ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, March 11, 2010

ਚਿੱਟੀਆਂ ਰਾਤਾਂ ਕਾਲੇ ਦਿਨ

ਨਰਿੰਦਰਪਾਲ ਜ਼ੀ ਖ਼ਬਰਾਂ ਦੇ ਚੰਡੀਗੜ੍ਹ ਬਿਊਰੋ 'ਚ ਹਨ।"ਖ਼ਾਸ ਮੁਲਾਕਾਤ" ਨਾਂਅ ਦਾ ਹਫਤਾਵਾਰੀ ਪ੍ਰੋਗਰਾਮ ਵੀ ਕਰਦੇ ਹਨ।ਹੱਥਲੀ ਰਚਨਾ ਉਹਨਾਂ ਕੁਝ ਸਮਾਂ ਪਹਿਲਾਂ ਲਿਖੀ ਸੀ।ਦਿਨ ਵਰਗੀਆਂ ਰਾਤਾਂ ਦੀ ਬਾਤ ਪਾਉੁਂਦੀ ਰਚਨਾ,ਮੈਨੂੰ ਬਹੁਤ ਚੰਗੀ ਲੱਗੀ।ਸ਼ਾਇਦ ਇਸ ਕਰਕੇ ਵੀ ਕਿ ਇਕ ਨਿਊਜ਼ ਚੈਨਲ 'ਚ ਅਸੀਂ ਦੋਵਾਂ ਨੇ ਇਕੱਠਿਆਂ ਇਕੋ ਸਿਫਟ ਅੰਦਰ "ਚਿੱਟੀਆਂ ਰਾਤਾਂ" ਹੰਢਾਈਆਂ ਹਨ।ਜਜ਼ਬਾਤ,ਭਾਵਨਾਵਾਂ ਤੇ ਯਾਦਾਂ ਇਕੋ ਜਿਹੀਆਂ ਹਨ।ਨਰਿੰਦਰ ਨੂੰ ਵੀ ਯਾਦ ਹੋਵੇਗਾ ਕਿ ਇਕ ਤਾਂ ਬੰਦਾ ਰਾਤ ਦਾ ਥੱਕਿਆ ਹਾਰਿਆ ਮਸਾਂ ਸ਼ਿਫਟ ਤੋਂ ਖਹਿੜਾ ਛਡਾਉਂਦਾ,ੳਤੋਂ ਕਈ ਇਹੋ ਜਿਹੇ ਜਿਨ੍ਹਾਂ ਨੂੰ ਪੱਤਰਕਾਰੀ ਤੇ ਖ਼ਬਰ ਦਾ "ਓ ਤੋਂ ਅ" ਨਹੀਂ ਪਤਾ ਹੁੰਦਾ,ਸਵੇਰੇ ਹੀ ਫੋਨ ਖੜਕਾਉਣੇ ਸ਼ੁਰੂ ਦਿੰਦੇ।ਫਲਾਣੀ ਬੀਬੀ ਦੀ ਬਾਈਟ..ਫਾਲਣੇ ਕਾਕਾ ਜੀ ਦੀ ਬਾਈਟ ਰਹਿ ਗਈ...ਉਸਤੋਂ ਬਾਅਦ ਫਿਰ ਸਾਰਾ ਦਿਨ ਚਮਚੇ ਆਪਣੀ ਚਮਚਾਗਿਰੀ ਚਮਕਾਉਣ ਲਈ "ਚਿੱਟੀਆਂ ਰਾਤਾਂ ਵਾਲੇ ਬਾਬਿਆਂ" ਦੀ ਲਹਿਰ ਲਾਉਂਦੇ ਰਹਿੰਦੇ।।ਸਭ ਥਾਈਂ ਚਿਹਰੇ-ਮੋਹਰੇ ਬਦਲਦੇ ਰਹਿੰਦੇ ਨੇ,ਪਰ ਦੌਰ ਅਜੇ ਵੀ ਜਾਰੀ ਹਨ।ਇਸ ਰਚਨਾ ਦੇ ਨਾਲ ਹੀ ਨਰਿੰਦਰਪਾਲ ਨੂੰ ਬੇਨਤੀ ਨਹੀਂ ਕਰਦੇ,ਬਲਕਿ ਜ਼ਿੰਮੇਵਾਰੀ ਲਾਉਂਦੇ ਹਾਂ,ਕਿ ਉਹ ਕ੍ਰਿਪਾ ਕਰਕੇ ਗੁਲਾਮ ਕਲਮ ਨੂੰ ਰਚਨਾਵਾਂ ਦਾ ਸਹਿਯੋਗ ਜਾਰੀ ਰੱਖਣ।--ਯਾਦਵਿੰਦਰ ਕਰਫਿਊ

ਕੋਈ ਵਿਅਕਤੀ ਸਾਰੀ ਰਾਤ ਕੰਮ ਕਰੇ ਅਤੇ ਦਿਨੇ ਸੁੱਤਾ ਪਿਆ ਰਹੇ, ਇਸ ਬਾਰੇ ਕੁਝ ਕੁ ਸਾਲ ਪਹਿਲਾਂ ਸੁਣਿਆਂ ਜ਼ਰੂਰ ਸੀ, ਹੰਢਾਇਆਂ ਕਦੇ ਵੀ ਨਹੀਂ ਸੀ। ਰਾਤਾਂ ਨੂੰ ਦਫਤਰ ਖੁੱਲ੍ਹੇ ਰਹਿਣ ਬਾਰੇ ਪੰਜਾਬ ਦੇ ਦਿਹਾਤੀ ਖੇਤਰਾਂ ਅਤੇ ਛੋਟੇ ਸ਼ਹਿਰਾਂ ‘ਚ 1997-98 ਦੇ ਆਸ-ਪਾਸ ਥੋੜ੍ਹੀ ਬਹੁਤ ਚਰਚਾ ਹੋਣੀ ਜ਼ਰੂਰ ਸ਼ੁਰੂ ਹੋ ਗਈ ਸੀ।ਦਰਅਸਲ ਵਿਸ਼ਵੀਕਰਨ ਦੇ ਨਾਲ ਹੀ ਰੁਜ਼ਗਾਰ ਦੇ ਨਵੇਂ ਮੌਕਿਆਂ ਅਤੇ ਵੱਖਰੀ ਤਰ੍ਹਾਂ ਦੀਆਂ ਨੌਕਰੀਆਂ ਨੇ ਭਾਰਤ ‘ਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਵਿੱਚੋਂ ਹੀ ਇੱਕ ਸੀ ਕਾਲ ਸੈਂਟਰ ਜਾਂ ਬੀ.ਪੀ.ਓਜ਼ (ਬਿਜ਼ਨਸ ਪ੍ਰੋਸੈੱਸ ਆਊਟਸੋਰਸਿੰਗ) ਦੀਆਂ ਨੌਕਰੀਆਂ ਅਤੇ ਦੂਸਰਾ ਆਈ.ਟੀ. ਖੇਤਰ ਲਈ ਕੰਮ ਕਰਨਾ।

ਭਾਰਤ ‘ਚ ਘੱਟ ਤਨਖਾਹਾਂ ‘ਤੇ ਨਿਪੁੰਨ ਪੇਸ਼ੇਵਰ (ਖਾਸ ਤੌਰ ‘ਤੇ ਕਾਲ ਸੈਂਟਰਾਂ ਅਤੇ ਆਈ.ਟੀ. ਖੇਤਰ ਲਈ) ਮਿਲ ਜਾਣ ਦੇ ਸਿੱਟੇ ਵੱਜੋਂ ਵਿਦੇਸ਼ੀ ਕੰਪਨੀਆਂ ਇੱਧਰ ਕੰਮ ਕਰਵਾਉਣ ਨੂੰ ਤਰਜੀਹ ਦਿੰਦੀਆਂ ਹਨ। ਪਰ ਮਸਲਾ ਇਹ ਹੈ ਕਿ ਜਦੋਂ ਭਾਰਤ ‘ਚ ਦਿਨ ਚੜ੍ਹਿਆਂ ਹੁੰਦਾ ਹੈ, ਉੱਧਰ ਰਾਤ ਹੁੰਦੀ ਹੈ।ਕੰਮ ਉੱਧਰ ਦੇ ਹਿਸਾਬ ਨਾਲ ਦਿਨ ‘ਚ ਕਰਨਾ ਹੁੰਦਾ ਹੈ, ਇਸ ਲਈ ਭਾਰਤ ‘ਚ ਜ਼ਿਆਦਾਤਰ ਰਾਤਾਂ ਨੂੰ ਕੰਮ ਕਰਨਾ ਪੈਂਦਾ ਹੈ। ਗੱਲ ਚਾਰ ਕੁ ਸਾਲ ਪਹਿਲਾਂ ਦੀ ਹੈ। ਮੈਂ ਚੰਡੀਗੜ੍ਹ ਇੱਕ ਅਖਬਾਰ ‘ਚ ਨੌਕਰੀ ਕਰਦਾ ਸੀ ।ਹਾਲਾਂਕਿ ਅਖਬਾਰਾਂ ਦੇ ਨਿਊਜ਼ ਟੇਬਲਾਂ ‘ਤੇ ਕੰਮ ਕਰਨ ਦੀਆਂ ਸਿਫਟਾਂ ਵੀ ਦੇਰ ਰਾਤ ਤੱਕ ਚੱਲਦੀਆਂ ਹਨ ਪਰ ਸਾਰੀ ਰਾਤ ਨਹੀਂ।


ਅਸੀਂ ਤਿੰਨ ਜਣੇ ਇੱਕੋ ਕਮਰੇ ‘ਚ ਰਹਿੰਦੇ ਸੀ। ਮੇਰੇ ਬਾਕੀ ਦੋ ਸਾਥੀਆਂ ‘ਚੋਂ ਇੱਕ ਕਾਲ ਸੈਂਟਰ ‘ਚ ਨੌਕਰੀ ਕਰਦਾ ਸੀ ਅਤੇ ਦੂਸਰਾ ਕਿਸੇ ਕੰਪਿਊਟਰ ਸਾਫਟਵੇਅਰ ਕੰਪਨੀ ‘ਚ ਸੀ। ਮੈਂ ਜਦੋਂ ਰਾਤੀਂ 10 ਕੁ ਵਜੇ ਆਉਣਾ ਤਾਂ ਕਾਲ ਸੈਂਟਰ ਵਾਲਾ ਜਾਣ ਦੀ ਤਿਆਰੀ ਕਰ ਰਿਹਾ ਹੁੰਦਾ ਸੀ। ਮੇਰੇ ਸੌਂ ਜਾਣ ਤੋਂ ਪਹਿਲਾਂ-ਪਹਿਲਾਂ ਉਹ ਚਲਾ ਜਾਂਦਾ ਅਤੇ ਰਾਤੀਂ ਕਰੀਬ ਸਾਢੇ ਕੁ 12 ਵਜੇ ਕੰਪਿਊਟਰ ਵਾਲੇ ਨੇ ਆ ਜਾਣਾ। ਉਸਦੀ ਸਿਫਟ ਸ਼ਾਮੀਂ 4 ਤੋਂ ਰਾਤੀਂ 12 ਵਜੇ ਤੱਕ ਦੀ ਸੀ। ਸਵੇਰੇ ਜਦੋਂ 7-8 ਕੁ ਵਜੇ ਆ ਕੇ ਕਾਲ ਸੈਂਟਰ ਵਾਲੇ ਨੇ ਸੌਂ ਜਾਣਾ ਤਾਂ ਮੈਂ ਉੱਠਕੇ ਆਪਣੇ ਕੰਮੀਂ ਲੱਗ ਜਾਣਾ। ਸਵੇਰੇ 10-11 ਵਜੇ ਜਦੋਂ ਮੈਂ ਕਿਤੇ ਜਾਣ ਦੀ ਤਿਆਰੀ ਕਰਨੀ ਤਾਂ ਕੰਪਿਊਟਰ ਵਾਲੇ ਨੇ ਉੱਠ ਬਹਿਣਾ। ਕਹਿਣ ਦਾ ਭਾਵ ਅਸੀਂ ਤਿੰਨਾਂ ਨੇ ਕਦੇ ਇਕੱਠਿਆਂ ਗੱਲਾਂ ਹੀ ਨਹੀਂ ਕੀਤੀਆਂ ।

ਇਸ ਤੋਂ ਕੁਝ ਸਮਾਂ ਬਾਅਦ ਮੇਰੀ ਨੌਕਰੀ ਨੋਇਡਾ ਕਿਸੇ ਨਿਊਜ਼ ਚੈੱਨਲ ‘ਚ ਲੱਗ ਗਈ। 24 ਘੰਟੇ ਖਬਰਾਂ ਅਤੇ ਡਿਊਟੀ ਵੀ 24 ਘੰਟੇ ਦੀਆਂ ਸ਼ਿਫਟਾਂ ‘ਚ ਵੰਡੀ ਹੋਈ ਸੀ। ਜਾਂਦੇ ਹੀ ਮੇਰੀ ਸ਼ਿਫਟ ਰਾਤੀਂ 12 ਤੋਂ ਸਵੇਰੇ 8 ਵਜੇ ਦੀ ਲੱਗ ਗਈ। ਦਿਸੰਬਰ ਦਾ ਮਹੀਨਾ ਸੀ। ਜਿੰਨੀ ਮਰਜ਼ੀ ਚੁਸਤੀ ਰੱਖੋ ਰਾਤੀਂ 2 ਤੋਂ ਸਵੇਰੇ 4 ਵਜੇ ਤੱਕ ਦੇ ਸਮੇਂ ਦੌਰਾਨ ਅੱਖਾਂ ਡਿਗਦੀਆਂ ਹੀ ਡਿਗਦੀਆਂ ਹਨ। ਖੈਰ, ਆਦਤ ਪਈ ਅਤੇ ਰਾਤਾਂ ਚਿੱਟੀਆਂ ਜਾਪਣ ਲੱਗ ਪਈਆਂ। ਸਾਰੀ ਰਾਤ ਕੰਮ ਕਰਨਾ, ਦਿਨੇ ਕਮਰੇ ‘ਚ ਹਨ੍ਹੇਰਾ ਜਿਹਾ ਕਰਕੇ ਸੁੱਤੇ ਪਏ ਰਹਿਣਾ। ਨਾਲ ਦਿਆਂ ਨੂੰ ਸਖਤ ਹਿਦਾਇਤਾਂ ਸਨ ਕਿ ਜੇਕਰ ਉਹ ਦਰਵਾਜ਼ਾ ਇੱਕ ਖਾਸ ਅੰਦਾਜ਼ ‘ਚ ਖੜਕਾਉਣਗੇ ਤਾਂ ਹੀ ਖੁੱਲ੍ਹੇਗਾ, ਨਹੀਂ ਤਾਂ ਲੱਖ ਕੋਈ ਟੱਕਰਾਂ ਮਾਰੀ ਜਾਵੇ ਆਪਾਂ ਉੱਠਦੇ ਹੀ ਨਹੀਂ ਸੀ।

ਰਾਤੀਂ ਕੰਮ ਕਰਨ ਦਾ ਸਭ ਤੋਂ ਵੱਡਾ ਨੁਕਸਾਨ ਸੀ ਕਿ ਇੱਕ ਵਕਤ ਦਾ ਖਾਣਾ ਛੁੱਟ ਜਾਂਦਾ ਸੀ। ਦੁਨੀਆਂ ਤੋਂ ਪੂਰੀ ਤਰ੍ਹਾਂ ਕੱਟੇ ਜਾਂਦੇ ਸੀ। ਪੰਜਾਬ ਘਰ ਦਿਆਂ ਨਾਲ ਰਾਬਤਾ ਘੱਟ ਜਾਣਾ। ਰਾਤ ਨੂੰ ਤਿਆਰ-ਸ਼ਿਆਰ ਹੋਣ ਦਾ ਮਨ ਹੀ ਨਾ ਕਰਨਾ। ਸੁਭਾਅ ਅਤੇ ਹਾਜ਼ਮੇ ‘ਚ ਗੜਬੜੀ ਹੋ ਜਾਣੀ। ਜਦੋਂ ਦੁਨੀਆਂ ਨੇ ਘੂਕ ਸੌਂ ਜਾਣਾ ਆਪਾਂ ਝੋਲਾ ਚੁੱਕ ਕੇ ਬਾਹਰ ਨਿਕਲ ਜਾਣਾ। ਚਲੋ, ਜ਼ਿਆਦਾ ਤੋਂ ਜ਼ਿਆਦਾ ਇੱਕ ਮਹੀਨਾ ਰਾਤ ਦੀ ਡਿਊਟੀ ਚੱਲਦੀ ਸੀ ਪਰ ਦਿੱਲੀ-ਨੋਇਡਾ ‘ਚ ਅਜਿਹੀ ਬਥੇਰੀ ਜਨਤਾ ਏ ਜਿਹੜੀ ਸਿਰਫ ਰਾਤੀਂ ਕੰਮ ਕਰਦੀ ਏ! ਨਾਸਕੋਮ ਦੀ ਇੱਕ ਰਿਪੋਰਟ ਅਨੁਸਾਰ ਐਨ.ਸੀ.ਆਰ. (ਦਿੱਲੀ, ਨੋਇਡਾ, ਗੁੜਗਾਉਂ, ਫਰੀਦਾਬਾਦ), ਬੰਗਲੂਰੂ, ਹੈਦਰਾਬਾਦ ਅਤੇ ਪੂਣੇ ‘ਚ ਬੀ.ਪੀ.ਓਜ਼ ਨਾਲ ਕੋਈ ਸੱਤ ਲੱਖ ਤੋਂ ਵੀ ਵਧੇਰੇ ਪੇਸ਼ੇਵਰ ਸਿੱਧੇ ਰੂਪ ਨਾਲ ਜੁੜੇ ਹੋਏ ਹਨ।ਅਸਿੱਧੇ ਰੂਪ ਨਾਲ ਜੁੜੇ ਲੋਕਾਂ ਅਤੇ ਅਪੁਸ਼ਟ ਰਿਪੋਰਟਾਂ ਅਨੁਸਾਰ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋਵੇਗੀ। ਇਨ੍ਹਾਂ ‘ਚੋਂ ਅੱਧਿਆਂ ਤੋਂ ਵੱਧ ਦੀ ਸ਼ਿਫਟ ਰਾਤ ਦੀ ਹੁੰਦੀ ਹੈ। ਖੈਰ, ਨੋਇਡਾ ਕਰੀਬ ਡੇਢ ਸਾਲ ਨੌਕਰੀ ਕੀਤੀ ਅਤੇ ਇਸ ‘ਚੋਂ ਤਕਰੀਬਨ ਛੇ ਮਹੀਨੇ ਦਿਨ ਕਾਲੇ ਰਹੇ ਅਤੇ ਰਾਤਾਂ ਚਿੱਟੀਆਂ। ਪਰ ਨੌਕਰੀ ਦੌਰਾਨ ਕਦੇ ਕੋਈ ਨਖਰਾ ਨਹੀਂ ਕੀਤਾ। ਹੱਥਲੇ ਮਿਡਲ ਨੂੰ ਲਿਖਣ ਦਾ ਮੇਰਾ ਉਦੋਂ ਵਿਚਾਰ ਬਣਿਆਂ ਜਦੋਂ ਪਿਛਲੇ ਦਿਨੀਂ ਮਨੋਵਿਗਿਆਨ ਦੇ ਵਿਸ਼ੇ ‘ਤੇ ਕੋਈ ਨਿਬੰਧ ਪੜ੍ਹਦਿਆਂ ਇੱਕ ਸਤਰ ਨੇ ਖਾਸ ਧਿਆਨ ਖਿੱਚਿਆਂ। “ਜਿਹੜੇ ਵਿਅਕਤੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਦੀ ਮਾਨਸਿਕਤਾ ਆਮ ਮਨੁੱਖ ਦੇ ਮੁਕਾਬਲੇ ਗੜਬੜਾਉਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।” ਸੱਚ ਏ, ਸੋਲ੍ਹਾਂ ਆਨੇ ਸੱਚ! ਸ਼ਾਇਦ ਇਸ ਗੱਲ ਨੂੰ ਮੈਂ ਜ਼ਿਆਦਾ ਨਾ ਗੌਲਦਾ ਜੇਕਰ ਕੁਦਰਤ ਦੇ ਖਿਲਾਫ ਖੁਦ ਨਾ ਚੱਲਿਆਂ ਹੁੰਦਾ। ਇਹ ਵੀ ਕੈਸਾ ਦੌਰ
ਹੈ ਕਿ ਜ਼ਿੰਦਗੀ ‘ਚ ਜਿਊਂਦੇ ਰਹਿਣ ਲਈ ਅਸੀਂ ਕੁਦਰਤ ਨਾਲ ਹੀ ਅੜਿੰਗਾ ਡਾਹੀ ਬੈਠੇ ਹਾਂ

-ਨਰਿੰਦਰ ਪਾਲ ਸਿੰਘ ਜਗਦਿਓ

1 comment:

  1. changi likht hai.lekhni vich subavikta hai jo har kisay kol nahi hundi.aam tor te lekhak kuj na kuj sidh karn vich hi uljay rehnday hun.samay nal badalde ja rahay concepts te is nal smajak jeevan vich aian changes nu har banda fad v nahi paunda .carfew da hukam theek he hai lagay raho.

    sukhi barnala

    ReplyDelete