ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, December 20, 2011

ਕਿਸ਼ਨਜੀ ਮਹਿਜ਼ ਇਕ ਹੋਰ 'ਸ਼ਹੀਦ' ਨਹੀਂ ਹੈ

ਕਿਸ਼ਨਜੀ ਮਹਿਜ਼ ਦਾਬੇ ਵਿਰੁੱਧ ਲੜਨ ਵਾਲਾ ਇਕ ਯੋਧਾ,ਇਕ ਬਹਾਦਰ ਅਤੇ ਦਲੇਰ ਸ਼ਖਸ ਹੀ ਨਹੀਂ ਹੈ। ਉਹ ਦੇਸ਼ ਦੀ ਟਾਕਰਾ ਲਹਿਰ ਦੇ ਇਤਿਹਾਸ ਵਿਚ ਇਕ ਵਿਲੱਖਣ ਵਰਤਾਰੇ ਦਾ ਪ੍ਰਮੁੱਖ ਆਗੂ ਸੀ—ਅਤੇ ਹੋ ਸਕਦਾ ਹੈ ਉਹ ਇਸ ਬਾਰੇ ਇੰਨਾ ਸੁਚੇਤ ਨਾ ਵੀ ਹੋਵੇ। ਉਸ ਦੀ ਅਗਵਾਈ 'ਚ ਟਾਕਰੇ ਦੇ ਅਨੇਕ ਰੂਪਾਂ ਦਾ ਸੁਮੇਲ ਹੋ ਗਿਆ ਸੀ—ਲੋਕਾਂ ਦੀ ਹਥਿਆਰਬੰਦ ਲੜਾਕੂ ਤਾਕਤ ਦਾ ਖੁੱਲ੍ਹੀਆਂ ਰੈਲੀਆਂ, ਜਲੂਸਾਂ ਅਤੇ ਮੁਜ਼ਾਹਰਿਆਂ ਨਾਲ ਸੁਮੇਲ। ਜੇ ਕੋਈ ਸੱਚੀਓਂ ਹੀ ਜਮਹੂਰੀ ਜਨਤਕ ਉਭਾਰਾਂ ਬਾਰੇ ਗੰਭੀਰ ਹੈ ਤਾਂ ਉਹ 'ਰਣਨੀਤੀ', 'ਤਾਕਤ ਦੀ ਵਰਤੋਂ' ਜਾਂ 'ਹਥਿਆਰਬੰਦ ਟਾਕਰੇ' ਤੋਂ ਅੱਖਾਂ ਨਹੀਂ ਮੀਟ ਸਕਦਾ; ਕਿ ਜਨਤਕ ਘੋਲ ਨੂੰ ਜ਼ਿੰਦਗੀ ਦੇਣ ਵਾਲੀਆਂ ਰਗਾਂ ਹਥਿਆਰਬੰਦ ਟਾਕਰੇ ਤੱਕ ਪਸਰੀਆਂ ਹੋਈਆਂ ਹਨ—ਉਂਞ ਇਹ ਪੁਰਾਣੇ ਲੈਨਿਨਵਾਦੀ ਸਬਕ ਸਨ ਜੋ ਕਿਸ਼ਨਜੀ ਦੀ ਜ਼ਿੰਦਗੀ ਅਤੇ ਸਰਗਰਮੀ ਅੰਦਰ ਮੁੜ ਬਿਆਨ ਹੋਏ,ਇਨ੍ਹਾਂ ਦਾ ਦਾਅਵਾ ਮੁੜ ਜਤਾਇਆ ਗਿਆ ਅਤੇ ਇਨ੍ਹਾਂ 'ਚ ਮੁੜ ਤਾਜ਼ਗੀ ਆਈ। ਇਨ੍ਹਾਂ ਅਰਥਾਂ 'ਚ ਕਿਸ਼ਨਜੀ ਨੇ ਇਕ ਤਰ੍ਹਾਂ ਨਾਲ ਖੱਬੀ ਧਿਰ ਅੰਦਰ ਜਨਤਕ ਲਹਿਰਾਂ ਅਤੇ 'ਫ਼ੌਜੀ ਰਣਨੀਤੀ' ਦੋਵਾਂ ਦੀ ਮਹੱਤਤਾ ਨੂੰ ਮੁੜ ਸਥਾਪਤ ਕੀਤਾ। ਅੱਜ ਖੱਬੀ ਧਿਰ ਦਾ ਝੁਕਾਅ ਹਰ ਉਸ ਚੀਜ਼ ਨੂੰ ਕਿਸੇ ਸੱਜੇਪੱਖੀ, ਫਾਸ਼ੀਵਾਦੀ ਫ਼ਤੂਰ ਵਾਂਗ ਰੱਦ ਕਰ ਦੇਣ ਦਾ ਹੈ ਜਿਸ ਦਾ ਵੀ ਜ਼ਾਬਤੇ ਅਤੇ ਫ਼ੌਜ ਨਾਲ ਕੋਈ ਲਾਗਾਦੇਗਾ ਹੈ। ਦਾਰਸ਼ਨਿਕ ਸਲਾਵੋਜ ਜ਼ਿਜ਼ੈਕ ਨੁਕਤਾ ਉਠਾਉਂਦਾ ਹੈ ਕਿ ਸਥਾਪਤੀ ਦੀ ਸੁੱਖਭੋਗੀ ਵਾਜਬੀਅਤ ਦੇ ਉਲਟ, ਖੱਬੀ ਧਿਰ ਨੂੰ ''ਜ਼ਾਬਤੇ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਮੁੜ ਵਾਜਬ ਬਣਾਉਣਾ ਚਾਹੀਦਾ ਹੈ: ਇਨ੍ਹਾਂ ਕਦਰਾਂ-ਕੀਮਤਾਂ 'ਚ ਕੁਝ ਵੀ ਵਜੂਦ ਸਮੋਇਆ 'ਫਾਸ਼ੀਵਾਦੀ' ਨਹੀਂ ਹੈ।'' http://www.lacan.com/zizhollywood.htm ) ਇੱਥੇ ਕਿਸ਼ਨਜੀ ਦਾ ਯੋਗਦਾਨ ਸਿਰ ਕੱਢਵਾਂ ਹੈ—ਹਾਕਮ ਜਮਾਤਾਂ ਅੰਦਰ ਭਾਰੀ ਡਰ ਅਤੇ ਧੁੜਕੂ ਪੈਦਾ ਕਰਨਾ ਜਿਨ੍ਹਾਂ ਨੇ ਉਸ ਨੂੰ ਮਾਰ ਸੁੱਟਿਆ।ਇਹ ਉਸ ਵਕਤ ਅਹਿਮ ਯੋਗਦਾਨ ਹੈ ਜਦੋਂ ਖੱਬੀ ਧਿਰ 'ਰਣਨੀਤੀ ਵਿਹੂਣੀ' ਹੈ, ਜਦੋਂ ਤਹਿਰੀਰ ਚੌਕ ਵਿਖੇ ਜਨਤਕ ਮੁਜ਼ਾਹਰੇ ਜਾਂ ਵਾਲ ਸਟਰੀਟ 'ਤੇ ਕਬਜ਼ਾ ਕਰੋ ਅੰਦੋਲਨ ਬੰਦ ਗਲੀ 'ਚ ਫਸ ਗਏ, ਹੰਭ ਜਹੇ ਗਏ ਲਗਦੇ ਹਨ, ਜਾਂ ਹਕੂਮਤੀ ਜਬਰ ਨਾਲ ਮੜਿੱਕਣ ਤੋਂ ਅਸਮਰੱਥ ਹਨ। ਕੁਝ ਲੋਕ ਕਹਿ ਸਕਦੇ ਹਨ ਕਿ ਜੰਗਲਮਹੱਲ ਵਿਚ ਖਾੜਕੂ ਜਨਤਕ ਮੁਜ਼ਾਹਰਿਆਂ ਦਾ ਵੀ ਜੂਨ 2009 'ਚ ਮਾਓਵਾਦੀਆਂ ਵਲੋਂ 'ਕਬਜ਼ਾ ਕਰ ਲੈਣ' ਨਾਲ ਭੋਗ ਹੀ ਤਾਂ ਪੈ ਗਿਆ ਸੀ। ਇਸ ਦੀ ਬਜਾਏ ਇਹ 'ਕਬਜ਼ਾ' ਜਨਤਕ ਲਹਿਰ ਲਈ ਬਹੁਤ ਹੀ ਲੋੜੀਂਦੀ ਕੰਗਰੋੜ ਤੋਂ ਬਿਨਾਂ ਹੋਰ ਕੁਝ ਨਹੀਂ ਸੀ, ਹੁਣ ਇਹ ਇਕ ਰਣਨੀਤੀ ਤਹਿਤ ਇਕ ਜਥੇਬੰਦਕ ਤਾਕਤ ਵਜੋਂ ਆਪਣਾ ਇਜ਼ਹਾਰ ਕਰਨ ਦੇ ਸਮਰੱਥ ਸੀ।

ਰਾਜ ਦੀ ਹਥਿਆਰਬੰਦ ਤਾਕਤ ਨਾਲ ਮੜਿੱਕਣ ਤੋਂ ਇਲਾਵਾ, ਇਹ ਜਮਾਤੀ ਘੋਲ ਬਾਰੇ ਸਪਸ਼ਟਤਾ ਲਿਆਉਣ, ਉਸ ਨੂੰ ਪ੍ਰੀਭਾਸ਼ਤ ਕਰਨ ਵੱਲ ਪਹਿਲਾ ਕਦਮ ਹੈ ਜਿਸਨੂੰ ਮਾਰਕਸ ਕਮਿਊਨਿਸਟ ਮੈਨੀਫੈਸਟੋ ਵਿਚ ਕੁਲਮਿਲਾਕੇ ਲਹਿਰ ਲਈ 'ਕੂਚ ਦਾ ਰਾਹ' ਕਹਿੰਦਾ ਹੈ। ਗੱਲ ਇਹ ਨਹੀਂ ਕਿ ਮਾਓਵਾਦੀਆਂ ਨੇ ਇੱਥੇ ਵੱਡੀਆਂ ਕਾਮਯਾਬੀਆਂ ਹਾਸਲ ਕਰ ਲਈਆਂ ਹਨ ਪਰ ਉਨ੍ਹਾਂ ਨੇ ਕੁਝ ਬੁਨਿਆਦੀ ਹੱਕ ਜ਼ਰੂਰ ਹਾਸਲ ਕੀਤੇ ਹਨ। ਸ਼ੁਰੂਆਤੀ ਉਭਾਰ ਤੋਂ ਬਾਅਦ ਜਨਤਕ ਸਰਗਰਮੀਆਂ ਅਤੇ ਰੈਲੀਆਂ ਦੇ ਠੁੱਸ ਹੋ ਜਾਣ ਦੀ ਆਮ ਕਹਾਣੀ ਇੱਥੇ ਨਹੀਂ ਦੁਹਰਾਈ ਗਈ। ਜਨਤਕ ਲਹਿਰ ਕਈ ਸ਼ਕਲਾਂ 'ਚ ਜਾਰੀ ਹੈ। ਅਸਲ ਵਿਚ, ਔਰਤਾਂ ਦੀ ਇਕ ਨਵੀਂ ਜਥੇਬੰਦੀ, ਨਾਰੀ ਇੱਜ਼ਤ ਬਚਾਓ ਕਮੇਟੀ , ਉੱਭਰੀ ਹੈ। ਜਦੋਂ ਤੱਕ ਹਕੂਮਤ ਪਾਬੰਦੀ ਨਹੀਂ ਲਾਉਂਦੀ ਜਾਂ 'ਇਜਾਜ਼ਤ ਦੇਣ ਤੋਂ ਨਾਂਹ ਨਹੀਂ ਕਰਦੀ' ਇਹ ਅਗਸਤ 2010 ਵਰਗੀਆਂ ਵੱਡੀਆਂ ਰੈਲੀਆਂ ਕਰੀ ਜਾ ਰਹੀ ਹੈ ਜਿਸ ਵਿਚ ਮਮਤਾ ਅਤੇ ਸਵਾਮੀ ਅਗਨੀਵੇਸ਼ ਸ਼ਾਮਲ ਹੋਏ ਸਨ।

ਅਜਿਹਾ ਹੈ ਕਿਸ਼ਨਜੀ ਦਾ ਯੋਗਦਾਨ,
ਉਸ ਦੇ ਕੁਝ ਮੌਲਿਕ ਕੰਮ—ਇਹ ਮਹਿਜ਼ ਇਕ ਹਲੀਮੀ ਵਾਲੀ 'ਕੁਰਬਾਨੀ' ਜਾਂ 'ਸ਼ਹਾਦਤ' ਨਹੀਂ ਹੈ ਜਿਸਦਾ ਮਾਓਵਾਦੀ ਖ਼ੁਦ ਅਕਸਰ ਹੀ ਬਥੇਰਾ ਗੁਣ ਗਾਇਨ ਕਰਦੇ ਹਨ। ਮਾਓਵਾਦੀਆਂ ਨੂੰ ਆਪਣੇ ਆਗੂਆਂ ਵਿਚ ਕੁਝ ਖ਼ਾਸ ਜਾਂ ਮੌਲਿਕ ਨਾ ਦੇਖ ਸਕਣ ਅਤੇ ਉਨ੍ਹਾਂ ਸਾਰਿਆਂ ਨੂੰ 'ਇਕ ਹੋਰ ਸ਼ਹੀਦ ਜਿਸਨੇ ਇਨਕਲਾਬ ਦੀ ਖ਼ਾਤਰ ਆਪਣੀ ਜ਼ਿੰਦਗੀ ਬਹਾਦਰੀ ਨਾਲ ਵਾਰ ਦਿੱਤੀ' ਦੀ ਬਾਂਝ ਲੜੀ ਦੇ ਰੂਪ 'ਚ ਪੇਸ਼ ਕਰਨ ਦੀ ਪਕਰੋੜ ਆਦਤ ਤੋਂ ਲਾਜ਼ਮੀ ਚੌਕਸ ਹੋਣਾ ਚਾਹੀਦਾ ਹੈ। ਨਹੀਂ ਤਾਂ ਲਹਿਰ ਗਧੀਗੇੜ 'ਚ ਫਸੀ ਰਹੇਗੀ, ਆਪਣੇ ਨਿੱਗਰ ਅਭਿਆਸ ਦੀ ਗਤੀਸ਼ੀਲਤਾ ਦੇ ਬਾਵਜੂਦ ਇਹ ਖੜੋਤ ਦਾ ਸ਼ਿਕਾਰ ਹੋ ਜਾਵੇਗੀ।

ਸ਼ਾਇਦ ਅਸੀਂ ਇੱਥੇ ਮਾਓਵਾਦੀ ਲਹਿਰ ਦੇ 'ਜੰਗਲਮਹੱਲ ਮਾਡਲ ਜਾਂ ਰਾਹ' ਦੀ ਨਿਸ਼ਾਨਦੇਹੀ ਕਰ ਸਕਦੇ ਹਾਂ, ਜਿਸਦੀ ਤੁਲਨਾ 'ਛੱਤੀਸਗੜ੍ਹ ਮਾਡਲ ਜਾਂ ਰਾਹ' ਨਾਲ ਕੀਤੀ ਜਾ ਸਕਦੀ ਹੈ। ਇੱਥੇ 'ਮਾਡਲਾਂ' ਦੇ ਰੂਪ 'ਚ ਚਰਚਾ ਕਰਨ ਦੀਆਂ ਕਈ ਸਮੱਸਿਆਵਾਂ ਹਨ। ਅਤੇ ਹੁਣ ਖ਼ਾਸ ਇਲਾਕਿਆਂ ਅੰਦਰ ਲਹਿਰ ਦੀਆਂ ਵਿਸ਼ੇਸ਼ਤਾਵਾਂ ਨੂੰ ਵੀ ਲਾਜ਼ਮੀ ਆਤਮਸਾਤ ਕਰਨਾ ਹੋਵੇਗਾ ਤਾਂ ਜੋ ਅਸੀਂ ਸਾਰੇ ਤਜ਼ਰਬਿਆਂ ਅਤੇ ਰੂਪਾਂ ਨੂੰ ਇੱਕੋ ਰੱਸੇ ਨਾ ਬੰਨ੍ਹਦੇ ਰਹੀਏ। ਨਹੀਂ ਤਾਂ, ਅਸੀਂ ਕੁਝ ਨਵਾਂ ਨਹੀਂ ਸਿੱਖ ਰਹੇ ਹੋਵਾਂਗੇ, ਅਭਿਆਸ ਤੋਂ ਨਵਾਂ ਸਿੱਖਕੇ ਇਸ ਦਾ ਸੰਸਲੇਸ਼ਣ ਨਹੀਂ ਕਰ ਰਹੇ ਹੋਵਾਂਗੇ ਸਗੋਂ ਘੜੇ-ਘੜਾਏ ਗੁਰ ਦੀ ਅਨੰਤ ਘੁੰਮਣਘੇਰੀ'ਚ ਫਸੇ ਰਹਾਂਗੇ। ਇਸ ਪੱਖੋਂ ਕਿਸ਼ਨਜੀ ਦੀ ਸਿਰਕੱਢ ਥਾਂ ਹੈ। ਅਸੀਂ ਨਹੀਂ ਜਾਣਦੇ ਕਿ ਉਸਨੇ ਵੀ ਜੰਗਲਮਹੱਲ ਦੇ ਮਾਡਲ ਅੰਦਰ (ਹੁਨਾਨ ਰਿਪੋਰਟ ਵਾਂਗ) ਲਹਿਰ ਦੀ ਵਿਸ਼ੇਸ਼ਤਾ ਬਾਰੇ ਸੁਚੇਤ ਗੁਰਬੰਦੀਆਂ ਘੜੀਆਂ ਜਾਂ ਨਹੀਂ ਪਰ ਉਸ ਦਾ ਠੋਸ ਅਭਿਆਸ ਸ਼ਾਨਦਾਰ ਢੰਗ ਨਾਲ ਜਗਮਗਾ ਰਿਹਾ ਹੈ।

ਸਤੰਬਰ ਮਹੀਨੇ ਹੀ,ਵਰਵਰਾ ਰਾਓ,ਮੈਂ ਅਤੇ ਕਲਕੱਤੇ ਦੇ ਸਾਥੀਆਂ ਨੇ 'ਤੱਥਾਂ ਦੀ ਜਾਂਚ ਕਰਨ ਲਈ' (ਬਿਹਤਰ ਲਫਜ਼ ਦੀ ਅਣਹੋਂਦ 'ਚ) ਜੰਗਲਮਹੱਲ ਦਾ ਦੌਰਾ ਕੀਤਾ ਸੀ। ਅਸੀਂ ਕਿਸ਼ਨਜੀ ਨੂੰ ਮਿਲ ਨਹੀਂ ਸਕੇ ਪਰ ਅਸੀਂ ਸੁਰੱਖਿਆ ਤਾਕਤਾਂ ਅਤੇ ਨਿੱਜੀ ਸੈਨਾਵਾਂ (ਭੈਰਵ ਵਾਹਨੀ) ਵਲੋਂ ਢਾਹੇ ਜ਼ੁਲਮ ਜ਼ਰੂਰ ਤੱਕੇ। ਮੈਨੂੰ ਝਾਰਗ੍ਰਾਮ ਕਸਬੇ ਤੋਂ ਦੂਰ ਧੁਰ ਜੰਗਲ ਦੇ ਇਕ ਪਿੰਡ ਦੇ ਇਕ ਚੜ੍ਹਦੀ ਉਮਰ ਦੇ ਆਦਿਵਾਸੀ ਸਾਥੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੋ ਹਥਿਆਰਬੰਦ ਦਸਤੇ ਦਾ ਮੈਂਬਰ ਸੀ। ਮੈਂ ਉਸਨੂੰ ਪੁੱਛਿਆ ਕੀ ਉਹ ਕਿਸ਼ਨਜੀ ਨੂੰ ਮਿਲਿਆ ਸੀ। ਉਸਨੇ ਹਾਂ 'ਚ ਜਵਾਬ ਦਿੱਤਾ। ਫੇਰ ਉਸਨੇ ਕਿਹਾ ਕਿ ਕਿਸ਼ਨਜੀ ਜੋ ਮੀਟਿੰਗਾਂ 'ਚ ਬੋਲਦਾ ਹੈ ਉਸਦੇ ਸਾਰਾ ਕੁਝ ਪੱਲੇ ਨਹੀਂ ਪੈ ਸਕਦਾ। ਫੇਰ ਮੈਂ ਉਸਨੂੰ ਪੁੱਛਿਆ ਕੀ ਉਸਨੇ ਕਿਸ਼ਨਜੀ ਤੋਂ ਮਾਰਕਸਵਾਦ ਬਾਰੇ ਵੀ ਸੁਣਿਆ (ਮੇਰੀ ਇਸ ਵਿਚ ਦਿਲਚਸਪੀ ਸੀ)। 'ਹਾਂ ਕਿਸ਼ਨਜੀ ਮਾਰਕਸਵਾਦ ਦੀ ਗੱਲ ਕਰਦਾ ਹੈ ਪਰ ਮੈਨੂੰ ਸਮਝਣ 'ਚ ਬਹੁਤ ਮੁਸ਼ਕਲ ਆਉਂਦੀ ਹੈ।' ਫੇਰ ਮੈਂ ਉਸਨੂੰ ਪੁੱਛਿਆ ਉਸਨੂੰ ਮਾਰਕਸਵਾਦ ਬਾਰੇ ਕੀ ਸਮਝ ਪਿਆ? ਮੈਂ ਮਹਿਸੂਸ ਕੀਤਾ ਉਹ ਫਸ ਗਿਆ ਸੀ ਪਰ ਕੁਝ ਸੋਚਕੇ ਉਸਨੇ ਜਵਾਬ ਦਿੱਤਾ: ਇਹ ਬਹੁਤ ਵਧੀਆ ਚੀਜ਼ ਹੈ ਪਰ ਕੁਝ ਲੋਕਾਂ ਨੇ ਇਸ ਦਾ ਨਾਸ ਮਾਰ ਦਿੱਤਾ ਹੈ ਅਤੇ ਇਸਨੂੰ ਤੋੜ-ਮਰੋੜ ਦਿੱਤਾ ਹੈ। 'ਅਸੀਂ ਛਾਪਾਮਾਰ ਅਜਿਹੇ ਲੋਕਾਂ ਨਾਲ ਲੜ ਰਹੇ ਹਾਂ।'

ਕਿਸ਼ਨਜੀ ਵਰਗੇ ਲੋਕ ਮਾਰਕਸਵਾਦ ਨੂੰ ਜਨਤਾ
'ਚ ਲੈਕੇ ਗਏ ਹਨ ਜਦੋਂ ਤੁਰੰਤ ਅਜਿਹਾ ਕਰਨ ਦਾ ਅਰਥ ਹੈ 'ਜਥੇਬੰਦ ਕਰਨਾ', ਵਿਉਂਤਬੰਦੀ ਕਰਨਾ, ਰਣਨੀਤੀ ਬਣਾਉਣਾ, ਘੋਲ ਨੂੰ ਅੱਗੇ ਵਧਾਉਣਾ ਅਤੇ ਆਪਣੇ ਆਪ ਨੂੰ ਗੋਲੀਆਂ ਮੂਹਰੇ ਖੜ੍ਹਾ ਕਰਨਾ। ਕਿਸ਼ਨਜੀ ਦੀ ਦਲੇਰੀ ਉੱਤਰ-ਆਧੁਨਿਕ ਤਰਜ਼ 'ਤੇ 'ਸੱਤਾ ਨੂੰ ਸੱਚ ਨਾ ਸੁਣਾਉਣ' ਵਿਚੋਂ ਨਹੀਂ ਸਗੋਂ ਸੱਤਾ ਦੀ ਹਿੰਸਾ, ਜਿਸ ਦਾ ਸ਼ਿਕਾਰ ਸਾਡੇ ਬੰਦੇ ਹੁੰਦੇ ਹਨ, ਸਮੇਤ ਇਸ ਦੇ ਝੂਠ ਅਤੇ ਕੂੜ ਦਾ ਪਾਜ ਉਘਾੜਦਿਆਂ ਇਸਦਾ ਜਮਹੂਰੀ ਬੁਰਕਾ ਲੀਰੋਲੀਰ ਕਰਨ 'ਚੋਂ ਉੱਭਰਦੀ ਹੈ।ਮੈਨੂੰ ਇਹ ਕੁਝ ਬੁਝਾਰ ਲਗਦੀ ਹੈ ਕਿ ਕੈਮਰੇ ਅੱਗੇ ਜਾਂਦਿਆਂ ਵੀ ਕਿਸ਼ਨਜੀ ਨੇ ਕਦੇ ਬੰਦੂਕ ਮੋਢਿਓਂ ਕਿਓਂ ਨਹੀਂ ਲਾਹੀ—ਕੋਈ ਵੀ ਇਸਨੂੰ ਉੱਘੜਵੇਂ ਰੂਪ 'ਚ ਦੇਖ ਸਕਦਾ ਹੈ ਅਤੇ ਇਸ ਲਈ ਸਪਸ਼ਟ ਹੈ ਕਿ ਉਹ ਜਮਹੂਰੀ, ਸ਼ਾਂਤਮਈ ਵਗੈਰਾ ਹੋਣ ਦਾ ਜਮਹੂਰੀ ਪੱਤਾ ਖੇਡ੍ਹਣ ਦੀ ਪ੍ਰਵਾਹ ਨਹੀਂ ਕਰਦਾ। ਉਹ ਬੰਦੂਕ ਦੀ ਕੋਈ ਗੱਲ ਨਹੀਂ ਕਰਦਾ, ਹਿੰਸਾ ਦੇ ਗੁਣ ਨਹੀਂ ਗਾਉਂਦਾ, ਜਿਵੇਂ ਕੁਝ ਲੋਕ ਕਰੁਣਾਮਈ ਰੂਪ 'ਚਆਸ ਕਰਨਗੇ। ਇਸਦੀ ਥਾਂ ਉਹ ਸੱਚੀ ਜਮਹੂਰੀਅਤ ਅਤੇ ਲੋਕਾਂ ਦੇ ਹੱਥ ਸੱਤਾ ਲਈ ਪੂਰੇ ਤਹੱਮਲ ਨਾਲ ਲੜਾਈ ਲੜਨ ਦੀ ਗੱਲ ਕਰਦਾ ਹੈ।  http://www.ndtv.com/article/india/who-is-kishenji-152927 ).

ਇਸ ਲਈ ਜਦੋਂ ਉਹ ਆਪਣੇ ਹੀ ਖ਼ੇਮੇ ਅੰਦਰ ਉਤਸੁਕ ਪੱਤਰਕਾਰਾਂ 'ਚ ਘਿਰਿਆ ਹੁੰਦਾ ਹੈ, ਉਸਦੇ ਮੋਢੇ ਬੰਦੂਕ ਐਨੀ ਪ੍ਰਤੱਖ ਟੰਗੀ ਹੋਈ ਕਿਉਂ ਹੁੰਦੀ ਸੀ? ਇਸਦਾ ਭਾਵ ਸਿਰਫ਼ ਇਹ ਹੋ ਸਕਦਾ ਹੈ ਕਿ ਉਹ ਉਦਾਰਵਾਦੀ ਬੁਰਜ਼ੂਆ ਆਗੂਆਂ ਵਾਂਗ ਅਹਿੰਸਕ ਅਤੇ ਜਮਹੂਰੀ ਹੋਣ ਦਾ ਢੌਂਗ ਨਹੀਂ ਸੀ ਰਚਦਾ,ਹਾਲਾਂਕਿ ਉਹ ਵੱਡੀਆਂ ਵੱਡੀਆਂ ਫ਼ੌਜਾਂ ਦੇ ਮੁਖੀ ਹੁੰਦੇ ਹਨ ਅਤੇ ਇਸ ਤੱਥ ਨੂੰ ਉਹ ਛੁਪਾਉਂਦੇ ਹਨ। ਇੱਥੇ ਅਸੀਂ ਸਿਰਫ਼ ਮਾਰਕਸਵਾਦ ਬਾਰੇ ਇਕ ਅਹਿਮ ਸੋਚ-ਵਿਚਾਰ ਹੀ ਕਰ ਰਹੇ ਹਾਂ—ਕਿ ਸੱਤਾ ਦਾ ਸਵਾਲ ਲਾਜ਼ਮੀ ਤੌਰ 'ਤੇ ਸਾਹਮਣੇ ਰਹਿਣਾ ਚਾਹੀਦਾ ਹੈ, ਇਸ ਕਰਕੇ ਇਹ ਚਤੁਰ ਚਲਾਕੀਆਂ ਕਰਨ ਦੀ ਕੋਈ ਵਜਾ੍ਹ ਨਹੀਂ ਹੈ ਕਿ ਸਮਾਜ 'ਚ ਕੋਈ ਸੱਤਾ, ਕੋਈ ਜਮਾਤੀ ਸੱਤਾ, ਕੋਈ ਹਥਿਆਰਬੰਦ ਸੱਤਾ ਨਹੀਂ ਹੁੰਦੀ, ਕਿ ਇਹ ਸਿਰਫ਼ ਜਮਹੂਰੀਅਤ ਹੁੰਦੀ ਹੈ ਅਤੇ ਖੁੱਲ੍ਹਾ ਮੁਕਾਬਲਾ ਹੁੰਦਾ ਹੈ ਆਦਿ। ਇਹੀ ਕਾਰਨ ਹੈ ਕਿ ਲੈਨਿਨ ਕਹੇਗਾ ਕਿ ਸਮਾਜਵਾਦ ਇਕ ਬਿਹਤਰ ਜਾਂ ਸੱਚੀ ਰੈਡੀਕਲ ਜਮਹੂਰੀਅਤ (ਇਹ ਸਾਰਿਆਂ ਨੂੰ ਸਤਿਕਾਰਤ ਅਤੇ ਮੰਨਣਯੋਗ ਲੱਗਣਾ ਸੀ) ਨਹੀਂ ਹੈ ਸਗੋਂ ਇਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਹੈ—ਇਹ ਕਹਿਣਾ ਵੱਧ ਈਮਾਨਦਾਰੀ ਹੈ ਕਿ ਇੱਥੇ ਹਰ ਕਿਸੇ ਲਈ ਜਮਹੂਰੀਅਤ ਹੁੰਦੀ ਹੈ ਹਾਲਾਂਕਿ ਇਹ ਸੱਚੀਓਂ ਜਮਾਤੀ ਤਾਨਾਸ਼ਾਹੀ ਹੈ। ਜੇ ਤੁਸੀਂ ਕਿਸ਼ਨਜੀ ਦੀ ਬੰਦੂਕ ਕਰਕੇ ਉਸਦੀ ਤਹਿ ਦਿਲੋਂ ਹਮਾਇਤ ਕਰਨ 'ਚ ਕਿਸੇ ਤਰ੍ਹਾਂ ਦੀ ਬੇਅਰਾਮੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਮਾਰਕਸਵਾਦ ਦੀ ਅਹਿਮ ਜਾਣਕਾਰੀ ਹਾਸਲ ਕਰਨ 'ਚ ਵੀ ਬੇਅਰਾਮ ਹੋ ਸਕਦੇ ਹੋ—ਉਹ ਸਾਡੇ ਉੱਪਰ ਇਹ ਦੂਹਰੀ ਬੰਦਸ਼ ਲਾਉਂਦਾ ਹੈ।

ਕਿਸ਼ਨਜੀ 'ਹਵਾ ਵਿਚ ਉਡਣ ਵਾਲਾ' ਬੰਦਾ ਨਹੀਂ ਸੀ ਸਗੋਂ ਬਾਬ ਡਿਲਨh ਦੇ ਗੀਤ ਦੇ ਕਿਰਦਾਰ ਵਰਗਾ ਸੀ। ਉਹ 'ਉਸ ਘੜੀ ਮੌਜੂਦ' ਬੰਦਾ ਸੀ 'ਜਦੋਂ ਤਬਦੀਲੀ ਆਉਂਦੀ ਹੈ', ਜਿਸਨੇ ਇਹ ਲਾਜ਼ਮੀ ਕਲਪਨਾ ਕੀਤੀ ਹੋਵੇਗੀ ਕਿ ਉਹ ਇਹ ਮਹਾਨ ਘੜੀ ਲਿਆਉਣ ਲਈ ਲੜ ਰਿਹਾ ਹੈ, ਸ਼ਾਇਦ ਜਦੋਂ 'ਜਵਾਬ

ਹਵਾ 'ਚ ਉਡਣਾ ਨਹੀਂ ਹੋ ਸਕਦਾ':
ਕਿਉਂਕਿ ਰਾਤ ਨੂੰ ਟੁੱਟਣਗੀਆਂ
ਸਮੁੰਦਰ ਦੀਆਂ ਜ਼ੰਜੀਰਾਂ
ਅਤੇ ਸਮੁੰਦਰ 'ਚ ਡੂੰਘੀਆਂ ਦਫ਼ਨਾ ਦਿੱਤੀਆਂ ਜਾਣਗੀਆਂ।

ਵੈਰੀਆਂ ਦੀ ਜਾਗ ਖੁੱਲ੍ਹ ਜਾਵੇਗੀ
ਅੱਖਾਂ ਉਨੀਂਦਰੇ ਦੀਆਂ ਭੰਨੀਆਂ ਹੋਣਗੀਆਂ
ਤੇ ਉਹ ਬਿਸਤਰਿਆਂ 'ਚੋਂ ਛਾਲਾਂ ਮਾਰਕੇ ਭੱਜ ਉੱਠਣਗੇ
ਤੇ ਸੋਚਦੇ ਹੋਣਗੇ ਕਿ ਸ਼ਾਇਦ ਉਹ ਖ਼ਵਾਬ ਦੇਖ ਰਹੇ ਹਨ
ਪਰ ਉਹ ਆਪਣੇ ਚੂੰਢੀਆਂ ਵੱਢਕੇ ਦੇਖਣਗੇ ਅਤੇ ਚੀਕਾਂ ਮਾਰਨਗੇ
ਅਤੇ ਜਾਣ ਜਾਣਗੇ ਕਿ ਇਹ ਸੱਚ ਹੈ
ਜਦੋਂ ਤਬਦੀਲੀ ਦੀ ਘੜੀ ਆਉਂਦੀ ਹੈ

ਫਿਰ ਉਹ ਆਪਣੇ ਹੱਥ ਖੜ੍ਹੇ ਕਰ ਲੈਣਗੇ
ਤੇ ਕਹਿਣਗੇ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਵਾਂਗੇ
ਪਰ ਅਸੀਂ ਧਨੁਸ਼ ਦੇ ਪਿੱਛਿਓਂ ਲਲਕਾਰਾਂਗੇ 'ਤੁਹਾਡੇ ਦਿਨ ਪੁੱਗ ਚੁੱਕੇ ਹਨ'।

ਪ੍ਰਸਿੱਧ ਅਮਰੀਕੀ ਗੀਤਕਾਰ-ਗਾਇਕ, ਚਿੱਤਰਕਾਰ ਅਤੇ ਫਿਲਮ ਨਿਰਦੇਸ਼ਕ, ਜੋ ਲੋਕ ਸੰਗੀਤ ਅਤੇ ਸੱਭਿਆਚਾਰ ਦੇ
ਖੇਤਰ ਦੀ ਪ੍ਰਭਾਵਸ਼ਾਲੀ ਵੱਕਾਰੀ ਹਸਤੀ ਹੈ।

ਲੇਖਕ ਸਰੋਜ ਗਿਰੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਰਾਜਨੀਤੀ ਵਿਭਾਗ ਦੇ ਵਿਦਿਆਰਥੀ ਰਹੇ ਹਨ ਤੇ ਅੱਜਕਲ੍ਹ ਦਿੱਲੀ ਯੂਨੀਵਰਸਿਟੀ 'ਚ ਰਾਜਨੀਤੀ ਵਿਗਿਆਨ ਦੇ ਅਧਿਆਪਕ ਹਨ।


ਅੰਗਰੇਜੀ ਮੂਲ : http://sanhati.com/articles/4377/

ਪੰਜਾਬੀ ਤਰਜਮਾ-ਬੂਟਾ ਸਿੰਘ

No comments:

Post a Comment