ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, December 14, 2010

ਜਰਨੈਲ ਜ਼ਿੰਦਗੀ ਜਿਉਣੀ ਸਿਖਾਉਂਦਾ ਸੀ

ਯਕੀਨ ਕਰਨਾ ਔਖਾ ਹੋ ਰਿਹੈ ਕਿ ਜਰਨੈਲ ਹੁਣ ਸਾਡੇ ਵਿਚ ਨਹੀਂ ਰਿਹਾ।ਯਕੀਨ ਕਰੀਏ ਵੀ ਕਿਵੇਂ, ਅਸਲ ਵਿਚ ਉਹ ਗਿਆ ਹੀ ਕਿਤੇ ਨਹੀਂ, ਏਥੇ ਹੀ ਹੈ, ਸਾਡੇ ਸਾਰਿਆਂ ਵਿਚ, ਜੋ-ਜੋ ਇਨਸਾਨ ਸਮਾਜ ਦੀ ਬਿਹਤਰੀ ਲਈ ਆਪਣੇ ਦਿਲਾਂ ਚ ਕੁਝ ਕਰਨ ਦੀ ਤੜਪ ਰੱਖਦੇ ਨੇ, ਜਰਨੈਲ ਉਹਨਾਂ ਸਾਰਿਆਂ ਵਿਚ ਹੈ ਤੇ ਰਹੇਗਾ... ਰਹੇਗਾ ਵੀ ਸ਼ਹੀਦ ਭਗਤ ਸਿੰਘ ਵਾਂਗ ਸਦਾ ਜੁਆਨ ਤੇ ਅਸੀਂ ਉਮਰਾਂ ਦਾ ਪੰਧ ਮੁਕਾਉਂਦੇ ਸ਼ਾਇਦ ਬੁੱਢੇ ਹੋ ਜਾਈਏ...ਕਿਉਂਕਿ ਜੋ ਸ਼ਹੀਦ ਭਗਤ ਸਿੰਘ ਸੁਪਨਾ ਸੀ ਉਹੀ ਚਾਹੁੰਦਾ ਸੀ ਜਰਨੈਲ ਵੀ... ਚਾਹੁੰਦਾ ਹੀ ਨਹੀਂ ਸੀ ਸੰਘਰਸ਼ਸ਼ੀਲ ਵੀ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਨੂੰ ਖ਼ਤਮ ਕਰਕੇ ਅਣਖ਼-ਇੱਜ਼ਤ ਵਾਲੀ ਤੇ ਬਰਾਬਰੀ ਦੀ ਜ਼ਿੰਦਗੀ ਗੁਜ਼ਾਰੀ ਜਾਵੇ । ਜੇ ਅੱਜ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਉਹ ਵੀ ਉਹੀ ਕਰਦਾ ਜੋ ਜਰਨੈਲ ਕਰਦਾ ਸੀ ਜਾਂ ਚਾਹੁੰਦਾ ਸੀ...ਏਥੇ ਪਾਸ਼ ਦੀ ਗ਼ਜ਼ਲ ਯਾਦ ਆ ਰਹੀ ਹੈ:

ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ
ਇਸ ਤਰ੍ਹਾਂ ਦੀ ਰਾਤ,ਰੁਸ਼ਨਾਉਂਦੇ ਰਹੇ ਨੇ ਲੋਕ
ਨਾ ਕਤਲ ਹੋਏ,ਨਾ ਹੋਵਣਗੇ ਇਸ਼ਕ ਗੀਤ ਇਹ
ਮੌਤ ਦੀ ਸਰਦਲ ਤੇ ਬਹਿ ਗਾਉਂਦੇ ਰਹੇ ਨੇ ਲੋਕ


30 ਜੂਨ 1984 ਨੂੰ ਜਰਨੈਲ ਦਾ ਜਨਮ ਪੰਜਾਬ ਦੇ ਪਿੰਡ ਖਨੌਰੀ (ਸੰਗਰੂਰ) ਵਿਖੇ ਹੋਇਆ। ਮਿਹਨਤੀ ਪਿਤਾ ਸ. ਗੁਲਾਬ ਸਿੰਘ ਦੇ ਘਰ ਪੈਦਾ ਹੋਏ ਜਰਨੈਲ ਨੇ ਦਾ ਬਚਪਨ ਆਪ ਬੱਚਿਆਂ ਵਾਂਗ ਹੀ ਬੀਤਿਆ। ਮੁਢਲੀ ਪੜ੍ਹਾਈ ਤੋਂ ਬਾਅਦ ਜਦੋਂ ਜਰਨੈਲ ਲਗਭਗ 10 ਕੁ ਸਾਲ ਪਹਿਲਾਂ ਪਟਿਆਲੇ ਆਈ.ਟੀ.ਆਈ. ਕਰਨ ਆਇਆ ਤਾਂ ਉਹ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਜੁੜ ਗਿਆ। ਪੰਜਾਬ ਦੇ ਵਿਦਿਆਰਥੀਆਂ ਦੇ ਮਸਲਿਆਂ ਲਈ ਉਸਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ। ਹਰ ਸਾਲ ਬਸ ਪਾਸਾਂ ਦੇ ਰੇੜਕੇ ਤੋਂ ਲੈ ਕੇ 2003 ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਫੀਸਾਂ ਚ ਕੀਤੇ ਅਥਾਹ ਵਾਧੇ ਨੂੰ ਵਾਪਿਸ ਕਰਵਾਇਆ। ਜਦੋਂ ਉਹ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਵਿਖੇ 2006 ਚ ਸਾਡੇ ਨਾਲ ਐੱਮ.ਏ.(ਪੰਜਾਬੀ) ਕਰਨ ਆਇਆ ਤਾਂ ਓਹਦੇ ਲਈ ਸੰਘਰਸ਼ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵੱਲੋਂ ਓਸ ਵੇਲੇ ਪੰਜਾਬੀ ਭਾਸ਼ਾ ਵਿਰੋਧੀ ਕਈ ਫੈਸਲੇ ਲਏ ਗਏ ਸਨ। ਜਰਨੈਲ ਨੇ ਨਾ ਸਿਰਫ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਹੀ ਯੂਨੀਵਰਸਿਟੀ ਚ ਫਿਰ ਤੋਂ ਸਰਗਰਮ ਕੀਤਾ ਬਲਕਿ ਮੋਹਰੀ ਆਗੂ ਹੋ ਕੇ ਲੜਿਆ। ਉਹ ਦੁਨੀਆਂ ਭਰ ਦੇ ਮਸਲਿਆਂ ਬਾਰੇ ਚਿੰਤਨ ਕਰਦਾ ਸੀ। ਬਹੁਤ ਵਾਰ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋਇਆ, ਪਰ ਡਟਿਆ ਰਿਹਾ। ਚਾਹੇ ਜ਼ਲਿਆਂ ਵਾਲੇ ਬਾਗ ਦੀ ਇਤਿਹਾਸਕ ਦਿੱਖ ਨੂੰ ਬਚਾਉਣ ਦਾ ਸਘੰਰਸ਼ ਹੋਵੇ, ਇਕ ਵਾਰ ਫਿਰ ਤੋਂ ਪੰਜਾਬੀ ਯੂਨੀਵਰਸਿਟੀ ਦੀਆਂ ਵਧੀਆਂ ਫੀਸਾਂ ਦਾ ਮਸਲਾ ਹੋਵੇ, ਚਾਹੇ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਮਸਲਾ ਹੋਵੇ, ਉਹ ਆਪਣੀ ਯੂਨੀਅਨ ਵਲੋਂ ਲੜਦਾ ਰਿਹਾ। ਅਸਲ ਵਿਚ ਉਹਦੇ ਲਈ ਹਰ ਦਿਨ ਹੀ ਕੋਈ ਨਾ ਕੋਈ ਸੰਘਰਸ਼ ਪੈਗ਼ਾਮ ਆਇਆ ਰਹਿੰਦਾ ਸੀ। ਤੇ ਕਾਫੀ ਸਮੇਂ ਤੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾ ਕਮੇਟੀ ਦਾ ਮੈਂਬਰ ਸੀ। ਇਸ ਤੋਂ ਇਲਾਵਾ ਉਹ ਯਾਰਾਂ ਦਾ ਯਾਰ ਸੀ ਤੇ ਇਕ ਜ਼ਹੀਨ ਵਿਦਿਆਰਥੀ ਸੀ। ਪਹਿਲੀਆਂ ਪੁਜੀਸ਼ਨਾਂ ਤੇ ਰਹਿ ਕੇ ਐੱਮ.ਏ. ਕੀਤੀ ਤੇ ਇੰਜ ਹੀ ਸੰਘਰਸ਼ ਦੇ ਨਾਲ-ਨਾਲ ਐੱਮ.ਫਿਲ. ਵੀ ਕਰ ਗਿਆ ਤੇ ਅੱਜ-ਕੱਲ੍ਹ ਉਹ ਪੀ-ਐੱਚ.ਡੀ. ਕਰ ਰਿਹਾ ਸੀ।

ਪਿਛਲੇ ਦਿਨੀਂ 7 ਦਸੰਬਰ ਨੂੰ ਜਰਨੈਲ ਸਾਥੀ ਗੁਰਮੁਖ ਸਿੰਘ ਮਾਨ ਨਾਲ ਕਾਠਮੰਡੂ (ਨੇਪਾਲ) ਵਿਖੇ ਵਿਦਿਆਰਥੀਆਂ ਲਈ ਹੋ ਰਹੇ ਇਕ ਸਮਾਗਮ ਵਿਚ ਹਿੱਸਾ ਲੈਣ ਗਿਆ ਸੀ ਪਰ ਡੇਂਗੂ ਬੁਖਾਰ ਨੇ ਉਸਨੂੰ ਵਾਪਿਸ ਨਾ ਪਰਤਣ ਦਿੱਤਾ ਤੇ 13 ਦਸੰਬਰ ਨੂੰ ਸਾਨੂੰ ਸਦਾ ਲਈ ਸਰੀਰਕ ਤੌਰ ਤੇ ਅਲਵਿਦਾ ਕਹਿ ਗਿਆ ਤੇ ਸਾਡੀਆਂ ਸਿਲੀਆਂ ਅੱਖਾਂ, ਭਰੇ ਮਨਾਂ ਲਈ ਸੰਤ ਰਾਮ ਉਦਾਸੀ ਦਾ ਗੀਤ ਦੇ ਗਿਆ :

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ, ਮਿੱਟੀ ਚ ਨਾ ਮਿਲਾਇਓ
ਹੋਣਾ ਨਹੀਂ ਮੈਂ ਚਾਹੁੰਦਾ ਸੜ੍ਹ ਕੇ ਸੁਆਹ ਇਕੇਰਾਂ
ਜਦ-ਜਦ ਢਲੇਗਾ ਸੂਰਜ ਕਣ-ਕਣ ਮੇਰਾ ਜਲਾਇਓ


ਪਰਮਜੀਤ ਸਿੰਘ ਕੱਟੂ ,ਪੰਜਾਬੀ ਯੂਨੀਵਰਸਿਟੀ ਪਟਿਆਲਾ

2 comments:

 1. ਜਰਨੈਲ ਦੇ ਜਾਣ ਦਾ ਘਾਟਾ ਕਦੇ ਪੂਰਾ ਨੀਂ ਹੋਣਾ... ਹਾਲੇ ਤਕ ਉਹਦੀ ਮ੍ਰਿਤਕ ਦੇਹ ਵੀ ਸਾਡੇ ਕੋਲ ਨਹੀਂ ਪਹੁੰਚੀ...

  ReplyDelete
 2. ਜ਼ਰਨੈਲ ਜੀ ਦੇ ਪਰਿਵਾਰ ਅਤੇ ਦੋਸਤਾਂ ਨਾਲ ਦਿਲੋਂ ਹਮਦਰਦੀ ਹੈਸੁਹਿਰਦ ਰੂਹਾਂ ਕਦੇ ਮਰਿਆ ਨਹੀਂ ਕਰਦੀਆ ਦੋਸਤੋ ।
  "ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਹੈ ਦੋਸਤੋ//
  ਸਿਦਕ ਸਾਡੇ ਨੇ ਕਦੇ ਮਰਨਾ ਨਹੀਂ ਹੈ ਦੋਸਤੋ//"
  - ਮਰਹੂਮ ਲੋਕ ਸ਼ਾਇਰ ਜੈਮਲ ਸਿੰਘ ਪੱਡਾ

  ReplyDelete