ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, December 25, 2012

ਪੰਜਾਬੀ ਸਾਹਿਤਕਾਰੀ ਦਾ ਭਵਿੱਖ--ਗੁਰਬਚਨ

ਤਬਸਰਾ 
ਇਹ ਫਿਲਹਾਲ ਦੀ ਸੰਪਾਦਕੀ ਹੈ। ਨਵੇਂ ਅੰਕ ਦੀ ਜਾਣਕਾਰੀ ਲਈ ਗੁਰਬਚਨ ਨਾਲ  ਮੋਬਾਇਲ ਨੰਬਰ   98725-06926  'ਤੇ ਸੰਪਰਕ ਕੀਤਾ ਜਾ ਸਕਦਾ ਹੈ--ਯਾਦਵਿੰਦਰ ਕਰਫਿਊ

ਪੰਜਾਬੀ ਭਾਸ਼ਾ ਦੀ ਵੱਧ ਰਹੀ ਅਪ੍ਰਸੰਗਿਕਤਾ ਅਤੇ ਇਹਦੇ ਸਾਹਿਤ ਦੇ ਭਵਿੱਖਹੀਣ ਹੋਣ ਦਾ ਮੁੱਖ ਕਾਰਣ ਪੰਜਾਬੀ ਬੰਦੇ ਦੀ ਮਾਨਸਿਕ ਬਣਤ ਹੈ। ਇਸ ਬੰਦੇ ਦੀਆਂ ਅਵਚੇਤਨੀ ਤਾਰਾਂ ਕਿਸੇ ਗਹਿਰੀ ਅਸੁਰੱਖਿਆ ਨਾਲ ਬੱਝੀਆਂ ਹੋਈਆਂ ਹਨ ਕਿ ਇਹ ਸੀਮਤ ਤਰਜ਼ ਦੀ ਪਦਾਰਥਿਤਾ ਨੂੰ ਜਿੱਤਣ ਜਾਂ ਹੱਥਿਆਣ 'ਚ ਬਾਕੀ ਸਭ ਕੁਝ ਭੁਲ ਜਾਂਦੈ। ਇਹਨੂੰ ਰਚਨਾਤਮਿਕ ਜਾਂ ਬੌਧਿਕ ਉੜਾਨ ਦੀ ਜ਼ਰੂਰਤ ਕਦੇ ਮਹਿਸੂਸ ਨਹੀਂ ਹੁੰਦੀ।


ਇਹਦੀਆਂ ਅਕਾਂਖਿਆਵਾਂ ਦੇ ਖਾਤੇ 'ਚ ਭਾਸ਼ਾ ਦਾ ਕੋਈ ਰੋਲ ਨਹੀਂ। ਇਹ ਇੰਦ੍ਰਿਆਵੀ ਲੀਲਾ ਦੀ ਕੈਦ ਭੋਗਦਾ ਖੁਸ਼ ਰਹਿੰਦਾ ਹੈ। ਹਤਾਸ਼ ਹੋਣ ਦੀ ਸੂਰਤ ਵਿਚ ਇਹ ਭਾਵੁਕ ਹੋ ਜਾਂਦੈ; ਇਤਿਹਾਸ 'ਚੋਂ ਸ਼ਹੀਦਾਂ ਨੂੰ ਯਾਦ ਕਰਨ ਲੱਗਦਾ ਹੈ। ਇਹਨੂੰ ਕਬੱਡੀ ਜਾਂ ਮਸਾਲਾ ਮਿਕਸ ਗਾਇਕੀ ਪਿਆਰੀ ਹੈ ਜੋ ਇੰਦਰੀਆਂ 'ਚ ਉਛਾਲ ਲਿਆਵੇ। ਸਮੇਂ ਤੋਂ ਪਿਛਾਂਹ ਰਹਿ ਜਾਣ ਵਾਲੇ ਦੀ ਇਹੀ ਪਛਾਣ ਹੁੰਦੀ ਹੈ।


ਵਿਸ਼ਵੀਕਰਨ ਦੀਆਂ ਅਲਾਮਤਾਂ ਇਹਨੂੰ ਸਹਿਜੇ ਹੀ ਦਬੋਚ ਰਹੀਆਂ ਹਨ। ਆਧੁਨਿਕ ਹੋਏ ਬਗ਼ੈਰ ਇਹ ਉੱਤਰ ਆਧੁਨਿਕੀ ਬਣ ਚੁੱਕਾ ਹੈ। ਬਦੇਸ਼ਾਂ 'ਚ ਪੁੱਜ ਕੇ ਇਹ ਬੰਦਾ ਕੰਮ ਤੇ ਪੌਂਡਾਂ/ਡਾਲਰਾਂ 'ਚ ਸਿਰ ਸੁੱਟ ਕੇ ਖੁੱਭ ਜਾਂਦਾ। ਤਸੱਲੀ ਇਹ ਹੁੰਦੀ ਹੈ ਕਿ ਸ਼ਾਮ ਨੂੰ ਸ਼ਿਵਾਸ ਰੀਗਲ ਜਾਂ ਬਲੈਕ ਲੇਬਲ ਦਾ ਸੇਵਨ ਕਰ ਸਕਦੈ। ਦੇਸ਼ ਵਿਚ ਵੱਡੇ ਮੈਰੱਜ ਪੈਲੇਸ ਇਹਦੀ ਸਭਿਆਚਾਰਕਤਾ ਦੇ ਮੰਚ ਬਣੇ ਹੋਏ ਹਨ। ਰੂਹ ਨੂੰ ਇਹ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਖੁਸ਼ ਕਰ ਲੈਂਦਾ। ਜਾਂ ਧਰਮ ਨੂੰ ਚੌਧਰ ਲਈ ਵਰਤਦਾ। ਅਜਿਹੀ ਮਾਇਆਵੀ ਕ੍ਰੀੜਾ ਨੂੰ ਅੱਜ ਪੰਜਾਬੀ ਪਛਾਣ ਕਿਹਾ ਜਾ ਰਿਹਾ ਹੈ। ਇਹਨੂੰ ਗਲੋਰੀਫਾਈ ਕੀਤਾ ਜਾ ਰਿਹੈ। ਇਹਨੂੰ ਪੰਜਾਬੀ ਬੰਦੇ ਦੀ ਦਿਲਦਾਰਤਾ ਕਿਹਾ ਜਾ ਰਿਹੈ।


ਇਸ ਸਥਿਤੀ ਦਾ ਅਕਸ ਪੰਜਾਬੀ ਸਾਹਿਤਕਾਰੀ 'ਚ ਦੇਖਿਆ ਜਾ ਸਕਦਾ ਹੈ। ਸਾਡੀ ਸਾਹਿਤਕਾਰੀ ਨੂੰ, ਆਧੁਨਿਕ ਯੁੱਗ 'ਚ ਵੀ, ਭਾਵੁਕਤਾ ਨੇ ਟੂਣਾ ਕੀਤਾ ਹੋਇਐ।


ਅਸੁਰੱਖਿਅਤ ਜਾਂ ਤੰਤਹੀਣ ਬੰਦਾ ਹੀ ਭਾਵੁਕ ਹੁੰਦਾ। ਭਾਵੁਕਤਾ ਭੌਤਿਕ ਸਥਿਤੀ ਨੂੰ ਤਰਲ ਬਨਾਣ ਦੀ ਅਕਾਂਖਿਆ ਹੁੰਦੀ ਹੈ। ਇਹ ਅਜਿਹੀ ਸਪੇਸ ਸਿਰਜਦੀ ਹੈ ਜਿੱਥੇ ਬੰਦਾ ਆਪਣਾ ਕੈਥਾਰਸਿਸ ਕਰ ਸਕਦਾ, ਅਹਮ ਸੁਆਲਾਂ ਤੋਂ ਮੂੰਹ ਮੋੜ ਕੇ ਬੱਚ ਨਿਕਲਣ ਦਾ ਮੋਰੀ-ਰਾਹ ਲੱਭ ਸਕਦਾ, ਜਿਵੇਂ ਪੁਰਾਤਨ ਯੂਨਾਨ 'ਚ ਨਾਟ ਮੰਚ ਰਾਹੀਂ ਹੋਇਆ ਕਰਦਾ ਸੀ।

ਫਿਲਹਾਲ ਦੇ ਨਵੇਂ ਅੰਕ ਦਾ ਕਵਰ

ਪੰਜਾਬੀ ਸਾਹਿਤਕਾਰੀ 'ਚ ਮੰਚਾਂ ਨੂੰ ਚੋਖਾ ਸਥਾਨ ਪ੍ਰਾਪਤ ਹੈ। ਅਸੀਂ ਮੰਚਾਂ ਨੂੰ ਭਾਵੁਕਤਾ 'ਚ ਤਬਦੀਲ ਕਰਨ ਦੇ ਮਾਹਿਰ ਹਾਂ। ਮਕਸਦ ਹਜੂਮ ਸਾਹਮਣੇ ਸਫ਼ਲ ਹੋਣ ਦਾ ਹੁੰਦਾ। ਕਵਿਤਾ ਨੂੰ ਪੰਜਾਬੀ ਬੰਦਾ ਪੜਦਾ ਨਹੀਂ ਤੇ ਕਵਿਤਾ ਦਾ ਸੰਚਾਰ ਕਰਨ ਲਈ ਕਵੀ ਮੰਚ 'ਤੇ ਪੁੱਜ ਜਾਂਦਾ। ਉੱਥੇ ਪੁੱਜ ਕੇ ਆਪਣਾ ਅਸਲ ਭੁੱਲ ਜਾਂਦੈ। ਉਹ ਮੰਚ 'ਤੇ ਸਫ਼ਲ ਹੋਣ ਲਈ ਜੁਗਤਾਂ ਇਜਾਦ ਕਰਦਾ। ਤਦ ਉਹ ਹੁੰਦਾ ਨਹੀਂ, ਦਿਖਦਾ ਹੈ। ਕਵੀ ਨਹੀਂ ਰਹਿੰਦਾ, ਪ੍ਰਫੌਰਮਰ ਬਣ ਜਾਂਦਾ ਹੈ। ਪੰਜਾਬੀ ਸਰੋਤਿਆਂ ਦੇ ਇਸ ਅਵਚੇਤਨ ਦਾ ਲਾਭ ਉਠਾਣ ਲਈ ਭਾਅ ਜੀ ਗੁਰਸ਼ਰਨ ਨੇ ਭਾਵੁਕਤਾ ਦਾ ਪੱਲਾ ਕਦੇ ਨਹੀਂ ਸੀ ਛੱਡਿਆ। ਉਹਨੇ ਭਾਵੁਕਤਾ ਨੂੰ ਕ੍ਰਾਂਤੀ ਦੇ ਮਹਾਤਮ 'ਚ ਤਬਦੀਲ ਕਰ ਦਿੱਤਾ। ਇਨਕਲਾਬੀ ਅਕਾਂਖਿਆ ਭਾਵੁਕਤਾ 'ਚ ਘੁਲਮਿਲ ਜਾਣ ਲੱਗੀ। ਭੁਲਾਵਾ ਪੈਦਾ ਹੁੰਦਾ ਰਿਹਾ ਕਿ ਸਰੋਤਿਆਂ ਨੇ ਸਮਾਜਿਕ ਤਬਦੀਲੀ ਦਾ ਸੁਨੇਹਾ ਸਵੀਕਾਰ ਕਰ ਲਿਆ ਹੈ। ਹੁੰਦਾ ਇਹ ਵਕਤੀ ਜਲਵਾ ਸੀ ਕਿਉਂਜੁ ਸਰੋਤਿਆਂ ਦੀ ਪਦਾਰਥਿਕ ਵਾਸਤਵਿਕਤਾ ਭੁਲਾਵੇ ਵਾਲੀ ਸਪੇਸ ਤੋਂ ਦੂਰ ਹੁੰਦੀ ਸੀ। ਭਾਵੁਕਤਾ 'ਚ ਘੁਲੀ ਕ੍ਰਾਂਤੀ ਤਦ ਤਫ਼ਰੀਹ ਦਾ ਜ਼ੱਰੀਆ ਬਣ ਜਾਂਦੀ ਰਹੀ।


ਅਸਲ ਗੱਲ ਇਹ ਹੈ ਕਿ ਪੰਜਾਬੀ ਲਿਖਣਕਾਰ ਲਈ ਭਾਸ਼ਾ ਦੀਆਂ ਰਚਨਾਤਮਿਕ/ਬੌਧਿਕ ਸੰਭਾਵਨਾਵਾਂ ਦੇ ਕੋਈ ਅਰਥ ਨਹੀਂ ਰਹੇ। ਨਾ ਉਹ ਪੰਜਾਬੀ ਭਾਸ਼ਾ ਨੂੰ ਰਚਨਾਤਮਿਕ ਬੌਧਿਕਤਾ ਦੀ ਜੁਗਤ ਵਜੋਂ ਵਰਤਣ ਦੇ ਸਮਰਥ ਹੋ ਸਕਿਆ ਹੈ। ਬਦੇਸ਼ਾਂ 'ਚ ਬੈਠੇ ਪੰਜਾਬੀ ਲੇਖਕਾਂ ਨੂੰ ਵਿਸ਼ਵ ਗਿਆਨ ਤੇ ਭਾਸ਼ਾ ਵਿਸਤਾਰਾਂ ਦੀਆਂ ਅੱਥਾਹ ਸਹੂਲਤਾਂ ਮੁਹੱਈਆ ਹਨ। ਪੱਛਮੀ ਆਰਥਿਕਤਾ ਨੇ ਜੋ ਦੁਸ਼ਵਾਰੀਆਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੂੰ ਉੱਥੋਂ ਦੇ ਲੇਖਕਾਂ ਨੇ ਆਪਣੇ ਸਾਹਾਂ ਨਾਲ ਹੰਢਾਇਆ ਹੈ, ਉਹ ਉਸ ਤੋਂ ਕਿਨਾਰਾਕਸ਼ੀ ਕਰਕੇ ਘਿਸ ਤਰਜ਼ ਦੀ ਗ਼ਜ਼ਲਕਾਰੀ ਜਾਂ ਕਵਿਤਾ 'ਚ ਪਨਾਹ ਲਈ ਬੈਠੇ ਹਨ। ਅਨੁਭਵ ਦੇ ਪ੍ਰਗਟਾ ਲਈ ਨਾਵਲ ਵਰਗੀ ਵਿਧਾ ਦੀ ਜੋ ਲੋੜ ਹੈ ਉਹ ਪੂਰੀ ਹੁੰਦੀ ਦਿੱਸ ਨਹੀਂ ਰਹੀ। ਇਹਦੇ ਲਈ ਜਿਸ ਆਤਮ ਸੰਘਰਸ਼ ਤੇ ਭਾਸ਼ਾ ਨਾਲ ਜੱਦੋਜਹਿਦ ਤੇ ਸਮੇਂ ਦੀ ਲੋੜ ਹੈ ਉਹ ਖਾਤਾ ਖੁੱਲ੍ਹਦਾ ਹੀ ਨਹੀਂ।


ਇਸ ਦ੍ਰਿਸ਼ਪਟ ਦੇ ਹਵਾਲੇ ਨਾਲ ਕੁਝ ਇਕ ਹੋਰ ਗੱਲਾਂ ਵਲ ਧਿਆਨ ਵੀ ਜਾਂਦਾ ਹੈ: 


1. ਪ੍ਰਤਿਭਾਸ਼ਾਲੀ ਸਾਹਿਤਕਾਰ ਇਸ ਸੰਸਾਰ ਤੋਂ ਵਿਦਾ ਹੋ ਰਹੇ ਹਨ। ਮਿਸਾਲ, ਦਿੱਲੀ ਕਦੇ ਪੰਜਾਬੀ ਸਾਹਿਤਕਾਰੀ ਦੀ ਰਾਜਧਾਨੀ ਹੋਇਆ ਕਰਦਾ ਸੀ। ਨਵੀਂ ਸੋਚ, ਨਵੀਂ ਦ੍ਰਿਸ਼ਟੀ, ਪੱਛਮੀ ਚਿੰਤਕਾਂ ਨਾਲ 'ਰਿਲੇਟ' ਹੋਣ ਵਾਲਾ ਗੜ• ਸੀ ਇਹ ਸ਼ਹਿਰ। ਹਰਿਭਜਨ ਸਿੰਘ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਤਾਰਾ ਸਿੰਘ, ਦੇਵਿੰਦਰ ਸਤਿਆਰਥੀ, ਸਭ ਰੱਬ ਨੂੰ ਪਿਆਰੇ ਹੋ ਗਏ ਹਨ। ਪੰਜਾਬੀ ਸਾਹਿਤ ਦੇ ਹਵਾਲੇ ਨਾਲ ਅੱਜ ਦਿੱਲੀ ਖਾਲਮ-ਖਾਲੀ ਹੈ। ਗੁਲਿਸਤਾਨ ਉੱਜੜ ਚੁੱਕਾ ਹੈ। ਨਵੇਂ ਪਟਵਾਰੀ ਧਾਵਾ ਬੋਲ ਰਹੇ ਹਨ। ਉਨ੍ਹਾਂ ਦੀ ਦੌੜ ਐਵਾਰਡਾਂ ਤੱਕ ਹੈ।


2. ਅੱਜ ਦੇ ਯੁੱਗ ਦੀ ਪ੍ਰਧਾਨ ਵਿਧਾ ਨਾਵਲੀ ਬਿਰਤਾਂਤ ਹੈ। ਇਹਦੀਆਂ ਸੰਭਾਵਨਾਵਾਂ ਅਸੀਮ ਹਨ। ਨਾਤਿਆਂ ਦੇ ਬਦਲ ਰਹੇ ਸਮੀਕਰਣ ਤੇ ਨਵੀਆਂ ਪੇਚੀਦਗੀਆਂ ਨਾਵਲੀ ਬਿਰਤਾਂਤ ਦੀ ਵਿਧਾ ਰਾਹੀਂ ਹੀ ਸਾਕਾਰ ਹੋ ਸਕਦੀਆਂ ਹਨ। ਰਿਸ਼ਤੇ ਤਿੜਕ ਰਹੇ ਹਨ। ਨਿੱਕੇ ਸ਼ਹਿਰਾਂ 'ਚ ਸੂਚਨਾ ਤਕਨੋਲਜੀ ਤੇ ਵਿਸ਼ਵੀਕਰਨ ਦੀਆਂ ਅਲਾਮਤਾਂ ਨੇ ਸਥਾਪਿਤ ਮਾਨਤਾਵਾਂ ਨੂੰ ਉਲਟਾ ਦਿੱਤਾ ਹੈ। ਸ਼ੋਸ਼ਲ ਨੈੱਟਵਰਕ ਨੇ ਹਰ ਸੀਮਾ ਤੋੜ ਦਿੱਤੀ ਹੈ। ਇਹਦੇ ਨਾਲ ਉੱਥਲ-ਪੁੱਥਲ ਵਧੀ ਹੈ। ਪੁਰਾਣੇ ਨੈਤਿਕ ਮੁੱਲ ਪਸਤ ਹੋ ਚੁੱਕੇ ਹਨ; ਨਵੀਂ ਨੈਤਿਕਤਾ ਲਈ ਸਪੇਸ ਨਹੀਂ ਹੈ। ਕੁਲ ਸਪੇਸ ਪੂੰਜੀ ਤੰਤਰ ਦੇ ਪਾਸਾਰਾਂ ਨੇ ਘੇਰ ਰੱਖੀ ਹੈ। ਕਿੰਨਾ ਕੁਝ ਸਾਹਮਣੇ ਆ ਰਿਹਾ ਹੈ : ਅਨੇਕ ਅੰਤਰ-ਵਿਰੋਧ, ਦਮਨ ਦੇ ਲੁਪਤ ਤੇ ਜ਼ਾਹਿਰਾ ਚਿਹਰੇ ਆਦਿ। ਔਰਤ ਦੀ ਪੀੜਾ ਦੇ ਨਵੇਂ ਰੂਪ ਦਿੱਖ ਰਹੇ ਹਨ। ਔਰਤ ਆਜ਼ਾਦ ਹੋਣ ਦੀ ਚਾਹਤ ਵਿਚ ਆਪਣੀ ਕਾਮੁਕਤਾ 'ਚ ਟ੍ਰੈਪ ਹੋ ਰਹੀ ਹੈ। ਇਸ ਤੋਂ ਪੈਦਾ ਹੋਣ ਵਾਲੇ ਕਲੇਸ਼ ਸਾਡੀ ਨਾਵਲਕਾਰੀ 'ਚ ਦਿਖਾਈ ਨਹੀਂ ਦੇ ਰਹੇ। ਇਨ੍ਹਾਂ ਪੇਚੀਦਗੀਆਂ ਤੱਕ ਪਹੁੰਚਣ ਲਈ ਮਹਾਂ ਦ੍ਰਿਸ਼ਟੀਕਾਰਾਂ (visionaries) ਦੀ ਜੋ ਲੋੜ ਹੈ, ਉਹ ਕਿੱਥੇ ਹਨ?


3. ਹਤਾਸ਼ ਹੋਏ ਪੰਜਾਬੀ ਬੰਦੇ ਕੋਲੋਂ ਪੁਰਾਣੀ ਤਰਜ਼ ਦੀ ਸਿਆਸਤ ਖੁੱਸ ਰਹੀ ਹੈ। ਸੁਖਬੀਰ ਬਾਦਲ ਨੇ ਚੋਣ ਜਿੱਤ ਕੇ ਦੱਸ ਦਿੱਤਾ ਹੈ ਕਿ ਅੱਜ ਸਿਆਸਤ ਕਾਰਪੋਰੇਟਰੀ ਤਰਜ਼ ਦੀ ਹੈ। ਸਿਆਸਤ ਤੇ ਜੁਰਮ ਤੇ ਦਫ਼ਤਰਸ਼ਾਹੀ ਵਿਚਕਾਰ ਬਹੁਤਾ ਫ਼ਰਕ ਨਹੀਂ ਰਿਹਾ। ਪੁਲਿਟੀਕਲ ਕਲਾਸ ਤੇ ਲੁੰਪਨਾਂ ਵਿਚਕਾਰ ਵਿੱਥ ਘਟ ਗਈ ਹੈ। ਸਾਡੇ ਲੇਖਕ ਪੁਲਿਟੀਕਲ ਕਲਾਸ ਤੇ ਲੁੰਪਨਾਂ ਤੋਂ ਬਹੁਤਾ ਦੂਰ ਖੜੇ ਨਹੀਂ ਹਨ। ਅਕਾਦਮੀਆਂ ਤੇ ਐਵਾਰਡ ਕਮੇਟੀਆਂ 'ਚ ਥਾਂ ਹਥਿਆਣ ਲਈ, ਸਾਹਿਤ ਰਤਨ ਵਰਗੇ ਇਨਾਮਾਂ ਤੱਕ ਪੁੱਜਣ ਲਈ ਜਾਂ ਉੱਚੇ ਔਹੁਦਿਆਂ ਲਈ ਹੋਰਾਂ ਵਾਂਗ ਹੀ ਚਾਪਲੂਸੀਆਂ, ਪ੍ਰੁਬੱਧਕਾਰੀਆਂ ਵਰਤੀਆਂ ਜਾਂ ਦੀਆਂ ਹਨ। ਰਚਨਾਤਮਿਕ ਉਮੰਗਾਂ ਦੇ ਹਵਾਲੇ ਨਾਲ ਦੋ ਨੰਬਰ ਦੇ ਲੇਖਕਾਂ ਨੇ ਅਪਾਤ ਸਥਿਤੀ ਪੈਦਾ ਕਰ ਦਿੱਤੀ ਹੈ, ਜਿਸ ਨਾਲ ਟਕਰਾਉਣ ਲਈ, ਤੇ ਵਿਰਾਟ ਪੱਧਰ 'ਤੇ ਇਹਨੂੰ ਮੁਖ਼ਾਤਿਬ ਹੋਣ ਲਈ, ਪੁਖ਼ਤਾ ਵਾਰਤਕ ਦੀ ਲੋੜ ਹੈ। ਅਜਿਹੀ ਵਾਰਤਕ ਲਿਖਣ ਵਾਲੇ ਕਿਹੜੇ ਹਨ, ਕਿੱਥੇ ਹਨ? ਕਦੋਂ ਪੈਦਾ ਹੋਣਗੇ?


4. ਅੱਜ ਪੰਜਾਬੀ ਲੇਖਕ ਨੂੰ ਗਿਆਨ ਹਾਸਲ ਕਰਨ ਦੀ ਖਾਤਰ ਹੀ ਅੰਗਰੇਜ਼ੀ ਭਾਸ਼ਾ 'ਚ ਨਿਪੁੰਨ ਹੋਣ ਦੀ ਲੋੜ ਹੈ। ਕਿਸੇ ਯੁੱਗ 'ਚ ਪੰਜਾਬੀ 'ਚ ਲਿਖਣ ਵਾਲੇ ਅੰਗਰੇਜ਼ੀ ਦੇ ਮਾਹਿਰ ਹੁੰਦੇ ਸਨ। ਅਜਿਹਾ ਹੋਣ ਕਰਕੇ ਉਹ ਭਾਵੁਕਤਾ ਤੋਂ ਪਾਰ ਜਾਣ ਦੇ ਸਮਰਥ ਸਨ। ਸੁਨੱਖੀ ਹੁਨਰੀ ਵਾਰਤਕ ਲਿਖਦੇ ਸਨ। ਗੁਰਬਖ਼ਸ਼ ਸਿੰਘ, ਤੇਜਾ ਸਿੰਘ, ਮੋਹਨ ਸਿੰਘ ਦੀਵਾਨਾ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਗੁਰਬਚਨ ਸਿੰਘ ਤਾਲਿਬ, ਗੁਲਵੰਤ ਸਿੰਘ ਆਦਿ ਪੰਜਾਬੀ ਦੇ ਹੀ ਚਿੰਤਕ ਸਨ। ਉਨ੍ਹਾਂ ਦਾ ਟ੍ਰੈਕ ਗਿਆਨ ਪ੍ਰਾਪਤੀ ਵਾਲਾ ਸੀ। ਉਨ੍ਹਾਂ ਦੀ ਭਾਸ਼ਾ 'ਚ ਤਰਕ ਦੀ ਲਿਸ਼ਕ ਸੀ। ਉਨ੍ਹਾਂ ਦੀ ਲਿਖਤ 'ਚ ਬੌਧਿਕ ਰਸ ਹੁੰਦਾ ਸੀ। ਉਹ ਪੰਜਾਬੀ ਬੰਦੇ ਦੇ ਭਵਿੱਖ ਦਾ ਨਿਰਮਾਨ ਕਰ ਰਹੇ ਸਨ। ਉਹ ਤੁਰ ਗਏ। ਪਿੱਛੇ ਕੌਣ ਰਹਿ ਗਏ ਹਨ?


5. ਬੌਧਿਕ ਪਰੰਪਰਾ ਦੀ ਸੰਭਾਵਨਾ ਨੂੰ ਪਸਤ ਕਰਨ 'ਚ ਅਕਾਦਮੀਆਂ ਤੇ ਸਰਕਾਰੀ ਅਦਾਰਿਆਂ ਦੀ ਆਵਾਰਾ ਪੂੰਜੀ ਦਾ ਚੋਖਾ ਹੱਥ ਹੈ। ਇਨ੍ਹਾਂ ਅਕਾਦਮੀਆਂ ਦੇ ਮੋਟੇ ਭਾਰੇ ਬੱਜਟ ਦੀ ਗੱਲ ਹੁੰਦੀ ਹੈ। ਸੁਆਲ ਹੈ, ਇਹ ਬੱਜਟ ਖਰਚ ਕਿਵੇਂ ਹੁੰਦਾ ਹੈ। ਦੋ ਚਾਰ ਆਰ. ਟੀ. ਆਈ. ਪਾਉਣ ਨਾਲ ਹੈਰਾਨ ਕਰਨ ਵਾਲੇ ਤੱਥ ਨਸ਼ਰ ਹੋਣਗੇ।

ਪੰਜਾਬੀ ਸਾਹਿਤਕਾਰੀ ਦੇ ਮੁੱਕਣ ਦੇ ਸੰਕੇਤ ਪ੍ਰਤੱਖ ਹਨ। ਵੱਡਾ ਸੰਕੇਤ ਸ਼ਬਦ 'ਪ੍ਰਾਪਤੀ' ਹੈ। 'ਪ੍ਰਾਪਤੀ' ਮਾਇਆਵੀ ਕ੍ਰੀੜਾ ਦਾ ਚਿਹਨ ਹੈ, ਵਿਗਿਆਪਨੀ ਤਰਜ਼ ਦੀ ਸਭਿਆਚਾਰਕਤਾ ਦਾ। ਅਲਪ ਸਥੂਲਤਾ 'ਚ ਅਲਸਾਣ ਦਾ ਚਿਹਨ ਹੈ ਇਹ। ਇਹ ਸ਼ਬਦ ਪੰਜਾਬੀ ਲੇਖਕਾਂ ਦੇ ਪ੍ਰਸੰਗ 'ਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ।

ਉਕਤ ਸਥਿਤੀ ਬਾਰੇ ਬੇਫ਼ਿਕਰੀ ਦਾ ਆਲਮ ਦੇਖਣ ਨੂੰ ਮਿਲਦਾ ਹੈ। ਸ਼ਾਇਦ ਅਸੀਂ ਸੋਚਦੇ ਹਾਂ ਗੱਡੀ ਏਦਾਂ ਹੀ ਚੱਲਣੀ ਹੈ। ਸੁਆਲ ਹੈ : ਇਹ ਗੱਡੀ ਕਿੰਨੀ ਦੇਰ ਚਲਦੀ ਰਹਿ ਸਕਦੀ ਹੈ?

-ਗੁ.

No comments:

Post a Comment