ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, February 13, 2013

ਅਫ਼ਜ਼ਲ ਤੇ ਭਗਤ ਸਿੰਘ ਦੀ ਫਾਂਸੀ ਇਤਿਹਾਸ ਦੇ ਇਕੋ ਪੰਨੇ 'ਤੇ

ਸੰਸਦ ਉੱਤੇ ਹਮਲੇ ਦੇ ਮਾਮਲੇ ਵਿੱਚ 'ਦੋਸ਼ੀ' ਕਰਾਰ ਦਿੱਤੇ ਗਏ ਅਫਜ਼ਲ ਗੁਰੂ ਨੂੰ ਫਾਂਸੀ 'ਤੇ ਲਟਕਾਉਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਮੈਂ ਦਫ਼ਤਰ ਪਹੁੰਚਣ ਦੀ ਕਾਹਲੀ ਵਿੱਚ ਆਪਣੇ ਸਰੀਰ ਦੀ ਸਾਜ-ਸਜਾਵਟ ਵਿੱਚ ਲੱਗਾ ਹੋਇਆ ਸੀ। ਫੋਨ ਉੱਤੇ ਮੈਸੇਜ ਮਿਲਦੇ ਹੀ ਟੀਵੀ ਉੱਤੇ ਚੱਲ ਰਹੀ ਗੁਰਬਾਣੀ ਤੋਂ ਭੁੱਲ ਦੀ ਮਾਫੀ ਮੰਗਦੇ ਹੋਏ ਤੁਰੰਤ ਖਬਰੀਆ ਚੈਨਲ ਚਲਾ ਲਿਆ।

ਖਬਰਸਾਜ਼ ਦੱਸ ਰਹੇ ਸਨ ਕਿ ਅਫਜ਼ਲ ਗੁਰੂ ਨੂੰ ਸਰਕਾਰ ਵੱਲੋਂ ਚੁੱਪਚਾਪ ਸਵੇਰੇ ਅੱਠ ਵਜੇ ਫਾਂਸੀ 'ਤੇ ਲਟਕਾ ਦਿੱਤਾ ਗਿਆ ਹੈ ਅਤੇ ਹੁਣ ਆਲਾ ਅਧਿਕਾਰੀ ਅਫਜ਼ਲ ਗੁਰੂ ਦੀ ਲਾਸ਼ ਬਾਰੇ ਫੈਸਲਾ ਲੈਣ ਲਈ ਬੈਠਕ ਵਿੱਚ ਰੁੱਝੇ ਹੋਏ ਹਨ। ਖਬਰਸਾਜ਼ਾਂ ਵੱਲੋਂ ਹੋਰ ਵੀ ਕਈ ਤੱਥ ਬਿਆਨ ਕੀਤੇ ਗਏ, ਪਰ ਮੇਰੀ ਘੁੰਡੀ ਇੱਕੋ ਸ਼ਬਦ 'ਗੁੱਪ-ਚੁੱਪ ਤਰੀਕੇ ਨਾਲ ਫਾਂਸੀ' ਉੱਤੇ ਹੀ ਅਟਕ ਗਈ।


ਆਪਣੇ ਸ਼ਹਿਰ ਤੋਂ ਚੰਡੀਗੜ੍ਹ ਤੱਕ ਦੇ ਸਫਰ ਦੌਰਾਨ ਵੀ ਮਨ ਵਿੱਚ ਇਹੋ ਖਿਆਲ ਕੜ੍ਹਦਾ ਰਿਹਾ ਕਿ ਗੁਪਚੁੱਪ ਫਾਂਸੀ ਕਿਉਂ ਦਿੱਤੀ ਗਈ? ਦਫ਼ਤਰ ਪੁੱਜ ਕੇ ਸਾਥੀਆਂ ਨਾਲ ਗੱਲਬਾਤ ਹੋਈ ਤੇ ਫਿਰ ਤੋਂ ਖਬਰਸਾਜ਼ਾਂ ਦੇ ਚਿਹਰੇ ਤੱਕਣ ਲੱਗ ਪਿਆ। ਇਸ ਵੇਲੇ ਸੂਚਨਾ ਚੱਲ ਰਹੀ ਸੀ ਕਿ ਗੁਰੂ ਦੀ ਲਾਸ਼ ਨੂੰ ਤਿਹਾੜ ਜੇਲ੍ਹ ਵਿੱਚ ਹੀ ਪਹਿਲਾਂ ਤੋਂ ਤਿਆਰ ਕੀਤੀ ਗਈ ਕਬਰ ਵਿੱਚ ਪੂਰੀਆਂ ਧਾਰਮਿਕ ਪਰੰਪਰਾਵਾਂ ਨਾਲ ਦਫਨਾ ਦਿੱਤਾ ਗਿਆ ਹੈ।

ਅਚਾਨਕ ਹੀ ਮਨ ਵਿੱਚ 'ਸ਼ਹੀਦ ਭਗਤ ਸਿੰਘ' ਦੀ ਫਾਂਸੀ ਸਬੰਧੀ ਪੜ੍ਹੇ ਹੋਏ ਲੇਖ ਅਤੇ ਹੋਰ ਸਮੱਗਰੀ ਹਿਲੋਰੇ ਮਾਰਨ ਲੱਗ ਪਈ। ਸ਼ਹੀਦ ਭਗਤ ਸਿੰਘ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਅਸੈਂਬਲੀ ਬੰਬ ਧਮਾਕੇ ਵਿੱਚ ਹਾਲਾਂਕਿ 14 ਸਾਲ ਸਜ਼ਾ ਸੁਣਾਈ ਸੀ, ਪਰ ਸਾਂਡਰਸ ਦੇ ਕਤਲ ਦੇ ਮਾਮਲੇ ਵਿੱਚ ਤੱਤਕਾਲੀਨ ਨਿਆਂ ਪ੍ਰਣਾਲੀ ਵਿੱਚ ਮਨ-ਮਾਫਕ ਬਦਲਾਅ ਕਰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਬ੍ਰਿਟਿਸ਼ ਸਰਕਾਰ ਨੇ ਲੋਕਾਂ ਦੇ ਸਮਰਥਨ ਤੋਂ ਡਰਦਿਆਂ ਭਗਤ ਸਿੰਘ ਨੂੰ ਤੈਅ ਕੀਤੇ ਗਏ ਸਮੇਂ ਤੋਂ ਪਹਿਲਾਂ ਹੀ ਫਾਂਸੀ ਲਗਾਉਣ ਤੋਂ ਬਾਅਦ ਉਸਦੀ ਲਾਸ਼ ਨੂੰ ਵੀ ਚੁੱਪਚਾਪ ਦਰਿਆ ਦੇ ਕੰਡੇ ਸਾੜ ਦਿੱਤਾ ਸੀ। ਸ਼ਾਇਦ ਲੋਕਾਂ ਵਿੱਚ ਰੋਹ ਫੈਲਣ ਦੇ ਡਰੋਂ ਹੀ ਹੁਣ ਦੀ ਭਾਰਤ ਸਰਕਾਰ ਨੇ ਵੀ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਾਅਦ ਉਸਦੀ ਲਾਸ਼ ਨੂੰ ਚੁੱਪਚਾਪ ਤਿਹਾੜ ਜੇਲ੍ਹ ਵਿੱਚ ਹੀ ਦਫਨਾ ਦਿੱਤਾ।

ਦੋਵੇਂ ਮਾਮਲੇ 'ਸੰਸਦ' ਉੱਤੇ ਹੋਏ 'ਦਹਿਸ਼ਤਗਰਦ' ਹਮਲੇ ਨਾਲ ਵੀ ਸਬੰਧਤ ਸਨ। ਭਗਤ ਸਿੰਘ ਦੇ ਮਾਮਲੇ ਵਿੱਚ ਪੁਲਿਸ ਵੱਲੋਂ 'ਵੇਜਿੰਗ ਵਾਰ ਅਗੇਂਸਟ ਦ ਕਿੰਗ' ਦਾ ਮਾਮਲਾ ਬਣਾਇਆ ਗਿਆ ਅਤੇ ਅਫਜ਼ਲ ਦੇ ਮਾਮਲੇ ਵਿੱਚ ਵੀ 'ਵੇਜਿੰਗ ਵਾਰ ਅਗੇਂਸਟ ਕੰਟਰੀ' ਦਾ ਮਾਮਲਾ ਬਣਿਆ। ਅੰਗਰੇਜ਼ਾਂ ਵੱਲੋਂ ਦਹਿਸ਼ਤਗਰਦ ਗਰਦਾਨੇ ਗਏ ਸ਼ਹੀਦ ਭਗਤ ਸਿੰਘ ਨੇ ਆਪਣੀ ਕਾਰਵਾਈ ਨੂੰ 'ਅਜ਼ਾਦੀ' ਦੀ ਲੜਾਈ ਕਰਾਰ ਦਿੱਤਾ ਸੀ ਅਤੇ ਭਗਤ ਸਿੰਘ ਨੂੰ ਕਾਫੀ ਵੱਡੀ ਗਿਣਤੀ ਲੋਕਾਂ ਦਾ ਸਮਰਥਨ ਵੀ ਹਾਸਲ ਸੀ। ਹਾਲਾਂਕਿ ਅਫਜ਼ਲ ਗੁਰੂ ਵੀ ਕਸ਼ਮੀਰ ਦੇ ਗੜਬੜੀ ਵਾਲੇ ਦਿਨ੍ਹਾਂ ਦੌਰਾਨ 'ਕਸ਼ਮੀਰ ਦੀ ਅਜ਼ਾਦੀ' ਦੇ ਮਕਸਦ ਲਈ ਰਾਹ ਤੋਂ ਭਟਕ ਕੇ ਪਾਕਿਸਤਾਨ ਵਿੱਚ ਜਾ ਵੜਿਆ ਸੀ ਪਰ ਬਾਅਦ ਵਿੱਚ ਮੁੱਖ ਧਾਰਾ 'ਚ ਮੁੜ ਆਇਆ ਅਤੇ ਸੁਰੱਖਿਆ ਬਲਾਂ ਅੱਗੇ ਆਤਮ-ਸਮਰਪਣ ਕਰ ਦਿੱਤਾ।



ਸ਼ਹੀਦ ਭਗਤ ਸਿੰਘ ਨੂੰ ਸਾਂਡਰਸ ਦੇ ਕਤਲ ਦੇ ਮਾਮਲੇ ਵਿੱਚ ਛੇਤੀ ਫਾਂਸੀ ਉੱਤੇ ਟੰਗਣ ਲਈ ਕਾਹਲੀ ਬ੍ਰਿਟਿਸ਼ ਸਰਕਾਰ ਨੇ ਤਤਕਾਲੀਨ ਨਿਆਂਪ੍ਰਣਾਲੀ ਵਿੱਚ ਬਦਲਾਅ ਕਰਦੇ ਹੋਏ ਟ੍ਰਿਬਿਊਨਲ ਗਠਿਤ ਕੀਤਾ ਅਤੇ ਪ੍ਰਾਸੀਕਿਉਸ਼ਨ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਵੀ ਦਿੱਤੀਆਂ ਤਾਂ ਕਿ 'ਨਿਆਂ' ਹੋ ਸਕੇ, ਇਸੇ ਤਰ੍ਹਾਂ ਅਫਜ਼ਲ ਗੁਰੂ ਨੂੰ ਅਦਾਲਤ ਵਿੱਚ ਸਹੀ ਤਰੀਕੇ ਨਾਲ ਆਪਣਾ ਪੱਖ ਨਾ ਪੇਸ਼ ਕਰਨ ਦੇਣ ਦੀ ਗੱਲ ਨੂੰ ਲੈ ਕੇ ਵੀ ਕਈ ਚਿੰਤਤ ਮਨੁੱਖੀ ਅਧਿਕਾਰ ਜਥੇਬੰਦੀਆਂ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ, ਪਰ ਅਫ਼ਜ਼ਲ ਨੂੰ ਉਸ ਵੱਲੋਂ ਸੁਝਾਏ ਗਏ ਵਕੀਲ ਨਾ ਦਿੱਤੇ ਗਏ ਅਤੇ ਉਸਦਾ ਕੇਸ ਗਵਾਹੀਆਂ ਦੇ ਅਹਿਮ ਪੜਾਅ ਮੌਕੇ ਵੀ ਅਫ਼ਜ਼ਲ ਦੇ ਪੱਖ ਤੋਂ ਸੱਖਣਾ ਹੀ ਰਹਿ ਗਿਆ।

ਸਰਕਾਰ ਭਾਵੇਂ ਬ੍ਰਿਟਿਸ਼ ਤੋਂ ਇੰਡੀਅਨ ਹੋ ਚੁੱਕੀ ਹੈ, ਪਰ ਕਾਨੂੰਨ ਤਾਂ ਉਸੇ ਸਮੇਂ ਦੇ ਚੱਲਦੇ ਆ ਰਹੇ ਹਨ।ਭਗਤ ਸਿੰਘ ਦਾ ਗੋਰੇ ਤੋਂ ਕਾਲਾ ਅੰਗਰੇਜ਼ਾਂ ਵਾਲੀ ਗੱਲ ਸਹੀ ਸਾਬਤ ਹੋ ਰਹੀ ਹੈ।


ਦਰਅਸਲ ਦਿਨੋ ਦਿਨ ਮਜ਼ਬੂਤ ਹੁੰਦੀ ਸੱਤਾ ਨੂੰ ਸਮਝਣ-ਪਰਖ਼ਣ ਦੀ ਸਖ਼ਤ ਜ਼ਰੂਰਤ ਹੈ ਤੇ ਅਗਲਾ ਸਵਾਲ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਲੋਕ ਪੱਖੀ ਤਾਕਤਾਂ ਸਾਹਮਣੇ ਹੈ ਕਿ ਉਹ ਭਗਤ ਸਿੰਘ ਤੋਂ ਅਫਜ਼ਲ ਗੁਰੁ ਤੱਕ ਬਦਲੀਆਂ ਹਾਲਤਾਂ 
ਮੁਤਾਬਕ ਸੱਤਾ ਵਿਰੋਧੀ ਲੜਾਈਆਂ ਦੀ ਸਾਂਝੀ ਸਹਿਮਤੀ ਕਿਵੇਂ ਕਾਇਮ ਕਰਦੀਆਂ ਹਨ?

ਰਮਨਜੀਤ ਸਿੰਘ

ਲੇਖ਼ਕ ਚੰਡੀਗੜ੍ਹ 'ਚ 'ਜਾਗਰਣ' ਅਖ਼ਬਾਰ ਦੇ ਪੰਜਾਬ ਬਿਊਰੋ 'ਚ ਕੰਮ ਕਰਦੇ ਹਨ ਤੇ ਸਮਾਜਿਕ-ਸਿਆਸੀ ਮਸਲਿਆਂਦੇ ਵਿਲੇਸ਼ਨ 'ਚ ਵਿਸ਼ੇਸ਼ ਰੁਚੀ ਰੱਖਦੇ ਹਨ।
Mob: 987-888-0137

No comments:

Post a Comment