ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, October 4, 2011

ਮਨੁੱਖੀ ਹੱਕਾਂ ਦੀ ਪਹਿਰੇਦਾਰ ਰਾਧਾ ਡਿਸੂਜ਼ਾ ਸਰ੍ਹੀ ਵਿੱਚ


ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਬੁਲਾਰੇ ਹਰਭਜਨ ਚੀਮਾ ਨੇ ਪਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਗਰਮ ਕਾਰਕੁੰਨ ਜੋ ਕਿ ਅੱਜ ਕੱਲ ਯੁਨੀਵਰਸਿਟੀ ਆਫ ਮੈਨੀਟੋਬਾ ਵਿੱਚ ਲਾਅ (ਕਾਨੂੰਨ) ਦੀ ਪ੍ਰੋਫੈਸਰ ਹਨ ਉਹ ਵੈਨਕੂਵਰ ਦੀ ਧਰਤੀ ਤੇ ਜਮਹੂਰੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਪਹੁੰਚ ਰਹੇ ਹਨ। ਉਸ ਤੋਂ ਪਹਿਲਾਂ ਉਸ ਨੇ ਬੰਬੇ ਹਾਈ ਕੋਰਟ ਵਿੱਚ ਵਕਾਲਤ ਅਤੇ ਆਕਲੈਂਡ ਯੁਨੀਵਰਸਿਟੀ ਅਤੇ ਨਿਊਜ਼ੀਲੈਂਡ ਵੈਕੈਟੋ ਵਿੱਚ ਅਧਿਆਪਨ ਦਾ ਕੰਮ ਵੀ ਕੀਤਾ ਹੈ। ਮੈਨੀਟੋਬਾ ਵਿੱਚ ਆਉਣ ਤੋਂ ਪਹਿਲਾਂ ਉਹ ਲੰਡਨ ਦੀ ਯੁਨੀਵਰਸਿਟੀ ਆਫ ਵੈਸਟ ਮਿਨਸਟਰ ਵਿੱਚ ਲਾਅ ਦੇ ਪ੍ਰੋਫੈਸਰ ਸਨ। ਰਾਧਾ ਡਿਸੂਜ਼ਾ ਇੱਕ ਸੰਪੂਰਨ ਕਾਨੂੰਨ ਸ਼ਾਸ਼ਤਰੀ ਹੈ।ਰਾਧਾ ਨੇ ਕੁਦਰਤੀ ਸੋਮਿਆਂ ਦੀ ਲੁੱਟ ਦੇ ਝਗੜਿਆਂ ਵਾਰੇ, ਸੰਸਾਰੀਕਰਣ ਦੀ ਨੀਤੀ ਬਾਰੇ, ਨਵਉਦਾਰਵਾਦ ਬਾਰੇ ਅਤੇ ਲੋਕਾਂ ਦੇ ਅਧਿਕਾਰਾਂ ਬਾਰੇ ਬਹੁਤ ਹੀ ਜਾਣਕਾਰੀ ਭਰਭੂਰ ਲੇਖ ਲਿਖੇ ਹਨ। ਭਾਰਤ ਦੇ ਅੱਜ ਦੇ ਹਲਾਤਾਂ ਖਾਸ ਤੌਰ ਤੇ ਛੱਤੀਸਗੜ੍ਹ, ਝਾਰਖੰਡ, ਉੜੀਸਾ, ਆਂਧਰਾ ਪ੍ਰਦੇਸ਼ ਅਤੇ ਪਛਮੀ ਬੰਗਾਲ ਦੇ ਹਿਸਿਆਂ ਵਿੱਚ ਜੋ ਆਮ ਲੋਕਾਂ ਦੀ ਦੁਰਦਸ਼ਾ ਹੋ ਰਹੀ ਹੈ ਇਸ ਕਰਕੇ ਸਾਡਾ ਇਨਸਾਨੀਅਤ ਦੇ ਤੌਰ ਤੇ ਫ਼ਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰੀਏ ਅਤੇ ਉਹਨਾਂ ਦੇ ਦੁੱਖ ਤਕਲੀਫਾਂ ਵਿੱਚ ਉਹਨਾਂ ਦਾ ਸਾਥ ਦੇਈਏ ਪਰ ਸਾਥ ਦੇਣ ਲਈ ਸਾਨੂੰ ਹਰ ਕਿਸਮ ਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ।

ਈਸਟ ਇੰਡੀਅਨ ਡੀਫੈਂਸ ਕਮੇਟੀ ਰਾਧਾ ਡਿਸੂਜ਼ਾ ਨੂੰ ਇੱਥੇ ਬੁਲਾ ਕੇ ਲੋਕਾਂ ਦੇ ਰੂਬਰੂ ਕਰ ਰਹੀ ਹੈ। ਇੱਥੇ ਉਸਦੇ ਬੋਲਣ ਦਾ ਵਿਸ਼ਾ ਜਬਰੀ ਖੋਹੀਆਂ ਜ਼ਮੀਨਾਂ ਦੀ ਵਾਪਸੀ ਦਾ ਸਵਾਲ, ਲੋਕ ਲਹਿਰਾਂ ਦੇ ਸੰਘਰਸ਼, ਜਬਰ ਤੇ ਚਨੌਤੀਆਂ ਬਾਰੇ ਹੈ।ਸਾਰੇ ਅਗਾਂਹਵਧੂ ਲੋਕਾਂ ਨੂੰ ਇਸ ਪਬਲਿਕ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਪ੍ਰੌਗਰਾਮ 8 ਅਕਤੂਬਰ, 2011 ਦਿਨ ਸਨਿੱਚਰਵਾਰ ਸ਼ਾਮ ਦੇ ਚਾਰ ਵਜੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਜੋ ਕਿ #126 7536-130 ਸਟਰੀਟ ਤੇ ਸਥਿਤ ਹੈ ਤੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਲਾਲਗੜ੍ਹ ਦੇ ਸੰਘਰਸ਼ ਬਾਰੇ ਇੱਕ ਡਾਕੂਮੈਂਟਰੀ ਵੀ ਦਿਖਾਈ ਜਾਵੇਗੀ ਜੋ ਕਿ ਬਹੁਤ ਹੀ ਦੇਖਣਯੋਗ ਹੈ। ਹੋਰ ਜਾਣਕਾਰੀ ਲਈ ਹੇਠ ਦਿੱਤੇ ਫੋਨ ਤੇ ਫੋਨ ਕਰ ਸਕਦੇ ਹੋ।

ਸਕੱਤਰ ਹਰਭਜਨ ਚੀਮਾ
604 377 2415
ਈਸਟ ਇੰਡੀਅਨ ਡੀਫੈਂਸ ਕਮੇਟੀ

ਛੋਟੀਆਂ ਖਬਰਾਂ ਵੱਡੇ ਅਰਥ

ਕੋਈ ਖ਼ਬਰ ਛੋਟੀ ਨਹੀਂ ਹੁੰਦੀ ਹੈ। ਛੋਟੀ ਖ਼ਬਰ ਵੀ ਵੱਡੇ ਅਰਥ ਛੱਡਦੀ ਹੈ। ਬਹੁਤੇ ਖ਼ਬਰਾਂ 'ਤੇ ਤੈਰਵੀਂ ਨਜ਼ਰ ਮਾਰਦੇ ਹਨ। ਉਹ ਕਈ ਖ਼ਬਰਾਂ ਤੋਂ ਖੁੰਝ ਵੀ ਜਾਂਦੇ ਹਨ। ਛੋਟੀ ਜੇਹੀ ਖ਼ਬਰ ਵੀ ਹਿਲਾ ਕੇ ਰੱਖ ਦਿੰਦੀ ਹੈ। ਛੋਟਾ ਬੱਚਾ ਵੀ ਅਚਾਨਕ ਏਦਾ ਦੀ ਗੱਲ ਕਰ ਦਿੰਦਾ ਹੈ ਜੋ ਵੱਡਿਆਂ ਦੀ ਸਮਝੋ ਬਾਹਰ ਹੋ ਜਾਂਦੀ ਹੈ। ਵੱਡੀ ਖ਼ਬਰ ਦੀ ਤਾਂ ਗੱਲ ਹੀ ਹੋਰ ਹੁੰਦੀ ਹੈ। ਜੋ ਬੇਖ਼ਬਰ ਰਹਿੰਦੇ ਹਨ, ਉਨ੍ਹਾਂ ਨੂੰ ਝੰਜੋੜਨ ਲਈ ਨਿੱਕੀ ਖ਼ਬਰ ਹੀ ਕਾਫੀ ਹੁੰਦੀ ਹੈ। ਤਾਕਤ ਚ ਜੋ ਵੱਡੇ ਹੁੰਦੇ ਹਨ,ਉਨ੍ਹਾਂ ਨੂੰ ਤਾਂ ਵੱਡੀ ਖ਼ਬਰ ਵੀ ਛੋਟੀ ਲੱਗਦੀ ਹੈ। ਜੋ ਛੋਟੇ ਹੁੰਦੇ ਹਨ,ਉਨ੍ਹਾਂ ਦੀ ਜ਼ਿੰਦਗੀ ਤਾਂ ਹਰ ਸਤਰ ਨਾਲ ਜੁੜੀ ਹੁੰਦੀ ਹੈ। ਏਦਾ ਦੀ ਨਿੱਕੀ ਖ਼ਬਰ ਦੇਖਦੇ ਹਾਂ। ਪੰਜ ਸੱਤ ਲਾਈਨਾਂ ਦੀ ਖ਼ਬਰ ਇਉਂ ਛਪੀ ਹੋਈ ਸੀ। ਭਦੌੜ ਨੇੜੇ ਇੱਕ ਪਿੰਡ 'ਚ ਮੰਗਤਾ ਘਰੋਂ ਘਰੀਂ ਜਾ ਕੇ ਆਟਾ ਮੰਗਦਾ ਰਿਹਾ। ਸ਼ਾਮ ਹੋਣ ਤੱਕ ਉਸ ਦੀ ਪੋਟਲੀ 'ਚ 10 ਕਿਲੋਂ ਆਟਾ ਇਕੱਠਾ ਹੋ ਗਿਆ। ਛੋਟੇ ਜੇਹਾ ਬੱਚਾ ਉਸ ਦਾ ਰਾਹ ਦਸੇਰਾ ਸੀ। ਜਿਉਂ ਹੀ ਪਿੰਡ ਦੀ ਜੂਹ ਚੋਂ ਬਾਹਰ ਹੋਇਆ। ਪਿਛਿਓਂ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਆਏ। ਉਨ੍ਹਾਂ ਮੰਗਤੇ ਦੀ ਪੋਟਲੀ ਖੋਹੀ ਤੇ ਅੋਂਹ ਗਏ। ਬੱਚਾ ਰੋਂਦਾ ਰਿਹਾ ਤੇ ਬਜ਼ੁਰਗ ਕੁਰਲਾਉਂਦਾ ਰਿਹਾ। ਨਿੱਕੀ ਜੇਹੀ ਖ਼ਬਰ ਪਿਛੇ ਸੱਚਮੁੱਚ ਵੱਡਾ ਮਸਲਾ ਖੜ੍ਹਾ ਹੈ। ਪੰਜਾਬ ਦੇ ਬੁਰੇ ਦਿਨਾਂ ਦਾ ਇਹ ਸਿਰਾ ਹੈ। ਭੁੱਖਿਆਂ ਨੂੰ ਰਜਾਉਣ ਵਾਲਾ ਇਹ ਸੂਬਾ ਕਿਥੋਂ ਦੀ ਲੰਘ ਰਿਹਾ ਹੈ। ਨੌਜਵਾਨਾਂ ਦੇ ਹੱਥ ਮੰਗਤੇ ਦੀ ਪੋਟਲੀ ਤੱਕ ਪੁੱਜ ਗਏ ਹਨ। ਜਿਨ੍ਹਾਂ ਵੱਡਿਆਂ ਨੂੰ ਹਰ ਮਸਲਾ ਛੋਟਾ ਲੱਗਦਾ ਹੈ,ਉਹ ਜਰੂਰ ਸੋਚਣ। ਪੰਜਾਬ 'ਚ ਹੁਣ ਮੰਗਤਾ ਵੀ ਸੁਰੱਖਿਅਤ ਨਹੀਂ,ਇੱਕ ਵਾਰੀ ਉਹ ਸਿਰ 'ਤੇ ਜ਼ਰੂਰ ਬੋਝ ਪਾਉਣ। ਵੱਡੇ ਸਮਝਦੇ ਹਨ ਕਿ ਸਿਰ ਤਾਂ ਪੈਸਿਆਂ ਨੂੰ ਜ਼ਰਬਾਂ ਦੇਣ ਲਈ ਹੁੰਦੇ ਹਨ। ਗੱਲ ਇਥੇ ਹੀ ਮੁੱਕਦੀ ਹੁੰਦੀ ਤਾਂ ਸਿਰਾਂ ਦੇ ਮੁੱਲ ਨਹੀਂ ਪੈਣੇ ਸਨ। ਕਿਸੇ ਨੇ ਬੰਦ ਬੰਦ ਨਹੀਂ ਕਟਾਉਣੇ ਸਨ। ਆਹ ਦਿਨ ਵੇਖਣ ਲਈ ਚਰਖੜੀਆਂ 'ਤੇ ਨਹੀਂ ਚੜ੍ਹੇ ਸਨ।


ਚੰਡੀਗੜ੍ਹ ਤੋਂ ਇੱਕ ਖ਼ਬਰ ਪਿਛਲੇ ਦਿਨੀਂ ਛਪੀ ਕਿ ਇੱਕ ਮਹਿਲਾ ਦੀ ਚੇਨੀ ਝਪਟ ਕੇ ਭੱਜਣ ਲੱਗੇ ਨੌਜਵਾਨ ਫੜੇ ਗਏ। ਜਦੋਂ ਪੁਲੀਸ ਨੇ ਤਹਿਕੀਕਾਤ ਕੀਤੀ ਤਾਂ ਉਨ੍ਹਾਂ ਚੋਂ ਇੱਕ ਮੁੰਡਾ ਗਜ਼ਟਿਡ ਅਧਿਕਾਰੀ ਦਾ ਸੀ। ਉਸ ਦੇ ਘਰ ਹਰ ਐਸੋ ਇਸ਼ਰਤ ਦੀ ਵਸਤ ਮੌਜੂਦ ਹੈ। ਕੋਈ ਤੰਗੀ ਤੁਰਸ਼ੀ ਨਹੀਂ ਸੀ। ਏਦਾ ਦੇ ਹਜ਼ਾਰਾਂ ਮਸਲੇ ਦੇਖਣ ਨੂੰ ਮਿਲਦੇ ਹਨ। ਪੁਲੀਸ ਅਫਸਰਾਂ ਦੇ ਮੁੰਡਿਆਂ ਦੇ ਨਾਮ ਅਕਸਰ ਕਿਸੇ ਨਾ ਕਿਸੇ ਘਟਨਾ 'ਚ ਸੁਣੇ ਜਾਂਦੇ ਹਨ। ਏਦਾ ਹੀ ਇੱਕ ਪੀ.ਐਚ.ਡੀ ਮਹਿਲਾ ਰਾਜਧਾਨੀ 'ਚ ਠੱਗੀ ਦੇ ਮਾਮਲੇ 'ਚ ਫੜੀ ਗਈ ਹੈ। ਇਹ ਲੈਕਚਰਾਰ ਮਹਿਲਾ ਕਾਲਜ 'ਚ ਤਾਂ ਦਿਨ ਵੇਲੇ ਨਵੀਂ ਪੌਦ ਨੂੰ ਨੈਤਿਕਤਾ ਦਾ ਪਾਠ ਪੜਾਉਂਦੀ ਸੀ। ਰਾਤ ਨੂੰ ਖੁਦ ਨਵੀਂ ਠੱਗੀ ਦੀ ਵਿਉਂਤ ਬਣਾਉਂਦੀ ਸੀ। ਏਦਾ ਦਾ ਮਾਹੌਲ ਕੋਈ ਰਾਤੋਂ ਰਾਤ ਨਹੀਂ ਬਣਿਆ ਹੈ। ਅੱਗੇ ਮਹਿਮਾ ਸਰਜਾ ਤੋਂ ਛਪੀ ਹੋਈ ਇੱਕ ਖ਼ਬਰ ਵੱਲ ਧਿਆਨ ਮਾਰਦੇ ਹਾਂ। ਖ਼ਬਰ ਦੀ ਜਗ੍ਹਾ ਛੋਟੀ ਸੀ। ਮਾਅਨੇ ਵੱਡੇ ਸਨ। ਨਿੱਕੀ ਜੇਹੀ ਖ਼ਬਰ ਧਿਆਨ ਵੱਡਾ ਮੰਗਦੀ ਸੀ। ਖ਼ਬਰ ਅਨੁਸਾਰ ਇੱਕ ਪਿੰਡ 'ਚ ਸਿਆਸੀ ਧਿਰਾਂ ਨੇ ਸ਼ਮਸ਼ਾਨ ਘਾਟ ਵੀ ਵੱਖੋ ਵੱਖਰੇ ਬਣਾ ਲਏ ਹਨ। ਅਕਾਲੀਆਂ ਦਾ ਸ਼ਮਸ਼ਾਨਘਾਟ ਵੱਖਰਾ। ਕਾਂਗਰਸੀਆਂ ਦਾ ਵੱਖਰਾ। ਬਾਕੀ ਖ਼ਬਰਾਂ ਵਾਂਗ ਇਹ ਖ਼ਬਰ ਵੀ ਇੱਕ ਦਿਨ ਜ਼ਿੰਦਗੀ ਭੋਗ ਕੇ ਤੁਰ ਗਈ। ਖ਼ਬਰ ਦੇ ਅਰਥ ਇਹੋ ਹਨ ਕਿ ਹੁਣ ਜਦੋਂ ਇਸ ਪਿੰਡ 'ਚ ਕੋਈ ਵੀ ਮਰੇਗਾ। ਪਹਿਲਾਂ ਉਸ ਦੀ ਪਾਰਟੀ ਦੇਖੀ ਜਾਏਗੀ। ਦੁਨੀਆਂ ਛੱਡ ਕੇ ਜਾਣ ਵਾਲੇ ਬੱਚੇ ਦਾ ਵੀ ਪਿਛੋਕੜ ਵੇਖਿਆ ਜਾਏਗਾ। ਵੇਖਣਾ ਬਣਦਾ ਹੈ ਕਿ ਪਿੰਡਾਂ 'ਚ ਹੁਣ ਗੱਲ ਜਾਤਾਂ ਤੇ ਅਧਾਰਿਤ ਸ਼ਮਸ਼ਾਨਘਾਟਾਂ 'ਤੇ ਵੀ ਰੁਕੀ ਨਹੀਂ ਹੈ। ਸਿਆਸਤ ਸ਼ਮਸ਼ਾਨਘਾਟਾਂ ਤੱਕ ਚਲੀ ਗਈ ਹੈ। ਫਿਕਰ ਤਾਂ ਇਹੋ ਵੱਡਾ ਸੀ ਕਿ ਪਿੰਡਾਂ 'ਚ ਜ਼ਿਮੀਂਦਾਰਾਂ ਅਤੇ ਦਲਿਤ ਭਾਈਚਾਰੇ ਦੇ ਵੱਖੋ ਵੱਖਰੇ ਸ਼ਮਸ਼ਾਨਘਾਟ ਹਨ। ਕਈ ਪਿੰਡਾਂ 'ਚ ਵੱਡੇ ਸਰਦਾਰਾਂ ਦੇ ਸ਼ਮਸ਼ਾਨਘਾਟ ਵੀ ਵੱਖਰੇ ਹਨ। ਹੋਰ ਕਿਥੇ ਕਿਥੇ ਸਿਆਸਤ ਆਪਣਾ ਠੱਪਾ ਲਾਏਗੀ। ਜਿਨ੍ਹਾਂ ਸਮਾਂ ਲੋਕ ਆਪਣੇ ਠੱਪੇ ਦੇ ਮੂੰਹ ਇਨ੍ਹਾਂ ਵੱਲ ਨਹੀਂ ਕਰਦੇ,ਉਨ੍ਹਾਂ ਸਮਾਂ ਇਸ ਦਾ ਠੱਪਾ ਏਦਾ ਹੀ ਚੱਲੇਗਾ। ਬਰਨਾਲਾ ਜਿਲ੍ਹੇ ਚੋਂ ਖ਼ਬਰ ਛਪੀ ਹੋਈ ਸੀ ਕਿ ਇੱਕ ਪਿੰਡ 'ਚ ਪ੍ਰਾਇਮਰੀ ਸਕੂਲ ਸ਼ਮਸ਼ਾਨਘਾਟ 'ਚ ਲੱਗਦਾ ਹੈ। ਜਦੋਂ ਕੋਈ ਮੁਰਦਾ ਫੂਕਣ ਵਾਸਤੇ ਆਉਂਦਾ ਹੈ ਤਾਂ ਕਲਾਸ ਦੂਸਰੇ ਸੈੱਡ ਹੇਠ ਲੱਗਦੀ ਹੈ। ਜਦੋਂ ਫੁੱਲ ਚੁਗੇ ਜਾਂਦੇ ਹਨ ਤਾਂ ਮੁੜ ਕਲਾਸ ਪੁਰਾਣੇ ਸੈਡ 'ਚ ਆਣ ਲੱਗਦੀ ਹੈ। 64 ਵਰ੍ਹਿਆਂ ਮਗਰੋਂ ਵੀ ਕਲਾਸਾਂ ਸਮਸ਼ਾਨਘਾਟਾਂ 'ਚ ਲੱਗਣੀਆਂ ਹਨ ਤਾਂ ਫਿਟ ਲਾਅਹਣ ਹੈ। ਵੋਟਾਂ ਪਾਉਣ ਵਾਲਿਆਂ ਦਾ ਧਿਆਨ ਇਹ ਖ਼ਬਰ ਜਿਆਦਾ ਮੰਗਦੀ ਹੈ। ਖ਼ਬਰ ਆਖਦੀ ਹੈ ਕਿ ਜੇਹੋ ਜੇਹੇ ਚੁਣੋਗੇ,ਉਹੋ ਜੇਹਾ ਵੱਢੋਗੇ। ਖ਼ਬਰ ਨਿੱਕੀ ਜੇਹੀ ਛਪੀ ਸੀ, ਧਿਆਨ ਵੱਡਾ ਮੰਗਦੀ ਹੈ,ਕੋਈ ਅਣਜਾਣ ਨਹੀਂ ਹੈ। ਸ਼੍ਰੋਮਣੀ ਕਮੇਟੀ ਵੋਟਾਂ ਤੋਂ ਦੂਸਰੇ ਦਿਨ ਇੱਕ ਅੰਗਰੇਜ਼ੀ ਅਖ਼ਬਾਰ 'ਚ ਖ਼ਬਰ ਛਪੀ ਕਿ ਹੇਅਰ ਡਰੈਸਰਾਂ ਦੇ ਪੂਰਾ ਦਿਨ ਭੀੜ ਰਹੀ। ਲੀਡਰ ਵੀ ਦਾੜ੍ਹੀ ਕਟਾਉਂਦੇ ਰਹੇ। ਮੋਹਰੀ ਵਰਕਰ ਵੀ ਹੇਅਰ ਡਰੈਸਰਾਂ ਦੇ ਕਤਾਰਾਂ'ਚ ਖੜ੍ਹੇ ਰਹੇ। ਮਤਲਬ ਖ਼ਬਰ ਦਾ ਸਾਫ ਹੈ ਕਿ ਵੋਟਾਂ ਖਾਤਰ ਸਭ ਸਿੰਘ ਸਜੇ ਹੋਏ ਸਨ। ਕੋਈ ਬਾਹਰੋ ਆ ਕੇ ਪੀਹੜੀ ਹੇਠ ਸੋਟਾ ਨਹੀਂ ਫੇਰੂ। ਆਪ ਨੂੰ ਹੀ ਸੋਟਾ ਚੁੱਕਣਾ ਪਊ। ਧਾਰਮਿਕ ਚੋਣਾਂ 'ਚ ਜੋ ਹਾਕਮ ਧਿਰ ਨੇ ਸੋਟੇ ਚੁੱਕੇ ਸਨ, ਉਹੀ ਸੋਟੇ ਕਿਤੇ ਪੀਹੜੀ ਹੇਠ ਫੇਰੇ ਹੁੰਦੇ ਤਾਂ ਹੇਅਰ ਡਰੈਸਰਾਂ ਦੇ ਲਾਈਨਾਂ ਨਹੀਂ ਲੱਗਣੀਆਂ ਸਨ। ਸ਼੍ਰੋਮਣੀ ਕਮੇਟੀ ਚੋਣਾਂ ਦੇ ਦਿਨਾਂ 'ਚ ਸਭ ਅਕਾਲੀ ਲੀਡਰਾਂ ਨੇ ਦਾੜ੍ਹੀਆਂ ਖੋਲ੍ਹੀਆਂ ਹੋਈਆਂ ਸਨ। ਕਾਹਦੇ ਲਈ,ਸਭ ਜਾਣਦੇ ਹਨ। ਗੱਲ ਇੱਥੋਂ ਤੱਕ ਹੀ ਸਿਮਟ ਗਈ ਹੈ। ਹੁਣੇ ਜੇਹੇ ਹੀ ਟਰਾਂਟੋ ਤੋਂ ਖ਼ਬਰ ਛਪੀ ਹੈ ਕਿ ਇੱਕ ਬਜ਼ੁਰਗ ਟਰਾਂਟੋ 'ਚ ਦੇਸੀ ਸ਼ਰਾਬ ਕੱਢਦਾ ਪੁਲੀਸ ਨੇ ਕਾਬੂ ਕੀਤਾ ਹੈ। ਜੋ ਕਸਰ ਇੱਥੇ ਰਹਿ ਰਹੀ ਹੈ,ਬਾਹਰ ਜਾ ਕੇ ਉਹ ਵੀ ਕੱਢੀ ਜਾ ਰਹੇ ਹਨ। ਇਨਸਾਨਾਂ ਨੂੰ ਇਹੋ ਜੇਹੀਆਂ ਖ਼ਬਰਾਂ ਪ੍ਰੇਸ਼ਾਨ ਕਰਦੀਆਂ ਹਨ। ਨੇਤਾ ਲੋਕਾਂ ਲਈ ਇਨ੍ਹਾਂ ਦੇ ਕੋਈ ਮਾਅਨੇ ਨਹੀਂ। ਇਨ੍ਹਾਂ ਦੇ ਚੇਤੇ ਕਮਜ਼ੋਰ ਹਨ। ਕੇਵਲ ਉਹੋ ਹੀ ਯਾਦ ਰਹਿੰਦੀ ਹੈ ਜੋ ਖ਼ਬਰ ਸਿੱਧੀ ਵੋਟ ਨਾਲ ਜੁੜੀ ਹੁੰਦੀ ਹੈ।

ਕਈ ਦਿਲਚਸਪ ਖ਼ਬਰਾਂ ਵੀ ਹੁੰਦੀਆਂ ਹਨ।
ਮਿਸਾਲ ਦੇ ਤੌਰ 'ਤੇ ਕੇਰਲਾ ਦੇ ਇੱਕ ਸਰਕਾਰੀ ਸਕੂਲ ਦਾ ਪਿੰ੍ਰਸੀਪਲ ਇੱਕ ਦਿਨ ਦੀ ਛੁੱਟੀ 'ਤੇ ਚਲਾ ਗਿਆ। ਮਗਰੋਂ ਉਹ ਪਿੰ੍ਰਸੀਪਲ ਦਾ ਚਾਰਜ ਸਕੂਲ ਦੇ ਸੇਵਾਦਾਰ ਨੂੰ ਦੇ ਗਿਆ। ਕਾਰਨ ਇਹ ਸੀ ਕਿ ਪਿੰ੍ਰਸੀਪਲ ਦੀ ਸਕੂਲ ਦੇ ਕਿਸੇ ਵੀ ਸਟਾਫ ਮੈਂਬਰ ਨਾਲ ਬਣਦੀ ਨਹੀਂ ਸੀ। ਇਕੱਲਾ ਸੇਵਾਦਾਰ ਉਸ ਦਾ ਹਮਾਇਤੀ ਸੀ। ਸੇਵਾਦਾਰ ਨੇ ਏਨੀ ਵਫ਼ਾਦਾਰੀ ਨਿਭਾਈ ਕਿ ਪਿੰ੍ਰਸੀਪਲ ਦੀ ਕੁਰਸੀ 'ਤੇ ਬੈਠ ਕੇ ਉਸ ਨੇ ਕੁਝ ਅਧਿਆਪਕਾਂ ਦੀ ਝਾੜ ਝੰਬ ਤੱਕ ਕਰ ਦਿੱਤੀ। ਹਰ ਨਿੱਕੀ ਖ਼ਬਰ ਮਾੜੀ ਵੀ ਨਹੀਂ ਹੁੰਦੀ। ਚੰਗੀ ਹੋਵੇ ਤੇ ਚਾਹੇ ਮਾੜੀ, ਧਿਆਨ ਇੱਕੋ ਜਿਨ੍ਹਾਂ ਖਿੱਚਦੀ ਹੈ। ਝੰਜੋੜਦੀ ਵੀ ਇੱਕੋ ਜਿਨ੍ਹਾਂ ਹੈ। ਉਤਰ ਪ੍ਰਦੇਸ਼ ਚੋਂ ਛਪੀ ਇੱਕ ਹੈਡ ਲਾਈਨ ਵੀ ਜ਼ਿਕਰਯੋਗ ਹੈ। ਦੋ ਵਰ੍ਹੇ ਪਹਿਲਾਂ ਇੱਕ ਰਿਕਸ਼ਾ ਚਾਲਕ ਨੂੰ ਬੈਗ ਲੱਭਾ। ਬੈਗ 'ਚ ਸੋਨੇ ਦੇ ਗਹਿਣੇ ਸਨ। ਰਿਕਸ਼ਾ ਚਾਲਕ ਨੇ ਘਰ ਲਿਆ ਕੇ ਬੈਗ ਘਰ 'ਚ ਟੋਆ ਪੁੱਟ ਕੇ ਦੱਬ ਦਿੱਤਾ। ਦੋ ਸਾਲ ਸੋਚਦਾ ਰਿਹਾ। ਗਹਿਣੇ ਵਰਤਾ ਜਾਂ ਨਾ। ਪਿਛਲੇ ਦਿਨੀਂ ਉਸ ਨੇ ਟੋਏ 'ਚ ਦੱਬਿਆ ਬੈਗ ਕੱਢਿਆ। ਸਿੱਧਾ ਥਾਣੇ ਪੁੱਜ ਗਿਆ। ਪੂਰੀ ਵਾਰਤਾ ਸੁਣਾਉਣ ਮਗਰੋਂ ਕਹਿਣ ਲੱਗਾ ਕਿ ਇਸ ਨੂੰ ਸਰਕਾਰੀ ਖ਼ਜ਼ਾਨੇ 'ਚ ਜਮ੍ਹਾ ਕਰ ਲਓ। ਜਦੋਂ ਥਾਣੇ ਵਾਲਿਆਂ ਪੁੱਛਿਆ ਕਿ ਦੋ ਸਾਲ ਪਿਛੋਂ ਕਿਵੇਂ ਚੇਤਾ ਆ ਗਿਆ। ਉਸ ਦਾ ਜੁਆਬ ਸੀ ਕਿ ਪਿਛਲੇ ਦਿਨੀਂ ਅੰਨੇ ਹਜ਼ਾਰੇ ਦੇ ਇਕੱਠ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਨਾਹਰੇ ਮਾਰਨ ਵਾਲਿਆਂ 'ਚ ਉਹ ਵੀ ਸ਼ਾਮਲ ਸੀ। ਜਦੋਂ ਉਹ ਨਾਹਰੇ ਮਾਰਦਾ ਸੀ ਤਾਂ ਘਰੇ ਦੱਬਿਆ ਇਹੋ ਬੈਗ ਉਸ ਦੇ ਅੰਦਰ ਹੁੱਜਾਂ ਮਾਰਦਾ ਸੀ। ਉਸ ਨੇ ਆਖਿਆ,ਥਾਣੇਦਾਰ ਸਾਹਿਬ,ਮੈਥੋਂ ਜ਼ਮੀਰ ਦੇ ਲਫੇੜੇ ਝੱਲੇ ਨਹੀਂ ਗਏ। ਸਾਂਭੋ ਆਪਣੀ ਅਮਾਨਤ। ਹਾਲਾਂ ਕਿ ਉਸ ਗਰੀਬ ਰਿਕਸ਼ਾ ਚਾਲਕ ਦਾ ਪਰਿਵਾਰ ਇੱਕੋ ਇੱਕ ਰਿਕਸ਼ੇ 'ਤੇ ਹੀ ਪਲਦਾ ਹੈ। ਅਫਸੋਸ ਇਹੋ ਹੈ ਕਿ ਸਵਿਸ ਬੈਂਕਾਂ 'ਚ ਪਈ ਮਾਇਆ ਨੇ ਕਦੇ ਉਨ੍ਹਾਂ ਦੀ ਜ਼ਮੀਰ ਨੂੰ ਧੱਕੇ ਨਹੀਂ ਮਾਰੇ ਜੋ ਮੁਲਕ ਚਲਾਉਂਦੇ ਹਨ। ਰਿਕਸ਼ਾ ਚਲਾਉਣ ਵਾਲੇ ਤੋਂ ਹੀ ਇਹ ਮੁਲਕ ਚਲਾਉਣ ਵਾਲੇ ਸੇਧ ਲੈ ਲੈਣ।

ਇੱਕ ਖ਼ਬਰ ਗੁਜਰਾਤ ਤੋਂ ਹੈ। ਹੀਰਿਆਂ ਦਾ ਵਪਾਰੀ ਜਦੋਂ ਆਪਣਾ ਬੈਗ ਆਟੋ ਰਿਕਸ਼ਾ 'ਚ ਰੱਖ ਕੇ ਬੈਠਣ ਲੱਗਾ ਤਾਂ ਆਟੋ ਰਿਕਸ਼ਾ ਵਾਲੇ ਨੇ ਆਟੋ ਤੋਰ ਲਿਆ। ਇਹ ਸਮਝ ਕੇ ਕਿ ਸਵਾਰੀ ਪਿਛੇ ਬੈਠ ਗਈ ਹੈ। ਇੱਧਰ ਵਪਾਰੀ ਆਪਣਾ ਬੈਗ ਚਲੇ ਜਾਣ 'ਤੇ ਸਿੱਧਾ ਥਾਣੇ ਪੁੱਜ ਗਿਆ ਤਾਂ ਜੋ ਆਟੋ ਰਿਕਸ਼ਾ ਵਾਲੇ ਖ਼ਿਲਾਫ਼ ਕੇਸ ਦਰਜ ਕਰਾਇਆ ਜਾ ਸਕੇ। ਉਧਰ ਜਦੋਂ ਆਟੋ ਰਿਕਸ਼ਾ ਵਾਲੇ ਨੂੰ ਪਤਾ ਲੱਗਾ ਕਿ ਪਿਛੇ ਸਵਾਰੀ ਨਹੀਂ, ਇਕੱਲਾ ਬੈਗ ਪਿਆ ਤਾਂ ਉਸ ਨੇ ਬੈਗ ਖੋਲ੍ਹ ਲਿਆ। ਬੈਗ 'ਚ ਹੀਰੇ ਸਨ। ਉਹ ਸਿੱਧਾ ਰੇਲਵੇ ਸਟੇਸ਼ਨ ਗਿਆ। ਉਥੇ ਬੈਗ ਦੀ ਮੁਨਿਆਦੀ ਕਰਾ ਦਿੱਤੀ। ਜਦੋਂ ਬੈਗ ਦਾ ਮਾਲਕ ਨਾ ਆਇਆ ਤਾਂ ਉਹ ਸਿੱਧਾ ਥਾਣੇ ਗਿਆ। ਮੁਨਸ਼ੀ ਨੂੰ ਜਦੋਂ ਸਾਰੀ ਗੱਲ ਦੱਸੀ ਤਾਂ ਉਸ ਨੇ ਆਖਿਆ ਕਿ ਬੈਗ ਦਾ ਮਾਲਕ ਅੰਦਰ ਥਾਣੇਦਾਰ ਕੋਲ ਬੈਠਾ ਹੈ। ਆਟੋ ਵਾਲੇ ਖ਼ਿਲਾਫ਼ ਕੇਸ ਦਰਜ ਕਰਾਉਣ ਆਏ ਵਪਾਰੀ ਨੇ ਬੈਗ ਚੈਕ ਕੀਤਾ। ਹੀਰੇ ਸਹੀ ਸਲਾਮਤ ਸਨ। ਉਸ ਨੇ ਜਦੋਂ ਆਟੋ ਵਾਲੇ ਨੂੰ ਇਨਾਮ ਦੇਣ ਲਈ ਸਿਰ ਉਤਾਂਹ ਚੁੱਕਿਆ ਤਾਂ ਆਟੋ ਰਿਕਸ਼ਾ ਵਾਲਾ ਜਾ ਚੁੱਕਾ ਸੀ। ਇੰਝ ਲੱਗਦਾ ਹੈ ਕਿ ਇਮਾਨ ਤਾਂ ਹੁਣ ਇਕੱਲੇ ਕਿਰਤੀਆਂ 'ਚ ਹੀ ਬਚਿਆ ਹੈ। ਦੋ ਨੰਬਰ ਦੀ ਮਾਇਆ ਨੇ ਬਾਕੀ ਸਭ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਜੋ ਬੇਖ਼ਬਰ ਰਹਿੰਦੇ ਹਨ,ਉਹ ਵੀ ਇਨ੍ਹਾਂ ਖ਼ਬਰਾਂ ਦੇ ਪਾਤਰਾਂ ਦੀ ਹਕੀਕਤ 'ਤੇ ਝਾਤੀ ਮਾਰਨਗੇ। ਨਹੀਂ ਫਿਰ ਉਹ ਦਿਨ ਵੀ ਚੜ੍ਹੇਗਾ ਜਦੋਂ ਬੇਖ਼ਬਰਾ ਨੂੰ ਇਹੋ ਕਿਰਤੀ ਖ਼ਬਰ ਬਣਾ ਦੇਣਗੇ। ਤਿਹਾੜ ਜੇਲ੍ਹ ਵਾਲਿਆਂ ਦੀ ਖ਼ਬਰ ਵੀ ਫਿਰ ਵੱਡੀ ਬਣਦੀ ਹੈ, ਛੋਟੀ ਨਹੀਂ।

ਚਰਨਜੀਤ ਭੁੱਲਰ
ਲੇਖਕ ਸੀਨੀਅਰ ਪੱਤਰਕਾਰ ਹਨ

Monday, October 3, 2011

'ਭਾਰ' : ਇੱਕ ਪੁਲੀਸ ਕੈਟ ਦੀ ਗਾਥਾ

ਮਨਿੰਦਰ ਕਾਂਗ ਪੰਜਾਬੀ ਦੇ ਸਥਾਪਤ ਕਹਾਣੀਕਾਰ ਹਨ।ਉਨ੍ਹਾਂ ਨੇ ਆਪਣੀ ਕਲਮ ਰਾਹੀਂ ਪੰਜਾਬ ਚ ਖਾੜਕੂ ਲਹਿਰ ਸਮੇਂ ਵਿਚਰਦੇ ਕੈਟ ਦੀ ਗਾਥਾ ਲਿਖ਼ੀ ਹੈ।ਤੁਹਾਡੇ ਯਾਦ ਹੋਵੇ ਤਾਂ ਕੁਝ ਸਾਲ ਪਹਿਲਾਂ ਜਲੰਧਰ ਤੋਂ ਸੁੱਖੀ ਨਾਂਅ ਦਾ ਕੈਟ ਵੀ ਫੜਿਆ ਗਿਆ ਸੀ।ਇਹ ਮਨਿੰਦਰ ਕਾਂਗ ਦੀ ਕੈਟ ਬਾਰੇ ਕਹਾਣੀ 'ਭਾਰ' ਦਾ ਪਹਿਲਾ ਭਾਗ ਹੈ,ਦੂਜਾ ਤੇ ਤੀਜਾ ਵੀ ਛੇਤੀ ਛਾਪਾਂਗੇ।-ਗੁਲਾਮ ਕਲਮ

ਉਨ੍ਹਾਂ ਜਦੋਂ ਮੈਨੂੰ ਆਵਾਜ਼ ਮਾਰੀ, ਮੈਂ ਸਦਾ ਵਾਂਗ ਪੁਰਾਣੀ ਚਾਦਰ ਭੁੰਜੇ ਵਿਛਾਈ ਲੰਮਾ ਪਿਆ ਹੋਇਆ ਸਾਂ। ਹੁਣ ਤਾਂ ਭੁੰਜੇ ਸੌਣ ਦੀ ਆਦਤ ਬਣ ਗਈ ਸੀ, ਨਹੀਂ ਤੇ ਸ਼ੁਰੂ ਵਿੱਚ ਬੜੀ ਔਖ ਹੁੰਦੀ ਸੀ। ਇੱਕ ਤੇ ਕੁੱਟ ਖਾ ਖਾ ਕੇ ਹੱਡ ਬਿਲਕੁਲ ਪੋਲੇ ਹੋਏ ਪਏ ਸਨ ਤੇ ਦੂਸਰਾ ਸਾਰੀ ਜ਼ਿੰਦਗੀ ਆਰਾਮ ਨਾਲ ਕੱਟੀ ਸੀ। ਸੁੱਖ ਰਹਿਣਾ ਹੋਣ ਕਾਰਨ ਗੁਪਤਵਾਸ ਦੇ ਦਿਨਾਂ ਵਿੱਚ ਵੀ ਮੈਨੂੰ ਮੰਜੀ 'ਤੇ ਸੌਣਾ ਪ੍ਰਵਾਨ ਹੁੰਦਾ ਸੀ, ਨਹੀਂ ਤਾਂ ਬਾਕੀ ਭਾਊਆਂ ਵਾਂਗ ਮੈਂ ਵੀ ਕਮਾਦਾਂ ਵਿੱਚ ਤੜਿਆ ਰਹਿੰਦਾ, ਪਰ ਮੈਂ ਜਥੇਦਾਰਾਂ ਨੂੰ ਸਪੱਸ਼ਟ ਕਿਹਾ ਹੋਇਆ ਸੀ ਕਿ ਮੈਂ ਰਾਤ ਕਿਸੇ ਡੇਰੇ ਕੱਟਿਆ ਕਰਾਂਗਾ। ਜੱਥੇਦਾਰਾਂ ਨੂੰ ਮੇਰੇ ਪੜ੍ਹੇ-ਲਿਖੇ ਹੋਣ ਦਾ ਬੜਾ ਭੈਅ ਸੀ ਤੇ ਉਨ੍ਹਾਂ ਨੂੰ ਉਂਝ ਵੀ ਇਤਰਾਜ਼ ਕੀ ਸੀ? ਉਨ੍ਹਾਂ ਦਾ ਤੇ ਸਗੋਂ ਸਾਰਾ ਕੰਮ ਹੀ ਮੈਂ ਕਰਦਾ ਸਾਂ, ਸਗੋਂ ਛੋਟੇ ਜਥੇਦਾਰ ਵਜੋਂ ਮੇਰੀ ਜ਼ਿਆਦਾ ਭੱਲ ਬਣੀ ਹੋਈ ਸੀ।


ਉਦੋਂ ਕੀ ਪਤਾ ਸੀ ਕਿ ਇਸੇ ਲਾਲਚ ਸਦਕਾ ਕਿ 'ਮੰਜੀ' ਤੇ ਹੀ ਸੌਣਾ ਹੈ, ਇੱਕ ਦਿਨ ਐਸਾ ਫਸਾਂਗਾ ਕਿ ਅੱਜ ਇਥੇ ਆਰੀਆ ਸਕੂਲ ਦੇ ਸਾਲਾਂ ਤੋਂ ਖਾਲੀ ਪਏ ਹੋਸਟਲ ਦੇ ਬੋਅ ਮਾਰਦੇ ਅੱਧ-ਕੱਚੇ ਕਮਰਿਆਂ 'ਚ ਵਿੱਚ ਸੜਾਂਗਾ।

ਆਵਾਜ਼ ਦੂਸਰੀ ਵਾਰ ਪਈ ਸੀ। ਹੁਣ ਘੇਸਲ ਮਾਰਨੀ ਔਖੀ ਸੀ, ਕਿਉਂਕਿ ਫਕੀਰੀਆ ਤੇ ਚਰਨਾ ਹੌਲਦਾਰ, ਦੋਵੇਂ ਪਹਿਲਾਂ-ਪਹਿਲ ਜਦੋਂ ਮੈਂ ਹੱਡ ਟੁੱਟੇ ਹੋਣ ਕਾਰਨ ਉੱਠ ਨਹੀਂ ਸਾਂ ਸਕਦਾ ਹੁੰਦਾ, ਮੈਨੂੰ ਵੱਖੀ ਵਿੱਚ ਖਿੱਚ ਕੇ ਠੁੱਡ ਮਾਰ ਘੱਤਦੇ ਸਨ। ਉਦੋਂ ਦਾ ਮਨ ਚੰਦਰਾ ਏਨਾ ਸਹਿਮਿਆ ਪਿਆ ਹੈ ਕਿ ਜੇ ਕੋਈ ਹੋਮ-ਗਾਰਡੀਆ ਜਾਂ ਸੀæ ਆਰæ ਪੀæ ਵਾਲਾ ਵੀ ਆਵਾਜ਼ ਮਾਰੇ, ਮੈਂ ਫੜਕ ਦੇਣੀ ਉੱਠ ਬਹਿਨਾਂ ਤੇ ਜਵਾਬ ਦੇਨਾ ਵਾਂ।


ਬਾਹਰ ''ਚੰਨਾ ਨੱਥ'' ਜਿਹੜਾ ਹੁਣੇ ਹੌਲਦਾਰ ਬਣਿਆ ਹੈ, ਖੜੋਤਾ ਹੈ। ਉਂਜ ਕੁੱਟਣ ਵਿੱਚ ਉਹ ਵੀ ਕਸਾਈ ਹੈ, ਪਰ ਆਮ ਬੋਲਚਾਲ ਵਿੱਚ ਠੀਕ ਰਹਿੰਦਾ ਹੈ।


''ਆਜਾ ਮਾਸਟਰਾ! ਤੈਨੂੰ ਡਿਪਟੀ ਯਾਦ ਕਰਦੈ!'' ਉਸ ਨੇ ਕਿਹਾ ਤੇ ਮੇਰੇ ਵੱਲ ਪ੍ਰਤੀਕਰਮ ਲਈ ਵੇਖਣ ਲੱਗਾ।

''ਨਾਲ ਲੈ ਕੇ ਜਾਣੈ ਤੈਨੂੰ!'' ਮੈਨੂੰ ਚੁੱਪ ਖੜੋਤਾ ਵੇਖ ਕੇ ਉਹਨੇ ਫੇਰ ਕਿਹਾ। ਮੈਂ ਚੁੱਪ-ਚਾਪ ਚਾਦਰ ਝਾੜ ਕੇ ਕਿੱਲੀ 'ਤੇ ਟੰਗੀ ਤੇ ਬੂਹਾ ਢੋਅ ਕੇ ਉਹਦੇ ਨਾਲ ਹੋ ਗਿਆ।


ਮੇਰੀ ਇਨ੍ਹਾਂ ਛੇ ਮਹੀਨਿਆਂ ਵਿੱਚ ਚਾਰ ਵਾਰ ਤਫਤੀਸ਼ ਹੋ ਚੁੱਕੀ ਸੀ ਤੇ ਚਾਰੇ ਵਾਰ ਲਗਭਗ ਸਾਰਾ-ਸਾਰਾ ਹਫਤਾ ਮੇਰੀ ਚੰਡਾਈ ਹੁੰਦੀ ਰਹੀ ਸੀ। ਇੱਕ ਵਾਰ ਤਾਂ ਮੈਂ ਮਰ ਹੀ ਗਿਆ ਸਾਂ, ਪਰ ਸੀæ ਆਰæ ਪੀæ ਦੇ ਬੰਗਾਲੀ ਡਾਕਟਰ ਨੇ ਮੈਨੂੰ ਬਚਾ ਲਿਆ, ਨਹੀਂ ਤਾਂ ਮੈਂ ਹੁਣ ਤੱਕ ਭਾਖੜੇ ਦੀਆਂ ਮੱਛੀਆਂ ਦੇ ਢਿੱਡ ਵਿੱਚ ਹੁੰਦਾ, ਕਿਉਂਕਿ ਰੋਪੜ ਤੇ ਤਰਨਤਾਰਨ ਦੀ ਪੁਲਿਸ ਦੀ ਗਿੱਟੀ-ਸਿੱਟੀ ਆਪਸ ਵਿੱਚ ਪੂਰੀ ਤਰ੍ਹਾਂ ਮਿਲੀ ਹੋਈ ਹੈ। ਕਾਗਜ਼ਾਂ ਵਿੱਚ ਤਾਂ ਪੁਲਿਸ ਮੈਨੂੰ ਪਿਛਲੇ ਮਹੇਨੇ ਦਾ ਮਰਿਆ ਵਿਖਾਈ ਜਾ ਰਹੀ ਹੈ। ਹੁਣ ਤੇ ਸਗੋਂ ਮੇਰੇ ਰਿਸ਼ਤੇਦਾਰ ਵੀ ਛੱਡ ਦਿੱਤੇ ਨੇ, ਇਹ ਮੈਨੂੰ ਗੁੱਡੂ ਸਿਪਾਹੀ ਦੱਸ ਗਿਆ ਸੀ।

''ਖ਼ੈਰ! ਮਨਾਂ, ਵੇਖੀ ਜਾਊ ਹੁਣ! ਕਿਧਰੇ ਦੁਬਾਰਾ ਨਾ ਢਾਹ ਲੈਣ ਤੇ ਜਾਹ ਜਾਂਦੀਏ ਹੋ ਜਾਏ। ਸਰੀਰ ਤੇ ਅੱਗੇ ਹੀ ਖਤਮ ਏ। ਪਿਛਲੀ ਵਾਰ ਤਾਂ ਪੈਨਸਲੀਨ ਬਚਾ ਗਈ, ਪਰ ਐਤਕਾਂ ਤੇ ਉਹ ਵੀ ਮਰੋੜ ਲਾ ਦਊ।'' ਮੈਂ ਗਿਣਤੀਆਂ ਵਿੱਚ ਪਿਆ ''ਚੰਨੇ ਨੱਥ'' ਨਾਲ ਤਫਤੀਸ਼ ਵਾਲੇ ਭੋਰਿਆਂ ਵੱਲ ਵਧ ਰਿਹਾ ਸਾਂ। ਚੰਨਾ ਚੁੱਪ ਸੀ ਤੇ ਅੱਗੇ ਅੱਗੇ ਤੁਰੀ ਜਾ ਰਿਹਾ ਸੀ। ਸਕੂਲ ਦੀਆਂ ਦੋਵੇਂ ਵੱਡੀਆਂ ਗਰਾਊਂਡਾਂ ਲੰਘ ਕੇ ਅੱਗੇ ਜਾ ਕੇ ਉਜਾੜ ਪਏ ਕਮਰਿਆਂ ਨੂੰ ਬੋਰੀਆਂ ਲਾ ਲਾ ਕੇ ਭੋਰਿਆਂ ਵਰਗਾ ਬਣਾਇਆ ਹੋਇਆ ਸੀ, ਉੱਥੇ ਹੀ ਸਭ ਦੀ ਤਫਤੀਸ਼ ਹੁੰਦੀ ਹੈ ਤੇ ਜਾਂ ਫਿਰ ਜੀਹਦਾ ਮੁਕਾਬਲਾ ਬਣਾਉਣਾ ਹੋਵੇ, ਉਹਨੂੰ ਉੱਥੇ ਇੱਕ ਵਾਰ ਐਸ਼ ਪੀæ ਅੱਗੇ ਪੇਸ਼ ਕਰਕੇ ਰਾਤ ਨੂੰ ਪੁਲਿਸ ਦੀ ਭਾਸ਼ਾ ਵਿੱਚ 'ਪਹੀਏ' ਲਾ ਦੇਂਦੇ ਹਨ। ਸਿਵਾਏ ਮੇਰੇ ਤੇ 'ਪੀਤੂ ਲੰਬੜ' ਦੇ ਜਿਹੜਾ ਬੱਬਰਾਂ ਵਿੱਚ ਸੀ, ਬਾਕੀ ਸਾਰੇ ਮੇਰੇ ਵਿਹੰਦਿਆਂ-ਵਿਹੰਦਿਆਂ 'ਪਹੀਏ' ਲਵਾ ਕੇ ਗੁਰੂ ਮਹਾਰਾਜ ਕੋਲ ਪਹੁੰਚ ਚੁੱਕੇ ਸਨ। ਗੁਰਦੀਪ ਸਿੰਘ ਚਕੌਰੀ, ਮਨਜੀਤ ਸਿੰਘ ਘਸੀਟਪੁਰੀਆ, ਲਾਲੀ ਬੱਬਰ, ਤਰਸੇਮ ਸਿੰਘ ਗੁੱਡੀ ਤੇ ਮਹਿੰਦਰ ਸਿੰਘ ਉਰਫ ਚੱਕਰ ਤਾਂ ਮੈਂ ਹੱਥੀਂ ਲੋਥਾਂ ਦੇ ਰੂਪ ਵਿੱਚ ਟਰੱਕ ਵਿੱਚ ਲਿਟਾਏ ਹਨ। ਬਾਕੀਆਂ ਦੀ ਤਾਂ ਮੈਨੂੰ ਇਨ੍ਹਾਂ ਛੇ ਮਹੀਨਿਆਂ ਵਿੱਚ ਗਿਣਤੀ ਵੀ ਯਾਦ ਨਹੀਂ। ਕਈ ਤਾਂ ਬਟਾਲੇ ਵੱਲ ਦੇ, ਕਈ ਰੋਪੜ ਜਾਂ ਆਨੰਦਪੁਰ ਸਾਹਿਬ ਵੱਲ ਦੇ ਬੰਦੇ ਸਨ, ਜਿਹੜੇ 'ਪਹੀਏ' ਲਵਾ ਗਏ। ਦੋ ਬੀਬੀਆਂ ਸਨ ਸਕੀਆਂ ਭੈਣਾਂ, ਚਮਕੌਰ ਸਾਹਿਬ ਵੱਲ ਦੀਆਂ। ਉਨ੍ਹਾਂ ਨੂੰ ਵੀ ਵਾਰੀ ਵਾਰੀ 'ਪਹੀਏ' ਲਾਏ ਗਏ ਸਨ। ਵਾਰਿਸ ਸ਼ਾਇਦ ਉਨ੍ਹਾਂ ਦੇ ਅਜੇ ਵੀ ਉਧਰ ਚਮਕੌਰ ਸਾਹਿਬ ਦੇ ਕਿਸੇ ਥਾਣੇ ਵਿੱਚ ਟੱਕਰਾਂ ਮਾਰਦੇ ਫਿਰਦੇ ਹੋਣਗੇ। 'ਪੀਤੂ ਲੰਬੜ' ਕੁੱਟ ਨਾਲ ਪਾਗਲ ਹੋ ਗਿਆ ਸੀ, ਸੋ ਉਹਨੂੰ ਛੱਡ ਦਿੱਤਾ ਗਿਆ ਸੀ। ਹੁਣ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਬੈਠਾ ਰਹਿੰਦੈ। ਗੁੱਡੂ ਹੌਲਦਾਰ ਨੇ ਇਹ ਗੱਲ ਵੀ ਦੱਸੀ ਸੀ।


''ਮਨਾ! ਅੱਜ ਤੇਰੀ ਵੀ ਵਾਰੀ ਆ ਗਈ ਜਾਪਦੀ ਐ! ਹੋ ਤਕੜਾ!'' ਮੈਂ ਇਨ੍ਹਾਂ ਗਿਣਤੀਆਂ ਵਿੱਚ ਹੀ ਪਿਆ 'ਚੰਨੇ ਨੱਥ' ਦੇ ਨਾਲ ਨਾਲ ਤੁਰਦਾ 'ਇੰਟੈਰੋਗੇਸ਼ਨ' ਸੈਂਟਰ ਵਾਲੇ ਪਾਸੇ ਪਹੁੰਚ ਗਿਆ ਸਾਂ। ਅੱਗੇ ਜਾ ਕੇ ਅਸੀਂ ਥੰਮਲੇ ਨਾਲ ਢੋਅ ਲਾ ਕੇ ਖੜ੍ਹੇ ਹੋ ਗਏ। ਇਨ੍ਹਾਂ ਥਮਲਿਆਂ ਤੋਂ ਸਾਡੇ ਵਿੱਚੋਂ ਕੋਈ ਵੀ ਬਿਨਾਂ ਪੁੱਛੇ ਅੱਗੇ ਨਹੀਂ ਸੀ ਜਾ ਸਕਦਾ। ਅੱਗੋਂ ਵਲੇਵਾਂ ਪਾ ਕੇ ਕਮਰੇ ਸ਼ੁਰੂ ਹੋ ਜਾਂਦੇ ਸਨ ਤੇ ਐਸ਼ ਐਚæ ਓæ ਦੇ ਬਿਨਾਂ ਕਹੇ ਕਿਸੇ ਨੂੰ ਉਧਰ ਜਾਣ ਦਾ ਹੁਕਮ ਨਹੀਂ ਸੀ। ਸਿਪਾਹੀ ਵੀ ਉਹੀ ਜਾਂਦੇ ਸਨ, ਜਿਹੜੇ ਪੱਕੀ ਤਫਤੀਸ਼ੀਏ ਸਨ ਜਾਂ ਫਿਰ ਜਿਹੜੇ ਸਿਰਫ ''ਚੰਡਾਈ'' ਕਰਨ ਲਈ ਰੱਖੇ ਹੋਏ ਸਨ। ਡਿਪਟੀ ''ਅਜੈਬਾ ਸ਼ੁਦਾਈ'' ਤੇ ਐਸ਼ ਪੀæ 'ਸ਼ਰਮਾ' ਦੋਵੇਂ ਅੱਧੇ ਪਾਗਲ ਸਨ ਤੇ ਕਈ ਵਾਰ ਜੇ ਕੋਈ ਭਾਊ ਨਾ ਬਕੇ ਜਾਂ ਫਿਰ ਕਿਤੇ ਦੋਹੇਂ ਕੁੱਟ ਕੁੱਟ ਕੇ ਪਾਗਲ ਹੋਏ ਹੋਣ ਤਾਂ ਕਿਸੇ ਨਾ ਕਿਸੇ ਸਿਪਾਹੀ ਉੱਪਰ ਵੀ ਗੁੱਸਾ ਕੱਢ ਦੇਂਦੇ ਸਨ। ਸੋ ਸਣੇ ਐਸ਼ ਐਚæ ਓæ ਅਤੇ ਸਣੇ ਸਿਪਾਹੀਆਂ ਦੇ ਕੋਈ ਵੀ 'ਅਜੈਬੇ ਡਿਪਟੀ' ਦੀ ਮਰਜੀ ਬਿਨਾਂ ਉਧਰ ਨਹੀਂ ਸੀ ਜਾਂਦਾ।


ਅੱਜ ਵੀ ਸ਼ਰਮੇ ਐਸ਼ ਪੀæ ਅਤੇ ਅਜੈਬੇ ਸ਼ੁਦਾਈ ਦੀਆਂ ਗੱਲਾਂ ਦੀ ਅਵਾਜ਼ ਆ ਰਹੀ ਸੀ। ਫਕੀਰੀਆ ਹੌਲਦਾਰ ਵੀ ਪਰ੍ਹਾਂ ਖੜ੍ਹਾ ਤੰਬਾਕੂ ਥੁੱਕ ਰਿਹਾ ਸੀ। ਇਹ ਅਜੈਬੇ ਦਾ ਖਾਸ ਬੰਦਾ ਸੀ।


ਮੇਰੇ ਰੌਂਗਟੇ ਖੜ੍ਹੇ ਹੋਣੇ ਸ਼ੁਰੂ ਹੋ ਗਏ। ਸਾਰੇ ਹੱਡਾਂ ਵਿੱਚ ਚਸਕ ਜਿਹੀ ਪੈਣ ਲੱਗ ਪਈ। ਫਕੀਰੀਆ ਉਦੋਂ ਹੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਦਾ ਹੁੰਦਾ ਸੀ, ਜਦੋਂ ਕਿਸੇ ਭਾਊ ਨੂੰ ਅੱਤ ਦਾ ਕੁਟਾਪਾ ਕਰਨਾ ਹੋਵੇ ਜਾਂ ਫਿਰ ਬੇਤਰਸ ਹੋ ਕੇ ਮੁਕਾਬਲਾ ਬਣਾਉਣ ਦੀ ਲੋੜ ਪਵੇ। ਫਕੀਰੀਆ ਚੌਵੀ ਘੰਟੇ ਦਾਰੂ ਪੀਣ ਵਾਲਿਆਂ ਵਿੱਚੋਂ ਸੀ ਤੇ ਇਹਨੇ ਕਿੰਨੇ ਕੁ ਬੰਦੇ ਤੀਵੀਆਂ ਮਾਰ ਘੱਤੇ ਸਨ, ਇਹ ਤੇ ਇਹਨੂੰ ਆਪ ਵੀ ਯਾਦ ਨਹੀਂ ਹੋਣਾ। ਹੁਣ ਇਹਨੂੰ ਐਸ਼ ਪੀæ ਬਨਾਣ ਨੂੰ ਫਿਰਦੇ ਨੇ, ਪਹਿਲਾਂ ਇਸਨੂੰ ਮਜੀਠਾ ਪੁਲਿਸ ਵਾਲੇ ਅੰਮ੍ਰਿਤਸਰ ਦੇ ਭਾਊਆਂ ਨੂੰ ਬਕਾਉਣ ਵਾਸਤੇ ਲੈ ਜਾਂਦੇ ਸਨ, ਪਰ ਹੁਣ ਇਹ ਪੱਕੇ ਤੌਰ 'ਤੇ ਅੰਮ੍ਰਿਤਸਰ ਪੁਲਿਸ ਕੋਲ ਆ ਗਿਆ ਹੈ। ਕਦੇ-ਕਦੇ ਨਾਭੇ ਜੇਲ੍ਹ ਵਾਲੇ ਤੇ ਜਲੰਧਰੀਏ ਵੀ ਲਿਜਾਂਦੇ ਨੇ। ਮੈਂ ਉਨ੍ਹਾਂ ਦੀ ਗੱਡੀ ਵਿੱਚ ਚੜ੍ਹਦਿਆਂ ਉੱਤਰਦਿਆਂ ਇਹਨੂੰ ਕਈ ਵਾਰ ਵੇਖਿਐ..ਅੱਜ ਜੇ ਫਕੀਰੀਆ ਬਾਹਰ ਏ ਤਾਂ ਜ਼ਰੂਰ ਹੀ ਮੇਰੀ ਚੰਡਾਈ ਹੋਏਗੀ ਤੇ ਜਾਂ ਫੇਰ।


''ਭਾਅ! ਕਿਤੇ ਅੱਜ ਮੁੜ ਮੇਰੀ ਵਾਰੀ ਤਾਂ ਨਹੀਂ ਆ ਗਈ ਦੁਬਾਰਾ।'' ਮੈਂ ਡਰਦੇ- ਡਰਦੇ ਨੇ ਆਪਣੇ ਨਾਲ ਖੜ੍ਹੇ 'ਚੰਨੇ ਨੱਥ' ਨੂੰ ਪੁੱਛ ਲਿਆ। ਉਹ ਅੱਗੇ ਹੀ ਮੈਨੂੰ ਦੱਸਣ-ਦੱਸਣ ਕਰਦਾ ਪਿਆ ਸੀ।

''ਓ ਨਹੀਂ ਓਏ ਮਾਸ਼ਟਰਾ! ਇਹ ਤਾਂ ਤੇਰੇ ਪੁਰਾਣੇ ਆੜੀ 'ਜੱਸੇ ਮਾਰੂਤੀ' ਦੇ ਸਵਾਗਤ ਦੀਆਂ ਤਿਆਰੀਆਂ ਨੇ! ਜਲੰਧਰ ਦੀ ਪੁਲਿਸ ਨੇ


ਇਹ ਭੈਣ .......ਦੀ ''ਦੱਦਰ ਜਿਹੀ'' ਆਪਣੇ ਗਲੋਂ ਲਾਹ ਕੇ ਤਰਨਤਾਰਨ ਦੀ ਪੁਲਿਸ ਦੇ ਗਲ ਪਾ 'ਤੀ ਸੀ। ਤਰਨਤਾਰਨ ਆਲੇ ਗਾੜੀਓਂ ਆਹੰਦੇ ਪਈ ਅਸੀਂ ਕਾਹਨੂੰ ਮਾਰੀਏ ਏਸ ਗੰਦ ਨੂੰ? ਅਨਾਮ ਤੇ ਮਾਰ ਕੋਈ ਹੈ ਨਹੋਂ ਇਹਦੇ ਸਿਰ ਦਾ........ਤੇ ਫਿਰ ਐਸ਼ ਐਸ਼ ਪੀæ ਇਹਦਾ ਫਸਤਾ ਵੱਢੇ। ਹੁਣ ਸ਼ਰਮੇ ਐਸ਼ ਪੀæ ਤੇ ਅਜੈਬੇ ਦੀ ਡਿਊਟੀ ਲੱਗੀ ਆ ਪਈ ਤੁਸੀਂ ਇਹਦੇ ਆਲਾ ਕੰਮ ਨਬੇੜੋ!''

''.....ਹੈਂ! ਜੱਸਾ ਅਜੇ ਹੈਗੈ?'' ਮੈਂ ਡੈਂਬਰ ਗਿਆ ਸਾਂ। ਸਹਿਵਨ ਹੀ ਮੇਰੇ ਮੂੰਹੋਂ ਇਹ ਪੁੱਛ ਨਿਕਲ ਗਈ।


''ਤੈਨੂੰ ਨਹੀਂ ਪਤਾ? ਲੈ ਦੱਸ਼! ਤੈਨੂੰ ਤੇ ਮਾਰ ਉਹਦੀ ਸਾਰੀ ਰਾਮ ਲੀਲਾ ਪਤੈ?'' ਚੰਨੇ ਨੱਥ ਨੇ ਆਪਣੀ ਜਾਣੀ ਮੈਨੂੰ ਜਿਵੇਂ ਝਿੜਕਿਆ।

''ਪਰ ! ਉਹ ਤੇ ਮਹੀਨਾ ਹੋ ਚੱਲਿਆ ਮਰੇ ਹੋਏ ਨੂੰ। ਮੈਨੂੰ ਵਾਇਰਲੈੱਸ ਵਾਲਾ ਸੁਰਜੀਤ ਦੱਸ ਗਿਆ ਸੀ ਪਈ ਤੇਰਾ ਪੁਰਾਣਾ ਆੜੀ ਗਿਆ....। ਉਹਨੂੰ ਮਹਿਤੇ ਚੌਂਕ ਵਾਲਾ ਸੀਤਲ ਸੁੰਹ ਨਹੀਂ ਸੀ ਮਾਰ ਗਿਆ? ਮੈਂ ਤੇ ਇਹੀ ਸੁਣਿਆ ਸੀ।'' ਮੈਂ ਕਿਹਾ।


''ਕਿਹੜਾ ਸੀਤਲ ਓਏ? ਉਹ ਤੇ ਭਾਊ, ਉਹ ਵੀ ਸਾਡਾ ਈ ਬੰਦੈ! ਇੰਟੈਲੀਜੈਂਸ ਆਲਿਆਂ ਉਹਦੀ ਇੰਸਪੈਕਟਰ ਦੀ ਤਨਖਾਹ ਲਾਈ ਹੋਈ ਐ। ਕਹਿਣ ਨੂੰ ਉਹ 'ਭਿੰਡਰਾਂਵਾਲਾ ਟਾਈਗਰਜ਼'' ਦਾ ਏਰੀਆ ਕਮਾਂਡਰ ਇਆ। ਉਸੇ ਨੇ ਤੇ ਤੇਰੇ ਏਸ ''ਜੱਸੇ ਯਾਰ'' ਦੀਆਂ ਕਰਤੂਤਾਂ ਨੰਗੀਆਂ ਕੀਤੀਆਂ ਇਆ। ਨਹੀਂ ਤੇ ਕਿੱਥੇ ਕੁਛ ਪਤਾ ਲੱਗਣਾ ਸੀ?'' ਚੰਨੇ ਨੇ ਜਿਵੇਂ ਸੂਚਨਾ ਦੇਣ ਵਾਲਾ ਠਾਹ ਸੋਟਾ ਮੇਰੇ ਸਿਰ 'ਚ ਮਾਰਿਆ।


ਅੱਜ ਤੋਂ ਸਾਲ ਕੁ ਪਹਿਲਾਂ ਮੈਨੂੰ ਕਿਤੇ ਪਤਾ ਲਗਦਾ ਕਿ ''ਸੀਤਲ'' ਵੀ ਇੰਟੈਲੀਜੈਂਸ ਵਿੱਚ ਹੈ, ਤਾਂ ਮੈਂ ਥੋੜ੍ਹਾ ਬਹੁਤ ਹੈਰਾਨ ਹੁੰਦਾ। ਜ਼ਿਆਦਾ ਏਸ ਕਰਕੇ ਨਹੀਂ, ਕਿਉਂਕਿ ਦਸਾਂ ਕੁ ਸਾਲਾਂ ਦੇ ਏਸ ਅੰਡਰਗਰਾਊਂਡ ਜੀਵਨ ਵਿੱਚ ਮੈਂ ਅਨੇਕਾਂ ਪਾਤਰ ਦੋਹੀਂ ਬੰਨੀ ਵਿਚਰਦੇ ਵੇਖ ਚੁੱਕਾ ਸਾਂ। ਕਈ ਮੈਂ ਹੱਥੀਂ ਮਾਰੇ ਸਨ। ਕਈ ਮੁੜ ਪੁਲਿਸ ਵਿੱਚ ਚਲੇ ਗਏ। ਕਈ ਆਪਣੇ ਫੀਲੇ (ਕਾਲੀਆਂ ਬਿੱਲੀਆਂ) ਪੁਲਿਸ ਨੇ ਆਪ ਮਾਰ ਘੱਤੇ!ਏਹੋ ਜੱਸਾ ਮਰੂਤੀ, ਜੀਹਦੀ ਗੱਲ ਚੰਨਾ ਨੱਥ ਕਰਦਾ ਪਿਐ, ਪਹਿਲਾਂ ਬਾਬੇ ਭਿੰਡਰਾਂਵਾਲੇ ਨਾਲ ਸੀ। ਫੇਰ ਬਾਬੇ ਭਿੰਡਰਾਂਵਾਲੇ ਨੇ ਜਦੋਂ ਇਹਦੀਆਂ ਵੀ ਤੇ ਆਪਣੇ ਖਾਸ ਚੇਲੇ ਗੁਰਿੰਦਰ ਪੀæ ਟੀæ ਦੀਆਂ ਵੀ ਲੱਤਾਂ ਤੋੜੀਆਂ, ਇਹ ਤੇ ਮੁੜ ਐਸ਼ ਐਸ਼ ਪੀæ ਮੁਸਤਫਾ ਆਲਮ ਦੀ ''ਕੈਟ'' ਬਣ ਗਿਆ ਸੀ। ਚਾਰ ਪੰਜ ਸਾਲ ਫੇਰ ਇਹਨੇ ''ਕੈਟ'' ਬਣ ਕੇ ਕੱਟੇ ਸਨ। ਰਾਤ ਨੂੰ ਦਾਹੜਾ ਖੋਲ੍ਹ ਕੇ ਇਹਨੇ ਤਰਨਤਾਰਨ ਵੱਲ ਦੇ ਕਿੰਨੇ ਹੀ ਲਾਲੇ ਮਾਰੇ ਵੀ, ਲੁੱਟੇ ਵੀ ਸਨ। ਮੈਨੂੰ ਉਦੋਂ ਵੀ ਆਪਣੀ ਹਾਈ-ਕਮਾਂਡ ਵੱਲੋਂ ਹੁਕਮ ਮਿਲਦਾ ਰਹਿੰਦਾ ਸੀ ਕਿ ''ਜੱਸੇ ਕੈਟ'' ਦੀ ਟਿਕਟ ਕੱਟੋ। ਪਰ ਹਰ ਵਾਰ ਮੇਰੇ ਅੱਗੇ ਉਹਦੀ ਤੇ ਮੇਰੀ ਪੁਰਾਣੀ ਲਿਹਾਜ਼ ਆ ਜਾਂਦੀ ਸੀ। ਉਹਨੇ ਸਵੇਰੇ 'ਕੈਟ' ਬਣ ਕੇ ਮਾਊਜ਼ਰ ਲਟਕਾ ਕੇ ਐਸ਼ ਪੀæ ਨਾਲ ਘੁੰਮਣਾ। ਰਾਤ ਨੂੰ ਐਸ਼ ਪੀæ ਦੇ ਦੱਸੇ ਇਲਾਕਿਆਂ ਤੇ ਘਰਾਂ ਤੇ ਲੁੱਟਖੋਹ ਕਰਨੀ ਜਾਂ ਟੱਬਰ ਮਾਰ ਆਉਣਾ। ਹਿੱਸਾ-ਪੱਤੀ ਚੰਡੀਗੜ੍ਹ ਤੋਂ ਲੈ ਕੇ ਐਸ਼ ਪੀæ ਸਿਟੀ, ਐਸ਼ ਪੀæ (ਡੀæ) ਤੇ ਐਸ਼ ਪੀæ (ਸੀæ ਆਈæ ਡੀæ) ਨੂੰ ਬਰਾਬਰ ਪਹੁੰਚਾਉਣਾ। ਕਦੀ ਕਦੀ ਉਹਨੇ ਮੈਨੂੰ ਤਰਨਤਾਰਨ ਰੋਡ ਤੇ ਮਿਲ ਪੈਣਾ ਜਾਂ ਫਿਰ ਬਾਬੇ ਸ਼ਹੀਦੀਂ, ਜਿੱਥੇ ਮੈਂ ਲਾਂਗਰੀ ਬਣ ਕੇ ਰੋਜ਼ ਦੁਪਹਿਰਾ ਕੱਟਦਾ ਸਾਂ। ਨਾ ਉਹਨੇ ਮੈਨੂੰ ਪਛਾਨਣ ਦਾ ਵਿਖਾਵਾ ਕਰਨਾ ਤੇ ਨਾ ਮੈਂ ਅੱਖ ਬਚਾਣ ਦਾ ਵਿਖਾਵਾ ਕਰਨਾ। ਓਪਰਿਆਂ ਵਾਂਗ ਅਸੀਂ ਕੋਲੋਂ ਲੰਘ ਜਾਣਾ। ਕੋਈ ਜਾਨ ਤੇ ਭੀੜ ਬਣਨ ਦਾ ਸਮਾਂ ਪੈਣਾ ਤਾਂ ਉਹਨੇ ਸਗੋਂ ਮੇਰੀ ਮਦਦ ਲਈ ਦੂਸਰੇ ਲਾਂਗਰੀ ''ਤੋਚੀ'' ਨੂੰ ਸੁਨੇਹਾ ਦੇ ਜਾਣਾ


ਉਹਦੇ ਆਖੇ ਤੇ ਮੈਂ ਇੱਕ ਦੋ ਵੱਡੇ ਕੰਮ ਕੀਤੇ ਸਨ। ਵੱਡਾ ਕੰਮ ਮੈਂ ਉਹਦੇ ਕਹੇ ਤੇ ਰੂਬੀ ਕੈਟ ਦਾ........


''ਉਏ ਥਮਲੇ 'ਚ ਵੱਜੀ ਜਾਨੈਂæææ। ਭਾਊ ਗਾੜੀ ਕਿੱਧਰ ? ਧਿਆਨ ਤੇਰਾ ਮਾਈਂ....ਪਤਾ ਨਹੀਂ ਕਿੱਥੇ ਆ? ਸੁਰਤ ਤਾਂਹ ਚੜ੍ਹੀ ਊ?'' ਚੰਨੇ ਨੱਥ ਨੇ ਮੇਰੀ ਬਿਰਤੀ ਤੋੜ ਦਿੱਤੀ।

''.....ਆ....ਹੈਂ, ਨਹੀਂ, ਮੈਂ ਤਾਂ ਆਪ ਈ ਜੱਸੇ ਬਾਰੇ ਸੋਚਣ ਡਿਹਾਂ! ਕਦੋਂ ਲਿਆਉਣੈ ਉਹਨੂੰ,'' ਮੈਂ ਹੈਰਾਨੀ ਤੇ ਭੈਅ ਦੇ ਰਲੇ ਮਿਲੇ ਭਾਵਾਂ ਨਾਲ ਕਿਹਾ।

''ਓ ਨਾ, ਭੈਣ ਦੇ ਯਾਰ ਕੋਲੋਂ ਪੈਹਿਆਂ ਦਾ ਹਿਸਾਬ ਲੈਣ ਡਹੇ ਸਨ ਇੱਕ ਤੇ! ਮਾਰ ਸੈਂਤੀ ਲੱਖ ਤੇ ਉਹਦੀ ਰਣਜੀਤ ਐਵੇਨਿਊ, ਅੰਬਰਸਰ ਵਾਲੀ ਕੋਠੀ 'ਚੋਂ ਲਿਆਂਦੈ। ਸਾਢੇ ਚਾਰ ਲੱਖ ਤੇ ਦੋ ਕਿੱਲੋ ਸੋਨਾ ਉਹਦੇ ਬਟਾਲੇ ਵਾਲੇ ਟਿਕਾਣੇ 'ਚੋਂ ਲੱਭੈ। ਤੇ ਜਿਹੜਾ ਗਿੰਦੋ ਸ਼ਪੈਹਣ ਦੇ ਬੰਦ ਪਏ ਘਰ 'ਚੋਂ ਕਿਤੇ ਨੋਟ ਮਿਲਿਐ ਮਾਰ ਕਹਿਣ ਸੁਣਨ ਤੋਂ ਬਾਹਰਾ।'' ਚੰਨੇ ਨੇ ਦੱਸਿਆ।

''ਗਿੰਦੋ ਆਪ ਕਿੱਥੇ ਆ ਹੁਣ?'' ਮੈਂ ਗਿੰਦੋ ਸ਼ਪੈਹਣ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ, ਏਸ ਲਈ ਉਤਸੁਕਤਾ ਵੱਸ ਮੈਂ ਨੱਥ ਨੂੰ ਪੁੱਛ ਬੈਠਾ।


ਚੰਨੇ ਨੇ ਪਹਿਲੇ ਗਾਹਲਾਂ ਦੀ ਚੰਗੀ-ਚੋਖੀ ਸ਼ੁਰਲੀ ਛੱਡੀ ਤੇ ਫੇਰ ਥੁੱਕ ਕੇ ਕਹਿਣ ਲੱਗਾ-''ਏਹਨੇ ਤੇਰੇ ਯਾਰ ''ਮਾਰੂਤੀ'' ਨੇ ਸਾਲ ਹੋ ਗਿਆ, ਮਾਰ ਕੇ ਸਾੜ 'ਤੀ ਸੀ ਡੀਜ਼ਲ ਪਾ ਕੇ। ਉਹ ਤੇ ਜਦੋਂ ਇਹਦੇ ਛਤਰੌਲ ਹੋਈ, ਇਹਨੇ ਬਾਕੀ ਕਤਲਾਂ ਨਾਲ ਗਿੰਦੋ ਸ਼ਪੈਹਣ ਦਾ ਕਤਲ ਵੀ ਮੰਨਿਆ। ਪਰ ਏਨੇ ਮਹੀਨਿਆਂ ਬਾਅਦ ਉਸ ਵਿਚਾਰੀ ਦੀ ਲੋਥ ਕਿੱਥੋਂ ਲੱਭਣੀ ਸੀ? ਉਹਦੀ ਤੇ ਸ਼ੋਹਦੀ ਸਵਾਹ ਵੀ ਨਹੀਂ ਲੱਭੀ।'' ਚੰਨਾ ਆਪਣੀ ਟੇਪ ਚਲਾਈ ਜਾ ਰਿਹਾ ਸੀ


ਆਪਣੇ ਬਾਰੇ ਕੁਝ ਕੂਲਾ ਜਿਹਾ ਸੋਚ ਕੇ ਮੇਰੇ ਬੁੱਲ੍ਹਾਂ 'ਤੇ ਆਪੇ ਹੀ ਮੁਸਕਰਾਹਟ ਆ ਗਈ। ਮੈਂ ਇਹ ਵੀ ਭੁੱਲ ਗਿਆ ਕਿ ਚੰਨਾ ਮੇਰੇ ਹੀ ਮੂੰਹ ਵੱਲ ਤੱਕ ਰਿਹਾ ਹੈ।

ਮੇਰੀਆਂ ਅੱਖਾਂ ਅੱਗੇ ਗਿੰਦੋ ਦਾ ਚੰਨਣ ਵਰਗਾ ਪਿੰਡਾ ਆ ਗਿਆ। ਏਡੀ ਨਰੋਈ ਤੇ ਸੁੰਦਰ ਦੇਹੀ ਤੇ ਡੀਜ਼ਲ ਪਾ ਕੇ ਸਾੜੇ ਜਾਣ ਤੋਂ ਹੀ ਸੋਚ ਕੇ ਮੈਨੂੰ ਝੁਣਝੁਣੀ ਜਿਹੀ ਆ ਗਈ। ਫਿਰ ਅਗਲੇ ਹੀ ਪਲ ਖਿਆਲ ਆਇਆ ਕਿ ਏਨਾ ਕੁਝ ਵੇਖ ਲਿਐ ਕਿ ਸੱਤ ਜਨਮਾਂ ਤੱਕ ਮੁੜ ਕੇ ਏਨੀ ਵਹਿਸ਼ਤ ਨਾ ਵੇਖੀ ਜਾਣੀ ਨੇ, ਨਾ ਹੀ ਦੁਬਾਰਾ ਏਨੇ ਖੂਨ ਕਰ ਹੋਣੇ ਨੇ, ਫੇਰ ਮਨਾ ਤੈਨੂੰ ਕਾਹਦੀ ਧੁੜਧੁੜੀ ਉੱਠਦੀ ਐ? ਅਗਲੀ ਸੋਚ ਨੇ ਹੋਰ ਹੀ ਹੁੰਗਾਰਾ ਦਿੱਤਾ ਕਿ ਧੁੜਧੁੜੀ ਤਾਂ ਅਜੇ ਇਹੀ ਸਾਬਤ ਕਰਦੀ ਐ ਕਿ ਅਜੇ ਅੰਦਰ ਦਿਲ ਧੜਕਦੈæææ। ਅਜੇ ਤਰਸ ਦੇ ਸਰੋਤ ਪੂਰੀ ਤਰ੍ਹਾਂ ਸੁੱਕੇ ਨਹੀਂ।


''ਕੀ ਗੱਲ ਇਆ? ਬੜੀਆਂ ਦੰਦੀਆਂ ਨਿਕਲਦੀਐਂ?'' ਚੰਨਾ ਮੇਰੇ ਮੂੰਹ ਵੱਲ ਤੱਕ ਕੇ ਕਹਿਣ ਲੱਗਾ।

''ਹੈਂ! ਓ ਭਾਅ ਨਹੀਂ ਦੰਦੀਆਂ ਕਿੱਥੇ? ਇਹ ਤੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਮਨ ਹੋਰ ਜਿਹਾ ਹੋ ਜਾਂਦੈææææਹੋਰ ਕੋਈ ਗੱਲ ਨਹੀਂ।'' ਮੈਂ ਜਿਵੇਂ ਪਰਤ ਆਇਆ।

ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਮੈਂ ਲਗਾਤਾਰ ਥਮਲੇ ਨਾਲ ਢੋਅ ਲਾਈ ਕਿੰਨੇ ਮਿੰਟਾਂ ਦਾ ਖੜ੍ਹਾ ਹਾਂ। ਮਾਨੋ ਕੋਈ ਚੀਜ਼ ਮੈਨੂੰ ਹੇਠਾਂ ਲਿਜਾ ਰਹੀ ਹੈ। ਮੇਰੇ ਅੰਦਰੋਂ ਅਵਾਜ਼ ਆ ਗਈ ਕਿ ਮਾਰ ਖਾ ਖਾ ਕੇ ਲੱਤਾਂ ਦੀ ਤਾਕਤ ਵੀ ਮੁੱਕ ਗਈ ਹੈ ਤੇ ਦਿਲ ਦਿਮਾਗ ਵੀ ਜਵਾਬ ਦੇਈ ਜਾ ਰਹੇ ਹਨ।


''ਭਾਅ! ਜੇ ਕਹੇਂ ਤਾਂ ਮੈਂ ਭੁੰਜੇ ਬਹਿ ਜਾਵਾਂ। ਮੇਰੀਆਂ ਲੱਤਾਂ ਹੁਣ ਮਰੀਆਂ ਜਿਹੀਆਂ ਰਹਿੰਦੀਆਂ ਨੇ। ਮੈਥੋਂ ਹੁਣ ਹੋਰ ਖੜਿਆ ਨਹੀਂ ਹੋਇਆ ਜਾਂਦਾ।'' ਮੈਂ ਬੜੀ ਆਜਿਜ਼ੀ ਨਾਲ 'ਨੱਥ' ਨੂੰ ਬੇਨਤੀ ਕੀਤੀ।


''ਮਖ! ਮੇਰੀ ਅੱਲੋਂ ਤੂੰ ਜੰਮ ਜੰਮ ਬਹੁ। ਬਹਿ ਜਾ। ਬਹਿ ਜਾ। ਪਰ ਜਦੋਂ ਡਿਪਟੀ ਦੀ ਮਾੜੀ ਜਿਹੀ ਵਾਜ ਵੀ ਆਏ, ਉਸ ਵੇਲੇ ਉੱਠ ਕੇ ਖਲੋ ਜਾਈਂ। ਅਜੈਬੇ ਦਾ ਤੈਨੂੰ ਸੁਭਾਅ ਪਤਾ ਈ ਐ।'' ਨੱਥ ਨੇ ਸੁਚੇਤ ਕੀਤਾ।


''ਮੈਂ ਕਿਤੇ ਭੁੱਲਦਾਂ ਅਜੈਬੇ ਨੂੰ! ਭਾਅ, ਚਿੰਤਾ ਛੱਡ ਦੇਹ! ਵਾਜ ਪੈਣ ਦੀ ਡੇਰ ਆ, ਮੈਂ ਟਨਸ਼ੰਨ ਖੜਾ ਦਿਖੂੰਗਾ।'' ਅਜੈਬੇ ਦੇ ਨਾਂ ਤੋਂ ਹੀ ਮੈਨੂੰ ਧੁੜਧੁੜੀ ਆ ਗਈ ਸੀ।

''ਚੰਗਾ, ਬਹੁ ਇਥੇ ਹੀ ਫੇਰ! ਮੈਂ ਚਾਹ ਦਾ ਕੱਪ ਭੇਜਦੈਂ ਤੇਰੇ ਲਈ! ਇਹਨਾਂ ਪਤਾ ਨਹੀਂ ਕਦੋਂ ਆਪਣੇ ਭਣੋਈਏ 'ਜੱਸੇ' ਨੂੰ ਲੈ ਕੇ ਆਉਣਾ? ਖੌਰੇ ਘੰਟੇ, ਦੋ ਘੰਟੇ ਕਿ ਤਿੰਨ ਵੀ ਲੱਗ ਜਾਣ।'' ਚੰਨੇ ਨੇ ਕਿਹਾ।

ਮੈਂ ਮਸਕੀਨਾਂ ਵਾਂਗ ਹੱਥ ਜੋੜੇ ਤੇ ਅੱਖਾਂ ਰਾਹੀਂ ਹੀ ਉਸ ਦਾ ਧੰਨਵਾਦ ਕੀਤਾ। ਬਾਅਦ ਵਿੱਚ ਮੈਨੂੰ ਆਪਣੇ ਜੁੜੇ ਹੱਥਾਂ 'ਤੇ ਹੈਰਾਨੀ ਹੋਈ। ਕਿੱਥੇ ਮੇਰੇ ਨਾਂ ਤੇ ਪੰਜਾਹ ਲੱਖ ਦਾ ਇਨਾਮ ਸੀ। ਕਦੇ ਸਾਰਾ ਪੰਜਾਬ ਮੇਰੇ ਨਾਮ ਤੋਂ ਡਰਦਾ ਸੀ। ਅੱਜ ਮੈਂ ਮੰਗਤਾ ਹਾਂ। ''ਮੈਂ ਕੀ ਦਾ ਕੀ ਹੋ ਗਿਆ?'' ਮੈਂ ਆਪਣੇ ਜੁੜੇ ਹੱਥਾਂ ਵੱਲ ਕਿੰਨੀ ਦੇਰ ਵੇਖਦਾ ਰਿਹਾ ਸਾਂ।


ਥਮਲੇ ਨਾਲ ਢੋਅ ਲਾ ਕੇ ਬੈਠਿਆਂ ਮੇਰੀ ਸੁਰਤ ''ਜੱਸੇ ਮਰੂਤੀ'' ਵਲ ਮੁੜ ਗਈ। ਅਤੀਤ ਮੇਰੀਆਂ ਅੱਖਾਂ ਅੱਗੇ ਇਉਂ ਸਹਿਜ ਨਾਲ ਘੁੰਮਣ ਲੱਗਾ ਕਿ ਮਨੋਂ ਮੈਂ ਅੱਜ ਵੀ ਉਥੇ ਹੀ ਤੁਰਦਾ ਫਿਰਦਾ ਹੋਵਾਂ।

ਜੱਸਾ ਮਰੂਤੀ ਤਕਰੀਬਨ ਮੇਰੇ ਨਾਲ ਹੀ ਸੰਤਾਂ ਦੇ ਸੰਪਰਕ ਵਿੱਚ ਆਇਆ ਸੀ। ਮੈਂ ਸੰਨ ਕਿਆਸੀ ਵਿੱਚ ਬੀæ ਐੱਡ ਕਰਕੇ ਤਰਨਤਾਰਨ ਰੋਡ 'ਤੇ 'ਕਲਗੀਧਰ ਖਾਲਸਾ ਸਕੂਲ' ਵਿੱਚ ਲੱਗ ਗਿਆ ਸਾਂ। ਸਕੂਲ ਮਿਡਲ ਤੱਕ ਸੀ, ਸ਼੍ਰੋਮਣੀ ਕਮੇਟੀ ਅਧੀਨ ਸੀ ਤੇ ਮੇਰੀ ਪੈਨਸ਼ਨੇਬਲ ਨੌਕਰੀ ਸੀ। ਮੈਂ ਪੱਕਾ ਸਾਂ ਤੇ ਸੁਹਣੀ ਨਿਭ ਰਹੀ ਸੀ। ਵਿਆਹ ਦੀ ਤਿਆਰੀ ਸੀ। ਏਦਾਂ ਹੀ ਸਾਲ, ਦੋ ਸਾਲ ਲੰਘ ਗਏ। ਇੱਕ ਦਿਨ ਮੈਨੂੰ ਸਕੂਲ ਦੇ ਪ੍ਰਧਾਨ ਨੂੰ ਮਿਲਣ ਦਰਬਾਰ ਸਾਹਿਬ ਅੰਮ੍ਰਿਤਸਰ ਜਾਣਾ ਪਿਆ। ਗੁਰੂ ਨਾਨਕ ਨਿਵਾਸ ਤੋਂ ਅੱਗੇ ਸ਼੍ਰੋਮਣੀ ਕਮੇਟੀ ਦੇ ਦਫਤਰ ਸਨ। ਮੈਨੂੰ ਦਫਤਰ ਦੇ ਬਾਹਰ ਬਣੇ ਬਰਾਂਡੇ ਵਿੱਚ ਬੈਠਣ ਤੇ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਮੈਂ ਮਿੱਥੇ ਸਮੇਂ 'ਤੇ ਅੱਪੜ ਗਿਆ ਸਾਂ।


ਇਹ ਸੰਤ ਭਿੰਡਰਾਂਵਾਲਿਆਂ ਦੀ ਪੂਰੀ ਚੜ੍ਹਾਈ ਦੇ ਦਿਨ ਸਨ। ਅਕਾਲ ਗੈਸਟ ਹਾਊਸ ਤੋਂ ਲੈ ਕੇ ਗੁਰਦੁਆਰਾ ਬਾਬਾ ਅਟੱਲ ਜੀ ਤੱਕ ਸੰਤਾਂ ਦੇ ਸੇਵਕ ਰਿਵਾਲਵਰ ਪਾ ਕੇ ਘੁੰਮ ਰਹੇ ਸਨ। ਅੱਗੋਂ ਮੰਜੀ ਸਾਹਿਬ ਵਿਖੇ ਵੀ ਸ਼ਸਤਰਧਾਰੀ ਸਿੰਘ ਹਮੇਸ਼ਾਂ ਬੈਠੇ ਰਹਿੰਦੇ ਸਨ। ਦੋਹਾਂ ਧੜਿਆਂ ਦੇ ਸਿੰਘ ਹਮੇਸ਼ਾਂ ਪਹਿਰੇ ਤੇ ਰਹਿੰਦੇ ਸਨ। ਅਕਾਲ ਗੈਸਟ ਹਾਊਸ ਤੇ ਬੱਬਰਾਂ ਦਾ ਕਬਜ਼ਾ ਸੀ ਤੇ ਸਰਾਂ ਤੇ ਲੰਗਰ ਦੀ ਛੱਤ ਤੇ ਸੰਤਾਂ ਦੇ ਸੇਵਕ ਸਨ। ਦੋਵੇਂ ਧੜੇ ਇੱਕ ਦੂਜੇ ਨੂੰ ਘੋਰ ਨਫਰਤ ਕਰਦੇ ਸਨ। ਬੱਬਰਾਂ ਦੇ ਸਿਰਫ ਬਾਰਾਂ ਜਣਿਆਂ ਦੀ ਭਰਤੀ ਸੀ ਤੇ ਤੇਰ੍ਹਵਾਂ ਉਨ੍ਹਾਂ ਦਾ ਮੁਖੀ ਜਰਮਨ ਭੱਜ ਗਿਆ ਹੋਇਆ ਸੀ।


ਉਥੇ ਮੈਨੂੰ ਇੰਤਜ਼ਾਰ ਕਰਦਿਆਂ ਸਮਾਂ ਹੋ ਗਿਆ। ਅੱਕ ਕੇ ਮੈਂ ਦਫਤਰੋਂ ਬਾਹਰ ਆ ਕੇ ਗੁਰਦੁਆਰਾ ਬਾਬਾ ਅਟੱਲ ਦੇ ਸਾਹਮਣੇ ਇੱਕ ਮਾਤਰ ਚਾਹ ਦੀ ਦੁਕਾਨ ਤੋਂ ਚਾਹ ਬਣਵਾ ਲਈ। ਸਾਹਮਣੇ ਦਿਸਦੇ ਉੱਚੇ ਪੁਰਾਣੇ ਅੰਬਰਸਰੀ ਮਕਾਨਾਂ ਦੀ ਛੱਤ 'ਤੇ ਸੀæ ਆਰæ ਪੀæ ਦੇ ਮੋਰਚੇ ਬਣੇ ਦਿਸਦੇ ਸਨ। ਸੀæ ਆਰæ ਪੀæ ਦੇ ਜਵਾਨ ਵੀ ਕਦੇ ਕਦੇ ਸਿਰ ਕੱਢਦੇ। ਉਨ੍ਹਾਂ ਨੂੰ ਗੁਰਦੁਆਰਾ ਬਾਬਾ ਅਟੱਲ ਤੋਂ ਅੱਗੇ ਵਧਣ ਦਾ ਹੁਕਮ ਨਹੀਂ ਸੀ। ਉਧਰੋਂ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਹੋਟਲ ਤੱਕ ਆਉਣ ਦਾ ਹੀ ਹੁਕਮ ਸੀ। ਮੈਂ ਖਾੜਕੂਆਂ ਤੇ ਸੀæ ਆਰæ ਪੀæ ਦੀ ਕਸ਼ਮਕਸ਼ ਬਾਬਤ ਹੀ ਸੋਚਦਾ ਚਾਹ ਪੀ ਰਿਹਾ ਸਾਂ ਕਿ ਮੇਰਾ ਨਾਂ ਲੈ ਕੇ ਕਿਸੇ ਨੇ ਅਵਾਜ਼ ਮਾਰੀ। ਮੈਂ ਪਿੱਛੇ ਪਰਤ ਕੇ ਵੇਖਿਆ ਤਾਂ ਮੇਰਾ ਬੀæ ਏæ ਬੀæ ਐਡ ਦਾ ਜਮਾਤੀ ''ਜੋਤੀ ਹੁੰਦਲ'' ਖੜ੍ਹਾ ਸੀ। ਲੰਮਾ ਕੁੜਤਾ-ਪਜਾਮਾ, ਗੋਲ ਪੱਗ ਤੇ ਗਲ ਵਿੱਚ ਮਾਊਜ਼ਰ ਦੀ ਡੋਰੀ ਪਾਈ ਉਹ ਵੱਖਰਾ ਹੀ ਲੱਗ ਰਿਹਾ ਸੀ। ਪਰ ਮੈਂ ਪਹਿਲੀ ਨਜ਼ਰੇ ਹੀ ਉਸ ਨੂੰ ਪਛਾਣ ਲਿਆ। ਸਾਲ ਦੋ ਸਾਲ ਪਿੱਛੋਂ ਮਿਲਣ ਕਾਰਨ ਉਸ ਕੋਲ ਦੱਸਣ ਲਈ ਬੜਾ ਕੁਝ ਸੀ।


ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਰਿਹਾ ਹੋਣ ਕਾਰਨ ਉਹ ਵੀ ਬਾਕੀ ਸਾਥੀਆਂ ਸਮੇਤ ਸੰਤਾਂ ਦੇ ਧੜੇ ਵਿੱਚ ਸ਼ਾਮਲ ਹੋ ਗਿਆ ਸੀ। ਸੰਧੂ ਗਰੁੱਪ ਨੇ, ਸਾਰੇ ਦੇ ਸਾਰੇ ਨੇ ਸੰਤਾਂ ਨੂੰ ਆਪਣਾ ਆਗੂ ਮੰਨ ਲਿਆ ਸੀ। ਦੂਸਰਾ ਧੜਾ ਵੀ ਭਾਵੇਂ ਵਿਦਿਆਰਥੀਆਂ ਦਾ ਸੀ, ਪਰ ਉਹ ਪ੍ਰੋæ ਕੰਦੂਕਾਦਰੇ ਅਧੀਨ ਸੰਤ ਲੌਂਗੋਵਾਲ ਨਾਲ ਸਨ। ਪਰ ਉਨ੍ਹਾਂ ਕੋਲ ਹਥਿਆਰ ਨਾ-ਮਾਤਰ ਸਨ। ਇਧਰ ਹਥਿਆਰ ਵਧੇਰੇ ਸਨ।


ਮੇਰੇ ਨਾਲ ਗੱਲਾਂ ਕਰਦਾ ਹੁੰਦਲ ਸ਼੍ਰੋਮਣੀ ਕਮੇਟੀ ਦੇ ਦਫਤਰ ਤੱਕ ਆਇਆ। ਮੈਂ ਦੱਸਿਆ ਕਿ ਮੈਂ ਤੇ ਪ੍ਰਧਾਨ ਨੂੰ ਮਿਲਣ ਆਇਆ ਸਾਂ। ਸਾਡੇ ਸਕੂਲ ਦੀ ਪ੍ਰਧਾਨ ਦੀ ਕਮੇਟੀ ਨਾਲ ਬੜੀ ਨੇੜਤਾ ਸੀ। ਸੁਣ ਕੇ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ, ''ਕੋਈ ਕੰਮ ਹੈ ਈ ਤੇ ਦੱਸ। ਇੱਥੇ ਸਾਡੇ ਹੁਕਮ ਬਿਨਾਂ ਬੰਦੇ ਮੂਤਣ ਤੱਕ ਨਹੀਂ ਜਾ ਸਕਦੇ।'' ਹੱਸਦੇ ਹੀ ਉਹ ਵਿਦਾ ਹੋ ਗਿਆ ਤੇ ਗੁਰੂ ਨਾਨਕ ਨਿਵਾਸ ਲੰਘ ਗਿਆ।


ਜਦੋਂ ਮੈਂ ਦੁਬਾਰਾ ਅੰਦਰ ਗਿਆ ਤਾਂ ਮੈਂ ਵੇਖਿਆ ਦੂਰੋਂ ਹੀ ਮੇਰੇ ਸਕੂਲ ਦਾ ਪ੍ਰਧਾਨ ਮੇਰੇ ਵੱਲ ਵੇਖ ਰਿਹਾ ਸੀ। ਮੇਰੇ ਮਨ ਵਿੱਚ ਨਾ ਕੋਈ ਭਾਵ ਤੇ ਨਾ ਕੋਈ ਭੈਅ, ਮੈਂ ਸੁਤੇ ਸਿਧ ਜਾ ਉਹਨੂੰ ਫਤਹਿ ਬੁਲਾਈ। ਉਹਦਾ ਰੌਂ ਪਰ ਕੁਝ ਉੱਖੜਿਆ ਸੀ। ਫਤਹਿ ਦਾ ਜਵਾਬ ਦੇ ਕੇ ਉਸ ਸਿੱਧਾ ਹੀ ਪੁੱਛ ਲਿਆ, ''ਇਹ ਕਿੱਦਾਂ ਜਾਣਦੈ ਤੁਹਾਨੂੰ?''


ਮੈਂ ਅੰਦਰੋਂ ਉਹਦੇ ਰੌਂ ਤੋਂ ਥੋੜ੍ਹਾ ਜਿਹਾ ਘਬਰਾ ਗਿਆ ਸਾਂ। ਪਰ ਮੈਂ ਪੱਕੀ ਅਵਾਜ਼ ਨਾਲ ਦੱਸਿਆ ਕਿ ਮੇਰਾ ਬੀæ ਐਡ ਦਾ ਜਮਾਤੀ ਹੈ। ਪਹਿਲੇ ਦੋ ਕੁ ਮਿੰਟ ਉਹ ਚੁੱਪ ਰਿਹਾ, ਅੰਤ ਉਸ ਦੁਚਿਤੀ ਛੱਡ ਕੇ ਕਹਿ ਹੀ ਦਿੱਤਾ।


''ਮਾਸਟਰ ਜੀ! ਤੁਸੀਂ ਕਿਹੜੇ ਵੇਲਿਆਂ ਵਿੱਚੋਂ ਲੰਘ ਰਹੇ ਹੋ? ਤੁਹਾਨੂੰ ਕਿਹੜਾ ਸਭ ਦਿਸਦਾ ਨਹੀਂ? ਅਸੀਂ ਤੇ ਟਕਸਾਲੀ ਅਕਾਲੀ ਹਾਂ। ਏਜੰਸੀਆਂ ਨੂੰ ਸਾਡਾ ਸਭ ਕੁਝ ਪਤੈ। ਪਰ ਤੁਸੀਂ ਤਾਂ ਅਸਲੋਂ ਨਵੇਂ ਸਓ। ਹੁਣ ਤੱਕ ਵੀਹ ਅੱਖਾਂ ਨੇ ਤੁਹਾਨੂੰ ਵੇਖ ਲਿਆ ਹੋਣੈ ਉਹਦੇ ਨਾਲ ਗੱਲਾਂ ਕਰਦਿਆਂ। ਤੇ ਉਹ ਵੀਹ ਦੀਆਂ ਵੀਹ ਅੱਖਾਂ ਹੀ ਜਾਂ ਤੇ ਸੀæ ਆਈæ ਡੀæ ਜਾਂ ਫਿਰ ਪੁਲਿਸ ਦੇ ਸੂਹੀਆ ਕੁੱਤਿਆਂ ਦੀਆਂ ਹੋਣੀਆਂ ਨੇ। ਨਾਲੇ ਜਿਸ ਹੁੰਦਲ-ਹਾਂਦਲ ਜਿਹੇ ਨਾਲ ਤੁਸੀਂ ਬੀæ ਐਡ ਵੇਲੇ ਦਾ ਦੋਸਤ ਹੋਣ ਦਾ ਦਾਅਵਾ ਕਰ ਰਹੇ ਸਓ, ਉਹਦੇ ਬਾਰੇ ਸੰਤ ਲੌਂਗੋਵਾਲ ਕੋਲ ਏਹੀ ਖਬਰ ਪਹੁੰਚੀ ਹੈ ਕਿ ਉਹ ਵੀ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ ਤੇ ਇੰਟੈਲੀਜੈਂਸ ਨੇ ਹੀ ਏਥੇ ਫਿੱਟ ਕੀਤਾ ਹੈ। ਉਤੋਂ ਸਿਆਪਾ ਇਹ ਵੇ ਕਿ ਸੰਤ ਭਿੰਡਰਾਂਵਾਲੇ ਕਦੇ ਵੀ ਲੌਂਗੋਵਾਲ ਜੀ ਦੀ ਸੂਚਨਾ ਨੂੰ ਸੱਚ ਨਹੀਂ ਮੰਨਦੇ।''


ਅਚਾਨਕ ਡਰ ਨਾਲ ਮੇਰੀਆਂ ਲੱਤਾਂ ਉਦੋਂ ਕੰਬ ਗਈਆਂ ਸਨ। ਅੱਜ ਮੈਂ ਜਿੰਨੇ ਤਸੀਹੇ ਝੱਲੇ ਨੇ, ਮਨ ਤਕੜਾ ਹੈ, ਪਰ ਤਨ ਖੋਖਲਾ ਹੈ। ਉਦੋਂ ਤਨ ਤਕੜਾ ਸੀ ਪਰ ਮਨ ਡਰਪੋਕ ਸੀ। ਇੰਟੈਲੀਜੈਂਸ ਦੀਆਂ ਗੱਲਾਂ ਬਾਰੇ ਸੁਣ ਕੇ ਅਤੇ ਹਰ ਦੂਜੇ ਬੰਦੇ ਦਾ ਸੀæ ਆਈæ ਡੀæ ਦਾ ਹੋਣ ਬਾਰੇ ਸੋਚ ਕੇ ਮੈਂ ਡਰ ਗਿਆ ਸਾਂ ਤੇ ਪ੍ਰਧਾਨ ਸਾਹਮਣੇ ਅਵਾਕ ਖੜ੍ਹਾ ਸਾਂ। ਮੇਰੀ ਮੱਤ ਮਾਰੀ ਗਈ ਸੀ।

''ਹੁਣ ਜਾਓ ਤੁਸੀਂ ਘਰ! ਤੇ ਬਚ ਕੇ ਰਹਿਓ। ਮੈਨੂੰ ਸ਼ੱਕ ਹੈ ਕਿ ਇਹ ਹੁੰਦਲ ਹੀ ਕਿਧਰੇ ਤੁਹਾਡੀਆਂ ਬੇੜੀਆਂ ਵਿੱਚ ਵੱਟੇ ਨਾ ਪਾਏ।'' ਪ੍ਰਧਾਨ ਜੀ ਨੇ ਮੈਨੂੰ ਇਹ ਕਹਿ ਕੇ ਤੋਰ ਦਿੱਤਾ ਸੀ।


ਉਦੋਂ ਕੀ ਪਤਾ ਸੀ ਕਿ ਪ੍ਰਧਾਨ ਜੀ ਦਾ ਕਿਹਾ ਇੱਕ ਇੱਕ ਅੱਖਰ ਸੱਚਾ ਸਾਬਤ ਹੋਏਗਾ। ਤੇ ਇੱਕ ਦਿਨ ਏਹੀ ਹੁੰਦਲ ਤੇ ਏਹੀ ਏਜੰਸੀਆਂ ਦੇ ਸੂਹੀਏ ਕੁੱਤੇ ਮੇਰੇ ਘਰ-ਸੰਸਾਰ ਦਾ ਤੀਲਾ ਤੀਲਾ ਬਖੇਰ ਛੱਡਣਗੇ।


ਉਹੀ ਗੱਲ ਹੋਈ ਸੀ। ਦਸ ਕੁ ਦਿਨਾਂ ਤੱਕ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੇਰੇ 'ਤੇ ਨਿਗਾਹ ਰੱਖੀ ਜਾ ਰਹੀ ਹੈ। ਪਰ ਮੇਰੇ ਕੋਲੋਂ ਬੰਦੇ ਨਹੀਂ ਟਰੇਸ ਹੋ ਰਹੇ ਸਨ। ਇਸ ਤੋਂ ਕੁਝ ਦਿਨਾਂ ਮਗਰੋਂ ਹੀ ਅਚਾਨਕ ਜੋਤੀ ਹੁੰਦਲ ਤੇ ਉਹਦੇ ਨਾਲ ਇੱਕ ਭਾਰਾ ਜਿਹਾ ਸਰਦਾਰ ਮੇਰੇ ਘਰ ਆ ਗਏ। ਮੇਰੀ ਮਾਂ ਘਰ ਹੀ ਸੀ। ਛੋਟਾ ਭਰਾ ਤੇ ਭਾਪੇ ਹੁਰੀਂ ਕੰਮ ਕਾਰਾਂ ਤੇ ਸਨ। ਉਨ੍ਹਾਂ ਨੂੰ ਵੇਖ ਕੇ ਮੈਂ ਡਰ ਗਿਆ ਸਾਂ। ਪਰ ਰਸਮੀ ਮੈਂ ਉਨ੍ਹਾਂ ਦਾ ਸਵਾਗਤ ਕੀਤਾ। ਉਹ ਵੀ ਪੰਜ-ਸੱਤ ਮਿੰਟ ਬੈਠ ਕੇ ਤੇ ਚਾਹ ਦਾ ਕੱਪ ਪੀ ਕੇ ਟੁਰ ਗਏ ਸਨ। ਜਾਂਦੇ-ਜਾਂਦੇ ਉਹ ਮੈਨੂੰ ਇੱਕ ਬੋਰਾ ਜਿਹਾ ਫੜਾ ਗਏ ਸਨ। ਵੀਹ ਕੁ ਕਿਲੋ ਵਾਲੇ ਇਸ ਬੋਰੇ ਵਿੱਚ ਸਿਰਫ ਤਿੰਨ ਵੱਡੇ ਹਦਵਾਣੇ ਸਨ। ਦਸ ਕੁ ਕਿਲੋ ਦੇ ਹੋਣਗੇ। ਉਹ ਕਹਿਣ ਲੱਗੇ, ''ਸਿੰਘਾਂ ਨੇ ਖਾਣ ਲਈ ਹਦਵਾਣੇ ਮੰਗੇ ਸਨ, ਪਰ ਸਾਡਾ ਪੁਲਿਸ ਪਿੱਛਾ ਕਰ ਰਹੀ ਹੈ, ਏਸ ਲਈ ਅਸੀਂ ਕੱਲ੍ਹ ਜਾਂ ਪਰਸੋਂ ਹਦਵਾਣੇ ਲੈ ਜਾਵਾਂਗੇ।''


ਉਹ ਤੇ ਚਲੇ ਗਏ, ਪਰ ਮੈਂ ਹਦਵਾਣੇ ਰਖਾ ਕੇ ਸੋਚੀਂ ਪਿਆ ਰਿਹਾ ਕਿ ਆਖਰ ਏਸ ਨਿਗੂਣੀ ਦੋ ਕੁ ਰੁਪਏ ਦੀ ਚੀਜ਼ ਨੂੰ ਰੱਖਣ ਲਈ ਉਹ ਮੇਰੇ ਘਰ ਜੋਖਮ ਉਠਾ ਕੇ ਆਏ ਸਨ। ਅਚਾਨਕ ਕੋਈ ਖਿਆਲ ਮੇਰੇ ਮਨ ਵਿੱਚ ਬਿਜਲੀ ਵਾਂਗ ਲਿਸ਼ਕਿਆ ਤੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਅੰਦਰੋਂ ਕੁੰਡਾ ਲਾਇਆ ਤੇ ਤਿੰਨੇ ਹੀ ਹਦਵਾਣੇ ਹਿਲਾਏ। ਵਾਰੀ ਵਾਰੀ ਤਿੰਨਾਂ ਅੰਦਰੋਂ ਛਣਕਾਟਾ ਜਿਹਾ ਪਿਆ। ਫਿਰ ਮੈਂ ਧਿਆਨ ਨਾਲ ਵੇਖਿਆ ਉਹ ਤਿੰਨੋਂ ਹੀ ਵਿਚਕਾਰੋਂ ਚੀਰ ਕੇ ਫਿਰ ਜੋੜੇ ਹੋਏ ਸਨ। ਹਿੰਮਤ ਕਰਕੇ ਮੈਂ ਇੱਕ ਖੋਲ੍ਹ ਲਿਆ। ਉਹ ਅੰਦਰੋਂ ਖਾਲੀ ਕਰਕੇ ਸੁਕਾਇਆ ਹੋਇਆ ਸੀ ਤੇ ਅੰਦਰ ਮੋਮੀ ਕਾਗਜ਼ ਵਿੱਚ ਗੋਲੀਆਂ ਤਹਿ ਕੀਤੀਆਂ ਪਈਆਂ ਸਨ। ਗੋਲੀਆਂ ਥੱਲੇ ਨਿੱਕੇ ਨਿੱਕੇ ਪਿਸਟਲ ਸਨ, ਤਿੰਨੇ ਵਿੱਚੋਂ ਇੱਕੋ ਜਿਹੇ, ਇਕਸਾਰ ਤੇ ਲਿਸ਼ਕਦੇææææ।


............ਮੈਂ ਅੰਤਾਂ ਦਾ ਡਰ ਗਿਆ। ਰਾਤ ਨੀਂਦ ਨਾ ਪਈ। ਮੈਨੂੰ ਸਾਰੀ ਰਾਤ ਜਾਪਦਾ ਰਿਹਾ ਕਿ ਹੁਣ ਵੀ ਪੁਲਿਸ ਦੀ ਧਾੜ ਆਈ, ਹੁਣ ਵੀ ਆਈ। ਰੱਬ ਰੱਬ ਕਰਕੇ ਸਵੇਰ ਹੋਈ। ਸਕੂਲ ਮੇਰਾ ਦਿਲ ਨਾ ਟਿਕੇ। ਰੱਬ ਰੱਬ ਕਰਦਾ ਘਰ ਆਇਆ ਤੇ ਆ ਕੇ ਕਮਰੇ ਵਿੱਚ ਲੇਟ ਗਿਆ। ਮਾਂ ਨੇ ਕੁਝ ਪੁੱਛਿਆ, ਮੈਂ ਕੁਝ ਦੱਸਾਂ? ਸ਼ਾਮ ਹਨੇਰੇ ਪਏ ਭਾਪਾ ਜੀ ਤੇ ਭਰਾ ਵੀ ਆ ਗਏ, ਪਰ ਮੇਰਾ ਗੱਲ ਕਰਨ ਨੂੰ ਮਨ ਨਾ ਕਰੇ। ਸਾਡਾ ਚਾਰਾਂ ਜੀਆਂ ਦਾ ਪਰਿਵਾਰ ਸੀ ਤੇ ਕਿਸੇ ਦਾ ਜੇ ਦੰਦ ਵੀ ਦੁਖਦਾ ਸੀ ਤੇ ਬਾਕੀ ਤਿੰਨੇ ਫਟ ਉਹਦਾ ਕਸ਼ਟ ਬੁੱਝ ਲੈਂਦੇ ਸਨ। ਪਰਿਵਾਰ ਦੇ ਜੀਅ ਮੈਨੂੰ ਹਲਕੀ ਜਿਹੀ ਪੁੱਛ ਪ੍ਰਤੀਤ ਕਰਦੇ ਰਹੇ, ਪਰ ਮੈਂ ਕੋਈ ਲੜ-ਪੱਲਾ ਨਾ ਫੜਾਇਆ, ਦੱਸਦਾ ਵੀ ਕੀ? ਏਨੇ ਨੂੰ ਸਾਢੇ ਕੁ ਅੱਠ ਵਜੇ ਉਸੇ ਭਾਰੇ ਜਿਹੇ ਸਰਦਾਰ ਨੇ ਆ ਸਿਰੀ ਕੱਢੀ। ਦਰਵਾਜ਼ਾ ਖੜਕਾ ਕੇ ਉਸ ਨੇ ਮੈਨੂੰ ਬਾਹਰ ਬੁਲਾ ਲਿਆ ਤੇ ਹਦਵਾਣਿਆਂ ਵਾਲੀ ਬੋਰੀ ਦੇਣ ਲਈ ਕਿਹਾ। ਹਦਵਾਣੇ ਤਾਂ ਮੈਂ ਫੜਾ ਦਿੱਤੇ, ਪਰ ਬੜੀ ਪੱਕੀ ਅਵਾਜ਼ ਵਿੱਚ ਮੈਂ ਕਹਿ ਦਿੱਤਾ, ''ਹੁੰਦਲ ਨੂੰ ਕਹਿਓ, ਮੈਨੂੰ ਮੁੜ ਕਦੇ ਏਡੇ ਇਮਤਿਹਾਨ ਵਿੱਚ ਨਾ ਪਾਵੇ, ਤੇ ਨਾ ਹੀ ਮੇਰੇ ਵੱਲ ਮੁੜ ਕਦੀ ਆਵੇ।'' ਉਹ ਭਾਰਾ ਜਿਹਾ ਸਰਦਾਰ ਕੁਝ ਸਕਿੰਟ ਬੜੀ ਅਜੀਬ ਤਰ੍ਹਾਂ ਮੇਰੇ ਵੱਲ ਘੂਰਦਾ ਰਿਹਾ, ਬੋਲਿਆ ਕੁਝ ਨਹੀਂ। ਫੇਰ ਉਹ ਹਦਵਾਣੇ ਲੈ ਕੇ ਚੁੱਪਚਾਪ ਚਲਾ ਗਿਆ।


ਬਸ ਉਹ ਦਿਨ ਤੇ ਆਹ ਦਿਨ। ਮੇਰੇ ਉਪਰ ''ਹੁੰਦਲ ਪ੍ਰਕੋਪ'' ਸ਼ੁਰੂ ਹੋ ਗਿਆ। ਬਹੁਤ ਬਾਦ ਵਿੱਚ ਸੰਤਾਂ ਕੋਲ ਰਹਿ ਰਹਿ ਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਉਹੀ ਹੁੰਦਲ ਮੇਰੀਆਂ ਜੜ੍ਹਾਂ ਵਿੱਚ ਬੈਠਾ ਸੀ। ਉਹ ਵੀ ਤਾਂ ਪਤਾ ਲੱਗਾ, ਜਦੋਂ ਏਸੇ ਜੱਸੇ, ਪੀæ ਟੀæ ਤੇ ਵਹਿਸ਼ੀ ਇੰਦਰਜੀਤ ਨੇ ਸੰਤਾਂ ਦੇ ਇਸ਼ਾਰੇ 'ਤੇ ਏਸ ਪੁਲਸੀਏ ਹੁੰਦਲ ਨੂੰ ਮਾਰ ਕੇ ਲਾਸ਼ ਦੇ ਟੁਕੜੇ ਟੁਕੜੇ ਕਰਕੇ ਬੋਰੀ ਵਿੱਚ ਪਾ ਕੇ ਬਾਗ ਵਾਲੀ ਗਲੀ ਵਿੱਚ ਸੁੱਟੇ ਸਨ। ਉਥੋਂ ਪੁਲਿਸ ਆ ਕੇ ਚੁੱਪ-ਚਾਪ ਉਹ ਟੋਟੇ ਹੋਈ ਲੋਥ ਲੈ ਗਈ ਸੀ।


''ਹੁੰਦਲ ਤੇ ਹਦਵਾਣਿਆਂ ਵਾਲੀ'' ਘਟਨਾ ਤੋਂ ਤੀਸਰੇ ਦਿਨ ਹੀ ਪੁਲਿਸ ਨੇ ਮੈਨੂੰ ਸਵੇਰੇ ਰਾਹ ਵਿੱਚੋਂ ਚੁੱਕ ਲਿਆ। ਮੈਂ ਅਜੇ ਘਰੋਂ ਨਿਕਲ ਕੇ ਗਲੀ ਮੁੜਿਆ ਹੀ ਸੀ ਕਿ ਚਿੱਟ ਕੱਪੜੀਏ ਪੰਜ ਸੱਤ ਸਾਹਨਾਂ ਨੇ ਮੈਨੂੰ ਚੁੱਕ ਕੇ ਕੈਂਟਰ ਵਿੱਚ ਸੁੱਟ ਦਿੱਤਾ। ਕੈਂਟਰ ਭਜਾ ਕੇ ਉਹ ਮੇਰੇ ਪਿੱਛੇ ਹੀ ਚੜ੍ਹ ਗਏ। ਮੂੰਹ ਤੇ ਹੱਥ ਮੇਰੇ ਉਨ੍ਹਾਂ ਬੰਨ੍ਹ ਦਿੱਤੇ। ਦਸਾਂ ਮਿੰਟਾਂ ਬਾਅਦ ਹੀ ਅਸੀਂ ਅੰਮ੍ਰਿਤਸਰ ਦੇ ਬਦਨਾਮ ਸੀæ ਆਈæ ਏæ ਸਟਾਫ ਦੇ ਕਮਰਿਆਂ ਵਿੱਚ ਸਾਂ। ਮੇਰੀ ਤਫਤੀਸ਼ ਦਾ ਜਿੰਮਾ ਐਸ਼ ਪੀæ (ਡੀæ) ਰੰਧਾਵੇ ਕੋਲ ਸੀ। ਉਹਨੇ ਤੇ ਉਹਦੇ ਸਾਹਨਾਂ ਨੇ ਜਾਂਦਿਆਂ ਮੇਰੀਆਂ ਲੱਤਾਂ ਪਾੜ ਦਿੱਤੀਆਂ। ਦਰਦ ਨਾਲ ਮੇਰਾ ਸਿਰ ਚਕਰਾ ਗਿਆ, ਪਰ ਮੈਂ ਕਸੀਸ ਵੱਟ ਕੇ ਪੀ ਗਿਆ।


''ਤੂੰ ਆਪ ਹੀ ਸਾਰਾ ਕੁਝ ਦੱਸ ਦੇਹ, ਨਹੀਂ ਤੇ ਮਾਲ ਮੰਡੀ ਭੇਜ ਦਊਂਗਾ ਮੈਂ ਤੈਨੂੰ!'' ਰੰਧਾਵੇ ਨੇ ਦਾਬਾ ਮਾਰਿਆ।

''ਮੈਂ ਕਦੋਂ ਨਾਬਰ ਆਂ? ਤੁਸੀਂ ਜੋ ਪੁੱਛਣੈ, ਪੁੱਛੋ?'' ਮੇਰੀ ਅਵਾਜ਼ ਦਰਦ ਭਰੀ ਸੀ।

''ਦੱਸ ਫੇਰ, ਇਹ ਹਦਵਾਣਿਆਂ ਵਾਲਾ ਸਿਲਸਿਲਾ ਕਦੋਂ ਦਾ ਚੱਲ ਰਿਹਾ ਹੈ?'' ਰੰਧਾਵੇ ਨੇ ਪੈਂਦੀ ਸੱਟੇ ਕਿਹਾ।

ਮੈਂ ਸਮਝ ਗਿਆ ਸਾਂ ਕਿ ਇਹਨਾਂ ਨੂੰ ਜੋਤੀ ਹੁੰਦਲ ਦੇ ਹਦਵਾਣਿਆਂ ਵਾਲੀ ਗੱਲ ਦਾ ਪਤਾ ਹੈ। ਮੈਂ ਕਿਹੜਾ ਦੋਸ਼ੀ ਸਾਂ, ਏਸ ਲਈ ਅੱਖਰ-ਅੱਖਰ ਸਾਰੀ ਗੱਲ ਸੱਚ ਦੱਸ ਦਿੱਤੀ। ਗੱਲ ਸੁਣ ਕੇ ਰੰਧਾਵਾ ਨਾਰਮਲ ਹੋਣ ਦੀ ਥਾਂ ਸਗੋਂ ਹੋਰ ਗਾਲ੍ਹਾਂ ਕੱਢਣ ਲੱਗ ਪਿਆ।


''ਮਾਂ ਚੋ......ਅਜੇ ਬੜਾ ਕੁਝ ਹੋਰ ਹੈਗੈ ਤੇਰੇ ਢਿੱਡ ਵਿੱਚ। ਤੂੰ ਏਦਾਂ ਨਹੀਂ ਦੱਸਣਾ। ਤੈਨੂੰ ਮਾਲ ਮੰਡੀ ਵਿਖਾਉਣੀ ਹੀ ਪਊ।''

''ਤੂੰ ਐਸ਼ ਪੀæ ਐਂ ਕਿ......ਦਾ ਸਿਰਾ ਏਂ? ਤੈਨੂੰ ਕਹਿਨੇ ਤਪਤੀਸ਼ੀਆ ਬਣਾ ਤਾ? ਜੇ ਤੈਨੂੰ ਹੁੰਦਲ ਦਾ ਤੇ ਹਦਵਾਣਿਆਂ ਦਾ ਸਾਰਾ ਹਾਲ ਪਤੈ, ਤਾਂ ਤੈਨੂੰ ਤੇਰੇ ਸੂਹੀਆਂ ਭੈਣ ਚੋ......ਇਹ ਨਹੀਂ ਦੱਸਿਆ ਕਿ ਮੈਂ ਤੇ ਕਦੀ ਕਿਸੇ ਕੁੱਤੇ-ਬਿੱਲੇ ਦੇ ਡੰਡਾ ਨਹੀਂ ਮਾਰਿਆ। ਸਿਵਾਇ ਮਾਸਟਰੀ ਦੇ ਮੈਂ ਹੋਰ ਕੀ ਕੀਤੈ?'' ਗੁੱਸੇ ਵਿੱਚ ਮੈਥੋਂ ਕਿਹਾ ਗਿਆ। ਅਸਲ ਗੱਲ ਇਹ ਸੀ ਕਿ ਨੰਗੀਆਂ ਗਾਲ੍ਹਾਂ ਮੈਥੋਂ ਬਰਦਾਸ਼ਤ ਨਹੀਂ ਸਨ ਹੋ ਰਹੀਆਂ।


ਮੇਰੀ ਏਨੀ ਸਪੱਸ਼ਟ ਸੁਣ ਕੇ ਰੰਧਾਵਾ ਤੇ ਉਸ ਦੇ ਸਾਥੀ ਮੈਨੂੰ ਲੱਤਾਂ ਨਾਲ ਕੁੱਟਣ ਲੱਗ ਪਏ। ਇੱਕ ਨੇ ਵੱਡੀ ਡਾਂਗ ਮਾਰ ਕੇ ਮੇਰੀ ਸੱਜੀ ਲੱਤ ਤੋੜ ਦਿੱਤੀ। ਮੈਂ ਦਰਦ ਨਾਲ ਲੁਹਰੀਆਂ ਲੈਂਦਾ ਡਿੱਗ ਪਿਆ। ਫੇਰ ਉਹ ਮੇਰੇ ਪੈਰਾਂ ਤੇ ਪੁੱਠੇ ਪਾਸੇ ਡਾਂਗਾਂ ਮਾਰਨ ਲੱਗ ਪਏ। ਮੈਂ ਗਾਲ੍ਹਾਂ ਕੱਢਣ ਲੱਗ ਪਿਆ, ਪਰ ਅੱਧ ਕੁ ਮਿੰਟ ਪਿੱਛੋਂ ਮੇਰੀ ਸੁਰਤ ਜਵਾਬ ਦੇ ਗਈ। ਜਦੋਂ ਹੋਸ਼ ਆਈ ਮੈਂ ਉਥੇ ਹੀ ਲੰਮਾ ਪਿਆ ਹੋਇਆ ਸਾਂ।


ਸ਼ਾਮ ਤੱਕ ਮੇਰੇ ਸਾਥੀ, ਸ਼ੁੱਭਚਿੰਤਕ ਅੱਪੜ ਗਏ ਸਨ। ਮੁਹੱਲੇ ਦੇ ਮੁਹਤਬਰ ਵੀ ਨਾਲ ਸਨ। ਰੰਧਾਵੇ ਨੇ ਮੇਰੇ ਸਕੂਲ ਦੇ ਪ੍ਰਧਾਨ ਨੂੰ ਵੱਖਰਾ ਕਰਕੇ ਕਿਹਾ, ''ਲੈ ਜਾਓ, ਪਰ ਅਸੀਂ ਇਸ ਤੋਂ ਅਜੇ ਬਹੁਤ ਕੁਝ ਕਢਾਉਣਾ ਏ।''


ਪ੍ਰਧਾਨ ਨੇ ਡਾਕਟਰ ਤੋਂ ਦਵਾਈ ਦਵਾਣ ਤੇ ਘਰ ਪਹੁੰਚਾਉਣ ਤੱਕ ਹਰ ਕਦਮ ਤੇ ਮੇਰਾ ਸਾਥ ਦਿੱਤਾ। ਜਾਣ ਲੱਗੇ ਨੇ ਨਿੱਜੀ ਤੌਰ ਤੇ ਮੈਨੂੰ ਪੈਸੇ ਵੀ ਦਿੱਤੇ। ਮੇਰੀ ਮਾਂ ਤੇ ਮੇਰੇ ਸ਼ਰੀਫ ਪਿਓ ਨੂੰ ਹੌਸਲਾ ਵੀ ਦਿੱਤਾ। ਨਿੱਕੇ ਭਰਾ ਨੂੰ ਵੀ ਢਾਰਸ ਬੰਨ੍ਹਾਈ। ਪਰ ਜਾਣ ਲੱਗਿਆਂ ਮੈਨੂੰ ਇਕੱਲਾ ਕਰਕੇ ਕਿਹਾ, ''ਅੱਗੇ ਕੀ ਸੋਚਿਆ ਈ?''

''ਮੈਨੂੰ ਮਾਰ ਦਾ ਦੁੱਖ ਨਹੀਂ, ਭਾਵੇਂ ਮੇਰੀ ਲੱਤ ਫੇਰ ਤੋੜ ਲੈਣ। ਦੁੱਖ ਮੈਨੂੰ ਕਿਸੇ ਬੇਦੋਸ਼ੇ ਦੀ ਕੁਟੀਣ ਦਾ ਹੈ।'' ਮੇਰੀਆਂ ਅੱਖਾਂ ਭਰ ਆਈਆਂ ਸਨ।

''ਕਾਕਾ! ਵਿਚਲੀ ਗੱਲ ਤੇ ਇਹ ਈ ਕਿ ਸਰਕਾਰੀ ਤੰਤਰ ਹੀ ਗੁਪਤ ਅਪਰੇਸ਼ਨ ਚਲਾ ਰਿਹੈ ਕਿ ਨੌਜੁਆਨੀ ਨੂੰ ਖਾੜਕੂ ਬਣਨ ਲਈ ਪਰੇਰੋ। ਉਸੇ ਨੀਤੀ ਤਹਿਤ ਹੀ ਤੈਨੂੰ ਵੀ ਮਾਰ ਪਈ ਏ। ਤੇ ਜਿੱਥੋਂ ਤੱਕ ਮੇਰੀ ਸਮਝ ਕਹਿੰਦੀ ਏ, ਤੂੰ ਟੱਬਰ ਸਣੇ ਕਿਤੇ ਕੁਝ ਸਮਾਂ ਅੱਗਾ ਪਿੱਛਾ ਕਰ ਜਾ, ਨਹੀਂ ਤਾਂ ਤੈਨੂੰ ਅੰਬਰਸਰ ਦੀ ਪੁਲਿਸ ਨੇ ਟਿਕਣ ਨਹੀਂ ਦੇਣਾ। ਅੰਬਰਸਰ, ਗੁਰਦਾਸਪੁਰ ਦਾ ਮੁੰਡਾ ਇਸ ਚੱਕਰ ਵਿੱਚ ਲਿਆਉਣ ਲਈ ਤੇ ਮਾਰ ਸਾਰੀ ਪੁਲਿਸ, ਸਾਰੀਆਂ ਏਜੰਸੀਆਂ ਪੱਬਾਂ ਭਾਰ ਹੋਈਆਂ ਪਈਆਂ ਨੇ। ਤੂੰ ਜੇ ਇਥੇ ਹੀ ਰਹਿਓਂ ਤੇ ਮੇਰੀ ਜਾਚੇ ਲੰਮਾ ਸਮਾਂ ਨਹੀਂ.....। ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰ ਲੈ.......।'' ਪ੍ਰਧਾਨ ਨੇ ਇਸ਼ਾਰੇ ਨਾਲ ਗੱਲ ਨਿਬੇੜ ਦਿੱਤੀ।


ਪ੍ਰਧਾਨ ਤੇ ਟੁਰ ਗਿਆ ਸੀ, ਪਰ ਅਸੀਂ ਕਿੱਥੇ ਜਾਂਦੇ? ਕੁਝ ਸੁੱਝਦਾ ਨਹੀਂ ਸੀ। ਥੋੜ੍ਹੀ ਦੇਰ ਮਗਰੋਂ ਮੈਂ ਰਿਕਸ਼ੇ 'ਤੇ ਆਉਣ-ਜਾਣ ਲੱਗ ਪਿਆ। ਘਰ ਵੀ ਸਭ ਨਾਰਮਲ ਮਹਿਸੂਸ ਕਰਨ ਲੱਗੇ। ਪਰ ਇੱਕ ਪਰਛਾਵਾਂ ਜਿਹਾ ਰਹਿ ਗਿਆ ਸੀ।


ਅਚਾਨਕ ਇੱਕ ਦਿਨ ਅੰਮ੍ਰਿਤਸਰ ਦੇ ਸ਼ਿਵਾਲੇ ਮੰਦਰ ਬੰਬ ਫਟ ਗਿਆ। ਮੈਂ ਸਕੂਲ ਹੀ ਸਾਂ, ਪ੍ਰਧਾਨ ਹੁਰੀਂ ਅਚਨਚੇਤ ਸਕੂਲ ਆ ਗਏ ਤੇ ਮੈਨੂੰ ਕਹਿਣ ਲੱਗੇ ਕਿ ਅੱਜ ਰਾਤ ਘਰ ਨਾ ਰਹੀਂ। ਉਨ੍ਹਾਂ ਦਾ ਕਿਹਾ ਮੇਰੇ ਲਈ ਹੁਕਮ ਸੀ। ਉਸ ਰਾਤ ਮੈਂ ਆਪਣੇ ਸਾਥੀ ਮਾਸਟਰ ਨਾਲ ਉਸ ਦੇ ਪਿੰਡ 'ਚੱਬੇ' ਨੂੰ ਚਲਾ ਗਿਆ। ਘਰ ਸੁਨੇਹਾ ਭੇਜ ਦਿੱਤਾ ਕਿ ਕੱਲ੍ਹ ਆਵਾਂਗਾ। ਉਦੋਂ ਕੀ ਪਤਾ ਸੀ?

ਅਗਲੇ ਦਿਨ ਸਵੇਰੇ ਸਕੂਲ ਪੁੱਜਿਆ ਤਾਂ ਪਤਾ ਲੱਗਾ ਕਿ ਮਾਂ ਨੂੰ ਪੁਲਿਸ ਲੈ ਗਈ ਸੀ। ਘਰ ਨਾ ਉਦੋਂ ਭਾਪੇ ਹੋਰੀਂ ਸਨ ਤੇ ਨਾ ਛੋਟਾ ਭਰਾ। ਦੋਵੇਂ ਕੰਮ 'ਤੇ ਸਨ। ਖਰਾਦਾਂ ਤੋਂ ਘਰ ਪਰਤੇ ਤਾਂ ਡਰੇ ਹੋਏ ਗਵਾਂਢੀਆਂ ਨੇ ਦੱਸਿਆ ਕਿ ਮਾਸਟਰ ਦੀ ਮਾਂ ਰੋਂਦੀ ਕੁਰਲਾਉਂਦੀ ਨੂੰ ਚਿੱਟ ਕੱਪੜੀਏ ਪੁਲਸੀਏ ਲੈ ਗਏ ਸਨ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਹੜੇ ਜ਼ਿਲ੍ਹੇ ਦੀ ਪੁਲਿਸ ਸੀ।


ਘਾਬਰੇ ਹੋਏ ਅਸੀਂ ਤਿੰਨੇ ਪਿਓ ਪੁੱਤਰ ਐਸ਼ ਐਸ਼ ਪੀæ 'ਮੀਨਾ' ਕੋਲ ਪੇਸ਼ ਹੋ ਗਏ। ਉਹਨੇ ਫੇਰ ਸਾਨੂੰ ਰੰਧਾਵੇ ਕੋਲ ਹੀ ਪੇਸ਼ ਹੋਣ ਲਈ ਕਿਹਾ। ਰੰਧਾਵੇ ਕੋਲ ਜਦੋਂ ਅਸੀਂ ਫੇਰ ਗਏ ਤਾਂ ਉਹਨੇ ਸਾਨੂੰ ਤਿੰਨਾਂ ਨੂੰ ਉਥੇ ਹੀ ਰਾਮਬਾਗ ਥਾਣੇ ਦੀਆਂ ਗੁੰਮ ਕੋਠੜੀਆਂ ਵਿੱਚ ਬਿਠਾ ਦਿੱਤਾ। ਅਸੀਂ ਤਿੰਨੇ ਰਾਤ ਭਰ ਉਥੇ ਬੈਠੇ ਰਹੇ। ਨਾ ਸਾਡੇ ਕੋਲ ਮੰਜਾ, ਬਿਸਤਰਾ, ਨਾ ਢਿੱਡ ਵਿੱਚ ਅੰਨ ਨਾ ਦਾਣਾ! ਨਾ ਹੀ ਕਿਸੇ ਨੇ ਸਾਨੂੰ ਰੋਟੀ, ਮੰਜੇ ਤੇ ਹੋਰ ਕਿਸੇ ਚੀਜ਼ ਲਈ ਪੁੱਛਿਆ। ਸਾਡੇ ਨਾਲ ਹੋਰ ਵੀ ਕਿੰਨੇ ਹੀ ਘਸਮੈਲੇ ਤੇ ਦੁੱਖਾਂ ਦੇ ਮਾਰੇ ਜਾਪਦੇ ਪੇਂਡੂ ਚਿਹਰੇ ਬੈਠੇ ਸਨ। ਸਭ ਖਾਮੋਸ਼ ਸਨ।


ਸਵੇਰੇ ਪੰਜ ਵਜੇ ਦੇ ਕਰੀਬ ਰੰਧਾਵਾ ਤੇ ਉਹਦੇ ਨਾਲ ਡੀæ ਆਈæ ਜੀæ ਸ਼ੁਕਲਾ ਆ ਗਏ। ਸ਼ੁਕਲਾ ਨੂੰ ਵੀ ਮੈਂ ਪਿਛਲੀ ਗ੍ਰਿਫਤਾਰੀ ਵੇਲੇ ਦਾ ਪਛਾਣਦਾ ਸਾਂ।

ਉਨ੍ਹਾਂ ਦੇ ਆਉਂਦਿਆਂ ਹੀ ਸਾਨੂੰ ਫਾਲਨ ਕਰ ਲਿਆ ਗਿਆ ਤੇ ਅੰਦਰ ਤਫਤੀਸ਼ੀ ਕਮਰਿਆਂ ਵਿੱਚ ਧੱਕ ਦਿੱਤਾ। ਅੱਗੇ ਸ਼ੁਕਲਾ ਤੇ ਰੰਧਾਵਾ ਕੁਰਸੀਆਂ 'ਤੇ ਬੈਠੇ ਸਨ ਤੇ ਉਨ੍ਹਾਂ ਦੇ ਬੁੱਚੜ ਸਿਪਾਹੀ ਕੋਲ ਤਿਆਰ-ਬਰ-ਤਿਆਰ ਖੜ੍ਹੇ ਸਨ। ਨਵੇਂ ਬੰਦੇ ਦਾ ਸਾਹ ਸੁਕਦਾ ਸੀ, ਪਰ ਸਾਡਾ ਤਿੰਨਾਂ ਦਾ ਦੂਸਰੀ ਵਾਰ ਵਾਹ ਸੀ।


''ਜਨਾਬ, ਇਨ੍ਹਾਂ ਦਾ ਕੀ ਕਰਨੈ?'' ਇੰਸਪੈਕਟਰ ਟੋਨੀ ਨੇ ਦੋਹਾਂ ਨੂੰ ਕਿਹਾ।

''ਸਫਾਰਸ਼ ਤੁਹਾਡੀ ਭੈਣ ਚੋ......., ਪਹਿਲਾਂ ਅੱਪੜ ਜਾਂਦੀ ਏ! ਕੀ ਕਹੀਏ ਹੁਣ ਤੁਹਾਨੂੰ?'' ਰੰਧਾਵਾ ਕਹਿਣ ਲੱਗਾ।

''ਇਹੀ ਨੇ ਪ੍ਰਧਾਨ ਮਨਚੰਦੇ ਦੇ ਬੰਦੇ?'' ਸ਼ੁਕਲਾ, ਰੰਧਾਵੇ ਨੂੰ ਪੁੱਛਣ ਲੱਗਾ।

''ਜੀ ਜਨਾਬ! ਮਨਚੰਦੇ ਦੇ ਈ ਬੰਦੇ ਐ! ਉਹੀ ਲੌਂਗੋਵਾਲ ਗਰੁੱਪ ਵਾਲਾ.......।'' ਰੰਧਾਵੇ ਨੇ ਕਿਹਾ।


''ਭੇਜੋ ਭੈਣ ਚੋ.....ਨੂੰ!'' ਸ਼ੁਕਲਾ ਨੇ ਕਿਹਾ। ਫੇਰ ਉਹਦੇ ਮਨ ਵਿੱਚ ਪਤਾ ਨਹੀਂ ਕੀ ਵਲੇਲ ਆਈ ਕਿ ਬਿਨਾ ਕਾਰਣ ਦੰਦੀਆਂ ਕਰੀਚਦਾ ਉੱਠਿਆ ਤੇ ਮੇਰੇ ਪਿਓ ਦੀ ਦਾੜ੍ਹੀ ਫੜ੍ਹ ਕੇ ਖਿੱਚਣ ਲੱਗ ਪਿਆ। ਨਾਲ ਨਾਲ ਪਾਗਲਾਂ ਵਾਂਗ ਕਹੀ ਜਾਏ, ''ਕੁੱਤਿਆ! ਮੁੰਡਿਆਂ ਆਪਣਿਆਂ ਨੂੰ ਬੰਨ੍ਹ ਕੇ ਰੱਖ।''

ਉਹਦੀ ਦੇਖਾ-ਦੇਖੀ ਰੰਧਾਵੇ ਨੇ ਵੀ ਦੋ ਤਿੰਨ ਠੁੱਡੇ ਸਾਡੇ ਦੋਹਾਂ ਦੇ ਬੈਠਿਆਂ ਕੱਢ ਮਾਰੇ। ਕੁਝ ਦੇਰ ਤੇ ਮੈਂ ਬਰਦਾਸ਼ਤ ਕੀਤਾ। ਫੇਰ ਮੇਰੇ ਹੱਥ ਲੋਹੇ ਦੀ ਬਾਲਟੀ ਆ ਗਈ, ਜਿਹੜੀ ਸ਼ਾਇਦ ਫਰਸ਼ ਧੋਣ ਜਾਂ ਪਿਸ਼ਾਬ ਕਰਨ ਲਈ ਰੱਖੀ ਹੋਈ ਸੀ। ਮੈਂ ਚੁੱਕ ਕੇ ਸਿੱਧੀ ਰੰਧਾਵੇ ਦੀ ਪਿੱਠ 'ਤੇ ਮਾਰੀ। ਨਿੱਕਾ ਭਰਾ ਮੇਰੀ ਹੱਲਾਸ਼ੇਰੀ ਨਾਲ ਪਿਓ ਨੂੰ ਕੁੱਟਦੇ ਸ਼ੁਕਲੇ ਨੂੰ ਹੱਥੀਂ ਪੈ ਗਿਆ। ਬੱਸ ਫੇਰ ਸਾਰੇ ਬੁੱਚੜ ਸਾਨੂੰ ਪੈ ਗਏ ਤੇ ਬੇਹੋਸ਼ ਹੋਣ ਤੱਕ ਉਨ੍ਹਾਂ ਸਾਨੂੰ ਡਾਂਗਾਂ, ਠੁੱਡਿਆਂ ਤੇ ਪਟਿਆਂ ਨਾਲ ਕੁੱਟਿਆ। ਜਾਂਦਾ-ਜਾਂਦਾ ਸ਼ੁਕਲਾ ਕਹਿ ਗਿਆ, ''ਹੋਸ਼ ਆਉਣ 'ਤੇ ਮਾਂ ਚੋ....ਨੂੰ ਬਾਹਰ ਸੁੱਟ ਆਇਆ ਜੇ! ਤੇ ਨਾਲੇ..ਹੁਣ ਮਾਂ ਦੇ ਮੂੰਹ ਨੂੰ ਤਰਸਦੇ ਮਰ ਜਾਓਗੇ।''


ਉਹ ਦਿਨ ਤੇ ਆਹ ਦਿਨ!

ਭਾਪਾ ਜੀ ਤੇ ਪੂਰੇ ਹੋ ਗਏ ਨੇ। ਅੱਜ ਤੇ ਉਨ੍ਹਾਂ ਦਾ ਚਿਹਰਾ ਵੀ ਮੇਰੀਆਂ ਅੱਖਾਂ ਵਿੱਚ ਧੁੰਦਲਾ ਜਿਹਾ ਗਿਆ ਹੈ। ਭਰਾ ਨੂੰ ਆਖਰੀ ਵਾਰ ਸ਼ਿੰਟੀ ਖਰਾਦੀਏ ਨੇ ਨਾਨਕਮੱਤੇ ਯੂæ ਪੀæ ਦੋ ਕੁ ਸਾਲ ਹੋਏ, ਵੇਖਿਆ ਸੀ। ਉਹ ਉਥੇ ਹੀ ਕਿਸੇ ਪਿੰਡ ਵਿੱਚ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੀ ਤੇ ਕਿਸੇ ਲੋੜਵੰਦ ਕੁੜੀ ਨਾਲ ਵਸ ਗਿਆ ਸੀ।


ਤੇ ਮਾਂ! ਮਾਂ ਦਾ ਚਿਹਰਾ ਏਨ੍ਹਾਂ ਦਸਾਂ ਸਾਲਾਂ ਵਿੱਚ ਵੀ ਧੁੰਦਲਾ ਨਹੀਂ ਪਿਆ।


ਪਰ ਮਾਂ ਨੂੰ ਫੇਰ ਮੈਂ ਕਦੀ ਨਹੀਂ ਮਿਲ ਸਕਿਆ। ਅਸੀਂ ਤਿੰਨੇ ਸਹਿਕਦੇ ਰਹੇ, ਪਰ ਮਾਂ ਤੇ ਕਿਤੇ ਪੰਜ-ਤੱਤਾਂ ਵਿੱਚ ਲੀਨ ਹੋ ਚੁੱਕੀ ਸੀ।

ਕੈਂਟਰ ਦੇ ਇੰਜਣ ਦੀ ਘੁਰ-ਘੁਰ ਨੇ ਮੇਰੀ ਬਿਰਤੀ ਤੋੜ ਦਿੱਤੀ। ਸਾਲਾਂ ਪਿੱਛੇ ਗਿਆ ਮੈਂ ਵਾਪਸ ਪਰਤ ਆਇਆ ਸਾਂ। ਜੱਸੇ ਮਾਰੂਤੀ ਵਾਲਾ ਕੈਂਟਰ ਆ ਗਿਆ ਸੀ। ਮੈਂ ਫੱਟ ਟਨਸ਼ਨ ਹੋ ਕੇ ਖੜ੍ਹਾ ਹੋ ਗਿਆ। ਏਨੇ ਨੂੰ ਅਜੈਬਾ ਤੇ ਸ਼ਰਮਾ ਵੀ ਬਾਹਰ ਨਿਕਲਦੇ ਮੈਂ ਵੇਖ ਲਏ ਸਨ। ਮੇਰੇ ਕੋਲੋਂ ਲੰਘਦੇ ਹੋਏ ਉਹ ਬਿਨਾਂ ਮੈਨੂੰ ਵੇਖੇ ਕੈਂਟਰ ਵੱਲ ਵਧ ਗਏ ਸਨ। ਉਨ੍ਹਾਂ ਦੀ ਨਜ਼ਰ ਵਿੱਚ ਕੀ ਮੈਂ ਤੇ ਕੀ ਕੋਈ ਹੋਰ ਆਦਮ-ਜਾਇਆ ਸਭ ਕੀੜੇ ਹੀ ਸਨ। ਏਨਾ ਚਿਰ ਏਹਨਾਂ ਬੁੱਚੜਾਂ ਵਿੱਚ ਰਹਿ ਰਹਿ ਕੇ ਮੈਨੂੰ ਪੱਕਾ ਹੋ ਗਿਆ ਸੀ ਕਿ ਰੱਬ ਨੇ ਇਨ੍ਹਾਂ ਦੇ ਦਿਲ ਦਿਮਾਗ ਵਿੱਚ ਭਾਵਨਾਵਾਂ ਵਾਲੀ ਥਾਂ ਸ਼ਾਇਦ ਜੰਗਾਲਿਆ ਲੋਹਾ ਭਰ ਦਿੱਤਾ ਹੈ। ਮੈਂ ਅਬੋਲ ਖੜ੍ਹਾ ਰਿਹਾ ਸਾਂ। ਚੰਨਾ, ਫਕੀਰੀਆ ਤੇ ਸ਼ਿੰਦਾ 'ਸ਼ਪਾਹੀ' ਵੀ ਕੈਂਟਰ ਕੋਲ ਜਾ ਖੜ੍ਹੇ ਸਨ।


''ਓਏ ਤੂੰ? ਕੀ ਨਾਂ ਤੇਰਾ? ਏਧਰ ਆ ਜਾ ਭੈਣ ਦੇਣਿਆ। ਮੁੰਡਿਆਂ ਨਾਲ ਲੱਗ ਜਾਹ ਤੇ ਏਸ ਮੁਰਦਾਰ ਨੂੰ ਪਰ੍ਹਾਂ ਆਪਣੇ ਆਲ੍ਹੀ ਕੋਠੜੀ 'ਚ ਲੈ ਜਾਹ! ਕੱਲ੍ਹ ਨੂੰ ਕਰਾਂਗੇ ਇਹਦਾ ਕੰਮ æææææ।'' ਅਜੈਬੇ ਨੂੰ ਮੈਂ ਹੁਣ ਦਿਖ ਪਿਆ ਸਾਂ।

ਆਪਣੇ ਚਿਹਰੇ ਉਪਰ ਬਿਨਾਂ ਕੋਈ ਪ੍ਰਭਾਵ ਲਈ ਮੈਂ ਕਿਸੇ ਸਾਧੇ ਹੋਏ ਜਾਨਵਰ ਵਾਂਗ ਸਿੱਧਾ ਕੈਂਟਰ ਕੋਲ ਤੀਰ ਵਾਂਗ ਗਿਆ ਤੇ ਲਾਸ਼ ਜਿਹੀ ਨੂੰ, ਜੀਹਨੂੰ ਅਸੀਂ ਕਦੀ 'ਜੱਸਾ ਮਰੂਤੀ' ਕਿਹਾ ਕਰਦੇ ਸਾਂ, ਪੁਲਸੀਆਂ ਨਾਲ ਹੱਥ ਪਵਾ ਕੇ ਕੈਂਟਰ ਵਿੱਚੋਂ ਲਾਹੁਣ ਲੱਗ ਪਿਆ ਸਾਂ।


ਪਰ ਜੱਸਾ ਮਾਰੂਤੀ! ਜੱਸਾ ਕਿੱਥੇ ਸੀ? ਇਹ ਤੇ ਕੋਈ ਲੋਥ ਜਿਹੀ ਸੀ। ਮੈਂ ਆਪਣੇ ਆਪ ਨੂੰ ਕਦੀ ਕਦੀ ਬਾਥਰੂਮ ਦੇ ਸ਼ੀਸ਼ੇ ਵਿੱਚ ਵੇਖ ਕੇ ਝੂਰਦਾ ਸਾਂ, ਪਰ ਜੱਸੇ ਨੂੰ ਵੇਖ ਕੇ ਮੈਂ ਬਸ ਝੂਣਿਆ ਗਿਆ ਸਾਂ। ਸੱਜੀ ਅੱਖ ਜਿਹੜੀ ਕਾਲੀ ਹੋਈ ਪਈ ਸੀ, ਬੰਦ ਸੀ, ਤੇ ਅੱਖ ਦੇ ਨਾਲ ਵਾਲਾ ਮੱਥੇ ਦਾ ਹਿੱਸਾ ਟੁੱਟ ਕੇ ਅੰਦਰ ਵੜਿਆ ਪਿਆ ਸੀ। ਐਨ ਜਿਵੇਂ ਮਤੀਰਾ ਪੂਰਾ ਤਿਆਰ ਹੋਵੇ ਤੇ ਕਿਸੇ ਨੇ ਫੇਹ ਦਿੱਤਾ ਹੋਵੇ। ਕੱਪੜਿਆਂ 'ਤੇ ਪੈਰਾਂ 'ਤੇ ਖੂਨ ਦੇ ਨਿਸ਼ਾਨ। ਤੇ ਉਹਨੂੰ ਹੱਥ ਪਵਾਂਦਿਆਂ ਮੇਰਾ ਧਿਆਨ ਜੱਸੇ ਦੀਆਂ ਬਾਹਵਾਂ ਵੱਲ ਚਲਾ ਗਿਆ ਸੀ।


''ਹੱਥ ਕਿੱਥੇ ਸੱਜਾ ਇਹਦਾ?'' ਮੈਂ ਸੁੰਨ ਜਿਹਾ ਹੋ ਕੇ ਜੱਸੇ ਦੇ ਸੱਜੇ ਹੱਥ ਨੂੰ ਲੱਭ ਰਿਹਾ ਸਾਂ। ਤੇ ਹੱਥ ਦੀ ਥਾਂ ਇੱਕ ਸੁੱਕੇ ਲਹੂ ਵਾਲੀ ਪੱਟੀ ਵਾਲਾ ਟੁੰਡ ਜਿਹਾ ਮੇਰਾ ਮੁੰਹ ਚਿੜਾ ਰਿਹਾ ਸੀ।

''ਇਹਨੂੰ ਮਾਸਟਰ ਆਲੇ ਕਮਰੇ 'ਚ ਪਾ ਦਿਓ। ਕਿਉਂ ਓਏ ਕੰਬਲ ਹੈਗੇ ਈ ਨਾ ਲੋੜ ਜੋਗੇ?'' ਸ਼ਰਮੇ ਨੇ ਕਿਹਾ।

''ਹਾਂ ਜੀ, ਹਾਂ ਜੀ!'' ਮੈਂ ਮਸ਼ੀਨ ਵਾਂਗ ਜਵਾਬ ਦਿੱਤਾ।


ਸਣੇ ਤਿੰਨ ਸਿਪਾਹੀਆਂ ਦੀ ਮਦਦ ਦੇ ਅਸੀਂ ਜੱਸੇ ਨੂੰ ਮੇਰੇ ਕਮਰੇ ਵਿੱਚ ਜਾ ਲਿਟਾਇਆ। ਏਨੀ ਮੰਦੀ ਹਾਲਤ ਦੇ ਬਾਵਜੂਦ ਜੱਸੇ ਨੂੰ ਸੁਰਤ ਪੂਰੀ ਸੀ। ਵਿੱਚ ਵਿੱਚ ਉਹਨੇ ਨਿੱਕੀ ਮੋਟੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਿਪਾਹੀ ਉਹਨੂੰ ਲਿਟਾ ਕੇ ਚਲੇ ਗਏ। ਮੈਂ ਉਹਦੇ ਕੋਲ ਹੀ ਜ਼ਮੀਨ ਤੇ ਬਹਿ ਗਿਆ। ਮੇਰੇ ਭੌਂ-ਬਿਸਤਰੇ ਉਪਰ ਉਹ ਲੇਟਿਆ ਹੋਇਆ ਸੀ। ਕੁਝ ਦੇਰ ਮੈਂ ਬੈਠਾ ਰਿਹਾ। ਫੇਰ ਮੈਂ ਨੋਟ ਕੀਤਾ ਕਿ ਉਹ ਬੜੀ ਸਿਆਣੀ ਅੱਖ ਨਾਲ ਮੈਨੂੰ ਵੇਖ ਰਿਹਾ ਹੈ। ਉਹ ਮੈਨੂੰ ਪਛਾਣ ਗਿਆ ਸੀ ਤੇ ਕੁਝ ਕਹਿਣਾ ਲੋਚਦਾ ਸੀ।


''ਮੈਂ ਆਂ ਜੱਸਿਆ ਮਾਸਟਰ! ਤੇਰਾ ਪੁਰਾਣਾ ਬੇਲੀ, ਮਾਸਟਰ ਕਰਮ ਪਛਾਣਿਆ?'' ਮੈਂ ਗੱਲਬਾਤ ਤੋਰਨ ਲਈ ਕਿਹਾ। ''ਪਛਾਣ ਦੀ ਤੇ ਗੱਲ ਈ ਛੱਡ। ਮੈਨੂੰ ਜਦੋਂ ਛਿੰਦੇ ਸ਼ਿਪਾਹੀ ਕੋਲੋਂ ਤੇਰੇ ਇਥੇ ਹੋਣ ਦਾ ਪਤਾ ਲੱਗਾ, ਮੈਂ ਆਪ ਮੰਗ ਕੇ ਤੇਰਾ ਸਾਥ ਲਿਐ। ਮੇਰੀ ਖਣੀ ਇੱਕ ਕਿ ਪਤਾ ਨਹੀਂ ਦੋ ਰਾਤਾਂ ਬਚੀਆਂ ਨੇ। ਮੈਂ ਕਈ ਦਿਨਾਂ ਦਾ ਸ਼ਰਮੇ ਐਸ਼ ਪੀæ ਨੂੰ ਬੇਨਤੀ ਕਰਨ ਡਿਹਾਂ ਪਈ ਮੇਰੀ ਆਖਰੀ ਘੜੀ ਮਾਸ਼ਟਰ ਕੋਲ ਲੰਘਾ ਦਿਆ ਜੇ! ਬੜੀ ਮੁਸ਼ਕਿਲ ਉਹਦੇ ਮਨ ਮਿਹਰ ਪਈ ਏ। ਮਨ ਮਿਹਰ ਵੀ ਕਿੱਥੇ? ਮੈਂ ਤੇਰੇ ਸਾਥ ਖਾਤਰ ਜੀਤ ਸਪਰਿੰਗਾਂ ਆਲੇ ਦੇ ਚੁਬਾਰੇ ਦੀ ਦੱਸ ਪਾਈ ਏ। ਉਥੇ ਮੇਰਾ ਨਕਦ ਦੋ ਲੱਖ ਪਿਆ ਏ ਸਾਲ ਕੁ ਪੁਰਾਣਾ। ਚੁਬਾਰੇ ਤੇ ਜਿੰਦਰਾ


(ਚੱਲਦੀ......)
ਮਨਿੰਦਰ ਸਿੰਘ ਕਾਂਗ

Sunday, October 2, 2011

10 ਅਕਤੂਬਰ ਨੂੰ ਕੈਨੇਡਾ 'ਚ ਹੋਵੇਗਾ ਭਾਜੀ ਗੁਰਸ਼ਰਨ ਬਾਰੇ ਸੋਗ ਸਮਾਗਮ

ਸਰੀ ਦੇ 'ਬੰਬੇ ਬੈਂਕਿਉਟ ਹਾਲ' 'ਚ

ਇਨਕਲਾਬੀ ਨਾਟਕਕਾਰ, ਨਿਰਦੇਸ਼ਕ, ਅਤੇ ਮਨੁੱਖੀ ਹੱਕਾਂ ਲਈ ਘੋਲ਼ ਕਰਨ ਵਾਲੇ ਗੁਰਸ਼ਰਨ ਸਿੰਘ ਹੋਰਾਂ ਦੀ ਚੰਡੀਗੜ੍ਹ ਉਨ੍ਹਾਂ ਦੇ ਆਪਣੇ ਘਰ 27 ਸਤੰਬਰ, 2011 ਨੂੰ ਮੌਤ ਹੋ ਗਈ।

ਗੁਰਸ਼ਰਨ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਲੋਕ ਗੁਰਸ਼ਰਨ ਭਾਜੀ ਤੇ ਭਾਈ ਮੰਨਾ ਸਿੰਘ ਦੇ ਨਾਂ ਨਾਲ ਬੁਲਾਉਂਦੇ ਸਨ, ਦਾ ਜਨਮ 1929 ਨੂੰ ਮੁਲਤਾਨ ਵਿਚ ਹੋਇਆ। ਪੇਸ਼ੇ ਵਜੋਂ ਉਹ ਇੰਜੀਨੀਅਰ ਸਨ ਅਤੇ ਸਰਕਾਰੀ ਨੌਕਰੀ ਕਰਦੇ ਸਨ। ਇੰਦਰਾ ਗਾਂਧੀ ਵਲੋਂ ਭਾਰਤ ਦੇ ਵਿਧਾਨ ਨੂੰ ਮੁਲਤਵੀ ਕਰਕੇ 1975 ਵਿਚ ਲਾਈ ਐਮਰਜੈਂਸੀ ਦੀ ਵਿਰੋਧਤਾ ਕਰਨ ਬਦਲੇ ਗੁਰਸ਼ਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਇੰਦਰਾ ਗਾਂਧੀ ਦੀ 1977 ਵਿਚ ਸਰਕਾਰ ਟੁੱਟਣ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਅਤੇ ਮੁੜ੍ਹ ਨੌਕਰੀ 'ਤੇ ਰੱਖਿਆ ਗਿਆ ਪਰ ਜਦੋਂ 1980 ਵਿਚ ਉਨ੍ਹਾਂ ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਆਪਣਾ ਸਾਰਾ ਧਿਆਨ ਰੰਗਮੰਚ ਵਲ ਲਾ ਦਿੱਤਾ।

ਗੁਰਸ਼ਰਨ ਸਿੰਘ ਨੇ 1950ਵਿਆਂ ਦੌਰਾਨ ਹੀ ਨਾਟਕ ਲਿਖਣੇ ਸ਼ੁਰੂ ਕਰ ਦਿੱਤੇ ਸਨ ਅਤੇ ਵੱਡੀ ਗਿਣਤੀ ਵਿਚ ਨਾਟਕਾਂ ਦੀ ਰਚਨਾ ਕੀਤੀ। ਉਹ ਨਾਟਕ ਲਿਖਦੇ ਸਨ, ਨਿਰਦੇਸ਼ਨਾ ਕਰਦੇ ਸਨ ਅਤੇ ਨਾਲ ਹੀ ਉਨ੍ਹਾਂ ਨਾਟਕਾਂ ਵਿਚ ਅਦਾਕਾਰੀ ਵੀ ਕਰਦੇ ਸਨ। ਉਨ੍ਹਾਂ ਦੇ ਨਾਟਕਾਂ ਦੀਆਂ 10,000 ਤੋਂ ਵੱਧ ਪੇਸ਼ਕਾਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦੇ ਜ਼ਿਆਦਾ ਜਾਣੇ ਜਾਂਦੇ ਨਾਟਕ ‘ਟੋਇਆ’, ‘ਬਾਬਾ ਬੋਲਦਾ ਹੈ’, ‘ਧਮਕ ਨਗਾਰੇ ਦੀ’, ‘ਚਾਂਦਨੀ ਚੌਂਕ ਤੋਂ ਸਰਹੰਦ ਤੱਕ’, ‘ਕੁਰਸੀ ਮੋਰਚਾ ਅਤੇ ਹਵਾ ਵਿਚ ਲਟਕਦੇ ਲੋਕ’ ਅਤੇ ਕੰਮੀਆਂ ਦਾ ਵਿਹੜਾ’ ਹਨ। ਕੁਝ ਦੇਰ ਪਹਿਲਾਂ ਹੀ ਉਨ੍ਹਾਂ ਦੇ 170 ਤੋਂ ਉੱਪਰ ਨਾਟਕਾਂ ਨੂੰ ਸੱਤ ਜ਼ਿਲਦਾਂ ਵਿਚ ਕੇਵਲ ਧਾਲੀਵਾਲ ਦੀ ਸੰਪਾਦਨਾ ਹੇਠ ਛਾਪਿਆ ਗਿਆ ਹੈ।

ਗੁਰਸ਼ਰਨ ਸਿੰਘ ਨੇ ਸ਼ਹਿਰਾਂ ਦੇ ਸ੍ਰੋਤਿਆ ਵਾਸਤੇ ਵੀ ਨਾਟਕ ਤਿਆਰ ਕੀਤੇ ਪਰ ਉਨ੍ਹਾਂ ਦਾ ਵਿਲੱਖਣ ਯੋਗਦਾਨ ਨਾਟਕ ਨੂੰ ਪਿੰਡਾਂ ਦੇ ਲੋਕਾਂ ਕੋਲ ਲੈ ਕੇ ਜਾਣਾ ਹੈ। ਉਨ੍ਹਾਂ ਨੇ ਆਪਣੇ ਨਾਟਕ ਨੂੰ ਲੋਕਾਂ ਦਾ ਮਨਪਰਚਾਵਾ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਹੱਕਾਂ ਤੋਂ ਚੇਤਨ ਕਰਾਉਣ ਲਈ ਵਰਤਿਆ। ਗੁਰਸ਼ਰਨ ਸਿੰਘ ਨੇ ਰੰਗਮੰਚ ਨਾਲ ਲੋਕਾਂ ਦਾ ਮਨਪਰਚਾਵਾ ਵੀ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਹੱਕਾਂ ਤੋਂ ਚੇਤਨ ਕਰਾਉਣ ਲਈ ਵੀ ਬਹੁਤ ਸੂਝ ਨਾਲ ਵਰਤਿਆ। ਉਨ੍ਹਾਂ ਨੇ ਭ੍ਰਿਸ਼ਟ ਸਮਾਜਿਕ ਤੇ ਸਿਆਸੀ ਢਾਂਚੇ ਦੇ ਸੱਚ ਨੂੰ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਆਪਣੇ ਮੁਹਾਵਰੇ ਵਿਚ ਪੇਸ਼ ਕੀਤਾ, ਆਪਣੀ ਸਥਿਤੀ ਨੂੰ ਸਮਝਣ ਅਤੇ ਬਦਲਣ ਲਈ ਉਤਸਾਹਤ ਕੀਤਾ। ਉਹ ਉਨ੍ਹਾਂ ਲੋਕਾਂ ਲਈ ਆਵਾਜ਼ ਬਣੇ ਜਿਨ੍ਹਾਂ ਦੀ ਅਵਾਜ਼ ਸਮੇਂ ਦੀ ਤਾਕਤਾਂ ਵਲੋਂ ਸੁਣੀ ਨਹੀਂ ਜਾਂਦੀ। ਉਨ੍ਹਾਂ ਨੇ ਅੰਮ੍ਰਿਤਸਰ, ਚੰਡੀਗੜ੍ਹ ਅਤੇ ਖਾਸ ਕਰ ਪੰਜਾਬ ਦੇ ਪਿੰਡਾਂ ਵਿਚ 35 ਤੋਂ ਵੱਧ ਰੰਗਮੰਚ ਦੇ ਕੇਂਦਰ ਸਥਾਪਤ ਕੀਤੇ। ਗੁਰਸ਼ਰਨ ਸਿੰਘ ਨੇ ਆਪਣੇ ਪਰਚੇ ਸਮਤਾ ਰਾਹੀਂ ਅਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨਾ ਰਾਹੀਂ ਪੰਜਾਬੀ ਵਿਚ ਅਗਾਂਹਵਧੂ ਸਾਹਿਤ ਛਾਪਿਆ ਅਤੇ ਪੰਜਾਬ ਦੇ ਹਰ ਹਿੱਸੇ ਵਿਚ ਸਸਤੀ ਕੀਮਤ ਤੇ ਵੇਚਿਆ।

ਗੁਰਸ਼ਰਨ ਸਿੰਘ ਜੇਲ੍ਹ ਜਾਣ ਅਤੇ ਨੌਕਰੀ ਖੁਸ ਜਾਣ ਦੇ ਖਤਰੇ ਦੇ ਬਾਵਜੂਦ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਵਿਰੁੱਧ ਡਟ ਕੇ ਖੜ੍ਹਾ ਹੋਇਆ। ਉਹ 1980ਵਿਆਂ ਦੌਰਾਨ ਪੰਜਾਬ ਵਿਚ ਚੱਲੀ ਫਿਰਕੂ ਹਨੇਰੀ ਵਿਰੁੱਧ ਵੀ ਉਸੇ ਨਿਡਰਤਾ ਨਾਲ ਖੜ੍ਹਿਆ ਜਿਸ ਤਰ੍ਹਾਂ ਉਹ ਤਾਨਾਸ਼ਾਹੀ ਸਰਕਾਰ ਵਿਰੁੱਧ ਡਟਿਆ ਸੀ। ਇਸ ਬਦਲੇ ਵੀ ਉਹਨੂੰ ਵੱਖਵਾਦੀ ਅੱਤਵਾਦੀਆਂ ਵਲੋਂ ਧਮਕੀਆਂ ਮਿਲਦੀਆਂ ਰਹੀਆਂ ਪਰ ਉਹ ਪੰਜਾਬ ਦੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਆਪਣਾ ਸੁਨੇਹਾ ਦਿੰਦਾ ਰਿਹਾ। ਲੋਕਾਂ ਦੇ ਹੱਕਾਂ ਵਾਸਤੇ ਅਤੇ ਵਧੀਆ ਸਮਾਜ ਸਿਰਜਣ ਲਈ ਉਹਨੇ ਆਪਣੀਆਂ ਸਰਗਰਮੀਆਂ ਸਿਰਫ ਰੰਗਮੰਚ ਤੱਕ ਹੀ ਸੀਮਤ ਨਹੀਂ ਰੱਖੀਆਂ। ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਵਿਚ ਉਹ ਸਾਰੇ ਭਾਰਤ ਵਿਚ ਇਕ ਜ਼ੋਰਦਾਰ ਆਵਾਜ਼ ਬਣ ਕੇ ਉੱਭਿਰਆ। ਗੁਰਸ਼ਰਨ ਸਿੰਘ ਨੇ ਸਿਆਸੀ ਮੱਤਭੇਦਾਂ ਤੋਂ ਪਾਸੇ ਰਹਿ ਕੇ ਉਨ੍ਹਾਂ ਸਾਰੇ ਲੋਕਾਂ ਦੀ ਹਿਮਾਇਤ ਕੀਤੀ ਜਿਹੜੇ ਸਮਾਜਿਕ ਬਰਾਬਰੀ ਤੇ ਇਨਸਾਫ ਲਈ ਲੜ੍ਹਦੇ ਹਨ।

ਉਨ੍ਹਾਂ ਨੂੰ ਬਹੁਤ ਸਾਰੇ ਮਹੱਤਵਪੂਰਨ ਇਨਾਮ ਸਨਮਾਨ ਵੀ ਮਿਲੇ। ਕੌਮੀ ਪੱਧਰ ਤੇ 1993 ਵਿਚ ਉਨ੍ਹਾਂ ਨੂੰ ਸੰਗੀਤ ਨਾਟਕ ਇਨਾਮ ਦਿੱਤਾ ਗਿਆ। ਕਾਲੀਦਾਸ ਇਨਾਮ 2003 ਵਿਚ ਮਿਲਿਆ ਅਤੇ ਸੰਗੀਤ ਨਾਟਕ ਅਕਾਦਮੀ ਰਤਨ ਇਨਾਮ 2006 ਵਿਚ। ਪੰਜਾਬ ਵਿਚ ਉਨ੍ਹਾਂ ਨੂੰ ਭਾਸ਼ਾ ਵਿਭਾਗ ਦਾ ਇਨਾਮ, ਭਗਤ ਪੂਰਨ ਇਨਾਮ 2004 ਵਿਚ ਅਤੇ ਪੰਜਾਬ ਆਰਟਸ ਕਾਊਂਸਲ ਵਲੋਂ ਲਾਈਫਟਾਇਮ ਅਚੀਵਮੈਂਟ ਅਵਾਰਡ 2011 ਵਿਚ। ਪਰ ਸ਼ਾਇਦ ਸਭ ਤੋਂ ਜ਼ਿਆਦਾ ਢੁੱਕਵਾਂ ਇਨਾਮ ਰੈਵੋਲਿਊਸ਼ਨਰੀ ਕਮੇਟੀ ਅਵਾਰਡ ਸੀ ਜਿਹੜਾ ਉਨ੍ਹਾਂ ਨੂੰ ਮੋਗੇ ਵਿਚ 2006 ਵਿਚ ਦਿੱਤਾ ਗਿਆ ਜਿੱਥੇ ਸਾਰੇ ਪੰਜਾਬ ਵਿਚੋਂ 10,000 ਤੋਂ ਵੱਧ ਕਿਸਾਨ, ਕਾਮੇ ਅਤੇ ਵਿਦਿਆਰਥੀ ਉਨ੍ਹਾਂ ਦੇ ਸਨਮਾਨ ਵਿਚ ਇਕੱਤਰ ਹੋਏ।
'
ਗੁਰਸ਼ਰਨ ਸਿੰਘ ਉੱਤਰੀ ਅਮਰੀਕਾ ਵਿਚ ਵੀ ਕਈ ਵਾਰ ਆਏ। ਦੋ ਵਾਰ ਉਹ ਇਪਾਨਾ (ਆਈ ਪੀ ਏ ਐਨ ਏ) ਦੇ ਸੱਦੇ ਤੇ ਆਏ। ਬਾਹਰ ਵਸਦੇ ਸਾਊਥ ਏਸ਼ੀਅਨ ਭਾਈਚਾਰੇ ਉੱਪਰ ਉਨ੍ਹਾਂ ਨੇ ਬਹੁਤ ਭਾਵਪੂਰਤ ਪ੍ਰਭਾਵ ਛੱਡੇ। ਉਨ੍ਹਾਂ ਨੇ ਸਿਰਫ ਪੰਜਾਬ ਵਿਚ ਹੀ ਲੇਖਕਾਂ ਅਤੇ ਸਰਗਰਮ ਕਾਮਿਆਂ ਨੂੰ ਹੀ ਪ੍ਰਭਾਵਤ ਨਹੀਂ ਕੀਤਾ ਬਾਹਰ ਵਸਣ ਵਾਲੇ ਵੀ ਬਹੁਤ ਸਾਰੇ ਲੇਖਕਾਂ ਅਤੇ ਰੰਗ ਕਰਮੀਆਂ 'ਤੇ ਆਪਣਾ ਅਸਰ ਛੱਡਿਆ। ਉਨ੍ਹਾਂ ਦਾ ਸਤਿਕਾਰ ਕਰਨ ਵਾਲੇ ਅਤੇ ਉਨ੍ਹਾਂ ਤੋਂ ਸੇਧ ਲੈਣ ਵਾਲੇ ਸਾਰੇ ਲੋਕ ਉਨ੍ਹਾਂ ਦੇ ਵਿਛੋੜੇ 'ਤੇ ਪੰਜਾਬ ਵਿਚ ਵੀ ਤੇ ਦੁਨੀਆਂ ਭਰ ਵਿਚ ਗਮਗੀਨ ਹਨ।

ਆਉਣ ਵਾਲੇ ਸੋਮਵਾਰ ਅਕਤੂਬਰ 10, 2011 ਨੂੰ ਸਰੀ ਦੇ ਬੰਬੇ ਬੈਂਕਿਉਟ ਹਾਲ ਵਿਚ ਗੁਰਸ਼ਰਨ ਸਿੰਘ ਬਾਰੇ ਸੋਗ ਸਮਾਗਮ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਇਨਕਲਾਬੀ ਜੀਵਨ ਦਾ ਜਸ਼ਨ ਮਨਾਇਆ ਜਾਵੇਗਾ।

ਵਲੋਂ: ਹਰਿੰਦਰ ਮਾਹਿਲ, ਚਿਨਮੋਏ ਬੈਨਰਜੀ, ਰਾਜ ਚੌਹਾਨ, ਸਾਧੂ ਬਿਨਿੰਗ ਤੇ ਚਰਨ ਗਿੱਲ

Wednesday, September 28, 2011

ਭਾਅ ਜੀ, ਮੈਂ ਤਕੜੇ ਰਹਿਣ ਦਾ ਯਤਨ ਕਰਾਂਗੀ…

ਰਾਤੀਂ ਦੂਜੇ ਐਡੀਸ਼ਨ ਲਈ ਮੇਰੀ ਡਿਊਟੀ ਸੀ। ਰਾਤ ਦੇ ਸਾਢੇ ਗਿਆਰਾਂ ਹੋ ਰਹੇ ਸਨ, ਡਿਊਟੀ ਮੁੱਕ ਰਹੀ ਸੀ। ਸਫ਼ੇ ਬਣਾਉਂਦਿਆਂ ਤੇ ਰੂਮ ‘ਚ ਪੁੱਜਦਿਆਂ ਪੈੱਨ, ਐਨਕਾਂ ਤੇ ਹੋਰ ਨਿੱਕ-ਸੁੱਕ ਸਾਂਭਦਿਆਂ 12 ਵੱਜ ਗਏ। ਮੈਨੂੰ ਘਰ ਜਾਣ ਦੀ ਤਰਲੋਮੱਛੀ ਲੱਗੀ ਹੋਈ ਸੀ ਤੇ ਮੇਰੀ ਸੁਤਾਅ ਵਾਰ-ਘਰ ‘ਚ ਉਡੀਕ ਰਹੇ ਇਕੱਲੇ ਪੁੱਤਰ ਵੱਲ ਜਾ ਰਹੀ ਸੀ। ਨਿਊਜ਼ ਐਡੀਟਰ ਨਾਲ ਕੋਈ ਗੱਲ ਕਰਦਿਆਂ ਮੇਰੇ ਫੋਨ ਦੀ ਘੰਟੀ ਵੱਜੀ ਤੇ ਉਸ ਵੇਲੇ ਸ਼ਬਦੀਸ਼ ਦਾ ਫੋਨ ਦੇਖ ਕੇ ਮੈਨੂੰ ਹੈਰਾਨੀ ਹੋਈ। ਉਹ ਕਹਿ ਰਿਹਾ ਸੀ, ”ਦੀਦੀ, ਭਾਜੀ ਗੁਰਸ਼ਰਨ ਦੇ ਘਰੋਂ ਬੋਲ ਰਿਹਾਂ।” ”ਦੀਦੀ, ਭਾਅ ਜੀ ਚਲੇ ਗਏ…।” ਮੇਰਾ ਹੁੰਗਾਰਾ ਹੈਂਅ ਸੀ। ਫਿਰ ਫੌਰੀ ‘ਧੀ ਦੇ ਨਾਲ-ਨਾਲ ਪੱਤਰਕਾਰੀ’ ਵੀ ਜਾਗ ਪਈ ਤੇ ‘ਕਦੋਂ’, ਭਾਅ ਜੀ ਦੀ ਉਮਰ ਕਿੰਨੀ ਹੋ ਗਈ ਸੀ, ਕਿਵੇਂ ਹੋਇਆ… ਜਿਹੇ ਕਈ ਸੁਆਲ ਮੈਂ ਇੱਕੋ ਸਾਹ ਕਰ ਦਿੱਤੇ। ਨਿਊਜ਼ ਐਡੀਟਰ ਨੂੰ ਵੀ ਭਾਅ ਜੀ ਦੇ ਜਾਣ ਦਾ ਇਲਮ ਹੋ ਗਿਆ। ਉਹ ਵੀ ਫੌਰੀ ਪਹਿਲੇ ਸਫ਼ੇ ਤੋਂ ਕੋਈ ਖ਼ਬਰ ਬਦਲਣ ਦੀ ਤਿਆਰੀ ‘ਚ ਧਿਆਨ ਮਗਨ ਸਨ। ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਅਸੀਂ ਥੱਕੇ ਅਲਸਾਏ ਜਿਹੇ ਇੱਕਦਮ ਚੌਕਸ ਹੋ ਗਏ ਸਾਂ। ਮੇਰਾ ਧਿਆਨ ਹੁਣ ਘਰੋਂ ਮੁੜ ਕੇ ਭਾਅ ਜੀ ਤੇ ਫਿਰ ਵਾਰ-ਵਾਰ ਸਰਵਮੀਤ ਤੇ ਉਹ ਦੀ ਚਰਚਿਤ ਕਹਾਣੀ ‘ਕਲਾਣ’ ਵੱਲ ਜਾ ਰਿਹਾ ਸੀ। ਖ਼ੈਰ ਖ਼ਬਰ ਵਾਲਾ ਕੰਮ ਨਿਬੇੜ ਕੇ ਮੈਂ ਨਿਊਜ਼ ਰੂਮ ‘ਚੋਂ ਬਾਹਰ ਹੁੰਦੀ ‘ਨਿੱਜੀ’ ਦੁਨੀਆਂ ਵਿੱਚ ਦਾਖ਼ਲ ਹੋਣ ਲੱਗੀ। ਦਫ਼ਤਰ ਦੇ ਵਿਹੜਿਓਂ ਬਾਹਰ ਹੁੰਦਿਆਂ ਤਕ ਮੇਰਾ ਸਰਵਮੀਤ ਨਾਲ ਸੰਵਾਦ ਸ਼ੁਰੂ ਹੋ ਜਾਂਦਾ ਹੈ। ਸਵਾ ਪੰਜ ਸਾਲ ਪਹਿਲਾਂ ਰੁਖ਼ਸਤ ਹੋ ਚੁੱਕੇ ਸਰਵਮੀਤ ਨੂੰ ‘ਹੈ’ ਤੋਂ ‘ਸੀ’ ਕਹਿਣਾ ਮੇਰੇ ਲਈ ਬਹੁਤ ਔਖਾ ਹੈ। ਮੈਨੂੰ ਜ਼ਿੰਦਗੀ ਦੀਆਂ ਸਭ ਦੁਸ਼ਵਾਰੀਆਂ, ਮਾਇਕ ਥੁੜ੍ਹਾਂ ਤੇ ਔਖਾਂ ਤੇ ਸਰਵਮੀਤ ਦੀਆਂ ਯੋਜਨਾਵਾਂ ਦੀਆਂ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ ਹਨ।

ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਨੂੰ ਮੈਂ ਬਹੁਤਾ ਨਹੀਂ ਮਿਲੀ ਸੀ। ਮੈਂ ਉਨ੍ਹਾਂ ਨੂੰ ਟੀ.ਵੀ., ਰੰਗਮੰਚ ਰਾਹੀਂ ਹੀ ਜਾਣਿਆ ਸੀ ਤੇ ਆਦਰਸ਼ਾਂ ‘ਚ ਸ਼ੁਮਾਰ ਕੀਤਾ ਸੀ। ਉਨ੍ਹਾਂ ਨੇ ਸਰਵਮੀਤ ਦੀ ਕਹਾਣੀ ‘ਚਲਾਣ’ ਨੂੰ ‘ਨਵਾਂ ਜਨਮ’ ਨਾਟਕ ਦੇ ਰੂਪ ਵਿੱਚ ਪੰਜਾਬ ਦੇ ਪਿੰਡ-ਪਿੰਡ ਤੇ ਸੱਥ-ਸੱਥ ‘ਚ ਪਹੁੰਚਾਇਆ ਸੀ। ਵਿਦੇਸ਼ਾਂ ‘ਚ ਇਸ ਨਾਟਕ ਦੇ ਪਤਾ ਨਹੀਂ ਕਿੰਨੇ ਸ਼ੋਅ ਹੋਏ? ਪਹਿਲੀ ਵਾਰ ਚੰਡੀਗੜ੍ਹ ਦੇ ਟੈਗੋਰ ਥੀਏਟਰ ‘ਚ ਭਾਅ ਜੀ ਦੀ ਟੀਮ ਵੱਲੋਂ ਖੇਡਿਆ ਇਹ ਨਾਟਕ ਦੇਖਣ ਮਗਰੋਂ ਮੈਂ ਆਪਣੇ ਸਾਲ ਕੁ ਦੇ ਪੁੱਤਰ ਅਨਹਦ ਨੂੰ ਢਾਕ ‘ਤੇ ਚੁੱਕ ਕੇ ਸਟੇਜ ‘ਤੇ ਹੀ ਭਾਅ ਜੀ ਨੂੰ ਮਿਲਣ ਤੁਰ ਪਈ ਸੀ। ਸਰਵਮੀਤ ਦੀ ਪਤਨੀ ਵਜੋਂ ਉਨ੍ਹਾਂ ਨੂੰ ਆਪਣੇ ਬਾਰੇ ਦੱਸਿਆ। ਉਨ੍ਹਾਂ ਨੇ ਬੜੇ ਖ਼ਲੂਸ ਨਾਲ ਮੇਰਾ ਸਿਰ ਪਲੋਸਿਆ ਤੇ ਫਿਰ ਅਨਹਦ ਨੂੰ ਪੁਚਕਾਰ ਕੇ ਕਹਿਣ ਲੱਗੇ, ”ਉਏ! ਇਹ ਤਾਂ ਸਾਡਾ ਸ਼ਿੱਬੂ ਏ… ਸ਼ਿੱਬੂ ਕੀ ਹਾਲ ਏ ਤੇਰਾ…” ਮੇਰੇ ਬੱਚੇ ਨੇ ਪੂਰੇ ਰੋਅਬ ਨਾਲ ਉਨ੍ਹਾਂ ਦੀ ਬਾਂਹ ਪਰ੍ਹਾਂ ਕਰਦਿਆਂ ਕਿਹਾ, ”ਮੈਂ ਤਾਂ ਐਨੀ ਆਂ…” ਬੱਚੇ ਦੀ ਗੜਕਦੀ ਆਵਾਜ਼ ਸੁਣ ਕੇ ਭਾਅ ਜੀ ਦੇ ਨੀਲੇ ਅੰਬਰ ਜਿਹੇ ਮੋਹ ਨਾਲ ਭਰੇ ਨੈਣਾਂ ‘ਚ ਹੋਰ ਮੋਹ ਉਤਰਦਾ ਮੈਨੂੰ ਨਜ਼ਰੀਂ ਪਿਆ ਸੀ। ਮੇਰੇ ਲਈ ਸਰਵਮੀਤ ਦੀ ਕਹਾਣੀ ‘ਤੇ ਆਧਾਰਤ ਨਾਟਕ ਦੇਖਣਾ, ਭਾਅ ਜੀ ਨੂੰ ਮਿਲਣਾ ਉਸ ਦੇ ਹੋਰ ਨੇੜੇ ਹੋਣ ਦਾ ਉਪਰਾਲਾ ਸੀ।

ਭਾਅ ਜੀ ਨੂੰ ਸਰਵਮੀਤ ਤੋਂ ਬੜੀਆਂ ਆਸਾਂ ਸਨ। ਕਮਾਲ ਦੀ ਭਾਸ਼ਾ ਲਿਖ ਸਕਣ ਦੇ ਸਮਰੱਥ ਤੇ ਸਿਰਜਣਸ਼ੀਲ ਸਰਵਮੀਤ ਨੂੰ ਉਨ੍ਹਾਂ ਨੇ ਵੱਡੇ ਹੁੰਦਿਆਂ, ਕਹਾਣੀਕਾਰ ਤੇ ਕਾਬਲ ਪੱਤਰਕਾਰ ਬਣਦਿਆਂ ਦੇਖਿਆ ਮਾਣਿਆ ਸੀ। ਉਨ੍ਹਾਂ ਵੱਲੋਂ ਸਥਾਪਤ ਬਲਰਾਜ ਸਾਹਨੀ ਪ੍ਰਕਾਸ਼ਨ ਨੇ ਹੀ ਸਰਵਮੀਤ ਦੀ ਕਿਤਾਬ ‘ਤਰਲੋਮੱਛੀ ਕਾਇਨਾਤ’ ਪ੍ਰਕਾਸ਼ਿਤ ਕੀਤੀ ਸੀ। ਮਿੰਨੀ ਮਹਾਂਨਗਰੀ ਚੰਡੀਗੜ੍ਹ ਆ ਕੇ ਭਾਅ ਜੀ ਦੇ ਲਾਡਲੇ ਇਸ ਜ਼ਹੀਨ ਕਹਾਣੀਕਾਰ ਪੱਤਰਕਾਰ ਦੀ ਨਾਬਰੀ ਕਿਵੇਂ ਪ੍ਰਤੱਖ ਰੂਪ ‘ਚ ਕੇਵਲ ਸ਼ਰਾਬੀ ਬੁਲਬੁਲੀ ਤੇ ਨੰਗੀਆਂ ਗਾਲ੍ਹਾਂ ਬਣ ਕੇ ਰਹਿ ਗਈ, ਇਸ ਗੱਲੋਂ ਉਹ ਨਿਰਾਸ਼ ਸਨ, ਤਾਂ ਹੀ ਤਾਂ ਸਰਵਮੀਤ ਦੇ ਭੋਗ ‘ਤੇ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਨਿਰਾਸ਼ਾ ‘ਚ ਹੱਥ ਮਾਰ ਰਹੇ ਸਨ। ਸਿਰ ਫੇਰ ਰਹੇ ਸਨ।

ਭਾਅ ਜੀ, ਨਾਲ ਅਕਸਰ ਵੱਖ-ਵੱਖ ਥਾÂੀਂ ਮੇਲ ਹੁੰਦਾ ਰਹਿੰਦਾ। ਸਮਾਂ ਅਕਸਰ ਹੀ ਮੇਰੇ ‘ਤੇ ਕਹਿਰਵਾਨ ਰਿਹਾ। ਜਦੋਂ ਕਦੇ ਅੱਕ ਜਾਂਦੀ ਤਾਂ ਜੀਅ ਕਰਦਾ ਕਿ ਭਾਅ ਜੀ ਕੋਲ ਜਾ ਕੇ ਆਪਣੀ ਵੇਦਨਾ ਦੱਸਾਂ ਕਿ ਕਿਵੇਂ ਮੇਰੇ ਭਰੋਸੇ ਨੂੰ ਠੱਗਿਆ ਗਿਆ। ਇੱਕ ਦਿਨ ਕਿਸੇ ਘਰੇਲੂ ਸਮਾਗਮ ‘ਚ ਕੁਰਸੀ ‘ਤੇ ਬੈਠੇ ਭਾਅ ਜੀ ਨੇ ਕੁਝ ਇਸ ਤਰ੍ਹਾਂ ਹਾਲ ਪੁੱਛਿਆ ਸੀ ਕਿ ਮੈਂ ਉਨ੍ਹਾਂ ਦੇ ਗੋਡਿਆਂ ‘ਤੇ ਸਿਰ ਧਰ ਕੇ ਰੋ ਪਈ ਸੀ। ਉਨ੍ਹਾਂ ਸਿਰ ‘ਤੇ ਹੱਥ ਧਰ ਕੇ ਕਿਹਾ ਸੀ, ”ਦਵੀ ਧੀਏ ਤਕੜੀ ਹੋ ਜਾ…।” ਮੈਨੂੰ ਉਦੋਂ ਹੀ ਪਤਾ ਲੱਗਿਆ ਸੀ ਕਿ ਮੇਰੀ ਹੋਣੀ ਬਾਰੇ ਉਨ੍ਹਾਂ ਨੂੰ ਸਾਰਾ ਇਲਮ ਸੀ। ਆਖ਼ਰ ਇੱਕ ਅਹਿਸਾਸਮੰਦ ਬਾਬਲ ਧੀਆਂ ਦੀ ਵੇਦਨਾ ਕਿਵੇਂ ਨਾ ਸਮਝਦਾ?

ਰਾਤੀਂ ਦੇਰ ਨਾਲ ਸਰਵਮੀਤ ਦੀ ਮਿੱਤਰ ਮੰਡਲੀ ‘ਵੱਡੀਆਂ ਗੱਡੀਆਂ’ ‘ਚ ਉਹਨੂੰ ਬੂਹੇ ਅੱਗੇ ਲਾਹ ਜਾਂਦੀ। ਕਦੇ-ਕਦੇ ਕੋਈ ਸ਼ਰਾਬੀ ਮਸ਼ਕਰੀ ਸੁਣਾਈ ਦਿੰਦੀ,”ਯਾਰ, ਸੁਣਿਐ ਮਲਵੈਣ ਬੜੀ ਡਾਢੀ ਐ-ਝੱਟ ਲੜ ਪੈਂਦੀ ਐ…।”

ਫਿਰ ਇਸੇ ਤਰਜ਼ ਦੇ ਹੋਰ ਠਹਾਕੇ ਸੁਣਨ ਨੂੰ ਮਿਲਦੇ। ਅਜਿਹੇ ਕਿਸੇ ਵੇਲੇ ਫਿਰ ਮੇਰਾ ਭਾਅ ਜੀ ਨੂੰ ਹੀ ਦੱਸਣ ਨੂੰ ਜੀਅ ਕਰਦਾ ਕਿ ਮੇਰੇ ਬਾਰੇ ਕਿਵੇਂ-ਕਿਵੇਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇੱਕ ਨੇ ਇਹ ਗੱਲਾਂ ਅਖ਼ਬਾਰ ‘ਚ ਵੀ ਲਿਖ ਦਿੱਤੀਆਂ।

ਇਸੇ ਕਰਕੇ ਇੱਕ ਵਾਰ ਮੈਂ ਤਪੀ ਹੋਈ ਨੇ ਇੱਕ ਭਰੀ ਹੋਈ ਸਭਾ ‘ਚ ਭਾਅ ਜੀ ਤੇ ਕਾਮਰੇਡ ਸੁਰਿੰਦਰ ਧੰਜਲ ਨੂੰ ਸੁਆਲ ਕੀਤਾ ਸੀ ਕਿ ਸਾਹਿਤਕ ਸਮਾਗਮਾਂ ‘ਚ ਵੀ ਸੁਖਨਵਰਾਂ ਵੱਲੋਂ ਹਰ ਗੱਲ ‘ਚ ਮਾਵਾਂ-ਭੈਣਾਂ ਕਿਉਂ ਪੁਣੀਆਂ ਜਾਂਦੀਆਂ ਹਨ? ਕਿਉਂ ਇਹ ਸਮਾਗਮ ਅੰਤ ‘ਚ ਦਾਰੂ ਦੇ ਦੌਰ ‘ਚ ਖਿੱਲਰ ਜਾਂਦੇ ਹਨ? ਉਸ ਦਿਨ ਵੀ ਭਾਅ ਜੀ ਨੇ ਤਕੜੇ ਹੋਣ ਦੀ ਤਾਕੀਦ ਕੀਤੀ ਸੀ ਤੇ ਫਿਰ ਮਗਰੋਂ ਸਿਰ ‘ਤੇ ਹੱਥ ਧਰ ਕੇ ਅਜਿਹੇ ਨਿੱਕੇ-ਮੋਟੇ ਮਾਨਸਿਕ ਤੌਰ ‘ਤੇ ਗ਼ਰੀਬ ਲੋਕਾਂ ਦੀ ਪਰਵਾਹ ਨਾ ਕਰਨ ਦੀ ਨਸੀਹਤ ਦਿੱਤੀ ਸੀ।

ਸ਼ਬਦੀਸ਼ ਦਾ ਫੋਨ ਮੈਨੂੰ 27-28 ਸਤੰਬਰ ਦੀ ਰਾਤ ਦੇ 12.03 ਵਜੇ ਆਇਆ। ਭਾਅ ਜੀ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਆਗਾਜ਼ ਤੋਂ ਅੱਧਾ ਘੰਟਾ ਪਹਿਲਾਂ ਤੁਰ ਗਏ। ਦਲੇਰ ਤੇ ਜ਼ਿੰਦਗੀ ਦੇ ਆਸ਼ਕ ਲੋਕਾਂ ਦੇ ਦਿਨ ਤਿੱਥ ਨਾਲੋ-ਨਾਲ ਨਿਭੇ।

ਮੈਂ ਘਰ ਪੁੱਜ ਗਈ ਹਾਂ। ਘੜੀ ਦੀਆਂ ਸੂਈਆਂ ਕਦੋਂ ਦੀਆਂ ਸਾਢੇ ਬਾਰਾਂ ਪਾਰ ਕਰ ਚੁੱਕੀਆਂ ਹਨ। ਮੇਰਾ ਬੱਚਾ ਮਾਂ ਨੂੰ ਉਡੀਕਦਾ ਸੌਂ ਗਿਆ। ਮੇਰਾ ਮਨ ਡੋਲ ਰਿਹਾ ਸੀ। ਮੈਂ ਹਨੇਰੇ ਕਮਰੇ ‘ਚ ਇਕੱਲੀ ਖੜ੍ਹੀ ਸੀ। ਇੱਕ ਵਾਰ ਫਿਰ ਤੜਫ਼ ਕੇ ਸਰਵਮੀਤ ਨੂੰ ਮੁਖ਼ਾਤਿਬ ਹੋਈ…

”ਪਾਸ਼, ਭਗਤ ਸਿੰਘ, ਚੀ ਗੁਵੇਰਾ ਤੇ ਗੁਰੂ ਗੋਬਿੰਦ ਸਿੰਘ ਜਿਹਿਆਂ ਦੀਆਂ ਗੱਲਾਂ ਦਾਰੂ ਨਾਲ ਡੱਕ ਕੇ ਨਹੀਂ ਕੀਤੀਆਂ ਜਾ ਸਕਦੀਆਂ। ਇਹ ਨਾਬਰੀ ਨਹੀਂ। ਇਹਦੇ ਲਈ ਤਾਂ ਅੰਦਰਲੀ ਖ਼ੁਮਾਰੀ ਤੇ ਸਦਾ ਜਾਗਣ ਦੀ ਲੋੜ ਹੁੰਦੀ ਹੈ। ਬਾਹਰਲੇ ਨਸ਼ਿਆਂ ਦੀ ਲੋੜ ਤਾਂ ਨਕਲੀ ਲੋਕਾਂ ਨੂੰ ਪੈਂਦੀ ਹੈ। ਸਰਵਮੀਤ ਤੂੰ ਤਾਂ ਇੰਜ ਦਾ ਨਹੀਂ ਸੀ।” ਭਾਅ ਜੀ ਮੈਂ ਤਕੜੇ ਰਹਿਣ ਦਾ ਯਤਨ ਕਰਾਂਗੀ। ਆਪਣੇ ਮੋਹ ਦੇ ਅੰਬਰਾਂ ‘ਚੋਂ ਮੇਰੇ ਸਿਰ ‘ਤੇ ਹੱਥ ਧਰੀ ਰੱਖਣਾ।

ਦਵੀ ਦਵਿੰਦਰ ਕੌਰ
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ

Sunday, September 25, 2011

ਟੁਕੜਿਆਂ 'ਚ ਵੰਡੀ ਕਹਾਣੀ 'ਮੌਸਮ'

ਪਿਆਰ ਦੀ ਰਵਾਨਗੀ ਸਿਆਸੀ ਤ੍ਰਾਸਦੀ,ਧਾਰਮਿਕ ਖਲਾਅ ‘ਚ ਵਿਚਰਦੀ ਮਨੁੱਖਤਾ ਦੇ ਦਰਦ ਨੂੰ ਇੱਕੋ ਧਾਗੇ ‘ਚ ਪਰੋਂਦੀ ਹੋਈ ਬਿਆਨ ਕਰੇ ਤਾਂ ਅੰਦਾਜ਼ ਖੂਬਸੂਰਤ ਲੱਗਦਾ ਹੈ ਪਰ ਇਹ ਹਵਾ ‘ਚ ਲਿਖੇ ਹਰਫਾਂ ਦੀ ਤਰ੍ਹਾਂ ਹੀ ਹੈ ਜਿਨ੍ਹਾਂ ਦੀ ਸ਼ਾਹਿਦਗੀ ਹਰ ਦਿਲ ਤੱਕ ਪਹੁੰਚੇ ਤਾਂ ਅਰਥ ਸਾਰਥਕ ਹਨ।ਪਰ ਅਫਸੋਸ ਕਿ ਫ਼ਿਲਮ ‘ਮੌਸਮ’ ਪਹਿਲੇ ਦਿਨ ਦੇ ਚੰਗੇ ਵਪਾਰਕ ਅੰਕੜੇ ਜਟਾਉਣ ਦੇ ਬਾਵਜੂਦ ਇਸ ਸਾਲ ਦੀ ਯਾਦਗਾਰ ਫ਼ਿਲਮ ਨਹੀਂ ਕਹੀ ਜਾ ਸਕਦੀ।ਇਹ ਫ਼ਿਲਮ ਨਾਂ ਤਾਂ ਦਰਸ਼ਕ ਦੀ ਪਸੰਦ ਵੱਜੋਂ ਯਾਦ ਰੱਖੀ ਜਾ ਸਕਦੀ ਹੈ ਤੇ ਨਾ ਹੀ ਪੰਕਜ ਕਪੂਰ ਦੀ ਪਹਿਲੀ ਫ਼ਿਲਮ ਵੱਜੋਂ ਯਾਦ ਕੀਤੀ ਜਾ ਸਕਦੀ ਹੈ।

ਫ਼ਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ।ਹੈਰੀ(ਸ਼ਾਹਿਦ ਕਪੂਰ) ਇੱਕ ਸਿੱਖ ਪੰਜਾਬੀ ਮੁੰਡਾ ਹੈ ਜੋ ਆਇਤ(ਸੋਨਮ ਕਪੂਰ) ਨੂੰ ਪਿਆਰ ਕਰਦਾ ਹੈ।ਫ਼ਿਲਮ ਦੇ ਸ਼ੁਰੂਆਤ ਦੇ ਪਿੰਡ ਦ੍ਰਿਸ਼ ਚੋਂ ਹੈਰੀ ਦੇ ਇਜ਼ਹਾਰ ਨੂੰ ਸਹਿਮਤੀ ਦੇਣ ਦੇ ਅਗਲੇ ਦਿਨ ਦੇ ਵਾਅਦੇ ਨੂੰ ਕੀਤੇ ਜਾਣ ਤੋਂ ਬਾਅਦ ਬਿਨਾਂ ਮਿਲਿਆ ਹੀ ਆਇਤ ਪਿੰਡ ਤੋਂ ਚਲੇ ਜਾਂਦੀ ਹੈ।ਫਿਰ ਹੈਰੀ ਸਕਵਾਇਡਨ ਲੀਡਰ ਬਣ ਜਾਂਦਾ ਹੈ ਤੇ ਏਅਰ ਫੋਰਸ ਵੱਲੋਂ ਸਕਾਟਲੈਂਡ ਜਾਂਦਾ ਹੈ ਜਿੱਥੇ ਉਹਦੀ ਮੁਲਾਕਾਤ ਮੁੜ ਆਇਤ ਨਾਲ ਹੁੰਦੀ ਹੈ।ਇਸ ਵਾਰ ਹਲਾਤ ਕੁਝ ਇੰਝ ਬਦਲੇ ਹਨ ਕਿ ਆਇਤ ਦਾ ਫੁੱਫੜ ਮੁੰਬਈ ਬੰਬ ਧਮਾਕਿਆ ‘ਚ ਮਾਰਿਆ ਜਾਂਦਾ ਹੈ।ਆਇਤ ਇੱਥੇ ਆਪਣੇ ਚਾਚਾ,ਪਿਤਾ ਤੇ ਭੂਆ ਨਾਲ ਰਹਿ ਰਹੀ ਹੈ।ਇੱਥੇ ਵੀ ਹੈਰੀ ਦੇ ਪਿਆਰ ਨੂੰ ਹਾਮੀ ਦੇਣ ਦਾ ਵਾਅਦਾ ਅਗਲੇ ਦਿਨ ‘ਤੇ ਪਾਕੇ ਆਇਤ ਰਵਾਨਗੀ ਲੈਂਦੀ ਹੈ ਪਰ ਇਸ ਵਾਰ ਫਿਰ ਸਮੇਂ ਤੋਂ ਖੁੰਝਿਆ ਹੈਰੀ ਕਾਰਗਿਲ ਦੀ ਜੰਗ ਛਿੜਨ ‘ਤੇ ਫੌਰੀ ਭਾਰਤ ਆ ਜਾਦਾ ਹੈ ਤੇ ਆਇਤ ਤੇ ਹੈਰੀ ਦਾ ਮਿਲਾਪ ਫਿਰ ਟੱਲ ਜਾਂਦਾ ਹੈ।ਹੁਣ ਆਇਤ ਦੇ ਪਿਤਾ ਵੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ।ਆਇਤ ਹੁਣ ਆਪਣੀ ਭੂਆ ਨਾਲ ਰਹਿ ਰਹੀ ਹੈ।ਹੈਰੀ ਆਇਤ ਨੂੰ ਲੱਭਦਾ ਆਉਂਦਾ ਹੈ ਪਰ ਆਇਤ ਸਕਾਟਲੈਂਡ ਤੋਂ ਅਮਰੀਕਾ ਚਲੇ ਗਈ ਹੁੰਦੀ ਹੈ।ਹੈਰੀ ਉੱਥੇ ਵੀ ਜਾਂਦਾ ਹੈ ਪਰ ਆਇਤ ਨਾਲ ਮਿਲਾਪ ਨਹੀਂ ਹੁੰਦਾ।ਇੰਝ ਨਿੱਕੇ ਵੱਡੇ ਘਟਨਾਕ੍ਰਮ ਚੋਂ ਲੰਗਦੀ ਕਹਾਣੀ ਅਹਿਮਦਾਬਾਦ ਆਕੇ ਪੂਰੀ ਹੁੰਦੀ ਹੈ।ਇਹ ਕਹਾਣੀ ਦਾ ਸੰਖੇਪ ਹੈ ਜਿਸ ‘ਚ ਦਰਸ਼ਕ ਮਨ ‘ਚ ਅਜਿਹੀ ਨਿਰਾਸ਼ਾ ਨੂੰ ਲਈ ਫ਼ਿਲਮ ਵੇਖ ਰਿਹਾ ਹੈ ਕਿ ਇੱਕ ਚੰਗੀ ਕਹਾਣੀ ਕਿਵੇਂ ਆਪਣੇ ਆਪ ਨੂੰ ਖੜ੍ਹਾ ਨਹੀਂ ਰੱਖ ਪਾਉਂਦੀ।

ਪੰਕਜ ਕਪੂਰ ਦੇ ਨਿਰਦੇਸ਼ਨ ਦੀ ਪਲੇਠੀ ਫ਼ਿਲਮ ‘ਮੌਸਮ’ ਚੰਗੀ ਹੁੰਦਿਆ ਹੋਇਆ ਵੀ ਤਮਾਮ ਉਣਤਾਈਆਂ ਦੀ ਸ਼ਿਕਾਰ ਬਣ ਗਈ।ਇੰਝ ਲੱਗਦਾ ਹੈ ਕਿ ਜਿੱਥੇ ਜਿੱਥੇ ਨਿਰਦੇਸ਼ਕ ਪੰਕਜ ਕਪੂਰ ਫ਼ਿਲਮ ‘ਚ ਆਪਣਾ ਤੁਜਰਬਾ ਸਾਂਝਾ ਕਰਦਾ ਹੈ ਉੱਥੇ ਤਾਂ ਫ਼ਿਲਮ ਆਪਣਾ ਪ੍ਰਭਾਵ ਪਾਉਂਦੀ ਹੈ ਪਰ ਜਿੱਥੇ ਪੰਕਜ ਕਪੂਰ ਵਪਾਰਕ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਮਸਾਲਾ ਦੀ ਚੱਟਣੀ ਘੋਲਦਾ ਹੈ ਉੱਥੇ ਹੀ ਫ਼ਿਲਮ ਆਪਣਾ ਪ੍ਰਭਾਵ ਗਵਾ ਦਿੰਦੀ ਹੈ।ਇੰਝ ਫ਼ਿਲਮ ਨਾ ਮੁੱਦੇ ਦੀ ਗੱਲ ਸਾਫ ਤੌਰ ‘ਤੇ ਕਰਦੀ ਹੈ ਤੇ ਨਾ ਹੀ ਮਸਾਲਾ ਫ਼ਿਲਮ ਦੇ ਰੂਪ ‘ਚ ਦਰਸ਼ਕਾਂ ਦਾ ਮਨੋਰੰਜਨ ਸਾਫ ਤੌਰ ‘ਤੇ ਕਰ ਪਾਉਂਦੀ ਹੈ।ਮੌਸਮ ਪ੍ਰਤੀਕਾਤਮਕ ਤੌਰ ‘ਤੇ ਮੌਸਮ ਦੀ ਵੱਖ ਵੱਖ ਵੰਨਗੀ ‘ਚ ਕਿਰਦਾਰਾਂ ਦੇ ਵਿਚਰਣ ਦੀ ਕਹਾਣੀ ਹੈ।ਇਹ ਉਹ ਕਿਰਦਾਰ ਹਨ ਜੋ ਸਮਾਜ ਦੇ ਉਹਨਾਂ ਘੱਟ ਤਬਕਿਆਂ ਦੇ ਪ੍ਰਤੀਕਾਤਮਕ ਰੂਪ ਹਨ ਜੋ ਆਪਣੀ ਹਿਜਰਤ ਨੂੰ ਸੰਸਾਰ ਭਰ ‘ਚ ਜਾਰੀ ਰੱਖੇ ਹੋਏ ਹਨ ਪਰ ਉਹਨਾਂ ਦੀ ਮੰਜ਼ਿਲ ਹਮੇਸ਼ਾ ਅੱਧੀ ਹੈ।ਸ਼ਾਹਿਦ ਕਪੂਰ ਇੱਕ ਪੰਜਾਬੀ ਮੁੰਡਾ ਹਰਿੰਦਰ ਸਿੰਘ ਹੈ ਜੋ ਸਕਵਾਇਡਨ ਲੀਡਰ ਹੈ ਤੇ ਸਾਬਤ ਕਰਦਾ ਹੈ ਕਿ ਉਹ ਦੇਸ਼ ਲਈ ਕੁਰਬਾਨ ਹੋਣ ਵਾਲਾ ਪੰਜਾਬੀ ਸਿੱਖ ਹੈ।ਪਰ ਉਸ ਦੀ ਹਿਜਰਤ ਹਮੇਸ਼ਾ ਚੱਲਦੀ ਹੈ ਤਲਾਸ਼ ਨੂੰ ਲੈਕੇ,ਭਟਕਣ ਨੂੰ ਲੈਕੇ,ਪਿਆਸ ਨੂੰ ਲੈਕੇ,ਪਿਆਰ ਨੂੰ ਲੈਕੇ।


ਫ਼ਿਲਮ ਦੇ ਇਹ ਕਿਰਦਾਰ 1984 ਦੇ ਕਾਲੇ ਦਿਨਾਂ ਦੇ ਪੰਜਾਬ ਦਾ ਪ੍ਰਭਾਵ ਦੇ ਇਸ਼ਾਰੇ ਨੂੰ ਲਈ(ਫ਼ਿਲਮ ਦਾ ਸੰਵਾਦ-ਪਹਿਲਾਂ ਚੌਰਾਸੀ ਤੇ ਹੁਣ ਇਹ ਅਯੁੱਧਿਆ),ਕਸ਼ਮੀਰ ਪੰਡਿਤਾ ਦੇ ਬੇਚਾਰਗੀ,6 ਦਸੰਬਰ
1992 ਦੀ ਬਾਬਰੀ ਮਸੀਤ ਤੇ 1993 ਦੇ ਮੁੰਬਈ ਬੰਬ ਧਮਾਕਿਆ ਦੇ ਗਵਾਹ ਹਨ।ਇਹਨਾਂ ਕਿਰਦਾਰਾਂ ਨੇ 1999 ਦੀ ਕਾਰਗਿਲ ਜੰਗ ਨੂੰ ਵੀ ਭੋਗਿਆ ਹੈ ਤੇ 11 ਸਤੰਬਰ 2001 ਦੇ ਵਰਲਡ ਟਰੇਡ ਸੈਂਟਰ ਦੇ ਤਹਿਸ ਨਹਿਸ ਦਾ ਸੰਤਾਪ ਵੀ ਇਹ ਭੁਗਤ ਰਹੇ ਹਨ।ਇਹਨਾਂ ਦੀ ਹਿਜਰਤ ਇੱਥੇ ਹੀ ਨਹੀਂ ਮੁੱਕਦੀ ਇਹ 2002 ਦੇ ਗੁਜਰਾਤ ‘ਚ ਵੀ ਆਪਣੀ ਜ਼ਿੰਦਗੀ ਦੇ ਸਫਿਆਂ ਨੂੰ ਭਿਆਨਕ ਦੈਂਤ ਤੋਂ ਬਚਾ ਨਹੀਂ ਸਕਦੇ।ਸਿੱਖ ਅੱਜ ਵੀ ਇਨਸਾਫ ਲਈ ਸੰਘਰਸ਼ ਕਰ ਰਹੇ ਹਨ ਤੇ ਮੁਸਲਮਾਨਾਂ ਨੂੰ ਭਾਰਤ ਦੇਸ਼ ਪ੍ਰਤੀ ਆਪਣੀ ਸ਼ਰਧਾ ਦਾ ਸਬੂਤ ਦੇਣਾ ਪੈਂਦਾ ਹੈ।ਸੋਨਮ ਕਪੂਰ ਦਾ ਕਿਰਦਾਰ(ਆਇਤ) ਉਹਨਾਂ ਮੁਸਲਮਾਨਾਂ ਦੀ ਹਿਜਰਤ ਦਾ ਪ੍ਰਤੀਕ ਹੈ।ਇੱਕ ਪਾਸੇ ਪੰਜਾਬੀ ਤੇ ਇੱਕ ਪਾਸੇ ਮੁਸਲਮਾਨ ਆਪੋ ਆਪਣੇ ਮੌਸਮ ਨੂੰ ਬਿਆਨ ਕਰਦੇ ਹਨ।ਦੋਵੇਂ ਕਿਰਦਾਰ(ਸ਼ਾਹਿਦ ਤੇ ਸੋਨਮ) ਇੱਕ ਦੂਜੇ ਨਾਲ ਸੰਵਾਦ ਕਰਦੇ ਹਨ ਕਿ ਪੰਜਾਬ ‘ਚ ਕੀ ਸੀ ਤੇ ਇਹ ਗੁਜਰਾਤ ‘ਚ ਕੀ ਹੈ।ਹੱਲ ਪਹੁੰਚਦਾ ਹੈ ਕਿ ਦੋਵੇਂ ਸਮਿਆਂ ‘ਚ ਉਹ ਭਿਆਨਕ ਪਰਛਾਵੇਂ ਸਨ।ਹੱਲ ਮਿਲਦਾ ਹੈ ਕਿ ਥੌੜ੍ਹਾ ਤੂੰ (ਮੁਸਲਮਾਨ) ਗਵਾਇਆ ਹੈ ਥੌੜ੍ਹਾ ਮੈਂ (ਸਿੱਖ) ਗਵਾਇਆ ਹੈ ਤੇ ਚਲੋ ਮਿਲਕੇ ਨਵੀਂ ਦੁਨੀਆ ਵਸਾਈਏ।(ਆਖਰ ਘੱਟ ਗਿਣਤੀਆਂ ਨੂੰ ਇੱਕ ਹੋਣ ‘ਚ ਹੀ ਹੱਲ ਮਿਲ ਸਕਦਾ ਹੈ,ਨਹੀਂ ਤਾਂ ਇਨਸਾਫ ਦੀਆਂ ਤਖਤੀਆਂ ‘ਤੇ ਕਿਹੜੀਆਂ ਇਬਰਾਤਾਂ ਗੁਹਾਰ ਲਗਾ ਰਹੀਆਂ ਹਨ ਇਹ ਕਿਸੇ ਤੋਂ ਲੁਕਿਆ ਨਹੀਂ।ਪਰ ਇਹ ਘਟਨਾਕ੍ਰਮ ਸੰਵਾਦ ਨਹੀਂ ਰਚਾਉਂਦੇ ਬੱਸ ਇੱਕ ਰੈਪਿਡ ਫਾਇਰ ਰਾਉਂਡ ਹੀ ਖੇਡਦੇ ਹਨ।

ਕਹਾਣੀ ਪੰਜਾਬ ਦੇ ਇੱਕ ਪਿੰਡ ਤੋਂ ਸ਼ੁਰੂ ਹੁੰਦੀ ਹੈ।ਇਸ ਪਿੰਡ ਦਾ ਦ੍ਰਿਸ਼ ਪੰਜਾਬ ਦੀ ਖੂਬਸੂਰਤੀ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕਰਦਾ ਹੈ।ਮੈਂ ਮਹਿਸੂਸ ਕਰਦਾ ਹਾਂ ਕਿ ਫ਼ਿਲਮ ‘ਵੀਰਜ਼ਾਰਾ,ਲਵ ਆਜ ਕੱਲ੍ਹ,ਹੀਰੋਜ਼,ਲੰਡਨ ਡ੍ਰੀਮਜ਼,ਤਨੂ ਵੇਡਸ ਮੰਨੂ,ਬਾਡੀਗਾਰਡ,ਪਾਰਟੀਸ਼ਨ,ਮੌਸਮ ਦੇ ਨਾਲ ਪੰਜਾਬ ‘ਚ ਸ਼ੂਟਿੰਗ ਲਈ ਵਧੀਆ ਲੋਕੇਸ਼ਨ ਮੁਹੱਈਆ ਹੋ ਰਹੀਆਂ ਹੈ ਤਾਂ ਪੰਜਾਬ ਦੇ ਸੈਰ ਸਪਾਟੇ ਰਾਹੀ ਆਮਦਨੀ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ਤੇ ਇਸ ਸਬੰਧੀ ਹੋਰ ਵੀ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।ਮੈਂ ਇਹ ਮੰਨਦਾ ਤਾਂ ਹਾਂ ਕਿ ਸਿਨੇਮਾ ਸਮਾਜ ਦਾ ਅਕਸ ਹੁੰਦਾ ਹੈ ਤੇ ਇਸੇ ਚੀਜ਼ ਨੂੰ ਮੌਸਮ ਨੇ ਪੁਖਤਾ ਹੀ ਕੀਤਾ ਹੈ।ਪੰਜਾਬੀ ਲੋਕਾਂ ਦੀ ਉਹ ਪ੍ਰਹਾਉਣਾਚਾਰੀ ਜੋ ਦਿਨ ਤਿਉਹਾਰ ਨੂੰ ਪੈਲੇਸ ‘ਚ ਮਨਾਉਣ ਤੋਂ ਬਾਅਦ ਲੱਗਭਗ ਅਲੋਪ ਹੀ ਹੋ ਗਈ ਹੈ ਨੂੰ ਮੁੜ ਵੇਖਣਾ ਖੁਸ਼ੀ ਦੇ ਰਿਹਾ ਸੀ।ਫ਼ਿਲਮ ਦਾ ਨਾਇਕ ਹੈਰੀ ਆਪਣੀ ਭੈਣ ਦੇ ਵਿਆਹ ‘ਤੇ ਬਿਸਤਰੇ ਇੱਕਠੇ ਕਰ ਰਿਹਾ ਹੈ।ਟਰੈਕਟਰ ‘ਤੇ ਪ੍ਰਹਾਉਣਿਆਂ ਨੂੰ ਲਿਆਂਦਾ ਜਾ ਰਿਹਾ ਹੈ।ਸਭ ਤੋਂ ਖਾਸ ਗੱਲ ਪੰਜਾਬ ‘ਚ ਡੇਰੇ ਵੀ ਘਰਾਂ ਦਾ ਅਨਖਿੜਵਾਂ ਅੰਗ ਬਣ ਗਏ ਹਨ ਇਸ ਦੀ ਸ਼ਾਹਿਦਗੀ ਭਰਦੀ ‘ਰਾਧਾ ਸੁਆਮੀ’ ਦੀ ਕੰਧ ‘ਤੇ ਲੱਗੀ ਫੋਟੋ ਵੀ ਹੈ।ਕੁਝ ਚੀਜ਼ਾਂ ਫਿਲਮ ‘ਚ ਬਹੁਤ ਹੀ ਮੁਸਕਰਾਹਟੀ ਅੰਦਾਜ਼ ‘ਚ ਪੇਸ਼ ਹੋਈਆਂ ਹਨ।ਉਹ ਸਾਈਕਲ,ਹਲਵਾਈ ਦੀ ਦੁਕਾਨ,ਰਜੋ ਦਾ ਪਿਆਰ,ਟਾਂਗੇ ਵਾਲਾ ਦਾ ਤਰੱਕੀ ਕਰਨਾ ਤੇ ਵਰਤਮਾਨ ਤੱਕ ਪਹੁੰਚਦਿਆਂ ਹੋਇਆ ਹੁਣ ਆਟੋਮੋਬਾਈਲ ਦੇ ਯੁੱਗ ‘ਚ ਟੈਂਪੂ ਨੂੰ ਆਪਣੇ ਰਿਜਕ ਦਾ ਹਿੱਸਾ ਬਣਾਉਣਾ ਸਮੇਂ ਦੀ ਚਲਾਇਮਾਨ ਦ੍ਰਿਸ਼ਟੀ ਨੂੰ ਬਾਖੂਬੀ ਬਿਆਨ ਕਰਦਾ ਹੈ।ਪਰ ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਕਿ ਪਰਭਾਤ ਵੇਲੇ ਨੂੰ ਪੇਸ਼ ਕਰਨ ਵੇਲੇ ਗੁਰਬਾਣੀ ਦਾ ਸੁਨਣਾ ਜਾਇਜ਼ ਹੈ ਤੇ ਖੋਪੀਏ ਵੇਲੇ ਗੁਰਬਾਣੀ ਦਾ ਕੰਨਾ ‘ਚ ਪੈਣਾ ਪੰਜਾਬ ਦੀ ਉਸ ਮਿਸਾਲ ਨੂੰ ਜ਼ਿੰਦਾ ਕਰਦਾ ਹੈ ਜਿਸ ਨੂੰ ਪ੍ਰੋ: ਪੂਰਨ ਸਿੰਘ ‘ਪੰਜਾਬ ਜਿਉਂਦਾ ਗੁਰਾਂ ਦੇ ਨਾਮ ‘ਤੇ’ ਕਹਿੰਦਾ ਹੈ।ਪਰ ਇਸ ਤੋਂ ਇਲਾਵਾ ਵੀ ਕੁਝ ਦ੍ਰਿਸ਼ਾ ‘ਚ ਗੁਰਬਾਣੀ ਦਾ ਕਿਸੇ ਸਮੇਂ ਪ੍ਰਭਾਵ ਤੋਂ ਬਿਨਾਂ ਪੇਸ਼ ਕਰਨਾ ਸਮਝ ਨਹੀਂ ਆਉਂਦਾ।ਕੀ ਇਹ ਹੋ ਸਕਦਾ ਹੈ ਕਿ ਮੈਂ ਚਿਤੇ ਪ੍ਹੈਰ ਗੁਰਬਾਣੀ ਸਿਮਰਨਾ ਕਰਦਾ ਹੋਇਆ ਕੋਈ ਪਿੰਡ ਪਹਿਲੀ ਵਾਰ ਵੇਖਿਆ ਹੋਵੇ।

ਪਰ ਪੂਰੀ ਫ਼ਿਲਮ ਨੂੰ ਗਹੁ ਨਾਲ ਵੇਖੀਏ ਤਾਂ ਦਰਸ਼ਕਾਂ ਨੂੰ ਸਭ ਤੋਂ ਵਧੀਆ ਅਹਿਸਾਸ ਹੀ ਫ਼ਿਲਮ ਦਾ ਇਹੋ ਹਿੱਸਾ ਹੀ ਦਿੰਦਾ ਹੈ।ਇਸ ਦਾ ਇਹ ਵੀ ਕਾਰਨ ਹੈ ਕਿ ਪੰਜਾਬ ਛੋਹ ਦਾ ਕੋਈ ਵੀ ਦ੍ਰਿਸ਼ ਕਿਸੇ ਵੀ ਫ਼ਿਲਮ ‘ਚ ਹੋਵੇ ਉਹ ਫ਼ਿਲਮ ਦਾ ਸਭ ਤੋਂ ਮਜ਼ਬੂਤ ਹਿੱਸਾ ਹੁੰਦਾ ਹੈ।ਇਹ ਭਾਵਨਾਤਮਕ ਤੌਰ ‘ਤੇ ਦਰਸ਼ਕਾਂ ਨੂੰ ਪੰਜਾਬੀਆਂ ਦੀ ਜ਼ਿੰਦਾਦਿਲੀ ਦਾ ਅਹਿਸਾਸ ਕਰਾਉਂਦਾ ਹੈ।ਜੋ ਦਰਸ਼ਕਾਂ ਨੂੰ ਕੰਮਕਾਰ ਦੇ ਮਾਨਸਿਕ ਤਨਾਓ ਤੋਂ ਥੌੜ੍ਹਾ ਅਰਾਮ ਦਵਾਉਂਦਾ ਹੈ।ਇਸ ‘ਚ ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਾਲੀਵੁੱਡ ਫ਼ਿਲਮਾਂ ਤਾਂ ਸਫਲਤਾ ਮੰਤਰ ਹੀ ਬਣ ਚੁੱਕਾ ਹੈ।ਕਿਉਂ ਕਿ ਵਿਦੇਸ਼ਾਂ ‘ਚ ਇਹਨਾਂ ਫਿਲਮਾਂ ਦੇ ਦਰਸ਼ਕ ਪੰਜਾਬੀ ਜਾਂ ਗੁਜਰਾਤੀ ਸਭ ਤੋਂ ਵੱਧ ਹਨ।ਐੱਨ.ਆਰ.ਆਈ ਖਿੱਚ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।ਇਸ ਦੇ ਲਈ ਪੰਜਾਬੀ ਸਰਜ਼ਮੀਨ ‘ਤੇ ਕਥਾ ਨੂੰ ਘੜਿਆ ਜਾਂਦਾ ਹੈ ਤੇ ਜੇ ਕੋਈ ਫਿਲਮ ਪੰਜਾਬੀ ਕਥਾਨਕ ‘ਤੇ ਨਾ ਵੀ ਹੋਵੇ ਤਾਂ ਉਸ ‘ਚ ਪੰਜਾਬੀ ਗੀਤ ਨੂੰ ਜ਼ਰੂਰ ਬਤੌਰ ਆਈਟਮ ਪੇਸ਼ ਕੀਤਾ ਜਾਂਦਾ ਹੈ।

ਪੰਕਜ ਕਪੂਰ ਫ਼ਿਲਮ ਨਿਰਮਾਣ ਦੌਰਾਨ ਮੁੱਦਿਆ ਨੂੰ ਵਿਖਾਉਂਦਾ ਹੋਇਆ ਵੀ ਉਹਨਾਂ ਮੁੱਦਿਆ ਨੂੰ ਬਿਆਨ ਕਰਨ ਤੋਂ ਖੁੰਝ ਜਾਂਦਾ ਹੈ।ਇਸ ਸਾਰੇ ਦਾ ਅਸਰ ਇਹ ਪਿਆ ਹੈ ਕਿ ਫ਼ਿਲਮ ਨਾ ਤਾਂ ਪੂਰੀ ਤਰ੍ਹਾਂ ਪ੍ਰੇਮ ਕਹਾਣੀ ਬਣ ਸਕੀ ਤੇ ਨਾ ਹੀ ਪੂਰੀ ਤਰ੍ਹਾਂ ਕਿਸੇ ਮੁੱਦੇ ‘ਤੇ ਗੱਲ ਕਰਦੀ ਵਿਚਾਰਾਤਮਕ ਫ਼ਿਲਮ ਬਣੀ।ਫ਼ਿਲਮ ਦੀ ਕਹਾਣੀ ਪੰਜਾਬ ਤੋਂ ਸ਼ੁਰੂ ਹੋਕੇ ਸਕਾਟਲੈਂਡ,ਕਸ਼ਮੀਰ,ਅਮਰੀਕਾ,ਸਿਵਜ਼ਰਲੈਂਡ ਤੇ ਅਹਿਮਦਾਬਾਦ ‘ਚ ਘੁੰਮਦੀ ਹੈ।ਪਰ ਜੇ ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ 1984 ਤੋਂ ਗੁਜਰਾਤ ਦੇ 2002 ਦੇ ਸਮੇਂ ‘ਚ ਵਿਚਰਦੀ ਮੁੱਖ ਕਿਰਦਾਰਾਂ ਦੀ ਪ੍ਰੇਮ ਕਹਾਣੀ ਹੁੰਦੀ ਤਾਂ ਵਧੀਆ ਪ੍ਰਭਾਵ ਪਾ ਸਕਦੀ ਸੀ।ਆਖਰ ਕਿਰਦਾਰਾਂ ਤੇ ਹਲਾਤਾਂ ਦਾ ਕੁਝ ਪਾਉਣ ਦਾ ਇਹ ਸਫਰ,ਕਿਰਦਾਰਾਂ ਦੀ ਇਹ ਪ੍ਰੇਮ ਗਾਥਾ ਭਾਰਤ ਦੇ ਹਲਾਤਾਂ ‘ਚ ਸਮਝਾਈ ਜਾ ਸਕਦੀ ਸੀ।ਇਸ ਲਈ ਅਮਰੀਕਾ,ਸਕਾਟਲੈਂਡ ਜਾਂ ਸਿਵਜ਼ਰਲੈਂਡ ‘ਚ ਫ਼ਿਲਮ ਦੇ ਕਥਾਨਕ ਨੂੰ ਲੈਜਾਣਾ ਫ਼ਿਲਮ ਨੂੰ ਕਮਜ਼ੋਰ ਕਰਦਾ ਹੈ।ਫ਼ਿਲਮ ਦੀ ਕਹਾਣੀ ਬਹੁਤ ਖੂਬਸੂਰਤ ਬੁਣੀ ਵੀ ਜਾ ਸਕਦੀ ਸੀ ਤੇ ਉਸ ਦੀ ਪੇਸ਼ਕਾਰੀ ਵੀ ਵਧੀਆ ਹੋ ਸਕਦੀ ਸੀ।ਫ਼ਿਲਮ ਦੀ ਕਮਜ਼ੋਰੀ ਹੀ ਇਸੇ ‘ਚ ਹੈ ਕਿ ਫ਼ਿਲਮ ਇਸ਼ਾਰਾ ਤਾਂ ਵਧੀਆ ਕਰਦੀ ਹੈ ਪਰ ਨਿਸ਼ਾਨੇ ਤੋਂ ਹਮੇਸ਼ਾ ਖੁੰਝ ਜਾਂਦੀ ਰਹੀ ਹੈ।9/11 ਦਾ ਵਰਲਡ ਟਰੇਡ ਹਾਦਸਾ ਵਿਖਾਇਆ ਤਾਂ ਹੈ ਪਰ ਮੁਸਲਮਾਨਾਂ ਦਾ ਉਸ ‘ਤੇ ਅਸਰ ਕਿਸ ਰੂਪ ‘ਚ ਪਿਆ ਜਾ ਇਹ ਹਾਦਸਾ ਕਿਰਦਾਰਾਂ ‘ਤੇ ਕਿੰਝ ਅਸਰ ਪਾ ਰਿਹਾ ਹੈ ਇਸ ਨੂੰ ਸੁੱਚਜੇ ਰੂਪ ‘ਚ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਿਆ।ਗੁਜਰਾਤ ਦੰਗੇ ਬਿਆਨ ਤਾਂ ਕੀਤੇ ਗਏ ਪਰ ਇੰਝ ਲੱਗਿਆ ਕਿ ਕਿਰਦਾਰਾਂ ਹਲਾਤਾਂ ਦੇ ਮੁਤਾਬਕ ਨਹੀਂ ਵਿਚਰ ਰਹੇ ਸਗੋਂ ਹਲਾਤਾਂ ਕਿਰਦਾਰਾਂ ਨੂੰ ਮਿਲਾਉਣ ਲਈ ਵਾਪਰ ਰਹੇ ਹਨ।ਸਭ ਤੋਂ ਹਾਸੋਹੀਣਾ ਵੀ ਇਹੋ ਹੈ ਕਿ ਗੁਜਰਾਤ ਦੰਗਿਆ ‘ਚ ਸ਼ਾਹਿਦ ਤੇ ਸੋਨਮ ਦਾ ਮਿਲਾਪ ਵੀ ਨਾਟਕੀ ਢੰਗ ਨਾਲ ਹੁੰਦਾ ਹੈ।(ਚੱਲੋ ਇਸ ਨੂੰ ਇਤਫਾਕੀਆ ਸਹੀ ਮੰਨ ਸਕਦੇ ਹਾਂ)ਦੰਗਿਆ ਦੌਰਾਨ ਮੇਲੇ ਦਾ ਦ੍ਰਿਸ਼ ਤਹਿਸ ਨਹਿਸ ਹੋਇਆ ਜੋ ਬਿਆਨ ਕਰਨਾ ਚਾਹੁੰਦਾ ਹੈ ਉਥੋਂ ਤੱਕ ਤਾਂ ਸਹੀ ਪਰ ਯਥਾਰਥਕ ਮਾਹੌਲ ‘ਚ ਹੀਰੋ ਵੱਲੋਂ ਇੱਕ ਬੱਚੇ ਨੂੰ ਹਿੰਡੋਲੇ ਤੋਂ ਬਚਾਉਣਾ(ਉਹ ਵੀ ਪੈਰਾਲਾਈਜ਼ ਸ਼ਰੀਰ ਨਾਲ) ਨਾਇਕ ਦੀ ਫ਼ਿਲਮ ‘ਚ ਸੁਪਰਮੈਨ ਸ਼ਖਸੀਅਤ ਨੂੰ ਮਸਾਲਾ ਅੰਦਾਜ਼ ‘ਚ ਹੀ ਪੇਸ਼ ਕਰਦਾ ਹੈ ਜੋ ਫ਼ਿਲਮ ਨੂੰ ਆਪਣੇ ਅੰਜਾਮ ਤੱਕ ਪਹੁੰਚਕੇ ਕਮਜ਼ੋਰ ਕਰ ਦਿੰਦਾ ਹੈ।

ਅਸਲ ‘ਚ ਕਿਸੇ ਫ਼ਿਲਮ ਦੇ ਕਿਰਦਾਰ ਜਦੋਂ ਲੰਮੀ ਯਾਤਰਾ ਕਰਦੇ ਹੋਏ ਕਹਾਣੀ ਕਹਿਣ ਤਾਂ ਫ਼ਿਲਮ ਦੇ ਸੰਤੁਲਣ ਵੱਲ ਖਾਸ ਧਿਆਨ ਰੱਖਣਾ ਪੈਂਦਾ ਹੈ।ਪਾਕਿਸਤਾਨੀ ਫ਼ਿਲਮ ‘ਖ਼ੁਦਾ ਕੇ ਲੀਏ’ ਇਸ ਦੀ ਬੇਮਿਸਾਲ ਉਦਾਹਰਨ ਹੈ।ਭਾਰਤੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਪੰਕਜ ਕਪੂਰ ਨੂੰ ਕਿਰਦਾਰਾਂ ਦੇ ਸਫਰੀ ਅੰਦਾਜ਼ ਨੂੰ ਨਿਰਦੇਸ਼ਕ ਇਮਤਿਆਜ਼ ਅਲੀ ਦੀਆਂ ਫ਼ਿਲਮਾਂ ਤੋਂ ਜ਼ਰੂਰ ਸਿੱਖਣਾ ਚਾਹੀਦਾ ਸੀ।ਇਮਤਿਆਜ਼ ਦੀਆਂ ਫ਼ਿਲਮਾਂ ਦੇ ਕਿਰਦਾਰ ਵੀ ਅਜਿਹੀਆਂ ਲੰਮੀਆਂ ਯਾਤਰਾਵਾਂ ਰਾਹੀ ਹੀ ਆਪਣੇ ਪਿਆਰ ਨੂੰ ਬਿਆਨ ਕਰਦੇ ਹਨ।ਸੋਚਾ ਨਾ ਥਾ,ਜਬ ਵੀ ਮੈੱਟ,ਲਵ ਆਜ ਕੱਲ੍ਹ ਫ਼ਿਲਮਾਂ ਇਸਦੀ ਉਦਾਹਰਨ ਹਨ।ਪਰ ਉਹਨਾਂ ਫ਼ਿਲਮਾਂ ਨੇ ਦਰਸ਼ਕਾਂ ਦੇ ਮਨ ‘ਚ ਆਪਣੀ ਅਮਿੱਟ ਛਾਪ ਛੱਡੀ ਹੈ।

ਫ਼ਿਲਮ ‘ਮੌਸਮ’ ‘ਚ ਸ਼ਾਹਿਦ ਕਪੂਰ ਦਾ ਬਤੌਰ ਸਕਵਾਇਡਨ ਲੀਡਰ ਹੋਣਾ ਫ਼ਿਲਮ ਦੀ ਖਾਸ ਖਿੱਚ ਸੀ ਪਰ ਇੱਤੇ ਉਣਤਾਈ ਹੀ ਇਸੇ ਗੱਲ ‘ਚ ਹੈ ਕਿ ਜੰਗ ਅਧਾਰਿਤ ਦ੍ਰਿਸ਼ਾਂ ‘ਚ ਉਹ ਪੁਖਤਾਪਣ ਨਹੀਂ ਝਲਕਦਾ ਜਿਸ ਤੋਂ ਜੰਗ ਨੂੰ ਮਹਿਸੂਸ ਕੀਤਾ ਜਾ ਸਕੇ।ਇਸ ਫ਼ਿਲਮ ਦੇ ਪ੍ਰਦਰਸ਼ਿਤ ਹੋਣ ਤੋਂ ਪਹਿਲਾ ਫ਼ਿਲਮ ਦੇ ਜੰਗੀ ਜਹਾਜ਼ ਦੇ ਦ੍ਰਿਸ਼ ਫ਼ਿਲਮਾਉਣ ਨੂੰ ਲੈਕੇ ਕਾਫੀ ਚਰਚਾ ਕੀਤੀ ਜਾ ਰਹੀ ਸੀ ਪਰ ਇਹ ਦਰਸ਼ਕਾਂ ਨੂੰ ਭਾਵਨਾਤਮਕ ਤੌਰ ‘ਤੇ ਆਪਣੇ ਨਾਲ ਜੋੜਨ ‘ਚ ਫੇਲ੍ਹ ਹੀ ਰਹੇ ਹਨ।ਦੇਸ਼ ਭਗਤੀ ਵੀ ਮਨੋਜ ਕੁਮਾਰ ਦੀਆਂ ਫ਼ਿਲਮਾਂ ਵਰਗੀ ਨਾਟਕੀ ਹੀ ਜਾਪਦੀ ਸੀ।(ਜਦੋਂ ਹੈਰੀ(ਸ਼ਾਹਿਦ ਕਪੂਰ) ਆਪਣੀ ਭੈਣ ਨੂੰ ਆਇਤ(ਸੋਨਮ ਕਪੂਰ) ਕੋਲ ਜਾਕੇ ਉਸ ਨੂੰ ਉਸ ਦੇ ਹਲਾਤਾਂ ਬਾਰੇ ਜਾਣਕਾਰੀ ਦੇਣ ਬਾਰੇ ਫੋਨ ਕਰਦਾ ਹੈ ਤਾਂ ਸ਼ਾਹਿਦ ਆਪਣੀ ਭੈਣ ਨਾਲ ਅਸਲ ਮੁੱਦਈ ਸੰਵਾਦ ਤੋਂ ਵੱਖ ਹੋਕੇ ਦੇਸ਼ ਭਗਤੀ ਦਾ ਭਾਸ਼ਣੀ ਸੰਵਾਦ ਬੋਲਦਾ ਹੈ,ਜੋ ਕਿ ਹਾਸੋ ਹੀਣਾ ਹੀ ਲੱਗਦਾ ਹੈ)
ਫ਼ਿਲਮ ਦੇ ਗੀਤ ਬਹੁਤ ਪਿਆਰੇ ਹਨ ਜੋ ਨਹਾਇਤ ਹੀ ਅਦਬੀ ਹਰਫਾਂ ਨਾਲ ਬੁਣੇ ਗਏ ਹਨ।ਪੇਂਡੂ ਦ੍ਰਿਸ਼ ਦੀ ਪੇਸ਼ਕਾਰੀ ਕਲਾ ਨਿਰਦੇਸ਼ਨ ਪੱਖੋਂ ਸ਼ਲਾਘਾਯੋਗ ਹੈ।ਫ਼ਿਲਮ ਦਾ ਕੈਮਰਾ ਬਹੁਤ ਸੋਹਣਾ ਵਰਤਿਆ ਗਿਆ ਹੈ ਇਸ ਲਈ ਸਿਨੇਮੈਟੋਗ੍ਰਾਫਰ ‘ਬਿਨੋਦ ਪਰਧਾਣ’ ਦੀ ਸ਼ਾਬਾਸ਼ੀ ਬਣਦੀ ਹੈ।

ਫ਼ਿਲਮ ਦੀ ਸ਼ੁਰੂਆਤ ਹੀ ਸਭ ਤੋਂ ਖੂਬਸੂਰਤ ਹੈ ਤੇ ਇਸੇ ਨੂੰ ਹੀ ਵਧੀਆ ਬੁਣਿਆ ਜਾ ਸਕਦਾ ਸੀ।ਇਸ ‘ਚ ਜਾਂ ਤਾਂ ਹਲਾਤਾਂ ਦੀ ਪੇਸ਼ਕਾਰੀ ਵਿਖਾਉਂਦੇ ਹੋਏ ਕਿਰਦਾਰ ਕਿੰਜ ਵਿਚਰ ਰਹੇ ਹਨ ਵਿਖਾਇਆ ਜਾ ਸਕਦਾ ਸੀ ਜਾਂ ਕਿਰਦਾਰ ਦੀ ਕਹਾਣੀ ਸੀਮਤ ਹਲਾਤਾਂ ਨੂੰ ਲੈਕੇ (ਬਹੁਤਾ ਵੱਡਾ ਸੰਸਾਰੀ ਕੈਨਵਸ ਤੇ ਹਲਾਤ ਨਾ ਵਿਖਾਕੇ) ਵਿਖਾਇਆ ਜਾ ਸਕਦਾ ਸੀ।ਫ਼ਿਲਮ ਆਪਣੇ ਇੱਕ ਗੀਤ ‘ਪੂਰੇ ਸੇ ਜ਼ਰਾ ਸਾ ਕੰਮ ਹੈ’ ਦੀ ਤਰ੍ਹਾਂ ਹੀ ਆਪਣੀ ਮਕਬੂਲੀਅਤ ਤੋਂ ਖੁੰਝ ਗਈ ਹੈ।ਫ਼ਿਲਮ ‘ਮੌਸਮ’ ਕਲਾਤਮਕ ਤੇ ਮੁੱਖਧਾਰਾ ਦੇ ਸਿਨੇਮਾ ਦੀ ਸੁਮੇਲਤਾ ਤੋਂ ਖੁੰਝਦੀ ਹੈ।

ਹਰਪ੍ਰੀਤ ਸਿੰਘ ਕਾਹਲੋਂ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।

Thursday, September 22, 2011

ਸ਼੍ਰੋਮਣੀ ਕਮੇਟੀ ਦੇ ਚੋਣ ਨਤੀਜਿਆਂ 'ਤੇ ਤਿਰਛੀ ਨਜ਼ਰ

ਬਾਦਲ ਦਲ ਦੇ ਹੋਂਸਲੇ ਬੁਲੰਦ ਪਰ ਬਹੁਤ ਸਖ਼ਤ ਹੋਵੇਗਾ ਵਿਧਾਨ ਸਭਾ ਚੋਣ ਮੁਕਾਬਲਾ
ਬੋਗਸ ਵੋਟਾਂ ਅਤੇ ਬੇਨਿਯਮੀਆਂ ਦਾ ਕਾਲਾ ਪ੍ਰਛਾਂਵਾਂ
ਗੁਰਦੁਆਰਾ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ

ਸ਼੍ਰੋਮਣੀ ਕਮੇਟੀ ਦੀਆਂ ਚੋਣਾ ਵਿਚ ਅਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸਾਂਝੇ ਗੱਠਜੋੜ ਦੀ ਹੋਈ ਉਮੀਦ ਨਾਲੋਂ ਵੱਡੀ ਜਿੱਤ ਨੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਨੇ। ਇੰਨ੍ਹਾ ਚੋਣਾ ਵਿਚ ਕਈ ਹਲਕਿਆਂ ਵਿਚ ਹੋਈਆਂ ਬੇਨਿਯਮੀਆਂ, ਪਤਿਤ ਅਤੇ ਮੋਨੇ ਸਿੱਖਾਂ ਵੱਲੋਂ ਵੋਟਾਂ ਪਏ ਜਾਣ ਦੀਆਂ ਘਟਨਾਵਾਂ ਅਤੇ ਸ਼ਿਕਾਇਤਾਂ ਅਤੇ ਇਨ੍ਹਾ ਤੇ ਢੁੱਕਵੀਂ ਕਾਰਵਾਈ ਕਰਨ ਪੱਖੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਾਕਾਮੀ ਵੀ ਸਾਹਮਣੇ ਆਈ। 1979 ਤੋਂ ਬਾਅਦ ਇਹ ਪਹਿਲੀਆਂ ਸ਼ਰੋਮਣੀ ਕਮੇਟੀ ਚੋਣਾ ਸਨ ਜੋ ਅਕਾਲੀ ਰਾਜ ਦੌਰਾਨ ਹੋਈਆਂ ਹਨ ।2004 ਨਾਲੋਂ ਇਸ ਵਾਰ ਲਗਭਗ 10 ਫ਼ੀਸਦੀ ਵੱਧ ਪੋਲਿੰਗ ਹੋਈ ਹੈ।ਰਾਜਭਾਗ ਅਤੇ ਸਾਧਨਾ ਦਾ ਜ਼ਾਇਜ਼ -ਨਜ਼ਾਇਜ਼ ਲਾਹਾ ਤਾਂ ਅਕਾਲੀ ਦਲ ਨੇ ਲੈਣਾ ਹੀ ਸੀ। ਮੇਰੇ ਸਾਹਮਣੇ ਜੁਲਾਈ 2004 ਦੇ ਅਖ਼ਬਾਰਾਂ ਦੀਆਂ ਉਹ ਖ਼ਬਰਾਂ ਪਈਆਂ ਹਨ ਜਿਨ੍ਹਾਂ ਵਿਚ ਹੁਣ ਵਾਂਗ ਹੀ ਮੋਨੇ ਅਤੇ ਪਤਿਤ ਸਿੱਖਾਂ ਵੱਲੋਂ ਵੋਟਾਂ ਪੈ ਜਾਣ ਦੀਆਂ ਖ਼ਬਰਾਂ ਛਪੀਆਂ ਸਨ ਜਦੋਂ ਕਿ ਉਸ ਵੇਲੇ ਅਮਰਿੰਦਰ ਸਿੰਘ ਸਰਕਾਰ ਸੀ।

ਦੇਸ਼- ਵਿਦੇਸ਼ ਵਿਚ ਵਸੇ ਪ੍ਰਵਾਸੀ ਸਿੱਖਾਂ ਦਾ ਇੱਕ ਹਿੱਸਾ ਇਨ੍ਹਾ ਖ਼ਬਰਾਂ ਅਤੇ ਚੋਣ ਨਤੀਜਿਆਂ ਤੋਂ ਬਹੁਤ ਦੁਖੀ ਹੈ ਪਰ ਇਨ੍ਹਾ ਦੋਸ਼ਾਂ ਦੇ ਬਾਵਜੂਦ ਇਸ ਗੱਲ ਤੇ ਫਿਰ ਮੋਹਰ ਲੱਗ ਗਈ ਹੈ ਕਿ ਇਸ ਖ਼ਿੱਤੇ ਦਾ ਬਹੁਗਿਣਤੀ ਸਿੱਖ ਭਾਈਚਾਰਾ ਅਕਾਲੀ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨੂੰ ਆਪਣੀ ਨੁਮਾਇੰਦਾ ਸਿਆਸੀ ਮੁੱਖ ਧਾਰਾ ਮੰਨਦਾ ਹੈ। ਸਿੱਖਾਂ ਦੇ ਅਸਲੀ ਰਾਜਨੀਤਿਕ ਨੁਮਾਇੰਦੇ ਹੋਣ ਦਾ ਦਾਅਵਾ ਕਰਨ ਵਾਲੇ ਨੇਤਾ - ਪਰਮਜੀਤ ਸਿੰਘ ਸਰਨਾ, ਸੁਰਜੀਤ ਸਿੰਘ ਬਰਨਾਲਾ ਅਤੇ ਸੁਰਜੀਤ ਕੌਰ ਬਰਨਾਲਾ, ਰਵੀ ਇੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ-ਇਸ ਪੱਖੋਂ ਪ੍ਰਕਾਸ਼ ਸਿੰਘ ਬਾਦਲ ਹੱਥੋਂ ਫੇਰ ਮਾਤ ਖਾ ਗਏ ਹਨ।ਅਕਾਲੀ ਨੇਤਾ ਪੰਥਕ ਮੋਰਚੇ ਅਤੇ ਇਨ੍ਹਾ ਨੇਤਾਵਾਂ ਨੂੰ ਕਾਂਗਰਸ ਦੇ ਪ੍ਰੌਕਸੀ ਨੇਤਾਵਾਂ ਵੱਜੋਂ ਪੇਸ਼ ਕਰਨ ਵਿਚ ਸਫਲ ਰਹੇ।ਚੋਣ ਨਤੀਜਿਆਂ ਨੇ ਇਕੋ ਸੱਟੇ ਬਾਦਲ ਦਲ ਦੀ ਲੀਡਰਸ਼ਿਪ ਨੂੰ ਦਰਪੇਸ਼ ਕਈ ਮਸਲੇ ਹੱਲ ਕਰ ਦਿੱਤੇ ਹਨ।ਸ਼ਰੋਮਣੀ ਅਕਾਲੀ ਦਲ ਪ੍ਰਧਾਨ ਵਜੋਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਰਦਾਰੀ ਹੋਰ ਪੱਕੀ ਹੋ ਗਈ ਹੈ।ਮਾਇਆ ਅਤੇ ਜ਼ੋਰਾ-ਜ਼ਰਬੀ ਦੇ ਪ੍ਰਭਾਵ ਹੇਠ ਜੋੜ -ਤੋੜ ਅਤੇ ਤਿਕੜਮ ਬਾਜ਼ੀ ਵਾਲੀ ਮੌਜੂਦਾ ਸਿਆਸਤ ਵਿਚ ਉਸਦੀ ਜਥੇਬੰਦਕ ਸਮਰੱਥਾ,ਚੋਣ ਮੁਹਿੰਮ ਦੀ ਲਾਮਬੰਦੀ ਕਰਨ ਅਤੇ ਇੱਕ ਸਫ਼ਲ ਚੋਣ ਮੈਨੇਜਰ ਵਾਲਾ ਸਿੱਕਾ ਹੋਰ ਜੰਮ ਗਿਆ ਹੈ।ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਇਹ ਯਕੀਨ ਹੋ ਗਿਐ ਹੈ ਕਿ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲੋਂ ਸਿਆਸੀ ਕਾਰਜ ਸ਼ੈਲੀ ਅਤੇ ਸੁਭਾਅ ਦੇ ਵਖਰੇਵੇਂ ਦੇ ਬਾਵਜੂਦ ਕਿਸੇ ਚੋਣ ਮੁਹਿੰਮ ਦੀ ਅਸਰਦਾਰ ਅਗਵਾਈ ਕਰਨ ਦੀ ਕਾਰਾਗਰੀ ਸੁਖਬੀਰ ਬਾਦਲ ਜਿੰਨੀ ਹੋਰ ਕਿਸੇ ਅਕਾਲੀ ਨੇਤਾ ਵਿਚ ਨਹੀਂ।ਅਕਾਲੀ ਦਲ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਇਹ ਪਹਿਲੀ ਸ਼੍ਰੋਮਣੀ ਕਮੇਟੀ ਚੋਣ ਸੀ। ਪੰਥਕ ਮੁਹਾਂਦਰੇ ਵਾਲੀ ਇਹ ਚੋਣ ਆਪਣੇ ਆਪ ਵਿਚ ਸੁਖਬੀਰ ਲਈ ਇੱਕ ਚੁਨੌਤੀ ਸੀ।ਸਿੱਟਾ ਇਹ ਹੈ ਕਿ ਬਾਦਲ ਵਾਂਗ ਹੀ ਸੁਖਬੀਰ ਸੀ ਕਿੰਤੂ ਰਹਿਤ ਇਕਹਿਰੀ ਕਮਾਂਡ ਲਈ ਰਾਹ ਪੱਧਰਾ ਹੋ ਗਿਐ ਇਸ ਦਾ ਅੰਦਰੂਨੀ ਫ਼ਾਇਦਾ ਵਿਧਾਨ ਸਭਾ ਚੋਣਾ ਪੱਖੋਂ ਉਸ ਨੂੰ ਹੋਵੇਗਾ। ਇਹ ਮਸਲਾ ਵੱਖਰਾ ਹੈ ਅਸਲੀ ,ਪੰਥਕ ,ਧਾਰਮਿਕ ,ਰਹਿਤ ਮਰਿਆਦਾ ਅਤੇ ਗੁਰਦੁਆਰਾ ਪਰਬੰਧ ਅਤੇ ਸਿੱਖ ਕਦਰਾ ਕੀਮਤਾਂ ਵਿਚ ਓਾਏਵਿਚਲੇ ਨਿਘਾਰ ਨਾਲ ਸਬੰਧਤ ਅਹਿਮ ਮੁੱਦੇ ਸ਼ਰੋਮਣੀ ਕਮੇਟੀ ਚੋਣ ਦਾ ਮੁੱਖ ਏਜੰਡਾ ਨਹੀਂ ਬਣੇ ।ਪ੍ਰਚਾਰ ਤਵੇ ਦੀ ਸੂਈ ਕੈਪਟਨ ਅਮਰਿੰਦਰ ਸਿੰਘ ਤੇ ਹੀ ਟਿੱਕੀ ਰਹੀ। ਪੰਜਾਬ ਵਿਚੋਂ ਫ਼ਿਰਕੂ ਵੰਡ ਦੀ ਰਾਜਨੀਤੀ ਲਗਭਗ ਮਨਫ਼ੀ ਹੋ ਗਈ ਹੈ। ਇਹ ਲੋਹੜੇ ਦੀ ਤਬਦੀਲੀ ਹੈ ਕਿ ਸ਼੍ਰੋਮਣੀ ਕਮੇਟੀ ਚੋਣਾ ਤੋਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਕੱਟੜ ਹਿੰਦੂ ਨੇਤਾ ਦੇ ਅਕਸ ਵਾਲੇ ਗੁਜਰਾਤ ਦੇ ਮੁੱਖ ਮੰਤਰੀ ਦੇ ਵਰਤ ਮੌਕੇ ਪੁੱਜ ਕੇ ਉਸਦੀ ਖੁੱਲ੍ਹੀ ਹਮਾਇਤ ਕਰਦੇ ਹਨ ਜਿਸ ਦਾ ਬਹੁਗਿਣਤੀ ਸਿੱਖ ਵੋਟਰ ਬੁਰਾ ਨਹੀਂ ਮਨਾਉਂਦੇ ਅਤੇ ਦਲ ਦੇ ਹੱਕ ਵਿਚ ਡੱਟ ਕੇ ਵੋਟਾਂ ਪਾਉਂਦੇ ਹਨ।

ਬਾਦਲ ਬਾਗੋ ਬਾਗ਼-ਹੁੱਡਾ ਲਈ ਰਾਹਤ

ਸ਼੍ਰੋਮਣੀ ਕਮੇਟੀ ਤੇ ਮੁੜ ਕਾਬਜ਼ ਹੋਕੇ ਅਗਲੇ 5 ਸਾਲਾਂ ਲਈ ਨਿਸਚਿੰਤ ਹੋਣ ਤੋਂ ਇਲਾਵਾ ਸਿੱਖ ਸਿਆਸਤ ਪੱਖੋਂ ਬਾਦਲ ਦਲ ਲਈ ਸਭ ਤੋਂ ਵੱਡਾ ਲਾਭ ਹਰਿਆਣੇ ਦੀ ਵੱਖਰੀ ਸ਼ਰੋਮਣੀ ਕਮੇਟੀ ਦੀ ਮੰਗ ਦੀ ਸੰਭਾਵੀ ਸਿਆਸੀ ਮੌਤ ਹੈ। ਜਿਸ ਵੱਡੇ ਫ਼ਰਕ ਨਾਲ ਇਸ ਕਮੇਟੀ ਦੇ ਵਕੀਲ ਜਗਦੀਸ਼ ਸਿੰਘ ਝੀਂਡਾ ਅਤੇ ਦੀਦਾਰ ਸਿੰਘ ਨਲਵੀ ਇਹ ਚੋਣ ਹਾਰੇ ਹਨ ਅਤੇ 11 ਵਿੱਚੋਂ 8 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਹਨ, ਇਸ ਨਾਲ ਇਸ ਮੰਗ ਦੀ ਵਾਜਬੀਅਤ ਨਹੀਂ ਰਹੇਗੀ।ਹਰਿਆਣੇ ਵਿੱਚ ਤਾਂ ਬੇਨਿਯਮੀਆਂ ਅਤੇ ਜ਼ੋਰਜ਼ਰਬੀ ਦੇ ਦੋਸ਼ ਵੀ ਨਹੀਂ ਲੱਗ ਸਕਦੇ ਕਿਉਂਕਿ ਉਥੇ ਤਾਂ ਕਾਂਗਰਸ ਦੀ ਸਰਕਾਰ ਹੈ ਜਿਸਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਖਰੀ ਕਮੇਟੀ ਦੇ ਹਮਾਇਤੀ ਹਨ।

ਮੇਰੀ ਰਾਏ ਇਹ ਹੈ ਇਨ੍ਹਾ ਚੋਣ ਨਤੀਜਿਆਂ 'ਤੇ ਮਨੋਂ ਤਾਂ ਮੁੱਖ ਮੰਤਰੀ ਹੁੱਡਾ ਵੀ ਖ਼ੁਸ਼ ਹੋਣੇ ਚਾਹੀਦੇ ਨੇ। ਉਨ੍ਹਾ ਨੇ ਆਪਣੇ ਚੋਣ ਮੈਨੀਫੈੱਸਟੋ ਲਗਾਤਾਰ ਦੋ ਵਿਧਾਨ ਸਭਾ ਚੋਣਾ ਵਿਚ ਇਹ ਵਾਅਦਾ ਕੀਤਾ ਕਿ ਹਰਿਆਣੇ ਲਈ ਵੱਖਰੀ ਐੱਸ ਜੀ ਪੀ ਸੀ ਬਣਾਈ ਜਾਏਗੀ ਪਰ ਮੁਸੀਬਤ ਇਹ ਕਿ ਸੋਨੀਆ- ਮਨਮੋਹਨ ਜੋੜੀ ਦੀ ਅਗਵਾਈ ਹੇਠਲੀ ਕਾਂਗਰਸ ਲੀਡਰਸ਼ਿਪ ਮੁਲਕ ਦੇ ਘੱਟਗਿਣਤੀ ਸਿੱਖ ਜਗਤ ਨਾਲ ਸਬੰਧਤ ਅਜਿਹੇ ਸੰਵੇਦਨਸ਼ੀਲ ਮਾਮਲੇ ਤੇ ਇਸ ਤਰ੍ਹਾਂ ਦਾ ਕੋਈ ਨਵਾਂ ਪੰਗਾ ਲੈਣ ਦੀ ਇਜ਼ਾਜ਼ਤ ਨਹੀਂ ਦੇ ਰਹੀ।ਹੁੱਡਾ ਖ਼ੁਦ ਬਹੁਤ ਫਸੇ ਹੋਏ ਸਨ ਅਤੇ ਕਮੇਟੀਆਂ ਬਣਾ ਕੇ ਇਸ ਮੁੱਦੇ ਨੂੰ ਟਾਲਦੇ ਚਲੇ ਆ ਰਹੇ ਨੇ।ਤਾਜ਼ਾ ਚੋਣ ਨਤੀਜਿਆਂ ਤੋਂ ਬਾਅਦ ਉਨ੍ਹਾਂ ਲਈ ਇਸ ਨੂੰ ਟਾਲਣਾ ਹੋ ਆਸਾਨ ਹੋ ਗਿਐ।

ਗਰਮ ਖ਼ਿਆਲੀ ਵਿਚਾਰਧਾਰਾ ਰੱਦ

ਵੱਖਰੇ ਸਿੰਘ ਰਾਜ ਦੇ ਸਟੈਂਡ ਤੇ ਅੜੇ ਹੋਏ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਪਾਰਲੀਮਾਨੀ ਸਿਆਸਤ ਵਿਚ ਤਾਂ ਪਹਿਲਾਂ ਹੀ ਮਾਰ ਖਾ ਚੁੱਕਾ ਸੀ ਹੁਣ ਸ਼ਰੋਮਣੀ ਕਮੇਟੀ ਦੀ ਸਿੱਖ ਸਿਆਸਤ ਦਰਵਾਜ਼ੇ ਵੀ ਇਸ ਲਈ ਬੰਦ ਹੋ ਗਏ ਨੇ।ਪਾਰਟੀ ਦੇ ਨਾਲ ਨਾਲ ਉਨ੍ਹਾ ਦੀ ਅਤੇ ਉਨ੍ਹਾ ਦੇ ਪੁੱਤਰ ਦੀ ਹਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਬਹੁਗਿਣਤੀ ਸਿੱਖ ਵੀ ਖਾਲਿਸਤਾਨੀ ਵਿਚਾਰਧਾਰਾ ਨੂੰ ਵਾਰ ਵਾਰ ਰੱਦ ਕਰ ਚੁੱਕੇ ਹਨ।

ਦਿਲਚਸਪ ਪਹਿਲੂ ਇਹ ਵੀ ਹੈ ਕਿ ਦੂਜੇ ਪਾਸੇ ਗਰਮ ਖ਼ਿਆਲੀ ਸਮਝੀ ਜਾਂਦੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਵਿਰਾਸਤ ਵਾਲੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਅਤੇ ਉਨ੍ਹਾ ਦੀ ਅਗਵਾਈ ਹੇਠਲੇ ਸੰਤ ਸਮਾਜ ਨੂੰ ਬਾਦਲ ਦਲ ਨੇ ਆਪਣੇ ਕਲਾਵੇ ਵਿਚ ਲੈ ਲਿਆ ਹੈ।ਮਾਡਰੇਟ ਅਕਾਲੀ ਲੀਡਰਸ਼ਿਪ ਟਕਸਾਲੀ ਸੰਤ ਸਮਾਜ ਦੀ ਆਪਸੀ ਸਹਿਹੋਂਦ ਪਹਿਲੀ ਵਾਰੀ ਹੋਈ ਹੈ।ਅਕਾਲੀ ਦਲ ਲਈ ਇਸ ਨਵੇਕਲੇ ਸੁਮੇਲ ਦਾ ਸਫ਼ਲ ਨਤੀਜਾ ਸਾਹਮਣੇ ਹੈ ਹਾਲਾਂਕਿ ਧਾਰਮਿਕ ਮਰਿਆਦਾ ਪੱਖੋਂ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਲੀਡਰਸ਼ਿਪ ਨੂੰ ਕਾਫ਼ੀ ਸਮਝੌਤਾਵਾਦੀ ਕੀਮਤ ਚੁਕਾਉਣੀ ਪਈ ਹੈਇਸ ਚੋਣ ਨਤੀਜੇ ਨਾਲ ਬਾਦਲ ਦਲ ਦੇ 150 ਦੇ ਕਰੀਬ ਨੇਤਾਵਾਂ ਨੂੰ ਸੱਤਾ ਦਾ ਪ੍ਰਤੀਕ ਇੱਕ ਅਹੁਦਾ ਮਿਲ ਗਿਆ ਜੋ ਅਗਲੇ ਦਿਨਾਂ ਵਿਚ ਦਲ ਲਈ ਇੱਕ ਫੋਰਸ ਦਾ ਕੰਮ ਵੀ ਕਰਨਗੇ ਤੇ ਵਿਧਾਨ ਸਭਾ ਦੀ ਉਮੀਦਵਾਰੀ ਦੇ ਦਾਅਵੇਦਾਰ ਵੀ ਨਹੀਂ ਰਹਿਣਗੇ।

ਅਮਰਿੰਦਰ ਅਤੇ ਮਨਪ੍ਰੀਤ ਵੀ ਉਲਝੇ

ਕਾਂਗਰਸ ਪਾਰਟੀ ਵੱਲੋਂ ਇਨ੍ਹਾ ਚੋਣਾ ਵਿਚ ਹਿੱਸਾ ਨਾ ਲੈਣ ਦੇ ਬਾਵਜੂਦ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਹਿਜਧਾਰੀ ਵੋਟਾਂ, ਗੁਰਦੁਆਰਾ ਪਰਬੰਧ ਅਤੇ ਚੋਣ ਪ੍ਰਕਿਰਿਆ ਬਾਰੇ ਲਗਾਤਾਰ ਆਪਣਾ ਪ੍ਰਤੀਕਰਮ ਬਿਆਨਾ ਰਹੀ ਜ਼ਾਹਰ ਕਰਦੇ ਆ ਰਹੇ ਨੇ ਜਿਵੇਂ ਚੋਂ ਲੜਨ ਵਾਲੀ ਕੋਈ ਧਿਰ ਕਰਦੀ ਹੈ।ਆਪਣੇ ਆਪ ਨੂੰ ਸਿੱਖ ਮੁੱਦਿਆਂ ਨਾਲ ਜੋੜਨ ਦਾ ਉਨ੍ਹਾ ਦਾ ਇਹ ਸੁਭਾਵਕ ਪੈਤੜਾ , ਵਿਧਾਨ ਸਭ ਚੋਂ ਪੱਖੋਂ ਸਿਆਸੀ ਤੌਰ ਤੇ ਲਾਹੇਵੰਦ ਹੋਵੇਗਾ ਜਾਂ ਨੁਕਸਾਨਦੇਹ,ਇਸ ਬਾਰੇ ਕਾਂਗਰਸੀ ਵੀ ਇਕਮੱਤ ਨਹੀਂ , ਪਰ ਬਾਦਲ ਵਿਰੋਧੀ ਧੜਿਆਂ ਨੂੰ ਸ਼ਰੋਮਣੀ ਕਮੇਟੀ ਚੋਣ ਵਿਚ ਇਸਦਾ ਨੁਕਸਾਨ ਜ਼ਰੂਰ ਹੋਇਆ।ਅਮਰਿੰਦਰ ਸਿੰਘ ਦੇ ਇਸ ਰੁੱਖ ਅਤੇ ਸਹਿਜਧਾਰੀ ਵੋਟ ਮੁੱਦੇ ,ਅਨੰਦ ਮੈਰਿਜ ਐਕਟ ਬਾਰੇ ਮਨਮੋਹਨ ਸਰਕਾਰ ਦੀ ਨਾਲਾਇਕੀ ਕਰਨ ਪੈਦਾ ਹੋਏ ਭੰਬਲਭੂਸੇ ਕਰਨ ਅਕਾਲੀ ਨੇਤਾਵਾਂ ਨੂੰ ਇਹ ਪਰਚਾਰਨ ਦਾ ਮੌਕਾ ਮਿਲ ਗਿਆ ਕਿ ਕਾਂਗਰਸ ਪਾਰਟੀ ਹੀ ਅਕਾਲੀ ਦਲ ਦੇ ਮੁਕਾਬਲੇ ਖੜ੍ਹੀ ਹੈ।

ਇਨ੍ਹਾ ਚੋਂ ਨਤੀਜਿਆਂ ਦਾ ਸਿਆਸੀ ਨੁਕਸਾਨ ਪੰਜਾਬ ਪੀਪਲਜ਼ ਪਾਰਟੀ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਹੋਇਆ।ਉਨ੍ਹਾਂ ਦੀ ਪਾਰਟੀ ਵੀ ਇਸ ਚੋਣ ਵਿਚ ਸਿੱਧੇ ਤੌਰ ਤੇ ਹਿੱਸਾ ਨਹੀਂ ਸੀ ਲੈ ਰਹੀ ਪਰ ਫਿਰ ਵੀ ਉਹ ਅਤੇ ਉਨ੍ਹਾ ਦੇ ਸਾਥੀ ਮਾਲਵੇ ਦੇ ਕੁਝ ਹਲਕਿਆਂ ਵਿਚ ਬਾਦਲ -ਵਿਰੋਧੀ ਉਮੀਦਵਾਰਾਂ ਦੇ ਸਰਗਰਮ ਹਮਾਇਤੀਆਂ ਵੱਜੋਂ ਸਾਹਮਣੇ ਆਏ। ਮਨਪ੍ਰੀਤ ਦੇ ਗੜ੍ਹ ਸਮਝੇ ਜਾਂਦੇ ਗਿੱਦੜਬਾਹਾ , ਮਲੋਟ ਅਤੇ ਮੁਕਤਸਰ ਦੇ ਦੋਦਾ ਵਰਗੇ ਹਲਕਿਆਂ ਵਿਚ ਬਾਦਲ ਦਲ ਦੇ ਉਮੀਦਵਾਰਾਂ ਦੀ ਹੋਈ ਰਿਕਾਰਡ ਤੋੜ ਜਿੱਤ ਦਾ ਮਾੜਾ ਸਿਆਸੀ ਪਰਛਾਵਾਂ ਪੈਣਾ ਕੁਦਰਤੀ ਸੀ।ਗਿੱਦੜਬਾਹੇ ਵਿੱਚੋਂ ਬਾਦਲ ਦਲ ਦਾ ਉਮੀਦਵਾਰ ਗੁਰਪਾਲ ਸਿੰਘ ਗੋਰਾ 35 ਹਾਜ਼ਰ ਵੋਟਾਂ ਦੇ ਰਿਕਾਰਡ ਫ਼ਰਕ ਨਾਲ ਜੇਤੂ ਰਿਹਾ ਹੈ।

ਵਿਧਾਨ ਸਭਾ ਚੋਣਾ ਤੇ ਅਸਰ

ਪੰਜਾਬ ਕਾਂਗਰਸ ਦੇ ਨੇਤਾਵਾਂ , ਮਨਪ੍ਰੀਤ ਬਾਦਲ, ਪਰਮਜੀਤ ਸਿੰਘ ਸਰਨਾ ਅਤੇ ਹੋਰ ਬਾਦਲ ਵਿਰੋਧੀ ਆਗੂ ਜੇਕਰ ਇਹੀ ਸਮਝਦੇ ਨੇ ਕਿ ਬਾਦਲ ਦਲ ਨੇ ਸਿਰਫ਼ ਧੱਕੇ ਅਤੇ ਬੇਨਿਯਮੀਆਂ (ਕੁਝ ਹੱਦ ਤੱਕ ਉਹ ਸਹੀ ਵੀ ਹਨ) ਦੇ ਸਿਰ ਤੇ ਚੋਣ ਜਿੱਤੀ ਹੈ ਤਾਂ ਉਹ ਵੱਡੀ ਗ਼ਲਤਫ਼ਹਿਮੀ ਵਿੱਚ ਨੇ।

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਚੋਣਾ ਵਿਚ ਅਕਾਲੀ ਦਲ ਦੀ ਹੋਈ ਰਿਕਾਰਡ ਜਿੱਤ ਤੋਂ ਇਹ ਨਤੀਜਾ ਕੱਢਣਾ ਅਨਾੜੀਪਣ ਹੋਏਗਾ ਜਾਂ ਸਿਰੇ ਦੀ ਬੇਸਮਝੀ ਕਿ ਇਹੀ ਰੁਝਾਨ ਵਿਧਾਨ ਸਭਾ ਚੋਣਾਂ ਵਿਚ ਵੀ ਰਹੇਗਾ [ਇਸ ਚੋਣ ਨੂੰ ਵਿਧਾਨ ਸਭਾ ਦਾ ਸੈਮੀ- ਫਾਈਨਲ ਕਰਾਰ ਦੇਣਾ ਹਕੀਕਤ ਤੋਂ ਮੁਨਕਰ ਹੋਣਾ ਹੈ.ਇਹ ਠੀਕ ਹੈ ਕਿ ਉੱਪਰ ਤੋਂ ਹੇਠਾਂ ਤੱਕ ਅਕਾਲੀ ਦਲ ਦੀ ਲਾਮਬੰਦੀ ਹੋ ਗਈ ਹੈ ਅਤੇ ਸਮੁੱਚੀ ਪਾਰਟੀ ਚੜ੍ਹਦੀ ਕਲਾ ਦੇ ਰੌਂ ਨਾਲ ਚੋਣ ਮੈਦਾਨ ਵਿਚ ਕੁੱਦੇਗੀ।ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਚੋਣ ਸਿਰਫ਼ ਕੇਸਾਧਾਰੀ ਸਿੱਖ ਵੋਟਰਾਂ ਵਿਚ ਹੋਈ ਹੈ । ਪੰਜਾਬ ਵੋਟਰਾਂ ਦੀ ਕੁੱਲ ਗਿਣਤੀ 52 ਲੱਖ ਦੇ ਕਰੀਬ ਸੀ ਜਿਸ ਵਿਚੋਂ 65 ਫ਼ੀਸਦੀ ਦੇ ਕਰੀਬ ਵੋਟਾਂ ਭੁਗਤੀਆਂ ਹਨ।ਜਦੋਂ ਕਿ ਵਿਧਾਨ ਸਭ ਚੋਂ ਲਈ ਪੰਜਾਬ ਦੇ ਕੁੱਲ ਗਿਣਤੀ 1 ਕਰੋੜ 69 ਲੱਖ ਦੇ ਕਰੀਬ ਹੈ ।ਇਸ ਤਰ੍ਹਾਂ ਸ਼ਰੋਮਣੀ ਕਮੇਟੀ ਲਈ ਬਣੀ ਕੁੱਲ ਸਿੱਖ ਵੋਟ , ਵਿਧਾਨ ਸਭਾ ਦੀਆਂ ਕੁੱਲ ਵੋਟਾਂ ਦੇ ਤੀਜੇ ਹਿੱਸੇ ਤੋਂ ਘੱਟ ਹੈ।ਫੇਰ ਸਿੱਖ ਵੋਟ ਵਿੱਚੋਂ ਵੀ ਇੱਕ ਹਿੱਸਾ ਬਾਦਲ ਵਿਰੋਧੀ ਉਮੀਦਵਾਰਾਂ ਨੂੰ ਮਿਲਿਆ ਹ ਅਤੇ ਕੁਝ ਹਲਕਿਆਂ ਵਿਚ ਜਿੱਤ ਦਾ ਫ਼ਰਕ ਕਾਫ਼ੀ ਥੋੜ੍ਹਾ ਹੈ।ਵੋਟ ਗਿਣਤੀ ਤੋਂ ਇਲਾਵਾ ਵੀ ਵਿਧਾਨ ਸਭਾ ਚੋਣਾ ਦਾ ਘੇਰਾ ਬਹੁਤ ਵਿਸ਼ਾਲ ਹੁੰਦੈ।ਉਦੋਂ ਚੋਣ ਮੁੱਦੇ ਵੀ ਵੱਖਰੇ ਹੋਣਗੇ। ਉਸ ਵੇਲੇ ਸਾਰੀ ਸਰਕਾਰੀ ਮਸ਼ੀਨਰੀ ਭਾਰਤੀ ਚੋਣ ਕਮਿਸ਼ਨ ਦੇ ਕੰਟਰੋਲ ਅਤੇ ਨਿਗਰਾਨੀ ਹੇਠ ਹੁੰਦੀ ਹੈ।ਅਜਿਹੀ ਹਾਲਤ ਵਿਚ ਮੌਜੂਦਾ ਸਰਕਾਰ ਦਾ ਸਿਆਸੀ ਅਤੇ ਪ੍ਰਸ਼ਾਸ਼ਨਿਕ ਦਾਬਾ ਅਤੇ ਧੌਂਸ ਵੀ ਨਹੀਂ ਰਹਿੰਦੀ।ਸਰਕਾਰ ਅਤੇ ਨੇਤਾਵਾਂ ਨਾਲ ਗ਼ੁੱਸੇ -ਗਿਲੇ ਅਤੇ ਸਰਕਾਰੀ ਧੱਕੇ-ਧੋੜੇ ਜਾਂ ਲਾਪਰਵਾਹੀ ਦਾ ਸ਼ਿਕਾਰ ਹੋਏ ਲੋਕਾਂ ਵਿਚ ਪੈਦਾ ਹੋਈ ਸਥਾਪਤੀ ਵਿਰੋਧੀ ਭਾਵਨਾ ਵੀ ਅਹਿਮ ਰੋਲ ਨਿਭਾਉਂਦੀ ਹੈ।ਵਿਧਾਨ ਸਭਾ ਚੋ ਮੌਕੇ ਸਿਆਸੀ ਪਾਲੇਬੰਦੀ ਵੀ ਵੱਖਰੀ ਕਿਸਮ ਦੀ ਹੁੰਦੀ ਹੈ।ਇਹ ਚੋਣ ਨਤੀਜੇ ਵਿਰੋਧੀ ਧਿਰ ਅਤੇ ਖ਼ਾਸ ਕਰਕੇ ਪੰਜਾਬ ਕਾਂਗਰਸ ਦੀ ਅੰਦਰੂਨੀ ਹਾਲਾਤ ਅਤੇ ਇਸ ਵਲੋਂ ਕੀਤੀ ਜਾਣ ਵਾਲੀ ਸਿਆਸੀ ਪਹਿਲਕਦਮੀ ਤੇ ਵੀ ਨਿਰਭਰ ਕਰਦੇ ਹਨ।ਪਰ ਫਿਰ ਵੀ ਸ਼ਰੋਮਣੀ ਕਮੇਟੀ ਦੇ ਨਤੀਜਿਆਂ ਤੋਂ ਸਿਆਸੀ ਹਲਕਿਆਂ ਅਤੇ ਖ਼ਾਸ ਕਰਕੇ ਅਫ਼ਸਰਸ਼ਾਹੀ ਵਿੱਚ ਵਿਧਾਨ ਸਭਾ ਚੋਣਾ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।ਕੁਝ ਅਫ਼ਸਰਾਂ ਨੇ ਤਾਂ ਵੱਡੇ ਅਤੇ ਛੋਟੇ ਬਾਦਲ ਅੱਗੇ ਮੁੜ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ ਹੈ।ਇਸ ਲਈ ਅਜੇ ਵਿਧਾਨ ਸਭਾ ਚੋਣਾ ਦੇ ਮਾਹੌਲ ਅਤੇ ਸਿੱਟਿਆਂ ਬੜੇ ਕੋਈ ਅਨੁਮਾਨ ਲਾਉਣਾ ਠੀਕ ਨਹੀਂ।

ਬਲਜੀਤ ਬੱਲੀ
ਸੰਪਾਦਕੀ ਸਲਾਹਕਾਰ
ਪੀ ਟੀ ਸੀ ਨਿਊਜ਼
ਚੰਡੀਗੜ੍ਹ

Wednesday, September 21, 2011

ਬੁਸ਼-ਓਬਾਮਾ ਦੀ ਤਰਜ਼ ਉਤੇ ਮਨਮੋਹਨ-ਮੋਦੀ

ਨਰਿੰਦਰ ਮੋਦੀ ਨੇ ਸਰਵਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਗੁਜਰਾਤੀਆਂ ਦੇ ਨਾਮ ਖੁੱਲ੍ਹਾ ਖ਼ਤ ਲਿਖਿਆ ਅਤੇ ਆਪਣੇ ਜਨਮ ਦਿਨ ਮੌਕੇ ਤਿੰਨ ਦਿਨਾਂ ਦੇ ਵਰਤ ਦਾ ਆਲੀਸ਼ਾਨ ਸਮਾਗਮ ਕੀਤਾ। ਭਾਜਪਾ ਦੇ ਕੱਦਾਵਰ ਆਗੂਆਂ ਦੇ ਨਾਲ-ਨਾਲ ਪੱਕੀਆਂ ਭਾਈਵਾਲ ਪਾਰਟੀਆਂ ਦੇ ਆਗੂ ਇਸ ਮੌਕੇ ਅਹਿਮਦਾਬਾਦ ਪਹੁੰਚੇ। ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਵਾਅਦਾ ਕਰ ਕੇ ਨਹੀਂ ਪਹੁੰਚ ਸਕੀ ਪਰ ਦੂਜੇ ਤਾਮਿਲ ਆਗੂਆਂ ਨੇ ਉਸ ਦੀ ਨੁਮਾਇੰਦਗੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ੂਨ ਤੋਂ ਪਕੇਰੀ ਪਰਿਵਾਰਕ ਸਾਂਝ ਦਾ ਸਬੂਤ ਦੇਣ ਪਹੁੰਚੇ। ਭਾਜਪਾ ਦੇ ਟਕਸਾਲੀ ਆਗੂ ਐਲ.ਕੇ. ਅਡਵਾਨੀ ਨੇ ਅਮਰੀਕਾ ਦੇ ਗ੍ਰਹਿ ਮੰਤਰਾਲੇ ਦੀ ਰਪਟ ਆਪਣੇ ਬਲੌਗ ਉੱਤੇ ਛਾਪ ਦਿੱਤੀ ਜਿਸ ਵਿਚ ਨਰਿੰਦਰ ਮੋਦੀ ਦੀ ਗੁਜਰਾਤ ਦੇ ਕਾਮਯਾਬ ਮੁੱਖ ਮੰਤਰੀ ਵਜੋਂ ਸਿਫ਼ਤ ਕੀਤੀ ਗਈ ਹੈ। ਇਸ ਤਰ੍ਹਾਂ ਅਮਰੀਕਾ ਅਤੇ ਅਡਵਾਨੀ ਇਕਸੁਰ ਹੋ ਕੇ ਭਾਰਤ ਦੇ ਪ੍ਰਧਾਨਮੰਤਰੀ ਵਜੋਂ ਨਰਿੰਦਰ ਮੋਦੀ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਨਰਿੰਦਰ ਮੋਦੀ ਦੇ ਖੁੱਲ੍ਹੇ ਖ਼ਤ ਅਤੇ ਇਸ ਸਮਾਗਮ ਦੀ ਸਿਆਸਤ ਅਦਾਲਤੀ ਫ਼ੈਸਲੇ ਦਾ ਫ਼ੌਰੀ ਜਸ਼ਨ ਹੋਣ ਦੇ ਨਾਲ-ਨਾਲ ਚਿਰਕਾਲੀ ਵਿਉਂਤਬੰਦੀ ਦੀ ਠੋਸ ਪਹਿਲਕਦਮੀ ਜਾਪਦੀ ਹੈ।

ਅਦਾਲਤੀ ਫ਼ੈਸਲੇ, ਮੋਦੀ ਦੇ ਵਰਤ, ਮੀਡੀਆ ਮਸ਼ਕ ਅਤੇ ਅਮਰੀਕੀ ਕਵਾਇਦ ਇਸ ਵੇਲੇ ਫੈਲੀ ਬੇਤਰਤੀਬੀ ਵਿਚੋਂ ਉਘੜਦੀ ਤਰਤੀਬ ਦੀ ਦੱਸ ਪਾਉਂਦੇ ਹਨ। ਗੁਜਰਾਤ ਵਿਚ ਹੋਏ ਫਿਰਕੂ ਕਤਲੇਆਮ ਬਾਬਤ ਮੁਕੱਦਮਿਆਂ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ। ਗਵਾਹਾਂ ਉੱਤੇ ਦਬਾਅ, ਸਬੂਤ ਮਿਟਾਉਣ ਦੀ ਸਰਕਾਰੀ ਮਸ਼ਕ ਅਤੇ ਪੁਲੀਸ ਦੀ ਤਰਫ਼ਦਾਰੀ ਦੇ ਬਾਵਜੂਦ ਰਪਟਾਂ ਦਰਜ ਕਰਵਾਉਣ ਵਿਚ ਕਾਮਯਾਬ ਹੋਏ ਪੀੜਤਾਂ ਦੀ ਇਨਸਾਫ਼ ਲਈ ਭੱਜ-ਦੌੜ 2002 ਤੋਂ ਜਾਰੀ ਹੈ। ਸ਼ੁਰੂ ਤੋਂ ਹੀ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਗੁਜਰਾਤ ਤੋਂ ਬਾਹਰ ਕਰਨ ਦੀ ਮੰਗ ਹੁੰਦੀ ਰਹੀ ਹੈ। ਕੁਝ ਮਾਮਲਿਆਂ ਵਿਚ ਅਜਿਹਾ ਹੋਇਆ ਵੀ ਹੈ। ਇਸ ਦੌਰਾਨ ਸੀ.ਬੀ.ਆਈ. ਅਤੇ ਵਿਸ਼ੇਸ਼ ਜਾਂਚ ਟੀਮ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦੀਆਂ ਜਾਂਚਾਂ ਕੁਝ ਸਮੇਂ ਲਈ ਸਨਸਨੀ ਪੈਦਾ ਕਰਨ ਅਤੇ ਵਕਤੀ ਆਸ ਜਗਾਉਣ ਤੋਂ ਜ਼ਿਆਦਾ ਕੁਝ ਨਹੀਂ ਕਰ ਸਕੀਆਂ। ਮੁੱਖ ਮੰਤਰੀ ਨਰਿੰਦਰ ਖ਼ਿਲਾਫ਼ ਮੌਕੇ ਸਿਰ ਕਾਰਵਾਈ ਨਾ ਕਰਨ, ਦੰਗਿਆਂ ਨੂੰ ਨਜ਼ਰਅੰਦਾਜ਼ ਕਰਨ ਅਤੇ ਦੰਗਾਬਾਜ਼ਾਂ ਦੀ ਸਰਕਾਰੀ ਸਰਪ੍ਰਸਤੀ ਕਰਨ ਦੇ ਇਲਜ਼ਾਮ ਲਗਾਤਾਰ ਲੱਗਦੇ ਰਹੇ ਹਨ। ਇਸੇ ਦੌਰਾਨ ਗੁਜਰਾਤ ਦੀ ਔਰਤ ਤੇ ਬਾਲ ਕਲਿਆਣ ਮੰਤਰੀ ਮਾਇਆਬੇਨ ਕੋਦਨਾਨੀ ਨੂੰ ਕਈ ਦਿਨ ਮਫ਼ਰੂਰ ਰਹਿਣ ਤੋਂ ਬਾਅਦ ਪੁਲੀਸ ਹਵਾਲੇ ਹੋਣ ਪਿਆ। ਜਾਂਚਾਂ ਅਤੇ ਅਦਾਲਤੀ ਫ਼ੈਸਲਿਆਂ ਰਾਹੀਂ ਚੱਲ ਰਿਹਾ ਪਸ਼ੇਮਾਨੀਆਂ ਅਤੇ ਰਾਹਤਾਂ ਦਾ ਦੌਰ ਪੀੜਤਾਂ ਲਈ ਇਨਸਾਫ਼ ਦਾ ਸਬੱਬ ਨਹੀਂ ਬਣ ਸਕਿਆ। ਇਸ ਦੌਰਾਨ ਦੋਵਾਂ ਧਿਰਾਂ ਨੂੰ ‘ਸੱਚ ਦੀ ਜਿੱਤ’ ਦਾ ਐਲਾਨ ਕਰਨ ਦੇ ਮੌਕੇ ਮਿਲੇ।

ਨਰਿੰਦਰ ਮੋਦੀ ਖ਼ਿਲਾਫ਼ ਲੋਕ ਸਭਾ ਦੇ ਸਾਬਕਾ ਮੈਂਬਰ ਅਹਿਸਾਨ ਜ਼ਾਫ਼ਰੀ ਦੀ ਵਿਧਵਾ ਜ਼ਕੀਆ ਜ਼ਾਫ਼ਰੀ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। ਅਹਿਸਾਨ ਜ਼ਾਫ਼ਰੀ ਨੂੰ ਅਹਿਮਦਾਬਾਦ ਦੀ ਗੁਲਬਰਗ ਸੁਸਾਇਟੀ ਦੇ ਕਤਲੇਆਮ ਦੌਰਾਨ ਕਤਲ ਕੀਤਾ ਗਿਆ ਸੀ। ਉਨ੍ਹਾਂ ਨੇ ਮਰਨ ਤੋਂ ਪਹਿਲਾਂ ਮੁੱਖ ਮੰਤਰੀ ਨਰਿੰਦਰ ਮੋਦੀ ਤੱਕ ਟੈਲੀਫੋਨ ਰਾਹੀਂ ਪਹੁੰਚ ਕੀਤੀ ਸੀ ਪਰ ਸਰਕਾਰ ਨੇ ਮੌਕੇ ਉੱਤੇ ਕਾਰਵਾਈ ਨਹੀਂ ਕੀਤੀ। ਨਤੀਜੇ ਵਜੋਂ ਅਹਿਸਾਨ ਜ਼ਾਫ਼ਰੀ ਸਮੇਤ 37 ਜੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਜਾਇਦਾਦ ਤਬਾਹ ਕਰ ਦਿੱਤੀ ਗਈ ਸੀ। ਜ਼ਕੀਆ ਜ਼ਾਫ਼ਰੀ ਨੇ ਇਸ ਮਾਮਲੇ ਵਿਚ ਮੋਦੀ ਖ਼ਿਲਾਫ਼ ਪੁਲੀਸ ਰਪਟ ਦਰਜ ਕਰਵਾਉਣ ਲਈ ਸਰਵਉੱਚ ਅਦਾਲਤ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਦੀ ਦਲੀਲ ਸੀ ਕਿ ਅਹਿਮਦਾਬਾਦ ਦੀ ਅਦਾਲਤ ਤੋਂ ਮੋਦੀ ਦੇ ਅਸਰ-ਰਸੂਖ਼ ਤੇ ਰੁਤਬੇ ਕਾਰਨ ਨਿਰਪੱਖਤਾ ਦੀ ਆਸ ਨਹੀਂ ਕੀਤੀ ਜਾ ਸਕਦੀ। ਸਰਵਉੱਚ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਤਬਦੀਲ ਨਾ ਕਰਨ ਦਾ ਫ਼ੈਸਲਾ ਸੁਣਾਇਆ ਹੈ ਅਤੇ ਸੈਸ਼ਨ ਅਦਾਲਤ ਨੂੰ ਅਗਲੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ। ਇਸ ਫ਼ੈਸਲੇ ਨਾਲ ਬੁਨਿਆਦੀ ਮਾਮਲਾ ਜਿਉਂ ਦਾ ਤਿਉਂ ਕਾਇਮ ਹੈ। ਨਰਿੰਦਰ ਮੋਦੀ ਨੇ ਇਸ ਫ਼ੈਸਲੇ ਨੂੰ ਆਪਣੇ ਖੁੱਲ੍ਹੇ ਖ਼ਤ ਵਿਚ ‘ਗੁਜਰਾਤ ਵਿਚ ਗੰਧਲਾ ਮਾਹੌਲ ਪੈਦਾ ਕਰਨ ਵਾਲੇ ਬੇਬੁਨਿਆਦ ਇਲਜ਼ਾਮਾਂ ਦਾ ਅੰਤ’ ਕਰਾਰ ਦਿੱਤਾ ਹੈ। ਗੁਜਰਾਤ ਦੇ ਸਾਬਕਾ ਪੁਲੀਸ ਅਫ਼ਸਰ ਅਤੇ ਦੰਗਿਆਂ ਦੇ ਮਾਮਲੇ ਵਿਚ ਅਹਿਮ ਗਵਾਹ ਮੰਨੇ ਜਾਂਦੇ ਸੰਜੀਵ ਭੱਟ ਨੇ ਜਵਾਬੀ ਖੁੱਲ੍ਹੇ ਖ਼ਤ ਵਿਚ ਲਿਖਿਆ ਹੈ, “ਸਰਵਉੱਚ ਅਦਾਲਤ ਦੇ ਫ਼ੈਸਲੇ ਵਿਚ ਕੋਈ ਧੁੰਦਲਾ ਜਿਹਾ ਇਸ਼ਾਰਾ ਤੱਕ ਨਹੀਂ ਹੈ ਕਿ ਜ਼ਕੀਆ ਜ਼ਾਫ਼ਰੀ ਦੀ ਸ਼ਿਕਾਇਤ ਬੇਬੁਨਿਆਦ ਜਾਂ ਝੂਠੀ ਹੈ।” ਭੱਟ ਨੇ ਅਦਾਲਤ ਦੇ ਫ਼ੈਸਲੇ ਦੀ ਤਫ਼ਸੀਲ ਰਾਹੀਂ ਸਾਬਤ ਕੀਤਾ ਹੈ ਕਿ ਦਰਅਸਲ ਇਹ ਫ਼ੈਸਲਾ ਅਦਾਲਤੀ ਕਾਰਵਾਈ ਨੂੰ ਅੱਗੇ ਤੋਰਨ ਵਿਚ ਸਹਾਈ ਹੋਣ ਵਾਲਾ ਹੈ। ਬਾਅਦ ਵਿਚ ਭੱਟ ਨੇ ਟਿੱਪਣੀ ਕੀਤੀ ਹੈ, “ਛੇ ਕਰੋੜ ਗੁਜਰਾਤੀਆਂ ਵਿਚ ਸ਼ਾਮਿਲ ਹੋਣ ਦੇ ਨਾਤੇ ਮੈਨੂੰ ਇਸ ਗੱਲ ਦੀ ਤਕਲੀਫ਼ ਹੋਈ ਹੈ ਕਿ ਤੁਸੀਂ (ਨਰਿੰਦਰ ਮੋਦੀ) ਜਾਣੇ-ਅਣਜਾਣੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਆਪਣੇ ਨਿਸ਼ਾਨਿਆਂ ਦੀ ਪੂਰਤੀ ਲਈ ਤੁਸੀਂ ਝੂਠ ਦਾ ਆਸਰਾ ਲੈ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਹੋ। ਨਾਜ਼ੀਆਂ ਵੇਲੇ ਜਰਮਨ ਦੇ ਤਾਨਾਸ਼ਾਨ ਅਡੌਲਫ਼ ਹਿਟਲਰ ਦੇ ਸਭ ਤੋਂ ਨੇੜਲੇ ਸਾਥੀਆਂ ਵਿਚ ਗਿਣੇ ਜਾਂਦੇ ਪ੍ਰਾਪੇਗੰਡਾ ਮੰਤਰੀ ਪਾਲ ਜੌਸਫ਼ ਗੋਬਲਜ਼ ਨੂੰ ਇਸ ਕਵਾਇਦ ਦੀ ਮੁਹਾਰਤ ਸੀ। ਅਜਿਹੀ ਪ੍ਰਚਾਰ ਮੁਹਿੰਮ ਕੁਝ ਦੇਰ ਲਈ ਤਾਂ ਬਹੁਗਿਣਤੀ ਅਵਾਮ ਉੱਤੇ ਅਸਰਅੰਦਾਜ਼ ਹੋ ਸਕਦੀ ਹੈ। ਇਤਿਹਾਸ ਦੇ ਤਜਰਬੇ ਤੋਂ ਅਸੀਂ ਸਾਰੇ ਜਾਣਦੇ ਹਾਂ ਕਿ ਗੋਬਲਜ਼ੀ ਤਰਜ਼ ਦੇ ਪ੍ਰਚਾਰ ਨਾਲ ਸਦਾ ਲਈ ਸਮੁੱਚੇ ਅਵਾਮ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ।”

ਭੱਟ ਨੇ ਮੋਦੀ ਵਾਂਗ ਹੀ ਛੇ ਕਰੋੜ ਗੁਜਰਾਤੀਆਂ ਨੂੰ ਖੁੱਲ੍ਹਾ ਖ਼ਤ ਲਿਖਿਆ ਹੈ। ਉਸ ਨੇ ਲਿਖਿਆ ਹੈ, “ਮੈਂ ਤੁਹਾਡੇ ਇਸ ਅਹਿਸਾਸ ਨਾਲ ਸਹਿਮਤ ਹਾਂ ਕਿ ‘ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਹਰਿਆ ਜਾ ਸਕਦਾ‘। ਇਹ ਸਾਥੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ ਕਿਉਂਕਿ ਤੁਸੀਂ ਦਸਾਂ ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਹੋ ਅਤੇ ਮੈਂ 23 ਸਾਲ ਭਾਰਤੀ ਪੁਲੀਸ ਸੇਵਾ ਵਿਚ ਕੰਮ ਕੀਤਾ ਹੈ। ਮੰਦੇਭਾਗੀਂ ਮੈਂ 2002 ਦੇ ਉਨ੍ਹਾਂ ਦਿਨਾਂ ਦੌਰਾਨ ਤੁਹਾਡੇ ਨਾਲ ਸੇਵਾ ਨਿਭਾਅ ਰਿਹਾ ਸਾਂ ਜਦੋਂ ਨਫ਼ਰਤ ਦਾ ਨੰਗਾ ਨਾਚ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਵਿਚ ਹੋਇਆ ਸੀ। ਮੈਂ ਜਾਣਦਾ ਹਾਂ ਕਿ ਉਸ ਸਮੇਂ ਦੌਰਾਨ ਸਾਡੀ ਭੂਮਿਕਾ ਦੀਆਂ ਤਫ਼ਸੀਲਾਂ ਅਤੇ ਦਲੀਲਾਂ ਪੇਸ਼ ਕਰਨ ਲਈ ਇਹ ਢੁਕਵਾਂ ਮੰਚ ਨਹੀਂ ਹੈ। ਮੈਨੂੰ ਯਕੀਨ ਹੈ ਕਿ ਸਾਨੂੰ ਦੋਵਾਂ ਨੂੰ ਢੁਕਵੀਂ ਥਾਂ ਉੱਤੇ ਉਸ ਸਮੇਂ ਬਾਬਤ ਜਾਣਕਾਰੀ ਅਤੇ ਸਮਝ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਦਾ ਮੌਕਾ ਮਿਲੇਗਾ। ਉਸੇ ਥਾਂ ਉੱਤੇ ਅਸੀਂ ਗੁਜਰਾਤੀ ਸਿਆਸਤ ਵਿਚ ਗੁਝੀ ਨਫ਼ਰਤ ਦੀਆਂ ਪੇਚੀਦਗੀਆਂ ਖੋਲ੍ਹ ਸਕਾਂਗੇ।”

ਗੁਜਰਾਤੀਆਂ ਦੇ ਨਾਂ ਲਿਖੇ ਇਨ੍ਹਾਂ ਖੁੱਲ੍ਹੇ ਖ਼ਤਾਂ ਵਿਚ ਕੁਝ ਮਸਲੇ ਸਾਫ਼ ਹਨ। ਮੋਦੀ ਦਾ ਦਾਅਵਾ ਭਾਵੇਂ ਤੱਥਾਂ ਦੀ ਬੁਨਿਆਦ ਉੱਤੇ ਨਹੀਂ ਟਿਕਿਆ ਹੋਇਆ ਪਰ ਇਤਿਹਾਸ ਦਾ ਤਜਰਬਾ ਉਨ੍ਹਾਂ ਦੀ ਹਮਾਇਤ ਕਰਦਾ ਹੈ। ਉਹ ਜਾਣਦੇ ਹਨ ਕਿ ਅਜਿਹੇ ਮਾਮਲੇ ਅਦਾਲਤ ਦੇ ਤਕਨੀਕੀ ਨੁਕਤਿਆਂ ਤੱਕ ਮਹਿਦੂਦ ਰਹਿੰਦੇ ਹਨ ਅਤੇ ਅਸਰ-ਰਸੂਖ਼ ਵਾਲੇ ਸਿਆਸੀ ਬੰਦਿਆਂ ਦੀ ਵਕਤੀ ਤੌਣੀ ਦਾ ਸਬੱਬ ਤਾਂ ਬਣ ਸਕਦੇ ਹਨ ਪਰ ਘਾਤਕ ਨਹੀਂ ਹੋ ਸਕਦੇ। ਦਿੱਲੀ ਦੇ ਦੰਗਿਆਂ ਤੋਂ ਮੁੰਬਈ ਰਾਹੀਂ ਗੁਜਰਾਤ ਤੋਂ ਕੰਧਮਾਲ ਤੱਕ ਦਾ ਸਫ਼ਰ ਇਸੇ ਤਜਰਬੇ ਦੀਆਂ ਠੋਸ ਮਿਸਾਲਾਂ ਨਾਲ ਭਰਿਆ ਪਿਆ ਹੈ। ਇਸ ਵੇਲੇ ਦਿੱਲੀ ਦੰਗਿਆਂ ਦੇ ਅਹਿਮ ਮੁਲਜ਼ਮਾਂ ਦੇ ਮੁੰਡੇ ਕੇਂਦਰੀ ਮੰਤਰੀ ਹੋਣ ਤੱਕ ਦਾ ਸੁੱਖ ਮਾਣ ਰਹੇ ਹਨ।

ਇਸ ਵੇਲੇ ਮੋਦੀ ਭਾਵੇਂ ਗੁਜਰਾਤ ਦੇ ਮੁੱਖ ਮੰਤਰੀ ਹਨ ਪਰ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਹਨ। ਇਸ ਤੱਥ ਨੂੰ ਜਾਂਚ ਏਜੰਸੀਆਂ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨਜ਼ਰਅੰਦਾਜ਼ ਨਹੀਂ ਕਰਦੇ। ਮੋਦੀ ਨੂੰ ਯਕੀਨ ਹੈ ਕਿ ਕੁਝ ਤਕਨੀਕੀ ਨੁਕਤੇ ਉਨ੍ਹਾਂ ਲਈ ਵਕਤੀ ਪਸ਼ੇਮਾਨੀ ਦਾ ਸਬੱਬ ਤਾਂ ਬਣ ਸਕਦੇ ਹਨ ਪਰ ਕਿਸੇ ਘਾਤਕ ਨੁਕਸਾਨ ਦਾ ਕਾਰਨ ਨਹੀਂ ਬਣ ਸਕਦੇ। ਪੂਰੀ ਦੁਨੀਆਂ ਉੱਤੇ ਵਿਕਾਸ ਦਰ ਅਤੇ ਨਿਵੇਸ਼ ਦੇ ਵਾਧੇ ਨੂੰ ਚੰਗੇ ਰਾਜ ਪ੍ਰਬੰਧ ਦੇ ਗੁਣਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਅਗਵਾਈ ਵਿਚ ਅਵਾਮ ਨੂੰ ਖ਼ਪਤਕਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਹਾਲਾਤ ਵਿਚ ਇਨਸਾਫ਼, ਸਮਾਜਿਕ ਬਰਾਬਰੀ ਅਤੇ ਸਰਕਾਰੀ ਤਸ਼ੱਦਦ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਇਸੇ ਲਈ ਮੋਦੀ ਨੂੰ ਨਸਲਕੁਸ਼ੀ ਵਿਚ ਸ਼ਰੀਕ ਹੋਣ ਦੇ ਇਲਜ਼ਾਮਾਂ ਤਹਿਤ ਵੀਜ਼ਾ ਦੇਣ ਤੋਂ ਇਨਕਾਰ ਕਰ ਦੇਣ ਦਾ ਦਾਅਵਾ ਕਰਨ ਵਾਲੇ ਅਮਰੀਕੀ ਅਦਾਰੇ ਉਨ੍ਹਾਂ ਦਾ ਗੁਣਗਾਣ ਕਰ ਰਹੇ ਹਨ। ਜਦੋਂ ਮਿਤਸੂਵਿਸ਼ੀ ਅਤੇ ਜਨਰਲ ਮੋਟਰਜ਼ ਵਰਗੀਆਂ ਅਮਰੀਕੀ ਕੰਪਨੀਆਂ ਨੂੰ ਗੁਜਰਾਤ ਵਿਚ ਸਾਜ਼ਗਾਰ ਮਾਹੌਲ ਮੁਹੱਈਆ ਕੀਤਾ ਗਿਆ ਹੈ ਤਾਂ ਸ਼ੁਕਰਗੁਜ਼ਾਰ ਹੋਣਾ ਅਮਰੀਕਾ ਦਾ ਫ਼ਰਜ਼ ਬਣਦਾ ਹੈ। ਜੇ ਇਨ੍ਹਾਂ ਕੰਪਨੀਆਂ ਦੇ ਹਿੱਤਾਂ ਦੀ ਰਾਖੀ ਲਈ ‘ਜਮਹੂਰੀਅਤ ਦੀ ਬਹਾਲੀ’ ਅਤੇ ‘ਅਤਿਵਾਦ ਖ਼ਿਲਾਫ਼ ਜੰਗ’ ਦੇ ਨਾਂ ਉੱਤੇ ਹਮਲੇ ਕੀਤੇ ਜਾ ਸਕਦੇ ਹਨ ਤਾਂ ਘੱਟਗਿਣਤੀਆਂ ਦੇ ਕਤਲੇਆਮ ਨੂੰ ਨਜ਼ਰਅੰਦਾਜ਼ ਕਰਨਾ ਤਾਂ ਵੱਡੀ ਗੱਲ ਨਹੀਂ ਹੈ। ਮੋਦੀ ਨੇ ਕਾਰਪੋਰੇਟ ਜਗਤ ਲਈ ਰਿਆਇਤਾਂ ਅਤੇ ਛੋਟਾਂ ਦੇ ਖੁੱਲ੍ਹੇ ਗੱਫ਼ੇ ਵੰਡੇ ਹਨ। ਇਸੇ ਲਈ ਅਨਿਲ ਅੰਬਾਨੀ ਅਤੇ ਸੁਨੀਲ ਮਿੱਤਲ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਦਾਅਵੇਦਾਰੀ ਪੇਸ਼ ਕਰਦੇ ਹਨ। ਮੋਦੀ ਦੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਭਾਜਪਾ ਦੇ ਕੌਮੀ ਆਗੂ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਦੇ ਨੁਮਾਇੰਦੇ ਅਹਿਮਦਾਬਾਦ ਦੇ ਆਲੀਸ਼ਾਨ ਵਰਤ ਦੀ ਸ਼ੋਭਾ ਵਧਾਉਣ ਪਹੁੰਚਦੇ ਹਨ। ਅਮਰੀਕਾ ਉਨ੍ਹਾਂ ਦੀ ਭ੍ਰਿਸ਼ਟਾਚਾਰ ਮੁਕਤ ਰਾਜ ਮੁਹੱਈਆ ਕਰਨ ਅਤੇ ਕਾਰਪੋਰੇਟ ਲਈ ਸਾਜ਼ਗਾਰ ਬਣਾਉਣ ਲਈ ਸਿਫ਼ਤ ਕਰ ਰਿਹਾ ਹੈ। ਇਸ ਤਰ੍ਹਾਂ ਉਹ ਮੌਜੂਦਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਵਿਰੋਧੀ ਹੋਣ ਦੇ ਨਾਲ-ਨਾਲ ਮੁੱਦਈ ਹੋ ਨਿਬੜਦਾ ਹੈ।

ਇਸ ਨੁਕਤੇ ਨੂੰ ਬਾਰੀਕੀ ਨਾਲ ਸਮਝਣ ਲਈ ਅਮਰੀਕਾ ਵਿਚ ਗਿਆਰਾਂ ਸਤੰਬਰ 2001 ਦੇ ਅਤਿਵਾਦੀ ਹਮਲੇ ਦੀ ਦਸਵੀਂ ਵਰ੍ਹੇਗੰਢ ਦੇ ਸਮਾਗਮ ਮੌਕੇ ਅਖ਼ਬਾਰਾਂ ਵਿਚ ਬੁਸ਼ ਅਤੇ ਓਬਾਮਾ ਦੀਆਂ ਘਰਵਾਲੀਆਂ ਸਮੇਤ ਛਪੀ ਤਸਵੀਰ ਮਦਦਗ਼ਾਰ ਹੋ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਵਜੋਂ ਬਰਾਕ ਓਬਾਮਾ ਨੂੰ ਸਿਆਹਫਾਮ ਮੁਸਲਮਾਨ ਅਤੇ ਬੁਸ਼ ਦੇ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੇ ਰਾਜ ਦੌਰਾਨ ਅਮਰੀਕੀ ਵਿਦੇਸ਼ ਨੀਤੀ ਨੇ ਬੁਸ਼ ਦੇ ਦੌਰ ਤੋਂ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੈ। ਅਮਰੀਕਾ ਵਿਚ ਨਸਲਵਾਦ ਮਜ਼ਬੂਤ ਹੋਇਆ ਹੈ। ਅਮਰੀਕਾ ਵਿਚ ਸਿਆਹਫਾਮ, ਹਿਸਪੈਕਿਨ, ਮੁਸਲਮਾਨ ਅਤੇ ਪਰਵਾਸੀ ਤਬਕੇ ਸ਼ੱਕ ਦੇ ਸੁੰਗੜਦੇ ਘੇਰੇ ਵਿਚ ਆਏ ਹੋਏ ਹਨ। ਇਨ੍ਹਾਂ ਹਾਲਾਤ ਵਿਚ ਓਬਾਮਾ ਨੂੰ ਬੁਸ਼ ਦੇ ਵਿਰੋਧੀ ਵਜੋਂ ਨਹੀਂ ਸਗੋਂ ਡੈਮੋਕਰੇਟ ਹੁੰਦੇ ਹੋਏ ਵੀ ਰਿਪਬਲਿਕਨ ਪਾਰਟੀ ਦੀ ਲਗਾਤਾਰਤਾ ਵਿਚ ਵੇਖਿਆ ਜਾ ਸਕਦਾ ਹੈ। ਇਸੇ ਵਿਚਾਰ ਦੀ ਨੁਮਾਇੰਦਗੀ ਗਿਆਰਾਂ ਸਤੰਬਰ ਵਾਲੀ ਤਸਵੀਰ ਵਿਚੋਂ ਹੁੰਦੀ ਹੈ ਜੋ ਅਮਰੀਕੀ ਵਿਦੇਸ਼ ਤੇ ਘਰੇਲੂ ਨੀਤੀਆਂ ਦੀ ਲਗਾਤਾਰਤਾ ਦਰਸਾਉਣ ਲਈ ਢੁਕਵੇਂ ਸਮੇਂ ਤੇ ਸਥਾਨ ਦੀ ਚੋਣ ਕਰਦੀ ਹੈ। ਇਸੇ ਆਲਮੀ ਰੁਝਾਨ ਦੀ ਭਾਰਤੀ ਤੰਦ ਅਹਿਮਦਾਬਾਦ ਦੇ ਆਲੀਸ਼ਾਨ ਵਰਤ ਸਮਾਗਮ ਨਾਲ ਜੁੜੀ ਹੋਈ ਹੈ। ਭਾਜਪਾ ਦੀ ਅਕਸ ਬਦਲਣ ਦੀ ਮਸ਼ਕ ਬੁਨਿਆਦਪ੍ਰਸਤੀ ਨੂੰ ਗੌਣ ਮੁੱਦਾ ਬਣਾ ਕੇ ਵਿਕਾਸ ਨੂੰ ਤਰਜੀਹ ਦਿੰਦੀ ਜਾਪਦੀ ਹੈ। ਭਾਜਪਾ ਹੁਣ ਕੇਂਦਰ ਵਿਚ ਸਰਕਾਰ ਬਣਾਉਣ ਦੀ ਲਾਲਸਾ ਮਨਮੋਹਨ ਸਿੰਘ ਦੇ ਵਿਰੋਧ ਦੀ ਥਾਂ ਉਨ੍ਹਾਂ ਦੀ ਲਗਾਤਾਰਤਾ ਵਿਚੋਂ ਪੂਰੀ ਕਰਨਾ ਲੋਚਦੀ ਹੈ। ਇਸ ਮੌਕੇ ਸੱਤਾ ਸੁੱਖ ਦੇ ਇਕ ਨੁਕਾਤੀ ਟੀਚੇ ਤਹਿਤ ‘ਖ਼ੂਨ ਨਾਲੋਂ ਪਕੇਰੀ ਪਰਿਵਾਰਕ ਸਾਂਝ’ ਦਾ ਮੇਲ ਖੇਤਰੀ ਖੁਦਮੁਖ਼ਤਿਆਰੀ ਦੇ ਮੁੱਦੇ ਨੂੰ ਠੰਢੇ ਬਸਤੇ ਵਿਚ ਪਾ ਕੇ ਜੁੜਿਆ ਹੈ।

ਆਲਮੀ ਸਿਆਸਤ ਵਿਚ ਦਰੁਸਤ ਬਿਆਨਬਾਜ਼ੀ ਰਾਹੀਂ ਨਰਮਦਲੀ ਸੋਚ ਅਤੇ ਖੁੱਲ੍ਹਦਿਲੀ ਸਿਆਸੀ ਦਿੱਖ ਪੇਸ਼ ਕਰਨ ਦੀ ਲੋਕ ਸੰਪਰਕ ਮੁਹਿੰਮ ਭਾਰੂ ਹੈ। ਆਸਟਰੇਲੀਆਈ, ਉੱਤਰੀ ਅਮਰੀਕਾ ਅਤੇ ਯੂਰਪ ਦੀਆਂ ਸਰਕਾਰਾਂ ਲਗਾਤਾਰ ਸਭਿਆਚਾਰਕ ਵੰਨ-ਸਵੰਨਤਾ ਦਾ ਗੱਲ ਕਰਦੀਆਂ ਹਨ ਪਰ ਮੂੰਹਜ਼ੋਰ ਹੋ ਰਹੇ ਨਸਲੀ ਰੁਝਾਨ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਇਸ ਰੁਝਾਨ ਦੀ ਕੜੀ ਵਜੋਂ ਨਰਿੰਦਰ ਮੋਦੀ ਦੀ ਲੋਕ ਸੰਪਰਕ ਮੁਹਿੰਮ ਆਲੀਸ਼ਾਨ ਵਰਤ ਸਮਾਗਮ ਵਿਚ ਸਲੀਬਾਂ, ਕਲੰਦਰੀ ਟੋਪੀਆਂ ਅਤੇ ਬੁਰਕਿਆਂ ਦੀ ਨੁਮਾਇਸ਼ ਕਰਦੀ ਹੈ। ਲੋਕ ਸੰਪਰਕ ਮਹਿਕਮਾ ਘੱਟਗਿਣਤੀ ਦੇ ਨੁਮਾਇੰਦਿਆਂ ਦੀ ਇਨ੍ਹਾਂ ਨਿਸ਼ਾਨੀਆਂ ਸਮੇਤ ਨੁਮਾਇਸ਼ ਯਕੀਨੀ ਬਣਾਉਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਤਕਰੀਰ ਵੇਲੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲੱਗਦੇ ਹਨ। ਮੁਸਲਮਾਨਾਂ ਦੀ ਹਾਜ਼ਰੀ ਦਰਜ ਕਰਨ ਲਈ ਅੱਲਾ-ਹੂ-ਅਕਬਰ ਦੇ ਆਵਾਜ਼ੇ ਗੂੰਜਦੇ ਹਨ। ਇਸੇ ਦੌਰਾਨ ਦੰਗਿਆਂ ਦੇ ਅਤੁੱਲ ਵੈਦਿਆ ਅਤੇ ਜੈਦੀਪ ਪਟੇਲ ਵਰਗੇ ਮੁਲਜ਼ਮ ਸਮਾਗਮ ਵਿਚ ਹਾਜ਼ਰੀ ਭਰਦੇ ਹਨ। ਸੰਜੀਵ ਭੱਟ ਖ਼ਿਲਾਫ਼ ਸੂਬਾ ਸਰਕਾਰ ਵੱਲੋਂ ਦੋਸ਼ ਪੱਤਰ ਜਾਰੀ ਕੀਤਾ ਜਾਂਦਾ ਹੈ। ਸਮਾਗਮ ਦੇ ਬਾਹਰ ਰੋਹ ਪ੍ਰਗਟ ਕੀਤੇ ਜਾਣ ਦੀ ਸੰਭਾਵਨਾ ਖ਼ਤਮ ਕਰਨ ਲਈ ਦੰਗਾ ਪੀੜਤਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਉਰਦੂ ਅਖ਼ਬਾਰਾਂ ਵਿਚ ਸਰਕਾਰੀ ਇਸ਼ਤਿਹਾਰ ਮੋਦੀ ਦੇ ਵਰਤ ਨੂੰ ਰੋਜ਼ੇ ਕਰਾਰ ਦਿੰਦੇ ਹਨ। ਸ਼੍ਰੋਮਣੀ ਕਮੇਟੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰਨ ਵਾਲੇ ਅਤੇ ਰਾਜੀਵ ਗਾਂਧੀ ਦੇ ਕਤਲ ਵਿਚ ਮੁਜਰਮ ਕਰਾਰ ਦਿੱਤੇ ਤਾਮਿਲਾਂ ਦੀ ਸਜ਼ਾ ਘੱਟ ਕਰਵਾਉਣ ਲਈ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਵਾਲੇ ਮੋਦੀ ਦਾ ਗੁਣਗਾਣ ਕਰਦੇ ਹਨ। ਜਦੋਂ ਫਾਕੇ ਵਰਤਾੳੇਣ ਵਾਲੀ ਸਰਕਾਰ ਦੇ ਮੁਖੀ ਆਪਣੇ ਨੁਮਾਇਸ਼ੀ ਵਰਤਾਂ ਨੂੰ ਰੋਜ਼ੇ ਕਰਾਰ ਦਿੰਦੇ ਹਨ ਤਾਂ ਭੁੱਖਮਰੀ ਅਤੇ ਭੁੱਖ-ਹੜਤਾਲ ਨਾਲ ਕੋਝਾ ਮਜ਼ਾਕ ਹੁੰਦਾ ਹੈ। ਨਾਇਨਸਾਫ਼ੀ ਅਤੇ ਨਾਬਰਾਬਰੀ ਦੇ ਦੌਰ ਵਿਚ ਅਜਿਹੇ ਥਾਵਾਂ ਤੋਂ ਆਉਂਦੀ ਵੰਨ-ਸਵੰਨੇ ਜੈਕਾਰਿਆਂ ਦੀ ਆਵਾਜ਼ ਸਮਾਜਿਕ ਸਾਂਝ ਜਾਂ ਮਨੁੱਖੀ ਅਹਿਸਾਸ ਜਾਂ ਦਰਦਮੰਦੀ ਦੀ ਥਾਂ ਮੌਕਾਪ੍ਰਸਤਸਿਆਸੀ ਮੇਲ ਦੀ ਮੂੰਹਜ਼ੋਰ ਲੱਚਰਤਾ ਦੀ ਨੁਮਾਇੰਦਗੀ ਕਰਦੀ ਹੈ।

ਭੁੱਖ ਹੜਤਾਲ ਦਰਦਮੰਦੀ ਨੂੰ ਅੱਕਲਕਾਨ ਹੋ ਕੇ ਮਾਰੀ ਗਈ ਆਵਾਜ਼ ਹੈ। ਜਦੋਂ ਮਨੁੱਖ ਇਸ ਜੁਗਤ ਦੀ ਵਰਤੋਂ ਕਰਦਾ ਹੈ ਤਾਂ ਇਹ ਧਾਰਨਾ ਕਾਰਜਸ਼ੀਲ ਹੁੰਦੀ ਹੈ ਕਿ ਦਰਦਮੰਦੀ ਦੇ ਅਹਿਸਾਸ ਤਹਿਤ ਸੁਣਵਾਈ ਹੋਏਗੀ। ਜੇਲ੍ਹ ਸੁਧਾਰਾਂ ਦੇ ਇਤਿਹਾਸ ਵਿਚ ਭੁੱਖ ਹੜਤਾਲ ਸਭ ਤੋਂ ਕਾਰਗਰ ਹਥਿਆਰ ਸਾਬਤ ਹੋਈ ਹੈ। ਸਲਾਖਾਂ ਅਤੇ ਬੇੜੀਆਂ ਵਿਚ ਜਕੜਿਆ ਮਨੁੱਖ ਮੁਲਜ਼ਮ ਜਾਂ ਮੁਜਰਮ ਕਰਾਰ ਦਿੱਤਾ ਹੋਣ ਦੇ ਬਾਵਜੂਦ ਜੇਲ੍ਹ ਅੰਦਰ ਆਪਣੇ ਹਕੂਕ ਦੀ ਲੜਾਈ ਜਾਰੀ ਰੱਖ ਸਕਿਆ ਹੈ। ਜੇਲ੍ਹ ਸੁਧਾਰ ਅਤੇ ਭੁੱਖ ਹੜਤਾਲ ਦੇ ਖ਼ਾਸੇ ਬਾਬਤ ਉਘੜਵੀਆਂ ਮਿਸਾਲਾਂ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਸਵੈ-ਜੀਵਨੀ ‘ਜੀਵਨ ਸੰਗਰਾਮ’ ਵਿਚ ਦਰਜ ਕੀਤੀਆਂ ਹਨ। ਕਾਲੇ ਪਾਣੀ ਦੀ ਸਜ਼ਾ ਕੱਟਣ ਤੋਂ ਬਾਅਦ ਬਾਬਾ ਜੀ ਦਾ ਤਬਾਦਲਾ ਯਰਵਾਦਾ ਜੇਲ੍ਹ (ਪੂਨੇ) ਵਿਚ ਹੋਇਆ। ਉੱਥੇ ਸਿੱਖ ਕੈਦੀਆਂ ਨੂੰ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਹੋਣ ਦੇ ਬਾਵਜੂਦ ਪੱਗਾਂ ਅਤੇ ਕੱਛੇ ਉਤਾਰਨ ਦਾ ਹੁਕਮ ਸੁਣਾਇਆ ਗਿਆ। ਜਦੋਂ ਪੱਗਾਂ ਅਤੇ ਕੱਛੇ ਜ਼ਬਰਦਸਤੀ ਉਤਾਰੇ ਗਏ ਤਾਂ ਰੋਹ ਵਜੋਂ ਭੁੱਖ ਹੜਤਾਲ ਕਰ ਦਿੱਤੀ ਗਈ। ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਨੂੰ ਰੋਕਿਆ ਗਿਆ ਪਰ ਉਨ੍ਹਾਂ ਨੇ ਧਾਰਮਿਕ ਸਵਾਲ ਨੂੰ ਏਕਤਾ ਦੇ ਪੱਖ ਤੋਂ ਦੇਖਦਿਆਂ ਭੁੱਖ ਹੜਤਾਲ ਵਿਚ ਸ਼ਮੂਲੀਅਤ ਕੀਤੀ। ਦੂਜੀ ਮਿਸਾਲ ਲਾਹੌਰ ਜੇਲ੍ਹ ਦੀ ਹੈ ਜਿੱਥੇ ਭਗਤ ਸਿੰਘ ਆਪਣੇ ਸਾਥੀਆਂ ਸਮੇਤ ਕੈਦ ਸਨ। ਰਿਹਾਈ ਤੋਂ ਪਹਿਲਾਂ ਬਾਬਾ ਭਕਨਾ ਦਾ ਤਬਾਦਲਾ ਲਾਹੌਰ ਜੇਲ੍ਹ ਵਿਚ ਹੋ ਗਿਆ। ਭਗਤ ਸਿੰਘ ਹੋਰੀ ਸਿਆਸੀ ਕੈਦੀਆਂ ਦੇ ਹਕੂਕ ਲਈ ਭੁੱਖ ਹੜਤਾਲ ਕਰ ਰਹੇ ਸਨ। ਹਮਦਰਦ ਵਜੋਂ ਬਾਬਾ ਜੀ ਨੇ ਵੀ ਜੇਲ੍ਹ ਵਾਲਿਆਂ ਨੂੰ ਭੁੱਖ ਹੜਤਾਲ ਦਾ ਨੋਟਿਸ ਭੇਜ ਦਿੱਤਾ। ਬਾਬਾ ਜੀ ਦੇ ਸ਼ਬਦਾਂ ਵਿਚ “ਜਦ ਭਗਤ ਸਿੰਘ ਨੂੰ ਪਤਾ ਲੱਗਿਆ ਤਾਂ ਉਸ ਨੇ ਕਈ ਸੁਨੇਹੇ ਭੇਜੇ ‘ਬਾਬਾ ਜੀ, ਤੁਸੀਂ ਪਹਿਲਾਂ ਹੀ ਬਹੁਤ ਕਸ਼ਟ ਉਠਾ ਚੁੱਕੇ ਹੋ, ਹੁਣ ਭੁੱਖ ਹੜਤਾਲ ਨਾ ਕਰੋ।’ ਮੈਂ ਪਿਆਰ ਨਾਲ ਜਵਾਬ ਦਿੱਤਾ, ‘ਭਗਤ ਸਿੰਘ, ਜਦ ਤੁਸੀਂ ਨੌਜਵਾਨ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਕੁਰਬਾਨੀ ਦੇ ਰਹੇ ਹੋ ਤਾਂ ਮੈਂ ਬੁੱਢੀ ਉਮਰ ਵਿਚ ਜੋ ਖ਼ਤਮ ਹੋਣ ‘ਤੇ ਹੈ, ਬਾਹਰ ਬੈਠਾ ਕਿਸ ਤਰ੍ਹਾਂ ਤਮਾਸ਼ਾ ਦੇਖ ਸਕਦਾ ਹਾਂ?’ ਸੋ ਮੈਂ ਭੁੱਖ ਹੜਤਾਲ ਕਰ ਦਿੱਤੀ ਤੇ ਆਖ਼ਰ ਤੱਕ ਭੁੱਖ ਹੜਤਾਲ ਵਿਚ ਸ਼ਾਮਿਲ ਰਿਹਾ।”

ਇਨ੍ਹਾਂ ਮਿਸਾਲਾਂ ਵਿਚੋਂ ਸਪਸ਼ਟ ਹੈ ਕਿ ਭੁੱਖ ਹੜਤਾਲ ਉੱਤੇ ਬੈਠੇ ਮਨੁੱਖ ਦੀ ਹਾਲਤ ਦਰਦਮੰਦੀ ਦਾ ਅਹਿਸਾਸ ਜਗਾਉਂਦੀ ਹੈ। ਇਹ ਅਹਿਸਾਸ ਸਾਥੀਆਂ ਦੀ ਸਾਂਝ ਮਜ਼ਬੂਤ ਕਰਦਾ ਹੈ ਅਤੇ ਸਾਹਮਣੀ ਧਿਰ ਨੂੰ ਸੁਣਵਾਈ ਲਈ ਮਜਬੂਰ ਕਰਦਾ ਹੈ। ਜੇਲ੍ਹ ਵਿਚ ਕੈਦੀਆਂ ਦੀਆਂ ਬੀਮਾਰੀਆਂ ਅਤੇ ਹੋਰ ਤਕਲੀਫ਼ਾਂ ਨੂੰ ਨਜ਼ਰਅੰਦਾਜ਼ ਕਰਨ ਗਿੱਝਿਆ ਪ੍ਰੰਬਧਕੀ ਲਾਣਾ ਕੁਝ ਹਿਲਦਾ ਜ਼ਰੂਰ ਹੈ। ਸਿਆਸੀ ਮੰਚ ਤੋਂ ਬਿਨਾਂ ਭੁੱਖ ਹੜਤਾਲ ਬੇਮਾਅਨਾ ਹੈ। ਜੇ ਭੁੱਖ ਹੜਤਾਲੀ ਦੀ ਪਹੁੰਚ ਅਵਾਮ ਤੱਕ ਹੋਵੇਗੀ ਤਾਂ ਅਵਾਮੀ ਦਰਦਮੰਦੀ ਅਤੇ ਨੈਤਿਕ ਦਬਾਅ ਹੇਠ ਸਰਕਾਰ ਸੁਣਵਾਈ ਕਰੇਗੀ। ਸਮੇਂ ਦੇ ਨਾਲ ਸਰਕਾਰਾਂ ਨੇ ਇਸ ਨੈਤਿਕ ਪੈਂਤੜੇ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਦੌਰ ਵਿਚ ਤਾਂ ਸਰਕਾਰਾਂ ਅਵਾਮ ਨੂੰ ਖਪਤਕਾਰ ਵਜੋਂ ਦੇਖਦੀਆਂ ਤਾਂ ਉਨ੍ਹਾਂ ਦੀਆਂ ਤਕਲੀਫ਼ਾਂ (ਭੁੱਖ ਹੜਤਾਲਾਂ) ਸਰਕਾਰੀ ਦਰਦਮੰਦੀ ਦਾ ਸਬੱਬ ਕਿਵੇਂ ਬਣ ਸਕਦੀਆਂ ਹਨ? ਇਹ ਸ਼ਬਦ ਸਰਕਾਰੀ ਸ਼ਬਦਕੋਸ਼ਾਂ ਵਿਚੋਂ ‘ਲੋਕ ਕਲਿਆਣ’ ਅਤੇ ‘ਸਮਾਜਿਕ ਇਨਸਾਫ਼’ ਵਾਂਗ ਮਿਟਾ ਦਿੱਤਾ ਗਿਆ ਹੈ। ਹੁਣ ਸਰਕਾਰਾਂ ਅਖ਼ਤਿਆਰਾਂ ਦੀ ਬੋਲੀ ਸਮਝਦੀਆਂ ਹਨ। ਇਨ੍ਹਾਂ ਹਾਲਾਤ ਵਿਚ ਨੈਤਿਕਤਾ ਨਾਲ ਸਰਕਾਰੀ ਹੁੰਗਾਰੇ ਦਾ ਕੋਈ ਰਿਸ਼ਤਾ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਸ਼ਰਮੀਲਾ ਇਰੋਮ ਦਸ ਸਾਲਾਂ ਤੋਂ ਭੁੱਖ ਹੜਤਾਲ ਉੱਤੇ ਨਾ ਬੈਠੀ ਹੁੰਦੀ। ਇਨ੍ਹਾਂ ਹਾਲਾਤ ਵਿਚ ਮੋਦੀ ਦਾ ਆਲੀਸ਼ਾਨ ਵਰਤ ਕੀ ਮਾਅਨੇ ਰੱਖਦਾ ਹੈ?

ਵਰਤ ਨੂੰ ਤਿਆਗ ਅਤੇ ਆਪੇ ਨੂੰ ਕਾਬੂ ਵਿਚ ਕਰਨ ਦੀ ਜੁਗਤ ਵਜੋਂ ਰਿਸ਼ੀਆਂ-ਮੁਨੀਆਂ ਅਤੇ ਤਿਆਗੀਆਂ ਨੇ ਵਰਤਿਆ ਹੈ। ਇਹ ਉਨ੍ਹਾਂ ਦੇ ਟਿਚਿਆਂ ਨੂੰ ਸਿੱਧ ਕਰਨ ਵਿਚ ਕਾਮਯਾਬ ਵੀ ਹੋਇਆ ਹੈ। ਸਿਹਤਯਾਬੀ ਲਈ ਕਈ ਵਾਰ ਡਾਕਟਰ ਵਰਤ ਦੀ ਸਿਫ਼ਾਰਿਸ਼ ਕਰਦੇ ਹਨ ਜੋ ਮਰੀਜ਼ ਦੀ ਰਾਹਤ ਦਾ ਸਬੱਬ ਬਣਦੇ ਹਨ। ਇਸ ਤੋਂ ਬਿਨਾਂ ਵਰਤ ਨੂੰ ਗੁਰਬਾਣੀ ਵਿਚ ਪਾਖੰਡ ਕਰਾਰ ਦਿੱਤਾ ਗਿਆ ਹੈ। ਮੋਦੀ ਦੇ ਵਰਤ ਦਾ ਐਲਾਨੀਆ ਟੀਚਾ ਸਦਭਾਵਨਾ ਮਜ਼ਬੂਤ ਕਰਨਾ ਹੈ। ਜੇ ਮੋਦੀ ਦੇ ਵਰਤ ਨਾਲ ਸਦਭਾਵਨਾ ਮਜ਼ਬੂਤ ਹੁੰਦੀ ਹੈ ਤਾਂ ਉਨ੍ਹਾਂ ਅਤੇ ਮਨਮੋਹਨ ਸਿੰਘ ਦੀ ਸਹਿਮਤੀ ਨਾਲ ਚੱਲ ਰਹੀਆਂ ਨੀਤੀਆਂ ਇਹ ਕੰਮ ਜ਼ਿਆਦਾ ਕਾਰਗਰ ਢੰਗ ਨਾਲ ਕਰ ਸਕਦੀਆਂ ਸਨ। ਇਸ ਵੇਲੇ ਸਮੁੱਚੇ ਮੁਲਕ ਦੇ 77 ਫ਼ੀਸਦੀ ਲੋਕ 20 ਰੁਪਏ ਤੋਂ ਘੱਟ ਰੋਜ਼ਾਨਾ ਆਮਦਨ ਨਾਲ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਦੀ ਹਾਲਤ ਸਦੀਵੀ ਅੱਧ-ਭੁੱਖਮਰੀ ਵਾਲੀ ਹੈ। ਇਸ ਤਬਕੇ ਤੋਂ ਸਦਭਾਵਨਾ ਦੀ ਥਾਂ ਹਿੰਸਾ, ਲੁੱਟਮਾਰ ਅਤੇ ਬਦਜਨੀ ਦਾ ਖ਼ਦਸ਼ਾ ਜ਼ਿਆਦਾ ਮੰਨਿਆ ਜਾਂਦਾ ਹੈ। ਨੈਸ਼ਨਲ ਸੈਂਪਲ ਸਰਵੇਖਣ 2005-6 ਮੁਤਾਬਕ ਗੁਜਰਾਤ ਵਿਚ ਪੈਦਾ ਹੋਣ ਵਾਲੇ 22 ਫ਼ੀਸਦੀ ਬੱਚਿਆਂ ਦਾ ਵਜ਼ਨ ਢਾਈ ਕਿਲੋ ਤੋਂ ਘੱਟ ਹੁੰਦਾ ਹੈ। ਗੁਜਰਾਤ ਦੇ 4.5 ਫ਼ੀਸਦੀ ਬੱਚਿਆਂ ਨਾਲ ਟੀਕਾਕਰਨ ਨਾਲ ਕੋਈ ਵਾਹ ਨਹੀਂ ਪੈਂਦਾ ਅਤੇ 36.4 ਫ਼ੀਸਦੀ ਬੱਚਿਆਂ ਦਾ ਟੀਕਾਕਰਨ ਦਾ ਕਾਰਡ ਨਹੀਂ ਬਣਦਾ। ਟੀਕਾਕਰਨ ਦੇ ਘੇਰੇ ਵਿਚ 45.2 ਫ਼ੀਸਦੀ ਬੱਚੇ ਆਉਂਦੇ ਹਨ। ਵਿਦੇਸ਼ੀ ਨਿਵੇਸ਼ ਦੇ ਮਾਮਲੇ ਵਿਚ ਮੋਹਰੀ ਹੋਣ ਦੀਆਂ ਟਾਹਰਾਂ ਮਾਰਨ ਵਾਲੇ ਗੁਜਰਾਤ ਦਾ ਟੀਕਾਕਰਨ ਦੇ ਮਾਮਲੇ ਵਿਚ ਸੂਬਿਆਂ ਵਿਚ ਹੇਠੋਂ 10ਵਾਂ ਥਾਂ ਹੈ। ਕਪੋਸ਼ਣ ਕਾਰਨ ਛੇ ਸਾਲ ਤੋਂ ਘੱਟ ਉਮਰ ਵਿਚ ਗੁਜਰਾਤ ਦੇ 51.7 ਫ਼ੀਸਦੀ ਬੱਚਿਆਂ ਦਾ ਕੱਦ, 18.7 ਫ਼ੀਸਦੀ ਦਾ ਕੱਦ ਦੇ ਮੁਕਾਬਲੇ ਵਜ਼ਨ ਅਤੇ 44.6 ਫ਼ੀਸਦੀ ਦਾ ਉਮਰ ਦੇ ਮੁਕਾਬਲੇ ਵਜ਼ਨ ਘੱਟ ਹੈ। ਛੇ ਤੋਂ 59 ਮਹੀਨੇ ਦੀ ਉਮਰ ਦੇ 69.7 ਫ਼ੀਸਦੀ ਗੁਜਰਾਤੀ ਬੱਚੇ ਖ਼ੂਨ ਦੀ ਕਮੀ ਦਾ ਸ਼ਿਕਾਰ ਹਨ। ਗੁਜਰਾਤ ਵਿਚ 53.3 ਫ਼ੀਸਦੀ ਔਰਤਾਂ ਅਤੇ 22.2 ਫ਼ੀਸਦੀ ਮਰਦ ਖ਼ੂਨ ਦੀ ਕਮੀ ਦਾ ਸ਼ਿਕਾਰ ਹਨ। ਡਾ. ਵਿਨਾਇਕ ਸੈਨ ਕੁਪੋਸ਼ਣ ਨੂੰ ਮੌਜੂਦਾ ਦੌਰ ਦਾ ਸਭ ਤੋਂ ਘਾਤਕ ਪਰ ਨਜ਼ਰਅੰਦਾਜ਼ ਕੀਤਾ ਕਤਲੇਆਮ ਕਰਾਰ ਦਿੰਦੇ ਹਨ ਜਿਸ ਦੀਆਂ ਜੜ੍ਹਾਂ ਮੌਜੂਦਾ ਰਾਜਤੰਤਰੀ ਢਾਂਚੇ ਵਿਚ ਲੱਗੀਆਂ ਹੋਈਆਂ ਹਨ। ਇਨ੍ਹਾਂ ਹਾਲਾਤ ਵਿਚ ਆਲੀਸ਼ਾਨ ਵਰਤ ਸਮਾਗਮ ਦੇ ਕੀ ਮਾਅਨੇ ਹਨ?

ਅਮਰੀਕਾ ਵੱਲੋਂ ਮੋਦੀ ਦੀ ਗੁਜਰਾਤ ਵਿਚ ਭ੍ਰਿਸ਼ਟਾਚਾਰ ਮੁਕਤ ਰਾਜ ਮੁਹੱਈਆ ਕਰਨ ਲਈ ਤਾਰੀਫ਼, ਅੰਨਾ ਹਜ਼ਾਰੇ ਵੱਲੋਂ ਮੋਦੀ ਦੀ ਸਿਫ਼ਤ, ਵਿਸ਼ਵ ਬੈਂਕ ਵੱਲੋਂ ਆਲਮੀ ਪੱਧਰ ਉੱਤੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮਾਂ ਦੀ ਵਿੱਤੀ ਇਮਦਾਦ ਅਤੇ ਭਾਜਪਾ ਦੀ ਅਕਸ ਬਦਲੀ ਦੀ ਮਸ਼ਕ ਇਕੋ ਰੁਝਾਨ ਦੀਆਂ ਕੜੀਆਂ ਜਾਪਦੀਆਂ ਹਨ। ਮੌਜੂਦਾ ਇਕ ਧਰੁਵੀ ਆਲਮ ਵਿਚ ਆਗੂਆਂ, ਸਿਆਸੀ ਪਾਰਟੀਆਂ ਅਤੇ ਕੰਪਨੀਆਂ ਦੇ ਬਦਲ ਹਨ ਪਰ ਸਿਆਸੀ ਸੋਚ ਇਕੋ ਹੈ। ਮਨੁੱਖ ਦੀ ਖਪਤਕਾਰ ਵਜੋਂ ਪਛਾਣ ਨਾਲ ਜੁੜਿਆ ਰਾਜਤੰਤਰ ਸਾਰੇ ਸਿਆਸੀ ਇਤਫ਼ਰਕਿਆਂ ਨੂੰ ਮਿਟਾਉਣ ਲਈ ਮੁਨਾਫ਼ੇ ਅਤੇ ਵਿਕਾਸ ਦਰ ਦਾ ਰੰਦਾ ਫੇਰ ਰਿਹਾ ਹੈ। ਇਸ ਨਾਲ ਬੁਸ਼-ਓਬਾਮਾ ਦੀ ਤਰਜ਼ ਉੱਤੇ ਮਨਮੋਹਨ-ਨਰਿੰਦਰ ਮੋਦੀ ਦਾ ਫ਼ਰਕ ਮਿਟ ਗਿਆ ਹੈ। ਅਕਸ ਬਦਲੀ ਦੀ ਮਸ਼ਕ ਇਸ ਮਨਸੂਈ ਫ਼ਰਕ ਨੂੰ ਧੁੰਧਲਾ ਕਰਨ ਦਾ ਤਰਦੱਦ ਨਹੀਂ ਤਾਂ ਹੋਰ ਕੀ ਹੈ?

ਦਲਜੀਤ ਅਮੀ
ਲੇਖ਼ਕ ਪੰਜਾਬੀ ਟ੍ਰਿਬਿਊਨ ਦੇ ਅਸਿਸਟੈਂਟ ਐਡੀਟਰ ਰਹੇ ਹਨ ਤੇ ਪੰਜਾਬ ਦੇ ਜਾਣੇ ਪਛਾਣੇ ਦਸਤਾਵੇਜ਼ੀ ਫਿਲਮਸਾਜ਼ ਹਨ।