ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, September 30, 2009

ਮੈਂ ਬੁਸ਼ ਦੇ ਛਿੱਤਰ ਕਿਉਂ ਮਾਰਿਆ..?--ਮੁੰਤਜ਼ਰ ਅਲ-ਜ਼ੈਦੀ

ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਦੇ ਛਿੱਤਰ ਮਾਰਨ ਵਾਲੇ ਇਰਾਕੀ ਪੱਤਰਕਾਰ ਮੁੰਤਜ਼ਰ ਅਲ-ਜ਼ੈਦੀ ਨੇ ਜੇਲ੍ਹ 'ਚੋਂ ਆਉਣ ਤੋਂ ਬਾਅਦ ਲੰਦਨ ਦੇ ਅਖ਼ਬਾਰ "ਦੀ ਗਾਰਡੀਅਨ" ਲਈ ਲਿਖੇ ਆਰਟੀਕਲ ਨੂੰ ਅਸੀਂ ਪੰਜਾਬੀ ਅਨੁਵਾਦ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ।ਇਹ ਲੇਖ ਇਰਾਕੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ।ਸਭਤੋਂ ਵੱਡੀ ਗੱਲ ਕਿ ਜ਼ੈਦੀ ਦੇ ਵੱਡੀ ਲੜਾਈ ਲੜਨ ਤੋਂ ਬਾਅਦ ਵੀ ਹੌਂਸਲੇ ਬੁਲੰਦ ਨੇ ਤੇ ਜ਼ਿਆਦਾਤਰ ਇਰਾਕੀ ਲੋਕ ਤੇ ਮੀਡੀਆ ਉਸਦੇ ਪੱਖ 'ਚ ਖੜ੍ਹਾ ਹੈ।ਪਰ ਇਸਦੇ ਨਾਲ ਮਿਲਦੀ ਜੁਲਦੀ ਘਟਨਾ ਹੀ ਭਾਰਤ 'ਚ ਹੋਈ ਸੀ।ਜਿਸ 'ਚ ਦੈਨਿਕ ਜਾਗਰਣ ਦੇ ਪੱਤਰਕਾਰ ਜਰਨੈਲ ਸਿੰਘ ਨੇ 84 ਕਤਲੇਆਮ ਸਬੰਧੀ ਗ੍ਰਹਿ ਮੰਤਰੀ ਪੀ.ਚਿੰਦਬਰਮ ਨੂੰ ਛਿੱਤਰ ਮਾਰਿਆ ਸੀ।ਪਰ ਜ਼ੈਦੀ ਦੇ ਪੱਖ 'ਚ ਖੜ੍ਹਨ ਵਾਲੇ ਮੁੱਖ ਧਰਾਈ ਭਾਰਤੀ ਮੀਡੀਏ ਨੇ ਦੋਗਲਾਪਣ ਕਰਦੇ ਹੋਏ ਅਪਣਾ ਦੋਹਰਾਪਣ ਦਿਖਾਇਆ।ਤੇ ਪ੍ਰੋਫੈਸ਼ਨਲਿਜ਼ਮ ਦੀ ਦੁਹਾਈ ਦੇਕੇ ਜਰਨੈਲ ਸਿੰਘ ਨੂੰ ਜਰਨਲਿਸਟ ਦੀ ਥਾਂ ਜਰਨੈਲਲਿਸਟ ਤੱਕ ਲਿਖਿਆ।ਇਸ ਮਾਮਲੇ 'ਚ ਕਿਤੇ ਨਾ ਕਿਤੇ ਭਾਰਤੀ ਮੀਡੀਏ ਦੀ ਹਿੰਦੂਤਵੀ ਸੋਚ ਵੀ ਸਾਹਮਣੇ ਆਈ।ਇਹ ਪ੍ਰੋਫੈਸ਼ਨਲਿਜ਼ਮ ਦੀ ਸ਼ੈਅ ਤੇ ਭਾਰਤੀ ਮੀਡੀਏ ਦੇ ਚਰਿੱਤਰ ਨੂੰ ਚੇਤਨ ਵਰਗਾਂ ਵਲੋਂ ਘੋਖਣ ਦੀ ਜ਼ਰੂਰਤ ਹੈ।ਉਮੀਦ ਹੈ ਤੁਸੀਂ ਜ਼ੈਦੀ ਦੀਆਂ ਦਲੀਲਾਂ 'ਤੇ ਅਪਣੇ ਵਿਚਾਰ ਜ਼ਰੂਰ ਦਿਓਂਗੇ--ਗੁਲਾਮ ਕਲਮ



ਮੈਂ ਕੋਈ ਹੀਰੋ ਨਹੀਂ।ਮੈਂ ਨਿਰਦੋਸ਼ ਇਰਾਕੀਆਂ ਦਾ ਕਤਲੇਆਮ ਤੇ ਉਹਨਾਂ ਦੀ ਪੀੜਾ ਨੂੰ ਨੇੜਿਓਂ ਦੇਖਿਆ ਹੈ।ਅੱਜ ਮੈਂ ਅਜ਼ਾਦ ਹਾਂ ਪਰ ਮੇਰਾ ਦੇਸ਼ ਅਜੇ ਭਿਆਨਕ ਯੁੱਧ ਦੇ ਆਗੋਸ਼ 'ਚ ਕੈਦ ਹੈ।ਜਿਸ ਆਦਮੀ ਨੇ ਬੁਸ਼ 'ਤੇ ਜੁੱਤੀ ਸੁੱਟੀ ਉਸ ਬਾਰੇ ਤਮਾਮ ਗੱਲਾਂ ਕਰੀਆਂ ਤੇ ਕਹੀਆਂ ਜਾ ਰਹੀਆਂ ਨੇ।ਕੋਈ ਉਸਨੂੰ ਹੀਰੋ ਬਣਾ ਰਿਹਾ ਹੈ ਤੇ ਕੋਈ ਉਸਦੇ ਐਕਸ਼ਨ ਬਾਰੇ ਗੱਲਬਾਤ ਕਰ ਰਿਹਾ ਹੈ।ਅਤੇ ਇਸਨੂੰ ਇਕ ਤਰ੍ਹਾਂ ਦੇ ਵਿਰੋਧ ਦਾ ਪ੍ਰਤੀਕ ਮੰਨ ਲਿਆ ਗਿਆ ਹੈ।ਪਰ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਇਕ ਅਸਾਨ ਜਿਹਾ ਜਵਾਬ ਦੇਣਾ ਚਾਹੁੰਦਾ ਹਾਂ ਤੇ ਦੱਸਣਾ ਚਾਹੁੰਦਾ ਕਿ ਆਖਿਰ ਕਿਸ ਵਜ੍ਹਾ ਕਾਰਨ ਮੈਂ ਬੁਸ਼ ੳੁੱਤੇ ਛਿੱਤਰ ਸੁੱਟਣ ਲਈ ਮਜ਼ਬੂਰ ਹੋਇਆ।ਇਸਦਾ ਦਰਦ ਕਾਸ਼ ਤੁਸੀਂ ਵੀ ਸਮਝ ਪਾਉਂਦੇ....ਕਿ ਜਿਸਦੇ ਦੇਸ਼ ਦੀ ਅਸਮਿਤਾ ਨੂੰ ਫੌਜੀਆਂ ਦੇ ਬੂਟਾਂ ਦੇ ਤਲਿਆਂ ਹੇਠਾਂ ਰੌਂਦ ਦਿੱਤਾ ਗਿਆ।ਜਿਸਦੇ ਦੇਸ਼ ਵਾਸੀਆਂ ਨੂੰ ਕਦਮ ਕਦਮ 'ਤੇ ਅਪਮਾਨ ਸਹਿਣਾ ਪਿਆ,ਜਿਸਦੇ ਨਿਰਦੋਸ਼ ਦੇਸ਼ਵਾਸੀਆਂ ਦਾ ਖੂਨ ਵਹਾਇਆ ਗਿਆ।ਹਾਲ ਦੇ ਸਾਲਾਂ 'ਚ 10 ਲੱਖ ਇਰਾਕੀ ਲੋਕ ਫੌਜ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਤੇ ਹੁਣ ਦੇਸ਼ 'ਚ 10 ਲੱਖ ਤੋਂ ਜ਼ਿਆਦਾ ਯਤੀਮ-ਬੇਸਹਾਰਾ ਲੋਕ,10 ਲੱਖ ਵਿਧਵਾਵਾਂ ਤੇ ਹਜ਼ਾਰਾ ਅਜਿਹੇ ਬੇਚਾਰੇ ਜਿਨ੍ਹਾਂ ਨੂੰ ਦੁਨੀਆਂ ਵੇਖਣੀ ਨਸੀਬ ਨਹੀਂ ਹੋਈ।ਲੱਖਾਂ ਲੋਕ ਇਸ ਦੇਸ਼ 'ਚ ਤੇ ਇਸਤੋਂ ਬਾਹਰ ਬੇਘਰ ਹੋ ਗਏ।ਸਾਡਾ ਦੇਸ਼ ਅਜਿਹਾ ਹੋਇਆ ਕਰਦਾ ਸੀ ਜਿਸ 'ਚ ਅਰਬ ਵੀ ਸਨ,ਤੁਰਕ ਵੀ ਸਨ ਤਾਂ ਕੁਰਦ,ਅਸੀਰੀ,ਸਾਬੀਨ ਤੇ ਯਜਦੀ ਅਪਣੀ ਰੋਟੀ ਕਮਾਉਂਦੇ ਸੀ।

ਏਥੇ ਬਹੁ-ਸੰਖਿਅਕ ਸ਼ੀਆ ਲੋਕ ਸੁੰਨੀਆਂ ਦੇ ਨਾਲ ਇਕੋ ਲਾਇਨ 'ਚ ਨਮਾਜ਼ ਪੜ੍ਹਦੇ ਸਨ...ਮੁਸਲਮਾਨ ਇਸਾਈਆਂ ਦੇ ਨਾਲ ਈਸਾ ਮਸੀਹ ਦਾ ਜਨਮ ਦਿਨ ਮਿਲਕੇ ਮਨਾਉਂਦੇ ਸਨ।ਹਾਲਾਂਕਿ ਪਿਛਲੇ 10 ਸਾਲਾਂ 'ਚ ਸਾਡੇ ਦੇਸ਼ 'ਚ ਅਨੇਕਾਂ ਤਰ੍ਹਾਂ ਦੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਪਰ ਅਸੀਂ ਸਾਰੇ ਇਹਨਾਂ ਦਾ ਮਿਲਜੁਲਕੇ ਮੁਕਾਬਲਾ ਕਰਦੇ ਰਹੇ ਹਾਂ।ਜੇ ਅਸੀਂ ਭੁੱਖੇ ਵੀ ਰਹੇ ਤਾਂ ਵੀ ਸਾਰਿਆਂ ਦਾ ਸਾਥ ਸੀ।ਅਸੀਂ ਇਰਾਕੀ ਅਪਣੀ ਇਕਜੁੱਟਤਾ ਦੌਰਾਨ ਹੋਏ ਹਮਲਿਆਂ ਨੂੰ ਅਜੇ ਤੱਕ ਨਹੀਂ ਭੁੱਲੇ।ਇਹਨਾਂ ਹਮਲਿਆਂ ਨੇ ਹੀ ਭਰਾ ਨੂੰ ਭਰਾ ਤੋਂ ਦੂਰ ਕਰ ਦਿੱਤਾ ਤੇ ਗੁਆਂਢੀ ਵੀ ਗੁਆਂਢੀ ਤੋਂ ਦੂਰ ਹੋ ਗਿਆ।ਸਾਡੇ ਘਰ ਮਾਤਮ ਦੇ ਟੈਂਟਾਂ 'ਚ ਬਦਲ ਗਏ।ਮੈਂ ਕੋਈ ਹੀਰੋ ਨਹੀਂ ਹਾਂ,ਪਰ ਮੇਰਾ ਅਪਣਾ ਇਕ ਵਿਚਾਰ ਹੈ।ਮੇਰਾ ਇਕ ਸਟੈਂਡ ਹੈ।ਜਦੋਂ ਮੇਰੇ ਦੇਸ਼ ਦੀ ਬੇਇੱਜ਼ਤੀ ਕੀਤੀ ਗਈ ਤਾਂ ਮੈਂ ਇਸਨੂੰ ਬੇਇੱਜ਼ਤੀ ਸਮਝਿਆ,ਮੈਂ ਅਪਣੇ ਬਗਦਾਦ ਨੂੰ ਅੱਗ ਦੇ ਅੰਗਾਰਿਆਂ 'ਚ ਘਿਰਿਆ ਪਾਇਆ ਤੇ ਏਥੇ ਲਾਸ਼ਾਂ ਤੇ ਲਾਸ਼ਾ ਵਿਛਾਈਆਂ ਜਾ ਰਹੀਆਂ ਸਨ।ਮੈਂ ਕਿਵੇਂ ਹਜ਼ਾਰਾਂ ਪੀੜਾਦਾਇਕ ਫੋਟੋਆਂ ਨੂੰ ਭੁਲਾ ਦਿਆਂ ਜੋ ਮੈਨੂੰ ਸ਼ੰਘਰਸ਼ ਲਈ ਅੱਗੇ ਧੱਕ ਰਹੀਆਂ ਸਨ।ਅਬੂ ਗਰੀਬ ਜੇਲ੍ਹ ਦਾ ਸਕੈਂਡਲ,ਫਾਲੂਜਾ ਦਾ ਕਤਲੇਆਮ,ਜਫਜ਼,ਹਥੀਦਾ,ਸਦਰ ਸਿਟੀ,ਬਸਰਾ,ਦਿਆਲਾ,ਮੋਸੂਲ,ਤਾਲ ਅਫਾਰ ਤੇ ਦੇਸ਼ ਦਾ ਕੋਨਾ ਕੋਨਾ ਇਕ ਲਹੂ ਲੂਹਾਨ ਸ਼ਕਲ ਨਾਲ ਨਜ਼ਰ ਆਉਂਦਾ ਸੀ।ਮੈਂ ਅਪਣੀ ਐਨ ਮਚਦੀ ਹੋਈ ਧਰਤੀ ਦੀ ਲੰਬੀ ਯਾਤਰਾ ਕੀਤੀ।ਅਪਣੀਆਂ ਅੱਖਾਂ ਨਾਲ ਪੀੜਤਾਂ,ਯਤੀਮਾਂ ਤੇ ਜਿਨ੍ਹਾਂ ਦਾ ਸਭ ਕੁਝ ਲੁੱਟ ਚੁੱਕਿਆ ਸੀ ਉਹਨਾਂ ਦੀਆਂ ਚੀਕਾਂ ਸੁਣੀਆਂ।ਮੈਂ ਅਪਣੇ ਖੁਦ ਦੇ ਹੋਣ ਉੱਤੇ ਸ਼ਰਮ ਮਹਿਸੂਸ ਕੀਤੀ,ਕਿਉਂਕਿ ਮੇਰੇ ਕੋਲ ਸੱਤਾ ਨਹੀਂ ਸੀ।



ਰੋਜ਼ਾਨਾ ਤਮਾਮ ਤ੍ਰਾਸ਼ਦੀਆਂ ਦੀ ਅਪਣੀ ਪ੍ਰੋਫੈਸ਼ਨਲ ਡਿਊਟੀ ਪੂਰੀ ਕਰਕੇ ਜਦੋਂ ਮੈਂ ਮਲਬੇ 'ਚ ਤਬਦੀਲ ਹੋਏ ਇਰਾਕੀ ਮਕਾਨਾਂ ਨੂੰ ਸਾਫ ਕਰਦਾ ਜਾਂ ਅਪਣੇ ਕੱਪੜਿਆਂ 'ਤੇ ਲੱਗੇ ਖੂਨ ਨੂੰ ਸਾਫ ਕਰਦਾ ਤਾਂ ਮੇਰੇ ਦੰਦ ਅਪਣੇ ਆਪ ਕਚੀਚੀ ਵੱਟ ਲੈਂਦੇ ਤੇ ਉਦੋਂ ਮੈਂ ਪ੍ਰਣ ਲੈਂਦਾ ਸਾਂ ਕਿ ਇਸਦਾ ਬਦਲਾ ਜ਼ਰੂਰ ਲਵਾਂਗਾ।ਤੇ ਜਦੋਂ ਮੌਕਾ ਆਇਆ ਮੈਂ ਇਸ 'ਚ ਦੇਰ ਨਹੀਂ ਲਾਈ।ਮੈਂ ਜਦੋਂ ਬੂਟ ਮਾਰਨ ਲਈ ਕੱਢਿਆ ਤਾਂ ਮੇਰੀ ਨਜ਼ਰ ਉਹਨਾਂ ਖੂਨ ਭਰੇ ਅੱਥਰੂਆਂ ਨੂੰ ਵੇਖ ਰਹੀ ਸੀ,ਜੋ ਅਪਣੇ ਦੇਸ਼ 'ਤੇ ਕਬਜ਼ਾ ਹੋਣ ਤੋਂ ਬਾਅਦ ਲਗਤਾਰ ਰੋ ਰਹੇ ਸਨ।ਮੇਰੇ ਕੰਨਾਂ 'ਚ ਉਹਨਾਂ ਬੇਵੱਸ ਮਾਵਾਂ ਦੀ ਅਵਾਜ਼ ਗੂੰਜ ਰਹੀ ਸੀ ,ਜਿਨ੍ਹਾਂ ਦੇ ਬੇਗੁਨਾਹ ਬੱਚੇ ਮਾਰ ਦਿੱਤੇ ਗਏ ਸਨ।ਮੈਂ ਉਹਨਾਂ ਬੇਸਹਾਰਾ ਬੱਚਿਆਂ ਦੀ ਅਵਾਜ਼ ਸੁਣ ਰਿਹਾ ਸੀ ਜੋ ਅਪਣੇ ਮਾਂ ਬਾਪ ਨੂੰ ਖੋਹ ਚੁੱਕੇ ਸਨ।ਮੇਰੇ ਸਾਹਮਣੇ ਉਹਨਾਂ ਦਰਦ ਭਰੀਆਂ ਕਿਲਕਾਰੀਆਂ ਦੀ ਅਵਾਜ਼ ਸੀ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ।

ਬੂਟ ਸੁੱਟਣ ਤੋਂ ਬਾਅਦ ਜਦੋਂ ਲੋਕ ਮੇਰੇ ਕੋਲ ਆਏ ਤਾਂ ਮੈਂ ਕਿਹਾ ਕੀ ਤੁਹਾਨੂੰ ਪਤੈ ਕਿ ਇਹ ਛਿੱਤਰ ਕਿੰਨੇ ਘਰਾਂ ਦੀ ਅਵਾਜ਼ ਸੀ।ੳੇੁਸਦੀ ਅਵਾਜ਼ ਬੋਲਿਆਂ ਨੂੰ ਸੁਣਾਏ ਗਏ ਧਮਾਕੇ ਦੀ ਤਰ੍ਹਾਂ ਸਾਬਿਤ ਹੋਈ।ਜਦੋਂ ਸਾਰੀਆਂ ਮਾਨਵੀ ਕਦਰਾਂ ਕੀਮਤਾਂ ਢਹਿ ਢੇਰੀ ਹੋ ਚੁੱਕੀਆਂ ਸਨ ਤਾਂ ਅਜਿਹੇ 'ਚ ਹੋ ਸਕਦਾ ਕਿ ਉਹ ਛਿੱਤਰ ਹੀ ਸਹੀ ਜਵਾਬ ਸੀ।ਜਦ ਮੈਂ ਉਸ ਅਪਰਾਧੀ ਬੁਸ਼ 'ਤੇ ਬੂਟ ਸੁੱਟਿਆ ਤਾਂ ਮੇਰਾ ਐਕਸ਼ਨ ਉਸਦੇ ਤਮਾਮ ਝੂਠਾਂ ਤੇ ਮਸ਼ਕਰੀਆਂ ਨੂੰ ਖਾਰਿਜ਼ ਕਰਨ ਲਈ ਸੀ।ਇਹ ਮੇਰੇ ਦੇਸ਼ 'ਤੇ ਉਸਦੇ ਕਬਜ਼ੇ ਦੇ ਖਿਲਾਫ ਸਹੀ ਨਿਸ਼ਾਨਾ ਸੀ।ਉਸਨੇ ਜਿਸ ਤਰ੍ਹਾਂ ਮੇਰੇ ਅਪਣੇ ਲੋਕ ਜੋ ਬੇਗੁਨਾਹ ਸੀ,ਨੂੰ ਕਤਲ ਕਰਵਾਇਆ,ਇਹ ਛਿੱਤਰ ਉਹਨਾਂ ਦੀ ਅਵਾਜ਼ ਸੀ।ਮੇਰਾ ਛਿੱਤਰ ਉਸਦੀ ਉਸ ਨੀਅਤ ਦੇ ਖਿਲਾਫ ਸੀ ਜਿਸਦੀ ਵਜ੍ਹਾ ਕਾਰਨ ਸਾਡੇ ਦੇਸ਼ ਦੀ ਦੌਲਤ ਲੁੱਟੀ ਗਈ।ਸਾਡੇ ਸਾਰੇ ਮਾਨਵੀ ਸ੍ਰੋਤਾਂ ਨੂੰ ਤਹਿਸ ਨਹਿਸ਼ ਕਰ ਦਿੱਤਾ ਗਿਆ ਤੇ ਸਾਡੇ ਬੱਚਿਆਂ ਨੂੰ ਦਿਸ਼ਾਹੀਣ ਹਾਲਤ 'ਚ ਛੱਡ ਦਿੱਤਾ ਗਿਆ।


ਜੇ ਤੁਸੀਂ ਸਮਝਦੇ ਹੋ ਕਿ ਬਤੌਰ ਪੱਤਰਕਾਰ ਮੈਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ ਤੇ ਇਸ ਨਾਲ ਉਹਨਾਂ ਲੋਕਾਂ ਨੂੰ ਸਿਰ ਝਕਾਉਣਾ ਪਿਆ ਜਿਥੇ ਮੈਂ ਕੰਮ ਕਰਦਾ ਸੀ ਤਾਂ ਮੈਂ ਮੁਆਫੀ ਮੰਗਦਾਂ ਹਾਂ।ਪਰ ਮੇਰੇ ਇਹ ਵਿਰੋਧ ਦੇਸ਼ ਦੇ ਉਸ ਆਮ ਨਾਗਰਿਕ ਦਾ ਵਿਰੋਧ ਸੀ ਜੋ ਰੋਜ਼ਾਨਾ ਅਪਣੇ ਦੇਸ਼ ਨੂੰ ਉਸ ਵਿਅਕਤੀ ਦੀਆਂ ਫੌਜਾਂ ਦੇ ਤਲੇ ਹੇਠ ਮਸਲਦਾ ਵੇਖਦਾ ਸੀ।ਮੇਰੇ ਪ੍ਰੋਫੈਸ਼ਨਿਲਮ ਉੱਤੇ ਮੇਰੀ ਦੇਸ਼ ਭਗਤੀ ਭਾਰੂ ਰਹੀ।...ਤੇ ਜੇ ਦੇਸ ਭਗਤੀ ਨੇ ਆਪਣੀ ਅਵਾਜ਼ ਬੁਲੰਦ ਕਰਨੀ ਹੈ ਤਾਂ ਪ੍ਰੋਫੈਸ਼ਨਲਿਜ਼ਮ ਨੂੰ ਇਸ ਨਾਲ ਅਪਣਾ ਤਾਲਮੇਲ ਬਿਠਾ ਲੈਣਾ ਚਾਹੀਦਾ ਹੈ।ਮੈਂ ਇਹ ਕੰਮ ਇਸ ਲਈ ਨਹੀਂ ਕੀਤਾ ਕਿ ਮੇਰਾ ਨਾਂਅ ਇਤਿਹਾਸ ਦੇ ਸੁਨਿਹਰੀ ਪੰਨਿਆਂ 'ਚ ਦਰਜ ਹੋ ਜਾਵੇ ਜਾਂ ਇਸਦੇ ਬਦਲੇ ਮੈਨੂੰ ਕੋਈ ਇਨਾਮ ਮਿਲੇ।ਮੈਂ ਸਿਰਫ ਤੇ ਸਿਰਫ ਅਪਣੇ ਦੇਸ ਦਾ ਬਚਾਅ ਕਰਨਾ ਚਾਹੁੰਦਾ ਹਾਂ।ਮੈਂ ਉਸਨੂੰ ਤਿਲ ਤਿਲ ਕਰਕੇ ਮਰਨਾ ਨਹੀਂ ਦੇਣਾ ਚਾਹੁੰਦਾ।ਮੈਂ ਉਸਨੂੰ ਫੌਜ ਦੇ ਤਲਿਆਂ ਹੇਠ ਰੋਂਦਦਾ ਨਹੀਂ ਵੇਖਣਾ ਚਾਹੁੰਦਾ.....ਨਹੀਂ ਵੇਖਣਾ ਚਾਹੁੰਦਾ।

ਪੰਜਾਬੀ ਅਨੁਵਾਦ--ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

Thursday, September 24, 2009

ਡੈਸ਼ ਸਾਹਿਬ


(ਡੈਸ਼ ‘ਚ ਜਿਹਦਾ ਮਰਜ਼ੀ ਨਾਮ ਭਰ ਲਿਓ)

ਡੈਸ਼ ਸਾਹਿਬ ਵੀ ਕਵਿਤਾ ਸੋਚਦਾ ਹੈ
ਉਦਾਸੀ ਤੇ ਪਾਸ਼ ਵਾਂਗ
ਬਹਿਰ ਦੇ ਅੰਦਰ ਬਾਹਰ ਬਹਿਣਾ ਲੋਚਦਾ ਹੈ


‘ਦਿੱਲੀ ਦੀ ਹਾਕਮ ਔਰਤ ਦੇ ਪਿੰਡ ਦੀ ਕੁੜੀ ਨਾਲ ਵੈਰ’ ਵਾਲੀ ਕਵਿਤਾ ਪੜ੍ਹ ਕੇ
ਓਸ ਦਾ ਪੈਨ ਵੀ ਕਵਿਤਾ ਬੋਚਦਾ ਹੈ

ਕਿ ਦਿੱਲੀ ਦੇ ਫਿਕਰਾਂ ‘ਚ
ਓਹਰੇ ਪਿੰਡ ਦਾ ਜ਼ਿਕਰ ਕਿਊਂ ਨੀ ਆਉਂਦਾ

ਸ਼ਤਾਬਦੀ ਦੇ ਟੁੱਟੇ ਸ਼ੀਸ਼ੇ ‘ਚ
ਅੱਧੇ ਪਿੰਡ ਦੇ ਖਾਲੀ ਖੀਸੇ ਦਾ

ਮੰਤਰੀ ਨਾਲ ਹੋਏ ਧੱਕੇ ‘ਚ
ਫੰਦੇ ਨਾਲ ਲਟਕੇ ਜੱਗੇ ਦਾ

ਫੈਸ਼ਨ ਵੀਕਾਂ ਦੀ ਲੜਾਈ ‘ਚ
ਸੰਤੀ ਦੇ ਪਾਟੇ ਝੱਗੇ ਦਾ
ਜ਼ਿਕਰ ਕਿਉਂ ਨਹੀਂ ਆਉਂਦਾ

ਪਰ ਫੇਰ ਬੋਸ ਦੀ ਉੱਚੀ ਹਾਕ ਸੁਣ
ਔਕਾਤ ‘ਚ ਵਾਪਸ ਆਉਂਦਾ ਹੈ

ਨੀਮ ਸਰਕਾਰੀ ਹੈੱਡਲਾਈਨਾਂ ਲਿਖਦਾ ਹੈ
ਖੱਸੀ ਗੁਲਾਮ ਪੱਤਰਕਾਰ ਦੀ ਜ਼ਾਤ ‘ਚ ਵਾਪਸ ਆਉਂਦਾ ਹੈ

ਦਵਿੰਦਰਪਾਲ

Friday, September 18, 2009

ਚਮਚਾਗਿਰੀ ਦਾ ਹਲਕਾ ਫੁਲਕਾ ਇਤਿਹਾਸਕ ਤੇ ਵਰਤਮਾਨ ਵਿਸ਼ਲੇਸ਼ਨ

ਦਿੱਲੀ ‘ਚ ਅਸੀਂ ਕਹੇ ਜਾਂਦੇ ਕਿੱਤਾਕਾਰੀ ਪੱਤਰਕਾਰ ਜਿੰਨੀਆਂ ਮਹਿਫਲਾਂ ‘ਚ ਬੈਠਦੇ ਹਾਂ,ਇਹਨਾਂ ਮਿੱਥੀਆਂ,ਅਣਮਿੱਥੀਆਂ ਜਾਂ ਸਬੱਬੀ ਮਹਿਫਲਾਂ ‘ਤੇ ਖੁਸ਼ਾਮਦੀ/ਚਾਪਲੂਸੀ/ਚਮਚਾਗਿਰੀ ਦਾ ਵਿਸ਼ਾ ਭਾਰੂ ਰਹਿੰਦਾ ਹੈ।ਮੈਂ ਇਹਨਾਂ ਮਹਿਫਲਾਂ ਨੂੰ ਕਦੇ ਸੋਫੀ ਤੇ ਕਦੇ ਸ਼ਰਾਬੀ ਕਿਸੇ ਸਮਾਜ ਵਿਗਿਆਨੀ ਵਾਂਗੂੰ ਨੇੜਿਓਂ ਵੇਖਦਾ ਰਿਹਾਂ।ਇਹਨਾਂ ਮਹਿਫਲੀ ਪਲੇਟਫਾਰਮਾਂ ‘ਤੇ ਕਈ ਵਾਰ ਚਮਚੇ ਭਾਵੁਕ ਤੇ ਜ਼ਮੀਰਵਾਲੇ ਨਰਾਜ਼ ਹੋ ਜਾਂਦੇ ਨੇ।ਚਮਚੇ ਦਾ ਪੁਲਿੰਗੀ ਸ਼ਬਦ ਜ਼ਮੀਰਵਾਲੇ ਇਸ ਲਈ ਵਰਤਿਆ ਕਿਉਂਕਿ ਮੈਨੂੰ ਲਗਦਾ ਕਿ ਚਮਚਿਆਂ ਦੀ ਕੋਈ ਜ਼ਮੀਰ ਨਹੀਂ ਹੁੰਦੀ।ਜ਼ਿੰਦਗੀ ‘ਚ ਜਦੋਂ ਅਸੀਂ ਸੰਸਥਾਗਤ ਹੋਣੇ ਸ਼ੁਰੂ ਹੁੰਦੇ ਹਾਂ ਤਾਂ ਚਮਚਾਗਿਰੀ ਸਾਡੇ ਸਨਮੁੱਖ ਹੁੰਦੀ ਹੈ।ਮੈਂ ਅਪਣੀ ਸੁਰਤ ਸੰਭਲਣ ਤੋਂ ਲੈਕੇ(ਜਿਹੜੀ ਅੰਤ ਤੱਕ ਸੰਭਲਦੀ ਰਹੂ) ਹੁਣ ਤੱਕ ਦੇ ਚਮਚਾਗਿਰੀ ਦੇ ਸਮਾਜ ਵਿਗਿਆਨ ਨੂੰ ਜਦੋਂ ਸਮਝਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਕਿ ਇਹ ਖਤਰਨਾਕ ਵਰਤਾਰਾ ਅਚੇਤ ਰੂਪ ‘ਚ ਬਚਪਨ ਦੀ ਸਭਤੋਂ ਪਹਿਲੀ ਸੰਸਥਾ ਸਕੂਲ ਤੋਂ ਸ਼ੁਰੂ ਹੋ ਜਾਂਦਾ ਹੈ।ਮੈਂ ਯਾਦ ਕਰਨ ਲੱਗਿਆ ਕਿ ਮੇਰੀ ਸਕੂਲੀ ਯਾਤਰਾ 'ਚ ਕਿਹੜੇ ਕਿਹੜੇ ਵਰਗਾਂ ਤੇ ਜਾਤਾਂ ਦੇ ਲੋਕ ਜਮਾਤ ਦੇ ਮਨੀਟਰ ਵਗੈਰਾ ਬਣਦੇ ਰਹੇ ਹਨ।ਸਕੂਲੀ ਜੀਵਨ ‘ਚ ਮਨੀਟਰ ਚਮਚਾਗਿਰੀ ਦੀ ਪਹਿਲੀ ਇਕਾਈ ਹੈ।ਜਿਥੇ ਅਧਿਆਪਕਾਂ ਦੀ ਹਰਾਰਕੀ ਦੇ ਆਲੇ ਦੁਆਲੇ ਚਮਚਾਗਿਰੀ ਚੇਤ ਅਚੇਤ ਰੂਪ ਕਿਸ ਕੋਹਲੂ ਦੇ ਬਲਦ ਦੀ ਤਰ੍ਹਾਂ ਘੁੰਮਦੀ ਹੈ।ਓਸ ਦੌਰ ਤੋਂ ਹੁਣ ਤੱਕ ਦੇ ਤਜ਼ਰਬਿਆਂ ਤੇ ਅੰਕੜਿਆਂ ਨੂੰ ਸਮਾਜ ਵਿਗਿਆਨ ਨਾਲ ਰਲਗੱਡ ਕਰਦਿਆਂ ਮੈਂ ਚਮਚਾਗਿਰੀ ਦੇ ਇਤਿਹਾਸ ਤੇ ਵਰਤਮਾਨ ਨੂੰ ਰਾਜਨੀਤੀ ਦੀ ਕਸੌਟੀ 'ਤੇ ਪਰਖਣ ਦੀ ਕੋਸ਼ਿਸ਼ ਕੀਤੀ।

ਇਸੇ ਦੌਰਾਨ ਚਮਚਾਗਿਰੀ ਬਾਰੇ ਹੁਣ ਤੱਕ ਕੁਝ ਲਿਖਿਆ ਲੱਭਣ ਦੀ ਕੋਸ਼ਿਸ ਵੀ ਕੀਤੀ ਪਰ ਕੁਝ ਖਾਸ ਹੱਥ ਨਹੀਂ ਲੱਗਿਆ।ਅਸਲ ‘ਚ ਚਮਚਾਗਿਰੀ ਕਰਨ ਵਾਲੇ ਲੋਕਾਂ ਦਾ ਇਕ ਵਿਸ਼ੇਸ਼ ਖਾਸਾ ਹੈ।ਜਿਹੜਾ ਜ਼ਿਆਦਾਤਰ ਕੁਝ ਖਾਸ ਵਰਗਾਂ ਤੇ ਜਾਤਾਂ ਨਾਲ ਜੁੜਿਆ ਰਿਹਾ ਹੈ।ਆਰਥਿਕ ਇਤਿਹਾਸ ਦੇ ਪੰਨਿਆਂ ‘ਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਕਿ ਕੁਝ ਵਿਸ਼ੇਸ਼ ਵਰਗ ਤੇ ਜਾਤਾਂ ਰਹੀਆਂ ਨੇ,ਜਿਨ੍ਹਾਂ ਦਾ ਉਤਪਾਦਨ ਦੀਆਂ ਗਤੀਵਿਧੀਆਂ ਨਾਲ ਕਦੀਂ ਕੋਈ ਸਬੰਧ ਨਹੀਂ ਰਿਹਾ।ਇਹੀ ਉਹ ਵਰਗ ਹਨ ਜਿਨ੍ਹਾਂ ਦਾ ਇਤਿਹਾਸਕ ਤੌਰ ‘ਤੇ ਸੱਤਾ ਨਾਲ ਕਦੇ ਵੀ ਕੋਈ ਅੰਤਰਵਿਰੋਧ ਨਹੀਂ ਰਿਹਾ,ਸੱਤਾ ਨਾਲ ਰਲ ਮਿਲਕੇ ਜਾਂ ਚਾਕਰੀ ਕਰਕੇ ਖਾਣਾ ਇਹਨਾਂ ਦਾ ਭਰਪੂਰ ਸੱਭਿਆਚਾਰ ਰਿਹਾ।ਇਸਦਾ ਲੇਖਾ-ਜੋਖਾ ਸੱਤਾ ਵਿਰੋਧੀ ਮਨੁੱਖੀ ਅਧਿਕਾਰਾਂ ਲਈ ਚੱਲੀਆਂ ਲਹਿਰਾਂ ‘ਚ ਅਜਿਹੇ ਵਰਗਾਂ ਦੀ ਸ਼ਮੂਲੀਅਤ ਤੋਂ ਵੀ ਕੀਤਾ ਜਾ ਸਕਦਾ।ਸੱਤਾ ਦੇ ਇਹ ਚਮਚੇ ਤੁਹਾਨੂੰ ਇਤਿਹਾਸ ਦੀ ਹਰ ਲਹਿਰ ਤੋਂ ਭਗੌੜੇ ਨਜ਼ਰ ਆਉਣਗੇ।ਸੱਤਾ ਦਾ ਮਤਲਬ ਸਿਰਫ ਸਰਕਾਰਾਂ ਹੀ ਨਹੀਂ,ਬਲਕਿ ਹਰ ਉਹ ਸਥਾਪਤੀ ਜਿਸਦੇ ਮੂਹਰੇ ਇਹ ਅਪਣੇ ਗੋਡੇ ਟੇਕਦੇ ਰਹੇ ਹਨ।ਇਹਨਾਂ ਵਰਗਾਂ ਤੇ ਜਾਤਾਂ ਦੀ ਨਿੱਜੀ ਆਰਥਿਕਤਾ ਹਮੇਸ਼ਾ ਹੀ ਸ਼ੋਸ਼ਣ ਤੇ ਚਾਕਰੀ ‘ਤੇ ਟਿਕੀ ਰਹੀ ਹੈ।ਅੱਜ ਇਹ ਰੰਗ ਰੂਪ ਬਦਲਕੇ ਨਵੇਂ ਭੇਸ਼ ‘ਚ ਆਉਣ ਤੋਂ ਬਾਅਦ ਵੀ ਅਪਣਾ ਭੈੜ ਭਰਿਆ ਸ਼ਾਨਾਮੱਤੀ ਇਤਿਹਾਸਕ ਖ਼ਜ਼ਾਨਾ ਆਪਣੇ ਅੰਦਰ ਸਮੋਈ ਬੈਠੇ ਹਨ।

ਇਤਿਹਾਸ ਤੋਂ ਬਾਅਦ ਗੱਲ ਵਰਤਮਾਨ ਦੀ ਕਰੀਏ ਤਾਂ ਨਿਊ ਇਕੌਨਮੀ(ਨਵੀਂ ਅਰਥਵਿਵਸਥਾ) ਦੇ ਇਸ ਦੌਰ 'ਚ ਜਿੱਥੇ ਸੱਤਾ ਦੇ ਜ਼ਰੀਏ ਚੀਜ਼ਾਂ ਦੇ ਅਰਥ ਤੇ ਪਰਿਭਾਸ਼ਾਵਾਂ ਬਦਲਣੀਆਂ ਸ਼ੁਰੂ ਹੋਈਆਂ,ਓਥੇ ਹੀ ਚਮਚਾਗਿਰੀ ਵੀ ਅਪਣੇ ਨਵੇਂ ਮਖੋਟੇ ਦੇ ਰੂਪ ‘ਚ ਸਾਹਮਣੇ ਆਈ ਹੈ।ਇਸੇ ਨਵੀਂ ਚਮਚਾਗਿਰੀ ਨੂੰ ਸਹੀ ਸਿੱਧ ਕਰਨ ਦੇ 90ਵਿਆਂ ਦੇ ਦਹਾਕੇ ‘ਚ ਪ੍ਰਫੈਸ਼ਨਲਿਜ਼ਮ(ਕਿੱਤਕਾਰਤਾ) ਨਾਂਅ ਦੀ ਨਵੀਂ ਮੱਦ ਸਾਡੇ ਸਾਹਮਣੇ ਆਈ।ਅੱਜਕਲ੍ਹ ਪ੍ਰੋਫੈਸ਼ਨਲਿਜ਼ਮ ਦਾ ਪ੍ਰਚਾਰ ਮੌਜੂਦਾ ਸੰਸਥਾਵਾਂ ‘ਚ ਇਸ ਪੱਧਰ ਤੱਕ ਭਾਰੂ ਹੈ ਕਿ ਸੋਚਣ ਵਾਲੇ ਨੂੰ ਲਗਦਾ ਕੀ ਇਸਤੋਂ ਪਹਿਲਾਂ ਕਿੱਤਾਕਾਰੀ/ਕਿੱਤਾਕਾਰਤਾ ਨਾਂਅ ਦੀ ਕੋਈ ਚੀਜ਼ ਨਹੀਂ ਸੀ।ਸਾਰੀ ਵਿਚਾਰ ਚਰਚਾ ਪ੍ਰੋਫੈਸ਼ਨਲਿਜ਼ਮ ‘ਤੇ ਕੇਂਦਰਿਤ ਹੋਈ ਤੇ ਕਿਸੇ ਵੀ ਗਲਤ ਚੀਜ਼ ਨੂੰ ਸਹੀ ਸਾਬਿਤ ਕਰਨ ਲਈ ਪ੍ਰੋਫੈਸ਼ਨਲਿਜ਼ਮ ਦਾ ਸਹਾਰਾ ਲਿਆ ਜਾਂਦਾ ਰਿਹਾ ਤੇ ਹੈ।ਅਸਲ ਅਰਥਾਂ ‘ਚ ਪ੍ਰੋਫੈਸ਼ਨਲਿਜ਼ਮ ਦੀ ਪ੍ਰੀਭਾਸ਼ਾ “ਕਿਸੇ ਸੰਸਥਾ ਜਾਂ ਕਿਸੇ ਮਨੁੱਖ ਦਾ ਮਨੁੱਖ ਪ੍ਰਤੀ ਅਸੰਵੇਦਨਸ਼ੀਲ, ਗੈਰ ਮਨੁੱਖੀ ਤੇ ਸ਼ੋਸ਼ਣਕਾਰੀ ਵਿਵਹਾਰ ਹੈ”।ਜਿਸਦੇ ਰਾਹੀਂ ਇਕ ਸਿਸਟਮ, ਸੰਸਥਾ ਤੇ ਮਨੁੱਖ ਲਈ ਕੰਮ ਕਰਨ ਵਾਲਾ ਮਨੁੁੱਖ ਇਕ ਮਸ਼ੀਨ ਦੀ ਤਰ੍ਹਾਂ ਹੈ।ਤੇ ਉਹ ਮਸ਼ੀਨ ਜਦੋਂ ਤੱਕ ਚੰਗੀ ਤਰ੍ਹਾਂ ਕੰਮ ਕਰਦੀ ਹੈ,ਉਸਦੇ ਅਰਥ ਵੀ ਓਨੇ ਸਮੇਂ ਤੱਕ ਜਾਂ ਤੁਸੀਂ ਕਿੰਨੀ ਚਾਕਰੀ ਕਰਦੇ ਹੋ,ਇਸ ਨਾਲ ਹੀ ਤੁਹਾਡਾ ਪ੍ਰੋਫੈਸ਼ਨਲਿਜ਼ਮ ਤੈਅ ਹੋਵੇਗਾ।ਇਸੇ ਚੱਕਰ-ਕੁਚੱਕਰ 'ਚੋਂ ਹੀ ਨਿਊ ਇਕੌਨਮੀ 'ਚ ਅਪਣੇ ਪੁਰਾਣੇ ਮੁੱਲਾਂ ਦੇ ਅਧਾਰ 'ਤੇ ਖੜ੍ਹੀ ਨਿਊ ਚਮਚਾਗਿਰੀ ਦਾ ਵਿਕਾਸ ਹੁੰਦਾ ਹੈ।ਇਸ ਨਿਊ ਇਕੌਨਮੀ ਦੇ ਪ੍ਰਫੈਸ਼ਨਲਿਜ਼ਮ ਦੀ ਛਤਰ ਛਾਇਆ ਹੇਠ ਉਹਨਾਂ ਹੀ ਵਰਗਾਂ ਤੇ ਜਾਤਾਂ ਦੇ ਚਮਚੇ ਨਵੇਂ ਰੂਪ ਤੇ ਨਵੇਂ ਢੰਗ ਦੀਆਂ ਜੀਅ ਤੋੜ ਕੋਸ਼ਿਸ਼ ਨਾਲ ਅਪਣੇ ਆਪ ਨੂੰ ਪ੍ਰੋਫੈਸ਼ਨਲਿਸਟ ਸਿੱਧ ਕਰਨ ਦੀ ਕੋਸ਼ਿਸ 'ਚ ਜੁਟੇ ਹੋਏ ਹਨ।ਨਵੇਂ ਦੌਰ 'ਚ ਫਰਕ ਸਿਰਫ ਏਨਾ ਕਿ ਪੁਰਤਾਨਪੰਥ ਨੂੰ ਆਧੁਨਿਕਤਾ 'ਚ ਲਪੇਟਕੇ ਪ੍ਰੋਫੈਸ਼ਲਿਸਟਾਂ,ਜੋ ਸਿਸਟਮ ਦੇ ਦਲਾਲ ਜਾਂ ਚਮਚੇ ਬਣਦੇ ਉਹਨਾਂ ਨੂੰ ਪ੍ਰੋਫੈਸ਼ਨਲਜ਼ ਦਾ ਨਾਂਅ ਦੇ ਦਿੱਤਾ ਜਾਂਦਾਂ ਹੈ।ਇਸ ਤਰ੍ਹਾਂ ਇਕ ਤੀਰ ਨਾਲ ਦੋ ਨਿਸ਼ਾਨੇ ਹੋ ਜਾਂਦੇ ਨੇ।ਸੱਪ ਵੀ ਮਰ ਜਾਂਦੈ ਤੇ ਸੋਟੀ ਵੀ ਬਚ ਜਾਂਦੀ ਹੈ।ਭਾਵ ਚਮਚੇ ਚਮਚਾਗਿਰੀ ਵੀ ਕਰ ਲੈਂਦੇ ਨੇ ਤੇ ਸਥਾਪਤੀ ਉਹਨਾਂ 'ਤੇ ਸਰਵਉੱਤਮ ਹੋਣ ਦਾ ਠੱਪਾ ਵੀ ਲਗਾ ਦਿੰਦੀ ਹੈ।ਇਹਨਾਂ ਆਧੁਨਿਕ ਤੇ ਪੁਰਾਤਨ ਸਬੰਧਾਂ 'ਚ ਚਮਚਿਆਂ ਦਾ ਉਤਪਾਦਨ ਗਤੀਵਿਧੀਆਂ 'ਚ ਸ਼ਾਮਿਲ ਨਾ ਹੋਣ ਵਾਲੀ ਗੱਲ ਬਿਲਕੁਲ ਸਾਂਝੀ ਹੈ।ਇਸ ਲਈ ਮੌਜੂਦਾ ਸਮੇਂ ਚਮਚਿਆ 'ਚ ਮੁਕਾਬਲਾ ਵੀ ਵਧਦਾ ਤੇ ਹਰ ਚਮਚਾ ਸਥਾਪਤੀ ਦੇ ਘਰ ਦੀਆਂ ਪੌੜੀਆਂ ਦੇ ਜ਼ਰੀਏ ਸਥਾਪਿਤ ਹੋਣ ਦੀ
ਜੱਦੋਜਹਿਦ ਕਰ ਰਿਹਾ ਹੈ।

ਤੇਰਾ ਕੁੱਤਾ-ਕੁੱਤਾ,ਸਾਡਾ ਕੁੱਤਾ ਟੋਮੀ ਵਾਲੀ ਕਹਾਵਤ ਵਾਂਗ ਚਮਚੇ ਵੀ ਅਪਣੇ ਆਪ ਨੂੰ ਜ਼ਮੀਰਵਾਲੇ ਸਾਬਿਤ ਕਰਨ ਦੀ ਗੁਆਂਢੀ ਜਾਂ ਸੰਗੀ ਸਾਥੀ ਚਮਚਿਆਂ ਦੀ ਭਰਪੂਰ ਨਿੰਦਿਆ ਕਰਦੇ ਹਨ।ਕੁਝ ਏਨੇ ਸਪੱਸ਼ਟ ਚਮਚੇ ਵੀ ਹਨ, ਜਿਹੜੇ ਕਹਿੰਦੇ ਨੇ ਕਿ ਇਹ ਤਾਂ ਮੌਕਾ ਹੈ ਜਿਸਨੂੰ ਵੀ ਮਿਲੇਗਾ,ਉਹ ਇਸਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰੇਗਾ।ਸਾਨੂੰ ਮੌਕਾ ਮਿਲਿਆ,ਅਸੀਂ ਮੌਕਾਪ੍ਰਸਤ ਹੋ ਗਏ।ਇਹ ਬਿਨਾਂ ਭੇਦਭਾਵ ਸਭਨੂੰ ਇਕੋ ਨਜ਼ਰ ਨਾਲ ਵੇਖਦੇ ਨੇ,ਇਸੇ ਲਈ ਇਹਨਾਂ ਨੂੰ ਲਗਦਾ ਹੈ ਕਿ ਮੌਕੇ ਮਿਲਣ ‘ਤੇ ਸਾਡੇ ਵਾਂਗ ਮੌਕਾ ਵੇਖਦਿਆਂ ਹੀ ਸਾਰੇ ਜ਼ਮੀਰ ਵੇਚ ਦੇਣਗੇ,ਪਰ ਏਨੀ “ਇਮਾਨਦਾਰੀ” ਦੇ ਬਾਵਜੂਦ ਵੀ ਇਹ ਚਮਚੇ ਹਮੇਸ਼ਾ ਦੋ ਲਿਬਾਸਾਂ 'ਚ ਰਹਿੰਦੇ ਨੇ,ਜਿਥੇ ਜਿਹੜਾ ਲਿਬਾਸ ਸੂਟ ਕਰੇ,ਉਹੋ ਪਾ ਲੈਂਦੇ ਹਨ।ਖੈਰ, ਮੇਰੀ ਚਮਚਿਆਂ ਨੂੰ ਇਹੋ ਅਪੀਲ ਹੈ ਕਿ ਜੇ ਚਮਚਾਗਿਰੀ ਕਰੇ ਬਿਨਾਂ ਰਹਿ ਨਹੀਂ ਸਕਦੇ ਤਾਂ ਘੱਟੋ ਘੱਟੋ ਦੋਗਲਾਪਣ ਨਾ ਕਰੋ।ਬਾਕੀ ਤਹਾਨੂੰ ਪਤੈ ਕਿ ਚਮਚਾਗਿਰੀ ਦੇ ਨਾਲ ਤੁਸੀਂ ਅਪਣੀ ਵਿਚਾਰਧਾਰਾ ਵੀ ਲੈਕੇ ਤੁਰੋ ਹੋਏ ਓ।ਕੋਈ ਗੁਰੂ ਦਾ ਲਾਡਲਾ ਸਿੱਖ(ਵੈਸੇ ਮਸੰਦ ਐ),ਕੋਈ ਦੁਰਗਾ,ਕਾਲੀ ਦਾ ਭਗਤ,ਮਨੁੱਖਵਾਦੀ,ਮਾਰਕਸਵਾਦੀ ਤੇ ਕਈ ਵਿਚਾਰੇ ਅਪਣੇ ਆਪ ਨੂੰ ਸੁਤੰਤਰ ਤੇ ਨਿਰਪੱਖ ਦੱਸਣ ਵਾਲੇ ਭੋਲੇ ਭਾਲੇ ਵੀ ਨੇ।ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜੇ ਗਰੰਥਾਂ ਜਾਂ ਕਿਤਾਬਾਂ ਨੂੰ ਥੋੜ੍ਹਾ ਬਹੁਤਾ ਪੜ੍ਹਦੇ ਹੋਵੋਂਗੇ ਤਾਂ ਥੋੜ੍ਹੀ ਜਿਹੀ ਜ਼ਮੀਰ ਜਗਾ ਲਓ ਜਾਂ ਇਹ ਲਿਬਾਸ/ਚੋਲੇ ਲਾਹ ਦਿਓ ਜਾਂ ਚਮਚਾਗਿਰੀ ਕਰਨੀ ਛੱਡ ਦਿਓ।ਵੈਸੇ ਮੈਨੂੰ ਲਗਦੈ ਕਿ ਧਾਰਮਿਕ ਚਮਚਿਆਂ ਨੂੰ ਇਹ ਗਿਆਨ ਕਿ ਸਭ ਸਵਰਗ ਨਰਕ ਹੇਠਾਂ ਹੀ ਹੈ,ਇਸ ਲਈ ਕਿਸੇ ਇਲਾਹੀ ਸ਼ਕਤੀ ਤੋਂ ਡਰਨ ਦੀ ਲੋੜ ਨਹੀਂ ਤੇ ਨਾਸਤਿਕਾਂ ਨੂੰ ਪਤਾ ਕਿ ਇਸ ਤੋਂ ਚੰਗੀ ਕੋਈ ਦੁਕਾਨਦਾਰੀ ਨਹੀਂ,ਨਾਲੇ ਚੋਪੜੀਆਂ,ਨਾਲੇ ਦੋ-ਦੋ ਨੇ।ਵੈਸੇ ਇਤਿਹਾਸ ਦੀ ਮਹਾਨਤਾ ਦੇ ਅਰਥ ਚਾਹੇ ਇਹਨਾਂ ਨੂੰ ਨਾ ਪਤਾ ਹੋਣ,ਪਰ ਇਹਨਾਂ ਦੀ ਅਸਿਹਜਤਾ ਤੋਂ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਇਤਿਹਾਸ ਇਨ੍ਹਾਂ ਦੇ ਕਿਸ ਤਰ੍ਹਾਂ ਅਚੇਤ ਰੂਪ ਚਪੇੜਾਂ ਮਾਰ ਰਿਹਾ ਹੈ।ਬਾਕੀ ਮੈਂ ਚਮਚਾਗਿਰੀ 'ਤੇ ਲਿਖਣ ਬਾਰੇ ਕਾਫੀ ਲੰਮੇ ਸਮੇਂ ਤੋਂ ਸੋਚ ਰਿਹਾ ਸੀ,ਪਰ ਹਰ ਵਾਰ ਲਗਦਾ ਸੀ ਕਿ ਲਿਖਣ ਲਈ ਬਹੁਤ ਕੁਝ ਹੈ।ਇਸ ਵਾਰ ਟਾਈਮ ਵੀ ਸੀ ਤੇ ਮੈਨੂੰ ਵੀ ਬੁੱਧ ਵਾਂਗ ਗਿਆਨ ਹੋਇਆ ਕਿ ਸਮਾਜ ਵਿਗਿਆਨ ਦੇ ਹਰ ਵਿਸ਼ੇ ਦੀ ਮਹੱਤਤਾ ਬਰਾਬਰ ਹੁੰਦੀ ਹੈ ਤੇ ਮੁੱਖਧਾਰਾ 'ਚ ਕੇਂਦਰਿਤ ਰਹਿੰਦੀਆਂ ਚੀਜ਼ਾਂ ਨੂੰ ਸਾਨੂੰ ਹਾਸ਼ੀਏ 'ਤੇ ਨਹੀਂ ਸੁੱਟਣਾ ਚਾਹੀਦਾ।ਇਸ ਲਈ ਮੈਂ ਸਾਡੇ ਸਮਿਆਂ ਦੀ ਚਮਚਾਗਿਰੀ ਦਾ ਹਲਕਾ ਫੁਲਕਾ ਇਤਿਹਾਸ ਤੇ ਵਰਤਮਾਨ ਕਲਮਬੰਦ ਕਰਨ ਬੈਠ ਗਿਆ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

Sunday, August 30, 2009

ਦਵਾਈ ਕੰਪਨੀਆਂ ਤੇ ਡਾਕਟਰਾਂ ਦੇ ਗੱਠਜੋੜ ਦੁਆਰਾ ਲੋਕਾਂ ਦੀ ਸਿਹਤ ਨਾਲ ਖਿਲਵਾੜ

ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਪੀ. ਜੀ. ਆਈ. ਚੰਡੀਗੜ ਦੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਸਾਬਕਾ ਮੁਖੀ ਤੇ ਸਰਜਨ ਪ੍ਰੋ. ਆਰ. ਐੱਸ ਧਾਲੀਵਾਲ ਨੂੰ ਇੱਕ ਦਵਾਈਆਂ ਦੀ ਦੁਕਾਨ ਦੇ ਮਾਲਕ ਨਾਲ ਰਲ ਕੇ ਮਰੀਜਾਂ ਨੂੰ ਘਟੀਆ ਕਿਸਮ ਦੇ ਵਾਲਵ ਲਗਾਉਣ ਦੇ ਦੋਸ਼ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾਣ ਦੀ ਖ਼ਬਰ ਕਾਫ਼ੀ ਸੁਰਖੀਆਂ ਵਿੱਚ ਰਹੀ। ਇਸ ਤਰਾਂ ਦੇ ਇੱਕਾ-ਦੁੱਕਾ ਮਾਮਲੇ ਜਿਹਨਾਂ ਵਿੱਚ ਡਾਕਟਰਾਂ ਤੇ ਦਵਾਈਆਂ ਦੀਆਂ ਦੁਕਾਨਾਂ ਨਾਲ ਮਿਲ ਕੇ ਮਰੀਜ਼ਾਂ ਦੀ ਲੱਟ ਕਰਨ ਦੇ ਦੋਸ਼ ਲੱਗਦੇ ਹਨ, ਅਕਸਰ ਹੀ ..ਆਮ ਲੋਕਾਂ ਦੀ ਨਜ਼ਰ ਵਿੱਚ ਆਉਂਦੇ ਰਹਿੰਦੇ ਹਨ। ਇਸ ਤਰਾਂ ਦਾ ਹੀ ਇੱਕ ਵਾਕਿਆ ਅਮਰੀਕਾ ਦੀ ਮਸ਼ਹੂਰ ਹਾਰਵਰਡ ਯੂਨੀਵਰਸਿਟੀ ਵਿਚਲੇ ਫਾਰਮੇਸੀ ਕਾਲਜ ਵਿੱਚ ਹੋਇਆ ਹੈ ਜਿੱਥੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਕਾਰਨ ਕਾਲਜ ਦੇ ਸਾਰੇ ਪ੍ਰੋਫੈਸਰਾਂ ਨੂੰ ਵਿਦਿਆਰਥੀਆਂ ਸਾਹਮਣੇ ਆਪਣੇ ਅਲੱਗ-ਅਲੱਗ ਦਵਾ-ਕੰਪਨੀਆਂ ਨਾਲ ਰਿਸ਼ਤਿਆਂ ਦਾ ਖੁਲਾਸਾ ਕਰਨਾ ਪਿਆ, ਜਿਸ ਦੌਰਾਨ ਇੱਕ ਪ੍ਰੋਫੈਸਰ ਨੇ 47 ਵੱਖ-ਵੱਖ ਕੰਪਨੀਆਂ ਨਾਲ ਆਪਣੇ ਰਿਸ਼ਤੇ ਹੋਣ ਬਾਰੇ ਮੰਨਿਆ।

ਹੁਣੇ-ਹੁਣੇ ਹੀ `ਭਾਰਤ ਵਿੱਚ ਸਿਹਤ ਅਤੇ ਵਿਕਾਸ’ ਉੱਤੇ ਇੱਕ ਕਮਿਸ਼ਨ ਦੀ ਰਿਪੋਰਟ ਤੋਂ ਸਾਹਮਣੇ ਆਇਆ ਕਿ ਅਗਸਤ 1997 ਵਿੱਚ ਸਥਾਪਨਾ ਤੋਂ ਬਾਅਦ ਹੁਣ ਤੱਕ ਦਵਾਈਆਂ ਦੀ ਕੀਮਤ ਮਿਥਣ ਵਾਲੀ ਅਥਾਰਟੀ (ਨੈਸ਼ਨਲ ਫਾਰਮਸਿਊਟੀਕਲ ਪਰਾਈਸਿੰਗ ਅਥਾਰਟੀ, ) ਕੋਲ ਦਵਾ-ਕੰਪਨੀਆਂ ਦੁਆਰਾ ਜ਼ਿਆਦਾ ਕੀਮਤ ਵਸੂਲਣ ਦੇ 614 ਮਾਮਲੇ ਦਰਜ ਹੋਏ ਹਨ ਜਿਹਨਾਂ ਅਨੁਸਾਰ 1954.53 ਕਰੋੜ ਰੁਪਏ ਲੋਕਾਂ ਦੀ ਜੇਬ ਵਿੱਚੋਂ ਵਾਧੂ ਵਸੂਲੇ ਗਏ, ਜਿਸ ਵਿੱਚੋਂ ਸਿਰਫ਼ 140.87 ਕਰੋੜ ਰੁਪਏ ਹੀ ਅਜੇ ਤੱਕ ਵਾਪਸ ਲਏ ਜਾ ਸਕੇ ਹਨ ਤੇ ਬਾਕੀ ਮਾਮਲੇ ਹਾਲੇ ਅਦਾਲਤਾਂ ਦੀ ਚਾਰ-ਦੀਵਾਰੀ ਦੇ ਚੱਕਰ ਲਗਾ ਰਹੇ ਹਨ।ਪਰ ਇਹ ਤਿੰਨ ਗੱਲਾਂ ਤਾਂ ਸਮੁੰਦਰ ਵਿੱਚ ਡੁੱਬੇ ਭਿ੍ਰਸ਼ਟਾਚਾਰ ਤੇ ਲੱਟ ਦੇ ਪਹਾੜ ਦਾ ਸਿਰਫ਼ ਟੀਸੀ ਵਾਲਾ ਹਿੱਸਾ ਮਾਤਰ ਹਨ ਜੋ ਕਿ ਹਰ ਸਾਲ ਹੋਰ ਵੱਡਾ-ਹੋਰ ਵੱਡਾ ਹੁੰਦਾ ਜਾਂਦਾ ਹੈ।

ਭਾਰਤ ਜਿਹੇ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਆਮ ਲੋਕ ਸਿਹਤ ਨਾਲ ਸਬੰਧਿਤ ਖਰਚੇ ਦਾ 90 ਫੀਸਦੀ ਹਿੱਸਾ ਦਵਾਈਆਂ ਖਰੀਦਣ ’ਤੇ ਖਰਚ ਕਰਦੇ ਹਨ, ਇਸ ਤਰਾਂ ਇੱਕ ਆਮ ਆਦਮੀ ਨੂੰ ਸਿਹਤ ਸਹੂਲਤ ਮਿਲ ਪਾਉਂਦੀ ਹੈ ਜਾਂ ਨਹੀਂ, ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਹ ਦਵਾਈ ਖਰੀਦ ਪਾਉਂਦਾ ਹੈ ਜਾਂ ਨਹੀਂ। ਇੱਥੇ ਹੀ ਇੱਕ ਹੋਰ ਤੱਥ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਉਹ ਇਹ ਕਿ ਇੱਕ ਸਰਵੇ ਅਨੁਸਾਰ ਵਿਕਾਸਸ਼ੀਲ ਦੇਸ਼ਾਂ ਵਿੱਚ 50 ਫੀਸਦੀ ਦਵਾਈਆਂ ਅਣ-ਉਚਿਤ ਤਰੀਕੇ ਨਾਲ ਮਰੀਜ਼ਾਂ ਨੂੰ ਲਿਖੀਆਂ ਜਾਂਦੀਆਂ ਹਨ ਜਾਂ ਆਮ ਲੋਕ ਕੰਪਨੀਆਂ ਦੇ ਪ੍ਰਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੇ ਆਪ ਖਰੀਦ ਲੈਦੇ ਹਨ। ਇਸ ਦੀ ਉਘੜਵੀ ਮਿਸਾਲ ਹੈ, 2005 ਵਿੱਚ ਸਿਹਤ ਨਾਲ ਸਬੰਧਿਤ ਰਾਸ਼ਟਰੀ ਕਮਿਸ਼ਨ (ਨੈਸ਼ਨਲ ਕਮਿਸ਼ਨ ਆਨ ਮੈਕਰੋਇਕਨਾਮਿਕ ਐਂਡ ਹੈਲਥ) ਵੱਲੋਂ ਜਾਰੀ ਕੀਤੀ ਦਵਾਈਆਂ ਦੀ ਸੂਚੀ ਹੈ ਜਿਸ ਅਨੁਸਾਰ ਭਾਰਤ ਵਿੱਚ ਵਿਕਣ ਵਾਲੇ ਦਵਾਈਆਂ ਦੇ 25 ਮੁੱਖ ਬਰਾਡਾਂ ਵਿੱਚੋਂ 10 ਗੈਰ-ਵਿਗਿਆਨਕ ਜਾਂ ਗੈਰ-ਜ਼ਰੂਰੀ ਜਾਂ ਇੱਥੋਂ ਤੱਕ ਕਿ ਕੁਝ ਨੁਕਸਾਨਦਾਇਕ ਵੀ ਹਨ। ਵੇਖੋ ਸਾਰਣੀ।


ਦਵਾਈਆਂ ਵਿੱਚੋਂ ਵੱਧ ਤੋਂ ਵੱਧ ਮੁਨਾਫ਼ੇ ਕਮਾਉਣ ਲਈ ਦਵਾ-ਕੰਪਨੀਆਂ ਕਈ ਤਰਾਂ ਦੇ ਹੱਥ ਕੰਡੇ ਅਪਣਾਉਂਦੀਆਂ ਹਨ ਜਿਸ ਵਿੱਚ ਡਾਕਟਰਾਂ ਨੂੰ ਤੋਹਫਿਆਂ ਤੋਂ ਲੈ ਕੇ ਨਵੀਆਂ-ਨਵੀਆਂ ਬਿਮਾਰੀਆਂ ਪੈਦਾ ਕਰਨਾ ਸ਼ਾਮਿਲ ਹੈ। ਅਮੀਰ ਮੁਲਕਾਂ ਵਿੱਚ ਕੰਪਨੀਆਂ ਦੇ ਪ੍ਰਚਾਰ ਤਰੀਕਿਆਂ ਤੇ ਕੁਝ ਨਕੇਲ ਕਸੀ ਜਾਣ ਨਾਲ ਮੁਨਾਫਿਆਂ ਦੀ ਬਾਂਦਰ-ਵੰਡ ਲਈ ਸੰਘਰਸ਼, ਵਿਕਾਸਸ਼ੀਲ ਦੇਸ਼ਾਂ ਵਿੱਚ ਵੱਧ ਭਿਆਨਕ ਰੂਪ ਵਿੱਚ ਸਾਹਮਣੇ ਆਉਣ ਲੱਗਾ ਹੈ ਜਿਥੇ ਸਿਰਫ਼ 1/6 ਦੇਸ਼ਾਂ ਵਿੱਚ ਹੀ ਦਵਾਈਆਂ ’ਤੇ ਕੰਟਰੋਲ ਲਈ ਕੋਈ ਸਰਕਾਰੀ ਸੰਸਥਾਨ ਜਾਂ ਕਾਨੂੰਨ ਹੈ ਅਤੇ ਜਿਥੇ ਇਸ ਤਰਾਂ ਦਾ ਕੋਈ ਸੰਸਥਾਨ ਜਾਂ ਕਾਨੂੰਨ ਹੈ ਵੀ, ਉੱਥੇ ਵੀ ਇਹ ਸੰਸਥਾਨ ਜਾਂ ਕਾਨੂੰਨ ਦਵਾ-ਕੰਪਨੀਆਂ ਨੂੰ ਨੱਥ ਪਾਉਣ ਵਿੱਚ ਵੱਧ ਜਾਂ ਘੱਟ ਨਾਕਾਮ ਰਹਿੰਦੇ ਹਨ। ਮੁਨਾਫ਼ਾ ਕਮਾਉਣ ਲਈ ਇਹ ਕੰਪਨੀਆਂ ਕਿਸ ਹੱਦ ਤੱਕ ਜਾ ਸਕਦੀਆਂ ਹਨ, ਉਸ ਦਾ ਅੰਦਾਜਾ ਇਸ ਤੱਥ ਤੋਂ ਸਹਿਜੇ ਹੀ ਹੋ ਜਾਂਦਾ ਹੈ—2006 ਦੇ ਸਾਲ ਦੌਰਾਨ ਚੀਨ ਵਿੱਚ ਸਰਕਾਰ ਵੱਲੋਂ ਵੱਢੀ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਕਾਰਨ ਦਵਾਈਆਂ ਦੇ ਖੇਤਰ ਵਿੱਚ ਵਾਧਾ ਦਰ 20.5 ਫੀਸਦੀ ਤੋਂ ਘੱਟ ਕੇ 12.5 ਫੀਸਦੀ ਰਹਿ ਗਈ ਸੀ, ਕਿਉਂਕਿ ਕੰਪਨੀਆਂ ਦੇ ਡਾਕਟਰਾਂ ਕੋਲ ਜਾ ਕੇ ਪ੍ਰਚਾਰ ਕਰਨ ਤੇ ਕਾਫ਼ੀ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ।

ਹੁਣ ਦਵਾ-ਕੰਪਨੀਆਂ ਤੇ ਡਾਕਟਰਾਂ ਦੇ ਰਿਸ਼ਤੇ ਬਾਰੇ ਕੁਝ ਵਿਸਥਾਰ ਵਿੱਚ ਗੱਲ ਹੋ ਜਾਵੇ। ਕਿਉਂਕਿ ਦਵਾਈਆਂ ਦੇ ਖੇਤਰ ਵਿੱਚ, ਸਿੱਧਾ ਗਾਹਕ (ਮਰੀਜ਼) ਤੱਕ ਇਸ਼ਤਿਹਾਰ ਰਾਹੀਂ ਵਿਕਰੀ ਨਹੀਂ ਵਧਾਈ ਜਾ ਸਕਦੀ (ਭਾਵੇਂ ਕਿ ਕੁਝ ਹੱਦ ਤੱਕ ਇਸ ਤਰਾਂ ਕੀਤਾ ਵੀ ਜਾਂਦਾ ਹੈ ਪਰ ਇਸ ਦਾ ਦਾਇਰਾ ਕਾਫ਼ੀ ਸੀਮਿਤ ਹੈ), ਇਸ ਲਈ ਦਵਾਈਆਂ ਦੀ ਵਿਕਰੀ ਵਧਾਉਣ ਲਈ ਡਾਕਟਰਾਂ ਤੱਕ ਪ੍ਰਚਾਰ ਤੇ ਡਾਕਟਰਾਂ ਦੁਆਰਾ ਵੱਧ ਤੋਂ ਵੱਧ ਦਵਾਈਆਂ ਲਿਖਵਾਉਣਾ ਦਵਾਈਆਂ ਦੀ ਵਿਕਰੀ ਵਧਾਉਣ ਦਾ ਇੱਕ ਪ੍ਰਮੁੱਖ ਜਰੀਆ ਬਣ ਜਾਂਦਾ ਹੈ। ਡਾਕਟਰਾਂ ਨੂੰ ਅੱਗੇ ਦੋ ਵਰਗਾਂ ਵਿੱਚ ਰੱਖਿਆ ਜਾ ਸਕਦਾ ਹੈ – ਪਹਿਲੇ ਵਰਗ ਵਿੱਚ ਪ੍ਰਾਈਵੇਟ ਕੰਮ ਕਰਦੇ ਡਾਕਟਰ, ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਡਾਕਟਰ ਆਉਂਦੇ ਹਨ ਜਿਹੜੇ ਸਿੱਧਾ-ਸਿੱਧਾ ਵਿਕਰੀ ਵਧਾ ਸਕਦੇ ਹਨ ਅਤੇ ਦੂਜੇ ਵਰਗ ਵਿੱਚ ਅਜਿਹੇ ਡਾਕਟਰ-ਪ੍ਰੋਫੈਸਰ ਆਉਂਦੇ ਹਨ ਜਿਹੜੇ ਮਹੱਤਵਪੂਰਨ ਪਦਾਂ ’ਤੇ ਹੁੰਦੇ ਹੋਏ ਨਿਰਧਾਰਿਤ ਕਰਦੇ ਹਨ ਕਿ ਕਿਹੜੀ ਦਵਾਈ ਕਿਸ-ਕਿਸ ਬਿਮਾਰੀ ਲਈ ਦਿੱਤੀ ਜਾ ਸਕਦੀ ਹੈ, ਕਿੰਨੀ ਦੇਰ ਲਈ ਤੇ ਕਿੰਨੀ ਮਾਤਰਾ ਵਿੱਚ ਦਿੱਤੀ ਜਾ ਸਕਦੀ ਹੈ ਤੇ ਕਿਸ-ਕਿਸ ਬਿਮਾਰੀ ਲਈ ਦਵਾਈਆਂ ਦੁਆਰਾ ਇਲਾਜ ਜ਼ਰੂਰੀ ਹੈ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਖੋਜ ਕਾਰਜਾਂ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਵੱਖ-ਵੱਖ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਦੇ ਲੇਖਕ ਹੁੰਦੇ ਹਨ।

ਪਹਿਲੀ ਕਿਸਮ ਦੇ ਡਾਕਟਰਾਂ ਤੱਕ ਪਹੁੰਚ ਕਰਨ ਲਈ ਦਵਾ-ਕੰਪਨੀਆਂ `ਮੈਡੀਕਲ ਰੀਪ੍ਰਜੈਂਟੇਟਿਵ (ਨੁਮਾਇੰਦੇ)’ (M.R.) ਦੀ ਇੱਕ ਵੱਡੀ ਫੌਜ ਭਰਤੀ ਕਰਦੀਆਂ ਹਨ। ਇੱਕਲੇ ਅਮਰੀਕਾ ਵਿੱਚ ਇਹਨਾਂ ਦੀ ਗਿਣਤੀ 90,000 ਦੇ ਲਗਭਗ ਹੈ, ਭਾਰਤ ਤੇ ਹੋਰ ਦੇਸ਼ਾਂ ਵਿੱਚ ਇਹਨਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋਣ ਦਾ ਅੰਦਾਜ਼ਾ ਹੈ। ਇਹ ਐਮ. ਆਰ. ਹਰ ਉਸ ਡਾਕਟਰ ਤੱਕ, ਜੋ ਕਿਸੇ ਨਾ ਕਿਸੇ ਤਰੀਕੇ ਨਾਲ ਦਵਾਈ ਦੀ ਵਿਕਰੀ ਵਧਾ ਸਕਦਾ ਹੈ, ਤੱਕ ਪਹੁੰਚ ਕਰਦੇ ਹਨ। ਡਾਕਟਰਾਂ ਨੂੰ ਮਿਲਣ ਦਾ ਬਹਾਨਾ ਇਹ ਬਣਾਇਆ ਜਾਂਦਾ ਹੈ ਕਿ ਉਹ ਡਾਕਟਰਾਂ ਨੂੰ ਨਵੀਆਂ ਦਵਾਈਆਂ ਬਾਰੇ ਤੇ ਨਵੀਆਂ ਖੋਜਾਂ ਬਾਰੇ ਜਾਣੂ ਕਰਵਾਉਂਦੇ ਹਨ ਤੇ ਪੜਨ-ਸਮੱਗਰੀ ਮੁਹੱਈਆ ਕਰਵਾਉਂਦੇ ਹਨ।ਇੱਕ ਕਸ਼ਮੀਰੀ ਅਖਬਾਰ ਅਨੁਸਾਰ – “ਦਵਾ-ਕੰਪਨੀਆਂ ਦੇ ਨੁਮਾਇੰਦੇ ਜਿਹਨਾਂ ਦੀਆਂ ਦਵਾਈਆਂ ਦੇ ਲਾਭਦਾਇਕ ਅਸਰ ਬਾਰੇ ਕੁਝ ਵੀ ਪੱਕਾ ਨਹੀਂ ਹੁੰਦਾ ਹੈ, ਡਾਕਟਰਾਂ ਨੂੰ ਕੈਸ਼, ਫਰਿਜ਼, ਟੀ. ਵੀ., ਲੈਪਟੌਪ, ਮੋਬਾਇਲ ਫੋਨ, ਫੋਨ ਦੇ ਬਿਲ, ਕਾਰਾਂ, ਬੱਚਿਆ ਦੀ ਟਿਊਸ਼ਨ ਫੀਸ ਤੇ ਹੋਰ ਬਹੁਤ ਕੁਝ ਆਫ਼ਰ ਕਰਦੇ ਹਨ।’’ਮੁੰਬਈ ਦੇ ਡਾਕਟਰ ਅਨੁਸਾਰ – ਦਵਾ-ਕੰਪਨੀਆਂ ਦੀ ਸਕੀਮ ਸਿੱਧੀ ਹੈ, 1000 ਸੈਂਪਲ ਵੇਚਣ ਤੇ ਮੋਟੋਰੋਲਾ ਮੋਬਾਇਲ ਸੈੱਟ, 5000 ਸੈਂਪਲ ਵੇਚਣ ਤੇ ਏਅਰ ਕੂਲਰ ਅਤੇ 10,000 ਸੈਂਪਲ ’ਤੇ ਮੋਟਰਸਾਈਕਲ।


ਆਗਾ ਖਾਨ ਯੂਨੀਵਰਸਿਟੀ, ਪਾਕਿਸਤਾਨ ਵਿੱਚ ਮਾਨਸਿਕ ਰੋਗਾਂ ਦੇ ਵਿਭਾਗ ਦੇ ਮੁਖੀ, ਪ੍ਰੋ. ਮੁਰਾਦ ਐੱਮ. ਖਾਨ ਅਨੁਸਾਰ – ਇੱਕ ਕੰਪਨੀ ਦੀ ਮਹਿੰਗੀ ਦਵਾਈ 200 ਮਰੀਜ਼ਾਂ ਨੂੰ ਲਿਖਣ ’ਤੇ ਤੁਹਾਨੂੰ ਇੱਕ ਨਵੀਂ ਨਕੋਰ ਕਾਰ ਇਨਾਮ ਵਿੱਚ ਮਿਲੇਗੀ। ਪ੍ਰੋ. ਖਾਨ, ਇੱਕ ਹੋਰ ਜ਼ਿਕਰ ਵੀ ਕਰਦੇ ਹਨ – ਅਕਤੂਬਰ 2004 ਵਿੱਚ ਲਿਉਂਡਬੈੱਕ (Lundbeck) ਕੰਪਨੀ ਨੇ ਯਾਦਸ਼ਕਤੀ ਘੱਟ ਹੋਣ ਦੀ ਇੱਕ ਬਿਮਾਰੀ (Alzheimer‘s disease) ਲਈ ਆਪਣੀ ਦਵਾਈ ਨੂੰ ਲਾਂਚ ਕਰਨ ਲਈ 70 ਪਾਕਿਸਤਾਨੀ ਡਾਕਟਰਾਂ ਨੂੰ ਬੈਂਕਾਕ ਦੇ ਪੰਜ-ਤਾਰਾਂ ਹੋਟਲ ਵਿੱਚ ਪਾਰਟੀਆਂ ਦਿੱਤੀਆਂ। ਉਹ ਅੱਗੇ ਲਿਖਦੇ ਹਨ – ਕੰਪਨੀ ਇਹ ਖਰਚਾ ਕਿਥੋਂ ਵਸੂਲ ਕਰੇਗੀ? ਦਵਾਈ ਦੀ ਵਿਕਰੀ ਵਧਾ ਕੇ, ਵਿਕਰੀ ਕੌਣ ਵਧਾਏਗਾ? ਉਹ ਡਾਕਟਰ ਜਿਹੜੇ ਬੈਂਕਾਕ ਗਏ ਸਨ, ਜੇਬ ਕਿਸ ਦੀ ਖਾਲੀ ਹੋਵੇਗੀ? ਮਰੀਜ਼ਾਂ ਤੇ ਉਹਨਾਂ ਪਰਿਵਾਰਾਂ ਦੀ, ਬਿਲਕੁਲ ਸਪੱਸ਼ਟ ਤੌਰ ’ਤੇ।’’ਕੀਨੀਆਂ ਦੇ ਮੈਡੀਕਲ ਵਿਦਿਆਰਥੀ, ਰੈਮਰੂਨ ਪੇਜ ਅਨੁਸਾਰ – ਕੁਝ ਮੈਡੀਕਲ ਵਿਦਿਆਰਥੀਆਂ ਦੇ ਚਿੱਟੇ ਕੋਟ ਵੀ ਕੰਪਨੀ ਦੇ ਲੋਗੋ ਵਾਲੇ ਹਨ….. ਇਹ ਤਾਂ ਹੱਦ ਹੀ ਹੋ ਗਈ ਹੈ

ਇਸ ਤੋਂ ਇਲਾਵਾ ਦਵਾ-ਕੰਪਨੀਆਂ ਦੇ ਸੇਲਜਮੈਨ (ਐਮ. ਆਰ.) ਵੱਖ-ਵੱਖ ਧਾਰਮਿਕ-ਸਮਾਜਿਕ ਤਿਉਹਾਰਾਂ ਦੇ ਮੌਕੇ ’ਤੇ, ਨਵੇਂ ਸਾਲ ਦੇ ਮੌਕੇ ’ਤੇ, ਡਾਕਟਰਾਂ ਅਤੇ ਉਹਨਾਂ ਦੇ ਬੱਚਿਆ ਦੇ ਜਨਮ-ਦਿਨਾਂ ’ਤੇ ਤੋਹਫੇ ਦੇਣ ਦਾ ਬਾਖੂਬੀ ਪ੍ਰਬੰਧ ਕਰਦੇ ਹਨ। ਪਿਛਲੇ ਇੱਕ-ਡੇਢ ਦਹਾਕੇ ਤੋਂ ਸੀ. ਐਮ. ਈ. ਐੱਸ. (3M5S), ਇੱਕ ਤਰਾਂ ਦੇ ਅਕਾਦਮਿਕ ਪ੍ਰੋਗਰਾਮ ਜਿਹਨਾਂ ਦਾ ਮਕਸਦ ਨਵੀਨਤਮ ਖੋਜਾਂ ਤੇ ਦਵਾਈਆਂ ਬਾਰੇ ਡਾਕਟਰਾਂ ਨੂੰ ਸਿੱਖਿਅਤ ਕਰਨਾ ਹੁੰਦਾ ਹੈ – ਦੇ ਨਾਮ ਹੇਠ ਕੰਪਨੀਆਂ ਵੱਲੋਂ ਪਾਰਟੀਆਂ ਤੇ ਖਾਣੇ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਪਾਰਟੀਆਂ ਦੋ-ਤਿੰਨ ਘੰਟੇ ਦੇ ਪ੍ਰੋਗਰਾਮ ਤੋਂ ਲੈ ਕੇ ਤਿੰਨ-ਚਾਰ ਦਿਨਾਂ ਦੀਆਂ ਕਾਨਫਰੰਸਾਂ ਦੇ ਰੂਪ ਵਿੱਚ ਹੁੰਦੀਆਂ ਹਨ। ਇਹਨਾਂ ਦਾ ਲਗਭਗ ਸਾਰਾ ਖਰਚਾ, ਇਥੋਂ ਤੱਕ ਕਿ ਡਾਕਟਰਾਂ ਦੇ ਆਉਣ-ਜਾਣ ਅਤੇ ਰਹਿਣ ਦਾ ਖਰਚਾ, ਵਿੱਚ ਹਵਾਈ ਸਫ਼ਰ ਦੀਆਂ ਟਿਕਟਾਂ ਵੀ ਸ਼ਾਮਿਲ ਹੋ ਸਕਦੀਆਂ ਹਨ, ਸਭ ਕੁਝ ਕੰਪਨੀਆਂ ਦੁਆਰਾ ਸਪਾਂਸਰ ਕੀਤਾ ਜਾਂਦਾ ਹੈ। ਇਹਨਾਂ ਕਾਨਫਰੰਸਾ ਦੌਰਾਨ ਬੁਲਾਰੇ ਆਮ ਤੌਰ ’ਤੇ ਕੰਪਨੀ ਦੁਆਰਾ ਤਿਆਰ ਕੀਤਾ ਭਾਸ਼ਣ ਹੀ ਪੜਦੇ ਹਨ ਅਤੇ ਕੰਪਨੀ ਦੀ ਦਵਾਈ ਦੇ ਬਰਾਂਡ ਦੇ ਨਾਮ ਦੀ ਖਾਸ ਤੌਰ ’ਤੇ ਚਰਚਾ ਕਰਦੇ ਹਨ।

ਹੁਣ ਗੱਲ ਵੱਡੀਆਂ ਮੱਛੀਆਂ ਤੇ ਮਗਰਮੱਛਾਂ ਦੀ, ਭਾਵ ਦੂਜੇ ਵਰਗ ਦੇ ਡਾਕਟਰਾਂ ਦੀ ਵੀ ਹੋ ਜਾਵੇ। ਹੁਣੇ-ਹੁਣੇ ਅਮਰੀਕੀ ਸੈਨੇਟਰ ਚਾਰਲਸ ਗਗਮਲੀ ਨੇ ਦਵਾ-ਕੰਪਨੀਆਂ ਅਤੇ ਡਾਕਟਰਾਂ ਦੇ ਆਰਥਿਕ ਰਿਸ਼ਤਿਆਂ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਜਿਸ ਵਿਚ ਕਈ ਹੈਰਾਨੀਜਨਕ ਖੁਲਾਸੇ ਪੇਸ਼ ਕੀਤੇ ਗਏ ਹਨ। ਇਹ ਰਿਪੋਰਟ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ’ਤੇ ਅਧਾਰਿਤ ਹੈ ਤੇ ਛੇਤੀ ਹੀ ਉਹ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ’ਤੇ ਅਧਾਰਿਤ ਰਿਪੋਰਟ ਵੀ ਪੇਸ਼ ਕਰਨ ਜਾ ਰਹੇ ਹਨ।ਇਸ ਰਿਪੋਰਟ ਅਨੁਸਾਰ – ਹਾਰਵਰਡ ਮੈਡੀਕਲ ਸਕੂਲ ਦੇ ਮਾਨਸਿਕ ਰੋਗਾਂ ਦੇ ਪ੍ਰੋਫੈਸਰ ਡਾ. ਜੋਸਫ਼ ਐੱਲ. ਲੀਡਰਮੈਨ ਨੂੰ ਇੱਕ ਕੰਪਨੀ ਵੱਲੋਂ 1.6 ਮਿਲੀਅਨ ਡਾਲਰ ਦੀ ਅਦਾਇਗੀ ਸਾਲ 2006-2007 ਦੇ ਦਰਮਿਆਨ ਕੀਤੀ। ਹੱਦ ਉਦੋਂ ਹੋ ਗਈ ਜਦੋਂ ਹਸਪਤਾਲ ਦੇ ਮੁਖੀ ਨੇ ਉਪਰੋਕਤ ਡਾਕਟਰ ਨੂੰ ਹਮਦਰਦੀ ਭਰੇ ਇਹ ਸ਼ਬਦ ਇਸ ਖੁਲਾਸੇ ਤੋਂ ਬਾਅਦ ਲਿਖ ਭੇਜੇ, “ਸਾਨੂੰ ਪਤਾ ਹੈ ਕਿ ਇਹਨਾਂ ਡਾਕਟਰਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਔਖਾ ਸਮਾਂ ਹੈ, ਤੇ ਸਾਡੀ ਉਹਨਾਂ ਨਾਲ ਦਿਲੀ ਹਮਦਰਦੀ ਹੈ।’’ਇਸ ਤਰਾਂ ਹੀ ਡਾ. ਐਲਨ ਸਾਟਜ਼ਬਰਗ ਦਾ ਕੇਸ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਇਸ ਪ੍ਰੋਫੈਸਰ ਦਾ ਕਨਸੈਪਟ ਥੀਰੈਪਟਿਕਸ (3oncept Therapeatics) ਨਾਂ ਦੀ ਕੰਪਨੀ ਵਿੱਚ 60 ਲੱਖ ਡਾਲਰ ਦਾ ਹਿੱਸਾ ਹੈ ਤੇ ਇਹ ਕੰਪਨੀ ਗਰਭਪਾਤ ਵਿੱਚ ਕੰਮ ਆਉਣ ਵਾਲੀ ਇੱਕ ਦਵਾਈ – ਮਿਫੀਪਰਿਸਟੋਨ (Mifepristone) ਨੂੰ ਉਦਾਸੀ ਰੋਗਾਂ ਦੇ ਇਲਾਜ ਲਈ ਟੈਸਟ ਕਰ ਰਹੀ ਹੈ। ਡਾਕਟਰ ਸਾਹਿਬ ਵੀ ਮਾਨਸਿਕ ਸਿਹਤ ਦੇ ਰਾਸ਼ਟਰੀ ਸੰਸਥਾਨ ਵਿੱਚ ਇਸੇ ਦਵਾਈ ਤੇ ਟੈਸਟ ਕਰ ਰਹੇ ਸਨ ਤੇ ਉਹਨਾਂ ਕਈ ਪਰਚੇ ਵੀ ਲਿਖੇ। ਖੁਲਾਸਾ ਹੋਣ ਤੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ।

ਇਸ ਤਰਾਂ ਦੇ ਕਈ ਹੋਰ ਖੁਲਾਸੇ ਵੀ ਇਸ ਰਿਪੋਰਟ ਵਿੱਚ ਕੀਤੇ ਗਏ ਹਨ। ਪਰ ਸਿਰਫ਼ ਇਹੀ ਇੱਕ ਤਰੀਕਾ ਨਹੀਂ ਜਿਸ ਨਾਲ ਕੰਪਨੀਆਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਲੋਕਾਂ ਦੀ ਜੇਬ ’ਤੇ ਡਾਕਾ ਮਾਰਦੀਆਂ ਹਨ, ਹੋਰ ਵੀ ਬਹੁਤ ਸਾਰੇ ਤਰੀਕੇ ਅਜਮਾਏ ਜਾਂਦੇ ਹਨ।ਕਿਸੇ ਵੀ ਦਵਾਈ ਨੂੰ ਆਮ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਉਸ ਦੀਆਂ ਬਹੁਤ ਸਾਰੀਆਂ ਪਰਖਾਂ ਕੀਤੀਆਂ ਜਾਂਦੀਆਂ ਹਨ ਅਤੇ ਪਰਖ-ਰਿਪੋਰਟਾਂ ਵਿੱਚ ਦਵਾਈ ਦਾ ਲਾਭਦਾਇਕ ਅਸਰ ਸਿੱਧ ਹੋਣ ’ਤੇ ਹੀ ਦਵਾਈ ਆਮ ਵਰਤੋਂ ਲਈ ਜਾਰੀ ਕੀਤੀ ਜਾਂਦੀ ਹੈ। ਪਰ ਕੰਪਨੀਆਂ ਉਲਟ ਨਤੀਜੇ ਦਿਖਾਉਣ ਵਾਲੀਆਂ ਰਿਪੋਰਟਾਂ ਨੂੰ ਪ੍ਰਕਾਸ਼ਿਤ ਹੀ ਨਹੀਂ ਹੋਣ ਦਿੰਦੀਆਂ ਅਤੇ ਦਵਾਈ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ। ਇਸ ਦੀ ਇੱਕ ਉਦਾਹਰਣ ਹੈ – ਗਲੈਕਸੋ ਸਮਿਥਕਲਾਈਨ (ਜੀ. ਐਸ. ਕੇ.) ਕੰਪਨੀ ਦੀ ਦਵਾਈ ਪੈਕਸਿਲ (Paxil)। ਇਸ ਕੰਪਨੀ ਨੇ 74 ਪਰਖ ਰਿਪੋਰਟਾਂ ਵਿਚੋਂ ਨਾਕਾਰਤਮਕ ਨਤੀਜੇ ਦਿਖਾਉਂਦੀਆਂ 37 ਵਿਚੋਂ 33 ਰਿਪੋਰਟਾਂ ਬਾਹਰ ਹੀ ਨਹੀਂ ਆਉਣ ਦਿੱਤੀਆਂ। ਫਰਾਡ ਦੀ ਪੋਲ ਖੁੱਲਣ ਅਤੇ ਮੁਕੱਦਮੇਬਾਜ਼ੀ ਹੋਣ ’ਤੇ ਜੀ. ਐਸ. ਕੇ. ਨੇ 25 ਲੱਖ ਡਾਲਰ ਦਾ ਹਰਜਾਨਾ ਭਰਨਾ ਮੰਨ ਲਿਆ, ਪਰ ਉਸ ਸਮੇਂ ਤੱਕ ਇਹੀ ਦਵਾਈ 2.7 ਅਰਬ ਡਾਲਰ ਕਮਾ üੱਕੀ ਸੀ।

ਇੱਕ ਦਵਾਈ ਆਮ ਤੌਰ ’ਤੇ ਇੱਕ ਖਾਸ ਬਿਮਾਰੀ ’ਤੇ ਖਾਸ ਕਿਸਮ ਦੇ ਮਰੀਜਾਂ ਲਈ ਵਰਤਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਪਰ ਕੰਪਨੀਆਂ ਇਸ ਤੋਂ ਬਾਅਦ ਹੋਰ ਬਿਮਾਰੀਆਂ ਲਈ ਵਰਤੋਂ ਕਰਨ ਲਈ ਰਿਪੋਰਟਾਂ ਪੇਸ਼ ਕਰਦੀਆਂ ਰਹਿੰਦੀਆਂ ਹਨ ਅਤੇ ਦਵਾਈ ਨੂੰ ਪ੍ਰਮੋਟ ਕਰਨਾ ਜਾਰੀ ਰੱਖਦੀਆਂ ਹਨ, ਸੁਭਾਵਕ ਹੈ ਕਿ ਇਹ ਸਾਰਾ ਕੁਝ ਮਸ਼ਹੂਰ ਤੇ ਰੁਤਬੇ ਵਾਲੇ ਡਾਕਟਰਾਂ ਦੀ ਮੱਦਦ ਬਿਨਾ ਨਹੀਂ ਹੁੰਦਾ ਹੈ। ਇਸ ਪਰਾਕਰਮ ਦੀ ਉਦਾਹਰਣ ਨਿਉਯਾਰਕ ਟਾਈਮਜ਼ ਦੀ ਪੱਤਰਕਾਰ ਮੈਲੋਡੀ ਪੀਟਰਸਨ ਨੇ ਪੇਸ਼ ਕੀਤੀ ਹੈ – ਦਵਾਈ ਦਾ ਨਾਂ ਹੈ – `ਨਿਊਰੋਨਟਿਨ’ ਤੇ ਕੰਪਨੀ ਹੈ ਫਾਈਜ਼ਰ (Pfi੍ਰer)। ਸ਼ੁਰੂ ਵਿੱਚ ਇਸ ਦਵਾਈ ਨੂੰ ਮਿਰਗੀ ਦੀ ਇੱਕ ਖਾਸ ਕਿਸਮ ਲਈ ਪ੍ਰਵਾਨਗੀ ਮਿਲੀ ਪਰ ਕੰਪਨੀ ਨੇ `ਰੁਤਬੇ ਵਾਲੇ ਡਾਕਟਰਾਂ’ ਨਾਲ ਮਿਲ ਕੇ ਇਸ ਨੂੰ ਸਿਰਦਰਦ ਤੋਂ ਲੈ ਕੇ ਮੂਡ ਦੀਆਂ ਮਾਨਸਿਕ ਬਿਮਾਰੀਆਂ ਤੱਕ ਦੇ ਇਲਾਜ ਲਈ ਪ੍ਰਮੋਟ ਕੀਤਾ ਅਤੇ 2003 ਤੱਕ 2.7 ਅਰਬ ਡਾਲਰ ਕਮਾਏ। ਪੋਲ ਖੁੱਲਣ ’ਤੇ 43 ਕਰੋੜ ਡਾਲਰ ਹਰਜਾਨਾ ਭਰਿਆ ਤੇ ਬਾਕੀ ਮੁਨਾਫਾ ਕੰਪਨੀ ਦੇ ਖਾਤੇ ਵਿੱਚ।

ਇੱਕ ਹੋਰ ਤਰੀਕਾ ਲੱਭਿਆ ਗਿਆ ਹੈ ਮੁਨਾਫਾ ਕਮਾਉਣ ਦਾ – ਉਹ ਇਹ ਕਿ ਕਿਸੇ ਆਮ ਪਾਏ ਜਾਣ ਵਾਲੇ ਸੁਭਾਅ ਦੇ ਲੱਛਣ ਨੂੰ ਜਾਂ ਛੋਟੀ-ਮੋਟੀ ਬਿਮਾਰੀ ਨੂੰ ਬਹੁਤ ਖਤਰਨਾਕ ਜਾਂ ਭਿਆਨਕ ਬਣਾ ਕੇ ਪੇਸ਼ ਕਰੋ ਤੇ ਲੋਕਾਂ ਨੂੰ ਇਸ ਦਾ ਇਲਾਜ ਕਰਵਾਉਣ ਲਈ ਪ੍ਰੇਰਿਤ ਕਰੋ, ਕਿਉਂਕਿ ਇਸ ਤਰਾਂ ਦੀਆਂ `ਬਿਮਾਰੀਆਂ’ ਲੋਕਾਂ ਦੇ ਵੱਡੇ ਹਿੱਸੇ ਵਿੱਚ ਪਾਈਆਂ ਜਾਂਦੀਆਂ ਹਨ, ਇਸ ਲਈ ਵਿਕਰੀ ਵੀ ਚੋਖੀ ਹੁੰਦੀ ਹੈ ਤੇ ਮੁਨਾਫਾ ਵੀ ਚੋਖਾ। 1980 ਤੱਕ ਸੰਗ ਜਾਂ ਸ਼ਰਮੀਲਾਪਣ ਕਿਸੇ ਕਿਸਮ ਦੀ ਬਿਮਾਰੀ ਨਹੀਂ ਸੀ, 1980 ਵਿਚ ਸੰਗ-ਸ਼ਰਮੀਲਾਪਣ ਨੇ ਡੀ. ਐਸ. ਐਮ.-3 (4SM-3) `ਮਾਨਸਿਕ ਰੋਗਾਂ ਦੀ ਲਿਸਟ’ ਵਿੱਚ `ਸ਼ੋਸ਼ਲ ਫੋਬੀਆ’ ਦੇ ਨਾਂ ਤੇ ਐਂਟਰੀ ਮਾਰੀ ਤੇ 1994 ਵਿੱਚ ਡੀ. ਐਸ. ਐਮ.-4 (4SM-4) ਵਿੱਚ ਇਹ ਇੱਕ `ਸੋਸ਼ਲ ਐਂਗਜਾਈਟੀ ਡਿਸਆਰਡਰ’ ਨਾਂ ਦੀ ਭਿਆਨਕ ਬਿਮਾਰੀ ਬਣ ਗਈ ਜਿਸ ਦਾ ਇਲਾਜ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ ਤੇ ਉਹ ਵੀ ਦਵਾਈਆਂ ਨਾਲ, ਨਾ ਕਿ ਹੋਰ ਕਿਸੇ ਤਰੀਕੇ ਨਾਲ। 1999 ਵਿੱਚ ਜੀ.ਐਸ.ਕੇ. ਕੰਪਨੀ ਨੇ ਆਪਣੀ ਦਵਾਈ `ਪੈਕਸਿਲ’ ਨੂੰ ਇਸ ਭਿਆਨਕ ਬਿਮਾਰੀ ਦਾ ਇਲਾਜ ਕਰਨ ਲਈ ਪ੍ਰਵਾਨਗੀ ਦਿਵਾ ਲਈ। ਬਹੁਤ ਹੀ ਜਬਰਦਸ਼ਤ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਤੇ ਦਵਾਈ ਚੱਲ ਨਿਕਲੀ। ਇਸ ਤੋਂ ਬਾਅਦ `ਪੈਕਸਿਲ’ ਦੇ ਡਾਇਰੈਕਟਰ – ਬੈਚੀ ਬਰਾਂਡ ਨੇ ਕਿਹਾ – “ਹਰੇਕ ਵਪਾਰੀ ਦਾ ਸੁਪਨਾ ਹੁੰਦਾ ਹੈ ਇੱਕ ਅਣਜਾਣ ਤੇ ਨਵੀਂ ਮੰਡੀ ਨੂੰ ਲੱਭਣਾ ਤੇ ਵਿਕਸਿਤ ਕਰਨਾ। `ਸੋਸ਼ਲ ਐਂਗਜਾਈਟੀ ਡਿਸਆਰਡਰ’ ਦੇ ਸਬੰਧ ਵਿੱਚ ਅਸੀਂ ਇਹੀ ਕਰਨ ਵਿੱਚ ਕਾਮਯਾਬ ਰਹੇ।’’
ਇਸ ਤੋਂ ਬਿਨਾਂ ਕਈ ਵਾਰੀ ਕੁਝ ਦਵਾਈਆਂ ਵਿਕਸਿਤ ਦੇਸ਼ਾਂ ਵਿੱਚ ਕੁਝ ਸਮੇਂ ਤੋਂ ਬਾਅਦ ਨਾਕਾਰਤਮਕ ਪ੍ਰਭਾਵ ਪਤਾ ਲੱਗਣ ’ਤੇ ਮਾਰਕੀਟ ਵਿਚੋਂ ਵਾਪਸ ਲੈ ਲਈਆਂ ਜਾਂਦੀਆਂ ਹਨ, ਪਰ ਕੰਪਨੀਆਂ ਇਹਨਾਂ ਦਵਾਈਆਂ ਨੂੰ ਲੈ ਕੇ ਵਿਕਾਸਸ਼ੀਲ ਤੇ ਗਰੀਬ ਦੇਸ਼ਾਂ ਵਿੱਚ ਪਹੁੰਚ ਜਾਂਦੀਆਂ ਹਨ ਅਤੇ ਧੜੱਲੇ ਨਾਲ ਵੇਚਦੀਆਂ ਹਨ ਕਿਉਂਕਿ ਇਥੇ ਨਿਯੰਤਰਣ ਕਰਨ ਲਈ ਸੰਸਥਾਨ ਤੇ ਕਾਨੂੰਨ ਦੀ ਘਾਟ ਹੁੰਦੀ ਹੈ।
ਆਖਰ ਵਿੱਚ ਪੇਟੈਂਟ ਦਾ ਘਾਲਾ-ਮਾਲਾ। ਕੋਈ ਵੀ ਕੰਪਨੀ ਜਦੋਂ ਕਿਸੇ ਨਵੀਂ ਦਵਾਈ ਨੂੰ ਵਿਕਸਿਤ ਕਰਦੀ ਹੈ, ਤਾਂ ਉਹ ਦਵਾਈ ਨੂੰ ਪੇਟੈਂਟ ਕਰਵਾ ਲੈਂਦੀ ਹੈ ਭਾਵ ਕਿ ਕੁਝ ਮਿਥੇ ਸਮੇਂ ਲਈ, ਜੋ ਕਿ ਆਮ ਤੌਰ ’ਤੇ 10-20 ਸਾਲਾਂ ਹੁੰਦਾ ਹੈ, ਇਸ ਦਵਾਈ ਦਾ ਅਧਿਕਾਰ ਉਸੇ ਕੰਪਨੀ ਕੋਲ ਰਹਿੰਦਾ ਹੈ, ਭਾਵੇਂ ਇਸ ਦਾ ਕਾਰਨ ਖੋਜ ਕਾਰਜ ਤੇ ਹੋਇਆ ਖਰਚਾ ਦੱਸਿਆ ਜਾਂਦਾ ਹੈ, ਪਰ ਅਸਲ ਵਿੱਚ ਇਜ਼ਾਰੇਦਾਰੀ ਨਾਲ ਮੁਨਾਫੇ ਦੀ ਪ੍ਰਤੀਸ਼ਤ ਵਧਾਉਣ ਦੀ ਇੱਕ ਚਾਲ ਤੋਂ ਵੱਧ ਕੁਝ ਨਹੀਂ। ਵਿਸ਼ਵ ਸਿਹਤ ਸੰਸਥਾ (W8O) ਅਨੁਸਾਰ ਪੇਟੈਂਟ ਕੀਤੀਆਂ ਦਵਾਈਆਂ ਆਮ ਰਿਟੇਲ ਕੀਮਤਾਂ ਤੋਂ 20-100 ਗੁਣਾ ਜ਼ਿਆਦਾ ਕੀਮਤਾਂ ’ਤੇ ਵੇਚੀਆਂ ਜਾਂਦੀਆਂ ਹਨ।
ਆਮ ਤੌਰ ’ਤੇ ਇਹ ਵੱਡੀਆਂ ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਇੱਕ ਨਵੀਂ ਦਵਾਈ ਦੀ ਖੋਜ ਕਰਨ ਲਈ ਲਗਭਗ 50 ਕਰੋੜ ਡਾਲਰ ਦਾ ਖਰਚਾ ਆਉਂਦਾ ਹੈ।ਦਵਾ-ਉਦਯੋਗ ਦੇ ਇੱਕ ਮਸ਼ਹੂਰ ਜਾਣਕਾਰ, ਪੈਰਿਲ ਗੂਜ਼ਨਰ ਅਨੁਸਾਰ- ਇਹ ਅੰਕੜਾ ਹੀ ਬੋਗਸ ਹੈ। ਉਸ ਅਨੁਸਾਰ ਖੋਜ-ਕਾਰਜਾਂ ’ਤੇ ਹੋਣ ਵਾਲੇ ਖਰਚੇ ਦਾ 40 ਫੀਸਦੀ ਹਿੱਸਾ ਸਿਰਫ਼ ਪੁਰਾਣੀਆਂ ਮੌਜੂਦ ਦਵਾਈਆਂ ਵਿੱਚ ਛੋਟੇ-ਮੋਟੇ ਬਦਲਾਅ ਕਰਕੇ ਉਸ ਨੂੰ ਨਵੀਂ ਦਵਾਈ ਦੇ ਰੂਪ ਵਿੱਚ ਪੇਸ਼ ਕਰਨ ਵਿੱਚ ਆਉਂਦਾ ਹੈ, ਨਾ ਕਿ ਕਿਸੇ ਕਿਸਮ ਦੀ ਨਵੀਂ ਦਵਾਈ ਲੱਭਣ ’ਤੇ। ਇਸ ਤੋਂ ਬਾਅਦ ਇੱਕ ਵੱਡਾ ਹਿੱਸਾ (ਟੋਰਾਂਟੋ ਸਟਾਰ ਅਖਬਾਰ ਅਨੁਸਾਰ 19 ਅਰਬ ਡਾਲਰ) ਇਸ ਅਖੌਤੀ `ਨਵੀਂ ਦਵਾਈ’ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ ਲਈ ਖਰਚ ਹੁੰਦਾ ਹੈ ਤਾਂ ਕਿ ਉਹ ਭਰੋਸਾ ਕਰਨ ਲੱਗ ਪੈਣ ਇਹ `ਨਵੀਂ ਲੱਭਤ’ ਪੁਰਾਣੀ ਦਵਾਈ ਨਾਲੋਂ ਬੇਹਤਰ ਹੈ। ਇਸ ਲਈ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, 90,000 ਦੇ ਕਰੀਬ ਐਮ. ਆਰ. ਦੀ ਫੌਜ ਹੈ ਜਿਹਨਾਂ ਦੀ ਤਨਖਾਹ ਤੇ ਭੱਤੇ ਵੀ ਗਾਹਕ (ਮਰੀਜ਼) ਦੇ ਸਿਰ ਟੁੱਟਦੀ ਹੈ ਹਾਲਾਂਕਿ ਇਹ ਬਿਲਕੁਲ ਹੀ ਗੈਰ-ਜ਼ਰੂਰੀ ਹਿੱਸਾ ਹੈ[50 ਕਰੋੜ ਡਾਲਰ ਦਾ ਤੀਜਾ ਵੱਡਾ ਹਿੱਸਾ ਕਿਥੇ ਖਰਚ ਹੁੰਦਾ ਹੈ, ਉਸ ਦਾ ਪਤਾ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰ ਤੇ ਹੋਰ ਟਾਪ ਕਲਾਸ ਦੇ ਅਫ਼ਸਰਾਂ ਦੀ ਤਨਖਾਹਾਂ ਦੇਖ ਕੇ ਪਤਾ ਚੱਲ ਜਾਂਦਾ ਹੈ। —
.ਫਾਈਜ਼ਰ (Pfizer) ਦੇ ਸੀ.ਈ.ਓ. , ਹੈਂਕ ਮੈਕਕਿਨਲ ਦੀ ਤਨਖਾਹ 2.8 ਕਰੋੜ ਡਾਲਰ ਸਾਲਾਨਾ ਤੇ 3.06 ਕਰੋੜ ਦੇ ਹੋਰ ਭੱਤੇ ਤੇ ਸਟੋਕ ਓਪਸ਼ਨਜ।
.ਮਰਕ (Merck) ਦੇ ਸੀ.ਈ.ਓ. , ਰੇਮੰਡ ਗਿਲਮਾਰਟਿਨ ਦੀ ਤਨਖਾਹ 1.95 ਕਰੋੜ ਡਾਲਰ ਤੇ 4.8 ਕਰੋੜ ਡਾਲਰ ਦੇ ਹੋਰ ਭੱਤੇ ਤੇ ਸਟੋਕ ਓਪਸ਼ਨਜ।
ਬਰਿਸਟਲ ਮੇਅਰ (2ristol Mayor Squibb) ਦੇ ਸੀ.ਈ.ਓ. , ਪੀ. ਆਰ. ਡੋਲਨ ਦੀ ਤਨਖਾਹ 85 ਲੱਖ ਡਾਲਰ ਸਾਲਾਨਾ ਤੇ 34 ਲੱਖ ਡਾਲਰ ਦੇ ਹੋਰ ਭੱਤੇ।
ਜੀ. ਐਸ. ਕੇ. (7SK) ਦੇ ਸੀ.ਈ.ਓ. ਜੀਨ ਪਿਅਰ ਗਾਰਨੀਅਰ ਦੀ ਤਨਖਾਹ 1.18 ਕਰੋੜ ਡਾਲਰ।
ਇਹਨਾਂ ਵੱਡੇ ਮਗਰਮੱਛਾਂ ਦੀ ਤਨਖਾਹ ਵਿੱਚ ਕੁਝ ਕੁ ਹਜ਼ਾਰ ਹੋਰ ਬਹੁਤ ਉੱਚ ਤਨਖਾਹ ਪਾਉਣ ਵਾਲੇ ਐਗਜੀਕਿਊਟਿਵ ਅਫ਼ਸਰਾਂ ਦੀ ਤਨਖਾਹ ਵੀ ਜੋੜ ਲਵੋ, ਤਾਂ ਆਪਣੇ ਆਪ ਸਮਝ ਆ ਜਾਵੇਗਾ ਕਿ ਕਿਉਂ ਖੋਜ-ਕਾਰਜਾਂ ’ਤੇ ਇੰਨਾ ਖਰਚ ਆਉਂਦਾ ਹੈ।
.
ਇੱਕ ਗੱਲ ਹੋਰ, ਕੀ ਦਵਾ-ਕੰਪਨੀਆਂ ਸੱਚ-ਮੱੁਚ ਹੀ ਕੋਈ ਖੋਜ-ਕਾਰਜ ਕਰਦੀਆਂ ਹਨ ਤੇ ਮਨੁੱਖਤਾ ਦੀ ਬੇਹਤਰੀ ਲਈ ਨਵੀਂਆਂ ਦਵਾਈਆਂ ਦੀ ਖੋਜ ਕਰਦੀਆਂ ਹਨ? ਇਸ ਸਵਾਲ ਦਾ ਜਵਾਬ ਇੱਕ ਵਾਰ ਫਿਰ ਨਾਂਹ ਵਿੱਚ ਮਿਲਦਾ ਹੈ। ਕਿਵੇਂ, ਇਹਨਾਂ ਤੱਥਾਂ ਵੱਲ ਧਿਆਨ ਮਾਰੋ। —
ਫਰੈਂਚ ਮੈਗਜ਼ੀਨ, ਜਰਨਲ ਲਾ ਰੀਵਿਉ ਪ੍ਰੈਸਕਰੀਰ ਦੁਆਰਾ ਅਪ੍ਰੈਲ 2004 ਵਿੱਚ ਕੀਤੇ ਸਰਵੇ ਅਨੁਸਾਰ 1981 ਤੋਂ 2004 ਤੱਕ ਲੱਭੇ ਗਏ 3096 ਨਵੇਂ ਦਵਾ-ਉਤਪਾਦਾਂ ਵਿੱਚੋਂ 68 ਫੀਸਦੀ ਵਿੱਚ ਪੁਰਾਣੀਆਂ ਦਵਾਈਆਂ ਦੇ ਮੁਕਾਬਲੇ ਕੁਝ ਵੀ ਨਵਾਂ ਨਹੀਂ ਸੀ।
.
ਬਿ੍ਰਟਿਸ਼ ਮੈਡੀਕਲ ਜਰਨਲ (ਬੀ. ਐਮ. ਜੇ.) ਦੀ ਇੱਕ ਰਿਪੋਰਟ ਅਨੁਸਾਰ, ਇਸੇ ਸਮੇਂ ਦੌਰਾਨ ਕੈਨੇਡਾ ਵਿੱਚ ਪੇਟੈਂਟ ਕਰਵਾਈਆਂ ਗਈਆਂ ਦਵਾਈਆਂ ਵਿਚੋਂ ਸਿਰਫ਼ 5 ਫੀਸਦੀ ਹੀ ਕੋਈ ਨਵੀਂ ਲੱਭਤ ਅਖਵਾ ਸਕਦੀਆਂ ਸਨ।ਅਮਰੀਕੀ ਖੁਰਾਕ ਤੇ ਦਵਾਈਆਂ ਨਾਲ ਸਬੰਧਿਤ ਵਿਭਾਗ ਵੱਲੋਂ 1989-2000 ਦੇ ਸਮੇਂ ਵਿਚਕਾਰ ਪ੍ਰਵਾਨਗੀ ਦਿੱਤੀਆਂ ਗਈਆਂ 1000 ਤੋਂ ਵੱਧ ਦਵਾਈਆਂ ਵਿਚੋਂ ਤਿੰਨ-ਚੌਥਾਈ ਦਾ ਪਹਿਲਾਂ ਹੀ ਮੌਜੂਦ ਦਵਾਈਆਂ ਦੇ ਮੁਕਾਬਲੇ ਕੁਝ ਵੀ ਜ਼ਿਆਦਾ ਲਾਭ ਨਹੀਂ ਸੀ।ਸਾਲ 1975 ਤੋਂ 1997 ਦੇ ਵਿਚਕਾਰ, ਪੇਟੈਂਟ ਕਰਵਾਈਆਂ ਗਈਆਂ 1233 ਨਵੀਆਂ ਦਵਾਈਆਂ ਵਿੱਚ ਸਿਰਫ਼ 13 ਅਜਿਹੀਆਂ ਸਨ ਜਿਹੜੀ ਭੂ-ਮੱਧ ਦੇ ਰੇਖਾ ਦੇ ਇਰਦ-ਗਿਰਦ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ, ਵੱਖ-ਵੱਖ ਤਰਾਂ ਦੇ ਵਾਇਰਲ ਬੁਖਾਰ ਤੇ ਗਰੀਬ ਦੇਸ਼ਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣੀਆਂ ਸਨ, ਹਾਲਾਂਕਿ ਵਿਸ਼ਵ ਭਰ ’ਚ ਹੋਣ ਵਾਲੀਆਂ ਮੌਤਾਂ ਦਾ ਵੱਡਾ ਹਿੱਸਾ ਇਹਨਾਂ ਬਿਮਾਰੀਆਂ ਕਾਰਨ ਹੁੰਦਾ ਹੈ।

ਇਹਨਾਂ ਤੱਥਾਂ ਤੋਂ ਸਾਫ਼ ਜ਼ਾਹਿਰ ਹੈ ਕਿ ਖੋਜ-ਕਾਰਜ ਵੀ ਉਹਨਾਂ ਦਵਾਈਆਂ ਲਈ ਹੁੰਦਾ ਹੈ ਜਿਹਨਾਂ ਦੇ ਵੇਚਣ ਨਾਲ ਵੱਧ ਮੁਨਾਫ਼ਾ ਹੋ ਸਕਦਾ ਹੈ ਭਾਵ, ਉੱਚੇ ਵਰਗ ਤੇ ਉੱਚ ਮੱਧ ਵਰਗ ਦੀਆਂ ਬਿਮਾਰੀਆਂ, ਜਿਵੇਂ ਮੋਟਾਪਾ (ਜੋ ਕਿ ਇੱਕ ਬਿਮਾਰੀ ਹੈ ਹੀ ਨਹੀਂ ਜੇ ਸਭ ਲੋਕ ਆਪਣੇ ਹਿੱਸੇ ਦਾ ਕੰਮ ਕਰਨ), ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ (ਇਹਨਾਂ ਦਾ ਇੱਕ ਵੱਡਾ ਕਾਰਨ ਇੱਕ ਵਾਰ ਫਿਰ ਵਿਹਲੇ ਰਹਿਣਾ ਤੇ ਵਾਧੂ ਖਾਣਾ ਹੈ), ਦੇ ਇਲਾਜ ਲਈ ਨਵੀਆਂ-ਨਵੀਆਂ ਵੰਨਗੀਆਂ ਪੇਸ਼ ਕਰਦੇ ਰਹਿਣਾ ਹੈ, ਇਸ ਤੋਂ ਵੱਧ ਅੱਜ ਦਾ ਖੋਜ-ਕਾਰਜ ਵੀ ਕੁਝ ਨਹੀਂ ਹੈਇਸ ਸਭ ਦੇ ਵਿਚਕਾਰ ਕੁਝ ਭਲੀਆਂ ਤੇ ਭੋਲੀਆਂ ਆਤਮਾਵਾਂ ਵੀ ਹਨ ਅਤੇ ਕੁਝ ਸਾਮਰਾਜਵਾਦ ਦੀਆਂ ਚਾਕਰ ਐਨ. ਜੀ. ਓ. (N7O) ਜਿਹੜੀਆਂ ਕਿ ਕੰਪਨੀਆਂ ਦੁਆਰਾ ਲੋਕਾਂ ਦੀ ਲੱਟ ਘੱਟ ਕਰਨ (ਨਾ ਕਿ ਖਤਮ ਕਰਨ) ਲਈ ਸਮੇਂ-ਸਮੇਂ ’ਤੇ ਸਰਕਾਰਾਂ ਤੇ ਦਵਾ-ਕੰਪਨੀਆਂ ਨੂੰ ਸੁਝਾਅ ਦਿੰਦੀਆਂ ਰਹਿੰਦੀਆਂ ਹਨ ਅਤੇ ਆਸ ਕਰਦੀਆਂ ਹਨ ਸਭ ਠੀਕ ਹੋ ਜਾਵੇਗਾ ਤੇ ਫਿਰ ਸੌਂ ਜਾਂਦੀਆਂ ਹਨ, ਕਿਸੇ ਵੱਡੇ ਘਪਲੇ ਦੇ ਬਾਹਰ ਆਉਣ ’ਤੇ ਦੁਬਾਰਾ ਜਾਗਣ ਲਈ ਅਤੇ ਪੁਰਾਣੇ ਸੁਝਾਵਾਂ ਦੀ ਨਵੇਂ ਸਿਰਿਉਂ ਜੁਗਾਲੀ ਕਰਨ ਲਈ ਉੱਠ ਖੜੀਆਂ ਹੁੰਦੀਆਂ ਹਨ।ਇਹਨਾਂ ਦੇ ਸੁਝਾਅ ਕੁਝ ਇਸ ਪ੍ਰਕਾਰ ਦੇ ਹੁੰਦੇ ਹਨ—ਸਰਕਾਰ ਸਖਤ ਕਾਨੂੰਨ ਬਣਾਏ ਤੇ ਲਾਗੂ ਕਰੇ, ਪਰ ਜਿਹੜੇ ਪੱਛਮੀ ਦੇਸ਼ਾਂ ਵਿੱਚ ਸਖਤ ਕਾਨੂੰਨ ਹਨ ਉੱਥੇ ਕਿਹੜਾ ਇਹ ਲੱਟ ਖਤਮ ਹੋ ਗਈ ਹੈ ਤੇ ਨਾਲੇ ਪੱਛਮੀ ਦੇਸ਼ਾਂ ਤੇ ਵਿਕਾਸਸ਼ੀਲ ਦੇਸ਼ਾਂ ਦੇ ਸਮਾਜ ਤੇ ਲੋਕਾਂ ਦੇ ਵਿਦਿਅਕ ਤੇ ਸੱਭਿਆਚਾਰਕ ਪੱਧਰ ’ਚ ਜ਼ਮੀਨ-ਅਸਮਾਨ ਦਾ ਅੰਤਰ ਹੈ।ਡਾਕਟਰਾਂ ਦੁਆਰਾ ਤੋਹਫੇ ਲੈਣ ’ਤੇ ਪਾਬੰਦੀ ਲਾਈ ਜਾਵੇ, ਪਰ ਇਹ ਤਾਂ ਪਹਿਲਾਂ ਹੀ ਇੱਕ ਤਰਾਂ ਨਾਲ ਗੈਰ-ਕਾਨੂੰਨੀ ਹੈ ਅਤੇ ਪਾਬੰਦੀ ਹੋਣ ਦੇ ਬਾਵਜੂਦ ਰਿਸ਼ਵਤਖੋਰੀ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ, ਫਿਰ ਇੱਥੇ ਕੀ ਗਰੰਟੀ ਹੈ ਕਿ ਪਾਬੰਦੀ ਨਾਲ ਕੁਝ ਸੌਰ ਜਾਵੇਗਾ।

ਸਰਕਾਰ ਵਿਦਿਅਕ ਸੰਸਥਾਵਾਂ ਵਿਚਲੇ ਖੋਜ-ਕਾਰਜਾਂ ਉੱਪਰ ਦਵਾ-ਕੰਪਨੀਆਂ ਦਾ ਅਸਰ ਖਤਮ ਕਰਨ ਲਈ ਅਤੇ ਡਾਕਟਰਾਂ ਦੀ ਲਗਾਤਾਰ ਸਿੱਖਿਆ ਲਈ ਗਰਾਂਟਾਂ ਦਾ ਪ੍ਰਬੰਧ ਕਰੇ, ਪਰ ਭਲਿਓ ਲੋਕੋ ਜੇ ਸਰਕਾਰ ਨੇ ਇਹੀ ਕਰਨਾ ਹੋਵੇ ਤਾਂ ਸਭ ਕਾਸੇ ਦਾ ਨਿੱਜੀਕਰਨ ਕਿਉਂ ਕਰੇ।ਅਤੇ ਇਹੋ-ਜਿਹੇ ਹੀ ਸੁਝਾਅ ਲੱਗਦੇ ਹੱਥ ਦਵਾ-ਕੰਪਨੀਆਂ ਦੇ ਮਾਲਕਾਂ ਨੂੰ ਵੀ ਦੇ ਛੱਡਦੇ ਹਨ ਕਿ ਉਹ ਪ੍ਰਚਾਰ ਲਈ ਗਲਤ ਤਰੀਕੇ ਨਾ ਵਰਤਣ, ਡਾਕਟਰਾਂ ਨੂੰ ਤੋਹਫੇ ਨਾ ਦੇਣ, ਆਪਣਾ ਸਮਾਜਿਕ ਫਰਜ਼ ਸਮਝਣ, ਸੱਚੀ ਜਾਣਕਾਰੀ ਮੁਹੱਈਆ ਕਰਵਾਉਣ, ਆਪਣੇ ਲਈ `ਕੋਡ ਆਫ਼ ਕੰਡਕਟ’ ਬਣਾਉਣ ਆਦਿ। ਇਹਨਾਂ ਸਾਰੇ ਠੰਡੇ, ਗਲੇ-ਸੜੇ ਸੁਝਾਵਾਂ ਲਈ, ਐਂਡਰਿਊਂ ਚੇਟਲੇ, ਜੋ ਕਿ ਹੈਲਥ ਐਕਸ਼ਨ ਇੰਟਰਨੈਸ਼ਨਲ ਨਾਲ ਸਬੰਧਿਤ ਹੈ, ਠੀਕ ਹੀ ਲਿਖਿਆ ਹੈ— “ਜੇ ਕੋਈ ਇਹ ਸਲਾਹ ਦੇਵੇ ਕਿ ਅਪਰਾਧ ਕਰਨ ਵਾਲੇ ਹੀ ਇਕ ਜੱਜਾਂ ਦੀ ਕਮੇਟੀ ਬਣ ਜਾਣ, ਆਪਣੇ ਸਾਥੀਆਂ ਤੇ ਦੋਸਤਾਂ ਨੂੰ ਕੇਸ ਦੀ ਸੁਣਵਾਈ ਲਈ ਵਕੀਲ ਤੇ ਜਿਊਰੀ ਦੇ ਤੌਰ ਨਿਯੁਕਤ ਕਰਨ ਅਤੇ ਫੈਸਲਾ ਸੁਣਾਉਣ, ਤਾਂ ਅਸੀਂ ਇਸ ਨੂੰ ਇੱਕ ਅਜਿਹੇ ਹਾਸੋਹੀਣੇ ਖਿਆਲ ਦੇ ਤੌਰ ਰੱਦ ਕਰ ਦੇਵਾਂਗੇ ਜਿਸ ਲਈ ਕੋਈ ਸ਼ਬਦ ਨਹੀਂ। ਪਰ, ਦਵਾ ਕੰਪਨੀਆਂ ਦਵਾਈਆਂ ਦੇ ਅਨੁਚਿਤ ਪ੍ਰਚਾਰ ਦੀ ਸਮੱਸਿਆ ਲਈ ਇਹੋ ਜਿਹੇ ਹੱਲ ਹੀ ਪੇਸ਼ ਕਰ ਰਹੀਆਂ ਹਨ।’’

ਜਦੋਂ ਤੱਕ ਇਹ ਮੁਨਾਫਾ ਅਧਾਰਿਤ ਢਾਂਚਾ ਬਣਿਆ ਰਹੇਗਾ, ਉਸ ਸਮੇਂ ਤੱਕ ਹਰ ਤਰਾਂ ਦਾ ਉਤਪਾਦਨ, ਦਵਾਈਆਂ ਦੇ ਉਤਪਾਦਨ ਸਮੇਤ, ਮਨੁੱਖੀ ਲੋੜਾ ਨੂੰ ਧਿਆਨ ਵਿੱਚ ਰੱਖ ਹੋਣ ਦੀ ਥਾਂ ਮੁਨਾਫੇ ਤੇ ਹੋਰ ਵੱਧ ਮੁਨਾਫੇ ਲਈ ਹੁੰਦਾ ਰਹੇਗਾ। ਲੋਕ ਬੁਖਾਰ, ਟੱਟੀਆਂ-ਉਲਟੀਆਂ ਤੇ ਮਲੇਰੀਏ ਨਾਲ ਮਰਦੇ ਰਹਿਣਗੇ, ਪਰ ਮੋਟਾਪਾ ਘਟਾਉਣ ਲਈ ਹਰ ਸਾਲ ਨਵੀਂ ਤੋਂ ਨਵੀਂ ਵੰਨਗੀ ਦੀ ਦਵਾਈ ਵੀ ਮਾਰਕਿਟ ਵਿੱਚ ਆਉਂਦੀ ਰਹੇਗੀ, ਦਵਾ-ਕੰਪਨੀਆਂ ਡਾਕਟਰਾਂ ਨਾਲ ਰਲ ਕੇ ਲੋਕਾਂ ਦੀਆਂ ਜੇਬਾਂ ’ਤੇ ਡਾਕੇ ਮਾਰਦੀਆਂ ਰਹਿਣਗੀਆਂ, ਮ੍ਰਿਤ ਆਤਮਾਵਾਂ ਮੁਰਦਾ ਹੀ ਰਹਿਣਗੀਆਂ ਤੇ ਹੋਰ ਗਲ-ਸੜ ਕੇ ਬਦਬੂ ਮਾਰਨਗੀਆਂ, ਭੋਲੀਆਂ ਆਤਮਾਵਾਂ ਇਸਦੀਆਂ ਆਪਣੀ ਵੀਣਾ ਤੇ ਉਦਾਸ ਧੁਨਾਂ ਛੇੜਦੀਆਂ ਰਹਿਣਗੀਆਂ। ਇਸ ਲਈ ਜ਼ਰੂਰੀ ਹੈ ਕਿ ਜਾਗਦੀਆਂ ਆਤਮਾਵਾਂ ਵਾਲੇ ਲੋਕ ਅੱਗੇ ਆਉਣ ਅਤੇ ਬਦਬੂਦਾਰ ਮਾਹੌਲ ’ਚੋਂ ਬਾਹਰ ਨਿਕਲ ਕੇ ਇੱਕ ਨਵੇਂ ਸਮਾਜ ਦੀ ਉਸਾਰੀ ਲਈ ਸ਼ੁਰੂਆਤ ਕਰਨ ਤਾਂ ਕਿ ਅੱਗੇ ਤੋਂ ਹਰ ਸਾਲ 1.05 ਕਰੋੜ ਲੋਕ ਸਿਰਫ਼ ਦਵਾਈ ਨਾ ਮਿਲਣ ਕਰਕੇ ਹੀ ਨਾ ਮਰ ਜਾਣ।

ਡਾ. ਅਮ੍ਰਿਤਪਾਲ

 ਲਲਕਾਰ ਤੋਂ ਧੰਨਵਾਦ ਸਹਿਤ

Saturday, August 29, 2009

ਗੁਲਾਮ ਕਲਮ ਹਿੰਦੋਸਤਾਨ ਟਾਈਮਜ ਵਿੱਚ


Hindustan Times Chandigarh edition ਵਿੱਚ ਪੰਜਾਬੀ ਬਲੌਗਿੰਗ ਸਬੰਧੀ ਲੇਖ ਵਿੱਚ ਗੁਲਾਮ ਕਲਮ ਨੂੰ ਸ਼ਾਮਿਲ ਕੀਤਾ ਗਿਆ ਹੈ |


ਇਹ ਖੁਸ਼ੀ ਦੀ ਗੱਲ ਹੈ ਕਿ ਮੇਨਸਟ੍ਰੀਮ ਮੀਡੀਆ ਨੇ ਪੰਜਾਬੀ ਬਲੌਗਿੰਗ ਨੂੰ ਪਛਾਣਿਆ ਹੈ , ਅੰਗਰੇਜੀ ਬਲੌਗਿੰਗ ਪਹਿਲਾਂ ਹੀ ਇਕ ਮਹੱਤਵਪੂਰਨ ਸਥਾਨ ਹਾਸਿਲ ਕਰ ਚੁੱਕੀ ਹੈ, ਅਤੇ ਸੋਸ਼ਲ ਮੀਡੀਆ ਦੇ ਤੌਰ ਤੇ, ਕੌਨਵੈਨਸ਼ਨਲ ਮੀਡੀਆ ਨੂੰ ਟੱਕਰ ਦੇਣ ਦੇ ਕਾਬਿਲ ਹੈ, ਹਿੰਦੀ ਬਲੌਗਿੰਗ ਵੀ ਕਾਫੀ ਪਰਪੱਕ ਹੈ |

ਪੰਜਾਬੀ ਦੇ ਜਿਆਦਾਤਰ ਬਲੌਗ ਸਾਹਿਤ ਨਾਲ ਸੰਬਧਿਤ ਨੇ, ਉਮੀਦ ਹੈ ਆਉਣ ਵਾਲੇ ਸਮੇ ਵਿਚ ਪੰਜਾਬੀ ਬਲੌਗਿੰਗ ਦਾ ਘੇਰਾ ਹੋਰ ਵਿਸ਼ਾਲ ਹੋਵੇਗਾ, ਅਤੇ ਵਧ ਤੋਂ ਵੱਧ ਲੋਕ ਮਾਂ ਬੋਲੀ ਵਿਚ ਆਪਣੀ ਬੌਧਿਕ ਤਰਜਮਾਨੀ ਕਰਨਗੇ |

ਜਸਦੀਪ

Thursday, August 27, 2009

ਚੌਥੇ ਜਮੂਹਰੀ ਥੰਮ੍ਹ ਦਾ ਗੈਰ-ਜਮੂਹਰੀ ਸਮਾਜ ਵਿਗਿਆਨ

ਜਾਤ ਦਾ ਸਵਾਲ ਇਕ ਵਾਰ ਫਿਰ ਮੁੱਖ ਧਰਾਈ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣਿਆ ਹੈ।ਇੰਡੀਅਨ ਐਕਸਪ੍ਰੈਸ ਗਰੁੱਪ ਦੇ ਬਾਪੂ,ਜਨਸੱਤਾ ਅਖਬਾਰ ਦੇ ਸੰਪਾਦਕ ਤੇ ਭਾਰਤੀ ਮੀਡੀਆ ਦੀ ਨਾਮਵਾਰ ਹਸਤੀ ਪ੍ਰਭਾਸ਼ ਜੋਸ਼ੀ ਨੇ ਰਵੀਵਾਰ ਪਰਚੇ ਨੂੰ ਦਿੱਤੀ ਇੰਟਰਵਿਊ ‘ਚ ਕਿਹਾ ਹੈ ਕਿ ਮੀਡੀਆ ਹੀ ਨਹੀਂ ਬਲਕਿ ਹਰ ਖੇਤਰ ‘ਤੇ ਬ੍ਰਾਹਮਣਾਂ ਦਾ ਦਬਦਬਾ ਹੈ। ਇਸ ਤਰਕ ਤੋਂ ਬਾਅਦ ਹਿੰਦੀ ਤੇ ਅੰਗਰੇਜ਼ੀ ਪੱਟੀ ‘ਚ ਪੱਖ ਤੇ ਵਿਰੋਧ ‘ਚ ਸੁਰਾਂ ਤਿੱਖੀਆਂ ਹੋਈਆਂ ਹਨ।ਅਸਲ ‘ਚ ਇਸ ਡੀਬੇਟ ਦਾ ਜਨਮ ਕੁਝ ਸਮਾਂ ਪਹਿਲਾਂ ਪ੍ਰਸਿੱਧ ਸੁਤੰਤਰ ਪੱਤਰਕਾਰ ਅਨਿਲ ਚਮੜੀਆ ਵਲੋਂ ਭਾਰਤ ਦੇ ਪਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੇ ਜਾਤ ਤੇ ਧਰਮ ਅਧਾਰ ਕੀਤੇ ਸਰਵੇ ਤੋਂ ਬਾਅਦ ਹੋਇਆ ਸੀ।ਓਸ ਮੌਕੇ ਚਾਹੇ ਬਹੁਤਿਆਂ ਨੇ “ਜਾਤ ਨਾ ਪੂਛੋ,ਸਾਧੂ ਕੀ” ਵਾਲੀ ਰੱਟ ਲਗਾਉਂਦਿਆ ਅਨਿਲ ਚਮੜੀਆ ਨੂੰ ਜਾਤਾਵਾਦੀ ਕਿਹਾ ਸੀ,ਪਰ ਹੁਣ ਲੱਗ ਰਿਹਾ ਕਿ ਉਹਨਾਂ ਦੀ ਮਿਹਨਤ ਨੁੰ ਫਲ ਲੱਗ ਰਿਹਾ ਹੈ।ਇਸ ਵਿਚਾਰ ਚਰਚਾ ਨੂੰ ਪੜ੍ਹ ਸੁਣਕੇ ਲੱਗ ਰਿਹੈ ਕਿ ਭਾਰਤੀ ਮੀਡੀਏ ਦਾ ਲੋਕਤੰਤਰੀਕਰਨ ਹੋ ਰਿਹਾ ਹੈ।ਜਦੋਂ ਅਨਿਲ ਦਿੱਲੀ ਸਨ ਤਾਂ ਮੈਨੂੰ ਵੀ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਦਾ ਰਿਹਾ।ਪੱਤਰਕਾਰੀ ਦੇ ਰਾਜਨੀਤਿਕ ਵਿਗਿਆਨ ਬਾਰੇ ਉਹਨਾਂ ਦੀ ਡੂੰਘੀ ਸਮਝ ਤੋਂ ਬਹੁਤ ਕੁਝ ਸਿੱਖਣ ਨੁੰ ਮਿਲਿਆ।ਉਹਨਾਂ ਦਿਨਾਂ ‘ਚ ਉਸ ਸਰਵੇ ਨੂੰ ਅਧਾਰ ਬਣਾਕੇ ਮੈਂ ਇਹ ਲੇਖ ਲਿਖਿਆ ਸੀ।…ਯਾਦਵਿੰਦਰ ਕਰਫਿਊ


"ਅੰਕੜਿਆਂ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ,ਕਿਉਂਕਿ ਅੰਕੜੇ ਕਦੇ ਝੂਠ ਨਹੀਂ ਬੋਲਦੇ ਤੇ ਅੰਕੜਿਆਂ ਮੁਤਾਬਕ ਮੀਡੀਆ 'ਚ ਹਮੇਸ਼ਾਂ ਦੀ ਉੱਚ ਜਾਤਾਂ ਦਾ ਦਬਦਬਾ ਰਿਹਾ ਹੈ।ਮੀਡੀਆ ਹੀ ਨਹੀਂ ਬਲਕਿ,ਜ਼ਿਆਦਾਤਰ ਖੇਤਰਾਂ 'ਚ ਹਮੇਸ਼ਾ ਹੀ ਉੱਚ ਜਾਤਾਂ ਦਾ ਦਬਦਬਾ ਰਿਹਾ ਹੈ ਤੇ ਰਾਜਨਤੀ 'ਚ ਜੇ ਥਾਂ ਹੈ ਤਾਂ ਉਹ ਵੀ ਸਿਆਸੀ ਰੋਟੀਆਂ ਸੇਕਣ ਦਾ ਇਕ ਜ਼ਰੀਆ ਹੈ"।ਇਹ ਸ਼ਬਦ ਨੇ ਭਾਰਤੀ ਮੀਡੀਆ ਦੀ ਮਸ਼ਹੂਰ ਹਸਤੀ ਸੀ.ਐਨ.ਐਨ,ਆਈ.ਬੀ.ਐਨ. ਦੇ ਮੁੱਖ ਸੰਪਾਦਕ ਰਾਜਦੀਪ ਸਰਦਸਾਈ ਦੇ ਹਨ।ਇਸੇ ਤਰ੍ਹਾਂ ਐਨ.ਡੀ.ਟੀ.ਵੀ. ਦੇ ਮੁੱਖ ਸੰਪਾਦਕ ਰਹੇ ਚਰਚਿਤ ਪੱਤਰਕਾਰ ਦਿਬਾਂਗ ਨੇ ਕਿਹਾ ਸੀ ਕਿ"ਮੀਡੀਆ 'ਚ ਭਾਈ-ਭਤੀਜਾਵਾਦ ਕਰਕੇ ਹਮੇਸ਼ਾਂ ਹੀ ਇਥੇ ਅੱਗੜਿਆਂ ਦੀ ਸ਼ਮੂਲੀਅਤ ਰਹੀ ਹੈ,ਇਹੀ ਕਾਰਨ ਹੈ ਕਿ ਰਾਖਵੇਂਕਰਨ ਦੇ ਅੰਦੋਲਨ ਸਮੇਂ ਮੀਡੀਆ ਨੇ ਇੱਕਤਰਫਾ ਰਿਪੋਟਿੰਗ ਕੀਤੀ ਹੈ"।ਲਗਭਗ ਇਹੋ ਜਿਹੀ ਧਾਰਨਾ ਹੀ ਦੇਸ਼ ਦੇ ਮਸ਼ਹੂਰ ਅੰਗਰੇਜ਼ੀ ਅਖ਼ਬਾਰ "ਦਾ ਹਿੰਦੂ" ਦੇ ਸੰਪਾਦਕ ਐਨ.ਰਾਮ ਦੀ ਹੈ।ਗੱਲ ਜਦੋਂ ਪੂਰੇ ਸਮਾਜ ਦੀ ਤਸਵੀਰ ਖਿੱਚਣ ਵਾਲੇ ਰਾਸ਼ਟਰੀ ਮੀਡੀਆ ਦੀ ਅੰਦਰੂਨੀ ਸਥਿਤੀ ਦੀ ਕਰ ਰਹੇ ਹਾਂ,ਤਾਂ ਇਹ ਜਾਨਣਾ ਬੜਾ ਜ਼ਰੂਰੀ ਹੋ ਜਾਂਦੈ,ਕਿ ਤਸਵੀਰ ਖਿੱਚਣ ਵਾਲੇ ਲੋਕ ਕਿਸ ਕਿਸ ਸਮਾਜਿਕ ਤੇ ਆਰਥਿਕ ਪਿਛੋਕੜ ਤੋਂ ਆ ਰਹੇ ਹਨ।ਖਾਸ ਕਰ ਉਸ ਦੇਸ਼ ‘ਚ ਜੋ ਬਹੁਜਾਤੀ,ਬਹੁਧਰਮੀ,ਬਹੁਭਸ਼ਾਈ ਤੇ ਬਹੁਕੌਮੀ ਹੈ ਤੇ ਜਿਥੇ ਸਾਰੇ ਵਰਗ,ਧਰਮ ਤੇ ਜਾਤਾਂ ਸਮਾਜਿਕ ਵਿਕਾਸ ਦੇ ਤੌਰ ‘ਤੇ ਇਕ ਦੂਜੇ ਤੋਂ ਕਾਫੀ ਅੱਗੜ ਪਿੱਛੜ ਹਨ।ਇਸੇ ਲਈ ਦੇਸ਼ ਦੇ ਸੰਵਿਧਾਨ ‘ਚ ਵੀ ਸਾਰਿਆਂ ਨੂੰ ਨਾਲ ਲੈਕੇ ਚੱਲਣ ਲਈ ਕਈ ਕਨੂੰਨਾਂ ਦੀ ਵਿਵਸਥਾ ਕੀਤੀ ਗਈ ਸੀ।ਚਰਚਾ ਜਦੋਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ 'ਚੌਥੇ ਥੰਮ' ਦੀ ਕਰਨ ਲੱਗੇ ਹਾਂ,ਤਾਂ ਸਥਿਤੀ ਦਾ ਜਾਇਜ਼ਾ ਹੋਰ ਵੀ ਗੰਭੀਰਤਾ ਨਾਲ ਲੈਣਾ ਬਣਦਾ ਹੈ।ਰਾਸ਼ਟਰੀ ਮੀਡੀਏ ਦੇ ਵੱਡੇ ਅਖ਼ਬਾਰਾਂ ਤੇ ਖਬਰੀਆ ਚੈਨਲਾਂ ਦਾ ਜਾਇਜ਼ਾ ਲਈਏ ਤਾਂ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਅਖ਼ਬਾਰਾਂ ਦੇ ਸਫਿਆਂ ਤੇ ਚੈਨਲਾਂ ਦੇ ਬੁਲਿਟਨਾਂ ‘ਚੋਂ ਦਿਨੋ ਦਿਨ ਦਲਿਤਾਂ ਤੇ ਘੱਟਗਿਣਤੀਆਂ ਨਾਲ ਹੁੰਦੀਆਂ ਜ਼ਿਆਦਤੀਆਂ ਦੀਆਂ ਖ਼ਬਰਾਂ ਨਜ਼ਰਅੰਦਾਜ਼ ਹੋ ਰਹੀਆਂ ਹਨ।ਇਸਦਾ ਵੱਡਾ ਕਾਰਨ ਭਾਵੇਂ ਮੀਡੀਆ ‘ਤੇ ਬਜ਼ਾਰਵਾਦੀ ਰਣਨੀਤੀ ਦਾ ਅਸਰ ਹੈ,ਪਰ ਮੀਡੀਆ ‘ਚ ਇਹਨਾਂ ਭਾਈਚਾਰਿਆਂ ਦੀ ਸ਼ਮੂਲੀਅਤ ਦੇ ਤੱਥਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

ਮੀਡੀਆ ਦੀ "ਪਰਿਭਾਸ਼ਾ" ਤੱਥਾਂ ਨੂੰ ਅਧਾਰ ਬਣਾਕੇ ਖ਼ਬਰ ਨੂੰ ਸਮਾਜ ਸਾਹਮਣੇ ਪੇਸ਼ ਕਰਨ ਦੀ ਗੱਲ ਕਰਦੀ ਹੈ ਤਾਂ ਇਥੇ ਵੀ ਗੱਲ ਪੂਰਨ ਅੰਕੜਿਆਂ ਨਾਲ ਕਰਾਂਗੇ।ਪਿਛਲੇ ਸਮੇਂ ਮੀਡੀਆ 'ਚ ਦਲਿਤਾਂ ਤੇ ਘੱਟਗਿਣਤੀਆਂ ਦੀ ਸ਼ਮੂਲੀਅਤ ਬਾਰੇ ਦਿੱਲੀ ਦੇ ਕੁਝ ਸੁਤੰਤਰ ਪੱਤਰਕਾਰਾਂ ਤੇ ਬੁੱਧੀਜੀਵੀਆਂ ਵਲੋਂ ਸਰਵੇ ਕੀਤਾ ਗਿਆ।ਸਰਵੇ 'ਚ ਇਲੈਕਟ੍ਰੋਨਿਕ ਮੀਡੀਆ ਦੇ ਮੁੱਖ ਅਦਾਰਿਆਂ,ਲਗਭਗ ਸਾਰੇ ਮੁੱਖ ਧਾਰਾਈ ਅਖ਼ਬਾਰਾਂ ਤੇ ਮੈਗਜ਼ੀਨਾਂ ਨੂੰ ਰੱਖਿਆ ਗਿਆ(ਜਿਨ੍ਹਾਂ 'ਚ ਹਿੰਦੀ ਚੈਨਲ ਆਜ ਤਕ,ਆਈ.ਬੀ.ਐਨ-7,ਸੀ.ਐਨ.ਬੀ.ਸੀ ਅਵਾਜ਼,ਜ਼ੀ ਨਿਊਜ਼,ਐਨ.ਡੀ.ਟੀ.ਵੀ. ਇੰਡੀਆ,ਡੀ.ਡੀ. ਨਿਊਜ਼,ਸਹਾਰਾ ਸਮਯੇ,ਲਾਈਵ ਇੰਡੀਆ(ਜਨਮਤ), ਐਸ-1,ਅੰਗਰੇਜ਼ੀ ਚੈਨਲ ਟਾਈਮਜ਼ ਨਾਓ,ਸੀ.ਐਨ.ਐਨ,ਆਈ.ਬੀ.ਐਨ,ਐਨ.ਡੀ.ਟੀ.ਵੀ. 24/7,ਐਨ.ਡੀ.ਟੀ.ਵੀ.ਪਰੋਫਿਟ,ਸੀ.ਐਨ.ਬੀ.ਸੀ,ਹੈਡਲਾਇਨ ਟੂਡੇ, ਏ.ਐਨ.ਆਈ,ਪ੍ਰਿੰਟ ਅੰਗਰੇਜ਼ੀ ਐਚ.ਟੀ,ਟਾਈਮਜ਼ ਆਫ ਇੰਡੀਆ,ਇਕਨੋਮਿਕ ਟਾਈਮਜ਼,ਦਾ ਹਿੰਦੂ,ਇੰਡੀਅਨ ਐਕਸਪ੍ਰੈਸ,ਫਾਈਨੈਸ਼ੀਅਲ ਐਕਸਪ੍ਰੈਸ,ਇੰਡੀਆ ਟੂਡੇ,ਆਊਟ ਲੁੱਕ,ਪੀ.ਟੀ.ਆਈ,ਯੂ.ਐਨ.ਆਈ,ਪ੍ਰਿੰਟ ਹਿੰਦੀ ਦੈਨਿਕ ਜਾਗਰਣ,ਜਨਸੱਤਾ,ਆਊਟ ਲੁੱਕ,ਦੈਨਿਕ ਹਿੰਦੋਸਤਾਨ,ਨਵਭਾਰਤ ਟਾਈਮਜ਼,ਇੰਡੀਆ ਟੂਡੇ,ਰਾਸ਼ਟਰੀ ਸਹਾਰਾ,ਯੂਨੀਵਾਰਤਾ,ਭਾਸ਼ਾ, ਬੀ.ਬੀ.ਸੀ.ਰੇਡਿਓ ਹਿੰਦੀ ਆਦਿ ਦੇ ਨਾਂਅ ਜ਼ਿਕਰਯੋਗ ਨੇ)।ਇਸ ਸਰਵੇ 'ਚ ਮੀਡੀਆ ਦੇ 315 ਫੈਸਲੇ ਲੈਣ ਵਾਲੇ ੳੁੱਚ ਅਹੁਦਿਆਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਦੇਸ਼ ਦੇ ਰਾਸ਼ਟਰੀ ਮੀਡੀਏ 'ਚ ਕਿਸੇ ਵੀ ੳੁੱਚ ਅਹੁਦੇ 'ਤੇ ਕੋਈ ਵੀ ਦਲਿਤ ਜਾਂ ਆਦਿਵਾਸੀ ਨਹੀਂ ਹੈ।ਭਾਰਤ ਦੀ ਕੁੱਲ ਅਬਾਦੀ 'ਚ ਹਿੰਦੂ 81%,ਮੁਸਲਮਾਨ 13%,ਇਸਾਈ 2% ਤੇ ਸਿੱਖ 2% ਹਨ,ਜਦੋਂ ਕਿ ਰਾਸ਼ਟਰੀ ਮੀਡੀਆ 'ਚ ਹਿੰਦੂ 90%,ਮੁਸਲਮਾਨ 3%,ਇਸਾਈ 4%(ਸਿਰਫ ਅੰਗਰੇਜ਼ੀ ਮੀਡੀਆ 'ਚ) ਤੇ ਸਿੱਖ 1% ਹਨ।ਹਿੰਦੂਆਂ 'ਚੋਂ ਵੀ ਅੱਗੇ ੳੁੱਚ ਜਾਤੀ ਹਿੰਦੂਆਂ ਦਾ ਪੂਰਨ ਦਬਦਬਾ ਹੈ,ਜਿਨ੍ਹਾਂ ਦੀ ਭਾਰਤ ਦੀ ਕੁੱਲ ਅਬਾਦੀ 'ਚ ਹਿੱਸੇਦਾਰੀ 8% ਹੈ,ਪਰ ਮੀਡੀਆ 'ਚ ਫੈਸਲੇ ਲੈਣ ਵਾਲੇ ੳੁੱਚ ਅਹੁਦਿਆਂ 'ਤੇ ਇਹਨਾਂ ਦੇ 71 % ਲੋਕ ਸਥਾਪਿਤ ਹਨ।ਇਸੇ ਤਰ੍ਹਾਂ ਪਛੜੀਆਂ ਸ਼੍ਰੇਣੀਆਂ ਦੀ ਦੇਸ਼ 'ਚ ਅਬਾਦੀ 43% ਹੈ,ਪਰ ਇਹਨਾਂ ਦੀ ਮੀਡੀਆ 'ਚ ਹਿੱਸੇਦਾਰੀ 4 % ਹੈ।ਲਿੰਗ ਦੇ ਅਧਾਰ 'ਤੇ ਜੇ ਵੇਖਣਾ ਹੋਣੇ ਤਾਂ ਔਰਤਾਂ ਦੀ ਪੂਰੇ ਮੀਡੀਆ 'ਚ ਹਿੱਸੇਦਾਰੀ 17 % ਤੋਂ ਘੱਟ ਹੈ।ਇਹ ਸਰਵੇ ਦਿੱਲੀ ਦੇ ਸੁਤੰਤਰ ਪੱਤਰਕਾਰ ਅਨਿਲ ਚਮੜੀਆ ਤੇ ਸੁਤੰਤਰ ਖੋਜਕਰਤਾ ਜਤਿੰਦਰ ਕੁਮਾਰ ਨੇ ਕੀਤਾ।ਸਰਵੇ ਨੂੰ ਜਦੋਂ ਜਨਤਕ ਕੀਤਾ ਗਿਆ ਤਾਂ ਵੱਡੇ ਦਿਲ ਵਾਲੀ ਦਿੱਲੀ 'ਚ ਬੈਠੇ ਉੱਚ ਮੱਧ ਵਰਗੀ ਪੱਤਰਕਾਰਾਂ,ਸੰਪਾਦਕਾਂ 'ਚ ਹਾਹਾਕਾਰ ਮੱਚ ਗਈ।ਲਗਾਤਾਰ ਆ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ 'ਚ ਅਜਿਹੇ ਬਹੁਤ ਥੋੜ੍ਹੇ ਲੋਕ ਸਨ,ਜਿਨ੍ਹਾਂ ਨੇ ਇਸ ਕੌੜੇ ਸੱਚ ਨੂੰ ਸਿਰ ਮੱਥੇ ਕਬੂਲਿਆ।ਰਾਜਦੀਪ ਸਰਦਸਾਈ,ਦਿਬਾਂਗ ਤੇ ਐਨ.ਰਾਮ ਵਰਗੇ ਲੋਕਾਂ ਨੇ ਭਾਵੇਂ ਇਸ ਜ਼ਮੀਨੀ ਯਥਾਰਥ ਨੂੰ ਸੱਚ ਮੰਨਿਆ,ਪਰ ਉਹਨਾਂ ਨੇ ਆਪਣੀਆਂ ਸੰਸਥਾਂਵਾਂ 'ਚ ਸਭ ਠੀਕ-ਠਾਕ ਹੋਣ ਦੀ ਗੱਲ ਕਹੀ।ਅਜਿਹੇ ਕੁਝ ਲੋਕਾਂ ਤੋਂ ਬਿਨਾਂ ਬਾਕੀਆਂ ਨੇ ਇਸਨੂੰ ਸਮਾਜ 'ਚ ਵੰਡੀਆਂ ਪਾੳਣ ਤੇ ਜਾਤੀਵਾਦ ਨੂੰ ਉਭਾਰਨ ਵਾਲਾ ਕਦਮ ਕਰਾਰ ਦਿੱਤਾ,ਹਾਲਾਂਕਿ ਸਰਵੇ ਕਰਨ ਵਾਲੇ ਲੋਕਾਂ ਨੇ ਵਾਰ ਵਾਰ ਦਲੀਲ ਦਿੱਤੀ ਕਿ "ਅਸੀਂ ਲੋਕਤੰਤਰ ਦੀ ਸਦੀ 'ਚ ਸਭਤੋਂ ਵੱਡੇ ਲੋਕਤੰਤਰ ਦੇ ਕੌੜੇ ਸੱਚ ਨੂੰ ਪੇਸ਼ ਕਰ ਰਹੇ ਹਾਂ ਤੇ ਸਮਾਜ ਦੇ ਇਸ ਸੱਚ ਤੋਂ ਭੱਜਣਾ ਸਮੱਸਿਆ ਦਾ ਹੱਲ ਨਹੀਂ,ਬਲਕਿ ਇਸਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

ਗੱਲ ਸਿਰਫ ਤੱਥਾਂ ਤੱਕ ਸੀਮਤ ਨਹੀਂ,ਇਹਨਾਂ ਤੱਥਾਂ ਦੇ ਅਸਰ ਦਾ ਵਰਤਾਰਾ ਵੀ ਲਗਾਤਾਰ ਵਾਪਰ ਰਿਹਾ ਹੈ।ਇਸੇ ਦੇ ਤਹਿਤ ਮੀਡੀਆ ਦੀ ਜਾਤ ਦੇ ਰਾਖਵੇਂਕਰਨ ਸਬੰਧੀ ਭੂਮਿਕਾ ਮੰਡਲ ਕਮਿਸ਼ਨ ਤੋਂ ਲੈਕੇ ਓ.ਬੀ.ਸੀ. ਦੇ 27% ਤੱਕ ਇਕਤਰਫਾ ਰਹੀ ਹੈ।ਮੁੱਖਧਾਰਾ ਦੇ ਕੁੱਝ ਮੀਡੀਆ ਅਦਾਰਿਆਂ ਨੂੰ ਛੱਡਕੇ ਬਾਕੀ ਲਗਭਗ ਪੂਰੇ ਮੀਡੀਏ ਦੀ ਭੂਮਿਕਾ ਰਾਖਵਾਂਕਰਨ ਵਿਰੋਧੀ ਰਹੀ ਹੈ।ਮੀਡੀਆ ਸੰਸਥਾਵਾਂ ਦੀ ਰਾਖਵੇਂਕਰਨ ਵਿਰੋਧੀ ਲਹਿਰ ਦਾ ਮੁੱਖ ਕਾਰਨ ਭਾਵੇਂ ਅਖ਼ਬਾਰਾਂ ਤੇ ਚੈਨਲਾਂ ਦੀ ਸੰਪਾਦਕੀ ਨੀਤੀ ਸੀ,ਪਰ ਮੀਡੀਆ ਸੰਸਥਾਂਵਾਂ 'ਚ ਅਜਿਹੀ ਰਾਖਵਾਂਕਰਨ ਵਿਰੋਧੀ ਰਿਪੋਰਟਿੰਗ ਵੀ ,ਓਥੇ ਅੱਗੜਿਆਂ ਦੇ ਪ੍ਰਭਾਵ ਨੂੰ ਪੂਰਨ ਰੂਪ 'ਚ ਦਰਸਾਉਂਦੀ ਹੈ।ਪਿਛਲੇ ਸਾਲਾਂ 'ਚ ਦੇਸ਼ 'ਚ ਰਾਖਵੇਂਕਰਨ ਦੇ ਵਿਰੋਧ ਦੀ ਸਭਤੋਂ ਵੱਡੀ ਲਹਿਰ ਦਿੱਲੀ ਦੇ ਮਸ਼ਹੂਰ ਏਮਜ਼ ਹਸਪਤਾਲ ਚੱਲੀ।ਇਸ ਲਹਿਰ ਦੀ ਜ਼ਮੀਨ ਤਿਆਰ ਕਰਨ ਤੋਂ ਲੈਕੇ ,ਇਸਨੂੰ ਪੂਰੇ ਦੇਸ਼ ਦੇ ੳੁੱਚ ਸਿੱਖਿਆ ਸੰਸਥਾਨਾਂ ਨਾਲ ਜੋੜਨ ਦੀ ਭੂਮਿਕਾ ਮੀਡੀਆ ਨੇ ਖੂਬ ਅਦਾ ਕੀਤੀ।ਇਸ ਸਮੇਂ ਸੁਤੰਤਰ ਪੱਤਰਕਾਰਾਂ ਤੇ ਕਈ ਵੱਡੇ ਬੁੱਧੀਜੀਵੀਆਂ ਨੇ ਮੀਡੀਆ ਦੀ ਸੁਤੰਤਰ ਤੇ ਨਿਰਪੱਖ ਭੂਮਿਕਾ 'ਤੇ ਕਈ ਸਵਾਲ ਵੀ ਉਠਾਏ,ਪਰ ਮੀਡੀਆ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਸ਼ਰੇਆਮ ਇੱਕਤਰਫਾ ਰਿਪੋਰਟਿੰਗ ਕੀਤੀ।ਇਸੇ 'ਤੇ ਬੋਲਦਿਆਂ ਐਨ.ਡੀ.ਟੀ.ਵੀ. ਦੇ ਮੁੱਖ ਸੰਪਾਦਕ ਰਹੇ ਦਿਬਾਂਗ ਨੇ ਕਿਹਾ ਕਿ "ਮੀਡੀਆ ਦੀ ਭੂਮਿਕਾ ਰਾਖਵੇਂਕਰਨ ਨੂੰ ਲੈਕੇ ਇਕਤਰਫਾ ਰਹੀ ਹੈ।ਅਜਿਹੀਆਂ ਖ਼ਬਰਾਂ ਛਪੀਆਂ ਕੀ "ਇਸ ਵਾਰ ਕਈ ਵਿਦਿਆਰਥੀ ਰਾਖਵੇਂਕਰਨ ਦੇ ਵਿਰੋਧ 'ਚ ਆਤਮਦਾਹ ਕਰਨਗੇ "।ਦਿਬਾਂਗ ਨੇ ਸਵਾਲ ਉਠਾਇਆ ਸੀ ਕਿ "ਇਹ ਖ਼ਬਰ ਹੈ ਜਾਂ ਖ਼ਬਰ ਦਾ ਪ੍ਰਚਾਰ"।ਇਸੇ ਤਰ੍ਹਾਂ ਉਹਨਾਂ ਇਹ ਵੀ ਕਿਹਾ ਰਾਖਵੇਂਕਰਨ ਦੇ ਮੁੱਦੇ 'ਤੇ ਪੱਤਰਕਾਰਾਂ ਨੇ ਪੀ.ਟੂ.ਸੀ. (ਪੀਸ ਟੂ ਕੈਮਰਾ) (ਖ਼ਬਰ ਦਾ ਸਿੱਟਾ) ਰਾਹੀਂ ਖ਼ਬਰ 'ਤੇ ਆਪਣੀ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਕੀਤੀ ਹੈ।ਮੀਡੀਆ ਨੂੰ ਰਾਖਵਾਂਕਰਨ ਵਿਰੋਧੀ ਖ਼ਬਰਾਂ ਤਾਂ ਦਿਖਦੀਆਂ ਰਹੀਆਂ,ਪਰ ਰਾਖਵਾਂਕਰਨ ਪੱਖੀ ਖ਼ਬਰਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ।ਮੀਡੀਆ 'ਚ ਅਗੜਿਆਂ ਦੇ ਪ੍ਰਭਾਵ ਦਾ ਹੀ ਕਾਰਨ ਹੈ ਕਿ ਜਲੰਧਰ ਦੇ ਤੱਲਣ,ਹਰਿਆਣਾ ਦੇ ਗੋਹਾਣਾ ਕਾਂਡ ਆਦਿ ਦਲਿਤ ਭਾਈਚਾਰੇ 'ਤੇ ਹੋ ਰਹੀਆਂ ਤਸ਼ੱਦਦ ਦੀਆਂ ਖ਼ਬਰਾਂ ਨਿਰਪੱਖ ਤੌਰ 'ਤੇ ਪੇਸ਼ ਨਹੀਂ ਹੋ ਸਕੀਆਂ।ਰਾਖਵੇਂਕਰਨ ਦੇ ਅੰਦੋਲਨ ਸਮੇਂ ਅਖ਼ਬਾਰ ਦੀ ਸੰਪਾਦਕੀ ਨੀਤੀ ਬਾਰੇ ਪੰਜਾਬੀ ਟ੍ਰਿਬਿਊਨ ਦੇ ਮਰਹੂਮ ਪੱਤਰਕਾਰ ਦਲਬੀਰ ਸਿੰਘ ਨੇ ਇਕ ਦਲਿਤ ਕੁੜੀ ਦੀ ਚਿੱਠੀ ਦੇ ਜਵਾਬ 'ਚ ਆਪਣੀ ਬੇਵੱਸੀ ਜਾਹਿਰ ਕੀਤੀ ਸੀ।



ਇਸ ਸਰਵੇ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਇਸਦਾ ਸਭਤੋਂ ਕੱਟੜ ਵਿਰੋਧ ਕੀਤਾ,ਉਹਨਾਂ 'ਚ ਜ਼ਿਆਦਾਤਰ ਲੋਕ ਲਾਇਬਰੇਰੀਆਂ ਨਾਲ ਜੁੜੇ ਕਿਤਾਬੀ ਕੀੜੇ ਸਨ।ਜਿਨ੍ਹਾਂ ਨੂੰ ਜ਼ਮੀਨੀ ਸਥਿਤੀਆਂ ਦਾ ਸ਼ਾਇਦ ਕੋਈ ਬਹੁਤਾ ਗਿਆਨ ਨਹੀਂ ਸੀ। ਇਹਨਾਂ 'ਚੋਂ ਬਹੁਤਿਆਂ ਦੀ ਪੜ੍ਹਾਈ ਵੀ ਵੱਡੀਆਂ ਵੱਡੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਤੋਂ ਹੈ।ਇਸੇ ਲਈ ਇਹਨਾਂ ਦਾ ਸੋਚਣ ਦਾ ਢੰਗ ਵੀ ਯੂਰਪੀ ਤੇ ਪੱਛਮੀ ਸੀ,ਪਰ ਜੇ ਭਾਰਤੀ ਸਮਾਜ ਦੀਆਂ ਹਕੀਕਤਾਂ 'ਤੇ ਪੈਨੀ ਨਜ਼ਰ ਮਾਰੀਏ ਤਾਂ ਪਤਾ ਲੱਗਦੈ ਕਿ ਜਾਤਪਾਤੀ ਸਿਸਟਮ ਨੂੰ ਲੈਕੇ ਯੂਰਪ ਤੇ ਪੱਛਮ ਦੇ ਮੁਕਾਬਲੇ ਭਾਰਤ ਦੀ ਸਥਿਤੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ।ਇੱਥੇ ਇਤਿਹਾਸਿਕ ਤੌਰ 'ਤੇ ਮਾਨਸਿਕ ਕੰਮਾਂ ‘ਚ ਹਮੇਸ਼ਾ ਹੀ ੳੁੱਚ ਜਾਤੀਆਂ ਤੇ ਬਹੁਗਿਣਤੀਆਂ ਦਾ ਦਬਦਬਾ ਰਿਹਾ ਹੈ।ਜਿਨ੍ਹਾਂ ਦਿਨਾਂ 'ਚ ਸਾਡਾ ਦੇਸ਼ ਪੱਛਮ ਦੀ ਬਸਤੀ ਬਣਿਆ ਹੋਇਆ ਸੀ,ਉਸ ਸਮੇਂ 19 ਸਦੀ ਦੀ ਸ਼ੁਰੂਆਤ 'ਚ ਪੱਛਮ ਤੇ ਯੂਰਪ 'ਚ ਪੂਰਨ ਰੂਪ 'ਚ ਪੂੰਜੀਵਾਦ ਵਿਕਸਤ ਹੋ ਚੁੱਕਿਆ ਸੀ।ਇਸੇ ਸਨਅਤੀ ਵਿਕਾਸ ਨੇ ਹੀ ਓਥੋਂ ਦੇ ਨਸਲੀ ਤਾਣੇ-ਬਾਣੇ ਨੂੰ ਵੱਡੇ ਰੂਪ 'ਚ ਤੋੜਿਆ।ਇਸ ਸਨਅਤੀ ਵਿਕਾਸ ਦਾ ਹੀ ਨਤੀਜਾ ਸੀ,ਕਿ ਪੱਛਮ ਦੇ ਲੋਕਾਂ 'ਚ ਆਪਣੇ ਜਮੂਹਰੀ ਹੱਕਾਂ ਨੂੰ ਲੈਕੇ ਕਾਫੀ ਚੇਤਨਾ ਆਈ,ਪਰ ਇਸਦੇ ਬਿਲਕੁਲ ਉਲਟ ਬਸਤੀਵਾਦੀ ਗੁਲਾਮੀ ਕਾਰਨ ਭਾਰਤ 'ਚ ਪੂੰਜੀਵਾਦ ਉਸ ਸਮਾਜਿਕ ਤੇ ਕੁਦਰਤੀ ਪ੍ਰਕ੍ਰਿਆ 'ਚ ਵਿਕਸਤ ਨਾ ਹੋਣ ਕਰਕੇ,ਇਥੇ ਸਮਾਜਿਕ ਚੇਤਨਾ ਦਾ ਵਿਕਾਸ ਨਹੀਂ ਹੋਇਆ।ਦੂਜਾ ਪਾਸੇ ਇਥੋਂ ਦੇ ਮੰਨੂਵਾਦੀ ਢਾਂਚੇ ਦੀ ਪਕੜ ਵੀ ਏਨੀ ਤਕੜੀ ਹੈ,ਜਿਸਨੇ ਇਸ ਜਾਤਪਾਤ ਸਿਸਟਮ ਨੁੰ ਬਿਲਕੁਲ ਟੁੱਟਣ ਨਹੀਂ ਦਿੱਤਾ,ਇਹ ਬ੍ਰਹਮਣਵਾਦੀ ਢਾਂਚਾ ਵੀ ਪੂੰਜੀਵਾਦ ਦੇ ਵਿਕਸਿਤ ਹੋਣ ਨਾਲ ਹੀ ਟੁੱਟਣਾ ਸੀ।ਮੰਨੂਵਾਦੀ ਢਾਂਚੇ ਦੀ ਜਕੜ ਦਾ ਹੀ ਨਤੀਜਾ ਹੈ ਭਾਰਤ 'ਚ ੳੁੱਚ ਜਾਤਾਂ ਦਾ ਸਬੰਧ ਹਮੇਸ਼ਾਂ ਹੀ ਅਮੀਰ ਵਰਗਾਂ ਤੇ 'ਨੀਵੀਆਂ' ਜਾਤਾਂ ਦਾ ਸਬੰਧ ਹਮੇਸ਼ਾਂ ਹੀ ਗਰੀਬੀ ਤੇ ਜਹਾਲਤ ਨਾਲ ਰਿਹਾ ਹੈ,ਪਰ ਪੱਛਮ ਤੇ ਯੂਰਪ 'ਚ ਅਜਿਹੀ ਸਥਿਤੀ ਨਹੀਂ।ਅਜਿਹੇ ਢਾਂਚੇ ਕਰਕੇ ਹੀ ਭਾਰਤ ਦੀ ਮਹਾਨ ਧਰਤੀ 'ਤੇ ਜੋ ਜਿਸ ਜਾਤ 'ਚ ਪੈਦਾ ਹੁੰਦਾ ਹੈ,ਉਹ ਉਸੇ 'ਚ ਮਰਦਾ ਹੈ।ਇਹ ਵਰਤਾਰਾ ਅੱਜ ਦੇ ਇਸ ਲੋਕਤੰਤਰੀ ਯੁੱਗ 'ਚ ਵੀ ਜਿਉਂ ਦਾ ਤਿਉਂ ਹੈ।ਅਜਿਹੇ ਪੱਛਮੀ ਵਿਕਾਸ ਦੇ ਅੰਕੜੇ ਅਮਰੀਕੀ ਮੀਡੀਆ 'ਚ ਪੂਰਨ ਰੂਪ 'ਚ ਵੇਖੇ ਜਾ ਸਕਦੇ ਹਨ,ਅਮਰੀਕਾ 'ਚ ਘੱਟਗਿਣਤੀਆਂ ਦੀ ਸੰਖਿਆ 33% ਹੈ ਤੇ ਓਥੋਂ ਦੀਆਂ ਮੀਡੀਆਈ ਸੰਸਥਾਵਾਂ 'ਚ ਉਹਨਾਂ ਦੀ ਬਣਦੀ ਸ਼ਮੂਲੀਅਤ ਹੈ।ਇਸ ਮਾਮਲੇ 'ਚ ਭਾਰਤ ਦੀ ਸਥਿਤੀ ਏਨੀ ਬਦਤਰ ਹੈ ਕਿ 1990 'ਚ ਦੇਸ਼ 'ਚ ਦਲਿਤਾਂ ਦੀ ਸਥਿਤੀ 15 ਕਰੋੜ ਸੀ,ਪਰ ਇਹਨਾਂ ਕਰੋੜਾਂ 'ਚੋਂ ਇਕ ਵੀ ਕਿਸੇ ਰੋਜ਼ਾਨਾ ਅਖ਼ਬਾਰ ਦਾ ਪੱਤਰਕਾਰ ਜਾਂ ਉਪ ਸੰਪਾਦਕ ਨਹੀਂ ਸੀ।1996 'ਚ ਇਕ ਸਰਕਾਰੀ ਤੱਥ ਸਾਹਮਣੇ ਆਇਆ ਸੀ ਕਿ ਭਾਰਤ ਸਰਕਾਰ ਦੇ ਪ੍ਰੈਸ ਇਨਫਾਰਮੇਸ਼ਨ ਬਿਊਰੋ (ਪੱਤਰ ਸੂਚਨਾ ਬਿਊਰੋ) ਤੋਂ ਦੇਸ਼ ਦਾ ਇਕ ਵੀ ਦਲਿਤ ਪੱਤਰਕਾਰ ਮਾਨਤਾ ਪ੍ਰਾਪਤ ਨਹੀਂ ਸੀ,ਜਦੋਂਕਿ ਉਸ ਸਮੇਂ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਫਹਿਰਿਸਤ ਸੈਂਕੜਿਆਂ 'ਚ ਸੀ।

ਹਾਸ਼ੀਏ 'ਤੇ ਪਈਆਂ ਘੱਟਗਿਣਤੀਆਂ ਤੇ ਦਲਿਤਾਂ ਦੀ ਦੇਸ਼ ਦੀਆਂ ਸੰਸਥਾਂਵਾਂ 'ਚ ਬਣਦੀ ਹਿੱਸੇਦਾਰੀ ੳਹਨਾਂ ਦਾ ਲੋਕਤੰਤਰੀ ਹੱਕ ਹੈ,ਹਾਲਾਂਕਿ ਇਹ ਚਾਹੇ ਪੂਰੀ ਸਮੱਸਿਆ ਦਾ ਹੱਲ ਨਹੀਂ।ਭਾਰਤ ਚਾਹੇ ਆਪਣੇ ਆਪ ਨੂੰ ਦੁਨੀਆਂ ਦੀ ਸਭਤੋਂ ਵੱਡੀ ਜਮੂਹਰੀਅਤ ਕਹਿੰਦਾ ਹੈ,ਪਰ ਲੋਕ ਆਪਣੇ ਹੱਕਾਂ ਤੋਂ ਵੱਡੇ ਪੱਧਰ 'ਤੇ ਵਾਂਝੇ ਨੇ।ਸੱਚ ਤਾਂ ਇਹ ਵੀ ਹੈ ਕਿ 1993 ਦਾ ਵਿਸ਼ੇਸ਼ ਕਨੂੰਨ ਬਣਨ ਤੋਂ ਬਾਅਦ ਵੀ ਮਹਾਨ ਦੇਸ਼ ਦੇ 13 ਲੱਖ ਦਲਿਤ ਮਨੁੱਖੀ ਮਲ ਮੂਤਰ ਮੈਲਾ ਢੋਅ ਰਹੇ ਹਨ।ਇਹ ਤੱਥ ਹੀ ਸਮਾਜਿਕ ਸੱਚਾਈ ਨਹੀਂ,ਬਲਕਿ ਸਾਨੂੰ ਸਾਡੇ ਆਪਣੇ ਆਲੇ ਦੁਆਲੇ ਵੀ ਹਰ ਰੋਜ਼ ਦਲਿਤਾਂ ਨਾਲ ਭੇਦਭਾਵ ਸ਼ਰੇਆਮ ਨਜ਼ਰ ਆਉਂਦਾ ਹੈ।ਇਥੋਂ ਤੱਕ ਸਿੱਖਾਂ 'ਚ ਵੀ ,ਜਿਨ੍ਹਾਂ ਦੇ ਧਰਮ ਦੀ ਨੀਂਹ ਹੀ ਮੰਨੂਵਾਦ ਦੇ ਖਿਲਾਫ ਰੱਖੀ ਗਈ ਸੀ।ਅੱਜ ਉਸਨੂੰ ਆਪਣਾਏ ਲੋਕ ਵੀ ਮੰਨੂ ਦੀ ਵਿਚਾਰਧਾਰਾ ਨੂੰ ਨਵੇਂ ਰੂਪ 'ਵ ਵਿਕਸਿਤ ਕਰਨ 'ਚ ਲੱਗੇ ਹੋਏ ਹਨ।"ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ" ਵਰਗੀਆਂ ਸਤਰ੍ਹਾਂ ਸਿਰਫ ਅਮੂਰਤ ਸਿਧਾਂਤ ਬਣਕੇ ਰਹਿ ਗਈਆਂ ਹਨ।ਜਿਸ ਮੰਨੂਵਾਦ ਦੇ ਜਾਤਪਾਤੀ ਵਤੀਰੇ ਖਿਲਾਫ਼ ਗੁਰੂਆਂ ਨੇ ਮੁਹਿੰਮ ਵਿੱਢੀ ਸੀ,ਉਸਦੇ ਖਿਲਾਫ਼ ਹੁਣ ਬਹੁਤੇ ਸਿੱਖਾਂ ਕੋਲ ਸਿਰਫ਼ ਸ਼ਬਦੀ ਬਾਣ ਰਹਿ ਗਏ ਹਨ।ਪੰਜਾਬ 'ਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਜੱਟ ਤੇ ਭਾਪੇ ਸਿਧਾਂਤਕ ਰੂਪ 'ਚ ਚਾਹੇ ਜਾਤਪਾਤੀ ਵੰਡੀਆਂ ਪਾਉਣ ਵਾਲੇ ਮੰਨੂਵਾਦੀ ਢਾਂਚੇ ਦੇ ਖਿਲਾਫ਼ ਹਨ,ਪਰ ਵਿਵਹਾਰਕ ਰੂਪ 'ਚ ਉਹ ਮੰਨੂਵਾਦ ਦੀ ਥਾਂ ਆਪਣੇ ਉਸੇ ਤਰ੍ਹਾਂ ਦੇ ਜੱਟਵਾਦੀ ਤੇ ਭਾਪਾਵਾਦੀ ਵਿਚਾਰਧਾਰਾ ਦੇ 'ਸੱਭਿਆਚਾਰ' ਨੂੰ ਪ੍ਰਫੁੱਲਿਤ ਕਰ ਰਹੇ ਹਨ।ਇਸ ਦੇ ਤਹਿਤ ਪੰਜਾਬ ਦੀ ਧਰਤੀ 'ਤੇ ਦਲਿਤਾਂ ਨਾਲ ਵੱਡੇ ਪੱਧਰ ਭੇਦਭਾਵ ਤੇ ਵਿਤਕਰੇ ਜਾਰੀ ਹਨ।ਇਕ ਸਮਾਂ ਸੀ ਜਦੋਂ ਅਜਿਹੇ ਮੁੱਦਿਆਂ 'ਤੇ ਵਿਚਾਰ ਵਟਾਂਦਰਾਂ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਤੇ ਆਪਣੇ ਜਮੂਹਰੀ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਜ਼ਿੰਦਾ ਤੱਕ ਜਲਾ ਦਿੱਤਾ ਜਾਂਦਾ ਸੀ।ਇਸ ਸਮੇਂ ਅਸੀਂ ਆਦਿ ਸਮਾਜ ਜਾਂ ਗੁਲਾਮਦਾਰੀ ਯੁੱਗ 'ਚ ਨਹੀਂ ਰਹਿ ਰਹੇ,ਸਗੋਂ ਜਮੂਹਰੀਅਤ ਦੀ ਸਦੀ 'ਚ ਵਿਚਰ ਰਹੇ ਹਾਂ,ਜਿਥੇ ਬੈਠਕੇ ਅਸੀਂ ਸਮਾਜ ਦੀਆਂ ਇਹਨਾਂ ਕੌੜੀਆਂ ਸੱਚਾਈਆਂ 'ਤੇ ਵਿਚਾਰ ਵਿਟਾਦਰਾਂ ਕਰ ਸਕਦੇ ਹਾਂ,ਪਰ ਮੌਜੂਦਾ ਸਮੇਂ ਸੱਭਿਅਕ ਸਮਾਜ ਦੇ ਪਹਿਰੇਦਾਰ ਦੀ ਸਥਿਤੀ ਇਹ ਹੈ,ਉਹ ਪਸ਼ੂਆਂ,ਪੰਛੀਆਂ ਤੇ ਪ੍ਰਕਿਰਤੀ ਨੂੰ ਲੈਕੇ 'ਤੇ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਨੇ,ਪਰ ਇਕ ਹੱਡ ਮਾਸ ਦੇ ਬਣੇ ਮਨੁੱਖ ਨੂੰ ਅਛੂਤ ਕਹਿਕੇ ਨਕਾਰ ਦਿੰਦੇ ਹਨ।ਸਮਾਜ ਦੇ ਵਿਚਾਰਵਾਨ ਲੋਕਾਂ,"ਬੁੱਧੀਜੀਵੀਆਂ" ਤੇ ਮੀਡੀਏ ਦੀ ਅਜਿਹੀ ਹਾਲਤ ਵੇਖਕੇ ਲਗਦਾ ਹੈ ਕਿ ਜਿਵੇਂ ਰੋਮ ਨੂੰ ਲੱਗੀ ਅੱਗ 'ਚ ਨੀਰੋ ਬੰਸਰੀ ਵਜਾ ਰਿਹਾ ਹੋਵੇ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in


  • ਪ੍ਰਭਾਸ਼ ਜੋਸ਼ੀ  ਦੀ ਫੋਟੋ ਜਨਤੰਤਰਾ ਤੋਂ  ਧੰਁਨਵਾਦ ਸਹਿਤ

Tuesday, August 18, 2009

ਵਾਹ ਬਾਬੂ ਜੀ

ਬੰਕਿਮ ਚੰਦਰ ਚਟੋਪਾਧਿਆ ਜਾਂ ਚਟਰਜੀ (1838-94) ਬੰਗਾਲੀ ਲੇਖਣੀ ਦਾ ਵੱਡਾ ਨਾਂ ਹੈ। ਵੈਸੇ ਤਾਂ ਆਦਰਯੋਗ ਬੰਕਿਮ ਬਾਬੂ ਦਾ ਹਿੰਦੂਤਵਵਾਦੀ ਸਿਆਸਤ ਤੇ ਜ਼ਹਿਰੀਲੀ ਲੇਖਣੀ ‘ਚ ਚੰਗਾ ਖ਼ਾਸਾ ਯੋਗਦਾਨ ਰਿਹਾ ਹੈ। ਪਰ ਕਿਸੇ ਵੇਲੇ ਏਸੇ ਕਲਮ ਨੇ ‘ਬਾਬੂ’ ਨੂੰ ਪ੍ਰਭਾਸ਼ਤ ਕੀਤਾ ਸੀ, ਬੰਗਾਲੀ ਬਾਬੂ ਓਸ ਵੇਲੇ ਅੰਗਰੇਜ਼ਾ ਦੇ ਰਾਜ ਦਾ ਇੱਕ ਵੱਡਾ ਹਥਿਆਰ ਹੋਇਆ ਕਰਦਾ ਸੀ। ਵਿਅੰਗਾਤਮਕ ਅੰਦਾਜ਼ ‘ਚ ਬੰਕਿਮ ਚੰਦਰ ਦੀ ਕੀਤੀ ਗਈ ‘ਬਾਬੂ’ ਦੀ ਵਿਆਖਿਆ ਅੱਜ ਦੇ ਬਾਬੂਆਂ ਤੱਕ ਸੀਮਤ ਨਹੀਂ ਸਗੋਂ ਹਰ ਦੋਗਲੇ ਅਫਸਰ ‘ਤੇ ਸਟੀਕ ਢੁੱਕਦੀ ਹੈ। ਇਹ ਉਲਥਾਅ ਮੈ ਐੱਮ.ਜੇ ਅਕਬਰ ਦੀ ਕਿਤਾਬ ‘ਸੇਡ ਔਫ ਸਵੋਰਦਜ਼’ ‘ਚ ਛਪੇ ਅੰਗਰੇਜ਼ੀ ਤਰਜੁਮੇ ‘ਚੋਂ ਕਰ ਕੇ ਦੇ ਰਿਹਾ ਹਾਂ। (ਬਰਹਮ ਦਾ ਮਤਲਬ ਬੰਗਾਲ ‘ਚ ਬ੍ਰਾਹਮਣਾਂ ਦੇ ਸਭ ਤੋਂ ਉੱਚੇ ਵਰਗ ਤੋਂ ਹੈ)

ਵਿਸ਼ਨੂੰ ਭਗਵਾਨ ਵਾਂਗ ਬਾਬੂ ਹਮੇਸ਼ਾ ਇੱਕ ਸਦੀਵੀ ਆਸਣ ‘ਤੇ ਬਿਰਾਜਮਾਨ ਹੈ। ਵਿਸ਼ਨੂੰ ਵਾਂਗ ਹੀ ਬਾਬੂ ਦੇ ਦਸ ਅਵਤਾਰ ਨੇ: ਕਲਰਕ, ਅਧਿਆਪਕ, ਬਰਹਮ, ਦਲਾਲ, ਡਾਕਟਰ, ਵਕੀਲ, ਜੱਜ, ਜ਼ਿਮੀਦਾਰ, ਅਖ਼ਬਾਰ ਦਾ ਐਡੀਟਰ ਤੇ ਵਿਹਲੜ। ਵਿਸ਼ਨੂੰ ਵਾਂਗ ਹੀ ਬਾਬੂ ਆਪਣੇ ਹਰ ਅਵਤਾਰ ‘ਚ ਵੱਡੇ ਰਖਸ਼ਸਾਂ ਦਾ ਨਾਸ਼ ਕਰਦਾ ਹੈ। ਕਲਰਕ ਦੇ ਅਵਤਾਰ ‘ਚ ਓਹ ਆਪਣੇ ਅਰਦਲੀਆਂ ਨੂੰ ਬਰਬਾਦ ਕਰੇਗਾ, ਅਧਿਆਪਕ ਹੋਵੇਗਾ ਤੇ ਵਿਦਿਆਰਥੀਆਂ ਦਾ ਨਾਸ ਕਰੇਗਾ, ਸਟੇਸ਼ਨ ਮਾਸਟਰ ਦੇ ਤੌਰ ‘ਤੇ ਬੇਟਿਕਟਿਆਂ ਦਾ ਨਾਸ ਕਰੇਗਾ, ਬਰਹਮ ਦੇ ਅਵਤਾਰ ‘ਚ ਗ਼ਰੀਬ ਪੰਡਤਾਂ ਦੀ ਬਰਬਾਦੀ ਦਾ ਜ਼ਰੀਆ ਬਣੇਗਾ, ਬਾਬੂ ਡਾਕਟਰ ਹੋਵੇਗਾ ਤਾਂ ਮਰੀਜ਼, ਵਕੀਲ ਹੋਵੇਗਾ ਤਾਂ ਮੁੱਦਈ, ਜ਼ਿਮੀਂਦਾਰ ਹੋਵੇਗਾ ਤਾਂ ਕਿਰਾਏਦਾਰ, ਅਖ਼ਬਾਰ ਦਾ ਐਡੀਟਰ ਹੋਵੇਗਾ ਤਾਂ ਸ਼ਰੀਫ ਇਨਸਾਨ ਤੇ ਵਿਹਲੜ ਹੋਵੇਗਾ ਤਾਂ ਬਾਬੂ ਤਲਾਅ ਵਿਚਲੀਆਂ ਮੱਛੀਆਂ ਨੂੰ ਬਰਬਾਦ ਕਰ ਦੇਵੇਗਾ……… ਓਹ ਜਿਹਦੇ ਦਿਮਾਗ ‘ਚ ਇੱਕ ਸ਼ਬਦ ਹੋਵੇ ਪਰ ਜਦੋਂ ਓਹ ਬੋਲਣ ਲੱਗੇ ਤਾਂ 10 ਸ਼ਬਦ ਬਣ ਜਾਣ, ਜਦੋਂ ਲਿਖੇ ਤਾਂ 100 ਸ਼ਬਦ ਤੇ ਜਦੋਂ ਲੜੇ ਤਾਂ ਹਜ਼ਾਰ ਸ਼ਬਦ ਬਣਨਗੇ………ਓਹ ਬਾਬੂ ਹੈ। ਓਹ ਜਿਹਦੇ ਹੱਥਾਂ ਦੀ ਤਾਕਤ ਦਾ ਯੂਨਿਟ ਇੱਕ ਹੈ, ਜ਼ੁਬਾਨ ਦੀ ਤਾਕਤ ਦਾ ਯੂਨਿਟ 10 ਹੋ ਜਾਂਦਾ ਹੈ ਤ ੇਪਿੱਠ ਪਿੱਛੇ ਇਹੋ ਤਾਕਤ 100 ਗੁਣਾ ਵਧਦੀ ਹੈ ਤੇ ਜਦੋਂ ਕੰਮ ਜਾਂ ਲੋੜ ਹੋਵੇ ਤਾਂ ਓਹ ਗ਼ੈਰਹਾਜ਼ਰ ਹੁੰਦਾ ਹੈ………ਓਹ ਬਾਬੂ ਹੈ। ਜਿਹਦਾ ਦੇਉਤਾ ਅੰਗਰੇਜ਼ ਸਾਹਬ ਹੈ, ਸਿੱਖਿਅਕ ਬਰਹਮ ਗੁਰੁ ਹੈ, ਜਿਹਦੇ ਵੇਦ ਅਖ਼ਬਾਰ ਨੇ ਤੇ ਜਿਹਦਾ ਤੀਰਥ ਨੈਸ਼ਨਲ ਥੀਏਟਰ ਹੈ……… ਓਹ ਬਾਬੂ ਹੈ। ਓਹ ਜਿਹੜਾ ਮਿਸ਼ਨਰੀਆਂ ਅੱਗੇ ਖ਼ੁਦ ਨੂੰ ਇਸਾਈ ਦੱਸਦਾ ਹੈ, ਕੇਸ਼ਬਚੰਦਰਾਂ (ਪੁਜਾਰੀਆਂ) ਅੱਗੇ ਬਰਹਮ ਹੈ, ਆਪਣੇ ਬਾਪ ਅੱਗੇ ਹਿੰਦੂ ਹੈ ਤੇ ਬ੍ਰਾਹਮਣ ਅੱਗੇ ਨਾਸਤਕ ਹੈ…………… ਓਹ ਬਾਬੂ ਹੈ। ਜਿਹੜਾ ਘਰ ਪਾਣੀ ਛਾਣ ਕੇ ਪੀਂਦਾ ਹੈ ਤੇ ਦੋਸਤਾਂ ਕੋਲ ਸ਼ਰਾਬੌ ਹੁੰਦਾ ਹੈ, ਵੇਸਵਾ ਤੋਂ ਗਾਲਾਂ ਤੇ ਆਪਣੇ ਬੋਸ ਤੋਂ ਛਿਤਰ ਖਾਂਦਾ ਹੈ………… ਓਹ ਬਾਬੂ ਹੈ। ਜਿਹੜਾ ਨਹਾਉਣ ਲੱਗਾ ਤੇਲ ਤੋਂ ਚਿੜ੍ਹੇ, ਖਾਣ ਲੱਗਾ ਆਪਣੀਆਂ ਉਂਗਲਾਂ ਤੋਂ ਚਿੜ੍ਹੇ ਤੇ ਬੋਲਣ ਲੱਗਾ ਆਪਣੀ ਮਾਤ ਭਾਸ਼ਾ ਤੋਂ ਸੜੇ………… ਓਹ ਬਾਬੂ ਹੈ। ਜਨਾਬ ਜਿਹਨਾਂ ਸਹਿਬਾਨਾਂ ਦੇ ਗੁਣ ਮੈਂ ਤੁਹਾਨੂੰ ਗਿਣਾ ਆਇਆ ਹਾਂ ਓਹ ਇਸ ਗੱਲ ਤੇ ਲਗਭਗ ਪੂਰੇ ਆਤਮ ਵਿਸ਼ਵਾਸ ‘ਚ ਨੇ ਕਿ ਪਾਨ ਖਾ ਕੇ, ਅਰਾਮ ਨਾਲ ਬਿਸਤਰੇ ‘ਤੇ ਲੇਟ ਕੇ, ਦੁਭਾਸ਼ੀ ਗੱਲਬਾਤ ਕਰਕੇ ਤੇ ਸਿਗਰੇਟ ਦੇ ਸੂਟੇ ਖਿੱਚ ਕੇ ਓਹ ਭਾਰਤ ਨੂੰ ਮੁੜ ਜਿੱਤ ਲੈਣਗੇ।

(ਐੱਮ.ਜੇ ਅਕਬਰ ਦੀ ਕਿਤਾਬ ‘ਚ ਛਪਿਆ ਇਹ ਅੰਗਰੇਜ਼ੀ ਉਲਥਾਅ ਪਹਿਲੋਂ ‘ਚ ਪਾਰਥਾ ਚਟਰਜੀ ਦੀ ‘ਦ ਨੇਸ਼ਨ ਐਂਡ ਇਟਸ ਫਰੈਗਮੈਂਟਸ: ਕਲੋਨੀਅਲ ਐਂਡ ਪੋਸਟ ਕਲੋਨੀਅਲ ਹਿਸਟਰੀਜ਼’  ਆਕਸਫੋਰਡ ਯੂਨੀਵਰਸਿਟੀ ਪ੍ਰੈਸ, 1993 ‘ਚ ਛਪਿਆ ਹ

ਉਲਥਾਅ:ਦਵਿੰਦਰਪਾਲ

Thursday, August 13, 2009

ਅਖੰਡ ਭਾਰਤ ਦਾ ਖੰਡਿਤ ਸੁਪਨਾ

ਅਖੰਡ ਭਾਰਤ ‘ਚ ਖੰਡਿਤ ਕੌਮੀਅਤਾਂ ਦੇ ਮਸਲੇ 1947 ਤੋਂ ਚਲਦੇ ਆ ਰਹੇ ਹਨ।ਪਿਛਲੇ ਦਿਨੀਂ ਕੌਮੀਅਤਾਂ ਦੇ ਸਵਾਲ ਨੂੰ ਲੈਕੇ ਮੈਂ ਵੀ ਕੁਝ ਦੋ-ਚਾਰ ਹੋਇਆ। ਉਹਨਾਂ ਦਿਨਾਂ ‘ਚ ਹੀ ਦਵਿੰਦਰਪਾਲ ਕੌਮੀਅਤ ਦੀ ਇਤਿਹਾਸਿਕ ਲੜਾਈ ਲੜ ਰਹੇ ਕਸ਼ਮੀਰ ਦੀ ਯਾਤਰਾ ‘ਤੇ ਸੀ। ਕਸ਼ਮੀਰ ਤੋਂ ਮੁੜਦਿਆਂ ਹੀ ਵਿਚਾਰ ਚਰਚਾ ਹੋਈ ਕਿ ਜੋ ਕੁਝ ਜ਼ਮੀਨੀ ਯਥਾਰਥ ਹੈ ਉਸਦਾ ਦੋਸਤਾਂ ਮਿੱਤਰਾਂ ਨਾਲ ਸੰਵਾਦ ਰਚਾਇਆ ਜਾਵੇ।ਸੋ ਦਵਿੰਦਰ ਨੇ ਅਪਣੇ ਛੋਟੇ ਜਿਹੇ ਕਸ਼ਮੀਰੀ ਸਫਰ ‘ਚ ਚੀਜ਼ਾਂ ਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ।
-----ਗੁਲਾਮ ਕਲਮ



‘ਆਪ ਬਾਰਤ ਸੇ ਆਏ’
‘ਹਮ ਤੋ ਆਜ਼ਾਦੀ ਕੇ ਲੀਏ ਲੜਤੇ ਹੈ, ਪਾਕਿਸਤਾਨ ਸੇ ਹਮੇਂ ਕਯਾ ਮਤਲਬ’
‘ਯੇ ਅਜ਼ਾਦੀ ਸਿਰਫ ਮੁਸਲਮਾਨ ਕੇ ਲਿਏ ਨਹੀਂ,ਹਰ ਕਸ਼ਮੀਰੀ ਕੇ ਲਿਏ ਹੋਗੀ, ਪੰਡਿਤ ਭੀ ਬਰਾਬਰ ਕੇ ਹਿੱਸੇਦਾਰ ਹੈਂ’

ਇਹ ਕੁਝ ਕੁ ਫਿਕਰੇ ਨੇ ਜਿਹੜੇ ਆਮ ਕਸ਼ਮੀਰੀ ਦੇ ਮੂੰਹੋਂ ਸੁਣਨ ਨੂੰ ਮਿਲਦੇ ਨੇ। ਵੱਡੇ ਆਗੂਆਂ, ਕਸ਼ਮੀਰ ਦੇ ਇਤਿਹਾਸ ਜਾਂ ਮੌਜੂਦਾ ਹੁਕਮਰਾਨਾਂ ਦੇ ਨਾਂ ਲੈਣ ਦੀ ਲੋੜ ਮਹਿਸੂਸ ਨਹੀਂ ਕਰਦਾ ਕਿਉਂਕਿ ਰੋਜ਼ ਅਖ਼ਬਾਰਾਂ ‘ਚ ਇਹ ਸਭ ਕੁਝ ਪੜਦੇ ਓਂ ਤੁਸੀ। ਪਰ ‘ਦੂਧ ਮਾਂਗੋਗੇ ਖੀਰ ਦੇਂਗੇ, ਕਸ਼ਮੀਰ ਮਾਂਗੋਗੇ ਚੀਰ ਦੇਂਗੇ’ ਵਾਲਾ ਬਾਲੀਵੁੱਡ, ਕਸ਼ਮੀਰ ਭਾਰਤ ਕਾ ਅਭਿੰਨ ਅੰਗ ਹੈ ਵਾਲਾ ਦਿੱਲੀ ਦਾ ਨਿਊਜ਼ ਐਂਕਰ ਤੇ ਸਿਆਸਤਦਾਨ ਕਦੇ ਆਮ ਕਸ਼ਮੀਰੀ ਦੀ ਗੱਲ ਨਹੀਂ ਕਰਦਾ। ਕਸ਼ਮੀਰ ਦੇ ਚੱਕਰ ‘ਚ ਕਨਫਿਊਜ਼ ਰਹਿਣ ਵਾਲਾ ਆਮ ਭਾਰਤੀ ਕਦੇ ਇਹ ਨਹੀਂ ਜਾਣ ਸਕਦਾ ਕਿ ਰੋਜ਼ਾਨਾ ਨੌਕਰੀ ਜਾਂ ਦਿਹਾੜੀ ਕਰਨ ਵਾਲਾ, ਕਸ਼ਮੀਰੀ ਮਜ਼ਦੂਰ ਜਾਂ ਗੁਲਮਰਗ, ਅਨੰਤਨਾਗ, ਪਹਿਲਗਾਮ ਦੇ ਪਹਾੜੀ ਜਾਂ ਕਸ਼ਮੀਰ ਵਾਦੀ ਦੇ ਨੀਮ ਪਹਾੜੀ ਇਲਾਕਿਆਂ ‘ਚ ਸਾਡੇ ਕਿਸਾਨਾਂ ਵਾਂਗ ਹੀ ਖੇਤੀ ਕਰਨ ਵਾਲਾ ਆਮ ਕਸ਼ਮੀਰੀ ਕੀ ਕਹਿੰਦਾ ਹੈ। ਉੱਤੇ ਲਿਖੇ ਫਿਕਰੇ ਕੁਝ ਕੁ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਨੇ। ਹਾਲਾਂਕਿ ਲੰਮੇ ਵਿਸਥਾਰ ‘ਚ ਤੇ ਸਿਆਸੀ ਤਕਨੀਕਾਂ ਰੱਖ ਕੇ ਇਸ ਸਮੱਸਿਆ ‘ਤੇ ਵਿਚਾਰ ਦੀ ਜ਼ਰੂਰਤ ਹੈ, ਪਰ ਅਸਲ ਸੱਚਾਈ ਤੋਂ ਮੁੰਹ ਨਹੀਂ ਮੋੜਿਆ ਜਾ ਸਕਦਾ ਕਿ ਚਾਹੇ ਬਾਹਰੀ ਤਾਕਤਾਂ ਦੀ ਮਦਦ ਨਾਲ ਜਾਂ ਕਿਸੇ ਵੇਲੇ ਆਪਣੇ ਹੀ ਆਗੂਆਂ ਦਾ ਸਮਝਾਇਆ ਆਮ ਕਸ਼ਮੀਰੀ ਹੁਣ ਸੰਯੁਕਤ ਰਾਸ਼ਟਰ ਦੇ ਚਾਰਟਰ ਮੁਤਾਬਕ ਆਪਣੇ ਆਜ਼ਾਦ ਖਿੱਤੇ ਦੀ ਮੰਗ ਕਰ ਰਿਹਾ ਹੈ। ਇਸ ਮੰਗ ਦਾ ਜਵਾਬ ਭਾਰਤ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਹੈ। ਕਿਸੇ ਵੀ ਸ਼ਹਿਰ, ਕਸਬੇ ਪਿੰਡ ‘ਚ ਜਾਓ ਮੋੜਾਂ ‘ਤੇ ਨੌਜੁਆਨ ਜਾਂ ਸੱਥਾਂ ਖੁੰਢਾਂ ‘ਤੇ ਬੁੜੇ ਬਜ਼ੁਰਗ ਨਹੀਂ ਨਜ਼ਰ ਆਉਂਦੇ। ਦਿੱਸਦਾ ਹੈ ਸਿਰਫ ਬੀਐੱਸਐੱਫ ਵਾਲਾ, ਸੀਆਰਪੀ ਵਾਲਾ ਜਾਂ ਆਰਮੀ ਵਾਲਾ।


ਜੇ ਕਸ਼ਮੀਰ ਭਾਰਤ ਦਾ ਹਿੱਸਾ ਹੈ ਤਾਂ ਸੂਬਾਈ ਰਾਜਧਾਨੀ ਸ੍ਰੀਨਗਰ ਨੂੰ ਜਾਂਦਾ ਨੈਸ਼ਨਲ ਹਾਈਵੇ ਕਿੱਲੋਮੀਟਰਾਂ ਤੱਕ ਟੁੱਟਾ ਤੇ ਅਮਰਨਾਥ ਯਾਤਰਾ ਲਈ ਪਹਿਲਗਾਮ ਦਾ ਰਾਹ ਦੋ ਸੜਕਾਂ ਵਾਲਾ ਮੱਖਣੀ ਵਰਗਾ ਹਾਈਵੇਅ ਕਿਉਂ ਹੈ। ਜੇ ਅਮਰਨਾਥ ਸ਼ਰਾਈਨ ਬੋਰਡ ਨੇ ਜ਼ਮੀਨ ਦੇਣੀ ਸੀ ਤਾਂ ਆਮ ਕਸ਼ਮੀਰੀਆਂ ਨੂੰ ਕੰਮ ਧੰਦੇ ਜੋਗਾ ਕਰਨ ਦੀ ਥਾਂ ਬਾਹਰਲਿਆਂ ਨੂੰ ਦੇ ਕੇ ਰੌਲਾ ਖੜਾ ਕਰਕੇ ਆਮ ਕਸ਼ਮੀਰੀਆਂ ਦੀਆਂ ਜਾਨਾਂ ਕਿਉਂ ਲਈਆਂ, ਨਾਲ ਹੀ ਸਾਰੇ ਕਸ਼ਮੀਰ ਵਾਦੀ ਦਾ ਕਾਰੋਬਾਰ ਲੰਮੇ ਸਮੇਂ ਲਈ ਬੰਦ ਕੀਤਾ। ਇਹ ਸਵਾਲ ਮੇਰੇ ਨਹੀਂ ਕਸ਼ਮੀਰੀ ਨੌਜੁਆਨਾਂ ਦੇ ਨੇ ਜਿਹੜੇ ਅੱਜ ਗਲੀਆਂ ਮੋੜਾਂ ‘ਤੇ ਖੜੇ ਫੌਜ ਨੂੰ ਇੱਟਾਂ ਰੋੜੇ ਮਾਰਦੇ ਨੇ ਚਾਹੇ ਜੁਆਬ ‘ਚ ਗੋਲੀਆਂ ਖਾਣੀਆਂ ਪੈ ਜਾਣ। ਆਪ ਕਹਿੰਦੇ ਨੇ ‘ਹਮਾਰੇ ਪਾਸ ਤੋ ਸਿਰਫ ਪੱਥਰ ਔਰ ਲਾਠੀ ਹੋਤੀ, ਉਨਕੇ ਪਾਸ ਬੰਦੂਕ ਹੈ, ਤੋਪੇਂ ਹੈਂ, ਪਰ ਹਮ ਆਜ਼ਾਦੀ ਕੇ ਲਿਏ ਲੜਤੇ ਹੈਂ’।

ਪੰਜਾਬ ‘ਚ ਚੱਲੀ ਖਾਲਿਸਤਾਨ ਪੱਖੀ ਲਹਿਰ ‘ਚ ਇੱਕ ਵੇਲੇ ਪੁਲਸੀਆ ਤਸ਼ੱਦਦ ਤੇ ਲੋਕਾਂ ਵੱਲੋਂ ਮੁੰਡਿਆਂ ਦੀ ਮਦਦ ਦੀਆਂ ਜਾਣਕਾਰੀਆਂ ਸਭ ਨੂੰ ਨੇ, ਅੱਜ ਇਹੋ ਦੌਰ ਕਸ਼ਮੀਰ ‘ਚ ਜਾਰੀ ਹੈ। ਨੌਜੁਆਨ ਐੱਲਓਸੀ ਟੱਪ ਜਾਣ ਦਾ ਫੈਸਲਾ ਲੈਂਦੇ ਬਹੁਤਾ ਨਹੀਂ ਸੋਚਦੇ, ਵਾਪਸ ਆਉਣ ਤਾਂ ਮਜਬੂਰੀ ‘ਚ ਜਾਂ ਮਰਜ਼ੀ ਨਾਲ ਰਾਸ਼ਨ, ਕੱਪੜਿਆਂ ਦੀ ਮਦਦ ਆਮ ਕਸ਼ਮੀਰੀ ਕਰ ਦਿੰਦੇ ਨੇ ਪਰ ਤਲਾਸ਼ੀਆਂ ਲੈਣ ਆਈ ਫੋਰਸ ਸਾਰੇ ਪਿੰਡ ਨੂੰ ਸੱਥ ‘ਚ ‘ਕੱਠਾ ਕਰ ਬੇਇੱਜ਼ਤ ਕਰਦੀ ਹੈ, ਬੰਦਿਆਂ ਦੇ ਸਿਰਾਂ ‘ਤੇ ਬੂਟ ਰੱਖ ਗਾਲ ਕੱਢੀ ਜਾਣੀ ਤੇ ਕੁੜੀਆਂ, ਔਰਤਾਂ ਦਾ ਬਲਾਤਕਾਰ ਹੋਣਾ ਆਮ ਖ਼ਬਰ ਦਾ ਹਿੱਸਾ ਹੈ। ਭਾਰਤ ਦਾ ‘ਅਟੁੱਟ ਹਿੱਸਾ’ ਕਸ਼ਮੀਰ ਗੋਲੀ ਤੇ ਬੰਦੂਕ ਨਾਲ ਕਾਬੂ ਕੀਤਾ ਜਾ ਰਿਹਾ ਹੈ। ਸਰਕਾਰਾਂ ਨੇ ਪਹਿਲੋਂ ਗਲਤ ਫੈਸਲੇ ਲਏ, ਜ਼ੋਰ ਪਾ ਕੇ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ ਤਾਂ ਕਿ ਮੁੱਦੇ ਦਾ ਕੌਮਾਂਤਰੀ ਕਰਨ ਹੋਵੇ, ਹੁਣ ਕਸ਼ਮੀਰੀ ਸਾਰੀ ਦੁਨੀਆ ਤੋਂ ਮਦਦ ਮੰਗਦੇ ਨੇ ਤਾਂ ਅੰਦਰੂਨੀ ਮੁੱਦਾ ਕਹਿ ਕੇ ਝਾੜ ਦਈ ਦੇ ਨੇ। ਆਂਕੜੇ ਵਾਚੋ ਤਾਂ ਸਵਾ ਲੱਖ ਤੋਂ ਕਸ਼ਮੀਰੀ ਮੌਤਾਂ ‘ਚੋਂ ਗ਼ੈਰ ਮੁਸਲਿਮ ਸਿਰਫ 329 ਨੇ ਇਹਨਾਂ ‘ਚੋਂ ਵੀ 34 ਓਹ ਸਿੱਖ ਜਿਹੜੇ ਚੱਟੀ ਸਿੰਗਪੋਰਾ ‘ਚ ਮਾਰੇ ਗਏ ਸਨ, ਬਾਅਦ ‘ਚ 5 ਸਬਜ਼ੀ ਵਾਲਿਆਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ, ਸਰਕਾਰੀ ਜਾਂਚ ਦਾ ਨਤੀਜਾ ਨਿਕਲਿਆ ਕਿ ਦੋਵੇਂ ਕਾਰਵਾਈਆਂ ਸੁਰੱਖਿਆ ਦਸਤਿਆਂ ਦੀ ਮਿਹਰਬਾਨੀ ਨੇ।



ਅੱਜ ਕਸ਼ਮੀਰੀ ਨੌਜੁਆਨ ਏਨਾ ਤਾਂ ਸਮਝ ਚੁੱਕਾ ਹੈ ਕਿ ਗੋਲੀ ਬੰਦੂਕ ਦਾ ਰਾਹ ਮੌਤ ਲੈ ਕੇ ਆਵੇਗਾ, ਸੋ ਵਿਰੋਧ ਦਾ ਢੰਗ ਬਦਲ ਕੇ ਇਕੱਠੇ ਹੋ ਕੇ ਸੜਕਾਂ ‘ਤੇ ਉਤਰਿਆ ਜਾ ਰਿਹਾ ਹੈ, ਨਤੀਜਾ ਅਮਰਨਾਥ ਸ਼੍ਰਾਈਨ ਬੋਰਡ ਵਾਲੀ ਜ਼ਮੀਨ ਦੇ ਫੈਸਲੇ ਨੂੰ ਬਦਲੇ ਜਾਣ ਦੇ ਰੂਪ ‘ਚ ਆਇਆ। ਅੱਜ ਪੜੇ ਲਿਖੇ ਕਾਲਜੀਏਟ ਕਸ਼ਮੀਰੀ ਨੌਜੁਆਨ ਚੁਣੌਤੀ ਨਾਲ ਕਹਿੰਦੇ ਨੇ, ‘ਬਸ ਥੋੜੇ ਦਿਨ ਔਰ ਫਿਰ ਆਪਕੋ ਵੀਜ਼ਾ ਲੇ ਕੇ ਕਸ਼ਮੀਰ ਆਨਾ ਪੜੇਗਾ, ਇਸ ਚੁਣੋਤੀ ‘ਚ ਗੁੱਸਾ ਨਹੀਂ ਹੁੰਦਾ, ਸਵੈ ਭਰੋਸਾ ਹੁੰਦਾ ਹੈ, ਇਹੋ ਸਵੈ ਭਰੋਸਾ ਓਸ ਨੌਜੁਆਨ ‘ਚ ਵੀ ਸੀ ਜਿਹਨੇ ਸਾਡੀ ਡੱਲ ਝੀਲ ‘ਚ ਖੁੱਲੇ ਬਜ਼ਾਰ ਸਬੰਧੀ ਟਿੱਪਣੀ ਦਾ ਜੁਆਬ ਦਿੱਤਾ ਸੀ। ਮੇਰੇ ਸਾਥੀ ਨੇ ਬੜੇ ਖੁਸ਼ ਹੋ ਕੇ ਆਖਿਆ ‘ਕਮਾਲ ਹੈ ਯਾਰ, ਐਵਰੀ ਥਿੰਗ ਇਜ਼ ਅਵੇਲੇਬਲ ਇਨ ਦਾ ਲੇਕ’ ਤੇ ਸਾਡੇ ਸ਼ਿਕਾਰੇ ਦੇ ਰਾਹ ‘ਚ ਥੋੜੀ ਦੂਰ ਆਪਣੀ ਕਿਸ਼ਤੀ ‘ਚ ਮੱਛੀਆਂ ਫੜਣ ਬੈਠਾ ਸਥਾਨਕ ਨੌਜੁਆਨ ਪੂਰੇ ਉਤਸ਼ਾਹ ਨਾਲ ਬੋਲਿਆ “ਯੈੱਸ ਐਵਰੀਥਿੰਗ ਇਜ਼ ਅਵੇਲੇਬਲ ਹੇਅਰ, ਐਵਰੀਥਿੰਗ ਐਕਸੈਪਟ ਏ ਗਨ” ਇਸ ਇੱਕ ਲਾਈਨ ‘ਚ ਲਈ ਭਾਵ ਲੁਕੇ ਹੋਏ ਨੇ। ਭਾਸ਼ਾ ਜਾਂ ਭਾਸ਼ਣ ਮਾਹਰ ਵਰਗਾ ਨਹੀਂ ਲੱਗਣਾ ਚਾਹੁੰਦਾ ਪਰ ਓਸੇ ਵੇਲੇ ਮਹਿਸੂਸ ਇਹ ਹੋਇਆ ਕਿ ਲਗਾਤਾਰ ਸਿਰਫ ਅੱਤਵਾਦੀ ਦਾ ਫੱਟਾ ਲੱਗਣ ਤੋਂ ਤੰਗ ਨੌਜੁਆਨ ਪੀੜ੍ਹੀ ਜਿੱਥੇ ਆਪਣੀ ਛਵੀ ਖਾਤਰ ਡਿਫੈਂਸਿਵ ਹੋ ਕੇ ਹਰ ਆਮ ਖ਼ਾਸ ਟਿੱਪਣੀ ਦੇ ਜੁਆਬ ‘ਚ ਵੀ ਇਹੋ ਜਿਹਾ ਜੁਆਬ ਦੇਂਦੀ ਹੈ ਓਥੇ ਜਦੋਂ ਮੈ ਓਹਦੇ ਜੁਆਬ ‘ਚ ਉੱਚੀ ਦੇਣੇ “ਗੁੱਡ ਵੱਨ” ਬੋਲਿਆ ਤਾਂ ਵਧੀਆ ਕਲਾਕਾਰ ਵਾਂਗ ਸਿਰ ਝੁਕਾ ਕੇ ਓਸ ਨੌਜੁਆਨ ਦਾ ਇਸ ਸਿਫਤ ਨੂੰ ਕਬੂਲ ਕਰਨਾ ਓਹਦੇ ਖ਼ੁਦ ‘ਚ ਭਰੋਸੇ ਨੂੰ ਵੀ ਵਖਾ ਗਿਆ।



‘ਗਰੇਟਰ ਕਸ਼ਮੀਰ’ ਵਰਗੇ ਅਖਬਾਰ ਜਿਹੜੇ ਪੰਜਾਬ ‘ਚੋਂ ਵੀ ਭੁਲਾਏ ਜਾ ਚੁੱਕੇ ਸਿਮਰਨਜੀਤ ਸਿੰਘ ਮਾਨ ਵਰਗਿਆਂ ਨੂੰ ਕਸ਼ਮੀਰ ਦਾ ਹਮਦਰਦ ਆਖਦੇ ਨੇ; ਓਹ ਲਗਾਤਾਰ ਅਵਾਜ਼ ਉਠਾਉਂਦੇ ਨੇ ਕਿ ਕਸ਼ਮੀਰੀ ਜਿਊਣਾ ਚਾਹੁੰਦੇ ਨੇ, ਇਨਸਾਨਾਂ ਵਾਂਗ। ਹਾਲਾਂਕਿ ਆਪਣੇ ਨਾਂ ਮੁਤਾਬਕ ਇਹ ਅਖਬਾਰ ਕਸ਼ਮੀਰੀਆਂ ਦੀ………….ਜਿੰਨੀ ਹੋ ਸਕੇ ਆਜ਼ਾਦੀ ਦੀ ਗੱਲ ਕਰਦਾ ਹੈ ਪਰ ਫੇਰ ਵੀ ਇਸ ਅਖ਼ਬਾਰ ‘ਚ ਲੁਕੀ ਛਿਪੀ ਜਾਂ ਖੁੱਲ ਕੇ, ਕਦੇ ਵੀ ‘ਜਿਹਾਦ’ ਵਰਗੀ ਗੱਲ ਨਹੀਂ ਕੀਤੀ ਜਾਂਦੀ। ਹਾਲਾਂਕਿ ਦਿੱਲੀ ਦੀ ਡੈਸਕ ਪੱਤਰਕਾਰੀ ਤੇ ‘ਏ.ਸੀ’ ਡਿਪਲੋਮੈਸੀ ਜਿੰਨਾ ਮਰਜ਼ੀ ਕਸ਼ਮੀਰੀਆਂ ਨੂੰ ਲਾਦੇਨ ਨਾਲ ਜੋੜੀ ਜਾਵੇ।ਇਨਸਾਨੀਅਤ ਦੀ ਗੱਲ ਜ਼ਰੂਰ ਹੁੰਦੀ ਹੈ, ਨੇਤਾਵਾਂ ‘ਤੇ ਸੁਆਲ ਜ਼ਰੂਰ ਚੁੱਕੇ ਜਾਂਦੇ ਨੇ, ਪਤੱਰਕਾਰਤਾ ਜਿਹੜੀ ਹੁੰਦੀ ਹੈ ਓਹ ਲਗਭਗ ਨਿਰਪੱਖ ਹੁੰਦੀ ਹੈ। ਸ਼ਾਇਦ ਏਸ ਲਈ ਕਿ ਕਸ਼ਮੀਰ ‘ਚ ਹਾਲੇ ਕਲਮ ਦੀ ਲੜਾਈ ਸਿਰਫ ਗੋਲੀ ਨਾਲ ਹੀ ਵੱਡੀ ਹੈ। ਪੂੰਜੀ ਨਾਲ ਲੜਾਈ ਜਾਂ ਪੂੰਜੀ ਕੋਲੋਂ ਹਾਰ ਨਹੀਂ ਹੋਈ ਜਿਹੜੀ ਮੁਲਕ ਦੇ ਸਭ ਤੋਂ ਅਮੀਰ ਤੇ ਕਥਿਤ ਤਰੱਕੀਸ਼ੁਦਾ ਸੂਬਿਆਂ ‘ਚ, ਜਿਹਨਾਂ ‘ਚ ਆਪਾਂ ਮੁਹਰੀ ਹਾਂ ਓਥੇ ਕਦੋਂ ਦੀ ਹੋ ਚੁੱਕੀ ਹੈ।


ਇਹੋ ਜੀ ਗੱਲ ਦਾ ਕਦੇ ਅੰਤ ਤਾਂ ਹੁੰਦਾ ਨੀ ਪਰ ਜਦੋਂ ਸ਼ੌਪੀਆਂ, ਅਨੰਤਨਾਗ, ਗੁਲਮਰਗ, ਸ਼੍ਰੀਨਗਰ ‘ਚ ਬਾਰ-ਬਾਰ ਨੌਜੁਆਨਾਂ ਤੋਂ ਤੇ ਕਿਤੇ ਕਿਤੇ ਬਜ਼ੁਰਗਾਂ ਕੋਲੋਂ ਜਿਹਨਾਂ ‘ਚ ਕੁਝ ਮੀਡੀਆ ਵਾਲੇ ਵੀ ਸਨ ਇੱਕੋ ਜੁਆਬ ਮਿਲਿਆ ਤਾਂ ਅੰਤ ਦਾ ਕੁਝ ਕਿਆਸ ਜ਼ਰੂਰ ਹੁੰਦਾ ਹੈ। ਕਸ਼ਮੀਰ ਨੂੰ ‘ਸੰਪੂਰਨ ਅਜ਼ਾਦੀ’…………… ਮੈਂ ਕੌਮਿਆਂ ਵਾਲੇ ਸ਼ਬਦਾਂ ਨਾਲ ਵੱਡੀ ਜਿਹੀ “ਜੇ” ਲਾ ਕੇ ਫੇਰ ਕਹਿ ਰਿਹਾਂ ਕਿ ਕਸ਼ਮੀਰ ਨੂੰ ‘ਸੰਪੂਰਨ ਅਜ਼ਾਦੀ’ ਜੇ ਕਦੇ ਮਿਲੀ ਤਾਂ ‘ਕੱਲੇ ਭਾਰਤ ਪਾਕਿਸਤਾਨ ਨਹੀਂ ਸਗੋਂ ਅਫਗਾਨਿਸਤਾਨ, ਚੀਨ, ਰੂਸ ਤੇ ਤਜਾਕਿਸਤਾਨ, ਕਜ਼ਾਖਿਸਤਾਨ ਰੂਸ ਤੱਕ ਇਹਦਾ ਹਾਲ ਬਘਿਆੜਾਂ ਵਿਚਾਲੇ ਫਸੇ ਖਰਗੋਸ਼ ਵਰਗਾ ਹੋਣਾ ਹੈ। ਇਸ ਸਿਆਸਤ ਦੀ ਸਮਝ ਕਸ਼ਮੀਰੀਆਂ ਨੂੰ ਸ਼ਾਇਦ ਭਾਰਤੀਆਂ ਤੋਂ ਵੱਧ ਹੈ ਸੋ ਓਹ ਇੱਕ ਜੁਆਬ ਸੀ ‘ਲਿਮਿਟਿਡ ਅਟੋਨੋਮੀ’ ਸੁਰੱਖਿਆ ਤੇ ਫੌਜ ਨਾਲ ਵਿਦੇਸ਼ ਨੀਤੀ ਭਾਰਤ-ਪਾਕਿ ਹੱਥ ਤੇ ਕਮਾਓ-ਖਾਓ-ਹੰਢਾਓ ਆਪਣੇ ਕਸ਼ਮੀਰ ਦਾ ਖ਼ਾਲਸ ਆਪਣਾ। ਪਰ ਇਹ ਵੀ ਹਾਲੇ ਸਿਰਫ ਇੱਕ ਬਹੁਤ ਵੱਡੇ ਤੇ ਖੁਸ਼ਨੁਮਾ ਸੁਪਨੇ ਵਰਗਾ ਲਗਦਾ ਹੈ। ਜ਼ਮੀਨੀ ਸੱਚਾਈ ਇਹ ਹੈ ਕਿ ਏਦਾਂ ਦੇ ਸਮਝੌਤੇ ਬਾਰੇ ਸੋਚਦਿਆਂ ਹੀ ਸਰਕਾਰਾਂ ਦੇ ਹੱਥ ਪੈਰ ਫੁੱਲਦੇ ਨੇ ਕਿਉਂਕਿ ਦੋਹਾਂ ਮੁਲਕਾਂ ‘ਚ ਫੇਰ ਲਗਭਗ ਹਰ ਸੂਬੇ ਨੇ ਇਹੋ ਕੁਝ ਮੰਗਣਾ ਏ। ਹਾਲ ਦੀ ਘੜੀ ਜਦ ਤਕ ਕੁਝ ਤਗੜਾ ਤੇ ਕ੍ਰਾਂਤੀਕਾਰੀ ਫੇਰਬਦਲ ਨਹੀਂ ਹੁੰਦਾ ਓਦੋਂ ਤੱਕ ਕਸ਼ਮੀਰੀਆਂ ਦੇ ਸਿਰ ‘ਤੇ ਸਿਰਫ ਸੰਗੀਨਾਂ ਦੀ ਛਾਂ ਹੀ ਨਜ਼ਰ ਆਉਂਦੀ ਐ।


ਦਵਿੰਦਰਪਾਲ