ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, July 15, 2010

ਪੰਜਾਬ ਦਾ ਬਲਕਾਰ -----ਜਿਉਣਾ ਸੱਚ ਹੈ

ਬਚਪਨ ਤੋਂ ਹੁਣ ਤੱਕ ਸੁਣਦੇ ਆਏ ਹਾਂ ਕਿ ਜਿਉਣਾ ਝੁਠ ਹੈ ਤੇ ਮਰਨਾ ਸੱਚ,ਪਰ ਮੈਂ ਜਦੋਂ ਤੋਂ ਜ਼ਿੰਦਗੀ ਨੂੰ ਸਮਝਣਾ ਸ਼ੁਰੂ ਕੀਤਾ,ਤਾਂ ਮੇਰੇ ਨਾਲ ਬਾਬੇ ਨਾਨਕ,ਗੁਰੁ ਗੋਬਿੰਦ ਸਿੰਘ,ਭਗਤ ਸਿੰਘ,ਗਦਰੀਆਂ,ਬੱਬਰਾਂ,ਤੇ ਬਲਕਾਰ ਸਿੰਘ ਡਕੌਂਦਾ ਨੇ ਇਹੀ ਸੰਵਾਦ ਰਚਾਇਆ ਕਿ ਜਿਉਣਾ ਸੱਚ ਹੈ।ਲੋਕ ਨਾਇਕਾਂ ਦੀ ਮੌਤ ਤੇ ਸ਼ਹੀਦੀ ਨੂੰ ਸਮਾਜ ਅਚੇਤ ‘ਚੋਂ ਰੋਮਾਂਸ ਦੀ ਨਜ਼ਰ ਨਾਲ ਵੀ ਵੇਖਦਾ ਹੈ।ਇਸੇ ਲਈ ਲੋਕ ਨਾਇਕ ਤੇ ਸ਼ਹੀਦਾਂ ਦਾ ਜ਼ਿਆਦਾਤਰ ਸੰਵਾਦ ਮੌਤ ਤੋਂ ਸ਼ੁਰੂ ਹੁੰਦਾ ਹੈ,ਪਰ ਮੈਨੂੰ ਲਗਦਾ ਕਿ ਜ਼ਿੰਦਗੀ ਨੂੰ ਅਰਥਭਰਪੂਰ ਬਣਾਉਣ ਵਾਲੇ,ਕਣ ਕਣ ‘ਚੋਂ ਪਿਆਰ ਲੱਭਣ ਵਾਲੇ ਤੇ ਐਨੀ ਸ਼ਿੱਦਤ ਨਾਲ ਜਿਉਣ ਵਾਲੇ ਇਹ ਲੋਕ ਕਦੇ ਮਰਨ ਲਈ ਨਹੀਂ ਲੜੇ ਹੋਣਗੇ,ਇਹ ਹਮੇਸ਼ਾ ਜਿਉਣ ਲਈ ਮਰੇ।ਮੌਤ ਤੇ ਮਰਨ ਦਾ ਰੋਮਾਂਸ ਕਿਸੇ ਮੇਰੇ ਵਰਗੇ ਅਰਾਜਕ ‘ਤੇ ਭਾਰੂ ਹੋ ਸਕਦਾ ਹੈ,ਪਰ ਜਿਨ੍ਹਾਂ ਨੇ ਬੁਰਕੀਆਂ ਵਾਸਤੇ ਜ਼ਿੰਦਗੀਆਂ ਪਲ ਪਲ ਮਰਦੀਆਂ ਵੇਖਦੀਆਂ ਹੋਣ,ਉਹ ਘਰੋਂ ਜਿਉਣ ਦਾ ਸੁਫਨਾ ਲੈ ਕੇ ਤੁਰੇ ਹੋਣਗੇ।

ਪਿਛਲੇ ਦਿਨਾਂ ਤੋਂ ਲਗਾਤਾਰ ਮੌਤ ਦੀਆਂ ਖਬਰਾਂ ਮਿਲ ਰਹੀਆਂ ਹਨ।ਮਰਨ ਵਾਲਿਆਂ ਨਾਲ ਮੇਰੇ ਕੋਈ ਨਿਜੀ ਰਿਸ਼ਤਾ ਨਹੀਂ ਸੀ।ਰਿਸ਼ਤੇ ਸਿਰਫ ਨਿਜੀ ਨਹੀਂ ਹੁੰਦੇ,ਕਿਉਂਕਿ ਇਤਿਹਾਸ ਕੁਦਰਤੀ ਤੌਰ ‘ਤੇ ਸਾਨੂੰ ਸਮੂਹਿਕ ਰਿਸ਼ਤੇ ਦਿੰਦਾ ਹੈ।ਖ਼ਬਰਾਂ ਸੁਣਕੇ ਮਨ ਬਹੁਤ ਉਦਾਸ ਸੀ,ਕੁਝ ਹੋਰ ਕਾਰਨ ਵੀ ਸਨ,ਪਰ ਪਹਿਲੀ ਵਾਰ ਲੱਗਿਆ,ਜ਼ਿੰਦਗੀ ਕਿੰਨੀ ਅਸੰਵੇਦਨਸ਼ੀਲ਼ ਹੋ ਗਈ ਹੈ,ਅੱਖ ‘ਚੋਂ ਕੋਈ ਹੰਝੂ ਨਾ ਕਿਰਿਆ।ਫਿਰ ਇਕ ਦਿਨ ਦਾਰੂ ਪੀਂਦਿਆਂ ਪੀਂਦਿਆਂ ਜਦੋਂ ਲਹੂ ਦਾ ਵਹਿਣ ਚੱਕਰ ਵਧਿਆ ਤਾਂ ਅੱਖਾਂ ਛਲਕ ਉੱਠੀਆਂ।

ਬਲਕਾਰ ਸਿੰਘ ਡਕੌਂਦਾ ਨਹੀਂ ਰਹੇ,ਮੇਰੇ ਕੋਲੋਂ ਅਜੇ ਵੀ ਇਹ ਲਾਇਨ ਨਹੀਂ ਲਿਖੀ ਜਾ ਰਹੀ,ਕੀੲ ਬੋਰਡ ‘ਤੇ ਊਂਗਲਾਂ ਥਰਥਰਾ ਰਹੀਆਂ ਨੇ।ਖ਼ਬਰ ਪਤਾ ਲੱਗੀ ਤਾਂ ਪੂਰੀ ਦਿੱਲੀ ਉਦਾਸ ਲੱਗਣ ਲੱਗੀ।ਉਹਨਾਂ ਨਾਲ ਤੇ ਉਹਨਾਂ ਦੀ ਸਿਆਸਤ ਨਾਲ ਗੁਜ਼ਾਰੇ ਪਲ ਇਕ ਇਕ ਕਰਕੇ ਸਾਹਮਣੇ ਖੜ੍ਹੇ ਹੋ ਗਏ।ਮੈਂ 2006 ‘ਚ ਪੰਜਾਬੀ ਯੂਨਵਿਰਸਿਟੀ ਪਟਿਆਲੇ ਆਇਆ।ਪਟਿਆਲੇ ਨਵੇਂ ਚਿਹਰਿਆਂ ਨਾਲ ਮੁਲਕਾਤਾਂ ਹੋਈਆਂ।ਉਹਨਾਂ ਦਿਨਾਂ ‘ਚ ਕਾਂਗਰਸੀ ਵੀ. ਸੀ ਸਵਰਨ ਸਿੰਘ ਬੋਪਾਰਾਏ ਵਿਦਿਆਰਥੀਆਂ ‘ਤੇ ਆਖਰੀ ਡਾਂਗ ਚਲਾ ਰਿਹਾ ਸੀ।ਵੀ ਸੀ ਦੀ ਡਾਂਗ ਨੇ ਯੂਨੀਵਰਸਿਟੀ ਦੀ ਵਿਦਿਆਰਥੀ ਲਹਿਰ ਦਾ ਲੱਕ ਤੋੜ ਦਿੱਤਾ।ਲੀਡਰਸ਼ਿਪ ਬਾਹਰ ਕਰ ਦਿੱਤੀ ਗਈ।ਓਸ ਦੌਰ ‘ਚ ਬਲਕਾਰ ਸਿੰਘ ਡਕੌਂਦਾ ਤੇ ਸਤਵੰਤ ਸਿੰਘ ਲਵਲੀ ਨਾਲ ਮੁਲਾਕਾਤ ਹੋਈ।ਸੁੱਖੀ ਬਰਨਾਲੇ ਤੋਂ ਸੁਣਿਆ ਸੀ ਬਲਕਾਰ ਅੰਕਲ ਨੌਜਵਾਨਾਂ ਨੂੰ ਬੜਾ ਉਤਸ਼ਾਹਿਤ ਕਰਦੇ ਹਨ।ਸੱਚਮੁੱਚ ਜਦੋਂ ਪਹਿਲੀ ਮੁਲਾਕਾਤ ਹੋਈ ਤਾਂ ਉਹਨਾਂ ਦੀ ਮਿਲਣੀ ‘ਚ ਐਨਾ ਨਿੱਘ ਸੀ ਕਿ ਮੈਨੂੰ ਮੋਹ ਲਿਆ।ਅਸਲੀ ਤੇ ਅਮਲੀ ਲੋਕ ਆਗੂਆਂ ਵਾਲੀ ਇਹ ਉਹਨਾਂ ‘ਚ ਪਹਿਲੀ ਖਾਸੀਅਤ ਸੀ।ਉਹਨਾਂ ਆਗੂ ਜਿਹਾ ਕੁਝ ਮਹਿਸੂਸ ਹੀ ਨਹੀਂ ਹੋਣ ਦਿੱਤਾ,ਸ਼ਾਇਦ ਤਾਂ ਵੀ ਜ਼ਿਆਦਾ ਲੱਗਿਆ ਹੋਵੇ ਕਿਉਂਕਿ ਬਹੁਤ ਸਾਰੇ ਕਹੇ ਜਾਂਦੇ ਲੋਕ ਆਗੂਆਂ ਨਾਲ ਸਾਡੀ ਪੀੜ੍ਹੀ ਦੇ ਤਜ਼ਰਬੇ ਬਹੁਤ ਕੌੜੇ ਰਹੇ ਹਨ।

ਮੈਂ ਦਿੱਲੀ ਆ ਗਿਆ ਪਰ ਲਗਾਤਾਰ ਮੁਲਾਕਾਤਾਂ ਹੁੰਦੀਆਂ ਰਹੀਆਂ।ਹਰ ਵਾਰ ਨਿੱਜੀ ਗੱਲਬਾਤ ਤੋਂ ਬਿਨਾਂ ਕਿਸਾਨੀ ਦੇ ਜ਼ਮੀਨੀ ਮਸਲਿਆਂ ਬਾਰੇ ਵਿਚਾਰ ਕਰਦੇ।ਜਦੋਂ ਵੀ ਦਿੱਲੀ ਧਰਨਾ ਦੇਣ ਆਉਣਾ ਤਾਂ ਪ੍ਰੈਸ ਕਵਰੇਜ਼ ਲਈ ਗੱਲਬਾਤ ਹੁੰਦੀ।ਸਾਲ ਪਹਿਲਾਂ ਦਿੱਲੀ ਧਰਨੇ ‘ਤੇ ਆਏ ਤਾਂ ਮੈਨੂੰ ਫੋਨ ਕਰਕੇ ਗੁਰਦੁਆਰਾ ਬੰਗਲਾ ਸਾਹਿਬ ਮਿਲਣ ਲਈ ਬੁਲਾਇਆ,ਰਾਤ ਨੂੰ 10-11 ਵਜੇ ਮੁਲਾਕਾਤ ਹੋਈ।ਪਿਛਲੇ ਸਾਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ‘ਚ ਇਕ ਸੰਸਥਾ ਵਲੋਂ ਕਿਸਾਨੀ ਮਸਲੇ ‘ਤੇ ਵਿਚਾਰ ਚਰਚਾ ਕਰਵਾਈ ਗਈ।ਬਲਕਾਰ ਤੇ ਜਗਮੋਹਨ ਜੀ ਦੋਵੇਂ ਪਹੁੰਚੇ।ਬਲਕਾਰ ਜੀ ਨੇ ਬੁਲਾਰੇ ਦੇ ਤੌਰ ‘ਤੇ ਬੋਲਣਾ ਸੀ।ਮੇਰਾ ਰਹਿਣ ਬਸੇਰਾ ਵੀ ਯੂਨੀਵਰਸਿਟੀ ਦੇ ਨਾਲ ਹੀ ਸੀ।ਉਹਨਾਂ ਨੇ ਆਉਣ ਤੋਂ ਪਹਿਲਾਂ ਫੋਨ ਕੀਤਾ।ਪੁੱਛਿਆ ਕਿੱਥੇ ਹੈਂ,ਮੈਂ ਕਿਹਾ ਦਫਤਰ ਹਾਂ,ਸ਼ਾਮ ਨੂੰ ਮੈਂ ਜੇ.ਐਨ.ਯੂ ਆ ਰਿਹਾਂ,ਪਹੁੰਚੇਂਗਾ ਤੂੰ……ਮੇਰੀ ਡਿਊਟੀ ਸੀ,ਪਰ ਮੈਂ ਦਫਤਰੋਂ ਗੱਪ ਗੁਪ ਮਾਰਕੇ ਰਾਤ ਨੂੰ 9.30 ਵਜੇ ਦੇ ਕਰੀਬ ਤਾਪਤੀ ਹੋਸਟਲ ਦੀ ਮੈੱਸ ‘ਚ ਪੁੱਜਿਆ।ਉਹ ਵਿਦਿਆਰਥੀਆਂ ਨੂੰ ਤੱਥਾਂ ਤੇ ਅੰਕੜਿਆਂ ਸਹਿਤ ਕਿਸਾਨਾਂ ਦੀ ਗੁਰਬਤ ਭਰੀ ਜ਼ਿੰਦਗੀ ਦੀ ਗਾਥਾ ਸੁਣਾ ਰਹੇ ਸੀ।ਗੂਗਲ ਤੋਂ “ਫਾਰਮਰ” ਖੋਜਣ ਵਾਲੇ ਵਿਦਿਆਰਥੀ ਕਾਪੀ ਪੈਨ ਲੈ ਕੇ ਬੜੇ ਧਿਆਨ ਨਾਲ ਉਹਨਾਂ ਦਾ ਲੈਕਚਰ ਨੋਟ ਕਰ ਰਹੇ ਸੀ।ਖੈਰ,ਪਬਲਿਕ ਮੀਟਿੰਗ ਖ਼ਤਮ ਹੋਈ ਤਾਂ ਬਾਹਰ ਆਕੇ ਗੱਲਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਮੇਰੇ ਨਵੇਂ ਸਵਾਲਾਂ ਤੇ ਉਹਨਾਂ ਦੇ ਨਵੇਂ ਜਵਾਬ।ਮੈਂ ਕਿਹਾ,ਅੱਜ ਰਾਤ ਮੇਰੇ ਕੋਲ ਰਹੋ,ਪਰ ਜਗਮੋਹਨ ਅੰਕਲ ਨੇ ਕਿਸੇ ਰਿਸ਼ਤੇਦਾਰ ਨੂੰ ਟਾਈਮ ਦਿੱਤਾ ਹੋਇਆ ਸੀ।

ਜਵਾਨੀ ਤੋਂ ਹਰ ਕਿਸੇ ਨੂੰ ਆਸ ਹੁੰਦੀ ਹੈ।ਉਹ ਵੀ ਭਵਿੱਖ ‘ਚੋਂ ਭਵਿੱਖ ਨੂੰ ਵੇਖਦੇ ਸਨ।ਨੌਜਵਾਨਾਂ ਪੀੜ੍ਹੀ ‘ਚੋਂ ਉਹ ਅਧੂਰੇ ਸੁਪਨਿਆਂ ਨੂੰ ਪੂਰੇ ਹੁੰਦਿਆਂ ਵੇਖਦੇ ਸਨ।ਸਾਡੇ ਸਾਰਿਆਂ ਨਾਲ ਉਹਨਾਂ ਦਾ ਕਦੇ ਪੱਚੀ ਤੇ ਪੰਜਾਹ ਵਾਲਾ ਰਿਸ਼ਤਾ ਨਾ ਰਿਹਾ।ਜਦੋਂ ਮਿਲਣਾ ਨੌਜਵਾਨਾਂ ਵਾਂਗੂੰ।ਓਨੀ ਹੀ ਊਰਜਾ ਤੇ ਉਹੋ ਜਿਹੀਆਂ ਗੱਲਾਬਾਤਾਂ।ਚੰਗੀ ਸਿਆਸਤ ਤੇ ਚੰਗੇ ਆਗੂ ਉਮਰਾਂ ਦੀਆਂ ਹੱਦਾਂ ਨੂੰ ਭੰਨ੍ਹ ਦਿੰਦੇ ਹਨ।ਉਹਨਾਂ ਕੋਲ ਕੋਈ ਅਸਹਿਜ ਮਹਿਸੂਸ ਨਹੀਂ ਕਰਦਾ।ਪਿਓ ਦੀ ਉਮਰ ਦੇ ਬੰਦੇ ਨਾਲ ਮੈਂ ਦੋਸਤਾਂ ਵਾਂਗੂੰ ਵਿਚਰਦਾ ਸੀ।ਤਿੱਖੇ ਸਿਆਸੀ ਮੱਤਭੇਦ ਹੁੰਦਿਆਂ ਹੋਇਆਂ ਇਕ ਸਾਂਝ ਸੀ,ਜੋ ਇਕ ਥਾਂ ‘ਤੇ ਲਿਆਕੇ ਖੜ੍ਹੇ ਕਰ ਦਿੰਦੀ ਸੀ।ਹਾਲੇ ਕੁਝ ਦਿਨ ਪਹਿਲਾਂ ਹੀ ਮੈਂ ਕਿਸਾਨੀ ਲਹਿਰ ਬਾਰੇ ਇਕ ਤਿੱਖੀ ਲਿਖਤ ਲਿਖੀ ਸੀ,ਲਿਖਣ ਵੇਲੇ ਮੇਰੇ ਸਾਹਮਣੇ 5-7 ਚਿਹਰੇ ਵਾਰ ਵਾਰ ਆ ਕੇ ਖੜ੍ਹੇ ਹੋ ਰਹੇ ਸਨ,ਕਿਉਂਕਿ ਬਲਕਾਰ ਜੀ ਵਰਗੇ ਲੋਕ ਨਤੀਜੇ ਕੱਢਕੇ ਕੋਈ ਗੱਲ ਸ਼ੁਰੂ ਨਹੀਂ ਕਰਦੇ ਸਨ,ਸਗੋਂ ਅਮਲ ਹੰਢਾਉਂਦਿਆ ਤੇ ਵਿਚਾਰ ਚਰਚਾ ਕਰਦੇ ਕਰਦੇ ਨਤੀਜਿਆਂ ਤੱਕ ਪਹੁੰਚਦੇ ਸਨ।

ਮੇਰੇ ਸਾਹਮਣੇ ਬਾਬੇ ਨਾਨਕ ਤੋਂ ਲੈ ਬਲਕਾਰ ਸਿੰਘ ਡਕੌਂਦਾ ਤੱਕ ਦੀ ਕੁੱਲਵਕਤੀ ਜ਼ਿੰਦਗੀ ਖੜ੍ਹੀ ਹੈ।ਉਹਨਾਂ 26 ਸਾਲ ਕੁੱਲਵਕਤੀ ਜ਼ਿੰਦਗੀ ਹੁੰਢਾਈ,ਓਸ ਦੌਰ ‘ਚ ਜਿਸ ‘ਚ ਲੋਕ ਰਾਹਾਂ ਤੋਂ ਭਟਕ ਰਹੇ ਸੀ ਤੇ ਹਰ ਥਾਂ ਨਿੱਜ ਭਾਰੁ ਹੋ ਰਿਹਾ ਸੀ ਤੇ ਹੈ।ਥੌੜ੍ਹੇ ਨਹੀਂ ਹੁੰਦੇ 26 ਸਾਲ।ਬਿਨਾਂ ਕਿਸੇ ਦਾਗ ਤੋਂ ਸਮਾਜ ਦੇ ਲੇਖੇ 26 ਸਾਲ।ਬਲਕਾਰ ਜੀ ਵਰਗਿਆਂ ਦਾ ਪ੍ਰਭਾਵ ਹੈ, ਮੈਂ ਹੋਰਾਂ ਦੀ ਤਰ੍ਹਾਂ ਕਦੇ ਸਿਰਫ ਨੌਕਰ ਨਹੀਂ ਬਣਿਆ।ਇਤਿਹਾਸ ਦੇ ਇਹਨਾਂ ਕੁੱਲ ਵਕਤਾਂ ਦਾ ਕਰਜ਼ਾ ਸਾਡੇ ੳੁੱਪਰ ਹੈ।ਇਤਿਹਾਸ ਸਾਨੂੰ ਸੁੱਤਿਆਂ ਨੂੰ ਜਗਾਉਂਦਾ ਹੈ।ਬਾਬੇ ਨਾਨਕ ਤੇ ਬਲਕਾਰ ਸਿੰਘ ਡਕੌਂਦਾ ‘ਚ ਇਹੀ ਇਤਿਹਾਸਕ ਸਾਂਝ ਹੈ ਕਿ ਬਾਬਰ ਤੋਂ ਬਾਦਲਾਂ ਤੱਕ ਲੜਾਈ ਜਾਰੀ ਹੈ।ਤੇ ਇਹ ਲੜਾਈ ਹਮੇਸ਼ਾ ਸੱਚ ਤੇ ਜਿਉਣ ਲਈ ਲੜੀ ਗਈ ਹੈ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
mail2malwa@gmail.com,malwa2delhi@yahoo.co.in
09899436972

3 comments:

 1. Bai mere i Mannan ch aonda be eh hadsaa si, Garmiaan dee sham nu vagdi sarak te koi truck ya hor koi kidaan lokaan diaan akhaan ch aye langh ju, unless planned hove. Takhtupure nu jive mukaya oh mehnga pai giya agliyaan nu.....Rarkde te eh v si, sago vadh si. Edaan sarak hadse ch faida rehnda, Jawab kise ne mangana ni te utton afsos da press note jari kar k hamdarad v ban jo

  ReplyDelete
 2. Thank you Yadwinder, you have penned down the sentiments from all of us.

  Buta Singh

  ReplyDelete
 3. shandar banday lai shandar shabad, sachmuch balkar dakaunda kissan leader to vadh ke bahut kuj hor v sun.ohna de shakheat de hor bahut saray pakh ve han jo kaday lokan sahmnay nahi a sakay jis kisam da jikar daljit ami ne kita hai apni sardanjli vich

  sukhi barnala

  ReplyDelete