ਪੰਜਾਬੀ 'ਚ ਏਨਾ ਲੰਮਾ ਨਾਵਲ ਪਹਿਲਾਂ ਨਹੀਂ ਲਿਖਿਆ ਗਿਆ। ਕਰੜੀ ਮਿਹਨਤ ਦਾ ਨਤੀਜਾ ਹੈ ਇਹ। ਪੰਜਾਬੀ ਲੇਖਕ ਮਿਹਨਤ ਕਰਨੀ ਭੁਲ ਚੁੱਕਾ ਹੈ। ਫ਼ਿਲਮ ਜਗਤ 'ਚੋਂ ਇਕ ਮਿਸਾਲ ਲੈਂਦਾ ਹਾਂ। ਰਾਜ ਕਪੂਰ ਦੀ ਫ਼ਿਲਮ 'ਮੇਰਾ ਨਾਮ ਜੋਕਰ' ਬਹੁਤ ਲੰਮੀ ਸੀ। ਬੜੀ ਮਿਹਨਤ ਕੀਤੀ ਗਈ। ਗਾਣੇ ਖਿੱਚ ਪਾਉਣ ਵਾਲੇ ਸਨ,ਪਰ ਫ਼ਿਲਮ ਪਿੱਟ ਗਈ। ਰਾਜ ਕਪੂਰ ਨੇ ਕਿਹਾ, ''ਫੁੱਟੇਜ ਨੇ ਹਮ ਕੋ ਡੁਬੋ ਦੀਆ।''(ਫੁੱਟੇਜ=ਲੰਮਾਈ)
ਮੈਨੂੰ ਲੱਗਦਾ, ਲੰਬਾਈ ਨੇ ਸੁਰਿੰਦਰ ਨੀਰ ਦੇ ਨਾਵਲ 'ਮਾਇਆ' ਨੂੰ ਡੋਬ ਦਿੱਤਾ ਹੈ। ਅਜਿਹਾ ਕਿਉਂ ਹੋਇਆ ਹੈ? ਆਓ ਦੇਖੀਏ, ਸੰਭਾਵਨਾਵਾਂ ਨਾਲ ਭਰੀ ਨਾਵਲ ਦੀ ਸਮੱਗਰੀ ਕਿਵੇਂ ਢਹਿੰਦੀ ਹੈ; ਕਿਵੇਂ ਸਾਰਥਿਕਤਾ ਗੁਵਾਂਦੀ ਹੈ। ਕਿਵੇਂ ਇਸ ਨਾਵਲ ਨੂੰ ਪੜ੍ਹਦਿਆਂ ਸੰਵੇਦਨਾ ਵਾਲਾ ਪਾਠਕ ਹਤਾਸ਼ ਮਹਿਸੂਸ ਕਰਦਾ ਹੈ। ਫ਼ਿਲਮ ਦਾ ਹਵਾਲਾ ਦੇਣ ਦਾ ਕਾਰਣ ਇਹ ਹੈ ਕਿ ਮਾਇਆ ਰਚਨਾਤਮਿਕ ਬਿਰਤਾਂਤ ਨਹੀਂ ਹੈ। ਇਹ ਪਾਪੂਲਰ ਫ਼ਿਲਮੀ ਸ਼ੈਲੀ 'ਚ ਲਿਖਿਆ ਗਿਆ ਕਥਾ ਬਿਆਨ ਹੈ ਜੋ ਟੈਲੀ ਸੀਰੀਅਲ ਦੀ ਤਕਨੀਕ ਵੀ ਅਪਣਾਂਦਾ ਹੈ।
ਮਾਇਆ ਦਾ ਕਿਰਦਾਰ ਪਿਤਾ ਪੁਰਖੀ ਸਥਾਪਨਾ 'ਚ ਖਲਲ ਪੈਦਾ ਕਰਦਾ ਹੈ। ਉਹ ਘਰਤੋਂ ਬਾਹਰ ਵਲ ਤੁਰ ਪੈਂਦੀ ਹੈ, ਅੰਨ੍ਹੀ ਗਲੀ ਵਲ। ਚਿੱਤ ਵਿਚ ਪੇਂਟਿੰਗ ਸਿਖਣ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣ ਦਾ ਭੂਤ ਸਵਾਰ ਹੈ। ਘਰ ਤੋਂ ਬਾਹਰ ਜੋ ਸਪੇਸ ਹੈ ਉੱਥੇ 'ਬਘਿਆੜ' ਹਨ। 'ਔਰਤ ਬਨਾਮ ਮਰਦ ਸੰਸਾਰ' ਦਾ ਪ੍ਰਾਬਲਮੈਟਿਕ ਸਾਹਮਣੇ ਆਉਂਦਾ ਹੈ। ਪਰ ਲੇਖਿਕਾ ਦੀ ਰਵਾਇਤੀ ਪੱਧਰ ਦੀ ਨਾਵਲੀ ਸੂਝ ਇਹਦੇ ਨਾਲ ਇਨਸਾਫ਼ ਨਹੀਂ ਕਰ ਸਕਦੀ।
ਨੀਰ ਦੀ ਸੀਮਾ ਦਾ ਪਤਾ 'ਸ਼ਿਕਾਰਗਾਹ' 'ਚ ਲੱਗਾ ਸੀ। ਇਸ ਨਾਵਲ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਮਨਸ਼ਾ ਕੁਝ ਹੋਰ ਸੀ। ਉਨ੍ਹਾਂ ਇਹਨੂੰ ਲਾਸਾਨੀ ਰਚਨਾ ਦਾ ਦਰਜਾ ਦਿੱਤਾ ਤੇ ਲੇਖਿਕਾ ਨੂੰ ਕੁਰਾਹੇ ਪਾ ਦਿੱਤਾ। ਨਤੀਜਾ ਪੰਜਾਬੀ ਨਾਵਲਕਾਰੀ ਲਈ ਚੰਗਾ ਨਹੀਂ ਨਿਕਲਿਆ। ਇਹਦਾ ਪਤਾ ਨਾਵਲ 'ਮਾਇਆ' ਤੋਂ ਲੱਗਦਾ ਹੈ। ਇਸ ਨਾਵਲ ਨੂੰ ਵੱਡੇ ਕੈਨਵਸ 'ਤੇ ਫੈਲਾਣ ਦਾ ਯਤਨ ਕੀਤਾ ਗਿਆ ਹੈ, ਪਰ ਕਲਾਤਮਿਕ ਸੀਮਾਵਾਂ ਲੇਖਿਕਾ ਦੀ ਵਿਰਾਟ ਪੱਧਰ ਦੀ ਮਹਤਵ ਅਕਾਂਖਿਆ ਵਿਰੁੱਧ ਖੜ ਜਾਂਦੀਆਂ ਹਨ ਤੇ ਨਾਵਲ ਸੂਝਵਾਨ ਅਤੇ ਆਮ ਪਾਠਕ ਦੋਨਾਂ ਲਈ ਅਪੜ੍ਹਣਯੋਗ ਰਚਨਾ ਬਣ ਜਾਂਦਾ ਹੈ।
ਨੀਰ ਦੀ ਅਸਲ ਤਾਕਤ ਕਸ਼ਮੀਰੀ ਪਿਛੋਕੜ ਦਾ ਹੋਣ 'ਚ ਹੈ। ਉਸ ਖਿੱਤੇ ਵਿਚ ਸਿੱਖ ਸਭਿਆਚਾਰ 'ਚ ਪਰੁੱਚੇ ਭਾਈਚਾਰੇ ਦਾ ਅੰਗ ਹੋਣਾ ਵੀ ਉਹਨੂੰ ਵੱਖਰਿਆਂਦਾ ਹੈ। ਇਸ ਸਭਿਆਚਾਰ ਦਾ ਆਪਣਾ ਜੋ ਜੀਣ ਥੀਣ ਹੈ ਉਸ ਵਿਚ ਉਹਦੀ ਆਸਥਾ ਹੈ। ਉਹ ਆਪਣੀ ਸਥਾਨਿਕਤਾ ਦੇ ਸੰਕਟਾਂ ਨੂੰ ਸਮਝਦੀ ਹੈ। ਨਾਵਲਕਾਰ ਵਜੋਂ ਇਹ ਉਹਦੀ 'ਪੂੰਜੀ' ਹੈ। 'ਸ਼ਿਕਾਰਗਾਹ' 'ਚ ਉਹ ਇਸ 'ਪੂੰਜੀ' ਨੂੰ ਜਿੰਨਾ ਕੁ ਵਰਤਦੀ ਹੈ, ਨਾਵਲ ਉੱਨਾ ਕੁ ਵੱਖਰਾ ਦਿੱਸਦਾ ਹੈ। ਪਹਿਲੇ 30-40 ਸਫ਼ੇ ਇਹਦੀ ਮਿਸਾਲ ਹਨ। ਫਿਰ ਨਾਵਲ ਦੀ ਤੋਰ ਰਵਾਇਤੀ ਘਿਸ ਦਾ ਸ਼ਿਕਾਰ ਹੋ ਜਾਂਦੀ ਹੈ, ਤੇ ਨਾਵਲ ਦੀ ਸੀਮਾ ਪ੍ਰਗਟ ਹੁੰਦੀ ਹੈ। ਕਸ਼ਮੀਰੀ ਲੋਕਾਂ ਦੀ ਆਜ਼ਾਦ ਹਸਤੀ ਬਾਰੇ ਤੜਪ ਨੂੰ ਉਹ ਕੇਂਦਰੀ ਸੱਤਾ ਦੀ ਭਾਸ਼ਾ ਰਾਹੀਂ ਸਮਝਦੀ ਹੈ। ਕੁੱਲ ਮਿਲਾ ਕੇ 'ਸ਼ਿਕਾਰਗਾਹ' ਸਾਧਾਰਣ ਰਚਨਾ ਬਣ ਜਾਂਦਾ ਹੈ।
ਮਾਇਆ ਦਾ ਬੁਨਿਆਦੀ ਸੰਕਟ ਇਹ ਹੈ ਕਿ ਲੇਖਿਕਾ ਰਵਾਇਤੀ ਘਿਸ ਜੁਗਤਾਂ ਨੂੰ ਤੀਬਰਤਾ ਨਾਲ ਵਰਤਦੀ ਹੈ। ਹੁਣ ਉਹਦੇ ਕੋਲ ਨਾਵਲ ਦੀ ਲੰਮਾਈ ਵਾਲਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਦੀ ਪੂਰਤੀ ਲਈ ਉਹ ਨਾਵਲ ਨੂੰ ਸਕੀਮੀਪਣ ਦਾ ਸ਼ਿਕਾਰ ਬਣਾਂਦੀ ਹੈ। ਅੰਤ ਇਹ ਕਲਾਤਮਿਕ ਬਿਰਤਾਂਤ ਵਜੋਂ ਫੇਲ ਹੋ ਜਾਂਦਾ ਹੈ।
ਬਿੱਲੀ/ਬਲਬੀਰ ਦਾ ਘਰੋਂ ਨਿਕਲਣਾ ਏਨਾ ਵਾਸਤਵਿਕ ਨਹੀਂ ਹੈ ਜਿੰਨਾ ਲੇਖਿਕਾ ਦੀ ਤੈਅਸ਼ੁਦਾ ਸਕੀਮ ਅਨੁਕੂਲ ਹੈ। ਉਹ ਘਰੋਂ ਨਿਕਲਦੀ ਹੈ, ਨਾਵਲ ਦੇ ਅੰਤ ਤੱਕ ਵਾਪਿਸ ਨਹੀਂ ਪਰਤਦੀ। ਆਪਣੇ ਰਾਹ ਦੀ ਤਲਾਸ਼ ਕਰਦੀ ਹੈ। ਨਾਵਲ ਇਸ ਸਥਿਤੀ ਨੂੰ ਮਸਲਾ-ਗ੍ਰਸਤ ਕਰਨ ਦੇ ਯਤਨ 'ਚ 700 ਤੋਂ ਵੱਧ ਸਫ਼ਿਆਂ ਤੱਕ ਫੈਲ ਜਾਂਦਾ ਹੈ, ਤੇ ਚਲੰਤ+ਘਿਸ ਜੁਗਤਾਂ ਦਾ ਸ਼ਿਕਾਰ ਹੋ ਜਾਂਦਾ ਹੈ।
ਬਲਬੀਰ ਜਿਸ ਅੰਨ੍ਹੀ ਗਲੀ 'ਚ ਪੁੱਜਦੀ ਹੈ, ਜਿਸ ਤਰ੍ਹਾਂ ਪਹਿਲੀ ਰਾਤ ਉਹਦਾ 'ਰੇਪ' ਹੁੰਦੀ ਹੈ ਤੇ ਜਿਸ ਹਾਈਪਰ ਲਹਿਜ਼ੇ 'ਚ ਇਹ ਵਾਰਦਾਤ ਵਾਪਰਦੀ ਹੈ, ਤੇ ਜਿਵੇਂ ਉਹ ਮਰਨ ਲਈ ਤਿਆਰ ਹੁੰਦੀ ਗੁਰਬਾਣੀ 'ਚੋਂ ਸਲੋਕ ਨੂੰ ਸੁਣਦੀ ਹੈ, ਤੇ ਉਹਦੇ 'ਤੇ ਜੋ ਅਸਰ ਹੁੰਦਾ ਹੈ, ਇਹ ਸਭ ਬੜਾ ਤੇਜ਼ੀ ਨਾਲ ਵਾਪਰਦਾ ਹੈ। ਅਜਿਹਾ ਘਟਨਾ-ਕ੍ਰਮ ਨਾਵਲ ਦੀ ਟੋਨ ਨੂੰ ਸੈੱਟ ਕਰ ਦੇਂਦਾ ਹੈ। ਪਤਾ ਚਲਦਾ ਹੈ ਨਾਵਲ ਨੇ ਝਟਕੇ ਵਾਲੀ ਘਟਨਾਕਾਰੀ ਰਾਹੀਂ ਹੀ ਤੁਰਨਾ ਹੈ। ਇਹਨੇ ਕਿਸੇ ਸਥਿਤੀ ਦੀਆਂ ਅੰਤ੍ਰੀਵੀ ਤੈਹਾਂ ਵਲ ਦੇਖਣਾ ਨਹੀਂ ਹੈ। ਸਤਹੀ ਲਿਖਣਕਾਰੀ ਦੇ ਇਸ ਪੈਰਾਡਾਈਮ ਦੀ ਲੇਖਿਕਾ ਸ਼ਿਕਾਰ ਦਿਸਦੀ ਹੈ, ਪਰ ਉਹਦੇ ਕੋਲ ਹੁਣ ਇਹੀ ਰਸਤਾ ਹੈ। ਕਲਾਤਮਿਕ ਦ੍ਰਿਸ਼ਟੀ ਦੀ ਅਣਹੋਂਦ ਦਾ ਆਰੰਭ ਤੋਂ ਹੀ ਪਤਾ ਲੱਗ ਜਾਂਦਾ ਹੈ। ਉਹਦੀ ਨਾਵਲਕਾਰੀ ਦਾ ਰਾਹ ਤੈਅ ਹੋ ਜਾਂਦਾ ਹੈ। ਇਸ ਰਾਹ ਨੇ ਲੇਖਿਕਾ ਸਮੇਤ ਬਿਰਤਾਂਤਕ ਗਤੀ ਅਤੇ ਪਾਤਰਾਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਹੈ। ਬੇਸ਼ੱਕ ਇਸ ਲਪੇਟ ਵਿਚ ਆਉਣ ਦੀ ਪਾਠਕ ਨੂੰ ਲਾਚਾਰੀ ਨਹੀਂ ਹੈ। ਪਰ ਜੇ ਉਹ ਇਹਨੂੰ ਵਿਚਾਲੇ ਨਹੀਂ ਛੱਡਦਾ ਤਾਂ ਅੰਤ ਤੱਕ ਪੁੱਜਦਿਆਂ ਉਹਦਾ ਉਹੀ ਹਾਲ ਹੋਣਾ ਹੈ ਜੋ ਲੰਮੇ ਟੈਲੀ ਸੀਰੀਅਲ ਦੇਖ ਕੇ ਹੁੰਦਾ ਹੈ।
ਲੇਖਿਕਾ ਕੋਲ ਬਿਰਤਾਂਤ ਨੂੰ ਤੇਜ਼ ਗਤੀ 'ਚ ਰੱਖਣ ਲਈ ਇਹੀ ਜੁਗਤ ਹੈ। ਇਸ ਜੁਗਤ ਵਿਚ ਲਕੀਰਤਾ (horizontality) ਹੈ, ਉਸਾਰ (verticality) ਨਹੀਂ। ਇਹ ਮਹੀਨ ਬੁੱਨਤਰ ਨੂੰ ਬਾਈਪਾਸ ਕਰਦੀ ਹੈ ਜਦ ਕਿ ਬੁੱਨਤਰ ਹੀ ਬਿਰਤਾਂਤਕਾਰੀ ਨੂੰ ਕਥਾਕਾਰੀ ਤੋਂ ਵਖਰਿਆਂਦੀ ਹੈ। ਪਾਠਕ ਮਨੁੱਖੀ ਸਥਿਤੀ ਦੀਆਂ ਤੈਹਾਂ ਤੱਕ ਇਹਦੇ ਰਾਹੀਂ ਪੁੱਜਦਾ ਹੈ।ਮਹੀਨ ਬੁੱਨਤਰ ਬਿਰਤਾਂਤ ਨੂੰ ਸ਼ਿਲਪਕਾਰੀ ਦੇ ਨਿਕਟ ਕਰਦੀ ਹੈ ਤੇ ਨਾਵਲੀ ਬਿਰਤਾਂਤ ਸਹਿਜ ਤੇ ਸੰਤੁਲਤ ਗਤੀ 'ਚ ਰਹਿੰਦਾ ਹੈ। ਭਾਸ਼ਾ ਰਚਨਾਤਮਿਕ ਹੁੰਦੀ ਹੈ, ਘਟਨਾਵਾਂ ਦਾ ਵਾਹਣ ਹੋਣ ਤੱਕ ਸੀਮਤ ਨਹੀਂ ਰਹਿੰਦੀ। ਅਰਥ ਸੱਕ ਵਾਂਗ ਨਿਕਲਦੇ ਹਨ। ਅਜਿਹੀ ਭਾਸ਼ਾ ਵਾਲੀ ਚਰਨਾਕਾਰੀ ਵਲ ਦੋਬਾਰਾ ਪਰਤਨ ਦਾ ਮਨ ਕਰਦਾ ਰਹਿੰਦਾ ਹੈ। ਕਲਾਤਮਿਕ ਬਿਰਤਾਂਤ ਇਸੇ ਨੂੰ ਕਹਿੰਦੇ ਹਨ। ਨਾਵਲ 'ਮਾਇਆ' 'ਚ ਭਾਸ਼ਾ ਦੀ ਸੁਰ ਉੱਚੀ ਹੈ। ਜਿਸ ਮੈਲੋਡਰਾਮੈਟਿਕ ਢੰਗ ਨਾਲ ਰੇਪ ਦੀ ਵਾਰਦਾਤ ਘਟਦੀ ਹੈ, ਉਹ ਪਾਪੂਲਰ ਸਿਨੇਮੇ ਦੀ ਭਾਸ਼ਾ ਹੈ। ਜਿਵੇਂ ਬਲਬੀਰ ਚੰਡੀਗੜ੍ਹ ਪੁੱਜਦੀ ਹੈ, ਬਲਬੀਰ ਤੋਂ ਮਾਇਆ ਬਣਦੀ ਹੈ, ਸਮੀਰ ਨਾਲ ਨੇੜਤਾ ਪੈਦਾ ਹੁੰਦੀ ਹੈ, ਨੇੜਤਾ ਖੌਫ਼ ਪੈਦਾ ਕਰਦੀ ਹੈ, ਇਹ ਸਕੀਮ ਦੀ ਅਨੁਸਾਰੀ ਬਣਤ ਹੈ। ਜੇ ਇਹੀ ਨਾਵਲਕਾਰ ਦੀ ਪਾਠਗਤ ਨੀਤੀ (textual strategy) ਹੈ ਤਾਂ ਔਰਤ ਦੀ ਆਜ਼ਾਦੀ ਦਾ ਸਮੱਸਿਆਕਾਰ ਪਸਤ ਹੋ ਜਾਂਦਾ ਹੈ। ਪਾਤਰਾਂ ਦਾ ਵਜੂਦ ਲੇਖਿਕਾ ਦੇ ਕਬਜ਼ੇ 'ਚ ਆ ਜਾਂਦਾ ਹੈ। ਬਲਬੀਰ ਪਿਤਾ ਪੁਰਖੀ ਸਥਾਪਨਾ ਤੋਂ ਬਰੀ ਹੋਣਾ ਚਾਹੁੰਦੀ ਹੈ ਤੇ ਆਣ ਡਿੱਗਦੀ ਹੈ ਲੇਖਿਕਾ ਦੀ ਬਾਜ਼ਾਰੀ ਪਾਠਗਤ ਨੀਤੀ ਦੇ ਟ੍ਰੈਪ 'ਚ। ਸੁਰਿੰਦਰ ਨੀਰ ਦੀ 'ਵਿਯਨ', ਜਿਵੇਂ ਨਾਵਲ 'ਚ ਪ੍ਰਗਟ ਹੈ, ਮਿਡਲ ਕਲਾਸੀ ਰਵਾਇਤੀ ਔਰਤਾਂ ਵਾਲੀ ਹੈ। ਮਾਇਆ ਦਾ ਕਿਰਦਾਰ ਇਸ ਵਿਯਨ ਦਾ ਪਰਤੌ ਬਣਦਾ ਹੈ।
ਕਲਾ ਦੇ ਪਿੜ ਵਿਚ ਮਾਇਆ ਦਾ ਦਾਖਲਾ ਕਲਾ ਦੀ ਮੰਡੀ ਰਾਹੀਂ ਹੁੰਦਾ ਹੈ। ਮੰਡੀ ਦੇ ਦਲਾਲ ਉਹਦਾ ਸ਼ੋਸ਼ਨ ਕਰਨਾ ਚਾਹੁੰਦੇ ਹਨ, ਉਹਦੇ ਜਿਸਮ ਅਤੇ ਆਰਟ ਦੋਨਾਂ ਦਾ। ਉਨ੍ਹਾਂ ਨਾਲ ਉਹ ਬੇਖੌਫ਼ ਹਿੱਸੇਦਾਰੀ ਪਾਉਂਦੀ ਹੇ। ਉਹ ਜੋ ਕਰਦੀ ਹੈ ਉਹਦੀ ਸਫ਼ਾਈ 'ਚ ਲੇਖਕੀ ਟਿੱਪਣੀ+ਤਬਸਰਾ ਮੁਹੱਈਆ ਹੋਈ ਜਾਂਦਾ ਹੈ। ਉਹਦੇ ਕੋਲ ਆਪਣੀ ਅਕਾਂਖਿਆ ਦੀ ਪੂਰਤੀ ਦਾ ਹੋਰ ਕੋਈ ਰਾਹ ਨਹੀਂ ਹੈ। ਬਦਲੇ 'ਚ ਉਹ 'ਯੂਜ਼ ਐਂਡ ਥਰੋਅ' ਦੀ ਨੀਤੀ ਦੀ ਵਰਤੋਂ ਕਰਦੀ ਹੈ। ਝੂਠ ਬੋਲ ਕੇ, ਪਬਲਿਕ ਰਿਲੇਸ਼ਨੀ ਜੁਗਤਾਂ ਰਾਹੀਂ 'ਅਗਾਂਹ' ਨਿਕਲ ਜਾਣ 'ਚ ਸਫ਼ਲ ਹੁੰਦੀ ਹੈ। ਲੇਖਿਕਾ ਸੰਭਵ/ਅਸੰਭਵ ਘਟਨਾਵਾਂ ਨੂੰ ਬਣਾਵਟੀ ਵਾਸਤਵਿਕਤਾ (contrived reality) 'ਚ ਬੰਨ੍ਹਦੀ ਹੈ। ਨਾਵਲ ਦੀ ਸਿਰਜੀ ਜਾਅਲੀ ਵਾਸਤਵਿਕਤਾ 'ਚ ਮਾਇਆ ਦਾ ਇਕੋ ਦਿਨ 'ਚ ਪਾਸਪੋਰਟ ਬਣਦਾ ਹੈ ਤੇ ਅਮਰੀਕਾ ਦਾ ਵੀਜ਼ਾ ਵੀ ਲੱਗ ਜਾਂਦਾ ਹੈ। ਅਮਰੀਕਾ ਜਾ ਕੇ ਉਹ ਹੋਰ ਠਹਿਰਣਾ ਚਾਹੁੰਦੀ ਹੈ ਤਾਂ ਉਸ ਦਾ ਨਵਾਂ ਪੈਟਰਨ ਕਹਿੰਦਾ, ''ਮੈਂ ਇੰਡੀਅਨ ਗੌਰਮਿੰਟ ਤੋਂ ਵੀਜ਼ਾ ਲਗਵਾ ਦੇਨਾਂ। (ਕੀ ਅਮਰੀਕੀ ਵੀਜ਼ਾ ਭਾਰਤ ਸਰਕਾਰ ਦੇਂਦੀ ਹੈ?)
ਔਰਤ ਬਨਾਮ ਪਿਤਾ ਪੁਰਖੀ ਸਥਾਪਨਾ ਵਾਲਾ ਸੰਸਾਰ। ਸੰਭਾਵਨਾਵਾਂ ਵਾਲਾ ਇਹ ਜੋ ਸਮੱਸਿਆਕਾਰ ਹੈ, ਉਹ ਕੁਰਾਹੇ ਪੈ ਚੁੱਕਾ ਹੈ। ਪਿਤਾ ਪੁਰਖੀ ਹੈਜਮਨੀ ਤੇ ਨਾਵਲਕਾਰ ਦੀ ਪਾਠਗਤ ਨੀਤੀ 'ਚ ਫਰਕ ਨਹੀਂ ਦਿਖਦਾ। ਦੋਨਾਂ ਦੀ ਮੰਡੀ ਨਾਲ ਲੜਾਈ ਨਹੀਂ।
ਚੰਡੀਗੜ੍ਹ/ਦਿੱਲੀ ਵਾਲੇ ਲੋਕੈਲ 'ਚ ਮਾਇਆ ਤੀਬਰ ਢੰਗ ਨਾਲ ਵਾਪਰਦੀ ਹੈ ਤੇ ਉਹਦੇ ਰਾਹੀਂ ਲੇਖਿਕਾ ਵਾਪਰਦੀ ਦਿਸਦੀ ਹੈ, ਕਿਉਂਕਿ ਲੇਖਿਕਾ ਦਰਸ਼ਕ ਨਹੀਂ ਮਾਇਆ ਦੀ ਧਿਰ ਹੈ। ਜੇ ਦਰਸ਼ਕ ਹੁੰਦੀ ਤਾਂ ਮਾਇਆ ਨੂੰ ਸੁਤੰਤਰ ਵਿਅਕਤੀ ਬਣਾਂਦੀ। ਤਦ ਮਾਇਆ ਲੇਖਿਕਾ ਵਿਰੁੱਧ ਬਗ਼ਾਵਤ ਕਰ ਦੇਂਦੀ। ਬਗ਼ਾਵਤ ਦਾ ਤੰਤ ਉਸ ਵਿਚ ਲੇਖਿਕਾ ਨੇ ਰਹਿਣ ਨਹੀਂ ਦਿੱਤਾ, ਸਿਰਫ਼ ਚੁਸਤੀ ਨਾਲ 'ਯੂਜ਼ ਐਂਡ ਥਰੋਅ' ਦੀ ਜੁਗਤ ਵਰਤਣ ਦੀ ਜਾਚ ਸਿਖੀ ਹੈ। ਨਾਵਲ ਦੀਆਂ ਤੈਹਾਂ ਫਰੋਲਦਿਆਂ ਦਿਸਦਾ ਹੈ ਕਿ ਇਹ ਮੰਡੀ ਦੀ ਸਿਧਾਂਤਕੀ ਅਨੁਕੂਲ ਰਚਿਆ ਗਿਆ ਹੈ। ਮਾਇਆ ਉਹੀ ਕੁਝ ਬੋਲਦੀ ਹੈ ਜੋ ਲੇਖਿਕਾ ਨਿਰਦੇਸ਼ਿਤ ਕਰਦੀ ਹੈ। ਜਾਂ ਲੇਖਿਕਾ ਦਾ ਉਹੀ ਸਟੈਂਡ ਹੈ ਜੋ ਮਾਇਆ ਦਾ ਹੈ। ਬਿਰਤਾਂਤ ਦੋਨਾਂ ਦੀ ਓਵਰਲੈਪਿੰਗ ਵਾਲੀ ਲੀਲਾ ਵਿਚ ਤਬਦੀਲ ਹੁੰਦਾ ਦਿਖਦਾ ਹੈ।
ਮਾਇਆ ਚੰਡੀਗੜ੍ਹ ਦਿੱਲੀ ਅਮਰੀਕਾ ਰਾਣੀਖੇਤ ਘੁੰਮਦੀ ਹੈ ਤੇ ਲੇਖਿਕਾ ਉਹਦਾ ਪ੍ਰਛਾਵਾਂ ਬਣ ਕੇ ਨਾਲ ਰਹਿੰਦੀ ਹੈ। ਬਾਕੀ ਪਾਤਰ, ਜੋ ਮਾਇਆ ਨਾਲ ਮੋਹ ਦੇ ਰਿਸ਼ਤੇ 'ਚ ਜੁੜਦੇ ਹਨ, ਉਹ ਵੀ ਇਸ ਟ੍ਰੈਪ 'ਚ ਹਨ। ਉਸੇ ਤਰ੍ਹਾਂ ਦੀ ਬੋਲੀ ਬੋਲਦੇ ਹਨ ਜਿਵੇਂ ਮਾਇਆ ਬੋਲਦੀ ਹੈ ਜਾਂ ਲੇਖਿਕਾ ਬੋਲਦੀ ਹੈ। ਸ਼ਬਦਾਂ ਦੀ ਚੋਣ ਵੀ ਉਹੀ ਹੈ। ਇਵੇਂ ਘਟਨਾਕਾਰੀ ਦਾ ਕੇਂਦਰੀਕਰਨ ਹੋਈ ਜਾਂਦਾ ਹੈ। ਸਭ ਨੇ ਉੱਥੇ ਪੁੱਜਣਾ ਹੈ ਜਿੱਥੇ ਲੇਖਿਕਾ ਪਹੁੰਚਾਣਾ ਚਾਹੁੰਦੀ ਹੈ। ਸਭ ਦਾ ਲਕਸ਼ ਲੇਖਿਕਾ ਦੀ ਰੁਮਾਂਸੀ ਦ੍ਰਿਸ਼ਟੀ ਅਨੁਕੂਲ ਹੈ।
ਸ਼ਿਵ ਮੈਨਨ ਦਾ ਮਿਲਣਾ, ਦਿੱਲੀ ਜਾਣ ਤੇ ਉਹਦੇ ਨਾਲ ਬਜ਼ਨਸੀ ਤੇ ਸੇਜ਼ ਸਾਂਝ ਦਾ ਨਾਤਾ ਆਦਿ, ਫਿਰ ਅਚਾਨਕ ਅਮਰੀਕਾ ਲਈ ਜਾਣ ਦਾ ਕਹਾਣੀ ਮੋੜ, ਏਅਰਪੋਰਟ 'ਤੇ ਆਰਟ ਕ੍ਰਿਟਿਕ ਦਾ ਮਿਲਣਾ ਤੇ ਦੁਨੀਆਂ ਦੇ ਆਰਟ ਕੇਂਦਰਾਂ ਦਾ ਰਟਣ! ਜਾਂ ਪਾਤਰਾਂ ਦਾ ਇਕ ਦੂਜੇ ਨਾਲ ਪਿਆਰ ਮਿਲਾਪ ਜਾਂ ਸ਼ਾਦੀ ਆਦਿ ਇੱਕੋ ਪੈਰਾਡਾਈਮ ਦੇ ਅਨੁਸਾਰੀ ਹਨ। ਬਾਖ਼ਤਿਨ ਦੇ ਸੰਵਾਦੀ ਬਿਰਤਾਂਤ ਦਾ ਹਵਾਲਾ ਦੇਣਾ ਹੋਵੇ ਤਾਂ ਕਹਾਂਗੇ ਇਹ ਸੰਵਾਦੀ ਦੀ ਜਗ੍ਹਾ ਇਕਾਲਾਪੀ ਰਚਨਾ ਹੈ। ਨਾਵਲ ਲਿਖਣ ਦਾ ਇਹ ਮਾੱਡਲ ਜੇ ਭਾਈ ਵੀਰ ਸਿੰਘ ਜਾਂ ਨਾਨਕ ਸਿੰਘ ਅਨੁਕੂਲ ਮੰਨ ਲਈਏ ਤਾਂ ਸਮੱਸਿਆ ਹਲ ਨਹੀਂ ਹੁੰਦੀ। ਭਾਈ ਸਾਹਿਬ ਤੇ ਨਾਨਕ ਸਿੰਘ ਨੂੰ ਉਸ ਸੰਸਾਰ ਦੀਆਂ ਕਲਪਨਾਵਾਂ ਦੀ ਸੋਝੀ ਸੀ – ਰੁਮਾਂਸੀ ਤੇ ਆਦਰਸ਼ਕ ਕਲਪਨਾਵਾਂ ਦੀ ਜੋ ਉਹ ਚਿਤਰ ਰਹੇ ਸਨ। ਆਪਣੀ ਸੀਮਾ ਦੇ ਅੰਦਰਵਾਰ ਰਹਿ ਕੇ ਉਹ ਰੁਮਾਂਸੀ ਨਾਵਲ ਦਾ ਜੋ ਸਿਰਜਣ ਕਰਦੇ ਹਨ ਉਹਦੀ ਅੰਤਰ-ਲੈਅ ਹੈ।
ਮਾਇਆ 'ਚ ਅੰਤਰ-ਲੈਅ ਖੰਡਿਤ ਹੈ ਕਿਉਂ ਜੋ ਲੇਖਿਕਾ ਸੀਮਤ ਅਨੁਭਵ ਰਾਹੀਂ ਅਸੀਮ ਫੈਲਾਅ ਦੇ ਰਾਹੇ ਪਈ ਹੋਈ ਹੈ। ਦੋ ਨਾਵਲਾਂ ਦਾ ਮਸੌਦਾ ਇੱਕੋ 'ਚ ਫਿਟ ਹੁੰਦਾ ਹੈ। ਦੋ ਲੋਕੈਲਾਂ 'ਤੇ ਕਹਾਣੀ ਦੀ ਸਮਾਨਾਂਤਰਤਾ ਨੂੰ ਕਾਇਮ ਰੱਖਣਾ ਨਵੀਂ ਕਾਢ ਨਹੀਂ ਹੈ, ਪਰ ਇਸ ਅੰਤਰ-ਜੋੜ ਲਈ ਵਿਧੀਰਵਾਇਤੀ ਜਾਂ ਯੰਤਰੀ ਸਫ਼ਲ ਨਹੀਂ ਹੁੰਦੀ। ਮਾਇਆ 'ਚ ਸਮਾਨਾਂਤਰ ਲੋਕੈਲ 'ਚ ਵਾਪਰਣ ਵਾਲੀਆਂ ਘਟਨਾਵਾਂ ਨੂੰ ਸਿਰਫ਼ ਸਾਹਿਬਜੀਤ ਜੋੜਨ ਵਾਲਾ ਹੈ ਜਾਂ ਕਿਸੇ ਹੱਦ ਤੱਕ ਮਾਇਆ ਆਪ। ਪਰ ਲੇਖਿਕਾ ਦੀਆਂ ਟਿੱਪਣੀਆਂ ਕਿਤੇ ਜ਼ਿਆਦਾ ਜੋੜਦੀਆਂ ਹਨ ਜੋ ਮਕਾਨਕੀ ਕਵਾਇਦ ਹੈ। ਨਾਵਲ 'ਚ 1984 ਦੀ ਸਿੱਖ ਖਾੜਕੂਵਾਦ ਦੇ ਹਵਾਲੇ ਨਾਲ ਮੌਜੂਦ ਸਮੱਗਰੀ ਧਿਆਨ ਖਿੱਚਦੀ ਹੈ। ਓਪ੍ਰੇਸ਼ਨ ਬਲੂ ਸਟਾਰ ਤੇ ਓਪ੍ਰੇਸ਼ਨ ਬਲੈਕ ਥੰਡਰ ਦਾ ਜ਼ਿਕਰ ਹੈ, ਪਰ ਇਸ ਜ਼ਿਕਰ ਪਿੱਛੇ 'ਸਿੱਖ ਕੌਮ ਦੀ ਆਜ਼ਾਦੀ' ਦਾ ਹਵਾਲਾ ਜੋ ਦੱਸਿਆ ਗਿਆ ਹੈ, ਉਹਦੇ ਆਰ ਜਾਂ ਪਾਰ ਦਾ ਕੋਈ ਜ਼ਿਕਰ ਨਹੀਂ ਹੈ। ਕੀ ਪੰਜਾਬ ਦੇ ਪਿੰਡੇ ਨੂੰ ਲੂਹਣ ਵਾਲੀਆਂ ਘਟਨਾਵਾਂ ਨੂੰ ਸਰਸਰੀ ਹਵਾਲੇ ਨਾਲ ਦੇਖਿਆ ਜਾਣਾ ਚਾਹੀਦਾ ਹੈ? ਇਹਦੀ ਰਾਜਨੀਤੀ, ਇਹਦੀ ਸਿਧਾਂਤਕੀ ਨੂੰ ਬਿਨਾਂ ਛੋਹਿਆਂ ਇਹਦਾ ਜੋ ਬਿਆਨ ਹੈ, ਇਹਦੇ ਅਰਥ ਕੀ ਹਨ? 'ਕੌਮ ਦੀ ਆਜ਼ਾਦੀ' ਦਾ ਹਵਾਲਾ ਹੈ, ਇਹਦਾ ਸਿਆਸੀ ਤਰਕ ਕਿਤੇ ਨਹੀਂ ਹੈ।
ਸਾਹਿਬਜੀਤ ਵਰਗਾ ਪਾਤਰ, ਜੋ ਪਹਿਲਾਂ ਖਾੜਕੂ ਸਿਧਾਂਤਕੀ ਅਨੁਸਾਰ ਬੋਲਦਾ ਹੈ, ਬਾਅਦ ਵਿਚ ਮਲੂਕੜਾ ਰੁਮਾਂਸੀ ਤੇ ਸਿਆਸੀ ਮੋੜਾਂ ਤੋਂ ਬੇਲਾਗ ਕਿਵੇਂ ਰਹਿੰਦਾ ਹੈ? ਉਹ ਵੀ ਮਾਇਆ ਦੀ ਭਾਸ਼ਾ ਬੋਲਣ ਲੱਗਦਾ ਹੈ। ਸਿੱਖ ਰਹਿਤਲ ਨੂੰ ਨਾਵਲੀ ਪੇਸ਼ਕਾਰੀ 'ਚ ਅਹਮੀਅਤ ਹੈ। ਇਹ ਸਾਰੀਆਂ ਗੱਲਾਂ ਇਸ ਨਾਵਲ ਵਲ ਧਿਆਨ ਖਿੱਚਦੀਆਂ ਹਨ, ਜਿਵੇਂ ਸਾਹਿਬਜੀਤ ਦਾ ਕਿਰਦਾਰ ਹੋਰਾਂ ਸਭ ਕਿਰਦਾਰਾਂ ਤੋਂ ਵੱਧ ਅਹਿਮੀਅਤ ਵਾਲਾ ਬਣਦਾ ਹੈ। ਪਰ ਗੱਲ ਵਿਚਾਲੇ ਰਹਿ ਜਾਂਦੀ ਹੈ। ਮਸਲਾ ਤਦ ਇਹ ਹੈ ਕਿ ਨਾਵਲ ਵਿਚ ਜੋ ਅਲਪ ਪੱਧਰ 'ਤੇ ਪ੍ਰਮਾਣਿਕ ਛੋਹਾਂ ਵਾਲਾ ਹਿੱਸਾ ਹੈ ਉਹ ਅਪ੍ਰਮਾਣਿਕ ਫੈਲਾਅ ਹੇਠ ਦੱਬ ਜਾਂਦਾ ਹੈ। ਜੰਮੂ ਵਾਲੀ ਸਥਾਨਿਕਤਾ ਦਾ ਜੋ ਨਾਵਲ ਵਿਚ ਹਿੱਸਾ ਹੈ, ਉਹਦੇ ਸਾਹਮਣੇ ਚੰਡੀਗੜ੍ਹ ਜਾਂ ਦਿੱਲੀ ਜਾਂ ਅਮਰੀਕਾ ਵਾਲੀ ਸਥਾਨਿਕਤਾ, ਜੋ ਮਾਇਆ ਦੇ ਕਿਰਦਾਰ ਦਾ ਵੱਖਰਾ ਰੂਪ ਪ੍ਰਸਤੁਤ ਕਰਦੀ ਹੈ, ਅਪ੍ਰਮਾਣਿਕ ਹੈ। ਜ਼ਾਹਿਰ ਹੈ, ਨਾਵਲ ਦਾ ਜ਼ਿਆਦਾ ਹਿੱਸਾ ਚਾਲੂ/ਅਪ੍ਰਮਾਣਿਕ ਚਿਤਰਪਟ ਨੇ ਮੱਲਿਆ ਹੋਇਆ ਹੈ ਜਿਸ ਕਰਕੇ ਜੰਮੂ ਵਾਲੀ ਸਥਾਨਿਕਤਾ ਦਾ ਕਾਰਜ-ਕਰਮ ਤੇ ਘਟਨਾਵਲੀ ਦੂਜੈਲੀ ਥਾਂ 'ਤੇ ਜਾ ਖੜਦਾ ਹੈ। ਨਾਵਲ ਚੂੰਕਿ ਮਾਇਆ 'ਤੇ ਕੇਂਦ੍ਰਿਤ ਹੈ ਤਾਂ ਜੰਮੂ ਵਾਲੀ ਸਥਾਨਿਕਤਾ ਸਮੁੱਚੇ ਪ੍ਰਸੰਗ 'ਚ ਅਰਥ ਗੰਵਾ ਦੇਂਦੀ ਹੈ ਕਿਉਂਕਿ ਮਾਇਆ ਨੇ ਜੰਮੂ ਨੂੰ ਲਗਪਗ ਹਮੇਸ਼ਾਂ ਲਈ ਤਿਆਗ ਦਿੱਤਾ ਹੈ। ਜੰਮੂ, ਦਿੱਲੀ (ਅਮਰੀਕਾ) ਅਤੇ ਅੰਤ ਵਿਚ ਮਕਲੋਡਗੰਜ। ਤਿੰਨਾ ਦੇ ਬਿਰਤਾਂਤ ਵਿਚ ਜੋ ਖੋਲ ਹਨ ਉਹ ਲੇਖਿਕਾ ਦੀਆਂ ਟਿੱਪਣੀਆਂ/ਤਬਸਰੇ ਰਾਹੀਂ ਹੀ ਪੁਰ ਹੁੰਦੇ ਹਨ। ਲੇਖਿਕੀ over-presence ਬਿਰਤਾਂਤ ਲਈ ਉਸੇ ਤਰ੍ਹਾਂ ਅਸਹਿ ਹੈ ਜਿਵੇਂ ਬਲਬੀਰ ਲਈ ਪਿਤਾ ਪੁਰਖੀ ਫ਼ਾਸ਼ੀਵਾਦ।
600 ਸਫ਼ਿਆਂ ਤੋਂ ਬਾਅਦ ਜੇ ਮਾਇਆ ਮਕਲੋਡਗੰਜ ਦੇ ਨਿਮਨਾਂ 'ਚ ਰਹਿ ਕੇ, ਮਦਰ ਟੀਰੇਸਾ ਵਾਂਗ, ਪੀੜਤਾਂ ਦੀ ਪੀੜਾ ਹਰਨ ਕਰਦੀ ਹੈ ਤਾਂ ਇਹ ਸ਼ੁਰੂ ਤੋਂ ਤੁਰੀ ਆ ਰਹੀ ਯੰਤਰਤਾ ਦੀ ਆਖਰੀ ਕਿਸ਼ਤ ਬਣੇ ਬਗ਼ੈਰ ਨਹੀਂ ਰਹਿ ਸਕਦੀ। ਮਾਇਆ ਦਾ ਵਿਚਾਰਧਾਰਕ ਮੋੜ ਕਿਸੇ ਤਰ੍ਹਾਂ ਦੀ ਨਵੀਂ ਅੰਤਰ-ਲੈਅ ਪੈਦਾ ਕਰਨ ਦੇ ਸਮਰਥ ਨਹੀਂ ਰਹਿੰਦਾ। ਜੇ ਲੇਖਿਕਾ ਨੇ ਅਜਿਹਾ ਅੰਤ ਕਰਨਾ ਸੀ ਤਾਂ ਉਹਨੂੰ ਤਿੰਨ ਚੌਥਾਈ ਹਿੱਸੇ ਦੀ ਬਣਾਵਟ ਵਲ ਧਿਆਨ ਦੇ ਕੇ ਨਾਵਲ ਨੂੰ ਮੁੜ ਤੋਂ ਲਿਖਣਾ ਚਾਹੀਦਾ ਸੀ। ਨਤੀਜਾ ਇਹ ਕਿ ਅਖੀਰਲੇ ਭਾਗ ਦੀ ਘਟ ਅਸ਼ਾਂਤ ਸੁਰ ਪਹਿਲੇ ਵੱਡੇ ਹਿੱਸੇ ਦੀ ਅਪਾਰ ਪੱਧਰ ਦੀ ਅਸ਼ਾਂਤ ਸੁਰ (hyper tonality) ਦੇ ਮੁਕਾਬਲੇ ਸਿੱਥਲ ਦਿਖਦੀ ਹੈ। ਨਿਮਨਾਂ ਦੀ ਪੀੜਾ ਹਰਨ ਕਰਨ ਦਾ ਮੋੜ ਅਖਤਿਆਰ ਕਰਕੇ ਜ਼ਿੰਦਗੀ ਦੀ ਸੰਪੂਰਤਾ ਪ੍ਰਾਪਤ ਕਰਨ ਦਾ ਇਲਹਾਮ ਵੀ ਝਟਕੇ ਵਾਂਗ ਹੁੰਦਾ ਹੈ। ਕੁੱਲ ਮਿਲਾ ਕੇ, ਨਾਵਲ 'ਚ ਕੁਝ ਟੁਕੜੀਆਂ ਬਹੁਤ ਚੰਗੀਆਂ ਹਨ, ਪਰ ਇਹ ਨਾਵਲ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੁੰਦੀਆਂ। ਨਾ ਮਕਲੋਡਗੰਜ ਦਾ ਅੰਤ ਪਹਿਲੇ ਛੇਅ ਸੌ ਸਫ਼ਿਆਂ ਦੀ hyper tension ਦੇ ਮੁਕਾਬਲੇ ਖੜ ਸਕਦਾ ਹੈ।
ਸ਼ਿਕਾਰਗਾਹ ਜਿਵੇਂ ਰਿਲੀਜ਼ ਹੋਇਆ, ਤੇ ਹੁਣ ਮਾਇਆ ਬਾਰੇ ਜੋ ਪ੍ਰਮੋਸ਼ਨੀ ਏਜੰਡਾ ਤਿਆਰ ਹੈ, ਉਸ ਦੇ ਕੇਂਦਰ ਵਿਚ ਲੇਖਿਕਾ ਸੁਰਿੰਦਰ ਨੀਰ ਹੈ। ਨਾਵਲ 'ਚ ਮਾਇਆ ਅਗਾਂਹ ਜਾਣ ਲਈ ਸਮਝੋਤਾ ਕਰਦੀ ਹੈ, ਕਲਾ ਦੀ ਮੰਡੀ ਅੰਦਰ ਜਾ ਖੁੱਭਦੀ ਹੈ, ਕਲਾ ਸੰਸਾਰ ਦੀ ਟੀਸੀ 'ਤੇ ਪੁੱਜਣਾ ਚਾਹੁੰਦੀ ਹੈ। ਜ਼ਾਹਿਰ ਹੈ ਲੇਖਿਕਾ ਕੋਲ ਮੰਡੀ ਦਾ ਪੁੱਖਤਾ ਵਿਕਲਪ ਨਹੀਂ ਹੈ, ਜਿਵੇਂ ਉਹਦੇ ਕਿਰਦਾਰ ਮਾਇਆ ਕੋਲ ਵੀ ਨਹੀਂ ਹੈ ਭਾਵੇਂ ਅੰਤ ਵਿਚ ਉਹ ਤਬਦੀਲ ਹੁੰਦੀ ਦਿਖਦੀ ਹੈ। ਜੇ ਇਹ ਗੱਲ ਹੈ ਤਾਂ ਏਥੇ ਔਰਤ ਦੀ ਆਜ਼ਾਦ ਹਸਤੀ ਦਾ ਤਸੱਵਰ ਬੇਜ਼ਮੀਨਾ ਹੋ ਜਾਂਦਾ ਹੈ, ਕਿਉਂਕਿ ਵਿਸ਼ਵੀਕਰਨ ਦੇ ਇਸ ਯੁੱਗ ਵਿਚ ਸਾਹਿਤ/ਕਲਾ ਦੀ ਮੰਡੀ ਵਿਚ ਔਰਤ ਅਤੇ ਕਲਾ ਦੋਨਾਂ ਨੂੰ ਵਸਤੂ ਹੀ ਸਮਝਿਆ ਜਾਂਦਾ ਹੈ।
ਮਾਇਆ ਨਾਵਲ ਦੇ ਪਿਛਲੇ ਪਾਸੇ ਦਿੱਤੀ ਗਈ ਲੇਖਿਕ ਦੀ ਤਸਵੀਰ ਦੀ ਚਿਹਨਕਤਾ ਅਤੇ ਸ਼ਿਕਾਰਗਾਹ 'ਚ ਮੌਜੂਦ ਭੂਮਿਕਾ ਅਤੇ ਜੈਕਟ ਕਵਰ 'ਤੇ ਟੀਸੀਮੁਖ ਬਿਆਨ ਇਸ ਪ੍ਰਸੰਗ 'ਚ ਅਰਥਾਂ ਤੋਂ ਖਾਲੀ ਨਹੀਂ ਹੈ।
-ਗੁਰਬਚਨ
ਗੁਰਬਚਨ ਭਾਜੀ ਹਮੇਸ਼ਾ ਵਾਂਗ ਇਹ ਵੀ ਕਮਾਲ ਦਾ ਤਵਾ ਲਾਇਆ ਹੈ।
ReplyDeleteਪਰ ਤੁਹਾਡੇ ਇਹ ਲੇਖ ਬਾਰੇ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ, ਬਸ ਇਹੀ ਪੁੱਛਣਾ ਸੀ ਕਿ ਕੁਝ ਮਹੀਨੇ ਪਹਿਲਾਂ ਤੁਸੀਂ ਖੁਦ ਜੋ ਇਕ ਕਵਿਤਰੀ ਬੀਬੀ ਦੇ ਥੀਸਿਸ ਬਾਰੇ ਰਾਈ ਦਾ ਪਹਾੜ ਬਣਾ ਕੇ ਪੇਸ਼ ਕਰਦਿਆਂ ਉਸ ਨੂੰ ਬਹੁਤ ਵੱਡੀ ਵਿਦਵਾਨ ਘੋਸ਼ਿਤ ਕਰਨ ਦੀ ਨਾਕਾਮ ਕੋਸ਼ਿਸ਼ ਆਪਣੇ ਫਿਲਹਾਲ ਵਿਚ ਕੀਤੀ ਸੀ ਉਸ ਲਈ ਕਿਰਪਾ ਕਰਕੇ ਆਪਣੀ ਪੀੜੀ ਹੇਠ ਸੋਟਾ ਜ਼ਰੂਰ ਮਾਰੋ...
This comment has been removed by the author.
ReplyDeleteThis comment has been removed by the author.
ReplyDeleteਪੰਜਾਬੀ ਵਿਚ ਅਸਲੀ ਅਲੋਚਨਾ ਲੱਗਭਗ ਅਲੋਪ ਹੋ ਚੁੱਕੀ ਹੈ। ਅਲੋਚਕ ਡਾਕਟਰੀ ਅਤੇ ਪ੍ਰੋਫੈਸਰੀ ਦੀਆਂ ਪੱਕੀਆਂ ਨੌਕਰੀਆਂ ਕਰਦੇ ਹਨ ਅਤੇ ਚੜੇ ਮਹੀਨੇ ਪੱਕੀ ਤਨਖਾਹ ਉਨ੍ਹਾਂ ਦੇ ਖਾਤੇ ਵਿਚ ਆ ਜਾਂਦੀ ਹੈ। ਬਾਕੀ ਰਹਿ ਗਈ ਜੈ-ਜੈ ਕਾਰ ਦੀ ਲੋੜ ਦੀ ਪੂਰਤੀ ਲਈ, ਉਹ ਚਾਰ ਕੁ ਚੁਣੇ ਹੋਏ ਲੇਖਕਾਂ ਦੀ ਅਲੋਚਨਾ ਕਰਕੇ ਉਨ੍ਹਾਂ ਦੀ ਪਿੱਠ ਦੇ ਹੱਥ ਫੇਰ ਲੈਂਦੇ ਹਨ, ਨਾਲੇ ਸਵਾਦ ਲੈ ਲੈਂਦੇ ਹਨ ਨਾਲੇ ਜੈ ਜੈ ਕਾਰ ਹੋ ਜਾਂਦੀ ਹੈ। ਪੇਪਰਾਂ ਅਤੇ ਹਊਮੇ ਦੇ ਢਿੱਗ ਉੱਚੇ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਹੇਠਾਂ ਅਲੋਚਨਾ ਦਮ ਘੁਟ ਕੇ ਮਰ ਜਾਂਦੀ ਹੈ।
ReplyDeleteਗੁਰਬਚਨ ਹੁਰਾਂ ਦੀ ਇਹ ਅਲੋਚਨਾ ਅਤੇ ਫਿਲਹਾਲ ਦੇ ਅੰਕ 17 ਵਾਲਾ ਸੰਪਾਦਕੀ ਪੜ੍ਹ ਕੇ ਅਸਲ ਅਲੋਚਨਾ ਦੇ ਮੁੜ ਸੁਰਜੀਤ ਹੋਣ ਦੀ ਆਸ ਬੱਝਦੀ ਹੈ। ਗੁਰਬਚਨ ਨੇ ਥੋੜ੍ਹੀ ਜਿਹੀ ਪ੍ਰਸੰਸਾ ਅਤੇ ਬਹੁਤ ਸਾਰੀ ਅਲੋਚਨਾ ਕਰਕੇ ਇਸ ਲੇਖ ਨੂੰ ਸੰਤੁਲਿਤ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਜਦੋਂ ਗੁਰਬਚਨ ਇਹ ਸਵਾਲ ਲੇਖਿਕਾ ਅੱਗੇ ਰੱਖਦਾ ਹੈ ਕਿ ਉਸਨੇ ਬਿਰਤਾਂਤ ਤੋਂ ਪਰਾਂ ਖੜ੍ਹ ਕੇ ਨਾਵਲ ਨਹੀਂ ਲਿਖਿਆ ਤਾਂ ਇਹੀ ਸਵਾਲ ਉਸਦੇ ਮੁਹਰੇ ਵੀ ਖੜ੍ਹਾ ਹੁੰਦਾ ਹੈ ਕਿ ਅਲੋਚਨਾ ਲਿਖਣ ਵੇਲੇ ਗੁਰਬਚਨ ਕੀਤੀ ਜਾ ਰਹੀ ਅਲੋਚਨਾ ਤੋਂ ਕਿੰਨਾਂ ਪਰਾਂ ਖੜ੍ਹਾ ਹੈ। ਉਂਝ ਮਾਰਕੀਟਿੰਗ ਸਟੈਟਰਜੀ ਤਹਿਤ ਕਿਸੇ ਕਿਤਾਬ ਦੀ ਹਵਾ ਬੰਨ੍ਹ ਰਹੇ ਧੜੇ ਦੀ ਧੜੇਬੰਦੀ ਨੂੰ ਠੱਪਣਾ ਵੀ ਲਾਜ਼ਮੀ ਹੁੰਦਾ ਹੈ, ਪਰ ਇਸ ਚੱਕਰ ਵਿਚ ਅਲੋਚਨਾ ਮਾਧਿਅਮ ਬਣ ਜਾਂਦੀ ਹੈ ਅਤੇ ਨਿਸ਼ਾਨਾ ਧੜਾ ਹੋ ਜਾਂਦਾ ਹੈ। ਵੈਸੇ ਧੜੇਬੰਦੀ ਨੂੰ ਤੋੜਨ ਲਈ 'ਗੁਰਬਚਨ' ਬਣਨਾ ਹੀ ਪੈਂਦਾ ਹੈ।
ਫਿਰ ਵੀ ਇਹ ਜ਼ਰੂਰੀ ਹੈ ਕਿ ਅਲੋਚਨਾ ਰਚਨਾ ਦੀ ਘੋਖ ਲਈ ਹੋਵੇ ਨਾ ਕਿ ਅਲੋਚਨਾ ਲਈ...