ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, May 18, 2013

ਕਨੇਡਾ 'ਚ ਗ਼ਦਰ ਲਹਿਰ ਸ਼ਤਾਬਦੀ ਵਰ੍ਹੇ ਸਬੰਧੀ ਪ੍ਰੋਗਰਾਮ ਜਾਰੀ

ਭਾਰਤ ਦੀ ਜੰਗੇ ਅਜ਼ਾਦੀ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਉਣ ਵਾਲੀ ਗ਼ਦਰ ਲਹਿਰ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਉਪਰੰਤ ਗ਼ਦਰੀ ਯੋਧਿਆਂ ਦੀ ਸੋਚ ਨੂੰ ਪੁਨਰ ਜਾਗਰਿਤ ਕਰਨ ਅਤੇ ਇਸ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਅਰਪਿਤ ਕਰਨ ਲਈ ਸਥਾਪਤ ਕੀਤੀ ਜਥੇਬੰਦੀ 'ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ' ਦੀਆਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 

ਯਾਦ ਰਹੇ ਕਿ ਸੰਨ 1993 ਵਿੱਚ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਅਨੇਕਾਂ ਹੋਰ ਦੇਸ਼ ਭਗਤਾਂ ਨਾਲ ਮਿਲਕੇ, ਅਮਰੀਕਾ ਦੇ ਔਸਟਰੀਆ ਸ਼ਹਿਰ 'ਚ ਭਾਰਤ ਨੂੰ ਜ਼ਾਲਮ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਾਉਣ ਲਈ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ ਜਿਸ ਉਪਰੰਤ ਸੈਂਕੜੇ ਦੇਸ਼ ਭਗਤਾਂ ਨੇ, ਉੱਤਰੀ ਅਮਰੀਕਾ ਅਤੇ ਸੰਸਾਰ ਦੇ ਹੋਰ ਭਾਗਾਂ ਤੋਂ ਸੁਖ-ਅਰਾਮ ਦੀ ਜ਼ਿੰਦਗੀ ਨੂੰ ਲੱਤ ਮਾਰ, ਭਾਰਤ ਜਾ ਕੇ ਦੇਸ਼ ਦੀ ਜੰਗੇ ਅਜ਼ਾਦੀ ਲਈ ਆਪਾ ਵਾਰਨ ਦੀਆਂ ਕਸਮਾਂ ਖਾ, ਲਹਿਰ 'ਚ ਕੁੱਦਣ ਦਾ ਫੈਸਲਾ ਕੀਤਾ ਸੀ। 

ਇਹ ਦੇਸ਼ ਭਗਤ ਜਿਹਨਾਂ 'ਚ ਮੁੱਖ ਤੌਰ ਤੇ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਰਾਭਾ, ਲਾਲਾ ਹਰਦਿਆਲ, ਊਧਮ ਸਿੰਘ ਕਸੇਲ ਆਦਿ ਸ਼ਾਮਲ ਸਨ ਨੇ ਭਾਰਤ ਪਹੁੰਚ ਕੇ, ਅਜ਼ਾਦੀ ਸੰਗਰਾਮ 'ਚ ਨਵੀਂ ਰੂਹ ਫੂਕ ਦਿੱਤੀ। ਜਿਸ ਦੇ ਸਿੱਟੇ ਵਜੋਂ ਭਾਰਤੀ ਫੌਜੀ ਛਾਉਣੀਆਂ 'ਚ ਬਗਾਵਤ ਵੀ ਬਿਲਕੁੱਲ ਤਿਆਰੀ ਹੋ ਚੁੱਕੀ ਸੀ ਪਰ ਐਨ ਮੌਕੇ ਤੇ ਲਹਿਰ 'ਚ ਸ਼ਾਮਲ ਗ਼ਦਾਰਾਂ ਵਲੋਂ ਇਸ ਬਗਾਵਤ ਦੀ ਸੂਹ ਸਰਕਾਰ ਤੱਕ ਪਹੁੰਚਾਏ ਜਾਣ ਕਾਰਣ ਇਹ ਬਗਾਵਤ ਨੇਪਰੇ ਨਾ ਚੜ੍ਹ ਸਕੀ ਤੇ ਦੇਸ਼ ਭਗਤਾਂ ਦੀ ਫੜੋ ਫੜਾਈ ਸ਼ੁਰੂ ਹੋ ਗਈ। ਅੰਗਰੇਜ਼ੀ ਸਰਕਾਰ ਦੁਆਰਾ ਬਹੁਤ ਸਾਰੇ ਦੇਸ਼ ਭਗਤਾਂ ਨੂੰ ਫਾਂਸੀਆਂ ਤੇ ਚਾੜ੍ਹ ਦਿੱਤਾ ਗਿਆ, ਉਹਨਾਂ ਦੀਆਂ ਜਾਇਦਾਦਾਂ ਜਬਤ ਕਰ ਲਈਆਂ ਗਈਆਂ ਤੇ ਬਹੁਤ ਸਾਰਿਆਂ ਨੂੰ ਦੇਸ਼ ਨਿਕਾਲਾ ਦੇ ਕੇ ਕਾਲ਼ੇ ਪਾਣੀਆਂ ਦੀਆਂ ਜੇਲ਼੍ਹਾਂ 'ਚ ਸੜਨ ਲਈ ਮਜ਼ਬੂਰ ਕਰ ਦਿੱਤਾ। 


ਇਸ ਲਈ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਉਹਨਾਂ ਦੀ ਸੋਚ ਨੂੰ ਅਜੋਕੀ ਪੀੜ੍ਹੀ ਤੱਕ ਪਹੁੰਚਦਾ ਕਰਨ ਲਈ ਇਸ ਕਮੇਟੀ ਦੁਆਰਾ ਵੱਖ ਵੱਖ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾ ਚੁੱਕੀ ਹੈ। ਜੋ ਇਸ ਪ੍ਰਕਾਰ ਹੈ। 

1. 2 ਜੂਨ, 2013 ਨੂੰ ਬੱਚਿਆਂ ਦੇ ਗ਼ਦਰ ਬਾਰੇ ਲੇਖ ਅਤੇ ਭਾਸ਼ਨ ਮੁਕਾਬਲੇ, #126, 7536-130 ਸਟਰੀਟ, ਸਰ੍ਹੀ ਤੇ ਸਥਿਤ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਕਰਵਾਏ ਜਾਣਗੇ। ਬੱਚਿਆਂ ਦੁਆਰਾ ਲਿਖੇ ਲੇਖ ਮਿਤੀ 25 ਮਈ ਤੱਕ ਉਪਰੋਕਤ ਪਤੇ ਤੇ ਜਾਂ ਕਮੇਟੀ ਦੀ email - info@ghadarparty.com 'ਤੇ ਪਹੁੰਚਦੇ ਕਰ ਦਿੱਤੇ ਜਾਣ। ਅੱਵਲ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਅਤੇ ਪੁਰਸਕਾਰ ਵੀ ਦਿੱਤੇ ਜਾਣਗੇ। 

2. 16 ਜੂਨ, 2013 ਨੂੰ ਗ਼ਦਰ ਦੀ ਕਵਿਤਾ ਦੇ ਸਬੰਧ ਵਿੱਚ ਕਵੀ ਦਰਬਾਰ, ਸਵੇਰ ਦੇ 11 ਵਜੇ ਗਰੈਂਡ ਤਾਜ ਬੈਂਕੁਇਟ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। 

3. 23 ਜੂਨ, 2013 ਨੂੰ ਨੌਰਥ ਡੈਲਟਾ ਸੰਕੈਡਰੀ ਸਕੂਲ 11461, 81 ਐਵੀਨਿਊ ਵਿਖੇ, ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਵਿੱਚ ਰਾਧਾ ਡਿਸੂਜ਼ਾ, ਮਾਇਆ ਰਾਮ ਨਾਥ, ਗੁਰੂਮੇਲ ਸਿੱਧੂ, ਚਿਰੰਜੀ ਲਾਲ ਅਤੇ ਸੋਹਣ ਪੂੰਨੀ ਆਦਿ ਵਿਦਵਾਨ ਮੁੱਖ ਬੁਲਾਰੇ ਹੋਣਗੇ। 

4. 6 ਜੁਲਾਈ, 2013 ਨੂੰ ਐਬੀ ਆਰਟ ਸੈਂਟਰ ਐਬਸਫੋਰਡ ਵਿਖੇ ਸ਼ਾਮ ਦੇ 4 ਵਜੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪਰਮਿੰਦਰ ਸਵੈਚ ਦੁਆਰਾ ਲਿਖਿਆ ਤੇ ਗੁਰਦੀਪ ਭੁੱਲਰ ਦੀ ਨਿਰਦੇਸ਼ਨਾ ਹੇਠ ਤਿਆਰ ਨਾਟਕ 'ਤਵਾਰੀਖ਼ ਬੋਲਦੀ ਹੈ' ਅਤੇ ਮੁੱਲਾਂਪੁਰ ਕਲਾ ਕੇਂਦਰ ਵਲੋਂ ਕੈਲਗਰੀ ਦੀ ਟੀਮ ਦੁਆਰਾ ਤਿਆਰ ਕੀਤਾ ਨਾਟਕ 'ਗਾਥਾ ਕਾਲ਼ੇ ਪਾਣੀਆਂ ਦੀ' ਪੇਸ਼ ਕੀਤੇ ਜਾਣਗੇ।

 5. 7 ਜੁਲਾਈ 2013, ਨੂੰ ਬੈੱਲ ਪ੍ਰਫਾਰਮਿੰਗ ਆਰਟ ਸੈਂਟਰ ਸਰ੍ਹੀ ਵਿਖੇ ਵੀ ਸ਼ਾਮ ਦੇ ਪੰਜ ਵਜੇ ਉਪਰੋਕਤ ਨਾਟਕ ਪੇਸ਼ ਕੀਤੇ ਜਾਣਗੇ। 

6. 14 ਜੁਲਾਈ,2013 ਨੂੰ ਬੈੱਲ ਪ੍ਰਫਾਰਮਿੰਗ ਆਰਟਸ ਸੈਂਟਰ ਸਰ੍ਹੀ ਵਿਖੇ ਹੀ ਸ਼ਾਮ ਦੇ 4 ਵਜੇ ਪਬਲਿਕ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਮੁੱਖ ਬੁਲਾਰੇ ਪ੍ਰੋ. ਜਗਮੋਹਨ ਸਿੰਘ, ਡਾ. ਵਰਿਆਮ ਸੰਧੂ, ਚਿਰੰਜੀ ਲਾਲਾ, ਰਾਧਾ ਡੀਸੂਜ਼ਾ ਆਦਿ ਤੋਂ ਇਲਾਵਾ ਹੋਰ ਸ਼ਖਸ਼ੀਅਤਾਂ ਵੀ ਆਪਣੇ ਵਿਚਾਰ ਪੇਸ਼ ਕਰਨਗੀਆਂ। ਸਾਰੇ ਲੋਕ ਪੱਖੀ ਅਤੇ ਦੇਸ਼ ਭਗਤ ਸ਼ਖਸ਼ੀਅਤਾਂ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਗ਼ਦਰੀ ਯੋਧਿਆਂ ਦੀ ਸੋਚ ਨੂੰ ਅਜੋਕੀ ਪੀੜ੍ਹੀ ਤੱਕ ਵੱਧ ਤੋਂ ਵੱਧ ਪਹੁੰਚਾਇਆ ਜਾ ਸਕੇ ਅਤੇ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਕਾਰਜ ਅੱਗੇ ਤੋਰਿਆ ਜਾ ਸਕੇ।ਕਮੇਟੀ ਵਲੋਂ ਸਭ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਸਾਰੇ ਪ੍ਰੋਗਰਾਮ ਬਿਲਕੁੱਲ ਫਰੀ ਹਨ। ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ।ਅਵਤਾਰ ਗਿੱਲ 604 728 7011, ਹਰਭਜਨ ਚੀਮਾ 604 377 2415, ਪਰਮਿੰਦਰ ਸਵੈਚ 604 760 4794 

ਬਾਈ ਅਵਤਾਰ ਗਿੱਲ 
ਮੀਡੀਆ ਕੋਆਰਡੀਨੇਟਰ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ 
info@ghadarparty.com

No comments:

Post a Comment