ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, March 17, 2011

ਪਟਿਆਲਾ ਪੁਸਤਕ ਮੇਲਾ:-ਸੰਜੀਦਾ ਸੰਵਾਦ ਦੀ ਸ਼ੁਰੂਆਤ


ਦੁਨੀਆਂ ਦੇ ਤੇਜ਼-ਤਰਾਰ ਰਫ਼ਤਾਰ ਭਰੇ ਮਾਹੌਲ ਵਿਚ ਸਮਾਜ ਦੇ ਸੰਜੀਦਾ ਮਸਲਿਆਂ ਨਾਲ ਜੁੜਣਾ ਤੇ ਕਿਛੁ ਸੁਣੀਐ ਕਿਛੁ ਕਹੀਐ ਦੀ ਧਾਰਣਾ ’ਤੇ ਚਲਦਿਆਂ ਜੀਵੰਤ ਸੰਵਾਦ ਰਚਾਉਣਾ ਅਪਣੇ-ਆਪ ਵਿਚ ਬਹੁਤ ਹੀ ਚੁਣੌਤੀ ਭਰਿਆ ਕਾਰਜ ਹੈ। ਪਰ ਬਿਹਤਰ ਸਮਾਜ ਦੀ ਸਿਰਜਣਾ ਲਈ ਤੇ ਬਿਹਤਰ ਸੱਚ ਦੀ ਤਲਾਸ਼ ਲਈ ਸੰਜੀਦਾ ਸੰਵਾਦ ਜ਼ਰੂਰੀ ਹੀ ਨਹੀਂ ਬਲਕਿ ਲਾਜ਼ਮੀ ਹੈ। ਇਸੇ ਵਿਚਾਰ ਵਿਚੋਂ ਹੀ ਦੁਨੀਆ ਭਰ ਵਿਚ ਬਹੁਤ ਸਾਰੀਆਂ ਸੰਸਥਾਵਾਂ ਹੋਂਦ ’ਚ ਆਈਆਂ ਜੋ ਵੱਖ-ਵੱਖ ਢੰਗ-ਤਰੀਕਿਆਂ ਨਾਲ ਆਪਣੇ-ਆਪਣੇ ਖੇਤਰ ਵਿਚ ਕਾਰਜਸ਼ੀਲ ਹਨ। ਇਸੇ ਲੜੀ ਵਿਚ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਗਾਂਹਵਧੂ ਵਿਚਾਰਾਂ ਵਾਲੇ ਖੋਜਾਰਥੀਆਂ-ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਰੀਡਰਜ਼ ਫੋਰਮ ਪੰਜਾਬ ਦਾ ਗਠਨ ਕੀਤਾ ਗਿਆ। ਇਸ ਫੋਰਮ ਵਿਚ ਵੱਖ-ਵੱਖ ਅਨੁਸ਼ਾਸ਼ਨਾਂ (ਸਾਹਿਤ ਸੰਗੀਤ ਸਾਇੰਸ ਕਲਾ ਮੀਡੀਆ) ਦੇ ਵਿਦਿਆਰਥੀ ਖੋਜਾਰਥੀ ਤੇ ਅਧਿਆਪਕ ਸ਼ਾਮਿਲ ਹਨ ਤਾਂ ਕਿ ਸਮਾਜਿਕ ਵਰਤਾਰਿਆਂ ਪ੍ਰਤੀ ਇਕ ਅੰਤਰ-ਅਨੁਸ਼ਾਸ਼ਨੀ ਪਹੁੰਚ ਦ੍ਰਿਸ਼ਟੀ ਬਣਾਈ ਜਾ ਸਕੇ ਤੇ ਪਾਸ਼ ਦੇ ਕਹਿਣ ਵਾਂਗ ਇਹ ਸਮਝਿਆ ਜਾ ਸਕ
...ਕਿ ਕਿਵੇਂ ਦੁਸ਼ਮਣੀ ਹੈ-
ਦਿੱਲੀ ਦੀ ਉਸ ਹੁਕਮਰਾਨ ਔਰਤ ਦੀ
ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ

ਇਸ ਫੋਰਮ ਵਲੋਂ ਪਿਛਲੇ ਸਮੇਂ ਤੋਂ ਯੂਨੀਵਰਸਿਟੀ ਪੱਧਰ ’ਤੇ ਸਾਹਿਤ ਸਿਨੇਮਾ ਸਭਿਆਚਾਰ ਰਾਜਸੀ ਆਰਥਿਕ ਅਤੇ ਹੋਰ ਸਮਕਾਲੀ ਸਰੋਕਾਰਾਂ ਸਬੰਧੀ ਵਿਚਾਰ-ਗੋਸ਼ਟੀਆਂ ਸੈਮੀਨਾਰਾਂ ਆਦਿ ਕਰਵਾਏ ਜਾਂਦੇ ਹਨ। ਫੋਰਮ ਦਾ ਉਦੇਸ਼ ਸਮਾਜ ਨੂੰ ਦਰਪੇਸ਼ ਚੁਣੌਤੀਆਂ ਸਮੱਸਿਆਵਾਂ ਬਾਰੇ ਵਿਸ਼ਲੇਸ਼ਣੀ ਚੇਤੰਨਤਾ ਤੇ ਸੰਜੀਦਾ ਨਜ਼ਰੀਏ ਦੀ ਸਿਰਜਣਾ ਕਰਨੀ ਹੈ।

ਪੰਜਾਬ ਦੇ ਅਕਾਦਮਿਕ ਹਲਕਿਆਂ ਵਿਚ ਪਿਛਲੇ ਕਾਫੀ ਸਮੇਂ ਤੋਂ ਪੁਸਤਕ ਸਭਿਆਚਾਰ ਜਾਂ ਪਾਠਕਾਂ ਦੀ ਗਿਣਤੀ ਘਟਣ ਬਾਰੇ ਕਈ ਵਿਚਾਰਾਂ ਚਲਦੀਆਂ ਰਹੀਆਂ ਹਨ ਜਾਂ ਇਹ ਕਹਿ ਲਈਏ ਕਿ ਸੰਵਾਦ ਦੇ ਪੱਧਰ ’ਤੇ ਪਸਰੀ ਖੜੋਤ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ। ਪੰਜਾਬ ਰੀਡਰਜ਼ ਫੋਰਮ ਵਲੋਂ ਪੰਜਾਬੀ ਵਿਭਾਗ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਦਿਸ਼ਾ ਚ 9-10 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਕਰਵਾਇਆ ਗਿਆ ਰਾਸ਼ਟਰੀ ਪਟਿਅਲਾ ਪੁਸਤਕ ਮੇਲਾ ਆਪਣੇ-ਆਪ ਵਿਚ ਸਲਾਹੁਣਯੋਗ ਕਦਮ ਹੈ ਜਿਸਨੇ ਸਮਾਜ ਦੀ ਬਿਹਤਰੀ ਲਈ ਸਮੁੱਚੇ ਵਰਤਾਰਿਆਂ ਨੂੰ ਸਹੀ ਤੇ ਸੁਚੇਤ ਰੂਪ ਵਿਚ ਸਮਝਣ ਲਈ ਸ਼ਬਦ ਰਾਹੀਂ ਸੰਵਾਦ ਤੇ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਨਵੀਆਂ ਪੁਲਾਘਾਂ ਪੁੱਟੀਆਂ ਹਨ।

ਇਸ ਪੁਸਤਕ ਮੇਲੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੁਸਤਕਾਂ ਪੜ੍ਹਣ ਵਾਲੇ ਸੰਜੀਦਾ ਪਾਠਕਾਂ ਦੀ ਅੱਜ ਵੀ ਕਮੀ ਨਹੀਂ ਬਸ ਲੋੜ ਹੈ ਉਹਨਾਂ ਤੱਕ ਚੰਗੀਆਂ ਪੁਸਤਕਾਂ ਪਹੁੰਚਾਉਣ ਦੀ ਕਿਉਂਕਿ ਇਸ ਉਥਲ-ਪੁਥਲ ਪ੍ਰਸਥਿਤੀਆਂ ਵਾਲੇ ਦੌਰ ਵਿਚ ਬਦਲਵੇਂ ਚੰਗੇ ਸਾਧਨਾਂ ਦਾ ਪ੍ਰਚਲਨ ਕਰਨਾ ਬਹੁਤ ਜ਼ਰੂਰੀ ਹੈ। ਇਸ ਪੁਸਤਕ ਮੇਲੇ ਵਿਚ ਵਿਕੀਆਂ ਸਾਢੇ ਤਿੰਨ ਲੱਖ ਦੀਆਂ ਪੁਸਤਕਾਂ ਨੇ ਅਗਾਂਹਵਧੂ ਲੋਕਾਂ ਨੂੰ ਉਤਸ਼ਾਹਜਨਕ ਹੁਲਾਰਾ ਦਿੱਤਾ ਹੈ। ਪੁਸਤਕ ਮੇਲੇ ਵਿਚ ਬਹੁਤ ਸਾਰੀਆਂ ਪੁਸਤਕਾਂ ਪਹਿਲੇ ਦਿਨ ਹੀ ਵਿਕ ਗਈਆਂ ਤੇ ਪਾਠਕ ਤਾਂ ਪੁਸਤਕਾਂ ਨੂੰ ਲੱਭਦੇ ਹੀ ਰਹਿ ਗਏ. . .

ਪੁਸਤਕ ਮੇਲੇ ਦੌਰਾਨ ਕਰਵਾਏ ਗਏ ਹੋਰ ਸਮਾਗਮ ਵੀ ਆਪਣੇ-ਆਪ ਚ ਬਹੁਤ ਮਹੱਤਵਪੂਰਨ ਸਨ। ਜਿਵੇਂ ਸਾਹਿਤ ਨਾਲ ਜੋੜਣ ਲਈ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਸਾਡੇ ਸਮਿਆਂ ਦੇ ਨਾਮਵਰ ਕਵੀਆਂ ਨੇ ਖ਼ੂਬ ਰੰਗ ਬੰਨ੍ਹਿਆ। ਸੰਗੀਤਕ ਤੇ ਸਾਹਿਤਕ ਵਿਰਾਸਤ ਚੋਂ ਸੂਫ਼ੀ ਰੰਗਤ ਦੀ ਵੰਨਗੀ ਨੂੰ ਸੂਫ਼ੀ ਸ਼ਾਮ ਰਾਹੀਂ ਪੇਸ਼ ਕੀਤਾ ਗਿਆ। ਪਾਪੂਲਰ ਜਾਂ ਮੁੱਖ-ਧਾਰਾ ਦੇ ਸਿਨੇਮੇ ਦੇ ਬਰਾਬਰ ਚਲ ਰਹੇ ਗੰਭੀਰ ਸਿਨੇਮੇ ਨਾਲ ਜੋੜਣ ਲਈ ਡਾਕੂਮੈਂਟਰੀ ਫ਼ਿਲਮ ਸ਼ੋਅ ਕਰਵਾਇਆ ਗਿਆ।

ਇਸ ਸਾਰੇ ਕੁਝ ਵਿਚੋਂ ਇਹ ਆਸ ਬੱਝਦੀ ਹੈ ਕਿ ਲੰਮਾ ਸਮਾਂ ਪੰਜਾਬ ਅੰਦਰ ਚੱਲੀਆਂ ਵੱਖ-ਵੱਖ ਲਹਿਰਾਂ ਵਿਚ ਸਰਗਰਮ ਭੁਮਿਕਾ ਨਿਭਾਉਣ ਵਾਲੀ ਪੰਜਾਬੀ ਯੂਨੀਵਰਸਿਟੀ ਦੀ ਫਿਜ਼ਾ ਵਿਚ ਇਕ ਵਾਰ ਫਿਰ ਸੰਜੀਦਾ ਸੰਵਾਦ ਦੀਆਂ ਹਵਾਵਾਂ ਰੁਮਕਣ ਲੱਗੀਆਂ ਹਨ। ਜੋ ਕਾਫੀ ਸਮੇਂ ਤੋਂ ਸਮਾਜ ਅੰਦਰ ਸੰਵਾਦ ਦੀ ਪੱਧਰ ’ਤੇ ਆਈ ਖੜੋਤ ਦੇ ਟੁੱਟਣ ਦਾ ਸ਼ੁੱਭ ਸ਼ਗਨ ਹੈ। ਇਸ ਸੰਵਾਦ ਰਾਹੀਂ ਦੁਨੀਆਂ ਭਰ ਵਿਚ ਕਾਰਜਸ਼ੀਲ ਹੋਰਨਾਂ ਚਿੰਤਨਸ਼ੀਲ ਧਿਰਾਂ ਨਾਲ ਜੁੜ ਕੇ ਸਮਾਜਿਕ ਵਰਤਾਰਿਆਂ ਪ੍ਰਤੀ ਵਿਸ਼ਲੇਸ਼ਣੀ ਨਜ਼ਰੀਆ ਬਣਾ ਕੇ ਅਸੀਂ ਜ਼ਰੂਰ ਬਿਹਤਰੀਨ ਮੰਜ਼ਿਲਾਂ ਉੱਤੇ ਪਹੁੰਚ ਸਕਾਂਗੇ. . .ਤੇ ਹਰ ਜ਼ਿਹਨ ਅੰਦਰ ਚਲ ਰਹੀ ਉਸਾਰੂ ਗੁਫ਼ਤਗੂ ਨੂੰ ਪੁਰਖਿਆਂ ਤੇ ਵਾਰਿਸਾਂ ਦੇ ਰੂ-ਬ-ਰੂ ਕਰ ਸਕਾਂਗੇ. . .ਜਿਵੇਂ ਸੁਰਜੀਤ ਪਾਤਰ ਨੇ ਲਿਖਿਆ ਹੈ. . .

ਮੇਰੇ ਅੰਦਰ ਵੀ ਚਲਦੀ ਹੈ ਇਕ ਗੁਫ਼ਤਗੂ
ਜਿੱਥੇ ਲਫ਼ਜ਼ਾਂ ’ਚ ਢਲਦਾ ਹੈ ਮੇਰਾ ਲਹੂ
ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ
ਜਿੱਥੇ ਵਾਰਿਸ ਤੇ ਪੁਰਖੇ ਖੜ੍ਹੇ ਰੂ-ਬ-ਰ

ਪਰਮਜੀਤ ਕੱਟੂ
ਰਿਸਰਚ ਸਕਾਲਰ
ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਪਟਿਆਲਾ
9463124131

1 comment: