ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, April 19, 2011

ਜ਼ਿੰਦਗੀ ਹੌਲੀ, ਪਾਣੀ 'ਭਾਰਾ'

ਪੇਂਡੂ ਔਰਤਾਂ ਨੂੰ ਇਕੱਲਾ ਜ਼ਿੰਦਗੀ ਦਾ ਭਾਰ ਨਹੀਂ ਚੁੱਕਣਾ ਪੈਂਦਾ। ਵੱਡਾ ਬੋਝ 'ਪਾਣੀ' ਦਾ ਵੀ ਉਠਾਉਣਾ ਪੈਂਦਾ ਹੈ। ਪੂਰੀ ਪੂਰੀ ਉਮਰ ਪਾਣੀ ਢੋਂਹਣ 'ਚ ਹੀ ਇਨ੍ਹਾਂ ਨੇ ਗੁਜ਼ਾਰ ਦਿੱਤੀ ਹੈ। ਕੋਈ ਸਰਕਾਰ ਦੇਖੇ ਤਾਂ ਸਹੀ, ਇਨ੍ਹਾਂ ਔਰਤਾਂ ਦੇ ਸਿਰ ਘੜਿਆਂ ਨੇ ਗੰਜੇ ਕਰ ਦਿੱਤੇ ਹਨ। ਮਾਲਵਾ ਖਿੱਤੇ ਦੀ ਪੇਂਡੂ ਔਰਤ ਦੀ ਇਹ ਤਰਾਸਦੀ ਹੈ। ਉਸ ਨੂੰ ਪੀਣ ਵਾਲੇ ਪਾਣੀ ਲਈ ਕੋਹਾਂ ਦੂਰ ਜਾਣਾ ਪੈਂਦਾ ਹੈ। ਪੂਰੇ ਪਰਿਵਾਰ ਦੀ ਪਿਆਸ ਬੁਝਾਉਣ ਲਈ ਹੋਰ ਕੋਈ ਚਾਰਾ ਵੀ ਨਹੀਂ ਹੈ।ਫਖਰ ਨਹੀਂ ਬਲਕਿ ਸਰਕਾਰਾਂ ਲਈ ਸ਼ਰਮ ਵਾਲੀ ਗੱਲ ਹੈ। ਖਾਸ ਕਰਕੇ ਉਨ੍ਹਾਂ ਲਈ ,ਜੋ ਪੰਜਾਬ ਨੂੰ ਪੈਰਿਸ ਬਣਾਉਣ ਦੀ ਗੱਲ ਕਰਦੇ ਹਨ। ਪੇਂਡੂ ਲੋਕ ਆਖਦੇ ਹਨ ਕਿ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ, ਇਹੋ ਕਾਫੀ ਹੈ। ਖੁਦ ਸਰਕਾਰ ਦੀ ਇਹ ਸਰਕਾਰੀ ਰਿਪੋਰਟ ਹੈ ਕਿ ਪੀਣ ਵਾਲੇ ਪਾਣੀ ਲਈ ਲੋਕਾਂ ਨੂੰ ਕੀ ਕੀ ਦੁੱਖ ਝੱਲਣੇ ਪੈਂਦੇ ਹਨ। ਇਸ ਰਿਪੋਰਟ ਅਨੁਸਾਰ ਮਾਲਵਾ ਪੱਟੀ ਦੇ ਹਰ ਪੰਜਵੇਂ ਘਰ ਦੀ ਔਰਤ ਨੂੰ ਸਿਰ 'ਤੇ ਪਾਣੀ ਢੋਂਹਣਾ ਪੈਂਦਾ ਹੈ। ਇਲਾਕੇ ਦੇ 21 ਫੀਸਦੀ ਪੁਰਸ਼ ਵੀ ਪਾਣੀ ਢੋਂਹਣ 'ਚ ਔਰਤਾਂ ਦੀ ਮੱਦਦ ਕਰਦੇ ਹਨ। ਬਾਹਰੋਂ ਪਾਣੀ ਲਿਆਉਣ ਖਾਤਰ 40 ਫੀਸਦੀ ਔਰਤਾਂ ਨੂੰ ਤਾਂ ਚਾਰ ਚਾਰ ਚੱਕਰ ਲਾਉਣੇ ਪੈਂਦੇ ਹਨ। ਪੰਜਾਬ ਰੂਰਲ ਵਾਟਰ ਐਂਡ ਸੈਨੀਟੇਸ਼ਨ ਪ੍ਰੋਜੈਕਟ ਤਹਿਤ ਹੋਏ ਬੇਸਲਾਈਨ ਸਰਵੇ ਦੀ ਇਹ ਰਿਪੋਰਟ ਮਾਲਵੇ 'ਚ ਪੀਣ ਵਾਲੇ ਪਾਣੀ ਦੇ ਡੂੰਘੇ ਸੰਕਟ ਦੀ ਗਵਾਹੀ ਭਰਦੇ ਹਨ। ਮਾਲਵਾ ਖਿੱਤੇ ਦੇ ਹਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਕਰੀਬ 400 ਘਰਾਂ 'ਤੇ ਅਧਾਰਿਤ ਇਹ ਸਰਵੇ ਕੀਤਾ ਗਿਆ ਹੈ। ਕਈ ਪਿੰਡਾਂ 'ਚ ਉਹ ਔਰਤਾਂ ਹਨ ਜਿਨ੍ਹਾਂ ਨੇ ਸਿਰਾਂ 'ਤੇ ਪਾਣੀ ਢੋਂਹਦਿਆਂ ਢੋਂਹਦਿਆਂ ਹੀ ਉਮਰ ਕੱਢ ਲਈ ਹੈ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਔਰਤਾਂ ਵਲੋਂ ਆਪਣੇ ਘਰਾਂ ਤੋਂ ਬਾਹਰੋਂ ਪੀਣ ਵਾਲਾ ਪਾਣੀ ਲਿਆਉਣਾ ਪੈਂਦਾ ਹੈ।

ਸੰਸਦੀ ਹਲਕਾ ਬਠਿੰਡਾ ਦੇ ਅੱਧੇ ਹਿੱਸੇ, ਸੰਗਰੂਰ,ਮੋਗਾ,ਫਰੀਦਕੋਟ ਤੇ ਫਿਰੋਜਪੁਰ ਦੀ ਹਾਲਤ ਕਾਫੀ ਮਾੜੀ ਹੈ ਜਿਥੋਂ ਦੇ ਹਰ ਪੰਜਵੇਂ ਘਰ ਦੀ ਔਰਤ ਨੂੰ ਬਾਹਰੋਂ ਪੀਣ ਵਾਲਾ ਪਾਣੀ ਢੋਂਹਣਾ ਪੈਂਦਾ ਹੈ। ਔਰਤਾਂ ਵਲੋਂ ਘੜਿਆਂ 'ਚ ਪਾਣੀ ਲਿਆਂਦਾ ਜਾਂਦਾ ਹੈ। ਬਠਿੰਡਾ ਜ਼ਿਲ੍ਹੇ ਦੇ ਕਰੀਬ ਹਰ ਨੌਵੇਂ ਘਰ ਦੀ ਔਰਤ ਸਿਰ 'ਤੇ ਪਾਣੀ ਢੋਂਹਣ ਲਈ ਮਜ਼ਬੂਰ ਹੈ। ਇਸ ਜ਼ਿਲ੍ਹੇ ਦੇ 11.5 ਫੀਸਦੀ ਘਰਾਂ 'ਚ ਪੀਣ ਵਾਲੇ ਪਾਣੀ ਦਾ ਕੋਈ ਸਾਧਨ ਨਹੀਂ ਹੈ। ਘਰੇਲੂ ਲੋੜ ਪੂਰੀ ਕਰਨ ਲਈ ਔਰਤਾਂ ਬਾਹਰੋਂ ਪਾਣੀ ਲਿਆਉਂਦੀਆਂ ਹਨ। ਬੇਸਲਾਈਨ ਸਰਵੇ ਅਨੁਸਾਰ 88.9 ਫੀਸਦੀ ਔਰਤਾਂ ਵਲੋਂ ਬਾਹਰੋਂ ਪਾਣੀ ਲਿਆਂਦਾ ਜਾਂਦਾ ਹੈ। ਇਹ ਪਾਣੀ ਬਾਹਰੋਂ ਜਨਤਿਕ ਟੂਟੀ ਜਾਂ ਕਿਸੇ ਦੇ ਘਰੇਲੂ ਨਲਕੇ ਤੋਂ ਲਿਆਂਦਾ ਜਾਂਦਾ ਹੈ। 21.2 ਫੀਸਦੀ ਪੁਰਸ਼ ਵੀ ਬਾਹਰੋਂ ਪਾਣੀ ਢੋਂਹਦੇ ਹਨ। ਪਾਣੀ ਢੋਂਹਣ 'ਚ 4.2 ਫੀਸਦੀ ਬੱਚੀਆਂ ਵੀ ਮੱਦਦ ਕਰਦੀਆਂ ਹਨ ਜਦੋਂ ਕਿ 4.6 ਫੀਸਦੀ ਬੱਚੇ ਵੀ ਆਪਣੇ ਮਾਪਿਆਂ ਨਾਲ ਬਾਹਰੋਂ ਪਾਣੀ ਲਿਆਉਣ 'ਚ ਮੱਦਦ ਕਰਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ 'ਚ 16.8 ਫੀਸਦੀ ਘਰਾਂ ਨੂੰ ਬਾਹਰੋਂ ਪੀਣ ਵਾਲੇ ਪਾਣੀ ਦਾ ਇੰਤਜਾਮ ਕਰਨਾ ਪੈਂਦਾ ਹੈ ਜਦੋਂ ਕਿ ਫਿਰੋਜਪੁਰ ਜ਼ਿਲ੍ਹੇ 'ਚ 41.3 ਫੀਸਦੀ ਘਰਾਂ ਦੀਆਂ ਔਰਤਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ ਘਰਾਂ ਤੋਂ ਬਾਹਰ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ 'ਚ 20.3 ਫੀਸਦੀ ਘਰਾਂ ਦੀਆਂ ਔਰਤਾਂ ਬਾਹਰੋਂ ਪਾਣੀ ਲਿਆਉਣ 'ਚ ਰੁੱਝੀਆਂ ਰਹਿੰਦੀਆਂ ਹਨ। ਫਰੀਦਕੋਟ 'ਚ ਵੀ 39.5 ਫੀਸਦੀ ਘਰਾਂ ਦੀਆਂ ਔਰਤਾਂ ਘੜਿਆਂ ਨਾਲ ਬਾਹਰੋਂ ਪਾਣੀ ਭਰ ਕੇ ਲਿਆਉਂਦੀਆਂ ਹਨ। ਇਕੱਲੇ ਬਰਨਾਲੇ ਜ਼ਿਲ੍ਹੇ ਦੀ ਇਸ ਮਾਮਲੇ 'ਚ ਪੁਜੀਸ਼ਨ ਠੀਕ ਲੱਗਦੀ ਹੈ। ਜਾਣਕਾਰੀ ਅਨੁਸਾਰ ਬਹੁਤੀਆਂ ਔਰਤਾਂ ਤਾਂ ਨਹਿਰੀ ਰਜਬਾਹਿਆਂ ਤੋਂ ਵੀ ਪਾਣੀ ਭਰ ਕੇ ਲਿਆਉਂਦੀਆਂ ਹਨ। ਸਰਪੰਚ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਝੰਡੂਕੇ ਦਾ ਕਹਿਣਾ ਸੀ ਕਿ ਕਈ ਪੇਂਡੂ ਔਰਤਾਂ ਦੇ ਤਾਂ ਪਾਣੀ ਢੋਹ ਢੋਹ ਕੇ ਸਿਰ ਗੰਜੇ ਹੋਏ ਪਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਔਰਤਾਂ ਦਾ ਬਹੁਤਾ ਸਮਾਂ ਤਾਂ ਪਾਣੀ ਢੋਂਹਣ 'ਚ ਹੀ ਲੰਘ ਜਾਂਦਾ ਹੈ। ਬੇਸਲਾਈਨ ਸਰਵੇ ਅਨੁਸਾਰ 19 ਫੀਸਦੀ ਘਰਾਂ ਵਲੋਂ ਇਹ ਦੱਸਿਆ ਗਿਆ ਕਿ ਉੁਨ੍ਹਾਂ ਨੂੰ ਪਾਣੀ ਢੋਂਹਣ ਲਈ ਦਿਨ 'ਚ ਇੱਕ ਗੇੜਾ ਲਾਉਣਾ ਪੈਂਦਾ ਹੈ ਜਦੋਂ ਕਿ 37.2 ਫੀਸਦੀ ਘਰਾਂ ਦੀਆਂ ਔਰਤਾਂ ਨੂੰ ਦਿਨ 'ਚ ਦੋ ਦਫਾ ਪਾਣੀ ਲੈਣ ਖਾਤਰ ਘਰੋਂ ਬਾਹਰ ਜਾਣਾ ਪੈਂਦਾ ਹੈ। 33.2 ਫੀਸਦੀ ਘਰਾਂ ਦੀਆਂ ਔਰਤਾਂ ਨੂੰ ਤਿੰਨ ਜਾਂ ਚਾਰ ਗੇੜੇ ਪਾਣੀ ਢੋਂਹਣ ਲਈ ਲਾਉਣੇ ਪੈਂਦੇ ਹਨ। ਇੱਥੋਂ ਤੱਕ ਕਿ 10.5 ਫੀਸਦੀ ਘਰਾਂ ਦੀਆਂ ਔਰਤਾਂ ਵਲੋਂ ਪੰਜ ਪੰਜ ਗੇੜੇ ਵੀ ਪਾਣੀ ਢੋਂਹਣ 'ਚ ਲਾਏ ਜਾਂਦੇ ਹਨ। ਬਠਿੰਡਾ ਜ਼ਿਲ੍ਹੇ 'ਚ 41.3 ਫੀਸਦੀ ਘਰਾਂ ਦੇ ਮੈਂਬਰਾਂ ਵਲੋਂ ਤਿੰਨ ਜਾਂ ਚਾਰ ਗੇੜੇ ਪਾਣੀ ਲਿਆਉਣ ਖਾਤਰ ਲਾਏ ਜਾਂਦੇ ਹਨ ਜਦੋਂ ਕਿ 52.2 ਫੀਸਦੀ ਘਰਾਂ ਦੇ ਮੈਂਬਰਾਂ ਨੂੰ ਦਿਨ 'ਚ ਦੋ ਵਾਰੀ ਪਾਣੀ ਲੈਣ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ। ਸਰਵੇ 'ਚ ਪਾਣੀ ਦੇ ਇੱਕ ਗੇੜਾ 'ਚ ਔਸਤਨ ਅੱਧਾ ਘੰਟਾ ਲੱਗਦਾ ਹੈ। ਕਰੀਬ 76.4 ਫੀਸਦੀ ਘਰਾਂ ਦੇ ਮੈਂਬਰਾਂ ਵਲੋਂ ਪਾਣੀ ਦਾ ਇੱਕ ਗੇੜਾ ਅੱਧੇ ਘੰਟੇ ਦਾ ਸਮਾਂ ਲਾਇਆ ਗਿਆ ਹੈ। 10.5 ਫੀਸਦੀ ਅਜਿਹੇ ਘਰ ਵੀ ਹਨ ਜਿਨ੍ਹਾਂ ਦੇ ਮੈਂਬਰਾਂ ਵਲੋਂ ਦਿਨ 'ਚ ਢਾਈ ਘੰਟੇ ਇਕੱਲਾ ਪਾਣੀ ਢੋਂਹਣ 'ਤੇ ਲਾ ਦਿੱਤੇ ਜਾਂਦੇ ਹਨ। 37.2 ਫੀਸਦੀ ਘਰਾਂ ਦਾ ਰੋਜ਼ਾਨਾਂ ਇੱਕ ਘੰਟਾ ਪਾਣੀ ਢੋਂਹਣ 'ਚ ਲੰਘ ਜਾਂਦਾ ਹੈ। 33.2 ਫੀਸਦੀ ਘਰਾਂ ਦਾ ਡੇਢ ਤੋਂ ਦੋ ਘੰਟੇ ਪਾਣੀ ਢੋਂਹਣ 'ਚ ਲੰਘਦੇ ਹਨ। ਬਾਕੀ ਪੰਜਾਬ ਨਾਲੋਂ ਮਾਲਵਾ ਇਲਾਕੇ 'ਚ ਇਸ ਤਰ੍ਹਾਂ ਦੇ ਹਾਲਾਤ ਹਨ। ਜਦੋਂ ਤੋਂ ਬਠਿੰਡਾ ਜ਼ਿਲ੍ਹੇ ਦੇ ਆਰ.ਓ.ਸਿਸਟਮ ਲੱਗੇ ਹਨ, ਉਦੋਂ ਤੋਂ ਹਰ ਘਰ ਨੂੰ ਹੀ ਆਰ.ਓ ਸਿਸਟਮ ਤੋਂ ਪਾਣੀ ਲਈ ਘਰਾਂ ਤੋਂ ਬਾਹਰ ਜਾਣਾ ਪੈਂਦਾ ਹੈ। ਸਰਵੇ 'ਚ ਆਰ.ਓ ਸਿਸਟਮ ਤੋਂ ਪਾਣੀ ਲੈਣ ਵਾਲੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਜਨ ਸਿਹਤ ਵਿਭਾਗ ਦੇ ਨਿਗਰਾਨ ਇੰਜਨੀਅਰ ਦਾ ਕਹਿਣਾ ਸੀ ਕਿ ਮਹਿਕਮੇ ਵਲੋਂ ਇਹ ਸਰਵੇ ਵੱਖ ਵੱਖ ਏਜੰਸੀਆਂ ਰਾਹੀਂ ਕਰਾਇਆ ਗਿਆ ਹੈ ਜਦੋਂ ਕਿ ਬਠਿੰਡਾ ਜ਼ਿਲੇ 'ਚ ਡਿਪਟੀ ਕਮਿਸ਼ਨਰ ਵਲੋਂ ਇਹ ਸਰਵੇ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਫੀ ਲੰਮਾ ਚੌੜਾ ਸਰਵੇ ਹੈ ਜਿਸ ਚੋਂ ਸਾਰੀ ਤਸਵੀਰ ਉਭਰਦੀ ਹੈ।
ਚਰਨਜੀਤ ਭੁੱਲਰ,ਬਠਿੰਡਾ
ਲੇਖਕ ਪੱਤਰਕਾਰ ਹਨ

No comments:

Post a Comment