ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, November 8, 2010

ਕਾਸ਼ ! ਬੁੱਤ ਬੋਲ ਪੈਂਦੇ.......

ਅਫਸੋਸ ਇਹੋ ਹੈ ਕਿ ਬੁੱਤ ਬੋਲ ਨਹੀਂ ਸਕਦੇ। ਬੋਲਦੇ ਹੁੰਦੇ ਤਾਂ ਇੰਜ ਨਹੀਂ ਸੀ ਹੋਣਾ। ‘ਸ਼ਹੀਦਾਂ’ ਦੇ ਬੁੱਤ ਤਾਂ ਜਾਣੀ ਜਾਣ ਹਨ। ਉਹ ਹੁਣ ਘੂਰਦੇ ਨਹੀਂ, ਝਿੜਕਦੇ ਨਹੀਂ, ਲਾਹਨਤ ਨਹੀਂ ਪਾਉਂਦੇ, ਝੋਲੀ ਅੱਡਣ ਵਾਲਿਆਂ ਨੂੰ। ਝੋਲੀ ਭਰਨ ਵਾਲਿਆਂ ’ਤੇ ਢਿੱਡੋਂ ਔਖੇ ਹਨ। ਜੋ ਵੱਡੇ ਢਿੱਡਾਂ ਵਾਲੇ ਹਨ, ਉਹ ਤਾਂ ਬੇਸ਼ਰਮ ਹਨ,ਬੇਗੈਰਤ ਹਨ,ਭੁਲੱਕੜ ਹਨ।ਉਨ੍ਹਾਂ ਤੇ ਕਾਹਦਾ ਗਿਲਾ। ਬੁੱਤ ਇਨ੍ਹਾਂ ਤੋਂ ਭੈਅ ਖਾਂਦੇ ਹਨ। ਸਾਲ ਮਗਰੋਂ ਆਉਂਦੇ ਹਨ, ਹਾਰ ਲਿਆਉਂਦੇ ਹਨ, ਗੁਣਗਾਣ ਗਾਉਂਦੇ ਹਨ, ਨਵੇਂ ਲਾਰੇ ਲਾਉਂਦੇ ਹਨ, ਝੋਲੀ ਭਰਨ ਵਾਲਿਆਂ ਨੂੰ, ਫਿਰ ਤੂੰ ਕੌਣ ਤੇ ਮੈਂ ਕੌਣ। ਬੋਲਦੇ ਨਹੀਂ ਤਾਂ ਇਹ ਮਤਲਬ ਨਹੀਂ ਕਿ ਉਨ੍ਹਾਂ ਦੇ ‘ਅਹਿਸਾਸ’ ਮੁੱਕ ਗਏ ਹਨ। ਜਿਨ੍ਹਾਂ ਗੁਲਾਮੀ ਭੋਗੀ, ਉਹ ਤਾਂ ਇਨ੍ਹਾਂ ਬੁੱਤਾਂ ਚੋਂ ਰੂਹਾਂ ਦੇਖਦੇ ਹਨ। ਵਰ੍ਹੇ ਛਿਮਾਹੀ ਆਉਣ ਵਾਲਿਆਂ ਨੂੰ ਤਾਂ ਇਨ੍ਹਾਂ ਬੁੱਤਾਂ ਚੋਂ ਵੀ ਵੋਟ ਦਾ ਝੋਲਾ ਪੈਂਦਾ ਹੈ। ਉਹ ਬੁੱਤਾਂ ਦੀ ਭਾਸ਼ਾ ਜਾਣਦੇ ਹਨ, ਇਸ਼ਾਰੇ ਸਮਝਦੇ ਹਨ, ਰਮਜ਼ ਤੋਂ ਵੀ ਜਾਣੂ ਹਨ। ਜਾਣਦੇ ਹੋਏ ਅਨਜਾਣ ਬਣ ਜਾਂਦੇ ਹਨ। ਵੱਡੇ ਢਿੱਡ ਉਹੋ ਹੀ ਹੁੰਦੇ ਹਨ, ਕੇਵਲ ਉਪਰਲੇ ਬਸਤਰ ਦਾ ਫਰਕ ਹੁੰਦਾ ਹੈ। ਸਭ ਕੁਝ ਦੇਖ ਕੇ ਵੀ ਬੁੱਤ ਰੋਕ ਨਹੀਂ ਸਕਦੇ, ਟੋਕ ਨਹੀਂ ਸਕਦੇ, ਘੋਖ ਨਹੀਂ ਸਕਦੇ। ਸ਼ਾਇਦ ਇਹੋ ਸਮਝ ਬੈਠੇ ਹਨ ਦਰਬਾਰ ਵਾਲੇ। ਬੁੱਤ ਲਾਉਣਾ ਸੌਖਾ ਹੈ। ਬੋਲ ਪੁਗਾਉਣਾ ਔਖਾ ਹੈ। ਇਸ ਜ਼ਮਾਨੇ ’ਚ ਤਾਂ ਹੁਣ ਬੁੱਤਾਂ ਨੂੰ ਵੀ ਖਤਰਾ ਹੈ। ਸਿਆਸਤ ਨੇ ਏਨਾ ਲਪੇਟਾ ਮਾਰ ਲਿਆ ਹੈ ਕਿ ਬੁੱਤਾਂ ’ਤੇ ਵੀ ਅਕਾਲੀ ਜਾਂ ਕਾਂਗਰਸੀ ਹੋਣ ਦੀ ਮੋਹਰ ਲੱਗ ਗਈ ਹੈ।

ਪੰਜਾਬ ਹਰਿਆਣਾ ਸਰਹੱਦ ’ਤੇ ਕਿੱਲਿਆ ਵਾਲੀ ’ਚ ਚੌਧਰੀ ਦੇਵੀ ਲਾਲ ਦਾ ਬੁੱਤ ਹੈ। ਬੁੱਤ ਨੂੰ ਕਿਸ ਤੋਂ ਖਤਰਾ ਹੈ, ਇਹ ਪਤਾ ਨਹੀਂ, ਪਰ ਬੁੱਤ ਦੀ ਰਾਖੀ ਕਾਫ਼ੀ ਸੁਰੱਖਿਆ ਕਰਮੀ ਕਰ ਰਹੇ ਹਨ। ਲੱਖਾਂ ਰੁਪਏ ਦਾ ਖਰਚਾ ਇਕੱਲੇ ਬੁੱਤ ਦੀ ਰਾਖੀ ਦਾ ਹੈ। ਪਟਿਆਲਾ ’ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੀ ਰਾਖੀ ’ਚ ਕਾਫ਼ੀ ਸਮਾਂ ਪੁਲੀਸ ਬੈਠੀ ਰਹੀ ਸੀ। ਹਾਲ ਏਹ ਹੈ ਕਿ ਜਦੋਂ ਹਕੂਮਤਾਂ ਬਦਲਦੀਆਂ ਹਨ ਤਾਂ ਉਨ੍ਹਾਂ ਬੁੱਤਾਂ ਨੂੰ ਦੂਸਰੀ ਪਾਰਟੀ ਰਾਮ ਭਰੋਸੇ ਛੱਡ ਦਿੰਦੀ ਹੈ, ਜੋ ਪੁਰਾਣੀ ਸਰਕਾਰ ਨੇ ਲਗਾਏ ਹੁੰਦੇ ਹਨ। ਹਰ ਬੁੱਤ ਅੱਗੇ ਲੱਗਿਆ ਪੱਥਰ ਗਵਾਹ ਬਣਦਾ ਹੈ ਕਿ ਬੁੱਤ ਲਾਇਆ ਕਿਸ ਨੇ ਹੈ। ਬੁੱਤ ਵੀ ਤਾਂ ਇੱਥੇ ਜਲੀਲ ਹੀ ਹੁੰਦੇ ਹਨ। ਮੁਕਤਸਰ ਦੇ ਪਿੰਡ ਭਲਾਈਆਣਾ ਨੂੰ ਬਚਾਉਂਦਾ ਬਚਾਉਂਦਾ ਇੱਕ ਪਾਇਲਟ ਸ਼ਹੀਦ ਹੋ ਗਿਆ। ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਉਸ ਸ਼ਹੀਦ ਦੇ ਨਾਮ ’ਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਮਕਰਨ ਹੋਏਗਾ। ਕਾਫ਼ੀ ਸਮਾਂ ਬੀਤ ਗਿਆ, ਕੁਝ ਨਹੀਂ ਹੋਇਆ। ਉਲਟਾ ਪਿੰਡ ਭੁੱਚੋ ਖੁਰਦ ਦੇ ਇੱਕ ਅਕਾਲੀ ਨੇਤਾ ਦੇ ਨਾਮ ’ਤੇ ਰਾਤੋਂ ਰਾਤ ਸਕੂਲ ਦਾ ਨਾਮਕਰਨ ਕਰ ਦਿੱਤਾ ਗਿਆ। ਬੁੱਤ ਨਹੀਂ ਜਾਣਦੇ ਕਿ ਉਸ ਅਕਾਲੀ ਨੇਤਾ ਦੇ ਪਰਿਵਾਰ ਦਾ ਦਬਦਬਾ ਮੁੱਖ ਮੰਤਰੀ ਦੇ ਦਰਬਾਰ ’ਚ ਕਿੰਨਾ ਹੈ। ਸਰਕਾਰੀ ਸੂਚਨਾ ਹੈ ਕਿ ਭਾਜਪਾ ਦੇ ਵਜ਼ੀਰਾਂ ਨੇ ਉਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਫੰਡਾਂ ਦੇ ਸਰਕਾਰੀ ਗੱਫੇ ਦਿੱਤੇ ਹਨ ਜੋ ਸਿੱਧੇ ਅਸਿੱਧੇ ਰੂਪ ’ਚ ਆਰਐਸਐਸ ਦੇ ਪ੍ਰਭਾਵ ਵਾਲੇ ਹਨ। ਅਕਾਲੀ ਵਜ਼ੀਰਾਂ ਨੇ ਸਿੱਖ ਪ੍ਰਭਾਵ ਵਾਲੇ ਅਦਾਰਿਆਂ ਨੂੰ ਗਰਾਂਟਾਂ ਦੇ ਦਿੱਤੀਆਂ।

ਤੱਥ ਗਵਾਹ ਹਨ ਕਿ ਮੁੱਖ ਮੰਤਰੀ ਪੰਜਾਬ ਨੇ ਪਿੰਡ ਬਾਦਲ ਵਿਚਲੇ ਉਨ੍ਹਾਂ ਪ੍ਰਾਈਵੇਟ ਅਦਾਰਿਆਂ ਨੂੰ ਰਿਓੜੀਆਂ ਵਾਂਗੂ ਫੰਡ ਦਿੱਤੇ ਹਨ, ਜਿਨ੍ਹਾਂਦੇ ਚੇਅਰਮੈਨ ਉਹ ਖੁਦ ਹਨ। ਜੋ ‘ਆਮ ਲੋਕਾਂ’ ਦੇ ਸਰਕਾਰੀ ਸਕੂਲ ਹਨ, ਉਨ੍ਹਾਂ ਦੀ ਵਾਰੀ ਆਉਣ ’ਤੇ ਫੰਡਾਂ ਦਾ ਟੋਟਾ ਕਿਉਂ ਪੈ ਜਾਂਦਾ ਹੈ, ਬੁੱਤ ਇਸ ਗੱਲੋਂ ਵੀ ਹੈਰਾਨ ਹਨ। ਨਗਰ ਸੁਧਾਰ ਟਰੱਸਟ ਬਠਿੰਡਾ ਨੇ ਟਰੱਸਟ ਵਲੋਂ ਬਠਿੰਡਾ ’ਚ ਵਸਾਏ ਨਵੇਂ ਨਗਰ ਦਾ ਨਾਮ ਰੱਖਿਆ ਹੈ ‘ਮਨਮੋਹਨ ਇਨਕਲੇਵ’। ਲੋਕ ਹੈਰਾਨ ਸਨ ਕਿ ਟਰੱਸਟ ’ਤੇ ਕਬਜ਼ਾ ਭਾਜਪਾ ਦਾ, ਇਨਕਲੇਵ ਦਾ ਨਾਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਮ ’ਤੇ ਰੱਖ ਦਿੱਤਾ। ਮਗਰੋਂ ਪਤਾ ਲੱਗਿਆ ਕਿ ਅਸਲ ’ਚ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਪਿਤਾ ਦਾ ਨਾਮ ਮਨਮੋਹਨ ਕਾਲੀਆ ਹੈ। ਬਠਿੰਡਾ ਦੇ ਪੁਰਾਣੇ ਬੱਸ ਅੱਡੇ ’ਚ ਵਿਕਟੋਰੀਆ ਕਰਾਸ ਜੇਤੂ ਸੂਬੇਦਾਰ ਨੰਦ ਸਿੰਘ ਦਾ ਬੁੱਤ ਲੱਗਾ ਹੋਇਆ ਹੈ। ਸਾਲ ਮਗਰੋਂ ਇਸ ’ਤੇ ਰੰਗ ਰੋਗਨ ਹੁੰਦਾ ਹੈ। ਇੱਕ ਦਿਨ ਉਸ ਨੂੰ ਮਿਲਦਾ ਹੈ। ਬਾਕੀ ਸਾਰਾ ਸਾਲ ਲੀਡਰਾਂ ਦੀ ਆਓ ਭਗਤ ਲਈ ਬੰਨੀਆਂ ਜਾਣ ਵਾਲੀਆਂ ਸਵਾਗਤੀ ਝੰਡੀਆਂ ’ਚ ਨੂੜਿਆ ਰਹਿੰਦਾ ਹੈ। ਫਿਰ ਕੌਣ ਵੱਡਾ ਹੋਇਆ, ਸੂਬੇਦਾਰ ਨੰਦ ਸਿੰਘ ਦਾ ਬੁੱਤ ਜਾਂ ਫਿਰ ਝੰਡੀ ਵਾਲੀ ਕਾਰ।

ਸਰਕਾਰੀ ਸੰਪਤੀ ਦੀ ਵੇਚਣ ਦੀ ਜਦੋਂ ਗੱਲ ਚੱਲੀ ਤਾਂ ਸਰਕਾਰ ਦੀ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ’ਤੇ ਸਿੱਧੀ ਨਿਗ੍ਹਾ ਗਈ ਕਿਉਂਕਿ ਇਸ ਕਾਲਜ ’ਚ ਆਮ ਲੋਕਾਂ ਦੇ ਬੱਚੇ ਪੜ੍ਹਦੇ ਹਨ। ਸਰਕਾਰ ਦੀ ਕਾਲਜ ਦੇ ਸਾਹਮਣੇ ਵਾਲੇ ਉਸ ਡੂਨਜ਼ ਕਲੱਬ ’ਤੇ ਨਜ਼ਰ ਨਹੀਂ ਪਈ ਜੋ ਸਰਕਾਰੀ ਜਗ੍ਹਾ ’ਚ ਉਸਾਰਿਆ ਗਿਆ ਹੈ ਕਿਉਂਕਿ ਇਹ ਅਫਸਰਾਂ ਦਾ ਕਲੱਬ ਹੈ। ਜਦੋਂ ਪਿਛਲੀ ਕਾਂਗਰਸੀ ਹਕੂਮਤ ਸੀ ਤਾਂ ਉਦੋਂ ਸ਼ਰਾਬ ਫੈਕਟਰੀਆਂ ਨੂੰ ਕਰੀਬ 50 ਕਰੋੜ ਰੁਪਏ ਦੇ ਟੈਕਸਾਂ ਤੋਂ ਰਾਤੋਂ ਰਾਤ ਛੋਟ ਦੇ ਦਿੱਤੀ ਗਈ ਸੀ। ਪੰਜਾਬ ਵਿੱਤ ਨਿਗਮ ਨੇ ‘ਵਨ ਟਾਈਮ ਸੈਟਲਮੈਂਟ’ ਸਕੀਮ ਤਹਿਤ ਵਪਾਰੀਆਂ ਦੇ ਕਰੋੜਾਂ ਰੁਪਏ ਮੁਆਫ਼ ਕਰ ਦਿੱਤੇ ਸਨ। ਉਦੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਸ ਕਰਕੇ ਵਜ਼ੀਫਾ ਨਹੀਂ ਮਿਲ ਸਕਿਆ ਸੀ ਕਿ ਖ਼ਜ਼ਾਨਾ ਖ਼ਾਲੀ ਸੀ। ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਢੱਡੇ ਦੇ ਪ੍ਰਾਈਵੇਟ ਕਾਲਜ ਦੇ ਪ੍ਰਬੰਧਕਾਂ ਨੂੰ ਸਿੱਧਾ ਥਾਣੇ ਬੰਦ ਕਰਵਾ ਦਿੱਤਾ। ਉਨ੍ਹਾਂ ਦਾ ਏਨਾ ਕਸੂਰ ਸੀ ਕਿ ਉਨ੍ਹਾਂ ਨੇ ਕਾਲਜ ਅੱਗੇ ਬੀਬੀ ਦੀ ਗੱਡੀ ਰੋਕ ਕੇ ਇੱਕ ਪੌਦਾ ਉਨ੍ਹਾਂ ਦੇ ਹੱਥੋਂ ਲਗਵਾਉਣ ਦੀ ਗਲਤੀ ਕਰ ਲਈ। ਬੀਬੀ ਬਾਦਲ ਇਸ ਗੱਲੋਂ ਖਫ਼ਾ ਹੋ ਗਏ ਕਿ ਬਿਨ੍ਹਾਂ ਅਗਾਊਂ ਸਮਾਂ ਲਏ ਕਿਉਂ ਰੋਕਿਆ ਗਿਆ। ਬੁੱਤ ਹੁਣ ਪੁੱਛਦੇ ਹਨ ਕਿ ਚੋਣਾਂ ਵੇਲੇ ਲੀਡਰ ਲੋਕ ਬਿਨਾਂ ਸਮਾਂ ਦਿੱਤੇ ਲਏ ਕਿਉਂ ਵਿਚ ਵੱਜਦੇ ਫਿਰਦੇ ਹੁੰਦੇ ਹਨ। ਬੁੱਤ ਇਹ ਨਹੀਂ ਜਾਣਦੇ ਕਿ ਵੋਟਾਂ ਮਗਰੋਂ ਇਨ੍ਹਾਂ ਸਿਆਸੀ ਲੋਕਾਂ ਨੂੰ ਆਮ ਲੋਕ ਵੀ ਬੁੱਤ ਹੀ ਦਿਖਦੇ ਹਨ। ਕਿਉਂਜੋ ਕਿਸੇ ਦੇ ਹੱਥ ਵਸ ਕੁਝ ਨਹੀਂ ਬਚਦਾ, ਸਿਵਾਏ ਅਗਲੇ ਪੰਜ ਸਾਲਾਂ ਦੀ ਉਡੀਕ ਤੋਂ।

ਬੁੱਤਾਂ ਨੂੰ ਇਕੱਲਾ ਸਰਕਾਰਾਂ ਦਾ ਡਰ ਨਹੀਂ, ਵਿਜੀਲੈਂਸ ਦਾ ਵੀ ਭੈਅ ਹੈ। ਬੁੱਤਾਂ ਨੇ ਗਿਆਨੀ ਜੈਲ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਦੇ ਇਮਾਨਦਾਰ ਪ੍ਰੋਫੈਸਰ ਨੂੰ ਜੱਫਾ ਮਾਰਦੇ ਵਿਜੀਲੈਂਸ ਵਾਲੇ ਦੇਖੇ ਹਨ। ਉਹ ਵੀ ਦੇਖੇ ਹਨ ਜੋ ਵਿਜੀਲੈਂਸ ਦੇ ਨੱਕ ਥੱਲੇ ਜੇਬਾਂ ਭਰਦੇ ਹਨ, ਉਧਰ ਵਿਜੀਲੈਂਸ ਦੀ ਨਿਗ੍ਹਾ ਨਹੀਂ ਪੈਂਦੀ। ਉਪਰੋਂ ਹੁਕਮ ਹੋ ਗਏ ਤਾਂ ਵਿਜੀਲੈਂਸ ਨੇ ਬੁੱਤਾਂ ਦੀ ਪੈਮਾਇਸ਼ ਸ਼ੁਰੂ ਕਰ ਦੇਣੀ ਹੈ, ਤਾਹੀਓਂ ਤਾਂ ਅੱਜ ਕੱਲ ਬੁੱਤ ਵੀ ਸਹਿਮੇ ਹੋਏ ਹਨ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਭ ਤੋਂ ਪਹਿਲਾਂ ਪੈਮਾਇਸ਼ ਕਰਨ ਵਾਲੇ ਹੀ ਮੁਕਰਦੇ ਹਨ ਜਿਸ ਕਰਕੇ ਬਹੁਤਾ ਭੈਅ ਮੰਨਣ ਦੀ ਵੀ ਲੋੜ ਨਹੀਂ। ਰੋਪੜ ਤੇ ਮੋਹਾਲੀ ਦੀ ਅਦਾਲਤ ’ਚ ਚੱਲੇ ਵੱਡੇ ਕੁਰੱਪਸ਼ਨ ਕੇਸ ’ਚ 31 ਸਰਕਾਰੀ ਗਵਾਹ ਮੁੱਕਰ ਗਏ। ਸਾਲ 2002 ’ਚ ਵਿਜੀਲੈਂਸ ਨੇ ਇਹ ਨੀਤੀ ਬਣਾਈ ਕਿ ਜੋ ਗਵਾਹ ਮੁੱਕਰਦੇ ਹਨ, ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਇਆ ਜਾਵੇ। ਪੰਜਾਬ ’ਚ 2002 ਤੋਂ 2007 ਤੱਕ ਵਿਜੀਲੈਂਸ ਕੇਸਾਂ ’ਚ 70 ਗਵਾਹ ਮੁੱਕਰੇ ਜਿਨ੍ਹਾਂ ’ਚ 37 ਮੁੱਕਰੇ ਗਵਾਹ ਮਾਲਵਾ ਖ਼ਿੱਤੇ ਦੇ ਵੀ ਹਨ। ਵਿਜੀਲੈਂਸ ਨੇ ਮੁੱਕਰੇ ਗਵਾਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ, ਧਾਰਾ 182 ਤਹਿਤ ਕਾਰਵਾਈ ਕੀਤੀ। ਬੁੱਤ ਪੁੱਛਦੇ ਹਨ ਕਿ ਹੁਣ ਜੋ 31 ਮੁੱਕਰੇ ਹਨ, ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਕਿਉਂ ਚੁੱਪ ਹੈ। ਨਵੀਂ ਸਰਕਾਰ ਬਣੇਗੀ ਤਾਂ ਮੁੱਕਰਨ ਵਾਲੇ ਗਵਾਹਾਂ ਦੀ ਗਿਣਤੀ ਹੋਰ ਵਧੇਗੀ।

ਖੈਰ ,ਇਹ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ ਹਨ। ਇੱਥੇ ਤਾਂ ਸਭ ਕੁਝ ਵੱਡਿਆਂ ਦੇ ਹੱਥ ਹੈ। ਕੋਈ ਨਿਤਾਣਾ ਕਦਮ ਚੁੱਕੇ ਤਾਂ ਉਹ ਜੁਰਮ ਬਣ ਜਾਂਦਾ ਹੈ, ਵੱਡਾ ਚੁੱਕੇ ਤਾਂ ਉਹ ‘ਦੇਸ਼ ਭਗਤੀ’। ਬਰਨਾਲਾ ਦੀ ਇੱਕ ਵੱਡੀ ਫੈਕਟਰੀ ਦੀ ਸੁਆਹ ਤੋਂ ਅੱਕੇ ਛੋਟੀ ਬਸਤੀ ਦੇ ਲੋਕਾਂ ਨੇ ਜਦੋਂ ਸੰਘਰਸ਼ ਵਿੱਢ ਦਿੱਤਾ ਤਾਂ ਜਿਨ੍ਹਾਂ ਸੰਘਰਸ਼ ਦੀ ਅਗਵਾਈ ਕੀਤੀ, ਉਨ੍ਹਾਂ ਨੂੰ ਪੁਰਾਣੇ ਕੇਸਾਂ ’ਚ ਪਾ ਕੇ ਜੇਲ੍ਹੀਂ ਡੱਕ ਦਿੱਤਾ। ਜਦੋਂ ਬੇਕਾਰੀ ਦੇ ਭੰਨੇ ਲੰਬੀ ’ਚ ਟੈਂਟ ਲਾਉਂਦੇ ਹਨ ਤਾਂ ਪੁਲੀਸ ਪੁੱਟ ਦਿੰਦੀ ਹੈ। ਟੈਂਟਾਂ ਨੂੰ ਗ਼ੈਰਕਨੂੰਨੀ ਆਖਿਆ ਜਾਂਦਾ ਹੈ। ਜਦੋਂ ਇਹੋ ਟੈਂਟ ਦਿੱਲੀ ’ਚ ਕੇਂਦਰ ਖ਼ਿਲਾਫ਼ ਲੱਗਦੇ ਹਨ ਤਾਂ ਉਦੋਂ ਸਭ ਕੁਝ ਕਾਨੂੰਨੀ ਕਿਵੇਂ ਬਣ ਜਾਂਦਾ ਹੈ, ਸਮਝੋ ਬਾਹਰ ਹੈ। ਜਦੋਂ ਵੀ ਬੀਤੇ ਸਮੇਂ ’ਚ ਪੰਜਾਬ ’ਚ ਕਿਸੇ ਨਾ ਕਿਸੇ ਮੁੱਦੇ ’ਤੇ ਭੰਨ ਤੋੜ ਹੋਈ, ਉਸ ’ਚ ‘ਆਮ ਲੋਕਾਂ’ ਦੀ ਟਰਾਂਸਪੋਰਟ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਸ਼ਿਕਾਰ ਹੋਣਾ ਪਿਆ। ਪੁਲੀਸ ਨੇ ਸਰਕਾਰੀ ਟਰਾਂਸਪੋਰਟ ਦੀ ਰਾਖੀ ਨਹੀਂ ਕੀਤੀ, ਕਿਉਂਕਿ ਇਹੋ ਪੁਲੀਸ ਤਾਂ ਇੱਕ ਵੱਡੇ ਘਰਾਣੇ ਦੀਆਂ ਬੱਸਾਂ ਨੂੰ ਬਚਾਉਣ ਲਈ ਪੁਲੀਸ ਲਾਈਨਾਂ ’ਚ ਪਹਿਰਾ ਦੇ ਰਹੀ ਸੀ।

ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਕੱਲ ਸ਼ਹੀਦਾਂ ਦਾ ਓਟ ਆਸਰਾ ਤੱਕ ਰਹੇ ਹਨ। ਲੋਕਾਂ ਨੂੰ ਕੀਲਣ ਲਈ ਉਹ ਗੱਲ ਗੱਲ ’ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਗੱਲ ਕਰਦੇ ਹਨ। ਇੰਜ ਲੱਗਦਾ ਹੈ ਕਿ ਉਹੋ ਹੀ ਸ਼ਹੀਦਾਂ ਦੇ ਵੱਡੇ ਉਪਾਸਕ ਹਨ। ਜਦੋਂ ਉਹ ਹੁਣ ਗੱਦੀ ਤੋਂ ਥੱਲੇ ਹਨ ਤਾਂ ਸ਼ਹੀਦਾਂ ਦੀ ਕੁਰਬਾਨੀ ਦਾ ਚੇਤਾ ਲੋਕਾਂ ਨੂੰ ਕਰਾ ਰਹੇ ਹਨ। ਇਨ੍ਹਾਂ ਸ਼ਹੀਦਾਂ ਦੇ ਬੁੱਤਾਂ ਦਾ ਇਸ਼ਾਰਾ ਹੈ ਕਿ ਮਨਪ੍ਰੀਤ ਬਾਦਲ ਇਹ ਵੀ ਇਕੱਠਾਂ ’ਚ ਦੱਸਣ ਕਿ ਜਦੋਂ ਖ਼ਜ਼ਾਨੇ ਉਨ੍ਹਾਂ ਦੇ ਹੱਥ ’ਚ ਸੀ ਤਾਂ ਉਨ੍ਹਾਂ ਨੇ ਸ਼ਹੀਦਾਂ ਦੀ ਵਿਰਾਸਤ ਸਾਂਭਣ ਲਈ ਕੀ ਕੀ ਕੁਝ ਕੀਤਾ। ਚੰਗਾ ਹੁੰਦਾ ਮਨਪ੍ਰੀਤ ਸਿੰਘ ਬਾਦਲ ਉਦੋਂ ਉਨ੍ਹਾਂ ਬੱਸ ਮਾਲਕਾਂ ਦਾ ਲੱਖਾਂ ਰੁਪਏ ਦਾ ਕਿਰਾਇਆ ਤਾਰ ਦਿੰਦੇ ਜਿਹੜੇ ਬੱਸ ਮਾਲਕ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਅੰਮ੍ਰਿਤਸਰ ’ਚ ਮਨਾਈ ਜਨਮ ਸ਼ਤਾਬਦੀ ਮੌਕੇ ਆਮ ਲੋਕਾਂ ਨੂੰ ਪਿੰਡਾਂ ਚੋਂ ਲੈ ਕੇ ਗਏ ਸਨ। ਬੁੱਤ ਬੋਲ ਨਹੀਂ ਸਕਦੇ, ਫਿਰ ਕੀ ਹੋਇਆ। ਚੇਤਾ ਤਾਂ ਕਰਾਉਂਦੇ ਹਨ ਉਨ੍ਹਾਂ ਗੱਲਾਂ ਦਾ,ਜਿਨ੍ਹਾਂ ਨੂੰ ਗੱਦੀ ਵਾਲੇ ਭੁੱਲਣ ਲੱਗੇ ਹਨ। ਜੇ ਕਿਤੇ ਇਹ ਬੁੱਤ ਬੋਲ ਪਏ ਤਾਂ ਫਿਰ ਖੈਰ ਨਹੀਂ। ਜ਼ਮੀਰ ਲੋਕਾਂ ਦੀ ਮਰੀ ਹੋਏਗੀ ਪਰ ਇਨ੍ਹਾਂ ਦੀ ਨਹੀਂ। ਹਕੂਮਤਾਂ ਵਾਲੇ ਇਨ੍ਹਾਂ ਬੁੱਤਾਂ ਦੀ ਹੀ ਸ਼ਰਮ ਕਰ ਲੈਣ। ਪਾਣੀ ਸਿਰੋਂ ਲੰਘਣ ਲੱਗਿਆ ਤਾਂ ਫਿਰ ਇਨ੍ਹਾਂ ਨੂੰ ਬੋਲਣਾ ਹੀ ਪੈਣਾ ਹੈ। ਸ਼ਹੀਦਾਂ ਦੇ ਬੁੱਤ ਉਨ੍ਹਾਂ ਲੋਕਾਂ ਦੀ ਤਰਜਮਾਨੀ ਕਰਦੇ ਹਨ,ਜਿਨ੍ਹਾਂ ਨੂੰ ਸਰਕਾਰਾਂ ਮਹਿਜ ਇੱਕ ਵੋਟ ਸਮਝਦੀਆਂ ਹਨ।

ਚਰਨਜੀਤ ਭੁੱਲਰ
ਲੇਖਕ ਪੱਤਰਕਾਰ ਹਨ।

No comments:

Post a Comment