ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, December 25, 2011

ਪ੍ਰਵਾਸੀ ਪੱਤੇ ਖੇਡਣ ਵਾਲੇ ਬਾਦਲਾਂ ਦੇ ਰਾਜ 'ਚ ਪ੍ਰਵਾਸੀ ਮੀਡੀਆ ਰਿਹਾ ਬੁਰੀ ਤਰ੍ਹਾਂ ਨਜ਼ਰਅੰਦਾਜ਼

ਐਨ ਆਰ ਆਈ ਮੀਡੀਆ ਨੀਤੀ ਨਹੀਂ ਬਣਾਈ ਪੰਜਾਬ ਸਰਕਾਰ ਨੇ

ਦਾਅਵੇ ਬਹੁਤ ਰਹੇ ਨੇ ਬਾਦਲ ਸਰਕਾਰ ਦੇ , ਅਕਾਲੀ ਦਲ ਦਲ ਦੇ ਤੇ ਸਖਬੀਰ ਦੇ। ਬਹੁਤ ਉੱਚੀ ਆਵਾਜ਼ ਵਿਚ ਐਨ ਆਰ ਆਈ ਦਾ ਦਮ ਭਰਦੇ ਨੇ। ਐਨ ਆਰ ਆਈ ਕਮਿਸ਼ਨ , ਵੱਖਰੇ ਪੁਲਿਸ ਥਾਣੇ, ਵਿਸ਼ੇਸ਼ ਅਦਾਲਤਾਂ, ਕਿਰਾਏ ਕਾਨੂੰਨ ਵਿਚ ਸੋਧ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਟੇਟ ਗੈਸਟ ਦਾ ਦਰਜਾ ਆਦਿਕ। ਇਹ ਵੀ ਦਾਅਵੇ ਅਕਸਰ ਸੁਣਦੇ ਆਂ, ਨੇ , ਐਨ ਆਰ ਆਈ ਵੀ ਪੰਜਾਬ ਦਾ ਹਿੱਸਾ ਨੇ , ਉਨ੍ਹਾ ਦਾ ਖ਼ਿਆਲ ਰੱਖਣਾ ਸਰਕਾਰਾਂ ਦਾ, ਨੇਤਾਵਾਂ ਦਾ ਫ਼ਰਜ਼ ਹੈ। ਤੇ ਨਾਲ ਹੀ ਗਿਲੇ ਵੀ , ਨੇ ਸ਼ਿਕਾਇਤਾਂ ਵੀ ਨੇ-ਪ੍ਰਵਾਸੀ ਪੰਜਾਬੀ ਬਿਨਾਂ ਵਜ਼੍ਹਾ ਹੀ ਬਾਦਲਾਂ ਦਾ, ਅਕਾਲੀਆਂ ਦਾ ਤੇ ਬਾਦਲ ਸਰਕਾਰ ਦਾ ਵਿਰੋਧ ਕਰਦੇ ਨੇ। ਇਹ ਹਕੀਕਤ ਐ। ਪ੍ਰਵਾਸੀ ਭਾਰਤੀਆਂ ਦਾ ਵੱਡਾ ਹਿੱਸਾ ਬਾਦਲ ਪਰਿਵਾਰ ਵਿਰੋਧੀ ਵੀ ਹੈ, ਰਵਾਇਤੀ ਅਕਾਲੀ ਨੇਤਾਵਾਂ ਦਾ ਵੀ। ਇਸੇ ਹੀ ਕਤਾਰ ਵਿਚ ਹੈ ਐਨ ਆਰ ਆਈ ਮੀਡੀਆ ਵੀ । ਉਥੇ ਵੀ ਵੰਡੀਆਂ ਨੇ । ਕੁਝ ਚਹੇਤੇ ਵੀ ਨੇ । ਪਰ ਬਹੁਗਿਣਤੀ ਪ੍ਰਵਾਸੀ ਮੀਡੀਏ ਦਾ ਰੁੱਖ ਬਾਦਲ ਦਲ ਲਈ ਰੁੱਖਾ ਹੀ ਰਿਹੈ। ਉਹ ਇਨ੍ਹਾ ਨੂੰ ਨਹੀਂ ਬਖਸ਼ਦੇ । ਕੌਈ ਮੌਕਾ ਵੀ ਨਹੀਂ ਖੁੰਝਾਉਂਦੇ ਬਾਦਲਾਂ ਨੂੰ ਰਗੜਾ ਲਾਉਣ ਦਾ। ਪ੍ਰਵਾਸੀ ਮੀਡੀਆ ਵੀ ਕੀ ਕਰੇ। ਪ੍ਰਵਾਸੀ ਪੱਤਰਕਾਰ ਵੀ ਕੀ ਕਰਨ । ਉਨ੍ਹਾ ਨੂੰ ਤਾਂ ਬਾਦਲ ਸਰਕਾਰ ਵੀ ਤੇ ਅਕਾਲੀ ਨੇਤਾ ਵੀ ਸੱਤ- ਬਿਗਾਨੇ ਹੀ ਸਮਝਦੀ ਰਹੀ ਹੈ। ਅਕਾਲੀ ਦਲ ਦੀ, ਸਰਕਾਰ ਦੀ, ਮਹਕਿਮਿਆਂ ਦੀ, ਫ਼ੈਸਲਿਆਂ ਦੀ, ਪ੍ਰਵਾਸੀਆਂ ਲਈ ਦਿੱਤੀਆਂ ਸਹੂਲਤਾਂ ਦੀ ਮੁੱਢਲੀ ਜਾਣਕਾਰੀ ਤੱਕ ਵੀ ਨਹੀਂ ਦਿੱਤੀ ਜਾਂਦੀ ਪਰਵਾਸੀ ਮੀਡੀਏ ਨੂੰ। ਉਨ੍ਹਾ ਨਾਲ ਕੋਈ ਲਗਾਤਾਰ ਰਾਬਤਾ ਨਹੀਂ। ਕੋਈ ਸੱਦਪੁੱਛ ਨਹੀਂ। ਦਿੱਲੀ, ਚੰਡੀਗੜ੍ਹ , ਜਲੰਧਰ, ਪਟਿਆਲੇ ਅਤੇ ਬਠਿੰਡੇ ਵਰਗੇ ਸ਼ਹਿਰਾਂ ਵਿਚ ਵੀ ਕਾਫ਼ੀ ਪੱਤਰਕਾਰ ਐਨ ਆਰ ਆਈ ਮੀਡੀਏ ਲਈ ਕੰਮ ਕਰ ਰਹੇ ਨੇ। ਦਰਜਨ ਦੇ ਕਰੀਬ ਪੰਜਾਬੀ ਅਖ਼ਬਾਰ ਤਾਂ ਤਿਆਰ ਹੀ ਪੰਜਾਬ ਅਤੇ ਚੰਡੀਗੜ੍ਹ ਵਿਚ ਕੀਤੇ ਜਾਂਦੇ ਨੇ। ਇਨ੍ਹਾ ਦੀ ਕੰਪੋਜ਼ਿੰਗ ਅਤੇ ਪੂਰੀ ਡਿਜ਼ਾਈਨਿੰਗ ਇੱਥੇ ਕੀਤੀ ਜਾਂਦੀ ਹੈ, ਸਿਰਫ਼ ਛਪਾਈ ਹੀ ਬਾਹਰਲੇ ਮੁਲਕਾਂ ਵਿਚ ਹੁੰਦੀ ਹੈ। ਹੁਣ ਆਸਟ੍ਰੇਲੀਆ ਦੇ ਇੱਕ ਪੰਜਾਬੀ ਅਖ਼ਬਾਰ ਨੇ ਤਾਂ ਛਪਾਈ ਵੀ ਚੰਡੀਗੜ੍ਹ ਤੋਂ ਹੀ ਕਰਾਉਣ ਦੀ ਤਜ਼ਵੀਜ਼ ਬਣਾਈ ਹੈ। ਇੰਡੀਆ ਤੇ ਖ਼ਾਸ ਕਰਕੇ ਪੰਜਾਬ ਤੇ ਚੰਡੀਗੜ੍ਹ ਵਿਚ ਕੰਮ ਕਰਦੇ ਪ੍ਰਵਾਸੀ ਮੀਡੀਏ ਦੇ ਪੱਤਰਕਾਰਾਂ ਤੇ ਫੋਟੋਗਰਾਫਰਾਂ ਨੂੰ ਫ਼ਾਲਤੂ ਸਮਝਿਆ ਜਾਂਦਾ ਹੈ। ਉਨ੍ਹਾ ਦੀ ਪਛਾਣ ਤੱਕ ਨੂੰ ਵੀ ਮਾਨਤਾ ਨਹੀਂ ਦਿੱਤੀ ਜਾਂਦੀ। ਪੰਜਾਬ ਸਕੱਤਰੇਤ ਅਤੇ ਸਰਕਾਰੀ ਦਫ਼ਤਰਾਂ ਅਤੇ ਸਮਾਗਮਾਂ ਤੱਕ ਪਹੁੰਚ ਕਰਨ ਲਈ ਇੱਕ ਪਛਾਣ -ਪੱਤਰ ਤਕ ਵੀ ਨਹੀਂ ਜਾਰੀ ਕੀਤਾ ਜਾਂਦਾ। ਕਈ ਵਾਰੀ ਤਾਂ ਉਨ੍ਹਾ ਨੂੰ ਜ਼ਲੀਲ ਵੀ ਕੀਤਾ ਜਾਂਦਾ ਹੈ।

ਹੁਣ ਗੱਲ ਕਰੀਏ ਸਰਕਾਰੀ ਜਾਂ ਅਕਾਲੀ ਦਲ ਦੇ ਗ਼ੈਰਸਰਕਾਰੀ ਇਸ਼ਤਿਹਾਰਾਂ ਦੀ। ਏਸ ਮਾਮਲੇ ਵਿਚ ਵੀ ਉਨ੍ਹਾ ਨੂੰ ਲਗਭਗ ਪਰਾਏ ਹੀ ਸਮਝਿਆ ਜਾਂਦੈ। ਉਨ੍ਹਾ ਨਾਲ ਸ਼ਰੇਆਮ ਮਤਰੇਈ ਮਾਂ ਵਾਲਾ ਵਿਹਾਰ ਕੀਤਾ ਜਾਂਦਾ ਹੈ। ਕੁਝ ਇੱਕ ਗਿਣਤੀ ਦੇ ਚੋਣਵੇਂ ਅਖ਼ਬਾਰਾਂ ਨੂੰ ਕਦੇ ਕਦਾਈਂ ਦਿੱਤੇ ਜਾਂਦੇ ਇਸ਼ਤਿਹਾਰਾਂ ਨੂੰ ਛੱਡ ਕੇ 95 ਫ਼ੀਸਦੀ ਐਨ ਆਰ ਆਈ ਮੀਡੀਏ ਨੂੰ ਇਕ ਧੇਲੇ ਦੀ ਐਡਵਰਟਾਈਜ਼ਮੈਂਟ ਨਹੀਂ ਦਿੱਤੀ ਜਾਂਦੀ। ਹਰ ਸਾਲ ਕਰੋੜਾਂ ਰੁਪਏ ਦੇ ਇਸ਼ਤਿਹਾਰ ਪਬਲਿਕ ਰੀਲੇਸ਼ਨ ਮਹਿਕਮੇ ਵੱਲੋਂ ਖ਼ਰਚ ਕੀਤੇ ਜਾਂਦੇ ਨੇ ਇਸ਼ਤਿਹਾਰਾਂ ਤੇ। ਇਸ ਵਿਚੋਂ ਨਾਮਾਤਰ ਹਿੱਸਾ ਹੀ ਪ੍ਰਵਾਸੀ ਮੀਡੀਏ ਨੂੰ ਦਿੱਤਾ ਜਾਂਦਾ ਹੈ। ਪ੍ਰਵਾਸੀ ਭਾਰਤੀਆਂਅਤੇ ਪੰਜਾਬੀ ਭਾਸ਼ਾ ਦੀ ਸਰਪ੍ਰਸਤ ਹੋਣ ਦਾ ਦਾਅਵਾ ਕਰਨ ਵਾਲੀ ਬਾਦਲ ਸਰਕਾਰ ਨੇ ਕੈਨੇਡਾ ਦੇ ਇੰਡੋ ਕੈਨੇਡੀਅਨ ਟਾਈਮਜ਼ ਤੇ ਦੇਸ ਪਰਦੇਸ ਲੰਡਨ ਵਰਗੇ ਉਨ੍ਹਾ ਅਖ਼ਬਾਰਾਂ ਦੇ ਇਸ਼ਿਤਿਹਾਰ ਵੀ ਬੰਦ ਕਰ ਦਿੱਤੇ ਜਿਨ੍ਹਾਂ ਨੂੰ ਪਿਛਲੇ 20 ਸਾਲ ਤੋਂ ਪੰਜਾਬ ਸਰਕਾਰ ਦੇ ਚੋਣਵੇਂ ਇਸ਼ਤਿਹਾਰ ਜਾ ਰਹੇ ਸਨ। ਇਹ ਬੰਦ ਵੀ ਉਦੋਂ ਕੀਤੇ ਗਏ ਨੇ ਜਦੋਂ ਦਾ ਲੋਕ ਸੰਪਰਕ ਮਹਿਕਮਾ ਸੁਖਬੀਰ ਬਾਦਲ ਨੇ ਸੰਭਾਲਿਆ ਹੈ।

ਪਿਛਲੇ ਦੋ ਤਿੰਨ ਮਹੀਨਿਆ ਵਿਚ ਵਿਕਾਸ ਦੇ ਦਾਅਵੇ ਕਰਦੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਅਖ਼ਬਾਰਾਂ, ਅਤੇ ਇਲੈਕਟ੍ਰਾਨਿਕ ਮੀਡੀਏ ਲਈ ਬਾਦਲ ਸਰਕਾਰ ਨੇ ਜਾਰੀ ਕੀਤੇ ਨੇ, ਕੀ ਅਕਾਲੀ ਲੀਡਰਸ਼ਿਪ ਤੇ ਸਰਕਾਰ ਇਹ ਦੱਸ ਸਕਦੀ ਹੈ ਕਿ ਇਸ ਵਿਚੋਂ ਐਨ ਆਰ ਆਈ ਮੀਡੀਏ ਨੂੰ ਕਿੰਨਾ ਹਿੱਸਾ ਦਿੱਤਾ ਹੈ। ਇਹਨਾਂ ਇਸ਼ਿਤਿਹਾਰਾਂ 'ਤੇ ਪਾਣੀ ਵਾਂਗ ਬਹਾਇਆ ਪੈਸਾ, ਲੋਕਾਂ ਦੀਆਂ ਜੇਬਾਂ ਵਿਚੋਂ ਹੀ ਗਿਆ ਹੈ। ਇਸ ਵਿਚ ਪ੍ਰਵਾਸੀ ਪੰਜਾਬੀਆ ਦਾ ਵੀ ਹਿੱਸਾ ਹੈ ਵਰਲਡ ਬੈਂਕ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਅਰਥਚਾਰੇ ਵਿਚ 20 ਫ਼ੀ ਸਦੀ ਹਿੱਸਾ ਦੇਸ਼ -ਦੁਨੀਆ ਵਿਚ ਵਸਦੇ ਪ੍ਰਵਾਸੀ ਭਾਰਤੀਆਂ ਅਤੇ ਉਨ੍ਹਾ ਦੇ ਪਰਿਵਾਰਾਂ ਦਾ ਹੈ। ਕੀ ਸਾਡੇ ਨੇਤਾ ਉਨ੍ਹਾ ਤੋਂ ਡਾਲਰ ਅਤੇ ਪੌਂਡ ਸਿਰਫ਼ ਲੈਣਾ ਹੀ ਜਾਣਦੇ ਨੇ? ਲੋਹੜੇ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਵਿਚ ਐਨ ਆਰ ਆਈ ਲਈ ਰਾਖਵਾਂ ਕੋਟਾ ਹੁੰਦਾ ਹੈ, ਉਹ ਇਸ਼ਤਿਹਾਰ ਵੀ ਪ੍ਰਵਾਸੀ ਮੀਡੀਏ ਨੂੰ ਨਹੀਂ ਦਿੱਤੇ ਜਾਂਦੇ । ਪੰਜਾਬ ਸਟੇਟ ਇੰਡਸਟ੍ਰੀਅਲ ਡਿਵੈੱਲਪਮੈਂਟ ਕਾਰਪੋਰੇਸ਼ਨ (ਪੀ ਐਸ ਆਈ ਡੀ ਸੀ) ਅਤੇ ਪੰਜਾਬ ਸਟੇਟ ਇੰਡਸਟ੍ਰੀਅਲ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ ਐਸ ਆਈ ਈ ਸੀ) ਵੱਲੋਂ ਵੇਚੇ ਜਾਂ ਅਲਾਟ ਕੀਤੇ ਜਾਂਦੇ ਸਨਅਤੀ ਪਲਾਟਾਂ ਵਿੱਚ ਐਨ ਆਰ ਆਈਜ਼ ਲਈ ਰਾਖਵਾਂ ਕੋਟਾ ਹੁੰਦਾ ਹੈ। ਪਿੱਛੇ ਜਿਹੇ ਹੀ ਦੋ ਵਾਰ ਅਜਿਹੇ ਪਲਾਟ ਅਲਾਟ ਕੀਤੇ ਗਏ ਨੇ। ਇਹ ਇਸ਼ਤਿਹਾਰ ਵੀ ਐਨ ਆਰ ਆਈ ਮੀਡੀਏ ਨੂੰ ਨਹੀਂ ਦਿੱਤੇ ਗਏ।

ਇਨ੍ਹਾ ਦਿਨਾਂ ਵਿਚ ਵੀ ਗਮਾਡਾ, ਗਲਾਡਾ ਆਦਿਕ ਅਦਾਰਿਆਂ ਦੇ ਇਸ਼ਤਿਹਾਰ ਪਲਾਟਾਂ ਅਤੇ ਫਲੈਟਾਂ ਲਈ ਅਰਜ਼ੀਆਂ ਮੰਗਣ ਵਾਸਤੇ ਪ੍ਰਕਾਸ਼ਿਤ ਹੋ ਰਹੇ ਨੇ ਪਰ ਪ੍ਰਵਾਸੀ ਭਾਰਤੀ ਮੀਡੀਏ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।ਤੇ ਜਿਹੜੇ ਕਰੋੜਾਂ ਰੁਪੈ ਦੇ ਇਸ਼ਤਿਹਾਰ ਵੋਟ ਬੈਂਕ ਖਿੱਚਣ ਲਈ ਪਿਛਲੇ ਇੱਕ ਮਹੀਨੇ ਵਿਚ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਦਰਸੌਣ ਲਈ ਜਾਰੀ ਕੀਤੇ ਨੇ , ਇੰਨ੍ਹਾ ਵਿੱਚ ਵੀ ਐਨ ਆਰ ਆਈ ਮੀਡੀਏ ਦੇ ਵੱਡੇ ਹਿੱਸੇ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਇੱਕ ਪਾਸੇ ਅਕਾਲੀ ਨੇਤਾ ਅਤੇ ਸਰਕਾਰ ਪ੍ਰਵਾਸੀ ਭਾਰਤੀਆਂ ਨੂੰ ਇਥੇ ਨਿਵੇਸ਼ ਕਰਨ ਲਈ ਅਪੀਲਾਂ ਕਰਦੀ ਹੈ, ਐਨ ਆਰ ਆਈ ਮੰਤਰੀ ਵੀ ਰੋਜ਼ ਬਿਆਨ ਦਾਗਦੇ ਨੇ (ਉਨ੍ਹਾ ਦੇ ਪੱਲੇ ਹੋਰ ਤਾਂ ਕੁਝ ਹੈ ਨਹੀਂ) ਪਰ ਦੂਜੇ ਪਾਸੇ ਉਨ੍ਹਾ ਨੂੰ ਉਸ ਜਾਣਕਾਰੀ ਤੋਂ ਵੀ ਵਾਂਝੇ ਰੱਖਿਆ ਜਾਂਦਾ ਹੈ ਜਿਥੇ ਉਹ ਪੂੰਜੀ ਨਿਵੇਸ਼ ਆਸਾਨੀ ਨਾਲ ਕਰ ਸਕਦੇ ਨੇ ਅਤੇ ਕਰਨਾ ਵੀ ਚਾਹੁੰਦੇ ਨੇ। ਇੰਨ੍ਹਾ ਵਿੱਚੋਂ ਸਭ ਤੋਂ ਵੱਡਾ ਖੇਤਰ ਰੀਅਲ ਐਸਟੇਟ ਦਾ ਹੈ। ਰੋਜ਼ਾਨਾ ਪੰਜਾਬ ਦੇ ਇੰਪਰੂਵਮੈਂਟ ਟਰੱਸਟ, ਪੁੱਡਾ ਤੋਂ ਇਲਾਵਾ ਮੁਹਾਲੀ, ਬਠਿੰਡਾ , ਲੁਧਿਆਣਾ ਅਤੇ ਹੋਰ ਸ਼ਹਿਰਾਂ ਦੀਆਂ ਵਿਕਾਸ ਅਥਾਰਟੀਜ਼ ਵੱਲੋਂ ਵਪਾਰਕ ਅਤੇ ਰਿਹਾਇਸ਼ੀ ਥਾਵਾਂ ਦੀ ਅਲਾਟਮੈਂਟ ਜਾਂ ਨਿਲਾਮੀ ਲਈ ਅਰਜ਼ੀਆਂ ਮੰਗਣ ਲਈ ਇਸ਼ਤਿਹਾਰ ਦਿੱਤੇ ਜਾਂਦੇ ਨੇ। ਸਵਾਲ ਇਹ ਹੈ ਕਿ ਇਹ ਇਸ਼ਤਿਹਾਰ ਐਨ ਆਰ ਆਈ ਮੀਡੀਏ ਨੂੰ ਕਿਉਂ ਨਹੀਂ ਦਿੱਤੇ ਜਾਂਦੇ ? ਉਨ੍ਹਾ ਨੂੰ ਕਿਉਂ ਇਸ ਸੂਚਨਾ ਤੋਂ ਵਾਂਝੇ ਰੱਖਿਆ ਜਾਂਦਾ ਹੈ ? ਜੇਕਰ ਉਨ੍ਹਾ ਕੋਲ ਸਹੀ ਢੰਗ ਨਾਲ ਸੂਚਨਾ ਹੀ ਨਹੀਂ ਮਿਲੇਗੀ ਸਕੀਮਾਂ ਦੀ ਤਾਂ ਉਹ ਇਥੇ ਨਿਵੇਸ਼ ਕਿਵੇਂ ਕਰਨਗੇ ?

ਇਸੇ ਤਰ੍ਹਾਂ ਸਕੂਲਾਂ, ਹਸਪਤਾਲਾ ਜਾਂ ਅਜਿਹੇ ਪ੍ਰਾਜੈਕਟਾਂ ਲਈ ਸਰਕਾਰੀ ਜ਼ਮੀਨ ਅਲਾਟ ਕਰਨ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਨੇ ਪਰ ਕਦੇ ਵੀ ਇਹ ਇਸ਼ਤਿਹਾਰ ਐਨ ਆਰ ਆਈ ਮੀਡੀਏ ਨੂੰ ਕਿਉਂ ਨਹੀਂ ਦਿੱਤੇ ਜਾਂਦੇ ? ਜ਼ਿਕਰ ਕਰਨਾ ਲਾਜ਼ਮੀ ਹੈ ਕਿ ਅਮਰੀਕਾ, ਕੈਨੇਡਾ, ਯੂਰਪੀ ਮੁਲਕਾਂ , ਆਸਟ੍ਰੇਲੀਆ ਅਤੇ ਹੋਰ ਮੁਲਕਾਂ ਵਿਚ ਹਰ ਜਗਾ ਐਨ ਆਈ ਆਰ ਮੀਡੀਆ ਸਰਗਰਮ ਹੈ। ਵੱਡੀਂ ਗਿਣਤੀ ਵਿਚ ਅਖ਼ਬਾਰ ਵੀ ਛਪਦੇ ਨੇ, ਰੇਡੀਓ ਤੇ ਟੀ ਵੀ ਪ੍ਰੋਗਰਾਮ ਵੀ ਅਨੇਕਾਂ ਨੇ। ਕੈਨੇਡਾ ਦੇ ਇਕੱਲੇ ਵੈਨਕੂਵਰ ਸ਼ਹਿਰ ਵਿਚ 4 ਐਨ ਆਰ ਆਈ ਰੇਡੀਓ 24 ਘੰਟੇ ਚਲਦੇ ਨੇ । ਇਸੇ ਤਰ੍ਹਾਂ ਗ੍ਰੇਟਰ ਟਰਾਂਟੋ ਏਰੀਏ ਵਿਚ ਵੀ ਇੱਕ ਰੇਡੀਓ ਅਤੇ ਟੀਵੀ 24 ਘੰਟੇ ਚਲਦਾ ਹੈ। ਇੰਨ੍ਹਾ ਵਿੱਚੋਂ ਵੱਡਾ ਹਿੱਸਾ ਪੰਜਾਬੀ ਮੀਡੀਏ ਦਾ ਹੈ। ਭਾਰਤ ਤੋਂ ਬਾਹਰ ਵਸੇ ਗਲੋਬਲ ਪੰਜਾਬ ਅਤੇ ਇਸ ਦੇ ਮੀਡੀਏ ਲਈ ਪੰਜਾਬ ਸਰਕਾਰ ਨੇ ਕੋਈ ਠੋਸ ਮੀਡੀਆ ਨੀਤੀ ਹੀ ਨਹੀਂ ਬਣਾਈ।

ਬਲਜੀਤ ਬੱਲੀ

Tuesday, December 20, 2011

ਕਿਸ਼ਨਜੀ ਮਹਿਜ਼ ਇਕ ਹੋਰ 'ਸ਼ਹੀਦ' ਨਹੀਂ ਹੈ

ਕਿਸ਼ਨਜੀ ਮਹਿਜ਼ ਦਾਬੇ ਵਿਰੁੱਧ ਲੜਨ ਵਾਲਾ ਇਕ ਯੋਧਾ,ਇਕ ਬਹਾਦਰ ਅਤੇ ਦਲੇਰ ਸ਼ਖਸ ਹੀ ਨਹੀਂ ਹੈ। ਉਹ ਦੇਸ਼ ਦੀ ਟਾਕਰਾ ਲਹਿਰ ਦੇ ਇਤਿਹਾਸ ਵਿਚ ਇਕ ਵਿਲੱਖਣ ਵਰਤਾਰੇ ਦਾ ਪ੍ਰਮੁੱਖ ਆਗੂ ਸੀ—ਅਤੇ ਹੋ ਸਕਦਾ ਹੈ ਉਹ ਇਸ ਬਾਰੇ ਇੰਨਾ ਸੁਚੇਤ ਨਾ ਵੀ ਹੋਵੇ। ਉਸ ਦੀ ਅਗਵਾਈ 'ਚ ਟਾਕਰੇ ਦੇ ਅਨੇਕ ਰੂਪਾਂ ਦਾ ਸੁਮੇਲ ਹੋ ਗਿਆ ਸੀ—ਲੋਕਾਂ ਦੀ ਹਥਿਆਰਬੰਦ ਲੜਾਕੂ ਤਾਕਤ ਦਾ ਖੁੱਲ੍ਹੀਆਂ ਰੈਲੀਆਂ, ਜਲੂਸਾਂ ਅਤੇ ਮੁਜ਼ਾਹਰਿਆਂ ਨਾਲ ਸੁਮੇਲ। ਜੇ ਕੋਈ ਸੱਚੀਓਂ ਹੀ ਜਮਹੂਰੀ ਜਨਤਕ ਉਭਾਰਾਂ ਬਾਰੇ ਗੰਭੀਰ ਹੈ ਤਾਂ ਉਹ 'ਰਣਨੀਤੀ', 'ਤਾਕਤ ਦੀ ਵਰਤੋਂ' ਜਾਂ 'ਹਥਿਆਰਬੰਦ ਟਾਕਰੇ' ਤੋਂ ਅੱਖਾਂ ਨਹੀਂ ਮੀਟ ਸਕਦਾ; ਕਿ ਜਨਤਕ ਘੋਲ ਨੂੰ ਜ਼ਿੰਦਗੀ ਦੇਣ ਵਾਲੀਆਂ ਰਗਾਂ ਹਥਿਆਰਬੰਦ ਟਾਕਰੇ ਤੱਕ ਪਸਰੀਆਂ ਹੋਈਆਂ ਹਨ—ਉਂਞ ਇਹ ਪੁਰਾਣੇ ਲੈਨਿਨਵਾਦੀ ਸਬਕ ਸਨ ਜੋ ਕਿਸ਼ਨਜੀ ਦੀ ਜ਼ਿੰਦਗੀ ਅਤੇ ਸਰਗਰਮੀ ਅੰਦਰ ਮੁੜ ਬਿਆਨ ਹੋਏ,ਇਨ੍ਹਾਂ ਦਾ ਦਾਅਵਾ ਮੁੜ ਜਤਾਇਆ ਗਿਆ ਅਤੇ ਇਨ੍ਹਾਂ 'ਚ ਮੁੜ ਤਾਜ਼ਗੀ ਆਈ। ਇਨ੍ਹਾਂ ਅਰਥਾਂ 'ਚ ਕਿਸ਼ਨਜੀ ਨੇ ਇਕ ਤਰ੍ਹਾਂ ਨਾਲ ਖੱਬੀ ਧਿਰ ਅੰਦਰ ਜਨਤਕ ਲਹਿਰਾਂ ਅਤੇ 'ਫ਼ੌਜੀ ਰਣਨੀਤੀ' ਦੋਵਾਂ ਦੀ ਮਹੱਤਤਾ ਨੂੰ ਮੁੜ ਸਥਾਪਤ ਕੀਤਾ। ਅੱਜ ਖੱਬੀ ਧਿਰ ਦਾ ਝੁਕਾਅ ਹਰ ਉਸ ਚੀਜ਼ ਨੂੰ ਕਿਸੇ ਸੱਜੇਪੱਖੀ, ਫਾਸ਼ੀਵਾਦੀ ਫ਼ਤੂਰ ਵਾਂਗ ਰੱਦ ਕਰ ਦੇਣ ਦਾ ਹੈ ਜਿਸ ਦਾ ਵੀ ਜ਼ਾਬਤੇ ਅਤੇ ਫ਼ੌਜ ਨਾਲ ਕੋਈ ਲਾਗਾਦੇਗਾ ਹੈ। ਦਾਰਸ਼ਨਿਕ ਸਲਾਵੋਜ ਜ਼ਿਜ਼ੈਕ ਨੁਕਤਾ ਉਠਾਉਂਦਾ ਹੈ ਕਿ ਸਥਾਪਤੀ ਦੀ ਸੁੱਖਭੋਗੀ ਵਾਜਬੀਅਤ ਦੇ ਉਲਟ, ਖੱਬੀ ਧਿਰ ਨੂੰ ''ਜ਼ਾਬਤੇ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਮੁੜ ਵਾਜਬ ਬਣਾਉਣਾ ਚਾਹੀਦਾ ਹੈ: ਇਨ੍ਹਾਂ ਕਦਰਾਂ-ਕੀਮਤਾਂ 'ਚ ਕੁਝ ਵੀ ਵਜੂਦ ਸਮੋਇਆ 'ਫਾਸ਼ੀਵਾਦੀ' ਨਹੀਂ ਹੈ।'' http://www.lacan.com/zizhollywood.htm ) ਇੱਥੇ ਕਿਸ਼ਨਜੀ ਦਾ ਯੋਗਦਾਨ ਸਿਰ ਕੱਢਵਾਂ ਹੈ—ਹਾਕਮ ਜਮਾਤਾਂ ਅੰਦਰ ਭਾਰੀ ਡਰ ਅਤੇ ਧੁੜਕੂ ਪੈਦਾ ਕਰਨਾ ਜਿਨ੍ਹਾਂ ਨੇ ਉਸ ਨੂੰ ਮਾਰ ਸੁੱਟਿਆ।ਇਹ ਉਸ ਵਕਤ ਅਹਿਮ ਯੋਗਦਾਨ ਹੈ ਜਦੋਂ ਖੱਬੀ ਧਿਰ 'ਰਣਨੀਤੀ ਵਿਹੂਣੀ' ਹੈ, ਜਦੋਂ ਤਹਿਰੀਰ ਚੌਕ ਵਿਖੇ ਜਨਤਕ ਮੁਜ਼ਾਹਰੇ ਜਾਂ ਵਾਲ ਸਟਰੀਟ 'ਤੇ ਕਬਜ਼ਾ ਕਰੋ ਅੰਦੋਲਨ ਬੰਦ ਗਲੀ 'ਚ ਫਸ ਗਏ, ਹੰਭ ਜਹੇ ਗਏ ਲਗਦੇ ਹਨ, ਜਾਂ ਹਕੂਮਤੀ ਜਬਰ ਨਾਲ ਮੜਿੱਕਣ ਤੋਂ ਅਸਮਰੱਥ ਹਨ। ਕੁਝ ਲੋਕ ਕਹਿ ਸਕਦੇ ਹਨ ਕਿ ਜੰਗਲਮਹੱਲ ਵਿਚ ਖਾੜਕੂ ਜਨਤਕ ਮੁਜ਼ਾਹਰਿਆਂ ਦਾ ਵੀ ਜੂਨ 2009 'ਚ ਮਾਓਵਾਦੀਆਂ ਵਲੋਂ 'ਕਬਜ਼ਾ ਕਰ ਲੈਣ' ਨਾਲ ਭੋਗ ਹੀ ਤਾਂ ਪੈ ਗਿਆ ਸੀ। ਇਸ ਦੀ ਬਜਾਏ ਇਹ 'ਕਬਜ਼ਾ' ਜਨਤਕ ਲਹਿਰ ਲਈ ਬਹੁਤ ਹੀ ਲੋੜੀਂਦੀ ਕੰਗਰੋੜ ਤੋਂ ਬਿਨਾਂ ਹੋਰ ਕੁਝ ਨਹੀਂ ਸੀ, ਹੁਣ ਇਹ ਇਕ ਰਣਨੀਤੀ ਤਹਿਤ ਇਕ ਜਥੇਬੰਦਕ ਤਾਕਤ ਵਜੋਂ ਆਪਣਾ ਇਜ਼ਹਾਰ ਕਰਨ ਦੇ ਸਮਰੱਥ ਸੀ।

ਰਾਜ ਦੀ ਹਥਿਆਰਬੰਦ ਤਾਕਤ ਨਾਲ ਮੜਿੱਕਣ ਤੋਂ ਇਲਾਵਾ, ਇਹ ਜਮਾਤੀ ਘੋਲ ਬਾਰੇ ਸਪਸ਼ਟਤਾ ਲਿਆਉਣ, ਉਸ ਨੂੰ ਪ੍ਰੀਭਾਸ਼ਤ ਕਰਨ ਵੱਲ ਪਹਿਲਾ ਕਦਮ ਹੈ ਜਿਸਨੂੰ ਮਾਰਕਸ ਕਮਿਊਨਿਸਟ ਮੈਨੀਫੈਸਟੋ ਵਿਚ ਕੁਲਮਿਲਾਕੇ ਲਹਿਰ ਲਈ 'ਕੂਚ ਦਾ ਰਾਹ' ਕਹਿੰਦਾ ਹੈ। ਗੱਲ ਇਹ ਨਹੀਂ ਕਿ ਮਾਓਵਾਦੀਆਂ ਨੇ ਇੱਥੇ ਵੱਡੀਆਂ ਕਾਮਯਾਬੀਆਂ ਹਾਸਲ ਕਰ ਲਈਆਂ ਹਨ ਪਰ ਉਨ੍ਹਾਂ ਨੇ ਕੁਝ ਬੁਨਿਆਦੀ ਹੱਕ ਜ਼ਰੂਰ ਹਾਸਲ ਕੀਤੇ ਹਨ। ਸ਼ੁਰੂਆਤੀ ਉਭਾਰ ਤੋਂ ਬਾਅਦ ਜਨਤਕ ਸਰਗਰਮੀਆਂ ਅਤੇ ਰੈਲੀਆਂ ਦੇ ਠੁੱਸ ਹੋ ਜਾਣ ਦੀ ਆਮ ਕਹਾਣੀ ਇੱਥੇ ਨਹੀਂ ਦੁਹਰਾਈ ਗਈ। ਜਨਤਕ ਲਹਿਰ ਕਈ ਸ਼ਕਲਾਂ 'ਚ ਜਾਰੀ ਹੈ। ਅਸਲ ਵਿਚ, ਔਰਤਾਂ ਦੀ ਇਕ ਨਵੀਂ ਜਥੇਬੰਦੀ, ਨਾਰੀ ਇੱਜ਼ਤ ਬਚਾਓ ਕਮੇਟੀ , ਉੱਭਰੀ ਹੈ। ਜਦੋਂ ਤੱਕ ਹਕੂਮਤ ਪਾਬੰਦੀ ਨਹੀਂ ਲਾਉਂਦੀ ਜਾਂ 'ਇਜਾਜ਼ਤ ਦੇਣ ਤੋਂ ਨਾਂਹ ਨਹੀਂ ਕਰਦੀ' ਇਹ ਅਗਸਤ 2010 ਵਰਗੀਆਂ ਵੱਡੀਆਂ ਰੈਲੀਆਂ ਕਰੀ ਜਾ ਰਹੀ ਹੈ ਜਿਸ ਵਿਚ ਮਮਤਾ ਅਤੇ ਸਵਾਮੀ ਅਗਨੀਵੇਸ਼ ਸ਼ਾਮਲ ਹੋਏ ਸਨ।

ਅਜਿਹਾ ਹੈ ਕਿਸ਼ਨਜੀ ਦਾ ਯੋਗਦਾਨ,
ਉਸ ਦੇ ਕੁਝ ਮੌਲਿਕ ਕੰਮ—ਇਹ ਮਹਿਜ਼ ਇਕ ਹਲੀਮੀ ਵਾਲੀ 'ਕੁਰਬਾਨੀ' ਜਾਂ 'ਸ਼ਹਾਦਤ' ਨਹੀਂ ਹੈ ਜਿਸਦਾ ਮਾਓਵਾਦੀ ਖ਼ੁਦ ਅਕਸਰ ਹੀ ਬਥੇਰਾ ਗੁਣ ਗਾਇਨ ਕਰਦੇ ਹਨ। ਮਾਓਵਾਦੀਆਂ ਨੂੰ ਆਪਣੇ ਆਗੂਆਂ ਵਿਚ ਕੁਝ ਖ਼ਾਸ ਜਾਂ ਮੌਲਿਕ ਨਾ ਦੇਖ ਸਕਣ ਅਤੇ ਉਨ੍ਹਾਂ ਸਾਰਿਆਂ ਨੂੰ 'ਇਕ ਹੋਰ ਸ਼ਹੀਦ ਜਿਸਨੇ ਇਨਕਲਾਬ ਦੀ ਖ਼ਾਤਰ ਆਪਣੀ ਜ਼ਿੰਦਗੀ ਬਹਾਦਰੀ ਨਾਲ ਵਾਰ ਦਿੱਤੀ' ਦੀ ਬਾਂਝ ਲੜੀ ਦੇ ਰੂਪ 'ਚ ਪੇਸ਼ ਕਰਨ ਦੀ ਪਕਰੋੜ ਆਦਤ ਤੋਂ ਲਾਜ਼ਮੀ ਚੌਕਸ ਹੋਣਾ ਚਾਹੀਦਾ ਹੈ। ਨਹੀਂ ਤਾਂ ਲਹਿਰ ਗਧੀਗੇੜ 'ਚ ਫਸੀ ਰਹੇਗੀ, ਆਪਣੇ ਨਿੱਗਰ ਅਭਿਆਸ ਦੀ ਗਤੀਸ਼ੀਲਤਾ ਦੇ ਬਾਵਜੂਦ ਇਹ ਖੜੋਤ ਦਾ ਸ਼ਿਕਾਰ ਹੋ ਜਾਵੇਗੀ।

ਸ਼ਾਇਦ ਅਸੀਂ ਇੱਥੇ ਮਾਓਵਾਦੀ ਲਹਿਰ ਦੇ 'ਜੰਗਲਮਹੱਲ ਮਾਡਲ ਜਾਂ ਰਾਹ' ਦੀ ਨਿਸ਼ਾਨਦੇਹੀ ਕਰ ਸਕਦੇ ਹਾਂ, ਜਿਸਦੀ ਤੁਲਨਾ 'ਛੱਤੀਸਗੜ੍ਹ ਮਾਡਲ ਜਾਂ ਰਾਹ' ਨਾਲ ਕੀਤੀ ਜਾ ਸਕਦੀ ਹੈ। ਇੱਥੇ 'ਮਾਡਲਾਂ' ਦੇ ਰੂਪ 'ਚ ਚਰਚਾ ਕਰਨ ਦੀਆਂ ਕਈ ਸਮੱਸਿਆਵਾਂ ਹਨ। ਅਤੇ ਹੁਣ ਖ਼ਾਸ ਇਲਾਕਿਆਂ ਅੰਦਰ ਲਹਿਰ ਦੀਆਂ ਵਿਸ਼ੇਸ਼ਤਾਵਾਂ ਨੂੰ ਵੀ ਲਾਜ਼ਮੀ ਆਤਮਸਾਤ ਕਰਨਾ ਹੋਵੇਗਾ ਤਾਂ ਜੋ ਅਸੀਂ ਸਾਰੇ ਤਜ਼ਰਬਿਆਂ ਅਤੇ ਰੂਪਾਂ ਨੂੰ ਇੱਕੋ ਰੱਸੇ ਨਾ ਬੰਨ੍ਹਦੇ ਰਹੀਏ। ਨਹੀਂ ਤਾਂ, ਅਸੀਂ ਕੁਝ ਨਵਾਂ ਨਹੀਂ ਸਿੱਖ ਰਹੇ ਹੋਵਾਂਗੇ, ਅਭਿਆਸ ਤੋਂ ਨਵਾਂ ਸਿੱਖਕੇ ਇਸ ਦਾ ਸੰਸਲੇਸ਼ਣ ਨਹੀਂ ਕਰ ਰਹੇ ਹੋਵਾਂਗੇ ਸਗੋਂ ਘੜੇ-ਘੜਾਏ ਗੁਰ ਦੀ ਅਨੰਤ ਘੁੰਮਣਘੇਰੀ'ਚ ਫਸੇ ਰਹਾਂਗੇ। ਇਸ ਪੱਖੋਂ ਕਿਸ਼ਨਜੀ ਦੀ ਸਿਰਕੱਢ ਥਾਂ ਹੈ। ਅਸੀਂ ਨਹੀਂ ਜਾਣਦੇ ਕਿ ਉਸਨੇ ਵੀ ਜੰਗਲਮਹੱਲ ਦੇ ਮਾਡਲ ਅੰਦਰ (ਹੁਨਾਨ ਰਿਪੋਰਟ ਵਾਂਗ) ਲਹਿਰ ਦੀ ਵਿਸ਼ੇਸ਼ਤਾ ਬਾਰੇ ਸੁਚੇਤ ਗੁਰਬੰਦੀਆਂ ਘੜੀਆਂ ਜਾਂ ਨਹੀਂ ਪਰ ਉਸ ਦਾ ਠੋਸ ਅਭਿਆਸ ਸ਼ਾਨਦਾਰ ਢੰਗ ਨਾਲ ਜਗਮਗਾ ਰਿਹਾ ਹੈ।

ਸਤੰਬਰ ਮਹੀਨੇ ਹੀ,ਵਰਵਰਾ ਰਾਓ,ਮੈਂ ਅਤੇ ਕਲਕੱਤੇ ਦੇ ਸਾਥੀਆਂ ਨੇ 'ਤੱਥਾਂ ਦੀ ਜਾਂਚ ਕਰਨ ਲਈ' (ਬਿਹਤਰ ਲਫਜ਼ ਦੀ ਅਣਹੋਂਦ 'ਚ) ਜੰਗਲਮਹੱਲ ਦਾ ਦੌਰਾ ਕੀਤਾ ਸੀ। ਅਸੀਂ ਕਿਸ਼ਨਜੀ ਨੂੰ ਮਿਲ ਨਹੀਂ ਸਕੇ ਪਰ ਅਸੀਂ ਸੁਰੱਖਿਆ ਤਾਕਤਾਂ ਅਤੇ ਨਿੱਜੀ ਸੈਨਾਵਾਂ (ਭੈਰਵ ਵਾਹਨੀ) ਵਲੋਂ ਢਾਹੇ ਜ਼ੁਲਮ ਜ਼ਰੂਰ ਤੱਕੇ। ਮੈਨੂੰ ਝਾਰਗ੍ਰਾਮ ਕਸਬੇ ਤੋਂ ਦੂਰ ਧੁਰ ਜੰਗਲ ਦੇ ਇਕ ਪਿੰਡ ਦੇ ਇਕ ਚੜ੍ਹਦੀ ਉਮਰ ਦੇ ਆਦਿਵਾਸੀ ਸਾਥੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੋ ਹਥਿਆਰਬੰਦ ਦਸਤੇ ਦਾ ਮੈਂਬਰ ਸੀ। ਮੈਂ ਉਸਨੂੰ ਪੁੱਛਿਆ ਕੀ ਉਹ ਕਿਸ਼ਨਜੀ ਨੂੰ ਮਿਲਿਆ ਸੀ। ਉਸਨੇ ਹਾਂ 'ਚ ਜਵਾਬ ਦਿੱਤਾ। ਫੇਰ ਉਸਨੇ ਕਿਹਾ ਕਿ ਕਿਸ਼ਨਜੀ ਜੋ ਮੀਟਿੰਗਾਂ 'ਚ ਬੋਲਦਾ ਹੈ ਉਸਦੇ ਸਾਰਾ ਕੁਝ ਪੱਲੇ ਨਹੀਂ ਪੈ ਸਕਦਾ। ਫੇਰ ਮੈਂ ਉਸਨੂੰ ਪੁੱਛਿਆ ਕੀ ਉਸਨੇ ਕਿਸ਼ਨਜੀ ਤੋਂ ਮਾਰਕਸਵਾਦ ਬਾਰੇ ਵੀ ਸੁਣਿਆ (ਮੇਰੀ ਇਸ ਵਿਚ ਦਿਲਚਸਪੀ ਸੀ)। 'ਹਾਂ ਕਿਸ਼ਨਜੀ ਮਾਰਕਸਵਾਦ ਦੀ ਗੱਲ ਕਰਦਾ ਹੈ ਪਰ ਮੈਨੂੰ ਸਮਝਣ 'ਚ ਬਹੁਤ ਮੁਸ਼ਕਲ ਆਉਂਦੀ ਹੈ।' ਫੇਰ ਮੈਂ ਉਸਨੂੰ ਪੁੱਛਿਆ ਉਸਨੂੰ ਮਾਰਕਸਵਾਦ ਬਾਰੇ ਕੀ ਸਮਝ ਪਿਆ? ਮੈਂ ਮਹਿਸੂਸ ਕੀਤਾ ਉਹ ਫਸ ਗਿਆ ਸੀ ਪਰ ਕੁਝ ਸੋਚਕੇ ਉਸਨੇ ਜਵਾਬ ਦਿੱਤਾ: ਇਹ ਬਹੁਤ ਵਧੀਆ ਚੀਜ਼ ਹੈ ਪਰ ਕੁਝ ਲੋਕਾਂ ਨੇ ਇਸ ਦਾ ਨਾਸ ਮਾਰ ਦਿੱਤਾ ਹੈ ਅਤੇ ਇਸਨੂੰ ਤੋੜ-ਮਰੋੜ ਦਿੱਤਾ ਹੈ। 'ਅਸੀਂ ਛਾਪਾਮਾਰ ਅਜਿਹੇ ਲੋਕਾਂ ਨਾਲ ਲੜ ਰਹੇ ਹਾਂ।'

ਕਿਸ਼ਨਜੀ ਵਰਗੇ ਲੋਕ ਮਾਰਕਸਵਾਦ ਨੂੰ ਜਨਤਾ
'ਚ ਲੈਕੇ ਗਏ ਹਨ ਜਦੋਂ ਤੁਰੰਤ ਅਜਿਹਾ ਕਰਨ ਦਾ ਅਰਥ ਹੈ 'ਜਥੇਬੰਦ ਕਰਨਾ', ਵਿਉਂਤਬੰਦੀ ਕਰਨਾ, ਰਣਨੀਤੀ ਬਣਾਉਣਾ, ਘੋਲ ਨੂੰ ਅੱਗੇ ਵਧਾਉਣਾ ਅਤੇ ਆਪਣੇ ਆਪ ਨੂੰ ਗੋਲੀਆਂ ਮੂਹਰੇ ਖੜ੍ਹਾ ਕਰਨਾ। ਕਿਸ਼ਨਜੀ ਦੀ ਦਲੇਰੀ ਉੱਤਰ-ਆਧੁਨਿਕ ਤਰਜ਼ 'ਤੇ 'ਸੱਤਾ ਨੂੰ ਸੱਚ ਨਾ ਸੁਣਾਉਣ' ਵਿਚੋਂ ਨਹੀਂ ਸਗੋਂ ਸੱਤਾ ਦੀ ਹਿੰਸਾ, ਜਿਸ ਦਾ ਸ਼ਿਕਾਰ ਸਾਡੇ ਬੰਦੇ ਹੁੰਦੇ ਹਨ, ਸਮੇਤ ਇਸ ਦੇ ਝੂਠ ਅਤੇ ਕੂੜ ਦਾ ਪਾਜ ਉਘਾੜਦਿਆਂ ਇਸਦਾ ਜਮਹੂਰੀ ਬੁਰਕਾ ਲੀਰੋਲੀਰ ਕਰਨ 'ਚੋਂ ਉੱਭਰਦੀ ਹੈ।ਮੈਨੂੰ ਇਹ ਕੁਝ ਬੁਝਾਰ ਲਗਦੀ ਹੈ ਕਿ ਕੈਮਰੇ ਅੱਗੇ ਜਾਂਦਿਆਂ ਵੀ ਕਿਸ਼ਨਜੀ ਨੇ ਕਦੇ ਬੰਦੂਕ ਮੋਢਿਓਂ ਕਿਓਂ ਨਹੀਂ ਲਾਹੀ—ਕੋਈ ਵੀ ਇਸਨੂੰ ਉੱਘੜਵੇਂ ਰੂਪ 'ਚ ਦੇਖ ਸਕਦਾ ਹੈ ਅਤੇ ਇਸ ਲਈ ਸਪਸ਼ਟ ਹੈ ਕਿ ਉਹ ਜਮਹੂਰੀ, ਸ਼ਾਂਤਮਈ ਵਗੈਰਾ ਹੋਣ ਦਾ ਜਮਹੂਰੀ ਪੱਤਾ ਖੇਡ੍ਹਣ ਦੀ ਪ੍ਰਵਾਹ ਨਹੀਂ ਕਰਦਾ। ਉਹ ਬੰਦੂਕ ਦੀ ਕੋਈ ਗੱਲ ਨਹੀਂ ਕਰਦਾ, ਹਿੰਸਾ ਦੇ ਗੁਣ ਨਹੀਂ ਗਾਉਂਦਾ, ਜਿਵੇਂ ਕੁਝ ਲੋਕ ਕਰੁਣਾਮਈ ਰੂਪ 'ਚਆਸ ਕਰਨਗੇ। ਇਸਦੀ ਥਾਂ ਉਹ ਸੱਚੀ ਜਮਹੂਰੀਅਤ ਅਤੇ ਲੋਕਾਂ ਦੇ ਹੱਥ ਸੱਤਾ ਲਈ ਪੂਰੇ ਤਹੱਮਲ ਨਾਲ ਲੜਾਈ ਲੜਨ ਦੀ ਗੱਲ ਕਰਦਾ ਹੈ।  http://www.ndtv.com/article/india/who-is-kishenji-152927 ).

ਇਸ ਲਈ ਜਦੋਂ ਉਹ ਆਪਣੇ ਹੀ ਖ਼ੇਮੇ ਅੰਦਰ ਉਤਸੁਕ ਪੱਤਰਕਾਰਾਂ 'ਚ ਘਿਰਿਆ ਹੁੰਦਾ ਹੈ, ਉਸਦੇ ਮੋਢੇ ਬੰਦੂਕ ਐਨੀ ਪ੍ਰਤੱਖ ਟੰਗੀ ਹੋਈ ਕਿਉਂ ਹੁੰਦੀ ਸੀ? ਇਸਦਾ ਭਾਵ ਸਿਰਫ਼ ਇਹ ਹੋ ਸਕਦਾ ਹੈ ਕਿ ਉਹ ਉਦਾਰਵਾਦੀ ਬੁਰਜ਼ੂਆ ਆਗੂਆਂ ਵਾਂਗ ਅਹਿੰਸਕ ਅਤੇ ਜਮਹੂਰੀ ਹੋਣ ਦਾ ਢੌਂਗ ਨਹੀਂ ਸੀ ਰਚਦਾ,ਹਾਲਾਂਕਿ ਉਹ ਵੱਡੀਆਂ ਵੱਡੀਆਂ ਫ਼ੌਜਾਂ ਦੇ ਮੁਖੀ ਹੁੰਦੇ ਹਨ ਅਤੇ ਇਸ ਤੱਥ ਨੂੰ ਉਹ ਛੁਪਾਉਂਦੇ ਹਨ। ਇੱਥੇ ਅਸੀਂ ਸਿਰਫ਼ ਮਾਰਕਸਵਾਦ ਬਾਰੇ ਇਕ ਅਹਿਮ ਸੋਚ-ਵਿਚਾਰ ਹੀ ਕਰ ਰਹੇ ਹਾਂ—ਕਿ ਸੱਤਾ ਦਾ ਸਵਾਲ ਲਾਜ਼ਮੀ ਤੌਰ 'ਤੇ ਸਾਹਮਣੇ ਰਹਿਣਾ ਚਾਹੀਦਾ ਹੈ, ਇਸ ਕਰਕੇ ਇਹ ਚਤੁਰ ਚਲਾਕੀਆਂ ਕਰਨ ਦੀ ਕੋਈ ਵਜਾ੍ਹ ਨਹੀਂ ਹੈ ਕਿ ਸਮਾਜ 'ਚ ਕੋਈ ਸੱਤਾ, ਕੋਈ ਜਮਾਤੀ ਸੱਤਾ, ਕੋਈ ਹਥਿਆਰਬੰਦ ਸੱਤਾ ਨਹੀਂ ਹੁੰਦੀ, ਕਿ ਇਹ ਸਿਰਫ਼ ਜਮਹੂਰੀਅਤ ਹੁੰਦੀ ਹੈ ਅਤੇ ਖੁੱਲ੍ਹਾ ਮੁਕਾਬਲਾ ਹੁੰਦਾ ਹੈ ਆਦਿ। ਇਹੀ ਕਾਰਨ ਹੈ ਕਿ ਲੈਨਿਨ ਕਹੇਗਾ ਕਿ ਸਮਾਜਵਾਦ ਇਕ ਬਿਹਤਰ ਜਾਂ ਸੱਚੀ ਰੈਡੀਕਲ ਜਮਹੂਰੀਅਤ (ਇਹ ਸਾਰਿਆਂ ਨੂੰ ਸਤਿਕਾਰਤ ਅਤੇ ਮੰਨਣਯੋਗ ਲੱਗਣਾ ਸੀ) ਨਹੀਂ ਹੈ ਸਗੋਂ ਇਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਹੈ—ਇਹ ਕਹਿਣਾ ਵੱਧ ਈਮਾਨਦਾਰੀ ਹੈ ਕਿ ਇੱਥੇ ਹਰ ਕਿਸੇ ਲਈ ਜਮਹੂਰੀਅਤ ਹੁੰਦੀ ਹੈ ਹਾਲਾਂਕਿ ਇਹ ਸੱਚੀਓਂ ਜਮਾਤੀ ਤਾਨਾਸ਼ਾਹੀ ਹੈ। ਜੇ ਤੁਸੀਂ ਕਿਸ਼ਨਜੀ ਦੀ ਬੰਦੂਕ ਕਰਕੇ ਉਸਦੀ ਤਹਿ ਦਿਲੋਂ ਹਮਾਇਤ ਕਰਨ 'ਚ ਕਿਸੇ ਤਰ੍ਹਾਂ ਦੀ ਬੇਅਰਾਮੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਮਾਰਕਸਵਾਦ ਦੀ ਅਹਿਮ ਜਾਣਕਾਰੀ ਹਾਸਲ ਕਰਨ 'ਚ ਵੀ ਬੇਅਰਾਮ ਹੋ ਸਕਦੇ ਹੋ—ਉਹ ਸਾਡੇ ਉੱਪਰ ਇਹ ਦੂਹਰੀ ਬੰਦਸ਼ ਲਾਉਂਦਾ ਹੈ।

ਕਿਸ਼ਨਜੀ 'ਹਵਾ ਵਿਚ ਉਡਣ ਵਾਲਾ' ਬੰਦਾ ਨਹੀਂ ਸੀ ਸਗੋਂ ਬਾਬ ਡਿਲਨh ਦੇ ਗੀਤ ਦੇ ਕਿਰਦਾਰ ਵਰਗਾ ਸੀ। ਉਹ 'ਉਸ ਘੜੀ ਮੌਜੂਦ' ਬੰਦਾ ਸੀ 'ਜਦੋਂ ਤਬਦੀਲੀ ਆਉਂਦੀ ਹੈ', ਜਿਸਨੇ ਇਹ ਲਾਜ਼ਮੀ ਕਲਪਨਾ ਕੀਤੀ ਹੋਵੇਗੀ ਕਿ ਉਹ ਇਹ ਮਹਾਨ ਘੜੀ ਲਿਆਉਣ ਲਈ ਲੜ ਰਿਹਾ ਹੈ, ਸ਼ਾਇਦ ਜਦੋਂ 'ਜਵਾਬ

ਹਵਾ 'ਚ ਉਡਣਾ ਨਹੀਂ ਹੋ ਸਕਦਾ':
ਕਿਉਂਕਿ ਰਾਤ ਨੂੰ ਟੁੱਟਣਗੀਆਂ
ਸਮੁੰਦਰ ਦੀਆਂ ਜ਼ੰਜੀਰਾਂ
ਅਤੇ ਸਮੁੰਦਰ 'ਚ ਡੂੰਘੀਆਂ ਦਫ਼ਨਾ ਦਿੱਤੀਆਂ ਜਾਣਗੀਆਂ।

ਵੈਰੀਆਂ ਦੀ ਜਾਗ ਖੁੱਲ੍ਹ ਜਾਵੇਗੀ
ਅੱਖਾਂ ਉਨੀਂਦਰੇ ਦੀਆਂ ਭੰਨੀਆਂ ਹੋਣਗੀਆਂ
ਤੇ ਉਹ ਬਿਸਤਰਿਆਂ 'ਚੋਂ ਛਾਲਾਂ ਮਾਰਕੇ ਭੱਜ ਉੱਠਣਗੇ
ਤੇ ਸੋਚਦੇ ਹੋਣਗੇ ਕਿ ਸ਼ਾਇਦ ਉਹ ਖ਼ਵਾਬ ਦੇਖ ਰਹੇ ਹਨ
ਪਰ ਉਹ ਆਪਣੇ ਚੂੰਢੀਆਂ ਵੱਢਕੇ ਦੇਖਣਗੇ ਅਤੇ ਚੀਕਾਂ ਮਾਰਨਗੇ
ਅਤੇ ਜਾਣ ਜਾਣਗੇ ਕਿ ਇਹ ਸੱਚ ਹੈ
ਜਦੋਂ ਤਬਦੀਲੀ ਦੀ ਘੜੀ ਆਉਂਦੀ ਹੈ

ਫਿਰ ਉਹ ਆਪਣੇ ਹੱਥ ਖੜ੍ਹੇ ਕਰ ਲੈਣਗੇ
ਤੇ ਕਹਿਣਗੇ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਵਾਂਗੇ
ਪਰ ਅਸੀਂ ਧਨੁਸ਼ ਦੇ ਪਿੱਛਿਓਂ ਲਲਕਾਰਾਂਗੇ 'ਤੁਹਾਡੇ ਦਿਨ ਪੁੱਗ ਚੁੱਕੇ ਹਨ'।

ਪ੍ਰਸਿੱਧ ਅਮਰੀਕੀ ਗੀਤਕਾਰ-ਗਾਇਕ, ਚਿੱਤਰਕਾਰ ਅਤੇ ਫਿਲਮ ਨਿਰਦੇਸ਼ਕ, ਜੋ ਲੋਕ ਸੰਗੀਤ ਅਤੇ ਸੱਭਿਆਚਾਰ ਦੇ
ਖੇਤਰ ਦੀ ਪ੍ਰਭਾਵਸ਼ਾਲੀ ਵੱਕਾਰੀ ਹਸਤੀ ਹੈ।

ਲੇਖਕ ਸਰੋਜ ਗਿਰੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਰਾਜਨੀਤੀ ਵਿਭਾਗ ਦੇ ਵਿਦਿਆਰਥੀ ਰਹੇ ਹਨ ਤੇ ਅੱਜਕਲ੍ਹ ਦਿੱਲੀ ਯੂਨੀਵਰਸਿਟੀ 'ਚ ਰਾਜਨੀਤੀ ਵਿਗਿਆਨ ਦੇ ਅਧਿਆਪਕ ਹਨ।


ਅੰਗਰੇਜੀ ਮੂਲ : http://sanhati.com/articles/4377/

ਪੰਜਾਬੀ ਤਰਜਮਾ-ਬੂਟਾ ਸਿੰਘ

Thursday, December 15, 2011

ਹਫ਼ਤਾਵਾਰੀ ਸਿਆਸੀ ਤਾਪਮਾਨ:ਸ਼ੁਰੂ ਹੈ ਮੌਸਮ ਦਲ-ਬਦਲੀ ਦਾ

ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਦਲਬਦਲੀਆਂ ਦਾ ਸਿਲਸਿਲਾ ਉਲਟੇ ਸਿਰੇ ਤੋਂ ਵੀ ਸ਼ੁਰੂ ਹੋ ਗਿਐਨਵੰਬਰ ਅਤੇ ਦਸ ੰਬਰ ਮਹੀਨੇ ਵਿਚ ਕਾਂਗਰਸੀ ਅਤੇ ਮਨਪ੍ਰੀਤ ਬਾਦਲ ਦੇ ਸਾਥੀਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਸੁਰਖ਼ੀਆਂ ਸਨ।ਬਲਵੰਤ ਸਿੰਘ ਰਾਮੂਵਾਲੀਆ ਦੀ ਦਲਬਦਲੀ ਅਤੇ ਲੋਕ ਭਲਾਈ ਪਾਰਟੀ ਦਾ ਭੋਗ ਪਾਉਣਾ ਵੱਡੀ ਸਿਆਸੀ ਘਟਨਾ ਸੀ।ਅਕਾਲੀ ਦਲ ਦਾ ਇਹ ਵੱਡਾ ਕੈਚ ਸੀ।ਅਕਾਲੀ -ਭਾਜਪਾ ਗਠਜੋੜ ਦੀ ਚੋਣ ਮੁਹਿੰਮ ਲਈ ਉਹ ਇਕ ਗਹਿਣਾ ਸਾਬਤ ਹੋ ਰਿਹੈ।ਉਸਨੂੰ ਅਕਾਲੀ ਮੁਹਾਵਰਾ ਵੀ ਆਉਂਦੈ ਅਤੇ ਸਟੇਜੀ ਕਲਾਕਾਰੀ ਦਾ ਵੀ ਉਹ ਮਾਹਰ ਐ।ਜਿਹੜੀਆਂ ਸਟੇਜਾਂ ਤੋਂ ਉਹ ਅਕਾਲੀ ਨੇਤਾਵਾਂ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪੋਤੜੇ ਫਰੋਲਣ ਤਕ ਜਾਂਦਾ ਸੀ, ਹੁਣ ਉਥੇ ਖੜ੍ਹੇ ਕੇ ਕੇ ਉਹ ਇਕ ਆਲ੍ਹਾ ਦਰਜੇ ਦੇ ਦਰਬਾਰੀ ਦਾ ਰੋਲ ਨਿਭਾ ਰਿਹੈ।ਭਾਵੇਂ ਕਿਸੇ ਦੀ ਨਿੰਦਾ ਕਰਨੀ ਹੈ ਤੇ ਭਾਵੇਂ ਕਿਸੇ ਦੀ ਚਾਪਲੂਸੀ,ਰਾਮੂਵਾਲੀਏ ਦੀ ਸ਼ਬਦ ਚੋਣ ਅਤੇ ਵਾਕ -ਗੋਂਦ ਕਮਾਲ ਦੀ ਹੁੰਦੀ ਐ।ਹਰ ਚੋਣ ਜਲਸੇ ਵਿਚ ਉਹ ਬਾਦਲ ਜਾਂ ਸੁਖਬੀਰ ਦੇ ਨਾਲ ਜੁੜ ਕੇ ਬੈਠਾ ਹੁੰਦੈ।ਕੁਝ ਇੱਕ ਸੀਨੀਅਰ ਰਵਾਇਤੀ ਆਗੂ ਅੰਦਰੋਂ ਅੰਦਰੀ ਇਸ ਗੱਲ 'ਤੇ ਅੱਚਵੀ ਜਿਹੀ ਵੀ ਮਹਿਸੂਸ ਕਰਨ ਲੱਗੇ ਨੇ।

ਰਾਮੂਵਾਲੀਏ ਦੀ ਇਹ ਸਿਫ਼ਤ ਹੈ ਕਿ ਉਹ ਆਪਣੀ ਮੌਕਪਰਸਤੀ ਨੂੰ ਲੁਕੋਂਦਾ ਵੀ ਨਹੀਂ ।ਪਿਛਲੇ ਹਫ਼ਤੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਕਰਵਾਏ ਚੋਂ ਜਲਸੇ ਵਿਚ ਰਾਮੂਵਾਲੀਆ ਨੇ ਸਪਸ਼ ਕਿਹਾ ।''ਮੈਂ ਬਹੁਤ ਸੋਚ ਸਮਝ ਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ ਹਾਂ। ਮੈਂ ਤਾਂ ਗਿਣਤੀ- ਮਿਣਤੀ ਅਤੇ ਹਿਸਾਬ ਕਿਤਾਬ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ।ਮੈਂ ਖੱਬਾ ਪੈਰ ਚੁੱਕ ਕੇ ਉਨ੍ਹਾਂ ਚਿਰ ਸੱਜਾ ਪੈਰ ਅੱਗੇ ਨਹੀਂ ਰੱਖਦਾ ਜਿਨ੍ਹਾਂ ਚਿਰ ਮੈਨੂੰ ਕੋਈ ਫ਼ਾਇਦਾ ਨਾ ਦਿੱਸਦਾ ਹੋਵੇ।ਯਕੀਨ ਮੰਨੋ, ਅਕਾਲੀ ਸੱਚੀਂ -ਮੁੱਚੀਂ ਸਰਕਾਰ'ਚ ਵਾਪਸ ਆ ਰਹੇ ਨੇ ।ਮੈਂ ਇਸੇ ਕਰਕੇ ਏਧਰ ਸ਼ਾਮਲ ਹੋਇਆਂ ਹਾਂ।''

ਸਚਮੁੱਚ ਹੀ ਰਾਮੂਵਾਲੀਆ ਸਾਹਿਬ ਨੂੰ ਬਹੁਪੱਖੀ ਲਾਭ ਹੋਇਆ ਹੈ।ਰਾਜਭਾਗ ਵਿੱਚ ਪੂਰੀ ਸੱਦਪੁੱਛ ਹੋਵੇਗੀ।ਟਿਕਟਾਂ, ਅਹੁਦੇ ਤੇ ਝੰਡੀ ਲੱਗਣ ਦੀ ਮੁੜ ਆਸ ਬੱਝ ਗਈ ਹੈ॥ਜਿਨ੍ਹਾਂ ਕਾਮਰੇਡਾਂ ਦੇ ਸਿਰ ਤੇ ਰਾਮੂਵਾਲੀਆ ਹੋਰੀਂ, ਰਾਜ ਸੱਤਾ ਦੀਆਂ ਪੌੜੀਆਂ ਚੜ੍ਹੇ ਅਤੇ ਰਾਜ ਭਾਗ ਦਾ ਆਨੰਦ ਮਾਣਿਆ , ਉਹ ਦੇਖਦੇ ਹੀ ਰਹਿ ਗਏ ਨੇ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਰੂਹ ਪਤਾ ਕਿਵੇਂ ਮਹਿਸੂਸ ਕਰਦੀ ਹੋਊ ,ਇਹ ਨਹੀਂ ਪਤਾ ਪਰ ਉਹ ਖ਼ੁਦ ਵੀ ਜੋੜ- ਤੋੜ ਦੀ ਰਾਜਨੀਤੀ ਹੀ ਕਰਦੇ ਰਹੇ ਸਨ।

ਰਾਮੂਵਾਲੀਆ ਲਈ ਇੱਕ ਲਾਹਾ, ਉਨ੍ਹਾ ਦੇ ਪਰਿਵਾਰ ਵਿਚ ਜੱਦੀ ਜਾਇਦਾਦ ਦੀ ਵੰਡ ਸਬੰਧੀ ਚਲਦੀ ਭਰਾ-ਢਾਹੂ ਲੜਾਈ ਪੱਖੋਂ ਵੀ ਹੋਇਆ ਹੈ।ਇਕਬਾਲ ਰਾਮੂਵਾਲੀਆ ਦੀ ਆਵਾਜ਼ ਦਾ ਅਸਰ ਹੁਣ ਬਲਵੰਤ ਰਾਮੂਵਾਲੀਆ ਦੁਆਲੇ ਚੜ੍ਹੇ ਸਰਕਾਰੀ ਕਵਚ 'ਤੇ ਹੋਣਾ ਮੁਸ਼ਕਲ ਲਗਦੈ।
ਮੌਕਾਪ੍ਰਸਤੀ ਦੀ ਕਮਾਲ

ਲੰਘੇ ਹਫ਼ਤੇ ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਇਲਾਕੇ ਦੇ ਧਨਾਢ ਟਰਾਂਸਪੋਰਟਰ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਚੰਦੂਰਾਈਆਂ ਅਕਾਲੀ ਦਲ ਛੱਡ ਕੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਿਚ ਸ਼ਾਮਲ ਹੋ ਗਏ ਨੇ।ਮੌਕਾਪ੍ਰਸਤੀ ਦੀ ਕਮਾਲ ਦੀ ਮਿਸਾਲ। ਉਹ ਟਿਕਟ ਦੇ ਦਾਅਵੇਦਾਰ ਸਨ। ਟਿਕਟ ਦੀ ਥਾਂ ਉਸਨੂੰ ਇੱਕ ਇੱਕ ਸਰਕਾਰੀ ਅਤੇ ਸੰਵਿਧਾਨਕ ਅਹੁਦਾ ਦੇਣ ਦੀ ਪੇਸ਼ਕਸ਼ ਹੋਈ ।ਡੇਢ ਕੁ ਹਫ਼ਤਾ ਪਹਿਲਾਂ ਹੀ ਉਸ ਦਾ ਨਾਂ ਬਾਦਲ ਸਰਕਾਰ ਵੱਲੋਂ ਸੂਚਨਾ ਕਮਿਸ਼ਨਰ ਲਾਉਣ ਲਈ ਰਾਜਪਾਲ ਪੰਜਾਬ ਨੂੰ ਭੇਜਿਆ ਸੀ।ਹਾਈ ਕੋਰਟ ਨੇ ਇਸ'ਤੇ ਰੋਕ ਲਾ ਦਿੱਤੀ। ਨਤੀਜਾ ਸਾਹਮਣੇ ਹੈ। ਚੰਦੂਅਰਾਈਆਂ ਪਹਿਲਾਂ ਵੀ ਮਲੇਰਕੋਟਲੇ ਤੋਂ ਦੋ ਵਾਰ ਆਜ਼ਾਦ ਚੋਣ ਲੜ ਕੇ ਅਕਾਲੀ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣ ਚੁੱਕੇ ਹਨ। ਹੁਣ ਉਹ ਮਨਪ੍ਰੀਤ ਵਾਲੇ ਸਾਂਝੇ ਮੋਰਚੇ ਦੇ ਉਮੀਦਵਾਰ ਹੋਣਗੇ।ਅਕਾਲੀ ਦਲ ਅਤੇ ਕਾਂਗਰਸ ਦੋਹਾਂ ਲਈ ਮਲੇਰਕੋਟਲਾ ਅਤੇ ਅਮਰਗੜ੍ਹ ਦੋਹਾਂ ਹਲਕਿਆਂ ਵਿਚ ਮੁਸ਼ਕਲਾਂ ਖੜ੍ਹੀਆਂ ਕਰਨਗੇ।ਇਸੇ ਤਰ੍ਹਾਂ ਯੂਥ ਅਕਾਲੀ ਵਿੰਗ ਦੇ ਪ੍ਰਧਾਨ ਬਿਕਰਮ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਨੇ।ਕੱਲ੍ਹ ਤੱਕ ਉਹ ਮਜੀਠੀਆ ਦੇ ਖ਼ਾਸਮ ਖ਼ਾਸ ਸਨ। ਹੇਠਲੇ ਪੱਧਰ ਤੇ ਵੀ ਦਲ-ਬਦਲੀ ਦਾ ਕਾਰੋਬਾਰ ਵੀ ਸ਼ੁਰੂ ਹੈ। ਅਜੇ ਟਿਕਟਾਂ ਦੀ ਵੰਡ ਹੋਣੀ ਹੈ।ਜਿਨ੍ਹਾਂ ਨੂੰ ਟਿਕਟਾਂ ਨਾ ਮਿਲੀਆਂ, ਉਨ੍ਹਾ ਵਿੱਚੋਂ ਬਹੁਤ ਸਾਰੇ ਦਲ-ਬਦਲੀ ਦੇ ਨਵੇਂ ਦਰ ਖੋਲ੍ਹਣਗੇ।ਕੋਈ ਵਿਚਾਰਧਾਰਾ , ਕੋਈ ਮਿਸ਼ਨ, ਕੋਈ ਨੀਤੀ, ਕੋਈ ਸਿਧਾਂਤ ਜਾਂ ਕੋਈ ਅਸੂਲ ਤੇ ਨਾ ਹੀ ਕੋਈ ਨੈਤਿਕਤਾ,ਇਸ ਦਲਬਦਲੀ ਵਿੱਚ ਅੜਿੱਕਾ ਬਣੇਗੀ।ਤੇ ਦਲਬਦਲੀ ਵਿਰੋਧੀ ਕਾਨੂੰਨ ਤਾਂ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।

ਇਸ ਵਾਰ ਇੱਕ ਨਵਾਂ ਵਰਤਾਰਾ ਮਨਪ੍ਰੀਤ ਬਾਦਲ ਦੀ ਅਗਵਾਈ ਹੇਠਲਾ ਸਾਂਝਾ ਮੋਰਚਾ ਹੈ।ਬਾਦਲ ਪਰਿਵਾਰ ਦਾ ਇੱਕ ਹਿੱਸਾ ਪਹਿਲੀ ਇੱਕ ਤੀਜੇ ਸਿਆਸੀ ਮੰਚ ਦਾ ਮੋਹਰੀ ਹੈ।ਇਸ ਲਈ ਇਹ ਸਵਾਲ ਅਜੇ ਖੜ੍ਹਾ ਹੈ ਦਲਬਦਲੀਆਂ ਦਾ ਕਿੰਨਾ ਗੱਫਾ ਪੀਪਲਜ਼ ਪਾਰਟੀ ਦੇ ਹਿੱਸੇ ਆਏਗਾ। ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿਚ ਇਹ ਵਰਤਾਰਾ ਦੇਖਣ ਨੂੰ ਮਿਲ ਰਹੈ ਕਿ ਪਿੰਡਾਂ ਵਿਚ ਮਨਪ੍ਰੀਤ ਦੇ ਨਾਂ ਤੇ ਇੱਕ ਤੀਜਾ ਧੜਾ ਖੜ੍ਹਾ ਹੋ ਗਿਐ ਜੋ ਕਿ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ।ਪਰ ਇਹ ਪੱਕਾ ਪਤਾ ਹੈ ਇਸ ਵਾਰ ਦਲਬਦਲੀਆਂ ਹੋਣਗੀਆਂ ਥੋਕ ਵਿਚ।

ਤੇ ਗੱਲ ਕਰੀਏ ਲੋਕਾਂ ਦੀ , ਵੋਟਰਾਂ ਦੀ, ਉਹ ਇਸ ਵਰਤਾਰੇ ਦੇ ਆਦੀ ਹੋ ਰਹੇ ਨੇ।ਬਜ਼ਾਰਮੁਖੀ ਤੇ ਖਪਤਕਾਰ ਰੁਚੀਆਂ ਸਰਵਿਆਪੀ ਹੋ ਰਹੀਆਂ ਨੇ

ਬਲਜੀਤ ਬੱਲੀ

Wednesday, December 14, 2011

ਸ਼ਹੀਦਾਂ ਦੇ ਬੁੱਤ ਲਾਉਂਦੇ ਨੇ ਪੁੱਤ ਦਿਹਾੜੀ ਕਰ ਕਰ ਕੇ..

ਵਿਧਵਾ ਮਾਂ ਰੂਪ ਕੌਰ ਕੋਲ ਹੁਣ ਇੱਕੋ ਯਾਦ ਬਚੀ ਹੈ। ਸ਼ਹੀਦ ਪਤੀ ਦੀ ਆਖਰੀ ਚਿੱਠੀ ਤੇ ਫੌਜੀ ਵਰਦੀ। ਉਂਝ ਤਾਂ ਰਾਸ਼ਟਰਪਤੀ ਵਲੋਂ ਦਿੱਤੇ ਮੈਡਲ ਵੀ ਹਨ। ਕਾਸ਼ ! ਮੈਡਲ ਰੋਟੀ ਬਣ ਜਾਂਦੇ ਤਾਂ ਇਸ ਵਿਧਵਾ ਨੂੰ ਧਰਵਾਸ ਬੱਝ ਜਾਂਦਾ। ਨੇਤਾ ਆਪਣੇ ਬਣ ਜਾਂਦੇ,ਕੋਈ ਗਿਲਾ ਨਹੀਂ ਹੋਣਾ ਸੀ। ਸੈਨਿਕ ਪ੍ਰਸ਼ਾਸਨ ਬਾਂਹ ਫੜ ਲੈਂਦਾ ਤਾਂ ਦੁੱਖ ਭੁੱਲ ਜਾਂਦੇ। ਕਿਧਰੋਂ ਵੀ ਕੋਈ ਠੰਢਾ ਬੁੱਲਾ ਨਾ ਆਇਆ। ਵਖਤਾਂ ਦੇ ਵਾ ਵਰੋਲੇ ਪੈਰ ਪੈਰ 'ਤੇ ਪ੍ਰੀਖਿਆ ਲੈਂਦੇ ਰਹੇ। ਸ਼ਹੀਦੀ ਦਾ ਮਾਣ ਵੀ ਵੱਡਾ ਹੈ ਜੋ ਵਿਧਵਾ ਮਾਂ ਦੇ ਪੈਰ ਉਖੜਨ ਨਹੀਂ ਦਿੰਦਾ। ਜਾਂ ਫਿਰ ਸ਼ਹੀਦ ਪਤੀ ਦਾ ਇੱਕੋ ਬੁੱਤ ਹੈ। ਜਿਸ ਚੋਂ ਉਹ ਜ਼ਿੰਦਗੀ ਦੇਖਦੀ ਹੈ।ਤਾਬੂਤਾਂ ਚੋਂ ਵੱਢੀ ਖਾਣ ਵਾਲੇ ਤਾਂ ਹੁਣ ਇਨ੍ਹਾਂ ਬੁੱਤਾਂ ਤੋਂ ਵੀ ਭੈਅ ਮੰਨਦੇ ਹਨ।ਸ਼ਾਇਦ ਇਹੋ ਵਜ੍ਹਾ ਹੈ ਕਿ ਵਿਧਵਾ ਮਾਂ ਨੂੰ ਇੱਕ ਬੁੱਤ ਖਾਤਰ ਦਰ ਦਰ ਜਾਣਾ ਪਿਆ। ਉਹ ਤਾਂ ਸੁਹਾਗ ਦਾ ਚੂੜਾ ਉੱਤਰਨ ਤੋਂ ਪਹਿਲਾਂ ਹੀ ਵਿਧਵਾ ਹੋ ਗਈ ਸੀ। Àੁਸ ਨੂੰ ਤਾਂ ਸ਼ਹੀਦ ਪਤੀ ਦਾ ਆਖਰੀ ਦਫ਼ਾ ਮੂੰਹ ਦੇਖਣਾ ਵੀ ਨਸੀਬ ਨਾ ਹੋ ਸਕਿਆ। ਕਿੰਨੇ ਬਦਨਸੀਬ ਸਨ ਉਹ ਪਲ ਜਦੋਂ ਪਤੀ ਦੀ ਥਾਂ ਉਸ ਦੀ ਵਰਦੀ ਤੇ ਬਿਸਤਰਾ ਘਰ ਪੁੱਜ ਗਏ ਸਨ। ਚੰਦਰੀ ਜੰਗ ਨੇ ਤਾਂ ਇਸ ਵਿਧਵਾ ਦੇ ਅਰਮਾਨਾਂ ਤੇ ਸੱਧਰਾਂ ਨੂੰ ਵੀ ਨਹੀਂ ਬਖਸ਼ਿਆ। ਨਾਇਕ ਗੁਰਬਚਨ ਸਿੰਘ ਨੂੰ ਸ਼ਹੀਦ ਹੋਏ ਨੂੰ 40 ਵਰ੍ਹੇ ਗੁਜ਼ਰ ਚੱਲੇ ਹਨ। ਵਿਧਵਾ ਪਤਨੀ ਦੀ ਕੁਰਬਾਨੀ ਵੀ ਕੋਈ ਘੱਟ ਨਹੀਂ ਹੈ। ਪੂਰੀ ਜ਼ਿੰਦਗੀ ਉਸ ਸ਼ਹੀਦ ਨੂੰ ਅਰਪਣ ਹੋਣ ਦੀ ਸਹੁੰ ਖਾ ਲਈ। ਮੁੜ ਵਿਆਹ ਕਰਾਉਣਾ ਉਸ ਨੂੰ ਸ਼ਹੀਦ ਦੀ ਤੌਹੀਨ ਲੱਗਿਆ। ਰਾਸ਼ਟਰਪਤੀ ਵਲੋਂ 1974 'ਚ ਵਿਧਵਾ ਰੂਪ ਕੌਰ ਨੂੰ ਨਵੀਂ ਦਿੱਲੀ 'ਚ ਸੈਨਾ ਮੈਡਲ ਦਿੱਤਾ ਗਿਆ।

ਸੈਨਾ ਮੈਡਲ ਮਾਣ ਤਾਂ ਉੱਚਾ ਕਰਦਾ ਹੈ। ਇਹ ਮੈਡਲ ਗੁਜਾਰਾ ਨਹੀਂ ਬਣ ਸਕਿਆ ਹੈ। ਰੋਟੀ ਨੂੰ ਤਾਂ ਛੱਡੋ, ਸਰਕਾਰ ਨੇ ਤਾਂ ਇਸ ਸ਼ਹੀਦ ਨੂੰ ਬੁੱਤ ਜੋਗਾ ਵੀ ਨਹੀਂ ਸਮਝਿਆ ਹੈ। ਜਦੋਂ ਪੁੱਤ ਦੀ ਸੁਰਤ ਸੰਭਲੀ ਤਾਂ ਵਿਧਵਾ ਮਾਂ ਦਾ ਇੱਕੋ ਸੁਆਲ ਸੀ, 'ਪੁੱਤ ,ਸੁਣਿਐ ਕਿ ਜੋ ਦੇਸ਼ ਲਈ ਸ਼ਹੀਦ ਹੁੰਦੇ ਨੇ ,ਉਨ੍ਹਾਂ ਦੇ ਬੁੱਤ ਲੱਗਦੇ ਨੇ, ਫੇਰ ਤੇਰੇ ਬਾਪ ਦਾ ਬੁੱਤ ਕਿਉਂ ਨਹੀਂ ਲੱਗਿਐ।' ਗੋਦ ਲਏ ਪੁੱਤ ਟਹਿਲ ਸਿੰਘ ਦੀ ਉਮਰ ਛੋਟੀ ਤੇ ਮਾਂ ਦਾ ਇਹ ਸੁਆਲ ਵੱਡਾ ਸੀ। ਇਕੱਲਾ ਸੁਆਲ ਨਹੀਂ ਸੀ,ਮਾਂ ਦਾ ਇੱਕ ਸੁਪਨਾ ਵੀ ਸੀ। ਪੁੱਤ ਟਹਿਲ ਸਿੰਘ ਨੂੰ ਆਪਣੇ ਭਵਿੱਖ ਨਾਲੋਂ ਮਾਂ ਦਾ ਸੁਪਨਾ ਵੱਡਾ ਦਿਖਿਆ। ਫਿਰ ਇੱਥੋਂ ਹੀ ਸ਼ੁਰੂ ਹੁੰਦੀ ਹੈ ਬੁੱਤ ਲਾਏ ਜਾਣ ਦੀ ਜੰਗ। ਉਹ ਅਕਾਲੀਆਂ ਦੇ ਬੂਹੇ ਤੇ ਵੀ ਗਿਆ ਤੇ ਕਾਂਗਰਸੀ ਲੀਡਰਾਂ ਕੋਲ ਵੀ। ਥਾਂ ਥਾਂ ਸ਼ਹੀਦ ਬਾਪ ਦਾ ਇਕੱਲਾ ਇਕੱਲਾ ਮੈਡਲ ਵੀ ਦਿਖਾਇਆ। ਘਰ ਦੀ ਗੁਰਬਤ ਦੀ ਗੱਲ ਵੀ ਕੀਤੀ। ਉਸ ਨੇ ਤਾਂ ਵਿਧਵਾ ਮਾਂ ਦੀ ਆਖਰੀ ਇੱਛਾ ਦਾ ਵਾਸਤਾ ਵੀ ਪਾਇਆ। ਕੋਈ ਸਿਰ ਹਾਂ ਵਿਚ ਨਾ ਹਿੱਲਿਆ। ਇੱਥੋਂ ਤੱਕ ਕਿ ਸੈਨਿਕ ਭਲਾਈ ਮਹਿਕਮੇ ਤੇ ਫੌਜ ਪ੍ਰਸ਼ਾਸਨ ਦਾ ਵੀ। ਕਿਧਰੋਂ ਵੀ ਆਸ ਦੀ ਕੋਈ ਕਿਰਨ ਨਾ ਦਿਖੀ। ਟਹਿਲ ਸਿੰਘ ਦੱਸਦਾ ਹੈ ਕਿ ਉਦੋਂ ਹੀ ਉਸ ਦੀ ਦਿਨ ਰਾਤ ਦੀ ਚੈਨ ਮੁੱਕ ਗਈ ਸੀ। ਬੱਸ ਇੱਕੋ ਇੱਕ ਖਿਆਲ ਘੁੰਮਦਾ ਸੀ ਕਿ ਸ਼ਹੀਦ ਬਾਪ ਦਾ ਬੁੱਤ ਲੱਗ ਜਾਏ। ਬਾਪ ਦਾ ਬੁੱਤ ਲਾਉਣ ਖਾਤਰ ਉਸ ਨੇ ਥੋੜੇ ਸਮੇਂ ਮਗਰੋਂ ਡਰਾਈਵਰੀ ਕਰਨੀ ਸ਼ੁਰੂ ਕਰ ਦਿੱਤੀ। ਤੰਗੀ ਤੁਰਸ਼ੀ ਤੇ ਉਪਰੋਂ ਮਸਲਾ ਵਿਧਵਾ ਦੀ ਇੱਕੋ ਇੱਕ ਚਾਹਤ ਨੂੰ ਪੂਰਾ ਕਰਨ ਦਾ ਬਣ ਗਿਆ। ਅੱਠ ਜਮਾਤਾਂ ਪਾਸ ਕਰਨ ਮਗਰੋਂ ਪੜਾਈ ਵਿਚਕਾਰੇ ਛੱਡਣੀ ਪਈ। ਡਰਾਈਵਰੀ ਚੋਂ ਕੁਝ ਪੈਸੇ ਨਾਲ ਘਰ ਦਾ ਖਰਚਾ ਕੱਢਦਾ। ਹਰ ਮਹੀਨੇ ਕੁਝ ਪੈਸਾ ਬਚਾ ਕੇ ਰੱਖਣੇ ਸ਼ੁਰੂ ਕਰ ਦਿੱਤੇ। ਕੁਝ ਅਰਸੇ 'ਚ ਉਸ ਕੋਲ ਕੁਝ ਬੱਚਤ ਪੂੰਜੀ ਇਕੱਠੀ ਹੋ ਗਈ। ਉਹ ਦੱਸਦਾ ਹੈ ਕਿ ਉਸ ਨੇ ਬਾਪ ਦਾ ਬੁੱਤ ਲਾਉਣ ਖਾਤਰ ਦਿਨ ਰਾਤ ਦਿਹਾੜੀ ਵੀ ਕੀਤੀ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਡਸਕਾ ਦੇ ਸ਼ਹੀਦ ਨਾਇਕ ਗੁਰਬਚਨ ਸਿੰਘ ਦੇ ਬੁੱਤ ਲਈ ਗੋਦ ਲਏ ਪੁੱਤ ਨੂੰ ਬਹੁਤ ਪਾਪੜ ਵੇਲਣੇ ਪਏ। ਪਤੀ ਦੀ ਸ਼ਹੀਦੀ ਮਗਰੋਂ ਹੀ ਵਿਧਵਾ ਮਾਂ ਰੂਪ ਕੌਰ ਆਪਣੇ ਗੋਦ ਲਏ ਪੁੱਤ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਹੀਰੋ ਖੁਰਦ (ਜ਼ਿਲ੍ਹਾ ਮਾਨਸਾ) ਆ ਗਈ ਸੀ। ਹੀਰੋ ਖੁਰਦ ਦੇ ਇੱਕ ਡੇਰੇ ਵਾਲਿਆਂ ਨੇ ਟਹਿਲ ਸਿੰਘ ਨੂੰ ਜੈਪੁਰ ਬੁੱਤ ਬਣਦੇ ਹੋਣ ਦੀ ਦੱਸ ਪਾਈ। ਫਿਰ ਕੀ ਸੀ ਕਿ ਉਹ ਸ਼ਹੀਦ ਬਾਪ ਦਾ ਬੁੱਤ ਬਣਾਉਣ ਖਾਤਰ ਜੈਪੁਰ ਦੇ ਕ੍ਰਿਸ਼ਨਾ ਮੂਰਤੀ ਬਾਜ਼ਾਰ ਪੁੱਜ ਗਿਆ। ਇੱਕ ਬੁੱਤਸਾਜ ਨੇ ਉਸ ਨੂੰ ਦੱਸਿਆ ਕਿ ਉਹ ਪਹਿਲਾ ਗ੍ਰਾਹਕ ਹੈ ਜੋ ਕਿ ਕਿਸੇ ਸ਼ਹੀਦ ਫੌਜੀ ਦਾ ਬੁੱਤ ਬਣਾਉਣ ਆਇਆ ਹੈ। ਜਦੋਂ ਟਹਿਲ ਸਿੰਘ ਨੇ ਆਪਣੀ ਰਾਮ ਕਹਾਣੀ ਦੱਸੀ ਤਾਂ ਦੁਕਾਨ ਮਾਲਕ ਨੇ ਉਸ ਨੂੰ ਪੰਜ ਹਜ਼ਾਰ ਰੁਪਏ ਦੀ ਛੋਟ ਦੇ ਦਿੱਤੀ। ਉਸ ਤੋਂ ਟਰਾਂਸਪੋਰਟ ਦਾ ਵੀ ਕੋਈ ਖਰਚਾ ਨਾ ਲਿਆ। ਪੂਰੇ 45 ਹਜ਼ਾਰ ਰੁਪਏ 'ਚ ਉਸ ਨੂੰ ਸ਼ਹੀਦ ਬਾਪ ਦਾ ਤਿਆਰ ਬੁੱਤ ਮਿਲ ਗਿਆ। ਬੁੱਤ ਲਗਾਉਣ ਖਾਤਰ ਫਿਰ ਜਗ੍ਹਾ ਦੀ ਲੋੜ ਪਈ। ਪਿੰਡ ਡਸਕਾ ਦੀ ਪੰਚਾਇਤ ਨੇ ਪਿੰਡ ਦੇ ਬੱਸ ਅੱਡੇ ਪਿਛੇ ਪਈ ਛੋਟੀ ਜੇਹੀ ਜਗ੍ਹਾ ਬੁੱਤ ਲਗਾਉਣ ਲਈ ਦੇ ਦਿੱਤੀ। ਟਹਿਲ ਸਿੰਘ ਦੇ ਦੋਸਤ ਨੇ ਬੁੱਤ ਖਾਤਰ 10 ਬੋਰੀਆਂ ਸੀਮਿੰਟ ਦਾਨ 'ਚ ਦੇ ਦਿੱਤੀਆਂ। ਜਦੋਂ ਜੈਪੁਰ ਤੋਂ ਸ਼ਹੀਦ ਫੌਜੀ ਦਾ ਬੁੱਤ ਘਰ ਪੁੱਜਾ ਤਾਂ ਵਿਧਵਾ ਮਾਂ ਨੂੰ ਸੱਚਮੁੱਚ ਆਪਣੇ ਪਤੀ ਦੇ ਘਰ ਆਉਣ ਦਾ ਅਹਿਸਾਸ ਹੋਇਆ ਜੋ ਜਲਦੀ ਮੁੜਨ ਦਾ ਵਾਅਦਾ ਕਰ ਸਿੱਧਾ ਜੰਗ ਦੇ ਮੈਦਾਨ ਚਲਾ ਗਿਆ ਸੀ। ਜਦੋਂ ਡਸਕਾ ਪਿੰਡ 'ਚ ਸ਼ਹੀਦ ਬੁੱਤ ਲੱਗ ਗਿਆ ਤਾਂ ਉਸ ਵੇਲੇ ਦਾ ਤਤਕਾਲੀ ਕਾਂਗਰਸੀ ਵਿਧਾਇਕ ਬੁੱਤ ਤੋਂ ਪਰਦਾ ਹਟਾਉਣ ਲਈ ਬਿਨਾਂ ਦੇਰੀ ਪੁੱਜ ਗਿਆ ਸੀ। ਪਰਦਾ ਹਟਾਉਣ ਮਗਰੋਂ ਵੀ ਉਸ ਨੂੰ ਕੋਈ ਸੰਗ ਸ਼ਰਮ ਨਾ ਆਈ।


ਪੁੱਤ ਟਹਿਲ ਸਿੰਘ ਆਖਦਾ ਹੈ ਕਿ ਬੁੱਤ ਲਈ ਢੁਕਵੀਂ ਜਗ੍ਹਾ ਨਹੀਂ ਮਿਲਸਕੀ। ਬੁੱਤ ਦੇ ਅੱਗੇ ਜੋ ਬੱਸ ਅੱਡਾ ਹੈ, ਉਸ ਦੀ ਹਾਲਤ ਖਸਤਾ ਹੈ। ਸਾਲ 2004 'ਚ ਅਕਾਲੀ ਵਿਧਾਇਕ ਨੇ 50 ਹਜ਼ਾਰ ਦੀ ਗਰਾਂਟ ਐਲਾਨੀ, ਜੋ 7 ਵਰ੍ਹਿਆਂ ਮਗਰੋਂ ਵੀ ਪੁੱਜ ਨਹੀਂ ਸਕੀ ਹੈ। ਵਿਧਵਾ ਮਾਂ ਆਖਦੀ ਹੈ ਕਿ ਉਸ ਨੂੰ ਬੁੱਤ ਲਗਾਏ ਜਾਣ ਮਗਰੋਂ ਤਸੱਲੀ ਬਣੀ ਹੈ। ਉਹ ਆਖਦੀ ਹੈ ਕਿ ਉਹ ਵੀ ਤਾਂ 40 ਵਰ੍ਹਿਆਂ ਤੋਂ ਜ਼ਿੰਦਗੀ ਦੀ ਜੰਗ ਹੀ ਲੜ ਰਹੀ ਹੈ। ਸਿਰਫ਼ ਸ਼ਹੀਦ ਦਾ ਨਾਮ ਰਹਿੰਦੀ ਦੁਨੀਆਂ ਤੱਕ ਚੱਲਦਾ ਰਹੇ,ਇਹੋ ਉਸ ਦੀ ਆਖਰੀ ਇੱਛਾ ਹੈ। ਜਵਾਨ ਪੁੱਤ ਸਰਕਾਰੀ ਬੇਰੁਖੀ 'ਤੇ ਖਫ਼ਾ ਹੈ। ਉਹ ਆਖਦਾ ਹੈ ਕਿ ਲੀਡਰਾਂ 'ਤੇ ਹੁਣ ਕੋਈ ਭਰੋਸਾ ਨਹੀਂ ਰਿਹਾ ਹੈ। ਇਹ ਪਰਿਵਾਰ 11 ਵਰ੍ਹਿਆਂ ਤੋਂ ਪਿੰਡ ਡਸਕਾ 'ਚ ਹਰ ਸਾਲ ਸ਼ਹੀਦ ਦੀ ਬਰਸੀ ਮਨਾ ਰਿਹਾ ਹੈ।

ਸਰਕਾਰ ਵਲੋਂ 10 ਏਕੜ ਜ਼ਮੀਨ ਐਲਾਨੀ ਗਈ ਜੋ ਕਿ ਚਾਰ ਦਹਾਕੇ ਮਗਰੋਂ ਵੀ ਮਿਲ ਨਹੀਂ ਸਕੀ ਸੀ। ਆਖਰ ਹੁਣ ਇਸ ਪ੍ਰਵਾਰ ਨੇ ਜ਼ਮੀਨ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਪਾਈ ਹੈ। ਵਿਧਵਾ ਮਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਉਹ ਆਪਣਾ ਪਰਿਵਾਰ ਪੈਨਸ਼ਨ ਸਹਾਰੇ ਪਾਲ ਰਹੀ ਹੈ। ਸਾਲ 2005 'ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇ ਦਿੱਤੀ ਸੀ ਜਿਸ ਨਾਲ ਉਨ੍ਹਾਂ ਨੇ ਪਿੰਡ 'ਚ ਇੱਕ ਮਕਾਨ ਖਰੀਦ ਲਿਆ ਸੀ। ਨਾਇਕ ਗੁਰਬਚਨ ਸਿੰਘ ਸਾਲ 1963 ਵਿੱਚ ਭਰਤੀ ਹੋਇਆ ਸੀ। ਉਸ ਨੇ ਪਹਿਲਾਂ ਭਾਰਤ ਚੀਨ ਜੰਗ ਲੜੀ। ਵਿਆਹ ਹੋਣ ਮਗਰੋਂ ਜਦੋਂ ਉਹ ਦੋ ਮਹੀਨੇ ਦੀ ਛੁੱਟੀ ਕੱਟਣ ਆਇਆ ਤਾਂ ਛੁੱਟੀ ਕੈਂਸਲ ਕਰਕੇ ਉਸ ਨੂੰ ਭਾਰਤ ਪਾਕਿ ਜੰਗ 'ਚ ਬੁਲਾ ਲਿਆ ਗਿਆ। ਇਸੇ ਜੰਗ 'ਚ ਉਹ ਸ਼ਹੀਦੀ ਜਾਮ ਪੀ ਗਿਆ। ਜਰਾ ਸੋਚੇ ਤੇ ਫਿਰ ਪੁੱਛੋ ਉਨ੍ਹਾਂ ਆਗੂਆਂ ਨੂੰ ਜੋ ਜੰਗਾਂ ਦੀ ਗੱਲ ਕਰਦੇ ਹਨ। ਆਪਣੇ ਪੁੱਤਾਂ ਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ। ਗਰੀਬਾਂ ਦੇ ਪੁੱਤਾਂ ਨੂੰ ਵਤਨ ਲਈ ਮਰ ਮਿਟਣ ਦਾ ਪਾਠ ਪੜਾਉਂਦੇ ਹਨ। ਕੋਈ ਬੋਫੋਰਜ਼ ਚੋਂ ਜੇਬਾਂ ਭਰ ਗਿਆ ਤੇ ਕੋਈ ਤਾਬੂਤਾਂ ਚੋਂ। ਗਰੀਬਾਂ ਦੇ ਹਿੱਸੇ ਤਾਂ ਸ਼ਹੀਦੀ ਹੀ ਆਈ ਹੈ। ਜੋ ਪਿਛੇ ਬਚ ਗਏ,ਉਨ੍ਹਾਂ ਦੇ ਪੱਲੇ ਗੁਰਬਤ ਬਚੀ ਹੈ। ਵਿਧਵਾ ਰੂਪ ਕੌਰ ਦਾ ਪ੍ਰਵਾਰ ਇਨ੍ਹਾਂ ਚੋਂ ਇੱਕ ਹੈ। ਇਹ ਕੇਹਾ ਵਤਨ ਹੈ ਜਿਸ 'ਚ ਪੁੱਤਾਂ ਨੂੰ ਦਿਹਾੜੀ ਕਰ ਕਰ ਕੇ ਬੁੱਤ ਲਾਉਣੇ ਪੈਂਦੇ ਹਨ। ਮੁੱਖ ਮੰਤਰੀ ਪੰਜਾਬ ਦੀਆਂ ਕਾਰਾਂ ਦਾ ਕਾਫਲਾ ਇੱਕੋ ਦਿਨ 'ਚ 65 ਹਜ਼ਾਰ ਦਾ ਤੇਲ ਪੀ ਜਾਂਦਾ ਹੈ ਜਦੋਂ ਕਿ ਬੁੱਤ ਦੀ ਕੀਮਤ ਇਸ ਤੋਂ ਕਿਤੇ ਘੱੱਟ ਹੁੰਦੀ ਹੈ।

ਕਾਰਗਿਲ ਜੰਗ ਦੇ ਪਹਿਲੇ ਸ਼ਹੀਦ ਅਜੇ ਆਹੂਜਾ ਦਾ ਬੁੱਤ ਤਾਂ ਬਠਿੰਡਾ 'ਚ 12 ਵਰ੍ਹਿਆਂ ਮਗਰੋਂ ਵੀ ਨਹੀਂ ਲੱਗ ਸਕਿਆ ਹੈ। ਭਾਰਤੀ ਹਵਾਈ ਫੌਜ ਦਾ ਸਕੈਅਡਰਨ ਲੀਡਰ ਅਜੇ ਆਹੂਜਾ 27 ਮਈ 1999 ਨੂੰ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਡ ਕਰਾਸ ਬਠਿੰਡਾ ਨੂੰ ਸ਼ਹੀਦ ਦੇ ਬੁੱਤ ਖਾਤਰ 50 ਹਜ਼ਾਰ ਰੁਪਏ ਦੇ ਫੰਡ ਦੇਣ ਲਈ ਆਖ ਦਿੱਤਾ। ਵਾਅਦਾ ਵੀ ਕੀਤਾ ਕਿ ਉਹ ਰੈਡ ਕਰਾਸ ਨੂੰ ਪੈਸੇ ਉਪਰੋਂ ਭੇਜ ਦੇਣਗੇ। ਰੈਡ ਕਰਾਸ ਬਠਿੰਡਾ ਨੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੇ ਫੰਡਾਂ ਚੋਂ ਮਿਤੀ 14 ਜੂਨ 1999 ਨੂੰ 50 ਹਜ਼ਾਰ ਦੇ ਫੰਡ ਬੁੱਤ ਲਈ ਪ੍ਰਵਾਨ ਕਰ ਦਿੱਤੇ ਸਨ। ਰੈਡ ਕਰਾਸ ਨੇ ਨਗਰ ਕੌਸ਼ਲ ਬਠਿੰਡਾ ਦੇ ਮਿਊਸਪਲ ਇੰਜੀਨੀਅਰ ਸ੍ਰੀ ਬੀ.ਡੀ.ਸਿੰਗਲਾ ਨੂੰ ਪੱਤਰ ਨੰਬਰ 1959 ਮਿਤੀ 15 ਜੂਨ 1999 ਰਾਹੀਂ ਨਵੀਂ ਦਿੱਲੀ ਦੀ ਫਰਮ ਮੈਸਰਜ਼ ਗੁਰੂ ਹੈਂਡੀਕਰਾਫਟਸ ਦੇ ਨਾਮ ਬੁੱਤ ਲਈ 50 ਹਜ਼ਾਰ ਦਾ ਡਰਾਫਟ ਬਣਾ ਕੇ ਦੇ ਦਿੱਤਾ ਸੀ। ਅੱਜ ਤੱਕ ਨਾ ਬੁੱਤ ਆਇਆ ਹੈ ਤੇ ਨਾ ਰੈਡ ਕਰਾਸ ਕੋਲ ਰਾਸ਼ੀ। ਅਖੀਰ ਰੈਡ ਕਰਾਸ ਬਠਿੰਡਾ ਨੇ ਨਗਰ ਕੌਸ਼ਲ ਨੂੰ ਪੱਤਰ ਨੰਬਰ 3169 ਮਿਤੀ 5 ਮਈ 2000 ਨੂੰ ਲਿਖ ਕੇ ਆਖਿਆ ਕਿ ਜੋ ਲੋਨ ਦੇ ਰੂਪ 'ਚ ਬੁੱਤ ਵਾਸਤੇ 50 ਹਜ਼ਾਰ ਦੀ ਰਾਸ਼ੀ ਲਈ ਗਈ ਹੈ,ਉਹ ਵਾਪਸ ਕੀਤੀ ਜਾਵੇ।

ਮੁੱਖ ਮੰਤਰੀ ਨੇ ਅੱਜ ਤੱਕ ਬੁੱਤ ਲਈ ਰਾਸ਼ੀ ਨਹੀਂ ਭੇਜੀ। ਪਤਾ ਲੱਗਾ ਹੈ ਕਿ ਬੁੱਤ ਦੀ ਕੀਮਤ ਤਿੰਨ ਲੱਖ ਤੋਂ ਉਪਰ ਸੀ ਜਿਸ ਦਾ ਕੋਈ ਪ੍ਰਬੰਧ ਨਾ ਹੋ ਸਕਿਆ। ਕੁਝ ਰਾਸ਼ੀ ਤਾਂ ਦਿੱਲੀ ਦੀ ਫਰਮ ਨੂੰ ਬੁੱਤ ਤਿਆਰ ਕਰਨ ਵਾਸਤੇ ਦੇ ਦਿੱਤੀ ਗਈ ਸੀ ਅਤੇ ਬਕਾਇਆ ਰਕਮ ਦੇਣ ਮਗਰੋਂ ਹੀ ਬੁੱਤ ਤਿਆਰ ਹੋਣਾ ਸੀ। ਉਧਰ ਅਜੇ ਆਹੂਜਾ ਦੀ ਵਿਧਵਾ ਅਲਕਾ ਆਹੂਜਾ ਅਤੇ ਇਕਲੌਤੇ ਬੱਚੇ ਅੰਕੁਸ਼ ਆਹੂਜਾ ਨੂੰ ਆਪਣੇ ਬਾਪ ਦਾ ਬੁੱਤ ਲੱਗਣ ਦੀ 12 ਵਰ੍ਹਿਆਂ ਮਗਰੋਂ ਵੀ ਉਡੀਕ ਬਣੀ ਹੋਈ ਹੈ। ਇਹ ਤਾਂ ਇੱਕਾ ਦੁੱਕਾ ਮਿਸਾਲਾਂ ਹਨ। ਤਸਵੀਰ ਦਾ ਦੂਜਾ ਪਾਸਾ ਦੇਖੋ। ਪੰਜਾਬ ਹਰਿਆਣਾ ਸੀਮਾਂ 'ਤੇ ਕਿੱਲਿਆ ਵਾਲੀ 'ਚ ਚੌਧਰੀ ਦੇਵੀ ਲਾਲ ਦਾ ਬੁੱਤ ਲਾਉਣ ਲਈ ਸਰਕਾਰ ਨੇ ਕੋਈ ਢਿੱਲ ਨਹੀਂ ਦਿਖਾਈ। ਬਿਜਲੀ ਬੋਰਡ ਦਾ ਦਫ਼ਤਰ ਢਾਹ ਕੇ ਪਹਿਲਾਂ ਚੌਧਰੀ ਦੇਵੀ ਲਾਲ ਦਾ ਬੁੱਤ ਲਾਇਆ। ਹੁਣ ਇਸ ਸਮਾਰਕ ਦੇ ਸਾਰੇ ਖਰਚੇ ਸਰਕਾਰ ਚੁੱਕ ਰਹੀ ਹੈ। ਮੁੱਖ ਮੰਤਰੀ ਪੰਜਾਬ ਦੇ ਸਟਾਫ ਦੇ ਇੱਕ ਮੈਂਬਰ ਦਾ ਬਾਪ ਬਠਿੰਡਾ ਜ਼ਿਲੇ ਦਾ ਇੱਕ ਸਧਾਰਨ ਅਕਾਲੀ ਸੀ। ਉਸ ਦੀ ਮੌਤ ਮਗਰੋਂ ਸਰਕਾਰ ਨੇ ਹੱਥੋਂ ਹੱਥੀ ਉਸ ਅਕਾਲੀ ਵਰਕਰ ਦੇ ਨਾਮ 'ਤੇ ਪਿੰਡ ਦੇ ਸਕੂਲ ਦਾ ਨਾਮਕਰਨ ਕਰ ਦਿੱਤਾ। ਕੂਕਾ ਲਹਿਰ ਦੇ ਅੱਧੀ ਦਰਜਨ ਸ਼ਹੀਦਾਂ ਦੇ ਨਾਮ 'ਤੇ ਸਰਕਾਰੀ ਸਕੂਲਾਂ ਦਾ ਨਾਮਕਰਨ ਕੀਤੇ ਜਾਣ ਦੀ ਕਾਰਵਾਈ ਦੋ ਵਰ੍ਹਿਆਂ ਤੋਂ ਫਾਈਲਾਂ 'ਚ ਹੀ ਅਟਕੀ ਹੋਈ ਹੈ।

ਦਿਨ ਫਿਰਨਗੇ। ਜਦੋਂ ਸ਼ਹੀਦਾਂ ਦੇ ਬੁੱਤ ਬੋਲਣਗੇ ਤਾਂ ਲੋਕ ਰਾਜ ਦੇ 'ਸੇਵਕਾਂ' ਨੂੰ ਥਾਂ ਨਹੀਂਓ ਲੱਭਣੀ। ਦੇਰ ਹੈ, ਅੰਧੇਰ ਨਹੀਂ। ਰਾਤ ਹੈ ਤਾਂ ਸਵੇਰ ਵੀ ਹੈ।

ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।

Friday, December 9, 2011

Ocean of Pearls:ਪਛਾਣ ਨਾਲ ਜੁੜਨ-ਟੁੱਟਣ ਦੇ ਸੰਘਰਸ਼ ਦੀਆਂ ਜੜ੍ਹਾਂ ਨੂੰ ਫਰੋਲਦੀ ਫਿਲਮ

ਮਰ ਜਾਵਾਂ ਮੈਨੂੰ ਡਰ ਨਹੀਂ ਮੇਰੀ ਆਤਮਾ ਮਰ ਜਾਵੇ,ਅਸਲੀ ਮੌਤ ਹੈ।
ਇਹਨਾਂ ਹਰਫਾਂ 'ਚ ਕੁਝ ਤਾਂ ਲੁੱਕਿਆ ਹੈ ਜੋ ਇਹਨਾਂ ਸਤਰਾਂ ਨੂੰ ਦੁਹਰਾਉਣ 'ਤੇ ਹਰ ਸ਼ਖਸ ਦੇ ਅੰਦਰ ਤੋਂ ਜਵਾਬ ਮੰਗਣ ਲੱਗ ਪੈਂਦਾ ਹੈ।ਅਸੀ ਇਹਨੂੰ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇਹੋ ਹੈ ਆਪਣੇ ਵਜੂਦ ਨੂੰ ਤਲਾਸ਼ ਕਰਨ ਦੀ ਜਦੋਜਹਿਦ।ਇਹ ਉਹ ਕਿਨਾਰਾ ਹੈਜਿੱਥੇ ਇੱਕ ਆਦਮੀ ਆਪਣੇ ਵਿਰਾਸਤ ਆਪਣੀਆਂ ਸੱਭਿਆਚਾਰਕ ਜੜ੍ਹਾਂ ਤੇ ਆਪਣੀ ਪਹਿਲ ਨੂੰ ਪ੍ਰਭਾਸ਼ਤ ਕਰਨ 'ਚ ਸੰਘਰਸ਼ ਕਰ ਰਿਹਾ ਹੈ।ਇਹ ਅਜੋਕੇ ਸਮਾਜ 'ਚ ਆਮ ਵਰਤਾਰਾ ਹੈ ਜੋ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਵਿਖਦਾ ਹੈ।ਇੱਕ ਪੂਰਬ ਬਨਾਮ ਪੱਛਮ,ਦੂਜਾ ਨਵਾਂ ਬਨਾਮ ਪੁਰਾਣਾ,ਤੀਜਾ ਅਮਰੀਕਾ ਬਨਾਮ ਪੰਜਾਬ ਜਾਂ ਵਿਦੇਸ਼ ਬਨਾਮ ਦੇਸ਼।ਹਰ ਕੋਈ ਅਧੂਰਾ ਹੀ ਅਧੂਰਾ ਘੁੰਮ ਰਿਹਾ ਹੈ।

ਇਸ ਜਦੋ ਜਹਿਦ ਨੂੰ ਲੈਕੇ ਹੀ ਕਿਤੇ ਸੱਭਿਅਤਾਵਾਂ ਦੇ ਭੇੜ ਨੂੰ ਲੈਕੇ ਵਿਚਾਰ ਚਰਚਾ ਹੋ ਰਹੀ ਤੇ ਕਿਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਲੈਕੇ ਸੰਘਰਸ਼ ਹੋ ਰਿਹਾ ਹੈ।ਇਹਨਾਂ ਸਾਰੀਆਂ ਗੱਲਾਂ ਦੇ ਤਾਣੇ ਬਾਣੇ 'ਚ ਕਨੇਡਾ ਦੀ ਇੱਕ ਅਜਿਹੀ ਫ਼ਿਲਮ ਕੌਮਾਂਤਰੀ ਮੰਚ 'ਤੇ ਖ਼ੂਬ ਸਫ਼ਲ ਹੋਈ ਹੈ।ਫ਼ਿਲਮ ਹੈ ਸਰਬ ਸਿੰਘ ਨੀਲਮ ਦੁਆਰਾ ਨਿਰਦੇਸ਼ਤ ਕੀਤੀ ਗਈ 'ਓਸ਼ੀਅਨ ਆਫ ਪਰਲਸ' ਮੋਤੀਆਂ ਦੇ ਇਸ ਸਮੁੰਦਰ 'ਚ ਪਛਾਨ ਦਾ ਸੰਘਰਸ਼ ਕੀ ਹੈ ਤੇ ਇਸ ਰਾਹੀ ਸਾਡੀਆਂ ਮੁੱਢਲੀਆਂ ਚਣੌਤੀਆਂ ਕੀ ਹਨ,ਫਿਲਮ ਇਸ ਦਾ ਬਾਖੂਬੀ ਵਿਸ਼ਲੇਸ਼ਨ ਕਰਦੀ ਹੈ।ਇਸ ਫ਼ਿਲਮ ਨੇ ਆਪਣੇ ਕਥਾਨਕ ਨਾਲ ਇਹਨਾਂ ਦਾ ਹੱਲ ਲੱਭਣ 'ਚ ਸਫ਼ਲਤਾ ਪਾਈ ਹੈ।

ਸਿਨੇਮਾ ਦੇ ਲਿਹਾਜ ਤੋਂ ਇਹ ਫ਼ਿਲਮ ਬਹੁਤ ਸਾਰੀਆਂ ਗੱਲਾਂ ਕਰਕੇ ਚਰਚਾ ਦਾ ਵਿਸ਼ਾ ਬਣਦੀ ਹੈ।ਹੁਣ ਤੱਕ ਬਾਲੀਵੁੱਡ ਫ਼ਿਲਮਾਂ 'ਚ ਸਿੱਖ ਜਾਂ ਸਰਦਾਰ ਕਿਰਦਾਰ ਨੂੰ ਕਦੀ ਵੀ ਆਮ ਜ਼ਿੰਦਗੀ ਦਾ ਸਹਿਜਤਾ ਅਧੀਨ ਵਿਚਰਦਾ ਕਿਰਦਾਰ ਨਹੀਂ ਵਿਖਾਇਆ ਗਿਆ।ਰਾਕੇਟ ਸਿੰਘ-ਸੇਲਸਮੈਨ ਆਫ ਦੀ ਈਅਰ ਇਸ ਦਾ ਅਪਵਾਦ ਜ਼ਰੂਰ ਹੈ।ਹਿੰਦੀ ਫ਼ਿਲਮਾਂ 'ਚ ਜਾਂ ਭਾਰਤੀ ਫ਼ਿਲਮਾਂ 'ਚ ਸਿੱਖ ਹੀਰੋ ਹਮੇਸ਼ਾ ਮਜ਼ਾਕੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਓਸ਼ੀਅਨ ਆਫ ਪਰਲਸ ਫ਼ਿਲਮ 'ਚ 'ਓਮੀਡ ਅਬਤਾਹੀ' ਨੇ ਜਿਸ ਅੰਦਾਜ਼ ਦਾ ਸਿੱਖ ਕਿਰਦਾਰ ਜ਼ਿੰਦਾ ਕੀਤਾ ਹੈ ਉਹ ਪੂਰੀ ਫ਼ਿਲਮ ਦੀ ਖ਼ੂਬਸੂਰਤੀ ਹੈ।ਸਿੱਖ ਜੀਵਨ ਜਾਂਚ ਨੂੰ ਕੇਂਦਰਤ ਕਰਦੀ ਵੀ ਇਹ ਹੁਣ ਤੱਕ ਦੀ ਪਹਿਲੀ ਫ਼ਿਲਮ ਹੈ।ਇਸ ਫ਼ਿਲਮ ਨੂੰ ਆਮ ਦਰਸ਼ਕਾਂ ਤੋਂ ਲੈਕੇ ਆਲੋਚਕਾਂ ਨੇ ਵੀ ਬਹੁਤ ਸਰਾਹਿਆ ਹੈ।


ਫ਼ਿਲਮ ਦੀ ਕਹਾਣੀ ਡਾ. ਅੰਮ੍ਰਿਤ ਸਿੰਘ ਦੀ ਹੈ।ਜੋ ਮੈਡੀਕਲ ਖੇਤਰ 'ਚ ਤਰੱਕੀ ਪਾਉਣਾ ਚਾਹੁੰਦਾ ਹੈ।ਕਿਉਂ ਕਿ ਉਹ ਇੱਕ ਨੌਜਵਾਨ ਹੈ ਠੀਕ ਅਜਿਹਾ ਨੌਜਵਾਨ ਜੋ ਸੁਫ਼ਨੇ ਵੇਖਦਾ ਹੈ,ਜਜ਼ਬਾ ਰੱਖਦਾ ਹੈ ਅੱਗੇ ਵੱਧਣਾ ਚਾਹੁੰਦਾ ਹੈ।ਉਸ ਦੇ ਲਈ ਇਸ ਦੁਨੀਆਂ 'ਚ ਆਪਣੀ ਪਛਾਨ ਤੇ ਆਪਣੀਆਂ ਜ਼ਰੂਰਤਾਂ ਦਰਮਿਆਨ ਜ਼ਿੰਦਗੀ 'ਚ ਵਿਚਰਨ ਨੂੰ ਲੈਕੇ ਸੰਘਰਸ਼ ਹੈ।ਡਾ. ਅੰਮ੍ਰਿਤ ਸਿੰਘ ਨੂੰ ਕੇਸ ਧਾਰਨ ਕਰਨੇ ਪੱਗ ਨੂੰ ਸਿਰ 'ਤੇ ਸਜਾਉਣਾ ਇੱਕ ਰੁਕਾਵਟ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਹੈ।ਕਿਉਂ ਕਿ ਉਹ ਆਪਣੇ ਬਾਕੀ ਅੰਗਰੇਜ਼ ਦੋਸਤਾਂ ਦੇ ਨਾਲ ਕਲੱਬ 'ਚ ਦਾਖਲ ਨਹੀਂ ਹੋ ਸਕਦਾ ਕਿਉਂ ਕਿ ਦਾਖਲ ਹੋਣ ਤੋਂ ਪਹਿਲਾਂ ਉਸ ਨੂੰ ਪੱਗ ਉਤਾਰ ਕੇ ਤਲਾਸ਼ੀ ਕਰਾਉਣ ਲਈ ਕਿਹਾ ਜਾਂਦਾ ਹੈ।ਏਅਰਪੋਰਟ 'ਤੇ ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਪੱਗ ਉਤਾਰਨ ਲਈ ਕਿਹਾ ਜਾਂਦਾ ਹੈ।

'ਓਸ਼ੀਅਨ ਆਫ ਪਰਲਸ' ਦੀ ਸ਼ੁਰੂਆਤ ਹੀ ਬਹੁਤ ਦਾਰਸ਼ਨਿਕ ਲਹਿਜੇ ਨਾਲ ਹੁੰਦੀ ਹੈ।ਫ਼ਿਲਮ ਥੌੜ੍ਹਾ ਆਤਮ ਕਥਾਤਮਕ ਲਹਿਜੇ ਦੀ ਹੈ।ਫ਼ਿਲਮ ਦਾ ਨਾਇਕ ਆਪਣੇ ਬਾਰੇ ਦੱਸਦਾ ਹੋਇਆ ਸ਼ੁਰੂਆਤ 'ਚ ਹੀ ਸਵਾਲ ਪਾਉਂਦਾ ਹੈ ਕਿ ਜ਼ਿੰਦਗੀ ਦੇ ਇਸ ਚੱਕਰ ਬਾਰੇ ਕੀ ਕਦੀ ਸੋਚਿਆ ਹੈ।ਅਸੀ ਆਪਣੇ ਮਾਂ ਪਿਓ ਦੇ ਘਰ ਹੀ ਉਹਨਾਂ ਲਈ ਕਿਉਂ ਪੈਦਾ ਹੁੰਦੇ ਹੈ।ਇਸ ਸੰਸਾਰ 'ਚ ਇੰਨੀ ਧਰਤੀ ਹੈ ਪਰ ਅਸੀ ਆਪਣੇ ਦੇਸ਼ ਆਪਣੇ ਸ਼ਹਿਰ ਹੀ ਕਿਉਂ ਪੈਦਾ ਹੋਏ।ਨਾਇਕ 'ਤੇ ਉਸਦੀ ਮੰਗੇਤਰ ਦਾ ਪਰਿਵਾਰ 1960 'ਚ ਕਨੇਡਾ ਆਏ ਸਨ।

ਇੱਥੇ ਨਾਇਕ ਕਹਿੰਦਾ ਹੈ ਕਿ ਉਸ ਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਕਿਉਂ ਕੋਈ ਨਵੀਂ ਦੁਨੀਆ 'ਚ ਆਕੇ ਪੁਰਾਣੇ ਨੂੰ ਜ਼ਿੰਦਾ ਰੱਖਣ ਲਈ ਸੰਘਰਸ਼ ਕਰਦਾ ਰਹਿੰਦਾ ਹੈ।ਇਹ ਸੰਘਰਸ਼ ਹਰ ਬੰਦੇ ਦੇ ਅੰਦਰ ਚਲ ਰਿਹਾ ਹੈ।ਬੇਸ਼ੱਕ ਸਿਆਣੇ ਕਹਿੰਦੇ ਹਨ ਕਿ, "ਅੱਜ ਦੀ ਗਲਤੀ,ਕੱਲ੍ਹ ਦਾ ਸੱਭਿਆਚਾਰ,ਪਰਸੋਂ ਦਾ ਕਾਨੂੰਨ"ਇਹ ਇੰਝ ਹੀ ਚਲਦਾ ਹੈ।ਇਸੇ 'ਚ ਪੁਰਾਣੇ ਤੋਂ ਨਵੇਂ ਤੱਕ ਦਾ ਸੰਘਰਸ਼ ਹੈ।ਪੀੜ੍ਹੀ ਪਾੜਾ ਹੈ।ਸੱਭਿਆਤਾਵਾਂ ਦਾ ਅੰਤਰ ਹੈ।ਇਹ ਹਰ ਉਸ ਚੀਜ਼ 'ਚ ਹੈ ਜਿੱਥੇ ਪਰਵਾਸ ਹੈ।ਬਿਹਾਰ ਦਾ ਪੰਜਾਬ 'ਚ ਵਜੂਦ ਦਾ ਸੰਘਰਸ਼ ਹੈ।ਪੰਜਾਬੀ ਦਾ ਬਾਹਰ ਵਜੂਦ ਦਾ ਸੰਘਰਸ਼ ਹੈ।ਕਿਉਂ ਕਿ ਭੂਗੋਲਿਕ ਤੇ ਜਜ਼ਬਾਤੀ ਜੁੜਾਅ ਸਰੀਰ ਤੇ ਮਨ ਨੂੰ ਇੱਕਸੁਰਤਾ 'ਚ ਨਹੀਂ ਰੱਖ ਰਿਹਾ।ਅਮਰੀਕਾ 'ਚ ਪਲਿਆ ਵਧਿਆ ਡਾ. ਅੰਮ੍ਰਿਤ ਸਿੰਘ ਆਪਣੇ ਧਾਰਮਿਕ ਤੇ ਸੱਭਿਆਚਾਰਕ ਵਜੂਦ ਨੂੰ ਆਪਣੇ ਅੱਜ ਦੇ ਨਾਲ ਜੋੜਕੇ ਨਹੀਂ ਰੱਖ ਪਾ ਰਿਹਾ।ਪੱਗ ਤੇ ਸਿੱਖੀ ਜੀਵਨ ਜਾਚ ਦਾ ਅੰਦਰੂਨੀ ਭਾਵ ਉਸ ਦੇ ਦੁਨਿਆਵੀ ਸੰਘਰਸ਼ ਨਾਲ ਟਕਰਾ ਰਿਹਾ ਹੈ।ਇਸ ਤਰ੍ਹਾਂ ਦੇ ਮਾਨਸਿਕ ਤਾਣੇ-ਬਾਣੇ 'ਚ ਅੰਮ੍ਰਿਤ ਸਿੰਘ ਆਪਣੇ ਕੇਸ ਕਟਵਾ ਲੈਂਦਾ ਹੈ।ਕਿਉਂ ਕਿ ਉਸਦੇ ਸਿੱਖ ਹੋਣ ਕਰਕੇ,ਪੱਗੜੀਧਾਰੀ ਹੋਣ ਕਰਕੇ ਉਸ ਨੂੰ ਆਪਣੇ ਮੈਡੀਕਲ ਕਿੱਤੇ ਵਿੱਚ ਉਹਨਾਂ ਸਹੂਲਤਾਂ ਤੋਂ ਵਾਂਝਾ ਰਹਿਣਾ ਪਿਆ ਜਿਹਨਾਂ ਦਾ ਉਹ ਹੱਕਦਾਰ ਸੀ।

ਫ਼ਿਲਮ ਦਾ ਸਭ ਤੋਂ ਖੂਬਸੂਰਤ ਪੱਖ ਇਹ ਹੈ ਕਿ ਇਹ ਫ਼ਿਲਮ ਕਿਸੇ ਵੀ ਤਰ੍ਹਾਂ ਉਪਦੇਸ਼ ਸ਼ੈਲੀ ਦੇ ਪ੍ਰਭਾਵ 'ਚ ਪਏ ਬਗੈਰ ਆਪਣਾ ਸੰਦੇਸ਼ ਦਿੰਦੀ ਹੈ। ਫ਼ਿਲਮ ਸਿੱਖੀ ਦੇ ਅਸੂਲਾਂ ਵੱਲ ਇਸ਼ਾਰਾ ਕਰਦੀ ਹੈ।ਫ਼ਿਲਮ ਦੱਸਦੀ ਹੈ ਕਿ ਕਿੰਝ ਵਿਰਾਸਤੀ ਚਿੰਨ੍ਹ ਸਾਡੀ ਸ਼ਖਸੀਅਤ ਤੋਂ ਅਸੀ ਵੱਖ ਨਹੀਂ ਕਰ ਸਕਦੇ।ਅਸੀ ਆਪਣੀ ਪਛਾਣ ਕਿੰਨੀ ਵੀ ਬਦਲ ਲਈਏ ਪਰ ਸਾਡਾ ਉਜਾਗਰੀ ਸਰੋਤ ਹਮੇਸ਼ਾ ਸਾਡੇ ਨਾਲ ਚਲੇਗਾ।ਇਹ ਦੁਨੀਆ 'ਚ ਇੱਕ ਸਹਿਜ ਵਰਤਾਰਾ ਹੈ।

ਡਾ. ਅੰਮ੍ਰਿਤ ਸਿੰਘ ਦਾ ਪਿਤਾ ਉਸ ਨੂੰ ਦੱਸਦਾ ਹੈ ਕਿ ਮਸਲਾ ਨਿਜ ਨੂੰ ਜ਼ਮੀਨੀ ਪੱਧਰ 'ਤੇ ਸੰਤੁਸ਼ਟ ਕਰਨਾ ਨਹੀਂ ਹੈ।ਸਮਝੌਤੇ ਜਾਂ ਮੌਕਿਆ 'ਚ ਜ਼ਿਆਦਾ ਮਾਇਨੇ ਰੱਖਦੀ ਗੱਲ ਇਹੋ ਹੈ ਕਿ ਬੰਦਾ ਇਹਨਾਂ ਨੂੰ ਡਿੱਗਕੇ ਪਾਉਂਦਾ ਹੈ ਜਾਂ ਗਰਵ ਦੀ ਨਜ਼ਰਸਾਨੀ ਕਰਦਾ ਹੈ।ਉਸ ਦਾ ਪਿਤਾ ਦੱਸਦਾ ਹੈ ਕਿ ਬਹੁਤ ਸਾਰੇ ਖ਼ੌਫ਼ਨਾਕ ਪਲ ਆਏ ਹਨ ਪਰ ਕੀ ਉਹਨਾਂ 'ਚ ਆਪਣੇ ਵਜੂਦ ਨੂੰ ਮਿਟਾਕੇ ਆਉਣਾ ਸਹੀ ਬਚਾਅ ਨਹੀਂ ਸੀ।ਉਹ ਕਹਿੰਦੇ ਹਨ ਕਿ, "ਮੈਂ ਮਰ ਜਾਵਾਂ ਮੈਨੂੰ ਡਰ ਨਹੀਂ,ਮੇਰੀ ਆਤਮਾ ਮਰ ਜਾਵੇ ਅਸਲ ਮੌਤ ਹੈ।"

ਫ਼ਿਲਮ ਦਾ ਅਧਾਰ ਇਹ ਜ਼ਰੂਰ ਹੈ ਪਰ ਕਿਸੇ ਵਿਅਕਤੀ ਲਈ ਪਛਾਣ ਕੀ ਹੈ? ਇਸ ਦੀ ਕਹਾਣੀਆਂ ਬਹੁਤ ਸਾਰੀਆਂ ਪੇਚਦਗੀਆਂ ਚੋਂ ਨਿਕਲਕੇ ਨਿਜ ਤੱਕ ਪਹੁੰਚਦੀਆਂ ਹਨ।ਆਖਰ ਇੱਕ ਮਨੁੱਖ ਦਾ ਅਸਲ ਜੁੜਾਵ ਕਿੱਥੇ ਹੋਵੇਗਾ ਜਿੱਥੇ ਦੇ ਬਹੁਮਤ ਭਰੇ ਭੂਗੋਲਿਕ,ਸਮਾਜਿਕ ਤੇ ਆਰਥਿਕ ਵਰਤਾਰੇ 'ਚ ਉਹ ਵਿਚਰ ਰਿਹਾ ਹੈ ਜਾਂ ਉੱਥੇ ਜਿੱਥੇ ਉਹਦੇ ਪੂਰਵਜ਼ਾਂ ਦਾ ਉਦੈ ਹੈ।ਚਿੰਤਾ 'ਚ ਦੋਵੇਂ ਸਬੱਬ ਹਨ ਕਿ ਚਿੰਤਾ ਨਾ ਕਰੋ ਤੇ ਇਹ ਸੁਭਾਵਿਕ ਮੰਨੋ ਜੇ ਉਹ ਆਪਣਾ ਨਾਮ ਗੁਰਵਿੰਦਰ ਤੋਂ ਗੈਰੀ ਕਰ ਰਿਹਾ ਹੈ ਜਾਂ ਜਸਮੀਤ ਨੂੰ ਜੈਸੀ ਕਹਾਉਣਾ ਵਧੇਰੇ ਪਸੰਦ ਹੈ।ਕਿਉਂ ਕਿ ਪਛਾਣ ਦੀ ਮੂਰਤ ਵਧੇਰੇ ਤਾਂ ਉਘੜਦੀ ਹੈ ਜੇ ਭਾਵਨਾਤਮਕ ਅਧਾਰ ਮਜ਼ਬੂਤ ਹੋਵੇ।ਇਸਨੂੰ ਠੀਕ ਉਸੇ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਬਿਹਾਰ ਦੇ ਲੋਕ ਗੀਤਾਂ ਨਾਲ ਉਥੋਂ ਦੇ ਵਸਨੀਕਾਂ ਦਾ ਜੁੜਾਅ ਹੀ ਹੋਵੇਗਾ ਚਾਹੇ ਉਹ ਪੰਜਾਬ 'ਚ ਰਹਿ ਰਿਹਾ ਹੋਵੇ ਪਰ ਕਿਸੇ ਬਿਹਾਰ ਤੋਂ ਆਏ ਵਸਨੀਕ ਦੀ ਸੰਤਾਨ ਦਾ ਪਾਲਨ ਪੋਸ਼ਣ ਜੇ ਪੰਜਾਬ 'ਚ ਹੋਇਆ ਹੋਵੇ ਤਾਂ ਮਿਕਦਾਰੀ ਪੱਖੋਂ ਉਹ ਪੰਜਾਬ ਦੇ ਲੋਕ ਜੀਵਨ ਦੇ ਜ਼ਿਆਦਾ ਨੇੜੇ ਹੋ ਜਾਵੇਗਾ।ਇਹ ਵਰਤਾਰਾ ਸਿਰਫ ਪੰਜਾਬੀ ਜਾਂ ਸਿੱਖ ਪਛਾਣ 'ਚ ਹੀ ਨਹੀਂ ਦੁਨੀਆ ਦੀ ਹਰ ਸਮਾਜਿਕ ਇਕਾਈ 'ਚ ਵਰਤ ਰਿਹਾ ਹੈ।

ਪਰ ਇਸ ਸਾਰੇ ਵਰਤਾਰੇ 'ਚ ਅਹਿਮ ਫ਼ਰਜ਼ ਇਹ ਵੀ ਹੈ ਕਿ ਕੋਈ ਜ਼ਿੰਮੇਵਾਰੀ ਕਿਵੇਂ ਨਿਭਾ ਰਿਹਾ ਹੈ।ਵਿਦੇਸ਼ਾਂ 'ਚ ਵੱਸਦੇ ਪਰਿਵਾਰ ਬਹੁਤ ਸਾਰੇ ਅਜਿਹੇ ਹਨ ਜੋ ਵਿਦੇਸ਼ੀ ਧਰਤੀ 'ਤੇ ਆਪਣੀ ਹੋਂਦ ਨੂੰ ਆਪਣੇ ਪਿਛੋਕੜ ਦੇ ਸੰਦਰਭ 'ਚ ਜ਼ਿੰਦਾ ਰੱਖਦੇ ਆ ਰਹੇ ਹਨ।ਮੌਜ਼ੂ
ਪਛਾਣ ਨੂੰ ਤਲਾਸ਼ ਕਰਦੀ ਜ਼ਿੰਦਗੀ ਦਾ ਹੀ ਹੈ।ਕੋਈ ਇਸ ਤੋਂ ਵੱਖ ਹੋਕੇ ਨਵੀਂ ਪਛਾਣ ਨਾਲ ਵਿਚਰਕੇ ਖੁਸ਼ ਹੈ ਤੇ ਕੋਈ ਆਪਣੇ ਪਿਛੋਕੜ ਦੀ ਪਛਾਣ ਨਾਲ ਜੁੜਕੇ ਖੁਸ਼ ਹੈ।

ਹਰਪ੍ਰੀਤ ਸਿੰਘ ਕਾਹਲੋਂ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।

ਨਿਊਜ਼ੀਲੈਂਡ:ਲੋਕ ਨਾਇਕ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਰੋਹ

ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਆਕਲੈਂਡ ਵੱਲੋਂ ਬੀਤੇ ਦਿਨ ਕ੍ਰਾਂਤੀ ਦੇ ਕਲਾਕਾਰ ਭਾਜੀ ਗੁਰਸ਼ਰਨ ਸਿੰਘ ਉਰਫ਼ ਮੰਨਾ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਪਾਪਾਟੋਏਟੋਏ ਹਾਲ ਵਿੱਚ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਸ਼ੁਰੂਆਤ 3 ਵਜੇ ਦੇ ਕਰੀਬ ਅਨੁ ਕਲੋਟੀ ਜੀ ਨੇ ਸਟੇਜ ਸੰਭਾਲਦੇ ਹੋਏ ਕੀਤੀ ਅਤੇ ਸਭ ਤੋਂ ਪਹਿਲਾਂ ਅਮ੍ਰਿਤਪ੍ਰੀਤ ਕੌਰ ਨੂੰ ਪਾਸ਼ ਦੀ ਲਿਖੀ ਇੱਕ ਕਵਿਤਾ "ਮੇਰੇ ਤੋਂ ਆਸ ਨਾ ਕਰਿਓ" ਬੋਲਣ ਲਈ ਲੋਕਾਂ ਦੇ ਸਨਮੁਖ ਕੀਤਾ।

ਇਸਦੇ ਉਪਰੰਤ ਹਾਜ਼ਰੀਨ ਨੂੰ ਭਾਜੀ ਗੁਰਸ਼ਰਨ ਸਿੰਘ ਦੇ ਜੀਵਨ ਅਤੇ ਵਿਚਾਰਾ ਦਰਸਾਉਂਦੀ ਦਸਤਾਵੇਜੀ ਵੀਡੀਓ ਵੀ ਦਿਖਾਈ ਗਈ।ਇਸ ਸਮਾਰੋਹ ਦੀ ਰੂਪ ਰੇਖਾ ਅਨੁਸਾਰ ਪ੍ਰੋ. ਬਲਵਿੰਦਰ ਚਾਹਲ ਨੇ ਗੁਰਸ਼ਰਨ ਸਿੰਘ ਜੀ ਬਾਰੇ ਆਪਣੇ ਨਿੱਜੀ ਤਜੁਰਬੇ ਨੂੰ
ਓਥੇ ਇਕੱਤਰ ਹਾਜ਼ਰੀਨ ਨਾਲ ਸਾਂਝਾ ਕੀਤਾ ਜਿਸਨੂੰ ਕਿ ਹਰ ਕਿਸੇ ਨੇ
ਬੜੇ ਗੌਰ ਨਾਲ ਸੁਣਿਆਂ। ਪ੍ਰਿਤਪਾਲ ਅਤੇ ਸੱਤਾ ਵੈਰੋਵਾ
ਲਿਆ ਵੱਲੋਂ ਬੋਲੇ ਗੀਤ ਸਰੌਹਣਯੋਗ ਸਨ ਇਹਨਾ ਗੀਤਾਂ ਵਿੱਚ ਬਦਲਦੇ ਸਮਾਜਿਕ ਤਾਣੇ-ਬਾਣੇ ਅਤੇ ਵਿਗੜੇ ਹੋਏ ਪ੍ਰਜਾਤੰਤਰ ਦੀ ਗੱਲ ਕੀਤੀ ਗਈ ਸੀ।

ਇਸਤੋਂ ਬਾਅਦ ਮੁਖਤਿਆਰ ਜੀ ਨੇ "ਅਕੂਪਾਈ ਆਕਲੈਂਡ ਮਿਸ਼ਨ" ਬਾਰੇ ਮਜੂਦ ਲੋਕਾਂ ਨੂੰ ਜਾਣਕਾਰੀ ਦਿੱਤੀ।

ਇਸ ਮਿਸ਼ਨ ਨੂੰ ਵਧੇਰੇ ਸਪਸ਼ਟ ਕਰਨ ਲਈ ਕੁਝ ਵੀਡੀਓਸ ਵੀ ਦਿਖਾਈਆਂ ਗਈਆਂ। ਅਖੀਰ ਵਿੱਚ ਭਾਜੀ ਦੇ ਲਿਖੇ ਹੋਏ ਨਾਟਕ "ਟੋਆ" ਨੂੰ ਸਟੇਜ ਤੇ ਸਫਲਤਾਪੂਰਵਕ ਪੇਸ਼ ਕੀਤਾ ਗਿਆ ਜਿਸ ਵਿੱਚ ਦਿਖਾਇਆ ਗਿਆ ਕਿ ਵਿਗੜਿਆ ਹੋਇਆ ਸਰਕਾਰੀ ਪ੍ਰਸ਼ਾਸਨ ਜਨ ਸਾਧਾਰਣ ਨੂੰ ਗ਼ਰੀਬੀ ਦੇ ਟੋਏ ਵਿੱਚੋਂ ਕਢਣਾ ਹੀ ਨਹੀਂ ਚੌਹੁੰਦਾ। ਦਰਸ਼ਕਾਂ ਨੇ ਗੁਰਜੋਤ(ਸੇਵਾਦਾਰ), ਨਵਵਿਵੇਕ(ਹੌਲਦਾਰ ਅਤੇ ਜਥੇਦਾਰ),ਗੁਰਪ੍ਰੀਤ(ਟੋਏ ਵਿੱਚ ਡਿੱਗਾ ਆਦਮੀ), ਰਮਨ(ਵਿਦੇਸ਼ੀ ਇੰਟਰਵਿਊਵਰ), ਬਲਜਿੰਦਰ ਸਿੰਘ (ਮੰਤਰੀ) ਅਤੇ
ਸਵਰਨਜੀਤ(ਪੀ.ਡਬਲੀਊ.ਡੀ ਅਧਿਆਕਾਰੀ, ਸਾਧੂ ਅਤੇ ਡਾਇਰੈਕਟਰ) ਦੇ ਕਿਰਦਾਰਾਂ ਨੂੰ ਦਿਲੋਂ ਮਾਣਿਆਂ
ਅਤੇ ਸਰਾਹਿਆ।

ਸਾਊਂਡ ਅਤੇ ਲਾਈਟਸ ਦਾ ਪ੍ਰਬੰਧ ਭਾਰਤੀ ਜੀ ਨੇ ਬਾਖੂਬੀ ਸੰਭਾਲਿਆ। ਇਥੇ ਅਵਤਾਰ ਸਿੰਘ ਹੋਣਾ ਵੱਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ ਸੀ ਜਿਸਦਾ ਕੇ ਸੂਜਵਾਨ ਲੋਕਾਂ ਨੇ ਕਾਫੀ ਫਾਇਦਾ ਉਠਾਇਆ।

ਇਹ ਪ੍ਰੋਗਰਾਮ ਥੋੜੀਆਂ ਪਰ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦੇ ਕਾਰਨ ਆਪਣੇ ਮੰਤਵ ਵਿੱਚ ਪੂਰਾ ਲੱਥਾ ਹੈ। ਸਭ ਪੇਸ਼ਕਾਰੀਆਂ ਵਿਸ਼ੇ ਨਾਲ ਸੰਬੰਧਤ ਸਨ ਜਿਸ ਵਿੱਚ ਥੋੜੀ ਬਹੁਤ ਕਮੀ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ। ਬੱਚਿਆਂ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਤਰਜੀਹ ਨਾਲ ਵੇਖਿਆ ਗਿਆ ਜੋ ਸਮਾਰੋਹ ਦੀ ਸਫਲਤਾ ਦੇ ਦਰਜੇ ਵਿੱਚ ਇਜ਼ਾਫ਼ਾ ਕਰਦਾ ਹੈ।

Report by Yaadvinder

Monday, December 5, 2011

ਕਿਸ਼ਨਜੀ ਦੀ ਮੌਤ ਬਾਰੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਵਲੋਂ ਜਾਰੀ ਪੜਤਾਲੀਆ ਰਿਪੋਰਟ

[ਸੀ.ਪੀ.ਆਈ.(ਮਾਓਵਾਦੀ) ਦੇ ਚੋਟੀ ਦੇ ਆਗੂ ਕਿਸ਼ਨਜੀ ਦੇ ਮੁਕਾਬਲੇ 'ਚ ਮਾਰੇ ਜਾਣ ਦਾ ਝੂਠ ਨੰਗਾ ਹੋਣਾ ਸ਼ੁਰੂ ਹੋ ਗਿਆ ਹੈ। ਜਮਹੂਰੀ ਜਥੇਬੰਦੀਆਂ, ਲੋਕਪੱਖੀ ਬੁੱਧੀਜੀਵੀਆਂ ਅਤੇ ਨਿਰਪੱਖ ਪੱਤਰਕਾਰਾਂ ਵਲੋਂ ਕੀਤੀ ਗਈ ਜਾਂਚ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਕਿਸ਼ਨਜੀ ਨੂੰ ਇਕ ਸੋਚੀ-ਸਮਝੀ ਵਿਉਂਤ ਤਹਿਤ ਗ੍ਰਿਫ਼ਤਾਰ ਕਰਕੇ ਹਿਰਾਸਤ 'ਚ ਭਾਰੀ ਤਸੀਹੇ ਦੇਣ ਪਿੱਛੋਂ ਕਤਲ ਕੀਤਾ ਗਿਆ। ਇਹ ਸਿਆਸੀ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਮਾਓਵਾਦੀ ਪਾਰਟੀ ਨੇ ਪੱਛਮੀ ਬੰਗਾਲ 'ਚ ਜੰਗਬੰਦੀ ਦਾ ਐਲਾਨ ਕੀਤਾ ਹੋਇਆ ਹੈ ਅਤੇ ਮਮਤਾ ਬੈਨਰਜੀ ਸਰਕਾਰ ਵੀ ਵਾਰ-ਵਾਰ ਬਿਆਨ ਦਿੰਦੀ ਰਹੀ ਹੈ ਕਿ ਮਾਓਵਾਦੀਆਂ ਖ਼ਿਲਾਫ਼ ਸੁਰੱਖਿਆ ਦਸਤਿਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੰਜਾਬੀ ਲੋਕਾਂ ਨੂੰ ਇਸ ਸਿਆਸੀ ਕਤਲ ਦੀ ਅਸਲੀਅਤ ਤੋਂ ਜਾਣੂੰ ਕਰਾਉਣ ਲਈ 3 ਦਸੰਬਰ ਨੂੰ ਜਾਰੀ ਕੀਤੀ ਗਈ ਇਹ ਰਿਪੋਰਟ ਹੂ-ਬ-ਹੂ ਛਾਪੀ ਜਾ ਰਹੀ ਹੈ।-ਅਨੁਵਾਦ ਬੂਟਾ ਸਿੰਘ

ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੇ ਤਾਲਮੇਲ ਦਾ ਅੰਗ ਚਾਰ ਜਥੇਬੰਦੀਆਂ--ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕਰੇਟਿਕ ਰਾਈਟਸ, ਆਂਧਰਾ ਪ੍ਰਦੇਸ਼ ਸਿਵਲ ਲਿਬਰਟੀ ਕਮੇਟੀ, ਬੰਦੀ ਮੁਕਤੀ ਕਮੇਟੀ ਅਤੇ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਦਿੱਲੀ)--ਦੀ 22 ਮੈਂਬਰੀ ਟੀਮ ਨੇ ਪਹਿਲੀ ਦਸੰਬਰ 2011 ਨੂੰ ਮਲੋਜੁਲਾ ਕੋਟੇਸ਼ਵਰ ਰਾਓ (ਅੱਕਾ ਕਿਸ਼ਨਜੀ) ਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦੀ ਪੜਤਾਲ ਕੀਤੀ। ਟੀਮ ਨੇ ਪੱਛਮੀ ਮੇਦਨੀਪੁਰ ਦੇ ਬੁਰੀਸੋਲ ਦੀ ਸੋਰਾਕਾਟਾ ਬਸਤੀ ਅਤੇ ਗੋਸਾਈਬੰਧ ਪਿੰਡ ਦਾ ਦੌਰਾ ਕੀਤਾ। ਟੀਮ ਨੇ ਦੋਵਾਂ ਪਿੰਡਾਂ ਦੇ ਵਸਨੀਕਾਂ, ਜੰਬੋਨੀ ਪੁਲਿਸ ਥਾਣੇ ਦੇ ਸਬ ਇੰਸਪੈਕਟਰ ਅਤੇ ਏ ਐੱਸ ਆਈ ਨਾਲ ਗੱਲ ਕੀਤੀ, ਅਤੇ ਉਸ ਥਾਂ ਦਾ ਦੌਰਾ ਕੀਤਾ ਜਿੱਥੇ 24 ਨਵੰਬਰ ਨੂੰ ਅਖੌਤੀ ਮੁਕਾਬਲਾ ਹੋਇਆ।

ਘਟਨਾ ਦੀ ਥਾਂ: ਜਿਸ ਥਾਂ ਤੋਂ ਕਿਸ਼ਨਜੀ ਦੀ ਲਾਸ਼ ਮਿਲੀ ਉਹ ਬੁਰੀਸੋਲ ਪਿੰਡ ਦੀ ਸੋਰਾਕਾਟਾ ਬਸਤੀ ਤੋਂ ਲਗਭਗ 300 ਮੀਟਰ 'ਤੇ ਹੈ। ਇਹ ਪਿੰਡ ਦੇ ਫੁੱਟਬਾਲ ਦੇ ਮੈਦਾਨ ਤੋਂ ਮੁਸ਼ਕਲ ਨਾਲ 50 ਕੁ ਮੀਟਰ ਦੂਰ ਹੈ ਅਤੇ ਸਾਲ ਦੇ ਰੁੱਖ਼ਾਂ ਹੇਠਾਂ ਢਕਿਆ ਹੋਇਆ ਹੈ। ਜਿੱਥੇ ਲਾਸ਼ ਜ਼ਮੀਨ 'ਤੇ ਡਿਗੀ ਮਿਲੀ ਸੀ ਉਸ ਦੇ ਨਾਲ ਸੱਜੇ ਪਾਸੇ ਸਿਉਂਕ ਦੀ ਵਰਮੀ ਹੈ। ਚਾਰ-ਚੁਫੇਰੇ ਵਿਰਲੇ-ਵਿਰਲੇ ਸਾਲ ਦੇ ਰੁੱਖ਼ ਹਨ ਜਿਨ੍ਹਾਂ ਤੋਂ ਇਕ ਤਰ੍ਹਾਂ ਦੇ ਕਵਰ ਦਾ ਪ੍ਰਭਾਵ ਪੈਂਦਾ ਹੈ। ਗੋਲੀਆਂ ਦੇ ਅਖੌਤੀ ਵਟਾਂਦਰੇ ਨਾਲ ਸਿਉਂਕ ਦੀ ਵਰਮੀ ਦਾ ਕੋਈ ਨੁਕਸਾਨ ਨਹੀਂ ਹੋਇਆ। ਜਿੱਥੇ ਜ਼ਮੀਨ ਉੱਪਰ ਲਾਸ਼ ਮਿਲੀ ਸੀ ਉੱਥੇ ਸਿਰ ਅਤੇ ਧੜ ਵਾਲੀ ਥਾਂ ਤਾਂ ਲਹੂ ਦਾ ਛੱਪੜ ਲੱਗਿਆ ਹੋਇਆ ਸੀ ਪਰ ਜਿਸ ਪਾਸੇ ਉਸ ਦੀਆਂ ਲੱਤਾਂ ਸਨ ਉੱਥੇ ਲਹੂ ਦਾ ਕੋਈ ਨਿਸ਼ਾਨ ਨਹੀਂ ਸੀ। ਜਿਨ੍ਹਾਂ ਰੁੱਖ਼ਾਂ ਉੱਪਰ ਗੋਲੀਆਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ ਉੱਥੇ ਗੋਲੀਆਂ ਲੱਗਣ ਨਾਲ ਜਲਣ ਦੇ ਕੋਈ ਨਿਸ਼ਾਨ ਨਹੀਂ ਹਨ। ਅਸਲ ਵਿਚ ਮ੍ਰਿਤਕ ਦੀ ਬੁਰੀ ਤਰ੍ਹਾਂ ਨੁਕਸਾਨੀ ਹੋਈ ਲਾਸ਼ ਦੀ ਤੁਲਨਾ ਜੇ ਉਸ ਥਾਂ ਨਾਲ ਕੀਤੀ ਜਾਵੇ (ਜਿੱਥੋਂ ਲਾਸ਼ ਮਿਲੀ) ਜਿੱਥੇ ਕੁਝ ਵੀ ਹਿੱਲਿਆ ਹੋਇਆ ਨਹੀਂ ਤਾਂ ਇਸ ਤੋਂ ਕਾਫ਼ੀ ਸ਼ੱਕ ਪੈਦਾ ਹੁੰਦਾ ਹੈ। ਜੇ ਉੱਥੇ ਗੋਲੀਆਂ ਦਾ ਭਾਰੀ ਅਦਾਨ-ਪ੍ਰਦਾਨ ਹੋਇਆ ਹੁੰਦਾ ਤਾਂ ਆਲੇ-ਦੁਆਲੇ ਇਸ ਨੂੰ ਦਰਸਾਉਂਦੇ ਨਿਸ਼ਾਨ ਜ਼ਰੂਰ ਹੁੰਦੇ। ਸਭ ਤੋਂ ਵੱਧ ਸ਼ੱਕ ਇਸ ਤੋਂ ਪੈਦਾ ਹੁੰਦਾ ਹੈ ਕਿ ਜੇ ਉੱਥੇ ਗੋਲੀਆਂ ਦਾ ਵਟਾਂਦਰਾ ਹੋਇਆ ਅਤੇ ਇਸ ਥਾਂ ਗੋਲੀਆਂ ਸ਼ੂਕਦੀਆਂ ਲੰਘਦੀਆਂ ਰਹੀਆਂ ਤਾਂ ਲਾਸ਼ ਤੋਂ ਕੁਝ ਇੰਚ ਦੂਰ ਸਿਉਂਕ ਦੀ ਵਰਮੀ ਉੱਪਰ ਇਸ ਦਾ ਕੋਈ ਨਿਸ਼ਾਨ ਕਿਉਂ ਨਹੀਂ ਹੈ। ਸੁੱਕੇ ਪੱਤਿਆਂ ਉੱਪਰ ਗੋਲੀਬਾਰੀ ਦੀ ਅੱਗ ਦੀਆਂ ਚਿੰਗਾੜੀਆਂ ਨਾਲ ਜਲਣ ਦੇ ਕੋਈ ਨਿਸ਼ਾਨ ਨਹੀਂ ਹਨ। ਟੀਮ ਦੇ ਮੈਂਬਰਾਂ ਨੇ ਚਾਰ-ਚੁਫੇਰੇ ਤੁਰ-ਫਿਰਕੇ ਰੁੱਖ਼ਾਂ ਜਾਂ ਸਿਉਂਕ ਦੀ ਵਰਮੀ ਉੱਪਰ ਗੋਲੀਆਂ ਦੇ ਨਿਸ਼ਾਨ ਲੱਭਣ ਦੀ ਕੋਸ਼ਿਸ਼ ਕੀਤੀ। ਕੁਝ ਰੁੱਖ਼ਾਂ ਉੱਪਰ ਟੱਕ ਜ਼ਰੂਰ ਲੱਗੇ ਹੋਏ ਸਨ ਪਰ ਸਿਉਂਕ ਦੀ ਵਰਮੀ ਨੂੰ ਕਿਤੇ ਕੋਈ ਨੁਕਸਾਨ ਨਹੀਂ ਪੁੱਜਿਆ ਹੋਇਆ ਅਤੇ ਰਾਈਫਲਾਂ ਅਤੇ ਮੌਰਟਰਾਂ ਦੀਆਂ ਭਾਰੀ ਗੋਲੀਬਾਰੀ ਨਾਲ ਸੜਨ ਦਾ ਇਕ ਵੀ ਨਿਸ਼ਾਨ ਉੱਥੇ ਨਹੀਂ ਮਿਲਿਆ!

ਪਿੰਡ ਦੇ ਵਸਨੀਕਾਂ ਵਲੋਂ ਦਿੱਤਾ ਵੇਰਵਾ: ਸੋਰਾਕਾਟਾ ਬਸਤੀ ਵਾਲਿਆਂ ਨੇ ਸਾਨੂੰ ਦੱਸਿਆ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਸੁਰੱਖਿਆ ਤਾਕਤਾਂ ਦੀ ਹਲਚਲ ਦੇਖਣ 'ਚ ਆਈ ਸੀ ਅਤੇ 24 ਨਵੰਬਰ ਨੂੰ ਇਹ ਇਕਦਮ ਵਧ ਗਈ ਜਦੋਂ ਸਵੇਰ ਨੂੰ 10-11 ਵਜੇ ਸੁਰੱਖਿਆ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਅਤੇ ਬਾਹਰ ਨਾ ਨਿਕਲਣ ਲਈ ਆਖਿਆ। ਪਿੰਡ ਵਾਲਿਆਂ ਅਨੁਸਾਰ, ਤਿੰਨ ਦਿਨ ਸੁਰੱਖਿਆ ਤਾਕਤਾਂ ਦੀ ਜ਼ੋਰਦਾਰ ਹਲਚਲ ਦੌਰਾਨ ਉਨ੍ਹਾਂ ਨੇ ਕੋਈ ਅਨਾਊਂਸਮੈਂਟ ਨਹੀਂ ਸੁਣੀ, ਕਿਸ਼ਨਜੀ ਨੂੰ ਆਤਮ-ਸਮਰਪਣ ਕਰ ਦੇਣ ਲਈ ਕਹਿਣ ਦੀ ਤਾਂ ਗੱਲ ਹੀ ਛੱਡੋ। 24 ਤਰੀਕ ਨੂੰ 4 ਤੋਂ 5 ਵਜੇ ਦਰਮਿਆਨ ਉਨ੍ਹਾਂ ਨੇ ਰੌਲਾ-ਰੱਪਾ ਸੁਣਿਆ ਜਿਸ ਤੋਂ ਬਾਅਦ ਲਗਭਗ 15 ਤੋਂ 30 ਮਿੰਟ ਗੋਲੀਆਂ ਚਲਦੀਆਂ ਰਹੀਆਂ। ਖ਼ਾਸ ਗੱਲ ਇਹ ਹੋਈ ਕਿ ਇਕ ਸਥਾਨਕ ਝੋਲਾਛਾਪ ਡਾਕਟਰ ਬੁਧੇਵ ਮਹਾਤੋ ਅਤੇ 20 ਕੁ ਸਾਲ ਦੇ ਵਿਦਿਆਰਥੀ ਤਾਰਾਚੰਦ ਟੁਡੂ ਨੂੰ ਚੁੱਕਕੇ 25/11/2011 ਦੇ ਕੇਸ ਨੰਬਰ 46/11 'ਚ ਫਸਾ ਦਿੱਤਾ ਗਿਆ ਅਤੇ ਭਾਰਤੀ ਦੰਡਾਵਲੀ ਦੀ ਧਾਰਾ 307 ਅਤੇ ਹੋਰ ਧਾਰਾਵਾਂ ਲਗਾ ਦਿੱਤੀਆਂ ਗਈਆਂ।

ਬੁਰੀਸੋਲ ਤੋਂ ਪੰਜ ਕਿਲੋਮੀਟਰ ਦੂਰੀ 'ਤੇ ਵਸੇ ਪਿੰਡ ਗੋਸਾਈਬੰਧ ਤੋਂ ਧਰਮਿੰਦਰ ਨਾਂ ਦੇ ਲੜਕੇ, ਜੋ ਸਥਾਨਕ ਕਾਲਜ 'ਚ ਭੂਗੋਲ ਵਿਸ਼ੇ 'ਚ ਤੀਜੇ ਸਾਲ ਦਾ ਵਿਦਿਆਰਥੀ ਹੈ, ਨੂੰ ਪੁਲਿਸ ਨੇ ਕਿਸ਼ਨਜੀ ਨੂੰ ਸ਼ਰਣ ਦੇਣ ਦੇ ਝੂਠੇ ਇਲਜ਼ਾਮ 'ਚ ਚੁੱਕ ਲਿਆ ਅਤੇ ਉਸ ਤੋਂ ਲੈਪਟਾਪ ਬਰਾਮਦ ਹੋਣ ਦਾ ਦਾਅਵਾ ਕੀਤਾ। ਉਸ ਦੇ ਪਰਿਵਾਰ ਦਾ ਕਹਿਣਾ ਸੀ ਕਿ ਬੈਗ ਜ਼ਰੂਰ ਧਰਮਿੰਦਰ ਦਾ ਸੀ ਪਰ ਉਸ ਵਿਚ ਲੈਪਟਾਪ ਕੋਈ ਨਹੀਂ ਸੀ ਇਸ ਦੀ ਥਾਂ ਵੀਹ ਹਜ਼ਾਰ ਰੁਪਏ ਪੁਲਿਸ ਨੇ ਚੋਰੀ ਕਰ ਲਏ ਅਤੇ ਪਰਿਵਾਰ ਦਾ ਰਾਸ਼ਨ ਕਾਰਡ, ਸਰਟੀਫਿਕੇਟ ਅਤੇ ਓ ਬੀ ਸੀ ਦਾ ਕਾਰਡ ਵੀ ਚੁੱਕਕੇ ਲੈ ਗਏ।

ਪੁਲਿਸ ਥਾਣਾ ਜੰਬੋਨੀ: ਟੀਮ ਮੈਂਬਰਾਂ ਨੇ ਐੱਸ ਆਈ ਸਬਿਆਸਾਚੀ ਬੋਧਕ ਨਾਲ ਗੱਲਬਾਤ ਕੀਤੀ ਅਤੇ ਉਸਨੂੰ ਪੁੱਛਿਆ ਕਿ ਉਸ ਨੂੰ ਮੁਕਾਬਲੇ ਦੀ ਸੂਚਨਾ ਕਦੋਂ ਮਿਲੀ, ਸੂਚਨਾ ਕਿਸ ਨੇ ਦਿੱਤੀ ਅਤੇ ਐੱਫ ਆਈ ਆਰ ਕਿਸਨੇ ਲਿਖੀ ਕਿਉਂਕਿ ਘਟਨਾ ਉਸ ਦੇ ਅਧਿਕਾਰ-ਖੇਤਰ 'ਚ ਹੋਈ ਸੀ। ਇਨ੍ਹਾਂ ਅਧਿਕਾਰੀਆਂ ਮੁਤਾਬਿਕ ਉਨ੍ਹਾਂ ਨੂੰ ਇਸ ਦੀ ਸੂਚਨਾ ਰਾਤ ਨੂੰ ਸਾਢੇ ਦਸ ਵਜੇ ਜੰਗਲਮਹੱਲ ਦੇ ਵਧੀਕ ਐੱਸ ਪੀ ਅਲੋਕਨਾਥ ਰਾਜੋਰੀ ਤੋਂ ਮਿਲੀ ਸੀ। ਅਤੇ ਇਸੇ ਵਧੀਕ ਐੱਸ ਪੀ ਨੇ ਐੱਫ ਆਈ ਆਰ ਲਿਖੀ ਸੀ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਸ ਦੀ ਜਾਂਚ ਦਾ ਕੰਮ ਕਰਾਈਮ ਬਰਾਂਚ-ਸੀ ਆਈ ਡੀ ਦੇ ਡੀ ਐੱਸ ਪੀ ਨੂੰ ਸੌਂਪਿਆ ਗਿਆ ਹੈ ਜਦਕਿ ਰਪਟ ਦਰਜ ਕਰਨ ਵਾਲਾ ਸੀਨੀਅਰ ਅਧਿਕਾਰੀ ਹੈ। ਇਹ ਕੁਦਰਤੀ ਨਿਆਂ ਦੇ ਮੂਲ ਸਿਧਾਂਤ ਦੀ ਹੀ ਉਲੰਘਣਾ ਹੈ ਕਿ ਇਕ ਜੂਨੀਅਰ ਅਫ਼ਸਰ ਰਪਟ ਦਰਜ ਕਰਨ ਵਾਲੇ ਸੀਨੀਅਰ ਅਫ਼ਸਰ ਦੇ ਜੁਰਮ ਦੀ ਜਾਂਚ ਕਰੇ।

ਅਸੀਂ ਇਹ ਲਾਜ਼ਮੀ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਕਿਸ਼ਨਜੀ ਦੇ ਸਰੀਰ 'ਤੇ ਜ਼ਖ਼ਮ ਕਿਹੋ ਜਹੇ ਸਨ। ਸਰੀਰ ਉੱਪਰ ਗੋਲੀ ਦੇ ਜ਼ਖ਼ਮ, ਤੇਜ਼ਧਾਰ ਨਾਲ ਲੱਗੇ ਟੱਕ ਅਤੇ ਜਲਣ ਦੇ ਨਿਸ਼ਾਨ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੀ ਕਮੀਜ਼ ਅਤੇ ਪੈਂਟ ਉੱਪਰ ਇਹੋ ਜਹੇ ਕੋਈ ਨਿਸ਼ਾਨ ਨਹੀਂ ਸਨ।

ਸਿਰ ਉੱਪਰ ਜ਼ਖ਼ਮ : ਸੱਜੀ ਅੱਖ ਦਾ ਡੇਲਾ ਬਾਹਰ ਲਟਕਿਆ ਹੋਇਆ ਸੀ। ਜਬਾੜ੍ਹੇ ਦਾ ਹੇਠਲਾ ਹਿੱਸਾ ਗਾਇਬ ਸੀ ਇਸ ਦੀ ਥਾਂ ਜਲਣ ਦੇ ਨਿਸ਼ਾਨ ਪਏ ਹੋਏ ਸਨ। ਸਿਰ ਦੇ ਪਿਛਲੇ ਪਾਸੇ ਖੋਪੜੀ ਦਾ ਇਕ ਹਿੱਸਾ ਗਾਇਬ ਸੀ। ਚਿਹਰੇ ਉੱਪਰ ਚਾਰ ਥਾਵਾਂ 'ਤੇ ਸੰਗੀਨ ਨਾਲ ਵਿੰਨੇ ਜਾਣ ਵਰਗੇ ਨਿਸ਼ਾਨ ਸਨ। ਗਰਦਣ ਦੇ ਤੀਜੇ ਹਿੱਸੇ ਉੱਪਰ ਤਿਰਛਾ ਜ਼ਖ਼ਮ ਸੀ।

ਸੱਜੀ ਬਾਂਹ ਦੇ ਅਗਲੇ ਹਿੱਸੇ ਦੀ ਹੱਡੀ ਟੁੱਟੀ ਹੋਈ ਸੀ ਜਦਕਿ ਚਮੜੀ ਉੱਪਰ ਕੋਈ ਬਾਹਰੀ ਜ਼ਖ਼ਮ ਨਹੀਂ ਸੀ।

ਸੱਜੀ ਬਾਂਹ ਉੱਪਰ ਗੋਲੀਆਂ ਦੇ ਤਿੰਨ ਨਿਸ਼ਾਨ ਸਨ। ਦੋਵੇਂ ਗਿੱਟੇ ਟੁੱਟੇ ਹੋਏ ਸਨ ਅਤੇ ਖੱਬਾ ਪੈਰ ਅੱਧਾ ਲਮਕ ਰਿਹਾ ਸੀ। ਸੱਜੇ ਪੈਰ ਦੀ ਤਲੀ ਦੀ ਚਮੜੀ ਗਾਇਬ ਸੀ ਤੇ ਸੜੀ ਹੋਈ ਸੀ। ਖੱਬੇ ਹੱਥ ਦੀ ਵਿਚਕਾਰਲੀ ਉਂਗਲੀ ਦਾ ਤੀਜਾ ਹਿੱਸਾ ਗਾਇਬ ਸੀ। ਸਰੀਰ ਦੇ ਅਗਲੇ ਪਾਸੇ ਸੰਗੀਨ ਖੋਭੇ ਜਾਣ ਵਰਗੇ 30 ਟੱਕ ਲੱਗੇ ਹੋਏ ਸਨ।

ਸਾਨੂੰ ਕਾਰਜਕਾਰੀ ਮੈਜਿਸਟ੍ਰੇਟ ਵਲੋਂ ਤਿਆਰ ਕੀਤੀ ਅਦਾਲਤੀ ਜਾਂਚ ਦੀ ਰਿਪੋਰਟ ਨਹੀਂ ਦਿੱਤੀ ਗਈ ਨਾ ਹੀ ਪੋਸਟਮਾਰਟਮ ਦੀ ਰਿਪੋਰਟ ਦਿੱਤੀ ਗਈ ਫਿਰ ਵੀ ਟੀਮ ਦੇ ਮੈਂਬਰਾਂ ਨੇ ਇਸ ਨੂੰ ਪੜ੍ਹਕੇ ਨੋਟ ਲੈ ਲਏ। ਹੈਰਾਨੀ ਦੀ ਗੱਲ ਇਹ ਸੀ ਕਿ ਰਿਪੋਰਟ ਵਿਚ ਗੋਲੀ ਲੱਗਣ ਅਤੇ ਗੋਲੀ ਬਾਹਰ ਨਿਕਲਣ ਦੇ ਜ਼ਖ਼ਮਾਂ ਨੂੰ ਛੱਡਕੇ ਉਪਰੋਕਤ ਕੋਈ ਵੀ ਜ਼ਖ਼ਮ ਦਰਜ ਨਹੀਂ ਕੀਤਾ ਗਿਆ ਸੀ।

ਅਸੀਂ ਇਸ ਨਤੀਜੇ 'ਤੇ ਪਹੁੰਚੇ: ਸਰੀਰ ਨੂੰ ਪਹੁੰਚੇ ਨੁਕਸਾਨ ਦੇ ਮੁਕਾਬਲੇ ਆਲੇ-ਦੁਆਲੇ ਦੀ ਥਾਂ ਆਮ ਵਾਂਗ ਸੀ। ਇਸਨੂੰ ਦੇਖਦੇ ਹੋਏ ਸਰਕਾਰੀ ਪੱਖ ਬਾਰੇ ਸ਼ੱਕ ਖੜ੍ਹੇ ਹੁੰਦੇ ਹਨ। ਜੋ ਸਰਕਾਰੀ ਪੱਖ ਪੇਸ਼ ਕੀਤਾ ਗਿਆ ਉਸ ਵਿਚ ਇਕਸੁਰਤਾ ਨਹੀਂ ਹੈ। ਮਿਸਾਲ ਵਜੋਂ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਕਿਸ਼ਨਜੀ ਅਤੇ ਉਸਦੇ ਸਾਥੀ ਤਿੰਨ ਦਿਨ ਘਿਰੇ ਰਹੇ ਅਤੇ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ, ਪਰ ਪਿੰਡ ਦੇ ਵਾਸੀ ਕਹਿੰਦੇ ਹਨ ਕਿ ਉਨ੍ਹਾਂ ਨੇ ਲਾਊਡ ਸਪੀਕਰ ਉੱਪਰ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਸੁਣਿਆ, ਆਤਮ-ਸਮਰਪਣ ਲਈ ਕਹਿਣ ਦੀ ਤਾਂ ਗੱਲ ਹੀ ਛੱਡੋ। ਸੀ ਆਰ ਪੀ ਐੱਫ ਦੇ ਡਾਇਰੈਕਟਰ ਜਨਰਲ ਸ੍ਰੀ ਵਿਜੇ ਕੁਮਾਰ ਨੇ 25 ਨਵੰਬਰ ਨੂੰ ਬਿਆਨ ਦਿੱਤਾ ਕਿ ਕਿਸ਼ਨਜੀ ਤਿੰਨ ਹੋਰ ਸਾਥੀਆਂ ਸਮੇਤ ਮੁਕਾਬਲੇ 'ਚ ਮਾਰਿਆ ਗਿਆ ਜਦਕਿ ਲਾਸ਼ ਸਿਰਫ਼ ਇਕ ਹੀ ਮਿਲੀ! ਇਹ ਕਿਹਾ ਗਿਆ ਕਿ 15 ਤੋਂ 30 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ ਕਈ ਸੌ ਗੋਲੀਆਂ ਚੱਲੀਆਂ, ਇਹ ਗਿਣਤੀ ਉਸ ਥਾਂ ਦੀ ਹਾਲਤ ਨਾਲ ਮੇਲ ਨਹੀਂ ਖਾਂਦੀ ਜਿੱਥੋਂ ਲਾਸ਼ ਮਿਲੀ।

ਕਿਸ਼ਨਜੀ
ਦਾ ਕਤਲ ਪੱਛਮੀ ਬੰਗਾਲ ਦੀ ਸਰਕਾਰ ਅਤੇ ਸੀ ਪੀ ਆਈ (ਮਾਓਵਾਦੀ) ਦਰਮਿਆਨ ਗੱਲਬਾਤ ਸ਼ੁਰੂ ਕਰਨ ਦੀਆਂ ਮੁੱਢਲੀਆਂ ਕੋਸ਼ਿਸ਼ਾਂ ਦੇ ਪਿਛੋਕੜ 'ਚ ਹੋਈ ਹੈ। ਉਸ ਦੀ ਮੌਤ ਨਾਲ ਇਨ੍ਹਾਂ ਯਤਨਾਂ ਨੂੰ ਭਾਰੀ ਧੱਕਾ ਲੱਗਾ ਹੈ। ਅਸੀਂ ਹੈਰਾਨ ਹਾਂ ਕਿ ਉਹੀ ਕੁਝ ਫਿਰ ਦੁਹਰਾਇਆ ਗਿਆ ਹੈ ਜੋ ਲੰਘੇ ਸਾਲ 1-2 ਜੁਲਾਈ ਨੂੰ ਵਾਪਰਿਆ ਸੀ ਜਦੋਂ ਚੇਰੂਕੁਰੀ ਰਾਜਕੁਮਾਰ ਉਰਫ਼ ਆਜ਼ਾਦ ਨੂੰ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ।

ਅਸੀ ਇਹ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਹਥਿਆਰਬੰਦ ਟਕਰਾਅ ਵਾਲੇ ਇਲਾਕੇ ਅੰਦਰ ਹੋਏ ਜੁਰਮ ਦੇ ਪ੍ਰਸੰਗ 'ਚ ਪ੍ਰਸਾਸ਼ਨ ਦੀ ਇਕ ਸ਼ਾਖਾ ਵਲੋਂ ਦੂਜੀ ਸ਼ਾਖਾ ਦੇ ਰਵੱਈਏ ਦੀ ਜਾਂਚ ਨਿਰਪੱਖ ਅਤੇ ਬਿਨਾ ਪੱਖਪਾਤ ਨਹੀਂ ਹੋ ਸਕਦੀ। ਇਸ ਮਾਮਲੇ 'ਚ ਕ੍ਰਾਈਮ ਬਰਾਂਚ-ਸੀ ਆਈ ਡੀ ਨੂੰ ਸਾਂਝੇ ਸੁਰੱਖਿਆ ਦਸਤਿਆਂ ਦੀ ਭੂਮਿਕਾ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ। ਸਾਡਾ ਵਿਸ਼ਵਾਸ ਹੈ ਕਿ ਸਿਰਫ਼ ਇਕ ਆਜ਼ਾਦਾਨਾ ਜਾਂਚ, ਭਾਵ ਵਿਸ਼ੇਸ਼ ਜਾਂਚ ਟੀਮ, ਹੀ ਸੱਚ ਸਾਹਮਣੇ ਲਿਆ ਸਕਦੀ ਹੈ।

ਇਸ ਤੋਂ ਸਾਡੇ ਸ਼ੱਕ ਦੀ ਪੁਸ਼ਟੀ ਹੁੰਦੀ ਜਾਪਦੀ ਹੈ ਕਿ ਇਹ ਹਿਰਾਸਤ 'ਚ ਮੌਤ ਦਾ ਮਾਮਲਾ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ:

1. ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜਾਂ ਸੇਵਾਮੁਕਤ ਜੱਜ ਤੋਂ ਕਿਸ਼ਨਜੀ ਦੀ ਮੌਤ ਦੇ ਹਾਲਾਤਾਂ ਦੀ ਆਜ਼ਾਦਾਨਾ ਅਦਾਲਤੀ ਜਾਂਚ ਕਰਾਈ ਜਾਵੇ।

2. ਭਾਰਤੀ ਦੰਡਾਵਲੀ ਦੀ ਦਫ਼ਾ 302 ਤਹਿਤ ਜੁਰਮ ਦਾ ਮੁਕੱਦਮਾ ਦਰਜ ਕੀਤਾ ਜਾਵੇ।



ਜਾਰੀ ਕਰਤਾ:

ਦੇਬਾਪ੍ਰਸਾਦ ਰਾਏਚੌਧਰੀ (ਜਨਰਲ ਸਕੱਤਰ ਏ ਪੀ ਡੀ ਆਰ)

ਸੀ ਐੱਚ ਚੰਦਰਸ਼ੇਖਰ (ਜਨਰਲ ਸਕੱਤਰ ਏ ਪੀ ਸੀ ਐੱਲ ਸੀ)

ਭਾਨੂ ਸਰਕਾਰ (ਸਕੱਤਰੇਤ ਮੈਂਬਰ ਬੀ ਐੱਮ ਐੱਸ)

ਗੌਤਮ ਨਵਲੱਖਾ (ਮੈਂਬਰ ਪੀ ਯੂ ਡੀ ਆਰ)

Saturday, December 3, 2011

ਪੱਤਰਕਾਰ ਨਾਲ ਇੰਟਰਵਿਊ

ਪਾਕਿਸਤਾਨ ਦੇ ਮਸ਼ਹੂਰ ਕਮੇਡੀਅਨ ਉਮਰ ਸ਼ਰੀਫ ਦੀ ਇਕ ਪੱਤਰਕਾਰ ਨਾਲ ਇੰਟਰਵਿਊ:)))

ਉਮਰ-ਤੁਸੀਂ ਜੋ ਕਹੋਂਗੇ ਸੱਚ ਕਹੋਂਗੇ,ਸੱਚ ਤੋਂ ਸਿਵਾ ਕੁਝ ਨਹੀਂ ਕਹੋਂਗੇ

ਪੱਤਰਕਾਰ--ਮਾਫ਼ ਕਰੋ,ਅਸੀਂ ਖ਼ਬਰਾਂ ਬਣਾਉਣੀਆਂ ਹੁੰਦੀਆਂ ਨੇ।


ਉਮਰ-ਕੀ..ਕਬਰਾਂ ਬਣਾਉਣੀਆਂ ਹੁੰਦੀਆਂ ਨੇ।

ਪੱਤਰਕਾਰ-ਨਹੀਂ ਨਹੀਂ ਖ਼ਬਰਾਂ

ਉਮਰ-ਓਕੇ ਓਕੇ।ਸ਼ਹਾਫਤ(ਪੱਤਰਕਾਰੀ) ਤੇ ਸੱਚਾਈ ਦਾ ਬੜਾ ਗਹਿਰਾ ਤਾਲਕ ਹੈ,ਕੀ
ਤੁਸੀਂ ਜਾਣਦੇ ਹੋਂ ?

ਪੱਤਰਕਾਰ--ਬਿਲਕੁਲ,ਜਿਸ ਤਰ੍ਹਾਂ ਸਬਜ਼ੀ ਦਾ ਰੋਟੀ ਨਾਲ ਗਹਿਰਾ ਤਾਲਕ ਹੈ,ਜਿਸ ਤਰ੍ਹਾਂ ਦਿਨ ਦਾ ਰਾਤ ਨਾਲ
ਗਹਿਰਾ ਰਿਸ਼ਤਾ ਹੈ,ਸਵੇਰ ਦਾ ਸ਼ਾਮ ਨਾਲ,ਕਰਾਰੀਆਂ-ਚੁਲਬੁਲੀਆਂ ਖ਼ਬਰਾਂ ਦਾ ਲੋਕਾਂ ਨਾਲ ਗਹਿਰਾ ਤਾਲਕ ਹੈ,ਉਸੇ
ਤਰ੍ਹਾਂ ਅਖ਼ਬਾਰ/ਚੈਨਲ ਦੇ ਨਾਲ ਸਾਡਾ ਗਹਿਰਾ ਤਾਲਕ ਹੈ।

ਉਮਰ--ਕੀ ਤੁਹਾਨੂੰ ਪਤਾ ਹੈ ਕਿ ਮੁਆਸ਼ਰੇ(ਸਮਾਜ) ਦੀ ਤੁਹਾਡੇ 'ਤੇ ਕਿੰਨੀ ਵੱਡੀ ਜ਼ਿੰਮੇਵਾਰੀ ਹੈ।
ਪੱਤਰਕਾਰ..ਦੇਖੋ,ਤੁਸੀਂ ਮੇਰੀ ਲਾਹ ਰਹੇ ਹੋਂ।

ਉਮਰ-Bold--ਇਹ ਤੁਹਾਡੀ ਖਵਾਹਿਸ਼ ਹੈ,ਮੇਰਾ ਇਰਾਦਾ ਨਹੀਂ ਹੈ....ਜੀ ਦੱਸੋ

ਪੱਤਰਕਾਰ--ਹਾਂ,ਸਾਨੂੰ ਪਤਾ ਹੈ ਕਿ ਸਾਡੇ 'ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਹੈ,ਸਾਡੇ 'ਤੇ ਭਾਈ-ਭੈਣ ਦੀ ਜ਼ਿੰਮੇਵਾਰੀ ਹੈ।
ਬੀਵੀ-ਬੱਚਿਆਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ,ਰਸੋਈ ਗੈਸ,ਬਿਜਲੀ ਤੇ ਪਾਣੀ ਦੇ ਬਿਲ ਦੀ ਜ਼ਿੰਮੇਵਾਰੀ ਹੈ,ਇਕੱਲੇ
ਸਮਾਜ ਦੀ ਮਾਮੂਲੀ ਜ਼ਿੰਮੇਵਾਰੀ ਨਹੀਂ ਹੈ।

ਉਮਰ-ਪੱਤਰਕਾਰਾਂ 'ਤੇ ਇਲਜ਼ਾਮ ਹੈ ਕਿ ਤੁਸੀਂ ਫਿਲਮਾਂ ਨੂੰ ਬੜੀ ਕਵਰੇਜ਼ ਦਿੰਦੇ ਹੋਂ,ਕਿ ਇਹ ਹੀਰੋ ਤੁਹਾਨੂੰ ਮਹੀਨਾ
ਖ਼ਰਚ ਦਿੰਦੇ ਹਨ ?

ਪੱਤਰਕਾਰ--ਦੇਖੋ..ਤੁਸੀਂ ਮੇਰੀ ਲਾਹ ਰਹੇ ਹੋਂ।

ਉਮਰ-ਕੁਝ ਪਾ ਕੇ ਆਏ ਹੋਂ ਤਾਂ ਕਿਉਂ ਡਰ ਰਹੇ ਹੋਂ,ਦੱਸੋ ਫਿਲਮਾਂ ਵਾਲੇ ਮਹੀਨੇ ਦਾ ਖ਼ਰਚ ਦਿੰਦੇ ਹਨ ਜਾਂ ਨਹੀਂ ?
ਪੱਤਰਕਾਰ-ਤੁਸੀਂ ਨਹੀਂ ਸਮਝੋਗੇ।

ਉਮਰ-ਕਿਉਂ ਮੈਂ ਪਾਗਲ ਹਾਂ,ਤੁਸੀਂ ਪੱਤਰਕਾਰਾਂ ਨੇ ਪਾਕਿਸਤਾਨ ਲਈ ਪਿਛਲੇ 50 ਸਾਲਾਂ ਤੋਂ ਕੀ ਕੀਤਾ ਹੈ ?

ਪੱਤਰਕਾਰ-ਦੇਖੋ,ਤੁਸੀਂ ਮੇਰੀ ਲਾਹ ਰਹੇ ਹੋਂ।

ਉਮਰ-ਤੁਸੀਂ ਮੈਨੂੰ ਮਜ਼ਬੂਰ ਕਰ ਰਹੇ ਹੋਂ,ਚਲੋ ਦੱਸੋ ?

ਪੱਤਰਕਾਰ--ਜੋ ਦੇਖਿਆ,ਉਹ ਲਿਖ਼ਿਆ,ਜੋ ਨਹੀਂ ਦੇਖਿਆ ਉਹ ਸੂਤਰਾਂ ਦੇ ਹਵਾਲੇ ਨਾਲ ਲਿਖ਼ਿਆ।ਭ੍ਰਿਸ਼ਟਾਚਾਰ ਬਾਰੇ
ਲਿਖ਼ਿਆ,ਰਿਸ਼ਵਤ ਨੂੰ ਰਿਸ਼ਵਤ ਲਿਖਿਆ,ਰੇਸ਼ਮ ਨਹੀਂ ਲਿਖਿਆ।ਸਾਦਰ(ਅਗਵਾਈ ਕਰਨ ਵਾਲੇ ਆਗੂ) ਨੂੰ ਨਾਦਰ(ਨਾਦਰਸ਼ਾਹ)
ਲਿਖ਼ਿਆ।

ਉਮਰ-ਇਹ ਤੁਹਾਨੂੰ ਖ਼ੁਫੀਆ ਗੱਲਾਂ ਦਾ ਕਿੱਥੋਂ ਪਤਾ ਲੱਗਦਾ ਹੈ ?

ਪੱਤਰਕਾਰ-ਤੁਸੀਂ ਛੱਡੋ ਜੀ,ਸਾਨੂੰ ਤਾਂ ਇਹ ਵੀ ਪਤਾ ਕਿ ਰਾਤ ਨੂੰ ਤੁਹਾਡੀ ਗੱਡੀ ਕਿੱਥੇ ਖੜ੍ਹੀ ਹੁੰਦੀ ਹੈ,ਲੰਦਨ ਦੇ ਹੋਟਲ ਦੇ ਕਮਰਾ ਨੰਬਰ 505 'ਚ ਤੁਸੀਂ ਕੀ ਕਰ ਰਹੇ ਸੀ,ਸਿੰਘਾਪੁਰ 'ਚ ਤੁਸੀਂ....

ਉਮਰ---(ਰਿਸ਼ਵਤ ਦਿੰਦਾ ਹੋਇਆ)-ਚੰਗਾ ਜੀ ਖ਼ੁਦਾ ਹਾਫਿਸ

ਪੱਤਰਕਾਰ---ਸ਼ੁਕਰੀਆ,ਸ਼ੁਕਰੀਆ,ਫਿਰ ਮਿਲਾਂਗੇ,ਖ਼ੁਦਾ ਹਾਫਿਸ।

(ਡਰਾਮਾ 'ਉਮਰ ਸ਼ਰੀਫ ਹਾਜ਼ਰ ਹੋ' 'ਚ ਲਿਖਿਆ ਹੋਇਆ)