ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, May 8, 2014

ਹਾਈਵੇਅ : ਹੱਦਾਂ ਵੰਗਾਰਦੀ 'ਅਨਹਦ ਅਵਸਥਾ'

ਜਹਾਂ ਸੇ ਤੁਮ ਮੁਝੇ ਲਾਏ ਹੋ ਵਹਾਂ ਮੈਂ ਜਾਣਾ ਨਹੀਂ ਚਾਹਤੀ 
ਜਹਾਂ ਤੁਮ ਮੁਝੇ ਲੇ ਜਾ ਰਹੇ ਹੋ ਵਹਾਂ ਮੈਂ ਪਹੁੰਚਣਾ ਨਹੀਂ ਚਾਹਤੀ 
ਲੇਕਿਨ ਯੇ ਸਫ਼ਰ ਬਹੁਤ ਅੱਛਾ ਹੈ ਔਰ ਚਾਹਤੀ ਹੂੰ ਕਿ ਖਤਮ ਨਾ ਹੋ…
(ਸੰਵਾਦ,ਆਲੀਆ ਭੱਟ,ਫ਼ਿਲਮ ਹਾਈਵੇਅ)

ਸ ਸੰਵਾਦ ਨੂੰ ਉਧੇੜਕੇ ਸਮਝਣ ‘ਚ ਅਸੀ ਹਾਈਵੇਅ ਨੂੰ ਸਮਾਜ ਦੇ ਉੱਚ ਤਬਕੇ ਬਨਾਮ ਨੀਵੇਂ ਤਬਕੇ ਦੇ ਰੂਪ ‘ਚ ਪ੍ਰਭਾਸ਼ਿਤ ਕਰਨ ਬਹਿਜਾਂਗੇ।ਇਹ ਫ਼ਿਲਮ ਕਿਸੇ ਸਮਾਜਵਾਦ ਦੇ ਸਿਧਾਂਤ ਮੁਤਾਬਕ ਉਲੀਕੀ ਵੀ ਨਹੀਂ ਗਈ।ਇਹ ਧਰਤੀ ਅੰਦਰਲੇ ਵਿਚਰ ਰਹੇ ਹਜ਼ਾਰਾਂ ਚਿਹਰਿਆਂ ਦਾ ਆਪਣੀ ਤਰ੍ਹਾਂ ਦਾ ਖੋਜ ਪ੍ਰਬੰਧ ਹੈ।ਭਾਰਤ ਅੰਦਰ ਵੱਖ ਵੱਖ ਥਾਵਾਂ ‘ਤੇ ਵਿਚਰ ਰਹੀ ਕਹਾਣੀ ਦਾ ਲੋਕ ਗੀਤਾਂ ਰਾਹੀ ਤਰਜਮਾਨੀ ਕਰਨ ਦਾ ਪ੍ਰਗਟਾਵਾ ਸਾਨੂੰ ਫ਼ਿਲਮ ਅੰਦਰਲੀ ਲੋਕ ਧਾਰਾ ਤੋਂ ਹੀ ਸਮਝਨਾ ਪਵੇਗਾ।ਫ਼ਿਲਮ ਅੰਦਰ ਜਾਣ ਲਈ ਸਾਨੂੰ ‘ਜੁਗਨੀ ਦਾ ਬਤੌਰ ਕੁੜੀ ਪ੍ਰਗਟਾਵੇ’ ਦਾ ਅਧਾਰ,‘ਜੁਗਨੀ ਇੱਕ ਅਜ਼ਾਦ ਖਿਆਲ ਸੋਚ ਦਾ ਨਾਮ ਹੈ’ ਦਾ ਅਧਾਰ ਅਤੇ ‘ਜੁਗਨੀ ਦਾ ਸੂਫੀਆਨਾ’ ਦਾ ਅਧਾਰ ਵੀ ਮੰਨ ‘ਚ ਰੱਖਕੇ ਚਲਣਾ ਪਵੇਗਾ।ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੇਰਾ ਹਮੇਸ਼ਾ ਤੋਂ ਮੰਨਣਾ ਹੈ ਕਿ ਪੰਜਾਬੀ ਕੋਲ ਜੁਗਨੀ ਇੱਕ ਅਜਿਹਾ ਪ੍ਰਵਾਹ ਹੈ ਜਿੰਨੇ ਹਰ ਕਥਾਨਕ ਨੂੰ ਆਪਣਾ ਨਾਮਕਰਨ ਦਿੱਤਾ ਅਤੇ ਸਮੇਂ ਮੁਤਾਬਕ ਆਪਣੇ ਆਪ ‘ਚ ਤਬਦੀਲ ਵੀ ਕਰਦੀ ਰਹੀ ਹੈ।ਸ਼ਾਇਦ ਅਜਿਹਾ ਸੁਭਾਅ ਕਿਸੇ ਹੋਰ ਲੋਕ ਗੀਤ ਪ੍ਰਬੰਧ ਕੋਲ ਨਹੀਂ ਹੈ ਅਤੇ ਇਸ ਨੂੰ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕਰਨ ਦਾ ਅੰਦਾਜ ਇਮਤਿਆਜ਼ ਤੋਂ ਪਹਿਲਾਂ ਕਿਸੇ ਫ਼ਿਲਮਸਾਜ਼ ਨੇ ਨਹੀਂ ਵਖਾਇਆ।ਇਸ ਫ਼ਿਲਮ ਨੂੰ ਵੇਖਣ ਲਈ ਗਾਣਿਆਂ ਦਾ ਸ਼ਾਬਦਿਕ ਮੁਹਾਂਦਰਾ ਵੀ ਸਮਝਨਾ ਪਵੇਗਾ।ਜੁਗਨੀ (ਪਟਾਖਾ ਗੁੱਡੀ),ਸੂਹਾ ਸਾਹਾ (ਲੋਰੀ) ਅਤੇ ਕਬੀਰ ਵਾਣੀ ਤੋਂ ਆਸਰਾ ਲੈਂਦਾ ‘ਤੂੰ ਕੁਜਾ’ ਫ਼ਿਲਮ ਦੇ ਕਿਰਦਾਰਾਂ ਦੀ ਪਛਾਣ ਕੁੰਜੀ ਹਨ।


ਜਿਸ ਤਰ੍ਹਾਂ ਜ਼ਿੰਦਗੀ ਕਿਰਦਾਰਾਂ ਅਤੇ ਕਹਾਣੀਆਂ ਦੇ ਸੰਵਾਦ ਦਾ ਸੁਮੇਲ ਹੁੰਦਾ ਹੈ ਜੋ ਯਥਾਰਥੀ ਕਥਾਨਕ ‘ਚ ਮਨੋਦਸ਼ਾ ਹੁੰਦੀ ਹੈ ਅਤੇ ਬੀਤੀਆਂ ਯਾਦਾਂ ਚੋਂ ਅਸੀ ਬਹੁਤ ਕੁਝ ਲੱਭਦੇ ਹਾਂ।ਅਸੀ ਆਮ ਜ਼ਿੰਦਗੀ ‘ਚ ਵਿਚਰ ਰਹੇ ਤਮਾਮ ਤਰ੍ਹਾਂ ਦੇ ਸਬੰਧਾਂ ਨਾਲ ਜੁੜਦੇ ਹਾਂ।ਸੋ ਜਦੋਂ ਫਿਲਮਾਂ ਕਹਾਣੀ ਅਤੇ ਕਥਾਨਕ ਪੱਖੋਂ ਅਜਿਹੀ ਭੂਮਿਕਾ ਨਿਭਾਉਂਦੀਆਂ ਹਨ ਉਦੋਂ ਉਦੋਂ ਉਹ ਮੈਨੂੰ ਜ਼ਿਆਦਾ ਛੂੰਹਦੀਆਂ ਹਨ।ਇਹ ਕਹਾਣੀ ਇਮਤਿਆਜ਼ ਦੇ ਜ਼ਹਿਨ ‘ਚ ਪਿਛਲੇ 15 ਸਾਲਾਂ ਤੋਂ ਘੁੰਮ ਰਹੀ ਸੀ।ਪਰ ਇਸ ਕਹਾਣੀ ਨੂੰ ਕਹਿਣਾ ਇੱਕ ਨਿਰਦੇਸ਼ਕ ਲਈ ਉਦੋਂ ਹੀ ਸੰਭਵ ਹੋ ਸਕਣਾ ਸੀ ਜਦੋਂ ਉਹ ਆਪਣੀਆਂ ਸ਼ਰਤਾਂ ‘ਤੇ ਕੰਮ ਕਰੇ।ਕਈ ਵਾਰ ਬਜ਼ਾਰੀ ਮੰਗ ਥੱਲੇ ਨਿਰਦੇਸ਼ਕ ਇੱਕ ਕਲਾਕਾਰ ਦੀ ਤਰ੍ਹਾਂ ਨਹੀਂ ਸੋਚਦਾ ਸਗੋਂ ਉਹਨੂੰ ਮਜਬੂਰੀ ‘ਚ ਬਜ਼ਾਰ ਮੁਤਾਬਕ ਹੀ ਸੋਚਨਾ ਪੈਂਦਾ ਹੈ।ਕਿਸੇ ਵੀ ਫ਼ਿਲਮ ਨੂੰ ਵੇਖਣ ਵੇਲੇ ਮੈਂ ਸਭ ਤੋਂ ਪਹਿਲਾਂ ਸਿਰਫ ਕਹਾਣੀ ਹੀ ਲੱਭਦਾ ਹਾਂ।ਕਿਸੇ ਕਹਾਣੀ ਦੀ ਰਵਾਨਗੀ ਲਈ ਦੋ ਸ਼ਰਤਾਂ ਹਨ।ਕਹਾਣੀ ਦਾ ਹੋਣਾ ਅਤੇ ਕਹਾਣੀ ਦਾ ਕਹਿਣਾ।ਇਮਤਿਆਜ਼ ਦੀ ਫ਼ਿਲਮ ਅੰਦਰ ਕਹਾਣੀ ਦਾ ਵਜ਼ਨ ਬਹੁਤ ਖਾਸ ਹੁੰਦਾ ਹੈ ਅਤੇ ਇਮਤਿਆਜ਼ ਦਾ ਕਹਾਣੀ ਕਹਿਣ ਦਾ ਜ਼ਰੀਆ ਵੀ ਉਨਾਂ ਹੀ ਮਹੱਤਵਪੂਰਨ ਹੁੰਦਾ ਹੈ।ਕੋਈ ਕਹਾਣੀ ਦਰਸ਼ਕ ਨੂੰ ਆਪਣੀ ਦੁਨੀਆਂ ਦੀ ਜਾਂ ਕਹਿ ਸਕਦੇ ਹਾਂ ਕਿ ਮੈਨੂੰ ਆਪਣੀ ਜ਼ਿੰਦਗੀ ਵਰਗੀ ਲੱਗੇ ਇਹ ਨਿਰਦੇਸ਼ਕ ਦਾ ਅਸਲ ਫਲ ਹੁੰਦਾ ਹੈ।ਸੋ ਇਮਤਿਆਜ਼ ਦਾ ਘੱਟ ਲਾਈਟਾਂ ਨਾਲ ਕੈਮਰਾ ਸੈਟਅਪ,ਬੈਕਗਰਾਉਂਡ ਧੁਨੀ ਦਾ ਹਲਕਾ ਪ੍ਰਯੋਗ ਜਿੱਥੇ ਫ਼ਿਲਮ ਦੇ ਤਕਨੀਕੀ ਅਧਾਰ ਹਨ ਉੱਥੇ ਇਮਤਿਆਜ਼ ਉਸ ਨੂੰ ਆਪਣੇ ਅੰਦਾਜ਼ ਯਾਤਰਾ ਰਾਹੀਂ ਕਹਿ ਰਿਹਾ ਹੈ,ਇਹ ਉਸਦੀ ਆਪਣੀ ਵਿਚਾਰਧਾਰਾ ਹੈ।ਇੱਕ ਚੀਨੀ ਕਹਾਵਤ ਹੈ ਕਿ ਘੁੰਮਿਆ ਬੰਦਾ ਹਮੇਸ਼ਾ ਘਰ ਦੇ ਜ਼ਿਆਦਾ ਨੇੜੇ ਹੁੰਦਾ ਹੈ।


ਇਮਤਿਆਜ਼ ਦਾ ਵਿਚਾਰ ਵੀ ਬਾਹਰੀ ਕਥਾਨਕ ਰਾਹੀਂ ਅੰਦਰ ਦੀ ਯਾਤਰਾ ਜਾਂ ਅੰਦਰ ਦੀ ਖੋਜ ਹੀ ਹੁੰਦਾ ਹੈ।ਲਵ ਆਜ ਕੱਲ੍ਹ ‘ਚ ਇਮਤਿਆਜ਼ 60-70 ਦੇ ਦਹਾਕੇ ਦੀ ਪੇਸ਼ਕਾਰੀ ਨੂੰ ਗੀਤਾਂ ਦੇ ਹਵਾਲੇ ਰਾਹੀਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਸਤਰ ‘ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ’ ਤੋਂ ਕਹਿੰਦਾ ਹੈ।ਰਾਕਸਟਾਰ ‘ਚ ਇਮਤਿਆਜ਼ ‘ਰੂਮੀ’ ਅਤੇ ‘ਫਰੀਦ’ ਰਾਹੀਂ ਅਤੇ ਹਾਈਵੇਅ ‘ਚ ਉਹ ਜੁਗਨੀ,ਕਬੀਰ ਰਾਹੀਂ ਬਿਆਨ ਕਰ ਰਿਹਾ ਹੈ।ਇਮਤਿਆਜ਼ ਦੀ ਹਰ ਫ਼ਿਲਮ ਅੰਦਰਲਾ ਫਲਸਫਾ ਦੋ ਧਾਰੀ ਚਲਦਾ ਹੈ।ਉਸਦੇ ਫਿਲਮਾਂ ਅੰਦਰਲੇ ਪਾਤਰ ‘ਜਿਨ ਖੋਜਾ ਤਿਨ ਪਾਇਆ ਗਹਿਰੇ ਪਾਣੀ ਬੈਠ’ ‘ਚ ਵਿਚਰਦੇ ਤਾਂ ਹਨ ਪਰ ‘ਬੁਲ੍ਹੇ ਸ਼ਾਹ ਅਸਮਾਨੀ ਉਡੀਆਂ ਫੜ੍ਹਦਾ ਜਿਹੜਾ ਅੰਦਰ ਸੀ ਉਹਨੂੰ ਫੜ੍ਹਿਆ ਹੀ ਨਹੀਂ’ ਵਾਲੇ ਦਵੰਦ ‘ਚ ਚਲਦੇ ਹੋਏ ਉਹ ਆਪਣੀ ਪਛਾਣ ਲਈ ਤੜਪਦੇ ਹਨ ਅਤੇ ਕੌਸ਼ਿਸ਼ ਕਰਦੇ ਹਨ।ਬਲੈਕ ਫਰਾਈ ਡੇ ਅਤੇ ਗੈਂਗਸ ਆਫ ਵਾਸੇਪੁਰ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਨੇ ਕਿਹਾ ਸੀ ਕਿ ਮੈਨੂੰ ਈਰਖਾ ਹੁੰਦੀ ਹੈ ਕਿ ਮੈਂ ਇਮਤਿਆਜ਼ ਵਰਗੀ ਦਾਰਸ਼ਨਿਕ ਅਤੇ ਪ੍ਰੇਮ ਕਹਾਣੀ ਨਹੀਂ ਬਣਾ ਪਾਉਂਦਾ। ਬਲਦੇਵ ਸਿੰਘ ਦੇ ਸੜਕਨਾਮਾ ਦਾ ਕਿਤਾਬ ਸ਼ੁਰੂ ਹੋਣ ਤੋਂ ਪਹਿਲਾ ਸੜਕ ਦਾ ਰੂਪਕ ਪੜ੍ਹ ਕੇ ਵੇਖੋ।ਉਸ ਤੋਂ ਬਾਅਦ ਸੜਕ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਵੇਖੋ।ਤੁਸੀ ਮਹਿਸੂਸ ਕਰੋਗੇ ਕਿ ਜ਼ਿੰਦਗੀ ਦੇ ਤਮਾਮ ਪਾਤਰ ਅਤੇ ਸੰਸਾਰ ਦੀਆਂ ਤਮਾਮ ਕਹਾਣੀਆਂ ਕਿੰਝ ਵਿਚਰ ਰਹੀਆਂ ਹਨ।ਹੁਣ ਹਾਈਵੇਅ ਦੇ ਦੋ ਪਾਤਰਾਂ ਨੂੰ ਵੇਖੋ।ਮਹਾਂਵੀਰ(ਰਣਦੀਪ ਹੁੱਡਾ) ਅਤੇ ਵੀਰਾ(ਆਲੀਆ ਭੱਟ)

ਵੀਰਾ ਵੇਖਣ ਵਾਲੇ ਨੂੰ ਪਹਿਲਾਂ ਆਪਣੀ ਬੇਬੱਸੀ ਅਤੇ ਉਲਝਨ ਨਾਲ ਜੋੜਦੀ ਹੈ ਫਿਰ ਉਸ ਦਵੰਦ ਦੇ ਅਧਾਰ ਨਾਲ ਜੋੜਦੀ ਹੈ।ਵੀਰਾ ਆਪਣੀ ਕਹਾਣੀ ਮਹਾਂਵੀਰ ਨੂੰ ਦੱਸਦੀ ਹੋਈ ਆਪਣੇ ਘਰ ਦੀ ਮਾਨਸਿਕਤਾ ਨਹੀਂ ਦੱਸ ਰਹੀ ਸਗੋਂ ਵੀਰਾ ਅਤੇ ਉਸਦਾ ਬਾਲ ਯੋਣ ਉਤਪੀੜਨ(ਚਾਈਲਡ ਸੈਕਸ ਐਬਿਊਜ਼) ਅਤੇ ਉਸਦੀ ਅਵਾਜ਼ ਅਤੇ ਉਸ ਅਵਾਜ਼ ਦਾ ਸਾਹਮਣੇ ਵਾਲਾ ਸੁਣਨ ਵਾਲਾ ਦਰਮਿਆਨ ਖਾਮੋਸ਼ੀ ਜਿਸ ਕੈਨਵਸ ਨੂੰ ਉਕੇਰ ਰਹੀ ਹੈ ਉਸ ਨੂੰ ਸੋਚਣ ‘ਤੇ ਜ਼ੋਰ ਦੇ ਰਹੀ ਹੈ।ਵੀਰਾ ਦੇ ਆਪਣਾ ਰਿਸ਼ਤੇਦਾਰ ਉਹਦੀ ਬਾਲ ਉੱਮਰ ਤੋਂ ਹੀ ਉਹਦਾ ਉਤਪੀੜਨ ਕਰਦਾ ਰਿਹਾ ਅਤੇ ਜਦੋਂ ਉਹਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਅਤੇ ਉਹਨੇ ਵੀ ਸਮਾਜ ਦੇ ਡਰੋਂ ਚੁੱਪ ਰਹਿਣ ਦੀ ਹਦਾਇਤ ਹੀ ਦਿੱਤੀ ਹੁੰਦੀ ਹੈ।ਇਹ ਖਾਮੋਸ਼ੀ ਨੂੰ ਦੋ ਪੱਧਰ ‘ਤੇ ਬਿਆਨ ਕਰਦਾ ਹੈ।ਜੁਰਮ ਨੂੰ ਅੰਜਾਮ ਦੇਣ ਵਾਲਾ ਸਾਨੂੰ ਚੁੱਪ ਹੋਣ ਦਾ ਖੋਫ ਦਿੰਦਾ ਹੈ,ਜੁਰਮ ਨੂੰ ਸਹਿਣ ਵਾਲਾ ਚੁੱਪ ਦੀ ਤੜਪ ‘ਚ ਹੈ ਅਤੇ ਉਸੇ ਜੁਰਮ ਨੂੰ ਸ਼ਹਿ ਦੇਣ ਵਾਲਾ(ਸਮਾਜ ਦੇ ਡਰੋਂ) ਚੁੱਪ ਨੂੰ ਫਿਰ ਸਵੀਕਾਰਤਾ ਹੀ ਦੇ ਰਿਹਾ ਹੈ।ਇਸ ਕਥਾਨਕ ਤੋਂ ਇਮਤਿਆਜ਼ ਜੋ ਬਿਆਨ ਕਰ ਰਿਹਾ ਹੈ ਉਹ ਇਹ ਹੈ ਕਿ ਅਸੀ ਲੋਕ ਅਜਿਹੇ ਪ੍ਰਬੰਧ ‘ਚ ਹਾਂ ਜਿੱਥੇ ਅਸੀ ਅਸੀ ਨਹੀਂ।ਅਸੀ ਲੋਕ ਹਾਂ ਅਤੇ ਲੋਕ ਬਣਕੇ ਹੀ ‘ਮੈਂ’ ਦਾ ਹੋਣਾ ਸੋਚਦੇ ਹਾਂ।ਸਮਾਜ ਨੂੰ ਅਸੀ ਉਹ ਪੱਖ ਹੀ ਦਿਖਾਉਣਾ ਚਾਹੁੰਦੇ ਹਾਂ ਜਿਸ ਦੀ ਸਮਾਜ ਵਡਿਆਈ ਕਰੇ ਫਿਰ ਚਾਹੇ ਉਹ ਚੰਗਾ ਹੋਵੇ ਜਾਂ ਮਾੜਾ।ਲੈਟਸ ਬੀ ਸੈਨਸੀਬਲ ਦੇ ਮਖੌਟਿਆਂ ‘ਚ ਅਸੀ ਅਸੀ ਨਹੀਂ ਰਹੇ।ਸਭ ਕੁਝ ਨਕਲੀ ਜਿਹਾ ਹੀ ਚੱਲ ਰਿਹਾ ਹੈ।ਇਸੇ ਦਾ ਸ਼ਿਕਾਰ ਵੀਰਾ ਹੈ।ਇਸੇ ਸ਼ਿਕਾਰ ‘ਚ ਘਰ ਉਹਦੇ ਲਈ ਜੇਲ੍ਹ ਹੈ ਅਤੇ ਅਗਵਾ ਹੋਣਾ ਉਹਦੇ ਲਈ ਅਜ਼ਾਦੀ।ਫ਼ਿਲਮ ਦੀ ਕਹਾਣੀ ‘ਚ ਯੋਣ ਉਤਪੀੜਨ ਦਾ ਕਥਾਨਕ ਇੱਕ ਜ਼ਰੀਆ ਹੈ ਪਰ ਅਸੀ ਲੋਕ ਬਨਾਉਟੀ ਹੀ ਹਾਂ ਅਤੇ ਸਾਡੇ ਹਲਾਤ ਵੀ ਅਜਿਹੇ ਹਨ।ਇਹਦੀਆਂ ਜੜਾਂ ਬਹੁਤ ਪੁਰਾਣੀਆਂ ਬੈਠੀਆ ਹੋਈਆਂ ਹਨ।ਇਹ ਤੁਹਾਡੇ ‘ਤੇ ਹੈ ਕਿ ਸੋਚੋ ਇੱਕ ਮਾਂ ਆਪਣੀ ਧੀ ਦਾ ਦੁੱਖ ਜਾਨਣ ਦੇ ਬਾਵਜੂਦ ਉਹਨੂੰ ਚੁੱਪ ਰਹਿਣ ਦੀ ਹਦਾਇਤ ਕਿਉਂ ਜਾਰੀ ਕਰਦੀ ਹੈ।ਆਖਰ ਉਹਦੀ ਕੀ ਮਜਬੂਰੀ ਰਹੀ ਹੋਵੇਗੀ।

ਮਹਾਂਵੀਰ ਦਾ ਪਾਤਰ ਤੜਪ ਦਾ ਅਨੁਪ੍ਰਾਸ ਵੀ ਹੈ ਅਤੇ ਸਮਾਜ ਦੀ ਦੇਣ ਦਾ ਅੰਗਾਰ ਵੀ ਹੈ।ਉਹ ਬਚਪਨ ਤੋਂ ਹੀ ਆਪਣੀ ਮਾਂ ਨੂੰ ਨੀਲਾਮ ਹੁੰਦੇ ਵੇਖਦਾ ਆਇਆ ਹੈ।ਵੀਰਾ ਦੇ ਹਲਾਤ ਅਤੇ ਮਹਾਂਵੀਰ ਦੇ ਹਲਾਤਾਂ ‘ਚ ਮਰਦਪ੍ਰਧਾਨ ਵਰਤਾਰਾ ਹੈ।ਦੋਵੇਂ ਜਗ੍ਹਾ ਔਰਤ ਦਰਦ ‘ਚ ਹੈ ਅਤੇ ਉਸੇ ਦਰਦ ਦਾ ਵਿਆਜ਼ ਮਹਾਂਵੀਰ ਹੈ।ਉਹ ਆਪਣੇ ਹੋਣ ਦਾ ਕਾਰਨ ਜਾਣਦਾ ਹੈ ਅਤੇ ਆਪਣੇ ਅੰਜਾਮ ਨੂੰ ਵੀ ਜਾਣਦਾ ਹੈ।ਇੱਥੇ ਇਹ ਸਮਝਨਾ ਦਿਲਚਸਪ ਹੋਵੇਗਾ ਮਹਾਂਵੀਰ ਦੀ ਮਾਂ ਆਪਣਾ ਸ਼ਰੀਰ ਵੇਚਦੀ ਹੈ ਪਰ ਉਹਦੀ ਆਤਮਾ ‘ਚ ਪਿਆਰ ਆਪਣੇ ਮੁੰਡੇ ਲਈ ਅਥਾਹ ਹੈ ਅਤੇ ਮਹਾਂਵੀਰ ਹੱਥੋਂ ਅਗਵਾ ਹੋਈ ਵੀਰਾ ਇਹ ਜਾਣਦੇ ਹੋਏ ਵੀ ਕਿ ਉਹ ਅਗਵਾਕਾਰ ਹੈ ਉਸਦੇ ਬਾਵਜੂਦ ਉਹਦੀ ਤੜਪ ਨੂੰ ਸਮਝ ਰਹੀ ਹੈ ਅਤੇ ਉਹਨੂੰ ਆਪਣੀ ਮਾਂ ਦੇ ਨੇੜੇ ਕਰ ਰਹੀ ਹੈ ਜਿੱਥੋਂ ਮਹਾਂਵੀਰ ਦੂਰ ਅਜੀਬੋ ਗਰੀਬ ਕੋਝੇ ਰਾਹਵਾਂ ‘ਤੇ ਆ ਗਿਆ ਹੈ ਜਿੱਥੋਂ ਉਹ ਨਹੀਂ ਆਉਣਾ ਚਾਹੁੰਦਾ ਸੀ ਜਾਂ ਕਹਿ ਲਓ ਇਹ ਉਹਦਾ ਆਪਣਾ ਚੁਣਾਵ ਨਹੀਂ ਸੀ।ਨਾਰੀਤਵ ਦਾ ਰੂਪ ‘ਵੀਰਾਂ’ ਹੀ ਨਾਰੀਤਵ ਦੇ ਦੂਜੇ ਰੂਪ ਤੱਕ ਉਸ ਭਟਕੇ ਮਹਾਂਵੀਰ ਨੂੰ ਪਹੁੰਚਾਉਂਦੀ ਹੈ ਜਿੱਥੇ ਮਹਾਂਵੀਰ ਦਾ ਹੋਣਾ ਅਸਲ ਹੈ।ਇਹ ਜੁਗਨੀ ਹੈ।ਇਹ ਉਹ ਅਨਹਦ ਹੈ ਜੋ ਮੰਜ਼ਿਲ ਨਹੀਂ ਪਰ ਆਤਮਾ ਰੋਸ਼ਨ ਹੈ,ਬੰਦਾ ਖੁਦ ਨੂੰ ਜਾਣ ਰਿਹਾ ਹੈ।ਮਹਾਂਵੀਰ ਸ਼ੇਕਸਪੀਅਰ ਦੀ ਲੇਡੀ ਮੇਕਬੇਥ ਵਾਂਗੂ ਨਹੀਂ ਜਾਂ ਕਹਿ ਲਓ ਕਿ ਕਿਸੇ ਕੰਪਲਸਿਵ ਡਿਸਆਰਡਰ ‘ਚ ਨਹੀਂ ਜਿੱਥੇ ਉਹ ਅਪਰਾਧ ਕਰਕੇ ਬਾਰ ਬਾਰ ਇਸ ਭੁਲੇਖੇ ‘ਚ ਹੈ ਕਿ ਉਹ ਗਲਤ ਕਰ ਗਿਆ ਹੈ ਅਤੇ ਸਬੂਤ ਮਿਟਾਉਂਦਾ ਫਿਰੇ।ਸਗੋਂ ਮਹਾਂਵੀਰ ਅੰਮ੍ਰਿਤਾ ਪ੍ਰੀਤਮ ਦੇ ਪਿੰਜਰ ਦੇ ਰਸ਼ੀਦ ਵਰਗਾ ਹੈ ਜੋ ਅਪਰਾਧ ਕਰ ਬੈਠਾ ਹੈ ਪਰ ਉਸਨੂੰ ਸੁਧਾਰਦਾ ਹੋਇਆ ਕੁਝ ਪਾ ਰਿਹਾ ਹੈ ਜੋ ਉਹਨੂੰ ਹੋਣ ਦੇ ਅਸਲ ਤੱਕ ਲੈ ਜਾਵੇਗਾ।


ਇਹਨੂੰ ਸਮਝਨਾ ਜ਼ਰੂਰੀ ਹੈ ਜਿਸ ਕਥਾਨਕ ਚੋਂ ਮਹਾਂਵੀਰ ਪੈਦਾ ਹੁੰਦਾ ਹੈ।ਇੱਕ ਫ਼ਿਲਮ ਆਈ ਸੀ ਕੁਝ ਸਾਲ ਪਹਿਲਾਂ ‘ਪੈਰੋਂ ਤਲੇ’ ਨਾਮ ਦੀ ਜੋ ਕਿ ਸਿਧਾਰਥ ਸ਼੍ਰੀ ਨਿਵਾਸਨ ਦੀ ਫ਼ਿਲਮ ਸੀ।ਇਸ ਫ਼ਿਲਮ ਨੂੰ ਪੀ.ਵੀ.ਆਰ ਡਾਇਰੈਕਟਰ ਰੇਅਰ ਤਹਿਤ ਰਲੀਜ਼ ਕੀਤਾ ਗਿਆ ਸੀ।ਇਹ ਕਹਾਣੀ ਦਿੱਲੀ ਦੇ ਕਥਾਨਕ ‘ਚ ਸ਼ਹਿਰਾਂ ਦੇ ਹੁੰਦੇ ਵਿਕਾਸ ਤੋਂ ਅੱਗੇ ਹੈ।ਸ਼ਹਿਰ ਪਿੰਡਾਂ ਦੀ ਹੱਦ ਨੂੰ ਦੈਂਤ ਵਾਂਗੂ ਫੈਲਦੇ ਆ ਗਏ ਹਨ।ਕੱਟੇ ਜਾ ਰਹੇ ਪਲਾਟ ਅਤੇ ਉਹਨਾਂ ਦੀ ਰਾਖੀ ਲਈ ਮਜਦੂਰਾਂ ਦੀ ਇੱਕ ਵਿਥਿਆ ਹੈ ਅਤੇ ਉਹਨਾਂ ਪਲਾਟਾਂ ਦੇ ਮਾਲਕਾਂ ਦਾ ਮਜਦੂਰਾਂ ਉੱਪਰ ਹਵਸੀ ਰੂਪ ਅਤੇ ਮੈਕਡੋਨਾਲਡੀ ਬਰਗਰ ਜ਼ਿੰਦਗੀ ਵਾਲਿਆਂ ਦਾ ਉਹਨਾਂ ਪ੍ਰਤੀ ਜਜ਼ਬਾਤੋਂ ਕੋਰਾ ਵਰਤਾਰਾ ਦੂਜਾ ਪੱਖ ਹੈ।ਸ਼ਹਿਰੀ ਅਮੀਰੀ ਦਾ ਹਵਸੀ ਖੁਰਾਕ ਤੱਕ ਉਹਨਾਂ ਤੱਕ ਪਹੁੰਚ ਕਰਨਾ ਅਤੇ ਉਹਨਾਂ ਮਜਦੂਰਾਂ ਦਾ ਇਸ ਸ਼ਹਿਰੀਕਰਨ ‘ਚ ਗਰੀਬੀ ਦੇ ਉੱਪਰ ਹੋਰ ਗਰੀਬੀ ਦਾ ਵੱਧਕੇ ਆ ਜਾਣਾ ਅਤੇ ਮਜਬੂਰਨ ਆਪਣਾ ਆਪ ਸੌਂਪ ਦੇਣਾ ਅਤੇ ਉਸ ਚੋਂ ਗਰੀਬ ਬੰਦਿਆ ਦੀ ਨਫਰਤ ਅਤੇ ਅੰਗਾਰ ਚੋਂ ਉਪਜਦਾ ਜੁਰਮ 21ਵੀਂ ਸਦੀ ਦੀ ਤਸਵੀਰ ਹੈ।ਮੈਂ ਜਦੋਂ ਵੇਖਦਾ ਹਾਂ ਫਿਲਮ ਨੂੰ ਤਾਂ ਮੈਂ ‘ਪੈਰੋਂ ਤਲੇ’ ਦੇ ਅੰਤ ਚੋਂ ਮਹਾਂਵੀਰ ਵਰਗੇ ਕਿਰਦਾਰਾਂ ਦਾ ਜਨਮ ਵੇਖਦਾ ਹਾਂ।

ਇਮਤਿਆਜ਼ ਵੀਰਾਂ ਦੇ ਸੁਫਨਿਆਂ ਦਾ ਘਰ ਕਸ਼ਮੀਰ ‘ਚ ਵਿਖਾਉਂਦਾ ਹੈ ਅਤੇ ਉਸ ਚੁੱਪ ਨੂੰ ਤੋੜਦੀ ਪਾਤਰ ‘ਅਸੀ’ ਸਮਾਜ ਤੋਂ ‘ਮੈਂ’ ਦੇ ਹੋਣ ਨੂੰ ਪਾਉਂਦੀ ਹੈ ਅਤੇ ਆਪਣੀ ਤਰ੍ਹਾਂ ਦੀ ਦੁਨੀਆਂ ਦਾ ਨਿਰਮਾਣ ਕਰਦੀ ਹੈ।

ਇਹ ਕੁਝ ਅਜਿਹੀ ਅਵਸਥਾ ਹੈ ਕਿ ‘ਬੋਲ ਕਿ ਲਬ ਅਜ਼ਾਦ ਹੈ ਤੇਰੇ’।ਇਸ ਸਭ ਦਾ ਅਹਿਸਾਸ ਕਰਦੇ ਵੀਰਾਂ ਅਤੇ ਮਹਾਂਵੀਰ ਦੋਵੇਂ ਆਪਣੇ ਆਪ ਨੂੰ ਪਾ ਜਾਂਦੇ ਹਨ।ਇਹ ਵੀ ਦਿਲਚਸਪ ਹੈ ਕਿ ਅਜਿਹਾ ਉਹਨਾਂ ਲਈ ਸੰਭਵ ਬਣਾਉਂਦਾ ਹੈ ਲਦਾਖ,ਕਸ਼ਮੀਰ,ਹਿਮਾਚਲ।ਜਿਸਨੂੰ ਮੈਂ ਇੰਝ ਵੇਖਦਾ ਹਾਂ ਕਿ ਇਹ ਵੀ ਭਾਰਤ ਦੇ ਅਣਗੋਲੇ ਹਨ।ਵੀਰਾਂ ਅਤੇ ਮਹਾਂਵੀਰ ਦਾ ਅੰਤਲਾ ਕਥਾਨਕ ਸੂਫੀਆਂ ਦੇ ਗ੍ਰਹਿ ਲਾਉਣ ਵਰਗਾ ਹੈ ਜਿੱਥੇ ਉਹ ਇੱਕ ਦੂਜੇ ਦੇ ਪੂਰਕ ਬਣਦੇ ਹਨ।ਜਿੱਥੇ ਮਹਾਂਵੀਰ ਨੂੰ ਸਮਝ ਆ ਗਈ ਹੈ ਕਿ ਗੋਲੀ ਨਾਲ ਇੱਕ ਬੰਦਾ ਨਹੀਂ ਮਰਦਾ ਸਗੋਂ ਦੋ ਮਰਦੇ ਹਨ।ਇੱਕ ਗੋਲੀ ਖਾਣ ਵਾਲਾ ਅਤੇ ਦੂਜਾ ਗੋਲੀ ਮਾਰਨ ਵਾਲਾ।ਜਿੱਥੇ ਮਹਾਂਵੀਰ ਨੂੰ ਮਹਿਸੂਸ ਹੁੰਦਾ ਹੈ ਕਿ ਉਸਦੀ ਮਾਂ ਨੂੰ ਵੇਚਣ ਵਾਲਾ ਉਹਦਾ ਪਿਓ ਅਤੇ ਵੀਰਾਂ ਨੂੰ ਅਗਵਾ ਕਰਨ ਵਾਲਾ ਉਹ ਆਪ ਆਪਣੇ ਪਿਓ ਵਰਗਾ ਹੀ ਬਣ ਗਿਆ।ਅਪਰਾਧਬੋਧ ਚੋਂ ਨਿਕਲਦਾ ਮਹਾਂਵੀਰ ਵੀਰਾਂ ਦੀ ਗੋਦ ‘ਚ ਜਾਕੇ ਮਮਤਾ ਦੀ ਸਾਂਝ ਨੂੰ ਪਾਉਂਦਾ ਹੈ।

ਇੱਥੇ ਵੀਰਾਂ ਹੈ,ਵੀਰਾਂ ਜੁਗਨੀ ਹੈ,ਜੁਗਨੀ ਅਜ਼ਾਦ ਖਿਆਲ ਮਹਾਂਵੀਰ ਅਤੇ ਵੀਰਾਂ ਹੈ।ਦੋਵਾਂ ਦੀ ਅਵਸਥਾ ਅਨਹਦ ਹੈ ਰਣਦੀਪ,ਆਲੀਆ,ਇਮਤਿਆਜ਼,ਰਹਿਮਾਨ ਅਤੇ ਇਰਸ਼ਾਦ ਕਾਮਿਲ ਲਈ,ਚੰਗੀਆਂ ਫ਼ਿਲਮਾਂ ਦੇ ਕਦਰਦਾਨੋ ਇਸ ਫ਼ਿਲਮ ਨੂੰ ਤੁਸੀ ਆਪਣੇ ਖਾਸ ਸੰਗ੍ਰਹਿ ਦਾ ਹਿੱਸਾ ਬਣਾ ਸਕਦੇ ਹੋ।

ਹਰਪ੍ਰੀਤ ਸਿੰਘ ਕਾਹਲੋਂ 

ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ।

No comments:

Post a Comment