ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, January 23, 2013

ਅਰਾਜਕਤਾਵਾਦੀ ਹਿੰਸਾ ਦਾ ਸ਼ਿਕਾਰ ਅਮਰੀਕੀ ਮਾਨਸਿਕਤਾ

ਮਰੀਕਾ ਦੇ ਸੂਬੇ ਕਨੈਟੀਕਟ ਵਿਚਲੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਦੇਸ਼ ਵਿੱਚ ਅਸਲੇ ਨਾਲ ਸਬੰਧਤ ਕਾਨੂੰਨ ਨੂੰ ਸਖ਼ਤ ਕਰਨ ਬਾਰੇ ਚਰਚਾ ਹੋ ਰਹੀ ਹੈ। ਯਾਦ ਰਹੇ ਦਸੰਬਰ 14, 2012 ਨੂੰ ਇੱਕ 20 ਸਾਲ ਦੇ ਵਿਅਕਤੀ ਦੁਆਰਾ ਅੰਨ੍ਹੀ ਗੋਲੀਬਾਰੀ ਵਿੱਚ ਇਸ ਸਕੂਲ ਦੇ 20 ਮਾਸੂਮ ਬੱਚੇ ਮਾਰੇ ਗਏ ਸਨ। ਇਹਨਾਂ ਤੋਂ ਇਲਾਵਾ ਮਰਨ ਵਾਲਿਆਂ ਵਿੱਚ ਛੇ ਬਾਲਗ ਵੀ ਸਨ, ਜਿਨ੍ਹਾਂ ਵਿੱਚ ਇੱਕ ਕਾਤਲ ਦੀ ਮਾਂ ਸੀ।

ਇਸ ਦੁਖਦਾਈ ਘਟਨਾ ਉਪਰੰਤ ਰਾਸ਼ਟਰਪਤੀ ਬਰਾਕ ਉਬਾਮਾ ਨੇ ਆਪਣੀਆਂ ਸੇਜਲ ਅੱਖਾਂ ਰਾਹੀਂ ਇਹਨਾਂ ਬਦਨਸੀਬ ਬੱਚਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਕਿਹਾ ਕਿ ਅਮਰੀਕਾ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਵਿੱਚ ਵਾਧੇ ਨੂੰ ਦੇਖਦੇ ਹੋਏ ਹੁਣ ਅਸਲੇ ਨਾਲ ਸੰਬੰਧਿਤ ਕਾਨੂੰਨਾਂ ਵਿੱਚ ਸਖਤਾਈ ਕਰਨੀ ਪਵੇਗੀ। ਹਾਲਾਂਕਿ ਅਜਿਹਾ ਕਿਵੇਂ ਹੋਵੇਗਾ ਇਸ ਬਾਰੇ ਉਹਨਾਂ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਸਿਰਫ਼ 2012 ਵਿੱਚ ਹੀ ਅਮਰੀਕਾ ਵਿੱਚ ਅਜਿਹੀਆਂ ਗੋਲੀਬਾਰੀ ਦੀਆਂ 16 ਘਟਨਾਵਾਂ ਹੋ ਚੁੱਕੀਆਂ ਹਨ ਅਤੇ 88 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਰਾਸ਼ਟਰਪਤੀ ਉਬਾਮਾ ਤੋਂ ਇਲਾਵਾ ਕੁਝ ਡੈਮੋਕਰੈਟਿਕ ਸੈਨੇਟਰਾਂ ਨੇ ਵੀ ਆਉਣ ਵਾਲੇ ਦਿਨਾਂ ਵਿੱਚ ਕਾਨੂੰਨਾਂ ਨੂੰ ਸਖਤ ਕਰਨ ਦੀ ਗੱਲ ਕਹੀ ਹੈ। ਪਰ ਅਜਿਹਾ ਕਰਨਾ ਏਨਾ ਸੌਖਾਲਾ ਨਹੀਂ ਹੋਵੇਗਾ ਕਿਉਂਕਿ ਕਾਨੂੰਨ ਨੂੰ ਸਖਤ ਕਰਨ ਦੇ ਰਾਹ ਵਿੱਚ ਜਿੱਥੇ ਕੁਝ ਕਾਨੂੰਨੀ ਅੜਚਨਾਂ ਹਨ ਉਥੇ ਬਹੁਤੇ ਰਾਜਨੀਤਿਕ ਲੋਕ ਵੀ ਇਸ ਸਖਤੀ ਲਈ ਤੱਤਪਰ ਨਹੀਂ ਹਨ। ਜੇ ਸੈਨੇਟ ਵਿੱਚ ਬਹੁਗਿਣਤੀ ਡੈਮੋਕਰੈਟਿਕਾਂ ਨੂੰ ਇਸ ਦਾ ਸਮਰਥਨ ਪ੍ਰਾਪਤ ਹੋ ਵੀ ਜਾਵੇ ਤਾਂ ਵੀ ਪਾਰਲੀਮੈਂਟ ਵਿੱਚ ਬਹੁਗਿਣਤੀ ਰਿਪਬਲਿਕਨਾਂ ਦੀ ਹੋਣ ਕਰਕੇ ਇਸ ਕਾਨੂੰਨ ਨੂੰ ਪਾਸ ਕਰਨਾ ਏਨਾ ਆਸਾਨ ਨਹੀਂ ਹੋਵੇਗਾ। 

ਇਤਿਹਾਸ ਦੇਖ ਲਵੋ। ਮੌਜੂਦਾ ਅਮਰੀਕੀ ਕਾਂਗਰਸ ਦੇ ਕਾਰਜਕਾਲ ਦੌਰਾਨ ਅਸਲੇ ਕੰਟਰੋਲ ਲਈ ਕਈ ਬਿੱਲ ਪੇਸ਼ ਕੀਤੇ ਗਏ ਪਰ ਉਹਨਾਂ ਵਿੱਚੋਂ ਇੱਕ ਵੀ ਸਿਰੇ ਨਾ ਚੜ੍ਹਿਆ। ਸਾਲ 2011 ਦੌਰਾਨ ਅਮਰੀਕੀ ਕਾਂਗਰਸ ਦੀ ਮੈਂਬਰ ਗੈਬਰਿਲ ਗਿਫੋਰਡਸ ਉਪਰ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਇੱਕ ਬਿੱਲ ਲਿਆਂਦਾ ਗਿਆ ਜਿਸ ਤਹਿਤ ਕਿਸੇ ਵੀ ਫੈਡਰਲ ਅਧਿਕਾਰੀ ਦੁਆਰਾ ਕੀਤੇ ਜਾਣ ਵਾਲੇ ਪਬਲਿਕ ਇਕੱਠ ਦੇ ਨਜ਼ਦੀਕ ਅਸਲਾ ਲਿਜਾਣ ਦੀ ਮਨਾਹੀ ਲਾਗੂ ਕਰਨੀ ਸੀ। ਅਮਰੀਕੀ ਕਾਂਗਰਸ ਨੂੰ ਆਪਣੇ ਹੀ ਇੱਕ ਮੈਂਬਰ 'ਤੇ ਹੋਏ ਜਾਨਲੇਵਾ ਹਮਲੇ ਨੇ ਬਿਲਕੁਲ ਨਾ ਹਲੂਣਿਆ ਅਤੇ ਬਿੱਲ ਪਾਸ ਨਾ ਹੋ ਸਕਿਆ। ਇਸ ਤੋਂ ਇਲਾਵਾ ਜ਼ਿਆਦਾ ਖਤਰਨਾਕ ਅਤੇ ਆਧੁਨਿਕ ਮਸ਼ੀਨਗੰਨ ਰੱਖਣ ਉਪਰ ਮਨਾਹੀ ਅਤੇ ਹਥਿਆਰਾਂ ਦੀ ਖਰੀਦੋ ਫਰੋਖਤ ਸਮੇਂ ਅਪਰਾਧਿਕ ਪਿਛੋਕੜ ਦੀ ਪੜਤਾਲ ਸੰਬੰਧੀ ਪੇਸ਼ ਕੀਤੇ ਬਿੱਲ ਵੀ ਅਮਰੀਕੀ ਕਾਂਗਰਸ ਵਿੱਚ ਮੂਧੇ ਮੂੰਹ ਡਿੱਗੇ।


ਜੇ ਪਿਛਲੇ ਦੋ ਦਹਾਕਿਆਂ 'ਤੇ ਨਜ਼ਰ ਮਾਰੀਏ ਤਾਂ ਅਸਲੇ ਦੇ ਕੰਟਰੋਲ ਲਈ ਸਭ ਤੋਂ ਕਾਰਗਰ ਕਾਨੂੰਨ ਸੰਨ 1994 ਵਿੱਚ ਬਿੱਲ ਕਲਿੰਟਨ ਦੀ ਡੈਮੋਕਰੈਟਿਕ ਸਰਕਾਰ ਨੇ ਬਣਾਇਆ ਸੀ। ਉਸ ਕਾਨੂੰਨ ਤਹਿਤ ਕਲਿੰਟਨ ਸਰਕਾਰ ਨੇ ਦੇਸ਼ ਅੰਦਰ ਅਸਾਲਟ ਹਥਿਆਰਾਂ (ਜ਼ਿਆਦਾ ਮਾਰੂ ਅਸਲਾ) ਉੱਪਰ 10 ਸਾਲ ਦੀ ਪਾਬੰਦੀ ਲਾ ਦਿੱਤੀ ਸੀ। ਸੰਨ 2004 ਵਿੱਚ ਇਹ ਪਾਬੰਦੀ ਖਤਮ ਹੋ ਗਈ ਅਤੇ ਇਸ ਦੀ ਮਿਆਦ ਵਧਾਉਣ ਬਾਰੇ ਤਤਕਾਲੀ ਬੁਸ਼ ਸਰਕਾਰ ਨੇ ਕੋਈ ਦਿਲਚਸਪੀ ਨਾ ਦਿਖਾਈ। ਏਸੇ ਤਰ੍ਹਾਂ ਹੀ ਸਾਲ 2007 ਦੌਰਾਨ ਵਾਪਰੇ ਵਰਜੀਨੀਆ ਗੋਲੀਕਾਂਡ ਤੋਂ ਬਾਅਦ, ਜਿਸ ਵਿੱਚ 32 ਵਿਅਕਤੀ ਮਾਰੇ ਗਏ ਸਨ, ਬੁਸ਼ ਪ੍ਰਸ਼ਾਸ਼ਨ ਨੇ ਇੱਕ ਕਾਨੂੰਨ ਬਣਾਇਆ ਸੀ ਜਿਸ ਤਹਿਤ ਅਸਲੇ ਨੂੰ ਮਾਨਸਿਕ ਰੋਗੀਆਂ ਦੀ ਪਹੁੰਚ ਤੋਂ ਦੂਰ ਰੱਖਣਾ ਸੀ। ਇਹ ਕਾਨੂੰਨ ਕਿੰਨਾ ਕੁ ਕਾਰਗਰ ਸਾਬਿਤ ਹੋਇਆ, ਇਸ ਬਾਰੇ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਲਗਭਗ ਹਰ ਅਜਿਹੀ ਵਾਰਦਾਤ ਵਿੱਚ ਕਾਤਲ ਮਾਨਸਿਕ ਰੋਗੀ ਹੀ ਹੁੰਦਾ ਹੈ। ਕੁਝ ਮਹੀਨੇ ਪਹਿਲਾਂ ਵਿਸਕਾਨਸਨ ਗੁਰੂ ਘਰ ਵਿੱਚ ਮਾਰੇ ਗਏ ਸਿੱਖਾਂ ਦੀ ਘਟਨਾ ਨੂੰ ਜਾਂ ਕਿਸੇ ਹੋਰ ਅਮਰੀਕੀ ਗੋਲੀਕਾਂਡ ਨੂੰ ਯਾਦ ਕਰੋ, ਜਾਂਚ ਕਰਤਾਵਾਂ ਦੇ ਜੁਆਬੀ ਸ਼ਬਦ ਹੁੰਦੇ ਹਨ ਕਿ ਕਾਤਲ ਮਾਨਸਿਕ ਰੋਗ ਤੋਂ ਪੀੜ੍ਹਤ ਸੀ।

ਅਸਲ ਵਿੱਚ ਅਮਰੀਕੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਕਾਨੂੰਨ ਦੀ ਪਾਲਣਾ ਕਰਨ ਵਾਲਾ ਹਰ ਅਮਰੀਕੀ ਨਾਗਰਿਕ ਆਪਣੀ ਸੁਰੱਖਿਆ ਲਈ ਘਰ ਵਿੱਚ ਅਸਲਾ ਰੱਖਣ ਦਾ ਹੱਕਦਾਰ ਹੈ। ਇਸ ਤੋਂ ਇਲਾਵਾ ਅਸਲੇ ਨਾਲ ਸੰਬੰਧਿਤ ਕਾਨੂੰਨ ਹਰ ਇੱਕ ਅਮਰੀਕੀ ਪ੍ਰਾਂਤ ਵਿੱਚ ਵੱਖਰੇ ਵੱਖਰੇ ਹਨ। ਲਗਭਗ 40 ਪ੍ਰਾਂਤਾਂ ਦੇ ਕਾਨੂੰਨ ਏਨੇ ਨਰਮ ਹਨ ਕਿ ਤੁਸੀਂ ਪਿਸਤੌਲ ਜੇਬ ਵਿੱਚ ਪਾ ਕੇ ਚਾਹੇ ਮੇਲਾ ਦੇਖਣ ਚਲੇ ਜਾਓ। ਹਾਂ ਕੁਝ ਕੁ ਪ੍ਰਾਂਤਾਂ ਜਿਵੇਂ ਕਿ ਕੈਲੇਫੋਰਨੀਆ ਅਤੇ ਨਿਊਯਾਰਕ ਦੀਆਂ ਸਥਾਨਿਕ ਸਰਕਾਰਾਂ ਨੇ ਕਾਨੂੰਨ ਵਿੱਚ ਸਖਤੀ ਕੀਤੀ ਹੋਈ ਹੈ।

ਤਾਜ਼ਾਤਰੀਨ ਦੁਰਘਟਨਾ ਦੇ ਚਲਦਿਆਂ ਮੈਂ ਨਵੀਂ ਦੁਨੀਆ (ਅਮਰੀਕਾ ਅਤੇ ਕੈਨੇਡਾ) ਦੇ ਲੋਕਾਂ ਦੀ ਅਸਲੇ ਪ੍ਰਤੀ ਚਾਹਤ ਨੂੰ ਬਿਆਨ ਕਰਨਾ ਚਾਹਵਾਂਗਾ। ਕੈਨੇਡਾ ਦੀ ਆਬਾਦੀ ਲਗਭਗ ਸਾਢੇ ਤਿੰਨ ਕਰੋੜ ਹੈ ਜਦਕਿ 2011 ਦੇ ਅੰਕੜਿਆਂ ਮੁਤਾਬਿਕ ਏਥੇ ਰਜਿਸਟਰਡ ਹਥਿਆਰਾਂ ਦੀ ਗਿਣਤੀ 78 ਲੱਖ ਹੈ। ਯਾਦ ਰਹੇ ਇਹ ਅੰਕੜੇ ਸਿਰਫ਼ ਰਜਿਸਟਰਡ ਹਥਿਆਰਾਂ ਦੇ ਹਨ, ਨਜਾਇਜ਼ ਹਥਿਆਰਾਂ ਬਾਰੇ ਕੋਈ ਅਨੁਮਾਨ ਨਹੀਂ ਹੈ। ਮੁੱਕਦੀ ਗੱਲ ਹਰੇਕ ਚੌਥਾ ਕੈਨੇਡੀਅਨ ਬੰਦੂਕ ਜਾਂ ਪਿਸਤੌਲ ਚੁੱਕੀ ਫਿਰਦਾ ਹੈ। ਅਮਰੀਕਾ ਦਾ ਇਸ ਤੋਂ ਵੀ ਬੁਰਾ ਹਾਲ ਹੈ। ਆਬਾਦੀ ਤਾਂ 31 ਕਰੋੜ ਤੇ ਹਥਿਆਰ 30 ਕਰੋੜ ਤੋਂ ਉੱਪਰ, ਮਤਲਬ ਹਰਕੇ ਬੱਚਾ, ਜਵਾਨ, ਬੁੱਢਾ, ਮਰਦ, ਔਰਤ ਹਥਿਆਰ ਨਾਲ ਲੈਸ ਹੈ। ਇੰਝ ਲੱਗਦਾ ਹੈ ਕਿ ਜਿਵੇਂ ਤੀਜੀ ਵਿਸ਼ਵ ਜੰਗ ਲਈ ਹਥਿਆਰ ਇਕੱਠੇ ਕਰ ਰਹੇ ਹੋਣ। 

ਇਹ ਲੋਕ ਪੁਰਾਣਿਆਂ ਸਮਿਆਂ ਤੋਂ ਹੀ ਅਸਲਾ ਰੱਖਣ ਦੇ ਸ਼ੌਕੀਨ ਹਨ। ਕੁਝ ਹੱਦ ਤੱਕ ਅਸਲਾ ਰੱਖਣਾ ਇਹਨਾਂ ਦੀ ਜ਼ਰੂਰਤ ਵੀ ਸੀ। ਪੁਰਾਣੇ ਸਮਿਆਂ ਵਿੱਚ ਦੂਰ ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਅਮਰੀਕੀ/ਕੈਨੇਡੀਅਨ ਲੋਕਾਂ ਨੂੰ ਜੰਗਲੀ ਜਾਨਵਰਾਂ ਜਾਂ ਮਨੁੱਖੀ ਖਤਰਿਆਂ ਤੋਂ ਬਚਾਅ ਲਈ ਹਥਿਆਰ ਰੱਖਣੇ ਪੈਂਦੇ ਸਨ। ਇਸ ਤੋਂ ਇਲਾਵਾ ਅਥਾਹ ਕੁਦਰਤੀ ਅਤੇ ਜੰਗਲੀ ਸੋਮੇ ਹੋਣ ਕਰਕੇ ਇਹਨਾਂ ਲੋਕਾਂ ਵਿੱਚ ਸ਼ਿਕਾਰ ਕਰਨ ਦੀ ਪ੍ਰਵਿਰਤੀ ਜ਼ਿਆਦਾ ਹੈ। ਅੱਜ ਵੀ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਸ਼ੌਕੀਆ ਤੌਰ 'ਤੇ ਸ਼ਿਕਾਰ ਕਰਨ ਆਪਣੇ ਹਥਿਆਰ ਚੁੱਕ ਦੂਰ ਦੁਰਾਡੇ ਦੇ ਜੰਗਲਾਂ ਵਿੱਚ ਚਲੇ ਜਾਂਦੇ ਹਨ। ਕਹਿਣ ਤੋਂ ਭਾਵ ਹੈ ਕਿ ਇਹਨਾਂ ਲੋਕਾਂ ਦਾ ਹਥਿਆਰ ਨਾਲ ਮੁੱਢ ਤੋਂ ਹੀ ਵਾਸਤਾ ਰਿਹਾ। ਪਰ ਅੱਜ ਦੇ ਦੌਰ ਵਿੱਚ ਇਹਨਾਂ ਪੱਖਾਂ ਨੂੰ ਹਥਿਆਰ ਰੱਖਣ ਦੇ ਬਹਾਨੇ ਵਜੋਂ ਨਹੀਂ ਦੇਖਿਆ ਜਾ ਸਕਦਾ। ਮਸਲਨ ਅੱਜ ਹਰ ਪੰਜਾਂ ਵਿੱਚ ਚਾਰ ਅਮਰੀਕੀ ਜਾਂ ਕੈਨੇਡੀਅਨ ਨਾਗਰਿਕ ਸ਼ਹਿਰਾਂ ਵਿੱਚ ਰਹਿੰਦੇ ਹਨ ਜਿੱਥੇ ਜੰਗਲੀ ਜੀਵਾਂ ਜਾਂ ਹੋਰ ਖਤਰਿਆਂ ਲਈ ਹਥਿਆਰ ਰੱਖਣਾ ਕੋਈ ਮਜਬੂਰੀ ਨਹੀਂ ਹੈ। ਲੋਕਾਂ ਦੇ ਬਚਾਉ ਲਈ ਪੁਲਿਸ ਅਤੇ ਪ੍ਰਸ਼ਾਸ਼ਨ ਸਿਰਫ਼ ਕੁਝ ਮਿੰਟਾਂ ਦੀ ਦੂਰੀ 'ਤੇ ਹੀ ਹੁੰਦੇ ਹਨ। ਸੋ ਮੌਜੂਦਾ ਦੌਰ ਵਿੱਚ ਨਵੀਂ ਦੁਨੀਆਂ ਦੇ ਲੋਕਾਂ ਦੁਆਰਾ ਹਥਿਆਰ ਰੱਖਣਾ ਸ਼ੌਕ ਜਾਂ ਸ਼ਿਕਾਰ ਲਈ ਜ਼ਰੂਰਤ ਹੀ ਹੋ ਸਕਦਾ ਹੈ, ਮਜਬੂਰੀ ਨਹੀਂ।

ਅਸਲਾ ਰੱਖਣ ਦੀ ਮਜਬੂਰੀ ਵਾਲੇ ਪੱਖ ਨੂੰ ਅਸਲੇ ਦੀ ਮਾਰੂ ਸ਼ਕਤੀ ਨੂੰ ਵੇਖਦਿਆਂ ਹੋਇਆਂ ਹੀ ਰੱਦ ਕੀਤਾ ਜਾ ਸਕਦਾ ਹੈ। ਕਿਸੇ ਜੰਗਲੀ ਜਾਨਵਰ ਜਾਂ ਆਮ ਖਤਰੇ ਤੋਂ ਬਚਣ ਲਈ ਇੱਕ ਆਮ ਪਿਸਤੌਲ ਜਾਂ ਆਮ ਬੰਦੂਕ ਵੀ ਕਾਫੀ ਹੁੰਦੀ ਹੈ ਪਰ ਇਸ ਜ਼ਰੂਰਤ ਨੂੰ ਏ.ਕੇ. 47 ਜਾਂ ਹੋਰ ਆਧੁਨਿਕ ਮਸ਼ੀਨਗੰਨਾਂ ਰੱਖਣ ਲਈ ਕਾਰਨ ਨਹੀਂ ਬਣਾਇਆ ਜਾ ਸਕਦਾ। ਮੌਜੂਦਾ ਸੈਂਡੀ ਹੁੱਕ ਸਕੂਲ ਗੋਲੀਕਾਂਡ ਵਿੱਚ ਹਮਲਾਵਰ ਨੇ ਆਧੁਨਿਕ 0.22 ਅਸਾਲਟ ਰਾਈਫਲ ਬੁਸ਼ਮਾਸਟਰ ਦਾ ਇਸਤੇਮਾਲ ਕੀਤਾ ਹੈ, ਜਿਹੜੀ ਕਿ ਮਿਲਟਰੀ ਦੁਆਰਾ ਵਰਤੀ ਜਾਂਦੀ ਐਮ-16 ਦਾ ਵਪਾਰਿਕ ਮਾਡਲ ਹੈ। ਇਹ ਹਥਿਆਰ ਜੰਗ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਦੀਆਂ ਖਤਰਨਾਕ ਗੋਲੀਆਂ ਪ੍ਰਤੀ ਸੈਕਿੰਡ ਤਿੰਨ ਹਜ਼ਾਰ ਫੁੱਟ ਦੀ ਸਪੀਡ ਨਾਲ ਨਿਕਲਦੀਆਂ ਹਨ। ਇਹ ਹਥਿਆਰ ਪੂਰਨ ਰੂਪ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਨੀ ਨੁਕਸਾਨ ਲਈ ਬਣਿਆ ਹੈ ਅਤੇ ਇਸ ਮਸ਼ੀਨਗੰਨ 'ਚੋਂ ਨਿਕਲੀਆਂ ਗੋਲੀਆਂ ਸਰੀਰ ਦੇ ਅੰਦਰੂਨੀ ਅੰਗਾਂ ਦਾ ਵੱਧ ਤੋਂ ਵੱਧ ਨੁਕਸਾਨ ਕਰਦੀਆਂ ਹਨ। ਜੇ ਕਿਤੇ ਇਸ ਆਧੁਨਿਕ ਹਥਿਆਰ ਦੀ ਜਗ੍ਹਾ ਹਮਲਾਵਰ ਕੋਲ ਆਮ ਹਥਿਆਰ ਹੁੰਦਾ ਤਾਂ ਏਨਾਂ ਜਾਨੀ ਨੁਕਸਾਨ ਨਾ ਹੁੰਦਾ। 

ਸੈਂਡੀ ਹੁੱਕ ਵਰਗੀ ਹਰੇਕ ਦੁਰਘਟਨਾ ਤੋਂ ਬਾਅਦ ਕੁਝ ਕੀਤੇ ਜਾਣ ਬਾਰੇ ਚਰਚਾ ਹੁੰਦੀ ਹੈ। ਬਦਕਿਸਮਤੀ ਨਾਲ ਮਾਰੇ ਗਿਆਂ ਦੇ ਦੁੱਖ ਨੂੰ ਕੁਝ ਸਮੇਂ ਬਾਅਦ ਭੁਲਾ ਦਿੱਤਾ ਜਾਂਦਾ ਹੈ ਅਤੇ ਜਜ਼ਬਾਤੀ ਦਾਅਵੇ ਫਿਰ ਖੋਖਲੇ ਸਾਬਿਤ ਹੁੰਦੇ ਹਨ। ਅਸਲ ਵਿੱਚ ਅਮਰੀਕੀ ਅਤੇ ਕੈਨੇਡੀਅਨ ਰਾਜਨੀਤਕਾਂ ਵਿੱਚ ਅਸਲੇ ਨੂੰ ਕੰਟਰੋਲ ਕਰਨ ਲਈ ਦਿਲੋਂ ਚਾਹਤ ਗੁੰਮ ਹੈ। ਹੁਣ ਕੈਨੇਡਾ ਨੂੰ ਹੀ ਲੈ ਲਓ। 1989 ਦੇ ਮਾਂਟਰੀਅਲ ਗੋਲੀ ਕਾਂਡ ਉਪਰੰਤ ਦੇਸ਼ ਵਿੱਚ ਅਸਲੇ ਸੰਬੰਧਿਤ ਸਖਤ ਕਾਨੂੰਨ ਬਣਾਏ ਗਏ ਸਨ, ਜਿੰਨਾਂ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਚੰਗੇ ਪ੍ਰਭਾਵ ਉੱਭਰ ਕੇ ਆਏ ਸਨ। ਸੰਨ 1995 ਵਿੱਚ ਕੈਨੇਡਾ ਵਿੱਚ ਅਸਲੇ ਨੂੰ ਰਜਿਸਟਰ ਕਰਵਾਉਣ ਸੰਬੰਧੀ ਕਾਨੂੰਨ ਬਣਨ ਉਪਰੰਤ ਵੱਡੇ ਹਥਿਆਰਾਂ ਨਾਲ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ 41 ਪ੍ਰਤੀਸ਼ਤ ਕਮੀ ਆਈ (2010 ਤੱਕ)। ਪਰ ਵੋਟਰਾਂ ਨੂੰ ਭਰਮਾਉਣ ਖਾਤਰ (ਕਿਉਂਕਿ ਹਥਿਆਰ ਰੱਖਣਾ ਕੈਨੇਡੀਅਨ ਗੋਰਿਆਂ ਦੇ ਖੂਨ ਵਿੱਚ ਹੈ) ਮੌਜੂਦਾ ਟੋਰੀ ਸਰਕਾਰ ਨੇ ਪਿਛਲੀਆਂ 2011 ਚੋਣਾਂ ਦੌਰਾਨ ਅਸਲੇ ਦੀ ਰਜਿਸਟਰੀ ਨੂੰ ਖਤਮ ਕਰਨ ਦਾ ਪ੍ਰਚਾਰ ਕੀਤਾ ਅਤੇ ਚੋਣਾਂ ਜਿੱਤਣ ਉਪਰੰਤ ਇਹ ਕਾਨੂੰਨ ਇਸ ਸਾਲ ਖਤਮ ਕਰ ਦਿੱਤਾ ਗਿਆ। ਇਥੋਂ ਤੱਕ ਕਿ ਟੋਰੀ ਸਰਕਾਰ ਨੇ ਅਸਲੇ ਦੀ ਰਜਿਸਟਰੀ ਸੰਬੰਧੀ ਸਾਰੇ ਰਿਕਾਰਡ ਨੂੰ ਖਤਮ ਕਰਨ ਦਾ ਫੈਸਲਾ ਵੀ ਲਿਆ ਹੈ, ਜਿਸ ਨੂੰ ਇਕੱਠਾ ਕਰਨ ਵਿੱਚ ਬਿਲੀਅਨਾਂ ਡਾਲਰ ਖਰਚੇ ਗਏ ਸਨ। ਇੱਕ ਆਧੁਨਿਕ ਦੇਸ਼ ਦੇ ਸਿਰਕੱਢ ਲੀਡਰਾਂ ਦੀ ਇਹ ਕਿਹੋ ਜਿਹੀ ਸੋਚ ਹੈ। 

ਕਈ ਅਮਰੀਕੀ ਰਾਜਨੀਤਿਕ ਇਹ ਵੀ ਕਹਿੰਦੇ ਹਨ ਕਿ ਅਜਿਹੀਆਂ ਘਟਨਾਵਾਂ ਸਿਰਫ ਇੱਕਾ ਦੁੱਕਾ ਹੀ ਹਨ ਅਤੇ ਇਹ ਮਾਨਸਿਕ ਰੋਗੀਆਂ ਕਰਕੇ ਹੀ ਹੁੰਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਹਥਿਆਰ ਰੱਖਣ ਵਾਲੇ ਅਮਰੀਕੀ ਸ਼ਹਿਰੀ ਕਾਨੂੰਨ ਪਾਲਣਾ ਕਰਨ ਵਾਲੇ ਹਨ। ਅਜਿਹੇ ਲੀਡਰਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਉਹਨਾਂ ਮਾਪਿਆਂ ਨੂੰ ਪੁੱਛ ਕੇ ਦੇਖੋ ਜਿੰਨ੍ਹਾਂ ਨੇ ਆਪਣੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਘਰੋਂ ਸਕੂਲ ਤੋਰ ਤਾਂ ਦਿੱਤਾ ਪਰ ਵਾਪਸ ਪੱਲੇ ਲਾਸ਼ਾਂ ਹੀ ਪਈਆਂ। ਗੱਲ ਇੱਕਾ ਦੁੱਕਾ ਘਟਨਾਵਾਂ ਦੀ ਨਹੀਂ, ਗੱਲ ਇਹ ਹੈ ਕਿ ਇਹ ਘਟਨਾਵਾਂ ਵਾਪਰਦੀਆਂ ਕਿਉਂ ਨੇ। ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਸਮਾਜ ਵਿੱਚ ਆਮ ਨਾਗਰਿਕ ਦੀ ਹਥਿਆਰਾਂ ਤੱਕ ਪਹੁੰਚ ਬੇਹੱਦ ਸੁਖਾਲੀ ਹੈ। ਇਹਨਾਂ ਘਟਨਾਵਾਂ ਨੂੰ ਸਿਰਫ ਮਾਨਸਿਕ ਰੋਗੀਆਂ ਨਾਲ ਜੋੜ ਕੇ ਇਸ ਦੇ ਅਸਲ ਕਾਰਨਾਂ ਤੋਂ ਭੱਜਿਆ ਨਹੀਂ ਜਾ ਸਕਦਾ । 

ਯਕੀਨਨ ਅਮਰੀਕੀ ਲੋਕਾਂ ਅਤੇ ਲੀਡਰਾਂ ਨੂੰ ਅਸਲੇ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ। ਇਹ ਨਜ਼ਰਸਾਨੀ ਕਰਨੀ ਪਵੇਗੀ ਕਿ ਵਾਕਿਆ ਹੀ ਆਮ ਨਾਗਰਿਕਾਂ ਨੂੰ ਮਸ਼ੀਨਗੰਨਾਂ ਦੀ ਜ਼ਰੂਰਤ ਹੈ। ਇਹ ਮੂਰਖ਼ਤਾ ਹੀ ਹੋਵੇਗੀ ਕਿ ਜੇ ਅਮਰੀਕੀ ਪ੍ਰਸ਼ਾਸ਼ਨ ਕੋਈ ਵੀ ਕਾਰਗਰ ਕਾਨੂੰਨ ਬਣਾਉਣ ਤੋਂ ਪਹਿਲਾਂ ਅਜਿਹੀਆਂ ਹੋਰ ਦੁਖਦਾਈ ਘਟਨਾਵਾਂ ਦੀ ਉਡੀਕ ਕਰ ਰਿਹਾ ਹੈ। 

ਡਾ. ਨਿਰਮਲ ਹਰੀ 
ਵਿਨੀਪੈਗ,ਕਨੇਡਾ 
Mob: 1-204-391-3623

No comments:

Post a Comment