ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, September 26, 2012

ਕਨੇਡਾ: ਸਾਧੂ ਬਿਨਿੰਗ ਦੀ 'ਨਾਸਤਿਕ ਬਾਣੀ' ਲੋਕ-ਅਰਪਣ


23 ਸਤੰਬਰ ਨੂੰ ਨੌਰਥ ਡੈਲਟਾ, ਰੀਕਰੀਏਸ਼ਨ ਸੈਂਟਰ ਵਿਖੇ ਪੰਜਾਬੀ ਲੇਖਕ ਤੇ ਚਿੰਤਕ ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕਬਾਣੀ ਵਤਨ ਮੈਗਜ਼ੀਨ ਅਤੇ ਪੰਜਾਬੀ ਆਰਟਿਸਟ ਅਸੋਸੀਏਸ਼ਨ ਆਫ਼ ਰਿਚਮੰਡ (ਪਾਰ) ਵੱਲੋਂ ਭਰਵੇਂ ਇਕੱਠ ਵਿਚ ਲੋਕ ਅਰਪਣ ਕੀਤੀ ਗਈ। ਇਸ ਸਮਾਰੋਹ ਦੀ ਵਿਸ਼ੇਸ਼ਤਾ ਇਹ ਸੀ ਕਿ ਰੱਬ ਦੀ ਹੋਂਦ 'ਤੇ ਵਿਸ਼ਵਾਸ਼ ਕਰਨ ਵਾਲੇ ਅਤੇ ਨਾ ਕਰਨ ਵਾਲੇ ਵਿਦਵਾਨਾਂ ਨੇ ਵਿਚਾਰ-ਵਟਾਂਦਰਾ ਕੀਤਾ। ਸਮਾਗਮ ਦੀ ਕਾਰਵਾਈ ਉੱਘੇ ਵਿਦਵਾਨ ਡਾ ਸਾਧੂ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਈ। ਉਹ ਵਿਚ ਵਿਚ ਆਪਣੇ ਦਾਰਸ਼ਨਿਕ ਵਿਚਾਰ ਵੀ ਸਾਂਝੇ ਕਰਦੇ ਰਹੇ।

ਪ੍ਰਧਾਨਗੀ ਮੰਡਲ ਵਿਚ ਡਾ. ਰਘਬੀਰ ਸਿੰਘ ਸਿਰਜਣਾ, ਖੁਸ਼ੀਰਾਮ, ਡਾ ਸੈਫ਼ ਖਾਲਿਦ ਅਤੇ ਕਿਤਾਬ ਦੇ ਲੇਖਕ ਸਾਧੂ ਬਿਨਿੰਗ ਬੈਠੇ। ਲੋਕ ਅਰਪਣ ਕਰਨ ਦੀ ਰਸਮ ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਭਜੋਤ ਕੌਰ ਸਿੰਘ ਅਤੇ ਨਾਸਤਿਕ ਬਾਣੀ ਦੇ ਲੇਖਕ ਦੀ ਜੀਵਨ ਸਾਥਣ ਜਗਦੀਸ਼ ਕੌਰ ਬਿਨਿੰਗ ਨੇ ਨਿਭਾਈ।

ਸਾਧੂ ਬਿਨਿੰਗ ਨੇ ਸਮਾਗਮ ਦੀ ਸ਼ੁਰੂਆਤ ਆਪਣੇ ਨਾਸਤਿਕ ਬਨਣ ਦੇ ਸਫ਼ਰ ਬਾਰੇ ਜਾਣਕਾਰੀ ਦੇ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਬਚਪਨ ਵਿਚ ਦਰਸ਼ਨ ਸਿੰਘ ਕਨੇਡੀਅਨ ਦੇ ਸਾਥ ਅਤੇ ਪ੍ਰੀਤਲੜੀ ਦਾ ਪਾਠਕ ਬਨਣ ਕਰਕੇ ਰੱਬ ਦੀ ਹੋਂਦ ਬਾਰੇ ਪ੍ਰਸ਼ਨ ਛੋਟੀ ਉਮਰ ਵਿਚ ਹੀ ਉੱਠਣੇ ਸ਼ੁਰੂ ਹੋ ਗਏ ਸਨ। 16-17 ਸਾਲ ਦੀ ਉਮਰ ਵਿਚ ਉਨ੍ਹਾਂ ਕੁਝ ਦੇਰ ਲਈ ਕੇਸ ਵੀ ਰੱਖੇ। ਪਰ 20 ਸਾਲ ਦੀ ਉਮਰ ਤੱਕ ਰੱਬ ਦੀ ਅਣਹੋਂਦ ਬਾਰੇ ਉਨ੍ਹਾਂ ਦੇ ਵਿਚਾਰ ਪੱਕ ਚੁੱਕੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਪੰਜ-ਛੇ ਸਾਲਾਂ ਦੌਰਾਨ ਉਨ੍ਹਾਂ ਨੇ ਨਾਸਤਿਕਤਾ ਬਾਰੇ ਗੰਭੀਰਤਾ ਨਾਲ ਪੜ੍ਹਿਆ। ਇਹ ਪੜਦਿਆਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਨਾਸਤਿਕਤਾ ਵਾਲਾ ਰਾਹ ਹੀ ਇਨਸਾਨ ਲਈ ਉੱਤਮ ਹੈ। ਇਸ ਕਿਤਾਬ ਦੇ ਛਪਵਾਉਣ ਦੇ ਮੰਤਵ ਬਾਰੇ ਉਨ੍ਹਾਂ ਕਿਹਾ ਕਿ ਭਾਈਚਾਰੇ ਵਿਚ ਇਸ ਵਿਸ਼ੇ ਬਾਰੇ ਸੰਵਾਦ ਸ਼ੁਰੂ ਕਰਨਾ ਹੈ।

ਪ੍ਰਭਜੋਤ ਕੌਰ ਸਿੰਘ ਨੇ ਕਿਹਾ ਕਿ ਆਸਤਿਕਤਾ ਅਤੇ ਨਾਸਤਿਕਤਾ ਜੀਵਣ ਜਿਊਣ ਦੇ ਢੰਗ ਹਨ। ਇਨਸਾਨ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਸ ਨੇ ਕਿਹੜਾ ਰਾਹ ਚੁਨਣਾ ਹੈ। ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸਰਦਾਰ ਪ੍ਰਗਟ ਸਿੰਘ ਭੁਰਜੀ ਨੇ ਕਿਹਾ ਕਿ ਇਸ ਸ਼੍ਰਿਸ਼ਟੀ ਦੀ ਸਿਰਜਣਾ ਸਰਬ ਸ਼ਕਤੀਮਾਨ ਪਰਮਾਤਮਾ ਨੇ ਕੀਤੀ ਹੈ। ਅਜਮੇਰ ਰੋਡੇ ਨੇ ਪ੍ਰਸ਼ਨ ਉਠਾਇਆ ਕਿ ਫਿਰ ਉਸ ਸਿਰਜਣਹਾਰੇ ਦੀ ਸਿਰਜਣਾ ਕਿਸ ਨੇ ਕੀਤੀ। ਅਜਮੇਰ ਰੋਡੇ ਨੇ ਧਰਮ ਤੇ ਵਿਗਿਆਨ ਦੇ ਵੱਖਰੇਵੇਂ ਬਾਰੇ ਗੱਲ ਕੀਤੀ।

ਰੇਡੀਓ ਸੰਵਾਦਾਤਾ ਗੁਰਪ੍ਰੀਤ ਸਿੰਘ ਨੇ ਧਰਮ ਅਤੇ ਸਿਆਸਤ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਨੇ ਦੁਨੀਆਂ ਦੇ ਵੱਖ ਵੱਖ ਹਿਸਿਆਂ ਦੀਆਂ ਉਦਾਹਰਣਾ ਦੇ ਕੇ ਦੱਸਿਆ ਕਿ ਧਰਮ ਤੇ ਸਿਆਸਤ ਰਲ ਕੇ ਭਿਆਨਕ ਤਬਾਹੀ ਮਚਾਉਂਦੇ ਹਨ। ਉਨ੍ਹਾਂ ਨੇ ਧਰਮ ਅਤੇ ਸਿਆਸਤ ਨੂੰ ਵੱਖ-ਵੱਖ ਰੱਖਣ 'ਤੇ ਜ਼ੋਰ ਦਿੱਤਾ। ਯੂ ਬੀ ਸੀ ਦੇ ਅਧਿਆਪਕ ਸੁਖਵੰਤ ਹੁੰਦਲ ਨੇ ਕਿਹਾ ਕਿ ਇਹ ਕਿਤਾਬ ਪੜ੍ਹ ਕੇ ਪਤਾ ਲੱਗਦਾ ਹੈ ਕਿ ਨਾਸਤਿਕ ਵਿਚਾਰ ਹਜ਼ਾਰਾਂ ਸਾਲਾਂ ਤੋਂ ਚਲੇ ਆਉਂਦੇ ਹਨ। ਉਨ੍ਹਾਂ ਕਿਤਾਬ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਨਾਸਤਿਕ ਵਿਚਾਰਾਂ ਲਈ ਸਮਾਜ ਵਿਚ ਥਾਂ ਬਣਾਉਣ ਲਈ ਰਾਹ ਪੱਧਰਾ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਿਤਾਬ ਇਹ ਮਿੱਥ ਵੀ ਤੋੜਦੀ ਹੈ ਕਿ ਨਾਸਤਿਕ ਵਿਚਾਰ ਸਿਰਫ਼ ਕੌਮਨਿਸਟਾਂ ਦੇ ਹੀ ਹੁੰਦੇ ਹਨ। ਉਨ੍ਹਾਂ ਕਿਤਾਬ ਦੀ ਸੀਮਾ ਦੀ ਗੱਲ ਕਰਦਿਆਂ ਕਿਹਾ ਕਿ ਇਹ ਆਸਤਿਕ ਲੋਕਾਂ ਨੂੰ ਆਪਣੇ ਵੱਲ ਨਹੀਂ ਖਿੱਚਦੀ।

ਤਰਕਸ਼ੀਲ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਅਵਤਾਰ ਗਿੱਲ ਨੇ ਕਿਹਾ ਕਿ ਰੱਬ ਉਨ੍ਹਾਂ ਲਈ ਗੁੰਝਲਦਾਰ ਬੁਝਾਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬ ਤਰਕਸ਼ੀਲ ਲਹਿਰ ਲਈ ਵੱਡਮੁੱਲੀ ਹੈ। ਸੁੱਖੀ ਢਿੱਲੋਂ ਨੇ ਸਿੱਖ ਧਰਮ ਵਿਚ ਜਾਤਪਾਤ ਦੀ ਗੱਲ ਕੀਤੀ। ਖੁਸ਼ੀਰਾਮ ਨੇ ਕਿਹਾ ਕਿ ਨਾਸਤਿਕ ਇਨਸਾਨ ਨੂੰ ਆਪਣੇ ਆਪ 'ਤੇ ਵਿਸ਼ਵਾਸ਼ ਹੁੰਦਾ ਹੈ ਜਦੋਂ ਕਿ ਆਸਤਿਕ ਨੂੰ ਕਿਸੇ ਅਜੇਹੀ ਸ਼ਕਤੀ 'ਤੇ, ਜਿਸਦੀ ਕੋਈ ਹੋਂਦ ਹੀ ਨਹੀਂ ਹੁੰਦੀ। ਉਨ੍ਹਾਂ ਨੇ ਵੱਧ ਤੋਂ ਵੱਧ ਉਸਾਰੂ ਸੋਚ ਵਾਲੀਆਂ ਕਿਤਾਬਾਂ ਪੜ੍ਹਨ 'ਤੇ ਜ਼ੋਰ ਦਿੱਤਾ। ਹਰਬੰਸ ਢਿੱਲੋਂ ਨੇ ਕਿਹਾ ਕਿ ਸਾਇੰਸਦਾਨ ਆਖਦੇ ਹਨ ਕਿ ਜਿਹੜੀ ਦਲੀਲ ਤਰਕ ਦੀ ਕਸਵੱਟੀ 'ਤੇ ਨਹੀਂ ਉਤਰਦੀ ਉਸਦਾ ਥਾਂ ਕੂੜੇ ਦੀ ਟੋਕਰੀ ਹੁੰਦਾ ਹੈ। ਧਰਮ ਵਿਸ਼ਵਾਸ਼ 'ਤੇ ਖੜ੍ਹਾ ਹੈ। ਧਰਮ ਨੇ ਇਨਸਾਨ ਦਾ ਫਾਇਦੇ ਨਾਲੋਂ ਨੁਕਸਾਨ ਵਧੇਰੇ ਕੀਤਾ ਹੈ।

ਪ੍ਰੋ: ਗੁਰਮੀਤ ਸਿੰਘ ਟਿਵਾਣਾ ਨੇ ਧਰਮ ਅਤੇ ਮਾਰਕਸਵਾਦ ਦੀ ਗੱਲ ਕੀਤੀ। ਸਤਵੰਤ ਦੀਪਕ ਨੇ ਗੁਰਚਰਨ ਰਾਮਪੁਰੀ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਅਤੇ ਆਪਣੇ ਵੱਲੋਂ ਲੇਖਕ ਨੂੰ ਵਧਾਈ ਦਿੱਤੀ। ਇਨ੍ਹਾਂ ਤੋਂ ਇਲਾਵਾ ਜਰਨੈਲ ਸਿੰਘ ਸੇਖਾ, ਨਦੀਮ ਪਰਮਾਰ, ਪ੍ਰਿੰਸੀਪਲ ਕਸ਼ਮੀਰ ਸਿੰਘ ਗਿੱਲ ਨੇ ਲੇਖਕ ਨੂੰ ਵਧਾਈ ਦਿੱਤੀ। ਹਰਮਿੰਦਰ ਮਾਹਲ, ਡਾ: ਰਿਸ਼ੀ ਸਿੰਘ, ਹਰਜੀਤ ਦੌਧਰੀਆ, ਅਮਰਜੀਤ ਸੂਫ਼ੀ, ਅਮਨਪਾਲ ਸਾਰਾ, ਰਨਬੀਰ ਜੌਹਲ, ਪਰਵਿੰਦਰ ਧਾਰੀਵਾਲ, ਤਨਦੀਪ ਤਮੰਨਾ ਅਤੇ ਨਵਦੀਪ ਸਿੱਧੂ ਨੇ ਲੇਖਕ ਨੂੰ ਵਧਾਈ ਦਿੱਤੀ। ਸਮੇਂ ਦੀ ਘਾਟ ਕਾਰਣ ਕੁਝ ਬੁਲਾਰਿਆਂ ਨੂੰ ਸਮਾਂ ਨਹੀਂ ਮਿਲ ਸਕਿਆ।

ਅੰਤ ਵਿਚ ਲੇਖਕ, ਸਾਧੂ ਬਿਨਿੰਗ ਨੇ ਹਾਜ਼ਰੀਨ ਤੋਂ ਇਲਾਵਾ ਗੁਰਪ੍ਰੀਤ ਸਿੰਘ ਰੇਡੀਓ ਇੰਡੀਆ, ਰੇਡੀਓ ਪੰਜਾਬ ਤੋਂ ਕੁਲਜੀਤ ਕੌਰ, ਕਰਮਜੀਤ ਥਿੰਦ, ਜੁਆਏ ਟੀ ਵੀ ਤੋਂ ਹਰਪ੍ਰੀਤ ਸਿੰਘ, ਡਾ ਪਰਗਟ ਸਿੰਘ ਭੁਰਜੀ, ਸੁਖਵੰਤ ਹੁੰਦਲ, ਪਾਲ ਬਿਨਿੰਗ ਅਤੇ ਡਾ: ਸਾਧੂ ਸਿੰਘ ਦਾ ਧੰਨਵਾਦ ਕੀਤਾ।

ਸਰੀ ਤੋਂ ਹਰਪ੍ਰੀਤ ਸੇਖਾ ਦੀ ਰਿਪੋਰਟ

Tuesday, September 25, 2012

ਜਾਤਪਾਤ 'ਤੇ ਵਿਚਾਰ ਚਰਚਾ:ਬੁੱਧ,ਅੰਬੇਡਕਰ ਕਾਫੀ ਨਹੀਂ,ਮਾਰਕਸ ਜ਼ਰੂਰੀ

ਪਿਛਲੇ ਦਿਨੀਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਤੇਲਗੂ ਚਿੰਤਕਾ ਰੰਗਨਾਇਕੰਮਾ ਦੀ ਅਨੁਵਾਦਿਤ ਪੁਸਤਕ 'ਜਾਤਪਾਤ ਦੇ ਸਵਾਲ ਦੇ ਹੱਲ ਲਈ ਬੁੱਧ ਕਾਫੀ ਨਹੀਂ, ਅੰਬੇਡਕਰ ਵੀ ਕਾਫੀ ਨਹੀਂ, ਮਾਰਕਸ ਜ਼ਰੂਰੀ ਹੈ' 'ਤੇ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਚਰਚਾ ਦੇ ਪ੍ਰਧਾਨਗੀ ਮੰਡਲ 'ਚ ਡਾ. ਸੇਵਾ ਸਿੰਘ, ਕਾ. ਨੌਨਿਹਾਲ ਸਿੰਘ, ਹਰਵਿੰਦਰ ਭੰਡਾਲ ਅਤੇ ਬੂਟਾ ਸਿੰਘ ਸ਼ਸ਼ੋਭਿਤ ਹੋਏ। ਡਾ. ਮਨਿੰਦਰ ਕਾਂਗ ਨੇ ਕਿਤਾਬ ਦੀ ਜਾਣ ਪਛਾਣ ਕਰਾਉਂਦਿਆਂ ਕਿਹਾ: ਭਾਵੇਂ ਕਿਤਾਬ ਵਿਚ ਲੰਮੇ ਵੇਰਵੇ ਅਤੇ ਵਾਧੂ ਵਿਸਥਾਰ ਹਨ ਪਰ ਕਿਤਾਬ ਦੀ ਟਾਈਪੋਗ੍ਰਾਫ਼ੀ ਧੂਹ ਪਾਊ ਤੇ ਸਿੱਖਣਯੋਗ ਹੈ।

ਵਿਚਾਰ ਚਰਚਾ ਦੇ ਮੁੱਖ ਬੁਲਾਰੇ ਡਾ. ਸੇਵਾ ਸਿੰਘ ਨੇ ਕਿਤਾਬ 'ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਿਤਾਬ ਦੇ ਅਨੁਵਾਦਕ ਬੂਟਾ ਸਿੰਘ ਅਤੇ 5ਆਬ ਪ੍ਰਕਾਸ਼ਨ ਦੇ ਪ੍ਰਕਾਸ਼ਕ ਕੇਸਰ ਦਾ ਅਜਿਹੀ ਕਿਤਾਬ ਪਾਠਕਾਂ ਤੱਕ ਪਹੁੰਚਾਉਣ ਲਈ ਧੰਨਵਾਦ ਕੀਤਾ।

ਕਿਤਾਬ ਬਾਰੇ ਗੱਲ ਕਰਦਿਆਂ ਡਾ. ਸੇਵਾ ਸਿੰਘ ਨੇ ਕਿਹਾ: '' ਮੁਲਕ ਦੇ ਠੋਸ ਹਾਲਾਤ ਨੂੰ ਸਮਝਣ ਲਈ ਮਾਰਕਸਵਾਦ ਨੂੰ ਮਸ਼ੀਨੀ ਰੂਪ 'ਚ ਨਹੀਂ, ਵਿਰੋਧ-ਵਿਕਾਸੀ ਰੂਪ 'ਚ ਲੈਣਾ ਜ਼ਰੂਰੀ ਹੈ। ਮਾਰਕਸ ਅਨੁਸਾਰ ਕਿਸੇ ਵਿਚਾਰਧਾਰਾ ਦੇ ਸਭ ਤੋਂ ਮਜ਼ਬੂਤ ਨੁਕਤੇ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਪਰ ਰੰਗਨਾਇਕੰਮਾ ਦੀ ਕਿਤਾਬ ਡਾ. ਅੰਬੇਡਕਰ ਦੀ ਵਿਚਾਰਧਾਰਾ ਦੇ ਸਭ ਤੋਂ ਕਮਜ਼ੋਰ ਨੁਕਤੇ ਨੂੰ ਨਿਸ਼ਾਨਾ ਬਣਾਉਂਦੀ ਹੈ।''


ਉਨ੍ਹਾਂ ਕਿਹਾ ਕਿ ਭਾਰਤ ਦੀ ਉੱਭਰ ਰਹੀ ਬੁਰਜ਼ੂਆਜੀ ਹਿੰਦੂ ਸੀ, ਇਸ ਨਾਲ ਤਿੱਖੇ ਸੰਘਰਸ਼ ਦੇ ਪ੍ਰਸੰਗ 'ਚ ਹੀ ਡਾ. ਅੰਬੇਡਕਰ ਹੋਰਾਂ ਦੀ ਲੰਮੀ ਜੱਦੋਜਹਿਦ ਨੂੰ ਦੇਖਣਾ ਚਾਹੀਦਾ ਹੈ। ਬੁੱਧ ਧਰਮ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਤਾਬ 'ਚ ਬੁੱਧ ਧਰਮ ਨੂੰ ਸਮੁੱਚੇ ਰੂਪ 'ਚ ਨਹੀਂ ਦੇਖਿਆ ਗਿਆ, ਸਿਰਫ਼ ਇਸ ਦੇ ਅਧਿਆਤਮਵਾਦੀ ਪਹਿਲੂ ਨੂੰ ਪੇਸ਼ ਕਰਦਿਆਂ ਇਕ ਅਧੂਰਾ ਵਿਸ਼ਲੇਸ਼ਣ ਕੀਤਾ ਗਿਆ ਹੈ, ਇਸ ਤਰ੍ਹਾਂ ਦੀਆਂ ਕਿਤਾਬਾਂ ਪਾਠਕ ਨੂੰ ਭਰਵੀਂ ਚੇਤਨਾ ਨਹੀਂ ਦੇ ਸਕਦੀਆਂ।

ਦਲਿਤ ਕਹਾਣੀਕਾਰ ਅਤੇ ਚਿੰਤਕ ਮੋਹਣ ਲਾਲ ਫ਼ਿਲੌਰੀਆ ਅਤੇ ਐਡਵੋਕੇਟ ਮਾਨਵ ਨੇ ਕਿਤਾਬ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਮਾਰਕਸਵਾਦੀ ਆਲੋਚਕ ਡਾ. ਅੰਬੇਡਕਰ ਨੂੰ ਪੜ੍ਹੇ ਬਿਨ੍ਹਾਂ ਹੀ ਆਲੋਚਨਾ ਕਰਦੇ ਹਨ ਅਤੇ ਅਜਿਹੀਆਂ ਕਿਤਾਬਾਂ ਅੱਗੇ ਵਧ ਰਹੇ ਅੰਬੇਡਕਾਰੀ ਵਿਚਾਰਧਾਰਾ ਦਾ ਰਾਹ ਰੋਕਣ ਦੀ ਸਾਜਿਸ਼ ਤਹਿਤ ਛਾਪੀਆਂ ਜਾ ਰਹੀਆਂ ਹਨ।

ਕਮਿਊਨਿਸਟ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਬਾਦਲੀਲ ਪੱਖ ਪੇਸ਼ ਕੀਤਾ ਕਿ ਕਿਤਾਬ ਅੰਬੇਡਕਰ ਜਾਂ ਬੁੱਧ ਦੇ ਇਤਿਹਾਸਕ ਯੋਗਦਾਨ ਨੂੰ ਬਿਲਕੁਲ ਨਹੀਂ ਨਕਾਰਦੀ ਸਗੋਂ ਸੀਮਤਾਈਆਂ ਅਤੇ ਕਮੀਆਂ ਵੱਲ ਧਿਆਨ ਦਿਵਾਉਂਦੀ ਹੋਈ ਇਨ੍ਹਾਂ ਦਾ ਹੱਲ ਤਲਾਸ਼ਣ ਬਾਰੇ ਸੋਚਣ ਲਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਮਿਊਨਿਸਟ ਲਹਿਰ ਦੀ ਸਭ ਤੋਂ ਦੱਬੇ-ਕੁਚਲੇ ਲੋਕਾਂ ਤੋਂ ਟੁੱਟੇ ਹੋਣ ਦੀ ਅਸਲ ਵਜ੍ਹਾ ਸਮਾਜ ਦੀ ਠੋਸ ਹਕੀਕਤ ਨੂੰ ਸਮਝਣ 'ਚ ਉਨ੍ਹਾਂ ਦੀ ਅਸਫ਼ਲਤਾ ਹੈ। ਉਹ ਇਸ ਕਮੀ ਨੂੰ ਗੰਭੀਰਤਾ ਨਾਲ ਮਹਿਸੂਸ ਕਰਦੇ ਹਨ।

ਕਮੇਟੀ ਦੇ ਮੀਤ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਹੋਰਾਂ ਨੇ ਅਜਿਹੀਆਂ ਕਿਤਾਬਾਂ ਛਾਪੇ ਜਾਣ ਦੀ ਮਹੱਤਤਾ ਨੂੰ ਸਮਝਣ ਦੇ ਨਾਲ-ਨਾਲ ਜਾਤਪਾਤ ਦੇ ਮਸਲੇ ਦੀ ਗੰਭੀਰਤਾ ਨੂੰ ਆਤਮਸਾਤ ਕਰਨ ਲਈ ਅੰਬੇਡਕਰ ਅਤੇ ਮਾਰਕਸ ਦੀਆਂ ਵਿਚਾਰਧਾਰਾਵਾਂ ਦਾ ਜਜ਼ਬਾਤੀ ਵਹਿਣ ਤੋਂ ਉੱਪਰ ਉੱਠਕੇ ਭਰਵਾਂ ਅਧਿਐਨ ਕਰਨ 'ਤੇ ਜ਼ੋਰ ਦਿੱਤਾ।

ਕਿਤਾਬ ਦੇ ਅਨੁਵਾਦਕ ਬੂਟਾ ਸਿੰਘ ਨੇ ਕਿਹਾ ਕਿ ਜਾਤਪਾਤ ਦੇ ਗੰਭੀਰ ਮਸਲੇ ਨੂੰ ਸਿਆਸੀ ਏਜੰਡੇ 'ਤੇ ਲਿਆਉਣ 'ਚ ਡਾ. ਅੰਬੇਡਕਰ ਹੋਰਾਂ ਦਾ ਇਤਿਹਾਸਕ ਯੋਗਦਾਨ ਅਤੇ ਲੰਮੀ ਸੰਜੀਦਾ ਜੱਦੋਜਹਿਦ ਆਪਣੀ ਥਾਂ ਅਹਿਮ ਹੈ ਪਰ ਸਮੇਂ ਨਾਲ ਜਾਤਪਾਤੀ ਵਿਵਸਥਾ 'ਚ ਤਬਦੀਲੀਆਂ ਆਈਆਂ ਹਨ। ਦਲਿਤ ਸਮਾਜ ਵਿਚੋਂ ਉੱਭਰੀ ਕੁਲੀਨ ਪਰਤ ਵਲੋਂ ਮਿਥਿਆ ਦਲਿਤ ਏਜੰਡਾ ਦਲਿਤ ਅਵਾਮ ਦੇ ਹਿੱਤਾਂ ਨੂੰ ਮੁਖ਼ਾਤਿਬ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਹੋਰਾਂ ਵਲੋਂ ਅਖ਼ਤਿਆਰ ਕੀਤੇ ਸੰਘਰਸ਼ ਦੇ ਵੱਖੋ-ਵੱਖਰੇ ਪੈਂਤੜਿਆਂ ਅਤੇ ਉਨ੍ਹਾਂ ਦੇ ਸੰਘਰਸ਼ ਦੇ ਮਾਡਲ 'ਚੋਂ ਪੇਚੀਦਾ ਸਵਾਲ ਉੱਭਰਦੇ ਹਨ।ਅੰਬੇਡਕਰ ਵਿਚਾਰਧਾਰਾ ਦੇ ਅਧਿਆਤਮਵਾਦੀ ਪਹਿਲੂ ਨੂੰ ਮੱਦੇਨਜ਼ਰ ਰੱਖਦਿਆਂ ਇਸ ਦੀਆਂ ਵਜੂਦ-ਸਮੋਈਆਂ ਸੀਮਤਾਈਆਂ, ਖ਼ਾਸ ਕਰਕੇ ਰਾਜ ਦੇ ਜਮਾਤੀ ਕਿਰਦਾਰ ਬਾਰੇ ਸਮਝ ਦੀ ਘਾਟ ਅਤੇ ਰਿਜ਼ਰਵੇਸ਼ਨ ਤੇ ਸੰਸਦਵਾਦ ਉੱਪਰ ਵਧਵੀਂ ਟੇਕ ਨੂੰ ਸਮਝਣਾ ਜ਼ਰੂਰੀ ਹੈ।

ਮਾਰਕਸਵਾਦੀ ਚਿੰਤਕ ਹਰਵਿੰਦਰ ਭੰਡਾਲ ਨੇ ਸਮੁੱਚੀ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਕਿਤਾਬ ਦੇ ਕਮਜ਼ੋਰ ਨੁਕਤਿਆਂ ਦੇ ਨਾਲ-ਨਾਲ ਇਸ ਦੇ ਸਭ ਤੋਂ ਮਜ਼ਬੂਤ ਨੁਕਤਿਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬ੍ਰਾਹਮਣਵਾਦੀ ਸਰਮਾਏਦਾਰੀ ਵਲੋਂ ਡਾ. ਅੰਬੇਡਕਰ ਨੂੰ ਨਿਰੋਲ ਸੰਵਿਧਾਨ ਘਾੜਾ ਬਣਾ ਕੇ ਪੇਸ਼ ਕਰਨਾ ਇਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਗੋਸ਼ਟੀ ਦਾ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗੁਰਮੀਤ ਨੇ ਕੀਤਾ ਅਤੇ ਉਨ੍ਹਾਂ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰੋਤਿਆਂ ਤੇ ਚਿੰਤਕਾਂ ਵਲੋਂ ਐਨੇ ਵਿਵਾਦਪੂਰਨ ਮਸਲੇ ਬਾਰੇ ਬਹਿਸ ਨੂੰ ਪੂਰੇ ਤਹੱਮਲ ਤੇ ਸੰਜੀਦਗੀ ਨਾਲ ਸੁਨਣ ਅਤੇ ਤਹਿ ਦਿਲੋਂ ਸਹਿਯੋਗ ਦੇਣ ਕਾਰਨ ਹੀ ਗੋਸ਼ਟੀ ਕਾਮਯਾਬ ਹੋਈ ਹੈ।

ਵਿਚਾਰ ਚਰਚਾ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਤੋਂ ਇਲਾਵਾ, ਹਰਬੀਰ ਕੌਰ, ਜੋਗੀ ਜੀ, ਡਾ. ਰਜਨੀਸ਼ ਬਹਾਦਰ ਸਿੰਘ, ਨਵਾਂ ਜ਼ਮਾਨਾ ਦੇ ਸਾਹਿਤ ਸੰਪਾਦਕ ਬਲਬੀਰ ਪਰਵਾਨਾ, ਜਗਵਿੰਦਰ ਜੋਧਾ, ਦੇਸ ਰਾਜ ਕਾਲੀ, ਡਾ. ਸੈਲੇਸ਼, ਕਾਮਰੇਡ ਸ਼ਿਵ ਨਵਾਂਸ਼ਹਿਰ, ਮਨਦੀਪ ਸਨੇਹੀ, ਦੀਪ ਨਿਰਮੋਹੀ, ਹਰਭਜਨ, ਪਾਲ ਸਿੰਘ ਚਾਨਾ ਆਦਿ ਵੀ ਹਾਜ਼ਰ ਸਨ।

Sunday, September 23, 2012

ਤਰਕਭਾਰਤੀ ਤੇ ਸੰਗਮ ਪ੍ਰਕਾਸ਼ਨ ਦੇ ਸੰਚਾਲਕਾਂ ਤੇ ਸੰਪਾਦਕਾਂ ਨੂੰ ਰਿਹਾਅ ਕਰਨ ਦੀ ਮੰਗ

ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਬਾਬਾ ਬੂਝਾ ਸਿੰਘ ਪ੍ਰਕਾਸ਼ਨ ਬੰਗਾ, ਪੰਜ ਆਬ ਪ੍ਰਕਾਸ਼ਨ ਜਲੰਧਰ, ਦਿਲਦੀਪ ਪ੍ਰਕਾਸ਼ਨ ਸਮਰਾਲਾ, ਬਲਰਾਜ ਸਾਹਨੀ ਪ੍ਰਕਾਸ਼ਨ ਬਠਿੰਡਾ, ਚੇਤਨਾ ਪ੍ਰਕਾਸ਼ਨ ਲੁਧਿਆਣਾ, ਚਿੰਤਨ ਪ੍ਰਕਾਸ਼ਨ ਲੁਧਿਆਣਾ, ਯੂਨੀਸਟਾਰ ਪਬਲੀਕੇਸ਼ਨ ਚੰਡੀਗੜ੍ਹ ਨੇ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੇ ਅਮਿਤ ਮਿੱਤਰ ਅਤੇ ਸੰਗਮ ਪ੍ਰਕਾਸ਼ਨ ਦੇ ਅਸ਼ੋਕ ਗਰਗ ਤੇ ਸੰਪਾਦਕ ਮੋਗਾ ਵਾਸੀ ਜਗਜੀਤ ਸਿੰਘ ਸਾਹੋਕੇ ਅਤੇ ਸਮਾਣਾ ਵਾਸੀ ਸਵਤੰਤਰ ਨੂੰ ਬਾਬੂ ਰਜਬ ਅਲੀ ਦੀ ਕਿਤਾਬ 'ਚ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਨੂੰ ਅਧਾਰ ਬਣਾਕੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਐਕਟ ਤਹਿਤ ਗ੍ਰਿਫ਼ਤਾਰ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਤਰਕਭਾਰਤੀ ਅਤੇ ਸੰਗਮ ਪ੍ਰਕਾਸ਼ਨ ਅਗਾਂਹਵਧੂ ਪ੍ਰਕਾਸ਼ਨ ਸਮੂਹ ਹਨ ਜੋ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਤੇ ਹਿੰਦੀ ਜ਼ਬਾਨਾਂ 'ਚ ਅਗਾਂਹਵਧੂ, ਵਿਗਿਆਨਕ/ਤਰਕਸ਼ੀਲ ਤੇ ਇਨਕਲਾਬੀ ਕਿਤਾਬਾਂ ਅਤੇ ਰਸਾਲੇ ਛਾਪਕੇ ਦੇਸ-ਵਿਦੇਸ਼ 'ਚ ਅਗਾਂਹਵਧੂ ਵਿਚਾਰਾਂ ਦਾ ਚਾਨਣ ਵੰਡ ਰਹੇ ਹਨ।

ਉਨ੍ਹਾਂ ਕਿਹਾ ਕਿ ਬਾਬੂ ਰਜਬ ਅਲੀ (1894-1979) ਪੰਜਾਬ ਦੇ ਮਸ਼ਹੂਰ ਕਵੀ ਹੋਏ ਹਨ। ਹੀਰ ਰਾਂਝਾ, ਦੁੱਲਾ ਭੱਟੀ, ਮਿਰਜ਼ਾ ਸਾਹਿਬਾਂ ਦੀਆਂ ਗਾਥਾਵਾਂ ਅਤੇ ਭਗਤ ਸਿੰਘ ਦੀ ਸ਼ਹਾਦਤ ਵਰਗੇ ਵਿਸ਼ਿਆਂ ਬਾਰੇ ਉਨ੍ਹਾਂ ਦੀਆਂ ਕਥਾਵਾਂ ਅਤੇ ਕਿੱਸੇ ਪੁਰਾਤਨ ਪੰਜਾਬੀ ਸਾਹਿਤ ਦਾ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ ਨੂੰ ਪੰਜਾਬ ਦੇ ਭਾਸ਼ਾ ਵਿਭਾਗ ਅਤੇ ਹੋਰ ਕਈ ਪ੍ਰਕਾਸ਼ਕਾਂ ਵਲੋਂ ਛਾਪਿਆ ਗਿਆ ਹੈ। ਜੇ ਸਰਕਾਰੀ ਪ੍ਰਕਾਸ਼ਕਾਂ ਸਮੇਤ ਕੋਈ ਵੀ ਸਮਕਾਲੀ ਪ੍ਰਕਾਸ਼ਕ ਬੀਤੇ ਜ਼ਮਾਨੇ ਦੀਆਂ ਅਜਿਹੀਆਂ ਸਾਹਿਤਕ ਕਿਤਾਬਾਂ ਨੂੰ ਦੁਬਾਰਾ ਛਾਪਦਾ ਹੈ ਜਿਨ੍ਹਾਂ ਵਿਚ ਉਸ ਜ਼ਮਾਨੇ ਦੇ ਪ੍ਰਚਲਤ ਲੋਕ ਮੁਹਾਵਰੇ ਅਨੁਸਾਰ ਜਾਤੀ ਸ਼ਬਦ ਵਰਤੇ ਗਏ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਪ੍ਰਕਾਸ਼ਕ ਜਾਤਪਾਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾੜੇ ਇਰਾਦੇ ਨਾਲ ਇਹ ਲਿਖਤਾਂ ਛਾਪ ਰਹੇ ਹਨ। ਇਹ ਕਿਵੇਂ ਵੀ ਅਪਰਾਧਕ ਮਾਮਲਾ ਨਹੀਂ ਬਣਦਾ। ਬਾਬੂ ਰਜਬ ਅਲੀ ਦੀਆਂ ਕਵਿਤਾਵਾਂ 'ਚ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਨੂੰ ਇਤਿਹਾਸਕ ਰੂਪ 'ਚ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਾਰੀਆਂ ਕਵਿਤਾਵਾਂ ਬਹੁਤ ਪੁਰਾਣੀਆਂ ਹਨ। ਅਤੇ ਇਨ੍ਹਾਂ ਨੂੰ ਮੁੜ ਛਾਪਣ ਪਿੱਛੇ ਇਨ੍ਹਾਂ ਪ੍ਰਕਾਸ਼ਨ ਸਮੂਹਾਂ ਦਾ ਇਰਾਦਾ ਕਦਾਚਿਤ ਵੀ ਜਾਤਪਾਤੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਸੈਂਕੜੇ ਅਗਾਂਹਵਧੂ ਕਿਤਾਬਾਂ ਛਾਪਣ ਵਾਲੇ ਲੋਕਪੱਖੀ ਅਦਾਰਿਆਂ ਦੇ ਸੰਚਾਲਕਾਂ ਨੂੰ ਦਲਿਤ ਵਿਰੋਧੀ ਦਰਸਾਕੇ ਗ੍ਰਿਫ਼ਤਾਰ ਕਰਨਾ ਪੰਜਾਬ ਸਰਕਾਰ ਦੀ ਪੂਰੀ ਤਰ੍ਹਾਂ ਗ਼ੈਰਜ਼ਿੰਮੇਵਾਰਾਨਾ ਅਤੇ ਨਿਹਾਇਤ ਨਿੰਦਣਯੋਗ ਕਾਰਵਾਈ ਹੈ ਜੋ ਅਕਾਦਮਿਕ ਅਤੇ ਪ੍ਰੈੱਸ ਦੀ ਆਜ਼ਾਦੀ ਉੱਪਰ ਸੰਗੀਨ ਹਮਲਾ ਹੈ। ਅਜਿਹੇ ਕਦਮਾਂ ਦੇ ਸਿੱਟੇ ਪੰਜਾਬੀ ਸਾਹਿਤ ਸਿਰਜਣਾ, ਖ਼ਾਸ ਕਰਕੇ ਪ੍ਰਕਾਸ਼ਨ ਦੇ ਭਵਿੱਖ ਲਈ ਬਹੁਤ ਘਾਤਕ ਅਤੇ ਦੂਰ-ਰਸ ਹੋਣਗੇ ਅਤੇ ਇੰਝ ਪ੍ਰਕਾਸ਼ਕ ਕੋਈ ਕਿਤਾਬਾਂ ਹੀ ਨਹੀਂ ਛਾਪ ਸਕਣਗੇ। ਉਨ੍ਹਾਂ ਮੰਗ ਕੀਤੀ ਕਿ ਅਮਿੱਤ ਮਿੱਤਰ, ਅਸ਼ੋਕ ਗਰਗ, ਜਗਜੀਤ ਸਿੰਘ ਸਾਹੋਕੇ ਅਤੇ ਸਵਤੰਤਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਦਰਜ ਬੇਬੁਨਿਆਦ ਕੇਸ ਤੁਰੰਤ ਰੱਦ ਕੀਤੇ ਜਾਣ।

ਬੂਟਾ ਸਿੰਘ (ਬਾਬਾ ਬੂਝਾ ਸਿੰਘ ਪ੍ਰਕਾਸ਼ਨ ਬੰਗਾ, ਫ਼ੋਨ 94634-74342) 
ਕੇਸਰ ਸਿੰਘ (ਪੰਜ ਆਬ ਪ੍ਰਕਾਸ਼ਨ ਜਲੰਧਰ, ਫ਼ੋਨ 98140-87063)

Thursday, September 20, 2012

ਇਕ ਇਮਾਨਦਾਰ ਬੁੱਧੀਜੀਵੀ ਦੀ ਹੋਣੀ

ਮੈਂ ਤੁਹਾਨੂੰ ਇਕ ਹੋਰ ਆਖ਼ਰੀ ਮਾਮਲੇ ਬਾਰੇ ਦੱਸਣ ਜਾ ਰਿਹਾਂ-ਅਤੇ ਇਸ ਤਰਾਂ ਦੀਆਂ ਕਈ ਹੋਰ ਮਿਸਾਲਾਂ ਹੋਣਗੀਆਂ। ਇਹ ਕਥਾ ਸੱਚੀਓਂ ਹੀ ਦੁਖਾਂਤਕ ਹੈ। ਤੁਹਾਡੇ ਵਿਚੋਂ ਕਿੰਨੇ ਕੁ ਜੋਨ ਪੀਟਰਸ ਤੇ ਉਸ ਦੀ ਕਿਤਾਬ ਬਾਰੇ ਜਾਣਦੇ ਹਨ? ਕੁਝ ਵਰੇ ਪਹਿਲਾਂ (1984 'ਚ) ਇਹ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਸੀ। ਜੋਨ ਪੀਟਰਸ ਨਾਂ ਦੀ ਔਰਤ ਦੀ ਲਿਖੀ (ਜਾਂ ਘੱਟੋਘੱਟ ਉਸ ਦੇ ਦਸਤਖ਼ਤਾਂ ਹੇਠ ਛਪੀ) ਇਸ ਕਿਤਾਬ ਦੇ ਦਸ ਐਡੀਸ਼ਨ ਛਪੇ। ਫੁੱਟ ਨੋਟਾਂ ਦੀ ਭਰਮਾਰ ਦੇਖਕੇ ਲੱਗਦਾ ਸੀ ਕਿ ਇਹ ਕਿਤਾਬ ਕਿਸੇ ਵੱਡੇ ਵਿਦਵਾਨ ਦੀ ਘਾਲੀ ਘਾਲਣਾ ਹੈ। ਇਸ ਦਾ ਉਦੇਸ਼ ਇਹ ਦਿਖਾਉਣਾ ਸੀ ਕਿ ਫ਼ਲਸਤੀਨੀ ਲੋਕ ਤਾਂ ਇੱਥੇ (ਸਾਬਕਾ ਫ਼ਲਸਤੀਨ ਦੀ ਸਰਜ਼ਮੀਨ ਉੱਪਰ 1920 ਤੋਂ ਲੈ ਕੇ 1948 ਦਰਮਿਆਨ ਦੇ ਸਾਲਾਂ 'ਚ ਵਸਾਏ ਯਹੂਦੀ ਇਲਾਕਿਆਂ) ਹੁਣੇ ਜਹੇ ਆ ਕੇ ਵਸੇ ਪ੍ਰਵਾਸੀ ਲੋਕ ਹਨ। ਇਹ ਕਿਤਾਬ ਬਹੁਤ ਹਰਮਨਪਿਆਰੀ ਹੋਈ। ਸੈਂਕੜੇ ਰੀਵਿਊ ਕਰਤਾਵਾਂ ਨੇ ਇਸ ਦੇ ਸੋਹਲੇ ਗਾਏ, ਅਤੇ ਇਕ ਵੀ ਨਾਂਹਪੱਖੀ ਰੀਵਿਊ ਦੇਖਣ 'ਚ ਨਹੀਂ ਆਇਆ। ਦੀ ਵਾਸ਼ਿੰਗਟਨ ਪੋਸਟ, ਦੀ ਨਿਊ ਯਾਰਕ ਟਾਈਮਜ਼, ਹਰ ਕੋਈ ਇਸ ਦੀਆਂ ਸਿਫ਼ਤਾਂ ਕਰ ਰਿਹਾ ਸੀ। ਇਹ ਕਿਤਾਬ ਸਾਬਤ ਕਰਦੀ ਸੀ ਕਿ ਅਸਲ ਵਿਚ ਫ਼ਲਸਤੀਨੀ ਨਾਂ ਦੇ ਕੋਈ ਲੋਕ ਹੈ ਹੀ ਨਹੀਂ!

ਨਿਰਸੰਦੇਹ, ਇਸ ਦਾ ਗੁੱਝਾ ਅਰਥ ਸੀ ਕਿ ਜੇ ਇਸਰਾਇਲ ਇਨਾਂ ਸਾਰਿਆਂ ਨੂੰ ਇੱਥੋਂ ਦਬੱਲ ਦੇਵੇ ਤਾਂ ਇਹ ਕੋਈ ਇਖ਼ਲਾਕੀ ਮੁੱਦਾ ਨਹੀਂ ਬਣਦਾ, ਕਿਉਂਕਿ ਇਹ ਤਾਂ ਯਹੂਦੀਆਂ ਦੇ ਆਬਾਦ ਕੀਤੇ ਮੁਲਕ 'ਚ ਹੁਣੇ ਜਹੇ ਆ ਕੇ ਵਸੇ ਪ੍ਰਵਾਸੀ ਹਨ। ਇਸ ਵਿਚ ਵਸੋਂ ਬਾਰੇ ਹਰ ਤਰਾਂ ਦਾ ਵਿਸ਼ਲੇਸ਼ਣ ਵੀ ਦਿੱਤਾ ਗਿਆ ਸੀ, ਅਤੇ ਸ਼ਿਕਾਗੋ ਯੂਨੀਵਰਸਿਟੀ ਵਿਖੇ ਆਬਾਦੀ ਬਾਰੇ ਇਕ ਵੱਡੇ ਪ੍ਰੋਫੈਸਰ (ਫਿਲਿਪ ਐੱਮ ਹੌਜਰ) ਨੇ ਇਸ ਉੱਪਰ ਪ੍ਰਮਾਣਿਕਤਾ ਦੀ ਮੋਹਰ ਵੀ ਲਗਾਈ ਹੋਈ ਸੀ। ਇਹ ਉਸ ਵਰੇ ਦਾ ਵੱਡਾ ਬੌਧਿਕ ਮਾਅਰਕਾ ਸੀ: ਸਾਓਲ ਬੈਲੋ, ਬਾਰਬਰਾ ਟੁਚਮੈਨ, ਹਰ ਕੋਈ ਇਸ ਨੂੰ ਚਾਕਲੇਟ ਕੇਕ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਦੀ ਬਹੁਤ ਮਹਾਨ ਸ਼ੈਅ ਦੱਸ ਰਿਹਾ ਸੀ। ਖ਼ੈਰ, ਨਾਰਮਨ ਫਿੰਕਲਸਟੇਨ ਨਾਂ ਦੇ ਇਕ ਬੰਦੇ ਨੇ, ਜੋ ਪ੍ਰਿੰਸਟਨ ਯੂਨੀਵਰਸਿਟੀ ਵਿਖੇ ਗਰੈਜੂਏਸ਼ਨ ਦਾ ਵਿਦਿਆਰਥੀ ਸੀ, ਨੇ ਕਿਤਾਬ ਨਿੱਠਕੇ ਪੜਨੀ ਸ਼ੁਰੂ ਕਰ ਦਿੱਤੀ। ਉਸ ਦੀ ਰੁਚੀ ਯਹੂਦੀਵਾਦ ਦੀ ਤਵਾਰੀਖ਼ 'ਚ ਸੀ, ਅਤੇ ਜਿਉਂ ਹੀ ਉਸਨੇ ਇਹ ਕਿਤਾਬ ਪੜ ਲਈ ਉਸ ਨੂੰ ਇਸ ਵਿਚ ਬਿਆਨ ਕੀਤੀਆਂ ਗਈਆਂ ਕਈ ਚੀਜ਼ਾਂ ਅਜੀਬ ਲੱਗੀਆਂ। ਉਹ ਬਹੁਤ ਨਘੋਚੀ ਵਿਦਿਆਰਥੀ ਹੈ ਅਤੇ ਉਸਨੇ ਹਵਾਲਿਆਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਪੋਲ ਖੁੱਲ ਗਿਆ ਕਿ ਸਭ ਕੁਝ ਇਕ ਛਲਾਵਾ ਹੀ ਸੀ, ਇਹ ਪੂਰੀ ਤਰਾਂ ਜਾਅਲਸਾਜ਼ੀ ਸੀ। ਖ਼ੈਰ, ਫਿੰਕਲਸਟੇਨ ਨੇ ਮੁੱਢਲੇ ਨਿਰਣਿਆਂ ਦੇ ਅਧਾਰ 'ਤੇ ਇਕ ਸੰਖੇਪ ਪਰਚਾ ਲਿਖਿਆ, ਇਹ ਪੰਝੀ ਕੁ ਸਫ਼ਿਆਂ ਦਾ ਸੀ, ਅਤੇ ਉਸ ਨੇ ਤੀਹ ਕੁ ਐਸੇ ਬੰਦਿਆਂ ਨੂੰ ਇਹ ਪਰਚਾ ਭੇਜ ਦਿੱਤਾ ਜੋ ਇਸ ਮਜਮੂਨ 'ਚ ਰੁਚੀ ਰੱਖਦੇ ਸਨ ਤੇ ਇਸ ਖੇਤਰ ਦੇ ਵਿਦਵਾਨ ਸਮਝੇ ਜਾਂਦੇ ਸਨ। ਉਸ ਨੇ ਤਾਕੀਦ ਕੀਤੀ: ''ਮੈਨੂੰ ਇਸ ਕਿਤਾਬ ਵਿਚੋਂ ਇਹ ਕੁਝ ਲੱਭਿਆ ਹੈ, ਕੀ ਤੁਹਾਨੂੰ ਲੱਗਦੈ ਕਿ ਇਹ ਕੋਈ ਕੰਮ ਦੀ ਚੀਜ਼ ਹੈ?''
ਜੋਨ ਪੀਟਰਸ 

ਚਲੋ, ਉਸ ਨੂੰ ਇਕ ਜਵਾਬ ਮਿਲ ਗਿਆ, ਮੇਰੇ ਵਲੋਂ। ਮੈਂ ਉਸ ਨੂੰ ਦੱਸਿਆ, ਹਾਂ, ਮੇਰੀ ਜਾਚੇ ਇਹ ਰੌਚਕ ਵਿਸ਼ਾ ਹੈ, ਪਰ ਮੈਂ ਉਸ ਨੂੰ ਚੇਤਾਵਨੀ ਵੀ ਦਿੱਤੀ, ਜੇ ਤੂੰ ਇਸ ਦੀ ਪੈਰਵਾਈ ਕਰੇਂਗਾ, ਤੂੰ ਸਿਆਪਾ ਗਲ ਪਾ ਬੈਠੇਂਗਾ-ਕਿਉਂਕਿ ਤੂੰ ਅਮਰੀਕੀ ਬੁੱਧੀਮਾਨ ਭਾਈਚਾਰੇ ਦੀ ਜਾਅਲਸਾਜ਼ ਗ੍ਰੋਹ ਵਜੋਂ ਪੋਲ ਖੋਲਣ ਜਾ ਰਿਹਾ ਏਂ, ਉਨਾਂ ਨੂੰ ਇਹ ਗਵਾਰਾ ਨਹੀਂ ਹੋਵੇਗਾ ਅਤੇ ਉਹ ਤੈਨੂੰ ਬਰਬਾਦ ਕਰਨ ਲਈ ਟਿੱਲ ਲਾ ਦੇਣਗੇ। ਇਸ ਲਈ ਮੈਂ ਕਿਹਾ : ਜੇ ਤੂੰ ਇਹ ਕਰਨਾ ਹੀ ਚਾਹੁੰਦਾ ਏਂ, ਜ਼ਰੂਰ ਕਰ, ਪਰ ਉਸ ਮੁਸ਼ਕਲ ਤੋਂ ਖ਼ਬਰਦਾਰ ਜ਼ਰੂਰ ਰਹੀਂ ਜੋ ਤੇਰੇ ਗਲ ਪੈਣ ਜਾ ਰਹੀ ਹੈ। ਇਹ ਅਹਿਮ ਸਵਾਲ ਹੈ, ਤੁਹਾਡੇ ਵਲੋਂ ਇਕ ਵਸੋਂ ਨੂੰ ਦਬੱਲ ਦੇਣ ਦੀ ਇਖ਼ਲਾਕੀ ਬੁਨਿਆਦ ਦੀਆਂ ਹੀ ਧੱਜੀਆਂ ਉਡਾ ਦੇਣਾ ਛੋਟੀ-ਮੋਟੀ ਗੱਲ ਨਹੀਂ ਹੈ-ਇਸ ਨਾਲ ਇਕ ਹਕੀਕੀ ਭਿਆਨਕਤਾ ਦੀ ਨੀਂਹ ਤਿਆਰ ਹੋਣ ਜਾ ਰਹੀ ਹੈ-ਇਸ ਕਰਕੇ ਖ਼ਾਸੇ ਲੋਕਾਂ ਦੀਆਂ ਜ਼ਿੰਦਗੀਆਂ ਦਾਅ 'ਤੇ ਲੱਗ ਸਕਦੀਆਂ ਹਨ। ਪਰ ਤੇਰੀ ਆਪਣੀ ਜ਼ਿੰਦਗੀ ਲਈ ਵੀ ਖ਼ਤਰਾ ਹੈ, ਮੈਂ ਉਸ ਨੂੰ ਕਿਹਾ, ਕਿਉਂਕਿ ਜੇ ਤੂੰ ਇਸ ਦੀ ਪੈਰਵਾਈ ਕਰਦਾ ਏਂ, ਤੇਰਾ ਭਵਿੱਖ ਤਬਾਹ ਹੋਣਾ ਤੈਅ ਏ।

ਖ਼ੈਰ, ਉਸ ਨੂੰ ਮੇਰੀ ਗੱਲ 'ਤੇ ਯਕੀਨ ਨਾ ਆਇਆ। ਇਸ ਪਿੱਛੋਂ ਅਸੀਂ ਬਹੁਤ ਗੂੜੇ ਮਿੱਤਰ ਬਣ ਗਏ, ਇਸ ਤੋਂ ਪਹਿਲਾਂ ਮੈਂ ਉਸ ਦਾ ਜਾਣੂੰ ਨਹੀਂ ਸੀ। ਉਹ ਨਾ ਟਲਿਆ ਅਤੇ ਉਸ ਨੇ ਇਕ ਲੇਖ ਲਿਖ ਕੇ ਰਸਾਲਿਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਇਸ ਨੂੰ ਟਿੱਚ ਨਹੀਂ ਜਾਣਿਆ। ਆਖ਼ਿਰ ਮੈਂ ਇਸ ਦਾ ਇਕ ਅੰਸ਼ ਇਲੀਨੋ ਤੋਂ ਛਪਦੇ ਖੱਬੇਪੱਖੀ ਰਸਾਲੇ ਇਨ ਦੀਜ਼ ਟਾਈਮਜ਼ 'ਚ ਛਪਵਾਉਣ 'ਚ ਕਾਮਯਾਬ ਹੋ ਗਿਆ, ਜਿੱਥੇ ਤੁਹਾਡੇ 'ਚੋਂ ਕੁਝ ਨੇ ਇਹ ਜ਼ਰੂਰ ਪੜਿਆ ਹੋਵੇਗਾ। ਹੋਰ ਕਿਤਿਓਂ ਕੋਈ ਜਵਾਬ ਨਹੀਂ ਆਇਆ। ਇਸੇ ਦੌਰਾਨ ਉਸ ਦੇ ਪ੍ਰੋਫੈਸਰਾਂ-ਭਾਵ ਪ੍ਰਿੰਸਟਨ ਯੂਨੀਵਰਸਿਟੀ ਵਾਲਿਆਂ, ਜੋ ਇਕ ਸੰਜੀਦਾ ਥਾਂ ਮੰਨੀ ਜਾਂਦੀ ਹੈ, ਨੇ ਉਸ ਨਾਲ ਬੋਲਚਾਲ ਬੰਦ ਕਰ ਦਿੱਤੀ; ਉਹ ਉਸ ਨੂੰ ਮਿਲਣ ਦਾ ਸਮਾਂ ਨਾ ਦਿੰਦੇ, ਉਸ ਦੇ ਪਰਚੇ ਨਾ ਪੜਦੇ, ਅਸਲ ਵਿਚ ਉਸ ਨੂੰ ਆਪਣਾ ਪ੍ਰੋਗਰਾਮ ਅੱਧ-ਵਿਚਾਲੇ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ।
ਨਾਰਮਨ ਫਿੰਕਲਸਟੇਨ

ਇਸ ਵਕਤ, ਉਹ ਮਾਯੂਸੀ ਦੇ ਆਲਮ 'ਚ ਘਿਰਦਾ ਜਾ ਰਿਹਾ ਸੀ, ਅਤੇ ਉਸ ਨੇ ਮੇਰੀ ਸਲਾਹ ਲਈ। ਮੈਂ ਆਪਣੀ ਸਮਝ ਅਨੁਸਾਰ ਉਸ ਨੂੰ ਚੰਗੀ ਸਲਾਹ ਦੇ ਦਿੱਤੀ, ਪਰ ਇਹ ਭੈੜੀ ਸਲਾਹ ਸਾਬਤ ਹੋਈ: ਮੈਂ ਉਸ ਨੂੰ ਸੁਝਾਅ ਦਿੱਤਾ ਕਿ ਉਹ (ਯੂਨੀਵਰਸਿਟੀ ਦੇ) ਕਿਸੇ ਹੋਰ ਵਿਭਾਗ 'ਚ ਤਬਾਦਲਾ ਕਰਵਾ ਲਵੇ, ਜਿੱਥੇ ਕੁਝ ਲੋਕ ਮੇਰੇ ਜਾਣੂੰ ਸਨ ਅਤੇ ਮੇਰਾ ਖ਼ਿਆਲ ਸੀ ਕਿ ਉੱਥੇ ਘੱਟੋਘੱਟ ਉਸ ਨਾਲ ਚੰਗਾ ਸਲੂਕ ਤਾਂ ਕੀਤਾ ਜਾਵੇਗਾ। ਇਹ ਅੰਦਾਜ਼ਾ ਗਲ਼ਤ ਨਿਕਲਿਆ। ਉਸ ਨੇ ਵਿਭਾਗ ਬਦਲ ਲਿਆ, ਅਤੇ ਜਦੋਂ ਉਸ ਦਾ ਥੀਸਿਜ਼ ਲਿਖਣ ਦਾ ਵਕਤ ਆ ਗਿਆ, ਉਸ ਨੂੰ ਕੋਈ ਅਧਿਆਪਕ ਨਾ ਮਿਲਿਆ ਜੋ ਉਸ ਦਾ ਥੀਸਿਜ਼ ਪੜੇ, ਉਸ ਨੂੰ ਕੋਈ ਵੀ ਆਪਣੇ ਥੀਸਿਜ਼ ਦੀ ਵਜਾਹਤ ਕਰਨ ਵਾਲਾ ਨਾ ਥਿਆਇਆ। ਆਖ਼ਿਰ, ਗਲੋਂ ਲਾਹੁਣ ਲਈ, ਉਨਾਂ ਨੇ ਉਸ ਨੂੰ ਪੀਐੱਚ. ਡੀ ਦੇ ਦਿੱਤੀ। ਉਹ ਬਹੁਤ ਹੁਸ਼ਿਆਰ ਸੀ-ਪਰ ਉਨਾਂ ਨੇ ਇੰਨਾ ਵੀ ਲਿਖਕੇ ਨਹੀਂ ਦਿੱਤਾ ਕਿ ਉਹ ਪ੍ਰਿੰਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਸੀ। ਮੇਰੇ ਕਹਿਣ ਦਾ ਭਾਵ, ਕਈ ਵਾਰ ਤੁਹਾਡੇ ਕੋਲ ਅਜਿਹੇ ਵਿਦਿਆਰਥੀ ਹੁੰਦੇ ਹਨ ਜਿਨਾਂ ਦੀ ਸਿਫਾਰਸ਼ ਕਰਨਾ ਮੁਸ਼ਕਲ ਹੁੰਦਾ ਹੈ, ਕਿਉਂਕਿ ਤੁਸੀਂ ਸੱਚੀਓਂ ਹੀ ਨਹੀਂ ਸੋਚਿਆ ਹੁੰਦਾ ਕਿ ਉਹ ਲਾਇਕ ਵਿਦਿਆਰਥੀ ਸਨ-ਪਰ ਤੁਸੀਂ ਉਨਾਂ ਬਾਰੇ ਕੁਝ ਨਾ ਕੁਝ ਲਿਖ ਸਕਦੇ ਹੋ, ਅਜਿਹਾ ਕਰਨ ਦੇ ਬਥੇਰੇ ਢੰਗ ਹਨ। ਇਹ ਨੇਕ ਬੰਦਾ ਸੀ, ਪਰ ਅਸਲ ਵਿਚ ਉਸ ਦੇ ਹੱਕ 'ਚ ਚੰਦ ਲਫ਼ਜ਼ ਲਿਖਕੇ ਦੇਣ ਲਈ ਕੋਈ ਵੀ ਤਿਆਰ ਨਹੀਂ ਸੀ।

ਹੁਣ ਉਹ ਨਿਊ ਯਾਰਕ ਸ਼ਹਿਰ 'ਚ ਕਿਸੇ ਨਿੱਕੇ ਜਹੇ ਕਮਰੇ 'ਚ ਰਹਿ ਰਿਹਾ ਹੈ, ਅਤੇ ਸਕੂਲੀ ਪੜਾਈ ਛੱਡ ਚੁੱਕੇ ਅੱਲੜਾਂ 'ਚ ਪਾਰਟ-ਟਾਈਮ ਸਮਾਜ-ਭਲਾਈ ਕੰਮ ਕਰਦਾ ਹੈ। ਉਹ ਬਹੁਤ ਹੀ ਹੋਣਹਾਰ ਵਿਦਵਾਨ ਸੀ-ਉਸ ਨੂੰ ਜੋ ਕਰਨ ਲਈ ਕਿਹਾ ਗਿਆ ਸੀ ਜੇ ਉਹ ਉਹੀ ਕੁਝ ਕਰਦਾ ਰਹਿੰਦਾ, ਉਸ ਨੇ ਤਰੱਕੀ ਕਰਦੇ ਜਾਣਾ ਸੀ ਅਤੇ ਇਸ ਵਕਤ ਉਹ ਕਿਸੇ ਵੱਡੀ ਯੂਨੀਵਰਸਿਟੀ 'ਚ ਪ੍ਰੋਫੈਸਰ ਲੱਗਿਆ ਹੁੰਦਾ। ਇਸ ਦੀ ਬਜਾਏ ਉਹ ਦੋ ਕੁ ਹਜ਼ਾਰ ਡਾਲਰ ਸਾਲਾਨਾ 'ਤੇ ਉਨਾਂ ਅੱਲੜ ਬੱਚਿਆਂ 'ਚ ਪਾਰਟ-ਟਾਈਮ ਕੰਮ ਕਰ ਰਿਹਾ ਹੈ ਜਿਨਾਂ ਦੀ ਜ਼ਿੰਦਗੀ ਲੀਹੋਂ ਲੱਥੀ ਹੋਈ ਹੈ। ਸੱਚੀ ਗੱਲ ਇਹ ਹੈ ਕਿ ਇਹ ਕਾਤਲ ਦਸਤੇ ਹੱਥੋਂ ਜ਼ਿਬਾਹ ਹੋਣ ਨਾਲੋਂ ਤਾਂ ਬਿਹਤਰ ਹਾਲਤ ਹੈ-ਕਾਤਲ ਦਸਤੇ ਹੱਥੋਂ ਜਿਬਾਹ ਹੋਣ ਨਾਲੋਂ ਪੂਰੀ ਤਰਾਂ ਬਿਹਤਰ ਹਾਲਤ। ਕਿਸੇ ਨੂੰ ਕਾਬੂ ਕਰਨ ਲਈ ਚਾਰ-ਚੁਫੇਰੇ ਅਜਿਹੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ।

ਪਰ ਮੈਨੂੰ ਜੋਨ ਪੀਟਰਸ ਵਾਲੀ ਕਹਾਣੀ ਨੂੰ ਅੱਗੇ ਤੋਰਨ ਦੀ ਇਜਾਜ਼ਤ ਦਿਓ। ਫਿੰਕਲਸਟੇਨ ਬਹੁਤ ਸਿਰੜੀ ਹੈ: ਉਸ ਨੇ ਹੁਨਾਲ ਦੀਆਂ ਛੁੱਟੀਆਂ ਲਈਆਂ ਅਤੇ ਨਿਊ ਯਾਰਕ ਪਬਲਿਕ ਲਾਇਬ੍ਰੇਰੀ 'ਚ ਡੇਰਾ ਲਾ ਲਿਆ ਜਿੱਥੇ ਬੈਠਕੇ ਉਸ ਨੇ 'ਕੱਲੇ-'ਕੱਲੇ ਹਵਾਲੇ ਦੀ ਘੋਖ-ਪੜਤਾਲ ਕੀਤੀ-ਅਤੇ ਉਸ ਨੇ ਜਾਅਲਸਾਜ਼ੀ ਦਾ ਐਸਾ ਰਿਕਾਰਡ ਲੱਭ ਲਿਆ ਕਿ ਤੁਸੀਂ ਯਕੀਨ ਨਹੀਂ ਕਰਨਾ। ਖ਼ੈਰ, ਨਿਊ ਯਾਰਕ ਦਾ ਬੁੱਧੀਮਾਨ ਭਾਈਚਾਰਾ ਬਹੁਤ ਹੀ ਨਿੱਕਾ ਜਿਹਾ ਘੇਰਾ ਹੈ, ਅਤੇ ਬਹੁਤ ਛੇਤੀ ਹੀ ਹਰ ਕਿਸੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਹਰ ਕਿਸੇ ਨੂੰ ਜਾਣਕਾਰੀ ਹੋ ਗਈ ਕਿ ਕਿਤਾਬ ਧੋਖਾਧੜੀ ਹੈ ਅਤੇ ਛੇਤੀ ਹੀ ਇਸ ਦੀ ਪੋਲ ਖੁੱਲਣ ਜਾ ਰਹੀ ਹੈ। ਨਿਊ ਯਾਰਕ ਰੀਵਿਊ ਆਫ ਬੁੱਕਸ ਰਸਾਲਾ ਤਿੱਖੇ ਪ੍ਰਤੀਕਰਮ ਦੇਣ ਲਈ ਕਾਫ਼ੀ ਤੇਜ਼-ਤਰਾਰ ਸੀ-ਇਨਾਂ ਨੂੰ ਪਤਾ ਸੀ ਕਿ ਇਹ ਜਾਅਲਸਾਜ਼ੀ ਹੈ, ਪਰ ਸੰਪਾਦਕ ਆਪਣੇ ਮਿੱਤਰਾਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਇਸ ਨੇ ਰੀਵਿਊ ਹੀ ਨਹੀਂ ਛਾਪਿਆ। ਇਹੀ ਇਕ ਰਸਾਲਾ ਸੀ ਜਿਸ ਨੇ ਰੀਵਿਊ ਨਹੀਂ ਦਿੱਤਾ।

ਇਸੇ ਦੌਰਾਨ, ਫਿੰਕਲਸਟੇਨ ਨੂੰ ਵੱਡੇ ਵੱਡੇ ਪ੍ਰੋਫੈਸਰਾਂ ਦੇ ਸੁਨੇਹੇ ਆਉਣ ਲੱਗੇ ਜੋ ਉਸ ਨੂੰ ਨਸੀਹਤ ਦੇ ਰਹੇ ਸਨ, ''ਦੇਖ, ਆਪਣਾ ਜਹਾਦ ਛੱਡ ਦੇ; ਇਸ ਨੂੰ ਵਾਪਸ ਲੈ ਲੈ ਅਤੇ ਅਸੀਂ ਤੇਰਾ ਪੂਰਾ ਖ਼ਿਆਲ ਰੱਖਾਂਗੇ, ਅਸੀਂ ਯਕੀਨੀਂ ਬਣਾਵਾਂਗੇ ਕਿ ਤੈਨੂੰ ਨੌਕਰੀ ਮਿਲ ਜਾਵੇ,'' ਇਸ ਤਰਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਪਰ ਉਸ ਨੇ ਕੰਮ ਜਾਰੀ ਰੱਖਿਆ-ਉਹ ਅੱਗੇ ਵਧਦਾ ਗਿਆ। ਜਦੋਂ ਵੀ ਇਸ ਕਿਤਾਬ ਦੇ ਹੱਕ 'ਚ ਕੋਈ ਰੀਵਿਊ ਛਪਦਾ, ਉਹ ਸੰਪਾਦਕ ਨੂੰ ਖ਼ਤ ਲਿਖਦਾ ਜਿਸ ਨੂੰ ਕੋਈ ਨਾ ਛਾਪਦਾ; ਉਹ ਜੋ ਕੁਝ ਵੀ ਕਰ ਸਕਦਾ ਸੀ ਉਸ ਦੀ ਪੂਰੀ ਵਾਹ ਲਾ ਰਿਹਾ ਸੀ। ਅਸੀਂ ਪ੍ਰਕਾਸ਼ਕਾਂ ਤੱਕ ਪਹੁੰਚ ਕੀਤੀ ਅਤੇ ਉਨਾਂ ਨੂੰ ਪੁੱਛਿਆ ਕਿ ਕੀ ਉਹ ਉਸ ਦੇ ਕਿਸੇ ਸਵਾਲ ਦਾ ਜਵਾਬ ਦੇਣਗੇ, ਅਤੇ ਉਨਾਂ ਦਾ ਜਵਾਬ ਨਾਂਹ 'ਚ ਹੁੰਦਾ-ਅਤੇ ਉਹ ਸਹੀ ਸਨ। ਉਹ ਕਿਉਂ ਜਵਾਬ ਦੇਣ? ਪੂਰੇ ਪ੍ਰਬੰਧ ਨੇ ਜ਼ਬਾਨ ਨੂੰ ਤਾਲਾ ਲਾ ਰੱਖਿਆ ਸੀ, ਅਮਰੀਕਾ ਵਿਚ ਇਸ ਦੀ ਕਦੇ ਨੁਕਤਾਚੀਨੀ ਨਹੀਂ ਸੀ ਹੋਣ ਲੱਗੀ। ਪਰ ਫਿਰ ਉਨਾਂ ਤੋਂ ਤਕਨੀਕੀ ਗ਼ਲਤੀ ਹੋ ਗਈ; ਉਨਾਂ ਨੇ ਇੰਗਲੈਂਡ ਵਿਚ ਕਿਤਾਬ ਛਾਪੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਿੱਥੇ ਬੁੱਧੀਮਾਨ ਭਾਈਚਾਰੇ ਨੂੰ ਐਨੀ ਅਸਾਨੀ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ।

ਖ਼ੈਰ,ਜਿਉਂ ਹੀ ਮੈਨੂੰ ਪਤਾ ਲੱਗਿਆ ਕਿ ਕਿਤਾਬ ਇੰਗਲੈਂਡ ਵਿਚ ਛਪਣ ਜਾ ਰਹੀ ਹੈ, ਮੈਂ ਝੱਟ ਫਿੰਕਲਸਟੇਨ ਦੀ ਲਿਖਤ ਦੀਆਂ ਕਾਪੀਆਂ ਬਰਤਾਨੀਆਂ ਦੇ ਕਈ ਵਿਦਵਾਨਾਂ ਅਤੇ ਪੱਤਰਕਾਰਾਂ ਨੂੰ ਭੇਜ ਦਿੱਤੀਆਂ ਜਿਨਾਂ ਦੀ ਮੱਧ-ਪੂਰਬ ਵਿਚ ਦਿਲਚਸਪੀ ਹੈ-ਅਤੇ ਉਨਾਂ ਨੇ ਤਿਆਰੀ ਕਰ ਲਈ। ਜਿਉਂ ਹੀ ਕਿਤਾਬ ਛਪਕੇ ਆਈ, ਇਹ ਰੱਦ ਕਰ ਦਿੱਤੀ ਗਈ, ਇਸ ਦਾ ਹੀਜ-ਪਿਆਜ਼ ਪੂਰੀ ਤਰਾਂ ਨੰਗਾ ਹੋ ਗਿਆ। ਇੱਥੋਂ ਤੱਕ ਕਿ ਦੀ ਟਾਈਮਜ਼ ਲਿਟਰੇਰੀ ਸਪਲੀਮੈਂਟ, ਦੀ ਲੰਦਨ ਰੀਵਿਊ, ਦੀ ਆਬਜ਼ਰਵਰ ਵਰਗੇ ਹਰ ਵੱਡੇ ਰਸਾਲੇ ਨੇ ਰੀਵਿਊ 'ਚ ਆਖ ਦਿੱਤਾ ਕਿ ਇਹ ਕਿਤਾਬ ਤਾਂ ਬਕਵਾਸ, ਮੂੜਮੱਤ ਉੱਪਰ ਵੀ ਪੂਰੀ ਨਹੀਂ ਉੱਤਰਦੀ। ਮੈਂ ਤਾਂ ਕਹਾਂਗਾ, ਵਾਹਵਾ ਆਲੋਚਕਾਂ ਵਲੋਂ ਫਿੰਕਲਸਟੇਨ ਵਲੋਂ ਕੀਤੀ ਆਲੋਚਨਾ ਦਾ ਜ਼ਿਕਰ ਕੀਤੇ ਬਗ਼ੈਰ ਇਸ ਨੂੰ ਵਰਤਿਆ ਗਿਆ-ਪਰ ਹਰ ਕਿਸੇ ਨੇ ਕਿਤਾਬ ਬਾਰੇ ਨਰਮ ਤੋਂ ਨਰਮ ਸ਼ਬਦ ''ਹਾਸੋਹੀਣੀ,'' ਜਾਂ ''ਊਲ-ਜਲੂਲ'' ਵਰਤਿਆ।

ਖ਼ੈਰ, ਇੱਥੇ ਲੋਕ ਬਰਤਾਨਵੀ ਰੀਵਿਊ ਪੜਦੇ ਹਨ-ਜੇ ਤੁਸੀਂ ਅਮਰੀਕੀ ਬੁੱਧੀਜੀਵੀ ਭਾਈਚਾਰੇ ਵਿਚ ਸ਼ਾਮਲ ਹੋ, ਤੁਸੀਂ ਦੀ ਟਾਈਮਜ਼ ਲਿਟਰੇਰੀ ਸਪਲੀਮੈਂਟ ਅਤੇ ਦੀ ਲੰਦਨ ਰੀਵਿਊ ਪੜਦੇ ਹੋ, ਇਸ ਕਰਕੇ ਥੋੜੀ ਪ੍ਰੇਸ਼ਾਨੀ ਖੜੀ ਹੋ ਗਈ। ਇਨਾਂ ਲੋਕਾਂ ਨੇ ਪੈਰ ਖਿੱਚਣੇ ਸ਼ੁਰੂ ਕਰ ਦਿੱਤੇ; ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ''ਦੇਖੋ, ਮੈਂ ਬਿਲਕੁਲ ਨਹੀਂ ਕਿਹਾ ਕਿ ਕਿਤਾਬ ਚੰਗੀ ਸੀ, ਮੈਂ ਤਾਂ ਬਸ ਏਨਾ ਕਿਹਾ ਸੀ ਕਿ ਵਿਸ਼ਾ ਰੌਚਕ ਹੈ,'' ਇਸ ਤਰਾਂ ਦੀਆਂ ਗੱਲਾਂ ਹੋਣ ਲੱਗੀਆਂ। ਇੱਥੇ ਆ ਕੇ, ਦੀ ਨਿਊ ਯਾਰਕ ਰੀਵਿਊ ਹਰਕਤ 'ਚ ਆ ਗਿਆ, ਅਤੇ ਇਨਾਂ ਨੇ ਉਹੀ ਕੁਝ ਕੀਤਾ ਜੋ ਅਜਿਹੇ ਹਾਲਾਤ ਇਹ ਹਮੇਸ਼ਾ ਕਰਦੇ ਆਏ ਹਨ। ਦੇਖੋ, ਜਿਸ ਵਿਚੋਂ ਤੁਸੀਂ ਗੁਜ਼ਰ ਰਹੇ ਹੋ ਇਹ ਆਮ ਗੱਲ ਹੈ-ਜੇ ਇਕ ਕਿਤਾਬ ਇੰਗਲੈਂਡ ਵਿਚ ਨਕਾਰ ਦਿੱਤੀ ਜਾਂਦੀ ਹੈ ਤਾਂ ਇੱਥੇ ਲੋਕਾਂ ਨੂੰ ਪਤਾ ਚਲ ਜਾਂਦਾ ਹੈ, ਜਾਂ ਜੇ ਇੰਗਲੈਂਡ ਵਿਚ ਕਿਤਾਬ ਦੀ ਤਾਰੀਫ਼ ਹੁੰਦੀ ਹੈ, ਤੁਹਾਨੂੰ ਪ੍ਰਤੀਕਰਮ ਦੇਣਾ ਪੈਂਦਾ ਹੈ। ਅਤੇ ਜੇ ਕਿਤਾਬ ਇਸਰਾਇਲ ਬਾਰੇ ਹੈ, ਅਜਿਹਾ ਕਰਨ ਦਾ ਇਕ ਘੜਿਆ-ਘੜਾਇਆ ਤਰੀਕਾ ਹੈ: ਇਸ ਦਾ ਰੀਵਿਊ ਕਰਨ ਲਈ ਇਕ ਇਸਰਾਇਲੀ ਵਿਦਵਾਨ ਫੜ ਲਿਆ ਜਾਂਦਾ ਹੈ। ਇਸ ਨੂੰ ਆਪਣੀ ਖੱਲ ਬਚਾਉਣਾ ਕਿਹਾ ਜਾਂਦਾ ਹੈ-ਕਿਉਂਕਿ ਇਸਰਾਇਲੀ ਵਿਦਵਾਨ ਕੁਝ ਵੀ ਕਹਿ ਦੇਵੇ, ਤੁਹਾਨੂੰ ਕੋਈ ਆਂਚ ਨਹੀਂ ਆਉਂਦੀ: ਕੋਈ ਵੀ ਰਸਾਲੇ ਉੱਪਰ ਸਾਮੀ ਨਸਲ ਦਾ ਵਿਰੋਧੀ ਹੋਣ ਦਾ ਇਲਜ਼ਾਮ ਨਹੀਂ ਲਾ ਸਕਦਾ, ਕੋਈ ਵੀ ਆਮ ਹਥਿਆਰ ਕੰਮ ਨਹੀਂ ਆਉਂਦਾ।

ਇਸ ਲਈ ਜਦੋਂ ਪੀਟਰਸ ਦੀ ਕਿਤਾਬ ਇੰਗਲੈਂਡ 'ਚ ਰੱਦ ਹੋ ਗਈ, ਦੀ ਨਿਊ ਯਾਰਕ ਰੀਵਿਊ ਨੇ ਇਹ ਕੰਮ ਇਕ ਸੱਜਣ, ਦਰ ਅਸਲ ਫਲਸਤੀਨੀ ਕੌਮਵਾਦ ਬਾਰੇ ਇਸਰਾਇਲ ਦੇ ਇਕ ਚੋਟੀ ਦੇ ਮਾਹਰ (ਯੇਹੋਸ਼ੂਆ ਪੋਰਾਥ) ਨੂੰ ਸੌਂਪ ਦਿੱਤਾ, ਜਿਸ ਨੂੰ ਇਸ ਵਿਸ਼ੇ ਦੀ ਚੋਖੀ ਜਾਣਕਾਰੀ ਹੈ। ਅਤੇ ਉਸ ਨੇ ਇਕ ਰੀਵਿਊ ਲਿਖ ਦਿੱਤਾ, ਜਿਸ ਨੂੰ ਇਨਾਂ ਨੇ ਫਿਰ ਨਹੀਂ ਛਾਪਿਆ। ਲਗਭਗ ਇਕ ਵਰਾ ਗੁਜ਼ਰ ਗਿਆ ਤੇ ਇਹ ਛਾਪਿਆ ਹੀ ਨਹੀਂ ਗਿਆ; ਕੋਈ ਨਹੀਂ ਸੀ ਜਾਣਦਾ ਕਿ ਅਸਲ ਵਿਚ ਕੀ ਵਾਪਰ ਰਿਹਾ ਸੀ, ਪਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਨੂੰ ਨਾ ਛਾਪਣ ਲਈ ਵਾਹਵਾ ਦਬਾਅ ਪਾਇਆ ਗਿਆ ਹੋਵੇਗਾ। ਆਖ਼ਿਰ ਦੀ ਨਿਊ ਯਾਰਕ ਟਾਈਮਜ਼ 'ਚ ਇਹ ਲਿਖ ਦਿੱਤਾ ਗਿਆ ਕਿ ਇਹ ਰੀਵਿਊ ਛਾਪਿਆ ਨਹੀਂ ਜਾ ਰਿਹਾ, ਇਸ ਕਰਕੇ ਅੰਤ ਇਸ ਦੇ ਕੁਝ ਅੰਸ਼ ਛਾਪ ਦਿੱਤੇ ਗਏ ਹਨ। ਇਹ ਆਲੋਚਨਾਤਮਕ ਸੀ, ਇਸ ਨੇ ਕਿਹਾ ਕਿ ਕਿਤਾਬ ਬਕਵਾਸ ਹੈ ਵਗੈਰਾ ਵਗੈਰਾ। ਪਰ ਇਸ ਨੇ ਸੁਖ਼ਾਲਾ ਰਾਹ ਲੱਭ ਲਿਆ, ਇਹ ਸੱਜਣ ਬਿਲਕੁਲ ਨਹੀਂ ਕੂਇਆ ਕਿ ਇਸ ਨੂੰ ਮੁੱਦੇ ਬਾਰੇ ਕੀ ਜਾਣਕਾਰੀ ਹੈ।

ਅਸਲ ਵਿਚ, ਇਸਰਾਇਲੀ ਰੀਵਿਊ ਬਹੁਤ ਹੀ ਆਲੋਚਨਾਤਮਕ ਸਨ: ਇਸਰਾਇਲੀ ਪ੍ਰੈੱਸ ਦਾ ਪ੍ਰਤੀਕਰਮ ਸੀ ਕਿ ਉਨਾਂ ਨੂੰ ਉਮੀਦ ਸੀ ਕਿ ਕਿਤਾਬ ਜ਼ਿਆਦਾ ਪੜੀ ਨਹੀਂ ਜਾਵੇਗੀ ਕਿਉਂਕਿ ਓੜਕ ਇਹ ਯਹੂਦੀਆਂ ਲਈ ਨੁਕਸਾਨਦੇਹ ਹੋਵੇਗੀ-ਕਦੇ ਨਾ ਕਦੇ ਇਸ ਦੀ ਪੋਲ ਖੁੱਲ ਜਾਵੇਗੀ, ਅਤੇ ਫਿਰ ਇਹ ਨਿਰੀ ਜਾਅਲਸਾਜ਼ੀ ਅਤੇ ਧੋਖਾਧੜੀ ਦਿਖਾਈ ਦੇਵੇਗੀ, ਅਤੇ ਇਸ ਦਾ ਇਸਰਾਇਲ ਉੱਪਰ ਮਾੜਾ ਅਸਰ ਪਵੇਗਾ। ਮੈਨੂੰ ਕਹਿਣਾ ਚਾਹੀਦਾ, ਉਨਾਂ ਨੇ ਅਮਰੀਕੀ ਬੁੱਧੀਮਾਨ ਭਾਈਚਾਰੇ ਨੂੰ ਘਟਾਕੇ ਅੰਗਿਆ।

ਕੁਝ ਵੀ ਹੋਵੇ, ਇੱਥੇ ਆਕੇ ਅਮਰੀਕੀ ਬੁੱਧੀਮਾਨ ਭਾਈਚਾਰੇ ਨੂੰ ਅਹਿਸਾਸ ਹੋ ਗਿਆ ਕਿ ਪੀਟਰਸ ਦੀ ਕਿਤਾਬ ਨੇ ਤਾਂ ਸਿਆਪਾ ਸਹੇੜ ਲਿਆ, ਅਤੇ ਇਕ ਤਰਾਂ ਨਾਲ ਇਹ ਗ਼ਾਇਬ ਹੀ ਹੋ ਗਈ-ਹੁਣ ਕੋਈ ਇਸ ਦੀ ਗੱਲ ਨਹੀਂ ਕਰਦਾ। ਕਹਿਣ ਦਾ ਭਾਵ, ਇਹ ਹਾਲੇ ਵੀ ਹਵਾਈ ਅੱਡਿਆਂ ਦੇ ਅਖ਼ਬਾਰਾਂ ਦੇ ਖੋਖਿਆਂ ਵਗੈਰਾ 'ਤੇ ਮਿਲ ਜਾਂਦੀ ਹੈ, ਪਰ ਸਭ ਤੋਂ ਤੇਜ਼-ਤਰਾਰ ਅਤੇ ਹੁਸ਼ਿਆਰ ਲੋਕ ਜਾਣਦੇ ਹਨ ਕਿ ਹੁਣ ਉਨਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਇਸ ਦੀ ਚਰਚਾ ਨਹੀਂ ਕਰਨਗੇ: ਕਿਉਂਕਿ ਇਸ ਦਾ ਪਰਦਾਫਾਸ਼ ਹੋ ਗਿਆ ਸੀ ਅਤੇ ਉਨਾਂ ਦੀ ਵੀ ਪੋਲ ਖੁੱਲ ਗਈ ਸੀ।

ਚਲੋ, ਪਰ ਨੁਕਤਾ ਇਹ ਹੈ, ਜੋ ਕੁਝ ਫਿੰਕਲਸਟੇਨ ਨਾਲ ਹੋਇਆ ਉਹ ਕਿਸੇ ਵੀ ਈਮਾਨਦਾਰ ਆਲੋਚਕ ਨਾਲ ਵਾਪਰ ਸਕਦਾ ਹੈ-ਅਤੇ ਅਜਿਹੀਆਂ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। (ਸੰਪਾਦਕ ਦੀ ਟਿੱਪਣੀ: ਫਿੰਕਲਸਟੇਨ ਨੇ ਇਸ ਤੋਂ ਬਾਦ ਆਜ਼ਾਦ ਪ੍ਰੈੱਸਾਂ ਤੋਂ ਕਈ ਕਿਤਾਬਾਂ ਛਪਵਾਈਆਂ ਹਨ। )

ਹਾਲੇ ਵੀ ਯੂਨੀਵਰਸਿਟੀਆਂ ਜਾਂ ਕਿਸੇ ਵੀ ਹੋਰ ਸੰਸਥਾ ਵਿਚ, ਤੁਹਾਨੂੰ ਅਕਸਰ ਹੀ ਚੁੱਪਚੁਪੀਤੇ ਕੰਮ ਕਰਦੇ ਰਹਿਣ ਵਾਲੇ ਵੱਖਰੇ ਖ਼ਿਆਲਾਂ ਦੇ ਬੰਦੇ ਮਿਲ ਜਾਣਗੇ-ਅਤੇ ਉਹ ਕਿਸੇ ਨਾ ਕਿਸੇ ਢੰਗ ਨਾਲ ਜਿਊਂਦੇ ਰਹਿ ਸਕਦੇ ਹਨ, ਖ਼ਾਸ ਕਰਕੇ ਜੇ ਉਨਾਂ ਨੂੰ ਭਾਈਚਾਰੇ ਦੀ ਮਦਦ ਮਿਲਦੀ ਰਹੇ। ਪਰ ਜੇ ਉਨਾਂ ਦੇ ਕੰਮ ਬਹੁਤ ਹੀ ਖ਼ੱਲਲ ਪੈ ਜਾਂਦਾ ਹੈ ਜਾਂ ਬਹੁਤ ਹੀ ਧਮੱਚੜ ਮੱਚ ਜਾਂਦਾ ਹੈ-ਜਾਂ ਤੁਸੀਂ ਜਾਣਦੇ ਹੀ ਹੋ ਜੇ ਇਹ ਬਹੁਤ ਹੀ ਕਾਰਗਰ ਹੋਵੇ-ਤਾਂ ਬਹੁਤ ਸੰਭਾਵਨਾ ਹੁੰਦੀ ਹੈ ਕਿ ਉਨਾਂ ਨੂੰ ਕੱਢ ਦਿੱਤਾ ਜਾਵੇ। ਹਾਲਾਂਕਿ ਆਮ ਦਸਤੂਰ ਇਹ ਹੈ ਕਿ ਪਹਿਲੀ ਗੱਲ ਤਾਂ ਉਨਾਂ ਨੂੰ ਸੰਸਥਾਵਾਂ ਦੇ ਅੰਦਰ ਆਉਣ ਹੀ ਨਹੀਂ ਦਿੱਤਾ ਜਾਵੇਗਾ, ਖ਼ਾਸ ਕਰਕੇ ਜੇ ਉਹ ਨੌਜਵਾਨ ਹੋਣ-ਉਨਾਂ ਨੂੰ ਮੱਖਣ 'ਚੋਂ ਵਾਲ ਵਾਂਗ ਧੂਹ ਕੇ ਪਾਸੇ ਕਰ ਦਿੱਤਾ ਜਾਵੇਗਾ। ਇਸ ਲਈ ਜ਼ਿਆਦਾਤਰ ਮਾਮਲਿਆਂ 'ਚ, ਜੋ ਸੰਸਥਾਵਾਂ 'ਚ ਵੜਨ 'ਚ ਕਾਮਯਾਬ ਹੋ ਜਾਣ ਅਤੇ ਇੱਥੇ ਟਿਕੇ ਰਹਿਣ ਵਾਲੇ ਲੋਕ ਪਹਿਲਾਂ ਹੀ ਸਹੀ ਅਕੀਦੇ ਬਣਾ ਲੈਂਦੇ ਹਨ: ਜੀ ਹਜ਼ੂਰੀਏ ਬਨਣਾ ਉਨਾਂ ਲਈ ਸਮੱਸਿਆ ਨਹੀਂ ਹੈ, ਉਹ ਤਾਂ ਪਹਿਲਾਂ ਹੀ ਜੀ ਹਜ਼ੂਰੀਏ ਹੁੰਦੇ ਹਨ, ਇਸੇ ਦੀ ਬਦੌਲਤ ਹੀ ਉਹ ਇੱਥੇ ਅੱਪੜੇ ਹੁੰਦੇ ਹਨ। ਇੰਞ ਵਿਚਾਰਧਾਰਕ ਕੰਟਰੋਲ ਤੰਤਰ ਅਧਿਐਨ ਉੱਪਰ ਆਪਣੀ ਜਕੜ ਬਣਾਈ ਰੱਖਦਾ ਹੈ-ਮੇਰੇ ਖ਼ਿਆਲ ਅਨੁਸਾਰ, ਇਹ ਹੈ ਇਸ ਦੇ ਸਿਲਸਿਲੇ ਦੀ ਮੂਲ ਕਥਾ।

ਲੇਖਕ-ਨੋਅਮ ਚੌਮਸਕੀ 
ਅਨੁਵਾਦਕ ਬੂਟਾ ਸਿੰਘ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। ਫ਼ੋਨ:94634-74342

Wednesday, September 19, 2012

ਕਨੇਡਾ: ਸਰੀ 'ਚ ਕਾਮਰੇਡ ਚਾਹਲ ਨੂੰ ਕੀਤਾ ਗਿਆ ਯਾਦ

ਬੀਤੀ 4 ਸਤੰਬਰ 2012 ਨੂੰ ਸਾਥੀ ਦਰਸ਼ਨ ਚਾਹਲ ਜੋ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਣ ਉਪਰੰਤ ਸਰੀਰਕ ਵਿਛੋੜਾ ਦੇ ਗਏ ਸਨ ਸਬੰਧੀ ਸ਼ਰਧਾਂਜਲੀ ਸਮਾਗਮ ਪਰੋਗਰੈੱਸਿਵ ਕਲਚਰਲ ਸੈਂਟਰ ਸਰ੍ਹੀ ਵਿਖੇ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਅਵਤਾਰ ਬਾਈ ਪ੍ਰਧਾਨ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਨੇ ਸਾਥੀ ਚਾਹਲ ਦੀ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਸਾਥੀ ਚਾਹਲ 16 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਇਨਕਲਾਬੀ ਜਮਹੂਰੀ ਲਹਿਰ ਵਿੱਚ ਕੁੱਦ ਪਿਆ ਸੀ। ਇਸ ਲਹਿਰ ਲਈ ਚਣੌਤੀ ਭਰਿਆ ਦੌਰ ਸੀ ਜਦੋਂ ਸਰਕਾਰ ਇਸ ਲਹਿਰ ਦੇ ਦਰਜਨਾਂ ਜੁਝਾਰੂਆਂ ਨੂੰ ਝੂਠੇ ਪੁਲੀਸ ਮੁਕਾਬਲਿਆਂ 'ਚ ਖਤਮ ਕਰਕੇ ਲਹਿਰ ਨੂੰ ਮਲੀਆਮੇਟ ਕਰਨ ਤੇ ਤੁਲੀ ਹੋਈ ਸੀ ਪਰ ਦਰਸ਼ਨ ਚਾਹਲ 'ਤੇ ਉਸਦੇ ਸਾਥੀਆਂ ਦੀ ਅਗਵਾਈ ਨੇ ਉਸ ਸਮੇਂ ਦੀ ਵਿਦਿਆਰਥੀ ਲਹਿਰ ਨੂੰ ਜਥੇਬੰਦ ਕਰਕੇ ਪੰਜਾਬ ਦੀ ਇੱਕ ਵੱਡੀ ਤਾਕਤ ਵਜੋਂ ਉਭਾਰਿਆ।ਉਨ੍ਹਾਂ ਨੇ ਸਾਲ 1972 ਵਿੱਚ ਮੋਗਾ ਰੀਗਲ ਸਿਨੇਮਾ 'ਚ ਵਾਪਰੇ ਗੋਲੀ ਕਾਂਡ ਵਿਰੁਧ ਘੋਲ ਦੀ ਸਫਲਤਾ ਪੂਰਵਕ ਅਗਵਾਈ ਕੀਤੀ।ਉਸਤੋਂ ਬਾਅਦ ਨੌਜਵਾਨ ਭਾਰਤ ਸਭਾ ਅਤੇ ਵਾਹੀਕਾਰਾ ਯੂਨੀਅਨ ਵਿੱਚ ਅਣਥੱਕ ਕੰਮ ਕਰਦਿਆਂ ਇਨਕਲਾਬੀ ਮੈਗਜ਼ੀਨ ਜ਼ਫ਼ਰਨਾਮਾ ਅਤੇ ਜੈਕਾਰਾ ਦੀ ਸੰਪਾਦਕੀ ਵੀ ਸੁਚੱਜੇ ਢੰਗ ਨਾਲ ਕੀਤੀ।ਸਾਲ 1973 ਵਿੱਚ ਅਖੌਤੀ ਅਜ਼ਾਦੀ ਮਨਾ ਰਹੇ ਕਾਂਗਰਸੀਆਂ ਦੀ ਹਾਜ਼ਰੀ ਵਿੱਚ ਤਿਰੰਗੇ ਝੰਡੇ ਨੂੰ ਸਾੜਿਆ ਅਤੇ ਇਸ ਕੰਮ ਬਦਲੇ ਜੇਲ੍ਹ ਵਿੱਚ ਬੰਦ ਰਹੇ। ਐਮਰਜੈਂਸੀ ਦੇ  ਦੌਰ ਵਿੱਚ ਵੀ ਸਾਥੀ ਚਾਹਲ ਨੇ ਹੋਰ ਸਿਆਸੀ ਆਗੂਆਂ ਦੇ ਨਾਲ 26 ਮਹੀਨੇ ਜੇਲ੍ਹ ਵਿੱਚ ਗੁਜ਼ਾਰੇ।


ਸਾਥੀ ਚਾਹਲ ਨੂੰ ਯਾਦ ਕਰਦਿਆਂ ਬੁਲਾਰਿਆਂ ਨਿਰਭੈ ਸਿੰਘ ਢੁੱਡੀਕੇ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਹਰਭਜਨ ਚੀਮਾ ਆਗੂ ਈਸਟ ਇੰਡੀਅਨ ਡਿਫੈਂਸ ਕਮੇਟੀ, ਡਾ: ਸਾਧੂ ਬਿਨਿੰਗ, ਨਿਰਮਲ ਸਿੰਘ ਕਿੰਗਰਾ, ਨਛੱਤਰ ਸਿੰਘ ਗਿੱਲ, ਕਾਮਰੇਡ ਹਰਜੀਤ ਦੌਧਰੀਆ, ਸੁਰਿੰਦਰ ਮੰਗੂਵਾਲ, ਸਤਿੰਦਰ ਸਿੱਧੂ,ਮਾਸਟਰ ਮੁਖਤਿਆਰ ਸਿੰਘ,ਗੁਰਮੇਲ ਗਿੱਲ, ਲੇਖਕ ਮੋਹਣ ਗਿੱਲ, ਸੰਤੋਖ ਢੇਸੀ ਆਗੂ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸਿਏਸ਼ਨ, ਪ੍ਰਮਿੰਦਰ ਕੌਰ ਮੈਂਬਰ ਸ਼ਹੀਦ ਭਗਤ ਸਿੰਘ ਰਨ ਸੁਸਾਇਟੀ ਤੋਂ ਇਲਾਵਾ ਰੇਡੀਓ ਹੋਸਟ ਗੁਰਵਿੰਦਰ ਧਾਲੀਵਾਲ ਅਤੇ ਅਮਨਦੀਪ ਚਾਹਲ ਪੁੱਤਰ ਦਰਸ਼ਨ ਚਾਹਲ ਨੇ ਵੀ ਸਾਥੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਸਾਰੇ ਸਮਾਰੋਹ ਦੌਰਾਨ ਬੁਲਾਰਿਆਂ ਨੇ ਕਾਮਰੇਡ ਚਾਹਲ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਏ ਹੋਰ ਲੋਕਾਂ ਦੀ ਵੀ ਗੱਲ ਕੀਤੀ।ਸਾਲ 1974 ਵਿੱਚ ਡੀਜ਼ਲ ਦੀ ਬਨਾਉਟੀ ਘਾਟ 'ਤੇ ਬਲੈਕ ਦੇ ਵਿਰੁੱਧ ਉੱਠੇ ਕਿਸਾਨੀ ਘੋਲ ਵਿੱਚ ਸ਼ਹੀਦ ਹੋਏ ਸਾਥੀ ਪਿਆਰਾ ਸਿੰਘ ਗਾਲਿਬ ਦਾ ਜਿਕਰ ਵਰਨਣ ਯੋਗ ਹੈ।ਇਸੇ ਹੀ ਤਰ੍ਹਾਂ ਬੁਲਾਰਿਆਂ ਨੇਂ ਅੱਜ ਦੇ ਸੰਦਰਭ ਵਿੱਚ ਇਨਕਲਾਬੀ ਵਿਚਾਰਧਾਰਾ ਦੀ ਕੈਨੇਡਾ ਵਿੱਚ ਸਾਰਥਿਕਤਾ ਬਾਰੇ ਗਲਬਾਤ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਥੇ ਵੀ ਸਾਡੇ ਸਰੋਕਾਰ ਓਵੇਂ ਜਿਵੇਂ ਹੀ ਹਨ ਜਿਹੋ ਜਿਹੇ ਭਾਰਤ ਵਰਗੇ ਹੋਰਾਂ ਮੁਲਕਾਂ ਵਿੱਚ ਹਨ, ਇੱਥੇ ਵੀ ਕੰਮ ਕਾਜੀ ਵਰਗ ਦੀ ਆਰਥਿਕ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਆਮਦਨ ਦਾ ਪਾੜਾ ਵਧ ਰਿਹਾ ਹੈ, ਸਰਕਾਰ ਸਿਹਤ, ਸਿੱਖਿਆ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਹੂਲਤਾਂ ਤੋਂ ਪੈਰ ਪਿੱਛੇ ਖਿੱਚ ਰਹੀ ਹੈ।ਸਾਥੀ ਚਾਹਲ ਨੂੰ ਸ਼ਰਧਾਂਜਲੀ ਦਾ ਸਹੀ ਅਰਥ ਇਹ ਹੈ ਕਿ ਅਸੀਂ ਇੰਨ੍ਹਾਂ ਮਸਲਿਆਂ ਪ੍ਰਤੀ ਆਪਣੇ ਸਰੋਕਾਰ ਜਾਹਰ ਕਰਦੇ ਹੋਏ ਅਵਾਜ਼ ਬੁਲੰਦ ਕਰੀਏ ਤਾਂ ਕਿ ਇਹ ਨਾ ਹੋਵੇ ਕਿ ਜਦੋਂ ਤੱਕ ਅਸੀਂ ਜਾਗੀਏ ਤਾਂ ਓਦੋਂ ਬਹੁਤ ਦੇਰ ਹੋ ਚੁੱਕੀ ਹੋਵੇ।

ਪ੍ਰੋਗਰਾਮ ਦੇ ਅੰਤ 'ਚ ਸਾਥੀ ਚਾਹਲ ਦੇ ਪਰਵਾਰ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

ਸਰੀ ਤੋਂ ਅਵਤਾਰ ਬਾਈ ਦੀ ਰਿਪੋਰਟ
 604-728-7011

Tuesday, September 18, 2012

ਤਿੱਤਲੀ ਜਿਹੀ ਚੰਚਲ ਤੇ ਬੱਚੇ ਜਿੰਨੀ ਮਾਸੂਮ ਹੈ ਬਰਫੀ

ਫਿਲਮ ਬਰਫੀ ਨੂੰ ਵੇਖਣ ਲਈ ਅੱਖਾਂ ਨਾਲੋਂ ਜ਼ਿਆਦਾ ਦਿਲ ਦਾ ਮਾਲੂਕ ਹੋਣਾ ਜ਼ਰੂਰੀ ਹੈ।ਇਸ਼ਕ ਦੀਆਂ ਰੁਬਾਈਆਂ ਅੰਬਰਾਂ 'ਚ ਤੈਰ ਰਹੀਆਂ ਹਨ ਅਤੇ ਮਹਿਸੂਸ ਹੋ ਰਿਹਾ ਹੈ ਕਿ ਪਿਆਰ ਦੇ ਅਜਿਹੇ ਰੂਪ ਨੂੰ ਸੌ ਵਾਰ ਸਲਾਮ ਕਰਨ ਨੂੰ ਦਿਲ ਕਰਦਾ ਹੈ।ਇਸ਼ਕ ਦੀ ਅਜਿਹੀ ਕਹਾਣੀ ਜੋ ਦਾਰਜਲਿੰਗ ਦੀ ਨੈਰੋ ਗੇਜ਼ ਰੇਲਗੱਡੀ ਤੋਂ ਨਿਕਲਦੀ ਹੋਈ ਬ੍ਰਾਡ ਮਾਈਂਡਡ ਆਧੁਨਿਕ ਦਿਲਾਂ ਨੂੰ ਕੁਝ ਕਹਿ ਰਹੀ ਹੈ ਇਸ ਨੂੰ ਬਹੁਤ ਧਿਆਨ ਲਾ ਕੇ ਸੁਣਨਾ ਪਵੇਗਾ।ਚੰਚਲ ਤਿਤਲੀ ਨਾਲ ਖੇਡਦੇ ਹੋਏ ਇੱਕ ਬੱਚਾ ਇਸੇ ਲਈ ਸਹਿਜ ਹੁੰਦਾ ਹੈ ਕਿਉਂ ਕਿ ਉਸ 'ਚ ਤਿਤਲੀ ਜਿੰਨੀ ਹੀ ਮਾਸੂਮੀਅਤ ਹੁੰਦੀ ਹੈ।ਬਰਫੀ ਬਾਰੇ ਲਿਖਦੇ ਹੋਏ ਮੈਂ ਸਿਆਸੀ ਚੀਰ ਫਾੜ ਨਹੀਂ ਕਰਨਾ ਚਾਹੁੰਦਾ ਸਗੋਂ ਦੋ ਜਜ਼ਬਾਤੀ ਸਲਾਈਆਂ 'ਚ ਰੇਸ਼ਮ ਜ਼ਿੰਦਗੀ ਨੂੰ ਬੁਨਣਾ ਚਾਹੁੰਦਾ ਹੈ।

ਬਰਫੀ ਆਪਣੀ ਸ਼ੁਰੂਆਤ ਤੋਂ ਹੀ ਤੁਹਾਨੂੰ ਚੁਲਬੁਲੇ ਢੰਗ ਨਾਲ ਹਦਾਇਤਾਂ ਦਿੰਦੀ ਹੋਈ ਆਪਣੇ ਨਾਲ ਜੋੜ ਲਵੇਗੀ।"ਹੋ ਗਈ ਪਿਕਚਰ ਸ਼ੁਰੂ' ਇੰਝ ਜਾਪੇਗਾ ਜਿਵੇਂ ਤੁਸੀ ਬੱਚੇ ਨਾਲ ਆਪ ਬੱਚੇ ਬਣ ਖੇਡਨ ਲੱਗ ਪਏ ਹੋ।ਫਿਰ ਬਰਫੀ ਸ਼ੁਰੂਆਤ 'ਚ ਬਿਆਨ ਕਰਦੀ ਹੈ ਕਿ ਅੱਜ ਦੀ ਮਹੁੱਬਤ ਕੀ ਹੈ ਜੋ ਕਿ "ਆਜ ਕਾ ਪਿਆਰ ਐਸਾ…ਟੂ ਮਿਨਟ ਨਿਊਡਲ ਜੈਸਾ" ਜੋ ਕੋਰਟ 'ਚ ਜਾਕੇ ਮਰ ਜਾਂਦਾ ਹੈ।ਵੈਸੇ ਤਾਂ ਇਸ ਸਮੇਂ ਜੋ ਫ਼ਿਲਮਾਂ ਸਾਨੂੰ ਵਿਖ ਰਹੀਆਂ ਹਨ ਉਹ ਜਾਂ ਤਾਂ 'ਏ' ਸਰਟੀਫਿਕੇਟਡ ਹਨ ਜਾਂ ਯੂ/ਏ ਸਰਟੀਫਿਕੇਟਡ ਪਰ ਸ਼ੁੱਧ ਰੂਪ 'ਚ 'ਯੂ' ਸਰਟੀਫਿਕੇਟਡ ਫਿਲਮ ਜਿਹਨੂੰ ਕਿ ਪਰਿਵਾਰਕ ਮੰਨਿਆ ਜਾਂਦਾ ਹੈ ਬਹੁਤ ਘੱਟ ਕੀ ਉਮੀਦ ਤੋਂ ਬਾਹਰ ਹਨ ਉੱਥੇ 'ਬਰਫੀ' ਖਾਲਸ ਪਰਿਵਾਰਕ ਫਿਲਮ ਆਈ ਹੈ।ਵੈਸੇ ਨਿਜੀ ਤੌਰ 'ਤੇ ਮੈਨੂੰ ਨਹੀਂ ਲੱਗਦਾ ਕਿ ਦਰਸ਼ਕ ਅਜਿਹੇ ਸਰਟੀਫਿਕੇਟ ਵੱਲ ਧਿਆਨ ਦਿੰਦੇ ਵੀ ਹਨ।ਕਿਉਂ ਕਿ ਜੋ ਪਸੰਦ ਹੈ ਉਹ ਹੈ,ਇਸ ਲਈ ਕੋਈ ਹੱਦਬੰਦੀ ਜਾਂ ਕਿੰਤੂ ਪ੍ਰੰਤੂ ਨਹੀਂ ਹੈ।

ਬਰਫੀ ਕਹਾਣੀ ਮਰਫੀ (ਰਣਬੀਰ ਕਪੂਰ) ਝਿਲਮਿਲ (ਪ੍ਰਿਅੰਕਾ ਚੋਪੜਾ) ਅਤੇ ਮਿਸੇਜ਼ ਸੇਨਗੁਪਤਾ ਸ਼ਰੂਤੀ (ਇਲੇਨਾ ਡਿਕਰੂਜ਼) ਦੀ ਹੈ।ਮਰਫੀ ਬਹਿਰਾ ਤੇ ਗੂੰਗਾ ਹੈ।ਝਿਲਮਿਲ ਅੋਟਿਸਮ ਦੀ ਬਿਮਾਰੀ ਨਾਲ ਗ੍ਰਸਤ ਹੈ ਅਤੇ ਸ਼ਰੂਤੀ ਆਮ ਲੋਕਾਂ ਦੀ ਤਰ੍ਹਾਂ ਸਧਾਰਨ ਹੈ।ਪਰ ਮਰਫੀ ਆਪਣੇ ਅਧੂਰੇਪਣ ਕਰਕੇ ਵੀ ਕਮਜ਼ੋਰ ਨਹੀਂ ਹੈ ਅਤੇ ਪਿਆਰ ਦਾ ਸਭ ਤੋਂ ਉੱਤਮ ਪ੍ਰਗਟਾਵਾ ਵੀ ਉਹੀ ਕਰਦਾ ਹੈ ਅਤੇ ਪ੍ਰਿਅੰਕਾ ਵੀ ਬਿਮਾਰੀ ਦੇ ਬਾਵਜੂਦ ਪਿਆਰ ਨੂੰ ਮਹਿਸੂਸ ਕਰਦੀ ਅਤੇ ਸ਼ਰੂਤੀ ਸਧਾਰਨ ਹੋਣ ਦੇ ਬਾਵਜੂਦ(ਜਿਹਦੇ ਕੋਲ ਸੁਨਣ,ਬੋਲਣ ਦੀ ਸਮਰੱਥਾ ਹੈ) ਵੀ ਆਪਣੇ ਜਜ਼ਬਾਤ ਪ੍ਰਗਟ ਨਹੀਂ ਕਰ ਸਕਦੀ।ਅਜਿਹੇ ਕਿਰਦਾਰਾਂ ਨਾਲ ਚਲਦੀ ਬਰਫੀ ਆਪਣੀ ਇਸ ਧਾਰਨਾ ਨੂੰ ਮਜ਼ਬੂਤ ਕਰਦੀ ਹੈ ਕਿ ਪਿਆਰ ਕਰਨ ਲਈ ਸੋਚਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਨਾ ਹੀ ਇਹ ਕੋਈ ਪਦਾਰਥਕ ਵਸਤੂ ਹੈ ਜਿਸ ਬਾਰੇ ਤੁਸੀ ਪਹਿਲਾਂ ਉਹਦੇ ਗੁਣ,ਫਾਇਦਾ,ਸਮਾਂ,ਵਜ਼ਨ ਨੂੰ ਜਾਂਚਦੇ ਪਰਖਦੇ ਰਹੋ।

ਅਸਲ 'ਚ ਇਹ ਫਿਲਮ 70 ਦੇ ਦਹਾਕੇ 'ਚ ਆਪਣੀ ਕਹਾਣੀ ਨੂੰ ਪੇਸ਼ ਕਰਦਾ 2012 ਤੱਕ ਆਉਂਦੇ ਹੋਵੇ ਆਧੁਨਿਕਤਾ ਨਾਲ ਪਿਆਰ ਦੇ ਬਦਲੇ ਪਦਾਰਥਕ ਵਰਤਾਰੇ ਨੂੰ ਵੀ ਬਿਆਨ ਕਰਦਾ ਜਾਂਦਾ ਹੈ।ਮਰਫੀ ਸ਼ਰੂਤੀ ਨੂੰ ਪਿਆਰ ਕਰਦਾ ਹੈ ਪਰ ਸ਼ਰੂਤੀ ਪਿਆਰ ਕਰਨ ਦੇ ਬਾਵਜੂਦ ਤਰਕ-ਵਿਤਰਕ 'ਚ ਸੋਚਦੀ ਵਿਹਾਰਕ ਸੋਚਦੀ ਉਸ ਪਿਆਰ ਨੂੰ ਰੱਦ ਕਰਦੀ ਹੈ ਅਤੇ ਇੱਛਾ ਦੇ ਉਲਟ ਕਿਸੇ ਹੋਰ ਨਾਲ ਵਿਆਹ ਕਰਦੀ ਹੈ।ਸ਼ਰੂਤੀ ਉਸ ਲਕੀਰ ਦਾ ਪਾਤਰ ਹੈ ਜੋ ਬਣੀ ਬਣਾਈ ਲਕੀਰ 'ਤੇ ਚੱਲਦੀ ਹੈ।ਜਿਵੇਂ ਕਿ ਬਹੁਮਤ ਲੋਕ ਅਜਿਹੀ ਲਕੀਰ ਦੇ ਫਕੀਰ ਹੀ ਹਨ।ਪੂਰੀ ਫ਼ਿਲਮ 'ਚ ਇਸ ਨੂੰ ਬਹੁਤ ਸਹਿਜ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਹ ਵੀ ਬਿਆਨ ਕੀਤਾ ਗਿਆ ਹੈ ਕਿ ਕਿੰਝ ਕਿਰਦਾਰ ਆਪਣੇ ਦਿਲ ਨੂੰ ਤਸੱਲੀ ਦੇਣ ਲਈ ਝੂਠੇ ਖਾਨਿਆਂ 'ਚ ਜਿਊਂਦੇ ਹਨ।ਸ਼ਰੂਤੀ ਨੂੰ ਬਾਰ ਬਾਰ ਮੌਕਾ ਮਿਲਦਾ ਹੈ ਪਰ ਉਹ ਕਿਰਦਾਰ ਆਪਣੇ ਮਨ ਦੀ ਡੋਰ ਨੂੰ ਅਜ਼ਾਦ ਨਹੀਂ ਰੱਖਦਾ ਅਤੇ ਮਹਿਜ਼ ਇੱਕ ਅਜਿਹੀ ਪਤੰਗ ਬਣਦਾ ਹੈ ਜਿਹਦੀ ਡੋਰ ਕਿਸੇ ਹੋਰ ਹੱਥ ਹੈ।ਜਦੋਂ ਉਹ ਫੈਸਲਾ ਲੈਂਦੀ ਹੈ ਉਦੋਂ ਬਹੁਤ ਦੇਰ ਹੋ ਚੁੱਕੀ ਹੈ।

ਬਰਫੀ ਕਹਾਣੀ ਇੱਕ ਦੂਜੇ ਲਈ ਸਵਾਰਥ ਤੋਂ ਉੱਪਰ ਉੱਠਕੇ ਤਿਆਗ ਦੀ ਕਹਾਣੀ ਹੈ ਅਤੇ ਹੋਸ਼ ਵਾਲੀ ਦੁਨੀਆਂ 'ਚ ਇੱਕ ਮਿਸਾਲ ਦੀ ਤਰ੍ਹਾਂ ਵਿਚਰਦੇ ਹਨ।ਝਿਲਮਿਲ ਔਟਿਸਮ ਦੀ ਮਰੀਜ਼ ਹੋਣ ਦੇ ਬਾਵਜੂਦ ਮਰਫੀ ਅਤੇ ਸ਼ਰੂਤੀ ਨੂੰ ਇੱਕਠੇ ਵੇਖਕੇ ਆਪਣੇ ਆਪ ਨੂੰ ਮਰਫੀ ਤੋਂ ਜੁਦਾ ਕਰਦੀ ਹੈ।ਫਿਰ ਜਦੋਂ ਮਰਫੀ ਝਿਲਮਿਲ ਨੂੰ ਲੱਭਦਾ ਹੋਇਆ ਮੁਸਕਾਨ ਆਸ਼ਰਮ 'ਚ ਜਾਂਦਾ ਹੈ ਅਤੇ ਨਾ ਲੱਭਣ 'ਤੇ ਵਾਪਸ ਜਾਣ ਲੱਗਦਾ ਹੈ ਉਸ ਸਮੇਂ ਦਾ ਦ੍ਰਿਸ਼ ਮਹਿਸੂਸ ਕਰੋ।ਮਰਫੀ ਨੂੰ ਝਿਲਮਿਲ ਪਿੱਛੋਂ ਅਵਾਜ਼ ਮਾਰ ਰਹੀ ਹੈ ਪਰ ਬਹਿਰਾ ਤੇ ਗੂੰਗਾ ਹੈ।ਸ਼ਰੂਤੀ ਚਾਹੁੰਦੀ ਤਾਂ ਮਰਫੀ ਨੂੰ ਬਿਨਾਂ ਦੱਸੇ ਝਿਲਮਿਲ ਤੋਂ ਦੂਰ ਲੈਕੇ ਜਾ ਸਕਦੀ ਸੀ ਪਰ ਸ਼ਰੂਤੀ ਹੀ ਮਰਫੀ ਨੂੰ ਦੱਸਦੀ ਹੈ ਕਿ ਤੇਰੀ ਮਹੁੱਬਤ ਤੈਨੂੰ ਪਿੱਛੋਂ ਅਵਾਜ਼ ਮਾਰ ਰਹੀ ਹੈ।ਅਸਲ 'ਚ ਬਰਫੀ ਪੂਰੀ ਫ਼ਿਲਮ ਹੀ ਮਹੁੱਬਤ ਨੂੰ ਮਹੁੱਬਤ ਦੇ ਹੱਥਾਂ 'ਚ ਸੌਂਪਨ ਦੀ ਦਾਸਤਾਨ ਹੈ।ਜ਼ਰਾ ਇਹਦੇ ਗਾਣਿਆ ਨੂੰ ਧਿਆਨ ਨਾਲ ਸੁਣਕੇ ਤਾਂ ਵੇਖੋ।
ਫਿਰ ਲੇ ਆਇਆ ਦਿਲ ਮਜਬੂਰ ਕਿਆ ਕੀਜੈ 
ਰਾਸ ਨਾ ਆਇਆ ਰਹਿਣਾ ਦੂਰ ਕਿਆ ਕੀਜੈ 
ਦਿਲ ਕਹਿ ਰਹਾ ਹੈ, ਉਸੇ ਮਕੁੰਮਲ ਕਰ ਭੀ ਆਓ 
ਵੋ ਜੋ ਅਧੂਰੀ ਸੀ ਬਾਤ ਬਾਕੀ ਹੈ 
ਵੋ ਜੋ ਅਧੂਰੀ ਸੀ ਯਾਦ ਬਾਕੀ ਹੈ 

ਬਰਫੀ ਫ਼ਿਲਮ ਅਸਧਾਰਨ ਪਾਤਰਾਂ ਰਾਹੀਂ ਸਧਾਰਨ ਗੱਲ ਨੂੰ ਬਹੁਤ ਸਹਿਜਤਾ ਨਾਲ ਸਮਝਾ ਰਹੀ ਹੈ।ਫਿਲਮ ਦੇ ਮੁੱਖ ਕਿਰਦਾਰਾਂ ਤੋਂ ਇਲਾਵਾ ਬਾਕੀ ਕਿਰਦਾਰ ਵੀ ਬਹੁਤ ਕੁਝ ਪੇਸ਼ ਕਰਦੇ ਹਨ।ਤੁਹਾਨੂੰ ਫਿਲਮ ਵੇਖਦੇ ਹੋਏ ਸ਼ਰੂਤੀ ਦੀ ਮਾਂ(ਰੂਪਾ ਗਾਂਗੁਲੀ) ਚੋਂ ਮੈਟਰੀਲਿਸਟਕ ਵਿਹਾਰ ਦਾ ਦਵੰਦ ਵੀ ਨਜ਼ਰ ਆਏਗਾ ਅਤੇ ਉਸ ਕਿਰਦਾਰ ਦਾ ਵਿਖੰਡਨ ਵੀ ਨਜ਼ਰ ਆਏਗਾ।ਜੋ ਦੁਨਿਆਵੀ ਚੀਜ਼ਾਂ ਬਦਲੇ ਆਪਣੇ ਫੈਸਲੇ ਨੂੰ ਸਹੀ ਵੀ ਠਹਿਰਾ ਰਿਹਾ ਹੈ ਅਤੇ ਅੰਦਰੋ ਅੰਦਰ ਸੱਚੇ ਪਿਆਰ ਜਾਂ ਆਪਣੇ ਸਹਿਜ ਹੋਣ ਲਈ ਛਟਪਟਾ ਵੀ ਰਿਹਾ ਹੈ।ਸੋਰਭ ਸ਼ੁਕਲਾ ਦੇ ਪਾਤਰ ਨਾਲ ਤੁਹਾਨੂੰ ਪਿਆਰ ਹੋ ਜਾਵੇਗਾ।ਪੂਰੀ ਫ਼ਿਲਮ 'ਚ ਇੰਝ ਜਾਪਦਾ ਹੈ ਜਿਵੇਂ ਨਿਰਦੇਸ਼ਕ ਅਨੁਰਾਗ ਬਾਸੂ ਅਸਧਾਰਨ ਪਾਤਰਾਂ ਰਾਹੀਂ ਸਧਾਰਨ ਦੁਨੀਆਂ ਨੂੰ ਉਹਨਾਂ ਦਾ ਅਕਸ ਵਿਖਾ ਰਹੇ ਹੋਣ।ਬਤੌਰ ਨਿਰਦੇਸ਼ਕ ਅਨੁਰਾਗ ਬਾਸੂ ਦੀਆਂ ਪਿਛਲੀਆਂ ਫਿਲਮਾਂ ਵੱਲ ਝਾਤ ਮਾਰੀਏ ਤਾਂ ਮਰਡਰ ਬੇਸ਼ੱਕ ਹਾਲੀਵੁੱਡ ਫਿਲਮ ਅਨਫੇਥਫੁੱਲ ਦੀ ਨਕਲ ਹੋ ਸਕਦੀ ਹੈ ਜਾਂ ਗੈਂਗਸਟਰ ਫ਼ਿਲਮ ਮਹੇਸ਼ ਭੱਟ ਦੇ ਪ੍ਰਭਾਵਿਤ ਕੈਂਪ ਦੀ ਮਹਿਸੂਸ ਹੁੰਦੀ ਹੈ ਪਰ ਕਾਈਟਸ ਤੇ ਮੈਟਰੋ ਤੋਂ ਅਨੁਰਾਗ ਬਾਸੂ ਆਪਣੀ ਪਛਾਣ ਨੂੰ ਗੂੜ੍ਹਾ ਕਰਦਾ ਜਾਂਦਾ ਹੈ।ਮੈਟਰੋ ਹੋਵੇ ਜਾਂ ਕਾਈਟਸ ਜਾਂ ਬਰਫੀ ਅਨੁਰਾਗ ਦੀਆਂ ਫਿਲਮਾਂ ਦੁਨਿਆਈ ਜੱਦੋਜਹਿਦ 'ਚ ਜ਼ਿੰਦਗੀ ਦਾ ਫਲਸਫਾ ਤਲਾਸ਼ਦੀਆਂ ਫ਼ਿਲਮਾਂ ਹਨ ਜੋ ਆਪਣੇ ਕਿਰਦਾਰਾਂ ਨੂੰ ਅਸਧਾਰਨ ਰੱਖਕੇ ਵੀ ਸਧਾਰਨ ਰੰਗ 'ਚ ਰੱਖਦੀਆਂ ਹਨ।

ਨਿਖਿਲ ਅਡਵਾਨੀ ਨੇ ਸਲਾਮ-ਏ-ਇਸ਼ਕ ਫਿਲਮ ਬਣਾਈ ਸੀ ਅਨੁਰਾਗ ਨੇ ਮੈਟਰੋ।ਦੋਵਾਂ 'ਚ ਪੇਸ਼ਕਾਰੀ ਦਾ ਮਸੌਦਾ ਇੱਕ ਹੋਣ ਦੇ ਬਾਵਜੂਦ ਅਨੁਰਾਗ ਨੇ ਪੇਸ਼ਕਾਰੀ ਦੇ ਤਰੀਕੇ ਨੂੰ ਖਾਸ ਬਣਾਇਆ।ਇਸੇ ਤਰ੍ਹਾਂ ਸੰਜੇ ਲੀਲਾ ਬੰਸਾਲੀ ਨੂੰ ਵੀ ਬਰਫੀ ਫ਼ਿਲਮ ਤੋਂ ਬਾਅਦ ਸਿੱਖਣਾ ਚਾਹੀਦਾ ਹੈ ਕਿ ਬਲੈਕ ਜਾਂ ਗੁਜ਼ਾਰਿਸ਼ ਰੱਚਦੇ ਹੋਏ ਉਹ ਕਿਰਦਾਰਾਂ ਨਾਲ ਓਵਰ ਇਮੋਸ਼ਨਲ ਹੋਣ ਤੋਂ ਕਿਵੇਂ ਦਰਸ਼ਕਾਂ ਨੂੰ ਬਚਾਵੇ।ਅਨੁਰਾਗ ਦੀ ਬਰਫੀ ਦੇ ਕਿਰਦਾਰ ਵਿਕਲਾਂਗ ਹੁੰਦੇ ਹੋਏ ਵੀ ਰਹਿਮ ਦੀ ਦਰਕਾਰ ਨਹੀਂ ਰੱਖਦੇ ਉਹ ਆਮ ਲੋਕਾਂ ਦੀ ਤਰ੍ਹਾਂ ਦੁਨੀਆਂ 'ਚ ਵਿਚਰਦੇ ਹਨ।ਮਰਫੀ ਨੂੰ ਪੁਲਿਸ ਆਮ ਬੰਦੇ ਦੀ ਤਰ੍ਹਾਂ ਹੀ ਪੇਸ਼ ਹੁੰਦੀ ਹੈ ਅਤੇ ਇਹਨਾਂ ਕਿਰਦਾਰ ਦਾ ਰੋਜ਼ਾਨਾ ਜੀਵਨ ਅਤੇ ਰਹਿਣ ਸਹਿਣ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਹੈ।ਕਿਰਦਾਰ ਨਾਲ ਅਸੀ ਜੁੜਦੇ ਹਾਂ,ਭਾਵਨਾਤਮਕ ਹੁੰਦੇ ਹਾਂ ,ਹੱਸਦੇ ਹਾਂ ਪਰ ਕਿਸੇ ਵੀ ਜਜ਼ਬਾਤ 'ਚ ਅਤਿ ਨਹੀਂ ਹੈ।

ਰਣਬੀਰ ਕਪੂਰ ਦਾ ਰਾਕਸਟਾਰ ਤੋਂ ਬਾਅਦ ਕੀ ਹੋ ਸਕਦਾ ਸੀ ਅਤੇ ਹੁਣ ਬਰਫੀ ਤੋਂ ਬਾਅਦ ਰਣਬੀਰ ਤੋਂ ਉਮੀਦ ਇਹ ਹੋਵੇਗੀ ਕਿ ਉਹ ਇਸ ਤੋਂ ਅੱਗੇ ਕੀ ਕਰੇਗਾ।ਰਣਬੀਰ ਰਿਸ਼ੀ ਕਪੂਰ ਦਾ ਮੁੰਡਾ ਹੈ ਅਤੇ ਕਪੂਰ ਖਾਨਦਾਨ ਦਾ ਚਿਰਾਗ ਪਰ ਮੈਨੂੰ ਇਹ ਕਹਿਣ 'ਚ ਬਿਲਕੁਲ ਵੀ ਝਿਜਕ ਨਹੀਂ ਕਿ ਅਦਾਕਾਰੀ ਪੱਖੋਂ ਉਹ ਬਹੁਤ ਪ੍ਰਤਿਭਾਵਾਨ ਹੈ।ਬਰਫੀ ਨੂੰ ਜ਼ਿੰਦਾ ਕਰਨਾ ਉਹ ਵੀ ਪੂਰੀ ਫਿਲਮ 'ਚ ਬਿਨਾਂ ਸੰਵਾਦ ਬੋਲੇ ਇਹ ਉਸ ਦਾ ਘਾਲਣਾ ਨੂੰ ਵਿਖਾਉਂਦਾ ਹੈ।ਰਣਬੀਰ ਨੂੰ ਬਰਫੀ 'ਚ ਵੇਖਦੇ ਹੋਏ ਸ਼ਮੀ ਕਪੂਰ ਜਾਂ ਚਾਰਲੀ ਚੈਪਲਿਨ ਮਹਿਸੂਸ ਹੁੰਦੇ ਹਨ।ਇੱਥੇ ਮੇਰਾ ਮਤਲਬ ਨਕਲ ਤੋਂ ਬਿਲਕੁਲ ਨਹੀਂ ਹੈ।ਰਣਬੀਰ ਦਾ ਪੁਤਲੇ ਨਾਲ ਸੰਵਾਦ ਰਚਾਉਣਾ ਜਾਂ ਪੂਰੀ ਫ਼ਿਲਮ 'ਚ ਉਹਦੀ ਚੰਚਲਤਾ ਜਾਂ ਮੀਂਹ 'ਚ ਕੁੜੀ ਦੇ ਮਾਪਿਆਂ ਤੋਂ ਕੁੜੀ ਦਾ ਹੱਥ ਮੰਗਣ ਤੋਂ ਬਾਅਦ ਕੁੜੀ ਨਾਲ ਜਜ਼ਬਾਤੀ ਸੰਵਾਦ…ਜ਼ਿਕਰ ਸ਼ਬਦਾਂ 'ਚ ਸਮੇਟ ਨਹੀਂ ਸਕਦੇ।

ਬਰਫੀ ਫ਼ਿਲਮ ਦੀ ਸਭ ਤੋਂ ਵੱਧ ਖੂਬਸੂਰਤੀ ਇਹੋ ਹੈ ਕਿ ਬਲੈਕ ਜਾਂ ਗੁਜ਼ਾਰਿਸ਼ ਦੀ ਤਰ੍ਹਾਂ ਇਹ ਕੁਝ ਕਹਿਣ ਦਾ ਯਤਨ ਨਹੀਂ ਕਰਦੀ।ਇਹ ਗੁਲਜ਼ਾਰ ਦੀ ਫ਼ਿਲਮ ਕੋਸ਼ਿਸ਼ ਦੀ ਤਰ੍ਹਾਂ ਹੈ ਜੋ ਕਿ ਸਹਿਜ ਹੈ।ਇਹ ਗੁਲਜ਼ਾਰ ਦੀ ਕੋਸ਼ਿਸ਼ ਤੋਂ ਅੱਗੇ ਦਾ ਕਦਮ ਹੈ।ਬਰਫੀ ਦੇ ਪਾਤਰ ਨੈਤਿਕ ਅਨੈਤਿਕ ਦੀ ਬਹਿਸ 'ਚ ਨਹੀਂ ਪੈਂਦਾ।ਜਿਵੇਂ ਦੀ ਦੁਨੀਆਂ ਹੈ ਉਸੇ ਤਰ੍ਹਾਂ ਦਾ ਇਹਦੇ ਪਾਤਰਾਂ ਦਾ ਵਰਤਾਰਾ ਹੈ।ਪ੍ਰੀਤਮ ਨੇ ਆਪਣੇ ਅੰਦਾਜ਼ ਤੋਂ ਹੱਟਕੇ ਰੂਹਦਾਰੀ ਵਾਲੇ ਸੰਗੀਤ ਦੀ ਰੱਚਣਾ ਕੀਤੀ ਹੈ।ਬਹੁਤ ਦੇਰ ਬਾਅਦ ਇੱਕ ਅਜਿਹੀ ਫ਼ਿਲਮ ਵੇਖਣ ਨੂੰ ਮਿਲੀ ਜੋ ਵੇਖਣ ਤੋਂ ਬਾਅਦ ਸਿਰਫ ਨਜ਼ਰ ਨਹੀਂ ਆਉਂਦੀ ਸਗੋਂ ਮਹਿਸੂਸ ਹੁੰਦੀ ਹੈ।

ਇਸ ਫ਼ਿਲਮ ਅੰਦਰਲੇ ਪਿਆਰ ਨੂੰ ਤਰਕ ਵਿਤਰਕ ਰਾਹੀਂ ਗਲਤਾਨ ਨਹੀਂ ਕੀਤਾ ਜਾ ਸਕਦਾ।1970 ਦੀ ਇਹ ਮਹੁੱਬਤ 2012 ਦੀ ਦੁਨੀਆਂ ਨੂੰ ਕੁਝ ਇਸ਼ਾਰੇ ਕਰ ਰਹੀ ਹੈ।ਆਖਰ ਕਵੀ ਦੀ ਕਲਪਨਾ ਚੋਂ ਪ੍ਰੇਮ ਗੀਤ ਦੂਰ ਨਾ ਹੋ ਜਾਵੇ ਜਾਂ ਵਿਚਰ ਰਹੇ ਕਿਰਦਾਰਾਂ 'ਚ ਪਿਆਰ ਸਿਰਫ ਕਾਮਰੇਡੀ ਨਜ਼ਰੀਏ ਨਾਲ ਰੁੱਖਾ ਨਾ ਹੋ ਜਾਵੇ।ਡਾ. ਜਿਵਾਗੋ ਵੇਖੋਗੇ ਤਾਂ ਸਮਝ ਆ ਜਾਵੇਗਾ।

ਹਰਪ੍ਰੀਤ ਸਿੰਘ ਕਾਹਲੋਂ 
ਲੇਖਕ ਨੌਜਵਾਨ ਫਿਲਮ ਅਲੋਚਕ ਹੈ ਤੇ ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
ਮੌਬ-94641-41678

Sunday, September 16, 2012

ਵਾਇਆ ਬਠਿੰਡਾ,ਨਾਲੇ ਤੋਰੀ ਨਾਲੇ ਟਿੰਢਾ

ਬਠਿੰਡਾ ਦੇ ਜੰਮਿਆਂ ਨੂੰ ਕਦੇ ਇਹ ਮਿਹਣਾ ਤੰਗ ਕਰਦਾ ਹੁੰਦਾ ਸੀ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ।’ ਮਿਹਣਾ ਕੋਈ ਜ਼ਿਆਦਤੀ ਵੀ ਨਹੀਂ ਸੀ। ਵਲ਼ਦਾਰ ਰੇਤਲਾ ਇਲਾਕਾ, ਟਿੱਬਿਆਂ ਦੀ ਉਡਦੀ ਧੂੜ, ਅੰਗਰੇਜ਼ਾਂ ਦਾ ਸੱਤ ਲਾਈਨਾਂ ਵਾਲਾ ਰੇਲਵੇ ਜੰਕਸ਼ਨ ਦਾ ਤੋਹਫ਼ਾ, ਛੋਟੇ-ਛੋਟੇ ਬਜ਼ਾਰਾਂ ’ਚ ਖੜ੍ਹੀਆਂ ਬਲਦ ਗੱਡੀਆਂ ਤੇ ਬੋਤਿਆਂ ਦੀਆਂ ਕਤਾਰਾਂ, ਕਈ ਏਕੜ ’ਚ ਫੈਲਿਆ ਕਿਲ੍ਹਾ ਤੇ ਇਸ ਦੀ ਬੁੱਕਲ ’ਚ ਬਣੇ ਘਰ, ਇਨ੍ਹਾਂ ਘਰਾਂ ਦੀਆਂ ਘੜਿਆਂ ਤੇ ਟੋਕਣੀਆਂ ਨਾਲ ਪਾਣੀ ਭਰਦੀਆਂ ਸੁਆਣੀਆਂ, ਸ਼ਾਮ ਢਲਦੇ ਤੇ ਸਵੇਰ ਪੈਂਦੇ ਚੱਲਣ ਵਾਲੀਆਂ ਹਨੇਰੀਆਂ, ਲੇਹਾ, ਕਰੀਰ ਤੇ ਮਲ੍ਹੇ-ਝਾੜੀਆਂ, ਕਮਲ, ਜਗਜੀਤ ਤੇ ਰਾਜੇਸ਼ ਵਰਗੀਆਂ ਛੋਟੀਆਂ ਜਿਹੀਆਂ ਟਾਕੀਆਂ, ਪਿਆਰ-ਮੁਹੱਬਤ ਵੰਡਦੇ ਸਿੱਧ-ਪੱਧਰੇ ਲੋਕ ਤੇ ਸੱਟਾ ਬਜ਼ਾਰ। ਉਦੋਂ ਇਹੋ ਪਛਾਣ ਸੀ ਬਠਿੰਡਾ ਦੀ।

ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਪੁੱਜੇ ਲੋਕਾਂ ਦੇ ਮਨਾਂ ’ਚ ਉਸ ਪੁਰਾਣੇ ਬਠਿੰਡਾ ਦੇ ਨੈਣ ਨਕਸ਼ ਅੱਜ ਵੀ ਤਾਜ਼ਾ ਹਨ। ਉਦੋਂ ਹਾੜ੍ਹੀ ਰੁੱਤੇ ਛੋਲਿਆਂ ਦੇ ਢੇਰ ਲੱਗਦੇ। ਵੱਡੀਆਂ ਚੱਕੀਆਂ ’ਤੇ ਛੋਲਿਆਂ ਦੀ ਦਾਲ ਬਣ ਕੇ ਇੱਥੋਂ ਬਾਹਰ ਜਾਂਦੀ ਸੀ। ਮਾਰਵਾੜੀ ਤੇ ਗੁਜਰਾਤੀ ਵੀ ਇੱਥੇ ਹੀ ਠਹਿਰ ਕਰਦੇ। ਕਾਲ ਮਾਰੇ ਇਲਾਕਿਆਂ ਨੂੰ ਬਠਿੰਡਾ ਜੰਕਸ਼ਨ ਤੋਂ ਰੇਲਾਂ ਰਾਹੀਂ ਪਾਣੀ ਭੇਜਿਆ ਜਾਂਦਾ ਸੀ। ਵਕਤ ਦੀ ਅੰਗੜਾਈ ਨੇ ਹੁਣ ਮਿਹਣਾ ਮਾਰਨ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ।

ਥਰਮਲਾਂ ਦੀਆਂ ਚਿਮਨੀਆਂ, ਹਰਿਆਵਲ ’ਚ ਵਸੀ ਛਾਉਣੀ, ਖਾਦਾਂ ਦਾ ਕਾਰਖਾਨਾ, ਚਾਰ-ਚੁਫ਼ੇਰੇ ਝੀਲਾਂ ਅਤੇ ਇਨ੍ਹਾਂ ਝੀਲਾਂ ਵਿੱਚ ਚੱਲਦੀਆਂ ਕਿਸ਼ਤੀਆਂ ਤੇ ਸ਼ਿਕਾਰੇ, ਓਵਰ ਬਰਿੱਜਾਂ ਉਪਰੋਂ ਲੰਘਦੀਆਂ ਗੱਡੀਆਂ, ਸ਼ਾਪਿੰਗ ਮਾਲ, ਆਧੁਨਿਕ ਕਲੋਨੀਆਂ ਅੱਜ ਆਧੁਨਿਕ ਬਠਿੰਡਾ ਦੀ ਪਛਾਣ ਹਨ। ਦਿਨੋਂ-ਦਿਨ ਤਰੱਕੀ ਕਰ ਰਿਹਾ ਬਠਿੰਡਾ ਸੱਚਮੁੱਚ ਹੁਣ ‘ਸਿਟੀ ਆਫ਼ ਲੇਕਸ’ ਜਾਂ ਫਿਰ ‘ਸ਼ਾਰਜਾਹ ਆਫ਼ ਪੰਜਾਬ’ ਬਣ ਚੱਲਿਆ ਹੈ। ਸਿਆਸੀ ਲੋਕ ਤਾਂ ਹੁਣ ਇਸ ਨੂੰ ‘ਬਾਦਲਾਂ ਦਾ ਬਠਿੰਡਾ’ ਵੀ ਆਖਣ ਲੱਗੇ ਹਨ ਜਿਨ੍ਹਾਂ ਨੇ ਇੱਥੇ ਹਵਾਈ ਅੱਡਾ ਬਣਾ ਕੇ ਜਹਾਜ਼ ਉਡਾਉਣ ਦੀ ਤਿਆਰੀ ਕੀਤੀ ਹੈ।

ਕੇਂਦਰੀ ਯੂਨੀਵਰਸਿਟੀ ਬਣ ਗਈ ਹੈ ਅਤੇ ਹੁਣ ਟੈਕਸਟਾਈਲ ਹੱਬ ਬਣਾਉਣ ਦੀ ਗੱਲ ਚੱਲੀ ਹੈ। ‘ਵਾਇਆ ਬਠਿੰਡਾ’ ਦਾ ਮਿਹਣਾ ਮਾਰਨ ਵਾਲੇ ਹੁਣ ਆ ਕੇ ਤੱਕਣ ਬਠਿੰਡਾ। ਬੰਦੂਕਾਂ ਰੱਖਣ ਦੇ ਸ਼ੌਕੀਨਾਂ ਨੇ ਹੁਣ ਕਲਮਾਂ ਫੜ ਲਈਆਂ ਹਨ। ਬਠਿੰਡਾ ਵਿੱਚ ਵਿਕਾਸ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਆਧੁਨਿਕ ਬਠਿੰਡਾ ਛੱਡ ਕੇ ਅੱਜ ਵੀ ਕੈਂਸਰ ਭੰਨੇ ਲੋਕ ਸਸਤੇ ਇਲਾਜ ਖਾਤਰ ਬੀਕਾਨੇਰ ਜਾਣ ਲਈ ਮਜਬੂਰ ਹਨ। ਮਾੜੇ ਪਾਣੀਆਂ ਵਾਲੇ ਪਿੰਡਾਂ ਦੀਆਂ ਔਰਤਾਂ ਨੂੰ ਹਾਲੇ ਵੀ ਸਿਰਾਂ ’ਤੇ ਪਾਣੀ ਢੋਣਾ ਪੈਂਦਾ ਹੈ।

ਬਠਿੰਡਾ ਜ਼ਿਲ੍ਹੇ ਵਿੱਚ ਹੁਣ ਸਰਕਾਰੀ ਤੇ ਪ੍ਰਾਈਵੇਟ ਤਿੰਨ ਯੂਨੀਵਰਸਿਟੀਆਂ ਹਨ ਜਦੋਂਕਿ ਕਿਸੇ ਵੇਲੇ ਪੁਰਾਣੇ ਬਠਿੰਡਾ ਵਿੱਚ ਇੱਕ ਹੀ ਸਕੂਲ ਹੁੰਦਾ ਸੀ ਜਿੱਥੇ ਮੂੰਹ ਜ਼ੁਬਾਨੀ ਗਿਣਤੀ-ਮਿਣਤੀ ਰੱਖਣ ਦੀ ਸਿਖਲਾਈ ਦਿੱਤੀ ਜਾਂਦੀ ਸੀ। ਬਹੁਤੀ ਪੁਰਾਣੀ ਗੱਲ ਨਹੀਂ ਕਿ ਜਦੋਂ ਮਾਲਵੇ ਵਿੱਚ ਜ਼ੋਰਦਾਰ ਝੱਖੜ ਤੇ ਹਨੇਰੀ ਆਉਣੀ ਤਾਂ ਆਮ ਘਰਾਂ ਵਿੱਚ ਇਹੋ ਆਖਿਆ ਜਾਂਦਾ ਸੀ ਕਿ ‘ਬਠਿੰਡੇ ਵਾਲਾ ਦਿਓ’ ਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿੱਚ ਬਠਿੰਡਾ ਦੇ ਲੋਕਾਂ ਨੂੰ ਕਿਲ੍ਹੇ ਵਿਚਲੇ ਦਿਓ ਤੋਂ ਮੁਕਤ ਕਰਵਾਇਆ ਦੱਸਿਆ ਜਾਂਦਾ ਹੈ। ਹੁਣ ਬਠਿੰਡਾ ਵਿੱਚ ਨਵੇਂ ਜ਼ਮਾਨੇ ਦੀ ਹਨੇਰੀ ਨੇ ਇਸ ਸ਼ਹਿਰ ਨੂੰ ਕਾਰਪੋਰੇਟ ਵਿਕਾਸ ਦਾ ਰੰਗ ਚਾੜ੍ਹ ਦਿੱਤਾ ਹੈ। ਹੁਣ ਬਠਿੰਡਾ ਉਪਰੋਂ ਚਮਕਾਂ ਮਾਰਦਾ ਹੈ ਜਦੋਂਕਿ ਇੱਥੋਂ ਦੇ ਲੋਕ ਹਾਲੇ ਵੀ ਬੁਨਿਆਦੀ ਲੋੜਾਂ ਲਈ ਜੰਗ ਲੜ ਰਹੇ ਹਨ। ਹਵਾਈ ਅੱਡੇ ਤਾਂ ਮਿਲ ਗਏ ਹਨ ਪਰ ਲੋਕਾਂ ਨੂੰ ਪਾਣੀ ਨਹੀਂ ਮਿਲਿਆ। ਜ਼ੋਰਦਾਰ ਮੀਂਹ ਪੈ ਜਾਏ ਤਾਂ ਪੂਰਾ ਬਠਿੰਡਾ ਡੁੱਬ ਜਾਂਦਾ ਹੈ।

20 ਅਗਸਤ 1948 ਤੋਂ ਪਹਿਲਾਂ ਇਹ ਤਹਿਸੀਲ ਸੀ। ਪੈਪਸੂ ਮਿਹਰਬਾਨ ਹੋਈ ਤਾਂ 1948 ’ਚ ਬਠਿੰਡਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ। ਜ਼ਿਲ੍ਹਾ ਕਚਹਿਰੀਆਂ ਪੈਪਸੂ ਦੇ ਪ੍ਰਬੰਧਕੀ ਸਲਾਹਕਾਰ ਪੀ.ਸੀ.ਰਾਓ ਦੀ ਦੇਣ ਹਨ। ਇੱਥੇ 1969 ’ਚ ਗੁਰੂ ਨਾਨਕ ਥਰਮਲ ਪਲਾਟ ਦਾ ਨੀਂਹ ਪੱਥਰ ਰੱਖਿਆ ਗਿਆ। ਫਿਰ ਕੀ ਸੀ, ਕੱਕੇ ਰੇਤੇ ਵਾਲੀਆਂ ਹਨੇਰੀਆਂ ਵਗਣੀਆਂ ਬੰਦ ਹੋਈਆਂ। ਖਾਦ ਫੈਕਟਰੀ ਅਤੇ ਉਸ ਤੋਂ ਬਾਅਦ ਬਣੀ ਬਠਿੰਡਾ ਛਾਉਣੀ ਨੇ ਸ਼ਹਿਰ ਤੇ ਇਲਾਕੇ ਦਾ ਚਿਹਰਾ-ਮੋਹਰਾ ਹੀ ਬਦਲ ਦਿੱਤਾ। ਹਵਾਈ ਫ਼ੌਜ ਦੇ ਹਵਾਈ ਅੱਡੇ, ਤੇਲ ਡਿਪੂ, ਕਾਂਡਲਾ-ਬਠਿੰਡਾ ਤੇਲ ਪਾਈਪ ਲਾਈਨ, ਸੀਮਿੰਟ ਕਾਰਖਾਨਾ ਤੇ ਤੇਲ ਸੋਧਕ ਕਾਰਖ਼ਾਨੇ ਨੇ ਇਸ ਨੂੰ ਨਵਾਂ ਰੂਪ ਦਿੱਤਾ।

ਬਠਿੰਡਾ ਦੇ ਇਤਿਹਾਸਕ ਕਿਲ੍ਹੇ ਨੂੰ ਨਵਾਂ ਰੰਗ ਰੂਪ ਚਾੜ੍ਹਿਆ ਜਾ ਰਿਹਾ ਹੈ। ਭੱਟੀ ਰਾਜਪੂਤ 279 ਈਸਵੀ ਵਿੱਚ ਪੰਜਾਬ ਦਾ ਰਾਜਾ ਬਣਿਆ। ਉਸ ਨੇ ਬਠਿੰਡਾ ਨੂੰ ਮਾਲਵੇ ਦੀ ਰਾਜਧਾਨੀ ਬਣਾਇਆ। ਇਸੇ ਲਈ ਕਹਿੰਦੇ ਹਨ ਕਿ ਸ਼ਹਿਰ ਦਾ ਨਾਂ ਪਹਿਲਾਂ ਭੱਟੀਆਂ ਤੋਂ ਭਟਿੰਡਾ ਤੇ ਫਿਰ ਬਠਿੰਡਾ ਬਣਿਆ। 15 ਏਕੜ ’ਚ ਬਣਿਆ ਇੱਥੋਂ ਦਾ ਕਿਲ੍ਹਾ ਤਕਰੀਬਨ 1800 ਸਾਲ ਪੁਰਾਣਾ ਹੈ। ਇਸ ਕਿਲ੍ਹੇ ਦੁਆਲੇ 36 ਬੁਰਜ ਹਨ ਜਦੋਂਕਿ ਇਸ ਦੀ ਉਚਾਈ 118 ਫੁੱਟ ਹੈ। ਕਿਲ੍ਹੇ ਉਪਰ ਖੜ੍ਹ ਕੇ ਸਾਰਾ ਬਠਿੰਡਾ ਦਿਸਦਾ ਹੈ। ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦੱਬ ਦੇ ਪੂਰਵਜਾਂ ਨੇ 279 ਈਸਵੀ ਵਿੱਚ ਬਣਾਇਆ ਸੀ। ਰਾਜਾ ਵਿਨੈ ਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਪਿਆ। 22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਵਿੱਚ ਚਰਨ ਪਾਏ। ਮਹਾਰਾਜਾ ਕਰਮ ਸਿੰਘ ਨੇ 1843-45 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖਿਆ।

ਬੇਗਮ ਰਜ਼ੀਆ ਸੁਲਤਾਨ 1239 ਤੋਂ 1240 ਤੱਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ ’ਚ ਕੈਦ ਰਹੀ ਸੀ। ਗਵਰਨਰ ਅਲਤੂਨੀਆਂ ਨੇ ਰਜ਼ੀਆ ਬੇਗਮ ਦੇ ਕਿਲ੍ਹੇ ਵਿਚਲੇ ਬਾਕੀ ਹਿੱਸੇ ਵਿੱਚ ਜਾਣ ’ਤੇ ਪਾਬੰਦੀ ਲਾਈ ਹੋਈ ਸੀ। ਇਤਿਹਾਸਕਾਰਾਂ ਮੁਤਾਬਕ ਰਜ਼ੀਆ ਸੁਲਤਾਨ ਨੂੰ ਸਿਰਫ਼ ਸ਼ੱੁਕਰਵਾਰ ਵਾਲੇ ਦਿਨ ਇੱਥੋਂ ਦੇ ਹਾਜੀ ਰਤਨ ਵਾਲੀ ਮਸਜਿਦ ’ਚ ਨਮਾਜ਼ ਪੜ੍ਹਨ ਦੀ ਇਜਾਜ਼ਤ ਸੀ। ਹਰ ਸ਼ੱੁਕਰਵਾਰ ਨੂੰ ਉਹ ਬੱਘੀ ’ਚ ਸਵਾਰ ਹੋ ਕੇ ਨਮਾਜ਼ ਲਈ ਜਾਂਦੀ ਸੀ। ਜਿਸ ਸੰਮਨ ਬੁਰਜ ’ਚ ਰਜ਼ੀਆ ਸੁਲਤਾਨ ਕੈਦ ਰਹੀ, ਹੁਣ ਉਸ ਦੀ ਹਾਲਤ ਖਸਤਾ ਹੈ। ਸੰਮਨ ਬੁਰਜ ਅੰਦਰਲੀ ਅਨਮੋਲ ਮੀਨਾਕਾਰੀ ਤੇ ਛੱਤ ਦੀ ਚਿੱਤਰਕਾਰੀ ਆਪਣੀ ਹੋਂਦ ਗੁਆ ਰਹੀ ਹੈ।

ਬੁਰਜ ਦੀਆਂ ਛੱਤਾਂ ਨੂੰ ਚਾਰ-ਚੁਫ਼ੇਰੇ ਥਮ੍ਹਲੇ ਖੜ੍ਹੇ ਕਰਕੇ ਬਚਾਇਆ ਗਿਆ ਹੈ। ਛੱਤ ਉੱਪਰਲੀ ਚਿੱਤਰਕਾਰੀ ਹੁਣ ਮੱਧਮ ਪੈ ਚੁੱਕੀ ਹੈ ਤੇ ਬੁਰਜ ਦੇ ਦਰਵਾਜ਼ੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਜਿਸ ਵੇਲੇ ਰਜ਼ੀਆ ਸੁਲਤਾਨ ਸੰਮਨ ਬੁਰਜ ਵਿੱਚ ਕੈਦ ਸੀ ਤਾਂ ਤਿਉਹਾਰਾਂ ਮੌਕੇ ਖ਼ਾਸ ਤੌਰ ’ਤੇ ਲੋਕ ਮੀਨਾ ਬਾਜ਼ਾਰ ਵਾਲੇ ਪਾਸਿਓਂ ਉਸ ਦੀ ਇੱਕ ਝਲਕ ਲਈ ਘੰਟਿਆਂਬੱਧੀ ਰੁਕ ਜਾਂਦੇ ਸਨ।

ਇਤਿਹਾਸਕਾਰ ਦੱਸਦੇ ਹਨ ਕਿ ਦਿੱਲੀ ਦੇ ਬਾਦਸ਼ਾਹ ਦੀ ਧੀ ਰਜ਼ੀਆ ਸੁਲਤਾਨ, ਅਲਤੂਨੀਆਂ ਦਾ ਤਖਤਾ ਪਲਟਣ ਲਈ ਆਪਣੇ ਪ੍ਰੇਮੀ ਜਲਾਲੂਦੀਨ ਯਾਕੂਤ ਨਾਲ ਇੱਥੇ ਆਈ ਸੀ। ਰਜ਼ੀਆ ਦੇ ਭਰਾਵਾਂ ਨੇ ਯਾਕੂਤ ਨੂੰ ਮਰਵਾ ਦਿੱਤਾ ਅਤੇ ਅਲਤੂਨੀਆਂ ਨੇ ਰਜ਼ੀਆ ਸੁਲਤਾਨ ਨੂੰ 1239 ’ਚ ਇਸ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ। ਆਖਦੇ ਹਨ ਕਿ ਰਜ਼ੀਆ ਸੁਲਤਾਨ ਨੇ ਇਸ ਕਿਲ੍ਹੇ ਤੋਂ ਛਾਲ ਮਾਰ ਦਿੱਤੀ ਸੀ। ਦੂਜੇ ਪਾਸੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਅਸਲ ’ਚ ਰਜ਼ੀਆ ਸੁਲਤਾਨ ਦੇ ਭਰਾਵਾਂ ਨੇ 13 ਅਕਤੂਬਰ 1240 ਨੂੰ ਰਜ਼ੀਆ ਬੇਗਮ ਤੇ ਉਸ ਦੇ ਪਤੀ ਅਲਤੂਨੀਆਂ ਨੂੰ ਕੈਥਲ ਕੋਲ ਮਰਵਾ ਦਿੱਤਾ ਸੀ। ਰਜ਼ੀਆ ਬੇਗਮ ਦੇ ਭਰਾ ਪਹਿਲਾਂ ਅਲਤੂਨੀਆਂ ਦੇ ਦੋਸਤ ਸਨ। ਰਜ਼ੀਆ ਨਾਲ ਅਲਤੂਨੀਆਂ ਦਾ ਨਿਕਾਹ ਹੋਣ ਤੋਂ ਬਾਅਦ ਉਸ ਦੇ ਦੁਸ਼ਮਣ ਬਣ ਗਏ।

ਰਜ਼ੀਆ ਬੇਗਮ ਦੇ ਪ੍ਰੇਮੀ ਯਾਕੂਤ ਦੀ ਕਬਰ ਬਠਿੰਡਾ ਦੀ ਰੇਲਵੇ ਕਲੋਨੀ ਦੇ ਪਿਛਲੇ ਪਾਸੇ ਸਥਿਤ ਹੈ ਜਿਸ ਨੂੰ ਆਧੁਨਿਕ ਜ਼ਮਾਨੇ ਦੇ ਲੋਕ ਲਵਰਜ਼ ਪੁਆਇੰਟ ਵੀ ਆਖਦੇ ਹਨ। ਰਜ਼ੀਆ ਨੇ ਜਲਾਲੂਦੀਨ ਯਾਕੂਤ ਨੂੰ ਫ਼ੌਜਾਂ ਦਾ ਸੈਨਾਪਤੀ ਬਣਾ ਦਿੱਤਾ ਸੀ। ਇਸ ਕਾਰਨ ਬਠਿੰਡਾ ਦੇ ਗਵਰਨਰ ਅਲਤੂਨੀਆਂ ਸਮੇਤ ਪੰਜਾਬ ਦੇ ਕੁਝ ਗਵਰਨਰ ਬਾਗੀ ਹੋ ਗਏ ਸਨ। ਤੁਰਕਾਂ ਨੇ ਬਗਾਵਤ ਕਰ ਦਿੱਤੀ। ਜਦੋਂ ਰਜ਼ੀਆ ਬਗਾਵਤ ਕੁਚਲਣ ਲਈ ਇਸ ਪਾਸੇ ਵਧੀ ਤਾਂ ਯਾਕੂਤ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਰਜ਼ੀਆ ਨੂੰ ਕੈਦ ਕਰਕੇ ਅਲਤੂਨੀਆਂ ਦੇ ਹਵਾਲੇ ਕਰ ਦਿੱਤਾ ਗਿਆ। ਬਠਿੰਡਾ ਦੇ ਪੁਰਾਣੇ ਕਿਲ੍ਹੇ ਦਾ ਮੁਹਾਂਦਰਾ ਸਮੇਂ ਦੀ ਗਰਦਿਸ਼ ਵਿੱਚ ਗੁਆਚ ਗਿਆ ਹੈ। ਪੁਰਾਤਤਵ ਵਿਭਾਗ ਇਸ ਕਿਲ੍ਹੇ ਨੂੰ ਸੰਭਾਲਣ ਲਈ ਚਾਰ-ਚੁਫ਼ੇਰੇ ਤੋਂ ਨਵਾਂ ਰੂਪ ਦੇ ਰਿਹਾ ਹੈ ਜਿਸ ਕਰਕੇ ਪੁਰਾਣੀ ਦਿੱਖ ਗੁਆਚਣ ਲੱਗੀ ਹੈ।

ਇਸੇ ਤਰ੍ਹਾਂ ਬਟਵਾਰੇ ਤੋਂ ਪਹਿਲਾਂ ਬਾਬਾ ਹਾਜੀ ਰਤਨ ਦੀ ਸਮਾਧ ’ਤੇ ਵੱਡਾ ਮੇਲਾ ਲੱਗਦਾ ਰਿਹਾ ਹੈ। ਬਾਬਾ ਹਾਜੀ ਰਤਨ ਦਾ ਪਹਿਲਾ ਨਾਂ ਰਤਨਪਾਲ ਸੀ। ਮਗਰੋਂ ਉਹ ਮੱਕਾ ਸ਼ਰੀਫ਼ ਗਏ ਅਤੇ ਮੁਸਲਮਾਨ ਬਣ ਗਏ। ਉਨ੍ਹਾਂ ਨੇ ਬਠਿੰਡਾ ਵਾਪਸ ਆ ਕੇ ਇਸਲਾਮ ਮੱਤ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਮਕਬਰਾ ਇਸੇ ਸ਼ਹਿਰ ਵਿੱਚ ਹੈ। ਪੁਰਾਤਨ ਸ਼ਹਿਰ ਬਠਿੰਡਾ ਆਪਣੀ ਗੋਦ ਵਿੱਚ ਅਨੇਕਾਂ ਯਾਦਾਂ ਨੂੰ ਸਮੋਈ ਬੈਠਾ ਹੈ। ਇੱਥੇ ਗੋਆ ਦੇ ਸ਼ਹੀਦ ਮਾਸਟਰ ਕਰਨੈਲ ਸਿੰਘ ਨੂੰ ਸਮਰਪਿਤ ਟੀਚਰਜ਼ ਹੋਮ ਹੈ। ਇਸ ਦੇ ਨੇੜੇ ਫ਼ੌਜੀ ਚੌਕ ਹੈ ਜੋ ਵਿਕਟੋਰੀਆ ਕਰਾਸ ਸੂਬੇਦਾਰ ਨੰਦ ਸਿੰਘ ਨੂੰ ਸਮਰਪਿਤ ਹੈ। 

ਚਰਨਜੀਤ ਭੁੱਲਰ 
ਲੇਖ਼ਕ ਸੀਨੀਅਰ ਪੱਤਰਕਾਰ ਹਨ। 
94170-11171

Thursday, September 13, 2012

ਨਾਸਤਿਕ ਬਾਣੀ: ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ

'ਨਾਸਤਿਕ ਬਾਣੀ' ਵਾਲਾ ਸਾਧੂ ਬਿਨਿੰਗ
"ਧਰਮ ਟਟਹਿਣਿਆਂ ਵਾਂਗ ਹਨ। ਉਨ੍ਹਾਂ ਨੂੰ ਚਮਕਣ ਲਈ ਹਨੇਰੇ ਦੀ ਲੋੜ ਹੈ।" - ਆਰਥਰ ਸ਼ੌਪਨਹਾਊਰ 

"ਜਦੋਂ ਬੰਦਾ ਧਰਮ ਤੋਂ ਆਜ਼ਾਦ ਹੋ ਜਾਂਦਾ ਹੈ ਤਾਂ ਉਸ ਦੇ ਇਕ ਸਾਵੀ ਪੱਧਰੀ ਤੇ ਭਰਪੂਰ ਜ਼ਿੰਦਗੀ ਮਾਨਣ ਦੇ ਮੌਕੇ ਵਧ ਜਾਂਦੇ ਹਨ।" - ਸਿਗਮੰਡ ਫਰਾਇਡ। 


"ਦੁਨੀਆਂ ਵਿਚ ਦੋ ਤਰ੍ਹਾਂ ਦੇ ਲੋਕ ਹਨ :ਧਰਮ ਬਿਨਾਂ ਸੂਝਵਾਨ ਲੋਕ,ਅਤੇ ਸੂਝ ਬਿਨਾਂ ਧਾਰਮਿਕ ਲੋਕ।" --ਅਬੁਲ-ਅੱਲਾ-ਅਲ-ਮਾਇਰੀ।

ਕਿਤਾਬ ਖੋਲ੍ਹਣ ਤੋਂ ਪਹਿਲਾਂ ਹੀ ਕਿਤਾਬ ਦੇ ਟਾਈਟਲ ਉੱਤੇ ਛਪੇ ਇਹ ਸ਼ਬਦ ਤੁਹਾਡੇ ਦਿਮਾਗ ਦੇ ਦਰਵਾਜ਼ੇ ਖੋਲ੍ਹ ਦਿੰਦੇ ਹਨ। ਜਿਉਂ-ਜਿਉਂ ਕਿਤਾਬ ਵਿੱਚੋਂ ਅੱਗੇ ਕੋਈ ਪੰਨਾ ਖੁੱਲ੍ਹਦਾ ਹੈ ਤਾਂ ਹਰ ਜਗ੍ਹਾ ਤੋਂ ਕੋਈ ਨਾ ਕੋਈ ਅਜਿਹਾ ਵਾਕ ਮਿਲਦਾ ਹੈ ਜਿਸ ਨੂੰ ਪੜ੍ਹ ਕੇ ਦਿਮਾਗ ਵਿਚ ਹਲਚਲ ਜਿਹੀ ਮਚ ਜਾਂਦੀ ਹੈ, ਸੋਚਾਂ ਵਿਚ ਦੀਵੇ ਜਗਣ ਲੱਗ ਪੈਂਦੇ ਹਨ। ਬੌਧਿਕ ਹੁਲਾਸ ਦਾ ਅਨੁਭਵ ਹੁੰਦਾ ਹੈ। ਇਹ ਕਿਤਾਬ ਆਸਤਿਕਤਾ ਅਤੇ ਧਾਰਮਿਕ ਸੋਚ ਦੇ ਫੁੱਲੇ ਹੋਏ ਗੁਬਾਰੇ ਵਿੱਚ ਸੂਈ ਵਾਂਗ ਚੁੱਭ ਜਾਂਦੀ ਹੈ ਅਤੇ ਉਸ ਦੀ ਸਾਰੀ ਦੀ ਸਾਰੀ ਫੂਕ ਕੱਢ ਦਿੰਦੀ ਹੈ। ਇਹ ਪੁਸਤਕ ਪੜ੍ਹ ਕੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਸੰਸਾਰ ਦੇ ਰੌਸ਼ਨ ਦਿਮਾਗ ਲੋਕ ਤਾਂ ਰੱਬ ਅਤੇ ਧਰਮ ਆਦਿ ਬਾਰੇ ਬਹੁਤ ਠੀਕ ਤਰ੍ਹਾਂ ਹੀ ਸੋਚਦੇ ਹਨ ਪਰ ਉਨ੍ਹਾਂ ਦੇ ਵਿਚਾਰ ਅਧਿਆਤਮਵਾਦੀ ਸਾਹਿਤ ਦੇ ਬਹੁਤ ਵੱਡੇ ਅੰਬਾਰ ਹੇਠ ਦੱਬੇ ਰਹਿ ਜਾਂਦੇ ਹਨ। ਇਸ ਦੀ ਪੁਸ਼ਟੀ ਲਈ ਪੁਸਤਕ ਵਿਚੋਂ ਵੱਖ-ਵੱਖ ਦੇਸ਼ਾਂ ਦੇ ਸੂਝਵਾਨ ਲੋਕਾਂ ਦੇ ਵਿਚਾਰ ਪੜ੍ਹੇ ਜਾ ਸਕਦੇ ਹਨ ਜਿਵੇਂ ਮਹਾਨ ਅੰਗਰੇਜ਼ ਦਾਰਸ਼ਨਿਕ ਬਰਟਰੰਡ ਰਸਲ ਕਹਿੰਦਾ ਹੈ - "ਧਰਮ ਸਾਡੀ ਸੂਝ ਦੇ ਬਚਪਨੇ ਦੀ ਰਹਿੰਦ-ਖੂੰਹਦ ਹੈ, ਜਿਵੇਂ-ਜਿਵੇਂ ਅਸੀਂ ਤਰਕ ਅਤੇ ਵਿਗਿਆਨ ਨੂੰ ਸੇਧ ਲਈ ਅਪਣਾਵਾਂਗੇ, ਇਹ ਘਟਦਾ ਜਾਵੇਗਾ।" ਦੱਖਣੀ ਅਮਰੀਕਾ ਦੇ ਦੇਸ਼ ਟ੍ਰਿਨੀਦਾਦ ਅਤੇ ਟੈਬੇਗੋ ਦੇ ਪਹਿਲੇ ਪ੍ਰਧਾਨ ਮੰਤਰੀ ਐਰਿਕ ਵਿਲਿਅਮਜ਼ ਅਨੁਸਾਰ, "ਧਰਮ ਇਨਸਾਨਾਂ ਦੀ ਉਸੇ ਤਰ੍ਹਾਂ ਸੇਵਾ ਕਰਦਾ ਹੈ ਜਿੱਦਾਂ ਘੋੜੇ ਦੇ ਲੱਗੇ ਖੋਪੇ ਕਰਦੇ ਹਨ।" ਜਰਮਨ ਕਵੀ ਹਾਈਨਰਿਕ ਹਾਈਨ ਧਰਮ ਦੀ ਤੁਲਨਾ ਅੰਨ੍ਹੇ ਬੰਦੇ ਨਾਲ ਕਰਦਾ ਹੋਇਆ ਲਿਖਦਾ ਹੈ, "ਮੱਧ ਯੁੱਗ ਸਮੇਂ ਧਰਮ ਲੋਕਾਂ ਨੂੰ ਰਸਤਾ ਦਿਖਾ ਸਕਦਾ ਸੀ, ਜਿਵੇਂ ਘੁੱਪ ਹਨੇਰੀ ਰਾਤ ਵਿਚ ਇਕ ਅੰਨ੍ਹਾ ਬੰਦਾ ਚੰਗਾ ਪੱਥਪ੍ਰਦਰਸ਼ਕ ਹੋ ਸਕਦਾ ਹੈ; ਉਹਨੂੰ ਰਾਹਾਂ ਅਤੇ ਥਾਵਾਂ ਦਾ ਸੁਜਾਖੇ ਨਾਲੋਂ ਜ਼ਿਆਦਾ ਪਤਾ ਹੁੰਦਾ ਹੈ ਪਰ ਜਦੋਂ ਦਿਨ ਚੜ੍ਹ ਜਾਵੇ ਫੇਰ ਅੰਨਿਆਂ ਤੋਂ ਰਸਤਾ ਪੁੱਛਣਾ ਮੂਰਖਤਾ ਹੈ।" ਮਸ਼ਹੂਰ ਅਮਰੀਕਨ ਤਾਰਾ ਵਿਗਿਆਨੀ ਕਾਰਲ ਸੇਗਨ ਨਾਸਤਿਕਤਾ ਬਾਰੇ ਸਪੱਸ਼ਟ ਕਰਦਾ ਹੈ ਕਿ "ਨਾਸਤਿਕਤਾ ਸਿਰਫ ਏਨੇ ਗਿਆਨ ਨਾਲੋਂ ਵਾਧੂ ਹੈ ਕਿ ਰੱਬ ਨਹੀਂ ਹੈ ਅਤੇ ਧਰਮ ਤਾਂ ਗਲਤੀ ਹੈ ਜਾਂ ਧੋਖਾ। ਨਾਸਤਿਕਤਾ ਤਾਂ ਇਕ ਨਜ਼ਰੀਆ ਹੈ, ਤਕਾਜ਼ਾ ਹੈ ਦੁਨੀਆਂ ਨੂੰ ਨਿਰਪੱਖ ਹੋ ਕੇ ਨਿਡਰਤਾ ਨਾਲ ਦੇਖਣ ਦਾ, ਸਾਰੀਆਂ ਚੀਜ਼ਾਂ ਨੂੰ ਕੁਦਰਤ ਦੇ ਹਿੱਸੇ ਵਜੋਂ ਸਮਝਣ ਦੀ ਕੋਸ਼ਿਸ਼।"


ਅਜਿਹੀ ਪੁਸਤਕ ਦੀ ਤਰਕਸ਼ੀਲ ਲਹਿਰ ਨੂੰ ਬਹੁਤ ਲੋੜ ਸੀ। ਤਰਕਸ਼ੀਲ ਵਿਚਾਰਾਂ ਦੇ ਸਮਰਥਕ ਬਹੁਤ ਸਾਰੇ ਵਿਅਕਤੀ ਵਹਿਮਾਂ-ਭਰਮਾਂ-ਪਖੰਡਾਂ ਨੂੰ ਤਾਂ ਸ਼ਿੱਦਤ ਨਾਲ ਰੱਦ ਕਰਦੇ ਹਨ ਪਰ ਤਰਕਸ਼ੀਲਤਾ ਦੇ ਮੰਤਕੀ ਸਿੱਟੇ ਯਾਨੀ ਨਾਸਤਿਕਤਾ 'ਤੇ ਪਹੁੰਚਣ ਤੋਂ ਉਰੇ ਹੀ ਖੜ੍ਹ ਜਾਂਦੇ ਹਨ। ਇਹ ਕਿਤਾਬ ਇਸ ਖੜੋਤ ਨੂੰ ਤੋੜਦੀ ਹੈ।


ਇਹ ਉਹ ਪੁਸਤਕ ਹੈ ਜਿਸ ਦੇ ਹਰ ਸ਼ਬਦ, ਹਰ ਵਾਕ ਵਿੱਚ ਡੂੰਘੇ ਅਰਥ ਛਿਪੇ ਹੋਏ ਹਨ। ਕਈ ਵਾਰ ਕੁਟੇਸ਼ਨਾਂ ਸਿਰਫ ਸ਼ਬਦਾਂ ਦੀ ਖੇਡ ਹੀ ਹੁੰਦੀਆਂ ਹਨ, ਪਰ ਇੱਥੇ ਇਉਂ ਨਹੀਂ ਹੈ। ਹਰ ਕੁਟੇਸ਼ਨ ਦੇ ਪਿੱਛੇ ਇਕ ਪੂਰਾ ਸੂਰਾ ਇਤਿਹਾਸ ਹੈ। ਜਿਵੇਂ ਇਕ ਕੁਟੇਸ਼ਨ ਹੈ, "ਉਨ੍ਹਾਂ ਸਾਰਿਆਂ ਨੂੰ ਮਾਰ ਦੇਵੋ। ਪਰਮਾਤਮਾ ਆਪਣੇ ਬੰਦਿਆਂ ਨੂੰ ਆਪੇ ਹੀ ਪਛਾਣ ਲਵੇਗਾ।" ਇਸ ਇਕੱਲੀ ਕੁਟੇਸ਼ਨ ਨੂੰ ਪੜ੍ਹਨ ਨਾਲ ਕੋਈ ਖਾਸ ਅਰਥ ਨਹੀਂ ਨਿਕਲਦਾ ਪਰ ਜਦ ਇਨ੍ਹਾਂ ਸ਼ਬਦਾਂ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਇਹ ਸ਼ਬਦ ਇਸਾਈ ਜਿਹਾਦੀਆਂ ਦੇ ਬਹੁਤ ਕਰੂਪ ਰੂਪ ਨੂੰ ਦਰਸਾਉਂਦੇ ਹਨ। ਇਤਿਹਾਸਕ ਤੌਰ 'ਤੇ ਬਾਹਰਵੀਂ ਤੇਹਰਵੀਂ ਸਦੀ ਦੇ ਯੌਰਪ ਵਿਚ ਈਸਾਈਆਂ ਵਿਚੋਂ ਨਿਕਲ ਕੇ ਵੱਖ ਵੱਖ ਫਿਕਰੇ ਬਣ ਰਹੇ ਸਨ। ਜਿਵੇਂ ਹੁਣ ਸਿੱਖਾਂ ਵਿਚੋਂ ਸੱਚਾ ਸੌਦਾ, ਰਾਧਾ ਸਵਾਮੀ, ਨਿਰੰਕਾਰੀ ਆਦਿ ਫਿਰਕੇ ਬਣੇ ਹਨ। ਈਸਾਈਆਂ ਦੇ ਧਰਮ ਗੁਰੂ ਪੋਪ ਇਨੋਸੈਂਟ ਤੀਜੇ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ। ਸੋ ਉਸ ਨੇ ਆਪਣੀਆਂ ਧਾਰਮਿਕ ਫੋਜਾਂ ਨੂੰ ਹੁਕਮ ਦਿੱਤਾ ਕਿ ਇਸ ਤਰ੍ਹਾਂ ਦੇ ਸਾਰੇ ਲੋਕਾਂ ਖਿਲਾਫ ਜਹਾਦ ਛੇੜਿਆ ਜਾਵੇ। ਇਨ੍ਹਾਂ ਧਾਰਮਿਕ ਫੌਜਾਂ ਨੇ ਫਰਾਂਸ ਦੇ ਸ਼ਹਿਰ ਬੇਜ਼ੀਅਰ ਵਿਚ ਵੱਡਾ ਕਤਲੇਆਮ ਕੀਤਾ ਕਿਉਂਕਿ ਉਥੇ ਕੈਥੋਲਿਕ ਇਸਾਈਆਂ ਵਿੱਚੋਂ ਨਿਕਲੇ ਫਿਰਕੇ 'ਕਥਾਰ' ਦਾ ਬਹੁਤ ਬੋਲਬਾਲਾ ਸੀ। ਸ਼ਹਿਰ ਉੱਤੇ ਕਬਜ਼ਾ ਕਰਨ ਬਾਅਦ ਇਸਾਈ ਧਾਰਮਿਕ ਫੌਜਾਂ ਦੇ ਜਰਨੈਲ ਸਾਈਮਨ ਡੇ ਮੌਂਟਫੋਰਟ ਨੇ ਆਮ ਲੋਕਾਂ ਬਾਰੇ ਪੁੱਛਿਆ ਕਿ ਇਨ੍ਹਾਂ ਦਾ ਕੀ ਕੀਤਾ ਜਾਵੇ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਕਹਿ ਰਹੇ ਹਨ ਕਿ ਉਹ ਤਾਂ ਬੜੇ ਧਰਮੀ ਇਸਾਈ ਹਨ। ਤਦ ਪੋਪ ਦੇ ਨੁਮਾਇੰਦੇ ਅਰਨਾਲਡ ਅਮਾਲਹਿਕ ਨੇ ਕਿਹਾ, "ਉਨ੍ਹਾਂ ਸਾਰਿਆਂ ਨੂੰ ਮਾਰ ਦਿਓ, ਪ੍ਰਮਾਤਮਾ ਆਪਣਿਆਂ ਨੂੰ ਆਪੇ ਪਛਾਣ ਲਵੇਗਾ।" (ਭਾਵ ਜਿਹੜੇ ਸਹੀ ਇਸਾਈ ਹੋਣਗੇ ਉਨ੍ਹਾਂ ਨੂੰ ਸਵਰਗ ਵਿਚ ਘੱਲ ਦੇਵੇਗਾ।) ਇਸੇ ਤਰ੍ਹਾਂ ਹੀ ਕੀਤਾ ਗਿਆ ਅਤੇ ਜੁਲਾਈ 1209 ਵਿਚ ਇਸ ਕਸਬੇ ਦਾ ਹਰ ਆਦਮੀ, ਔਰਤ ਅਤੇ ਬੱਚਾ, ਜਿਨ੍ਹਾਂ ਦੀ ਗਿਣਤੀ 20,000 ਦੇ ਲੱਗਭੱਗ ਸੀ, ਕਤਲ ਕਰ ਦਿੱਤਾ ਗਿਆ। (ਮੱਧਯੁੱਗ ਦੇ ਧਾਰਮਿਕ ਵਹਿਸ਼ੀਪੁਣੇ ਨੂੰ ਅੱਜ ਦਾ ਸਾਮਰਾਜ ਕਿਵੇਂ ਲਾਗੂ ਕਰਦਾ ਹੈ, ਇਸ ਦਾ ਜ਼ਿਕਰ ਕਰਨਾ ਵੀ ਕੁਥਾਵੇਂ ਨਹੀਂ ਹੋਵੇਗਾ। ਵੀਅਤਨਾਮ ਯੁੱਧ ਵਿਚ ਅਮਰੀਕਨ ਜਰਨੈਲਾਂ ਵੱਲੋਂ ਵੀਅਤਨਾਮੀ ਲੋਕਾਂ ਦੇ ਕਤਲੇਆਮ ਉਤਸਾਹਿਤ ਕਰਨ ਲਈ ਫੌਜੀਆਂ ਵਿੱਚ ਉਕਤ ਕੁਟੇਸ਼ਨ ਬਹੁਤ ਪ੍ਰਚਾਰੀ ਗਈ ਅਤੇ ਹੁਣ ਇਰਾਕ ਅਤੇ ਅਫਗਾਨਿਸਤਾਨ ਯੁੱਧ ਵਿਚ ਵੀ ਅਮਰੀਕਨ ਸਾਮਰਾਜੀਆਂ ਵੱਲੋਂ ਇਸ ਕੁਟੇਸ਼ਨ ਨੂੰ ਇਸ ਤਰ੍ਹਾਂ ਬਦਲ ਕੇ ਪ੍ਰਚਾਰਿਆ ਗਿਆ, "ਸਾਰਿਆਂ ਨੂੰ ਮਾਰ ਦਿਓ, ਅੱਲਾ ਆਪਣੇ ਬੰਦੇ ਆਪੇ ਪਛਾਣ ਲਵੇਗਾ" ਇਸ ਤਰ੍ਹਾਂ ਸਾਮਰਾਜੀ ਮੰਤਵਾਂ ਲਈ ਹੁਣ ਵੀ ਧਾਰਮਿਕ ਜਨੂੰਨ ਭਰਿਆ ਜਾ ਰਿਹਾ ਹੈ।



ਇਸੇ ਤਰ੍ਹਾਂ ਕੁਝ ਹੋਰ ਧਾਰਮਿਕ ਲੋਕਾਂ ਦੇ ਵਿਚਾਰ ਵੀ ਦਿੱਤੇ ਗਏ ਹਨ ਤਾਂ ਜੋ ਵਿਗਿਆਨਕ ਸੋਚ ਵਾਲੇ ਲੋਕਾਂ ਦੇ ਮੁਕਾਬਲੇ ਉਨ੍ਹਾਂ ਦੀ ਮਨੁੱਖਤਾ ਵਿਰੋਧੀ ਸੋਚ ਦੀ ਇਕ ਝਲਕ ਦੇਖੀ ਜਾ ਸਕੇ। ਜਿਵੇਂ ਪੋਪ ਪਾਇਅਸ ਗਿਆਰ੍ਹਵਾਂ ਇਟਲੀ ਦੇ ਜਾਲਮ ਡਿਕਟੇਟਰ ਮੁਸੋਲਿਨੀ ਬਾਰੇ ਕਹਿੰਦਾ ਹੈ - "ਮੁਸੋਲਿਨੀ ਬਹੁਤ ਹੀ ਵਧੀਆ ਬੰਦਾ ਹੈ। ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣਦੇ ਸਮਝਦੇ ਹੋ? ਉਹ ਬਹੁਤ ਹੀ ਵਧੀਆ ਬੰਦਾ ਹੈ।" ਇਵੇਂ ਮਦਰ ਟੈਰਿਸਾ ਕਹਿੰਦੀ ਹੈ, "ਗਰੀਬਾਂ ਵਲੋਂ ਆਪਣੀ ਸਥਿਤੀ ਨੂੰ ਮੰਨ ਲੈਣਾ ਕਿੰਨੀ ਸੁੰਦਰ ਗੱਲ ਹੈ। ਗਰੀਬਾਂ ਦੇ ਨਰਕ ਭੋਗਣ ਨਾਲ ਸਾਰੀ ਦੁਨੀਆਂ ਨੂੰ ਸੁੱਖ ਮਿਲਦਾ ਹੈ।"


ਇਸ ਪੁਸਤਕ ਵਿਚ 500 ਦੇ ਲੱਗਭੱਗ ਵਿਦਵਾਨਾਂ, ਚਿੰਤਕਾਂ, ਵਿਗਿਆਨੀਆਂ, ਸਿਆਸਤਦਾਨਾਂ ਅਤੇ ਹੋਰ ਮਹਾਨ ਵਿਅਕਤੀਆਂ ਦੇ ਰੱਬ ਧਰਮ ਅਤੇ ਹੋਰ ਸਬੰਧੰਤ ਮਸਲਿਆਂ ਬਾਰੇ ਵਿਚਾਰ ਇਕੱਤਰ ਕੀਤੇ ਗਏ ਹਨ। ਇਹ ਵਿਚਾਰ ਇਤਿਹਾਸਕ ਕਾਲਕ੍ਰਮ ਵਿਚ ਹਨ, ਯਾਨੀ ਢਾਈ ਹਜ਼ਾਰ ਸਾਲ ਪਹਿਲਾਂ ਹੋਏ ਚਾਰਵਾਕ, ਮਹਾਤਮਾ ਬੁੱਧ ਅਤੇ ਯੂਨਾਨੀ ਦਾਰਸ਼ਨਿਕਾਂ ਤੋਂ ਸ਼ੁਰੂ ਕਰਕੇ ਹੁਣ ਤੱਕ ਦੇ ਚਿੰਤਕਾਂ ਦੇ ਵਿਚਾਰ ਦਿੱਤੇ ਗਏ ਹਨ।


ਪੁਸਤਕ ਦਾ ਕਰਤਾ ਸਾਧੂ ਬਿਨਿੰਗ 1967 ਤੋਂ ਕੈਨੇਡਾ ਵਿਚ ਰਹਿ ਰਿਹਾ ਅਗਾਂਹਵਧੂ ਪੰਜਾਬੀ ਬੁੱਧੀਜੀਵੀ ਲੇਖਕ/ਚਿੰਤਕ ਹੈ, ਜਿਸ ਨੇ ਪਹਿਲਾਂ ਵੀ ਵਾਰਤਕ, ਖੋਜ, ਅਨੁਵਾਦ, ਕਵਿਤਾ ਅਤੇ ਨਾਟਕ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ। ਜਿੱਥੇ ਉਨ੍ਹਾਂ ਇਸ ਪੁਸਤਕ ਲਈ ਐਨੀ ਖੋਜ, ਚੋਣ, ਅਨੁਵਾਦ ਅਤੇ ਸੰਗ੍ਰਿਹ ਕਰਨ ਦਾ ਵੱਡਮੁੱਲਾ ਕਾਰਜ ਕੀਤਾ ਹੈ, ਉੱਥੇ ਉਨ੍ਹਾਂ ਵਲੋਂ ਇਸ ਪੁਸਤਕ ਦੀ ਭੂਮਿਕਾ ਵਜੋਂ ਲਿਖਿਆ ਗਿਆ ਆਰਟੀਕਲ 'ਪੰਜਾਬੀ ਭਾਈਚਾਰਾ ਅਤੇ ਧਰਮ' ਵੀ ਬਹੁਤ ਮਹੱਤਵਪੂਰਨ ਨੁਕਤੇ ਉਠਾਉਂਦਾ ਹੈ। ਇਸ ਲੇਖ ਵਿਚ ਪੰਜਾਬੀਆਂ ਦੀ ਸੋਚ ਉੱਤੇ ਧਾਰਮਿਕ ਜਕੜਬੰਦੀ ਦਾ ਵਰਨਣ ਅਤੇ ਵਿਸ਼ਲੇਸ਼ਣ ਬਹੁਤ ਸੰਤੁਲਿਤ ਢੰਗ ਨਾਲ ਕੀਤਾ ਗਿਆ ਹੈ। ਲੇਖਕ ਦੀ ਇਹ ਗੱਲ ਦਰੁਸਤ ਹੈ ਕਿ "ਇਸ ਵੇਲੇ ਭਾਰਤ ਵਿਚ ਤੇ ਖਾਸ ਕਰ ਪੰਜਾਬ ਵਿਚ ਧਰਮ ਤੇ ਸਿਆਸਤ ਵਿਚ ਵਿੱਥ ਭਾਲਣੀ ਮੁਸ਼ਕਿਲ ਹੈ। ਧਰਮ ਏਨੇ ਸ਼ਕਤੀਸ਼ਾਲੀ ਹਨ ਕਿ ਇਸ ਬਾਰੇ ਅਲੋਚਨਾਤਮਿਕ ਨਜ਼ਰੀਆ ਰੱਖਣਾ ਖਤਰਾ ਸਹੇੜਨ ਵਾਲੀ ਗੱਲ ਹੈ। ਨਤੀਜੇ ਵਜੋਂ, ਸਿਆਸਤ ਨੂੰ ਧਰਮ ਤੋਂ ਵੱਖ ਕਰਕੇ ਵੇਖਣ ਦੀ ਯੋਗਤਾ ਅਤੇ ਖਾਹਿਸ਼ ਪੰਜਾਬੀਆਂ ਵਿਚੋਂ ਗਾਇਬ ਹੋ ਗਈ ਲਗਦੀ ਹੈ। ਧਰਮ ਬਾਰੇ ਬਹੁਤੀ ਚਰਚਾ ਇਸ ਨੁਕਤੇ ਤੋਂ ਹੀ ਕੀਤੀ ਜਾਂਦੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਬਿਹਤਰ ਬਣਾਇਆ ਜਾਵੇ ਨਾ ਕਿ ਵਿਗਿਆਨਕ ਨਜ਼ਰੀਏ ਨਾਲ ਇਸ ਦੀ ਸਾਰਥਿਕਤਾ 'ਤੇ ਕਿੰਤੂ ਕੀਤਾ ਜਾਵੇ ਜਾਂ ਇਸ ਦੇ ਅਸਰ ਨੂੰ ਘਟਾਇਆ ਜਾਵੇ।" ਅਤੇ "ਜਿੱਥੇ ਪੰਜਾਬੀ ਭਾਈਚਾਰਾ ਬਹੁਤ ਸਾਰੇ ਪਹਿਲੂਆਂ ਵਿਚ ਦੁਨੀਆਂ ਦੇ ਬਾਕੀ ਭਾਈਚਾਰਿਆਂ ਦੇ ਬਰਾਬਰ ਖੜ੍ਹਦਾ ਹੈ, ਉੱਥੇ ਬੌਧਿਕ ਪੱਖੋਂ ਇਸ ਦੀ ਗਰੀਬੀ ਸ਼ਰੇਆਮ ਨਜ਼ਰ ਆਉਂਦੀ ਹੈ, ਜਿਸ ਦਾ ਮੁੱਖ ਕਾਰਨ ਧਰਮ ਵੱਲ ਬੇਲੋੜਾ ਧਿਆਨ ਜਾਪਦਾ ਹੈ। ਧਰਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਕਿਸਮ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਮਸਲਾ ਸਮਾਜ ਵਿਚ ਸੰਤੁਲਨ ਪੈਦਾ ਕਰਨ ਦਾ ਹੈ ਜੋ ਇਸ ਵੇਲੇ ਨਜ਼ਰ ਨਹੀਂ ਆ ਰਿਹਾ।"


ਲੇਖਕ ਦਾ ਮੰਨਣਾ ਹੈ ਕਿ ਕਾਫੀ ਗਿਣਤੀ ਪੰਜਾਬੀ ਲੇਖਕ ਅਤੇ ਬੁੱਧੀਜੀਵੀ ਨਾ ਤਾਂ ਰੱਬ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਧਰਮ ਨੂੰ ਸਮਾਜ ਲਈ ਲਾਹੇਵੰਦ ਸਮਝਦੇ ਹਨ, ਪਰ ਬਹੁਤ ਸਾਰੇ ਸਮਾਜਿਕ ਕਾਰਨਾਂ ਵੱਸ ਉਹ ਇਸ ਬਾਰੇ ਚੁੱਪ ਸਾਧੀ ਰੱਖਦੇ ਹਨ। ਲੇਖਕ ਅਨੁਸਾਰ ਸ਼ਾਇਦ ਪੰਜਾਬੀਆਂ ਨਾਲ ਜਪਾਨੀ ਕਹਾਵਤ ਵਰਗਾ ਕੁਝ ਵਾਪਰ ਗਿਆ ਹੈ ਕਿ "ਜੇ ਤੁਸੀਂ ਉਨ੍ਹਾਂ ਨੂੰ ਜਿੱਤ ਨਹੀਂ ਸਕਦੇ ਤਾਂ ਉਨ੍ਹਾਂ ਨਾਲ ਰਲ਼ ਜਾਓ।" ਲੇਖਕ ਧਰਮ ਦੇ ਰੋਲ ਬਾਰੇ ਬਹੁਤ ਸਪੱਸ਼ਟ ਹੈ। ਉਸ ਦਾ ਨਿਰਣਾ ਹੈ ਕਿ ਧਰਮ ਵਿਅਕਤੀ ਦੀ ਪੱਧਰ 'ਤੇ ਭਾਵੇਂ ਕਿਸੇ ਨੂੰ ਵਕਤੀ ਸੁੱਖ ਸ਼ਾਂਤੀ ਦਾ ਅਹਿਸਾਸ ਕਰਵਾਉਂਦਾ ਹੋਵੇ ਪਰ ਸਮਾਜਿਕ ਪੱਧਰ 'ਤੇ ਇਸ ਦਾ ਰੋਲ ਨਾਂਹ-ਪੱਖੀ ਰਹਿੰਦਾ ਹੈ।


ਭੂਮਿਕਾ ਦੇ ਅਖੀਰ ਵਿਚ ਲੇਖਕ ਪੰਜਾਬੀ ਬੁੱਧੀਜੀਵੀਆਂ ਨੂੰ ਇਹ ਕਹਿ ਕੇ ਹਲੂਣਦਾ ਹੈ-ਪੰਜਾਬੀ ਸਮਾਜ ਵਿਚਲੇ ਰੌਸ਼ਨ ਦਿਮਾਗ ਲੋਕਾਂ ਕੋਲੋਂ ਸਮਾਂ ਇਸ ਵੇਲੇ ਮੰਗ ਕਰ ਰਿਹਾ ਹੈ ਕਿ ਉਹ ਆਪਣੇ ਸਮਾਜ ਨੂੰ ਪਿਛਲੀਆਂ ਸਦੀਆਂ ਦੇ ਹਨੇਰਿਆਂ ਵਿੱਚੋਂ ਕੱਢ ਕੇ ਇੱਕੀਵੀਂ ਸਦੀ ਵਿੱਚ ਲਿਆਉਣ ਲਈ ਆਪਣਾ ਯੋਗਦਾਨ ਪਾਉਣ। ਇਸ ਦੇ ਲਈ ਉਨ੍ਹਾਂ ਕੁਝ ਵਿਸ਼ੇ ਵੀ ਦਿੱਤੇ ਹਨ, ਜਿਨ੍ਹਾਂ ਬਾਰੇ ਵਿਚਾਰ-ਚਰਚਾ ਚਲਾਉਣ ਦੀ ਲੋੜ ਹੈ। ਪੁਸਤਕ ਦੇ ਅੰਤ ਵਿਚ ਦਿੱਤੀ ਪੁਸਤਕਾਂ ਅਤੇ ਇੰਟਰਨੈੱਟ ਵੈਬਸਾਈਟਾਂ ਦੀ ਸੂਚੀ ਵੀ ਬਹੁਤ ਮਹੱਤਵਪੂਰਨ ਹੈ ਜੋ ਇਨ੍ਹਾਂ ਵਿਸ਼ਿਆਂ ਬਾਰੇ ਹੋਰ ਜਾਣਨ, ਸਮਝਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਲਈ ਬਹੁਤ ਕੰਮ ਦੀ ਚੀਜ਼ ਹੈ।


ਰਾਜਪਾਲ ਸਿੰਘ