ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, October 16, 2012

ਮਲਾਲਾ 'ਤੇ ਹਮਲਾ:ਤਾਲਿਬਾਨੀ ਦਹਿਸ਼ਤਗਰਦੀ ਦੀ ਕਾਇਰ ਕਰਤੂਤ

ਦੁਨੀਆਂ ਅੰਦਰ ਵਾਪਰਦੇ ਇੱਕ ਤੋਂ ਬਾਅਦ ਇੱਕ ਅੱਤਵਾਦੀ ਹਮਲਿਆਂ ਕਾਰਨ,ਅੱਤਵਾਦੀ ਜੱਥੇਬੰਦੀਆਂ ਦੇ ਸਭ ਤੋਂ ਵੱਡੇ ਸਰਗਨੇ ਤਾਲਿਬਾਨ ਦੀ ਕਾਫੀ ਦਹਿਸ਼ਤ ਬਣੀ ਹੋਈ ਹੈ। ਜਿੱਥੇ ਦੁਨੀਆਂ ਦੇ ਹਰ ਕੋਨੇ ਅੰਦਰ ਅੱਤਵਾਦੀ ਦਹਿਸ਼ਤ ਦਾ ਸਾਇਆ ਲੋਕਾਂ ਨੂੰ ਕੰਬਣੀਆਂ ਛੇੜ ਰਿਹਾ ਹੈ, ਉਹਨਾਂ ਦੇ ਖ਼ਿਲਾਫ ਬੋਲਣ ਦਾ ਖਿਆਲ ਤੱਕ ਲੋਕਾਂ ਨੂੰ ਦਹਿਸ਼ਤਜ਼ਦਾ ਕਰ ਦਿੰਦਾ ਹੈ,ਉੱਥੇ ਤਾਲਿਬਾਨ ਦੇ ਗੜ੍ਹ ਅੰਦਰ ਰਹਿੰਦੇ ਜਨ ਸਧਾਰਨ ਦੀ ਦਸ਼ਾ ਕਿੰਨੀ ਮਾੜੀ ਹੋਵੇਗੀ?, ਕਿਆਸੀ ਵੀ ਨਹੀਂ ਜਾ ਸਕਦੀ।ਜਿੱਥੇ ਅੰਨ੍ਹੇ ਫਿਰਕੂ ਦਹਿਸ਼ਤਗਰਦ ਆਪਣੀਆਂ ਮਨਆਈਆਂ ਕਰਦੇ ਹਨ। ਆਏ ਦਿਨ ਸਧਾਰਨ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਤੇ ਕਤਲ ਕਰਦੇ ਹਨ।ਔਰਤਾਂ ਦੇ ਪੜ੍ਹਨ-ਲਿਖਣ,ਬੋਲਣ ਤੇ ਬੁਰਕਾ ਪਹਿਨੇ ਬਗੈਰ ਘੁੰਮਣ ਤੇ ਪਾਬੰਦੀਆਂ ਮੜ੍ਹਦੇ ਹਨ। ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੇ ਫ਼ਤਵੇ ਜਾਰੀ ਕਰਦੇ ਹਨ। ਅਜਿਹੀਆਂ ਦਮਘੋਟੂ ਹਾਲਤਾਂ 'ਚ ਰਹਿ ਰਹੇ ਲੋਕਾਂ ਤੇ ਉਨ੍ਹਾਂ ਦੇ ਬੱਚਿਆਂ ਦੀ ਮਾਨਸਿਕ ਦਸ਼ਾ ਕਿੰਨੀ ਨਪੀੜੀ ਹੋਈ ਹੋਵੇਗੀ?
ਸਵਾਤ ਘਾਟੀ ਤਾਲਿਬਾਨੀਆਂ ਦਾ ਗੜ ਮੰਨੀ ਜਾਂਦੀ ਹੈ। ਇਸ ਖੂਬਸੂਰਤ ਵਾਦੀ ਦੇ ਲੋਕ ਡਰ,ਸਹਿਮ ਤੇ ਚੁੱਪ ਦੇ ਹਨੇਰੇ 'ਚ 'ਜ਼ਿੰਦਗੀ ਕੱਟ' ਰਹੇ ਹਨ। ਇਹਨਾਂ ਹੁਸੀਨ ਵਾਦੀਆਂ 'ਚੋਂ ਦਲੇਰੀ ਤੇ ਹੌਂਸਲੇ ਨਾਲ ਭਰੀ ਹੋਈ ਇੱਕ 14 ਸਾਲਾ ਮਲਾਲਾ ਯੂਸਫ਼ਜ਼ਈ ਦੀ ਅਵਾਜ ਚਿੰਗਆੜੀ ਬਣ ਉੱਠਦੀ ਹੈ ਤੇ ਅੱਤਵਾਦੀ ਗੜ ਅੰਦਰ ਭਾਂਬੜ ਬਾਲ ਦਿੰਦੀ ਹੈ। 1998 'ਚ ਜਨਮੀ ਮਲਾਲਾ ਸਵਾਤ ਘਾਟੀ ਦੇ ਕਸਬੇ ਮੰਗੋਰਾ 'ਚ ਕਵੀ ਪਿਤਾ ਜ਼ਿਆ-ਉੱਦ-ਦੀਨ ਯੂਸਫ਼ਜ਼ਈ ਦੀ ਨਿਡਰ ਸੋਚ ਵਾਲੀ ਜਾਈ ਹੈ। ਉਹ ਬਚਪਨ ਤੋਂ ਹੀ ਸਵਾਤ ਦੀਆਂ ਸੁੰਦਰ ਵਾਦੀਆਂ ਅੰਦਰ ਤਾਲਿਬਾਨੀ ਦਹਿਸ਼ਤ ਦਾ ਨੰਗਾ ਨਾਚ ਅੱਖੀਂ ਵੇਖਦੀ ਆ ਰਹੀ ਹੈ। ਗਲੀਆਂ-ਸੜਕਾਂ ਤੇ ਮਨੁੱਖੀ ਲਾਸ਼ਾਂ ਦੇ ਢੇਰ ਕੋਲੋਂ ਲੰਘਦਿਆਂ,ਘਰਾਂ-ਸਕੂਲਾਂ ਅੰਦਰ ਅਨੇਕਾਂ ਪਾਬੰਦੀਆਂ ਦੇ ਜਾਰੀ ਹੁੰਦੇ ਫ਼ਤਵੇ ਸੁਣਦਿਆਂ,ਉਸਨੇ ਛੋਟੀ ਉਮਰੇ ਅੱਤਵਾਦੀ ਦਹਿਸ਼ਤੀ ਬਰਬਰਤਾ ਨੂੰ ਮਹਿਸੂਸ ਕਰ ਲਿਆ ਸੀ ਪਰ ਉਹ ਨਿਰਮਲ ਬਾਲ ਮਨ ਹਾਲੇ ਨਹੀਂ ਜਾਣਦਾ ਕਿ ਅੱਤਵਾਦ ਦੀ ਜੰਮਣ-ਭੋਂਇ ਤੇ ਇਸਦੀ ਕਬਰ ਕਿਵੇਂ ਪੁੱਟੀ ਜਾ ਸਕਦੀ ਹੈ।


ਮਲਾਲਾ ਨੇ ਆਪਣੇ ਅਨੁਭਵੀ ਵਿਚਾਰ ਬੀ.ਬੀ.ਸੀ. ਦੇ ਇੱਕ ਉਰਦੂ ਬਲਾਗ ਤੇ ਆਪਣੇ ਕਲਮੀ ਨਾਂ 'ਗੁਲ ਮੱਕਈ' ਹੇਠ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ ਤੇ ਦਿਨਾਂ 'ਚ ਹੀ ਉਸਦੀ ਅਵਾਜ ਕੌਮੀ-ਕੌਮਾਂਤਰੀ ਮੰਚ ਤੇ ਜਾਣੀ ਜਾਣ ਲੱਗੀ । ਉਸਨੂੰ ਕੌਮੀ-ਕੌਮਾਂਤਰੀ ਸ਼ਾਂਤੀ ਪੁਰਸਕਾਰ ਮਿਲੇ। ਉਸਨੇ ਇੱਕ ਰਾਜਨਿਤਕ ਪਾਰਟੀ ਬਣਾ ਕੇ ਅੱਤਵਾਦ ਖਤਮ ਕਰਕੇ ਅਮਨ-ਸ਼ਾਂਤੀ ਸਥਾਪਤ ਕਰਨ ਦਾ ਸੁਪਨਾ ਪਾਲਿਆ। ਉਸ ਨਿਡਰ ਬੱਚੀ ਦੀ ਅਵਾਜ,ਦਲੇਰੀ ਤੇ ਸੁਪਨਿਆਂ ਨੇ ਤਾਲਿਬਾਨੀ ਧੌਂਸ ਨੂੰ ਬੁਖਲਾ ਦਿੱਤਾ,ਦਹਿਸ਼ਤਗਰਦਾਂ ਨੇ ਆਪਣੇ ਗੈਰ-ਮਨੁੱਖੀ ਕਿਰਦਾਰ ਮੁਤਾਬਕ ਸਕੂਲ ਵੈਨ 'ਚ ਘਰ ਵਾਪਸ ਪਰਤ ਰਹੀ ਮਲਾਲਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਮਲਾਲਾ ਹੁਣ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕ ਉਸਦੀ ਸਿਹਤਯਾਬੀ ਦੀ ਨਿੱਘੀ ਦਿਲੀ ਭਾਵਨਾ ਰੱਖ ਰਹੇ ਹਨ।

ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕਾਂ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ,ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤੇ ਸਯੁੰਕਤ ਰਾਸ਼ਟਰ ਸੰਘ ਦੇ ਸਕੱਤਰ ਬਾਨ ਕੀ ਮੂ ਵਰਗੀਆ ਹੋਰ ਵੀ ਅਨੇਕਾਂ ਹਸਤੀਆਂ ਨੇ ਇਸ ਘਿਨੌਣੀ ਕਾਰਵਾਈ ਦੀ ਨਿੰਦਾ ਕਰਦਿਆਂ ਆਲਮੀ ਅਮਨ-ਸ਼ਾਂਤੀ ਦੀ ਗੱਲ ਕੀਤੀ ਹੈ। ਅੱਤਵਾਦ ਤੇ ਧਾਰਮਿਕ ਮੂਲਵਾਦ ਦੇ ਜਨਮਦਾਤੇ,ਵਿਸ਼ਵ ਜੰਗਾਂ ਛੇੜਣ ਤੇ ਆਪਣੀਆਂ ਕਠਪੁਤਲੀ ਸਰਕਾਰਾਂ ਬਣਾਉਣ ਵਾਲੀਆਂ ਇਹ ਲੋਕ ਵਿਰੋਧੀ ਤਾਕਤਾਂ ਅਜਿਹਾ ਕਰਕੇ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ। ਕਿਸੇ ਦੌਰ ਅੰਦਰ ਸਮਾਜਵਾਦੀ ਸੋਵੀਅਤ ਯੂਨੀਅਨ ਨੂੰ ਕੁਚਲਣ ਲਈ ਇਹਨਾਂ ਸਾਮਰਾਜੀ ਤਾਕਤਾਂ ਨੇ ਅੱਤਵਾਦ ਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਪੈਦਾ ਕੀਤਾ ਸੀ। ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ,ਟ੍ਰੇਨਿੰਗ ਦਿੱਤੀ ਤੇ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਚਲਨ ਲਈ, ਮੋਹਰੇ ਵਜੋਂ ਵਰਤਿਆ ਗਿਆ।

ਸੋਵੀਅਤ ਯੂਨੀਅਨ ਦੇ ਖਿੰਡਣ ਮਗਰੋਂ ਅਮਰੀਕੀ ਸਾਮਰਾਜ ਵੱਲੋਂ ਪੈਦਾ ਕੀਤੀ ਅੱਤਵਾਦ ਦੀ ਇਹ ਬਲਾ ਖੁਦ ਇਹਨਾਂ ਸਾਮਰਾਜੀ ਗੜਾਂ ਤੇ ਹਮਲੇ ਕਰਨ ਲੱਗੀ। ਇੱਥੇ ਸਾਮਰਾਜੀ-ਪੂੰਜੀਵਾਦੀਏ ਦੋ ਮੂੰਹੀਂ ਚਾਲ ਚੱਲ ਰਹੇ ਹਨ,ਇੱਕ ਪਾਸੇ ਉਹ ਆਪਣੀਆਂ ਲੋਕਦੋਖੀ ਨੀਤੀਆਂ ਨੂੰ ਲੋਕਾਂ ਉਪਰ ਮੜ੍ਹਨ ਤੇ ਵਿਰੋਧ ਵਜੋਂ ਉੱਠਣ ਵਾਲੇ ਅੰਦੋਲਨਾਂ ਨੂੰ ਖਤਮ ਕਰਨ ਲਈ ਅੱਤਵਾਦ ਤੇ ਧਾਰਮਿਕ ਮੂਲਵਾਦ ਦਾ ਖਤਰਾ ਮੰਡਰਾਉਂਦਾ ਰੱਖਣਾ ਚਾਹੁੰਦੇ ਹਨ ਤੇ ਦੂਜੇ ਪਾਸੇ ਬੇਮੁਹਾਰੇ ਹੋਏ ਅੱਤਵਾਦੀ ਤੱਤਾਂ ਨੂੰ ਖਤਮ ਕਰਨ ਦੇ ਰਾਹ ਪਏ ਹੋਏ ਹਨ।ਪੰਜਾਬ ਅੰਦਰ ਖਾਲਿਸਤਾਨੀ ਦਹਿਸ਼ਤਗਰਦੀ ਨੂੰ ਪੈਦਾ ਤੇ ਖਤਮ ਕਰਨ ਦੀ ਖੇਡ ਵੀ ਇਸੇ ਨੀਤੀ ਤਹਿਤ ਚੱਲੀ ਸੀ ਤੇ ਹਾਕਮ ਅੱਗੋਂ ਵੀ ਇਸਨੂੰ ਚੱਲਦੀ ਰੱਖਣ ਦੇ ਮਨਸੂਬੇ ਰੱਖਦੇ ਹਨ। ਲੋਕਦੋਖੀ ਹਾਕਮ ਜਮਾਤਾਂ ਨੂੰ ਉਨ੍ਹਾਂ ਚਿਰ ਅੱਤਵਾਦ ਤੋਂ ਕੋਈ ਖਤਰਾ ਨਹੀਂ ਹੁੰਦਾ ਜਿੰਨਾਂ ਚਿਰ ਉਹ ਆਮ ਸਧਾਰਨ ਜਨਤਾ ਦਾ ਖੂਨ ਡੋਲ ਰਿਹਾ ਹੁੰਦਾ ਹੈ,ਇਸ ਲਈ ਖਤਰੇ ਦੀ ਸਥਿਤੀ ਸਿਰਫ ਉਦੋਂ ਹੀ ਬਣਦੀ ਹੈ ਜਦੋਂ ਇਹ ਸੱਤਾ ਦੇ ਗਲਿਆਰਿਆਂ 'ਚ ਜਾ ਵੜਦਾ ਹੈ। ਸਾਮਰਾਜੀ-ਪੂੰਜੀਵਾਦੀ ਤਾਕਤਾਂ ਅੱਤਵਾਦ ਦਾ ਹੋ-ਹੱਲਾ ਉਦੋਂ ਜਿਆਦਾ ਪਾਉਦੀਆਂ ਹਨ ਜਦੋਂ ਲੋਕ ਹੱਕਾਂ ਲਈ ਉੱਠੀਆਂ ਅਵਾਜਾਂ ਨੂੰ ਬੰਦ ਕਰਵਾਉਣ ਲਈ ਕੋਈ ਨਵਾਂ ਕਾਲਾ ਕਾਨੂੰਨ ਬਣਾਉਣਾ ਹੁੰਦਾ ਹੈ।

ਅੱਤਵਾਦ ਤੇ ਧਾਰਮਿਕ ਮੂਲਵਾਦ ਦੀਆਂ ਜਨਮਦਾਤੀਆਂ ਸਾਮਰਾਜੀ-ਪੂੰਜੀਵਾਦੀ ਤਾਕਤਾਂ ਇਹਨਾਂ ਨੂੰ ਦੁਨੀਆਂ ਲਈ ਵੱਡਾ ਖਤਰਾ ਪੇਸ਼ ਕਰਦੀਆਂ ਹੋਈਆਂ ਲੋਕਾਂ ਦਾ ਧਿਆਨ ਅਸਲ ਦੁਸ਼ਮਣ (ਸਾਮਰਾਜੀ-ਪੂੰਜੀਵਾਦੀ ਲੁਟੇਰੇ ਪ੍ਰਬੰਧ) ਤੋਂ ਵਟਾਉਣਾ ਚਾਹੁੰਦੀਆਂ ਹਨ। ਆਲਮੀ ਮਨੁੱਖਤਾ ਲਈ ਦਰਪੇਸ਼ ਸਭਨਾਂ ਬੁਰਾਈਆਂ ਦਾ ਖਾਤਮਾ ਕਰਨ ਲਈ,ਮਲਾਲਾ ਨੂੰ ਸੱਚ ਬੋਲਣ ਦੀ ਸਜਾ ਦੇਣ ਵਾਲੇ ਅੱਤਵਾਦੀ ਦਹਿਸ਼ਤਗਰਦਾਂ ਦੇ ਖਾਤਮੇ ਲਈ,ਮਲਾਲਾ ਸਮੇਤ ਅਨੇਕਾਂ ਅਤਿਆਚਾਰਾਂ ਦੀ ਸ਼ਿਕਾਰ ਲੋਕਾਈ ਦੀ ਭਲਾਈ ਲਈ ਚੇਤੰਨ ਤੇ ਇਨਸਾਫਪਸੰਦ ਲੋਕਾਂ ਦੁਆਰਾ ਸਾਮਰਾਜੀ-ਪੂੰਜੀਵਾਦੀ ਵਿਰੋਧੀ ਸੰਘਰਸ਼ਾਂ ਦੇ ਰਾਹ ਚੱਲਦਿਆਂ ਲੋਕਪੱਖੀ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਵੱਲ ਵਧਣ ਤੇ ਹੀ ਇਹਨਾਂ ਕਰੂਰ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਜਿਹੜੀ ਤਾਲਿਬਾਨੀ ਦਹਿਸ਼ਤੀ ਧੌਂਸ ਨੂੰ ਉਸੇ ਦੇ ਗੜ ਅੰਦਰ 14 ਸਾਲਾ ਬੱਚੀ ਦੀ ਅਵਾਜ਼ ਕੰਬਣੀਆਂ ਛੇੜ ਸਕਦੀ ਹੈ,ਉਸਦੇ ਖੋਖਲੇਪਣ ਦੀ ਇਸਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ। ਆਪਣੇ ਹਸ਼ਰ ਨੂੰ ਜਾਣਦਿਆਂ ਅੱਤਵਾਦ ਨਾਲ ਟੱਕਰ ਲੈਣ ਵਾਲੀ ਹਸਪਤਾਲ ਵਿੱਚ ਜ਼ੇਰੇ ਇਲਾਜ ਬੱਚੀ ਮਲਾਲਾ ਦੀ ਇਹ ਕੁਰਬਾਨੀ ਆਪਣੇ-ਆਪ 'ਚ ਇਕ ਸਵਾਲ ਉਭਾਰਦੀ ਹੈ ਕਿ ਤੁਸੀਂ ਜੋ ਚੰਗੇ ਮਿਹਨਤੀ-ਇਮਾਨਦਾਰ ਇਨਸਾਨ ਹੋ, ਤੁਸੀਂ ਹਰ ਤਰਾਂ੍ਹ ਦੇ ਲੁੱਟ-ਜ਼ਬਰ ਤੇ ਅਨਿਆਂ ਦੇ ਜਿੰਮੇਵਾਰ ਕਾਰਨਾਂ ਨੂੰ ਖਤਮ ਕਰਨ ਲਈ ਕੀ ਕਰ ਰਹੇ ਹੋ?

ਮਨਦੀਪ
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।
ਮੌਬ: 98764-42052

No comments:

Post a Comment