ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, March 27, 2012

ਕੈਨੇਡਾ:-ਡਾ ਸਾਧੂ ਸਿੰਘ ਨੂੰ "ਪੰਜਾਬੀ ਬੋਲੀ ਦੀ ਵਿਰਾਸਤ" ਯੂ.ਬੀ.ਸੀ. ਪੁਸਤਕ ਇਨਾਮ

ਯੂ.ਬੀ.ਸੀ. ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ 2012 ਦਾ ਪੰਜਾਬੀ ਪੁਸਤਕ ਇਨਾਮ ਡਾ: ਸਾਧੂ ਸਿੰਘ ਦੀ ਕਿਤਾਬ "ਪੰਜਾਬੀ ਬੋਲੀ ਦੀ ਵਿਰਾਸਤ" ਨੂੰ ਦਿੱਤਾ ਜਾਵੇਗਾ। ਇਸ ਕਿਤਾਬ ਵਿੱਚ ਡਾ: ਸਾਧੂ ਸਿੰਘ ਨੇ ਪੰਜਾਬੀ ਬੋਲੀ ਦੇ ਅਜਿਹੇ ਸ਼ਬਦਾਂ ਨੂੰ ਸੰਭਾਲਣ ਦਾ ਵੱਡਮੁੱਲਾ ਯਤਨ ਕੀਤਾ ਹੈ ਜਿਹੜੇ ਸ਼ਬਦ ਸਾਡੇ ਚੇਤਿਆਂ ਵਿੱਚੋਂ ਬੜੀ ਤੇਜ਼ੀ ਨਾਲ ਅਲੋਪ ਹੋ ਰਹੇ ਹਨ। ਉਹਨਾਂ ਦੀ ਇਹ ਕੋਸ਼ਿਸ਼ ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਅਤੇ ਵਿਚਾਰ ਪ੍ਰਗਟਾਵੇ ਦੀ ਸਮਰੱਥਾ ਨੂੰ ਇਕ ਸ਼ਕਤੀਸ਼ਾਲੀ ਢੰਗ ਨਾਲ ਉਜਾਗਰ ਕਰਦੀ ਹੈ। ਇਸ ਇਨਾਮ ਵਿੱਚ ਲੇਖਕ ਨੂੰ ਇਕ ਸਨਮਾਨ ਚਿੰਨ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ।

ਪੰਜਾਬੀ ਸਾਹਿਤਕ ਜਗਤ ਵਿੱਚ ਡਾ: ਸਾਧੂ ਸਿੰਘ ਦਾ ਨਾਂ ਇਕ ਜਾਣਿਆਂ ਪਛਾਣਿਆਂ ਨਾਂ ਹੈ। ਉਹ ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਕੈਨੇਡਾ ਆਉਣ ਤੋਂ ਪਹਿਲਾਂ ਉਹਨਾਂ ਨੇ ਡੇਢ ਦਹਾਕੇ ਦੇ ਕਰੀਬ ਸਮੇਂ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਖੇ ਅਧਿਆਪਨ ਦਾ ਕਾਰਜ ਨਿਭਾਇਆ ਸੀ। "ਪੰਜਾਬੀ ਬੋਲੀ ਦੀ ਵਿਰਾਸਤ" ਤੋਂ ਬਿਨਾਂ ਉਹ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ।

ਦਸੰਬਰ 2011 ਵਿੱਚ ਯੂ.ਬੀ. ਸੀ. ਦੇ ਏਸ਼ੀਅਨ ਸਟੱਡੀਜ਼ ਵਿਭਾਗ ਨੇ ਬੀ.ਸੀ. ਦੇ ਪੰਜਾਬੀ ਲੇਖਕਾਂ ਨੂੰ ਸੂਚਿਤ ਕੀਤਾ ਸੀ ਕਿ ਉਹ ਪਿਛਲੇ ਤਿੰਨਾਂ ਸਾਲਾਂ ਦੌਰਾਨ ਛਪੀਆਂ ਆਪਣੀਆਂ ਕਿਤਾਬਾਂ ਭੇਜ ਕੇ ਇਸ ਸਾਲ ਦਿੱਤੇ ਜਾ ਰਹੇ ਇਸ ਇਨਾਮ ਲਈ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਇਸ ਸੂਚਨਾ ਦੇ ਹੁੰਗਾਰੇ ਵਿੱਚ ਯੂ. ਬੀ.ਸੀ. ਕੋਲ 18 ਕਿਤਾਬਾਂ ਪਹੁੰਚੀਆਂ ਸਨ। ਬੀ ਸੀ ਦੇ ਪੰਜਾਬੀ ਲੇਖਕਾਂ ਦੀ ਇਕ ਪੰਜ ਮੈਂਬਰੀ ਕਮੇਟੀ ਨੇ ਇਹਨਾਂ ਕਿਤਾਬਾਂ ਵਿੱਚੋਂ "ਪੰਜਾਬੀ ਬੋਲੀ ਦੀ ਵਿਰਾਸਤ" ਨੂੰ ਇਸ ਸਾਲ ਦਾ ਇਨਾਮ ਦੇਣ ਲਈ ਚੁਣਿਆ ਹੈ। ਕਮੇਟੀ ਮੈਂਬਰਾਂ ਦਾ ਵਿਚਾਰ ਹੈ ਕਿ ਇਹ ਕਿਤਾਬ ਪੰਜਾਬੀ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦਾ ਇਕ ਉੱਤਮ ਨਮੂਨਾ ਹੈ। ਇਹ ਭਵਿੱਖ ਵਿੱਚ ਇਸ ਖੇਤਰ ਵਿੱਚ ਖੋਜ ਕਰਨ ਵਾਲੇ ਖੋਜੀਆਂ ਲਈ ਇਕ ਲਾਭਦਾਇਕ ਰੈਫਰੈਂਸ ਸ੍ਰੋਤ ਦਾ ਕੰਮ ਕਰੇਗੀ।

ਇਹ ਇਨਾਮ ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤਾ ਜਾਂਦਾ ਹੈ। ਹਰਜੀਤ ਕੌਰ ਸਿੱਧੂ (1937- 2007) ਇਕ ਚੰਗੀ ਪਤਨੀ, ਮਾਂ ਤੇ ਅਧਿਆਪਕਾ ਸੀ ਅਤੇ ਵਿਦਿਆ, ਪੰਜਾਬੀ ਬੋਲੀ ਅਤੇ ਸੱਭਿਆਚਾਰ ਅਤੇ ਨਾਰੀਆਂ ਦੇ ਹੱਕਾਂ ਦੀ ਸਮਰਥਕ ਸੀ। "ਪੰਜਾਬੀ ਬੋਲੀ ਦੀ ਵਿਰਾਸਤ" ਦੇ ਲੇਖਕ ਨੂੰ ਇਹ ਇਨਾਮ 3 ਅਪ੍ਰੈਲ 2012 ਨੂੰ ਯੂ.ਬੀ. ਸੀ. ਵਿੱਚ ਹੋਣ ਜਾ ਰਹੇ ਪੰਜਾਬੀ ਬੋਲੀ ਦੇ ਜਸ਼ਨ ਦੌਰਾਨ ਦਿੱਤਾ ਜਾਵੇਗਾ। ਪੰਜਾਬੀ ਬੋਲੀ ਦੇ ਜਸ਼ਨ ਸੰਬੰਧੀ ਇਹ ਸਮਾਗਮ ਏਸ਼ੀਅਨ ਸਟੱਡੀਜ਼ ਵਿਭਾਗ ਦੇ ਆਡੀਟੋਰੀਆਮ ਵਿਖੇ ਸ਼ਾਮ ਦੇ 5:00 ਵਜੇ ਤੋਂ ਲੈ ਕੇ 8:00 ਵਜੇ ਵਿਚਕਾਰ ਹੋਵੇਗਾ। "ਪੰਜਾਬੀ ਬੋਲੀ ਦੀ ਵਿਰਾਸਤ" ਦੇ ਲੇਖਕ ਨੂੰ ਇਨਾਮ ਦੇਣ ਤੋਂ ਇਲਾਵਾ ਇਸ ਸਮਾਗਮ ਵਿੱਚ ਮੇਨ, ਯੂ.ਐੱਸ਼.ਏ ਦੇ ਕੋਲਬੀ ਕਾਲਜ ਦੇ ਪ੍ਰੋਫੈਸਰ ਨਿੱਕੀ-ਗੁਨਿੰਦਰ ਸਿੰਘ ਪੰਜਾਬੀ ਕਵਿਤਾ ਬਾਰੇ ਅੰਗਰੇਜ਼ੀ ਵਿੱਚ ਲੈਕਚਰ ਦੇਣਗੇ ਅਤੇ ਪੰਜਾਬੀ ਲੇਖ ਮੁਕਾਬਲਿਆਂ ਵਿੱਚ ਪਹਿਲੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਯੂæ ਬੀ. ਸੀ. ਵਿੱਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ ਆਪਣੇ ਸਕਿੱਟ ਪੇਸ਼ ਕਰਨਗੇ। ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਸੁਖਵੰਤ ਹੁੰਦਲ ਨੂੰ 604-644-2470 'ਤੇ ਫੋਨ ਕਰ ਸਕਦੇ ਹੋ ਜਾਂ ਪ੍ਰੋਫੈਸਰ ਐਨ ਮਰਫੀ ਨੂੰ anne.murphy2@ubc.ca 'ਤੇ ਈ-ਮੇਲ ਕਰ ਸਕਦੇ ਹੋ।

Sunday, March 25, 2012

ਜ਼ਿੰਦਗੀ-ਮੌਤ ਤੇ ਇਨਸਾਫ਼ ਬਨਾਮ 'ਕੌਮੀ ਸ਼ਰਮਸ਼ਾਰੀ'

ਬਲਵੰਤ ਸਿੰਘ ਰਾਜੋਆਣਾ ਦੇ ਕਾਲੇ ਵਾਰੰਟ ਜਾਰੀ ਹੋਣ ਤੋਂ ਬਾਅਦ 'ਮੌਤ ਦੀ ਸਜ਼ਾ' ਦੇ ਸਵਾਲ ਬਾਬਤ ਚਰਚਾ ਭਖ ਗਈ ਹੈ। ਇਹ ਕਾਨੂੰਨੀ ਤੌਰ ਉੱਤੇ ਹੱਲ ਹੋ ਚੁੱਕਿਆ ਮਾਮਲਾ ਹੈ। ਅਦਾਲਤ ਦੇ ਫ਼ੈਸਲੇ ਅਤੇ ਬਲਵੰਤ ਸਿੰਘ ਦੀਆਂ ਲਿਖਤਾਂ ਦੇ ਨਾਲ-ਨਾਲ ਸਮੁੱਚੀ ਪ੍ਰਚਾਰ ਮੁਹਿੰਮ ਵਿੱਚ ਤੱਥਮੂਲਕ ਸਹਿਮਤੀ ਹੈ। ਸਭ ਧਿਰਾਂ ਮੰਨਦੀਆਂ ਹਨ ਕਿ ਉਸ ਦੀ ਬੇਅੰਤ ਸਿੰਘ ਉੱਤੇ ਕਾਤਲਾਨਾ ਹਮਲੇ ਵਿੱਚ ਸ਼ਮੂਲੀਅਤ ਸੀ। ਉਹ ਆਪ ਇਹ ਤੱਥ ਮਾਣ ਨਾਲ ਦੱਸਦਾ ਹੈ ਅਤੇ ਕਿਸੇ ਅਦਾਲਤੀ ਕਾਰਵਾਈ ਵਿੱਚ ਆਪਣੀ ਪੈਰਵਾਈ ਨਹੀਂ ਕਰਨਾ ਚਾਹੁੰਦਾ ਤੇ ਜਲਦੀ ਤੋਂ ਜਲਦੀ ਆਪਣੇ ਦੂਜੇ ਸਾਥੀ ਦਿਲਾਵਰ ਸਿੰਘ ਕੋਲ ਪੁੱਜਣਾ ਚਾਹੁੰਦਾ ਹੈ। ਦਿਲਾਵਰ ਸਿੰਘ ਨੇ ਬੇਅੰਤ ਸਿੰਘ ਉੱਤੇ ਮਨੁੱਖੀ ਬੰਬ ਵਜੋਂ ਹਮਲਾ ਕੀਤਾ ਸੀ। ਇਸ ਮਾਮਲੇ ਨੂੰ ਆਲਮੀ ਪੱਧਰ ਉੱਤੇ ਚੱਲਦੀ 'ਮੌਤ ਦੀ ਸਜ਼ਾ' ਖ਼ਿਲਾਫ਼ ਮੁਹਿੰਮ ਨਾਲ ਜੋੜ ਕੇ ਵੇਖਣਾ ਜ਼ਰੂਰੀ ਹੈ। ਇਸ ਮੁਹਿੰਮ ਦੀ ਦਲੀਲ ਕਾਨੂੰਨ ਦੀ ਥਾਂ ਮਨੁੱਖਤਾ, ਨੈਤਿਕਤਾ ਤੇ ਸਿਧਾਂਤ ਉੱਤੇ ਟਿਕੀ ਹੋਈ ਹੈ। ਇਸ ਮੁਹਿੰਮ ਵਿੱਚ ਕਾਨੂੰਨ ਦਾ ਨੁਕਤਾ ਸਿਰਫ਼ ਇੰਨਾ ਕੁ ਹੈ ਕਿ ਅਦਾਲਤ ਫ਼ੈਸਲਾ ਕਰਨ ਵੇਲੇ ਪੱਖਪਾਤ ਜਾਂ ਗ਼ਲਤੀ ਕਰ ਸਕਦੀ ਹੈ। ਜੇ ਗ਼ਲਤੀ ਨਾਲ ਕਿਸੇ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ ਤਾਂ ਕੋਈ ਮੁਆਵਜ਼ਾ ਜਾਂ ਪਛਤਾਵਾ ਬੇਕਸੂਰ ਨੂੰ ਮੋੜ ਕੇ ਨਹੀਂ ਲਿਆ ਸਕਦਾ। ਇਸ ਪੱਖੋਂ ਮੌਤ ਦੀ ਸਜ਼ਾ ਦੇਣੀ ਹੀ ਨਹੀਂ ਚਾਹੀਦੀ। ਬਲੰਵਤ ਸਿੰਘ ਦੇ ਮਾਮਲੇ ਵਿੱਚ ਇਹ ਦਲੀਲ ਲਾਗੂ ਨਹੀਂ ਹੁੰਦੀ। ਉਸ ਨੇ ਇਲਜ਼ਾਮ ਕਬੂਲ ਕੀਤਾ ਹੈ ਤੇ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ।

ਸਵਾਲ ਇਹ ਹੈ ਕਿ ਕੀ ਬਲੰਵਤ ਸਿੰਘ ਦੇ ਇਕਬਾਲੀਆ ਬਿਆਨ ਜਾਂ ਹਠ ਸਾਹਮਣੇ ਚੁੱਪ ਵੱਟ ਲਈ ਜਾਣੀ ਚਾਹੀਦੀ ਹੈ ਤੇ ਅਦਾਲਤੀ ਫ਼ੈਸਲੇ ਨੂੰ ਬਿਨਾਂ ਸਵਾਲ ਕੀਤੇ ਲਾਗੂ ਹੋਣ ਦਿੱਤਾ ਜਾਣਾ ਚਾਹੀਦਾ ਹੈ? ਬਲਵੰਤ ਸਿੰਘ ਦੀ ਆਪਣੀ ਮਰਜ਼ੀ ਨੂੰ ਦਰਕਿਨਾਰ ਕਰਕੇ ਉਸ ਦੀ 'ਮੌਤ ਦੀ ਸਜ਼ਾ' ਰੱਦ ਕਰਨਾ ਕਿਉਂ ਜ਼ਰੂਰੀ ਹੈ? ਇਸ ਮਸਲੇ ਦੀਆਂ ਦੂਜੀਆਂ ਪਰਤਾਂ ਨੂੰ ਸਮਝਣ ਲਈ 'ਮੌਤ ਦੀ ਸਜ਼ਾ' ਖ਼ਿਲਾਫ਼ ਮੁਹਿੰਮ ਦੀਆਂ ਹੋਰ ਦਲੀਲਾਂ ਨੂੰ ਸਮਝਣਾ ਜ਼ਰੂਰੀ ਹੈ। 'ਮੌਤ ਦੀ ਸਜ਼ਾ' ਨਾਲ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਦਾ ਅਪਮਾਨ ਹੁੰਦਾ ਹੈ। ਜੇ ਮਨੁੱਖ ਜ਼ਿੰਦਗੀ ਦੇ ਨਹੀਂ ਸਕਦਾ ਤਾਂ ਉਸ ਨੂੰ ਜ਼ਿੰਦਗੀ ਲੈਣ ਦਾ ਕੀ ਹੱਕ ਹੈ? ਮਨੁੱਖੀ ਵਿਗਾਸ ਦੇ ਮੌਜੂਦਾ ਮਿਆਰ ਨਾਲ ਅਜਿਹੀ ਸਜ਼ਾ ਮੇਲ ਨਹੀਂ ਖਾਂਦੀ। ਇਸ ਦਲੀਲ ਦਾ ਇੱਕ ਪਾਸਾ ਤਾਂ ਕਾਨੂੰਨੀ ਕਾਰਵਾਈ ਰਾਹੀਂ ਮਿਲਣ ਵਾਲੀ ਸਜ਼ਾ ਨਾਲ ਜੁੜਦਾ ਹੈ ਅਤੇ ਦੂਜਾ ਜ਼ਿੰਦਗੀ ਨੂੰ ਬੇਮੁਹਾਲ ਕਰਨ ਵਾਲੇ ਹਾਲਾਤ ਦੀ ਉਸਾਰੀ ਨਾਲ ਜੁੜਦਾ ਹੈ। ਜਦੋਂ ਬਹੁਤਾਤ ਦੇ ਦੌਰ ਵਿੱਚ ਥੁੜਾਂ, ਜ਼ਿੰਦਗੀ ਨੂੰ ਬੇਮੁਹਾਲ ਕਰਦੀਆਂ ਹਨ ਤਾਂ ਇਹ ਦਲੀਲ ਜ਼ਖੀਰੇਬਾਜ਼ੀ ਤੇ ਮੁਨਾਫ਼ਾਖ਼ੋਰੀ ਉੱਤੇ ਸਵਾਲ ਕਰਦੀ ਹੈ। ਇਸੇ ਵਿੱਚੋਂ ਡਾ. ਬਿਨਾਇਕ ਸੈਨ ਦੀ ਦਲੀਲ ਨਿਕਲਦੀ ਹੈ ਕਿ ਕੁਪੋਸ਼ਣ ਭਾਰਤ ਵਿੱਚ ਰਾਜਤੰਤਰ ਦੀ ਸਰਪ੍ਰਸਤੀ ਵਿੱਚ ਚੱਲ ਰਿਹਾ ਸਭ ਤੋਂ ਵੱਡਾ ਕਤਲੇਆਮ ਹੈ। ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਹਿੰਦੋਸਤਾਨ ਦੇ ਛੇ ਸਾਲ ਤੋਂ ਘੱਟ ਉਮਰ ਦੇ ੪੨ ਫ਼ੀਸਦੀ ਬੱਚਿਆਂ ਨੂੰ 'ਕੌਮੀ ਸ਼ਰਮਸ਼ਾਰੀ' ਦਾ ਸਬੱਬ ਤਾਂ ਮੰਨਦੇ ਹਨ ਪਰ ਉਨ੍ਹਾਂ ਦਾ ਪਸੰਦੀਦਾ ਵਿੱਤ ਮੰਤਰੀ ਆਪਣੇ ਬਜਟ ਵਿੱਚ ਇਸ ਸ਼ਰਮਸ਼ਾਰੀ ਤੋਂ ਬਾਹਰ ਨਿਕਲਣ ਦੀ ਕੋਈ ਤਜਵੀਜ਼ ਪੇਸ਼ ਨਹੀਂ ਕਰਦਾ। 'ਕੌਮੀ ਸ਼ਰਮਸ਼ਾਰੀ' ਦੀ ਕਤਲੇਅਮ ਦੇ ਰੂਪ ਵਿੱਚ ਨਿਸ਼ਾਨਦੇਹੀ ਕਾਤਲ ਦਾ ਖੁਰਾ ਨੱਪਣ ਦਾ ਸੱਦਾ ਤਾਂ ਦਿੰਦੀ ਹੀ ਹੈ। ਮਨੁੱਖ ਦੀ ਜਾਨ ਲੈਣ ਦਾ ਹਰ ਤਰੀਕਾ ਇਸ ਦਲੀਲ ਦੇ ਘੇਰੇ ਵਿੱਚ ਆਉਂਦਾ ਹੈ। ਕੁਪੋਸ਼ਣ ਦਾ ਸ਼ਿਕਾਰ ਬੇਆਵਾਜ਼ ਬੱਚਿਆਂ ਨੂੰ ਇਨਸਾਫ਼ ਲਈ ਆਵਾਜ਼ ਵਾਲੇ ਤਬਕੇ ਦੀ ਉਡੀਕ ਕਰਨੀ ਪਵੇਗੀ। ਬਲਵੰਤ ਸਿੰਘ ਦੇ ਮਾਮਲੇ ਵਿੱਚ ਇਹ ਦਲੀਲ ਵਜ਼ਨਦਾਰ ਹੈ ਕਿ ਜੇ ਕੋਈ ਜ਼ਿੰਦਗੀ ਦੇ ਨਹੀਂ ਸਕਦਾ ਤਾਂ ਲੈ ਕਿਵੇਂ ਸਕਦਾ ਹੈ।


ਸਜ਼ਾ ਦਾ ਅਹਿਮ ਮਕਸਦ ਮੁਜਰਮ ਨੂੰ ਸੁਧਾਰ ਦਾ ਮੌਕਾ ਦੇਣਾ ਹੈ। 'ਮੌਤ ਦੀ ਸਜ਼ਾ' ਸਜ਼ਾ ਦੇ ਇਸ ਬੁਨਿਆਦੀ ਨੁਕਤੇ ਨੂੰ ਨਜ਼ਰਅੰਦਾਜ਼ ਕਰਦੀ ਹੈ। ਇਹ ਸਜ਼ਾ ਬਦਲਾਖ਼ੋਰੀ ਜ਼ਿਆਦਾ ਜਾਪਦੀ ਹੈ। ਦੂਜਾ ਨੁਕਤਾ ਇਹ ਹੈ ਕਿ ਸਜ਼ਾ ਨੂੰ ਜੁਰਮ ਖ਼ਿਲਾਫ਼ ਪੇਸ਼ਬੰਦੀ ਵਜੋਂ ਪੇਸ਼ ਕੀਤਾ ਜਾਂਦਾ ਹੈ। ਜੇਲ੍ਹਾਂ ਤੇ ਥਾਣਿਆਂ ਦੀ ਉਸਾਰੀ ਇਸੇ ਦਲੀਲ ਨਾਲ ਹੋਈ ਹੈ। ਦੁਨੀਆ ਦੇ 96 ਮੁਲਕਾਂ ਨੇ 'ਮੌਤ ਦੀ ਸਜ਼ਾ' ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ 34 ਮੁਲਕਾਂ ਨੇ ਭਾਵੇਂ ਪਾਬੰਦੀ ਨਹੀਂ ਲਗਾਈ ਪਰ ਕਈ ਸਾਲਾਂ ਤੋਂ ਕਿਸੇ ਨੂੰ ਇਹ ਸਜ਼ਾ ਨਹੀਂ ਦਿੱਤੀ ਜਾਂਦੀ। ਇਨ੍ਹਾਂ ਮੁਲਕਾਂ ਵਿੱਚ ਜੁਰਮ ਵਧਿਆ ਨਹੀਂ ਹੈ। ਦੂਜੇ ਪਾਸੇ ਜਿਨ੍ਹਾਂ ਮੁਲਕਾਂ ਵਿੱਚ 'ਮੌਤ ਦੀ ਸਜ਼ਾ' ਦਿੱਤੀ ਜਾਂਦੀ ਹੈ, ਉਨ੍ਹਾਂ ਵਿੱਚ ਜੁਰਮ ਘਟਿਆ ਨਹੀਂ ਹੈ। ਕੁੱਲ ਮਿਲਾ ਕੇ ਜੁਰਮ ਖ਼ਿਲਾਫ਼ ਪੇਸ਼ਬੰਦੀ ਵਜੋਂ 'ਮੌਤ ਦੀ ਸਜ਼ਾ' ਕੋਈ ਠੋਸ ਦਲੀਲ ਨਹੀਂ ਬਣਦੀ। ਭਾਰਤ ਵਿੱਚ 1996 ਤੋਂ ਬਾਅਦ ਸਿਰਫ਼ 2004 ਵਿੱਚ ਇੱਕ ਬੰਦੇ ਨੂੰ ਫਾਂਸੀ ਦਿੱਤੀ ਗਈ ਸੀ। ਜੇ ਇਸ ਦੌਰਾਨ ਅਤਿਵਾਦੀ ਹਮਲਿਆਂ ਵਿੱਚ ਕਮੀ ਆਈ ਹੈ ਤਾਂ ਇਸ ਦਾ ਕਾਰਨ ਪੇਸ਼ਬੰਦੀ ਵਜੋਂ ਦਿੱਤੀਆਂ ਸਜ਼ਾਵਾਂ ਨਹੀਂ ਹਨ। ਅਤਿਵਾਦ ਬਾਬਤ ਤਾਂ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਫਿਦਾਇਨ ਨੂੰ 'ਮੌਤ ਦੀ ਸਜ਼ਾ' ਦੇ ਖ਼ੌਫ਼ ਨਾਲ ਕਿਵੇਂ ਰੋਕਿਆ ਜਾ ਸਕਦਾ ਹੈ? ਬਲੰਵਤ ਤੇ ਕਸਾਬ ਮੌਤ ਤੋਂ ਡਰਦੇ ਨਹੀਂ ਹਨ, ਸਗੋਂ ਸਚੇਤ ਤੌਰ ਉੱਤੇ ਮਰਨਾ ਕਬੂਲ ਕਰਕੇ ਆਏ ਹਨ। ਇਨ੍ਹਾਂ ਵਰਗਿਆਂ ਖ਼ਿਲਾਫ਼ 'ਮੌਤ ਦੀ ਸਜ਼ਾ' ਕੋਈ ਪੇਸ਼ਬੰਦੀ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਅਮਰੀਕਾ ਦੀਆਂ ਜੰਗੀ ਮੁਹਿੰੰਮਾਂ ਨੇ ਸਮੁੱਚੇ ਆਲਮ ਨੂੰ ਸੀਲ ਕਰ ਲਿਆ ਹੁੰਦਾ। ਅਮਰੀਕੀ ਅਗਵਾਈ ਵਿੱਚ ਨਾਟੋ ਫ਼ੌਜਾਂ ਨੇ ਅਫ਼ਗ਼ਾਨਿਸਤਾਨ ਤੋਂ ਇਰਾਕ ਤੱਕ ਅਣਗਿਣਤ ਬੰਦੇ ਮਾਰ ਦਿੱਤੇ ਹਨ। ਹੁਣ ਕਿਹੜਾ ਉੱਥੇ ਮੋੜਵੇਂ ਹਮਲੇ ਨਹੀਂ ਹੁੰਦੇ? ਜੇ 'ਮੌਤ ਦੀ ਸਜ਼ਾ' ਸੁਰੱਖਿਆ ਦੀ ਕੋਈ ਜ਼ਾਮਨੀ ਨਹੀਂ ਭਰਦੀ ਤਾਂ ਅਜਿਹਾ ਘਿਣਾਉਣਾ ਕੰਮ ਕਿਸੇ ਵੀ ਸੱਭਿਅਕ ਸਮਾਜ ਵਿੱਚ ਰਾਜਤੰਤਰ ਦੀ ਸਰਪ੍ਰਸਤੀ ਵਿੱਚ ਕਿਉਂ ਹੋਣਾ ਚਾਹੀਦਾ ਹੈ? ਜੇ ਰਾਜਤੰਤਰ ਆਪਣੇ-ਆਪ ਨੂੰ ਅਤਿਵਾਦ ਤੋਂ ਵੱਖਰਾ ਕਰਕੇ ਦੇਖਦਾ ਹੈ ਅਤੇ ਵਧੇਰੇ ਜ਼ਿੰਮੇਵਾਰ ਹੋਣ ਦਾ ਦਾਅਵਾ ਕਰਦਾ ਹੈ ਤਾਂ ਇਸ ਦਾ ਅਮਲੀ ਰੂਪ ਪ੍ਰਤੱਖ ਹੋਣਾ ਚਾਹੀਦਾ ਹੈ।

'ਮੌਤ ਦੀ ਸਜ਼ਾ' ਖ਼ਿਲਾਫ਼ ਆਲਮੀ ਮੁਹਿੰਮ ਵਿੱਚ ਬਹੁਤ ਸਾਰੀ ਵੰਨ-ਸੁਵੰਨਤਾ ਹੈ। ਮੌਕੇ ਮੁਤਾਬਕ ਮੁਕਾਮੀ ਮੁਹਿੰਮਾਂ ਇਸ ਦਾ ਹਿੱਸਾ ਬਣਦੀਆਂ ਰਹਿੰਦੀਆਂ ਹਨ। 'ਮੌਤ ਦੀ ਸਜ਼ਾ' ਖ਼ਿਲਾਫ਼ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਰਾਜਤੰਤਰ ਸਿਆਸੀ, ਨਸਲੀ ਤੇ ਮਜ਼ਹਬੀ ਸ਼ਨਾਖ਼ਤ ਕਰਕੇ ਘੱਟ-ਗਿਣਤੀਆਂ ਤੇ ਗ਼ਰੀਬਾਂ ਨੂੰ ਮੌਤ ਦੀ ਸਜ਼ਾ ਦਿੰਦਾ ਹੈ। ਜਦੋਂ ਅਦਾਲਤੀ ਕਾਰਵਾਈ ਦਾ ਸਿਧਾਂਤਕ ਮੁਹਾਣ ਸਾਹਮਣੇ ਆਵੇ ਤਾਂ ਇਹ ਦਲੀਲ ਜ਼ਿਆਦਾ ਕਾਰਗਰ ਹੁੰਦੀ ਹੈ। ਬਲੰਵਤ ਦੇ ਮਾਮਲੇ ਵਿੱਚ ਇਹ ਦਲੀਲ ਪੇਸ਼ ਕੀਤੀ ਜਾ ਰਹੀ ਹੈ ਜੋ ਮੌਕੇ ਤੇ ਮਾਹੌਲ ਦੀ ਭਾਵੁਕਤਾ ਦਾ ਲਾਹਾ ਖੱਟਣ ਦਾ ਵਸੀਲਾ ਜ਼ਿਆਦਾ ਜਾਪਦੀ ਹੈ। ਇਸ ਨਾਲ ਬਲੰਵਤ ਦਾ ਮਾਮਲਾ ਮਜ਼ਹਬੀ ਘੇਰੇ ਵਿੱਚ ਆ ਕੇ ਕਮਜ਼ੋਰ ਜ਼ਰੂਰ ਹੁੰਦਾ ਹੈ। ਮੌਕੇ ਦਾ ਸਿਆਸੀ ਲਾਹਾ ਲੈਣ ਵਾਲਿਆਂ ਦਾ ਜ਼ਿਕਰ ਬਲੰਵਤ ਸਿੰਘ ਦੀਆਂ ਚਿੱਠੀਆਂ ਵਿੱਚ ਵੀ ਮਿਲਦਾ ਹੈ। ਬਲੰਵਤ ਸਿੰਘ ਸ਼ਰਧਾਵਾਨ ਸਿੱਖ ਹੈ। ਜਦੋਂ ਧਾਰਮਿਕ ਅਦਾਰੇ ਉਸ ਦੀ ਵਕਾਲਤ ਕਰਦੇ ਹੋਏ ਭਾਵੁਕਤਾ ਤੇ ਭੜਕਾਹਟ ਦੇ ਫ਼ਾਸਲੇ ਨੂੰ ਬੇਮਾਅਨਾ ਕਰਦੇ ਹਨ ਤਾਂ ਉਨ੍ਹਾਂ ਉੱਤੇ ਸਵਾਲ ਕੀਤਾ ਜਾਣਾ ਚਾਹੀਦਾ ਹੈ। ਜਿਨ੍ਹਾਂ ਦੇ ਕਤਲ ਦੇ ਇਲਜ਼ਾਮ ਵਿੱਚ ਬਲੰਵਤ ਸਿੰਘ ਨੂੰ ਸਜ਼ਾ ਹੋਈ ਹੈ, ਉਨ੍ਹਾਂ ਦੀ ਮਜ਼ਹਬੀ ਸ਼ਨਾਖ਼ਤ ਇਹ ਅਦਾਰੇ ਕਿਵੇਂ ਕਰਦੇ ਹਨ? ਦਲੀਲ ਦਾ ਦੂਜਾ ਪਾਸਾ ਇਹ ਵੀ ਹੈ ਕਿ ਆਪਣੇ ਕੀਤੇ ਕਤਲ ਨੂੰ ਜਾਇਜ਼ ਕਰਾਰ ਦੇਣਾ ਤੇ ਆਪਣਿਆਂ ਦੇ ਕਤਲ (ਸਜ਼ਾ) ਨੂੰ ਨੈਤਿਕਤਾ ਪੱਖੋਂ ਸਵਾਲ ਕਰਨਾ ਕਿੰਨਾ ਕੁ ਠੀਕ ਹੈ? ਇਹ ਬਹੁਤ ਵਾਰ ਵੇਖਿਆ ਗਿਆ ਹੈ ਕਿ 'ਮੌਤ ਦੀ ਸਜ਼ਾ' ਖ਼ਿਲਾਫ਼ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ " … ਨੂੰ ਫਾਹੇ ਲਾਓ" ਤੇ " … ਨੂੰ ਫਾਂਸੀ ਦਿਓ" ਦੇ ਨਾਅਰੇ ਲਗਾਉਂਦੀਆਂ ਹਨ। ਇਸ ਦਾ ਮਤਲਬ ਤਾਂ ਇਹੋ ਹੋਇਆ ਕਿ ਸਾਡਾ ਕੀਤਾ ਕਤਲ ਪਰਉਪਕਾਰ ਤੇ ਤੁਹਾਡਾ ਕੀਤਾ ਕਤਲ 'ਗ਼ੈਰ-ਮਨੁੱਖੀ ਕਾਰਾ'। ਰਾਜਤੰਤਰ ਮੁਲਕ ਦੇ ਅਮਨ-ਚੈਨ ਦੇ ਆਸਰਾ ਲੈ ਕੇ ਝੂਠੇ ਪੁਲਿਸ ਮੁਕਾਬਲਿਆਂ, ਤਸ਼ਦੱਦਖ਼ਾਨਿਆਂ, ਹਿਰਾਸਤੀ ਕਤਲਾਂ, ਪੱਖਪਾਤੀ ਅਦਾਲਤੀ ਕਾਰਵਾਈਆਂ ਤੇ ਹੋਰ ਵਧੀਕੀਆਂ ਨੂੰ ਜਾਇਜ਼ ਕਰਾਰ ਦਿੰਦਾ ਹੈ ਪਰ 'ਕੌਮੀ ਸ਼ਰਮਸ਼ਾਰੀ' ਵਿੱਚੋਂ ਨਿਕਲਣ ਦੀ ਕੋਈ ਚਾਰਾਜੋਈ ਨਹੀਂ ਕਰਦਾ। ਇਸ ਨੂੰ ਬਦਨੀਅਤੀ ਵੀ ਨਹੀਂ ਮੰਨਦਾ। ਜਦੋਂ ਆਪਣੀ ਹਰ ਕਮਜ਼ੋਰੀ ਨੂੰ ਢਕਣ ਲਈ ਰਾਜਤੰਤਰ ਦੀ ਬਦਨੀਅਤੀ ਦਾ ਪਰਦਾ ਪਾਇਆ ਜਾਂਦਾ ਹੈ ਤਾਂ ਦੂਜੀ ਧਿਰ ਵੀ ਸਵਾਲਾਂ ਦੇ ਘੇਰੇ ਵਿੱਚ ਆਉਣੀ ਚਾਹੀਦੀ ਹੈ।

'ਮੌਤ ਦੀ ਸਜ਼ਾ' ਖ਼ਿਲਾਫ਼ ਚੱਲਦੀ ਆਲਮੀ ਮੁਹਿੰਮ ਦੇ ਪੈਂਤੜੇ ਤੋਂ ਬਲਵੰਤ ਸਿੰਘ ਦਾ ਮਾਮਲਾ ਬਿਲਕੁਲ ਸਾਫ਼ ਜਾਪਦਾ ਹੈ। ਜਿਉਣਾ ਉਸ ਦਾ ਮਨੁੱਖੀ ਹੱਕ ਹੈ ਜੋ ਬਹਾਲ ਰਹਿਣਾ ਚਾਹੀਦਾ ਹੈ। ਆਪਣੇ-ਆਪ ਉੱਤੇ ਹਿੰਸਾ ਕਰਨ ਨੂੰ ਕੋਈ ਭਵਿੱਖਮੁਖੀ ਸਮਾਜ ਪ੍ਰਵਾਨ ਨਹੀਂ ਕਰ ਸਕਦਾ। ਇਨ੍ਹਾਂ ਵਿੱਚ ਬਦਹਾਲੀ ਵਿੱਚ ਖ਼ੁਦਕਸ਼ੀਆਂ ਕਰਨ ਵਾਲਿਆਂ ਤੋਂ ਲੈਕੇ ਫਿਦਾਇਨ ਹਮਲੇ ਕਰਨ ਵਾਲੇ ਸ਼ਾਮਿਲ ਹਨ। ਜੇ ਬਲੰਵਤ ਸਿੰਘ ਫਾਂਸੀ ਉੱਤੇ ਹਰ ਹੀਲੇ ਚੜ੍ਹਨ ਲਈ ਬਜ਼ਿੱਦ ਹੈ ਤਾਂ ਸਾਡਾ ਸਮਕਾਲੀਆਂ ਵਜੋਂ ਫ਼ਰਜ਼ ਬਣਦਾ ਹੈ ਕਿ ਉਸ ਦੀ 'ਹਾਂ' ਵਿੱਚ 'ਹਾਂ' ਨਾ ਮਿਲਾਈਏ। ਜੋ ਉਸ ਦੀ ਮੌਤ ਵਿੱਚੋਂ ਸਿਆਸੀ ਰੋਟੀਆਂ ਭਾਲ ਰਹੇ ਹਨ, ਉਹ 'ਸਰਬਤ ਦਾ ਭਲਾ' ਮੰਗਣ ਵਾਲੀ ਸਿੱਖੀ ਦੇ ਹਿਤੈਸ਼ੀ ਤਾਂ ਨਹੀਂ ਹੋ ਸਕਦੇ। ਇਸ ਵੇਲੇ ਚਰਚਾ ਭਖੀ ਹੋਈ ਹੈ ਜਿਸ ਨੂੰ 'ਮੌਤ ਦੀ ਸਜ਼ਾ' ਖ਼ਿਲਾਫ਼ ਸਹਿਮਤੀ ਦੀ ਉਸਾਰੀ ਵਿੱਚ ਬਦਲਿਆ ਜਾ ਸਕਦਾ ਹੈ। ਇਸ ਸਹਿਮਤੀ ਵਿੱਚ ਬਲਵੰਤ ਸਿੰਘ ਦੀ ਲੰਮੀ ਜ਼ਿੰਦਗੀ ਤੇ ਸਾਡੇ ਆਲਮੀ ਕਾਜ ਨਾਲ ਸੁਹਿਰਦ ਹੋ ਕੇ ਜੁੜਨ ਦੀ ਸੰਭਾਵਨਾ ਪਈ ਹੈ। ਸੌੜੀ ਸਿਆਸਤ ਨਾਲੋਂ ਇਹ ਰਾਹ ਔਖਾ ਹੈ ਕਿਉਂਕਿ ਜਦੋਂ ਇਹ ਸਵਾਲ ਝੂਠੇ ਪੁਲਿਸ ਮੁਕਾਬਲਿਆਂ ਜਾਂ ਦਿੱਲੀ, ਗੁਜਰਾਤ ਤੇ ਉੜੀਸਾ ਦੇ ਕਤਲੇਆਮਾਂ ਦੇ ਦੋਸ਼ੀਆਂ ਦੇ ਹਵਾਲੇ ਨਾਲ ਪੁੱਛਿਆ ਜਾਏਗਾ ਤਾਂ ਸਾਡੇ ਨਿਹਚੇ ਦਾ ਇਮਤਿਹਾਨ ਹੋਏਗਾ? ਨਿਹਚੇ ਨੂੰ ਜਿੱਤ ਦਾ ਅਹਿਮ ਤੱਤ ਇਸੇ ਕਰਕੇ ਮੰਨਿਆ ਗਿਆ ਹੈ ਤਾਂ ਜੋ ਸਰਬਤ ਪ੍ਰਧਾਨ ਰਹੇ ਤੇ ਫ਼ੈਸਲੇ ਕਰਨ ਵੇਲੇ ਮੂੰਹ ਸੰਗਤ ਵੱਲ ਰਹੇ। ਗੁਰੂ ਗੋਬਿੰਦ ਸਿੰਘ ਦੇ ਨਿਹਚੇ ਉੱਤੇ ਖੜੋ ਕੇ ਔਖੇ ਰਾਹ ਦੀ ਚੋਣ ਵਿੱਚੋਂ ਹੀ ਅਸੀਂ ਭਾਈ ਘਨ੍ਹਈਆ ਦੇ ਦੀਦਾਰ ਕਰ ਸਕੇ ਹਾਂ। ਬਲੰਵਤ ਸਿੰਘ ਦਾ ਮਾਮਲਾ ਸਵਾਲ ਕਰ ਰਿਹਾ ਹੈ ਕਿ ਕੀ ਅਸੀਂ ਆਲਮੀ ਲਹਿਰ ਦਾ ਸੁਹਿਰਦ ਹਿੱਸਾ ਬਣਨਾ ਹੈ ਜਾਂ ਮੌਕਾਪ੍ਰਸਤ? ਜ਼ਿੰਦਗੀ ਨੂੰ ਮੌਕਾਪ੍ਰਸਤੀ ਦਾ ਭੇਟ ਨਹੀਂ ਚੜ੍ਹਾਇਆ ਜਾਣਾ ਚਾਹੀਦਾ, ਸਗੋਂ ਵਿਛੜਿਆਂ ਦੇ ਮੇਲ ਦਾ ਸਬੱਬ ਬਣਾਇਆ ਜਾਣਾ ਚਾਹੀਦਾ ਹੈ। ਦੁਨੀਆਂ ਉੱਤੇ 'ਮੌਤ ਦੀ ਸਜ਼ਾ' ਖ਼ਤਮ ਹੋਣ ਨਾਲ ਬਿਹਤਰ ਜ਼ਿੰਦਗੀ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੁੰਦਾ ਹੈ। ਇਸ ਨਾਲ 'ਕੌਮੀ ਸ਼ਰਮਸ਼ਾਰੀ' ਨੂੰ ਹੱਡੀ-ਹੰਢਾਉਂਦੇ ਭੁਝੰਗੀਆਂ ਦੇ ਬੇਆਵਾਜ਼ ਤੋਂ ਬਾਆਵਾਜ਼ ਹੋਣ ਦਾ ਰਾਹ ਪੱਧਰਾ ਹੋ ਸਕਦਾ ਹੈ।

ਦਲਜੀਤ ਅਮੀ
ਦਲਜੀਤ ਅਮੀ ਦੇ ਬਲੌਗ ਅਨਹਦ ਬਾਜਾ ਬੱਜੇ ਤੋਂ ਧੰਨਵਾਦ ਸਹਿਤ

Wednesday, March 21, 2012

ਮੇਰਾ ਸਿਨੇਮਾ ਪੰਜਾਬ ਦੀਆਂ ਹੱਦਾਂ 'ਚ ਕੈਦ ਨਹੀਂ--ਗੁਰਵਿੰਦਰ ਸਿੰਘ

ਨਜ਼ਰੀਆ:-

ਗੁਰਦਿਆਲ ਸਿੰਘ,ਨਾਵਲਕਾਰ-"ਅੰਨ੍ਹੇ ਘੋੜੇ ਦਾ ਦਾਨ ਨਾਵਲ 'ਤੇ ਅਧਾਰਿਤ ਪੰਜਾਬੀ ਫ਼ਿਲਮ ਦਾ ਬਣਨਾ ਤੇ ਉਹ ਪਹਿਲੀ ਫ਼ਿਲਮ ਹੋਵੇ ਕੌਮਾਂਤਰੀ ਪੁਰਸਕਾਰਾਂ 'ਚ ਸ਼ਿਰਕਤ ਕਰਦੀ ਤਾਂ ਖੁਸ਼ੀ ਮਹਿਸੂਸ ਤਾਂ ਹੁੰਦੀ ਹੈ।"

ਸੈਮੁਅਲ ਜੌਨ੍ਹ,ਅਦਾਕਾਰ-"ਮੈਂ ਫ਼ਿਲਮਾਂ 'ਚ ਕਦੀ ਕੰਮ ਨਹੀਂ ਕਰਦਾ ਕਿਉਂ ਕਿ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਦੇ ਵਿਸ਼ੇ ਹੁੰਦੇ ਹਨ ਉਹਨਾਂ ਮੈਨੂੰ ਕਦੀ ਬਹੁਤਾ ਪ੍ਰੇਰਿਆ ਨਹੀਂ ਪਰ ਮੈਂ ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਵਾਰ ਅਜਿਹਾ ਨਹੀਂ ਕਰ ਸਕਿਆ।ਇਸ ਫ਼ਿਲਮ ਦੇ ਵਿਸ਼ੇ ਨੇ ਮੈਨੂੰ ਪ੍ਰਭਾਵਿਤ ਕੀਤਾ।"

ਜਸਦੀਪ ਸਿੰਘ,ਐਡੀਸ਼ਨਲ ਡਾਇਲਾਗ ਰਾਈਟਰ-ਇਸ ਫ਼ਿਲਮ ਨੂੰ ਇਨਾਮ ਮਿਲਣ 'ਤੇ ਪੰਜਾਬੀ ਫ਼ਿਲਮਾਂ ਨੂੰ ਹੁੰਗਾਰਾ ਮਿਲਿਆ ਹੈ ਜੋ ਕਿ ਮੇਰੇ ਲਈ ਇਸ ਫ਼ਿਲਮ ਦਾ ਹਿੱਸਾ ਹੋਣ ਕਰਕੇ ਖੁਸ਼ੀ ਦਾ ਸਬੱਬ ਹੈ।ਇਹ ਫ਼ਿਲਮ ਵਿਸ਼ਾ ਵਸਤੂ ਪੱਖੋਂ ਦਰਸ਼ਕਾਂ ਨੂੰ ਛੂਹੇਗੀ।


ਗੁਰਵਿੰਦਰ ਨਾਲ ਪੰਛੀ ਝਾਤ ਮੁਲਾਕਾਤ

ਤੁਸੀ ਇੱਕ ਫ਼ਿਲਮਸਾਜ਼ ਹੋਣ ਦੇ ਨਾਲ ਨਾਲ ਇੱਕ ਚਿੱਤਰਕਾਰ ਵੀ ਹੋ ਕਿਹੜੀ ਭੂਮਿਕਾ ਜ਼ਿਆਦਾ ਟੁੰਬਦੀ ਹੈ?

:ਰਚਨਾਤਮਕ ਪੱਖ ਤੋਂ ਜੇ ਮੈਂ ਦੋਵੇਂ ਕਲਾਵਾਂ ਨਾਲ ਜੁੜਿਆ ਹਾਂ ਤਾਂ ਦੋਵੇਂ ਹੀ ਮੇਰੇ ਲਈ ਇੱਕੋ ਜਿਹੀਆਂ ਹਨ।ਪੇਟਿੰਗ ਮੈਂ ਬਚਪਨ ਤੋਂ ਹੀ ਕਰਦਾ ਆਇਆ ਹਾਂ ਪਰ ਮੈਂ ਇਹਨਾਂ ਪੇਟਿੰਗਜ਼ ਨੂੰ ਕਦੀ ਵੇਚਿਆ ਨਹੀਂ।ਮੇਰੇ ਲਈ ਕਲਾ ਇੱਕ ਸੰਵਾਦ ਕਰਨ ਦਾ ਜ਼ਰੀਆ ਹੈ ਤੇ ਮੈਂ ਦੋਵਾਂ ਰੂਪਾਂ 'ਚ ਅਜਿਹਾ ਕਰਦਾ ਹਾਂ।ਦੋਵਾਂ 'ਚ ਰਚਨਾਤਮਕਤਾ ਵੱਖਰੀ ਤਰ੍ਹਾਂ ਕੰਮ ਕਰਦੀ ਹੈ।

ਇੱਕ ਫ਼ਿਲਮਸਾਜ਼ ਹੋਣ ਨਾਤੇ ਤੁਹਾਡਾ ਨਜ਼ਰੀਆ ਕਿਸ ਤਰ੍ਹਾਂ ਕੰਮ ਕਰਦਾ ਹੈ?

:ਕਿਸੇ ਫ਼ਿਲਮ ਨੂੰ ਬਣਾਉਣ ਵੇਲੇ ਮੇਰੇ ਨਜ਼ਰੀਏ 'ਚ ਹਮੇਸ਼ਾ ਇਹ ਰਹਿੰਦਾ ਹੈ ਕਿ ਕਹਾਣੀ ਨੂੰ ਕਿੰਝ ਕਿਹਾ ਜਾ ਰਿਹਾ ਹੈ ਨਾ ਕਿ ਕੀ ਕਹਿਣਾ ਹੈ।ਜੇ ਤੁਸੀ ਕਹਾਣੀ ਨੂੰ ਕਹਿ ਰਹੇ ਹੋ ਤਾਂ ਇਹ ਆਪਣੇ ਆਪ ਹੀ ਆਪਣਾ ਕੰਮ ਕਰ ਜਾਵੇਗੀ।

ਤੁਹਾਡੀ ਪਹਿਲੀ ਫ਼ਿਲਮ ਪੁਰਸਕਾਰਾਂ ਦੀ ਚੌਖੀਆਂ ਉਪਲਬਧੀਆਂ 'ਤੇ ਬੈਠੀ ਹੈ,ਇਸ ਸਭ ਬਾਰੇ ਸੋਚ ਕੇ ਕਿੰਝ ਮਹਿਸੂਸ ਹੁੰਦਾ ਹੈ?

:ਜਦੋਂ ਫ਼ਿਲਮ ਬਣਾ ਰਹੇ ਸੀ ਤਾਂ ਇਸ ਬਾਰੇ ਸੋਚਿਆ ਨਹੀਂ ਸੀ।ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ 'ਚ ਚੰਗੇ ਅਨੁਸ਼ਾਸ਼ਨ 'ਚ ਕੰਮ ਹੋਇਆ ਹੈ।ਇਸ ਦੇ ਨਤੀਜੇ ਜੇ ਅਜਿਹੇ ਆ ਰਹੇ ਹਨ ਤਾਂ ਖੁਸ਼ੀ ਹੁੰਦੀ ਹੈ।ਫ਼ਿਲਮ ਨੂੰ ਬਣਾਉਣ ਵੇਲੇ ਸਿਨੇਮਾ ਦੀ ਇਤਿਹਾਸਕ ਸਮਝ ਨੇ ਮੇਰੇ ਲਈ ਕੰਮ ਕੀਤਾ ਹੈ।ਬੇਸ਼ੱਕ ਫ਼ਿਲਮ ਦੇ ਸੈਟ ਜਾਂ ਕਿਰਦਾਰ ਪੰਜਾਬ ਦੇ ਹਨ ਪਰ ਇਹ ਕੌਮਾਂਤਰੀ ਤੌਰ 'ਤੇ ਕੁਝ ਪੇਸ਼ ਕਰ ਰਹੇ ਹਨ ਤੇ ਕਲਾ 'ਤੇ ਫ਼ਿਲਾਸਫੀ ਨੂੰ ਅਸੀ ਜੋੜ ਕੇ ਕਾਵਿਕ ਅੰਦਾਜ਼ ਨਾਲ ਪੇਸ਼ ਕੀਤਾ ਹੈ।ਇਹ ਫ਼ਿਲਮ ਬਣਾਉਣ ਵੇਲੇ ਫ਼ਿਲਮ ਦਾ ਮਕਸਦ ਦੂਜੀਆਂ ਫ਼ਿਲਮਾਂ ਦੀ ਤਰ੍ਹਾਂ ਸਿਰਫ ਮਨੋਰੰਜਨ ਦੀ ਖੋਖਲੀ ਬੁਨਿਆਦ 'ਤੇ ਨਹੀਂ ਟਿਕਿਆ ਸੀ।

ਅਮਰਜੀਤ ਚੰਦਨ ਤੁਹਾਡੇ ਬਹੁਤ ਨੇੜੇ ਹਨ,ਇਸ ਫ਼ਿਲਮ ਨੂੰ ਲੈ ਕੇ ਉਹਨਾਂ ਦੀ ਭੂਮਿਕਾ ਕਿੰਨੀ ਕੁ ਰਹੀ?

:ਉਹਨਾਂ ਲਈ ਮੇਰੇ ਮਨ 'ਚ ਬਹੁਤ ਇੱਜ਼ਤ ਹੈ ਤੇ ਉਹਨਾਂ ਦੇ ਹਰ ਸੁਝਾਅ ਸਾਡੇ ਲਈ ਮਾਇਨੇ ਰੱਖਦੇ ਹਨ ਪਰ ਫ਼ਿਲਮ ਬਣਾਉਣਾ ਤਾਂ ਮੇਰਾ ਸੁੰਤਤਰ ਕੰਮ ਸੀ।

ਅੰਨ੍ਹੇ ਘੋੜੇ ਦਾ ਦਾਨ ਦੀ ਉਪਲਬਧੀਆਂ ਨੂੰ ਲੈਕੇ ਪੰਜਾਬੀ ਸਿਨੇਮਾ ਦਾ ਭਵਿੱਖ ਤੁਹਾਡੀ ਨਜ਼ਰ 'ਚ ਕੀ ਹੈ?

:ਮੈਂ ਅੱਗੇ ਵੀ ਪੰਜਾਬੀ ਫ਼ਿਲਮਾਂ ਹੀ ਬਣਾਵਾਗਾਂ,ਪੰਜਾਬੀ ਫ਼ਿਲਮਾਂ ਦਾ ਭੱਵਿਖ ਬਹੁਤ ਵਧੀਆ ਹੈ।ਬਾਕੀ ਮੇਰਾ ਸਿਨੇਮਾ ਪੰਜਾਬ ਦੀ ਹੱਦ ਤੱਕ ਨਹੀਂ,ਇਹ ਤਾਂ ਪੂਰੇ ਸਿਨੇਮਾ ਦੇ ਇਤਿਹਾਸ ਚੋਂ ਨਿਕਲਿਆ ਹੀ ਵਿਸਥਾਰ ਹੈ।

ਪਰ ਤੁਹਾਡੀ ਫ਼ਿਲਮ ਕਲਾਈਮੈਕਸ 'ਤੇ ਆਕੇ ਕੋਈ ਸਪੱਸ਼ਟ ਅਰਥ ਪੇਸ਼ ਨਹੀਂ ਕਰਦੀ,ਕਿਉਂ ਕਿ ਮੂਲ ਨਾਵਲ ਦੀ ਕਹਾਣੀ 'ਚ ਨਾਵਲਕਾਰ ਉਹਨਾਂ ਲੋਕਾਂ ਨੂੰ ਸਾਰਥਕ ਅਵਾਜ਼ ਦੇ ਰਿਹਾ ਹੈ,ਕਲਾਈਮੈਕਸ ਦੇ ਕਮਜ਼ੋਰ ਹੋਣ ਬਾਰੇ ਕੀ ਕਹੋਗੇ?

:ਨਹੀਂ ਮੇਰਾ ਸਿਨੇਮਾ ਕਦੀ ਵੀ ਅਜਿਹੀ ਉਬਜੈਕਟੀਵਿਟੀ ਪਿਛੇ ਨਹੀਂ ਦੋੜਦਾ।ਮੇਰਾ ਮੰਨਣਾ ਹੈ ਕਿ ਸਭ ਕੁਝ ਸਪੱਸ਼ਟ ਨਹੀਂ ਹੋਣਾ ਚਾਹੀਦਾ,ਕੁਝ ਮਿਸਟਰੀ ਵੀ ਰਹਿਣਾ ਚਾਹੀਦਾ ਹੈ,ਇਹਨਾਂ ਲੁਕੀਆਂ ਚੀਜ਼ਾਂ ਚੋਂ ਹੀ ਅਰਥ ਨਿਕਲਦੇ ਹਨ।ਜਿਵੇਂ ਅਖੀਰ ਦੇ ਦ੍ਰਿਸ਼ ਕਾਵਿਕ ਢੰਗ ਦੇ ਹਨ,ਵੇਖਣ ਵਾਲੇ ਨੂੰ ਵਿਖ ਰਿਹਾ ਹੈ ਕਿ ਮੇਲੂ ਵੀ ਆ ਗਿਆ ਹੈ ਤੇ ਅੰਨੇ ਘੋੜੇ ਦੇ ਦਾਨ ਮੰਗਣ ਵਾਲੇ ਨੂੰ ਕੋਈ ਬੰਦਾ ਗਲੀ 'ਚ ਖੜੋ ਕੇ ਕੀ ਕਹਿ ਰਿਹਾ ਹੈ।ਇਹ ਸਾਰੀਆਂ ਚੀਜ਼ਾਂ ਆਪਸ 'ਚ ਕੁਝ ਬਿਆਨ ਕਰ ਰਹੀਆਂ ਹੁੰਦੀਆਂ ਹਨ।

ਆਮ ਲੋਕਾਂ ਦੀ ਗੱਲ ਕਰਦੀ ਇਹ ਫ਼ਿਲਮ ਆਮ ਲੋਕਾਂ ਦੀ ਪਹੁੰਚ ਤੋਂ ਹੀ ਬਾਹਰ ਹੈ,ਕੀ ਇਹ ਫ਼ਿਲਮ ਪੁਰਸਕਾਰਾਂ ਲਈ ਹੀ ਬਣਾਈ ਗਈ ਸੀ?

:ਮੈਂ ਤਾਂ ਚਾਹੁੰਦਾ ਹਾਂ ਕਿ ਫ਼ਿਲਮ ਨੂੰ ਰੀਲੀਜ਼ ਕੀਤਾ ਜਾਵੇ ਪਰ ਇਹ ਮੇਰੇ ਹੱਥ ਨਹੀਂ ਹੈ।ਮੈਂ ਫ਼ਿਲਮ ਦਾ ਨਿਰਦੇਸ਼ਕ ਹਾਂ ਤੇ ਮੇਰਾ ਕੰਮ ਫ਼ਿਲਮ ਬਣਾਉਣਾ ਸੀ ਤੇ ਇਸ ਫ਼ਿਲਮ ਨੂੰ ਹੁਣ ਰੀਲੀਜ਼ ਕਰਨਾ ਐੱਨ.ਐੱਫ.ਡੀ ਦੇ ਹੱਥ ਹੈ।

ਫ਼ਿਲਮ ਬਣਾਉਣ ਵੇਲੇ ਜਿਸ ਤਰ੍ਹਾਂ ਗਤੀ,ਧੁਨੀ,ਪ੍ਰਕਾਸ਼ ਤੇ ਹਰ ਫ੍ਰੇਮ ਦੇ ਕੈਨਵਸ 'ਤੇ ਧਿਆਨ ਦਿੰਦਿਆ ਬਠਿੰਡੇ ਸ਼ਹਿਰ ਦੇ ਚੱਪੇ ਚੱਪੇ ਨੂੰ ਬਹੁਤ ਕਮਾਲ ਨਾਲ ਵਰਤਿਆ ਗਿਆ ਹੈ,ਅਜਿਹੇ ਕੌਸ਼ਲ ਬਾਰੇ ਕੀ ਕਹੋਗੇ?

:ਇਹ ਪਹਿਲੀ ਵਾਰ ਹੀ ਹੈ ਇਸ ਤੋਂ ਪਹਿਲਾਂ ਕਦੀ ਕਿਸੇ ਨੇ ਅੱਜ ਤੱਕ ਪੰਜਾਬ ਦੇ ਕਿਸੇ ਪਿੰਡ ਜਾਂ ਸ਼ਹਿਰ ਨੂੰ ਇੰਝ ਵਿਖਾਉਣ ਦੀ ਕੌਸ਼ਿਸ਼ ਹੀ ਨਹੀਂ ਕੀਤੀ।ਅੰਬਰਸਰ ਦੀ ਹੀ ਗੱਲ ਕਰੀਏ ਤਾਂ ਦਰਬਾਰ ਸਾਹਿਬ ਦੇ ਚਾਰ ਕਲੋਜ਼ ਅਪ ਨਾਲ ਹੀ ਪੰਜਾਬ ਨੂੰ ਬਿਆਨ ਕਰ ਦਿੰਦੇ ਹਨ।ਇਹੋ ਤਾਂ ਬੁਰੀ ਗੱਲ ਹੈ ਕਿ ਪੰਜਾਬ ਦੀ ਕਹਾਣੀ ਕਹਿਣ ਵੇਲੇ ਦ੍ਰਿਸ਼ ਪੰਜਾਬ ਦੇ ਲੱਗਦੇ ਹੀ ਨਹੀਂ ਹਨ।ਇਹ ਸਭ ਕੁਝ ਮਿਹਲਤ ਨਾਲ ਇੱਕਠਾ ਕਰਨਾ ਪੈਂਦਾ ਹੈ।

ਪੂਨੇ ਫ਼ਿਲਮ ਇੰਸਟੀਚਿਊਟ ਤੋਂ ਨਿਕਲਕੇ ਫ਼ਿਲਮ ਬਣਾਉਣ ਲਈ ਦਸ ਸਾਲ ਦਾ ਵਕਫਾ ਕਿਉਂ?

:ਮੈਂ ਇਸ ਤੋਂ ਪਹਿਲਾਂ ਕੁਝ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ ਤੇ ਉਸ ਦੌਰਾਨ ਮੈਂ ਪੰਜਾਬ ਦੇ ਸਮਾਜਿਕ,ਸਿਆਸੀ ਤੇ ਧਾਰਮਿਕ ਸੱਭਿਆਚਾਰ ਨੂੰ ਜਾਣਿਆ।ਮੇਰਾ ਮੰਨਣਾ ਹੈ ਕਿ ਇਹ ਕੋਈ ਰਿਕਾਰਡ ਬਣਾਉਣ ਦਾ ਸਾਧਨ ਨਹੀਂ ਹੈ।ਫ਼ਿਲਮ ਵਿਧਾ ਨੂੰ ਸਿੱਖਣ ਲਈ ਸਾਨੂੰ ਲੰਮਾ ਸਮਾਂ ਦੇਣਾ ਚਾਹੀਦਾ ਹੈ।ਜੇ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਇਹ ਫ਼ਿਲਮ ਬਣਾਉਂਦਾ ਤਾਂ ਸ਼ਾਇਦ ਮੈਂ ਇਹ ਇੰਝ ਨਾ ਬਣਾ ਸਕਦਾ।

ਤੁਸੀ ਗੁਰਦਿਆਲ ਸਿੰਘ ਦੇ ਨਾਵਲ 'ਤੇ ਫ਼ਿਲਮ ਬਣਾਈ ਹੈ ਤਾਂ ਉਹਨਾਂ ਦੀ ਸਾਹਿਤ ਸਿਰਜਣਾ ਬਾਰੇ ਕੀ ਵਿਚਾਰ ਰੱਖਦੇ ਹੋ?

:ਉਹਨਾਂ ਦੇ ਨਾਵਲਾਂ ਦੀ ਇਹ ਬਹੁਤ ਪਿਆਰੀ ਖੂਬਸੂਰਤੀ ਹੈ ਕਿ ਉਹ ਮਾਹੌਲ ਨੂੰ ਬਹੁਤ ਸੋਹਣਾ ਪੈਦਾ ਕਰਦੇ ਹਨ।ਉਹਨਾਂ ਨੂੰ ਪੱੜ੍ਹਕੇ ਮੈਨੂੰ ਤਾਲਸਤਾਏ ਦੀ ਯਾਦ ਆਉਂਦੀ ਹੈ।ਗੁਰਦਿਆਲ ਸਿੰਘ ਹੁਣਾਂ ਦੀ ਇਹ ਵਧੀਆ ਸਾਹਿਤਕ ਸਿਰਜਣਾ ਹੈ ਕਿ ਉਹ ਕਿਰਦਾਰਾਂ ਦੇ ਨਾਲ ਨਾਲ ਕੁਦਰਤ ਦਾ ਚਿਤਰਨ ਵੀ ਬਹੁਤ ਵਧੀਆ ਕਰਦੇ ਹਨ।

ਅਜਿਹੀ ਫ਼ਿਲਮ ਦਾ ਨਿਰਮਾਣ ਤਾਂ ਐੱਨ.ਐੱਫ.ਡੀ ਨੇ ਕਰ ਦਿੱਤਾ ਜੋ ਕਿ ਨੋ ਪਰੋਫਿਟ ਨੋ ਲੋਸ 'ਤੇ ਨਿਰਮਾਣ ਕਰ ਗਈ ਪਰ ਜਿਸ ਤਰ੍ਹਾਂ ਦੀਆਂ ਤੁਸੀ ਫ਼ਿਲਮਾਂ ਬਣਾ ਰਹੇ ਹੋ ਉਹਨਾਂ ਦੀ ਵਿਤੀ ਮਜ਼ਬੂਤੀ ਨੂੰ ਲੈਕੇ ਥੌੜ੍ਹਾ ਸ਼ਸ਼ੋਪੰਜ ਹੈ?

:ਨਹੀਂ ਅਜਿਹਾ ਨਹੀਂ ਹੈ,ਚੰਗੀ ਫ਼ਿਲਮ ਚਾਹੇ ਕਲਾਤਮਕ ਹੋਵੇ ਚਲਦੀ ਜ਼ਰੂਰ ਹੈ ਬਾਕੀ ਸਿਨੇਮਾ ਦੀ ਕੋਈ ਹੱਦਬੰਦੀ ਨਹੀਂ ਹੈ,ਇਹ ਪੂਰੇ ਵਿਸ਼ਵ ਨੇ ਵੇਖਣੀ ਹੁੰਦੀ ਹੈ।ਪੰਜਾਬੀ ਫ਼ਿਲਮ ਦਾ ਬਜਟ ਬਹੁਤ ਘੱਟ ਹੁੰਦਾ ਹੈ ਸੋ ਉਸ ਦੀ ਭਰਪਾਈ ਹੋਣੀ ਔਖੀ ਨਹੀਂ ਹੈ।

ਆਉਣ ਵਾਲੇ ਸਮੇਂ 'ਚ ਕਿਹੜੀ ਯੋਜਨਾਵਾਂ ਦੀ ਵਿਉਂਤਬੰਦੀ ਕਰ ਰਹੇ ਹੋ?

:ਮੇਰਾ ਦੋ ਤਿੰਨ ਪ੍ਰੋਜੈਕਟਾਂ 'ਤੇ ਕੰਮ ਚਲ ਰਿਹਾ ਹੈ।ਮੈਂ ਵਰਿਆਮ ਸੰਧੂ ਦੀਆਂ ਦੋ ਰਚਨਾਵਾਂ 'ਮੈਂ ਹੁਣ ਠੀਕ ਠਾਕ ਹਾਂ' ਤੇ 'ਚੌਥੀ ਕੁੱਟ' 'ਤੇ ਫਿਲਮ ਬਣਾਉਣ ਜਾ ਰਿਹਾ ਹਾਂ।ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਅੱਤਵਾਦ ਦੇ ਸਮੇਂ 'ਚ ਜਿਸ ਤਰ੍ਹਾਂ ਮਨੁੱਖਤਾ ਨੇ ਸੰਤਾਪ ਨੂੰ ਭੋਗਿਆ ਹੈ ਉਸ ਦੀ ਗੱਲ ਹੋਣੀ ਚਾਹੀਦੀ ਹੈ।ਉਹਨਾਂ ਸਮਿਆਂ 'ਚ ਅੰਮ੍ਰਿਤਸਰ ਦਰਬਾਰ ਸਾਹਿਬ 'ਤੇ ਹਮਲਾ ਆਪਣੀਆਂ ਹੀ ਫੌਜਾਂ ਵੱਲੋਂ ਕਰਨਾ ਬਹੁਤ ਦੁਖਦਾਈ ਸੀ।ਕੀ ਕਦੀ ਸੁਣਿਆ ਹੈ ਕਿ ਵੈਟੀਕਨ ਸਿਟੀ ਜਾਂ ਮੱਕੇ 'ਤੇ ਉਹਨਾਂ ਦੀਆਂ ਆਪਣੀਆਂ ਹੀ ਫੋਜਾਂ ਨੇ ਹਮਲੇ ਕੀਤੇ ਹੋਣ…

ਮੁਲਾਕਾਤੀ ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਰਾਹੀ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
MOB-94641-41678

Sunday, March 18, 2012

ਗੁਰੀਲਾ ਕ੍ਰਾਂਤੀ ਦੇ ਜਜ਼ਬਾਤਾਂ ਦੀ ਹਵਾੜ ‘ਅੰਨ੍ਹੇ ਘੋੜੇ ਦਾ ਦਾਨ’

ਜੇ ਹਿੰਦੀ ਸਿਨੇਮਾ ‘ਚ ਸਿਲਕ ਸਮਿਤਾ ਦੀ ਜ਼ਿੰਦਗੀ ਨੂੰ ਲੈਕੇ ‘ਦੀ ਡਰਟੀ ਪਿਕਚਰ’ ਜਾਂ ‘ਕੋਲਾਵਰੀ ਡੀ’ ਗਾਣਾ ਦੱਖਣ ਨੂੰ ਕੇਂਦਰ ‘ਚ ਲਿਆ ਸਕਦਾ ਹੈ ਤਾਂ ਪਿਛਲੇ ਸਾਲ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਨੇ ਪੰਜਾਬੀ ਫ਼ਿਲਮ ਇੰਡਸਟਰੀ ਜਾਂ ਪੰਜਾਬੀ ਫ਼ਿਲਮਾਂ ਨੂੰ ਮੁੱਖਧਾਰਾ ਨਾਲ ਜੋੜਨ ਦੀ ਕੌਸ਼ਿਸ਼ ਕੀਤੀ ਹੈ।ਇਹ ਫ਼ਿਲਮ ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ‘ਤੇ ਅਧਾਰਿਤ ਹੈ ਜਿਸ ਨੂੰ ਵੀਨਸ ਫ਼ਿਲਮ ਫੈਸਟੀਵਲ ‘ਚ ਪਹੁੰਚਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਵੱਜੋਂ ਜਾਣਿਆ ਜਾਵੇਗਾ।ਇਸ ਫ਼ਿਲਮ ਨੂੰ ਹਾਲ ਹੀ ‘ਚ ਨੈਸ਼ਨਲ ਫ਼ਿਲਮ ਅਵਾਰਡ 2012 ‘ਚ ਸਰਵੋਤਮ ਪੰਜਾਬੀ ਫ਼ਿਲਮ,ਬੈਸਟ ਡਾਇਰੈਕਟਰ ਤੇ ਬੈਸਟ ਸਿਨਮੈਟੋਗ੍ਰਾਫੀ ਦੇ ਪੁਰਸਕਾਰ ਨਾਲ ਐਲਾਨਿਆ ਗਿਆ ਹੈ।ਇਸ ਤੋਂ ਅੱਗੇ ਗੁਰਵਿੰਦਰ ਸਿੰਘ ਦੇ ਨਿਰਦੇਸ਼ਕੀ ਕੌਸ਼ਲ ‘ਚ ਆਉਣ ਵਾਲੀ ਫ਼ਿਲਮ ਬਾਰੇ ਸਿਨੇਮਾ ਦੇ ਦਰਸ਼ਕ ਜ਼ਰੂਰ ਉਡੀਕ ਕਰਨਗੇ।

ਬੇਸ਼ੱਕ ਕਿਹਾ ਜਾਂਦਾ ਹੋਵੇ ਕਿ ਪੰਜਾਬੀ ਫ਼ਿਲਮਾਂ ਦਾ ਸੁਨਹਿਰਾ ਦੌਰ ਮਨਮੋਹਨ ਸਿੰਘ ਦੇ ਸਿਨੇਮਾ ਤੋਂ ਮੁੜ ਵਾਪਸ ਆਇਆ ਹੈ ਤੇ ਇਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ।ਪੰਜਾਬੀ ਫ਼ਿਲਮਾਂ ‘ਚ ਉਸ ਸ਼ੈਲੀ ਦੀਆਂ ਫ਼ਿਲਮਾਂ ਦੀ ਵੀ ਆਪਣੀ ਜਗ੍ਹਾ ਜ਼ਰੂਰਤ ਹੈ ਪਰ ਫ਼ਿਲਮ ਦੀ ਕਲਾ ਕਹਾਣੀ ਕਹਿਣ ਦੀ ਕਲਾ ਹੈ ਜਿਸ ‘ਚ ਹਰ ਦ੍ਰਿਸ਼ ਆਪਣੀ ਜ਼ੁਬਾਨ ਲੈਕੇ ਪੈਦਾ ਹੁੰਦਾ ਹੈ ਤੇ ਅਜਿਹੀ ਫ਼ਿਲਮ ਨਾਲ ਸੰਵਾਦ ਛੇੜਣ ਦੀ ਸਾਰਥਕ ਕੌਸ਼ਿਸ਼ ਹੈ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਅੰਨ੍ਹੇ ਘੋੜੇ ਦਾ ਦਾਨ ਫਿਲਮ ‘ਚ ਸਰਮਾਏਦਾਰੀ ਦੀ ਦਹਿਸ਼ਤ ਨੂੰ ਪਛੜੇ ਲੋਕਾਂ ਦੀ ਖ਼ਾਮੋਸ਼ੀ ‘ਚ ਹੀ ਸਮਝਿਆ ਜਾ ਸਕਦਾ ਹੈ।ਅਜਿਹਾ ਸੰਵਾਦ ਪਹਿਲਾਂ ਨਦਿੰਤਾ ਦਾਸ ਦੀ ਫ਼ਿਲਮ ਫ਼ਿਰਾਕ ‘ਚ ਵੀ ਮੈਨੂੰ ਮਹਿਸੂਸ ਹੋਇਆ ਸੀ।ਅੰਨੇ ਘੋੜੇ ਦਾ ਦਾਨ ਫ਼ਿਲਮ ‘ਚ ਇਸ ਨਜ਼ਰੀਏ ਨੂੰ ਕਿਸੇ ਸੰਵਾਦ ‘ਚ ਪੇਸ਼ ਨਹੀਂ ਕੀਤਾ ਗਿਆ ਪਰ ਇਹ ਦ੍ਰਿਸ਼ ਦਰ ਦ੍ਰਿਸ਼ ਮੇਲੂ ‘ਚ,ਉਹਦੇ ਪਿਓ ‘ਚ ਤੇ ਉਹਦੇ ਭਾਈਚਾਰੇ ਦੇ ਲੋਕਾਂ ‘ਚ ਮਹਿਸੂਸ ਕੀਤਾ ਗਿਆ ਹੈ।ਇਹ ਗੁਰਵਿੰਦਰ ਦਾ ਦ੍ਰਿਸ਼ਟੀਕੋਣ ਹੀ ਹੈ ਕਿ ਦਬੇ ਕੁੱਚਲੇ ਲੋਕਾਂ ਦੇ ਅੰਦਰਲਾ ਗੁੱਸਾ ਬਦਲਾਅ ਤੇ ਤੜਪ ਨੂੰ ਉਹ ਆਪਣੇ ਫ਼ਿਲਮਾਂਕਣ ‘ਚ ਬਿਨਾਂ ਕੋਈ ਸੰਵਾਦ ਕਹਾਏ ਪੇਸ਼ ਕਰ ਰਿਹਾ ਹੈ।ਪੂਰੀ ਫ਼ਿਲਮ ‘ਚ ਮਹਿਸੂਸ ਹੁੰਦਾ ਹੈ ਕਿ ਮੁਫ਼ਲਿਸੀ ਦੇ ਇਹਨਾਂ ਲੋਕਾਂ ਅੰਦਰ ਉਬਾਲ ਤਾਂ ਹੈ ਪਰ ਸਰਮਾਏਦਾਰੀ ਦੀ ਦਹਾੜ ਹੀ ਇੰਨੀ ਭਾਰੂ ਹੈ ਕਿ ਉਹਨਾਂ ਦੀ ਕ੍ਰਾਂਤੀ ਅੰਦਰੋ ਅੰਦਰ ਖ਼ਾਮੋਸ਼ ਹੈ।ਗੁਰਵਿੰਦਰ ਦਾ ਨਿਰਦੇਸ਼ਕੀ ਕੌਸ਼ਲ ਇਸ ਨੂੰ ਆਪਣੀ ਫ਼ਿਲਮ ਦੇ ਹਰ ਦ੍ਰਿਸ਼ ‘ਚ ਕਾਵਿਕ ਨਜ਼ਰੀਏ ਤੋਂ ਪੇਸ਼ ਕਰਦਾ ਹੈ।ਉਹ ਇਸ ਦੇ ਬਕਾਇਦਾ ਸੰਕੇਤ ਵੀ ਦਿੰਦਾ ਹੈ ਕਿ ਬਦਲਾਅ ਕਿੰਝ ਆ ਰਿਹਾ ਹੈ।ਫ਼ਿਲਮ ਦਾ ਅਖੀਰਲਾ ਦ੍ਰਿਸ਼ ਅਜਿਹਾ ਹੀ ਕਾਵਿਕ ਸੰਕੇਤ ਹੈ।ਇਹ ਇੱਕ ਤੋਂ ਬਾਅਦ ਇੱਕ ਕੱਟ ਟੂ ਕੱਟ ਪੇਸ਼ ਕੀਤਾ ਗਿਆ ਹੈ।ਅੰਨ੍ਹੇ ਘੋੜੇ ਦਾ ਦਾਨ ਮੰਗਦੇ ਬੰਦੇ ਨੂੰ ਗਲੀ ‘ਚ ਕੋਈ ਕਹਿ ਰਿਹਾ ਹੈ ਕਿ ਬੰਦ ਕਰੋ,ਕਦੋਂ ਤੱਕ ਇਹ ਦਾਨ ਮੰਗਦੇ ਰਹੋਗੇ,ਦੂਜੇ ਪਾਸੇ ਮੇਲੂ ਦਾ ਪਿਓ ਤੇ ਉਹਦਾ ਮਿੱਤਰ ਸ਼ਹਿਰ ਵੱਲ ਨੂੰ ਜਾ ਰਹੇ ਹਨ ਤੇ ਤੀਜੇ ਪਾਸੇ ਮੇਲੂ ਪਿੰਡ ਆ ਗਿਆ ਹੈ।ਇਸ ਨੂੰ ਕਿੰਝ ਸਮਝਿਆ ਜਾ ਸਕਦਾ ਹੈ ਕਿ ਹੁਣ ਸਭ ਇੱਕ ਜੁੱਟ ਹੋ ਰਹੇ ਹਨ?ਕੀ ਇਹ ਉਹਨਾਂ ਦੀ ਨਵੀਂ ਸ਼ੁਰੂਆਤ ਹੈ?ਮੇਲੂ ਦੀ ਭੈਣ ਗਲੀ ‘ਚ ਮੇਲੂ ਨੂੰ ਮਿਲਦੀ ਹੈ ਤੇ ਕਹਿੰਦੀ ਹੈ ਕਿ ਬਾਹਰ ਨੂੰ ਸੈਰ ਕਰਨ ਆ ਗਈ ਕਿ ਘਰ ‘ਚ ਜੀਅ ਘਬਰਾ ਰਿਹਾ ਸੀ।ਕੀ ਇਹ ਉਹਨਾਂ ਘਰਾਂ ਦੀ ਅੰਦਰਲੀ ਸਲਾਬ ਹੈ ਜੋ ਉਹਨਾਂ ਦੇ ਜਜ਼ਬਾਤ ਨੂੰ ਬਾਹਰ ਆਉਣ ਦੀ ਕਹਾਲ ਪਾਉਂਦਾ ਹੈ।ਇਹੋ ਤਾਂ ਨਕਸ਼ ਦੀ ਤਰਾਸ਼ ਹੈ ਜੋ ਜਜ਼ਬਾਤ ਦੇ ਪਰਵਾਜ਼ ਨੂੰ ਸਮਝ ਰਹੀ ਹੈ।

ਕਹਿੰਦੇ ਨੇ ਸਦੀਆਂ ਪਹਿਲਾਂ ਦਾ ਕਰਜ਼ ਹੈ,ਜੋ ਮਿਥਿਹਾਸ ਦਾ ਅੰਸ਼ ਸਮਝਿਆ ਜਾਂਦਾ ਰਿਹਾ ਹੈ ਪਰ ਕਦੋਂ ਯਥਾਰਥ ‘ਚ ਦੱਬੇ ਕੁਚਲੇ ਲੋਕਾਂ ਦਾ ਹਿੱਸਾ ਬਣ ਗਿਆ ਇਸ ਤਾਰੀਖ਼ ਦਾ ਪਤਾ ਹੀ ਨਹੀਂ ਚਲਿਆ।ਕਿਸੇ ਬੁੱਧੀਜੀਵੀ ਦੀ ਸੰਵੇਦਨਾ ਜਾਂ ਜਾਗਰੂਕ ਲੋਕਾਂ ਦੇ ਜਜ਼ਬਾਤ ਬੇਸ਼ੱਕ ਇਸ ਧੱਕੇ ਬਾਰੇ ਜਾਣੂ ਹਨ ਪਰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਹਨਾਂ ਲੋਕਾਂ ਦੀ ਸੰਵੇਦਨਾ ਨਹੀਂ ਜਾਗਦੀ ਜੋ ਇਸ ਦਾ ਸੰਤਾਪ ਭੁਗਤ ਰਹੇ ਹਨ।ਜਦੋਂ ਤੱਕ ਉਹਨਾਂ ਅੰਦਰ ਇਹ ਇੱਛਾ ਨਹੀਂ ਜਾਗਦੀ ਕਿ ਅਸੀ ਕੌਣ ਹਾਂ ਅਤੇ ਸਾਨੂੰ ਵਰਤਿਆ ਕਿੰਝ ਜਾ ਰਿਹਾ ਹੈ।ਉਦੋਂ ਤੱਕ ਇਹ ਇੰਝ ਹੀ ਚਲਦਾ ਰਹੇਗਾ।ਇਸ ਮਿੱਥ ਨੂੰ ਤੋੜ ਕੇ ਨਾਵਲਕਾਰ ਗੁਰਦਿਆਲ ਸਿੰਘ ਉਹਨਾਂ ਲੋਕਾਂ ਨੂੰ ਇਸ ਗੱਲ ਨਾਲ ਸੰਬੋਧਿਤ ਹੁੰਦਾ ਹੈ ਕਿ ਕਦੋਂ ਤੱਕ ਤੁਸੀ ਇਹ ਅੰਨ੍ਹੇ ਘੋੜੇ ਦਾ ਦਾਨ ਮੰਗਦੇ ਰਹੋਗੇ।ਇੱਕ ਬੇਹਤਰ ਜ਼ਿੰਦਗੀ ਜਿਊਣਾ ਤੁਹਾਡਾ ਹੱਕ ਹੈ।ਇਹਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਹਨ ਅਤੇ ਜੇ ਇਸ ਨੂੰ ਗੁਰਦਿਆਲ ਸਿੰਘ ਨੇ ਕਲਮਬੱਧ ਕੀਤਾ ਹੈ ਤਾਂ ਇਸ ਦਾ ਸਿਨੇਮਾਈ ਤਰਜ਼ੁਮਾ ਕਰਕੇ ਪੇਸ਼ ਕਰਨ ਲਈ ਗੁਰਵਿੰਦਰ ਨੂੰ ਸਰਾਹੁਣਾ ਤਾਂ ਬਣਦਾ ਹੈ।

ਫ਼ਿਲਮ ਦਾ ਇੱਕ ਆਪਣਾ ਵਿਆਕਰਨ ਹੁੰਦਾ ਹੈ।ਫ਼ਿਲਮ ਨੇ ਕਹਾਣੀ ਨੂੰ ਕਹਿਣਾ ਹੁੰਦਾ ਹੈ ‘ਤੇ ਦ੍ਰਿਸ਼ਾਤਮਕ ਲਿਪੀਬੱਧ ਹੋਈ ਗੱਲ ਨੂੰ ਵਿਜ਼ੂਅਲੀ ਪੇਸ਼ ਕਰਨਾ ਹੁੰਦਾ ਹੈ।‘ਅੰਨ੍ਹੇ ਘੋੜੇ ਦਾ ਦਾਨ’ ਦੀ ਕਹਾਣੀ ‘ਚ ਫ਼ਿਲਮ ਆਪਣੀ ਗਤੀ,ਪ੍ਰਕਾਸ਼,ਧੁਨੀ,ਦ੍ਰਿਸ਼ਾਵਲੀ ਦੀ ਸੁਮੇਲਤਾ ਨਾਲ ਗ਼ਜ਼ਬ ਦਾ ਪ੍ਰਭਾਵ ਛੱਡਦੀ ਹੈ।ਇਸ ਫ਼ਿਲਮ ਨੂੰ ਵੇਖਕੇ ਇਹ ਭਲੀਭਾਂਤ ਸਮਝਿਆ ਜਾ ਸਕਦਾ ਹੈ ਕਿ ਆਖਰ ਇਸ ਫਿਲਮ ਨੂੰ ਵੀਨਸ ਫਿਲਮ ਫੈਸਟੀਵਲ ਤੋਂ ਲੈਕੇ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ,ਆਬੂ ਦਾਬੀ ਤੇ ਲਾਹੌਰ ‘ਚ ਕਿਉਂ ਸਰਾਹਿਆ ਗਿਆ।

ਇਸ ਫ਼ਿਲਮ ‘ਚ ਬਹੁਤ ਸੂਖ਼ਮ ਕਿਸਮ ਦੇ ਇਸ਼ਾਰੇ ਹਨ ਜੋ ਮੌਜੂਦਾ ਪ੍ਰਬੰਧ ਦੀ ਹਵਾੜ ਨੂੰ ਮਹਿਸੂਸ ਕਰਾਉਂਦੇ ਹਨ।ਜਿਵੇਂ ਕਿ ਫਾਟਕ ਲੱਗਿਆ ਹੋਇਆ ਹੈ ਤੇ ਬੱਸ ਖੱੜ੍ਹੋਤੀ ਹੋਈ ਹੈ।ਰੇਲਗੱਡੀ ਸੀਟੀ ਮਾਰਦੀ ਲੰਘ ਜਾਂਦੀ ਹੈ।ਇਸ ਦ੍ਰਿਸ਼ ਦੀ ਵੀ ਇੱਕ ਆਪਣੀ ਜ਼ੁਬਾਨ ਹੈ।ਕਿੰਝ ਮਸ਼ੀਨੀਕਰਨ ‘ਚ ਵੱਡੀ ਮਸ਼ੀਨਰੀ ਰੂਪੀ ਪ੍ਰਬੰਧ ਫਾਟਕ ਲਗਾਉਂਦੀ ਹੈ ਤੇ ਛੋਟੇ ਤਬਕਿਆਂ(ਬੱਸ ਇੱਕ ਪ੍ਰਤੀਕ ਹੈ) ਨੂੰ ਫਾਟਕ ਲਾ ਕੇ ਰੋਕਿਆ ਜਾਂਦਾ ਹੈ ਕਿ ਆਪਣੀ ਵਾਰੀ ਦੀ ਉਡੀਕ ਕਰੋ।ਇਸੇ ਤਰ੍ਹਾਂ ਰਿਕਸ਼ੇ ਚਲਾਉਂਦਾ ਜਾ ਰਿਹਾ ਮੇਲੂ ‘ਤੇ ਰਾਤ ਦੇ ਮੀਂਹ ਪੈਣ ਤੋਂ ਪਹਿਲਾਂ ਦੇ ਮਾਹੌਲ ‘ਚ ਥਰਮਲ ਪਲਾਂਟ ਦਾ ਦ੍ਰਿਸ਼ ਇੱਕ ਦੈਂਤ ਦੀ ਤਰ੍ਹਾਂ ਪੇਸ਼ ਹੁੰਦਾ ਹੈ।ਥਰਮਲ ਪਲਾਂਟ ਨੂੰ ਵਿਖਾਉਣ ਵੇਲੇ ਉਦਯੋਗੀਕਰਨ ‘ਚ ਸਮਾਜ ਦੀ ਬਰਾਬਰ ਤਰੱਕੀ ਨੂੰ ਕਿੰਝ ਵਿਉਂਤਬੰਦੀ ਤੋਂ ਦੂਰ ਰੱਖਿਆ ਗਿਆ ਤੇ ਉਸ ਦਾ ਸਿੱਧਾ ਫਾਇਦਾ ਸਰਮਾਏਦਾਰੀ ਨੂੰ ਹੁੰਦਾ ਰਿਹਾ ‘ਚ ਕਲਿਆਣਕਾਰੀ ਨਜ਼ਰੀਏ ਦੀ ਅਣਹੋਂਦ ਵੀ ਫ਼ਿਲਮ ਦੇ ਹਰ ਦ੍ਰਿਸ਼ ‘ਚ ਬਿਆਨ ਹੁੰਦੀ ਹੈ।ਬਠਿੰਡਾ ‘ਚ ਥਰਮਲ ਪਲਾਂਟ ਦੇ ਦ੍ਰਿਸ਼ ਅਤੇ ਰਿਕਸ਼ੇ ‘ਤੇ ਜਾਂਦੇ ਮੇਲੂ(ਸੈਮੁਅਲ ਜੌਨ੍ਹ) ਦੀ ਖਾਮੋਸ਼ੀ ਆਧੁਨਿਕਤਾ ਦੀ ਖੁਲ੍ਹੀ ਮੰਡੀ ‘ਚ,ਇਹਨਾਂ ਅਵਾਜ਼ਾਰ ਹਯਾਤੀਆਂ ਦੀ ਬੇਬੱਸੀ ਕਿਸ ਰੂਪ ‘ਚ ਵਿਚਰ ਰਹੀ ਹੈ ਇਹ ਸੰਵਾਦ ਪੂਰੀ ਫਿਲਮ ‘ਚ ਪਸਰਿਆ ਨਜ਼ਰ ਆਉਂਦਾ ਹੈ।

ਫਿਲਮ ਦੇ ਹਰ ਫ੍ਰੇਮ ਨੂੰ ਬਹੁਤ ਹੀ ਖੂਬਸੂਰਤੀ ਨਾਲ ਬੁਣਿਆ ਗਿਆ ਹੈ।ਜਿਵੇਂ ਕਿ ਕਿਸੇ ਸ਼ਹਿਰ ‘ਚ ਮੇਲੂ ਦੇ ਗੁਆਂਢੀ ਦੇ ਘਰ ਦਾ ਚਿਤਰਨ ਕਰਨ ਵੇਲੇ ਕਮਾਲ ਦਾ ਨਿਰਦੇਸ਼ਕੀ ਕੌਸ਼ਲ ਵੇਖਣ ਨੂੰ ਮਿਲਦਾ ਹੈ।ਬੈਠਕ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ।ਕੈਮਰਾ ਆਪਣੀ ਅੱਖ ਨਾਲ ਬੈਠਕ ਅੰਦਰ ਬੈਠੇ ਕਿਰਦਾਰ ਨੂੰ ਦੂਰੋਂ ਵਿਖਾਉਂਦਾ ਹੈ।ਉਹ ਕਿਰਦਾਰ ਉੱਪਰ ਨੂੰ ਵੇਖ ਰਿਹਾ ਹੈ।ਕੈਮਰਾ ਜਿਉਂ ਜਿਉਂ ਅੰਦਰ ਜਾਂਦਾ ਹੈ ਤਾਂ ਪਤਾ ਚਲਦਾ ਹੈ ਕਿ ਉਹ ਅੰਦਰ ਕੀ ਵੇਖ ਰਿਹਾ ਹੈ।ਬੈਠਕ ‘ਚ ਉਹ ਕੰਧ ‘ਤੇ ਲਗੀ ਫਿਲਮੀ ਅਦਾਕਾਰ ਦੀ ਤਸਵੀਰ ਵੇਖ ਰਿਹਾ ਹੈ।ਆਖਰ ਗ਼ਰੀਬ ਘਰਾਂ ਦੇ ਪ੍ਰਹਾਉਣਿਆ ਦਾ ਮਨੋਰੰਜਨ ਦਾ ਸਾਧਣ ਤਾਂ ਅਜਿਹਾ ਹੀ ਹੁੰਦਾ ਹੈ।ਕੰਧ ‘ਤੇ ਟੰਗਿਆ ਸਾਈਕਲ ਤਾਂ ਮਨ ‘ਚ ਟੀਸ ਨੂੰ ਉਭਾਰਕੇ ਪੇਸ਼ ਕਰ ਜਾਂਦਾ ਹੈ।ਹਮਾਤੜਾ ਦੇ ਘਰ ਸਾਈਕਲ(ਮਹਿੰਗੀ ਚੀਜ਼) ਬੱਚੇ ਦੇ ਚਾਅ ਪੂਰੀ ਕਰਦੀ ਜੇ ਲਿਆ ਵੀ ਦਿੱਤੀ ਜਾਵੇ ਤਾਂ ਉਸ ਨੂੰ ਇੰਝ ਸਾਂਭ ਕੇ ਰੱਖਿਆ ਜਾਂਦਾ ਹੈ ਕਿ ਮੰਨੋ ਦੇਸ਼ ਦਾ ਕੋਈ ਪਰਮਾਣੂ ਹਥਿਆਰ ਹੈ।ਅਜਿਹੀ ਹੱਦ ਤੋਂ ਵੱਧ ਸਾਂਭ ਵੀ ਇਸ ਲਈ ਕਿ ਉਂਝ ਤਾਂ ਅਜਿਹੀ ਚੀਜ਼ਾਂ ਲਿਆਦੀਆਂ ਨਹੀਂ ਜਾਂਦੀਆਂ ਪਰ ਜੇ ਆ ਜਾਵੇ ‘ਤੇ ਟੁੱਟ ਭੱਜ ਤੋਂ ਬਾਅਦ ਮੁਰੰਮਤ ਦੇ ਡਰ ਤੋਂ ਫਿਰ ਵੀ ਕਈ ਤਰ੍ਹਾਂ ਦੀਆਂ ਸੁਰੱਖਿਆ ਕਾਇਮ ਕੀਤੀ ਜਾਂਦੀ ਹੈ।

ਸ਼ਹਿਰ ‘ਚ ਰਿਕਸ਼ਿਆ ਦੀ ਹੜਤਾਲ ਤੇ ਮਸ਼ੀਨੀਕਰਨ ਦਾ ਇਹਨਾਂ ਮਜ਼ਦੂਰਾਂ ‘ਤੇ ਅਸਰ ਕੈਮਰੇ ਦੀ ਮੂਵਮੈਂਟ ਨਾਲ ਬਹੁਤ ਸੋਹਣਾ ਬਿਆਨ ਕੀਤਾ ਗਿਆ ਹੈ।ਨਾਵਲ ਦੀ ਕਹਾਣੀ ‘ਚ ਇਹ ਘਟਨਾਕ੍ਰਮ ਪੂਰਾ ਵਿਸਥਾਰ ਸਹਿਤ ਹੈ ਪਰ ਫ਼ਿਲਮ ‘ਚ ਗੁਰਵਿੰਦਰ ਸਿਰਫ ਇਸ਼ਾਰੇ ਦਿੰਦਾ ਹੈ।ਗੁਰਵਿੰਦਰ ਦੀ ਇਹ ਖੂਬੀ ਰਹੀ ਹੈ ਕਿ ਉਹ ਕਿਸੇ ਖਲਾਅ ਨੂੰ ਬਿਆਨ ਕਰਨ ਲਈ ਭਾਸ਼ਣ ‘ਚ ਨਹੀਂ ਪੈਂਦਾ।ਉਸਦੀ ਫਿਲਮ ਦਾ ਦ੍ਰਿਸ਼ ਹੀ ਪੂਰੇ ਦਾ ਪੂਰਾ ਬੋਲਦਾ ਹੈ।ਕਿਰਦਾਰਾਂ ਦੇ ਚਿਹਰਿਆਂ ‘ਤੇ ਹੀ ਭੈਅ ਦੇ ਨਿਸ਼ਾਨ,ਮੁਫਲਿਸੀ ਦਾ ਸੰਤਾਪ ਉੱਭਰਕੇ ਸਾਹਮਣੇ ਆਉਂਦਾ ਹੈ।ਹੋਰ ਕਿੰਨਾ ਕਿੰਨਾ ਪਹਿਲੂਆਂ ਦੀ ਗੱਲ ਕੀਤੀ ਜਾਵੇ ਫ਼ਿਲਮ ‘ਚ ਹਜ਼ਾਰਾਂ ਕਹਾਣੀਆਂ ਵਿਖਦੀਆਂ ਹਨ।ਬੰਦੇ ਨੂੰ ਬੰਦਾ ਸਮਝਨ ਦੀ ਸਾਂਝ,ਦਰਦ ਨੂੰ ਦਰਦ ਦੀ ਸਾਂਝ,ਅਵਾਜ਼ਾਰੀ ਨੂੰ ਅਵਾਜ਼ਾਰੀ ਦੀ ਸਾਂਝ,ਹੌਂਸਲੇ ਨੂੰ ਹੌਂਸਲੇ ਦੀ ਸਾਂਝ ਵੇਖਣੀ ਹੋਵੇ ਤਾਂ ਬਿਹਾਰ ਦੇ ਮਜ਼ਦੂਰ ਤੇ ਮੇਲੂ ਦੇ ਦ੍ਰਿਸ਼ ਵੇਖਦੇ ਹੀ ਰਹਿ ਜਾਈਦਾ ਹੈ।

ਉਂਝ ਤਾਂ ਪਿੰਡ ਸ਼ਾਂਤ ਹੁੰਦੇ ਹਨ ਪਰ ਗੁਰਵਿੰਦਰ ਨੇ ਫ਼ਿਲਮ ‘ਚ ਧੁਨੀ ਨੂੰ ਬਹੁਤ ਉੱਚਾ ਸੁਣਾਇਆ ਹੈ ਚਾਹੇ ਉਹ ਘੁੜੱਕੇ ਦੀ ਅਵਾਜ਼ ਹੋਵੇ ਜਾਂ ਕਦਮਾਂ ਦੀ ਥਾਪ ਹੋਵੇਂ ਜਾਂ ਪਾਵਾਂ ਘੜਨ ਦੀ ਅਵਾਜ਼ ਹੋਵੇ।ਹਾਂ ਮਹਿਸੂਸ ਕਰਨਾ ਹੋਵੇ ਤਾਂ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਕੁਦਰਤ ਦਾ ਹਰ ਜ਼ੱਰਾ ਬਗ਼ਾਵਤੀ ਲੱਗਦਾ ਹੈ।ਅਜਿਹਾ ਵੀ ਇੱਕ ਨਜ਼ਰੀਆ ਹੈ ਪਰ ਜਿੱਥੇ ਪੂਰੀ ਫ਼ਿਲਮ ਸੂਖ਼ਮ ਇਸ਼ਾਰੇ ਦਿੰਦੀ ਹੋਈ ਗੱਲ ਕਰ ਰਹੀ ਹੈ ਉੱਥੇ ਅਜਿਹੀ ਐਮਬੀਅਸ ਕਿਤੇ ਕਿਤੇ ਖਲਲ ਪਾਉਂਦੀ ਹੈ।

ਇੱਕ ਹੋਰ ਦ੍ਰਿਸ਼ ‘ਚ ਗੁਰਵਿੰਦਰ ਭਾਰਤੀ ਸਮਾਜ ਦੇ ਜਾਤੀ ਵਰਗੀਕਰਨ ਨੂੰ ਬਿਨਾਂ ਕਿਸੇ ਸੰਵਾਦ ਦੇ ਹੀ ਆਪਣੀ ਫਿਲਮ ‘ਚ ਪੇਸ਼ ਕਰ ਜਾਂਦਾ ਹੈ,ਜਿਸ ‘ਚ ਉਹ ਪੈਦਲ ਚਲ ਰਹੇ ਪਿੰਡ ਦੇ ਬੰਦਿਆ ਦੇ ਪੈਰਾਂ ‘ਤੇ ਕੈਮਰੇ ਨੂੰ ਕੇਂਦਰਿਤ ਕਰਦਾ ਹੈ,ਜਿਸ ‘ਚ ਪਹਿਲਾਂ ਪੈਰੀ ਚੰਗੀਆਂ ਜੁਤੀਆਂ ਪਾਈ ਹੋਏ ਲੋਕ ਹਨ,ਫਿਰ ਰਲਵੇ ਮਿਲਵੇਂ ਤੇ ਅਖੀਰ ‘ਚ ਨੰਗੇ ਪੈਰੀ ਜਾਂ ਚੱਪਲਾਂ ‘ਚ ਤੁਰ ਰਹੇ ਲੋਕਹਨ।ਭਾਰਤੀ ਸਮਾਜ ‘ਚ ਅਗੁਵਾਈ ਦਾ ਅਜਿਹਾ ਸਿਆਸੀ ਤੇ ਸਮਾਜਿਕ ਚਿਤਰਣ ਪਹਿਲਾਂ ਕਦੇ ਕਿਸੇ ਪੰਜਾਬੀ ਫਿਲਮਾਂ ‘ਚ ਨਹੀਂ ਵੇਖਿਆ ਗਿਆ।ਇੱਕ ਚਿੱਤਰਕਾਰ ਹੋਣ ਕਰਕੇ ਵੀ ਗੁਰਵਿੰਦਰ ਆਪਣੇ ਨਿਰਦੇਸ਼ਕ ‘ਚ ਅਜਿਹਾ ਕਰ ਸਕਿਆ ਹੈ।

ਮਨੁੱਖਤਾ ਕਿੰਝ ਲਹੂ ਲੁਹਾਣ ਹੋ ਰਹੀ ਹੈ ਤੇ ਇਹ ਲਹੂ ਕਿੰਝ ਸਮਾਜ ‘ਚ ਪਸਰਿਆ ਹੋਇਆ ਹੈ,ਇਸ ਨੂੰ ਪੂਰੀ ਫ਼ਿਲਮ ‘ਚ ਕਿਸੇ ਕਿਰਦਾਰ ਦੀ ਹਿੰਸਾਤਮਕ ਪ੍ਰਤੀਕਿਰਿਆ ਤੋਂ ਪੇਸ਼ ਨਹੀਂ ਕੀਤਾ।ਇਹ ਅਜਿਹਾ ਹੀ ਖੂਨ ਖਰਾਬਾ ਹੈ ਜੋ ਸਿਰਫ ਇਸ਼ਾਰਿਆਂ ਨਾਲ ਮਹਿਸੂਸ ਹੁੰਦਾ ਹੈ ਤੇ ਸਿੱਧੀ ਪ੍ਰਤੀਕਿਰਿਆ ਨਾਲੋਂ ਅੀਜਹੇ ਇਸ਼ਾਰੇ ਜ਼ਿਆਦੇ ਚੋਬ ਮਾਰਦੇ ਹਨ।

ਪਰ ਇਸ ਦਾ ਮਿਸਟੀਰਅਸ ਅੰਤ ਕਹਾਣੀ ਦੇ ਅਰਥਾਂ ਨੂੰ ਯਕਦਮ ਉਭਾਰਦਾ ਨਹੀਂ ਹੈ।ਜਿਹੜਾ ਨਜ਼ਰੀਆ ਗੁਰਦਿਆਲ ਸਿੰਘ ਆਪਣੇ ਨਾਵਲ ‘ਚ ਸਾਫ ਕਰਕੇ ਪੂਰੇ ਨਾਵਲ ‘ਚ ਸੰਬੋਧਿਤ ਹੁੰਦਾ ਹੈ ਅਜਿਹੇ ਅਰਥ ਫ਼ਿਲਮ ਦੇ ਅੰਤ ‘ਚ ਕਾਵਿਕ ਢੰਗ ਨਾਲ ਪੇਸ਼ ਹੋਏ ਹਨ।ਪੂਰੀ ਫਿਲਮ ਨੂੰ ਵੇਖਦੇ ਹੋਏ ਇਹ ਹੁਣ ਗੁਰਵਿੰਦਰ ਦੀ ਸੋਚ ਦਾ ਹੀ ਵਿਸ਼ਾ ਹੈ ਕਿ ਇਸ ਫਿਲਮ ਦਾ ਵਿਜ਼ੂਅਲੀ ਪ੍ਰਭਾਵ ਵਧੀਆ ਹੋਣ ਦੇ ਬਾਵਜੂਦ ਉਹ ਨਾਵਲ ਦੇ ਕੇਂਦਰ ਬਿੰਦੂ ਦਾ ਸਿਨੇਮਾਈ ਰੁਪਾਂਤਰਨ ਨੂੰ ਅਜਿਹਾ ਪੇਸ਼ ਕਰਦਾ ਹੈ।ਨਾਵਲ ‘ਚ ਜਿਸ ਨਜ਼ਰੀਏ ਨੂੰ ਸ਼ੁਰੂ ‘ਚ ਬਿਆਨਿਆ ਗਿਆ ਹੈ,ਉਸ ਬਾਰੇ ਗੁਰਵਿੰਦਰ ਬਿਲਕੁਲ ਕਾਵਿਕ ਹੈ।ਕਹਾਣੀ ਨੂੰ ਕਹਿਣਾ ਹੀ ਸਿਨੇਮਾ ਦਾ ਪਹਿਲਾ ਅਧਾਰ ਹੋ ਸਕਦਾ ਹੈ ਪਰ ਕਹਾਣੀ ‘ਚ ਕੀ ਹੈ ਇਸ ਨੂੰ ਉਭਾਰਨਾਂ ਵੀ ਨਿਰਦੇਸ਼ਕ ਦਾ ਇੱਕ ਹਿੱਸਾ ਹੋ ਸਕਦਾ ਹੈ।ਅਜਿਹੀਆਂ ਉਨੀ ਇੱਕੀ ਗੱਲਾਂ ‘ਚ ਇਹ ਜ਼ਰੂਰ ਹੈ ਕਿ ਫ਼ਿਲਮ ਦੀ ਆਤਮਾ ‘ਤੇ ਸ਼ੱਕ ਨਹੀਂ ਕੀਤਾ ਸਕਦਾ।ਅਖੀਰ ‘ਚ ਗੁਰਵਿੰਦਰ ਨੂੰ ਇਸ ਲਈ ਵਧਾਈ ਅਤੇ ਇਹ ਫ਼ਿਲਮ ਵੇਖਦੇ ਹੋਏ ਮੈਨੂੰ ਆਪਣੀ ਲਿਖੀ ਇੱਕ ਕਵਿਤਾ ਜ਼ਰੂਰ ਯਾਦ ਆਈ।
_____________________ਰੌਸ਼ਨ ਵਜੂਦ
ਆਖ਼ਰ ਮੈਨੂੰ ਸਮਝ ਆਈ,
ਕਿ ਵਜੂਦ ਕੀ ਹੈ।
ਸਦੀਆਂ ਤੋਂ ਦੱਬਿਆ ਹਿੱਕ ‘ਚ
ਬਾਰੂਦ ਕੀ ਹੈ।

ਇਸ ਰੂਹ ਦਾ ਹਰ ਤਿਣਕਾ,
ਗ਼ੁਲਾਮ ਸੀ ਜੋ…
ਅਜ਼ਾਦ ਕਰ ਬੈਠਾ ਹਾਂ,
ਹਰ ਖ਼ਿਆਲ ਹੁਣ।
ਪਹੁੰਚੀ ਹੈ ਪਰਵਾਜ਼,
ਵਿਹੜੇ ਦੀ ਡਿਊੜੀ,
ਪਰਛਾਂਵੇ ਨਹੀਂ ਖੱੜ੍ਹਦੇ,
ਬਣਕੇ ਸਵਾਲ ਹੁਣ।

ਸਰਪ੍ਰਸਤੀ ਦਾ ਮੁੱਦਾ,
ਜੋ ਜ਼ੁਬਾਨ ‘ਤੇ ਸੀ।
ਤ੍ਰਿਸਕਾਰ ਦੇ ਜੋ ਤੀਰ,
ਕਮਾਨ ‘ਤੇ ਸੀ।
ਸਭ ਮਿਟਾ ਦਿੱਤੇ ਮੈਂ ਜਦੋਂ,
ਲਹੂ ਸਿੰਝ ਕੇ,
ਖੁਸ਼ੀ ਹੋਈ ਜਦੋਂ ਲਗਿਆ ਪਤਾ,
ਮੈਂ ਵੀ ਜਹਾਨ ‘ਤੇ ਸੀ।

ਆਖਰ ਜਾਤਾਂ ‘ਚ ਵੰਡਿਆ
ਇਹ ਸ਼ਹਿਰ ਕਿਉਂ ਹੈ?
ਹੱਡ ਮਾਸ ਦਾ ਹੂ ਬੂ ਹੂ,
ਫਿਰ ਕਹਿਰ ਕਿਉਂ ਹੈ?
ਮੰਜ਼ਿਲਾ ਦੇ ਰਾਹ ਜੇ,
ਧੁਰ ਮਿਲਦੇ ਨੇ ਕਿਤੇ,
ਫਿਰ ਤੇਰੇ ਤੇਵਰਾਂ ‘ਚ,
ਜ਼ਹਿਰ ਕਿਉਂ ਹੈ?

ਪਾਉਂਦੇ ਹੋ ਜੋ ਵੰਡੀਆਂ,
ਤਾਂ ਸੂਝ ਕੀ ਹੈ?
ਇੱਕ ਹੋ ਜਾਤ ਮਾਨਸ ਕੀ,
ਤਾਂ ਦੂਜ ਕੀ ਹੈ?

ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਰਾਹੀ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।

ਬੇਬਾਕ ਤੇ ਫ਼ੱਕਰ ਲੇਖਕ ਸੀ 'ਗੁਰਮੇਲ ਸਰਾ'

ਗੁਰਬਾਣੀ ਦਾ ਫੁਰਮਾਨ ਹੈ, ''ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ''। ਬਹੁਤ ਸਾਰੇ ਸੱਚ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ। ਪਰ ਅਖੀਰ ਸੱਚ ਤਾਂ ਸੱਚ ਹੈ। ਅਜਿਹਾ ਹੀ ਸਮੇਂ ਦਾ ਸੱਚ ਹੈ ਕਿ ਅੱਜ 'ਗੁਰਮੇਲ ਸਰਾ' ਨੂੰ ''ਸੀ'' ਲਿਖਦਿਆਂ ਸੀਨੇ ਚੋਂ ਚੀਸ ਨਿਕਲ ਰਹੀ ਹੈ, ਪਰ ਕੀ ਕਰਾਂ ਇਹ ਤਾਂ ਵੀ ਤਾਂ ਸਮੇਂ ਦਾ ਸੱਚ ਹੈ ।

ਕਿਥੋਂ ਸ਼ੁਰੂ ਕਰਾਂ ਇਸ ਫ਼ੱਕਰ ਦੀ ਕਹਾਣੀ ਨੂੰ? ਮੇਰੇ ਜ਼ਿਹਨ 'ਚ ਉਨ੍ਹਾਂ ਦੀ ਜ਼ਿੰਦਗੀ ਦੇ ਏਨੇ ਕੁ ਕਿੱਸੇ ਭਰੇ ਪਏ ਹਨ ਕਿ ਇਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਅੱਜ ਜਦੋਂ ਉਨ੍ਹਾਂ ਦੀ ਅੰਤਿਮ ਅਰਦਾਸ ਹੈ, ਮੈਂ ਉਹ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ, ਜੋ ਮੈਂ ਉਨ੍ਹਾਂ ਨਾਲ ਗੁਜ਼ਾਰੇ ਜਾਂ ਇਹ ਕਹਾਂ ਕਿ ਜੋ ਮੇਰੇ ਭਾਗਾਂ ਵਿਚ ਆਏ।

ਗੁਰਮੇਲ ਸਰਾ ਦੇ ਆਪਣੇ ਬਾਰੇ ਸ਼ਬਦ ਸਨ ਕਿ ਉਹ ਇਕ ਅਮੀਰ ਘਰੇ ਜੰਮਿਆ ਗ਼ਰੀਬ ਇਨਸਾਨ ਹੈ। ਜੇਕਰ ਉਸ ਨੂੰ ਅੜਬ ਫ਼ੱਕਰ ਕਹਿ ਲਈਏ ਤਾਂ ਅੱਤਕਥਨੀ ਨਹੀਂ ਹੋਵੇਗੀ। ਉਹ ਬਾਬੂ ਸਿੰਘ, ਜਿਸ ਨੂੰ ਲੋਕ ਬਾਬੂ ਸਾਬ ਕਰ ਕੇ ਜਾਣਦੇ ਸਨ, ਦੇ ਤਿੰਨ ਵਿਆਹਾਂ ਚੋਂ ਹੋਏ ਦਸ ਧੀਆਂ ਪੁੱਤਰਾਂ ਵਿਚੋਂ ਇੱਕ ਸੀ। ਜਿੱਥੇ ਉਸ ਦੇ ਜ਼ਿਆਦਾਤਰ ਭੈਣ ਭਰਾ ਉੱਚ ਵਿੱਦਿਆ ਹਾਸਲ ਨਹੀਂ ਕਰ ਸਕੇ, ਉੱਥੇ ਇਸ ਇਨਸਾਨ ਨੇ ਇਕ ਪੇਂਡੂ ਏਰੀਏ ਚੋਂ ਉੱਠ ਕੇ ਨਾ ਸਿਰਫ਼ ਨਾਂ ਕਮਾਇਆ ਬਲਕਿ ਉੱਚ ਸਰਕਾਰੀ ਅਹੁਦਿਆਂ ਤੇ ਰਹਿ ਕੇ ਆਪਣੇ ਕੰਮ ਨਾਲ ਦੁਨੀਆਂ ਨੂੰ ਨਵੀਆਂ ਰਾਹਾਂ ਦਿਖਾਈਆਂ। ਉਹ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਵਿਚੋਂ ਡਿਪਟੀ ਡਾਇਰੈਕਟਰ ਵੱਜੋਂ ਰਿਟਾਇਰ ਹੋਏ।

ਆਪਣੀ ਨੌਕਰੀ ਦੌਰਾਨ ਉਹ ਵੱਖ ਵੱਖ ਅਖ਼ਬਾਰਾਂ ਨਾਲ ਜੁੜੇ ਰਹੇ। ਜਿਨ੍ਹਾਂ ਵਿਚੋਂ ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਆਦਿ ਪ੍ਰਮੁੱਖ ਹਨ। ਉਨ੍ਹਾਂ ਦੀ ਕਈ ਭਾਸ਼ਾਵਾਂ ਉੱਤੇ ਚੰਗੀ ਪਕੜ ਸੀ ਇਸੇ ਲਈ ਉਹ ਭਾਰਤ ਸਰਕਾਰ ਦੇ ਆਫ਼ੀਸ਼ੀਅਲ ਟਰਾਂਸਲੇਟਰ ਵੱਜੋ ਵੀ ਕੰਮ ਕਰਦੇ ਸਨ। ਕਲਕੱਤੇ ਤੋਂ ਛਪਣ ਵਾਲੇ ਭਾਰਤ ਦੇ ਸਭ ਤੋਂ ਪੁਰਾਣੇ ਤੇ ਵਕਾਰੀ ਅੰਗਰੇਜ਼ੀ ਅਖ਼ਬਾਰ 'ਦੀ ਸਟੇਟਸਮੈਨ' ਵਿਚ ਛਪਣ ਵਾਲੇ ਉਹ ਇੱਕੋ-ਇੱਕ ਪੰਜਾਬੀ ਲਿਖਾਰੀ ਸਨ। ਉਹ ਦੂਰਦਰਸ਼ਨ ਜਲੰਧਰ ਦੇ ਨਿਊਜ਼ ਐਡੀਟਰ ਵੀ ਰਹੇ। ਜਿਸ ਦੌਰਾਨ ਦੂਰਦਰਸ਼ਨ ਦੀਆਂ ਖ਼ਬਰਾਂ ਪ੍ਰਤੀ ਆਮ ਲੋਕਾਂ ਦੀ ਦਿਲਚਸਪੀ ਕਾਫੀ ਵੱਧ ਗਈ ਸੀ, ਕਿਉਂਕਿ ਗੁਰਮੇਲ ਸਰਾ ਨੇ ਖ਼ਬਰਾਂ ਨੂੰ ਆਮ ਇਨਸਾਨ ਦੀ ਭਾਸ਼ਾ ਦਿੱਤੀ। ਉਦਾਹਰਨ ਵਜੋਂ ਉਸ ਵਕਤ ਖ਼ਬਰਾਂ ਵਿੱਚ ਮੌਸਮ ਦੀ ਜਾਣਕਾਰੀ ਦੌਰਾਨ ਮੀਂਹ ਬਾਰੇ ਮਿਲੀਮੀਟਰਾਂ ਜਾਂ ਸੈਂਟੀਮੀਟਰਾਂ 'ਚ ਨਹੀਂ, ਬਲਕਿ ਅਸਲੀ ਜੱਟਕੀ ਭਾਸ਼ਾ ਵਿਚ ਯਾਨੀ ਕਿ ਉਂਗਲਾਂ ਵਿਚ ਦੱਸਿਆ ਜਾਂਦਾ ਸੀ ਕਿ ਕੱਲ ਨੂੰ ਫਲਾਂ ਥਾਂ ਤੇ ਚਾਰ-ਚਾਰ ਉਂਗਲਾਂ ਮੀਂਹ ਪਵੇਗਾ। ਗੁਰਮੇਲ ਬਾਈ ਦਾ ਮੰਨਣਾ ਸੀ ਕਿ ਆਮ ਜੱਟ ਨੂੰ ਮਿਲੀਮੀਟਰਾਂ ਦਾ ਕੀ ਹਿਸਾਬ?

ਰਾਣੀ ਨੂੰ ਅੱਗਾ ਢੱਕਣ ਲਈ ਕਹਿਣ ਦੀ ਜੁਰਅਤ ਰੱਖਦਾ ਸੀ ਗੁਰਮੇਲ ਸਰਾ । ਦੂਰਦਰਸ਼ਨ ਦੇ ਵਿਹੜੇ 'ਚ ਅੱਜ ਵੀ ਇਹ ਗੱਲ ਸੁਣਾਈ ਜਾਂਦੀ ਹੈ ਕਿ ਕਿਵੇਂ ਉਸ ਨੇ ਮੌਕੇ ਦੇ ਮੰਤਰੀ ਨੂੰ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਟਾਈਮ ਲੈ ਕੇ ਨਹੀਂ ਆਇਆ । ਮੰਤਰੀ ਨਾਲੋਂ ਉਹ ਆਪਣੇ ਪੇਂਡੂ ਪ੍ਰਸ਼ੰਸਕਾਂ ਨੂੰ ਮਿਲਣ ਦੀ ਤਰਜੀਹ ਦੇ ਦਿੰਦਾ ਸੀ। ਉਸ ਨੂੰ ਜਾਣਨ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਦੋਂ ਅਗਲੀ ਵਾਰ ਗੁਰਮੇਲ ਨੂੰ ਮਿਲਣਗੇ ਤਾਂ ਉਹ ਵੱਖਰੇ ਰੂਪ ਵਿਚ ਹੀ ਹੋਵੇਗਾ । ਕਦੇ ਦਾੜ੍ਹੀ ਵਧਾ, ਕਦੇ ਗੰਜ ਕਢਵਾ ਲੈਣਾ ਤੇ ਭਗਵੇਂ ਪਾ ਕੇ ਦਫਤਰ ਜਾ ਪਹੁੰਚਣਾ । ਉਹ ਜਦੋਂ ਕਦੇ ਨਵੇਂ ਥਾਂ ਜੌਬ ਸੰਭਾਲਦਾ, ਉਦੋਂ ਰਾਜਸਥਾਨੀ ਪਗੜੀ ਬੰਨ੍ਹਣੀ ਨਹੀਂ ਸੀ ਭੁਲਦਾ ।

ਉਹ ਲੇਹ ਲਦਾਖ਼ ਵਿਚ ਵੀ ਕਾਫ਼ੀ ਚਿਰ ਤਾਇਨਾਤ ਰਹੇ ਅਤੇ ਕੁਝ ਚਿਰ ਹਿਸਾਰ ਦੂਰਦਰਸ਼ਨ ਦੇ ਨਿਊਜ਼ ਐਡੀਟਰ ਵੀ ਰਹੇ। ਹੁਣ ਤੱਕ ਉਨ੍ਹਾਂ ਦੀ ਸਿਰਫ਼ ਇਕ ਕਿਤਾਬ ''ਇਹ ਕਵਿਤਾ ਨਹੀਂ'' ਨਾਂ ਹੇਠ ਛਪੀ ਹੈ ਅਤੇ ਇਕ ਕਿਤਾਬ ''ਰਾਜਸਥਾਨ ਦੀ ਗਾਥਾ'' ਅਣਛਪੀ ਹੈ। ਇਕ ਕਿਤਾਬ ਤਿਤਲੀ ਮੇਰੇ ਕੋਲ ਛਪਣ ਲਈ ਤਿਆਰ ਪਈ ਹੈ। ਉਨ੍ਹਾਂ ਦੀ ਇਕ ਰਚਨਾ ''ਮੁੜ ਮੁੜ ਵਾਜਾ ਮਾਰੇ, ਮੈਨੂੰ ਮਿੱਟੀ ਰਾਜਸਥਾਨ ਦੀ'' ਰਾਜਸਥਾਨ ਦੇ ਸਕੂਲ ਸਿਲੇਬਸ ਵਿਚ ਪੜ੍ਹਾਈ ਜਾਂਦੀ ਹੈ। ਹੋਰ ਵੀ ਬਹੁਤ ਸਾਰੀਆਂ ਲਿਖਤਾਂ ਅਣਛਪੀਆਂ ਪਈਆਂ ਹਨ। ਜਿਸ ਦਾ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼ਰਾਬ 'ਚ ਡੁੱਬੋ ਲਿਆ ਸੀ ਤੇ ਬੱਸ ਇਕ ਹੀ ਗੱਲ ਕਹਿੰਦੇ ਸੀ ਕਿ ''ਨਹੀਂ ਮੈਂ ਨਹੀਂ ਕੁਝ ਛਪਵਾਉਣਾ''। ਸ਼ਾਇਦ ਕਾਫ਼ੀ ਡੂੰਘੀ ਸੱਟ ਲੱਗੀ ਸੀ ਉਨ੍ਹਾਂ ਦੇ ਦਿਲ 'ਤੇ, ਜਿਸ ਨਾਲ ਉਨ੍ਹਾਂ ਆਪਣੀ ਜ਼ਿੰਦਗੀ 'ਚ ਸ਼ਰਾਬ ਨੂੰ ਸਾਥੀ ਬਣਾ ਲਿਆ ਸੀ।

ਹੁਣ ਮੇਰੀ ਤੇ ਗੁਰਮੇਲ ਸਰਾ ਦੀ ਸਾਂਝ ਦੀ ਗੱਲ; ਗੁਰਮੇਲ ਸਰਾ ਮੇਰੇ ਪਿੰਡ ਦੇਸੂ ਮਲਕਾਣੇ ਦੇ ਗੁਆਂਢੀ ਪਿੰਡ ਕਾਲਾਂਵਾਲੀ ਦਾ ਰਹਿਣ ਵਾਲਾ ਸੀ ਤੇ ਸਾਡੇ ਖੇਤ ਵੀ ਕੋਲੋਂ ਕੋਲ ਸਨ। ਗੁਰਮੇਲ ਬਾਈ ਮੇਰੀ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਦਾ ਪਿੰਡੋਂ ਬਾਹਰ ਰਹਿੰਦਾ ਸੀ। ਗਿਆਰਾਂ ਕੁ ਸਾਲ ਦੀ ਉਮਰੇ 1980 'ਚ ਅਸੀਂ ਵੀ ਪਿੰਡ ਛੱਡ ਕੇ ਮੰਡੀ ਕਾਲਾਂਵਾਲੀ ਰਹਿਣ ਲੱਗ ਪਏ। ਹੌਲੀ-ਹੌਲੀ ਜਿਵੇਂ ਜਿਵੇਂ ਸਾਹਿਤਕ ਸੋਚ ਆਉਂਦੀ ਗਈ ਤਾਂ ਇਹ ਗੱਲਾਂ ਕੰਨੀਂ ਪੈਣ ਲੱਗ ਪਈਆਂ ਕਿ ਬਾਬੂ ਸਾਬ ਦਾ ਇਕ ਮੁੰਡਾ ਲਿਖਾਰੀ ਤੇ ਅਫ਼ਸਰ ਹੈ। ਜਦੋਂ ਕਦੇ ਖੇਤ ਨੂੰ ਜਾਂਦੇ ਤਾਂ ਬਾਬਾ ਨੂੰਨੀਆਂ ਪੀਰ ਦੀ ਸਮਾਧ ਕੋਲ ਬਾਬੂ ਸਾਬ ਜਾਂ ਉਸਦਾ ਕੋਈ ਨਾ ਕੋਈ ਮੁੰਡਾ ਮਿਲ ਪੈਂਦਾ। ਉਦੋਂ ਅੱਜ ਵਰਗਾ ਤੇਜ਼-ਤਰਾਰ ਜ਼ਮਾਨਾ ਨਾ ਹੋਣ ਕਾਰਨ ਕਈ ਬਾਰ ਦਿਲ ਕਰਦਾ ਕਿ ਬਾਈ ਗੁਰਮੇਲ ਬਾਰੇ ਹੋਰ ਜਾਣਿਆ ਜਾਵੇ । ਅਚਾਨਕ ਇਕ ਦਿਨ ਕਾਲਾਂਵਾਲੀ ਪਿੰਡ ਦੇ 'ਕੌਰੇ ਵੈਲੀ' ਨੇ ਥਾਣੇਦਾਰ ਉੱਤੇ ਗੋਲੀ ਚਲਾ ਦਿੱਤੀ ਤੇ ਕੁਝ ਹੀ ਦਿਨਾਂ ਮਗਰੋਂ ਮੈਂ ਪੰਜਾਬੀ ਟ੍ਰਿਬਿਊਨ 'ਚ 'ਕੌਰੇ ਵੈਲੀ' ਉੱਤੇ ਇਕ ਲੇਖ ਦੇਖਿਆ। ਲੇਖ ਦੀ ਬੇਬਾਕ ਭਾਸ਼ਾ ਦੇਖ ਕੇ ਜਦੋਂ ਲਿਖਾਰੀ ਬਾਰੇ ਜਾਣਨਾ ਚਾਹਿਆ ਤਾਂ ਉੱਥੇ ਗੁਰਮੇਲ ਸਰਾ ਦਾ ਨਾਂ ਪੜ੍ਹ ਕੇ ਦਿਲ ਬਾਗੋ ਬਾਗ਼ ਹੋ ਗਿਆ। ਉਸੇ ਦਿਨ ਤੋਂ ਹੀ ਮੇਰੇ ਮਨ ਅੰਦਰ ਇਕ ਚਾਹਤ ਜਿਹੀ ਜਾਗ ਪਈ ਕਿ 'ਮਿੰਟੂ ਬਰਾੜਾ' ਜੇ ਲਿਖਣ ਬਾਰੇ ਕੁਝ ਸਿੱਖਣਾ ਚਾਹੁੰਦਾ ਹੈਂ ਤਾਂ ਇਸ ਇਨਸਾਨ ਨੂੰ ਗੁਰੂ ਧਾਰ ਲੈ।

ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਵੀ ਢੰਗ ਨਾਲ ਮੇਰਾ ਗੁਰਮੇਲ ਬਾਈ ਨਾਲ ਮੇਲ ਨਾ ਹੋ ਸਕਿਆ। ਬੱਸ ਉਨ੍ਹਾਂ ਬਾਰੇ ਹਰ ਰੋਜ਼ ਨਵੇਂ ਨਵੇਂ ਕਿੱਸੇ ਬਾਈ ਭੁਪਿੰਦਰ ਪੰਨੀਵਾਲੀਆ ਕੋਲੋਂ ਸੁਣਦਾ ਰਿਹਾ। ਕਿਉਂਕਿ ਪੰਨੀਵਾਲੀਆ ਬਾਈ ਨੂੰ ਕੁਝ ਸਮਾਂ ਉਨ੍ਹਾਂ ਨਾਲ ਅਖ਼ਬਾਰ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਬਾਈ ਭੁਪਿੰਦਰ ਦੀਆਂ ਗੱਲਾਂ ਸੁਣ ਸੁਣ ਕੇ ਇਹੋ ਜਿਹੇ ਫ਼ੱਕਰ ਨੂੰ ਮਿਲਣ ਲਈ ਦਿਲ ਹੋਰ ਉਤਸੁਕ ਹੋ ਗਿਆ।

ਜੱਦੋ ਬਾਈ ਗੁਰਮੇਲ ਬਠਿੰਡੇ ਰਹਿੰਦਾ ਸੀ ਤਾਂ ਇਕ ਦਿਨ ਮੈਂ ਤੇ ਮੇਰਾ ਭੂਆ ਦਾ ਪੁੱਤ ਘੱਟ ਤੇ ਜੁੰਡੀ ਦਾ ਯਾਰ ਜ਼ਿਆਦਾ ਕਸ਼ਮੀਰ ਸਰਾ ਕਿਸੇ ਕੰਮ ਗੁਰਮੇਲ ਬਾਈ ਦੇ ਘਰ ਗਏ। ਆਪਣੇ ਦਿਲੋਂ ਮੰਨੇ ਇਸ ਗੁਰੂ ਨੂੰ ਮਿਲਣ ਦਾ ਅੰਦਰੋਂ ਅੰਦਰੀਂ ਬੜਾ ਚਾਅ ਜਿਹਾ ਸੀ । ਪਰ ਜਦੋਂ ਅਸੀਂ ਉਨ੍ਹਾਂ ਦੀ ਕੋਠੀ ਦੀ ਘੰਟੀ ਖੜਕਾਈ ਤਾਂ ਇਕ ਨੌਕਰ ਬਾਹਰ ਆ ਕੇ ਸਾਡੇ ਕੋਲੋਂ ਸੁਨੇਹਾ ਲੈ ਗਿਆ ਤੇ ਕਹਿੰਦਾ ਕੋਈ ਘਰ ਨਹੀਂ, ਜਦੋਂ ਆਏ ਤਾਂ ਦੱਸ ਦੇਵਾਂਗਾ। ਉਸ ਦਿਨ ਤੋਂ ਬਾਅਦ ਜ਼ਿੰਦਗੀ ਓਵੇਂ ਹੀ ਚਲਦੀ ਰਹੀ ਤੇ ਮੇਰਾ ਧੁਰ ਅੰਦਰੋਂ ਧਾਰੇ ਗੁਰੂ 'ਗੁਰਮੇਲ' ਨਾਲ ਮੇਲ ਨਾ ਹੋ ਸਕਿਆ।

ਸੰਨ 2000 ਚੜ੍ਹਦੇ ਚੜ੍ਹਦੇ ਨੈੱਟ ਦਾ ਜ਼ਮਾਨਾ ਆ ਗਿਆ। ਇਸ ਆਧੁਨਿਕਤਾ ਨੇ ਚਿਰਾਂ ਤੋਂ ਮਿਲਣ ਦੀ ਤਾਂਘ ਨੂੰ ਖ਼ਤਮ ਕਰ ਦਿੱਤਾ ਜਦੋਂ ਮੇਰੀ ਲਿਖੀ ਇਕ ਕਵਿਤਾ ਪੜ੍ਹ ਕੇ ਇਕ ਈ-ਮੇਲ ਆਈ ਕਿ ''ਇਹ ਕੀ ਕਮਲ ਜਿਹਾ ਮਾਰੀ ਜਾਂਦੈਂ ਕਾਕਾ'' ? ਤੇ ਨਾਲ ਹੀ ਉਨ੍ਹਾਂ ਮੈਨੂੰ ਲਿਖਿਆ ਕਿ ਤੂੰ ਬਾਗ਼ ਵਾਲੇ ਸੁਰਜੀਤ ਸਿੰਘ ਕੇ ਲਾਣੇ 'ਚੋਂ ਲਗਦੈਂ । ਉਸ ਈ-ਮੇਲ ਦਾ ਸਿਰਨਾਵਾਂ ਕਾਲਾਂਵਾਲੀ ਐਟ ਜੀ ਮੇਲ ਡਾਟ ਕੌਮ ਸੀ, ਜਿਸ ਤੋਂ ਲਿਖਣ ਵਾਲੇ ਬਾਰੇ ਕੋਈ ਪਤਾ ਨਹੀਂ ਚੱਲ ਰਿਹਾ ਸੀ। ਬੱਸ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਹੈ ਤਾਂ ਕੋਈ ਸਾਹਿਤਕ ਅਤੇ ਮੇਰੇ ਤੋਂ ਵੱਡੀ ਉਮਰ ਦਾ,ਪਰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਹੈ ਕੌਣ?

ਮੈਂ ਈ-ਮੇਲ ਦਾ ਜਵਾਬ ਲਿਖਿਆ ਕਿ ''ਜੀ ਹਾਂ ! ਮੈਂ ਰਘਬੀਰ ਸਿੰਘ ਦਾ ਪੁੱਤਰ ਤੇ ਸੁਰਜੀਤ ਸਿੰਘ ਬਾਗ਼ ਵਾਲਿਆਂ ਦਾ ਪੋਤਾ ਹਾਂ ।ਅਸਲ 'ਚ ਮੈਂ ਕਵਿਤਾ ਨਹੀਂ ਲਿਖਦਾ ਮੈਂ ਤਾਂ ਵਾਰਤਕ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਤਾਂ ਐਵੇਂ ਦਿਲ ਦੀ ਭੜਾਸ ਜਿਹੀ ਸੀ, ਜੋ ਕੱਢ ਲਈ ਤੇ ਇੱਕ ਦੋ ਨੇ ਛਾਪ ਦਿੱਤੀ''।

ਮੂਹਰੋਂ ਜਵਾਬ ਆਇਆ ਕਿ ''ਤੇਰੇ ਗੁਰੂ ਨੇ ਸਿਖਾਇਆ ਨਹੀਂ ਕਿ ਕਵਿਤਾ ਕੀ ਹੁੰਦੀ ਹੈ'' ?

ਮੇਰੀ ਸ਼ਸੋਪੰਜ ਵੱਧ ਗਈ ਕਿ ਇਹ ਕੀ ਚੀਜ਼ ਹੈ, ਜੋ ਇੰਝ ਕਹਿ ਰਿਹਾ ਹੈ । ਪਰ ਮੇਰੀ ਜੁਰਅਤ ਨਾ ਪਵੇ ਕਿ ਮੈਂ ਪੁੱਛ ਲਵਾਂ ਕਿ ਤੁਸੀਂ ਕੌਣ ਹੋ ਜੀ,ਇਸ ਤਰਾਂ ਕਹਿਣ ਵਾਲੇ? ਪਰ ਜਦੋਂ ਉਨ੍ਹਾਂ ਗੁਰੂ ਵਾਲੀ ਰਗ ਤੇ ਹੱਥ ਧਰਿਆ ਤਾਂ ਮੈਂ ਕਿਹਾ, ''ਜੀ ! ਮੇਰਾ ਗੁਰੂ ਤਾਂ ਮਾੜਾ ਨਹੀਂ ਹੈ ਜੀ ਪਰ ਬੱਸ ਹਾਲੇ ਤੱਕ ਮੇਰੀ ਆਵਾਜ਼ ਮੇਰੇ ਗੁਰੂ ਤੱਕ ਪਹੁੰਚੀ ਨਹੀਂ। ਜਦੋਂ ਪਹੁੰਚ ਗਈ ਉਦੋਂ ਸ਼ਾਇਦ ਤੁਹਾਡੇ ਮੇਰੀ ਲੇਖਣੀ ਪ੍ਰਤੀ ਇਹੋ ਜਿਹੇ ਗਿਲੇ ਨਾ ਹੋਣ''।

''ਯਾਰ! ਇਹੋ ਜਿਹਾ ਤੇਰਾ ਗੁਰੂ ਹੋਣਾ, ਜੋ ਤੇਰੀ ਆਵਾਜ਼ ਹੀ ਨਹੀਂ ਸੁਣਦਾ''।

''ਨਹੀਂ ਜੀ ! ਮੇਰੇ ਗੁਰੂ ਦਾ ਕੋਈ ਕਸੂਰ ਨਹੀਂ, ਕਸੂਰ ਤਾਂ ਮੇਰਾ ਹੀ ਹੈ। ਮੈਂ ਬੱਸ ਅੰਦਰੋਂ ਹੀ ਗੁਰੂ ਧਾਰੀ ਬੈਠਾ, ਕਦੇ ਗੁਰੂ ਕੋਲ ਗਿਆ ਨਹੀਂ ।''

''ਕਾਕਾ ਕਲਯੁਗ 'ਚ ਕਿਹੋ ਜਿਹੀਆਂ ਗੱਲਾਂ ਕਰ ਰਿਹਾ ? ਹੁਣ ਨਾ ਤਾਂ ਉਹੋ ਜਿਹੇ ਗੁਰੂ ਹਨ ਤੇ ਨਾ ਉਹੋ ਜਿਹੇ ਚੇਲੇ ਜਿਹੜੇ ਦਿਲ ਦੀਆਂ ਗੱਲਾਂ ਸਮਝ ਲੈਣ। ਚੱਲ ਛੱਡ ! ਤੇਰਾ ਗੁਰੂ ਤਾਂ ਜਦੋਂ ਕੁਝ ਤੈਨੂੰ ਦੱਸੂ ਦੇਖੀ ਜਾਊ । ਮੈਂ ਤੇਰੀ ਇਹ ਕਵਿਤਾ ਸੋਧ ਕੇ ਭੇਜਦਾ, ਫੇਰ ਦੱਸੀ ਕਿ ਕਿਵੇਂ ਲੱਗੀ''।

ਥੋੜੇ ਜਿਹੇ ਚਿਰ ਪਿੱਛੋਂ ਮੇਰੀ ਕਵਿਤਾ ਦਾ ਨਵਾਂ ਅਵਤਾਰ ਮੇਰੇ ਸਾਹਮਣੇ ਸੀ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸ ਇਨਸਾਨ ਨੇ ਬਿਨਾਂ ਕੋਈ ਮਤਲਬ ਬਦਲੇ ਮੇਰੀ ਗੱਲ ਮੇਰੇ ਨਾਲੋਂ ਅੱਧੇ ਸ਼ਬਦਾਂ 'ਚ ਪਰੋ ਕੇ ਕਵਿਤਾ ਨੂੰ ਤਰਾਸ਼ ਦਿਤਾ ਸੀ। ਨਾਲ ਹੀ ਬੜੀ ਠੇਠ ਭਾਸ਼ਾ 'ਚ ਲਿਖਿਆ ਸੀ, ''ਕਿਉਂ? ਹੁਣ ਮੰਨਦਾ ਸਾਨੂੰ ਗੁਰੂ'' ?

ਮੈਂ ਧੰਨਵਾਦ ਕੀਤਾ ਤੇ ਕਿਹਾ ''ਬਿਲਕੁਲ ਜੀ ! ਤੁਸੀਂ ਗੁਰੂ ਬਣਨ ਦੇ ਕਾਬਿਲ ਹੋ, ਪਰ ਇਕ ਬਾਰ ਮੈਂ ਆਪਣੇ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ । ਜੇ ਉਨ੍ਹਾਂ ਮੈਨੂੰ ਨਾ ਅਪਣਾਇਆ ਤਾਂ ਤੁਹਾਨੂੰ ਗੁਰੂ ਮੰਨ ਲਵਾਂਗਾ''।

''ਇਹੋ ਜਿਹਾ ਕਿਹੜਾ ਤੇਰਾ ਗੁਰੂ ਹੈ । ਕੀ ਪਤਾ ਮੈਂ ਜਾਣਦਾ ਹੀ ਹੋਵਾਂ ਤੇਰੇ ਗੁਰੂ ਨੂੰ''!

''ਜੀ ਉਨ੍ਹਾਂ ਦਾ ਨਾਂ ਬਾਈ ਗੁਰਮੇਲ ਸਰਾ ਹੈ''।

''ਅੱਛਾ ਅੱਛਾ ਤੇਰਾ ਫ਼ੋਨ ਨੰਬਰ ਕੀ ਹੈ''? ਏਨਾ ਸੁਣ ਕੇ ਉਨ੍ਹਾਂ ਕਿਹਾ ।

ਮੈਂ ਹਾਲੇ ਆਪਣਾ ਨੰਬਰ ਉਨ੍ਹਾਂ ਨੂੰ ਘੱਲਿਆ ਹੀ ਸੀ ਕਿ ਮੇਰੇ ਕੋਲ ਪਿਆ ਫ਼ੋਨ ਵੱਜ ਉਠਿਆ। ਸੋਚਿਆ ਕਿਸੇ ਗੈਸ ਲੈਣ ਵਾਲੇ ਦਾ ਹੋਵੇਗਾ। ਪਰ ਜਦ ਮੈਂ ਦੇਖਿਆ ਕਿ ਲੰਮੀ ਘੰਟੀ ਵੱਜਦੀ ਹੈ ਜ਼ਰੂਰ ਕੋਈ ਬਾਹਰ ਦਾ ਫ਼ੋਨ ਹੋਣਾ। ਜਦੋਂ ਮੈਂ ਫ਼ੋਨ ਚੁੱਕਿਆ ਤਾਂ ਮੂਹਰੋਂ ਠੇਠ ਪੇਂਡੂ ਭਾਸ਼ਾ 'ਚ ਬੋਲਣ ਵਾਲਾ ਕਹਿੰਦਾ ''ਕਿੱਦਾਂ ਬੱਚਾ''?

ਮੇਰੇ ਗਲ ਸਮਝ ਨਹੀਂ ਆਈ, ਮੈਂ ਕਿਹਾ ''ਕੌਣ ਬੋਲਦੇ ਹੋ ਜੀ'' ?

ਤਾਂ ਕਹਿੰਦੇ ''ਬੱਚਾ ਤੇਰਾ ਗੁਰੂ ਬੋਲਦਾਂ'' ਤੇ ਨਾਲ ਹੀ ਖਚਰੀ ਜਿਹੀ ਹਾਸੀ ਹੱਸਣ ਲੱਗ ਪਿਆ। ਮੇਰੇ ਕੁਝ ਕੁ ਤਾਂ ਗੱਲ ਸਮਝ ਆ ਗਈ ਪਰ ਯਕੀਨ ਨਹੀਂ ਸੀ ਹੋ ਰਿਹਾ। ਕਦੇ ਲੱਗੇ ਕਿ ਉਸ ਈ-ਮੇਲ ਵਾਲੇ ਬੰਦੇ ਨੇ ਮੇਰਾ ਨੰਬਰ ਬਾਈ ਨੂੰ ਦੇ ਦਿੱਤਾ ਤੇ ਮੇਰਾ ਸੁਨੇਹਾ ਵੀ। ਕਦੇ ਲੱਗੇ ਹੋਰ'ਕਾਲਾਂਵਾਲੀ' ਲਿਖਣ ਵਾਲਾ ਬੰਦਾ ਕੌਣ ਹੋ ਸਕਦਾ, ਜੋ ਮੈਨੂੰ ਈ-ਮੇਲ ਕਰ ਰਿਹਾ ਸੀ! ਪਰ ਅਖੀਰ ਜਦੋਂ ਸਾਰੀ ਗੱਲ ਤੋਂ ਪਰਦਾ ਲਹਿ ਗਿਆ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬਾਈ ਗੁਰਮੇਲ ਦੇ ਕਿੱਸੇ ਸੁਣ-ਸੁਣ ਕੇ ਮੇਰੇ ਮਨ 'ਚ ਇਕ ਡਰ ਜਿਹਾ ਬੈਠਿਆ ਪਿਆ ਸੀ ਕਿ ਪਤਾ ਨਹੀਂ ਕਿੰਨਾ ਕੁ ਅੜਬ ਬੰਦਾ ਹੋਣਾ! ਪਰ ਜਦੋਂ ਉਨ੍ਹਾਂ ਨਾਲ ਗੱਲ ਹੋਈ ਤਾਂ ਯਕੀਨ ਨਾ ਆਵੇ ਕਿ ਇਕ ਏਡਾ ਉੱਚ ਅਧਿਕਾਰੀ ਇੰਨਾ ਸਾਦ-ਮੁਰਾਦਾ ਵੀ ਹੋ ਸਕਦਾ ਹੈ ।

ਗੱਲ ਅੱਗੇ ਤੋਰਦੇ ਹੀ, ਬੱਸ ਜੀ ਫੇਰ ਕੀ ਸੀ ਬਾਈ ਨੇ ਪੰਗਾ ਲੈ ਲਿਆ ਮੈਨੂੰ ਚੇਲਾ ਧਾਰ ਕੇ। ਉਦੋਂ ਹਾਲੇ ਯਾਹੂ ਦਾ ਜ਼ਮਾਨਾ ਸੀ । ਜਦੋਂ ਬਾਈ ਨੇ ਆਨਲਾਈਨ ਹੋਣਾ ਤੇ ਆਪਾਂ ਚੰਬੜ ਜਾਣਾ ਜੋਕ ਵਾਂਗ। ਕਦੇ ਕਦੇ ਅੱਕ ਕੇ ਜੇ ਮੈਨੂੰ ਲਾਹ ਕੇ ਮਾਰਨਾ ਪਰ ਫੇਰ ਆਪ ਹੀ ਬੁਲਾ ਲੈਣਾ ''ਲੈ ਹੁਣ ਦੱਸ ! ਉਦੋਂ ਬੀੜੀ ਬੱਤੀ ਨਹੀਂ ਪੀਤੀ ਸੀ''। ਮੈਂ ਬੜਾ ਹੈਰਾਨ ਹੋਣਾ ਕਿ ਬਾਈ ਇਸ ਮੁਕਾਮ ਤੇ ਪਹੁੰਚ ਕੇ ਬੀੜੀ ਥੋੜਾ ਪੀਂਦਾ ਹੋਣਾ! ਇਹ ਤਾਂ ਐਵੇਂ ਮੈਨੂੰ ਮਜ਼ਾਕ ਕਰਦੇ ਹੋਣੇ ਨੇ! ਫੇਰ ਔਰਕੁਟ ਦੇ ਜ਼ਮਾਨੇ ਦੀ ਗੱਲ ਸੁਣ ਲਵੋ, ਇਕ ਦਿਨ ਉਹ ਮੇਰੇ ਨਾਲ ਚੈਟ ਕਰ ਰਹੇ ਸਨ ਤਾਂ ਬ੍ਰਿਸਬੇਨ ਤੋਂ ਮੇਰੇ ਇਕ ਮਿੱਤਰ 'ਅਰਵਿੰਦਰ ਸਰਾ' ਦਾ ਫੋਨ ਆਇਆ । ਉਹ ਕਹਿੰਦਾ ''ਵੀਰ ਜੀ ! ਆਹ ਗੁਰਮੇਲ ਸਰਾ ਕੀ ਚੀਜ਼ ਹੈ''? ਮੈਂ ਪੁੱਛਿਆ ਕਿ ਕੀ ਹੋ ਗਿਆ? ਕਹਿੰਦਾ ''ਦੇਖਣ 'ਚ ਤਾਂ ਦੇਸੀ ਜਿਹਾ ਲਗਦਾ ਪਰ ਜਦੋਂ ਕਦੇ ਉਸ ਦੀਆਂ ਗੱਲਾਂ ਪੜ੍ਹਨੀਆਂ ਹੋਣ ਤਾਂ ਕੋਲ ਡਿਕਸ਼ਨਰੀ ਰੱਖਣੀ ਪੈਂਦੀ ਹੈ'' ।

ਸਮਾਂ ਲੰਘਦਾ ਗਿਆ ਗੁਰੂ ਨਾਲ ਮੇਲ ਹੋ ਕੇ ਵੀ ਹਾਲੇ 'ਗੁਰਮੇਲ' ਨੂੰ ਮਿਲ ਨਹੀਂ ਸੀ ਸਕਿਆ। ਜਦੋਂ ਵੀ ਮਿਲਣ ਦੀ ਕੋਸ਼ਿਸ਼ ਕਰਨੀ ਕੋਈ ਨਾ ਕੋਈ ਮਜ਼ਬੂਰੀ ਹੋ ਜਾਣੀ । ਕਦੇ ਬਾਈ ਨੂੰ ਵਿਹਲ ਨਹੀਂ ਤੇ ਕਦੇ ਮੈਂ ਉਲਝ ਜਾਣਾ। ਪਰ ਸਾਡਾ ਫੋਨੀਂ ਰਾਬਤਾ ਹਰ ਰੋਜ਼ ਕਿਸੇ ਨਾ ਕਿਸੇ ਗੱਲ ਤੇ ਹੋ ਹੀ ਜਾਂਦਾ ਸੀ। ਮੈਂ ਬਾਈ ਦੀ ਯਾਦਦਾਸ਼ਤ, ਆਪਣੇ ਪਿੰਡ ਅਤੇ ਆਪਣੀ ਮਿੱਟੀ ਪ੍ਰਤੀ ਮੋਹ ਤੋਂ ਬੜਾ ਹੈਰਾਨ ਸੀ। ਇਕ ਦਿਨ ਮੈਂ ਆਪਣੀ ਬਚਪਨ ਦੀ ਇਕ ਫ਼ੋਟੋ ਸ਼ੇਅਰ ਕੀਤੀ ਤਾਂ ਬਾਈ ਕਹਿੰਦੇ ਕਿ ''ਇਹ ਤਾਂ ਮਾਖੇ ਵਾਲੀ ਨਹਿਰ 'ਤੇ ਖਿੱਚੀ ਲਗਦੀ ਹੈ''। ਮੈਂ ਹੈਰਾਨ ਸੀ ਕਿ ਇਹ ਵੀਹ ਵਰ੍ਹੇ ਪੁਰਾਣੀ ਫ਼ੋਟੋ ਬਾਈ ਨੇ ਕਿਵੇਂ ਪਛਾਣ ਲਈ, ਜੋ ਸੱਚੀ ਮੇਰੇ ਤਾਏ ਦੇ ਪੁੱਤ ਦੇ ਵਿਆਹ 'ਚ ਮਾਖੇ ਪਿੰਡ 'ਚ ਹੀ ਖਿੱਚੀ ਸੀ। ਉਹ ਅਕਸਰ ਹੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਉਹ ਇਕ ਵੀ ਦਰਖ਼ਤ ਨਹੀਂ ਭੁੱਲਿਆ ਹਾਲੇ, ਦਰਖ਼ਤ ਦੀ ਫ਼ੋਟੋ ਦੇਖ ਕੇ ਦੱਸ ਦੇਵਾਂਗਾ ਕਿ ਇਹ ਸਾਡੇ ਕੱਸੀ ਵਾਲੇ ਰਾਹ ਦਾ ਜਾਂ ਕਿਤੇ ਹੋਰ ਥਾਂ ਦਾ।

ਉਹ ਦੇ ਫੱਕਰਪੁਣੇ ਦੀ ਸੁਣ ਲਵੋ; ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਬੈਠੇ ਇਸ ਇਨਸਾਨ ਨੂੰ ਜੇ ਕਦੇ ਫੋਨ ਕਰਦੇ ਤਾਂ ਮੂਹਰੋਂ ਕਹਿੰਦਾ ''ਫੇਰ ਕਰੀਂ ਯਾਰ ! ਹੁਣ ਤਾਂ ਸੀਪ ਦੀ ਬਾਜੀ ਅੜੀ ਪਈ ਹੈ'' । ਪੁੱਛਣ ਤੋਂ ਪਤਾ ਲਗਦਾ ਕਿ ਬਾਈ ਆਪਣੇ ਦਫਤਰ ਦੇ ਬਾਹਰ ਫੁੱਟਪਾਥ ਤੇ ਕੁਝ ਲੇਬਰ ਵਾਲਿਆਂ ਬੰਦਿਆਂ ਦੇ ਸਿਰ ਤੇ ਖੜ੍ਹਾ ਤਾਸ਼ ਦੀ ਬਾਜ਼ੀ ਦੇ ਨਜ਼ਾਰੇ ਲੈ ਰਿਹਾ । ਉਹ ਨਾ ਤਾਂ ਕਪੜੇ-ਲੀੜੇ ਹੀ ਇਹੋ ਜਿਹੇ ਪਾਉਂਦਾ ਸੀ ਤੇ ਨਾ ਹੀ ਬੋਲਣ ਲੱਗਾ ਅੱਗਾ ਪਿੱਛਾ ਦੇਖਦਾ ਸੀ, ਜਿਸ ਨਾਲ ਕਿਸੇ ਨੂੰ ਪਤਾ ਲੱਗ ਸਕੇ ਕਿ ਇਹ ਤਿੰਨ ਰਾਜਾਂ ਦੇ ਉਤੇ ਲੱਗਾ ਅਫਸਰ ਹੈ ।

ਕਿਸਮਤ ਮੈਨੂੰ ਵਿਦੇਸ਼ ਲੈ ਆਈ ਪਰ ਗੁਰੂ ਚੇਲੇ ਵਾਲਾ ਸਾਥ ਓਵੇਂ ਹੀ ਕਾਇਮ ਰਿਹਾ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਕ ਵਾਇਨਰੀ 'ਚ ਜੌਬ ਕਰ ਰਿਹਾ ਹਾਂ ਤਾਂ ਮੈਨੂੰ ਕਹਿੰਦੇ ''ਬੱਸ ਜਦੋਂ ਆਇਆ ਗੁਰੂ ਦੱਛਣਾ 'ਚ ਦੋ ਵਾਈਨ ਦੀਆਂ ਬੋਤਲਾਂ ਲੈ ਆਈਂ''। ਮੈਂ ਇੰਡੀਆ ਜਾਣ ਲੱਗੇ ਨੇ ਸਿਰੇ ਦੀ ਵਾਈਨ ਖ਼ਰੀਦੀ ਪਰ ਕਿਸੇ ਕਾਰਨਾਂ ਕਰ ਕੇ ਉਹ ਇੰਡੀਆ ਨਾ ਪਹੁੰਚ ਸਕੀ। ਪਰ ਗੁਰੂ ਨਾਲ ਵਾਅਦਾ ਕੀਤਾ ਸੀ ਕਿ ਰਿਵਰਲੈਂਡ ਦੀ ਵਾਈਨ ਲਿਆ ਕੇ ਦੇਵਾਂਗਾ। ਕਈ ਜੁਗਾੜ ਲਾਉਣ ਦੀ ਕੋਸ਼ਿਸ਼ ਕੀਤੀ, ਕੋਈ ਹੱਲ ਨਹੀਂ ਹੋਇਆ। ਮੈਨੂੰ ਪਤਾ ਸੀ ਮੇਰੇ ਗੁਰੂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਕਿਵੇਂ ਨਾ ਕਿਵੇਂ ਚੰਡੀਗੜ੍ਹ ਤੋਂ ਰਿਵਰਲੈਂਡ ਦੀ ਵਾਈਨ ਮਿਲ ਗਈ। ਮੈਂ ਦੋ ਬੋਤਲਾਂ ਲੈ ਕੇ ਜਦੋਂ ਗੁਰੂ ਕੋਲ ਪਹੁੰਚਿਆ ਤਾਂ ਘਰ ਦੀਆਂ ਨੇ ਦੱਸਿਆ ਕਿ ਦਿਨ ਰਾਤ ਸ਼ਰਾਬ ਪੀ ਪੀ ਕੇ ਉਨ੍ਹਾਂ ਦੀ ਹਾਲਾਤ ਬਹੁਤ ਖ਼ਰਾਬ ਹੈ। ਡਾਕਟਰ ਕਹਿੰਦਾ ਸ਼ਰਾਬ ਇਹਨਾਂ ਲਈ ਜ਼ਹਿਰ ਹੈ। ਮੈਨੂੰ ਸਮਝ ਨਾ ਆਵੇ ਕਿ ਮੈਂ ਇਸ ਹਾਲਤ 'ਚ ਆਪਣੇ ਗੁਰੂ ਨੂੰ ਉਨ੍ਹਾਂ ਦੀ ਮੌਤ ਦਾ ਸਮਾਨ ਕਿਵੇਂ ਭੇਂਟ ਕਰਾਂ ਤੇ ਕਿਵੇਂ ਆਪਣੇ ਕੀਤੇ ਵਾਅਦੇ ਤੋਂ ਮੁੱਕਰਾਂ! ਜ਼ਿੰਦਗੀ 'ਚ ਪਹਿਲੀ ਵਾਰ ਧਰਮ ਸੰਕਟ ਵਿਚ ਫਸਣ ਦਾ ਸੁਆਦ ਚਖਿਆ।

ਚਲੋ ਜੀ! ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਜਦੋਂ ਮੇਰੇ ਆਉਣ ਬਾਰੇ ਦੱਸਿਆ ਤਾਂ ਉਹ ਉੱਠ ਕੇ ਬਹਿ ਗਏ। ਬਹੁਤ ਰੋਏ ਤੇ ਨਾਲ ਨਾਲ ਕਾਗ਼ਜ਼ਾਂ ਦੇ ਭਰੇ ਲਿਫ਼ਾਫ਼ਿਆਂ ਵਿਚੋਂ ਕਾਗ਼ਜ਼ ਕੱਢ-ਕੱਢ ਕੇ ਆਪਣੀਆਂ ਰਚਨਾਵਾਂ ਸੁਣਾਉਂਦੇ ਰਹੇ। ਇਹੋ ਜਿਹੇ ਹਾਲਾਤ ਵਿਚ ਵੀ ਉਹ ਮੈਨੂੰ ਕਹਿ ਰਹੇ ਸੀ ਯਾਰ ਮੈਂ ਬੜਾ ਦੁਖੀ ਹਾਂ, ਉਨ੍ਹਾਂ ਵਿਦਵਾਨਾਂ ਤੋਂ ਜੋ ਪੰਜਾਬੀ ਦਾ ਘਾਣ ਕਰੀ ਜਾਂਦੇ ਹਨ। ਉਨ੍ਹਾਂ ਇਕ ਅਜੀਬ ਸੱਚ ਦੱਸਿਆ ਕਿ ਪੰਜਾਬੀ ਅਨੁਵਾਦਕਾਂ ਨੇ ਦੁਨੀਆ ਵਿਚ ਸਭ ਤੋਂ ਵੱਧ ਪੜ੍ਹੀ ਤੇ ਸਭ ਤੋਂ ਜ਼ਿਆਦਾ ਭਾਸ਼ਾਵਾਂ 'ਚ ਅਨੁਵਾਦ ਹੋਈ ਕਿਤਾਬ ''ਮੇਰਾ ਦਾਗ਼ਿਸਤਾਨ'' ਦੇ ਲੇਖਕ ਦਾ ਨਾਂ ਹੀ ਗ਼ਲਤ ਲਿਖ ਦਿੱਤਾ ਹੋਰ ਗ਼ਲਤੀਆਂ ਤਾਂ ਛੱਡੋ। ਉਹ ਕਹਿੰਦੇ ਰੂਸੀ ਭਾਸ਼ਾ 'ਚ ਕਿਸੇ ਸ਼ਬਦ ਦਾ ਅੰਤਿਮ ਅੱਖਰ ਵੀ ਹੋਵੇ ਤਾਂ ਉਸ ਨੂੰ ''ਫੱਫਾ''ਬੋਲਿਆ ਜਾਂਦਾ ਹੈ। ਪਰ ਸਾਡੇ ਲੋਕਾਂ ਨੇ ਪਿਛਲੇ ਤੀਹ ਵਰ੍ਹਿਆਂ ਤੋਂ ਰਸੂਲ ਹਮਜ਼ਾਤੋਫ ਨੂੰ ਰਸੂਲ ਹਮਜ਼ਾਤੋਵ ਹੀ ਬਣਾ ਦਿੱਤਾ ਹੈ।

ਜਦੋਂ ਉਨ੍ਹਾਂ ਦੀ ਧਰਮ-ਪਤਨੀ ਮੇਰੇ ਲਈ ਚਾਹ ਲੈ ਕੇ ਆਈ ਤਾਂ ਉਹ ਨੂੰ ਕਹਿੰਦੇ ''ਜਾਹ ਨਾ ਦਿਓ ਮੈਨੂੰ ਸ਼ਰਾਬ, ਮੇਰਾ ਚੇਲਾ ਆਇਆ ਮੇਰੇ ਲਈ ਆਸਟ੍ਰੇਲੀਆ ਦੀ ਵਾਈਨ ਲੈ ਕੇ''। ਹਾਲਾਂਕਿ ਮੈਂ ਉਹ ਬੋਤਲਾਂ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਨੂੰ ਸੰਭਾਲ ਚੁੱਕਿਆ ਸੀ ਕਿ ਜੇ ਸ਼ਰਾਬ ਇਹਨਾਂ ਲਈ ਏਨੀ ਮਾੜੀ ਹੈ ਤਾਂ ਚਲੋ ਮੈਂ ਨਹੀਂ ਦਿੰਦਾ। ਹੁਣ ਮੈਂ ਹੋਰ ਫਸ ਚੁੱਕਿਆ ਸੀ ਇਕ ਪਾਸੇ ਗੁਰੂ ਦੱਛਣਾ ਤੇ ਦੂਜੇ ਪਾਸੇ ਗੁਰੂ ਦੀ ਜ਼ਿੰਦਗੀ।

ਇਸ ਤੋਂ ਬਾਅਦ ਵੀ ਕਈ ਬਾਰ ਆਪਣੇ ਕਲਮੀ ਗੁਰੂ ਨਾਲ ਮੇਲ ਹੋਇਆ ਤੇ ਹਰ ਬਾਰ ਉਨ੍ਹਾਂ ਦੀ ਹਾਲਤ ਦੇਖ ਕੇ ਲੱਗਦਾ ਕਿ ਇਹ ਮੇਰੀ ਉਨ੍ਹਾਂ ਨਾਲ ਆਖ਼ਰੀ ਮੁਲਾਕਾਤ ਹੈ, ਪਰ ਹੈਰਾਨੀ ਉਦੋਂ ਹੋਈ ਜਦੋਂ ਉਨ੍ਹਾਂ ਦਾ ਇਕ ਲੇਖ ''ਬਾਬਾ ਮੌਤ ਨੂੰ ਮਖ਼ੌਲ ਕਰਦਾ'' ਪੜ੍ਹਿਆ। ਫੇਰ ਹੌਸਲਾ ਜਿਹਾ ਪਿਆ ਕਿ ਇਸ ਸਿਰੜੀ ਇਨਸਾਨ ਤੋਂ ਤਾਂ ਮੌਤ ਵੀ ਡਰਦੀ ਹੈ, ਪਰ ਆਖ਼ਿਰ ਸਦਾ ਦੀ ਤਰਾਂ ਮੌਤ ਬਲਵਾਨ ਹੋ ਨਿੱਬੜੀ।

ਬਾਈ ਗੁਰਮੇਲ ਭਾਵੇਂ ਅੱਜ ਸਾਡੇ 'ਚ ਨਹੀਂ ਹਨ ਪਰ ਉਨ੍ਹਾਂ ਦੀ ਇਮਾਨਦਾਰੀ ਤੇ ਅੜਬਪੁਣੇ ਦੇ ਕਿੱਸੇ ਹਰ ਸਾਹਿਤਕ ਮਹਿਫ਼ਲ ਵਿਚ ਸੁਣਾਈ ਦੇ ਜਾਣਗੇ। ਮੇਰੇ ਯਾਦ ਹੈ ਉਹ ਦਿਨ ਜਦੋਂ ਮੈਨੂੰ 'ਯਾਰਾਂ ਦਾ ਯਾਰ' ਖ਼ਿਤਾਬ ਨਾਲ ਨਿਵਾਜਿਆ ਗਿਆ ਸੀ। ਉਦੋਂ ਉਨ੍ਹਾਂ ਮੈਨੂੰ ਕਿਹਾ ਸੀ ਕਿ ''ਯਾਰੀ ਨਿਭਾਉਣੀ ਸਿੱਖਣੀ ਹੈ ਤਾਂ ਜੱਗਾ ਸਿੰਘ ਤੋਂ ਸਿੱਖ, ਇਹ ਨਾ ਹੋਵੇ ਤੈਨੂੰ ਸਨਮਾਨ ਕਰਨ ਵਾਲੇ ਪਛਤਾਉਣ''। ਪੀ.ਐਨ.ਬੀ. ਵਿਚ ਜੌਬ ਕਰਦਾ ਜੱਗਾ ਸਿੰਘ ਤੇ ਗੁਰਮੇਲ ਸਰਾ ਦੀ ਯਾਰੀ ਤੋਂ ਵੱਡੀ ਉਦਾਹਰਨ ਮੈਨੂੰ ਦਿਖਾਈ ਵੀ ਨਹੀਂ ਦੇ ਰਹੀ। ਮੈਂ ਅੱਖੀਂ ਦੇਖਿਆ ਕਿ ਕਿੰਝ ਇਹ ਇਕ ਦੂਜੇ ਤੋਂ ਜਾਨ ਵਾਰਦੇ ਸਨ। ਪਿਛਲੇ ਸਾਲ ਜਦੋਂ ਗੁਰਮੇਲ ਸਰਾ, ਧੀ ਦੇ ਵਿਆਹ ਵਿਚ ਬਿਮਾਰੀ ਦੀ ਹਾਲਾਤ ਵਿਚ ਬੈੱਡ ਤੇ ਪਿਆ ਫ਼ੱਕਰਾਂ ਵਾਂਗ ਆਪਣੀਆਂ ਕਵਿਤਾਵਾਂ ਗਾ ਰਿਹਾ ਸੀ ਤਾਂ ਜੱਗਾ ਸਿੰਘ ਧੀ ਦੇ ਵਿਆਹ ਦੇ ਫ਼ਰਜ਼ ਨਿਭਾ ਰਿਹਾ ਸੀ।

ਯਾਰੀ ਦੀ ਇਕ ਹੋਰ ਉਦਾਹਰਨ ਜੋ ਮੈਂ ਗੁਰਮੇਲ ਸਰਾ 'ਚ ਦੇਖੀ ਉਹ 31 ਜੁਲਾਈ 2006 ਨੂੰ ਵਾਪਰੀ ਉਹ ਇਹ ਸੀ ਕਿ ਇਕ ਬਾਰ ਭੁਪਿੰਦਰ ਪੰਨੀਵਾਲੀਆ ਨੇ ਗੁਰਮੇਲ ਬਾਈ ਨੂੰ ਫ਼ੋਨ 'ਤੇ ਉਂਝ ਹੀ ਕਹਿ ਦਿੱਤਾ ਕਿ ''ਬਾਈ ਤੁਸੀਂ ਹੁਣ ਵੱਡੇ ਬੰਦੇ ਹੋ ਗਏ ਅਸੀਂ ਤੁਹਾਡੇ ਕਿੱਥੇ ਯਾਦ ਹਾਂ''। ਉਸ ਵਕਤ ਗੁਰਮੇਲ ਬਾਈ ਲੇਹ ਲਦਾਖ਼ 'ਚ ਤਾਇਨਾਤ ਸਨ। ਕਹਿੰਦੇ ਹਨ ਕਿ ਗੁਰਮੇਲ ਨੇ ਕਿਹਾ ਕਿ ''ਤੂੰ ਸੱਦ ਤਾਂ ਸਹੀ ਮੈਂ ਤਾਂ ਪੈਰ ਜੁੱਤੀ ਨਾ ਪਾਵਾਂ'' ਤੇ ਬਾਈ ਪੰਨੀਵਾਲੀਆ ਕਹਿੰਦੇ ਕਿ ''ਲੈ ! ਮੈਂ ਤਾਂ ਹੁਣ ਕਹਿ ਦਿੰਦਾ ਕਿ ਤੁਸੀਂ ਆ ਜਾਓ''। ਉਹ ਕਹਿੰਦੇ ''ਚੰਗਾ ਫੇਰ ਫ਼ੋਨ ਰੱਖ''। ਬਾਈ ਭੁਪਿੰਦਰ ਦੱਸਦੇ ਹਨ ਕਿ ਲੇਹ 'ਚ ਤਾਇਨਾਤ ਉਨ੍ਹਾਂ ਦੇ ਦੋਸਤ ਆਈ.ਬੀ. ਦੇ ਡੀ.ਐੱਸ.ਪੀ. ਜੇ.ਪੀ. ਜੱਸੂ ਦਾ ਫ਼ੋਨ ਆਇਆ ਕਿ ਪੰਨੀਵਾਲੀਆ ਯਾਰ ਗੁਰਮੇਲ ਨੂੰ ਰੋਕ, ਉਹ ਲੇਹ ਤੋਂ ਕਾਲਾਂਵਾਲੀ ਸਕੂਟਰ 'ਤੇ ਆ ਰਿਹਾ ਹੈ। ਮੈਂ ਕਿਹਾ ਕਿ ਉਹ ਹੁਣ ਨਹੀਂ ਰੁਕਦਾ ਜ਼ਰੂਰ ਆਵੇਗਾ। ਇੰਝ ਹੀ ਹੋਇਆ ਗੁਰਮੇਲ ਤੀਜੇ ਦਿਨ ਸਵੇਰੇ ਮੇਰਾ ਬੂਹਾ ਖੜਕਾ ਰਿਹਾ ਸੀ ਤੇ ਕਹਿ ਰਿਹਾ ਸੀ ''ਬਾਰ ਖੋਲ੍ਹੋ ਸੰਤ ਆਏ ਆ''। ਜਦੋਂ ਮੈਂ ਦੇਖਿਆ ਗੁਰਮੇਲ ਬਾਈ ਸਕੂਟਰ ਤੇ ਪਟਰੌਲ ਵਾਲੀਆਂ ਦੋ ਵੱਡੀਆਂ ਕੇਨੀਆਂ ਲੱਦ ਕੇ ਵਾਰ ਮੂਹਰੇ ਖੜਾ! ਕਹਿੰਦਾ ''ਜਦੋਂ ਤੂੰ ਫ਼ੋਨ ਰੱਖਿਆ ਸੀ, ਉਦੋਂ ਹੀ ਚੱਲ ਪਿਆ ਸੀ''। ਉਹ ਇਨਸਾਨ ਸਰਕਾਰੀ ਗੱਡੀ ਤੇ ਵੀ ਆ ਸਕਦਾ ਸੀ ਪਰ ਇਮਾਨਦਾਰੀ ਤੇ ਯਾਰੀ ਨਿਭਾਉਣ ਲਈ ਆਪਣੇ ਸਕੂਟਰ ਤੇ ਘੰਟਿਆਂ ਦਾ ਸਫ਼ਰ ਕਰ ਕੇ ਯਾਰ ਦਾ ਬੂਹਾ ਆ ਖੜਕਾਇਆ ਸੀ।

ਬੱਸ ਜੀ! ਹੁਣ ਤਾਂ ਯਾਦਾਂ ਹੀ ਪੱਲੇ ਹਨ। ਜਦੋਂ ਮੇਰੇ ਮਿੱਤਰ ਰਣਜੀਤ ਸਰਾ ਨੇ ਦੱਸਿਆ ਕਿ ਬਾਈ ਗੁਰਮੇਲ ਚੜ੍ਹਾਈ ਕਰ ਗਏ ਤਾਂ ਇਕ ਪਲ ਇੰਝ ਮਹਿਸੂਸ ਹੋਇਆ ਜਿਵੇਂ ਸਰੀਰ ਦਾ ਕੋਈ ਅੰਗ ਜਵਾਬ ਦੇ ਗਿਆ ਹੋਵੇ। ਪਰ ਫੇਰ ਦੂਜੇ ਹੀ ਪਲ ਬਾਈ ਗੁਰਮੇਲ ਦੀ ਦਿੱਤੀ ਸਿੱਖਿਆ ਨੇ ਹਲੂਣਾ ਦਿੱਤਾ। ਜੋ ਉਨ੍ਹਾਂ ਇਕ ਦਿਨ ਮੈਨੂੰ ਕਿਹਾ ਸੀ ''ਆੜੀਆ! ਜੇ ਹਨੇਰੀਆਂ ਤੁਫ਼ਾਨਾਂ ਤੋਂ ਡਰਨਾ ਤਾਂ ਗੁਰਮੇਲ ਸਰਾ ਤੋਂ ਕਿਨਾਰਾ ਕਰ ਲੈ, ਗੁਰਮੇਲ ਨੂੰ ਤਾਂ ਤੂਫ਼ਾਨ ਦੇ ਉਲਟ ਚੱਲ ਕੇ ਹੀ ਨਜ਼ਾਰਾ ਆਉਂਦਾ''। ਉਨ੍ਹਾਂ ਦੀਆਂ ਇਹਨਾਂ ਗੱਲਾਂ ਤੋਂ ਬੜਾ ਹੌਸਲਾ ਮਿਲਿਆ। ਪਰ ਇਕ ਦੁੱਖ ਸਾਰੀ ਉਮਰ ਮੇਰੇ ਸੀਨੇ 'ਚ ਜ਼ਰੂਰ ਰਹੇਗਾ ਕਿ ਹਾਲੇ ਬਹੁਤ ਕੁਝ ਸਿੱਖਣਾ ਰਹਿ ਗਿਆ ਉਸ ਕਲਮੀ ਯੋਧੇ ਤੋਂ। ਉਨ੍ਹਾਂ ਦੇ ਇਹ ਬੋਲ ਸਦਾ ਮੇਰੇ ਕੰਨਾਂ ਵਿਚ ਗੂੰਜਦੇ ਰਹਿਣਗੇ ਕਿ ''ਕਦੇ ਜ਼ਿੰਦਗੀ 'ਚ ਡੋਲ ਜਾਵੇ ਤਾਂ ਬੱਸ ਇਕ ਗੱਲ ਚਿਤਾਰ ਲਈਂ ਕਿ ਤੂੰ ਕੋਈ ਐਰਾ-ਗ਼ੈਰਾ ਨਹੀਂ, ਗੁਰਮੇਲ ਸਰਾ ਦਾ ਚੇਲਾ ਗੁਰਮੇਲ ਸਰਾ ਦਾ'' ।

ਮਿੰਟੂ ਬਰਾੜ

Saturday, March 10, 2012

ਵਿਧਾਨ ਸਭਾ ਜਿੱਤ:'ਸੁਖਬੀਰ ਮੈਨੇਜਮੈਂਟ' ਦਾ ਸਫਲ ਪ੍ਰਬੰਧਕੀ ਤਜ਼ਰਬਾ

ਸਿਆਸਤ ਤਜ਼ਰਬਿਆਂ ਦੀ ਨੀਂਹ 'ਤੇ ਟਿਕੀ ਹੁੰਦੀ ਹੈ।ਭਾਰਤੀ ਚੋਣ ਸਿਆਸਤ 'ਚ ਸੱਤਾ ਤੇ ਵਿਰੋਧੀ ਧਿਰਾਂ ਅੱਗੇ ਵਧਣ ਲਈ ਆਪਣੀ ਸਮਾਜਿਕ-ਸਿਆਸੀ ਪੂੰਜੀ ਦੀਆਂ ਦਿਸ਼ਾਵਾਂ-ਭੁਜਾਵਾਂ ਲਗਾਤਾਰ ਬਦਲਦੀਆਂ ਰਹੀਆਂ ਹਨ।ਪਾਰਟੀ ਦੇ ਅਧਾਰ ਖੇਤਰ ਤੋਂ ਇਲਾਵਾ ਹੋਰ ਸਮਾਜਿਕ ਪੂੰਜੀ ਨੂੰ ਨਾਲ ਲੈਣ ਦੇ ਸ਼ੋਸ਼ਲ ਇੰਜੀਨੀਅਰਿੰਗ ਜਾਂ ਮੈਨੇਜਮੈਂਟ ਫਾਰਮੂਲੇ ਘੜ੍ਹਦੀਆਂ ਹਨ।ਕੁਝ ਪਾਰਟੀਆਂ ਲੋਕ ਮਸਲਿਆਂ ਦਾ ਸਿਆਸੀ ਧਰੁਵੀਕਰਨ ਕਰਦੀਆਂ ਹੋਈਆਂ ਬੰਗਾਲ ਵਾਂਗ ਆਪਣੀ ਲੰਮੀ ਸਿਆਸੀ ਲਕੀਰ ਖਿੱਚਦੀਆਂ ਹਨ।

ਪੰਜਾਬ 'ਚ 2007 ਦੀ ਸਰਕਾਰ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੰਗਾਲ,ਗੁਜਰਾਤ,ਬਿਹਾਰ ਤੇ ਹਰਿਆਣੇ ਦੀ ਜਿੱਤ ਦਾ ਆਪਣੇ ਪੱਧਰ 'ਤੇ ਵਿਸ਼ਲੇਸ਼ਨ ਕਰਦੇ ਹਨ ਤੇ ਉਸਤੋਂ ਬਾਅਦ ਆਪਣੀ ਪ੍ਰਬੰਧਕੀ ਸਿਆਸਤ ਜ਼ਰੀਏ ਪੰਜਾਬ ਤੇ ਅਕਾਲੀ ਦਲ ਦੀ ਰਵਾਇਤੀ ਸਿਆਸੀ ਧਾਰਾ ਤੋਂ ਹਟਵੀਂ ਪ੍ਰਬੰਧਕੀ ਲਕੀਰ ਖਿੱਚਦੇ ਰਹੇ।ਅੱਜ ਇਹ ਪ੍ਰਬੰਧਕੀ ਢਾਂਚਾ ਅਕਾਲੀ ਦਲ ਦੀ ਸਿਆਸਤ 'ਚ ਝਲਕਾਰਾ ਦਿੰਦਾ ਹੈ।


ਜਿਸ ਤਰ੍ਹਾਂ ਪਿਛਲੇ ਵੀਹ ਸਾਲਾਂ 'ਚ ਬਜ਼ਾਰ ਨੇ ਲੋਕਾਂ ਦੀ ਪਸੰਦ-ਨਾ ਪਸੰਦ ਤੱਕ ਨੂੰ ਤੈਅ ਕਰ ਦਿੱਤਾ ਹੈ ਤੇ ਲੋਕ ਬਜ਼ਾਰ ਦੇ ਇਸ਼ਤਿਹਾਰੀ ਪ੍ਰਭਾਵ 'ਚ ਬਜ਼ਾਰੂ ਪਸੰਦ ਮੁਤਾਬਕ ਖ਼ਰੀਦੋ-ਫਰੋਖ਼ਤ ਕਰਦੇ ਹਨ,ਉਸੇ ਤਰ੍ਹਾਂ ਅਜਿਹੇ ਤਜ਼ਰਬੇ ਸਿਆਸਤ 'ਚ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਹੁਣ ਤੱਕ ਨਿਤੀਸ਼ ਕੁਮਾਰ,ਭੁਪਿੰਦਰ ਸਿੰਘ ਹੁੱਡਾ ਤੇ ਸੁਖਬੀਰ ਸਿੰਘ ਬਾਦਲ ਵਲੋਂ ਇਕੋ ਤਰਜ਼ 'ਚ ਕੀਤੇ ਗਏ।ਜਿਸ ਦੇ ਤਹਿਤ ਤਿੰਨਾਂ ਨੇ ਇਲੈਕਟ੍ਰੋਨਿਕ ਤੇ ਪਿੰ੍ਰਟ ਮੀਡੀਆ ਨੂੰ ਵੱਡੇ ਸੰਦ ਦੇ ਰੂਪ 'ਚ ਵਰਤਿਆ ਹੈ।ਇਸ ਨੇ ਸੂਬਿਆਂ 'ਚ ਵਿਕਾਸ ਦੀ ਇਸ਼ਤਿਹਾਰੀ ਚਰਚਾ ਖੜ੍ਹੀ ਕੀਤੀ ਤੇ ਜਿਸ ਨੇ ਕਿਤੇ ਨਾ ਕਿਤੇ ਸੂਬੇ ਦੀ ਰਵਾਇਤੀ ਸਿਆਸਤ ਦੀ ਦਿਸ਼ਾ ਬਦਲਣ ਦੀ ਕੋਸ਼ਿਸ਼ ਕੀਤੀ ਹੈ।ਅਕਾਲੀ-ਭਾਜਪਾ ਖ਼ਿਲਾਫ ਵੱਡੀ 'ਐਂਟੀ ਇਨਕੰਬੈਂਸੀ' ਦੇ ਨਾ ਭੁਗਤਣਾ ਦਾ ਮਤਲਬ ਵੀ ਇਹੀ ਹੈ।

ਪੰਜਾਬ ਚੋਣਾਂ 'ਚ ਕਾਂਗਰਸ ਦੀ ਸਿਆਸੀ ਹਾਰ ਜ਼ਰੂਰ ਹੋਈ ਹੈ,ਪਰ ਇਹ ਅਕਾਲੀ ਦਲ-ਭਾਜਪਾ ਦੀ ਸਿਆਸੀ ਜਿੱਤ ਨਹੀਂ ਬਲਕਿ ਸੁਖਬੀਰ ਬਾਦਲ ਦੀ ਪ੍ਰਬੰਧਕੀ ਜਿੱਤ ਹੈ।ਜੇ ਮਾਇਆਵਤੀ ਤੇ ਮੁਲਾਇਮ ਸਿੰਘ ਯਾਦਵ ਸ਼ੋਸ਼ਲ ਇੰਜੀਨੀਅਰਿੰਗ ਨੂੰ ਚੋਣ ਸਿਆਸਤ ਦੀ ਨੀਂਹ ਬਣਾਉਂਦੇ ਹਨ ਤਾਂ ਪੰਜਾਬ ਦੇ ਚੋਣ ਇਤਿਹਾਸ ਨੂੰ ਬਦਲਣ ਲਈ ਸੁਖਬੀਰ ਬਾਦਲ ਪਾਰਟੀ ਦੇ ਜੱਟ ਸਿੱਖ-ਮਜ਼ਹਬੀ ਸਿੱਖ ਅਧਾਰ ਨਾਲ ਆਟਾ ਦਾਲ ਜ਼ਰੀਏ ਹੋਰ ਦਲਿਤਾਂ ਨੂੰ ਜੋੜਦੇ ਹਨ।ਹਿੰਦੂ ਉਮੀਦਵਾਰਾਂ ਨੂੰ ਜ਼ਿਆਦਾ ਟਿਕਟਾਂ ਦੇ ਕੇ ਨਵਾਂ ਸਮਾਜਿਕ ਅਧਾਰ ਤਿਆਰ ਕਰਦੇ ਹਨ।ਨਾਲ ਹੀ ਮੀਡੀਆ,ਮਾਫੀਆ ਤੋਂ ਲੈ ਕੇ ਮਨੀ ਮੈਨੇਜਮੈਂਟ ਸ਼ਾਨਦਾਰ ਢੰਗ ਨਾਲ ਹੁੰਦੀ ਹੈ।ਮੀਡੀਆ ਮੈਨੇਜਮੈਂਟ ਤਾਂ ਸਿੱਧੀ ਨਜ਼ਰ ਨਾਲ ਦਿਖਦੀ ਹੀ ਰਹੀ ਹੈ ਤੇ ਮਨੀ ਮੈਨੇਜਮੈਂਟ ਬਾਰੇ ਕੈਪਟਨ ਵਿਜੀਲੈਂਸ ਨਿਰਦੇਸ਼ਕ ਸੁਮੇਧ ਸੈਣੀ 'ਤੇ ਇਲਜ਼ਾਮ ਲਗਾਉਂਦੇ ਰਹੇ ਕਿ ਕਾਂਗਰਸ ਦੇ ਬਾਗੀਆਂ ਨੂੰ ਵਿਜੀਲੈਂਸ ਦੀਆਂ ਗੱਡੀਆਂ ਦੇ ਰਾਹੀਂ ਕਰੋੜਾਂ ਰੁਪਇਆ ਵੰਡਿਆ ਜਾ ਰਿਹਾ ਹੈ।ਕੈਪਟਨ ਨੇ ਬਾਅਦ 'ਚ ਵੀ ਕਿਹਾ ਕਿ ਉਨ੍ਹਾਂ ਦੇ ਬਾਗੀ ਉਮੀਦਵਾਰਾਂ ਨੇ ਸੁਖਬੀਰ ਮੈਨੇਜਮੈਂਟ ਦੇ ਕਾਰਨ ਕਾਗਜ਼ ਵਾਪਸ ਨਹੀਂ ਲਏ।ਮਾਨ ਦਲ ਦੇ ਵੱਡੇ ਲੀਡਰਾਂ ਤੇ ਕੈਪਟਨ ਦੇ ਭਰਾ ਮਾਲਵਿੰਦਰ ਸਿੰਘ ਨੂੰ ਅਕਾਲੀ ਦਲ ਨਾਲ ਖੜ੍ਹੇ ਕਰਨਾ ਵੀ ਇਸੇ ਰਣਨੀਤੀ ਦਾ ਹਿੱਸਾ ਸੀ।

ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਵਿਧਾਨ ਸਭਾ ਚੋਣਾਂ 'ਚ ਜਿੱਤ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾ ਬਿਆਨ ਆਉਂਦਾ ਹੈ ਕਿ 'ਇਸ ਜਿੱਤ ਦਾ ਸਿਹਰਾ ਪੰਜਾਬ ਦੇ ਲੋਕਾਂ ਤੇ ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ'।ਜਿਹੜੇ ਸੁਖਬੀਰ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਚੋਣਾਂ ਦੌਰਾਨ ਬੈਕਫੁੱਟ 'ਤੇ ਲੈ ਕੇ ਆਉਂਦੇ ਹਨ,ਉਸੇ ਸੁਖਬੀਰ ਬਾਦਲ ਨੂੰ ਉਹ ਚੋਣ ਜਿੱਤਣ ਦੇ ਨਾਲ ਹੀ ਵੱਡੇ ਆਗੂ ਵਜੋਂ ਕਿਉਂ ਪੇਸ਼ ਕਰਦੇ ਹਨ?ਜਦੋਂਕਿ 2007 ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਢਾਈ ਫੀਸਦੀ ਘਟਿਆ ਹੈ।ਇਸ ਦਾ
ਮਤਲਬ ਵੱਡੇ ਬਾਦਲ ਨੂੰ ਲੱਗਿਆ ਕਿ ਜਿਹੜੀ ਲੜਾਈ 'ਚ ਉਹ ਸਾਰੀ ਉਮਰ ਕਦੇ ਕਾਂਗਰਸ ਤੋਂ ਦੂਜੀ ਵਾਰ ਕਦੇ ਜਿੱਤ ਨਹੀਂ ਸਕੇ,ਉਸ ਸੁਫਨੇ ਨੂੰ ਸੁਖਬੀਰ ਨੇ ਸਮਾਜਿਕ-ਸਿਆਸੀ ਮੈਨੇਜਮੈਂਟ ਰਾਹੀਂ ਸੱਚਾ ਕੀਤਾ ਹੈ।


ਅਕਾਲੀ-ਭਾਜਪਾ ਦੀ ਜਿੱਤ ਤੋਂ ਬਾਅਦ ਬਿਹਾਰ ਤੇ ਹਰਿਆਣੇ ਵਾਂਗ ਵਿਕਾਸ ਦਾ ਕਾਫੀ ਰੌਲਾ ਹੈ,ਪਰ ਜੇ ਇਹ ਚੋਣ ਵਿਕਾਸ ਦੇ ਸਿਰ 'ਤੇ ਜਿੱਤੀ ਹੁੰਦੀ ਤਾਂ ਸ਼ਾਇਦ ਅਕਾਲੀ ਦਲ ਦਾ ਵੋਟ ਫੀਸਦੀ ਘੱਟਦਾ ਨਹੀਂ ਸਗੋਂ ਵੱਧ ਕੇ ਸਾਹਮਣੇ ਆਉਂਦਾ।ਜੇ ਵਿਕਾਸ ਦੀ ਲਹਿਰ ਦੀ ਦਲੀਲ ਸਹੀ ਹੈ ਤਾਂ ਸਰਕਾਰ ਦੇ ਉਪਿੰਦਰਜੀਤ ਕੌਰ,ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ,ਨਿਰਮਲ ਸਿੰਘ ਕਾਹਲੋਂ,ਹੀਰਾ ਸਿੰਘ ਗਾਬੜੀਆਂ,ਤੀਕਸ਼ਣ ਸੂਦ ਜਿਹੇ ਸੀਨੀਅਰ ਕੈਬਨਿਟ ਮੰਤਰੀ ਹਾਰਨ ਦਾ ਮਤਲਬ ਸਮਝ ਨਹੀਂ ਆਉਂਦਾ ਹੈ ?

ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਕਾਂਗਰਸ ਦੀ ਸਿਆਸਤ ਦਾ ਪਾਰਟੀ ਜਥੇਬੰਦਕ ਢਾਂਚੇ ਤੋਂ ਹੱਟਕੇ ਆਗੂਆਂ ਦੀ ਦਿੱਖ/ਕੱਦ 'ਤੇ ਸਿਆਸਤ ਦਾ ਕੇਂਦਰਤ ਹੋਣਾ ਹੈ।ਇਹ ਸਿਆਸਤ ਸੋਨੀਆ,ਰਾਹੁਲ,ਦਿਗਵਿਜੈ,ਸਲਮਾਨ ਖੁਰਸ਼ੀਦ ਤੋਂ ਅਮਰਿੰਦਰ ਤੱਕ ਚੱਲ ਰਹੀ ਹੈ।ਵਿਰੋਧੀ ਧਿਰ 'ਚ ਰਹਿੰਦੇ ਹੋਏ ਵਿਰੋਧੀ ਧਿਰ ਦੀ ਭੂਮਿਕਾ ਅਦਾ ਨਾ ਕਰਨ ਕਰਕੇ ਸੂਬੇ 'ਚ ਅਮਲੀ ਤੌਰ 'ਤੇ ਕਾਂਗਰਸ ਦਾ ਜਥੇਬੰਦਕ ਢਾਂਚਾ ਕਮਜ਼ੋਰ ਹੋਇਆ ਹੈ।ਇਸੇ ਦਾ ਕਾਰਨ ਹੈ ਕਿ ਅਕਾਲੀ ਦਲ ਕਾਂਗਰਸ ਦੇ ਅਧਾਰ ਵੋਟ ਹਿੰਦੂ ਤੇ ਦਲਿਤ 'ਚ ਸੌਖਿਆਂ ਹੀ ਸੰਨ੍ਹ ਲਾਉਣ 'ਚ ਕਾਮਯਾਬ ਰਿਹਾ ਹੈ।ਬਾਗੀਆਂ ਨੂੰ ਗਲਤ ਸੀਟਾਂ ਦੀ ਵੰਡ ਵੀ ਇਕ ਕਾਰਨ ਹੈ।ਪੀ ਪੀ ਪੀ ਨੇ ਕਾਂਗਰਸ ਦਾ ਨੁਕਸਾਨ ਜ਼ਰੂਰ ਕੀਤਾ ਹੈ,ਪਰ ਕਾਂਗਰਸ ਹਾਰੀ ਆਪਣੀਆਂ ਗਲਤੀਆਂ ਕਾਰਨ ਹੀ ਹੈ।ਵੈਸੇ ਯੂ ਪੀ 'ਚ ਹੋਏ ਬੁਰੇ ਹਾਲ ਤੋਂ ਕਾਂਗਰਸ ਨੂੰ ਇਹ ਸਮਝ ਆਉਣ ਲੱਗਿਆ ਹੈ।ਇਸੇ ਲਈ ਆਈ ਪੀ ਐਸ ਅਧਿਕਾਰੀ ਦੀ ਮੌਤ ਦੇ ਮਾਮਲੇ 'ਚ ਮੱਧ ਪ੍ਰਦੇਸ਼ 'ਚ ਕਾਂਗਰਸ 7 ਸਾਲ ਬਾਅਦ ਸੂਬਾ ਬੰਦ ਕਰਨ ਜਾ ਰਹੀ ਹੈ।ਸੱਤਾ 'ਚ ਨਾ ਰਹਿੰਦੇ ਹੋਏ ਜਥੇਬੰਦਕ ਢਾਂਚਾ ਇਵੇਂ ਹੀ ਬਣਦਾ ਹੈ ਤੇ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਵੀ ਕਾਂਗਰਸ ਦਾ ਅਜਿਹਾ ਸਿਆਸੀ ਅਮਲ ਵੇਖਣ ਨੂੰ ਮਿਲੇਗਾ।

ਪੀ ਪੀ ਪੀ ਵਰਗੀ ਆਦਰਸ਼ਵਾਦੀ ਸਿਆਸਤ ਲਈ ਜ਼ਮੀਨ 'ਤੇ ਸਥਾਪਤ ਧਾਰਾ ਨਾਲੋਂ ਵੱਡੀ ਗੱਲ ਜ਼ਮੀਨ 'ਤੇ ਦਿਖਾਉਣੀ ਪੈਂਦੀ ਹੈ।ਪੀ ਪੀ ਪੀ ਜਥੇਬੰਦਕ ਢਾਂਚੇ ਪੱਖੋਂ ਬਹੁਤ ਕਮਜ਼ੋਰ ਹੈ ਤੇ ਉਪਰੋਂ ਮਨਪ੍ਰੀਤ ਦੀ 'ਆਪੇ ਮੈਂ ਬੁੱਢ ਸੁਹਾਗਣ ਤੇ ਆਪੇ ਮੇਰੇ ਬੱਚੇ ਜੀਣ' ਸਿਆਸਤ ਪੀ ਪੀ ਪੀ ਨੂੰ ਕਮਜ਼ੋਰ ਕਰ ਰਹੀ ਹੈ।ਪੀ ਪੀ ਪੀ 'ਚ ਮਨਪ੍ਰੀਤ ਦੇ ਕੱਦ ਦਾ ਕੋਈ ਦੂਜੀ ਕਤਾਰ ਲੀਡਰ ਪੈਦਾ ਨਹੀਂ ਹੋਇਆ ਹੈ।ਖੱਬੇਪੱਖੀਆਂ ਤੇ ਪੀ ਪੀ ਪੀ ਨੂੰ ਚੋਣ ਸਿਆਸਤ ਲਈ ਸੂਬੇ 'ਚ ਇਕ ਸਮਾਜਿਕ ਜਾਂ ਸਿਆਸੀ ਲਹਿਰ ਚਾਹੀਦੀ ਹੈ,ਜੋ ਇਨ੍ਹਾਂ ਦੇ ਸਵਾਲਾਂ 'ਤੇ ਚਰਚਾ ਕਰਦੀ ਹੋਵੇ ਨਹੀਂ ਤਾਂ ਫੇਰ ਰਾਜੇ ਠਾਕਰੇ ਵਾਂਗੂੰ ਚੋਣ ਸਿਆਸਤ 'ਚ ਆਪਣੇ ਚਾਚੇ ਬਾਲ ਠਾਕਰੇ ਤੋਂ ਵੱਡਾ ਸਮਾਜਿਕ ਧਰੁਵੀਕਰਨ ਕਰਕੇ ਸਥਾਪਤ ਹੋਣਾ ਪੈਂਦਾ ਹੈ,ਜਿਸ ਦੀ ਪੰਜਾਬ 'ਚ ਕੋਈ ਜ਼ਿਆਦਾ ਸੰਭਾਵਨਾ ਹੈ।

ਲੋਕ ਪੱਖੀ ਤੋਂ ਲੋਕ ਵਿਰੋਧੀ ਸਿਆਸਤ ਦਾ ਧੁਰਾ ਹਮੇਸ਼ਾਂ ਧਰੁਵੀਕਰਨ ਹੀ ਰਹਿੰਦਾ ਹੈ।ਇਸੇ ਲਈ ਕਿਤੇ ਜਮਾਤੀ ਧਰੁਵੀਕਰਨ ਤੇ ਕਿਤੇ ਫਿਰਕਾਪ੍ਰਸਤ ਤੇ ਜਾਤੀ ਧਰੁਵੀਕਰਨ ਹੁੰਦਾ ਹੈ।ਨਵੇਂ ਤਜ਼ਰਬੇ ਦੱਸਦੇ ਹਨ ਕਿ ਚੋਣ ਸਿਆਸਤ 'ਚ ਹੁਣ ਧਰੁਵੀਕਰਨ ਦੇ ਨਾਲ ਵੱਖ-ਵੱਖ ਤਰ੍ਹਾਂ ਦੀ ਮੈਨੇਜਮੈਂਟ ਦੇ ਰੋਲ ਦਾ ਹਿੱਸਾ ਵਧਣ ਲੱਗਿਆ ਹੈ,ਇਸੇ ਲਈ ਪਿਛਲੇ ਸਾਲਾਂ ਤੋਂ ਸੱਤਾ ਦਾ ਮਤਲਬ ਪੂੰਜੀ ਤੇ ਪੂੰਜੀ ਦਾ ਮਤਲਬ ਸੱਤਾ ਹੋ ਗਿਆ ਹੈ ਸਿਆਸਤ ਦਾ ਮੁੱਦਿਆਂ ਤੋਂ ਦੂਰ ਹੋ ਕੇ ਸ਼ੋਸ਼ਲ ਇੰਜੀਨੀਅਰਿੰਗਾਂ ਤੇ ਮੈਨੇਜਮੈਂਟਾਂ 'ਤੇ ਜਾ ਟਿਕਣਾ ਸਮਾਜ ਲਈ ਦੁਖ਼ਦ ਵਰਤਾਰਾ ਹੈ,ਪਰ ਮੌਜੂਦਾ ਚੋਣ ਸਿਆਸਤ ਦੀ ਸੱਚਾਈ ਇਹੀ ਹੈ।

ਯਾਦਵਿੰਦਰ ਕਰਫਿਊ
mail2malwa@gmail.com
095308-95198

Wednesday, March 7, 2012

ਔਰਤ ਦਿਵਸ ਤੇ ਅੱਜ ਦੀ ਔਰਤ ਦਾ ਮੁਹਾਂਦਰਾ

ਸਦੀਆਂ ਪਹਿਲਾਂ ਜਦੋਂ ਆਦਿ ਮਨੁੱਖ ਨੇ ਜਨਮ ਲਿਆ ਤਾਂ ਔਰਤ ਤੇ ਪੁਰਸ਼ ਦੋਨੋਂ ਹੋਂਦ ਵਿੱਚ ਆਏ। ਕੁਦਰਤੀ ਵਿਕਾਸ ਨੂੰ ਅੱਗੇ ਲੈ ਕੇ ਜਾਣ ਲਈ ਦੋਹਾਂ ਦੇ ਪ੍ਰਸਪਰ ਸਬੰਧਾਂ ਤਹਿਤ ਮਨੁੱਖ ਦਾ ਵਿਕਾਸ ਹੋਣਾ ਸੰਭਵ ਹੋਇਆ ਹੈ।ਬੇਸ਼ੱਕ ਜ਼ਿੰਦਗੀ ਦੀ ਜਦੋਜਹਿਦ ਵਿੱਚ ਔਰਤ ਬਰਾਬਰ ਦੀ ਭਾਈਵਾਲ ਹੋਣ ਸਦਕਾ ਵੀ 19ਵੀਂ ਸਦੀ ਵਿੱਚ 1869 ਈ: ਵਿੱਚ ਬ੍ਰਿਟਿਸ਼ ਐਮ. ਪੀ. ਜੋਹਨ ਸਟੂਰਟ ਮਿੱਲ ਪਹਿਲਾਂ ਇਨਸਾਨ ਸੀ ਜਿਸਨੇ ਪਾਰਲੀਮੈਂਟ ਵਿੱਚ ਔਰਤ ਨੂੰ ਵੋਟ ਦਾ ਹੱਕ ਦੇਣ ਦੀ ਗੱਲ ਕੀਤੀ ਸੀ ਅਤੇ 19 ਸਤੰਬਰ, 1893 ਵਿੱਚ ਨਿਊਜ਼ੀਲੈਂਡ ਸੰਸਾਰ ਵਿੱਚ ਸਭ ਤੋਂ ਪਹਿਲਾ ਦੇਸ਼ ਸੀ ਜਿਸ ਵਿੱਚ ਔਰਤ ਨੂੰ ਵੋਟ ਦਾ ਹੱਕ ਮਿਲਿਆ।1910 ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਕੋਪਨਹੈਗਨ ਵਿੱਚ ਹੋਈ। ਸ਼ੋਸ਼ਲ ਡੈਮੋਕਰੈਟਿਕ ਪਾਰਟੀ ਜਰਮਨੀ ਲੀਡਰ ਕਲਾਰਾ ਜੈਟਕਿਨ ਨੇ ਇਸ ਮੀਟਿੰਗ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਦਾ ਵਿਚਾਰ ਦਿੱਤਾ ਸੀ ਅਤੇ ਉਸਨੇ ਕਿਹਾ ਕਿ ਹਰ ਸਾਲ ਹਰ ਦੇਸ਼ ਇੱਕੋ ਹੀ ਦਿਨ ਔਰਤ ਦਿਵਸ ਮਨਾਇਆ ਕਰੇ ਤੇ ਉਹ ਆਪਣੀਆਂ ਮੰਗਾਂ ਦੱਸ ਸਕਿਆ ਕਰਨਗੀਆਂ। ਇਸ ਕਾਨਫਰੰਸ ਵਿੱਚ 100 ਤੋਂ ਵੱਧ 17 ਦੇਸ਼ਾਂ ਦੀਆਂ ਔਰਤਾਂ ਨੇ ਹਿੱਸਾ ਲਿਆ ਤੇ ਕਲਾਰਾ ਜੈਟਕਿਨ ਦੇ ਸੁਝਾਅ ਨੂੰ ਕਬੂਲਦਿਆਂ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਹਾਮੀ ਭਰ ਦਿੱਤੀ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਔਰਤ ਦਿਵਸ 1911 ਵਿੱਚ 19 ਮਾਰਚ ਦਾ ਦਿਨ ਮਿੱਥਿਆ ਗਿਆ। ਇਸ ਤਰੀਕ ਨੂੰ 1848 ਦੇ ਇਨਕਲਾਬ ਸਮੇਂ, ਪਰਸ਼ੀਅਨ ਰਾਜੇ ਨੇ ਹਥਿਆਰਬੰਦ ਲੋਕਾਂ ਦੇ ਰੋਹ ਤੋਂ ਡਰ ਕੇ ਉਹਨਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚ ਔਰਤਾਂ ਨੂੰ ਵੋਟ ਦਾ ਹੱਕ ਵੀ ਸੀ ਪਰ ਬਾਅਦ ਵਿੱਚ ਮੁੱਕਰ ਗਿਆ ਸੀ। ਇਸ ਕਰਕੇ ਇਹ ਦਿਨ ਬਦਲ ਕੇ 8 ਮਾਰਚ ਦਾ ਦਿਨ ਅੰਤਰਰਾਸ਼ਟਰੀ ਔਰਤ ਦੇ ਦਿਵਸ ਨਾਲ ਮਨਾਉਣਾ ਸ਼ੁਰੂ ਕੀਤਾ। ਪਹਿਲਾਂ ਪਹਿਲ ਔਰਤਾਂ ਨੂੰ ਕੰਮ ਦੇ 8 ਘੰਟਿਆਂ ਦੀ ਮਜ਼ਦੂਰੀ ਤੇ ਔਰਤਾਂ ਨੂੰ ਵੋਟ ਦੇ ਹੱਕ ਦੀਆਂ ਮੰਗਾਂ ਨੂੰ ਪੇਸ਼ ਕੀਤਾ ਗਿਆ।

ਔਰਤਾਂ ਘਰੋਂ ਨਿਕਲ ਕੇ, ਬੱਚੇ ਪਾਲਣ ਦੀ ਫੁਰਸਤ ਤੋਂ ਬਿਨ੍ਹਾਂ, ਘਰ ਦੇ ਕੰਮ ਕਰਨ ਤੋਂ ਬਿਨ੍ਹਾਂ ਜੀਵਨ ਨਿਰਬਾਹ, ਘਰੋਂ ਬਾਹਰ ਨਿਕਲ ਕੇ ਸਰਕਾਰੀ ਕੰਮਾਂ ਦੇ ਫੈਸਲਿਆਂ ਵਿੱਚ ਹਿੱਸਾ ਲੈ ਸਕਦੀਆਂ ਹਨ ਵਰਗੀਆਂ ਗੱਲਾਂ ਅਖ਼ਬਾਰਾਂ ਵਿੱਚ ਲੋਕਾਂ ਨੂੰ ਪਹਿਲੀ ਬਾਰ ਸੁਣਨ ਨੂੰ ਮਿਲੀਆਂ।ਜਦੋਂ 30,000 ਔਰਤਾਂ ਹੱਥਾਂ ਵਿੱਚ ਬੈਨਰ ਫੜ੍ਹ ਕੇ, ਪੁਲੀਸ ਦਾ ਟਾਕਰਾ ਕਰਦੀਆਂ ਹੋਈਆਂ ਵੱਡੀਆਂ ਸੜਕਾਂ ਤੇ ਵੱਡੇ ਹਜ਼ੂਮ ਵਿੱਚ ਆਈਆਂ ਤਾਂ ਉਹਨਾਂ ਦੇ ਹੌਂਸਲੇ ਨੂੰ ਦੇਖਦਿਆਂ ਸਰਕਾਰ ਨੂੰ ਮਜ਼ਬੂਰਨ ਉਨ੍ਹਾਂ ਦੀ ਗੱਲ ਸੁਣਨੀ ਪਈ।ਬਾਅਦ ਵਿੱਚ 1913 ਵਿੱਚ 8 ਮਾਰਚ ਦਾ ਦਿਨ ਬਹੁਤ ਸਾਰੇ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਦਿਵਸ ਦੇ ਨਾਂ ਨਾਲ ਮਨਾਇਆ ਜਾਣ ਲੱਗਿਆ ਤੇ ਕਈ ਦੇਸ਼ਾਂ ਵਿੱਚ ਇਸ ਦਿਨ ਦੀ ਸਰਕਾਰੀ ਛੁੱਟੀ ਵੀ ਹੁੰਦੀ ਹੈ। ਜਿਵੇਂ ਚੀਨ, ਰੂਸ, ਬੇਲਾਰਸ, ਬਲਗਾਰੀਆ, ਕਜ਼ਾਕਿਸਤਾਨ, ਕਰਿਗਿਸਤਾਨ, ਮੈਸੇਡੋਨੀਆ, ਤਾਜ਼ਕਿਸਤਾਨ, ਮੰਗੋਲੀਆ, ਯੂਕਰੇਨ, ਮਾਲਡੋਵਾ, ਅਰਮੀਨੀਆ, ਊਜ਼ਬੇਕਿਸਤਾਨ ਤੇ ਵੀਅਤਨਾਮ। ਦੁਨੀਆਂ ਦਾ ਸਭ ਤੋਂ ਅਮੀਰ ਤੇ ਵਿਕਾਸਮਈ ਦੇਸ਼ ਅਮਰੀਕਾ ਨੇ ਵੀ ਅੰਤਰਰਾਸ਼ਟਰੀ ਔਰਤ ਦਿਵਸ ਨੂੰ 1974 ਵਿੱਚ ਔਫੀਸ਼ੀਅਲ ਮਾਨਤਾ ਦਿੱਤੀ ਹੈ।

19ਵੀਂ ਤੇ 20ਵੀਂ ਸਦੀ ਦੇ ਸੰਘਰਸ਼ ਦਾ ਇਤਿਹਾਸ ਦੇਖਣ ਤੋਂ ਬਾਅਦ ਸਾਡੇ ਮਨਾਂ ਵਿੱਚ 21ਵੀਂ ਸਦੀ ਦੀ ਔਰਤ ਦੀ ਅੱਜ ਦੀ ਸਥਿਤੀ ਕੀ ਹੈ? ਕੀ ਉਹ ਅਜ਼ਾਦ ਹੈ? ਉਸਦੀ ਅੱਜ ਦੀ ਦਸ਼ਾ ਤੇ ਦਿਸ਼ਾ ਕੀ ਹੈ? ਕੀ ਉਸਨੂੰ ਸਾਰੇ ਹੱਕ ਹਾਸਲ ਹਨ? ਕੀ ਉਸਦੀ ਲੜਾਈ ਖਤਮ ਹੋ ਗਈ ਹੈ? ਕੀ ਅੱਜ ਦੀ "ਪਾਵਰ ਵੂਮੈਨ" ਆਪਣੀ ਮੰਜ਼ਲ ਤੇ ਪਹੁੰਚ ਗਈ ਹੈ? ਐਹੋ ਜਿਹੇ ਸਵਾਲ ਖੜ੍ਹੇ ਹੁੰਦੇ ਹਨ।

ਅੱਜ ਜਦੋਂ ਅਸੀਂ ਸਰਸਰੀ ਨਜ਼ਰ ਮਾਰਦੇ ਹਾਂ ਤਾਂ ਦੇਖਣ ਨੂੰ ਲੱਗਦਾ ਹੈ ਕਿ ਔਰਤ ਅਜ਼ਾਦ ਹੋ ਗਈ ਹੈ ਸਗੋਂ ਕਈ ਥਾਵਾਂ ਤੇ ਮਰਦਾਂ ਨਾਲੋਂ ਵੀ ਅੱਗੇ ਲੰਘ ਚੁੱਕੀ ਹੈ।ਪੂੰਜੀਪਤੀ ਸਮਾਜ ਨੇ ਇਸਨੂੰ ਕਿਸੇ ਹੱਦ ਤੱਕ ਸਮਾਜਿਕ ਤੇ ਰਾਜਨੀਤਿਕ ਪੜਾਵਾਂ ਤੇ ਮਰਦ ਦੇ ਬਰਾਬਰ ਲਿਆਂਦਾ ਹੈ, ਇਸਦੇ ਜਨਮ ਦੀ ਦਸ਼ਾ ਨੂੰ ਸੁਧਾਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਬਹੁਤ ਸਾਰੇ ਨਾਰੀ ਸੰਗਠਨਾਂ ਨੇ ਇਸਨੂੰ ਵਸਤਾਂ ਵਾਂਗ ਨਿੱਜੀ ਜਾਇਦਾਦ ਦੇ ਚੁੰਗਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਸਾਡੇ ਸਮਾਜ ਦੀ ਸੰਕੀਰਣ ਤੇ ਪ੍ਰੰਪਰਾਵਾਦੀ ਸੋਚ ਅਜੇ ਉੱਥੇ ਹੀ ਖੜ੍ਹੀ ਹੈ ਤਾਂ ਹੀ ਤਾਂ ਅੱਜ ਦੇ ਯੁੱਗ ਵਿੱਚ ਵੀ ਭਰੂਣ ਹੱਤਿਆ, ਬਲਾਤਕਾਰਾਂ ਦੀ ਗਿਣਤੀ, ਹਿੰਸਾ ਦੀਆਂ ਵੱਧ ਰਹੀਆਂ ਵਾਰਦਾਤਾਂ, ਵਿਆਹ ਵੇਲੇ ਖਰਚੇ ਦੀ ਬਹੁਤਾਤ, ਮੂੰਹ ਮੰਗੀਆਂ ਦਾਜ ਦੀਆਂ ਲਿਸਟਾਂ ਅਤੇ ਔਰਤ ਦਾ ਬਜ਼ਾਰੀਕਰਣ ਇਹ ਔਰਤ ਦੀ ਤਰੱਕੀ ਨਹੀਂ ਸਗੋਂ ਸ਼ੋਸ਼ਣ ਦੀਆਂ ਮਿਸਾਲਾਂ ਹਨ।ਸ਼ੋਸ਼ਣ ਤੇ ਅਧਾਰਤ ਸਮਾਜ ਕਦੇ ਵੀ ਬਰਾਬਰਤਾ ਦਾ, ਲੁੱਟ ਰਹਿਤ ਸਮਾਜ ਨਹੀਂ ਹੋ ਸਕਦਾ ਜਿਸ ਸਮਾਜ ਵਿੱਚ ਇਹੋ ਜਿਹੀਆਂ ਘਟਨਾਵਾਂ ਸਮਾਜ ਦੀ ਲੱਗਭੱਗ ਅੱਧੀ ਅਬਾਦੀ ਨਾਲ ਵਾਪਰ ਰਹੀਆਂ ਹੋਣ ਉਹ ਸਮਾਜ ਦਾ ਅਜ਼ਾਦ ਹੋਣਾ ਨਾਮੁਮਕਿਨ ਹੈ।ਇਹ ਮਸਲਾ ਇਕੱਲੀ ਔਰਤ ਦੀ ਅਜ਼ਾਦੀ ਦਾ ਨਹੀਂ ਸਗੋਂ ਮਨੁੱਖ ਦੀ ਅਜ਼ਾਦੀ ਦਾ ਹੈ ਕਿਉਂਕਿ ਇਹ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ ਇੱਕ ਲੁੱਟਣ ਵਾਲੀ ਜਮਾਤ ਤੇ ਦੂਸਰੀ ਲੁੱਟੀ ਜਾਣ ਵਾਲੀ ਜਿਨ੍ਹਾਂ ਚਿਰ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖ਼ਤਮ ਨਹੀਂ ਹੁੰਦੀ ਉਦੋਂ ਤੱਕ ਔਰਤ ਵੀ ਅਜ਼ਾਦ ਨਹੀਂ ਹੋ ਸਕਦੀ। ਰਾਜਨੀਤੀ, ਧਰਮ, ਪ੍ਰੰਪਰਾ ਤੇ ਸਮਾਜ ਨੇ ਔਰਤ ਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ ਹੈ ਕਿ ਉਹ ਨਿੱਜੀ ਜਾਇਦਾਦ ਤੋਂ ਬਦਲ ਕੇ ਪਬਲਿਕ ਪ੍ਰਾਪਰਟੀ ਬਣ ਕੇ ਰਹਿ ਗਈ ਹੈ, ਜਿਸ ਨੁੰ ਹਰ ਕੋਈ ਵਰਤ ਸਕਦਾ ਹੈ।ਇਸਦਾ ਪ੍ਰਮਾਣ ਇਹ ਹੈ ਕਿ ਉਸਦੇ ਸਿਰ ਜੁੰਮੇਵਾਰੀਆਂ ਦੀ ਪੰਡ ਵੱਧ ਗਈ ਹੈ ਤੇ ਉਹ ਨਵੇਂ ਢੰਗ ਦੀ ਗੁਲਾਮੀ ਵਿੱਚ ਖੁੱਬਣ ਲੱਗੀ ਹੈ।

ਪਹਿਲਾਂ ਪਹਿਲ ਔਰਤ ਨੇ ਆਪਣੀ ਸੂਝ, ਸਿਆਣਪ, ਸਹਿਣਸ਼ੀਲਤਾ, ਜਦੋਜਹਿਦ ਤੇ ਰਚਨਾਤਮਿਕ ਸ਼ਕਤੀ ਨਾਲ ਇਸ ਧਰਤੀ ਨੂੰ ਸੰਵਾਰਿਆ। ਉਹ ਘਰ ਦੀ ਚਾਰ ਦਿਵਾਰੀ ਵਿੱਚ ਕੰਮ ਕਰਦੀ, ਬੱਚੇ ਪਾਲਦੀ ਤੇ ਸੰਤੁਸ਼ਟ ਜੀਵਨ ਬਸਰ ਕਰਦੀ ਪਰ ਅੱਜ ਦੀ ਔਰਤ ਦੀ ਕਿਰਤ ਸ਼ਕਤੀ ਦੇ ਮੁਆਵਜ਼ੇ ਨੂੰ ਹੀ ਔਰਤ ਦੀ ਅਜ਼ਾਦੀ ਦਾ ਨਾਂ ਦਿੱਤਾ ਜਾ ਰਿਹਾ ਹੈ ਜਦਕਿ ਉਹ ਹੁਣ ਦੂਹਰਾ ਸੰਤਾਪ ਹੰਢਾਉਂਦੀ ਹੈ। ਜੇ ਬਾਹਰ ਜਾ ਕੇ ਕੰਮ ਕਰਨ ਨੂੰ ਅਜ਼ਾਦੀ ਕਹੀਏ ਤਾਂ ਮਜ਼ਦੂਰ ਔਰਤਾਂ ਮੁੱਢ ਤੋਂ ਹੀ ਖੇਤਾਂ ਵਿੱਚ, ਸੜਕਾਂ ਤੇ ਰੋੜੀ ਕੁੱਟਦੀਆਂ, ਇਮਾਰਤਾਂ ਲਈ ਇੱਟਾਂ, ਗਾਰਾਂ ਢੋਂਹਦੀਆਂ ਦੇਖੀਆਂ ਜਾ ਸਕਦੀਆਂ ਹਨ। ਕੀ ਇਹ ਵੀ ਉਹਨਾਂ ਦੀ ਅਜ਼ਾਦੀ ਹੈ?

ਅੱਜ ਦੀ ਔਰਤ ਇਕੱਲੇ ਪੁਰਸ਼ ਸਮਾਜ ਦੀ ਗੁਲਾਮ ਨਹੀਂ ਜਿਵੇਂ ਕਿ ਭੁਲੇਖਾ ਪਾਇਆ ਜਾਂਦਾ ਹੈ ਸਗੋਂ ਪੂੰਜੀਵਾਦ ਪ੍ਰਬੰਧ ਦੀ ਗੁਲਾਮ ਹੈ ਜਿਸ ਵਿੱਚ ਉਸਦੇ ਪਰਿਵਾਰ ਦੇ ਨਾਲ ਨਾਲ ਉਹਨਾਂ ਵਾਂਗ ਕੰਮ ਢੰਗ ਕਰਨ ਵਾਲੇ ਸਾਰੇ ਗਰੀਬ ਲੋਕ ਵੀ ਉਸੇ ਦਾਇਰੇ ਵਿੱਚ ਆਉਂਦੇ ਹਨ। ਇਸ ਕਰਕੇ ਸਾਨੂੰ ਕਹਿਣਾ ਪਵੇਗਾ ਕਿ ਔਰਤ ਸਿਰਫ਼ ਪੁਰਸ਼ ਸੱਤਾ ਦੀ ਗੁਲਾਮ ਨਹੀਂ ਸਗੋਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਭਿਆਚਾਰਕ ਤੇ ਪੁਰਸ਼ ਸੱਤਾ ਦੀ ਗੁਲਾਮ ਹੈ।

ਭਰੂਣ ਹੱਤਿਆ ਦੇ ਅੰਕੜੇ ਪਿਛਲੇ ਸਾਲਾਂ ਵਿੱਚ 1000 ਮਰਦਾਂ ਪਿੱਛੇ 777 ਹੋ ਜਾਣ ਦਾ ਮਤਲਬ ਸਾਡੀਆਂ ਪ੍ਰੰਪਰਕ ਕਹਾਵਤਾਂ ਜੋ ਵੈਦਿਕ ਕਾਲ ਤੋਂ ਸ਼ੁਰੂ ਹੋਈਆਂ ਸਨ ਜਿਵੇਂ ਕਿ ਅਥਰਵਵੇਦ ਵਿੱਚ ਕਿਹਾ ਗਿਆ ਹੈ ਕਿ ਪੁੱਤਰੀ ਦਾ ਜਨਮ ਕਿਧਰੇ ਹੋਰ ਹੋ ਜਾਵੇ ਇੱਥੇ ਤਾਂ, ਹੇ ਦੇਵਤਾ, ਪੁੱਤਰ ਹੀ ਭੇਜੀਂ।ਪੁੱਤਰ ਦੀ ਕਾਮਨਾ ਦੀ ਸੋਚ ਦੀ ਤਬਦੀਲੀ ਹੋਣ ਦੀ ਬਜਾਇ ਇਸ ਉਪਭੋਗਤਾਵਾਦੀ ਸਮਾਜ ਵਿੱਚ ਔਰਤ ਨੂੰ ਮੁਹਰਾ ਬਣਾ ਕੇ ਇਸ ਬਜ਼ਾਰੀਵਾਦ ਦਾ ਹਿੱਸਾ ਬਣਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ।ਜਿਵੇਂ ਕਿ ਆਪਣੀ ਲਾਲਸਾ ਪੂਰੀ ਕਰਨ ਲਈ ਨੂੰਹ ਤੋਂ ਹੀ ਦਾਜ ਲੈ ਕੇ ਆਪਣਾ ਰੁਤਬਾ ਉੱਚਾ ਕਰਕੇ ਇਸ ਬਜ਼ਾਰੀਵਾਦ ਦੇ ਸਮਾਜ ਵਿੱਚ ਬਰਾਬਰ ਖੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੂਜੇ ਪਾਸੇ ਦਾਜ ਦੇਣ ਦੀ ਤਕਲੀਫ ਤੋਂ ਮਾਪਿਆਂ ਨੂੰ ਬਚਾਉਣ ਲਈ ਅਜਿਹੀਆਂ ਵਿਗਿਆਨਕ ਤਕਨੀਕਾਂ ਜੋ ਬੱਚੇ ਦੀ ਸਿਹਤਮੰਦ ਸਿਹਤ ਦਾ ਅਨੁਮਾਨ ਲਾਉਣ ਲਈ ਵਰਤੀ ਜਾਣੀ ਸੀ ਦਾ ਵੱਡੀ ਪੱਧਰ ਤੇ ਦੁਰਉਪਯੋਗ ਕੰਨਿਆ ਭਰੂਣ ਹੱਤਿਆ ਦੇ ਤੌਰ ਤੇ ਕੀਤਾ ਜਾਂਦਾ ਹੈ।

ਔਰਤਾਂ ਦੀਆਂ ਦੋ ਪੀੜ੍ਹੀਆਂ ਦੀ ਜੱਦੋਜਹਿਦ ਨਾਲ ਨਵੀਂ ਪੀੜ੍ਹੀ ਨੂੰ ਸੁਤੰਤਰਤਾ ਦੀ ਚੇਤਨਾ ਕਰਕੇ ਪਰਿਵਾਰਕ ਜਕੜਬੰਦੀ ਤੋਂ ਮੁਕਤੀ ਮਿਲੀ ਹੈ ਪਰ ਉਹ ਵੀ ਸਾਰੀ ਮਨੁੱਖਤਾ ਵਾਂਗ ਭੁਮੰਡਲੀਕਰਣ ਦੇ ਦਬਾਅ ਹੇਠਾਂ ਇੱਕ ਜੁੱਟ ਹੋਣ ਲਈ ਮੰਡੀ ਦੁਬਾਰਾ ਅਨੁਸ਼ਾਸਤ ਤੇ ਵਿਸਥਾਪਤ ਹੋਣ ਲਈ ਮਜ਼ਬੂਰ ਹੈ ਇਸਨੂੰ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਇਸ ਵਿੱਚ ਸਾਰੀ ਦੁਨੀਆਂ ਦੀ ਨਾਰੀ ਨੂੰ ਵਿਅਕਤੀਗਤ ਅਜ਼ਾਦੀ ਮਿਲੇਗੀ ਤੇ ਕਾਨੂੰਨੀ ਤੌਰ ਤੇ ਮਾਨਤਾ ਦਿਵਾਉਣ ਲਈ ਨਾਰੀਵਾਦ ਦਾ ਮੁਲੰਮਾ ਚਾੜ੍ਹ ਕੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਪਰ ਦੇਖਣ ਵਿੱਚ ਆਇਆ ਹੈ ਕਿ "ਦੇਹ ਵਿਉਪਾਰ" ਦਾ ਧੰਦਾ ਵਧਿਆ ਹੈ।ਉਸਨੂੰ "ਸੈਕਸ ਵਰਕਰ" ਦਾ ਨਾਂ ਦੇ ਕੇ ਵੇਸਵਾ ਨੂੰ ਸਨਮਾਨਜਨਕ ਢੰਗ ਨਾਲ ਰੋਜ਼ੀ ਕਮਾਉਣ, ਮਰਜ਼ੀ ਦੀ ਮਾਲਕ ਤੇ ਅਜ਼ਾਦ ਅੋਰਤ ਦੇ ਨਾਂ ਤੇ ਮੀਡੀਏ ਵਿੱਚ ਵੀ ਬਾਖੂਬੀ ਵੇਚਿਆ ਜਾ ਰਿਹਾ ਹੈ।ਦੁਨੀਆਂ ਵਿੱਚ ਸੈਕਸ ਇੰਡਸਟਰੀ ਦਾ ਧੰਦਾ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ 1998 ਵਿੱਚ 40 ਲੱਖ ਔਰਤਾਂ ਦਾ ਨਿਰਯਾਤ ਹੋਇਆ ਜਿਸ ਤੋਂ ਮਾਫੀਆ ਗ੍ਰੋਹਾਂ ਨੇ ਸੱਤ ਅਰਬ ਡਾਲਰ ਦਾ ਲਾਭ ਕਮਾਇਆ। ਪਿਛਲੇ ਕੁਝ ਸਾਲਾਂ ਤੋਂ ਜਪਾਨ ਦੀ ਸੈਕਸ ਇੰਡਸਟਰੀ ਲਗਭਗ 4.2 ਖਰਬ ਯੇਨ ਪ੍ਰਤੀ ਵਰ੍ਹਾ ਕਮਾ ਰਹੀ ਹੈ।ਸੈਕਸ ਉਦਯੋਗ ਵਿੱਚ ਯੁਕਰੇਨੀ ਤੇ ਰੂਸੀ ਔਰਤਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਉਹਨਾਂ ਦੀ ਸਮੱਗਲਿੰਗ ਕਰਕੇ ਅਪਰਾਧੀ ਗ੍ਰੋਹ ਪੰਜ ਸੌ ਤੋਂ ਹਜ਼ਾਰ ਡਾਲਰ ਪ੍ਰਤੀ ਔਰਤ ਕਮਾਉਂਦੇ ਹਨ। ਇਹਨਾਂ ਔਰਤਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਦਿਨ ਵਿੱਚ 15 ਗਾਹਕ ਭੁਗਤਾ ਕੇ ਆਪਣੇ ਗ੍ਰੋਹ ਲਈ 21,200 ਡਾਲਰ ਹਰ ਮਹੀਨੇ ਕਮਾਉਣਗੀਆਂ।ਇਸ ਧੰਦੇ ਵਿੱਚ ਜ਼ਿਆਦਾਤਰ ਨਾਬਾਲਗ ਬੱਚੀਆਂ ਨੂੰ ਝੋਕਿਆ ਜਾਂਦਾ ਹੈ ਤੇ ਦਲਾਲ ਉਹਨਾਂ ਦੀ ਖ੍ਰੀਦ ਵੇਚ ਵਿੱਚੋਂ ਹੀ ਅੰਨ੍ਹਾਂ ਮੁਨਾਫਾ ਲੈ ਜਾਂਦੇ ਹਨ।ਇੱਕ ਉਮਰ ਤੋਂ ਬਾਅਦ ਉਸਦੀ ਪੁੱਛ ਪੜਤਾਲ ਖ਼ਤਮ ਹੋ ਜਾਂਦੀ ਹੈ ਤੇ ਤਾਕਤ ਖਤਮ ਹੋਣ ਤੋਂ ਬਾਅਦ ਉਸ ਵਿੱਚ ਸੈਕਸ ਵਰਕਰ ਦੇ ਤੌਰ ਤੇ ਕੰਮ ਕਰਨ ਦੀ ਯੋਗਤਾ ਖਤਮ ਹੋ ਜਾਂਦੀ ਹੈ ਜਾਂ ਫਿਰ ਉਹ ਬਹੁਤ ਸਾਰੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਦੀ ਸ਼ਿਕਾਰ ਹੋ ਜਾਂਦੀ ਹੈ, ਇਸ ਤਰ੍ਹਾਂ ਦੀਆਂ ਔਰਤਾਂ ਮੰਗਤੀਆਂ ਜਾਂ ਨਸ਼ਿਆਂ ਵਿੱਚ ਗਲਤਾਨ ਵੱਡੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਰੁਲ਼ਦੀਆਂ ਦੇਖੀਆਂ ਜਾ ਸਕਦੀਆਂ ਹਨ।

ਕੰਮ ਦੀ ਚੋਣ ਸਮੇਂ ਵੀ ਪਹਿਲ ਮਰਦ ਨੂੰ ਦਿੱਤੀ ਜਾਂਦੀ ਹੈ, ਦੂਸਰੇ ਨੰਬਰ ਤੇ ਉਹ ਔਰਤ ਆਉਂਦੀ ਹੈ ਜੋ ਕੰਵਾਰੀ ਹੈ। ਖਿਆਲ ਕੀਤਾ ਜਾਂਦਾ ਹੈ ਕਿ ਉਹ ਕੰਮ ਤੋਂ ਛੁੱਟੀ ਘੱਟ ਲਵੇਗੀ ਅਤੇ ਉਹ ਓਵਰਟਾਈਮ ਵੀ ਵੱਧ ਕਰ ਸਕਦੀ ਹੈ। ਕੰਮਾਂ ਤੇ ਵੀ ਔਰਤਾਂ ਦਾ ਬਹੁਤ ਸ਼ੋਸ਼ਣ ਕੀਤਾ ਜਾਂਦਾ ਹੈ। ਉਸਨੂੰ ਕੰਮ ਤੋਂ ਕੱਢਣ ਦਾ ਡਰਾਵਾ ਦਿੱਤਾ ਜਾਂਦਾ ਹੈ। ਬਹੁਤੀ ਵਾਰੀ ਉਸ ਨੂੰ ਵੱਧ ਤਨਖਾਹ ਦਾ ਲਾਲਚ ਦੇ ਕੇ ਜਾਂ ਤਰੱਕੀ ਤੇ ਕੈਰੀਅਰ ਵਿੱਚ ਵਾਧੇ ਦਾ ਭਰੋਸਾ ਦੇ ਕੇ ਬੌਸ ਆਪਣੀ ਜੀ ਹਜ਼ੂਰੀ ਕਰਵਾਉਂਦੇ ਹਨ। ਬਹੁਤ ਵਾਰੀ ਉਹ ਯੋਨ ਸ਼ੋਸ਼ਣ, ਛੇੜਖਾਨੀ, ਫਿਕਰੇਬਾਜ਼ੀ ਸੁਣਨ ਲਈ ਤੇ ਸੰਭੋਗ ਕਰਨ ਲਈ ਵੀ ਮਜ਼ਬੂਰ ਕਰਦੇ ਹਨ। ਅੱਜ ਦੀ ਔਰਤ ਇਹ ਸਭ ਚੁਪ ਚਪੀਤਾ ਸਹਿਣ ਕਰ ਰਹੀ ਹੈ ਤਾਂ ਕਿ ਉਹ ਪੈਸੇ ਦੀ ਦੌੜ ਵਿੱਚ ਪਿੱਛੇ ਨਾ ਰਹਿ ਜਾਵੇ।ਬਹੁਤੀ ਵਾਰ ਦੇਖਦੇ ਹਾਂ ਕਿ ਦੋਨੋਂ ਪਤੀ ਪਤਨੀ ਕੰਮ ਤੋਂ ਥੱਕੇ ਆਉਂਦੇ ਹਨ, ਔਰਤ ਆਉਂਦੀ ਸਾਰ ਰਸੋਈ ਦੇ ਕੰਮਾਂ ਵਿੱਚ ਜੁੱਟ ਜਾਂਦੀ ਹੈ ਜਾਂ ਬੱਚਿਆਂ ਦੀ ਪੜ੍ਹਾਈ ਜਾਂ ਸਿਹਤ ਦਾ ਖਿਆਲ ਰੱਖਦੀ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ "ਪਾਵਰ ਵੂਮੈਨ" ਆਪਣੀਆਂ ਪ੍ਰਾਪੰਰਿਕ ਜੁੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕੀ। ਬਜ਼ਾਰ ਕੋਲ ਨਰ ਨਾਰੀ ਦੀ ਕਿਰਤ ਵੰਡ ਨੂੰ ਤੋੜਨ ਦਾ ਨਾ ਕੋਈ ਅੋਜ਼ਾਰ ਹੈ ਤੇ ਨਾ ਹੀ ਇੱਛਾ। ਕੰਮ ਦੇ ਨਾਂ ਤੇ ਇਹ ਅੰਦਰੋਗਤੀ ਹੋ ਰਹੇ ਬਲਾਤਕਾਰ ਹੀ ਕਹੇ ਜਾ ਸਕਦੇ ਹਨ ਜਿਨ੍ਹਾਂ ਦਾ ਰੰਗ ਢੰਗ ਬਦਲ ਗਿਆ ਹੈ।

ਇਸ ਭੁਮੰਡਲੀਕਰਣ ਦੇ ਯੁੱਗ ਵਿੱਚ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਉਪਭੋਗੀ ਵਸਤਾਂ ਦੇ ਇਸ਼ਤਿਹਾਰ ਦੇ ਕੇ ਬਹੁਤ ਸ਼ੋਸ਼ਣ ਕਰ ਰਹੀਆਂ ਹਨ।ਇਲੈਕਟਰਾਨਿਕ ਮੀਡੀਏ ਵਿੱਚ ਅੱਜ ਉਸ ਮਾਡਲ ਦਾ ਜ਼ਮਾਨਾ ਹੈ ਕਿ ਅਗਰ ਫਲਾਣੀ ਕੰਪਨੀ ਦਾ ਪ੍ਰਫਿਊਮ, ਕੀਮਤੀ ਸਮਾਨ ਜਾਂ ਬਰੈਂਡ ਨੇਮ ਚੀਜ਼ਾਂ, ਮਰਦ ਵਰਤੇਗਾ ਤਾਂ ਔਰਤ ਸਭ ਕੁਝ ਉਸ ਤੇ ਨਿਛਾਵਰ ਕਰ ਦੇਵੇਗੀ। ਉਸਦੀ ਨਗਨਤਾ ਨੂੰ ਸ਼ਰੇਆਮ ਬਜ਼ਾਰ ਵਿੱਚ ਵੇਚਿਆ ਜਾਂਦਾ ਹੈ ਸਿਰਫ ਆਪਣਾ ਪ੍ਰੋਡਕਟ ਵੇਚਣ ਲਈ ਇਹ ਸੋਚੀ ਸਮਝੀ ਯੋਜਨਾ ਦੇ ਅਧੀਨ ਹੁੰਦਾ ਹੈ। ਔਰਤ ਦੇ ਕੁਦਰਤੀ ਸੁਹੱਪਣ ਨੂੰ ਅੱਖੋਂ ਪਰੋਖੇ ਕਰਕੇ ਬਾਹਰੀ ਸੁੰਦਰਤਾ ਦੇ ਸਬਜ਼ਬਾਗ ਦਿਖਾਉਂਦੇ ਹੋਏ ਅਨੇਕਾਂ ਹੀ ਵਾਲਾਂ ਸੁਆਰਨ, ਮੈਨੀਕਿਊਰ, ਪੈਡੀਕਿਊਰ ਤੇ ਫੇਸ਼ੀਅਲ ਕਰਨ ਦੇ ਤਰੀਕੇ ਤੇ ਉਸਦੇ ਫਾਇਦੇ ਦੱਸੇ ਜਾਂਦੇ ਹਨ ਤੇ ਇਸ਼ਤਿਹਾਰਬਾਜ਼ੀ ਵੀ ਨਾਮਵਰ ਔਰਤਾਂ ਜਿਵੇਂ ਵਿਸ਼ਵ ਸੁੰਦਰੀਆਂ, ਪ੍ਰਸਿੱਧ ਮਾਡਲ ਜਾਂ ਫਿਲਮੀ ਸਿਤਾਰਿਆਂ ਤੋਂ ਕਰਵਾ ਕੇ ਔਰਤਾਂ ਨੂੰ ਇਸ ਸੁੰਦਰਤਾ ਵਿੱਚ ਗਲਤਾਨ ਹੋਣ ਲਈ ਪ੍ਰਭਾਵਤ ਕੀਤਾ ਜਾਂਦਾ ਹੈ। ਇਹ ਕਾਰਪੋਰੇਸ਼ਨਾਂ ਦਾ ਅਸਿੱਧੇ ਢੰਗ ਵਿੱਚ ਅੰਨ੍ਹੇਵਾਹ ਉਪਭੋਗਵਾਦ ਨੂੰ ਫੈਲਾ ਕੇ ਲੋਕਾਂ ਦੀ ਅੰਨ੍ਹੀ ਲੁੱਟ ਕਰਨਾ ਹੈ।

ਇਹ ਕਾਰਪੋਰੇਟ ਸਮਾਜ ਨੇ ਇੱਕ ਹੋਰ ਨਵਾਂ ਟਰੈਂਡ ਔਰਤ ਦੀ ਸੁੰਦਰਤਾ ਦੀ ਮਿੱਥ ਨਾਲ ਜੋੜ ਕੇ ਕਾਰਗਰ ਸਿੱਧ ਕਰ ਲਿਆ ਹੈ ਕਿ ਮੀਡੀਏ ਵਿੱਚ ਐਹੋ ਜਿਹੇ ਪ੍ਰਸਾਰਣ ਕੀਤੇ ਜਾਂਦੇ ਹਨ ਕਿ ਕੁੜੀਆਂ ਸਿਰਫ ਤੇ ਸਿਰਫ ਬਾਰਬੀ ਡੌਲ ਬਣਨਾ ਲੋਚਦੀਆਂ ਹਨ। ਉਸਦਾ ਅੰਦਾਜ਼ਾ ਹਜ਼ਾਰਾਂ ਅਰਬ ਡਾਲਰ ਦੀ "ਡਾਈਟਿੰਗ ਇੰਡਸਟਰੀ" ਤੇ "ਕਾਸਮੈਟਿਕ ਇੰਡਸਟਰੀ" ਤੋਂ ਲਗਾਇਆ ਜਾ ਸਕਦਾ ਹੈ। ਇਸ ਧੰਦੇ ਦੀ ਮਿੱਥ ਨਾਲ ਦਿਨੋ ਦਿਨ ਹਜ਼ਾਰਾਂ ਲੜਕੀਆਂ ਇਹਦੀ ਗ੍ਰਿਫਤ ਵਿੱਚ ਆ ਰਹੀਆਂ ਹਨ ਜੋ ਪੜ੍ਹੀਆਂ ਲਿਖੀਆਂ ਔਰਤਾਂ, ਜੋ ਨਾਰੀ ਮੁਕਤੀ ਦਾ ਝੰਡਾ ਬੁਲੰਦ ਕਰ ਸਕਦੀਆਂ ਸਨ ਤੇ ਸਮਾਜ ਵਿੱਚ ਫੈਲੇ ਔਰਤ ਸ਼ੋਸ਼ਣ ਦੇ ਖਿਲਾਫ ਉੱਠ ਸਕਦੀਆਂ ਸਨ ਪਰ ਅੱਜ ਉਹ ਘਰੋ ਘਰੀ ਟੀ. ਵੀ., ਕੰਮਪਿਊਟਰ ਜਾਂ ਚੁਰਾਹਿਆਂ ਦੇ ਪਰਦੇ ਦੇ ਉੱਤੇ ਐਹੋ ਜਿਹੀਆਂ ਵਸਤਾਂ ਨੂੰ ਵੇਚ ਜਾਂ ਖ੍ਰੀਦ ਰਹੀਆਂ ਨਜ਼ਰ ਆਉਂਦੀਆਂ ਹਨ।

ਔਰਤਾਂ ਪ੍ਰਤੀ ਵੱਧ ਰਹੀ ਹਿੰਸਾ ਦੇ ਵੀ ਕਈ ਕਾਰਣ ਹਨ ਜੋ ਕਿ ਮਨੁੱਖ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਪੰਜਾਬੀ ਭਾਈਚਾਰੇ ਵਿੱਚ ਕਿੰਨੀਆਂ ਹੀ ਔਰਤਾਂ ਹਿੰਸਾ ਦਾ ਸ਼ਿਕਾਰ ਹੋ ਕੇ ਮਾਰੀਆਂ ਗਈਆਂ ਜਾਂ ਹਰ ਰੋਜ਼ ਹਿੰਸਾ ਦਾ ਸੰਤਾਪ ਹੰਢਾਉਂਦੀਆਂ ਹਨ। ਇਸਦੇ ਕਾਰਣ ਹਨ ਦਾਜ ਦੇਣ ਲੈਣ ਪਿੱਛੇ, ਬਾਹਰਲੇ ਦੇਸ਼ਾਂ ਨੂੰ ਜਾਣ ਦੇ ਸੁਪਨੇ ਪੂਰੇ ਕਰਨ ਲਈ ਅਣਜੋੜ ਰਿਸ਼ਤੇ, ਜਾਂ ਲੋਕਾਂ ਵਿੱਚ ਨਸ਼ਿਆਂ ਦੇ ਸੇਵਨ ਵਧਣ ਨਾਲ ਖਰਚਿਆਂ ਦਾ ਵਧਣਾ ਤੇ ਆਮਦਨ ਦੇ ਘਟਣ ਨਾਲ ਆਪਸੀ ਤਣਾਓ ਦਾ ਵੱਧਣਾ ਹੀ ਹਿੰਸਾ ਦਾ ਕਾਰਣ ਹੈ।

ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਸਦੀ ਤੋਂ ਵੀ ਵੱਧ ਸਮਾਂ ਬੀਤਣ ਤੇ ਵੀ ਕਲਾਰਾ ਜੈਟਕਿਨ ਵਲੋਂ ਚਲਾਇਆ ਨਾਰੀ ਮੁਕਤੀ ਦਾ ਅੰਦੋਲਨ ਕਮਜ਼ੋਰ ਨਜ਼ਰ ਆਉਂਦਾ ਹੈ। ਉਦੋਂ ਦੀ ਔਰਤ ਨੂੰ ਆਪਣੀ ਕਿਰਤ ਸ਼ਕਤੀ ਦੀ ਲੁੱਟ ਸਾਹਮਣੇ ਨਜ਼ਰ ਆਉਂਦੀ ਸੀ ਪਰ ਹੁਣ ਕਾਰਪੋਰੇਟ ਸਮਾਜ ਨੇ ਇਸਦੇ ਅਰਥ ਬਦਲ ਦਿੱਤੇ ਹਨ।ਅੱਜ ਦੁਨੀਆਂ ਦੀ ਕੁੱਲ ਕਿਰਤ ਸ਼ਕਤੀ ਵਿੱਚ 45 ਫੀ ਸਦੀ ਔਰਤਾਂ ਦਾ ਹਿੱਸਾ ਹੈ ਤੇ ਭੂਮੰਡਲੀਕਰਣ ਵਿਚੋਂ ਨਿਕਲੀ ਇਹ "ਪਾਵਰ ਵੂਮੈਨ" ਇਹਨਾਂ ਕਰੋੜਾਂ ਔਰਤਾਂ ਦੇ ਇੱਕ ਪ੍ਰਤੀਸ਼ਤ ਦੀ ਵੀ ਪ੍ਰਤੀਨਿੱਧਤਾ ਕਿਉਂ ਨਹੀਂ ਕਰ ਰਹੀ ? ਔਰਤ ਵਿਚੋਂ ਉਸਦੀ ਸੰਵੇਦਨਸ਼ੀਲਤਾ, ਮਮਤਾ ਵਰਦਾਨ, ਸ਼ਹਿਣਸ਼ੀਲਤਾ, ਤੇ ਉਸਦਾ ਵਿਅਕਤੀਤਵ ਖੋਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।ਹੁਣ ਔਰਤ ਨੂੰ ਨਵੇਂ ਸਿਰੇ ਤੋਂ ਆਪਣੇ ਹੱਕਾਂ ਤੇ ਫਰਜ਼ਾਂ ਨੂੰ ਪਛਾਣਦੇ ਹੋਏ ਪੂੰਜੀਵਾਦੀ ਸਮਾਜ ਦੀ ਚੁੰਗਲ ਵਿੱਚੋਂ ਨਿਕਲਣ ਲਈ ਆਪਣੈ ਸ਼ੋਸ਼ਣ ਰਾਂਹੀ ਹੋ ਰਹੀ ਅਸਿੱਧੀ ਲੁੱਟ ਨੂੰ ਅੱਖਾਂ ਤੋਂ ਪੱਟੀ ਲਾਹ ਕੇ ਦੇਖਣ ਦੀ ਲੋੜ ਹੈ। ਕੁਝ ਲੋਕਾਂ ਵਲੋਂ ਔਰਤ ਦੀ ਅਜ਼ਾਦੀ ਦੀ ਲੜਾਈ ਨੂੰ ਸਿਰਫ ਮਰਦ ਤੋਂ ਅਜ਼ਾਦੀ ਦੀ ਲੜਾਈ ਦਰਸਾ ਕੇ ਔਰਤ ਮਰਦ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜ੍ਹਾਇਆ ਗਿਆ ਹੈ ਪਰ ਔਰਤ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਔਰਤ ਮਰਦ ਦੋਨੋਂ ਇੱਕ ਦੂਜੇ ਬਿਨ੍ਹਾਂ ਅਧੂਰੇ ਹਨ ਸੋ ਉਹਨਾਂ ਨੂੰ ਕਦਮ ਨਾਲ ਕਦਮ ਮਿਲਾ ਕੇ ਸਮਾਜ ਵਿੱਚ ਫੈਲ ਰਹੇ ਕੂੜ ਨੂੰ ਖਤਮ ਕਰਨ ਲਈ ਇਕੱਠੇ ਹੋ ਕੇ ਚੱਲਣਾ ਪਵੇਗਾ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਅਗਰ ਪੂੰਜੀਵਾਦ ਦਾ ਖਾਤਮਾ ਹੋਵੇ ਤੇ ਸਾਰੇ ਲੋਕਾਂ ਦਾ ਰਹਿਣ ਸਹਿਣ ਬਰਾਬਰ ਹੋਵੇ, ਲੋਕਾਂ ਵਿੱਚ ਅਮੀਰ ਗਰੀਬ ਵਰਗੇ ਸ਼ਬਦ ਨਾ ਹੋਣ ਤੇ ਬਰਾਬਰਤਾ ਦਾ ਸਮਾਜ ਉਤਪੰਨ ਹੋਵੇ ਤਾਂ ਹੀ ਔਰਤ ਦੀ ਮੁਕਤੀ ਸੰਭਵ ਹੋਵੇਗੀ।

ਪਰਮਿੰਦਰ ਕੌਰ ਸਵੈਚ
ਲੇਖ਼ਿਕਾ ਪਰਮਿੰਦਰ ਕੌਰ ਸਵੈਚ ਕੈਨੇਡਾ 'ਚ ਵਸਦੇ ਹਨ।ਕਵਿਤਾ ਲਿਖਦੇ ਹਨ ਤੇ ਤੇ ਅਗਾਂਹਵਧੂ ਸਰਗਰਮੀਆਂ 'ਚ ਲਗਾਤਾਰ ਸਰਗਰਮ ਰਹਿੰਦੇ ਹਨ।