ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, April 28, 2011

ਸਿਲਵਰ ਸਕਰੀਨ ਦੀ ਸਿਨੇਮਾਈ ਸਿਆਸਤ-1

ਸਿਆਸਤ ਦੀਆਂ ਪਰਤਾਂ ਨੂੰ ਵਿਦਵਾਨ ਖੋਲਦੇ ਰਹੇ ਤੇ ਸਿਆਸਤ ਦੇ ਵੱਡੇ ਵੱਡੇ ਗ੍ਰੰਥ ਬਣਦੇ ਰਹੇ।ਪਰ ਸਿਆਸਤ ਦੇ ਬਹੁਤ ਸਾਰੇ ਭੇਦ ਅਜੇ ਵੀ ਛਾਣਨੀ ਨਾਲ ਛਾਨਣੇ ਬਾਕੀ ਹਨ।ਮੰਡਲ ਕਮਿਸ਼ਨ ਵੱਲੋਂ ਦਿੱਤੀ ਪਰਿਭਾਸ਼ਾ ‘ਤੇ ਗੌਰ ਕੀਤਾ ਜਾਵੇ ਤਾਂ ਭਾਰਤ ਦੀ ਸਿਆਸਤੀ ਤਸਵੀਰ ਭਾਂਵੇ ਸੰਵਿਧਾਨ ਮੁਤਾਬਕ ਧਰਮ ਨਿਰਪੱਖਤਾ ਦੀ ਗਵਾਹੀ ਭਰਦੀ ਹੋਵੇ ਪਰ ਇਸ ਸਿਆਸਤ ਦੀ ਚਰਖੜੀ ਸਿਰਫ ਤੇ ਸਿਰਫ ਧਰਮ ਤੇ ਜਾਤ ਦੇ ਸਦੰਰਭ ‘ਚ ਹੀ ਘੁੰਮਦੀ ਹੈ।ਆਖਰ ਸਾਰੀ ਖੇਡ ਵੋਟ ਬੈਂਕ ਦੀ ਜੋ ਹੈ ਜਿਸ ਰਾਹੀ ਪੰਜਾਬ ‘ਚ ਅਕਾਲੀ ਦਲ ਮੀਰੀ ਪੀਰੀ ਦੀ ਚਰਚਾ ਕਰਦੀ ਨਜ਼ਰ ਆਵੇਗੀ।ਇਸੇ ਤਰ੍ਹਾਂ ਛਤੀਸਗੜ੍ਹ ‘ਚ ਕਾਂਗਰਸ ਆਦੀਵਾਸੀਆਂ ਦਾ ਸਹਾਰਾ ਲੈਂਦੀ ਹੈ ਤੇ ਦਿੱਲੀ ‘ਚ ਮੱਧਵਰਗੀ ਪਰਿਵਾਰ ਨੂੰ ਤਰਜੀਹ ਦਿੱਤੀ ਜਾਂਦੀ ਹੈ।ਮਹਾਂਰਾਸ਼ਟਰ ‘ਚ ਮਰਾਠੀ ਮਾਨੂਸ਼ ਦਾ ਰਾਗ ਅਲਾਪਿਆ ਜਾਂਦਾ ਹੈ ਤੇ ਉੱਤਰ ਪ੍ਰਦੇਸ਼ ‘ਚ ਮੁਸਲਿਮ ਭਾਈਚਾਰੇ ਦੀ ਫਿਕਰ ਕੁਝ ਜ਼ਿਆਦਾ ਹੀ ਹੁੰਦੀ ਹੈ।ਸਿਆਸਤ ਕੀ ਹੈ ਇਸ ਨੂੰ ਇੱਕ ਸ਼ੇਅਰ ਭਲੀਭਾਂਤ ਉਜਾਗਰ ਕਰਦਾ ਹੈ- ਮਸਲਤ-ਏ-ਆਮੇਜ਼ ਹੋਤੇ ਹੈ ਯੇ ਸਿਆਸਤ ਕੇ ਕਦਮ,
ਤੂੰ ਅਭੀ ਨਹੀਂ ਸਮਝੇਗਾ ਤੂੰ ਅਭੀ ਇਨਸਾਨ ਹੈ

ਸਾਡੀ ਚਰਚਾ ਸਿਆਸਤ ਦੇ ਨਕਸ਼ ਨੂੰ ਪਰਦੇ ‘ਤੇ ਉਤਾਰਨ ਦੇ ਸਦੰਰਭ ‘ਚ ਚੱਲੇਗੀ।ਹੁਣ ਤੱਕ ਭਾਰਤੀ ਸਿਨੇਮਾ ‘ਚ ਬਹੁਤ ਸਾਰੀਆਂ ਫਿਲਮਾਂ ਸਿਆਸਤ ਨੂੰ ਆਪਣਾ ਵਿਸ਼ਾ ਵਸਤੂ ਬਣਾਉਦੀਆਂ ਆਈਆਂ ਹਨ।ਸਿਆਸਤ ਅਧਾਰਿਤ ਇਹ ਫਿਲਮਾਂ ਭਾਰਤੀ ਦਰਸ਼ਕਾਂ ਵੱਲੋਂ ਸਰਾਹੀਆਂ ਵੀ ਗਈਆਂ ਹਨ।ਆਖਰ ਇਹਨਾਂ ਫਿਲਮਾਂ ਪਿੱਛੇ ਭਾਰਤੀ ਸਿਨੇਮਾ ਦੇ ਦਰਸ਼ਕਾਂ ਦੀ ਕੀ ਮਾਨਸਿਕਤਾ ਰਹਿੰਦੀ ਹੋਵੇਗੀ?ਹੁਣ ਤੱਕ ਅਮਿਤਾਬ ਬੱਚਨ ਨੇ ਐਂਗਰੀ ਯੰਗ ਮੈਨ ਦੀ ਭੂਮਿਕਾ ‘ਚ ਭਾਰਤੀ ਸਿਨੇਮਾ ਦੇ ਦਰਸ਼ਕਾਂ ਦੇ ਦਿਲਾਂ ‘ਚ ਜੇ ਜਗ੍ਹਾ ਬਣਾਈ ਹੈ ਤਾਂ ਉਸ ਦਾ ਮੁੱਢਲਾ ਕਾਰਨ ਵੀ ਇਹੋ ਹੈ ਕਿ ਭਾਰਤੀ ਲੋਕ ਸਿਆਸਤ ਪ੍ਰਤੀ ਆਪਣਾ ਰੋਸ,ਬੇਰੁਖੀ,ਨਰਾਜ਼ਗੀ ਨੂੰ ਇੱਕ ਅਜਿਹੇ ਨਾਇਕ ਦੇ ਮਾਰਫਤ ਵਿਖਾਂਉਦੇ ਹੋਏ ਆਪਣੀ ਸੰਵੇਦਨਾ ਨੂੰ ਸੰਤੁਸ਼ਟ ਕਰਦੇ ਹਨ।ਜਿਸ ਵੱਜੋਂ ਅਮਿਤਾਬ ਬੱਚਨ ਨੂੰ ਅਜਿਹੀ ਫਿਲਮਾਂ ਤੋਂ ਸਫਲਤਾ ਮਿਲੀ ਤੇ ਭਾਰਤੀ ਦਰਸ਼ਕਾਂ ਨੂੰ ਆਪਣਾ ਗੁੱਸਾ ਠੰਡਾ ਕਰਨ ਦਾ ਮੌਕਾ ਮਿਲਦਾ ਰਿਹਾ।ਹੁਣ ਤੱਕ ਬਹੁਤ ਸਾਰੇ ਨਿਰਦੇਸ਼ਕਾਂ ਨੇ ਆਪੋ ਆਪਣੇ ਤਰੀਕੇ ਨਾਲ ਸਿਆਸਤ ਨੂੰ ਪਰਦੇ ‘ਤੇ ਉਤਾਰਿਆ ਹੈ।

ਸਿਆਸਤ ਅਧਾਰਤ ਬਹੁਤ ਸਾਰੀਆਂ ਫਿਲਮਾਂ ਚੋਂ ਤੁਹਾਨੂੰ ਬਹੁਤ ਸਾਰੀਆਂ ਫਿਲਮਾਂ ਯਾਦ ਆ ਸਕਦੀਆਂ ਨੇ ਪਰ ਮੈਂ ਮੁੱਖ ਤੌਰ ‘ਤੇ ਉਹਨਾਂ ਫਿਲਮਾਂ ਨੂੰ ਸੂਚੀਬੱਧ ਕਰ ਰਿਹਾ ਹਾਂ ਜੋ ਸਿਆਸਤ ਦੀ ਖਾਸ ਵਿਚਾਰਧਾਰਾ ਤੇ ਸੁਭਾੳੇ ਨੂੰ ਪ੍ਰਭਾਸ਼ਿਤ ਕਰਦੀਆਂ ਹੋਣ…
ਅਰਥਸ਼ਾਸ਼ਤਰ ਦੇ ਨੋਬਲ ਪੁਰਸਕਾਰ ਪ੍ਰਾਪਤ ਪ੍ਰੋ:ਅਮ੍ਰਿਤਯਾ ਸੇਨ ਦੀ ਟਿੱਪਣੀ ਇਸ ਚਰਚਾ ਨੂੰ ਸੁਚੱਜੇ ਰੂਪ ‘ਚ ਉਜਾਗਰ ਕਰਦੀ ਹੈ।ਉਹਨਾਂ ਮੁਤਾਬਕ ਭਾਰਤੀ ਲੋਕ ਸੰਵਾਦ ਨੂੰ ਬਹੁਤ ਪਸੰਦ ਕਰਦੇ ਹਨ।ਇਸ ਗੱਲ ਨੂੰ ਹੋਰ ਖੋਲ੍ਹਕੇ ਕੀਤਾ ਜਾਵੇ ਤਾਂ ਇਹ ਕਹਿਣਾ ਸਹੀ ਹੋਵੇਗਾ ਕਿ ਭਾਰਤੀ 3C ਦੇ ਸੂਤਰ ਤੋਂ ਬਹੁਤ ਪ੍ਰਭਾਵਿਤ ਹਨ।ਇਹ ਹਨ Cricket-Corruption-Cinema ਭਾਵ ਕ੍ਰਿਕੇਟ,ਸਿਨੇਮਾ ਤੇ ਭ੍ਰਿਸ਼ਟਾਚਾਰ ਨੂੰ ਲੈਕੇ ਭਾਰਤੀ ਖੁਲ੍ਹੀ ਚਰਚਾ ਕਰਨੀ ਪਸੰਦ ਕਰਦੇ ਹਨ।

ਅਮ੍ਰਿਤਯਾ ਸੇਨ ਮੁਤਾਬਕ ਭਾਰਤੀ ਸਰਜ਼ਮੀਨ ‘ਤੇ ਕਿਹੜੇ ਪਹਿਲੂ ਰੂਪਮਾਨ ਵੱਧ ਹਨ ਇਸ ਬਾਰੇ ਬਹੁਤ ਹੱਦ ਤੱਕ ਸਾਫ ਹੋ ਜਾਂਦਾ ਹੈ।ਭਾਰਤੀ ਸਿਨੇਮਾ ‘ਚ ਇਸ ਵਿਸ਼ੇ ਨੂੰ ਗੁਲਜ਼ਾਰ ਸਾਹਬ ਤੋਂ ਲੈਕੇ ਗੋਵਿੰਦ ਨਹਿਲਾਨੀ,ਸ਼ਿਆਮ ਬਨੇਗਲ,ਖਾਲਿਦ ਮਹਿਮੂਦ,ਅਨੁਰਾਗ ਕਸ਼ਅਪ,ਰਾਮ ਗੋਪਾਲ ਵਰਮਾ ਆਪਣੀਆਂ ਫਿਲਮਾਂ ਦਾ ਵਿਸ਼ਾ ਬਣਾਉਂਦੇ ਰਹੇ ਹਨ।ਪ੍ਰਕਾਸ਼ ਝਾਅ ਦਾ ਸਿਨੇਮਾ ਤਾਂ ਸਿਆਸਤ ਦੀਆਂ ਬਹੁਤ ਡੂੰਗੀਆਂ ਪਰਤਾਂ ਤੱਕ ਪਹੁੰਚ ਕਰਦਾ ਆਇਆ ਹੈ।ਮ੍ਰਿਤਿਯੂਦੰਡ,1984 ਨੂੰ ਆਈ ਦੀਪਤੀ ਨਵਲ ਅਭਿਨੀਤ ਫਿਮਲ ‘ਦਾਮੁਲ,ਭਾਗਲਪੁਰ ਤੇਜ਼ਾਬ ਕਾਂਢ ‘ਤੇ ਅਧਾਰਿਤ ਗੰਗਾਜਲ,ਬਿਹਾਰ ਦੀ ਸਿਆਸਤ ‘ਚ ਗੁੰਡਾਰਾਜ ਅਗਵਾ ਫਿਰੋਤੀਆ ਸਿਆਸਤ ਨੂੰ ਬੇਪਰਦਾ ਕਰਦੀ ‘ਅਪਹਰਣ’,ਭਾਰਤੀ ਪ੍ਰਾਚੀਨ ਗ੍ਰੰਥ ਮਹਾਂਭਾਰਤ ਨੂੰ ਅਧਾਰ ਬਣਾਕੇ ਬਣਾਈ ਫਿਲਮ ‘ਰਾਜਨੀਤੀ’ ਤੱਕ ਪ੍ਰਕਾਸ਼ ਝਾਅ ਇਸ ਸਿਆਸਤੀ ਪ੍ਰਬੰਧਨ ਦੀਆਂ ਉਣਤਾਈਆਂ ਨੂੰ ਬੇਪਰਦਾ ਕਰ ਚੁਕੇ ਹਨ।ਸਿਆਸਤ ਅਧਾਰਿਤ ਫਿਲਮਾਂ ‘ਤੇ ਵਰਗੀਕ੍ਰਿਤ ਗੱਲ ਕਰਨ ਦੀ ਜ਼ਰੂਰਤ ਹੈ।

ਗੁਲਜ਼ਾਰ ਦਾ ਸਿਆਸਤ ਅਧਾਰਿਤ ਸਿਨੇਮਾ:

ਆਂਧੀ(1975) ਕੀ ਗੀਤਾਂ ਕਾਰਨ ਯਾਦ ਕੀਤੀ ਜਾਂਦੀ ਹੈ?ਯਕੀਨਨ ਹਾਂ,ਇਸ ਫਿਲਮ ਦੇ ਗੀਤ ਵੀ ਗੁਲਜ਼ਾਰ ਦੀ ਕਲਮੀ ਸੰਵੇਦਨਾ ਦਾ ਜਾਦੂ ਹਨ।ਪਰ ਇਹ ਫਿਲਮ ਆਪਣੇ ਵਿਸ਼ੇ ਨੂੰ ਲੈਕੇ ਭਾਰਤੀ ਸਿਨੇਮਾ ‘ਚ ਸਿਆਸਤ ਅਧਾਰਿਤ ਫਿਲਮਾਂ ‘ਚ ਮੁੱਢਲੀ ਕਤਾਰ ਦੀ ਫਿਲਮ ਹੈ।ਸੰਜੀਵ ਕੁਮਾਰ,ਸੁਚਿੱਤਰਾ ਸੇਨ(ਦੇਵਦਾਸ,1955 ਫੇਮ) ਦੀ ਅਦਾਕਾਰੀ ਨਾਲ ਸਜੀ ਇਹ ਫਿਲਮ ਭਾਰਤ ਦੀ ਸਾਰੀ ਟੈਰੀਟਰੀ ‘ਚ ਰੀਲੀਜ਼ ਨਹੀਂ ਸੀ ਹੋਈ।ਇਸ ਦਾ ਕਾਰਨ ਤਤਕਾਲੀਨ ਪ੍ਰਧਾਨਮੰਤਰੀ ਇੰਦਰਾ ਗਾਂਧੀ(1917-1984) ਦਾ ਹੋਣਾ ਸੀ।1977 ‘ਚ ਜਦੋਂ ਇੰਦਰਾ ਗਾਂਧੀ ਸੱਤਾ ‘ਚ ਨਾ ਰਹੀ ਤੇ ਸੱਤਾਧਿਰ ਪਾਰਟੀ ਜਨਤਾ ਦਲ ਦਾ ਰਾਜ ਆਇਆ ਤਾਂ ਉਸ ਸਮੇਂ ‘ਚ ਇਸ ਫਿਲਮ ਦਾ ਪ੍ਰੀਮੀਅਰ ਨੈਸ਼ਨਲ ਟੈਲੀਵਿਜ਼ਨ ‘ਤੇ ਕੀਤਾ ਗਿਆ ਸੀ।ਇਸ ਫਿਲਮ ਨੂੰ ਇੰਦਰਾ ਗਾਂਧੀ ਦੇ ਜੀਵਨ ‘ਤੇ ਅਧਾਰਿਤ ਐਲਾਨਿਆ ਜਾ ਰਿਹਾ ਸੀ ਪਰ ਅਸਲ ‘ਚ ਇਸ ਫਿਲਮ ਦਾ ਭਾਰਤ ਦੀ ਪਹਿਲੀ ਔਰਤ ਸਿਆਸਤਦਾਨ ਦੇ ਵਜੋਂ ਮਸ਼ਹੂਰ ਹੋਈ ਬਿਹਾਰ ਤੋਂ ਅਜ਼ਾਦੀ ਸੰਘਰਸ਼ ‘ਚ ਆਪਣਾ ਯੋਗਦਾਨ ਪਾਉਣ ਵਾਲੀ ‘ਤਾਰਕੇਸ਼ਵਰੀ ਸਿਨਹਾ’ ਨਾਲ ਸੰਬੰਧ ਸੀ।ਸਿਆਸਤ ਰਿਸ਼ਤਿਆਂ ਦੀ ਮਨੋਦਸ਼ਾ ਕਿਸ ਤਰ੍ਹਾਂ ਵਿਚਰਦੀ ਹੈ ਇਸ ਫਿਲਮ ‘ਚ ਬਹੁਤ ਬਾਖੂਬੀ ਨਾਲ ਬਿਆਨ ਕੀਤਾ ਗਿਆ ਸੀ।

ਮਾਚਿਸ(1996) ਫਿਲਮ ਗੁਲਜ਼ਾਰ ਸਾਹਬ ਦੇ ਦਿਲ ਦੇ ਬਹੁਤ ਨੇੜੇ ਰਹੀ ਹੈ।ਸਿਸਟਮ ਦੀ ਅਸਫਲਤਾ,ਨਾਰਾਜ਼ ਲੋਕ,ਬਗਾਵਤੀ ਸੁਰਾਂ ਦੇ ਕਾਰਨ,1984 ਦਾ ਸਿੱਖ ਕਤਲੇਆਮ ਵੇਲੇ ਪੰਜਾਬ ‘ਚ ਆਮ ਆਦਮੀ ਦੀ ਦਸ਼ਾ ਨੂੰ ਇਸ ਫਿਲਮ ‘ਚ ਸਮੇਟਨ ਦੀ ਚੰਗੀ ਕੌਸ਼ਿਸ਼ ਕੀਤੀ ਗਈ ਸੀ।ਇਸ ਫਿਲਮ ਬਾਰੇ ਗੁਲਜ਼ਾਰ ਸਾਹਬ ਨੇ ਕਿਹਾ ਸੀ ਕਿ ਪੰਜਾਬ ‘ਚ ਖਾੜਕੂਵਾਦ ਦੇ ਦੌਰ ‘ਤੇ ਫਿਲਮ ਬਣਾਉਣ ਉਹਨਾਂ ਦੇ ਹਮੇਸ਼ਾ ਤੋਂ ਜਿਹਨ ‘ਚ ਰਿਹਾ ਸੀ ਬੱਸ ਉਹ ਨਹੀਂ ਸਨ ਚਾਹੁੰਦੇ ਕੇ ਇਸ ਵਿਸ਼ੇ ‘ਤੇ ਉਹਨਾਂ ਨਾਜ਼ੁਕ ਦੌਰ ਵਿੱਚ ਅਜਿਹੀ ਫਿਲਮ ਦੀ ਵਿਉਂਤਬੰਦੀ ਕੀਤੀ ਜਾਵੇ।ਗੁਜ਼ਾਰ ਸਾਹਬ ਅਕਸਰ ਆਪਣੀ ਕਿਸੇ ਇੰਟਰਵਿਊ ‘ਚ ਇਸ ਗੱਲ ਦਾ ਗਾਹੇ ਬਗਾਹੇ ਜ਼ਿਕਰ ਕਰਦੇ ਹਨ ਕਿ 1947 ਤੇ 84 ਦਾ ਪੰਜਾਬ ‘ਚ ਮਾੜਾ ਦੌਰ ਉਹਨਾਂ ਨੂੰ ਬਹੁਤ ਸਤਾਉਂਦਾ ਹੈ।ਉਹਨਾਂ ਮੁਤਾਬਕ ਉਸ ਦੌਰ ‘ਚ ਅੱਧਜਲੀਆ ਲਾਸ਼ਾਂ ਵੀ ਵੇਖੀਆਂ ਸਨ ਤੇ ਲਾਸ਼ਾਂ ਨੂੰ ਖੁਰਚਨੇ ਨਾਲ ਸੜਕਾਂ ਤੋਂ ਇੱਕਠੇ ਕਰਦੇ ਵੀ ਵੇਖਿਆ ਸੀ।ਕਿਰਪਾਲ ਸਿੰਘ(ਚੰਦਰਚੂੜ ਸਿੰਘ) ਤੇ ਵਰਿੰਦਰ ਕੌਰ ਵੀਰਾ(ਤੱਬੂ) ਫਿਲਮ ਦੇ ਉਹ ਪਾਤਰ ਸਨ ਜੋ ਉਹਨਾਂ ਸਮਿਆਂ ‘ਚ ਆਮ ਜ਼ਿੰਦਗੀ ਬੇਬਸੀ ‘ਚ ਸਿਆਸਤ ਦੀ ਦੋਗਲੀ ਨਜ਼ਰ ਨੂੰ ਬੇਪਰਦਾ ਕਰਦੇ ਹਨ।ਇਸ ਫਿਲਮ ‘ਚ ਗੀਤਾਂ ਦੇ ਕੁਝ ਹਰਫ ਪੰਜਾਬ ‘ਚ ਚੰਗੇ ਪ੍ਰਬੰਧ ਦੇ ਨਾਮ ‘ਤੇ ਫੈਲੇ ਅੱਤਿਆਚਾਰ ਤੇ ਮਨੁੱਖਤਾ ਦੇ ਘਾਣ ਨੂੰ ਭਲੀਭਾਂਤ ਪੇਸ਼ ਕਰਦੀ ਹੈ।
ਦਿਲ ਦਰਦ ਕਾ ਟੁਕੜਾ ਹੈ,ਪੱਥਰ ਕੀ ਡਲੀ ਸੀ ਹੈ,
ਇੱਕ ਅੰਧਾਂ ਕੂਆਂ ਹੈ ਜਾਂ ਇੱਕ ਬੰਦ ਗਲੀ ਸੀ ਹੈ,
ਇੱਕ ਛੋਟਾ ਸਾ ਲਮਹਾ ਹੈ ਜੋ ਖ਼ਤਮ ਨਹੀਂ ਹੋਤਾ,
ਮੈਂ ਲਾਖ ਜਲਾਤਾ ਹੂੰ ਯੇ ਭਸਮ ਨਹੀਂ ਹੋਤਾ।

ਹੂ-ਤੂ-ਤੂ(1999) ਨੂੰ ਆਈ ਫਿਲਮ ਗੁਲਜ਼ਾਰ ਸਾਹਬ ਦੀ ਅਸਫਲ ਫਿਲਮਾਂ ਚੋਂ ਇੱਕ ਸੀ ਪਰ ਇਸ ਫਿਲਮ ਨੂੰ ਵਿਚਾਰਾਤਮਕ ਪੱਖ ਤੋਂ ਅਸਫਲ ਨਹੀਂ ਐਲਾਨਿਆ ਜਾ ਸਕਦਾ।ਸਿਆਸਤ ਤੇ ਸਨਅਤ ਦਾ ਮਿਸ਼ਰੀਘੋਲ ਆਖਰ ਸਿਸਟਮ ‘ਚ ਕਿੰਝ ਨਿਜੀ ਫਾਇਦਿਆਂ ਤੇ ਨੁਕਸਾਨ ‘ਚ ਗੁਜ਼ਰਦਾ ਹੈ ਇਸ ਫਿਲਮ ‘ਚ ਬਿਆਨ ਕੀਤਾ ਗਿਆ ਸੀ।ਇੱਕ ਦਲਿਤ ਆਗੂ(ਨਾਨਾ ਪਾਟੇਕਰ) ਜੋ ਅਵਾਮ ਦੀ ਅਵਾਜ਼ ਹੈ ਦਾ ਇੱਕ ਸੰਵਾਦ ਪੂਰੇ ਸਿਸਟਮ ‘ਚ ਲੋਕਾਂ ਦੀ ਅਵਾਜ਼ ਦੀ ਪਰਿਭਾਸ਼ਾ ਬਿਆਨ ਕਰਦਾ ਸੀ।“ਹਮ ਲੋਗ ਤੋ ਗੋਬਰ ਕੇ ਉਪਲੇ ਹੈਂ ਇਤਿਹਾਸ ਕੇ ਢੇਰ ਕੇ ਨੀਚੇ ਦਬਕਰ ਰਹਿ ਜਾਤੇ ਹੈ,ਏਕ ਬਾਰ ਕੋਈ ਆਗ ਲਗਾਕਰ ਤੋ ਦੇਖੇ ਫਿਰ ਬਤਾਂਏਗੇ ਕਿ ਗੋਬਰ ਕੇ ਉਪਲੇ ਕਿਆ ਹੋਤੇ ਹੈਂ”ਸਿਆਸਤ ਨੂੰ ਅਧਾਰ ਬਣਾਕੇ ਇਸ ਫਿਲਮ ਦੀ ਵਿਅੰਗਆਤਮਕ ਸ਼ੈਲੀ ਤੇ ਪੇਸ਼ਕਾਰੀ ਕਰਕੇ ਇਹ ਫਿਲਮ ਵੇਖਣੀ ਜ਼ਰੂਰ ਬਣਦੀ ਹੈ।

ਤੁਮਨੇ ਦੇਖਾ ਹੈ ਯੇ ਖੇਲ,ਹੂ ਤੂ ਤੂ ਕਹਿਤੇ ਹੈ,ਹਮਾਰੇ ਯਹਾਂ ਕੱਬਡੀ ਕਹਿਤੇ ਹੈਂ ਇਸੇ…ਲੋਗ ਚਾਰੋ ਤਰਫ ਬੈਠੇ ਇਸ ਤਮਾਸ਼ੇ ਕੋ ਦੇਖਤੇ ਹੈ ਔਰ ਖੁਸ਼ ਹੋਤੇ ਹੈ,ਹਮਾਰੇ ਦੇਸ਼ ਕੀ ਰਾਜਨੀਤੀ ਭੀ ਕੁਛ ਐਸੀ ਹੀ ਹੈ।ਰਾਜਨੀਤੀ ਕੇ ਮੈਦਾਨ ਮੇਂ ਭੀ ਐਸਾ ਹੀ ਹੋਤਾ ਹੈ।ਨੇਤਾ ਲੋਗ ਐਸੇ ਹੀ ਏਕ ਦੂਸਰੇ ਕਾ ਟਾਂਘ ਖੀਚਤੇ ਹੈ ਔਰ ਲੋਗ ਇਸ ਤਮਾਸ਼ੇ ਕੋ ਦੇਖਤੇ ਹੈਂ।ਯੇ ਕਬੱਡੀ ਹਮਾਰੇ ਦੇਸ਼ ਕੀ ਨੈਸ਼ਨਲ ਗੇਮ ਹੋਨੀ ਚਾਹੀਏ ਹਨੀ।

(ਜਾਰੀ......)

ਹਰਪ੍ਰੀਤ ਸਿੰਘ ਕਾਹਲੋਂ ਟੀ ਵੀ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।

No comments:

Post a Comment