ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, November 14, 2012

ਗ਼ਦਰ ਲਹਿਰ ਦੀ 100ਵੀਂ ਵਰ੍ਹੇ ਗੰਢ ਮਨਾਉਣ ਦੀਆਂ ਤਿਆਰੀਆਂ ਸ਼ੁਰੂ

ਗਲਾ ਵਰ੍ਹਾ 2013 ਉੱਤਰੀ ਅਮਰੀਕਾ ਵਿੱਚ ਵਸਦੇ ਭਾਰਤੀਆਂ ਲਈ ਬਹੁਤ ਹੀ ਮਹੱਤਵ ਪੂਰਨ ਵਰ੍ਹਾ ਹੈ ਕਿਓਂਕਿ ਇਹ ਵਰ੍ਹਾ ਗਦਰ ਲਹਿਰ ਦੀ 100 ਵੀ ਵਰ੍ਹੇ ਗੰਢ ਹੈ।ਗ਼ਦਰ ਪਾਰਟੀ ਦੀ ਸਥਾਪਨਾ ਅਮਰੀਕਾ ਦੇ ਸ਼ਹਿਰ ਆਸਟਰੀਆ ਵਿੱਚ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਵਿਸ਼ਨੂੰ ਗਣੇਸ਼ ਪਿੰਗਲੇ, ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਕੁਲੰਬੀਆ ਦਰਿਆ ਦੇ ਮੰਡ ਦੀਆਂ ਮਿੱਲਾਂ ਵਿੱਚ ਕੰਮ ਕਰਦੇ ਕਾਮਿਆਂ ਅਤੇ ਕੈਨੇਡਾ ਤੋਂ ਬਹੁਤ ਸਾਰੇ ਲੋਕਾਂ ਦੀ ਸ਼ਮੂਲੀਅਤ ਨਾਲ 1913 ਵਿੱਚ ਕੀਤੀ ਗਈ ਸੀ।ਇਹ ਉਹ ਸਮਾਂ ਸੀ ਜਦੋਂ ਅਮਰੀਕਾ ਅਤੇ ਕੈਨੇਡਾ ਵਿੱਚ ਰੰਗਦਾਰ ਲੋਕਾਂ ਖਾਸ ਕਰਕੇ ਭਾਰਤੀਆਂ ਨੂੰ ਨਸਲੀ ਹਮਲੇ ਅਤੇ ਵਿਤਕਰੇ ਭਰੇ ਇੰਮੀਗਰੇਸ਼ਨ ਦੇ ਕਾਨੂੰਨ ਲਾਗੂ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।ਉਸ ਸਮੇਂ ਇੰਨ੍ਹਾਂ ਗ਼ਦਰੀਆਂ ਨੂੰ ਇਹ ਅਹਿਸਾਸ ਹੋਇਆ ਕਿ ਇਹ ਸਭ ਕੁੱਝ ਜੋ ਸਾਡੇ ਨਾਲ ਹੋ ਰਿਹਾ ਹੈ ਸਾਡੇ ਮੁਲਕ ਦੀ ਗੁਲਾਮੀ ਦਾ ਸਿੱਟਾ ਹੈ।ਗ਼ਦਰ ਪਾਰਟੀ ਦਾ ਮੁੱਖ ਮੰਤਵ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤ ਕਰਾਕੇ ਬਰਾਬਰੀ ਵਾਲਾ ਸਮਾਜ ਸਿਰਜਣਾ ਅਤੇ ਉੱਤਰੀ ਅਮਰੀਕਾ ਵਿਚਲੇ ਨਸਲੀ ਅਤੇ ਆਰਥਿਕ ਵਿਤਕਰਿਆਂ ਵਾਲੇ ਕਾਨੂੰਨਾਂ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨਾ ਸੀ।ਗ਼ਦਰ ਪਾਰਟੀ ਵੱਲੋਂ ਪਰਚਾ ਗ਼ਦਰ ਪ੍ਰਕਾਸ਼ਿਤ ਕੀਤਾ ਗਿਆ। ਜਿਸਦਾ ਪਹਿਲਾ ਅੰਕ ਇੱਕ ਨਵੰਬਰ 1913 ਨੂੰ ਜਾਰੀ ਹੋਇਆ ਜਿਸਦੀ ਸੰਪਾਦਕੀ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਗ਼ਦਰੀਆਂ ਨੂੰ ਭਾਰਤ ਵਾਪਸ ਜਾਕੇ ਗ਼ਦਰ ਕਰਨ ਲਈ ਪ੍ਰੇਰਦਿਆਂ ਜਜ਼ਬਾਤੀ ਅਪੀਲ ਕੀਤੀ 'ਤੇ ਕਿਹਾ "ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨ, ਇਹੋ ਆਖ਼ਰੀ ਵਚਨ ਫ਼ੁਰਮਾਨ ਹੋ ਗਿਆ" ਸਾਡਾ ਨਾਂ ਕੀ ਹੈ? ਗ਼ਦਰ। ਸਾਡਾ ਕੰਮ ਕੀ ਹੈ? ਗ਼ਦਰ। ਕਿੱਥੇ ਹੋਵੇਗਾ? ਭਾਰਤ ਵਿੱਚ। ਇਸ ਜਜ਼ਬਾਤੀ ਅਪੀਲ ਨੇ ਲੋਕਾਂ ਉੱਪਰ ਬਹੁਤ ਵੱਡਾ ਅਸਰ ਕੀਤਾ 'ਤੇ ਸੈਂਕੜੇ ਲੋਕ ਗ਼ਦਰ ਪਾਰਟੀ ਨਾਲ ਜੁੜ ਗਏ। ਗ਼ਦਰ ਪਾਰਟੀ ਦੇ ਪ੍ਰੋਗਰਾਮ ਅਧੀਨ ਲੋਕ ਅਤੇ ਵਿਦਿਆਰਥੀ ਆਪੋ ਆਪਣੇ ਕੰਮ ਕਾਰ 'ਤੇ ਪੜ੍ਹਾਈ ਵਿੱਚੇ ਛੱਡ ਭਾਰਤ ਲਈ ਰਵਾਨਾ ਹੋ ਗਏ।ਉਨ੍ਹਾਂ ਉੱਥੇ ਜਾ ਕੇ ਅੰਤਾਂ ਦੇ ਤਸੀਹੇ, ਕਾਲੇ ਪਾਣੀਆਂ ਦੀ ਉਮਰ ਕੈਦ ਸਮੇਤ ਫਾਂਸੀ ਦੇ ਰੱਸੇ ਚੁੰਮੇ ਜਿਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਸੀ ਜਿਸਨੂੰ 18 ਸਾਲ ਦੀ ਉਮਰ ਵਿੱਚ ਹੀ ਫਾਂਸੀ ਦੇ ਦਿੱਤੀ ਗਈ ਸੀ।
ਕੈਲੇਫੋਰਨੀਆ ਦੇ ਗੁਰਦੁਆਰੇ 'ਚ ਜੁੜੇ ਗਦਰੀਆਂ ਦੀ ਤਸਵੀਰ

ਅੱਜ ਜਦੋਂ ਪੂਰੇ 100 ਸਾਲ ਬਾਅਦ ਸਾਨੂੰ ਉਨ੍ਹਾਂ ਮਹਾਨ ਗਦਰੀ ਯੋਧਿਆਂ ਨੂੰ ਯਾਦ ਕਰਨ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਅੱਜ ਦੇ ਸਮੇਂ ਵਿੱਚ ਗ਼ਦਰ ਲਹਿਰ ਦੀ ਮਹੱਤਤਾ ਬਾਰੇ ਵਿਚਾਰਾਂ ਕਰਨ ਦਾ ਸਮਾਂ ਮਿਲ ਰਿਹਾ ਹੈ ਤਾਂ ਕਿਓਂ ਨਾ ਅਸੀਂ ਸਾਰੇ ਸੈਕੁਲਰ ਸੋਚ ਦੇ ਲੋਕ / ਜਥੇਬੰਦੀਆਂ ਇਸ ਸ਼ਤਾਬਦੀ ਨੂੰ ਇਕੱਠੇ ਹੋ ਕੇ ਮਨਾਈਏ।ਇਸੇ ਹੀ ਲੜੀ ਵਿੱਚ ਸਾਲ 1914 ਕਾਮਾਗਾਟਾ ਮਾਰੂ ਦਾ ਸ਼ਤਾਬਦੀ, ਸਾਲ 1915 ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਾਈ ਮੇਵਾ ਸਿੰਘ ਦੇ ਸ਼ਹੀਦੀ ਸ਼ਤਾਬਦੀ ਵਰ੍ਹੇ ਹਨ ਜੋ ਇਸੇ ਤਰ੍ਹਾਂ ਇਕੱਠੇ ਹੋਕੇ ਮਨਾਏ ਜਾਣੇ ਚਾਹੀਦੇ ਹਨ।ਇਸ ਸਬੰਧੀ ਈਸਟ ਇੰਡੀਅਨ ਡਿਫੈਂਸ ਕਮੇਟੀ ਅਤੇ ਤਰਕਸ਼ੀਲ਼ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਨੇ ਵਿਚਾਰ ਵਟਾਂਦਰਾ ਕੀਤਾ 'ਤੇ ਇਹ ਫੈਸਲਾ ਲਿਆ ਕਿ ਕੈਨੇਡਾ ਭਰ ਵਿੱਚ ਸ਼ਤਾਬਦੀ ਮਨਾਉਣ ਸਬੰਧੀ ਤਾਲਮੇਲ ਪੈਦਾ ਕਰਨ ਲਈ ਹੋਰਨਾ ਸ਼ਹਿਰਾਂ ਵਿੱਚ ਵੀ ਸੰਪਰਕ ਕੀਤਾ ਜਾਵੇ।ਤਾਲਮੇਲ ਕਮੇਟੀ ਵਿੱਚ ਵੱਧ ਤੋਂ ਵੱਧ ਸੰਸਥਾਵਾਂ ਸ਼ਾਮਲ ਕੀਤੀਆਂ ਜਾਣ।ਇਸੇ ਸਬੰਧ ਵਿੱਚ ਇੱਕ ਵਫਦ ਕੈਲਗਿਰੀ ਅਤੇ ਐਡਮਿੰਟਨ ਗਿਆ ਅਤੇ ਉੱਥੇ ਦੀਆਂ ਸਥਾਨਕ ਜਥੇਬੰਦੀਆਂ ਨਾਲ ਤਾਲਮੇਲ ਕੀਤਾ, ਜਿੰਨ੍ਹਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ, ਵਿਨੀਪੈੱਗ ਵਿੱਚ ਵੀ ਸਾਥੀਆਂ ਨੇ ਸ਼ਤਾਬਦੀ ਨੂੰ ਜੋਰ ਸ਼ੋਰ ਨਾਲ ਮਨਾਉਣ ਲਈ ਸਹਿਮਤੀ ਦਿੱਤੀ।ਕਨੇਡਾ ਭਰ ਦੇ ਬਾਕੀ ਸ਼ਹਿਰਾਂ ਵਿੱਚ ਵੀ ਸੈਕੁਲਰ ਸੋਚ ਲਈ ਕੰਮ ਕਰ ਰਹੀਆਂ ਸਾਰੀਆਂ ਹੀ ਸੰਸਥਾਵਾਂ ਅਤੇ ਸਾਰੇ ਲੋਕਾਂ ਨੂੰ ਇਨਾਂ੍ਹ ਸ਼ਤਾਬਦੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਅਤੇ ਬਣਾਈ ਜਾਣ ਵਾਲੀ ਤਾਲਮੇਲ ਕਮੇਟੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਇਸ ਸਬੰਧੀ ਹੇਠ ਲਿਖੀਆਂ ਜਥੇਬੰਦੀਆਂ ਨੇ ਤਾਲਮੇਲ ਕਮੇਟੀ ਵਿੱਚ ਸ਼ਮੂਲੀਅਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਜਿੰਨ੍ਹਾਂ ਵਿੱਚ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋ: ਅਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਰਨ ਸੁਸਾਇਟੀ ਵੈਨਕੁਵਰ, ਪ੍ਰੋਗਰੈਸਿਵ ਪੀਪਲਜ਼ ਫਾਉਂਡੇਸ਼ਨ ਆਫ ਐਡਮਿੰਟਨ, ਪ੍ਰੋਗਰੈਸਿਵ ਕਲਚਰਲ ਐਸੋ:, ਅਰਪਨ ਲਿਖਾਰੀ ਸਭਾ, ਪੰਜਾਬੀ ਲਿਖਾਰੀ ਸਭਾ, ਪੰਜਾਬੀ ਸਾਹਿਤ ਸਭਾ ਕੈਲਗਿਰੀ ਅਤੇ ਸੋਹਣ ਪੂਨੀ ਇਤਿਹਾਸਕਾਰ ਵੀ ਸ਼ਾਮਲ ਹਨ।ਇਸ ਤਾਲਮੇਲ ਕਮੇਟੀ ਵਿੱਚ ਸ਼ਮੂਲੀਅਤ ਕਰਨ ਲਈ ਹੇਠ ਲਿਖੇ ਸਾਥੀਆਂ ਨਾਲ ਛੇਤੀ ਤੋਂ ਛੇਤੀ ਸੰਪਰਕ ਕੀਤਾ ਜਾਵੇ।

ਹਰਭਜਨ ਚੀਮਾ ਸਕੱਤਰ ਈਸਟ ਇੰਡੀਅਨ ਡਿਫੈਂਸ ਕਮੇਟੀ ਵੈਨਕੁਵਰ                        (604) 377-2415 
ਅਵਤਾਰ ਬਾਈ ਪ੍ਰਧਾਨ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੈਨਕੂਵਰ  (604) 728-7011 
ਭਜਨ ਸਿੰਘ ਗਿੱਲ ਮੈਂਬਰ ਤਾਲਮੇਲ ਕਮੇਟੀ ਕੈਲਗਿਰੀ                                             (403) 455–4220                          
ਹਰਨੇਕ ਧਾਲੀਵਾਲ ਵਿਨੀਪੈੱਗ                                                                            (204) 488-6960 
ਜਗਮੋਹਣ ਸਿੰਘ ਗਿੱਲ ਢੁੱਡੀਕੇ ਵਿਨੀਪੈੱਗ                                                              (204) 421-1523
ਦਲਬੀਰ ਸੈਂਗੀਓਨ ਪ੍ਰਧਾਨ ਪ੍ਰੋਗਰੈੱਸਿਵ ਪੀਪਲਜ਼ ਫ਼ਾਊਂਡੇਸ਼ਨ ਆਫ ਐਡਮਿੰਟਨ           (780) 995-5475 

ਜੂਨ ਦੇ ਗਦਰੀ ਸ਼ਹੀਦ ਨੂੰ ਸਲਾਮ

No comments:

Post a Comment