ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, October 13, 2015

ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ-ਸੁਰਜੀਤ ਪਾਤਰ

ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ ਮੈਂ ਯਾਦਾਂ ਦੇ ਇੱਕ ਝੁਰਮਟ ਵਿੱਚ ਘਿਰਿਆ ਹੋਇਆ ਹਾਂ। ਇਹ ਪੁਰਸਕਾਰ ਮੈਨੂੰ 1993 ਵਿੱਚ ਮਿਲਿਆ ਸੀ, ਮੇਰੀ ਕਵਿਤਾ ਦੀ ਪੁਸਤਕ 'ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ' ’ਤੇ। ਬਹੁਤ ਖ਼ੁਸ਼ੀ ਹੋਈ ਸੀ ਮੈਨੂੰ, ਓਨੀ ਹੀ ਖ਼ੁਸ਼ੀ ਜਿੰਨੀ ਪਹਿਲੀ ਵਾਰ ‘ਪ੍ਰੀਤ ਲੜੀ’ ਵਿੱਚ ਆਪਣੀਆਂ ਕਵਿਤਾਵਾਂ ਦਾ ਇੱਕ ਪੂਰਾ ਸਫ਼ਾ ਦੇਖ ਕੇ ਹੋਈ ਸੀ। ਖ਼ੁਸ਼ੀ ਨਾਲ ਨਮ ਅੱਖਾਂ ਨਾਲ ਮੈਂ ਧਰਤੀ ’ਤੇ ਝੁਕ ਕੇ ਕਿਸੇ ਅਦਿੱਖ ਸ਼ਕਤੀ ਨੂੰ ਨਮਸਕਾਰ ਕੀਤੀ ਸੀ। ਪੰਜਾਬੀ ਮਾਂ-ਬੋਲੀ ਤੇ ਇਸ ਦੇ ਬੋਲਣਹਾਰਿਆਂ ਨੂੰ ਮੱਥਾ ਟੇਕਿਆ ਸੀ। ਬਾਬਾ ਨਾਨਕ ਨੂੰ ਆਰਾਧਿਆ ਸੀ। ਆਪਣੇ ਮਾਤਾ ਪਿਤਾ ਨੂੰ ਯਾਦ ਕੀਤਾ ਸੀ। ਆਪਣੀ ਭਾਸ਼ਾ ਦੇ ਪ੍ਰਥਮ ਕਵੀ ਬਾਬਾ ਫ਼ਰੀਦ ਅੱਗੇ ਸਿਰ ਝੁਕਾਇਆ ਸੀ। ਮੇਰੀ ਖ਼ੁਸ਼ੀ ਹੋਰ ਵੀ ਵਧ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਇਨਾਮ ਦਾ ਫ਼ੈਸਲਾ ਕਰਨ ਵਾਲਿਆਂ ਦੀ ਜਿਊਰੀ ਵਿੱਚ ਬਲਵੰਤ ਗਾਰਗੀ, ਜਸਵੰਤ ਸਿੰਘ ਨੇਕੀ ਅਤੇ ਪ੍ਰੇਮ ਪ੍ਰਕਾਸ਼ ਸਨ।


ਸਾਹਿਤ ਅਕਾਦਮੀ ਦਾ ਜਿਹੜਾ ਸਨਮਾਨ ਚਿੰਨ੍ਹ ਮੈਨੂੰ ਮਿਲਿਆ ਸੀ, ਉਸ ਉੱਤੇ ਮਹਾਨ ਕੰਨੜ ਸਾਹਿਤਕਾਰ ਤੇ ਸਮੁੱਚੇ ਭਾਰਤ ਦੇ ਸਿਰਮੌਰ ਚਿੰਤਕ ਯੂ ਆਰ. ਅਨੰਤਮੂਰਤੀ ਦੇ ਹਸਤਾਖ਼ਰ ਹਨ। ਉਨ੍ਹਾਂ ਦੇ ਹੱਥਾਂ ਦੇ ਇਹ ਅੱਖਰ ਵੀ ਮੈਨੂੰ ਬਹੁਤ ਪਿਆਰੇ ਹਨ। ਮੈਨੂੰ ਇਨ੍ਹਾਂ ਵਿੱਚੋਂ ਅਨੰਤਮੂਰਤੀ ਦਾ ਚਿਹਰਾ ਦਿਸਦਾ ਹੈ, ਉਸ ਦੀ ਰੌਸ਼ਨ ਮੁਸਕਰਾਹਟ, ਉਸ ਦੇ ਰੌਸ਼ਨ ਖ਼ਿਆਲ। ਇਹ ਸਨਮਾਨ ਵੀ ਮੈਨੂੰ ਅਨੰਤਮੂਰਤੀ ਦੇ ਹੱਥੋਂ ਹੀ ਮਿਲਿਆ ਸੀ। ਉਨ੍ਹਾਂ ਦੇ ਕੋਲ ਖੜ੍ਹੇ ਸਨ ਇੰਦਰ ਨਾਥ ਚੌਧਰੀ।ਇਸ ਸਨਮਾਨ ਨਾਲ ਜਿਹੜਾ ਸ਼ੋਭਾ-ਪੱਤਰ ਸੀ ਉਸ ਵਿੱਚ ਮੇਰੀ ਕਵਿਤਾ ‘ਪਿਤਾ ਦੀ ਅਰਦਾਸ’ ਵਿੱਚੋਂ ਸਤਰਾਂ ਕੋਟ ਕੀਤੀਆਂ ਹੋਈਆਂ ਸਨ:

ਨਾ ਹੁਣ ਹੱਥਾਂ ਪਲੰਘ ਬਣਾਉਣੇ ਨਾ ਰੰਗਲੇ ਪੰਘੂੜੇ
ਨਾ ਉਹ ਪੱਟੀਆਂ ਜਿਨ੍ਹਾਂ ’ਤੇ ਲਿਖਣੇ ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ, ਤੇ ਸਾਹਾਂ ਦਾ ਆਰਾ
ਇੱਕ ਜੰਗਲ ਹੈ ਜਿਸ ਦੇ ਹਰ ਇੱਕ ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ ਤੇ ਨਾਮ ਕਿਸੇ ਦਾ, ਇੱਕ ਬੂਟਾ ਜੀ ਪਰਤੀ
ਉਸ ਜੰਗਲ ਵਿੱਚ ਚੱਲਦਾ ਰਹਿੰਦਾ, ਸਾਰੀ ਰਾਤ ਕੁਹਾੜਾ

ਦੂਜੇ ਦਿਨ ਅਕਾਦਮੀ ਦੇ ਸਭਾ-ਭਵਨ ਵਿੱਚ ਆਪਣੇ ਭਾਸ਼ਨ ਵਿੱਚ ਮੈਂ ਕਬੀਰ ਜੀ ਦਾ ਇੱਕ ਸ਼ਲੋਕ ਪੇਸ਼ ਕੀਤਾ ਸੀ:
ਕਬੀਰ ਸਬ ਰਗ ਤੰਤ, ਰਬਾਬ ਤਨ, ਬਿਰਹਾ ਬਜਾਵੇ ਨਿੱਤ
ਅੌਰ ਨ ਕੋਊ ਸੁਨ ਸਕੇ ਕੈ ਸਾਈ ਕੈ ਚਿੱਤ…......(ਮੇਰਾ ਸਾਰਾ ਵਜੂਦ ਰਬਾਬ ਬਣ ਚੁੱਕਾ ਹੈ ਜਿਸ ਨੂੰ ਮੈਂ ਨਹੀਂ, ਮੇਰਾ ਬਿਰਹਾ ਵਜਾਉਂਦਾ ਹੈ ਤੇ ਜਿਸ ਦੀ ਧੁਨ ਨੂੰ ਜਾਂ ਤਾਂ ਮੇਰਾ ਚਿੱਤ ਸੁਣਦਾ ਹੈ ਜਾਂ ਮੇਰਾ ਰੱਬ)।

ਅੱਜ ਉਸ ਸਨਮਾਨ ਨੂੰ ਵਾਪਸ ਕਰਦਿਆਂ ਸੋਚ ਰਿਹਾ ਹਾਂ: ਕਿਸ ਦਾ ਦਿੱਤਾ ਸਨਮਾਨ, ਮੈਂ ਕਿਸ ਨੂੰ ਮੋੜ ਰਿਹਾ ਹਾਂ? ਅੱਜ ਫਿਰ ਮੇਰੀਆਂ ਅੱਖਾਂ ਨਮ ਹਨ।


ਪਰ ਇਹ ਨਮੀ ਕਰੋੜਾਂ ਅੱਖਾਂ ਦੀ ਨਮੀ ਵਿੱਚ ਸ਼ਾਮਿਲ ਹੋਣ ਲਈ ਹੈ। ਉਨ੍ਹਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਹੈ ਜਿਨ੍ਹਾਂ ਦੇ ਪ੍ਰਿਅਜਨ ਆਪਣੇ ਭਲੇ ਵਿਚਾਰਾਂ ਲਈ ਕੋਹੇ ਗਏ ਤੇ ਜਿਨ੍ਹਾਂ ਦੇ ਹਤਿਆਰੇ ਭ੍ਰਿਸ਼ਟ ਨੇਤਾਵਾਂ ਦੀ ਆੜ ਵਿੱਚ ਲੁਕ ਗਏ। ਅੱਖਾਂ ਦੀ ਨਮੀ ਦੇ ਇਸ ਪਲ ਇਹ ਵੀ ਸੋਚ ਰਿਹਾ ਹਾਂ ਕਿ ਅਜਾਈਂ ਨਹੀਂ ਜਾਵੇਗੀ ਇਹ:


ਮਹਾਂ ਦਰਿਆ ਹੈ ਇਹ ਤੂੰ ਐਵੇਂ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ
ਤੇਰਾ ਖ਼ੰਜਰ ਨਹੀਂ, ਮੇਰਾ ਲਹੂ ਹੀ
ਭਲਕ ਦਾ ਰਾਹ ਦੱਸੇਗਾ ਨਦੀ ਨੂੰ


ਇਹ ਇਨਾਮ ਸਾਹਿਤ ਅਕਾਦਮੀ ਵਰਗੀ ਸਾਰਥਿਕ ਸੰਸਥਾ ਨੂੰ ਹੋਰ ਸਾਰਥਕ, ਹੋਰ ਪ੍ਰਭਾਵਸ਼ਾਲੀ ਤੇ ਕਰਮਸ਼ੀਲ ਬਣਾਉਣ ਦੀ ਰੀਝ ਨਾਲ ਮੋੜ ਰਿਹਾ ਹਾਂ। ਇਹ ਇਨਾਮ ਮੈਂ ਇਸ ਲਈ ਮੋੜ ਰਿਹਾ ਹਾਂ ਕਿ ਕਿਉਂ ਕਿਸੇ ਨੇਤਾ ਦਾ ਇੱਕੋ ਬਿਆਨ ਸਾਡੀਆਂ ਹਜ਼ਾਰਾਂ ਕਵਿਤਾਵਾਂ ਨੂੰ ਸਾੜ ਦਿੰਦਾ ਹੈ ਤੇ ਭੜਕੀ ਹੋਈ ਭੀੜ ਕਵਿਤਾਵਾਂ ਦੀਆਂ ਸਤਰਾਂ ਨੂੰ ਮਿੱਧਦੀ ਹੋਈ, ਇੱਕ ਦੂਜੇ ਦੇ ਖ਼ੂਨ ਦੀ ਪਿਆਸੀ ਹੋ ਜਾਂਦੀ ਹੈ। ਕਾਸ਼! ਉਹ ਦਿਨ ਆਵੇ ਲੋਕਾਂ ਦੇ ਦਿਲਾਂ ਵਿੱਚ ਕਵਿਤਾ ਦੀਆਂ ਸਤਰਾਂ ਵਸਣ ਤੇ ਕਿਸੇ ਭ੍ਰਿਸ਼ਟ ਨੇਤਾ ਦਾ ਬਿਆਨ ਉਨ੍ਹਾਂ ਸਤਰਾਂ ਨੂੰ ਪੋਹ ਨਾ ਸਕੇ। ਸਾਡੇ ਅੱਖਰਾਂ ਦੀ ਲੋਅ ਕੁਝ ਹੋਰ ਵਧੇ। ਅਸੀਂ ਇਸ ਵਿੱਚ ਕੁਝ ਹੋਰ ਆਪਣੀ ਰੱਤ ਬਾਲੀਏ।



ਇਹ ਇਨਾਮ ਮੋੜਨ ਸਮੇਂ ਮੇਰੇ ਮਨ ਵਿੱਚ ਇਹ ਦਰਦ ਅਤੇ ਇਸ ਜੁਰਮ ਦਾ ਇਕਬਾਲ ਵੀ ਸ਼ਾਮਲ ਹੈ ਕਿ ਸਾਡੀਆਂ ਕਵਿਤਾਵਾਂ ਨੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਵਿੱਚ ਓਨਾ ਹਿੱਸਾ ਨਹੀਂ ਪਾਇਆ ਜਿੰਨਾ ਪਾਉਣਾ ਚਾਹੀਦਾ ਸੀ ਪਰ ਇਹ ਇਨਾਮ ਮੋੜ ਕੇ ਮੈਂ ਇਸ ਗੁਨਾਹ ਤੋਂ ਸੁਰਖ਼ੁਰੂ ਨਹੀਂ ਹੋ ਜਾਂਦਾ। ਇਹ ਇਨਾਮ ਮੋੜਦਿਆਂ ਮੈਨੂੰ ਇਹ ਵੀ ਅਹਿਸਾਸ ਹੈ ਕਿ ਮੈਂ ਉਹ ਸਭ ਕੁਝ ਨਹੀਂ ਮੋੜ ਸਕਦਾ ਜੋ ਇਸ ਇਨਾਮ ਨਾਲ ਜੁੜਿਆ ਹੋਇਆ ਹੈ- ਆਪਣੀ ਸ਼ੋਭਾ, ਆਪਣੀਆਂ ਕਵਿਤਾਵਾਂ ਦੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਤੇ ਕਿੰਨਾ ਕੁਝ ਹੋਰ।


ਸਾਹਿਤ ਅਕਾਦਮੀ ਦੀ ਮਹਾਨ ਸੰਸਥਾ ਨੂੰ ਇਹ ਸਨਮਾਨ ਵਾਪਸ ਕਰਦਿਆਂ ਮੈਂ ਇਹ ਵੀ ਇਕਰਾਰ ਕਰਦਾ ਹਾਂ ਕਿ ਮੈਂ ਇਸ ਲੋਕਰਾਜੀ ਸੰਸਥਾ ਨੂੰ ਹੋਰ ਪ੍ਰਭਾਵਸ਼ਾਲੀ, ਹੋਰ ਸਾਹਿਤਕ, ਹੋਰ ਰੌਸ਼ਨ-ਜ਼ਮੀਰ ਬਣਾਉਣ ਲਈ ਵੀ ਕੰਮ ਕਰਦਾ ਰਹਾਂਗਾ।

ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ

No comments:

Post a Comment