ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, October 13, 2013

'ਲੰਚ ਬੌਕਸ': ਸਮਾਜਿਕ ਸੰਕਟ ਦੀਆਂ ਤੈਹਾਂ ਫਰੋਲਦਾ 'ਅਰਥ ਭਰਪੂਰ ਸਿਨੇਮਾ'

ਫ਼ਿਲਮਸਾਜ਼ ਰਿਤੇਸ਼ ਬੱਤਰਾ ਦੀ ਫ਼ਿਲਮ 'ਲੰਚ ਬੌਕਸ' ਮਨੁੱਖਤਾ ਨੂੰ ਕੁੱਲ ਘਰੇਲੂ ਉਤਪਾਦਨ(ਜੀ ਡੀ ਪੀ) ਵਾਧੇ ਤੋਂ ਕੁੱਲ ਘਰੇਲੂ ਖੁਸ਼ੀ(ਜੀ ਡੀ ਐਚ) ਵੱਲ ਜਾਣ ਦੀ ਤਾਕੀਦ ਕਰਦੀ ਹੈ।100 ਦੀ ਸਪੀਡ 'ਤੇ ਭੱਜ ਰਹੇ ਮਨੁੱਖ ਤੋਂ ਮੰਜ਼ਿਲ ਪੁੱਛਦੀ ? ਓਹਨੂੰ ਠਹਿਰਣ,ਸੋਚਣ,ਸਮਝਣ ਦਾ ਸੁਨੇਹਾ ਦਿੰਦੀ ਹੈ'।ਭਾਸ਼ਾ ਪ੍ਰਵਚਨੀ ਨਹੀਂ ਸੰਵਾਦੀ ਹੈ।

ਮੌਜੂਦਾ ਸ਼ਹਿਰੀ ਦੁਨੀਆ ਦਾ ਸਮਾਜਿਕ ਸੰਕਟ ਵੱਡਾ ਹੈ।ਪੂੰਜੀ ਵਾਧਾ ਸਮਾਜਿਕ ਘਰੇਲੂ ਬਖੇੜਿਆਂ/ਕਲੇਸ਼ਾਂ ਦਾ ਵਾਧਾ ਬਣਦਾ ਜਾ ਰਿਹਾ ਹੈ।ਜੋ ਸਿਆਸੀ ਧਰਾਵਾਂ ਸਮਝ ਦੇ ਪੱਧਰ 'ਤੇ 'ਅਤੀ ਆਰਥਿਕ ਵਿਕਾਸ' 'ਚੋਂ ਮਨੁੱਖੀ ਸਮਾਜਿਕ ਵਿਕਾਸ/ਸੰਤੁਸ਼ਟੀ ਦਾ ਹੱਲ ਲੱਭਦੀਆਂ ਨੇ,ਫ਼ਿਲਮਾਂ ਉਨ੍ਹਾਂ ਨੂੰ ਵੀ ਸੰਕੇਤਕ ਸਵਾਲ ਕਰਦੀ ਹੈ।ਮਨੁੱਖੀ ਸਮਾਜਿਕ ਸੰਕਟ ਦੀਆਂ ਬਰੀਕ ਤੰਦਾਂ ਨੂੰ ਫੜ੍ਹਦੀ ਸੂਖਮ ਭਾਸ਼ਾ ਸੰਵੇਦਨਹੀਣਤਾ ਨੂੰ ਸੰਵੇਦਨਾ 'ਚ ਬਦਲਦੀ ਹੈ'।


'ਲੰਚ ਬੌਕਸ' ਪਿਆਰ ਦੀ ਅਣਹੋਂਦ ਤੇ ਇਕੱਲਤਾ ਨੂੰ ਚਿੰਨ੍ਹਤ ਕਰਦੀ,ਮਨੁੱਖੀ ਜ਼ਿੰਦਗੀ 'ਚ ਪਿਆਰ ਦੀ ਅਹਿਮੀਅਤ ਨੂੰ ਪ੍ਰਭਾਸ਼ਤ ਕਰਦੀ ਹੈ।ਹਿੰਦੀ ਦਾ ਮਸ਼ਹੂਰ ਵਿਵਾਦਤ ਲੇਖ਼ਕ ਤੇ 'ਹੰਸ' ਰਸਾਲੇ ਦੇ ਸੰਪਾਦਕ ਰਾਜੇਂਦਰ ਯਾਦਵ ਦਾ ਕਥਨ ਹੈ 'ਹਰ ਨਵਾਂ ਪਿਆਰ ਮਨੁੱਖ ਨੂੰ ਨਵੀ ਐਨਰਜੀ ਦਿੰਦਾ ਹੈ'।ਇਸੇ ਤਰ੍ਹਾਂ ਇਲਾ (ਨਿਮਰਤ ਕੌਰ) ਤੇ ਸਾਜਨ ਫਰਨਾਂਡੇਜ਼ (ਇਰਫਾਨ ਖਾਨ) ਦੀ ਬੇਰੰਗ ਜ਼ਿੰਦਗੀ 'ਲੰਚ ਬੌਕਸ' ਬਹਾਨੇ ਰੰਗੀਨ ਹੁੰਦੀ ਹੈ।'ਲੰਚ ਬੌਕਸ' ਜ਼ਰੀਆ ਬਣਦਾ ਹੈ'।ਇਲਾ ਦੇ 'ਲੰਚ ਬੌਕਸ' ਦੀ ਖੁਸ਼ਬੂ ਦੋਵਾਂ ਨੂੰ ਨਵੇਂ ਸਿਰਿਓਂ ਊਰਜਤ ਕਰਦੀ ਹੈ'।


ਫਰਨਾਂਡੇਜ਼ ਦੀ ਮ੍ਰਿਤਕ ਪਤਨੀ ਫ਼ਿਲਮ 'ਚ ਹਾਜ਼ਰ ਹੈ।ਉਹ ਥਾਂ-ਥਾਂ ਪਤਨੀ ਦਾ ਜ਼ਿਕਰ ਕਰਦਾ ਓਹਦੀਆਂ ਯਾਦਾਂ ਨਾਲ ਜਾ ਜੁੜਦਾ ਹੈ। ਫ਼ਿਲਮ ਭਾਵੇਂ ਇਲਾ ਤੇ ਫਰਨਾਂਡੇਜ਼ ਦੀ ਕਹਾਣੀ ਜ਼ਰੀਏ ਅੱਗੇ ਵਧਦੀ ਹੈ ਪਰ 'ਸ਼ੇਖ'(ਨਵਾਜ਼ੂਦੀਨ ਸਦੀਕੀ) ਦਾ ਬੇਹੱਦ ਪਿਆਰਾ ਤੇ ਬੇਪਰਵਾਹ ਅੰਦਾਜ਼ ਜ਼ਿੰਦਗੀ ਜਿਉਣ ਦੀ ਨਵੀਂ ਪਰਿਭਾਸ਼ਾ ਘੜ੍ਹਦਾ ਹੈ।


ਸੰਕਟ 'ਚ ਘਿਰੇ ਮਨੁੱਖ ਲਈ ਸ਼ਬਦ ਨਾਲ ਸਾਂਝ ਦੀ ਮਹੱਤਤਾ ਫ਼ਿਲਮ ਬਾਖੂਬੀ ਸਮਝਾਉਂਦੀ ਹੈ। ਪੂਰੀ ਫ਼ਿਲਮ 'ਚ ਇਲਾ ਤੇ ਸਾਜਨ ਫਰਨਾਂਡੇਜ਼ ਇਕ ਵਾਰ ਵੀ ਫੋਨ 'ਤੇ ਜਾਂ ਸਿੱਧੀ ਗੱਲਬਾਤ ਨਹੀਂ ਹੁੰਦੀ,ਪਰ ਸ਼ਬਦ ਦੀ ਤਾਕਤ ਦੋਵਾਂ ਨੂੰ 'ਜ਼ਿੰਦਗੀ ਖੂਬਸੂਰਤ ਹੈ' ਦਾ ਅਹਿਸਾਸ ਕਰਵਾਉਂਦੀ ਹੈ'।


ਇਲਾ, ਸਾਜਨ ਫਰਨਾਂਡੇਜ਼ ਨੂੰ ਲਿਖਦੀ ਹੈ "ਚਿੱਠੀ 'ਚ ਤਾਂ ਕੋਈ ਕੁਝ ਵੀ ਲਿਖ ਸਕਦਾ ਹੈ।" ਜਿੰਨੀ ਸਹਿਜਤਾ ਨਾਲ ਇਲਾ ਔਰਤ ਦੀ ਹੋਣੀ ਚਿੱਠੀ 'ਚ ਬਿਆਨਦੀ ਹੈ, ਉਹ ਇਕੱਲਤਾ ਹੰਢਾ ਰਹੇ ਮਨੁੱਖ ਨੂੰ ਸ਼ਬਦ ਨਾਲ ਗਹਿਰੀ ਸਾਂਝ ਪਾਉਣ ਲਈ ਪ੍ਰੇਰਦੀ ਹੈ। 2-3 ਸਾਲ ਪਹਿਲਾਂ ਇਕ ਕੁੜੀ ਦੇ ਪਿਆਰ 'ਚ ਡੁੱਬੇ ਆਪਣੇ ਇਕ 'ਕਾਮਰੇਡ' ਦੋਸਤ (ਜੋ ਕੁਝ ਕਹਿਣ ਤੋਂ ਡਰਦਾ ਸੀ) ਨੂੰ ਬਿਜਲਈ ਸੰਵਾਦ ਦੇ ਸੰਦਰਭ 'ਚ ਮੈਂ ਇਹੀ ਗੱਲ ਕਹੀ ਸੀ "ਜਿਸ ਦਾ 'ਅੰਰਡਗਰਾਉਂਡ ਇਸ਼ਕ' ਅੱਜਕਲ੍ਹ ਸਿਖ਼ਰ ਛੂਹ ਰਿਹਾ ਹੈ"।


ਔਰਤ ਮਰਦ ਨਾਲੋਂ ਜ਼ਿਆਦਾ ਗੁੰਝਲਦਾਰ ਤੇ ਸਪੱਸ਼ਟ ਹੁੰਦੀ ਹੈ। 'ਲੰਚ ਬੌਕਸ' 'ਚ ਇਲਾ ਦੀ ਸਖ਼ਸ਼ੀਅਤ ਇਸਦੀ ਝਲਕ ਹੈ। ਇਲਾ ਤੇ ਉਸਦੇ ਪਤੀ ਸਬੰਧ ਯੰਤਰੀ ਹਨ। ਫ਼ਿਲਮ 'ਚ ਪਤੀ ਦਾ ਫਰੇਮ ਵਾਰ ਵਾਰ ਬਿਜ਼ਨੈਸ ਨਿਊਜ਼ ਚੈਨਲ ਨਾਲ ਵਿਖਾਇਆ ਗਿਆ ਹੈ। ਜੋ ਬਜ਼ਾਰੀ ਮਨੁੱਖ ਦੇ ਪਰਿਵਾਰਕ/ਸਮਾਜਿਕ ਸੰਕਟ ਦੀ ਜੜ੍ਹ ਵੱਲ ਇਸ਼ਾਰਾ ਕਰਦਾ ਹੈ'।


ਫ਼ਿਲਮ 'ਚ ਸੁੰਘਣ ਸ਼ਕਤੀ ਦੀ ਪੇਸ਼ਕਾਰੀ ਬੜੀ ਸ਼ਾਨਦਾਰ ਤੇ ਦਵੰਦਵਾਦੀ ਹੈ। ਇਕ ਪਾਸੇ ਹਰ ਰੋਜ਼ ਇਲਾ ਦੇ 'ਲੰਚ ਬੌਕਸ' ਦੀ ਖੂਸ਼ਬੋ ਸੁੰਘਣ ਨਾਲ ਸਾਜਨ ਫਰਨਾਂਡੇਜ਼ ਦੀ ਜਾਨ 'ਚ ਜਾਨ ਪੈਂਦੀ ਹੈ ਤੇ ਦੂਜੇ ਪਾਸੇ ਇਲਾ ਆਪਣੇ ਪਤੀ ਦੇ ਕੱਪੜਿਆਂ ਦੀ ਹਵਾੜ ਸੁੰਘਣ ਨਾਲ ਹੀ ਅੰਦਾਜ਼ਾ ਲਗਾ ਲੈਂਦੀ ਹੈ ਕਿ 'ਪਤੀ ਦਾ ਚੱਕਰ ਕਿਤੇ ਹੋਰ ਚੱਲ ਰਿਹਾ ਹੈ'।

ਸੰਕਟ 'ਚ ਔਰਤ ਦੀ ਤ੍ਰਾਸਦੀ ਦੋਹਰੀ ਹੁੰਦੀ ਹੈ।ਇਲਾ, ਇਲਾ ਦੀ ਮਾਂ, ਸ਼ੇਖ ਦੀ ਪਤਨੀ ਤੇ ਦੇਸ਼ਪਾਂਡੇ ਆਂਟੀ(ਪੂਰੀ ਫ਼ਿਲਮ ਸਿਰਫ਼ ਅਵਾਜ਼ ਹੈ) ਇਸਦੀਆਂ ਗਵਾਹ ਹਨ।ਇਹ ਸੰਕਟਾਂ ਭਰੀ ਜ਼ਿੰਦਗੀ ਨਾਲ ਦਲੇਰੀ ਨਾਲ ਟਕਰਾਉਂਦੀਆਂ ਹਨ। ਫ਼ਿਲਮ ਦਾ ਇਕ ਦ੍ਰਿਸ਼ ਔਰਤ ਦੀ ਜ਼ਿੰਦਗੀ ਦੀ ਕਰੂਰਤਾ ਪੇਸ਼ ਕਰਦਾ ਹੈ। ਇਲਾ ਦੇ ਪਿਤਾ ਦੀ ਮੌਤ ਦੇ ਸੋਗ 'ਚ ਲਾਸ਼ ਕੋਲ ਬੈਠੀ ਮਾਂ 'ਮੁਕਤ' ਅੰਦਾਜ਼ 'ਚ ਭੁੱਖ ਜ਼ਾਹਰ ਕਰਕੇ ਖਾਣ ਲਈ ਪਰੌਂਠਾ ਮੰਗਦੀ ਹੈ'। ਇਹ 'ਭੁੱਖ' ਔਰਤ ਦੇ ਇਤਿਹਾਸ,ਭਵਿੱਖ ਤੇ ਵਰਤਮਾਨ ਨੂੰ ਇਕੋ ਥਾਂ ਲਿਆ ਖੜ੍ਹਾ ਕਰਦੀ ਹੈ'।

ਫ਼ਿਲਮ ਦੇ ਸੰਵਾਦ ਛੋਟੇ ਹਨ ਪਰ ਬੇਹੱਦ ਡੂੰਘੇ ਹਨ। ਇਰਫਾਨ ਦੀ ਅਦਾਕਾਰੀ ਆਮ ਤੌਰ 'ਤੇ ਦੂਜੇ ਅਦਾਕਾਰਾਂ 'ਤੇ ਭਾਰੂ ਪੈਂਦੀ ਹੈ ਪਰ ਨਿਮਰਤ ਕੌਰ ਦੀ ਸਹਿਜ ਅਦਾਕਾਰੀ 'ਚ ਸਾਜਨ ਪਿਆਰ ਦੀ ਭੁੱਖ ਵਾਂਗ ਸਮਾ ਜਾਂਦਾ ਹੈ'।


ਫ਼ਿਲਮ ਆਲਮੀਕਰਨ ਤੋਂ ਬਾਅਦ ਦੇ ਸ਼ਹਿਰੀ ਸਮਾਜ ਸੰਕਟ ਦਾ ਚਿੱਤਰਣ ਹੈ। ਪਿਛਲੇ ਦੋ ਦਹਾਕਿਆਂ ਦੇ ਮਕੈਨੀਕਲ ਵਿਕਾਸ ਦੇ ਸਮਾਜਿਕ ਬਦਲਾਵਾਂ ਨਾਲ ਪੈਦਾ ਹੋਏ ਸਮਾਜਿਕ ਸੰਕਟ ਨੂੰ ਸਮਝਣ ਦੀ ਕੋਸ਼ਿਸ਼ ਹੈ। ਆਲਮੀਕਰਨ ਦੇ ਦੌਰ ਤੋਂ ਬਾਅਦ ਦੇ ਸ਼ਹਿਰੀ ਸਮਾਜਿਕ ਸੰਕਟਾਂ ਨੂੰ ਸਾਡੀ ਕਿਸੇ ਸਿਆਸੀ ਧਾਰਾ ਨੇ ਫੜ੍ਹਨ, ਸਮਝਣ, ਸੁਲਝਾਉਣ ਦੀ ਗੰਭੀਰ ਕੋਸ਼ਿਸ਼ ਨਹੀਂ ਕੀਤੀ। 30-35 ਕਰੋੜ ਲੋਕਾਂ ਲਈ ਕੋਈ ਠੋਸ ਪ੍ਰੋਗਰਾਮ ਵੀ ਨਹੀਂ। ਇਹਦਾ ਇਕ ਕਾਰਨ ਮਿਡਲ ਕਲਾਸ, ਅੱਪਰ ਮਿਡਲ ਕਲਾਸ ਨੂੰ ਅਛੂਤਾਂ ਵਾਂਗ ਦੇਖਿਆ ਜਾਣਾ।ਸ਼ਾਇਦ, ਜਿਵੇਂ ਇਹ ਕਿਸੇ ਸਮਾਜਿਕ-ਸਿਆਸੀ ਬਦਲਾਅ ਦਾ ਹਿੱਸਾ ਨਹੀਂ ਹੋਣਗੇ?

'ਲੰਚ ਬੌਕਸ' ਵਰਗੇ ਸਿਨੇਮੇ ਵਲੋਂ ਇਕ ਬਰੀਕ ਗੰਝਲ 'ਤੇ ਗੱਲ ਕਰਨ ਦੀ ਕੋਸ਼ਿਸ਼ ਆਪਣੇ ਆਪ 'ਚ ਮਹੱਤਵਪੂਰਨ ਪਹਿਲ ਹੈ। "ਜੋ ਕੰਮ ਸਿਆਸਤ ਨੂੰ ਕਰਨੇ ਚਾਹੀਦੇ ਨੇ,ਓਹਦੀ ਸ਼ੁਰੂਆਤ ਸਿਨੇਮਾ ਕਰ ਰਿਹਾ ਹੈ"। 

ਸੰਕਟ 'ਤੇ ਗੱਲ ਕਰਨ ਵਾਲੇ ਭਾਰਤੀ/ਪੰਜਾਬੀ ਸਿਨੇਮੇ ਦੀ ਸੁਰ ਹਮੇਸ਼ਾ ਪ੍ਰਵਚਨੀ ਰਹੀ ਹੈ, ਪਰ 'ਲੰਚ ਬੌਕਸ' ਵਰਗਾ ਸਹਿਜ ਤੇ ਅਰਥਭਰਪੂਰ ਸਿਨੇਮਾ ਦਰਸ਼ਕ ਦੀ ਸਮਝ 'ਤੇ ਸ਼ੱਕ ਨਾ ਕਰਦਾ ਹੋਇਆ ਪ੍ਰਵਚਨ ਦੇ ਉਲਟ ਸੰਵਾਦ ਤੇ ਸੰਵੇਦਨਾ ਨੂੰ ਤਰਜ਼ੀਹ ਦਿੰਦਾ ਹੈ'।

ਇਹ ਸਾਡੇ ਦੌਰ ਦੇ ਅਰਥਭਰਪੂਰ ਸਿਨੇਮੇ ਵਲੋਂ ਸਮਾਜਿਕ ਤੈਹਾਂ ਫਰੋਲਣ ਦੀ ਨਵੀਂ ਸ਼ੁਰੂਆਤ ਹੈ।'ਲੰਚ ਬੌਕਸ' ਜਿਹੇ ਸਿਨੇਮੇ ਨੂੰ ਪਿਆਰ ਦੇਣ ਦੀ ਜ਼ਰੂਰਤ ਹੈ।

ਯਾਦਵਿੰਦਰ ਕਰਫਿਊ
ਮੋਬ: 95308-95198
mail2malwa@gmail.com

6 comments:

  1. ਬਹੁਤ ਖੂਬਸੂਰਤ ਤੇ ਸੰਜੀਦਾ ਫਿਲਮ ਬਾਰੇ ਬਹੁਤ ਖੂਬਸੂਰਤ ਤੇ ਸੰਜੀਦਾ ਰਿਵਿਊ... ਸ਼ੁਕਰੀਆ ਯਾਦਵਿੰਦਰ...

    ReplyDelete
  2. really it is a good movie

    ReplyDelete
  3. mai film taa nahi dekhi par yaadvinder ne jo likhya hai ohoo padd ke seriously movie dekhn nu dil kar rihaa hai...samjhna chahundii haa is film nu..... ke yaadvinder de words vich jo schaai te jaan hai mai us movie vich dekhna chahundii haa....kyuki ik auraat di chavii nu jis traa khubsurat shabada vich byaan kitaa gyaa hai mai us uraat nu film vich dekhna chahundii haii......kuch films sirf aassii entainment laii dekhde haa par je yaadvinder varge writer ese trhaa filmaa di ghraai nu byaan karan taa filmaa hakikat banke njraa sahmne uttar aundiyaa ne....lunch box jihe cinema nu vakiyaa hi pyaar den di jroorat haii........sherry

    ReplyDelete
  4. ਫ਼ਿਲਮ ਸੱਚਮੁੱਚ ਚੰਗੀ ਹੈ ਅਤੇ ਸਵਾਗਤਯੋਗ ਹੈ, ਪਰ ਮਿੱਤਰ ਪਿਆਰੇ ਸਮੀਖਿਆ ਜਾਂ ਟਿੱਪਣੀ ਨੂੰ ਐਨੀ ਭਾਰੀ ਕਰਨ ਦੀ ਲੋੜ ਨਹੀਂ ਸੀ।
    ਆਲਮੀਕਰਨ
    ਦਵੰਦੀ???
    ???
    ਹੋਰ ਵੀ ਬਹੁਤ ਕੁਝ..

    ਹਾਂ ਸੱਚ
    ਯਾਰ ਸੱਚੀ ਆਪਣਾ ਕਾਮਰੇਡ ਮਿੱਤਰ ਹਾਲੇ ਤੱਕ ਵੀ ਨਹੀਂ ਬੋਲਿਆ। ਇਕ ਕੰਮ ਕਰੋ, ਦੋਹਾਂ ਨੂੰ ਇਕੋ ਕਮਰੇ 'ਚ ਬੰਦ ਕਰਕੇ ਆਹ ਫ਼ਿਲਮ ਦਿਖਾਓ। ਸਿਰਫ਼ ਲੰਚਬਾਕਸ ਦਿਖਾਣੀ ਹੀ ਹੈ।
    :)

    ReplyDelete
  5. ਫ਼ਿਲਮ ਵੀ ਚੰਗੀ ਹੇ ਅਤੇ ਸਮੀਖਿਆ ਵੀ ਚੰਗੀ ਹੋ ਸਕਦੀ ਸੀ।
    ਜੇ ਸਾਥੀ ਕਾਮਰੇਡ ਨੇ ਇਸ ਵਿਚ
    ਆਲਮਕਰਨ
    ਦਵੰਦੀ???
    ????
    ਹੋਰ ਪਤਾ ਨਹੀਂ ਕੀ ਕੀ ਕੁਝ ਨਾ ਠੂਸਿਆ ਹੁੰਦਾ।
    ਥੋੜ੍ਹੀ ਜਿਹੀ ਸੌਖੀ ਲਿਖ ਲੈਂਦਾ ਵਿਦਵਾਨ ਤਾਂ ਤੈਨੂੰ ਅਸੀਂ ਓਦਾਂ ਵੀ ਮੰਨੀਂ ਜਾਈਦਾ ਹੈ।

    ਹਾਂ ਸੱਚ, (ਕੰਨ ਕਰੀਂ)
    ਯਾਰ ਆਪਣੇ ਕਾਮਰੇਡ ਮਿੱਤਰ ਨੇ ਹਾਲੇ ਤੱਕ ਨਹੀਂ ਇਜ਼ਹਾਰ ਕੀਤਾ? ਬੋਲਿਆ ਨਹੀਂ ਹਾਲੇ ਤੱਕ???
    ਇਦਾਂ ਕਰੀਂ, ਦੋਵਾਂ ਨੂੰ ਇਕੋ ਕਮਰੇ 'ਚ ਬੰਦ ਕਰਕੇ ਆਹ ਲੰਚਬਾਕਸ ਵਾਲੀ ਫ਼ਿਲਮ ਦਿਖਾ ਦਿਓ।
    ਚੇਤੇ ਰੱਖੀਂ ਸਿਰਫ਼ ਫ਼ਿਲਮ ਈ ਦਿਖਾਉਣੀ ਆ..ਓ ਕੇ।

    ReplyDelete