ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, February 14, 2011

ਅੱਜ ਦੇ ਸਮੇਂ ਵਿਚ ਗਾਂਧੀਵਾਦ

ਗਾਂਧੀ ਬਾਰੇ ਚੱਲ ਰਹੀ ਬਹਿਸ ਸੰਬੰਧੀ ਚਰਨ ਗਿੱਲ ਨੇ United Communist Party of India ਪਾਰਟੀ ਦੇ ਸੈਕਰੇਟਰੀ ਰਹੇ ਮੋਹਿਤ ਸੇਨ ਦੀ ਗਾਂਧੀ ਬਾਰੇ ਸਮਝ ਜਾਂ ਕਿਹਾ ਜਾਵੇ U.C.P.I ਦੀ ਗਾਂਧੀ ਬਾਰੇ ਸਮਝ ਭੇਜੀ ਹੈ।U.C.P.I ਦਾ ਮੁੱਢ ਬੰਨ੍ਹਣ ਵਾਲੇ ਸ੍ਰੀਪਦ ਅੰਮ੍ਰਿਤ ਡਾਂਗੇ ਰਹੇ ਹਨ,ਜੋ ਸੀ ਪੀ ਆਈ ਦੇ ਸਮੇਂ ਤੋਂ ਇੰਦਰਾਗਾਂਧੀ ਦੀ(1975) ਦੀ ਐਮਰਜੈਂਸੀ ਦੇ ਕੱਟੜ ਹਮਾਇਤੀ ਰਹੇ ਹਨ।ਆਓ U.C.P.I ਦੇ ਗਾਂਧੀ ਬਾਰੇ ਨਜ਼ਰੀਏ 'ਤੇ ਝਾਤ ਮਾਰੀਏ।ਇਸ ਬਹਿਸ ਦੇ ਵਿਰੋਧ ਜਾਂ ਪੱਖ 'ਚ ਸ਼ਾਮਲ ਹੋਣ ਦਾ ਸਭ ਨੂੰ ਖੁੱਲ੍ਹਾ ਸੱਦਾ ਹੈ।ਆਪਣੀ ਲਿਖਤ ਗੁਲਾਮ ਕਲਮ ਕੋਲ ਇਸ ਮੇਲ 'ਤੇ ਪਹੁੰਚਾ ਸਕਦੇ ਹੋਂ।mail2malwa@gmail.com--ਯਾਦਵਿੰਦਰ ਕਰਫਿਊ

ਅਹਿੰਸਾ ਮਹਾਤਮਾ ਗਾਂਧੀ ਲਈ ਦੋ ਪੱਧਰਾਂ ਉੱਤੇ ਕੰਮ ਕਰਦੀ ਸੀ- ਉਹਨਾਂ ਦੇ ਆਪਣੇ ਕਈ ਨਿੱਜੀ ਅਕੀਦੇ ਵਜੋਂ ਅਤੇ ਜਨਤਕ ਰਾਜਨੀਤਕ ਸੰਘਰਸ਼ ਵਿਚ ਨੀਤੀ ਜਾਂ ਸਮੇਂ ਅਨੁਕੂਲ ਦਾਅਪੇਚ ਵਜੋਂ। ਪਰ ਜਿਥੋਂ ਤੱਕ ਅਹਿੰਸਾ ਦੇ ਅਕੀਦੇ ਦਾ ਹਿੱਸਾ ਹੋਣ ਦਾ ਸੰਬੰਧ ਹੈ, ਇਹ ਉਸਦੀਆਂ ਆਪਣੀਆਂ ਨਿੱਜੀ ਧਾਰਨਾਵਾਂ ਦਾ ਹਿੱਸਾ ਸੀ। ਮਹਾਤਮਾ ਗਾਂਧੀ ਇਸ ਗੱਲ ਉੱਤੇ ਵੀ ਬਜ਼ਿੱਦ ਸਨ ਕਿ ਜਨਤਕ ਲਾਮਬੰਦੀ ਲਈ ਕਿਸੇ ਵੀ ਹੋਰ ਆਦਰਸ਼ ਜਾਂ ਢੰਗ ਦੇ ਮੁਕਾਬਲੇ ਉੱਤੇ ਅਹਿੰਸਾ ਹੀ ਇੱਕੋ ਇਕ ਤੇ ਸੰਪੂਰਨ ਬਦਲ ਹੋ ਸਕਦਾ ਹੈ ਭਾਵੇਂ ਮੁਕਾਬਲੇ ਦੇ ਹੋਰ ਆਦਰਸ਼ ਜਾਂ ਢੰਗ ਵੀ ਸਨ ਕਮਿਊਨਿਸਟਾਂ ਜਾਂ ਹੋਰ ਕੌਮੀ ਇਬਕਲਾਬੀਆਂ ਵੱਲੋਂ ਜਾਂ ਅਨਾਰਕਿਸਟਾਂ ਵੱਲੋਂ, ਜਿਹਨਾਂ ਨੂੰ ਬਰਤਾਨਵੀ ਸਾਮਰਾਜੀ ਗ਼ਲਤ ਤੌਰ ‘ਤੇ ਦਹਿਸ਼ਤਗਰਦ ਆਖਦੇ ਸਨ, ਦਾ ਨਾਅਰਾ ਸਨ।

ਇਹ ਗੱਲ ਬਹੁਤੀ ਨਹੀਂ ਜਾਣੀ ਜਾਂਦੀ ਕਿ 1924 ਵਿਚ ਬੈਲਗਾਮ ਵਿਚ ਜਦੋਂ ਉਹ, ਸ਼ਾਇਦ ਇੱਕੋ ਇਕ ਵਾਰ, ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ, ਇਕ ਡੈਲੀਗੇਟ ਨੇ ਲੈਨਿਨ ਦੇ ਦਿਹਾਂਤ ਉੱਤੇ ਸੋਗ ਦਾ ਮਤਾ ਪਾਸ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਮਤੇ ਦੀ ਪਰਵਨਗੀ ਇਸ ਆਧਾਰ ਉੱਤੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਲੈਨਿਨ ਤਸ਼ੱਦਦ ਦੇ ਹਾਮੀ ਸਨ! ਇੰਝ ਹੀ ਇਸ ਗੱਲ ਦੇ ਵੀ ਚੋਖੇ ਸਬੂਤ ਮੌਜੂਦ ਹਨ 1931 ਵਿਚ ਸ਼ਹਿਰੀ ਨਾਫਰਮਾਨੀ ਤਹਿਰੀਕ ਦੇ ਪਹਿਲੇ ਗੇੜ ਦੇ ਅੰਤ ਉੱਤੇ ਜਦੋਂ ਉਹ ਬਰਤਾਨਵੀ ਵਾਇਸਰਾਏ ਲਾਰਡ ਇਰਵਿਨ ਨਾਲ ਸਮਝੌਤੇ ਦੀਆਂ ਸ਼ਰਤਾਂ ਲਈ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਭਗਤ ਸਿੰਘ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਮਨਸੂਖੀ ਤੇ ਉਸਦੀ ਰਿਹਾਈ ਲਈ ਨਿਸਚਿਤ ਤੌਰ ਜ਼ੋਰ ਨਹੀਂ ਸੀ ਦਿੱਤਾ। ਗੱਲਬਾਤ ਖਤਮ ਹੋਣ ਤੋਂ ਛੇਤੀ ਹੀ ਪਿਛੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਦਿੱਤਾ ਗਿਆ ਸੀ। ਇਸ ਪਰਸੰਗ ਵਿਚ ਗੱਲ ਕਰਦਿਆਂ ਭਗਤ ਸਿੰਘ ਨੂੰ ਵਿਅਕਤਗਿਤ ਦਹਿਸ਼ਤਗਰਦ ਕਰਾਰ ਦੇਣਾ ਦਰੁਸਤ ਨਹੀਂ। ਭਗਤ ਸਿੰਘ ਸਮਝਦਾ ਸੀ ਕਿ ਜਿਹੜੀ ਜਨਤਕ ਲਹਿਰ ਨੇ ਅੱਗੋਂ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰਨ ਕਰਨਾ ਹੈ, ਉਸਨੂੰ ਹਲੂਣਾ ਦੇਣ ਤੇ ਵਧਾਉਣ ਲਈ ਨਿੱਡਰ ਨੌਜਵਾਨਾਂ ਵੱਲੋਂ ਹਥਿਆਰਬੰਦ ਐਕਸ਼ਨ ਜ਼ਰੂਰੀ ਹੈ। ਉਹ ਨਾਸਤਕ, ਮਾਰਕਸਵਾਦੀ ਤੇ ਸੋਵੀਅਤ ਯੂਨੀਅਨ ਤੇ ਲੈਨਿਨ ਦਾ ਬਹੁਤ ਵੱਡਾ ਪਰਸੰਸਕ ਸੀ। ਫਾਂਸੀ ਵੱਲ ਲਿਜਾਏ ਜਾਣ ਤੋਂ ਕੁਝ ਹੀ ਮਿੰਟ ਪਹਿਲਾਂ ਤੱਕ ਉਹ ਲੈਨਿਨ ਦੀਆਂ ਲਿਖਤਾਂ ਪੜ੍ਹ ਰਿਹਾ ਸੀ। ਇਹ ਗੱਲ ਵੀ ਮਹੱਤਵ ਤੋਂ ਖਾਲੀ ਨਹੀਂ ਸੀ ਕਿ ਜਿਹੜੀ ਜਥੇਬੰਦੀ ਉਸਨੇ ਉਸਾਰੀ ਸੀ ਉਸਦਾ ਨਾਂਅ ਉਸਨੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਰੱਖਿਆ ਸੀ। ਉਹ ਸੈਕੂਲਰਿਜ਼ਮ ਤੇ ਹਿੰਦੂ-ਮੁਸਲਮ ਏਕਤਾ ਦਾ ਦ੍ਰਿੜ ਸਮਰਥਕ ਸੀ। ਉਸਦੀ ਦੇਸ਼ਭਗਤੀ ਦਾ ਕੋਈ ਮੁਕਾਬਲਾ ਨਹੀਂ। ਅਜਿਹੀ ਕਿਆਸਅਰਾਈ ਨਿਰਾਰਥਕ ਨਹੀਂ ਕਿ ਜੇ ਉਸਨੂੰ ਜਿਉਣ ਦਿੱਤਾ ਜਾਂਦਾ ਤਾਂ ਕੀ ਉਹ ਸਾਮਰਾਜ ਦੁਸ਼ਮਨ ਲਾਮਬੰਦੀ ਦੇ ਮੋਢੀ ਤੇ ਜਨਤਕ ਆਗੂ ਵਜੋਂ ਗਾਂਧੀ ਜੀ ਦਾ ਬਦਲ ਬਣ ਸਕਦਾ ਸੀ। ਜਦੋਂ ਭਗਤ ਸਿੰਘ ਦਾ ਚੇਤਾ ਆਉਂਦਾ ਹੈ ਤਾਂ ਬਹੁਤ ਸਾਰੇ ਪੱਖਾਂ ਤੋਂ ਸ਼ੇ ਗਵੇਰਾ ਦਾ ਨਾਂਅ ਦਿਮਾਗ਼ ਵਿਚ ਉੱਭਰਦਾ ਹੈ।

ਮਹਾਤਮਾ ਗਾਂਧੀ ਅਦਮ ਤਸ਼ੱਦਦ ਦੇ ਆਪਣੇ ਸਿਧਾਂਤ ਤੇ ਨੀਤੀ ਨੂੰ ਨਿਸਚੇ ਹੀ ਬਾਲਸ਼ਵਿਕਵਾਦ ਦਾ ਬਦਲ ਸਮਝਦੇ ਸਨ, ਖਾਸ ਤੌਰ ‘ਤੇ ਇਹ ਦੇਖਦਿਆਂ ਹੋਇਆਂ ਕਿ ਪੰਡਤ ਨਹਿਰੂ ਬਾਲਸ਼ਵਿਕ ਵਿਚਾਰਾਂ ਵੱਲ ਆਪਣੇ ਸਪੱਸ਼ਟ ਝੁਕਾ ਦਾ ਇਜ਼ਹਾਰ ਕਰ ਰਹੇ ਸਨ। ਅਸੀਂ ਦੇਖਦੇ ਹਾਂ ਕਿ 1928 ਦੇ ਅੰਤ ਤੱਕ ਉਹ ਲਿਖ ਰਹੇ ਸਨ “ਮੈਂ ਇਹ ਇਅਤਰਾਫ ਕਰਦਾ ਹਾਂ ਕਿ ਮੈਂ ਅਜੇ ਤੱਕ ਬਾਲਸ਼ਵਿਕਵਾਦ ਦੇ ਅਰਥ ਨਹੀਂ ਸਮਝ ਸਕਿਆ। ਮੈਂ ਸਿਰਫ਼ ਐਨਾ ਜਾਣ ਸਕਿਆ ਹਾਂ ਕਿ ਇਹ ਨਿੱਜੀ ਜਾਇਦਾਦ ਦੀ ਸੰਸਥਾ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਆਰਥਕ ਖੇਤਰ ਵਿਚ ਕੇਵਲ ਗ਼ੈਰ-ਮਲਕੀਅਤ ਦੇ ਨੈਤਕ ਆਦਰਸ਼ ਨੂੰ ਅਮਲ ਵਿਚ ਲਿਆਉਣ ਦੇ ਤੁਲ ਹੈ ਅਤੇ ਜੇ ਲੋਕ ਇਸ ਆਦਰਸ਼ ਨੂੰ ਆਪਣੀ ਮਰਜ਼ੀ ਨਾਲ ਆਪਣਾ ਲੈਣ ਜਾਂ ਉਹਨਾਂ ਨੂੰ ਪਰੁਅਮਨ ਢੰਗਾਂ ਨਾਲ ਇਸਨੂੰ ਅਪਨਾਉਣ ਲਈ ਮਨਾਇਆ ਜਾ ਸਕੇ ਤਾਂ ਇਸ ਨਾਲੋਂ ਚੰਗੀ ਹੋਰ ਗੱਲ ਨਹੀਂ ਹੋਵੇਗੀ। ਪਰ ਜਿੰਨਾ ਕੁ ਬਾਲਸ਼ਵਿਜ਼ਮ ਬਾਰੇ ਮੈਂ ਜਾਣਦਾ ਹਾਂ, ਇਹ ਨਿੱਜੀ ਮਾਲਕੀ ਨੂੰ ਜ਼ਬਤ ਕਰਨ ਤੇ ਇਸ ਉੱਤੇ ਸਾਂਝੀ ਸਰਕਾਰੀ ਮਾਲਕੀ ਕਾਇਮ ਕਰਨ ਲਈ ਨਾ ਕੇਵਲ ਤਾਕਤ ਦੀ ਵਰਤੋਂ ਨੂੰ ਵਰਜਿਤ ਨਹੀਂ ਕਰਦਾ ਸਗੋਂ ਇਸਦੀ ਖੁੱਲ੍ਹੀ ਵਰਤੋਂ ਦੀ ਆਗਿਆ ਦਿੰਦਾ ਹੈ। ਜੇ ਇਹ ਹਕੀਕਤ ਹੈ ਤਾਂ ਮੈਨੂੰ ਇਹ ਕਹਿਣ ਵਿਚ ਕੋਈ ਹਿਚਕਚਾਹਟ ਨਹੀਂ ਕਿ ਆਪਣੇ ਮੌਜੂਦ ਰੂਪ ਵਿਚ ਬਾਲਸ਼ਵਿਕ ਹਕੂਮਤ ਬਹੁਤਾ ਚਿਰ ਕਇਮ ਨਹੀਂ ਰਹਿ ਸਕਦੀ। ਕਿਉਂਕਿ ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਹਿੰਸਾ ਦੀ ਨੀਂਹ ਉੱਤੇ ਕੋਈ ਦੇਰਪਾ ਉਸਾਰੀ ਨਹੀਂ ਹੋ ਸਕਦੀ। ਪਰ ਇਹ ਗੱਲ ਠੀਕ ਸਾਬਤ ਹੁੰਦੀ ਹੈ ਜਾਂ ਨਹੀਂ, ਇਸ ਹਕੀਕਤ ਤੋਂ ਉੱਕਾ ਹੀ ਇਨਕਾਰ ਨਹੀਂ ਹੋ ਸਕਦਾ ਕਿ ਅਣਗਿਣਤ ਮਰਦ ਔਰਤਾਂ ਨੇ ਬਾਲਸ਼ਵਿਕ ਆਦਰਸ਼ ਲਈ ਆਪਣਾ ਸੱਭ ਕੁਝ ਨਿਸ਼ਾਵਰ ਕਰ ਦਿੱਤਾ ਤੇ ਉਹਨਾਂ ਦੀਆਂ ਪਵਿੱਤਰ ਕੁਰਬਾਨੀਆਂ ਨੇ ਇਸ ਆਦਰਸ਼ ਨੂੰ ਸਿੰਝਿਆ। ਇਹ ਆਦਰਸ਼, ਜਿਸ ਨੂੰ ਲੈਨਿਨ ਜਿਹੀਆਂ ਆਦੁੱਤੀ ਆਤਮਾਵਾਂ ਦੇ ਆਪਣੇ ਬਲੀਦਾਨ ਨਾਲ ਪਾਵਨ ਰੂਪ ਦਿੱਤਾ, ਬਿਰਥਾ ਨਹੀਂ ਜਾ ਸਕਦਾ: ਅਜਿਹੀਆਂ ਆਤਮਾਵਾਂ ਦੇ ਤਿਆਗ ਦਾ ਉੱਚਾ ਸੁੱਚਾ ਪਰਮਾਣ ਸਦਾ ਲਈ ਤੇ ਦਿਨੋ ਦਿਨ ਵਧੇਰੇ ਤਾਬਾਨੀ ਨਾਲ ਜਗਾਮਗਾਉਂਦਾ ਰਹੇਗਾ ਤੇ ਜਿਉਂ ਜਿਉਂ ਸਮਾਂ ਬੀਤੇਗਾ, ਇਹਨਾਂ ਕੁਰਬਾਨੀਆਂ ਦੇ ਸਦਕਾ ਇਹ ਆਦਰਸ਼ ਹੋਰ ਨਿਰਮਲ ਹੁੰਦਾ ਜਾਏਗਾ।”

ਕੁਝ ਸਾਲਾਂ ਬਾਅਦ ਕਮਿਊਨਿਜ਼ਮ ਦਾ ਬਦਲ ਵਧੇਰੇ ਕੱਟੜਤਾ ਨਾਲ ਪੇਸ਼ ਕਰਨ ਦੇ ਸਵਾਲ ਉੱਤੇ ਉਹਨਾਂ ਦਾ ਲਹਿਜਾ ਕਿਤੇ ਵੱਧ ਕਠੋਰ ਸੀ। ਇਸਦਾ ਕਾਰਨ ਓਨਾ ਹਿੰਦ ਕਮਿਊਨਿਸਟ ਪਾਰਟੀ ਦੇ ਅਸਰ ਵਿਚ ਹੋ ਰਿਹਾ ਵਾਧਾ ਨਹੀਂ ਸੀ ਜਿੰਨਾ ਇਹ ਸੀ ਕਿ ਪੰਡਤ ਨਹਿਰੂ ਦੇ ਦ੍ਰਿਸ਼ਟੀਕੋਨ ਦਾ ਮਾਰਕਸਵਾਦ ਵੱਲ ਝੁਕਾਅ ਵਧੇਰੇ ਪ੍ਰਤੱਖ ਹੋ ਗਿਆ ਸੀ। ਮਹਾਤਮਾ ਗਾਂਧੀ ਨੇ ਲਿਖਿਆ ਸੀ “ਸ਼੍ਰੇਣੀ-ਯੁੱਧ ਹਿੰਦ ਦੇ ਮੂਲ ਸੁਭਾਅ ਦੇ ਉੱਲਟ ਹੈ। ਆਪਣੇ ਸੁਭਾਅ ਦੇ ਪੱਖੋਂ ਹਿੰਦ ਕਮਿਊਨਿਜ਼ਮ ਨੂੰ ਅਜਿਹੇ ਢੰਗ ਨਾਲ ਵਿਕਸਤ ਕਰ ਸਕਦਾ ਹੈ ਜਿਹੜਾ ਬਰਾਬਰ ਦੇ ਨਿਆਂ ਨਾਲ ਸਾਰਿਆਂ ਦੇ ਬੁਨਿਆਦੀ ਹੱਕਾਂ ਉੱਤੇ ਆਧਾਰਤ ਹੋਵੇ। ਮੇਰੇ ਸੁਪਨਿਆਂ ਦਾ ਹਿੰਦੁਸਤਾਨ ਰਾਜਿਆਂ ਤੇ ਰੰਕਾਂ ਲਈ ਇੱਕੋ ਜਿਹੇ ਅਧਿਕਾਰ ਯਕੀਨੀ ਬਣਾਉਂਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਨਿਰਸੰਦੇਹ ਸੰਪਤੀ ਦੇ ਕੌਮੀਕਰਣ ਦੀ ਗੱਲ ਕਰਦਾ ਹੈ ਪਰ ਤੁਹਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ। ਜੇ ਕੌਮ ਸੰਪਤੀ ਦੀ ਮਾਲਕ ਹੋ ਸਕਦੀ ਹੈ ਤਾਂ ਇਸਨੂੰ ਵਿਅਕਤੀਆਂ ਦੀ ਸਪੁਰਦਗੀ ਵਿਚ ਦੇ ਕੇ ਹੀ ਹੋ ਸਕਦਾ ਹੈ। ਕੀ ਅਸੀਂ ਨਹੀਂ ਜਾਣਦੇ ਕਿ ਅਸੀਂ ਨਿਵੇਕਲੀ ਪੂਰਬੀ ਰਵਾਇਤ ਰੱਖਦੇ ਹਾਂ? ਕੀ ਅਸੀਂ ਸਰਮਾਏ ਤੇ ਮਿਹਨਤ ਦੇ ਸਵਾਲ ਦਾ ਹੱਲ ਆਪ ਲੱਭਣ ਦੀ ਯੋਗਤਾ ਨਹੀਂ ਰੱਖਦੇ? ਵਰਣਆਸ਼ਰਮ ਦਾ ਪ੍ਰਬੰਧ ਉੱਚੇ ਤੇ ਨੀਵੇਂ ਵਿਚਕਾਰ ਅਤੇ ਇਸਦੇ ਨਾਲ ਨਾਲ ਸਰਮਾਏ ਤੇ ਮਿਹਨਤ ਵਿਚਕਾਰ ਮਤਭੇਦਾਂ ਨੂੰ ਇਕਸਾਰ ਕਰਨ ਦਾ ਵਸੀਲਾ ਨਹੀਂ ਤਾਂ ਹੋਰ ਕੀ ਹੈ?

ਇਥੋਂ ਤੱਕ ਕਿ 1944 ਦੇ ਨੇੜੇ ਤੇੜੇ ਮਾਰਕਸ ਦੀ ਲਿਖਤ ਦਾਸ ਕੈਪੀਟਲ (ਸਰਮਾਇਆ) ਪੜ੍ਹਦਿਆਂ ਉਹਨਾਂ ਸੀæਪੀæਆਈ ਦੇ ਉਸ ਵੇਲੇ ਦੇ ਜੈਨਰਲ ਸਕੱਤਰ ਪੀ.ਸੀ.ਜੋਸ਼ੀ ਨੂੰ ਲਿਖੇ ਇਕ ਪੱਤਰ ਵਿਚ ਪੁੱਛਿਆ ਸੀ ਕਿ ਕੀ ਕਮਿਊਨਿਸਟ ਪਾਰਟੀ ਆਪਣੇ ਮੈਂਬਰਾਂ ਨੂੰ ਗਊ ਦਾ ਮਾਸ ਖਾਣ ਲਈ ਮਜਬੂਰ ਕਰਦੀ ਹੈ, ਕੀ ਹਿੰਸਾ ਪ੍ਰਤੀ ਨਿਸ਼ਠਾ ਦੀ ਸਹੁੰ ਚੁਕਾਉਂਦੀ ਹੈ, ਮਾਸਕੋ ਤੋਂ ਰਕਮਾਂ ਹਾਸਲ ਕਰਦੀ ਹੈ, ਅਤੇ ਕੀ ਵਿਆਹ ਦੇ ਉੱਲਟ ਇਸਤਰੀਆਂ ਦੀ ਸਮੂਹਕ ਵਰਤੋਂ ਵਿਚ ਯਕੀਨ ਰਖਦੀ ਹੈ?ਪੀ.ਸੀ.ਜੋਸ਼ੀ ਇਸ ਪੱਤਰ ਤੋਂ ਐਨੇ ਨਾਰਾਜ਼ ਹੋਏ ਸਨ ਕਿ ਉਹਨਾਂ ਉੱਤਰ ਵਿਚ ਲਿਖਿਆ ਸੀ ਕਿ ਜੇ ਮੇਰਾ ਆਪਣਾ ਪਿਤਾ ਮੈਨੂੰ ਅਜਿਹੀ ਚਿੱਠੀ ਲਿਖਦਾ ਤਾਂ ਮੈਂ ਕਦੇ ਵੀ ਉਸਦੇ ਮੱਥੇ ਨਹੀਂ ਸੀ ਲੱਗਣਾ। ਪਰ ਕਿਉਂਕਿ ਤੁਸੀਂ ਕੌਮ ਦੇ ਪਿਤਾ ਹੋ ਇਸ ਲਈ ਮੈਂ ਤੁਹਾਡੇ ਪੱਤਰ ਦਾ ਉੱਤਰ ਦੇ ਰਿਹਾ ਹਾਂ।ਸ਼ਾਇਦ ਇਤਹਾਸਕ ਤੌਰ ‘ਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗਾਂਧੀ ਜੀ ਨੂੰ “ਕੌਮ ਦਾ ਪਿਤਾ” ਜਾਂ “ਰਾਸ਼ਟਰ ਪਿਤਾ” ਹੋਣ ਦਾ ਖਿਤਾਬ ਪਹਿਲੀ ਵਾਰ ਇਸੇ ਚਿੱਠੀ ਪੱਤਰ ਵਿਚ ਪਰਦਾਨ ਹੋਇਆ ਸੀ।

ਜਿਥੋਂ ਤੱਕ ਇਸ ਸਵਾਲ ਦਾ ਸੰਬੰਧ ਹੈ ਕਿ ਮਹਾਤਮਾ ਗਾਂਧੀ ਨੇ ਬਲਸ਼ਵਿਕਵਾਦ ਦਾ ਜਿਹੜਾ ਬਦਲ ਸਾਹਮਣੇ ਲਿਆਂਦਾ, ਉਸਨੇ ਕਿੰਨਾ ਕੁ ਜ਼ੋਰ ਫੜਿਆ, ਇਸ ਬਾਰੇ ਐਨੀ ਕੁ ਗੱਲ ਸੌਖਿਆਂ ਹੀ ਆਖੀ ਜਾ ਸਕਦੀ ਹੈ ਇਸਨੇ ਕਿ ਵਧੇਰੇ ਤੇਜ਼ ਖਿਆਲ ਸ਼ਕਤੀ ਤੇ ਪ੍ਰੋਗਰਾਮ ਨੂੰ ਉਭਰਨ ਨਾ ਦਿੱਤਾ, ਭਾਵੇਂ ਇਸ ਵਿਚ ਹਿੰਦ ਦੇ ਕਮਿਊਨਿਸਟਾਂ ਦੀ ਆਪਣੀ ਸੌੜੀ ਤੇ ਸੰਕੀਰਨ ਸੋਚ ਦਾ ਵੀ ਦਖਲ ਸੀ। ਪਰ ਦੇਖਿਆ ਜਾਏ ਤਾਂ ਗਾਂਧੀ ਜੀ ਵਲੋਂ ਪੇਸ਼ ਕੀਤਾ ਗਿਆ ਬਦਲ ਵੀ ਆਪਣੇ ਤੌਰ ‘ਤੇ ਵਿਗਸ ਨਾ ਸਕਿਆ। ਜੋ ਸੁਤੰਤਰਤਾ ਸੰਗਰਾਮ ਦੇ ਦੌਰਾਨ ਇਸਦਾ ਪ੍ਰਭਾਵ ਸੀਮਤ ਹੀ ਸੀ ਤਾਂ ਉਸਤੋਂ ਪਿੱਛੋਂ ਤਾਂ ਇਸਦੀ ਪੁੱਛ ਹੋਰ ਵੀ ਘਟ ਗਈ। ਅਹਿੰਸਾ ਦੇ ਅਕੀਦੇ ਨੂੰ ਕੇਵਲ ਗਿਣਤੀ ਦੇ ਪੈਰੋਕਾਰ ਹੀ ਮਿਲ ਸਕੇ। ਮਹਾਤਮਾ ਗਾਂਧੀ ਦੇ ਸ਼ੋਸ਼ਣ-ਰਹਿਤ ਸੁਪਨੇ ਦਾ ਵੀ ਇਹੀ ਹਸ਼ਰ ਹੋਇਆ। ਵਾਰਧਾ ਦੇ ਨੇੜੇ ਸੇਵਾਗਰਾਮ, ਜਿਥੇ ਮਹਾਤਮਾ ਗਾਂਧੀ ਇਹ ਦਹਾਕੇ ਤੋਂ ਵੱਧ ਸਮਾਂ ਰਹੇ, ਦੇ ਕੁਝ ਹੀ ਮੀਲ ਦੇ ਘੇਰੇ ਤੋਂ ਬਾਹਰ ਜੋ ਕੁਝ ਦੇਖਣ ਤੇ ਅਨੁਭਵ ਕਰਨ ਨੂੰ ਮਿਲਦਾ ਸੀ ਉਸ ਵਿਚ ਬਾਕੀ ਹਿੰਦੁਸਤਾਨ ਨਾਲੋਂ ਕੋਈ ਵੱਖਰੀ ਗੱਲ ਨਹੀਂ ਸੀ। ਉਹਨਾਂ ਦੇ ਅਕੀਦੇ ਕਿਸੇ ਵੀ ਕਿਸਮ ਦੀ ਜ਼ਿਕਰਯੋਗ ਪਦਾਰਥਕ ਤੇ ਅਧਿਆਤਮਕ ਤਬਦੀਲੀ ਨਹੀਂ ਆਈ ਹਾਲਾਂਕਿ ਇਸ ਮਾਮਲੇ ਵੱਲ ਉਹ ਆਪਣਾ ਪੂਰਾ ਨਿੱਜੀ ਧਿਆਨ ਦਿੰਦੇ ਸਨ। ਕਈ ਵਾਰ ਤਾਂ ਇਸ ਮਾਮਲੇ ਵਿਚ ਖੁੱਭੇ ਹੋਣ ਕਾਰਨ ਉਹ ਕਾਂਗਰਸ ਦੇ ਟੀਸੀ ਦੇ ਆਗੂਆਂ ਨਾਲ ਫੌਰੀ ਕੌਮੀ ਮਾਮਲਿਆਂ ਉੱਤੇ ਸੋਚ ਵਿਚਾਰ ਵਿਚ ਵੀ ਸ਼ਾਮਲ ਨਹੀਂ ਸਨ ਹੁੰਦੇ।

ਜਿਥੋਂ ਤੱਕ ਧਨ-ਸੰਪਤੀ ਵਾਲਿਆਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਦਾ ਮਾਮਲਾ ਸੀ ਕਿ ਉਹ ਮਾਲਕ ਬਣੇ ਰਹਿਣ ਦੀ ਥਾਂ ਟਰਸਟੀ ਜਾਂ ਨਿਗਰਾਨ ਬਣ ਜਾਣ ਤੇ ਆਪਣਾ ਧਿਆਨ ਸੱਭ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਤੇ ਮੁਜ਼ਾਰਿਆਂ ਦੀਆਂ ਸਮੱਸਿਆਵਾਂ ਵੱਲ ਦੇਣ, ਇਸ ਬਾਰੇ ਕੁਝ ਨਾ ਹੀ ਕਿਹਾ ਜਾਏ ਤਾਂ ਬਿਹਤਰ ਹੈ। ਜੀ।ਡੀ। ਬਿਰਲਾ ਹਮੇਸ਼ਾ ਉਹਨਾਂ ਦੇ ਪਰਛਾਵੇਂ ਵਿਚ ਹੀ ਰਹਿੰਦਾ ਸੀ ਤੇ ਇਸੇ ਸਿਰਲੇਖ ਨਾਲ ਉਸਨੇ ਇਕ ਕਿਤਾਬ ਵੀ ਲਿਖੀ। ਪਰ ਕੀ ਉਸਨੇ ਟਰਸਟੀਸ਼ਿਪ ਦੇ ਸੰਕਲਪ ਨੂੰ ਕਬੂਲ ਕੀਤਾ? ਅੰਬਾ ਲਾਲ ਸਾਰਾਭਾਈ ਨੇ ਆਪਣੀ ਬੇਟੀ ਮ੍ਰਿਦੂਲਾ ਨੂੰ ਤਾਂ ਗਾਂਧੀ ਜੀ ਦੀ ਸੇਵਾ ਲਈ ਅਰਪਣ ਕਰ ਦਿੱਤਾ ਪਰ ਆਪਣੀਆਂ ਕੱਪੜਾ ਮਿਲਾਂ ਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ।ਬਹੁਤੇ ਜਾਗੀਰਦਾਰਾਂ ਨੂੰ ਉਹਨਾਂ ਦੀਆਂ ਬਹੁਤ ਜਬਰਦਸਤ ਜ਼ਮੀਨੀ ਮਾਲਕੀਆਂ ਤੋਂ ਅੰਸ਼ਕ ਤੌਰ ‘ਤੇ ਵਾਂਝੇ ਤਾਂ ਕੀਤਾ ਗਿਆ ਪਰ ਹਿਰਦੇ ਪਰੀਵਰਤਨ ਰਾਹੀਂ ਨਹੀਂ ਜਿਵੇਂ ਗਾਂਧੀ ਜੀ ਕਹਿੰਦੇ ਸਨ, ਸਗੋਂ ਆਜ਼ਾਦੀ ਤੋਂ ਪਿੱਛੋਂ ਪਾਸ ਕੀਤੇ ਕਾਨੂੰਨਾਂ ਦੀ ਸ਼ਕਲ ਵਿਚ ਰਾਜਸ਼ਕਤੀ ਰਾਹੀਂ, ਜਿਸ ਦੀ ਵਰਤੋਂ ਨੂੰ ਮਹਾਤਮਾ ਗਾਧੀ ਬਾਲਸ਼ਵਿਕਵਾਦ ਦੇ ਖਿਲਾਫ਼ ਮੁੱਖ ਦਲੀਲ ਵਜੋਂ ਵਰਤਦੇ ਸਨ।ਇਸ ਤੋਂ ਵੱਧ ਦੁਰਦਸ਼ਾ ਸਨਅਤੀਕਰਣ ਨੂੰ ਰੋਕਣ ਦੇ ਉਹਨਾਂ ਦੇ ਅਸੂਲ ਦੀ ਹੋਈ। ਇਹ ਉਹਨਾਂ ਦੀ ਤਹਿਰੀਕ ਹੀ ਸੀ ਜਿਸਨੇ ਉਹਨਾਂ ਦੇ ਜਿਉਂਦੇ ਜੀਅ ਹਿੰਦੁਸਤਾਨੀ ਸੱਨਅਤਾਂ ਦੀ ਉੱਨਤੀ ਲਈ ਮਾਹੌਲ ਪੈਦਾ ਕਰ ਦਿੱਤਾ ਸੀ ਅਤੇ ਜਿਸਨੇ ਹਿੰਦ ਨੂੰ ਸੰਸਾਰ ਭਰ ਵਿਚ ਸਨਅਤੀ ਤੌਰ ‘ਤੇ ਸੱਭ ਤੋਂ ਉੱਨਤ ਨੌ-ਆਬਾਦੀ ਬਣਾ ਦਿੱਤਾ ਸੀ।

ਭਾਵੇਂ 1934 ਵਿਚ ਉਹਨਾਂ ਨੇ ਛੂਤਛਾਤ ਵਿਰੁੱਧ ਵਰਤ ਵੀ ਰੱਖਿਆ, ਅਛੂਤਾਂ ਲਈ ਹਰੀ ਦਾ ਬੇਟਾ ਵਿਸ਼ੇਸ਼ਣ ਦੀ ਵਰਤੋਂ ਵੀ ਕੀਤੀ, ਉਹਨਾਂ ਲਈ ਮੰਦਰਾਂ ਵਿਚ ਦਾਖ਼ਲੇ ਤੇ ਵਿਧਾਨ ਸਭਾਵਾਂ ਵਿਚ ਉਹਨਾਂ ਲਈ ਸੀਟਾਂ ਦੀ ਰੀਜ਼ਰਵੇਸ਼ਨ ਦੀ ਵਿਵਸਥਾ ਵੀ ਕਰਵਾਈ ਪਰ ਛੂਤ ਛਾਤ ਫੇਰ ਵੀ ਖ਼ਤਮ ਨਾ ਹੋਈ। (ਇਸ ਨੂੰ ਵੀ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਸਵੈ-ਵਿਰੋਧ ਕਿਹਾ ਜਾ ਸਕਦਾ ਹੈ ਕਿ ਜਿਥੇ ਉਹ ਗਿਣਤੀ ਦੇ ਸਿਰਕੱਢ ਕੌਮੀ ਆਗੂਆਂ ਵਿਚੋਂ ਸਨ ਜਿਹਨਾਂ ਦਲਿਤਾਂ ਲਈ ਆਹ ਦਾ ਨਾਅਰਾ ਮਾਰਿਆ, ਉੱਥੇ ਉਹਨਾਂ ਵਰਣ-ਆਸ਼ਰਮ ਨੂੰ “ਊਚ ਨੀਚ ਅਤੇ ਸਰਮਾਏ ਤੇ ਮਿਹਨਤ ਵਿਚਾਲੇ ਵਿਰੋਧਾਂ ਨੂੰ ਇਕਸੁਰ ਕਰਨ ਦਾ ਨਿਵੇਕਲਾ ਹਿੰਦੁਸਤਾਨੀ ਢੰਗ” ਦੱਸ ਕੇ ਇਸਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਵੀ ਹਾਲਾਂਕਿ ਇਹ ਵਰਣ ਆਸ਼ਰਮ ਹੀ ਦਲਿਤਾਂ ਨਾਲ ਸਦੀਆਂ ਤੋਂ ਤੁਰੇ ਆ ਰਹੇ ਅਣਮਨੁੱਖੀ ਵਿਹਾਰ ਤੇ ਵਿਤਕਰੇ ਦੀ ਜੜ੍ਹ ਹੈ। ਵਰਣ ਵੰਡ ਸਮਾਜ ਦੀਆਂ ਸਾਧਾਰਨ ਆਰਥਕ ਸਰਗਰਮੀਆਂ ਵਿਚੋਂ ਸੁਭਾਵਕ ਤੌਰ ‘ਤੇ ਪੈਦਾ ਹੋਣ ਵਾਲੀ ਵਕਤੀ ਕੰਮ ਵੰਡ ਨਹੀਂ ਸਗੋਂ ਧਰਮ ਦੇ ਨਾਂਅ ਉੱਤੇ ਸਮਾਜ ਉੱਪਰ ਮੜ੍ਹੀ ਗਈ ਅਜਿਹੀ ਆਪਹੁਦਰੀ ਵੰਡ ਹੈ ਜਿਸਨੂੰ “ਜਨਮ ਵੰਡ” ਕਹਿਣਾ ਵਧੇਰੇ ਠੀਕ ਹੋਵੇਗਾ।-ਸੰਪਾਦਕ)
ਖੁਸ਼ਕਿਸਮਤੀ ਨਾਲ ਇਸਤਰੀਆਂ ਤੇ ਬ੍ਰਹਮਚਾਰੀਆ ਬਾਰੇ ਉਹਨਾਂ ਦੇ ਵਿਚਾਰਾਂ ਨੂੰ ਕਿਸੇ ਪਾਸਿਉਂ ਹੁੰਗਾਰਾ ਹੀ ਨਹੀਂ ਮਿਲਿਆ। ਇਸਤਰੀਆਂ ਨੂੰ ਉਹ ਪਾਪ ਦਾ ਪੁੰਜ ਸਮਝਦੇ ਸਨ ਅਤੇ ਉਹਨਾਂ ਦਾ ਵਿਚਾਰ ਸੀ ਕਿ ਸਰੀਰਕ ਤੇ ਦਿਮਾਗ਼ੀ ਸਿਹਤ ਨੂੰ ਕਾਇਮ ਰੱਖਣ ਲਈ ਵੀਰਜ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ।

ਆਪਣੇ ਬਦਲ ਨੂੰ ਕਬੂਲ ਕਰਵਾ ਸਕਣ ਵਿਚ ਆਪਣੀ ਅਸਫ਼ਲਤਾ ਦੇ ਸਿੱਟੇ ਵਜੋਂ ਉਹ ਅਜਿਹੇ ਫ਼ੈਸਲੇ ਉੱਤੇ ਪਹੁੰਚੇ ਜਿਸ ਦੇ ਕਾਰਨ ਕੱਟੜ ਕਿਸਮ ਦੇ ਗਾਂਧੀਵਾਦੀ ਚੋਖਾ ਪਰੇਸ਼ਾਨ ਹੀ ਨਹੀਂ ਸਗੋਂ ਲੋਹੇ ਲਾਖੇ ਵੀ ਹੋਏ।
- ਨਹਿਰੂ -
ਜਦੋਂ ਮਹਾਤਮਾ ਗਾਂਧੀ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਜਾਨਸ਼ੀਨ ਕੌਣ ਹੋਣਗੇ ਤਾਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਕਠੋਰ ਪੁਰਾਤਨਵਾਦੀ ਸਰਦਾਰ ਵੱਲਭ ਭਾਈ ਪਟੇਲ ਜਾਂ ਚਤੁਰ-ਪੁਰਾਤਨਵਾਦੀ ਚੱਕਰਵਰਤੀ ਰਾਜਗੁਪਾਲ ਆਚਾਰੀਆ ਦਾ ਨਾਂਅ ਲੈਣਗੇ। ਪਰ ਮਹਾਤਮਾ ਗਾਂਧੀ ਨੇ ਇਹਨਾਂ ਦੋਹਾਂ ਵਿਚੋਂ ਕਿਸੇ ਨੂੰ ਨਹੀਂ ਚੁਣਿਆ ਅਤੇ ਗੁਣਾ ਪੰਡਤ ਜਵਾਹਰ ਲਾਲ ਨਹਿਰੂ ਉੱਤੇ ਪਾਇਆ, ਜਿਨਾਂ ਦੇ ਖੱਬੇ ਪੱਖੀ ਸੋਸ਼ਲਿਸਟ ਤੇ ਇਥੋਂ ਤੱਕ ਕਿ ਮਾਰਕਸਿਸਟ ਵਿਚਾਰ ਉਦੋਂ ਚੋਖੇ ਦ੍ਰਿਸ਼ਟੀਮਾਨ ਸਨ। ਮਹਾਤਮਾ ਗਾਂਧੀ ਦਾ ਕਹਿਣਾ ਸੀ ਕਿ ਇਹ ਠੀਕ ਹੈ ਕਿ ਸਾਡੇ ਦੋਹਾਂ ਵਿਚਾਲੇ ਮੱਤਭੇਦ ਤਾਂ ਹਨ ਪਰ ਜਵਾਹਰ ਲਾਲ ਨਹਿਰੂ ਬੇਦਾਗ਼ ਸ਼ਖਸੀਅਤ ਦੇ ਮਾਲਕ ਹਨ, ਜ਼ਾਬਤੇ ਦਾ ਪਾਲਣ ਕਰਨ ਵਾਲੇ ਹਨ ਤੇ ਮੇਰੇ ਤੁਰ ਜਾਣ ਤੋਂ ਬਾਅਦ ਮੇਰੀ ਤਰਜਮਾਨੀ ਕਰਨਗੇ।

ਇਹ ਸੱਚ ਹੈ ਕਿ ਆਜ਼ਾਦ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਜਵਾਹਰ ਲਾਲ ਨਹਿਰੂ ਨੇ ਉਹਨਾਂ ਖੇਤਰਾਂ ਨੂੰ ਬਹੁਤ ਮਾਯੂਸ ਕੀਤਾ ਜਿਨ੍ਹਾਂ ਨੂੰ ਭੁਲੇਖਾ ਸੀ ਕਿ ਉਹ ਅਜਿਹੇ ਆਰਥਕ-ਸਮਾਜੀ ਪਰੀਵਰਤਨ ਲਿਆਉਣਗੇ ਜਿਨ੍ਹਾਂ ਦੇ ਕਾਰਨ ਹਿੰਦ ਸਿੱਧਾ ਅਜਿਹੇ ਸੋਸ਼ਲਿਜ਼ਮ ਵੱਲ ਅੱਗੇ ਵਧਦਾ ਜਾਏਗਾ ਜਿਹੜਾ ਉਤਪਾਦਨ ਦੇ ਮੁੱਖ ਸਾਧਨਾਂ ਦੀ ਨਿੱਜੀ ਮਾਲਕੀ ਦੇ ਖਾਤਮੇ ਉੱਤੇ ਆਧਾਰਤ ਹੋਵੇਗਾ ਜਿਸ ਬਾਰੇ ਖੁਦ ਪੰਡਤ ਨਹਿਰੂ 1927-37 ਦੇ ਦਹਾਕੇ ਵਿਚ ਐਨੇ ਜ਼ੋਰਦਾਰ ਢੰਗ ਨਾਲ ਲਿਖਦੇ ਰਹੇ ਸਨ।

ਜਵਾਹਰ ਲਾਲ ਨਹਿਰੂ ਦੇ ਆਸਾਂ ਉੱਤੇ ਪੂਰੇ ਨਾ ਉਤਰ ਸਕਣ ਦੇ ਮਾਮਲੇ ਨੂੰ ਖੱਬੇ ਪੱਖ ਨੇ ਆਪਣੀ ਨੁਕਤਾਚੀਨੀ ਦਾ ਉਚੇਚਾ ਨਿਸ਼ਾਨਾ ਬਣਾਇਆ ਤੇ ਮਹਾਤਮਾ ਗਾਂਧੀ ਤੇ ਉਸਦੇ ਇਸ ਚੇਲੇ ਲਈ ਦੰਭੀ ਹੋਣ ਜਿਹੇ ਘਿਰਣਾਜਨਕ ਲਫ਼ਜ਼ਾਂ ਦੀ ਵਰਤੋਂ ਵੀ ਕੀਤੀ। ਪਰ ਜੇ ਘੱਟੋ ਘੱਟ ਵੀ ਕਿਹਾ ਜਾਏ ਤਾਂ ਇਹ ਨੁਕਤਾਚੀਨੀ ਇੱਕਪਾਸੜ ਸੀ। ਗਾਂਧੀ ਜੀ ਵਲੋਂ ਨਹਿਰੂ ਦੀ ਚੋਣ ਉਹਨਾਂ ਵਲੋਂ ਆਪਣੀਆਂ ਅਜਿਹੀਆਂ ਕਦਰਾਂ ਦੀ ਪੁਸ਼ਟੀ ਹੀ ਸੀ, ਜਿਨ੍ਹਾਂ ਦਾ ਜ਼ਿਕਰ ਇਸ ਲੇਖ ਦੇ ਦੂਸਰੇ ਭਾਗ ਵਿਚ ਕੀਤਾ ਜਾਏਗਾ। ਇਹ ਇਸ ਗੱਲ ਦਾ ਵੀ ਇਕਬਾਲ ਸੀ ਕਿ ਆਜ਼ਾਦੀ ਤੋਂ ਬਾਅਦ ਪੁਰਾਤਨਤਾ ਨੂੰ ਅਧੁਨਿਕਤਾ ਲਈ ਰਾਹ ਛੱਡਣਾ ਹੀ ਪਏਗਾ। ਇਹ ਕੇਵਲ ਨਹਿਰੂ ਹੋ ਸਕਦਾ ਸੀ ਜਿਹੜਾ ਉਸ ਗਤੀਸ਼ੀਲ ਸੰਤੁਲਨ ਲਈ ਅਗਵਾਈ ਪਰਦਾਨ ਕਰ ਸਕਦਾ ਸੀ ਅਤੇ ਉਸਨੇ ਕੀਤੀ ਵੀ, ਜਿਸਨੂੰ ਮਹਾਤਮਾ ਗਾਂਧੀ ਸੁਤੰਤਰਤਾ ਸੰਗਰਾਮ ਸਮੇਂ ਰੂਪਮਾਨ ਕਰਦੇ ਸਨ।ਪਰ ਅਹਿੰਸਾ ਦਾ ਨੀਤੀ ਦੇ ਰੂਪ ਵਿਚ ਕੀ ਬਣਿਆ? ਆਮ ਹੜਤਾਲਾਂ, ਜਨਤਕ ਲਾਮਬੰਦੀ ਲਈ ਕਿਸਾਨ ਬਗ਼ਾਵਤਾਂ ਤੇ ਹਥਿਆਰਬੰਦ ਸੰਘਰਸ਼ ਦੇ ਰੂਪ ਵਿਚ ਖੱਬੇ ਪੱਖ ਵਲੋਂ ਪਰਚਾਰੀ ਜਾਂਦੀ ਰਵਾਇਤੀ ਪਹੁੰਚ ਦੇ ਬਦਲ ਵਜੋਂ ਵਰਤਾਂ, ਸਤਿਆਗ੍ਰਹਿ ਤੇ ਹੜਤਾਲਾਂ ਦੇ ਢੰਗਾਂ ਦਾ ਕੀ ਬਣਿਆ? ਕੀ ਇਹ ਢੰਗ ਇਸ ਸ਼ਕਲ ਵਿਚ ਸਫ਼ਲ ਨਹੀਂ ਆਖੇ ਜਾ ਸਕਦੇ ਕਿ ਹਿੰਦ ਨੇ ਇਸੇ ਰਾਹ ਉੱਤੇ ਚਲਦਿਆਂ ਆਜ਼ਾਦੀ ਹਾਸਲ ਕੀਤੀ ਅਤੇ ਚੀਨੀ ਇਨਕਲਾਬ ਦੇ ਰਾਹ ਦੇ ਟਾਕਰੇ ਵਿਚ ਹਿੰਦੁਸਤਾਨੀਆਂ ਨੇ ਆਪਣੇ ਤਰੀਕੇ ਨਾਲ ਬਰਤਾਨਵੀ ਰਾਜ ਦਾ ਅੰਤ ਕਰ ਦਿੱਤਾ?
ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ; ਜਨਤਕ ਲਾਮਬੰਦੀ ਦਾ ਖੱਬੇਪਖੀ ਕੱਟੜਪੰਥੀ ਤੇ ਰਵਾਇਤੀ ਰਾਹ ਸਫ਼ਲ ਨਾ ਰਿਹਾ, ਇਸ ਲਈ ਨਹੀਂ ਕਿ ਇਸ ਦੇ ਮੁਕਾਬਲੇ ਉੱਤੇ ਗਾਂਧੀਵਾਦ ਦਾ ਬਦਲਵਾਂ ਰਾਹ ਮੌਜੂਦ ਸੀ, ਸਗੋਂ ਕੇਵਲ ਇਸ ਲਈ ਕਿ ਖੱਬੇ ਪੱਖੀ ਰਾਹ ਕੱਟੜਪੰਥੀ ਤੇ ਰਵਾਇਤੀ ਸੀ। ਜੇ ਵੇਖਿਆ ਜਾਏ ਤਾਂ ਮਾਓ ਨਾ ਕੱਟੜਪੰਥੀ ਸੀ ਤੇ ਨਾ ਹੀ ਰਵਾਇਤੀ। ਇਸੇ ਲਈ ਉਹ ਚੀਨ ਵਿਚ ਸਫ਼ਲ ਰਿਹਾ ਭਾਵੇਂ ਉਸਦਾ ਰਾਹ ਹਿੰਦ ਲਈ ਢੁੱਕਵਾਂ ਨਹੀਂ ਸੀ, ਆਜ਼ਾਦੀ ਤੋਂ ਪਹਿਲਾਂ ਵੀ ਨਹੀਂ ਤੇ ਆਜ਼ਾਦੀ ਤੋਂ ਪਿੱਛੋਂ ਤਾਂ ਉੱਕਾ ਹੀ ਨਹੀਂ। ਗਾਂਧੀਵਾਦੀ ਰਾਹ ਵੀ ਪੂਰੀ ਤਰ੍ਹਾਂ ਸਫ਼ਲ ਨਾ ਰਿਹਾ ਭਾਵੇਂ ਇਸ ਨੇ ਸਾਮਰਾਜ ਵਿਰੋਧੀ ਜਨਤਕ ਲਾਮਬੰਦੀ ਵਿਚ ਸੌਖਿਆਂ ਹੀ ਮੁੱਖ ਭੂਮਿਕਾ ਨਿਭਾਈ।

ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਲਈ ਹਿੰਦੁਸਤਾਨੀ ਸੰਘਰਸ਼ ਬਹੁ-ਧਾਰਾ ਸੰਘਰਸ਼ ਸੀ ਅਤੇ ਇਹ ਉਸਤੋਂ ਬਹੁਤ ਦੇਰ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਜਦੋਂ ਗਾਂਧੀ ਜੀ ਇਸਦੇ ਸਿਰਮੌਰ ਆਗੂ ਬਣੇ। 18ਵੀਂ ਸਦੀ ਦੇ ਅਖੀਰ ਤੇ 19ਵੀਂ ਸਦੀ ਦੇ ਸ਼ੁਰੂ ਦੀਆਂ ਕਿਸਾਨ ਬਗ਼ਾਵਤਾਂ ਆਪਣੇ ਆਪ ਮੁਹਾਰੇ ਖਾਸੇ ਦੇ ਪੱਖੋਂ ਸਾਮਰਾਜ-ਵਿਰੋਧੀ ਅੰਸ਼ ਰੱਖਦੀਆਂ ਸਨ। 1857 ਦੇ ਗ਼ਦਰ ਨੂੰ ਇਸਦੇ ਸ਼ੁਰੂ ਵਿਚ ਵੀ ਮਾਰਕਸ ਤੇ ਏਂਗਲਜ਼ ਨੇ ਆਜ਼ਾਦੀ ਦੀ ਪਹਿਲੀ ਜੰਗ ਕਰਾਰ ਦਿੱਤਾ ਸੀ। 1857 ਤੋਂ ਪਹਿਲਾਂ ਤੇ ਪਿੱਛੋਂ ਦੀਆਂ ਸਮਾਜ ਸੁਧਾਰ ਲਹਿਰਾਂ ਨੇ, ਅਪਣੀਆਂ ਅੱਤ ਸੌੜੀਆਂ ਸੀਮਾਵਾਂ ਤੇ ਡੂੰਘੇ ਭਰਮਾਂ ਦੇ ਬਾਵਜੂਦ ਹਿੰਦ ਨੂੰ ਅਜਿਹਾ ਰੂਪ ਦੇਣ ਦੀ ਪ੍ਰਕਿਰਿਆ ਵਿਚ ਯੋਗਦਾਨ ਪਾਇਆ, ਜਿਸਦਾ ਪਰਚਾਰ ਸਮਾਜੀ ਖੇਤਰ ਵਿਚ ਗਾਂਧੀ ਜੀ ਨੇ ਐਨਾ ਲੰਮਾ ਸਮਾਂ ਬੀਤ ਜਾਣ ਪਿੱਛੋਂ ਕੀਤਾ। ਆਰੰਭਕ ਕੌਮੀ ਇਨਕਲਾਬੀ ਲਹਿਰ ਨੇ ਹਿੰਦੂ ਪੁਨਰ-ਸੁਰਜੀਤੀ ਦੀ ਆਪਣੀ ਰੰਗਤ ਦੇ ਬਾਵਜੂਦ, ਕੌਮੀ ਸੋਚ ਉੱਤੇ ਬਹੁਤ ਵੱਡਾ ਅਸਰ ਪਾਇਆ ਸੀ। ਮਿਸਾਲ ਲਈ ਚਾਪੇਕਰ ਭਰਾ, ਜਿਨਾਂ ਪੰਜਾਂ ਦੇ ਪੰਜਾਂ ਨੂੰ ਬਰਤਾਨਵੀ ਬਸਤੀਵਾਦੀ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਫਾਂਸੀ ਤੇ ਲਟਕਾ ਦਿੱਤਾ ਸੀ, ਆਪਣੇ ਕਾਰਨਾਮਿਆਂ ਦੇ ਕਾਰਨ ਲੋਕ ਕਥਾਵਾਂ ਦੇ ਨਾਇਕ ਬਣ ਗਏ ਸਨ।

ਤਿਲਕ ਦੀ ਅਹਿਮ ਭੂਮਿਕਾ ਨਾਲ 1905-8 ਦੀ ਸਵਦੇਸੀ ਲਹਿਰ ਵਿਚ ਜਿੰਨੇ ਵੱਡੇ ਪੈਮਾਨੇ ਉੱਤੇ ਸ਼ਹਿਰੀ ਜਨਤਾ ਨੇ ਹਿੱਸਾ ਲਿਆ, ਜਿਸ ਤਰ੍ਹਾਂ ਇਹ ਦੇਸ ਵਿਆਪੀ ਲਹਿਰ ਬਣੀ, ਸੰਘਰਸ਼ ਦੇ ਜਿਹੜੇ ਢੰਗ ਇਸਨੇ ਅਪਣਾਏ ਤੇ ਜਿਹੜਾ ਸਭਿਆਚਾਰਕ ਉਭਾਰ ਇਸਨੇ ਪੈਦਾ ਕੀਤਾ, ਜਿਸਦੀ ਗੂੰਜ ਟੈਗੋਰ ਦੇ ਉਸੇ ਵੇਲੇ ਦੇ ਗੀਤਾਂ ਵਿਚ ਖਾਸ ਤੌਰ ‘ਤੇ ਮਿਲਦੀ ਹੈ, ਇਹਨਾਂ ਸਾਰੇ ਪੱਖਾਂ ਤੋਂ ਇਸ ਲਹਿਰ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਲੈਨਿਨ ਨੇ ਸਵਿਟਜਰਲੈਂਡ ਵਿਚ ਕਿਹਾ ਸੀ ਤਾਂ ਐਵੇਂ ਨਹੀਂ ਸੀ ਕਿਹਾ ਕਿ ਤਿਲਕ ਦੇ ਖਿਲਾਫ਼ ਬਰਤਾਨਵੀ ਹਾਕਮਾਂ ਵਲੋਂ ਸੁਣਾਈ ਗਈ ਸਜ਼ਾ ਦੇ ਖਿਲਾਫ਼ ਬੰਬਈ ਦੇ ਮਜ਼ਦੂਰਾਂ ਦੀ 1908 ਦੀ ਹੜਤਾਲ ਬਰਤਾਨਵੀ ਰਾਜ ਦੇ ਖਾਤਮੇ ਦੀ ਘੰਟੀ ਹੈ।

1919 ਦੇ ਨੇੜੇ ਤੇੜੇ ਸੁਤੰਤਰਤਾ ਸੰਘਰਸ਼ ਦੇ ਨਵੇਂ ਦੌਰ ਦੇ ਆਰੰਭ ਦੇ ਸਮੇਂ, ਜਦੋਂ ਗਾਂਧੀ ਜੀ ਇਸਦੇ ਸਰਕਰਦਾ ਆਗੂ ਵਜੋਂ ਸਾਹਮਣੇ ਆਏ, ਇਸ ਵਿਚ ਗੈਰ-ਗਾਂਧੀਵਾਦੀ ਤੇ ਗਾਂਧੀ-ਵਿਰੋਧੀ ਰੁਝਾਣ ਦੋਹਵੇਂ ਪਹਿਲਾਂ ਤੋਂ ਹੀ ਮੌਜੂਦ ਸਨ। 1920 ਤੋਂ ਲੈ ਕੇ ਸੁਤੰਤਰਤਾ ਸੰਘਰਸ਼ ਵਿਚ ਕਮਿਊਨਿਸਟਾਂ ਦਾ ਅਸਰ ਰਸੂਖ ਉਹਨਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਸੀ। ਵਾਸਤਵ ਵਿਚ ਇਹ ਯਾਦ ਕਰਾਉਣਾ ਯੋਗ ਹੀ ਹੋਵੇਗਾ ਕਿ ਜਿਹੜੀ ਹਿੰਦ ਕਮਿਊਨਿਸਟ ਪਾਰਟੀ ਅਜੇ ਸਥਾਪਤ ਹੋਣੀ ਸੀ, ਉਸਦੇ ਨਾਂਅ ਉੱਤੇ ਜਾਰੀ ਹੋਏ ਮੈਨੀਫੋਸਟੋ ਦੇ ਆਧਾਰ ਉੱਤੇ ਹੀ ਮੌਲਾਨਾ ਹਸਰਤ ਮੋਹਾਨੀ ਨੇ ਕਾਂਗਰਸ ਦੇ 1921 ਦੇ ਅਹਿਮਦਾਬਾਦ ਅਜਲਾਸ ਵਿਚ ਇਹ ਮਤਾ ਪੇਸ਼ ਕੀਤਾ ਸੀ ਕਿ “ਪੂਰਨ ਆਜ਼ਾਦੀ” ਸਾਡੀ ਕੌਮੀ ਲਹਿਰ ਦਾ ਨਿਸ਼ਾਨਾ ਹੋਣੀ ਚਾਹੀਦੀ ਹੈ, ਅਤੇ ਇਹ ਮਹਾਤਮਾ ਗਾਂਧੀ ਸਨ ਜਿਨ੍ਹਾਂ ਦੀ ਜ਼ੋਰਦਾਰ ਵਿਰੋਧਤਾ ਦੇ ਕਾਰਨ ਇਹ ਮਤਾ ਰੱਦ ਗਿਆ ਸੀ।ਇਥੋਂ ਤੱਕ ਕਿ ਜਦੋਂ ਕਾਂਗਰਸ ਦੇ ਮਦਰਾਸ ਅਜਲਾਸ ਵਿਚ ਇਹੀ ਮਤਾ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੌਸ ਅਤੇ ਕਮਉਨਿਸਟਾਂ ਦੇ ਮਿਲਵੇਂ ਯਤਨਾਂ ਦੇ ਸਿੱਟੇ ਵਜੋਂ ਪਾਸ ਹੋ ਗਿਆ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਉੱਤੇ ਅਮਲ ਇਕ ਸਾਲ ਲਈ ਮੁਲਤਵੀ ਕਰਾ ਲਿਆ ਸੀ। ਸੁਤੰਤਰਤਾ ਸੰਗਰਸ਼ ਵਿਚ ਕਮਿਉਨਿਸਟਾਂ ਦਾ ਹਿੱਸਾ ਇਸ ਲੇਖ ਦਾ ਵਿਸਾ ਨਹੀਂ, ਪਰ ਇਹਨਾਂ ਦੇ ਬਹੁਪੱਖੀ ਯੋਗਦਾਨ ਦਾ ਜ਼ਿਕਰ ਜ਼ਰੂਰੀ ਹੈ। ਅਤੇ ਇਹ ਯੋਗਦਾਨ ਸੀ ਜਨਤਕ ਸ਼੍ਰੇਣੀ ਜਥੇਬੰਦੀਆਂ, ਖਾਸ ਤੌਰ ‘ਤੇ ਹਕੀਕੀ ਟਰੇਡ ਯੂਨੀਅਨਾਂ, ਸੋਸ਼ਲਿਜ਼ਮ ਦੇ ਆਦਰਸ਼ਾਂ ਤੇ ਪ੍ਰੋਗਰਾਮ ਦਾ ਪਰਚਾਰ; ਆਜ਼ਾਦੀ ਦੇ ਹਿੱਸੇ ਵਜੋਂ ਤਿੱਖੇ ਸਮਾਜੀ-ਆਰਥਕ ਪ੍ਰੋਗਰਾਮ, ਤਿੱਖੇ ਭੂਮੀ ਸੁਧਾਰ ਤੇ ਬੁਨਿਆਦੀ ਸਨੱਅਤਾਂ ਦਾ ਕੌਮੀਕਰਣ ਅਤੇ ਪੇਂਡੂ ਖੇਤਰਾਂ ਵਿਚ ਜਨਤਕ ਹਥਿਆਰਬੰਦ ਲੜਾਈ।

ਕਮਿਉਨਿਸਟਾਂ ਤੋਂ ਇਲਾਵਾ, ਜਿਹੜੇ 1939-45 ਦੇ ਸਾਲਾਂ ਨੂੰ ਛੱਡਕੇ ਬਾਕੀ ਬਹੁਤਾ ਸਮਾਂ ਗਾਂਧੀ ਵਿਰੋਧੀ ਹੀ ਰਹੇ, ਕੁਝ ਹੋਰ ਸ਼ਖ਼ਸੀਅਤਾਂ ਵੀ ਸਨ ਜੋ ਕਾਂਗਰਸ ਦੇ ਅੰਦਰ ਸੋਸ਼ਲਿਸਟ ਰੁਝਾਣ ਦੇ ਧੁਰੇ ਦਾ ਦਰਜਾ ਰੱਖਦੀਆਂ ਸਨ। ਉਹਨਾਂ ਵਿਚ ਸ਼ਾਮਲ ਸਨ ਜਵਾਹਰ ਲਾਲ ਨਹਿਰੂ, ਜੈ ਪ੍ਰਕਾਸ਼ ਨਰਾਇਣ ਤੇ ਅਚਾਰੀਆ ਨਰਿੰਦਰ ਦੇਵ। ਨਹਿਰੂ ਖਾਸ ਤੌਰ ‘ਤੇ ਇਸ ਪੱਖੋਂ ਬਹੁਤ ਜਬਰਦਸਤ ਹੱਦ ਤੱਕ ਤੇ ਬੜੇ ਵਰਨਣਯੋਗ ਢੰਗ ਨਾਲ ਸਫ਼ਲ ਰਹੇ ਕਿ ਉਹਨਾਂ ਨੇ ਲੱਖਾਂ ਦੇਸ਼ਭਗਤ ਨੌਜਵਾਨਾਂ ਦੀ ਵਿਸ਼ਾਲ ਗਿਣਤੀ ਦੇ ਵਿਚਾਰਾਂ ਵਿਚ ਤਿੱਖੀ ਤਬਦੀਲੀ ਲਿਆਂਦੀ ਤੇ ਉਹਨਾਂ ਨੂੰ ਗ਼ੈਰ-ਗਾਂਧੀਵਾਦੀ ਲੀਹਾਂ ਉੱਤੇ ਤੋਰਿਆ। ਇਸ ਖੇਤਰ ਵਿਚ ਇਸਤੋਂ ਅਗਲਾ ਨਾਂਅ ਹੈ ਇੰਡੀਅਨ ਨੈਸ਼ਨਲ ਆਰਮੀ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜੇ ਕਦੇ ਵੀ ਮਹਾਤਮਾ ਗਾਂਧੀ ਦੇ ਪੈਰੋਕਾਰ ਨਾ ਬਣ ਸਕੇ। ਸਰਦਾਰ ਭਗਤ ਸਿੰਘ, ਜਿਹੜੇ ਕੌਮੀ ਇਨਕਲਾਬੀ ਰੁਝਾਣ ਦੇ ਬਿਹਤਰੀਨ ਪ੍ਰਤਿਨਿਧੀ ਸਨ, ਵੱਲੋਂ ਇਸ ਸੰਬੰਧ ਵਿਚ ਪਾਏ ਗਏ ਹਿੱਸੇ ਦਾ ਪਹਿਲਾਂ ਹੀ ਜ਼ਿਕਰ ਹੋ ਚੁੱਕਾ ਹੈ। ਉਹਨਾਂ ਦੇ ਬਰਾਬਰ ਦੀ ਥਾਂ ਹਾਸਿਲ ਹੈ ਸੂਰੀਯ ਸੇਨ ਤੇ ਉਹਨਾਂ ਦੇ ਸਾਥੀਆਂ ਨੂੰ ਜਿਹਨਾਂ ਨੇ 1930 ਵਿਚ ਚਿਟਾਗਾਂਗ ਅਸਲ੍ਹਾਖ਼ਾਨੇ ਉੱਤੇ ਹਮਲੇ ਦਾ ਦਲੇਰਾਨਾ ਕਾਰਨਾਮਾ ਕਰ ਦਿਖਾਇਆ ਸੀ ਤੇ ਜਿਹੜੇ ਨਾ ਸਿਰਫ਼ ਹਿੰਦੁਸਤਾਨ ਵਿਚ ਵੀ ਸਗੋਂ ਬੰਗਲਾ ਦੇਸ ਵਿਚ ਲੋਕ ਨਾਇਕਾਂ ਵਜੋਂ ਯਾਦ ਕੀਤੇ ਜਾਂਦੇ ਹਨ।
ਵਿਚਾਰਾਂ ਤੇ ਐਕਸ਼ਨਾਂ ਦੇ ਇਹਨਾਂ ਧਾਰਿਆਂ ਨੂੰ ਲੇਖੇ ਵਿਚ ਲਿਆਂਦੇ ਬਿਨਾ ਆਜ਼ਾਦੀ ਲਈ ਹਿੰਦ ਦਾ ਸੰਘਰਸ਼ ਨਾ ਸੋਚਿਆ ਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ ਭਾਵੇਂ ਹੱਕ ਦੀ ਗੱਲ ਇਹੀ ਹੈ ਕਿ ਇਹਨਾਂ ਧਾਰਾਵਾਂ ਵਿਚ ਗਾਂਧੀ ਜੀ ਦੀ ਅਗਵਾਈ ਹੇਠਲੀ ਲਹਿਰ ਨੂੰ ਪ੍ਰਮੁੱਖ ਥਾਂ ਹਾਸਲ ਸੀ।

ਇਸ ਪ੍ਰਮੁੱਖਤਾ ਨੂੰ ਪਰਵਾਨ ਕਰਦਿਆਂ ਹੋਇਆਂ ਵੀ ਉਹਨਾਂ ਜ਼ਬਰਦਸਤ ਅਸਫ਼ਲਤਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਹਨਾਂ ਦਾ ਸ਼ਿਕਾਰ ਅਹਿੰਸਾ ਨੂੰ ਨੀਤੀ ਵਜੋਂ ਹੋਣਾ ਪਿਆ। ਹਿੰਦੂ ਮੁਸਲਮ ਪਾੜੇ ਕਾਰਨ ਲੱਖਾਂ ਲੋਕਾਂ ਦੇ ਹੋਏ ਕਤਲ ਤੇ ਹਿੰਦ ਦੀ ਵੰਡ ਅਤੇ ਇਸਦੇ ਸਿੱਟੇ ਵਜੋਂ ਹੋਇਆ ਬੇਪਨਾਹ ਖ਼ੂਨ ਖਰਾਬਾ ਮਹਾਤਮਾ ਗਾਂਧੀ ਦੀਆਂ ਇਹਨਾਂ ਆਸਾਂ ਦੀ ਕਤਈ ਸ਼ਿਕਸਤ ਸੀ ਕਿ ਬਰਤਾਨੀਆ ਤੋਂ ਹਕੂਮਤ ਅਨੁਸ਼ਾਸਤ ਅਤੇ ਮੁਕਾਬਲਤਨ ਪੁਰਅਮਨ ਢੰਗ ਨਾਲ ਹਾਸਿਲ ਕਰ ਲਈ ਜਾਏਗੀ। ਉਹਨਾਂ ਇਸ ਗੱਲ ਨੂੰ ਪਰਵਾਨ ਕਰਨ ਦੀ ਈਮਾਨਦਾਰੀ ਵੀ ਦਿਖਾਈ ਜਦੋਂ ਆਲ ਇੰਡੀਆ ਰੇਡੀਓ ਨੇ ਉਹਨਾਂ ਤੋਂ ਰਾਸ਼ਟਰ ਪਿਤਾ ਵਜੋਂ ਆਜ਼ਾਦੀ ਦਿਵਸ ਬਾਰੇ ਕੋਈ ਸਨੇਹਾ ਦੇਣ ਲਈ ਕਿਹਾ ਤਾਂ ਉਹਨਾਂ ਇਹ ਆਖਦਿਆਂ ਨਾਂਹ ਕਰ ਦਿੱਤੀ, “ਅੰਦਰ ਪੂਰੀ ਤਰ੍ਹਾਂ ਹਨੇਰਾ ਪਸਰਿਆ ਹੋਇਆ ਹੈ ਅਤੇ ਜੋ ਕੁਝ ਹੋ ਰਿਹਾ ਹੈ ਜੇ ਉਹ ਮੰਦਾ ਹੈ ਤਾਂ ਇਸਨੂੰ ਮੰਦਾ ਹੀ ਰਹਿਣ ਦਿਓ।”

ਪ੍ਰੋ. ਨਿਰਮਲ ਕੁਮਾਰ ਬੋਸ, ਜਿਹੜੇ ਗਾਂਧੀ ਜੀ ਦੇ ਦਾਨਸ਼ਵਰ ਪੈਰੋਕਾਰ ਅਤੇ ਸਿਰਕੱਢ ਭਾਰਤੀ ਮਾਨਵ-ਵਿਗਿਆਨੀ ਸਨ, ਨੇ ਉਸ ਵੇਲੇ ਦੇ ਦੁਖਦਾਈ ਵਾਕਿਆਤ ਦਾ ਅੱਖੀਂ ਡਿੱਠਾ ਹਾਲ ਕਲਮਬੰਦ ਕੀਤਾ, ਜਦੋਂ ਉਹ 1947 ਵਿਚ ਕਲਕੱਤੇ ਵਿਚ ਗਾਂਧੀ ਜੀ ਦੇ ਨਾਲ ਸਨ। ਫਿਰਕੂ ਫਸਾਦਾਂ ਦੀ ਹਨੇਰੀ ਝੁੱਲ ਰਹੀ ਸੀ। ਇਕ ਸ਼ਾਮ ਦੀ ਗੱਲ ਹੈ, ਹਿੰਦੂ ਨੌਜਵਾਨਾਂ ਦਾ ਇਕ ਜਥਾ ਮਹਾਤਮਾ ਦੇ ਨਿਵਾਸ ਦੇ ਬਾਹਰ ਆਇਆ ਤੇ ਕਹਿਣ ਲੱਗਾ ਕਿ ਉਹ ਗਾਂਧੀ ਜੀ ਦੀ ਆਸ਼ੀਰਵਾਦ ਚਾਹੁੰਦੇ ਹਨ। ਉਹਨਾਂ ਕੋਲ ਬੰਦੂਕਾਂ ਵੀ ਸਨ ਤੇ ਬੰਬ ਵੀ। ਉਹਨਾਂ ਦੱਸਿਆ ਕਿ ਉਹ ਇਹਨਾਂ ਹਥਿਆਰਾਂ ਨਾਲ ਮੁਸਲਮਾਨਾਂ ਦੀ ਰਾਖੀ ਕਰਨਗੇ। ਉਹਨਾਂ ਗਾਂਧੀ ਜੀ ਨੂੰ ਮਿਲੇ ਬਿਨਾ ਹਿੱਲਣ ਤੋਂ ਨਾਂਹ ਕਰ ਦਿੱਤੀ। ਨਾਅਰਿਆਂ ਦਾ ਸ਼ੋਰ ਸੁਣਕੇ ਗਾਂਧੀ ਜੀ ਬਾਹਰ ਆਏ, ਉਹਨਾਂ ਦੀ ਗੱਲ ਸੁਣੀ ਤੇ ਇਹ ਆਖਕੇ ਉਹਨਾਂ ਨੂੰ ਅਸ਼ੀਰਵਾਦ ਦਿੱਤੀ, “ਜਿਥੇ ਮੈਂ ਅਸਫ਼ਲ ਰਿਹਾ ਹਾਂ, ਤੁਸੀਂ ਆਪਣੇ ਜਤਨ ਕਰ ਦੇਖੋ।”

ਪਿਆਰੇ ਲਾਲ ਤੇ ਮਾਈਕਲ ਬ੍ਰੈਸ਼ਰ ਨੇ ਵੀ ਲਿਖਿਆ ਹੈ ਕਿ ਜਦੋਂ ਬਰਤਾਨਵੀ ਪ੍ਰਤਿਨਿਧਾਂ ਤੇ ਕਾਂਗਰਸੀ ਆਗੂਆਂ ਵਿਚਾਲੇ ਗੱਲਬਾਤ ਚਲ ਰਹੀ ਸੀ ਅਤੇ ਇਹ ਸਪਸ਼ਟ ਹੋ ਗਿਆ ਸੀ ਕਿ ਹਿੰਦੁਸਤਾਨ ਦੀ ਵੰਡ ਹੋਣ ਵਾਲੀ ਹੈ, ਗਾਂਧੀ ਜੀ ਨੇ ਸੁਝਾਅ ਦਿੱਤਾ ਸੀ ਕਿ ਇਸ ਵਾਰ 1942 ਦੀ “ਹਿੰਦੁਸਤਾਨ ਛੱਡੋ” ਲਹਿਰ ਨਾਲੋਂ ਵੀ ਵਿਸ਼ਾਲ ਪੱਧਰ ਦਾ ਲੋਕ ਸੰਘਰਸ਼ ਛੇੜਿਆ ਜਾਏ। ਪਰ ਉਹਨਾਂ ਦੇ ਸਾਰੇ ਹੀ ਲੈਫਟੀਨੈਂਟਾਂ-ਨਹਿਰੂ, ਪਟੇਲ, ਕਿਰਪਲਾਨੀ, ਰਾਜਿੰਦਰ ਪ੍ਰਸਾਦ-ਨੇ ਇਸ ਸੁਝਾਅ ਨੂੰ ਪਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਸੀ ਕਿ “ਜੇਲ੍ਹਾਂ ਭਰਨ ਦੇ ਦਿਨ ਹੁਣ ਬੀਤ ਚੁੱਕੇ ਹਨ।” ਪਰ ਜਦੋਂ 1946 ਵਿਚ ਰਾਇਲ ਇੰਡੀਅਨ ਨੇਵੀ ਵਿਚ ਬਗ਼ਾਵਤ ਹੋਈ ਅਤੇ ਇਸਦੀ ਹਮਾਇਤ ਵਿਚ ਬੰਬਈ ਦੇ ਮਜ਼ਦੂਰਾਂ ਨੇ ਅਨਿਸ਼ਚਿਤ ਹੜਤਾਲ ਕੀਤੀ ਅਤੇ ਇਸ ਤਰ੍ਹਾਂ ਹਿੰਦੂ-ਮੁਸਲਮ ਏਕਤਾ ਸੰਘਰਸ਼ ਦੀ ਅਗਨ ਕੁਠਾਲੀ ਵਿਚੋਂ ਮਜ਼ਬੂਤ ਹੋ ਕੇ ਨਿਕਲੀ ਤਾਂ ਮਹਾਤਮਾ ਗਾਂਧੀ ਨੇ ਇਸਨੂੰ “ਲਾਲ ਤਬਾਹੀ” ਦੱਸਿਆ ਅਤੇ ਇਸ “ਮੋਰਚਾਬੰਦੀ ਦੀ ਏਕਤਾ” ਦੀ ਨਿੰਦਾ ਕੀਤੀ ਤੇ ਅਤੇ ਕਿਹਾ ਕਿ ਜੇ ਹਿੰਦ ਦੀ ਆਜ਼ਾਦੀ ਦਾ ਇਹੀ ਰਾਹ ਹੈ ਤਾਂ ਮੈਨੂੰ 125 ਸਾਲ ਤੱਕ ਜਿਉਣ ਦੀ ਕੋਈ ਇੱਛਾ ਨਹੀਂ।

ਪਰ ਉਹ ਆਪਣੇ ਵੱਲੋਂ ਹਾਲਾਤ ਦਾ ਕੋਈ ਬਦਲ ਪੇਸ਼ ਨਾ ਕਰ ਸਕੇ। ਉਹਨਾਂ ਨੂੰ ਆਪ ਅੱਗੇ ਆ ਕੇ ਕਾਂਗਰਸੀ ਸਫਾਂ ਨੂੰ ਇਸ ਗੱਲ ਲਈ ਪ੍ਰੇਰਨਾ ਪਿਆ ਕਿ ਉਹ ਉਸ ਨਿਪਟਾਰੇ ਨੂੰ ਪਰਵਾਨ ਕਰ ਲੈਣ ਜਿਸਨੂੰ ਇਤਹਾਸ ਵਿਚ ‘ਸੱਤਾ ਦੀ ਤਬਦੀਲੀ’ ਜਾਂ ‘ਮਾਉਂਟਬੈਟਨ ਪਲੈਨ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜਿਤਨੀ ਤੇਜ਼ੀ ਨਾਲ ਕਾਂਗਰਸ ਦਾ ਪਤਨ ਹੋਇਆ, ਉਸਨੇ ਉਹਨਾਂ ਨੂੰ ਐਨਾ ਮਾਯੂਸ ਕੀਤਾ ਕਿ ਉਹਨਾਂ ਕਾਂਗਰਸ ਨੂੰ ਭੰਗ ਕਰਨ ਅਤੇ ਉਸਦੀ ਥਾਂ ਲੋਕ ਸੇਵਕ ਸੰਘ ਕਾਇਮ ਕਰਨ ਦਾ ਸੱਦਾ ਦਿੱਤਾ। ਅੰਤ ਵਿਚ ਉਹਨਾਂ ਨੂੰ ਨਥੂ ਰਾਮ ਗਾਡਸੇ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ, ਉਹਨਾਂ ਦਾ ਕਾਤਲ ਆਪਣੇ ਆਪ ਨੂੰ ਗਾਂਧੀ ਜੀ ਨਾਲੋਂ ਵਧੇਰੇ ਬਿਹਤਰ ਹਿੰਦੂ ਸਮਝਦਾ ਸੀ। ਪਰ ਜਦੋਂ ਉਹਨਾਂ ਦਾ ਦਿਹਾਂਤ ਹੋਇਆ ਤਾਂ ਲੱਖਾਂ ਕਰੋੜਾਂ ਲੋਕਾਂ ਨੇ ਜਿਸ ਢੰਗ ਨਾਲ ਸੋਗ ਮਾਨਇਆ ਉਸਨੂੰ ਇਸ ਦੇਸ ਨੇ ਇਸਤੋਂ ਪਹਿਲਾਂ ਨਾ ਕਦੇ ਦੇਖਿਆ ਸੀ ਤੇ ਨਾ ਹੁਣ ਤੱਕ ਦੇਖਿਆ ਹੈ। ਉਹਨਾਂ ਦੀ ਸ਼ਿਕਰਤ ਦੇ ਸਮੇਂ ਉਹਨਾਂ ਨੂੰ ਐਨੀ ਵਿਆਪਕ ਸ਼ਰਧਾਜਲੀਂ ਕਿਉਂ?

ਲੋਕਾਂ ਵਲੋਂ ਗਾਂਧੀ ਜੀ ਨੂੰ ਇਸ ਲਾਮਿਸਾਲ ਸ਼ਰਧਾਂਜਲੀ ਦਾ ਕਾਰਨ ਗਾਂਧੀਵਾਦ ਦਾ ਅਮਿੱਟ ਵਿਰਸਾ ਹੈ। ਅਤੇ ਇਹ ਵਿਰਸਾ ਅੱਜ ਵੀ ਓਨਾ ਹੀ ਪਰਸੰਗਕ ਹੈ।

ਮਹਾਤਮਾ ਗਾਂਧੀ ਨੇ 1937 ਦੇ ਪਹਿਲੇ ਅੱਧ ਵਿਚ ਆਪ ਵੀ ਹਰੀਜਨ ਵਿਚ ਲਿਖਿਆ ਸੀ, “ਮੇਰੀਆਂ ਲਿਖਤਾਂ ਦਾ ਮੇਰੀ ਦੇਹ ਦੇ ਨਾਲ ਹੀ ਸੰਸਕਾਰ ਕਰ ਦਿੱਤਾ ਜਾਏ। ਜੋ ਕੁਝ ਮੈਂ ਲਿਖਿਆ ਜਾ ਕਿਹਾ, ਉਹ ਨਹੀਂ ਸਗੋਂ ਜੋ ਕੁਝ ਮੈਂ ਕੀਤਾ, ਉਹੀ ਕਾਇਮ ਰਹੇਗਾ। ਇਸ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਦਿਲੋਂ ਨਿਕਲੀ ਆਵਾਜ਼ ਇਹ ਸੀ, “ਮੈਂ ਤਾਂ ਕਸ਼ਮਕਸ਼ ਵਿਚੋਂ ਲੰਘ ਰਹੀ ਇਕ ਨਿਮਾਣੀ ਜਿਹੀ ਰੂਹ ਹਾਂ ਜਿਹੜੀ ਪੂਰੀ ਤਰ੍ਹਾਂ ਨੇਕ ਹੋਣਾ ਤਾਂਘਦੀ ਹੈ।”

ਜਿਸ ਗੱਲ ਨੇ ਉਹਨਾਂ ਨੂੰ ਮਹਾਨ ਬਣਾਇਆ, ਉਹ ਸੀ ਉਹਨਾਂ ਦਾ ਹਿੰਦ ਲਈ ਅਤੇ ਇਸਦੇ ਗਰੀਬਾਂ ਲਈ ਪਿਆਰ, ਜਿਹੜੇ ਜ਼ਿਆਦਾਤਰ ਪਿੰਡਾਂ ਵਿਚ ਵਸਦੇ ਸਨ। ਇਕ ਸਾਲ ਪਹਿਲਾਂ, ਜਿਸ ਤਰ੍ਹਾਂ ਉਹਨਾਂ ਹਰੀਜਨ ਵਿਚ ਲਿਖਿਆ ਸੀ, “ਮੇਰਾ ਧਰਮ ਪਰਮਾਤਮਾ ਦੀ ਤੇ ਇਸ ਤਰ੍ਹਾਂ ਗਰੀਬਾਂ ਦੀ ਸੇਵਾ ਕਰਨਾ ਹੈ। ਮੈਂ ਕੇਵਲ ਸਮੁੱਚੀ ਲੋਕਾਈ ਦਾ ਹਿੱਸਾ ਹੀ ਹਾਂ। ਮੈਂ ਪਰਮਾਤਮਾ ਨੂੰ ਮਨੁੱਖਤਾ ਨਾਲੋਂ ਵੱਖਰਾ ਕਰਕੇ ਨਹੀਂ ਪਾ ਸਕਦਾ। ਮੇਰੇ ਦੇਸ਼ਵਾਸੀ ਹੀ ਮੇਰੇ ਨੇੜਲੇ ਗਵਾਂਢੀ ਹਨ ਅਤੇ ਉਹ ਐਨੇ ਬੇਬੱਸ, ਐਨੇ ਸਾਧਨਹੀਣ, ਐਨੇ ਸਿਥਲ ਹੋ ਗਏ ਹਨ ਕਿ ਮੈਨੂੰ ਆਪਣਾ ਸਾਰਾ ਧਿਆਨ ਉਹਨਾਂ ਦੀ ਸੇਵਾ ਵੱਲ ਦੇਣਾ ਪੈਣਾ ਹੈ।

ਇਹ ਅਧੁਨਿਕ ਹਿੰਦੁਸਤਾਨ ਦੀ ਇਕ ਹੋਰ ਮਹਾਨ ਆਤਮਾ ਸੀ, ਜਿਹੜੀ ਗਾਂਧੀ ਜੀ ਨਾਲ ਮੱਤਭੇਦ ਵੀ ਰੱਖਦੀ ਸੀ ਅਤੇ ਉਹਨਾਂ ਨੂੰ ਸਮਝਦੀ ਵੀ ਸੀ। ਇਹ ਆਤਮਾ ਸੀ ਰਾਬਿੰਦਰਨਾਥ ਟੈਗੋਰ ਜਿਸਦਾ ਲੋਕਾਂ ਦੇ ਦਿਲਾਂ ਉੱਤੇ ਓਨਾ ਹੀ ਰਾਜ ਸੀ ਜਿਨਾ ਮਹਾਤਮਾ ਗਾਂਧੀ ਦਾ। ਉਹਨਾਂ ਆਪਣੀਆਂ ਲਿਖਤਾਂ ਵਿਚ ਗਾਂਧੀਵਾਦੀ ਲਹਿਰ ਦੀ ਬੌਧਿਕਤਾ-ਵਿਰੋਧੀ ਤੇ ਤੰਗਨਜ਼ਰ ਸੋਚ ਦੀ ਤੇ ਇਥੋਂ ਤੱਕ ਕਿ ਖੁਦ ਗਾਂਧੀ ਜੀ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ ਅਤੇ ਜਦੋਂ ਮਹਾਤਮਾ ਗਾਂਧੀ ਨੇ 1934 ਵਿਚ ਬਿਹਾਰ ਦੇ ਭਿਆਨਕ ਭੁਚਾਲ ਨੂੰ ਈਸ਼ਵਰੀ ਕਰੋਪੀ ਆਖਿਆ ਸੀ ਤਾਂ ਟੈਗੋਰ ਨੇ ਇਸ ਉੱਤੇ ਸਖ਼ਤ ਰੋਹ ਦਾ ਪ੍ਰਗਟਾਵਾ ਕੀਤਾ ਸੀ। 1921 ਵਿਚ ‘ਮਾਡਰਨ ਇੰਡੀਆ’ ਵਿਚ ਲਿਖਦਿਆਂ ਉਹਨਾਂ ਚਰਖਾ ਕੱਤਣ ਰਾਹੀਂ ਆਜ਼ਾਦੀ ਹਾਸਲ ਕਰਨ ਦੇ ਗਾਂਧੀ ਜੀ ਦੇ ਸੱਦੇ ਦੀ ਨੁਕਤਾਚੀਨੀ ਕੀਤੀ ਸੀ ਪਰ ਨਾਲ ਹੀ ਲਿਖਿਆ ਸੀ ਕਿ ਗਾਂਧੀ ਜੀ ਉਹੀ ਕੁਝ ਹਨ ਜੋ ਕੁਝ ਉਹ ਹੋ ਸਕਦੇ ਹਨ। ਉਹਨਾਂ ਲਿਖਿਆ ਸੀ, “ਮਾਇਆ ਅਨ੍ਹੇਰੇ ਦਾ ਦੂਸਰਾ ਨਾਂਅ ਹੀ ਤਾਂ ਹੈ। ਕੋਈ ਘੋੜਾ, ਭਾਵੇਂ ਉਹ ਕਿੰਨਾ ਵੀ ਤੇਜ਼ ਰਫ਼ਤਾਰ ਕਿਉਂ ਨਾ ਹੋਵੇ, ਸਾਨੂੰ ਇਸ ਅਨ੍ਹੇਰੇ ਤੋਂ ਪਾਰ ਨਹਂੀਂ ਲਿਜਾ ਸਕਦਾ ਅਤੇ ਕਿੰਨੀ ਵੀ ਮਾਤਰਾ ਵਿਚ ਪਾਣੀ ਇਸ ਅਨ੍ਹੇਰੇ ਨੂੰ ਧੋ ਨਹੀਂ ਸਕਦਾ। ਸੱਚ ਇਕ ਚਿਰਾਗ਼ ਵਾਂਗ ਹੈ। ਜਦੋਂ ਇਹ ਜਗ ਉੱਠਦਾ ਹੈ ਤਾਂ ਅਨ੍ਹੇਰਾ ਆਪਣੇ ਆਪ ਦੂਰ ਹੋ ਜਾਂਦਾ ਹੈ। ਜੇ ਅਸੀਂ ਆਪਣੇ ਦੇਸ ਦੇ ਰੂਪ ਵਿਚ ਸੱਚ ਨੂੰ ਆਪਣੇ ਅੰਦਰ ਵਸਾ ਲਈਏ ਤਾਂ ਸਾਡੀ ਬਾਹਰਲੀ ਮਾਇਆ ਆਪਣੇ ਆਪ ਅਲੋਪ ਹੋ ਜਾਏਗੀ। ਅਸੀਂ ਸਾਰੇ ਹੀ ਤਾਂ ਹਾਂ ਜਿਸਨੂੰ ਅਸੀਂ ਆਪਣਾ ਦੇਸ ਕਹਿੰਦੇ ਹਾਂ। ਲੋੜ ਕੇਵਲ ਇਸ ਵਿਸ਼ਵਾਸ ਨੂੰ ਦੁਹਰਾਉਣ ਦੀ ਹੈ ਕਿ ਅਸਾਂ ਆਪਣੇ ਦੇਸ ਨੂੰ ਸਾਕਾਰ ਬਣਾਉਣਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਡੇ ਵਿਚੋਂ ਹਰ ਇਕ ਨੂੰ ਹਿੰਮਤ ਕਰਨੀ ਪੈਣੀ ਹੈ। ਹਰ ਇਕ ਵਾਸਤਵਿਕ ਦਾ ਸੱਚਾ ਦੇਸ਼ ਉਹੀ ਹੈ ਜਿਸਨੂੰ ਉਸਨੇ ਆਪਣੀਆਂ ਸ਼ਕਤੀਆਂ ਨੂੰ ਆਪਣੇ ਅੰਦਰੋਂ ਜਗਾ ਕੇ ਸਿਰਜਿਆ ਹੋਵੇ: ਸਿਰਜਣਾ ਦਾ ਕਾਰਜ ਆਪਣੇ ਆਪ ਵਿਚ ਸੱਚ ਨੂੰ ਸਾਕਾਰ ਕਰਨ ਵਾਂਗ ਹੁੰਦਾ ਹੈ…

“ਮਹਾਤਮਾ ਗਾਂਧੀ ਆਏ ਤੇ ਲੱਖਾਂ ਵਿਰਵੇ ਲੋਕਾਂ ਦੀ ਕੁਟੀਆ ਅੱਗੇ ਜਾ ਖੜ੍ਹੇ ਹੋਏ। ਉਹਨਾਂ ਦਾ ਪਹਿਰਾਵਾ ਵਿਰਵੇ ਲੋਕਾਂ ਜਿਹਾ ਹੈ ਤੇ ਉਹ ਉਹਨਾਂ ਦੀ ਬੋਲੀ ਹੀ ਬੋਲਦੇ ਹਨ। ਅੰਤ ਨੂੰ ਅਸੀਂ ਸੱਚ ਨੂੰ ਸਾਕਾਰ ਦੇਖ ਰਹੇ ਹਾਂ। ਇਹ ਕਿਸੇ ਕਿਤਾਬ ਵਿਚੋਂ ਪੇਸ਼ ਕੀਤੇ ਹਵਾਲੇ ਵਾਂਗ ਨਹੀਂ। ਉਸਨੂੰ ਦਿੱਤਾ ਗਿਆ ਮਹਾਤਮਾ ਦਾ ਨਾਂਅ ਉਸਦਾ ਅਸਲ ਨਾਂਅ ਹੈ। ਹੋਰ ਕੌਣ ਹੈ ਜਿਸਨੇ ਐਨੇ ਮਰਦ ਔਰਤਾਂ ਨੂੰ ਆਪਣਾ ਹੀ ਲਹੂ ਤੇ ਮਾਸ ਸਮਝਿਆ ਹੋਵੇ? ਸੱਚ ਦੀ ਛੋਹ ਨਾਲ ਆਤਮਾ ਦੀਆਂ ਦੱਬੀਆਂ ਹੋਈਆਂ ਸ਼ਕਤੀਆਂ ਜਾਗ ਉੱਠੀਆਂ ਹਨ। ਜਿਵੇਂ ਹੀ ਸੱਚੇ ਪਿਆਰ ਨਾਲ ਉਸਨੇ ਹਿੰਦ ਦੇ ਦਵਾਰ ਉੱਤੇ ਹੋਕਾ ਦਿੱਤਾ, ਇਹ ਦਵਾਰ ਆਪਣੇ ਆਪ ਖੁੱਲ੍ਹ ਗਿਆ, ਸਾਰੀਆਂ ਹਿਚਕਚਾਹਟਾਂ ਤੇ ਸਾਰੀਆਂ ਰੋਕਾਂ ਦੂਰ ਹੋ ਗਈਆਂ। ਸੱਚ ਨੇ ਸੱਚ ਜਗਾ ਦਿੱਤਾ… ਜਿਹੜੀ ਗੱਲ ਸਭ ਤੋਂ ਵੱਧ ਮਹੱਤਵਪੂਰਨ ਹੈ ਉਹ ਇਹ ਹੈ ਕਿ ਮਹਾਤਮਾ ਦੇ ਸਰਵਉੱਚ ਪਿਆਰ ਨੇ ਦੇਸ ਦੇ ਪਿਆਰ ਨੂੰ ਆਪਣੇ ਅੰਦਰ ਵਸਾ ਲਿਆ ਹੈ। ਇਸ ਸਾਰੇ ਕੁਝ ਦੇ ਕਾਰਨ ਜੋ ਕੁਝ ਹੋਇਆ ਹੈ ਉਹ ਆਜ਼ਾਦੀ ਦੇ ਜਨਮ ਤੋਂ ਘੱਟ ਨਹੀਂ ਅਤੇ ਇਹ ਆਪਣੇ ਆਪ ਵਿਚ ਦੇਸ਼ ਦੀ ਪ੍ਰਾਪਤੀ ਹੈ।”

“ਮਹਾਤਮਾ ਨੇ ਆਪਣੇ ਪਿਆਰ ਨਾਲ ਹਿੰਦ ਦਾ ਦਿਲ ਜਿੱਤ ਲਿਆ ਹੈ; ਇਸ ਦੇ ਲਈ ਅਸੀਂ ਉਸਦੀ ਸਰਦਾਰੀ ਪਰਵਾਨ ਕਰ ਚੁੱਕੇ ਹਾਂ। ਉਸਨੇ ਸਾਨੂੰ ਸੱਚ ਦੀ ਸ਼ਕਤੀ ਪ੍ਰਤੱਖ ਕਰਕੇ ਦਿਖਾ ਦਿੱਤੀ ਹੈ; ਇਸਦੇ ਲਈ ਅਸੀਂ ਉਸ ਨੂੰ ਆਪਣਾ ਲੱਖ ਲੱਖ ਸ਼ੁਕਰਾਨਾ ਪੇਸ਼ ਕਰਦੇ ਹਾਂ । ਅਸਾਂ ਸੱਚ ਦਾ ਜ਼ਿਕਰ ਕਿਤਾਬਾਂ ਵਿਚ ਪੜ੍ਹਿਆ ਸੀ। ਪਰ ਸਾਡੇ ਲਈ ਇਹ ਯਾਦਗਾਰੀ ਚਿੰਨ੍ਹ ਬਣ ਗਿਆ ਹੈ ਕਿ ਅਸੀਂ ਇਸਨੂੰ ਆਪਣੇ ਰੂ-ਬ-ਰੂ ਦੇਖ ਰਹੇ ਹਾਂ। ਤਿਲਕ ਸਮੇਤ ਬਹੁਤ ਸਾਰੇ ਆਗੂਆਂ ਨੇ ਇਸਦੇ ਕਿਸੇ ਇਸ ਜਾਂ ਉਸ ਪੱਖ ਦੀ ਝਲਕ ਹੀ ਦੇਖੀ ਸੀ। ਹੋਰਨਾਂ ਨੇ ਜਿਸ ਗੱਲ ਵੱਲ ਧਿਆਨ ਦੁਆਇਆ ਉਹ ਇਹ ਸੀ ਕਿ ਸਾਮਰਾਜਸ਼ਾਹੀ ਦੇ ਖਿਲਾਫ਼ ਤੇ ਸ਼ੋਸਲਿਜ਼ਮ ਲਈ ਸੰਘਰਸ਼ ਵਾਸਤੇ ਸੰਸਾਰ ਵਿਆਪੀ ਪ੍ਰਕਿਰਿਆ ਦੀਆਂ ਮੁਆਫ਼ਕ ਹਾਲਤਾਂ ਜ਼ਰੂਰੀ ਹਨ ਪਰ ਉਹਨਾਂ ਦਾ ਜ਼ੋਰ ਵਧੇਰੇ ਕਰਕੇ ਮੁਆਫ਼ਕ ਹਾਲਤਾਂ ਉੱਤੇ ਹੁੰਦਾ ਸੀ। ਕੁਝ ਹੋਰਨਾਂ ਨੇ ਸਮਾਜੀ ਵੰਡੀਆਂ ਉੱਤੇ ਉਚੇਚਾ ਜ਼ੋਰ ਦਿੱਤਾ। ਜਿਸਦੇ ਪਰਮਾਣ ਦਾ ਆਧਾਰ ਉਹ ਅਜਿਹੇ ਦੇਸ਼ਾਂ ਦੇ ਤਜਰਬਿਆਂ ਨੂੰ ਬਣਾਉਂਦੇ ਸਨ ਜਿਥੇ ਸ਼੍ਰੇਣੀ ਵੰਡ ਪੱਕ ਚੁੱਕੀ ਸੀ ਅਤੇ ਭਾਰੂ ਹਕੀਕਤ ਬਣ ਚੁੱਕੀ ਸੀ।

ਜੇ ਹਿੰਦ ਨੇ ਆਪਣੇ ਆਪ ਨੂੰ ਪਹਿਚਾਨਣਾ ਸੀ ਅਤੇ ਕਾਯਾਕਲਪ ਰਾਹੀਂ ਆਪਣੇ ਆਪ ਨੂੰ ਸਾਕਾਰ ਕਰਨਾ ਸੀ ਤਾਂ ਇਸਦੇ ਲਈ ਹਿੰਦ ਦਾ ਗਿਆਨ ਪਹਿਲੀ ਸ਼ਰਤ ਸੀ। ਹਿੰਦ ਦੀ ਮਹਾਨ ਸੱਭਿਆਤਮਕ ਹੋਂਦ ਸੱਜਰੀ ਕਾਯਾਕਲਪ ਦੀ ਉਡੀਕ ਵਿਚ ਸੀ। ਠੀਕ ਇਹਨਾਂ ਅਰਥਾਂ ਵਿਚ ਹੀ ਗਾਂਧੀ ਜੀ ਨੇ ਸਮੇਂ ਨੂੰ ਪਛਾਣਿਆਂ, ਇਸਦਾ ਨਿਰੂਪਣ ਕੀਤਾ ਤੇ ਇਸਨੂੰ ਜਗਾਇਆ। ਇਹ ਕੇਵਲ ਕੌਮਪ੍ਰਸਤੀ ਨਹੀਂ ਸੀ ਸਗੋਂ ਇਸਤੋਂ ਕੁਝ ਵਧੇਰੇ ਸੀ ਤੇ ਇਸਨੂੰ ਆਪਣਾ ਆਪ ਹੋਣ ਲਈ ਅਪਣੇ ਤੋਂ ਕੁਝ ਵੱਧ ਹੋਣਾ ਜ਼ਰੂਰੀ ਸੀ। ਪਹਿਲੇ ਪੱਖ ਨੂੰ ਗਾਂਧੀ ਜੀ ਨੇ ਬੁਝਾ ਲਿਆ ਸੀ ਪਰ ਦੂਸਰਾ ਪੱਖ ਉਹਨਾਂ ਦੀ ਗ੍ਰਿਫਤ ਵਿਚ ਨਾ ਆ ਸਕਿਆ।

ਇਸ ਮਾਮਲੇ ਵਿਚ ਕੇਵਲ ਦੋ ਹੀ ਸ਼ਖ਼ਸੀਅਤਾਂ ਹਨ ਜਿਨ੍ਹਾਂ ਨਾਲ ਉਹਨਾਂ ਦੀ ਤੁਲਨਾ ਹੋ ਸਕਦੀ ਹੈ। ਇਕ ਮਾਓ ਜੇ ਤੁੰਗ ਤੇ ਦੂਸਰੇ ਹੋ ਚੀ ਮਿੰਨ੍ਹ। ਪਹਿਲੀ ਸ਼ਖ਼ਸੀਅਤ ਅਖੀਰ ਵਿਚ ਥਿੜਕ ਗਈ ਭਾਵੇਂ ਗਾਂਧੀ ਜੀ ਨਾਲੋਂ ਵੱਖਰੇ ਢੰਗ ਨਾਲ ਦੂਸਰੀ ਸ਼ਖ਼ਸੀਅਤ ਅਖੀਰ ਤੋਂ ਹੋਰ ਅੱਗੇ ਤੱਕ ਜਾ ਸਕੀ ਭਾਵੇਂ ਉਸਦੀ ਸਰਗਰਮੀ ਗਾਂਧੀ ਅਤੇ ਮਾਓ ਨਾਲੋਂ ਗੁਣਾਤਾਮਕ ਤੌਰ ‘ਤੇ ਛੋਟੇ ਪਨ੍ਹੇ ਦੀ ਸੀ। ਮਰਹੂਮ ਕੇ। ਦਮੋਦਰਨ ਨੇ 1963 ਵਿਚ ਹੋਨਈ ਵਿਚ ਹੋ ਚੀ ਮਿੰਨ੍ਹ ਨਾਲ ਗੱਲਬਾਤ ਰਿਕਾਰਡ ਕੀਤੀ ਸੀ। ਉਹਨਾਂ ਵੀਅਤਨਾਮੀ ਆਗੂ ਨੂੰ ਪੁੱਛਿਆ ਸੀ ਕਿ ਕੀ ਕਾਰਨ ਹੈ ਕਿ ਹਿੰਦੁਸਤਾਨ ਦੇ ਕਮਿਉਨਿਸਟ ਵੀਅਤਨਾਮੀ ਕਮਿਉਨਿਸਟਾਂ ਦੇ ਮੁਕਾਬਲੇ ਉੱਤੇ ਬਹੁਤ ਹੀ ਊਣੇ ਨਤੀਜੇ ਪੈਦਾ ਕਰ ਸਕੇ। ਹੋ ਚੀ ਮਿੰਨ੍ਹ ਦਾ ਉੱਤਰ ਸੀ ਕਿ ਹਿੰਦੁਸਤਾਨ ਵਿਚ ਕਮਿਉਨਿਸਟਾਂ ਨੂੰ ਗਾਂਧੀ ਜੀ ਦਾ ਮੁਕਾਬਲਾ ਕਰਨਾ ਪਿਆ ਜਦਕਿ ਵੀਅਤਨਾਮ ਵਿਚ ਉਹ ਆਪ ਗਾਂਧੀ ਸੀ। ਇਸਤੋਂ ਪਹਿਲਾਂ ਹੋ ਚੀ ਮਿੰਨ੍ਹ ਨੇ ਆਪਣੇ ਆਪ ਨੂੰ ਗਾਂਧੀ ਜੀ ਦਾ ਪੈਰੋਕਾਰ ਦੱਸਿਆ ਸੀ। ਪ੍ਰਤੱਖ ਤੌਰ ‘ਤੇ ਅਹਿੰਸਾਵਾਦ ਪੱਖੋ ਨਹੀਂ -ਪਰ ਹਕੀਕਤ ਨੂੰ ਉਸਦੇ ਸਮੁੱਚੇ ਰੂਪ ਵਿਚ ਸਮਝਣ ਦੇ ਪੱਖੋਂ ਨਿਸਚੇ ਹੀ।

ਇਹ ਕਹਿਣਾ ਕਿੰਨਾ ਸਰਲ ਜਾਪਦਾ ਹੈ ਕਿ ਹਿੰਦੁਸਤਾਨ ਪੂਰਾ ਹੀ ਤਾਂ ਹੈ। ਪਰ ਅਜਿਹੀਆਂ ਸੱਚਾਈਆਂ ਦੀ ਸਰਲਤਾ ਇਕ ਅਜਿਹੀ ਚੀਜ਼ ਹੈ ਜਿਸਦੀ ਹਾਥ ਮਹਾਨ ਆਤਮਾਵਾਂ ਹੀ ਪਾ ਸਕਦੀਆਂ ਹਨ ਅਤੇ ਇਸ ਤੋਂ ਲੱਖਾਂ ਕਰੋੜਾਂ ਲੋਕਾਂ ਨੂੰ ਸੁਚੇਤ ਕਰ ਸਕਦੀਆਂ ਹਨ। ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਵਿਚ ਹਿੰਦ ਵਿਚ ਬਹੁਤ ਕੁਝ ਬਦਲ ਚੁੱਕਾ ਹੈ। ਪੂੰਜੀਵਾਦੀ ਸ਼੍ਰੇਣੀ ਦੇ ਵਿਕਸਤ ਹੋਣ ਨਾਲ ਸ਼੍ਰੇਣੀ ਵਖਰੇਵੇਂ ਵਧੇਰੇ ਸਪਸ਼ਟ ਹੋ ਗਏ ਹਨ ਤੇ ਵਧੇਰੇ ਨਿਖਰਵੇਂ ਰੂਪ ਵਿਚ ਸਾਹਮਣੇ ਆ ਗਏ ਹਨ। ਸਮਾਜੀ ਸਵਾਲ ਦਿਨੋ ਦਿਨ ਵਧੇਰੇ ਉਭਰ ਕੇ ਅੱਗੇ ਆ ਰਹੇ ਹਨ। ਹਿੰਦ ਅਜੇ ਤੱਕ ਪੂਰੇ ਦਾ ਪੂਰਾ ਹੈ, ਭਾਵੇਂ ਇਸਦੀ ਪੂਰਨਤਾ ਲਈ ਖ਼ਤਰਾ ਵੱਧ ਰਿਹਾ ਹੈ।

ਪਰ ਇਹ ਕੇਵਲ ਗਾਂਧੀ ਜੀ ਦੀ ਦੂਰਦਰਸ਼ਤਾ ਦੀ ਸਮੱਗਰਤਾ ਨਹੀਂ ਸੀ ਤੇ ਨਾ ਹੀ ਅਜਿਹੀਆਂ ਪ੍ਰਸਥਿਤੀਆਂ ਦੀ ਸਮੱਗਰਤਾ ਸੀ ਜਿਹਨਾਂ ਨੂੰ ਉਹਨਾਂ ਤਹਿਰੀਕ ਦਾ ਰੂਪ ਦਿੱਤਾ। ਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਵੀ ਨਹੀਂ ਸੀ ਕਿ ਉਹਨਾਂ ਹਿੰਦ ਦੀ ਕੰਗਾਲੀ ਨੂੰ ਸਮਝਿਆ। ਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਸੀ ਕਿ ਉਹਨਾਂ ਹਿੰਦ ਦੇ ਗਰੀਬ ਲੋਕਾਂ ਦੀ ਸ਼ਕਤੀ ਨੂੰ ਪਛਾਣਿਆਂ। ਉਹਨਾਂ ਇਸ ਗੱਲ ਨੂੰ ਸਮਝਿਆ ਕਿ ਇਹ ਇਹੀ ਲੋਕ ਹਨ ਜਿਨ੍ਹਾਂ ਤੱਕ ਪਹੁੰਚ ਕਰਨੀ ਅਤੇ ਜਿਨ੍ਹਾਂ ਨੂੰ ਜਾਗਰਤ ਕਰਨਾ ਤੇ ਜਿਥੋਂ ਤੱਕ ਸੰਭਵ ਹੋ ਸਕੇ ਸੱਚਮੁਚ ਜਨਤਕ ਪੱਧਰ ਅਤੇ ਕੁੱਲ ਹਿੰਦ ਪੈਮਾਨੇ ਉੱਤੇ ਅਜਿਹੇ ਐਕਸ਼ਨ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ, ਜਿਸ ਵਿਚ ਸ਼ਕਤੀਸਾਲੀ ਲਹਿਰ ਬਨਣ ਦੀ ਸੰਭਾਵਨਾ ਹੋਵੇ।ਪਰ ਜਿਸ ਢੰਗ ਨਾਲ ਗਾਂਧੀ ਜੀ ਆਪਣੀ ਕਾਰਜਨੀਤੀ ਨੂੰ ਅਮਲ ਵਿਚ ਲਿਆਉਣਾ ਚਾਹੁੰਦੇ ਸਨ, ਉਸ ਕਾਰਨ ਉਹਨਾਂ ਦਾ ਟੈਗੋਰ ਨਾਲ ਟਕਰਾਅ ਪੈਦਾ ਹੋਇਆ। ਦੋ ਮਹਾਨ ਆਤਮਾਵਾਂ ਵਿਚਾਲੇ ਮੱਤਭੇਦਾਂ ਦੀ ਇਹ ਅੱਤ ਦਿਲਚਸਪੀ ਮਿਸਾਲ ਸੀ। ਟੈਗੋਰ ਦੇ ਜਿਸ ਲੇਖ ਦਾ ਹਵਾਲਾ ਉੱਤੇ ਦਿੱਤਾ ਗਿਆ ਹੈ, ਉਸੇ ਵਿਚ ਉਹਨਾਂ ਗਾਂਧੀਵਾਦੀ ਲਹਿਰ ਦੀ ਤੰਗਨਜ਼ਰੀ ਦੀ ਤੇ ਉਸਦੇ ਆਪਮੁਹਾਰੇਪਨ ਤੋਂ ਵਿਰਵੇ ਹੋਣ ਦੀ ਸ਼ਕਾਇਤ ਕੀਤੀ ਸੀ; ਉਹਨਾਂ ਪਾਰਦਰਸ਼ਤਾ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ, “ਮੇਰਾ ਇਕ ਪਲ ਲਈ ਵੀ ਇਹ ਮਤਲਬ ਨਹੀਂ ਕਿ ਜਿਹੜਾ ਕਾਰਜ ਅਸਾਂ ਸ਼ੁਰੂ ਕਰ ਰੱਖਿਆ ਹੈ, ਉਸਨੂੰ ਅਸੀਂ ਘਟਾ ਕੇ ਦੇਖੀਏ। ਜਦੋਂ ਸਵੇਰਸਾਰ ਕਿਸੇ ਪੰਛੀ ਦੀ ਜਾਗ ਖੁੱਲ੍ਹਦੀ ਹੈ, ਉਸਦੀ ਜਾਗ ਇਕਦਮ ਦਾਣੇ-ਦੁਣਕੇ ਦੀ ਭਾਲ ਦਾ ਰੂਪ ਧਾਰਨ ਨਹੀਂ ਕਰਦੀ। ਉਸਦੇ ਪੰਖ ਆਪਮੁਹਾਰੇ ਆਕਾਸ਼ ਦੇ ਸੱਦੇ ਦਾ ਹੁੰਗਾਰਾ ਭਰਦੇ ਹਨ ਤੇ ਨਵਾਂ ਚਾਨਣ ਪਸਰਨ ਦੀ ਖੁਸ਼ੀ ਵਿਚ ਉਸਦੇ ਕੰਠ ਵਿਚੋਂ ਗੀਤ ਫੁੱਟ ਪੈਂਦੇ ਹਨ। ਵਿਸ਼ਵ ਮਨੁੱਖਤਾ ਨੇ ਸਾਨੂੰ ਵੀ ਆਪਣਾ ਸੱਦਾ ਦੇ ਭੇਜਿਆ ਹੈ। ਸਾਡੇ ਮਨ ਨੂੰ ਵੀ ਇਸ ਸੱਦੇ ਦਾ ਹੁੰਗਾਰਾ ਆਪਣੀ ਬੋਲੀ ਵਿਚ ਭਰਨਾ ਚਾਹੀਦਾ ਹੈ।

ਇਸਦੇ ਉੱਤਰ ਵਿਚ ਮਹਾਤਮਾ ਨੇ ਕਵੀ ਨੂੰ, ਜਿਸਨੂੰ ਉਹ ਦੇਸ ਦਾ ਮਹਾਨ ਰੱਖਿਅਕ ਆਖਦੇ ਸਨ, ਉੱਤਰ ਦਿੰਦਿਆਂ ਲਿਖਿਆ ਸੀ, “ਆਪਣੀ ਕਾਵਿਕ ਅੰਤਰ-ਪਰੇਰਨਾ ਦੇ ਅਨੁਸਾਰ ਆਉਣ ਵਾਲੇ ਕੱਲ੍ਹ ਲਈ ਜਿਉਂਦਾ ਹੈ ਤੇ ਸਾਥੋਂ ਵੀ ਇਹੀ ਆਸ ਰੱਖਦਾ ਹੈ। ਉਹ ਸਾਡੀ ਪਰਸੰਸਾ ਭਰੀ ਨਜ਼ਰ ਲਈ ਪਹੁਫਟਾਲੇ ਦੀ ਦਿਲਕਸ਼ ਤਸਵੀਰ ਪੇਸ਼ ਕਰਦਾ ਹੈ ਜਦੋਂ ਪੰਛੀ ਆਕਾਸ਼ ਵਿਚ ਉਡਾਰੀਆਂ ਲਾਉਂਦੇ ਹਨ ਤੇ ਉਸਤਤੀ ਦੇ ਗੀਤ ਗਾਉਂਦੇ ਹਨ। ਇਹਨਾਂ ਪੰਛੀਆਂ ਨੇ ਦਿਨ ਭਰ ਚੋਗਾ ਚੁਗ ਲਿਆ ਹੁੰਦਾ ਹੈ ਅਤੇ ਰਾਤ ਭਰ ਦੇ ਆਰਾਮ ਪਿੱਛੋਂ ਨਵੇਂ ਲਹੂ ਤੇ ਥਕੇਵਾਂ-ਲੱਥੇ ਪਰਾਂ ਨਾਲ ਉਹ ਆਕਾਸ਼ ਵਿਚ ਉਡਾਰੀਆਂ ਭਰ ਸਕਦੇ ਹਨ। ਪਰ ਮੈਨੂੰ ਅਜਿਹੇ ਪੰਛੀਆ ਨੂੰ ਦੇਖਣ ਦਾ ਦੁੱਖ ਸਹਿਣਾ ਪੈਂਦਾ ਹੈ ਜਿਹੜੇ ਜਾਗਦੇ ਹਨ ਤਾਂ ਉਹਨਾਂ ਵਿਚ ਪਰ ਫੜਫਾਉਣਾ ਜੋਗੀ ਹਿੰਮਤ ਵੀ ਨਹੀਂ ਹੁੰਦੀ। ਹਿੰਦੁਸਤਾਨੀ ਆਕਾਸ਼ ਹੇਠ ਮਨੁੱਖੀ ਪੰਛੀ ਜਦੋਂ ਜਾਗਦੇ ਹਨ ਤਾਂ ਆਰਾਮ ਕਰਨ ਦਾ ਭਰਮ ਪਾਲਣ ਨਾਲੋਂ ਵੀ ਵੱਧ ਥੱਕੇ ਹੁੰਦੇ ਹਨ। ਕਰੋੜਾਂ ਲੋਕਾਂ ਲਈ ਜਾਂ ਤਾਂ ਸਦੀਵੀ ਜਗਰਾਤਾ ਹੈ ਜਾਂ ਸਦੀਵੀ ਘੂਕੀ ਦੀ ਹਾਲਤ ਹੈ। ਇਹ ਨਾਕਾਬਲੇ ਬਿਆਨ ਸਥਿਤੀ ਹੈ ਜਿਸਦਾ ਅਹਿਸਾਸ ਇਹਦੇ ਤਜਰਬੇ ਰਾਹੀਂ ਹੀ ਹੋ ਸਕਦਾ ਹੈ। ਮੈਂ ਦੇਖਿਆ ਹੈ ਕਿ ਦੁੱਖ ਭੋਗ ਰਹੇ ਲੋਕਾਂ ਨੂੰ ਕਬੀਰ ਦੇ ਗੀਤਾਂ ਨਾਲ ਦਿਲਾਸਾ ਦੇਣਾ ਕਿੰਨਾ ਅਸੰਭਵ ਹੈ। ਕਰੋੜਾਂ ਭੁੱਖੇ ਲੋਕ ਇੱਕੋ ਕਵਿਤਾ ਦੀ ਮੰਗ ਕਰਦੇ ਹਨ ਤੇ ਉਹ ਹੈ ਸਰੀਰ ਵਿਚ ਜਾਨ ਪੈਦਾ ਕਰਨ ਜੋਗਾ ਅੰਨ। ਇਹ ਉਹਨਾਂ ਨੂੰ ਦਿੱਤਾ ਨਹੀਂ ਜਾ ਸਕਦਾ। ਇਹ ਉਹ ਕਮਾ ਕੇ ਹੀ ਖਾ ਸਕਦੇ ਹਨ ਅਤੇ ਇਹ ਉਹ ਆਪਣੇ ਲਹੂ-ਮੁੜ੍ਹਕੇ ਨਾਲ ਹੀ ਕਮਾ ਸਕਦੇ ਹਨ।”

ਪੰਜ ਸਾਲ ਤੇ ਕੁਝ ਮਹੀਨੇ ਪਿੱਛੋਂ ਉਹਨਾਂ ‘ਯੰਗ ਇੰਡੀਆ’ ਵਿਚ ਉਹਨਾਂ ਲਿਖਿਆ ਸੀ, “ਹਨੂਮਾਨ ਨੇ ਆਪਣਾ ਸੀਨਾ ਚੀਰਕੇ ਦਿਖਾਇਆ ਸੀ ਕਿ ਉਸਦੇ ਹਿਰਦੇ ਵਿਚ ਸਿਵਾਏ ਰਾਮ ਨਾਮ ਦੇ ਹੋਰ ਕੁਝ ਵੀ ਨਹੀਂ। ਪਰ ਮੇਰੇ ਵਿਚ ਆਪਣਾ ਸੀਨਾ ਚੀਰਕੇ ਦਿਖਾਉਣ ਦੀ ਉਹ ਸ਼ਕਤੀ ਨਹੀਂ ਹੈ। ਜਿਹੜੀ ਹਨੂਮਾਨ ਵਿਚ ਸੀ। ਪਰ ਮੈਂ ਤੁਹਾਨੂੰ ਯਕੀਨ ਦੁਆ ਸਕਦਾ ਹਾਂ ਕਿ ਜੇ ਤੁਹਾਡੇ ਵਿਚੋਂ ਕੋਈ ਮੇਰਾ ਸੀਨਾ ਚੀਰਨ ਦੀ ਰੁਚੀ ਰੱਖਦਾ ਹੋਵੇ ਤਾਂ ਤੁਸੀਂ ਮੇਰੇ ਸੀਨੇ ਵਿਚ ਵੀ ਉਸੇ ਰਾਮ ਦਾ ਪਿਆਰ ਹੀ ਦੇਖੋਗੇ ਜਿਸਨੂੰ ਮੈਂ ਹਿੰਦ ਦੇ ਕਰੋੜਾਂ ਫ਼ਾਕਾਕਸ਼ ਲੋਕਾਂ ਦੇ ਚਿਹਰੇ ਵਿੱਚੋਂ ਦੇਖਦਾ ਹਾਂ”। ਗਾਂਧੀ ਜੀ ਨੇ ‘ਦਰਿਦਰ ਨਰਾਇਣ’ ਦਾ ਨਵਾਂ ਕਥਨ ਵੀ ਘੜਿਆ ਸੀ-ਦਰਿਦਰ ਨਰਾਇਣ ਦਾ ਅਰਥ ਗਰੀਬਾਂ ਦਾ ਦੇਵਤਾ ਨਹੀਂ ਸਗੋਂ ਗਰੀਬਾਂ ਤੋਂ ਹੈ ਜੋ ਆਪ ਦੇਵਤਾ ਹਨ। ਉਹਨਾਂ ਦੀ ਪੂਜਾ ਅਜਿਹੀ ਸੇਵਾ ਰਾਹੀਂ ਕਰਨੀ ਲੋੜੀਂਦੀ ਹੈ ਜਿਹੜੀ ਉਹਨਾਂ ਨੂੰ ਕੰਮ ਕਰਨ ਤੇ ਸੰਘਰਸ਼ ਕਰਨ ਤੇ ਇਸ ਤਰ੍ਹਾਂ ਗਰੀਬੀ ਤੋਂ ਛੁਟਕਾਰਾ ਹਾਸਲ ਕਰਨ ਵਿਚ ਸਹਾਈ ਹੋ ਸਕੇ।”

ਉਹਨਾਂ ਗਰੀਬਾਂ ਨੂੰ ਉੱਥੇ ਲੱਭਿਆ ਜਿਥੇ ਉਹ ਵਸਦੇ ਸਨ-ਅਰਥਾਤ ਪਿੰਡਾਂ ਵਿਚ। ਮਾਰਚ, 1922 ਵਿਚ ਅਦਾਲਤ ਵਿਚ ਦਿੱਤੇ ਆਪਣੇ ਧੜੱਲੇ ਭਰੇ ਬਿਆਨ ਵਿਚ ਉਹਨਾਂ ਕਿਹਾ ਸੀ: “ਸ਼ਹਿਰਾਂ ਵਿਚ ਵੱਸਣ ਵਾਲਿਆਂ ਨੂੰ ਇਸ ਗੱਲ ਦਾ ਘੱਟ ਹੀ ਇਲਮ ਹੈ ਕਿ ਹਿੰਦ ਤੇ ਅੱਧ ਭੁੱਖੇ ਲੋਕ ਕਿਸ ਤਰ੍ਹਾਂ ਬੇਬਸੀ ਦੀਆਂ ਨਿਵਾਣਾਂ ਵਿਚ ਲਹਿੰਦੇ ਜਾ ਰਹੇ ਹਨ। ਸ਼ਹਿਰਾਂ ਵਿਚ ਵਸਣੇ ਵਾਲੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਕਿ ਜਿਹੜੀ ਘਟੀਆ ਜਿਹੀ ਆਰਾਮਦੇਹ ਜ਼ਿੰਦਗੀ ਉਹ ਜਿਉਂ ਰਹੇ ਹਨ, ਉਹ ਉਸ ਕੰਮ ਦੀ ਦਲਾਲੀ ਤੋਂ ਵੱਧ ਕੁਝ ਨਹੀਂ ਜਿਹੜਾ ਉਹ ਬਦੇਸ਼ੀ ਲੋਟੂਆਂ ਲਈ ਕਰ ਰਹੇ ਹਨ। ਉਹ ਨਹੀਂ ਜਾਣਦੇ ਕਿ ਜਿਨ੍ਹਾਂ ਮੁਨਾਫ਼ਿਆਂ ਤੇ ਜਿਸ ਦਲਾਲੀ ਦੇ ਆਸਰੇ ਉਹ ਜਿਉਂ ਰਹੇ ਹਨ, ਉਹ ਲੋਕਾਂ ਦਾ ਖ਼ੂਨ ਚੂਸਕੇ ਹਾਸਲ ਕੀਤੀ ਜਾ ਰਹੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਕਾਨੂੰਨ ਦੇ ਨਾਂਅ ਉੱਤੇ ਜਿਹੜੀ ਸਰਕਾਰ ਬਰਤਾਨਵੀ ਹਿੰਦ ਵਿਚ ਕਾਇਮ ਹੈ ਉਹ ਲੋਕਾਂ ਦੀ ਇਸੇ ਲੁੱਟ ਖਸੁੱਟ ਨੂੰ ਕਾਇਮ ਰੱਖਣ ਲਈ ਚਲਾਈ ਜਾ ਰਹੀ ਹੈ। ਕੋਈ ਲਫ਼ਜ਼ੀ ਹੇਰਾਫੇਰੀ, ਅੰਕੜਿਆਂ ਦੀ ਕੋਈ ਚਤੁਰਾਈ ਪਿੰਡਾਂ ਵਿਚ ਉਹਨਾਂ ਪਿੰਜਰਾਂ ਨੂੰ ਧਿਆਨ ਤੋਂ ਪਰ੍ਹਾਂ ਨਹੀਂ ਲਿਜਾ ਸਕਦੀ, ਜਿਹੜੇ ਤਾਹਨੂੰ ਸਾਖਿਆਤ ਦੇਖਣ ਨੂੰ ਮਿਲਦੇ ਹਨ। ਮੈਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ ਵਿਚ ਅਤੇ ਹਿੰਦ ਦੇ ਸ਼ਹਿਰਾਂ ਵਿਚ ਵੱਸਣ ਵਾਲੇ ਲੋਕਾਂ, ਦੋਹਾਂ ਨੂੰ ਮਨੁੱਖਤਾ ਦੇ ਖਿਲਾਫ਼ ਉਸ ਭਿਆਨਕ

ਜੁਰਮ ਲਈ ਪਰਮਾਤਮਾ ਅੱਗੇ ਜਵਾਬਦੇਹ ਹੋਣਾ ਪਏਗਾ, ਜਿਸਦੀ ਮਿਸਾਲ ਹਿੰਦ ਵਿਚ ਹੋਰ ਕੋਈ ਨਹੀਂ ਮਿਲਦੀ।”
ਨਿਸਚੇ ਹੀ ਇਹ ਗਾਂਧੀ ਜੀ ਦਾ ਉਸ ਦਰਦਮੰਦੀ ਦਾ ਪਤਾ ਦਿੰਦੀ ਸੀ ਜਿਹੜੀ ਉਹ ਵਿਰਵੇ ਲੋਕਾਂ ਤੇ ਗਰੀਬਾਂ ਲਈ ਮਹਿਸੂਸ ਕਰਦੇ ਸਨ। ਪਰ ਇਹ ਗੱਲ ਦਰਦਮੰਦੀ ਤੋਂ ਇਲਾਵਾ ਕੁਝ ਹੋਰ ਨੂੰ ਵੀ ਦਰਸਾਉਂਦੀ ਸੀ। ਇਹ ਸਾਡੇ ਦੇਸ਼ ਦੇ ਸਮਾਜੀ ਦ੍ਰਿਸ਼ ਦੀ ਹਕੀਕਤ ਦੀ ਪਛਾਣ ਕਰ ਲੈਣ ਦਾ ਪਤਾ ਦਿੰਦੀ ਹੈ ਜਿਸਦਾ ਅੱਤ ਭਾਰੂ ਪੱਖ ਸੀ ਪੇਂਡੂ ਦੁਰਦਸ਼ਾ। ਪਰ ਇਸਦੇ ਸਮਾਜੀ ਪੱਖ ਵਿਚ ਜਾਣ ਤੋਂ ਪਹਿਲਾਂ ਉਹਨਾਂ ਦੀ ਦਰਦਮੰਦੀ ਬਾਰੇ ਕੁਝ ਲਫ਼ਜ਼ ਕਹਿਣੇ ਜ਼ਰੂਰੀ ਹਨ। ਇਹ ਠੀਕ ਨਹੀਂ ਹੋਵੇਗਾ ਕਿ ਇਸ ਉੱਤੇ ਟਕੋਰ ਕੀਤੀ ਜਾਏ। ਨਾ ਹੀ ਇਸ ਦ੍ਰਿਸ਼ ਦਾ ਨਿਰੋਲ ਵਿਗਿਆਨਕ ਵਿਸ਼ਲੇਸ਼ਨ ਇਸਦੀ ਥਾਂ ਲੈ ਸਕਦਾ ਹੈ। ਇਸ ਨੂੰ ਖੈਰਾਤ ਜਾਂ ਪਰਉਪਕਾਰ ਨਾਲ ਤੁਲਨਾ ਦੇਣੀ ਵੀ ਠੀਕ ਨਹੀਂ। ਇਹ ਅਜਿਹੀ ਮੌਜੂਦਾ ਰਿਵਾਜੀ ਬਹਿਸ ਨਾਲੋਂ ਵੀ ਉੱਕਾ ਹੀ ਵੱਖਰੀ ਹੈ ਕਿ ਕੰਗਾਲੀ ਦੀ ਰੇਖਾ ਕੀ ਹੈ ਅਤੇ ਕਿੰਨੇ ਲੋਕ ਉਸ ਤੋਂ ਹੇਠਾਂ ਜਾਂ ਉੱਤੇ ਰਹਿੰਦੇ ਹਨ। ਸਭ ਤੋਂ ਵੱਡੀ ਗੱਲ ਨੈਤਕਿਤਾ ਦੀ ਹੈ, ਨਿਆਂ ਤੇ ਬਰਾਬਰੀ ਲਈ ਜਜ਼ਬੇ ਦੀ ਹੈ, ਜਿਸ ਤੋਂ ਬਿਨਾ ਹਿੰਦ ਵਿਚ ਸਾਡੇ ਲੋਕਾਂ ਵਾਸਤੇ ਜ਼ਿੰਦਗੀ ਲਈ ਜਾਂ ਵਧੇਰੇ ਮਨੁੱਖੀ ਹਾਲਤਾਂ ਲਈ ਕੋਈ ਕਦਰਯੋਗ ਸੰਘਰਸ਼ ਨਹੀਂ ਹੋ ਸਕਦਾ, ਸ਼ੋਸ਼ਲਿਜ਼ਮ ਲਈ ਸੰਘਰਸ਼ ਦੀ ਤਾਂ ਗੱਲ ਹੀ ਛੱਡੋ।
ਮਾਰਕਸ ਨੇ ਆਪ ਵੀ ਲਿਖਿਆ ਸੀ ਕਿ ਜੋ ਕੁਝ ਮੈਂ ਕੀਤਾ, ਉਸਦਾ ਬਦਲ ਸਿਰਫ਼ ਇਹੀ ਸੀ ਮੈਂ ਪਸ਼ੂਆਂ ਜਿਹੇ ਵਿਹਾਰ ਤੋਂ ਕੰਮ ਲੈਂਦਾ ਅਤੇ ਮਨੁੱਖਤਾ ਵੱਲ ਪਿੱਠ ਕਰ ਲੈਂਦਾ।

ਲੈਨਿਨ ਨੇ ਨਾ ਸਿਰਫ਼ ਇਨਕਲਾਬੀ ਵਲਵਲੇ ਅਤੇ ਵਿਗਿਆਨਕ ਸਮਝ ਨੂੰ ਇੱਕਮਿਕ ਕਰਨ ਦੀ ਗੱਲ ਕੀਤੀ ਸੀ ਸਗੋਂ ਮਜ਼ਦੂਰ ਸ਼੍ਰੇਣੀ ਦੇ ਆਵੱਸ਼ਕ ਇਤਹਾਸਕ ਰੋਲ ਵਿਚ ਉਹਨਾਂ ਦਾ ਵਿਸ਼ਵਾਸ ਐਨਾ ਜ਼ੋਰਦਾਰ ਸੀ ਇਸ ਨੇ ਸਮੁੱਚੀ ਮਜ਼ਦੂਰ ਸ਼੍ਰੇਣੀ ਨੂੰ ਆਪਣੇ ਵੇਗ ਵਿਚ ਸਮੋ ਲਿਆ ਸੀ। ਮਾਓ ਜ਼ੇ ਤੁੰਗ ਦੇ ਪ੍ਰਮਾਣੀਕ ਪੱਖ ਦਾ ਵੀ ਇਹ ਹਿੱਸਾ ਸੀ ਕਿ ਉਹਨਾਂ ਆਪਣੇ ਅੰਦਰ ਗਰੀਬਾਂ ਲਈ ਡੂੰਘਾ ਜਜ਼ਬਾ ਪੈਦਾ ਕਰਨ ਉੱਤੇ ਜ਼ੋਰ ਦਿੱਤਾ। ਪ੍ਰਮਾਣੀਕ ਮਾਓਵਾਦ ਦੇ ਬਿਹਤਰਹੀਨ ਵਿਆਖਿਆਕਾਰ ਲਿਊਸ਼ਾਓਕੀ ਨੇ ਵੀ ਕਮਿਊਨਿਸਟ ਪਾਰਟੀ ਦੀ ਆਵੱਸ਼ਕ ਜਨਤਕ ਸੇਧ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ ਜਨਤਾ ਨਾਲ ਪਿਆਰ ਇਸਦਾ ਪਹਿਲਾ ਲਾਜ਼ਮੀ ਅੰਸ਼ ਹੈ।

ਇਹ ਮੰਨਣਾ ਹੀ ਪੈਂਦਾ ਹੈ ਕਿ ਲੋਕਾਂ ਲਈ ਪਿਆਰ ਤੇ ਗਰੀਬਾਂ ਲਈ ਦਰਦਮੰਦੀ ਨੂੰ ਕੁਝ ਇਨਕਲਾਬੀ ਹਲਕਿਆਂ ਵਿਚ ਇਹਨੀਂ ਦਿਨੀਂ ਘਿਰਣਾ ਜਿਹੀ ਨਾਲ ਦੇਖਿਆ ਜਾਂਦਾ ਹੈ ਜਾਂ ਫਿਰ ਇਸਨੂੰ ਉਪਭਵਾਕਤਾ ਆਖਕੇ ਇਸਦਾ ਮਖੌਲ ਉਡਾਇਆ ਜਾਂਦਾ ਹੈ। ਪਰ ਲੋਕਾਂ ਦੇ ਦੁੱਖਾਂ ਪ੍ਰਤੀ ਇਹ ਕਾਰੋਬਾਰੀ ਜਿਹੀ ਪਹੁੰਚ ਹੀ ਦੱਸਦੀ ਹੈ ਕਿ ਜਿਹੜੇ ਹਲਕੇ ਅਜਿਹੀ ਪਹੁੰਚ ਤੋਂ ਕੰਮ ਲੈਂਦੇ ਹਨ ਉਹ ਲੋਕਾਂ ਤੋਂ ਕਿਉਂ ਦੂਰ ਹੋ ਜਾਂਦੇ ਹਨ ਤੇ ਕਿਉਂ ਉਹ ਜਨਤਕ ਹੁੰਗਾਰਾ ਹਾਸਲ ਕਰਨ ਵਿਚ ਸਫ਼ਲ ਨਹੀਂ ਹੁੰਦੇ। ਜਿਹੜੇ ਵਿਅਕਤੀ ਹਿੰਦ ਵਿਚ ਜਨਤਕ ਕਾਰਜ ਵਿਚ ਸ਼ਾਮਲ ਹਨ ਉਹਨਾਂ ਸਾਰਿਆਂ ਲਈ ਸ਼ਾਇਦ ਆਪਣੇ ਆਪ ਨੂੰ ਗਾਂਧੀ ਜੀ ਵਾਂਗ ਲੋਕਾਂ ਨਾਲ ਤਨੋਂ ਮਨੋਂ ਇੱਕਮਿਕ ਕਰ ਸਕਣਾ ਨਾ ਜ਼ਰੂਰੀ ਹੈ ਤੇ ਨਾ ਹੀ ਸੰਭਵ ਪਰ ਗਾਂਧੀ ਜੀ ਵਰਗੀ ਪੂਰਨ ਅਭੇਦਤਾ ਜ਼ਰੂਰੀ ਹੈ।

ਇਸ ਨੈਤਿਕ ਰਾਜਨੀਤਕ ਨੁਕਤੇ ਨੂੰ ਲਾਂਭੇ ਛੱਡਦਿਆਂ ਪੇਂਡੂ ਨਿਰਧਨਤਾ ਦੇ ਇਸ ਵਰਤਾਰੇ ਨੂੰ ਸਮਝਣਾ ਇਕ ਹੋਰ ਅਹਿਮ ਕਾਰਜ ਹੈ। ਹਿੰਦ ਦੇ ਬਹੁਤ ਸਾਰੇ ਪੇਂਡੂ ਖੇਤਰਾਂ ਵਿਚ ਕੰਗਾਲੀ ਦੇ ਪਸਰਨ ਦੇ ਨਾਲ ਨਾਲ ਚੱਲ ਰਿਹਾ ਨਿਰਧਨਤਾ ਦਾ ਇਹ ਚੱਕਰ ਪਰਲੋਤਾਰੀਕਰਣ ਦੀ ਜਾਂ ਇੰਝ ਕਹਿ ਲਵੋ ਕਿ ਮਜ਼ਦੂਰ ਸ਼੍ਰੇਣੀ ਨੂੰ ਹੋਂਦ ਵਿਚ ਆਉਣ ਦੀ ਗਤੀ ਨਾਲੋਂ ਕਿਤੇ ਵੱਧ ਤੇਜ਼ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਚੱਕਰ ਕਸਬਿਆਂ ਤੇ ਮਹਾਨਗਰਾਂ ਨੂੰ ਹੈਰਾਨਕੁਨ ਹੱਦ ਤੱਕ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਵਰਤਾਰੇ ਨੂੰ ਲੁੰਪਨੀਕਰਣ ਦੇ ਖਾਨੇ ਵਿਚ ਲਿਖ ਛੱਡਣਾ ਵੀ ਗ਼ਲਤ ਹੋਵੇਗਾ। ਇਹ ਪੇਂਡੂ-ਸ਼ਹਿਰੀ ਕੰਗਾਲੀ ਦੀ ਨਿਰੰਤਰ ਪ੍ਰਕ੍ਰਿਆ ਹੈ। ਸਾਰੇ ਹੀ ਗਰੀਬ ਲੁੰਪਨ, ਉਜੱਡ ਤੇ ਸੋਚਹੀਣ ਪ੍ਰੋਲੇਤਾਰੀਆ ਨਹੀਂ ਆਖੇ ਜਾ ਸਕਦੇ ਕਈ ਪੱਖਾਂ ਤੋਂ ਇਸ ਤੱਥ ਦਾ ਅੱਤ ਕਰੁਣਾਮਈ ਪ੍ਰਗਟਾਵਾ ਬਾਲ-ਮਜ਼ਦੂਰੀ ਵਿਚ ਹੋ ਰਿਹਾ ਵਾਧਾ ਹੈ। ਅਣਸੰਗਠਤ ਗਰੀਬ ਭਾਵੇਂ ਉਹ ਪਿੰਡਾਂ ਵਿਚ ਵਸਦੇ ਹਨ ਜਾਂ ਸ਼ਹਿਰਾਂ ਵਿਚ, ਉਹਨਾਂ ਹਲਕਿਆਂ ਲਈ ਕਿਤੇ ਵੱਧ ਧਿਆਨ ਦਾ ਕੇਂਦਰ ਹੋਣੇ ਚਾਹੀਦੇ ਹਨ, ਜਿਹੜੇ ਸਾਡੇ ਦੇਸ ਦੀ ਸੋਸ਼ਲਿਸਟ ਕਾਯਾਪਲਟ ਲਈ ਕੰਮ ਕਰ ਰਹੇ ਹਨ।

ਗਾਂਧੀ ਜੀ ਦੀ ਦੇਣ ਦੇ ਇਕ ਹੋਰ ਪੱਖ ਨੂੰ ਅਜਿਹੇ ਬਹੁਤ ਸਾਰੇ ਲੋਕਾਂ ਵਲੋਂ ਵੀ ਵਿਵਾਦਪੂਰਣ ਗਿਣਿਆ ਜਾਏਗਾ ਜਿਹੜੇ ਉਂਝ ਉਹਨਾਂ ਦੇ ਪਰਸੰਸਕ ਤੇ ਪੁਜਾਰੀ ਹਨ। ਇਸਦਾ ਸੰਬੰਧ ਸੈਕੂਲਰਿਜ਼ਮ ਜਾਂ ਧਰਮ ਨਿਰਪੱਖਤਾ ਨਾਲ ਹੈ। ਗਾਂਧੀ ਜੀ ਅਕਸਰ ਆਪਣੇ ਆਪ ਨੂੰ ਨਾ ਸਿਰਫ਼ ਹਿੰਦੂ ਸਗੋਂ ਸਨਾਤਨੀ ਧਰਮੀ ਹਿੰਦੂ ਆਖਦੇ ਸਨ। ਉਹ ਵਰਣ-ਆਸ਼ਰਮ-ਧਰਮ ਨੂੰ ਇਸਦੇ ਪੁਰਾਤਨ ਰੂਪ ਵਿਚ ਜਾਇਜ਼ ਠਹਿਰਾਉਂਦੇ ਸਨ। ਉਹ ਆਪਣੇ ਆਪ ਨੂੰ ਭਗਵਤ ਗੀਤਾ ਦਾ ਪੁਜਾਰੀ ਵੀ ਦਸਦੇ ਸਨ। ਉਹ ਕਹਿੰਦੇ ਸਨ ਕਿ ਉਹਨਾਂ ਦਾ ਆਦਰਸ਼ ਰਾਮ ਰਾਜ ਹੈ। ਪ੍ਰਾਰਥਨਾ ਮੀਟਿੰਗਾਂ, ਜਿਨ੍ਹਾਂ ਨੂੰ ਉਹ ਆਪਣੀ ਐਜੀਟੇਸ਼ਨ ਲਈ ਮੁੱਖ ਸਾਧਨ ਵਜੋਂ ਵਰਤਦੇ ਸਨ ਇਹਨਾਂ ਮੀਟਿੰਗਾਂ ਵਿਚ ਭਜਨ ਗਾਏ ਜਾਂਦੇ ਸਨ ਭਾਵੇਂ ਇਸਦੇ ਨਾਲ ਨਾਲ ਕੁਰਾਨ ਸਰੀਫ਼ ਦੀਆਂ ਆਇਤਾਂ ਤੇ ਈਸਾਈ ਸ਼ਬਦ ਵੀ ਪੜ੍ਹੇ ਜਾਂਦੇ ਸਨ। ਇਸ ਬਾਰੇ ਕਿਹਾ ਜਾਂਦਾ ਹੈ ਕਿ ਗਾਂਧੀ ਜੀ ਦੇ ਇਸ ਵਤੀਰੇ ਨੇ ਮੁਸਲਿਮ ਭਾਵਨਾਵਾਂ ਨੂੰ ਠੇਸ ਪਹੁੰਚਾਈ, ਉਹਨਾਂ ਨੂੰ ਕਾਂਗਰਸ ਨਾਲੋਂ ਦੂਰ ਕਰ ਦਿੱਤਾ ਅਤੇ ਹਿੰਦੂ ਪੁਨਰ-ਉਥਾਨ ਨੂੰ ਉਤਸ਼ਾਹਿਤ ਕੀਤਾ। ਇਹ ਵੀ ਕਿਹਾ ਜਾਂਦਾ ਹੈ ਕਿ ਸੈਕੂਲਰਿਜ਼ਮ ਦਾ ਅਰਥ ਸਾਰੇ ਧਰਮਾਂ ਨਾਲ ਇਕੋ ਜਿਹਾ ਸਲੂਕ ਨਹੀਂ ਸਗੋਂ ਧਰਮ ਨੂੰ ਪਬਲਿਕ ਖੇਤਰ ਵਿਚੋਂ ਬਾਹਰ ਰੱਖਣ ਤੇ ਇਸਨੂੰ ਨਿੱਜੀ ਵਿਸ਼ਵਾਸ ਤੱਕ ਸੀਮਤ ਕਰਨ ਨਾਲ ਹੈ।

ਮਹਾਤਮਾ ਗਾਂਧੀ ਦੀ ਅਜਿਹੀ ਨਕਤਚੀਨੀ ਉਸ ਇਤਹਾਸਕ ਸਮੇਂ ਤੇ ਸਥਿਤੀ ਦਾ ਸਹੀ ਮੁਲਅੰਕਣ ਨਹੀਂ, ਜਿਸ ਵਿਚ ਉਹ ਜੀਵੇ ਤੇ ਉਹਨਾਂ ਕੰਮ ਕੀਤਾ। ਵਾਸਤਵ ਵਿਚ ਅਜਿਹੀ ਨੁਕਤਾਚੀਨੀ ਹਿੰਦੁਸਤਾਨ ਦੇ ਸਮੇਂ ਤੇ ਸਥਿਤੀ ਨੂੰ ਵੀ ਠੀਕ ਅਰਥਾਂ ਵਿਚ ਨਾ ਪੜ੍ਹਨ ਦੇ ਬਰਾਬਰ ਹੈ। ਜੇ ਹਿੰਦੁਸਤਾਨ ਧਾਰਮਿਕ ਰਾਜ ਨਹੀਂ ਬਣਿਆ ਅਤੇ ਜੇ ਇਸਦੇ ਲੋਕ ਡੂੰਘੀਆਂ ਧਾਰਮਕ ਭਾਵਨਾਵਾਂ ਦੇ ਤੇ ਧਰਮਾਂ ਦੀ ਅਨੇਕਤਾ ਦੇ ਬਾਵਜੂਦ ਸੈਕੂਲਰ ਹੀ ਹਨ ਤਾਂ ਇਹ ਸੱਭ ਤੋਂ ਵੱਧ ਗਾਂਧੀ ਜੀ ਦੀ ਸਿਆਣੀ, ਸਹਿਨਸ਼ੀਲ ਤੇ ਦ੍ਰਿੜ ਅਗਵਾਈ ਦਾ ਹੀ ਸਦਕਾ ਸੀ। ਨਹਿਰੂ, ਭਗਤ ਸਿੰਘ ਕਮਿਊਨਿਸਟਾਂ ਤੇ ਹੋਰਨਾਂ ਨੇ ਵੀ ਹਿੰਦੂਸਤਾਨ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆ। ਪਰ ਇਸਦਾ ਮੁੱਖ ਸਿਹਰਾ ਗਾਂਧੀ ਜੀ ਨੂੰ ਹੀ ਜਾਂਦਾ ਹੈ।ਇਹ ਗਾਂਧੀ ਜੀ ਸਨ ਜਿਨ੍ਹਾਂ ਕਿਸੇ ਵੀ ਹੋਰ ਨਾਲੋਂ ਵੱਧ ਹਿੰਦੂ ਸੋਚ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆ, ਹਿੰਦੂਆਂ ਦੀ ਵਿਸ਼ਾਲ ਬਹੁਗਿਣਤੀ ਨੂੰ ਸਾਰੇ ਹੀ ਧਰਮਾਂ ਨਾਲ ਇਕੋ ਜਿਹਾ ਸਲੂਕ ਕਰਨ ਦੀ ਸਿੱਖਿਆ ਤੇ ਪ੍ਰੇਰਨਾ ਦਿੱਤੀ। ਇਹ ਉਹਨਾਂ ਦੀ ਦੇਣ ਹੀ ਸੀ ਕਿ ਨਾਸਤਿਕਤਾ ਨੂੰ ਵੀ ਹਿੰਦੂ ਸਮੂਹ ਦਾ ਹਿੱਸਾ ਸਮਝਿਆ ਜਾਣ ਲੱਗਾ। ਉਹਨਾਂ ਦਾ ਧਰਮ ਇਕ ਅਜਿਹਾ ਧਰਮ ਸੀ ਜਿਸਨੂੰ ਨਾ ਚਰਚ ਦੀ ਲੋੜ ਸੀ ਤੇ ਨਾ ਹੀ ਰਾਜ ਦੀ। ਇਹ ਇਕ ਅਜਿਹੀ ਪ੍ਰਾਪਤੀ ਸੀ ਜਿਸਦੀ ਮਿਸਾਲ ਇਤਹਾਸ ਵਿਚ ਹੋਰ ਕੋਈ ਨਹੀਂ ਮਿਲਦੀ। ਇਹ ਪ੍ਰਾਪਤੀ ਸੀ ਧਾਰਮਕ ਪ੍ਰਵਿਰਤੀਆਂ ਨੂੰ ਠੇਸ ਪਹੁੰਚਾਏ ਬਿਨਾ ਸੈਕੂਲਰ ਸ਼ਕਤੀਆਂ ਨੂੰ ਅੱਗੇ ਲਿਆਉਣ ਵਿਚ ਸਫ਼ਲਤਾ ਹਾਸਲ ਕਰਨ ਦੀ, ਭਾਵੇਂ ਇਹ ਪ੍ਰਾਪਤੀ ਵਿਗਿਆਨਕ ਸੋਚ ਨੂੰ ਜਨਤਕ ਪੱਧਰ ਉੱਤੇ ਭਾਰਤੀ ਸੁਭਾਅ ਦਾ ਹਿੱਸਾ ਬਨਾਉਣ ਤੱਕ ਨਾ ਪਹੁੰਚ ਸਕੀ। ਇਸਦਾ ਇਕ ਅਹਿਮ ਕਾਰਨ ਇਹ ਸੀ ਕਿ ਸ਼ੋਸ਼ਲਿਸਟ ਇਨਕਲਾਬ ਲਈ ਕੰਮ ਕਰ ਰਹੀਆਂ ਸ਼ਕਤੀਆਂ ਇਸ ਦੇਸ਼ ਵਿਚ ਬਹੁਤੀ ਪ੍ਰਗਤੀ ਨਾ ਕਰ ਸਕੀਆਂ।

ਹਿੰਦੂ ਫਿਰਕਾਪ੍ਰਸਤੀ ਨੂੰ ਉਹਨਾਂ ਵਿਚੋਂ ਆਪਣਾ ਅਸਲ ਦੁਸ਼ਮਣ ਦਿਸਿਆ, ਇਸੇ ਲਈ ਉਹਨਾਂ ਨੇ ਮਹਾਤਮਾ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ। ਮੁਸਲਮ ਫਿਰਕਾਪ੍ਰਸਤੀ ਜਿਨ੍ਹਾਂ ਕਾਰਨਾਂ ਕਰਕੇ ਵਧੀ ਤੇ ਪਸਰੀ ਜਨਤਕ ਐਜੀਟੇਸ਼ਨ ਤੇ ਪ੍ਰਾਪੇਗੰਡੇ ਬਾਰੇ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਨ ਤੇ ਮੁਹਾਵਰੇ ਨਾਲ ਕੋਈ ਸੰਬੰਧ ਨਹੀਂ। ਸੱਚਮੁਚ ਧਾਰਮਕ ਮੁਸਲਮ ਆਗੂ, ਭਾਵੇਂ ਉਹ ਮੌਲਾਨਾ ਆਜ਼ਾਦ ਸਨ ਜਾਂ ਦਿਓਬੰਦ ਮਦਰਸੇ ਦੇ ਖਾਨ ਅਬਦੁਲ ਗ਼ੁਖ਼ਾਰ ਖਾਨ, ਗਾਂਧੀ ਜੀ ਤੇ ਉਹਨਾਂ ਦੀ ਲਹਿਰ ਦੇ ਨੇੜੇ ਸਨ। ਮੁਹੰਮਦ ਅਲੀ ਜਿਨਾਹ, ਜਿਹੜੇ ਸਿਗਰਟ ਅਤੇ ਸ਼ਰਾਬ ਪੀਂਦੇ ਸਨ, ਜਿਨ੍ਹਾਂ ਕੁਰਾਨ ਸ਼ਰੀਫ ਕਦੇ ਨਹੀਂ ਸੀ ਪੜ੍ਹਿਆ ਤੇ ਨਮਾਜ਼ ਵੀ ਕਦੇ ਘੱਟ ਹੀ ਪੜ੍ਹੀ ਸੀ ਤੇ ਜਿਹੜੇ ਪਾਰਸੀ ਸੁਆਣੀ ਨਾਲ ਵਿਆਹ ਹੋਏ ਸਨ, ਖਾੜਕੂ ਮੁਸਲਮ ਫਿਰਕਾ ਪ੍ਰਸਤੀ ਦੇ ਆਗੂ ਜਾ ਬਣੇ ਅਤੇ ਆਗੂ ਵੀ ਉਹ ਆਪਣੇ ਉਤਲੇ ਖਾਸਿਆਂ ਦੇ ਬਾਵਜੂਦ ਨਹੀਂ ਸਗੋਂ ਇਹਨਾਂ ਖਾਸਿਆਂ ਕਰਕੇ ਬਣੇ। ਗਾਂਧੀ ਜੀ ਦੇ ਦੋਸਤਾਂ ਤੇ ਹਮਦਰਦਾਂ ਵਿਚ ਨਾ ਸਿਰਫ਼ ਕੱਟੜ ਇਸਲਾਮੀ ਆਗੂ ਵੀ ਸ਼ਾਮਲ ਸਨ ਸਗੋਂ ਅਜਿਹੇ ਆਗੂ ਵੀ ਸ਼ਾਮਲ ਸਨ ਜਿਨ੍ਹਾਂ ਦੀ ਸੋਚ ਬੜੀ ਪ੍ਰਗਤੀਸ਼ੀਲ ਸੀ ਤੇ ਜਿਨ੍ਹਾਂ ਨੂੰ ਇਸਲਾਮੀ ਮੁਸਲਮ ਆਗੂ ਵੀ ਨਹੀਂ ਕਿਹਾ ਜਾ ਸਕਦਾ। ਮੁਹੰਮਦ ਅਲੀ ਜਿਨਾਹ ਦੇ ਆਪਣੇ ਆਪ ਨੂੰ ਪਾਕਿਸਤਾਨੀ ਨਾਅਰੇ ਨਾਲ ਨੱਥੀ ਕਰ ਲੈਣ ਪਿੱਛੋਂ ਜੇ ਅਜਿਹੇ ਮੁਸਲਮ ਆਗੂਆਂ ਦਾ ਮੁਸਲਮ ਵਸੋਂ ਵਿਚ ਜਨਤਕ ਪ੍ਰਭਾਵ ਨਾ ਰਿਹਾ। ਇਸ ਦੇ ਕਾਰਨ ਕੋਈ ਹੋਰ ਸਨ।

ਅਜੋਕੇ ਹਿੰਦੁਸਤਾਨ ਵਿਚ ਜੇ ਫਿਰਕੂ ਹਾਲਤ ਵਿਗੜੀ ਹੈ ਤਾਂ ਉਹ ਪਾਕਿਸਤਾਨ ਦੇ ਬਨਣ ਨਾਲ ਵਿਗੜੀ ਹੈ ਭਾਵੇਂ ਹਿੰਦੂ ਫਿਰਕੂਪ੍ਰਸਤੀ ਵਧੇਰੇ ਖ਼ਤਰਨਾਕ ਫਿਰਕਾਪ੍ਰਸਤੀ ਹੈ ਪਰ ਮੁਸਲਮ ਫਿਰਕਾਪ੍ਰਸਤੀ ਵੀ ਕਦੇ ਨਿਸਕਿਰਿਆ ਨਹੀਂ ਰਹੀ। ਸਗੋਂ ਇੰਝ ਕਹਿਣਾ ਚਾਹੀਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਹੋਰ ਵੀ ਜ਼ਹਿਰਲੀ ਹੋ ਗਈ ਹੈ। ਫਿਰਕਾਪ੍ਰਸਤੀ ਦਾ ਇਹ ਵਿਗੜਿਆ ਰੂਪ ਸਾਡੇ ਦੇਸ਼ ਵਿਚ ਅੱਗੇਵਧੂ ਤੇ ਸੋਸ਼ਲਿਸਟ ਮੁੱਖੀ ਲਹਿਰਾਂ ਨੂੰ ਦਰਪੇਸ਼ ਸੱਭ ਤੇ ਖ਼ਤਰਨਾਕ ਸਮੱਸਿਆਵਾਂ ਵਿਚੋਂ ਇਕ ਹੈ। ਇਸ ਵਿਰੁੱਧ ਰਾਜਨੀਤਕ ਤੇ ਜਥੇਬੰਦਕ ਲੜਾਈ ਲੜਨ ਤੋਂ ਇਲਾਵਾ ਇਸ ਨਾਲ ਵਿਚਾਰਧਾਰਕ ਤੌਰ ‘ਤੇ ਨਿਪਟਣ ਲਈ ਵੱਖ ਵੱਖ ਪੱਧਰਾਂ ਉੱਤੇ ਉਪਰਾਲੇ ਕਰਨੇ ਪੈਣਗੇ। ਬੁਨਿਆਦੀ ਸੋਸ਼ਲਿਸਟ ਵਿਚਾਰਧਾਰਾ ਦਾ ਪਰਚਾਰ, ਵਿਗਿਆਨਕ ਰਵੱਈਏ ਦਾ ਪਾਸਾਰ ਤੇ ਧਾਰਮਕ ਸਹਿਨਸ਼ੀਲਤਾ ਦੀ ਪਾਣ-ਇਹ ਤਿੰਨੇ ਗੱਲਾਂ ਨਾਲੋਂ ਨਾਲ ਕਰਨੀਆਂ ਪੈਣਗੀਆਂ। ਇਸ ਖੇਤਰ, ਵਿਚ ਗਾਂਧੀ ਜੀ ਦੇ ਢੰਗਾਂ ਤੇ ਵਿਰਸੇ ਦੀ ਜ਼ਬਰਦਸਤ ਅਹਿਮੀਅਤ ਹੈ।

ਇਸ ਪਰਸੰਗ ਵਿਚ ਇਹ ਜ਼ਿਕਰ ਵੀ ਉਚਿੱਤ ਹੀ ਹੋਵੇਗਾ ਕਿ ਕੇਵਲ ਅਜਿਹੇ ਚਾਰ ਵਿਅਕਤੀ ਹੀ ਹੋਏ ਹਨ ਜਿਨ੍ਹਾਂ ਗਾਂਧੀ ਜੀ ਨੂੰ ਸੱਚਮੁਚ ਸਮਝਿਆ। ਪਹਿਲਾ ਵਿਅਕਤੀ ਸੀ। ਬਿਰਲਾ ਜਿਸਨੇ ਸਾਲਾਂਬੱਧੀ ਗਾਂਧੀ ਜੀ ਦੇ ਪਰਛਾਵੇਂ ਵਿਚ ਰਹਿਕੇ ਅਸਲ ਅਰਥਾਂ ਵਿਚ ਉਸਦਾ ਪੂਰਾ ਲਾਭ ਉਠਾਇਆ। ਦੂਜਾ ਵਿਅਕਤੀ ਸੀ ਨੱਥੂ ਰਾਮ ਗਾਡਸੇ ਜਿਸਨੂੰ ਮਹਿਸੂਸ ਹੋਇਆ ਕਿ ਖਾੜਕੂ ਹਿੰਦੂ ਫਿਰਕਾਪ੍ਰਸਤੀ ਦੇ ਫੈਲਣ ਲਈ ਗਾਂਧੀ ਜੀ ਨੂੰ ਰਾਹ ਵਿਚੋਂ ਹਟਾਉਣਾ ਜ਼ਰੂਰੀ ਹੈ। ਤੀਜਾ ਵਿਅਕਤੀ ਸੀ ਜਵਾਹਰ ਲਾਲ ਨਹਿਰੂ ਜੋ ਜਾਣਦਾ ਸੀ ਕਿ ਮਹਾਤਮਾ ਗਾਂਧੀ ਦੀ ਲੀਡਰਸ਼ਿਪ ਤੋਂ ਬਿਨਾ ਇਕ ਆਧੁਨਿਕ ਤੇ ਆਜ਼ਾਦ ਹਿੰਦੁਸਤਾਨ ਦੇ ਉੱਭਰ ਕੇ ਅੱਗੇ ਆਉਣ ਦੀ ਕੋਈ ਸੰਭਾਵਨਾ ਨਹੀਂ, ਤੇ ਚੌਥਾ ਵਿਅਕਤੀ ਸੀ ਲੈਨਿਨ ਜਿਸਨੇ 1920 ਵਿਚ ਕਮਿਊਨਿਸਟ ਇੰਟਰਨੈਸ਼ਨਲ ਦੀ ਦੂਸਰੀ ਕਾਂਗਰਸ ਸਮੇਂ ਐੱਮ।ਐੱਨ।ਰਾਏ ਦੀ ਤੰਗਨਜ਼ਰੀ ਦਾ ਵਿਰੋਧ ਕੀਤਾ ਤੇ ਕਮਿਉਨਿਸਟਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਤਾਕਤ ਨੂੰ ਪੂਰੀ ਤਰ੍ਹਾਂ ਕਾਇਮ ਰੱਖਦਿਆਂ ਤੇ ਮਜ਼ਬੂਤ ਕਰਦਿਆਂ ਗਾਂਧੀ ਦੀ ਅਗਵਾਈ ਹੇਠਲੀ ਲਹਿਰ ਨਾਲ ਮੁਤਹਿੱਦ ਹੋਣਾ।

ਗਾਂਧੀ ਜੀ ਦੀ ਜ਼ਿੰਦਗੀ ਤੇ ਕੰਮ ਦਾ ਅੰਤਲਾ ਉਸਾਰੂ ਤੇ ਪਰਸੰਗਕ ਪੱਖ ਉਹ ਰਣਨੀਤੀ ਹੈ ਜਿਹੜੀ ਉਹਨਾਂ ਸਾਮਰਾਜ ਵਿਰੋਧੀ ਸੰਘਰਸ਼ ਲਈ ਤੇ ਬਰਤਾਨਵੀ ਬਸਤੀਵਾਦੀ ਰਾਜ ਨੂੰ ਉਲਟਾਉਣ ਲਈ ਵਿਕਸਤ ਕੀਤੀ। ਇਸ ਤੱਥ ਨੂੰ ਬਹੁਤ ਉਛਾਲਿਆ ਜਾਂਦਾ ਹੈ ਕਿ ਉਹ ਲਹਿਰ ਨੂੰ ਬੜੇ ਨਾਜ਼ਕ ਪਲਾਂ ਉੱਤੇ ਵਾਪਸ ਲੈ ਲੈਂਦੇ ਰਹੇ। ਇਸਦਾ ਮਤਲਬ ਇਹ ਲਿਆ ਜਾਂਦਾ ਹੈ ਕਿ ਉਹਨਾਂ ਲੋਕਾਂ ਦੇ ਆਪ ਮੁਹਾਰੇ ਇਨਕਲਾਬੀ ਉਭਾਰ ਨੂੰ ਠੱਲ ਪਾ ਦਿੱਤੀ, ਜਦ ਕਿ ਇਸ ਉਭਾਰ ਨੇ ਉਸਦੀ “ਸੋਧਵਾਦੀ ਅਗਵਾਈ” ਨੂੰ ਤੇ ਉਸ ਵੱਲੋਂ ਸ਼ੁਰੂ ਕੀਤੇ ਗਏ “ਸ਼ਾਂਤੀਵਾਦੀ ਇਨਕਲਾਬ” ਨੂੰ ਪਿੱਛੇ ਛੱਡ ਜਾਣਾ ਸੀ। “ਸ਼ਾਂਤੀਵਾਦੀ ਇਨਕਲਾਬ” ਦੇ ਪੱਦ ਦੀ ਵਰਤੋਂ ਗ੍ਰਾਮਚੀ ਦੇ ਹਵਾਲੇ ਨਾਲ ਕੀਤੀ ਜਾ ਰਹੀ ਹੈ। ਗ੍ਰਾਮਚੀ ਨੇ ਗਾਂਧੀ ਜੀ ਦੇ ਸੰਬੰਧ ਵਿਚ ਇਸ ਪਦਾਵਲੀ ਦਾ ਜ਼ਿਕਰ ਆਪਣੀ ਲਿਖਤ “ਬੰਦੀਖ਼ਾਨੇ ਦੀਆਂ ਨੋਟਬੁਕਸ, ਵਿਚ ਦੋ ਵਾਰ ਕੀਤਾ ਸੀ।

ਤੇਜ਼ ਖਿਆਲ’ ਨੁਕਤਾਚੀਨ ਇਸ ਗੱਲ ਨੂੰ ਕਦੇ ਵੀ ਸੰਤੋਖਜਨਕ ਢੰਗ ਨਾਲ ਬਿਆਨ ਨਹੀਂ ਕਰ ਸਕੇ ਕਿ ਆਖਰ ਕੀ ਕਾਰਨ ਸੀ ਕਿ ਲੋਕ ਸੰਘਰਸ਼ ਨੂੰ ਉਭਾਰ ਵਿਚ ਆਉਣ ਲਈ ਗਾਂਧੀ ਜੀ ਦੀ ਅਗਵਾਈ ਦੀ ਉਡੀਕ ਰਹੀ ਅਤੇ ਕਿਉਂ ਅਜਿਹਾ ਹੋਇਆ ਕਿ ਸਿਵਾਏ 1945-46 ਦੇ ਸੰਖੇਪ ਜਿਹੇ ਵਕਫ਼ੇ ਦੇ ਅਜਿਹਾ ਕੋਈ ਸਮਾਂ ਨਹੀਂ ਸੀ ਜਦੋਂ ਗਾਂਧੀ ਨੇ ਇਸ ਸੰਘਰਸ਼ ਨੂੰ ਵਾਪਸ ਲੈਣ ਦਾ ਆਦੇਸ਼ ਦਿੱਤਾ ਹੋਵੇ ਪਰ ਇਹ ਫੇਰ ਵੀ ਜਾਰੀ ਰਿਹਾ ਹੋਵੇ। ਕੀ ਕਾਰਨ ਹੈ ਕਿ ਗਾਂਧੀ ਦੀ ਦੀ ਕਥਿੱਤ ‘ਗ਼ਦਰੀ’ ਉਹਨਾਂ ਦੇ ਜਨਤਕ ਪ੍ਰਭਾਵ ਨੂੰ ਘਟਾਉਣ ਦਾ ਕਾਰਨ ਨਾ ਬਣੀ। ਇਹ ਕਿਵੇਂ ਹੋਇਆ ਕਿ ਵਧੇਰੇ ਇਨਕਲਾਬੀ ਅੰਸ਼ ਤਿੰਨ ਦਹਾਕਿਆਂ ਦੇ ਲੰਮੇ ਸਮੇਂ ਵਿਚ ਉਹਨਾਂ ਵਿਰੁੱਧ ਬੇਪਰਤੀਤੀ ਪੈਦਾ ਨਾ ਕਰ ਸਕੇ ਤੇ ਸੰਘਰਸ਼ ਦੀ ਅਗਵਾਈ ਆਪਣੇ ਹੱਥਾਂ ਵਿਚ ਨਾ ਲੈ ਸਕੇ। 20ਵੀਂ ਸਦੀ ਵਿਚ ਤਿੰਨ ਦਹਾਕਿਆਂ ਦੇ ਸਮੇਂ ਨੂੰ ਐਨੀ ਛੋਟੀ ਇਤਹਾਸਕ ਅਵਧੀ ਵੀ ਨਹੀਂ ਆਖਿਆ ਜਾ ਸਕਦਾ।

ਗਾਂਧੀ ਜੀ ਦੀ ਰਣਨੀਤੀ ਨੂੰ ਸਮਝਣ ਵਿਚ ਜਿਹੜੀ ਗੱਲ ਹੋਰ ਵੀ ਸਹਾਈ ਹੋ ਸਕਦੀ ਹੈ ਉਹ ਹੈ ਗ੍ਰਾਮਚੀ ਦਾ ਵਿਸਤਰਤ ਵਿਸ਼ਲੇਸ਼ਨ ਜਿਹੜਾ ਉਹਨਾਂ ਆਪਣੀ ਪੁਸਤਕ “ਪ੍ਰਿਜ਼ਨ ਨੋਟਬਕਸ” ਵਿਚ ਕੀਤਾ; “ਇਸ ਤਰ੍ਹਾਂ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਲੜਾਈ ਦੇ ਤਿੰਨ ਰੂਪਾਂ ਵਿਚ ਸਾਹਮਣੇ ਆਇਆ। ਇਹ ਸੀ: ਗਤੀਵਿਧੀ ਦੀ ਲੜਾਈ, ਪੈਂਤੜੇ ਦੀ ਲੜਾਈ, ਤੇ ਜ਼ਮੀਨਦੋਜ਼ ਲੜਾਈ। ਗਾਂਧੀ ਜੀ ਦਾ ਸ਼ਾਂਤੀਵਾਦੀ ਸਤਿਆਗ੍ਰਹਿ ਪੈਂਤੜੇ ਦੀ ਲੜਾਈ ਸੀ। ਇਹ ਲੜਾਈ ਕਦੇ ਗਤੀਵਿਧੀ ਦੀ ਲੜਾਈ ਬਣ ਜਾਂਦੀ ਸੀ ਅਤੇ ਕਦੇ ਜ਼ਮੀਨਦੋਜ਼ ਲੜਾਈ। ਬਾਈਕਾਟ ਪੈਂਤੜੇ ਦੀ ਲੜਾਈ ਆਖੀ ਜਾ ਸਕਦੀ ਹੈ ਜਦਕਿ ਕਈ ਪੜਾਵਾਂ ਉੱਤੇ ਹੜਤਾਲਾਂ ਗਤੀਵਿਧੀ ਦੀ ਲੜਾਈ ਬਣ ਜਾਂਦੀਆਂ ਹਨ ਅਤੇ ਹਥਿਆਰ ਤੇ ਲੜਾਕੇ ਦਸਤਿਆਂ ਦੀ ਖੁਫ਼ੀਆ ਤਿਆਰੀ ਜ਼ਮੀਨਦੋਜ਼ ਸੰਗਰਾਮ ਨਾਲ ਸੰਬੰਧ ਰੱਖਦੀ ਹੈ। ਛਾਪਾਮਾਰ ਦਾਅਪੇਚ ਵੀ ਜ਼ਮੀਨਦੋਜ਼ ਸੰਗਰਾਮ ਦਾ ਹੀ ਹਿੱਸਾ ਹਨ।”

ਗਾਂਧੀ ਜੀ ਦੇ ਖੱਬੇਪੱਖੀ ਤੇ ਮਾਰਕਸਵਾਦੀ ਆਲੋਚਕ ਬਹੁਤੀ ਵਾਰ ਇਹੀ ਗੱਲ ਦੁਹਰਾਉਂਦੇ ਹਨ ਕਿ ਉਹਨਾਂ ਜਨਤਕ ਲਹਿਰ ਨੂੰ ਖਾਸ ਹੱਦਾਂ ਤੋਂ ਅੱਗੇ ਨਾ ਜਾਣ ਦਿੱਤਾ। ਇਹ ਗੱਲ ਠੀਕ ਹੈ। ਇਸਤੋਂ ਇਲਾਵਾ ਜਨਤਾ ਪ੍ਰਤੀ ਗਾਂਧੀ ਜੀ ਦੀ ਪਹੁੰਚ ਦਾ ਇਕ ਹੋਰ ਜੁੜਵਾਂ ਪੱਖ ਵੀ ਸੀ। ਅਤੇ ਜਿਸ ਤਰ੍ਹਾਂ ਉਹਨਾਂ ਆਪ ਹੀ ਇਸਨੂੰ ਬੜੇ ਕਰੁਣਾਮਈ ਤੇ ਕਾਵਿਕ ਅੰਦਾਜ਼ ਨਾਲ ਬਿਆਨ ਕੀਤਾ -ਉਹਨਾਂ ਦਾ ਇਹ ਜੁੜਵਾਂ ਪੱਖ ਸੀ ਕਿ ਉਹ ਹਰ ਅੱਖ ਦਾ ਹਰ ਹੰਝੂ ਪੂੰਝਣ ਦੀ ਆਕਾਂਖਿਆ ਰੱਖਦੇ ਸਨ। ਇਸ ਸਿੱਕੇ ਦਾ ਦੂਸਰਾ ਪਾਸਾ ਇਹ ਸੀ ਹੰਝੂ ਪੂੰਝਣ ਦਾ ਕੰਮ ਉਹ ਆਪਣੇ ਤੱਕ ਸੀਮਤ ਰੱਖਣਾ ਚਾਹੁੰਦੇ ਸਨ। ਉਹਨਾਂ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਾਂਗਰਸ, ਜਿਸਦੀ ਅਗਵਾਈ ਉਹ ਆਪ ਕਰਦੇ ਸਨ, ਨੂੰ ਕਰੋੜਾਂ ਬੇਜ਼ੁਬਾਨ ਲੋਕਾਂ ਦੀ ਜ਼ੁਬਾਨ ਬਨਣਾ ਚਾਹੀਦਾ ਹੈ -ਇਹ ਨਹੀਂ ਕਿ ਕਰੋੜਾਂ ਬੇਜ਼ੁਬਾਨ ਲੋਕਾਂ ਨੂੰ ਆਪਣੀ ਬੇਬਸੀ ਛੱਡਕੇ ਆਪਣੀ ਆਵਾਜ਼ ਆਪ ਉਠਾਉਣੀ ਚਾਹੀਦੀ ਹੈ।

ਨਿਰਸੰਦੇਹ, ਸੱਭ ਕੁਝ ਕਹਿਣ ਤੇ ਕਰਨ ਤੋਂ ਬਾਅਦ ਵੀ ਗਾਂਧੀ ਜੀ ਬਾਰੇ ਇਹ ਵਰਨਣਯੋਗ ਤੱਥ ਕਾਇਮ ਰਹਿੰਦਾ ਹੈ ਕਿ ਸਾਡੀ ਲੰਮੀ ਤੇ ਸ਼ਾਨਦਾਰ ਤਾਰੀਖ ਵਿਚ ਜਨਤਾ ਨੂੰ ਜਗਾਉਣ ਵਾਲਾ ਜੇ ਕੋਈ ਸਭ ਤੇ ਮਹਾਨ ਆਗੂ ਹੋਇਆ, ਉਹ ਮਹਾਤਮਾ ਗਾਂਧੀ ਹੀ ਸੀ ਤੇ ਰਹੇਗਾ। ਗਾਂਧੀ ਜੀ ਤੋਂ ਇਲਾਵਾ ਹੋਰ ਕਿਸੇ ਆਗੂ ਦੇ ਸੱਦੇ ਉਤੇ ਲੱਖਾਂ ਕਰੋੜਾਂ ਹਿੰਦੁਸਤਾਨੀ ਕਿਸੇ ਨਾ ਕਿਸੇ ਰੂਪ ਵਿਚ ਜਨਤਕ ਲਹਿਰ ਵਿਚ ਸ਼ਾਮਲ ਨਹੀਂ ਸਨ ਹੋਏ । ਸੱਚਮੁਚ ਅਧੁਨਿਕ, ਤੇਜ਼ ਖਿਆਲ ਤੇ ਇਨਕਲਾਬੀ ਲਹਿਰ ਉਦੋਂ ਹੋਂਦ ਵਿਚ ਆਈ ਜਦੋਂ ਉਹਨਾਂ ਦੀ ਪਹਿਲੀ ਸ਼ਕਤੀਸ਼ਾਲੀ ਪਰੇਰਨਾ ਨੇ ਲੱਖਾਂ ਕਰੋੜਾਂ ਲੋਕਾਂ ਨੂੰ ਹਲੂਣਾ ਦਿੱਤਾ, ਇਹ ਠੀਕ ਹੈ ਕਿ ਇਹ ਲਹਿਰਾਂ ਐਕਸ਼ਨ ਦਾ ਉਹੋ ਜਿਹਾ ਕੌਮ-ਵਿਆਪੀ ਰੂਪ ਧਾਰਨ ਨਾ ਕਰ ਸਕੀਆਂ, ਜਿਹੜਾ ਹੋਣਾ ਚਾਹੀਦਾ ਸੀ। ਇਥੋਂ ਤੱਕ ਕਿ ਆਪਮੁਹਾਰੇ ਜਨਤਕ ਉਭਾਰ ਨੇ ਵੀ ਵਰਨਣਯੋਗ ਵਿਸ਼ਾਲਤਾ ਕੇਵਲ 1945-46 ਵਿਚ ਹੀ ਅਖਤਿਆਰ ਕੀਤੀ, ਇਸਤੋਂ ਪਹਿਲਾਂ ਅਜਿਹਾ ਉਭਾਰ ਘੱਟ ਹੀ ਦੇਖਣ ਵਿਚ ਆਇਆ। ਜਿਥੋਂ ਤੱਕ ਮਹਾਤਮਾ ਗਾਂਧੀ ਦੀਆਂ ਅਸਫ਼ਲਤਾਵਾਂ ਦਾ ਸੰਬੰਧ ਹੈ, ਉਹਨਾਂ ਇਹਨਾਂ ਦਾ ਇਕਬਾਲ ਕੀਤਾ। ਪਰ ਖੱਬੇ ਪੱਖ ਤੇ ਉਸਦੀਆਂ ਊਣਤਾਈਆਂ ਬਾਰੇ ਕੀ ਕਿਹਾ ਜਾਏ? ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਦੇ ਦੋ ਹੰਗਾਮਾਖੇਜ਼ ਦਹਾਕਿਆਂ ਦੇ ਦੌਰਾਨ ਤੇ ਇਸ ਪਿਛੋਂ 1947-49 ਦੇ ਸਾਲਾਂ ਤੱਕ ਸਾਰੇ ਏਸ਼ੀਆ ਵਿਚ ਮਹਾਤਮਾ ਗਾਂਧੀ ਦੇ ਬਰਾਬਰ ਦਾ ਕੋਈ ਹੋਰ ਆਗੂ ਸਰਵਉੱਚ ਆਗੂ ਹੋਇਆ ਤਾਂ ਉਹ ਮਾਓ ਜ਼ੇ ਤੁੰਗ ਹੀ ਸੀ।

ਜੇ ਮਹਾਤਮਾ ਗਾਂਧੀ ਸਰਵਉੱਚ ਆਗੂ ਬਣੇ ਅਤੇ ਉਹਨਾਂ ਆਪਣੀ ਇਸ ਸਰਵਉੱਚਤਾ ਨੂੰ ਕਾਇਮ ਰੱਖਿਆ ਤਾਂ ਇਸ ਵਿਚ ਵੱਡਾ ਹੱਥ ਉਹਨਾਂ ਦੀ ਆਪਣੀ ਅਣਥੱਕ ਮਿਹਨਤ ਦਾ ਸੀ। ਜਿਸ ਤਰ੍ਹਾਂ ਵਿਲੀਅਮ ਬਲੇਕ ਨੇ ਬਹੁਤ ਚਿਰ ਪਹਿਲਾਂ ਲਿਖਿਆ ਸੀ- ਊਰਜਾ ਸਦੀਵੀ ਖੁਸ਼ੀ ਹੈ। ਪਰ ਇਹ ਨਿਰੀ ਉਹਨਾਂ ਦੇ ਸਖਸ਼ੀ ਕਮਾਲ ਜਾਂ ਕ੍ਰਿਸ਼ਮੇ ਦਾ ਸਿੱਟਾ ਨਹੀਂ ਸੀ। ਉਂਝ ਵੀ ਕ੍ਰਿਸ਼ਮਾ ਆਪਣੇ ਆਪ ਵਿਚ ਕੋਈ ਬਹੁਤਾ ਅਰਥ ਨਹੀਂ ਰੱਖਦਾ। ਜੇ ਉਹਨਾਂ ਨੂੰ ਸਰਵਉੱਚਤਾ ਦਾ ਲਾਸਾਨੀ ਅਸਥਾਨ ਹਾਸਲ ਹੋਇਆ ਇਸ ਵਿਚ ਤਿੰਨ ਗੱਲਾਂ ਦਾ ਸੁਮੇਲ ਸ਼ਾਮਲ ਸੀ। ਉਹਨਾਂ ਬਰਤਾਨਵੀ ਬਸਤੀਵਾਦੀ ਪ੍ਰਬੰਧ ਦੇ ਮੁਕਾਬਲੇ ਉੱਤੇ ਅਜਿਹਾ ਮੁਕੰਮਲ ਬਦਲ ਪੇਸ਼ ਕੀਤਾ ਜਿਸਨੂੰ ਲੋਕ ਸਮਝ ਸਕਦੇ ਸਨ ਤੇ ਚਾਹੁੰਦੇ ਸਨ। ਉਹਨਾਂ ਇਕ ਅਜਿਹੀ ਜਥੇਬੰਦੀ -ਇੰਡੀਅਨ ਨੈਸ਼ਨਲ ਕਾਂਗਰਸ- ਉਸਾਰੀ ਜਿਸਦੇ ਅੰਦਰ ਲੋੜਾਂ ਦਾ ਅਨੁਸ਼ਾਸ਼ਨ ਵੀ ਸੀ ਪਰ ਜਿਹੜੀ ਨਾਲੋ ਨਾਲ ਜਨਤਕ ਲਹਿਰ ਵੀ ਬਣੀ ਰਹੀ। ਜਿਸ ਇਕ ਹੋਰ ਗੱਲ ਵਿਚ ਉਹ ਸਫ਼ਲ ਰਹੇ ਉਹ ਇਹ ਸੀ ਕਿ ਉਹਨਾਂ ਨਿਰੰਤਰ ਉੱਭਰ ਰਹੀਆਂ ਲਹਿਰਾਂ ਤੇ “ਸ਼ਾਂਤੀ ਵੇਲੇ” ਦੀਆਂ ਸਰਗਰਮੀਆਂ ਦੇ ਸੁਮੇਲ ਰਾਹੀਂ ਲੋਕਾਂ ਨਾਲ ਨਾਤਾ ਕਾਇਮ ਰੱਖਿਆ “ਸ਼ਾਂਤੀ ਵੇਲੇ” ਦੀਆਂ ਸਰਗਰਮੀਆਂ, ਜਿਨ੍ਹਾਂ ਨੂੰ ਉਹ ਉਸਾਰੂ ਸਰਗਰਮੀਆਂ ਕਹਿੰਦੇ ਸਨ, ਵਿਚ ਚਰਖਾ ਤੇ ਖਾਦੀ, ਸਵੈ-ਸਾਵੀਦਤ ਤੇ ਸਹਿਕਾਰਤਾ ਰਾਹੀਂ ਪਿੰਡਾਂ ਦੀ ਉੱਨਤੀ ਦੇ ਕੰਮ ਸ਼ਾਮਲ ਸਨ। ਪਰ ਇਹ ਕੰਮ ਨਿਰੇ ਉਤਪਾਦਨ ਖੇਤਰ ਤੱਕ ਹੀ ਸੀਮਤ ਨਹੀਂ ਸਨ ਸਗੋਂ ਸਿਹਤ ਸਫ਼ਾਈ, ਪੀਣ ਵਾਲੇ ਪਾਣੀ ਤੇ ਸਮਾਜੀ ਸੁਧਾਰਾਂ ਨਾਲ ਵੀ ਸੰਬੰਧ ਰੱਖਦੇ ਸਨ। ਇਹ ਲਗਾਤਾਰ ਸਰਗਰਮੀ ਕਾਂਗਰਸ ਨੂੰ ਨਾ ਕੇਵਲ ਕੰਮ ਲਾਈ ਰੱਖਦੀ ਸੀ ਤੇ ਲੋਕਾਂ ਦੇ ਨੇੜੇ ਹੋਣ ਵਿਚ ਮੱਦਦ ਕਰਦੀ ਸੀ ਸਗੋਂ ਅੰਗਰੇਜ਼ ਰਾਜ, ਖੱਬੇਪੱਖ ਅਤੇ ਜਦੋਜਹਿਦ ਕਈ ਨਿਰੋਲ ਕਾਨੂੰਨੀ ਢੰਗਾਂ ਤੋਂ ਵਰਤੋਂ ਕਰਨ ਦੇ ਹਾਮੀਆਂ ਦੇ ਮੁਕਾਬਲੇ ਉੱਤੇ ਇਕ ਠੋਸ ਬਦਲ ਵੀ ਪੇਸ਼ ਕਰਦੀ ਸੀ, ਇਸਦੀ ਮੱਦਦ ਨਾਲ ਅਜਿਹੇ ਅਣਗਿਣਤ ਕਾਰਕੁਨ ਵੀ ਪੈਦਾ ਹੋ ਰਹੇ ਸਨ, ਜਿਹੜੇ ਆਮ ਲੋਕਾਂ ਦਾ ਹੀ ਹਿੱਸਾ ਸਨ ਅਤੇ ਜਿਨ੍ਹਾਂ ਨੂੰ ਪਤਾ ਸੀ ਕਿ ਜਨਤਾ ਨੂੰ ਜਥੇਬੰਦ ਕਿਵੇਂ ਕਰਨਾ ਹੈ।

ਅੰਤ ਵਿਚ ਉਹਨਾਂ ਸਾਂਝੇ ਮੁਹਾਜ਼ ਦਾ ਵਿਚਾਰ ਵੀ ਸਾਹਮਣੇ ਲਿਆਂਦਾ। ਉਹ ਸਰਮਾਏਦਾਰਾਂ, ਜਾਗੀਰਦਾਰਾਂ ਤੇ ਇਥੋਂ ਤੱਕ ਕਿ ਰਜਵਾੜਿਆਂ ਨੂੰ ਵੀ ਅਜਿਹੇ ਮੁਹਾਜ਼ ਤੋਂ ਬਾਹਰ ਨਹੀਂ ਸਨ ਰੱਖਦੇ। ਉਹ ਰਾਜਿਆਂ ਦੇ ਖਾਤਮੇ ਦਾ ਵੀ ਵਿਰੋਧ ਕਰਦੇ ਸਨ। ਉਹਨਾਂ ਦੀ ਦਲੀਲ ਸੀ ਕਿ ਵਿਸ਼ਾਲ ਤੋਂ ਵਿਸ਼ਾਲ ਸਾਮਰਾਜ ਵਿਰੋਧੀ ਸੰਘਰਸ਼ ਲਈ ਇਹ ਜ਼ਰੂਰੀ ਹੈ। ਤਾਂ ਵੀ ਅਜਿਹੇ ਮੁਹਾਜ਼ ਦੀ ਸਥਾਪਨਾ ਸਮੇਂ ਇਸ ਗੱਲ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਕਿ ਮਿਹਤਕਸ਼ ਲੋਕਾਂ ਅਤੇ ਆਮ ਗਰੀਬਾਂ ਲਈ ਅਜਿਹੇ ਪ੍ਰੋਗਰਾਮ ਤੇ ਉਦੇਸ਼ ਵੀ ਉਲੀਕੇ ਜਾਣ ਜਿਹੜੇ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਅਤੇ ਤੇ ਇਹਨਾਂ ਨੂੰ ਤੁਰੰਤ ਰਾਹਤ ਵੀ ਪਹੁੰਚਾਉਣ। ਮਹਾਤਮਾ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੇ ਆਮ ਲੋਕਾਂ ਦੇ ਸੰਬੰਧ ਵਿਚ ਇਹੀ ਰਣਨੀਤੀ ਅਪਣਾਈ ਭਾਵੇਂ ਇਹ ਸਰਮਾਏਦਾਰ ਸ਼੍ਰੇਣੀ ਸੀ ਜਿਸਨੂੰ ਉਹਨਾਂ ਦੀ ਅਗਵਾਈ ਹੇਠਲੀ ਕਾਂਗਰਸ ਹੱਥੋਂ ਨਾ ਸਿਰਫ਼ ਬਹੁਤ ਜ਼ਿਆਦਾ ਲਾਭ ਹੋਇਆ ਸਗੋਂ ਰਾਜਸੀ ਸੱਤਾ ਵਿਚ ਵੀ ਇਸਦੀ ਭਾਈਵਾਲੀ ਪੈ ਗਈ। ਤਾਂ ਵੀ ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਸਾਰਾ ਲਾਭ ਸਰਮਾਏਦਾਰ ਸ਼੍ਰੇਣੀ ਨੂੰ ਹੀ ਪਹੁੰਚਾ। ਆਮ ਲੋਕਾਂ ਤੇ ਸਮੁੱਚੇ ਰੂਪ ਵਿਚ ਪੂਰੀ ਕੌਮ ਨੂੰ ਵੀ ਪ੍ਰਾਪਤੀ ਹੋਈ। ਇਹ ਪ੍ਰਾਪਤੀ ਕਿਸੇ ਹੱਦ ਤੱਕ ਪਦਾਰਥਕ ਅਰਥ ਵੀ ਰੱਖਦੀ ਸੀ ਪਰ ਇਸਨੇ ਵਧੇਰੇ ਕਰਕੇ ਚੇਤਨਾ, ਗੌਰਵ ਤੇ ਕੌਮੀ ਸਵੈ-ਆਦਰ ਪਰਦਾਨ ਕੀਤਾ।

ਮਹਾਤਮਾ ਗਾਂਧੀ ਲਈ ਆਪਣੇ ਲੀਡਰਸ਼ਿਪ ਲਈ ਕਿਸੇ ਕਿਸਮ ਦਾ ਚੈਲਿੰਜ ਗਵਾਰਾ ਨਹੀਂ ਸੀ, ਜਿਥੋਂ ਤੱਕ ਕਮਿਉਨਿਸਟਾਂ ਦਾ ਸੰਬੰਧ ਹੈ, ਉਹਨਾਂ ਵੱਲੋਂ ਤਾਂ ਉੱਕਾ ਹੀ ਨਹੀਂ। ਪਰ ਇਸਦੇ ਨਾਲ ਨਾਲ ਉਹ ਕਮਿਉਨਿਸਟਾਂ ਦੀ ਮਿਲਵਰਤਣ ਵੀ ਚਾਹੁੰਦੇ ਸਨ। ਇਹ ਗੱਲ ਵੀ ਲਿਖਤ ਵਿਚ ਆ ਚੁੱਕੀ ਹੈ ਕਿ ਜਦੋਂ 1929 ਵਿਚ ਅੰਗਰੇਜ਼ ਹਾਕਮਾਂ ਨੇ ਕਮਿਉਨਿਸਟ ਆਗੂਆਂ ਨੂੰ ਮੇਰਠ ਵਿਚ ਜੇਲ੍ਹਬੰਦ ਕਰ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਉਹਨਾਂ ਨੂੰ ਜੇਲ੍ਹ ਵਿਚ ਮਿਲਣ ਗਏ ਸਨ। ਉੱਥੇ ਉਹਨਾਂ ਕਿਹਾ ਕਿ ਮੈਂ ਤੁਹਾਡਾ ਸਹਿਯੋਗ ਚਾਹੁੰਦਾ ਹਾਂ ਤੇ ਉਸਦੀ ਕਦਰ ਕਰਦਾ ਹਾਂ। ਐੱਸ਼ਏ ਡਾਂਗੇ ਨੇ ਉਹਨਾਂ ਤੋਂ ਪੁੱਛਿਆ ਸੀ ਕਿ ਜੇ ਜਨਤਕ ਸੰਘਰਸ਼ ਦੇ ਦੌਰਾਨ ਹਿੰਸਾ ਦੀ ਕੋਈ ਇੱਕਾ ਦੁੱਕਾ ਘਟਨਾ ਵਾਪਰ ਜਾਂਦੀ ਹੈ ਤਾਂ ਤੁਸੀਂ ਸੰਘਰਸ਼ ਨੂੰ ਹੀ ਵਾਪਸ ਤਾਂ ਨਹੀਂ ਲੈ ਲਓਗੇ, ਉਂਝ ਹੀ ਜਿਵੇਂ 1922 ਵਿਚ ਚੌਰਾਚੌਰੀ ਸਮੇਂ ਤੁਸਾਂ ਕੀਤਾ ਸੀ ਜਦੋਂ ਭੜਕੀ ਹੋਈ ਭੀੜ ਨੇ ਕੁਝ ਪੁਲਸ ਦੇ ਬੰਦੇ ਜਿਉਂਦੇ ਸਾੜ ਦਿੱਤੇ ਸਨ? ਉਹਨਾਂ ਉਤਰ ਦਿੱਤਾ ਸੀ ਕਿ ਅਜਿਹਾ ਨਹੀਂ ਹੋਵੇਗਾ।

ਕਮਿਉਨਿਸਟ ਆਗੂਆਂ ਵਿਰੁੱਧ ਮੁਕੱਦਮੇ ਦੀ ਪੈਰਵਾਈ ਕਰਨ ਵਾਲਿਆਂ ਵਿਚ ਸਰਕਦਾ ਕਾਂਗਰਸੀ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਮੋਤੀ ਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਦੇ ਨਾਂਅ ਜ਼ਿਕਰਯੋਗ ਹਨ।ਨਿਰਸੰਦੇਹ ਅੱਜ ਦਾ ਆਜ਼ਾਦ ਹਿੰਦੁਸਤਾਨ ਬਸਤੀਵਾਦੀ ਹਿੰਦੁਸਤਾਨ ਨਾਲੋਂ ਬਹੁਤ ਬਦਲ ਚੁੱਕਾ ਹੈ। ਹਿੰਦੁਸਤਾਨ ਵਿਚ ਕੌਮੀ ਜਮਹੂਰੀ ਇਨਕਲਾਬ ਨੂੰ ਨੇਪਰੇ ਚਾਹੜਨ ਦਾ ਸੰਘਰਸ਼ ਆਜ਼ਾਦੀ ਦੇ ਸੰਘਰਸ਼ ਨਾਲੋਂ ਸਿਫ਼ਤੀ ਤੌਰ ‘ਤੇ ਵਾਪਰੀ ਪੱਧਰ ਉੱਤੇ ਚੱਲ ਰਿਹਾ ਹੈ। ਇਸਦੇ ਲਈ ਵੱਖਰੀ ਸ਼੍ਰੇਣੀ-ਮਜ਼ਦੂਰ ਜਮਾਤ- ਦੀ ਸਰਦਾਰੀ ਦੀ ਲੋੜ ਹੈ ਅਤੇ ਵੱਖ ਵੱਖ ਸ਼੍ਰੇਣੀਆਂ ਦੀ ਕੁਲੀਜ਼ਨ ਦਾ ਸ਼੍ਰੇਣੀ ਸੱਤਾ ਉੱਤੇ ਕਬਜ਼ਾ ਹੀ ਵਰਤਮਾਨ ਚੌਧਰ ਤੇ ਸੱਤਾ ਦਾ ਭੋਗ ਪਾ ਸਕਦਾ ਹੈ। ਇਸਦੇ ਲਈ ਜਿਸ ਪੱਧਰ ਦੀ ਜਨਤਕ ਚੇਤਨਾ ਤੇ ਸ਼ਮੂਲੀਅਤ ਦੀ ਲੋੜ ਹੈ ਉਹ ਵੀ ਵੱਖਰੀ ਕਿਸਮ ਦੀ ਹੋਵੇਗੀ। ਇਹਨਾਂ ਫਰਕਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਨਾ ਹੀ ਗਾਂਧੀਵਾਦ ਦੀ ਇਕਟੱਕ ਨੁਕਤਾਚੀਨੀ ਕੀਤੇ ਅਤੇ ਉਸਦਾ ਪ੍ਰਭਾਵ ਘਟਾਏ ਬਿਨਾ ਕੌਮੀ ਜਮਹੂਰੀ ਇਨਕਲਾਬ ਵੱਲ ਅੱ ਗੇ ਵਧਿਆ ਜਾ ਸਕਦਾ ਹੈ। ਪਰ ਫੇਰ ਵੀ ਗਾਂਧੀਵਾਦ ਦਾ ਨਿਰੋਲ ਨਿਖੇਧ ਵੀ ਨਹੀਂ ਹੋ ਸਕਦਾ।

Sunday, February 13, 2011

ਗਾਂਧੀ-:ਭਾਰਤ 'ਤੇ ਥੋਪਿਆ ਹੋਇਆ "ਕੌਮੀ ਪਿਓ"

ਗੁਲਾਮ ਕਲਮ 'ਤੇ ਗਾਂਧੀ ਬਾਰੇ ਚਲਾਈ ਬਹਿਸ ਅੱਗੇ ਤੋਰਨ ਲਈ ਪੀ ਟੀ ਸੀ ਨਿਊਜ਼ ਵਾਲੇ ਦਵਿੰਦਰਪਾਲ ਨੇ ਇਕ ਲਿਖ਼ਤ ਭੇਜੀ ਹੈ,ਜੋ ਕਈ ਨਵੇਂ ਸਵਾਲਾਂ ਦੇ ਜਨਮ ਨਾਲ ਕੁਝ ਪੁਰਾਣੇ ਸਵਾਲਾਂ ਦੇ ਜਵਾਬ ਦਿੰਦੀ ਹੈ।ਤੁਸੀਂ ਲਿਖ਼ਤ ਪੜ੍ਹਕੇ ਆਪਣੇ ਪੱਖੀ ਜਾਂ ਵਿਰੋਧੀ ਵਿਚਾਰ ਰਚਨਾ ਹੇਠਾਂ ਟਿੱਪਣੀ ਦੇ ਕੇ ਜਾਂ ਲਿਖ਼ਤ ਭੇਜਕੇ ਦਰ ਕਰਵਾ ਸਕਦੇ ਹੋਂ।--ਯਾਦਵਿੰਦਰ ਕਰਫਿਊ

ਗੱਲ ਸ਼ੁਰੂ ਕਰਨ ਤੋਂ ਪਹਿਲੋਂ ਯਾਦਵਿੰਦਰ ਦੀ ਤਾਰੀਫ ਜ਼ਰੂਰ ਕਰ ਦਿਆਂ ਜਿਹਨੇ ਪਬਲਿਸ਼ਿੰਗ ਦਾ ਗੁਰ ਆਪਣੇ ਬਲੋਗ 'ਤੇ ਲਾਗੂ ਕਰ ਕੇ ਓਹ ਮੁੱਦੇ ਛੇੜਣ ਦਾ ਵਲ ਸਿੱਖ ਲਿਐ ਜਿਹੜੇ ਬੰਦੇ ਦੇ ਦਿਮਾਗ ਨੂੰ ਲੂਤੀਆਂ ਲਾ ਦਿੰਦੇ ਨੇ।ਹੁਣ ਚਲੀਏ ਮੁੱਦੇ ਵੱਲ, ਮੋਹਨਦਾਸ ਕਰਮ ਚੰਦ ਗਾਂਧੀ ਦਾ ਮੇਰੇ ਸਿਰ 'ਤੇ ਮੇਰੇ ਕੌਮੀ ਪਿਓ ਦੇ ਤੌਰ 'ਤੇ ਥੋਪਿਆ ਜਾਣਾ, ਓਹ ਵੀ ਓਸ ਮੁਲਕ 'ਚ ਜਿਹੜਾ ਧਰਮ ਤੋਂ ਲੈ ਕੇ ਬੱਚੇ ਪੈਦਾ ਕਰਨ ਦੇ ਢੰਗ ਤੱਕ ਚੁਣਨ ਦੀ ਅਜ਼ਾਦੀ ਦੇਣ ਦਾ ਦਾਅਵਾ ਕਰਦਾ ਹੈ, ਕੀ ਇੱਕ ਸਿਆਸੀ ਫੈਸਲਾ ਨਹੀਂ ਹੈ? ਜੇ ਹੈ ਤਾਂ ਰਿਸ਼ਤਾ ਪਿਓ ਦਾ ਕਿਓਂ, ਜਦੋਂਕਿ ਖੂਨ ਦੇ ਰਿਸ਼ਤੇ ਵਾਲੇ ਬਾਪ ਤੋਂ ਬਗ਼ੈਰ ਹੋਰ ਕਿਸੇ ਨੂੰ ਵੀ ਆਪਣੇ ਪਿਓ ਵਰਗਾ ਅਸੀਂ ਓਦੋਂ ਕਹਿਣੇ ਆਂ ਜਦੋਂ ਭਾਵੁਕਤਾ ਦੀ ਸਾਂਝ ਬਣਦੀ ਹੈ ਤੇ ਓਸ ਸ਼ਖ਼ਸ ਲਈ ਪਿਤਾ ਸਮਾਨ ਆਦਰ ਮਨ 'ਚ ਪੈਦਾ ਹੁੰਦਾ ਹੈ। ਸਿੱਖਾਂ ਲਈ ਦਸਵੇਂ ਗੁਰੁ ਨੁੰ ਆਪਣਾ ਪਿਤਾ ਜਾਂ ਪਿਓ ਕਹਿਣਾ ਓਸੇ ਸਨਮਾਨ ਤੇ ਭਾਵੁਕ ਸਾਂਝ ਦਾ ਨਤੀਜਾ ਹੈ ਜਿਸ ਦੇ ਪੈਦਾ ਹੋਣ ਦੇ ਕਾਰਨ ਓਸ ਯੁਗ ਪੁਰਸ਼ ਦੇ ਵਿਹਾਰ ਤੋਂ ਜੰਮਦੇ ਨੇ, ਓਸ ਦੀਆਂ ਕੁਰਬਾਨੀਆਂ ਤੋਂ ਜੰਮਦੇ ਨੇ।

ਦਸਮ ਪਿਤਾ ਜਾਂ ਗੁਰੁ ਗੋਬਿੰਦ ਸਿੰਘ... ਇਹ ਕਹਿਣ ਦੀ ਅਜ਼ਾਦੀ ਵੀ ਸਿੱਖ ਧਰਮ ਹਰ ਸਿੱਖ ਨੂੰ ਦਿੰਦਾ ਹੈ, ਓਸ 'ਤੇ ਪਿਓ ਥੋਪਿਆ ਨਹੀਂ ਜਾਂਦਾ, ਧਰਮ ਵੱਲੋਂ ਜਾਂ ਸਟੇਟ ਵੱਲੋਂ। ਇਹ ਉਦਾਹਰਣ ਇਸ ਲਈ ਦੇ ਰਿਹਾਂ ਕਿਓਂਕਿ ਮੈਂ ਨਾਸਤਿਕ ਸਿੱਖ ਹਾਂ ਤੇ ਇਸੇ ਧਰਮ 'ਚੋਂ ਅਕੀਦੇ ਦੀ ਅਜ਼ਾਦੀ ਦੇ ਨਾਲ ਹੀ ਰੱਬ ਦੇ ਕੋਨਸੈਪਟ ਨਾਲ ਲੜਣ ਦੀ ਧਾਰਨਾ ਦੀ ਤਰਕਸ਼ੀਲਤਾ ਵੀ ਮਿਲਦੀ ਹੈ ਪਰ ਕੀ ਸਟੇਟ ਨੇ ਇਹ ਅਜ਼ਾਦੀ ਗਾਂਧੀ ਨੂੰ ਮੇਰਾ ਪਿਓ ਐਲਾਨਦਿਆਂ ਛੱਡੀ ਹੈ, ਜਾਂ ਕਿ ਭਾਵਨਾਤਮਕ ਰਿਸ਼ਤਾ ਪੂਰੇ ਮੁਲਕ 'ਤੇ ਥੋਪ ਕੇ ਬਲੈਕਮੇਲ ਦਾ ਮੁੱਦਾ ਖੜਾ ਕਰ ਦਿੱਤੈ ਬਈ ਜੇ ਰਾਸ਼ਟਰਪਿਤਾ ਨਾ ਮੰਨੋ ਤਾਂ ਤੁਸੀਂ ਰਾਸ਼ਟਰ ਵਿਰੋਧੀ ਹੋਏ। ਇਸ 'ਤੇ ਵੀ ਬਹਿਸ ਛੇੜਣ ਤੋਂ ਪਹਿਲੋਂ ਸਵਾਲ ਇਹ ਹੈ ਕਿ 15 ਅਗਸਤ 1947 ਨੂੰ ਜੋ ਸਾਡੇ ਨਾਲ ਹੋਇਆ ਓਹ ਦਰਅਸਲ ਕੀ ਸੀ?

ਕੀ ਇਹ ਸੰਪੂਰਣ ਅਜ਼ਾਦੀ ਸੀ?
ਕੀ ਓਸ ਦੌਰ ਦੀ ਤਬਦੀਲੀ ਮਹਾਤਮਾ ਗਾਂਧੀ ਕਾਰਨ ਹੋਈ?
ਕੀ ਅਸੀਂ ਅੰਗਰੇਜ਼ਾਂ ਨੂੰ ਇਸ ਮੁਲਕ 'ਚੋਂ ਕੱਢਣ 'ਚ ਪੂਰੀ ਤਰਾਂ ਆਪਣੇ ਦਮ 'ਤੇ ਗਾਂਧੀ ਦੇ ਦਰਸਾਏ ਰਾਹ 'ਤੇ ਚੱਲ ਕੇ ਕਾਮਯਾਬ ਹੋਏ?
ਕੀ ਅਜ਼ਾਦੀ ਦੇ ਸਾਰੇ ਪੈਰਾਮੀਟਰ ਹਰ ਭਾਰਤੀ ਲਈ ਬਰਾਬਰ ਹਨ?


ਜੁਆਬ ਕਈਆਂ ਨੂੰ ਹਜ਼ਮ ਨਹੀਂ ਹੋਣੇ, ਕਈਆਂ ਮੈਨੂੰ ਦੇਸ਼ਧ੍ਰੋਹੀ ਦਾ ਦਰਜਾ ਦੇਣ ਦਾ ਮਾਣ ਵੀ ਹਾਸਲ ਕਰਨੈ ਪਰ ਸੱਚ ਇਹ ਹੈ ਕਿ 1947 'ਚ ਜੋ ਹੋਇਆ ਓਹ 'ਟ੍ਰਸਟੀਸ਼ਿੱਪ' ਦਾ ਤਬਾਦਲਾ ਸੀ। ਇੱਕ ਹਾਕਮ ਦੇ ਹੱਥੋਂ ਦੂਜੇ ਦੇ ਹੱਥ ਤਾਕਤ ਦਾ ਜਾਣਾ, ਇਸ ਦੌਰਾਨ ਕਈ ਲੱਖਾਂ ਦਾ ਕਤਲ ਹੋਣਾ, ਸਾਢੇ ਪੰਜ ਸੌ ਰਿਆਸਤਾਂ ਦਾ ਰਲ ਗੱਡ ਹੋ ਕੇ ਇੱਕ ਪਾਰਲੀਮੈਂਟ ਦੀ ਕਾਇਮੀ ਤਾਂ ਕਿ ਸਾਂਝੀ ਤਾਕਤ ਨਾਲ ਸਰਮਾਇਆ ਕਾਬੂ ਰੱਖਣ 'ਚ ਮਦਦ ਮਿਲੇ, ਰਹੀ ਗੱਲ ਅੰਗਰੇਜ਼ਾਂ ਦੀ ਤਾਂ ਦੋ ਵੱਡੀਆਂ ਆਲਮੀ ਜੰਗਾਂ 'ਚ ਨਿਚੋੜੇ ਜਾਣ ਤੋਂ ਬਾਅਦ ਤੇ ਇਸ ਖਿੱਤੇ ਦਾ ਵੀ ਪੂਰੀ ਤਰਾਂ ਖ਼ਜ਼ਾਨਾ ਤੇ ਕੁਦਰਤੀ ਸੋਮੇ ਲੁੱਟਣ ਤੋਂ ਬਾਅਦ ਸਮੇਂ ਦੀਆਂ ਤਕਨੀਕਾਂ, ਤਾਕਤਾਂ ਤੇ ਖਰਚਿਆਂ ਦੀ ਪੂਰੀ ਵਰਤੋਂ ਦੇ ਬਾਅਦ ਵੀ ਓਹਨਾਂ ਲਈ ਆਪਣੇ ਅੰਪਾਇਰ ਦੀ ਸਭ ਤੋਂ ਵੱਡੀ ਕਲੋਨੀ ਨੂੰ ਸਾਂਭਣਾ ਔਖਾ ਸੀ, ਪੜ੍ਹ ਲਿਖ ਕੇ ਜਾਗਰੂਕ ਹੋ ਰਹੀ ਨਵੀਂ ਪੀੜੀ ਵੀ ਨਿੱਤ ਨਵੇਂ ਸਵਾਲ ਖੜੇ ਕਰਦੀ ਸੀ ਤੇ ਸਥਾਨਕ ਸਰਮਾਏਦਾਰ ਵੀ ਵੰਡੇ ਜਾ ਰਹੇ ਸੋਮਿਆਂ ਤੇ ਮੁਨਾਫੇ ਦੀ ਘਾਟ ਕਾਰਨ ਓਹਨਾਂ ਤੋਂ ਔਖੇ ਸਨ। ਖ਼ਾਸ ਤੌਰ 'ਤੇ ਓਦੋਂ ਜਦੋਂ ਲਗਾਤਾਰ ਕ੍ਰਾਂਤੀਕਾਰੀਆਂ ਨੇ ਕਦੇ ਕੱਲੇ ਕੱਲੇ ਤੇ ਕਦੇ ਗਦਰੀਆਂ ਜਾਂ ਅਜ਼ਾਦ ਹਿੰਦ ਫੌਜ ਰਾਹੀਂ ਗੋਰਿਆਂ ਦੀ ਤਾਕਤ ਉਲਝਾਉਣ 'ਚ ਪੂਰਾ ਟਿੱਲ ਲਾਇਆ ਹੋਇਆ ਸੀ।

ਸੋ ਅਜਿਹੇ ਹਾਲ 'ਚ ਰੋਜ਼ ਅੰਦਰੂਨੀ ਹਮਲਿਆਂ ਦਾ ਸਾਹਮਣਾ ਕਰਨ ਤੋਂ ਨਾਬਰ ਹੋਏ ਗੋਰਿਆਂ ਨੂੰ ਕੀ ਗਾਂਧੀ ਦੀ ਅਹਿੰਸਾ ਨੇ ਪ੍ਰੇਰਿਆ ਕਿ ਓਹ ਇਹ ਮੁਲਕ ਛੱਡ ਜਾਣ?

ਜਦੋਂ ਕੋਈ ਵੀ ਸਿਆਣਾ ਸ਼ਖ਼ਸ ਇਸ ਗੱਲ ਦੀ ਵਕਾਲਤ ਕਰਦੈ ਕਿ ਗਾਂਧੀ ਤੋਂ ਸਿੱਖਣ ਵਾਲੀ ਗੱਲ ਸਿੱਖ ਤੇ ਮੌਜੂ ਬਣਾਉਨ ਵਾਲੀ ਬਾਰੇ ਗੱਲ ਨਾਂ ਛੇੜ ਤਾਂ ਇਹ ਤਾਂ ਲਗਭਗ 'ਆਈਡਲ ਵਰਸ਼ਿਪ' ਹੋਈ ਪੱਥਰ ਦੇ ਬੁੱਤਾਂ ਦੀ ਪੂਜਾ ਜਿਹੜੇ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਗਾਂਧੀ ਦੇ ਲਾਏ ਹੀ ਨਜ਼ਰ ਆਉਂਦੇ ਨੇ। ਜ਼ਰਾ ਗਾਂਧੀ ਦੇ ਦਿੱਤੇ 'ਓਰਿਜਿਨਲ ਆਈਡਿਆਜ਼' ਦੀ ਗੱਲ ਕਰੀਏ… ਘੱਟ ਖਪਤ ਵਾਲੀ ਪ੍ਰੇਰਣਾ ਕੀ ਸਿਰਫ ਗਾਂਧੀ ਦੀ ਦੇਣ ਹੈ? ਕੀ ਬੋਧੀ ਪਹਿਲੋਂ ਹੀ ਇੱਕ ਕੱਪੜੇ 'ਚ ਨਹੀਂ ਤੁਰੇ ਫਿਰਦੇ? ਕੀ ਬਾਬੇ ਨਾਨਕ ਨੇ ਵਾਧੂ ਕਮਾਈ ਗ਼ਰੀਬ ਨਾਲ ਰਲ ਵੰਡਣ ਦੀ ਗੱਲ ਨਹੀਂ ਕੀਤੀ? ਕੀ ਖੁਦ ਹਿੰਦੂ ਸਾਧ ਵੀ ਇੱਕ ਬਗਲੀ ਬੰਨ ਕੇ ਨਹੀਂ ਤੁਰੇ ਫਿਰਦੇ ਰਹੇ ਸਦੀਆਂ ਤੋਂ? ਤੇ ਕੀ ਇਸਲਾਮ ਦਾ ਮਹਾਨ ਹਿੱਸਾ ਸੂਫੀਆਂ ਨੇ ਵੀ ਇੱਕੋ ਉੱਨ ਦੇ ਕੱਪੜੇ ਦੇ ਆਸਰੇ ਖੁਦਾ ਦੀ ਖੁਦਾਈ ਨਹੀਂ ਵੇਖੀ? ਫੇਰ ਓਹ ਸਾਰਾ ਕੁਝ ਬਾਅਦ 'ਚ ਜਦੋਂ ਹੋਂਦ 'ਚ ਹੈ ਤੇ ਗਾਂਧੀ ਤੋਂ ਪਹਿਲੋਂ ਹੀ ਤੇ ਬਾਅਦ 'ਚ ਵੀ ਸਿਆਣੇ ਓਹਨਾਂ ਦੀਆਂ ਉਦਾਹਰਣਾਂ ਦਿੰਦੇ ਨੇ ਤਾਂ ਕੀ ਸਿਰਫ ਗਾਂਧੀ ਵੀ ਸਿਆਣੇ ਲੋਕਾਂ ਦੇ ਦਰਸਾਏ ਰਾਹ ਤੇ ਹੀ ਨਹੀਂ ਸੀ ਚੱਲਿਆ?

ਇੱਕ ਹੋਰ ਓਰਿਜਿਨਲ ਆਈਡਿਏ ਦੀ ਗੱਲ ਕਰੀਏ… ਸਦੀਆਂ ਤੋਂ, ਪਹਿਲੋਂ ਹੀ ਲਤਾੜੇ ਪਏ ਦਲਿਤ ਤਬਕੇ ਨੂੰ ਕੀ ਬ੍ਰਾਹਮਣਾਂ ਵੱਲੋਂ ਦਿੱਤੇ ਗਏ ਪਹਿਲੇ ਨਾਮ ਬਹੁਤ ਨਹੀਂ ਸਨ ਜਿਹੜਾ ਹਰੀਜਨ ਨਾਂ ਦੀ ਨਵੀਂ ਪਛਾਣ ਪੈਦਾ ਕਰ ਦਿੱਤੀ ਉੱਚ ਜ਼ਾਤਾਂ ਤੋਂ ਨਿਖੇੜਣ ਲਈ, ਤੇ ਤਰਕ ਕੀ ਦਿੱਤਾ ਕਿ ਇਹ ਰੱਬ ਦੇ ਪਿਆਰੇ ਨੇ, ਜੇ ਅਜਿਹਾ ਸੀ ਤਾਂ ਸਿਰਫ ਸਾਰਿਆਂ ਨੂੰ ਹਿੰਦੂ ਦਾ ਹੀ ਸਾਂਝਾ ਨਾਮ ਦੇਣ ਦੀ ਲੜਾਈ ਕਿਓਂ ਨਾਂ ਛੇੜੀ ਮਹਾਤਮਾ ਨੇ? ਬੜੀ ਮਹਾਨ ਲੜਾਈ ਹੋਣੀ ਸੀ ਓਹ।ਤੇ ਜੇ ਨਾਮਕਰਨ ਦੀ ਲੋੜ ਹੈ ਈ ਸੀ ਤਾਂ ਮਹਾਂਬ੍ਰਾਹਮਣ ਵਰਗਾ ਕੋਈ ਅਜਿਹਾ ਨਾਮ ਕਿਓਂ ਨਾਂ ਦਿੱਤਾ ਜਿਹੜਾ ਅਨਪੜ੍ਹ ਪਰ ਉੱਚ ਜ਼ਾਤਾਂ ਲਈ ਥੋੜਾ ਬਹੁਤ ਤਾਂ ਕਨਫਿਊਜ਼ਿੰਗ ਹੁੰਦਾ? ਜਦੋਂ ਪਹਿਲੀ ਜੰਗ 'ਚ ਗੋਰਿਆਂ ਨੇ ਵਾਦਾ ਖਿਲਾਫੀ ਕੀਤੀ ਸੀ ਤਾਂ ਅਜਿਹਾ ਕਿਓਂ ਨਾਂ ਕੀਤਾ ਕਿ ਸਾਰਾ ਮੁਲਕ ਪਿੱਛੇ ਲਾ ਕੇ ਓਦੋਂ ਤੱਕ ਲਈ ਚੁੱਪ ਸਾਧ ਲੈਂਦੇ ਜਾਂ ਬਾਈਕਾਟ ਕਰਦੇ ਚਾਹੇ ਅਹਿੰਸਾ ਨਾਲ ਹੀ ਕਰਦੇ ਜਦੋਂ ਤੱਕ ਗੋਰੇ ਈਨ ਨਾਂ ਮੰਨਦੇ, ਕਿਓਂ ਬੈਠਕਾਂ ਦਾ ਦੌਰ ਹੀ ਚਲਦਾ ਰਿਹਾ ਮੌਜੂਦਾ ਦੌਰ ਦੇ ਸੜੇ ਹੋਏ ਸਿਆਸਤਦਾਨਾਂ ਵਾਂਗ?

ਜ਼ਰਾ ਗਾਂਧੀ ਦੀ ਕਾਰਜ ਪ੍ਰਣਾਲੀ ਵਾਚੋ ਤਾਂ ਸਾਫ ਹੋਵੇ ਕਿ ਹਿੰਦੁਸਤਾਨ 'ਚ ਕੰਮਾਂ ਕਾਜਾਂ 'ਚ ਫੇਲ੍ਹ ਹੋਏ ਨੁੰ ਜਦੋਂ ਵਕੀਲ ਬਣਾ ਤਾ ਬਾਹਰ ਭੇਜ ਕੇ ਤੇ ਅਫਰੀਕਾ 'ਚ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਕਿੰਨੀ ਸਾਂਝ ਭਿਆਲੀ ਸੀ ਓਥੇ ਦੇ ਗੋਰਿਆਂ ਨਾਲ, ਸਿਰਫ ਟ੍ਰੇਨ 'ਚ ਸੀਟ ਨਾਂ ਮਿਲਣ ਦੀ ਗੱਲ ਦਾ ਵਿਰੋਧ ਕਰਨ ਵਾਲੀ ਕਹਾਣੀ ਸਕੂਲਾਂ ਦੇ ਨਿਆਣਿਆਂ ਨੂੰ ਪੜ੍ਹਾ ਕੇ ਜਿਸ ਨੂੰ ਅਜ਼ਾਦੀ ਦਾ ਯੋਧਾ ਗਰਦਾਨਿਆ ਗਿਐ ਓਹ ਕੀ ਅੰਗਰੇਜ਼ਾਂ ਦੀ ਕਲੀਅਰੈਂਸ ਬਗ਼ੈਰ ਮੁਲਕ ਆ ਗਿਆ ਸੀ ਵਾਪਸ ਤੇ ਕਿੰਨੀਆਂ ਬੈਠਕਾਂ ਹੋਈਆਂ ਸਨ ਏਧਰ ਤੇ ਓਧਰਲੇ ਅੰਗਰੇਜ਼ ਅਫਸਰਾਂ ਨਾਲ ਓਸਦੀਆਂ ਆਉਣ ਤੋਂ ਪਹਿਲੋਂ ਤੇ ਬਾਅਦ 'ਚ?

ਕਿਓਂ 1947 ਤੋਂ ਬਾਅਦ ਇੱਕ ਦਮ ਇੱਕ ਬਾਪੂ ਤੇ ਇੱਕ ਚਾਚੇ ਦੀ ਲੋੜ ਮੁਲਕ ਨੂੰ ਪੈ ਗਈ ਜਾਂ ਦੇ ਦਿੱਤੇ ਗਏ? ਸਾਡੇ ਕੋਲ ਯੋਧੇ ਵੀ ਹੈ ਸਨ ਸਰਾਭੇ, ਭਗਤ, ਨੇਤਾ ਜੀ ਵਰਗੇ ਪਰ ਕੀ ਇਹਨਾਂ 'ਚੋਂ ਕਿਸੇ ਦਾ ਜਨਤਕ ਹੀਰੋ ਬਣਾਇਆ ਜਾਣਾ ਅਜਿਹੇ ਹਾਕਮਾ ਦੇ ਹੱਕ 'ਚ ਜਾ ਸਕਦਾ ਹੈ ਜਿਹਨਾਂ ਨੇ ਜਨਤਾ ਹਮੇਸ਼ਾਂ ਗੂੰਗੀ ਬੋਲੀ ਰੱਖਣ ਦੀ ਠਾਣੀ ਹੋਵੇ? ਜੇ ਉਤਲੇ ਲੋਕਾਂ 'ਚੋਂ ਕੋਈ ਵੀ ਰਾਸ਼ਟਰ ਪਿਤਾ ਗਰਦਾਨਿਆ ਹੁੰਦਾ ਤਾਂ ਓਸਦੀ ਜ਼ਿੰਦਗੀ ਪੜਾਉਣੀ ਪੈਂਦੀ ਤੇ ਲੋਕਾਂ ਨੂੰ ਸਮਝਾਉਣਾ ਪੈਂਦਾ ਕਿ ਜੇ ਤੁਹਾਡਾ ਹੱਕ ਕੋਈ ਮਾਰ ਰਿਹੈ ਤਾਂ ਉੱਠੇ ਤੇ ਓਸ ਜਮਹੂਰੀ ਤੇ ਮਨੁੱਖੀ ਹੱਕ ਖਾਤਰ ਲੜ ਮਰੋ। ਪਰ ਗੋਰਿਆਂ ਦੇ ਵਾਰਸ ਭੁਰੇ ਹਾਕਮਾਂ ਲਈ ਇਹ ਸੰਭਵ ਨਹੀਂ ਸੀ ਸੋ ਮੁਲਕ ਨੂੰ ਹੀਰੋ ਅਜਿਹੇ ਬਖਸ਼ਣੇ ਜ਼ਰੂਰੀ ਸਨ ਜਿਹੜੇ ਸੌਖਿਆਂ ਈਨ ਮੰਨਣਾ ਸਿਖਾਉਂਦੇ ਹੋਣ। ਗਾਂਧੀ ਨਾਲੋਂ ਬਿਹਤਰ ਹੋਰ ਕੌਣ ਅਜਿਹਾ ਹੋ ਸਕਦੈ।

1931 'ਚ ਬੋਲੇ ਇੱਕ ਝੂਠ ਦੀ ਗੱਲ ਕਿਓਂ ਨਹੀਂ ਉੱਠਣ ਦਿੱਤੀ ਜਾਂਦੀ, ਲੋਕਾਂ ਦੀ ਭਰੀ ਮਜਲਿਸ ਨੂੰ ਕਹਿ ਦਿੱਤਾ ਗਿਆ ਕਿ ਮੈਂ ਭਗਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੰਗਰੇਜ਼ ਨਹੀਂ ਮੰਨੇ! ਪਰ ਜੇ 'ਗਾਂਧੀ-ਇਰਵਿਨ' ਸਮਝੌਤੇ ਦੀ ਇੱਕ ਸ਼ਰਤ ਭਗਤ ਸਿੰਘ ਦਾ ਛੱਡਿਆ ਜਾਣਾ ਹੁੰਦੀ ਤੇ ਅੰਗਰੇਜ਼ ਮੁੱਕਰਦਾ ਤਾਂ ਗੱਲ ਸੱਚ ਮਨੀਂਦੀ, ਹੁਣ ਕੱਲੇ ਜ਼ੁਬਾਨੀ ਕਹੇ ਨੇ ਤਾਂ ਇਤਿਹਾਸ ਨੂੰ ਸੱਚ ਨਹੀਂ ਬਣਾ ਦੇਣਾ। ਓਹ ਵੀ ਓਦੋਂ ਜਦੋਂ ਆਰਕਾਈਵ ਔਫ ਇੰਡੀਆ ਦੇ ਕਾਗ਼ਜ਼ਾਤ ਸਾਫ ਕਹਿੰਦੇ ਨੇ ਗਾਂਧੀ ਵੱਲੋਂ ਮੰਗ ਸਿਰਫ ਏਨੀ ਹੋਈ ਸੀ ਕਿ ਕਰਾਚੀ 'ਚ ਕਾਂਗਰਸ ਦੇ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ 'ਤੇ ਮੋਹਰ ਲੱਗਣ ਤੱਕ ਲਈ ਫਾਂਸੀ ਦੀ ਸਜ਼ਾ ਨੂੰ ਮੁਲਤਵੀ ਰੱਖਿਆ ਜਾਵੇ। ਪਰ ਇਰਵਿਨ ਨਹੀਂ ਮੰਨਿਆ ਕਿਓਂਕਿ ਓਸ ਮੁਤਾਬਿਕ ਸਜ਼ਾ ਮੁਲਤਵੀ ਹੋਣ 'ਤੇ ਪ੍ਰਭਾਵ ਇਹ ਜਾਣਾ ਸੀ ਕਿ ਅੰਗਰੇਜ਼ਾਂ ਈਨ ਮੰਨ ਲਈ ਤੇ ਕ੍ਰਾਂਤੀਕਾਰੀ ਤਗੜੇ ਹੋ ਜਾਣੇ ਸੀ ਜੋਸ਼ ਖਾ ਕੇ। ਬੱਸ ਏਨੇ ਕੁ ਤਰਕ ਨੇ ਰਾਸ਼ਟਰ ਪਿਤਾ ਚੁੱਪ ਕਰਾ 'ਤਾ। ਕਾਰਨ ਸੀ ਇੱਕ ਤਾਂ ਅੰਗਰੇਜ਼ਾਂ ਦੀ ਭਗਤੀ ਤੇ ਤੇ ਦੂਜੇ ਆਪਣੀ ਸਿਆਸਤ ਨੂੰ ਖ਼ਤਰਾ ਓਸ ਮੁੰਡੇ ਤੋਂ ਜਿਹੜਾ 23 ਸਾਲ ਦੀ ਉਮਰ 'ਚ ਹੀ ਏਨੀ ਕਾਬਲੀਅਤ ਰੱਖਦਾ ਸੀ ਕਿ ਖੁਦ ਨੂੰ ਵੇਲੇ ਦੀ ਸਿਆਸਤ ਦਾ ਥੰਮ ਮੰਨਣ ਵਾਲੇ ਗਾਂਧੀ 'ਤੇ ਵੀ ਲੱਖਾਂ ਲੋਕਾਂ ਦਾ ਦਬਾਅ ਸੀ ਓਸਨੂੰ ਬਚਾਉਣ ਲਈ, 23 ਸਾਲ ਦੇ ਇਸ ਨੌਜੁਆਨ ਨੇ ਓਹਨੂੰ ਮਜ਼ਬੂਰ ਕਰ ਦਿੱਤਾ ਸੀ ਲੋਕਾਂ ਮੁਹਰੇ ਆਪਣੀ ਤਾਕਤ ਜ਼ਾਹਰ ਕਰਨ ਲਈ, ਓਹ ਤਾਕਤ ਜਿਹੜੀ ਖਲਾਅ 'ਚ ਅਹਿੰਸਾ ਵਾਦੀ ਧਰਨਿਆਂ ਦੇ ਆਸਰੇ ਤੇ ਕਦੇ ਸਵਾਲ ਨਾਂ ਚੁੱਕਣ ਵਾਲੀ ਭੇਡ ਜਨਤਾ ਵੱਲੋਂ ਗੋਰਿਆਂ ਦੀ ਡਾਂਗਾਂ ਖਾ ਕੇ ਦਿੱਤੀ ਗਈ ਸੀ।18 ਫਰਵਰੀ ਤੇ 19 ਮਾਰਚ ਨੂੰ ਵਾਏਸਰਾਏ ਨਾਲ ਭਗਤ ਸਿੰਘ ਦਾ ਮੁੱਦਾ ਵਿਚਾਰਿਆ ਜਾਂਦਾ ਹੈ। 'ਵਿਚਾਰਿਆ ਜਾਂਦੈ', ਓਹ ਗਾਂਧੀ ਜੋ ਕਰਾਚੀ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ ਦੇ ਦਸਤਖ਼ਤ ਕਰਾ ਕੇ ਇਸ ਰੈਜ਼ੋਲਿਊਸਨ ਦਾ ਹਿੱਸੇਦਾਰ ਬਣਦਾ ਹੈ ਕਿ 'ਕਾਂਗਰਸ ਓਹਨਾਂ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਦੀ ਹੈ ਤੇ ਓਹਨਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੈ' ਓਹ ਗਾਂਧੀ ਮੁੱਦਾ ਵਿਚਾਰਦਾ ਹੈ।

ਕਿਓਂ ਨਹੀਂ ਸਮੇਂ ਦੇ ਸਭ ਤੋਂ ਵੱਡੇ ਲੀਡਰ ਨੇ ਆਪਣਾ ਅਹਿੰਸਾਵਾਦੀ ਮਰਣ ਵਰਤ ਰੱਖਿਆ ਇਹਨਾਂ ਨੌਜੁਆਨਾਂ ਦੀ ਫਾਂਸੀ ਰੁਕਵਾਉਣ ਲਈ, ਫੇਰ ਚਾਹੇ ਓਹਨਾਂ ਅੱਗੇ ਵੀ ਅਹਿੰਸਾ ਦਾ ਰਾਹ ਛੱਡਣ ਦੀ ਸ਼ਰਤ ਰੱਖਦਾ? ਕਿਓਂ 20 ਮਾਰਚ ਨੂੰ ਵੀ 'ਰੇਸਿਸਟ' ਦਾ ਦਰਜਾ ਪ੍ਰਾਪਤ ਗ੍ਰਹਿ ਸਕੱਤਰ ਇਮਰਸਨ ਨਾਲ ਇਸ ਗੱਲ ਦਾ ਵਿਚਾਰ ਵਟਾਂਦਰਾ ਕੀਤਾ ਜਾਂਦਾ ਰਿਹਾ ਕਿ ਫਾਂਸੀ ਦੀ ਸੂਰਤ 'ਚ ਲੋਕਾਂ ਦਾ ਰੋਹ ਕਾਬੂ ਕਰਨ 'ਚ ਗਾਂਧੀ ਕਿੱਦਾਂ ਮਦਦਗਾਰ ਸਾਬਤ ਹੋ ਸਕਦੈ? ਖੁਦ ਇਰਵਿਨ ਦੀ ਸਵੈ-ਜੀਵਨੀ ਦੱਸਦੀ ਐ ਕਿ ਗਾਂਧੀ ਸਿਰਫ ਏਸ ਗੱਲ ਦੀ ਓਸ ਤੋਂ ਇਜਾਜ਼ਤ ਮੰਗਦਾ ਰਿਹਾ ਕਿ ਕੀ ਓਹ ਲੋਕਾਂ 'ਚ ਜਾ ਕਿ ਇਹ ਝੂਠ ਮਾਰ ਦੇਵੇ ਕਿ ਮੈਂ ਵਾਏਸਰਾਏ 'ਤੇ ਇਹਨਾਂ ਨੌਜੁਆਨਾਂ ਨੂੰ ਬਚਾਉਣ ਲਈ ਪੂਰਾ ਦਬਾਅ ਬਣਾਇਆ ਹੋਇਐ। ਜਿਹਨਾਂ ਪਹਿਲੀ ਵਾਰ ਪੜ੍ਹੀਆਂ ਹੋਣ ਓਹ ਥੋੜੀ ਜਿਹੀ ਖੋਜ ਨਾਲ ਇਹ ਗੱਲਾਂ ਆਪਣੀ ਨੇੜਲੀ ਲਾਇਬ੍ਰੇਰੀ 'ਚ ਭਗਤ ਸਿੰਘ ਦੇ ਮੁਕੱਦਮੇ ਨਾਲ ਸਬੰਧਤ ਕਿਤਾਬਾਂ ਤੋਂ ਲੈ ਕੇ ਇੰਟਰਨੈੱਟ ਤੱਕ 'ਤੇ ਪੁਸ਼ਟੀ ਕਰ ਸਕਦੇ ਨੇ ਪਰ ਇਹ ਸਾਰੇ ਤੱਥ ਚੇਤਾ ਕਰਾਉਣ ਲੱਗਿਆਂ ਮੇਰਾ ਮਕਸਦ ਇਹ ਦੱਸਣਾ ਨਹੀਂ ਹੈ ਕਿ ਗਾਂਧੀ ਦਾ ਸ਼ਹੀਦ ਭਗਤ ਸਿੰਘ ਦੇ ਕਤਲ/ਸ਼ਹਾਦਤ 'ਚ ਕੀ ਰੋਲ ਹੈ, ਨਾਂ ਹੀ ਓਹਨਾਂ ਦੇਸ਼ਭਗਤਾਂ ਨੂੰ ਮੁਆਫੀ ਦੀ ਲੋੜ ਸੀ ਜਾਂ ਓਹਨਾਂ ਕਬੂਲਣੀ ਸੀ ਜੇ ਮਿਲਦੀ, ਪਰ ਇਹਨਾਂ ਤੱਥਾਂ ਤੋਂ ਓਸ ਬੰਦੇ ਦੀ ਅਸਲ ਔਕਾਤ ਪਤਾ ਲਗਦੀ ਹੈ ਜਿਹੜਾ ਓਸ ਵੇਲੇ ਕਾਂਗਰਸ ਦਾ ਤੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਲੀਡਰ ਸੀ।

ਓਹ ਏਨਾ ਅਸੁਰੱਖਿਆ ਦਾ ਸ਼ਿਕਾਰ ਆਗੂ/ਸਿਆਸਤਦਾਨ ਸੀ ਕਿ ਓਸ ਤੋਂ ਬਗ਼ੈਰ ਕੋਈ ਵੀ ਲੋਕਾਂ ਦੀਆਂ ਅੱਖਾਂ 'ਚ ਚੜਦਾ ਹੋਵੇ ਓਹਦੀ ਖੈਰ ਨਹੀਂ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਪਹਿਲਾ ਐਸਾ ਸ਼ਖ਼ਸ ਸੀ ਜਿਹਦੀ ਤਾਕਤ ਨੇ ਓਸ ਨੂੰ ਪਾਰਟੀ ਦੇ ਅੰਦਰ ਹੀ ਹਰਾ ਕੇ ਓਹਦੇ ਲਈ ਚੁਣੌਤੀ ਖੜੀ ਕੀਤੀ ਸੀ। ਪਰ ਨਤੀਜਾ ਕੀ ਹੋਇਆ? ਓਸਦਾ ਵੀ ਇਤਿਹਾਸ ਗਵਾਹ ਹੈ? ਇਹਨਾਂ ਸਾਰੇ ਹਲਾਤਾਂ 'ਚ ਗਾਂਧੀ ਸਿਰਫ ਇੱਕ ਘਾਗ ਤੇ ਮੌਕਾਪ੍ਰਸਤ ਸਿਆਸਤਦਾਨ ਸਾਬਤ ਹੁੰਦਾ ਹੈ ਜਿਹੜਾ ਆਪਣੇ ਮਾਲਕਾਂ ਦੀ ਹਾਂ 'ਚ ਹਾਂ ਭਰਨ ਲਈ ਹਰ ਥਾਂ ਮੌਜੂਦ ਹੈ, ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਤੋਂ ਲੈ ਕੇ ਦੇਸ਼ ਭਗਤਾਂ ਦੇ ਵਿਰੋਧ ਤੱਕ, ਜਾਤੀ ਵਾਦ ਪ੍ਰਤੀ ਕੋਈ ਸਮਾਜ ਸੁਧਾਰਕ ਨਜ਼ਰੀਆ ਸਖ਼ਤੀ ਨਾਲ ਲਿਆਉਣ ਤੋਂ ਗੁਰੇਜ਼ ਕਰਨ ਤੋਂ ਲੈ ਕੇ ਸਾਊ ਜਨਤਾ ਨੂੰ ਭੇਡ ਬੱਕਰੀਆਂ ਬਣਾਈ ਰੱਖਣ ਤੱਕ ਓਹ ਅੰਗਰੇਜ਼ਾ ਦੇ ਪੂਰਾ ਕੰਮ ਆਇਆ ਇਸ ਗੱਲ ਦੀ ਹਾਮੀ ਓਸ ਦੇ ਕਾਰੇ ਤੇ ਇਤਿਹਾਸ ਦੋਹੇ ਭਰਦੇ ਨੇ। ਜਿਹੜੇ ਲੋਕ ਗਾਂਧੀ ਦੇ 'ਮਾਸ ਲੀਡਰ' ਹੋਣ ਜਾਂ 'ਮਾਸ ਮੂਵਮੈਂਟ' ਖੜੀ ਕਰਨ ਦੀ ਤਾਕਤ ਦੀ ਸ਼ਲਾਘਾ ਕਰਦੇ ਨੇ ਓਹ ਇਸ ਮੁਲਕ ਦੇ ਲੋਕਾਂ ਦੀ ਆਦਤ ਨੂੰ ਮੌਜੂਦਾ 'ਚ ਤੇ ਬੀਤੇ ਸਮੇਂ 'ਚ ਧਿਆਨ ਨਾਲ ਵੇਖਣ 'ਚ ਅਸਫਲ ਰਹੇ ਨੇ। ਜਦੋਂ ਇਸ ਮੁਲਕ 'ਚ ਧਰਮ ਦੇ ਅੰਨ੍ਹੇ ਕੀਤੇ ਲੋਕਾਂ ਦੀ ਕਰੋੜਾਂ ਵਾਲੀ ਬਹੁਗਿਣਤੀ ਹਮੇਸ਼ਾਂ ਹੀ ਵੱਗ ਦੇ ਵੱਗ ਭਰ ਕੇ ਅਖੌਤੀ ਸਾਧਾਂ ਸੰਤਾਂ ਤੇ ਬਾਬਿਆਂ ਮਗਰ ਤੁਰੀ ਰਹੀ ਹੈ ਤਾਂ ਜਦੋਂ ਇੱਕ ਐਸਾ ਸ਼ਖ਼ਸ ਮਹਾਤਮਾ ਦੇ ਤੌਰ 'ਤੇ ਪਰਚਾਰਿਆ ਜਾ ਰਿਹਾ ਹੋਵੇ ਜਿਹਦੀ 'ਇਮੇਜ ਬਿਲਡਿੰਗ' ਦਾ ਕੰਮ ਓਸ ਵੇਲੇ ਦੀ ਓਹਨਾਂ ਦੀ ਆਪਣੀ ਪਾਰਟੀ ਕਾਂਗਰਸ ਤੋਂ ਲੈ ਕੇ ਓਹਨਾਂ 'ਤੇ ਹਾਕਮ ਅੰਗਰੇਜ਼ਾਂ ਦੀ ਪ੍ਰੈਸ ਕਰ ਰਹੀ ਹੋਵੇ ਤਾਂ ਕੀ ਸਾਡੀਆਂ ਇਹ ਸਾਊ ਭੇਡਾਂ, ਬੱਕਰੀਆਂ ਦੀ ਮਾਸ ਮੂਵਮੈਂਟ ਕਿਸੇ ਤਰਾਂ ਅਸੰਭਵ ਲਗਦੀ ਹੈ, ਓਹ ਵੀ ਓਦੋਂ ਜਦੋਂ ਕਈ ਦਹਾਕੇ ਬਾਅਦ ਅੱਜ ਵੀ ਪਹਿਲੋਂ ਨਾਲੋਂ ਕਿਤੇ ਵੱਧ ਪੜ੍ਹ ਚੁੱਕੇ ਤੇ ਅਜ਼ਾਦੀ ਮਾਣ ਰਹੇ ਓਹਨਾਂ ਲੋਕਾਂ ਦੀ ਔਲਾਦ ਨੂੰ ਮੰਦਰ ਮਸਜਿਦ ਦਾ ਮੁੱਦਾ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਵਿਹਲਾ ਘੜੀਸੀ ਫਿਰਦੈ।

ਅੱਜ ਵੀ ਜੇ ਸਟੇਟ ਨੂੰ ਸਵਾਲ ਕੀਤਾ ਜਾਂਦੈ ਤਾਂ ਗੁਲਾਮੀ ਦਾ ਅਹਿਸਾਸ ਧੁਰੋਂ ਜਾਗਦੈ। ਜਦੋਂ ਪੁੱਛ ਲਈਏ ਕਿ ਕੀ 1947 'ਚ ਸੱਚੀ ਅਜ਼ਾਦੀ ਆਈ ਸੀ ਤਾਂ ਇਹਨਾਂ ਭੇਡ ਬੱਕਰੀਆਂ 'ਚੋਂ ਹੀ ਕਈ ਨੈਸ਼ਨਲਿਜ਼ਮ ਦੀ ਡਾਂਗ ਇਹ ਕਹਿ ਕੇ ਸਿਰ 'ਚ ਮਾਰਦੇ ਨੇ ਕਿ ਜੇ ਅਜ਼ਾਦੀ ਨਾਂ ਆਈ ਹੁੰਦੀ ਤਾਂ ਤੁੰ ਇਹੋ ਈ ਸਵਾਲ ਪੁੱਛਣ ਲਈ ਵੀ ਅਜ਼ਾਦ ਨਾਂ ਹੁੰਦਾ, ਜਿਵੇ ਮਨੁੱਖੀ ਜ਼ੁਬਾਨ ਨੂੰ ਬਿਲਕੁਲ ਹੀ ਜ਼ਿੰਦੇ ਸਨ 47 ਤੋਂ ਪਹਿਲੋਂ। ਏਹਨਾਂ ਭਲੇਮਾਣਸਾਂ ਦੀ ਗੱਲ ਦਾ ਵੀ ਜੁਆਬ ਦੇ ਦੇਈਏ ਕਿ ਓਹਨਾਂ ਵੇਲੇ ਭਗਤ ਸਿੰਘ ਦਾ ਬਿਆਨ ਅਖਬਾਰਾਂ 'ਚ ਛਪਦਾ ਸੀ ਓਹ ਵੀ ਅੰਗਰੇਜ਼ਾਂ ਦੀ ਮਦਦ ਨਾਲ ਚਲਦੀਆਂ ਅਖਬਾਰਾਂ 'ਚ, ਤੇ ਕਈ ਪਾਰਟੀਆਂ ਵਾਲੇ ਆਪੋ ਆਪਣੀ ਸਿਆਸਤ ਖੁੱਲ੍ਹ ਕੇ ਕਰਦੇ ਸੀ, ਚਾਹੋ ਤਾਂ ਕਿਸੇ ਦੇ ਆਰਕਾਈਵ ਫੋਲ ਲਓ। ਤੇ ਅੱਜ ਬਿਨਾਇਕ ਸੇਨ ਤੋਂ ਲੈ ਕੇ ਮੀਰਵਾਇਜ਼ ਫਾਰੂਕ ਤੱਕ ਕੋਈ ਕੁਝ ਕਹਿ ਕੇ ਵੇਖੇ ਤਾਂ ਫੇਰ ਅਜ਼ਾਦੀ ਦਾ ਮਤਲਬ ਦੱਸਿਓ? ਸੇਨ ਤਾਂ ਕਹਿੰਦਾ ਵੀ ਕੁਝ ਨਹੀਂ ਸੀ ਫੇਰ ਇਹ ਹਾਲ ਨੇ। ਜਦੋਂ ਦਹਾਕਿਆਂ ਬੱਧੀ ਸਟੇਟ ਦਾ ਪ੍ਰਚਾਰ ਮੁੱਢਲੀ ਪੜ੍ਹਾਈ ਤੋਂ ਕਿਸੇ ਨੂੰ ਤੁਹਾਡੇ 'ਤੇ ਇੱਕ ਭਾਵੁਕ ਰਿਸ਼ਤੇ ਰਾਹੀਂ ਥੋਪ ਰਿਹਾ ਹੋਵੇ, ਓਸਨੂੰ ਸੱਚ ਦੇ ਇਕਲੌਤੇ ਪਹਿਰੇਦਾਰ ਦੇ ਤੌਰ 'ਤੇ ਤੁਹਾਨੂੰ ਪੜ੍ਹਾਇਆ ਜਾਂਦਾ ਹੋਵੇ, ਓਸਦੀ ਜੀਵਨ ਜਾਚ ਨੂੰ ਦੁਨੀਆ ਦੀ ਬਿਹਤਰੀਨ ਜੀਵਨ ਜਾਚ ਦੱਸਿਆ ਜਾਂਦਾ ਹੋਵੇ, ਓਸਦੀ ਪਹਿਚਾਣ ਨੂੰ ਦੁਨੀਆ 'ਚ ਤੁਹਾਡੀ ਕੌਮੀ ਪਹਿਚਾਣ ਦੱਸਿਆ ਜਾਂਦਾ ਹੋਵੇ ਤਾਂ ਯਕੀਨ ਕਰਨਾ ਔਖਾ ਹੁੰਦੈ ਕਿ ਓਹ ਇਨਸਾਨ ਏਡਾ ਵੱਡਾ ਠੱਗ ਵੀ ਹੋ ਸਕਦੈ, ਹੁਣ ਜੇ ਤੁਸੀ ਕਹੋ ਕਿ ਮੌਜੂਦਾ ਭਾਰਤ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਦੇਣ ਹੈ ਤਾਂ ਮੈਂ ਪੂਰੀ ਤਰਾਂ ਇੱਤਫਾਕ ਰੱਖਾਂਗਾ ਤੁਹਾਡੀ ਗੱਲ ਨਾਲ।

ਕਿਓਂਕਿ ਕੁਝ ਹੋਰ ਕਿਹਾ ਤਾਂ ਦੇਸ਼ਧ੍ਰੋਹੀ ਹੋਵਾਂਗਾ। ਤੁਹਾਡੇ ਰਾਸ਼ਟਰਪਿਤਾ ਦੀ ਸ਼ਾਨ 'ਚ ਗੁਸਤਾਖੀ ਕਰਾਂਗਾ ਤੇ ਕਿਸੇ ਵੱਡੀ ਪਾਰਟੀ ਦੇ ਵੱਡੇ ਸੋਟੇ ਦਾ ਭਾਗੀਦਾਰ ਵੀ ਹੋਵਾਂਗਾ, ਸੋ ਕਰੋੜਾਂ ਲੋਕਾਂ ਨੂੰ ਭੇਡ ਦੀ ਜ਼ਿੰਦਗੀ ਲਈ ਗਾਂਧੀ ਦਾ ਸ਼ੁਕਰੀਆ।

ਦਵਿੰਦਰਪਾਲ
ਪੀ ਟੀ ਸੀ ਨਿਊਜ਼

Saturday, February 12, 2011

ਗਾਂਧੀ,ਅਰੁੰਧਤੀ,ਮਾਓਵਾਦੀ ਕਵੀ ਤੇ ਫੇਸਬੁੱਕ

ਗਾਂਧੀ ਨੂੰ ਲੈ ਕੇ ਵਿਚਾਰ ਚਰਚਾ ਹੁੰਦੀ ਹੀ ਰਹਿੰਦੀ ਹੈ।ਇਸੇ ਤਰ੍ਹਾਂ ਫੇਸਬੁੱਕ 'ਤੇ ਕੁਲਵਿੰਦਰ ਬੱਛੋਆਣਾ ਨੇ ਅਰੁੰਧਤੀ ਦੀ ਗਾਂਧੀ 'ਤੇ ਕੀਤੀ ਟਿੱਪਣੀ ਨਾਲ ਇਕ ਬਹਿਸ ਛੇੜੀ,ਜਿਸ 'ਚ ਚਰਨ ਗਿੱਲ ਤੇ ਸੁਦੀਪ ਸਿੰਘ ਨੇ ਇਕ ਦੂਜੇ ਨਾਲ ਜਵਾਬਤਲਬੀ ਕੀਤੀ।ਮੈਨੂੰ ਵੀ ਇਹ ਬਹਿਸ ਟੈਗ ਕੀਤੀ ਗਈ,ਪਰ ਮੈਂ ਕੁਝ ਬੋਲ੍ਹਣ ਦੀ ਬਜਾਏ ਬਹਿਸ 'ਚ ਕੁਝ ਹੋਰ ਜੋੜ ਕੇ ਇਸ ਨੂੰ ਇਕ ਮਾਰਡੇਟਰ ਦੇ ਤੌਰ 'ਤੇ ਬਲੌਗ ਜ਼ਰੀਏ ਜਨਤਾ ਦੀ ਕਚਹਿਰੀ 'ਚ ਲਿਜਾਣ ਦਾ ਫੈਸਲਾ ਕੀਤਾ।ਕੁਝ ਲੋਕ ਗਾਂਧੀ ਤੇ ਗਾਂਧੀਵਾਦ ਫਲਸਫੇ ਨੂੰ ਤੋੜ ਕੇ ਵੇਖਦੇ ਰਹੇ ਹਨ।ਖਾਸ ਕਰ ਇਸ ਦੌਰ ਅੰਦਰ ਗਾਂਧੀਅਨਾਂ ਦਾ ਸਿਆਸੀ ਹਿੰਸਾ 'ਚ ਵਿਸ਼ਵਾਸ਼ ਰੱਖਣ ਵਾਲਿਆਂ ਬਾਰੇ ਐਨੀ ਖੁੱਲ੍ਹਦਿਲੀ ਨਾਲ ਸੋਚਣਾ ਗਾਂਧੀਵਾਦੀ ਫਲਸਫੇ ਦਾ ਮੌਜੂਦਾ ਸਿਆਸੀ ਹਾਲਤਾਂ 'ਤੇ ਅਮਲੀ ਰੂਪ 'ਚ ਲਾਗੂ ਨਾ ਹੋਣ ਵੱਲ ਵੀ ਇਸ਼ਾਰਾ ਕਰਦਾ ਹੈ।ਅਰੁੰਧਤੀ ਮੁਤਾਬਕ,ਜਿੱਥੇ ਜਨਤਾ ਭੁੱਖ ਕਾਰਨ ਮਰ ਰਹੀ ਹੋਵੇ,ਓਥੇ ਭੁੱਖ ਹੜਤਾਲ ਨਹੀਂ ਕੀਤੀ ਜਾ ਸਕਦੀ।ਦੂਜੇ ਪਾਸੇ ਰੈਡੀਕਲ ਕਮਿਊਨਿਸਟਾਂ ਦੀ ਧਿਰਾਂ ਜਿਵੇਂ 60-70ਵਿਆਂ 'ਚ ਗਾਂਧੀ ਨੂੰ ਮੁੱਢੋਂ ਰੱਦ ਕਰਦੀਆਂ ਰਹੀਆਂ ਹਨ,ਉਨ੍ਹਾਂ ਦਾ ਨਜ਼ਰੀਆ ਵੀ ਬਦਲਿਆ ਹੈ।ਮਾਓਵਾਦੀ ਵਿਚਾਰਧਾਰਾ ਦਾ ਹਮਾਇਤੀ ਆਂਧਰਾ ਪ੍ਰਦੇਸ਼ ਦਾ ਮਸ਼ਹੂਰ ਕਵੀਂ ਵਰਵਰ ਰਾਓ ਗਾਂਧੀ ਦੇ ਕਈ ਪੱਖਾਂ ਨੂੰ ਚੰਗਾ ਮੰਨਦਾ ਹੈ।ਮੈਂ ਉਸ ਨਾਲ ਬੀ.ਬੀ.ਸੀ. ਦੇ ਪੱਤਰਕਾਰ ਰਹੇ ਅਲੋਕ ਪ੍ਰਕਾਸ਼ ਪੁਤੁਲ ਦੀ ਰਵੀਵਾਰ ਪਰਚੇ ਲਈ ਕੀਤੀ ਇੰਟਰਵਿਊ 'ਚ ਗਾਂਧੀ ਬਾਰੇ ਕੀਤੇ ਸਵਾਲ ਦੇ ਜਵਾਬ ਦਾ ਤਰਜ਼ਮਾ ਪਾ ਰਿਹਾ ਹਾਂ।ਜੋ ਇਸ ਵਿਚਾਰ ਚਰਚਾ 'ਚ ਕੁਝ ਨਵਾਂ ਜੋੜੇਗਾ।ਬਾਕੀ ਮੈਂ ਆਪਣੇ ਵਲੋਂ ਗਾਂਧੀ ਦੇ ਪੱਖ ਤੇ ਵਿਰੋਧ 'ਚ ਲਿਖ਼ਕੇ ਭੇਜਣ ਲਈ ਦੋਸਤਾਂ ਮਿੱਤਰਾਂ ਨੁੰ ਖੁੱਲ੍ਹਾ ਸੱਦਾ ਦਿੰਦਾ ਹਾਂ ਤਾਂ ਕਿ ਇਹ ਚਰਚਾ ਅੱਗੇ ਵਧੇ।--ਯਾਦਵਿੰਦਰ ਕਰਫਿਊ

ਇੰਟਰਵਿਊਕਾਰ -ਤੁਹਾਡੇ ਲੇਖ (WALKING WITH THE COMRADES) ਦੇ ਇੱਕ ਹੋਰ ਨੁਕਤੇ ਵੱਲ ਔਂਦੇ ਹਾਂ,ਜਿਥੇ ਗਾਂਧੀ ਬਾਰੇ ਤੁਹਾਡਾ ਲਹਿਜ਼ਾ ਖ਼ਾਸ ਤੌਰ ਤੇ ਸਖਤ ਹੈ।ਤੁਸੀਂ ਕਿਹਾ ਹੈ,ਕਿ ਚਾਰੂ ਮਜੂਮਦਾਰ ਨੇ ਭਾਰਤ ਚ ਇਨਕਲਾਬ ਦੇ ਸੁਪਨੇ ਨੂੰ ਸੱਚ ਬਣਾਈ ਰੱਖਿਆ ਹੈ।ਜ਼ਰਾ ਇਸ ਸੁਪਨੇ ਤੋਂ ਬਗ਼ੈਰ ਸਮਾਜ ਦੀ ਕਲਪਨਾ ਤਾਂ ਕਰੋ। ਸਿਰਫ ਇਸੇ ਕਰਕੇ,ਅਸੀਂ ਚਾਰੂ ਨੂੰ ਬਹੁਤ ਜ਼ਿਆਦਾ ਨਿਰਦਈ ਹੋਣ ਦਾ ਫਤਵਾ ਨਹੀਂ ਦੇ ਸਕਦੇ। ਖਾਸ ਕਰਕੇ, ਜਦੋਂ ਅਸੀਂ "ਅਹਿੰਸਾ" ਪਰਮੋ ਧਰਮ ਦੇ ਗਾਂਧੀ ਦੇ ਪਵਿੱਤਰ ਗਪੌੜ ਅਤੇ ਟਰੱਸਟੀਸ਼ਿਪ ਬਾਰੇ ਉਸ ਦੇ ਵਿਚਾਰਾਂ ਨੂੰ ਚਿੰਬੜੇ ਹੋਏ ਹਾਂ। ਤੁਸੀਂ ਇਹ ਵੀ ਕਿਹਾ ਹੈ ਕਿ ਜੇ ਗੋਲੀਬਾਰੀ ਹੋਣ ਲੱਗੇ ਤਾਂ ਕੀ ਕਰੋਗੇ.....। ਕੀ ਤੁਸੀਂ ਇਹ ਸੋਚਦੇ ਹੋ ਕਿ ਗਾਂਧੀ ਵਰਗੀ ਹਸਤੀ ਦੀ ਖਿੱਲੀ ਉਡਾਈ ਜਾ ਸਕਦੀ ਹੈ ?----CNN-IBN ਟੀ ਵੀ ਚੈਨਲ ਦੀ ਇੰਟਰਵਿਊਕਾਰ ਸਾਗਰਿਕਾ ਘੋਸ਼,16 ਅਪਰੈਲ 2010

ਅਰੁੰਧਤੀ ਰਾਏ----ਮੈਂ ਸਮਝਦੀ ਹਾਂ ਕਿ ਗਾਂਧੀ 'ਚ ਕਾਫੀ ਕੁੱਝ ਐਸਾ ਹੈ,ਜੋ ਮੌਜੂ ਬਣਾਏ ਜਾਣ ਦਾ ਹੀ ਹੱਕਦਾਰ ਹੈ।ਕੁੱਝ ਐਸੀ ਚੀਜ਼ ਵੀ ਹੈ ਜਿਸਦਾ ਬਹੁਤ ਸਤਿਕਾਰ ਕਰਨਾ ਬਣਦਾ ਹੈ, ਖ਼ਾਸ ਤੌਰ ਤੇ ਖਪਤ ਘੱਟ ਤੋਂ ਘੱਟ ਅਤੇ ਓਨੀਆਂ ਕੁ ਲੋੜਾਂ ਵਾਲ਼ੀ ਜੀਵਨ ਜਾਚ ਜਿਸ ਨਾਲ਼ ਜ਼ਿੰਦਗੀ ਜੀਵੀ ਜਾ ਸਕਦੀ ਹੋਵੇ। ਫਿਰ ਵੀ, ਮੈਂ ਉਹ ਪੜ੍ਹ ਕੇ ਸੁਣਾਉਣਾ ਚਾਹਾਂਗੀ ਜੋ ਉਸਨੇ ਟਰੱਸਟੀਸ਼ਿਪ ਬਾਰੇ ਕਿਹਾ ਸੀ,"ਅਮੀਰ ਆਦਮੀ ਦੀ ਦੌਲਤ ਉਸੇ ਦੇ ਕੋਲ ਰਹੇਗੀ। ਜਿੰਨੀ ਉਸ ਨੂੰ ਆਪਣੀਆਂ ਵਿਆਕਤੀਗਤ ਲੋੜਾਂ ਲਈ ਲੋੜੀਂਦੀ ਹੈ, ਉਹ ਉਸ ਵਿੱਚੋਂ ਵਰਤ ਸਕੇਗਾ ਅਤੇ ਬਾਕੀ ਦੀ ਦੌਲਤ ਦਾ ਉਹ ਟਰੱਸਟੀ ਹੋਵੇਗਾ ਜੋ ਸਮਾਜ ਦੇ ਭਲੇ ਲਈ ਖਰਚ ਕੀਤੀ ਜਾਵੇਗੀ।"ਮੈਂ ਸਮਝਦੀ ਹਾਂ ਕਿ ਇਹ ਐਸਾ ਬਿਆਨ ਹੈ ਜਿਸ ਦਾ ਮੌਜੂ ਉਡਾਇਆ ਜਾ ਸਕਦਾ ਹੈ। ਮੈਨੂੰ ਅਜਿਹਾ ਕਰਨ ਚ ਕੋਈ ਦਿੱਕਤ ਨਹੀਂ ਹੈ।

Charan Gill---ਸਵਾਲ ਇਹ ਹੈ ਕਿ ਕੀ ਗਾਂਧੀ ਦੇ ਦੂਰ ਦ੍ਰਿਸ਼ਟੀ ਵਾਲੇ ਪੱਖਾਂ ਤੋਂ ਪ੍ਰੇਰਨਾ ਲਈ ਜਾਵੇ ਤੇ ਉਨ੍ਹਾਂ ਨੂੰ ਉਭਾਰਿਆ ਜਾਵੇ ਜਾਂ ਉਸਦੀਆਂ 'ਕੁਝ ਮੌਜੂ ਬਣਾਏ ਜਾਣ ਦੀਆਂ ਹੱਕਦਾਰ' ਗੱਲਾਂ ਨੂੰ ਉਭਾਰ ਕੇ ਨਫਰਤ ਫੈਲਾਈ ਜਾਵੇ।ਵੈਸੇ ਭਾਰਤ ਦੇ ਖੱਬੇ ਪੱਖੀਆਂ ਨੇ ਗਾਂਧੀ ਦੀ ਖਿੱਲੀ ਉਡਾਉਣ ਦਾ ਕੰਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਹੇਠਲੇ ਪਧਰ ਤੇ ਤਾਂ ਚਰਿਤਰਘਾਤੀ ਅਸ਼ਲੀਲ ਮਜਾਕਬਾਜੀ ਨੂੰ ਵੀ ਬਥੇਰੀ ਚੱਲੀ ਹੈ। ਖਿਆਲ ਇਹ ਸੀ ਕਿ ਗਾਂਧੀ ਦਾ ਪ੍ਰਭਾਵ ਜੇ ਜਨਤਾ ਤੋਂ ਖਤਮ ਕਰ ਦਿੱਤਾ ਜਾਵੇ ਤਾਂ ਇਨਕਲਾਬ ਅੱਗੇ ਵਧੇਗਾਕਿਤੇ ਅਰੁੰਧਤੀ ਰਾਏ ਅਜਿਹੀ ਹਲਕੀ ਹਰਕਤ ਤਾਂ ਨਹੀਂ ਕਰ ਰਹੀ ਕਿ ਆਪਣੇ ਆਪ ਨੂੰ ਵੱਡਾ ਕਰਨ ਲਈ ਗਾਂਧੀ ਦਾ ਮਜਾਕ ਉਡਾਉਣ ਦਾ ਇਰਾਦਾ ਰਖਦੀ ਹੋਵੇ। ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਗਾਂਧੀ ਤੋਂ ਸਿੱਖਣ ਵਾਲਾ ਸਿੱਖ ਲਈਏ ਅਤੇ ਉਸਦੀਆਂ 'ਕੁਝ ਮੌਜੂ ਬਣਾਏ ਜਾਣ ਦੀਆਂ ਹੱਕਦਾਰ' ਗੱਲਾਂ ਛੱਡ ਦੇਈਏ।

Ashwani Kumar Sawan -----ਵੈਸੇ ਤਾਂ ਅਰੁੰਧਤੀ ਨੇ ਇਸ ਬਿਆਨ ‘ਚ ਸਮੇਂ ਨੂੰ ਨਹੀਂ ਦਰਸਾਇਆ ਪਰ ਮੈਨੂੰ ਅੰਦੇਸ਼ਾ ਹੈ ਕਿ ਬਿਆਨ ਦਾ ਸਮਾਂ ਉਹ ਹੋਵੇਗਾ ਜਦੋਂ ਭਗਤ ਸਿੰਘ ਹੁਣਾ ਦੀ ਵਿਚਾਰਧਾਰਾ ਤੇਜ਼ੀ ਨਾਲ ਫੈਲ ਰਹੀ ਸੀ।ਉਂਝ ਗਾਂਧੀ ਕੋਲ ਆਪਣਾ ਕੁਝ ਵੀ ਨਹੀਂ ਸੀ।ਲੋਕਾਂ ਨੂੰ ਪਤਾ ਹੀ ਨਹੀਂ ਕਿ ਗਾਂਧੀ ਨੇ ਜੋ ਵੀ ਅਹਿੰਸਾ ਵਗੈਰਾ ਦੀ ਗੱਲ ਕੀਤੀ ਹੈ ਉਹ ਉਹਨੇ ਬਾਈਬਲ ਵਿਚੋਂ ਜੀਸਸ ਕਰਾਈਸਸ ਦੀਆਂ ਸਿੱਖਿਆ ਪੱੜ੍ਹਕੇ ਸਿਰਫ ਦੁਹਰਾਈਆਂ ਹਨ…ਤੇ ਅਸੀ ਸੋਚਦੇ ਹਾਂ ਕਿ ਇਹ ਉਹਦੀ ਕੁਦਰਤੀ ਵਿਚਾਰਧਾਰਾ ਦਾ ਹਿੱਸਾ ਹੈ।ਬਾਕੀ ਮੈਨੂੰ ਇਸ ਗੱਲ ਦੀ ਸੰਭਾਵਨਾ ਵੀ ਲੱਗਦੀ ਹੈ ਕਿ ਗਾਂਧੀ ਨੇ ਜੀਸਸ ਦੀਆਂ ਗੱਲਾਂ ਇਸ ਲਈ ਪ੍ਰਚਾਰ ਕੀਤੀਆਂ ਤਾਂ ਜੋ ਅੰਗਰੇਜ਼ਾ ਉੱਤੇ ਉਸ ਦਾ ਪ੍ਰਭਾਵ ਪੈ ਸਕੇ।ਹੋਰ ਮੇਰੀ ਰਾਇ ਮੁਤਾਬਕ ਸਿਆਸਤ ਕਰਨ ਤੋਂ ਇਲਾਵਾ ਗਾਂਧੀ ਨੇ ਦੇਸ਼ ਨੂੰ ਹੋਰ ਕੁਝ ਨਹੀਂ ਦਿੱਤਾ।ਉਹ ਤਾਂ ਸ਼ੁਕਰ ਹੈ ਕਿ ਸਾਡੇ ਪੰਜਾਬੀ ਭਰਾਵਾਂ ਨੇ ਅਜ਼ਾਦੀ ਲਈ ਹੰਭਲਾ ਮਾਰਿਆ ਤੇ ਨਾਇਕ ਬਣ ਗਏ ਗਾਂਧੀ ਤੇ ਨਹਿਰੂ।ਹਾਂ…ਸਭ ਤੋਂ ਵੱਡੀ ਇਹਨਾਂ ਨੇ ਕਰਤੂਤ ਇਹ ਕੀਤੀ ਕਿ ਪੰਜਾਬ ਤੇ ਬੰਗਾਲ ਨੂੰ ਵੰਡ ਦਿੱਤਾ ਤਾਂ ਜੋ ਦੋਵੇਂ ਜੁਝਾਰੂ ਕੌਮਾਂ ਘੱਟ ਗਿਣਤੀ ਤਬਕੇ ‘ਚ ਆ ਜਾਣ

Sudeep Singh-------Well, why should Gandhi be exempted from a rational criticism?
Whereas in reference to above given comment of Roy – she is not maligning him here, but criticizing him logically. Those who do not agree to her views, need answer her logic.By the way, the above comment of Arundhati Roy is part of interview, wherein a seemingly hostile interviewer was grilling her on her essay ‘Walking with the Comrades’. The question raised was – some thing like - “Whether Gandhi is figure deserve to be mocked?” In her reply, she praised Gandhi for certain things and criticized his certain aspects. The above given lines are the part where she is being critical of Gandhi.


ਕੁਲਵਿੰਦਰ ਬੱਛੋਆਣਾ-----CHARAN GILL JI..ਮੇਰੇ ਖਿਆਲ ਕਿਸੇ ਵੀ ਵਿਆਕਤੀ ਦਾ ਸਹੀ ਮੁਲਾਂਕਣ ਉਸਦੇ ਚੰਗੇ ਅਤੇ ਮਾੜੇ ਦੋਵੇਂ ਤਰਾਂ ਦੇ ਪੱਖਾਂ ਨੂੰ ਵਾਚ ਕੇ ਹੀ ਕੀਤਾ ਜਾ ਸਕਦਾ ਹੈ। ਅਰੁੰਧਤੀ ਰਾਏ ਨੇ ਇਸੇਤਰਾਂ ਹੀ ਕੀਤਾ ਹੈ। ਪਰੰਤੂ ਗਾਂਧੀ ਦੈ ਅੰਧਵਿਸ਼ਵਾਸ਼ੀ ਸ਼ਰਧਾਲੂ ੳਸਦੇ "ਕਦੇ ਵੀ ਤੇ ਕਿਤੇ ਵੀ ਨਾ ਲਾਗੂ ਹੋ ਸਕਣ ਵਾਲੇ ਆਦਰਸ਼ਵਾਦ" ਬਾਰੇ ਤਰਕ ਨਾਲ ਸੋਚਣ ਨੂੰ ਤਿਆਰ ਹੀ ਨਹੀਂ। ਗਾਂਧੀ ਨੂੰ "ਬਾਪੂ" ਬਣਾਉਣ ਤੋਂ ਪਹਿਲਾਂ ਅਸੀਂ ਇਹ ਨਹੀ ਸੋਚਿਆ ਕਿ ਉਹ ਅਪਣੇ "ਪੁੱਤਰਾਂ" ਲਈ ਕਿਸਤਰਾਂ ਦਾ ਭਵਿੱਖ ਦੇ ਕੇ ਗਿਆ ਹੈ।


Charan Gill-------ਮਹਾਤਮਾ ਗਾਂਧੀ ਆਪਣੀਆਂ ਸੀਮਾਵਾਂ ਤੋਂ ਸੁਚੇਤ ਸੀ।ਮਹਾਨ ਆਗੂਆਂ ਵਿੱਚੋਂ ਸਵੈ-ਆਲੋਚਨਾ ਕਰਨ ਵਿੱਚ ਸ਼ਾਇਦ ਗਾਂਧੀ ਸਭ ਤੋਂ ਅੱਗੇ ਸੀ.ਉਹ ਇਕਸਾਰ ਹੋਣ ਵਿਚ ਯਕੀਨ ਨਹੀਂ ਸੀ ਰੱਖਦਾ, ਜਿਸ ਤੋਂ ਬਿਨਾ ਕਿਸੇ ਦ੍ਰਿਸ਼ਟੀਕੋਨ ਬਾਰੇ ਕੋਈ ਗੁੰਦਵਾਂ ਬਿਆਨ ਸੰਭਵ ਨਹੀਂ ਹੋ ਸਕਦਾ। ਵਾਸਤਵ ਵਿਚ ਉਹ ਖਿਆਲਾਂ ਦੀ ਇਕਸਾਰਤਾ ਨੂੰ ਛੋਟੇ ਦਿਮਾਗ਼ਾਂ ਦੀ ਸ਼ਰਾਰਤੀ ਕਾਢ ਜਾਂ ਛਲੇਡਾ ਸਮਝਦਾ ਸੀ। ਸਵਾਲ ਇਹ ਹੈ ਕਿ ਕੀ ਜੀਵਨ ਦੀਆਂ ਜਟਿਲਤਾਵਾਂ ਨੂੰ ਕੇਵਲ ਐਲਗੋਰਿਦਮੀਕਲੀ ਸਮਝਿਆ ਜਾ ਸਕਦਾ ਹੈ।----------------------------“ਇਸ ਤਰ੍ਹਾਂ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਲੜਾਈ ਦੇ ਤਿੰਨ ਰੂਪਾਂ ਵਿਚ ਸਾਹਮਣੇ ਆਇਆ। ਇਹ ਸੀ: ਗਤੀਵਿਧੀ ਦੀ ਲੜਾਈ, ਪੈਂਤੜੇ ਦੀ ਲੜਾਈ, ਤੇ ਜ਼ਮੀਨਦੋਜ਼ ਲੜਾਈ। ਗਾਂਧੀ ਜੀ ਦਾ ਸ਼ਾਂਤੀਵਾਦੀ ਸਤਿਆਗ੍ਰਹਿ ਪੈਂਤੜੇ ਦੀ ਲੜਾਈ ਸੀ। ਇਹ ਲੜਾਈ ਕਦੇ ਗਤੀਵਿਧੀ ਦੀ ਲੜਾਈ ਬਣ ਜਾਂਦੀ ਸੀ ਅਤੇ ਕਦੇ ਜ਼ਮੀਨਦੋਜ਼ ਲੜਾਈ। ਬਾਈਕਾਟ ਪੈਂਤੜੇ ਦੀ ਲੜਾਈ ਆਖੀ ਜਾ ਸਕਦੀ ਹੈ ਜਦਕਿ ਕਈ ਪੜਾਵਾਂ ਉੱਤੇ ਹੜਤਾਲਾਂ ਗਤੀਵਿਧੀ ਦੀ ਲੜਾਈ ਬਣ ਜਾਂਦੀਆਂ ਹਨ ਅਤੇ ਹਥਿਆਰ ਤੇ ਲੜਾਕੇ ਦਸਤਿਆਂ ਦੀ ਖੁਫ਼ੀਆ ਤਿਆਰੀ ਜ਼ਮੀਨਦੋਜ਼ ਸੰਗਰਾਮ ਨਾਲ ਸੰਬੰਧ ਰੱਖਦੀ ਹੈ। ਛਾਪਾਮਾਰ ਦਾਅਪੇਚ ਵੀ ਜ਼ਮੀਨਦੋਜ਼ ਸੰਗਰਾਮ ਦਾ ਹੀ ਹਿੱਸਾ ਹਨ।” ---ਪ੍ਰਿਜ਼ਨ ਨੋਟਬੁਕਸ ,ਗ੍ਰੈਮਸਕੀ


Sudeep Singh---------ਤਾਂਕਿ ਚਰਚਾ ਅਰਥ-ਭਰਪੂਰ ਸੰਵਾਦ ਦੀ ਡੋਰੀ ਤੋਂ ਨਾ ਹਿੱਲੇ, ਇਸ ਲਈ ਅਰੰਧੁਤੀ ਰਾਇ ਵਲੋਂ ਉਠਾਏ ਨੁਕਤੇ ਨੂੰ ਧਿਆਨ 'ਚ ਰੱਖਣਾ ਜਰੂਰੀ ਹੈ। ਗਾਂਧੀ ਜੀ ਦਾ ਉਕਤ ਕਥਨ, ਇੱਕ ਰਾਸ਼ਟਰ ਆਗੂ ਦੀ ਹੈਸੀਅਤ 'ਚ, ਮੁਕਤੀ ਲਈ ਜੂਝ ਰਹੀ ਭਾਰਤੀ ਕੌਮ ਦੇ ਸੰਘਰਸ਼ ਦੇ ਨਿਸ਼ਾਨੇ ਪ੍ਰਤੀ ਲੀਡਰਸ਼ਿਪ ਦਾ ਦ੍ਰਿਸ਼ਟੀਕੋਣ ਹੈ। ਉਹਨਾਂ ਦਾ ਵਿਚਾਰ ਕਿ ਅਮੀਰ ਦੌਲਤ ਦੇ ਟ੍ਰਸਟੀ ਹਨ ਜਿਸ ਨੂੰ ਆਪਣੀ ਜਰੂਰਤ ਪੂਰੀ ਕਰਨ ਤੋਂ ਬਾਅਦ ਉਹ ਗਰੀਬਾਂ ਲਈ ਵਰਤਣਗੇ। ਇਹ ਸਮਾਜਕ ਨਾ ਬਰਾਬਰੀ ਅਤੇ ਕਿਰਤ ਦੀ ਲੁੱਟ ਨੂੰ ਸਦਾਚਾਰਕ ਤੌਰ 'ਤੇ ਜਾਇਜ ਠਹਿਰਾਉਣ ਦਾ ਯਤਨ ਹੈ, ਜਿਸ ਵਿੱਚ ਉਹ, ਬਦਕਿਸਮਤੀ ਨਾਲ ਕਾਮਯਾਬ ਰਹੇ। ਇਹ ਤਾਂ, ਮੁਕਤੀ ਲਈ ਜੂਝ ਰਹੇ ਕਰੋੜਾਂ ਭਾਰਤੀਆਂ ਦੇ ਵਿਸ਼ਵਾਸ ਤੇ ਅਥਾਹ ਕੁਰਬਾਨੀਆਂ ਦੇ ਪ੍ਰਸੰਗ 'ਚ ਗੁਨਾਹ ਵਾਂਗ ਹੈ, ਜਿਸਦਾ ਭਰਵਾਂ ਤੇ ਬਾਦਲੀਲ ਮੁਤਾਲਿਆ ਹੋਣਾ ਚਾਹੀਦਾ ਹੈ।

ਪੱਤਰਕਾਰ ਅਲੋਕ ਪ੍ਰਕਾਸ਼ ਪੁਤੁਲ----ਜਿਹੜੇ ਯੂਜੇਨਪਤੀਆਂ ਦੀ ਤੁਸੀ ਗੱਲ ਕਰ ਰਹੇ ਓ,ਉਹਨਾਂ ਦੀ ਇੱਕ ਕਵਿਤਾ ਦਾ ਪੰਜਾਬੀ ਤਰਜੁਮਾ ਵੀ ਹੈ।ਉੱਠੋ ਤੇ ਜਾਗੋ ਓ ਭੁੱਖੇ ਬੰਦੀਓ..!ਹੁਣ ਖਿਚੋ ਲਾਲ ਤਲਵਾਰਾਂ…ਆਖਰ ਕਦੋਂ ਤੱਕ ਸਹੇਂਗਾ ਭਾਈ,ਜ਼ਾਲਮਾਂ ਦਾ ਅੱਤਿਆਚਾਰ..।ਮੇਰਾ ਮਤਲਬ ਜਦੋਂ ਕ੍ਰਾਂਤੀ ਦੀ ਗੱਲ ਤੁਰਦੀ ਹੈ ਤਾਂ ਇੱਥੇ ਵੀ ਤਲਵਾਰਾਂ ਨਾਲ ਹੀ ਹੋ ਰਹੀ ਹੈ।ਇੱਥੇ ਵੀ ਹਿੰਸਾ ਦੀ ਹੀ ਗੱਲ ਤੁਰ ਰਹੀ ਹੈ।ਅਜਿਹੇ ਹਲਾਤਾਂ ‘ਚ ਤੁਹਾਨੂੰ ਗਾਂਧੀ ਪ੍ਰਭਾਵਿਤ ਕਿਵੇਂ ਕਰਦਾ ਹੈ?

ਮਾਓਵਾਦੀ ਕਵੀ ਵਰਵਰ ਰਾਓ--------ਮੈਂ ਬਹੁਤ ਜਗ੍ਹਾ ‘ਤੇ ਬੋਲਿਆ ਹਾਂ,ਇੱਕ ਨੁਕਤੇ ‘ਚ ਮੈਂ ਕੁਝ ਹੱਦ ਤੱਕ ਗਾਂਧੀ ਨੂੰ ਇਸ ਲਈ ਮੰਨਦਾ ਹਾਂ ਕਿ ਇੱਕ(anti-imperialist)ਸਾਮਰਾਜ ਵਿਰੋਧੀ ਦੂਜੀ ਗੱਲ ਇਹ ਐ ਕਿ ਜਿਹੜੇ ਵਿਕਾਸ ਦੇ ਬਾਰੇ ਗਾਂਧੀ ਤੇ ਨਹਿਰੂ ਦੀ ਵਿਚਾਰਧਾਰਾ ਆਉਂਦੀ ਹੈ ਉਹਨਾਂ ਚੋਂ ਵੱਡੇ ਵੱਡੇ ਪ੍ਰੋਜੈਕਟ ਨੂੰ ਹਮਾਇਤ ਦੇਣ ਵਾਲਾ ਨਹਿਰੂ ਹੈ ਤੇ ਛੋਟੇ ਛੋਟੇ ਘਰ ਦੇ ਲਘੂ ਸਨਅਤ ਨੂੰ ਯਾਨਿ ਕਿ(handicrafts)ਹੱਥ ਕਿਰਤ,ਪਿੰਡ ‘ਚ ਲੱਗਣ ਵਾਲੇ(industries, Cottage industries, small scale industries)ਸਨਅਤ,ਸੂਤੀ ਸਨਅਤ,ਖਾਦੀ ਦਾ ਹਮਾਇਤੀ ਗਾਂਧੀ ਹੈ।ਇਹ ਗਾਂਧੀ ਜੋ ਕਹਿੰਦਾ ਹੈ ਅਸੀ ਮੈਂ ਹਮਾਇਤ ਕਰਦਾ ਹਾਂ।

ਪੰਜਾਬ ਦੀ ਖਲਨਾਇਕ ਜਵਾਨੀ

ਨੌਜਵਾਨਾਂ ਦੀ ਸਮਾਜ ਅੰਦਰ ਅਹਿਮ ਭੂਮਿਕਾ ਹੁੰਦੀ ਹੈ। ਅਜਿਹੀਆਂ ਮਿਸਾਲਾਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ। ਸਾਡੇ ਇਤਿਹਾਸ ਦੀ ਕੁੱਖ ਅੰਦਰ ਅਜਿਹੇ ਪਲ ਧੜਕ ਰਹੇ ਹਨ, ਜਿਨ੍ਹਾਂ ਨੂੰ ਸਾਡੇ ਨਾਇਕਾਂ ਨੇ ਆਪਣੀਆਂ ਜਾਨਾਂ ਵਾਰ ਕੇ ਜੀਵੰਤ ਕੀਤਾ। ਇਨ੍ਹਾਂ ਪਲਾਂ ‘ਤੇ ਹਿਮਾਲਿਆ ਪਰਬਤ ਤੋਂ ਵੀ ਵੱਡਾ ਮਾਣ ਕੀਤਾ ਜਾ ਸਕਦਾ ਹੈ।

ਅੱਜ ਪੰਜਾਬ ਅੰਦਰ ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਬਹੁਤ ਹੀ ਗੰਭੀਰ ਮਸਲਾ ਹੈ। ਬਹੁਗਿਣਤੀ ਨੌਜਵਾਨ, ਨੈਤਿਕ, ਬੌਧਿਕ ਅਤੇ ਸਮਾਜਕ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਕਿਸੇ ਹੋਰ ਹੀ ਦੁਨੀਆਂ ਵਿੱਚ ਜਿਉਂ ਰਹੇ ਹਨ, ਜਿਸ ਦੀ ਕੋਈ ਜ਼ਮੀਨ ਹੀ ਨਹੀਂ।ਅਜਿਹੇ ਵੀ ਸਮੇਂ ਰਹੇ ਹਨ ਜਦੋਂ ਨੌਜਵਾਨ ਕਿਸੇ ਨਾ ਕਿਸੇ ਮੰਚ ‘ਤੇ ਇਕੱਠੇ ਹੋ ਕੇ ਲੜੇ। ਉਨ੍ਹਾਂ ਸਾਹਮਣੇ ਕੁਝ ਮਕਸਦ ਸਨ। ਭਾਵੇਂ ਉਹ ਵਿਦਿਆਰਥੀ ਜਥੇਬੰਦੀਆਂ ਹੋਣ, ਨੌਜਵਾਨ ਸਭਾਵਾਂ ਹੋਣ ਜਾਂ ਫਿਰ ਫੈਡਰੇਸ਼ਨਾਂ ਦੇ ਰੂਪ ਵਿੱਚ। ਉਹ ਕਿਸੇ ਨਾ ਕਿਸੇ ਵਿਚਾਰ ਜਾਂ ਧਿਰ ਦੀ ਨੁਮਾਇੰਦਗੀ ਕਰਦੇ ਰਹੇ ਹਨ। ਇਨ੍ਹਾਂ ਲਹਿਰਾਂ ਅੰਦਰ ਜਿੱਤਾਂ ਵੀ ਜਿੱਤੀਆਂ ਤੇ ਹਾਰਾਂ ਵੀ ਝੱਲੀਆਂ। ਇੱਥੇ ਸਵਾਲ ਜਿੱਤਾਂ ਜਾਂ ਹਾਰਾਂ ਦਾ ਨਹੀਂ ਸਗੋਂ ਜ਼ਿੰਦਗੀ ਦੇ ਮਸਲਿਆਂ ਨੂੰ ਸੰਬੋਧਿਤ ਹੋਣ ਦਾ ਹੈ। ਗੱਲ ਇਹ ਨਹੀਂ ਕਿ ਅੱਜ ਇਸ ਕਿਸਮ ਦੇ ਵਿਚਾਰ ਨਹੀਂ ਰਹੇ। ਅੱਜ ਵੀ ਬਹੁਤ ਸਾਰੇ ਲੋਕ ਆਪਣੇ ਅੰਦਰ ਚੰਗੀ ਜ਼ਿੰਦਗੀ ਦਾ ਸੁਪਨਾ ਸਮੋਈ ਬੈਠੇ ਹਨ ਤੇ ਉਸ ਨੂੰ ਹਕੀਕਤ ਵਿੱਚ ਬਦਲਣ ਲਈ ਜੱਦੋ-ਜਹਿਦ ਕਰ ਰਹੇ ਹਨ।

ਨੌਜਵਾਨ ਇਸ ਦੌਰ ਵਿੱਚ ਵੀ ਕਾਲਜਾਂ ਤੇ ਯੂਨੀਵਰਸਿਟੀਆਂ ਅੰਦਰ ਜਥੇਬੰਦੀਆਂ ਬਣਾ ਰਹੇ ਹਨ ਪਰ ਜਿਸ ਤਰਜ਼ ‘ਤੇ ਇਹ ਜਥੇਬੰਦੀਆਂ ਬਣ ਰਹੀਆਂ ਹਨ, ਉਹ ਬਿਲਕੁਲ ਹੀ ਸਮਾਜਕ ਸਰੋਕਾਰਾਂ ਤੋਂ ਸੱਖਣੀਆਂ ਜਾਪਦੀਆਂ ਹਨ। ਕੁਝ ਨੌਜਵਾਨ ਇਕੱਠੇ ਹੁੰਦੇ ਹਨ ਅਤੇ ਆਪਣੇ ਧੜੇ ਦਾ ਨਾਂ ਰੱਖ ਕੇ ਜਥੇਬੰਦੀ ਦਾ ਨਾਂ ਦੇ ਦਿੰਦੇ ਹਨ। ਫਿਰ ਉਹ ਵੱਡੇ-ਵੱਡੇ ਬੈਨਰ ਬਣਾ ਕੇ, ਪੋਸਟਰ, ਸਟਿੱਕਰ ਬਣਾ ਕੇ ਬੋਰਡਾਂ, ਵਹੀਕਲਾਂ ਅਤੇ ਕੰਧਾਂ ‘ਤੇ ਚਿਪਕਾ ਦਿੰਦੇ ਹਨ। ਅਗਲੀ ਗੱਲ ਇਹ ਕਿ ਉਹ ਆਪਣੇ ਬੈਨਰ-ਪੋਸਟਰ ‘ਤੇ ਕਿਸੇ ਨਾ ਕਿਸੇ ਰਾਜਸੀ ਲੀਡਰ ਦੀ ਫੋਟੋ ਵੀ ਚਿਪਕਾ ਦਿੰਦੇ ਹਨ। ਉਸ ਰਾਜ ਨੇਤਾ ਨੂੰ ਵੀ ਇਸ ਉਪਰ ਕਿਸੇ ਗੱਲ ਦਾ ਗਿਲਾ ਨਹੀਂ ਹੁੰਦਾ ਤੇ ਨਾ ਹੀ ਇਹ ਜ਼ਰੂਰਤ ਸਮਝੀ ਜਾਂਦੀ ਹੈ ਕਿ ਇਹ ਕੌਣ ਹਨ ਤੇ ਕਿਉਂ ਕਰ ਰਹੇ ਨੇ? ਸਗੋਂ ਉਹ ਤਾਂ ਖ਼ੁਸ਼ ਹੁੰਦੇ ਹਨ ਕਿ ਅਜਿਹੇ ਮੁੰਡਿਆਂ ਦੀ ਉਨ੍ਹਾਂ ਨੂੰ ਚੋਣਾਂ ਵਿੱਚ ਕਿਸੇ ਰੈਲੀ ਜਾਂ ਜਲਸੇ ਵਿੱਚ ਜ਼ਰੂਰਤ ਪੈਂਦੀ ਰਹਿੰਦੀ ਹੈ। ਇਸੇ ਲਈ ਰਾਜ ਨੇਤਾ ਇਨ੍ਹਾਂ ਮੁੰਡਿਆਂ ਨੂੰ ਕਿਸੇ ਵੀ ਕੀਮਤ ‘ਤੇ ਆਪਣੀ ਛਤਰ-ਛਾਇਆ ਹੇਠ ਰੱਖਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ।

ਸਾਡੀ ਬਦਕਿਸਮਤੀ ਇਹ ਹੈ ਕਿ ਇਸ ਪ੍ਰਬੰਧ ਹੇਠ ਅਸੀਂ ਏਨੇ ਬੇਬੱਸ ਹੁੰਦੇ ਜਾਪਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਕਿਸੇ ਵੀ ਸ਼ਰਤ ‘ਤੇ ਜਿਊਣ ਲਈ ਤਿਆਰ ਰਹਿੰਦੇ ਹਾਂ। ਸਾਡੀ ਹੋਂਦ ਦਾ ਸਵਾਲ ਹੀ ਸਾਡੀ ਨੈਤਿਕਤਾ ਅਤੇ ਮਾਸੂਮੀਅਤ ਨੂੰ ਖਾ ਰਿਹਾ ਹੈ। ਮਨੁੱਖ ਹੋਣਾ ਮਾਣ ਦੀ ਗੱਲ ਹੈ ਅਤੇ ਸ਼ਾਨਾਮੱਤੀ ਮਨੁੱਖੀ ਜ਼ਿੰਦਗੀ ਜਿਊਣਾ ਉਸ ਤੋਂ ਵੀ ਵੱਡੇ ਫ਼ਖ਼ਰ ਦੀ ਗੱਲ ਹੈ। ਸਾਡਾ ਸਮਾਜਕ, ਆਰਥਿਕ ਅਤੇ ਰਾਜਨੀਤਕ ਪ੍ਰਬੰਧ ਮਨੁੱਖ ਹੋਣ ਦੇ ਅਹਿਸਾਸ ਤੋਂ ਹੀ ਵਿਰਵਾ ਕਰ ਰਿਹਾ ਹੈ। ਸਾਡੇ ਆਪਣੇ ਲੋਕ ਹੀ ਕੁਝ ਲਾਲਚ ਵੱਸ ਜਾਂ ਫਿਰ ਸਮਾਜ ਦੇ ਠੇਕੇਦਾਰਾਂ ਦੀ ਸ਼ਾਬਾਸੀ ਲਈ ਸਾਡੇ ਆਪਣੇ ਹੀ ਲੋਕਾਂ ਨੂੰ ਗੋਲੀ ਤੱਕ ਮਾਰ ਸਕਦੇ ਹਨ। ਅਸੀਂ ਅਜਿਹੀਆਂ ਹੀ ਮੌਤਾਂ ਨੂੰ ਕਬੂਲ ਕਰਨਾ ਵੀ ਸਿੱਖ ਲਿਆ ਹੈ, ਕੀ ਇਹੋ ਸਾਡੀ ਹੋਣੀ ਹੋਏਗੀ?

ਕੁਝ ਦਿਨ ਪਹਿਲਾਂ ਮੇਰੇ ਨਾਲ ਇੱਕ ਘਟਨਾ ਵਾਪਰੀ। ਮੈਂ ਇੱਕ ਕਾਲਜ ਵਿੱਚ ਨਾਟਕ ਦੀ ਰੀਹਰਸਲ ਕਰਵਾਉਣ ਤੋਂ ਬਾਅਦ ਆਪਣੇ ਮਿੱਤਰ ਨਾਲ ਕਾਲਜ ਕੰਟੀਨ ‘ਤੇ ਚਾਹ ਪੀਣ ਚਲਾ ਗਿਆ। ਉੱਥੇ ਦੋ ਹੋਰ ਮੁੰਡੇ ਖੜ੍ਹੇ ਸਨ ਜਿਨ੍ਹਾਂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਨ੍ਹਾਂ ‘ਚੋਂ ਇਕ ਨੇ ਅਚਾਨਕ ਹੀ ਮੈਥੋਂ ਪੁੱਛ ਲਿਆ, “ਬਾਈ ਏਥੇ ਪੜ੍ਹਦੇ ਓ।” ਮੈਂ ਹਲਕਾ ਜਿਹਾ ਜਵਾਬ ਦਿੱਤਾ, “ਨਹੀਂ ਵੀਰੇ” ਉਹ ਬੋਲਿਆ, “ਫੇਰ ਏਥੇ ਕੀ ਕਰਨ ਆਏ ਓ।” ਮੈਂ ਕਿਹਾ, “ਵੀਰੇ ਨਾਟਕ ਦੀ ਰੀਹਰਸਲ ਕਰਵਾਉਣ ਆਇਆਂ।” ਉਨ੍ਹਾਂ ਮੋੜਵਾਂ ਫਿਰ ਸਵਾਲ ਕਰ ਦਿੱਤਾ, “ਪੈਸੇ ਕਿੰਨੇ ਕੁ ਦੇ ਦਿੰਦੇ ਨੇ?” ਮੈਂ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ, “ਬਸ ਵਧੀਆ ਗੁਜ਼ਾਰਾ ਚੱਲੀ ਜਾਂਦੈ।” ਪਤਾ ਨਹੀਂ ਮੇਰੇ ਮਨ ਵਿੱਚ ਕੀ ਆਈ ਮੈਂ ਉਨ੍ਹਾਂ ਨੂੰ ਮੋੜਵਾਂ ਸਵਾਲ ਪੁੱਛ ਲਿਆ, “ਤੁਸੀਂ ਕੀ ਕੰਮ ਕਰਦੇ ਹੋ।” ਉਹ ਇਕਦਮ ਬੋਲਿਆ, “ਲੋਕਾਂ ਦੀਆਂ ਲੱਤਾਂ-ਬਾਹਾਂ ਤੋੜੀ ਦੀਆਂ ਨੇ।” ਮੇਰੇ ਮੂੰਹੋਂ ਨਿਕਲ ਗਿਆ, “ਇਹ ਕਿਹੜਾ ਕੰਮ ਹੋਇਆ।” ਉਨ੍ਹਾਂ ਦਾ ਜਵਾਬ ਸੀ, “ਸਾਨੂੰ ਕੋਈ ਪੈਸੇ ਦੇ ਦੇਵੇ ਤੇਰੀਆਂ ਵੀ ਤੋੜ ਦਿਆਂਗੇ।” ਇੰਨੀ ਗੱਲ ਸੁਣ ਕੇ ਮੈਨੂੰ ਵੀ ਗੁੱਸਾ ਆ ਗਿਆ ਤੇ ਅਸੀਂ ਹੱਥੋਪਾਈ ਹੋ ਗਏ। ਉੱਥੇ ਖੜ੍ਹੇ ਹੋਰ ਕੁਝ ਮੁੰਡੇ ਵਿੱਚ ਪੈ ਗਏ ਤੇ ਸਾਨੂੰ ਛੁਡਵਾ ਦਿੱਤਾ ਅਤੇ ਏਨੇ ਨੂੰ ਕਾਲਜ ਦੇ ਕੁਝ ਪ੍ਰੋਫ਼ੈਸਰ ਵੀ ਪਹੁੰਚ ਗਏ। ਉਹ ਮੁੰਡੇ ਉੱਥੋਂ ਭੱਜ ਨਿਕਲੇ। ਬਾਅਦ ਵਿੱਚ ਕਿਸੇ ਮੁੰਡੇ ਨੇ ਦੱਸਿਆ ਕਿ ਉਹ ਫਲਾਣੀ ਜਥੇਬੰਦੀ ਦੇ ਸਨ। ਉਸ ਜਥੇਬੰਦੀ ਦਾ ਮੈਂ ਕਦੇ ਪਹਿਲਾਂ ਨਾਂ ਨਹੀਂ ਸੀ ਸੁਣਿਆ। ਜਦ ਮੈਂ ਅੱਜ ਇਸ ਘਟਨਾ ਬਾਰੇ ਸੋਚਦਾ ਹਾਂ ਤਾਂ ਮੇਰੇ ਮਨ ਵਿੱਚ ਉਨ੍ਹਾਂ ਮੁੰਡਿਆਂ ਪ੍ਰਤੀ ਕੋਈ ਨਫ਼ਰਤ ਜਾਂ ਗੁੱਸਾ ਨਹੀਂ ਪਰ ਇਸ ਘਟਨਾ ਤੋਂ ਬਾਅਦ ਮੈਂ ਕਈ ਦਿਨ ਸਹਿਜ ਨਹੀਂ ਰਹਿ ਸਕਿਆ। ਮੇਰੇ ਦਿਮਾਗ ਅੰਦਰ ਇੱਕੋ ਸਵਾਲ ਘੁੰਮੀ ਜਾਵੇ ਕਿ ਅੱਜ ਅਸੀਂ ਸਿਰਫ਼ ਲੱਤਾਂ ਤੋੜਨ ਜੋਗੇ ਹੀ ਰਹਿ ਗਏ।

ਅੱਜ ਨੌਜਵਾਨਾਂ ਵੱਲੋਂ ਬਹੁਤ ਸਾਰੀਆਂ ਜਥੇਬੰਦੀਆਂ ਬਣਾਈਆਂ ਜਾ ਰਹੀਆਂ ਹਨ। ਜਥੇਬੰਦੀ ਬਣਾਉਣਾ ਸਭ ਦਾ ਜਮਹੂਰੀ ਹੱਕ ਹੈ। ਗੱਲ ਇਹ ਹੈ ਕਿ ਇਸ ਦੇ ਪਿੱਛੇ ਤੁਹਾਡੀ ਮਨਸ਼ਾ ਕੀ ਹੈ। ਪਿਛਲੇ ਸਮੇਂ ‘ਚ ਜਿੰਨਾ ਕੁ ਮੈਂ ਸਮਝਿਆ ਹੈ ਕਿ ਅਜਿਹੀਆਂ ਜਥੇਬੰਦੀਆਂ ਬਣਾਉਣ ਪਿੱਛੇ ਫੋਕੀ ਚੌਧਰ ਕਾਇਮ ਰੱਖਣਾ ਜਾਂ ਫਿਰ ਸਿਆਸੀ ਲਾਹਾ ਖੱਟਣਾ ਹੈ। ਬਹੁਤ ਸਾਰੇ ਲੋਕ ਅਜਿਹਾ ਲਾਹਾ ਖੱਟ ਵੀ ਰਹੇ ਹਨ।

ਮੇਰੀ ਸਮਝ ਮੁਤਾਬਕ ਹਰ ਜਥੇਬੰਦੀ ਦਾ ਆਪਣਾ ਵਿਚਾਰ ਤੇ ਕਿਰਦਾਰ ਹੁੰਦਾ ਹੈ। ਇਸ ਵਿਚਾਰ ਅਤੇ ਕਿਰਦਾਰ ਦੀ ਸਿਖਲਾਈ ਹੁੰਦੀ ਹੈ। ਇਸ ਸਿਖਲਾਈ ਦੀਆਂ ਜੜ੍ਹਾਂ ਜਥੇਬੰਦੀ ਦੀ ਵਿਰਾਸਤ ਵਿੱਚ ਹੁੰਦੀਆਂ ਹਨ। ਅੱਜ ਜਿਸ ਕਿਸਮ ਦੇ ਗਰੁੱਪ ਜਥੇਬੰਦੀਆਂ ਦੇ ਨਾਂ ਹੇਠ ਵਿਚਰਦੇ ਹਨ ਇਨ੍ਹਾਂ ਦੀ ਵਿਰਾਸਤ ਦੀਆਂ ਜੜ੍ਹਾਂ ਕਿੱਥੇ ਨੇ? ਇਹ ਕਿਸ ਕਿਸਮ ਦੀ ਵਿਰਾਸਤ ਹੈ ਜੋ ਨੌਜਵਾਨਾਂ ਅੰਦਰ ਕੁਝ ਪੁੰਘਰਣ ਦੀ ਬਜਾਏ ਉਨ੍ਹਾਂ ਨੂੰ ਖੋਖਲਾ ਕਰ ਰਹੀ ਹੈ?

ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਸਿਆਸਤ ਦਾ ਅਪਰਾਧੀਕਰਨ ਹੋ ਰਿਹਾ ਹੈ, ਇਸ ਦਾ ਸੱਭਿਆਚਾਰ ਵੀ ਬਹੁਤ ਖ਼ਤਰਨਾਕ ਹੋਵੇਗਾ। ਸਾਡੇ ਸਮਾਜ ਦੇ ਭ੍ਰਿਸ਼ਟ ਪ੍ਰਬੰਧ ਅੰਦਰ ਇਨ੍ਹਾਂ ਮੁੰਡਿਆਂ ਨੂੰ ਉਹ ਜਗ੍ਹਾ ਨਹੀਂ ਮਿਲ ਰਹੀ ਜਿੱਥੇ ਖੜ ਕੇ ਇਨ੍ਹਾਂ ਕੁਝ ਸਿਰਜਣਾ ਸੀ। ਜਿਸ ਮਿੱਟੀ ਅੰਦਰ ਇਨ੍ਹਾਂ ਮੁੰਡਿਆਂ ਦੀਆਂ ਜੜ੍ਹਾਂ ਸਨ, ਉਹ ਧਰਤੀ ਹੀ ਇਨ੍ਹਾਂ ਦੇ ਪੈਰਾਂ ਹੇਠੋਂ ਖਿੱਚੀ ਜਾ ਰਹੀ ਹੈ। ਮੀਡੀਏ ਰਾਹੀਂ ਵੀ ਜ਼ਿੰਦਗੀ ਜੋ ਚਕਾਚੌਂਧ ਪਰੋਸੀ ਜਾ ਰਹੀ ਹੈ, ਉਹ ਛਲਾਵੇ ਤੋਂ ਬਿਨਾਂ ਕੁਝ ਨਹੀਂ। ਮਾਰੂਥਲ ਵਿੱਚ ਪਾਣੀ ਦਾ ਭਰਮ ਤਾਂ ਹੋ ਸਕਦਾ ਹੈ, ਪਰ ਪਾਣੀ ਨਹੀਂ। ਕਿਤੇ ਸਾਡਾ ਭਵਿੱਖ ਇਤਿਹਾਸ ਬਣਨ ਤੋਂ ਪਹਿਲਾਂ ਹੀ ਸਾਡੀ ਮੁੱਠੀ ਵਿੱਚੋਂ ਕਿਰ ਨਾ ਜਾਵੇ। ਇਸ ਮਸਲੇ ਨੂੰ ਸੰਬੋਧਿਤ ਹੋਣਾ ਜ਼ਰੂਰੀ ਹੈ ਕਿ ਸਾਡੇ ਇਤਿਹਾਸ ਦੇ ਨਾਇਕਾਂ ਦੇ ਵਾਰਸ ਖਲਨਾਇਕ ਕਿਉਂ ਹਨ?

ਲੇਖ਼ਕ ਰਣਜੀਤ ਨੋਨਾ ਕਿਸੇ ਸਮੇਂ ਵਿਦਿਆਰਥੀ ਜਥੇਬੰਦੀ ਪੀ.ਐੱਸ.ਯੂ 'ਚ ਕੰਮ ਕਰਦਾ ਰਿਹਾ।ਸਿਆਸਤ ਤੋਂ ਬਾਅਦ ਪੰਜਾਬੀ ਰੰਗਮੰਚ ਦੇ ਅੰਗ-ਸੰਗ ਹੈ।ਨਾਟਕਕਾਰ ਸੈਮੂਅਲ ਜੌਹਨ ਨਾਲ ਵੀ ਲੰਮਾ ਸਮਾਂ ਥੀਏਟਰ ਕੀਤਾ।ਅੱਜਕਲ੍ਹ ਪਿੰਡ ਦੇ ਆਲੇ ਦੁਆਲੇ ਥੀਏਟਰ ਕਰਦਾ ਹੈ ਤੇ ਲਿਖਣ-ਪੜ੍ਹਨ ਦੀ ਵੀ ਕੋਸ਼ਿਸ਼ ਕਰਦਾ ਹੈ।

Monday, February 7, 2011

ਮਿਸਰ ਦਾ ਵਿਦਰੋਹ,ਸਮਾਜਿਕ ਮੀਡੀਆ ਤੇ ਭਵਿੱਖ

ਲੋਕਤੰਤਰ ਸਾਸ਼ਨ ਪ੍ਰਬੰਧ ਦੁਨੀਆਂ ਦਾ ਸਭ ਵਧੀਆ ਸਾਸ਼ਨ ਮੰਨਿਆ ਗਿਆ ਹੈ,ਇਸ ਵਿਚ ਕੋਈ ਦੋ ਰਾਂਵਾਂ ਨਹੀਂ ਹਨ।ਲੋਕਤੰਤਰ ਦੀ ਕੀਮਤ ਕੀ ਹੁਦੀ ਹੈ,ਇਹ ਗੁਲਾਮ,ਨਰੰਕੁਸ਼,ਰਾਜਾਸ਼ਾਹੀ ਪ੍ਰਬੰਧਾਂ ਅਧੀਨ ਜੀਵਨ ਗੁਜ਼ਾਰਨ ਵਾਲੇ ਲੋਕਾਂ ਤੋ ਪੁੱਛੀ ਜਾ ਸਕਦੀ ਹੈ, ਜਾਂ ਫਿਰ ਹੁਣ ਪੁੱਛੀ ਜਾ ਸਕਦੀ ਹੈ,ਟਿਉਨੀਸ਼ੀਆ,ਯਮਨ ਅਤੇ ਮਿਸਰ ਦੇ ਲੋਕਾਂ ਤੋਂ, ਜਿਹੜੇ ਸਹਿੰਦੇ ਰਹੇ ਦਹਾਕਿਆਂ ਤੱਕ ਅਲੋਕਤੰਤਰੀ ਸਰਕਾਰਾਂ ਦਾ ਦਮਨਕਾਰੀ ਚੱਕਰ ਨੂੰ, ਸਹਿੰਦੇ ਰਹੇ ਅਪਦੇ ਪਿੰਡਿਆਂ ਤੇ ਅਣਮਨੁੱਖੀ ਤਸ਼ੱਦਦ ।ਇਹ ਤਾਂਘ ਉਹਨਾਂ ਲੋਕਾਂ ਦੇ ਮਨਾਂ ਵਿੱਚ ਦਹਾਕਿਆਂ ਤੱਕ ਪਲਦੀ ਰਹੀ ਤੇ ਭਾਲ ਵਿਚ ਸੀ ਅਜਿਹੇ ਮੌਕੇ ਦੀ ਜਿਸ ਦਾ ਮੌਕਾ ਉਨ੍ਹਾਂ ਨੂੰ ਟਿਉਨੀਸ਼ੀਆ ਦੀ ਜੈਸਮੀਨ ਰੈਵੋਲੂਸ਼ਨ ਨੇ ਦਿੱਤਾ ਹੈ।


ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੋਚਿਆ ਸੀ ਕਿ ਫੇਸਬੁੱਕ ਅਤੇ ਟਵਿਟਰ ਵਰਗੀਆਂ ਵੈੱਬਸਈਟਾਂ ਵੀ ਕ੍ਰਾਂਤੀ ਲਿਆ ਸਕਦੀਆਂ ਹਨ ।ਕਿਸ ਤਰਾਂ ਨੌਜਵਾਂਨ ਪੀੜੀ ਨੇ ਇਹਨਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਕ੍ਰਾਂਤੀ ਲਈ ਤਿਆਰ ਕੀਤਾ ,ਇਹ ਸਭ ਕੁਝ ਲੋਕਾਂ ਦੇ ਸਾਹਮਣੇ ਹੈ ।ਫੇਸਬੁਕ ਅਤੇ ਟਵਿਟਰ ਵਰਗੀਆਂ ਅਨੇਕਾਂ ਸ਼ੋਸ਼ਲ ਨੈੱਟਵਰਕਿੰਗ ਸਾਇਟਾਂ, ਜਿਥੇ ਮਨੁੱਖੀ ਆਜ਼ਾਦੀ ਦੀਆਂ ਵੱਡੀਆਂ ਅਲੰਬਰਦਾਰ ਨੇ,ਉਥੇ ਹੀ ਲੋਕਾਂ ਦਾ ਸ਼ੋਸ਼ਣ ਕਰ ਰਹੀਆਂ ਸਰਕਾਰਾਂ ਦੀ ਵਿਰੁੱਧ ਇਕ ਕਾਰਗਰ ਹਥਿਆਰ ਹੋ ਨਿਬੜਿਆਂ ਹਨ ।ਸੰਸਾਰ ਦੇ ਉਹ ਦੇਸ਼ ਜਿਥੇ ਲੋਕਤੰਤਰ ਸਰਕਾਰਾਂ ਨਹੀਂ ਹਨ, ਉਹਨਾਂ ਲਈ ਬਹੁਤ ਵੱਡਾ ਖਤਰਾ ਹਨ ਇਹ ਸ਼ੋਸਲ ਨੈੱਟਵਰਕਿੰਗ ਸਾਇਟਾਂ।ਇਸਦੀ ਉਦਾਹਰਨ ਨਿੱਤ ਦਿਨ ਵੱਖ-ਵੱਖ ਸਰਕਾਰਾਂ ਦੁਆਰ ਇਹਨਾਂ ਸਾਇਟਾਂ ਨੂੰ ਮਿਲਦੀਆਂ ਬੰਦ ਕਰਨ ਦੀਆਂ ਧਮਕੀਆਂ ਹਨ।

ਜਿੱਥੋਂ ਗੱਲ ਸ਼ੁਰੂ ਕੀਤੀ,ਮੈਂ ਉਥੇ ਫਿਰ ਆਉਂਦਾ ਹਾਂ,ਮਿਸਰ ਤਾਂ ਦੇਰ ਸਵੇਰ ਤੀਹ ਸਾਲਾਂ ਦੇ ਰਾਜਸ਼ਾਹੀ ਸਾਸ਼ਨ ਤੋਂ ਨਿਜਾਤ ਮਿਲ ਜਾਵੇਗੀ,ਪਰ ਸੰਸਾਰ ਦੀ ਇਸ ਮਹੱਤਵਪੂਰਨ ਇਤਹਾਸਕ ਘਟਨਾ ਤੋਂ ਸਾਨੂੰ ਸਿੱਖਣ ਲਈ ਕੀ ਹੈ।ਜਿਹੜਾ ਜਜ਼ਬਾ ਹੁਣ ਮਿਸਰ ਅਤੇ ਟਿਉਨੀਸ਼ੀਆ ਦੇ ਲੋਕਾਂ ਦੇ ਮਨਾਂ ਵਿਚ ਸਾਨੂੰ ਹੁਣ ਦੇਖਣ ਨੂੰ ਮਿਲ ਰਿਹਾ ਹੈ, ਉਹੀ ਜਜ਼ਬਾ ਭਗਤ ਸਿੰਘ,ਰਾਜਗੁਰੂ, ਲਾਲਾ ਲਾਜਪਤ ਰਾਏ ਅਤੇ ਹਜਾਂਰਾ ਨਾਮੀ ਅਤੇ ਬੇਨਾਮੀ ਸਹੀਦਾਂ ਦੇ ਮਨਾਂ ਵਿਚ ਵੀ ਤਾਂਘ ਰਹੀ ਹੋਣੀ ,ਜਿਸ ਨੂੰ ਅੱਜ ਦੀ ਮੌਜੂਦਾ ਪੀੜ੍ਹੀ ਦੇ ਬਹੁਤੇ ਵਰਗ ਨੇ ਚਾਹੇ , ਅਣਚਾਹੇ ਰੂਪ ਵਿੱਚ ਭੁਲਾ ਦਿੱਤਾ ਹੈ ।ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਸਿਰਫ ਉਹਨਾਂ ਦੇ ਜਨਮ ਦਿਨ ਜਾਂ ਸ਼ਹੀਦੀ ਦਿਹਾੜਿਆਂ ਤੇ ।ਦੇਸ਼ ਪ੍ਰੇਮ ਦੀ ਭਾਵਨਾ ਤੋ ਬਗੈਰ ਦੇਸ਼ ਬਹਤਾ ਚਿਰ ਬੁਲੰਦੀਆਂ ਨੂੰ ਨਹੀਂ ਛੂੰਹਦੇ ।

ਮਿਸਰ ਦੇ ਤਹਰੀਰ ਚੌਂਕ ਵਿਚ ਉਸ ਘਟਨਾਂ ਨੇ ਮੈਨੂੰ ਅੰਦਰਂੋ ਹਿਲਾ ਦਿੱਤਾ ਜਦੋ ਇਹ ਖਬਰ ਆਈ ਕਿ ਤਿੰਨ ਹਜ਼ਾਰ ਲੋਕਾਂ ਨੇ ਮਨੁੱਖੀ ਕੜੀ ਬਣਾਕੇ ਕਾਇਰੋ ਵਿਖੇ ਸਥਿਤ ਨੈਸ਼ਨਲ ਮਿਊਜ਼ੀਅਮ ਦੀ ਰਖਵਾਲੀ ਕਰ ਰਹੀ ਸੀ।ਇਹ ਮਿਸਾਲ ਹੈਰਾਨ ਕਰਨ ਵਾਲੀ ਸੀ,ਕਿਉਂਕਿ ਇਸ ਦੇ ਉਲਟ ਸਾਡੇ ਦੇਸ਼ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਸਾਡੇ ਪ੍ਰਦਰਸ਼ਕਾਰੀਆਂ ਦੀ ਵੱਧ ਤੋ ਵੱਧ ਕੋਸ਼ਿਸ਼ ਸਰਕਾਰੀ ਜਾਇਦਾਦ ਨੂੰ ਵੱਧ ਤੋਂ ਵੱਧ ਨੁਕਸਾਨ ਕਰਨ ਦੀ ਹੁੰਦੀ ਹੈ।ਇਕ ਹੋਰ ਸਬਕ ਸਾਡੇ ਬੁਧੀਜੀਵੀ ਵਰਗ ਨੂੰ ਸਿੱਖਣ ਦੀ ਜ਼ਰੂਰਤ ਹੈ,ਉਹ ਹੈ ਕਿ ਚੁੱਪ ਸਭ ਤੋ ਵੱਡਾ ਜ਼ੁਰਮ ਹੁੰਦਾ ਹੈ ।ਇਸ ਵਰਗ ਨੇ ਹੀ ਲੋਕਾਂ ਨੂੰ ਔਖੇ-ਸੌਖੇ ਸਮੇਂ ਵਿਚ ਸੇਧ ਦੇਣੀ ਹੁੰਦੀ ਹੈ ।ਸਭ ਤੋਂ ਵੱਡਾ ਸਬਕ ਸਾਡੀ ਕੇਂਦਰੀ ਅਤੇ ਸੂਬਾ ਸਰਕਾਰਾਂ ਲਈ ਹੈ,ਜਿਹੜੀਆਂ ਸਾਡੇ ਲਚਕਦਾਰ ਜਮਹੂਰੀ ਤੰਤਰ ਵਿਚ ਲੋਕਾਂ ਦੇ ਸਬਰ ਦਾ ਇਮਤਿਹਾਨ ਲੈਣ ਲੱਗੀਆਂ ਹੋਈਆਂ ਹਨ ।ਲੋਕਾਂ ਦਾ ਗੁੱਸਾ ਕਦੋ ਕੀ ਰੂਪ ਅਖਤਿਆਰ ਕਰ ਲਵੇਗਾ ਇਹ ਆਉਣ ਵਾਲਾ ਸਮਾਂ ਹੀ ਤੈਅ ਕਰਗੇ। ਸੰਸਾਰ ਦੀ ਪੰਜਾਹ ਪ੍ਰਤੀਸ਼ਤ ਅਬਾਦੀ ਜਮਹੂਰੀਅਤ ਦਾ ਅਨੰਦ ਮਾਣ ਰਹੀ ਹੈ,ਪਰ ਪੰਜਾਹ ਪ੍ਰਤੀਸ਼ਤ ਅਬਾਦੀ ਨੂੰ ਅਜੇ ਵੀ ਪਤਾ ਨਹੀ ਕਦੋ ਤੱਕ ਇਸ ਤਰਾਂ ਅਲੋਕਤੰਤਰੀ ਸਰਕਾਰਾਂ ਨਾਲ ਜੂਝਣਾਂ ਪੈਣਾ ਹੈ ।ਅਮਰੀਕਾ ਜਿਹੜਾ ਲੋਕਤੰਤਰੀ ਸਰਕਾਰਾਂ ਦਾ ਵੱਡਾ ਅਲੰਬਰਦਾਰ ਕਹਾਉਂਦਾ ਹੈ ,ਉਸ ਦੀ ਭੂਮਿਕਾ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ,ਕਿਉਂਕਿ ਮਿਸਰ ਦਾ ਮੌਜੂਦਾ ਰਾਸ਼ਟਰਪਤੀ ਮੁਬਾਰਕ ਅਮਰੀਕਾ ਦਾ ਤੀਹ ਸਾਲ਼ਾਂ ਤੋ ਅਹਤਿਆਤਦੀ ਬਣਿਆ ਆ ਰਿਹਾ ਹੈ ।ਮਿਸਰ ਦੀ ਅਰਥਵਿਵਸਥਾ ਵੀ ਅਮਰੀਕਾ ਤੇ ਪੂਰੀ ਤਰਾਂ ਨਿਰਭਰ ਹੈ,ਇਸ ਲਈ ਹੁਣ ਦੇਖਣਾ ਹੋਵੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ ।

ਲੇਖ਼ਕ--ਜਰਨੈਲ ਸਿੰਘ

Friday, February 4, 2011

ਜੇਲ੍ਹ 'ਚ ਬੰਦ ਸਿਨੇਮਾ

ਇਰਾਨ ਦੀ ਅਦਾਲਤ ਨੇ ਇਰਾਨ ਦੇ ਮਸ਼ਹੂਰ ਫਿਲਮਸਾਜ਼ ਜਫਰ ਪਨਾਹੀ ਨੂੰ 20 ਦਸੰਬਰ 2010 ਨੂੰ 6 ਸਾਲ ਦੀ ਸਜ਼ਾ ਤੇ 20 ਸਾਲ ਫਿਲਮ ਨਾ ਬਣਾਉਣ ਦਾ ਹੁਕਮ ਸੁਣਾਇਆ ਸੀ,ਇਸ ਕਰਕੇ ਕਿ ਉਹ ਇਰਾਨ ਦੀਆਂ ਸਮਾਜਿਕ ਹਾਲਤਾਂ ਨੂੰ ਬਿਆਨ ਕਰਦੀਆਂ ਫਿਲਮਾਂ ਬਣਾਉਂਦਾ ਹੈ।ਪੂਰੀ ਦੁਨੀਆਂ 'ਚ ਇਰਾਨ ਵਲੋਂ ਮੁੱਢਲੇ ਮਨੁੱਖੀ ਹੱਕ 'ਤੇ ਕੀਤੇ ਗਏ ਹਮਲੇ ਦੀ ਨਿਖੇਧੀ ਹੋਈ ਸੀ।ਦੁਨੀਆਂ 'ਚ ਸਿਨੇਮੇ ਦੀ ਸ਼ੁਰੂਆਤ ਦੇ ਮੁੱਢਲੇ ਪੰਜ ਸਾਲਾਂ ਬਾਅਦ ਹੀ ਇਰਾਨੀ ਸਿਨੇਮਾ ਬਣਨਾ ਸ਼ੁਰੂ ਹੋ ਗਿਆ ਸੀ,ਜੋ ਅਬਾਸ ਕਿਆਰੁਸਤਮੀ ਵਰਗੇ ਮਹਾਨ ਨਿਰਦੇਸ਼ਕਾਂ ਨਾਲ ਵਰਤਮਾਨ ਕੌਮਾਂਤਰੀ ਸਿਨੇਮੇ ਦਾ ਸਿਖ਼ਰ ਛੂਹ ਗਿਆ,ਅੱਜ ਦੁਨੀਆਂ 'ਚ ਸਭ ਤੋਂ ਬੇਹਤਰੀਨ ਸਿਨੇਮਾ ਇਰਾਨੀ ਸਿਨੇਮੇ ਨੁੰ ਮੰਨਿਆ ਜਾਂਦਾ ਹੈ।ਬਹੁਤ ਘੱਟ ਬਜਟ ਨਾਲ ਬਣਨ ਵਾਲੇ ਇਰਾਨੀ ਸਿਨੇਮੇ ਅੰਦਰ ਭਾਰਤੀ ਸਿਨੇਮੇ ਜਿਹੀ ਬਕਵਾਸ ਨਹੀਂ ਹੰਦੀ।
1979 'ਚ ਜਦੋਂ ਇਰਾਨ 'ਚ ਇਸਲਾਮਿਕ ਕ੍ਰਾਂਤੀ ਹੋਈ ਸੀ ਤਾਂ ਉੱਤਰ-ਆਧੁਨਿਕਤਾਵਾਦੀਆਂ (Postmordnists) ਨੇ ਇਸਦੀ ਵੱਡੇ ਪੱਧਰ 'ਤੇ ਪ੍ਰਸ਼ੰਸਾ ਕਰਦੇ ਹੋਏ ਆਪਣੇ ਸਿਧਾਂਤੀਕਰਨ ਦੇ ਅਮਲੀ ਮਾਡਲ ਵਜੋਂ ਪੂਰੀ ਦੁਨੀਆਂ 'ਚ ਪ੍ਰਚਾਰਿਆ ਸੀ,ਪਰ ਇਸਲਾਮਿਕ ਕ੍ਰਾਂਤੀ ਨੇ ਹੁਣ ਤੱਕ ਜੋ ਗੁੱਲ੍ਹ ਖਿਲਾਏ ਉਹ ਇਤਿਹਾਸ ਦਾ ਕੌੜਾ ਸੱਚ ਹਨ।ਫਿਰ ਵੀ ਮੌਜੂਦਾ ਕੌਮਾਂਤਰੀ ਸਿਆਸੀ ਹਾਲਤਾਂ ਅੰਦਰ ਮੈਂ ਇਰਾਨ ਨਾਲ ਖੜ੍ਹਾ ਹਾਂ,ਪਰ ਇਰਾਨ ਦੀ ਅਜਿਹੀ ਹਰ ਕਾਰਵਾਈ ਕਿਸੇ ਵੀ ਜਮਹੂਰੀ ਬੰਦੇ ਲਈ ਕਾਬਿਲੇ-ਬਰਦਾਸ਼ਤ ਨਹੀਂ ਹੈ।ਇਰਾਨ 'ਚ ਸੱਭਿਆਚਾਰਕ ਕਾਮਿਆਂ ਦੀਆਂ ਹੋ ਰਹੀਆਂ ਲਗਾਤਾਰ ਗ੍ਰਿਫਤਾਰੀਆਂ ਤੇ ਸਜ਼ਾਵਾਂ ਨੇ ਸਿਆਸੀ ਤੇ ਸੱਭਿਆਚਾਰਕ ਕਾਮਿਆਂ ਦੇ ਸਮਾਜਿਕ ਰੋਲ ਨੂੰ ਬਰੀਕੀ ਨਾਲ ਸਮਝਣ ਲਈ ਇਕ ਨਵੀਂ ਜ਼ਮੀਨ ਦਿੱਤੀ ਹੈ।ਬਦਲਵੇਂ ਮਾਧਿਅਮਾਂ 'ਤੇ ਬਿਨਾਂ ਸਮਝ ਤੋਂ ਰੌਲਾ ਪਾਉਣ ਵਾਲੇ "ਆਦਰਸ਼ਵਾਦੀ ਸਿਆਸੀ ਭਗਤਾਂ" ਤੋਂ ਇਲਾਵਾ ਜਿਹੜੇ ਲੋਕ ਸਿਆਸੀ ਤੇ ਸੱਭਿਆਚਾਰਕ ਕਾਮਿਆਂ ਦੇ ਫਰਕ ਤੇ ਸਮਾਜ 'ਚ ਉਨ੍ਹਾਂ ਦੇ ਰੋਲ ਨੂੰ ਸਮਝਣ ਨਾਲ ਸੱਚਮੁੱਚ ਸਰੋਕਾਰ ਰੱਖਦੇ ਨੇ,ਉਨ੍ਹਾਂ ਨੂੰ ਅਜਿਹੀਆਂ ਹਾਲਤਾਂ 'ਤੇ ਬਾਜ਼ ਵਰਗੀ ਅੱਖ ਰੱਖਣ ਦੀ ਲੋੜ ਹੈ।ਕੁਝ ਦਿਨ ਪਹਿਲਾਂ ਮੇਰੇ ਹੱਥ ਡਫ ਸਾਂਡਰਸ ਦੀ ਜਫਰ ਪਨਾਹੀ ਨਾਲ ਉਸ ਦੇ ਜੇਲ੍ਹ ਜਾਣ ਤੋਂ ਕੁਝ ਸਮਾਂ ਪਹਿਲਾਂ ਕੀਤੀ ਇੰਟਰਵਿਊ ਹੱਥ ਲੱਗੀ,ਉਸਦਾ ਤਰਜ਼ਮਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ-ਯਾਦਵਿੰਦਰ ਕਰਫਿਊ

ਡਫ ਸਾਂਡਰਸ-ਕੀ ਤੁਹਾਡੇ ਫਿਲਮ ਨਿਰਮਾਣ ਦੇ ਕਰੀਅਰ ਨੂੰ ਹਮੇਸ਼ਾਂ ਹੀ ਸੈਂਸਰ ਨਾਲ ਜੁੜਨਾ ਪਿਆ,ਜਾਂ ਇਹ ਹੁਣ ਜ਼ਿਆਦਾ ਤਿੱਖਾ ਹੈ?

ਜਫਰ ਪਨਾਹੀ-ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਫਿਲਮਾਂ ਤੋਂ ਕੀਤੀ ਸੀ,ਉਦੋਂ ਸੈਂਸਰ ਦੀ ਸਮੱਸਿਆ ਨਹੀਂ ਆਉਂਦੀ ਸੀ,ਜਿਵੇਂ ਹੀ ਮੈਂ ਫੀਚਰ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਸਮੱਸਿਆਵਾਂ ਆਉਣ ਲੱਗੀਆਂ।ਅਸਲ 'ਚ ਉਸ ਵਕਤ ਬਾਲ ਫਿਲਮਾਂ ਬਣਾਉਣਾ ਹੀ ਸਸਤਾ ਹੁੰਦਾ ਸੀ,ਜੋ ਅਸੀਂ ਕਰਮਸ਼ੀਅਲ ਫਿਲਮਾਂ ਦੇ ਜ਼ਰੀਏ ਕਹਿਣਾ ਚਾਹੁੰਦੇ ਸੀ,ਹਾਲਤਾਂ ਦੇ ਮੱਦੇਨਜ਼ਰ ਸਾਨੂੰ ਉਹ ਮਾਧਿਅਮ ਚੁਣਨਾ ਪਿਆ,ਕਿਉਂਕਿ ਉਸ ਸਮੇਂ ਉਨ੍ਹਾਂ 'ਚ ਸੈਂਸਰ ਦਾ ਖਤਰਾ ਘੱਟ ਸੀ।ਸਮੇਂ ਦੇ ਵੱਡੀਆਂ ਫਿਲਮਾਂ ਬਣਾਉਣਾ ਬਦਤਰ ਹੁੰਦਾ ਗਿਆ।ਕਿਹਾ ਜਾ ਸਕਦਾ ਹੈ ਕਿ ਪਿਛਲਾ ਇਕ ਡੇਢ ਸਾਲ ਇਰਾਨ 'ਚ ਫਿਲਮ ਨਿਰਮਾਣ ਦਾ ਸਭ ਤੋਂ ਕਾਲਾ ਸਮਾਂ ਸੀ।ਮੈਂ ਕਿਉਂਕਿ ਤਿੰਨ ਸਾਲਾਂ 'ਚ ਇਕ ਫਿਲਮ ਬਣਾਉਂਦਾ ਹਾਂ,ਇਸ ਲਈ ਮੈਨੂੰ ਵਰਤਮਾਨ ਸੱਤਾ ਦਾ ਸਾਹਮਣਾ ਕਰਨ ਦਾ ਮੌਕਾ ਨਹੀਂ ਮਿਲਿਆ,ਪਰ ਮੇਰੇ ਨੇੜੇ ਤੇੜੇ ਤੇ ਬਾਕੀ ਲੋਕਾਂ ਦਾ ਤਜ਼ਰਬਾ ਕਾਫੀ ਭਿਆਨਕ ਰਿਹਾ ਹੈ।

ਡਫ ਸਾਂਡਰਸ ਇਸ ਸੈਂਸਰਸ਼ਿੱਪ ਦੇ ਕਾਰਨ ਹੀ ਤੁਸੀਂ ਆਪਣੇ ਦਰਸ਼ਕਾਂ ਤੋਂ ਵਾਂਝੇ ਹੋਂ,ਤੁਹਾਡੀ ਕੋਈ ਫਿਲਮ ਇਰਾਨੀਆਂ ਨੇ ਨਹੀਂ ਦੇਖੀ..ਜਦੋਂ ਕਿ ਇਹ ਸਾਫ ਤੌਰ 'ਤੇ ਉਨ੍ਹਾਂ ਲਈ ਹੀ ਬਣਾਈ ਗਈ ਹੈ ?

ਜਫਰ ਪਨਾਹੀ-ਮੇਰੇ ਮਾਮਲੇ 'ਚ ਦੋ ਸਮੱਸਿਆਵਾਂ ਹਨ।ਇਕ-ਮੇਰੇ ਕੰਮ ਦਾ ਠੀਕ ਢੰਗ ਨਾਲ ਵਿਸ਼ਲੇਸ਼ਨ ਨਹੀਂ ਹੁੰਦਾ।ਇਸਨੂੰ ਫਾਰਸੀ ਭਾਸ਼ਾ 'ਚ ਇਰਾਨ 'ਚ ਬਣਾਇਆ ਜਾਂਦਾ ਹੈ।ਇਸ ਲਈ ਸਿਰਫ ਇਰਾਨੀ ਜਨਤਾ ਹੀ ਠੀਕ ਢੰਗ ਨਾਲ ਇਸਤੇ ਟਿੱਪਣੀ ਕਰ ਸਕਦੀ ਹੈ,ਜਿਸ ਤੋਂ ਮੈਂ ਦੂਰ ਹਾਂ।ਹਾਲਾਂਕਿ ਮੈਂ ਅਜਿਹਾ ਕੋਈ ਮੌਕਾ ਨਹੀਂ ਛੱਡਦਾ ,ਜਿਸ ਨਾਲ ਇਰਾਨੀ ਮੇਰੀ ਫਿਲਮ ਦੇਖਣ,ਭਾਵੇਂ ਉਹ ਸੁਦੂਰ ਸੂਬਿਆਂ ਦੀਆਂ ਯੂਨੀਵਰਸਿਟੀ 'ਚੋਂ ਆਇਆ ਸੱਦਾ ਕਿਉਂ ਨਾ ਹੋਵੇ,ਜਿੱਥੇ ਵਿਦਿਆਰਥੀਆਂ ਦੇ ਛੋਟੇ ਜਿਹੇ ਸਮੂਹ ਨੂੰ ਫਿਲਮ ਦਿਖਾਉਣ ਦੀ ਗੱਲ ਹੁੰਦੀ ਹੈ।ਅਜਿਹਾ ਹਰ ਇਕ ਮੌਕਾ ਮੈਂ ਸਵੀਕਾਰ ਕਰਦਾ ਹਾਂ।ਦੂਜੇ ਪਾਸੇ ਮੈਂ ਆਪਣੇ ਕੰਮ ਦੁਆਰਾ ਉਨ੍ਹਾਂ ਲੋਕਾਂ ਨੂੰ ਵੀ ਪ੍ਰਭਾਵ 'ਚ ਲੈਣ ਤੋਂ ਦੂਰ ਹਾਂ,ਜਿੱਥੇ ਉਹ ਕਾਫੀ ਅਸਰ ਛੱਡ ਸਕਦੀ ਹੈ।ਕਿਉਂਕਿ ਮੈਂ ਇਕ ਸਮਾਜਿਕ ਫਿਲਮ ਨਿਰਮਾਤਾ ਹਾਂ ਤੇ ਸਮਾਜਿਕ ਸਮੱਸਿਆਵਾਂ 'ਤੇ ਫਿਲਮਾਂ ਬਣਾਉਂਦਾ ਹਾਂ,ਪਰ ਉਸਦੀ ਚਰਚਾ ਨਹੀਂ ਹੁੰਦੀ।ਦਰਸ਼ਕ ਵੀ ਇਸਤੋਂ ਦੂਰ ਹਨ ਤੇ ਇਸਤੋਂ ਇਲਾਵਾ ਪ੍ਰਮੁੱਖ ਨੌਕਰਸ਼ਾਹ ਜੋ ਇਸ ਹਾਲਤ ਦੇ ਲਈ ਜ਼ਿੰਮੇਵਾਰ ਹਨ,ਮੇਰੇ ਨਾਲ ਬਾਕੀ ਆਮ ਫਿਲਮ ਨਿਰਮਾਤਵਾਂ ਦੀ ਤਰ੍ਹਾਂ ਗੱਲ ਨਹੀਂ ਕਰਦੇ,ਤਾਂ ਇਸਦਾ ਨੁਕਸਾਨ ਵੀ ਮੈਨੂੰ ਉਠਾਉਣਾ ਪੈਂਦਾ ਹੈ।ਸਿਰਫ ਇਕ ਚੀਜ਼ ਮੇਰੇ ਕੋਲ ਬਚੀ ਹੈ,ਉਹ ਹੈ ਅਹਿਸਾਸ ਕਿ ਮੈਂ ਇਕ ਅਜਿਹਾ ਬਣਾ ਰਿਹਾ ਹਾਂ,ਜੋ ਭਵਿੱਖ 'ਚ ਦਿਖਾਏਗਾ ਕਿ ਉਸ ਸਮੇਂ ਜੀਵਨ ਕਿਹੋ ਜਿਹਾ ਸੀ।ਦੋਵਾਂ 'ਚੋਂ ਇਕ ਗੱਲ ਹੋ ਸਕਦੀ ਹੈ।ਸ਼ਾਇਦ ਸਮਾਂ ਬਦਲ ਜਾਵੇ ਤਾਂ ਉਨ੍ਹਾਂ ਕੋਲ ਮੇਰੇ ਦਸਤਾਵੇਜ਼ ਹੋਣਗੇ ਜੋ ਚੁਕੰਨਾ ਕਰਨਗੇ ਕਿ ਉਸ ਕਾਲੇ ਸਮੇਂ 'ਚ ਉਹ ਵਾਪਸ ਨਾ ਜਾ ਸਕੇ।ਜਾਂ ਚੀਜ਼ਾਂ ਨਹੀਂ ਬਦਲਣਗੀਆਂ ਤਾਂ ਇਹ ਇਕ ਚੇਤਾਵਨੀ ਹੋਵੇਗੀ ਕਿ ਕਿਸ ਤਰ੍ਹਾਂ ਐਨੇ ਲੰਮੇ ਸਮੇਂ ਤੱਕ ਇਹ ਸਮੱਸਿਆ ਬਣੀ ਰਹੀ।

ਡਫ ਸਾਂਡਰਸ-ਇਰਾਨੀ ਫਿਲਮ ਨਿਰਮਾਤਵਾਂ ਦੀਆਂ ਦੋ ਦੁਚਿੱਤੀਆਂ ਹਨ।ਜਾਂ ਤਾਂ ਆਪਣੇ ਅਸੂਲਾਂ ਦੇ ਮੁਤਾਬਕ ਫਿਲਮ ਬਣਾਓ,ਉਸਨੂੰ ਸੈਂਸਰ ਕਰਵਾਓ ਤੇ ਉਹ ਕਦੇ ਵੀ ਰਿਲੀਜ਼ ਨਾ ਹੋਵੇ,ਜਾਂ ਫਿਰ ਸੈਂਸਰ ਦੇ ਮੁਤਾਬਕ ਕੰਮ ਕਰੋ ਤੇ ਆਪਣੇ ਆਦਰਸ਼ ਨਾਲ ਸਮਝੌਤਾ ਕਰੋ।ਦੋਨਾਂ ਹੀ ਹਾਲਤਾਂ 'ਚ ਸੈਂਸਰ ਬਾਰੇ ਸੋਚਣ 'ਚ ਤੁਹਾਡਾ ਸਮਾਂ ਲੰਘਦਾ ਹੈ,ਤੁਸੀਂ ਕਿਵੇਂ ਕੰਮ ਕਰਦੇ ਹੋ ?

ਜਫਰ ਪਨਾਹੀ-ਇਸਦੇ ਦੋ ਹਿੱਸੇ ਹਨ।ਪਹਿਲਾ ਜਦੋਂ ਮੈਂ ਫਿਲਮ ਬਣਾਉਂਦਾ ਹਾਂ.ਦੂਜਾ ਜਦੋਂ ਇਸ ਨੂੰ ਬਣ ਜਾਣ ਤੋਂ ਬਾਅਦ ਪੇਸ਼ ਕਰਦਾ ਹਾਂ।ਪਹਿਲੇ ਹਿੱਸੇ 'ਚ ਮੈਂ ਇਹ ਨਹੀਂ ਸੋਚਦਾ ਕਿ ਇਹ ਸੈਂਸਰ ਹੋਵੇਗੀ।ਮੈਂ ਬੱਸ ਉਹੀ ਕਰਦਾ ਹਾਂ ਜੋ ਮੈਨੂੰ ਠੀਕ ਲਗਦਾ ਹੈ।ਮੈਂ ਦੁਚਿੱਤੀ ਨਾਲ ਨਿਬੜਨ ਦਾ ਫੈਸਲਾ ਮੈਂ ਉਦੋਂ ਤੱਕ ਟਾਲ ਦਿੰਦਾ ਹਾਂ,ਜਦ ਅਸੀਂ ਇਸਨੂੰ ਸੈਂਸਰ ਸਾਹਮਣੇ ਪੇਸ਼ ਕਰਨ ਦਾ ਫੈਸਲਾ ਲੈਂਦੇ ਹਾਂ।ਸੱਚ ਤਾਂ ਇਹ ਹੈ ਕਿ ਜੇ ਤੁਸੀਂ ਫਿਲਮ ਬਣਾਉਂਦੇ ਸਮੇਂ ਸੈਂਸਰ ਦੇ ਬਾਰੇ 'ਚ ਸੋਚੋਂਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਨਜ਼ਰਅੰਦਾਜ਼ ਕਰਨੀਆਂ ਪੈਣਗੀਆਂ ਤੇ ਮੈਨੂੰ ਡਰ ਹੈ ਕਿ ਫਿਰ ਤੁਹਾਡੇ ਕੋਲ ਕੁਝ ਨਹੀਂ ਬਚੇਗਾ।ਪਹਿਲੀ ਪੁਲਾਂਘ ਪੁੱਟਣ ਦਾ ਮਤਲਬ ਆਖਰੀ ਪੁਲਾਂਗ ਪੁੱਟਣਾ ਤੇ ਸੈਂਸਰ ਦੇ ਟੋਏ 'ਚ ਡਿੱਗ ਜਾਣਾ…ਇਸ ਲਈ ਮੈਂ ਪਹਿਲੀ ਪੁਲਾਂਗ ਨਹੀਂ ਪੁੱਟਦਾ।ਅਸਲੀ ਦੁਬਿਧਾ ਤੇ ਅਸਲੀ ਉਦੋਂ ਸ਼ੁਰੂ ਹੁੰਦੀ ਹੈ,ਜਦ ਫਿਲਮ ਬਣਕੇ ਪੇਸ਼ ਕਰਨ ਲਈ ਤਿਆਰ ਹੋ ਜਾਂਦੀ ਹੈ।ਉਦੋਂ ਤੁਹਾਨੂੰ ਲਾਲਚ ਹੁੰਦਾ ਹੈ ਕਿ ਕੁਝ ਦ੍ਰਿਸ਼ ਕੱਟ ਲੈਣ ਤੇ ਸੈਂਸਰ ਕਰ ਲੈਣ ਤੇ ਜਿਸ 'ਚ ਤੁਹਾਨੂੰ ਫਿਲਮ ਨੂੰ ਪਰਦੇ 'ਤੇ ਦਿਖਾਉਣ ਦਾ ਮੌਕਾ ਮਿਲ ਜਾਵੇ,ਪਰ ਮੈਂ ਅਜਿਹਾ ਕਰਨ ਤੋਂ ਵੀ ਇਨਕਾਰ ਕਰ ਦਿੰਦਾ ਹਾਂ,ਮੈਨੂੰ ਡਰ ਹੈ ਕਿ ਇਸ ਲਈ ਮੈਨੂੰ ਬਹੁਤ ਜ਼ਿਆਦਾ ਸਮਝੌਤਾ ਕਰਨਾ ਪਵੇਗਾ।

ਡਫ ਸਾਂਡਰਸਤੁਹਾਨੂੰ ਲਗਦਾ ਹੈ ਕਿ ਤੁਹਾਡੀ ਫਿਲਮ ਦਾ ਸਿਨਮੈਟਿਕ ਮੁੱਲ ਸੈਂਸਰ ਦੇ ਟਕਰਾਅ ਦੇ ਵਾਜਿਬ ਹੈ ? ਕੁਝ ਲੋਕ ਤੁਹਾਡੇ 'ਤੇ ਇਲਜ਼ਾਮ ਲਗਾਉਂਦੇ ਹਨ ਕਿ ਤੁਸੀਂ ਸੈਂਸਰ ਦੇ ਉਦੇਸ਼ ਨਾਲ ਹੀ ਫਿਲਮ ਬਣਾਉਂਦੇ ਹੋਂ ਕਿ ਫਿਲਮ ਨੂੰ ਲੈ ਕੇ ਸੰਸਾਰ ਨਾਲ ਟਕਰਾਅ ਹੋਵੇ ਤੇ ਫਿਲਮ ਚਰਚਾ 'ਚ ਆਵੇ ?

ਜਫਰ ਪਨਾਹੀ-ਮੈਨੂੰ ਨਹੀਂ ਲਗਦਾ ਕਿ ਇਹ ਫਿਲਮ ਦਾ ਮੁੱਲ ਹੈ,ਬਲਕਿ ਇਹ ਮੇਰਾ ਮੁੱਲ ਹੈ।ਮੈਂ ਅਜਿਹਾ ਵਿਅਕਤੀ ਬਣ ਗਿਆ ਹਾਂ ਕਿ ਜੋ ਸਮਝੌਤਾ ਕਰਨ ਤੋਂ ਇਨਕਾਰ ਕਰਦਾ ਹੈ।ਸੈਂਸਰ ਤੇ ਸੱਤਾ ਨਾਲ ਦੇ ਖਿਲਾਫ ਬਗਾਵਤ ਕਰਨ ਵਾਲੇ ਵਿਅਕਤੀ ਦੇ ਰੂਪ 'ਚ ਮੇਰੀ ਪਛਾਣ ਬਣ ਗਈ ਹੈ।ਧਾਰਾ ਦੇ ਖਿਲਾਫ ਚੱੱਲਣ ਵਾਲੇ ਵਿਅਕਤੀ ਦੇ ਰੂਪ 'ਚ ਜਿਉਣਾ ਮੈਨੂੰ ਚੰਗਾ ਲਗਦਾ ਹੈ,ਜੇ ਮੈਂ ਸਮਝੌਤਾ ਕਰਦਾ ਹਾਂ ਭਾਵੇਂ ਥੋੜ੍ਹਾ ਜਿਹਾ ਹੀ ਸਹੀ ਤਾਂ ਮੈਂ ਉਹ ਫਿਲਮ ਨਹੀਂ ਬਣਾ ਪਾਵਾਂਗਾ ਜੋ ਬਣਨੀ ਚਾਹੀਦੀ ਹੈ।

ਡਫ ਸਾਂਡਰਸਤੁਹਾਡੀ ਫਿਲਮ "ਆਫਸਾਈਡ" ਨੇ ਕੌਮਾਂਤਰੀ ਪੱਧਰ 'ਤੇ ਕਾਫੀ ਵਾਹ ਵਾਹ ਖੱਟੀ,ਭਾਵੇਂ ਇਰਾਨ 'ਚ ਇਸਨੂੰ ਕਿਸੇ ਨੇ ਨਹੀਂ ਵੇਖਿਆ,ਕੀ ਵਿਦੇਸ਼ੀ ਹੀ ਤੁਹਾਡੇ ਹਮਾਇਤੀ ਨੇ ?

ਜਫਰ ਪਨਾਹੀ-ਇਕ ਸਮਾਂ ਸੀ ਜਦੋਂ ਮੇਰੇ ਹਮਾਇਤੀ ਵਿਦੇਸ਼ੀ ਸਨ,ਉਦੋਂ ਮੇਰੇ 'ਤੇ ਮੁੱਖ ਇਲਜ਼ਾਮ ਇਹ ਸੀ ਕਿ ਵਿਦੇਸ਼ੀ ਮੈਨੂੰ ਪੈਸਾ ਦਿੰਦੇ ਹਨ।ਜਿਵੇਂ ਮੈਂ ਕੋਈ ਧੋਖਾ ਦੇ ਰਿਹਾ ਹੋਵਾਂ।"ਆਫਸਾਈਡ" ਦੇ ਲਈ ਸਾਰਾ ਪੈਸਾ ਅੰਦਰੂਨੀ ਸ੍ਰੋਤਾਂ ਤੋਂ ਆਇਆ ਸੀ.ਮੈਂ ਇਹ ਫਿਲਮ ਪੂਰੀ ਤਰ੍ਹਾਂ ਅੰਦਰੂਨੀ ਸ੍ਰੋਤਾਂ ਤੋਂ ਪੈਸਾ ਲੈ ਕੇ ਬਣਾਈ।ਫਿਰ ਵੀ ਉਹ ਇਨ੍ਹਾਂ ਇਲਜ਼ਾਮਾਂ ਨੂੰ ਹਟਾਉਣ ਤੋਂ ਅਸਮਰੱਥ ਸੀ।ਮੈਨੂੰ ਮੇਰੀ ਫਿਲਮ ਲਈ ਇਰਾਨੀ ਨਿਰਮਾਤਵਾਂ ਦੀ ਕਦੇ ਤੋਟ ਨਹੀਂ ਆਈ,ਆਫਸਾਈਡ ਤੋਂ ਬਾਅਦ ਬਹੁਤ ਸਾਰੇ ਡਿਸਟੀਬਿਊਟਰ ਮੇਰੇ ਕੋਲ ਆਏ,ਜਿਨ੍ਹਾਂ ਨੇ ਫਿਲਮ ਨੁੰ ਏਥੇ ਦਿਖਾਉਣ ਦੀ ਇੱਛਾ ਜਾਹਰ ਕੀਤੀ।ਮੈਨੂੰ ਫਿਲਮ ਨੂੰ ਲੈ ਕੇ ਪੈਸੇ ਦੀ ਕਦੇ ਸਮੱਸਿਆ ਨਹੀਂ ਆਈ,ਸਮੱਸਿਆ ਏਥੇ ਕੰਮ ਕਰਨ ਦੀਆਂ ਹਾਲਤਾਂ ਨੂੰ ਲੈ ਕੇ ਹੈ।ਇਥੋਂ ਕਿ ਵੱਡੇ ਕਮਰਸ਼ੀਅਲ ਨਿਰਮਾਤਵਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਸੁਝਾਅ ਦਿੱਤਾ ਕਿ ਮੈਂ ਉਨ੍ਹਾਂ ਨਾਲ ਕੰਮ ਕਰਾਂ।ਉਨ੍ਹਾਂ ਨੂੰ ਉਹ ਦਿੱਖ ਚਾਹੀਦੀ ਸੀ ਜੋ ਕਲਾ ਫਿਲਮਾਂ 'ਚ ਕੰਮ ਕਰਨ ਨਾਲ ਆਉਂਦੀ ਹੈ।ਮੈਂ ਉਨ੍ਹਾਂ ਦੀ ਹਾਲਤ ਸਮਝਦਾ ਹਾਂ,ਪਰ ਸਮੱਸਿਆ ਪੈਸੇ ਦੀ ਨਹੀਂ ਹੈ।ਪਤਾ ਲੱਗਿਆ ਹੈ ਕਿ ਸਾਰੀਆਂ ਹਾਲੀਆ ਫਿਲਮਾਂ ਬਹੁਤ ਸਫਲ ਰਹੀਆਂ ਹਨ,ਨਿਰਮਾਤਾ ਮੇਰੇ ਨਾਲ ਖੁਸ਼ੀ ਨਾਲ ਸੰਪਰਕ ਕਰਦੇ ਹਨ,ਪਰ ਉਨ੍ਹਾਂ 'ਚੋਂ ਕੋਈ ਵੀ ਮੈਨੂੰ ਅਜਿਹਾ ਮਾਹੌਲ ਦੇਣ ਤੋਂ ਅਸਮਰੱਥ ਹੈ,ਜਿਸ 'ਚ ਮੈਂ ਕੰਮ ਕਰ ਸਕਾਂ।

ਡਫ ਸਾਂਡਰਸਕੁਝ ਇਰਾਨੀ ਨਿਰਦੇਸ਼ਕ ਹਰ ਹਾਲ 'ਚ ਆਪਣੇ ਆਦਰਸ਼ਾਂ ਨਾਲ ਜੁੜੇ ਰਹਿੰਦੇ ਹਨ।ਕੁਝ ਆਪਣਾ ਸੁਨੇਹਾ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਦੇ ਰਹਿੰਦੇ ਹਨ ਤੇ ਤੀਜਾ ਸਮੂਹ ਹੈ ਦੇਸ਼ ਛੱਡਣ ਦਾ ਰਾਹ ਚੁਣਦਾ ਹੈ।ਕੀ ਤੁਸੀਂ ਇਨ੍ਹਾਂ ਵੱਖ ਵੱਖ ਸਮੂਹਾਂ ਦਾ ਸਨਮਾਨ ਕਰਦੇ ਹੋਂ ?

ਜਫਰ ਪਨਾਹੀ—ਸਾਰੇ ਨਿਰਦੇਸ਼ਕ ਖੁਦ ਫੈਸਲਾ ਲੈਂਦੇ ਹਨ ਕਿ ਉਨ੍ਹਾਂ ਨੇ ਕਿਹੋ ਜਿਹੀ ਫਿਲਮ ਬਣਾਉਣੀ ਹੈ।ਮੈਂ ਫੈਸਲਾ ਨਹੀਂ ਦੇ ਸਕਦਾ।ਹਰ ਆਪਣੇ ਚਰਿੱਤਰ ਤੇ ਸਮਝਦਾਰੀ ਦੇ ਹਿਸਾਬ ਨਾਲ ਫਿਲਮ ਬਣਾਉਂਦਾ ਹੈ।ਓਥੇ ਦੂਜੇ ਪਾਸੇ ਮੈਨੂੰ ਨਹੀਂ ਲਗਦਾ ਕਿ ਜਦ ਤੱਕ ਕੁਝ ਨਹੀਂ ਬੱਚਦਾ ਸਮਝੌਤਾ ਕਰਨਾ ਚਾਹੀਦਾ ਜਾਂ ਸਾਰੀ ਖੇਡ ਛੱਡ ਕੇ ਦੇਸ਼ ਤੋਂ ਚਲੇ ਜਾਣਾ ਚਾਹੀਦਾ ਹੈ।ਮੈਨੂੰ ਲਗਦਾ ਹੈ ਕਿ ਏਥੇ ਰਹਿ ਕੇ ਹੀ ਆਪਣੇ ਹਥਿਆਰ ਸਿੰਨ੍ਹੀ ਰਹਿਣੇ ਚਾਹੀਦੇ ਹਨ।ਸਹੀ ਮਾਅਨਿਆਂ 'ਚ ਸੈਂਸਰ ਤਾਂ ਚਾਹੁੰਦਾ ਹੈ ਕਿ ਅਸੀਂ ਦੇਸ਼ ਛੱਡ ਦੇਈਏ,ਉਹ ਸਾਨੂੰ ਦੇਸ਼ ਛੱਡਣ ਲਈ ਉਕਸਾਉਂਦਾ ਹੈ। 2006 'ਚ ਸੂਚਨਾ ਮੰਤਰਾਲੇ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਸੀ.ਚਾਰ ਘੰਟੇ ਬਿਠਾਕੇ ਮੇਰੇ ਕੋਲੋਂ ਪੁੱਛਗਿੱਛ ਕੀਤੀ ਗਈ।ਆਖਿਰ 'ਚ ਉਨ੍ਹਾਂ ਦਾ ਸਵਾਲ ਸੀ ਕਿ ਤੂੰ ਇਹ ਦੇਸ਼ ਛੱਡ ਕੇ ਇਰਾਨ ਤੋਂ ਬਾਹਰ ਫਿਲਮਾਂ ਕਿਉਂ ਨਹੀਂ ਬਣਾ ਲੈਂਦਾ,ਜਦ ਕਿ ਤੇਰੇ ਹਮਾਇਤੀ ਵੀ ਓਥੇ ਰਹਿੰਦੇ ਹਨ।ਇਹ ਹਾਲਾਤ ਸਿਰਫ ਸਿਨੇਮੇ ਤੱਕ ਸੀਮਤ ਨਹੀਂ ਹਨ ਬਲਕਿ ਇੱਥੋਂ ਦੀਆਂ ਸਾਰੀਆਂ ਸੱਭਿਆਚਾਰਕ ਤੇ ਸਿਆਸੀ ਗਤੀਵਿਧੀਆਂ 'ਚ ਫੈਲੇ ਹੋਏ ਹਨ।ਸਰਕਾਰ ਇਨ੍ਹਾਂ ਸਾਰਿਆਂ ਨੂੰ ਇਰਾਨ ਛੱਡ ਕੇ ਜਾਣ ਲਈ ਪ੍ਰੇਰਦੀ ਹੈ।

ਆਇਸ਼ਾ ਤੇ ਜੇਸਿਕਾ ਦੀ ਦਿੱਲੀ

ਸ਼ਾਇਦ ਅਦਾਲਤਾਂ ਕਦੇ ਵੀ ਫੈਸਲਾ ਨਹੀਂ ਕਰਦੀਆਂ ਫੈਸਲਾ ਕਰਦੀ ਹੈ ਅਵਾਮ ਦੀ ਅਵਾਜ਼ ਜੋ ਬੇਇਨਸਾਫੀ ਦੇ ਖਿਲਾਫ ਇੱਕਸੁਰ ਹੋਕੇ ਉੱਠਦੀ ਹੈ।ਇਸੇ ਕਰਕੇ ਜੈਸਿਕਾ ਲਾਲ ਕਤਲ ਤੋਂ ਲੈਕੇ ਪ੍ਰਿਆਦਰਸ਼ਨੀ ਮੱਟੂ ਕੇਸ ‘ਚ ਫੈਸਲਾ ਹੋਣ ਤੋਂ ਬਾਅਦ ਲੋਕਾਂ ਦੇ ਵਿਰੋਧ ਕਰਨ ‘ਤੇ ਫੈਸਲਾ ਸਹੀ ਲੀਹੇ ਪਿਆ।ਇਸ ‘ਚ ਉਹਨਾਂ ਅਦਾਲਤਾਂ ਦਾ ਜਾਂ ਭਾਰਤ ਦੀ ਨਿਆਂ ਪ੍ਰਣਾਲੀ ਦਾ ਕੋਈ ਕਸੂਰ ਨਹੀਂ।ਇਸ ਵਿੱਚ ਕਸੂਰ ਉਹਨਾਂ ਲੋਕਾਂ ਦਾ ਜਿਹਨਾਂ ਇਹਨੂੰ ਕਮਜ਼ੋਰ ਬਣਾਇਆ।ਟਾਈਮਸ ਆਫ ਇੰਡੀਆ ‘ਚ ਜਦੋਂ ਪਹਿਲੇ ਸਫ਼ੇ ਤੇ ‘ਨੋ ਵਨ ਕਿਲਡ ਜੇਸਿਕਾ’ ਸਿਰਲੇਖ ਅਧੀਨ ਖ਼ਬਰ ਸੁਰਖੀਆਂ ‘ਚ ਆਈ ਸੀ ਤਾਂ ਉਹ ਆਮ ਲੋਕਾਂ ਦੇ ਦਰਦ ਨਾਲ ਮਜ਼ਾਕ ਸੀ ਤੇ ਸਿਆਸਤ ਦੀ ਉਸ ਤਾਕਤਵਾਰੀ ਕਰਤੂਤ ਦੀ ਤਸਵੀਰ ਸੀ।ਪਰ ਇਹ ਵਿਅੰਗ ਭਾਰਤੀ ਨਿਆਂ ਪ੍ਰਣਾਲੀ ‘ਚ ਕਿਸੇ ਸਫ਼ੇ ਨੂੰ ਮੁੜ ਖੋਲ੍ਹਣ ਲਈ ਕਾਫੀ ਸੀ।

"ਨੋ ਵਨ ਕਿਲਡ ਜੇਸਿਕਾ" ਤੋਂ ਲੋਕਾਂ ਦੀ ਅਵਾਜ਼ ਹੁਣ ਐਵਰੀਵਨ ਕਿਲਡ ਜੇਸਿਕਾ ਤੱਕ ਪਹੁੰਚ ਗਈ ਸੀ।ਇਹ ਤਾਂ ਭੀੜ ਹੁੰਦੀ ਹੈ ਜਿਹਨੂੰ ਸਹੀ ਦਿਸ਼ਾ ਦੇਵਾਂਗੇ ਤਾਂ ਕ੍ਰਾਂਤੀ...! ਗਲਤ ਦਿਸ਼ਾ ਦੇ ਦਈਏ ਤਾਂ ਮੰਦਰ ਵੀ ਟੁੱਟਦਾ ਹੈ,ਮਸੀਤ ਵੀ ਟੁੱਟਦੀ ਹੈ,ਲਾਸ਼ਾਂ ਵੀ ਵਿਛਦੀਆਂ ਨੇ ਤੇ ਖ਼ੂਨ ਵੀ ਸਿੰਮਦਾ ਹੈ।ਇਹ ਖ਼ੂਨ ਫਿਰ ਰਿਸਦਾ ਰਹਿੰਦਾ ਹੈ ਤੇ ਗਾਹੇ ਬਗਾਹੇ ਇਤਿਹਾਸ ਮੁੜ ਮੁੜ ਆਕੇ ਸਵਾਲ ਪੁੱਛਦਾ ਹੈ ਪਰ ਜਵਾਬ ਕੋਈ ਨਹੀਂ ਹੁੰਦਾ।ਫਿਰ ਬਕੌਲ ਗੁਲਜ਼ਾਰ ਸਾਹਿਬ ਅੱਧ ਜਲੀਆਂ ਲਾਸ਼ਾਂ ਵੀ ਵੇਖੀਆਂ ਹੁੰਦੀਆਂ ਹਨ ਤੇ ਉਹਨਾਂ ਨੂੰ ਟਰੱਕ ‘ਚ ਥੋਕ ਦੇ ਭਾਅ ਸੁੱਟਦੇ ਵੀ ਕੋਈ ਵੇਖਦਾ ਹੈ ਤੇ ਖੁਰਚਨੇ ਨਾਲ ਸੜਕ ਤੋਂ ਕਿਸੇ ਲਾਸ਼ ਨੂੰ ਇੱਕਠਾ ਕਰਦਾ ਵੀ ਵੇਖਿਆ ਹੁੰਦਾ ਹੈ…ਤੇ ਇਸ ਖੌਫ 'ਚ ਤਰਸਦੀਆਂ ਵਿਲਕਦੀਆਂ ਰਾਤਾਂ ਨੂੰ ਅੱਜ ਤੱਕ ਇਨਸਾਫ ਨਹੀ ਮਿਲਿਆ।ਕੋਈ 5 ਸਾਲ ਤੋਂ ਚੱਲ ਰਿਹਾ ਹੈ ਤੇ ਕਿਸੇ ਨੂੰ ਕ੍ਰਮਵਾਰ 15-20-25 ਸਾਲ ਤੱਕ ਵੀ ਹੋ ਗਏ ਨੇ।ਮੋਮਬਤੀਆਂ ਜਲਦੀਆਂ ਰਹਿਣਗੀਆਂ…ਮਾਰਚ ਪਾਸਟ ਹੁੰਦੇ ਰਹਿਣਗੇ ਤੇ…ਫਿਰ ਜਾਕੇ ਇਨਸਾਫ ਮਿਲੇਗਾ….ਤੇ ਫਿਰ ਇੱਕ ਨਵੀਂ ਵਾਰਦਾਤ ਵਾਪਰੇਗੀ…ਫਿਰ ਅਵਾਜ਼ਾਂ ਰੋਦੀਆਂ ਵਿਲਕਿਦੀਆਂ ਇਨਸਾਫ ਦੀ ਫਰਿਆਦ ਕਰਨਗੀਆਂ।ਆਖਰ ਕਦੋਂ ਤੱਕ…?

ਨੈਸ਼ਨਲ ਕਰਾਈਮ ਬਿਓਰੋ ਦੀਆਂ ਰਿਪੋਰਟਾਂ ਹੈਰਾਨੀਜਨਕ ਨੇ।ਦਿੱਲੀ ਅਪਰਾਧ ਦੀ ਨਵੀਂ ਦੁਨੀਆਂ ਬਣਦਾ ਜਾ ਰਿਹਾ ਹੈ।ਵਿਕਾਸ ਦਾ ਲਾੜਾ ਬਰਬਾਦੀ ਦਾ ਸਰਬਾਲਾ ਵੀ ਲੈਕੇ ਆਉਂਦਾ ਹੈ।ਇੱਕ ਪਾਸੇ ਮਿਰਜ਼ਾ ਗ਼ਾਲਿਬ ਦੀਆਂ ਬਲੀਮਾਰਾਂ ਦੀਆਂ ਗਲੀਆਂ ਤੇ ਚਾਂਦਨੀ ਚੌਂਕ ਦਾ ਜ਼ਿਕਰ ਹੈ ਉਸੇ ਚਾਂਦਨੀ ਚੌਂਕ ‘ਤੇ ਕੋਈ ਹਿੰਦ ਦੀ ਚਾਦਰ ਵੀ ਸ਼ਹੀਦੀਆਂ ਪਾਉਂਦੀ ਹੈ ਤੇ ਫਿਰ ਬਹਾਦਰ ਸ਼ਾਹ ਜ਼ਫ਼ਰ ਦੀ ਗ਼ਜ਼ਲਾਂ ਨਾਲ ਭਿੱਜਿਆ ਸਾਹਿਤ ਹੈ ਤੇ ਉਸੇ ਦਿੱਲੀ ‘ਚ 84 ਦਾ ਕਤਲੇਆਮ ਵੀ ਹੈ।ਇਸੇ ਦਿੱਲੀ ‘ਚ ਆਇਸ਼ਾ(ਸੋਨਮ ਕਪੂਰ ਅਭਿਨੀਤ ਜੇਨ ਆਸਟਿਨ ਦੇ ਨਾਵਲ ਐਮਾ ਦਾ ਉਲਥਾ) ਵੀ ਹੈ ਤੇ ਜੇਸਿਕਾ ਵੀ ਹੈ।ਬੈਂਡ ਬਾਜਾ ਬਰਾਤ ਵੀ ਹੈ ਤੇ 'ਦਿਲ ਦੋਸਤੀ ਐਕਸਟਰਾ' ਦੀ ਨੌਜਵਾਨ ਪੀੜ੍ਹੀ ਦੀਆਂ ਚਿੱਟੀਆਂ ਕਾਲੀਆਂ ਖ਼ਵਾਇਸ਼ਾਂ ਵੀ ਹਨ।

ਰਾਜ ਕੁਮਾਰ ਗੁਪਤਾ ਦੀ ਫਿਲਮ ਨੋ ਵਨ ਕਿਲਡ ਜੇਸਿਕਾ ਦੀ ਖਾਸ ਗੱਲ ਇਹ ਨਹੀਂ ਕਿ ਫਿਲਮ ਜੇਸਿਕਾ ‘ਤੇ ਹੈ ਜਾਂ ਰਾਣੀ ਮੁਖਰਜੀ ਦੀਆਂ ਬੇਬਾਕ ਗੰਦੀਆਂ ਗਾਲਾਂ ਹਨ।ਰਾਜ ਕੁਮਾਰ ਗੁਪਤਾ ਦੀ ਫਿਲਮ ਦੀ ਖੂਬੀ ਇਹ ਹੈ ਕਿ ਆਮ ਆਦਮੀ ਗੀਰੇ ਦੀ ਪਾਥੀ ਹੈ…ਜਿਹੜੀ ਗੀਰੇ ‘ਚ ਦੱਬੀ ਹੈ ਕੋਈ ਅੱਗ ਲਗਾਏ ਫਿਰ ਦੱਸਦੇ ਹਾਂ ਗੀਰੇ ਦੀ ਪਾਥੀ ਕੀ ਹੁੰਦੀ ਹੈ।ਇਹ ਗੁਲਜ਼ਾਰ ਸਾਹਿਬ ਦੀ ਫਿਲਮ ‘ਹੂ ਤੂ ਤੂ' ਦਾ ਸੰਵਾਦ ਹੈ ਜੋ ਮੈਨੂੰ ਇਸ ਫਿਲਮ ‘ਚ ਜ਼ਿਆਦਾ ਤਾਕਤਵਰ ਰੂਪ ‘ਚ ਉਘੜਿਆ ਨਜ਼ਰ ਆਉਂਦਾ ਹੈ।ਰਾਜ ਕੁਮਾਰ ਗੁਪਤਾ ਦੀ ਫਿਲਮ ‘ਚ ਆਮ ਆਦਮੀ ਇੰਝ ਦਾ ਹੀ ਹੈ ਜੋ ਕਹਿੰਦਾ ਹੈ,”ਅੱਛਾ ਮੇਰੀ ਚੁੱਪ ਨੂੰ ਕੀ ਸਮਝ ਲਿਆ ਤੁਸੀ…ਸਵੇਰੇ 9 ਤੋਂ 5 ਵਜੇ ਤੱਕ ਦਾ ਰੋਜ਼ਾਨਾ ਕੰਮਕਾਰੂ ਬੰਦਾ…!

ਫਿਰ ਆਮ ਆਦਮੀ ਦੀ ਤਾਕਤ ਵਿਖਦੀ ਹੈ ਜੋ ਅਸੀ ਅਕਸਰ ਪਰਿਵਾਰ,ਨੌਕਰੀ,ਦੁਨੀਆ ਦਾ ਵਾਸਤਾ ਪਾਕੇ ਲੁਕੋ ਕੇ ਰੱਖਦੇ ਹਾਂ ਪਰ ਜਦੋਂ ਖੁਦ ‘ਤੇ ਆਉਂਦੀ ਹੈ ਉਦੋਂ ਬਾਹਰ ਆਉਂਦੀ ਹੈ।ਰਾਜ ਕੁਮਾਰ ਗੁਪਤਾ ਦੀ ਫਿਲਮ ‘ਆਮਿਰ’ ਦਾ ਨਾਇਕ ਵੀ ਅਜਿਹਾ ਹੀ ਸੀ।ਅੱਤਵਾਦੀ ਨਾਇਕ ਦੇ ਪਰਿਵਾਰ ਨੂੰ ਬੰਦੀ ਬਣਾ ਕੇ ਉਸ ਤੋਂ ਬੰਬ ਰਖਵਾਉਂਦੇ ਹਨ।ਧਰਮ ਦੇ ਠੇਕੇਦਾਰ ਕਹਾਉਣ ਵਾਲੇ ਨਾਇਕ ਨੂੰ ਇਸਲਾਮ ਸਿਖਾਉਂਦੇ ਹਨ ਪਰ ਨਾਇਕ ਜਾਣਦਾ ਹੈ ਇਸਲਾਮ ਦੇ ਮਾਇਨੇ ਕੀ ਹਨ ‘ਤੇ ਅਖੀਰ ‘ਤੇ ਲੋਕਾਂ ਨੂੰ ਬਚਾਉਂਦਾ ਹੋਇਆ ਖੁਦ ਨੂੰ ਮਨੁੱਖਤਾ ਦੇ ਨਾਮ ‘ਤੇ ਵਾਰ ਦਿੰਦਾ ਹੈ।ਨੋ ਵਨ ਕਿਲਡ ਜੇਸਿਕਾ ਯਥਾਰਕ ਦੇ ਨੇੜੇ ਰਹਿਕੇ ਬਣੀ ਫਿਲਮ ਸੀ ਅਜਿਹੀ ਫਿਲਮ ਲਈ ਵੱਡੀ ਔਕੜ ਇਹ ਹੁੰਦੀ ਹੈ ਕਿ ਤੁਸੀ ਕੁਝ ਇਸ ਤਰ੍ਹਾਂ ਦੀ ਪੇਸ਼ਕਾਰੀ ਕਰੋ ਕਿ ਦਰਸ਼ਕ ਨੂੰ ਅਰਥ-ਮਨੋਰੰਜਨ-ਸੋਚ ਇੱਕ ਕਤਾਰ ‘ਚ ਹੀ ਮਿਲ ਸਕਣ।ਨੋ ਵਨ ਕਿਲਡ ਜੇਸਿਕਾ...!

ਇਹ ਦੱਸਦੀ ਹੈ ਕਿ ਤਮਾਸ਼ਬੀਨਾਂ ਦੀ ਫੌਜ ‘ਚ ਤਮਾਸ਼ਾ ਸਭ ਨੇ ਵੇਖਿਆ ਤੇ ਜੇਸਿਕਾ ਦੀ ਮੌਤ ਸਿਰਫ ਇੱਕ ਹਾਦਸਾ ਬਣਕੇ ਰਹਿ ਗਈ ਤੇ ਪੈਸੇ ਦੀ ਤੂਤੀ ਬੋਲੀ ਗਵਾਹ ਖਰੀਦੇ ਗਏ…ਸੱਚ ਦਾ ਇਹ ਅਧਾਰ ਫਿਲਮ ਬਾਖੂਬੀ ਬਿਆਨ ਕਰਦੀ ਹੈ।ਦੂਜਾ ਕਿ ਭ੍ਰਿਸ਼ਟ ਪੁਲਿਸ ਵਾਲੇ ਦੀ ਮਨੋਵਿਗਿਆਨਕਤਾ ਦਾ ਮਨੁੱਖ ਅੰਦਰਲਾ ਸ਼ੈਤਾਨ ਰਿਸ਼ਵਤ ਲੈਂਦਾ ਹੈ ਕਿਉਂ ਕਿ ਬਹੁਮਤ ਦੀ ਸਰਕਾਰੀ ਮੌਹਰ ਲੱਗੀ ਜਮਾਤ ਦੀ ਜ਼ੁਬਾਨ ਜੁਗਾਲੀ ਕਰਦੀ ਹੈ ਤੇ ਇਹ ਆਦਤ ਸਦੀਆਂ ਪਹਿਲਾਂ ਦੀ ਹੈ।ਪੁਲਿਸ ਵਾਲੇ ਦਾ ਮਨੁੱਖ ਅੰਦਰਲਾ ਮਨੁੱਖ ਤੜਪ ਵੀ ਰਿਹਾ ਹੈ ਬੇਇਨਸਾਫੀ ਨੂੰ ਲੈ ਕੇ ਪਰ ਉਹਨੂੰ ਪਤਾ ਹੈ ਕਿ ਉਹ ਇੱਕ ਆਮ ਇਨਸਾਨ ਹੈ ਤੇ ਉਸਦਾ ਪਰਿਵਾਰ ਹੈ ਤੇ ਇੱਕਲਾ ਮਨੁੱਖ ਉਦੋਂ ਤੱਕ ਕ੍ਰਾਤੀ ਨਹੀ ਲਿਆ ਸਕਦਾ ਜਦੋਂ ਤੱਕ ਬਾਹਵਾਂ ਨੂੰ ਬਾਹਵਾਂ ਦਾ ਸਹਾਰਾ ਨਹੀਂ ਮਿਲਦਾ।ਪੁਲਿਸ ਵਾਲੇ ਦਾ ਮਨੁੱਖ ਅੰਦਰਲਾ ਦੇਵਤਾ ਪੱਤਰਕਾਰ ਦੇ ਘਰ ਰਿਕਾਰਡ ਇਕਬਾਲੀਆ ਬਿਆਨ ਰੱਖਕੇ ਚੱਲੇ ਜਾਂਦਾ ਹੈ ਕਿਉਂ ਕਿ ਉਹਨੂੰ ਪਤਾ ਹੈ ਕਿ ਹੁਣ ਮਨੁੱਖ ਸੰਘਰਸ਼ ‘ਤੇ ਉੱਤਰ ਆਇਆ ਹੈ ਤੇ ਫਿਰ ਰੱਬ ਬਣਕੇ ਮਦਦ ਕਰ ਦੇਣੀ ਚਾਹੀਦੀ ਹੈ।ਜੇਸਿਕਾ ਦੇ ਕਤਲ ਦੇ ਬਹਾਨੇ ਫਿਲਮ ਨੇ ਬਿਆਨ ਕੀਤਾ ਹੈ ਮਨੁੱਖ ਦਾ ਦੋਗਲਾ ਕਿਰਦਾਰ ਜਿਹਨਾਂ ਕਰਕੇ ਸੱਚ ਸੱਚ ਨਹੀਂ ਰਿਹਾ ਤੇ ਦੱਸਦਾ ਹੈ ਕਿ ਆਮ ਇਨਸਾਨ ਤੇ ਸੁਕਰਾਤ ਵਿਚਲਾ ਫਾਸਲਾ ਕਿਉਂ ਰਹਿ ਰਿਹਾ ਹੈ।ਉੱਚ ਤਬਕੇ ਦੇ ਲੋਕਾਂ ਚੋਂ ਬਾਰ ਦੀ ਉਹ ਔਰਤ ਕਿਵੇਂ ਭੁੱਲ ਸਕਦੇ ਹਾਂ ਜਿਹਨੂੰ ਜੇਸਿਕਾ ਦੀ ਮੌਤ ਦੀ ਹਮਦਰਦੀ ਹੈ ਸਬਰੀਨਾ(ਜੇਸਿਕਾ ਦੀ ਭੈਣ) ਨਾਲ,ਪਰ ਹਿੰਮਤ ਨਹੀਂ ਤੇ ਸਾਜੋ ਸ਼ਿੰਗਾਰ ਦੀ ਫਿਕਰ ਕਰਦੀ ਇੱਕ ਪਲ ‘ਚ ਰੋ ਕੇ ਦੂਜੇ ਪਲ ‘ਚ ਹੀ ਕੇਕ ਮੂੰਹ ਦੇ ਅੰਦਰ ਚਲੇ ਜਾਂਦਾ ਹੈ(ਸੀਨ ਵੇਖਿਓ ਸਮਝ ਆਵੇਗਾ).ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਹ ਸਾਰੇ ਲੋਕ ਬੂਰੇ ਵੀ ਨਹੀਂ ਕਹਿ ਸਕਦੇ ਸਿਸਟਮ ਨੇ ਹਲਾਤਾਂ ਨੂੰ ਬਣਾ ਹੀ ਇੰਝ ਦਿੱਤਾ ਹੈ ਤੇ ਇਸ ਲਈ ਹੁਣ ਚਿੱਟਾ ਲਹੂ ਰੰਗ ਨਹੀਂ ਚੜਾਉਂਦਾ ਜਿਹਨੂੰ ਇਸ ਯੁੱਗ ‘ਚ ਸ਼ੂਰਵੀਰ ਕਹਿ ਸਕੀਏ।ਕਿਉਂ ਕਿ ਸਾਰੇ ਇਹ ਸੋਚ ਕੇ ਹੀ ਗੁਨਾਹ ਕਰ ਰਹੇ ਹਨ ਕਿ ਉਹਨਾਂ ਦੇ ਇੱਕਲਿਆਂ ਸੱਚ ਬੋਲਣ ਨਾਲ ਕਿਹੜਾ ਦੁਨੀਆ ਬਦਲਣ ਲੱਗੀ ਹੈ।ਫਿਲਮ ਬਿਆਨ ਕਰਦੀ ਹੈ ਕਿ ਲੋਕਾਂ ‘ਚ ਬਰਦਾਸ਼ਤ ਜਾਂ ਨਾ ਸੁਨਣ ਦੀ ਜਾਂ ਹਲਕੀ ਗੱਲ ਨੂੰ ਪਚਾਉਣ ਦੀ ਹਿੰਮਤ ਵੀ ਕਿੰਨਾ ਜਵਾਬ ਦੇ ਗਈ ਹੈ।ਆਖਰ ਹੁਣ ਇੱਕ ਡ੍ਰਿੰਕ ਨਾ ਦੇਣ ਦੀ ਜ਼ੁਰਤ ਕਰਨ ‘ਤੇ ਵੀ ਗੋਲੀ ਵੱਜ ਸਕਦੀ ਹੈ।ਇਹ ਦੁਨੀਆਂ ਦਾ ਮਹਾਂਨਗਰਾਂ ਦਾ ਸਿਆਸਤ ਦੀ ਨਜਾਇਜ਼ ਤਾਕਤ ਦਾ,ਦਿੱਲੀ ਦਾ ਨਵਾਂ ਕੈਨਵਸ ਹੈ ਜੋ ਜੇਸਿਕਾ ਤੋਂ ਬਾਅਦ ਹੋਰ ਵੱਡਾ ਹੋ ਗਿਆ ਹੈ ਕਿਉਂ ਕਿ ਹੁਣ ਖ਼ਬਰਾਂ ‘ਚ 18 ਸਾਲ ਤੋਂ ਘੱਟ ਉੱਮਰ ਦੇ ਬੱਚਿਆਂ ਨੇ ਵੀ ਸਮੂਹਿਕ ਬਲਾਤਕਾਰ ਦੇ ਕੰਮ ‘ਚ ਆਪਣੀ ਹਾਜ਼ਰੀ ਲਵਾ ਦਿੱਤੀ ਹੈ।

ਅਦਾਲਤਾਂ ‘ਚ ਬੰਦਿਆਂ ਦੇ ਬਿਰਖ ਹੋਣ ਦੀ ਦਾਸਤਾਨ ਸਬਰੀਨਾ ਬਿਆਨ ਕਰਦੀ ਹੈ।ਲੰਮੀ ਕਾਨੂੰਨੀ ਪ੍ਰੀਕ੍ਰਿਆ ਤੋਂ ਹਰ ਆਦਮੀ ਦੇ ਅੰਦਰ ਇਨਸਾਫ ਦੀ ਭੁੱਖ ਖਤਮ ਹੋ ਜਾਂਦੀ ਹੈ।ਇੱਥੇ ਇਹ ਗੱਲ ਕਰਨੀ ਵੀ ਬਣਦੀ ਹੈ ਕਿ ਮਨੁੱਖ ਲੜ ਸਕਦਾ ਹੈ ਬੱਸ ਉਸ ਨੂੰ ਹੌਂਸਲੇ ਦੀ ਜ਼ਰੂਰਤ ਹੁੰਦੀ ਹੈ।ਮਨੁੱਖ ਹਾਰਦਾ ਵੀ ਹੈ ਕਿਉਂ ਕਿ ਹੈ ਤਾਂ ਉਹ ਇੱਕ ਮਨੁੱਖ ਹੀ…

ਖ਼ਬਰਾਂ ‘ਚ ਰਿਹਾ ਸੀ ਅਸਲ ਜੀਵਨ ‘ਚ ਹੋਟਲ ਦੀ ਮਾਲਕਨ ਔਰਤ ਗੋਆ ‘ਚ ਬੜੇ ਅਰਾਮ ਦੇ ਦਿਨ ਬਤੀਤ ਕਰ ਰਹੀ ਹੈ ਤੇ ਗ਼ੁਰਬਤਾਂ ਦਾ ਪੁਜਾਰੀ ਸਬਰੀਨਾ ਤੋਂ ਪੈਸੇ ਲੈਕੇ ਵੀ ਝੂਠੀ ਗਵਾਹੀ ਦੇਣ ਵਾਲਾ ਸਹੁੰ ਖਾਂਦਾ ਹੋਇਆ ਅੱਜ ਕੱਲ੍ਹ ਵਿਦੇਸ਼ ‘ਚ ਹੈ।ਇਹਨਾਂ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਕੋਈ ਸੱਚੀ ਘਟਨਾ ‘ਤੇ ਇੰਝ ਦੀ ਫਿਲਮ ਆਵੇਗੀ ਤੇ ਉਹਨਾਂ ਨੂੰ ਮੂੰਹ ਲਕਾਉਣਾ ਵੀ ਔਖਾ ਹੋ ਜਾਵੇਗਾ।ਲਾਲ ਸਲਾਮ,ਜਾਗੋ,ਬਵੰਡਰ,ਪ੍ਰੋਵੋਕਡ(ਸਰਕਲ ਆਫ ਲਾਈਟ ‘ਤੇ ਅਧਾਰਿਤ-ਕਿਰਨਜੀਤ ਆਹਲੂਵਾਲੀਆ ਦੀ ਕਹਾਣੀ ‘ਤੇ ਅਧਾਰਿਤ) ਤੇ ਆਉਣ ਵਾਲੀ ਫਿਲਮ ਪਾਨ ਸਿੰਘ ਤੋਮਰ(ਇਰਫਾਨ ਖ਼ਾਨ ਦੀ ਫਿਲਮ),ਬੈਡਿੰਟ ਕੁਵੀਨ,ਬਲੈਕ ਫਰਾਈ ਡੇ(ਇਹ ਫਿਲਮ ਹੁਸੈਨ ਐੱਸ. ਜ਼ਾਇਦੀ ਦੀ ਕਿਤਾਬ ਬਲੈਕ ਫਰਾਈ ਡੇ ‘ਤੇ ਅਧਾਰਿਤ ਹੈ) ਤੇ ਬਹੁਤ ਸਾਰੀਆਂ ਪੀਰੀਅਡ ਕਾਸਟਿਊਮ ਡਰਾਮਾ ਫਿਲਮਾਂ ਇਹਨਾਂ ਦੀ ਹੱਦਬੰਦੀ ‘ਚ ਰਹਿਕੇ ਕਹਾਣੀ ਪੇਸ਼ ਕਰਨ ਦੀ ਸ਼ਰਤ ‘ਚ ਕਾਫੀ ਚਣੋਤੀ ਹੁੰਦੀ ਹੈ।

ਸੰਗੀਤ ਦੀ ਗੱਲ ਕਰਾਂ ਤਾਂ ਅਮਿਤ ਦਿਵੇਦੀ ਹਮੇਸ਼ਾਂ ਮੇਰਾ ਹਰਮਨ ਪਿਆਰਾ ਰਿਹਾ ਹੈ।ਉਸ ਦੇ ਸੰਗੀਤ ‘ਚ ਸੂਫੀ ਤੇ ਆਧੁਨਿਕਤਾ ਦਾ ਫਿਊਜ਼ਨ ਹੈ।ਆਮਿਰ,ਆਇਸ਼ਾ,ਦੇਵ ਡੀ,ਉਡਾਨ ਤੋਂ ਲੈਕੇ ਨੋ ਵਨ ਕਿਲਡ ਜੇਸਿਕਾ ਤੱਕ ਅਮਿਤ ਦਾ ਸੰਗੀਤ ਨੌਜਵਾਨਾਂ ‘ਚ ਤਾਜ਼ਗੀ ਲੈ ਕੇ ਆਇਆ ਹੈ।ਨੋ ਵਨ ਕਿਲਡ ਜੇਸਿਕਾ ਦੇ ਸੰਗੀਤ ‘ਚ ਵੀ ਉਹੀ ਗੁੱਸਾ ਹੈ।ਦਿੱਲੀ ਮੁੱਖ ਗੀਤ ਬਹੁਤ ਹੀ ਸ਼ਾਨਦਾਰ ਹੈ ਇਸ ਦੇ ਅੰਦਰਲੇ ਬੋਲਾਂ ਨੂੰ ਧਿਆਨ ਨਾਲ ਸੁਨਣ ਦੀ ਜ਼ਰੂਰਤ ਹੈ।ਫਿਲਮ ਤਾਂ ਸਿਰਫ ਹੁੰਗਾਰਾ ਦੇ ਸਕਦੀ ਹੈ ਪਰ ਉਸ ਹੁੰਗਾਰੇ ਨੂੰ ਫੜ੍ਹਨਾ ਤਾਂ ਸਾਡੇ ‘ਤੇ ਹੀ ਨਿਰਭਰ ਰਹੇਗਾ।ਨਹੀਂ ਤਾਂ ਉਸਮਾਨੀਆਂ ਯੂਨੀਵਰਸਿਟੀ ਤੋਂ ਪ੍ਰਭਾਵਿਤ ਫਿਲਮ ਯੁਵਾ ਵੀ ਆਵੇਗੀ,ਰੰਗ ਦੇ ਬੰਸਤੀ ਵੀ ਆਵੇਗੀ ਪਰ ਕੁਝ ਦਿਨ ਦੀ ਉਸੇ ਤਰ੍ਹਾਂ ਦੀ ਦੇਸ਼ ਭਗਤੀ ਹੋਵੇਗੀ ਜੋ ਅਕਸਰ 26 ਜਨਵਰੀ ਜਾਂ 15 ਅਗਸਤ ਨੂੰ ਮੈਸੇਜ ਜਾਂ ਸਮਾਰਕਾਂ ‘ਤੇ ਜਨ ਗਨ ਮਨ ਗਾ ਕੇ ਹੀ ਪੂਰੀ ਹੋ ਜਾਂਦੀ ਹੈ।ਨੋ ਵਨ ਕਿਲਡ ਜੇਸਿਕਾ ਤੋਂ ਬਾਅਦ ਮੈਨੂੰ ਉਡੀਕ ਹੋਵੇਗੀ ਫਿਲਮ ਪਾਨ ਸਿੰਘ ਤੋਮਰ ਦੀ।ਕਿਉਂ ਕਿ ਤਿੰਗਮਾਂਸ਼ੂ ਧੂਲੀਆਂ ਦੀ ਇਸ ਤੋਂ ਪਹਿਲਾਂ ਆਈ ਫਿਲਮ ‘ਹਾਸਿਲ’ ਦੀ ਤਸਵੀਰ ਮੇਰੇ ਲਈ ਬਹੁਤ ਵਧੀਆ ਹੈ।

"ਨੋ ਵਨ ਕਿਲਡ ਜੇਸਿਕਾ" ‘ਚ ਜੇਸਿਕਾ ਦਾ ਇੱਕ ਸੰਵਾਦ ਦਿੱਲੀ ਦੇ ਕਾਲੇ ਪੱਖ ਨੂੰ ਬਾਖੂਬੀ ਬਿਆਨ ਕਰਦਾ ਹੈ ਜਦੋਂ ਉਹ ਆਪਣੀ ਭੈਣ ਨੂੰ ਕਹਿੰਦੀ ਹੈ ਕਿ ਇੱਥੇ ਬੋਲਡ ਬਣ ਤੇ ਜਵਾਬ ਦੇਣਾ ਸਿੱਖ...ਨਹੀਂ ਤਾਂ ਇਹ ਤੈਨੂੰ ਅੱਜ ਹੂਟਿੰਗ ਕਰਨਗੇ ਕੱਲ੍ਹ ਟੱਚ ਕਰਨਗੇ ਤੇ ਪਰਸੋਂ ਬਲਾਤਕਾਰ ਕਰਕੇ ਪਾਰ ਹੋਣਗੇ।ਦਿੱਲੀ ਦੀ ਤਸਵੀਰ ‘ਚ ਕਈ ਰੰਗ ਨੇ।ਡਿਸਕੋ ਜ਼ਿੰਦਗੀ,ਸ਼ਾਪਿੰਗ ਮਾਲ,ਜਨਕਪੁਰੀ ਦਾ ਬੈਂਡ ਬਾਜਾ ਬਰਾਤ,ਆਇਸ਼ਾ ਦੀ ਹਾਈ ਕਲਾਸ,ਤੇ ਨੋ ਵਨ ਕਿਲਡ ਜੇਸਿਕਾ ਦੇ ਬੰਦੇ।

ਹਰਿਆਣੇ ਦੇ ਆਗੂ ਵਿਨੋਦ ਸ਼ਰਮਾ ਦੇ ਮੁੰਡੇ ਸਿਧਾਰਥ ਵਿਸ਼ਸ਼ਟ ਉਰਫ ਮੰਨੂ ਸ਼ਰਮਾ ਵੱਲੋਂ ਜਿਸ ਦਿਨ ਜੇਸਿਕਾ ਦਾ ਕਤਲ ਕੀਤਾ ਗਿਆ ਉਸ ਦਿਨ ਤੋਂ ਆਮ ਲੋਕਾਂ ਦੀ ਤਾਕਤ ਕੀ ਹੁੰਦੀ ਹੈ ਇਸ ਦੀ ਝਲਕ ਸਿਨੇਮਾ ‘ਤੇ ਆਉਣੀ ਜ਼ਰੂਰੀ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿ ਅਜਿਹਾ ਪਰਿਵਾਰ ਜੋ ਰਸੂਖਦਾਰ ਹੈ ਤੇ ਜਿਸ ਮੰਨੂ ਦਾ ਚਾਚਾ ਸਾਬਕਾ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦਾ ਜਵਾਈ ਹੈ ਉਹ ਪਰਿਵਾਰ ਵੀ ਲੋਕਾਂ ਤੋਂ ਉੱਪਰ ਨਹੀਂ ਹੋ ਸਕਦਾ।ਸਤਿਯੁੱਗ ਤੇ ਕਲਿਯੁੱਗ ‘ਚ ਕੋਈ ਫਰਕ ਨਹੀਂ ਹੁੰਦਾ ਬਸ ਇੰਨਾ ਹੀ ਫਰਕ ਹੁੰਦਾ ਹੈ ਕਿ ਸਤਿਯੁੱਗ ਦੇ ਲੋਕ ਬੁਰਾਈ ਨੂੰ ਪੰਜਾਲੀ ਪਾ ਕੇ ਰੱਖਦੇ ਹਨ ਤੇ ਕਲਿਯੁੱਗ ਦੇ ਲੋਕ ਥੌੜੇ ਸ਼ੈਤਾਨ ਤੋਂ ਡਰ ਜਾਂਦੇ ਹਨ ਤੇ ਉਹਨਾਂ ਨੂੰ ਮੌਕਾ ਦੇ ਦਿੰਦੇ ਹਨ।

ਸੁਣਿਆ ਵਿਨੋਦ ਸ਼ਰਮਾ ਦੀ ਇੱਕ ਖੰਡ ਮਿਲ ਪਾਤੜਾਂ(ਪਟਿਆਲਾ) ਵਿੱਚ ਸੀ ਜੋ ਹੁਣ ਉਹਨੇ ਵੇਚ ਦਿੱਤੀ ਹੈ।ਪਿਕਾਡਲੀ ਹੋਟਲ ਚੇਨ ਦਾ ਮਾਲਿਕ ਹੁਣ ਉੱਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।ਸਬਰੀਨਾ ਆਪਣੀ ਟਰੈਵਲ ਏਜੰਸੀ ਚਲਾ ਰਹੀ ਹੈ।ਜੇਸਿਕਾ ਇਸ ਦੁਨੀਆ ‘ਚ ਨਹੀਂ ਹੈ…ਤੇ ਆਮ ਲੋਕਾਂ ਦੀ ਅਵਾਜ਼ ਗੀਰੇ ਦੀ ਪਾਥੀ ਹੈ।ਜੇਸਿਕਾ ਦੇ ਕੇਸ ‘ਚ ਧੰਨਵਾਦ ‘ਕਸਟੋਡੀਅਨ ਆਫ ਫੇਥ’ ਪੱਤਰਕਾਰੀ ਦਾ…ਸ਼ਲਾਘਾ ਤਰੁਣ ਤੇਜਪਾਲ ਦੀ ਜਿਹਨਾਂ ‘ਤਹਿਲਕਾ’ ਰਸਾਲੇ ਦੇ ਜ਼ਰੀਏ ਕੇਸ ਨੂੰ ਮੁੜ ਜ਼ਿੰਦਾ ਕੀਤਾ।ਸ਼ਾਇਦ ਇਸੇ ਤੋਂ ਪ੍ਰਭਾਵਿਤ ਹੋਕੇ ਵਿਨੋਦ ਸ਼ਰਮਾ ਨੇ ਵੀ ਖ਼ਬਰਾਂ ਦਾ ਨਿਊਜ਼ ਚੈਨਲ ਖੋਲ੍ਹ ਲਿਆ ਹੈ ਪਰ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੱਤਰਕਾਰੀ ਇੱਕ ਅਸੂਲ ਹੈ…ਫਰਜ਼ ਹੈ ਜੋ ਸ਼ਾਇਦ ਉਹ ਨਹੀਂ ਸਮਝ ਸਕੇਗਾ।
“ਹਮ ਲੋਕ ਤੋ ਗੋਬਰ ਕੇ ਉਪਲੇ ਹੈਂ ਇਤਿਹਾਸ ਕੇ ਡੇਰ ਕੇ ਨੀਚੇ ਦੱਬਕੇ ਰਹਿ ਜਾਤੇ ਹੈਂ,ਏਕ ਬਾਰ ਕੋਈ ਆਗ ਲਗਾਕੇ ਤੋ ਦੇਖੇ ਫਿਰ ਬਤਾਂਏਗੇ ਕਿ ਗੋਬਰ ਕੇ ਉਪਲੇ ਕਿਆ ਹੋਤੇ ਹੈ”

ਹਰਪ੍ਰੀਤ ਸਿੰਘ ਕਾਹਲੋਂ
ਲੇਖਕ ਟੀ ਵੀ ਪੱਤਰਕਾਰ ਹਨ