ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ
Showing posts with label ਖ਼ਬਰ ਦੀ ਤਫਤੀਸ਼. Show all posts
Showing posts with label ਖ਼ਬਰ ਦੀ ਤਫਤੀਸ਼. Show all posts

Tuesday, October 4, 2011

ਛੋਟੀਆਂ ਖਬਰਾਂ ਵੱਡੇ ਅਰਥ

ਕੋਈ ਖ਼ਬਰ ਛੋਟੀ ਨਹੀਂ ਹੁੰਦੀ ਹੈ। ਛੋਟੀ ਖ਼ਬਰ ਵੀ ਵੱਡੇ ਅਰਥ ਛੱਡਦੀ ਹੈ। ਬਹੁਤੇ ਖ਼ਬਰਾਂ 'ਤੇ ਤੈਰਵੀਂ ਨਜ਼ਰ ਮਾਰਦੇ ਹਨ। ਉਹ ਕਈ ਖ਼ਬਰਾਂ ਤੋਂ ਖੁੰਝ ਵੀ ਜਾਂਦੇ ਹਨ। ਛੋਟੀ ਜੇਹੀ ਖ਼ਬਰ ਵੀ ਹਿਲਾ ਕੇ ਰੱਖ ਦਿੰਦੀ ਹੈ। ਛੋਟਾ ਬੱਚਾ ਵੀ ਅਚਾਨਕ ਏਦਾ ਦੀ ਗੱਲ ਕਰ ਦਿੰਦਾ ਹੈ ਜੋ ਵੱਡਿਆਂ ਦੀ ਸਮਝੋ ਬਾਹਰ ਹੋ ਜਾਂਦੀ ਹੈ। ਵੱਡੀ ਖ਼ਬਰ ਦੀ ਤਾਂ ਗੱਲ ਹੀ ਹੋਰ ਹੁੰਦੀ ਹੈ। ਜੋ ਬੇਖ਼ਬਰ ਰਹਿੰਦੇ ਹਨ, ਉਨ੍ਹਾਂ ਨੂੰ ਝੰਜੋੜਨ ਲਈ ਨਿੱਕੀ ਖ਼ਬਰ ਹੀ ਕਾਫੀ ਹੁੰਦੀ ਹੈ। ਤਾਕਤ ਚ ਜੋ ਵੱਡੇ ਹੁੰਦੇ ਹਨ,ਉਨ੍ਹਾਂ ਨੂੰ ਤਾਂ ਵੱਡੀ ਖ਼ਬਰ ਵੀ ਛੋਟੀ ਲੱਗਦੀ ਹੈ। ਜੋ ਛੋਟੇ ਹੁੰਦੇ ਹਨ,ਉਨ੍ਹਾਂ ਦੀ ਜ਼ਿੰਦਗੀ ਤਾਂ ਹਰ ਸਤਰ ਨਾਲ ਜੁੜੀ ਹੁੰਦੀ ਹੈ। ਏਦਾ ਦੀ ਨਿੱਕੀ ਖ਼ਬਰ ਦੇਖਦੇ ਹਾਂ। ਪੰਜ ਸੱਤ ਲਾਈਨਾਂ ਦੀ ਖ਼ਬਰ ਇਉਂ ਛਪੀ ਹੋਈ ਸੀ। ਭਦੌੜ ਨੇੜੇ ਇੱਕ ਪਿੰਡ 'ਚ ਮੰਗਤਾ ਘਰੋਂ ਘਰੀਂ ਜਾ ਕੇ ਆਟਾ ਮੰਗਦਾ ਰਿਹਾ। ਸ਼ਾਮ ਹੋਣ ਤੱਕ ਉਸ ਦੀ ਪੋਟਲੀ 'ਚ 10 ਕਿਲੋਂ ਆਟਾ ਇਕੱਠਾ ਹੋ ਗਿਆ। ਛੋਟੇ ਜੇਹਾ ਬੱਚਾ ਉਸ ਦਾ ਰਾਹ ਦਸੇਰਾ ਸੀ। ਜਿਉਂ ਹੀ ਪਿੰਡ ਦੀ ਜੂਹ ਚੋਂ ਬਾਹਰ ਹੋਇਆ। ਪਿਛਿਓਂ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਆਏ। ਉਨ੍ਹਾਂ ਮੰਗਤੇ ਦੀ ਪੋਟਲੀ ਖੋਹੀ ਤੇ ਅੋਂਹ ਗਏ। ਬੱਚਾ ਰੋਂਦਾ ਰਿਹਾ ਤੇ ਬਜ਼ੁਰਗ ਕੁਰਲਾਉਂਦਾ ਰਿਹਾ। ਨਿੱਕੀ ਜੇਹੀ ਖ਼ਬਰ ਪਿਛੇ ਸੱਚਮੁੱਚ ਵੱਡਾ ਮਸਲਾ ਖੜ੍ਹਾ ਹੈ। ਪੰਜਾਬ ਦੇ ਬੁਰੇ ਦਿਨਾਂ ਦਾ ਇਹ ਸਿਰਾ ਹੈ। ਭੁੱਖਿਆਂ ਨੂੰ ਰਜਾਉਣ ਵਾਲਾ ਇਹ ਸੂਬਾ ਕਿਥੋਂ ਦੀ ਲੰਘ ਰਿਹਾ ਹੈ। ਨੌਜਵਾਨਾਂ ਦੇ ਹੱਥ ਮੰਗਤੇ ਦੀ ਪੋਟਲੀ ਤੱਕ ਪੁੱਜ ਗਏ ਹਨ। ਜਿਨ੍ਹਾਂ ਵੱਡਿਆਂ ਨੂੰ ਹਰ ਮਸਲਾ ਛੋਟਾ ਲੱਗਦਾ ਹੈ,ਉਹ ਜਰੂਰ ਸੋਚਣ। ਪੰਜਾਬ 'ਚ ਹੁਣ ਮੰਗਤਾ ਵੀ ਸੁਰੱਖਿਅਤ ਨਹੀਂ,ਇੱਕ ਵਾਰੀ ਉਹ ਸਿਰ 'ਤੇ ਜ਼ਰੂਰ ਬੋਝ ਪਾਉਣ। ਵੱਡੇ ਸਮਝਦੇ ਹਨ ਕਿ ਸਿਰ ਤਾਂ ਪੈਸਿਆਂ ਨੂੰ ਜ਼ਰਬਾਂ ਦੇਣ ਲਈ ਹੁੰਦੇ ਹਨ। ਗੱਲ ਇਥੇ ਹੀ ਮੁੱਕਦੀ ਹੁੰਦੀ ਤਾਂ ਸਿਰਾਂ ਦੇ ਮੁੱਲ ਨਹੀਂ ਪੈਣੇ ਸਨ। ਕਿਸੇ ਨੇ ਬੰਦ ਬੰਦ ਨਹੀਂ ਕਟਾਉਣੇ ਸਨ। ਆਹ ਦਿਨ ਵੇਖਣ ਲਈ ਚਰਖੜੀਆਂ 'ਤੇ ਨਹੀਂ ਚੜ੍ਹੇ ਸਨ।


ਚੰਡੀਗੜ੍ਹ ਤੋਂ ਇੱਕ ਖ਼ਬਰ ਪਿਛਲੇ ਦਿਨੀਂ ਛਪੀ ਕਿ ਇੱਕ ਮਹਿਲਾ ਦੀ ਚੇਨੀ ਝਪਟ ਕੇ ਭੱਜਣ ਲੱਗੇ ਨੌਜਵਾਨ ਫੜੇ ਗਏ। ਜਦੋਂ ਪੁਲੀਸ ਨੇ ਤਹਿਕੀਕਾਤ ਕੀਤੀ ਤਾਂ ਉਨ੍ਹਾਂ ਚੋਂ ਇੱਕ ਮੁੰਡਾ ਗਜ਼ਟਿਡ ਅਧਿਕਾਰੀ ਦਾ ਸੀ। ਉਸ ਦੇ ਘਰ ਹਰ ਐਸੋ ਇਸ਼ਰਤ ਦੀ ਵਸਤ ਮੌਜੂਦ ਹੈ। ਕੋਈ ਤੰਗੀ ਤੁਰਸ਼ੀ ਨਹੀਂ ਸੀ। ਏਦਾ ਦੇ ਹਜ਼ਾਰਾਂ ਮਸਲੇ ਦੇਖਣ ਨੂੰ ਮਿਲਦੇ ਹਨ। ਪੁਲੀਸ ਅਫਸਰਾਂ ਦੇ ਮੁੰਡਿਆਂ ਦੇ ਨਾਮ ਅਕਸਰ ਕਿਸੇ ਨਾ ਕਿਸੇ ਘਟਨਾ 'ਚ ਸੁਣੇ ਜਾਂਦੇ ਹਨ। ਏਦਾ ਹੀ ਇੱਕ ਪੀ.ਐਚ.ਡੀ ਮਹਿਲਾ ਰਾਜਧਾਨੀ 'ਚ ਠੱਗੀ ਦੇ ਮਾਮਲੇ 'ਚ ਫੜੀ ਗਈ ਹੈ। ਇਹ ਲੈਕਚਰਾਰ ਮਹਿਲਾ ਕਾਲਜ 'ਚ ਤਾਂ ਦਿਨ ਵੇਲੇ ਨਵੀਂ ਪੌਦ ਨੂੰ ਨੈਤਿਕਤਾ ਦਾ ਪਾਠ ਪੜਾਉਂਦੀ ਸੀ। ਰਾਤ ਨੂੰ ਖੁਦ ਨਵੀਂ ਠੱਗੀ ਦੀ ਵਿਉਂਤ ਬਣਾਉਂਦੀ ਸੀ। ਏਦਾ ਦਾ ਮਾਹੌਲ ਕੋਈ ਰਾਤੋਂ ਰਾਤ ਨਹੀਂ ਬਣਿਆ ਹੈ। ਅੱਗੇ ਮਹਿਮਾ ਸਰਜਾ ਤੋਂ ਛਪੀ ਹੋਈ ਇੱਕ ਖ਼ਬਰ ਵੱਲ ਧਿਆਨ ਮਾਰਦੇ ਹਾਂ। ਖ਼ਬਰ ਦੀ ਜਗ੍ਹਾ ਛੋਟੀ ਸੀ। ਮਾਅਨੇ ਵੱਡੇ ਸਨ। ਨਿੱਕੀ ਜੇਹੀ ਖ਼ਬਰ ਧਿਆਨ ਵੱਡਾ ਮੰਗਦੀ ਸੀ। ਖ਼ਬਰ ਅਨੁਸਾਰ ਇੱਕ ਪਿੰਡ 'ਚ ਸਿਆਸੀ ਧਿਰਾਂ ਨੇ ਸ਼ਮਸ਼ਾਨ ਘਾਟ ਵੀ ਵੱਖੋ ਵੱਖਰੇ ਬਣਾ ਲਏ ਹਨ। ਅਕਾਲੀਆਂ ਦਾ ਸ਼ਮਸ਼ਾਨਘਾਟ ਵੱਖਰਾ। ਕਾਂਗਰਸੀਆਂ ਦਾ ਵੱਖਰਾ। ਬਾਕੀ ਖ਼ਬਰਾਂ ਵਾਂਗ ਇਹ ਖ਼ਬਰ ਵੀ ਇੱਕ ਦਿਨ ਜ਼ਿੰਦਗੀ ਭੋਗ ਕੇ ਤੁਰ ਗਈ। ਖ਼ਬਰ ਦੇ ਅਰਥ ਇਹੋ ਹਨ ਕਿ ਹੁਣ ਜਦੋਂ ਇਸ ਪਿੰਡ 'ਚ ਕੋਈ ਵੀ ਮਰੇਗਾ। ਪਹਿਲਾਂ ਉਸ ਦੀ ਪਾਰਟੀ ਦੇਖੀ ਜਾਏਗੀ। ਦੁਨੀਆਂ ਛੱਡ ਕੇ ਜਾਣ ਵਾਲੇ ਬੱਚੇ ਦਾ ਵੀ ਪਿਛੋਕੜ ਵੇਖਿਆ ਜਾਏਗਾ। ਵੇਖਣਾ ਬਣਦਾ ਹੈ ਕਿ ਪਿੰਡਾਂ 'ਚ ਹੁਣ ਗੱਲ ਜਾਤਾਂ ਤੇ ਅਧਾਰਿਤ ਸ਼ਮਸ਼ਾਨਘਾਟਾਂ 'ਤੇ ਵੀ ਰੁਕੀ ਨਹੀਂ ਹੈ। ਸਿਆਸਤ ਸ਼ਮਸ਼ਾਨਘਾਟਾਂ ਤੱਕ ਚਲੀ ਗਈ ਹੈ। ਫਿਕਰ ਤਾਂ ਇਹੋ ਵੱਡਾ ਸੀ ਕਿ ਪਿੰਡਾਂ 'ਚ ਜ਼ਿਮੀਂਦਾਰਾਂ ਅਤੇ ਦਲਿਤ ਭਾਈਚਾਰੇ ਦੇ ਵੱਖੋ ਵੱਖਰੇ ਸ਼ਮਸ਼ਾਨਘਾਟ ਹਨ। ਕਈ ਪਿੰਡਾਂ 'ਚ ਵੱਡੇ ਸਰਦਾਰਾਂ ਦੇ ਸ਼ਮਸ਼ਾਨਘਾਟ ਵੀ ਵੱਖਰੇ ਹਨ। ਹੋਰ ਕਿਥੇ ਕਿਥੇ ਸਿਆਸਤ ਆਪਣਾ ਠੱਪਾ ਲਾਏਗੀ। ਜਿਨ੍ਹਾਂ ਸਮਾਂ ਲੋਕ ਆਪਣੇ ਠੱਪੇ ਦੇ ਮੂੰਹ ਇਨ੍ਹਾਂ ਵੱਲ ਨਹੀਂ ਕਰਦੇ,ਉਨ੍ਹਾਂ ਸਮਾਂ ਇਸ ਦਾ ਠੱਪਾ ਏਦਾ ਹੀ ਚੱਲੇਗਾ। ਬਰਨਾਲਾ ਜਿਲ੍ਹੇ ਚੋਂ ਖ਼ਬਰ ਛਪੀ ਹੋਈ ਸੀ ਕਿ ਇੱਕ ਪਿੰਡ 'ਚ ਪ੍ਰਾਇਮਰੀ ਸਕੂਲ ਸ਼ਮਸ਼ਾਨਘਾਟ 'ਚ ਲੱਗਦਾ ਹੈ। ਜਦੋਂ ਕੋਈ ਮੁਰਦਾ ਫੂਕਣ ਵਾਸਤੇ ਆਉਂਦਾ ਹੈ ਤਾਂ ਕਲਾਸ ਦੂਸਰੇ ਸੈੱਡ ਹੇਠ ਲੱਗਦੀ ਹੈ। ਜਦੋਂ ਫੁੱਲ ਚੁਗੇ ਜਾਂਦੇ ਹਨ ਤਾਂ ਮੁੜ ਕਲਾਸ ਪੁਰਾਣੇ ਸੈਡ 'ਚ ਆਣ ਲੱਗਦੀ ਹੈ। 64 ਵਰ੍ਹਿਆਂ ਮਗਰੋਂ ਵੀ ਕਲਾਸਾਂ ਸਮਸ਼ਾਨਘਾਟਾਂ 'ਚ ਲੱਗਣੀਆਂ ਹਨ ਤਾਂ ਫਿਟ ਲਾਅਹਣ ਹੈ। ਵੋਟਾਂ ਪਾਉਣ ਵਾਲਿਆਂ ਦਾ ਧਿਆਨ ਇਹ ਖ਼ਬਰ ਜਿਆਦਾ ਮੰਗਦੀ ਹੈ। ਖ਼ਬਰ ਆਖਦੀ ਹੈ ਕਿ ਜੇਹੋ ਜੇਹੇ ਚੁਣੋਗੇ,ਉਹੋ ਜੇਹਾ ਵੱਢੋਗੇ। ਖ਼ਬਰ ਨਿੱਕੀ ਜੇਹੀ ਛਪੀ ਸੀ, ਧਿਆਨ ਵੱਡਾ ਮੰਗਦੀ ਹੈ,ਕੋਈ ਅਣਜਾਣ ਨਹੀਂ ਹੈ। ਸ਼੍ਰੋਮਣੀ ਕਮੇਟੀ ਵੋਟਾਂ ਤੋਂ ਦੂਸਰੇ ਦਿਨ ਇੱਕ ਅੰਗਰੇਜ਼ੀ ਅਖ਼ਬਾਰ 'ਚ ਖ਼ਬਰ ਛਪੀ ਕਿ ਹੇਅਰ ਡਰੈਸਰਾਂ ਦੇ ਪੂਰਾ ਦਿਨ ਭੀੜ ਰਹੀ। ਲੀਡਰ ਵੀ ਦਾੜ੍ਹੀ ਕਟਾਉਂਦੇ ਰਹੇ। ਮੋਹਰੀ ਵਰਕਰ ਵੀ ਹੇਅਰ ਡਰੈਸਰਾਂ ਦੇ ਕਤਾਰਾਂ'ਚ ਖੜ੍ਹੇ ਰਹੇ। ਮਤਲਬ ਖ਼ਬਰ ਦਾ ਸਾਫ ਹੈ ਕਿ ਵੋਟਾਂ ਖਾਤਰ ਸਭ ਸਿੰਘ ਸਜੇ ਹੋਏ ਸਨ। ਕੋਈ ਬਾਹਰੋ ਆ ਕੇ ਪੀਹੜੀ ਹੇਠ ਸੋਟਾ ਨਹੀਂ ਫੇਰੂ। ਆਪ ਨੂੰ ਹੀ ਸੋਟਾ ਚੁੱਕਣਾ ਪਊ। ਧਾਰਮਿਕ ਚੋਣਾਂ 'ਚ ਜੋ ਹਾਕਮ ਧਿਰ ਨੇ ਸੋਟੇ ਚੁੱਕੇ ਸਨ, ਉਹੀ ਸੋਟੇ ਕਿਤੇ ਪੀਹੜੀ ਹੇਠ ਫੇਰੇ ਹੁੰਦੇ ਤਾਂ ਹੇਅਰ ਡਰੈਸਰਾਂ ਦੇ ਲਾਈਨਾਂ ਨਹੀਂ ਲੱਗਣੀਆਂ ਸਨ। ਸ਼੍ਰੋਮਣੀ ਕਮੇਟੀ ਚੋਣਾਂ ਦੇ ਦਿਨਾਂ 'ਚ ਸਭ ਅਕਾਲੀ ਲੀਡਰਾਂ ਨੇ ਦਾੜ੍ਹੀਆਂ ਖੋਲ੍ਹੀਆਂ ਹੋਈਆਂ ਸਨ। ਕਾਹਦੇ ਲਈ,ਸਭ ਜਾਣਦੇ ਹਨ। ਗੱਲ ਇੱਥੋਂ ਤੱਕ ਹੀ ਸਿਮਟ ਗਈ ਹੈ। ਹੁਣੇ ਜੇਹੇ ਹੀ ਟਰਾਂਟੋ ਤੋਂ ਖ਼ਬਰ ਛਪੀ ਹੈ ਕਿ ਇੱਕ ਬਜ਼ੁਰਗ ਟਰਾਂਟੋ 'ਚ ਦੇਸੀ ਸ਼ਰਾਬ ਕੱਢਦਾ ਪੁਲੀਸ ਨੇ ਕਾਬੂ ਕੀਤਾ ਹੈ। ਜੋ ਕਸਰ ਇੱਥੇ ਰਹਿ ਰਹੀ ਹੈ,ਬਾਹਰ ਜਾ ਕੇ ਉਹ ਵੀ ਕੱਢੀ ਜਾ ਰਹੇ ਹਨ। ਇਨਸਾਨਾਂ ਨੂੰ ਇਹੋ ਜੇਹੀਆਂ ਖ਼ਬਰਾਂ ਪ੍ਰੇਸ਼ਾਨ ਕਰਦੀਆਂ ਹਨ। ਨੇਤਾ ਲੋਕਾਂ ਲਈ ਇਨ੍ਹਾਂ ਦੇ ਕੋਈ ਮਾਅਨੇ ਨਹੀਂ। ਇਨ੍ਹਾਂ ਦੇ ਚੇਤੇ ਕਮਜ਼ੋਰ ਹਨ। ਕੇਵਲ ਉਹੋ ਹੀ ਯਾਦ ਰਹਿੰਦੀ ਹੈ ਜੋ ਖ਼ਬਰ ਸਿੱਧੀ ਵੋਟ ਨਾਲ ਜੁੜੀ ਹੁੰਦੀ ਹੈ।

ਕਈ ਦਿਲਚਸਪ ਖ਼ਬਰਾਂ ਵੀ ਹੁੰਦੀਆਂ ਹਨ।
ਮਿਸਾਲ ਦੇ ਤੌਰ 'ਤੇ ਕੇਰਲਾ ਦੇ ਇੱਕ ਸਰਕਾਰੀ ਸਕੂਲ ਦਾ ਪਿੰ੍ਰਸੀਪਲ ਇੱਕ ਦਿਨ ਦੀ ਛੁੱਟੀ 'ਤੇ ਚਲਾ ਗਿਆ। ਮਗਰੋਂ ਉਹ ਪਿੰ੍ਰਸੀਪਲ ਦਾ ਚਾਰਜ ਸਕੂਲ ਦੇ ਸੇਵਾਦਾਰ ਨੂੰ ਦੇ ਗਿਆ। ਕਾਰਨ ਇਹ ਸੀ ਕਿ ਪਿੰ੍ਰਸੀਪਲ ਦੀ ਸਕੂਲ ਦੇ ਕਿਸੇ ਵੀ ਸਟਾਫ ਮੈਂਬਰ ਨਾਲ ਬਣਦੀ ਨਹੀਂ ਸੀ। ਇਕੱਲਾ ਸੇਵਾਦਾਰ ਉਸ ਦਾ ਹਮਾਇਤੀ ਸੀ। ਸੇਵਾਦਾਰ ਨੇ ਏਨੀ ਵਫ਼ਾਦਾਰੀ ਨਿਭਾਈ ਕਿ ਪਿੰ੍ਰਸੀਪਲ ਦੀ ਕੁਰਸੀ 'ਤੇ ਬੈਠ ਕੇ ਉਸ ਨੇ ਕੁਝ ਅਧਿਆਪਕਾਂ ਦੀ ਝਾੜ ਝੰਬ ਤੱਕ ਕਰ ਦਿੱਤੀ। ਹਰ ਨਿੱਕੀ ਖ਼ਬਰ ਮਾੜੀ ਵੀ ਨਹੀਂ ਹੁੰਦੀ। ਚੰਗੀ ਹੋਵੇ ਤੇ ਚਾਹੇ ਮਾੜੀ, ਧਿਆਨ ਇੱਕੋ ਜਿਨ੍ਹਾਂ ਖਿੱਚਦੀ ਹੈ। ਝੰਜੋੜਦੀ ਵੀ ਇੱਕੋ ਜਿਨ੍ਹਾਂ ਹੈ। ਉਤਰ ਪ੍ਰਦੇਸ਼ ਚੋਂ ਛਪੀ ਇੱਕ ਹੈਡ ਲਾਈਨ ਵੀ ਜ਼ਿਕਰਯੋਗ ਹੈ। ਦੋ ਵਰ੍ਹੇ ਪਹਿਲਾਂ ਇੱਕ ਰਿਕਸ਼ਾ ਚਾਲਕ ਨੂੰ ਬੈਗ ਲੱਭਾ। ਬੈਗ 'ਚ ਸੋਨੇ ਦੇ ਗਹਿਣੇ ਸਨ। ਰਿਕਸ਼ਾ ਚਾਲਕ ਨੇ ਘਰ ਲਿਆ ਕੇ ਬੈਗ ਘਰ 'ਚ ਟੋਆ ਪੁੱਟ ਕੇ ਦੱਬ ਦਿੱਤਾ। ਦੋ ਸਾਲ ਸੋਚਦਾ ਰਿਹਾ। ਗਹਿਣੇ ਵਰਤਾ ਜਾਂ ਨਾ। ਪਿਛਲੇ ਦਿਨੀਂ ਉਸ ਨੇ ਟੋਏ 'ਚ ਦੱਬਿਆ ਬੈਗ ਕੱਢਿਆ। ਸਿੱਧਾ ਥਾਣੇ ਪੁੱਜ ਗਿਆ। ਪੂਰੀ ਵਾਰਤਾ ਸੁਣਾਉਣ ਮਗਰੋਂ ਕਹਿਣ ਲੱਗਾ ਕਿ ਇਸ ਨੂੰ ਸਰਕਾਰੀ ਖ਼ਜ਼ਾਨੇ 'ਚ ਜਮ੍ਹਾ ਕਰ ਲਓ। ਜਦੋਂ ਥਾਣੇ ਵਾਲਿਆਂ ਪੁੱਛਿਆ ਕਿ ਦੋ ਸਾਲ ਪਿਛੋਂ ਕਿਵੇਂ ਚੇਤਾ ਆ ਗਿਆ। ਉਸ ਦਾ ਜੁਆਬ ਸੀ ਕਿ ਪਿਛਲੇ ਦਿਨੀਂ ਅੰਨੇ ਹਜ਼ਾਰੇ ਦੇ ਇਕੱਠ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਨਾਹਰੇ ਮਾਰਨ ਵਾਲਿਆਂ 'ਚ ਉਹ ਵੀ ਸ਼ਾਮਲ ਸੀ। ਜਦੋਂ ਉਹ ਨਾਹਰੇ ਮਾਰਦਾ ਸੀ ਤਾਂ ਘਰੇ ਦੱਬਿਆ ਇਹੋ ਬੈਗ ਉਸ ਦੇ ਅੰਦਰ ਹੁੱਜਾਂ ਮਾਰਦਾ ਸੀ। ਉਸ ਨੇ ਆਖਿਆ,ਥਾਣੇਦਾਰ ਸਾਹਿਬ,ਮੈਥੋਂ ਜ਼ਮੀਰ ਦੇ ਲਫੇੜੇ ਝੱਲੇ ਨਹੀਂ ਗਏ। ਸਾਂਭੋ ਆਪਣੀ ਅਮਾਨਤ। ਹਾਲਾਂ ਕਿ ਉਸ ਗਰੀਬ ਰਿਕਸ਼ਾ ਚਾਲਕ ਦਾ ਪਰਿਵਾਰ ਇੱਕੋ ਇੱਕ ਰਿਕਸ਼ੇ 'ਤੇ ਹੀ ਪਲਦਾ ਹੈ। ਅਫਸੋਸ ਇਹੋ ਹੈ ਕਿ ਸਵਿਸ ਬੈਂਕਾਂ 'ਚ ਪਈ ਮਾਇਆ ਨੇ ਕਦੇ ਉਨ੍ਹਾਂ ਦੀ ਜ਼ਮੀਰ ਨੂੰ ਧੱਕੇ ਨਹੀਂ ਮਾਰੇ ਜੋ ਮੁਲਕ ਚਲਾਉਂਦੇ ਹਨ। ਰਿਕਸ਼ਾ ਚਲਾਉਣ ਵਾਲੇ ਤੋਂ ਹੀ ਇਹ ਮੁਲਕ ਚਲਾਉਣ ਵਾਲੇ ਸੇਧ ਲੈ ਲੈਣ।

ਇੱਕ ਖ਼ਬਰ ਗੁਜਰਾਤ ਤੋਂ ਹੈ। ਹੀਰਿਆਂ ਦਾ ਵਪਾਰੀ ਜਦੋਂ ਆਪਣਾ ਬੈਗ ਆਟੋ ਰਿਕਸ਼ਾ 'ਚ ਰੱਖ ਕੇ ਬੈਠਣ ਲੱਗਾ ਤਾਂ ਆਟੋ ਰਿਕਸ਼ਾ ਵਾਲੇ ਨੇ ਆਟੋ ਤੋਰ ਲਿਆ। ਇਹ ਸਮਝ ਕੇ ਕਿ ਸਵਾਰੀ ਪਿਛੇ ਬੈਠ ਗਈ ਹੈ। ਇੱਧਰ ਵਪਾਰੀ ਆਪਣਾ ਬੈਗ ਚਲੇ ਜਾਣ 'ਤੇ ਸਿੱਧਾ ਥਾਣੇ ਪੁੱਜ ਗਿਆ ਤਾਂ ਜੋ ਆਟੋ ਰਿਕਸ਼ਾ ਵਾਲੇ ਖ਼ਿਲਾਫ਼ ਕੇਸ ਦਰਜ ਕਰਾਇਆ ਜਾ ਸਕੇ। ਉਧਰ ਜਦੋਂ ਆਟੋ ਰਿਕਸ਼ਾ ਵਾਲੇ ਨੂੰ ਪਤਾ ਲੱਗਾ ਕਿ ਪਿਛੇ ਸਵਾਰੀ ਨਹੀਂ, ਇਕੱਲਾ ਬੈਗ ਪਿਆ ਤਾਂ ਉਸ ਨੇ ਬੈਗ ਖੋਲ੍ਹ ਲਿਆ। ਬੈਗ 'ਚ ਹੀਰੇ ਸਨ। ਉਹ ਸਿੱਧਾ ਰੇਲਵੇ ਸਟੇਸ਼ਨ ਗਿਆ। ਉਥੇ ਬੈਗ ਦੀ ਮੁਨਿਆਦੀ ਕਰਾ ਦਿੱਤੀ। ਜਦੋਂ ਬੈਗ ਦਾ ਮਾਲਕ ਨਾ ਆਇਆ ਤਾਂ ਉਹ ਸਿੱਧਾ ਥਾਣੇ ਗਿਆ। ਮੁਨਸ਼ੀ ਨੂੰ ਜਦੋਂ ਸਾਰੀ ਗੱਲ ਦੱਸੀ ਤਾਂ ਉਸ ਨੇ ਆਖਿਆ ਕਿ ਬੈਗ ਦਾ ਮਾਲਕ ਅੰਦਰ ਥਾਣੇਦਾਰ ਕੋਲ ਬੈਠਾ ਹੈ। ਆਟੋ ਵਾਲੇ ਖ਼ਿਲਾਫ਼ ਕੇਸ ਦਰਜ ਕਰਾਉਣ ਆਏ ਵਪਾਰੀ ਨੇ ਬੈਗ ਚੈਕ ਕੀਤਾ। ਹੀਰੇ ਸਹੀ ਸਲਾਮਤ ਸਨ। ਉਸ ਨੇ ਜਦੋਂ ਆਟੋ ਵਾਲੇ ਨੂੰ ਇਨਾਮ ਦੇਣ ਲਈ ਸਿਰ ਉਤਾਂਹ ਚੁੱਕਿਆ ਤਾਂ ਆਟੋ ਰਿਕਸ਼ਾ ਵਾਲਾ ਜਾ ਚੁੱਕਾ ਸੀ। ਇੰਝ ਲੱਗਦਾ ਹੈ ਕਿ ਇਮਾਨ ਤਾਂ ਹੁਣ ਇਕੱਲੇ ਕਿਰਤੀਆਂ 'ਚ ਹੀ ਬਚਿਆ ਹੈ। ਦੋ ਨੰਬਰ ਦੀ ਮਾਇਆ ਨੇ ਬਾਕੀ ਸਭ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਜੋ ਬੇਖ਼ਬਰ ਰਹਿੰਦੇ ਹਨ,ਉਹ ਵੀ ਇਨ੍ਹਾਂ ਖ਼ਬਰਾਂ ਦੇ ਪਾਤਰਾਂ ਦੀ ਹਕੀਕਤ 'ਤੇ ਝਾਤੀ ਮਾਰਨਗੇ। ਨਹੀਂ ਫਿਰ ਉਹ ਦਿਨ ਵੀ ਚੜ੍ਹੇਗਾ ਜਦੋਂ ਬੇਖ਼ਬਰਾ ਨੂੰ ਇਹੋ ਕਿਰਤੀ ਖ਼ਬਰ ਬਣਾ ਦੇਣਗੇ। ਤਿਹਾੜ ਜੇਲ੍ਹ ਵਾਲਿਆਂ ਦੀ ਖ਼ਬਰ ਵੀ ਫਿਰ ਵੱਡੀ ਬਣਦੀ ਹੈ, ਛੋਟੀ ਨਹੀਂ।

ਚਰਨਜੀਤ ਭੁੱਲਰ
ਲੇਖਕ ਸੀਨੀਅਰ ਪੱਤਰਕਾਰ ਹਨ

Tuesday, June 21, 2011

ਸੱਤਿਆ ਸਾਈਂ ਦੇ ਧਨ ਬਾਰੇ ਬੋਲਣਗੇ ਬਾਬੇ ?

ਭਾਰਤ ਨੂੰ ਗੁਰੂਆਂ, ਫ਼ਕੀਰਾਂ, ਪੀਰਾਂ, ਦੇਵੀਆਂ ਅਤੇ ਦੇਵਤਿਆਂ ਦੀ ਧਰਤੀ ਕਿਹਾ ਜਾਂਦੈ।ਇਸ ਧਰਤੀ 'ਤੇ ਅਨੇਕਾਂ ਸੰਤਾਂ ਨੂੰ ਕਰਾਮਾਤੀ ਸੰਤ ਦੇ ਤੌਰ ਤੇ ਯਾਦ ਕੀਤਾ ਜਾਂਦੈ।ਇਸ ਦੇਸ਼ ਦੇ ਪੱਛਮ ਦੀ ਧਰਤੀ 'ਤੇ ਅਜਿਹੇ ਇੱਕ ਕਰਾਮਾਤੀ ਸੰਤ ਸੱਤਿਆ ਸਾਈਂ ਬਾਬੇ ਨੇ ਜਨਮ ਲਿਆ।

ਸੱਤਿਆ ਸਾਈਂ ਬਾਬੇ ਨੇ ਨਾ ਕੇਵਲ ਆਪਣੇ ਆਮ ਸ਼ਰਧਾਲੂਆਂ ਨੂੰ ਜਾਦੂਈ ਕਰਾਮਾਤਾਂ ਦਿਖਾਈਆਂ ਬਲਕਿ ਫ਼ਿਲਮ ਉਦਯੋਗ ਦੇ ਵੱਡੇ ਵੱਡੇ ਅਦਾਕਾਰਾਂ ਤੇ ਕ੍ਰਿਕੇਟ ਸਿਤਾਰਿਆਂ ਨੇ ਸਾਈਂ ਬਾਬੇ ਦੁਆਰਾ ਉਨ੍ਹਾਂ ਦੀਆਂ ਅੱਖਾਂ ਅੱਗੇ ਆਪਣੀ ਤਲੀ 'ਤੇ ਸੋਨੇ ਦੀ ਗੇਂਦ ਤੇ ਸੋਨੇ ਦੀਆਂ ਚੈਨੀਆਂ ਪੈਦਾ ਕਰਕੇ ਹੈਰਾਨ ਪ੍ਰੇਸ਼ਾਨ ਕਰ ਦਿੱਤਾ।ਗੱਲ ਇੱਥੇ ਹੀ ਨਹੀਂ ਮੁੱਕ ਗਈ, ਸ੍ਰੀ ਸਾਈ ਬਾਬਾ ਨੇ ਦੇਹ ਤਿਆਗਣ ਉਪਰੰਤ ਆਪਣੇ ਸ਼ਰਧਾਲੂਆਂ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਦੀਆਂ ਸੰਗਤਾਂ ਨੂੰ ਉਸ ਵਕਤ ਹੋਰ ਵੀ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਦੇ ਗੁਪਤ ਦਰਵਾਜ਼ੇ ਦਾ ਵੱਡ ਆਕਾਰ ਜਿੰਦਾ ਖੋਲ੍ਹਣ ਉਪਰੰਤ ਸੋਨੇ, ਹੀਰਿਆਂ ਅਤੇ ਕਰੋੜਾਂ ਦੀ ਨਕਦੀ ਦਾ ਖ਼ਜ਼ਾਨਾ ਸਾਹਮਣੇ ਆਇਆ।

ਕਿਹਾ ਜਾ ਰਿਹਾ ਹੈ ਕਿ ਬਾਬਾ ਜੀ ਦੇ ਜਿਹੜੇ ਗੁਪਤ ਕਮਰੇ ਵਿਚੋਂ ਖ਼ਜ਼ਾਨਾ ਮਿਲਿਆ ਹੈ ਉਸ ਕਮਰੇ ਵਿਚ ਜਾਂ ਤਾਂ ਖ਼ੁਦ ਸਾਈਂ ਬਾਬਾ ਹੀ ਦਾਖਲ ਹੁੰਦੇ ਤੇ ਜਾਂ ਫਿਰ ਉਨ੍ਹਾਂ ਦੇ ਸਭ ਤੋਂ ਨੇੜਲੇ ਸ਼ਰਧਾਲੂ ਸਤਿਆਜੀਤ ਹੀ ਉਸ ਕਮਰੇ ਵਿਚ ਦਾਖਲ ਹੋ ਸਕਦੇ ਸਨ।ਇਨ੍ਹਾਂ ਦੋਹਾਂ ਸੰਤਾਂ ਤੋਂ ਇਲਾਵਾ ਤੀਜਾ ਕੋਈ ਸ਼ਖ਼ਸ 25 ਵਰ੍ਹਿਆਂ ਤੀਕ ਇਸ ਕਮਰੇ ਵਿਚ ਦਾਖਲ ਨਹੀਂ ਹੋ ਸਕਿਆ ।

ਪ੍ਰੰਤੂ ਸੱਤਿਆ ਸਾਈ ਦੇ ਬਿਮਾਰ ਪੈਂਦਿਆਂ ਹੀ ਭੇਦ ਬਣੇ ਖ਼ਜ਼ਾਨੇ ਨੂੰ ਲੁੱਟਣ ਯੁੱਧ ਜਿਹਾ ਛਿੜ ਗਿਆ ।ਇਸ ਯੁੱਧ ਵਿਚ ਸਾਈਂ ਦੇ ਇਰਦ ਗਿਰਦ ਰਹਿਣ ਵਾਲੇ ਕਈਆਂ ਨਾਵਾਂ ਦਾ ਖ਼ੁਲਾਸਾ ਹੋ ਸਕਦਾ ਹੈ।ਉਨ੍ਹਾਂ ਤੋਂ ਇਲਾਵਾ ਸਾਈਂ ਦੇ ਇੱਕ ਭਰਾ ਦਾ ਨਾਂ ਵੀ ਜਾਂਚ ਏਜੰਸੀਆਂ ਦੀਆਂ ਨਜ਼ਰਾਂ ਵਿਚ ਆਇਆ ਹੋਇਆ ਹੈ।ਹਾਲੇ ਤੱਕ ਭਾਵੇਂ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਕਿ ਖ਼ਜ਼ਾਨੇ ਦੀ ਲੁੱਟ ਸਾਈਂ ਦੇ ਬਿਮਾਰ ਹੁੰਦਿਆਂ ਹੀ ਸ਼ੁਰੂ ਹੋ ਗਈ ਸੀ ਪਰ ਇਸਦਾ ਭੇਦ ਸਾਈਂ ਦੀ ਦੇਹ ਤਿਆਗਣ ਉਪਰੰਤ ਉਦੋਂ ਸਾਹਮਣੇ ਆਇਆ ਜਦੋਂ ਖ਼ਜ਼ਾਨੇ ਵਿਚੋਂ ਕਰੋੜਾਂ ਰੁਪਏ ਲੁੱਟਕੇ ਬੱਸਾਂ ਕਾਰਾਂ ਰਾਹੀਂ ਵੱਖ ਟਿਕਾਣਿਆਂ 'ਤੇ ਭਿਜਾਏ ਜਾ ਰਹੇ ਸੀ । ਇੱਕ ਬੱਸ ਵਿਚੋਂ ਮਿਲੀ ਨੋਟਾਂ ਦੀ ਬੋਰੀ ਹੀ ਪੁਲਸ ਨੂੰ ਭੇਦ ਕਮਰੇ ਤੀਕ ਲੈਕੇ ਜਣ ਦਾ ਜਰੀਆ ਬਣੀ ਪੁਲਸ ਪਰ ਕਮਰੇ ਦਾ ਅੰਦਰਲਾ ਨਜ਼ਾਰਾ ਏਨਾ ਹੈਰਾਨ ਕਰਨ ਵਾਲਾ ਦੱਸਿਆ ਜਾ ਰਿਹਾ ਹੈ ਕਿ ਪੁਲਸ ਵੀ ਭੌਂਚੱਕੀ ਸੀ।

ਨਕਦੀ ਗਿਣਨ ਲਈ ਤਿੰਨ ਮਸ਼ੀਨਾਂ ਵਰਤੋਂ ਅਧੀਨ ਲਿਆਉਣੀਆਂ ਪਈਆਂ ਅਤੇ 11 ਕਰੋੜ 40 ਲੱਖ ਦੀ ਨਕਦ ਰਕਮ ਨੂੰ ਗਿਣਨ ਲਈ 36 ਘੰਟੇ ਲੱਗੇ।ਇਹ ਉਹ ਰਕਮ ਸੀ ਜਿਹੜੀ ਬਚ ਗਈ । ਇਸ ਵਿਚੋਂ ਕਿੰਨੀ ਖ਼ਰਦ ਬਰੂਦ ਕਰ ਦਿੱਤੀ ਗਈ ਕੋਈ ਅਨੁਮਾਨ ਨਹੀਂ ਹੈ।ਬੇਨਾਮੀ ਹੋਣ ਕਰਕੇ ਇਸਦਾ ਕੋਈ ਰਿਕਾਰਡ ਮੌਜੂਦ ਨਹੀਂ । ਨਕਦੀ ਤੋਂ ਇਲਾਵਾ ਸਾਈ ਜੀ ਦੇ ਗੁਪਤ ਕਮਰੇ ਵਿਚੋਂ ਸੋਨੇ ਦੀ ਚੱਪਲ, ਹੀਰੇ ਜੜੇ ਛੇ ਮੁਕਟ, ਚਾਂਦੀ ਦੀ ਆਰਾਮ ਕੁਰਸੀ,ਗਣੇਸ਼ ਜੀ, ਲਕਸ਼ਮੀ ਮਾਤਾ ਤੇ ਹੋਰ ਸੋਨੇ ਦੀਆਂ ਮੂਰਤੀਆਂ ਤੋ ਇਲਾਵਾ 100 ਤੋਂ ਵੀ ਵੱਧ ਤੋਹਫ਼ਿਆਂ ਭਰੇ ਸੂਟ ਕੇਸ,700 ਕੁੜਤੇ ਅਤੇ 500 ਜੋੜੇ ਚੱਪਲ ਤੇ ਚਾਂਦੀ ਦੇ ਬਰਤਨ ਯਾਨੀ ਕੁੱਲ ਮਿਲਾਕੇ 98 ਕਿੱਲੋ ਸੋਨਾ ਤੇ 307 ਕਿੱਲੋ ਚਾਂਦੀ ਬਰਾਮਦ ਹੋਈ ਹੈ।

ਦੇਹ ਤਿਆਗਣ ਉਪਰੰਤ ਉਨ੍ਹਾਂ ਸਭਨਾਂ ਡੇਰਾ ਮੁਖੀਆਂ ਦੀਆਂ ਅੱਖਾਂ ਇਸ ਗੁਪਤ ਕਮਰੇ 'ਤੇ ਗੱਡੀਆਂ ਪਈਆਂ ਸਨ ਜਿਨ੍ਹਾਂ ਨੂੰ ਕਮਰੇ ਅੰਦਰੇ ਬੰਦ ਖ਼ਜ਼ਾਨੇ ਦੇ ਰਾਜ਼ ਬਾਰੇ ਗਿਆਨ ਸੀ।ਬੱਸ ਕਮਰੇ ਅੰਦਰਲੀ ਮਾਇਆ ਦੇ ਗੱਫੇ ਛਕਣ ਦੀ ਕਸ਼ਮਕਸ਼ ਵਿਚੋਂ ਭੇਦ ਕਰ ਵਿਭਾਗ ਦੇ ਗਲਿਆਰੇ ਵਿਚ ਪੁੱਜਿਆ ਤੇ ਕਰ ਵਿਭਾਗ ਅਧਿਕਾਰੀ ਖ਼ਜ਼ਾਨੇ ਤੀਕ ਪੁੱਜੇ ਪਰ ਕਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖ਼ਜ਼ਾਨੇ ਤੀਕ ਪੁੱਜਣ ਤੋਂ ਪਹਿਲਾਂ ਉਸ ਖ਼ਜ਼ਾਨੇ ਨੂੰ ਲੁੱਟਣ ਵਾਲਾ ਕੌਣ ਸੀ ? ਇਹ ਗੱਲ ਹਾਲੇ ਵੀ ਭੇਦ ਬਣੀ ਹੋਈ ਹੈ।ਇਸ ਭੇਦ ਤੋਂ ਪਰਦਾ ਲਾਹੁਣਾ ਕਿਸੇ ਵੀ ਏਜੰਸੀ ਲਈ ਮੁਸ਼ਕਲ ਹੋਵੇਗਾ ਕਿ ਜੋ ਧਨ ਲੁੱਟਿਆ ਗਿਆ ਉਹ ਕਿੰਨਾ ਸੀ ? ਕਿਉਂਕਿ ਇਸ ਖ਼ਜ਼ਾਨੇ ਦਾ ਕੋਈ ਰਿਕਾਰਡ ਮੌਜੂਦ ਨਹੀਂ ਮਿਲਿਆ।

ਦਰ ਅਸਲ ਇਹ ਖ਼ਜ਼ਾਨਾ ਉਹ ਸੀ ਜਿਹੜਾ ਸ਼ਰਧਾਲੂਆਂ ਦੁਆਰਾ ਬੇਨਾਮੀ ਚੜ•ਾਇਆ ਗਿਆ, ਅਮੀਰ ਲੋਕ ਗੁਪਤ ਦਾਨ ਦੇਣ 'ਚ ਵਿਸ਼ਵਾਸ ਰੱਖਦੇ ਹਨ ਪਰ ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਖ਼ਜ਼ਾਨਾ ਇੱਕ ਤਰ੍ਹਾਂ ਨਾਲ ਕਾਲਾ ਧਨ ਹੀ ਮੰਨਿਆ ਜਾਵੇਗਾ ਜਿਸ ਦਾ ਕਿਤੇ ਵੀ ਹਿਸਾਬ ਦਰਜ਼ ਨਹੀਂ ਹੈ, ਕਿਉਂਕਿ ਭਾਰਤ ਧਾਰਮਿਕ ਭਾਵਨਾਵਾਂ ਨਾਲ ਓਤ-ਪੋਤ ਦੇਸ਼ ਹੈ ਅਤੇ ਇਸ ਧਨ ਦਾ ਵੀ ਸਿੱਧਾ ਸਬੰਧ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਸ ਬਾਰੇ ਸ਼੍ਰੀ ਅੰਨਾ ਹਜ਼ਾਰੇ ਜਾਂ ਬਾਬਾ ਰਾਮਦੇਵ ਨਹੀਂ ਬੋਲਣਗੇ।ਹਾਂ ਹੋ ਸਕਦੈ ਕਰ ਵਿਭਾਗ ਇਸ ਬਾਰੇ ਕੁੱਝ ਜਾਣਕਾਰੀ ਰੱਖਦਾ ਹੋਵੇ ਪਰ ਕਰ
ਵਿਭਾਗ ਇਸ ਦੀ ਜਾਣਕਾਰੀ ਜਨਤਕ ਕਰੇ ਇਹ ਜ਼ਰੂਰੀ ਨਹੀਂ ਹੋ ਸਕਦਾ।

ਭਾਰਤ ਅਨੇਕਾਂ ਧਰਮਾਂ,ਸਭਿਅਤਾਵਾਂ, ਬੋਲੀਆਂ ਅਤੇ ਮਾਨਤਾਵਾਂ ਵਾਲਾ ਦੇਸ਼ ਹੋਣ ਕਰਦੇ ਇੱਥੇ ਅਣਗਿਣਤ ਧਾਰਮਿਕ ਡੇਰੇ ਹਨ ਅਤੇ ਡੇਰਿਆਂ ਪ੍ਰਤੀ ਅਮੀਰ ਤੇ ਗ਼ਰੀਬ ਦੀ ਬਰਾਬਰ ਸ਼ਰਧਾ ਹੈ।ਇਹ ਵੱਖਰੀ ਗੱਲ ਹੈ ਕਿ ਅਮੀਰ ਵੱਧ ਦਾਨ ਦੇ ਰੂਪ ਵਿਚ ਮਾਇਆ ਦਾ ਚੜ੍ਹਾਵਾ ਚੜ•ਾ ਦਿੰਦਾ ਹੈ ਅਤੇ ਗ਼ਰੀਬ ਘੱਟ ਪਰ ਡੇਰੇ ਦੀ ਤਰੱਕੀ ਅਮੀਰ ਦਾਨੀਆਂ ਦੀ ਸ਼ਰਧਾ 'ਤੇ ਨਿਰਭਰ ਕਰਦੀ ਹੈ।ਗ਼ਰੀਬ ਸ਼ਰਧਾਲੂ ਹੀਰੇ ਜਵਾਹਰਾਤ ਜਾਂ ਸੋਨਾ ਚੜ•ਾਉਣ ਦੀ ਸਮਰੱਥਾ ਨਹੀਂ ਰੱਖਦਾ ਉਹ ਤਾਂ ਆਪਣਾ ਸਿੱਕਾ ਜਾਂ ਪੰਜ ਦਸ ਦੇ ਨੋਟ ਤੱਕ ਆਪਣੀ ਸ਼ਰਧਾ ਦੀ ਭੇਟ ਪ੍ਰਵਾਨ ਕਰਨ ਦੀ ਬੇਨਤੀ ਹੀ ਕਰ ਸਕਦਾ ਹੈ, ਅੱਗੋਂ ਪ੍ਰਵਾਨ ਕਰਨਾ ਤਾਂ ਇਸ਼ਟ ਦੀ ਮਰਜ਼ੀ ਹੈ।

ਸੰਤ-ਮਹਾਂ ਪੁਰਸ਼ਾਂ ਦਾ ਆਪਣਾ ਕੁੱਝ ਨਹੀਂ ਹੁੰਦਾ ਅਜਿਹਾ ਖ਼ੁਦ ਮਹਾਂਪੁਰਸ਼ ਕਹਿੰਦੇ ਪਰ ਅਕਸਰ ਦੇਖਣ ਵਿਚ ਆਇਆ ਹੈ ਕਿ ਮਹਾਂਪੁਰਸ਼ਾਂ ਦੁਆਰਾ ਦੇਹ ਤਿਆਗਣ ਉਪਰੰਤ ਚੜ•ਾਵੇ ਦਾ ਖ਼ਜ਼ਾਨਾ ਉਹ ਲੋਟੂ ਲੁੱਟ ਲੈਂਦੇ ਹਨ ਜਿਹੜੇ ਲੋਟੂ ਸੰਤਾਂ ਦੇ ਇਰਦ ਗਿਰਦ ਖ਼ਜ਼ਾਨੇ 'ਤੇ ਨਜ਼ਰ ਰੱਖਦੇ ਰਹਿੰਦੇ ਹਨ।ਅਜਿਹੇ ਲੋਟੂਆਂ ਤੋਂ ਬਚਣ ਲਈ ਇੱਕੋ ਇੱਕ ਰਸਤਾ ਇਹ ਹੈ ਕਿ ਸੰਤ ਦੇਹ ਤਿਆਗਣ ਤੋਂ ਪਹਿਲਾਂ ਪਹਿਲਾਂ ਚੜ੍ਹਾਵੇ ਦੀ ਦੌਲਤ ਗ਼ਰੀਬਾਂ ਦੇ ਲੇਖੇ ਲਾ ਜਾਣ। ਹੁਣ ਸਾਈਂ ਬਾਬਾ ਨਹੀਂ ਰਹੇ ਅਤੇ ਦੋਨਾਂ ਜਵਾਹਰਾਤ ਤੇ ਤੋਹਫ਼ੇ ਵੀ ਕਿਸ ਦੇ ਕੰਮ ਆਉਣਗੇ ? ਕੋਈ ਕੀ ਜਾਣਦੈ ਇਸ ਬਾਰੇ । ਹਾਂ ਪੁਲਸ ਇਸ ਖੋਜ ਕਾਰਜ ਵਿਚ ਜ਼ਰੂਰ ਰੁੱਝ ਗਈ ਹੈ ਕਿ ਆਖ਼ਰ ਏਨਾ ਧਨ ਦੌਲਤ ਕਿੱਥੋਂ ਅਤੇ ਜਾਂਦੀ ਕਿੱਥੇ ਰਹੀ । ਸੱਚ ਸਾਹਮਣੇ ਆਉਣ ਦੀ ਕੋਈ ਗਰੰਟੀ ਨਹੀਂ ਪਰ ਆਮ ਜਨਤਾ ਦੇ ਜ਼ਿਹਨ 'ਚ ਸਵਾਲ ਜ਼ਰੂਰ ਉੱਠਣਗੇ ਕਿ ਮਾਇਆ ਮੋਹ 'ਚ ਫਸੇ ਦੀਨ-ਦੁਨੀਆ ਦਾ ਉਥਾਨ ਨਹੀਂ ਕਰ ਸਕਦੇ । ਹਾਲਾਂ ਕਿ ਇਹ ਖ਼ਜ਼ਾਨਾ ਲੋੜਵੰਦਾਂ 'ਚ ਵੰਡ ਦਿੱਤਾ ਜਾਂਦਾ ਤਾਂ ਵੱਡੀ ਗ਼ਰੀਬ ਵਸੋਂ ਦਾ ਉਥਾਨ ਜ਼ਰੂਰ ਹੋ ਜਾਂਦਾ।

ਇਸ ਮੌਕੇ ਦੇਸ਼ ਵਿਚ ਤਕਰੀਬਨ 20 ਕਰੋੜ ਵਸੋਂ ਕੋਲ ਖਣ ਲਈ ਕੁੱਝ ਨਹੀਂ ਹੈ।ਭੁੱਖੇ ਮਰ ਰਹੇ ਇਨ੍ਹਾਂ ਦੇਸ਼ ਵਾਸੀਆਂ ਦੀ ਅੱਜ ਬਾਂਹ ਫੜਨ ਵਾਲਾ ਕੋਈ ਨਹੀਂ।ਸਿਹਤ ਸੇਵਾਵਾਂ ਤੋਂ ਵਾਂਝੀ ਵਸੋਂ ਦਵਾਈਆਂ ਖੁਣੋਂ ਬਿਮਾਰੀ ਦੀ ਹਾਲਤ 'ਚ ਦਮ ਤੋੜ ਜਾਂਦੀ ਹੈ,ਸੰਤਾਂ ਦੇ ਖ਼ਜ਼ਾਨੇ ਜੇ ਇਸ ਲੋੜ ਵੰਦ ਵਸੋਂ ਦੇ ਲੇਖੇ ਲੱਗ ਜਣ ਤਾਂ ਕਿੰਨਾ ਪੁਣ ਵਾਲਾ ਕਾਰਜ ਹੋਵੇਗਾ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸੱਤਿਆ ਸਾਈ ਦਾ ਖ਼ਜ਼ਾਨਾ ਫ਼ਿਲਹਾਲ ਸਟੇਟ ਬੈਂਕ ਵਿਚ ਹੈ ਅਤੇ ਬਾਅਦ ਵਿਚ ਸਰਕਾਰ ਦੇ ਖ਼ਜ਼ਾਨੇ ਵਿਚ ਦਫ਼ਨ ਹੋ ਜਾਵੇਗਾ ਠੀਕ ਉਸ ਤਰ੍ਹਾਂ ਕਾਨੂੰਨ ਦੀਆਂ ਬੇੜੀਆਂ ਵਿਚ ਜਕੜਿਆ ਜਾਵੇਗਾ ਜਿਸ ਤਰ੍ਹਾਂ ਸਰਕਾਰ ਦੇ ਕੰਟ੍ਰੌਲ ਹੇਠਲਾ ਅਨਾਜ ਸੜ ਤਾਂ ਰਿਹਾ ਹੈ ਪਰ ਦੇਸ਼ ਦੀ ਭੁੱਖੀ ਮਰ ਰਹੀ ਜਨਤਾ ਨੂੰ ਵੰਡਣ ਦਾ ਦੇਸ਼ ਦੀ ਸਰਕਾਰ ਕੋਲ ਕੋਈ ਕਾਨੂੰਨੀ ਪ੍ਰਾਵਧਾਨ ਨਹੀਂ ਹੈ।

ਮਦਨਦੀਪ ਸਿੰਘ
ਲੇਖ਼ਕ ਚੰਡੀਗੜ੍ਹ ਤੋਂ ਸ਼ੁਰੂ ਹੋਣ ਵਾਲੇ ਨਵੇਂ ਪੰਜਾਬੀ ਅਖ਼ਬਾਰ ਦੇ ਨਿਊਜ਼ ਐਡੀਟਰ ਹਨ।
ਮੋਬਾਈਲ-08591859124

Sunday, February 13, 2011

ਗਾਂਧੀ-:ਭਾਰਤ 'ਤੇ ਥੋਪਿਆ ਹੋਇਆ "ਕੌਮੀ ਪਿਓ"

ਗੁਲਾਮ ਕਲਮ 'ਤੇ ਗਾਂਧੀ ਬਾਰੇ ਚਲਾਈ ਬਹਿਸ ਅੱਗੇ ਤੋਰਨ ਲਈ ਪੀ ਟੀ ਸੀ ਨਿਊਜ਼ ਵਾਲੇ ਦਵਿੰਦਰਪਾਲ ਨੇ ਇਕ ਲਿਖ਼ਤ ਭੇਜੀ ਹੈ,ਜੋ ਕਈ ਨਵੇਂ ਸਵਾਲਾਂ ਦੇ ਜਨਮ ਨਾਲ ਕੁਝ ਪੁਰਾਣੇ ਸਵਾਲਾਂ ਦੇ ਜਵਾਬ ਦਿੰਦੀ ਹੈ।ਤੁਸੀਂ ਲਿਖ਼ਤ ਪੜ੍ਹਕੇ ਆਪਣੇ ਪੱਖੀ ਜਾਂ ਵਿਰੋਧੀ ਵਿਚਾਰ ਰਚਨਾ ਹੇਠਾਂ ਟਿੱਪਣੀ ਦੇ ਕੇ ਜਾਂ ਲਿਖ਼ਤ ਭੇਜਕੇ ਦਰਜ ਕਰਵਾ ਸਕਦੇ ਹੋਂ।--ਯਾਦਵਿੰਦਰ ਕਰਫਿਊ

ਗੱਲ ਸ਼ੁਰੂ ਕਰਨ ਤੋਂ ਪਹਿਲੋਂ ਯਾਦਵਿੰਦਰ ਦੀ ਤਾਰੀਫ ਜ਼ਰੂਰ ਕਰ ਦਿਆਂ ਜਿਹਨੇ ਪਬਲਿਸ਼ਿੰਗ ਦਾ ਗੁਰ ਆਪਣੇ ਬਲੋਗ 'ਤੇ ਲਾਗੂ ਕਰ ਕੇ ਓਹ ਮੁੱਦੇ ਛੇੜਣ ਦਾ ਵਲ ਸਿੱਖ ਲਿਐ ਜਿਹੜੇ ਬੰਦੇ ਦੇ ਦਿਮਾਗ ਨੂੰ ਲੂਤੀਆਂ ਲਾ ਦਿੰਦੇ ਨੇ।ਹੁਣ ਚਲੀਏ ਮੁੱਦੇ ਵੱਲ, ਮੋਹਨਦਾਸ ਕਰਮ ਚੰਦ ਗਾਂਧੀ ਦਾ ਮੇਰੇ ਸਿਰ 'ਤੇ ਮੇਰੇ ਕੌਮੀ ਪਿਓ ਦੇ ਤੌਰ 'ਤੇ ਥੋਪਿਆ ਜਾਣਾ, ਓਹ ਵੀ ਓਸ ਮੁਲਕ 'ਚ ਜਿਹੜਾ ਧਰਮ ਤੋਂ ਲੈ ਕੇ ਬੱਚੇ ਪੈਦਾ ਕਰਨ ਦੇ ਢੰਗ ਤੱਕ ਚੁਣਨ ਦੀ ਅਜ਼ਾਦੀ ਦੇਣ ਦਾ ਦਾਅਵਾ ਕਰਦਾ ਹੈ, ਕੀ ਇੱਕ ਸਿਆਸੀ ਫੈਸਲਾ ਨਹੀਂ ਹੈ? ਜੇ ਹੈ ਤਾਂ ਰਿਸ਼ਤਾ ਪਿਓ ਦਾ ਕਿਓਂ, ਜਦੋਂਕਿ ਖੂਨ ਦੇ ਰਿਸ਼ਤੇ ਵਾਲੇ ਬਾਪ ਤੋਂ ਬਗ਼ੈਰ ਹੋਰ ਕਿਸੇ ਨੂੰ ਵੀ ਆਪਣੇ ਪਿਓ ਵਰਗਾ ਅਸੀਂ ਓਦੋਂ ਕਹਿਣੇ ਆਂ ਜਦੋਂ ਭਾਵੁਕਤਾ ਦੀ ਸਾਂਝ ਬਣਦੀ ਹੈ ਤੇ ਓਸ ਸ਼ਖ਼ਸ ਲਈ ਪਿਤਾ ਸਮਾਨ ਆਦਰ ਮਨ 'ਚ ਪੈਦਾ ਹੁੰਦਾ ਹੈ। ਸਿੱਖਾਂ ਲਈ ਦਸਵੇਂ ਗੁਰੁ ਨੁੰ ਆਪਣਾ ਪਿਤਾ ਜਾਂ ਪਿਓ ਕਹਿਣਾ ਓਸੇ ਸਨਮਾਨ ਤੇ ਭਾਵੁਕ ਸਾਂਝ ਦਾ ਨਤੀਜਾ ਹੈ ਜਿਸ ਦੇ ਪੈਦਾ ਹੋਣ ਦੇ ਕਾਰਨ ਓਸ ਯੁਗ ਪੁਰਸ਼ ਦੇ ਵਿਹਾਰ ਤੋਂ ਜੰਮਦੇ ਨੇ, ਓਸ ਦੀਆਂ ਕੁਰਬਾਨੀਆਂ ਤੋਂ ਜੰਮਦੇ ਨੇ।

ਦਸਮ ਪਿਤਾ ਜਾਂ ਗੁਰੁ ਗੋਬਿੰਦ ਸਿੰਘ... ਇਹ ਕਹਿਣ ਦੀ ਅਜ਼ਾਦੀ ਵੀ ਸਿੱਖ ਧਰਮ ਹਰ ਸਿੱਖ ਨੂੰ ਦਿੰਦਾ ਹੈ, ਓਸ 'ਤੇ ਪਿਓ ਥੋਪਿਆ ਨਹੀਂ ਜਾਂਦਾ, ਧਰਮ ਵੱਲੋਂ ਜਾਂ ਸਟੇਟ ਵੱਲੋਂ। ਇਹ ਉਦਾਹਰਣ ਇਸ ਲਈ ਦੇ ਰਿਹਾਂ ਕਿਓਂਕਿ ਮੈਂ ਨਾਸਤਿਕ ਸਿੱਖ ਹਾਂ ਤੇ ਇਸੇ ਧਰਮ 'ਚੋਂ ਅਕੀਦੇ ਦੀ ਅਜ਼ਾਦੀ ਦੇ ਨਾਲ ਹੀ ਰੱਬ ਦੇ ਕੋਨਸੈਪਟ ਨਾਲ ਲੜਣ ਦੀ ਧਾਰਨਾ ਦੀ ਤਰਕਸ਼ੀਲਤਾ ਵੀ ਮਿਲਦੀ ਹੈ ਪਰ ਕੀ ਸਟੇਟ ਨੇ ਇਹ ਅਜ਼ਾਦੀ ਗਾਂਧੀ ਨੂੰ ਮੇਰਾ ਪਿਓ ਐਲਾਨਦਿਆਂ ਛੱਡੀ ਹੈ, ਜਾਂ ਕਿ ਭਾਵਨਾਤਮਕ ਰਿਸ਼ਤਾ ਪੂਰੇ ਮੁਲਕ 'ਤੇ ਥੋਪ ਕੇ ਬਲੈਕਮੇਲ ਦਾ ਮੁੱਦਾ ਖੜਾ ਕਰ ਦਿੱਤੈ ਬਈ ਜੇ ਰਾਸ਼ਟਰਪਿਤਾ ਨਾ ਮੰਨੋ ਤਾਂ ਤੁਸੀਂ ਰਾਸ਼ਟਰ ਵਿਰੋਧੀ ਹੋਏ। ਇਸ 'ਤੇ ਵੀ ਬਹਿਸ ਛੇੜਣ ਤੋਂ ਪਹਿਲੋਂ ਸਵਾਲ ਇਹ ਹੈ ਕਿ 15 ਅਗਸਤ 1947 ਨੂੰ ਜੋ ਸਾਡੇ ਨਾਲ ਹੋਇਆ ਓਹ ਦਰਅਸਲ ਕੀ ਸੀ?

ਕੀ ਇਹ ਸੰਪੂਰਣ ਅਜ਼ਾਦੀ ਸੀ?
ਕੀ ਓਸ ਦੌਰ ਦੀ ਤਬਦੀਲੀ ਮਹਾਤਮਾ ਗਾਂਧੀ ਕਾਰਨ ਹੋਈ?
ਕੀ ਅਸੀਂ ਅੰਗਰੇਜ਼ਾਂ ਨੂੰ ਇਸ ਮੁਲਕ 'ਚੋਂ ਕੱਢਣ 'ਚ ਪੂਰੀ ਤਰਾਂ ਆਪਣੇ ਦਮ 'ਤੇ ਗਾਂਧੀ ਦੇ ਦਰਸਾਏ ਰਾਹ 'ਤੇ ਚੱਲ ਕੇ ਕਾਮਯਾਬ ਹੋਏ?
ਕੀ ਅਜ਼ਾਦੀ ਦੇ ਸਾਰੇ ਪੈਰਾਮੀਟਰ ਹਰ ਭਾਰਤੀ ਲਈ ਬਰਾਬਰ ਹਨ?


ਜੁਆਬ ਕਈਆਂ ਨੂੰ ਹਜ਼ਮ ਨਹੀਂ ਹੋਣੇ, ਕਈਆਂ ਮੈਨੂੰ ਦੇਸ਼ਧ੍ਰੋਹੀ ਦਾ ਦਰਜਾ ਦੇਣ ਦਾ ਮਾਣ ਵੀ ਹਾਸਲ ਕਰਨੈ ਪਰ ਸੱਚ ਇਹ ਹੈ ਕਿ 1947 'ਚ ਜੋ ਹੋਇਆ ਓਹ 'ਟ੍ਰਸਟੀਸ਼ਿੱਪ' ਦਾ ਤਬਾਦਲਾ ਸੀ। ਇੱਕ ਹਾਕਮ ਦੇ ਹੱਥੋਂ ਦੂਜੇ ਦੇ ਹੱਥ ਤਾਕਤ ਦਾ ਜਾਣਾ, ਇਸ ਦੌਰਾਨ ਕਈ ਲੱਖਾਂ ਦਾ ਕਤਲ ਹੋਣਾ, ਸਾਢੇ ਪੰਜ ਸੌ ਰਿਆਸਤਾਂ ਦਾ ਰਲ ਗੱਡ ਹੋ ਕੇ ਇੱਕ ਪਾਰਲੀਮੈਂਟ ਦੀ ਕਾਇਮੀ ਤਾਂ ਕਿ ਸਾਂਝੀ ਤਾਕਤ ਨਾਲ ਸਰਮਾਇਆ ਕਾਬੂ ਰੱਖਣ 'ਚ ਮਦਦ ਮਿਲੇ, ਰਹੀ ਗੱਲ ਅੰਗਰੇਜ਼ਾਂ ਦੀ ਤਾਂ ਦੋ ਵੱਡੀਆਂ ਆਲਮੀ ਜੰਗਾਂ 'ਚ ਨਿਚੋੜੇ ਜਾਣ ਤੋਂ ਬਾਅਦ ਤੇ ਇਸ ਖਿੱਤੇ ਦਾ ਵੀ ਪੂਰੀ ਤਰਾਂ ਖ਼ਜ਼ਾਨਾ ਤੇ ਕੁਦਰਤੀ ਸੋਮੇ ਲੁੱਟਣ ਤੋਂ ਬਾਅਦ ਸਮੇਂ ਦੀਆਂ ਤਕਨੀਕਾਂ, ਤਾਕਤਾਂ ਤੇ ਖਰਚਿਆਂ ਦੀ ਪੂਰੀ ਵਰਤੋਂ ਦੇ ਬਾਅਦ ਵੀ ਓਹਨਾਂ ਲਈ ਆਪਣੇ ਅੰਪਾਇਰ ਦੀ ਸਭ ਤੋਂ ਵੱਡੀ ਕਲੋਨੀ ਨੂੰ ਸਾਂਭਣਾ ਔਖਾ ਸੀ, ਪੜ੍ਹ ਲਿਖ ਕੇ ਜਾਗਰੂਕ ਹੋ ਰਹੀ ਨਵੀਂ ਪੀੜੀ ਵੀ ਨਿੱਤ ਨਵੇਂ ਸਵਾਲ ਖੜੇ ਕਰਦੀ ਸੀ ਤੇ ਸਥਾਨਕ ਸਰਮਾਏਦਾਰ ਵੀ ਵੰਡੇ ਜਾ ਰਹੇ ਸੋਮਿਆਂ ਤੇ ਮੁਨਾਫੇ ਦੀ ਘਾਟ ਕਾਰਨ ਓਹਨਾਂ ਤੋਂ ਔਖੇ ਸਨ। ਖ਼ਾਸ ਤੌਰ 'ਤੇ ਓਦੋਂ ਜਦੋਂ ਲਗਾਤਾਰ ਕ੍ਰਾਂਤੀਕਾਰੀਆਂ ਨੇ ਕਦੇ ਕੱਲੇ ਕੱਲੇ ਤੇ ਕਦੇ ਗਦਰੀਆਂ ਜਾਂ ਅਜ਼ਾਦ ਹਿੰਦ ਫੌਜ ਰਾਹੀਂ ਗੋਰਿਆਂ ਦੀ ਤਾਕਤ ਉਲਝਾਉਣ 'ਚ ਪੂਰਾ ਟਿੱਲ ਲਾਇਆ ਹੋਇਆ ਸੀ।

ਸੋ ਅਜਿਹੇ ਹਾਲ 'ਚ ਰੋਜ਼ ਅੰਦਰੂਨੀ ਹਮਲਿਆਂ ਦਾ ਸਾਹਮਣਾ ਕਰਨ ਤੋਂ ਨਾਬਰ ਹੋਏ ਗੋਰਿਆਂ ਨੂੰ ਕੀ ਗਾਂਧੀ ਦੀ ਅਹਿੰਸਾ ਨੇ ਪ੍ਰੇਰਿਆ ਕਿ ਓਹ ਇਹ ਮੁਲਕ ਛੱਡ ਜਾਣ?

ਜਦੋਂ ਕੋਈ ਵੀ ਸਿਆਣਾ ਸ਼ਖ਼ਸ ਇਸ ਗੱਲ ਦੀ ਵਕਾਲਤ ਕਰਦੈ ਕਿ ਗਾਂਧੀ ਤੋਂ ਸਿੱਖਣ ਵਾਲੀ ਗੱਲ ਸਿੱਖ ਤੇ ਮੌਜੂ ਬਣਾਉਨ ਵਾਲੀ ਬਾਰੇ ਗੱਲ ਨਾਂ ਛੇੜ ਤਾਂ ਇਹ ਤਾਂ ਲਗਭਗ 'ਆਈਡਲ ਵਰਸ਼ਿਪ' ਹੋਈ ਪੱਥਰ ਦੇ ਬੁੱਤਾਂ ਦੀ ਪੂਜਾ ਜਿਹੜੇ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਗਾਂਧੀ ਦੇ ਲਾਏ ਹੀ ਨਜ਼ਰ ਆਉਂਦੇ ਨੇ। ਜ਼ਰਾ ਗਾਂਧੀ ਦੇ ਦਿੱਤੇ 'ਓਰਿਜਿਨਲ ਆਈਡਿਆਜ਼' ਦੀ ਗੱਲ ਕਰੀਏ… ਘੱਟ ਖਪਤ ਵਾਲੀ ਪ੍ਰੇਰਣਾ ਕੀ ਸਿਰਫ ਗਾਂਧੀ ਦੀ ਦੇਣ ਹੈ? ਕੀ ਬੋਧੀ ਪਹਿਲੋਂ ਹੀ ਇੱਕ ਕੱਪੜੇ 'ਚ ਨਹੀਂ ਤੁਰੇ ਫਿਰਦੇ? ਕੀ ਬਾਬੇ ਨਾਨਕ ਨੇ ਵਾਧੂ ਕਮਾਈ ਗ਼ਰੀਬ ਨਾਲ ਰਲ ਵੰਡਣ ਦੀ ਗੱਲ ਨਹੀਂ ਕੀਤੀ? ਕੀ ਖੁਦ ਹਿੰਦੂ ਸਾਧ ਵੀ ਇੱਕ ਬਗਲੀ ਬੰਨ ਕੇ ਨਹੀਂ ਤੁਰੇ ਫਿਰਦੇ ਰਹੇ ਸਦੀਆਂ ਤੋਂ? ਤੇ ਕੀ ਇਸਲਾਮ ਦਾ ਮਹਾਨ ਹਿੱਸਾ ਸੂਫੀਆਂ ਨੇ ਵੀ ਇੱਕੋ ਉੱਨ ਦੇ ਕੱਪੜੇ ਦੇ ਆਸਰੇ ਖੁਦਾ ਦੀ ਖੁਦਾਈ ਨਹੀਂ ਵੇਖੀ? ਫੇਰ ਓਹ ਸਾਰਾ ਕੁਝ ਬਾਅਦ 'ਚ ਜਦੋਂ ਹੋਂਦ 'ਚ ਹੈ ਤੇ ਗਾਂਧੀ ਤੋਂ ਪਹਿਲੋਂ ਹੀ ਤੇ ਬਾਅਦ 'ਚ ਵੀ ਸਿਆਣੇ ਓਹਨਾਂ ਦੀਆਂ ਉਦਾਹਰਣਾਂ ਦਿੰਦੇ ਨੇ ਤਾਂ ਕੀ ਸਿਰਫ ਗਾਂਧੀ ਵੀ ਸਿਆਣੇ ਲੋਕਾਂ ਦੇ ਦਰਸਾਏ ਰਾਹ ਤੇ ਹੀ ਨਹੀਂ ਸੀ ਚੱਲਿਆ?

ਇੱਕ ਹੋਰ ਓਰਿਜਿਨਲ ਆਈਡਿਏ ਦੀ ਗੱਲ ਕਰੀਏ… ਸਦੀਆਂ ਤੋਂ, ਪਹਿਲੋਂ ਹੀ ਲਤਾੜੇ ਪਏ ਦਲਿਤ ਤਬਕੇ ਨੂੰ ਕੀ ਬ੍ਰਾਹਮਣਾਂ ਵੱਲੋਂ ਦਿੱਤੇ ਗਏ ਪਹਿਲੇ ਨਾਮ ਬਹੁਤ ਨਹੀਂ ਸਨ ਜਿਹੜਾ ਹਰੀਜਨ ਨਾਂ ਦੀ ਨਵੀਂ ਪਛਾਣ ਪੈਦਾ ਕਰ ਦਿੱਤੀ ਉੱਚ ਜ਼ਾਤਾਂ ਤੋਂ ਨਿਖੇੜਣ ਲਈ, ਤੇ ਤਰਕ ਕੀ ਦਿੱਤਾ ਕਿ ਇਹ ਰੱਬ ਦੇ ਪਿਆਰੇ ਨੇ, ਜੇ ਅਜਿਹਾ ਸੀ ਤਾਂ ਸਿਰਫ ਸਾਰਿਆਂ ਨੂੰ ਹਿੰਦੂ ਦਾ ਹੀ ਸਾਂਝਾ ਨਾਮ ਦੇਣ ਦੀ ਲੜਾਈ ਕਿਓਂ ਨਾਂ ਛੇੜੀ ਮਹਾਤਮਾ ਨੇ? ਬੜੀ ਮਹਾਨ ਲੜਾਈ ਹੋਣੀ ਸੀ ਓਹ।ਤੇ ਜੇ ਨਾਮਕਰਨ ਦੀ ਲੋੜ ਹੈ ਈ ਸੀ ਤਾਂ ਮਹਾਂਬ੍ਰਾਹਮਣ ਵਰਗਾ ਕੋਈ ਅਜਿਹਾ ਨਾਮ ਕਿਓਂ ਨਾਂ ਦਿੱਤਾ ਜਿਹੜਾ ਅਨਪੜ੍ਹ ਪਰ ਉੱਚ ਜ਼ਾਤਾਂ ਲਈ ਥੋੜਾ ਬਹੁਤ ਤਾਂ ਕਨਫਿਊਜ਼ਿੰਗ ਹੁੰਦਾ? ਜਦੋਂ ਪਹਿਲੀ ਜੰਗ 'ਚ ਗੋਰਿਆਂ ਨੇ ਵਾਦਾ ਖਿਲਾਫੀ ਕੀਤੀ ਸੀ ਤਾਂ ਅਜਿਹਾ ਕਿਓਂ ਨਾਂ ਕੀਤਾ ਕਿ ਸਾਰਾ ਮੁਲਕ ਪਿੱਛੇ ਲਾ ਕੇ ਓਦੋਂ ਤੱਕ ਲਈ ਚੁੱਪ ਸਾਧ ਲੈਂਦੇ ਜਾਂ ਬਾਈਕਾਟ ਕਰਦੇ ਚਾਹੇ ਅਹਿੰਸਾ ਨਾਲ ਹੀ ਕਰਦੇ ਜਦੋਂ ਤੱਕ ਗੋਰੇ ਈਨ ਨਾਂ ਮੰਨਦੇ, ਕਿਓਂ ਬੈਠਕਾਂ ਦਾ ਦੌਰ ਹੀ ਚਲਦਾ ਰਿਹਾ ਮੌਜੂਦਾ ਦੌਰ ਦੇ ਸੜੇ ਹੋਏ ਸਿਆਸਤਦਾਨਾਂ ਵਾਂਗ?

ਜ਼ਰਾ ਗਾਂਧੀ ਦੀ ਕਾਰਜ ਪ੍ਰਣਾਲੀ ਵਾਚੋ ਤਾਂ ਸਾਫ ਹੋਵੇ ਕਿ ਹਿੰਦੁਸਤਾਨ 'ਚ ਕੰਮਾਂ ਕਾਜਾਂ 'ਚ ਫੇਲ੍ਹ ਹੋਏ ਨੁੰ ਜਦੋਂ ਵਕੀਲ ਬਣਾ ਤਾ ਬਾਹਰ ਭੇਜ ਕੇ ਤੇ ਅਫਰੀਕਾ 'ਚ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਕਿੰਨੀ ਸਾਂਝ ਭਿਆਲੀ ਸੀ ਓਥੇ ਦੇ ਗੋਰਿਆਂ ਨਾਲ, ਸਿਰਫ ਟ੍ਰੇਨ 'ਚ ਸੀਟ ਨਾਂ ਮਿਲਣ ਦੀ ਗੱਲ ਦਾ ਵਿਰੋਧ ਕਰਨ ਵਾਲੀ ਕਹਾਣੀ ਸਕੂਲਾਂ ਦੇ ਨਿਆਣਿਆਂ ਨੂੰ ਪੜ੍ਹਾ ਕੇ ਜਿਸ ਨੂੰ ਅਜ਼ਾਦੀ ਦਾ ਯੋਧਾ ਗਰਦਾਨਿਆ ਗਿਐ ਓਹ ਕੀ ਅੰਗਰੇਜ਼ਾਂ ਦੀ ਕਲੀਅਰੈਂਸ ਬਗ਼ੈਰ ਮੁਲਕ ਆ ਗਿਆ ਸੀ ਵਾਪਸ ਤੇ ਕਿੰਨੀਆਂ ਬੈਠਕਾਂ ਹੋਈਆਂ ਸਨ ਏਧਰ ਤੇ ਓਧਰਲੇ ਅੰਗਰੇਜ਼ ਅਫਸਰਾਂ ਨਾਲ ਓਸਦੀਆਂ ਆਉਣ ਤੋਂ ਪਹਿਲੋਂ ਤੇ ਬਾਅਦ 'ਚ?

ਕਿਓਂ 1947 ਤੋਂ ਬਾਅਦ ਇੱਕ ਦਮ ਇੱਕ ਬਾਪੂ ਤੇ ਇੱਕ ਚਾਚੇ ਦੀ ਲੋੜ ਮੁਲਕ ਨੂੰ ਪੈ ਗਈ ਜਾਂ ਦੇ ਦਿੱਤੇ ਗਏ? ਸਾਡੇ ਕੋਲ ਯੋਧੇ ਵੀ ਹੈ ਸਨ ਸਰਾਭੇ, ਭਗਤ, ਨੇਤਾ ਜੀ ਵਰਗੇ ਪਰ ਕੀ ਇਹਨਾਂ 'ਚੋਂ ਕਿਸੇ ਦਾ ਜਨਤਕ ਹੀਰੋ ਬਣਾਇਆ ਜਾਣਾ ਅਜਿਹੇ ਹਾਕਮਾ ਦੇ ਹੱਕ 'ਚ ਜਾ ਸਕਦਾ ਹੈ ਜਿਹਨਾਂ ਨੇ ਜਨਤਾ ਹਮੇਸ਼ਾਂ ਗੂੰਗੀ ਬੋਲੀ ਰੱਖਣ ਦੀ ਠਾਣੀ ਹੋਵੇ? ਜੇ ਉਤਲੇ ਲੋਕਾਂ 'ਚੋਂ ਕੋਈ ਵੀ ਰਾਸ਼ਟਰ ਪਿਤਾ ਗਰਦਾਨਿਆ ਹੁੰਦਾ ਤਾਂ ਓਸਦੀ ਜ਼ਿੰਦਗੀ ਪੜਾਉਣੀ ਪੈਂਦੀ ਤੇ ਲੋਕਾਂ ਨੂੰ ਸਮਝਾਉਣਾ ਪੈਂਦਾ ਕਿ ਜੇ ਤੁਹਾਡਾ ਹੱਕ ਕੋਈ ਮਾਰ ਰਿਹੈ ਤਾਂ ਉੱਠੇ ਤੇ ਓਸ ਜਮਹੂਰੀ ਤੇ ਮਨੁੱਖੀ ਹੱਕ ਖਾਤਰ ਲੜ ਮਰੋ। ਪਰ ਗੋਰਿਆਂ ਦੇ ਵਾਰਸ ਭੁਰੇ ਹਾਕਮਾਂ ਲਈ ਇਹ ਸੰਭਵ ਨਹੀਂ ਸੀ ਸੋ ਮੁਲਕ ਨੂੰ ਹੀਰੋ ਅਜਿਹੇ ਬਖਸ਼ਣੇ ਜ਼ਰੂਰੀ ਸਨ ਜਿਹੜੇ ਸੌਖਿਆਂ ਈਨ ਮੰਨਣਾ ਸਿਖਾਉਂਦੇ ਹੋਣ। ਗਾਂਧੀ ਨਾਲੋਂ ਬਿਹਤਰ ਹੋਰ ਕੌਣ ਅਜਿਹਾ ਹੋ ਸਕਦੈ।

1931 'ਚ ਬੋਲੇ ਇੱਕ ਝੂਠ ਦੀ ਗੱਲ ਕਿਓਂ ਨਹੀਂ ਉੱਠਣ ਦਿੱਤੀ ਜਾਂਦੀ, ਲੋਕਾਂ ਦੀ ਭਰੀ ਮਜਲਿਸ ਨੂੰ ਕਹਿ ਦਿੱਤਾ ਗਿਆ ਕਿ ਮੈਂ ਭਗਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੰਗਰੇਜ਼ ਨਹੀਂ ਮੰਨੇ! ਪਰ ਜੇ 'ਗਾਂਧੀ-ਇਰਵਿਨ' ਸਮਝੌਤੇ ਦੀ ਇੱਕ ਸ਼ਰਤ ਭਗਤ ਸਿੰਘ ਦਾ ਛੱਡਿਆ ਜਾਣਾ ਹੁੰਦੀ ਤੇ ਅੰਗਰੇਜ਼ ਮੁੱਕਰਦਾ ਤਾਂ ਗੱਲ ਸੱਚ ਮਨੀਂਦੀ, ਹੁਣ ਕੱਲੇ ਜ਼ੁਬਾਨੀ ਕਹੇ ਨੇ ਤਾਂ ਇਤਿਹਾਸ ਨੂੰ ਸੱਚ ਨਹੀਂ ਬਣਾ ਦੇਣਾ। ਓਹ ਵੀ ਓਦੋਂ ਜਦੋਂ ਆਰਕਾਈਵ ਔਫ ਇੰਡੀਆ ਦੇ ਕਾਗ਼ਜ਼ਾਤ ਸਾਫ ਕਹਿੰਦੇ ਨੇ ਗਾਂਧੀ ਵੱਲੋਂ ਮੰਗ ਸਿਰਫ ਏਨੀ ਹੋਈ ਸੀ ਕਿ ਕਰਾਚੀ 'ਚ ਕਾਂਗਰਸ ਦੇ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ 'ਤੇ ਮੋਹਰ ਲੱਗਣ ਤੱਕ ਲਈ ਫਾਂਸੀ ਦੀ ਸਜ਼ਾ ਨੂੰ ਮੁਲਤਵੀ ਰੱਖਿਆ ਜਾਵੇ। ਪਰ ਇਰਵਿਨ ਨਹੀਂ ਮੰਨਿਆ ਕਿਓਂਕਿ ਓਸ ਮੁਤਾਬਿਕ ਸਜ਼ਾ ਮੁਲਤਵੀ ਹੋਣ 'ਤੇ ਪ੍ਰਭਾਵ ਇਹ ਜਾਣਾ ਸੀ ਕਿ ਅੰਗਰੇਜ਼ਾਂ ਈਨ ਮੰਨ ਲਈ ਤੇ ਕ੍ਰਾਂਤੀਕਾਰੀ ਤਗੜੇ ਹੋ ਜਾਣੇ ਸੀ ਜੋਸ਼ ਖਾ ਕੇ। ਬੱਸ ਏਨੇ ਕੁ ਤਰਕ ਨੇ ਰਾਸ਼ਟਰ ਪਿਤਾ ਚੁੱਪ ਕਰਾ 'ਤਾ। ਕਾਰਨ ਸੀ ਇੱਕ ਤਾਂ ਅੰਗਰੇਜ਼ਾਂ ਦੀ ਭਗਤੀ ਤੇ ਤੇ ਦੂਜੇ ਆਪਣੀ ਸਿਆਸਤ ਨੂੰ ਖ਼ਤਰਾ ਓਸ ਮੁੰਡੇ ਤੋਂ ਜਿਹੜਾ 23 ਸਾਲ ਦੀ ਉਮਰ 'ਚ ਹੀ ਏਨੀ ਕਾਬਲੀਅਤ ਰੱਖਦਾ ਸੀ ਕਿ ਖੁਦ ਨੂੰ ਵੇਲੇ ਦੀ ਸਿਆਸਤ ਦਾ ਥੰਮ ਮੰਨਣ ਵਾਲੇ ਗਾਂਧੀ 'ਤੇ ਵੀ ਲੱਖਾਂ ਲੋਕਾਂ ਦਾ ਦਬਾਅ ਸੀ ਓਸਨੂੰ ਬਚਾਉਣ ਲਈ, 23 ਸਾਲ ਦੇ ਇਸ ਨੌਜੁਆਨ ਨੇ ਓਹਨੂੰ ਮਜ਼ਬੂਰ ਕਰ ਦਿੱਤਾ ਸੀ ਲੋਕਾਂ ਮੁਹਰੇ ਆਪਣੀ ਤਾਕਤ ਜ਼ਾਹਰ ਕਰਨ ਲਈ, ਓਹ ਤਾਕਤ ਜਿਹੜੀ ਖਲਾਅ 'ਚ ਅਹਿੰਸਾ ਵਾਦੀ ਧਰਨਿਆਂ ਦੇ ਆਸਰੇ ਤੇ ਕਦੇ ਸਵਾਲ ਨਾਂ ਚੁੱਕਣ ਵਾਲੀ ਭੇਡ ਜਨਤਾ ਵੱਲੋਂ ਗੋਰਿਆਂ ਦੀ ਡਾਂਗਾਂ ਖਾ ਕੇ ਦਿੱਤੀ ਗਈ ਸੀ।18 ਫਰਵਰੀ ਤੇ 19 ਮਾਰਚ ਨੂੰ ਵਾਏਸਰਾਏ ਨਾਲ ਭਗਤ ਸਿੰਘ ਦਾ ਮੁੱਦਾ ਵਿਚਾਰਿਆ ਜਾਂਦਾ ਹੈ। 'ਵਿਚਾਰਿਆ ਜਾਂਦੈ', ਓਹ ਗਾਂਧੀ ਜੋ ਕਰਾਚੀ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ ਦੇ ਦਸਤਖ਼ਤ ਕਰਾ ਕੇ ਇਸ ਰੈਜ਼ੋਲਿਊਸਨ ਦਾ ਹਿੱਸੇਦਾਰ ਬਣਦਾ ਹੈ ਕਿ 'ਕਾਂਗਰਸ ਓਹਨਾਂ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਦੀ ਹੈ ਤੇ ਓਹਨਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੈ' ਓਹ ਗਾਂਧੀ ਮੁੱਦਾ ਵਿਚਾਰਦਾ ਹੈ।

ਕਿਓਂ ਨਹੀਂ ਸਮੇਂ ਦੇ ਸਭ ਤੋਂ ਵੱਡੇ ਲੀਡਰ ਨੇ ਆਪਣਾ ਅਹਿੰਸਾਵਾਦੀ ਮਰਣ ਵਰਤ ਰੱਖਿਆ ਇਹਨਾਂ ਨੌਜੁਆਨਾਂ ਦੀ ਫਾਂਸੀ ਰੁਕਵਾਉਣ ਲਈ, ਫੇਰ ਚਾਹੇ ਓਹਨਾਂ ਅੱਗੇ ਵੀ ਅਹਿੰਸਾ ਦਾ ਰਾਹ ਛੱਡਣ ਦੀ ਸ਼ਰਤ ਰੱਖਦਾ? ਕਿਓਂ 20 ਮਾਰਚ ਨੂੰ ਵੀ 'ਰੇਸਿਸਟ' ਦਾ ਦਰਜਾ ਪ੍ਰਾਪਤ ਗ੍ਰਹਿ ਸਕੱਤਰ ਇਮਰਸਨ ਨਾਲ ਇਸ ਗੱਲ ਦਾ ਵਿਚਾਰ ਵਟਾਂਦਰਾ ਕੀਤਾ ਜਾਂਦਾ ਰਿਹਾ ਕਿ ਫਾਂਸੀ ਦੀ ਸੂਰਤ 'ਚ ਲੋਕਾਂ ਦਾ ਰੋਹ ਕਾਬੂ ਕਰਨ 'ਚ ਗਾਂਧੀ ਕਿੱਦਾਂ ਮਦਦਗਾਰ ਸਾਬਤ ਹੋ ਸਕਦੈ? ਖੁਦ ਇਰਵਿਨ ਦੀ ਸਵੈ-ਜੀਵਨੀ ਦੱਸਦੀ ਐ ਕਿ ਗਾਂਧੀ ਸਿਰਫ ਏਸ ਗੱਲ ਦੀ ਓਸ ਤੋਂ ਇਜਾਜ਼ਤ ਮੰਗਦਾ ਰਿਹਾ ਕਿ ਕੀ ਓਹ ਲੋਕਾਂ 'ਚ ਜਾ ਕਿ ਇਹ ਝੂਠ ਮਾਰ ਦੇਵੇ ਕਿ ਮੈਂ ਵਾਏਸਰਾਏ 'ਤੇ ਇਹਨਾਂ ਨੌਜੁਆਨਾਂ ਨੂੰ ਬਚਾਉਣ ਲਈ ਪੂਰਾ ਦਬਾਅ ਬਣਾਇਆ ਹੋਇਐ। ਜਿਹਨਾਂ ਪਹਿਲੀ ਵਾਰ ਪੜ੍ਹੀਆਂ ਹੋਣ ਓਹ ਥੋੜੀ ਜਿਹੀ ਖੋਜ ਨਾਲ ਇਹ ਗੱਲਾਂ ਆਪਣੀ ਨੇੜਲੀ ਲਾਇਬ੍ਰੇਰੀ 'ਚ ਭਗਤ ਸਿੰਘ ਦੇ ਮੁਕੱਦਮੇ ਨਾਲ ਸਬੰਧਤ ਕਿਤਾਬਾਂ ਤੋਂ ਲੈ ਕੇ ਇੰਟਰਨੈੱਟ ਤੱਕ 'ਤੇ ਪੁਸ਼ਟੀ ਕਰ ਸਕਦੇ ਨੇ ਪਰ ਇਹ ਸਾਰੇ ਤੱਥ ਚੇਤਾ ਕਰਾਉਣ ਲੱਗਿਆਂ ਮੇਰਾ ਮਕਸਦ ਇਹ ਦੱਸਣਾ ਨਹੀਂ ਹੈ ਕਿ ਗਾਂਧੀ ਦਾ ਸ਼ਹੀਦ ਭਗਤ ਸਿੰਘ ਦੇ ਕਤਲ/ਸ਼ਹਾਦਤ 'ਚ ਕੀ ਰੋਲ ਹੈ, ਨਾਂ ਹੀ ਓਹਨਾਂ ਦੇਸ਼ਭਗਤਾਂ ਨੂੰ ਮੁਆਫੀ ਦੀ ਲੋੜ ਸੀ ਜਾਂ ਓਹਨਾਂ ਕਬੂਲਣੀ ਸੀ ਜੇ ਮਿਲਦੀ, ਪਰ ਇਹਨਾਂ ਤੱਥਾਂ ਤੋਂ ਓਸ ਬੰਦੇ ਦੀ ਅਸਲ ਔਕਾਤ ਪਤਾ ਲਗਦੀ ਹੈ ਜਿਹੜਾ ਓਸ ਵੇਲੇ ਕਾਂਗਰਸ ਦਾ ਤੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਲੀਡਰ ਸੀ।

ਓਹ ਏਨਾ ਅਸੁਰੱਖਿਆ ਦਾ ਸ਼ਿਕਾਰ ਆਗੂ/ਸਿਆਸਤਦਾਨ ਸੀ ਕਿ ਓਸ ਤੋਂ ਬਗ਼ੈਰ ਕੋਈ ਵੀ ਲੋਕਾਂ ਦੀਆਂ ਅੱਖਾਂ 'ਚ ਚੜਦਾ ਹੋਵੇ ਓਹਦੀ ਖੈਰ ਨਹੀਂ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਪਹਿਲਾ ਐਸਾ ਸ਼ਖ਼ਸ ਸੀ ਜਿਹਦੀ ਤਾਕਤ ਨੇ ਓਸ ਨੂੰ ਪਾਰਟੀ ਦੇ ਅੰਦਰ ਹੀ ਹਰਾ ਕੇ ਓਹਦੇ ਲਈ ਚੁਣੌਤੀ ਖੜੀ ਕੀਤੀ ਸੀ। ਪਰ ਨਤੀਜਾ ਕੀ ਹੋਇਆ? ਓਸਦਾ ਵੀ ਇਤਿਹਾਸ ਗਵਾਹ ਹੈ? ਇਹਨਾਂ ਸਾਰੇ ਹਲਾਤਾਂ 'ਚ ਗਾਂਧੀ ਸਿਰਫ ਇੱਕ ਘਾਗ ਤੇ ਮੌਕਾਪ੍ਰਸਤ ਸਿਆਸਤਦਾਨ ਸਾਬਤ ਹੁੰਦਾ ਹੈ ਜਿਹੜਾ ਆਪਣੇ ਮਾਲਕਾਂ ਦੀ ਹਾਂ 'ਚ ਹਾਂ ਭਰਨ ਲਈ ਹਰ ਥਾਂ ਮੌਜੂਦ ਹੈ, ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਤੋਂ ਲੈ ਕੇ ਦੇਸ਼ ਭਗਤਾਂ ਦੇ ਵਿਰੋਧ ਤੱਕ, ਜਾਤੀ ਵਾਦ ਪ੍ਰਤੀ ਕੋਈ ਸਮਾਜ ਸੁਧਾਰਕ ਨਜ਼ਰੀਆ ਸਖ਼ਤੀ ਨਾਲ ਲਿਆਉਣ ਤੋਂ ਗੁਰੇਜ਼ ਕਰਨ ਤੋਂ ਲੈ ਕੇ ਸਾਊ ਜਨਤਾ ਨੂੰ ਭੇਡ ਬੱਕਰੀਆਂ ਬਣਾਈ ਰੱਖਣ ਤੱਕ ਓਹ ਅੰਗਰੇਜ਼ਾ ਦੇ ਪੂਰਾ ਕੰਮ ਆਇਆ ਇਸ ਗੱਲ ਦੀ ਹਾਮੀ ਓਸ ਦੇ ਕਾਰੇ ਤੇ ਇਤਿਹਾਸ ਦੋਹੇ ਭਰਦੇ ਨੇ। ਜਿਹੜੇ ਲੋਕ ਗਾਂਧੀ ਦੇ 'ਮਾਸ ਲੀਡਰ' ਹੋਣ ਜਾਂ 'ਮਾਸ ਮੂਵਮੈਂਟ' ਖੜੀ ਕਰਨ ਦੀ ਤਾਕਤ ਦੀ ਸ਼ਲਾਘਾ ਕਰਦੇ ਨੇ ਓਹ ਇਸ ਮੁਲਕ ਦੇ ਲੋਕਾਂ ਦੀ ਆਦਤ ਨੂੰ ਮੌਜੂਦਾ 'ਚ ਤੇ ਬੀਤੇ ਸਮੇਂ 'ਚ ਧਿਆਨ ਨਾਲ ਵੇਖਣ 'ਚ ਅਸਫਲ ਰਹੇ ਨੇ। ਜਦੋਂ ਇਸ ਮੁਲਕ 'ਚ ਧਰਮ ਦੇ ਅੰਨ੍ਹੇ ਕੀਤੇ ਲੋਕਾਂ ਦੀ ਕਰੋੜਾਂ ਵਾਲੀ ਬਹੁਗਿਣਤੀ ਹਮੇਸ਼ਾਂ ਹੀ ਵੱਗ ਦੇ ਵੱਗ ਭਰ ਕੇ ਅਖੌਤੀ ਸਾਧਾਂ ਸੰਤਾਂ ਤੇ ਬਾਬਿਆਂ ਮਗਰ ਤੁਰੀ ਰਹੀ ਹੈ ਤਾਂ ਜਦੋਂ ਇੱਕ ਐਸਾ ਸ਼ਖ਼ਸ ਮਹਾਤਮਾ ਦੇ ਤੌਰ 'ਤੇ ਪਰਚਾਰਿਆ ਜਾ ਰਿਹਾ ਹੋਵੇ ਜਿਹਦੀ 'ਇਮੇਜ ਬਿਲਡਿੰਗ' ਦਾ ਕੰਮ ਓਸ ਵੇਲੇ ਦੀ ਓਹਨਾਂ ਦੀ ਆਪਣੀ ਪਾਰਟੀ ਕਾਂਗਰਸ ਤੋਂ ਲੈ ਕੇ ਓਹਨਾਂ 'ਤੇ ਹਾਕਮ ਅੰਗਰੇਜ਼ਾਂ ਦੀ ਪ੍ਰੈਸ ਕਰ ਰਹੀ ਹੋਵੇ ਤਾਂ ਕੀ ਸਾਡੀਆਂ ਇਹ ਸਾਊ ਭੇਡਾਂ, ਬੱਕਰੀਆਂ ਦੀ ਮਾਸ ਮੂਵਮੈਂਟ ਕਿਸੇ ਤਰਾਂ ਅਸੰਭਵ ਲਗਦੀ ਹੈ, ਓਹ ਵੀ ਓਦੋਂ ਜਦੋਂ ਕਈ ਦਹਾਕੇ ਬਾਅਦ ਅੱਜ ਵੀ ਪਹਿਲੋਂ ਨਾਲੋਂ ਕਿਤੇ ਵੱਧ ਪੜ੍ਹ ਚੁੱਕੇ ਤੇ ਅਜ਼ਾਦੀ ਮਾਣ ਰਹੇ ਓਹਨਾਂ ਲੋਕਾਂ ਦੀ ਔਲਾਦ ਨੂੰ ਮੰਦਰ ਮਸਜਿਦ ਦਾ ਮੁੱਦਾ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਵਿਹਲਾ ਘੜੀਸੀ ਫਿਰਦੈ।

ਅੱਜ ਵੀ ਜੇ ਸਟੇਟ ਨੂੰ ਸਵਾਲ ਕੀਤਾ ਜਾਂਦੈ ਤਾਂ ਗੁਲਾਮੀ ਦਾ ਅਹਿਸਾਸ ਧੁਰੋਂ ਜਾਗਦੈ। ਜਦੋਂ ਪੁੱਛ ਲਈਏ ਕਿ ਕੀ 1947 'ਚ ਸੱਚੀ ਅਜ਼ਾਦੀ ਆਈ ਸੀ ਤਾਂ ਇਹਨਾਂ ਭੇਡ ਬੱਕਰੀਆਂ 'ਚੋਂ ਹੀ ਕਈ ਨੈਸ਼ਨਲਿਜ਼ਮ ਦੀ ਡਾਂਗ ਇਹ ਕਹਿ ਕੇ ਸਿਰ 'ਚ ਮਾਰਦੇ ਨੇ ਕਿ ਜੇ ਅਜ਼ਾਦੀ ਨਾਂ ਆਈ ਹੁੰਦੀ ਤਾਂ ਤੁੰ ਇਹੋ ਈ ਸਵਾਲ ਪੁੱਛਣ ਲਈ ਵੀ ਅਜ਼ਾਦ ਨਾਂ ਹੁੰਦਾ, ਜਿਵੇ ਮਨੁੱਖੀ ਜ਼ੁਬਾਨ ਨੂੰ ਬਿਲਕੁਲ ਹੀ ਜ਼ਿੰਦੇ ਸਨ 47 ਤੋਂ ਪਹਿਲੋਂ। ਏਹਨਾਂ ਭਲੇਮਾਣਸਾਂ ਦੀ ਗੱਲ ਦਾ ਵੀ ਜੁਆਬ ਦੇ ਦੇਈਏ ਕਿ ਓਹਨਾਂ ਵੇਲੇ ਭਗਤ ਸਿੰਘ ਦਾ ਬਿਆਨ ਅਖਬਾਰਾਂ 'ਚ ਛਪਦਾ ਸੀ ਓਹ ਵੀ ਅੰਗਰੇਜ਼ਾਂ ਦੀ ਮਦਦ ਨਾਲ ਚਲਦੀਆਂ ਅਖਬਾਰਾਂ 'ਚ, ਤੇ ਕਈ ਪਾਰਟੀਆਂ ਵਾਲੇ ਆਪੋ ਆਪਣੀ ਸਿਆਸਤ ਖੁੱਲ੍ਹ ਕੇ ਕਰਦੇ ਸੀ, ਚਾਹੋ ਤਾਂ ਕਿਸੇ ਦੇ ਆਰਕਾਈਵ ਫੋਲ ਲਓ। ਤੇ ਅੱਜ ਬਿਨਾਇਕ ਸੇਨ ਤੋਂ ਲੈ ਕੇ ਮੀਰਵਾਇਜ਼ ਫਾਰੂਕ ਤੱਕ ਕੋਈ ਕੁਝ ਕਹਿ ਕੇ ਵੇਖੇ ਤਾਂ ਫੇਰ ਅਜ਼ਾਦੀ ਦਾ ਮਤਲਬ ਦੱਸਿਓ? ਸੇਨ ਤਾਂ ਕਹਿੰਦਾ ਵੀ ਕੁਝ ਨਹੀਂ ਸੀ ਫੇਰ ਇਹ ਹਾਲ ਨੇ। ਜਦੋਂ ਦਹਾਕਿਆਂ ਬੱਧੀ ਸਟੇਟ ਦਾ ਪ੍ਰਚਾਰ ਮੁੱਢਲੀ ਪੜ੍ਹਾਈ ਤੋਂ ਕਿਸੇ ਨੂੰ ਤੁਹਾਡੇ 'ਤੇ ਇੱਕ ਭਾਵੁਕ ਰਿਸ਼ਤੇ ਰਾਹੀਂ ਥੋਪ ਰਿਹਾ ਹੋਵੇ, ਓਸਨੂੰ ਸੱਚ ਦੇ ਇਕਲੌਤੇ ਪਹਿਰੇਦਾਰ ਦੇ ਤੌਰ 'ਤੇ ਤੁਹਾਨੂੰ ਪੜ੍ਹਾਇਆ ਜਾਂਦਾ ਹੋਵੇ, ਓਸਦੀ ਜੀਵਨ ਜਾਚ ਨੂੰ ਦੁਨੀਆ ਦੀ ਬਿਹਤਰੀਨ ਜੀਵਨ ਜਾਚ ਦੱਸਿਆ ਜਾਂਦਾ ਹੋਵੇ, ਓਸਦੀ ਪਹਿਚਾਣ ਨੂੰ ਦੁਨੀਆ 'ਚ ਤੁਹਾਡੀ ਕੌਮੀ ਪਹਿਚਾਣ ਦੱਸਿਆ ਜਾਂਦਾ ਹੋਵੇ ਤਾਂ ਯਕੀਨ ਕਰਨਾ ਔਖਾ ਹੁੰਦੈ ਕਿ ਓਹ ਇਨਸਾਨ ਏਡਾ ਵੱਡਾ ਠੱਗ ਵੀ ਹੋ ਸਕਦੈ, ਹੁਣ ਜੇ ਤੁਸੀ ਕਹੋ ਕਿ ਮੌਜੂਦਾ ਭਾਰਤ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਦੇਣ ਹੈ ਤਾਂ ਮੈਂ ਪੂਰੀ ਤਰਾਂ ਇੱਤਫਾਕ ਰੱਖਾਂਗਾ ਤੁਹਾਡੀ ਗੱਲ ਨਾਲ।

ਕਿਓਂਕਿ ਕੁਝ ਹੋਰ ਕਿਹਾ ਤਾਂ ਦੇਸ਼ਧ੍ਰੋਹੀ ਹੋਵਾਂਗਾ। ਤੁਹਾਡੇ ਰਾਸ਼ਟਰਪਿਤਾ ਦੀ ਸ਼ਾਨ 'ਚ ਗੁਸਤਾਖੀ ਕਰਾਂਗਾ ਤੇ ਕਿਸੇ ਵੱਡੀ ਪਾਰਟੀ ਦੇ ਵੱਡੇ ਸੋਟੇ ਦਾ ਭਾਗੀਦਾਰ ਵੀ ਹੋਵਾਂਗਾ, ਸੋ ਕਰੋੜਾਂ ਲੋਕਾਂ ਨੂੰ ਭੇਡ ਦੀ ਜ਼ਿੰਦਗੀ ਲਈ ਗਾਂਧੀ ਦਾ ਸ਼ੁਕਰੀਆ।

ਦਵਿੰਦਰਪਾਲ
ਪੀ ਟੀ ਸੀ ਨਿਊਜ਼

Wednesday, December 1, 2010

ਬਰਖਾ ਦੱਤ ਆਪਣੀ "ਘਰੇਲੂ ਅਦਾਲਤ" 'ਚ ਵੀ ਬੇਨਕਾਬ

ਨੀਰਾ ਰਾਡੀਆ ਕਾਂਡ ਤੋਂ ਬਾਅਦ ਬਰਖਾ ਦੱਤ ਜਨਤਕ ਤੌਰ 'ਤੇ ਸਾਹਮਣੇ ਆਈ ਹੈ।ਐੱਨ ਡੀ ਟੀ ਵੀ(NDTV 24X7) 'ਤੇ ਕਰਵਾਏ ਨਾਂਅ ਦੇ ਸ਼ੋਅ RADIA TAPE CONTROVERSY 'ਚ ਸੰਜੇ ਬਾਰੂ(ਸੰਪਾਦਕ ਬਿਜਨੈੱਸ ਸਟੈਂਡਰਡ) ਸਵਪਨ ਦਾਸਗੁਪਤਾ(ਸੀਨੀਅਰ ਭਾਜਪਾਈ ਪੱਤਰਕਾਰ) ਦਲੀਪ ਪਡਗਾਂਵਕਰ(ਸਾਬਕਾ ਸੰਪਾਦਕ,ਟਾਈਮਜ਼ ਆਫ ਇੰਡੀਆ) ਤੇ ਮੰਨੂ ਜੋਸੇਫ(ਸੰਪਾਦਕ,ਓਪਨ ਮੈਗਜ਼ੀਨ) ਵਰਗੇ ਦਿੱਲੀ ਦੇ ਖੱਬੀਖਾਨ ਪੱਤਰਕਾਰ ਪੁੱਜੇ।ਇਸ ਸ਼ੋਅ 'ਚ "ਆਉਟਲੁੱਕ" ਦੇ ਸੰਪਾਦਕ ਵਿਨੋਦ ਮਹਿਤਾ ਨੂੰ ਵੀ ਬੁਲਾਇਆ ਗਿਆ ਸੀ,ਪਰ ਉਨ੍ਹਾਂ ਆਉਣ ਤੋਂ ਇਨਕਾਰ ਕਰ ਦਿੱਤਾ।ਪੂਰੀ ਬਹਿਸ 'ਚ ਬਰਖਾ ਨੇ ਆਪਣੇ ਆਪ ਨੂੰ ਪਾਕ ਸਾਫ ਕਰਨ 'ਤੇ ਜ਼ੋਰ ਲਾ ਦਿੱਤਾ,ਪਰ ਗੱਲ ਨਹੀਂ ਬਣੀ।ਅਸਲ 'ਚ ਨੀਰਾ ਰਾਡੀਆ ਮਸਲਾ ਸਾਹਮਣੇ ਆਉਣ ਤੋਂ ਬਾਅਦ ਹਿੰਦੋਸਤਾਨ ਟਾਈਮਜ਼ ਤੇ ਐੱਨ ਡੀ ਟੀ ਵੀ ਦੀ ਸਾਖ ਸਭ ਤੋਂ ਜਿ਼ਆਦਾ ਖਰਾਬ ਹੋਈ ਹੈ।ਇਸੇ ਲਈ ਪਹਿਲਾਂ ਹਿੰਦੋਸਤਾਨ ਟਾਈਮਜ਼ ਨੇ "ਵੀਰ ਸਾਂਘਵੀ ਦਾ ਕਾਲਮ ਬੰਦ ਕਰ ਦਿੱਤਾ ਹੈ ਤੇ ਹੁਣ ਬਰਖਾ ਦੱਤ ਲੰਮੇ ਸਲਾਹ ਮਸ਼ਵਰੇ ਤੋਂ ਬਾਅਦ ਐੱਨ ਡੀ ਟੀ ਵੀ ਦੇ ਕਟਹਿਰੇ 'ਚ ਖੜ੍ਹੀ ਹੋਈ ਹੈ।ਇਹਦਾ ਇਕ ਮਹੱਤਵਪੂਰਨ ਕਾਰਨ ਇਹ ਹੈ ਕਿ ਰਾਡੀਆ ਮਸਲਾ ਸਾਹਮਣੇ ਆਉਣ ਤੋਂ ਬਾਅਦ ਸ਼ੇਅਰ ਮਾਰਕੀਟ 'ਚ ਦੋਵੇਂ ਕੰਪਨੀਆਂ ਨੂੰ ਧੱਕਾ ਲੱਗਿਆ ਸੀ।

ਮੌਜੂਦਾ ਪੱਤਰਕਾਰੀ ਸਾਖ ਨਾਲ ਘੱਟ ਤੇ ਬਜ਼ਾਰ ਨਾਲ ਜਿ਼ਆਦਾ ਜੁੜੀ ਹੋਣ ਕਾਰਨ ਜਦੋਂ ਕੰਪਨੀਆਂ ਨੂੰ ਬਜ਼ਾਰ ਨੂੰ ਸਪੱਸ਼ਟੀਕਰਨ ਦੇਣਾ ਜ਼ਰੂਰੀ ਲੱਗਿਆ ਤਾਂ ਵੀਰ ਤੇ ਬਰਖਾ ਦੋਵੇਂ 2-4 ਦਿਨਾਂ ਦੇ ਫਰਕ ਨਾਲ ਪ੍ਰਗਟ ਹੋ ਗਏ।ਕੁਝ ਦਿਨਾਂ ਪਹਿਲਾਂ ਵੀਰ ਸਾਂਘਵੀ ਨੇ ਹਿੰਦੋਸਤਾਨ 'ਚ ਆਪਣੇ ਕਾਲਮ ਨੀਰਾ ਰਾਡੀਆ ਮਸਲੇ 'ਤੇ ਸਪੱਸ਼ਟੀਕਰਨ ਦੇਣ ਤੇ ਕਾਲਮ ਤੋਂ ਛੁੱਟੀ ਲੈਣ ਦੀ ਗੱਲ ਕਹੀ ਸੀ ਤੇ ਹੁਣ ਬਰਖਾ ਨੇ ਮਾਰਕੀਟ ਨੂੰ ਸਫਾਈ ਦੇਣ ਦੀ ਕੋਸਿ਼ਸ਼ ਕੀਤੀ,ਕਿਉਂਕਿ ਪ੍ਰੋਗਰਾਮ 'ਚ ਜਿਸ ਤਰ੍ਹਾਂ ਦੇ ਜਵਾਬ ਬਰਖਾ ਨੇ ਦਿੱਤੇ ਨੇ,ਉਹ ਨੂੰ ਸੁਣ ਕੋਈ ਬੱਚਾ ਵੀ ਬਰਖਾ ਦੀ Exclusive Political Journalism ਦਾ ਹਿਸਾਬ ਕਿਤਾਬ ਲਾ ਸਕਦਾ ਹੈ।ਬਰਖਾ ਇਕ ਥਾਂ ਦਲੀਲ ਦੇ ਰਹੀ ਹੈ ਕਿ ਮੈਨੂੰ ਹੀ ਕਿਉਂ ,ਉਨ੍ਹਾਂ 40 ਹੋਰ ਪੱਤਰਕਾਰਾਂ ਨੂੰ ਕਿਉਂ ਨਹੀਂ ਘੜਸਿਆ ਜਾ ਰਿਹਾ,ਜਿਨ੍ਹਾਂ ਦੀ ਗੱਲਬਾਤ ਹੁੰਦੀ ਰਹੀ ਹੈ..?ਇਸ ਸ਼ੋਅ 'ਚ "ਓਪਨ ਮੈਗਜ਼ੀਨ" ਦੇ ਸੰਪਾਦਕ ਮੰਨੂ ਜੋਸੇਫ ਜੋ ਸਵਾਲ ਕੀਤੇ ਨੇ,ਉਨ੍ਹਾਂ ਦਾ ਬਰਖਾ ਕੋਲ ਕੋਈ ਜਵਾਬ ਨਹੀਂ।ਮੰਨੂ ਪੁੱਛਦਾ ਹੈ ਕਿ ਜਦੋਂ ਬਰਖਾ ਨੂੰ ਇਹ ਪਤਾ ਹੈ ਕਿ "ਇਕ ਕਾਰਪੋਰੇਟ ਦੀ ਪੀ ਆਰ,ਅੰਬਾਨੀ ਕੰਪਨੀ ਦੀ ਪੀ ਆਰ ਨੂੰ ਇਸ ਗੱਲ 'ਚ ਦਿਲਚਸਪੀ ਹੈ ਕਿ ਦੋ ਪਾਰਟੀਆਂ 'ਚੋਂ ਕੋਣ ਕਿਸਦਾ ਕੀ ਬਣੇਗਾ ,ਜੋ ਕਿ ਇਸ ਸਦੀ ਦੀ ਸਭ ਤੋਂ ਵੱਡੀ ਸਟੋਰੀ ਹੋ ਸਕਦੀ ਹੈ,ਉਹ ਤੁਹਾਡੇ ਲਈ ਸਟੋਰੀ ਕਿਉਂ ਨਹੀਂ ਸੀ..?ਇਹ ਕਿਵੇਂ ਹੋ ਸਕਦਾ ਹੈ..? ਮੰਨੂ ਦੇ ਇਸ ਸਵਾਲ ਨੂੰ ਬਰਖਾ ਆਲੇ ਦੁਆਲੇ ਘੰਮਾਉਂਦੀ ਰਹੀ,ਪਰ ਸਵਾਲ ਦਾ ਕੋਈ ਸਪੱਸ਼ਟ ਜਵਾਬ ਨਾ ਦੇ ਸਕੀ।ਮੰਨੂ ਬਾਈ ਨੂੰ ਸੱਚਿਓਂ ਸਲਾਮ ਕਰਨ ਨੂੰ ਜੀਅ ਕਰਦਾ ਹੈ,ਜੋ ਚੋਰਾਂ,ਠੱਗਾਂ ਦੀ ਪੱਤਰਕਾਰੀ 'ਚ ਅਖ਼ਬਾਰਾਂ ਤੇ ਚੈਨਲਾਂ ਵਾਂਗੂੰ ਸਿਰਫ ਟੈਗ ਲਾਇਨ ਲਿਖ਼ਣ ਵਾਲੇ ਨਿਡਰ ਤੇ ਨਿਧੜਕ ਨਹੀਂ,ਬਲਕਿ ਸੱਚੀਓਂ ਹੀ ਸੱਚੀ ਪੱਤਰਕਾਰੀ 'ਤੇ ਪਹਿਰਾ ਦੇ ਰਹੇ ਹਨ।

ਪੂਰਾ ਸ਼ੋਅ ਵੇਖਣ ਲਈ ਇੱਥੇ ਕਲਿੱਕ ਕਰੋ

ਇਹ ਮਸਲੇ ਬਾਰੇ ਹੋਣ ਜਾਨਣ ਲਈ ਹੇਠਲਾ ਲੇਖ਼ ਪੜ੍ਹਿਆ ਜਾ ਸਕਦਾ ਹੈ।