ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, November 21, 2012

ਗਰੀਬ ਦੇਸ਼ ਦੇ ਅਮੀਰ ਭਗਵਾਨ

ਜ਼ਾਦੀ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਾਰਖਿਨਆਂ ਨੂੰ ਆਧੁਨਿਕ ਮੰਦਰ ਕਿਹਾ ਸੀ।ਪਰ ਅੱਜ ਛੇ ਦਹਾਕੇ ਬੀਤ ਜਾਣ ਦੇ ਬਾਵਜੂਦ ਮੰਦਰ ਆਧੁਨਿਕ ਕਾਰਖਾਨੇ ਬਣ ਚੁੱਕੇ ਹਨ।ਕਿਉਂਕਿ ਇਨ੍ਹਾਂ ਮੰਦਰਾਂ 'ਚ ਆਉਣ ਵਾਲਾ ਚੜ੍ਹਾਵਾ ਭਾਰਤ ਦੇ ਬਜਟ ਦੇ ਕੁੱਲ ਯੋਜਨਾ ਖਰਚੇ ਦੇ ਬਰਾਬਰ ਹੈ। ਇੱਥੇ ਦਸ ਸਭ ਤੋਂ ਜ਼ਿਆਦਾ ਅਮੀਰ ਮੰਦਰਾਂ ਦੀ ਜਾਇਦਾਦ ਦੇਸ਼ ਦੇ 500 ਦਰਮਿਆਨੇ ਸਨਅਤਕਾਰਾਂ ਤੋਂ ਜ਼ਿਆਦਾ ਹੈ।ਸਿਰਫ਼ ਸੋਨੇ ਦੀ ਗੱਲ ਕੀਤੀ ਜਾਵੇ ਤਾਂ 100 ਪ੍ਰਮੁੱਖ ਮੰਦਰਾਂ ਕੋਲ ਕਰੀਬ 3600 ਅਰਬ ਰੁਪਏ ਦਾ ਸੋਨਾ ਹੈ।ਸ਼ਾਇਦ ਐਨਾ ਧਨ ਰਿਜ਼ਰਵ ਬੈਂਕ ਕੋਲ ਵੀ ਨਹੀ ਹੈ ।ਮੰਦਰਾਂ ਦੇ ਇਸ ਵਧ ਫ਼ੁੱਲ ਰਹੇ ਕਾਰੋਬਾਰ ਤੇ ਮੰਦੀ ਦਾ ਕੋਈ ਅਸਰ ਨਹੀ ਪੈਂਦਾ।ਉਲਟਾ ਅੱਜ ਜਦੋਂ ਭਾਰਤੀ ਅਰਥਚਾਰਾ ਡੂੰਘੇ ਸੰਕਟ 'ਚ ਫਸਦਾ ਜਾ ਰਿਹਾ ਤਾਂ ਮੰਦਰਾਂ ਦੇ ਸਲਾਨਾ ਚੜ੍ਹਾਵੇ ਦੀ ਰਕਮ ਲਗਾਤਾਰ ਵਧਦੀ ਜਾ ਰਹੀ ਹੈ।ਜ਼ਾਹਿਰ ਹੈ ਕਿ ਇਸ ਦੇ ਪਿੱਛੇ ਮੀਡੀਏ ਤੇ ਪ੍ਰਚਾਰ ਤੰਤਰ ਦਾ ਵੀ ਯੋਗਦਾਨ ਹੈ।ਜਿਹੜਾ ਦੂਰ ਦੁਰਾਡਿਉਂ ਸ਼ਰਧਾਲੂਆਂ ਨੂੰ ਖਿੱਚ ਲਿਆਉਣ ਲਈ ਵਿਸ਼ੇਸ਼ ਯਾਤਰਾ ਪੈਕੇਜ ਦਿੰਦੇ ਰਹਿੰਦੇ ਹਨ।ਜਿੱਥੇ ਦੇਸ਼ ਦੀ 80 ਫੀਸਦੀ ਜਨਤਾ ਨੂੰ ਸਿੱਖਿਆ, ਸਿਹਤ,ਪਾਣੀ ਜਿਹੀਆਂ ਬੁਨਿਆਦੀ ਸਹੂਲਤਾਂ ਵੀ ਉਪਲਬੱਧ ਨਹੀਂ ਹਨ।ਉੱਥੇ ਮੰਦਰਾਂ ਦੇ ਟੱਰਸਟ ਅਤੇ ਬਾਬਿਆਂ ਦੀਆਂ ਕੰਪਨੀਆਂ ਅੱਧੀ ਜਾਇਦਾਦ ਸਾਂਭੀ ਬੈਠੀਆਂ ਹਨ।ਸਿਰਫ਼ ਕੁੱਝ ਮੰਦਰਾਂ ਦੀ ਕਮਾਈ ਵੇਖੀਏ ਤਾਂ ਇਸ ਗਰੀਬ ਦੇਸ਼ ਦੇ ਅਮੀਰ ਭਗਵਾਨਾਂ ਦਾ ਖੁਲਾਸਾ ਹੋ ਜਾਵੇਗਾ।

ਤਿਰੂਪਤੀ ਬਾਲਾ ਜੀ:- ਭਾਰਤ ਦੇ ਅਮੀਰ ਮੰਦਰਾਂ ਦੀ ਲਿਸਟ 'ਚ ਤਿਰੂਪਤੀ ਬਾਲਾ ਜੀ ਮੰਦਰ ਨੰਬਰ ਇੱਕ ਤੇ ਹੈ।ਇਸ ਮੰਦਰ ਦਾ ਖਜ਼ਾਨਾ ਪੁਰਾਣੇ ਜ਼ਮਾਨੇ ਦੇ ਰਾਜਿਆਂ-ਮਹਾਂਰਾਜਿਆਂ ਨੂੰ ਵੀ ਮਾਤ ਦੇਣ ਵਾਲਾ ਹੈ।ਕਿਉਂਕਿ ਬਾਲਾ ਜੀ ਦੇ ਖਜ਼ਾਨੇ 'ਚ ਅੱਠ ਟਨ ਤਾਂ ਗਹਿਣੇ ਹੀ ਹਨ।ਅੱਡ-ਅੱਡ ਬੈਂਕਾਂ 'ਚ ਮੰਦਰ ਦਾ 300 ਕਿੱਲੋਂ ਸੋਨਾ ਜਮਾਂ ਹੈ ਅਤੇ ਮੰਦਰ ਕੋਲ 1000 ਕਰੋੜ ਰੁਪਏ ਦੀਆਂ ਐਫ.ਡੀਜ਼ ਹਨ।ਇੱਕ ਅੰਦਾਜ਼ੇ ਮੁਤਾਬਿਕ ਤਿਰੂਪਤੀ ਮੰਦਰ 'ਚ ਹਰ ਸਾਲ 70 ਹਜ਼ਾਰ ਸ਼ਰਧਾਲੂ ਆਂਉਦੇ ਹਨ ਜਿਸ ਨਾਲ ਹਰ ਮਹੀਨੇ ਸਿਰਫ਼ ਚੜ੍ਹਾਵੇ ਨਾਲ ਹੀ ਮੰਦਰ ਨੂੰ 9 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਹੁੰਦੀ ਹੈ ਅਤੇ ਇੱਕ ਸਾਲ ਦੀ ਆਮਦਨ ਕਰੀਬ 650 ਕਰੋੜ ਰੁਪਏ ਹੈ।ਇਸ ਲਈ ਬਾਲਾ ਜੀ ਦੁਨੀਆਂ ਦੇ ਸਭ ਤੋਂ ਅਮੀਰ ਭਗਵਾਨ ਕਹੇ ਜਾਂਦੇ ਹਨ।ਜਨਤਾ ਦਾ ਦੁੱਖ, ਦਰਦ ਦੂਰ ਕਰਨ ਵਾਲੇ ਭਗਵਾਨ ਬਾਲਾ ਜੀ ਦੀ ਜਾਇਦਾਦ ਦੀ ਰਾਖੀ ਲਈ 52 ਹਜ਼ਾਰ ਕਰੋੜ ਰੁਪਏ ਦਾ ਬੀਮਾ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬਾਲਾ ਜੀ ਨੂੰ ਬੇਸ਼ਕੀਮਤੀ ਚੜ੍ਹਾਵੇ ਚੜ੍ਹਦੇ ਰਹਿੰਦੇ ਹਨ।ਇਨ੍ਹਾਂ ਭਗਤਾਂ ਦੀ ਲਿਸਟ 'ਚ ਗੈਰ ਕਾਨੂੰਨੀ ਖਨਨ ਦੇ ਸਭ ਤੋਂ ਵੱਡੇ ਸਰਗਨੇ ਰੈਡੀ ਬੰਧੂ ਵੀ ਹਨ ਜਿਨ੍ਹਾਂ ਨੇ 45 ਕਰੋੜ ਦਾ ਹੀਰਿਆਂ ਨਾਲ ਜੜਿਆ ਮੁਕਟ ਚੜ੍ਹਾਇਆ ਤਾਂ ਕਿ ਉਨ੍ਹਾਂ ਦੇ ਕਾਲੇ ਧੰਦਿਆਂ ਤੇ ਮਿਹਰ ਬਣੀ ਰਹੇ।

ਵੈਸ਼ਨੋ ਦੇਵੀ ਮੰਦਰ:- ਤਿਰੂਪਤੀ ਬਾਲਾ ਜੀ ਮੰਦਰ ਤੋਂ ਬਾਅਦ ਦੇਸ਼ 'ਚ ਸਭ ਤੋਂ ਜ਼ਿਆਦਾ ਲੋਕ ਵੈਸ਼ਨੋ ਦੇਵੀ ਮੰਦਰ 'ਚ ਆਉਦੇ ਹਨ।500 ਕਰੋੜ ਰੁਪਏ ਦੀ ਸਾਲਾਨਾ ਆਮਦਨ ਨਾਲ ਵੈਸ਼ਨੋ ਦੇਵੀ ਮੰਦਰ ਦੇਸ਼ ਦੇ ਅਮੀਰ ਮੰਦਰਾਂ 'ਚ ਆਉਂਦਾ ਹੈ।ਮੰਦਰ ਦੇ ਸੀ.ਈ.a. ਆਰ.ਕੇ ਗੋਇਲ ਦੇ ਮਾਤਬਿਕ ਹਰ ਗੁਜਰ ਰਹੇ ਦਿਨ ਦੇ ਨਾਲ ਮੰਦਰ ਦੀ ਆਮਦਨ ਵੱਧਦੀ ਜਾ ਰਹੀ ਹੈ।

ਸਾਈਂ ਬਾਬਾ ਮੰਦਰ:-ਮਹਾਂਰਾਸ਼ਟਰ ਦੇ ਸਿਰਡੀ 'ਚ ਸਥਿਤ ਇਹ ਮੰਦਰ ਉਸ ਸੂਬੇ ਦੇ ਸਭ ਤੋਂ ਅਮੀਰ ਮੰਦਰਾਂ 'ਚ ਹੈ।ਸਾਈਂ ਦੇ ਦਰਸ਼ਨਾਂ ਲਈ ਮੀਲਾਂ ਲੰਮੀਂ ਲਾਇਨ ਲੱਗਦੀ ਹੈ।ਸਰਕਾਰੀ ਜਾਣਕਾਰੀ ਮੁਤਾਬਿਕ ਇਸ ਪ੍ਰਸਿੱਧ ਮੰਦਰ ਕੋਲ 32 ਕਰੋੜ ਰੁਪਏ ਦੇ ਗਹਿਣੇ ਹਨ ਤੇ ਟੱਰਸਟ ਦੀ ਕੁਲ ਜਾਇਦਾਦ 450 ਕਰੋੜ ਰੁਪਏ ਹੈ।ਪਿਛਲੇ ਕੁਝ ਸਾਲਾਂ ਤੋਂ ਸਾਈਂ ਬਾਬਾ ਦੀ ਵੱਧਦੀ ਮਸ਼ਹੂਰੀ ਕਾਰਣ ਇਸਦੀ ਰੋਜ਼ਾਨਾ ਆਮਦਨ 60 ਲੱਖ ਰੁਪਏ ਤੋਂ ਉਪਰ ਹੈ ਅਤੇ ਸਲਾਨਾ ਆਮਦਨ 210 ਕਰੋੜ ਰੁਪਏ ਹੈ।

ਪਦਮਨਾਥ ਮੰਦਰ:-ਪਿਛਲੇ ਸਾਲ ਕੇਰਲਾ ਦੇ ਤਿਰੁਵੰਨਤਪੁਰਮ ਦੇ ਪਦਮਨਾਥ ਮੰਦਰ ਦੇ ਭੋਰਿਆਂ 'ਚੋਂ ਮਿਲੀ ਬੇਸ਼ੁਮਾਰ ਦੌਲਤ ਤੋਂ ਬਾਅਦ ਬਾਲਾ ਜੀ ਮੰਦਰ ਤੋਂ ਵੀ ਅਗਾਂਹ ਟੱਪਦਿਆਂ ਇਹ ਦੇਸ਼ ਦਾ ਸਭ ਤੋਂ ਅਮੀਰ ਮੰਦਰ ਬਣ ਗਿਆ।ਗੁਪਤ ਤਹਿਖਾਨਿਆਂ ਚੋਂ ਮਿਲਿਆ ਖਜ਼ਾਨਾ ਖਰਬਾਂ ਰੁਪਏ ਦਾ ਹੈ ਜਿਸ 'ਚ ਸਿਰਫ ਸੋਨੇ ਦੀਆਂ ਮੂਰਤੀਆਂ,ਹੀਰੇ-ਜਵਾਰਾਹਤ,ਗਹਿਣੇ,ਸੋਨੇ-ਚਾਂਦੀ ਦੇ ਸਿੱਕਿਆਂ ਦਾ ਮੁੱਲ ਹੀ ਪੰਜ ਲੱਖ ਕਰੋੜ ਰੁਪਏ ਹੈ।ਹਾਲੇ ਤੱਕ ਮੰਦਰ ਦੇ ਦੂਜੇ ਤਹਿਖਾਨੇ ਖੁੱਲ੍ਹਣੇ ਬਾਕੀ ਹਨ,ਜਿਨ੍ਹਾਂ ਚੋਂ ਹਾਲੇ ਹੋਰ ਬੇਸ਼ੁਮਾਰ ਦੌਲਤ ਨਿਕਲ ਸਕਦੀ ਹੈ।

ਮੰਦਰਾਂ ਚ ਆਉਣ ਵਾਲੇ ਚੜਾਵਿਆਂ ਤੋਂ ਲੈ ਕੇ ਮੰਦਰ ਦੇ ਟਰੱਸਟਾਂ ਅਤੇ ਮਹੰਤਾਂ ਦੀ ਜਾਇਦਾਦ ਸਪੱਸ਼ਟ ਕਰਦੀ ਹੈ ਕਿ ਇਹ ਮੰਦਰ ਭਾਰੀ ਮੁਨਾਫਾ ਕਮਾਉਣ ਵਾਲੇ ਕਿਸੇ ਸਨਅੱਤੀ ਕਾਰੋਬਾਰ ਤੋਂ ਵੱਖ ਨਹੀਂ ਹਨ।ਉਂਝ ਤਾਂ ਧਰਮ ਸਦਾ ਤੋਂ ਹੀ ਹਾਕਮ ਜਮਾਤ ਦੇ ਹੱਥ 'ਚ ਇੱਕ ਮਹੱਤਵਪੂਰਨ ਸੰਦ ਰਿਹਾ ਹੈ।ਲੇਕਿਨ ਪੂੰਜੀਵਾਦ ਨੇ ਨਾ ਸਿਰਫ ਧਰਮ ਦੀ ਵਰਤੋਂ ਕੀਤੀ ਸਗੋਂ ਉਸਨੂੰ ਇੱਕ ਪੂੰਜੀਵਾਦੀ ਅਦਾਰਾ ਬਣਾ ਦਿੱਤਾ।ਪੂੰਜੀਵਾਦੀ ਧਰਮ ਅੱਜ ਸਿਰਫ ਜਨਤਾ ਦੀ ਚੇਤਨਾ ਨੂੰ ਖੁੰਡਾ ਕਰਨ ਦਾ ਹੀ ਕੰਮ ਨਹੀਂ ਕਰਦਾ ਸਗੋਂ ਭਾਰੀ ਮੁਨਾਫੇ ਦਾ ਧੰਦਾ ਬਣ ਗਿਆ ਹੈ।ਮਜੇ ਦੀ ਗੱਲ ਇਹ ਹੈ ਕਿ ਹਰ ਪੂੰਜੀਵਾਦੀ ਕਾਰਖਾਨੇ ਵਾਂਗ ਧਰਮ ਦੇ ਬੰਦਿਆਂ 'ਚ ਵੀ ਗਲਾ ਕਾਟੂ ਹੋੜ ਹੈ।

ਮਾਰਕਸ ਨੇ ਕਿਹਾ ਸੀ ਕਿ, "ਪੂੰਜੀਵਾਦ ਅੱਜ ਤਕ ਦੀ ਸਭ ਤੋਂ ਗਤੀਸ਼ੀਲ ਪੈਦਾਵਰੀ ਪ੍ਰਣਾਲੀ ਹੈ ਅਤੇ ਇਹ ਆਪਣੀ ਇਮੇਜ਼ ਵਾਂਗ ਹੀ ਸੰਸਾਰ ਬਣਾ ਲੈਂਦਾ ਹੈ।"ਪੂੰਜੀਵਾਦ ਨੇ ਧਰਮ ਨਾਲ ਵੀ ਅਜਿਹਾ ਹੀ ਕੀਤਾ ਹੈ।ਇਸ ਨੇ ਇਸਨੂੰ ਪੂੰਜੀਵਾਦ ਧਰਮ 'ਚ ਇਸ ਕਦਰ ਤਬਦੀਲ ਕਰ ਦਿੱਤਾ ਹੈ ਕਿ ਧਰਮ ਖੁਦ ਇੱਕ ਧੰਦਾ ਬਣ ਗਿਆ ਹੈ ਅਤੇ ਇਸਤੋਂ ਅੱਡ ਹੋਰ ਕੋਈ ਉਮੀਦ ਵੀ ਨਹੀਂ ਕੀਤੀ ਜਾ ਸਕਦੀ।

ਬਿਗਲ ਤੋਂ ਪੰਜਾਬੀ ਤਰਜ਼ਮਾ:ਮਨਦੀਪ
ਤਰਜ਼ਮਾਕਾਰ  'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।
Mob-98764-42052

No comments:

Post a Comment