ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, October 13, 2011

ਰਿਸ਼ਤਾ-ਸਰੋਤੇ ਤੇ ਗ਼ਜ਼ਲ ਗਾਇਕ ਦਾ

ਗ਼ਜ਼ਲ ਗਾਇਕਾਂ ਨੂੰ ਲੈਕੇ ਨੌਜਵਾਨ ਦਾ ਬਹੁਮਤ ਅਜਿਹਾ ਹੈ ਕਿ ਉਹ ਇਹਨਾਂ ਗਾਇਕਾਂ ਨੂੰ ਸੁਣਦੇ ਘੱਟ ਹਨ ਆਪਣੇ ਵਿਅੰਗ ਦਾ ਹਿੱਸਾ ਬਹੁਤਾ ਬਣਾਉਂਦੇ ਹਨ।ਪਰ ਜਿਹੜੇ ਨੌਜਵਾਨ ਗ਼ਜ਼ਲਾਂ ਦੇ ਸ਼ੌਂਕ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਨ ਉਹ ਸਭ ਤੋਂ ਵੱਧ ਇੱਜ਼ਤ ਵੀ ਇਹਨਾਂ ਗਾਇਕਾਂ ਨੂੰ ਹੀ ਦਿੰਦੇ ਹਨ।ਇੱਕ ਸਰੋਤੇ ਦੇ ਰੂਪ ‘ਚ ਪਹਿਲਾਂ ਰਿਸ਼ਤਾ ਕਿਸੇ ਗ਼ਜ਼ਲ ਗਾਇਕ ਨਾਲ ਜੇ ਜੁੜਿਆ ਸੀ ਤਾਂ ਉਹ ਪੰਕਜ ਉਦਾਸ ਸੀ।ਉਸ ਦਾ ਵੀ ਮੁੱਢਲਾ ਕਾਰਨ ਇਹ ਸੀ ਕਿ ਸੰਜੇ ਦੱਤ ਛੋਟੇ ਹੁੰਦੇ ਬੜਾ ਵਧੀਆ ਲੱਗਦਾ ਸੀ ਤੇ ਉਹਦੀ ਫਿਲਮ ‘ਨਾਮ’ ਦਾ ‘ਚਿੱਠੀ ਆਈ ਹੈ’ ਗੀਤ ਬਹੁਤ ਮਸ਼ਹੂਰ ਹੋਇਆ ਸੀ।

7.30 ਵਜੇ ਦਾ ਸਮਾਂ ਸੀ ਜਦੋਂ ਮੈਂ ਚੰਡੀਗੜ੍ਹ ਤੋਂ ਆਪਣੇ ਘਰ ਪਟਿਆਲੇ ਪਹੁੰਚਿਆ।ਮੈਂ ਰਾਹ ‘ਚ ਹੀ ਸੀ ਜਦੋਂ ਗਗਨ ਨੇ ਫੋਨ ‘ਤੇ ਦੱਸਿਆ ਕਿ ਜਗਜੀਤ ਬੀਤ ਗਿਆ ਹੈ।ਉਹਨੇ ਮੇਰੇ ਘਰ ਪਹੁੰਚਣ ‘ਤੇ ਮੁੜ ਇਸੇ ਗੱਲ ਨੂੰ ਦੋਹਰਾਇਆ।ਮੈਂ ਥੱਕਿਆ ਹੋਇਆ ਸਾਂ ਸੋ ਮੈਂ ਗੱਲ ਨੂੰ ਇਹ ਕਹਿਕੇ ਆਈ ਚਲਾਈ ਕਰ ਦਿੱਤਾ ਕਿ ਇਸ ‘ਚ ਕੀ ਨਵੀਂ ਗੱਲ ਐ ਦੁਨੀਆ ਮਰਦੀ ਐ।ਮੈਂ ਨਾਲ ਇਹ ਵੀ ਕਿਹਾ ਵਿਚਾਰੇ ਦਾ ਸਮਾਂ ਸੀ ਲੰਮੇ ਸਮੇਂ ਤੋਂ ਬਿਮਾਰ ਸੀ ਇਹ ਸਮਾਂ ਤਾਂ ਆਉਣਾ ਹੀ ਸੀ।

ਇੱਥੇ ਮਸਲਾ ਇਹ ਸੀ ਕਿ ਅਸੀ ਪਹਿਲਾਂ ਆਪਣੀਆਂ ਨਿਜੀ ਤਰਜੀਹਾਂ ਦੀ ਹੱਦਬੰਦੀ ਕਰਾਂਗੇ ਫਿਰ ਸੋਚਾਂਗੇ ਕਿ ਬਾਕੀ ਸੰਸਾਰ ‘ਚ ਕੀ ਵਾਪਰਿਆ ਹੈ,ਮੈਂ ਵੀ ਆਮ ਘਰੇਲੂ ਬੰਦੇ ਦੀ ਤਰ੍ਹਾਂ ਆਪਣੇ ਝਮੇਲਿਆ ਨੂੰ ਲੈਕੇ ਉਲਝਿਆ ਹੋਇਆ ਘਰ ਪਹੁੰਚਿਆ ਸੀ ਤੇ ਨਾਲੋ ਨਾਲ ਮੇਰੇ ਜਿਹਨ ‘ਚ ਇਹ ਵਿਉਂਤਬੰਦੀ ਚੱਲ ਰਹੀ ਕਿ ਕੱਲ੍ਹ ਨੂੰ ਕੀ ਕਰਨਾ ਹੈ? ਸੋ ਅਜਿਹੀ ਮਾਨਸਿਕ ਥਕਾਨ ‘ਚ ਮੈਂ ਜਗਜੀਤ ਸਿੰਘ ਦੇ ਬੀਤ ਜਾਣ ਨਾਲ ਆਤਮਕ ਸਾਂਝ ਕਿਵੇਂ ਪਾ ਸਕਦਾ ਸੀ ?)

ਪਰ ਜਿਉਂ ਜਿਉਂ ਮੇਰੀ ਥਕਾਨ ਉੱਤਰੀ ਮੈਨੂੰ ਜਗਜੀਤ ਸਿੰਘ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਵਾਲੇ ਨੁਕਸਾਨ ਵਿਖਣ ਲੱਗ ਪਏ।ਮੈਂ ਜਗਜੀਤ ਸਿੰਘ ਬਾਰੇ ਸੋਚਦਾ ਜਾ ਰਿਹਾ ਸੀ।ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਅਵਾਜ਼ ਹੁਣ ਜਿਊਂਦੀ ਜਾਗਦੀ ਸਾਡੇ ਰੂਬੂਰੂ ਨਹੀਂ ਹੋਵੇਗੀ।ਇਹਨਾਂ ਖਿਆਲੀ ਘੁੰਮਣਘੇਰੀਆਂ ‘ਚ ਘੁੰਮਦਾ ਹੋਇਆ ਪਤਾ ਨਹੀਂ ਮੈਂ ਕਿੱਥੇ ਗਵਾਚ ਗਿਆ ਤੇ ਮੈਨੂੰ ਉਹ ਸਾਰੇ ਕਿੱਸੇ ਯਾਦ ਆਏ ਜਦੋਂ ਇੱਕ ਸਰੋਤੇ ਦੇ ਤੌਰ ‘ਤੇ ਜਗਜੀਤ ਸਿੰਘ ਨਾਲ ਮੇਰੀ ਪਲੇਠੀ ਪਛਾਣ ਪਈ।

ਨਾਮ ਤਾ ਗਾਹੇ ਬਗਾਹੇ ਜਗਜੀਤ ਸਿੰਘ ਦਾ ਅਸੀ ਪਹਿਲਾਂ ਵੀ ਸੁਣਿਆ ਸੀ ਪਰ ਜਗਜੀਤ ਸਿੰਘ ਨਾਲ ਸਾਡੀ ਰਸਮੀ ਪਛਾਣ ਇੱਕ ਘਟਨਾ ਤੋਂ ਬਾਅਦ ਹੀ ਪਈ।ਇਹ ਕਿੱਸਾ ਫਿਰ ਮੁੱਦਤਾਂ ਬਾਅਦ ਯਾਦ ਆਇਆ।ਇਹ ਗੱਲ ਉਦੋਂ ਦੀ ਹੈ ਜਦੋਂ ਅਸੀ ਨੌਵੀਂ ਜਮਾਤ ‘ਚ ਹੁੰਦੇ ਸਾਂ।ਅਸੀ ਆਪਣੇ ਅਧਿਆਪਕਾਂ ਤੇ ਸਾਥੀਆਂ ਨਾਲ ਕਪੂਰਥਲਿਓਂ ਆ ਰਹੇ ਸੀ।ਉਹਨਾਂ ਦਿਨਾਂ 'ਚ ਦੀਪ ਢਿੱਲੋਂ ਦਾ ਗਾਣਾ 'ਮਣਕੇ ਟੁਦੇ ਜਾਂਦੇ ਆ',ਹਰਭਜਨ ਮਾਨ ਦੀ 'ਸਤਰੰਗੀ ਪੀਂਘ' ਤੇ ਗੁਰਦਾਸ ਮਾਨ ਦੀ ਪੰਜੀਰੀ ਬਹੁਤ ਚੱਲ ਰਹੀ ਸੀ।ਸਾਰੇ ਸਫਰ 'ਚ ਅਸੀ ਇਹਨਾਂ ਗੀਤਾਂ ਦਾ ਲੁਤਫ ਉਠਾਉਂਦੇ ਆ ਰਹੇ ਸਾਂ।ਵਿਗਿਆਨ ਪ੍ਰਦਰਸ਼ਨੀ ਤੇ ਭਾਸ਼ਣ ਮੁਕਾਬਲਿਆਂ ‘ਚ ਅਸੀ ਜਿੱਤ ਹਾਸਲ ਕੀਤੀ ਸੀ ਸੋ ਜਿੱਤ ਸਾਡੇ ਸਿਰ ਚੱੜ੍ਹਕੇ ਬੋਲ ਰਹੀ ਸੀ।ਪਰ ਸਾਡੀ ਮੈਡਮ ਨੂੰ ਇਹ ਗੀਤ ਪਸੰਦ ਨਹੀਂ ਸਨ।ਉਹਨਾਂ ਕਿਹਾ,ਬੰਦ ਕਰੋ ਯੇ ਕਯਾ ਲਗਾਇਆ ਹੈ ਯੇ ਗੁਰਦਾਸ ਪੇਂਡੂ ਸਾ,ਸੁਨਣਾ ਹੈ ਤੋ ਜਗਜੀਤ ਸਿੰਘ ਕੋ ਸੁਣੋ।"

ਬੇਸ਼ੱਕ ਸਾਰੇ ਗਾਇਕਾਂ ਦੀ ਆਪਣੀ ਸਤਕਾਰਯੋਗ ਥਾਂ ਹੈ ਪਰ ਇੱਥੇ ਅਸੀ ਬੱਚਿਆ ਵਾਲੀ ਲੜਾਈ ‘ਚ ਪੈ ਗਏ ਸੀ ਜਿੱਥੇ ਸਾਨੂੰ ਇਹੋ ਸੀ ਕਿ ਸਾਡੇ ਮਨਪਸੰਦ ਗਾਇਕ ਨੂੰ ਕਿਸੇ ਨੇ ਮਾੜਾ ਕਿਵੇਂ ਕਹਿ ਦਿੱਤਾ।ਉਸ ਸਮੇਂ ਅਸੀ ਗਲਤ ਸਾਂ ਕਿ ਸਾਡੀ ਅਜਿਹੀ ਸੋਚ ਸੀ ਪਰ ਮੈਡਮ ਵੀ ਸਹੀ ਨਹੀਂ ਸੀ ਜੋ ਇਹਨਾਂ ਗਾਇਕਾਂ ਬਾਰੇ ਇੰਝ ਕਹਿ ਰਹੀ ਸੀ।ਇੱਥੇ ਮਸਲਾ ਆਪੋ ਆਪਣੀ ਪਸੰਦ ਨੂੰ ਥੋਪਣ ਦਾ ਸੀ) ਸਾਨੂੰ ਇਹ ਸੁਨਣਾ ਚੰਗਾ ਨਾ ਲੱਗਾ ਤੇ ਮੇਰੇ ਦੋਸਤ ਸੁਖਪਾਲ ਨੇ ਇੱਕ ਕਥਾ ਸੁਣਾਈ।

ਕਹਿੰਦਾ,“ਮੈਡਮ ! ਮੜ੍ਹੀਆ ਦੀ ਗੱਲ ਇਆ ਕਿ ਸਾਰੇ ਮੁਰਦਿਆਂ ਵਿਚਾਰ ਕੀਤੀ ਭਈ ਅੱਜ ਮਨੋਰੰਜਨ ਕੀਤਾ ਜਾਵੇ।ਉਹਨਾਂ ਸਾਰੇ ਮੁਰਦਿਆਂ ਨੂੰ ਰੁੱਕਾ ਭੇਜਿਆ।ਸਾਰੇ ਮੁਰਦੇ ਦੱਸੀ ਜਗ੍ਹਾ ‘ਤੇ ਇੱਕਠੇ ਹੋਏ।ਸਾਰੇ ਮੁਰਦੇ ਖੂਬ ਖੁਸ਼ ਸਨ ਪਰ ਉਹਨਾਂ ਚਾਣਚੱਕ ਸੁਣਿਆ ਕਿ ਉਹਨਾਂ ਦੀ ਮਹਿਫਲ ਵਾਲੀ ਜਗ੍ਹਾ ਦੇ ਨੇੜਿਓ ਹੀ ਕਿਸੇ ਦੇ ਗਾਉਣ ਦੀ ਅਵਾਜ਼ ਆ ਰਹੀ ਹੈ।ਉਹਨਾਂ ਧਿਆਨ ਨਾਲ ਸੁਣਿਆ ਤਾਂ ਪਤਾ ਲੱਗਾ ਇਹ ਤਾਂ ਜਗਜੀਤ ਸਿੰਘ ਗਾ ਰਿਹਾ ਹੈ।ਮੈਡਮ ਜੀ ਫੇਰ ਕੀ ਸੀ ਜੀ,ਮੁਰਦਿਆਂ ਦਾ ਸਾਰਾ ਮਨੋਰੰਜਨ ਖਰਾਬ ਹੋ ਗਿਆ।”

ਅਸੀ ਹੱਸ ਹੱਸ ਕੇ ਆਪਣੀ ਵੱਖੀ ਪੀੜਾਂ ਪਾ ਲਈਆਂ ਤੇ ਮੈਡਮ ਸ਼ਰਮਿੰਦੀ ਜਹੀ ਹੋਕੇ ਚੁੱਪ ਹੋ ਗਈ।ਸਾਡੇ ਨਾਲ ਦੋ ਮੈਡਮਾਂ ਚੋਂ ਇੱਕ ਸਾਡੇ ਮਿਉਜ਼ਿਕ ਟੀਚਰ ਸਨ।ਮੈਡਮ ਉਹਨਾਂ ਨੂੰ ਕਹਿੰਦੇ,“ਦੇਖਾ ਮੈਡਮ ਆਪਨੇ,ਇੰਨ੍ਹੇ ਸ਼ਰਮ ਨਹੀਂ ਆਤੀ ਯੇ ਜਗਜੀਤ ਸਿੰਘ ਜੀ ਕੇ ਬਾਰੇ ਮੇਂ ਐਸਾ ਬੋਲਤੇ ਹੈਂ,ਮੈਡਮ ਆਪ ਇਨਕੋ ਕੁਛ ਸਿਖਾਈਏ।”

ਸਾਡੀ ਉਹ ਬਹਿਸ ਇਸ ਮੁੱਦੇ ‘ਤੇ ਹੀ ਸਿਮਟ ਗਈ ਕਿ ਜੇ ਤੁਸੀ ਗੁਰਦਾਸ ਮਾਨ ਬਾਰੇ ਇੰਝ ਬੋਲੋਗੇ ਤਾਂ ਅਸੀ ਜਗਜੀਤ ਸਿੰਘ ਬਾਰੇ ਇੰਝ ਬੋਲਾਂਗੇ।ਉਸ ਗੱਲ ਦਾ ਇੰਨਾ ਪ੍ਰਭਾਵ ਪਿਆ ਕਿ ਸਾਡੇ ਦੋਸਤਾਂ ‘ਚ ਜਗਜੀਤ ਸਿੰਘ ਹੁਣਾਂ ‘ਤੇ ਕਿਸੇ ਦੀ ਸਹਿਮਤੀ ਨਾ ਬਣੀ।ਜਗਜੀਤ ਸਿੰਘ ਨਾਲ ਸਾਡੀ ਸਾਂਝ ਹਮੇਸ਼ਾ ਮੋਹ ਪਿਆਰ ਤੋਂ ਸੱਖਣੀ ਰਹੀ।ਬੱਸ ਜੀ ਮੁੱਕਦੀ ਗੱਲ ਇਹ ਹੈ ਕਿ ਅਲੱ੍ਹੜਪੁਣੇ ਦੀ ਉੱਮਰ ਸੀ,ਕੀਲ ਕੇ ਲਿਜਾਣ ਵਾਲੀ ਦਿਲ ਖਿੱਚਵੀਂ ਅਵਾਜ਼ ਦਾ ਹੁਨਰ ਪਛਾਣਦੇ ਨਹੀਂ ਸਾਂ।ਜਗਜੀਤ ਸਿੰਘ ਦੀ ਅਵਾਜ਼ ਸੁਣਦੇ ਜ਼ਰੂਰ ਸਾਂ ਪਰ ਇਹ ਅਵਾਜ਼ ਸਾਡੇ ਲਈ ਕਦੀ ਦਸਤਕ ਦੇਣ ਵਾਲੀ ਅਵਾਜ਼ ਨਾ ਬਣੀ।ਸਮਾਂ ਬੀਤਦਾ ਗਿਆ,ਬਚਪਨ ਚਲਾ ਗਿਆ ਤੇ ਕਿਸ਼ੋਰ ਅਵਸਥਾ ਵੀ ਚਲੇ ਗਈ।ਫਿਰ ਉਹ ਉੱਮਰ ਆਈ ਜੋ ਸਾਰਿਆਂ ‘ਤੇ ਆਉਂਦੀ ਹੈ।

ਜਦੋਂ ਦਿਲ ਨੂੰ ਕੋਈ ਪਸੰਦ ਆਉਂਦਾ ਹੈ।ਜਦੋਂ ਕਾਲਜ ਤਾਂ ਹੁੰਦਾ ਹੈ ਪਰ ਪੜ੍ਹਾਈ ਦੇ ਨਾਲ ਹੋਰ ਵੀ ਬਹੁਤ ਕੁਝ ਹੁੰਦਾ ਹੈ।ਕੋਈ ਕੁੜੀ ਦੋਸਤ ਬਣਦੀ ਹੈ,ਫਿਰ ਉਸ ਨਾਲ ਪਿਆਰ ਹੁੰਦਾ ਹੈ,ਤੇ ਫਿਰ……ਪਿਆਰ ਟੁੱਟਦਾ ਵੀ ਹੈ।ਉਹਨਾਂ ਦਿਨਾਂ ‘ਚ ਮੇਰੇ ਇੱਕ ਦੋਸਤ ਨਾਲ ਅਜਿਹਾ ਹੀ ਭਾਣਾ ਵਾਪਰਿਆ।ਆਪਣੇ ਦਿਲ ਦੇ ਅਲ੍ਹੇ ਅਲ੍ਹੇ ਜ਼ਖ਼ਮ ਨੂੰ ਪਲੋਸਨ ਲਈ ਉਹ ਦਰਦ ਭਿੰਨੇ ਗੀਤ ਸੁਨਣ ਲੱਗ ਪਿਆ।ਉਹਨੇ ਸ਼ਿਵ ਕੁਮਾਰ ਦੀ ਕਵਿਤਾਵਾਂ ਪੜ੍ਹਣੀਆਂ ਸ਼ੁਰੂ ਕੀਤੀਆਂ।ਫਿਰ ਉਹਨੂੰ ਗਾਹੇ ਬਗਾਹੇ ਪਤਾ ਚਲਿਆ ਕਿ ਸ਼ਿਵ ਕੁਮਾਰ ਦੇ ਗੀਤਾਂ ਨੂੰ ਬਹੁਤ ਸਾਰੇ ਗਾਇਕਾਂ ਵੀ ਗਾਇਆ ਹੈ।ਉਹਨੇ ਹੰਸ ਰਾਜ ਹੰਸ ਦੇ ਗੀਤ ਵੀ ਸੁਣੇ,ਉਹਨੇ ਸੁਰਿੰਦਰ ਕੌਰ ਦੇ ਗੀਤ ਵੀ ਸੁਣੇ ਪਰ ਜਦੋਂ ਉਹਦੇ ਹੱਥ ਜਗਜੀਤ ਸਿੰਘ ਵੱਲੋਂ ਗਾਏ ਸ਼ਿਵ ਦੇ ਗੀਤ ਆਏ ਤਾਂ ਬੱਸ ਫਿਰ ਕੀ ਸੀ ਉਹਨੇ ਜਗਜੀਤ ਸਿੰਘ ਦੇ ਇਕੋ ਗੀਤ ਦੀ ਹੀ ਪੂਰੀ ਕੈਸੇਟ ਰਿਕਾਰਡ ਕਰਵਾ ਲਈ।ਜਿਸ ‘ਚ ਜਗਜੀਤ ਦਾ ਇਹੋ ਗੀਤ ਹੀ ਚੱਲਦਾ ਰਹਿੰਦਾ ਸੀ।

ਰੋਗ ਬਣਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ,
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ॥


ਹੁਣ ਖਰਬੂਜ਼ੇ ਨੂੰ ਵੇਖਕੇ ਖਰਬੂਜ਼ਾ ਰੰਗ ਤਾਂ ਬਦਲਦਾ ਹੀ ਹੈ।ਜੇ ਨਾਲ ਵਾਲਾ ਖਰਬੂਜ਼ਾ ਖੁਸ਼ ਹੋਵੇਗਾ ਤੇ ਦੂਜਾ ਖਰਬੂਜ਼ਾ ਵੀ ਖੁਸ਼ ਹੋਵੇਗਾ।ਹੁਣ ਸਾਡਾ ਖਰਬੂਜ਼ਾ ਦੁਖੀ ਸੀ ਉਸ ਨਾਲ ਲੱਗੇ ਲੱਗੇ ਅਸੀ ਵੀ ਜਗਜੀਤ ਸਿੰਘ ਨੂੰ ਸੁਨਣ ਲੱਗ ਪਏ।ਸਾਨੂੰ ਹੌਲੀ ਹੌਲੀ ਉਹ ਆਪਣੀ ਅਵਾਜ਼ ਲੱਗਣ ਪਈ।ਅਸੀ ਫਿਰ ਵੱਧ ਤੋਂ ਵੱਧ ਜਗਜੀਤ ਸਿੰਘ ਦੇ ਗੀਤ ਇੱਕਠੇ ਕਰਨੇ ਸ਼ੁਰੂ ਕਰ ਦਿੱਤੇ।ਇੱਕ ਸਮਾਂ ਅਜਿਹਾ ਆਇਆ ਕਿ ਵਾਕਮੈਨ ਤੋਂ ਸਾਡੇ ਕੋਲ ਲੈਪਟੋਪ,ਆਈਪੌਡ ਤੇ ਮੈਮੋਰੀ ਕਾਰਡ ਵਾਲਾ ਮੋਬਾਈਲ ਆ ਗਿਆ ਪਰ ਇਹ ਸਾਨੂੰ ਵਾਕਮੈਨ ਹੀ ਲੱਗਦੇ ਕਿਉਂ ਕਿ ਇਹਨਾਂ ‘ਚ ਵੀ ਸਿਰਫ ਜਗਜੀਤ ਸਿੰਘ ਦੇ ਗੀਤਾਂ ਦੀ ਭਰਮਾਰ ਹੁੰਦੀ।ਅਸੀ ਹੁਣ ਜਗਜੀਤ ਸਿੰਘ ਦੇ ਗੀਤਾਂ ਬਾਰੇ ਜ਼ੁਬਾਨੀ ਹੀ ਦੱਸ ਦਿੰਦੇ ਸਾਂ ਕਿ ਇਹ ਕਿਹੜੀ ਐਲਬਮ ਚੋਂ ਹੈ।ਸਾਡੀਆਂ ਰੋਜ਼ਾਨਾ ਗੱਲਾਂ ‘ਚ ਵੀ ਜਗਜੀਤ ਦੇ ਗੀਤ ਅਖਾਣ ਦੇ ਰੂਪ ‘ਚ ਪ੍ਰਗਟ ਹੋ ਜਾਂਦੇ।ਅਸੀ ਰੱਬੀ ਸਬੱਬੀ ਹੀ ਕਿਸੇ ਗੱਲ ‘ਚ ਆਪਣੇ ਆਪ ਨੂੰ ਸ਼ਾਮਲ ਕਰਨ ਲਈ ਕਹਿ ਜਾਣਾ ਕਿ ‘ਜ਼ਿੰਦਗੀ ਕਿਆ ਹੈ ਜਾਨਣੇ ਕੇ ਲੀਏ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈ,ਆਜ ਤੱਕ ਕੋਈ ਭੀ ਰਹਾ ਤੋ ਨਹੀਂ,ਸਾਰੀ ਵਾਦੀ ਉਦਾਸ ਬੈਠੀ ਹੈ’ਭਰਾਵੋ ਮਾਜਰਾ ਕੀ ਹੈ..!

ਪੱਤਰਕਾਰੀ ਦੀ ਜਮਾਤ ‘ਚ ਕਾਲਜ ਦੌਰਾਨ ਜਦੋਂ ਸਾਡੀ ਅਧਿਆਪਕ ਨੇ ਸਾਡੀਆਂ ਸ਼ਰਾਰਤਾਂ ਤੋਂ ਤੰਗ ਹੋਈ ਨੇ ਨਰਾਜ਼ ਹੋਕੇ ਸਾਨੂੰ ਕਹਿਣਾ ਕਿ ਗੱਲ ਨਾ ਕਰਿਓ ਮੇਰੇ ਨਾਲ ਅੱਜ ਤੋਂ ਬਾਅਦ ਤਾਂ ਅਸੀ ਗਾਉਣ ਲੱਗ ਜਾਣਾ ‘ਹਾਥ ਛੂਟੇ ਮਗਰ ਰਿਸ਼ਤੇ ਨਹੀਂ ਟੂਟਾ ਕਰਤੇ ਵਕਤ ਕੀ ਸ਼ਾਖ਼ ਸੇ ਲਮ੍ਹੇ ਨਹੀਂ ਟੂਟਾ ਕਰਤੇ’ ਤਾਂ ਸਾਡੀ ਅਧਿਆਪਕ ਨੇ ਆਪਣੀ ਨਰਾਜ਼ਗੀ ਦੂਰ ਕਰਕੇ ਮੁਸਕਰਾਉਂਦੇ ਹੋਏ ਫਿਰ ਸਾਨੂੰ ਪੜ੍ਹਾਉਣ ਲੱਗ ਪੈਣਾ।ਫਿਰ ਸਮਾਂ ਆਇਆ ਜਦੋਂ ਮੇਰੀ ਚੋਣ ਬਤੌਰ ਰੇਡਿਓ ਅਨਾਉਂਸਰ ਅਕਾਸ਼ਵਾਣੀ ਪਟਿਆਲਾ ‘ਚ ਹੋ ਗਈ।ਫਿਰ ਕੀ ਸੀ ਮੇਰੇ ਲਈ ਤਾਂ ਉਹ ਅਲੀ ਬਾਬੇ ਦੇ ਖ਼ਜ਼ਾਨੇ ਤੱਕ ਪਹੁੰਚਣ ਦੀ ਤਰ੍ਹਾਂ ਸੀ।ਰੇਡਿਓ ‘ਚ ਪ੍ਰੋਗਰਾਮ ਪੇਸ਼ ਕਰਨੇ ਤੇ ਨਾਲੇ ਵਿਹਲੇ ਸਮੇਂ ਜਗਜੀਤ ਦੇ ਗੀਤ ਲਾਇਬ੍ਰੇਰੀ ‘ਚ ਸੁਣਦੇ ਰਹਿਣਾ।

‘ਆਦਮੀ ਆਦਮੀ ਕੋ ਕਿਆ ਦੇਗਾ,ਜੋ ਭੀ ਦੇਗਾ ਵੋਹੀ ਖੁਦਾ ਦੇਗਾ’

ਜਗਜੀਤ ਸਿੰਘ ਵੱਲੋਂ ਸ਼ਰਵਣ ਕੀਤੇ ਭਜਨ ਤੇ ਸ਼ਬਦ ਸਾਡੀ ਜ਼ਿੰਦਗੀ ਦਾ ਆਮ ਹਿੱਸਾ ਬਣ ਗਏ।ਲੌਂਗ ਦਾ ਲਿਸ਼ਕਾਰਾ ਦੇ ਗੀਤ ਮੈਂ ਆਮ ਹੀ ਕਿਸਾਨਵਾਣੀ ਪ੍ਰੋਗਰਾਮ ‘ਚ ਚਲਾ ਦੇਣੇ।ਮੇਰੇ ਪ੍ਰੋਗਰਾਮਿੰਗ ਹੈੱਡ ਨੇ ਕਹਿਣਾ, “ਕਾਕਾ ਰੋਜ ਈ ਜਗਜੀਤ ਸਿੰਘ ਦੇ ਗੀਤ ਠੋਕ ਦੇਂਦਾ ਏ ਕਦੀ ਸਦੀਕ ਜਾਂ ਮਾਣਕ ਵੀ ਲਾਇਆ ਕਰ,ਇੰਝ ਕੁਆਲਟੀ ਮੈਟੇਨ ਰਹਿੰਦੀ ਹੈ।” ਪਰ ਜਨਾਬ ਨੂੰ ਕੌਣ ਸਮਝਾਏ ਕਿ ਇੱਥੇ ਤਾਂ ਬਾਬੇ ਆਪਣੀ ਕੁਆਲਟੀ ਮੈਂਟੇਨ ਕਰਦੇ ਹੋਏ ਆਪਣਾ ਸ਼ੌਂਕ ਪੂਰਾ ਕਰਦੇ ਹਨ।

ਸਾਡੇ ਪਿੰਡ ‘ਚ ਇੱਕ ਮਾਤਾ ਨੂੰ ਸਾਰਾ ਦਿਨ ਪਿੰਡ ਗਾਹੁਣ ਦਾ ਬੜਾ ਚਸਕਾ ਸੀ।ਉਹਨੇ ਇੱਕ ਘਰ ਦੀ ਦੂਜੇ ਘਰ ਤੇ ਦੂਜੇ ਘਰ ਦੀ ਤੀਜੇ ਘਰ ਜਾਕੇ ਸਣਾਉਣੀ।ਉਹਦੀਆਂ ਕੀਤੀਆਂ ਗੱਲਾਂ ਨਾਲ ਬੜੀ ਵਾਰ ਤਾਂ ਚੰਗੀ ਰਾਮ ਰੌਲੀ ਛਿੜਦੀ ਕਿ ਸੱਸ-ਨੂੰਹ ਦੇ ਕੁਪੱਤ ਦਾ ਅੱਖੀ ਵੇਖਿਆ ਹਾਲ ਵੇਖਕੇ ਸਾਰਿਆਂ ਖੂਬ ਮਨੋਰੰਜਨ ਕਰਨਾ।ਸਾਨੂੰ ਮਾਤਾ ਨੇ ਮਿਲਿਆ ਕਰਨਾ ਤੇ ਅਸੀ ਮਸ਼ਕਰੀਆਂ ਕਰਦਿਆਂ ਨੇ ਜਗਜੀਤ ਸਿੰਘ ਦਾ ਗੀਤ ਗਾਉਣ ਲੱਗ ਪੈਣਾ।

ਸਾਰੇ ਪਿੰਡ ‘ਚ ਪੁਆੜੇ ਪਾਏ।ਅਸੀ ਦੂਜੀ ਸਤਰ ਨੂੰ ਤਾਂ ਬੋਲਦੇ ਨਹੀਂ ਸਾਂ ਬੱਸ ਪਹਿਲੀ ਸਤਰ ਨੂੰ ਹੀ ਦੁਹਰਾਈ ਜਾਣਾ।ਮਾਤਾ ਨੇ ਸਾਰੀ ਮੰਡੀਰ ਨੂੰ ਫਟਕਾਰ ਮਾਰਦਿਆਂ ਕਹਿਣਾ,“ ਮੈਨੂੰ ਕੀ ਪਤਾ ਨੀ ਲੱਗਦੇ ਓਂਤਰਿਆਂ ਨੂੰ ਸ਼ਰਮ ਨੀ ਆਉਂਦੀ,ਚਿੱਟੇ ਵਾਲਾ ਨਾਲ ਚਲੇਡਾਂ ਕਰਦਿਆਂ ਨੂੰ,ਅੱਗੇ ਵੀ ਤੇਰੀ ਮਾਂ ਹੈਗੀ ਏ ਓ,ਵੀ ਗਾ ਲਓ ਇੱਥੇ ਹੀ ਕਿਉਂ ਤੁਹਾਡਾ ਕੁੱਤਾ ਫਸ ਗਿਆ ਐ।”

ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਜਗਜੀਤ ਸਿੰਘ ਹੀ ਮੈਨੂੰ ਅਜਿਹਾ ਗ਼ਜ਼ਲ ਗਾਇਕ ਯਾਦ ਆਉਂਦਾ ਹੈ ਜਿੰਨੇ ਕੋਈ ਵਪਾਰਕ ਇਸ਼ਤਿਹਾਰ ਕੀਤਾ ਹੋਵੇ।‘ਟੋਰੇਕਸ ਖਾਂਸੀ ਕੀ ਛੁੱਟੀ’ ਆਖਰ ਉਹਦੇ ਚਲੇ ਜਾਣ ਤੋਂ ਬਾਅਦ ਇਹ ਵਿਗਿਆਪਨ ਵੀ ਨਹੀਂ ਭੁੱਲ ਸਕਦਾ।ਇਸ ਵਿਗਿਆਪਨ ਦੇ ਆਉਣ ਨਾਲ ਹੀ ਘਰ ਰੌਲਾ ਪੈ ਜਾਂਦਾ ਸੀ, “ਓ ਤੇਰਾ ਜਗਜੀਤ ਸਿੰਘ ਆ ਗਿਆ।” ਫਿਰ ਸਾਰੇ ਹੀ ਅਸੀ ਜਗਜੀਤ ਸਿੰਘ ਨਾਲ ਮਿਲਕੇ ਗਾਉਣ ਲੱਗ ਪੈਂਦੇ ਸਾਂ।ਫ਼ਿਲਮ ‘ਸਰਫਰੋਸ਼’ ‘ਚ ਗਾਈ ਜਗਜੀਤ ਸਿੰਘ ਦੀ ਗ਼ਜ਼ਲ ‘ਹੋਸ਼ ਵਾਲੋਂ ਕੋ ਖਬਰ ਕਿਆ,ਦਿਲਲਗੀ ਕਿਆ ਚੀਜ਼ ਹੈ, ਜਾਂ ਫਿਲਮ ‘ਤੁਮ ਬਿਨ’ ਦਾ ‘ਕੋਈ ਫਰਿਆਦ’ ਅੱਜ ਮੈਨੂੰ ਫਿਰ ਸੁਨਣੇ ਚੰਗੇ ਲੱਗ ਰਹੇ ਹਨ।

ਜਗਜੀਤ ਸਿੰਘ ਦੀ ਦਾ ਠਹਿਰਾ ਸਾਨੂੰ ਸਿਆਣਪ ਦੇ ਨਾਲ ਸਮਝ ਆਇਆ ਕਿ ਉਸ ਦੀ ਗਾਇਕੀ ‘ਚ ਕਿੰਨੀ ਰੂਹਦਾਰੀ ਹੈ।ਉਹ ਇਸ਼ਕ ਮਜਾਜ਼ੀ ਨੂੰ ਵੀ ਪਿਆਰ ਨਾਲ ਛੂੰਹਦਾ ਹੈ ਤੇ ਇਸ਼ਕ ਹਕੀਕੀ ਦੇ ਦਰਸ਼ਨ ਵੀ ਉਨੇ ਹੀ ਸਤਕਾਰ ਨਾਲ ਕਰਾਉਂਦਾ ਹੈ।ਜਗਜੀਤ ਸਿੰਘ ਦੇ ਸਾਰੇ ਗੀਤ ਦਾ ਜ਼ਿਕਰ ਤਾਂ ਨਹੀਂ ਕਰ ਸਕਦਾ ਪਰ ਉਹਦੇ ਟੁਰ ਜਾਣ ਤੋਂ ਬਾਅਦ ਮੈਨੂੰ ਇਹ ਜ਼ਰੂਰ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ‘ਚ ਇੱਟ ਪੁੱਟਿਆ ਹੀ ਗਾਇਕ ਪ੍ਰਗਟ ਹੁੰਦੇ ਹਨ ਪਰ ਹਰ ਗਾਇਕ ਸਰੋਤੇ ਦੇ ਦਿਲ ਦੀ,ਉਹਦੇ ਜਜ਼ਬਾਤ ਦੀ ਇੰਨੀ ਗੂੜ੍ਹੀ ਛਾਪ ਨਹੀਂ ਬਣਦਾ।ਉਹਦੇ ਲਈ ਇੱਕ ਸੰਵਾਦ ਪੈਦਾ ਹੁੰਦਾ ਹੈ।ਇੱਕ ਅਜਿਹਾ ਸੰਵਾਦ ਜਿੱਥੇ ਜਜ਼ਬਾ ਜਜ਼ਬੇ ਨਾਲ ਗੱਲ ਕਰਦਾ ਹੈ ਤਾਂ ਜਾਕੇ ਜਜ਼ਬਾਤ ਵਹਿੰਦੇ ਹਨ।ਵਹਿੰਦੇ ਹਨ-ਇੱਕ ਪਿਆਰੇ ਮਲੂਕ ਜਿਹੇ,ਮੱਠੇ ਜਿਹੇ ਅਹਿਸਾਸ ਵੱਲ ਨੂੰ ਜੋ ਕੋਈ ਵੀ ਬੰਦਾ ਆਪਣੇ ਨਿਜ ਤੋਂ ਹੀ ਸਮਝ ਸਕਦਾ ਹੈ।

ਹਰਪ੍ਰੀਤ ਸਿੰਘ ਕਾਹਲੋਂ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।

1 comment: