ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, August 5, 2012

''ਜੈ ਭੀਮ ਕਾਮਰੇਡ'': ਇਨਾਮੀ ਫਿਲਮ ਦੇ 'ਦੇਸ਼ਧ੍ਰੋਹੀ' ਕਲਾਕਾਰ

''ਜੈ ਭੀਮ ਕਾਮਰੇਡ'', ਮਸ਼ਹੂਰ ਦਸਤਾਵੇਜ਼ੀ ਫਿਲਮਸਾਜ਼ ਆਨੰਦ ਪਟਵਰਧਨ ਦੀ ਨਵੀਂ ਦਸਤਾਵੇਜ਼ੀ ਫਿਲਮ ਹੈ ਜੋ ਦਲਿਤਾਂ ਉੱਪਰ ਢਾਹੇ ਜਾ ਰਹੇ ਜ਼ੁਲਮਾਂ ਅਤੇ ਕਲਾਕਾਰਾਂ ਵਲੋਂ ਕਵਿਤਾ ਤੇ ਸੰਗੀਤ ਦੇ ਮਾਧਿਅਮ ਜ਼ਰੀਏ ਜਾਤਪਾਤੀ ਜ਼ੁਲਮਾਂ ਦੇ ਵਿਰੋਧ ਦੀ ਸ਼ਾਨਦਾਰ ਗਾਥਾ ਬਿਆਨ ਕਰਦੀ ਹੈ। 11 ਜੁਲਾਈ 1997 ਦੇ ਦਿਨ ਮਾਤਾ ਰਾਮਾਬਾਈ ਅੰਬੇਡਕਰ ਨਗਰ, ਜੋ ਮੁੰਬਈ ਦੇ ਉੱਤਰ 'ਚ ਵਸੇ ਉੱਪ ਸ਼ਹਿਰੀ ਖੇਤਰ ਘਾਟਕੋਪਾਰ ਪੂਰਬੀ ਦੀ ਇਕ ਦਲਿਤ ਬਸਤੀ ਹੈ, ਵਿਚ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੇ ਜਾਣ ਦੀ ਘ੍ਰਿਣਤ ਕਾਰਵਾਈ ਵਿਰੁੱਧ ਜਦੋਂ ਦਲਿਤ ਭਾਈਚਾਰਾ ਸ਼ਾਂਤਮਈ ਰੋਸ ਪ੍ਰਗਟਾ ਰਿਹਾ ਸੀ ਤਾਂ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਪਲਿਸ ਨੇ ਅੰਨੇਵਾਹ ਗੋਲੀਆਂ ਚਲਾਕੇ ਦਸ ਲੋਕਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਉਲਟਾ ਮੁਜ਼ਾਹਰਾਕਾਰੀਆਂ ਉੱਪਰ ਸੰਗੀਨ ਅਪਰਾਧ ਦੇ ਕੇਸ ਵੀ ਦਰਜ ਕਰ ਦਿੱਤੇ ਗਏ। ਇਸ ਕਤਲ ਕਾਂਡ ਦਾ ਮੰਜ਼ਰ ਐਨਾ ਦਿਲ ਦਹਿਲਾ ਦੇਣ ਵਾਲਾ ਸੀ ਕਿ ਅਤਿ ਸੰਵੇਦਨਸ਼ੀਲ ਕਲਾਕਾਰ ਵਿਲਾਸ ਘੋਗੜੇ ਇਹ ਸਦਮਾ ਨਾ ਸਹਾਰ ਸਕਿਆ। ਉਸ ਨੇ ਛੇ ਦਿਨ ਬਾਦ ਖ਼ੁਦਕੁਸ਼ੀ ਕਰ ਲਈ। ਦਲਿਤ ਪਰਿਵਾਰ ਦਾ ਜੰਮਪਲ ਵਿਲਾਸ ਘੋਗਰੇ ਮਾਰਕਸਵਾਦੀ ਸੀ ਅਤੇ ਆਵਾਹਨ ਨਾਟਯ ਮੰਚ ਦਾ ਰੂਹੇ-ਰਵਾਂ ਸੀ। ਵਿਲਾਸ ਆਪਣੇ ਗਲ ਦੁਆਲੇ ਸਦਾ ਗੂੜ੍ਹੇ ਆਸਮਾਨੀ ਰੰਗ ਦਾ ਪਰਨਾ ਲਪੇਟ ਕੇ ਰੱਖਦਾ ਸੀ ਜੋ ਉਸ ਦੀ ਦਲਿਤ ਪਛਾਣ ਅਤੇ ਹੱਕ ਜਤਾਈ ਦਾ ਪ੍ਰਤੀਕ ਸੀ।

ਵਿਲਾਸ ਇਸ ਦੁਨੀਆ 'ਚ ਨਹੀਂ ਰਿਹਾ ਪਰ ਉਸ ਵਲੋਂ ਪਾਈਆਂ ਕਲਾ ਦੀਆਂ ਪੈੜਾਂ ਅਮਿੱਟ ਹਨ। ਪਟਵਰਧਨ ਉਸ ਦੀ ਕਲਾ/ਸੰਗੀਤ ਪਰੰਪਰਾ ਦੇ ਵਾਰਿਸਾਂ ਦੀ ਪੈੜ ਨੱਪਦਾ ਹੈ। 200 ਮਿੰਟ ਲੰਮੀ ਇਹ ਦਸਤਾਵੇਜ਼ੀ ਫਿਲਮ 14 ਵਰ੍ਹੇ ਲੰਮੀ ਜੰਮਣ-ਪੀੜਾ ਤੋਂ ਬਾਦ ਸਾਹਮਣੇ ਆਉਂਦੀ ਹੈ। ਬਕੌਲ ਪਟਵਰਧਨ, ''ਮੈਂ ਓਦੋਂ ਤੱਕ ਫਿਲਮਾਉਣ ਦਾ ਕੰਮ ਜਾਰੀ ਰੱਖਣਾ ਚਾਹੁੰਦਾ ਸੀ ਜਦੋਂ ਤੱਕ ਬਸਤੀ ਦੇ ਲੋਕਾਂ ਵਿਰੁੱਧ ਸਾਰੇ ਝੂਠੇ ਮੁਕੱਦਮੇ ਮੁੱਕ ਨਹੀਂ ਜਾਂਦੇ, ਜਾਂ ਜਦੋਂ ਤੱਕ ਕਤਲ ਕਾਂਡ ਦੇ ਦੋਸ਼ੀ ਪੁਲਿਸ ਅਧਿਕਾਰੀ ਜੇਲ੍ਹਾਂ 'ਚ ਨਹੀਂ ਭੇਜੇ ਜਾਂਦੇ।'' ਫਿਲਮ ਵਿਚ ਵਿਲਾਸ ਵਰਗੇ ਖੱਬੇਪੱਖੀ ਕਲਾ ਪਰੰਪਰਾ ਵਾਲੇ ਵੀ ਫਿਲਮਾਏ ਗਏ ਹਨ ਅਤੇ ਡਾ. ਅੰਬੇਡਕਰ ਦੀ ਜ਼ਿੰਦਗੀ ਤੇ ਮਿਸ਼ਨ ਦੀ ਮਹਿਮਾ ਗਾਉਣ ਵਾਲੇ ਵੀ ਅਤੇ ਅਵਾਮ ਦੇ ਸਮੁੰਦਰ 'ਚ ਗੁੰਮ ਗੁੰਮਨਾਮ ਕੁਦਰਤੀ ਕਲਾਕਾਰ ਵੀ। ਪਟਵਰਧਨ ਨੇ ਇਸ ਸਮੁੱਚੇ ਸਿਲਸਿਲੇ ਨਾਲ ਨਿਆਂ ਕਰਨ ਦੀ ਸੰਜੀਦਾ ਵਾਹ ਲਾਈ ਹੈ। ''ਜੈ ਭੀਮ ਕਾਮਰੇਡ'' ਦੀ ਇਕ ਕੜੀ ਜਾਤ ਅਤੇ ਜਮਾਤ ਦੀਆਂ ਪਛਾਣਾਂ ਦੇ ਟਕਰਾਅ ਨੂੰ ਸਮਝਣਾ ਹੈ। ਕਲਾਤਮਕ ਖ਼ੂਬੀਆਂ ਅਤੇ ਪਟਵਰਧਨ ਦੀ ਸਮਾਜਿਕ-ਸੱਭਿਆਚਾਰ ਤੇ ਸਿਆਸੀ ਵਰਤਾਰਿਆਂ ਦੀਆਂ ਪਰਤਾਂ ਨੂੰ ਫਰੋਲਣ ਦੀ ਕਮਾਲ ਦੀ ਨੀਝ ਨਾਲ ਲਬਰੇਜ਼ ਫਿਲਮ ਭਰਵੇਂ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ । ਜੋ ਇਸ ਟਿੱਪਣੀ ਦਾ ਵਿਸ਼ਾ ਨਹੀਂ ਹੈ।
ਮ੍ਰਿਤਕ ਕਲਾਕਾਰ ਵਿਲਾਸ ਘੋਗਰੇ 

ਇਸ ਫਿਲਮ ਵਿਚ ਕਬੀਰ ਕਲਾ ਮੰਚ ਦੇ ਕਲਾਕਾਰਾਂ ਦੀ ਉੱਘੀ ਭੂਮਿਕਾ ਹੈ। ਲੰਘੀ 19 ਅਪ੍ਰੈਲ ਨੂੰ ਮਹਾਰਾਸ਼ਟਰ ਸਰਕਾਰ ਵਲੋਂ ਵੀ ਇਸ ਫਿਲਮ ਦੇ ਨਿਰਮਾਤਾ ਆਨੰਦ ਪਟਵਰਧਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੂਜੇ ਪਾਸੇ ਹਾਲਤ ਦਾ ਵਿਅੰਗ ਦੇਖੋ, ਕਬੀਰ ਕਲਾ ਮੰਚ ਦੇ ਜਿਨ੍ਹਾਂ ਕਲਾਕਾਰਾਂ ਦੀ ਕਲਾਤਮਕ ਘਾਲਣਾ ਨੂੰ ਇਸ ਫਿਲਮ 'ਚ ਅਹਿਮ ਜਗਾ ਦਿੱਤੀ ਗਈ ਸੀ ਉਨ੍ਹਾਂ ਵਿਚੋਂ ਦੋ ਕਲਾਕਾਰ 'ਦੇਸ਼ਧ੍ਰੋਹ' ਅਤੇ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਤਹਿਤ ਇਕ ਸਾਲ ਤੋਂ ਜੇਲ੍ਹ 'ਚ ਬੰਦ ਹਨ ਅਤੇ ਬਾਕੀ ਕਲਾਕਾਰ ਪੁਲਿਸ ਦੀ ਸਾੜਸਤੀ ਤੋਂ ਬਚਣ ਲਈ ਗੁਪਤਵਾਸ ਹੋਕੇ ਦਿਨ ਕੱਟ ਰਹੇ ਹਨ। ਪਟਵਰਧਨ ਨੇ ਉਨ੍ਹਾਂ ਦੀ ਰਾਖੀ ਲਈ ਅੱਗੇ ਆਕੇ ਇਹ ਸਨਮਾਨ ਉਨ੍ਹਾਂ ਦੀ ਝੋਲੀ ਪਾ ਦਿੱਤਾ ਹੈ।

ਕਬੀਰ ਕਲਾ ਮੰਚ ਪੁਣੇ ਅਧਾਰਤ ਸੱਭਿਆਚਾਰਕ ਟੋਲੀ ਹੈ। ਇਸ ਦੇ ਮੈਂਬਰ ਮੁੱਖ ਤੌਰ 'ਤੇ ਇਸੇ ਖੇਤਰ ਦੇ ਦਲਿਤ ਨੌਜਵਾਨ ਹਨ। ਇਸ ਟੋਲੀ ਦਾ ਆਗਾਜ਼ 2002 'ਚ ਕਲਾਕਾਰਾਂ ਵਲੋਂ ਅਮਰਨਾਥ ਚੰਦਾਲਿਆ ਦੀ ਅਗਵਾਈ ਹੇਠ, ਗੁਜਰਾਤ 'ਚ ਮੁਸਲਮਾਨਾਂ ਦੇ ਘਾਣ ਵਿਰੁੱਧ ਆਵਾਜ਼ ਉਠਾਉਣ ਤੋਂ ਕੀਤਾ ਗਿਆ ਸੀ। ਪਰ ਸਮਾਜੀ ਸਰੋਕਾਰਾਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਨੇ ਆਪਣੀ ਸਰਗਰਮੀ ਦਾ ਖੇਤਰ ਵਿਸ਼ਾਲ ਕਰ ਲਿਆ। ਫਿਰ ਇਨ੍ਹਾਂ ਨੇ ਗ਼ਰੀਬ ਬਸਤੀਆਂ ਦੇ ਬਾਸ਼ਿੰਦਿਆਂ ਅਤੇ ਮਜ਼ਦੂਰਾਂ ਦੇ ਹੱਕਾਂ ਅਤੇ ਲੋਕ ਪੱਖੀ ਵਿਕਾਸ ਵਰਗੇ ਮੁੱਦਿਆਂ ਉੱਪਰ ਸਰਗਰਮੀ ਵਿੱਢ ਦਿੱਤੀ। ਛੇਤੀ ਹੀ ਇਹ ਸੱਭਿਆਚਾਰਕ ਟੋਲੀ ਭ੍ਰਿਸ਼ਟਾਚਾਰ, ਮਹਿੰਗਾਈ, ਗ਼ਰੀਬੀ, ਧੱਕੇ, ਵਿਤਕਰੇ ਆਦਿ ਮੁੱਦਿਆਂ ਉੱਪਰ ਨੁੱਕੜ ਸੱਭਿਆਚਾਰਕ ਜਲਸੇ ਕਰਨ ਲਈ ਮਸ਼ਹੂਰ ਹੋ ਗਈ। ਪਰ ਇਨ੍ਹਾਂ ਦੀ ਉਚੇਚੀ ਸਰਗਰਮੀ ਜਾਤਪਾਤ ਦੇ ਬੀਜ-ਨਾਸ਼ ਦੀ ਲੜਾਈ ਹੈ। ਇਨ੍ਹਾਂ ਵਲੋਂ ਅੰਤਰ-ਜਾਤੀ ਵਿਆਹਾਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਸਮਾਗਮ ਵੀ ਜਥੇਬੰਦ ਕੀਤੇ ਗਏ। ਮੰਚ ਦੇ ਕਲਾਕਾਰਾਂ ਨੇ ਮੇਧਾ ਪਟਕਰ ਅਤੇ ਭਾਈ ਵੈਦਿਆ ਦੀ ਅਗਵਾਈ ਹੇਠਲੇ ਅੰਦੋਲਨਾਂ ਅਤੇ ਮਜ਼ਦੂਰ ਜਮਾਤ ਦੀ ਲਹਿਰ ਨਾਲ ਜੁੜਕੇ ਵੱਡੀ ਗਿਣਤੀ 'ਚ ਪੇਸ਼ਕਾਰੀਆਂ ਕੀਤੀਆਂ। ਉਨ੍ਹਾਂ ਦੀਆਂ ਸੱਭਿਆਚਾਰਕ ਸਰਗਰਮੀਆਂ ਸਥਾਪਤੀ ਦੀ ਅੱਖ 'ਚ ਰੋੜ ਵਾਂਗ ਰੜਕ ਰਹੀਆਂ ਸਨ। ਸਾਲ ਕੁ ਪਹਿਲਾਂ ਰਾਜ ਮਸ਼ੀਨਰੀ ਨੇ ਕਲਾਕਾਰਾਂ ਉੱਪਰ ਮਾਓਵਾਦੀ ਹੋਣ ਦਾ ਠੱਪਾ ਲਾ ਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਸੁੱਟਣਾ ਸ਼ੁਰੂ ਕਰ ਦਿੱਤਾ। ਦੀਪਕ ਡੇਂਗਲੇ ਅਤੇ ਸਿਧਾਰਥ ਭੌਂਸਲੇ ਨੂੰ ਗ੍ਰਿਫ਼ਤਾਰ ਕਰਕੇ ਰਾਜ-ਧ੍ਰੋਹ ਦੀ ਧਾਰਾ ਅਤੇ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਤਹਿਤ ਸੰਗੀਨ ਕੇਸ ਪਾ ਦਿੱਤੇ ਗਏ। ਮੰਚ ਦੇ ਮੁੱਖ ਗਾਇਕਾਂ ਅਤੇ ਗੀਤਕਾਰਾਂ ਸ਼ੀਤਲ ਸਾਥੇ, ਸਾਗਰ ਗੋਰਖੇ ਅਤੇ ਸਚਿਨ ਮਾਲੀ ਸਮੇਤ ਕਈ ਮੈਂਬਰ ਪੁਲਿਸ ਹਮਲੇ ਦੀ ਮਾਰ ਤੋਂ ਬਚਣ ਲਈ ਗੁਪਤਵਾਸ ਚਲੇ ਗਏ। ਮਹਾਂਰਾਸ਼ਟਰ ਦਾ ਵਿਸ਼ੇਸ਼ ਪੁਲਿਸ ਦਸਤਾ-ਐਂਟੀ ਟੈਰਰਿਜ਼ਮ ਸੁਕੈਡ (ਏ ਟੀ ਐੱਸ), ਜੋ ਬੇਕਸੂਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਝੂਠੀਆਂ ਕਹਾਣੀਆਂ ਘੜਨ ਅਤੇ ਝੂਠੇ ਕੇਸਾਂ ਤਹਿਤ ਕਾਰਕੁਨਾਂ ਨੂੰ ਜੇਲ੍ਹਾਂ 'ਚ ਸਾੜਨ ਲਈ ਸਿਰੇ ਦਾ ਬਦਨਾਮ ਹੈ ਮੰਚ ਦੇ ਕਲਾਕਾਰਾਂ ਬਾਰੇ ਮੀਡੀਆ 'ਚ ਝੂਠੀਆਂ ਕਹਾਣੀਆਂ ਫੈਲਾਉਣ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ 'ਚ ਸਰਗਰਮੀ ਨਾਲ ਜੁੱਟਿਆ ਹੋਇਆ ਹੈ।

ਯਾਦ ਰਹੇ ਕਿ ਇਨ੍ਹਾਂ ਕਲਾਕਾਰਾਂ ਖ਼ਿਲਾਫ਼ ਇਲਜ਼ਾਮ ਕਿਸੇ ਹਿੰਸਕ ਕਾਰਵਾਈ 'ਚ ਸ਼ਾਮਲ ਹੋਣ ਦਾ ਨਹੀਂ ਸਗੋਂ ਦੱਬੇ-ਕੁਚਲੇ ਲੋਕਾਂ ਦੇ ਹਿੱਤਾਂ ਲਈ ਆਵਾਜ਼ ਉਠਾਉਣ ਦਾ ਹੈ ਭਾਵ ਉਹ ਸਥਾਪਤੀ ਦੀਆਂ ਦਲਿਤ ਵਿਰੋਧੀ, ਗ਼ਰੀਬ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਲੋਕ ਰਾਇ ਕਿਉਂ ਬਣਾਉਂਦੇ ਹਨ। ਬਿਨਾ ਸ਼ੱਕ ਸਰਕਾਰੀ ਹਮਲੇ ਦਾ ਅਸਲ ਮਕਸਦ ਰਾਜ ਦੀ ਹਨੇਰਗ਼ਰਦੀ ਵਿਰੁੱਧ ਲੋਕ ਕਲਾਕਾਰਾਂ ਦੀ ਆਵਾਜ਼ ਨੂੰ ਖ਼ਾਮੋਸ਼ ਕਰਨਾ ਹੈ।

ਭਾਰਤੀ ਰਾਜ ਵਲੋਂ ਡਾ. ਬਿਨਾਇਕ ਸੇਨ ਵਰਗੀ ਵੱਕਾਰੀ ਸ਼ਖਸੀਅਤ ਨੂੰ ਜੇਲ੍ਹ 'ਚ ਡੱਕਣ ਦੀ ਕਾਰਵਾਈ ਵਿਰੁੱਧ ਦੁਨੀਆ ਭਰ 'ਚ ਜ਼ੋਰਦਾਰ ਰੋਸ ਲਹਿਰ ਖੜ੍ਹੀ ਹੋ ਜਾਣ ਕਾਰਨ ਉਸ ਨੂੰ ਬਾਇੱਜ਼ਤ ਰਿਹਾ ਕਰਨਾ ਪਿਆ ਸੀ। ਓਦੋਂ ਇਹ ਪ੍ਰਭਾਵ ਬਣਿਆ ਸੀ ਕਿ ਇਨ੍ਹਾਂ ਨਹੱਕੇ ਮੁਕੱਦਮਿਆਂ ਨਾਲ ਭਾਰਤੀ ਰਾਜ ਦੀ ਐਨੀ ਬਦਨਾਮੀ ਹੋ ਗਈ ਹੈ ਸ਼ਾਇਦ ਹੁਣ 'ਸਭ ਤੋਂ ਵੱਡੀ ਜਮਹੂਰੀਅਤ' ਅੰਦਰ ਗ਼ਰੀਬਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਵਾਲੇ ਜਮਹੂਰੀ ਲੋਕਾਂ ਵਿਰੁੱਧ ਬੇਲਗਾਮ ਹਕੂਮਤੀ ਹਮਲੇ ਨੂੰ ਠੱਲ ਪੈ ਜਾਵੇਗੀ। ਪਰ ਸ਼ਹਿਰੀ ਆਜ਼ਾਦੀਆਂ ਦੀ ਕਾਰਕੁੰਨ ਤੇ ਪੱਤਰਕਾਰ ਸੀਮਾ ਆਜ਼ਾਦ, ਆਦਿਵਾਸੀ ਅਧਿਆਪਕਾ ਸੋਨੀ ਸੋਰੀ, ਲੋਕ ਕਲਾਕਾਰ ਜੀਤਨ ਮਰੰਡੀ ਤੇ ਉਤਪਲ ਅਤੇ ਕਬੀਰ ਕਲਾ ਮੰਚ ਦੇ ਕਲਾਕਾਰ ਜਬਰ ਦਾ ਸ਼ਿਕਾਰ ਹੋਏ ਉਨ੍ਹਾਂ ਬੇਸ਼ੁਮਾਰ ਲੋਕਾਂ ਵਿਚੋਂ ਚੰਦ ਮਿਸਾਲਾਂ ਹਨ ਜਿਨ੍ਹਾਂ ਉੱਪਰ ਹਕੂਮਤੀ ਜ਼ੁਲਮਾਂ ਨੇ ਇਹ ਭਰਮ ਦੂਰ ਕਰ ਦਿੱਤਾ ਹੈ‏।

ਮੰਚ ਦੇ ਕਲਾਕਾਰ ਪੂਰੇ ਇਕ ਸਾਲ ਤੋਂ ਜੇਲ ਬੰਦ ਹਨ। ਕਾਨੂੰਨੀ ਚਾਰਾਜੋਈ 'ਚ ਇਨਸਾਫ਼ ਦੀ ਉਮੀਦ ਨਾ ਦੇਖਕੇ ਹੁਣ ਮਹਾਰਾਸ਼ਟਰ ਦੇ ਬੁੱਧੀਜੀਵੀਆਂ, ਕਲਾਕਾਰਾਂ ਅਤੇ ਜਮਹੂਰੀ ਸ਼ਖਸੀਅਤਾਂ ਨੇ ਪ੍ਰਸਿੱਧ ਫਿਲਮਸਾਜ਼ ਆਨੰਦ ਪਟਵਰਧਨ ਦੀ ਅਗਵਾਈ ਹੇਠ 'ਕਬੀਰ ਕਲਾ ਮੰਚ ਡਿਫੈਂਸ ਕਮੇਟੀ' ਬਣਾਕੇ ਇਸ ਜਬਰ ਵਿਰੁੱਧ ਰੋਸ ਲਹਿਰ ਵਿੱਢ ਦਿੱਤੀ ਹੈ।ਇਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ, ਨਾਮਵਰ ਦਲਿਤ ਬੁੱਧੀਜੀਵੀ ਆਨੰਦ ਤੇਲਤੁੰਮੜੇ, ਮੇਧਾ ਪਟਕਰ, ਭਾਈ ਵੈਦਿਆ, ਐਕਟਰ ਰਤਨਾ ਪਾਠਕ ਸ਼ਾਹ, ਸੇਵਾ-ਮੁਕਤ ਆਈ ਪੀ ਐੱਸ ਅਫ਼ਸਰ ਸੁਧਾਕਰ ਸੁਰਾਦਕਰ, ਪ੍ਰਸਿੱਧ ਵਕੀਲ ਪੀ ਏ ਸੈਬੇਸਟੀਅਨ ਅਤੇ ਤੀਸਤਾ ਸੀਤਲਵਾੜ, ਜੇ ਵੀ ਪਵਾਰ, ਸੁਮੇਧ ਯਾਦਵ, ਸੁਨੀਤਾ ਰਾਓ, ਵਿਵੇਦ ਸੁੰਦਰ, ਐੱਸ ਆਨੰਦ ਵਰਗੀਆਂ ਨਾਮੀ ਸ਼ਖਸੀਅਤਾਂ ਸ਼ਾਮਲ ਹਨ।

ਕੀ ਇਹ ਸਮੇਂ ਦਾ ਤਕਾਜ਼ਾ ਨਹੀਂ ਕਿ ਅਸੀਂ ਸਾਰੇ ਇਨਸਾਫ਼ਪਸੰਦ ਲੋਕ ਵੀ ਹੁਕਮਰਾਨਾਂ ਵਲੋਂ ਸ਼ੁਰੂ ਕੀਤੇ ਗਏ ਬੁੱਧੀਜੀਵੀਆਂ, ਕਲਾਕਾਰਾਂ ਤੇ ਹੋਰ ਜਮਹੂਰੀ ਲੋਕਾਂ ਦੇ 'ਹੰਟ' ਨੂੰ ਰੋਕਣ ਅਤੇ ਸਥਾਪਤੀ ਦੀਆਂ ਆਵਾਮ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਅਤੇ ਚੰਗੀ ਜ਼ਿੰਦਗੀ ਲਈ ਜੂਝਣ ਦੇ ਜਮਹੂਰੀ ਹੱਕ ਦੀ ਰਾਖੀ ਲਈ ਅੱਗੇ ਆਈਏ?

-ਬੂਟਾ ਸਿੰਘ
ਲੇਖ਼ਕ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। ਫ਼ੋਨ:94634-74342

1 comment: