ਕੁਲਵਿੰਦਰ ਦਾ ਸਾਹਿਰ ਬਾਰੇ ਲੇਖ ਦੋਸਤਾਂ ਮਿੱਤਰਾਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਛਾਪਿਆ ਜਾ ਰਿਹਾ ਹੈ। ਇਹ ਪੰਜਾਬੀ ਦੇ ਸਾਹਿਤਕ ਤੇ ਵਿਚਾਰਕ ਰਸਾਲੇ 'ਫ਼ਿਲਹਾਲ' ਦੇ ਇਸੇ ਅੰਕ 'ਚ ਛਪਿਆ ਸੀ।ਇਸ ਦੀ ਕਾਪੀ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਹੁਰਾਂ ਨੂੰ ਬੇਨਤੀ ਕਰਕੇ ਮੰਗਵਾਈ ਹੈ।-ਗੁਲਾਮ ਕਲਮ
ਗੁਰੂ ਦੱਤ ਦੀ ਫ਼ਿਲਮ 'ਪਿਆਸਾ' (1957) ਦੀ ਸਿਖ਼ਰ 'ਤੇ ਰਫ਼ੀ ਦੀ ਅਵਾਜ਼ ਵਿਚ ਸਾਹਿਰ ਦੀ ਰਚਨਾ ਅਤੇ ਐਸ. ਡੀ. ਬਰਮਨ ਦੀ ਧੁਨ ਗੂੰਜਦੀ ਹੈ -
ਯਿਹ ਮਹਿਲੋ ਯਿਹ ਤਖ਼ਤੋਂ, ਯਿਹ ਤਾਜੋਂ ਕੀ ਦੁਨੀਆ
ਯਿਹ ਇਨਸਾਂ ਕੇ ਦੁਸ਼ਮਣ ਸਮਾਜੋਂ ਕੀ ਦੁਨੀਆ
ਯਿਹ ਦੌਲਤ ਕੇ ਭੂਖੇ ਰਿਵਾਜੋਂ ਕੀ ਦੁਨੀਆ
ਯਿਹ ਦੁਨੀਆ ਅਗਰ ਮਿਲ਼ ਭੀ ਜਾਏ ਤੋ ਕਯਾ ਹੈ
ਆਡੀਟੋਰੀਅਮ ਦੇ ਦਰਵਾਜ਼ੇ ਤੇ ਖੜ੍ਹੇ ਵਿਜੇ (ਗੁਰੂ ਦੱਤ) ਵਿਚ ਸੂਲੀ ਟੰਗੇ ਈਸਾ ਦੀ ਝਲਕ ਵੀ ਮਿਲ਼ਦੀ ਹੈ ਅਤੇ ਸਾਹਿਰ ਦੀ ਪਰਛਾਈਂ ਵੀ।
ਸਾਹਿਰ ਦੇ ਅਸਲੀ ਨਾਂ ਅਬਦੁਲ ਹਈ ਬਾਰੇ ਵੀ ਸ਼ਾਨਦਾਰ ਕਿੱਸਾ ਹੈ। ਅੱਖੜ ਜਗੀਰਦਾਰ ਫ਼ਜ਼ਲ ਮੁਹੰਮਦ ਦੀ ਗਿਆਰਵੀਂ ਪਤਨੀ ਸਰਦਾਰ ਬੇਗਮ ਨੇ 8 ਮਾਰਚ, 1921 ਨੂੰ ਮੁੰਡੇ ਨੂੰ ਜਨਮ ਦਿੱਤਾ। ਬਾਪ ਨੇ ਨਾਂ ਰੱਖਿਆ ਅਬਦੁਲ ਹਈ। ਅਬਦੁਲ ਹਈ ਫ਼ਜ਼ਲ ਮੁਹੰਮਦ ਦੇ ਗੁਆਂਢ ਵਿਚ ਵਸਦੇ ਦੁਸ਼ਮਣ ਦਾ ਨਾਂ ਸੀ। ਰੋਜ਼ ਸ਼ਾਮ ਸਾਹਿਰ ਦਾ ਬਾਪ ਗੁਆਂਢੀ ਨੂੰ ਗਾਲ੍ਹਾਂ ਕੱਢਦਾ। ਇਤਰਾਜ਼ ਕਰਨ 'ਤੇ ਉਸ ਦਾ ਜੁਆਬ ਹੁੰਦਾ ਕਿ ਉਹ ਤਾਂ ਆਪਣੇ ਬੇਟੇ ਨੂੰ ਗਾਲ੍ਹਾਂ ਕੱਢ ਰਿਹਾ ਹੈ। ਘਰ ਵਿਚ ਇਕੱਲਾ ਮੁੰਡਾ ਹੋਣ ਕਾਰਣ ਸਾਹਿਰ ਦਾ ਬਚਪਨ ਬੜਾ ਵਧੀਆ ਬੀਤਿਆ। ਸਭ ਕੁਝ ਉਲ਼ਟ ਪੁਲਟ ਗਿਆ ਜਦ ਸਾਹਿਰ ਦੇ ਮਾਂ ਬਾਪ ਵਿਚ ਅਨਬਣ ਹੋ ਗਈ। ਆਪਣੀਆਂ ਜਗੀਰੂ ਰੁਚੀਆਂ ਕਾਰਣ ਬਾਪ ਉਸ ਨੂੰ ਅੱਯਾਸ਼ੀ ਪੱਠਾ ਬਨਾਉਣਾ ਚਾਹੁੰਦਾ ਸੀ। ਮਾਂ ਸਾਹਿਰ ਨੂੰ ਪੜ੍ਹਾ ਲਿਖਾ ਕੇ ਚੰਗਾ ਇਨਸਾਨ ਬਨਾਉਣਾ 'ਤੇ ਅੜੀ ਹੋਈ ਸੀ। ਦੋਨਾਂ ਵਿਚਕਾਰ ਖਿੱਚੋਤਾਨ ਏਨੀ ਵੱਧ ਗਈ ਕਿ ਸਰਦਾਰ ਬੇਗ਼ਮ ਨੇ ਅਦਾਲਤ ਦੀ ਜਾ ਸ਼ਰਣ ਲਈ। ਅਦਾਲਤ ਨੇ ਮਾਂ ਜਾਂ ਬਾਪ ਦੋਵਾਂ ਚੋਂ ਇਕ ਨੂੰ ਚੁਣਨ ਦੀ ਸਾਹਿਰ ਦੀ ਖਾਹਿਸ਼ ਪੁੱਛੀ ਤਾਂ ਉਹਨੇ ਮਾਂ ਨੂੰ ਚੁਣਿਆ।
ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਾ ਦਿੱਤਾ ਗਿਆ। ਉਹ ਵੱਡਾ ਹੋ ਕੇ ਵਕੀਲ ਬਣਨਾ ਚਾਹੁੰਦਾ ਸੀ। ਪੜ੍ਹਾਈ ਲਿਖਾਈ ਤਾਂ ਸ਼ੁਰੂ ਹੋ ਗਈ ਪਰ ਜੀਵਨ ਵਿਚ ਤੰਗੀਆਂ ਤੁਰਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਨੇ ਸਾਹਿਰ ਨੂੰ ਇਰਦ ਗਿਰਦ ਬਾਰੇ ਸੋਚਵਾਨ ਬਣਾ ਦਿੱਤਾ। ਉਸ ਨੂੰ ਜਗੀਰੂ ਕਦਰਾਂ ਕੀਮਤਾਂ ਨਾਲ਼ ਨਫ਼ਰਤ ਹੋ ਗਈ।
ਸਕੂਲ ਤੋਂ ਬਾਅਦ ਉਸ ਨੇ ਲੁਧਿਆਣੇ ਦੇ ਗੌਰਮਿੰਟ ਕਾਲਿਜ ਵਿਚ ਦਾਖਲਾ ਲਿਆ। ਜੁਆਨੀ ਤੇ ਪੈਰ ਧਰਦਿਆਂ ਆਪਣੇ ਬਾਗ਼ੀ ਸੁਭਾ ਕਾਰਣ ਉਸ ਦੇ ਕੋਮਲ ਹਿਰਦੇ ਨੇ ਮਨੁੱਖੀ ਭਾਵਨਾਵਾਂ ਅਤੇ ਜ਼ਾਲਮ ਸਮਾਜ ਵਿਚਲੇ ਦਵੰਦ ਨੂੰ ਸ਼ਿਅਰਾਂ ਦੇ ਰੂਪ ਵਿਚ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਇਕਬਾਲ ਦਾ ਸ਼ਿਅਰ 'ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਮੀਰਾਜ਼ ਭੀ, ਸੈਂਕੜੋ ਸਾਹਿਰ ਭੀ ਹੋਂਗੇ, ਸਾਹਿਬ-ਏ-ਏਜਾਜ਼ ਭੀ' ਪੜ੍ਹਿਆ। ਉਨ੍ਹਾਂ ਸੈਂਕੜਿਆਂ ਚੋਂ ਆਪਣੇ ਆਪ ਨੂੰ ਇੱਕ ਸਮਝਦਿਆਂ ਅਬਦੁਲ ਹਈ ਸ਼ੇਅਰ ਲਿਖਦਾ 'ਸਾਹਿਰ' ਲੁਧਿਆਣਵੀ ਬਣ ਗਿਆ।
ਇਹ ਦੌਰ ਵੀ ਸਮਾਜੀ ਉਥਲ-ਪੁਥਲ ਦਾ ਸੀ। ਦੇਸ਼ ਨੂੰ ਅਜ਼ਾਦ ਕਰਾਉਣ ਦੀ ਅਵਾਜ਼ ਫ਼ਿਜ਼ਾ ਵਿਚ ਗੂੰਜ ਰਹੀ ਸੀ। ਕਮਿਊਨਿਸਟ ਲਹਿਰ ਪੂਰੀ ਚੜ੍ਹਤ 'ਤੇ ਸੀ। ਸਾਹਿਰ ਮਾਰਕਸਵਾਦੀ ਵਿਚਾਰਧਾਰਾ ਵਲ ਖਿੱਚਿਆ ਗਿਆ। ਉਹਨੇ ਬਰਤਾਨਵੀ ਸਾਮਰਾਜ ਅਤੇ ਭਾਰਤੀ ਜਗੀਰਦਾਰੀ ਦੇ ਖਿਲਾਫ਼ ਨਜ਼ਮਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਕਈ ਰਚਨਾਵਾਂ 'ਕਿਰਤੀ' ਅਤੇ ਹੋਰਨਾਂ ਖੱਬੇਪੱਖੀ ਰਸਾਲਿਆਂ ਵਿਚ ਛਪਣ ਲੱਗੀਆਂ। ਬਲਵੰਤ ਗਾਰਗੀ ਦੇ ਸ਼ਬਦਾਂ ਵਿਚ, ''ਉਸ (ਸਾਹਿਰ) ਨੂੰ ਪਤਾ ਸੀ ਕਿ ਉਹ ਵੱਡਾ ਸ਼ਾਇਰ ਹੈ। ਇਸ ਗੱਲ ਦਾ ਗਿਆਨ ਉਸ ਨੂੰ 22 ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ।'' ਉਹ ਵਿਦਿਆਰਥੀ ਯੂਨੀਅਨ ਦਾ ਆਗੂ ਬਣ ਗਿਆ।
ਇਸ ਦੇ ਨਾਲ਼ ਹੀ ਉਸ ਦੇ ਇਸ਼ਕਾਂ ਦੇ ਕਿੱਸੇ ਵੀ ਮਸ਼ਹੂਰ ਹੋਣ ਲੱਗੇ। ਪਹਿਲਾ ਕਿੱਸਾ ਮਹਿੰਦਰ ਚੌਧਰੀ ਨਾਲ਼ ਉਸ ਦੇ ਪ੍ਰੇਮ ਦਾ ਹੈ। ਪਰ ਬਿਮਾਰੀ ਨਾਲ਼ ਮਹਿੰਦਰ ਚੌਧਰੀ ਦੀ ਮੌਤ ਹੋ ਗਈ। ਇਸ ਮੌਤ ਨੇ ਸਾਹਿਰ ਨੂੰ ਇਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ। ਇਹ ਸ਼ੇਅਰ ਉਸ ਦੀ ਮਨੋਦਸ਼ਾ ਨੂੰ ਬਿਆਨ ਕਰਦਾ ਹੈ -
ਕੋਸਰ ਮੇਂ ਵੁਹ ਧੁਲੀ ਹੋਈ ਬਾਂਹੇਂ ਭੀ ਜਲ ਗਈ
ਜੋ ਦੇਖਤੀ ਥੀਂ ਮੁਝ ਕੋ ਵੁਹ ਨਿਗਾਹੋਂ ਭੀ ਜਲ ਗਈ
ਉਸ ਦਾ ਜਿਗਰੀ ਦੋਸਤ ਕ੍ਰਿਸ਼ਨ ਅਦੀਬ ਲਿਖਦਾ ਹੈ, ''ਮੈਂ ਸਾਹਿਰ ਦੇ ਸੁਭਾ ਨੂੰ ਜਾਣਦਾ ਸੀ। ਕਈ ਵਾਰ ਮੈਨੂੰ ਪਹਿਲਾਂ ਵੀ ਤਜਰਬਾ ਹੋ ਚੁਕਿਆ ਸੀ। ... ਕੁਝ ਦਿਨ ਹੋਰ ਲੰਘ ਗਏ। ਮਹਿੰਦਰ ਦਾ ਤਸੱਵਰ ਸਾਹਿਰ ਦੇ ਦਿਲ ਅਤੇ ਦਿਮਾਗ਼ ਤੋਂ ਉੱਡ ਗਿਆ।''
ਤਦ ਸਾਹਿਰ ਦਾ ਇਸ਼ਕ ਆਪਣੇ ਕਾਲਿਜ ਦੀ ਇਕ ਹੋਰ ਵਿਦਿਆਰਥਣ ਈਸ਼ਰ ਕੌਰ ਨਾਲ਼ ਹੋ ਗਿਆ। ਕੁਝ ਦਿਨਾਂ ਬਾਅਦ ਈਸ਼ਰ ਕੌਰ ਨੇ ਆਪਣੀ ਮਜਬੂਰੀ ਜ਼ਾਹਿਰ ਕਰ ਦਿੱਤੀ। ਸਾਹਿਰ ਫਿਰ ਆਪਣੇ ਸਫ਼ਰ ਤੇ ਇਕੱਲਾ ਸੀ। ਇਸ ਤੋੜ ਵਿਛੋੜੇ ਦਾ ਜ਼ਿਕਰ ਸਾਹਿਰ ਦੀ ਇਕ ਹੋਰ ਨਜ਼ਮ 'ਕਿਸੀ ਕੋ ਉਦਾਸ ਦੇਖ ਕਰ' ਵਿਚ ਮਿਲਦਾ ਹੈ। ਇਸ਼ਕ ਦੀ ਅਸਫ਼ਲਤਾ ਦੇ ਨਾਲ਼ ਹੀ ਸਾਹਿਰ ਵਿਚ ਆਈ ਵਿਚਾਰਧਾਰਕ ਤਬਦੀਲੀ ਦੀ ਝਲਕ ਇਸ ਨਜ਼ਮ ਵਿਚ ਮਿਲ਼ਦੀ ਹੈ। ਉਹ ਇਸ਼ਕ ਦੀ ਅਸਫ਼ਲਤਾ ਦੇ ਗ਼ਮ ਨੂੰ ਸਮਾਜੀ ਪ੍ਰਬੰਧ ਨਾਲ਼ ਜੋੜਦਾ ਹੈ
ਗਲੀ ਗਲੀ ਮੇਂ ਯਿਹ ਬਿਕਤੇ ਹੂਏ ਜਵਾਂ ਚਿਹਰੇ ਹਸੀਨ ਆਖੋਂ ਮੇਂ ਯਿਹ ਆਫ਼ਸੁਰਦਗੀ 1 ਸੀ ਛਾਈ ਹੂਈ
ਯਿਹ ਜੰਗ ਔਰ ਯਿਹ ਮੇਰੇ ਵਤਨ ਕੇ ਸ਼ੋਖ ਜਵਾਂ
ਖ਼ਰੀਦੀ ਜਾਤੀ ਹੈ ਉਠਤੀ ਜਵਾਨੀਆਂ ਜਿਨ ਕੀ
ਯਿਹ ਬਾਤ ਬਾਤ ਪੇ ਕਾਨੂਨ-ਓ-ਜ਼ਾਬਤੇ ਕੀ ਗਰਿਫ਼ਤ
ਯਿਹ ਜ਼ਿੱਲਤੇਂ, ਯਿਹ ਗ਼ੁਲਾਮੀ, ਯਿਹ ਦੌਰੇ ਮਜਬੂਰੀ
ਯਿਹ ਗ਼ਮ ਬਹੁਤ ਹੈ ਮਿਰੀ ਜ਼ਿੰਦਗੀ ਕੇ ਮਿਟਾਨੇ ਕੋ
ਉਦਾਸ ਰਹਿ ਕੇ ਮਿਰੇ ਦਿਲ ਕੋ ਔਰ ਰੰਜ ਨ ਦੋ
1 ਨਿਰਾਸ਼ਾ
ਲਾਹੌਰ ਦਾ ਦਿਆਲ ਸਿੰਘ ਕਾਲਜ ਉਹਦੀ ਅਗਲੀ ਮੰਜ਼ਿਲ ਬਣਿਆ। ਕੌਮੀ ਤੇ ਕੌਮਾਂਤਰੀ ਦੋਵਾਂ ਪੱਧਰਾਂ 'ਤੇ ਹਲਚਲ ਦਾ ਸਿਲਸਿਲਾ ਜਾਰੀ ਸੀ। ਉਹ ਪ੍ਰੋਗਰੇਸਿਵ ਰਾਈਟਰਜ਼ ਐਸੋਸ਼ੀਏਸ਼ਨ ਦਾ ਮੈਂਬਰ ਬਣ ਗਿਆ। 1945 ਵਿਚ ਤਰੱਕੀਪਸੰਦ ਲੇਖਕਾਂ ਦੀ ਹੈਦਰਾਬਾਦ ਵਿਚ ਹੋਈ ਕਾਨਫਰੰਸ ਵਿਚ ਪੰਜਾਬ ਤੋਂ ਸ਼ਾਮਲ ਹੋਣ ਵਾਲ਼ਾ ਲੇਖਕ ਸਿਰਫ਼ ਸਾਹਿਰ ਹੀ ਸੀ। ਉਹਦੀਆਂ ਰਚਨਾਵਾਂ ਲੋਕਾਂ ਵਿਚ ਮਕਬੂਲ ਹੋ ਰਹੀਆਂ ਸਨ। ਇਕ ਪਾਸੇ ਇਨਕਲਾਬੀ ਨਜ਼ਮਾਂ, ਦੂਜੇ ਪਾਸੇ ਉਹਦੇ ਇਸ਼ਕਾਂ ਦੇ ਕਿੱਸੇ। ਚੱਕਰ ਐਸਾ ਚੱਲਿਆ ਕਿ ਉਹ ਪਹਿਲਾਂ ਗੌਰਮਿੰਟ ਕਾਲਜ ਲੁਧਿਆਣਾ ਤੇ ਫਿਰ ਦਿਆਲ ਸਿੰਘ ਕਾਲਜ ਲਾਹੌਰ 'ਚੋਂ ਕੱਢਿਆ ਗਿਆ। ਉਹ ਲਾਹੌਰ ਤੋਂ ਨਿਕਲਦੇ ਅਦਬੀ ਰਸਾਲੇ 'ਅਦਬ-ਏ-ਲਤੀਫ਼' ਦਾ ਸੰਪਾਦਕ ਬਣ ਗਿਆ।
ਲਾਹੌਰ ਵਿਚ ਆਪਣੀਆਂ ਨਜ਼ਮਾਂ ਨੂੰ ਛਪਾਉਣ ਲਈ ਸਾਹਿਰ ਦੋ ਸਾਲ ਕੋਸ਼ਿਸ਼ ਕਰਦਾ ਰਿਹਾ। ਸੰਨ 1945 ਵਿਚ ਉਸ ਦੀਆਂ ਆਸਾਂ ਨੂੰ ਬੂਰ ਪਿਆ। ਪਹਿਲਾ ਕਾਵਿ ਸੰਗ੍ਰਿਹ 'ਤਲਖ਼ੀਆਂ' ਛਪਿਆ। ਇਸ ਕਿਤਾਬ ਦੇ ਛਪਦੇ ਸਾਰ ਹੀ ਸਾਹਿਰ ਪੂਰੇ ਹਿੰਦੋਸਤਾਨ ਵਿਚ ਮਸ਼ਹੂਰ ਹੋ ਗਿਆ। ਤਲਖ਼ੀਆਂ ਦੀਆਂ ਕਈ ਨਜ਼ਮਾਂ ਮਕਬੂਲ ਹੋਈਆਂ। ਤਾਜ ਮਹਿਲ ਬਾਰੇ ਲਿਖੀ ਉਹਦੀ ਨਜ਼ਮ ਤਰੱਕੀ-ਪਸੰਦ ਹਲਕਿਆਂ 'ਚ ਬਹੁਤ ਚਰਚਿਤ ਹੋਈ -
ਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ
ਹਮ ਗਰੀਬੋਂ ਕੀ ਮੁਹਬਤ ਕਾ ਉਡਾਇਆ ਹੈ
ਮਜ਼ਾਕ ਮੇਰੀ ਮਹਿਬੂਬ! ਕਹੀਂ ਔਰ ਮਿਲਾ ਕਰ ਮੁਝਸੇ।
ਦਿਲਚਸਪ ਗੱਲ ਇਹ ਹੈ ਕਿ ਸਾਹਿਰ ਨੇ ਅਜੇ ਤੱਕ ਤਾਜ ਮਹਿਲ ਨਹੀਂ ਸੀ ਦੇਖਿਅ। ਬਕੌਲ ਸਾਹਿਰ, ਉਸ ਦੇ ਲਈ ''ਆਗਰੇ ਜਾਣ ਦੀ ਕੀ ਲੋੜ ਸੀ? ਕਾਰਲ ਮਾਰਕਸ ਦਾ ਫਲਸਫਾ ਪੜ੍ਹਿਆ ਹੋਇਆ ਸੀ ਅਤੇ ਜੁਗਰਾਫ਼ੀਆ ਵੀ ਯਾਦ ਸੀ। ਇਹ ਵੀ ਪਤਾ ਸੀ ਕਿ ਤਾਜ ਮਹਿਲ ਜਮਨਾ ਦੇ ਕੰਢੇ, ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਮਹਿਲ ਲਈ ਬਣਵਾਇਆ ਸੀ। ਇਸ ਨਜ਼ਮ ਬਾਰੇ ਬਲਵੰਤ ਗਾਰਗੀ ਬਾਖੂਬ ਲਿਖਦਾ ਹੈ, ''ਸਾਹਿਰ ਵਿਚ ਦਿਵਯ ਗਿਆਨ ਸੀ, ਤੀਜੀ ਅੱਖ! ਸ਼ਾਇਰ ਦਾ ਅਹਿਸਾਸ, ਤਖ਼ਈਅਲ ਤੇ ਸਮਾਜੀ ਚੇਤਨਾ! ਕਈ ਲੋਕ ਤਾਜ ਮਹਿਲ ਦੇ ਅੰਦਰ ਬੈਠੇ ਤਾਜ ਮਹਿਲ ਨਹੀਂ ਦੇਖ ਸਕਦੇ, ਸਾਹਿਰ ਲਾਹੌਰ ਬੈਠਾ ਤਾਜ ਮਹਿਲ ਉਸਾਰ ਸਕਦਾ ਹੈ।
'' ਖੈਰ! ਸ਼ਾਇਰ ਵਜੋਂ ਸਾਹਿਰ ਪ੍ਰਸਿੱਧੀ ਦੀਆਂ ਨਵੀਆਂ ਪੋੜੀਆਂ ਚੜ੍ਹਦਾ ਜਾ ਰਿਹਾ ਸੀ ਪਰ ਘਰੇਲੂ ਤੰਗੀਆਂ ਮੂੰਹ ਅੱਡੀ ਖੜ੍ਹੀਆਂ ਸਨ। ਉਹਨੂੰ ਲੱਗਦਾ ਬੰਬਈ ਦੀ ਫ਼ਿਲਮ ਇੰਡਸਟਰੀ ਉਹਨੂੰ ਬੁਲਾ ਰਹੀ ਹੈ। ਉਸ ਵੇਲੇ ਦੀ ਅਦਬੀ ਦੁਨੀਆਂ ਵਿਚ ਫ਼ਿਲਮੀ ਸ਼ਾਇਰੀ ਨੂੰ ਚੰਗਾ ਨਹੀਂ ਸੀ ਮੰਨਿਆ ਜਾਂਦਾ। ਇਸ ਸੰਕੋਚ ਕਰਕੇ ਉਹ ਲਾਹੌਰ ਵਿਚ ਹੀ ਟਿਕਿਆ ਆ ਰਿਹਾ ਸੀ। ਅਚਾਨਕ ਇਕ ਦਿਨ ਉਹ ਗੱਡੀ 'ਚ ਬੈਠ ਬੰਬਈ ਜਾ ਪਹੁੰਚਾ। ਇਹ 1945 ਦੀ ਗੱਲ ਹੈ।
ਬੰਬਈ ਵਿਚ ਕਲਾ ਮੰਦਰ ਫ਼ਿਲਮਜ਼ ਦੇ ਬੈਨਰ ਤੇ ਲਲਿਤ ਮਹਿਤਾ ਦੇ ਨਿਰਦੇਸ਼ਨ ਹੇਠ 'ਅਜ਼ਾਦੀ ਕੀ ਰਾਹ ਪਰ' ਨਾਂ ਦੀ ਫ਼ਿਲਮ ਬਣ ਰਹੀ ਸੀ। 24 ਸਾਲ ਦੇ ਸਾਹਿਰ ਨੂੰ ਇਸ ਫ਼ਿਲਮ ਦੇ ਗੀਤ ਲਿਖਣ ਦਾ ਮੌਕਾ ਮਿਲ਼ਿਆ। ਇਸ ਫ਼ਿਲਮ ਦਾ ਨਾਇਕ ਪ੍ਰਿਥਵੀ ਰਾਜ ਕੂਪਰ ਸੀ। ਸਾਹਿਰ ਦੇ ਚਾਰ ਗਾਣੇ ਇਸ ਫ਼ਿਲਮ ਵਿਚ ਲਏ ਗਏ, ਜਿਨ੍ਹਾਂ ਵਿਚੋਂ 'ਬਦਲ ਰਹੀ ਹੈ ਜ਼ਿੰਦਗੀ' ਮਸ਼ਹੂਰ ਹੋਇਆ। ਕੁਝ ਅਰਸਾ ਗੁਜ਼ਰਿਆ ਤਾਂ ਬੰਬਈ ਦੀ ਜ਼ਿੰਦਗੀ ਉਹਨੂੰ ਅਵਾਜ਼ਾਰ ਕਰਨ ਲੱਗ ਪਈ, ਉਹਦੇ ਅੰਦਰਲੀ ਤੜਪ ਉਹਨੂੰ ਬੇਚੈਨ ਕਰੀ ਰੱਖਦੀ ਸੀ। ਉਹ ਦਿੱਲੀ ਆ ਗਿਆ ਜਿੱਥੇ ਉਸ ਨੇ 'ਸ਼ਾਹਰਾਹ' ਨਾਂ ਦਾ ਪਰਚਾ ਕੱਢਿਆ।
ਦਿੱਲੀ 'ਚ ਵੀ ਉਹਦੇ ਲਈ ਕੁਝ ਨਹੀਂ ਸੀ ਪਿਆ ਹੋਇਆ। ਉਹ ਫਿਰ ਬੰਬਈ ਵਾਪਸ ਚਲਾ ਗਿਆ। ਸੰਨ 1947 ਵਿਚ ਅਜ਼ਾਦੀ ਆਉਣ ਦੇ ਨਾਲ਼ ਮੁਲਕ ਵੰਡਿਆ ਗਿਆ। ਸਾਹਿਰ ਬੰਬਈ ਛੱਡ ਲਾਹੌਰ ਚਲਿਆ ਗਿਆ। ਉੱਥੇ ਚੌਧਰੀ ਨਜ਼ੀਰ ਨੇ ਦੁਮਾਸਿਕ ਰਸਾਲਾ 'ਸਵੇਰਾ' ਕੱਢਿਆ ਤਾਂ ਉਹਨੇ ਅਹਿਮਦ ਨਦੀਮ ਕਾਸਮੀ ਅਤੇ ਸਾਹਿਰ ਨੂੰ ਸੰਪਾਦਕੀ ਬੋਰਡ ਵਿਚ ਸ਼ਾਮਲ ਕੀਤਾ। 'ਸਵੇਰਾ ' ਖੱਬੇਪੱਖੀ ਰਸਾਲਾ ਸੀ ਅਤੇ ਹਕੂਮਤ ਦੇ ਖਿਲਾਫ਼ ਅਵਾਜ਼ ਬੁਲੰਦ ਕਰਦਾ ਸੀ। ਸਾਹਿਰ ਦੇ ਕੁਝ ਲੇਖਾਂ ਤੋਂ ਪਾਕਿਸਤਾਨ ਦੀ ਹਾਕਮ ਜਮਾਤ ਘਬਰਾ ਗਈ। ਉਹਦੇ ਖਿਲਾਫ਼ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋ ਗਏ। ਸਾਹਿਰ ਮਾਂ ਨੂੰ ਲੈ ਕੇ ਦਿੱਲੀ ਪਹੁੰਚ ਗਿਆ।
ਦਿੱਲੀ ਵਿਚ ਉਹਨੇ ਕੁਝ ਦੇਰ 'ਪ੍ਰੀਤਲੜੀ', ਜਦ ਗੁਰਬਖ਼ਸ਼ ਸਿੰਘ ਤੇ ਨਵਤੇਜ ਸਿੰਘ ਕੁਝ ਅਰਸੇ ਲਈ ਪ੍ਰੀਤਨਗਰ ਛੱਡ ਕੇ ਮਹਿਰੋਲੀ ਰਹਿਣ ਲੱਗ ਪਏ ਸਨ, ਵਿਚ ਕੰਮ ਕੀਤਾ। ਬਾਅਦ ਵਿਚ ਯੂਸਫ਼ ਦਿਹਲਵੀ ਦੇ 'ਸ਼ਾਹਰਾਹ' ਦੇ ਸੰਪਾਦਨ ਨਾਲ਼ ਜੁੜ ਗਿਆ। 'ਸ਼ਾਹਰਾਹ' ਦੌਰਾਨ ਸਾਹਿਰ ਨੇ ਚਿੱਲੀ ਦੇ ਸ਼ਾਇਰ ਪਾਬਲੋ ਨੈਰੂਦਾ ਅਤੇ ਸਪੇਨ ਦੇ ਕਵੀ ਲੋਰਕਾ ਉਤੇ ਲੇਖ ਲਿਖੇ, ਜੋ ਬਹੁਤ ਮਕਬੂਲ ਹੋਏ। ਉਦੋਂ ਅਮਨ ਤਹਿਰੀਕ ਤੇ ਕਮਿਊਨਿਸਟ ਲਹਿਰ ਦਾ ਜ਼ੋਰ ਸੀ। ਹਾਲਾਤ ਸੁਖਾਵੇਂ ਨਹੀਂ ਸਨ। ਫੜੋ-ਫੜਾਈ ਚਲ ਰਹੀ ਸੀ। 'ਅਜ਼ਾਦੀ ਕੀ ਰਾਹ ਪਰ' ਫ਼ਿਲਮ, ਜੋ 1949 ਵਿਚ ਰਲੀਜ਼ ਹੋਈ ਸੀ, ਸਫ਼ਲ ਨਹੀਂ ਹੋਈ। ਸਾਹਿਰ ਦੀ ਆਰਥਿਕ ਤੰਗੀ ਤੇ ਪ੍ਰੇਸ਼ਾਨੀ ਵਧਣ ਲੱਗੀ।
ਵਿਚਾਰਧਾਰਕ ਪੱਖੋਂ ਪ੍ਰੋੜ ਹੋ ਚੁਕੇ ਸਾਹਿਰ ਨੂੰ ਪਤਾ ਸੀ ਕਿ ਸਰਮਾਏਦਾਰੀ ਪ੍ਰਬੰਧ ਵਿਚ ਹਰ ਚੀਜ਼ ਜਿਣਸ ਬਣ ਜਾਂਦੀ ਹੈ। ਤਲਖ਼ੀਆਂ ਵਿਚ ਸ਼ਾਮਲ ਨਜ਼ਮ 'ਫ਼ਨਕਾਰ' ਵਿਚ ਸਾਹਿਰ ਨੇ ਇਨਸਾਨੀ ਰਿਸ਼ਤਿਆਂ ਅਤੇ ਕਲਾਤਮਕ ਪ੍ਰਤਿਭਾ ਦੇ ਜਿਣਸ ਬਣ ਜਾਣ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ -
ਮੈਂ ਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ
ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ
ਆਜ ਦੁੱਕਾਨ ਪੇ ਨੀਲਾਮ ਉਠੇਗਾ ਉਨ ਕਾ
ਤੂ ਨੇ ਜਿਨ ਗੀਤੋਂ ਪੇ ਰੱਖੀ ਥੀ ਮੁਹੱਬਤ ਕੀ ਅਸਾਸ 1
ਜ ਚਾਂਦੀ ਕੇ ਤਰਾਜ਼ੂ ਮੇਂ ਤੁਲੇਗੀ ਹਰ ਚੀਜ਼
ਮੇਰੇ ਅਫ਼ਕਾਰ, ਮਿਰੀ ਸ਼ਾਇਰੀ ਮਿਰਾ ਅਹਿਸਾਸ
ਜੋ ਤਿਰੀ ਜ਼ਾਤ ਸੇ ਮਨਸੂਬ ਥੇ ਉਨ ਗੀਤੋਂ ਕੋ
ਮੁਫ਼ਲਿਸੀ 2 ਜਿਨਸ ਬਨਾਨੇ ਪੇ ਉਤਰ ਆਈ ਹੈ
ਭੂਕ, ਤਿਰੇ ਰੁਖ਼ੇ ਰੰਗੀਂ ਕੇ ਫ਼ਸਾਨੋ ਕੇ ਇਵਜ਼
ਚੰਦ ਅਸ਼ੀਆਏ-ਜ਼ਰੂਰਤ 3 ਤਮੰਨਾਈ 4 ਹੈ
ਦੇਖ, ਇਸ ਕਾਰਗਹੇ-ਮਿਹਨਤੋ-ਸਰਮਾਇਆ 5 ਮੇਂ
ਮੇਰੇ ਨਗ਼ਮੇਂ ਭੀ ਮਿਰੇ ਪਾਸ ਨਹੀਂ ਰਹਿ ਸਕਤੇ।
ਤੇਰੇ ਜਲਵੇ ਕਿਸੀ ਜ਼ਰਦਾਰ ਕੀ ਮੀਰਾਸ 6 ਸਹੀ
ਤੇਰੇ ਖ਼ਾਕੇ ਭੀ ਮਿਰੇ ਪਾਸ ਨਹੀਂ ਰਹ ਸਕਤੇ।
ਆਜ ਉਨ ਗੀਤੋਂ ਕੋ ਬਾਜ਼ਾਰ ਮੇਂ ਲੇ ਆਇਆ ਹੂੰ
ਮੈਂਨੇ ਜੋ ਗੀਤ ਤਿਰੇ ਪਿਆਰ ਕੀ ਖਾਤਿਰ ਲਿਖੇ
1 ਬੁਨਿਆਦ 2 ਗ਼ਰੀਬੀ 3 ਲੋੜੀਂਦੀਆਂ 4 ਚਾਹਵਾਨ 5 ਮਿਹਨਤ ਤੇ ਪੈਸੇ ਦਾ ਕਾਰਖ਼ਾਨਾ 6 ਵਿਰਾਸਤ
'ਸ਼ਾਹਰਾਹ' ਦੇ ਦੋ ਕੁ ਅੰਕ ਛਪਣ ਬਾਅਦ ਸਾਹਿਰ ਨੇ ਤੀਜੇ ਅੰਕ ਦਾ ਖਰੜਾ ਝੋਲੇ ਵਿਚ ਪਾਇਆ ਤੇ ਬੰਬਈ ਵਲ ਦੋਬਾਰਾ ਚਾਲੇ ਪਾ ਲਏ। ਹਾਲਾਤ ਦਾ ਵਿਅੰਗ ਇਹ ਸੀ ਕਿ ਬੰਬਈ ਦੇ ਨਿਰਮਾਤਾ ਸਾਹਿਰ ਦੀ ਚੰਗੇ ਸ਼ਾਇਰ ਵਜੋਂ ਇੱਜ਼ਤ ਤਾਂ ਕਰਦੇ ਸਨ ਪਰ ਉਸ ਨੂੰ ਕੰਮ ਦੇਣ ਦਾ ਜੋਖ਼ਮ ਉਠਾਉਣਾ ਲਈ ਤਿਆਰ ਨਾ ਹੁੰਦੇ। ਚੰਦ ਰੁਪਿਆਂ ਦੀ ਖਾਤਿਰ ਸਾਹਿਰ ਨੂੰ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਨੂੰ ਖੁਸ਼ਖਤ ਕਰਕੇ ਲਿਖਣਾ ਪੈਂਦਾ। ਹੱਦ ਤਾਂ ਇਹ ਹੋ ਗਈ ਕਿ ਜਦ ਉੱਘੇ ਨਿਰਮਾਤਾ ਨਿਰਦੇਸ਼ਕ ਸ਼ਾਹਿਦ ਲਤੀਫ਼ ਨੇ ਸਾਹਿਰ ਤੋਂ ਫ਼ਿਲਮੀ ਗੀਤ ਲਿਖਾਉਣ ਤੋਂ ਇਨਕਾਰ ਕਰਦਿਆਂ ਕਿਹਾ, ''ਸਾਹਿਰ ਸਾਹਿਬ! ਜੇ ਤੁਹਾਡੀ ਆਰਥਿਕ ਦਸ਼ਾ ਚੰਗੀ ਨਹੀਂ ਤਾਂ ਤੁਸੀਂ ਬਿਨਾਂ ਕਿਸੇ ਤੱਕਲਫ਼ ਦੇ ਸਾਡੇ ਘਰ ਦੋ ਵੇਲੇ ਰੋਟੀ ਖਾ ਸਕਦੇ ਹੋ।'' ਦੋ ਵੇਲੇ ਦੀ ਰੋਟੀ ਖਾਤਿਰ ਸਾਹਿਰ ਨੂੰ ਮਾਂ ਦੇ ਗਹਿਣੇ ਵੇਚਣੇ ਪਏ।
ਜਾਨ ਨਿਸਾਰ ਖਾਨ,ਸਾਹਿਰ ਤੇ ਮਹਿੰਦਰ ਰੰਧਾਵਾ |
ਉਹਨੇ ਹਾਰ ਨਹੀਂ ਮੰਨੀ। ਇਹ ਵੀ ਤਾਂ ਇਕ ਲੜਾਈ ਸੀ। ਉਹ ਆਪਣੀ ਵਿਚਾਰਧਾਰਾ ਤੇ ਗ਼ੈਰਤ ਦੀ ਖਾਤਿਰ ਭਟਕ ਰਿਹਾ ਸੀ। ਏਨਾ ਬੁਲੰਦ ਸ਼ਾਇਰ ਹਾਰ ਕਿਵੇਂ ਮੰਨ ਸਕਦਾ ਸੀ? ਲੁਧਿਆਣੇ ਦਿਨ ਦੇ ਗਿਆਰਾਂ ਵਜੇ ਉੱਠਣ ਵਾਲਾ ਸਾਹਿਰ ਬੰਬਈ ਵਿਚ ਸਵੇਰੇ ਛੇ ਵਜੇ ਉਠ ਕੰਮ ਦੀ ਤਲਾਸ਼ ਵਿਚ ਜੁਟ ਜਾਂਦਾ। ਮੋਢੇ ਤੇ ਕਾਮਰੇਡੀ ਝੋਲ਼ਾ ਲਟਕਾ ਸਟੂਡੀਓ ਸਟੂਡੀਓ ਹੋਕਾ ਦੇਂਦਾ, ''ਗੀਤ ਲਿਖਵਾ ਲਓ!'' ਫ਼ਿਲਮ ਨਿਰਮਾਤਾ ਗੀਤ ਸੁਣਦੇ, ਸਲਾਹੁੰਦੇ, ਪਰ ਆਪਣੀ ਫ਼ਿਲਮ ਲਈ ਉਨ੍ਹਾਂ ਨੂੰ ਚੁਣਨ ਤੋਂ ਇਨਕਾਰ ਕਰ ਦੇਂਦੇ। ਕੋਈ ਨਾ ਕੋਈ ਬਹਾਨਾ, ਕੋਈ ਡਰ, ਕੋਈ ਘੁਣਤਰ ਉਨ੍ਹਾਂ ਕੋਲ ਹੁੰਦੀ। ਸਾਹਿਰ ਕਦੇ ਆਪਣੇ ਗੀਤਾਂ ਵਲ ਦੇਖਦਾ ਕਦੇ ਫ਼ਿਲਮ ਨਿਰਮਾਤਾਵਾਂ ਦੇ ਚਿਹਰਿਆਂ ਵਲ। ਚਿਹਰੇ ਜੋ ਨੋਟਾਂ ਨਾਲ ਤੂਸੇ ਹੁੰਦੇ।
ਇਕ ਨਿਰਮਾਤਾ ਨੇ ਜਦ ਸਾਹਿਰ ਨੂੰ ਬਾਰ ਬਾਰ ਚੱਕਰ ਲਗਵਾਏ ਤਾਂ ਤੰਗ ਆ ਕੇ ਸਾਹਿਰ ਨੇ ਆਪਣਾ ਗੀਤ ਇਹ ਕਹਿੰਦਿਆਂ ਪਾੜ ਸੁਟਿਆ - ''ਕੀ ਤੁਸੀਂ ਮੇਰੇ ਗੀਤ ਯੂ.ਐਨ. ਓ ਵਿਚ ਫੈਸਲਾ ਕਰਾਉਣ ਲਈ ਭੇਜ ਰਹੇ ਹੋ?''
ਫ਼ਿਲਮੀ ਜਗਤ 'ਚ ਇਹ ਕੋਈ ਨਵੀਂ ਗੱਲ ਨਹੀਂ ਸੀ। ਏਥੇ ਟੇਲੰਟ ਪਹਿਲਾਂ ਰੁਲਦੀ ਹੈ, ਜਾਂ ਉਹਨੂੰ ਰੋਲਿਆ ਜਾਂਦਾ, ਫਿਰ ਅਚਾਨਕ ਜਿਵੇਂ ਕੋਈ ਧਮਾਕਾ ਪੈਦਾ ਹੋ ਜਾਂਦਾ। ਰੁਲਣ ਵਾਲਾ ਮਹਾਨ ਬਣ ਜਾਂਦਾ। ਉਹਦਾ ਗੁਣ ਗਾਇਨ ਹੋਣ ਲੱਗਦਾ। ਸਾਹਿਰ ਨੂੰ ਉਸ ਧਮਾਕੇ ਦੀ ਉਡੀਕ ਸੀ। ਅਜਿਹਾ ਦੌਰ ਜਰਮਨ ਨਾਟਕਕਾਰ ਬਰਤੋਲਤ ਬ੍ਰੈਖ਼ਤ ਤੇ ਵੀ ਆਇਆ ਸੀ ਜਦ ਉਸ ਨੂੰ ਜਰਮਨ ਛੱਡ ਅਮਰੀਕਾ ਜਾਣਾ ਪਿਆ ਸੀ। ਬ੍ਰੈਖ਼ਤ ਹੌਲੀਵੁੱਡ ਵਿਚ ਰੁਜ਼ਗਾਰ ਦੇ ਇਸ ਸੰਘਰਸ਼ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ -
ਨਿਤ ਮੈਂ ਆਪਣੀ ਰੋਜ਼ੀ ਲਈ ਜਾਂਦਾ ਹਾਂ
ਬਜ਼ਾਰ ਵਿਚ, ਜਿਥੇ ਝੂਠ ਵਿਕਦੇ ਨੇ
ਹੌਲੀਵੁੱਡ ਦੀ ਤਰਜ਼ ਤੇ ਬੌਲੀਵੁੱਡ ਕਹੀ ਜਾਂਦੀ ਬੰਬਈ ਦੀ ਮਾਇਆ ਨਗਰੀ ਵਿਚ ਸਾਹਿਰ ਦੀ ਹਾਲਤ ਅਜਿਹੀ ਹੀ ਸੀ। ਨਿਰਮਾਤਾ ਨਿਰਦੇਸ਼ਕ ਮੋਹਨ ਸਹਿਗਲ ਦੀ ਸਲਾਹ 'ਤੇ ਸਾਹਿਰ ਸੰਗੀਤਕਾਰ ਐਸ. ਡੀ. ਬਰਮਨ ਨੂੰ ਮਿਲਿਆ। ਐਸ. ਡੀ. ਬਰਮਨ ਨੂੰ ਅਜਿਹੇ ਗੀਤਕਾਰ ਦੀ ਲੋੜ ਸੀ ਜੋ ਉਸ ਦੀਆਂ ਬਣਾਈਆਂ ਧੁਨਾਂ 'ਤੇ ਗੀਤ ਰਚ ਸਕੇ। ਸਾਹਿਰ ਐਸ. ਡੀ. ਬਰਮਨ ਦੀ ਕਸਵਟੀ ਤੇ ਪੂਰਾ ਉਤਰਿਆ। 1951 ਵਿਚ ਆਈ ਫ਼ਿਲਮ 'ਨੌਜੁਆਨ'' ਫ਼ਿਲਮ ਨੇ ਸਾਹਿਰ ਲਈ ਭਵਿੱਖ ਦੇ ਰਾਹ ਖੋਲ੍ਹ ਦਿੱਤੇ। ਇਸੇ ਹੀ ਸਾਲ ਆਈ ਗੁਰੂ ਦੱਤ ਦੀ ਫ਼ਿਲਮ ''ਬਾਜ਼ੀ'' ਨੇ ਸਾਹਿਰ ਨੂੰ ਫ਼ਿਲਮੀ ਗੀਤਕਾਰ ਵਜੋਂ ਸਥਾਪਤ ਕਰ ਦਿੱਤਾ। ਸਾਹਿਰ-ਬਰਮਨ ਦੀ ਜੋੜੀ ਕਾਇਮ ਹੋ ਚੁੱਕੀ ਸੀ। ਇਕ ਤੋਂ ਬਾਅਦ ਦੂਜੀ ਫ਼ਿਲਮ, ਸਭ ਹਿੱਟ। ਇਤਿਹਾਸ ਰਚ ਦਿੱਤਾ। ਪਰ ਨਿੱਜੀ ਹਉਮੈ ਨੇ ਦੋਵਾਂ ਵਿਚ ਦੂਰੀਆਂ ਵੀ ਪੈਦਾ ਕਰ ਦਿੱਤੀਆਂ। ਦੋਵੇਂ ਫ਼ਿਲਮਾਂ ਦੀ ਸਫ਼ਲਤਾ ਲਈ ਆਪਣੇ ਆਪਣੇ ਦਾਅਵੇ ਠੋਕਣ ਲੱਗੇ। ਮੌਕਾਪ੍ਰਸਤਾਂ ਨੇ ਇਸ ਨੂੰ ਹਵਾ ਦਿੱਤੀ। ਗੁਰੂ ਦੱਤ ਦੀ 'ਪਿਆਸਾ'' (1957) ਇਸ ਵਿਵਾਦ ਦੀ ਸਿਖ਼ਰ ਹੋ ਨਿੱਬੜੀ। ਐਸ. ਡੀ. ਬਰਮਨ ਦਾ ਕਹਿਣਾ ਸੀ ਕਿ ਉਸ ਦੇ ਸੰਗੀਤ ਨੇ ਫ਼ਿਲਮ ਨੂੰ ਏਨੀ ਬੁਲੰਦੀ 'ਤੇ ਪਹੁੰਚਾਇਆ ਹੈ, ਪਰ ਸਾਰੇ ਪਾਸਿਆਂ ਤੋਂ ਸਿਫ਼ਤਾਂ ਸਾਹਿਰ ਦੇ ਗੀਤਾਂ ਦੀਆਂ ਹੋ ਰਹੀਆਂ ਹਨ। ਅੰਤ, ਸਾਹਿਰ ਅਤੇ ਬਰਮਨ ਨੇ ਵੱਖੋ ਵੱਖਰੇ ਰਾਹ ਫੜ ਲਏ।
ਤਦ ਸਾਹਿਰ ਫ਼ਿਲਮ ਨਿਰਮਾਤਾ ਬੀ.ਆਰ.ਚੋਪੜਾ ਦੇ ਖੇਮੇ ਦਾ ਅਤੁੱਟ ਅੰਗ ਬਣ ਗਿਆ। ਚੋਪੜਾ ਦੀ ਫ਼ਿਲਮ 'ਨਇਆ ਦੌਰ' ਵਿਚ ਸਾਹਿਰ ਦੇ ਗੀਤਾਂ ਨੂੰ ਓ.ਪੀ.ਨਈਅਰ ਨੇ ਸੰਗੀਤ ਨਾਲ ਸਜਾਇਆ। ਸਾਰੇ ਗਾਣੇ ਹਿੱਟ ਹੋ ਗਏ, ਖਾਸ ਕਰਕੇ ਗਾਣਾ 'ਮਾਂਗ ਕੇ ਸਾਥ ਤੁਮ੍ਹਾਰਾ ਮੈਂ ਨੇ ਮਾਂਗ ਲੀਆ ਸੰਸਾਰ' ਤੇ 'ਉੜੇਂ ਜਬ ਜਬ ਜ਼ੁਲਫ਼ੇਂ ਤੇਰੀ ਕਆਰਿਓਂ ਕਾ ਦਿਲ ਫਿਸਲੇ. ..।' ਸਾਹਿਰ ਤਾਂ ਸਵੈਮਾਨੀ ਸੀ ਹੀ, ਓ ਪੀ ਨੱਈਅਰ ਵੀ ਕਿਸੇ ਗੱਲੋਂ ਆਪਣੇ ਆਪ ਨੂੰ ਘਟ ਨਹੀਂ ਸੀ ਸਮਝਦਾ। ਦੋਨਾਂ ਦੀ ਜੋੜੀ ਨੇ ਹਿੱਟ ਗੀਤ ਤਾਂ ਦਿੱਤੇ ਪਰ ਦੋਵਾਂ ਵਿਚਕਾਰ ਠੰਨ ਗਈ। ਇਹ ਗੱਲ ਧਿਆਨ ਮੰਗਦੀ ਹੈ ਕਿ ਸਾਹਿਰ ਦੀ ਸ਼ਾਇਰੀ ਜਜ਼ਬਿਆਂ ਨਾਲ਼ ਲਬਰੇਜ਼ ਹੁੰਦੀ ਪਰ ਕਾਰੋਬਾਰੀ ਮਾਮਲੇ ਵਿਚ ਉਹ ਕਠੋਰ ਹੋ ਜਾਂਦਾ। ਜ਼ਿੰਦਗੀ ਦੇ ਤਲਖ਼ ਤਜਰਬਿਆਂ ਨੇ ਉਸ ਨੂੰ ਇਸ ਖਾਤੇ 'ਚ ਅੜੀਅਲ ਬਣਾ ਦਿੱਤਾ ਸੀ। ਕਾਮਯਾਬੀ ਦੀ ਸਿਖਰ 'ਤੇ ਪੁੱਜਦਿਆਂ ਉਹਨੇ ਫ਼ਿਲਮ ਨਿਰਮਾਤਾਵਾਂ 'ਤੇ ਆਪਣੀਆਂ ਸ਼ਰਤਾਂ ਠੋਕਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸ਼ਰਤਾਂ ਮੁਆਵਜ਼ੇ ਦੀਆਂ ਵੀ ਹੁੰਦੀਆਂ ਅਤੇ ਸੰਗੀਤਕਾਰਾਂ ਤੇ ਗਾਇਕਾਂ ਦੀ ਚੋਣ ਦੀਆਂ ਵੀ। ਉਹਦੇ ਫ਼ਨ ਅਤੇ ਦਰਸ਼ਕਾਂ ਵਿਚ ਉਹਦੀ ਮਕਬੂਲੀਅਤ ਦਾ ਏਨਾ ਸਿੱਕਾ ਜੰਮ ਚੁੱਕਾ ਸੀ ਕਿ ਨਿਰਮਾਤਾ ਉਸ ਦੀਆਂ ਸ਼ਰਤਾ ਅੱਗੇ ਸਿਰ ਝੁਕਾਉਣ ਲਈ ਤਿਆਰ ਹੋ ਜਾਂਦੇ। ਸਾਹਿਰ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਉਹ ਉਸ ਨੂੰ ਸੰਗੀਤਕਾਰ ਨਾਲ਼ੋਂ ਵੱਧ ਪੈਸਾ ਦੇਣ, ਉਹ ਤਿਆਰ ਹੋ ਗਏ। ਉਹਦੇ ਜ਼ੋਰ ਦੇਣ 'ਤੇ ਰੇਡੀਓ ਦੇ ਗੀਤਾਂ ਵੇਲੇ ਗੀਤਕਾਰ ਦੇ ਨਾਂ ਨਾਲ ਗੀਤਕਾਰ ਦਾ ਨਾਂ ਵੀ ਦੱਸਿਆ ਜਾਣ ਲੱਗਿਆ। ਬੰਬਈ ਦੀ ਪ੍ਰਥਾ ਰਹੀ ਸੀ ਕਿ ਗੀਤਕਾਰ ਸੰਗੀਤਕਾਰ ਦੇ ਕੋਲ਼ ਜਾ ਕੇ ਉਸਦੀ ਸਿਰਜੀ ਧੁਨ ਅਨੁਸਾਰ ਆਪਣੇ ਗੀਤ ਨੂੰ ਅੰਤਮ ਰੂਪ ਦਿੰਦਾ ਸੀ। ਸਾਹਿਰ ਨੇ ਫ਼ਿਲਮ ਨਿਰਮਾਤਾਵਾਂ ਨੂੰ ਕਿਹਾ ਕਿ ਸੰਗੀਤਕਾਰ ਉਸ ਦੇ ਘਰ ਜਾ ਕੇ ਗੀਤ ਨੂੰ ਅੰਤਮ ਰੂਪ ਦੇਣ। ਉਹਦੇ ਮਾਮਲੇ 'ਚ ਅਜਿਹਾ ਹੀ ਹੋਣ ਲੱਗਾ।
ਲਾਚਾਰੀ-ਵੱਸ ਫ਼ਿਲਮ ਨਿਰਮਾਤਾਵਾਂ ਨੂੰ ਨੌਸ਼ਾਦ, ਐਸ.ਡੀ.ਬਰਮਨ ਅਤੇ ਓ.ਪੀ. ਨਈਅਰ ਜਿਹੇ ਪਹਿਲੀ ਪਾਲ ਦੇ ਸੰਗੀਤਕਾਰਾਂ ਦੀ ਥਾਂ ਖੱਯਾਮ, ਰਵੀ ਅਤੇ ਐਨ ਦੱਤਾ ਜਿਹੇ ਸੰਗੀਤਕਾਰਾਂ ਨੂੰ ਲੈਣਾ ਪਿਆ। ਉਹੀ ਸਾਹਿਰ ਦੀ ਅੜੀ ਪੁਗਾਣ ਲਈ ਤਿਆਰ ਹੋਏ। ਪਹਿਲੀ ਕਤਾਰ ਵਾਲਿਆਂ ਨੇ ਵੀ ਆਪਣੇ ਸਵੈ-ਅਭਿਮਾਨ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹਦਾ ਨਤੀਜਾ ਦੂਜੀ ਪਾਲ ਵਾਲੇ ਸੰਗੀਤਕਾਰਾਂ ਲਈ ਚੰਗਾ ਨਿਕਲਿਆ। ਸਾਹਿਰ ਦੇ ਗੀਤਾਂ ਦੇ ਆਸਰੇ ਉਨ੍ਹਾਂ ਦਾ ਵਕਾਰ ਵੀ ਵਧਣ ਲੱਗਾ। ਫਿਰ ਸਾਹਿਰ ਨੇ ਐਲਾਨ ਕੀਤਾ - ''ਬਰਨਾਰਡ ਸ਼ਾਅ ਨੂੰ ਮਾਣ ਸੀ ਕਿ ਉਹ ਆਪਣੇ ਇੱਕ ਲਫ਼ਜ਼ ਦੀ ਕੀਮਤ ਇਕ ਪੌਂਡ ਲੈਂਦਾ ਹਾਂ। ਮੈਂ ਇਕ ਆਪਣੇ ਇਕ ਗੀਤ ਦਾ ਮੁਆਵਜ਼ਾ ਦਸ ਹਜ਼ਾਰ ਰੁਪਏ ਵਸੂਲ ਕਰਦਾ ਹਾਂ ਤੇ ਮੈਂ ਇਕ ਸਿਗਰਟ ਦੇ ਦਸਾਂ ਕਸ਼ਾਂ ਵਿਚ ਗਾਣਾ ਲਿਖ ਲੈਂਦਾ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਮੇਰੇ ਸਿਗਰਟ ਦੇ ਇਕ ਕਸ਼ ਦੀ ਕੀਮਤ ਇਕ ਹਜ਼ਾਰ ਰੁਪਿਆ ਹੁੰਦੀ ਹੈ।'' ਉਂਝ ਬਲਵੰਤ ਗਾਰਗੀ ਕੋਲ਼ ਉਸ ਨੇ ਮੰਨਿਆ, ''ਮੇਰਾ ਰੇਟ ਐਂਵੇ ਹੀ ਵਧ ਗਿਆ। ਦਰਅਸਲ ਮੈਂ ਬਹੁਤੀਆਂ ਫ਼ਿਲਮਾਂ ਲਈ ਲਿਖਣਾ ਨਹੀਂ ਸੀ ਚਾਹੁੰਦਾ। ਮੇਰਾ ਰੇਟ ਇਕ ਗੀਤ ਦਾ ਪੰਜ ਹਜ਼ਾਰ ਸੀ। ਇਕ ਮਾਲਦਾਰ ਪ੍ਰੋਡੀਊਸਰ ਆਇਆ ਤੇ ਉਸ ਨੇ ਕਿਹਾ ਕਿ ਸਾਹਿਰ ਸਾਹਿਬ ਅਸੀਂ ਤਾਂ ਤੁਹਾਥੋਂ ਹੀ ਗੀਤ ਲਿਖਵਾਂਗੇ। ਮੈਂ ਆਖਿਆ, ਮੇਰਾ ਰੇਟ ਤਾਂ ਦਸ ਹਜ਼ਾਰ ਰੁਪਏ ਇਕ ਗੀਤ ਦਾ ਹੈ। ਸੋਚਿਆ ਸੀ ਇਨੇ ਪੈਸੇ ਕੌਣ ਦੇਵੇਗਾ। ਪਰ ਉਹ ਸੇਠ ਪ੍ਰੋਡੀਊਸਰ ਮੰਨ ਗਿਆ। ਉਸ ਨੇ ਆਖਿਆ ਮਨਜ਼ੂਰ ਹੈ। ਇਸ ਤਰ੍ਹਾਂ ਮੇਰਾ ਰੇਟ ਦਸ ਹਜ਼ਾਰ ਰੁਪਏ ਫ਼ੀ ਗੀਤ ਹੋ ਗਿਆ। '' ਸਾਹਿਰ ਦੇ ਇਸ ਵਤੀਰੇ ਤੋਂ ਉਸ ਦੇ ਕਰੀਬੀ ਦੋਸਤ ਵੀ ਅਛੂਤੇ ਨਹੀਂ ਰਹੇ। ਆਪਣੀ ਗਜ਼ਲ ਦੀ ਧੁਨ ਪੂਰੀ ਕਰਨ ਲਈ ਸਾਹਿਰ ਦੇ ਬਚਪਨ ਦਾ ਸਾਥੀ ਸੰਗੀਤਕਾਰ ਜੈ ਦੇਵ ਉਸ ਤੋਂ ਇਕ ਸ਼ਿਅਰ ਦੀ ਗੁਜ਼ਾਰਿਸ਼ ਕਰਦਾ ਰਿਹਾ। ਪਰ ਸਾਹਿਰ ਨੇ ਉਸ ਦੀ ਇਹ ਮੰਗ ਪੂਰੀ ਨਹੀਂ ਕੀਤੀ।
ਸ਼ੌਹਰਤ ਦਾ ਸਿਰ ਵੀ ਘੁੰਮਾ ਦਿੱਤਾ। ਸਾਰਾ ਦਿਨ ਸਾਹਿਰ ਆਪਣੇ ਮਿੱਤਰਾਂ ਦੀ ਜੁੰਡਲੀ ਵਿਚ ਘਿਰਿਆ ਰਹਿੰਦਾ। ਗੱਲ ਭਾਵੇਂ ਲਤਾ ਮੰਗੇਸ਼ਕਰ ਦੀ ਸੁਰੀਲੀ ਆਵਾਜ਼ ਤੋਂ ਸ਼ੁਰੂ ਹੁੰਦੀ ਜਾਂ ਮਦਰਾਸੀ ਡੋਸੇ ਦੇ ਸੁਆਦ ਤੋਂ, ਪਰ ਮੁਕਣਾ ਇਹਨੇ ਇਸ ਮੁੱਦੇ 'ਤੇ ਹੁੰਦਾ ਕਿ ਇਸ ਦੌਰ ਨੇ ਜੇ ਉਰਦੂ ਦਾ ਕੋਈ ਸ਼ਾਇਰ ਪੈਦਾ ਕੀਤਾ ਹੈ ਤਾਂ ਉਹ ਸਾਹਿਰ ਹੈ।' ਉਨ੍ਹਾਂ ਦਿਨਾਂ ਬਾਰੇ ਸਾਹਿਰ ਦਾ ਇਕ ਹੋਰ ਦੋਸਤ ਪ੍ਰਕਾਸ਼ ਪੰਡਤ ਵਿਅੰਗ ਨਾਲ਼ ਲਿਖਦਾ ਹੈ, ''ਕੰਧਾਂ ਦੇ ਕੰਨ ਤਾਂ ਹੁੰਦੇ ਹਨ ਪਰ ਜ਼ੁਬਾਨ ਨਹੀਂ', ਇਸ ਲਈ ਆਪਣੀਆਂ ਕਦੇ ਖਤਮ ਨਾ ਹੋਣ ਵਾਲ਼ੀਆਂ ਗੱਲਾਂ ਨੂੰ ਸੁਣਾਉਣ ਅਤੇ ਹਾਮੀ ਭਰਵਾਉਣ ਲਈ ਸਾਹਿਰ ਇਕ ਅੱਧੇ ਮਿੱਤਰ ਨੂੰ ਆਪਣੇ ਨਾਲ਼ ਰੱਖਦਾ ਹੈ, ਉਸ ਦਾ ਸਾਰਾ ਖਰਚਾ ਚੁੱਕਦਾ ਹੈ ਅਤੇ ਸੁਣਨ ਤੋਂ ਇਲਾਵਾ ਉਸ ਨੂੰ ਹੋਰ ਕੋਈ ਕਸ਼ਟ ਨਹੀਂ ਹੋਣ ਦਿੰਦਾ। ਪਰ ਰਾਤ ਦੇ ਸੰਨਾਟੇ ਵਿਚ ਉਸ ਨੂੰ ਇਕੱਲਤਾ ਸਤਾਉਣ ਲਗਦੀ ਹੈ। ਇਸ ਦੌਰਾਨ ਸਾਹਿਰ ਦਾ ਇਸ਼ਕ ਵੀ ਚਰਚਾ ਵਿਚ ਰਿਹਾ। ਅਮ੍ਰਿਤਾ ਪ੍ਰੀਤਮ ਤੋਂ ਇਲਾਵਾ ਹੈਦਰਾਬਾਦ ਦੀ ਹਾਜਰਾ ਮਸਰੂਰ ਨਾਲ ਉਸ ਦੀ ਨੇੜਤਾ ਦੇ ਚਰਚੇ ਰਹੇ। ਲਤਾ ਮੰਗੇਸ਼ਕਰ ਨਾਲ਼ ਇਸ਼ਕ ਵੀ ਰਿਹਾ ਤੇ ਦੁਸ਼ਮਣੀ ਵੀ। ਸਾਹਿਰ ਲਤਾ ਬਾਰੇ ਕਹਿੰਦਾ, ''ਉਹ ਮੇਰੇ ਗੀਤਾਂ ਤੇ ਮਰਦੀ ਹੈ 'ਤੇ ਮੈਂ ਉਸ ਦੀ ਆਵਾਜ਼ 'ਤੇ। ਫਿਰ ਵੀ ਸਾਡੇ ਦਰਮਿਆਨ ਹਜ਼ਾਰਾਂ ਮੀਲ ਦਾ ਫਾਸਲਾ ਹੈ।'' ਲਤਾ ਉੱਤੇ ਉਸ ਨੇ 'ਤੇਰੀ ਆਵਾਜ਼' ਨਜ਼ਮ ਲਿਖੀ। ਬਾਅਦ ਵਿਚ ਦੋਵਾਂ ਦੀ ਅਣਖ਼ ਨੇ ਦੋਸਤੀ ਨੂੰ ਦੁਸ਼ਮਣੀ ਵਿਚ ਤਬਦੀਲ ਕਰ ਦਿੱਤਾ। ਗੱਲ ਏਥੇ ਤੱਕ ਪੁੱਜ ਗਈ ਕਿ ਜਦ ਕੋਈ ਨਿਰਮਾਤਾ ਸਾਹਿਰ ਨੂੰ ਗੀਤ ਲਿਖਣ ਲਈ ਕਹਿੰਦਾ ਤਾਂ ਉਹਦੀ ਪਹਿਲੀ ਸ਼ਰਤ ਹੁੰਦੀ, ''ਮੇਰਾ ਇਕ ਵੀ ਗੀਤ ਲਤਾ ਮੰਗੇਸ਼ਕਰ ਨਹੀਂ ਗਾਏਗੀ।''
ਜਦ ਬਾਅਦ ਵਿਚ ਲਤਾ ਮੰਗੇਸ਼ਕਰ ਦੀ ਸਾਹਿਰ ਨਾਲ ਸੁਲਹ ਹੋ ਗਈ ਤਾਂ ਸਾਹਿਰ ਨੇ ਕਿਹਾ, ''ਹੁਣ ਸਾਡੀ ਦੋਸਤੀ ਸਹੀ ਅਰਥਾਂ ਵਿਚ ਦੋਸਤੀ ਹੈ। ਦੋਸਤੀ ਅਸਲ ਵਿਚ ਦੋ ਬਰਾਬਰ ਦੇ ਇਨਸਾਨਾਂ ਵਿਚ ਹੀ ਹੋ ਸਕਦੀ ਹੈ। '' ਜਦ ਸੁਧਾ ਮਲਹੋਤਰਾ ਨਾਂ ਦੀ ਨਵੀਂ ਗਾਇਕਾ ਸਾਹਿਰ ਦੀ ਜ਼ਿੰਦਗੀ ਵਿਚ ਆਈ ਤਾਂ ਉਹਨੇ ਸੰਗੀਤਕਾਰਾਂ ਨੂੰ ਸੁਧਾ ਦੇ ਨਾਂ ਦੀ ਸਿਫ਼ਾਰਸ਼ ਕਰਨੀ ਸੁਰੂ ਕਰ ਦਿੱਤੀ। ਇਹ ਰਿਸ਼ਤਾ ਵੀ ਸਿਰੇ ਨਾ ਚੜ੍ਹ ਸਕਿਆ, ਪਰ ਇਸ ਰਿਸ਼ਤੇ ਨੂੰ ਸਾਹਿਰ ਨੇ ਹੇਠਲੀ ਨਜ਼ਮ ਵਿਚ ਸ਼ਿੱਦਤ ਨਾਲ ਬਿਆਨ ਕੀਤਾ ਹੈ -
ਨ ਮੈਂ ਤੁਮਸੇ ਕੋਈ ਉੱਮੀਦ ਰੱਖੂੰ ਦਿਲ ਨਵਾਜ਼ੀ ਕੀ
ਨ ਤੁਮ ਮੇਰੀ ਤਰਫ਼ ਦੇਖੋ ਗ਼ਲਤ ਅੰਦਾਜ਼ ਨਜ਼ਰੋਂ ਸੇ
ਨ ਮੇਰੇ ਦਿਲ ਕੀ ਧੜਕਨ ਲੜਖੜਾਏ ਤੇਰੀ ਬਾਤੋਂ ਸੇ
ਨ ਜ਼ਾਹਿਰ ਹੋ ਤੁਮ੍ਹਾਰੀ ਕਸ਼ਮਕਸ਼ ਕਾ ਰਾਜ਼ ਨਜ਼ਰੋਂ ਸੇ
ਤੁਮ੍ਹੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ
ਮੁਝੇ ਭੀ ਲੋਗ ਕਹਤੇ ਹੈਂ ਕਿ ਯੇ ਜਲਵੇ ਪਰਾਏ ਹੈਂ
ਮਿਰੇ ਹਮਰਾਹ ਵੀ ਭੀ ਰੁਸਵਾਈਆਂ 1 ਹੈਂ ਮੇਰੇ ਮਾਜ਼ੀ 2 ਕੀ
ਤੁਮ੍ਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈ!
ਤੁਆਰੁਫ਼ 3 ਰੋਗ ਬਨ ਜਾਏ ਤੋ ਉਸ ਕੋ ਭੂਲਨਾ ਬਿਹਤਰ
ਤਆਲੁਕ ਬੋਝ ਬਨ ਜਾਏ ਤੋ ਉਸ ਕੋ ਤੋੜਨਾ ਅੱਛਾ
ਵੁਹ ਅਫ਼ਸਾਨਾ ਜਿਸੇ ਤਕਮੀਲ 4 ਤਕ ਲਾਨਾ ਨਾ ਹੋ ਮੁਮਕਿਨ
ਉਸੇ ਇਕ ਖ਼ੂਬਸੂਰਤ ਮੋੜ ਦੇ ਕੇ ਛੋੜਨਾ ਅੱਛਾ
ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ।
1 ਬਦਨਾਮੀਆਂ 2 ਭੂਤਕਾਲ 3 ਜਾਣਪਛਾਣ 4 ਸੰਪੂਰਨਤਾ
ਮਹਿੰਦਰ ਕੁਮਾਰ ਦੀ ਆਵਾਜ਼ ਵਿਚ ਇਸ ਗੀਤ ਨੂੰ ਰਿਕਾਰਡ ਕੀਤਾ ਗਿਆ। ਸੰਗੀਤਕਾਰ ਰਵੀ ਅਨੁਸਾਰ ਇਸ ਗੀਤ ਦੇ ਸੱਤਰ ਤੋਂ ਵੱਧ ਰੀਟੇਕ ਹੋਏ, ''ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਇਤਿਹਾਸ ਸਿਰਜ ਰਹੇ ਹਾਂ।'' ਸਾਹਿਰ ਦਾ ਕੋਈ ਵੀ ਇਸ਼ਕ ਸਿਰੇ ਤੱਕ ਨਹੀਂ ਪਹੁੰਚ ਸਕਿਆ। ਸ਼ਾਇਦ ਸਾਹਿਰ ਨੇ ਆਪਣੇ ਦਿਲ ਦੇ ਦਰਵਾਜੇ ਬੰਦ ਕਰ ਲਏ ਹੋਏ ਸਨ। ਉਹ ਸਭ ਤੋਂ ਵੱਧ ਇਸ਼ਕ ਆਪਣੀਆਂ ਨਜ਼ਮਾਂ ਨਾਲ਼ ਕਰਦਾ ਸੀ। ਇਹ ਇਕ ਸੱਚਾਈ ਹੈ ਕਿ ਸਾਹਿਰ ਦੀ 'ਪਿਆਸਾ' ਤੇ 'ਨਇਆ ਦੌਰ' ਤੋਂ ਬਾਅਦ ਦੀ ਫ਼ਿਲਮੀ ਸ਼ਾਇਰੀ ਕਿਸੇ ਪੱਖੋਂ ਊਣੀ ਨਹੀਂ। ਉਸ ਨੇ ਹਿੰਦੀ ਸਿਨੇਮਾ ਜਿਹੀਆਂ ਵਪਾਰਕ ਫ਼ਿਲਮਾਂ ਵਿਚ ਸਮਾਜਕ ਸਰੋਕਾਰਾਂ ਲਈ ਥਾਂ ਬਣਾਈ। ਬਕੌਲ ਸਾਹਿਰ, ''ਮੈਂ ਵੀ ਸ਼ੁਰੂ ਵਿਚ ਫ਼ਿਲਮੀ ਦੁਨੀਆਂ ਦੀ ਰਵਾਇਤ ਨਾਲ਼ ਮਿਲ਼ਦੀ ਜੁਲ਼ਦੀ ਸ਼ਾਇਰੀ ਕੀਤੀ ਤੇ ਬਾਅਦ ਵਿਚ ਆਪਣੀ ਜਗ੍ਹਾ ਬਣਾਉਣ ਤੇ ਮੈਂ ਇਸ ਯੋਗ ਹੋਇਆ ਕਿ ਬਹੁਤ ਸਾਰੀਆਂ ਫ਼ਿਲਮਾਂ ਵਿਚੋਂ ਆਪਣੀ ਪਸੰਦ ਦੀਆਂ ਫ਼ਿਲਮਾਂ ਚੁਣ ਸਕਾਂ। ਇਸ ਤਰ੍ਹਾਂ ਮੈਂ ਆਸਾਨੀ ਨਾਲ਼ ਆਪਣੇ ਖ਼ਿਆਲਾਂ ਤੇ ਜਜ਼ਬਿਆਂ ਦਾ ਪ੍ਰਚਾਰ ਕਰ ਸਕਿਆ।''
ਸਾਹਿਰ ਦਾ ਕਹਿਣਾ ਸੀ ਕਿ ਹਿੰਦੀ ਫ਼ਿਲਮਾਂ ਦੇ ਬੁਹਤੇ ਗੀਤ ਦਾ ਵਿਸ਼ਾ ਪ੍ਰੇਮ ਹੁੰਦਾ ਹੈ। ਉਸ ਨੇ ਕਿਹਾ, ''ਮੈਂ ਹੁਣ ਤੀਕ ਪੰਜ ਸੌ ਗਾਣੇ ਤਾਂ ਲਿਖੇ ਹੋਣਗੇ। ਸਾਰੇ ਹੀ ਮਹੁੱਬਤ ਦੇ। ਆਖ਼ਿਰ ਕਿੰਨੇ ਕੁ ਨਵੇਂ ਸ਼ਬਦ ਨਵੀਂ ਤਰ੍ਹਾਂ ਬੀੜ ਸਕਦਾ ਹਾਂ। ਮੈਨੂੰ ਲਿਖਣ ਲੱਗੇ ਸੋਚਣਾ ਪੈਂਦਾ ਹੈ ਕਿ ਮੇਰਾ ਘਟੀਆ ਗੀਤ ਵੀ ਬਾਕੀਆਂ ਦੇ ਵਧੀਆ ਗੀਤਾਂ ਨਾਲ਼ੋਂ ਚੰਗਾ ਹੋਣਾ ਚਾਹੀਦਾ ਹੈ।''
ਰੂਸ ਇਨਕਲਾਬ ਦੇ ਬਾਅਦ ਲੈਨਿਨ ਨੇ ਸਿਨਮੇ ਦੀ ਸਮਰਥਾ ਨੂੰ ਦੇਖਦਿਆਂ ਇਸ ਨੂੰ ਸਭ ਤੋਂ ਮਹੱਤਵਪੂਰਨ ਕਲਾ ਦਾ ਦਰਜਾ ਦਿੱਤਾ ਸੀ। ਸਾਹਿਰ ਵੀ ਸਿਨੇਮੇ ਦੀ ਵਿਆਪਕ ਪਹੁੰਚ ਨੂੰ ਸਮਝਦਾ ਸੀ। ਉਸ ਦੀ ਮਾਨਤਾ ਸੀ ਕਿ ''ਫ਼ਿਲਮ ਦੇ ਇਸ ਪਹਿਲੂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਆਪਣੇ ਖ਼ਿਆਲਾਤ ਤੇ ਜਜ਼ਬਾਤ ਦਾ ਪ੍ਰਚਾਰ ਕਰਨ ਲਈ ਇਹ ਇਕ ਪਾਵਰਫੁਲ ਮਾਧਿਅਮ ਹੈ।'' ਉਹ ਇਹ ਵੀ ਸਮਝਦਾ ਸੀ ਫ਼ਿਲਮ ਨੂੰ ਜੇ ਉਸਾਰੂ ਅਤੇ ਸੁਧਾਰ ਦੇ ਮੰਤਵ ਲਈ ਵਰਤਿਆ ਜਾਵੇ ਤਾਂ ਲੋਕਾਂ ਦੀ ਸੂਝ ਸਮਝ ਦੀ ਪਾਲ਼ਣਾ ਅਤੇ ਸਮਾਜਿਕ ਉੱਨਤੀ ਦੀ ਰਫ਼ਤਾਰ ਬਹੁਤ ਤੇਜ਼ ਕੀਤੀ ਜਾ ਸਕਦੀ ਹੈ।'' ਸਾਹਿਰ ਨੇ ਸਿਨਮੇ ਦੀ ਇਸ ਤਾਕਤ ਨੂੰ ਪਛਾਣਿਆ ਜਿਸ ਨੂੰ ਉਸ ਦੇ ਬਹੁਤ ਸਾਰੇ ਸਮਕਾਲੀ ਹੀ ਨਹੀਂ ਸਗੋਂ ਉਸ ਤੋਂ ਬਾਅਦ ਅੱਜ ਦੇ ਖੱਬੇਪੱਖੀ ਕਲਾਕਾਰ ਸਮਝਣ ਤੋਂ ਇਨਕਾਰੀ ਹਨ। ਸਾਹਿਰ ਦਾ ਕਹਿਣਾ ਸੀ ਕਿ ''ਬਦਕਿਸਮਤੀ ਨਾਲ਼ ਸਾਡੇ ਵਲੋਂ ਫ਼ਿਲਮ ਦੇ ਇਸ ਪੱਖ ਤੇ ਧਿਆਨ ਨਹੀਂ ਦਿੱਤਾ ਗਿਆ। ਕਿਉਂ ਕਿ ਹੋਰ ਵਿਭਾਗਾਂ ਵਾਂਗ ਇਹ ਵਿਭਾਗ ਵੀ ਅਜੇ ਤੱਕ ਜ਼ਿਆਦਾ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੀ ਹੈ ਜੋ ਨਿੱਜੀ ਲਾਭ ਨੂੰ ਸਮਾਜੀ ਸੇਵਾ ਨਾਲ਼ੋ ਤਰਜੀਹ ਦਿੰਦੇ ਹਨ। ਇਸੇ ਕਾਰਣ ਸਾਡੀਆਂ ਫ਼ਿਲਮੀ ਕਹਾਣੀਆਂ, ਫ਼ਿਲਮੀ ਧੁਨਾਂ ਅਤੇ ਫ਼ਿਲਮੀ ਨਗਮਿਆਂ ਦਾ ਮਿਆਰ ਆਮ ਤੌਰ ਤੇ ਬਹੁਤ ਨੀਵਾਂ ਹੁੰਦਾ ਹੈ। ਇਹੋ ਕਾਰਣ ਹੈ ਕਿ ਸਾਹਿਤਕ ਹਲਕੇ ਫ਼ਿਲਮੀ ਅਦਬ ਨੂੰ ਨਫ਼ਰਤ ਤੇ ਘਿਰਣਾ ਦੀ ਨਜ਼ਰ ਨਾਲ਼ ਦੇਖਦੇ ਹਨ।''
ਸਾਹਿਰ ਦਾ ਵਿਚਾਰ ਸੀ, ''ਮੇਰੀ ਹਮੇਸ਼ਾ ਇਹੋ ਕੋਸ਼ਿਸ਼ ਰਹੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਫ਼ਿਲਮੀ ਨਗ਼ਮਿਆਂ ਨੂੰ ਤਖ਼ਲੀਕੀ ਸ਼ਾਇਰੀ ਦੇ ਨੇੜੇ ਲਿਆ ਸਕਾਂ ਤੇ ਇਸ ਦੇ ਰਾਹੀਂ ਨਵੇਂ ਸਿਆਸੀ ਤੇ ਸਮਾਜੀ ਦ੍ਰਿਸ਼ਟੀਕੋਣ ਲੋਕਾਂ ਤੱਕ ਪਹੁੰਚਾ ਸਕਾਂ।''
ਸਾਹਿਰ ਨੇ ਅਨੇਕਾਂ ਫ਼ਿਲਮਾਂ ਲਈ ਗੀਤ ਲਿਖੇ ਜਿਨ੍ਹਾਂ ਚੋਂ ਬਹੂ ਬੇਗ਼ਮ, ਆਂਖੇ, ਜਾਲ, ਕਾਜਲ, ਬਰਸਾਤ ਕੀ ਰਾਤ, ਗਜ਼ਲ, ਵਕਤ, ਧੂਲ ਕਾ ਫੂਲ, ਧਰਮਪੁੱਤਰ, ਫਿਰ ਸੁਬਹ ਹੋਗੀ, ਗੁਮਰਾਹ, ਕਭੀ ਕਭੀ, ਚੰਬਲ ਕੀ ਕਸਮ, ਹਮ ਦੋਨੋ, ਮੁਝੇ ਜੀਨੇ ਦੋ, ਨੀਲਕਮਲ, ਤ੍ਰਿਸ਼ੂਲ ਆਦਿ ਪ੍ਰਮੁੱਖ ਹਨ। 1963 ਵਿਚ ਜਦ ਸੁਨੀਲ ਦੱਤ ਨੇ ਡਾਕੂਆਂ ਤੇ 'ਮੁਝੇ ਜੀਨੇ ਦੋ' ਫ਼ਿਲਮ ਬਣਾਈ ਤਾਂ ਸਾਹਿਰ ਨੇ ਲੋਰੀ ਲਿਖੀ ਜਿਸ ਵਿਚ ਮਾਂ ਦੇ ਬੋਲ ਸਨ -
ਤੇਰੇ ਬਚਪਨ ਕੋ ਜੁਆਨੀ ਕੀ ਦੂਆ ਦੇਤੀ ਹੂੰ
ਔਰ ਦੂਆ ਦੇ ਕੇ ਪਰੇਸ਼ਾਨ ਸੀ ਹੋ ਜਾਤੀ ਹੂੰ
ਇਹ ਸਾਹਿਰ ਦੀ ਕਲਮ ਦਾ ਜਾਦੂ ਸੀ ਕਿ ਇਸ ਗੀਤ ਤੋਂ ਪ੍ਰਭਾਵਤ ਹੋ ਚੰਬਲ ਦੇ ਡਾਕੂ, ਕਾਰ ਵਿਚ ਬੰਬਈ ਤੋਂ ਪੰਜਾਬ ਆਉਂਦੇ ਸਾਹਿਰ ਨੂੰ, ਗਵਾਲੀਅਰ ਤੋਂ ਆਪਣੇ ਨਾਲ਼ ਲੈ ਗਏ ਤੇ ਰੱਜ ਕੇ ਸੇਵਾ ਕੀਤੀ। ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ 1951 ਵਿਚ ਬਣੀ ਪੰਜਾਬੀ ਫ਼ਿਲਮ 'ਬਾਲੋ' ਲਈ ਸਾਹਿਰ ਨੇ ਇਕ ਗੀਤ ਲਿਖਿਆ ਸੀ। ਬਾਲੋ ਦਾ ਸੰਗੀਤ ਐਨ ਦੱਤਾ ਦਾ ਸੀ। ਸੁਰਿੰਦਰ ਕੌਰ ਅਤੇ ਕ੍ਰਿਸ਼ਨ ਗੋਇਲ ਦਾ ਗਾਏ ਉਸ ਗੀਤ ਦੇ ਬੋਲ ਸਨ -
ਬੇੜੀ ਦਾ ਮਲਾਹ ਕੋਈ ਨਾ
ਇਕ ਵਾਰ ਮਿਲ਼ ਜਾ ਵੇ
ਜ਼ਿੰਦਗੀ ਦਾ ਵਸਾਹ ਕੋਈ ਨਾ
ਆਪਣੀ ਫ਼ਿਲਮੀ ਸ਼ਾਇਰੀ ਦੇ ਨਾਲ਼ ਨਾਲ਼ ਸਾਹਿਰ ਦੀ ਅਦਬੀ ਸ਼ਾਇਰੀ ਦਾ ਸਫ਼ਰ ਵੀ ਜਾਰੀ ਸੀ। ਉਹ ਮੁਸ਼ਾਇਰਿਆਂ ਦਾ ਵੀ ਓਨਾ ਹੀ ਲੋਕ-ਪ੍ਰਿਅ ਸ਼ਾਇਰ ਸੀ। ਤਲਖ਼ੀਆਂ ਤੋਂ ਇਲਾਵਾ ਸਾਹਿਰ ਦੀਆਂ ਪੁਸਤਕਾਂ ਵਿਚ ਪਰਛਾਈਆਂ, ਗਾਤਾ ਜਾਏ ਬਨਜਾਰਾ, ਆਓ ਕਿ ਕੋਈ ਖ਼ਾਬ ਬੁਨੇਂ ਸ਼ਾਮਲ ਹਨ। ਉਸ ਦੀ ਪ੍ਰਸਿੱਧੀ ਦੀ ਸਿਖ਼ਰ ਤੇ ਉਸ ਨੂੰ ਲੁਧਿਆਣੇ ਦੇ ਓਸੇ ਕਾਲਿਜ਼ ਨੇ ਸਨਮਾਨਤ ਕੀਤਾ ਜਿਥੋਂ ਕਦੇ ਉਸ ਨੂੰ ਕੱਢਿਆ ਗਿਆ ਸੀ। ਵਿਅੰਗ ਵਜੋਂ ਸਾਹਿਰ ਨੇ ਆਪਣੀ ਨਜ਼ਮ 'ਨਜ਼ਰ-ਏ-ਕਾਲਿਜ' ਵਿਚ ਕਿਹਾ - ਲੇਕਿਨ ਹਮ ਇਨ ਫਜ਼ਾਓਂ ਕੇ ਪਾਲੇ ਹੂਏ ਤੋਂ ਹੈਂ ਗਰ ਯਾਂ ਨਹੀਂ, ਯਹਾਂ ਸੇ ਨਿਕਾਲੇ ਹੂਏ ਤੋਂ ਹੈਂ।
ਜਦ 22 ਨਵੰਬਰ, 1970 ਨੂੰ ਲੁਧਿਆਣੇ ਦੇ ਗੌਰਮਿੰਟ ਕਾਲਿਜ, ਜਦੋਂ ਪ੍ਰੋਫੈਸਰ ਪ੍ਰੀਤਮ ਸਿੰਘ ਕਾਲਜ ਦੇ ਪ੍ਰਿੰਸੀਪਲ ਸਨ, ਨੇ ਸਾਹਿਰ ਨੂੰ ਸਨਮਾਨਤ ਕੀਤਾ ਤਾਂ ਇਸ ਮੌਕੇ ਸਾਹਿਰ ਨੇ 'ਐ ਨਈ ਨਸਲ' ਨਜ਼ਮ ਪੇਸ਼ ਕੀਤੀ -
ਮੇਰੇ ਅਜਦਾਦ 1 ਕਾ ਵਤਨ ਯਿਹ ਸ਼ਹਰ
ਮੇਰੀ ਤਾਲੀਮ ਕਾ ਜਹਾਂ ਯਿਹ ਮਕਾਮ
ਮੇਰੇ ਬਚਪਨ ਕੀ ਦੋਸਤ, ਯਿਹ ਗਲੀਆਂ
ਜਿਨ ਮੇਂ ਰੁਸਵਾ 2 ਹੂਆ ਸ਼ਬਾਬ ਕਾ ਨਾਮ ...
ਮੈਂ ਯਹਾਂ ਜਬ ਸਊਰ ਕੋ ਪਹੁੰਚਾ
ਅਜਨਬੀ ਕੌਮ ਕੀ ਥੀ ਕੌਮ ਗ਼ੁਲਾਮ
ਯੂਨੀਅਨ ਜੈਕ ਦਰਸਗਾਹ 3 ਪੇ ਥਾ
ਔਰ ਵਤਨ ਮੇਂ ਥਾ ਸਾਮਰਾਜੀ ਨਜ਼ਾਮ
ਇਸੀ ਮਿੱਟੀ ਕੋ ਹਾਥ ਮੇਂ ਲੇ ਕਰ
ਹਮ ਬਨੇ ਥੇ ਬਗ਼ਾਵਤੋਂ ਕੇ ਅਮਾਮ 4 ...
ਕਾਫ਼ਿਲੇ ਆਤੇ ਜਾਤੇ ਰਹਿਤੇ ਹੈਂ
ਕਬ ਹੂਆ ਹੈ ਯਹਾਂ ਕਿਸੀ ਕਾ ਕਯਾਮ 5
ਨਸਲ ਦਰ ਨਸਲ ਕਾਮ ਜਾਰੀ ਹੈ
ਕਾਰ-ਏ-ਦੁਨੀਆ 6 ਕਭੀ ਹੂਆ ਕਿਸੀ ਕਾ ਤਮਾਮ
ਕਲ ਜਹਾਂ ਮੈਂ ਥਾ ਆਜ ਤੂ ਹੈ ਵਹਾਂ
ਐ ਨਈ ਨਸਲ! ਤੁਝ ਕੋ ਮਿਰਾ ਸਲਾਮ।
1 ਪੁਰਖੇ 2 ਬਦਨਾਮ 3 ਵਿਦਿਆਲਾ 4 ਆਗੂ 5 ਨਿਵਾਸ 6 ਦੁਨੀਆਂ ਦਾ ਕੰਮ
ਬਾਅਦ ਵਿਚ ਦੋਸਤਾਂ ਨਾਲ਼ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਸਾਹਿਰ ਨੇ ਕਿਹਾ, ''ਮੈਂ ਸਿਰਫ਼ ਇਸ ਲਈ ਆਇਆ ਕਿ ਲੁਧਿਆਣੇ ਵਿਚ ਮੇਰੇ ਬਚਪਨ ਦੀਆਂ ਯਾਦਾਂ ਨੇ ... ਮੇਰਾ ਯਾਰ ਫ਼ੋਟੋਗ੍ਰਾਫ਼ਰ ਕ੍ਰਿਸ਼ਨ ਅਦੀਬ ਵੀ ਇਥੇ ਹੈ ... ਅਸੀਂ ਚੌੜਾ ਬਜ਼ਾਰ ਵਿਚ ਇਕੱਠੇ ਕੁਲਫ਼ੀਆਂ ਖਾਧੀਆਂ ... ਮੇਰੇ ਅੱਬਾ ਤੇ ਦਾਦਾ ਦੀਆਂ ਕਬਰਾਂ ਵੀ ਇਥੇ ਨੇ। ਮੇਰਾ ਮਾਜ਼ੀ ਇਥੇ ਦਫ਼ਨ ਹੈ ... ਲੁਧਿਆਣਾ ਮੇਰੀਆਂ ਯਾਦਾਂ ਦਾ ਕਬਰਿਸਤਾਨ ਹੈ ... ਮੈਨੂੰ ਬਹੁਤ ਅਜੀਜ਼।''ਲੋਕਾਂ ਦਾ ਸ਼ਾਇਰ ਹੋਣ ਕਾਰਣ ਸਾਹਿਰ ਆਪਣੇ ਵਿਰਸੇ ਨੂੰ ਰੋਮਾਂਸਵਾਦੀ ਨਜ਼ਰੀਏ ਨਾਲ਼ ਨਹੀਂ ਸਗੋਂ ਨੁਕਤਾਚੀਨ ਵਾਲ਼ੇ ਨਜ਼ਰੀਏ ਨਾਲ਼ ਦੇਖਦਾ ਹੈ। ਨਜ਼ਮ 'ਜਾਗੀਰ' ਵਿਚ ਉਹ ਆਪਣੇ ਜਗੀਰੂ ਪੁਰਖਿਆਂ ਵਲੋਂ ਨਿਭਾਏ ਲੋਕ-ਵਿਰੋਧੀ ਰੋਲ ਨੂੰ ਕਬੂਲਦਾ ਸਰੇਆਮ ਐਲਾਨਦਾ ਹੈ -
ਮੈਂ ਉਨ ਅਜਦਾਦ ਕਾ ਬੇਟਾ ਹੂੰ ਜਿਨ੍ਹੋਂ ਨੇ ਪੈਹਮ 1
ਅਜਨਬੀ ਕੌਮ ਕੇ ਸਾਏ ਕੀ ਹਮਾਯਤ ਕੀ ਹੈ
ਗ਼ਦਰ ਕੀ ਸਾਇਤੇ-ਨਾਪਾਕ 2 ਸੇ ਲੇ ਕਰ ਅਬ ਤਕ
ਹਰ ਕੜੇ ਵਕਤ ਮੇਂ ਸਰਕਾਰ ਕੀ ਖ਼ਿਦਮਤ ਕੀ ਹੈ
1 ਲਗਾਤਾਰ 2 ਅਪਵਿੱਤਰ ਘੜੀ
ਸਮਾਜੀ ਤੌਰ ਤੇ ਪ੍ਰਤੀਬੱਧ ਹੋਣ ਕਾਰਣ ਸਾਹਿਰ ਦੇ ਬੋਲ ਵਕਤ ਦੀ ਵੰਗਾਰ ਬਣੇ। 1946 ਦੀ ਨੇਵੀ ਬਗ਼ਾਵਤ ਦੀ ਅਸਫ਼ਲਤਾ ਬਾਅਦ ਸਾਹਿਰ ਮੁਲਕ ਦੇ ਆਗੂਆਂ ਨੂੰ ਵੰਗਾਰਦਾ ਪੁੱਛਦਾ ਹੈ -
ਐ ਰਹਿਬਰੇ ਮੁਲਕੋ ਕੌਮ ਬਤਾ
ਆਂਖੇ ਤੋ ਉਠਾ ਨਜ਼ਰੇਂ ਤੋ ਮਿਲਾ
ਕੁਛ ਹਮ ਵੀ ਸੁਨੇਂ ਹਮਕੋ ਭੀ ਬਤਾ
ਯਿਹ ਕਿਸਕਾ ਲਹੂ ਹੈ ਕੌਨ ਮਰਾ
1961 ਵਿਚ ਪੈਤ੍ਰਿਸ ਲਮੂੰਬਾ ਦੇ ਕਤਲ ਤੋਂ ਬਾਅਦ ਦਿੱਲੀ ਵਿਖੇ ਕੌਮਾਂਤਰੀ ਅਮਨ ਕਾਨਫਰੰਸ ਵਿਚ ਸਾਹਿਰ ਗਰਜਦਾ ਹੈ -
ਜ਼ੁਲਮ ਫਿਰ ਜ਼ਲਮ ਹੈ, ਬੜ੍ਹਤਾ ਹੈ ਤੋ ਮਿਟ ਜਾਤਾ ਹੈ ਖ਼ੂਨ ਫਿਰ ਖ਼ੂਨ ਹੈ, ਟਪਕੇਗਾ ਤੋ ਜਮ ਜਾਏਗਾ
ਅਮਨ ਲਹਿਰ ਬਾਰੇ ਸਾਹਿਰ ਦੀਆਂ ਨਜ਼ਮਾਂ 'ਐ ਸ਼ਰੀਫ਼ ਇਨਸਾਨ' ਅਤੇ 'ਪਰਛਾਈਆਂ' ਆਪਣੀ ਮਿਸਾਲ ਆਪ ਹਨ। ਬਾਅਦ ਵਿਚ ਉਹਨੇ ਬੰਬਈ ਵਿਚ ਆਪਣੇ ਬੰਗਲੇ ਦਾ ਨਾਂ ਵੀ 'ਪਰਛਾਈਆਂ' ਰੱਖਿਆ। ਤਰੱਕੀਪਸੰਦ ਲਹਿਰ ਦੇ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਸਮਝਦਾ ਹਾਂ ਕਿ ਤਰੱਕੀ ਪਸੰਦ ਤਹਿਰੀਕ ਨੇ ਅਦਬ ਤੇ ਮੁਲਕ ਦੀ ਬਹੁਤ ਖ਼ਿਦਮਤ ਕੀਤੀ ਹੈ, ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਤੋਂ ਕੁਝ ਗ਼ਲਤੀਆਂ ਵੀ ਜ਼ਰੂਰ ਹੋਈਆਂ ਹਨ, ਐਪਰ ਜੋ ਲੋਕ ਸਿਰਫ਼ ਇਸ ਦੀਆਂ ਖ਼ਾਮੀਆਂ ਗਿਣਦੇ ਹਨ, ਮੈਂ ਉਨ੍ਹਾਂ ਤੋਂ ਸੰਤੁਸ਼ਟ ਨਹੀਂ। ਇਸ ਤਹਿਰੀਕ ਦੇ ਕਾਰਕੁਨਾਂ ਨੇ ਕਾਫ਼ੀ ਕੁਰਬਾਨੀਆਂ ਦਿੱਤੀਆਂ ਹਨ। ਤਕਲੀਫ਼ਾਂ ਝੱਲੀਆਂ ਹਨ। ਇਹ ਠੀਕ ਹੈ ਕਿ ਉਹ ਇਕ ਦੂਜੇ ਦੀ ਸ਼ੁਹਰਤ ਵਿਚ ਵਾਧੇ ਦਾ ਕਾਰਣ ਬਣੇ। ਉਸ ਦੀ ਵਜ੍ਹਾ ਸਮਾਜ ਤੇ ਅਦਬ ਦੇ ਗ਼ਲਤ ਝੁਕਾਵਾਂ ਦੇ ਖਿਲਾਫ਼ ਉਨ੍ਹਾਂ ਦੀ ਨਜ਼ਰਿਆਤੀ ਏਕਤਾ ਸੀ। ਹੁਣ ਜੇ ਤਹਿਰੀਕ ਵਿਚ ਕਰਾਈਸਸ ਪੈਦਾ ਹੋਇਆ ਤਾਂ ਇਸ ਦਾ ਸਬੱਬ ਇਹ ਹੈ ਕਿ ਅਸਾਡੇ ਜ਼ਿਹਨਾਂ 'ਤੇ ਸਰਮਾਏਦਾਰੀ ਦੇ ਖ਼ਤਮੇ ਲਈ ਸਮਾਜਵਾਦ ਦਾ ਜੋ ਖੁਸ਼ਗਵਾਰ ਤਸੱਵਰ ਸੀ ਉਸ ਵਿਚ ਵੀ ਸ਼ਖਸੀ ਆਜ਼ਾਦੀ ਅਤੇ ਕੁਝ ਦੂਜੇ ਮੁਆਮਲਿਆਂ ਬਾਰੇ, ਕੁਝ ਅਮਲੀ ਤਰੁੱਟੀਆਂ ਮਹਿਸੂਸ ਹੋਈਆਂ।''
ਆਪਣੇ ਰਾਜਸੀ ਵਿਚਾਰਾਂ ਬਾਰੇ ਸਾਹਿਰ ਦਾ ਕਹਿਣਾ ਸੀ, ''ਮੈਂ ਕਦੇ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਰਿਹਾ। ਗ਼ੁਲਾਮ ਹਿੰਦੋਸਤਾਨ ਵਿਚ ਆਜ਼ਾਦੀ ਦੇ ਚੰਗੇ ਪਹਿਲੂ ਤਲਾਸ਼ ਕਰਨਾ ਤੇ ਉਨ੍ਹਾਂ ਦਾ ਪ੍ਰਚਾਰ ਕਰਨਾ ਮੇਰਾ ਮੁੱਖ ਉਦੇਸ਼ ਜ਼ਰੂਰ ਰਿਹੈ। ਹੁਣ ਦਿਮਾਗੀ ਤੌਰ ਤੇ ਆਰਥਿਕ ਆਜ਼ਾਦੀ ਦਾ ਹਾਮੀ ਹਾਂ, ਜਿਸ ਦੀ ਸਪਸ਼ਟ ਰੂਪ ਰੇਖਾ ਮੇਰੇ ਸਾਹਮਣੇ ਕਮਿਊਨਿਜ਼ਮ ਹੈ।''
ਗੌਰਮਿੰਟ ਕਾਲਿਜ ਲੁਧਿਆਣੇ ਦੇ ਸਨਮਾਨ ਤੋਂ ਬਾਅਦ ਸਾਹਿਰ ਜਲੰਧਰ ਵਿਚ ਨਰੇਸ਼ ਕੁਮਾਰ ਸ਼ਾਦ ਨੂੰ ਸਪਰਪਿਤ ਮੁਸ਼ਾਇਰੇ ਵਿਚ ਸ਼ਾਮਲ ਹੋਇਆ। ਜਦ ਉਹ ਆਪਣਾ ਕਲਾਮ ਪੜ੍ਹਨ ਲੱਗਾ ਤਾਂ ਪੰਡਾਲ ਚੋਂ ਇੱਕ ਆਰ.ਐਸ.ਐਸ ਸਮਰਥਕ ਚੀਕਿਆ - ''ਹਮ ਨਹੀਂ ਸੁਨੇਂਗੇ, ਸਾਹਿਰ ਲੁਧਿਆਣਵੀ ਕਮਿਊਨਿਸਟ ਸ਼ਾਇਰ ਹੈ ..'' ਲੋਕਾਂ ਨੇ ਉਸ ਨੂੰ ਬਾਹਰ ਧਕੇਲ ਦਿੱਤਾ। ਬਾਹਰ ਦੇਰ ਰਾਤ ਤੱਕ ਸਾਹਿਰ ਪ੍ਰਸੰਸਕਾਂ ਨੂੰ ਆਪਣੀਆਂ ਨਜ਼ਮਾਂ ਸੁਣਾਉਂਦਾ ਰਿਹਾ। 25 ਅਕਤੂਬਰ, 1980 ਨੂੰ ਬੰਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਸਾਹਿਰ ਦਾ ਦਿਹਾਂਤ ਹੋ ਗਿਆ।
-ਕੁਲਵਿੰਦਰ
ਮੋ : 9815568747
No comments:
Post a Comment