ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, January 22, 2013

'ਸਰਕਾਰੀ-ਕਾਰਪੋਰੇਟ' ਮੀਡੀਆ ਦਾ ਦੋਗਲਾਪਣ

ਲਾਤਕਾਰ ਦੀਆਂ ਆਏ ਦਿਨ ਵਧ ਰਹੀਆਂ ਵਾਰਦਾਤਾਂ ਮੀਡੀਆ ਖੇਤਰ ਅੰਦਰ ਪੂਰੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ,ਖਾਸ ਕਰ ਇਲੈਕਟ੍ਰਾਨਿਕ ਮੀਡੀਆ 'ਚ।ਦਿੱਲੀ 'ਚ ਪੈਰਾ ਮੈਡੀਕਲ ਵਿਦਿਆਰਥਣ ਦਾਮਿਨੀ ਨਾਲ ਵਾਪਰੀ ਦਰਿੰਦਗੀ ਭਰੀ ਵਾਰਦਾਤ ਸਾਡੇ ਸਾਰਿਆਂ ਲਈ ਬਿਨਾਂ ਸ਼ੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।ਸਾਨੂੰ ਅਜਿਹੇ ਵਰਤਾਰੇ ਫਿਰ ਨਾਂ ਵਾਪਰਨ ਦੀ ਇਸ ਦਿਉ ਕੱਦ ਚੁਣੌਤੀ ਨੂੰ ਕਬੂਲ ਕਰਦਿਆਂ ਸੰਘਰਸ਼ ਦੇ ਮੈਦਾਨ 'ਚ ਨਿਤਰਦਿਆਂ ਇਸ ਨੂੰ ਠੀਕ ਦਿਸ਼ਾ 'ਚ ਅੱਗੇ ਵਧਾਉਣ ਲਈ ਪੂਰਾ ਤਾਣ ਲਾ ਦੇਣਾ ਚਾਹੀਦਾ ਹੈ। ਜਿੱਥੇ ਦੋਸ਼ੀਆਂ ਨੂੰ ਸਖਤ ਸਜਾ ਦਿਵਾਉਣ ਦੀ ਮੰਗ ਪੂਰੇ ਜੋਰ ਸ਼ੋਰ ਨਾਲ ਉਭਾਰਨੀ ਚਾਹੀਦੀ ਹੈ ਉੱਥੇ ਹੀ ਇਸ ਕੇਸ ਦੀ ਪੈਰਵਾਈ ਵੀ ਇਸ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਦੋਸ਼ੀ ਇੱਥੋਂ ਦੇ ਕਾਨੂੰਨ ਦੀਆਂ ਚੋਰ ਮੋਰੀਆਂ ਵਰਤ ਕੇ ਬਰੀ ਨਾਂ ਹੋ ਸਕਣ।

ਮੀਡੀਆ ਵੱਲੋਂ ਜੋ ਪੱਖ ਹੁਣ ਪੂਰੇ ਜ਼ੋਰ ਨਾਲ ਉਭਾਰਿਆ ਜਾ ਰਿਹਾ ਹੈ ਅਤੇ ਬਹਿਸ ਇਸ ਪੱਖ ਤੇ ਕੇਂਦਰਤ ਕੀਤੀ ਜਾ ਰਹੀ ਹੈ ਕਿ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ।ਜਨ ਸਾਧਾਰਨ ਨੂੰ ਇਹ ਗੱਲ ਕਿਸੇ ਹੱਦ ਤੱਕ ਜੱਚਦੀ ਵੀ ਹੈ ਇਸੇ ਕਰਕੇ ਹੁਣ ਤੱਕ ਦੇ ਮੁਲਕ ਤੇ ਮੁਲਕੋਂ ਬਾਹਰ ਚੱਲੇ ਅਤੇ ਚੱਲ ਰਹੇ ਅੰਦੋਲਨਾਂ 'ਚ "ਬਲਾਤਕਾਰੀਆਂ ਨੂੰ ਫਾਂਸੀ ਦਿਓ" ਦੇ ਨਾਹਰੇ ਆਮ ਲੱਗ ਰਹੇ ਹਨ। ਹਾਲਾਂ ਕਿ ਇਨਕਲਾਬੀ ਜਮਹੂਰੀ ਸ਼ਕਤੀਆਂ ਦੀ ਅਗਵਾਈ 'ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ 'ਚ ਇਸ ਸੰਘਰਸ਼ ਨੂੰ ਠੀਕ ਦਿਸ਼ਾ 'ਚ ਅੱਗੇ ਵਧਾਉਣ ਦੇ ਸਾਰਥਿਕ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਹਕੀਕਤ ਪ੍ਰਵਾਨ ਕਰਨ ਵਾਲੀ ਹੈ ਕਿ ਜਿਸ ਪੱਧਰ ਤੱਕ ਮੀਡੀਆ ਇਸ ਗੱਲ ਨੂੰ ਉਭਾਰਨ 'ਚ ਕਾਮਯਾਬ ਰਿਹਾ ਹੈ ਗੱਲ ਕਾਨੂੰਨ ਨੂੰ ਸਖਤ ਬਣਾ ਕੇ ,ਫਾਸਟ ਟਰੈਕ ਅਦਾਲਤਾਂ ਰਾਹੀਂ ਬਲਾਤਕਾਰੀਆਂ ਨੂੰ ਫਾਂਸੀ ਦੇਣ ਤੇ ਹੀ ਆ ਟਿਕਦੀ ਹੈ।


ਖਾਸ ਕਰ 90-91 ਤੋਂ ਰਾਓ- ਮਨਮੋਹਣ ਸਿੰਘ ਜੋੜੀ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਵੀਆਂ ਆਰਥਿਕ ਅਤੇ ਸਨਅਤੀ ਨੀਤੀਆਂ ਨੂੰ ਲਾਗੂ ਕਰਨ ਵੇਲੇ ਮਹਿਜ ਉਨ੍ਹਾਂ ਦਾ ਮਕਸਦ ਆਰਥਿਕ ਸੁਧਾਰਾਂ ਦੀ ਪ੍ਰਕ੍ਰਿਆ ਤਹਿਤ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ਨੂੰ ਅੰਨੀ ਲੁੱਟ ਮਚਾਉਣ ਦੀ ਖੁੱਲ ਦੇਣਾ ਨਹੀਂ ਸੀ। ਸਗੋਂ ਸਾਡੇ ਲੋਕਾਂ ਦੀ ਜ਼ਿੰਦਗੀ ਦੇ ਸਮੁੱਚੇ ਜਿਉਣ ਢੰਗ ਨੂੰ ਆਪਣੇ ਅਨੁਸਾਰ ਢਾਲਣਾ ਵੀ ਸੀ। ਜਿਸ ਦਾ ਹਿੱਸਾ ਸੀ ਸਾਡੇ ਸੱਭਿਆਚਾਰ ਉੱਤੇ ਪੂਰੇ ਸਾਜਿਸ਼ੀ ਢੰਗ ਨਾਲ ਹੱਲਾ ਬੋਲਣਾ।ਕਿਉਂਕਿ ਸਾਡਾ ਸੱਭਿਆਚਾਰ ਹਰ ਕਿਸਮ ਦੇ ਜਾਬਰਾਂ-ਜਰਵਾਣਿਆਂ ਦੇ ਹਰ ਹੱਲੇ ਦਾ ਟਾਕਰਾ ਕਰਨਾ ਸੀ।ਇਸ ਲਈ ਜਦੋਂ ਇਨਾ੍ਹਂ ਲੁਟੇਰਿਆਂ ਸਾਡੇ ਸੱਭਿਆਚਾਰ ਉੱਤੇ ਹੱਲਾ ਬੋਲਿਆ ਤਾਂ ਇਸ ਦੀ ਜਕੜ 'ਚ ਸਾਡੀ ਨੌਜੁਆਨ ਪੀੜੀ ਨੂੰ ਲਿਆਂਦਾ।ਇਸੇ ਕਰਕੇ ਮਨੁੱਖੀ/ਸਮਾਜਕ ਕਦਰਾਂ ਕੀਮਤਾਂ ਉੱਪਰ ਹੱਲਾ ਬੋਲਦਿਆਂ ਮਨੁੱਖੀ ਦਿਮਾਗ ਦੀ ਆਪਣੇ ਅਨੁਸਾਰ ਢਲਾਈ ਕਰਨ ਲਈੇ ਜਾਂ ਤਾਂ ਲੱਚਰ, ਅਸ਼ਲੀਲ, ਕਾਮ ਉਕਸਾਊ ਅਧ ਨੰਗੀਆਂ ਫਿਲ਼ਮਾਂ, ਗਾਣੇ ਜਾਂ ਫਿਰ ਮਨੁੱਖੀ ਚੇਤਨਾ ਨੂੰ ਸ੍ਹੰਨ ਲਾਉਂਦੇ ਅੰਧ ਵਿਸ਼ਵਾਸ਼ੀ ਸੀਰੀਅਲਾਂ ਦਾ ਬੋਲਬਾਲਾ ਵੇਖਣ/ਸੁਨਣ ਨੂੰ ਮਿਲ ਰਿਹਾ ਹੈ।


ਹੁਣ ਰਾਜਧਾਨੀ 'ਚ ਵਾਪਰੀ ਬੇਹੱਦ ਘਿਨਾਉਣੀ ਘਟਨਾ ਤੋਂ ਬਾਅਦ ਇਲੈਕਟ੍ਰਾਨਿਕ ਮੀਡੀਆ ਹਰਕਤ'ਚ ਆਇਆ ਹੈ ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅੱਜ ਤੋਂ ਪੰਦਰਾਂ ਸਾਲ ਪਹਿਲਾਂ 29 ਜੁਲਾਈઠ1997 ਨੂੰ ਪੰਜਾਬ ਅੰਦਰ ਮਹਿਲਕਲਾਂ ਅੰਗਹੀਣ ਮਾਸਟਰ ਦਰਸ਼ਨ ਸਿੰਘ ਦੀ ਧੀ ਕਿਰਨਜੀਤ ਕੌਰ ਨੂੰ ਦਿਨ ਦਿਹਾੜੇ ਕਾਲਜ ਤੋਂ ਵਾਪਸ ਪਰਤਦਿਆਂ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰਕੇ ਲਾਸ਼ ਨੂੰ ਨਗਨ ਹਾਲਤ ਵਿੱਚ ਹੀ ਟੋਏ ਵਿੱਚ ਦੱਬ ਦਿੱਤਾ ਸੀ। ਲੱਖਾਂ ਲੋਕਾਂ ਨੇ ਐਕਸ਼ਨ ਕਮੇਟੀ ਦੀ ਅਗਵਾਈ 'ਚ ਚੱਲੇ ਸੰਘਰਸ਼ ਦੀ ਬਦੌਲਤ 14 ਦਿਨਾਂ ਬਾਅਦ ਲਾਸ਼ ਨੂੰ ਬਰਾਮਦ ਕਰਵਾ ਕੇ ਦੋਸ਼ੀਆਂ ਨੂੰ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਬੰਦ ਕਰਵਾ ਕੇ ਲੰਮੀ ਜਨਤਕ ਅਤੇ ਕਾਨੂੰਨੀ ਜੋਦੋਜਹਿਦ ਲੜਦਿਆਂ ਮਿਸਾਲੀ ਸਜਾਵਾਂ ਦਿਵਾਈਆ ਸਨ। ਕੀ ਮਹਿਲ ਕਲਾਂ ਦੀ ਕਿਰਨਜੀਤ ਕੌਰ ਮੀਡੀਏ ਮੁਤਾਬਕ ਸਮਾਜ ਦੀ ਕੁੱਝ ਲੱਗਦੀ ਨਹੀਂ ਸੀ ? ਉਸ ਸਮੇਂ ਮੀਡੀਆ ਸਮੇਤ ਸ਼ਾਸ਼ਨ-ਪ੍ਰਸ਼ਾਸ਼ਨ ਕੀ ਇਸ ਕਰਕੇ ਘੂਕ ਸੁੱਤਾ ਰਿਹਾ ਕਿ ਪਹਿਲਾਂ ਮਰਜ ਨੂੰ ਕੈਂਸਰ ਦਾ ਰੂਪ ਧਾਰਨ ਕਰ ਲੈਣ ਦਿਉ?


ਇਸ ਇਸੇ ਤਰ੍ਹਾਂ ਦਾ ਵਰਤਾਰਾ ਪੰਜਾਬ ਅੰਦਰ ਮਾਨਸਾ ਜਿਲ੍ਹੇ ਦੇ ਪਿੰਡ ਬਰੇਟਾ ਦੀ ਗਰੀਬ ਘਰ ਦੀ ਧੀ ''ਪਿੰਕੀ'' ਨੂੰ ਜਦੋਂ ਅਮੀਰ ਘਰਾਣਿਆਂ ਨੇ ਆਪਣੀ ਹਵਸ਼ ਦਾ ਸ਼ਿਕਾਰ ਬਨਾਉਣ ਤੋਂ ਬਾਅਦ ਕਤਲ ਕਰ ਦਿੱਤਾ ਮੀਡੀਆ ਦੀ ਸਵੱਲੀ ਨਜਰ ਉੱਥੇ ਵੀ ਨਾਂ ਪੁੱਜੀ।ਇਸੇ ਹੀ ਤਰਾਂ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਵਿਚੋਂ ਦਿਨ ਦਿਹਾੜੇ ਸ਼ਰੂਤੀ ਨੂੰ ਸਿਆਸੀ ਸ਼ਹਿ ਪ੍ਰਾਪਤ ਗੁੰਡਾ ਨਿਸ਼ਾਨ ਆਪਣੇ ਢਾਣੀ ਸਮੇਤ ਅਗਵਾ ਕਰਨ ਵੇਲੇ ਉਸ ਦੇ ਮਾਂ ਬਾਪ ਦੀਆਂ ਸ਼ਰੇਆਮ ਲੱਤਾਂ ਬਾਹਾਂ ਭੰਨ ਕੇ ਅਗਵਾ ਕਰ ਲੈਂਦਾ ਹੈ। ਇਹੀ ਮੀਡੀਆ ਜਦੋਂ ਕਬਾਇਲੀ ਅਧਿਆਪਕਾ ਸੋਨੀ ਸ਼ੋਰੀ ਨਾਲ ਅਣਮਨੁੱਖੀ ਵਰਤਾਰੇ ਦੀ ਹੱਦ ਹੋ ਜਾਂਦੀ ਹੈ ਉਸ ਦੇ ਗੁਪਤ ਅੰਗਾਂ 'ਚ ਪੱਥਰ ਤੱਕ ਧੱਕ ਦਿੱਤੇ ਜਾਂਦੇ ਹਨ। ਮਾਮਲੇ ਨੂੰ ਸਮਾਜ ਸੇਵੀ ਸੰਸਥਾਵਾਂ ਸੁਪਰੀਮ ਕੋਰਟ ਤੱਕ ਲੈ ਕੇ ਜਾਂਦੀਆਂ ਹਨ ਪਰ ਮੀਡੀਆ ਲਈ ਇਹ ਵਰਤਾਰਾ ਕੋਈ ਮਾਅਨੇ ਨਹੀਂ ਰੱਖਦਾ।ਜਦੋਂ ਮਨੀਪੁਰ 'ਚ ਮਨੋਰਮਾ ਨਾਲ ਸੁਰੱਖਿਆ ਫੋਰਸਾਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਅਤੇ ਮਨੀਪੁਰ ਦੀਆਂ ਔਰਤਾਂ ਨੂੰ ਨਗਨ ਮੁਜਾਹਰਾ ਕਰਨ ਲਈ ਮਜਬੂਰ ਹੋਣਾ ਹੈਂਦਾ ਹੈ, ਮੀਡੀਏ ਦੀ ਸਵੱਲੀ ਨਜਰ ਉਸ ਪਾਸੇ ਵੀ ਨਹੀਂ ਜਾਂਦੀ।ਜਦੋਂ ਕਸ਼ਮੀਰ ਅੰਦਰ ਸੁਰੱਖਿਆ ਫੋਰਸਾਂ ਕਸ਼ਮੀਰੀ ਔਰਤਾਂ ਨਾਲ ਸਮੂਹਿਕ ਬਲਾਤਕਾਰ ਵਰਗੇ ਘਿਨਾਉਣੇ ਵਰਤਾਰੇ ਰਚਾਉਂਦੀਆਂ ਹਨ ਉਸ ਸਮੇਂ ਵੀ ਇਲੈਕਟ੍ਰਾਨਿਕ ਮੀਡੀਏ ਦੀ ਭੈਂਗੀ ਅੱਖ ਮੂਕ ਦਰਸ਼ਕ ਬਣ ਕੇ ਵੇਖਦੀ ਰਹਿੰਦੀ ਹੈ।ਜਦੋਂ ਬੀਜਾਪੁਰ ਵਰਗੇ ਆਦਿਵਾਸੀਆਂ ਦੇ ਸਮੂਹਿਕ ਕਤਲੇਆਮ ਸੁਰੱਖਿਆ ਫੋਰਸਾਂ ਰਚਾਉਂਦੀਆਂ ਹਨ ਮੀਡੀਆ ਉਸ ਸਮੇਂ ਵੀ ਦੜ ਵੱਟਣ'ਚ ਭਲੀ ਸਮਝਦਾ ਹੈ।ਇਹੀ ਮੀਡੀਆ ਹੈ ਜਿਸ ਦੀ ਸਕਰੀਨ ਉੱਪਰ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਚੈਨਲਾਂ ਦੀ ਦਿਨ ਰਾਤ ਭਰਮਾਰ ਰਹਿੰਦੀ ਹੈ।ਜਦੋਂ ਕਿਸੇ ਕ੍ਰਿਕਟ ਦੇ ਮੈਚ ਦੀ ਮਸ਼ਹੂਰੀ ਦੇਣੀ ਹੋਵੇ,ਕਿਸੇ ਫਿਲਮ ਦੀ ਮਸ਼ਹੂਰੀ ਦੇਣੀ ਹੋਵੇ,ਅਰਧ ਨਗਨ ਲੱਚਰਤਾ ਭਰਪੂਰ ਸੱਭਿਆਚਾਰ ਦੇ ਨਾਂ'ਤੇ ਗਾਣਿਆਂ ਨੂੰ ਪ੍ਰੋਸਣ ਲਈ 24 ਘੰਟੇ ਚੈਨਲ ਤਿਆਰ ਬਰ ਤਿਆਰ ਰਹਿੰਦੇ ਹਨ,ਫੈਸਨ ਸ਼ੋਆਂ ਦੇ ਨਾਂ 'ਤੇ ਅਸ਼ਲੀਲਤਾ ਪ੍ਰੋਸਣ 'ਚ ਇਹੀ ਮੀਡੀਆ ਰੱਤੀ ਭਰ ਸ਼ਰਮ ਮਹਿਸੂਸ ਨਹੀਂ ਕਰਦਾ।ਇਸੇ ਮੀਡੀਏ ਨੇ ਜਦੋਂ ਕਿਸੇ ਗੁਆਂਢੀ ਮੁਲਕ ਖਿਲਾਫ ਜੰਗੀ ਜਨੂੰਨ ਭੜਕਾਉਣਾ ਹੋਵੇ ਤਾਂ ਸਰਹੱਦ ਉੱਪਰ ਕਿਸੇ ਭਾਰਤੀ ਫੌਜੀ ਦੀ ਚੀਚੀ ਮਾਤਰ ਨਿੱਕਲੇ ਖੂੰਨ ਨੂੰ ਹਜਾਰਾਂ ਵਾਰ ਵਿਖਾ ਕੇ ਇਉਂ ਦਹਿਸ਼ਤ ਦਾ ਮਾਹੌਲ ਬਣਾਇਆ ਜਾਂਦਾ ਕਿ ਜਿਵੇਂ ਬਹੁਤ ਵੱਡੀ ਆਫਤ ਆਣ ਪਈ ਹੋਵੇ।ਕੋਈ ਬੱਚਾ ਕਿਸੇ ਸੀਵਰ ਜਾਂ ਡੂੰਘੇ ਟੋਏ ਵਿੱਚ ਡਿੱਗ ਪਿਆ ਤਾਂ ਇਸ ਦੇ ਕੈਮਰੇ ਸਿੱਧੇ ਉੱਥੇ ਜਾ ਕੇ ਫਿੱਟ ਹੋ ਜਾਂਦੇ ਹਨ, ਮਿੰਟ ਮਿੰਟ ਦੀ ਕਵਰੇਜ ਕੀਤੀ ਜਾਂਦੀ ਹੈ। ਜਦੋਂ ਕਿਸੇ ਮੰਦਿਰ ਵਿੱਚ ਕੋਈ ਅੰਬਾਨੀ , ਬਿਰਲਾ, ਜਿੰਦਲ, ਸਿੰਘਾਨੀਆ, ਮੋਦੀ, ਮਾਲਿਆ, ਸਮੇਤ ਫਿਲਮੀ ਸਿਤਾਰੇ ਅਮਿਤਾਬ ਬਚਨ ਆਦਿ ਨੱਕ ਰਗੜਨઠ ਜਾਂਦਾ ਹੈ ਤਾਂ ਇਸ ਮੀਡੀਏ ਦੀ ਸਵੱਲੀ ਨਜ਼ਰ ਉੱਥੇ ਵੀ ਜਾ ਪੈਂਦੀ ਹੈ।ਜਦੋਂ ਭਾਰਤੀ ਸਿਆਸੀ ਘਰਾਣੇ ਦਾ 'ਯੁਵਰਾਜ' ਕਦੇ ਭੁੱਲ ਭੁਲੇਖੇ ਵੋਟ ਸਿਆਸਤ ਦੀ ਮਜਬੂਰੀ ਵੱਸ ਕਿਸੇ ਦਲਿਤ ਪ੍ਰੀਵਾਰ ਦੇ ਘਰ ਰਾਤ ਬਿਤਾਉਣ ਜਾਂ ਉਸ ਘਰ ਦਾ ਖਾਣਾ ਖਾਣ ਲਈ ਮਜਬੂਰ ਹੋ ਜਾਵੇ ਤਾਂ ਸਮੁੱਚੇ ਮੀਡੀਏ ਲਈ ਇਸ ਤੋਂ ਵੱਡੀ ਕਵਰੇਜ ਕੋਈ ਨਹੀਂ ਹੁੰਦੀ। ਕਦੇ ਵੀ ਮੀਡੀਆ ਇਹ ਕਵਰੇਜ ਨਹੀਂ ਦਿਖਾਉਂਦਾ ਕਿ ਆਖਰ ਇਹ ਦਿਨ ਰਾਤ ਖੂਨ ਪਸੀਨਾ ਵਹਾ ਕੇ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਕਰੋੜਾਂ ਲੋਕ ਇਨਾ੍ਹਂ ਅਤੇ ਇਨਾ੍ਹਂ ਦੇ ਪਿਉ, ਨਾਨਾ, ਨਾਨੀ ਦੇ 65 ਸਾਲਾਂ ਦੀ ਅਖੌਤੀ ਅਜ਼ਾਦੀ ਤੋਂ ਬਾਅਦ ਵੀ ਜਿੰਦਗੀ ਦੇ ਹਾਸ਼ੀਏ 'ਤੇ ਧੱਕੇ ਹੋਏ ਨਰਕੀ ਜਿੰਦਗੀ ਜਿਉਣ ਲਈ ਕਿਉਂ ਮਜਬੂਰ ਹਨ?

ਸੋ ਸਾਡੇ ਸਾਰੇ ਸੂਝਵਾਨ ਹਿੱਸਿਆਂ ਲਈ ਸਮਝਣ ਦਾ ਸੁਆਲ ਇਹ ਹੈ ਕਿ ਜੋ ਕੁੱਝ ਸਾਨੂੰ ਬਾਹਰੀ ਤੌਰ'ਤੇ ਵਾਪਰਦਾ ਹੋਇਆ ਦਿਖਾਈ ਦਿੰਦਾ ਹੈ ਸਿਰਫ ਸਾਡੀ ਜੱਦੋਜਹਿਦ ਉਸ ਪਤਲੀ ਪਰਤ ਖਿਲਾਫ ਹੀ ਨਹੀਂ ਜਿਵੇਂ ਕਿ ਦਿੱਲੀ ਵਿੱਚ ਵਾਪਰੀ ਦਾਮਿਨੀ ਸਮੂਹਿਕ ਬਲਾਤਕਾਰ/ਕਤਲ ਦੀ ਬੇਹੱਦ ਸ਼ਰਮਨਾਕ ਘਟਨਾ ਮੌਕੇ ਵਾਪਰ ਰਿਹਾ ਹੈ। ਵਾਰਦਾਤਾਂ ਇਸ ਤੋਂ ਵੀ ਘਿਨਾਉਣੀਆਂ ਵਾਪਰੀਆਂ ਹਨ ਪਰ ਹੁਣ ਵਾਰਦਾਤਾਂ ਦਾ ਸੇਕ ਸ਼ਾਇਦ ਖੇਤਾਂ ਬੰਨਿਆਂ,ਪਿੰਡਾਂ, ਕਸਬਿਆਂ ਤੋੰ ਅੱਗੇ ਇਨਾ੍ਹਂ ਦੇ ਘਰ ਨੂੰ ਵੀ ਆਉਣ ਲੱਗਾ ਹੈ।


ਇਹੀ ਨਹੀਂ ਆਉਣ ਵਾਲੇ ਦਿਨਾਂ ਅੰਦਰ ਦਹਿ ਕਰੋੜਾਂ ਭਾਰਤੀ ਮਿਹਨਤਕਸ਼ ਜਨਤਾ ਖਿਲਾਫ ਸਖਤ ਫੈਸਲੇ ਲਏ ਜਾਂ ਅੱਗੋਂ ਲੈਣ ਦੀਆਂ ਤਿਆਰੀਆਂ ਦੇ ਰੱਸੇ ਪੈੜੇ ਵੱਟ ਰਹੇ ਹਨ, ਉੱਠਣ ਵਾਲੇ ਤੂਫਾਨੀ ਵੇਗਾਂ ਨੂੰ ਰੋਕਣ ਲਈ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ
। ਬੁਨਿਆਦੀ ਲੋਕ ਮਸਲਿਆ ਤੋਂ ਧਿਆਨ ਲਾਂਭੇ ਕਰਨ ਲਈ ਅਮੀਰ ਸਨਅਤੀ ਘਰਾਣਿਆ ਦਾ ਸਿੱਧੇ ਅਸਿੱਧੇ ਕਬਜ਼ੇ ਹੇਠਲਾ ਇਲੈਕਟ੍ਰਾਨਿਕ ਮੀਡੀਆ ਪੂਰੇ ਜੋਰ ਸ਼ੋਰ ਨਾਲ ਇੱਕੋ ਇੱਕ ਮਸਲਾ ਉਭਾਰਨ'ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਇਸ ਤਹਿ ਹੇਠਾਂ ਛੁਪੇ ਗੁੱਝੇ ਭੇਦ ਖਿਲਾਫ ਵੀ ਜੱਦੋਜਹਿਦ ਪੂਰੀ ਤਨਦੇਹੀ ਨਾਲ ਅੱਗੇ ਵਧਾਉਣੀ ਹੋਵੇਗੀ।

ਨਰੈਣ ਦੱਤ 

ਲੇਖਕ ਖੱਬੇਪੱਖੀ ਸਿਆਸੀ ਕਾਰਕੁੰਨ ਤੇ ਮਹਿਲ ਕਲਾਂ ਦੇ ਕਿਰਨਜੀਤ ਕਾਂਡ ਘੋਲ ਦੇ ਅਹਿਮ ਆਗੂਆਂ  'ਚੋਂ ਇਕ ਹਨ।
Mob: 96460-10770

No comments:

Post a Comment