ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, June 25, 2014

ਪੰਜਾਬ 1984 ਅਤੇ ਫ਼ਿਲਮ

ਫ਼ਿਲਮ ਦਾ ਸਿਆਸਤ ਨਾਲ ਗਹਿਰਾ ਨਾਤਾ ਹੈ। ਹਰ ਫ਼ਿਲਮ ਦੀ ਇਕ ਸਿਆਸਤ ਹੁੰਦੀ ਹੈ, ਕਿਤੇ ਇਹ ਨਜ਼ਰ ਆ ਜਾਂਦੀ ਹੈ ਅਤੇ ਕਿਤੇ ਨਹੀਂ। ਫ਼ਿਲਮ ਜਿਸ ਕਿਸਮ ਦੀ ਸਿਆਸਤ ਕਰਦੀ ਹੈ, ਉਹ ਉਗਰ ਤਾਂ ਨਹੀਂ ਹੁੰਦੀ ਪਰ ਚਿਰ-ਸਥਾਈ ਜ਼ਰੂਰ ਹੁੰਦੀ ਹੈ। ਫ਼ਿਲਮ ਦੀ ਆਰਥਿਕਤਾ ਇਸ ਦੇ ਬੁਨਿਆਦੀ ਢਾਂਚੇ, ਇਸ ਦੀਆਂ ਨੀਹਾਂ ਨੂੰ ਨਿਰਧਾਰਿਤ ਕਰਦੀ ਇਸ ਦੇ ਸੰਭਾਵੀ ਤਾਣ ਦਾ ਨਿਰਧਾਰਨ ਕਰਦੀ ਹੈ; ਫ਼ਿਲਮ ਦੀ ਸੰਰਚਨਾ ਅਤੇ ਸੰਸਾਰ ਨਾਲ ਇਸ ਦੇ ਸਬੰਧ ਵੀ ਇਸ ਸਿਆਸਤ ਦੇ ਅਨੁਸਾਰੀ ਹੁੰਦੇ ਹਨ। ਫ਼ਿਲਮ ਬਣਾਉਣ ਹਿੱਤ ਵਸਤੂ ਸਮੱਗਰੀ ਦੀ ਚੋਣ, ਇਸ ਦਾ ਫ਼ਿਲਮਾਂਕਣ, ਫ਼ਿਲਮਾਂਕਣ ਦੀ ਵਿਧੀ, ਇਹ ਤਮਾਮ ਚੀਜ਼ਾਂ ਸਿਆਸਤ ਵਿੱਚੋਂ ਗੁਜ਼ਰ ਕੇ ਨੇਪਰੇ ਚੜ੍ਹਦੀਆਂ ਹਨ। ਇਹ ਸਿਆਸਤ ਸਭ ਤੋਂ ਪਹਿਲਾਂ ਗਾਲਿਬ ਵਿਚਾਰਧਾਰਾ ਦੀ ਹੁੰਦੀ ਹੈ ਤੇ ਫ਼ਿਰ ਗਾਲਿਬ ਵਿਚਾਰਧਾਰਾ ਦੇ ਅਧੀਨ ਵਿਚਰਦੇ ਹੋਰ ਬਸ਼ਿੰਦਿਆਂ ਦੀ। ਫ਼ਿਲਮ ਵਿਚ ਜੋ ਗਾਲਿਬ ਵਿਚਾਰਧਾਰਾ ਦੇ ਵਿਪਰੀਤ ਵਾਪਰਦਾ ਦਿਸਦਾ ਹੈ, ਉਸ ਦੀ ਸਪੇਸ ਵੀ ਗਾਲਿਬ ਵਿਚਾਰਧਾਰਾ ਅਨੁਸਾਰ ਹੀ ਹੁੰਦੀ ਹੈ। ਪ੍ਰਤਿਰੋਧ ਸੱਤਾ ਦੇ ਕਾਰਨ ਹੀ ਹੁੰਦੇ ਹਨ, ਸੱਤਾ ਤੋਂ ਬਾਹਰ ਕਿਸੇ ਪ੍ਰਤਿਰੋਧ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਪ੍ਰਤਿਰੋਧਾਂ ਨੇ ਹੀ ਮੋੜਵੇਂ ਰੂਪ ਵਿਚ ਸੱਤਾ 'ਤੇ ਕਾਬਜ਼ ਹੋ ਕੇ ਗਾਲਿਬ ਵਿਚਾਰਧਾਰਾ ਨੂੰ ਨਵੇਂ ਅਤੇ ਵੱਖਰੇ ਦਿਸਦੇ ਰੂਪ ਰਾਹੀਂ ਹੋਰ ਪੱਕਿਆਂ ਕਰਨਾ ਹੁੰਦਾ ਹੈ। ਗਾਲਿਬ ਵਿਚਾਰਧਾਰਾ ਦੀ ਇਹ ਐਸੀ ਖੇਡ ਹੈ, ਜਿਸ ਨੂੰ ਉਹ ਵਿਭਿੰਨ ਰੂਪਾਂ ਰਾਹੀਂ ਆਪਣੇ ਆਪ ਨਾਲ ਖੇਡਦੀ ਹੈ। 

ਫ਼ਿਲਮ ਅਤੇ ਸਿਆਸਤ ਦਾ ਇਹ ਪ੍ਰਸੰਗ 1984 ਦੇ ਪੰਜਾਬ ਸੰਦਰਭ ਵਿਚ ਬਣੀਆਂ ਫ਼ਿਲਮਾਂ ਦੇ ਹਵਾਲੇ ਤਿੱਖੀ ਬਹਿਸ ਦਾ ਕੇਂਦਰ ਬਣਿਆ ਹੋਇਆ ਹੈ। ਪਿਛਲੇ ਵਰ੍ਹੇ ਪ੍ਰਦਰਸ਼ਿਤ ਹੋਈ ਫ਼ਿਲਮ 'ਸਾਡਾ ਹੱਕ' ਨੇ ਇਸ ਦੌਰ ਸਬੰਧੀ ਬਹਿਸ ਵਿਚ ਨਵੀਂ ਜਾਨ ਫੂਕ ਦਿੱਤੀ ਹੈ। ਸੰਨ 1984 ਸਮਕਾਲੀ ਪੰਜਾਬੀ ਸਮਾਜ ਦੇ ਅਮਲਾਂ/ਚੇਤਿਆਂ ਦਾ ਅਹਿਮ ਹਿੱਸਾ ਹੈ। ਪੰਜਾਬੀ ਸਮਾਜ ਜਿਸ ਤਰ੍ਹਾਂ ਦਾ ਅੱਜ ਹੈ ਅਤੇ ਇਹ ਜਿਸ ਤਰ੍ਹਾਂ ਦਾ ਕੱਲ੍ਹ ਹੋਵੇਗਾ, ਇਸ ਵਿਚ 1984 ਦੀਆਂ ਚੇਤ/ਅਚੇਤ ਸਿਮਰਤੀਆਂ ਗਹਿਰਾ ਅਸਰ ਰੱਖਣਗੀਆਂ। ਚੁਰਾਸੀ ਵਿਚ ਇੰਡੀਅਨ ਸਟੇਟ ਦੁਆਰਾ ਅਕਾਲ ਤਖ਼ਤ ਨੂੰ ਢਾਹੁਣਾ ਅਤੇ ਚੁਰਾਸੀ ਵਿਚ ਹੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਭਾਰਤ ਦੇ ਹੋਰ ਸੂਬਿਆਂ ਵਿਚ ਸਿੱਖਾਂ ਦਾ ਕਤਲੇਆਮ; ਦੋ ਅਜਿਹੇ ਵੱਡੇ ਸਦਮੇ ਹਨ ਜਿਹੜੇ ਸਮਕਾਲੀ ਪੰਜਾਬੀ ਬੰਦੇ ਨੂੰ ਉਸ ਕਾਲੇ ਦੌਰ ਤੋਂ ਪਾਰ ਨਹੀਂ ਜਾਣ ਦਿੰਦੇ। ਉੱਤਰ ਸੰਕਟ ਦੌਰ ਵਿਚ ਕਿਸੇ ਵੀ ਕਿਸਮ ਦੇ ਨਿਆਂ ਦੀ ਅਣਹੋਂਦ ਨੇ ਇਸ ਦੇ ਪ੍ਰਭਾਵ ਨੂੰ ਹੋਰ ਗਹਿਰਾ ਕੀਤਾ ਹੈ। ਪੁਲਿਸ ਅਤੇ ਮਿਲੀਟੈਂਟਾਂ/ਟੈਰੋਰਿਸਟਾਂ ਦੀ ਆਪਸੀ ਲੜਾਈ ਨੇ ਇਕ ਦੂਜੇ ਦਾ ਹੀ ਅਮਾਨਵੀ ਘਾਣ ਨਹੀਂ ਕੀਤਾ ਸਗੋਂ ਇਸ ਵਿਚ ਸਾਧਾਰਨ ਪੰਜਾਬੀ ਮੁੰਡੇ ਅਤੇ ਉਨ੍ਹਾਂ ਦੇ ਪਰਿਵਾਰ ਵੀ ਵੱਡੇ ਪੱਧਰ ਤੇ ਜ਼ੁਲਮ/ਅਨਿਆਂ ਦਾ ਸ਼ਿਕਾਰ ਹੋਏ। ਤਕਰੀਬਨ ਡੇਢ ਦਹਾਕਾ ਪੰਜਾਬ ਅਜਿਹੇ ਕਾਲੇ ਦੌਰ ਦਾ ਸ਼ਿਕਾਰ ਸੀ ਜਿਸ ਨੂੰ ਜੇ ਇਕ ਪਾਸੇ ਸਿੱਖ ਮਿਲੀਟੈਂਟਾਂ ਦੇ ਭਾਰਤੀ ਸਟੇਟ ਦੇ ਖਿਲਾਫ਼ ਸੰਘਰਸ਼ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ, ਉੱਥੇ ਇਸ ਨੂੰ ਵੱਡੇ ਪੱਧਰ 'ਤੇ ਮਾਨਵੀ ਉਲੰਘਣਾਵਾਂ ਵਾਲੇ ਦੌਰ ਦੇ ਰੂਪ ਵਿਚ ਵੀ ਪ੍ਰਵਾਨਿਆ ਜਾਵੇਗਾ। 

1984 ਦਾ ਪੰਜਾਬ ਪ੍ਰਸੰਗ ਕੁਝ ਇਸ ਤਰ੍ਹਾਂ ਦੀ ਜਟਿਲ ਹੋਂਦ ਰੱਖਦਾ ਹੈ ਕਿ ਇਸ ਬਾਬਤ ਬੋਲਣਾ ਜਾਂ ਖਾਮੋਸ਼ ਰਹਿਣਾ ਦੋਵੇਂ ਹੀ ਚੀਜ਼ਾਂ ਖ਼ਤਰਨਾਕ ਹਨ। ਬੇਸ਼ੱਕ ਚੋਣ ਬੋਲਣ ਦੀ ਹੀ ਹੋਣੀ ਚਾਹੀਦੀ ਹੈ; ਇਸ ਤੱਥ ਦੇ ਬਾਵਜੂਦ ਕਿ ਬੋਲਣਾ ਕਿਸੇ ਇਕ ਜਾਂ ਦੂਜੀ ਧਿਰ ਦਾ ਪੱਖ ਲਵੇਗਾ, ਬੋਲਣਾ ਲਾਜ਼ਮੀ ਹੈ। ਇਕ ਚਿੰਤਕ ਓਲਇ ਾਂਇਸeਲ ਦਾ ਪ੍ਰਸਿੱਧ ਕਥਨ ਹੈ, “We must always take sides. Neutrality helps the oppressor, never the victom. Silence encourages the tormentor, never be tormented. To remain silent and indifferent is the greatest sin of all …” 1984 ਦੇ ਪੰਜਾਬ ਪ੍ਰਸੰਗ ਬਾਬਤ ਬੋਲਣਾ ਤਾਂ ਹੋਰ ਵੀ ਲਾਜ਼ਮੀ ਹੈ ਕਿਉਂਕਿ ਇਸ ਬਾਬਤ ਕੁਝ ਹੋਰ ਸਾਜਿਸ਼ੀ/ਲੋਕ-ਵਿਰੋਧੀ ਧਿਰਾਂ, ਬਹੁਤ ਬੋਲਦੀਆਂ ਹਨ। ਇਸ ਮਸਲੇ ਨੂੰ ਗਿਆਨਕਾਰੀ ਦੀ ਪ੍ਰਕਿਰਿਆ ਵਿਚ ਪਾਉਣਾ ਲਾਜ਼ਮੀ ਹੈ। ਨਿਰੋਲ ਖ਼ਾਮੋਸ਼ੀ ਜਾਂ ਭਾਵੁਕਤਾ ਭੂਤ/ਸਦਮਿਆਂ ਨਾਲ ਸਿੱਝਣ ਦੀਆਂ ਕਮਜ਼ੋਰ ਜੁਗਤਾਂ ਹਨ, ਇਨ੍ਹਾਂ ਨੇ ਗਿਆਨਕਾਰੀ ਵਿੱਚੋਂ ਗੁਜ਼ਰ ਕੇ ਹੀ ਸਾਰਥਕ ਹੋਂਦ ਗ੍ਰਹਿਣ ਕਰਨੀ ਹੁੰਦੀ ਹੈ। ਗਿਆਨਕਾਰੀ ਰਾਹੀਂ ਸੇਧਿਤ/ਊਰਜਿਤ ਬੋਲ ਸੈਅ ਸੰਕਟਾਂ ਦੇ ਬਾਵਜੂਦ ਮਾਨਵੀ ਅਸਤਿਤਵ ਦੇ ਮਰਜ਼ਾਂ ਦੀ ਇੱਕੋ ਇੱਕ ਦਵਾ ਹੈ। 
  
ਇਸ ਪਰਿਪੇਖ ਵਿਚ ਪੰਜਾਬ ਸੰਕਟ ਨਾਲ ਸਬੰਧਿਤ ਚਾਰ ਫ਼ਿਲਮਾਂ 'ਮਾਚਿਸ', 'ਹਵਾਏਂ', 'ਦੇਸ ਹੋਇਆ ਪ੍ਰਦੇਸ', ਅਤੇ 'ਸਾਡਾ ਹੱਕ' ਨੂੰ ਵਿਸ਼ਲੇਸ਼ਿਤ ਕਰਨਾ ਆਪਣੀ ਸਾਰਥਕਤਾ ਗ੍ਰਹਿਣ ਕਰਦਾ ਹੈ। ਇਨ੍ਹਾਂ ਫ਼ਿਲਮਾਂ ਦਾ ਇਕ ਨਾਤਾ ਪੰਜਾਬ ਸੰਕਟ ਦੀ ਇਤਿਹਾਸਕ ਪੇਸ਼ਕਾਰੀ ਨਾਲ ਜੁੜਿਆ ਹੋਇਆ ਹੈ ਅਤੇ ਦੂਸਰਾ ਪਾਸਾ ਫ਼ਿਲਮ ਦੇ ਮਨੋਰੰਜਨੀ ਅਤੇ ਵਪਾਰਕ ਖਾਸੇ ਨਾਲ। ਇਹ ਫ਼ਿਲਮਾਂ ਆਪੋ ਆਪਣੇ ਤਰੀਕੇ ਅਤੇ ਆਪੋ ਆਪਣੇ ਸੰਦਰਭ ਵਿਚ ਯਥਾਰਥ ਅਤੇ ਵਪਾਰ ਵਿਚ ਸਮਤੋਲ ਬਠਾਉਂਦੀਆਂ ਹਨ। ਏਥੇ ਸੰਦਰਭ ਵਿਸ਼ੇਸ਼ ਤੋਂ ਭਾਵ ਉਸ ਸਮੇਂ ਵਿਸ਼ੇਸ਼ ਤੋਂ ਵੀ ਹੈ, ਜਿਸ ਵਿਚ ਇਨ੍ਹਾਂ ਦਾ ਨਿਰਮਾਣ ਹੋਇਆ ਅਤੇ ਉਸ ਚੁਗਿਰਦੇ ਵਿਸ਼ੇਸ਼ ਤੋਂ ਵੀ ਹੈ ਜਿਸ ਵਿਚ ਫ਼ਿਲਮ ਦੀ ਇਕ ਪ੍ਰਭਾਵੀ ਬਣਤਰ ਅਤੇ ਉਸ ਬਣਤਰ ਦਾ ਅਨੁਸਾਰੀ ਦਰਸ਼ਕ ਪਹਿਲਾਂ ਹੀ ਮੌਜੂਦ ਹੈ। ਇਹ ਫ਼ਿਲਮਾਂ ਹਿੰਦੀ ਫ਼ਿਲਮਾਂ ਦੀ ਪ੍ਰਭਾਵੀ ਬਣਤਰ ਦੇ ਅਧੀਨ ਕਾਰਜਸ਼ੀਲ ਹੁੰਦੀਆਂ ਹਨ ਅਤੇ ਉਸ ਦੀਆਂ ਵਿਭਿੰਨ ਪ੍ਰਭਾਵੀ ਰੂੜੀਆਂ ਨੂੰ ਅਪਣਾ ਕੇ ਪੰਜਾਬ ਸੰਕਟ ਦੀ ਤ੍ਰਾਸਦੀ ਦੀ ਕਥਾ ਕਹਿੰਦੀਆਂ ਹਨ। ਇਨ੍ਹਾਂ ਫ਼ਿਲਮਾਂ ਦੇ ਸੰਦਰਭ ਦਾ ਇਕ ਹੋਰ ਪੱਖ ਭਾਰਤ/ਪੰਜਾਬ ਦੀਆਂ ਪ੍ਰਭਾਵੀ ਅਤੇ ਬਹੁ-ਗਿਣਤੀ ਵਿਚਾਰਧਾਰਕ ਬਣਤਰਾਂ ਵਿਚ ਪੰਜਾਬ ਸੰਕਟ, ਇਸ ਦੇ ਕਾਰਨਾਂ, ਵਾਪਰੇ ਘਟਨਾਕ੍ਰਮ ਅਤੇ ਪ੍ਰਾਪਤ ਨਤੀਜਿਆਂ ਬਾਬਤ ਪਹਿਲਾਂ ਹੀ ਬਣ ਚੁੱਕੀ ਇਕ ਰਾਏ ਵੀ ਹੈ। ਇਸ ਸੰਦਰਭ ਨਾਲ ਤਾਲ-ਮੇਲ ਸਥਾਪਿਤ ਕਰਨਾ ਅਤੇ ਇਸ ਵਿਚ ਪ੍ਰਵਾਨ ਚੜ੍ਹਨਾ ਵੀ ਇਨ੍ਹਾਂ ਫ਼ਿਲਮਾਂ ਲਈ ਇਕ ਚੁਣੌਤੀ ਭਰਿਆ ਮਰਹਲਾ ਰਿਹਾ ਹੈ। 

ਇਸ ਪਰਿਥਾਇ ਸਭ ਤੋਂ ਪਹਿਲਾਂ 'ਮਾਚਿਸ' ਫ਼ਿਲਮ ਦਾ ਅਧਿਐਨ ਕਰਦੇ ਹਾਂ। 'ਮਾਚਿਸ' ਹਿੰਦੀ ਸਿਨੇਮਾ ਦੇ ਸੰਵੇਦਨਸ਼ੀਲ ਫ਼ਿਲਮਕਾਰ ਗੁਲਜ਼ਾਰ ਦੁਆਰਾ ਲਿਖੀ ਅਤੇ ਡਾਇਰੈਕਟ ਕੀਤੀ ਗਈ ਹੈ। ਗੁਲਜ਼ਾਰ ਦਾ ਨਾਂ ਇਸ ਫ਼ਿਲਮ ਨੂੰ ਸਤਿਕਾਰ ਭਰੀ ਨਜ਼ਰ ਨਾਲ ਦੇਖਣ ਦੇ ਦਿਸ਼ਾ-ਨਿਰਦੇਸ਼ ਦਿੰਦਾ ਹੈ। ਇਹ ਫ਼ਿਲਮ ਸੰਨ 1996 ਵਿਚ ਵੱਡੇ ਪਰਦੇ 'ਤੇ ਅਤੇ 2006 ਵਿਚ ਲੱਗਭਗ ਦਸ ਸਾਲਾਂ ਦੇ ਵਕਫ਼ੇ ਤੋਂ ਬਾਅਦ ਇਹ ਡੀ.ਵੀ.ਡੀ. ਦੇ ਰੂਪ ਵਿਚ ਰਿਲੀਜ਼ ਹੁੰਦੀ ਹੈ। ਪਿਛਲੇ ਕੁਝ ਸਮੇਂ ਤੋਂ ਇਸ ਫ਼ਿਲਮ ਦਾ ਸੰਪੂਰਨ ਪਾਠ ਯੂਟਿਊਬ ਤੇ ਉਪਲਬਧ ਹੈ। ਯੂਟਿਊਬ 'ਤੇ ਉਪਲਬਧ ਡੈਟੇ ਅਨੁਸਾਰ ਇਸ ਦੀ ਹੁਣ ਤੱਕ 3,72,558 ਲੋਕ ਯਾਤਰਾ ਕਰ ਚੁੱਕੇ ਹਨ। ਇਸ ਡੈਟੇ ਤੋਂ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਹਾਲੇ ਵੀ ਲੋਕਾਂ ਦੀ ਪਸੰਦ ਬਣੀ ਹੋਈ ਹੈ। ਇਸ ਫ਼ਿਲਮ ਨੂੰ ਤਕਰੀਬਨ ਦੋ ਸਾਲ ਪਹਿਲਾਂ ਯੂਟਿਊਬ 'ਤੇ ਪਾਇਆ ਗਿਆ ਸੀ। ਇਸ ਫ਼ਿਲਮ ਦੀ ਇਕ ਹੋਰ ਜ਼ਿਕਰਯੋਗ ਖ਼ਾਸੀਅਤ ਇਹ ਹੈ ਕਿ ਇਹ ਫ਼ਿਲਮ ਜਿਸ ਸਮੇਂ ਵਿਚ ਬਣਦੀ ਅਤੇ ਪ੍ਰਦਰਸ਼ਿਤ ਹੁੰਦੀ ਹੈ, ਉਹ ਸਮਾਂ ਪੰਜਾਬ ਦੇ ਔਖੇ, ਹਿੰਸਾ ਭਰੇ ਸਮੇਂ ਦੇ ਬਹੁਤ ਨਜ਼ਦੀਕ ਸੀ। ਅੰਦਾਜ਼ਨ ਸੰਨ 1993-94 ਵਿਚ ਪੰਜਾਬ ਵਿਚ ਹਿੰਸਾ ਦਾ ਦੌਰ ਖ਼ਤਮ ਹੁੰਦਾ ਹੈ ਤੇ ਤਕਰੀਬਨ ਇਸੇ ਸਮੇਂ ਇਸ ਫ਼ਿਲਮ ਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਸੰਕਟ ਸਮੇਂ ਦੇ ਏਨਾ ਨੇੜੇ ਹੋਣਾ, ਕਿਹਾ ਜਾਂਦਾ ਹੈ ਕਿ ਨਿਰਪੱਖ ਪੇਸ਼ਕਾਰੀ ਵਿਚ ਅੜਚਣ ਬਣਦਾ ਹੈ। ਇਸ ਗੱਲ ਵਿਚ ਕਿੰਨਾ ਕੁ ਦਮ ਹੈ, ਇਹ ਤਾਂ ਬਹਿਸ ਦਾ ਮੁੱਦਾ ਹੈ, ਪਰ ਇਸ ਮਾਮਲੇ ਵਿਚ ਇਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਸੰਕਟ ਸਮੇਂ ਨਾਲ ਨੇੜਤਾ ਇਸ ਦੀ ਪੇਸ਼ਕਾਰੀ ਨੂੰ ਹੋਰ ਵੀ ਵਧੇਰੇ ਪ੍ਰਮਾਣਿਕ ਬਣਾ ਦੇਣ ਦੀ ਸ਼ਕਤੀ ਦੀ ਮਾਲਕ ਹੁੰਦੀ ਹੈ। ਸਮਾਂ ਬੀਤ ਜਾਣ ਤੋਂ ਬਾਅਦ ਘਟਨਾਵਾਂ ਨੂੰ ਤਾਂ ਇਤਿਹਾਸ ਫ਼ੜ ਲੈਂਦਾ ਹੈ, ਪਰ ਉਸ ਸਮੇਂ ਦੇ ਭਾਵੁਕ ਸੰਸਾਰ ਨੂੰ ਆਪਣੇ ਕਲਾਵੇ ਵਿਚ ਲੈ ਸਕਣਾ ਇਤਿਹਾਸ ਲਈ ਸੰਭਵ ਨਹੀਂ ਹੁੰਦਾ। ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ ਤਿਉਂ-ਤਿਉਂ ਸਮਕਾਲ ਬੀਤੇ ਸਮੇਂ ਨੂੰ ਆਪਣੀ ਦਖ਼ਲ-ਅੰਦਾਜ਼ੀ ਨਾਲ ਰੂਪਾਂਤਰਿਤ ਕਰਦਾ ਰਹਿੰਦਾ ਹੈ। ਲਿਹਾਜ਼ਾ ਸੰਕਟ ਸਮੇਂ ਦੇ ਨੇੜੇ ਹੋਣ ਕਾਰਨ ਇਸ ਫ਼ਿਲਮ ਤੋਂ ਇਹ ਆਸ ਬਣ ਜਾਂਦੀ ਹੈ ਕਿ ਇਸ ਨੇ ਉਸ ਸਮੇਂ ਵਿਸ਼ੇਸ਼ ਦੇ ਯਥਾਰਥ ਨੂੰ ਵਧੇਰੇ ਪ੍ਰਮਾਣਿਕਤਾ ਨਾਲ ਪੇਸ਼ ਕੀਤਾ ਹੋਵੇਗਾ। ਇਹ ਯਥਾਰਥ ਮਿਲੀਟੈਂਟਾਂ ਦੇ ਨੁਕਤੇ ਤੋਂ ਹੈ ਕਿ ਸਟੇਟ ਦੇ ਨੁਕਤੇ, ਇਸ ਨੂੰ ਸਮਝਣਾ ਅਗਲੀ ਬਾਤ ਹੈ। ਫ਼ਿਲਮ 'ਮਾਚਿਸ' ਆਰਟ ਫ਼ਿਲਮ ਅਤੇ ਮੁਖ-ਧਾਰਾ ਦੀ ਫ਼ਿਲਮ ਦੇ ਵਿਚ-ਵਿਚਕਾਰ ਦੇ ਥਾਂ ਦੀ ਅਧਿਕਾਰੀ ਹੈ। ਗੁਲਜ਼ਾਰ ਦੀ ਸੰਵੇਦਨਸ਼ੀਲ ਛਾਪ ਸੰਕਟ ਦੀ ਜ਼ਮੀਨੀ ਕਰੂਰਤਾ ਨੂੰ ਰਾਜਨੀਤਕ ਪਰਿਪੇਖ ਵਿਚ ਪੇਸ਼ ਕਰਨ ਦੀ ਬਜਾਇ ਇਸ ਨੂੰ ਇਸ਼ਕ ਅਤੇ ਯਾਰੀ ਦੇ ਕੋਮਲ ਲੁਭਾਉਣੇ ਪਰਿਪੇਖ ਰਾਹੀਂ ਉਸਾਰਦੀ ਹੈ। ਇਸ ਤਰ੍ਹਾਂ ਹੋਣ ਨਾਲ ਸੰਕਟ ਦੀ ਆਪਣੀ ਇਤਿਹਾਸਕ ਗਤੀ ਮਹੱਤਵਪੂਰਨ ਨਹੀਂ ਰਹਿੰਦੀ ਸਗੋਂ ਸੰਕਟ ਦੇ ਸਾਧਾਰਨ ਮਾਨਵੀ ਜੀਵਨ 'ਤੇ ਪਏ ਪ੍ਰਭਾਵਾਂ ਦੀ ਤੋਰ ਪੇਸ਼ਕਾਰੀ ਵਿਚ ਪਹਿਲਤਾ ਹਾਸਿਲ ਕਰ ਲੈਂਦੀ ਹੈ। ਇਹ ਫ਼ਿਲਮ ਮੂਲ ਰੂਪ ਵਿਚ ਸੰਕਟ ਸਮਿਆਂ ਦੀ ਪਿੱਠ ਭੂਮੀ ਵਿਚ ਇਸ਼ਕ ਦੀ ਕੋਮਲ ਕਹਾਣੀ ਹੀ ਹੈ। ਇਹ ਫ਼ਿਲਮ ਮਾਨਵੀ ਜੀਵਨ ਨੂੰ ਕਿਸੇ ਦਿਸ਼ਾ ਵਿਸ਼ੇਸ਼ ਵਿਚ ਲੈ ਜਾਣ ਵਾਲੀ ਕੇਂਦਰੀ ਸ਼ਕਤੀ ਕਿਸੇ ਕੌਮ/ਕਿਸੇ ਧਰਮ ਦੇ ਹੱਕ ਨਹੀਂ ਸਗੋਂ ਇਸ਼ਕ ਅਤੇ ਯਾਰੀ ਦੀ ਸਰਵ-ਪ੍ਰਵਾਨਿਤ ਵਿਵਾਦ-ਮੁਕਤ ਬਣਤਰ ਹੈ। ਇਸ ਫ਼ਿਲਮ ਦੇ ਬਹੁ-ਗਿਣਤੀ ਪਾਤਰ ਰਿਸ਼ਤਿਆਂ ਦੇ ਨਿੱਘੇ ਰੂਪ ਨੂੰ ਹੰਢਾਉਣ ਵਾਲੇ ਅਤੇ ਜ਼ਿੰਦਗੀ ਵਿਚ ਲਗਾਤਾਰ ਉਨ੍ਹਾਂ ਦੀ ਕੇਂਦਰੀਅਤਾ ਨੂੰ ਸਵੀਕਾਰਨ ਵਾਲੇ ਹਨ। ਫ਼ਿਲਮ ਵਿਚ ਪੁਲਿਸ ਦੁਆਰਾ ਅੱਤ ਪਿਆਰੇ ਰਿਸ਼ਤਿਆਂ ਨੂੰ ਨੁਕਸਾਨਣਾ ਹੀ ਫ਼ਿਲਮ ਦੇ ਵਿਭਿੰਨ ਨੌਜਵਾਨ ਪਾਤਰਾਂ ਨੂੰ ਬੇਬਸ ਕਰ ਕੇ ਹਿੰਸਾ ਦੇ ਰਸਤੇ 'ਤੇ ਤੋਰ ਦਿੰਦਾ ਹੈ। ਦੂਜੇ ਸ਼ਬਦਾਂ ਵਿਚ ਇਨ੍ਹਾਂ ਪਾਤਰਾਂ ਦਾ ਹਿੰਸਾ/ਸੰਘਰਸ਼ ਦੇ ਰਸਤੇ 'ਤੇ ਤੁਰਨਾ ਕਿਸੇ ਚੇਤਨ ਰਾਜਨੀਤਕ ਕੋਸ਼ਿਸ਼ ਦਾ ਨਤੀਜਾ ਨਹੀਂ ਸਗੋਂ ਇਹ ਇਕ ਕ੍ਰੋਧ ਭਰੀ ਬੇਬਸੀ ਹੈ। ਇਸ ਤਰੀਕੇ ਇਹ ਫ਼ਿਲਮ ਵਿਸ਼ੇਸ਼ ਤਰ੍ਹਾਂ ਦੇ ਵਸਤੂ ਦੀ ਚੋਣ ਅਤੇ ਉਸ ਦੇ ਨਿਭਾਅ ਰਾਹੀਂ ਪੰਜਾਬ ਦੇ ਹਿੰਸਕ ਸੰਘਰਸ਼ ਨੂੰ ਕਿਸੇ ਵੀ ਕਿਸਮ ਦੇ ਸੋਚੇ ਸਮਝੇ ਅਤੇ ਯੋਜਨਾਬੱਧ ਰਾਜਨੀਤਕ ਖਾਸੇ ਤੋਂ ਵਿਛੁੰਨ ਦਿੰਦੀ ਹੈ। ਅਜਿਹਾ ਹੋਣਾ ਪੰਜਾਬ ਸਮੱਸਿਆ ਅਤੇ ਇਸ ਵਿਚ ਸ਼ਾਮਿਲ ਮਿਲੀਟੈਂਟਾਂ (ਜਿਨ੍ਹਾਂ ਨੂੰ ਪੇਸ਼ ਕਰਨ ਦਾ ਇਹ ਫ਼ਿਲਮ ਦਾਅਵਾ ਕਰਦੀ ਹੈ) ਦੀ ਪ੍ਰਮਾਣਿਕ ਪੇਸ਼ਕਾਰੀ ਦੇ ਨੁਕਤਾ-ਨਜ਼ਰ ਤੋਂ ਇਸ ਫ਼ਿਲਮ ਨੂੰ ਸਮੱਸਿਆਗ੍ਰਸਤ ਬਣਾ ਦਿੰਦਾ ਹੈ। 

ਇਹ ਨਹੀਂ ਕਿ ਇਸ ਫ਼ਿਲਮ ਦੇ ਪਾਤਰਾਂ ਵਾਂਗ ਪੰਜਾਬ ਦੇ ਮੁੰਡਿਆਂ ਨਾਲ ਨਹੀਂ ਵਾਪਰਿਆ, ਬੇਸ਼ੱਕ ਪੰਜਾਬ ਵਿਚ ਮਿਲੀਟੈਂਸੀ/ਟੈਰੋਰਿਜ਼ਮ ਨੂੰ ਪੈਦਾ ਕਰਨ ਦਾ ਇਕ ਵੱਡਾ ਤੰਤਰ ਪੁਲਿਸ-ਤੰਤਰ ਸੀ। ਪੁਲਿਸ ਤਸ਼ੱਦਦ ਨੇ ਸੈਂਕੜੇ ਮੁੰਡਿਆਂ ਨੂੰ ਹਿੰਸਾ ਦੇ ਰਸਤੇ 'ਤੇ ਜਾਣ ਲਈ ਮਜਬੂਰ ਕੀਤਾ। ਹਿੰਸਾ ਦੇ ਰਸਤੇ 'ਤੇ ਤੁਰ ਜਾਣ ਤੋਂ ਬਾਅਦ ਇਨ੍ਹਾਂ ਮੁੰਡਿਆਂ ਦਾ ਪੰਜਾਬ ਸੰਦਰਭ ਵਿਚ ਪੰਜਾਬ ਦੀ ਮਿਲੀਟੈਂਸੀ ਦੇ ਚੰਗੇ ਜਾਂ ਮੰਦੇ ਮਨਸੂਬਿਆਂ ਨਾਲ ਕੋਈ ਨਾਤਾ ਹੀ ਨਾ ਹੋਵੇ, ਅਜਿਹਾ ਦਿਖਾਉਣਾ ਸਹਿਜ ਹੀ ਸਵੀਕਾਰਿਆ ਨਹੀਂ ਜਾ ਸਕਦਾ। ਇਹ ਫ਼ਿਲਮ ਹਰ ਲਿਹਾਜ਼ ਨਾਲ ਪੰਜਾਬ ਸੰਦਰਭ ਅਤੇ ਸਿੱਖ ਮਿਲੀਟੈਂਟ ਦੀ ਪ੍ਰਮਾਣਿਕ ਆਤਮੀਅਤਾ ਤੋਂ ਨਾ ਕੇਵਲ ਪਾਸਾ ਵੱਟਦੀ ਹੈ, ਸਗੋਂ ਮੋਨੇ ਆਧੁਨਿਕ ਸਿੱਖ ਮਿਲੀਟੈਂਟਾਂ ਦੀ ਬਿੰਬਕਾਰੀ ਰਾਹੀਂ ਮਿਲੀਟੈਂਟਾਂ ਦੇ ਅਸਲ ਤਸੱਵਰ ਨੂੰ ਵੀ ਨੁਕਸਾਨ ਦਿੰਦੀ ਹੈ। ਫ਼ਿਲਮ ਭਾਸ਼ਾ ਦੀ ਇਸ ਖਾਸੀਅਤ ਦੇ ਮੱਦੇ-ਨਜ਼ਰ ਕਿ ਇਸ ਵਿਚ ਚਿਹਨਕ ਅਤੇ ਚਿਹਨਤ ਲਗਭਗ ਇਕ ਸਮਾਨ ਹੁੰਦੇ ਹਨ, ਇਹ ਮਿਲੀਟੈਂਟ ਦੇ ਕਿਸੇ ਹੋਰ ਰੂਪ ਨੂੰ ਚਿਤਵਣ ਦੀ ਦਰਸ਼ਕ ਕੋਲ ਸਪੇਸ ਹੀ ਨਹੀਂ ਛੱਡਦੀ। ਅਜਿਹਾ ਹੋਣਾ ਸਮੇਂ ਦੇ ਬੀਤਣ ਨਾਲ ਅਤੇ ਪੰਜਾਬ ਤੋਂ ਬਾਹਰਲੇ ਭਾਰਤੀ ਦਰਸ਼ਕ ਲਈ ਹੋਰ ਵੀ ਸੱਚਾ ਹੁੰਦਾ ਜਾਵੇਗਾ। ਜਿਸ ਕੋਲ ਪੰਜਾਬ ਦੇ ਮਿਲੀਟੈਂਟ ਨੂੰ ਜਾਨਣ ਦਾ ਕੋਈ ਹੋਰ ਬਦਲਵਾਂ ਸਰੋਤ ਨਹੀਂ, ਉਸ ਲਈ 'ਮਾਚਿਸ' ਫ਼ਿਲਮ ਦੇ ਮਿਲੀਟੈਂਟ ਹੀ ਪੰਜਾਬ ਦੇ ਅਸਲ ਮਿਲੀਟੈਂਟ ਨਜ਼ਰ ਆਉਣਗੇ। ਇਸ ਤਰੀਕੇ ਇਹ ਫ਼ਿਲਮ ਮਿਲੀਟੈਂਟਾਂ ਦੇ ਹਾਸ਼ੀਆਗਤ ਯਥਾਰਥ ਨੂੰ ਭਾਰਤ ਦੇ ਧਰਮ-ਨਿਰਪੱਖ/ਉਦਾਰ ਯਥਾਰਥ ਦੇ ਥੱਲੇ ਧੁੰਧਲਾ ਹੀ ਨਹੀਂ ਬਣਾਉਂਦੀ ਸਗੋਂ ਉਸ ਨੂੰ ਨਵਾਂ ਰੂਪ ਦੇ ਕੇ ਵਿਕ੍ਰਿਤ ਵੀ ਕਰ ਦਿੰਦੀ ਹੈ। 

ਇਸੇ ਪਰਿਪੇਖ ਵਿਚ ਇਹ ਫ਼ਿਲਮ ਇਕ ਹੋਰ ਸਿਆਸਤ ਕਰਦੀ ਹੈ। ਇਸ ਦਾ ਸਬੰਧ ਦੇਹ ਦੀ ਰਾਜਨੀਤੀ (ਭੋਦੇ ਫੋਲਟਿਚਿਸ) ਨਾਲ ਹੈ। ਦੇਹ ਦੀ ਰਾਜਨੀਤੀ ਹਾਸ਼ੀਆਗਤ/ਘੱਟ-ਗਿਣਤੀ ਧਿਰਾਂ ਨੂੰ ਉਨ੍ਹਾਂ ਦੀਆਂ ਦੇਹਾਂ ਦੇ ਰਾਹੀਂ ਸੇਧਿਤ/ਕੰਟਰੋਲ ਕਰਨ ਨਾਲ ਸਬੰਧਿਤ ਹੈ। ਫ਼ਿਲਮ ਮਾਚਿਸ ਸਿੱਖ ਮਿਲੀਟੈਂਟਾਂ ਨੂੰ ਉਨ੍ਹਾਂ ਦੀ ਸਿੱਖ ਦਿੱਖ ਤੋਂ ਵਿਛੁੰਨ ਕੇ ਪੇਸ਼ ਕਰਦੀ ਪ੍ਰਭਾਵੀ ਵਿਚਾਰਧਾਰਕ ਤੱਕਣੀ ਦਾ ਪੱਖ ਪੂਰਦੀ ਹੈ। ਇਸ ਤਰ੍ਹਾਂ ਕਰਕੇ ਇਹ ਸਿੱਖ ਪਛਾਣ ਨੂੰ ਇਕ ਅਜਿਹੇ ਅਦਰ ਦੇ ਰੂਪ ਵਿਚ ਸਥਾਪਿਤ ਕਰਦੀ ਹੈ, ਜਿਹੜਾ ਆਪਣੀ ਵੱਖਰਤਾ ਕਾਰਨ ਹਾਸ਼ੀਆਗਤ ਹੈ ਅਤੇ ਜਿਸ ਦੀ ਮਾਨਤਾ ਬਹੁ-ਗਿਣਤੀ ਹਿੰਦੂਤਵ ਤੱਕਣੀ ਦੇ ਅਨੁਸਾਰੀ ਬਣਨ ਵਿਚ ਹੈ। ਫ਼ਿਲਮ ਵਿਚ ਪੱਗ ਅਤੇ ਦਾੜੀ ਵਾਲੇ ਗੌਲਣਯੋਗ ਪਾਤਰ ਕੇਵਲ ਦੋ ਹਨ। ਪਹਿਲਾ ਪਾਤਰ ਜੱਸੀ ਹੈ; ਜੱਸੀ ਨਜਾਇਜ਼ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੁੰਦਾ ਹੈ ਅਤੇ ਅੰਤ ਨੂੰ ਜੇਲ੍ਹ ਦੇ ਖੂਹ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲੈਂਦਾ ਹੈ। ਦੂਸਰਾ ਪਾਤਰ ਕਮਾਂਡਰ ਹੈ, ਜੋ ਫ਼ਿਲਮ ਵਿਚ ਪੇਸ਼ ਮਿਲੀਟੈਂਟਾਂ ਦਾ ਆਗੂ ਹੈ ਤੇ ਇਸ ਦੇ ਦਿਸ਼ਾ ਨਿਰਦੇਸ਼ 'ਤੇ ਹੀ ਸਾਰੇ ਮਿਲੀਟੈਂਟ ਐਕਸ਼ਨ ਕਰਦੇ ਹਨ। ਇਸ ਪਾਤਰ ਦੀ ਪੇਸ਼ਕਾਰੀ ਬਾਬਤ ਪਹਿਲੀ ਗੌਲਣਯੋਗ ਗੱਲ ਇਹ ਹੈ ਕਿ ਇਸ ਦਾ ਕਮਾਂਡਰ (ਜਥੇਦਾਰ ਨਹੀਂ, ਜਿਸ ਤਰ੍ਹਾਂ ਕਿ ਸਾਧਾਰਨਤਾ ਮਿਲੀਟੈਂਟ ਆਗੂਆਂ ਨੂੰ ਸੰਬੋਧਿਨ ਹੋਇਆ ਜਾਂਦਾ ਸੀ) ਤੋਂ ਬਿਨ੍ਹਾਂ ਕੋਈ ਨਾਂ ਹੀ ਨਹੀਂ ਹੈ। ਕਮਾਂਡਰ ਸ਼ਬਦ ਰਾਹੀਂ ਦੋ ਉਦੇਸ਼ ਪੂਰੇ ਹੁੰਦੇ ਹਨ, ਪਹਿਲਾ ਕਿ ਉਸ ਪਾਤਰ ਦੀ ਪਛਾਣ ਸਪਸ਼ਟ ਨਹੀਂ ਹੁੰਦੀ, ਦੂਸਰਾ ਕਿ ਉਹ ਕਿਸੇ ਖਾਲਸ ਸਿੱਖ ਮਿਲੀਟੈਂਟ ਸਮੂਹ ਨੂੰ ਚਿੰਨ੍ਹਤ ਕਰਨ ਤੋਂ ਦੂਰ ਕਰ ਦਿੱਤਾ ਜਾਂਦਾ ਹੈ। ਇਹ ਪਾਤਰ ਕਿਤੇ ਕਿਤੇ ਸਿੱਖ ਮਿਲੀਟੈਂਸੀ ਦੇ ਦੇਹੀ/ਵਿਚਾਰਧਾਰਕ ਸਰੂਪ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ, ਪਰ ਇਸ ਨੂੰ ਫ਼ਿਲਮ ਵਿਚ ਕਿਉਂਕਿ ਲੋੜੀਂਦੀ ਵਿਚਾਰਧਾਰਕ ਸਪੇਸ ਪ੍ਰਾਪਤ ਨਹੀਂ ਹੋ ਪਾਉਂਦੀ, ਇਸ ਕਾਰਨ ਇਹ ਪਾਤਰ ਮੌਜੂਦ ਸੰਭਾਵਨਾਵਾਂ ਨੂੰ ਹੰਢਾਉਣ ਤੋਂ ਉਰ੍ਹਾਂ-ਉਰ੍ਹਾਂ ਹੀ ਰਹਿ ਜਾਂਦਾ ਹੈ। 

ਇਸ ਫ਼ਿਲਮ ਵਿਚ ਜੱਸੀ ਅਤੇ ਕਮਾਂਡਰ ਤੋਂ ਬਿਨ੍ਹਾਂ ਦੋ ਹੋਰ ਗੌਣ ਪਾਤਰ ਵੀ ਪੱਗ ਅਤੇ ਦਾੜੀ ਵਾਲੀ ਦਿੱਖ ਵਿਚ ਹਨ। ਇਕ ਵਕੀਲ/ਪ੍ਰੋਫ਼ੈਸਰ ਹੈ ਜਿਸ ਕੋਲ ਪਾਲੀ ਆਪਣੇ ਦੋਸਤ ਜੱਸੀ ਨੂੰ ਛੁਡਾਉਣ ਲਈ ਕਾਨੰੂੰਨੀ ਚਾਰਾਜੋਈ ਕਰਨ ਜਾਂਦਾ ਹੈ। ਦੂਸਰਾ ਜੱਸੀ ਦਾ ਗੁਆਂਢੀ ਹੈ ਜਿਹੜਾ ਜੱਸੀ (ਪੰਦਰਾਂ ਦਿਨ ਬਾਅਦ ਪੁਲਿਸ ਤਸ਼ੱਦਦ ਨਾਲ ਹਾਲੋਂ ਬੇਹਾਲ ਹੋ ਕੇ) ਦੇ ਘਰ ਆਉਣ ਵੇਲੇ ਨਜ਼ਰ ਆਉਂਦਾ ਹੈ। ਇਹ ਦੋਵੇਂ ਹੀ ਸਿੱਖ ਦਿੱਖ ਵਾਲੇ ਪਾਤਰ ਪੰਜਾਬ ਦੇ ਸਿੱਖ ਮਿਲੀਟੈਂਟਾਂ ਬਾਬਤ ਨਾਂਹ-ਮੁਖੀ ਟਿੱਪਣੀਆਂ ਕਰਦੇ ਹਨ। ਵਕੀਲ/ਪ੍ਰੋਫ਼ੈਸਰ ਪੁਲਿਸ ਤਾਨਾਸ਼ਾਹੀ ਦੇ ਪ੍ਰਸੰਗ ਵਿਚ ਕਾਨੂੰਨ ਦੀ ਬਣਤਰ ਨੂੰ ਦੋਸ਼-ਮੁਕਤ ਕਰਦਾ ਸਿੱਖ ਮਿਲੀਟੈਂਟਾਂ ਅਤੇ ਪੁਲਿਸ ਦੀ ਆਪਸੀ ਲੜਾਈ ਨੂੰ ਸਾਰੇ ਮਸਲੇ/ਤਸ਼ੱਦਦ ਦੀ ਜੜ੍ਹ ਖ਼ਿਆਲ ਕਰਦਾ ਹੈ। ਇਸ ਪਾਤਰ ਦੁਆਰਾ ਮਿਲੀਟੈਂਟ ਅਤੇ ਪੁਲਿਸ ਇੱਕੋ ਹੀ ਸਿੱਕੇ ਦੇ ਦੋ ਪਾਸੇ ਸਥਾਪਿਤ ਕੀਤੇ ਜਾਂਦੇ ਹਨ। ਦੂਜਾ ਗੁਆਂਢੀ ਸਿੱਖ ਪਾਤਰ ਇਹ ਕਹਿ ਕੇ "ਆਤੰਕਵਾਦੀਆਂ ਨੇ ਵੀ ਤਾਂ ਅੱਤ ਚੁੱਕ ਹੋਈ ਹੈ", ਮਿਲੀਟੈਂਸੀ ਨੂੰ ਇਕ ਖਾਸ ਸੀਮਤ ਬਣਤਰ ਪ੍ਰਦਾਨ ਕਰਨ ਵਿਚ ਆਪਣੀ ਭੂਮਿਕ ਅਦਾ ਕਰਦਾ ਹੈ। ਇਸ ਤਰ੍ਹਾਂ ਫ਼ਿਲਮ ਵਿਚ ਚਾਰ ਸਿੱਖ ਪਾਤਰਾਂ ਵਿੱਚੋਂ ਇੱਕ ਤਾਂ ਤਸ਼ੱਦਦ ਦਾ ਵਿਕਟਮ ਹੋਣ ਕਾਰਨ ਅੰਤਾਂ ਦੀ ਤਰਸਯੋਗ ਹਾਲਤ ਵਿਚ ਨਜ਼ਰ ਆਉਂਦਾ ਹੈ। ਇਸ ਪਾਤਰ ਦੀ ਵਿਕਟਮਹੁੱਡ ਜਿੱਥੇ ਇਕ ਪਾਸੇ ਬਹੁ-ਗਿਣਤੀ ਦੀ ਹਮਦਰਦੀ ਹਾਸਿਲ ਕਰਦੀ ਹੈ ਉੱਥੇ ਇਸ ਰਾਹੀਂ ਹਮਦਰਦੀ ਕਰਨ ਵਾਲੇ ਦੀ ਸ਼ਕਤੀ ਨੂੰ ਵੀ ਨਿਰਧਾਰਿਤ ਕਰਦੀ ਹੇ। ਵਿਕਟਮਹੁੱਡ ਦੀ ਆਪਣੀ ਇਕ ਸਿਆਸਤ ਹੁੰਦੀ ਹੈ, ਇਸ ਨੂੰ ਅਸੀਂ 'ਦੇਸ ਹੋਇਆ ਪਰਦੇਸ' ਅਤੇ 'ਹਵਾਏਂ' ਫ਼ਿਲਮਾਂ ਦੇ ਪ੍ਰਸੰਗ ਵਿਚ ਸਮਝਣ ਦਾ ਯਤਨ ਕਰਾਂਗੇ। ਫ਼ਿਲਮ ਵਿਚ ਕਮਾਂਡਰ ਇਕਲੌਤਾ ਸਿੱਖ ਪਾਤਰ ਹੈ, ਜਿਸ ਦੇ ਰਾਹੀਂ ਇਹ ਫ਼ਿਲਮ ਸਿੱਖ ਮਿਲੀਟੈਂਸੀ ਦੇ ਮੁਕਾਬਲਤਨ ਅਸਲੀ ਰੂਪ ਦਾ ਪਰਛਾਵਾਂ ਸਿਰਜਣ ਵਿਚ ਕਾਮਯਾਬ ਹੁੰਦੀ ਹੈ। ਉਹ ਇਕ ਹਾਅ ਦਾ ਨਾਹਰਾ ਹੈ, ਜਿਸ ਕਾਰਨ ਇਹ ਫ਼ਿਲਮ ਪੰਜਾਬ ਸੰਦਰਭ ਦੇ ਪ੍ਰਸੰਗ ਵਿਚ ਕਿਸੇ ਹੱਦ ਤੱਕ ਸਾਰਥਕਤਾ ਪ੍ਰਾਪਤ ਕਰਦੀ ਹੈ। ਬਾਕੀ ਦੋ ਪਾਤਰ ਤਾਂ ਬਹੁ-ਗਿਣਤੀ ਤੱਕਣੀ ਨੂੰ ਸੰਤੁਸ਼ਟ ਕਰਨ ਹਿੱਤ ਅਤੇ ਇਹ ਸਿੱਧ ਕਰਨ ਹਿੱਤ ਕਿ ਸਿੱਖ ਭਾਰਤੀ ਕਾਨੂੰਨ ਦੇ ਹਮਾਇਤੀ ਹੀ ਨਹੀਂ ਸਗੋਂ ਪੰਜਾਬ ਦੇ ਆਤੰਕਵਾਦ ਦੇ ਵਿਰੋਧੀ ਵੀ ਹਨ, ਕਾਰਜਸ਼ੀਲ ਹੁੰਦੇ ਹਨ। 

ਇਹ ਫ਼ਿਲਮ ਦੇਹ ਦੀ ਰਾਜਨੀਤੀ ਅਧੀਨ ਕੇਵਲ ਦਿੱਖ ਦੇ ਪੱਖ ਤੋਂ ਹੀ ਉਨ੍ਹਾਂ ਨੂੰ ਬਹੁ-ਗਿਣਤੀ ਦੀ ਦਿੱਖ ਦੇ ਅਨੁਸਾਰੀ ਅਤੇ ਸੈਕੁਲਰ ਸਿੱਧ ਨਹੀਂ ਕਰਦੀ ਸਗੋਂ ਨਾਵਾਂ ਅਤੇ ਵਿਚਾਰਾਂ ਦੇ ਪੱਖ ਤੋਂ ਵੀ ਸੈਕੂਲਰ ਸਿੱਧ ਕਰਦੀ ਹੈ। ਇਸ ਫ਼ਿਲਮ ਵਿਚ ਮਿਲੀਟੈਂਟ ਅਜਿਹੇ ਸੈਕੁਲਰ ਮਿਲੀਟੈਂਟ ਹਨ, ਜਿਹੜੇ ਸੈਕੂਲਰ ਸਰਕਾਰ ਦੀਆਂ ਵਧੀਕੀਆਂ ਦੇ ਖ਼ਿਲਾਫ਼ ਸੈਕੂਲਰ ਲੜਾਈ ਲੜਦੇ ਹਨ। ਅਜਿਹਾ ਭਾਰਤ ਦੇ ਸੰਦਰਭ ਵਿਚ ਬਿਨ੍ਹਾਂ ਸ਼ੱਕ ਸੱਚ ਹੋ ਸਕਦਾ ਹੈ, ਪਰ ਪੰਜਾਬ ਦੇ ਮਾਮਲੇ ਵਿਚ ਲੜਾਈ ਦਾ ਕੇਂਦਰੀ ਧੁਰਾ ਧਰਮ ਬਣਿਆ, ਇਸ ਤੱਥ ਦੇ ਬਾਵਜੂਦ ਮੰਗਾਂ/ਤਾਨਾਸ਼ਾਹੀਆਂ ਕੇਵਲ ਧਾਰਮਿਕ ਨਹੀਂ ਸਨ। ਖੈਰ, ਅਸੀਂ ਨਾਵਾਂ ਤੇ ਵਿਚਾਰਾਂ ਦੀ ਗੱਲ ਕਰ ਰਹੇ ਸਾਂ। ਫ਼ਿਲਮ ਵਿਚ ਜਿਹੜੇ ਚਾਰ ਨੌਜਵਾਨ ਮਿਲੀਟੈਂਟ ਹਨ, ਚਾਰਾਂ ਵਿੱਚੋਂ ਕ੍ਰਿਪਾਲ (ਪਾਲੀ) ਨੂੰ ਛੱਡ ਕੇ ਬਾਕੀ ਤਿੰਨਾਂ ਦੇ ਸੰਬੋਧਨੀ ਨਾਂ (ਜੈਮਲ, ਵਜ਼ੀਰਾ, ਕੁਲਦੀਪ) ਕੁਝ ਇਸ ਤਰ੍ਹਾਂ ਦੇ ਹਨ ਕਿ ਇਨ੍ਹਾਂ ਨੂੰ ਕਿਸੇ ਵੀ ਧਰਮ, ਫ਼ਿਰਕੇ ਨਾਲ ਜੋੜ ਕੇ ਦੇਖਣ ਵਿਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ। ਇਸ ਫ਼ਿਲਮ ਦੇ ਸਭ ਤੋਂ ਪ੍ਰਭਾਵੀ ਪਾਤਰ/ਮਿਲੀਟੈਂਟ ਦਾ ਨਾਂ ਸਨਾਤਨ ਹੈ। ਸਨਾਤਨ ਨਾਂ ਸਪਸ਼ਟ ਰੂਪ ਵਿਚ ਇਸ ਪਾਤਰ ਦੇ ਹਿੰਦੂ ਹੋਣ ਵੱਲ ਸੰਕੇਤ ਕਰਦਾ ਹੈ। ਫ਼ਿਲਮ ਵਿਚ ਇੰਡੀਅਨ ਸਟੇਟ ਦੇ ਖਿਲਾਫ਼ ਸਭ ਤੋਂ ਵੱਧ ਇਹੀ ਪਾਤਰ ਬੋਲਦਾ ਹੈ। ਇਸ ਪਾਤਰ ਦੇ ਬੋਲ ਮਿਲੀਟੈਂਟ ਸੰਘਰਸ਼ ਦੀ ਫ਼ਿਤਰਤ ਦੀ ਰੂਪ-ਰੇਖਾ ਬਿਆਨ ਕਰਦੇ ਇਸ ਸੰਘਰਸ਼ ਨੂੰ ਕਿਸੇ ਧਰਮ, ਕਿਸੇ ਫ਼ਿਰਕੇ ਜਾਂ ਕਿਸੇ ਦੇਸ਼ ਨਾਲ ਜੋੜਨ ਤੋਂ ਇਨਕਾਰੀ ਹਨ। ਫ਼ਿਲਮ ਸੁਝਾਉਂਦੀ ਹੈ ਕਿ ਇੰਡੀਅਨ ਸਟੇਟ ਦੇ ਖ਼ਿਲਾਫ਼ ਹਿੰਦੂ ਮਿਲੀਟੈਂਟ ਦਾ ਬੋਲਣਾ ਸਮੱਸਿਆ ਦਾ ਕਾਰਨ ਨਹੀਂ। ਇਸੇ ਕਾਰਨ ਕਮਾਂਡਰ ਨਹੀਂ ਬੋਲਦਾ, ਸਨਾਤਨ ਬੋਲਦਾ ਹੈ। ਫ਼ਿਲਮ ਵਿਚ ਜਦੋਂ ਜੱਸੀ ਪੁਲਿਸ ਟੌਰਚਰ ਤੋਂ ਬਾਅਦ ਘਰ ਆਉਂਦਾ ਹੈ, ਉਦੋਂ ਵੀ ਆਂਢ-ਗੁਆਂਡ ਦੇ ਕੱਠੇ ਹੋਏ ਬੰਦਿਆਂ ਵਿੱਚੋਂ ਜਿਹੜਾ ਬੰਦਾ ਬੋਲਦਾ ਹੈ, ਉਹ ਦਿੱਖ ਪੱਖੋਂ ਬਹੁ-ਗਿਣਤੀ ਦੀ ਧਿਰ ਹੈ। ਉਹ ਇੰਡੀਅਨ ਸਟੇਟ ਅਤੇ ਪੁਲਿਸ ਤੰਤਰ ਖ਼ਿਲਾਫ਼ ਬੋਲ ਸਕਦਾ ਹੈ, ਪਰ ਕੋਲ ਖੜੇ ਪੱਗ ਅਤੇ ਦਾੜੀ ਵਾਲੇ ਬੰਦੇ ਨੇ ਬੋਲਣਾ ਹੈ ਤਾਂ ਉਹ 'ਆਤੰਕਵਾਦ' ਦੇ ਖ਼ਿਲਾਫ਼ ਬੋਲਦਾ ਚੁੱਪ-ਚੁਪੀਤੇ ਇੰਡੀਅਨ ਸਟੇਟ ਦਾ ਪੱਖ ਹੀ ਪੂਰੇਗਾ। 
  
ਅਗਲਾ ਮਸਲਾ ਪੰਜਾਬ ਦੀ ਮਿਲੀਟੈਂਸੀ ਦੇ ਮਾਮਲੇ ਵਿਚ ਧਰਮ ਦੀ ਭੂਮਿਕਾ ਅਤੇ ਫ਼ਿਲਮ ਵਿਚ ਇਸ ਦੀ ਪੇਸ਼ਕਾਰੀ ਦਾ ਹੈ। ਭਾਰਤ ਵਿਚ ਧਾਰਮਿਕ ਘੱਟ-ਗਿਣਤੀਆਂ ਦੀ ਸਥਿਤੀ ਧਰਮ ਅਤੇ ਰਾਜਨੀਤੀ ਦੇ ਅੰਤਰ-ਸਬੰਧਾਂ ਦੀਆਂ ਜਟਿਲ ਸਮੀਕਰਨਾਂ ਰਾਹੀਂ ਸੰਰਚਿਤ ਹੁੰਦਾ ਹੈ। ਸੰਤਾਲੀ ਵਿਚ ਦੇਸ਼ ਦਾ ਬਟਵਾਰਾ ਧਰਮ ਨੂੰ ਪਛਾਣ ਰਾਜਨੀਤੀ ਦਾ ਕੇਂਦਰੀ ਧੁਰਾ ਨਿਸ਼ਚਤ ਕਰ ਦਿੰਦਾ ਹੈ ਤੇ ਇਹ ਧੁਰਾ ਫ਼ਿਰ ਕਦੇ ਵੀ ਪਛਾਣ ਰਾਜਨੀਤੀ ਵਿੱਚੋਂ ਮਨਫ਼ੀ ਨਹੀਂ ਹੁੰਦਾ। ਸੰਨ ਸੰਤਾਲੀ ਤੋਂ ਬਾਅਦ ਭਾਰਤ ਦੀ ਹਕੂਮਤ 'ਤੇ ਕਾਬਜ਼ ਰਹੀ ਭਾਰਤੀ ਸਟੇਟ ਇਕ ਅਜਿਹੇ ਧਰਮ-ਨਿਰਪੱਖ ਰਾਸ਼ਟਰ ਦਾ ਤਸੱਵਰ ਕਰਦੀ ਹੈ, ਜਿਸ ਵਿਚ ਧਰਮ ਦੀ ਹੋਂਦ ਨਿੱਜੀ ਘੇਰੇ ਤੱਕ ਸੀਮਤ ਕੀਤੀ ਜਾਂਦੀ ਹੈ। ਸਰਵਜਨਕ ਚੁਗਿਰਦੇ ਵਿਚ ਧਰਮ ਦੀ ਪ੍ਰਭਾਵੀ ਹੋਂਦ ਨੂੰ ਸੰਕਟਮਈ ਸਿੱਧ ਕਰ ਕੇ ਇਸ ਨੂੰ ਸੱਤਾ ਦੀ ਸੰਰਚਨਾ ਵਿੱਚੋਂ ਬਾਹਰ ਕਰ ਦਿੱਤਾ ਗਿਆ। ਇਸ ਤਰੀਕੇ ਧਰਮ-ਨਿਰਪੱਖਤਾਵਾਦ ਖੁਦ ਸੱਤਧਾਰੀ ਹੋ ਗਿਆ, ਜਿਸ ਨੇ ਆਪਣੇ ਧਾਵਕ ਪ੍ਰਵਚਨ ਰਾਹੀਂ ਸਰਵ-ਜਨਕ ਸਪੇਸ ਨੂੰ ਵਿਸ਼ੇਸ਼ ਤੌਰ 'ਤੇ ਅਤੇ ਨਿੱਜੀ ਸਪੇਸ ਨੂੰ ਸਾਧਾਰਨਤਾ ਨਿਯੰਤਰਿਤ ਕੀਤਾ। ਇਸ ਤਰ੍ਹਾਂ ਧਰਮ-ਨਿਰਪੱਖਤਾਵਾਦ ਕਦੇ ਰਾਜਨੀਤਕ ਸੱਤਾ ਤੱਕ ਸੀਮਿਤ ਨਾ ਰਿਹਾ ਸਗੋਂ ਇਸ ਨੇ ਜਿਸ ਨੂੰ ਇਹ ਨਿੱਜੀ ਦਾਇਰੇ ਦੀ ਚੀਜ਼ ਕਹਿੰਦਾ ਸੀ, ਉਸ ਨੂੰ ਵੀ ਕੰਟਰੋਲ ਅਤੇ ਦਿਸ਼ਾ-ਬੱਧ ਕੀਤਾ। ਸੱਤਾ ਦੀ ਇਸ ਖੇਡ ਵਿਚ ਇਸ ਮਸਲੇ ਨੇ ਹਮੇਸ਼ਾ ਡੂੰਘਾ ਸੰਕਟ ਪੈਦਾ ਕਰੀ ਰੱਖਿਆ ਕਿ ਆਖਰ ਉਹ ਕਿਹੜੀ ਲੀਕ ਹੈ ਜਿਹੜੀ ਨਿੱਜੀ ਅਤੇ ਸਰਵਜਨਕ ਦਾਇਰੇ ਨੂੰ ਵਖਰਿਆਉਂਦੀ ਹੈ। ਇਸੇ ਪ੍ਰਸੰਗ ਵਿਚ ਜੇ ਨਿੱਜੀ ਅਤੇ ਸਰਵਜਨਕ ਅਲੱਗ ਨਹੀਂ ਹੋ ਸਕਦੇ ਤਾਂ ਧਰਮ ਅਤੇ ਰਾਜਨੀਤੀ ਕਿਸ ਤਰ੍ਹਾਂ ਅਲੱਗ ਹੋ ਸਕਦੇ ਹਨ; ਨਿੱਜ ਵੀ ਰਾਜਨੀਤੀ ਦੇ ਘੇਰੇ ਦੇ ਅੰਦਰਵਾਰ ਹੀ ਹੈ। ਭਾਰਤੀ ਲੋਕਾਂ ਲਈ ਧਰਮ ਅਤੇ ਜੀਵਨ ਇਸ ਕਦਰ ਘੁਲੇ-ਮਿਲੇ ਹੋਏ ਹਨ ਕਿ ਉਹ ਆਪਣੀ ਹਰ ਰਾਜਨੀਤਕ/ਸਮਾਜਿਕ ਗਤੀਵਿਧੀ ਨੂੰ ਧਰਮ ਦੀ ਛਾਣਨੀ ਵਿੱਚੋਂ ਲੰਘਾ ਕੇ ਵਿਉਂਤਦੇ ਹਨ। ਲੋਕ-ਮਨ ਵਿਚ ਧਰਮ ਦੇ ਹਿੱਤਕਾਰੀ ਅਤੇ ਮੁਕਤੀਦਾਤਾ ਵਾਲੇ ਰੂਪ ਪ੍ਰਤਿ ਆਕਰਸ਼ਨ ਨੇ ਵੀ ਜੀਵਨ ਦੀ ਹਰ ਗਤੀਵਿਧੀ ਵਿਚ ਥਾਂ ਪੱਕੀ ਕਰੀ ਰੱਖੀ।

ਧਰਮ ਅਤੇ ਧਾਰਮਿਕ ਘੱਟ-ਗਿਣਤੀਆਂ ਦੀ ਹੋਂਦ ਨਾਲ ਇਕ ਹੋਰ ਵੱਖਰੇ ਤਰੀਕੇ ਨਾਲ ਨਜਿੱਠਣ ਲਈ ਉਦਾਰਵਾਦੀ ਧਰਮ ਨਿਰਪੱਖ ਸਟੇਟ ਨੇ "ਸਹਿਣਸ਼ੀਲ" ਅਤੇ "ਘੱਟ-ਗਿਣਤੀਆਂ ਦੇ ਰਾਖੇ" ਹੋਣ ਦਾ ਦਾਅਵਾ ਪੇਸ਼ ਕੀਤਾ। ਇਸ ਦਾਅਵੇ ਨੇ ਧਰਮ-ਨਿਰਪੱਖ ਰਾਸ਼ਟਰ ਸੰਕਲਪਨਾ ਦੇ ਅੰਤਰਗਤ ਹੋਣ ਵਾਲੇ ਦਮਨ ਦੀ ਪੋਲ ਹੀ ਖੋਲ੍ਹ ਦਿੱਤੀ। ਪ੍ਰਸ਼ਨ ਪੈਦਾ ਹੋ ਗਿਆ ਕਿ ਠੀਕ ਹੈ ਭਾਰਤ ਰਾਸ਼ਟਰ "ਸਹਿਣਸ਼ੀਲ" ਹੈ, ਪਰ ਇਹ ਪਤਾ ਲੱਗੇ ਕਿ ਕੌਣ ਕਿਸ ਨੂੰ ਸਹਿਣ ਕਰਦਾ ਹੈ। ਇਹ ਵੀ ਠੀਕ ਹੈ ਕਿ ਭਾਰਤ ਵਿਚ "ਘੱਟ-ਗਿਣਤੀਆਂ" ਹਨ, ਪਰ ਇਨ੍ਹਾਂ ਦੀ ਰਾਖੀ ਕਿਸ ਨੇ ਕਿਸ ਤੋਂ ਕਰਨੀ ਹੈ। ਕੌਣ ਸਹੇਗਾ ਅਤੇ ਕੌਣ ਕਿਸ ਤੋਂ ਰਾਖੀ ਕਰੇਗਾ, ਜਾਂ ਇਉਂ ਕਹਿ ਲਈਏ ਕਿ ਕੋਈ ਸਹੇਗਾ ਤੇ ਕੋਈ ਰਾਖੇ ਕਰੂਗਾ, ਇਹ ਸੁਆਲ ਅਤੇ ਸੰਕੇਤ ਇਕ ਅਜਿਹੀ ਧਿਰ (ਬਹੁ-ਗਣਤੀ) ਦੀ ਸਥਾਪਤੀ ਕਰਦੇ ਹਨ, ਜਿਹੜੀ ਤਾਕਤਵਰ ਹੈ। ਜਿਸ ਦਾ ਦੂਜੇ (ਘੱਟ-ਗਿਣਤੀ) ਨੂੰ ਸਹਾਰਨਾ ਜਾਂ ਉਸ ਦੀ ਰਾਖੀ ਕਰਨੀ ਉਦੋਂ ਤੱਕ ਸੰਭਵਤਾ ਜਾਰੀ ਰਹੇਗਾ ਜਦੋਂ ਤੱਕ ਉਹ ਘੱਟ-ਗਿਣਤੀ ਉਸ ਦੀ ਮਾਤਹਿਤ ਬਣੀ ਰਹੇਗੀ ਅਤੇ ਜਦੋਂ ਤੱਕ ਉਹ ਆਪਣੀਆਂ ਭਿੰਨਤਾਵਾਂ ਨੂੰ ਤਿਆਗ ਕੇ ਉਸ ਦੇ (ਬਹੁ-ਗਿਣਤੀ) ਦੇ ਖਾਸੇ ਵਿਚ ਸੰਮਿਲਿਤ ਹੁੰਦੀ ਰਹੇਗੀ। ਤਾਕਤਵਰ (ਬਹੁ-ਗਿਣਤੀ) ਧਿਰ ਨਿਰਸੰਦੇਹ ਉਦਾਰ ਹੋ ਕੇ ਮਾਤਹਿਤ ਘੱਟ-ਗਿਣਤੀ ਲਈ ਅਜਿਹੀ ਮਸਨੂਈ ਸਪੇਸ ਦੀ ਘਾੜਤ ਵੀ ਕਰੇਗੀ ਜਿਸ ਵਿਚ ਵਿਚਰਦਿਆਂ ਤਾਕਤਹੀਣ (ਘੱਟ-ਗਿਣਤੀ) ਧਿਰ ਨੂੰ ਜਾਪੇ ਕਿ ਉਸ ਨੂੰ ਸੱਚ-ਮੁੱਚ ਆਪਣੀ ਵੱਖਰਤਾਵਾਂ ਸਹਿਤ ਜਿਉਂ ਰਹੀ ਹੈ। ਅੰਤਿਤਾ ਧਰਮ-ਨਿਰਪੱਖਤਾ ਬਹੁ-ਗਿਣਤੀ ਤਾਕਤਵਰ ਧਿਰ ਦੀ ਪਛਾਣ ਨੂੰ ਅਤੇ ਇਸ ਦੇ ਧਰਮ ਨੂੰ ਸਰਵ-ਪ੍ਰਵਾਨਿਤ/ਸਰਵ-ਜਨਕ ਸਥਾਪਿਤ ਕਰਦੀ ਹੈ ਜਦੋਂ ਕਿ ਘੱਟ-ਗਿਣਤੀ ਦੀ ਪਛਾਣ ਖੇਤਰੀ, ਧਰਮ ਵਿਸ਼ੇਸ਼ ਦੁਆਲੇ ਕੇਂਦਰਿਤ ਅਤੇ ਕੁਝ ਖਾਸ ਸਭਿਆਚਾਰਕ ਬਣਤਰਾਂ ਅਧੀਨ ਸੰਕਲਪਿਤ ਹੈ। 

ਇਸ ਪਰਿਪੇਖ ਵਿਚ ਹੁਣ ਫ਼ਿਲਮ 'ਮਾਚਿਸ' ਦੀ ਗੱਲ ਤੋਰਦੇ ਹਾਂ। ਪੰਜਾਬ ਦੇ ਸੰਕਟ ਅਤੇ ਇਸ ਸੰਕਟ ਵਿਚ ਸ਼ਾਮਿਲ ਮਿਲੀਟੈਂਟਾਂ ਨੂੰ ਪ੍ਰਮਾਣਿਕਤਾ ਅਤੇ ਹਮਦਰਦੀ ਨਾਲ ਪੇਸ਼ ਕਰਨ ਦਾ ਭਰਮ ਸਿਰਜਦੀ ਇਹ ਫ਼ਿਲਮ ਅਸਲ ਵਿਚ ਪੰਜਾਬ ਅਤੇ ਪੰਜਾਬ ਦੇ ਸਿੱਖ ਮਿਲੀਟੈਂਟਾਂ ਨੂੰ ਹੀ ਕਥਾ ਵਿੱਚੋਂ ਬਾਹਰ ਕਰ ਦਿੰਦੀ ਹੈ। ਇਸ ਵਿਚ ਪੰਜਾਬ ਅਤੇ ਪੰਜਾਬ ਦੀ ਮਿਲੀਟੈਂਸੀ ਦੇ ਬਸ ਪਰਛਾਵੇਂ ਮਾਤਰ ਹਨ ਜਿਹੜੇ ਕਿਤੇ ਮੱਧਮ ਰੂਪ ਵਿਚ ਅਤੇ ਕਿਤੇ ਗੂੜ੍ਹੇ ਰੂਪ ਵਿਚ ਨਜ਼ਰ ਆਉਂਦੇ ਹਨ। ਫ਼ਿਲਮ ਹਿੰਦੀ ਵਿਚ ਬਣਦੀ ਹੈ, ਲਿਹਾਜ਼ਾ ਹਿੰਦੀ ਬਹੁ-ਗਿਣਤੀ ਦਰਸ਼ਕ ਨੂੰ ਸੇਧਿਤ ਉਪਭੋਗਤਾ ਦੇ ਰੂਪ ਵਿਚ ਮਿੱਥ ਦੀ ਹੈ। ਪੰਜਾਬ ਇਸ ਦਾ ਇੱਕੋ ਇੱਕ ਉਪਭੋਗੀ ਨਹੀਂ। ਇਸ ਤੋਂ ਬਿਨ੍ਹਾਂ ਇਸ ਨੇ ਸੈਂਸਰ ਬੋਰਡ ਵਿੱਚੋਂ ਵੀ ਗੁਜ਼ਰਨਾ ਹੈ, ਇਹ ਬੋਰਡ ਉਸੇ ਧਰਮ-ਨਿਰਪੱਖ ਪ੍ਰਭਾਵੀ ਵਿਚਾਰਧਾਰਾ ਦਾ ਅੰਗ ਹੈ ਜਿਸ ਨੂੰ ਧਰਮ ਅਤੇ ਧਾਰਮਿਕ ਪਛਾਣਾਂ ਸਰਵਜਨਕ ਚੁਗਿਰਦੇ ਵਿਚ ਖ਼ਤਰਨਾਕ ਨਜ਼ਰ ਆਉਂਦੀਆਂ ਹਨ। ਘੱਟ ਗਿਣਤੀ ਦੀ ਧਾਰਮਿਕ ਪਛਾਣ ਨੂੰ ਖ਼ਤਰਨਾਕ ਮੰਨਣ ਵਾਲੀ ਵਿਚਾਰਧਾਰਾ ਨਾਲ ਫ਼ਿਲਮ ਦਾ ਇਕਸੁਰ ਹੋਣਾ, ਇਸ ਦੀ ਪ੍ਰਵਾਨਗੀ, ਵਿਕਰੀ ਅਤੇ ਆਲੋਚਨਾਤਮਕ ਹੱਲਾਸ਼ੇਰੀ ਦਾ ਸਬਬ ਬਣ ਜਾਂਦਾ ਹੈ। ਇਸ ਵਿਚਲੀ ਬਿੰਬਕਾਰੀ ਦਰਸ਼ਕ ਨੂੰ ਜਿੱਥੇ ਇੱਕ ਪਾਸੇ ਕੁਝ ਇਕ ਸੰਕੇਤਾਂ (ਪਿੰਡ, ਘਰ, ਮੱਝਾਂ, ਹਾਕੀ, ਚੁੱਲ੍ਹੇ ਚੌਂਕੇ 'ਚ ਕੰਮ ਕਰਦੀ ਮਾਂ) ਰਾਹੀਂ ਇਹ ਆਭਾਸ ਦਿੰਦੀ ਹੈ ਕਿ ਇਹ ਪੰਜਾਬ ਅਤੇ ਪੰਜਾਬ ਦੇ ਮੁੰਡਿਆਂ ਦੇ ਹਿੰਸਾ ਦੇ ਰਸਤੇ 'ਤੇ ਤੁਰ ਜਾਣ ਦੀ ਵਾਰਤਾ ਹੈ, ਉੱਥੇ ਦੂਜੇ ਪਾਸੇ ਇਹ ਪੰਜਾਬ ਦੀ ਭੂਗੋਲਿਕਤਾ (ਫ਼ਿਲਮ ਦਾ ਲੱਗਭਗ ਪੌਣਾ ਹਿੱਸਾ ਹਿਮਾਚਲ 'ਚ ਵਾਪਰਦਾ ਹੈ), ਪੰਜਾਬ ਦੀ ਭਾਸ਼ਾ (ਫ਼ਿਲਮ ਦੀ ਭਾਸ਼ਾ ਹੰਦੀ ਹੈ) ਅਤੇ ਪੇਸ਼ ਧਿਰ ਦੀ ਪ੍ਰਮਾਣਿਕ ਸਿੱਖ ਪਛਾਣ (ਘਰਾਂ ਨੂੰ ਤਿਆਗ ਆਏ ਸਾਰੇ ਮੁੰਡੇ ਨਾ ਕੇਵਲ ਮੋਨੇ ਹਨ, ਸਗੋਂ ਦਿੱਖ ਪੱਖੋਂ ਗ਼ੈਰ-ਪੰਜਾਬੀ ਵੀ ਹਨ।) ਨੂੰ ਨੁਕਸਾਨ ਕੇ ਧਰਮ-ਨਿਰਪੱਖਤਾ ਦਾ ਦਾਅਵਾ ਹੀ ਪੇਸ਼ ਨਹੀਂ ਕਰਦੀ ਸਗੋਂ ਪੰਜਾਬ ਤੋਂ ਬਾਹਰ ਬਹੁ-ਗਿਣਤੀ ਦਰਸ਼ਕ ਲਈ ਇਸ ਫ਼ਿਲਮ ਦੀ ਕਥਾ ਨਾਲ ਇਕਮਿਕ ਹੋਣ ਦੀ ਪ੍ਰਕਿਰਿਆ ਨੂੰ ਵੀ ਆਸਾਨ ਕਰ ਦਿੰਦੀ ਹੈ। ਇਹ ਫ਼ਿਲਮ ਇਸ ਕਰਕੇ ਯਾਦ ਕੀਤੀ ਜਾਂਦੀ ਰਹੇਗੀ ਕਿ ਇਸ ਨੇ ਮਿਲੀਟੈਂਟਾਂ ਨੂੰ ਹਮਦਰਦੀ ਨਾਲ ਚਿਤਰਦਿਆਂ ਉਨ੍ਹਾਂ ਦੀ ਸਥਾਪਿਤ ਅਤੇ ਪ੍ਰਚਲਿਤ ਤੋਂ ਵੱਖਰੀ ਅਤੇ ਵਧੇਰੇ ਮਾਨਵੀ ਛਵੀ ਪ੍ਰਦਾਨ ਕੀਤੀ, ਇਸ ਫ਼ਿਲਮ ਨੂੰ ਇਸ ਕਰਕੇ ਵੀ ਯਾਦ ਕੀਤਾ ਜਾਵੇਗਾ ਕਿ ਇਸ ਨੇ ਸਿੱਖ ਮਿਲੀਟੈਂਸੀ ਦੀ ਦਿੱਖ ਅਤੇ ਉਸ ਦੇ ਸਾਰ ਨੂੰ ਬਹੁ-ਗਿਣਤੀ ਦੇ ਦਾਬੇ ਥੱਲੇ ਬਹੁਤ ਹੀ ਲੁਕਵੇਂ ਪਰ ਸ਼ਕਤੀਸ਼ਾਲੀ ਤਰੀਕੇ ਨਾਲ ਪਿੱਛੇ ਧੱਕ ਦਿੱਤਾ। ਫ਼ਿਲਮ 'ਮਾਚਿਸ' ਬਾਬਤ ਅੰਤਿਮ ਗੱਲ ਜੈਂਡਰ ਅਤੇ ਵਿਰੋਧ-ਲਿੰਗਕਤਾ (੍ਹeਟeਰੋਸeਣੁaਲਟੇ) ਦੇ ਹਵਾਲੇ ਨਾਲ ਕਰਨੀ ਹੈ। ਔਰਤ ਅਤੇ ਮਰਦ ਨੂੰ ਵਿਰੋਧੀ/ਵੱਖਰੇ ਰੂਪ ਵਿਚ ਚਿਤਰ ਉਨ੍ਹਾਂ ਨੂੰ ਪਹਿਲਾਂ ਨਿਰਧਾਰਿਤ ਰੂਪਾਂ ਅਧੀਨ ਘੜ੍ਹਨਾ ਪਿਤਾ-ਪੁਰਖੀ ਸੰਰਚਨਾਵਾਂ ਦੀ ਕੇਂਦਰੀ ਪ੍ਰਕਿਰਿਆ ਰਹੀ ਹੈ। ਇਸ ਨਾਲ ਔਰਤ ਦੀ ਅਧੀਨਗੀ ਅਤੇ ਮਰਦ ਦੀ ਪ੍ਰਭੂਸੱਤਾ ਹੀ ਨਿਸ਼ਚਿਤ ਨਹੀਂ ਹੁੰਦੀ ਸਗੋਂ ਸੱਤਾ/ਸੰਘਰਸ਼ ਦੀਆਂ ਹੋਰ ਵਿਭਿੰਨ ਸੰਰਚਨਾਵਾਂ ਵੀ ਇਸ ਰਾਹੀਂ ਪ੍ਰਪੱਕ ਹੁੰਦੀਆਂ ਹਨ। ਸੰਕਟ ਸਮਿਆਂ ਵਿਚ ਤਾਂ ਵਿਰੋਧ-ਲਿੰਗਕਤਾ ਅਤੇ ਇਸ ਰਾਹੀਂ ਪਿਤਾ-ਪੁਰਖੀ ਤੰਤਰ ਦੀ ਸਥਾਪਤੀ ਹੋਰ ਵੀ ਵਧੇਰੇ ਸਮੱਗਰ ਰੂਪ ਵਿਚ ਹੋਣ ਲੱਗਦੀ ਹੈ। ਸੰਕਟ ਸਮੇਂ ਹਿੰਸਾ ਦੇ ਪ੍ਰਵਚਨ ਦੀ ਚੌਧਰ ਔਰਤ ਹੋਂਦ ਦੇ ਪ੍ਰਸ਼ਨ ਖ਼ਾਮੋਸ਼ ਹੀ ਨਹੀਂ ਕਰਵਾਉਂਦੀ ਸਗੋਂ ਉਸ ਨੂੰ ਪਿੱਛੇ ਵੀ ਧੱਕ ਦਿੰਦੀ ਹੈ। ਹਿੰਸਾ ਵਿਰੋਧ-ਲਿੰਗਕਤਾ ਨੂੰ ਪੱਕਿਆਂ ਕਰਕੇ ਹਿੰਸਾ ਦੇ ਦਾਬੇ ਥੱਲੇ ਔਰਤ ਹੋਂਦ ਨੂੰ ਹੀਣੀ ਕਰਦੀ ਹੈ, ਇਸ ਮਸਲੇ ਦੇ ਸਮਾਨਾਂਤਰ ਇਸ ਫ਼ਿਲਮ ਦੇ ਪ੍ਰਸੰਗ ਵਿਚ ਪ੍ਰਸ਼ਨ ਇਹ ਹੈ ਕਿ ਇਹ ਫ਼ਿਲਮ ਇਸ ਮਸਲੇ ਨਾਲ ਕਿਸ ਤਰ੍ਹਾਂ ਦੋ ਚਾਰ ਹੁੰਦੀ ਹੈ? ਕੀ ਇਹ ਸੰਕਟ ਸਮੇਂ ਔਰਤ ਦੀ ਹੋਂਦ ਨੂੰ ਸਮੱਸਿਆ ਵਿਚ ਘਿਰੀ ਦਿਖਾਉਂਦੀ ਹੈ? ਕੀ ਇਹ ਉਸ ਦੇ ਅਸਤਿਤਵ ਬਾਬਤ ਕੋਈ ਬਦਲਵਾਂ ਸਾਰਥਕ ਹੁੰਗਾਰਾ ਸਿਰਜ ਪਾਉਂਦੀ ਹੈ ਜਾਂ ਇਹ ਸਥਾਪਿਤ ਨੂੰ ਹੀ ਹੋਰ ਸਥਾਪਿਤ ਕਰਦੀ ਹੈ? ਫ਼ਿਲਮ ਵਿਚ ਵੀਰਾਂ ਇਕ ਮਹੱਵਪੂਰਨ ਪਾਤਰ ਹੈ। ਇਸ ਦੇ ਭਾਵੁਕ ਹੁੰਗਾਰਿਆਂ ਦੇ ਚਿਤਰਨ ਰਾਹੀਂ ਫ਼ਿਲਮ ਦੁਖਾਂਤ ਨੂੰ ਹੋਰ ਡੂੰਘਾ ਪੇਸ਼ ਕਰਨ ਵਿਚ ਸਫ਼ਲ ਹੁੰਦੀ ਹੈ। ਵੀਰਾਂ ਫ਼ਿਲਮ ਵਿਚ ਭੈਣ ਅਤੇ ਪ੍ਰੇਮਿਕਾ ਦੇ ਦੋਹਰੇ ਰੋਲ ਵਿਚ ਪੇਸ਼ ਹੁੰਦੀ ਹੈ। ਦੋਵਾਂ ਹੀ ਭੂਮਿਕਾਵਾਂ ਵਿਚ ਉਹ ਬੇਹੱਦ ਭਾਵੁਕ, ਚਿੰਤਤ ਅਤੇ ਡਰੀ ਹੋਈ ਹੈ। ਉਸ ਦੀ ਭਾਵੁਕਤਾ, ਉਸ ਦਾ ਡਰ ਅਤੇ ਉਸ ਦੀ ਘਬਰਾਹਟ ਪਿਤਾ-ਪੁਰਖੀ ਬਣਤਰ ਦੇ ਪ੍ਰਸੰਗ ਵਿਚ ਦਰਸ਼ਕ ਨੂੰ ਸਕੂਨ ਦਿੰਦੀ ਹੈ। ਮਾਂ ਦੇ ਮਰ ਜਾਣ ਅਤੇ ਭਰਾ ਦੇ ਪੁਲਿਸ ਦੁਆਰਾ ਚੱਕ ਕੇ ਲੈ ਜਾਣ ਤੋਂ ਬਾਅਦ ਉਹ ਆਪਣੇ ਮੰਗੇਤਰ ਅਤੇ ਪ੍ਰੇਮੀ ਪਾਲੀ ਦੀਆਂ ਪੈੜਾਂ ਚੁਣਦੀ-ਚੁਣਦੀ ਮਿਲੀਟੈਂਟ ਲਹਿਰ ਵਿਚ ਸ਼ਾਮਿਲ ਹੋ ਜਾਂਦੀ ਹੈ। ਇਕ ਵਕਫ਼ੇ ਬਾਅਦ ਉਹ ਜਦੋਂ ਫ਼ਿਲਮ ਦੇ ਚਿਤਰਪੱਟ ਤੇ ਮੁੜ ਨਮੂਦਾਰ ਹੁੰਦੀ ਹੈ, ਉਦੋਂ ਉਸ ਦੀ ਪਛਾਣ ਮਿਜ਼ਾਈਲ ਦੇ ਸ਼ਾਰਪ-ਸ਼ੂਟਰ ਵਜੋਂ ਕਰਾਈ ਜਾਂਦੀ ਹੈ। ਇਸ ਪਛਾਣ ਦੀ ਆਮਦ ਇਕ ਪਲ ਤਾਂ ਇਹ ਸੰਕੇਤ ਕਰਦੀ ਹੈ ਕਿ ਹੁਣ ਫ਼ਿਲਮ ਵਿਰੋਧ-ਲਿੰਗਕਤਾ ਦੇ ਹਵਾਲੇ ਤੈਅ-ਸ਼ੁਦਾ ਭੂਮਿਕਾਵਾਂ ਦੇ ਕੁਝ ਆਰ-ਪਾਰ ਫ਼ੈਲੇਗੀ। ਪਰ ਅਗਲੇ ਹੀ ਪਲ ਫ਼ਿਲਮਕਾਰ ਦੁਆਰਾ ਉਸ ਦੀ ਮੁਲਾਕਾਤ ਪਾਲੀ ਨਾਲ ਕਰਵਾ ਦਿੱਤੀ ਜਾਂਦੀ ਹੈ ਅਤੇ ਜਿਉਂ ਹੀ ਉਹ ਪਾਲੀ ਦੇ ਰੂ-ਬ-ਰੂ ਹੁੰਦੀ ਹੈ, ਔਰਤ/ਪ੍ਰੇਮਿਕਾ ਦੇ ਤਮਾਮ ਤੈਅ ਸ਼ੁਦਾ ਰੋਲਾਂ ਦਾ ਪ੍ਰਸੰਗ ਕਾਰਜਸ਼ੀਲ ਹੋ ਜਾਂਦਾ ਹੈ। ਭਾਵੁਕਤਾ/ਸਮਰਪਣ ਪ੍ਰਗਟ ਹੋ ਜਾਂਦਾ ਹੈ ਤੇ ਬਾਵਜੂਦ ਸ਼ਾਰਪ-ਸ਼ੂਟਰ ਹੋਣ ਦੇ ਉਹ ਸੁਸ਼ੀਲ ਗ੍ਰਹਿਣੀ ਦੇ ਰੋਲ ਨੂੰ ਨਿਭਾਉਂਦੀ ਪੇਸ਼ ਹੋਣ ਲੱਗਦੀ ਹੈ। ਘਰ ਦੇ ਸਾਰੇ ਕੰਮ (ਸਫ਼ਾਈ ਕਰਨਾ, ਖਾਣਾ ਬਣਾਉਣਾ, ਭਾਂਡੇ ਸਾਫ਼ ਕਰਨਾ) ਉਹ ਖ਼ੁਦ ਆਪਣੇ ਜ਼ਿੰਮੇ ਲੈ ਜੈਂਡਰ ਸਿਰਜਣਾ ਦੇ ਪ੍ਰਚਲਿਤ ਪ੍ਰਭਾਵੀ ਪ੍ਰਸੰਗ ਨੂੰ ਹੋਰ ਸ਼ਕਤੀ ਪ੍ਰਦਾਨ ਕਰ ਦਿੰਦੀ ਹੈ। ਵੀਰਾਂ ਨੂੰ ਔਰਤ ਦੇ ਪਰੰਪਰਾਗਤ ਤੋਂ ਵੀ ਵੱਧ ਰੂੜ੍ਹ ਰੂਪ (ਵੀਰਾਂ ਆਪਣੇ ਤਮਾਮ ਸਰੀਰਕ ਅਤੇ ਭਾਵੁਕ ਹੁੰਗਾਰਿਆਂ ਨਾਲ ਔਰਤਤਵ ਦਾ ਲੁਭਾਉਣਾ ਰੂਪ ਹੈ।) ਵਿਚ ਪੇਸ਼ ਕਰਨਾ ਕਲਪਤ ਪਿਤਾ-ਪੁਰਖੀ ਤੰਤਰ ਦੇ ਅਨੁਸਾਰੀ ਦਰਸ਼ਕ ਨੂੰ ਬੇਹੱਦ ਸੁਖਦ ਅਹਿਸਾਸ ਵਿਚ ਬੰਨ੍ਹ ਦਿੰਦਾ ਹੈ। ਜਿਹੜੀ ਅਸੁਵਿਧਾ ਸੰਕਟ ਸਮੇਂ ਨੂੰ ਦੇਖਦਿਆਂ ਦਰਸ਼ਕ ਨੂੰ ਮਹਿਸੂਸ ਹੁੰਦੀ ਹੈ, ਉਸ ਨੂੰ ਵੀਰਾਂ ਦੇ ਪਾਤਰ ਰਾਹੀਂ ਮੁਆਵਜ਼ਾ ਅਦਾ ਕਰ ਦਿੱਤਾ ਜਾਂਦਾ ਹੈ। 

ਪੰਜਾਬ ਸੰਕਟ ਨਾਲ ਸਬੰਧਿਤ ਦੂਸਰੀ ਫ਼ਿਲਮ 'ਹਵਾਏਂ' ਹੈ। ਸੰਨ ੨੦੦੩ ਵਿਚ ਪ੍ਰਦਰਸ਼ਿਤ ਹੋਈ ਇਸ ਫ਼ਿਲਮ ਦਾ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਾਇਕ ਅਮਿਤੋਜ ਮਾਨ ਹੈ। ਪ੍ਰਸਿੱਧ ਗਾਇਕ ਬੱਬੂ ਮਾਨ ਨੇ ਇਸ ਫ਼ਿਲਮ ਦੇ ਗੀਤਾਂ ਨੂੰ ਲਿਖਿਆ, ਸੰਗੀਤਬੱਧ ਕੀਤਾ ਅਤੇ ਗਾਇਆ ਹੈ। ਬੱਬੂ ਮਾਨ ਇਸ ਫ਼ਿਲਮ ਵਿਚ ਮਹੱਤਵਪੂਰਨ ਭੂਮਿਕਾ ਵੀ ਅਦਾ ਕਰਦਾ ਹੈ। ਲਗਭਗ ਤਿੰਨ ਘੰਟੇ ਦੀ ਲੰਮੀ ਅਵਧੀ ਵਿਚ ਫ਼ੈਲੀ ਇਸ ਫ਼ਿਲਮ ਨੂੰ ਸੰਗੀਤ ਸੁਖਵਿੰਦਰ ਨੇ ਦਿੱਤਾ ਹੈ; ਫ਼ਿਲਮ ਦੇ ਸੰਵਾਦ ਹਰਜੀਤ ਸਿੰਘ ਨੇ ਲਿਖੇ ਹਨ। ਫ਼ਿਲਮ ਦੇ ਨਿਰਮਾਤਾ ਨਿਪੀ ਧਨੋਆ ਹਨ। ਇਹ ਫ਼ਿਲਮ ਸੰਪੂਰਨ ਰੂਪ ਵਿਚ ਯੂਟਿਊਬ 'ਤੇ ਉਪਲਬਧ ਹੈ ਅਤੇ 4,07,975 ਲੋਕ ਹੁਣ ਤੱਕ ਇਸ ਦੀ ਯਾਤਰਾ ਕਰ ਚੁੱਕੇ ਹਨ। ਇਸ ਫ਼ਿਲਮ ਨੂੰ ਲਗਭਗ ਇਕ ਸਾਲ ਪਹਿਲਾਂ ਯੂਟਿਊਬ 'ਤੇ ਚੜਾਇਆ ਗਿਆ ਹੈ। ਫ਼ਿਲਮ ਹਿੰਦੀ ਭਾਸ਼ਾ ਵਿਚ ਬਣਾਈ ਗਈ, ਲਿਹਾਜ਼ਾ ਇਸ ਦਾ ਟਾਰਗੈੱਟ ਦਰਸ਼ਕ ਪੰਜਾਬ ਤੋਂ ਬਾਹਰ ਵੀ ਕਲਪਿਆ ਗਿਆ ਹੈ। ਟਾਰਗੈੱਟ ਦਰਸ਼ਕ ਦੀ ਇਹ ਚੋਣ ਫ਼ਿਲਮ ਦੀ ਟੈਕਸਟ ਨੂੰ ਨਿਰਧਾਰਿਤ ਕਰਨ ਵਿਚ ਆਪਣਾ ਰੋਲ ਅਦਾ ਕਰਦੀ ਹੈ। ਇਸ ਫ਼ਿਲਮ ਦਾ ਵਾਪਰਨ ਸਥਾਨ ਦਿੱਲੀ ਤੇ ਪੰਜਾਬ ਹੈ ਅਤੇ ਵਾਪਰਨ ਕਾਲ ਨਵੰਬਰ 1984 ਤੋਂ ਲੈ ਕੇ ਅਗਲੇ ਕੁਝ ਸਾਲਾਂ ਤੱਕ ਫ਼ੈਲਿਆ ਹੋਇਆ ਹੈ। ਫ਼ਿਲਮ ਦੀ ਬਣਤਰ ਮੁਖ-ਧਾਰਾਈ ਹਿੰਦੀ ਸਿਨਮੇ ਦੀ ਅਨੁਸਾਰੀ ਹੈ। ਲਿਹਾਜ਼ਾ ਹਿੰਸਾ, ਇਸ਼ਕ ਅਤੇ ਯਾਰੀ ਦੀਆਂ ਪਰੰਪਰਾਗਤ ਸਮੀਕਰਨਾਂ ਇਸ ਫ਼ਿਲਮ ਦੀ ਕੰਗਰੋੜ ਹਨ। ਇਹ ਫ਼ਿਲਮ ਨਵੰਬਰ 1984 ਵਿਚ ਦਿੱਲੀ/ਭਾਰਤ ਵਿਚ ਹੋਏ ਸਿੱਖ ਕਤਲੇਆਮ ਰਾਹੀਂ ਜਿੱਥੇ ਇਕ ਪਾਸੇ ਭਾਰਤੀ ਸਟੇਟ ਦੇ ਫ਼ਿਰਕੂ ਚਿਹਰੇ ਨੂੰ ਨਸ਼ਰ ਕਰਦੀ ਹੈ, ਉੱਥੇ ਇਹ ਪੰਜਾਬ ਦੇ ਹਿੰਸਕ ਦੌਰ ਨੂੰ ਜ਼ੁਬਾਨ ਦਿੰਦੀ ਪੰਜਾਬ ਦੀ ਉਲਝੀ ਤਾਣੀ ਦਾ ਬਿੰਬ ਉਘਾੜਦੀ ਹੈ। ਇਨ੍ਹਾਂ ਦੋ ਗੰਭੀਰ ਮੁੱਦਿਆਂ ਦੇ ਨਾਲ-ਨਾਲ ਇਸ਼ਕ, ਯਾਰੀ ਅਤੇ ਪਰਿਵਾਰਕ ਰਿਸ਼ਤਿਆਂ ਦੀ ਤੰਦ ਫ਼ਿਲਮ ਨੂੰ ਸਾਧਾਰਨ ਪਾਠਕ ਦੀ ਰੁਚੀ ਹਿੱਤ ਲੋੜੀਂਦਾ ਮਸਾਲਾ ਵੀ ਮੁਹੱਈਆ ਕਰਵਾਉਂਦੀ ਹੈ। ਇਸ ਫ਼ਿਲਮ ਵਿਚ ਇੱਕੋ ਵੇਲੇ ਏਨਾ ਕੁਝ ਹੈ ਕਿ ਇਸ ਦੇ ਵਸਤੂ ਅਤੇ ਇਸ ਦੀ ਪਹੁੰਚ ਬਾਰੇ ਕੋਈ ਸਪਸ਼ਟ ਰਾਇ ਬਣਾਉਣੀ ਥੋੜ੍ਹੀ ਮੁਸ਼ਕਲ ਹੋ ਜਾਂਦੀ ਹੈ। ਇਸ ਫ਼ਿਲਮ ਦੀ ਚਰਚਾ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਸ ਫ਼ਿਲਮ ਬਾਬਤ ਇਕ ਤੱਥ ਇਹ ਹੈ ਕਿ ਜਿਸ ਵਕਤ ਇਹ ਫ਼ਿਲਮ ਸੈਂਸਰ ਬੋਰਡ ਕੋਲ ਪਾਸ ਹੋਣ ਲਈ ਭੇਜੀ ਜਾਂਦੀ ਹੈ, ਉਸ ਵਕਤ ਕੇਂਦਰ ਵਿਚ ਬੀ.ਜੇ.ਪੀ. ਦਾ ਰਾਜ ਸੀ। ਬਲਜਿੰਦਰ ਨਸਰਾਲੀ ਦਾ ਕਹਿਣਾ ਹੈ ਕਿ ਜੇ ਕੇਂਦਰ ਵਿਚ ਬੀ.ਜੇ.ਪੀ. ਦੀ ਸਰਕਾਰ ਨਾ ਹੁੰਦੀ ਤਾਂ ਇਸ ਫ਼ਿਲਮ ਦਾ ਸੈਂਸਰ ਬੋਰਡ ਤੋਂ ਪਾਸ ਹੋਣਾ ਹੀ ਮੁਸ਼ਕਲ ਸੀ। 

ਇਸ ਫ਼ਿਲਮ ਦਾ ਪਹਿਲਾ ਪ੍ਰਸੰਗ ਦਿੱਲੀ ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੇ ਵਹਿਸ਼ੀਆਨਾ ਕਤਲ ਨਾਲ ਸਬੰਧਿਤ ਹੈ। ਫ਼ਿਲਮ ਦਾ ਨਾਇਕ ਸਰਬਜੀਤ (ਅਮਿਤੋਜ ਮਾਨ) ਅਤੇ ਉਸ ਦਾ ਪਰਿਵਾਰ ਦਿੱਲੀ ਵਿਚ ਰਹਿੰਦੇ ਹਨ। ਸਰਬਜੀਤ ਦੇ ਪਿਤਾ ਭਾਰਤੀ ਫੌਜ ਦੇ ਸਾਬਕਾ ਬ੍ਰਿਗੇਡੀਅਰ ਹਨ ਤੇ ਉਨ੍ਹਾਂ ਦੀ ਹਰ ਗੱਲ ਵਿੱਚੋਂ ਦੇਸ਼ ਭਗਤੀ ਫੁੱਟ-ਫੁੱਟ ਪੈਂਦੀ ਹੈ; ਕਿਤੇ ਪਾਕਿਸਤਾਨੀ ਫੌਜ ਤੋਂ ਜੰਗ ਜਿੱਤਣ ਦੇ ਗੰਭੀਰ ਮੁੱਦੇ ਰਾਹੀਂ ਅਤੇ ਕਿਤੇ ਅਨੁਸ਼ਾਸਨ ਦੀ ਰਟ ਦੇ ਮਜ਼ਾਕੀਆ ਮੁੱਦੇ ਰਾਹੀਂ। ਫ਼ਿਲਮ ਦੇ ਆਰੰਭ ਵਿਚ ਹੀ ਬਲੂ-ਸਟਾਰ ਅਪਰੇਸ਼ਨ ਦਾ ਜ਼ਿਕਰ ਆਉਂਦਾ ਹੈ, ਜਿਸ ਨੂੰ ਨਾਇਕ ਦਾ ਬ੍ਰਿਗੇਡੀਅਰ ਪਿਤਾ ਇਕ ਵਾਰ ਨਿੰਦਣ ਤੋਂ ਬਾਅਦ ਇਸ ਗੱਲ ਰਾਹੀਂ ਉਚਿਤ ਠਹਿਰਾਉਣ ਲੱਗ ਜਾਂਦਾ ਹੈ ਕਿ 'ਉਹਨਾਂ' ਨੇ ਵੀ ਤਾਂ ਅਕਾਲ ਤਖ਼ਤ ਨੂੰ ਹਥਿਆਰਾਂ ਅਤੇ ਸਮਾਜ-ਵਿਰੋਧੀ ਕਾਰਵਾਈਆਂ ਦਾ ਕੇਂਦਰ ਬਣਾ ਲਿਆ ਸੀ। ਇਸ ਤੇ ਨੌਜਵਾਨ ਪੁੱਤਰ ਸਰਬਜੀਤ ਤਿੱਖਾ ਪ੍ਰਤਿਕਰਮ ਦਿੰਦਾ ਹੈ ਕਿ ਜਦੋਂ ਹਥਿਆਰ ਅਕਾਲ ਤਖ਼ਤ ਦੀ ਜੂਹ ਵਿਚ ਜਾ ਰਹੇ ਸਨ, ਉਦੋਂ ਸਰਕਾਰ ਕੀ ਸੁੱਤੀ ਪਈ ਸੀ। ਇਸ 'ਤੇ ਬ੍ਰਿਗੇਡੀਅਰ ਪਿਤਾ ਆਪਣੇ ਪੁੱਤਰ ਅਤੇ ਇਸ ਫ਼ਿਲਮ ਦੇ ਨਾਇਕ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦਾ ਹੈ ਕਿ ਜਿਸ ਗੱਲ ਦਾ ਤੈਨੂੰ ਪਤਾ ਨਹੀਂ, ਉਸ ਬਾਬਤ ਗੱਲ ਨਾ ਕਰ। ਫ਼ਿਲਮ ਦਾ ਇਹ ਆਰੰਭਲਾ ਸੀਕੁਐਂਸ ਇਕ ਸਿੱਖ ਨੂੰ ਦੇਸ਼-ਭਗਤ ਦਿਖਾ ਕੇ ਉਸ ਦੀ ਸਵੀਕ੍ਰਿਤੀ ਬਹੁ-ਗਿਣਤੀ ਦੀਆਂ ਨਜ਼ਰਾਂ ਵਿਚ ਪੱਕੀ ਕਰਦਾ ਹੈ। ਇਸ ਨਾਲ ਇਕ ਸਿੱਖ-ਵਿਸ਼ੇਸ਼ ਹੀ ਪ੍ਰਵਾਨ ਨਹੀਂ ਚੜ੍ਹਦਾ ਸਗੋਂ ਫ਼ਿਲਮ ਦਾ ਇਕ ਹਿੱਸਾ ਵੀ ਪ੍ਰਵਾਨ ਚੜ੍ਹਦਾ ਹੈ। ਇਸ ਸੀਕੁਐਂਸ ਵਿਚ ਪਿਤਾ ਦੀ ਘੁਰਕੀ ਦਾ ਪ੍ਰਸੰਗ ਇਹ ਚਿੰਨ੍ਹਤ ਕਰਨ ਵਿਚ ਕਾਮਯਾਬ ਹੁੰਦਾ ਹੈ ਕਿ ਤਾਕਤਵਰ ਧਿਰ ਕਮਜ਼ੋਰ ਧਿਰ ਨੂੰ ਅਕਸਰ ਇਹ ਕਹਿ ਕੇ ਚੁੱਪ ਕਰਵਾ ਦਿਆ ਕਰਦੀ ਹੈ ਕਿ ਤੈਨੂੰ ਇਸ ਬਾਰੇ ਕੁਝ ਨਹੀਂ ਪਤਾ, ਬੇਸ਼ੱਕ ਸੱਚਾਈ ਇਸ ਤੋਂ ਵਿਪਰੀਤ ਹੀ ਕਿਉਂ ਨਾ ਹੋਵੇ। ਬ੍ਰਿਗੇਡੀਅਰ ਪਿਤਾ ਦੀ ਦੇਸ਼-ਭਗਤੀ ਬਹੁ-ਗਿਣਤੀ ਸੈਕੂਲਰ ਦਰਸ਼ਕ ਦੇ ਮਨ ਵਿਚ ਸਿੱਖ ਹੋਂਦ ਨੂੰ ਪ੍ਰਵਾਨ ਚੜ੍ਹਾ, ਅਗਲੇ ਮਰਹਲਿਆਂ ਵਿਚ ਸਿੱਖ ਹੋਂਦ ਪ੍ਰਤਿ ਉਸ ਦੀ ਹਮਦਰਦੀ ਨੂੰ ਪੱਕਿਆਂ ਕਰਦੀ ਹੈ। ਬ੍ਰਿਗੇਡੀਅਰ ਪਿਤਾ ਦੇ ਸਮੇਤ ਜਦੋਂ ਨਾਇਕ ਸਰਬਜੀਤ ਦਾ ਸਾਰਾ ਪਰਿਵਾਰ (ਸਿਰਫ਼ ਦਾਦੀ ਬਚਦੀ ਹੈ) ਕਤਲੇਆਮ (ਸਰਬਜੀਤ ਦੀ ਜੁਆਨ ਵਿਆਹ ਲਈ ਤਿਆਰ ਭੈਣ ਨੂੰ ਖੁਆਰ ਕਰਨ ਤੋਂ ਬਾਅਦ ਮਾਰਿਆ ਜਾਂਦਾ ਹੈ।) ਦੀ ਭੇਟ ਚੜ੍ਹ ਜਾਂਦਾ ਹੈ ਤਾਂ ਫ਼ਿਲਮ ਕੇਵਲ ਸਿੱਖਾਂ ਦੇ ਕਤਲ ਦੇ ਸੋਗ ਨੂੰ ਮਨਾਉਣ ਦੀ ਧੁਨੀ ਨਹੀਂ ਪ੍ਰਸਾਰਦੀ ਸਗੋਂ ਦੇਸ਼-ਭਗਤ ਸਿੱਖਾਂ ਦੇ ਸੋਗ ਨੂੰ ਮਨਾਉਣ ਦੀ ਧੁਨੀ ਪ੍ਰਸਾਰਦੀ ਹੈ। ਨਾਇਕ ਸਰਬਜੀਤ ਦਾ ਆਪਣੇ ਪਰਿਵਾਰ ਦੇ ਕਤਲੇਆਮ ਨੂੰ ਜਾਣਨ ਤੋਂ ਤੁਰੰਤ ਬਾਅਦ ਦਾ ਉਚਾਰ ਇਸ ਪ੍ਰਸੰਗ ਵਿਚ ਵਿਸ਼ੇਸ਼ ਤੌਰ 'ਤੇ ਦੇਖਿਆ ਜਾ ਸਕਦਾ ਹੈ। ਇਹ ਧਰਮ-ਨਿਰਪੱਖ ਭਾਰਤ ਰਾਸ਼ਟਰ ਦਾ ਦਾਬਾ ਹੈ ਕਿ ਫ਼ਿਲਮ ਜਿਉਂਦੇ ਸਿੱਖਾਂ ਨੂੰ ਹੀ ਦੇਸ਼-ਭਗਤ ਨਹੀਂ ਪ੍ਰਸਾਰਦੀ ਸਗੋਂ ਮਰਿਆਂ ਲਈ ਹਮਦਰਦੀ ਵੀ ਦੇਸ਼-ਭਗਤੀ ਦੇ ਹਵਾਲੇ ਨਾਲ ਹੀ ਪ੍ਰਾਪਤ ਕਰਦੀ ਹੈ। ਫ਼ਿਲਮ 'ਹਵਾਏਂ' ਬਾਵਜੂਦ ਸਿੱਖ ਕਤਲੇਆਮ ਦੇ ਸੰਵੇਦਨਸ਼ੀਲ ਮੁੱਦੇ ਨੂੰ ਛੂਹਣ ਦੇ ਅੰਤ ਨੂੰ ਸਥਾਪਤੀ ਦੀ ਅਨੁਸਾਰੀ ਸਿੱਧ ਹੋ ਜਾਂਦੀ ਹੈ। 

ਇਸ ਫ਼ਿਲਮ ਦੇ ਹਵਾਲੇ ਭਾਰਤ ਵਿਚ ਸਿੱਖ ਕਤਲੇਆਮ ਦੀ ਪੇਸ਼ਕਾਰੀ ਦਾ ਇਕ ਹੋਰ ਪ੍ਰਸੰਗ ਗੌਲਣਯੋਗ ਹੈ। ਇਸ ਪ੍ਰਸੰਗ ਦਾ ਸਬੰਧ ਉਸ ਸੀਕੁਐਂਸ ਨਾਲ ਹੈ ਜਿਸ ਵਿਚ ਦਿੱਲੀ ਕਤਲੇਆਮ ਦੇ ਹਿੰਸਕ ਘਟਨਾਕ੍ਰਮ ਨੂੰ ਫ਼ਿਲਮ ਦੀ ਦ੍ਰਿਸ਼ ਤਰਤੀਬ ਵਿਚ ਗੌਲਣਯੋਗ ਥਾਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਪ੍ਰਸ਼ਨ ਵੀ ਪੈਦਾ ਹੋ ਜਾਂਦਾ ਹੈ ਕਿ ਕੀ ਹਿੰਸਾ ਦੀ ਦ੍ਰਿਸ਼ਕਾਰੀ ਹਮੇਸ਼ਾ ਨਿੰਦਣਯੋਗ ਹੁੰਦੀ ਹੈ। ਹਿੰਸਾ ਦੇ ਦ੍ਰਿਸ਼ ਨਿੰਦਣਯੋਗ ਹਨ ਜਾਂ ਨਹੀਂ, ਇਹ ਉਨ੍ਹਾਂ ਦੇ ਪ੍ਰਕਾਰਜ 'ਤੇ ਨਿਰਭਰ ਕਰਦਾ ਹੈ। ਜੇ ਹਿੰਸਾ ਦੀ ਪੇਸ਼ਕਾਰੀ ਸਿਰਫ਼ ਹਿੰਸਾ ਦੀ ਪੇਸ਼ਕਾਰੀ ਕਾਰਨ ਹੀ ਹੈ, ਤਾਂ ਇਸ ਹਾਲਤ ਵਿਚ ਇਹ ਨਿੰਦਨੀਯ ਹੈ, ਪਰ ਜੇ ਇਹ ਕਿਸੇ ਫ਼ਰਜ਼ ਜਾਂ ਪੇਸ਼ਕਾਰੀ ਦੀ ਨੈਤਿਕਤਾ ਵਿੱਚੋਂ ਪੇਸ਼ ਹੁੰਦੀ ਹੈ ਤਾਂ ਇਹ ਸਵੀਕਾਰਨ ਯੋਗ ਹੈ। ਹਿੰਸਾ ਅਤੇ ਵਿਸ਼ੇਸ਼ ਤੌਰ ਦੇਹ 'ਤੇ ਹੁੰਦੀ ਹਿੰਸਾ ਦਾ ਮਸਲਾ ਇਸ ਕਾਰਨ ਵੀ ਮਹੱਤਵਪੂਰਨ ਹੈ ਕਿ ਇਸ ਨਾਲ ਸਟੇਟ-ਹਿੰਸਾ ਦਾ ਸ਼ਿਕਾਰ ਹੋਈ ਦੇਹ ਜ਼ੁਬਾਨ ਅਖਤਿਆਰ ਕਰਦੀ ਹੈ। ਮਧੋਲੀ, ਖ਼ਰਾਬ ਕੀਤੀ ਅਤੇ ਸਾੜੀ ਗਈ ਦੇਹ ਅਜਿਹੀ ਹਾਸ਼ੀਆਗਤ ਧਿਰ ਹੈ, ਜਿਸ ਨੂੰ ਅਕਸਰ ਬੋਲ ਨਹੀਂ ਮਿਲਦਾ। ਫ਼ਿਲਮ 'ਹਵਾਏਂ' ਦੀ ਇਹ ਅਹਿਮ ਪ੍ਰਾਪਤੀ ਹੈ ਕਿ ਇਹ ਦਿੱਲੀ ਵਿਚ ਸਿੱਖ ਕਤਲੇਆਮ ਨੂੰ ਕੇਵਲ ਭਾਵੁਕ ਹਵਾਲਿਆਂ ਨਾਲ ਹੀ ਨਹੀਂ ਚਿਤਰਦੀ ਸਗੋਂ ਇਸ ਤੋਂ ਵੀ ਵੱਧ ਸਮਰੱਥਾ ਨਾਲ ਇਹ ਇਸ ਤ੍ਰਾਸਦੀ ਨੂੰ ਦੇਹ 'ਤੇ ਹੋਏ ਜ਼ੁਲਮਾਂ ਦੀ ਦ੍ਰਿਸ਼ਕਾਰੀ ਰਾਹੀਂ ਉਭਾਰਦੀ ਹੈ। ਏਥੇ ਇਹ ਗੱਲ ਗੌਲਣਯੋਗ ਹੈ ਕਿ ਮਾਨਸਿਕ ਸੰਕਟਾਂ ਦਾ ਦੇਹੀ ਤੋਂ ਬਿਨ੍ਹਾਂ ਕੋਈ ਅਸਤਿਤਵ ਨਹੀਂ ਹੁੰਦਾ। ਦੇਹੀ ਤੇ ਹਮਲੇ ਅਤੇ ਦੇਹੀ ਦੇ ਜ਼ਖਮ ਲੰਮੀ ਔਧ ਦੇ ਮਾਲਕ ਹੁੰਦੇ ਹਨ। ਦਿੱਲੀ ਕਤਲੇਆਮ ਵਿਚ ਸਿੱਖ ਦੇਹਾਂ ਨਾਲ ਕੀਤੇ ਤਸ਼ੱਦਦ ਦੀ ਇਹ ਪੇਸ਼ਕਾਰੀ ਇਸ ਫ਼ਿਲਮ ਨੂੰ ਇਕ ਮਹੱਤਵਪੂਰਨ ਦਸਤਾਵੇਜ਼ ਵਜੋਂ ਸਥਾਪਿਤ ਕਰ ਦਿੰਦੀ ਹੈ। 

ਦਿੱਲੀ ਕਤਲੇਆਮ ਦੀ ਪੇਸ਼ਕਾਰੀ ਤੋਂ ਬਾਅਦ ਫ਼ਿਲਮ ਦੀ ਕਥਾ ਦਾ ਵਾਪਰਨ ਸਥਾਨ ਪੰਜਾਬ ਹੋ ਜਾਂਦਾ ਹੈ। ਪੰਜਾਬ ਵਿਚ ਹਿੰਸਾ ਹੋਰ ਤਰ੍ਹਾਂ ਦੀ ਹੈ ਅਤੇ ਇਸ ਦੇ ਕਾਰਨ ਵੀ ਹੋਰ ਹਨ। ਏਥੇ ਹਿੰਸਾ ਦੀ ਬਹੁਤੀ ਦ੍ਰਿਸ਼ਕਾਰੀ ਕਿਸੇ ਹੋਰ ਵੱਡੇ ਮਕਸਦ ਨੂੰ ਪੂਰਦੀ ਨਜ਼ਰ ਨਹੀਂ ਆਉਂਦੀ। ਸਮੇਂ ਦੀ ਦਹਿਸ਼ਤ ਅਤੇ ਹਿੰਸਾ ਨੂੰ ਚਿਤਰਨ ਲਈ ਬੇਸ਼ੱਕ ਹਿੰਸਾ ਦੇ ਕੁਝ ਸੀਕੁਐਂਸ ਲਾਜ਼ਮੀ ਸਨ, ਪਰ ਫ਼ਿਲਮ ਵਿਚ ਜਿੰਨੇ ਵੱਡੇ ਪੱਧਰ 'ਤੇ ਅਤੇ ਜਿੰਨੇ ਲੰਮੇ ਦ੍ਰਿਸ਼ਾਂ ਰਾਹੀਂ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਹੈ, ਉਨ੍ਹਾਂ ਕਾਰਨ ਫ਼ਿਲਮ ਦੀ ਗੰਭੀਰਤਾ ਹੀ ਨਸ਼ਟ ਨਹੀਂ ਹੁੰਦੀ, ਪ੍ਰਭਾਵ ਵੀ ਪੇਤਲਾ ਹੋ ਜਾਂਦਾ ਹੈ। ਫ਼ਿਲਮ ਦੀ ਗੰਭੀਰਤਾ ਨੂੰ ਨਸ਼ਟ ਕਰਨ ਅਤੇ ਪ੍ਰਭਾਵ ਨੂੰ ਪੇਤਲਾ ਕਰਨ ਵਿਚ ਹੋਰ ਭੂਮਿਕਾ ਮੂਲ ਘਟਨਾਵੀਂ ਪ੍ਰਸੰਗ ਤੋਂ ਏਧਰ ਓਧਰ ਤੁਰਿਆ ਫ਼ਿਰਨ ਵਾਲਾ ਇਸ਼ਕੀਆ ਪ੍ਰਸੰਗ ਨਿਭਾਉਂਦਾ ਹੈ। ਫ਼ਿਲਮ 'ਮਾਚਿਸ' ਵਿਚ ਪ੍ਰੇਮ ਦਾ ਪ੍ਰਸੰਗ ਮੂਲ ਕਥਾ ਦਾ ਅਭਿੰਨ ਅੰਗ ਹੈ, ਬਲਕਿ ਉਹ ਹੀ ਕਥਾ ਦੀ ਮੂਲ ਤੰਦ ਹੈ। ਫ਼ਿਲਮ 'ਮਾਚਿਸ' ਦਾ ਸਮੁੱਚਾ ਤਾਣਾ-ਬਾਣਾ ਅਤੇ ਤ੍ਰਾਸਦੀ ਦਾ ਸਾਰਾ ਪ੍ਰਸੰਗ ਇਸ਼ਕ ਦੇ ਪ੍ਰਸੰਗ ਅਧੀਨ ਹੀ ਘਟਦਾ ਹੈ। ਉਸ ਫ਼ਿਲਮ ਵਿਚ ਪ੍ਰੇਮ-ਪ੍ਰਸੰਗ ਬੇਹੱਦ ਸਾਰਥਕ ਹੈ। ਪਰ 'ਹਵਾਏਂ' ਫ਼ਿਲਮ ਵਿਚ ਇਸ਼ਕ ਦੇ ਦੋ ਪ੍ਰਸੰਗ ਹਨ ਪਰ ਦੋਵਾਂ ਦਾ ਹੀ ਕਥਾ ਦੇ ਤ੍ਰਾਸਦਕ ਖਾਸੇ ਨਾਲ ਕੋਈ ਡੂੰਘਾ ਸਬੰਧ ਨਹੀਂ। ਫ਼ਿਲਮ ਦੀਆਂ ਦੋਵੇਂ ਨਾਇਕਾਵਾਂ ਦਰਸ਼ਕ ਨੂੰ ਸਿਵਾਇ ਤੱਕਣੀ ਦਾ ਆਨੰਦ ਦੇਣ ਤੋਂ ਕੋਈ ਪ੍ਰਕਾਰਜ ਨਹੀਂ ਪੂਰਦੀਆਂ। 'ਹਵਾਏਂ' ਫ਼ਿਲਮ ਵਿਚ ਦਾਦੀ ਨੂੰ ਛੱਡ ਕੇ ਬਾਕੀ ਤਮਾਮ ਇਸਤਰੀ ਪਾਤਰਾਂ ਦੀ ਹੋਂਦ ਬਹੁਤ ਕਮਜ਼ੋਰ ਕਿਸਮ ਦੀ ਹੈ। ਦਾਦੀ ਦੇ ਭਾਵੁਕ ਹੁੰਗਾਰੇ ਬੇਸ਼ੱਕ ਫ਼ਿਲਮ ਦੇ ਤ੍ਰਾਸਦਕ ਅਨੁਭਵ ਨੂੰ ਗਹਿਰਾਉਣ ਵਿਚ ਭੂਮਿਕਾ ਅਦਾ ਕਰਦੇ ਹਨ। ਪਰ ਬਾਕੀ ਸਾਰੇ ਪਾਤਰ ਸਜਾਵਟ ਅਤੇ ਥਾਂ-ਪੂਰਤੀ ਤੋਂ ਵੱਧ ਕੁਝ ਨਹੀਂ। ਦੋਵੇਂ ਨਾਇਕਾਵਾਂ ਇਸ ਕਾਰਨ ਹਨ ਕਿ ਮੁਖ-ਧਾਰਾਈ ਹਿੰਦੀ ਫ਼ਿਲਮ ਦੇ ਨਿਰਧਾਰਿਤ ਫ਼ਾਰਮੂਲੇ ਅਨੁਸਾਰ ਫ਼ਿਲਮ ਵਿਚ ਪ੍ਰੇਮ ਪ੍ਰਸੰਗ ਲੋੜੀਂਦਾ ਹੈ। ਜੇ ਨਾਇਕ ਨੂੰ ਦੋ ਨਾਇਕਾਵਾਂ ਪਿਆਰ ਕਰਨ ਤਾਂ ਇਹ ਪਿਤਾ-ਪੁਰਖੀ ਤੰਤਰ ਦੇ ਅਨੁਸਾਰੀ ਪਾਤਰ ਨੂੰ ਹੋਰ ਵੀ ਭਾਏਗਾ। ਸੋ ਇਹ ਸੋਚ ਇਕ ਦੀ ਜਗ੍ਹਾ ਦੋ ਨਾਇਕਾਵਾਂ ਨੂੰ ਫ਼ਿਲਮ ਦੀ ਕਥਾ ਦਾ ਹਿੱਸਾ ਬਣਾ ਦਿੰਦੀ ਹੈ। ਪਹਿਲੀ ਨਾਇਕਾ ਨਾਇਕ ਨੂੰ ਲੱਭਣ ਵਿਚ ਮਸਰੂਫ਼ ਰਹਿੰਦੀ ਹੈ (ਕਿਤੇ ਕਿਤੇ ਪੰਜਾਬ ਦੇ ਹਿੰਸਕ ਸੰਘਰਸ਼ ਦੇ ਪੱਖ ਵਿਚ ਲਿਖਦੀ ਹੈ।) ਅਤੇ ਦੂਜੀ ਉਸ ਨਾਲ ਹਿੰਸਕ ਸੰਘਰਸ਼ ਦੇ ਰਸਤੇ 'ਤੇ ਤੁਰ ਜਾਂਦੀ ਹੈ। ਇਹ ਫ਼ਿਲਮ ਵੀ 'ਮਾਚਿਸ' ਫ਼ਿਲਮ ਵਾਂਗ ਹੀ, ਭਾਵੇਂ ਉਸ ਤੋਂ ਕਿਤੇ ਵੱਧ ਹਲਕੇ ਢੰਗ ਨਾਲ, ਵਿਰੋਧ-ਲਿੰਗਕਤਾ ਨੂੰ ਅਤੇ ਔਰਤ-ਮਰਦ ਸਬੰਧਾਂ ਅਤੇ ਤੈਅ ਸ਼ੁਦਾ ਭੂਮਿਕਾਵਾਂ ਦੇ ਹਵਾਲੇ ਸਥਾਪਿਤ ਪਿਤਾ-ਪੁਰਖੀ ਤੰਤਰ ਦਾ ਝੰਡਾ ਬੁਲੰਦ ਕਰਦੀ ਹੈ। 

ਇਸ ਫ਼ਿਲਮ ਸਬੰਧੀ ਚਰਚਾ ਦਾ ਇਕ ਕੇਂਦਰੀ ਸਮੱਸਿਆਕਾਰ ਮਿਲੀਟੈਂਸੀ ਅਤੇ ਮਿਲੀਟੈਂਟ ਧਿਰਾਂ ਦੀ ਬਿੰਬਕਾਰੀ ਦੀ ਸਿਆਸਤ ਨੂੰ ਸਮਝਣ ਨਾਲ ਸਬੰਧਿਤ ਹੈ। ਇਹ ਜੋ ਸਿਆਸਤ ਪੇਸ਼ ਕਰਦੀ ਹੈ, ਉਸ ਨਾਲ ਹੀ ਜੁੜੀ ਹੋਈ ਨਹੀਂ ਸਗੋਂ ਇਸ ਦੀਆਂ ਤੰਦਾਂ ਉਸ ਨਾਲ ਵੀ ਜੁੜੀਆਂ ਹੋਈਆਂ ਹਨ, ਜਿਸ ਨੂੰ ਇਸ ਨੇ ਪੇਸ਼ ਨਹੀਂ ਕੀਤਾ। ਬੀਤੇ ਸਮੇਂ ਦੇ ਯਥਾਰਥ ਨੂੰ ਸਮਕਾਲੀ ਯਥਾਰਥ ਦੇ ਨੁਕਤਾ ਨਜ਼ਰ ਤੋਂ ਪੇਸ਼ ਕਰਨ ਵੇਲੇ ਬਹੁਤ ਸਾਰੇ ਉਪਲਬਧ ਦ੍ਰਿਸ਼ਾਂ ਤੋਂ ਕੁਝ ਨੂੰ ਚੁਣਿਆ ਅਤੇ ਕੁਝ ਨੂੰ ਪਰੇ ਸੁੱਟ ਦਿੱਤਾ, ਇਹ ਕਿਸੇ ਮਾਸੂਮ ਅੰਤਰ-ਦ੍ਰਿਸ਼ਟੀ ਕਾਰਨ ਨਹੀਂ ਵਾਪਰਿਆ, ਸਗੋਂ ਇਸ ਨੂੰ ਫ਼ਿਲਮਕਾਰ, ਬਾਜ਼ਾਰ ਅਤੇ ਹਕੂਮਤ ਦੀ ਦਿਸਦੀ/ਅਦਿਸਦੀ ਸੱਤਾ ਨੇ ਸੰਰਚਿਤ ਕੀਤਾ ਹੈ। ਇਸ ਤੋਂ ਸਮਕਾਲ ਦੀਆਂ ਤੰਦਾਂ ਦੀ ਵਿਆਕਰਨ ਸਮਝ ਆਉਂਦੀ ਹੈ। ਫ਼ਿਲਮ ਵਿਚ ਦੋ ਤਰ੍ਹਾਂ ਦੇ ਮਿਲੀਟੈਂਟ ਸਮੂਹ ਹਨ; ਇਕ ਵਿਚ ਨਾਇਕ ਸਰਬਜੀਤ (ਅਮਿਤੋਜ ਮਾਨ) ਅਤੇ ਸਹਿ ਨਾਇਕ ਤੇਜਿੰਦਰ ਸਿੰਘ ਕਾਨਪੁਰੀਆ (ਬੱਬੂ ਮਾਨ) ਮੌਜੂਦ ਹਨ। ਇਹ ਦੋਵੇਂ ਆਪਣੇ ਗਰੁੱਪ ਦੇ ਆਗੂ ਹਨ। ਇਸ ਗਰੁੱਪ ਵਿਚ ਵਿਭਿੰਨ ਜਾਤਾਂ, ਜਮਾਤਾਂ ਅਤੇ ਲਿੰਗਾਂ ਦੇ ਮੈਂਬਰ ਸ਼ਾਮਿਲ ਹਨ। ਇਸ ਵਿਚ ਇਕ ਹਿੰਦੂ ਹੈ, ਕੁਝ ਮੋਨੇ ਸਿੱਖ ਹਨ, ਇਕ ਕਾਮਰੇਡ ਹੈ, ਇਕ ਭਾਊ ਹੈ, ਇਕ ਸਾਬਤ-ਸੂਰਤ ਸਿੱਖ ਹੈ ਅਤੇ ਇਕ ਬੀਬੀ ਹੈ। ਇਸ ਗਰੁੱਪ ਦੇ ਪ੍ਰਮੁੱਖ ਮੈਂਬਰ ਦਿੱਲੀ ਕਤਲੇਆਮ ਜਾਂ ਪੰਜਾਬ ਵਿਚਲੇ ਪੁਲਿਸ ਤਸ਼ੱਦਦ (ਸਰਬਜੀਤ ਦੇ ਮਾਮਲੇ ਵਿਚ ਦੋਵੇ ਚੀਜ਼ਾਂ ਹੁੰਦੀਆਂ ਹਨ) ਜਾਂ ਹੋਰ ਵਿਅਕਤੀਗਤ ਪ੍ਰਸੰਗਾਂ ਵਿਚ ਸਿਸਟਮ ਦੀ ਧੱਕੇਸ਼ਾਹੀ ਦੀ ਉਪਜ ਹਨ। ਇਸ ਤਰੀਕੇ ਮਿਲੀਟੈਂਟਾਂ ਦੀ ਬਣਤਰ ਬਹੁਤ ਸੈਕੂਲਰ ਹੈ। ਹੁਣ ਭਲਾ ਕਿਸੇ ਮਿਲੀਟੈਂਟ ਗਰੁੱਪ ਦੀ ਇਸ ਕਿਸਮ ਦੀ ਸੈਕੂਲਰ ਬਣਤਰ 'ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਅਸਲ ਵਿਚ ਇਤਰਾਜ਼ ਇਸ ਗਰੁੱਪ ਵਿਸ਼ੇਸ਼ ਦੀ ਸੈਕੂਲਰ ਬਣਤਰ ਰਾਹੀਂ ਪ੍ਰਸਾਰਿਤ ਹੁੰਦੇ ਵਿਚਾਰਧਾਰਕ ਪ੍ਰਵਚਨ ਨਾਲ ਹੈ ਜਿਹੜਾ ਅਕਸਰ ਘੱਟ ਗਿਣਤੀਆਂ ਦੇ ਖ਼ਿਲਾਫ਼ ਭੁਗਤਦਾ ਹੈ। ਦੂਸਰੀ ਗੱਲ ਇਹ ਕਿ ਕਿਸੇ ਸੰਘਰਸ਼ ਲਈ ਵਿਭਿੰਨ ਜਾਤਾਂ, ਜਮਾਤਾਂ ਅਤੇ ਧਰਮਾਂ ਦੇ ਲੋਕਾਂ ਦਾ ਇਕੱਠਾ ਹੋਣ ਹਮੇਸ਼ਾ ਹੀ ਸ਼ੁਭ ਸ਼ਗਨ ਹੁੰਦਾ ਹੈ, ਪਰ ਇਹ ਇਕੱਠਾ ਹੋਣਾ ਜਦੋਂ ਪੰਜਾਬ ਸੰਕਟ ਅਤੇ ਪੰਜਾਬ ਦੀ ਮਿਲੀਟਂੈਟ ਮੂਵਮੈਂਟ ਦੇ ਮਾਮਲੇ ਵਿਚ ਪੇਸ਼ ਹੁੰਦਾ ਹੈ ਤਾਂ ਇਸ ਨਾਲ ਪੰਜਾਬ ਸੰਕਟ ਦੇ ਪੈਦਾ ਹੋਣ ਪਿੱਛੇ ਕਾਰਜਸ਼ੀਲ ਕਾਰਨਾਂ ਅਤੇ ਮੰਗਾਂ ਦਾ ਪ੍ਰਸੰਗ ਧੁੰਧਲਾ ਹੋ ਜਾਂਦਾ ਹੈ। ਇਕ ਹੋਰ ਅਹਿਮ ਗੱਲ ਇਹ ਹੈ ਕਿ ਇਹ ਗਰੁੱਪ ਸੈਕੂਲਰ ਹੈ, ਇਸ ਕਾਰਨ ਇਸ ਦਾ ਪੰਜਾਬ ਬਾਬਤ ਅਤੇ ਸਿੱਖ ਹੋਂਦ ਬਾਬਤ ਸਟੇਟ ਵੱਲੋਂ ਕੀਤੀਆਂ ਜ਼ਿਆਦਤੀਆਂ ਅਤੇ ਰੱਖੀਆਂ ਮੰਗਾਂ ਦਾ ਪ੍ਰਸੰਗ ਗ਼ੈਰਹਾਜ਼ਰ ਹੋ ਜਾਂਦਾ ਹੈ। ਸੈਕੂਲਰ ਦੀ ਸਰਬ-ਵਿਆਪਕਤਾ ਅਤੇ ਪ੍ਰਭਾਵਸ਼ੀਲਤਾ ਇਸ ਕਦਰ ਸ਼ਕਤੀਸ਼ਾਲੀ ਹੈ ਕਿ ਇਸ ਦੀਆਂ ਟੇਢਾਂ ਬਾਬਤ ਕੁਝ ਕਹਿਣਾ ਆਪਣੇ ਲਾਜ਼ਮੀ ਪ੍ਰਤਿਫ਼ਲ ਵਜੋਂ ਕੱਟੜਵਾਦ ਸਿੱਧ ਹੋ ਜਾਂਦਾ ਹੈ। ਜ਼ਿਜ਼ਕ ਸੈਕੂਲਰ ਦੇ ਪੱਛਮੀ ਰੂਪ ਬਹੁ-ਸਭਿਆਚਾਰਵਾਦ ਨੂੰ ਸਮਕਾਲੀ ਜੀਵਨ ਦੀ ਖ਼ਤਰਨਾਕ ਬਣਤਰ ਸਵੀਕਾਰਦਾ ਹੈ। 

ਫ਼ਿਲਮ 'ਹਵਾਏਂ' ਵਿਚ ਨਾਇਕ ਅਤੇ ਸਹਿ-ਨਾਇਕ ਦੇ ਉਪਰੋਕਤ ਸੈਕੂਲਰ ਗਰੁੱਪ ਦੇ ਸਮਾਨਾਂਤਰ ਦੂਸਰਾ ਵਿਰੋਧੀ ਗਰੁੱਪ ਬਲਦੇਵ ਸਿੰਘ ਦਾ ਹੈ। ਇਸ ਦੀ ਬਣਤਰ ਸੈਕੂਲਰ ਨਹੀਂ, ਇਸ ਗਰੁੱਪ ਦੇ ਪ੍ਰਮੁਖ ਮੈਂਬਰ ਸਿੱਖ ਜੱਟ ਕਿਸਾਨੀ ਵਿੱਚੋਂ ਜਾਪਦੇ ਹਨ। ਆਪਣੀ ਬਣਤਰ ਅਤੇ ਮੈਂਬਰਾਂ ਦੀ ਦਾੜੀ ਅਤੇ ਪੱਗ ਵਾਲੀ ਦਿਖ ਕਾਰਨ ਇਹ ਪਹਿਲੀ ਨਜ਼ਰੇ ਸੰਕਟ ਵੇਲੇ ਦੇ ਗਰੁੱਪਾਂ ਦਾ ਆਭਾਸ ਦਿੰਦਾ ਹੈ। ਪਰ ਇਸ ਆਰੰਭਲੇ ਆਭਾਸ ਤੋਂ ਤੁਰੰਤ ਬਾਅਦ ਇਹ ਗਰੁੱਪ ਜਿਉਂ ਹੀ ਕਾਲੇ ਕਾਰਨਾਮੇ (ਆਮ ਲੋਕਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਖੇਡਣਾ, ਨਜਾਇਜ਼ ਕਤਲ ਕਰਨੇ, ਪੈਸੇ ਉਗਰਾਉਣਾ, ਅਗਵਾ ਕਰਨਾ ਵਗੈਰਾ ਵਗੈਰਾ) ਨਸ਼ਰ ਹੁੰਦੇ ਹਨ, ਇਹ ਗਰੁੱਪ ਦਰਸ਼ਕ ਦੀ ਨਜ਼ਰ ਵਿਚ ਇਸ ਤਥਾ-ਕਥਿਤ ਗਰੁੱਪ ਨੂੰ ਨਫ਼ਰਤ ਦਾ ਪਾਤਰ ਬਣਾ ਦਿੰਦੇ ਹਨ। ਹੁਣ ਮਸਲਾ ਇਹ ਹੈ ਕਿ ਨਾਇਕ ਧਿਰ ਦੇ ਸੈਕੂਲਰ ਅਤੇ ਚੰਗਿਆਈ ਨਾਲ ਭਰੇ ਮਿਲੀਟੈਂਟ ਗਰੁੱਪ ਦੇ ਵਿਰੋਧ ਵਿਚ ਕਮੀਨਗੀਆਂ ਨਾਲ ਭਰੇ ਕਤਲ ਅਤੇ ਲੁੱਟਾਂ ਖੋਹਾਂ ਵਾਲੇ ਗਰੁੱਪ ਨੂੰ ਰੱਖਣ ਦੇ ਪੰਜਾਬ ਸੰਕਟ ਦੇ ਵਡੇਰੇ ਪ੍ਰਸੰਗ ਵਿਚ ਅਰਥ ਕੀ ਬਣਦੇ ਹਨ। ਅਜਿਹਾ ਕਰਨ ਦਾ ਪਹਿਲਾ ਅਰਥ ਕਿ ਜੋ ਸੈਕੂਲਰ ਹੈ ਉਹ ਚੰਗਾ ਹੈ ਅਤੇ ਉਹ ਬੁਰਾ ਹੈ ਜੋ ਸੈਕੂਲਰ ਨਹੀਂ। ਕਿਉਂਕਿ ਸੈਕੁਲਰ ਦੀ ਸੰਕਲਪਨਾ ਧਰਮ/ਧਾਰਮਿਕ ਬਣਤਰਾਂ ਦੇ ਵਿਰੋਧ ਰਾਹੀਂ ਹੋਈ ਹੈ, ਇਸ ਕਾਰਨ ਜੋ ਸੈਕੂਲਰ ਨਹੀਂ ਉਹ ਧਰਮ ਕੇਂਦਰਤ ਹੈ (ਭਾਵੇਂ ਦਿਖ ਦੀ ਪੱਧਰ 'ਤੇ ਹੀ) ਅਤੇ ਅੰਤ ਨੂੰ ਜੋ ਧਰਮ ਕੇਂਦਰਤ ਹੈ, ਉਹ ਸਾਰਾ ਹੀ ਬੁਰਾ ਹੈ। ਨਤੀਜਨ ਪੰਜਾਬ ਮਿਲੀਟੈਂਸੀ ਦਾ ਬਹੁਤ ਹਿੱਸਾ ਬੁਰਾ ਹੀ ਸੀ, ਲਿਹਾਜ਼ਾ ਸੰਘਰਸ਼ ਵੀ ਨਿਰਾਰਥਕ ਅਤੇ ਤਰਕ-ਵਿਹੂਣਾ ਹੀ ਸੀ। ਇਸ ਸਾਰੇ ਕਾਸੇ ਨੂੰ ਹੋਰ ਨਿਰਾਰਥਕ ਦੱਸਣ ਲਈ ਪਕਿਸਤਾਨ ਦੀ ਏਜੰਸੀ ਆਈ.ਐਸ.ਆਈ. ਦੀ ਭੂਮਿਕਾ ਨੂੰ ਕੁਝ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਨਹੀਂ ਕਿ ਆਈ.ਐਸ.ਆਈ. ਦਾ ਰੋਲ ਨਹੀਂ ਹੋਵੇਗਾ, ਜ਼ਰੂਰ ਹੋਵੇਗਾ, ਬਲਕਿ ਸੀ, ਪਰ ਇਹ ਦਿਖਾਉਣਾ ਕਿ ਆਈ.ਐਸ.ਆਈ. ਹੀ ਸਭ ਤੋਂ ਪ੍ਰਭਾਵੀ ਤੰਤਰ ਸੀ, ਸੰਕਟ ਸਮੇਂ ਦੇ ਕਾਰਨਾਂ ਨੂੰ ਤਲਾਸ਼ਣ ਤੋਂ ਬਚਣ ਲਈ ਇਕ ਬਲੀ ਦਾ ਬੱਕਰਾ ਹੀ ਹੈ। ਬਲਜਿੰਦਰ ਨਸਰਾਲੀ ਹੋਰੀਂ ਠੀਕ ਕਹਿੰਦੇ ਹਨ ਕਿ ਆਈ.ਐਸ.ਆਈ. ਸੰਕਟ ਨੂੰ ਪੈਦਾ ਕਰਨ ਵਾਲੀ ਧਿਰ ਦੀ ਬਜਾਇ ਉਸ ਨੂੰ ਕੈਸ਼ ਕਰਨ ਵਾਲੀ ਧਿਰ ਸੀ। 

ਫ਼ਿਲਮ 'ਹਵਾਏਂ' ਬਾਵਜੂਦ ਕੁਝ ਸਾਰਥਕ ਕਰਨ ਦੇ ਅੰਤ ਨੂੰ ਫ਼ਿਲਮ 'ਮਾਚਿਸ' ਵਾਂਗ ਹੀ ਭਾਰਤ ਦੇ ਧਰਮ-ਨਿਰਪੱਖ ਰਾਸ਼ਟਰਵਾਦੀ ਪ੍ਰਵਚਨ ਦੀ ਗੁਲਾਮੀ ਦਾ ਸ਼ਿਕਾਰ ਹੋ ਜਾਂਦੀ ਹੈ। ਇਕ ਫ਼ਿਲਮ ਦੀ ਗੁਲਾਮੀ ਕੋਈ ਵੱਡੀ ਗੱਲ ਨਹੀਂ ਪਰ ਵੱਡੀ ਗੱਲ ਇਹ ਹੈ ਕਿ ਇਹ ਫ਼ਿਲਮ ਆਪਣੇ ਨਾਲ ਉਸ ਮਸਲੇ ਵਿਸ਼ੇਸ਼ ਨੂੰ ਵੀ ਤੋੜ-ਮਰੋੜ ਜਾਂਦੀ ਹੈ, ਜਿਹੜਾ ਪੈਦਾ ਹੀ ਇਸ ਵਿਚਾਰਧਾਰਾ ਨੇ ਕੀਤਾ ਸੀ। ਇਸ ਕਾਰਨ ਪੰਜਾਬ ਵਿਚ ਹਜ਼ਾਰਾਂ ਮਾਸੂਮ ਮਾਰੇ ਗਏ ਅਤੇ ਜਿਨ੍ਹਾਂ ਦੇ ਜ਼ਖ਼ਮ ਹਾਲੇ ਤੱਕ ਵਾਰਸਾਂ ਦੇ ਮਨਾਂ ਵਿਚ ਅੱਲੇ ਹਨ। ਫ਼ਿਲਮ ਦਾ ਅੰਤ ਤਾਂ ਜ਼ਾਹਰਾ ਰੂਪ ਵਿਚ ਹੀ ਸੈਕੂਲਰਵਾਦ ਦੇ ਦਾਬੇ ਥੱਲੇ ਪੰਜਾਬ ਦੇ ਸੰਘਰਸ਼ ਜਾਂ ਪੰਜਾਬੀ ਮਿਲੀਟੈਂਟਾਂ ਦੀ ਸਾਰਥਕਤਾ ਦਾ ਸਾਰ ਇਕ ਹਿੰਦੂ ਗੁਰੂ ਨੂੰ ਭਾਰਤੀ ਫ਼ੌਜ ਦੀ ਵਰਦੀ ਪਾ ਕੇ ਬਚਾਉਣ ਆਹਲਾ ਕੰਮ ਤੱਕ ਸਮੇਟ ਦਿੱਤਾ ਜਾਂਦਾ ਹੈ। ਇਹ ਫ਼ਿਲਮ ਦਾ ਤੋੜਾ ਹੈ, ਇਹ ਇਸ ਡਰ ਨੂੰ ਪੰਜਾਬੀ ਸੰਕਟ ਦੇ ਗੰਭੀਰ ਵਿਦਿਆਰਥੀਆਂ ਵਿਚ ਪੱਕਾ ਕਰ ਦਿੰਦਾ ਹੈ ਕਿ ਚੰਗਾ ਹੋਵੇ ਕਿ ਇਸ ਦੁਖਾਂਤ 'ਤੇ ਕੋਈ ਫ਼ਿਲਮ ਨਾ ਹੀ ਬਣੇ। 

ਪੰਜਾਬ ਸੰਕਟ ਨਾਲ ਸਬੰਧਿਤ ਤੀਸਰੀ ਫ਼ਿਲਮ 'ਦੇਸ ਹੋਇਆ ਪ੍ਰਦੇਸ' ਹੈ। ਮਨੋਜ ਪੁੰਜ ਦੁਆਰਾ ਨਿਰਦੇਸ਼ਤ ਇਹ ਫ਼ਿਲਮ ਸੰਨ 2004 ਵਿਚ ਪ੍ਰਦਰਸ਼ਿਤ ਹੁੰਦੀ ਹੈ। ਇਸ ਫ਼ਿਲਮ ਦੀ ਕਹਾਣੀ ਕਸ਼ਮੀਰ ਗਿੱਲ ਅਤੇ ਸੂਰਜ ਸਨੀਮ ਨੇ ਸਾਂਝੇ ਰੂਪ ਵਿਚ ਲਿਖੀ ਹੈ। ਪਟਕਥਾ ਲੇਖਨ ਅਤੇ ਸੰਵਾਦ ਇਕੱਲੇ ਸੂਰਜ ਸਨੀਮ ਨੇ ਲਿਖੇ ਹਨ। ਫ਼ਿਲਮ ਦਾ ਸੰਪਾਦਨ ਓਮਕਾਰ ਭਾਖਰੀ ਨੇ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਮਨਜੀਤ ਮਾਨ ਅਤੇ ਕਸ਼ਮੀਰ ਗਿੱਲ ਹਨ। ਫ਼ਿਲਮ ਦਾ ਸੰਪੂਰਨ ਪਾਠ ਪਹਿਲੀਆਂ ਦੋ ਫ਼ਿਲਮਾਂ ਦੀ ਤਰ੍ਹਾਂ ਹੀ ਯੂਟਿਊਬ 'ਤੇ ਉਪਲਬਧ ਹੈ ਅਤੇ ਇਸ ਨੂੰ ਹੁਣ ਤੱਕ ੫੦,੪੩੪ ਲੋਕ ਪੂਰੇ ਜਾਂ ਅਧੂਰੇ ਰੂਪ ਵਿਚ ਯੂਟਿਊਬ 'ਤੇ ਦੇਖ ਚੁੱਕੇ ਹਨ। ਇਸ ਫ਼ਿਲਮ ਨੂੰ ਯੂਟਿਊਬ 'ਤੇ ਅੱਠ ਮਹੀਨੇ ਪਹਿਲਾਂ ਹੀ ਚੜਾਇਆ ਗਿਆ ਹੈ। ਇਹ ਡੈਟਾ ਸੰਕੇਤ ਕਰਦਾ ਹੈ ਕਿ ਭਾਵੇਂ ਪਹਿਲੀਆਂ ਦੋ ਫ਼ਿਲਮਾਂ ਦੀ ਤੁਲਨਾ ਵਿਚ ਇਸ ਫ਼ਿਲਮ ਦੀ ਯੂਟਿਊਬ 'ਤੇ ਆਮਦ ਥੋੜ੍ਹੀ ਦੇਰ ਨਾਲ ਹੀ ਹੋਈ ਹੈ, ਪਰ ਇਸ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਵੀ ਇਹ ਪਤਾ ਲੱਗਦਾ ਕਿ ਇਸ ਫ਼ਿਲਮ ਵਿਚ ਜਨ-ਮਾਨਸ ਨੇ ਬਾਕੀਆਂ ਦੋ ਫ਼ਿਲਮਾਂ ਦੇ ਮੁਕਾਬਲੇ ਘੱਟ ਰੁਚੀ ਦਿਖਾਈ ਹੈ। ਇਸ ਫ਼ਿਲਮ ਦਾ ਵਾਪਰਨ ਕਾਲ ਸੰਨ 1984 ਤੋਂ ਲੈ ਕੇ ਅਗਲੇ ਕੁਝ ਸਾਲਾਂ ਵਿਚ ਫ਼ੈਲਿਆ ਹੋਇਆ ਹੈ। ਫ਼ਿਲਮ ਦਾ ਵਾਪਰਨ ਸਥਾਨ ਪੰਜਾਬ ਅਤੇ ਅਮਰੀਕਾ ਹੈ। ਫ਼ਿਲਮ ਦੇ ਆਰੰਭ ਵਿਚ ਇਹ ਲਿਖਿਆ ਗਿਆ ਹੈ ਕਿ ਇਹ ਫ਼ਿਲਮ ਸੱਚੀ ਘਟਨਾ ਦਾ ਨਾਟਕੀ ਰੂਪਾਂਤਰਣ ਹੈ। ਫ਼ਿਲਮ ਦੀ ਭਾਸ਼ਾ ਪੰਜਾਬੀ ਹੈ। ਜਿਸ ਸਮੇਂ ਇਹ ਫ਼ਿਲਮ ਬਣ ਕੇ ਸਾਹਮਣੇ ਆਉਂਦੀ ਹੈ, ਉਸ ਸਮੇਂ ਤੱਕ ਪਰਵਾਸੀ ਪੰਜਾਬੀਆਂ ਦੇ ਹਵਾਲੇ ਨਾਲ ਅਮਰੀਕਾ, ਕੈਨੇਡਾ ਅਤੇ ਵਲੈਤ ਵੀ ਭਾਵੇਂ ਥੋੜ੍ਹੇ ਛੋਟੇ ਰੂਪ ਵਿਚ ਹੀ ਸਹੀ ਪਰ ਪੰਜਾਬੀ ਫ਼ਿਲਮ ਦੇ ਉਪਭੋਗ ਸਥਾਨ ਬਣ ਗਏ ਸਨ। ਇਸ ਕਾਰਨ ਇਸ ਫ਼ਿਲਮ ਦਾ ਟਾਰਗੈੱਟ ਦਰਸ਼ਕ ਏਧਰਲਾ ਪੰਜਾਬ ਅਤੇ ਵਿਦੇਸ਼ਾਂ ਵਿਚਲਾ ਪੰਜਾਬ ਹੈ। ਇਹ ਫ਼ਿਲਮ ਪਰਵਾਸੀ ਪੰਜਾਬੀ ਨੂੰ ਇਕ ਗੌਲਣਯੋਗ ਉਪਭੋਗੀ ਵਜੋਂ ਦੇਖਦੀ ਹੈ, ਇਸ ਦਾ ਪਤਾ ਇਸ ਦੀ ਕਥਾ ਦੇ ਪਰਵਾਸੀ ਪ੍ਰਸੰਗ ਤੋਂ ਵੀ ਲੱਗ ਜਾਂਦਾ ਹੈ। ਕੁਝ ਗੈਰ ਪੰਜਾਬੀ ਭਾਸ਼ਾਈ ਪਾਤਰਾਂ ਦੇ ਚਲਦਿਆਂ ਭਾਸ਼ਾ ਉਚਾਰਨ ਦੇ ਪੱਖੋਂ ਇਹ ਫ਼ਿਲਮ ਕਾਫ਼ੀ ਸਾਰੀਆਂ ਉਕਾਈਆਂ ਦੀ ਸ਼ਿਕਾਰ ਹੈ। ਇਸ ਦੀ ਮਿਸਾਲ ਨਾਇਕਾ ਜੱਸੀ (ਜੂਹੀ ਚਾਵਲਾ) ਅਤੇ ਸਹਿ-ਨਾਇਕ ਦਰਸ਼ਨ (ਪਰਮੀਤ ਸੇਠੀ) ਦੇ ਉਚਾਰਨ ਲਹਿਜ਼ੇ ਵਿੱਚੋਂ ਦੇਖੀ ਜਾ ਸਕਦੀ ਹੈ। ਇਸ ਇੱਕ ਉਕਾਈ ਨੂੰ ਛੱਡ ਕੇ ਇਹ ਫ਼ਿਲਮ ਆਪਣੀ ਵਿਚਾਰਧਾਰਕ ਸੀਮਾ ਦੇ ਅੰਦਰ-ਅੰਦਰ ਇਕ ਸਾਰਥਕ ਅਤੇ ਸੰਵੇਦਨਸ਼ੀਲ ਫ਼ਿਲਮ ਹੈ। 

ਫ਼ਿਲਮ ਦੀ ਕਥਾ ਉਤਰ-ਚੁਰਾਸੀ ਦੌਰ ਵਿਚ ਪੰਜਾਬ ਦੇ ਇਕ ਅਜਿਹੇ ਪਰਿਵਾਰ ਦੀ ਕਹਾਣੀ ਹੈ, ਜਿਹੜਾ ਨਿਰਦੋਸ਼ ਅਤੇ ਮਾਸੂਮ ਹੋਣ ਦੇ ਬਾਵਜੂਦ ਹਿੰਸਾ ਦੀ ਕਾਲੀ ਹਨੇਰੀ ਵਿਚ ਤਬਾਹ ਹੋ ਜਾਂਦਾ ਹੈ। ਪਰਿਵਾਰ ਦੀ ਨਿਰਦੋਸ਼ਤਾ ਅਤੇ ਮਾਸੂਮੀਅਤ ਨੂੰ ਸਿਰਜਣ ਲਈ ਫ਼ਿਲਮ ਦਾ ਵਿਚਾਰਧਾਰਕ ਖਾਸਾ ਇਸ ਪਰਿਵਾਰ ਨੂੰ ਹਰ ਕਿਸਮ ਦੀ ਸਿੱਖ ਸਿਆਸਤ ਤੋਂ ਅਭਿੱਜ ਅਤੇ ਬਹੁਤ ਹੀ ਖੁੱਲ੍ਹੇ-ਡੁੱਲ੍ਹੇੇ ਸੁਖਦ ਮਾਹੌਲ ਵਿਚ ਪ੍ਰਵਾਨ ਚੜ੍ਹਦੇ ਪੇਸ਼ ਕਰਦਾ ਹੈ। ਫ਼ਿਲਮ ਦੇ ਦੂਸਰੇ ਹੀ ਸ਼ੌਟ ਵਿਚ ਘਰ ਦੇ ਇਸ ਮਾਹੌਲ ਨੂੰ ਥਾਂ ਦਿੱਤੀ ਗਈ ਹੈ। ਨਾਇਕ ਗੁਰਸ਼ਾਨ (ਗੁਰਦਾਸ ਮਾਨ) ਦਾ ਪਿਤਾ ਮੀਟ ਬਣਾ ਰਿਹਾ ਹੈ ਤੇ ਉਸ ਨੂੰ ਮੀਟ ਚੱਖਣ ਲਈ ਵਾਜਾਂ ਮਾਰ ਰਿਹਾ ਹੈ, ਮਾਂ ਤੇ ਭੈਣ ਗੁੱਡੀ ਵੀ ਕੋਲ ਹੀ ਬੈਠੀਆਂ ਹਨ, ਗੁਰਸ਼ਾਨ ਦੇ ਮੀਟ ਚੱਖਣ ਤੋਂ ਬਾਅਦ ਗੁੱਡੀ (ਦਿੱਵਿਆ ਦੱਤਾ) ਵੀ ਮੀਟ ਨੂੰ ਚੱਖਣ ਦੀ ਜ਼ਿੱਦ ਕਰਦੀ ਹੈ ਤੇ ਉਹ ਮਨਜ਼ੂਰ ਵੀ ਹੋ ਜਾਂਦੀ ਹੇ। ਇਸੇ ਦੌਰਾਨ ਗੁਰਸ਼ਾਨ ਦੇ ਲੇਟ ਹੋ ਰਹੇ ਵਿਆਹ ਬਾਬਤ ਹਾਸਾ-ਠੱਠਾ ਸ਼ੁਰੂ ਹੋ ਜਾਂਦਾ ਹੈ। ਗੱਲ ਕੀ ਸਭ ਸਵਰਗ ਜਿਹਾ ਹੈ, ਜਿੱਥੇ ਸਭ ਪਿਆਰ ਹੀ ਪਿਆਰ ਹੈ, ਬੁਰਾ ਜਾਂ ਸਿਆਸਤ ਵਰਗਾ ਕੁਝ ਵੀ ਨਹੀਂ। ਬਾਹਰ ਸਾਰੇ ਪੰਜਾਬ ਵਿਚ ਕੀ ਵਾਪਰ ਰਿਹਾ ਹੈ, ਆਪਣੀ ਖੁਸ਼ੀ ਵਿਚ ਇਸ ਦੀ ਪਰਿਵਾਰ ਨੂੰ ਕੋਈ ਖ਼ਬਰ/ਪ੍ਰਵਾਹ ਨਹੀਂ। 

ਯਾਦ ਰਹੇ ਕਿ ਜਿਸ ਸਮੇਂ ਵਿਚ ਉਪਰੋਕਤ ਦ੍ਰਿਸ਼ ਸਥਾਪਿਤ ਕੀਤਾ ਗਿਆ ਹੈ, ਉਹ ਸੰਨ ੧੯੮੫ ਹੈ, ਜਦੋਂ ਅਪਰੇਸ਼ਨ ਬਲੂ-ਸਟਾਰ ਅਤੇ ਦਿੱਲੀ ਦਾ ਸਿੱਖ ਕਤਲੇਆਮ ਦੋਵੇਂ ਦੁਰਘਟਨਾਵਾਂ ਵਾਪਰ ਚੁੱਕੀਆਂ ਸਨ। ਪਰਿਵਾਰ ਆਪਣੇ ਹੀ ਰੰਗਾਂ ਵਿਚ ਖੁਸ਼ ਇਨ੍ਹਾਂ ਦੋਵਾਂ ਦੁਰਘਟਨਾਵਾਂ ਤੋਂ ਅਭਿੱਜ ਹੈ। ਸਾਰੀ ਫ਼ਿਲਮ ਕਿਤੇ ਇਕ ਥਾਂ 'ਤੇ ਕਿਸੇ ਵੀ ਧਿਰ ਵੱਲੋਂ ਇਨ੍ਹਾਂ ਦੋਵਾਂ ਦੁਰਘਟਨਾਵਾਂ ਵੱਲ ਕੋਈ ਇਸ਼ਾਰਾ ਜਾਂ ਸੰਕੇਤ ਨਹੀਂ ਕਰਦੀ। ਫ਼ਿਲਮ ਦਾ ਵਿਚਾਰਧਾਰਕ ਖਾਸਾ ਅਜਿਹਾ ਚੇਤੰਨ ਪੱਧਰ 'ਤੇ ਕਰਦਾ ਹੈ, ਉਹ ਕਥਾ ਦੇ ਕੇਂਦਰ ਵਿਚ ਮੌਜੂਦ ਜੱਟ-ਸਿੱਖ ਪਰਿਵਾਰ ਨੂੰ ਹਰ ਕਿਸਮ ਦੇ ਧਾਰਮਿਕ ਜਾਂ ਰਾਜਨੀਤਕ ਖਾਸੇ ਤੋਂ ਵਿਛੁੰਨ ਕੇ ਉਸ ਨੂੰ ਸ਼ੁੱਧ ਮਾਨਵੀ ਪਰਿਪੇਖ ਵਿਚ ਸਥਿਤ ਕਰਦਾ ਹੈ। ਇਸ ਫ਼ਿਲਮ ਦੇ ਪਾਤਰਾਂ ਦਾ ਉਸ ਵੇਲੇ ਦੀ ਸਿਆਸਤ ਤੋਂ ਅਣਭਿੱਜ ਹੋਣਾ ਇਸ ਤਰ੍ਹਾਂ ਤਾਂ ਮਹਿਸੂਸ ਕਰਵਾਉਂਦਾ ਹੈ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਸੰਨ 1984 ਹੋਵੇ ਤੇ ਪੰਜਾਬ ਦੀ ਜੱਟ ਕਿਸਾਨੀ ਦਾ ਕੋਈ ਇਕ ਪਾਤਰ ਵੀ ਅਕਾਲ ਤਖ਼ਤ ਦੇ ਢਾਹੇ ਜਾਣ ਦੀ ਜਾਂ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੀ ਗੱਲ ਨਾ ਕਰੇ। ਇਸ ਤਰ੍ਹਾਂ ਕਰਨ ਦੀ ਆਪਣੀ ਸਿਆਸਤ ਹੋ ਸਕਦੀ ਹੈ, ਜੇ ਇਹ ਹੈ ਵੀ ਤਾਂ ਇਹ ਇਸ ਕਾਰਨ ਬਹੁਤ ਬੁਰੀ ਨਜ਼ਰ ਨਹੀਂ ਆਉਂਦੀ ਕਿ ਇਸ ਫ਼ਿਲਮ ਵਿਚ ਸਾਧਾਰਨ ਜਨ-ਮਾਨਸ ਦੀ ਪੀੜ੍ਹ ਨੂੰ ਜਿਸ ਬਾਰੀਕੀ ਅਤੇ ਸੰਵੇਦਨਾ ਨਾਲ ਦ੍ਰਿਸ਼ਕਾਰੀ ਵਿਚ ਪਾਇਆ ਗਿਆ ਹੈ, ਉਸ ਵਿਚ ਸਮਕਾਲ ਲਈ ਬਹੁਤ ਸਾਰਥਕ ਸੁਨੇਹਾ ਲੁਪਤ ਹੈ। ਫ਼ਿਲਮ ਨੂੰ ਗੈਰ-ਰਾਜਨੀਤਕ ਬਣਾ ਕੇ ਪੇਸ਼ ਕਰਨਾ ਸਮਕਾਲ ਦੇ ਨੁਕਤਾ-ਨਜ਼ਰ ਤੋਂ ਵੀ ਅਹਿਮ ਹੈ। ਫ਼ਿਲਮ ਇਸ ਤਰ੍ਹਾਂ ਕਰਕੇ ਸਮਕਾਲ ਵਿਚ ਭੂਤ ਦੀ ਰਾਜਨੀਤੀ ਨੂੰ ਸਥਿਤ ਨਹੀਂ ਕਰਦੀ ਸਗੋਂ ਭੂਤ ਦੇ ਸਦਮਿਆਂ ਨੂੰ ਉਨ੍ਹਾਂ ਦੇ ਸ਼ੁੱਧ ਮਾਨਵੀ ਪਰਿਪੇਖ ਵਿਚ ਰੱਖ ਕੇ ਪੇਸ਼ ਕਰਦੀ ਹੈ। ਇਸ ਤਰ੍ਹਾਂ ਕਰਨਾ ਸਦਮਿਆਂ ਭਰੇ ਭੂਤ ਨੂੰ ਸਮਝਣ ਅਤੇ ਪ੍ਰਸਾਰਿਤ ਕਰਨ ਦਾ ਇਕ ਉੱਤਮ ਬਦਲ ਹੰਦਾ ਹੈ, ਬੇਸ਼ੱਕ ਇਸ ਬਦਲ ਦੀਆਂ ਕੁਝ ਆਪਣੀਆਂ ਸੀਮਾਵਾਂ ਵੀ ਹਨ। ਪਹਿਲੀ ਵੱਡੀ ਸੀਮਾ ਤਾਂ ਇਹ ਹੈ ਕਿ ਇਹ ਜਦੋਂ ਕਿਸੇ ਬੀਤੇ ਸੰਕਟਮਈ ਸਮੇਂ ਨੂੰ ਸ਼ੁੱਧ ਮਾਨਵੀ ਪਰਿਪੇਖ ਵਿਚ ਰੱਖ ਕੇ ਪੇਸ਼ ਕਰਦਾ ਹੈ ਤਾਂ ਇਸ ਤਰ੍ਹਾਂ ਉਸ ਸਮੇਂ ਵਿਸ਼ੇਸ਼ ਨੂੰ ਰਾਜਨੀਤਕ ਅਤੇ ਧਾਰਮਿਕ ਪਰਿਪੇਖ ਤੋਂ ਵਿਛੁੰਨ ਦਿੰਦਾ ਹੈ। ਇਸ ਤਰ੍ਹਾਂ ਹੋਣ ਨਾਲ ਪੀੜ੍ਹ ਦੀ ਪੇਸ਼ਕਾਰੀ ਤਾਂ ਸਫ਼ਲ ਹੁੰਦੀ ਹੈ ਪਰ ਪੀੜ੍ਹ ਨੂੰ ਪੈਦਾ ਕਰਨ ਵਾਲੇ ਮਸਲੇ ਤੋਂ ਨਾਤਾ ਟੁੱਟ ਜਾਂਦਾ ਹੈ। ਬੀਤੇ ਦੇ ਸਦਮਿਆਂ ਨੂੰ ਸਿਮਰਨ ਦਾ ਮਕਸਦ ਦੁੱਖ ਦੀ ਗਾਥਾ ਰਾਹੀਂ ਉਨ੍ਹਾਂ ਨੂੰ ਸਮਝ ਤੋਂ ਦੂਰ ਕਰਨਾ ਨਹੀਂ ਹੁੰਦਾ ਸਗੋਂ ਦੁੱਖ ਦੀ ਗਾਥਾ ਰਾਹੀਂ ਉਨ੍ਹਾਂ ਨਾਲ ਨਾਤਾ ਜੋੜਦਿਆਂ ਉਨ੍ਹਾਂ ਨੂੰ ਸਮਝਣ ਦਾ ਹੁੰਦਾ ਹੈ। ਇਹ ਫ਼ਿਲਮ ਦੁੱਖ ਦੀ ਸਥਿਤੀ ਨੂੰ ਬਿਆਨਦੀ ਹੈ ਪਰ ਦੁੱਖ ਦੀ ਗੁੰਝਲ ਵੱਲ ਕੋਈ ਇਸ਼ਾਰਾ ਨਹੀਂ ਕਰਦੀ। ਇਹ ਦੁੱਖ ਦੇ ਦ੍ਰਿਸ਼ ਨੂੰ ਤਾਂ ਬਿਆਨਦੀ ਹੈ ਪਰ ਦੁੱਖ ਦੇ ਦ੍ਰਿਸ਼ ਪਿੱਛੇ ਮੌਜੂਦ ਗੁੰਝਲ ਨੂੰ ਗਿਆਨਕਾਰੀ ਵਿਚ ਨਹੀਂ ਪਾਉਂਦੀ। ਇਸ ਤਰ੍ਹਾਂ ਹੋਣ ਨਾਲ ਇਹ ਭਾਵੁਕ ਅਤੇ ਪੀੜ੍ਹ ਦਾਇਕ ਭੂਤ ਨੂੰ ਜਗਾਉਂਦੀ ਉਸ ਨੂੰ ਮਹਿਜ ਪੀੜ੍ਹਾ ਦਾ ਸਬਬ ਹੀ ਬਣਿਆ ਰਹਿਣ ਦਿੰਦੀ ਹੈ। 

ਇਹ ਫ਼ਿਲਮ ਬੀਤੇ ਸੰਕਟ ਸਮੇਂ ਦੇ ਹਵਾਲੇ ਪੰਜਾਬੀ ਬੰਦੇ ਦੀ ਵਿਕਟਮਹੁੱਡ ਨੂੰ ਸਥਾਪਿਤ ਕਰਦੀ ਹੈ। ਵਿਕਟਮਹੁੱਡ ਨੂੰ ਸਥਪਿਤ ਕਰਨ ਦੇ ਟੀਚੇ ਕਾਰਨ ਹੀ ਇਹ ਫ਼ਿਲਮ ਦੇ ਨਾਇਕ ਅਤੇ ਉਸ ਦੇ ਪਰਿਵਾਰ ਕੋਲੋਂ ਉਸ ਦੀ ਸ਼ਕਤੀ ਦੇ ਤਮਾਮ ਸਰੋਤ ਖੋਹ ਲੈਂਦੀ ਹੈ। ਧਰਮ ਅਤੇ ਰਾਜਨੀਤੀ ਤੋਂ ਉਹ ਪਹਿਲਾਂ ਹੀ ਟੁੱਟੇ ਹੋਏ ਹਨ, ਹੌਲੀ ਹੌਲੀ ਉਨ੍ਹਾਂ ਤੋਂ ਜ਼ਮੀਨ ਅਤੇ ਹੋਰ ਸਾਮਾਨ ਵੀ ਖੁੱਸ ਜਾਂਦਾ ਹੈ। ਕਥਾ ਦੇ ਵਿਚਾਰਧਾਰਕ ਸਾਰ ਨੂੰ ਵਿਕਟਮਹੁੱਡ ਨਾਲ ਏਨਾ ਲਗਾਅ ਹੈ ਕਿ ਹਜ਼ਾਰਾਂ ਜ਼ੁਲਮਾਂ ਤੋਂ ਬਾਅਦ ਵੀ ਗੁਰਸ਼ਾਨ ਨੂੰ ਸਟੇਟ ਦੇ ਵਿਰੁੱਧ ਕਿਸੇ ਕਿਸਮ ਦੇ ਵਿਦਰੋਹ ਵਿਚ ਨਹੀਂ ਭਰਦੀ। ਗੁਰਸ਼ਾਨ ਦੀ ਭੈਣ ਗੁੱਡੀ ਨੂੰ ਸ਼ਰੇਆਮ ਉਸ ਦੇ ਸਾਹਮਣੇ ਥਾਣੇ ਵਿਚ ਜ਼ਲੀਲ ਕੀਤਾ ਜਾਂਦਾ ਹੈ, ਪਰ ਉਹ ਇਕ ਵਕਤੀ ਵਿਦਰੋਹ ਤੋਂ ਬਿਨ੍ਹਾਂ ਕੁਝ ਵੀ ਕਰਦਾ। ਇਹ ਕੈਸੀ ਵਿਕਟਮਹੁੱਡ ਹੈ ਜਿਹੜੀ ਉਸ ਨੂੰ ਤਾਂ ਲਗਾਤਾਰ ਨਿਤਾਣਾ ਕਰਦੀ ਜਾਂਦੀ ਹੈ ਤੇ ਉਸ ਦੇ ਵਿਪਰੀਤ ਮੌਜੂਦ ਥਾਣੇਦਾਰ ਨੂੰ ਹੋਰ ਸ਼ਕਤੀਸ਼ਾਲੀ ਕਰਦੀ ਜਾਂਦੀ ਹੈ। ਵਿਕਟਮਹੁੱਡ ਕਦੋਂ ਬੇਅਣਖੀ ਵਿਚ ਢਲ ਜਾਵੇ, ਇਹ ਬਹੁਤ ਨੇੜੇ ਦਾ ਮਾਮਲਾ ਹੁੰਦਾ ਹੈ। ਸ਼ੁਕਰ ਹੈ ਅਜਿਹਾ ਗੁਰਸ਼ਾਨ ਦੇ ਮਾਮਲੇ ਵਿਚ ਨਹੀਂ ਵਾਪਰਦਾ। ਵਿਕਟਮਹੁੱਡ ਦੀ ਸਥਾਪਤੀ ਦੇ ਆਪਣੇ ਪ੍ਰਤਿਫ਼ਲ ਹੁੰਦੇ ਹਨ। ਇਹ ਪ੍ਰਤਿਫ਼ਲ ਇਸ ਗੱਲ ਤੋਂ ਨਿਰਧਾਰਤ ਹੋਣੇ ਸ਼ੁਰੂ ਹੁੰਦੇ ਹਨ ਕਿ ਢਹਿ ਜਾਣ ਦਾ ਅਨੁਭਵ ਕਿਸ ਨੂੰ ਸੁਣਾਇਆ ਜਾ ਰਿਹਾ ਹੈ ਤੇ ਕਿਉਂ ਸੁਣਾਇਆ ਜਾ ਰਿਹਾ ਹੈ? ਜੋ ਢਾਹ ਦਿੱਤਾ ਗਿਆ ਉਸ ਦੀ ਕਥਾ ਸਮਕਾਲ ਦੀ ਕਿਸ ਪ੍ਰਸੰਗਿਕਤਾ ਅਧੀਨ ਕਾਰਜਸ਼ੀਲ ਹੋ ਰਹੀ ਹੈ। ਜੇ aੁੱਜੜ ਜਾਣ ਦੀ ਇਹ ਕਥਾ ਜਨ-ਮਾਨਸ ਨੂੰ ਸੰਬੋਧਿਤ ਹੈ ਤਾਂ ਇਹ ਉਸ ਅੰਦਰ ਇਕ ਪਾਸੇ ਤਾਂ ਇਹ ਜ਼ਰੂਰਤ ਪੈਦਾ ਕਰਦੀ ਹੈ ਕਿ ਉਹ ਆਪਣੇ ਬੀਤੇ ਕਾਲ ਨੂੰ ਹਮਦਰਦੀ ਨਾਲ ਪੜ੍ਹੇ ਅਤੇ ਦੂਜੇ ਪਾਸੇ ਉਸ ਅੰਦਰ ਅਚੇਤ ਹੀ ਇਹ ਭਾਵਨਾ ਭਰ ਦਿੰਦੀ ਹੈ ਕਿ ਜੋ ਬੀਤ ਗਿਆ ਉਹ ਬਹੁਤ ਡਰਾਉਣਾ ਅਤੇ ਜ਼ਾਲਮ ਸੀ। ਕਿਤੇ ਵਾਪਸ ਨਾ ਆ ਜਾਵੇ ਦੀ ਧੁਨ ਉਸ ਨੂੰ ਇਸ ਮਸਲੇ ਤੋਂ ਮੁਖ ਮੋੜਨ ਲਈ ਮਜਬੂਰ ਕਰ ਦਿੰਦੀ ਹੈ। ਉਸ ਅੰਦਰ ਡਰ ਅਤੇ ਦਹਿਸ਼ਤ ਦਾ ਅਹਿਸਾਸ ਤਾਰੀ ਹੋ ਜਾਂਦਾ ਹੈ। ਇਸ ਤਰ੍ਹਾਂ ਡਰ/ਦਹਿਸ਼ਤ ਦਾ ਆਲਮ ਲੋਕਾਈ ਦੇ ਮਨ ਵਿਚ ਇਕ ਪਾਸੇ ਸਟੇਟ ਦੇ ਦਾਬੇ ਨੂੰ ਪੱਕਿਆਂ ਕਰ ਦਿੰਦਾ ਹੈ ਅਤੇ ਦੂਜੇ ਪਾਸੇ ਸੱਚ ਨੂੰ ਖੋਜਣ ਜਾਂ ਇਸ ਦੀ ਖਾਤਰ ਲੜਨ ਦੀ ਕਿਰਿਆ ਵਿਚ ਰੋਕ ਪੈਦਾ ਕਰ ਦਿੰਦਾ ਹੈ। ਦੁੱਖਾਂ ਦੀ ਇਹ ਗਾਥਾ ਇਕ ਹੋਰ ਰੂਪ ਵਿਚ ਸ਼ਕਤੀਵਾਨ ਦੀ ਸ਼ਕਤੀ ਨੂੰ ਮਨਾਉਂਦੀ, ਉਸ ਨੂੰ ਹੋਰ ਸ਼ਕਤੀਵਰ ਬਣਾ ਦਿੰਦੀ ਹੈ। ਵਿਕਟਮਹੁੱਡ ਦੀ ਕਥਾ ਅਸਲ ਵਿਚ ਉਦੋਂ ਹੀ ਸਾਰਥਕ ਹੁੰਦੀ ਹੈ ਜਦੋਂ ਜ਼ਮੀਨੀ ਯਥਾਰਥ ਵਿਚ ਇਸ ਦੀ ਕੋਈ ਠੋਸ ਸਮੱਗਰ ਹੋਂਦ ਹੋਵੇ। ਅਜਿਹਾ ਨਾ ਹੋਣ ਦੀ ਸਥਿਤੀ ਵਿਚ ਇਹ ਗਾਥਾ ਨਿਰਾਸ਼ਾ ਅਤੇ ਹਾਰ ਦੇ ਭਾਵਾਂ ਨੂੰ ਸਿਰਜਦੀ ਲੋਕ ਪ੍ਰਤਿਰੋਧ ਨੂੰ ਮੱਠਿਆਂ ਅਤੇ ਸਟੇਟ ਦਮਨ ਨੂੰ ਪੱਕਿਆਂ ਕਰਨ ਲੱਗਦੀ ਹੈ। ਇਸ ਤਰ੍ਹਾਂ ਕਹਿਣ ਦਾ ਅਰਥ ਇਹ ਹੈ ਕਿ ਸੰਕਟ ਸਮੇਂ ਨੂੰ ਵਿਕਟਮਹੁੱਡ ਦੇ ਹਵਾਲੇ ਚਿਤਰਨਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ। ਵਿਕਟਮਹੁੱਡ ਦੀ ਪੇਸ਼ਕਾਰੀ ਦੇ ਮਾਮਲੇ ਵਿਚ ਅੰਤਿਮ ਗੌਲਣਯੋਗ ਗੱਲ ਇਹ ਹੈ ਕਿ ਇਹ ਕੋਈ ਕੁਦਰਤੀ ਜਾਂ ਤੱਥਗਤ ਲਾਜ਼ਮੀ ਸਥਿਤੀ ਨਹੀਂ ਹੁੰਦੀ ਸਗੋਂ ਇਹ ਇਕ ਅਖ਼ਤਿਆਰ/ਧਾਰਨ ਕੀਤੀ ਗਈ ਮਾਨਸਿਕ ਸਥਿਤੀ ਹੁੰਦੀ ਹੈ। 

ਫ਼ਿਲਮ 'ਦੇਸ ਹੋਇਆ ਪਰਦੇਸ' ਦੀ ਚਰਚਾ ਹਿੱਤ ਅੰਤਿਮ ਨੁਕਤਾ ਪੰਜਾਬ ਸੰਕਟ ਦੇ ਉਸ ਵਰਤਾਰੇ ਨਾਲ ਸਬੰਧਿਤ ਹੈ ਜਿਸ ਅਧੀਨ ਇਸ ਸੰਕਟ ਦੇ ਚਲਦਿਆਂ ਪੰਜਾਬੀ ਬੰਦੇ/ਪੰਜਾਬੀ ਕਿਸਾਨੀ ਦਾ ਆਪਣੀ ਧਰਤੀ ਅਤੇ ਆਪਣੇ ਖੇਤਾਂ ਤੋਂ ਨਾਤਾ ਟੁੱਟਦਾ ਹੈ। ਪੰਜਾਬ ਦੇ ਲੋਕਾਂ ਦਾ ਆਪਣੀ ਧਰਤੀ ਨਾਲੋਂ ਨਾਤਾ ਪਹਿਲੀ ਵਾਰ ਸੰਨ ਸੰਤਾਲੀ ਵਿਚ ਅਤੇ ਦੂਜੀ ਵਾਰ ਉਤਰ-ਚੁਰਾਸੀ ਦੌਰ ਵਿਚ ਟੁੱਟਦਾ ਹੈ। ਪੰਜਾਬੀ ਬੰਦੇ ਦਾ ਆਪਣੀ ਧਰਤੀ ਨਾਲੋਂ ਟੁੱਟਣਾ ਪੰਜਾਬ ਲਈ ਤਤਕਾਲ ਤੋਂ ਲੈ ਕੇ ਸਮਕਾਲ ਤੱਕ ਸਭ ਤੋਂ ਵੱਡਾ ਸੰਕਟ ਬਣਿਆ ਹੋਇਆ ਹੈ। ਫ਼ਿਲਮ ਵਿਚ ਗੁਰਸ਼ਾਨ ਅਜਿਹਾ ਨੌਜਵਾਨ ਹੈ, ਜਿਸ ਨੂੰ ਆਪਣੇ ਖੇਤਾਂ ਨਾਲ ਡਾਢਾ ਮੋਹ ਹੈ। ਇਹ ਖੇਤ ਉਸ ਦੇ ਹੋਣ ਦਾ ਕੇਂਦਰੀ ਆਧਾਰ ਹਨ। ਫ਼ਿਲਮ ਦਾ ਪਹਿਲਾ ਹੀ ਸ਼ੌਟ ਗੁਰਸ਼ਾਨ ਦੇ ਆਪਣੀ ਧਰਤੀ ਨਾਲ ਨਾਤੇ ਨੂੰ ਉਭਾਰਦਾ ਹੈ। ਇਸ ਸ਼ੌਟ ਵਿਚ ਉਹ ਆਪਣੇ ਖੇਤਾਂ ਵਿਚ ਹਲ਼ ਵਾਹ ਰਿਹਾ ਹੁੰੰਦਾ ਹੈ ਜਦੋਂ ਪਿੰਡ ਦਾ ਹੀ ਇਕ ਹੋਰ ਨੌਜਵਾਨ ਜ਼ਮੀਨ ਵੇਚ ਕੇ ਅਮਰੀਕਾ ਜਾਣ ਦੀ ਗੱਲ ਉਸ ਨਾਲ ਕਰਦਾ ਹੈ। ਗੁਰਸ਼ਾਨ ਉਸ ਨੂੰ ਲਾਹਨਤਾਂ ਪਾਉਂਦਾ ਕਿਸਾਨ ਦੀ ਜ਼ਿੰਦਗੀ ਵਿਚ ਧਰਤੀ ਦੀ ਅਹਿਮੀਅਤ ਨੂੰ ਉਭਾਰਦਾ ਹੈ। ਸਥਿਤੀ ਦਾ ਦੁਖਾਂਤ ਇਹ ਵਾਪਰਦਾ ਹੈ ਕਿ ਜਿਨ੍ਹਾਂ ਖੇਤਾਂ ਨੂੰ ਉਹ ਸਭ ਤੋਂ ਵੱਧ ਚਾਹੁੰਦਾ ਸੀ, ਉਹ ਹੀ ਉਸ ਤੋਂ ਖੁੱਸ ਜਾਂਦੇ ਹਨ। ਉਸ ਤੋਂ ਖੇਤ ਹੀ ਨਹੀਂ ਖੁੱਸਦੇ ਉਹ ਧਰਤੀ ਵੀ ਖੁੱਸ ਜਾਂਦੀ ਹੈ, ਜਿਸ ਵਿਚ ਉਹ ਪਲ਼ਿਆ ਵੱਡਾ ਹੋਇਆ ਸੀ। ਅਮਰੀਕਾ ਉਸ ਦੀ ਪਨਾਹਗਾਰ ਬਣਦਾ ਹੈ। ਇਹ ਮਰਹਲਾ ਪੰਜਾਬ ਸੰਕਟ ਸਮੇਂ ਵੱਡੀ ਗਿਣਤੀ ਵਿਚ ਜਾਇਜ਼/ਨਜਾਇਜ਼ ਹੋਏ ਉਸ ਪਰਵਾਸ ਵੱਲ ਇਸ਼ਾਰਾ ਕਰਦਾ ਹੈ, ਜਿਸ ਦੇ ਚਲਦਿਆਂ ਪੰਜਾਬ ਤੋਂ ਦੂਰ ਬਾਹਰਲੇ ਦੇਸਾਂ ਵਿਚ ਵਸੇ ਪੰਜਾਬੀ ਲੰਮਾ ਸਮਾਂ ਪੰਜਾਬ ਨਾ ਆ ਸਕਣ ਦੀ ਤ੍ਰਾਸਦੀ ਨੂੰ ਹੰਢਾਉਂਦੇ ਰਹੇ ਤੇ ਅੱਜ ਤੱਕ ਹੰਢਾ ਰਹੇ ਹਨ। 

ਪੰਜਾਬ ਸੰਕਟ ਨਾਲ ਸਬੰਧਿਤ, ਏਥੇ ਵਿਚਾਰੀ ਜਾਣ ਵਾਲੀ, ਅੰਤਿਮ ਅਤੇ ਸਭ ਤੋਂ ਮਹੱਤਵਪੂਰਨ ਫ਼ਿਲਮ 'ਸਾਡਾ ਹੱਕ' ਹੈ। ਇਹ ਫ਼ਿਲਮ ਵਿਦੇਸ਼ਾਂ ਵਿਚ 5 ਅਪ੍ਰੈਲ 2013 ਨੂੰ ਅਤੇ ਭਾਰਤ ਵਿਚ 10 ਮਈ 2013 ਨੂੰ ਸੈਂਸਰ ਬੋਰਡ ਦੇ ਏ ਸਰਟੀਫ਼ਿਕੇਟ ਨਾਲ ਪ੍ਰਦਰਸ਼ਿਤ ਹੁੰਦੀ ਹੈ। ਇਸ ਫ਼ਿਲਮ ਨੂੰ ਮਨਦੀਪ ਬੈਨੀਪਾਲ ਨੇ ਨਿਰਦੇਸ਼ਨਾ ਦਿੱਤੀ ਹੈ। ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਕੁਲਜਿੰਦਰ ਸਿੰਘ ਸਿੱਧੂ ਨੇ ਲਿਖੇ ਹਨ। ਫ਼ਿਲਮ ਦੇ ਨਿਰਮਾਤਾ ਕੁਲਜਿੰਦਰ ਸਿੰਘ ਸਿੱਧੂ, ਦਿਨੇਸ਼ ਸੂਦ ਅਤੇ ਨਿਧੀ ਸੂਦ ਹਨ। ਫ਼ਿਲਮ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦਾ ਸੰਪੂਰਨ ਪਾਠ ਯੂਟਿਊਬ 'ਤੇ ਉਪਲਬਧ ਹੈ, ਇਸ ਪਾਠ ਦੀ ਹੁਣ ਤੱਕ 3,59,460 ਲੋਕ ਯਾਤਰਾ ਕਰ ਚੁੱਕੇ ਹਨ। ਫ਼ਿਲਮ ਨੂੰ ਚਾਰ ਮਹੀਨੇ ਪਹਿਲਾਂ ਯੂਟਿਊਬ 'ਤੇ ਪਾਇਆ ਗਿਆ ਸੀ। ਏਨੇ ਥੋੜ੍ਹੇ ਸਮੇਂ ਵਿਚ ਏਨੀ ਵੱਡੀ ਤਾਦਾਦ ਵਿਚ ਲੋਕਾਂ ਦਾ ਇਸ ਫ਼ਿਲਮ ਤੱਕ ਪਹੁੰਚ ਕਰਨਾ ਇਸ ਦੀ ਲੋਕ-ਪ੍ਰਸਿੱਧਤਾ ਵੱਲ ਸਪਸ਼ਟ ਇਸ਼ਾਰਾ ਹੈ।  
ਫ਼ਿਲਮ ਦਾ ਨਿਰਮਾਣ ਸਾਢੇ ਤਿੰਨ ਕਰੋੜ ਵਿਚ ਹੁੰਦਾ ਹੈ, ਸਿਨੇਮਾ ਦੇ ਮਾਧਿਅਮ ਰਾਹੀਂ ਇਸ ਨੇ ਵੀਹ ਕਰੋੜ ਦੀ ਕਮਾਈ ਕੀਤੀ। ਇਹ ਕਮਾਈ ਹਾਲੇ ਜਾਰੀ ਹੈ, ਫ਼ਿਲਮ ਨੇ ਹਾਲੇ ਟੈਲੀਵਿਜ਼ਨ 'ਤੇ ਵੀ ਪ੍ਰਸਾਰਿਤ ਹੋਣਾ ਹੈ, ਉਸ ਦੇ ਅਧਿਕਾਰ ਦੇਣ ਤੋਂ ਵੀ ਪੈਸਾ ਆਉਂਣਾ ਹੈ। ਇਸ ਤੋਂ ਬਿਨ੍ਹਾਂ ਫ਼ਿਲਮ ਦੀ ਅਧਿਕਾਰਤ ਡੀ.ਵੀ.ਡੀ. ਬਾਜ਼ਾਰ ਵਿਚ ਵਿਕ ਰਹੀ ਹੈ, ਉਸ ਤੋਂ ਵੱਡੀ ਕਮਾਈ ਹੋਣੀ ਹੈ। ਇਸ ਤਰ੍ਹਾਂ ਇਹ ਫ਼ਿਲਮ ਆਪਣੇ 'ਤੇ ਲੱਗੇ ਪੈਸਿਆਂ ਨੂੰ ਹੀ ਵਾਪਸ ਨਹੀਂ ਮੋੜਦੀ, ਸਗੋਂ ਵੱਡੇ ਪੱਧਰ ਦਾ ਲਾਭ ਵੀ ਦਿੰਦੀ ਹੈ। ਇਹ ਫ਼ਿਲਮ ਯੂ.ਕੇ., ਅਮਰੀਕਾ ਅਤੇ ਕਨੇਡੇ ਵਿਚ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਪੰਜਾਬੀ ਫ਼ਿਲਮ ਹੈ। 'ਜੱਟ ਐਂਡ ਜੂਲੀਅਟ' (ਭਾਗ ਦੂਜਾ) ਤੋਂ ਬਾਅਦ ਇਹ ਸਾਲ 2013 ਦੀ ਦੂਸਰੀ ਸਭ ਤੋਂ ਵੱਡੀ ਹਿੱਟ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੀ ਭਾਸ਼ਾ ਪੰਜਾਬੀ ਹੈ, ਲਿਹਾਜ਼ਾ ਇਸ ਦਾ ਟਾਰਗੈੱਟ ਦਰਸ਼ਕ ਪੰਜਾਬੀ ਬੰਦਾ ਹੈ। ਇਹ ਚਾਹੇ ਏਧਰਲੇ ਪੰਜਾਬ ਵਿਚ ਬੈਠਾ ਹੋਵੇ, ਚਾਹੇ ਭਾਰਤ ਦੇ ਹੋਰ ਸੂਬਿਆਂ ਵਿਚ ਜਾਂ ਫ਼ਿਰ ਵਿਦੇਸ਼ਾਂ ਵਿਚ। ਆਪਣੇ ਵਸਤੂ ਵਿਸ਼ੇਸ਼ ਕਾਰਨ ਇਹ ਫ਼ਿਲਮ ਵਿਦੇਸ਼ਾਂ ਵਿਚਲੇ ਪੰਜਾਬੀ ਨੂੰ ਵਿਸ਼ੇਸ਼ ਤੌਰ 'ਤੇ ਟਾਰਗੈੱਟ ਕਰਦੀ ਹੈ। ਜਿਸ ਸਮੇਂ ਇਹ ਫ਼ਿਲਮ ਬਣਦੀ ਤੇ ਪ੍ਰਦਰਸ਼ਿਤ ਹੁੰਦੀ ਹੈ, ਉਸ ਸਮੇਂ ਤੱਕ ਵਿਦੇਸ਼ਾਂ ਵਿਚ ਰਹਿੰਦਾ ਪੰਜਾਬ, ਪੰਜਾਬੀ ਫ਼ਿਲਮ ਦੀ ਇਕ ਸਥਾਪਿਤ ਕਮਾਊ ਮਾਰਕਿਟ ਦੇ ਰੂਪ ਵਿਚ ਸਥਾਪਿਤ ਹੋ ਚੁੱਕਾ ਸੀ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਫ਼ਿਲਮ ਨੂੰ ਸੋਚਣ ਅਤੇ ਨਿਰਮਤ ਕਰਨ ਦੀ ਸਾਰੀ ਪ੍ਰਕਿਰਿਆ ਵਿਚ ਵਿਦੇਸ਼ਾਂ ਵਿਚਲੇ ਟਾਰਗੈੱਟ ਪਾਠਕ ਦੇ ਟੇਸਟ ਅਤੇ ਫ਼ਿਤਰਤ ਨੇ ਅਹਿਮ ਭੂਮਿਕਾ ਅਦਾ ਕੀਤੀ ਹੋਵੇ। 

'ਸਾਡਾ ਹੱਕ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਤਿੱਖੇ ਵਿਵਾਦਾਂ ਵਿਚ ਘਿਰ ਜਾਣ ਵਾਲੀ ਫ਼ਿਲਮ ਹੈ। ਫ਼ਿਲਮ ਦੁਆਲੇ ਅਤੇ ਫ਼ਿਲਮ ਦੇ ਕਾਰਨ ਪੈਦਾ ਵਿਵਾਦ ਨੇ ਇਕ ਅਜਿਹੇ ਸੰਦਰਭ ਨੂੰ ਜਨਮ ਦਿੱਤਾ ਜਿਸ ਨਾਲ ਅਤੇ ਜਿਸ ਅਧੀਨ ਸਮਕਾਲ, ਇਤਿਹਾਸ, ਨਿਆਂ-ਪ੍ਰਬੰਧ ਅਤੇ ਹਕੂਮਤ ਪੁਨਰ ਵਿਆਖਿਆ ਦੀ ਲੋੜ ਦੇ ਘੇਰੇ ਵਿਚ ਆ ਗਏ। ਇਹ ਫ਼ਿਲਮ ਕੇਵਲ ਫ਼ਿਲਮ ਨਾ ਰਹਿ ਕੇ ਇਕ ਅਜਿਹੀ ਸਿਆਸੀ ਟੈਕਸਟ ਬਣ ਗਈ, ਜਿਸ ਦੇ ਰਾਹੀਂ ਬੀਤੇ ਦੇ ਮਸਲੇ ਮੁੜ ਤੋਂ ਅਗਰਭੂਮੀ ਵਿਚ ਨਹੀਂ ਆਏ ਸਗੋਂ ਇਸ ਰਾਹੀਂ ਨਵਾਂ ਰੰਗ ਰੂਪ ਵੀ ਲੈਣ ਲੱਗੇ। ਇਸ ਫ਼ਿਲਮ ਦੁਆਲੇ aੁੱਸਰੀ ਸਿਆਸਤ ਦੀ ਰੌਚਕ ਗੱਲ ਹੈ ਕਿ ਇਹ ਸਿਆਸਤ ਬਹੁਤੀ ਵਾਰ ਫ਼ਿਲਮ ਨੂੰ ਦੇਖਣ ਤੋਂ ਬਿਨ੍ਹਾਂ ਜਾਂ ਦੇਖਣ ਤੋਂ ਪਹਿਲਾਂ ਹੀ ਨੇਪਰੇ ਚੜ੍ਹਦੀ ਰਹੀ। ਇਸ ਗੱਲ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਜਿਸ ਵਿਵਾਦ ਨੂੰ ਫ਼ਿਲਮ ਨੇ ਜਨਮ ਦਿੱਤਾ, ਉਸ ਦੇ ਕਾਰਨ ਤਾਂ ਸਾਡੇ ਭਾਈਚਾਰੇ/ਸਾਡੀ ਸਟੇਟ ਸੰਰਚਨਾ ਵਿਚ ਤਾਂ ਪਹਿਲਾਂ ਹੀ ਮੌਜੂਦ ਹਨ, ਇਹ ਫ਼ਿਲਮਾਂ ਤਾਂ ਬੱਸ ਉਨ੍ਹਾਂ ਕਾਰਨਾਂ/ਵਿਵਾਦਾਂ ਨੂੰ ਵਾਪਰਨ ਲਈ ਸਪੇਸ ਮਹੱਈਆ ਕਰਵਾਉਂਦੀਆਂ ਹਨ। ਇਸ ਪਰਿਥਾਇ ਫ਼ਿਲਮ ਬਾਬਤ ਮਹੱਤਵਪੂਰਨ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਫ਼ਿਲਮ ਵਿਵਾਦਤ ਮਸਲਿਆਂ ਨੂੰ ਮੁੜ ਤੋਂ ਭਖਾਉਣ ਦਾ ਮਾਧਿਅਮ ਮਾਤਰ ਹੈ ਜਾਂ ਇਹ ਉਨ੍ਹਾਂ ਵਿਚ ਆਪਣੇ ਪਾਠ ਰਾਹੀਂ ਕੋਈ ਸਾਰਥਕ ਦਖ਼ਲ-ਅੰਦਾਜ਼ੀ ਵੀ ਕਰਦੀ ਹੈ। ਨਵਾਂ ਮੀਡੀਆ (ਯੂਟਿਊਬ, ਫ਼ੇਸ ਬੁੱਕ) ਇਸ ਫ਼ਿਲਮ ਦੁਆਲੇ aੁੱਸਰੀ ਸਿਆਸਤ ਨੂੰ ਪਾਰਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ। ਫ਼ਿਲਮ ਨੂੰ ਲੈ ਕੇ ਜੋ ਪੰਜਾਬ ਵਿਚ ਹੁੰਦਾ ਹੈ ਅਤੇ ਜੋ ਵਿਦੇਸ਼ਾਂ ਵਿਚ ਹੁੰਦਾ ਹੈ, ਉਹ ਨਵੇਂ ਮੀਡੀਏ ਦੇ ਹਵਾਲੇ ਝੱਟ-ਪੱਟ ਸਾਰੇ ਪੰਜਾਬੀਆਂ ਦੀ ਪਹੁੰਚ ਵਿਚ ਚਲਿਆ ਜਾਂਦਾ ਹੈ। ਇਹ ਪਹੁੰਚ ਵਿਚ ਹੀ ਨਹੀ ਜਾਂਦਾ ਸਗੋਂ ਵਾਰ-ਵਾਰ ਦੇਖਣ ਦੀ ਸੁਵਿਧਾ ਵੀ ਦਿੰਦਾ ਹੈ, ਵਾਰ-ਵਾਰ ਦੇਖਣ ਦੀ ਸੁਵਿਧਾ ਹੀ ਨਹੀਂ ਦਿੰਦਾ, ਸਗੋਂ ਦਖ਼ਲ-ਅੰਦਾਜ਼ੀ ਕਰਨ ਦੀ ਸਪੇਸ ਵੀ ਦਿੰਦਾ ਹੈ। ਇਹ ਦਖ਼ਲ-ਅੰਦਾਜ਼ੀ ਸਾਧਾਰਨ ਪੰਜਾਬੀ ਬੰਦੇ ਨੂੰ ਵੀ ਇਸ ਫ਼ਿਲਮ ਦੀ ਸਿਆਸਤ ਵਿਚ ਕੁਝ ਕਰ ਰਹੇ ਹੋਣ ਦਾ ਅਹਿਸਾਸ ਦਿੰਦੀ, ਉਸ ਨੂੰ ਇਸ ਫ਼ਿਲਮ ਦੇ ਹੱਕ ਵਿਚ ਆਵਾਜ਼ ਉਠਾਉਣ ਲਈ ਅਛੋਪਲੇ ਹੀ ਪ੍ਰੇਰਤ ਕਰ ਦਿੰਦੀ ਹੈ। ਬਤੌਰ ਸਿਆਸੀ ਟੈਕਸਟ ਇਹ ਫ਼ਿਲਮ ਕੁਝ ਧਿਰਾਂ ਨੂੰ ਬੇਹੱਦ ਭਾਉਣ ਲੱਗਦੀ ਹੈ ਅਤੇ ਕੁਝ ਧਿਰਾਂ ਨੂੰ ਬੇਹੱਦ ਨਾਗਵਾਰ ਹੋ ਗੁਜ਼ਰਦੀ ਹੈ। ਫ਼ਿਲਮ ਦੁਆਲੇ ਹੁੰਦੀ ਸਿਆਸਤ ਹੌਲ਼ੀ-ਹੌਲੀ ਕੁਝ ਇਸ ਤਰ੍ਹਾਂ ਰੂਪ ਗ੍ਰਹਿਣ ਕਰਦੀ ਹੈ ਕਿ ਇਸ ਫ਼ਿਲਮ ਬਾਬਤ ਪਸੰਦਗੀ ਅਤੇ ਨਾਪਸੰਦਗੀ ਦੇ ਵਿਚ-ਵਿਚਕਾਰ ਦੀ ਸਥਿਤੀ ਵਾਲੀ ਕੋਈ ਸਪੇਸ ਹੀ ਸੰਭਵ ਨਹੀਂ ਰਹਿੰਦੀ। ਅਜਿਹੀ ਸਪੇਸ ਕਿ ਜਿਸ ਵਿਚ ਇਸ ਫ਼ਿਲਮ ਨੂੰ ਇਕ ਕਲਾ-ਰੂਪ (ਵਿਚਾਰਧਾਰਕ ਅਤੇ ਰੂਪ-ਵਿਧਾਈ ਦ੍ਰਿਸ਼ਟੀ ਤੋਂ) ਦੇ ਤੌਰ 'ਤੇ ਪਰਖਿਆ ਜਾ ਸਕੇ। ਇਸ ਫ਼ਿਲਮ ਦੇ ਦੁਆਲੇ aੁੱਸਰੀ ਸਿਆਸਤ ਕਿਸੇ ਵੀ ਦਰਸ਼ਕ/ਪਾਠਕ ਤੋਂ ਹੱਕ ਜਾਂ ਵਿਰੋਧ ਵਾਲੇ ਸਿੱਧੇ ਸਪਸ਼ਟ ਨਿਰਣਿਆਂ ਦੀ ਮੰਗ ਕਰਨ ਲੱਗਦੀ ਹੈ। ਜੇ ਕਿਸੇ ਦਰਸ਼ਕ/ਚਿੰਤਕ ਨੇ ਇਸ ਫ਼ਿਲਮ ਦੀ ਬਣਤਰ ਬਾਬਤ ਕੋਈ ਵਿਸ਼ਲੇਸ਼ਣੀ ਰਾਏ ਦਿੱਤੀ ਤਾਂ ਉਸ ਨੂੰ ਵੀ ਤੋੜ-ਮਰੋੜ ਕੇ, ਆਪਣੇ ਮਤਲਬ ਦੇ ਅਰਥ ਕੱਢ ਕੇ ਕਿਸੇ ਇਕ ਜਾਂ ਦੂਜੀ ਧਿਰ ਨੇ ਆਪਣੇ ਪਲੜੇ ਵਿਚ ਪਾ ਲਿਆ। ਇਸ ਤਰ੍ਹਾਂ ਇਸ ਫ਼ਿਲਮ ਦਾ ਇਹ ਸਿਆਸੀ ਪ੍ਰਸੰਗ ਜਿੱਥੇ ਪੰਜਾਬ ਮਿਲੀਟੈਂਸੀ ਦੇ ਬੀਤੇ ਸਮੇਂ ਨੂੰ ਪੁਨਰ-ਜਾਗ੍ਰਿਤ ਕਰ ਦਿੰਦਾ ਹੈ, ਉੱਥੇ ਇਹ ਸਮਕਾਲ ਵਿਚ ਸਟੇਟ, ਧਰਮ ਅਤੇ ਘੱਟ-ਗਿਣਤੀਆਂ ਦੇ ਵਿਵਾਦਮਈ ਮਸਲੇ ਨੂੰ ਭਖਾ ਦਿੰਦਾ ਹੈ। 

ਹੁਣ ਜਦੋਂ ਫ਼ਿਲਮ ਨੂੰ ਪ੍ਰਦਰਸ਼ਿਤ ਹੋਇਆਂ ਅਤੇ ਸਿਨੇਮਾ ਘਰਾਂ ਵਿਚ ਗਿਆਂ, ਸੱਤ ਮਹੀਨਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ, ਫ਼ਿਲਮ ਦੁਆਲੇ ਹੁੰਦੀ ਸਿਆਸਤ ਵੀ ਲਗਭਗ ਥਮ ਗਈ ਹੈ, ਇਸ ਫ਼ਿਲਮ ਦਾ ਵਿਸ਼ਲੇਸ਼ਣ ਕਰਨਾ ਸੰਭਵ ਪ੍ਰਤੀਤ ਹੁੰਦਾ ਹੈ। ਬੇਸ਼ੱਕ ਹੁਣ ਵੀ ਉਨ੍ਹਾਂ ਧਿਰਾਂ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਹੜੀਆਂ ਇਸ ਵਿਸ਼ਲੇਸ਼ਣ ਨੂੰ ਕਿਸੇ ਇਕ ਜਾਂ ਦੂਜੇ ਪਲੜੇ ਵਿਚ ਪਾ ਦੇਣ ਦੀਆਂ ਕੋਸ਼ਿਸ਼ਾਂ ਕਰਨਗੀਆਂ ਅਤੇ ਇਸ ਰਾਹੀਂ ਇਸ ਦੇ ਠੀਕ ਜਾਂ ਗਲਤ ਹੋਣ ਦਾ ਦਾਅਵਾ ਪੇਸ਼ ਕਰਨਗੀਆਂ। ਇਸ ਫ਼ਿਲਮ ਦੇ ਪਾਠ ਨੂੰ ਵਿਸ਼ਲੇਸ਼ਿਤ ਕਰਨ ਤੋਂ ਪਹਿਲਾਂ ਇਸ ਫ਼ਿਲਮ ਦੇ ਦੁਆਲੇ ਹੋਈ ਸਿਆਸਤ ਦੇ ਆਰੰਭ ਅਤੇ ਵਿਕਾਸ ਨੂੰ ਸੰਖੇਪ ਵਿਚ ਵਿਚਾਰਨਾ ਚਾਹੀਦਾ ਹੈ। ਫ਼ਿਲਮ ਨੂੰ ਸੈਂਸਰ ਬੋਰਡ ਕੋਲ ਭੇਜਣ ਤੋਂ ਪਹਿਲਾਂ ਇਸ ਦੇ ਪ੍ਰੋਮੋ (ਸੈਂਸਰ ਬੋਰਡ ਤੋਂ ਪਾਸ ਹੋ ਕੇ) ਯੁਟਿਊਬ 'ਤੇ ਰਿਲੀਜ਼ ਹੋਏ ਸਨ। ਇਹ ਪ੍ਰੋਮੋ ਫ਼ਿਲਮ ਦੇ ਵਸਤੂ ਵੱਲ ਲੋਕਾਈ ਦਾ ਵੱਡੇ ਪੱਧਰ 'ਤੇ ਧਿਆਨ ਆਕਰਸ਼ਤ ਕਰਦੇ ਹਨ। ਇਸ ਤੋਂ ਬਿਨ੍ਹਾਂ ਇਸ ਫ਼ਿਲਮ ਦੇ ਨਿਰਮਾਤਾ ਇਸ ਫ਼ਿਲਮ ਦੀ ਵਿਦੇਸ਼ਾਂ ਦੇ ਵਿਭਿੰਨ ਗੁਰਦੁਆਰਿਆਂ ਵਿਚ ਨਿੱਜੀ ਸਕਰੀਨਿੰਗ ਕਰਦੇ ਹਨ। ਫ਼ਿਲਮ ਦਾ ਵਸਤੂ ਅਤੇ ਨਿਭਾਅ ਕਿਉਂਕਿ ਬਹੁਤ ਹੱਦ ਤੱਕ ਪਰਵਾਸੀ ਪੰਜਾਬੀ ਸਿੱਖ ਭਾਈਚਾਰੇ ਦੀ ਬਹੁ-ਗਿਣਤੀ ਲਈ ਪਹਿਲਾਂ ਹੀ ਪਸੰਦੀਦਾ ਸੀ, ਇਸ ਕਾਰਨ ਵਿਦੇਸ਼ੀ ਪੰਜਾਬੀ ਸਿੱਖ ਇਸ ਫ਼ਿਲਮ ਨੂੰ ਪ੍ਰਮੋਟ ਕਰਨਾ ਇਕ ਨੈਤਿਕ ਜ਼ਿੰਮੇਵਾਰੀ ਵਜੋਂ ਧਾਰਨ ਕਰ ਲੈਂਦੇ ਹਨ। ਫ਼ਿਲਮ ਵਿਚ ਲਏ ਵਸਤੂ ਦਾ ਸਿੱਖ ਐਂਗਲ ਤੋਂ ਨਿਭਾਅ ਇਸ ਨੈਤਿਕ ਜ਼ਿੰਮੇਵਾਰੀ ਨੂੰ ਹੋਰ ਪੱਕਿਆਂ ਕਰ ਦਿੰਦਾ ਹੈ। ਇੱਥੋਂ ਤੱਕ ਸਿਰਫ਼ ਪ੍ਰੋਮੋਸ਼ਨ ਦੀ ਗੱਲ ਸੀ, ਇਸ ਵਿਚ ਕੋਈ ਬਹੁਤ ਉਲਝਿਆ ਮੁੱਦਾ ਨਹੀਂ। 

ਇਸ ਫ਼ਿਲਮ ਦੁਆਲੇ ਸਿਆਸਤ ਦਾ ਪ੍ਰਸੰਗ ਉਦੋਂ ਮਹੱਤਵਪੂਰਨ ਬਣਦਾ ਹੈ, ਜਦੋਂ ਇਸ ਨੂੰ ਸੈਂਸਰ ਬੋਰਡ ਪਾਸ ਨਹੀਂ ਕਰਦਾ। ਫ਼ਿਲਮ ਰਿਵਿਊ ਹਿੱਤ ਮੁੜ ਸੈਂਸਰ ਬੋਰਡ ਕੋਲ ਜਾਂਦੀ ਹੈ, ਸੈਂਸਰ ਬੋਰਡ ਫ਼ਿਰ ਤੋਂ ਪਾਸ ਸਰਟੀਫ਼ਿਕੇਟ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਇਸ ਨਾਲ ਇਕ ਵਾਰ ਤਾਂ ਨਿਰਮਾਤਾਵਾਂ ਦਾ ਫ਼ਿਲਮ 'ਤੇ ਲੱਗਿਆ ਤਿੰਨ ਕਰੋੜ ਤੋਂ ਵੀ ਵੱਧ ਦਾ ਸਰਮਾਇਆ ਦਾਅ 'ਤੇ ਲੱਗ ਜਾਂਦਾ ਹੈ। ਫ਼ਿਲਮ ਦਾ ਨਿਰਮਾਤਾ, ਕਥਾਕਾਰ ਅਤੇ ਨਾਇਕ ਕੁਲਜਿੰਦਰ ਸਿੰਘ ਸਿੱਧੂ ਸੈਂਸਰ ਬੋਰਡ ਤੇ ਦਬਾਅ ਪਾਉਣ ਲਈ ਲੋਕ-ਲਹਿਰ ਖੜੀ ਕਰਨ ਦੇ ਨਾਲ-ਨਾਲ ਸਿੱਖਾਂ ਦੀ ਸਰਵ-ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੱਕ ਪਹੁੰਚ ਕਰਦਾ ਹੈ। ਪ੍ਰਧਾਨ ਸਾਹਿਬ ਫ਼ਿਲਮ ਨੂੰ ਦੇਖਣ ਅਤੇ ਫ਼ੈਸਲਾ ਦੇਣ ਲਈ ਇਕ ਕਮੇਟੀ ਦਾ ਗਠਨ ਕਰਦੇ ਹਨ, ਕਮੇਟੀ ਦੀਆਂ ਸਿਫ਼ਾਰਸ਼ਾਂ ਤੇ ਫ਼ਿਲਮ ਨੂੰ ਪਾਸ ਕਰਨ ਦੀ ਸਿਫ਼ਾਰਸ਼ ਵਾਲਾ ਇਕ ਪੱਤਰ ਸੈਂਸਰ ਬੋਰਡ ਨੂੰ ਲਿਖਿਆ ਜਾਂਦਾ ਹੈ। ਇਸੇ ਦੌਰਾਨ ਇਹ ਮੁੱਦਾ ਏਧਰਲੇ ਅਤੇ ਵਿਦੇਸ਼ੀ ਮੀਡੀਏ ਲਈ ਵੀ ਇਕ ਮਹੱਤਵਪੂਰਨ ਖ਼ਬਰ ਅਤੇ ਬਹਿਸ ਦਾ ਮੁੱਦਾ ਬਣ ਜਾਂਦਾ ਹੈ। ਵਿਭਿੰਨ ਟੀ.ਵੀ. ਚੈਨਲਾਂ 'ਤੇ ਇਸ ਮੁੱਦੇ ਨੂੰ ਲੈ ਕੇ ਬਹਿਸਾਂ ਕਰਵਾਈਆਂ ਜਾਂਦੀਆਂ ਹਨ। ਬਹਿਸ ਦਾ ਮੁੱਦਾ ਇਹ ਰਹਿੰਦਾ ਹੈ ਕਿ ਜੇ ਭਾਰਤ ਵਿਚ ਸੰਵਿਧਾਨ ਬੋਲਣ ਦੀ ਆਜ਼ਾਦੀ ਦਿੰਦਾ ਹੈ ਤਾਂ ਇਸ 'ਤੇ ਰੋਕ ਕਿਉਂ ਲਾਈ ਗਈ ਹੈ। ਇਸੇ ਦੌਰਾਨ ਫ਼ਿਲਮ ਦੇ ਨਿਰਮਾਤਾ ਸੈਂਸਰ ਬੋਰਡ ਦੀ ਸੁਪਰੀਮ ਬੌਡੀ ਐਫ਼.ਸੀ.ਏ.ਟੀ. ਤੱਕ ਪਹੁੰਚ ਕਰਦੇ ਹਨ। ਇਹ ਬੌਡੀ ਫ਼ਿਲਮ ਨੂੰ ਦੇਖਣ ਤੋਂ ਬਾਅਦ ਯੂ ਸਰਟੀਫ਼ਿਕੇਟ ਅਧੀਨ ਪਾਸ ਕਰ ਦਿੰਦੀ ਹੈ। ਐਫ਼.ਸੀ.ਏ.ਟੀ. ਨੇ ਇਹ ਫ਼ਿਲਮ ਲਏ ਵਿਸ਼ੇ ਦੀ ਪ੍ਰਮਾਣਿਕਤਾ ਕਾਰਨ ਪਾਸ ਕੀਤੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧੀ ਕਮੇਟੀ/ਮੀਡੀਏ/ਲੋਕਾਂ ਦੇ ਵਿਰੋਧ/ਧਰਨਿਆਂ ਕਾਰਨ, ਇਸ ਬਾਬਤ ਤਾਂ ਠੋਸ ਰੂਪ ਵਿਚ ਕੁਝ ਕਹਿਣਾ ਮੁਸ਼ਕਲ ਹੈ, ਪਰ ਸਾਧਾਰਨਤਾ ਇਹ ਕਿਹਾ ਜਾ ਸਕਦਾ ਹੈ ਵਿਰੋਧਾਂ/ਧਰਨਿਆਂ ਨੇ ਵੀ ਇਸ ਫ਼ਿਲਮ ਦੇ ਪਾਸ ਹੋਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੋਣੀ ਹੈ। ਫ਼ਿਲਮ ਨੂੰ ਪੰਜਾਬ/ਭਾਰਤ ਸਮੇਤ ਦੁਨੀਆਂ ਭਰ ਵਿਚ ਰਿਲੀਜ਼ ਕਰਨ ਹਿੱਤ ਪੰਜ ਅਪ੍ਰੈਲ ਦਾ ਦਿਨ ਨਿਸ਼ਚਿਤ ਕੀਤਾ ਜਾਂਦਾ ਹੈ, ਪਰ ਰਿਲੀਜ਼ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵਿਸ਼ੇਸ਼ ਅਧਿਕਾਰਾਂ ਤਹਿਤ ਇਸ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਾ ਦਿੰਦੀ ਹੈ, ਇਸ ਤੋਂ ਬਾਅਦ ਪੰਜ ਅਪ੍ਰੈਲ ਨੂੰ ਇਹ ਪੰਜਾਬ ਸਮੇਤ ਭਾਰਤ ਦੇ ਵਿਭਿੰਨ ਹਿੱਸਿਆਂ ਵਿਚ ਰਿਲੀਜ਼ ਨਹੀਂ ਹੋ ਪਾਉਂਦੀ। ਫ਼ਿਲਮ ਦੇ ਨਿਰਮਾਤਾ ਸੁਪਰੀਮ ਕੋਰਟ ਤੱਕ ਪਹੁੰਚ ਕਰਦੇ ਹਨ, ਅੰਤਿਤਾ ਦਸ ਮਈ ੨੦੧੩ ਨੂੰ ਇਸ ਫ਼ਿਲਮ ਦਾ ਭਾਰਤ ਵਿਚ ਪ੍ਰਦਰਸ਼ਿਤ ਹੋਣਾ ਸੰਭਵ ਹੋ ਪਾਉਂਦਾ ਹੈ। 

ਇਸ ਸਾਰੀ ਜਾਣਕਾਰੀ ਦਾ ਵੇਰਵਾ ਸਹਿਜ ਰੂਪ ਵਿਚ ਇਸ ਪ੍ਰਸ਼ਨ ਨੂੰ ਸਾਹਮਣੇ ਲੈ ਆਉਂਦਾ ਹੈ ਕਿ ਆਖਰ ਇਸ ਫ਼ਿਲਮ ਵਿਚ ਅਜਿਹਾ ਕੀ ਸੀ ਕਿ ਇਸ ਫ਼ਿਲਮ ਨੂੰ ਏਨੇ ਔਖੇ ਸਮਿਆਂ ਵਿੱਚੋਂ ਲੰਘਣਾ ਪੈਂਦਾ ਹੈ। ਪੰਜਾਬ ਸੰਕਟ ਦੇ ਬੀਤੇ ਸਮੇਂ 'ਤੇ ਇਹ ਕੋਈ ਪਹਿਲੀ ਫ਼ਿਲਮ ਵੀ ਨਹੀਂ ਸੀ। ਇਸ ਤੋਂ ਪਹਿਲਾਂ ਪੰਜਾਬ ਸੰਕਟ ਨਾਲ ਸਿੱਧੇ ਤੌਰ 'ਤੇ ਜੁੜੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਸਨ। ਇਨ੍ਹਾਂ ਵਿੱਚੋਂ ਦੋ ਤਾਂ ਮਿਲੀਟੈਂਟਾਂ ਦੇ ਨੁਕਤਾ-ਨਜ਼ਰ ਨੂੰ ਹੀ ਫ਼ਿਲਮ ਦਾ ਮੁਖ ਦ੍ਰਿਸ਼ਟੀ-ਬਿੰਦੂ ਬਣਾਉਂਦੀਆਂ ਹਨ। ਫ਼ਿਰ ਆਖਰ ਇਸ ਫ਼ਿਲਮ ਵਿਚ ਅਜਿਹਾ ਕੀ ਵੱਖਰਾ ਹੈ ਕਿ ਇਹ ਫ਼ਿਲਮ ਤਿੱਖੀ ਹਮਾਇਤ ਅਤੇ ਤਿੱਖੀ ਵਿਰੋਧਤਾ ਦਾ ਸਬਬ ਬਣਦੀ ਹੈ। ਇਸ ਮਸਲੇ ਨੂੰ ਸਮਝਣ ਹਿੱਤ ਸੈਂਸਰ ਬੋਰਡ ਦੁਆਰਾ ਫ਼ਿਲਮ ਦੇ ਨਿਰਮਾਣ ਸਟੂਡੀਓ ਨੂੰ ਭੇਜੀ ਦਫ਼ਤਰੀ ਚਿੱਠੀ ਵਿਚ ਇਸ ਫ਼ਿਲਮ 'ਤੇ ਲਾਏ ਇਲਜ਼ਾਮਾਂ ਨਾਲ ਸੰਵਾਦ ਰਚਾ ਕੇ ਇਸ ਮਸਲੇ ਨੂੰ ਸਮਝਣ ਦਾ ਯਤਨ ਕਰਦੇ ਹਾਂ। ਯਾਦ ਰਹੇ ਕਿ ਸੈਂਸਰ ਬੋਰਡ ਹਰ ਸਰਕਾਰੀ ਅਦਾਰੇ ਵਾਂਗ ਸਰਕਾਰ ਅਤੇ ਸਰਕਾਰ ਪੱਖੀ ਯਥਾਰਥ ਦਾ ਅਨੁਸਾਰੀ ਹੁੰਦਾ ਹੈ। ਅਜਿਹਾ ਇਸ ਦੁਆਰਾ ਕਿਤੇ ਚੇਤੰਨ ਅਤੇ ਕਿਤੇ ਅਚੇਤਨ ਪੱਧਰ 'ਤੇ ਕੀਤਾ ਜਾਂਦਾ ਹੈ। ਇਹ ਜ਼ਾਹਰਾ ਰੂਪ ਵਿਚ ਪੱਖਪਾਤੀ ਨਹੀਂ ਹੁੰਦਾ ਸਗੋਂ ਰਾਸ਼ਟਰਵਾਦ ਦੇ ਪ੍ਰਭਾਵੀ ਰੂਪ ਦਾ ਹਮਾਇਤੀ ਅਤੇ ਰੱਖਿਅਕ ਹੁੰਦਾ ਹੈ; ਰਾਸ਼ਟਰਵਾਦ ਦੇ ਪ੍ਰਭਾਵੀ ਰੂਪ ਦੇ ਬਣਤਰੀ ਖਾਸੇ ਵਿਚ ਜੋ ਪੱਖਪਾਤ ਵਾਲੇ ਅੰਸ਼ ਮੌਜੂਦ ਹੁੰਦੇ ਹਨ, ਉਨ੍ਹਾਂ ਦੀ ਧੁਨ ਸੈਂਸਰ ਬੋਰਡ ਸਮੇਤ ਤਮਾਮ ਸਟੇਟ ਪੱਖੀ ਧਿਰਾਂ ਵਿਚ ਰਮੀ ਹੁੰਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸੈਂਸਰ ਬੋਰਡ ਕੋਈ ਨਕਾਰਨਯੋਗ ਸੰਸਥਾ ਹੈ। ਬੇਸ਼ੱਕ ਫ਼ਿਰਕਾਪ੍ਰਸਤੀ ਅਤੇ ਹਿੰਸਾ ਫ਼ੈਲਾਉਣ ਵਾਲੇ ਫ਼ਿਲਮ ਪਾਠਾਂ ਨੂੰ ਨਿਯੰਤਰਿਤ ਕਰਨਾ ਲਾਜ਼ਮੀ ਹੈ, ਅਜਿਹਾ ਕਰਨਾ ਤਾਂ ਸੈਂਸਰ ਬੋਰਡ ਦਾ ਲਾਜ਼ਮੀ ਕਰਮ ਵੀ ਹੈ ਅਤੇ ਫ਼ਰਜ਼ ਵੀ। ਮਸਲਾ ਇਹ ਹੈ ਕਿ ਇਹ ਕਿਸ ਵਿਚਾਰਧਾਰਕ ਪਹੁੰਚ ਰਾਹੀਂ ਨਿਰਧਾਰਿਤ ਹੋਵੇ ਕਿ ਕਿਹੜਾ ਸੰਘਰਸ਼ ਟੈਰੋਰਿਜ਼ਮ ਹੁੰਦਾ ਹੈ ਅਤੇ ਕਿਹੜਾ ਹੱਕਾਂ ਦੀ ਲੜਾਈ। ਕਿਹੜੀ ਹਿੰਸਾ ਕਤਲੇਆਮ ਹੁੰਦੀ ਹੈ ਅਤੇ ਕਿਹੜੀ ਕੁਰਬਾਨੀ? ਕਿਸ ਦੀ ਹੱਤਿਆ ਕਤਲ ਹੁੰਦੀ ਹੈ ਅਤੇ ਕਿਸ ਦੀ ਸ਼ਹੀਦੀ? ਸਟੇਟ ਦੀ ਹਿੰਸਾ ਕਿੱਥੋਂ ਤੱਕ ਅਤੇ ਕਿਵੇਂ ਜਾਇਜ਼ ਹੁੰਦੀ ਹੈ? ਫ਼ਿਲਮ 'ਸਾਡਾ ਹੱਕ' ਸਬੰਧੀ ਸੈਂਸਰ ਬੋਰਡ ਦੀ ਚਿੱਠੀ ਵਿਚ ਇਕ ਇਹ ਸਤਰ ਦਰਜ ਕੀਤੀ ਗਈ ਹੈ ਕਿ,“It was discussed that “truth is matter of perception” and may vary from person to person. The portrayal of “truth” in the film is the perception of the film makers and it is not account of what happened in past.”ਇਹ ਸਤਰ ਸਪਸ਼ਟ ਸੰਕੇਤ ਕਰਦੀ ਹੈ ਕਿ ਬੇਸ਼ੱਕ ਸੱਚ ਦੇ ਵਿਭਿੰਨ ਰੂਪ ਅਤੇ ਵਿਭਿੰਨ ਵਿਆਖਿਆਵਾਂ ਹੋ ਸਕਦੀਆਂ ਹਨ, ਪਰ ਪ੍ਰਵਾਨਗੀ ਉਸੇ ਨੂੰ ਮਿਲੇਗੀ ਜਿਹੜਾ ਤਾਕਤਵਰ ਧਿਰ ਦਾ ਅਨੁਸਾਰੀ ਹੋਵੇਗਾ। ਸੈਂਸਰ ਬੋਰਡ ਫ਼ਿਲਮ 'ਸਾਡਾ ਹੱਕ' ਨੂੰ ਪਾਸ ਸਰਟੀਫ਼ਿਕੇਟ ਨਾ ਦੇਣ ਦਾ ਇਕ ਕਾਰਨ ਇਹ ਨਿਸ਼ਚਿਤ ਕਰਦੀ ਹੈ ਕਿ ਜੋ ਇਸ ਵਿਚ ਪੇਸ਼ ਕੀਤਾ ਗਿਆ ਹੈ, ਉਹ ਬੀਤੇ ਦਾ ਸੱਚ ਨਹੀਂ। ਜਦੋਂ ਇਸ 'ਸੱਚ' ਨੂੰ ਅੈਫ਼.ਸੀ.ਏ.ਟੀ. ਪਾਸ ਕਰ ਦਿੰਦਾ ਹੈ ਤਾਂ ਸੈਂਸਰ ਬੋਰਡ ਦਾ ਇਹ ਦਾਅਵਾ ਨਿਰਮੂਲ ਹੋ ਜਾਂਦਾ ਹੈ ਕਿ ਇਹ ਫ਼ਿਲਮ 'ਸੱਚ' ਨੂੰ ਪੇਸ਼ ਨਹੀਂ ਕਰਦੀ। ਅਜਿਹਾ ਹੋਣ ਨਾਲ ਸੈਂਸਰ ਬੋਰਡ ਦਾ ਸੱਚ ਨੂੰ ਨਿਰਧਾਰਿਤ ਕਰਨ ਵਾਲਾ ਰੂਪ ਹੀ ਪ੍ਰਸ਼ਨਾਂ ਦੇ ਘੇਰੇ ਹੇਠ ਨਹੀਂ ਆਉਂਦਾ ਸਗੋਂ ਇਸ ਦਾ ਇਸ ਰੂਪ ਵਿਚ ਹੋਣਾ ਵੀ ਸਮੱਸਿਆਗ੍ਰਸਤ ਬਣ ਜਾਂਦਾ ਹੈ। ਅਸਲ ਵਿਚ ਫ਼ਿਲਮ 'ਸਾਡਾ ਹੱਕ' ਬੀਤੇ ਨੂੰ ਸਮਕਾਲ ਵਿਚ ਇਕ ਵਿਸ਼ੇਸ਼ ਨੁਕਤਾ-ਨਜ਼ਰ ਤੋਂ ਅਰਥ ਦੇਣ ਦੀ ਪ੍ਰਕਿਰਿਆ ਹੈ। ਇਹ ਬੀਤੇ ਨੂੰ ਅਰਥਾਂ ਵਿਚ ਬੰਨ੍ਹਣ ਦੀਆਂ ਸਮਾਨਾਂਤਰ ਰੂਪ ਵਿਚ ਚਲ ਰਹੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਵਿੱਚੋਂ ਇਕ ਕੋਸ਼ਿਸ਼ ਹੈ। ਇਸ ਕੋਸ਼ਿਸ਼ ਬਾਰੇ ਨਿਰਸੰਦੇਹ ਸੁਆਲ-ਜੁਆਬ ਹੋਣੇ ਬਣਦੇ ਹਨ ਤੇ ਫ਼ਿਲਮ ਦੇ ਸ਼ਕਤੀਸ਼ਾਲੀ ਮਾਧਿਅਮ ਵਿਚ ਹੋਣ ਕਾਰਨ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਨੂੰ ਬਹੁਤ ਗੰਭੀਰਤਾ ਅਤੇ ਵਿਸਥਾਰ ਨਾਲ ਗਿਆਨਕਾਰੀ ਅਤੇ ਸਮਝਦਾਰੀ ਦੇ ਰਸਤੇ 'ਤੇ ਪਾਇਆ ਜਾਵੇ। ਪਰ ਕਿਸੇ ਇਕ ਜਾਂ ਦੂਜੀ ਧਿਰ ਵੱਲੋਂ ਇਹ ਕਹਿ ਕੇ ਕਿ ਇਹ ਸੱਚ ਨਹੀਂ ਜਾਂ ਇਹ ਫ਼ਿਰਕਾਪ੍ਰਸਤੀ/ਹਿੰਸਾ ਨੂੰ ਹੁਲਾਰਾ ਦਿੰਦੀ ਹੈ, ਇਸ ਨੂੰ ਜਾਨੋਂ ਨਹੀਂ ਮਾਰਿਆ ਜਾ ਸਕਦਾ। ਨਾਲੇ ਇਹ ਜਿਉਂਦਾ ਬੰਦਾ ਨਹੀਂ ਕਿ ਦੇਹ ਦੇ ਮਰਨ ਨਾਲ ਮਰ ਜਾਏਗਾ, ਇਹ ਖ਼ਿਆਲ ਹੈ, ਇਸ ਨੇ ਸਮਝਦਾਰੀ ਵਿੱਚੋਂ ਗੁਜ਼ਰ ਕੇ ਅਤੇ ਆਪਣੀ ਔਧ ਹੰਢਾ ਕੇ ਕਿਸੇ ਦੂਜੇ ਖ਼ਿਆਲ ਵਿਚ ਜਜ਼ਬ ਹੋਣਾ ਹੈ। 

ਇਹ ਮੰਨ ਕੇ ਕਿ ਇਸ ਫ਼ਿਲਮ ਵਿਚਲਾ ਖ਼ਿਆਲ ਜਿਉਣ ਦਾ ਅਧਿਕਾਰੀ ਹੈ, ਇਸ ਬਾਬਤ ਫ਼ਿਲਮ 'ਸਾਡਾ ਹੱਕ' ਦੀ ਸਮੁੱਚੀ ਬਣਤਰ ਦੇ ਪ੍ਰਸੰਗ ਵਿਚ ਪਹਿਲਾ ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਫ਼ਿਲਮ ਸੱਚਮੁੱਚ ਮਿਲੀਟੈਟਾਂ ਨੂੰ ਨਾਇਕ ਬਣਾ ਕੇ ਪੇਸ਼ ਕਰਦੀ ਹੈ। ਜੇ ਇਹ ਅਜਿਹਾ ਹੈ ਤਾਂ ਇਸ ਨੂੰ ਕਿਵੇਂ ਲੈਣਾ ਹੈ? ਇਹ ਸੱਚ ਹੈ ਕਿ ਇਹ ਫ਼ਿਲਮ ਮਿਲੀਟੈਂਟਾਂ ਨੂੰ ਨਾਇਕ (ਸਿੱਖ ਸੰਦਰਭ ਵਿਚ ਸ਼ਹੀਦ) ਬਣਾ ਕੇ ਪੇਸ਼ ਕਰਦੀ ਹੈ। ਇਸ ਦੀ ਪ੍ਰਤਿਨਿਧ ਮਿਸਾਲ ਫ਼ਿਲਮ ਵਿਚ ਦੋ ਮਿਲੀਟੈਟਾਂ ਕਰਤਾਰ ਸਿੰਘ ਬਾਜ਼ (ਕੁਲਜਿੰਦਰ ਸਿੱਧੂ) ਅਤੇ ਰਾਜਵੰਤ ਸਿੰਘ ਰਾਜਾ (ਦੇਵ ਖਰੋੜ) ਦੀ ਫ਼ਿਲਮ ਵਿਚ ਪਹਿਲੀ ਆਮਦ ਵੇਲੇ ਦੇਖੀ ਜਾ ਸਕਦੀ ਹੈ। ਇਨ੍ਹਾਂ ਦੀ ਇਸ ਪਹਿਲੀ ਆਮਦ ਤੋਂ ਪਹਿਲਾਂ ਫ਼ਿਲਮ ਦੀ ਕਥਾ ਏਨਾ ਕੁ ਸੰਦਰਭ ਤਿਆਰ ਕਰ ਦਿੰਦੀ ਹੈ ਕਿ ਦਰਸ਼ਕ ਇਨ੍ਹਾਂ ਨੂੰ ਵਿਸ਼ੇਸ਼ ਤਰੀਕੇ ਨਾਲ ਸੰਬੋਧਿਤ ਹੋਵੇ। ਬਾਹਰ ਰਹਿੰਦੀ ਪੰਜਾਬੀ ਮੂਲ ਦੀ ਕੁੜੀ ਸ਼ੈਰਨ ਗਿੱਲ (ਧਨੰਤੀ ਸਾਹਾਰਨ) ਦੁਆਰਾ ਪੀਐਚ.ਡੀ ਦੇ ਵਿਸ਼ੇਸ਼ ਤਰ੍ਹਾਂ ਦੇ ਵਿਸ਼ੇ (ੰਨੋਰਟਿਇਸ aਟ ਾਂaਰ) ਦੀ ਚੋਣ ਅਤੇ ਕਰਤਾਰ ਸਿੰਘ ਬਾਜ਼ (ਜਿਸ ਬਾਰੇ ਉਸ ਨੇ ਇੰਟਰਨੈੱਟ ਅਤੇ ਹੋਰ ਥਾਵਾਂ ਤੋਂ ਬਹੁਤ ਕੁਝ ਪੜ੍ਹਿਆ ਸੁਣਿਆ ਹੈ) ਨੂੰ ਮਿਲਣ ਦੀ ਬੇਸਬਰੀ ਦਾ ਪ੍ਰਸੰਗ ਕਰਤਾਰ ਸਿੰਘ ਬਾਜ਼ ਦੇ ਨਾਇਕਤਵ ਨੂੰ ਸਥਾਪਿਤ ਕਰਨ ਦਾ ਪਹਿਲਾ ਪ੍ਰਸੰਗ ਬਣਦਾ ਹੈ। ਇਸ ਤੋਂ ਬਾਅਦ ਜਿਸ ਤਰੀਕੇ ਅਤੇ ਜਿਸ ਤਰ੍ਹਾਂ ਦੇ ਪਿੱਠ-ਵਰਤੀ ਸੰਗੀਤ ਰਾਹੀਂ ਕਰਤਾਰ ਸਿੰਘ ਬਾਜ਼ ਅਤੇ ਰਾਜਵੰਤ ਸਿੰਘ ਰਾਜਾ ਦੀ ਆਮਦ ਪੇਸ਼ ਕੀਤੀ ਗਈ ਹੈ, ਉਸ ਨਾਲ ਉਨ੍ਹਾਂ ਦਾ ਨਾਇਕਤਵ ਪੂਰੀ ਤਰ੍ਹਾਂ ਸਥਾਪਿਤ ਹੋ ਜਾਂਦਾ ਹੈ। ਲੌਂਗ ਸ਼ੋਟ ਰਾਹੀਂ ਪੁਲਿਸ ਵਾਹਨਾਂ ਦਾ ਇਕ ਲੰਮਾ ਕਾਫ਼ਲਾ ਦਿਖਾਇਆ ਹੈ, ਜਿਸ ਦੀ ਉਡੀਕ ਭਾਰੀ ਗਿਣਤੀ ਵਿਚ ਲੋਕ ਕਰ ਰਹੇ ਹਨ। ਪੁਲਿਸ ਦੇ ਇਕ ਵਾਹਨ ਵਿਚ ਕਰਤਾਰ ਸਿੰਘ ਬਾਜ਼ ਅਤੇ ਰਾਜਵੰਤ ਸਿੰਘ ਰਾਜਾ ਉਤਰਦੇ ਹਨ। ਕੈਮਰਾ ਪਹਿਲਾਂ ਕਰਤਾਰ ਸਿੰਘ ਬਾਜ਼ ਦੇ ਬਹੁਤ ਹੀ ਆਧੁਨਿਕ ਕਿਸਮ ਦੇ ਬੂਟਾਂ 'ਤੇ ਜਾਂਦਾ ਹੈ, ਇਸ ਤੋਂ ਬਾਅਦ ਕੈਮਰੇ ਦੇ ਐਂਗਲ ਅਤੇ ਸਥਿਤੀ ਬਦਲ ਜਾਂਦੀ ਤੇ ਟੌਪ ਸ਼ੌਟ ਰਾਹੀਂ ਕਰਤਾਰ ਸਿੰਘ ਬਾਜ਼ ਨੂੰ ਕੁਝ ਕਦਮ ਹੋਰ ਅੱਗੇ ਤੁਰਦੇ ਦਿਖਾਇਆ ਜਾਂਦਾ ਹੈ। ਸਲੋਅ ਅਤੇ ਫ਼ਾਸਟ ਮੂਵਮੈਂਟ ਰਾਹੀਂ ਜਦੋਂ ਕੈਮਰਾ ਕਲੋਜ਼ ਸ਼ੌਟ ਰਾਹੀਂ ਕਰਤਾਰ ਸਿੰਘ ਬਾਜ਼ ਦੇ ਚਿਹਰੇ ਤਾਂ ਜਾਂਦਾ ਹੈ ਤਾਂ ਉਸ ਦੀ ਆਮਦ ਪਹਿਲਾਂ ਸਟਿੱਲ ਹੁੰਦੀ ਹੈ, ਫ਼ਿਰ ਬਲੈਕ ਐਂਡ ਵਾਈਟ ਵਿਚ ਤਬਦੀਲ ਹੁੰਦੀ ਹੈ ਤੇ ਫ਼ਿਰ ਸਕਰੀਨ ਤੇ ਲਿਖੇ ਸ਼ਬਦਾਂ ਰਾਹੀਂ ਉਸ ਬਾਬਤ ਦੱਸਿਆ ਜਾਂਦਾ ਹੈ। ਜਾਣ-ਪਛਾਣ ਕਰਵਾਉਣ ਦਾ ਇਹੀ ਤਰੀਕਾ ਰਾਜਵੰਤ ਸਿੰਘ ਰਾਜਾ ਲਈ ਵਰਤਿਆ ਜਾਂਦਾ ਹੈ। ਨਾਇਕਤਵ ਦੀ ਸਥਾਪਤੀ ਦਾ ਅਗਲਾ ਪ੍ਰਸੰਗ ਉਸ ਕਥਾ-ਅੰਸ਼ ਰਾਹੀਂ ਗਤੀਸ਼ੀਲ ਹੁੰਦਾ ਹੈ, ਜਦੋਂ ਸ਼ੈਰਨ ਕਰਤਾਰ ਸਿੰਗ ਬਾਜ਼ ਨੂੰ ਮਿਲਣ ਦੀ ਕੋਸ਼ਿਸ਼ ਵਿਚ ਉਸ ਦੇ ਵਕੀਲ ਅਮਰ ਸਿੰਘ ਚਾਹਲ ਨੂੰ ਮਿਲਣ ਜਾਂਦੀ ਹੇ। ਉੱਥੇ ਉਸ ਨੂੰ ਕਰਤਾਰ ਸਿੰਘ ਬਾਜ਼ ਦੀ ਭੈਣ ਮਿਲਦੀ ਹੈ। ਕਰਤਰ ਸਿੰਘ ਬਾਜ਼ ਦੀ ਭੈਣ ਦੁਆਰਾ ਸ਼ੈਰਨ ਨੂੰ ਕਹੇ ਇਹ ਸ਼ਬਦ ਕਿ, "ਦੇਖ,ੋ ਕਰਤਰ ਸਾਡੀ ਕੌਮ ਦਾ ਹੀਰੋ ਏ … ਉਸ ਨੇ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਕੌਮ ਦਾ ਸਿਰ ਉੱਚਾ ਕੀਤਾ ਏ।" ਕਰਤਾਰ ਸਿੰਘ ਬਾਜ਼ ਦੇ ਨਾਇਕਤਵ ਨੂੰ ਪੁਨਰ ਸਥਾਪਿਤ ਕਰਦੇ ਹਨ। ਕਰਤਾਰ ਸਿੰਘ ਬਾਜ਼ ਦੇ ਨਾਇਕਤਵ ਨੂੰ ਉਭਾਰਨ ਅਤੇ ਪੁਨਰ ਸਥਾਪਿਤ ਕਰਨ ਦੀ ਇਹ ਪ੍ਰਕਿਰਿਆ ਨਿਰਵਿਘਨ ਸਾਰੀ ਫ਼ਿਲਮ ਵਿਚ ਜਾਰੀ ਰਹਿੰਦੀ ਹੈ। ਇਸ ਵਿਚ ਵਿਸ਼ੇਸ਼ ਤਰ੍ਹਾਂ ਦਾ ਡੂੰਘੀ ਬੀਟ ਵਾਲਾ, ਦਾਬੇ ਵਾਲਾ ਪਿੱਠ-ਵਰਤੀ ਸੰਗੀਤ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ। 

ਇਸ ਤਰ੍ਹਾਂ ਇਹ ਤਾਂ ਸਪਸ਼ਟ ਹੈ ਕਿ ਕਰਤਾਰ ਸਿੰਘ ਬਾਜ਼ ਅਤੇ ਰਾਜਵੰਤ ਸਿੰਘ ਰਾਜਾ ਨੂੰ ਬਿਨ੍ਹਾਂ ਕਿਸੇ ਝਿਜਕ ਦੇ, ਵਿਭਿੰਨ ਸਿਨੇਮਾ ਤਕਨੀਕਾਂ ਰਾਹੀਂ, ਪੂਰੀ ਸਮੱਗਰਤਾ ਨਾਲ ਨਾਇਕਤਵ ਪ੍ਰਦਾਨ ਕੀਤਾ ਹੈ। ਹੁਣ ਪ੍ਰਸ਼ਨ ਇਹ ਹੈ ਕਿ ਇਸ ਨੂੰ ਕਿਸ ਤਰ੍ਹਾਂ ਨਾਲ ਸਮਝਿਆ ਅਤੇ ਸਥਾਪਿਤ ਕੀਤਾ ਜਾਵੇ। 'ਮਾਚਿਸ' ਅਤੇ 'ਹਵਾਏਂ' ਫ਼ਿਲਮਾਂ ਵੀ ਮਿਲੀਟੈਟਾਂ ਨੂੰ ਨਾਇਕਾਂ ਦੇ ਤੌਰ 'ਤੇ ਕਲਪਦੀਆਂ ਅਤੇ ਪੇਸ਼ ਕਰਦੀਆਂ ਹਨ। 'ਮਾਚਿਸ' ਫ਼ਿਲਮ ਵਿਚ ਸਨਾਤਨ ਨੂੰ ਕੋਈ ਘੱਟ ਸਪੇਸ ਪ੍ਰਾਪਤ ਹੈ, ਉਹ ਵੀ ਸਿਸਟਮ/ਸਰਕਾਰ ਦੇ ਖਿਲਾਫ਼ ਬੋਲਦਾ ਹੈ, ਫ਼ਿਰ ਉਸ ਦਾ ਨਾਇਕਤਵ ਸਮੱਸਿਆ ਦਾ ਕਾਰਨ ਕਿਉਂ ਨਹੀਂ ਬਣਦਾ। ਹੋਰ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਵਿਚ ਮਿਲੀਟੈਂਟ ਨਾਇਕ ਵਜੋਂ ਪੇਸ਼ ਹੋਏ ਹਨ, ਉਨ੍ਹਾਂ ਬਾਰੇ ਵੀ ਕੋਈ ਵੱਡਾ ਵਿਵਾਦ ਨਹੀਂ ਖੜ੍ਹਾ ਹੋਇਆ। ਮਿਲੀਟੈਂਟ ਨੂੰ ਮੁਖ ਧਿਰ ਵਜੋਂ ਪੇਸ਼ ਕਰਨ ਵਾਲੀਆਂ ਫ਼ਿਲਮਾਂ ਦਾ ਸੰਖੇਪ ਅਧਿਐਨ ਇਹ ਦੱਸਦਾ ਹੈ ਕਿ ਸਿਰਫ਼ ਦੋ ਹੀ ਵਿਧੀਆਂ ਅਜਿਹੀਆਂ ਹਨ, ਜਿਨ੍ਹਾਂ ਰਾਹੀਂ ਮਿਲੀਟੈਂਟ ਨਾਇਕ ਨੂੰ ਸਵੀਕ੍ਰਿਤੀ ਹਾਸਲ ਹੋ ਸਕਦੀ ਹੈ। ਪਹਿਲੀ ਇਹ ਕਿ ਉਹ ਦਿੱਖ ਅਤੇ ਵਿਚਾਰ ਦੋਵਾਂ ਪੱਧਰਾਂ 'ਤੇ ਆਪਣੇ ਆਪ ਨੂੰ ਕਿਸੇ ਘੱਟ-ਗਿਣਤੀ ਧਰਮ/ਖਿੱਤੇ/ਸਭਿਆਚਾਰ ਨਾਲ ਜੋੜ ਕੇ ਪਰਿਭਾਸ਼ਤ ਨਾ ਕਰੇ, (ਜਿਸ ਤਰ੍ਹਾਂ ਕਿ 'ਮਾਚਿਸ' ਦਾ ਸਨਾਤਨ ਨਹੀਂ ਕਰਦਾ) ਅਤੇ ਦੂਸਰਾ ਇਹ ਕਿ ਉਹ ਅੰਤ ਨੂੰ ਜਾਂ ਤਾਂ ਮਾਰਿਆ ਜਾਵੇ ਜਾਂ ਪਛਤਾਉਂਦਾ ਹੋਇਆ ਅੰਤ ਨੂੰ ਭਾਰਤ ਦੇ ਧਰਮ-ਨਿਰਪੱਖ ਰਾਸ਼ਟਰਵਾਦ ਵਿਚ ਸਮਾ ਜਾਵੇ। ਕਿਸੇ ਫ਼ਿਲਮ ਪਾਠ ਵਿਚ ਜੇ ਕਿਸੇ ਮਿਲੀਟੈਂਟ ਦੀ ਪਛਾਣ (ਪਛਾਣ ਦੇ ਪ੍ਰਮਾਣਿਕ ਚਿੰਨ੍ਹਾਂ ਨਾਲ) ਕਿਸੇ ਘੱਟ-ਗਿਣਤੀ ਧਰਮ/ਸਭਿਆਚਾਰ/ਖਿੱਤੇ ਨਾਲ ਜੋੜ ਕੇ ਪੇਸ਼ ਕੀਤੀ ਗਈ ਹੈ ਤੇ ਅੰਤ ਤੱਕ ਵੀ ਉਹ ਪਛਤਾਉਂਦਾ ਜਾਂ ਬੁਰੀ ਤਰ੍ਹਾਂ ਮਾਰਿਆ ਜਾਂਦਾ ਨਹੀਂ ਦਿਖਾਇਆ ਜਾਂਦਾ ਹੈ ਤਾਂ ਉਹ ਨਿਰਸੰਦੇਹ ਭਾਰਤ ਦੇ ਸੈਕੁਲਰ ਰਾਸ਼ਟਰਵਾਦ ਅਤੇ ਇਸ ਵਿਚਾਰਧਾਰਾ ਦੇ ਤਮਾਮ ਅਨੁਯਾਈਆਂ ਲਈ ਬਹੁਤ ਵੱਡੇ ਪੱਧਰ 'ਤੇ ਪਰੇਸ਼ਾਨ ਕਰਨ ਵਾਲੀ ਚੀਜ਼ ਹੈ।

ਫ਼ਿਲਮ 'ਸਾਡਾ ਹੱਕ' ਦੇ ਮਾਮਲੇ ਵਿਚ ਸਮੱਸਿਆ ਇਹ ਨਹੀਂ ਕਿ ਮਿਲੀਟੈਂਟ ਕਰਤਾਰ ਸਿੰਘ ਬਾਜ਼ ਸਿਸਟਮ ਦੇ ਖਿਲਾਫ਼ ਬੋਲਦਾ ਹੈ, ਸਮੱਸਿਆ ਇਹ ਹੈ ਕਿ ਉਹ ਇਕ ਵਿਸ਼ੇਸ਼ ਘੱਟ-ਗਿਣਤੀ ਦੇ ਨੁਕਤਾ-ਨਜ਼ਰ ਤੋਂ ਪੂਰੀ ਤਰ੍ਹਾਂ ਸਪਸ਼ਟ ਹਵਾਲਿਆਂ ਨਾਲ ਬੋਲਦਾ ਹੈ। ਉਹ ਜਦੋਂ ਸਿਸਟਮ ਦੇ ਖਿਲਾਫ਼ ਬੋਲਦਾ ਹੈ ਤਾਂ ਗੱਲ ਨੂੰ ਗੋਲ-ਮੋਲ ਅਤੇ ਸਰਵ-ਵਿਆਪੀ ਨਹੀਂ ਬਣਾਉਂਦਾ ਅਤੇ ਨਾ ਇਸ ਨੂੰ ਮਰ ਚੁੱਕੇ ਪ੍ਰਸ਼ਨਾਂ ਦੇ ਹਵਾਲੇ ਵਿਉਂਤਦਾ ਹੈ (ਜਿਸ ਤਰ੍ਹਾਂ ਕਿ 'ਮਾਚਿਸ' ਵਿਚ ਸਨਾਤਨ ਕਰਦਾ ਹੈ) ਸਗੋਂ ਉਹ ਸਪਸ਼ਟ ਰੂਪ ਵਿਚ ਇਸ ਨੂੰ ਪ੍ਰਸੰਗ ਵਿਸ਼ੇਸ਼ ਵਿਚ ਸਥਿਤ ਕਰਦਾ ਹੈ। ਉਹ ਇਹ ਨਹੀਂ ਕਹਿੰਦਾ ਕਿ ਸਿਸਟਮ ਬੁਰਾ ਹੈ, ਸਗੋਂ ਇਹ ਕਹਿੰਦਾ ਹੈ ਕਿ ਇਹ ਫ਼ਿਰਕਾਪ੍ਰਸਤ ਹੈ। ਉਹ ਇਹ ਨਹੀਂ ਕਹਿੰਦਾ ਕਿ ਇਹ ਘੱਟ-ਗਿਣਤੀਆਂ ਨਾਲ ਧੱਕਾ ਕਰਦਾ ਹੈ, ਸਗੋਂ ਕਿਵੇਂ ਕਰਦਾ ਹੇ ਤੇ ਕਿਨ੍ਹਾਂ ਨਾਲ ਕਰਦਾ ਹੈ, ਇਸ ਦੀ ਸਪਸ਼ਟ ਗੱਲ ਕਰਦਾ ਹੈ, "(ਸਿਸਟਮ) ਫ਼ਿਰਕਾਪ੍ਰਸਤ ਹੈ, ਸਾਡੀ ਪਛਾਣ ਖ਼ਤਮ ਕਰਨਾ ਚਾਹੁੰਦਾ ਇਹ ਸਿਸਟਮ। ਸੰਵਿਧਾਨ ਦੇ ਮੁਤਾਬਕ ਹੁਣ ਤੱਕ ਸਾਡੇ ਧਰਮ ਨੂੰ ਵੱਖਰਾ ਧਰਮ ਨਹੀਂ ਮੰਨਿਆ ਗਿਆ। ਜਦ ਅਸੀਂ ਹੱਕ ਮੰਗੇ ਸਾਡਾ ਅਕਾਲ ਤਖਤ ਢਾਹ ਤਾ, ਸਾਡੇ ਭਾਈਚਾਰੇ ਦੇ ਅਨੇਕਾਂ ਲੋਕ ਕਤਲ ਕਰਵਾਤੇ ਤੇ ਕਾਤਲ ਅੱਜ ਤੱਕ ਖੁੱਲ੍ਹੇ ਘੁੰਮ ਰਹੇ ਨੇ।" 

ਸਿਨਮਾ ਵਰਗੀ ਸਰਵਜਨਕ ਸਪੇਸ ਵਿਚ ਕਿਸੇ ਘੱਟ-ਗਿਣਤੀ ਧਾਰਮਿਕ ਸਮੂਹ ਦੇ ਮਿਲੀਟੈਂਟ ਵੱਲੋਂ ਰਾਸ਼ਟਰਵਾਦ ਦੇ ਧਰਮ-ਨਿਰਪੱਖ ਅਤੇ ਸਭਨਾਂ ਨੂੰ ਬਰਾਬਰ ਅਧਿਕਾਰ ਦੇਣ ਵਾਲੇ ਰੂਪ ਨੂੰ ਇਸ ਤਰ੍ਹਾਂ ਸ਼ਰੇਆਮ ਸਪਸ਼ਟ ਰੂਪ ਵਿਚ ਚੁਣੌਤੀ ਦੇਣਾ ਤੇ ਫ਼ਿਲਮ ਦੀ ਸਾਰੀ ਅਵਧੀ ਦੌਰਾਨ ਦਿੰਦੇ ਹੀ ਰਹਿਣਾ (ਨਾ ਪਿੱਛੇ ਹਟਣਾ, ਨਾ ਪਛਤਾਉਣਾ), ਸਹਿਜਤਾ ਹੀ ਨਾਮਨਜ਼ੂਰ ਗੱਲ ਹੈ। ਫ਼ਿਲਮ ਦਾ ਮਿਲੀਟੈਂਟ ਨਾਇਕ ਕਰਤਾਰ ਸਿੰਘ ਬਾਜ਼ ਸਾਰੀ ਫ਼ਿਲਮ ਵਿਚ ਇਕ ਬਹੁਤ ਤਕੜੇ ਜਜ਼ਬੇ ਵਾਲੀ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਚੜ੍ਹਦੀ ਕਲਾ ਵਾਲੇ ਇਸ ਤਾਕਤਵਰ ਜਜ਼ਬੇ ਰਾਹੀਂ ਉਹ ਹਰ ਤਰ੍ਹਾਂ ਦੀ ਵਿਕਟਮਹੁੱਡ ਅਤੇ ਤਰਸਯੋਗਤਾ ਨੂੰ ਨਕਾਰਦਾ ਹੈ। ਵਿਕਟਮਹੁੱਡ ਅਤੇ ਤਰਸਯੋਗਤਾ ਦੋਵੇਂ ਹੀ ਅਜਿਹੇ ਅਹਿਸਾਸ ਹਨ, ਜਿਹੜੇ ਹਕੂਮਤ ਨੂੰ ਭਾਉਂਦੇ ਹਨ, ਇਸ ਕਾਰਨ ਕਿ ਇਹ ਟੇਢੇ ਰੂਪ ਵਿਚ ਉਸ ਦੀ ਜਿੱਤ ਵੱਲ ਹੀ ਸੰਕੇਤ ਕਰਦੇ ਹੁੰਦੇ ਹਨ। ਇਸ ਫ਼ਿਲਮ ਦਾ ਮਿਲੀਟੈਂਟ ਨਾਇਕਤਵ ਕੇਵਲ ਆਪਣੇ ਉਚਾਰਾਂ ਰਾਹੀਂ ਹੀ ਹਕੂਮਤ ਨੂੰ ਚੁਣੌਤੀ ਨਹੀਂ ਦਿੰਦਾ ਸਗੋਂ ਵਿਕਟਮਹੁੱਡ ਅਤੇ ਤਰਸਯੋਗਤਾ ਦੇ ਨਕਾਰਨ ਰਾਹੀਂ ਵੀ ਦਿੰਦਾ ਹੈ। ਇਸ ਪ੍ਰਸੰਗ ਵਿਚ ਪੰਜਾਬ ਸੰਕਟ ਨਾਲ ਸਬੰਧਿਤ ਬਾਕੀ ਤਿੰਨ ਫ਼ਿਲਮਾਂ ਦੀ ਬਣਤਰ ਦੇਖੀ ਜਾ ਸਕਦੀ ਹੈ। ਫ਼ਿਲਮ 'ਦੇਸ ਹੋਇਆ ਪਰਦੇਸ' ਤਾਂ ਹੈ ਹੀ ਤਰਸਯੋਗਤਾ ਅਤੇ ਵਿਕਟਮਹੁੱਡ ਦਾ ਪ੍ਰਵਚਨ। ਫ਼ਿਲਮ ਦੇ ਨਾਇਕ ਗੁਰਸ਼ਾਨ ਸਮੇਤ ਤਮਾਮ ਫ਼ਿਲਮ ਵਿਚ ਪੇਸ਼ ਤਮਾਮ ਜਨ-ਸਾਧਾਰਨ ਕੋਲ ਪੁਲਿਸ ਦੀ ਦਹਿਸ਼ਤ ਅਤੇ ਜ਼ੁਲਮ ਦਾ ਕੋਈ ਜੁਆਬ ਨਹੀਂ। ਗੁਰਸ਼ਾਨ ਸਭ ਕੁਝ ਚੁੱਪ ਕਰ ਕੇ ਸਹੀ ਜਾਂਦਾ ਹੈ ਤੇ ਉਦੋਂ ਤੱਕ ਸਹਿੰਦਾ ਰਹਿੰਦਾ ਹੈ, ਜਦੋਂ ਤੱਕ ਪੁਲਿਸ ਦੁਆਰਾ ਮਾਰ ਨਹੀਂ ਦਿੱਤਾ ਜਾਂਦਾ। ਉਹ ਵਿਕਟਮਹੁੱਡ/ਤਰਸਯੋਗਤਾ ਦਾ ਸਿਖਰ ਹੈ ਅਤੇ ਇਸ ਤਰ੍ਹਾਂ ਹੋਣ ਬਾਬਤ ਭਲਾ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਫ਼ਿਲਮ 'ਮਾਚਿਸ' ਇਸ ਪ੍ਰਸੰਗ ਵਿਚ ਦੂਜੇ ਨੰਬਰ 'ਤੇ ਆਉਂਦੀ ਹੈ। ਪ੍ਰੇਮ ਪ੍ਰਸੰਗ ਦੇ ਹਵਾਲੇ ਫ਼ਿਲਮ ਦਾ ਨਾਇਕ ਕ੍ਰਿਪਾਲ ਸਿੰਘ ਪਾਲੀ (ਚੰਦਰਚੂਹੜ ਸਿੰਘ) ਇਕ ਪੱਧਰ 'ਤੇ ਪੁਲਿਸ ਦੇ ਜ਼ੁਲਮ/ਧੱਕੇਸ਼ਾਹੀ ਦਾ ਸ਼ਿਕਾਰ ਬਣਨ ਦੀ ਬਜਾਇ ਬਗਾਵਤ ਦਾ ਰਸਤਾ ਅਖਤਿਆਰ ਕਰਦਾ ਹੈ। ਪਰ ਫ਼ਿਲਮ ਦਾ ਤਾਣਾ-ਬਾਣਾ ਉਸ ਦੇ ਚਰਿੱਤਰ ਨੂੰ ਕੁਝ ਇਸ ਤਰ੍ਹਾਂ ਉਸਾਰਦਾ ਅਤੇ ਵਿਉਂਤਦਾ ਹੈ ਕਿ ਨਾਬਰੀ, ਦੁੱਖ, ਪਛਤਾਵੇ ਦਾ ਮਿਲਗੋਭਾ ਜਿਹਾ ਬਣ ਜਾਂਦਾ ਹੈ। ਫ਼ਿਲਮ ਉਸ ਦੀ ਨਾਬਰੀ ਨੂੰ ਘਟਾ ਕੇ ਪੇਸ਼ ਕਰਦੀ ਹੈ, ਇੰਨਸਪੈਕਟਰ ਨੂੰ ਮਾਰਨ ਗਿਆਂ ਉਹ ਖੁਦ ਹੀ ਉਸ ਦੇ ਕਾਬੂ ਵਿਚ ਆ ਜਾਂਦਾ ਹੈ। ਫ਼ਿਲਮ ਦਾ ਵਿਚਾਰਧਾਰਕ ਸਾਰ ਇੰਸਪੈਕਟਰ ਵੋਹਰਾ ਅਤੇ ਪਾਲੀ ਨੁੰ ਆਪਸ ਵਿਚ ਭਿੜਾ ਕੇ ਪੁਲਿਸ ਦੇ ਤਕੜੇਪਣ ਨੂੰ ਪੁਨਰ-ਸਥਾਪਿਤ ਕਰਦਾ ਹੈ। ਇਸ ਤੋਂ ਬਿਨ੍ਹਾਂ ਉਹ ਕਿੰਨੀ ਹੀ ਵਾਰ ਫ਼ਿਲਮ ਵਿਚ ਰੋਂਦਾ ਹੈ ਤੇ ਇੱਕ ਤੋਂ ਵਧੇਰੇ ਵਾਰ ਵਾਪਸ ਨਾ ਮੁੜ ਸਕਣ ਦੇ ਇਸ ਤਰ੍ਹਾਂ ਦੇ ਪਛਤਾਵੇ ਦਾ ਸ਼ਿਕਾਰ ਨਜ਼ਰ ਆਉਂਦਾ ਹੇ। ਰੋਣਾ ਜਾਂ ਪਛਤਾਉਣਾ ਉਂਝ ਤਾਂ ਇਕ ਮਾਨਵੀ ਹੁੰਗਾਰਾ ਹੈ, ਪਰ ਨਾਬਰੀ ਦੇ ਪ੍ਰਸੰਗ ਵਿਚ ਇਹ ਤਰਸਯੋਗਤਾ ਵਿਚ ਤਬਦੀਲ ਹੋ ਜਾਂਦਾ ਹੈ। ਇਸ ਫ਼ਿਲਮ ਵਿਚ ਨਾਇਕ ਦੀ ਤਰਸਯੋਗਤਾ ਨੂੰ ਸਥਾਪਿਤ ਕਰਨ ਹਿੱਤ ਉਸ ਨੂੰ ਫ਼ਿਲਮ ਦੇ ਅੰਤ ਵਿਚ ਬੇਹੱਦ ਤਸ਼ੱਦਦ ਦਾ ਸ਼ਿਕਾਰ ਦਿਖਾਉਂਦਿਆਂ ਕਿਸੇ ਵੀ ਆਸ ਦੀ ਅਣਹੋਂਦ ਵਿਚ ਮੌਤ ਨੂੰ ਗਲੇ ਲਗਾਉਂਦਾ ਪੇਸ਼ ਕੀਤਾ ਗਿਆ ਹੈ। ਇਹ ਸਾਰਾ ਬਿਰਤਾਂਤ ਇਹ ਸਿੱਧ ਕਰ ਦਿੰਦਾ ਕਿ ਸਟੇਟ ਬਹੁਤ ਸ਼ਕਤੀਸ਼ਾਲੀ ਹੈ, ਇਸ ਦੇ ਖ਼ਿਲਾਫ਼ ਲੜਿਆ ਨਹੀਂ ਜਾ ਸਕਦਾ। ਫ਼ਿਲਮ 'ਹਵਾਏਂ' ਕਿਸੇ ਹੱਦ ਤੱਕ ਤਰਸਯੋਗਤਾ ਨੂੰ ਇਨਕਾਰ ਕਰਦੀ ਹੈ, ਪਰ ਸਟੇਟ ਨਾਲ ਸਬੰਧਾਂ ਦੀ ਅੰਤਿਮ ਵਿਆਕਰਨ ਦੇ ਪ੍ਰਸੰਗ ਵਿਚ ਇਹ ਹੀ ਸੁਝਾਉਂਦੀ ਹੈ ਕਿ ਬਾਵਜੂਦ ਸਟੇਟ ਦੇ ਖ਼ਿਲਾਫ਼ ਹੋਣ ਦੇ ਉਸ ਦੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਚਾਉਣ ਦੇ ਵਿਚ ਆਪਣਾ ਆਪ ਕੁਰਬਾਨ ਕਰ ਦਿੱਤਾ ਜਾਵੇ। 

ਇਸ ਸਾਰੀ ਪ੍ਰਕਿਰਿਆ ਵਿਚ ਇਕ ਔਖੀ ਗੱਲ ਇਹ ਵਾਪਰਦੀ ਹੈ ਕਿ ਧਰਮ ਵੀ ਨਿੱਜੀ ਘੇਰੇ ਤੋਂ ਸਰਵਜਨਕ ਘੇਰੇ ਵਿਚ ਦਾਖਲਾ ਪਾ ਜਾਂਦਾ ਹੈ। ਇਹ ਗੱਲ ਸਪਸ਼ਟ ਰੂਪ ਵਿਚ ਪੰਜਾਬ ਸੰਕਟ ਨਾਲ ਸਬੰਧਿਤ ਬਾਕੀ ਤਿੰਨ ਫ਼ਿਲਮਾਂ ਨੂੰ ਇਸ ਫ਼ਿਲਮ ਦੀ ਤੁਲਨਾ ਵਿਚ ਰੱਖਣ ਤੋਂ ਬਾਅਦ ਹੋਰ ਵੀ aੁੱਘੜ ਆਉਂਦੀ ਹੈ। 'ਮਾਚਿਸ', 'ਹਵਾਏਂ' ਅਤੇ 'ਦੇਸ ਹੋਇਆ ਪਰਦੇਸ' ਤਿੰਨੋਂ ਹੀ ਫ਼ਿਲਮਾਂ ਧਰਮ ਜਾਂ ਧਰਮ ਅਧਾਰਿਤ ਕਿਸੇ ਵੀ ਪਹਿਲੂ ਜਾਂ ਮੰਗ ਨਾਲੋਂ ਚੇਤੰਨ ਤੋੜ ਵਿਛੋੜਾ ਕਰਦੀਆਂ ਹਨ। ਸਿਰਫ਼ ਦਿੱਖ ਦੀ ਪੱਧਰ 'ਤੇ ਪੱਗ ਅਤੇ ਦਾੜੀ ਵਾਲੇ ਕੁਝ ਪਾਤਰ ਸ਼ਾਮਿਲ ਹਨ, ਪਰ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਪੇਸ਼ਕਾਰੀ ਨਾਂਹ-ਮੁਖੀ ਹੈ, ਕਈ ਥਾਵਾਂ 'ਤੇ ਤਾਂ ਉਹ ਖਲਨਾਇਕ ਦੇ ਰੂਪ ਵਿਚ ਪੇਸ਼ ਹੋਏ ਹਨ। ਇਨ੍ਹਾਂ ਤਿੰਨ ਫ਼ਿਲਮਾਂ ਵਿਚ ਪੱਗ ਅਤੇ ਦਾੜੀ ਵਾਲੇ ਜਿਹੜੇ ਪਾਤਰ ਚੰਗੇ ਪੇਸ਼ ਹੋਏ ਹਨ, ਉਹ ਬੱਸ ਦਿਖ ਪੱਖੋਂ ਹੀ ਸਿੱਖ ਹਨ, ਉਂਝ ਉਨ੍ਹਾਂ ਦੀ ਜ਼ਿੰਦਗੀ ਵਿਚ ਧਰਮ ਦਾ ਬਹੁਤਾ ਦਖ਼ਲ ਨਹੀਂ। ਇਸ ਪ੍ਰਸੰਗ ਵਿਚ ਇਕ ਰੌਚਕ ਤੱਥ ਇਹ ਵੀ ਹੈ ਕਿ ਬਾਵਜੂਦ ਪੰਜਾਬ ਸੰਕਟ ਨਾਲ ਸਬੰਧਿਤ ਹੋਣ ਦੇ ਇਨ੍ਹਾਂ ਤਿੰਨਾਂ ਫ਼ਿਲਮਾਂ ਵਿੱਚੋਂ ਦੋ (ਮਾਚਿਸ ਅਤੇ ਦੇਸ ਹੋਇਆ ਪਰਦੇਸ) ਵਿਚ ਤਾਂ ਅਕਾਲ ਤਖਤ ਦੇ ਢਾਹੇ ਜਾਣ ਦਾ ਜ਼ਿਕਰ ਮਾਤਰ ਵੀ ਨਹੀਂ ਆਉਂਦਾ, 'ਹਵਾਏਂ' ਵਿਚ ਬੇਸ਼ੱਕ ਆਉਂਦਾ ਹੈ, ਪਰ ਨਾ ਕੇਵਲ ਉਹ ਸੰਕੇਤ ਮਾਤਰ ਹੈ, ਸਗੋਂ ਉਸ ਦਾ ਰੂਪ ਵੀ ਸਟੇਟ ਪੱਖੀ ਹੀ ਹੈ। ਇਸ ਤਰ੍ਹਾਂ ਇਹ ਤਿੰਨੋ ਫ਼ਿਲਮਾਂ ਧਰਮ ਅਤੇ ਧਾਰਮਿਕ ਪਛਾਣ ਨਾਲ ਜੁੜੇ ਮੁੱਦਿਆਂ ਨੂੰ ਫ਼ਿਲਮ ਦੀ ਕਥਾ ਵਿੱਚੋਂ ਬਾਹਰ ਰੱਖਦੀਆਂ ਬਹੁ-ਗਿਣਤੀ ਦੀ ਨਿਗਾਹ ਵਿਚ ਪ੍ਰਵਾਨ ਚੜ੍ਹਦੀਆਂ ਹਨ। ਪਰ 'ਸਾਡਾ ਹੱਕ' ਇਨ੍ਹਾਂ ਫ਼ਿਲਮਾਂ ਦੇ ਵਿਪਰੀਤ ਧਾਰਮਿਕ ਪਛਾਣ ਦੇ ਮਸਲੇ ਨੂੰ ਫ਼ਿਲਮ ਦੀ ਕਥਾ ਦੀ ਮੁਖ ਕੜੀ ਬਣਾ ਕੇ ਪੇਸ਼ ਕਰਦੀ ਹੈ। ਇਸ ਕੜੀ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਇਹ ਸਿੱਖ ਪਛਾਣ ਵਾਲੇ ਅਸਲੀ ਪਾਤਰਾਂ ਨੂੰ ਫ਼ਿਲਮ ਵਿਚ ਪਾਤਰਾਂ ਵਜੋਂ ਪੇਸ਼ ਕਰਦੀ ਹੈ। ਇਹ ਸਿੱਖ ਪਛਾਣ ਨੂੰ ਕੁਝ ਥਾਵਾਂ ਤੇ ਸਹਿਜ ਪ੍ਰਵਾਨਿਤ ਦਿੱਖ ਰਾਹੀਂ ਪੇਸ਼ ਕਰਦੀ ਹੈ ਅਤੇ ਕੁਝ ਥਾਵਾਂ 'ਤੇ ਇਸ ਨੂੰ ਉਘੜਵੀਂ ਨੁਹਾਰ ਅਤੇ (ਕਰਤਾਰ ਸਿੰਘ ਬਾਜ਼ ਦੀ ਭੈਣ ਸਮੇਤ ਕੁੜੀਆਂ ਦਾ ਇਕ ਸਮੂਹ ਕੇਸਕੀਆਂ ਸਹਿਤ ਪੇਸ਼ ਕੀਤਾ ਗਿਆ ਹੈ) ਨਾਹਰਿਆਂ ਨਾਲ ਅਗ੍ਰਭੂਮਿਤ ਕੀਤਾ ਗਿਆ ਹੈ। ਧਾਰਮਿਕ ਪਛਾਣ ਨੂੰ ਉਘਾੜ ਕੇ, ਉਨ੍ਹਾਂ ਦੀ ਵੱਖਰਤਾ ਸਹਿਤ ਪੇਸ਼ ਕਰਨਾ ਭਾਰਤ ਰਾਸ਼ਟਰ ਦੀ ਉਸ ਸੰਕਲਪਨਾ ਦੇ ਸਮਾਨਾਂਤਰ ਔਖਾ ਲੱਗ ਸਕਦਾ ਹੈ, ਜਿਹੜੀ 'ਅਨੇਕਤਾ ਵਿਚ ਏਕਤਾ' ਦਾ ਨਾਹਰਾ ਲਾਉਂਦੀ ਹੈ।

ਉਪਰੋਕਤ ਚਰਚਾ ਦੇ ਹਵਾਲੇ ਇਹ ਧਾਰਨਾ ਬਣਾਈ ਜਾ ਸਕਦੀ ਹੈ ਕਿ ਫ਼ਿਲਮ 'ਸਾਡਾ ਹੱਕ' ਦੁਆਰਾ ਮਿਲੀਟੈਂਟਾਂ ਨੂੰ ਨਾਇਕ ਬਣਾਉਣਾ ਇਸ ਕਾਰਨ ਸਮੱਸਿਆਗ੍ਰਸਤ ਹੈ ਕਿ ਉਹ ਇਕ ਤਾਂ ਧਾਰਮਿਕ ਘੱਟ-ਗਿਣਤੀ ਦੀ ਪ੍ਰਤਿਨਿਧਤਾ ਕਰਦੇ ਹਨ, ਦੂਸਰਾ ਉਨ੍ਹਾਂ ਦੇ ਰਾਹੀਂ ਧਰਮ ਨਿੱਜੀ ਸਪੇਸ ਤੋਂ ਸਰਵਜਨਕ ਸਪੇਸ ਤੱਕ ਦੀ ਯਾਤਰਾ ਕਰਦਾ ਹੈ ਅਤੇ ਤੀਸਰਾ ਕਿ ਫ਼ਿਲਮ ਦੇ ਅੰਤ ਤੱਕ ਉਹ ਨਾ ਮਾਰੇ ਜਾਂਦੇ ਹਨ ਤੇ ਨਾ ਕਿਸੇ ਪਛਤਾਵੇ ਦਾ ਸ਼ਿਕਾਰ ਹੋ ਮੁੜ ਮੁੱਖ-ਧਾਰਾ ਵਿਚ ਪਰਤਣ ਦੀ ਖਾਹਿਸ਼ ਜ਼ਾਹਿਰ ਕਰਦੇ ਹਨ। ਫ਼ਿਲਮ ਦੇ ਅੰਤ ਵਿਚ ਦੋਵਾਂ ਮਿਲੀਟੈਂਟਾਂ ਨੂੰ ਫ਼ਾਂਸੀ ਦੀ ਸਜ਼ਾ ਮਿਲਣ ਦਾ ਜ਼ਿਕਰ ਆਉਂਦਾ ਹੈ, ਪਰ ਫ਼ਿਲਮ ਇਸ ਸਜ਼ਾ ਨੂੰ ਰੁਦਨ ਦਾ ਨਹੀਂ ਸਗੋਂ ਸ਼ਹੀਦੀ ਦਾ ਰੰਗ ਦਿੰਦੀ ਉਨ੍ਹਾਂ ਦੇ ਖੁਦ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਚੜ੍ਹਦੀ ਕਲਾ ਦਾ ਸਬਬ ਨਿਸ਼ਚਿਤ ਕਰਦੀ ਹੈ। 
  
  ਫ਼ਿਲਮ 'ਸਾਡਾ ਹੱਕ' ਵਿਚ ਮਿਲੀਟੈਂਟਾਂ ਦੇ ਨਾਇਕਤਵ ਦੇ ਉਪਰੋਕਤ ਪ੍ਰਸੰਗ ਦੇ ਸਮਾਨਾਂਤਰ ਇਸ ਦਾ ਇਕ ਹੋਰ ਪ੍ਰਸੰਗ ਵੀ ਹੈ, ਜਿਹੜਾ ਉਪਰੋਕਤ ਪ੍ਰਸੰਗ ਜਿੰਨਾ ਹੀ ਮਹੱਤਵਪੂਰਨ ਹੈ, ਬਲਕਿ ਕੁਝ ਹੱਦ ਤੱਕ ਉਸ ਤੋਂ ਵੱਧ ਹੀ ਮਹੱਤਵਪੂਰਨ ਹੈ। ਉਪਰੋਕਤ ਪ੍ਰਸੰਗ ਰਾਸ਼ਟਰਵਾਦ ਦੇ ਪ੍ਰਸੰਗ ਵਿਚ ਹੈ ਜਦੋਂ ਕਿ ਵਿਚਾਰਾਧੀਨ ਪ੍ਰਸੰਗ ਪੰਜਾਬ ਦੇ ਪ੍ਰਸੰਗ ਵਿਚ ਹੈ। ਪੰਜਾਬ ਨੇ ਹਿੰਸਾ ਦਾ ਇਕ ਲੰਮਾ ਦੌਰ ਹੰਢਾਇਆ ਹੈ, ਉਸ ਵਿਚ ਪੰਜਾਬ ਦਾ ਜਾਨੀ ਅਤੇ ਮਾਲੀ, ਦੋਵਾਂ ਪੱਧਰਾਂ 'ਤੇ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਾਇਆ ਹੈ। ਇਕ ਚਿੰਤਕ ਦੀ ਗੱਲ ਏਥੇ ਯਾਦ ਆ ਰਹੀ ਹੈ ਕਿ ਪੰਜਾਬ ਵਿਚਲੀ ਹਿੰਸਾ ਕਾਰਨ ਪੰਜਾਬ ਪੰਜਾਹ ਸਾਲ ਪਿੱਛੇ ਚਲਿਆ ਗਿਆ ਹੈ। ਇਸ ਉਕਤੀ ਵਿਚ ਭਾਵੇਂ ਥੋੜਾ ਜਿਹਾ ਵਾਧਾ ਲੱਗ ਰਿਹਾ ਹੋਵੇ, ਪਰ ਇਸ ਦੇ ਬਾਵਜੂਦ ਇਹ ਪੰਜਾਬ ਦੇ ਅਹਿਮ ਯਥਾਰਥ ਵੱਲ ਸੰਕੇਤ ਕਰਦੀ ਹੈ। ਪੰਜਾਬ ਇਸ ਦੌਰ ਤੋਂ ਬਾਅਦ ਏਨਾ ਮਧੋਲਿਆ ਅਤੇ ਹਾਰਿਆ ਹੋਇਆ ਮਹਿਸੂਸ ਕਰਨ ਲੱਗਾ ਕਿ ਹੁਣ ਤੱਕ ਸਮੇਤ ਅਕਾਲੀ ਦਲ ਬਾਦਲ ਦੇ ਕਿਸੇ ਨੇ ਉਨ੍ਹਾਂ ਅਧਿਕਾਰਾਂ ਦੀ ਮੰਗ ਨਹੀਂ ਰੱਖੀ ਜਾਂ ਸ਼ਕਤੀ ਵਿਚ ਹੁੰਦਿਆਂ ਉਨ੍ਹਾਂ ਮੰਗਾਂ ਬਾਬਤ ਕੁਝ ਨਹੀਂ ਕੀਤਾ, ਜਿਨ੍ਹਾਂ ਦੀ ਖਾਤਰ ਮੋਰਚੇ ਲੱਗਿਆ ਕਰਦੇ ਸਨ ਤੇ ਜਿਨ੍ਹਾਂ ਕਾਰਨ ਮੰਨਿਆ ਜਾਂਦਾ ਹੈ ਕਿ ਪੰਜਾਬ ਵਿਚ ਸੰਕਟ ਦਾ ਦੌਰ ਪੈਦਾ ਹੋਇਆ ਸੀ। ਪੰਜਾਬ ਨੇ ਸ਼ਾਂਤੀ ਵਿਚ ਰਹਿਣ ਖਾਤਰ ਇਹ ਵੱਡਾ ਮੁੱਲ ਤਾਰਿਆ ਹੈ। ਕਮਜ਼ੋਰ ਹੋ ਚੁੱਕੇ ਪੰਜਾਬ ਕੋਲ ਹੋਰ ਕਮਜ਼ੋਰ ਹੋ ਕੇ ਬਚਣ ਦੀ ਹੁਣ ਸਮਰੱਥਾ ਨਹੀਂ। ਇਸ ਤਰ੍ਹਾਂ ਦੀ ਸਥਿਤੀ ਵਿਚ ਅਜਿਹੀ ਕੋਈ ਵੀ ਗੱਲ ਜਾਂ ਅਜਿਹਾ ਕੋਈ ਵੀ ਕਲਾ ਰੂਪ ਜਿਹੜਾ ਪੰਜਾਬ ਨੂੰ ਹਿੰਸਾ ਵੱਲ ਪ੍ਰੇਰਤ ਕਰਦਾ ਹੋਵੇ, ਉਹ ਹਰਗਿਜ਼ ਸਵੀਕਾਰਿਆ ਨਹੀਂ ਜਾ ਸਕਦਾ। 

ਫ਼ਿਲਮ 'ਸਾਡਾ ਹੱਕ' ਵਿਚ ਪੇਸ਼ ਮੁੱਦੇ ਪੰਜਾਬੀਆਂ ਦੀ ਦੁਖਦੀ ਰਗ ਹਨ, ਉਹ ਸੰਭਵਤਾ ਇਸ ਨੂੰ ਛੇੜਨਾ ਨਹੀਂ ਚਾਹੁੰਦੇ। 'ਸਾਡਾ ਹੱਕ' ਨੇ ਇਨ੍ਹਾਂ ਮੁੱਦਿਆਂ ਨੂੰ ਨਾ ਕੇਵਲ ਜਗਾ ਦਿੱਤਾ ਹੈ, ਸਗੋਂ ਜਗਾਇਆ ਵੀ ਖਾਸ ਤਰ੍ਹਾਂ ਨਾਲ ਹੈ। ਕਮਰਸ਼ੀਅਲੀ ਹਿੱਟ ਹੋਣ ਵਾਸਤੇ ਇਹ ਨਾਇਕਤਵ ਦੀ ਪਰੰਪਰਾਗਤ ਰੂੜ੍ਹੀ ਦਾ ਇਸਤੇਮਾਲ ਕਰਦੀ ਹੈ। ਇਹ ਰੂੜ੍ਹੀ ਪੰਜਾਬ ਪ੍ਰਸੰਗ ਵਿਚ ਮਿਲੀਟੈਂਟ ਲਹਿਰ ਦੇ ਕੁਝ ਆਗੂਆਂ ਦੇ ਪ੍ਰਸੰਗ ਵਿਚ ਸਾਕਾਰ ਹੁੰਦੀ ਹੈ ਤਾਂ ਇਹ ਆਵੇਸ਼ਤ ਹੋ ਜਾਂਦੀ ਹੈ। ਇਸ ਆਵੇਸ਼ ਵਿਚ ਵਾਧਾ ਇਸ ਫ਼ਿਲਮ ਦੇ ਨਾਇਕ ਮਿਲੀਟੈਂਟ ਦਾ ਕਿਰਦਾਰ ਨਿਭਾਉਣ ਵਾਲੇ ਕੁਲਜਿੰਦਰ ਸਿੱਧੂ ਦੀ ਸ਼ਕਤੀਸ਼ਾਲੀ ਐਕਟਿੰਗ ਕਰਦੀ ਹੈ। ਇਸ ਫ਼ਿਲਮ ਵਿਚ ਮਿਲੀਟੈਂਟ ਦੇ ਰੂਪ ਵਿਚ ਕੁਲਜਿੰਦਰ ਸਿੱਧੂ ਆਪਣੇ ਹਾਵਾਂ-ਭਾਵਾਂ, ਸੰਵਾਦਾਂ ਅਤੇ ਵੇਸ਼-ਭੂਸ਼ਾ ਰਾਹੀਂ ਦਰਸ਼ਕ ਦੇ ਮਨ 'ਤੇ ਤਕੜਾ ਪ੍ਰਭਾਵ ਪਾਉਣ ਵਿਚ ਕਾਮਯਾਬ ਹੁੰਦੀ ਹੈ। ਇਸ ਸ਼ਕਤੀਸ਼ਾਲੀ ਕਿਰਦਾਰ ਦੇ ਮਾਮਲੇ ਵਿਚ ਇਹ ਪ੍ਰਸ਼ਨ ਗੰਭੀਰ ਹੋ ਜਾਂਦਾ ਹੈ ਕਿ ਇਹ ਇਕ ਚੰਗੇ ਮਿਲੀਟੈਂਟ ਦੀ ਕਿਸ ਤਰ੍ਹਾਂ ਦੀ ਸੰਕਲਪਨਾ ਪੇਸ਼ ਕਰਦੀ ਹੈ। ਇਹ ਸੁਆਲ ਇਸ ਕਾਰਨ ਵੀ ਮਹੱਤਵਪੂਰਨ ਹੈ ਕਿ ਇਸ ਨੇ ਪੰਜਾਬੀ ਨੌਜਵਾਨ ਦੀ ਪੰਜਾਬ ਸੰਕਟ ਸਬੰਧੀ ਭਵਿੱਖੀ ਸਮਝਾਂ ਨੂੰ ਪ੍ਰਭਾਵਿਤ ਅਤੇ ਦਿਸ਼ਾ-ਬੱਧ ਕਰਨਾ ਹੈ। 

ਇਸ ਫ਼ਿਲਮ ਰਾਹੀਂ ਨਾਇਕ ਦੇ ਰੂਪ ਵਿਚ ਉਭਾਰਿਆ ਗਿਆ ਮਿਲੀਟੈਂਟ ਕਰਤਾਰ ਸਿੰਘ ਬਾਜ਼ ਆਪਣੇ ਅੰਤਿਮ ਪ੍ਰਭਾਵ ਵਿਚ ਧਾਵਕ ਨਜ਼ਰ ਆਉਂਦਾ ਹੈ। ਨਿਰਸੰਦੇਹ ਕਰਤਾਰ ਸਿੰਘ ਬਾਜ਼ ਦੇ ਅੰਦਰ ਇਹ ਅਹਿਸਾਸ ਹੋਵੇਗਾ ਕਿ ਉਸ ਨੇ ਸੱਚੇ ਸੰਘਰਸ਼ ਦਾ ਪੱਲਾ ਹੀ ਘੁੱਟ ਕੇ ਨਹੀਂ ਫ਼ੜੀ ਰੱਖਿਆ ਸਗੋਂ ਆਪਣੇ ਸੰਘਰਸ਼ ਲਈ ਕੁਝ ਵੱਡਾ ਵੀ ਕੀਤਾ ਹੈ। ਇਹ ਵੀ ਠੀਕ ਹੋਵੇਗਾ ਕਿ ਸੰਘਰਸ਼ ਦੇ ਨਾਲ ਪ੍ਰਤਿਬੱਧਤਾ ਅਤੇ ਸਿੱਖ ਧਰਮ ਦੇ ਕੁਰਬਾਨੀਆਂ ਭਰੇ ਇਤਿਹਾਸ ਨੇ ਉਸ ਅੰਦਰ ਮੌਤ ਦਾ ਡਰ ਖ਼ਤਮ ਕਰ ਦਿੱਤਾ ਹੋਵੇਗਾ। ਪਰ ਇਹ ਸਾਰਾ ਕੁਝ ਜਦੋਂ ਹਉਮੈਂ ਅਤੇ ਆਕੜ ਵਿਚ ਰੂਪਾਂਤਰਿਤ ਹੁੰਦਾ ਹੈ ਤਾਂ ਖ਼ਤਰਨਾਕ ਹੋ ਜਾਂਦਾ ਹੈ। ਬਤੌਰ ਇਕ ਚਰਿੱਤਰ ਕਰਤਾਰ ਸਿੰਘ ਬਾਜ਼ ਦਾ ਜੇਲ ਵਾਲਾ ਵਿਵਹਾਰ ਸੰਵਾਦ ਕਰਨ ਨਾਲੋਂ ਹੁਕਮ ਦੇਣ ਵਾਲਾ ਜ਼ਿਆਦਾ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਪੇਸ਼ ਕਰਨਾ ਅਸਲ ਵਿਚ ਵਿਦਰੋਹੀ ਪਾਤਰਾਂ ਨੂੰ ਪੇਸ਼ ਕਰਨ ਦਾ ਰੂੜ੍ਹੀਗਤ ਤਰੀਕਾ ਹੈ। ਇਸ ਰੂੜ੍ਹੀ ਦੇ ਅਧੀਨ ਫ਼ਿਲਮ ਮਿਲੀਟੈਂਟ ਨਾਇਕ ਨੂੰ ਲੋੜੋਂ ਜ਼ਿਆਦਾ ਮਰਦਾਵਾਂ (ੌਵeਰ ੰaਸਚੁਲਨਿe) ਪੇਸ਼ ਕਰਦੀ ਹੈ। ਅਜਿਹਾ ਹੋਣ ਕਾਰਨ ਫ਼ਿਲਮ ਦੇ ਨਾਰੀ ਪਾਤਰ ਵੀ ਦਾਬੇ ਦੇ ਅਧੀਨ ਆ ਜਾਂਦੇ ਹਨ। ਫ਼ਿਲਮ ਜਦੋਂ ਮਿਲੀਟੈਂਟ ਕਰਤਾਰ ਸਿੰਘ ਨੂੰ ਇਸ ਤਰ੍ਹਾਂ ਦਾ ਪੇਸ਼ ਕਰਦੀ ਹੈ ਤਾਂ ਮਿਲੀਟੈਟਾਂ ਨੂੰ ਠੀਕ ਰੌਸ਼ਨੀ ਵਿਚ ਪੇਸ਼ ਕਰਨ ਵਾਲੇ ਆਪਣੇ ਹੀ ਪ੍ਰੋਜੈਕਟ ਨੂੰ ਢਾਹ ਲਾਉਂਦੀ ਹੈ। ਕਰਤਾਰ ਦਾ ਚਰਿੱਤਰ ਇੱਕ ਪੱਧਰ 'ਤੇ ਸਿੱਖ ਵਿਰਸੇ ਨਾਲ ਸਬੰਧਿਤ ਬਹਾਦਰੀ ਅਤੇ ਨਿਰਭੈਤਾ ਵਾਲੀਆਂ ਕਦਰਾਂ ਕਾਰਨ ਬੇਸ਼ੱਕ ਆਕਰਸ਼ਨ ਦਾ ਸਬਬ ਹੈ, ਪਰ ਦੂਜੇ ਪਾਸੇ ਆਪਣੇ ਹਿੰਸਕ ਖਾਸੇ ਕਾਰਨ ਉਹ ਡਰ ਅਤੇ ਦਹਿਸ਼ਤ ਦਾ ਸਬਬ ਵੀ ਬਣਦਾ ਹੈ। ਮਿਲੀਟੈਂਟ ਕਰਤਾਰ ਦੇ ਚਰਿੱਤਰ ਦੀ ਸਮੁੱਚੀ ਆਭਾ ਇਸ ਤਰ੍ਹਾਂ ਦਾ ਅਹਿਸਾਸ ਦਿੰਦੀ ਹੈ ਕਿ ਸੰਘਰਸ਼ ਦਾ ਹਿੰਸਕ ਰੂਪ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਹੁੰਦਾ ਖ਼ਤਰਨਾਕ ਹੀ ਹੈ। ਜੇ ਫ਼ਿਲਮ ਦੇ ਨਾਇਕਾਂ ਦੀ ਅਸਲ ਜ਼ਿੰਦਗੀ ਵਿਚ ਕੋਈ ਪਿੱਛਲੱਗਤਾ ਹੁੰਦੀ ਹੈ ਤਾਂ ਪੰਜਾਬ ਦੇ ਸਮਕਾਲੀ ਸੰਦਰਭ ਵਿਚ ਮਿਲੀਟੈਂਟ ਕਰਤਾਰ ਦੀ ਪਿੱਛਲੱਗਤਾ ਖ਼ਤਰਨਾਕ ਹੋ ਸਕਦੀ ਹੈ। ਉਸ ਸਥਿਤੀ ਦੇ ਸਮਾਨਾਂਤਰ ਇਕ ਹੋਰ ਪਹਿਲੂ ਇਹ ਵੀ ਹੈ ਕਿ ਜਨ-ਮਾਨਸ ਨਾਇਕਤਵ ਦੇ ਵਿਭਿੰਨ ਪਾਸਾਰਾਂ ਵਿੱਚੋਂ ਸਭ ਤੋਂ ਸੌਖੇ ਪਾਸਾਰ ਨੂੰ ਹੀ ਚੁਣਦਾ ਹੁੰਦਾ ਹੈ। ਸੌਖਾ ਪਾਸਾਰ ਹਮੇਸ਼ਾਂ ਦਾਬਾ ਅਤੇ ਹਿੰਸਾ ਹੁੰਦੀ ਹੈ। ਫ਼ਿਲਮ 'ਸਾਡਾ ਹੱਕ' ਦਾ ਇਕ ਹੋਰ ਮਹੱਤਵਪੂਰਨ ਪ੍ਰਸੰਗ ਪਰਵਾਸੀ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ। ਵਿਦੇਸ਼ਾਂ ਵਿਚ ਮੌਜੂਦ ਸਿੱਖ ਭਾਈਚਾਰੇ ਲਈ ੧੯੮੪ ਦਾ ਪੰਜਾਬ ਖਾਸ ਅਹਿਮੀਅਤ ਰੱਖਦਾ ਹੈ। ਪਰਵਾਸੀ ਸਿੱਖ ਭਾਈਚਾਰੇ ਨੇ ਅਪਰੇਸ਼ਨ ਬਲੂ-ਸਟਾਰ ਅਤੇ ਦਿੱਲੀ ਕਤਲੇਆਮ ਨੂੰ ਇਸ ਦੇ ਵਾਪਰਨ ਵੇਲੇ ਤੋਂ ਹੀ ਵਿਭਿੰਨ ਪ੍ਰਵਚਨਗਤ ਘਾੜਤਾਂ ਦਾ ਹਿੱਸਾ ਬਣਾਇਆ ਹੋਇਆ ਹੈ। ਪਰਵਾਸੀ ਸਿੱਖਾਂ ਦਾ ਮੂਲਵਾਸ ਨਾਲ ਨਾਤਾ ਅਤੇ ਉਨ੍ਹਾਂ ਦੀ ਵਿਦੇਸ਼ਾਂ ਵਿਚ ਵਿਸ਼ੇਸ਼ ਤਰ੍ਹਾਂ ਦੀ ਸਥਿਤੀ 1984 ਦੇ ਪੰਜਾਬ ਪ੍ਰਸੰਗ ਨੂੰ ਮਘਦਾ/ਸੁਲਘਦਾ ਮਸਲਾ ਬਣਾ ਦਿੰਦੀ ਹੈ। ਇਸ ਤਰ੍ਹਾਂ ਹੋਣਾ ਅੰਤਿਮ ਰੂਪ ਵਿਚ ਏਧਰਲੇ ਪੰਜਾਬ ਲਈ ਕੀ ਨਤੀਜੇ ਦੇਵੇਗਾ, ਇਹ ਤਾਂ ਹਾਲੇ ਭਵਿੱਖ ਦੀ ਬਾਤ ਹੈ। ਬਹਰਹਾਲ ਪਰਵਾਸੀ ਸਿੱਖਾਂ ਦਾ 1984 ਦੇ ਪੰਜਾਬ ਨਾਲ ਲਗਾਓ ਫ਼ਿਲਮ ਲਈ ਇਕ ਅਹਿਮ ਮਾਰਕਿਟ ਬਣ ਗਿਆ ਹੈ। ਇਸ ਭਰਵੀਂ ਮਾਰਕਿਟ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿਚ 1984 ਦਾ ਪੰਜਾਬ, ਪੰਜਾਬੀ ਫ਼ਿਲਮਾਂ ਦੀਆਂ ਕਹਾਣੀਆਂ ਦੀ ਕੇਂਦਰੀ ਵਸਤੂ ਬਣਨ ਦੀ ਸਮਰੱਥਾ ਦਾ ਧਾਰਕ ਹੋ ਗਿਆ ਹੈ। ਫ਼ਿਲਮ 'ਸਾਡਾ ਹੱਕ' ਦੀ ਵਿਦੇਸ਼ੀ ਮਾਰਕਿਟਾਂ ਵਿਚ ਹੈਰਾਨ ਕਰ ਦੇਣ ਵਾਲੀ ਕਾਮਯਾਬੀ ਇਸ ਪ੍ਰਸੰਗ ਵਿਚ ਉਦਾਹਰਨ ਵਜੋਂ ਦੇਖੀ ਜਾ ਸਕਦੀ ਹੈ।

ਅੰਤਿਮ-ਸ਼ਬਦ : 19 ਦਸੰਬਰ 2013 ਦੇ ਅੰਗਰੇਜ਼ੀ ਟ੍ਰਿਬਿਊਨ ਵਿਚ ਸਿਰਲੇਖ ਹੇਠ ਇਕ ਆਲੇਖ ਛਪਿਆ ਸੀ। ਇਸ ਆਲੇਖ ਵਿਚ ਕਿਹਾ ਗਿਆ ਹੈ ਕਿ ਪੰਜਾਬੀ ਫ਼ਿਲਮਾਂ ਲਈ 2014 ਦਾ ਵਰ੍ਹਾ ਚੁਰਾਸੀ/ਉੱਤਰ-ਚੁਰਾਸੀ ਦੌਰ ਨੂੰ ਪੇਸ਼ ਕਰਨ ਦਾ ਵਰ੍ਹਾ ਹੈ। ਇਸ ਸਬੰਧ ਵਿਚ ਆਉਣ ਵਾਲੀਆਂ ਫ਼ਿਲਮਾਂ ਵਿਚ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਅਤੇ ਦਿਲਜੀਤ ਦੀ ਮੁੱਖ-ਭੂਮਿਕਾ ਵਾਲੀ ਫ਼ਿਲਮ 'ਪੰਜਾਬ 1984' ਵਿਸ਼ੇਸ਼ ਤੌਰ 'ਤੇ ਗਿਣਨਯੋਗ ਹੈ। ਇਸ ਤੋਂ ਬਿਨ੍ਹਾਂ ਮਨਿੰਦਰ ਕਾਂਗ ਦੁਆਰਾ ਲਿਖੀ ਕਹਾਣੀ 'ਭਾਰ' 'ਤੇ ਆਧਾਰਿਤ ਫ਼ਿਲਮ 'ਭਾਰ', ਸ਼ੁਭਆਸ਼ੀਸ਼ ਭੁਟਾਨੀ ਦੁਆਰਾ ਨਿਰਦੇਸ਼ਤ 'ਕੁਸ਼', ਪ੍ਰਿੰਸ ਕੁਲਵਿੰਦਰ ਸਿੰਘ ਦੁਆਰਾ ਨਿਰਦੇਸ਼ਤ 'ਲੈਦਰ ਲਾਈਫ਼', ਰਾਜ ਕਾਕੜਾ ਦੀ 'ਕੌਮ ਦੇ ਹੀਰੇ', ਕਪਿਲ ਸ਼ਰਮਾ ਦੁਆਰਾ ਨਿਰਦੇਸ਼ਤ '47-84' ਅਜਿਹੀਆਂ ਕੁਝ ਫ਼ਿਲਮਾਂ ਹਨ, ਜਿਹੜੀਆਂ ਸਿੱਧੇ ਜਾਂ ਅਸਿੱਧੇ ਪੱਧਰ 'ਤੇ ਪੰਜਾਬ ਤ੍ਰਾਸਦੀ ਦੁਆਲੇ ਆਪਣੀ ਕਹਾਣੀ ਬੁਣਦੀਆਂ ਹਨ। ਇਨ੍ਹਾਂ ਫ਼ਿਲਮਾਂ ਵਿੱਚੋਂ ਬਹੁਤੀਆਂ ਨੇ ਇਸੇ ਵਰ੍ਹੇ ਅਤੇ ਕੁਝ ਨੇ ਇਸ ਤੋਂ ਅਗਲੇ ਵਰ੍ਹੇ ਸਿਨਮਿਆਂ ਵਿਚ ਹਾਜ਼ਰੀ ਦੇਣੀ ਹੈ। ਹੁਣ ਜਦੋਂ ਪੰਜਾਬ ਸੰਕਟ ਦਾ ਦੌਰ ਵੱਡੇ ਪੱਧਰ 'ਤੇ ਫ਼ਿਲਮਸਾਜ਼ੀ ਦਾ ਵਿਸ਼ਾ ਬਣ ਰਿਹਾ ਹੈ ਤਾਂ ਇਹ ਜਾਣਦਿਆਂ ਕਿ ਫ਼ਿਲਮ ਜਿੰਨਾ ਸ਼ਕਤੀਸ਼ਾਲੀ ਮਾਧਿਅਮ ਕੋਈ ਹੋਰ ਨਹੀਂ, ਹੁਣ ਵਕਤ ਹੈ ਕਿ ਅਸੀਂ ਫ਼ਿਲਮ ਅਤੇ ਪੰਜਾਬ ਸੰਕਟ ਦੋਵਾਂ ਨੂੰ ਗਿਆਨਕਾਰੀ ਵਿਚ ਪਾਈਏ। ਪੰਜਾਬ ਸੰਕਟ ਦੇ ਸਾਰੇ ਮਸਲੇ ਹਾਲੇ ਤੱਕ ਬੁਰੀ ਤਰ੍ਹਾਂ ਉਲਝੇ ਪਏ ਹਨ ਅਤੇ ਵਿਭਿੰਨ ਧਿਰਾਂ ਇਸ ਦੇ ਸਬੰਧ ਵਿੱਚ ਆਪੋ-ਆਪਣੀ ਬੋਲੀ ਬੋਲ ਰਹੀਆਂ ਹਨ। ਇਹ ਉਹ ਧਿਰਾਂ ਹਨ, ਜਿਨ੍ਹਾਂ ਨੇ ਸੰਕਟ ਸਮੇਂ ਨੂੰ ਘੱਟ ਜਾਂ ਵੱਧ ਆਪਣੇ ਤਨ-ਮਨ 'ਤੇ ਹੰਢਾਇਆ ਸੀ। ਇਹ ਪੱਖ ਪੰਜਾਬ ਸੰਕਟ ਨੂੰ ਵਿਆਖਿਆਉਣ ਅਤੇ ਵਿਸ਼ਲੇਸ਼ਣ ਕਰਨ ਵੇਲੇ ਇਨ੍ਹਾਂ ਧਿਰਾਂ ਦੀ ਸਮਰੱਥਾ ਵੀ ਬਣਦਾ ਹੈ ਅਤੇ ਇਕ ਵੱਡੀ ਸੀਮਾ ਵੀ। ਸਮਰੱਥਾ ਇਸ ਕਾਰਨ ਕਿ ਇਸ ਨਾਲ ਸੰਕਟ ਸਮਾਂ ਆਪਣੀ ਪੂਰੀ ਪ੍ਰਮਾਣਿਕਤਾ ਨਾਲ ਹਾਜ਼ਰ ਹੁੰਦਾ ਹੈ ਤੇ ਸੀਮਾ ਇਸ ਕਾਰਨ ਕਿ ਨਿੱਜੀ ਅਨੁਭਵ ਸੰਕਟ ਨੂੰ ਸਮੁੱਚਤਾ ਸਹਿਤ ਅਧਿਐਨ ਅਤੇ ਵਿਸ਼ਲੇਸ਼ਣ ਦਾ ਹਿੱਸਾ ਬਨਾਉਣ ਵਿਚ ਰੋਕ ਪਾਉਂਦਾ ਹੈ। ਸੰਕਟ ਸਮੇਂ ਦੇ ਵਿੱਚੋਂ ਗੁਜ਼ਰਨ ਵੇਲੇ ਇਸ ਧਿਰ ਨਾਲ ਜੋ ਹੋਈ ਬੀਤੀ, ਉਸ ਕਾਰਨ ਇਹ ਸੰਕਟ ਨੂੰ ਵਿਆਖਿਆਉਣ ਵੇਲੇ ਕਿਤੇ ਬਹੁਤ ਭਾਵੁਕ, ਕਿਤੇ ਬਹੁਤ ਗੁੱਸੇ, ਕਿਤੇ ਬਹੁਤ ਪੀੜ੍ਹਾ ਵਿਚ ਅਤੇ ਕਿਤੇ ਬਹੁਤ ਨਿਰਾਸ਼ ਨਜ਼ਰ ਆਉਂਦੀ ਹੈ। ਇਸ ਵਿਚ ਸਮਕਾਲ ਦੀ ਸਿਆਸਤ ਅਤੇ ਹਕੂਮਤ ਦੀ ਵਿਚਾਰਧਾਰਕ ਦਖ਼ਲ-ਅੰਦਾਜ਼ੀ ਇਸ ਨੂੰ ਹੋਰ ਜਟਿਲ ਅਤੇ ਪਕੜ ਵਿਚ ਨਾ ਆਉਣ ਵਾਲਾ ਬਣਾ ਦਿੰਦੀ ਹੈ। ਪੰਜਾਬ ਸੰਕਟ ਨੂੰ ਹੱਢੀਂ ਹੰਡਾਉਣ ਵਾਲੀ ਪੀੜ੍ਹੀ ਦੇ ਸਮਾਨਾਂਤਰ ਅਗਲੀ ਪੀੜ੍ਹੀ ਗੱਭਰੂ ਹੋ ਚੁੱਕੀ ਹੈ। ਇਸ ਪੀੜ੍ਹੀ ਨੇ ਸੰਕਟ ਨੂੰ ਆਪਣੀ ਦੇਹ 'ਤੇ ਨਹੀਂ ਹੰਢਾਇਆ ਪਰ ਜਿਸ ਤੱਕ ਇਸ ਸੰਕਟ ਦੀਆਂ ਕਥਾਵਾਂ ਵਿਭਿੰਨ ਸਰੋਤਾਂ ਤੋਂ ਵੱਡੇ ਪੱਧਰ 'ਤੇ ਪਹੁੰਚ ਰਹੀਆਂ ਹਨ। ਇਹ ਇਸ ਪੀੜ੍ਹੀ ਦੀ ਜ਼ਿੰਮੇਵਾਰੀ ਅਤੇ ਇਸ ਦੀ ਲੋੜ ਹੈ ਕਿ ਹੁਣ ਇਹ ਪਹਿਲੀ ਪੀੜ੍ਹੀ ਵਾਲੇ ਭਾਵੁਕ ਵੇਗਾਂ ਤੋਂ ਮੁਕਤਾ ਹੋ ਕੇ ਪੰਜਾਬ ਸੰਕਟ ਦੇ ਮਸਲੇ ਨੂੰ ਸਮਝਦਾਰੀ ਦੀ ਪ੍ਰਕਿਰਿਆ ਦਾ ਹਿੱਸਾ ਬਣਾਏ। ਪਿਛਲੀ ਪੀੜ੍ਹੀ ਇਸ ਪੀੜ੍ਹੀ ਨੂੰ ਇਹ ਕਹਿ ਕੇ ਨਾ ਡਰਾਏ ਕਿ ਤੈਨੂੰ ਕੁਝ ਨੀ ਪਤਾ ਤੇ ਜਾਂ ਇਹ ਕਿ ਤੇਰੇ ਕੋਲ ਲੋੜੀਂਦੀ ਗੰਭੀਰਤਾ ਹੀ ਨਹੀਂ ਜਾਂ ਕਿ ਇਹ ਕਿ ਤੈਥੋਂ ਗੱਲ ਨੂੰ ਕਰਨ ਦਾ ਮੁੱਲ ਨਹੀਂ ਤਾਰਿਆ ਜਾਣਾ, ਇਸ ਤਰ੍ਹਾਂ ਕਰਨ/ਕਹਿਣ ਦੀ ਬਜਾਇ ਪੰਜਾਬ ਸੰਕਟ ਦੀ ਗਵਾਹ ਰਹੀ ਪੀੜ੍ਹੀ ਅਗਲੀ ਪੀੜ੍ਹੀ ਦੀ ਸਮਰੱਥਾ 'ਤੇ ਯਕੀਨ ਕਰੇ ਅਤੇ ਉਸ ਨੂੰ ਅੱਗੇ ਵਧਣ ਦੀ ਸਪੇਸ ਦੇਵੇ। 

ਗੁਰਮੁਖ ਸਿੰਘ (ਡਾ.) 
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

2 comments:

  1. Excellent analysis of the cinema related to sikh' cocerns. Its impossible for most people to express the truth with accurate thoughts and words. Million thanks to the writer and ghulam kalam. Drgurtejlsmu@yahoo.com

    ReplyDelete
  2. the analyses of the films shows that the author have neither experienced the crises of Punjab nor seen the youth that participated in the so called movement. He has in his mind an imagination of the sikh youth with all the indicators of sikh identity intact, that is why he is perturbed over the non-khalsa sikh militants shown in certain films. He think of the militant movement as a well organised and planned movement with all the intentions reflected in every manifestation or actions. According to his imagination every action of the militants was well premeditated and directed towards final goal. How innocent is the author about all what happened during the decade long militancy is another question but the thing more noticeable is the strong urge of revival of militancy in a particular Khalsa shape and intent. This urge is flowing under the wrap of theoretical jargon of the paper that attracts a layman reader. That very reader should be warned of such type of communalism in disguise.

    ReplyDelete