ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, September 4, 2014

ਅਧਿਆਪਕ ਟੀ.ਵੀ 'ਤੇ ਬੋਲੇ ਤੇ ਮੋਦੀ ਸੁਣੇ

ਉਹ ਤੁਰਦਾ ਰਿਹਾ,ਰਾਹ ਬਣਦੇ ਗਏ..

ਗੁਰਬਤ ਉਸ ਦਾ ਰਾਹ ਨਹੀਂ ਰੋਕ ਸਕੀ ਤੇ ਠੰਢੀਆਂ ਰਾਤਾਂ ਉਸ ਦਾ ਸਾਈਕਲ। ਜਦੋਂ ਸਿਰੜ ਨੇ ਜਜ਼ਬੇ ਦੀ ਉਂਗਲ ਫੜੀ ਤਾਂ ਅਧਿਆਪਕ ਕਰਨੈਲ ਸਿੰਘ ਵੈਰਾਗੀ ਨੇ ਸਾਈਕਲ ਚੁੱਕ ਲਿਆ। ਜਿਉਂ ਹੀ ਸਵੇਰ ਦੇ ਪੌਣੇ ਚਾਰ ਵੱਜਦੇ ਹਨ, ਉਹ ਆਪਣੇ ਸਾਈਕਲ 'ਤੇ ਘਰੋਂ ਚਾਲੇ ਪਾ ਦਿੰਦਾ ਹੈ। ਵੈਰਾਗੀ ਠੰਢੇ ਮੌਸਮ ਵਿੱਚ ਆਪਣੇ ਹਰ ਵਿਦਿਆਰਥੀ ਘਰ ਦਾ ਬੂਹਾ ਖੜਕਾਉਂਦਾ ਹੈ। ਰਜਾਈ 'ਚੋਂ ਉਠਾ ਕੇ ਉਹ ਆਪਣੇ ਹਰ ਬੱਚੇ ਨੂੰ ਪੜ੍ਹਨ ਬਿਠਾਉਂਦਾ ਹੈ। ਫਿਰ ਉਹ ਅਗਲੇ ਘਰ ਦੇ ਬੂਹੇ 'ਤੇ ਜਾਂਦੇ ਹਨ। ਪੂਰੇ ਸੱਤ ਵਰ੍ਹਿਆਂ ਤੋਂ ਵੈਰਾਗੀ ਸਵੇਰੇ ਚਾਰ ਵਜੇ ਘਰੋਂ-ਘਰੀਂ ਜਾ ਕੇ ਆਪਣੇ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਪਾਠ ਸ਼ੁਰੂ ਕਰਾ ਰਿਹਾ ਹੈ।ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰ ਹੋਡਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅਧਿਆਪਕ ਕਰਨੈਲ ਸਿੰਘ ਵੈਰਾਗੀ ਜਿਸ ਮਿਸ਼ਨ ਨੂੰ ਲੈ ਕੇ ਤੁਰਿਆ, ਉਹ ਹੁਣ ਰਾਹ ਬਣ ਗਿਆ ਹੈ। ਪੂਰਾ ਸਾਲ ਉਸ ਦਾ ਸਾਈਕਲ ਸਕੂਲ ਦੇ ਚਾਰੇ ਪਾਸੇ ਪੈਂਦੇ ਅੱਠ ਪਿੰਡਾਂ ਵਿੱਚ ਘੁੰਮਦਾ ਹੈ। ਉਹ ਸਵੇਰ ਵਕਤ ਬੱਚਿਆਂ ਦੀਆਂ ਮੁਸ਼ਕਲਾਂ ਵੀ ਹੱਲ ਕਰਦਾ ਹੈ। ਉਹ ਦੱਸਦਾ ਹੈ ਕਿ ਬਹੁਤੇ ਬੱਚੇ ਤਾਂ ਉਸ ਦਾ ਕੁੰਡਾ ਖੜਕਾਉਣ ਤੋਂ ਪਹਿਲਾਂ ਉੱਠ ਜਾਂਦੇ ਹਨ। ਜੋ ਸਵੇਰ ਵਕਤ ਬੱਚੇ ਪੜ੍ਹਦੇ ਮਿਲਦੇ ਹਨ, ਉਨ੍ਹਾਂ ਨੂੰ ਉਹ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਸ਼ਾਬਾਸ਼ ਦਿੰਦਾ ਹੈ। ਜਦੋਂ ਠੰਢੀਆਂ ਰਾਤਾਂ ਵਿੱਚ ਹਰ ਕੋਈ ਸੌਂ ਰਿਹਾ ਹੁੰਦਾ ਹੈ ਤਾਂ ਇਹ ਅਧਿਆਪਕ ਉਦੋਂ ਇਕੱਲਾ ਆਪਣੇ ਬੱਚਿਆਂ ਨੂੰ ਹੀ ਜ਼ਿੰਦਗੀ ਦਾ ਰਾਹ ਨਹੀਂ ਦਿਖਾ ਹੁੰਦਾ ਬਲਕਿ ਉਹ ਸੌਣ ਵਾਲਿਆਂ ਦੀ ਜ਼ਮੀਰ ਨੂੰ ਵੀ ਹਲੂਣ ਰਿਹਾ ਹੁੰਦਾ ਹੈ। ਉਹ ਆਖਦਾ ਹੈ ਕਿ ਬੱਚਿਆਂ ਨੂੰ ਜਲਦੀ ਉਠਾਉਣ ਦਾ ਇਹ ਨਤੀਜਾ ਹੈ ਕਿ ਬਹੁਤੇ ਬੱਚੇ ਖ਼ੁਦ ਜਲਦੀ ਉੱਠਣ ਲੱਗੇ ਹਨ ਅਤੇ ਚੰਗੇ ਨਤੀਜੇ ਦੇਣ ਲੱਗੇ ਹਨ।

ਜਦੋਂ ਉਹ ਸ਼ਾਮ ਵਕਤ ਬੱਚਿਆਂ ਦੇ ਘਰਾਂ ਵਿੱਚ ਜਾਂਦਾ ਹੈ ਤਾਂ ਉਸ ਨੂੰ ਦੋ ਬੱਚੇ ਅਜਿਹੇ ਮਿਲੇ ਜੋ ਆਪਣੇ ਮਾਪਿਆਂ ਨਾਲ ਕੰਮ ਵਿਚ ਹੱਥ ਵਟਾਉਂਦੇ ਸਨ, ਉਨ੍ਹਾਂ ਬੱਚਿਆਂ ਨੂੰ ਉਸ ਨੇ ਸਕੂਲ ਵਿੱਚ ਸਨਮਾਨਿਤ ਕੀਤਾ। ਵੈਰਾਗੀ ਨੇ ਦੋ ਸਾਲ ਤਾਂ ਸਕੂਲੀ ਸਮੇਂ ਤੋਂ ਪਹਿਲਾਂ ਅਤੇ ਮਗਰੋਂ ਪਿੰਡ ਦੀ ਧਰਮਸ਼ਾਲਾ ਵਿੱਚ ਲੋੜਵੰਦਾਂ ਨੂੰ ਮੁਫ਼ਤ ਪੜ੍ਹਾਇਆ ਅਤੇ ਹੁਣ ਉਹ ਆਪਣੇ ਘਰ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੂੰ ਮੁਫ਼ਤ ਪੜਾਉਂਦਾ ਹੈ। ਪਿੰਡ ਦੇ ਇੱਕ ਮੁਸਲਿਮ ਬੱਚੇ ਨੇ ਬੀ.ਐਡ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਨਾਲ ਹੀ ਵਿੱਤੀ ਮਜਬੂਰੀ ਦੱਸੀ ਤਾਂ ਵੈਰਾਗੀ ਨੇ ਉਸ ਦੀ ਪੂਰੀ ਫ਼ੀਸ ਆਪਣੇ ਕੋਲੋਂ ਭਰ ਦਿੱਤੀ। ਏਦਾਂ ਹੀ ਉਹ ਹੋਰ ਵਿਦਿਆਰਥੀਆਂ ਦੀ ਵਿੱਤੀ ਮਦਦ ਕਰਦਾ ਹੈ ਜਾਂ ਕਿਤਾਬਾਂ ਆਦਿ ਲੈ ਕੇ ਦੇ ਦਿੰਦਾ ਹੈ। ਵੈਰਾਗੀ ਨੇ ਸਾਲ 1994 ਵਿੱਚ ਹੋਡਲਾ ਕਲਾਂ ਦੇ ਇਸ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਕਾਰਜ ਸ਼ੁਰੂ ਕੀਤਾ। ਉਸ ਨੇ ਇੱਕ ਵਰ੍ਹੇ ਮਗਰੋਂ ਹੀ ਸ਼ਹਿਰ ਛੱਡ ਕੇ ਪੱਕੇ ਤੌਰ 'ਤੇ ਪਿੰਡ ਹੋਡਲਾ ਕਲਾਂ ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਉਹ 19 ਵਰ੍ਹਿਆਂ ਤੋਂ ਪਿੰਡ ਵਿੱਚ ਰਹਿ ਰਿਹਾ ਹੈ। ਉਸ ਨੇ ਆਪਣੇ ਦੋਵੇਂ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨ ਲਾਇਆ। ਉਸ ਦੇ ਪੁੱਤ ਨੇ ਪ੍ਰਾਇਮਰੀ ਤਕ ਦੀ ਪੜ੍ਹਾਈ ਸਰਕਾਰੀ ਸਕੂਲ 'ਚੋਂ ਕੀਤੀ ਜੋ ਕਿ ਹੁਣ ਮੁਹਾਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵਿੱਚ ਪੜ੍ਹ ਰਿਹਾ ਹੈ ਅਤੇ ਉਸ ਦੀ ਧੀ ਸਰਕਾਰੀ ਸਕੂਲ ਵਿੱਚ ਹੀ ਸੱਤਵੀਂ ਜਮਾਤ ਵਿੱਚ ਪੜ੍ਹ ਰਹੀ ਹੈ।ਉਸ ਨੇ ਅਧਿਆਪਕ ਬਣਨ ਮਗਰੋਂ ਦੋ ਸਾਲ ਟਿਊਸ਼ਨ ਪੜ੍ਹਾਈ ਸੀ ਪਰ ਉਸ ਮਗਰੋਂ ਉਹ ਲਗਾਤਾਰ ਬੱਚਿਆਂ ਨੂੰ ਸਕੂਲ ਸਮੇਂ ਮਗਰੋਂ ਮੁਫ਼ਤ ਪੜ੍ਹਾਉਂਦਾ ਹੈ। ਸਾਲ 1995 ਨੂੰ ਛੱਡ ਕੇ ਉਸ ਦਾ ਕਦੇ ਵੀ ਨਤੀਜਾ ਨਾਂਹ-ਪੱਖੀ ਨਹੀਂ ਰਿਹਾ ਹੈ ਅਤੇ ਛੇ ਵਰ੍ਹਿਆਂ ਤੋਂ ਉਸ ਦਾ ਨਤੀਜਾ ਸੌ ਫ਼ੀਸਦੀ ਹੈ।
 
ਸਾਲ 2002 ਵਿੱਚ ਜਦੋਂ ਸਕੂਲ ਵਿੱਚ ਸਾਈਕਲ ਸਟੈਂਡ ਦੀ ਲੋੜ ਮਹਿਸੂਸ ਹੋਈ ਤਾਂ ਵੈਰਾਗੀ ਨੇ ਬੱਚਿਆਂ ਨੂੰ ਨਾਲ ਲੈ ਕੇ ਘਰੋਂ-ਘਰੀਂ ਕਣਕ ਮੰਗਣੀ ਸ਼ੁਰੂ ਕਰ ਦਿੱਤੀ। ਇੰਜ 55 ਕੁਇੰਟਲ ਕਣਕ ਇਕੱਠੀ ਹੋਈ ਅਤੇ ਪੰਚਾਇਤ ਨੇ ਵੀ 50 ਹਜ਼ਾਰ ਦਾ ਯੋਗਦਾਨ ਪਾ ਦਿੱਤਾ। ਇਸੇ ਨਾਲ ਸਕੂਲ ਵਿੱਚ ਚੰਗਾ ਸਾਈਕਲ ਸਟੈਂਡ ਬਣ ਗਿਆ। ਵੈਰਾਗੀ ਗੁਰੂ-ਚੇਲੇ ਪਰੰਪਰਾ ਦੀ ਮਿਸਾਲ ਹੈ। ਪੰਜਾਬ ਸਰਕਾਰ ਨੇ ਵੀ ਸਾਲ 2008 ਵਿੱਚ ਉਸ ਦੇ ਇਸ ਮਿਸ਼ਨ ਦੀ ਕਦਰ ਕਰਦਿਆਂ ਉਸ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਵੈਰਾਗੀ ਨੇ ਆਪਣੀ ਖ਼ੁਦ ਦੀ ਪੜਾਈ ਨੂੰ ਵੀ ਜਾਰੀ ਰੱਖਿਆ ਹੈ। ਉਹ ਐੱਮ.ਫਿਲ ਤੇ ਪੀ.ਐੱਚ.ਡੀ ਤੋਂ ਇਲਾਵਾ ਐਮ.ਐਡ ਵੀ ਹੈ। ਉਸ ਨੇ ਨੈੱਟ ਦੀ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਇਸ ਤੋਂ ਇਲਾਵਾ ਪੀ.ਪੀ.ਐੱਸ.ਸੀ. ਦੀ ਲੈਕਚਰਾਰ ਅਤੇ ਹੈੱਡਮਾਸਟਰ ਦੀ ਪ੍ਰ੍ਰੀਖਿਆ ਵੀ ਉਹ ਪਾਸ ਕਰ ਚੁੱਕਿਆ ਹੈ। ਜਦੋਂ ਵੈਰਾਗੀ ਦੀ ਦਾਸਤਾਨ ਸੁਣੀ ਤਾਂ ਲੱਗਾ ਕਿ ਪਹਿਲਾਂ ਉਸ ਨੇ ਗੁਰਬਤ ਦੇ ਹੱਲੇ ਨੂੰ ਪਛਾੜਿਆ ਅਤੇ ਹੁਣ ਉਹ ਸਰਕਾਰੀ ਅਧਿਆਪਕਾਂ ਪ੍ਰਤੀ ਆਮ ਲੋਕਾਂ ਦੀ ਬਣੀ ਮਾੜੀ ਰਾਇ ਨੂੰ ਤੋੜਨ ਵਿੱਚ ਜੁਟਿਆ ਹੋਇਆ ਹੈ। ਬੁਢਲਾਡਾ ਦੇ ਵਸਨੀਕ ਕਰਨੈਲ ਸਿੰਘ ਵੈਰਾਗੀ ਕੋਲ ਸਿਰਫ਼ ਪੌਣਾ ਏਕੜ ਜ਼ਮੀਨ ਹੈ। ਮਾਂ ਕਰਤਾਰ ਕੌਰ ਅਤੇ ਬਾਪ ਪ੍ਰੀਤਮ ਦਾਸ ਦੋਵੇਂ ਅਨਪੜ੍ਹ ਹਨ। ਉਹ ਬਚਪਨ ਉਮਰੇ ਹੀ ਮਾਂ-ਬਾਪ ਨਾਲ ਸਬਜ਼ੀ ਦਾ ਕੰਮ ਕਰਨ ਲੱਗਾ। ਆਪਣੀ ਪੜ੍ਹਾਈ ਲਈ ਉਸ ਨੇ ਖ਼ੁਦ ਮਿਹਨਤ ਮਜ਼ਦੂਰੀ ਕੀਤੀ। ਉਸ ਨੇ ਪੜ੍ਹਾਈ ਕਰਨ ਵਾਸਤੇ ਸੱਤ ਵਰ੍ਹੇ ਭਾਰਤੀ ਖ਼ੁਰਾਕ ਨਿਗਮ ਦੇ ਗੁਦਾਮਾਂ ਵਿੱਚ ਚੌਂਕੀਦਾਰੀ ਕੀਤੀ। ਉਸ ਨੇ ਦੱਸਿਆ ਕਿ ਉਹ ਰਾਤ ਵਕਤ ਬੋਰੀਆਂ ਦੇ ਚੱਠੇ ਉੱਪਰ ਬੈਠ ਕੇ ਪੜ੍ਹਦਾ ਹੁੰਦਾ ਸੀ ਅਤੇ ਉਦੋਂ ਉਸ ਨੂੰ ਚੌਂਕੀਦਾਰੀ ਦੀ ਤਨਖ਼ਾਹ 450 ਰੁਪਏ ਪ੍ਰਤੀ ਮਹੀਨਾ ਮਿਲਦੀ ਸੀ।

ਜਦੋਂ ਉਸ ਨੇ ਬੀ.ਐਡ ਕਰਨ ਲਈ ਪਟਿਆਲਾ ਦੇ ਸਰਕਾਰੀ ਕਾਲਜ ਵਿੱਚ ਦਾਖ਼ਲਾ ਲਿਆ ਤਾਂ ਉਸ ਦੀ ਜੇਬ ਖ਼ਾਲੀ ਸੀ। ਉਸ ਦੀ ਮਾਂ ਨੇ ਸ਼ਹਿਰ ਦੇ ਇੱਕ ਸੇਠ ਤੋਂ 1500 ਰੁਪਏ ਕਰਜ਼ਾ ਲਿਆ ਜਿਸ ਨੂੰ ਮੁੜ ਵੈਰਾਗੀ ਨੇ ਹੀ ਚੁਕਾਇਆ। ਉਸ ਨੇ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਗਰੈਜੂਏਸ਼ਨ ਕੀਤੀ ਅਤੇ ਕਾਲਜ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਪਾਸ ਕੀਤੀ। ਉਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਅੱੈਨ.ਐੱਸ.ਐੱਸ ਦਾ ਬੈਸਟ ਵਲੰਟੀਅਰ ਵੀ ਐਲਾਨਿਆ ਗਿਆ। ਉਸ ਨੇ ਵਿਦਿਆਰਥੀ ਸੰਘਰਸ਼ਾਂ ਵਿੱਚ ਵੀ ਕੰਮ ਕੀਤਾ। ਉਹ ਦੱਸਦਾ ਹੈ ਕਿ ਜਦੋਂ ਨੌਕਰੀ ਤੋਂ ਪਹਿਲਾਂ ਉਸ ਦੇ ਘਰ ਰਿਸ਼ਤੇ ਵਾਲੇ ਆਉਂਦੇ ਸਨ ਤਾਂ ਪੌਣਾ ਏਕੜ ਜ਼ਮੀਨ ਸੁਣਦੇ ਹੀ ਮੰਜੇ ਤੋਂ ਉੱਠ ਜਾਂਦੇ ਸਨ। ਸਾਲ 1997 ਵਿੱਚ ਉਸ ਦਾ ਗੀਤਾ ਬਾਲਾ ਨਾਲ ਵਿਆਹ ਹੋਇਆ ਜੋ ਪਿੰਡ ਹੋਡਲਾ ਕਲਾਂ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹੈ। ਉਹ ਦੱਸਦਾ ਹੈ ਕਿ ਉਸ ਦੇ 40 ਦੇ ਕਰੀਬ ਵਿਦਿਆਰਥੀ ਅੱਜ ਅਧਿਆਪਕ ਹਨ। ਉਸ ਨੇ ਦੱਸਿਆ ਕਿ ਉਸ ਨੇ ਅਧਿਆਪਕ ਬਣਨ ਵਾਲੇ ਹਰ ਵਿਦਿਆਰਥੀ ਨੂੰ ਇਹੋ ਆਖਿਆ ਕਿ ਉਹ ਵੀ ਆਪਣੇ ਵਿਦਿਆਰਥੀਆਂ ਨੂੰ ਇਵੇਂ ਹੀ ਜਗਾਵੇ, ਜਿਵੇਂ ਉਹ ਖ਼ੁਦ ਜਾਗਿਆ ਸੀ। ਜਦੋਂ ਵੈਰਾਗੀ ਨੂੰ ਇਹ ਪੁੱਛਿਆ ਕਿ ਅੱਜ ਦਾ ਅਧਿਆਪਕ ਕਿਹੋ ਜਿਹਾ ਹੋਵੇ ਤਾਂ ਉਸ ਨੇ ਸਿਰਫ਼ ਇਨਾ ਹੀ ਆਖਿਆ, ''ਏਦਾਂ ਦਾ ਅਧਿਆਪਕ ਹੋਵੇ ਕਿ ਟੀ.ਵੀ 'ਤੇ ਉਹ ਬੋਲੇ, ਮੋਦੀ ਸੁਣੇ।

ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।

No comments:

Post a Comment