ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, June 29, 2010

ਲਾਲਗੜ੍ਹ ‘ਚੋਂ ਆਦਿਵਾਸੀਆਂ ਨੂੰ ਬੇਦਖ਼ਲ ਕਰ ਰਹੀ ਸਰਕਾਰ-ਮਹਾਸ਼ਵੇਤਾ ਦੇਵੀ

ਮਹਾਸ਼ਵੇਤਾ ਦੇਵੀ ਬੰਗਾਲ ਦੀ ਧਰਤੀ ਦਾ ਵੱਡਾ ਨਾਂਅ ਹੈ।ਉਹ ਗਿਆਨਪੀਠ ਪੁਰਸਕਾਰ ਪ੍ਰਾਪਤ ਲੇਖਿਕਾ ਤੇ ਦੇਸ਼ ਦੇ ਗਿਣੇ ਚੁਣੇ ਬੁੱਧੀਜੀਵੀਆਂ ‘ਚੋਂ ਇਕ ਹੈ।ਆਪਣੀਆਂ ਸਾਹਿਤਕ ਕ੍ਰਿਤਾਂ ਦੇ ਨਾਲ ਨਾਲ ਸਮਾਜਿਕ ਕਾਰਕੁੰਨ ਦੇ ਤੌਰ ‘ਤੇ ਲੰਮਾ ਅਰਸਾ ਆਦਿਵਾਸੀ ਸਮਾਜ ਲਈ ਕੰਮ ਕੀਤਾ ਤੇ ਕਰ ਰਹੀ ਹੈ।ਮਸ਼ਹੂਰ ਨਾਵਲ “ਹਜ਼ਾਰ ਚੁਰਾਸੀਵੇਂ ਦੀ ਮਾਂ” ਲਿਖਿਆ,ਜਿਸਤੇ ਫਿਲਮ ਵੀ ਬਣੀ।ਸਿਗੂੰਰ,ਨੰਦੀਗ੍ਰਾਮ ਮੌਕੇ ਬੰਗਾਲ ਦੀ ਸਰਕਾਰ ਖਿਲਾਫ ਜਦੋਂ ਲੋਕ ਰੋਹ ਵਧਿਆ,ਤਾਂ ਬੰਗਲਾ ਲੇਖਕਾਂ ਨੇ ਸਰਕਾਰੀ ਅੱਤਿਆਚਾਰ ਦੇ ਵਿਰੋਧ ‘ਚ ਸਾਂਝਾ ਮੰਚ ਬਣਾਇਆ,ਜਿਸ ‘ਚ ਮਮਤਾ ਬੈਨਰਜੀ ਵੀ ਸ਼ਾਮਿਲ ਹੋਈ ਸੀ।ਇਹਨਾਂ ਲੇਖਿਕਾਂ ਨੇ ਹੀ ਲੋਕ ਸਭਾ ਚੋਣਾਂ ਦੌਰਾਨ ‘ਬਦਲਾਓ ਚਾਹੀਦੈ” ਦਾ ਨਾਅਰਾ ਦਿੱਤਾ,ਜਿਸਦੇ ਕਾਰਨ ਬੰਗਾਲ ‘ਚੋਂ ਸੀ ਪੀ ਐਮ ਦਾ ਸਫਾਇਆ ਹੋਇਆ।ਪਰ ਲੇਖਕਾਂ ਤੇ ਮੁੱਖ ਧਾਰਾ ਦਾ ਹਨੀਮੂੰਨ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ।ਪਹਿਲਾਂ ਬੁੱਧੀਜੀਵੀ ਗਾਇਕ ਤੇ ਤ੍ਰਿਣਮੂਲ਼ ਕਾਂਗਰਸ ਦੇ ਲੋਕ ਸਭਾ ਮੈਂਬਰ ਕਬੀਰ ਸੁਮਨ ਦੇ ਮਮਤਾ ਬੈਨਰਜੀ ਖਿਲਾਫ ਮੋਰਚਾ ਖੋਲਿਆ ਤੇ ਹੁਣ ਮਹਾਸ਼ਵੇਤਾ ਦੇਵੀ ਨੇ ਮਮਤਾ ‘ਤੇ ਨਿਸ਼ਾਨੇ ਸਾਧੇ ਹਨ।-ਗੁਲਾਮ ਕਲਮ

ਲਾਲਗੜ੍ਹ 'ਚ ਜਦੋਂ ਆਪਰੇਸ਼ਨ ਗਰੀਨ ਹੰਟ ਨੂੰ ਇਕ ਸਾਲ ਪੂਰਾ ਹੋ ਰਿਹਾ ਹੈ ਤਾਂ ਠੀਕ ਉਸੇ ਸਮੇਂ ਕੇਂਦਰ ਤੇ ਰਾਜ ਸਰਕਾਰ ਦੇ ਹਥਿਆਰਬੰਦ ਪੁਲਿਸ ਦਸਤਿਆਂ ਨੇ ਕਥਿਤ 8 ਮਾਓਵਾਦੀਆਂ ਨੂੰ ਕਹੇ ਜਾਂਦੇ ਪੁਲਸੀਆ ਮੁਕਾਬਲੇ 'ਚ ਮਾਰ ਸੁੱਟਿਆ ਹੈ।ਸਰੁੱਖਿਆ ਜਵਾਨ ਦੀਆਂ ਮਰਨ ਵਾਲੇ ਔਰਤ-ਮਰਦਾਂ ਨੂੰ ਬਾਂਸ 'ਤੇ ਟੰਗਕੇ ਲਿਜਾਂਦਿਆਂ ਦੀਆਂ ਤਸਵੀਰਾਂ ਛਪੀਆਂ।ਅਜਿਹਾ ਹੁਣ ਤੱਕ ਮੈਂ ਸਿਰਫ ਜਾਨਵਰਾਂ ਨਾਲ ਹੁੰਦਿਆਂ ਵੇਖਿਆ ਸੀ,ਉਸੇ ਤਰ੍ਹਾਂ ਹੀ ਮਨੁੱਖਾਂ ਨਾਲ ਹੋਇਆ।

ਇਸੇ ਦਾ ਨਾਂਅ ਲਾਲਗੜ੍ਹ ਹੈ ? ਪਿਛਲੀ 15 ਜੂਨ ਨੂੰ ਲਾਲਗੜ੍ਹ ਦੇ ਪਿੜਾਕਾਟਾ ਤੋਂ ਕੇਦਰ ਤੇ ਰਾਜ ਸਰਕਾਰ ਦੇ ਸਾਂਝੇ ਸਰੁੱਖਿਆ ਦਸਤਿਆਂ ਨੇ ਸੈਂਟਰਲ ਸਮਾਰਕ ਦੀ ਸੀਨੀਅਰ ਵਿਗਿਆਨੀ ਨਿਸ਼ਾ ਵਿਸ਼ਵਾਸ,ਪ੍ਰੋਫੈਸਰ ਕਨਿਸ਼ਕ ਚੌਧਰੀ ਤੇ ਲੇਖਕ ਮਣਿਕ ਮੰਡਲ ਨੂੰ ਗੈਰ ਕਨੂੰਨੀ ਢੰਗ ਨਾਲ ਰੋਕੀ ਰੱਖਿਆ ਤੇ ਅੰਤ 'ਚ ਝੂਠੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ।ਇਹ ਬੁੱਧੀਜੀਵੀ 3 ਸਨ,ਇਸ ਲਈ ਧਾਰਾ 144 ਦੀ ਉਲੰਘਣਾ ਦਾ ਕੇਸ ਵੀ ਨਹੀਂ ਬਣ ਸਕਦਾ।ਫਿਰ ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ? ਇਸੇ ਤਰ੍ਹਾਂ ਸ਼ਤਰੋਧਰ ਮਹਿਤੋ,ਸੁੱਖ ਸ਼ਾਂਤੀ ਬਾਸਕੇ,ਰਾਜਾ ਸਰਖੇਲ ਤੇ ਪ੍ਰਸੁੰਨ ਚੈਟਰਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਨੇ ਸਿੰਗੂਰ ਤੇ ਨੰਦੀਗ੍ਰਾਮ ਦੀ ਤਰ੍ਹਾਂ ਲਾਲਗੜ੍ਹ ਵੀ ਲੋਕ ਵਿਰੋਧੀ ਕੰਮ ਕੀਤਾ,ਇਸੇ ਲਈ ਅਸੀਂ ਸੜਕਾਂ ‘ਤੇ ਉਤਰੇ ਸੀ ਤੇ “ਬਦਲਾਓ ਚਾਹੀਦੈ” ਦਾ ਨਾਅਰਾ ਦਿੱਤਾ ਸੀ।ਇਸ ਨਾਅਰੇ ਦੇ ਕਾਰਨ ਯਕੀਨਨ ਹੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਮਦਦ ਮਿਲੀ ਸੀ।ਅਜਿਹੇ ‘ਚ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਸਰੁੱਖਿਆ ਬਲਾਂ ਦੀਆਂ ਕਰਤੂਤਾਂ ਦੀ ਨਿੰਦਿਆ ਮਮਤਾ ਕਿਉਂ ਨਹੀਂ ਕਰ ਰਹੀ ਹੈ.?

ਲਾਲਗੜ੍ਹ ਨੂੰ ਸਨਅਤੀ ਸਮੂਹ ਤੇ ਬੁੱਧਦੇਵ ਦੇ ‘ਹੈਪੀ ਹੰਟਿੰਗ ਗਰਾਉਂਡ” ਬਣਾਏ ਜਾਣ ਦੀ ਇਜਾਜ਼ਤ ਓਥੇ ਹੀ ਨਿਵਾਸੀ ਨਹੀਂ ਦੇਣਗੇ।ਬੁੱਧਦੇਵ ਨੇ ਓਥੇ ‘ਸੇਜ’ (ਸਪੈਸ਼ਲ ਇਕਨੌਮਿਕ ਜ਼ੋਨ) ਬਣਾਉਣਾ ਚਾਹਿਆ ਤੇ ਕੇਂਦਰ ਨੇ ਉਸਦੀ ਮਨਜ਼ੂਰੀ ਦਿੱਤੀ।‘ਸੇਜ’ ਦੇ ਲਈ 352.86 ਕਿਲੋਮੀਟਰ ‘ਚ ਫੈਲੇ ਡੇਢ ਲੱਖ ਤੋਂ ਜ਼ਿਆਦਾ ਅਬਾਦੀ ਵਾਲੇ ਲਾਲਗੜ੍ਹ ‘ਚ ਅਜਿਹੇ ਹਲਾਤ ਬਣਾਏ ਜਾ ਰਹੇ ਹਨ ਕਿ ਆਦਿਵਾਸੀ ਖੁਦ ਹੀ ਇਲਾਕਾ ਛੱਡਕੇ ਭੱਜ ਜਾਣ।ਸੀ ਪੀ ਆਈ ਐਮ ਦੀ ਗੁੰਡਾ ਫੌਜ(ਹਾਰਮਾਦ ਵਾਹਿਣੀ),ਬੰਗਾਲ ਪੁਲਿਸ ਤੇ ਨੀਮ ਫੌਜ ਦਸਤੇ ਲਾਲਗੜ੍ਹ ਨੂੰ ਸਬਕ ਸਿਖਾਉਣ ‘ਚ ਲੱਗੇ ਹੋਏ ਹਨ।ਲਾਲਗੜ੍ਹ ‘ਚ 29 % ਅਬਾਦੀ ਆਦਿਵਾਸੀਆਂ ਤੇ 35 % ਅਬਾਦੀ ਦਲਿਤਾਂ ਦੀ ਹੈ।ਸਮਾਜ ਦੇ ਇਹਨਾਂ ਕਮਜ਼ੋਰ ਤਬਕਿਆਂ ਨੂੰ ਠਿੱਬੀ ਮਾਰਨ ਲਈ ਸ਼ਾਸ਼ਨ ਤੇ ਪ੍ਰਸ਼ਾਸ਼ਨ ਹਮੇਸ਼ਾ ਤਿਆਰ ਰਹਿੰਦਾ ਹੈ।

ਸਿਰਫ ਲਾਲਗੜ੍ਹ ਹੀ ਨਹੀਂ ,ਪੂਰੇ ਦੇਸ਼ ਦੇ ਆਦਿਵਾਸੀ ਇਲਾਕੇ ਪੀਣ ਵਾਲੇ ਪਾਣੀ,ਸੜਕਾਂ,ਸਿੱਖਿਆ,ਸਿਹਤ ਜਿਹੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ।ਉਹਨਾਂ ਨੂੰ ਨਾ ਬੀ ਪੀ ਐਲ਼ ਕਾਰਡ,ਨਾ ਰਾਸ਼ਨ ਕਾਰਡ ,ਨਾ ਇੰਦਰਾ ਅਵਾਸ ਯੋਜਨਾ ਦਾ ਲਾਭ ਮਿਲਦਾ ਹੈ ਤੇ ਨਾ ਹੀ ਜਵਾਹਰ ਯੋਜਨਾ ਦਾ।ਸੌ ਦਿਨ ਦੇ ਰੁਜ਼ਗਾਰ ਦੀ ਕਿਸੇ ਯੋਜਨਾ ਦਾ ਲਾਭ ਆਦਿਵਾਸੀਆਂ ਨੂੰ ਕਿਉਂ ਨਹੀਂ ਮਿਲਦਾ ?ਮੈਂ ਲਾਲਗੜ੍ਹ ਤੋਂ ਲੈ ਕੇ ਝਾਰਗ੍ਰਾਮ ਤੇ ਪੂਰਲੀਆ ‘ਚ 1977-80 ਦੇ ਦੌਰਾਨ ਦੇਖਿਆ ਸੀ ਕਿ ਓਥੇ ਕਿੰਨੇ ਸੰਗਣੇ ਜੰਗਲ ਸਨ।33 ਸਾਲ ਦੇ ਖੱਬੇਪੱਖੀ ਸ਼ਾਸ਼ਨ ‘ਚ ਰਾਜ ਦੇ ਜ਼ਿਆਦਾਤਰ ਜੰਗਲ ਖੁਰਦ ਬੁਰਦ ਹੋ ਗਏ ਹਨ।ਜੰਗਲੀ ਇਲਾਕਿਆਂ ‘ਚ ਠੇਕੇਦਾਰਾਂ ਤੋਂ ਜੰਗਲਾਂ ਦਾ ਨਾਸ ਕਰਵਾਇਆ ਗਿਆ।ਜੋ ਜੰਗਲ ਬਚ ਗਿਆ,ਉਸਤੇ ਜੰਗਲ ਪੁੱਤਰਾਂ ਦਾ ਕੋਈ ਅਧਿਕਾਰ ਨਹੀਂ ਹੈ।ਉਹ ਜੰਗਲ ਨੂੰ ਮਾਂ ਮੰਨਦੇ ਆਏ ਹਨ।ਜੰਗਲ ਤੋਂ ਇਕੱਠੀਆਂ ਕੀਤੀਆਂ ਲੱਕੜ,ਪੱਤੇ,ਫਲ,ਸ਼ਹਿਦ ਦੇ ਸਹਾਰੇ ਸਦੀਆਂ ਤੋਂ ਜ਼ਿੰਦਗੀ ਬਸਰ ਕਰਦੇ ਆਏ ਹਨ।

ਪਰ ਹੁਣ ਮਾਓਵਾਦੀਆਂ ਦਾ ਭੈਅ ਦਿਖਾਕੇ ਜੰਗਲ ਪੁੱਤਰਾਂ ਨੂੰ ਜੰਗਲ ‘ਚ ਨਹੀਂ ਵੜਨ ਦਿੱਤਾ ਜਾਂਦਾ।ਸਾਲ ਭਰ ਤੋਂ ਲਾਲਗੜ੍ਹ ‘ਚ ਜੋ ਭਿਆਨਕ ਅੱਤਿਆਚਾਰ ਹੋ ਰਿਹਾ ਹੈ ,ਉਹ ਬੰਗਾਲ ਦੇ ਵਕਤੀ ਇਤਿਹਾਸ ‘ਚ ਕਦੇ ਨਹੀਂ ਦੇਖਿਆ।ਹਾਲ ਹੀ ਮਾਰੇ ਗਏ ਕਥਿਤ ਮਾਓਵਾਦੀਆਂ ‘ਚ ਤਿੰਨ ਨੌਜਵਾਨ ਕੁੜੀਆਂ ਸਨ।ਉਹਨਾਂ ਦੀ ਲਾਸ਼ਾ ਬਾਂਸ ਨਾਲ ਲਟਕਾਉਣ ਦਾ ਅਧਿਕਾਰ ਕਿਸਨੇ ਦਿੱਤਾ ? ਮੈਂ ਪੁੱਛਣਾ ਚਾਹੁੰਦੀ ਹਾਂ ਕਿ ਬੁੱਧਦੇਵ ਤੇ ਚਿਦੰਬਰਮ ਦੀ ਅਸ਼ੁੱਭ ਜੋੜੀ ਆਖਿਰ ਕੀ ਸਿੱਧ ਕਰਨਾ ਚਾਹੁੰਦੀ ਹੈ ?ਬੁੱਧਦੇਵ ਤੇ ਚਿਦੰਬਰਮ ਲਾਲਗੜ੍ਹ ਨੂੰ ਲਾਲਮੋਹਨ ਟੁਡੂ ਬਣਾ ਦੇਣਾ ਚਾਹੁੰਦੇ ਹਨ ?ਲਾਲਮੋਹਨ ਟੁਡੂ ਦੀ ਤਰ੍ਹਾਂ ਨੀਮ ਫੌਜੀ ਦਸਤਿਆਂ ਤੇ ਸੀ ਪੀ ਐਮ ਦੇ ਗੁੰਡਾ ਫੌਜ (ਹਾਰਮਾਦ ਵਾਹਿਣੀ) ਨੇ 56 ਆਦਿਵਾਸੀਆਂ ਨੂੰ ਮਾਰ ਸੁੱਟਿਆ ਹੈ।

ਇਸ ਖੂਨ ਖਰਾਬੇ ਲਈ ਮੈਂ ਗ੍ਰਹਿ ਮੰਤਰੀ ਪੀ ਚਿਦੰਬਰਮ ਨੁੰ ਦੋਸ਼ੀ ਮੰਨਦੀ ਹਾਂ।ਉਹ ਕਾਰਪੋਰੇਟ ਘਰਾਣਿਆ ਦੀ ਤਰਫਦਾਰੀ ਕਰ ਰਹੇ ਹਨ।ਉਹ ਲਾਲਗੜ੍ਹ ਵਾਸੀਆਂ ਨਾਲ ਇਸ ਲਈ ਗੱਲਬਾਤ ਨਹੀਂ ਕਰਨਾ ਚਾਹੁੰਦੇ,ਕਿਉਂਕਿ ਇਸ ਲਈ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਨਾਲ ਹੋਏ ਕਰਾਰ ਦਾ ਖੁਲਾਸਾ ਕਰਨਾ ਪਵੇਗਾ।ਇਸੇ ਲਈ ਮੈਂ ਗੱਲਬਾਤ ਦੇ ਪੱਖ ‘ਚ ਹਾਂ।ਲਾਲਗੜ੍ਹ ‘ਚ ਸੀ ਪੀ ਐਮ ਦੀ ਗੁੰਡਾਗਰਦੀ ਤੇ ਪੁਲੀਸ ਦੇ ਅੱਤਿਆਚਾਰ ਸਭ ਹੱਦਾਂ ਬੰਨ੍ਹੇ ਪਾਰ ਕਰ ਚੁੱਕੇ ਹਨ।ਇਸ ਲਈ ਲਾਲਗੜ੍ਹ ‘ਚ ਭੇਜੇ ਗਏ ਸਰੁੱਖਿਆ ਦਸਤਿਆਂ ਨੂੰ ਤੁਰੰਤ ਵਾਪਿਸ ਬਲਾਉਣਾ ਚਾਹੀਦਾ ਹੈ ਤੇ ਯੂ ਏ ਪੀ ਏ ਨਾਂਅ ਦਾ ਕਾਲਾ ਕਾਨੂੰਨ ਛੇਤੀ ਤੋਂ ਛੇਤੀ ਰੱਦ ਕਰਨਾ ਚਾਹੀਦਾ ਹੈ।ਦੂਜਾ ਕੋਈ ਬਦਲ ਨਹੀਂ ਹੈ।ਮੈਂ ਇਹ ਵੀ ਮੰਨਦੀ ਹਾਂ ਕਿ ਲਾਲਗੜ੍ਹ ‘ਚ ਜੋ ਭਿਆਨਕ ਅੱਤਿਆਚਾਰ ਹੋ ਰਿਹਾ ਹੈ,ਉਸਦੇ ਖਿਲਾਫ ਵੱਡੇ ਪੱਧਰ ‘ਤੇ ਵਿਚਾਰ ਚਰਚਾ ਹੋਣ ਦੀ ਜ਼ਰੂਰਤ ਹੈ।

ਮੈਂ ਲਾਲਗੜ੍ਹ ਨੂੰ ਲ਼ੈ ਕੇ ਛੇਤੀ ਤੋਂ ਛੇਤੀ ਪੈਦਲ ਯਾਤਰਾ ਕਰਨ ਦਾ ਐਲਾਨ ਕਰਦੀ ਹਾਂ।ਮੈਂ ਇਹ ਦੇਖਕੇ ਹੈਰਾਨ ਹਾਂ ਕਿ ਜਿਨ੍ਹਾਂ ਨੇ ਮੇਰੇ ਨਾਲ ਮਿਲਕੇ “ਬਦਲਾਓ ਚਾਹੀਦੈ” ਦਾ ਨਾਅਰਾ ਦਿੱਤਾ ਸੀ,ਉਹ ਲਾਲਗੜ੍ਹ ਦੇ ਸਵਾਲ ‘ਤੇ ਵਿਰੋਧ ਨਹੀਂ ਜਤਾ ਰਹੇ।ਮਮਤਾ ਬੈਨਰਜੀ ਕਿਉਂ ਖਾਮੋਸ਼ ਹੈ ?ਇਸ ਨਾਲ ਜਨਤਾ ‘ਚ ਗਲਤ ਸੰਦੇਸ਼ ਜਾ ਰਿਹਾ ਹੈ।ਬੁੱਧਦੇਵ ਹਰ ਖੇਤਰ ‘ਚ ਅਸਫਲ ਰਹੇ ਹਨ,ਇਸੇ ਲਈ “ਬਦਲਾਓ” ਦੀ ਮੰਗ ਅਸੀਂ ਕੀਤੀ ਸੀ।

ਮਮਤਾ ਤੋਂ ਬੰਗਾਲ ਦੀ ਜਨਤਾ ਨੂੰ ਬਹੁਤ ਉਮੀਦਾਂ ਹਨ।ਕਿਤੇ ਕਿਤੇ ਉਹਨਾਂ ਉਮੀਦਾਂ ‘ਤੇ ਖਰ੍ਹਾ ਵੀ ੳੁੱਤਰ ਰਹੀ ਹੈ।ਰੇਲ ਬਸਤੀਆਂ ਦੇ ਬਸ਼ਿੰਦਿਆਂ ਨੂੰ ਮੁਫਤ ਮਕਾਨ ਬਣਾਕੇ ਦੇ ਰਹੀ ਹੈ।ਪੰਚਾਇਤਾਂ ਦੀ ਤਰ੍ਹਾਂ ਕਈ ਨਗਰ ਪਾਲਿਕਾਵਾਂ ‘ਤੇ ਵੀ ਉਸਦੀ ਪਾਰਟੀ ਦਾ ਕਾਬਜ਼ ਹੋਈ ਹੈ।ਮਮਤਾ ਨੁੰ ਹਰ ਥਾਂ ਕਰੜੀ ਨਿਗਰਾਨੀ ਰੱਖਣੀ ਹੋਵੇਗੀ ਕਿ ਕੰਮ ਕਾਰ ਠੀਕ ਚੱਲ ਰਿਹਾ ਹੈ ਜਾਂ ਨਹੀਂ।ਉਸਨੂੰ ਭੁੱਲਣਾ ਨਹੀਂ ਚਾਹੀਦਾ ਕਿ ਬੁੱਧਦੇਵ ਨੇ ਜਨਤਾ ਨੂੰ ਠਿੱਬੀ ਮਾਰੀ ,ਤਾਂ ਜਨਤਾ ਨੇ ਕੀ ਜਵਾਬ ਦਿੱਤਾ।ਮਮਤਾ ਦੀ ਪਾਰਟੀ ‘ਚ ਵੀ ਜਨਤਾ ਜੇ ਕੋਈ ਖਾਮੀ ਦੇਖੇਗੀ ਤਾਂ ਉਸਦੀ ਅਲੋਚਨਾ ਸੁਣਨ ਲਈ ਉਸਨੂੰ ਤਿਆਰ ਰਹਿਣਾ ਚਾਹੀਦਾ।ਗਲਤੀ ਕਿਸੇ ਦੀ ਹੋਵੇ,ਉਸਦਾ ਨਤੀਜਾ ਉਸਨੂੰ ਭੁਗਤਣਾ ਪਵੇਗਾ।

1 comment:

  1. Bibi Mahashweta Devi di jurat ate dharhalle nun lakh lakh salam.sade sikh ate punjabi lekhak satekar yog Bibi g ton prerna le k dhan likhari nanka jin naam likhaya sach te pure uttar sakan.............bas ehi dua hai
    Navdeep Singh Sakraudi

    ReplyDelete