈ ਕਮੇਟੀ-ਅਨੁਵਾਦਕ), ਹੈਕਗੇਟ ਘੁਟਾਲਾ (ਨਿਊਜ਼ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਨਿਊਜ਼ ਇੰਟਰਨੈਸ਼ਨਲ ਵਲੋਂ ਪ੍ਰਕਾਸ਼ਤ ਬਰਤਾਨਵੀ ਅਖ਼ਬਾਰਾਂ ਵਲੋਂ ਖ਼ਬਰਾਂ ਘੜਨ ਖ਼ਾਤਰ ਪੁਲਿਸ ਨੂੰ ਰਿਸ਼ਵਤ, ਫ਼ੋਨਾਂ 'ਚ ਸੰਨ੍ਹ ਲਾਉਣ ਅਤੇ ਹੋਰ ਨਜਾਇਜ਼ ਢੰਗ ਵਰਤਣ ਦਾ ਘੁਟਾਲਾ-ਅਨੁਵਾਦਕ) ਅਤੇ ਮਾਣਯੋਗ, ਆਜ਼ਾਦ ਪੱਤਰਕਾਰੀ ਦੀ ਸ਼ਾਨ ਕਿਵੇਂ ਘੱਟੇ ਰੁਲ ਰਹੀ ਹੈ।

ਅਸਾਂਜ ਨੂੰ ਸਤਾਉਣ ਵਾਲੇ ਉਸ ਦੇ ਮੁਕੱਦਮੇ ਨੂੰ ਤੂਲ ਦੇ ਰਹੇ ਹਨ। ਉਸ ਉੱਪਰ ਕੋਈ ਜੁਰਮ ਨਹੀਂ ਹੈ, ਉਹ ਨਿਆਂ ਪ੍ਰਣਾਲੀ ਤੋਂ ਭਗੌੜਾ ਨਹੀਂ ਹੈ। ਮਾਮਲੇ 'ਚ ਸ਼ਾਮਲ ਕੀਤੀਆਂ ਔਰਤਾਂ ਦੇ ਟੈਕਸਟ ਸੁਨੇਹਿਆਂ ਸਮੇਤ ਸਵੀਡਿਸ਼ ਮੁਕੱਦਮੇ ਦੇ ਦਸਤਾਵੇਜ਼ਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਸੈਕਸ ਨਾਲ ਸਬੰਧਤ ਇਲਜ਼ਾਮ ਕਿੰਨੇ ਬੇਤੁਕੇ ਹਨ-ਇਹ ਇਲਜ਼ਾਮ ਸਟਾਕਹੋਮ ਦੀ ਸੀਨੀਅਰ ਸਰਕਾਰੀ ਵਕੀਲ ਇਵਾ ਫਿਨੇ ਨੇ, ਇਕ ਸਿਆਸਤਦਾਨ ਕਲੈਸ ਬੌਰਜਸਟਰ ਦੇ ਦਖ਼ਲਅੰਦਾਜ਼ੀ ਕਰਨ ਤੋਂ ਪਹਿਲਾਂ, ਤੁਰੰਤ ਰੱਦ ਕਰ ਦਿੱਤੇ ਸਨ। ਬਰੈਡਲੇ ਮੈਨਿੰਗ ਦਾ ਮੁਕੱਦਮਾ ਸ਼ੁਰੂ ਹੋਣ ਦੇ ਮੁੱਢਲੇ ਅਮਲ ਸਮੇਂ, ਅਮਰੀਕੀ ਫ਼ੌਜ ਦੇ ਇਕ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਸੀ ਕਿ ਐੱਫ ਬੀ ਆਈ ''ਵਿਕੀਲੀਕਸ ਦੇ ਬਾਨੀਆਂ, ਮਾਲਕਾਂ ਜਾਂ ਪ੍ਰਬੰਧਕਾਂ'' ਨੂੰ ਜਾਸੂਸੀ ਕਾਰਨ ਗੁਪਤ ਤੌਰ 'ਤੇ ਨਿਸ਼ਾਨਾ ਬਣਾ ਰਹੀ ਹੈ। ਚਾਰ ਵਰੇ ਪਹਿਲਾਂ, ਵਿਕੀਲੀਕਸ ਵਲੋਂ ਨਸ਼ਰ ਕੀਤੇ ਗਏ ਪੈਂਟਾਗਾਨ ਦੇ ਇਕ ਦਸਤਾਵੇਜ਼, ਜਿਸ ਵੱਲ ਘੱਟ ਹੀ ਗ਼ੌਰ ਕੀਤਾ ਗਿਆ, 'ਚ ਬਿਆਨ ਕੀਤਾ ਗਿਆ ਕਿ ਕਿਵੇਂ ਵਿਕੀਲੀਕਸ ਅਤੇ ਅਸਾਂਜ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਕੇ ਤਬਾਹ ਕੀਤਾ ਜਾਵੇਗਾ ਅਤੇ ''ਫ਼ੌਜਦਾਰੀ ਮੁਕੱਦਮੇ'' 'ਚ ਫਸਾਇਆ ਜਾਵੇਗਾ। 18 ਅਗਸਤ ਨੂੰ ਸਿਡਨੀ ਮਾਰਨਿੰਗ ਹੇਰਾਲਡ ਨੇ ਸੂਚਨਾ ਦੀ ਆਜ਼ਾਦੀ ਤਹਿਤ ਸਰਕਾਰੀ ਫਾਈਲਾਂ ਨਸ਼ਰ ਕਰਨ ਦੀ ਮੁਹਿੰਮ ਦੁਆਰਾ, ਭੇਤ ਖੋਲਿਆ ਕਿ ਆਸਟ੍ਰੇਲੀਆ ਦੀ ਸਰਕਾਰ ਨੂੰ ਵਾਰ-ਵਾਰ ਪ੍ਰਮਾਣਿਕ ਖ਼ਬਰ ਮਿਲਦੀ ਰਹੀ ਸੀ ਕਿ ਅਮਰੀਕੀ ਹਕੂਮਤ ਅਸਾਂਜ ਦਾ ''ਬੇਮਿਸਾਲ'' ਪਿੱਛਾ ਕਰ ਰਹੀ ਹੈ ਪਰ ਇਸ ਨੇ ਕੋਈ ਉਜਰ ਨਹੀਂ ਕੀਤਾ। ਐਕੂਆਡੋਰ ਵਲੋਂ ਅਸਾਂਜ ਨੂੰ ਪਨਾਹ ਦੇਣ ਦੀ ਇਕ ਵਜ੍ਹਾ ਹੈ ਉਸ ਨੂੰ ''ਉਸ ਰਾਜ ਵਲੋਂ'' ਬੇਸਹਾਰਾ ਛੱਡ ਦੇਣਾ ''ਜਿਸ ਦਾ ਉਹ ਨਾਗਰਿਕ ਹੈ''। 2010 'ਚ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਅਸਾਂਜ ਅਤੇ ਵਿਕੀਲੀਕਸ ਦਾ ਕੋਈ ਜੁਰਮ ਨਹੀਂ ਬਣਦਾ। ਉਸ ਦਾ ਮੁਕੱਦਮਾ ਸਾਡੇ ਸਾਰਿਆਂ ਉੱਪਰ ਅਤੇ ਆਜ਼ਾਦੀ ਉੱਪਰ ਹਮਲਾ ਹੈ। 

ਲੇਖਕ-ਜੌਹਨ ਪਿਲਜਰ 
ਅਨੁਵਾਦਕ ਬੂਟਾ ਸਿੰਘ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। ਫ਼ੋਨ:94634-74342

Thursday, September 6, 2012

ਬਲਾਤਕਾਰੀ ਭਾਰਤੀ ਫੌਜ ਵਿਰੁੱਧ ਔਰਤਾਂ ਦਾ ਸਿਰੜ

ਭਾਰਤੀ ਦੀ ਅਜ਼ਾਦੀ ਵਿੱਚ ਸੈਕੜੇ ਔਰਤਾਂ ਨੇ ਭਾਗ ਲਿਆ ਤੇ 1857 ਦੇ ਗਦਰ ਦੌਰਾਨ 255 ਔਰਤਾਂ ਨੇ ਫਾਂਸੀ ਦੇ ਰੱਸਿਆਂ ਨੂੰ ਹੱਸ ਹੱਸ ਕੇ ਚੁੰਮਿਆ। ਇਸੇ ਤਰ੍ਹਾਂ ਭਾਰਤ ਦੇ ਉੱਤਰੀ ਖੇਤਰ ਦੇ ਸਿਰਫ 30 ਲੱਖ ਦੀ ਅਬਾਦੀ ਵਾਲੇ ਰਾਜ ਮਨੀਪੁਰ ਦੀਆ ਦੋ ਮਜਬੂਤ ਇਰਾਦੇ ਵਾਲੀਆ ਔਰਤਾਂ ਨੇ ਇੱਕ ਵਾਰੀ ਫਿਰ ਸਾਨੂੰ ਝਾਂਸੀ ਦੀ ਰਾਣੀ ਤੇ ਮਾਈ ਭਾਗੋ ਵਰਗੇ ਸਿਰੜ ਦਾ ਇਤਹਾਸ ਚੇਤੇ ਕਰਵਾ ਦਿੱਤਾ ਜਿਹਨਾਂ ਵਿੱਚ ਬੀਬੀ ਇਰੋਮਾ ਸ਼ਰਮੀਲਾ ਚਾਨੂੰ ਤੇ ਮਨੋਰਮਾ ਦੇ ਨਾਮ ਸ਼ਾਮਲ ਹਨ। ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਸਮੇਂ ਜਿਹਨਾਂ ਨੂੰ ਸ਼ਾਂਤੀ ਤੇ ਮੁਹੁੱਬਤ ਦਾ ਦੂਤ ਕਿਹਾ ਜਾਂਦਾ ਹੈ ਅਤੇ ਭਾਰਤੀ ਸੰਸਦ ਨੇ 11 ਸਤੰਬਰ 1958 ਨੂੰ ਨਾਗਲੈਂਡ ਉਪਰ 'ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ' (ਅਫਸਪਾ) ਲਾਗੂ ਕਰ ਦਿੱਤਾ ਪਰ ਇਸ ਦੀ ਜ਼ੋਰਦਾਰ ਵਿਰੋਧਤਾ ਹੋਣ ਕਾਰਨ ਪ੍ਰਧਾਨ ਮੰਤਰੀ ਨੂੰ ਇਹ ਵੀ ਬਿਆਨ ਦੇਣਾ ਪਿਆ ਇਸ ਐਕਟ ਨੂੰ 6 ਮਹੀਨੇ ਬਾਅਦ ਹਟਾ ਦਿੱਤਾ ਜਾਵੇਗਾ ਪਰ ਕਈ ਪ੍ਰਧਾਨ ਮੰਤਰੀ ਬਦਲਣ ਦੇ ਬਾਵਜੂਦ ਵੀ ਅੱਜ ਤੱਕ ੫੪ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਐਕਟ ਨੂੰ ਹਟਾਇਆ ਨਹੀ ਗਿਆ। ਇਹ ਅਜਿਹਾ ਭਿਆਨਕ ਐਕਟ ਹੈ ਜਿਸ ਦੇ ਤਹਿਤ ਫੌਜ ਕਿਸੇ ਵੀ ਘਰ ਵਿੱਚ ਬਿਨਾਂ ਸਰਚ ਵਾਰੰਟ ਤੋਂ ਦਾਖਲ ਹੋ ਕੇ ਤਲਾਸ਼ੀ ਲੈ ਸਕਦੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਣ, ਸਿਰਫ ਸ਼ੱਕ ਦੇ ਆਧਾਰ ਤੇ ਅਪਰਾਧੀ ਐਲਾਨਣ, ਇਥੋਂ ਤੱਕ ਕਿ ਕਤਲ ਕਰ ਦੇਣ ਦਾ ਵੀ ਅਧਿਕਾਰ ਰੱਖਦੀ ਹੈ । ਦੇਸ ਦੇ ਅੰਨਦਾਤਾ ਵਜੋਂ ਜਾਣੇ ਜਾਂਦੇ ਪੰਜਾਬ ਵਿੱਚ ਵੀ ਅਜਿਹਾ ਪਿਛਲੇ ਕਰੀਬ 15 ਸਾਲ ਹੁੰਦਾ ਰਿਹਾ ਜਦ ਕਿ ਪੰਜਾਬ ਵਿੱਚ ਇਹ ਕਨੂੰਨ ਲਾਗੂ ਨਹੀ ਹੈ। ਇਸ ਐਕਟ ਨੂੰ ਭਾਰਤੀ ਕਨੂੰਨ ਤਹਿਤ ਜੇਕਰ ਆਪਣੇ ਲੋਕਾਂ ਦੇ ਕਤਲ ਕਰਨ ਦਾ ਲਾਸੰਸ ਮਿਲਣਾ ਕਹਿ ਦੇਈਏ ਤਾਂ ਕੋਈ ਵੀ ਅੱਤਕਥਨੀ ਨਹੀ ਹੋਵੇਗੀ। ਇਸ ਐਕਟ ਦੀ ਆੜ ਹੇਠ ਹੁਣ ਤੱਕ ਸੈਕੜੇ ਲੋਕਾਂ ਦੀਆ ਹੱਤਿਆਵਾ ਫੌਜ ਵੱਲੋਂ ਕੀਤੀਆ ਜਾ ਚੁੱਕੀਆ ਹਨ ਪਰ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਵੀ ਕਾਰਵਾਈ ਨਹੀ ਹੋਈ।

ਇਸ ਖੂਨੀ ਐਕਟ (ਅਫਸਪਾ) ਦੇ ਤਹਿਤ ਹੀ 2 ਨਵੰਬਰ 2000 ਨੂੰ ਮਨੀਪੁਰ ਦੇ ਮਾਲੋਮ ਵਿੱਚ ਆਸਾਮ ਰਾਈਫਲਜ਼ ਨੇ 10 ਨਿਰਦੋਸ਼ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਜਿਸ ਦੀਆਂ ਦੂਸਰੇ ਦਿਨ ਮੀਡੀਆ ਨੇ ਬੜੀ ਹੀ ਮੁਸ਼ਤੈਦੀ ਨਾਲ ਤਸਵੀਰਾਂ ਅਖਬਾਰਾਂ ਵਿੱਚ ਛਾਪੀਆਂ ਸਨ ਜਿਹਨਾਂ ਨੂੰ ਵੇਖ ਕੇ ਇਰੋਮਾ ਸ਼ਰਮੀਲਾ ਚਾਨੂੰ ਨਾਮ ਦੀ ਇੱਕ ਔਰਤ ਦਾ ਦਿਲ ਗੁੱਸੇ ਨਾਲ ਦਹਿਲ ਗਿਆ ਤੇ ਉਸ ਨੇ ਅਗਲੇ ਹੀ ਦਿਨ ਇਸ ਕਾਲੇ ਕਨੂੰਨ ਨੂੰ ਹਟਾਉਣ ਲਈ 'ਅਫਸਪਾ ਹਟਾਉ' ਦਾ ਨਾਅਰਾ ਲਾ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਆਰੰਭ ਕਰ ਦਿੱਤੀ। ਭਾਰਤੀ ਫੌਜ ਨੂੰ ਬਾਪੂ ਗਾਂਧੀ ਵਾਲੇ ਸੰਘਰਸ਼ ਦੀ ਇਹ ਉਦਾਹਰਣ ਵੀ ਬਰਦਾਸ਼ਤ ਨਾ ਹੋਈ ਅਤੇ ਫੌਜ ਨੇ ਭਾਰਤੀ ਕਨੂੰਨ ਦਾ ਓਟ ਆਸਰਾ ਲੈ ਕੇ ਇੱਕ ਹੋਰ ਘਿਨਾਉਣਾ ਕਾਰਨਾਮਾ ਕਰਦਿਆ ਪੰਜ ਨਵੰਬਰ 2000 ਨੂੰ ਹੀ ਇਰੋਮਾ ਸ਼ਰਮੀਲਾ ਚਾਨੂੰ ਨੂੰ ਆਤਮ ਹੱਤਿਆ ਦੇ ਦੋਸ਼ ਵਿੱਚ ਜੇਲ ਵਿੱਚ ਸੁੱਟ ਦਿੱਤਾ ਅਤੇ ਉਸ ਸਮੇਂ ਤੋਂ ਹੀ ਉਹ ਜੇਲ ਦੀ ਹਵਾ ਖਾ ਰਹੀ ਹੈ ਪਰ ਉਸ ਨੇ ਆਪਣੇ 11 ਸਾਲ ਤੋਂ ਵੀ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਕੁਝ ਨਹੀ ਖਾਧਾ । ਸਰਕਾਰ ਵੱਲੋਂ ਡਾਕਟਰਾਂ ਦੀ ਸਲਾਹ ਨਾਲ ਉਸਨੂੰ ਜਿੰਦਾ ਰੱਖਣ ਲਈ ਉਸ ਦੇ ਨੱਕ ਰਾਹੀ ਜਬਰੀ ਉਸ ਨੂੰ ਤਰਲ ਪਦਾਰਥ ਦਿੱਤਾ ਜਾ ਰਿਹਾ ਹੈ। ਉਸ ਦੇ ਮੂੰਹ ਦੀਆ ਸਵਾਦ ਗ੍ਰੰਥੀਆ ਨੇ ਵੀ ਕੰਮ ਕਰਨਾ ਛੱਡ ਦਿੱਤਾ ਹੈ ਅਤੇ ਉਹਨਾਂ ਦਾ ਸਵਾਦ ਚੱਖਣ ਦੀ ਪ੍ਰਕਿਰਿਆ ਦਾ ਲੱਗਪੱਗ ਖਾਤਮਾ ਹੋ ਗਿਆ ਹੈ। ਉਸ ਦਾ ਭਾਰ ਵੀ ਸਿਰਫ 47 ਕਿਲੋ ਰਹਿ ਗਿਆ ਪਰ ਸਰਕਾਰ ਉਸ ਦੀ ਗੱਲ ਮੰਨਣ ਲਈ ਤਿਆਰ ਨਹੀ ਹੈ। ਉਸ ਨੂੰ ਔਰਤਾਂ ਵਾਲੀ ਮਹਾਵਾਰੀ ਵੀ ਆਉਣੇ ਬੰਦ ਹੋ ਗਈ ਹੈ ਅਤੇ ਉਹ ਨੀਮ ਬੋਹੇਸ਼ੀ ਵਿੱਚ ਹੀ ਦਿਨ ਕੱਟੀ ਕਰ ਰਹੀ ਹੈ। ਸਹੀ ਲਫਜਾਂ ਵਿੱਚ ਉਸ ਦਾ ਸਰੀਰ ਜਿੰਦਾ ਲਾਸ਼ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਉਸ ਦਾ ਦਿਮਾਗੀ ਸੰਤੁਲਨ ਵੀ ਵਿਗੜ ਚੁੱਕਾ ਹੈ। ਜਿਸ ਹਸਪਤਾਲ ਵਿੱਚ ਉਸ ਨੂੰ ਰੱਖਿਆ ਗਿਆ ਉਸ ਨੂੰ ਸੁਰੱਖਿਆ ਫੋਰਸਾਂ ਨੇ ਚਾਰੋਂ ਪਾਸਿਆ ਤੋਂ ਘੇਰਿਆ ਹੋਇਆ ਹੈ ਅਤੇ ਇੱਕ ਤਰਾ ਨਾਲ ਹਸਪਤਾਲ ਨੂੰ ਉਪ ਜੇਲ ਦਾ ਰੂਪ ਦਿੱਤਾ ਜਾ ਚੁੱਕਾ ਹੈ। ਇਰੋਮਾ ਸ਼ਰਮੀਲਾ ਚਾਨੂੰ ਭਾਂਵੇ ਭਾਰਤੀ ਸੁਰੱਖਿਆ ਅਤੇ ਭਾਰਤ ਸਰਕਾਰ ਨਾਲ ਸਿੱਧੇ ਰੂਪ ਵਿੱਚ ਟੱਕਰ ਨਹੀ ਲੈ ਸਕਦੀ ਪਰ ਜਿਸ ਤਰੀਕੇ ਤੇ ਸਿਰੜ ਨਾਲ ਉਸ ਨੇ ਸੰਘਰਸ਼ ਵਿੱਢਿਆ ਉਸ ਨੂੰ ਜਰੂਰ ਸਫਲਤਾ ਮਿਲੇਗੀ ਅਤੇ ਭਾਰਤੀ ਔਰਤਾਂ ਲਈ ਇੱਕ ਮਿਸਾਲ ਹੋਵੇਗੀ।

ਇਸੇ ਤਰ੍ਹਾਂ ਇੱਕ ਹੋਰ ਔਰਤ ਮਨੋਰਮਾ ਨੂੰ ਵੀ ਅਸਾਮ ਰਾਈਫਲਜ਼ ਨੇ 2004 ਵਿੱਚ ਲੋਕ ਮੁਕਤੀ ਸੈਨਾ (ਪੀ.ਐਲ.ਓ) ਦੀ ਹਮਾਇਤੀ ਹੋਣ ਦੇ ਦੋਸ਼ ਵਿੱਚ ਘਰੋਂ ਚੁੱਕਿਆ ਅਤੇ ਉਸ 32 ਸਾਲਾ ਔਰਤ ਨਾਲ ਭਾਰਤ ਦੀ ਇੱਜ਼ਤ ਆਬਰੂ ਦੇ ਰੱਖਿਆ ਕਰਨ ਵਾਲੇ ਫੌਜੀਆ ਨੇ ਸਮੂਹਿਕ ਬਲਾਤਕਾਰ ਕੀਤਾ ਤੇ ਫਿਰ ਉਸ ਦੇ ਜਨਨ ਅੰਗਾਂ ਤੇ ਗੋਲੀਆ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਸੀ। ਪੋਰਟ ਮਾਰਟਮ ਦੀ ਰੀਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਉਸ ਦੇ ਜਨਨ ਅੰਗਾਂ ਤੇ ਗੋਲੀਆ ਮਾਰਨ ਤੋਂ ਪਹਿਲਾਂ ਉਸ 'ਤੇ ਅਥਾਹ ਤਸ਼ੱਦਦ ਕਰਨ ਤੋਂ ਪਹਿਲਾਂ ਉਸ ਨਾਲ ਸਮੂਹਿਕ ਤੌਰ ਤੇ ਬਲਾਤਕਾਰ ਵੀ ਕੀਤਾ ਗਿਆ ਅਤੇ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਕਰੀਬ ਪੌਣੀ ਦਰਜਨ ਗੋਲੀਆ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਜਿਹਨਾਂ ਵਿੱਚੋਂ ਚਾਰ ਉਸਦੇ ਜਨਨ ਅੰਗਾਂ ਤੇ ਪੰਜ ਛਾਤੀਆ ਵਿੱਚ ਮਾਰੀਆਂ ਗਈਆਂ

ਇਸ ਮਾਮਲੇ ਨੂੰ ਲੈ ਕੇ ਮੀਡੀਆ ਤੇ ਲੋਕਾਂ ਵੱਲੋ ਰੌਲਾ ਪਾਉਣ ਉਪਰੰਤ ਇਸ ਔਰਤ ਦੇ ਕਤਲ ਦੀ ਜਾਂਚ ਦਾ ਕੰਮ ਜਸਟਿਸ ਉਪੇਂਦਰ ਕਮੇਟੀ ਨੂੰ ਸੋਪਿਆ ਗਿਆ ਪਰ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀ ਮਿਲੀ। ਇਸ ਘਟਨਾ ਤੋਂ ਬਾਅਦ 40 ਤੋਂ ਲੈ ਕੇ 60 ਸਾਲਾਂ ਦੀਆ ਔਰਤਾਂ ਨੇ ਅਲਫ ਨੰਗੀਆ ਹੋ ਕੇ 15 ਜੁਲਾਈ 2004 ਨੂੰ ਅਸਾਮ ਰਾਈਫਲਜ਼ ਦੇ ਮੁੱਖ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਉਹਨਾਂ ਬਹਾਦਰ ਮਾਤਾਵਾਂ ਤੇ ਧੀਆ ਭੈਣਾਂ ਨੇ ਉੱਚੀ ਉੱਚੀ ਭਾਰਤ ਸਰਕਾਰ ਤੇ ਫੌਜ ਨੂੰ ਸ਼ਰਮਸ਼ਾਰ ਕਰਦਿਆ ਕਿਹਾ ਕਿ,'' ਸਾਡੇ ਨਾਲ ਬਲਾਤਕਾਰ ਕਰੋਂ'' ਜਿਸ ਅਵਾਜ ਨੂੰ ਸੁਣ ਕੇ ਹਰੇਕ ਜਿੰਦਾ ਵਿਅਕਤੀ ਦੀ ਆਤਮਾ ਵਾਲੇ ਸਰੀਰ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।

ਇਰੋਮਾ ਸ਼ਰਮੀਲਾ ਚਾਨੂੰ ,ਮਨੋਰਮਾ ਅਤੇ ਮਨੀਪੁਰ ਦੀਆ ਉਹ ਬਹਾਦਰ ਔਰਤਾਂ,ਜੋ ਸੰਘਰਸ਼ ਦੇ ਰਾਹ ਤੇ ਹਨ 'ਸੁੱਤੀ ਤੇ ਆਪੇ ਲਈ ਜੀਅ ਰਹੀ ਲੋਕਾਈ' ਨੂੰ ਇੱਕ ਸਵਾਲ ਕਰਦੀਆ ਹਨ ਕਿ ਆਪਣੇ ਆਲੇ ਦੁਆਲੇ ਪੱਸਰੇ ਲੁੱਟ ਤੇ ਜਬਰ ਦੇ ਖਿਲਾਫ ਧਾਰੀ ਚੁੱਪ ਲੁੱਟੇਰਿਆ ਨੂੰ ਹੋਰ ਉਤਸ਼ਾਹਤ ਕਰੇਗੀ , ਇਸ ਲਈ ਉਹਨਾਂ ਨੂੰ ਝਾਂਸੀ ਦੀ ਰਾਣੀ ਬਣ ਕੇ ਦੇਸ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਅੱਗੇ ਆਉਣਾ ਪਵੇਗਾ ਨਹੀ ਤਾਂ ਉਹ ਦਿਨ ਦੂਰ ਨਹੀ ਜਿਸ ਦਿਨ ਇਹ ਸਿਆਸੀ ਵਰਦੀਧਾਰੀ ''ਔਗਰੇ'' (ਦੈਂਤ) ਸਭ ਨੂੰ ਨਿਗਲ ਜਾਣਗੇ।

ਸਾਕਾ ਨੀਲਾ ਤਾਰਾ ਸਮੇਂ ਵੀ ਫੌਜੀਆ ਨੂੰ ਅਜਿਹੀ ਛੋਟ ਦਿੱਤੀ ਗਈ ਸੀ ਕਿ ਉਹ ਜਿਸ ਵੀ ਔਰਤ ਜਾਂ ਲੜਕੀ ਨਾਲ ਚਾਹੁੰਣ ਬਲਾਤਕਾਰ ਕਰ ਸਕਦੇ ਹਨ ਜਿਸ ਦਾ ਖੁਲਾਸਾ ਸਾਰੇ ਹਮਲੇ ਦੀ ਅਗਵਾਈ ਕਰਨ ਵਾਲੇ ਤੱਤਕਾਲੀ ਲੈਫਟੀਨੈੱਟ ਜਨਰਲ ਕੁਲਜੀਪ ਸਿੰਘ ਬਰਾੜ ਨੇ ਵੀ ਆਪਣੀ ਲਿਖੀ ਕਿਤਾਬ ''ਸਾਕਾ ਨੀਲਾ ਤਾਰਾ'' ਵਿੱਚ ਸਪੱਸ਼ਟ ਕੀਤਾ ਹੈ ਕਿ ਇਸ ਹਮਲੇ ਦੌਰਾਨ ਭਾਰਤੀ ਫੌਜੀਆ ਨੂੰ ਲੁੱਟਮਾਰ ਕਰਨ, ਬਲਾਤਕਾਰ ਕਰਨ, ਕਿਸੇ ਵੀ ਵਿਅਕਤੀ ਨੂੰ ਗੋਲੀ ਮਾਰਨ ਆਦਿ ਦੀ ਪੂਰੀ ਪੂਰੀ ਖੁੱਲ ਦਿੱਤੀ ਗਈ ਸੀ। ਭਾਰਤੀ ਫੌਜ ਜਿਸ ਨੂੰ ਦੁਨੀਆਂ ਦੀਆਂ ਫੌਜਾਂ ਵਿੱਚੋਂ ਇੱਕ ਅਹਿਮ ਫੌਜ ਮੰਨਿਆ ਗਿਆ ਹੈ ਦਾ ਕਿਰਦਾਰ ਜੇਕਰ ਬਲਾਤਕਾਰੀਆਂ ਵਾਲਾ ਬਣ ਗਿਆ ਤਾਂ ਫਿਰ ਫੌਜ ਤੇ ਕੌਣ ਵਿਸ਼ਵਾਸ਼ ਕਰੇਗਾ।

ਬਹਾਦਰ ਔਰ
ਤਾਂ ਦੀ ਕਹਾਣੀ ਇਥੇ ਹੀ ਖਤਮ ਨਹੀ ਹੁੰਦੀ ਸਗੋਂ ਅਬਲਾ ਸਮਝੀ ਜਾਂਦੀ ਔਰਤ ਨੇ ਹੋਰ ਕਈ ਮੋਰਚਿਆ ਵਿੱਚ ਉੱਘਾ ਯੋਗਦਾਨ ਪਾਇਆ ਹੈ। 1857 ਦੇ ਗਦਰ ਦੌਰਾਨ ਜਦੋਂ ਹਾਲੇ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਦੀ ਵੀ ਖੁੱਲ ਨਹੀ ਸੀ ਅਤੇ ਨੂੰ ਔਰਤ ਸਮਾਜਿਕ ਲੜਾਈ ਵੀ ਲੜਨੀ ਪੈ ਰਹੀ ਸੀ ਤਾਂ ਵੀ ਗਦਰ ਨਾਲ ਸਬੰਧਿਤ 255 ਔਰਤਾਂ ਨੂੰ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਸੀ। ਅਜਿਹੀ ਮਿਸਾਲ ਸ਼ਾਇਦ ਦੁਨੀਆ ਭਰ ਵਿੱਚ ਹੋਰ ਕਿਧਰੇ ਨਹੀ ਮਿਲਦੀ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਫਾਂਸੀ ਦੇ ਫੰਦੇ ਤੇ ਲਟਕਾਇਆ ਗਿਆ ਹੋਵੇ। ਉਹਨਾਂ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਉਹਨਾਂ ਨੇ ਆਪਣੀ ਮਾਤਰ ਭੂਮੀ ਦੀ ਅਜ਼ਾਦੀ ਦੀ ਮੰਗ ਕੀਤੀ ਸੀ। ਕਰੀਬ 155 ਸਾਲ ਪਹਿਲਾਂ ਸ਼ਹੀਦ ਹੋਈਆ ਇਹਨਾਂ ਔਰਤਾਂ ਵਿੱਚ ਜ਼ਜ਼ਬਾ ਇੰਨਾ ਸੀ ਕਿ ਉਹ '' ਇਨਕਲਾਬ ਜ਼ਿੰਦਾਬਾਦ'' ਦੇ ਨਾਅਰੇ ਹੀ ਲਗਾਉਦੀਆਂ  ਸੂਲੀ ਤੇ ਚੜ ਕੇ ਸ਼ਹੀਦ ਹੋ ਗਈਆ। ਇਹ ਕੁਰਬਾਨੀਆਂ ਉਸ ਵੇਲੇ ਹੋਈਆ ਜਦੋਂ ਔਰਤ ਨੂੰ ਸਮਾਜਿਕ ਬਰਾਬਰੀ ਦੀ ਵੀ ਲੜਾਈ ਲੜਨੀ ਪੈ ਰਹੀ ਸੀ। ਔਰਤ ਦੀ ਸਮਾਜਿਕ ਬਰਾਬਰੀ ਤਾਂ ਅੱਜ ਵੀ ਬਹਾਲ ਨਹੀ ਹੋ ਸਕੀ ਜਿਸ ਲਈ ਔਰਤ ਸੰਗਠਨਾਂ ਨੂੰ ਜਿਥੇ ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨਾ ਪਵੇਗਾ ਉਥੇ ਇੱਕ ਵਾਰੀ ਆਪਣੇ ਹੀ ਦੇਸ ਦੇ ਭ੍ਰਿਸ਼ਟ ਤੇ ਡਕੈਤ ਸਿਆਸਤਦਾਨਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਹੋਰ ਅਜ਼ਾਦੀ ਦੀ ਲੜਾਈ ਲੜਨੀ ਪਵੇਗੀ ਜਿਸ ਵਿੱਚ ਔਰਤਾਂ ਵਿਸ਼ੇਸ਼ ਰੋਲ ਅਦਾ ਕਰ ਸਕਦੀਆ ਹਨ। ਅੰਨਾ ਹਜਾਰੇ ਨੂੰ ਵੀ ਇਹਨਾਂ ਬੀਬੀਆਂ ਕੋਲੋ ਸਬਕ ਲੈਣਾ ਚਾਹੀਦਾ ਹੈ ਅਤੇ ਆਪਣੇ ਅੰਦੋਲਨ ਨੂੰ ਇਰੋਮਾ ਸ਼ਰਮੀਲਾ ਚਾਨੂੰ ਵਾਂਗ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਦੇ ਸਾਥੀ ਕਿੰਨੇ ਕੁ ਸਿਰੜੀ ਤੇ ਦੇਸ ਭਗਤ ਹਨ। 

ਜਸਬੀਰ ਸਿੰਘ ਪੱਟੀ
9356024684

ਪੰਜਾਬ ਸਪੈਕਟ੍ਰਮ ਤੋਂ ਧੰਨਵਾਦ ਸਹਿਤ

Wednesday, September 5, 2012

ਸੀ ਡੀ ਆਰ ਓ:ਆਦਿਵਾਸੀਆਂ,ਮੁਸਲਮਾਨਾਂ ਤੇ ਦਲਿਤਾਂ ਉੱਤੇ ਅੱਤਿਆਚਾਰਾਂ ਵਿਰੁੱਧ ਧਰਨਾ


ਸੰਸਦ ਮੈਂਬਰਾਂ ਤੱਕ ਆਪਣੀਆਂ ਆਵਾਜ਼ ਪਹੁੰਚਾਉਣ ਲਈ ਦੇਸ਼ ਭਰ ਦੀਆਂ ਜਮਹੂਰੀ ਅਤੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਮੰਚ ਕੋਆਰਡੀਨੇਸ਼ਨ ਆਫ ਡੈਮੋਕਰੇਟਿਕ ਰਾਈਟਸ ਆਰਗੇਨਾਈਜੇਸ਼ਨਜ਼ (ਸੀ ਡੀ ਆਰ ਓ) ਵਲੋਂ 7 ਸਤੰਬਰ 2012 ਨੂੰ 11 ਵਜੇ ਤੋਂ 5 ਵਜੇ ਸ਼ਾਮ ਤੱਕ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਚਾਰ ਸਕੱਤਰ ਪ੍ਰੋਫੈਸਰ ਏ. ਕੇ. ਮਲੇਰੀ ਅਤੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਨੇ ਦੱਸਿਆ ਹੈ ਕਿ ਜਿਸ ਵਿਚ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੀਆਂ ਸਾਰੀਆਂ ਜ਼ਿਲ੍ਹਾ ਇਕਾਈਆਂ ਦੇ ਮੈਂਬਰ ਵੱਡੀ ਗਿਣਤੀ 'ਚ ਸ਼ਾਮਲ ਹੋਣਗੇ। ਇਸ ਧਰਨੇ ਵਿਚ ਮੰਗ ਕੀਤੀ ਜਾਵੇਗੀ ਕਿ ਮਾਓਵਾਦੀਆਂ ਵਿਰੁੱਧ ਜੰਗ ਦੇ ਨਾਂ ਹੇਠ ਆਦਿਵਾਸੀਆਂ ਉੱਪਰ ਫ਼ੌਜੀ ਹਮਲਾ ਬੰਦ ਕੀਤਾ ਜਾਵੇ।

ਮੁਲਕ ਦੇ ਅਮੀਰ ਕੁਦਰਤੀ ਵਸੀਲੇ ਕਾਰਪੋਰੇਟ ਸਰਮਾਏਦਾਰੀ ਨੂੰ ਲੁਟਾਉਣ ਦੇ ਘੁਟਾਲੇ ਬੰਦ ਕਰਕੇ ਇਹ ਵਸੀਲੇ ਜਨਤਕ ਹਿੱਤਾਂ ਲਈ ਵਰਤੇ ਜਾਣ। ਅਫਸਪਾ, ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਐਕਟ (ਯੂ ਏ ਪੀ ਏ) ਅਤੇ ਅਤੇ ਅੰਗਰੇਜ਼ਾਂ ਵਲੋਂ ਬਣਾਏ ਧਾਰਾ 124-ਏ (ਰਾਜਧ੍ਰੋਹ) ਵਰਗੇ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਘੱਟਗਿਣਤੀ ਮੁਸਲਮਾਨ ਭਾਈਚਾਰੇ ਨੂੰ ਦਹਿਸ਼ਤਪਸੰਦ ਬਣਾਕੇ ਪੇਸ਼ ਕਰਨਾ ਬੰਦ ਕੀਤਾ ਜਾਵੇ। ਉੱਤਰ-ਪੂਰਬ ਦੇ ਮੂਲ ਵਾਸੀ ਲੋਕਾਂ ਦੇ ਹੱਕ ਸੁਰੱਖਿਅਤ ਬਣਾਏ ਜਾਣ। ਦਲਿਤਾਂ 'ਤੇ ਜ਼ੁਲਮ ਬੰਦ ਕੀਤੇ ਜਾਣ ਅਤੇ ਮਾਓਵਾਦ ਦੇ ਨਾਂ ਹੇਠ ਜਮਹੂਰੀ/ਮਨੁੱਖੀ ਹੱਕਾਂ ਲਈ ਜੂਝਦੇ ਕਾਰਕੁੰਨਾਂ ਉੱਪਰ ਹਮਲੇ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਝੂਠੇ ਕੇਸਾਂ 'ਚ ਫਸਾਕੇ ਜੇਲ੍ਹਾਂ 'ਚ ਸੁੱਟਣਾ ਬੰਦ ਕੀਤਾ ਜਾਵੇ।

ਪ੍ਰੋਫੈਸਰ ਏ. ਕੇ. ਮਲੇਰੀ (ਸੂਬਾ ਪ੍ਰਚਾਰ ਸਕੱਤਰ) ਜਮਹੂਰੀ ਅਧਿਕਾਰ ਸਭਾ, ਪੰਜਾਬ ਫ਼ੋਨ: 98557-00310 
ਬੂਟਾ ਸਿੰਘ, (ਸੂਬਾ ਕਮੇਟੀ ਮੈਂਬਰ) ਫ਼ੋਨ 94634-74342

Sunday, September 2, 2012

ਨਿਘਾਰ ਨੂੰ ਸੱਭਿਆਚਾਰ ਕਿਵੇਂ ਕਹੀਏ


ਸਾਹਿਤ ਸਾਡੀ ਸੱਭਿਅਤਾ ਦੀ ਪ੍ਰਤੀਨਿੱਧਤਾ ਕਰਦਾ ਹੈ। ਇਹ ਉਹ ਸ਼ੀਸ਼ਾ ਹੈ, ਜਿਸ ਵਿਚੋਂ ਦੀ ਤੱਕਿਆਂ ਸਾਡਾ ਜੀਵਨ ਤੇ ਇਸਦੇ ਸਾਰੇ ਪੱਖਾਂ ਦਾ ਹੂ-ਬਹੂ ਝਲਕਾਰਾ ਪੈਂਦਾ ਹੈ। ਸਾਹਿਤ ਵਿੱਚ ਕਵਿਤਾ ਜਾਂ ਗੀਤ ਦੀ ਵਿਸ਼ੇਸ਼ ਥਾਂ ਇਸ ਲਈ ਹੈ ਕਿ ਸਾਹਿਤ ਦੇ ਰੂਪਾਂ ਵਿਚੋਂ ਸਭ ਤੋਂ ਪਹਿਲਾਂ ਕਵਿਤਾ ਦਾ ਜਨਮ ਹੋਇਆ। ਜਦੋਂ ਅਜੇ ਆਦਿ ਮਨੁੱਖ ਦੀ ਦਿਮਾਗੀ ਸੂਝ ਦਾ ਵਿਕਾਸ ਨਹੀਂ ਸੀ ਹੋਇਆ ਤਾਂ ਉਸਨੇ ਦਿਲ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਣ ਦੇ ਲਈ ਕਵਿਤਾ ਦੇ ਰੂਪ ਨੂੰ ਹੋਂਦ ਵਿੱਚ ਲਿਆਂਦਾ। ਇਸ ਲਈ ਮੁੱਢੋਂ-ਸੁੱਢੋਂ ਹੀ ਕਵਿਤਾ ਅਤੇ ਲੋਕਾਈ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ।ਕਵਿਤਾ ਲੋਕਾਂ ਦੇ ਭਾਵਾਂ ਵਿੱਚੋਂ ਹੀ ਉਪਜਦੀ ਹੈ। ਕਵਿਤਾ ਜਾਂ ਗੀਤ ਦਾ ਅਕਾਰ ਛੋਟਾ ਹੋਣ ਕਰਕੇ ਇਹ ਲੋਕਾਂ ਦੇ ਬਹੁਤ ਨੇੜੇ ਹੈ।ਜਨ-ਸਾਧਾਰਣ ਵੀ ਇਹਦੇ ਨੇੜੇ ਰਹਿ ਕੇ ਸੁਣ ਤੇ ਗਾ ਸਕਦੇ ਹਨ।

ਕਿਸੇ ਵੀ ਵਸਤੂ ਦਾ ਕੋਈ ਵੀ ਰੂਪ ਦੋ ਤਰ੍ਹਾਂ ਲੋਕਾਂ ਸਾਹਵੇਂ ਪੇਸ਼ ਹੁੰਦਾ ਹੈ। ਇੱਕ ਚੰਗਾ ਪੱਖ ਤੇ ਦੂਸਰਾ ਮਾੜਾ।ਸੋ ਲੋਕਾਂ ਵਿੱਚ ਆਉਣ ਵਾਲਾ ਸਾਹਿਤ ਵੀ ਦੋ ਤਰ੍ਹਾਂ ਦਾ ਹੁੰਦਾ ਹੈ-ਲੋਕ ਪੱਖੀ ਸਾਹਿਤ ਤੇ ਲੋਕ ਵਿਰੋਧੀ ਸਾਹਿਤ। ਇਸੇ ਤਰ੍ਹਾਂ ਕਵਿਤਾ ਜਾਂ ਗੀਤ ਦੇ ਵੀ ਦੋ ਰੂਪ ਹੁੰਦੇ ਹਨ- ਲੋਕ ਪੱਖੀ ਗੀਤ ਤੇ ਲੱਚਰ ਗੀਤ।ਲੋਕ ਪੱਖੀ ਗੀਤ, ਉਹ ਗੀਤ ਹਨ ਜਿਨ੍ਹਾਂ ਵਿੱਚ ਕਵੀ ਆਪਣੀਆਂ ਕਿਰਤਾਂ ਦੁਆਰਾ ਲੋਕਾਂ ਦੀ ਸੋਚ ਨੂੰ ਸਮਾਜਕ, ਆਰਥਕ, ਸਭਿਆਚਾਰਕ ਅਤੇ ਕਿਰਿਆਤਮਕ ਵਿਕਾਸ ਦੀ ਦਿਸ਼ਾ ਵਿੱਚ ਸੇਧਤ ਕਰਨ ਲਈ ਕਰਮਸ਼ੀਲ ਹੁੰਦਾ ਹੈ।

ਦੂਸਰਾ ਪੱਖ ਉਹਨਾਂ ਗੀਤਾਂ ਦਾ ਹੈ ਜੋ ਅਸੀਂ ਵਿਆਹ ਆਦਿ ਦੇ ਮੌਕੇ ਤੇ ਪਾਰਟੀਆਂ ਵਿੱਚ, ਹਾਲਾਂ ਵਿੱਚ ਟੀ. ਵੀ., ਕੰਮਪਿਊਟਰਾਂ ਤੇ ਘਰਾਂ ਵਿੱਚ ਆਮ ਸੁਣਦੇ ਹਾਂ।ਇਹ ਸਮਾਜ ਵਿੱਚ ਅਜ਼ਾਦ ਟਪੂਸੀਆਂ ਮਾਰਨ ਵਾਲੇ ਸਾਹਿਤਕਾਰ ਘਟੀਆ ਤੇ ਲੱਚਰ ਸਾਹਿਤ ਦੇ ਪਹਿਲੇ ਲੇਖਕ ਹਨ ਜਿਹੜੇ ਕਿ ਜਮਾਤੀ ਪੱਖੋਂ ਸਮਾਜ ਦੀਆਂ ਲਹੂ ਪੀਣੀਆਂ ਜੋਕਾਂ ਦੀ ਸੇਵਾ ਵਿੱਚ ਲਿਖਦੇ ਹਨ ਤੇ ਇਹ ਲੁਟੇਰੀਆਂ ਜਮਾਤਾਂ ਦੀ ਪੁਰਾਤਨ ਵਿਚਾਰਧਾਰਾ ਨੂੰ ਕਾਇਮ ਰੱਖਦੇ ਹਨ। ਇਹ ਗੀਤ ਲੋਕਾਂ ਦੇ ਯਥਾਰਥ ਨੂੰ ਛੱਡ ਕੇ ਕਾਮ ਉਕਸਾਊ ਜਜ਼ਬਿਆਂ ਨੂੰ ਉਤਸ਼ਾਹਤ ਕਰਦੇ ਹਨ ਅਤੇ ਪੂਰਣ ਰੂਪ ਵਿੱਚ ਸਮਾਜ ਦੇ ਉਲਟ ਭੁਗਤਦੇ ਹਨ।ਕਾਵਿ ਟੋਟੇ ਵਿੱਚ ਦੇਖੋ, ਕਵੀ ਕਹਿੰਦਾ ਹੈ:-

ਫੁੱਲਾਂ ਦੇ ਗੁਲਦਸਤੇ ਵਰਗੀ ਨਾਰ ਤੇਰੀ ਦਾ ਚਾਅ ਵੇ,
 ਤੈਨੂੰ ਬੁੱਕਦਾ ਵੇਖਣਾ ਹੋ ਕੇ ਸ਼ਰਾਬੀ ਆ ਵੇ।
ਜਾਂ ਜੇ ਮੈਨੂੰ ਮੇਰਾ ਯਾਰ ਬੁਲਾਵੇ
ਅੱਧੀ ਰਾਤ ਨਹਿਰੋਂ ਪਾਰ ਬੁਲਾਵੇ
------------------
ਪੈਰ ਜੁੱਤੀ ਨਾ ਪਾਵਾਂ।
ਜਾਂ ਆ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ।

ਉਪਰੋਕਤ ਕਾਵਿ ਟੋਟੇ ਦੱਸਦੇ ਹਨ ਕਿ ਔਰਤਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਹੈ ਕਿ ਉਹ ਝੂਠ ਬੋਲ ਕੇ, ਚੋਰੀ ਬਹਾਨੇ ਲਾ ਕੇ, ਆਪਣੇ ਮਾਪਿਆਂ ਦੀ ਇੱਜ਼ਤ ਦਾਓ ਤੇ ਲਾ ਕੇ ਘਟੀਆ ਤੋਂ ਘਟੀਆ ਕੰਮ ਕਰਨ ਲਈ ਰਾਜ਼ੀ ਹਨ ਅਤੇ ਉਹ ਨਸ਼ਈ ਪਤੀ ਜਾਂ ਪ੍ਰੇਮੀ ਨੂੰ ਨਸ਼ੇ ਦੀਆਂ ਹਾਲਤਾਂ ਵਿੱਚ ਦੇਖਣ ਲਈ ਉਤਸੁਕ ਹਨ।ਜਦਕਿ ਇਹੋ ਜਿਹੀਆਂ ਕੁੱਝ ਕੁ ਉਂਗਲਾਂ ਤੇ ਗਿਣੀਆਂ ਜਾਣ ਵਾਲੀਆਂ ਲਵੀ ਉਮਰ ਦੀਆਂ, ਅਨਪੜ੍ਹ, ਗੁੰਮਰਾਹ, ਨਾਬਾਲਗ ਕੁੜੀਆਂ ਤਾਂ ਹੋ ਸਕਦਾ ਹੈ ਕਿ ਆਪਣੇ ਰਾਹੋਂ ਕੁੱਝ ਸਮੇਂ ਲਈ ਭਟਕ ਜਾਣ ਜਾਂ ਭਟਕਾਈਆਂ ਜਾਣ ਪਰ ਅਸਲੀਅਤ ਵਿੱਚ ਕੋਈ ਵੀ ਕੁੜੀ ਅਜਿਹਾ ਕਰਨ ਲਈ ਜਾਂ ਸ਼ਰਾਬੀ ਪਤੀ ਦੀਆਂ ਜਿਆਦਤੀਆਂ ਸਹਿਣ ਲਈ ਤਿਆਰ ਨਹੀਂ ਹੁੰਦੀ। ਉਂਝ ਹਕੀਕਤ ਵਿੱਚ ਦੇਖਿਆ ਜਾਂਦੈ ਕਿ ਜਦੋਂ ਬੇਚੈਨ ਪਤੀ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਭੁਲਾਉਣ ਲਈ ਸ਼ਰਾਬ ਪੀ ਲੈਂਦਾ ਹੈ ਅਤੇ ਅੱਕ ਕੇ ਕਈ ਵਾਰ ਪਤਨੀ ਤੇ ਕੁੱਟ ਮਾਰ ਕਰਦਾ ਹੈ ਇਸ ਲਈ ਪਤਨੀ ਦੀ ਹਮੇਸ਼ਾਂ ਦੁਆ ਹੁੰਦੀ ਹੈ ਕਿ ਅਜਿਹੀ ਘੜੀ ਕਦੀ ਨਾ ਆਵੇ।



ਵੇਖ ਹਾਣਦੀ ਘਰ ਵਿੱਚ ਫਿਰਦੀ ਆਪਾਂ ਲਈ ਬੁਸ਼ਕਾਰ,
ਕਹਿੰਦੀ ਸੀ ਜਿਹੜੀ ਜੀਜਾ ਗਈ ਬਣ ਜੀਜੇ ਦੀ ਨਾਰ।

ਇਹਨਾਂ ਗੀਤਾਂ ਵਿੱਚ ਜੀਜੇ-ਸਾਲੀ, ਦਿਉਰ-ਭਰਜਾਈ, ਜੇਠ-ਭਰਜਾਈ ਆਦਿ  ਦੇ ਰਿਸ਼ਤਿਆਂ ਨੂੰੰ ਕਿੰਨਾ ਗਲਤ ਰੂਪ ਦਿੱਤਾ ਜਾਂਦਾ ਹੈ। ਜਦੋਂ ਕਿ ਇਹ ਸਾਰੇ ਰਿਸ਼ਤਿਆਂ ਵਿੱਚ ਕਿੰਨੀ ਨੇੜਲੀ ਸਾਂਝ ਹੁੰਦੀ ਹੈ ਪਰ ਇਸ ਲੱਚਰ ਸਾਹਿਤ ਦੇ ਰਾਹੀਂ ਆਮ ਆਦਮੀ ਤੇ ਇਨ੍ਹਾਂ ਬੋਲਾਂ ਦਾ ਕੀ ਅਸਰ ਹੁੰਦਾ ਹੋਵੇਗਾ।ਉਹ ਔਰਤ ਜਿਹੜੀ ਅਜੇ ਤੱਕ ਗੁਲਾਮੀ ਦੀਆਂ ਬਰੂਹਾਂ ਪਾਰ ਨਹੀਂ ਕਰ ਸਕੀ ਗੀਤਾਂ ਵਿੱਚ ਸ਼ਰੇਆਮ ਲਲਕਾਰਦੀ ਨਜ਼ਰ ਆਉਂਦੀ ਹੈ।ਆਲ਼ੇ ਦੁਆਲੇ ਨਜ਼ਰ ਜਰੂਰ ਮਾਰੋ ਕਿ ਇਹ ਔਰਤ ਕਿੱਥੇ ਵਸਦੀ ਹੈ? ਜਾਂ ਫਿਰ ਇੱਥੇ ਅਸੀਂ ਕਿੰਨੀਆਂ ਕੁ ਅਜਿਹੀਆਂ ਔਰਤਾਂ ਦੇਖਦੇ ਹਾਂ ਕਿ ਜੋ ਆਪਣੇ ਪਤੀ ਦੀਆਂ ਅਜਿਹੀਆਂ ਹਰਕਤਾਂ ਨੂੰ ਚੰਗਾ ਸਮਝਦੀਆਂ ਹਨ।
 
  ਇੱਕ ਛੜਾ ਲੈ ਗਿਆ ਫੜਕੇ
  ਦੱਸਾਂ ਕੀ ਗੱਲਾਂ ਗੂਹੜੀਆਂ।

ਇਹੋ ਜਿਹੀਆਂ ਕਿੰਨੀਆਂ ਕੁ ਕੁੜੀਆਂ ਹਨ ਜਿਹਨਾਂਂ ਨੂੰ ਛੜੇ ਫੜ੍ਹ ਕੇ ਲੈ ਜਾਂਦੇ ਹਨ ਅਤੇ ਉਹ ਸਟੇਜ ਤੋਂ ਐਲਾਨ ਕਰਦੀਆਂ ਹਨ। ਇਸਤਰੀ ਜਾਤੀ ਲਈ ਕਿੰਨੀ ਸ਼ਰਮਨਾਕ ਗੱਲ ਹੈ ਜਦ ਕਿ ਭਾਰਤ ਵਰਗੇ ਦੇਸ਼ ਵਿੱਚ ਇਸਤਰੀ ਨੂੰ ਚਾਰ ਦਿਵਾਰੀ ਵਿੱਚ ਕੈਦ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਗੱਲ ਇਹੀ ਦਸ ਵੀਹ ਸਟੇਜ ਤੋਂ ਕਹਿਣ ਵਾਲੀਆਂ ਕੁੜੀਆਂ ਤਾਂ ਹੋ ਸਕਦੀਆਂ ਹਨ ਪਰ ਆਮ ਸਾਧਾਰਣ ਕੁੜੀਆਂ ਨਹੀਂ।
  ਨਸ਼ੇ ਦੀਏ ਬੰਦ ਬੋਤਲੇ,
  ਤੇਰੇ ਝੂਲ਼ਦੇ ਕੰਨਾਂ ਦੇ ਬਾਲ਼ੇ
  ਤੈਨੂੰ ਪੀਣਗੇ ਨਸੀਬਾਂ ਵਾਲੇ
ਜਾਂ ਮੈਂ ਸ਼ਰਬਤ ਦੀ ਬੋਤਲ
ਮੈਨੂੰ ਗੱਟ ਗੱਟ ਕਰਕੇ ਪੀ ਮਿੱਤਰਾ।
ਜਾਂ ਨੀ ਇੱਕੋ ਪ ੈੱਗ ਲਾ ਲੈਣਦੇ
ਸੌਖੀ ਜਾਨ ਨਿਕਲੂ ਮੁਟਿਆਰੇ।

ਅੱਜ ਦੇ ਜ਼ਮਾਨੇ ਵਿੱਚ ਜਿੱਥੇ ਔਰਤ ਮਰਦ ਦੇ ਬਰਾਬਰ ਕੰਮ ਕਰ ਰਹੀ ਹੈ।ਇਸਤੋਂ ਇਲਾਵਾ ਘਰੇਲੂ ਕੰਮ ਤੇ ਬੱਚੇ ਪਾਲਣਾ ਵੀ ਉਸਦੀ ਜੁੰਮੇਵਾਰੀ ਹੈ ਉਸ ਸਮੇਂ ਔਰਤ ਨੂੰ ਸਿਰਫ ਬੇਜਾਨ ਸ਼ਰਾਬ ਦੀ ਬੋਤਲ ਵਰਗੇ ਅਲੰਕਾਰ ਵਰਤਣੇ ਯੋਗ ਹਨ? ਜੇ ਉਹ ਇੱਕ ਸ਼ਰਾਬ ਦੀ ਬੋਤਲ ਹੈ ਤਾਂ ਫਿਰ ਗ੍ਰਹਿਸਤ ਦੀ ਗੱਡੀ ਦੇ ਇੱਕ ਪਹੀਏ ਦੀ ਕੀਮਤ ਸਿਰਫ ਤੇ ਸਿਰਫ ੨੫ ਤੋਂ ੧੦੦ ਡਾਲਰ ਹੀ ਤਾਂ ਹੈ? ਚਾਹੁੰਦੇ ਅਸੀਂ ਇਹ ਹਾਂ ਕਿ ਔਰਤ ਨੂੰ ਮਰਦ ਦੇ ਬਰਾਬਰ ਹੱਕ ਮਿਲਣ ਪਰ ਇੱਥੇ ਇਸਨੂੰ ਮਰਦ ਨਾਲੋਂ ਨਿਖੇੜ ਕੇ ਪਹਿਲੇ ਰੀਤੀ-ਰਿਵਾਜਾਂ ਅਨੁਸਾਰ ਮਰਦ ਦੀ ਜੁੱਤੀ, ਬੱਚੇ ਜੰਮਣ ਦੀ ਮਸ਼ੀਨ ਜਾਂ ਮਨੋਰੰਜਨ ਦਾ ਸਾਧਨ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
  ਦੋਨੋਂ ਪਾਸੇ ਮੈਂ ਫਸ ਗਈ
  ਤੈਨੂੰ ਕੀ ਕਹਿ ਕੇ ਛੁੱਟ ਜਾਵਾਂ।
 ਜਾਂ ਆਟੇ ਵਾਂਗੂੰ ਗੁੰਨਤੀ
  ਬਿਗਾਨੇ ਪੁੱਤ ਨੇ।
 ਜਾਂ  ਵੇਖੀ ਕੁੜੀ ਸਾਹਮਣੇ ਖੜੋਤੀ ਹਾਣ ਦੀ
  ਸਿੱਖਦੀ ਸੀ ਜਾਚ ਅੱਖੀਆਂ ਲੜਾਣ ਦੀ
  ਸਾਡੇ ਭਾ ਦੀ ਟਿੱਬਿਆਂ ਤੇ ਘਟਾ ਵਰ੍ਹ ਗਈ
  ਅੱਖ ਦੇ ਇਸ਼ਾਰੇ ਉੱਤੇ ਹਾਂ ਕਰ ਗਈ----।
 ਜਾਂ ਕਦੇ ਕੋਲ ਬੁਲਾਵੇ, ਮੈਨੂੰ ਸੀਨੇ ਲਾਵੇ
  ਕਰਦਾ ਸੀ ਮੈਂ ਵੇਟ ਕੁੜੀ ਦਾ
  ਲੱਕ ਟਵੰਟੀ ਏਟ ਕੁੜੀ ਦਾ
  ਫੋਰਟੀ ਸੈਵਨ ਵੇਟ ਕੁੜੀ ਦਾ

ਕਿੰਨੀਆਂ ਅਸ਼ਲੀਲ ਗੱਲਾਂ ਹਨ।ਜਦੋਂ ਗਾਣੇ ਟੀਵੀ, ਵੀਡਿਓ ਤੇ ਚਲਦੇ ਹਨ ਤਾਂ ਪਰਿਵਾਰ ਇਕੱਠੇ  ਬੈਠ ਕੇ ਨਹੀਂ ਦੇਖ ਸਕਦੇ। ਕੁੜੀਆਂ ਨੂੰ ਇੱਕ ਬਾਰਬੀ ਡੌਲ਼ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਗੀਤਾਂ ਵਿੱਚ ਉਹ ਦੇਖਣ ਨੂੰ ਕਿਹੋ ਜਿਹੀ ਲਗਦੀ ਹੈ ਨਾ ਕਿ ਉਸਦੇ ਗੁਣ ਤੇ ਸਮਾਜ ਪ੍ਰਤੀ ਸੂਝ ਕੀ ਹੈ। ਇੰਨਾ ਕਾਮ ਉਕਸਾਊ ਗੱਲਾਂ ਨਾਲ ਲੋਕਾਂ ਨੂੰ ਅਤਿਅੰਤ ਗੁੰਮਰਾਹ  ਕੀਤਾ ਜਾਂਦਾ ਹੈ।ਚੜ੍ਹਦੀਆਂ ਜਵਾਨੀਆਂ ਨੂੰ ਵਰਗਲਾਉਣ ਦੇ ਲਈ ਇਹ ਸੋਹਣਾ ਰੂਪ ਪੇਸ਼ ਕਰਦੇ ਹਨ ਕਿ ਜਿਹੜੇ ਜਵਾਨ ਦਿਲਾਂ ਵਿੱਚ ਕੁੱਝ ਕਰਨ ਦੀ ਸਮਰੱਥਾ ਹੈ ਉਹ ਇਨ੍ਹਾਂ ਲੱਚਰ ਗੀਤਾਂ ਵਿੱਚ ਉਲਝ ਕੇ ਰਹਿ ਜਾਣ ਅਰਥਾਤ ਉਹ ਆਪਣੀ ਮੰਜ਼ਲ ਬਾਰੇ ਤੇ ਲੋਕਾਂ ਬਾਰੇ ਬਿਲਕੁਲ ਵੀ ਨਾ ਸੋਚ ਸਕਣ।

ਤੇਰੇ ਭਾਈਆਂ ਨਾਲ ਪੈ ਗਿਆ ਏ ਵੈਰ ਨੀ
  ਮੈਨੂੰ ਲੱਗਦੈ ਹੁਣ ਸਾਲ਼ਿਆਂ ਦੀ ਖੈਰ ਨੀ
ਉਹ ਵੀ ਜੇ ਗੰਡਾਸੇ ਬਿੱਲੋ ਚੰਡੀ ਫਿਰਦੇ
ਗੱਡੀ ਮੇਰੀ ਵਿੱਚ ਗੰਨ ਵੀ ਪੁਰਾਣੀ ਰਹਿੰਦੀ ਆ
ਊਂ ਮਿੱਤਰਾਂ ਦੀ ਬੰਬੀ ਉੱਤੇ ਹਰ ਵੇਲੇ
ਵੈਲੀਆਂ ਦੀ ਢਾਹਣੀ ਰਹਿੰਦੀ ਆ।

ਗੀਤ ਸਪੱਸ਼ਟ ਕਰਦਾ ਹੈ ਕਿ ਮੁੰਡੇ ਹੱਥਾਂ ਵਿੱਚ ਹਥਿਆਰ ਲੈ ਕੇ ਸਿਰਫ ਸ਼ੁਦਾਈ ਜਾਂ ਹਿੰਸਕ ਹੋਏ ਫਿਰਦੇ ਹਨ, ਉਹਨਾਂ ਨੂੰ ਕਿਸੇ ਰਿਸ਼ਤੇ ਨਾਤਿਆਂ ਦੀ ਕੋਈ ਪ੍ਰਵਾਹ ਨਹੀਂ।
 
ਮਾਪੇ ਸੋਚਦੇ ਕਿ ਸਾਡਾ ਮੁੰਡਾ ਕਰਦਾ ਪੜ੍ਹਾਈਆਂ
ਮੁੰਡਾ ਐਤਕੀਂ  ਵੀ ਬੀ. ਏੇ. ਵਿੱਚੋਂ ਫੇਲ੍ਹ ਹੋ ਗਿਆ।
 ਜਾਂ ਦਸਵੀਂ ਦੇ ਵਿੱਚ ਬਦਮਾਸ਼ੀ ਸ਼ੁਰੂ ਕਰ ਲਈ
  ਮੈਥ ਵਾਲੀ ਮੈਡਮ ਸੀ ਯਾਰੋ ਬਾਹੋਂ ਫੜ ਲਈ
ਕਹਿੰਦੀ ਕਾਕਾ ਤੈਨੂੰ ਕੁਸ਼ ਪੜ੍ਹਨਾ ਨੀ ਆਉਂਦਾ
ਤੇਰੇ ਹੱਥਾਂ 'ਚੋਂ ਪੜ੍ਹਾਈ ਦੀ ਲਕੀਰ ਮਰਗੀ
ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ।

ਅੱਜ ਦੀ ਪੀੜ੍ਹੀ ਨੂੰ ਸਾਇੰਸ ਦੇ ਇਸ ਯੁੱਗ ਵਿੱਚ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਕੇ ਮਨੁੱਖੀ ਜੀਵਨ ਨੂੰ ਉਚੇਰਾ ਤੇ ਸੁਹਿਰਦ ਬਣਾਉਣ ਲਈ ਉਪਰਾਲਿਆਂ ਦੀ ਲੋੜ ਹੈ ਉੱਥੇ ਇਹਨਾਂ ਗੀਤਾਂ ਵਿੱਚ ਮੁੰਡੇ ਆਪਣਾ ਸਮਾਂ ਕੁੜੀਆਂ ਦੇ ਮਗਰ ਫਿਰਕੇ, ਜਾਂ ਬਦਮਾਸ਼ੀਆਂ ਕਰਕੇ ਜਾਇਆ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਦਕਿਆਨੂਸੀ ਗੱਲਾਂ ਨੂੰ ਨਕਾਰਨ ਦੀ ਬਜਾਇ ਉਹਨਾਂ ਦੀ ਪੜ੍ਹਾਈ ਦੀਆਂ ਲਕੀਰਾਂ ਹੱਥਾਂ ਵਿੱਚ ਲਿਖੀਆਂ ਹਨ ਦੱਸਿਆਂ ਜਾਂਦਾ ਹੈ ਮਿਹਨਤ ਜਾਂ ਜੀਵਨ ਦੇ ਅਸਲੀ ਅਦਰਸ਼ਾਂ ਨੂੰ ਅੱਖੋਂ ਪਰੋਖੋ ਕਰਨ ਦੀ ਇਜ਼ਾਜਤ ਹੈ।'ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ' ਗੀਤਕਾਰ ਕੀ ਕਹਿਣਾ ਚਾਹੁੰਦਾ ਹੈ, ਸਮਝ ਤੋਂ ਬਾਹਰ ਹੈ।
  ਗੇੜਾ ਪਿੰਡ ਤੋਂ ਵੱਡੇ ਵੈਲੀ ਲਾ ਗਏ
  ਗੈਰਹਾਜ਼ਰੀ ਦਾ ਫਾਇਦਾ ਹੀ ਉਠਾ ਗਏ
  ਬਈ ਚੌਂਕ 'ਚ ਕਰਾਂਗੇ ਡੱਕਰੇ। ਜਦੋਂ ਜਿੱਥੇ ਟੱਕਰੇ।ਬਈ ਟੱਕਰੇ।
 ਜਾਂ ਡੱਬ 'ਚ ਰਿਵਾਲਵਰ ਰੱਖਦਾ
  ਹਾਏ ਨੀ ਮੁੰਡਾ ਭਰ ਕੇ, ਹਾਏ ਨੀ ਮੁੰਡਾ ਭਰਕੇ।
 ਜਾਂ  ਕੋਈ ਖੜ੍ਹਾ ਦੁਨਾਲੀ ਲੈ ਕੇ, ਕੋਈ ਜਿਪਸੀ ਕਾਲੀ ਲੈ ਕੇ
ਗੰਨ ਗੋਲ਼ੀਆਂ ਦੇ ਨਾਲ ਫੁੱਲ, ਮੇਰੇ ਹੱਥਾਂ ਦੇ ਵਿੱਚ ਫੁੱਲ
ਉਹਨਾਂ ਕੋਲ ਹਥਿਆਰ ਬੜੇ ਨੇ, ਫੱਤੋ ਦੇ ਯਾਰ ਬੜੇ ਨੇ।

ਇਹੋ ਜਿਹੇ ਅਨੇਕਾਂ ਹੀ ਗੀਤ ਜਿਹਨਾਂ ਵਿੱਚ ਵੈਲੀ ਹੋਣਾ, ਬੱਕਰੇ ਬੁਲਾਉਣਾ ਡਾਲਰਾਂ ਨਾਲ ਜੇਬਾਂ ਭਰ ਕੇ ਦਿਖਾਵਾ ਕਰਨਾ, ਰਿਵਾਲਵਰ, ਦੁਨਾਲੀਆਂ ਲੈ ਕੇ ਗੁੰਡਿਆਂ ਦੀ ਦਿੱਖ ਬਣਾ ਕੇ, ਕਾਲੀਆਂ ਜਿਪਸੀਆਂ ਉੱਤੇ, ਕੁੰਢੀਆਂ ਮੁੱਛਾਂ ਨੂੰ ਵੱਟ ਦਿੰਦੇ ਹੋਏ, ਕੇਸ ਕਚਹਿਰੀਆਂ ਕੁੜੀਆਂ ਪਿੱਛੇ ਸ਼ੁਦਾਈ ਉਹਨਾਂ ਨੂੰ ਘਰੋਂ ਕੱਢਣ ਦੀ ਜੁਗਤ ਹੀ ਦੱਸਦੇ ਹਨ। ਉੰਜ ਤਾਂ ਕਈ ਵਾਰ ਮਾੜਚੂ ਜਿਹਾ ਮੁੰਡਾ ਸਟੇਜ ਤੋਂ ਇਹੋ ਜਿਹੇ ਗੀਤ ਗਾ ਰਿਹਾ ਹੁੰਦਾ ਹੈ ਪਰ ਇਹ ਭਾਰੇ ਭਾਰੇ ਸ਼ਬਦ ਬੋਲ ਕੇ ਲਵੀ ਉਮਰੇ ਨੌਜਵਾਨ ਮੁੰਡੇ ਆਪਣੇ ਆਪ ਨੂੰ ਵੈਲੀ ਸਮਝਣ ਲਗਦੇ ਹਨ। ਕਿਉਂਕਿ ਮਨੁੱਖੀ ਫਿਤਰਤ ਇਹੋ ਜਿਹੀ ਹੈ ਕਿ ਅਸੀਂ ਜੋ ਕੁੱਝ ਦੇਖਦੇ  ਤੇ ਸੁਣਦੇ ਹਾਂ ਉਹ ਸਾਰਾ ਕੁਝ ਅਸੀਂ ਆਪਣੇ ਤੇ ਲਾਗੂ ਕਰਦੇ ਹੋਏ ਆਪਣੇ ਹਲਾਤਾਂ ਮੁਤਾਬਕ ਆਪਣੇ ਆਪ ਨੂੰ ਉਸ ਵਿੱਚ ਗਹਿਗੱਚ ਕਰ ਲੈਣਾ ਚਾਹੁੰਦੇ ਹਾਂ।
  ਕਾਲੀ ਨਾਗਣੀ, ਕਾਲੀ ਨਾਗਣੀ
  ਜੇ ਮਿਲੇ ਭੋਰਾ ਜੱਟ ਨੂੰ
ਦੁਨੀਆਂ ਈ ਮੋਢੇ ਉੱਤੇ ਚੱਕ ਲਈਦੀ।
 ਜਾਂ ਅਜ਼ਮਾ ਕੇ ਦੇਖ ਲੈ ਨਸ਼ੇ ਸਾਰੇ
  ਐਨਾ ਵੀ ਨਾ ਡੋਪ ਸ਼ੋਪ ਮਾਰਿਆ ਕਰੋ।
 ਜਾਂ ਜੱਟ ਪੀ ਕੇ ਪੀ ਪੀ ਹੋ ਗਿਆ।
 ਜਾਂ  ਜਦੋਂ ਮੂੰਹ ਨੂੰ ਘੁੱਟ ਲਾਈ ਹੋਵੇ ਜੱਟ ਦੀ
  ਉਸ ਵੇਲੇ ਹੁੰਦੀਆ ਚੜ੍ਹਾਈ ਜੱਟ ਦੀ।
ਜਦੋਂ ਅਸੀਂ ਉੱਪਰ ਦਿੱਤੀ ਵੰਨਗੀ ਨੂੰ ਸੁਣਦੇ ਹਾਂ ਜਾਂ ਟੀ. ਵੀ., ਇੰਟਰਨੈੱਟ, ਯੂ ਟਿਊਬ ਆਦਿ ਤੇ ਦੇਖਦੇ ਹਾਂ ਕਿ ਕੁੜੀਆਂ ਜਾਂ ਮੁੰਡੇ ਕਿਵੇਂ ਨਸ਼ਿਆਂ ਦੇ ਵਿੱਚ ਗੜੁੱਚ, ਅੱਧਨੰਗੇ ਕਿੰਨਾ ਭੱਦਾ ਨਾਚ ਨੱਚਦੇ ਹਨ ਤੇ ਇਨ੍ਹਾਂ ਗਾਣਿਆ ਵਿੱਚ ਕੋਈ ਵੀ ਅਜਿਹਾ ਨਸ਼ਾ ਨਹੀਂ ਜਿਸਦਾ ਵਰਨਣ ਨਾ ਕੀਤਾ ਜਾਂਦਾ ਹੋਵੇ। ਜਿਨ੍ਹਾਂ ਲੋਕਾਂ ਨੂੰ ਇਹਨਾਂ ਬਾਰੇ ਪਤਾ ਵੀ ਨਹੀਂ, ਉਹਨਾਂ ਨੂੰ ਵੀ ਇਹਨਾਂ ਦੀ ਭਰਭੂਰ ਜਾਣਕਾਰੀ ਇਸ ਅਸ਼ਲੀਲ ਸਾਹਿਤ ਤੋਂ ਮਿਲ ਸਕਦੀ ਹੈ।
  ਤੈਨੂੰ ਘੇਰ ਕੇ ਗਲ਼ੀ ਦੇ ਵਿੱਚ ਵੱਢਣਾ
  ਕਹਿੰਦੇ ਮੇਰੇ ਵੀਰ ਮਿੱਤਰਾ
  --------------
  ਤੇਰੇ ਵੀਰਾਂ ਦਾ ਜਲੂਸ ਜੇ ਨਾ ਕੱਢਿਆ
  ਮਜ਼ਬੀ ਦਾ ਪੁੱਤ ਨਾ ਕਹੀਂ।
 ਜਾਂ ਅੱਜ ਨੱਚਣਾ ਚਮਾਰਾਂ ਨੇ ਐ ਨੱਚਣਾ
 ਜਾਂ  ਹੱਥ ਲੈ ਕੇ ਹਥਿਆਰ, ਜਦ ਨਿਕਲੇ ਚਮਾਰ
ਫਿਰ ਦੇਖਿਓ ਪਟਾਕਾ ਕਿਵੇਂ ਪਊ ਮਿੱਤਰੋ
ਅੱਜ ਵੇਖਦੇ ਆਂ ਪੰਗਾ ਕੌਣ ਲਊ ਮਿੱਤਰੋ

ਇਹੋ ਜਿਹਾ ਸਾਹਿਤ ਅੱਤ ਦਰਜੇ ਦਾ ਘਟੀਆ ਸਾਬਤ ਹੁੰਦਾ ਹੈ ਜੋ ਜੱਟਵਾਦ, ਚਮਾਰ ਜਾਂ ਹੋਰ ਜਾਤਾਂ ਦੀਆਂ ਗੱਲਾਂ ਕਰਦਾ ਹੈ। ਉਹ ਲੋਕਾਂ ਨੂੰ ਜਾਤਾਂ-ਗੋਤਾਂ ਵਿੱਚ ਵੰਡ ਕੇ, ਪਾੜ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਂਦਾ ਹੈ ਅਤੇ ਲੋਕਾਂ ਦੇ ਅਸਲੀ ਮਕਸਦ ਤੋਂ ਦੂਰ ਲਿਜਾਣਾ ਚਾਹੁੰਦਾ ਹੈ। ਐਹੋ ਜਿਹੇ ਲ਼ੇਖਕ ਲੋਕਾਂ ਨੂੰ ਇਹ ਦੱਸਣ ਦੀ ਬਜਾਇ ਕਿ ਜਾਤ ਗੋਤ ਕੁਝ ਨਹੀਂ ਹੁੰਦੇ ਸਗੋਂ ਜਾਤਾਂ ਤਾਂ ਦੋ ਹਨ ਇੱਕ ਅਮੀਰ ਜਾਤ ਤੇ ਦੂਸਰੀ ਗ਼ਰੀਬ ਜਾਤ ਜਾਂ ਕਹਿ ਲਉ ਇੱਕ ਅਮੀਰ ਜਮਾਤ ਤੇ ਦੂਜੀ ਗ਼ਰੀਬ ਜਮਾਤ। ਲੜਾਈ ਤਾਂ ਗ਼ਰੀਬ ਜਮਾਤ ਨੂੰ ਅਮੀਰ ਜਮਾਤ ਨਾਲ ਵਿੱਢਣੀ ਚਾਹੀਦੀ ਹੈ ਜਿਹੜੇ ਉਸਦੀ ਕਿਰਤ ਕਮਾਈ ਨੂੰ ਆਪਣੀ ਐਸ਼ੋਇਸ਼ਰਤ ਰਾਹੀਂ ਉਸਦੀ ਜ਼ਿੰਦਗੀ ਨੂੰ ਹਾਲੋਂ ਬੇਹਾਲ ਕਰ ਰਹੇ ਹਨ। ਇਹੋ ਜਿਹੇ ਸਾਹਿਤਕਾਰ ਗਾਹੇ ਵਗਾਹੇ ਪੂੰਜੀਵਾਦ ਦੀ ਸੇਵਾ ਵਿੱਚ ਲੱਗੇ ਹੋਏ ਹਨ।
  ਸੁਣ ਨੀ ਚੁੜੇਲੇ ਰੱਤ ਪੀਣ ਵਾਲੀਏ
  ਨਰਕਾਂ ਨੂੰ ਜਾਵਂੇ ਜਮਾਂ ਦੀਏ ਸਾਲੀਏ
  ਨੀ ਤੂੰ ਲੈਲਾ ਵਾਂਗੂੰ ਮਾਸ ਸਾਡਾ ਨੋਚਿਆ
ਭੋਰਾ ਨਾ ਕਸਰ ਛੱਡ ਗਈ
ਕੀੜੇ ਪੈਣਗੇ ਮਰੇਗੀਂ ਸੱਪ ਲੜ ਕੇ
ਜੇ ਮਿੱਤਰਾਂ ਦੀ ਹਾ ਲੱਗ ਗਈ।
 ਜਾਂ ਰੰਨ ਮਿੱਤ ਕਿਸੇ ਦੀ ਨਾ
  ਭਾਵੇਂ ਵੇਖ ਲਉ ਅਜ਼ਮਾ ਕੇ।

ਪਤਾ ਨਹੀਂ ਗੀਤਕਾਰ ਨੇ ਇਹ ਲਿਖਣ ਲੱਗਿਆਂ ਆਪਣੀ ਮਾਂ, ਭੈਣ, ਧੀ ਜਾਂ ਪਤਨੀ ਬਾਰੇ ਬਿਲਕੁਲ ਨਹੀਂ ਸੋਚਿਆ ਹੋਵੇਗਾ? ਕੀ ਇੱਕ ਔਰਤ ਰੱਤ ਪੀਣੀ ਚੁੜੇਲ ਹੈ? ਜਾਂ ਜਮਾਂ ਦੀ ਸਾਲੀ ਹੈ? ਜਾਂ ਉਹ ਮਰਦ ਦਾ ਮਾਸ ਨੋਚਦੀ ਹੈ? ਉਸਦੇ ਕੀੜੇ ਪੈਣੇ ਚਾਹੀਦੇ ਹਨ? ਜਾਂ ਸੱਪ ਲੜ ਜਾਣੇ ਚਾਹੀਦੇ ਹਨ? ਕੀ ਉਸਨੇ ਔਰਤ ਦੀ ਸੰਵੇਦਨਸ਼ੀਲਤਾ, ਸਹਿਣਸ਼ੀਲਤਾ, ਪਿਆਰ ਦੀ ਰੂਹਾਨੀਅਤ ਬਾਰੇ ਕਦੇ ਵੀ ਨਹੀਂ ਸੋਚਿਆ? ਕੀ ਉਸਨੇ ਔਰਤ ਦੇ ਹਲਾਤਾਂ, ਸਮਾਜਕ ਬੰਧਨਾਂ, ਮਜ਼ਬੂਰੀਆਂ ਬਾਰੇ ਸੋਚ ਕੇ ਇਹ ਸਭ ਲਿਖਿਆ ਹੈ? ਜਾਂ ਔਰਤ ਨੂੰ ਸਦੀਆਂ ਤੋਂ ਦੱਬੀ ਕੁਚਲੀ ਸਮਝ ਕੇ ਉਸਤੇ ਇਸ ਤਰ੍ਹਾਂ ਦੀ ਚਿੱਕੜ ਉਛਾਲੀ ਕੀਤੀ ਹੈ? ਕੀ ਇਹ ਸਹੀ ਹੈ ? ਕੀ ਬਿਲਕੁਲ ਇਹੋ ਜਿਹੀਆਂ ਔਰਤਾਂ ਹੁੰਦੀਆਂ ਹਨ ? ਇਹ ਲੇਖਕ ਅਸਲੀਅਤ ਤੋਂ ਲਾਂਭੇ ਹਨ। ਕੀ ਜੰਗ ਵਿੱਚ ਲੜਨ ਵਾਲੀ ਰਾਣੀ ਝਾਂਸੀ ਲਕਸ਼ਮੀ ਬਾਈ, ਮਾਤਾ ਸਾਹਿਬ ਕੌਰ, ਮਾਈ ਭਾਗੋ, ਭਗਵਤੀ ਚਰਨ ਦੀ ਪਤਨੀ ਦੁਰਗਾ ਦੇਵੀ ਜਿਸਨੇ ਭਗਤ ਸਿੰਘ ਦਾ ਸਾਥ ਦਿੱਤਾ ਸੀ, ਕੀ ਉਹ ਔਰਤਾਂ ਨਹੀਂ ਸਨ ? ਕੀ ਇਹ ਲੇਖਕ ਉਹਨਾਂ ਬਹਾਦਰ ਔਰਤਾਂ ਨੂੰ ਅੱਖੋਂ ਪਰੋਖੇ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਰਹੇ ? ਕੀ ਉਹ ਔਰਤਾਂ ਨਹੀਂ ਸਨ ਜੋ ਆਪਣੇ ਪ੍ਰੇਮੀਆਂ ਲਈ (ਹੀਰ, ਸੋਹਣੀ, ਸੱਸੀ ਆਦਿ) ਆਪਣੇ ਪਿਆਰ ਤੋਂ ਜਾਨ ਕੁਰਬਾਨ ਕਰ ਗਈਆਂ ? ਇਹਨਾਂ ਔਰਤਾਂ ਨੂੰ ਭੁਲਾਉਣਾ ਸਾਡੀ ਇੱਕ ਵੱਡੀ ਭੁੱਲ ਹੈ।

ਸਵਾਲ ਇਹ ਉਠਦਾ ਹੈ ਕਿ ਇਹੋ ਜਿਹਾ ਸਾਹਿਤ ਲਿਖਿਆ ਕਿਉਂ ਜਾਂਦਾ ਹੈ? ਇਸਦਾ ਕਾਰਣ ਇਹ ਹੈ ਕਿ ਜਿਹੜੀ ਧਿਰ ਸਮਾਜਕ ਪ੍ਰਬੰਧ ਤੇ ਕਾਬਜ਼ ਹੁੰਦੀ ਹੈ ਉਹ ਜਿਹੋ ਜਿਹਾ ਸਭਿਆਚਾਰ ਚਾਹੁੰਦੀ ਹੈ, ਉਸ ਨੂੰ ਪੈਦਾ ਕਰਕੇ ਆਪਣੇ ਪੱਖ ਵਿੱਚ ਖੜ੍ਹਾ ਕਰਨ ਲਈ ਹਰ ਤਰ੍ਹਾਂ ਦੇ ਸਾਧਨਾਂ ਨਾਲ ਪ੍ਰਚਾਰ ਕਰਕੇ ਪੈਸੇ ਦੇ ਜ਼ੋਰ ਤੇ ਉਹ ਉਹਨਾਂ ਲੇਖਕਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਮੱਦਦ ਕਰਦੀ ਰਹਿੰਦੀ ਹੈ।ਬਾਹਰਲੇ ਦੇਸ਼ਾਂ ਵਿੱਚ ਵੀ ਹਜ਼ਾਰਾਂ ਹੀ ਸਭਿਆਚਾਰ ਦੇ ਨਾਂ ਤੇ ਨੱਚਣ ਗਾਉਣ ਦੇ ਸਕੂਲ ਖੋਲ੍ਹੇ ਜਾ ਰਹੇ ਹਨ ਜਦਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕਿਹੋ ਜਿਹੇ ਸ਼ਬਦਾਂ ਤੇ ਨੱਚ ਰਹੇ ਹਨ, ਉਹ ਤਾਂ ਸਿਰਫ ਤਾਲ ਤੇ ਨੱਚ ਰਹੇ ਹਨ।

ਸ਼ਹੀਦ ਭਗਤ ਸਿੰਘ ਨੇ ਆਪਣੇ ਲੇਖ "ਸਾਹਿਤ ਤੇ ਲੋਕ ਚੇਤੰਨਤਾ" ਵਿੱਚ ਕਿਹਾ ਹੈ ਕਿ, "ਜਿਸ ਦੇਸ਼ ਦੇ ਸਾਹਿਤ ਦਾ ਵਹਾਅ ਜਿਸ ਪਾਸੇ ਵਗਦਾ ਹੈ, ਠੀਕ ਉਸੇ ਪਾਸੇ ਉਹ ਦੇਸ਼ ਵੀ ਵੱਧ ਰਿਹਾ ਹੁੰਦਾ ਹੈ।ਕਿਸੇ ਵੀ ਜਾਤੀ ਦੀ ਉੱਨਤੀ ਲਈ, ਉੱਚ ਕੋਟੀ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਉਂ ਜਿਉਂ ਦੇਸ਼ ਦਾ ਸਾਹਿਤ ਉੱਚਾ ਉਠਦਾ ਹੈ, ਤਿਉਂ ਤਿਉਂ ਦੇਸ਼ ਤਰੱਕੀ ਕਰਦਾ ਜਾਂਦਾ ਹੈ।"

ਇਸਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਸਾਹਿਤ ਦਾ ਵਹਾਅ ਨਸ਼ਿਆਂ, ਹਥਿਆਰਾਂ, ਅਸ਼ਲੀਲਤਾ, ਜਾਤੀਵਾਦ, ਕਾਮ ਉਕਸਾਊ ਜਜ਼ਬਿਆਂ, ਰਿਸ਼ਤਿਆਂ ਪ੍ਰਤੀ ਜਾਲ਼ਸਾਜ਼ੀ, ਬੇਹੁਰਮਤੀ, ਅੰਧਵਿਸ਼ਵਾਸੀ, ਲੋਕ ਵਿਰੋਧੀ, ਬਿਮਾਰ ਮਾਨਸਿਕਤਾ, ਨੰਗੇਜ਼ ਤੇ ਵਿਸ਼ਵਮੰਡੀ ਦੀ ਦੌੜ ਵਿੱਚ ਰੁੜਿਆ ਜਾ ਰਿਹਾ ਹੈ।ਇਹ ਨਹੀਂ ਹੈ ਕਿ ਵਧੀਆ ਗੀਤ ਲਿਖੇ ਨਹੀਂ ਗਏ ਜਾਂ ਜਾ ਰਹੇ। ਇਹ ਤਾਂ ਇਤਿਹਾਸ ਗਵਾਹ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਹਮੇਸ਼ਾਂ ਗਰੀਬ ਤੇ ਮਜ਼ਲੂਮ ਮਨੁੱਖਤਾ ਦਾ ਸਾਥ ਦਿੱਤਾ ਹੈ ਚਾਹੇ ਉਹ ਭਗਤੀ ਲਹਿਰ ਦੇ ਕਵੀ ਕਬੀਰ, ਰਵੀਦਾਸ, ਗੁਰੁ ਨਾਨਕ ਜਾਂ ਗੁਰੁ ਗੋਬਿੰਦ ਸਿੰਘ ਜਿਨ੍ਹਾਂ ਨੇ ਹਮੇਸ਼ਾਂ ਭਾਈ ਲਾਲੋਆਂ ਦਾ ਸਾਥ ਦਿੱਤਾ ਤੇ ਮਲਕ ਭਾਗੋਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਸਤੋਂ ਬਾਅਦ ਗਦਰ ਲਹਿਰ ਦੇ ਗਦਰੀ ਬਾਬਿਆਂ ਵਲੋਂ ਦੇਸ਼ ਨੂੰ ਅਜ਼ਾਦ ਕਰਾਉਣ ਲਈ ਬਹੁਤ ਹੀ ਜੋਸ਼ੀਲੇ ਤੇ ਅਰਥ ਭਰਭੁਰ ਗੀਤ ਜੋ ਲੋਕਾਂ ਦੀ ਅਜ਼ਾਦੀ ਤੇ ਅਗਾਂਹਵਧੂ ਜ਼ਜਬਿਆਂ ਨੂੰ ਉਤਸਾਹਤ ਕਰਦੇ ਸਨ ਲਿਖੇ ਗਏ। ਉਸ ਵੇਲੇ ਲੋਕਾਂ ਦਾ ਵਹਾਅ ਅਜ਼ਾਦੀ ਦਾ ਸੁਫਨਾ ਸੀ, ਅੱਜ ਵੀ ਇਹ ਸਤਰਾਂ ਭੁੱਲਣੀਆਂ ਮੁਸ਼ਕਲ ਹਨ:-
  ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
  ਕਿਤੇ ਦਿਲੋਂ ਨਾ ਕਦੇ ਭੁਲਾ ਦੇਣਾ।
 ਜਾਂ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
  ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
  ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
  ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਉਸਤੋਂ ਬਾਅਦ ਪ੍ਰੋ. ਮੋਹਣ ਸਿੰਘ, ਬਾਵਾ ਬਲਵੰਤ, ਧਨੀ ਰਾਮ ਚਾਤ੍ਰਿਕ ਆਦਿ ਵਰਗੇ ਕਵੀਆਂ ਨੇ ਲੋਕ ਪੱਖੀ ਸਾਹਿਤ ਲਿਖ ਕੇ ਰਹਿੰਦੀ ਦੁਨੀਆਂ ਤੱਕ ਆਪਣੀ ਜਗ੍ਹਾ ਬਣਾਈ ਹੈ।੬੦-੮੦ਵਿਆਂ ਦੇ ਦੌਰ ਵਿੱਚ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਬਹੁਤ ਸਾਰਾ ਸਾਹਿਤ ਰਚਿਆ ਗਿਆ। ਉਹਨਾਂ ਵਿੱਚੋਂ ਵਰਨਣਯੋਗ ਸੰਤ ਰਾਮ ਉਦਾਸੀ ਦੇ ਲਿਖੇ ਬੋਲ ਅੱਜ ਵੀ ਲੋਕਾਂ ਦੀਆਂ ਜ਼ੁਬਾਨਾਂ ਤੇ ਉਵੇਂ ਦੇ ਉਵੇਂ ਉਕਰੇ ਪਏ ਹਨ। ਜਿਵੇਂ:-
  ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ
  ਬੋਹਲਾਂ ਵਿੱਚੋਂ ਨੀਰ ਵਗਿਆ।
  ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
  ਤੂੜੀ ਵਿੱਚੋਂ ਪੁੱਤ ਜੱਗਿਆ।

ਇਸ ਗੀਤ ਵਿੱਚ ਜੱਟ ਤੇ ਸੀਰੀ ਦੇ ਦੁੱਖਾਂ ਸੁੱਖਾਂ ਦੀ ਸਾਂਝ ਨੂੰ ਦਰਸਾਇਆ ਗਿਆ ਹੈ ਅੱਜ ਦੇ ਵਿਪਰੀਤ ਆਹਮੋ ਸਾਹਮਣੇ ਚਮਾਰ ਜਾਂ ਜੱਟ ਦੁਨਾਲੀਆਂ ਲੈ ਕੇ ਨਹੀਂ ਖੜ੍ਹੇ।
  ਦਬਾ ਦਬ ਚੱਲ ਮੇਰੇ ਬੈਲਾਂ ਦੀਏ ਜੋੜੀਏ ਨੀ
  ਬੀਜਣੇ ਨੇ ਅਸੀਂ ਹਥਿਆਰ
  ਮੁੜ੍ਹਕੇ ਦਾ ਵੱਤਰ ਮੈਂ ਮਸਾਂ ਹੈ ਸੰਭਾਲਿਆ ਨੀ
  ਪਵੇ ਨਾ ਚੁਮਾਸਿਆ ਦੀ ਮਾਰ।
 ਜਾਂ ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ,
  ਬੜੇ ਹੀ ਅਸੀਂ ਦੁੱਖੜੇ ਜਰੇ।
  ਆਖਣਾ ਸਮੇਂ  ਦੀ ਸਰਕਾਰ ਨੂੰ,
  ਉਹ ਗਹਿਣੇ ਸਾਡਾ ਦੇਸ਼ ਨਾ ਧਰੇ।

ਗੱਲ ਤਾਂ ਇੱਥੇ ਵੀ ਹਥਿਆਰਾਂ ਦੀ ਕੀਤੀ ਗਈ ਹੈ ਪਰ ਇਹ ਹਥਿਆਰ ਲੋਕਾਂ ਨੂੰ ਵੱਢਣ ਟੁੱਕਣ ਲਈ ਨਹੀਂ ਸਗੋਂ ਮਾੜੇ ਪ੍ਰਬੰਧ ਦੇ ਖਿਲਾਫ ਲਾਮਬੰਦੀ ਦਾ ਸੁਨੇਹਾ ਹੈ ਅਤੇ ਸਮੇਂ ਦੀ ਸਰਕਾਰ ਨੂੰ ਘੁਰਕੀ ਵੀ ਹੈ।
  ਹੱਸ ਹੱਸ ਤੋਰਦੇ ਤੂੰ ਡੋਲੀ ਮੇਰੀ ਬਾਬਲਾ ਵੇ
  ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ।
  ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ
  ਮਾਂਗ ਮੇਰੀ ਮੰਗਦੀ ਸੰਧੂਰ।
 ਜਾਂ ਜੰਮੀਂ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ,
  ਜਿੱਥੇ ਸੱਧਰਾਂ ਤੇ ਸੰਗਲ ਰਵੇ।
  ਜਿੱਥੇ ਮੇਰੇ ਵੀਰ ਦੀਆਂ ਕੱਚੀਆਂ ਤਰੇਲ੍ਹੀਆਂ ਦਾ
  ਚੱਪਾ ਟੁੱਕ ਮੁੱਲ ਨਾ ਪਵੇ।
 ਜਾਂ ਪੁੱਤ ਬਣਕੇ ਕਮਾਊਂ ਘਰ ਤੇਰੇ,
  ਚਿੱਤ ਨਾ ਡੁਲਾਈਂ ਬਾਬਲਾ
  ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
  ਚਿੱਤ ਨਾ ਡੁਲਾਈਂ ਬਾਬਲਾ।

ਇਨ੍ਹਾਂ ਗੀਤਾਂ ਵਿੱਚ ਜਿੱਥੇ ਆਮ ਮਨੁੱਖ ਦੀਆਂ ਜ਼ਿੰਦਗੀ ਦਾ ਲੋੜਾਂ ਥੋੜਾਂ ਅਤੇ ਅਮੀਰ ਜਮਾਤ ਦੀਆਂ ਵਧੀਕੀਆਂ ਰਾਹੀਂ ਕੀਤੀ ਜਾਂਦੀ ਲੁੱਟ ਚੋਂਘ ਨੂੰ ਦਰਸਾਇਆ ਹੈ ਉੱਥੇ ਪਰਿਵਾਰਕ ਰਿਸ਼ਤਿਆਂ ਵਿੱਚ ਇੱਕ ਦੂਜੇ ਦਾ ਸਾਥ ਤੇ ਪਿਆਰ ਦੀ ਭਾਵਨਾ ਇੱਕ ਮੂੰਹ ਬੋਲਦੀ ਤਸਵੀਰ ਹੈ।
ਇਸੇ ਹੀ ਦੌਰ ਦੇ ਕਵੀ ਪਾਸ਼ ਨੇ ਕੁਝ ਕੁ ਗੀਤ ਹੀ ਲਿਖੇ ਪਰ ਉਹ ਕਦੇ ਵੀ ਲੋਕਾਂ ਨੂੰ ਭੁੱਲੇ ਨਹੀਂ ਹਨ।
  ਪੈਰਾਂ ਦੀਏ ਮਿੱਟੀਏ, ਪਹਾੜ ਬਣ ਜਾਈਂ
  ਕੱਖਾਂ ਦੀਏ ਕੁੱਲੀਏ, ਮਿਨਾਰ ਬਣ ਜਾਈਂ
  ਆਪਣੀ ਕਮਾਈ ਸਾਂਭ ਰੱਖ ਨੀ
  ਕਿਰਤੀ ਦੀਏ ਕੁੱਲੀਏ
  ਲੱਖ ਲੱਖ ਦਾ ਏ ਤੇਰਾ ਕੱਖ ਨੀ
  ਕਿਰਤੀ ਦੀਏ ਕੁੱਲੀਏ।
 ਜਾਂ ਸੋਨੇ ਦੀ ਸਵੇਰ ਜਦੋਂ ਆਊ ਹਾਣੀਆ,
  ਨੱਚੇਗਾ ਅੰਬਰ ਭੂਮੀ ਗਾਊ ਹਾਣੀਆ।

ਪਰ ਇਹ ਗੀਤਕਾਰਾਂ ਨੂੰ ਜਿਨ੍ਹਾਂ ਨੇ ਲੋਕਪੱਖੀ ਸਾਹਿਤ ਲਿਖਿਆ ਉਹਨਾਂ ਦੀ ਕਲਮ ਰੂਪੀ ਅਵਾਜ਼ ਨੂੰ ਖਤਮ ਕਰਨ ਲਈ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਰਥਾਤ ਉਹਨਾਂ ਦੇ ਸਾਹਿਤਕ ਪਿੜ ਵਿੱਚ ਅਨੇਕ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਜਿਵੇਂ ਜੇਲ੍ਹਾਂ ਵਿੱਚ ਡੱਕਿਆ ਜਾਣਾ, ਜ਼ਿੰਦਗੀ ਤੋਂ ਵਾਂਝੇ ਕੀਤਾ ਜਾਣਾ ਜਾਂ ਫਿਰਕੂ ਤਾਕਤਾਂ ਤੋਂ ਕਤਲ ਕਰਵਾਉਣਾ(ਜਿਵੇਂ ਪਾਸ਼ ਅਤੇ ਜੈਮਲ ਪੱਡਾ ਆਦਿ ਨੂੰ)। ਅੱਖਾਂ ਵਿੱਚ ਤੇਜ਼ ਰੌਸ਼ਨੀ ਪਾ ਕੇ ਅੱਖਾਂ ਦੀ ਜੋਤ ਗਵਾ ਦੇਣਾ।(ਜਿਵੇਂ ਸੰਤ ਰਾਮ ਉਦਾਸੀ ਦੀ) ਉਹਨਾਂ ਦੇ ਦਿਮਾਗ ਤੇ ਸੱਟਾਂ ਮਾਰੀਆਂ ਜਾਂਦੀਆਂ ਹਨ ਕਿ ਉਹ ਲੋਕ ਪੱਖੀ ਸਾਹਿਤ ਲਿਖਣ ਦੀ ਜ਼ੁਅਰਤ ਨਾ ਕਰਨ।ਪਰ ਫਿਰ ਵੀ ਬਹੁਤ ਵਧੀਆ ਸਾਹਿਤ ਲਿਖਿਆ ਵੀ ਜਾ ਰਿਹਾ ਹੈ ਪਰ ਸਾਡੇ ਲੋਕਾਂ ਦੇ ਹੱਥ ਹੈ ਕਿ ਅਸੀਂ ਉਸ ਨੂੰ ਸਮਾਜ ਦੇ ਰੂ ਬਰੂ ਕਿਵੇਂ ਕਰਨਾ ਹੈ।

ਅਸੀਂ ਦੋਨੋਂ ਤਰ੍ਹਾਂ ਦੇ ਗੀਤਾਂ ਨੂੰ ਸਾਹਮਣੇ ਰੱਖ ਕੇ ਸੋਚਣਾ ਹੈ ਕਿ ਸਾਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਕਿਹੋ ਜਿਹੇ ਗੀਤਾਂ ਦੀ ਲੋੜ ਹੋਣੀ ਚਾਹੀਦੀ ਹੈ। ਜਦੋਂ ਇਹੋ ਜਿਹੇ ਗਾਉਣ ਵਾਲੇ ਗਾਉਣਾ ਸ਼ੁਰੂ ਕਰਦੇ ਹਨ ਤਾਂ ਰੱਬ ਦੇ ਨਾਂ ਤੇ ਇੱਕ ਗੀਤ ਗਾ ਕੇ ਉਸਤੋਂ ਖੁਲਦਿਲੀ ਨਾਲ ਲੱਚਰ ਗੀਤ ਗਾਉਣ ਦੀ ਆਗਿਆ ਲੈ ਲੈਂਦੇ ਹਨ।ਜਦੋਂ ਰੱਬ ਨੇ ਪ੍ਰਵਾਨਗੀ ਦੇ ਦਿੱਤੀ ਤਾਂ ਆਪਾਂ ਉਸਦਾ ਵਿਰੋਧ ਕਿਵੇਂ ਕਰ ਸਕਦੇ ਹਾਂ? ਬੇਸ਼ੱਕ ਇਹ ਗੀਤ ਘਟੀਆ ਹਨ ਪਰ ਇਹਨਾਂ ਨੂੰ ਸੁਣਨ ਵੇਲੇ ਲੋਕਾਂ ਦੀ ਗਿਣਤੀ ਦੁੱਗਣੀ ਤਿੱਗਣੀ ਹੁੰਦੀ ਹੈ ਤੇ ਲੋਕ ਹਜ਼ਾਰਾਂ ਰੁਪਿਆ ਇਹਨਾਂ ਗਾਉਣ ਵਾਲਿਆਂ ਦੇ ਉੱਤੋਂ ਵਾਰ ਸੁੱਟਦੇ ਹਨ। ਇਹ ਕਿਉਂ ? ਤੇ ਇਸਦੇ ਪਿੱਛੇ ਕੀ ਹੈ ? ਇਹ ਕੁਝ ਜਮਾਤਾਂ ਦੀ ਗਿਣੀ ਮਿੱਥੀ ਸਾਜ਼ਸ਼ ਜਾਪਦੀ ਹੈ ਜਿਨ੍ਹਾਂ ਵਲੋਂ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੁੱਟਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ ਜਿਵੇਂ ਜਵਾਨ ਦਿਲਾਂ ਦੀ ਸੋਚ ਨੂੰ ਦਬਾਉਣ ਲਈ ਇਹ ਲੱਚਰਪੁਣੇ ਦਾ ਸ਼ਿਕਾਰ ਬਣਾਉਣਾ ਕਿਉਂਕਿ ਨੌਜਵਾਨ ਪੀੜ੍ਹੀ ਉਹਨਾਂ ਦੀਆਂ ਹਰਕਤਾਂ ਵੱਲ ਉਂਗਲ ਨਾ ਕਰ ਸਕਣ। ਸਮਾਜ ਦੀਆਂ ਲੁਟੇਰੀਆਂ ਜਮਾਤਾਂ ਦੀ ਜਕੜ ਨੂੰ ਹੋਰ ਮਜ਼ਬੂਤ ਕਰਨ ਲਈ ਲੋਕਾਂ ਨੂੰ ਜ਼ਿੱਲਤ ਭਰੇ ਭਰਿਸ਼ਟ ਲੱਚਰ ਸਾਹਿਤ ਰਾਹੀਂ ਖੱਸੀ ਤੇ ਨਿਰਾਸ਼ਾ ਭਰੇ ਮਾਹੌਲ ਵਿੱਚ ਧੱਕਣ ਦਾ ਜੋਰ ਲਾਇਆ ਜਾ ਰਿਹਾ ਹੈ।ਕੈਸਟ ਕਲਚਰ ਪੈਦਾ ਕੀਤਾ ਜਾ ਰਿਹਾ ਹੈ। ਇਹੀ ਕਾਰਣ ਹੈ ਕਿ ਲੁਟੇਰੀਆਂ ਜਮਾਤਾਂ ਵਲੋਂ ਗੀਤਾਂ ਦੇ ਅਜਿਹੇ ਲੇਖਕਾਂ ਨੂੰ ਵਿਸ਼ੇਸ਼ ਸਰਟੀਫਿਕੇਟਾਂ ਅਤੇ ਇਨਾਮਾਂ ਰਾਹੀਂ ਇਨ੍ਹਾਂ ਦੀਆਂ ਝੋਲ਼ੀਆਂ ਭਰੀਆਂ ਜਾਂਦੀਆਂ ਹਨ।ਇਹਨਾਂ ਦੇ ਘਟੀਆ ਤੋਂ ਘਟੀਆ ਗੀਤਾਂ ਨੂੰ ਰਿਕਾਰਡ ਕਰਵਾਇਆ ਜਾਂਦਾ ਹੈ। ਇਹਨਾਂ ਨੂੰ ਧੰਨ ਦੇ ਨਾਲ ਮਾਲੋਮਾਲ ਕੀਤਾ ਜਾਂਦਾ ਹੈ, ਹਰ ਪਾਸਿਉਂ ਮਾਨਤਾ ਦਿੱਤੀ ਜਾਂਦੀ ਹੈ।ਅੱਜ ਕੱਲ ਸਰਕਾਰਾਂ ਨੇ ਅਗਰ ਕੋਈ ਰਾਜਨੀਤਿਕ ਇਕੱਠ ਕਰਨਾ ਹੈ ਜਾਂ ਕੋਈ ਟੂਰਨਾਮੈਂਟ ਕਰਵਾਉਣਾ ਹੈ ਤਾਂ ਸਰਕਾਰਾਂ ਆਪਣੇ ਇਕੱਠ ਨੂੰ ਵਧਾਉਣ ਲਈ ਇਹਨਾਂ ਲੱਚਰ ਗੀਤਾਂ ਦੇ ਗਾਇਕਾਂ ਨੂੰ ਸਟੇਜ ਤੋਂ ਲੋਕਾਂ ਦੀ ਸੋਚ ਨੂੰ ਖੁੰਢਾ ਕਰਨ ਦੇ ਹੱਥਕੰਡੇ ਵਰਤ ਦੀਆਂ ਹੈ।ਅਸੀਂ ਲੋਕ ਇਹਨਾਂ ਨੂੰ ਮਨੋਰੰਜਨ ਦਾ ਸਾਧਨ ਸਮਝ ਕੇ ਚੁੱਪ ਬੈਠੇ ਰਹਿੰਦੇ ਹਾਂ ਇਹ ਨਹੀਂ ਸੋਚਦੇ ਕਿ ਇਸਦਾ ਸਾਡੀ ਨੌਜਵਾਨ ਪੀੜ੍ਹੀ ਤੇ ਕਿੰਨਾ ਗਲਤ ਅਸਰ ਪੈ ਰਿਹਾ ਹੈ।ਕਈ ਵਾਰ ਤਾਂ ਇਹ ਲੱਗਦਾ ਹੈ ਭਾਰਤ ਤਾਂ ਸਿਰਫ ਨੱਚਣ ਗਾਉਣ ਦੇ ਰਾਹ ਹੀ ਤੁਰ ਪਿਆ ਹੈ, ਇੱਕ ਇੱਕ ਪਿੰਡ ਵਿੱਚ ਪਤਾ ਨਹੀਂ ਕਿੰਨੇ ਗਾਉਣ ਵਾਲੇ ਤੁਰੇ ਫਿਰਦੇ ਹਨ ਅਤੇ ਨਾਲ ਥੋੜ੍ਹੇ ਥੋੜ੍ਹੇ ਪੈਸਿਆਂ ਤੇ ਅਨੇਕਾਂ ਹੀ ਕੁੜੀਆਂ ਬਕਿਨੀਆਂ  ਪਾ ਕੇ ਨੱਚਣ ਲਈ ਤਿਆਰ ਹਨ।ਪਿੰਡਾਂ ਵਿੱਚ ਬਹੁਤੇ ਮੁੰਡੇ ਜ਼ਮੀਨਾਂ ਵੇਚ ਕੇ ਕੈਸਟ ਰਿਕਾਰਡ ਕਰਾਉਣ ਦੇ ਚੱਕਰ ਵਿੱਚ ਸਾਰੀ ਜ਼ਮੀਨ ਗਿਰਵੀ ਰੱਖ ਕੇ ਘਰਾਂ ਦੇ ਘਰ ਉਜਾੜ ਰਹੇ ਹਨ।

ਅੱਜ ਦੇ ਲੇਖਕ ਕੋਲ ਸਿਰਫ ਦੋ ਹੀ ਰਸਤੇ ਹਨ ਜਾਂ ਤਾਂ ਉਹ ਆਮ ਜਨਤਾ ਨਾਲ ਮਿਲ ਕੇ ਸਮਾਜ ਦੀ ਪ੍ਰਗਤੀ ਦਾ ਦੂਤ ਬਣ ਸਕਦਾ ਹੈ ਅਤੇ ਆਪਣੇ ਗੌਰਵਮਈ ਇਤਿਹਾਸ ਦੀ ਪ੍ਰੰਪਰਾ ਨੂੰ ਕਾਇਮ ਰੱਖ ਸਕਦਾ ਹੈ ਜਾਂ ਫਿਰ ਪੂੰਜੀਵਾਦੀ ਵਿਚਾਰਧਾਰਾ ਨਾਲ ਮਿਲ ਕੇ, ਨਿੱਜਵਾਦ ਦੀ ਪੌੜੀ ਤੇ ਖੜ੍ਹ ਕੇ ਮਨੁੱਖਤਾ ਦੇ ਸਰਬਨਾਸ਼ ਦਾ ਪੈਗੰਬਰ ਵੀ ਬਣ ਸਕਦਾ ਹੈ।ਇਹ ਤਾਂ ਲੇਖਕ ਨੇ ਆਪ ਚੁਣਨਾ ਹੈ ਕਿ ਉਸ ਨੇ ਕਿਹੜਾ ਰਾਹ ਅਪਣਾਉਣਾ ਹੈ ਕਿਉਂਕਿ ਲੇਖਕ ਵੀ ਸਮਾਜ ਦਾ ਹਿੱਸਾ ਹੈ ਉਹ ਆਪਣੇ ਆਪ ਨੂੰ ਇਸ ਤੋਂ ਅਲੱਗ ਕਰਕੇ ਨਹੀਂ ਰੱਖ ਸਕਦਾ ਸੋ ਉਸਨੂੰ ਕਿਸੇ ਇੱਕ ਧਿਰ ਨਾਲ ਤਾਂ ਖੜ੍ਹਨਾ ਹੀ ਪਵੇਗਾ।

ਅੰਤ ਇਸ ਵਿਆਖਿਆ ਤੋਂ ਸਾਡਾ ਇੱਥੇ ਸਮੁੱਚਾ ਫਰਜ਼ ਬਣਦਾ ਹੈ ਕਿ ਜੇ ਅਸੀਂ ਆਪਣੀ ਨੌਜਵਾਨ ਪੀੜ੍ਹੀ, ਸਾਡੇ ਭਵਿੱਖ ਦੇ ਵਾਰਸਾਂ ਨੂੰ ਇਨ੍ਹਾਂ ਘਟੀਆ ਅਲਾਮਤਾਂ ਤੋਂ ਦੂਰ ਰੱਖਣਾ ਹੈ ਤਾਂ ਅਸੀਂ ਲੱਚਰ ਸਾਹਿਤ ਜੋ ਸਾਨੂੰ ਜ਼ਲੀਲ ਕਰ ਰਿਹਾ ਹੈ, ਉਸਦਾ ਵਿਰੋਧ ਕਰੀਏ ਅਤੇ ਸਾਡੇ ਲੋਕ ਗੀਤਾਂ ਅਤੇ ਲੋਕ ਪੱਖੀ ਕਵੀਆਂ ਜਾਂ ਗੀਤਕਾਰਾਂ  ਦੇ ਗੀਤਾਂ ਨੂੰ ਸਟੇਜਾਂ ਤੇ ਬਹੁਤਾਤ ਵਿੱਚ ਲਿਆਈਏ ਅਤੇ ਉਹਨਾਂ ਨੂੰ ਸਾਰੇ ਪੱਖਾਂ ਤੋਂ ਉਤਸਾਹਤ ਕਰੀਏ। ਅਸਲੀਅਤ ਵਿੱਚ ਲੋਕਾਂ ਨਾਲ ਜੁੜਿਆ ਸਾਹਿਤਕਾਰ ਉਹ ਹੈ ਜੋ ਕਿ ਆਪਣੀ ਧਰਤੀ ਦੀ ਗੱਲ ਕਰਦੈ, ਆਪਣੇ ਲੋਕਾਂ ਦੀ ਮੁਕਤੀ ਦੀ ਗੱਲ ਕਰਦੈ, ਲੋਕਾਂ ਦੀ ਮੰਦਹਾਲੀ, ਸਮਾਜ ਵਿੱਚ ਫੈਲਾਈ ਜਾ ਰਹੀ ਅੰਧਵਿਸ਼ਵਾਸੀ ਅਤੇ ਪਿੱਛੇ ਖਿੱਚੂ ਰੀਤੀ ਰਿਵਾਜਾਂ ਦਾ ਪਰਦਾ ਫਾਸ਼ ਕਰਦੈ, ਜਗੀਰੂ ਤੇ ਭਰਿਸ਼ਟ ਲੱਚਰ ਸਾਹਿਤ ਵਿਰੁੱਧ ਅਵਾਜ਼ ਉੱਚੀ ਕਰਦੈ।ਆਉ ਅਜਿਹੇ ਲੇਖਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਈਏ ਅਤੇ ਲੱਚਰ ਸਾਹਿਤ ਦੇ ਲੇਖਕਾਂ ਦਾ ਹੁੱਕਾ ਪਾਣੀ ਬੰਦ ਕਰੀਏ ਤੇ ਆਪਣੀ ਗੁੰਮਰਾਹ ਹੋਈ ਨੌਜਵਾਨ ਪੀੜ੍ਹੀ ਨੂੰ ਆਪਣਾ ਅਮੀਰ ਵਿਰਸਾ ਸੰਭਾਲਣ ਲਈ ਆਪਣਾ ਬਣਦਾ ਹਿੱਸਾ ਪਾਈਏ ਤਾਂ ਕਿ ਉਹ ਅਣਖ ਤੇ ਗੈਰਤ ਦੀ ਜ਼ਿੰਦਗੀ ਨੂੰ ਅਪਣਾਉਣ ਨਾਕਿ ਸਿਰਫ ਇਨ੍ਹਾਂ ਦੀ ਅਸ਼ਲੀਲਤਾ ਤੇ ਅੱਖਾਂ ਤੇ ਕੰਨ ਬੰਦ ਕਰਕੇ ਅੱਖਾਂ ਤੇ ਕੰਨ ਬੰਦ ਕਰਕੇ ਨੱਚੀ ਜਾਣ।

ਪਰਮਿੰਦਰ ਸਵੈਚ 
ਲੇਖਿਕਾ ਨਾਟਕ ਤੇ ਕਵਿਤਾ ਲਿਖਦੇ ਹਨ।
ਮੌਬ-604.760.4794