ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, July 15, 2012

ਜੂਨ ਦੇ ਗਦਰੀ ਸ਼ਹੀਦਾਂ ਦਾ ਸ਼ਰਧਾਜ਼ਲੀ ਸਮਾਗਮ

ਕਨੇਡਾ ਦੇ ਸ਼ਹਿਰ ਵਿੱਨੀਪੈੱਗ ਵਿੱਚ 18 ਜੂਨ ਦੇ ਗਦਰੀ ਸ਼ਹੀਦਾਂ ਭਾਈ ਉੱਤਮ ਸਿੰਘ ਹਾਂਸ ,ਭਾਈ ਬੀਰ ਸਿੰਘ ਬਾਹੋਵਾਲ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਰੂੜ ਸਿੰਘ ਤਲਵੰਡੀ ਦੁਸਾਂਝ ,ਭਾਈ ਰੰਗਾ ਸਿੰਘ ਖੁਰਦਪੁਰ, ਜਿਨ੍ਹਾਂ ਨੂੰ 18 ਜੂਨ 1916 ਨੂੰ ਫਾਂਸੀ ਲਾ ਸ਼ਹੀਦ ਕਰ ਦਿੱਤਾ ਸੀ, ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ।ਪ੍ਰੋਗਰਾਮ ਦੇ ਸ਼ੁਰੂ ਵਿੱਚ ਸਟੇਜ ਸਕੱਤਰ ਡਾ. ਨਿਰਮਲ ਹਰੀ ਜੀ ਨੇ ਸ਼ਹੀਦਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ। ਦੇਸ਼ ਭਗਤ ਯਾਦਗਰ ਹਾਲ ਦੇ ਫਾਂਊਡਰ ਮੈਂਬਰ ਮਹਾਨ ਗਦਰੀ ਬਾਬਾ ਭਗਤ ਸਿੰਘ ਬਿਲਗਾ ਜੀ ਦੇ ਜੀਵਨ ਤੇ ਗਦਰ ਲਹਿਰ ਦੇ ਇਤਿਹਾਸ ਤੇ ਗਦਰੀਆਂ ਦੇ ਕੰਮਾਂ ਦੀ ਬਾਤ ਪਾਉਂਦੀ ਡਾਕੂਮੈਂਟਰੀ ਫਿਲਮ ਦਿਖਾਈ ਗਈ।ਅੰਮ੍ਰਿਤ ਕੰਗ ਵੱਲ਼ੋਂ ਬਹੁਤ ਹੀ ਭਾਵ ਪੂਰਤ ਕਵਿਤਾ, 'ਗਦਰ ਇੱਕ ਸੋਚ ਹੈ, ਗਦਰ ਇੱਕ ਜਨੂੰਨ ਹੈ,' ਬਹੁਤ ਹੀ ਸੋਹਣੇ ਢੰਗ ਨਾਲ਼ ਪੇਸ਼ ਕੀਤੀ।ਜਸਵੀਰ ਕੌਰ ਮੰਗੂਵਾਲ ਵੱਲ਼ੋਂ ਗਦਰ ਪਾਰਟੀ ਦਾ ਇਤਿਹਾਸ, ਉਪਰੋਕਤ ਗਦਰੀ ਸ਼ਹੀਦਾਂ ਦੇ ਜੀਵਨ ਤੇ ਗਦਰੀਆਂ ਦੇ ਕੰਮਾਂ ਬਾਰੇ ਖੋਜ ਭਰਪੂਰ ਪੇਪਰ ਪੜ੍ਹਿਆ ਗਿਆ।ਇੰਡੀਆ ਤੋਂ ਆਏ ਮਹਿਮਾਨ ਨਿਰਮਲ ਜਹਾਂਗੀਰ ਵੱਲੋਂ ਗਦਰੀਆਂ ਨੂੰ ਸ਼ਰਧਾਜ਼ਲੀ ਭੇਂਟ ਕਰਦਿਆਂ ਕਿਹਾ ਕਿ ਅੱਜ ਵੀ ਲੋਕ ਹੱਕ ਸੱਚ ਇਨਸਾਫ ਲਈ ਲੜਦੇ ਹਨ ਤੇ ਅੱਜ ਵੀ ਗਦਰੀਆਂ ਦੇ ਵਾਰਸਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ। ਕਾਮਰੇਡ ਗੁਰਦੀਪ ਸਿੰਘ ਨੇ ਗਦਰੀ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਕਿਹਾ ਕਿ ਸਰਕਾਰਾਂ ਇਹ ਕਦੇ ਨਹੀਂ ਚਾਹੁੰਦੀਆਂ ਕਿ ਲੋਕ ਗਦਰੀ ਇਤਿਹਾਸ ਬਾਰੇ ਜਾਨਣ ਉਨ੍ਹਾਂ ਸੱਦਾ ਦਿੱਤਾ ਕਿ ਆਉ ਗਦਰੀਆਂ ਦੇ ਸੁਪਨੇ ਪੂਰੇ ਕਰਨ ਲਈ ਦੁਸ਼ਮਨ ਵਿਰੁੱਧ ਲਕੀਰ ਖਿੱਚ ਕੇ ਲੜੀਏ।


ਜਗਮੋਹਣ ਸਿੰਘ ਨੇ ਗਦਰੀਆਂ ਦੀ ਅਦੁੱਤੀ ਕੁਰਬਾਨੀ ਨੂੰ ਸਲਾਮ ਕਰਦਿਆਂ ਕਿਹਾ ਕਿ ਅੱਜ ਗਦਰੀਆਂ ਦੇ ਵਾਰਸਾਂ ਨੂੰ ਨਸ਼ਿਆਂ ਦੀ ਲੱਤ ਲਾ ਕੇ ਅਤੇ ਗੰਦਾ ਸੱਭਿਆਚਾਰ ਪਰੋਸ ਕੇ ਉਨ੍ਹਾਂ ਦੀ ਸੋਚ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਢੁਡੀਕੇ ਪਿੰਡ ਦੀ ਗਦਰ ਲਹਿਰ ਵਿੱਚ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ। ਰਾਣਾ ਚਾਨਾ ਜੀ ਨੇ ਗਦਰੀ ਸ਼ਹੀਦਾਂ ਬਾਰੇ ਇੱਕ ਗੀਤ ਤਰੱਨਮ ਵਿੱਚ ਗਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਬਾਅਦ ਤਰਕਸ਼ੀਲ ਆਗੂ ਪਰਮਿੰਦਰ ਕੌਰ ਸਵੈਚ ਦੀ ਨਾਟਕਾਂ ਦੀ ਕਿਤਾਬ " ਬਲਦਾ ਬ੍ਰਿਖ" ਦੀ ਘੁੰਡ ਚੁਕਾਈ ਕੀਤੀ ਗਈ। ਗੁਰਦੀਪ ਚਾਹਲ਼ ਜੀ ਨੇ ਪਰਮਿੰਦਰ ਜੀ ਦੀ ਲੇਖਣੀ, ਸਾਹਿਤ ਵਿੱਚ ਉਸ ਦਾ ਥਾਂ ਅਤੇ ਉਨ੍ਹਾਂ ਦੇ ਨਾਟਕਾਂ ਦੀ ਪਾਤਰ ਉਸਾਰੀ ਅਤੇ ਵਿਸ਼ਾ ਵਸਤੂ ਬਾਰੇ ਵਿਚਾਰ ਪੇਸ਼ ਕੀਤੇ।

ਪਰਮਿੰਦਰ ਸਵੈਚ ਨੇ ਆਪਣੀ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਮੇਰੇ ਨਾਟਕਾਂ ਦੇ ਪਾਤਰ ਆਮ ਲੋਕ ਨੇ। ਮੈਂ ਉਨ੍ਹਾਂ ਦੇ ਦੁੱਖਾਂ-ਦਰਦਾਂ, ਤੰਗੀਆਂ-ਤੁਰਸ਼ੀਆਂ ਦੀ ਹੀ ਬਾਤ ਪਾਉਂਦੀ ਹਾਂ। ਇਸ ਤੋਂ ਪਿੱਛੋਂ ਕਰਜ਼ੇ ਵਿੱਚ ਡੁੱਬੀ, ਖੁੱਦਕੁਸ਼ੀਆਂ ਕਰਦੀ ਪੰਜਾਬ ਦੀ ਕਿਸਾਨੀ 'ਤੇ ਪਿੱਛੋਂ ਸੰਤਾਪ ਹੰਡਾਉਂਦੇ ਉਨ੍ਹਾਂ ਦੇ ਪਰਿਵਾਰਾਂ ਦੀ ਤ੍ਰਾਸਦੀ ਪੇਸ਼ ਕਰਦੀ 'ਅਨਵਰ ਜਮਾਲ' ਦੁਆਰਾ ਬਣਾਈ ਗਈ ਫਿਲਮ "ਹਾਰਵੈਸਟ ਆਫ ਗ੍ਰੀਫ" ਦਿਖਾਈ ਗਈ। ਜਿਸ ਨੂੰ ਦੇਖ ਦਰਸ਼ਕਾਂ ਦੀਆਂ ਅੱਖਾਂ ਵਿੱਚ ਅੱਥਰੂ ਆਪ ਮੁਹਾਰੇ ਬਹਿ ਤੁਰੇ। ਡਾ. ਨਿਰਮਲ ਹਰੀ ਜੀ ਨੇ ਕਿਸਾਨ ਦੀ ਵਿਧਵਾ ਦੇ ਦੁੱਖਾਂ-ਦਰਦਾਂ ਦੀ ਬਾਤ ਪਾਉਂਦੀ ਬਹੁਤ ਹੀ ਸੰਵੇਦਨਸ਼ੀਲ ਕਵਿਤਾ ਪੇਸ਼ ਕੀਤੀ। ਪ੍ਰੋਗਰਾਂਮ ਦੇ ਅੰਤ ਵਿੱਚ ਵਿੱਨੀਪੈੱਗ ਦੇ ਐਮ. ਐਲ. ਏ. ਮਹਿੰਦਰ ਸਿੰਘ ਸਰਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਹੋਰ ਵਿਸ਼ਾਲ ਕਰਕੇ ਗਦਰੀਆਂ ਦੀ ਸੋਚ ਨੂੰ ਘਰ-ਘਰ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।

 ਜਸਵੀਰ ਕੌਰ ਮੰਗੂਵਾਲ ਦੀ ਰਿਪੋਰਟ

No comments:

Post a Comment