ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, April 7, 2014

ਡਾ. ਗੁਰਭਗਤ: ਸਿਰਜਣਾ ਨੂੰ ਸਮਰਪਿਤ ਸਖ਼ਸ਼

ਡਾ. ਗੁਰਭਗਤ ਸਿੰਘ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਵਿਦਵਾਨ ਸਨ ਜਿਨ੍ਹਾਂ ਨੇ ਬਿਨਾਂ ਕਿਸੇ ਆਹੁਦੇ-ਉਪਾਧੀਆਂ ਦੇ ਚੱਕਰ ਤੋਂ ਨਿਰੰਤਰ ਚਿੰਤਨ ਦੇ ਖੇਤਰ ਵਿਚ ਸਾਧਨਾ ਕੀਤੀ। ਅੰਤਰਅਨੁਸ਼ਾਸਨੀ ਤੇ ਤੁਲਨਾਤਮਕ ਅਧਿਐਨ ਦੇ ਖੇਤਰ ਵਿਚ ਉਨ੍ਹਾਂ ਪੰਜਾਬੀ ਤੇ ਅੰਗਰੇਜ਼ੀ ਵਿਚ ਬਹੁਤ ਕੰਮ ਕੀਤਾ। ਉਨ੍ਹਾਂ ਨੇ ਵਿਸ਼ਵ ਦੇ ਨਵੇਂ ਗਿਆਨ/ਸਿਧਾਂਤ ਨਾਲ ਪੰਜਾਬੀਆਂ ਨੂੰ ਜੋੜਿਆ ਪੰਜਾਬੀ ਸਭਿਆਚਾਰ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਉਨ੍ਹਾਂ ਨੇ ਕਈ ਮੌਲਿਕ ਧਾਰਨਾਵਾਂ ਪੇਸ਼ ਕੀਤੀਆਂ ਖਾਸਕਰ ਉਨ੍ਹਾਂ ਨੇ ਗੁਰਬਾਣੀ ਨੂੰ ਵਿਸ਼ਵ ਚਿੰਤਨ ਨਾਲ ਜੋੜਿਆ ਸਰਬੱਤ ਦੇ ਭਲੇ ਨੂੰ ਵਿਸ਼ਵ ਦੇ ਭਲੇ ਨਾਲ ਜੋੜਿਦਿਆਂ ਗਲੋਬ ਲਈ ਮਾਰਗ ਦਰਸ਼ਕ ਦੱਸਿਆ। ਇਸੇ ਲਈ ਉਹ ਪਿਛਲੇ ਕਈ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਨ ਵਿਚ ਜੁਟੇ ਹੋਏ ਸਨ। ਮੈਨੂੰ ਯਾਦ ਹੈ ਕਿ ਦੋ ਕੁ ਮਹੀਨੇ ਪਹਿਲਾਂ ਮੈਂ ਆਪਣੀ ਪੁਸਤਕ ਦੀ ਭੂਮਿਕਾ ਲਿਖਣ ਲਈ ਉਨ੍ਹਾਂ ਨੂੰ ਮਿਲਿਆ ਤਾਂ ਉਹ ਕਹਿੰਦੇ “ਅਨੁਦਾਵ ਵਾਲਾ ਕੰਮ ਹਾਲੇ ਚੱਲ ਰਿਹੈ... ਬਸ ਤਿੰਨ ਚਾਰ ਮਹੀਨਿਆਂ ਦਾ ਕੰਮ ਬਾਕੀ ਆ... ਤੂੰ ਇਹ ਕਿਤਾਬ ਛਪਵਾ ਲੈ...ਅਗਲੀ ਦੀ ਭੂਮਿਕਾ ਲਿਖਾਗਾਂ।” ਮੈਨੂੰ ਮਾਣ ਸੀ ਕਿ ਉਹ ਮੈਨੂੰ ਇਸ ਕਾਬਲ ਤਾਂ ਸਮਝਦੇ ਸੀ ਕਿ ਮੇਰੀ ਪੁਸਤਕ ਦੀ ਭੂਮਿਕਾ ਲਿਖਣਗੇ। ਉਹ ਨਿਰੰਤਰ ਪੰਜਾਬੀ ਯੂਨੀਵਰਸਿਟੀ ਦੀ ਭਾਈ ਗੰਡਾ ਸਿੰਘ ਰੈਫਰੈਂਸ ਲਾਇਬਰੇਰੀ ਵਿਚ ਪੜ੍ਹਣ ਆਉਂਦੇ ਵਿਦਿਆਰਥੀਆਂ ਨੂੰ ਸਮਝਾਉਂਦੇ ਵੀ ਰਹਿੰਦੇ। ਜਦੋਂ ਮੈਂ ਉਨ੍ਹਾਂ ਦੀ ਅਕਾਦਮਿਕ ਤੇ ਸਿਰਜਣਾਤਮਕ ਨਿਰੰਤਰਤਾ ਬਾਰੇ ਸੋਚਦਾ ਹਾਂ ਤਾਂ ਮੈਨੂੰ ਸੁਰਜੀਤ ਪਾਤਰ ਦੀਆਂ ਸਤਰਾਂ ਯਾਦ ਆ ਜਾਂਦੀਆਂ ਹਨ ਜਿਨ੍ਹਾਂ ਵਿਚ ਉਹ ਪਟਿਆਲੇ ਦਾ ਹਾਲ ਲਿਖਦਿਆਂ ਕਹਿੰਦੇ ਹਨ ਕਿ ਪਟਿਆਲੇ ਹੀ:

ਗੁਰਭਗਤ ਮਿਲਿਆ 
ਜਿਸ ਨੇ ਸਿਖਾਇਆ ਕਿਵੇਂ ਆਪਣੀ ਸਿਰਜਣਾ ਨੂੰ 
ਮਰ ਸਮਰਪਿਤ ਕਰੀਦੀ ਹੈ 
  
ਡਾ. ਗੁਰਭਗਤ ਸਿੰਘ ਦਾ ਜਨਮ 21 ਸਤੰਬਰ 1938 ਨੂੰ ਕੋਟਕਪੂਰਾ ਵਿਖੇ ਹੋਇਆ। ਡਾ. ਗੁਰਭਗਤ ਸਿੰਘ ਡਾ. ਸੁਤਿੰਦਰ ਸਿੰਘ ਨੂਰ ਤੇ ਸੁਖਿੰਦਰ ਤਿੰਨ ਭਰਾ। ਸੁਖਿੰਦਰ ਲੰਮੇ ਸਮੇਂ ਤੋਂ ਕੈਨੇਡਾ ਵਸਿਆ ਹੋਇਆ ਹੈ ਤੇ ਡਾ. ਨੂਰ ਵੀ ਪਿੱਛਲੇ ਸਮੇਂ ਵਿਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ। ਡਾ. ਨੂਰ ਨੇ ਆਪਣੀ ਸਾਹਿਤਕ ਸਵੈ-ਜੀਵਨੀ (ਜਦੋਂ ਸ਼ਬਦ ਜਾਗਿਆ) ਵਿਚ ਲਿਖਿਆ ਹੈ ਕਿ ਉਨ੍ਹਾਂ ਬਚਪਨ ਵਿਚ ਸੁਣਿਆ “...ਜਦੋਂ ਮੇਰੇ ਵੱਡੇ ਭਰਾ ਗੁਰਭਗਤ ਸਿੰਘ ਦਾ ਜਨਮ ਹੋਇਆ ਸੀ ਉਦੋਂ ਮੇਰਾ ਬਾਬਾ ਜੰਗਲਾਂ ’ਚ ਜਾ ਕੇ ਸ਼ੇਰਨੀ ਦਾ ਦੁੱਧ ਲਿਆਇਆ ਸੀ ਤੇ ਗੁਰਭਗਤ ਸਿੰਘ ਨੂੰ ਉਸ ਦੀਆਂ ਬੂੰਦਾਂ ਪਾਣੀ ’ਚ ਪਾ ਕੇ ਪਿਲਾਈਆਂ ਸਨ ਤਾਂ ਕਿ ਉਹ ਲਾਇਕ ਬਣੇ।” ਤੇ ਸਚਮੁੱਚ ਡਾ. ਗੁਰਭਗਤ ਸਿੰਘ ਆਪਣੇ ਬਾਬੇ ਦਾ ਸਭ ਤੋਂ ਲਾਇਕ ਪੋਤਾ ਬਣਿਆ। 

ਪਟਿਆਲੇ ਦੇ ਭੂਤਵਾੜੇ ਦਾ ਜਦੋਂ ਵੀ ਜ਼ਿਕਰ ਹੰਦਾ ਹੈ ਤਾਂ ਡਾ. ਗੁਰਭਗਤ ਸਿੰਘ ਵੀ ਵੱਡੇ ‘ਭੂਤ’ ਸਨ। ਡਾ. ਨੂਰ ਭੂਤਵਾੜੇ ਬਾਰੇ ਲਿਖਦੇ ਹਨ “ ਜਦੋਂ 1965 ਵਿਚ ਮੈਂ ਐਮ.ਏ. ਅੰਗਰੇਜੀ ਕਰਨ ਲਈ ਪਟਿਆਲੇ ਪਹੁੰਚਿਆ ਉਥੇ ਭੂਤਵਾੜਾ ਸਥਾਪਤ ਹੀ ਨਹੀਂ ਸੀ, ਉਸ ਦੀ ਪਛਾਣ ਵੀ ਕਾਇਮ ਹੋ ਚੁੱਕੀ ਸੀ। ਉਸ ਨਾਲ ਗੁਰਭਗਤ ਸਿੰਘ, ਹਰਿੰਦਰ ਸਿੰਘ ਮਹਿਬੂਬ, ਹਰਦਿਲਜੀਤ ਲਾਲੀ, ਨਵਤੋਜ ਭਾਰਤੀ, ਕੁਲਵੰਤ ਗਰੇਵਾਲ ਤੇ ਕਈ ਹੋਰ ਜਣੇ ਸਬੰਧਤ ਸਨ। ਭੂਤਵਾੜਾ ਪ੍ਰੀਤ ਨਗਰ, ਲੋਅਰ ਮਾਲ, ਪ੍ਰੋ. ਪ੍ਰੀਤਮ ਸਿੰਘ ਦੀ ਕੋਠੀ, ‘ਅਰਵਿੰਦ’ ਦੇ ਸਾਹਮਣੇ ਸਥਿਤ ਸੀ। ਦੋ ਕਮਰਿਆਂ, ਇਕ ਰਸੋਈ, ਬਰਾਂਡੇ ਤੇ ਵੱਡੇ ਵਿਹੜੇ ਵਾਲੀ ਕੋਠੀ। ਇਥੇ ਰਹਿਣ ਵਾਲੇ ਕਦੋਂ ਸੌਂਦੇ, ਕਦੋਂ ਜਾਗਦੇ ਸਨ, ਆਸੇ ਪਾਸੇ ਕਿਸੇ ਨੂੰ ਪਤਾ ਨਹੀਂ ਸੀ। ਉਹ ਹਮੇਸਾ ਇਨ੍ਹਾਂ ਨੂੰ ਜਾਗਦੇ ਹੀ ਦੇਖਦੇ, ਰਾਤ ਨੂੰ ਸੰਗੀਤ ਦੀਆਂ ਧੁਨਾਂ ਉਚੀਆਂ ਹੁੰਦੀਆਂ, ਗਾਇਕੀ ਸੁਣਦੀ। ਆਏ ਗਏ ਦਾ ਦਿਨ ਰਾਤ ਮੇਲਾ ਲੱਗਿਆ ਰਹਿੰਦਾ। ਕਦੇ ਧਮਾਲ ਪੈਂਦੀ ਤੇ ਕਦੇ ਸਾਰੀ ਰਾਤ ਕਿਤਾਬਾਂ ਵਿਚਾਰਨ ਦਾ, ਸਾਇਰੀ ਦਾ ਦਰਬਾਰ ਲੱਗਿਆ ਰਹਿੰਦਾ। ਆਂਢੀਆਂ ਗੁਆਂਢੀਆਂ ਨੇ ਇਸ ਥਾਂ ਦਾ ਨਾਂ ‘ਭੂਤਵਾੜਾ’ ਰੱਖ ਦਿੱਤਾ ਅਤੇ ਭੂਤਵਾੜੇ ‘ਚ ਰਹਿਣ ਵਾਲਿਆਂ ਨੇ ਇਹ ਨਾਂ ਸਵੀਕਾਰ ਕਰ ਲਿਆ ਤੇ ਉਨ੍ਹਾਂ ਨੂੰ ‘ਭੂਤ’ ਆਖਿਆ ਜਾਣ ਲੱਗ ਪਿਆ। ਗੁਰਭਗਤ ਸਿੰਘ ਖਾਲਸਾ ਕਾਲਜ ਪੜ੍ਹਾ ਰਿਹਾ ਸੀ, ਨਵਤੇਜ ਭਾਰਤੀ ਤੇ ਹਰਿੰਦਰ ਮਹਿਬੂਬ ਭਾਸਾ ਵਿਭਾਗ ਵਿਚ ਕੰਮ ਕਰਦੇ ਸਨ ਤੇ ਭੂਤਵਾੜੇ ਦਾ ਸਾਰਾ ਖਰਚ ਉਨ੍ਹਾਂ ਦੇ ਜਿੰਮੇ ਸੀ। ਹੋਰ ਜਿੰਨਾ ਕਿਸੇ ਕੋਲ ਹੁੰਦਾ, ਸਾਂਝੇ ਲੰਗਰ ‘ਚ ਪੈ ਜਾਂਦਾ। ਗੱਲ ਖਰਚ ਜਾਂ ਅਖਰਚ ਦੀ ਨਹੀਂ ਸੀ, ਪੜ੍ਹਨ-ਪੜ੍ਹਾਉਣ ਤੇ ਗਿਆਨ ਦੇ ਮਾਹੌਲ ਨੂੰ ਵਿਕਸਤ ਕਰਨ ਦੀ ਸੀ।” ਇਸ ਤਰ੍ਹਾਂ ਡਾ. ਗੁਰਭਗਤ ਸਿੰਘ ਨੇ ਆਰਥਿਕ ਅਤੇ ਗਿਆਨ ਦੇ ਤੌਰ ’ਤੇ ਭੂਤਵਾੜੇ ਵਿਚ ਯੋਗਦਾਨ ਪਾਇਆ। 

ਡਾ. ਗੁਰਭਗਤ ਸਿੰਘ ਨੇ ਅੰਗਰੇਜ਼ੀ ਵਿਚ ਅੰਤਰਅਨੁਸ਼ਾਸਨੀ ਪੀ-ਐਚ.ਡੀ. ਯੂਨੀਵਰਸਿਟੀ ਆੱਫ ਕੈਲੀਫੋਰਨੀਆ ਤੋਂ ਪ੍ਰਾਪਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਅੰਗਰੇਜ਼ੀ ਵਿਭਾਗ ਵਿਚ ਪ੍ਰੋਫੈਸਰ ਤੇ ਮੁਖੀ ਵਜੋਂ ਅਤੇ ਡੀਨ ਭਾਸ਼ਾਵਾਂ ਵਜੋਂ ਕਾਰਜਸ਼ੀਲ ਰਹੇ। ਉਨ੍ਹਾਂ ਨੇ ਨਿਊਯੌਰਕ ਮਿਊਨਿਕ ਪੈਰਿਸ ਲੈਸਟਰ ਟੋਕੀਓ ਅਲਬਰਟਾ ਸ਼ਿਕਾਗੋ ਵਾਸ਼ਿੰਗਟਨ ਆਦਿ ਥਾਵਾਂ ’ਤੇ ਹੋਈਆ ਅੰਤਰਰਾਸ਼ਟਰੀ ਪੱਧਰ ਦੀਆਂ ਅਕਾਦਮਿਕ ਕਾਨਫਰੰਸਾਂ ਵਿਚ ਹਿੱਸਾ ਲਿਆ। ਉਨ੍ਹਾਂ ਦੀਆਂ ਉਨ੍ਹਾਂ ਦੀਆਂ ਪ੍ਰਸਿੱਧ ਅੰਗਰੇਜ਼ੀ ਪੁਸਤਕਾਂ ‘ਪੋਇਟਰੀ ਆਫ਼ ਮੈਟਾਕਾਂਸ਼ਿਸਨੈੱਸ (1982), ਵੈਸਟਰਨ ਪੋਇਟਿਕਸ ਐਂਡ ਈਸਟਰਨ ਥਾਟ (1983), ਲਿਟਰੇਚਰ ਐਂਡ ਫੋਕਲੋਰ ਆਫ਼ਟਰ ਪੋਸਟ-ਸਟਰਕਚਰਲਿਜ਼ਮ (1991), ਡਿਫਰੈਂਸ਼ਲ ਮਲਟੀਲੌਂਗ (ਸੰਪਾ. 1992), ਟ੍ਰਾਂਸਕਲਚਰ ਪੋਇਟਿਕਸ (1998), ਸਿੱਖਇਜ਼ਮ ਐਂਡ ਪੋਸਟ ਮਾਡਰਨ ਥਾਟ (1999), ਪੂਰਨ ਸਿੰਘ (2004), ਦਿ ਸਿੱਖ ਮੈਮਰੀ (2009), ਵਿਸਮਾਦ (ਅਨੁ. 2013) ਆਦਿ ਹਨ। ਪੰਜਾਬੀ ਵਿੱਚ ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ‘ਕੌਮੀ ਆਜ਼ਾਦੀ ਵੱਲ’ (1993) ‘ਕਾਵਿ-ਸ਼ਾਸਤਰ: ਦੇਹ ਤੇ ਕ੍ਰਾਂਤੀ’ (1995), ‘ਉਤਰਆਧੁਨਿਕਵਾਦ’ (2000), ‘ਵਿਸ਼ਵ ਚਿਤਨ ਅਤੇ ਪੰਜਾਬੀ ਸਾਹਿਤ’ (2003) ਅਤੇ ‘ਵਿਸਮਾਦੀ ਪੂੰਜੀ’ (2010) ਹਨ। ਇਸ ਵੇਲੇ ਵੀ ਅਕਾਦਮਿਕ ਖੇਤਰ ਵਿਚ ਅੰਤਰਅਨੁਸ਼ਾਸਨੀ ਤੇ ਤੁਲਨਾਤਮਕ ਅਧਿਐਨ ਦੀ ਸਭ ਤੋਂ ਵੱਧ ਮਹੱਤਤਾ ਮੰਨੀ ਜਾ ਰਹੀ ਹੈ ਤੇ ਡਾ. ਗੁਰਭਗਤ ਸਿੰਘ ਇਨ੍ਹਾਂ ਦੋਵਾਂ ਵਿਚ ਹੀ ਉਸਤਾਦ ਸਨ। ਉਨ੍ਹਾਂ ਨੇ ਪੰਜਾਬੀ ਤੇ ਅੰਗਰੇਜ਼ੀ ਵਿਚ ਬਹੁਤ ਮੁੱਲਵਾਨ ਕੰਮ ਕੀਤਾ ਜਿਸ ਦੀ ਪ੍ਰਸਿੱਧੀ ਅੰਤਰਰਾਸ਼ਟਰੀ ਪੱਧਰ ਦੀ ਹੈ। 

ਡਾ. ਗੁਰਭਗਤ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਗੁਆਂਢ ’ਚ ਰਹਿੰਦੇ ਸਨ। ਉਮਰ ਦਾ ਅੱਠਵਾਂ ਦਹਾਕਾ ਸੀ। ਹਫਤਾ ਕੁ ਪਹਿਲਾਂ ਘਰੇ ਦੌਰਾ ਪੈ ਕੇ ਡਿਗੇ ਪਏ ਮਿਲੇ। ਕਈ ਦਿਨ ਹਸਪਤਾਲ ਦਾਖਲ ਰਹੇ। 3 ਅਪ੍ਰੈਲ ਨੂੰ ਉਹ ਆਪਣੇ ਕਈ ਅਧੂਰੇ ਪ੍ਰੋਜੈਕਟ ਛੱਡ ਕੇ ਸਾਨੂੰ ਆਖ਼ਰੀ ਅਲਵਿਦਾ ਕਹਿ ਗਏ...ਉਹ ਜਿਨ੍ਹਾਂ ਨੇ ਸਿਰਜਣਾ ਨੂੰ ਸਾਰੀ ਉਮਰ ਸਮਰਪਿਤ ਕਰ ਦਿੱਤੀ ਸੀ..... 

ਪਰਮਜੀਤ ਸਿੰਘ ਕੱਟੂ 
ਰਿਸਰਚ ਸਕਾਲਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, 
ਪਟਿਆਲਾ। 
9463124131

1 comment:

  1. ਤੁਰ ਗਿਆ ਕੋਈ ਦਿਲ ਚ ਲੈ ਕੇ ਸਾਦਗੀ
    ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ

    ਮੌਲਿਕ ਚਿੰਤਨ ਦੇ ਖੇਤਰ ਵਿਚ ਕੋਈ ਵੀ ਕਥਾ-ਕਥਿਤ ਅਜੋਕਾ ਚਿੰਤਕ ਡਾ. ਗੁਰਭਗਤ ਸਿੰਘ ਦੇ ਨੇੜੇ-ਤੇੜੇ ਵੀ ਨਹੀਂ ਢੁੱਕ ਸਕਦਾ. ਉਹ ਤਾਂ ਪੰਜਾਬ ਦਾ ਸੁਕਰਾਤ ਹੈ. ਤੁਹਾਡੀ ਸੰਖਿਪਤ ਸ਼ਰਧਾਂਜਲੀ ਦਿਲ-ਟੁੰਬਵੀਂ ਹੈ

    ReplyDelete