ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, July 19, 2009

ਕੌਮੀ ਲਹਿਰਾਂ ਦੇ ਸੰਦਰਭ 'ਚ ਨਰੋਈ ਰਾਜਨੀਤਿਕ ਬਹਿਸ ਦੀ ਜ਼ਰੂਰਤ

ਤਾਮਿਲ ਲਹਿਰ ਦੀ ਹੋਈ ਹਥਿਆਰਬੰਦ ਹਾਰ ਤੋਂ ਬਾਅਦ ਪੂਰੀ ਦੁਨੀਆਂ 'ਚ ਕੌਮੀਅਤਾਂ ਦੇ ਭਵਿੱਖ ਬਾਰੇ ਸਵਾਲ ੳੁੱਠਣੇ ਸ਼ੁਰੂ ਹੋਏ ਹਨ।ਅੰਗਰੇਜ਼ੀ ਤੇ ਹਿੰਦੀ ਮੀਡੀਆ 'ਚ ਇਸ ਮੁੱਦੇ 'ਤੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਆਈਆਂ।ਜ਼ਿਆਦਾਤਰ ਮੁੱਖ ਧਰਾਈ ਮੀਡੀਆ ਦੀ ਕੌਮੀ ਲਹਿਰਾਂ ਵਿਰੋਧੀ ਨੀਤੀ ਦੇ ਚਲਦਿਆਂ ਬਹੁਤੇ ਲੇਖ ਲਹਿਰਾਂ ਦਾ ਭਵਿੱਖ ਖਤਮ ਹੋਣ ਦੀ ਦਲੀਲ ਨੂੰ ਸਥਾਪਿਤ ਕਰਦੇ ਛਪੇ।ਇਸੇ ਦੇ ਚਲਦਿਆਂ ਸੀਨੀਅਰ ਕਾਲਮਨਵੀਸ ਕਰਮ ਬਰਸਟ ਦਾ ਕੌਮੀ ਲਹਿਰਾਂ 'ਤੇ ਸਵਾਲ ਉਠਾਉਂਦਾ ਲੇਖ ਪੰਜਾਬੀ ਟ੍ਰਿਬਿਊਨ 'ਚ ਛਪਿਆ।ਉਹਨਾਂ ਦਾ ਲੇਖ ਤੇ ਹੋਰ ਬਹੁਤ ਸਾਰੀਆਂ ਪ੍ਰਤੀਕ੍ਰਆਵਾਂ ਪੜ੍ਹਕੇ ਮੇਰਾ ਵੀ ਕੁਝ ਝਰੀਟਣ ਨੁੰ ਜੀਅ ਕੀਤਾ।ਇਸ ਝਰੀਟੋ-ਝਰੀਟੀ 'ਚ ਕੁਝ ਚੀਜ਼ਾ ਨੂੰ ਸਮਝਣ ਤੇ ਕਹਿਣ ਦੀ ਕੋਸ਼ਿਸ਼ ਕੀਤੀ ਹੈ।ਉਮੀਦ ਹੈ ਕਿ ਸਵਾਲਾਂ 'ਚੋਂ ਸਵਾਲ ਤੇ ਜਵਾਬਾਂ 'ਚੋਂ ਕੁਝ ਸਾਰਥਿਕ ਬਹਿਸ ਸਾਹਮਣੇ ਆਵੇਗੀ।ਕਰਮ ਬਰਸਟ ਦਾ ਲੇਖ ਮਸ਼ਹੂਰ ਪੰਜਾਬੀ ਸਾਈਟ ਲ਼ਿਖਾਰੀ ਡਾਟ ਕੌਮ 'ਤੇ ਪੜ੍ਹਿਆ ਜਾ ਸਕਦਾ ਹੈ।.....ਯਾਦਵਿੰਦਰ ਕਰਫਿਊ

ਸ਼੍ਰੀਲੰਕਾ 'ਚ ਤਾਮਿਲ ਕੌਮੀ ਲਹਿਰ ਨੂੰ ਲੱਗੀ ਵਕਤੀ ਪਛਾੜ ਤੋਂ ਬਾਅਦ ਕੌਮੀ ਲਹਿਰਾਂ ਦੀ ਹਾਰ-ਜਿੱਤ ਦੀ ਬਹਿਸ ਇਕ ਵਾਰ ਫਿਰ ਤਿੱਖੀ ਹੋਈ ਹੈ।ਦੁਨੀਆਂ ਪੱਧਰ 'ਤੇ ਕੌਮੀਅਤ ਵਿਚਾਰਕਾਂ,ੳੁੱਤਰ-ਆਧੁਨਕਿਤਾਵਾਦੀਆਂ,ਸੁਤੰਤਰ ਦਾਨਿਸ਼ਮੰਦਾ ਤੇ ਕਮਿਊਨਿਸਟਾਂ ਵਲੋਂ ਲਹਿਰਾਂ ਦੇ ਪੱਖ-ਵਿਪੱਖ 'ਚ ਤਰਕ-ਵਿਤਰਕ ਕੀਤੇ ਜਾ ਰਹੇ ਹਨ। ਜ਼ਿਆਦਾਤਰ ਬਹਿਸਾਂ 'ਚ ਕਮਿਊਨਿਸਟਾਂ (ਖਾਸ ਕਰ ਐਮ.ਐਲ.ਐਮ) ਵਲੋਂ ਕੌਮੀ ਲਹਿਰ ਬਾਰੇ ਖੁੱਲ੍ਹੇ ਰਾਜਨੀਤਿਕ ਨਜ਼ਰੀਏ ਦੀ ਬਜਾਏ ਵਕਤੀ ਘਟਨਾਚੱਕਰਾਂ ਦਾ ਵਿਸ਼ਲੇਸ਼ਨ ਜਾਂ ਲਹਿਰਾਂ ਨੂੰ ਕੱਟੜ ਕਮਿਊਨਿਸਟ ਮਾਪਦੰਡਾਂ/ਸਾਂਚਿਆਂ 'ਚ ਰੱਖਕੇ ਸੰਕੀਰਨ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਸਭ ਤੋਂ ਵੱਡੇ ਰਾਜਨੀਤਿਕ ਸਵਾਲ ਸਾਮਰਾਜੀ ਵਿਸ਼ਵੀਕਰਨ ਦੇ ਯੁੱਗ 'ਚ ਕੌਮੀਅਤ ਲਹਿਰਾਂ ਦੀ ਹੋਂਦ ਬਾਰੇ ਚੁੱਕੇ ਗਏ ਹਨ। ਨਾਲ ਹੀ ਕੌਮੀ ਲਹਿਰਾਂ ਦੀ ਲੀਡਰਸ਼ਿਪ ਦੀ ਅਗਵਾਈ, ਭਟਕਾਅ ਤੇ ਵਿਅਕਤੀਗਤ ਧਰੁਵੀਕਰਨ ਨੂੰ ਸਵਾਲਾਂ ਨੂੰ ਵੀ ਘੇਰੇ 'ਚ ਲਿਆਂਦਾ ਗਿਆ ਹੈ।ਤਾਮਿਲ ਹਥਿਆਰਬੰਦ ਲਹਿਰ ਦੀ ਹੋਈ ਹਾਰ ਨੂੰ ਰਾਜਨੀਤਿਕ ਤੌਰ 'ਤੇ ਲਹਿਰ ਦੀ ਹਾਰ ਤੇ ਪੁੂੰਜੀਵਾਦੀ ਯੁੱਗ ‘ਚ ਕੌਮੀਅਤਾਂ ਦਾ ਸਵਾਲ ਖਤਮ ਹੋਣ ਦੇ ਰੂਪ 'ਚ ਵੀ ਦੇਖਿਆ ਗਿਆ ਹੈ।ਕੌਮੀਅਤਾਂ ਦਾ ਸਵਾਲ ਖਤਮ ਹੋਣ ਪਿੱਛੇ ਦਲੀਲ ਦਿੱਤੀ ਜਾ ਰਹੀ ਹੈ ਕਿ ਸਾਮਰਾਜੀ ਵਿਸ਼ਵੀਕਰਨ ਦੇ ਦੌਰ 'ਚ ਕੌਮੀ ਸਰਹੱਦਾਂ ਦਾ ਕੋਈ ਸਵਾਲ ਨਹੀਂ ਹੈ ਕਿਉਂਕਿ ਦੁਨੀਆਂ ਭਰ 'ਚ ਫੈਲੀ ਸਾਮਰਾਜੀ ਪੂੰਜੀ ਨੇ ਸਭ ਹੱਦਾਂ ਸਰਹੱਦਾਂ ਨੂੰ ਅਪਣੇ ਕਲਾਵੇ 'ਚ ਲੈ ਲਿਆ ਹੈ।ਇਕ ਹੋਰ ਤਰਕ ‘ਚ ਕੌਮੀ ਲਹਿਰਾਂ ਨੂੰ ਰਾਜਨੀਤਿਕ-ਆਰਥਿਕਤਾ ਨਾਲੋਂ ਤੋੜਕੇ ਸਿਰਫ ਤੇ ਸਿਰਫ ਭਾਵਨਾਤਮਿਕ ਇਛਾਵਾਂ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ।ਜਦੋਂ ਕਿ ਕੌਮੀਅਤਾਂ ਦੀ ਰਾਜਨੀਤੀ ਦਾ ਘੇਰਾ ਇਨ੍ਹਾਂ ਸਾਰੇ ਸਵਾਲਾਂ ਜਵਾਬਾਂ ਤੋਂ ਕਿਤੇ ਵਿਸ਼ਾਲ ਹੈ।

ਦਰਅਸਲ ਮਾਰਕਸਵਾਦੀ ਇਤਿਹਾਸ 'ਚ ਕੌਮੀ ਲਹਿਰਾਂ ਦੇ ਸਵਾਲ ਨੂੰ ਲੈਕੇ ਬਹਿਸ ਕਾਫੀ ਪੁਰਾਣੀ ਹੈ।ਕਾਰਲ ਮਾਰਕਸ ਤੇ ਏਂਗਲਜ਼ ਨੇ ਅਪਣੇ ਜੀਵਨ ਕਾਲ ਦੌਰਾਨ ਕੌਮੀ ਲਹਿਰਾਂ ਬਾਰੇ ਲਿਖਿਆ ਤੇ ਕੌਮੀਅਤ ਵਿਰੋਧੀਆਂ ਦੀ ਤਰਕਹੀਣਤਾ ਨੂੰ ਨਕਾਰਦੇ ਹੋਏ ਕੌਮੀ ਮੁਕਤੀ ਲਹਿਰਾਂ ਬਾਰੇ ਇਕ ਠੋਸ ਵਿਗਿਆਨਕ ਸਮਝ ਰੱਖੀ। ਕੌਮੀ ਮੁਕਤੀ ਲਹਿਰਾਂ ਬਾਰੇ ਮਾਰਕਸ ਅਪਣੀ ਲਿਖਤ "ਆਈਰਸ਼ ਨੈਸ਼ਨਲ ਕਵਸਚਿਨ" 'ਚ ਕੌਮੀਅਤ ਲਹਿਰਾਂ ਦੇ ਵਿਰੋਧੀ ਸਮਾਜਵਾਦੀ ਚਿੰਤਕ ਕਾਰਲ ਕਾਉਟਸਕੀ ਦੇ ਖੇਮੇ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਹੋਏ।ਕਾਰਲ ਕਾਉਟਕਸੀ ਤੇ ਉਸਦੇ ਸਾਥੀਆਂ ਦਾ ਵਿਚਾਰ ਸੀ ਕਿ ਕੌਮੀ ਲਹਿਰਾਂ ਦਾ ਪੈਦਾ ਹੋਣਾ ਸਮਾਜੀਕਰਨ ਤੇ ਇਨਕਲਾਬ ਦੇ ਰਾਹ 'ਚ ਅੜਿੱਕਾ ਹੈ।ਆਇਰਸ਼ (ਆਇਰਲੈਂਡ) ਲਹਿਰ ਬਾਰੇ ਕਾਉਟਕਸੀ ਖੇਮੇ ਦਾ ਕਹਿਣਾ ਸੀ ਕਿ ਆਇਰਸਾਂ ਦੀ ਲਹਿਰ ਇੰਗਲੈਂਡ ਦੀ ਮਜ਼ਦੂਰ ਜਮਾਤ ਵਿਰੋਧੀ ਹੈ।ਇਨ੍ਹਾਂ ਸਾਰੀਆਂ ਦਲੀਲਾਂ ਦੇ ਜਵਾਬ 'ਚ ਮਾਰਕਸ ਨੇ ਸਿੱਧ ਕੀਤਾ ਸੀ ਕਿ ਕਿਵੇਂ ਕੌਮੀ ਲਹਿਰਾਂ ਦੀ ਅਜ਼ਾਦੀ ਪੂਰੀ ਦੁਨੀਆਂ ਦੀ ਹਕੀਕੀ ਆਜ਼ਾਦੀ ਨਾਲ ਜੁੜੀ ਹੋਈ ਹੈ।ਮਾਰਕਸ ਅਨੁਸਾਰ “ਕੌਮੀਅਤ ਦੀਆਂ ਲਹਿਰਾਂ ਸਿਰਫ਼ ਭਾਵਨਾਤਮਿਕ ਵੇਗ ਨਹੀਂ ਬਲਕਿ ਪੂੰਜੀਵਾਦੀ ਸਮਾਜ ਦੇ ਗ਼ੈਰ-ਬਰਾਬਰ ਵਿਕਾਸ ਦਾ ਹੀ ਨਤੀਜਾ ਹਨ ਤੇ ਛੋਟੇ ਤੋਂ ਛੋਟੇ ਸੋਸ਼ਣ ਤੇ ਜ਼ੁਲਮ ਦੀਆਂ ਤਾਰਾਂ ਕੌਮਾਂਤਰੀ ਸੋਸ਼ਣ ਨਾਲ ਜੁੜੀਆਂ ਹੁੰਦੀਆਂ ਹਨ।ਇਸੇ ਦਾ ਨਤੀਜਾ ਹੈ ਕਿ ਪੂੰਜੀਵਾਦ ਇਕ ਕੌਮੀ ਬਸਤੀ ਦੀ ਲੁੱਟ ਨਾਲ ਦੂਜੇ ਥਾਂ ਦਾ ਆਰਥਿਕ ਸੰਕਟ ਹੱਲ ਕਰਨ ਤੇ ਲਹਿਰਾਂ ਨੂੰ ਖਤਮ ਕਰਨ ਲਈ ਵਰਤਦਾ ਹੈ।ਮਾਰਕਸ ਲਿਖਦਾ ਹੈ ਕਿ ਇੰਗਲੈਂਡ ਦੇ ਪੂੰਜੀਪਤੀ ਆਇਰਸ਼ਾਂ ਦੀ ਗ਼ਰੀਬ ਮਜ਼ਦੂਰ ਜਮਾਤ ਦਾ ਸੋਸ਼ਣ ਹੀ ਨਹੀਂ ਕਰ ਰਹੇ ਬਲਕਿ ਸੋਸ਼ਣ ਨਾਲ ਹੁੰਦਾ ਆਇਰਸ਼ ਮਜ਼ਦੂਰਾਂ ਦਾ ਪਰਵਾਸ ਮਜ਼ਦੂਰ ਵਰਗ ਨੂੰ ਏਕਤਾ ਨੂੰ ਪਛਾੜ ਲਗਾਉਂਦਾ ਹੈ।ਆਇਰਸ਼ਾਂ ਦੀ ਕੌਮੀ ਮੁਕਤੀ ਲਹਿਰ ਦੀ ਮਜ਼ਬੂਤੀ ਨਾਲ ਹੀ ਇੰਗਲੈਂਡ ਦਾ ਪੂੰਜੀਵਾਦੀ ਸੰਕਟ ਤਿੱਖਾ ਹੋਵੇਗਾ ਤੇ ਇਸੇ ‘ਚ ਇੰਗਲਿਸ਼ ਮਜ਼ਦੂਰ ਜਮਾਤ ਦੀ ਆਜ਼ਾਦੀ ਦੀਆਂ ਸੰਭਾਨਾਵਾਂ ਹਨ।ਮਾਰਕਸ ਤੋਂ ਬਾਅਦ ਲੈਨਿਨ ਵੀ ਕਾਉਟਸਕੀ ਵਰਗੇ ਅਜਿਹੇ ਕਈ ਵਿਚਾਰਕਾਂ ਦੇ ਰੂਬਰੂ ਹੋਏ,ਜਿਹੜੇ ਵਿਸ਼ਵੀਕਰਨ ਦੇ ਇਕ ਧਰੁਵੀ ਸੰਸਾਰ ਦੀ ਤਰ੍ਹਾਂ ਸੋਸ਼ਲਾਈਜੇਸ਼ਨ ਦੇ ਦੌਰ ‘ਚ ਇਕੋ ਸੰਸਾਰ ਦੀ ਇਕ ਭਾਸ਼ਾ ਹੋਣ ਦੀ ਦਲੀਲ ਤੇ ਬਾਕੀ ਦੀਆਂ ਭਾਸ਼ਾਵਾ ਇਕੋ ਭਾਸ਼ਾ ‘ਚ ਸੰਮਲਿਤ ਦੀ ਗੱਲ ਕਰਦੇ ਸਨ। ਲੈਨਿਨ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਖੋਖਲੀਆਂ ਕਹਿਕੇ ਇਕ “ਫਾਲਤੂ ਸੁਫ਼ਨਾ” ਕਰਾਰ ਦਿੱਤਾ।

ਸਾਮਰਾਜੀ ਯੁੱਗ ‘ਚ ਵਿਸ਼ਵੀਕਰਨ ਦੀ ਪ੍ਰਕ੍ਰਿਆ ਤੇਜ਼ ਹੋਣ ਦੇ ਨਾਲ ਕੌਮੀਅਤਾਂ ਦੇ ਸਵਾਲ ‘ਤੇ ਫਿਰ ਬਹਿਸ ਭਖੀ।ਪੂੰਜੀਵਾਦੀ ਲੋਕਤੰਤਰ ਨੇ ਜਿਥੇ ਫੈਡਰਲਿਜ਼ਮ ਦੇ ਰਾਹੀਂ ਕੌਮੀਅਤਾਂ ਦੇ ਸਵਾਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਓਥੇ ਹੀ ਸਾਮਰਾਜੀ ਦੌਰ ‘ਚ ਸਵਾਲ ਫਿਰ ਤਿੱਖੇ ਰੂਪ ‘ਚ ੳੁੱਭਰਕੇ ਆਇਆ,ਕਿਉਂਕਿ ਸਾਮਰਾਜੀ ਪੂੰਜੀ ਦੇ ਪਸਾਰ ਨਾਲ ਪੂੰਜੀਵਾਦੀ ਲੋਕਤੰਤਰ ‘ਚ ਗ਼ੈਰ-ਬਰਾਬਰ ਸਮਾਜਿਕ ਵਿਕਾਸ ਦਾ ਮੁੱਦਾ ਵਿਸ਼ਾਲ ਰੂਪ ‘ਚ ੳੁੱਭਰਕੇ ਆਇਆ ਹੈ।ਅਸਲ ‘ਚ ਕੌਮੀਅਤ ਦੇ ਵਿਕਾਸ ਨਾਲ ਕੌਮੀ ਮੰਡੀ ਦਾ ਵਿਕਾਸ ਵੀ ਹੁੰਦਾ ਹੈ ਤੇ ਕੌਮੀ ਪੂੰਜੀ ਪਸਾਰਵਾਦੀ ਸਾਮਰਾਜੀ ਮੰਡੀ ਲਈ ਮੁੱਖ ਵਿਰੋਧਾਈ ਹੈ।ਇਸੇ ਲਈ ਸਾਮਰਾਜੀ ਦੇਸ਼ ਕੌਮੀਅਤਾਂ ਦੀ ਲੜਾਈ ‘ਤੇ ਅਪਣੀ ਬਾਜ਼ ਵਰਗੀ ਅੱਖ ਰੱਖਦੇ ਹਨ।ਹਰ ਕੌਮੀ ਲਹਿਰ ਨੂੰ ਖਾਸੇ ਦੇ ਤੌਰ ‘ਤੇ ਸਾਮਰਾਜ ਵਿਰੋਧੀ ਮੰਨਿਆ ਜਾਂਦਾ ਹੈ ਤੇ ਕੌਮੀਅਤਾਂ ਦਾ ਸਾਮਰਾਜ ਵਿਰੋਧੀ ਏਜੰਡਾ ਹੋਣ ਦੇ ਕਾਰਨ ਹੀ ਉਹ ਦੁਨੀਆਂ ਭਰ ਦੀਆਂ ਸਾਮਰਾਜ ਵਿਰੋਧੀ ਕਮਿਊਨਿਸਟ ਲਹਿਰਾਂ ਨਾਲ ਸੰਵਾਦ ਰਚਾਉਂਦੀਆਂ ਹਨ।ਇਸੇ ਤੋਂ ਲਹਿਰਾਂ ਦੀ ਨਵ-ਜਮਹੂਰੀ ਇਨਕਲਾਬ 'ਚ ਸ਼ਮੂਲੀਅਤ ਤੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਸਾਫ਼ ਹੁੰਦਾ ਹੈ।ਇਸਦੀਆਂ ਪ੍ਰੱਤਖ ਮਿਸਾਲਾਂ ਲੈਨਿਨ ਦੇ ਸੋਵੀਅਤ ਯੂਨੀਅਨ ਦੌਰ ਤੇ ਮਾਓ ਦੇ ਚੀਨੀ ਇਨਕਲਾਬ ‘ਚ ਵੇਖਣ ਨੂੰ ਮਿਲਦੀਆਂ ਹਨ।ਇਸ ਲਈ ਵਿਸ਼ਵੀਕਰਨ ਦੇ ਯੁੱਗ ‘ਚ ਕੌਮੀਅਤਾਂ ਦੀ ਹੋਂਦ ਨਾ ਹੋਣਾ ਤੇ ਪੂੰਜੀਵਾਦੀ ਦੇ ਪਹਿਲੇ ਪੜਾਅ ‘ਚ ਕੌਮੀ ਲਹਿਰਾਂ ਦਾ ਸਵਾਲ ਖਤਮ ਹੋਣ ਦੀ ਦਲੀਲ ਗ਼ੈਰ ਵਿਗਿਆਨਿਕ ਨਜ਼ਰੀਆ ਹੈ। ਜੇ ਲਹਿਰ ਦਾ ਮਤਲਬ ਸਿਰਫ਼ ਹਥਿਆਰਬੰਦ ਹੋਣਾ ਨਹੀਂ ਹੁੰਦਾ ਤਾਂ ਪੂੰਜੀਵਾਦੀ ਸਿਖ਼ਰਾਂ ਟੱਪਕੇ ਸਾਮਰਾਜੀ ਦੇਸ਼ ਬਣੇ ਇੰਗਲੈਂਡ ਤੇ ਰੂਸ ‘ਚ ਅੱਜ ਵੀ ਕੌਮੀਅਤ ਦੀਆਂ ਭਾਵਨਾਵਾਂ ੳੁੱਛਲ ਰਹੀਆਂ ਹਨ।ਇੰਗਲੈਂਡ ‘ਚ ਵੇਲਜ਼ ਤੇ ਸਕੌਟਿਸ਼ਟ ਕੌਮੀਅਤ ਦਾ ਸਵਾਲ ਸੁਲਗ ਰਿਹਾ ਹੈ, ਅੱਜ ਵੀ ਵੇਲਜ਼ ਤੇ ਸਕੌਟਿਸ਼ਟ ਨੂੰ ਕੋਈ ਇੰਗਲਿਸ਼ ਨਹੀਂ ਕਹਿ ਸਕਦਾ। ਰੂਸ ‘ਚ ਜੌਰਜੀਆਂ ਤੇ ਚੇਚਨੀਆਂ ਕੌਮੀਅਤਾਂ ਦੀ ਲੜਾਈ ਜਾਰੀ ਹੈ।ਯੂਰਪ ‘ਚ ਹਥਿਆਰਬੰਦ ਬਾਸਕ ਤੇ ਕਾਟਲਨ ਲਹਿਰਾਂ ਆਪਣੇ ਹੱਕਾਂ ਲਈ ਜੂਝ ਰਹੀਆਂ ਹਨ।ਦੱਖਣੀ ਏਸ਼ੀਆ ‘ਚ ਭਾਰਤ‘ਚਅਸਾਮ,ਮਨੀਪੁਰ,ਨਾਗਾਲੈਂਡ,ਮੇਘਾਲਿਆ,ਅਰੁਨਾਚਲ ਪ੍ਰਦੇਸ਼,ਕਸ਼ਮੀਰ,ਤਿੰਲਗਾਨਾ,ਪਾਕਿਸਤਾਨ ਦੀਆਂ ਸਿੰਧ, ਬਲੋਚਿਸਤਾਨ ਤੇ ਵਜ਼ੀਰਸਤਾਨ ਤੇ ਅਫ਼ਗ਼ਾਨਿਸਤਾਨ 'ਚ ਵੀ ਕੁਝ ਲਹਿਰਾਂ ਅਪਣੇ ਹਿੱਤਾਂ ‘ਤੇ ਪਹਿਰਾ ਦੇ ਰਹੀਆਂ ਹਨ।ਪੂਰੇ ਦੱਖਣੀ ਪੂਰਬੀ ਏਸ਼ੀਆ ਤੋਂ ਲੈਕੇ ਮੱਧ ਪੂਰਬ ਦੀ ਸੁਲਗਦੀ ਧਰਤੀ ਬਾਰੇ ਸ਼ਾਇਦ ਹੀ ਕੋਈ ਭੁੱਲਿਆ ਹੋਵੇ।ਅਜਿਹੀਆਂ ਕੌਮੀ ਮੁਕਤੀ ਲਹਿਰਾਂ ਨੂੰ ਪੂੰਜੀਵਾਦੀ ਲੋਕਤੰਤਰ ਦੇ ਫੈਡਰਲਿਜ਼ਮ ਤੱਕ ਸੀਮਤ ਕਰਨਾ ਵੀ ਲਹਿਰਾਂ ਨਾਲ ਨਾਇਨਸਾਫ਼ੀ ਹੋਵੇਗੀ, ਕਿਉਂਕਿ ਪੂੰਜੀਵਾਦੀ ਲੋਕਤੰਤਰ ਦੇ ਫੈਡਰਲਿਜ਼ਮ ‘ਚ ਕੌਮੀਅਤਾਂ ਦਾ ਕੋਈ ਭਵਿੱਖ ਨਹੀਂ, ਬਲਕਿ ਕੌਮੀਅਤ ਦੇ ਸਵਾਲਾਂ ਦਾ ਵਕਤੀ ਹੱਲ ਹੈ। ਇਸ ਲਈ ਇਤਿਹਾਸ ‘ਚ ਕਮਿਊਨਿਸਟਾਂ ਨੇ ਕੌਮੀ ਲਹਿਰਾਂ ਨੂੰ ਫੈਡਰਲਿਜ਼ਮ ਤੱਕ ਨਾ ਸਮੇਟਣ ਦੀ ਬਜਾਏ ਕੌਮੀ ਸਵਾਲ ਨੂੰ ਤਿੱਖਾ ਕਰਨ ਦੀ ਕੋਸ਼ਿਸ ਕੀਤੀ ਹੈ।

ਤਾਮਿਲ ਹਥਿਆਰਬੰਦ ਲਹਿਰ ਦੀ ਹੋਈ ਹਾਰ ਦੇ ਘਟਨਾਕ੍ਰਮਾਂ ਦਾ ਢਾਂਚਾਗਤ ਵਿਸ਼ਲੇਸ਼ਨ ਕਰਕੇ ਦੂਜੀਆਂ ਲਹਿਰਾਂ ਨੂੰ ਹਾਰ ਦਾ ਸਬਕ ਦੇਣਾ ਵੀ ਸਮੱਸਿਆਤਮਕ ਦਲੀਲ ਹੈ,ਕਿਉਂਕਿ ਕਿਸੇ ਲਹਿਰ ਦੇ ਹਥਿਆਰਬੰਦ ਤੌਰ 'ਤੇ ਢਹਿ ਢੇਰੀ ਹੋਣ ਨਾਲ ਲਹਿਰ ਦੀ ਹਾਰ ਮੰਨਣਾ ਕਿਸੇ ਪਾਸਿਓਂ ਵੀ ਜਾਇਜ਼ ਨਹੀਂ। ਲਹਿਰਾਂ ਦੇ ਉਤਰਾਅ ਤੇ ਚੜਾਅ ਦੋਵੇਂ ਹੀ ਦਵੰਦਵਾਦੀ ਪ੍ਰਕ੍ਰਿਆਵਾਂ ਹਨ ਜੋ ਸਮੇਂ ਦੇ ਵੱਖੋ ਵੱਖਰੇ ਪੜਾਵਾਂ ‘ਤੇ ਜੂਝਦੀਆਂ ਰਹਿੰਦੀਆਂ ਹਨ। ਜੇ ਹਾਰਾਂ ਦੀ ਦਲੀਲ ਨੂੰ ਸਹੀ ਮੰਨਿਆਂ ਜਾਵੇ ਤਾਂ ਸੋਵੀਅਤ ਯੂਨੀਅਨ ਤੇ ਚੀਨੀ ਇਨਕਲਾਬ ਨੂੰ ਲੱਗੀ ਪਛਾੜ ਵੀ ਹੋਰਾਂ ਲਈ “ਸਬਕ” ਮੰਨੀ ਜਾਵੇਗੀ। ਇਸੇ ਤਰ੍ਹਾਂ ਕੌਮੀ ਲਹਿਰਾਂ ਦੀ ਲੀਡਰਸ਼ਿਪ ਦੇ ਭਟਕਾਅ ਤੇ ਲਹਿਰ ਦੇ ਵਿਅਕਤੀਗਤ ਧਰੁਵੀਕਰਨ ਨੂੰ ਨਿਸ਼ਾਨੇ 'ਤੇ ਰੱਖਣਾ ਵੀ ਜਾਇਜ਼ ਨਹੀਂ ਕਿਉਂਕਿ ਇਹ ਸਮੱਸਿਆ ਸਿਰਫ਼ ਕੌਮੀ ਲਹਿਰਾਂ ਦੀ ਹੀ ਨਹੀਂ ਬਲਕਿ ਦੁਨੀਆਂ ਭਰ ਦੀਆਂ ਜਮਹ੍ਰੂਰੀ ਲਹਿਰਾਂ ਇਨ੍ਹਾਂ ਤਜਰਬਿਆਂ ਵਿਚੋਂ ਲੰਘ ਚੁੱਕੀਆਂ ਹਨ।

ਯੋਜਨਾ ਤੇ ਜੁਗਤਾਂ ਹਰ ਲਹਿਰ ਦੇ ਮਹੱਤਵਪੂਰਨ ਅੰਗ ਹੁੰਦੇ ਹਨ।ਪੂਰੀ ਲਹਿਰ ਮੁੱਖ ਰੂਪ ‘ਚ ਚਾਹੇ ਰਾਜਨੀਤਿਕ ਯੋਜਨਬੰਦੀ ‘ਤੇ ਟਿਕੀ ਹੁੰਦੀ ਹੈ ਪਰ ਲਹਿਰ ਨੂੰ ਵਿਕਾਸਾਤਮਿਕ ਪੜਾਅ ਦੀਆਂ ਸਿਖ਼ਰਾਂ ਤੱਕ ਲਿਜਾਣ ਲਈ ਜੁਗਤਾਂ ਦਾ ਅਹਿਮ ਯੋਗਦਾਨ ਹੁੰਦਾ ਹੈ।ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲਹਿਰ ਦੀ ਲੀਡਰਸ਼ਿਪ ਵਲੋਂ ਲਹਿਰ ਦੇ ਵਿਕਾਸ ਲਈ ਖੇਡੀ ਗਈ ਜੁਗਤ ਵਿਕਾਸ ਦੀ ਬਜਾਏ ਵਿਨਾਸ਼ ਵੱਲ ਲੈ ਜਾਂਦੀ ਹੈ।ਕਿਸੇ ਵੀ ਨਵੇਂ ਪੈਂਤੜੇ ਨਾਲ ਸਥਿਤੀਆਂ ਲਹਿਰ ਦੇ ਅਨਕੂਲ ਵੀ ਹੋ ਸਕਦੀਆਂ ਨੇ ਤੇ ਪ੍ਰਤੀਕੂਲ ਵੀ। ਇਹ ਅਜਿਹੀ ਕਲਪਿਤ ਹਾਲਤ ਹੁੰਦੀ ਹੈ ਜਿਸ ‘ਚ ਨਫ਼ੇ-ਨੁਕਸਾਨਾਂ ਦਾ ਅੰਦਾਜ਼ਾ ਕਦੇ ਵੀ ਪਹਿਲੋਂ ਨਹੀਂ ਲਗਾਇਆ ਜਾ ਸਕਦਾ। ਇਸ ਲਈ ਲੀਡਰਸ਼ਿਪ ਵਲੋਂ ਲਾਈਆਂ ਜੁਗਤਾਂ ਨਾਲ ਲਹਿਰ ਦੀ ਪਛਾੜ ਦਾ ਸਿਹਰਾ ਲੀਡਰਸ਼ਿਪ ਸਿਰ ਬੰਨਣਾ ਵੀ ਗ਼ੈਰ-ਵਾਜਿਵ ਹੈ। ਇਨ੍ਹਾਂ ਸਭ ਚੀਜ਼ਾਂ ਦੇ ਚਲਦਿਆਂ ਲਹਿਰਾਂ ਨੂੰ ਪਛਾੜ ਤੇ ਲੀਡਰਸ਼ਿਪ ਦਾ ਭਟਕਾਅ ਸੱਚਮੁੱਚ ਹੀ ਸਾਰੀਆਂ ਜਮਹੂਰੀ ਲਹਿਰਾਂ ਲਈ ਆਤਮ-ਵਿਸ਼ਲੇਸ਼ਨ ਦਾ ਸਵਾਲ ਹੈ।

ਵਿਸ਼ਵੀਕਰਨ ਦੇ ਦੌਰ ‘ਚ ਸਾਮਰਾਜੀ ਦੇਸ਼ਾਂ ਦੀਆਂ ਆਪਸ ‘ਚ ਪੀਡੀਆਂ ਹੁੰਦੀਆਂ ਵਿਰੋਧਤਾਈਆਂ ਨੂੰ ਵੀ ਤਾਮਿਲ ਲਹਿਰ ਦੇ ਸੰਦਰਭ ‘ਚ ਸਮਝਣ ਦੀ ਜ਼ਰੂਰਤ ਹੈ। ਤਾਮਿਲ ਲਹਿਰ ਨੂੰ ਨੇਸਤਾਨਬੂਤ ਕਰਨ ਲਈ ਅਮਰੀਕੀ ਤੇ ਚੀਨੀ ਸਾਮਰਾਜ ਨੇ ਵੱਡੀ ਭੂਮਿਕਾ ਅਦਾ ਕੀਤੀ।2008 ਦੀ ਸ਼ੁਰੂਆਤ ‘ਚ ਸ਼੍ਰੀਲੰਕਾਈ ਸਰਕਾਰ ਦਾ ਚੀਨੀ ਪ੍ਰੇਮ ਦੇਖਦਿਆਂ ਅਮਰੀਕਾ ਨੇ ਤਾਮਿਲ ਮਨੁੱਖੀ ਅਧਿਕਾਰਾਂ ਦੀ ਝੂਠੀ ਦੁਹਾਈ ਦੇਣੀ ਸ਼ੁਰੂ ਕੀਤੀ ਤਾਂ ਚੀਨ ਸ਼੍ਰੀਲੰਕਾ ਨੂੰ ਸਭਤੋਂ ਵੱਧ ਹਥਿਆਰ ਤੇ ਇਕ ਅਰਬ ਡਾਲਰ ਸਲਾਨਾ ਸਹਾਇਤਾ ਰਾਸ਼ੀ ਦੇਣ ਵਾਲਾ ਦੇਸ਼ ਬਣ ਗਿਆ।ਇਸੇ ਦੀ ਇਵਜ਼ ‘ਚ ਚੀਨ ਨੇ ਦੱਖਣੀ ਸ਼੍ਰੀਲੰਕਾ ਦੇ “ਹਮਬਨਟੋਟਾ” ‘ਚ ਵਪਾਰਕ ਤੇ ਫ਼ੌਜੀ ਹਿੱਤਾਂ ਨੂੰ ਮੁੱਖ ਰੱਖਦਿਆ ਇਕ ਬੰਦਰਗਾਹ ਬਣਾਈ। ਇਸ ਤੋਂ ਇਲਾਵਾ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆਂ ਪ੍ਰੀਸ਼ਦ ‘ਚ ਅਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਤਾਮਿਲ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦੀ ਬਹਿਸ ਨਾ ਹੋਣ ਦੇਣ ਦੇ ਪੂਰੇ ਉਪਰਾਲੇ ਕੀਤੇ।ਪਰ ਉਸ ਤੋਂ ਪਹਿਲਾਂ ਚੀਨ ਤੇ ਅਮਰੀਕਾ ‘ਚ ਸ਼੍ਰੀਲੰਕਾਈ ਸਰਕਾਰ ਨੂੰ ਹਥਿਆਰ ਦੇਣ ਦੀ ਹੋੜ ਲੱਗੀ ਹੋਈ ਹੈ।ਇਸ ਦਾ ਇਕੋ ਇਕ ਕਾਰਨ ਦੋਵਾਂ ਸਾਮਰਾਜਾਂ ਵਲੋਂ ਦੱਖਣੀ ਏਸ਼ੀਆਂ ਦੇ ਖਿੱਤੇ ਤੇ ਸ਼੍ਰੀਲੰਕਾ ਦੇ ਆਦਰਸ਼ ਸਮੁੰਦਰੀ ਫੌਜੀ ਟਿਕਾਣਿਆਂ ‘ਤੇ ਆਪਣੀ ਚੌਧਰ ਕਾਇਮ ਕਰਨਾ ਸੀ।ਜੋ ਭੂਗੋਲਿਕ ਫੌਜੀ ਰਾਜਨੀਤੀ ਤੇ ਰਣਨੀਤੀ ਦੇ ਹਿਸਾਬ ਨਾਲ ਦੱਖਣੀ ਪੂਰਬੀ ਏਸ਼ੀਆ ਤੇ ਮੱਧ ਪੂਰਬ ‘ਤੇ ਫੌਜੀ ਤੇ ਵਪਾਰਕ ਨਜ਼ਰ ਰੱਖਣ ਲਈ ਕਾਫੀ ਮਹੱਤਵਪੂਰਨ ਮੰਨੇ ਜਾਂਦੇ ਹਨ।ਇਨ੍ਹਾਂ ਮਹੱਤਵਪੂਰਨ ਫੌਜੀ ਅੱਡਿਆਂ ‘ਚੋਂ ਜ਼ਿਆਦਾਤਰ ਤਾਮਿਲ ਲਹਿਰ ਦੇ ਪ੍ਰਭਾਵ ਵਾਲੇ ਇਲਾਕਿਆਂ ਦੇ ਅੰਦਰ ਵੀ ਆਉਂਦੇ ਸਨ। ਇਸੇ ਲਈ ਚੀਨੀ ਸਾਮਰਾਜ ਨੇ ਇਕ ਤੋਂ ਇਕ ਤਕਨੀਕੀ ਹਥਿਆਰ ਤਾਮਿਲ ਲੋਕਾਈ ਦਾ ਘਾਣ ਕਰਨ ਨੂੰ ਦਿੱਤੇ।ਇਸ ਦੌਰਾਨ ਲਗਭਗ 25,000 ਬੇਗੁਨਾਹ ਤਾਮਿਲਾਂ ਦੀ ਮੌਤ ਤੇ 1 ਲੱਖ ਦੇ ਕਰੀਬ ਉਜਾੜਾ ਹੋਇਆ।ਅੱਜ ਵੀ ਹਜ਼ਾਰਾਂ ਦੀ ਗਿਣਤੀ ‘ਚ ਤਾਮਿਲ ਰਿਫਊਜੀ ਕੈਂਪਾਂ ‘ਚ ਜਹਾਲਤ ਭਰੀ ਜ਼ਿੰਦਗੀ ਹੰਢਾ ਰਹੇ ਹਨ। ਜਿਸ ਤਰ੍ਹਾਂ ਜਮਹੂਰੀ ਹੱਕਾਂ ਲਈ ਲੜ ਰਹੀ ਤਾਮਿਲ ਕੌਮ ਨੂੰ ਦਹਿਸ਼ਤਜ਼ਦਾ ਕੀਤਾ ਗਿਆ, ਉਹ ਦੁਨੀਆਂ ਦੇ ਇਤਿਹਾਸ ਨੂੰ ਹਮੇਸ਼ਾਂ ਯਾਦ ਰਹੇਗਾ ਤੇ ਇਤਿਹਾਸ ਦੇ ਪੰਨੇ ਉਸ ਕਾਲੇ ਇਤਿਹਾਸ ਨੂੰ ਪੁੱਠਾ ਗੇੜਾ ਜ਼ਰੂਰ ਦੇਣਗੇ।

ਵਕਤੀ ਪਛਾੜਾਂ ਤੇ ਹਾਰਾਂ ਲਹਿਰਾਂ ਲਈ ਇਤਿਹਾਸਿਕ ਤਜਰਬੇ ਹੁੰਦੀਆਂ ਹਨ ਤੇ ਲਹਿਰਾਂ ਦੇ ਇਤਿਹਾਸਿਕ ਪੜਾਵਾਂ ‘ਚ ਕਈ ਵਾਰ ਹਾਰਾਂ ਜਿੱਤਾਂ ਨਾਲੋਂ ਵੱਧ ਮਹੱਤਵਪੂਰਨ ਹੁੰਦੀਆਂ ਹਨ। ਪਰ ਇਕ ਗੱਲ ਤੈਅ ਹੈ ਕਿ ਕੌਮੀ ਲਹਿਰਾਂ ਦੀ ਜਿੱਤ ਸਿੱਧੇ ਤੌਰ ‘ਤੇ ਦੁਨੀਆਂ ਭਰ ਦੀਆਂ ਜਮੂਹਰੀ ਲਹਿਰਾਂ ਦੀ ਜਿੱਤ ਨਾਲ ਜੁੜੀ ਹੋਈ ਹੈ। ਕਮਿਊਨਿਸਟਾਂ ਵਲੋਂ ਕੌਮੀ ਲਹਿਰਾਂ ਨੂੰ ਜਮਾਤੀ ਸੰਘਰਸ਼ ਦੇ ਪੈਮਾਨਿਆਂ ‘ਚ ਰੱਖਕੇ ਵਿਸ਼ਲੇਸ਼ਨ ਕਰਨਾ ਉਸੇ ਤਰ੍ਹਾਂ ਦੀ ਸਮਝ ਹੈ ਜਿਸ ਤਰ੍ਹਾਂ ਇਹ ਕਹਿਣਾ ਕਿ ਕੌਮੀ ਲਹਿਰ ਦਾ ਸਦੀਵੀ ਹੱਲ ਤਾਂ ਨਵ-ਜਮਹੂਰੀ ਸਮਾਜ ਸਿਰਜਣ ‘ਚ ਲੱਗੀਆਂ ਤਾਕਤਾਂ ਹੀ ਕਰਨਗੀਆਂ। ਕੌਮੀ ਮੁਕਤੀ ਲਹਿਰਾਂ ਵੀ ਨਵ-ਜਮਹੂਰੀ ਸਮਾਜ ਸਿਰਜਣ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾਉਂਦੀਆਂ ਹਨ। ਸਵਾਲ ਹੈ ਕਿ ਸਮਾਜ ‘ਚ ਚਲਦੀਆਂ ਤਰ੍ਹਾਂ ਤਰ੍ਹਾਂ ਦੀਆਂ ਸੁਤੰਤਰ ਲਹਿਰਾਂ ਬਾਰੇ ਕੀ ਇਹ ਸਹੀ ਪਹੁੰਚ ਹੈ? ਕਮਿਊਨਿਸਟ ਰਾਜਨੀਤੀ ਦੇ ਧਰਾਤਲ ‘ਤੇ ਖੜ੍ਹੇ ਹੋਕੇ ਫਾਇਦਿਆਂ ਤੇ ਨੁਕਸਾਨਾਂ ਦੇ ਗੁਣਾ-ਜੋੜ ਦੀ ਰਾਜਨੀਤੀ ਕਿਸੇ ਪਾਸਿਓ ਜਾਇਜ਼ ਨਹੀਂ, ਕਿਉਂਕਿ ਰਾਜਨੀਤੀ ਸਿਰਫ਼ ਹੋਣ ਲਈ ਨਹੀਂ ਹੋ ਰਹੀ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

Saturday, July 11, 2009

ਜ਼ਿੰਦਗੀ ਦੇ ਤਜ਼ਰਬਿਆਂ ਵਰਗੇ ਪਿੰਡ


ਕੁਝ ਹਫਤੇ ਪਹਿਲਾਂ ਗੁਰਪਾਲ ਬਿਲਾਬਲ ਨੇ ਫੋਨ ਕਰਕੇ ਕਿਹਾ ਮੈਂ ਪਿੰਡ ‘ਤੇ ਗੀਤ ਲਿਖਿਆ ਤੈਨੂੰ ਮੇਲ ਕਰ ਰਿਹਾਂ ਤੇ ਜੇ ਟਾਈਮ ਹੋਇਆ ਤਾਂ ਫੋਨ ਕਰਕੇ ਮੈਥੋਂ ਸੁਣੀਂ।ਸੁਣਿਆ ਤਾਂ ਮੈਂ ਅਜੇ ਤੱਕ ਨਹੀਂ ਪਰ ਗੀਤ ਪੜ੍ਹਕੇ ਪਿੰਡ ਤੇ ਸ਼ਹਿਰ ਦੀ ਪੁਰਾਣੀ ਡੀਬੇਟ ਮੇਰੇ ਦਿਮਾਗ ‘ਚ ਫਿਰ ਤਰੋਤਾਜ਼ਾ ਹੋ ਗਈ।ਬਿਲਾਬਲ ਨਾਲ ਮੇਰੀ ਜਾਣ ਪਹਿਚਾਣ ਚਾਹੇ ਪੰਜਵੀਂ ‘ਚ ਪੜਦਿਆਂ ਦੀ ਹੈ ਪਰ ਇਕ ਕੱਚਪਿੱਲੀ ਸਾਹਿਤਕ ਸਾਂਝ ਬਾਰਵੀਂ ਜਮਾਤ ਦੀ ਹੈ।ਜਦੋਂ ਮੈਂ ਇਕ ਸ਼ਹਿਰੀ ਤੇ ਪੇਂਡੂ ਜੀਵਨ ਦੇ ਦਵੰਦ ਨੂੰ ਬਿਆਨ ਕਰਦੀ ਇਕ ਕਹਾਣੀ ਲਿਖਣ ਦੀ ਜਾਚਨਾ ਗੁਰਪਾਲ ਤੋਂ ਲਈ ਸੀ।ਉਸਤੋਂ ਬਾਅਦ ਸਾਡੀ ਦੋਸਤੀ ਦੇ ਸਿਲਸਿਲੇ ‘ਚ "ਸੋਮਰਸ" ਦੇ ਪਿਆਲਿਆਂ ਤੋਂ ਸਿਗਰਟਾਂ ਦੇ ਕਸ਼ ਤੱਕ ਸਾਂਝੇ ਰਹੇ।ਹੁਣ ਜਦੋਂ ਤੋਂ ਮੈਂ “ਦੇਸੀ ਡਾਇਸਪੋਰੇ” ਦਾ ਸ਼ਿਕਾਰ ਹੋਇਆ ਹਾਂ,ਉਦੋਂ ਤੋਂ ਕਦੀਂ 2-3 ਮਹੀਨਿਆਂ ਬਾਅਦ ਮੁਲਾਕਾਤ ਹੁੰਦੀ ਆ।ਪਰ ਜਦੋਂ ਵੀ ਗੱਲਬਾਤ ਹੁੰਦੀ ਐ ਤਾਂ ਸ਼ਹਿਰਾਂ ਤੇ ਪਿੰਡਾਂ ਦੀ ਜ਼ਿੰਦਗੀ ਦਾ ਵਿਸ਼ਾ ਜ਼ਰੂਰ ਛੋਹਿਆ ਜਾਂਦੈ।ਕਿਉਂਕਿ ਅਸੀਂ ਪੇਂਡੂਪੁਣੇ ਨੂੰ ਵੀ ਹੰਢਾਇਐ ਤੇ “ਦਾਗਿਸਤਾਨਵਾਦੀ” ਵੀ ਹਾਂ।ਪਿਛਲੇ ਕਾਫੀ ਸਮੇਂ ਤੋਂ ਮੈਂ ਪੰਜਾਬੀ,ਹਿੰਦੀ ਤੇ ਅੰਗਰੇਜ਼ੀ ਬਲੌਗ ਸਾਹਿਤ 'ਚ ਪਿੰਡਾਂ-ਸ਼ਹਿਰਾਂ ਦੀ ਵਿਚਾਰ ਚਰਚਾ ਨੂੰ ਵਾਚ ਰਿਹਾਂ।ਬਲੌਗ ਦੀ ਦੁਨੀਆਂ ਦੇ ਜ਼ਿਆਦਾ ਲੋਕ "ਦੇਸੀ ਡਾਇਸਪੋਰੇ" ਦੇ ਸ਼ਿਕਾਰ ਹੋਣ ਕਰਕੇ ਅਕਸਰ ਪਿੰਡਾਂ ਦੀ ਜ਼ਿੰਦਗੀ ਨਾਲ ਜੁੜੀਆਂ ਭਾਵੁਕ ਕਵਿਤਾਵਾਂ,ਕਹਾਣੀਆਂ ਤੇ ਲੇਖ ਵੇਖਣ ਨੂੰ ਮਿਲ ਜਾਂਦੇ ਹਨ।ਜਿਨ੍ਹਾਂ 'ਚ ਪੇਂਡੂ ਸਮਾਜ ਦੀ ਉਸ ਖੂਬਸੂਰਤੀ ਬਿਆਨ ਕੀਤਾ ਜਾਂਦੈ ਜਿਹੜੀ ਮੈਂ ਹੱਡੀ ਹੰਢਾਈਂ ਹੈ।ਮੈਨੂੰ ਹਮੇਸ਼ਾ ਲਗਦਾ ਰਿਹਾ ਕਿ ਸਿਰਜਣਾ ਦੇ ਖੇਤਰ 'ਚ ਜਿੰਨੀ ਡੂੰਘਾਈ ਨਾਲ ਕੋਈ ਪੇਂਡੂ ਸਾਹਿਤਕਾਰ,ਲੇਖਕ,ਪੱਤਰਕਾਰ ਜਾਂ ਕਵੀ ਚੀਜ਼ਾਂ ਦੀ ਤਹਿ ਤੱਕ ਜਾ ਸਕਦੈ ਸ਼ਾਇਦ ਕਿਸੇ ਹੋਰ ਦਾ ਜਾਣਾ ਸੰਭਵ ਨਾ ਹੋਵੇ।ਪਰ ਇਸ ਦਾ ਮਤਲਬ ਉਸ ਤਰ੍ਹਾਂ ਦੀ ਸਾਵਨਵਾਦੀ ਜ਼ਮੀਨ ਨਾਲ ਜੁੜਨਾ( ਜ਼ਮੀਨ ਨਾਲ ਜੁੜੇ ਬਰੈਂਡਡ ਬੁੱਧੀਜੀਵੀ) ਨਹੀਂ ਕਿ ਨਾਵਲ ਜਾਂ ਕਹਾਣੀ ਦੀ ਅਸਲ ਰਚਨਾ ਤਾਂ ਸੱਥ/ਖੇਤ ਦੀ ਵੱਟ ਜਾਂ ਸੂਏ ਦੇ ਨੱਕੇ 'ਤੇ ਬਹਿਕੇ ਹੀ ਕੀਤੀ ਜਾ ਸਕਦੀ ਹੈ।ਏਨਾ ਮਤਲਬ ਜ਼ਰੂਰ ਹੈ ਕਿ ਜ਼ਿੰਦਗੀ ਨੂੰ ਨੇੜਿਓਂ ਵੇਖਣ ਵਾਲੇ ਪੇਂਡੂ ਸਮਾਜਿਕ ਯਥਾਰਥ/ਅਮਲ ਦੇ ਜ਼ਿਆਦਾ ਨੇੜੇ ਜ਼ਰੂਰ ਹੁੰਦੇ ਹਨ।ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਅਮਲ ਤੇ ਸਿਧਾਂਤ ਦਾ ਸੰਤੁਲਿਤ ਮੇਲ ਹੁੰਦੈ ਤਾਂ ਦੁਨੀਆਂ 'ਤੇ ਰਸੂਲ ਹਮਜ਼ਾਤੋਵ ਵਰਗਾ ਸਹਿਤਕਾਰ ਪੈਦਾ ਹੁੰਦੈ,ਜਿਸ ਦੀ ਲਿਖਤ ਦਾ ਇਕ ਇਕ ਅੱਖਰ ਸਤਰੰਗੀ ਪੀਂਘ ਤੇ ਖੂਹ ਦੇ ਛਲਕਦੇ ਪਾਣੀ ਦੇ ਤੁਰੱਨਮ ਜਿਹਾ ਹੁੰਦਾ ਹੈ।ਆਖਰ 'ਚ ਇਹੀ ਕਹਾਂਗਾਂ ਆਰਥਿਕਤਾ ਤੇ ਕੁਝ ਲੱਭਣ ਖੋਜਣ ਦੇ ਚੱਕਰ 'ਚ ਸ਼ਹਿਰੀ ਜ਼ਰੂਰ ਹੋ ਗਏ ਹਾਂ ਪਰ ਅੱਜ ਵੀ ਜ਼ਿੰਦਗੀ ਦੇ ਸਾਰੇ ਸੋਮਿਆਂ 'ਤੇ ਪਹਿਲਾ ਹੱਕ ਪੇਂਡੂ ਹੈ।ਪਰ ਪਤਾ ਨਹੀਂ ਕਦੇ ਕਦੇ ਕਿਉਂ ਲਗਦੈ ਕਿ:


ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਬੜਾ,
ਕੌਣ ਪਛਾਣੇਗਾ ਸਾਨੂੰ,
ਮੱਥੇ 'ਤੇ ਮੌਤ ਦਸਖਤ ਕਰ ਗਈ ਹੈ।
ਚਿਹਰੇ 'ਤੇ ਯਾਰ ਪੈੜਾਂ ਛੱਡ ਗਏ ਨੇ,
ਸ਼ੀਸ਼ੇ ਵਿਚੋਂ ਕੋਈ ਹੋਰ ਝਾਕਦੈ।

ਗੀਤ

ਸ਼ਹਿਰ ‘ਚ ਰੁਝਿਆ ਰਹਿੰਦਾ ਹਰ ਪਲ ਵੱਡਾ ਵੀਰਾ ਤੇਰਾ ਵੇ।
ਮਸਾਂ ਮਸਾਂ ਪਿੰਡ ਗੇੜਾ ਵੱਜਿਆ ਅੱਜ ਵੀਰਿਆ ਮੇਰਾ ਵੇ।
ਕਿੰਨੇ ਸਾਲਾਂ ਮਗਰੋਂ ਦਿਲ ਦੇ, ਪੂਰੇ ਕਰਦੇ ਚਾਅ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ, ਬਚਪਨ ਯਾਦ ਕਰਾ ਵੀਰਿਆ।

ਸ਼ਹਿਰ ‘ਚ ਘਰ ਤੋਂ ਕੰਮ ਤੇ, ਕੰਮ ਤੋਂ ਸ਼ਾਮੀ ਘਰ ਮੁੜ ਆਉਂਦਾ ਹਾਂ।
ਬਹਿ ਕੇ ਟੀ.ਵੀ. ਮੂਹਰੇ ਦੋ ਪਲ, ਆਪਣਾ ਚਿੱਤ ਪਰਚਾਉਂਦਾ ਹਾਂ।
ਚੱਲ਼ ਮੇਰੇ ਨਾਲ ਸੱਥ ਵਿੱਚ ਬਹਿ ਕੇ, ਤਾਂਸ਼ ਦੀ ਬਾਜ਼ੀ ਲਾ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ ………………………

ਸ਼ਹਿਰੀ ਖਾਣਾ ਪੀਣਾ ਵੀ ਨਾ, ਦਿਲ ਮੇਰੇ ਨੂੰ ਭਾਉਂਦਾ ਵੇ।
ਦੁੱਧ ਮਿਲੇ ਜਦ ਪਾਣੀ ਵਾਲਾ, ਪਿੰਡ ਦਾ ਚੇਤਾ ਆਉਂਦਾ ਵੇ।
ਚਾਹ ਨੂੰ ਕੱਢ ਗਲਾਸਾਂ ਵਿੱਚੋਂ, ਬਾਟੀਆਂ ਦੇ ਵਿੱਚ ਪਾ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ …………………………

ਸ਼ਹਿਰ ਦੀਆਂ ਭੀੜਾਂ ਵਿੱਚ ਹਰ ਥਾਂ, ਪੈਂਦਾ ਰਹਿੰਦਾ ਰੌਲ਼ਾ ਵੇ।
ਦਿਲ ਮੇਰਾ ਅੱਜ ਪਿੰਡ ਵਿੱਚ ਆ ਕੇ, ਹੋ ਗਿਆ ਹੌਲ਼ਾ ਹੌਲ਼ਾ ਵੇ।
ਸੀਨੇ ਦੇ ਵਿੱਚ ਰਹਿਣ ਸੁਲਗਦੇ, ਖੇਤਾਂ ਵਾਲੇ ਰਾਹ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ …………………………

ਦਿਲ ਕਰੇ ਦਿੱਲੀ ਨੂੰ ਛੱਡ ਕੇ, ਪਿੰਡ ਧਨੌਲੇ ਆਵਾਂ ਮੈਂ।
ਆਪਣੇ ਪਿਆਰੇ ਪਿੰਡ ਵਿੱਚ ਰਹਿ ਕੇ, ਪਿੰਡ ਵਰਗਾ ਹੋ ਜਾਵਾਂ ਮੈਂ।
ਏਹ ਤੇਰੇ ਗੁਰਪਾਲ ਬਾਈ ਦੀ, ਇੱਕੋ ਇੱਕ ਦੁਆ ਵੀਰਿਆ।
ਪਿੰਡ ਦੀ ਗੱਲ਼ ਸੁਣਾ ਵੀਰਿਆ, ਬਚਪਨ ਯਾਦ ਕਰਾ ਵੀਰਿਆ।

Tuesday, June 23, 2009

ਬੰਗਾਲ(ਲਾਲਗੜ੍ਹ)ਦੀਆਂ ਦੁੱਧ ਵਰਗੀਆਂ ਸੱਚਾਈਆਂ ਦੇ ਰੂਬਰੂ

ਪਿਛਲੇ ਦਿਨੀਂ ਮੈਂ ਬੰਗਾਲ ਦੀ ਯਾਤਰਾ 'ਤੇ ਗਿਆ ਤਾਂਕਿ "ਲਾਲ ਬੰਗਾਲ" ਦੀਆਂ ਦੁੱਧ ਵਰਗੀਆਂ ਚਿੱਟੀਆਂ ਸੱਚਾਈਆਂ ਨੂੰ ਸਮਝਿਆ ਜਾ ਸਕੇ।ਸਿੰਗੂਰ,ਨੰਦੀਗ੍ਰਾਮ ਬਾਰੇ ਮੈਗਜ਼ੀਨਾਂ,ਅਖਬਾਰਾਂ 'ਚ ਸੁਣਿਆ ਸੀ ਪਰ ਲਾਲਗੜ੍ਹ ਨੂੰ ਨੇੜਿਓਂ ਡਿੱਠਣ ਦਾ ਮੌਕਾ ਮਿਲਿਆ।ਲਾਲਗੜ੍ਹ ਬਾਰੇ ਮੀਡੀਏ 'ਚ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਆ ਰਹੀਆਂ ਸਨ,ਪਰ ਜ਼ਮੀਨੀ ਯਥਾਰਥ ਕੁਝ ਹੋਰ ਹੈ।ਲਾਲਗੜ੍ਹ ਮਿਦਨਾਪੁਰ ਜ਼ਿਲੇ ਦਾ ਬਲਾਕ ਹੈ ਜਿਸ 'ਚ 200 ਦੇ ਲੱਗਭੱਗ ਪਿੰਡ ਪੈਂਦੇ ਹਨ।ਇਹਨਾਂ ਸਾਰੇ ਪਿੰਡਾਂ 'ਚ ਪੁਲਿਸ ਅੱਤਿਅਚਾਰ ਵਿਰੋਧੀ ਜਨ ਸਧਾਰਨ ਕਮੇਟੀ ਕੰਮ ਕਰ ਰਹੀ ਹੈ।2 ਨਵੰਬਰ 2008 'ਚ ਜਦੋਂ ਮਾਓਵਾਦੀਆਂ ਵਲੋਂ ਸ਼ਾਲਬਨੀ ‘ਚ ਉਦਯੋਗਪਤੀ ਨਵੀਨ ਜਿੰਦਲ ਵਲੋਂ ਉਸਾਰੇ ਜਾ ਰਹੇ ਸੇਜ(ਵਿਸ਼ੇਸ ਆਰਥਿਕ ਜ਼ੋਨ) ਦੇ ਵਿਰੋਧ 'ਚ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਦੇ ਕਾਫਲੇ 'ਤੇ ਬਾਰੂਦੀ ਸੁਰੰਗ ਰਾਹੀਂ ਹਮਲਾ ਕੀਤਾ ਤਾਂ ਬੰਗਾਲ ਪੁਲਿਸ ਨੇ ਮਾਓਵਾਦੀਆਂ ਦੇ ਨਾਂਅ 'ਤੇ ਲਾਲਗੜ੍ਹ ਇਲਾਕੇ ਦੇ ਆਦਿਵਾਸੀਆਂ 'ਤੇ ਵੱਡੇ ਪੱਧਰ 'ਤੇ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ।ਅਜਿਹਾ ਨਹੀਂ ਕਿ ਪਹਿਲਾਂ ਲਾਲਗੜ੍ਹ ਖੇਤਰ 'ਚ ਬਿਲਕੁਲ ਸ਼ਾਤੀ ਸੀ,ਪਰ ਹਮਲੇ ਤੋਂ ਬਾਅਦ ਪੁਲਸੀਆ ਜ਼ੁਲਮ ਅਪਣੀਆਂ ਹੱਦਾਂ ਪਾਰ ਕਰ ਗਿਆ।ਅਸਲ 'ਚ ਓਥੇ ਪੁਲਿਸ ਸੀ.ਪੀ.ਐਮ ਤੇ ਸੀ.ਪੀ.ਐਮ ਪੁਲਿਸ ਹੈ।ਲੋਕਾਂ ਮੁਤਾਬਿਕ ਹਾਰਮਾਦ ਵਾਹਿਣੀ(ਸੀ.ਪੀ.ਐੱਮ ਗੁੰਡਾ ਫੌਜ) ਪਿੰਡਾਂ 'ਚ ਪੁਲਿਸ ਨਾਲ ਮਿਲਕੇ ਜਾਂ ਪੁਲਿਸ ਬਣਕੇ ਲੁੱਟਮਾਰ,ਤੋੜਫੋੜ ਤੇ ਔਰਤਾਂ ਨਾਲ ਬਲਾਤਕਾਰ ਕਰਦੀ ਹੈ।ਜਿਸਦੇ ਵਿਰੋਧ ‘ਚ ਹੀ ਲਾਲਗੜ੍ਹ ਦੇ ਲੋਕਾਂ ‘ਤੇ ਪੁਲਿਸ ਦਾ ਪੂਰਨ ਬਾਈਕਾਟ ਕਰ ਦਿੱਤਾ,ਜੋ ਪਿਛਲੇ 7 ਮਹੀਨਿਆਂ ਤੋਂ ਜਾਰੀ ਹੈ।ਵਿਰੋਧ ਦੀ ਸੁਰ ਚਾਹੇ ਨਵੰਬਰ ਹਮਲੇ ਤੋਂ ਬਾਅਦ ਤਿੱਖੀ ਹੋਈ,ਪਰ ਵਿਰੋਧ ਦੀਆਂ ਜੜ੍ਹਾਂ ਲੰਬੇ ਸਮੇਂ ਤੋਂ "ਖੱਬੇਪੱਖੀ' ਸਰਕਾਰ ਵਲੋਂ ਆਦਿਵਾਸੀ ਸਮਾਜ ਨਾਲ ਕੀਤੀ ਅਣਦੇਖੀ 'ਚ ਪਈਆਂ ਹਨ।ਖੱਬੇਪੱਖੀਆਂ ਦੇ ਲਗਭਗ 3 ਦਹਾਕਿਆਂ ਦੇ ਰਾਜ 'ਚ ਪੂਰੇ ਬੰਗਾਲ ਖਾਸ ਕਰ ਲਾਲਗੜ੍ਹ ਦੇ ਸੰਥਾਲੀ ਆਦਿਵਾਸੀ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ।ਖੱਬੇਪੱਖੀਆਂ ਦੀ ਅਣਦੇਖੀ ਤੇ ਧੱਕੇਸ਼ਾਹੀ ਦਾ ਹੀ ਨਤੀਜਾ ਸੀ ਪੁਲਸੀਆ ਅੱਤਿਆਚਾਰ ਦੇ ਵਿਰੋਧ 'ਚ ਬਣੀ ਪੁਲਿਸ ਅੱਤਿਆਚਾਰ ਵਿਰੋਧੀ ਜਨਸਧਾਰਨ ਕਮੇਟੀ ਨੂੰ ਵੱਡਾ ਹੁੰਗਾਰਾ ਮਿਲਿਆ।



ਆਰਥਿਕ ਤੇ ਸਮਾਜਿਕ ਤੌਰ 'ਤੇ ਪਛੜਿਆ ਲਾਲਗੜ੍ਹ ਦਾ ਸੰਥਾਲੀ ਭਾਸ਼ਾਈ ਆਦਿਵਾਸੀ ਸਮਾਜ ਪੂਰਨ ਤੌਰ 'ਤੇ ਖੇਤੀਬਾੜੀ ਤੇ ਖੇਤੀਬਾੜੀ ਪੂਰੀ ਤਰ੍ਹਾਂ ਮੀਂਹ 'ਤੇ ਨਿਰਭਰ ਹੈ।ਜ਼ਿਆਦਾਤਰ ਖੇਤੀ ਜਿਨਸ ਮੰਡੀ ਲਈ ਨਹੀਂ ਬਲਕਿ ਗੁਜ਼ਾਰੇ ਲਾਇਕ ਹੁੰਦੀ ਹੈ।ਅਜਿਹੇ ਸ਼ਾਂਤ ਜ਼ਿੰਦਗੀ ਜਿਉਣ ਵਾਲੇ ਆਦਿਵਾਸੀ ਸਮਾਜ ਦਾ ਵਿਕਾਸ ਤਾਂ ਇਕ ਪਾਸੇ ਸਗੋਂ ਖੱਬੇਪੱਖੀ ਕਹਾੳਂੁਦੀ ਸੀ.ਪੀ.ਐਮ ਵਲੋਂ ਧੱਕੇਸ਼ਾਹੀਆਂ ਲੰਬੇ ਸਮੇਂ ਤੋਂ ਜਾਰੀ ਸੀ।ਲਾਲਗੜ੍ਹ ਦੀ ਪੁਲਿਸ ਅੱਤਿਆਚਾਰ ਵਿਰੋਧੀ ਕਮੇਟੀ ਨੇ ਅੱਤਿਆਚਾਰੀ ਪੁਲਿਸ ਤੇ ਸੀ.ਪੀ.ਐਮ ਦੇ ਗੁੰਡਿਆਂ ਨੂੰ ਪਿੰਡਾਂ 'ਚੋਂ ਬਾਹਰ ਕੱਢਕੇ ਜਿਥੇ ਲੋਕਾਂ ਦਾ ਦਿਲ ਜਿੱਤਿਆ,ਓਥੇ ਹੀ ਪੇਂਡੂ ਵਿਕਾਸ ਕਮੇਟੀਆਂ ਰਾਹੀਂ ਬਦਲਵੇਂ ਵਿਕਾਸ ਦੇ ਰਾਹ (ਅਲਟਰਨੇਟਿਵ ਡੈਵਲਪਮੈਂਟ) ਖੋਲ੍ਹਕੇ ਸੀ.ਪੀ.ਐਮ ਦੇ ਲੋਕ ਤੇ ਵਿਕਾਸਵਿਰੋਧੀ ਚਿਹਰੇ ਨੂੰ ਬੇਨਕਾਬ ਕੀਤਾ।ਖੱਬੇਪੱਖੀ ਸਰਕਾਰ ਜਿਹੜੇ ਸਕੂਲ,ਹਸਪਤਾਲ,ਸੜਕਾਂ,ਨਹਿਰੀ ਪਾਣੀ ਤੇ ਪੀਣ ਵਾਲੇ ਪਾਣੀ ਦੇ ਬੁਨਿਆਦੀ ਕੰਮ ਪਿਛਲੇ 3 ਦਹਾਕਿਆਂ 'ਚ ਨਹੀਂ ਕਰ ਸਕੀ,ਕਮੇਟੀ ਨੇ ਅਜਿਹੇ ਕੰਮ ਲੋਕਾਂ ਦੇ ਪੈਸੇ ਤੇ ਨਿਸ਼ਕਾਮ ਸੇਵਾ ਨਾਲ 8 ਮਹੀਨਿਆਂ 'ਚ ਕੀਤੇ ਹਨ।ਆਦਿਵਾਸੀਆਂ ਦਾ ਕਹਿਣਾ ਸੀ “ਪਹਿਲਾਂ ਵਿਕਾਸ ਕੰਮਾਂ ਲਈ ਆਇਆ ਥੋੜ੍ਹਾ ਬਹੁਤਾ ਪੈਸਾ ਵੀ ਸੀ.ਪੀ.ਐਮ ਦੇ ਮੋਹਤਬਰ ਲੋਕ ਖਾ ਜਾਂਦੇ ਸਨ,ਪਰ ਹੁਣ ਵਿਕਾਸ ਕਮੇਟੀ ਵਲੋਂ ਵਿੱਢੀ ਮੁਹਿੰਮ ਤਹਿਤ ਸਭ ਕੁਝ ਠੀਕ ਠਾਕ ਹੋ ਰਿਹਾ ਹੈ।ਕਮੇਟੀ ਕਾਰਨ ਸਾਨੂੰ ਅੱਤਿਅਚਾਰੀ ਪੁਲਿਸ ਤੇ ਸੀ.ਪੀ.ਐਮ ਦੇ ਗੁੰਡਿਆਂ ਤੋਂ ਰਾਹਤ ਮਿਲੀ ਹੈ।ਅਸੀਂ ਪਹਿਲੀ ਵਾਰ ਅਸਲੀ ਅਰਥਾਂ ‘ਚ ਅਜ਼ਾਦੀ ਮਾਣ ਰਹੇ ਹਾਂ ਤੇ ਸਾਡੇ ਲਈ ਸਰਕਾਰ ਸ਼ਬਦ ਦੀ ਪਰਿਭਾਸ਼ਾ ਬਦਲ ਗਈ ਐ”।

ਦਰਅਸਲ ਲਾਲਗੜ੍ਹ ਸਮੇਤ ਚਾਰ ਜ਼ਿਲਿਆਂ ਦੇ ਲਗਭਗ 1600 ਪਿੰਡਾਂ ‘ਚ ਪੁਲਿਸ ਅੱਤਿਅਚਾਰ ਵਿਰੋਧੀ ਜਨਸਧਾਰਨ ਕਮੇਟੀ ਨਾਲ ਖੇਤਰ ਦੇ ਲਗਭਗ 95 ਫੀਸਦੀ ਲੋਕ ਜੁੜੇ ਹੋਏ ਹਨ।ਕਮੇਟੀ ਦਾ ਐਨਾ ਜਨਅਧਾਰ ਹੋਣ ਕਰਕੇ ਸਰਕਾਰ ਵਲੋਂ ਭੇਜੀਆਂ ਗਈਆਂ ਪੈਰਾ ਮਿਲਟਰੀ ਫੋਰਸਾਂ ਨੂੰ ਪਿੰਡਾਂ ‘ਚ ਵੜ੍ਹਨਾ ਮੁਸ਼ਕਿਲ ਹੋਇਆ ਪਿਆ ਹੈ।ਕਮੇਟੀ ਦੇ ਸੱਦੇ ‘ਤੇ ਹਰ ਰੈਲੀ ਤੇ ਹਰ ਜਲੂਸ ‘ਚ ਪੂਰੇ ਦੇ ਪੂਰੇ ਪਿੰਡ ਵੇਹਲੇ ਹੋ ਜਾਂਦੇ ਹਨ।ਲਹਿਰ ਨੂੰ ਵਿਸ਼ਾਲ ਸਮਰਥਨ ਹੋਣ ਦੇ ਕਾਰਨ ਹੀ ਇਲੈਕਸ਼ਨ ਕਮਿਸ਼ਨ ਤੇ ਕਮੇਟੀ ਵਿਚਕਾਰ ਹੋਏ ਸਮਝੌਤੇ ਤਹਿਤ ਲੋਕ ਸਭਾ ਚੋਣਾਂ ਦੇ ਵੋਟਿੰਗ ਬੂਥ ਲਾਲਗੜ੍ਹ ਤੋਂ ਬਾਹਰ ਲੱਗੇ ਸਨ।ਇਸ ਪੂਰੇ ਇਲਾਕੇ ‘ਚ ਚੋਣਾਂ ਦੌਰਾਨ ਵੋਟਿੰਗ 10 % ਵੋਟਿੰਗ ਹੋਈ ਸੀ।ਕਮੇਟੀ ਦੀ ਲਹਿਰ ਦੇ ਚਲਦਿਆਂ ਹੀ ਲਾਲਗੜ੍ਹ ਦਾ ਆਦਿਵਾਸੀ ਸਮਾਜ ਵੱਡੇ ਪੱਧਰ ਤੇ ਚੇਤਨ ਹੋਇਆ।ਪਿਛਲੇ 7 ਮਹੀਨਿਆਂ ‘ਚ ਜ਼ੁਰਮ ਦੀਆਂ ਛੋਟੀਆਂ ਮੋਟੀਆਂ ਘਟਨਾਵਾਂ ਦੇ ਸਿਵਾਏ ਕੋਈ ਵੱਡਾ ਅਪਰਾਧ ਨਹੀਂ ਹੋਇਆ।ਸਕੂਲ਼ ‘ਚ ਜਾਣ ਵਾਲੇ ਬੱਚਿਆਂ ਦੀ ਗਿਣਤੀ ‘ਚ ਵਾਧਾ ਹੋਇਆ।ਔਰਤਾਂ ਦੀ ਸੰਘਰਸ਼ਾਂ ‘ਚ ਭਰਵੀਂ ਸ਼ਮੂਲੀਅਤ ਦੇ ਕਾਰਨ ਆਦਿਵਾਸੀ ਸਮਾਜ ‘ਚ ਔਰਤਾਂ ਆਪਣੇ ਹੱਕਾਂ ਪ੍ਰਤੀ ਚੇਤੰਨ ਹੋਈਆਂ।ਆਦਿਵਾਸੀ ਸਮਾਜ ‘ਚ ਮਰਦ-ਔਰਤਾਂ ਭਾਵੇਂ ਸਾਂਝੇ ਤੌਰ ‘ਤੇ ਸ਼ਰਾਬ(ਤਾੜੀ) ਪੀਂਦੇ ਨੇ,ਪਰ ਲਹਿਰ ਤੋਂ ਬਾਅਦ ਔਰਤ ਕਮੇਟੀ ਦੀਆਂ ਅਗਾਂਹਵਧੂ ਲੀਡਰਾਂ ਨੇ ਨਸ਼ਿਆਂ ਖਿਲਾਫ ਵੀ ਝੰਡਾ ਚੁੱਕਿਆ।ਕੁੱਲਮਿਲਾਕੇ ਲਹਿਰ ਦੇ ਵਿਕਾਸ ਦੇ ਨਾਲ ਨਾਲ ਲਾਲਗੜ੍ਹ ਦੀ ਆਦਿਵਾਸੀਆਂ ਜਿੰਦਗੀ ਅੰਦਰ ਸਮਾਜਿਕ ਵਿਕਾਸ ਦੀ ਇਕ ਨਵੀਂ ਪ੍ਰਕ੍ਰਿਆ ਵੇਖਣ ਨੁੰ ਮਿਲੀ।


ਲਹਿਰ ਦੇ ਇਤਿਹਾਸ ਬਾਰੇ ਜਾਣਿਆ ਤੇ ਵਰਤਮਾਨ ਨੂੰ ਅੱਖੀਂ ਵੇਖਿਆ,ਪਰ ਕਮੇਟੀ ਦੀ ਲਹਿਰ ਦੇ ਭਵਿੱਖ ਬਾਰੇ ਜਾਣਨ ਦੀ ਬਹੁਤ ਜ਼ਿਆਦਾ ਤਾਂਘ ਸੀ।ਇਸ ਕੰਮ ਲਈ ਲਹਿਰ ਨੂੰ ਚਲਾ ਰਹੇ ਕਮੇਟੀ ਦੀ ਲੀਡਰਾਂ ਨੂੰ ਮਿਲਣਾ ਜ਼ਰੂਰੀ ਸੀ।ਆਖਰ ਕਮੇਟੀ ਦੇ ਮੁੱਖ ਲੀਡਰ ਸ਼ਤਰੋਧਰ ਮਹਿਤੋ ਨਾਲ ਮੁਲਾਕਾਤ ਹੋਈ।ਲਹਿਰ ਤੇ ਇਲਾਕੇ ਦੇ ਵਿਕਾਸ ਬਾਰੇ ਕਾਫੀ ਗੱਲਬਾਤ ਹੋਈ,ਪਰ ਪਹਿਲਾ ਤੇ ਆਖਰੀ ਸਵਾਲ ਇਹੋ ਸੀ ਕਿ ਪੁਲਿਸ ਦਾ ਬਾਈਕਾਟ 7 ਮਹੀਨਿਆਂ ਤੋਂ ਹੈ ,ਜੇ ਸਰਕਾਰਾਂ ਮਿਲਟਰੀ ਨੂੰ ਭੇਜਦੀਆਂ ਨੇ ਤਾਂ ਕੀ ਕਰੋਗੇ.?
ਸਵਾਲ ਦੇ ਜਵਾਬ ‘ਚ ਸ਼ਬਦ ਸਨ“ਸਰਕਾਰਾਂ ਨੇ ਆਦਿਵਾਸੀ ਸਮਾਜ ਨੁੰ ਹਮੇਸ਼ਾ ਅਣਗੌਲਿਆ ਕੀਤੈ ਤੇ ਅਸੀਂ ਲਾਲਗੜ੍ਹ ਦੇ ਪੁੱਤ ਲਾਲਗੜ੍ਹ ਦੀ ਮਿੱਟੀ ‘ਚੋਂ ਪੈਦਾ ਹੋਏ ਆਂ,ਲਾਲਗੜ੍ਹ ਦੀ ਮਿੱਟੀ ‘ਤੇ ਜ਼ਿੰਦਗੀ ਬਸਰ ਕੀਤੀ ਆ ਤੇ ਇਸੇ ਮਿੱਟੀ ਲਈ ਮਰਨਾ ਹੈ”।ਅੱਗੋਂ ਹੋਰ ਸਵਾਲਾਂ ਜਵਾਬਾਂ ‘ਚ ਸ਼ਤਰੋਧਰ ਮਹਿਤੋ ਕਹਿੰਦੇ ਨੇ,ਸਰਕਾਰਾਂ ਸਾਨੂੰ ਮਾਓਵਾਦੀ ਕਹਿੰਦੀਆਂ ਨੇ,ਪਰ ਸਾਡੀ ਕਮੇਟੀ ‘ਚ ਰਾਜਨੀਤਿਕ ਪਾਰਟੀ ਛੱਡਕੇ ਆਉਣ ਵਾਲੇ ਹਰ “ਵਾਦੀ” ਲਈ ਦਰਵਾਜ਼ੇ ਖੁੱਲ੍ਹੇ ਨੇ ,ਸਰਕਾਰਾਂ ਹਮੇਸ਼ਾ ਗਾਂਧੀ ਦੇ ਸ਼ਾਂਤੀਪੱਥ ਪਾਠ ਬੱਚਿਆਂ ਨੁੰ ਸਕੂਲਾਂ ‘ਚ ਪੜਾਉਂਦੀਆਂ ਨੇ,ਤੇ ਸੀ.ਪੀ.ਆਈ ਐੱਮ ਦੇ ਵਿਰੁੱਧ ਰੱਖਿਆਤਮਕ ਹਮਲਿਆਂ ਤੋਂ ਇਲਾਵਾ ਅਸੀਂ ਆਪਣੀ ਲਹਿਰ ਨੂੰ ਸ਼ਾਂਤਮਈ ਢੰਗ ਨਾਲ ਚਲਾ ਰਹੇ ਹਾਂ ਪਰ ਸਰਕਾਰ ਪਤਾ ਨਹੀਂ ਕਿਉਂ ਘਬਰਾ ਰਹੀ ਆ”।ਮੇਰੇ ਬੰਗਾਲ ਤੋਂ ਮੁੜਦਿਆਂ ਸਮੇਂ ਹੀ ਚਾਹੇ ਸਰਕਾਰ ਨੇ ਪੈਰਾ ਮਿਲਟਰੀ ਫੋਰਸਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ,ਪਰ ਪਤਾ ਨਹੀਂ ਕਿਉਂ ਬੁੱਧੂ ਬਕਸੇ(ਟੈਲੀਵੀਜ਼ਨ) ‘ਤੇ ਲਾਲਗੜ੍ਹ ਦੇ ਜੰਗਲਾਂ ਨੂੰ ਵੇਖਦਿਆਂ ਸ਼ਤਰੋਧਰ ਮਹਿਤੋ ਦੇ ਅਵਾਜ਼ ਕੰਨ੍ਹੀ ਗੂੰਜਣੀ ਸ਼ੁਰੂ ਹੋ ਜਾਂਦੀ ਹੈ।

ਲਾਲਗੜ੍ਹ ਦੇ ਇਲਾਕਿਆਂ ‘ਚ ਮਾਓਵਾਦੀਆਂ ਦੀ ਮੌਜੂਦਗੀ ਵੀ ਹੈ।ਕਮੇਟੀ ਦੇ ਜਲੂਸਾਂ ਤੇ ਰੈਲੀਆਂ ‘ਚ ਮਾਓਵਾਦੀ ਆਪਣੇ ਪ੍ਰਚਾਰ ਲਈ ਪਰਚੇ ਵੰਡਦੇ ਨੇ।ਆਦਿਵਾਸੀ ਸਮਾਜ 'ਚ ਵੀ ਮਾਓਵਾਦੀਆਂ ਨੂੰ ਲੈਕੇ ਹਮਦਰਦੀ ਵੀ ਹੈ।ਇਸੇ ਨੂੰ ਅਧਾਰ ਬਣਾਕੇ ਖੱਬੇਪੱਖੀ ਸਰਕਾਰ ਕਹਿੰਦੀ ਹੈ ਕਿ ਲਾਲਗੜ੍ਹ ਦੀ ਲਹਿਰ ਮਾਓਵਾਦੀ ਚਲਾ ਰਹੇ ਨੇ।ਸੀ.ਪੀ.ਆਈ ਐੱਮ ਤ੍ਰਿਣਮੂਲ ਕਾਂਗਰਸ ਨੂੰ ਵੀ ਮਾਓਵਾਦੀਆਂ ਦੀ ਹਮਾਇਤੀ ਦੱਸਦੀ ਹੈ।ਆਦਿਵਾਸੀ ਸਾਮਜ ਦੀ ਇਹ ਲਹਿਰ ਭਾਰਤੀ ਇਤਿਹਾਸ ‘ਚ ਵਿਲੱਖਣ ਉਦਾਹਰਨ ਦੀ ਤਰ੍ਹਾਂ ਪੇਸ਼ ਹੋਈ ਹੈ।ਭਰਵੇਂ ਅਹਿੰਸਕ ਜਨਸਮਰਥਨ ਨੇ ਜਿਸ ਤਰ੍ਹਾਂ ਲਗਾਤਾਰ ਅੱਤਿਆਚਾਰੀ ਪੁਲਸੀਆ ਰਾਜ ਦਾ ਪੂਰਨ ਬਾਈਕਾਟ ਕੀਤਾ ਗਿਆ,ਉਸਨੇ ਵੱਡੀ ਜਮੂਹਰੀਅਤ ਨੂੰ ਨਵੇਂ ਸਵਾਲਾਂ ਦੇ ਘੇਰਿਆਂ 'ਚ ਲਿਆ ਖੜ੍ਹਾ ਕੀਤਾ ਹੈ।ਜਮੂਹਰੀਅਤ ਦੀ ਪਰਿਭਾਸ਼ਾ 'ਚ ਫੈਸਲੇ ਹਮੇਸ਼ਾ ਹੀ ਬਹੁਗਿਣਤੀ-ਘੱਟਗਿਣਤੀ ਸਹਿਮਤੀ ਦੇ ਅਧਾਰ 'ਤੇ ਲਏ ਜਾਂਦੇ ਹਨ,ਗਲਤ-ਸਹੀ ,ਜਾਇਜ਼-ਨਜ਼ਾਇਜ਼ ਨੂੰ ਬਹੁਗਿਣਤੀ-ਘੱਟਗਿਣਤੀ ਦੇ ਨਜ਼ਰੀਏ 'ਚ ਜ਼ਾਇਜ਼ ਠਹਿਰਾਇਆ ਜਾਂਦਾ ਹੈ।ਪਰ ਲਾਲਗੜ੍ਹ ਦੀ ਕਮੇਟੀ ਵਲੋਂ ਆਪਣੇ ਹੱਕਾਂ ਲਈ ਚਲਾਈ ਜਾ ਰਹੀ ਅਹਿੰਸਕ ਲਹਿਰ ਨਾਲ ਸਰਕਾਰਾਂ ਜਿਵੇਂ ਨਜਿੱਠ ਰਹੀਆਂ ਹਨ,ਉਸਨੇ ਡੈਮੋਕਰੇਸੀ ਦੇ ਮਾਅਨਿਆਂ ਨੂੰ ਬਦਲਿਆ ਹੈ।ਕੀ ਮਾਓਵਾਦੀਆਂ ਦੀ ਮੌਜੂਦਗੀ ਦੇ ਨਾਂਅ 'ਤੇ ਜਿਸ ਤਰ੍ਹਾਂ ਲਾਲਗੜ੍ਹ 'ਚ ਅਦਿਵਾਸੀ ਸਮਾਜ 'ਤੇ ਜ਼ੁਲਮ ਢਾਹਿਆ ਜਾ ਰਿਹਾ ਹੈ,ਉਸ ਤਰ੍ਹਾਂ ਮਾਓਵਾਦੀ ਕੱਲ੍ਹ ਨੂੰ ਜੇ ਭਾਰਤ ਦੇ ਹਰ ਸ਼ਹਿਰਾਂ-ਪਿੰਡਾਂ 'ਚ ਮੌਜੂਦ ਹੋਣਗੇ ਤਾਂ ਐਨੇ ਵੱਡੇ ਲੋਕਤੰਤਰ ਦੀਆਂ ਜ਼ਿੰਮੇਂਵਾਰ ਸਰਕਾਰਾਂ ਪੂਰੇ ਭਾਰਤ ਦੀ ਜਨਤਾ ਦਾ ਲਾਲਗੜ੍ਹ ਵਰਗਾ ਹਸ਼ਰ ਕਰਨਗੀਆਂ।ਲੱਗ ਰਿਹਾ ਹੈ ਕਿ ਡੈਮੋਕਰੇਸੀ ਦੀ ਪਰਿਭਾਸ਼ਾ ਸੱਤਾ 'ਚ ਬੈਠੇ ਲੋਕ ਆਪਣੇ ਹਿੱਤਾਂ ਮੁਤਬਿਕ ਘੜਨਗੇ ਤੇ ਸਮਾਜ 'ਤੇ ਲਾਗੂ ਕਰਨਗੇ।ਲਾਲਗੜ੍ਹ ਦੇ ਬਹੁਗਿਣਤੀ ਲੋਕ ਕੀ ਸੋਚਦੇ/ਚਾਹੁੰਦੇ ਨੇ,ਇਸ ਵੱਲ ਧਿਆਨ ਨਾ ਦੇਕੇ ਬੁੱਧਦੇਬ ਤੇ ਪੀ ਚਿੰਦਾਂਬਰਮ ਕੀ ਚਾਹੁੰਦੇ ਨੇ,ਉਹੀ ਲੋਕਤੰਤਰ ਦੀ ਪਰਿਭਾਸ਼ਾ ਹੋਵੇਗੀ।ਉਸੇ ਤਰ੍ਹਾਂ ਜਿਵੇਂ 1977 'ਚ ਇੰਦਰਾ ਗਾਂਧੀ ਐਮਰਜੈਂਸੀ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਉਠਾਇਆ ਕਦਮ ਤੇ ਰਾਜੀਵ ਗਾਂਧੀ 84 ਦੇ ਕਤਲੇਆਮ ਨੂੰ ਜਾਇਜ਼ ਠਹਿਰਾ ਰਿਹਾ ਸੀ।ਮੈਟਰੋ-ਡੈਮੋਕਰੇਸੀ ਦਾ ਲੁਤਫ ਲੈਣ ਵਾਲਾ ਸੱਭਿਅਕ ਗੱਲ ਗੱਲ 'ਤੇ ਡੈਮੋਕਰੇਟਿਕ ਸਪੇਸ ਦੀ ਗੱਲ ਕਰਦਾ ਹੈ,ਸ਼ਾਇਦ ਸੱਭਿਅਕ ਸਮਾਜ ਨੂੰ ਭੁਲੇਖਾ ਹੈ ਕਿ ਦਿੱਲੀ ਦੇ ਪਾਰਕਾਂ 'ਚ ਕੁੜੀ ਦੀਆਂ ਬਾਹਾਂ 'ਚ ਬਾਹਾਂ ਪਾਉਣਾ,ਏ.ਸੀ ਕਲੱਬ ਦੇ ਨਾਟਕ ਤੇ ਬਹਿਸਾਂ,ਤੇ ਮੋਮਬੱਤੀਆਂ ਦੇ ਮਾਰਚ ਕਰਨਾ ਹੀ ਡੈਮੋਕਰੇਸੀ ਹੈ,ਪਰ ਅਜਿਹੇ ਚਲੰਤ ਮਸਲਿਆਂ 'ਤੇ ਸੱਭਿਅਕ ਸਮਾਜ ਦੀ ਚੁੱਪ ਸਭਤੋਂ ਖਤਰਨਾਕ ਹੈ।ਸੱਭਿਅਕ ਸਮਾਜ ਦੀ ਜ਼ੁਬਾਨ ਜੇ ਇਸੇ ਤਰ੍ਹਾਂ ਖਾਮੋਸ਼ ਰਹੀ ਤਾਂ ਸ਼ਾਇਦ ਉਹਨਾਂ ਦੇ ਡੈਮੋਕਰੇਟਿਕ ਸਪੇਸ ‘ਤੇ ਵੀ ਡਾਕੇ ਪੈ ਸਕਦੇ ਨੇ। ਸਮੇਂ ਦੀ ਮੰਗ ਹੈ ਕਿ ਡੈਮੋਕਰੇਸੀ ਦੇ ਡੈਮੋਕਰੇਟਿਕ ਸਪੇਸ ਦੀ ਨਿਸ਼ਾਨਦੇਹੀ ਸਹੀ ਅਰਥਾਂ ‘ਚ ਕੀਤੀ ਜਾਵੇ ਨਾਕਿ ਸਰਕਾਰਾਂ ਦੇ ਮੂੰਹੋਂ ਨਿਕਲੇ ਸ਼ਬਦਾਂ ਨੂੰ ਹੀ ਜਮਹੂਰੀਅਤ ਦੀ ਪਰਿਭਾਸ਼ਾ ਮੰਨਿਆ ਜਾਵੇ।

ਯਾਦਵਿੰਦਰ ਕਰਫਿਊ, ਨਵੀਂ ਦਿੱਲੀ।
ਮੋਬ:09899436972
ਈ-ਮੇਲ:mail2malwa@gmail.com

Wednesday, April 8, 2009

ਪੁਕਾਰ:ਨਿਆਸਰਿਆਂ ਦਾ ਆਸਰਾ ਖੋਂਹਦੀਆਂ ਸੰਸਥਾਵਾਂ

ਕੁਲਦੀਪ ਕੌਰ ਲਗਾਤਾਰ ਵਾਪਰੀਆਂ ਅਣਮਨੁੱਖੀ ਘਟਨਾਵਾਂ ਦਾ ਸਮਾਜਿਕ,ਆਰਥਿਕ ਤੇ ਰਾਜਨੀਤਕ ਵਿਸ਼ਲੇਸ਼ਨ ਕਰਦੇ ਰਹਿੰਦੇ ਹਨ।ਅਜਿਹੇ ਵਿਸ਼ਿਆਂ ਬਾਰੇ ਉਹ ਗਹਿਨ ਅਧਿਐਨ ਕਰਦੇ ਨੇ ਤੇ ਅਪਣੀ ਕਲਮ ਰਾਹੀਂ ਵੱਖਰੇ ਨਜ਼ਰੀਏ ਨਾਲ ਛੋਂਹਦੇ ਹਨ।“ਗੁਲਾਮ ਕਲਮ” ਨੂੰ ਭੇਜੀ ਉਹਨਾਂ ਦੀ ਪਹਿਲੀ ਰਚਨਾ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਰਚਨਾ ਛਾਪਣ ਲਈ ਹੋਈ ਦੇਰੀ ਲਈ ਖਿਮਾਂ ਦੇ ਜਾਚਕ ਹਾਂ-ਯਾਦਵਿੰਦਰ ਕਰਫਿਊ ਤੇ ਹਰਪ੍ਰੀਤ ਰਠੌੜ

ਹਿਮਾਚਲ ਪ੍ਰਦੇਸ ‘ਚ ‘ਪ੍ਰੇਰਣਾ' ਨਾਮੀ ਸਮਾਜ ਸੇਵੀ ਸੰਸਥਾ ਦੇ ਹੋਸਟਲ ਵਿਚ ਗੂੰਗੀਆਂ, ਬੋਲੀਆਂ ਤੇ ਮੰਦਬੁੱਧੀ ਬਾਲੜੀਆਂ ਨਾਲ ਉਨ੍ਹਾਂ ਦੇ ਅਧਿਆਪਕ ਦੁਆਰਾ ਕੀਤੇ ਜਿਨਸੀ ਸ਼ੋਸ਼ਣ ਨੇ ਹਰੇਕ ਸੰਵੇਦਨਸ਼ੀਲ ਅੱਖ ਨੂੰ ਨਮ ਕੀਤਾ ਹੈ।ਦੇਖਣ, ਸੁਣਨ ਜਾਂ ਬੋਲਣ ਦੀ ਸ਼ਕਤੀ ਨਾ ਹੋਣ ਕਾਰਨ ਇਨ੍ਹ ਬੱਚਿਆਂ ਨੂੰ ਜਿੳੂਣ,ਪੜ੍ਹਨ ਜਾਂ ਰੁਜ਼ਗਾਰ ਲਈ ਦੂਜੇ ਬੱਚਿਅ ਦੇ ਮੁਕਾਬਲੇ ਕਿਤੇ ਵੱਧ ਚੁਣੌਤੀਆਂ ਅਤੇ ਵਿਤਕਰਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਹਾਲੇ ਤਕ ਵਿਕਾਸ ਅਤੇ ਸਭਿਅਤਾ ਦੇ ਹਜ਼ਾਰ ਦਾਅਵਿਆਂ ਦੇ ਬਾਵਜੂਦ ਅਜਿਹਾ ਰਾਜਤੰਤਰ ਜਾਂ ਸਮਾਜਿਕ-ਤੰਤਰ ਨਹੀਂ ਸਿਰਜਿਆ ਜਾ ਸਕਿਆ ਜੋ ਇਨ੍ਹਾਂ ਦੀ ਪੀੜ, ਬੇਵੱਸੀ, ਦਰਦ ਅਤੇ ਸੰਭਾਵਨਾਵਾਂ ਨੂੰ ਕੰਨ, ਅੱਖ ਜਾਂ ਜ਼ੁਬਾਨ ਬਣ ਕੇ ਸਮਝ ਸਕੇ। ਛੋਟੇ-ਮੋਟੇ ਕੋਰਸ ਰਾਹੀਂ ਆਪਣੇ ਦਮ 'ਤੇ ਰੋਜ਼ੀ-ਰੋਟੀ ਦਾ ਜੁਗਾੜ ਕਰਨ ਆਈਆਂ ਇਨ੍ਹਾਂ ਬਾਲੜੀਆਂ ਦੀ ਵੇਦਨਾ ਸ਼ਾਇਦ ਹੀ ਕਦੇ ਸ਼ਬਦ ਦਾ ਰੂਪ ਲੈ ਸਕੇ। ਜੇਕਰ ਅਜਿਹਾ ਵੀ ਹੋ ਜਾਵੇ ਤਦ ਵੀ ਕੀ ਸਮਾਜ ਇਨ੍ਹਾਂ ਦੀ ਜ਼ਰੂਰਤ, ਹੱਕ ਅਤੇ ਇਨਸਾਫ ਦੀ ਹਾਮੀ ਭਰ ਸਕੇਗਾ?

ਔਰਤ ਅਤੇ ਬੱਚਿਆਂ ਨਾਲ ਹੁੰਦੇ ਜੁਰਮਾਂ ਦੀ ਕਾਲੀ ਸੂਚੀ ਬੇਹੱਦ ਲੰਬੀ ਹੈ। ਜਿਨਸੀ ਸ਼ੋਸ਼ਣ ਦਾ ਮੁੱਦਾ ਉਦੋਂ ਜ਼ਿਆਦਾ ਗੰਭੀਰ ਬਣ ਜਾਂਦਾ ਹੈ ਜਦੋਂ ਇਸ ਦਾ ਸ਼ਿਕਾਰ ਸਮਾਜ ਦਾ ਉਹ ਹਿੱਸਾ ਬਣਦਾ ਹੈ ਜਿਸ ਨੂੰ ਆਰਥਿਕ ਤਰੱਕੀ, ਸਮਾਜਿਕ ਭਾਗੇਦਾਰੀ ਅਤੇ ਸਿਆਸੀ ਹਕੂਕ ਦੇ ਮਾਮਲੇ ਵਿਚ ਪਹਿਲਾਂ ਹੀ ਜਾਣ-ਬੁੱਝ ਕੇ ਅਣਗੌਲਿਆ ਕੀਤਾ ਜਾਂਦਾ ਹੋਵੇ।ਪਾਰਕਾਂ ਵਿਚ ਉਹਨਾਂ ਲਈ ਢੁਕਵੇਂ ਰਸਤੇ ਬਣਾਉਣ ਦੀ ਗੱਲ ਸਿਰਫ ਸ਼ੁਰੂ ਹੋਈ ਹੈ ਜਿਸ ਨੂੰ ਬੁਨਿਆਦੀ ਮੁੱਦਾ ਮੰਨਿਆ ਜਾ ਸਕਦਾ ਹੈ ਪਰ ਇਸ ਵਰਗ ਦੇ ਲੋਕਤੰਤਰੀ ਹਕੂਕ ਦੀ ਮੰਗ ਹਾਲੇ ਸਮਾਜ ਦੀ ਸੋਚ 'ਚ ਪੁੰਗਰਣੀ ਹੈ।ਸਮਾਜਿਕ ਵਰਤਾਰੇ ਦੀ ਇਕ ਸਿੱਧੀ-ਸਿੱਧੀ ਮਿਸਾਲ ਉਹ ਬੋਲੀ ਹੈ ਜੋ ਇਨ੍ਹਾਂ ਵਰਗਾਂ ਨੂੰ ਸੰਬੋਧਨ ਕਰਨ ਲਈ ਵਰਤੀ ਜਾਂਦੀ ਹੈ। ਇਸ ਬੋਲੀ ਰਾਹੀਂ ਸਮਾਜ ਇਨ੍ਹਾਂ ਦੀ ਕੋਈ ਵੀ ਗਲਤੀ ਨਾ ਹੋਣ ਦੇ ਬਾਵਜੂਦ ਇਨ੍ਹ ਦੀ ਹੋਂਦ ਤਰਸ, ਮਜਬੂਰੀ ਤੇ ਬੇਵੱਸੀ ਜਿਹੀਆਂ ਕਮਜ਼ੋਰ ਧਾਰਨਾਵਾਂ ਦੁਆਰਾ ਤੈਅ ਕਰਦਾ ਹੈ। ਅਫਸੋਸ ਹੈ ਕਿ ਜਿੱਥੇ ਜਾਤੀ ਸੂਚਕ ਸ਼ਬਦ ਦੀ ਵਰਤੋਂ ਸਬੰਧੀ ਕਈ ਕਾਨੂੰਨ ਤੇ ਸਜ਼ਾਵਾਂ ਤੈਅ ਹਨ, ਉੱਥੇ ਇਨ੍ਹਾਂ ਵਰਗਾਂ ਲਈ ਵਰਤੀ ਜਾਂਦੀ ਸ਼ਬਦਾਵਲੀ ਨੂੰ ਕਦੇ ਮਨੁੱਖੀ ਮਾਣ-ਮਰਿਆਦਾ ਦਾ ਉਲੰਘਣਾ ਹੀ ਨਹੀਂ ਮੰਨਿਆ ਜਾਂਦਾ।ਬਲਾਤਕਾਰ ਹੋਣ ਤੋਂ ਬਾਅਦ ਇਨਸਾਫ ਪ੍ਰਾਪਤੀ ਦੀ ਪ੍ਰਕਿਰਿਆ ਦੌਰਾਨ ਸਮਾਜ ਦਾ ਜੋ ਵਤੀਰਾ ਲੜਕੀ ਨਾਲ ਹੁੰਦਾ ਹੈ, ਉਸ ਨੂੰ ਦੇਖਦੇ ਹੋਏ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਉਨ੍ਹਾਂ ਬਾਲੜੀਆਂ ਨਾਲ ਵਾਪਰੀ ਬਦਸਲੂਕੀ ਦੀ ਇਹ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ। ਸਖਤ ਕਾਨੂੰਨ ਅਤੇ ਸਜ਼ਾਵਾਂ ਦੇ ਹਜ਼ਾਰ ਦਾਅਵਿਆਂ ਦੇ ਬਾਵਜੂਦ ਸਮਾਜਿਕ ਚੇਤਨਾ ਆਪਣੀ ਸਾਜ਼ਿਸ਼ੀ ਚੁੱਪ ਅਤੇ ਬਲਾਤਕਾਰੀ ਨਾਲ ਸਬੰਧਤ ਸੰਸਥਾਵਾਂ ਜਿਵੇਂ ਉਨ੍ਹਾਂ ਦੇ ਪਰਿਵਾਰ, ਦੋਸਤ-ਮਿੱਤਰ, ਕਾਲਜ, ਯੂਨੀਵਰਸਿਟੀ, ਸਮਾਜਿਕ ਚੌਗਿਰਦਾ ਤੇ ਕਾਨੂੰਨੀ ਪ੍ਰਕਿਰਿਆ ਜ਼ਿਆਦਾਤਰ ਬਲਾਤਕਾਰੀ ਦੇ ਹੱਕ ਵਿਚ ਭੁਗਤਦੀ ਹੈ। ਬਲਾਤਕਾਰੀ ਕੌਣ ਹੈ? ਉਹ ਇਨ੍ਹਾਂ ਹੀ ਸੰਸਥਾਵਾਂ ਜਿਹੜੀਆਂ ਪਿਤਾ ਪੁਰਖੀ, ਲਿੰਗੀ ਸ਼ੋਸ਼ਣ, ਜਗੀਰੂ ਸੋਚ ਅਤੇ ਵਿਤਕਰਿਆਂ 'ਤੇ ਖੜ੍ਹੀਆਂ ਹਨ, ਦੁਆਰਾ ਘੜਿਆ ਮਨੁੱਖ ਹੈ। ਉਸ ਨੂੰ ਬਲਾਤਕਾਰ ਕਰਨ ਦਾ ‘ਹੌਸਲਾ' ਇਨ੍ਹਾਂ ਸੰਸਥਾਵਾਂ ਵਿਚ ਨਿੱਤ-ਦਿਨ ਔਰਤ ਅਤੇ ਬੱਚਿਆਂ ਖਿਲਾਫ ਹੁੰਦੀ ਹਿੰਸਾ, ਉਨ੍ਹਾਂ ਦੀ ਬੇਵੱਸ ਚੁੱਪ ਅਤੇ ਸਮਾਜ ਦੀ ਮੂਕ ਸਹਿਮਤੀ ‘ਬਖਸ਼ਦੀ' ਹੈ। ਔਰਤ ਦਾ ਸਰੀਰ ਉਸ ਲਈ ਇਕ ਸੰਵੇਦਨਾਹੀਣ, ਅਣਖ-ਵਿਹੂਣਾ ਮਾਸ ਦਾ ਲੋਥੜਾ ਹੈ ਜਿਸ 'ਤੇ ਕਬਜ਼ੇ ਲਈ ਮਰਦ ਨੂੰ ਉਸ ਦੇ ਸੰਸਕਾਰ, ਵਿਰਾਸਤ ਅਤੇ ਉਸ ਦੇ ਪੁਰਖਿਆ ਦੁਆਰਾ ਔਰਤ ਨੂੰ ਭੇਡ-ਬੱਕਰੀਅ ਵਾਂਗ ਹੱਕਣ ਦਾ ਇਤਿਹਾਸ ਉਕਸਾਉਂਦਾ ਹੈ। ਜਿਨਸੀ ਸ਼ੋਸ਼ਣ ਉਸ ਲਈ ਮਨੋਰੰਜਨ ਹੈ, ਤਸ਼ੱਦਦ ਨਹੀਂ। ਉਸ ਲਈ ਇਸ ਅਣਮਨੁੱਖੀ ਮਨੋਰੰਜਨ ਦੇ ਮਾਅਨਿਆਂ ਦੀਆਂ ਜੜ੍ਹ ਸੰਵੇਦਨਾ, ਕਲਾ, ਸਾਹਿਤ, ਮਨੁੱਖਤਾ ਅਤੇ ਆਪਸੀ ਸਹਿਮਤੀ ਦੀ ਬਜਾਏ ਮਰਦਾਨਗੀ ਦੀ ਧੌਂਸ ਨਾਲ ਜੁੜੀਆਂ ਹਨ। ਮਰਦਾਨਗੀ ਦੀ ਇਹ ਹੳਮੈਂ ਤੇ ਧੌਂਸ ਮਨੁੱਖ ਤੇ ਜੰਗਲੀ ਜਾਨਵਰ ਵਿਚਲਾ ਫਾਸਲਾ ਹੀ ਖਤਮ ਕਰ ਦਿੰਦੀ ਹੈ।

‘ਪ੍ਰੇਰਣਾ' ਨਾਮੀ ਇਸ ਸਵੈ-ਸੇਵੀ ਸੰਸਥਾ ਨੂੰ ਸਰਵ-ਸਿੱਖਿਆ ਅਭਿਆਨ ਦੇ ਤਹਿਤ ਫੰਡ ਦਿੱਤਾ ਜਾ ਰਿਹਾ ਸੀ, ਜੋ ਸੰਸਥਾ ਬਾਰੇ ਸਰਕਾਰ ਤੇ ਉੱਚ-ਅਧਿਕਾਰੀਅ ਨੂੰ ਪੂਰੀ ਜਾਣਕਾਰੀ ਸੀ। ਜੇਕਰ ਉੱਥੇ ਔਰਤ ਵਾਰਡਨ ਨਹੀਂ ਸੀ ਜਾਂ ਲੜਕੇ ਤੇ ਲੜਕੀਆਂ ਲਈ ਅਲੱਗ-ਅਲੱਗ ਰਿਹਾਇਸ਼ ਨਹੀਂ ਸੀ ਤਾਂ ਸੰਸਥਾ ਨੇ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਅਤੇ ਸਹੀ ਸਾਂਭ-ਸੰਭਾਲ ਲਈ ਬਣਦਾ ਬੰਦੋਬਸਤ ਕਰਨ ਦਾ ਤਰੱਦਦ ਕਿਉਂ ਨਹੀਂ ਕੀਤਾ? ਦੂਸਰਾ ਸਵਾਲ ਅਧਿਆਪਕ ਦੇ ਇਖਲਾਕ ਸਬੰਧੀ ਹੈ। ਕੀ ਉਹ ਸੱਚਮੁੱਚ ਹੀ ਅਧਿਆਪਕ ਸਨ ਜਾਂ ਖਾਨਾਪੂਰਤੀ ਲਈ ਰੱਖੇ ਗਏ ਬੇਰੁਜ਼ਗਾਰ ਜਿਨ੍ਹਾਂ ਨੂੰ ਘੱਟ ਤਨਖਾਹ ਤੇ ਕੰਮ-ਚਲਾੳੂ ਢਾਂਚਾ ਦਿੱਤਾ ਗਿਆ ਜੋ ਉਨ੍ਹਾਂ ਅੰਦਰੋਂ ਮਨੁੱਖੀ ਸੰਵੇਦਨਾ ਹੀ ਨਿਗਲ ਗਿਆ। ਖਾਸ ਜ਼ਰੂਰਤ ਵਾਲੇ ਬੱਚਿਆਂ ਦੀ ਮਨੋਸਥਿਤੀ ਅਤੇ ਲੋੜ ਦੇ ਅਨੁਸਾਰ ਸੰਸਥਾਗਤ ਅਤੇ ਕਾਰਜਕਾਰੀ ਢਾਂਚਾ ਨਾ ਹੋਣ ਦੇ ਬਾਵਜੂਦ ਇਸ ਸੰਸਥਾ ਦਾ ਪਿਛਲੇ ਸਾਲ ਦੌਰਾਨ ਨਿਰਵਿਘਨ ਕੰਮ ਕਰਨਾ ਸਿੱਖਿਆ ਦੇ ਢਾਂਚੇ 'ਤੇ ਪ੍ਰਸ਼ਨ-ਚਿੰਨ੍ਹ ਲਗਾਉਂਦਾ ਹੈ। ਸਿਰਫ ਇਹ ਸੰਸਥਾਵਾਂ ਹੀ ਕਿਉਂ, ਬਾਕੀ ਸਰਕਾਰੀ ਅਦਾਰਿਆਂ, ਕਾਰਖਾਨਿਆਂ, ਦਫਤਰ, ਖੇਤ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਅਸੀਂ ਇਨ੍ਹਾਂ ਬੱਚਿਆਂ ਨਾਲ ਕੀ ਸਲੂਕ ਕਰਦੇ ਹ? ਗਰੀਬੀ ਅਤੇ ਸਮਾਜਿਕ ਸੁਰੱਖਿਆ ਦੀ ਘਾਟ ਇਨ੍ਹ ਨੂੰ ਉਮਰ ਭਰ ਲਈ ਮੰਗਤੇ ਜਾਂ ਬੰਧੂਆ ਮਜ਼ਦੂਰ ਬਣਨ ਲਈ ਮਜਬੂਰ ਕਰ ਦਿੰਦੀ ਹੈ। ਜੇਕਰ ਆਪਣੀ ਯੋਗਤਾ ਅਤੇ ਰਾਖਵੇਂਕਰਨ ਦਾ ਸਹਾਰਾ ਲੈ ਕੇ ਇਨ੍ਹ੍ਹਾਂ ਵਰਗ ਦੇ ਕੁਝ ਲੋਕ ਨੌਕਰੀ ਪ੍ਰਾਪਤ ਕਰ ਵੀ ਲੈਂਦੇ ਹਨ ਤਾਂ ਵੀ ਇਨ੍ਹਾਂ ਦੀਆਂ ਸਮਰਥਾਵਾਂ,ਸੰਭਾਵਨਾਵਾਂ ਅਤੇ ਕਾਰਗੁਜ਼ਾਰੀ ਵੱਲ ਹਮੇਸ਼ਾ ਸ਼ੱਕ ਦੀ ਉਂਗਲ ਉਠੀ ਰਹਿੰਦੀ ਹੈ। ਸਮਾਜੀ ਵਰਤਾਰੇ ਦਾ ਇਕ ਘਟੀਆ ਝਲਕਾਰਾ ਫਿਲਮ, ਟੀ•ਵੀ• ਪ੍ਰੋਗਰਾਮ ਅਤੇ ਇਸ਼ਤਿਹਾਰਬਾਜ਼ੀ ਵਿਚ ਇਨ੍ਹਾਂ ਵਰਗਾਂ ਦੀ ਵਰਤੋਂ ਹਾਸੇ-ਠੱਠੇ ਜਾਂ ਮਜ਼ਾਕੀਆ ਪਾਤਰ ਦੇ ਤੌਰ 'ਤੇ ਕਰਨਾ ਵੀ ਹੈ। ਨੀਤੀਆਂ ਘੜਨ, ਬਣਾਉਣ ਅਤੇ ਪ੍ਰਭਾਵਤ ਕਰਨ ਦੀ ਸਮਰੱਥਾ ਵਾਲੀਆਂ ਰਾਜਨੀਤਕ ਪਾਰਟੀਅ ਦੇ ਕਿਸੇ ਵੀ ਏਜੰਡੇ ਵਿਚ ਇਸ ਤਬਕੇ ਦੇ ਮੁੱਦੇ ਸ਼ਾਮਲ ਹੀ ਨਹੀਂ ਕੀਤੇ ਜਾਂਦੇ। ਫਿਰ ਸੁਧਾਰ ਦੀ ਸੰਭਾਵਨਾ ਕਿਵੇਂ ਉਪਜੇ? ਇਸੇ ਗੈਰ ਹਾਜ਼ਰੀ ਨੂੰ ਪਰਿਵਾਰਕ ਇਕਾਈ ਵਿਚ ਸਮਝਣਾ ਹੋਵੇ ਤਾਂ ਇਨ੍ਹਾਂ ਮੈਂਬਰਾਂ ਦੁਆਰਾ ਕੀਤੇ ਕੰਮਕਾਰ ਨੂੰ ਉਤਪਾਦਨ ਸਿਰਜਣਾ ਵੱਜੋਂ ਮਾਨਤਾ ਨਾ ਦਿੱਤੇ ਜਾਣਾ ਅਤੇ ਸਮਾਜਿਕ ਇਕਾਈਆਂ ਵਿਚ ਇਨ੍ਹਾਂ ਦੇ ਮੁੱਦਿਅ ਤੇ ਫੈਸਲਿਆਂ ਦੀ ਅਣਦੇਖੀ ਰਾਹੀਂ ਸਮਝਿਆ ਜਾ ਸਕਦਾ ਹੈ। ਜੀਵਨ-ਸਾਥੀ ਦੀ ਚੋਣ, ਬੱਚਿਆਂ ਦੇ ਜਨਮ ਅਤੇ ਆਪਣੀ ਕੀਤੀ ਕਮਾਈ ਨੂੰ ਖਰਚਣ ਦੇ ਫੈਸਲੇ ਵਿਅਕਤੀਗਤ ਹੋਣ ਦੇ ਬਾਵਜੂਦ ਇਹ ਵਰਗ ਖੁਦ ਨਹੀਂ, ਬਲਕਿ ਇਨ੍ਹਾਂ ਦੁਆਲੇ ਉਣਿਆ ਰਿਸ਼ਤਿਆਂ ਦਾ ਤਾਣਾ-ਬਾਣਾ ਤੈਅ ਕਰਦਾ ਹੈ। ਇਹ ਸਿਰਫ ਅਮਲ ਕਰਦੇ ਹਨ, ਸਵਾਲ ਦੀ ਗੁੰਜਾਇਸ਼ ਹੀ ਨਹੀਂ ਹੁੰਦੀ।

ਇਸ ਤੋਂ ਵੱਡਾ ਸੰਸਾ ਇਨ੍ਹਾਂ ਦੇ ਕੰਨ,ਅੱਖ ਤੇ ਜ਼ੁਬਾਨ ਬਣਨ ਦੀ ਸਮਰੱਥਾ ਰੱਖਦੀਆਂ ਤਾਕਤ ਲਈ ਸੰਵੇਦਨਾ ਅਤੇ ਸੋਚ ਦੇ ਅਰਥ ਬਦਲਣਾ ਹੈ। ਜਿਨ੍ਹਾਂ ਸਮਿਆਂ ਵਿਚ ਇਹ ਕਰੂਰ ਸੱਚ ਸਾਹਮਣੇ ਆਇਆ, ਉਨੀਂ ਦਿਨੀਂ ਹੀ ਪੰਜਾਬ ਦੀ ਚੰਡੀਗੜ ਸਥਿਤ ਇਕ ਵੱਡੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀ ‘ਚੌਗਿਰਦੇ ਨੂੰ ਬਚਾਓ'ਦੇ ਨਾਅਰੇ ਨਾਲ ਸੜਕ 'ਤੇ ਨਿਕਲੇ ਸਨ। ‘ਸੋਚ' ਨਾਮੀ ਸਿਰਲੇਖ ਤੋਂ ਝਲਕਾਰਾ ਪੈਂਦਾ ਸੀ ਕਿ ਸ਼ਾਇਦ ਪੱਤਰਕਾਰੀ ਅੱਜ ਵੀ ਲੋਕਤੰਤਰ ਦਾ ਚੌਥਾ ਥੰਮ੍ਹ ਹੀ ਮੰਨਿਆ ਜਾਂਦਾ ਹੈ। ਵਾਤਾਵਰਣ ਪੱਖੀ ਆਪਣੀ ‘ਸੋਚ' ਨੂੰ ਫੈਲਾਉਣ ਲਈ ਤਿੰਨ-ਤਿੰਨ, ਚਾਰ-ਚਾਰ ਵਿਦਿਆਰਥੀ ਇਕੋ ਰਿਕਸ਼ੇ 'ਤੇ ਚੜ੍ਹ ਗਏ। ਭੁੱਲ ਗਏ ਕਿ ਅੱਗੇ ਇਨਸਾਨ ਜੁਤਿਆ ਹੈ। ਰੇਹੜਿਆਂ ਤੇ ਚੜ੍ਹ ਕੇ ਲਾੳੂਡ-ਸਪੀਕਰ ਰਾਹੀਂ ਪਤਾ ਨਹੀਂ ਕਿਸ ਚੌਗਿਰਦੇ ਦੀ ਰਾਖੀ ਦਾ ਹੌਕਾ ਦਿੰਦੇ ਇਹ ਵਿਦਿਆਰਥੀ ਪੱਤਰਕਾਰੀ ਦਾ ਪਹਿਲਾ ਹੀ ਪਾਠ, ‘‘ਉਨ੍ਹਾਂ ਦੀ ਆਵਾਜ਼, ਬਣੋ ਜੋ ਬੇਜ਼ੁਬਾਨੇ ਹਨ'' ਭੁੱਲ ਗਏ। ਸ਼ਾਇਦ ਉਹ ਜਿਸ ਚੌਗਿਰਦੇ ਨੂੰ ਬਚਾਉਣ ਲਈ ਤਰਲੋ-ਮੱਛੀ ਹਨ ਉਸ ਵਿਚੋਂ ਉਹ ਰਿਕਸ਼ੇ ਵਾਲਾ ਅਤੇ ਰੇਹੜਿਆਂ ਅੱਗੇ ਜੁਤੇ ਬੇਜ਼ੁਬਾਨ ਜਾਨਵਰ ਮਨਫੀ ਹੋ ਚੁੱਕੇ ਹਨ। ਉਨ੍ਹਾਂ ਦੀ ‘ਸੋਚ' ਜਿੱਥੇ ਅੰਨ੍ਹੀ ਸੁਰੰਗ ਵੱਲ ਇਸ਼ਾਰਾ ਕਰਦੀ ਹੈ, ਉੱਥੇ ਇਨ੍ਹਾਂ ਬਾਲੜੀਆਂ ਦੀਆਂ ਮੂਕ ਚੀਖ ਸਭਿਅਤਾ ਦੇ ਬੋਲੇ ਹੋ ਜਾਣ ਦਾ ਸਬੂਤ ਹਨ।

-ਕੁਲਦੀਪ ਕੌਰ

Tuesday, March 31, 2009

ਘੱਟਗਿਣਤੀਆਂ ਦੇ ਰਾਜ 'ਚ "ਘੱਟਗਿਣਤੀਆਂ" ਦਾ ਹਾਲ (ਜ਼ਮੀਨ ਤੋਂ ਜ਼ਮੀਨ ਤੱਕ)

ਡਾ. ਪੁਨੀਤ ਅਪਣੇ ਵਿਦਿਆਰਥੀ ਜੀਵਨ ਤੋਂ ਸਮਾਜਿਕ ਸਰੋਕਾਰਾਂ ਪ੍ਰਤੀ ਸੁਚੇਤ ਰਹੇ ਹਨ।ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ ਕਰਨ ਤੋਂ ਬਾਅਦ ਉਹ ਇਕ ਇਕ ਮਨੁੱਖ ਦੀ ਨਬਜ਼ ਫੜਨ ਦੀ ਬਜਾਏ ਪੂਰੇ ਸਮਾਜ ਦੀ ਨਬਜ਼ ਫੜਨ ਦੀ ਕੋਸ਼ਿਸ਼ ਚ ਮਸ਼ਰੂਫ ਨੇ।ਉਹ ਦਲਿਤਾਂ ਤੇ ਘੱਟਗਿਣਤੀਆਂ ਦੇ ਸਮਾਜ ਵਿਗਿਆਨ ਨੂੰ ਘੋਖਣ ਤੇ ਸਮਝਣ ਲਈ ਲਗਾਤਾਰ ਪੜ੍ਹਦੇ ਤੇ ਪ੍ਰੈਕਟਿਸ ਕਰਦੇ ਰਹਿੰਦੇ ਨੇ।ਸੱਚਰ ਕਮੇਟੀ ਦੀ ਰਿਪੋਰਟ ਨੂੰ ਅਧਾਰ ਬਣਾਕੇ ਲਿਖਿਆ ਉਹਨਾਂ ਦਾ ਲੇਖ ਪੰਜਾਬ ਚ ਮੁਸਲਿਮ ਭਾਈਚਾਰੇ ਦੀ ਹਾਲਤ ਨੂੰ ਬੜੀ ਬਰੀਕੀ ਨਾਲ ਬਿਆਨ ਕਰਦਾ ਹੈ।ਉਹਨਾਂ ਦਾ ਲੇਖ ਪੜ੍ਹਕੇ ਸੱਚਮੁੱਚ ਲਗਦਾ ਹੈ ਕਿ ਹਿੰਦੋਸਤਾਨ ਚ ਮੁਸਲਮਾਨਾਂ ਦੀ ਸਥਿਤੀ ਉਹਨਾਂ ਦੀ ਜ਼ੁਬਾਨ ਉਰਦੂ ਵਰਗੀ ਹੈ----ਹਰਪ੍ਰੀਤ ਰਠੌੜ ਤੇ ਯਾਦਵਿੰਦਰ ਕਰਫਿਊ

ਸਾਡੇ ਦੇਸ਼ ਵਿਚ ਕੁਝ ਹਿੰਦੂਵਾਦੀ ਸੰਗਠਨਾਂ ਤੇ ਸਿਆਸਤਦਾਨਾਂ ਵਲੋਂ ਵੱਡੇ ਪੱਧਰ ਉਤੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਭਾਰਤ ਵਿਚਲੀਆਂ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਨੂੰ ਭਰਮਾਉਣ ਦੀ ਸਿਆਸਤ ਹੁੰਦੀ ਹੈ। ਇਹ ਅਨਸਰ ਭਾਰਤ ਦੀ ਹਰ ਸਮੱਸਿਆ ਨੂੰ ਹਿੰਦੂਵਾਦੀ ਪੈਂਤੜੇ ਤੋਂ ਦੇਖਦੇ ਹਨ ਅਤੇ ਗਰੀਬੀ,ਅਨਪੜ੍ਹਤਾ,ਆਬਾਦੀ ਆਦਿ ਮਾਮਲਿਆਂ ਸਬੰਧੀ ਮੁਸਲਿਮ ਅਤੇ ਹੋਰ ਭਾਈਚਾਰੇ ਨੂੰ ਦੋਸ਼ੀ ਠਹਿਰਾਉਂਦੇ ਹਨ।ਬ੍ਰਾਹਮਣਵਾਦੀ ਵਿਚਾਰਧਾਰਾ ਨਾਲ ਸਬੰਧਤ ਇਨ੍ਹਾਂ ਲੋਕਾਂ ਨੇ ਹਮੇਸ਼ਾ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਵਿਰੁੱਧ ਦੋਸ਼ ਦਾਗੇ ਹਨ।ਇਥੋਂ ਤੱਕ ਕਿ ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਪਿਛੇ ਵੀ ਉਹ ਮੁਸਲਿਮ ਭਾਈਚਾਰੇ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ।ਬੇਸ਼ੱਕ ਮੁਗ਼ਲਾਂ ਨੇ ਭਾਰਤ ਉਤੇ ਲੰਬਾ ਅਰਸਾ ਰਾਜ ਕੀਤਾ ਹੈ ਪਰ ਜੇ ਮੁਸਲਿਮ ਆਬਾਦੀ ਦੇ ਵੱਡੇ ਹਿੱਸੇ ਨੂੰ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਹ ਅੱਤ ਦੀ ਕੰਗਾਲੀ ਵਾਲੀ,ਸਾਧਨ ਵਿਹੂਣੀ ਅਤੇ ਭੈੜੀ ਤਰ੍ਹਾਂ ਦੀ ਜ਼ਿੰਦਗੀ ਜਿਉਂਦੀ ਹੈ।ਅਗਾਂਹ ਮੁਸਲਿਮ ਭਾਈਚਾਰੇ ਦੇ ਅੰਦਰ ਦਲਿਤ ਸ਼੍ਰੇਣੀਆਂ ਨਾਲ ਸਬੰਧਤ ਮੁਸਲਿਮ ਲੋਕਾਂ ਦੀ ਹਾਲਤ ਤਾਂ ਹੋਰ ਵੀ ਬਦਤਰ ਸਥਿਤੀ ਵਿਚ ਹੈ।ਜਸਟਿਸ ਰਾਜਿੰਦਰ ਸੱਚਰ ਦੀ ਅਗਵਾਈ ਵਿਚ ਬਣੀ ਸੱਚਰ ਕਮੇਟੀ ਨੇ ਭਾਰਤ ਵਿਚ ਮੁਸਲਿਮ ਆਬਾਦੀ ਦੀ ਆਰਥਿਕ,ਸਮਾਜਿਕ ਅਤੇ ਸਿਆਸੀ ਸਥਿਤੀ ਨਾਲ ਸਬੰਧਤ ਇਕ ਮੁਆਇਨਾ ਕਰਕੇ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਉਤੇ ਬ੍ਰਾਹਮਣਵਾਦੀ ਤਾਕਤਾਂ ਨੇ ਬਹੁਤ ਹੋ ਹੱਲਾ ਮਚਾਇਆ ਹੈ ਅਤੇ ਇਸ ਦੇ ਉਲਟ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਇਥੋਂ ਤੱਕ ਡੌਂਡੀ ਪਿੱਟਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਰਿਪੋਰਟ ਨਾਲ ਦੇਸ਼ ਦੀ ਅਖੰਡਤਾ ਖ਼ਤਰੇ ਵਿਚ ਪੈ ਸਕਦੀ ਹੈ।ਇਸ ਕਮੇਟੀ ਨੇ ਭਾਰਤ ਵਿਚ ਮੁਸਲਿਮ ਆਬਾਦੀ ਦੀ ਅੱਤ ਦੀ ਗਰੀਬੀ ਅਤੇ ਪੱਛੜੇਪਣ ਦੀ ਸਥਿਤੀ ਨੂੰ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ।

ਅਸੀਂ ਇਥੇ ਵਿਦਿਆ ਦੇ ਖੇਤਰ ਵਿਚ ਪਟਿਆਲਾ ਜ਼ਿਲ੍ਹੇ ਦੇ ਕੁਝ ਪਿੰਡਾਂ ਵਿਚ ਮੁਸਲਿਮ ਵਸੋਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ।ਇਹ ਪਿੰਡ ਪਟਿਆਲਾ ਸ਼ਹਿਰ ਨੇੜਲੇ ਪਿੰਡ ਹਨ ਅਤੇ ਅਸੀਂ ਇਹ ਸੋਚ ਕੇ ਚੱਲੇ ਸਾਂ ਕਿ ਸ਼ਹਿਰ ਨੇੜਲੇ ਪਿੰਡ ਹੋਣ ਕਾਰਨ ਇਥੇ ਮੁਸਲਿਮ ਆਬਾਦੀ ਕੁਝ ਚੰਗੀ ਹਾਲਤ ਵਿਚ ਹੋਵੇਗੀ ਪਰ ਸਾਡੇ ਮੁਆਇਨੇ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਇਹੋ ਲਗਦਾ ਹੈ ਕਿ ਜਸਟਿਸ ਸੱਚਰ ਦੀ ਰਿਪੋਰਟ ਬਿਲਕੁਲ ਸੱਚ ਬੋਲ ਰਹੀ ਹੈ।ਪੰਜਾਬ ਵਿਚ 1947 ਵਿਚ ਹੋਏ ਭਿਆਨਕ ਹੱਲਿਆਂ ਕਾਰਨ ਮੁਸਲਿਮ ਵਸੋਂ ਬਹੁਤ ਘੱਟ ਹੈ।ਮਾਲੇਰਕੋਟਲਾ ਅਤੇ ਕਾਦੀਆਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਅਜਿਹਾ ਸ਼ਹਿਰ ਜਾਂ ਕਸਬਾ ਹੋਵੇ ਜਿਥੇ ਮੁਸਲਿਮ ਲੋਕ ਵੱਡੀ ਗਿਣਤੀ ਵਿਚ ਮੌਜੂਦ ਹੋਣ।ਪਰ ਕੁਝ ਪਿੰਡ ਅਜਿਹੇ ਹਨ ਜਿਨ੍ਹਾਂ ਵਿਚ ਇਸ ਭਾਈਚਾਰੇ ਦੇ ਲੋਕ ਇਕ ਗਿਣਨਯੋਗ ਹੈਸੀਅਤ ਰੱਖਦੇ ਹਨ।

ਆਪਣੇ ਮੁਆਇਨੇ ਦੇ ਪਹਿਲੇ ਪੜਾਅ ਵਿਚ ਅਸੀਂ ਪਟਿਆਲੇ ਦੇ ਵਜੀਦਪੁਰ ਪਿੰਡ ਵਿਚ ਪਹੁੰਚੇ। ਇਸ ਪਿੰਡ ਦੀ ਕੁਲ ਵਸੋਂ ਕੋਈ 1000 ਦੇ ਕਰੀਬ ਹੈ ਜਿਸ ਵਿਚ ਮੁਸਲਮਾਨਾਂ ਦੀ ਗਿਣਤੀ ਸਿਰਫ਼ 84 ਹੈ ਅਤੇ ਇਹ 84 ਲੋਕ ਸੋਲਾਂ ਪਰਿਵਾਰਾਂ ਨੂੰ ਮਿਲਾ ਕੇ ਬਣਦੇ ਹਨ।ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸ਼ਹਿਰ ਪਟਿਆਲਾ ਵਾਂਗ ਵਜੀਦਪੁਰ ਪਿੰਡ ਵਿਚ ਵੀ ਵਿਦਿਅਕ ਸੰਸਥਾਵਾਂ ਦੀ ਗਿਣਤੀ ਆਲੇ ਦੁਆਲੇ ਦੇ ਪਿੰਡਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ ਅਤੇ ਇਸ ਪੱਖੋਂ ਇਹ ਅਗਾਂਹਵਧੂ ਪਿੰਡ ਮੰਨਿਆ ਜਾਂਦਾ ਹੈ।ਇਸ ਵਿਚ ਇਕ ਐਲੀਮੈਂਟਰੀ ਸਕੂਲ, ਇਕ ਸੀਨੀਅਰ ਸੈਕੰਡਰੀ ਸਕੂਲ ਅਤੇ ਦੋ ਪ੍ਰਾਈਵੇਟ ਸਕੂਲ ਹਨ।ਪਿੰਡ ਦੇ ਬੱਚਿਆਂ ਦੀ ਕਾਫ਼ੀ ਗਿਣਤੀ ਸ਼ਹਿਰ ਦੇ ਸਕੂਲਾਂ ਵਿਚ ਵੀ ਪੜ੍ਹਨ ਜਾਂਦੀ ਹੈ।ਆਲੇ ਦੁਆਲੇ ਦੇ 30-40 ਪਿੰਡਾਂ ਵਿਚੋਂ ਨੰਬਰ ਇਕ ਪਿੰਡ ਹੋਣ ਦੇ ਨਾਲ ਨਾਲ ਪਟਿਆਲਾ ਸੰਗਰੂਰ ਸੜਕ ਉਤੇ ਸਥਿਤ ਇਸ ਪਿੰਡ ਵਿਚ ਇਕ ਸਿਵਲ ਡਿਸਪੈਂਸਰੀ ਵੀ ਹੈ।ਪਿੰਡ ਦੇ ਗੈਰ ਮੁਸਲਿਮ ਕਿਸਾਨ ਪਰਿਵਾਰਾਂ ਦੀਆਂ ਦੋ ਕੁੜੀਆਂ ਡਾਕਟਰੀ ਦੀ ਪੜ੍ਹਾਈ ਕਰ ਰਹੀਆਂ ਹਨ। ਇਕ ਵਿਅਕਤੀ ਵਕੀਲ ਹੈ।ਸਿੱਖਿਆ ਮਹਿਕਮੇ ਵਿਚ ਕਈ ਲੋਕ ਨੌਕਰੀ ਕਰਦੇ ਹਨ, ਇਕ ਵਿਅਕਤੀ ਖੇਤੀਬਾੜੀ ਇੰਸਪੈਕਟਰ ਰਿਹਾ ਹੈ।ਕਈ ਲੋਕ ਪੁਲਿਸ ਅਤੇ ਫੌਜ ਵਿਚ ਵੀ ਹਨ।ਬੇਸ਼ੱਕ ਉਪਰੋਕਤ ਵਿਚੋਂ ਕੁਝ ਦਲਿਤ ਪਰਿਵਾਰਾਂ ਨਾਲ ਸਬੰਧਤ ਹਨ ਪਰ ਸੱਭੇ ਹੀ ਗੈਰ ਮੁਸਲਿਮ।ਮੁਸਲਿਮ ਘਰਾਂ ਵਿਚੋਂ ਇਕ ਹੀ ਵਿਅਕਤੀ ਨੌਕਰੀ ਕਰਦਾ ਹੈ ਅਤੇ ਉਹ ਵੀ ਦਰਜਾ ਚਾਰ।

ਮੁਸਲਿਮ ਪਰਿਵਾਰਾਂ ਦੀ ਆਰਥਿਕ ਸਮਾਜਿਕ ਸਥਿਤੀ ਸਭ ਤੋਂ ਨੀਵੀਂ ਹੈ।ਉਨ੍ਹਾਂ ਕੋਲ ਕਦੇ ਵੀ ਆਪਣੀ ਜ਼ਮੀਨ ਨਹੀਂ ਰਹੀ ਅਤੇ ਨਾ ਹੀ ਪੰਚਾਇਤੀ ਜ਼ਮੀਨ ਕਦੇ ਮਿਲੀ ਹੈ।ਉਹ ਸਾਰੇ ਹੀ ਜਾਂ ਨਿੱਕੇ ਮੋਟੇ ਧੰਦਿਆਂ ਵਿਚ ਜਾਂਦੇ ਹਨ ਜਾਂ ਦਸਤਕਾਰੀ ਕਰਦੇ ਹਨ। ਪਿਛਲੇ 30 ਸਾਲਾਂ ਤੋਂ ਪੰਚਾਇਤ ਵਿਚ ਉਨ੍ਹਾਂ ਦੀ ਕੋਈ ਨੁਮਾਇੰਦਗੀ ਨਹੀਂ ਰਹੀ।ਉਸ ਤੋਂ ਪਹਿਲਾਂ ਇਕ ਬਜ਼ੁਰਗ ਇਕ ਵਾਰ ਪੰਚਾਇਤ ਮੈਂਬਰ ਬਣਿਆ ਸੀ।ਮੁਸਲਿਮ ਔਰਤਾਂ ਵਿਚ ਬੁਰਕੇ ਦਾ ਰਿਵਾਜ ਨਹੀਂ ਨਾ ਹੀ ਕਿਸੇ ਪਰਿਵਾਰ ਵਿਚ ਇਕ ਤੋਂ ਵੱਧ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਮੁਸਲਿਮ ਪਰਿਵਾਰਾਂ ਦੇ ਬੱਚੇ ਛੋਟੇ ਹੁੰਦਿਆ ਤੋਂ ਹੀ ਦਸਤਾਕਾਰੀ ਜਾਂ ਪੁਸ਼ਤੈਨੀ ਕੰਮਾਂ ਵਿਚ ਰੁਝ ਜਾਂਦੇ ਹਨ। 1947 ਤੋਂ ਬਾਅਦ ਸੱਠ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਦੋ ਮੁੰਡੇ ਕਾਲਜ ਵਿਚ ਦਾਖਲ ਹੋਏ ਹਨ ਨਹੀਂ ਤਾਂ ਦਸਵੀਂ ਤੋਂ ਅਗਾਂਹ ਕਦੇ ਕੋਈ ਨਹੀਂ ਸੀ ਟੱਪਿਆ।ਅਸੀਂ ਦੀ ਆਬਾਦੀ ਵਿਚ 38 ਲੋਕਾਂ ਤਾਂ ਕੋਰੇ ਅਨਪੜ੍ਹ ਹਨ,ਯਾਨੀ ਤਕਰੀਬਨ 50% ਅਨਪੜ੍ਹਤਾ ਹੈ। ਮੁਸਲਿਮ ਘਰਾਂ ਵਿਚ ਪੰਜਵੀਂ ਤੱਕ ਸਿਰਫ਼ ਸੋਲਾਂ ਜਣੇ (ਸਮੇਤ ਹੁਣ ਪੜ੍ਹ ਰਹੇ ਬੱਚਿਆਂ ਦੇ) ਪੜ੍ਹ ਸਕੇ ਹਨ। ਪੰਜਵੀਂ ਤੇ ਦਸਵੀਂ ਤੱਕ 24 ਲੋਕ ਪੜ੍ਹੇ ਹਨ। ਕਾਲਜ ਵਿਚ ਸਿਰਫ਼ ਦੋ ਹੀ ਪਹੁੰਚੇ ਤੇ ਯੂਨੀਵਰਸਿਟੀ ਤੱਕ ਕੋਈ ਵੀ ਨਹੀਂ ਪਹੁੰਚਿਆ।ਕੋਈ ਦੋਧੀ ਹੈ, ਕੋਈ ਨਾਈ ਹੈ ਤੇ ਕੋਈ ਗਾਉਣ ਵਜਾਉਣ ਦੇ ਖੇਤਰ ਵਿਚ ਕਾਮਾ ਹੈ।

ਕਿਸੇ ਦੇਸ਼ ਵਿਚ ਪਛੜੇ ਵਰਗ ਦੇ ਲੋਕਾਂ ਨੂੰ ਉਚਾ ਉਠਾਉਣ ਲਈ ਸੱਠ ਵਰ੍ਹੇ ਵੀ ਜੇ ਅਜਾਈਂ ਚਲੇ ਜਾਂਦੇ ਹਨ ਤਾਂ ਉਥੇ ਹਾਕਮਾਂ ਦੇ ਪਛੜਿਆਂ ਪ੍ਰਤੀ ਲਾਪ੍ਰਵਾਹੀ ਵਾਲੇ ਵਤੀਰੇ ਉਤੇ ਕੋਈ ਵੀ ਕਿੰਤੂ ਉਠਾਉਣ ਵਿਚ ਹੱਕ-ਬਜਾਨਬ ਹੋ ਜਾਂਦਾ ਹੈ। ਵਜੀਦਪੁਰ ਜਿਹੇ ਅਗਾਂਹਵਧੂ ਪਿੰਡ ਦੀ ਹਾਲਤ ਮੁਸਲਮਾਨਾਂ ਨੂੰ ਦੇਸ਼ ਦੀ ਭੈੜੀ ਸਥਿਤੀ ਲਈ ਜ਼ਿੰਮੇਵਾਰ ਠਹਿਰਾਉਣ ਵਾਲਿਆਂ ਦੇ ਦਾਅਵੇ ਉਤੇ ਤਾਂ ਕੋਈ ਕੀ ਯਕੀਨ ਕਰੇਗਾ? ਇਸ ਪਿੰਡ ਵਿਚ ਵਿਦਿਆ ਪੱਖੋਂ ਮੁਸਲਮਾਨ ਪਰਿਵਾਰਾਂ ਦੀ ਹਾਲਤ ਗੈਰ ਮੁਸਲਿਮ ਦਲਿਤ ਪਰਿਵਾਰਾਂ ਨਾਲੋਂ ਵੀ ਭੈੜੀ ਹੈ ਤੇ ਵਿਦਿਆ ਦੇ ਬਾਜ਼ਾਰੀਕਰਨ ਦੇ ਅੱਜ ਦੇ ਦੌਰ ਵਿਚ ਇਸ ਨੇ ਹੋਰ ਵੀ ਬੁਰਾ ਹੋ ਜਾਣਾ ਹੈ।

ਨਾਲ ਹੀ ਇਕ ਹੋਰ ਪਿੰਡ ਹੈ ਜਾਲ੍ਹਾਂ। 14-1500 ਦੀ ਆਬਾਦੀ ਵਾਲੇ ਇਸ ਪਿੰਡ ਵਿਚ 17 ਘਰ ਮੁਸਲਮਾਨਾਂ ਦੇ ਹਨ ਅਤੇ ਇਨ੍ਹਾਂ ਦੀ ਕੁਲ ਆਬਾਦੀ 72 ਹੈ।ਜਾਲ੍ਹਾ ਇਕ ਬੇਨਾਮ ਪਿੰਡ ਹੈ,ਜਿਥੇ ਮੁਸਲਮਾਨਾਂ ਦੀ ਹਾਲਤ ਵਜੀਦਪੁਰ ਨਾਲੋਂ ਕਿਤੇ ਜ਼ਿਆਦਾ ਭੈੜੀ ਹੈ। ਅੱਤ ਦੀ ਗਰੀਬੀ ਦੇ ਮਾਰੇ ਇਨ੍ਹਾਂ ਮੁਸਲਿਮ ਪਰਿਵਾਰਾਂ ਵਿਚ ਸਿਰਫ਼ 15 ਵਿਅਕਤੀ ਅਜਿਹੇ ਹਨ ਜਿਹੜੇ 5-10 ਤੱਕ ਜਮਾਤਾਂ ਪੜ੍ਹ ਸਕੇ ਹਨ। 51 ਜਣੇ ਊੜਾ ਐੜਾ ਵੀ ਨਹੀਂ ਜਾਣਗੇ। ਕਾਲਜ ਵਿਚ ਕਦੇ ਕੋਈ ਨਹੀਂ ਗਿਆ। ਪੰਜਵੀਂ ਤੱਕ ਰਹਿ ਜਾਣ ਵਾਲੇ ਛੇ ਜਣੇ ਹਨ। ਇਥੇ ਵੀ ਕਿਸੇ ਕੋਲ ਖ਼ਾਨਦਾਨੀ ਜ਼ਮੀਨ ਨਹੀਂ ਨਾ ਹੀ ਕਦੇ ਉਨ੍ਹਾਂ ਨੂੰ ਪੰਚਾਇਤੀ ਜ਼ਮੀਨ ਦਿੱਤੀ ਗਈ ਹੈ। ਸਾਰੇ ਲੋਕ ਛੋਟੇ-ਮੋਟੇ ਕੰਮ ਜਾਂ ਮਿਹਨਤ ਮਜ਼ਦੂਰੀ ਕਰਦੇ ਹਨ। ਸਰਕਾਰੀ ਨੌਕਰੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਨੇੜੇ ਤੇੜੇ ਕਿਸੇ ਪਿੰਡ ਵਿਚ ਕੋਈ ਮਦਰੱਸਾ ਵੀ ਨਹੀਂ ਕਿ ਮੌਲਾਣਿਆਂ ਕੋਲ ਪੜ੍ਹਨ ਵਾਸਤੇ ਬੱਚੇ ਭੇਜ ਦਿੱਤੇ ਜਾਣ।ਨਾ ਹੀ ਵਜੀਦਪੁਰ ਤੇ ਨਾ ਹੀ ਜਾਲ੍ਹਾਂ ਵਿਚ ਕੋਈ ਮਸਜਿਦ ਹੈ, ਸੋ ਪੜ੍ਹਾਈ ਦੀ ਬੁਰੀ ਹਾਲਤ ਦੇ ਨਾਲ-ਨਾਲ ਇਬਾਦਤਗਾਹ ਵੀ ਕੋਈ ਨਹੀਂ ਉਨ੍ਹਾਂ ਲਈ।ਜਾਲ੍ਹਾ ਵਿਚ ਅਸੀਂ ਇਕ ਮੁਸਲਿਮ ਨੌਜਵਾਨ ਤੋਂ ਮੁਸਲਿਮ ਆਬਾਦੀ ਦੀ ਵਿਦਿਆ ਸਬੰਧੀ ਬੁਰੀ ਹਾਲਤ ਤੇ ਇਸ ਸਮੱਸਿਆ ਦੇ ਕੋਈ ਹੱਲ ਬਾਰੇ ਪੁੱਛਿਆ ਤਾਂ ਉਹ ਕੋਈ ਜੁਆਬ ਹੀ ਨਾ ਦੇ ਸਕਿਆ। ਉਹ ਸਿਰਫ਼ ਏਨਾ ਹੀ ਕਹਿ ਸਕਿਆ ਕਿ ਬਾਈ ਹਾਲੇ ਤੱਕ ਤਾਂ ਕਿਸੇ ਨੇ ਕਦੇ ਅਜਿਹੀ ਗੱਲ ਹੀ ਨਹੀਂ ਪੁੱਛੀ ਜਵਾਬ ਕੀ ਸੋਚੀਏ, ਤੁਸੀਂ ਪਹਿਲੇ ਆਦਮੀ ਹੋ ਜਿਹੜੇ ਅਜਿਹੀ ਗੱਲ ਕਰ ਰਹੇ ਹੋ।
ਇਹ ਟਿੱਪਣੀ ਕਾਫ਼ੀ ਹੈ ਇਹ ਦਰਸਾਉਣ ਲਈ ਕਿ ਇਸ ਮੁੱਦੇ ਉਤੇ ਨਾ ਸਰਕਾਰ ਨੇ ਤੇ ਨਾ ਹੀ ਪੰਚਾਇਤਾਂ ਨੇ ਕਦੇ ਕੋਈ ਸਰੋਕਾਰ ਦਿਖਾਇਆ ਹੈ। ਦੇਸ਼ ਦੀ ਤਰੱਕੀ ਦਾ ਧੂੰਆਂ ਧਾਰ ਪ੍ਰਚਾਰ ਜੋ ਅਖਬਾਰਾਂ ਤੇ ਟੀ. ਵੀ. ਚੈਨਲਾਂ ਤੋਂ ਹੁੰਦਾ ਹੈ ਉਸ ਤੋਂ ਆਮ ਆਦਮੀ ਅਤੇ ਖ਼ਾਸ ਕਰਕੇ ਮੁਸਲਿਮ ਲੋਕ ਕੋਹਾਂ ਦੂਰ ਦਿਖਾਈ ਦੇਂਦੇ ਹਨ। ਹਕੀਕਤ ਇਹ ਹੈ ਕਿ ਉਹ ਕਿਸੇ ਨੂੰ ਦਿਖਾਈ ਦੇਂਦੇ ਹੀ ਨਹੀਂ।

ਪਟਿਆਲਾ-ਸੰਗਰੂਰ ਸੜਕ ਉਤੇ ਸਥਿਤ ਪਿੰਡ ਫਤਿਹਪੁਰ ਦੀ ਤਕਰੀਬਨ 1000 ਆਬਾਦੀ ਵਿਚ 60 ਜਣੇ 12 ਮੁਸਲਿਮ ਪਰਿਵਾਰਾਂ ਵਿਚ ਹਨ। ਇਥੋਂ ਕਈ ਲੋਕ ਸਰਕਾਰੀ ਨੌਕਰੀ ਵਿਚ ਹਨ ਤੇ ਚੰਗੇ ਪੜ੍ਹੇ ਲਿਖੇ ਹਨ ਪਰ ਮੁਸਲਿਮ ਪਰਿਵਾਰਾਂ ਦੇ ਬੱਚੇ ਉਚ ਸਿੱਖਿਆ ਤੱਕ ਪਹੁੰਚਦੇ ਹੀ ਨਹੀਂ ਸਰਕਾਰੀ ਨੌਕਰੀ ਤੱਕ ਸਿਰਫ਼ ਚਾਰ ਜਣੇ ਪਹੁੰਚ ਸਕੇ ਹਨ। ਹਾਕਮ ਪਹਿਲਾ ਮੁਸਲਿਮ ਹੈ ਜਿਹੜਾ ਪਟਿਆਲੇ ਦੇ ਕਿਸੇ ਕਾਲਜ ਤੱਕ ਪਹੁੰਚਿਆ ਹੈ। ਉਸ ਤੋਂ ਪਹਿਲਾਂ ਕੋਈ ਵੀ ਬਾਰ੍ਹਵੀਂ ਤੋਂ ਅੱਗੇ ਨਹੀਂ ਗਿਆ। 60 ਵਿਚੋਂ 45 ਜਣੇ ਕੋਰੇ ਅਨਪੜ੍ਹ ਹਨ ਜਾਂ ਪੰਜਵੀਂ ਤੱਕ ਜਾਂਦੇ ਜਾਂਦੇ ਪੜ੍ਹਾਈ ਛੱਡ ਚੁੱਕੇ ਹਨ। ਸਿਰਫ਼ 11 ਜਣੇ ਦਸਵੀਂ ਤੱਕ ਪਹੁੰਚੇ ਤੇ ਉਨ੍ਹਾਂ ਵਿਚੋਂ ਚਾਰ ਹੀ ਬਾਰ੍ਹਵੀਂ ਤੱਕ ਪਹੁੰਚ ਪਾਏ। ਸਭੇ ਸਰਕਾਰੀ ਸਕੂਲਾਂ ਤੱਕ ਸੀਮਿਤ ਰਹੇ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਫੀਸ ਦੇਣ ਦੀ ਕਿਸੇ ਦੀ ਸਮਰੱਥਾ ਨਹੀਂ।

ਇਹੋ ਹਾਲ ਲਚਕਾਣੀ ਪਿੰਡ ਦਾ ਹੈ। ਇਥੇ 60 ਘਰ ਮੁਸਲਿਮ ਧਰਮ ਨਾਲ ਸਬੰਧਤ ਹਨ ਜਿਨ੍ਹਾਂ ਵਿਚੋਂ ਕੁਲ ਚਾਰ ਜਣੇ ਸਰਕਾਰੀ ਨੌਕਰੀ ਵਿਚ ਹਨ। ਬਾਕੀਆਂ ’ਚੋਂ ਬਹੁਤੇ ਮਿਹਨਤ ਮਜ਼ਦੂਰੀ ਕਰਦੇ ਹਨ ਜਾਂ ਨਿੱਕੇ ਮੋਟੇ ਧੰਦਿਆਂ ਵਿਚ ਹਨ। ਮੁਸਲਿਮ ਆਬਾਦੀ ਪੱਖੋਂ ਇਹ ਇਕ ਵੱਡਾ ਪਿੰਡ ਹੈ। ਸਿਰਫ਼ ਇਕ ਖ਼ਾਨਦਾਨ 40 ਵਿੱਘੇ ਦਾ ਮਾਲਕ ਹੈ ਤੇ ਜੇ ਇਹ ਜ਼ਮੀਨ ਵੰਡੀ ਜਾਵੇ ਤਾਂ ਕਿਸੇ ਨੂੰ ਵੀ ਡੇਢ ਕਿੱਲ੍ਹੇ ਤੋਂ ਵੱਧ ਨਹੀਂ ਆਵੇਗੀ। ਬੇਸ਼ੱਕ ਇਹ ਜ਼ਮੀਨ ਜੱਦੀ ਨਹੀਂ ਅਤੇ ਉਸ ਖ਼ਾਨਦਾਨ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ। 1947 ਤੋਂ ਪਹਿਲਾਂ ਅਤੇ ਬਾਅਦ ਵਿਚ ਰਹਿ ਗਏ 16 ’ਚੋਂ 9 ਪਰਿਵਾਰਾਂ ਵਿਚੋਂ ਕੋਈ ਕਿਸਾਨ ਪਰਿਵਾਰ ਨਹੀਂ ਸੀ। ਕੋਈ ਪੇਂਜਾ, ਕੋਈ ਤੇਲੀ ਤੇ ਕੋਈ ਮਜ਼ਦੂਰ ਜਾਂ ਫਿਰ ਕਲਾਕਾਰੀ ਹੀ ਉਨ੍ਹਾਂ ਦੇ ਕਿੱਤੇ ਸਨ। ਕੋਈ 300 ਦੀ ਮੁਸਲਿਮ ਆਬਾਦੀ ਵਿਚ 170-175 ਤੱਕ ਅਨਪੜ੍ਹ ਹਨ। 36 ਜਣੇ 8ਵੀਂ ਤੇ ਦਸਵੀਂ ਤੱਕ ਪੜ੍ਹੇ ਹਨ ਪਰ ਸਰਕਾਰੀ ਨੌਕਰੀ ਵਿਚ ਕੁੱਲ ਤਿੰਨ ਹੀ ਪਹੁੰਚ ਸਕੇ। ਕਾਲਜ ਦੀ ਪੜ੍ਹਾਈ ਤੱਕ ਸਿਰਫ਼ ਦੋ ਜਣੇ ਪਹੁੰਚੇ। ਬਹੁਤੇ ਬੱਚੇ 5ਵੀਂ ਤੱਕ ਜਾਂਦੇ-ਜਾਂਦੇ ਪੜ੍ਹਾਈ ਛੱਡ ਦੇਂਦੇ ਰਹੇ ਤੇ ਖੁਸ਼ਤੈਨੀ ਧੰਦਿਆਂ ਵਿਚ ਜਾ ਲੱਗੇ ਜਾਂ ਫਿਰ ਬੱਕਰੀਆਂ ਚਾਰਨ ਤੁਰ ਗਏ। ਪੜ੍ਹਾਈ ਨਾ ਕਰਨ ਦਾ ਵੱਡਾ ਕਾਰਨ ਗਰੀਬੀ ਹੀ ਰਿਹਾ ਤੇ ਹੁਣ ਵੀ ਹੈ। ਗੁਜ਼ਾਰੇ ਲਈ ਉਹ ਦਿਹਾੜੀ ਕਰਨ ਲੱਗ ਜਾਂਦੇ ਹਨ ਜਾਂ ਪਿੰਡ ਪਿੰਡ ਕੱਪੜੇ ਵੇਚਣ ਲਈ ਢੱਕੀ ਲੈ ਤੁਰਦੇ ਹਨ। 300 ਦੀ ਆਬਾਦੀ ਹੋਣ ਦੇ ਬਾਵਜੂਦ ਵੀ ਉਨ੍ਹਾਂ ’ਚੋਂ ਕਦੇ ਕੋਈ ਸਰਪੰਚ ਨਹੀਂ ਬਣਿਆ। ਕਦੇ ਦੋ ਜਣੇ ਪੰਚ ਬਣੇ ਪਰ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਪੰਚੀ/ਸਰਪੰਚੀ ਲਈ ਜੇਬ ਵਿਚ ਪੈਸੇ ਚਾਹੀਦੇ ਹਨ। ਸੋ ਕੋਹੀ ਵੀ ਇਨ੍ਹਾਂ ਅਦਾਰਿਆਂ ਵਿਚ ਜਾਣ ਦੀ ਸਮਰੱਥਾ ਜਾਂ ਹਿੰਮਤ ਨਹੀਂ ਰੱਖਦਾ।

ਪਟਿਆਲੇ ਦਾ ਹੀ ਹੋਰ ਪਿੰਡ ਸਵਾਜਪੁਰ ਜੋ ਕਿ ਪਟਿਆਲਾ-ਸਮਾਣਾ ਸੜਕ ’ਤੇ ਸਥਿਤ ਹੈ। 1947 ਵਿਚ ਇਥੋਂ ਬਹੁਤ ਸਾਰੇ ਮੁਸਲਿਮ ਪਰਿਵਾਰ ਪਾਕਿਸਤਾਨ ਚਲੇ ਗਏ। ਜਿਹੜੇ ਰਹਿ ਗਏ ਉਨ੍ਹਾਂ ਆਪਣੀ ਜਾਨ ਦੀ ਖ਼ਾਤਰ ਸਿੱਖ ਧਰਮ ਅਪਣਾਅ ਲਿਆ ਪਰ ਆਪਣੀ ਬਰਾਦਰੀ ਤੋਂ ਬਾਹਰ ਉਹ ਕਦੇ ਵੀ ਦੂਸਰੇ ਸਿੱਖ ਪਰਿਵਾਰਾਂ ਵਿਚ ਖੂਨ ਦੇ ਰਿਸ਼ਤਿਆਂ ਵਿਚ ਸ਼ਾਮਲ ਨਹੀਂ ਕੀਤੇ ਗਏ। ਸਿੱਖ ਬਣਾ ਕੇ ਵੀ ਉਹ ਸਿੱਖ ਭਾਈਚਾਰੇ ਦਾ ਹਿੱਸਾ ਨਹੀਂ ਬਣਾਏ ਗਏ। ਇਹ ਪਰਿਵਾਰ, ਹੋਰਨਾਂ ਕਈ ਪਿੰਡਾਂ ਵਿਚ ਰਹਿ ਗਏ ਮੁਸਲਿਮ ਪਰਿਵਾਰਾਂ ਵਾਂਗ ਨਿਕਾਹ ਵੀ ਕਰਦੇ ਤੇ ਆਨੰਦ ਕਾਰਜ ਵੀ। ਪਰ ਬਹੁਤੇ ਜਣੇ ਅੰਤ ਨੂੰ ਮੁਸਲਿਮ ਧਰਮ ਵੱਲ ਹੀ ਪਰਤ ਗਏ। ਸਿੱਖ ਬਣਨ ਨੇ ਉਨ੍ਹਾਂ ਦੇ ਜੀਵਨ ਪੱਧਰ ਜਾਂ ਆਰਥਿਕਤਾ ਨੂੰ ਉ¤ਚਾ ਨਹੀਂ ਚੁੱਕਿਆ। ਉਨ੍ਹਾਂ ਦੀ ਬਸਤੀ ਪਿੰਡ ਤੋਂ ਬਾਹਰਵਾਰ ਗੰਦੇ ਨਾਲੇ ਦੇ ਕੰਢੇ ਉਤੇ ਹੀ ਬਣੀ ਹੋਈ ਹੈ ਤੇ ਗਰੀਬੀ, ਬਿਮਾਰੀ ਤੇ ਜਹਾਲਤ ਦਾ ਮੰਜ਼ਰ ਪੇਸ਼ ਕਰਦੀ ਹੈ। ਉਹ ਵੀ ਆਪਣੇ ਦੂਸਰੇ ਭਰਾਵਾਂ ਭੈਣਾਂ ਵਾਂਗ ਸਿੱਖਿਆ ਜਾਂ ਉਚ ਸਿੱਖਿਆ ਤੋਂ ਵਿਰਵੇ ਰਹੇ। ਇਨ੍ਹਾਂ ਦੇ 10 ਘਰਾਂ ਵਿਚੋਂ ਸਿਰਫ਼ ਇਕ ਜਣਾ ਪੀ.ਆਰ.ਟੀ.ਸੀ. ਵਿਚ ਦਰਜਾ ਚਾਰ ਮੁਲਾਜ਼ਮ ਹੈ ਬਾਕੀ ਦੇ ਮਜ਼ਦੂਰੀ ਕਰਦੇ ਹਨ ਜਦਕਿ ਇਕ ਜਣਾ ਪਿੰਡ ਹੀ ਦਰਜੀ ਦਾ ਕੰਮ ਕਰਦਾ ਹੈ ਤੇ ਇਕ ਜਣਾ ਸਾਈਕਲਾਂ ਨੂੰ ਪੈਂਚਰ ਲਗਾਉਂਦਾ ਹੈ। ਇਕ ਜਣੇ ਤੋਂ ਬਿਨਾਂ ਹੋਰ ਕੋਈ ਵੀ ਦਸਵੀਂ ਜਮਾਤ ਤੱਕ ਨਹੀਂ ਪਹੁੰਚ ਸਕਿਆ।

ਪਿੰਡ ਟੌਹੜਾ ਦੀ ਹਾਲਤ ਕੁਝ ਚੰਗੀ ਹੈ ਪਰ ਫਿਰ ਵੀ ਮੁਸਲਿਮ ਬਰਾਦਰੀ ਦੂਸਰੇ ਲੋਕ ਹਿੱਸਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਪਛੜੀ ਹੋਈ ਹੈ। ਕੁਲ 1300 ਦੀ ਆਬਾਦੀ ਵਿਚ 250 ਲੋਕ ਮੁਸਲਿਮ ਸਮਾਜ ਦੇ ਹਨ ਜਿਨ੍ਹਾਂ ਦੇ ਕੋਈ 20 ਪਰਿਵਾਰ ਹਨ। ਇਨ੍ਹਾਂ ਵਿਚੋਂ ਔਰਤਾਂ ਸਮੇਤ ਕਾਫ਼ੀ ਲੋਕ ਬਿਲਕੁਲ ਅਨਪੜ੍ਹ ਹਨ। ਸਿਰਫ਼ ਦੋ ਹੀ ਅਜਿਹੇ ਹਨ ਜਿਹੜੇ ਗਰੈਜੂਏਟ ਹਨ ਬਾਕੀ ਪੜ੍ਹੇ ਲਿਖੇ ਵਿਅਕਤੀਆਂ ਦੀ ਗਿਣਤੀ 25 ਦੇ ਕਰੀਬ ਹੈ ਜਿਨ੍ਹਾਂ ਵਿਚੋਂ 10 ਜਣੇ ਨੌਕਰੀ ਕਰਦੇ ਹਨ। ਬਾਕੀ ਦੇ ਲੋਕ ਦਿਹਾੜੀ ਜਾਂ ਛੋਟੇ ਮੋਟੇ ਧੰਦੇ ਕਰਕੇ ਗੁਜ਼ਾਰਾ ਕਰਦੇ ਹਨ।ਇਸੇ ਤਰ੍ਹਾਂ ਪਿੰਡ ਦਿਆਗੜ੍ਹ ਦੀ ਕੁਲ 200 ਦੀ ਆਬਾਦੀ ਵਿਚ 62 ਲੋਕ ਮੁਸਲਿਮ ਹਨ ਪਰ ਇਨ੍ਹਾਂ ਵਿਚੋਂ 50% ਤੋਂ ਜ਼ਿਆਦਾ ਅਨਪੜ੍ਹ ਹਨ। ਕੋਈ ਵੀ ਜਣਾ +2 ਤੋਂ ਨਹੀਂ ਟੱਪਿਆ। ਸਿਰਫ਼ ਇਕ ਜਣਾ ਸਰਕਾਰੀ ਨੌਕਰੀ ਵਿਚ ਹੈ। ਹੁਣ ਦੇ ਸਮੇਂ 10 ਬੱਚੇ ਸਕੂਲ ਵਿਚ ਪੜ੍ਹਦੇ ਹਨ।ਇਹ ਸਾਰੇ ਪਰਿਵਾਰ ਅੱਤ ਦੇ ਗਰੀਬ ਹਨ ਤੇ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ।

ਸ਼ਾਹੀ ਸ਼ਹਿਰ ਪਟਿਆਲੇ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਖ਼ੂਬਸੂਰਤ ਇਮਾਰਤਾਂ ਦੇ ਪਰਛਾਵਿਆਂ ਹੇਠ ਕਿੰਨਾ ਕਾਲਖੀ ਹਨ੍ਹੇਰਾ ਮੌਜੂਦ ਹੈ।ਇਸਦਾ ਖਿਆਲ ਕਿਸੇ ਨੂੰ ਨਹੀਂ। ਕਹਿੰਦੇ ਹੁੰਦੇ ਸਨ ਵਿਦਿਆ ਇਕ ਚਾਨਣ ਹੈ, ਇਕ ਨੂਰ ਜਿਹੜਾ ਦਿਲ-ਦਿਮਾਗ਼ ਰੌਸ਼ਨ ਕਰਦਾ ਹੈ। ਅਜੇ ਵੀ ਸਕੂਲਾਂ ਦੀਆ ਕੰਧਾਂ ਉਤੇ ਇਹ ਕਿਤੇ ਕਿਤੇ ਲਿਖਿਆ ਮਿਲ ਜਾਂਦਾ ਹੈ।ਪਰ ਇਹ ਨੂਰ ਨਾ ਨੂਰੇ ਨੂੰ ਮਿਲ ਰਿਹਾ ਹੈ ਨਾ ਹੀ ਨੂਰਾਂ ਨੂੰ।ਕੋਈ ਨਹੀਂ ਦਿਸਦਾ ਜਿਹੜਾ ਇਸ ਦਾ ਚਿਰਾਗ ਇਨ੍ਹਾਂ ਮੁਸਲਿਮ ਬਸਤੀਆਂ ਵਿਚ ਜਗਾਵੇ। ਵਿਦਿਆ ਦੇ ਨਿੱਜੀ ਵਪਾਰਕ ਹੱਥਾਂ ਵਿਚ ਦੇ ਦਿੱਤੇ ਜਾਣ ਨਾਲ ਇਹ ਗੁੰਜਾਇਸ਼ ਉਂਜ ਹੀ ਖ਼ਤਮ ਹੁੰਦੀ ਜਾ ਰਹੀ ਹੈ।ਪੜ੍ਹਾਈ ਮਹਿੰਗੀ ਹੋ ਗਈ ਤੇ ਸਾਖਰਤਾ ਮਹਿੰਮ ਸੁਗਲ ਬਣ ਗਈ। ਕਿਹੜੀ ਸਰਵ ਸਿੱਖਿਆ ਤੇ ਕਿਹੜਾ ਪੜ੍ਹੋ ਪੰਜਾਬ ਪ੍ਰਾਜੈਕਟ।ਕੋਈ ਉਚ ਵਿਦਿਆ ਤੱਕ ਪਹੁੰਚੇਗਾ ਹੀ ਨਹੀਂ ਤਾਂ ਹਾਸਲ ਕੀ ਕਰੇਗਾ।ਮੁਸਲਿਮ ਅਤੇ ਬਾਜ਼ੀਗਰ ਭਾਈਚਾਰੇ ਲਈ ਤਾਂ ਰਾਖਵੇਂਕਰਨ ਦੀ ਨਿਗੂਣੀ ਸਹੂਲਤ ਵੀ ਨਹੀਂ ਅਤੇ ਜਦੋਂ ਮੁਸਲਿਮ ਲੋਕ ਦਲਿਤ ਸਮਾਜ ਨਾਲ ਸਬੰਧਤ ਹੋਣ ਤਾਂ ਫਿਰ ਕੋਈ ਵੀ ਬੇਲੀ ਨਹੀਂ।

- ਡਾ. ਪੁਨੀਤ
094644-17416

Friday, March 20, 2009

ਭਗਤ ਸਿੰਘ ਦੀ ਸ਼ਹੀਦੀ 'ਤੇ ਟਾਟਾ ਦੀ "ਨੈਨੋ" ਤੋਹਫਾ


ਭਗਤ ਸਿੰਘ ਦੀ ਸ਼ਹੀਦੀ ਨੂੰ ਟਾਟਾ ਦੀ ਨੈਨੋ ਨਾਲ ਜੋੜਨ ਦਾ ਮੁੱਦਾ ਭਗਤ ਦੇ ਭਗਤਾਂ ਜਾਂ ਭਗਤ ਨੂੰ "ਪੇਟੈਂਟ" ਕਰਵਾਉਣ ਵਾਲੇ ਬੁੱਧੀਜੀਵੀ ਪੰਡਿਤਾਂ ਨੂੰ ਬਚਕਾਨਾ ਜ਼ਰੂਰ ਲੱਗ ਸਕਦੈ ਪਰ ਮੈਂ ਪਿਛਲੇ ਕਾਫੀ ਸਮੇਂ ਤੋਂ ਭਗਤ ਸਿੰਘ ਬਾਰੇ ਲਿਖਣ ਦਾ ਮੌਕਾ ਭਾਲ ਰਿਹਾ ਸੀ,ਜੋ ਉਸਦੀ ਬੁੱਤਪ੍ਰਸਤ ਭਗਤੀ ਤੇ ਸ਼ਰਧਾਂਜਲੀਪੁਣੇ ਤੋਂ ਦੂਰ ਹੋਵੇ।ਫਿਰ ਪਤਾ ਲੱਗਿਆ ਕਿ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਰਤਨ ਟਾਟਾ ਦੀ ਲ਼ਖਟਕੀਆ ਕਾਰ ਨੈਨੋ ਲਾਂਚ ਹੋ ਰਹੀ ਹੈ।ਮੈਨੂੰ ਲੱਗਿਆ ਮੌਕਾ ਵੀ ਹੈ ਤੇ ਦਸਤੂਰ ਵੀ।ਕਿਉਂਕਿ ਮੌਜੂਦਾ ਵਿਸ਼ਵੀ ਮੰਦਵਾੜੇ ਦੇ ਦੌਰ 'ਚ ਦੋ ਵੱਖੋ ਵੱਖ ਨਜ਼ਰੀਆਂ ਤੋਂ ਟਾਟਾ ਦੀ ਨੈਨੋ ਤੇ ਭਗਤ ਸਿੰਘ ਦੀ ਵਿਚਾਰਧਾਰਾ ਦੋਵੇਂ ਹੀ ਮਹੱਤਵਪੂਰਨ ਤੇ ਪ੍ਰਸੰਗਿਕ ਹਨ।ਮੰਦੇਵਾੜੇ ਦਾ ਜਿੰਨ ਜਦੋਂ ਪੂਰੀ ਦੁਨੀਆਂ ਨੂੰ ਅਪਣੇ ਕਲਾਵੇ 'ਚ ਲੈਕੇ ਕਰੋੜਾਂ ਲੋਕਾਂ ਦਾ ਨੌਕਰੀਆਂ ਖਾ ਰਿਹੈ ਤਾਂ ਅਜਿਹੇ 'ਚ ਭਗਤ ਸਿੰਘ ਵਰਗੇ ਲੋਕਾਂ ਦੀ ਵਿਚਾਰਧਾਰਾ ਬੇਰੁਜ਼ਗਾਰਾਂ ਦੀ ਵੱਡੀ ਫੌਜ ਲਈ ਇਕੋ ਇਕ ਬਦਲ ਸਕਦੀ ਹੈ।ਦੂਜੇ ਪਾਸੇ ਟਾਟਾ ਵੀ ਮੰਦਵਾੜੇ 'ਚੋਂ ਨਿਕਲਣ ਲਈ ਭਾਰਤ ਦੇ ਮੱਧ ਵਰਗ ਨੂੰ ਵਰਗਲਾਕੇ ਕਹਿ ਰਹੇ ਨੇ,ਕਿ ਨੈਨੋ ਆਮ ਲੋਕਾਂ ਦੀ ਕਾਰ ਹੈ,ਪਰ ਸਵਾਲ ਪੈਦਾ ਹੁੰਦੈ ਜੇ ਨੈਨੋ ਆਮ ਲੋਕਾਂ ਦੀ ਕਾਰ ਹੈ ਤਾਂ ਭਗਤ ਸਿੰਘ ਦੀ ਵਿਚਾਰਧਾਰਾ ਕਿਹੜੇ ਆਮ ਲੋਕਾਂ ਦੀ ਗੱਲ ਕਰ ਰਹੀ ਹੈ।ਤੇ ਆਮ ਲੋਕਾਂ ਦੀ ਹਾਮੀ ਭਰਨ ਤੇ ਭਗਤ ਸਿੰਘ ਨੂੰ ਬਰੈਂਡ ਵਾਂਗ ਵਰਤਣ ਵਾਲੇ ਕਾਮਰੇਡਾਂ 'ਤੇ ਵੀ ਸਵਾਲੀਆ ਚਿੰਨ੍ਹ ਲਗਦੈ ਜਿਨ੍ਹਾਂ ਟਾਟਾ ਦੀ ਨੈਨੋ ਨੂੰ (ਪੱਛਮੀ ਬੰਗਾਲ) ਸਿੰਗੂਰ 'ਚ ਰੱਖਣ ਲਈ ਆਮ ਲੋਕਾਂ ਦਾ ਖੂਨ ਤਾਂ ਵਹਾ ਦਿੱਤਾ,ਪਰ ਏਨੇ ਵੱਡੇ ਆਰਥਿਕ ਸੰਕਟ 'ਚ ਕੋਈ ਸਮਾਜਿਕ ਜਾਂ ਰਾਜਨੀਤਿਕ ਲਹਿਰ ਨਹੀਂ ਉਸਾਰ ਸਕੇ।

ਦਰਅਸਲ ਭਗਤ ਸਿੰਘ ਦੇ ਸ਼ਹੀਦੀ ਦਿਨ 'ਤੇ ਨੈਨੋ ਦਾ ਲਾਂਚ ਹੋਣਾ ਅਪਣੇ ਆਪ 'ਚ ਕੋਈ ਸੁਤੰਤਰ ਵਰਤਾਰਾ ਨਹੀਂ,ਬਲਕਿ ਆਰਥਿਕ ਮੰਦਵਾੜੇ ਦੇ ਦੌਰ 'ਚ ਅਮਰੀਕਾ ਦਾ ਕਾਲਾ ਰਾਸ਼ਟਰਪਤੀ(ਬਰਾਕ ਓਬਾਮਾ) ਬਣਨਾ ਤੇ ਸਲੱਮਡੌਗ ਮਿਲੇਨੀਅਰ ਨੂੰ ਆਸਕਰ ਐਵਾਰਡ ਮਿਲਣਾ ਕੁਝ ਸੰਕੇਤਕ ਪਹਿਲੂ ਹਨ,ਜੋ ਇਸ਼ਾਰਾ ਕਰਦੇ ਹਨ ਕਿ ਜਿਸ ਸਾਮਰਾਜ ਨੂੰ ਭਗਤ ਸਿੰਘ ਨੇ 30ਵਿਆਂ 'ਚ ਭਾਰਤੀ ਸੰਸਦ 'ਚ "ਮੁਰਦਾਬਾਦ" ਕਿਹਾ ਸੀ,ਉਸਦੀ ਖਿਸਕਦੀ ਜ਼ਮੀਨ ਨੂੰ ਬਚਾਉਣ ਲਈ ਕਿਸ ਤਰ੍ਹਾਂ ਦੇ ਉਦਾਰ ਉਪਰਾਲੇ ਹੋ ਰਹੇ ਹਨ।ਲੋਕ ਰਾਇ ਬਣਾਉਣ ਸੰਦੇਸ਼ ਦਿੱਤਾ ਜਾ ਰਿਹੈ ਕਿ ਸਾਮਰਾਜਵਾਦ ਅੱਜ ਸ਼ੋਸ਼ਿਤ ਕਰਨ ਵਾਲਾ ਨਹੀਂ,ਬਲਕਿ ਸ਼ੋਸ਼ਿਤ ਲੋਕਾਂ ਦਾ ਰਖਵਾਲਾ ਹੈ। ਜਾਂ ਫਿਰ ਲੋਕਤੰਤਰ ਅਜ਼ਾਦੀ 'ਚ ਕੋਈ ਵੀ ਝੁੱਗੀਆਂ ਵਾਲਾ ਕਰੋੜਪਤੀ ਬਣ ਸਕਦੈ ਤੇ ਆਸਕਰ ਦੀ ਸੁਪਨਮਈ ਦੁਨੀਆਂ 'ਚ ਪੈਰ ਧਰ ਸਕਦਾ ਹੈ।ਪਰ ਸੱਚ ਇਹ ਹੈ ਕਿ ਝੁੱਗੀਆਂ ਵਾਲੇ ਅਜ਼ਹਰ ਤੇ ਰੂਬੀਨਾ ਆਸਕਰ ਦੇ ਰੈਡ ਕਾਰਪਿਟ ਤੋਂ ਬਾਅਦ ਧਾਰਾਵੀ 'ਚ ਅਪਣੀ ਝੁੱਗੀ ਦੀ ਦਹਿਲੀਜ਼ 'ਤੇ ਹਨ।ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਾਜ ਦਾ ਮੱਧ ਵਰਗ ,ਜੋ ਟਾਟਾ ਦਾ "ਆਮ ਆਦਮੀ" ਹੈ,ਮੁੱਖ ਧਰਾਈ ਮੀਡੀਆ ਵਾਂਗੂੰ ਸਾਰੀਆਂ ਚੀਜ਼ਾਂ ਨੂੰ ਨੱਕ ਦੀ ਸੇਧ 'ਚ ਵੇਖ ਰਿਹਾ ਹੈ।ਮੱਧ ਵਰਗ ਦੀ ਸਮੱਸਿਆ ਹੈ ਕਿ ਉਸਨੂੰ "ਸਲੱਮਡੌਗ ਮਿਲੇਨੀਅਰ" ਤਾਂ ਦਿਖ ਰਹੀ ਹੈ,ਪਰ ਨੈਨੋ 'ਚ ਬੈਠੇ ਨੂੰ ਸੜਕਾਂ 'ਤੇ ਵਧਦੀਆਂ ਝੁੱਗੀਆਂ ਨਹੀਂ ਦਿਖਣਗੀਆਂ।ਇਸੇ ਮੱਧਵਰਗ ਦੇ ਕੋਨੇ 'ਚ ਭਗਤ ਨੂੰ "ਪੇਟੈਂਟ" ਕਰਵਾਉਣ ਵਾਲੇ ਬੁੱਧੀਜੀਵੀ ਪੰਡਿਤ ਪੈਦਾ ਹੁੰਦੇ ਨੇ,ਜੋ ਉਸਦੇ ਸਿਵੇ 'ਤੇ ਸਿਰਫ ਰੋਟੀਆਂ ਨਹੀਂ ਸੇਕਦੇ,ਬਲਕਿ ਰੋਸਟਡ ਬਣਾਉਂਦੇ ਹਨ।ਵਿਚਾਰਧਾਰਾ ਦਾ ਕਚੂੰਬਰ ਕੱਢਕੇ ਸਰਕਾਰੀ ਸਨਮਾਨ ਪ੍ਰਾਪਤ ਕਰਦੇ ਹਨ।ਉਸੇ ਸੰਸਦ 'ਚ ਭਗਤ ਸਿੰਘ ਦਾ ਬੁੱਤ ਲਗਵਾਉਂਦੇ ਨੇ,ਜਿਸਤੋਂ ਉਸਨੂੰ ਇੰਤਹਾ ਨਫਰਤ ਸੀ।ਜਿਸਨੂੰ ਪ੍ਰਭਾਸ਼ਿਤ ਕਰਦਿਆਂ ਉਸਨੇ ਕਿਹਾ ਸੀ ਕਿ ਜੇ ਬਰਾਬਰੀ ਦਾ ਸਮਾਜ ਕਾਇਮ ਨਹੀਂ ਹੁੰਦਾ ਤਾਂ ਸੰਸਦ 'ਚ ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ ਬੈਠਣਗੇ।ਜਿਸ ਸੰਸਦੀ ਰਾਜਨੀਤੀ ਨੇ ਦੇਸ਼ ਨੂੰ ਛੇ ਦਹਾਕਿਆਂ ਤੱਕ ਭ੍ਰਿਸ਼ਟਾਚਾਰ,ਭੁੱਖਮਰੀ,ਬੇਰੁਜ਼ਗਾਰੀ ਤੇ ਘੁਟਾਲਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ,ਉਸੇ ਸੰਸਦੀ ਰਾਜਨੀਤੀ ਨੂੰ ਮੁੱਖ ਧਰਾਈ ਕਾਮਰੇਡਾਂ, ਕੁਝ ਨਕਸਲੀਏ ਤੇ ਭਗਤ ਬਰੈਂਡਡ ਬੁੱਧੀਜੀਵੀਆਂ ਨੇ ਉਸ ਮਹਾਨ ਯੋਧੇ ਨੂੰ ਭੇਂਟ ਕਰ ਦਿੱਤਾ।

ਰਤਨ ਟਾਟਾ ਵੀ ਅਪਣੀ ਨੈਨੋ ਦੀ ਸ਼ੁਰੂਆਤ ਸੰਸਦੀ ਸੈਲੀਬਰਟੀਜ਼ ਤੋਂ ਕਰ ਰਹੇ ਹਨ।ਬਾਬਰੀ ਮਸਜਿਦ ‘ਤੇ ਅਪਣਾ ਰੱਥ ਚੜਾਉਣ ਵਾਲੇ ਲਾਲ ਕ੍ਰਿਸ਼ਨ ਡਾਵਾਨੀ ਇਸ ਵਾਰ ਪ੍ਰਚਾਰ ਦੀ ਸ਼ੁਰੂਆਤ ਨੈਨੋ ਰੱਥ ਰਾਹੀਂ ਕਰ ਰਹੇ ਹਨ ਤੇ ਅਪਣੀ ਖਾਸ ਫਾਸ਼ੀਵਾਦੀ ਛਵੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰਨਗੇ।ਟਾਟਾ ਦੇ ਆਮ ਲੋਕ ਭਾਵ ਮੱਧ ਵਰਗ ਅਜਿਹੀਆਂ ਸੈਲੀਬਰਟੀਜ਼ ਤੋਂ ਹੀ ਪ੍ਰਭਾਵਿਤ ਹੁੰਦਾ ਹੈ।ਇਸੇ ਲਈ ਮੰਦਵਾੜੇ ਦੇ ਦੌਰ ਭਗਤ ਸਿੰਘ ਦੀ ਸ਼ਹੀਦੀ ਟਾਟਾ ਨੂੰ ਵਧੀਆ ਰਾਸ ਆਵੇਗੀ।ਟਾਟਾ ਨੇ ਨੈਨੋ ਦੀ ਲਾਂਚਿੰਗ 23 ਮਾਰਚ ਨੂੰ ਸੁਭਾਵਿਕ ਰੱਖੀ ਜਾਂ ਅਸੁਭਾਵਿਕ,ਪਰ ਜਿਸ 23 ਮਾਰਚ ਦੇ ਦਿਨ ਦੇਸ਼ 'ਚ ਉਸ ਮਹਾਨ ਸ਼ਹੀਦ ਨੂੰ ਯਾਦ ਕੀਤਾ ਜਾਣਾ ਸੀ,ਉਸ ਦਿਨ ਟਾਟਾ ਦੀ ਲ਼ਖਟਕੀਆ ਨੈਨੋ "ਆਮ ਲੋਕਾਂ" ਨੂੰ ਅਪਣੇ ਕਲਾਵੇ 'ਚ ਲੈ ਰਹੀ ਹੈ ਤੇ ਭਗਤ ਸਿੰਘ ਵੀ ਸ਼ਾਇਦ "ਆਮ ਲੋਕਾਂ" ਦੀ ਖਾਸ ਕਾਰ "ਨੈਨੋ", ਸੱਚਮੁੱਚ ਦੇ ਆਮ ਲੋਕਾਂ ਅਤੇ ਅਪਣੇ ਅਸਲੀ-ਨਕਲੀ ਵਾਰਿਸਾਂ ਵੱਲ ਸਵਾਲੀਆ ਨਿਗਾਹ ਨਾਲ ਬਿਟਰ ਬਿਟਰ ਤੱਕ ਰਿਹਾ ਹੈ।

ਯਾਦਵਿੰਦਰ ਕਰਫਿਊ।
mail2malwa@gmail.com
09899436972

Saturday, March 14, 2009

ਧੀਆਂ ਤੇ ਤ੍ਰਾਹ ਹੁੰਦੀਆਂ ਨੇ……

ਡਾ. ਜਸਵੀਰ ਕੌਰ ਮਾਂ ਬੋਲੀ ਪੰਜਾਬੀ ‘ਤੇ ਲਗਾਤਾਰ ਕੰਮ ਕਰ ਰਹੇ ਹਨ।ਪੰਜਾਬੀ ਦੀ ਮਸ਼ਹੂਰ ਇੰਟਰਨੈਟ ਸਾਈਟ “ਲ਼ਿਖਾਰੀ” ਲਈ ਉਹ ਪਿਛਲੇ ਕਾਫੀ ਸਮੇਂ ਤੋਂ “ਪੰਜਾਬੀਏ ਜ਼ੁਬਾਨੇ ਨੀ,ਰੁਕਾਨੇ ਮੇਰੇ ਦੇਸ਼ ਦੀਏ” ਨਾਂਅ ਦਾ ਕਲਮ ਲਿਖ ਰਹੇ ਹਨ।ਅੰਤਰਰਾਸ਼ਟਰੀ ਔਰਤ ਦਿਵਸ ਦੇ ਮਹੀਨੇ ਮਾਰਚ ਦੀ ਲੜੀ ਨੂੰ ਜਾਰੀ ਰੱਖਦਿਆਂ ਅਸੀ ਉਹਨਾਂ ਦਾ ਲੇਖ ਪਕਾਸ਼ਿਤ ਕਰ ਰਹੇ ਹਾਂ,ਜੋ ਮਰਦ ਪ੍ਰਧਾਨ ਸਮਾਜ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਾਡੇ ਰੂਬਰੂ ਕਰਵਾਉਂਦਾ ਹੈ।“ਗੁਲਾਮ ਕਲਮ” ਨੂੰ ਭੇਜੀ ਪਹਿਲੀ ਰਚਨਾ ਲਈ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਤੇ ਨਾਲ ਹੀ ਅਪੀਲ ਕਰਦੇ ਹਾਂ ਉਹ ਗੁਲਾਮ ਕਲਮ ਨੂੰ ਲਗਤਾਰ ਸਹਿਯੋਗ ਦਿੰਦੇ ਰਹਿਣ..ਗੁਲਾਮ ਕਲਮ




ਕਹਿੰਦੇ ਨੇ ਕੀ “ਉਹ ਨਾਰ ਸੁਲੱਖਣੀ ਜਿਹੜੀ ਜੰਮੇਂ ਪਹਿਲੀ ਲਛਮੀਂ”,ਪਰ ਇਨ੍ਹਾਂ ਬੋਲਾਂ ਦੇ ਐਨ ਉਲਟ ਜੰਮਣ ਤੋਂ ਪਹਿਲਾਂ ਹੀ ਲਛਮੀਂ ਦਾ ਕਤਲ ਕਰ ਦਿੱਤਾ ਜਾਂਦਾ ਹੈ,ਜਿੰਨੇ ਮਰਜੀ ਕਾਨੂੰਨ ਬਣੇ ਹੋਣ ਕਿ ਭਰੂਣ ਹੱਤਿਆ ਪਾਪ ਹੈ ,ਜ਼ੁਰਮ ਹੈ ,ਪਰ ਫਿਰ ਵੀ ਕਸਾਈ ਆਪਣੇ ਹਥੀਂ ਆਪਣੀ ਲਛਮੀਂ ਦਾ ਸੰਗ ਨੱਪ ਦਿੰਦੇ ਹਨ,ਕਿਉਂ ??????????ਕਿਸ ਗਲੋਂ ਸਾਡਾ ਸਮਾਜ ਧੀਆਂ ਨਾਲ ਇਸ ਤਰ੍ਰ੍ਹਾਂ ਦੀ ਵਧੀਕੀ ਕਰਦਾ ਹੈ?ਮੇਰਾ ਆਪ ਸਭ ਨੂੰ ਸਵਾਲ ਹੈ ਕਿ ਧੀਆਂ ਕਿਸ ਗਲੋਂ ਮੁੰਡਿਆਂ ਤੋਂ ਘੱਟ ਨੇ???? ਖੈਰ ਅੱਜ ਦੇ ਜ਼ਮਾਨੇ ਵਿਚ ਤੇ ਕੁੜੀਆਂ ਮੁੰਡਿਆ ਨਾਲੋਂ ਵਧੇਰੇ ਜ਼ਿੰਮੇਂਵਾਰ ਤੇ ਲਾਇਕ ਨੇ,ਜਿਸ ਘਰ ਧੀ ਨਹੀਂ ਹੁੰਦੀ ਉਸ ਘਰ ਰੌਣਕ ਹੀ ਨਹੀਂ ਹੂੰਦੀ,ਧੀ ਨਾਲ ਘਰ ਵਿਚ ਰਹਿਣੀ- ਬਹਿਣੀ ਸਲੀਕੇਦਾਰ ਹੁੰਦੀ ਹੈ, ਧੀਆਂ ਮੁੰਡਿਆ ਨਾਲੋਂ ਵਧੇਰੇ ਮਾਂ-ਪਿੳ ਦੇ ਨੇੜੇ ਹੂੰਦੀਆਂ ਨੇ,ਧੀਆਂ ਮਾਂ-ਪਿੳ ਦੇ ਸਾਹੀ ਜਿਉਂਦੀਆਂ ਨੇ ,ਕਦੀ ਕਿਤੇ ਸੁਣਿਆ ਹੈ ਕਿ ਧੀ ਨੇ ਆਪਣੇ ਮਾਂ-ਪਿੳ ਘਰੋਂ ਕੱਡ ਦਿੱਤੇ,ਜਦੋਂ ਕਿ ਮੁੰਡੇ ਅਜਿਹਾ ਕਰਨ ਲੱਗੇ ਇਕ ਪਲ ਨਹੀਂ ਸੋਚਦੇ।

ਕਈ ਲੋਕ ਕਹਿੰਦੇ ਹਨ “ਕਿ ਧੀਆਂ ਤੋਂ ਨਹੀਂ ਧੀਆਂ ਦੀ ਕਿਸਮਤ ਤੋਂ ਡਰ ਲਗਦਾ ਹੈ”,ਤੇ ਉਹਨਾਂ ਲੋਕਾਂ ਦੀ ਜਾਣਕਾਰੀ ਲਈ ਮੈਂ ਕਹਿਣਾ ਹੈ ਕਿ ਅੱਜ ਧੀਆਂ ਨੂੰ ਸਿਰਫ ਇਕ ਮੌਕਾ ਦਿਉ ਉਹ ਆਪਣੀ ਕਿਸਮਤ ਆਪ ਬਣਾ ਲੈਣਗੀਆਂ ,ਦੁਨੀਆਂ ਦੇ ਲ਼ਗਪਗ 70% ਫੀਸਦੀ ਕੰਮ ਔਰਤਾਂ ਕਰਦੀਆਂ ਹਨ,ਪਰ ਫਿਰ ਵੀ ਉਨ੍ਹਾਂ ਦੇ ਕੰਮਾਂ ਨੂੰ ਪਹਿਚਾਣ ਨਹੀਂ ਦਿੱਤੀ ਜਾਂਦੀ,ਮਰਦਾਂ ਦੇ ਮੁਕਾਬਲੇ ਔਰਤਾਂ ਬਾਹਰ ਅੰਦਰ ਦੋਵੇਂ ਪਾਸੇ ਦੇ ਕੰਮ ਸੰਭਾਲਦੀਆਂ ਹਨ,ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ਔਰਤ ਮਰਦ ਦਾ ਮੁਕਾਬਲਾ ਨਹੀਂ ਕਰ ਸਕਦੀ ,ਇਥੇ ਇਕ ਸਵਾਲ ਮਰਦ ਸਮਾਜ ਲਈ ਹੈ ਕਿ “ਕਿ ਮਰਦ ਔਰਤ ਤਰ੍ਹਾਂ ਨੌਕਰੀ ਦੇ ਨਾਲ ਘਰ ਦਾ ਕੰਮ,ਫਿਰ ਬੱਚੇ ,ਤੇ ਪਰਿਵਾਰ ,ਦੇ ਕੰਮ ਕਰ ਸਕਦਾ ਹੈ..?????? ਮਰਦ ਲੋਕ ਤੇ ਇਕ ਨੌਕਰੀ ਕਰ ਕੇ ਬਹੁਤ ਥੱਕ ਜਾਂਦੇ ਹਨ,ਤੇ ਔਰਤ ਤੋਂ ਆਸ ਰੱਖਦੇ ਹਨ ਕਿ ਜਦੋਂ ਉਹ ਘਰ ਆਉਣ ਔਰਤ ਉਨ੍ਹਾਂ ਦੀ ਸੇਵਾ ਕਰੇ ,ਔਰਤ ਨੂੰ ਸੇਵਾ ਕਰਵਾਉਣ ਦਾ ਕੋਈ ਹੱਕ ਨਹੀਂ…?????????

ਔਰਤਾਂ ਬਿਨਾਂ ਇਸ ਸਮਾਜ ਦੀ ਗਤੀ ਨਹੀਂ ,ਫਿਰ ਵੀ ਅਸੀਂ ਕਹਿੰਦੇ ਹਾਂ ਕਿ ਕੁੜੀ ਦਾ ਪੈਦਾ ਹੋਣਾ ਚੰਗਾ ਨਹੀਂ,ਪੰਜਾਬ ਭਰੂਣ ਹਤਿਆ ਦੇ ਮਾਮਲੇ ਵਿਚ ਸਬ ਤੋਂ ਅੱਗੇ ਹੈ,ਇਸ ਵੇਲੇ ਅੰਕੜਿਆਂ ਦੇ ਮੁਤਾਬਿਕ ਪੰਜਾਬ ਵਿਚ 1000 ਮੁੰਡਿਆਂ ਪਿੱਛੇ 900 ਕੁੜੀਆਂ ਹੀ ਹਨ,ਜੇ ਆਉਣ ਵਾਲੇ ਸਮੇਂ ਵਿਚ ਭਰੂਣ ਹਤਿਆ ਉੱਤੇ ਕਾਬੂ ਨਾਂ ਕੀਤਾ ਗਿਆ ਤਾਂ ਇਹ ਅੰਕੜੇ ਵੱਧ ਜਾਣਗੇ,ਵੈਸੇ ਤੇ ਲੋਕ ਕੁੜੀ ਨੂੰ ਜੰਮਣ ਹੀ ਨਹੀਂ ਦਿੰਦੇ ,ਜੇ ਬਦਕਿਸਮਤੀ ਨਾਲ ਕੁੜੀ ਜੰਮ ਜਾਏ ਤੇ ਉਸ ਦੀ ਪੜਾਈ ਤੇ ਖਾਣ ਪੀਣ ਉੱਤੇ ਸੌ ਤਰ੍ਹਾਂ ਦੀ ਪਾਬੰਦੀ ਹੁੰਦੀ ਹੈ ,ਸਾਡੇ ਦੇਸ਼ ਵਿਚ ਹੀ ਕੁੜੀਆਂ ਦੀ ਬਹੁ ਗਿਣਤੀ 20 ਸਾਲ ਤੋਂ ਪਹਿਲਾਂ ਦੀ ਉਮਰ ਵਿਚ ਹੀ ਖਤਮ ਹੋ ਰਹੀ ਹੈ,ਕਿੳਂਕਿ ਉਹਨਾਂ ਨੂੰ ਪੂਰਨ ਸਹੁਲਤਾਂ ਹੀ ਨਹੀਂ ਦਿੱਤੀਆਂ ਜਾਂਦੀਆਂ।

ਅੱਜ ਜਦੋਂ ਮਨੁੱਖ ਅਕਾਸ਼ ਵਿਚ ਪਹੁੰਚ ਗਿਆ ਹੈ,ਪਰ ਅਜੇ ਵੀ ਹਿੰਦੋਸਤਾਨ ਦੇ ਬਹੁਤ ਸਾਰੇ ਪਿੰਡਾਂ ਵਿਚ ਕੁੜੀਆਂ ਨੂੰ ਬਾਲੀ ਉਮਰੇ ਹੀ ਵਿਆਹ ਦਿੱਤਾ ਜਾਂਦਾ ਹੈ ,ਜਦੋਂ ਕਿ ਬਾਲ ਵਿਆਹ ਕਾਨੂੰਨ ਵੀ ਬਣਿਆ ਹੈ ਪਰ ਲੋਕਾਂ ਨੇ ਇਸ ਨੂੰ ਵੀ ਛਿੱਕੇ ਟੰਗ ਦਿੱਤਾ,ਜੇ ਕੁੜੀ ਬਾਲੜੀ ਉਮਰੇ ਵਿਧਵਾ ਹੋ ਜਾਏ ਤਾਂ ਉਸ ਨੂੰ ਸਮਾਜ ਤੋਂ ਅੱਡ ਕਰ ਦਿੱਤਾ ਜਾਂਦਾ ਹੈ,ਇਕ ਕੁੜੀ ਹੋਣਾ ਜ਼ੁਰਮ ਤੇ ਜੇ ਕੋਈ ਅਣਹੋਣੀ ਹੋ ਜਾਏ ਤੇ ਉਹ ਮਾਰ ਵੀ ਉਸ ਨੂੰ ਕੁੜੀ ਹੋਣ ਦੇ ਨਾਤੇ ਝਲਣੀ ਪੈਂਦੀ ਹੈ,ਜਦੋਂ ਕਿ ਮਰਦਾਂ ਲਈ ਅਜਿਹੇ ਕੋਈ ਨਿਯਮ ਨਹੀਂ ਹਨ,ਕਿਉਂ????? ਦਾਜ ਦੀ ਬਲੀ ਵੀ ਔਰਤ ਹੀ ਚੜਦੀ ਹੈ ,ਕੁੜੀ ਦੀ ਪੜਾਈ ਲਿਖਾਈ ਕੋਈ ਮਾਇਨੇ ਨਹੀਂ ਰੱਖਦੀ,ਜਦੋਂ ਔਰਤ ਹੀ ਔਰਤ ਦੀ ਦੁਸ਼ਮਨ ਬਣ ਜਾਂਦੀ ਹੈ ਤਾਂ ਔਰਤ ਜ਼ਾਤ ਹੋਰ ਸ਼ਰਮਸਾਰ ਹੋ ਜਾਂਦੀ ਹੈ ,ਆਖਿਰ ਕਿਉਂ ,ਇਥੇ ਹੀ ਬਸ ਨਹੀਂ ਔਰਤ ਨੂੰ ਹਰ ਥਾਂ ਤੇ ਸਿਰਫ ਭੰਡਿਆ ਹੀ ਗਿਆ ਹੈ,ਕਦੀ ਉਹ ਕਿਸੇ ਵਿਸ਼ਵਾਮਿੱਤਰ ਦੀ ਤੱਪਸਿਆ ਵਿਚ ਵਿਘਨ ਦਾ ਕਾਰਨ ਬਣੀ,ਕਦੀ ਉਸ ਨੂੰ ਭਗਵਾਨ ਰਾਮ ਦਾ ਰਾਵਣ ਨਾਲ ਯੁੱਧ ਦਾ ਕਾਰਣ ਬਣਾਇਆ ਗਿਆ,ਕਦੀ ਉਸ ਨੂੰ ਕੌਰਵਾਂ ਪਾਂਡਵਾਂ ਵਿਚਕਾਰ ਯੁੱਧ ਦਾ ਕਾਰਣ ਬਣਾਇਆ ਗਿਆ,ਪੰਜਾਬੀ ਕਿੱਸਿਆਂ ਵਿਚ ਵੀ ਔਰਤ ਬੁਰੀ ਹੀ ਦਰਸਾਈ ਗਈ,ਗੁਰਦਾਸ ਮਾਨ ਦਾ ਇਕ ਗੀਤ ਵੀ ਹੈ ,ਜਿਸ ਵਿਚ ਉਸ ਨੇ ਔਰਤ ਜ਼ਾਤ ਨਾਲ ਹੋ ਰਹੀ ਬੇਨਿਆਈ ਦਾ ਜ਼ਿਕਰ ਕੀਤਾ ਹੈ:-
ਸੱਤ ਭਰਾ ਇਕ ਮਿਰਜ਼ਾ,ਬਾਕੀ ਕਿੱਸਾਕਾਰਾਂ ਨੇ
ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ।

ਸ਼ਾਇਦ ਪੁਰਾਣੇ ਸਮਿਆਂ ਤੋਂ ਹੀ ਚਲੀ ਆ ਰਹੀ ਇਸ ਰੀਤ ਦੀ ਵਜਾ ਕਰਕੇ ਹੀ ਅੱਜ ਵੀ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ,ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਲਤਾ ਮੰਗੇਸ਼ਕਰ,ਮਦਰ ਟੈਰੇਸਾ,ਕਲਪਣਾ ਚਾਵਲਾ,ਇੰਦਰਾ ਗਾਂਧੀ,ਵਰਗੇ ਨਾਮ ਉਹਨਾਂ ਔਰਤਾਂ ਦੇ ਹਨ ਜਿਨ੍ਹਾਂ ਸਮਾਜ ਵਿਚ ਆਪਣੀ ਥਾਂ ਬਣਾਈ ਤੇ ਸਮਾਜ ਨੂੰ ਵਖਾਇਆ ਕਿ ਔਰਤ ਕਲੰਕ ਨਹੀਂ ਸਮਾਜ ਦੀ ਸ਼ਾਨ ਹੈ,ਸ੍ਰੀ ਗੂਰੁ ਨਾਨਕ ਦੇਵ ਜੀ ਨੇ ਔਰਤ ਨੂੰ ਰਾਜਿਆਂ ਮਹਾਂਪੁਰਖਾਂ ਦੀ ਜਨਣੀ ਕਹਿ ਕੇ ਸਤਿਕਾਰਿਆ ਸੀ

ਸੋ ਕਿਉਂ ਮੰਦਾ ਆਖਿਐ
ਜਿੱਤ ਜੰਮੈਂ ਰਾਜਾਨ

ਗੱਲ ਇਹ ਨਹੀਂ ਕਿ ਔਰਤ ਨਾਲ ਜ਼ੁਲਮ ਹੁਣ ਦੇ ਜ਼ਮਾਨੇ ਵਿਚ ਹੀ ਹੋਣ ਲਗਾ,ਔਰਤ ਤੇ ਜ਼ੁਲਮ ਦੀ ਕਹਾਣੀ ਸਦੀਆਂ ਪੁਰਾਣੀ ਹੈ,ਇਸ ਕਹਾਣੀ ਵਿਚ ਸੁਧਾਰ ਆਉਂਣ ਦੀ ਬਜਾਏ ਹਾਲਾਤ ਹੋਰ ਵੀ ਬੱਦਤਰ ਹੋ ਗਏ,ਪੁਰਾਣੇ ਸਮਿਆਂ ਵਿਚ ਧੀ ਦੇ ਜਨਮ ਲੈਣ ਤੋਂ ਬਾਅਦ ਉਸ ਨੂੰ ਮਾਰਿਆ ਜਾਂਦਾ ਸੀ,ਤੇ ਅੱਜ ਦੇ ਵਿਗਿਆਨਕ ਯੁੱਗ ਵਿਚ ਗਰਭ ਵਿਚ ਹੀ ਧੀ ਤੋਂ ਛੁਟਕਾਰਾ ਹਾਸਿਲ ਕਰ ਲਿਆ ਜਾਂਦਾ ਹੈ,ਕਿਉਂਕਿ ਅੱਜ ਅਸੀਂ ਪੁਰਾਣੇ ਸਮਿਆਂ ਨਾਲੋਂ ਵਧੇਰੇ ਪੜ੍ਹ ਲਿਖ ਗਏ ਹਾਂ,ਵੈਸੇ ਅੱਜ ਦੇ ਪੜ੍ਹੇ ਲਿਖੇ ਸਮਾਜ ਵਿਚ ਧੀਆਂ ਨੇ ਆਪਣੀ ਥਾਂ ਹਾਸਿਲ ਕਰ ਲਈ ਹੈ,ਅੱਜ ਧੀਆਂ ਵੀ ਚੰਗੀ ਪੜਾਈ ਹਾਸਿਲ ਕਰ ਰਹੀਆਂ ਨੇ,ਚੰਗੇ ਔਹਦਿਆਂ ਤੇ ਨੌਕਰੀ ਕਰ ਰਹੀਆਂ ਨੇ,ਅੱਜ ਦੇ ਇਸ ਸਮਾਜ ਵਿਚ ਜਿਵੇਂ ਹਰ ਧੀ ਆਪਣੇ ਮਾਪਿਆ ਨੂੰ ਇਹ ਜਤਾ ਦੇਣਾ ਚਾਹੂੰਦੀ ਹੈ ਕਿ ਉਹ ਮਾਪਿਆਂ ਤੇ ਬੋਝ ਨਹੀਂ ਸਗੋਂ ਉਹ ਉਹਨਾਂ ਦਾ ਸਹਾਰਾ ਹੈ,ਮੁੰਡਿਆਂ ਵਾਂਗ ਧੀ ਤੇ ਵੀ ਫਖਰ ਕੀਤਾ ਜਾਏ,
ਧੀਆਂ ਤੋ ਮੂੰਹ ਨਾ ਮੋੜੋ,ਉਹਨਾਂ ਨੂੰ ਘਰ ਦੀ ਸ਼ਾਨ ਸਮਝੋ,ਇਕ ਧੀ ਦੇ ਮਾਪੇ ਹੋਣਾ ਫਕਰ ਵਾਲੀ ਗੱਲ ਹੇ ਨਾਂ ਕਿ ਮੂੰਹ ਲਕੋਣ ਵਾਲੀ,ਧੀ ਦਾ ਦਾਨ ਸਭ ਦਾਨਾਂ ਤੋਂ ਵੱਧ ਹੈ , ਜਿਸ ਬੰਦੇ ਨੂੰ ਆਪਣੀ ਧੀ ਦਾਨ ਕਰਣ ਦਾ ਪੰਨ੍ਹ ਮਿਲਦਾ ਹੈ ਉਸ ਵਰਗਾ ਸੁਭਾਗਾ ਕੋਈ ਨਹੀਂ,ਧੀਆਂ ਨੂੰ ਅਪਣਾਉ ਠੁਕਰਾਉ ਨਾ ,ਕਿਉਂਕਿ

ਧੀਆਂ ਤੇ ਤ੍ਰਾਹ ਹੂੰਦੀਆਂ ਨੇ
ਕੀ ਪਤਾ ਕਦ ਨਿਕਲ ਜਾਣ…!

ਡਾ. ਜਸਬੀਰ ਕੌਰ

ਇਕ ਅਣਜੰਮੀ ਕੰਜਕ ਦੀ ਪੁਕਾਰ

ਸਾਥੀ ਲੁਧਿਆਣਵੀ ਪੰਜਾਬੀ ਸਾਹਿਤ ਦੀ ਦੁਨੀਆਂ ‘ਚ ਕਾਫੀ ਸਰਗਰਮ ਨੇ।ਅੰਤਰਰਾਸ਼ਟਰੀ ਔਰਤ ਦਿਵਸ ਮਹੀਨੇ ਦੀਆਂ ਲੜੀਵਾਰ ਰਚਨਾਵਾਂ ਨੂੰ ਧਿਆਨ ‘ਚ ਰੱਖਦਿਆਂ ਸਾਨੂੰ ਉਹਨਾਂ ਨੇ ਬਹੁਤ ਹੀ ਸੰਵੇਦਨਸ਼ੀਲ ਰਚਨਾ ਭੇਜੀ ਹੈ।----ਗੁਲਾਮ ਕਲਮ


ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।
ਮੈਂ ਦੁਨੀਆਂ ਵਿਚ ਆਉਣਾ ਮੈਨੂੰ ਆਣ ਦਿਓ।

ਬਾਬਲ ਤੇਰੇ ਘਰ ਦੀ ਰੌਣਕ ਹੋਵਾਂਗੀ।
ਮੁਸਕਾਨਾਂ ਦੇ ਹਾਰ ਮੈਂ ਸਦਾ ਪਰੋਵਾਂਗੀ।
ਮੈਨੂੰ ਆਪਣੇ ਆਂਗਣ ਨੱਚਣ ਗਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਤੇਰੇ ਬਾਗ਼ੀਂ ਕਲੀਆਂ ਵਾਂਗੂੰ ਮਹਿਕਾਂਗੀ।
ਸ਼ਾਖ਼ ਸ਼ਾਖ਼ ‘ਤੇ ਚਿੜੀਆਂ ਵਾਂਗੂੰ ਚਹਿਕਾਂਗੀ।
ਬਾਬਲ ਮੈਨੂੰ ਮਹਿਕਾਂ ਦਾ ਵਰਦਾਨ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਮਾਏਂ ਤੂੰ ਵੀ ਤਾਂ ਇਸ ਜੱਗ ਵਿਚ ਆਈ ਸੈਂ।
ਫ਼ਿਰ ਮੇਰੇ ਬਾਬਲ ਦੇ ਸੰਗ ਵਿਆਹੀ ਸੈਂ।
ਮੈਨੂੰ ਵੀ ਹੁਣ ਅੰਮਾ ਇਕ ਪਹਿਚਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਮੈਂ ਵੀਰਾਂ ਦੀ ਹਰਦਮ ਖ਼ੈਰ ਮਨਾਵਾਂਗੀ।
ਹਰ ਰੱਖ਼ੜੀ ‘ਤੇ ਰੱਖ਼ੜੀ ਬੰਨ੍ਹਣ ਆਵਾਂਗੀ।
ਬੇਸ਼ੱਕ ਮੈਨੂੰ ਇਵਜ਼ ‘ਚ ਇਕ ਨਾ ਦਾਮ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਖ਼ਬਰੇ ਬਾਬਲ ਰਿਸ਼ਮ ਸੁਨਹਿਰੀ ਹੋਵਾਂ ਮੈਂ।
ਤੇਰੇ ਘਰ ਦਾ ਸਾਰਾ ਨ੍ਹੇਰਾ ਧੋਵਾਂ ਮੈਂ।
ਮੈਂਨੂੰ ਆਪਣੇ ਵਿਹੜੇ ਪੈਰ ਤਾਂ ਪਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਮੰਦਾ ਆਖ਼ੋ ਨਾ ਮੈਂ ਖ਼ਬਰੇ ਕੀ ਬਨਣਾ।
ਮਾਏਂ ਨੀ ਮੈਂ ਚੰਗੀ ਤੇਰੀ ਧੀ ਬਨਣਾ।
ਲਹੂ ਮਾਸ ਹਾਂ ਮਾਤਾ ਮੈਨੂੰ ਪ੍ਰਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।


ਤੇਰਾ ਘਰ ਹੈ ਬਾਬਲ ਚੰਬਾ ਚਿੜੀਆਂ ਦਾ।
ਤੇਰਾ ਘਰ ਤਾਂ ਹੋਣਾ ਕਦੇ ਨਾ ਕੁੜੀਆਂ ਦਾ।
ਚੜ੍ਹੀ ਜੁਆਨੀ ਤੀਕ ਆਹਲਣਾ ਪਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਮਾਂ ਬਣਾਂਗੀ ਖ਼ਬਰੇ ਰਾਜੇ ਜੰਮਾਂ ਮੈਂ।
ਯੋਧੇ ਜੰਮਾ ਏਹੋ ਕਰਾਂ ਤਮੰਨਾ ਮੈਂ।
ਰਚਣਹਾਰਿਓ ਮੇਰੇ ਤਨ ਨੂੰ ਪ੍ਰਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਪੁੱਤਰਾਂ ਲਈ ਇਕ ਦਿਨ ਮਹਿਬੂਬਾ ਨਹੀਂ ਲੱਭਣੀ।
ਚੂੜਾ ਨਹੀਂ ਛਣਕਣਾ,ਮਹਿੰਦੀ ਨਹੀਂ ਲੱਗਣੀ।
ਪੁਤਰਾਂ ਵਾਲ਼ਿਓ ਸ਼ਗਨਾਂ ਦਾ ਦਿਨ ਆਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਜੱਜ ਤੇ ਜਿਊਰੀ ਬਣ ਬੈਠੇ ਨੇ ਮਾਤ-ਪਿਤਾ।
ਮੇਰੇ ਪਾਸੋਂ ਖ਼ਬਰੇ ਕਿਹੜੀ ਹੋਈ ਖ਼ਤਾਅ।
ਕਹੋ ਇਨ੍ਹਾਂ ਨੂੰ, ਕੋਈ ਤਾਂ ਪਰਮਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਧੀਆਂ ਹੁੰਦੀਆਂ ਕੰਜਕਾਂ ਕੋਮਲ ਫ਼ੁੱਲਾਂ ਹਾਰ।
ਆਪਣੇ ਕਰਮ ਲਿਆਵਣ ਇਹ ਨਹੀਂ ਹੁੰਦੀਆਂ ਭਾਰ।
ਧੀ ਨਾ ਮਾਰੋ ਹੇ ਬੰਦਿਓ ਭਗਵਾਨ ਦਿਓ।
ਮੈਂ ਦੁਨੀਆਂ ਵਿਚਣ ਆਣਾ ਮੈਨੂੰ ਆਣ ਦਿਓ।

ਹੁਣ ਜਦ ਮੰਦਰ ਗੁਰੂਦੁਆਰੇ ਜਾਓਗੇ।
ਸਿਰਜਣਹਾਰੇ ਅੱਗੇ ਸੀਸ ਝੁਕਾਓਗੇ।
ਕਿਹੋ ਕਿ ਪ੍ਰਭ ਜੀ ਧੀਆਂ ਦਾ ਵਰਦਾਨ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।

ਕੰਜਕਾਂ ਲਈ ਦੁਆਵਾਂ ਕਰਦੇ ਰਿਹਾ ਕਰੋ।
ਨ੍ਹੇਰੇ ਵਿਚ ਸ਼ੁਆਵਾਂ ਕਰਦੇ ਰਿਹਾ ਕਰੋ।
“ਸਾਥੀ” ਪੁੱਤਰਾਂ ਵਾਂਗ ਇਨ੍ਹਾਂ ਨੂੰ ਮਾਣ ਦਿਓ।
ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।
ਮੈਂ ਦੁਨੀਆਂ ਵਿਚ ਆਣਾ ਮੈਨੂੰ ਆਣ ਦਿਓ।

(ਸਾਥੀ ਲੁਧਿਆਣਵੀ-ਲੰਡਨ)