ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, March 15, 2013

ਪੰਜਾਬ ਦੇ 'ਉੱਥਲ-ਪੁੱਥਲ' ਦੌਰ ’ਚ ਕਾਮਰੇਡਾਂ ਦੀ ਭੂਮਿਕਾ ਸੱਤਾ ਨਾਲੋਂ ਵੱਖਰੀ ਨਹੀਂ ਸੀ: ਅਨਿਲ ਚਮੜੀਆ

ਅਨਿਲ ਚਮੜੀਆ 
ਨਾਮਵਰ ਪੱਤਰਕਾਰ,ਸਮਾਜ ਵਿਗਿਆਨੀ ਤੇ ਕਾਲਮਨਵੀਸ ਅਨਿਲ ਚਮੜੀਆ ਨਾਲ ਚਰਨਜੀਤ ਸਿੰਘ ਤੇਜਾ ਦੀ ਮੁਲਾਕਾਤ

ਨਿਲ ਚਮੜੀਆ ਨਾਲ ਮੇਰੀ ਜਾਣ ਪਛਾਣ ਦਿੱਲੀ ਰਹਿੰਦਿਆਂ, ਉਸ ਦੇ ਜਨਸੱਤਾ 'ਚ ਛਪਦੇ ਕਾਲਮ ਪੜ੍ਹਨ ਦੇ ਦਿਨਾਂ ਤੋਂ ਹੈ । ਓੁਨੀਂ ਦਿਨੀਂ ਹਿੰਦੋਸਤਾਨੀ ਪੁਲਿਸ ਨੇ ਅਤਿਵਾਦ ਦੇ ਨਾਂ ‘ਤੇ ਬਟਲਾ ਹਾਊਸ ‘ਚ ਮੁਸਲਮਾਨ ਮੁੰਡਿਆਂ ਦਾ ਮੁਕਾਬਲਾ ਬਣਾਇਆ ਸੀ । ਅਸੀਂ ਮੁਖ ਧਰਾਈ ਮੀਡੀਆ ਦੀ ਕਰਨੀ ਤੋਂ ਅਣਜਾਣ ਅਖਬਾਰਾਂ ਫਰੋਲਦੇ ਕਿ ਸ਼ਾਇਦ ਕਿਤੇ ਕਿਸੇ ਨੇ ਹਾਅ ਦਾ ਨਾਅਰਾ ਮਾਰਿਆ ਹੋਵੇ। ਇਕ ਦਿਨ ਯਾਦਵਿੰਦਰ ਕਰਫਿਊ ਨੇ ਅਨਿਲ ਚਮੜੀਆ ਦਾ 'ਬਟਲਾ ਹਾਊਸ' ਬਾਰੇ ਲਿਖਿਆ ਲੇਖ ਪੜਾਇਆ ਤਾਂ ਫਿਰ ਹਿੰਦੀ ਨਾਲ ਬਹੁਤੀ ਸਾਂਝ ਨਾ ਹੋਣ ਦੇ ਬਾਵਜੂਦ ਵੀ ਜਨਸੱਤਾ ਅਖ਼ਬਾਰ ਕਮਰੇ 'ਚ ਲਵਾ ਲਈ। ਫਿਰ ਅਨਿਲ ਚਮੜੀਆ ਦਾ ਮੀਡੀਆ ਬਾਰੇ ਜਾਤੀ ਅਧਾਰਤ ਸਰਵੇਖਣ ਪੜਿਆ। ਇਹ ਪਹੁੰਚ ਤੋਂ ਬੜਾ ਨਿਵੇਕਲਾ ਤੇ ਅਲੋਕਾਰੀ ਲੱਗਿਆ । ਸਾਲਾਂ ਬਾਅਦ ਸਵੱਬੀ ਬਿਜਲਈ ਰਸਾਲੇ ਸੂਹੀ ਸਵੇਰ ਦੇ ਉਦਮ ਨਾਲ ਪੱਖੋਵਾਲ ਪਿੰਡ ਦੀ ਭਾਈ ਘਨੱਈਆ ਲਾਇਬ੍ਰੇਰੀ ‘ਚ ਮੁਲਕਾਤ ਹੋਈ । ਚਮੜੀਆ ਨੇ ਮੀਡੀਏ ਬਾਰੇ ਕਾਫੀ ਮਹੱਤਵਪੂਰਨ ਗੱਲਾਂ ਮੰਚ ਤੋਂ ਕੀਤੀਆਂ ਤੇ ਕੁਝ ਸਵਾਲਾਂ ਦੇ ਜੁਆਬਾਂ ‘ਚ ਆਈਆਂ ।


ਚਮੜੀਆ ਨੁੰ (Main Stream) ਮੀਡੀਏ ਲਈ ਵਰਤੇ ਜਾਂਦੇ ਸ਼ਬਦ “ਮੁਖ ਧਰਾਈ” ਮੀਡੀਆ ਨਾਲ ਖਾਸੀ ਖਿਝ ਹੈ। ਉਸ ਦੀ ਦਲੀਲ ਹੈ ਕਿ ਕੀ ਭਾਰਤ ਦੀ ਮੁਖ ਧਾਰਾ ਕਾਰੋਬਾਰੀ ਤੇ ਕਾਰਪੋਰੇਟ ਦੇ ਹਿੱਤਾ ਵਾਲੀ ਹੈ ? ਉਹ “ਮੁਖ ਧਰਾਈ” ਸ਼ਬਦ ਨੁੰ ਗਲਤ ਅਨੁਵਾਦ ਕਹਿੰਦਿਆਂ ਹੋਇਆਂ ਰੱਦ ਕਰਦਾ ਹੈ ਅਤੇ ਮੀਡੀਆ ਲਈ ਸਹੀ ਸ਼ਬਦ 'ਕਾਰੋਬਾਰੀ ਮੀਡੀਆ' ਦਿੰਦਾ ਹੈ। ਉਸ ਨੁੰ ਇਤਰਾਜ਼ ਨਹੀ ਜੇ ਕੋਈ ਇਸ ਨੁੰ ਕਾਰਪੋਰੇਟ ਮੀਡੀਆ, ਸੱਤਾਧਾਰੀ ਦਾ ਮੀਡੀਆ , ਹਿੰਦੂਤਵੀ ਰਾਸ਼ਟਰਵਾਦੀ ਮੀਡੀਆ ਵੀ ਕਹਿ ਦਵੇ ।


ਉਹ ਪੱਤਰਕਾਰੀ ‘ਚ ਵਰਤੇ ਜਾਂਦੇ ਸ਼ਬਦਾਂ ਪ੍ਰਤੀ ਬੇਹੱਦ ਗੰਭੀਰ ਹੈ । ਉਹ ਅਨੁਵਾਦ ਕੀਤੇ ਹੋਏ ਸ਼ਬਦਾਂ ਨੁੰ ਬੜੇ ਖਤਰਨਾਕ ਦੱਸਦਾ ਹੈ । ਉਹਦੀ ਸਮਝ ਹੈ ਕਿ ਪੱਤਰਕਾਰੀ ‘ਚ ਬਹੁਤੇ ਸ਼ਬਦ ਅਜਿਹੇ ਖਚਰੇ ਢੰਗ ਨਾਲ ਅਨੁਵਾਦ ਕੀਤੇ ਗਏ ਹਨ ਕਿ ਉਹ ਉਪਰੋਂ ਸਟੇਟ ਜਾਂ ਭ੍ਰਿਸਟ ਸਥਾਪਤੀ ਦੇ ਵਿਰੋਧੀ ਲਗਦੇ ਹੋਏ ਵੀ ਸੱਤਧਾਰੀਆਂ ਤੇ ਭ੍ਰਿਸਟ ਸਥਾਪਤੀ ਦੇ ਹੱਕ ‘ਚ ਭੁਗਤਦੇ ਹਨ। ਉਹ ਪੰਜਾਬੀ ਦੇ ਤਰਜਮਾਕਾਰਾਂ ਨੁੰ ਹਿੰਦੀ ਤੋਂ ਪੰਜਾਬੀ ਤਰਜਮਾ ਕਰਦਿਆਂ ਸੁਚੇਤ ਕਰਦਾ ਹੋਇਆ ਕਹਿੰਦਾ ਹੈ ਕਿ “ ਮੀਡੀਏ ਰਾਹੀ ਗਲਤ ਸ਼ਬਦ ਦੇ ਦੇਣਾ ਕਿਸੇ ਸਾਜ਼ਸ ਦਾ ਹਿੱਸਾ ਵੀ ਹੋ ਸਕਦਾ ਹੈ। ਸੋ ਸ਼ਬਦ ਤੁਹਾਡੇ ਲੋਕਾਂ ਦੇ ਅਨੁਭਵ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਨੇ ਥੋਪੇ ਹੋਏ ਨਹੀ”।


ਮੀਡੀਆ ਘਰਾਣਿਆਂ ਦੀ ਆਮਦਨ ‘ਚ ਹੋਏ ਕਈ ਗੁਣਾ ਵਾਧੇ ਨੁੰ ਗਿਣਦਿਆਂ ਚਮੜੀਆ ਕਹਿੰਦਾ ਹੈ ਕਿ ਇਨ੍ਹਾਂ ਘਰਾਣਿਆਂ ਦੇ ਪੈਸੇ ਦੇ ਅੰਬਾਰਾਂ ਤੋਂ ਮੀਡੀਆ ਅਤੇ ਲੋਕਾਂ ਦਰਮਿਆਨ ਦੂਰੀ ਮਾਪੀ ਜਾ ਸਕਦੀ ਹੈ।


ਆਪਣੇ 2006 ‘ਚ ਜਾਤੀ ਅਧਾਰਤ ਕੀਤੇ ਸਰਵੇਖਣ ਬਾਰੇ ਬੋਲਦਿਆਂ ਚਾਮੜੀਆਂ ਨੇ ਕਿਹਾ ਕਿ ਭਾਰਤੀ ਮੀਡੀਆ 'ਚ ਫੈਸਲੇ ਲੈਣ ਵਾਲੇ ਅਹੁਦੇ ਪੂਰੀ ਤਰ੍ਹਾਂ ਉੱਚ ਜਾਤੀ ਹਿੰਦੂਆਂ ਦੇ ਕਬਜ਼ੇ ‘ਚ ਹਨ ਜੋ ਕਿ ਦਲਿਤਾਂ, ਆਦਿਵਾਸੀਆਂ, ਬੀਬੀਆਂ, ਧਾਰਮਿਕ ਘੱਟਗਿਣਤੀਆਂ ਦੇ ਹਿੱਤਾਂ ‘ਚ ਨਹੀ ਭੁਗਤਦੇ।


ਸਵਾਲ ਜੁਆਬ ਦੇ ਸਿਲਸਲੇ ਦੌਰਾਨ ਅਨਿਲ ਚਮੜੀਆਂ ਇੰਟਰਨੈਟ ਸਾਇਟਾਂ, ਸੋਸ਼ਨ ਨੈਟਵਰਕਿੰਗ ਅਤੇ ਬਲਾਗਾਂ ਤੋਂ ਵੀ ਵਧੇਰੇ ਆਸਵੰਦ ਨਹੀਂ ਹੈ । ਉਹ ਕਹਿੰਦਾ ਹੈ ਕਿ ਇਹ ਸਾਰੀ ਦੁਨੀਆਂ 'ਚ ਪੜੇ ਜਾ ਸਕਦੇ ਹਨ ਪਰ ਲੋਕਪੱਖੀ ਗੱਲ ਕਰਨ ਵਾਲੀਆਂ ਸਾਇਟਾਂ ਦਾ ਪਾਠਕ ਕਿਨਾਂ ਕੁ ਹੈ? ਇਥੇ ਵੀ ਆਮ ਇੰਟਰਨੈਟ ਜੀਵੀ ਨੁੰ ਆਪਣੇ ਜਾਲ ‘ਚ ਫਸਾਉਣ ਲਈ ਕਾਰਪੋਰੇਟ ਤੇ ਕਾਰੋਬਾਰੀ ਹਿੱਤਾਂ ਵਾਲੀਆਂ ਸਾਇਟਾਂ ਵਧੇਰੇ ਮਕਬੂਲ ਹਨ।



ਅਨਿਲ ਚਮੜੀਆ ਦੀ ਵਿਸ਼ੇਸ਼ ਮੁਲਾਕਾਤ ਦੇ ਕੁਝ ਅੰਸ਼ : 

ਸਵਾਲ: ਵਿਚਾਰਧਰਕ ਅਧਾਰ ਵਾਲਾ ਮੀਡੀਆ ਅਕਸਰ ਲਹਿਰਾਂ ਦੇ ਉਤਰਾ ਚੜਾਅ ਨਾਲ ਉਚਾਈ ਤੇ ਫਿਰ ਨਿਵਾਣ ‘ਚ ਆਉਂਦਾ ਹੈ, ਅਤੀਤ ‘ਚ ਖੱਬੇ ਪੱਖੀਆਂ ਸਣੇ ਹੋਰ ਸਿਆਸੀ ਵਿਚਾਰਧਾਰਕ ਅਧਾਰ ਵਾਲਾ ਮੀਡੀਆ ਲਹਿਰਾਂ ਸਮੇਂ ਆਪਣਾ ਜੋਬਨ ਮਾਨਣ ਪਿਛੋਂ ਅੱਜ ਸਿਆਸੀ ਧਾਰਾਵਾਂ ਦੇ ਨਾਲ ਹੀ ਸੁੰਘੜ ਗਿਆ । ਕੀ ਤੁਸੀ ਅਜਿਹੇ ਮੀਡੀਏ ਨੂੰ ਕਾਉਂਟਰ ਫੋਰਸ ਮੰਨਦੇ ਹੋ ਜੇ ਹਾਂ ਤਾਂ ਕੀ ਅਜਿਹੇ ਮੀਡੀਏ ਦੀ ਅਣਹੋਦ ‘ਚ “ਮੁਖ-ਧਰਾਈ” (ਕਾਰੋਬਾਰੀ) ਮੀਡੀਆ ਬੇਲਗਾਮ ਹੋ ਗਿਆ ਹੈ ?


ਚਮੜੀਆ : ਅਜਿਹਾ ਮੀਡੀਆ ਚੰਗਾ ਖਾਸਾ ਦਬਾਅ ਰੱਖਦਾ ਸੀ । ਦਰਅਸਲ ਅਤੀਤ ਦੀਆਂ ਅਜਿਹੀਆਂ ਸਾਰੀਆਂ ਛੋਟੀਆਂ ਵੱਡੀਆਂ ਅਖਬਾਰਾਂ ਸਿਆਸੀ ਤੌਰ ਤੇ ਸਮਾਜ ਨੁੰ ਨਵੇਂ ਤਰੀਕਾ ਦਾ ਬਣਾਉਂਣ ਦਾ ਸੁਪਨਾ ਵੇਖਣ ਵਾਲੀ ਪੱਤਰਕਾਰੀ ‘ਚੋਂ ਉਪਜਦੀਆਂ ਸਨ । ਇਹ ਦੁਨੀਆਂ ਦੇ ਵੱਡੇ ਪਰਿਵਰਤਨਾਂ ਤੋਂ ਪ੍ਰਭਾਤ ਸੀ ਮਸਲਨ ਚੀਨ ਦਾ ਇਨਕਲਾਬ । ਪਰ ਜਦੋਂ ਸੋਵੀਅਤ ਗਰਕਿਆ ਤਾਂ ਇਨਾਂ ਦਾ ਆਸਰਾ, ਨੈਤਿਕ ਅਧਾਰ ਅਤੇ logic ਜੋ ਉਥੋਂ ਮਿਲਦਾ ਸੀ ਉਹ ਵੀ ਢਹਿ ਢੇਰੀ ਹੋ ਗਿਆ । ਮਾਰਕਸਾਵਾਦੀਆਂ ਨੇ ਆਪਣੇ ਵਿਚਾਰਧਾਰਕ ਢਾਂਚਾ, ਜੋ ਇਥੇ ਆਪਣੇ ਸਮਾਜ ‘ਚ ਵਿਕਸਤ ਕਰਨਾ ਸੀ ਉਹ ਨਾ ਕੀਤਾ । ਇਸ ਕਰਕੇ ਰੂਸ ਦੇ ਡਿਗਣ ਨਾਲ ਹੀ ਇਨਾਂ ਦਾ ਅਧਾਰ ਵੀ ਮੁਕ ਗਿਆ। ਇਨ੍ਹਾਂ ਨੇ ਆਪਣਾ ਕੁਝ ਨਹੀਂ ਬਣਾਇਆ ।

ਸਵਾਲ : ਕੀ ਅਜਿਹਾ ਢਾਂਚਾ  
ੜ੍ਹੇ ਕੀਤੇ ਜਾਣ ਦੀ ਜ਼ਰੂਰਤ ਸੀ ? 

ਅਨਿਲ ਚਮੜੀਆ : ਬਹੁਤ ਜ਼ਰੂਰਤ  ਸੀ, ਹੁੰਦਾ ਕੀ ਏ ਕਿ ਕਿਸੇ ਵੀ ਸਮਾਜ ਦੇ ਨਿਰਮਾਣ ਦੀ ਆਪਣੀ ਪ੍ਰਕਿਰਿਆਂ ਹੁੰਦੀ ਹੈ ਅਤੇ ਕਿਸੇ ਦੂਸਰੇ ਸਮਾਜ ਦੇ ਅਨੁਭਵਾਂ ਨੁੰ ਤੁਸੀ ਆਪਣੀ ਪ੍ਰਕਿਰਿਆ ‘ਚ ਸ਼ਾਮਲ ਕਰ ਸਕਦੇ ਹੋ। ਪਰ ਦੂਜੀ ਥਾਂ ਦੇ ਅਨੁਭਵ ਹੀ ਤੁਹਾਡਾ ਅਧਾਰ ਬਣ ਜਾਣ ਤਾਂ ਨਿਰਮਾਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ। ਇਥੇ ਇਵੇਂ ਹੀ ਹੋਇਆ।

ਸਵਾਲ:-ਮਸਲਨ ਖੱਬੇ ਪੱਖੀ ਕਿਥੇ ਉਕ ਗਏ ? ਇਥੋਂ ਦੇ ਕਿਹੜੇ ਸਵਾਲਾਂ ਨੁੰ ਮੁਖਤਬ ਨਹੀਂ ਹੋਏ ? 
ਸ਼ਾਇਦ ਦਲਿਤ ਜਾਂ ਧਾਰਮਕ ਘੱਟ ਗਿਣਤੀਆਂ..?

 ਚਮੜੀਆ : ਮੈਂ 100 ਫੀਸਦੀ ਮੰਨਦਾ ਹਾਂ ਕਿ ਦਲਿਤਾਂ ਅਤੇ ਘੱਟ ਗਿਣਤੀਆਂ ਜਿਹੇ ਕਈ ਸਵਾਲਾਂ ਨੁੰ ਮੁਖ਼ਾਤਿਬ ਨਹੀਂ ਹੋਏ ਜਿਸ ਕਰਕੇ ਆਪਣਾ ਠੋਸ ਅਧਾਰ ਨਹੀਂ ਬਣਾ ਸਕੇ। ਧਾਰਮਕ ਘੱਟ ਗਿਣਤੀਆਂ ਤੇ ਦਲਿਤਾਂ ਦੇ ਸਵਾਲ ਤੇ ਨਾ ਆਉਂਣ ਦਾ ਕਾਰਨ ਇਉਂ ਹੈ ਕਿ ਇਹ ਸਮਾਜ ਨੁੰ ਸਮਝਣ ਦਾ ਨਜਰੀਆ ਜਿਥੋਂ ਲੈ ਰਹੇ ਸੀ ਉਹ ਨਜਰੀਆ ਇਥੋਂ ਲਈ ਦਰੁਸਤ ਨਹੀਂ ਸੀ । ਇਥੋਂ ਦੀਆਂ ਘੱਟ ਗਿਣਤੀਆਂ , ਦਲਿਤ (ਭਾਵ ਆਦਿਵਾਸੀ, ਔਰਤਾਂ ,ਪਛੜੀਆਂ ਜਾਤੀਆਂ) ਸਮਝਣ ਦਾ ਕੋਈ ਨਜਰੀਆ ਵਿਕਸਤ ਨਹੀਂ ਹੋ ਸਕਿਆ । ਇਥੋਂ ਤਕ ਕਿ ਜਦੋਂ ਜਮਾਤ ਨੁੰ ਵੀ ਪ੍ਰਭਾਸ਼ਤ ਕੀਤਾ ਤਾਂ ਸੋਵੀਅਤ ਦੇ ਹਿਸਾਬ ਨਾਲ । ਇਥੇ ਟਪਲਾ ਖਾ ਗਏ । ਚੀਨ ‘ਚ ਸਫਲ ਕਿਉਂ ਹੋਏ, ਉਸਦਾ ਕਾਰਨ ਇਹ ਸੀ ਕਿ ਮਾਓ ਨੇ ਆਪਣੀ ਜ਼ਮੀਨ ਤੇ ਆਪਣੇ ਸਮਾਜ ਦੀਆਂ ਉਲਝਣਾ ਨੁੰ ਸਮਝਿਆ ਅਤੇ ਮਾਰਕਸਾਵਾਦ ਤੇ ਲੈਨਿਨਵਾਦ ਨੁੰ ਉਥੋਂ ਦੇ ਸਮਾਜ ਦੇ ਨਾਲ ਜੋੜਿਆ । ਮਾਰਕਸਵਾਦ ਕੋਈ ਬਣਿਆ ਬਣਾਇਆ ਢਾਂਚਾ ਨਹੀਂ ਹੈ, ਇਕ ਥਾਂ ਤੋਂ ਚੱਕਿਆ ਦੂਜੇ ਥਾਂ ਫਿਟ ਕਰ ਦਿਤਾ । ਉਸ ਦਾ ਦਾਰਸ਼ਨਿਕ ਅਧਾਰ ਹੈ।

ਸਵਾਲ-ਅੱਜ ਦੀ ਗੱਲ ਕਰੀਏ ਤਾਂ ਅਜੋਕੇ ਟਕਰਾਅ ਕਾਫੀ ਵੱਖਰੇ ਹਨ,ਦਲਿਤ ਜਾਗ ਰਿਹਾ ਹੈ ਘੱਟਗਿਣਤੀਆਂ, ਆਦਿਵਾਸੀ, ਕੌਮੀਅਤਾਂ ਸੁਲਗ ਰਹੀਆਂ ਨੇ । ਅੱਗੇ ਕੀ ਸੰਭਵਨਾਵਾਂ ਹਨ ਕਿਹੜੀ ਵਿਚਾਰਧਾਰਾ ਜਾਂ ਕਿਸ ਕਿਸਮ ਦੀ ਸਿਆਸਤ ਨਿਤਰੇਗੀ ?


ਚਮੜੀਆ-ਅੱਜ ਦੇ ਹਲਾਤ ‘ਚ ਇਹ ਵਧੀਆ ਗੱਲ ਹੈ ਕਿ ਬਹੁ ਸੰਖਿਅਕ ਜਮਾਤ, ਜਿਸ ਵਿਚ ਧਾਰਮਕ ਘੱਟ ਗਿਣਤੀਆਂ , ਦਲਿਤ ਆਦਿਵਾਸੀ ਨੇ ਇਨ੍ਹਾਂ ‘ਚ ਕਾਫੀ ਉਥਲ ਪੁਥਲ ਏ , ਮਸਲੇ ਰਿੜਕੇ ਜਾ ਰਹੇ ਨੇ। ਮੈਂ ਇਹ ਸਮਝਦਾ ਹਾਂ  ਕਿ ਅੱਜ ਦੀ ਤਰੀਕ ਤੱਕ ਮਾਰਕਸਵਾਦ ਜੋ ਕਿ ਜਾਤੀ ਧਰਮ, ਕੌਮੀਅਤ ਦੇ ਤਲ ਤੇ ਬਰਾਬਰੀ ਦਾ ਵਿਚਾਰ ਰੱਖਣ ਵਾਲੇ ਸਾਰੇ ਵਾਦਾਂ ‘ਚੋਂ  ਆਧੁਨਿਕ ਹੈ। ਮਾਰਕਸਵਾਦ  ਅਪ੍ਰਸੰਗਿਕ ਨਹੀਂ ਹੋਇਆ । ਉਸ ਦੀਆਂ ਵਿਆਖਿਆ ਕਰਨ ਵਾਲੀਆਂ ਸਿਆਸੀ ਧਿਰਾਂ ਜਰੂਰ ਆਪ੍ਰਸੰਗਿਕ ਹੋ ਗਈਆਂ ਹਨ। ਦੂਜੀ ਗੱਲ ਕੋਈ ਵੀ ਵਿਚਾਰਧਾਰਾ ਅੰਤਿਮ ਸੱਚ ਨਹੀਂ ਹੈ। ਵਿਚਾਰਧਾਰਾ ਦੇ ਵਿਕਾਸ ‘ਚ ਨਿਰੰਤਰਤਾ ਲਈ ਜੇ ਤੁਸੀ ਅਲੋਚਨਾਤਮਕ ਨਜ਼ਰੀਆ ਨਹੀਂ ਅਪਣਾਉਂਦੇ ਤਾਂ ਉਸਦਾ ਵਿਕਾਸ ਰੁਕ ਜਾਂਦਾ ਹੈ । ਮਾਰਕਸਵਾਦ ਦੀਆਂ ਅਲ਼ੋਚਨਾਵਾਂ ਦੀ ਵੀ ਬਰਾਬਰ ਪ੍ਰਸੰਗਿਕਤਾ ਹੈ। ਇਥੇ ਮਾਰਕਸਵਾਦੀ ਪਾਰਟੀਆਂ ਨੇ ਜਿਹੜਾ ਨਜ਼ਰੀਆ ਇਥੋਂ ਦੀਆਂ ਕੌਮੀਅਤਾਂ, ਜਾਤੀ, ਧਰਮਿਕ ਘੱਟ ਗਿਣਤੀਆਂ ਬਾਰੇ ਜੋ ਨਜ਼ਰੀਆ ਅਪਣਾਇਆ ਉਹ ਠੀਕ ਨਹੀਂ ਸੀ । ਜਿਵੇਂ ਕਿ ਪੰਜਾਬ ‘ਚ ਮਾਰਕਸੀਆਂ ਦਾ ਰੋਲ ਸਟੇਟ ਨਾਲੋਂ ਕਿਸੇ ਤਰ੍ਹਾਂ ਵੀ ਵੱਖਰਾ ਨਹੀਂ ਸੀ । ਇਹ ਸਟੇਟ ਨਾਲ ਮੋਢਾ ਜੋੜ ਕੇ ਲੜੇ ਜੋ ਕਿ ਗੈਰ-ਮਾਰਕਸਵਾਦੀ ਗੱਲ ਸੀ।

ਕੀ ਤੁਸੀ ਖਾਲਿਸਤਾਨੀ ਲਹਿਰ ਦੀ ਗੱਲ ਕਰ ਰਹੇ ਹੋ ? 


ਚਮੜੀਆ: ਤੁਸੀ ਕਹਿ ਸਕਦੇ ਹੋ, ਮੈਂ ਉਸ ਨੁੰ ਖਾਲਿਸਤਾਨ,ਵੱਖਵਾਦ,ਰਾਸ਼ਟਰ ਵਿਰੋਧੀ ਜਾਂ ਅੱਤਵਾਦੀ ਲਹਿਰ ਨਹੀਂ ਕਹਿੰਦਾ ਉਹ ਉਥਲ ਪੁਥਲ ਦਾ ਇਕ ਦੌਰ ਸੀ,ਪਰ ਉਸ ਦੌਰ 'ਚ ਕਮਿਊਨਿਸਟ ਪਾਰਟੀਆਂ ਨੁੰ ਜਿਸ ਤਰੀਕੇ ਨਾਲ ੜ੍ਹੇ  ਹੋਣਾ ਚਾਹੀਦਾ ਸੀ ਉਹ ਉਸ ਤਰ੍ਹਾਂ ਖੜ੍ਹੇ ਨਜ਼ਰ ਨਹੀਂ ਆਏ । ਉਹ ਇਸ ਉਥਲ ਪੁਥਲ ਨੁੰ ਦਿਸ਼ਾ ਦੇ ਸਕਦੇ ਸੀ ਪਰ ਅਫਸੋਸ ਇਹ ਸਟੇਟ ਦੀ ਲੀਹ 'ਤੇ ਹੀ ਤੁਰੇ ਰਹੇ।

ਸਵਾਲ : ਕੀ ਕਮਿਊਨਿਸਟ ਦਾ ਰਾਸ਼ਟਰਵਾਦੀ ਹੋਣਾ ਜ਼ਰੂਰੀ ਹੁੰਦਾ ਹੈ ? 


ਚਮੜੀਆ: ਰਾਸ਼ਟਰਵਾਦ ਦੀ ਵਿਆਖਿਆ ਆਪੋ ਆਪਣੀ ਹੈ ਹਿੰਦੂਤਵ ਵਾਲਿਆਂ ਦੀ ਆਪਣੀ ਧਾਰਨਾ ਹੈ ਉਹ ਵੱਖ ਹੈ ਪਰ ਜਦੋਂ ਕਮਿਊਨਿਸਟ ਗੱਲ ਕਰੇਗਾ ਤਾਂ ਉਸ ਦੇ ਅਰਥ ਵੱਖ ਹੋਣਗੇ । ਰਾਸ਼ਟਰਵਾਦ ਦਾ ਮਤਲਬ ਇਕ ਭੂਗੋਲਿਕ ਦਾਇਰੇ ‘ਚ ਰਹਿਣ ਵਾਲੇ ਲੋਕਾਂ ਦੀ ਗੱਲ ਕਰਨਾ ਹੈ । ਲੋਕਾਂ ‘ਚ ਤਾਂ ਸਭ ਜਾਤ ਧਰਮ ਨਸਲ ਦੇ ਲੋਕ ਸ਼ਾਮਲ ਹੈ । ਸਮਾਜ ‘ਚ ਬਹੁਸੰਖਿਆਕ ਗਰੀਬ ਹੈ, ਜਾਤੀ ਦੇ ਪੱਧਰ ਤੇ ਦਲਿਤ, ਪੱਛੜਿਆਂ ਅਤੇ ਧਾਰਮਕ ਘੱਟ ਗਿਣਤੀਆਂ ਨੇ ਮਿਲ ਕੇ ਇਸ ਰਾਸ਼ਟਰ ਦੀ ਸੰਰਚਨਾ ਕੀਤੀ ਗਈ ਸੀ । ਅਜ਼ਾਦੀ ਮੌਕੇ ਇਨ੍ਹਾਂ ਸਾਰੇ ਲੋਕਾਂ ਨਾਲ ਇਕ ਸਹਿਮਤੀ ਸੀ ਕਿ ਅਸੀਂ ਆਪਸ ‘ਚ ਮਿਲ ਕੇ ਰਹਾਂਗੇ। ਅਸੀਂ ਇਸ ਤਰ੍ਹਾਂ ਦੇ ਰਾਸ਼ਟਰ ਦੀ ਉਮੀਦ ਕਰਦੇ ਹਾਂ।

ਸਵਾਲ : ਪਰ ਜਦੋਂ ਉਸ ਸਹਿਮਤੀ ਅਤੇ ਉਮੀਦ ਦੇ ਉਲਟ ਦਲਿਤਾਂ,ਆਦਿਵਾਸੀਆਂ,ਘੱਟਗਿਣਤੀਆਂ 'ਤੇ ਅਤਿਆਚਾਰ ਹੁੰਦੇ ਹਨ ..?

ਚਮੜੀਆ: ਇਹ ਹੋ ਰਿਹਾ ਹੈ,ਤੇ ਬੜੀ ਬੇਕਿਰਕੀ ਨਾਲ ਹੋ ਰਿਹਾ ਹੈ। ਅਸੀਂ ਇਸ ਨੁੰ ਰਾਸ਼ਟਰਵਾਦ ਨਹੀਂ ਕਹਾਂਗੇ । ਅੰਗਰੇਜ਼ ਤੋਂ ਆਜ਼ਾਦੀ ਦੇ ਸੰਘਰਸ਼ ‘ਚ ਇਹ ਰਾਸ਼ਟਰਵਾਦ ਦੀ ਭਾਵਨਾ ਦਾ ਵਿਕਾਸ ਹੋਇਆ । ਅੱਜ ਅਬਾਦੀ ਦਾ ਬਹੁਤਾ ਹਿਸਾ ਸਮਝਦਾ ਹੈ ਕਿ ਇਹ ਰਾਸ਼ਟਰ ਉਨ੍ਹਾਂ ਦਾ ਹੈ। ਇਹ ਸਭ ਦਾ ਸਾਂਝਾ ਸੀ ਪਰ ਜਦੋਂ ਕਿਸੇ ਇਕ ਧਰਮ-ਜਾਤੀ ਦੀ ਇਸ 'ਤੇ ਅਜ਼ਾਰੇਦਾਰੀ ਹੈ ਤਾਂ ਇਹ ਉਸ ਸਹਿਮਤੀ ਦੇ ਵਿਰੁੱਧ ਹੈ,ਜੋ ਅਜ਼ਾਦੀ ਮੌਕੇ ਹੋਈ ਸੀ। ਅੱਜ ਉਹ ਰਾਸ਼ਟਰਵਾਦ ਨੁੰ ਹਥਿਆਰ ਵਜੋਂ ਵਰਤ ਰਹੇ ਹਨ। ਜਨ ਸਧਾਰਨ ਅੰਦਰ ਰਾਸ਼ਟਰਵਾਦ ਦੀ ਭਾਵਨਾ ਦਾ ਸ਼ੋਸਣ ਹੋ ਰਿਹਾ ਹੈ।

ਮੁਲਾਕਾਤੀ : ਚਰਨਜੀਤ ਸਿੰਘ ਤੇਜਾ

No comments:

Post a Comment