ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, October 28, 2010

ਔਰਤ ਦੀ ਸੁੰਦਰਤਾ ਦਾ ਸਿਆਸੀ ਅਰਥਸ਼ਾਸਤਰ

ਜੂਨ1991 ਵਿੱਚ ਸਵਰਗੀ ਨਰਸਿਮਹਾ ਰਾਓ ਦੇ ਪ੍ਰਧਾਨ ਮੰਤਰੀ ਅਤੇ ਡਾ. ਮਨਮੋਹਨ ਸਿੰਘ ਦੇ ਵਿੱਤ ਮੰਤਰੀ ਬਣਨ ਨਾਲ ਆਰਥਕ ਸੁਧਾਰਾਂ ਦੀ ਲਹਿਰ ਸ਼ੁਰੂ ਹੋਈ। ਸੁਧਾਰਾਂ ਦੀ ਲਹਿਰ ਤੋਂ ਪਹਿਲਾਂ ਕਿਸੇ ਦੇ ਚਿਤ ਚੇਤੇ ਵੀ ਨਹੀਂ ਹੋਵੇਗਾ ਕਿ ਸੁਸ਼ਮਿਤਾ ਸੇਨ, ਐਸ਼ਵਰਿਆ ਰਾਏ, ਮਨਪ੍ਰੀਤ ਬਰਾੜ, ਡਾਇਨਾ ਹੇਡਨ, ਯੁਕਤਾ ਮੁਖੀ, ਪ੍ਰਿਅੰਕਾ ਚੋਪੜਾ ਅਤੇ ਲਾਰਾ ਦੱਤਾ ਆਦਿ ਉਪਰੋਥਲੀ ਬ੍ਰਹਿਮੰਡੀ ਜਾਂ ਵਿਸ਼ਵ ਸੁੰਦਰੀਆਂ ਦੇ ਖਿਤਾਬ ਜਿੱਤ ਜਾਣਗੀਆਂ। ਸਿਆਣੇ ਲੋਕਾਂ ਲਈ ਇਹ ਕੋਈ ਅਚਨਚੇਤੀ ਘਟਨਾਵਾਂ ਨਹੀਂ, ਬਲਕਿ ਵਿਸ਼ਵ ਸਾਮਰਾਜ ਵੱਲੋਂ ਭਾਰਤੀ ਮੰਡੀ ਨੂੰ ਹਥਿਆਉਣ ਦੀਆਂ ਲੋੜਾਂ ਦਾ ਮੰਤਕੀ ਸਿੱਟਾ ਸਨ। ਅਜੀਬ ਤੱਥ ਇਹ ਵੀ ਹੈ ਕਿ 2000 ਤੋਂ ਬਾਅਦ ਭਾਰਤੀ ਸੁੰਦਰੀਆਂ ਕੌਮਾਂਤਰੀ ਮੁਕਾਬਲਿਆਂ ਵਿੱਚ ਟਿਕ ਨਹੀਂ ਪਾ ਰਹੀਆਂ। ਇਥੇ ਸੁੰਦਰਤਾ ਦੇ ਸਿਆਸੀ ਅਰਥਸ਼ਾਸਤਰ ਦੀ ਬਹੁਤ ਸੋਹਣੀ ਤਸਵੀਰ ਪੇਸ਼ ਹੋ ਰਹੀ ਹੈ। ਭਾਰਤ ਤਾਂ ਪਹਿਲਾਂ ਹੀ ਸਾਮਰਾਜੀਆਂ ਦੀ ਮੁੱਠੀ ਵਿੱਚ ਹੈ। ਇਥੇ ਸੁੰਦਰਤਾ ਦਾ ਕਾਰੋਬਾਰ 50000 ਕਰੋੜ ਸਾਲਾਨਾ ਰੁਪਏ ਦੇ ਕਰੀਬ ਪਹੁੰਚ ਚੁੱਕਿਆ ਹੈ।

ਜਦੋਂ ਗਲ ਵੱਢ ਮੁਕਾਬਲੇ ਵਿੱਚ ਕਰਨ ਲਈ ਕੁਝ ਨਾ ਬਚੇ ਤਾਂ ਇਨਸਾਨ ਦਾ ਸਸਤੇ ਮਨੋਰੰਜਨ ਲਈ ਅਜਿਹੀਆਂ ਪ੍ਰਵਿਰਤੀਆਂ ਵਿੱਚ ਭਟਕ ਜਾਣਾ ਗ਼ੈਰ-ਸੁਭਾਵਿਕ ਨਹੀਂ ਹੁੰਦਾ। ਸਾਡੇ ਦੇਸ਼ ਵਿੱਚ ਪਿਛਲੇ 20 ਕੁ ਸਾਲਾਂ ਤੋਂ ਔਰਤਾਂ ਦੇ ਸੁੰਦਰਤਾ ਮੁਕਾਬਲਿਆਂ ਦੀ ਨਵੀਂ ਲਹਿਰ ਉਠ ਰਹੀ ਹੈ। ਉਦਾਰੀਕਰਨ, ਵਿਸ਼ਵੀਕਰਨ ਅਤੇ ਖੁੱਲ੍ਹੀ ਮੰਡੀ ਦੀਆਂ ਨਸ਼ਿਆਈਆਂ ਹਾਕਮ ਜਮਾਤਾਂ ਦੇ ਨਾਲ-ਨਾਲ ਮੱਧ ਵਰਗ ਦਾ ਤਾਜ਼ਾ ਤਾਜ਼ਾ ਰੱਜਿਆ ਤਬਕਾ ਵੀ ਉਤਸ਼ਾਹ ਵਿੱਚ ਆਇਆ ਫਿਰਦਾ ਹੈ। ਇਸ ਦੇ ਨਾਲ ਹੀ ਦੁਨੀਆਂ ਭਰ ਅੰਦਰ ਅਜਿਹੇ ਸੁੰਦਰਤਾ ਮੁਕਾਬਲਿਆਂ ਦੇ ਖ਼ਿਲਾਫ਼ ਰੋਸ ਲਹਿਰ ਵੀ ਪਨਪ ਰਹੀ ਹੈ ਅਤੇ ਕਈ ਥਾਈਂ ਹਿੰਸਕ ਵਿਰੋਧ ਵੀ ਹੁੰਦੇ ਰਹੇ ਹਨ। ਮੁਕਾਬਲਿਆਂ ਦੇ ਪੱਖ ਅਤੇ ਵਿਰੋਧ ਵਿੱਚ ਬਹਿਸ ਚੱਲ ਰਹੀ ਹੈ।

ਸਾਲ 2010 ਦੇ ਵਿਸ਼ਵ ਸੁੰਦਰਤਾ ਮੁਕਾਬਲੇ ਲਈ ਸਾਬਕਾ ਸੁੰਦਰੀ ਪ੍ਰਿਅੰਕਾ ਚੋਪੜਾ ਨੂੰ ਜੱਜ ਥਾਪਣ ਨਾਲ ਅਤੇ ਉਸੇ ਮੁਕਾਬਲੇ ਵਿਚੋਂ ਭਾਰਤੀ ਸੁੰਦਰੀ ਪੂਜਾ ਚੋਪੜਾ ਦੇ ਪਹਿਲੇ ਸੱਤਾਂ ਵਿੱਚ ਨਾ ਆ ਸਕਣ ਨਾਲ ਸਾਡੇ ਦੇਸ਼ ਦੇ ‘‘ਸੁੰਦਰਤਾ ਪ੍ਰੇਮੀਆਂ’’ ਅੰਦਰ ਖ਼ੁਸ਼ੀ ਅਤੇ ਗ਼ਮ ਦੇ ਰਲੇ ਮਿਲੇ ਮਨੋਭਾਵ ਦੇਖਣ ਨੂੰ ਮਿਲੇ ਸਨ। ਇਹੋ ਜਿਹਾ ਹੀ ਬ੍ਰਹਿਮੰਡ ਸੁੰਦਰੀ ਮੁਕਾਬਲੇ ਵਿੱਚ ਉਸ਼ੋਸ਼ੀ ਸੇਨਗੁਪਤਾ ਅਤੇ ਸਮੁੰਦਰੀ ਤਟ ਸੁੰਦਰੀ ਦੇ ਮੁਕਾਬਲੇ ਵਿੱਚ ਭਾਰਤ ਦੀ ਮਨਸਵੀ ਮਾਮਗਈ ਨਾਲ ਵਾਪਰ ਚੁੱਕਿਆ ਹੈ। ਉਹ ਵੀ ਮੂਹਰਲੀਆਂ ਸੁੰਦਰੀਆਂ ਵਿੱਚ ਕਿਤੇ ਨੇੜੇ ਤੇੜੇ ਵੀ ਦਿਖਾਈ ਨਹੀਂ ਦਿੱਤੀਆਂ। ਅਸਲ ਵਿੱਚ ਉਨ੍ਹਾਂ ਨੂੰ ਜੇਤੂ ਕੱਢਣ ਦੀ ਬਜਾਏ ਹੁਣ ਹਿਊਗੋ ਚਾਵੇਜ਼ ਨੂੰ ਨੱਥਣ ਲਈ ਵੈਨਜੂਏਲਾ ਦੀਆਂ ਕੁੜੀਆਂ ਨੂੰ ਸੁੰਦਰੀਆਂ ਦੇ ਖਿਤਾਬ ਬਖ਼ਸ਼ਣੇ ਜ਼ਿਆਦਾ ਲਾਹੇਵੰਦ ਸਾਬਤ ਹੋ ਸਕਦੇ ਹਨ। ਇਸ ਵਾਰ ਮੈਕਸੀਕੋ ਦੀ ਮੁਟਿਆਰ ਨੂੰ ਬ੍ਰਹਿਮੰਡ ਸੁੰਦਰੀ ਦਾ ਖਿਤਾਬ ਬਖ਼ਸ਼ ਦੇਣ ਪਿੱਛੇ ਵੀ ਉਥੇ ਇਕ ਪਾਸੇ ਸੁੰਦਰਤਾ ਦੇ ਸ਼ਾਜੋਸਮਾਨ ਦੀ ਮੰਡੀ ਨੂੰ ਪ੍ਰਫੁਲਤ ਕਰਨਾ ਹੈ ਅਤੇ ਦੂਜੇ ਪਾਸੇ ਉਸ ਨੂੰ ਲਾਤੀਨੀ ਅਮਰੀਕਾ ਦੀ ਬੋਲੀਵਰੀਅਨ ਧਾਰਾ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਹੈ।

ਭਾਰਤ ਵਿੱਚ ਸੁੰਦਰ ਔਰਤਾਂ ਦਾ ਕਦੇ ਵੀ ਕਾਲ ਨਹੀਂ ਰਿਹਾ।ਅਸਲ ਵਿੱਚ ਸੁੰਦਰਤਾ ਦਾ ਕੋਈ ਬੱਝਵਾਂ ਸੰਕਲਪ ਨਾ ਤਾਂ ਅਜੇ ਸਾਹਮਣੇ ਆਇਆ ਹੈ ਅਤੇ ਨਾ ਹੀ ਆ ਸਕਦਾ ਹੈ। ਹਰ ਦੇਸ਼, ਹਰ ਸਮਾਜ ਦੇ ਸੁੰਦਰਤਾ ਬਾਰੇ ਆਪੋ ਆਪਣੇ ਸੰਕਲਪ ਹਨ। ਆਰੀਆ ਮੂਲ ਦੇ ਲੋਕਾਂ ਲਈ ਔਰਤ ਦੀ ਸੁੰਦਰਤਾ ਤਿੱਖੇ ਨੱਕ, ਹਿਰਨੀ ਵਰਗੀਆਂ ਅੱਖਾਂ, ਸੁਰਖ ਹੋਂਠ, ਗੁਲਾਬੀ ਗੱਲ੍ਹਾਂ, ਲੰਮੀ ਗਰਦਨ, ਮੋਟੇ ਪੱਟ ਅਤੇ ਲੰਮੀਆਂ ਉਂÎਗਲਾਂ ਹਨ। ਦ੍ਰਾਵਿੜ ਤੇ ਅਫ਼ਰੀਕਣ ਮੂਲ ਦੇ ਲੋਕਾਂ ਲਈ ਗੁੰਦਵੀਆਂ ਮੀਢੀਆਂ, ਘੁੰਗਰਾਲੇ ਵਾਲ, ਮੋਟੇ ਹੋਂਠ, ਸੁਡੌਲ ਤੇ ਗੁੰਦਵਾਂ ਸਰੀਰ ਆਦਿ ਰਹੇ ਹਨ। ਇਸੇ ਤਰ੍ਹਾਂ ਜਪਾਨ, ਕੋਰੀਆ ਅਤੇ ਚੀਨ ਵਰਗੀਆਂ ਪੀਲੀਆਂ ਕੌਮਾਂ ਵਿੱਚ ਨਿੱਕੇ ਪੈਰ, ਫਿੱਡੇ ਨੱਕ, ਅੰਦਰ ਧਸੀਆਂ ਨਿੱਕੀਆਂ ਅੱਖਾਂ, ਚੌੜੇ ਮੱਥੇ ਸੁੰਦਰਤਾ ਦੀ ਸਭ ਤੋਂ ਵਧੀਆ ਨਿਸ਼ਾਨੀ ਹੋ ਸਕਦੀ ਹੈ। ਇਨ੍ਹਾਂ ਵੱਖੋ- ਵੱਖਰੇ ਸੰਕਲਪਾਂ, ਸੱਭਿਆਚਾਰਾਂ ਦੇ ਹੁੰਦਿਆਂ ਭਲਾ ਕੋਈ ਵਿਸ਼ਵ ਸੁੰਦਰੀ ਕਿਵੇਂ ਬਣ ਸਕਦੀ ਹੈ? ਜੇ ਕੋਈ ਬਣਦੀ ਹੈ ਤਾਂ ਜ਼ਰੂੁਰ ਹੀ ਇਸ ਦੇ ਪਿੱਛੇ ਕੋਈ ਸਵਾਰਥੀ ਹਿਤ ਕੰਮ ਕਰਦੇ ਹੋਣਗੇ।

ਵਿਸ਼ਵ ਪੱਧਰ ’ਤੇ ਸੁੰਦਰਤਾ ਮੁਕਾਬਲਿਆਂ ਦੀ ਪਿਰਤ ਦੂਜੀ ਸੰਸਾਰ ਜੰਗ ਤੋਂ ਬਾਅਦ ‘ਠੰਢੀ ਜੰਗ’ ਦੇ ਦੌਰ ਵਿੱਚ ਪੈਂਦੀ ਹੈ। ਐਨ ਇਸੇ ਹੀ ਤਰ੍ਹਾਂ ਨੋਬਲ ਇਨਾਮ ਅਤੇ ਵੱਖੋ- ਵੱਖਰੇ ਦੇਸ਼ਾਂ ਵੱਲੋਂ ਆਪੋ ਆਪਣੇ ਰਾਸ਼ਟਰੀ ਇਨਾਮਾਂ ਦੀ ਵੀ। ਇਨ੍ਹਾਂ ਸਾਰੇ ਇਨਾਮਾਂ, ਅਹੁਦਿਆਂ ਵਿੱਚ ਇਕ ਗੱਲ ਸਾਂਝੀ ਹੁੰਦੀ ਹੈ ਕਿ ਇਹ ਸਥਾਪਤੀ ਦੀਆਂ ਸਿਆਸੀ ਆਰਥਕ ਲੋੜਾਂ ਵਿੱਚੋਂ ਨਿਕਲਦੇ ਹਨ ਅਤੇ ਸਥਾਪਤੀ ਨੂੰ ਸਦੀਵੀ ਸਥਿਰਤਾ ਪ੍ਰਦਾਨ ਕਰਨ ਦੇ ਮੰਤਵ ਦੀ ਪੂਰਤੀ ਕਰਦੇ ਹੁੰਦੇ ਹਨ। ਔਰਤਾਂ ਦੇ ਸੁੰਦਰਤਾ ਮੁਕਾਬਲਿਆਂ ਦੀ ਵੀ ਇਹੋ ਹੀ ਹੋਣੀ ਰਹੀ ਹੈ। ਅੱਸੀਵਿਆਂ ਦੇ ਅਖ਼ੀਰ ਤੱਕ ਸੁੰਦਰਤਾ ਮੁਕਾਬਲਿਆਂ ਦੇ ਫ਼ੈਸਲੇ ਅਮਰੀਕੀ ਖੇਮੇ ਦੇ ਵਿਕਸਤ ਪੂੰਜੀਵਾਦੀ ਦੇਸ਼ਾਂ ਜਾਂ ਉਨ੍ਹਾਂ ਦੇ ਅਧੀਨ ਦੇਸ਼ਾਂ ਦੀਆਂ ‘‘ਸੁੰਦਰੀਆਂ’’ ਦੇ ਪੱਖ ਵਿੱਚ ਜਾਂਦੇ ਰਹੇ ਹਨ।

ਸੁੰਦਰਤਾ ਦਾ ਦੇਸ਼ ਸਮਝੇ ਜਾਂਦੇ ਫਰਾਂਸ ਦੀ ਕਿਸੇ ਕੁੜੀ ਨੂੰ 1953 ਤੋਂ ਬਾਅਦ ਇਹ ਖਿਤਾਬ ਨਹੀਂ ਮਿਲਿਆ। ਰੂਸ, ਚੀਨ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਦੀਆਂ ਕੁੜੀਆਂ ਵੀ 1990ਵਿਆਂ ਤੱਕ ‘ਬਦਕਿਸਮਤ’ ਹੀ ਰਹੀਆਂ ਹਨ। ਭਾਰਤ ਨੂੰ ਛੱਡ ਕੇ ਬਾਕੀ ਦਾ ਪੂਰਾ ਏਸ਼ੀਆ, ਅਫ਼ਰੀਕੀ ਮਹਾਂਦੀਪ, ਅਰਬ ਜਗਤ ਵੀ ਤਰਸ ਦਾ ਪਾਤਰ ਦਿਖਾਈ ਦਿੰਦਾ ਹੈ। ਸੁੰਦਰਤਾ ਦੇ 60 ਸਾਲਾਂ ਦੇ ਇਤਿਹਾਸ ਵਿੱਚ 50 ਦੇ ਕਰੀਬ ਇਨਾਮ ਸਨਮਾਨ ਸਿਰਫ਼ ਉੱਤਰੀ ਤੇ ਦੱਖਣੀ ਅਮਰੀਕੀਆਂ ਦੇ ਹੱਕ ਵਿੱਚ ਗਏ ਹਨ। ਜੇ ਕਿਸੇ ਹੋਰ ਵਿਕਸਤ ਦੇਸ਼ ਦੀ ਕੁੜੀ ਸੁੰਦਰੀ ਬਣੀ ਹੋਵੇ, ਤਾਂ ਉਨ੍ਹਾਂ ਦੇਸ਼ਾਂ ਦੀ ਬਣੀ ਹੈ ਜੋ ਅਮਰੀਕੀ ਸਾਮਰਾਜ ਦੀ ਛੱਤਰੀ ਹੇਠਾਂ ਰਹੇ ਹਨ। ਵੈਨਜ਼ੂਏਲਾ ਇਸ ਦੀ ਸਭ ਤੋਂ ਵਧੀਆ ਮਿਸਾਲ ਹੈ, ਜਿਥੋਂ ਦੀਆਂ ਨੱਢੀਆਂ ਨੂੰ ਛੇ ਵਾਰ ਬ੍ਰਹਿਮੰਡ ਅਤੇ ਪੰਜ ਵਾਰ ਵਿਸ਼ਵ ਸੁੰਦਰੀਆਂ ਦਾ ਖਿਤਾਬ ਦਿੱਤਾ ਜਾ ਚੁੱਕਿਆ ਹੈ। ਹੁਣ ਸਾਜ਼ਿਸ਼ ਅਫ਼ਰੀਕੀ ਮਹਾਂਦੀਪ ਦੇ ਕਾਲੇ ਦੇਸ਼ਾਂ ਦੀਆਂ ਸੁੰਦਰੀਆਂ ਨੂੰ ਉਤਸ਼ਾਹਿਤ ਕਰਨ ਦੀ ਚੱਲ ਰਹੀ ਹੈ, ਕਿਉਂਕਿ ਇਨ੍ਹਾਂ ਦੇਸ਼ਾਂ ਨੂੰ ਚੀਨ ਦੇ ਚੁੰਗਲ ਵਿੱਚੋਂ ਕੱਢਣ ਦੀ ਲੋੜ ਆ ਪਈ ਹੈ।

ਨੱਬੇਵਿਆਂ ਵਿੱਚ ਆ ਕੇ ਸੰਸਾਰ ਪੱਧਰ ’ਤੇ ਇਕ ਇਤਿਹਾਸਕ ਘਟਨਾ ਵਾਪਰੀ। ਸੋਵੀਅਤ ਰੂਸ ਸਮੇਤ ਪੂਰਬੀ ਯੂਰਪ ਦਾ ਅਖੌਤੀ ਸਮਾਜਵਾਦ ਢਹਿ- ਢੇਰੀ ਹੋ ਗਿਆ। ਵਿਸ਼ਵ ਪੱਧਰ ’ਤੇ ‘ਇਕ ਧਰੁਵੀ ਸੰਸਾਰ’ ਦੀ ਸਥਾਪਨਾ ਦਾ ਐਲਾਨ ਹੋਇਆ। ਅਮਰੀਕਾ ਦੁਨੀਆਂ ਦਾ ਨਿਰਵਿਵਾਦ ਲੰਬੜਦਾਰ ਬਣ ਗਿਆ। ਇਸੇ ਪ੍ਰਸੰਗ ਵਿੱਚ ਸਾਡੇ ਦੇਸ਼ ਦੀਆਂ ਦਲਾਲ ਜਮਾਤਾਂ ਕੋਲ ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਗਠਨ ਜਿਹੀਆਂ ਸੰਸਥਾਵਾਂ ਅੱਗੇ ਝੁਕ ਜਾਣ ਤੋਂ ਬਿਨਾਂ ਕੋਈ ਰਾਹ ਨਹੀਂ ਬਚਿਆ। ਤੀਜੀ ਦੁਨੀਆਂ ਦੀਆਂ ਹਾਕਮ ਜਮਾਤਾਂ ਵਿਕਸਤ ਮੁਲਕਾਂ ਵੱਲੋਂ ਮਿਲਦੀਆਂ ਬੁਰਕੀਆਂ ਨਾਲ ਹੀ ਸੰਤੁਸ਼ਟ ਰਹਿਣ ਵਿੱਚ ਭਲਾਈ ਮੰਨੀ ਬੈਠੀਆਂ ਹਨ। ਭਾਰਤੀ ਅਰਥਚਾਰਾ ਹੁਣ ਪੂਰੀ ਤਰ੍ਹਾਂ ਪੱਛਮੀ ਸਾਮਰਾਜੀ ਦੇਸ਼ਾਂ ਦੇ ਕਾਬੂ ਵਿੱਚ ਆ ਚੁੱਕਿਆ ਹੈ। ਦੇਸੀ ਦਲਾਲਾਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਮਾਲ ਦੇ ਖਪਤ ਲਈ ਲੋੜ ਬਣ ਗਈ ਕਿ ਉਹ ਇਹੋ ਜਿਹੇ ਇਸ਼ਤਿਹਾਰੀ ਮਾਡਲ ਅਤੇ ਸੁੰਦਰੀਆਂ ਪੈਦਾ ਕਰੇ, ਜਿਹੜੀਆਂ ਖਪਤਕਾਰੀ ਸੱਭਿਆਚਾਰ ਨੂੰ ਪ੍ਰਫੁਲਤ ਕਰ ਸਕਣ।

ਸੁੰਦਰਤਾ ਮੁਕਾਬਲਿਆਂ ਦੇ ਹਮਾਇਤੀਆਂ ਦੀ ਦਲੀਲ ਹੈ, ਕਿ ਆਰਥਿਕ ਵਿਕਾਸ ਦੇ ਸਿੱਟੇ ਵਜੋਂ ਔਰਤਾਂ ਅੰਦਰ ਆਪਣੇ ਹੱਕਾਂ ਦੀ ਸੋਝੀ ਆ ਗਈ ਹੈ ਅਤੇ ਭਾਰਤੀ ਔਰਤ ਵੀ ਵਿਕਸਤ ਦੇਸ਼ਾਂ ਦੀਆਂ ਔਰਤਾਂ ਵਾਂਗ ਆਪਣੀ ਸੁੰਦਰਤਾ ਦਾ ਪ੍ਰਗਟਾਵਾ ਕਰਨ ਲਈ ਰੱਸੇ ਤੁੜਵਾ ਰਹੀ ਹੈ। ਇਹ ਧਿਰਾਂ ਮੁਕਾਬਲਿਆਂ ਨੂੰ ਮਹਿਜ਼ ਜਿਸਮਾਂ ਦੀ ਨੁਮਾਇਸ਼ ਨਹੀਂ ਸਮਝਦੀਆਂ, ਸਗੋਂ ਨਿਵੇਕਲੀ ਕਲਾ ਵਜੋਂ ਵੀ ਪ੍ਰਚਾਰਦੀਆਂ ਹਨ। ਕੀ ਸੁੰਦਰਤਾ ਮੁਕਾਬਲੇ ਹੀ ਔਰਤ ਦੀ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਇਕੋ ਇਕ ਸਾਧਨ ਹਨ? ਅਜਿਹੇ ਸਵਾਲਾਂ ਦੇ ਜਵਾਬ ਤਲਾਸ਼ਣ ਲਈ ਉਨ੍ਹਾਂ ਸਮਾਜਿਕ ਆਰਥਿਕ ਹਾਲਾਤ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਨ੍ਹਾਂ ਵਿੱਚ ਔਰਤਾਂ ਦੇ ਸੁੰਦਰਤਾ ਮੁਕਾਬਲਿਆਂ ਨੂੰ ਤੇਜ਼ੀ ਨਾਲ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਸ ਸਵਾਲ ਦਾ ਜਵਾਬ ਲੱਭਣ ਦੀ ਵੀ ਲੋੜ ਹੈ ਕਿ ਪਿਛਲੇ ਕੁਝ ਕੁ ਸਾਲਾਂ ਤੋਂ, ਭਾਰਤੀ ਮਾਪੇ ਕਿਵੇਂ ਤੇ ਕਿਸ ਪ੍ਰਕਿਰਿਆ ਵਿੱਚ ਰਾਤੋ ਰਾਤ ‘‘ਸੋਹਣੀਆਂ ਕੁੜੀਆਂ’’ ਜੰਮਣ ਦੇ ਸਮਰੱਥ ਹੋ ਗਏ ਸਨ? ਹੁਣ ਕਿਹੜੀਆਂ ਤਬਦੀਲੀਆਂ ਆ ਗਈਆਂ ਹਨ, ਕਿ ਭਾਰਤੀ ਸੁੰਦਰੀਆਂ ਵਿਸ਼ਵ ਮੁਕਾਬਲਿਆਂ ਵਿੱਚ ਕਿਤੇ ਦਿਖਾਈ ਨਹੀਂ ਦਿੰਦੀਆਂ?

ਸਾਡੇ ਦੇਸ਼ ਵਿਚਲੇ ਫ਼ੌਜੀ ਤੇ ਸਿਵਲ ਨੌਕਰਸ਼ਾਹਾਂ, ਛੋਟੇ ਤੇ ਵੱਡੇ ਸਨਅਤਕਾਰਾਂ, ਜਗੀਰਦਾਰਾਂ ਤੋ ਪਲਟ ਕੇ ਬਣੇ ਸਰਮਾਏਦਾਰਾਂ, ਧਨੀ ਕਿਸਾਨਾਂ ਦੀ ਉਪਰਲੀ ਪਰਤ ਅਤੇ ਹੇਰਾ-ਫੇਰੀਆਂ, ਰਿਸ਼ਵਤਖੋਰੀ, ਜ਼ਖ਼ੀਰੇਬਾਜ਼ੀ ਅਤੇ ਭ੍ਰਿਸ਼ਟ ਤੌਰ ਤਰੀਕਿਆਂ ਨਾਲ ਉਭਰੀ ਅਜਿਹੀ ਸਮਾਜਿਕ ਪਰਤ ਹੋਂਦ ਵਿੱਚ ਆਈ ਹੈ ਜੋ ਭਾਰਤ ਦੀ ਸਮੁੱਚੀ ਅਬਾਦੀ ਦਾ ਦਸ ਫ਼ੀਸਦੀ ਬਣਦੀ ਹੈ। ਇਹ ਅਬਾਦੀ ਕਿਸੇ ਵੀ ਯੂਰਪੀ ਮੁਲਕ ਦੀ ਅਬਾਦੀ ਦੇ ਬਰਾਬਰ ਜਾ ਖਲੋਂਦੀ ਹੈ। ਇਸੇ ਤਬਕੇ ਉੱਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਅਤੇ ਦੇਸੀ ਵੱਡੀ ਦਲਾਲ ਸਨਅਤ ਦਾ ਦਾਰੋਮਦਾਰ ਟਿਕਿਆ ਹੋਇਆ ਹੈ। ਇਹ ਤਬਕਾ ਐਨ ਉਸੇ ਤਰ੍ਹਾਂ ਆਪਣੀਆਂ ਧੀਆਂ ਨੂੰ ਪਾਲ ਪੋਸ ਕੇ ਅਤੇ ਸ਼ਿੰਗਾਰ ਕੇ ਮੰਡੀ ਵੱਲ ਧੱਕ ਰਿਹਾ ਹੈ, ਜਿਵੇਂ ਕਿਸੇ ਵੇਲੇ ਜਗੀਰੂ ਸਮਾਜ ਵਿੱਚ ਜਗੀਰਾਂ ਹਾਸਲ ਕਰਨ ਲਈ ਕੁੱਝ ਸਰਦਾਰੜੇ ਆਪਣੀਆਂ ਧੀਆਂ ਨੂੰ ਰਾਜਿਆਂ ਅਤੇ ਰਜਵਾੜਿਆਂ ਦੇ ਸਪੁਰਦ ਕਰ ਦਿੰਦੇ ਸਨ। ਫਰਕ ਸਿਰਫ਼ ਇੰਨਾ ਪਿਆ ਹੈ ਕਿ ਸਾਮੰਤਸ਼ਾਹੀ ਵਿੱਚ ਜਵਾਨ ਧੀਆਂ ਨੂੰ ਕਿਸੇ ਵਿਅਕਤੀ ਵਿਸ਼ੇਸ਼ ਲਈ ਤਿਆਰ ਕੀਤਾ ਜਾਂਦਾ ਸੀ ਅਤੇ ਅਜੋਕੇ ਸਮੇਂ ਵਿੱਚ ਮੁੱਠੀ ਭਰ ਕਾਰਪੋਰੇਸ਼ਨਾਂ ਦੇ ਮਾਲ ਦੀ ਖਪਤ ਲਈ ਤਿਆਰ ਕੀਤਾ ਜਾ ਰਿਹਾ ਹੈ। ਦੋਹਾਂ ਵਿੱਚ ਔਰਤ ਦੇ ਦੇਹੀ ਸ਼ੋਸ਼ਣ ਦੀ ਗੱਲ ਸਾਂਝੀ ਹੈ।

ਸਾਡੇ ਸਮਾਜ ਵਿਚਲੀ ਇਕ ਪਰਤ ਸਮਝਦੀ ਹੈ ਕਿ ਜੇਕਰ ‘ਰੱਬ’ ਨੇ ਖ਼ੂਬਸੂਰਤ ਸਰੀਰ ਬਖ਼ਸ਼ਿਆ ਹੈ, ਜਿਸ ਨੂੰ ਉਹ 36-24-36 ਦੀ ਫਿੱਗਰ ਦੱਸਦੇ ਹਨ ਤਾਂ ਇਸ ਦਾ ਵਿਖਾਵਾ ਕਰਨਾ ਤਾਂ ਕੁਦਰਤ ਦੀ “ਮਹਾਨ ਸ੍ਰਿਸ਼ਟੀ” ਦਾ ਵਿਖਾਵਾ ਕਰਨਾ ਹੈ। ਇਹ ਤਬਕਾ ਵਿਆਹ ਬਾਹਰੇ ਸਬੰਧਾਂ ਨੂੰ ਵੀ ਜਾਇਜ਼ ਠਹਿਰਾਉਂਦਾ ਹੈ। ਇਸੇ ਹੀ ਮੱਧ ਵਰਗੀ ਰੁਚੀ ਦਾ ਨਜ਼ਾਰਾ ਲੈਣਾ ਹੋਵੇ ਤਾਂ ਕਿਸੇ ਵੀ ਵੱਡੇ ਹੋਟਲ, ਜੂਆਖ਼ਾਨੇ ਅਤੇ ਬਾਰ ਵਿੱਚ ਜਾਇਆ ਜਾ ਸਕਦਾ ਹੈ। ਸੁੰਦਰਤਾ ਦੇ ਪੁਜਾਰੀਆਂ ਦਾ ਇਹ ਵੀ ਦਾਅਵਾ ਹੈ ਕਿ ਸੁੰਦਰਤਾ ਮੁਕਾਬਲੇ ਔਰਤਾਂ ਵਿਚਲੀ ਪ੍ਰਤਿਭਾ ਨੂੰ ਦ੍ਰਿਸ਼ਟੀਮਾਨ ਕਰਦੇ ਹਨ। ਇਸ ਦਲੀਲ ਵਿੱਚ ਝੂਠ ਦੇ ਸਿਵਾਏ ਹੋਰ ਕੁਝ ਵੀ ਨਹੀਂ। ਅਧਨੰਗੇ ਜਿਸਮਾਂ ਦੀ ਨੁਮਾਇਸ਼ ਕਲਾ ਦੀ ਪੇਸ਼ਕਾਰੀ ਨਹੀਂ ਕਹੀ ਜਾ ਸਕਦੀ। ਇਹ ਕੰਮ ਪੁਰਾਣੇ ਵਕਤਾਂ ਦੀਆਂ ਵੇਸਵਾਵਾਂ ਵੀ ਕਰਦੀਆਂ ਰਹੀਆਂ ਹਨ। ਇਨ੍ਹਾਂ ਸੁੰਦਰਤਾ ਮੁਕਾਬਲਿਆਂ ਦਾ ਇਕੋ ਇਕ ਮਕਸਦ ਔਰਤਾਂ ਦੇ ਜਿਸਮਾਂ ਦੀ ਨੁਮਾਇਸ਼ ਲਾ ਕੇ ਉਚ ਪਤਵੰਤੇ ਵਰਗ ਦੀਆਂ ਅਮਾਨਵੀ ਖ਼ਾਹਸ਼ਾਂ ਨੂੰ ਪੂਰਾ ਕਰਨਾ ਅਤੇ ਔਰਤਾਂ ਦਾ ਮੰਡੀ ਦੀਆਂ ਲੋੜਾਂ ਲਈ ਤਜ਼ਾਰਤੀਕਰਨ ਕਰਨਾ ਹੈ।

ਜਦੋਂ ਤੱਕ ਔਰਤ ਵਿਰੋਧੀ ਹਰ ਤਰ੍ਹਾਂ ਦੀ ਸੱਤਾ ਦਾ ਅੰਤ ਨਹੀਂ ਹੁੰਦਾ ਅਤੇ ਹਕੀਕੀ ਅਰਥਾਂ ਵਿੱਚ ਉਸ ਨੂੰ ਬਰਾਬਰੀ ਦੇ ਹੱਕ ਨਹੀਂ ਮਿਲਦੇ, ਉਦੋਂ ਤੱਕ ਔਰਤ ਦੀ ਮੁਕਤੀ ਦੀ ਗੱਲ ਕਰਨਾ ਬੇਅਰਥ ਹੈ। ਜਦੋਂ ਤੱਕ ਇਸ ਦਿਸ਼ਾ ਵਿੱਚ ਕਦਮ ਨਹੀਂ ਪੁੱਟੇ ਜਾਂਦੇ ਤਾਂ ਔਰਤਾਂ ਦੇ ਸੁੰਦਰਤਾ ਮੁਕਾਬਲੇ ਨਾ ਤਾਂ ਕਲਾ ਹੋਵੇਗੀ, ਨਾ ਪ੍ਰਤਿਭਾ ਦੀ ਪੇਸ਼ਕਾਰੀ ਬਲਕਿ ਮੰਡੀ ਦਾ ਮਾਲ ਬਣ ਕੇ ਹੀ ਰਹੇਗੀ। ਔਰਤ ਦੀ ਹਕੀਕੀ ਮੁਕਤੀ ਲਈ ਸੰਘਰਸ਼ ਕਰਨਾ ਹੀ ਮਸਲੇ ਦਾ ਠੀਕ ਰਾਹ ਹੈ।

ਕਰਮ ਬਰਸਟ
ਲੇਖ਼ਕ ਸੀਨੀਅਰ ਕਾਲਮਨਿਸਟ ਹਨ।

No comments:

Post a Comment