ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, June 20, 2014

ਬਾਉਪੁਰ: ਸਮਝੌਤੇ ਦੇ ਬਾਵਜੂਦ ਸਮਾਜਕ ਬਾਈਕਾਟ ਦੀ ਮਾਰ ਜਾਰੀ

ਸੰਗਰੂਰ ਜ਼ਿਲ੍ਹੇ ਦਾ ਪਿੰਡ ਬਾਉਪੁਰ ਲਗਾਤਾਰ ਖ਼ਬਰਾਂ ਵਿੱਚ ਹੈ। ਪੰਜਾਬ ਦੇ ਸਭ ਤੋਂ ਪਛੜੇ ਜ਼ਿਲ੍ਹੇ ਵਿੱਚ ਜਾਤੀ ਗ਼ਲਬੇ ਦਾ ਪ੍ਰਗਟਾਵਾ ਸਮਾਜਕ ਬਾਈਕਾਟ ਵਜੋਂ ਸਾਹਮਣੇ ਆਇਆ ਹੈ। ਪਿੰਡ ਦੀ ਬਾਲਮੀਕ ਅਤੇ ਰਵੀਦਾਸ ਬਿਰਾਦਰੀ ਦਾ ਸਮਾਜਕ ਬਾਈਕਾਟ 15 ਮਈ ਨੂੰ ਕੀਤਾ ਗਿਆ ਸੀ। ਖਨੌਰੀ ਥਾਣੇ ਦੇ ਥਾਣੇਦਾਰ ਵਿਜੇ ਕੁਮਾਰ ਦੇ ਸਾਹਮਣੇ ਸਮਝੌਤਾ ਹੋਣ ਤੋਂ ਬਾਅਦ ਵੀ ਸਮਾਜਕ ਬਾਈਕਾਟ ਦਾ ਅਸਰ ਸਮਾਜਕ ਵਿਹਾਰ ਵਿੱਚ ਅਸਰਅੰਦਾਜ਼ ਹੈ। ਹਰਿਆਣੇ ਦੇ ਨਾਲ ਲੱਗਦਾ ਇਹ ਪਿੰਡ ਬਾਂਗਰ ਵਿੱਚ ਪੈਂਦਾ ਹੈ ਅਤੇ ਤਕਰੀਬਨ ਸਾਰੀ ਆਬਾਦੀ ਬਾਂਗਰੂ ਬੋਲਦੀ ਹੈ। ਹਿੰਦੂ ਬਹੁ-ਆਬਾਦੀ ਵਾਲੇ ਇਸ ਪਿੰਡ ਦੀ 81 ਏਕੜ ਪੰਚਾਇਤੀ ਜ਼ਮੀਨ ਵਿੱਚੋਂ 27 ਏਕੜ ਬੇਜ਼ਮੀਨੇ ਤਬਕੇ ਲਈ ਰਾਖਵੀਂ ਹੈ। ਹੁਣ ਤੱਕ ਇਸ ਜ਼ਮੀਨ ਦੀ ਬੋਲੀ ਭਾਵੇਂ ਦਲਿਤ ਬਰਾਦਰੀ ਦੇ ਨਾਮ ਚੜ੍ਹਦੀ ਰਹੀ ਹੈ ਪਰ ਖੇਤੀ ਜਾਟ ਹੀ ਕਰਦੇ ਆਏ ਹਨ। ਇਸ ਵਾਰ ਬਾਲਮੀਕ ਅਤੇ ਰਵੀਦਾਸ ਬਿਰਾਦਰੀ ਨੇ ਸਾਂਝੀ ਖੇਤੀ ਕਰਨ ਦੇ ਇਰਾਦੇ ਨਾਲ ਬੋਲੀ ਦੇਣ ਦਾ ਫ਼ੈਸਲਾ ਕੀਤਾ ਸੀ। ਰਵੀਦਾਸ ਬਰਾਦਰੀ ਦੇ ਪੰਚ ਕ੍ਰਿਸ਼ਨ ਸਿੰਘ ਜੱਸਲ ਨੇ ਦੱਸਿਆ ਕਿ ਇਸ ਫ਼ੈਸਲੇ ਦਾ ਕਾਰਨ ਬਰਾਦਰੀ ਦੇ ਭਲੇ ਲਈ ਸਾਂਝੀ ਖੇਤੀ ਕਰਨਾ ਸੀ ਜੋ ਕਿ 12 ਮੈਂਬਰੀ ਕਮੇਟੀ ਦੀ ਸਰਪ੍ਰਸਤੀ ਵਿੱਚ ਕੀਤੀ ਜਾਣੀ ਸੀ। ਪੰਜ ਤਰੀਕ ਦੇ ਇਸ ਫ਼ੈਸਲੇ ਮੁਤਾਬਕ ਦਸ ਮਈ ਨੂੰ ਬੋਲੀ ਦਿੱਤੀ ਗਈ ਪਰ ਨਿਲਾਮੀ ਰੱਦ ਕਰ ਦਿੱਤੀ ਗਈ। ਨਿਲਾਮੀ ਰੱਦ ਕੀਤੇ ਜਾਣ ਦਾ ਕਾਰਨ ਜ਼ਮੀਨ ਦਾ ਪਿਛਲੇ ਸਾਲ ਨਾਲੋਂ ਘੱਟ ਠੇਕੇ ਉੱਤੇ ਚੜ੍ਹਨਾ ਦੱਸਿਆ ਗਿਆ ਪਰ ਇਸ ਦਾ ਅਸਰ ਅਗਲੇ ਦਿਨਾਂ ਵਿੱਚ ਸਮਾਜਕ ਪੱਧਰ ਉੱਤੇ ਨਜ਼ਰ ਆਇਆ। ਪੰਦਰਾਂ ਮਈ ਨੂੰ ਪਿੰਡ ਦੇ ਇੱਕ ਮੋਹਤਬਰ ਵਸਾਉ ਰਾਮ ਨੇ ਸ਼ਿਵ ਮੰਦਿਰ ਵਿੱਚ ਜਾਟ ਭਾਈਚਾਰੇ ਦੀ ਬੈਠਕ ਬੁਲਾਈ। ਇਸੇ ਮੰਦਿਰ ਵਿੱੱਚੋਂ ਛੇ ਵਜੇ ਸਪੀਕਰ ਰਾਹੀਂ ਦਲਿਤ ਬਰਾਦਰੀ ਦੇ ਸਮਾਜਕ ਬਾਈਕਾਰ ਦਾ ਐਲਾਨ ਕਰ ਦਿੱਤਾ ਗਿਆ। ਸਮਾਜਕ ਬਾਈਕਾਟ ਦਾ ਮਤਲਬ ਸੀ ਕਿ ਜੋ ਵੀ ਦਲਿਤ ਸਮਾਜ ਨਾਲ ਸਬੰਧ ਰੱਖੇਗਾ ਉਸ ਨੂੰ ਇੱਕੀ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਬਾਈਕਾਟ ਦਾ ਉਲੰਘਣ ਕਰਨ ਵਾਲੇ ਦਲਿਤ ਨੂੰ ਗਿਆਰਾਂ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਇਸ ਬਾਈਕਾਟ ਤਹਿਤ ਦਲਿਤਾਂ ਦਾ ਖੇਤਾਂ ਵਿੱਚ ਵੜਨਾ ਬੰਦ, ਉਨ੍ਹਾਂ ਨੂੰ ਦਿਹਾੜੀ ਉੱਤੇ ਰੱਖਣਾ ਬੰਦ, ਦਲਿਤਾਂ ਦੇ ਪਸ਼ੂਆਂ ਦਾ ਖੇਤਾਂ ਵਿੱਚ ਵੜਨਾ ਬੰਦ ਅਤੇ ਦਲਿਤਾਂ ਨੂੰ ਦੁੱਧ-ਲੱਸੀ ਦੇਣਾ ਬੰਦ ਕਰ ਦਿੱਤਾ ਗਿਆ। ਜਾਟਾਂ ਦੇ ਮੰਦਿਰ ਵਿੱਚ ਦਲਿਤਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਗਾ ਦਿੱਤੀ ਗਈ।

ਬਹੁਜਨ ਸਮਾਜ ਪਾਰਟੀ ਦੀ ਜਥੇਬੰਦੀ ਬਹੁਜਨ ਵਲੰਟੀਅਰ ਫੋਰਸ ਦੇ ਜ਼ਿਲ੍ਹਾ ਇੰਚਾਰਜ ਕ੍ਰਿਸ਼ਨ ਸਿੰਘ ਜੱਸਲ ਦੱਸਦੇ ਹਨ ਕਿ ਸਾਰਾ ਦਲਿਤ ਸਮਾਜ ਖ਼ੌਫ਼ਜ਼ਦਾ ਹੋ ਗਿਆ ਹੈ। ਬਾਈਕਾਟ ਤੋਂ ਅਗਲੇ ਦਿਨ ਐਲਾਨ ਦੁਬਾਰਾ ਕੀਤਾ ਗਿਆ। ਬਾਅਦ ਵਿੱਚ ਦੋਵਾਂ ਪੱਖਾਂ ਨੂੰ ਖਨੌਰੀ ਥਾਣੇ ਵਿੱਚ ਬੁਲਾ ਕੇ ਥਾਣੇਦਾਰ ਵਿਜੇ ਕੁਮਾਰ ਨੇ ਸਮਝੌਤਾ ਕਰਵਾ ਦਿੱਤਾ। ਇਸ ਸਮਝੌਤੇ ਨਾਲ ਨਾ ਤਾਂ ਬੇਜ਼ੀਮਨੇ ਤਬਕੇ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਫ਼ੈਸਲਾ ਹੋਇਆ ਅਤੇ ਨਾ ਹੀ ਸਮਾਜਕ ਵਿਹਾਰ ਵਿੱਚ ਆਈ ਕੁੜੱਤਣ ਘਟੀ। ਪੰਚਾਇਤ ਸਕੱਤਰ ਪ੍ਰਿਥੀ ਸਿੰਘ ਨੇ ਫੋਨ ਉੱਤੇ ਦੱਸਿਆ, "ਪਿਛਲੇ ਸਾਲ ਬੇਜ਼ਮੀਨੇ ਤਬਕੇ ਦੇ ਹਿੱਸੇ ਦੀ ਜ਼ਮੀਨ ਦਾ ਠੇਕਾ 8,52,000 ਸੀ ਜਦਕਿ ਇਸ ਵਾਰ ਬੋਲੀ 2,05,700 ਰੁਪਏ ਤੱਕ ਗਈ ਹੈ। ਆਮ ਤੌਰ ਉੱਤੇ ਪਿਛਲੇ ਸਾਲ ਦੇ ਠੇਕੇ ਨੂੰ ਘੱਟ ਤੋਂ ਘੱਟ ਮੰਨ ਕੇ ਬੋਲੀ ਕੀਤੀ ਜਾਂਦੀ ਹੈ। ਇਸ ਸਾਲ ਦਾ ਫ਼ੈਸਲਾ ਲੈਣ ਲਈ ਮਿਸਲ ਮਹਿਕਮੇ ਦੇ ਆਹਲਾ ਅਫ਼ਸਰਾਂ ਨੂੰ ਭੇਜ ਦਿੱਤੀ ਗਈ ਹੈ।" ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਦੇ ਨਿਰਦੇਸ਼ਕ ਡਾ ਕਰੂਣਾ ਰਾਜੂ ਮੁਤਾਬਕ, "ਇਹ ਬੋਲੀ ਖੁੱਲ੍ਹੀ ਹੁੰਦੀ ਹੈ ਅਤੇ ਜਨਤਕ ਥਾਂ ਉੱਤੇ ਕੀਤੀ ਜਾਂਦੀ ਹੈ। ਆਮ ਤੌਰ ਉੱਤੇ ਪਿਛਲੇ ਸਾਲ ਤੈਅ ਹੋਏ ਠੇਕੇ ਤੋਂ ਬੋਲੀ ਸ਼ੁਰੂ ਕੀਤੀ ਜਾਂਦੀ ਹੈ ਪਰ ਅਜਿਹਾ ਕੋਈ ਕਾਨੂੰਨ ਨਹੀਂ ਹੈ। ਅਸੀਂ ਵੇਖਾਂਗੇ ਕਿ ਇਸ ਸਾਲ ਠੇਕਾ ਘੱਟ ਕਿਉਂ ਹੋਇਆ ਹੈ ਅਤੇ ਇਸ ਤੋਂ ਬਾਅਦ ਫ਼ੈਸਲਾ ਕੀਤਾ ਜਾਵੇਗਾ।" ਡਾ ਕਰੂਣਾ ਰਾਜੂ ਦੀ ਕਹਿਣੀ ਤੋਂ ਲੱਗਦਾ ਹੈ ਕਿ ਜ਼ਮੀਨ ਦੀ ਬੋਲੀ ਦਾ ਫ਼ੈਸਲਾ ਜਲਦੀ ਹੋ ਜਾਵੇਗਾ ਪਰ ਪਿੰਡ ਦੇ ਮਾਹੌਲ ਤੋਂ ਨਹੀਂ ਲੱਗਦਾ ਕਿ ਸਮਾਜਕ ਬਾਈਕਾਟ ਦਾ ਅਸਰ ਜਲਦੀ ਘੱਟ ਹੋਵੇਗਾ।

ਇਸ ਦੌਰਾਨ 18 ਮਈ ਨੂੰ ਬਾਲਮੀਕੀ ਮੰਦਿਰ ਦੇ ਪੁਜਾਰੀ ਮਹਿਪਾਲ ਸਿੰਘ ਨੂੰ ਖੇਤ ਵਿੱਚ ਵੜਨ ਕਾਰਨ ਕੁੱਟਿਆ ਗਿਆ। ਇਸ ਮਾਮਲੇ ਵਿੱਚ ਮੁਲਜ਼ਮ ਬੀਰਾ ਰਾਮ ਨੂੰ ਅਨੁਸੂਚਿਤ ਜਾਤੀ ਅਤੇ ਜਨਜਾਤੀ ਖ਼ਿਲਾਫ਼ ਤਸ਼ਦੱਦ ਦੇ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੰਡ ਦੇ ਸਰਪੰਚ ਲਹਿਰੀ ਸਿੰਘ ਨੇ ਫ਼ੋਨ ਉੱਤੇ ਦੱਸਿਆ ਕਿ ਸਮਾਜਕ ਬਾਈਕਾਟ ਵਰਗਾ ਕੁਝ ਨਹੀਂ ਹੋਇਆ ਅਤੇ ਪੁਜਾਰੀ ਮਹੀਪਾਲ ਸਿੰਘ ਵਾਲਾ ਮਾਮਲਾ ਦੋ ਜੀਆਂ ਦੀ ਆਪਸੀ ਲੜਾਈ ਹੈ। ਦੂਜੇ ਪਾਸੇ ਮਨਰੇਗਾ ਯੋਜਨਾ ਤਹਿਤ ਦਿਹਾੜੀ ਉੱਤੇ ਲੱਗੀਆਂ ਦਲਿਤ ਸਮਾਜ ਦੀਆਂ ਬੀਬੀਆਂ ਦੱਸਦੀਆਂ ਹਨ ਕਿ ਉਹ ਸਮਾਜਕ ਬਾਈਕਾਟ ਦਾ ਸ਼ਿਕਾਰ ਹਨ। ਇਸ ਕਾਰਨ ਬਾਲਣ ਤੋਂ ਲੈਕੇ ਜੰਗਲ-ਪਾਣੀ ਤੱਕ ਦੀਆਂ ਸਮੱਸਿਆਵਾਂ ਆ ਰਹੀਆਂ ਹਨ।

ਜਾਟ ਬਰਾਦਰੀ ਦੇ ਪੰਚ ਹਵਾ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਫ਼ਸਲ ਬਰਬਾਦ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਹਵਾ ਸਿੰਘ ਨੂੰ ਟੋਕ ਕੇ ਜਾਟ ਸਮਾਜ ਦੇ ਸੋਮਨਾਥ ਦੱਸਦੇ ਹਨ ਕਿ ਦਲਿਤਾਂ ਨੂੰ ਖਾਲੀ ਖੇਤਾਂ ਵਿੱਚ ਜਾਣ ਤੋਂ ਵੀ ਰੋਕਿਆ ਗਿਆ ਹੈ। ਬਾਅਦ ਵਿੱਚ ੬੫ ਸਾਲਾ ਸਤਨਾਮ ਸਿੰਘ ਦੱਸਦੇ ਹਨ ਕਿ ਕੁਝ ਲੋਕ ਦਲਿਤ ਸਮਾਜ ਨੂੰ ਭਟਕਾ ਰਹੇ ਹਨ। ਅਨੁਸੂਚਿਤ ਜਾਤੀ ਅਤੇ ਜਨਜਾਤੀ ਕਮਿਸ਼ਨ ਦੇ ਮੈਂਬਰ ਦਲੀਪ ਸਿੰਘ ਪਾਂਧੀ ਨੇ ਬਾਉਪੁਰ ਦਾ ਦੌਰਾ ਕਰਕੇ ਆਪਣੀ ਰਪਟ ਕਮਿਸ਼ਨ ਨੂੰ ਦੇ ਦਿੱਤੀ ਹੈ। ਪਾਂਧੀ ਨੇ ਫ਼ੋਨ ਉੱਤੇ ਦੱਸਿਆ ਕਿ ਸਮਾਜਕ ਬਾਈਕਾਟ ਦਾ ਅਸਰ ਹੈ ਪਰ ਦਲਿਤ ਸਮਾਜ ਵੀ ਆਪਣੀ ਅੜੀ ਉੱਤੇ ਆਇਆ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਮੀਨ ਦਾ ਫ਼ੈਸਲਾ ਹੋ ਜਾਣ ਤੋਂ ਬਾਅਦ ਮਾਹੌਲ ਬਿਹਤਰ ਹੋ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਸਹਾਇਕ ਪ੍ਰੋਫ਼ੈਸਰ ਜਤਿੰਦਰ ਸਿੰਘ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਕੁਝ ਲੋਕਾਂ ਦੀ ਗ਼ਲਤੀ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਜਤਿੰਦਰ ਨੇ ਅਜਿਹੀ ਘਟਨਾ ਦਾ ਤਿੰਨ ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੱਧਰੀ ਕਲਾਂ ਵਿੱਚ ਅਧਿਐਨ ਕੀਤਾ ਸੀ। ਜਤਿੰਦਰ ਦਾ ਕਹਿਣਾ ਹੈ, "ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਅਤੇ ਪ੍ਰਸ਼ਾਸਨ ਦੀ ਸਹਿਮਤੀ ਨਾਲ ਗ਼ਾਲਬ ਜਾਤਾਂ ਵੱਲੋਂ ਜਾਤੀ ਗ਼ਲਬਾ ਕਾਇਮ ਰੱਖਣ ਦਾ ਉਪਰਾਲਾ ਹੋ ਰਿਹਾ ਹੈ।" ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੰਸਦ ਮੈਂਬਰ ਭਗਵੰਤ ਮਾਨ ਪਿੰਡ ਦੇ ਦੌਰੇ ਦੌਰਾਨ ਲੋਕਾਂ ਨੂੰ ਸਮਝਾਉਣ ਵਿੱਚ ਨਾਕਾਮਯਾਬ ਰਹੇ ਹਨ। ਕਈ ਖੱਬੇ ਪੱਖੀ ਸਿਆਸੀ ਧਿਰਾਂ ਦੇ ਵਫ਼ਦ ਬਾਉਪੁਰ ਦਾ ਦੌਰਾ ਕਰ ਚੁੱਕੇ ਹਨ।

ਇਨ੍ਹਾਂ ਹਾਲਾਤ ਵਿੱਚ ਦੋਵਾਂ ਬਿਰਾਦਰੀਆਂ ਦਾ ਲਹਿਜ਼ਾ ਦਰਸਾਉਂਦਾ ਹੈ ਕਿ ਤਣਾਅ ਜਲਦੀ ਘੱਟ ਹੋਣ ਵਾਲਾ ਨਹੀਂ ਹੈ। ਥਾਣੇ ਵਿੱਚ ਜਾਟ ਸਮਾਜ ਵੱਲੋਂ ਸਮਾਜਕ ਬਾਈਕਾਟ ਦੇ ਸੱਦੇ ਲਈ ਮੁਆਫ਼ੀ ਮੰਗਣ ਵਾਲੇ ਅਜਮੇਰ ਸਿੰਘ ਦੀ ਇੱਜ਼ਤ ਤਾਂ ਪਿੰਡ ਵਿੱਚ ਹਰ ਕੋਈ ਕਰਦਾ ਹੈ ਪਰ ਹਰ ਕਿਸੇ ਨੂੰ ਉਨ੍ਹਾਂ ਦੀ ਗੱਲ ਮੰਨ ਲੈਣਾ ਆਪਣੀ ਜਾਤੀ ਪਛਾਣ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਅਜਮੇਰ ਸਿੰਘ ਦੀਆਂ ਭਾਵਨਾਵਾਂ ਸ਼ਾਇਦ ਮੌਜੂਦਾ ਸਿਆਸਤ ਵਿੱਚ ਮਾਅਨੇ ਨਹੀਂ ਰੱਖਦੀਆਂ, ਇਸੇ ਲਈ ਉਹ ਪਿੰਡ ਦੇ ਮਾਹੌਲ ਉੱਪਰ ਅਸਰਅੰਦਾਜ਼ ਨਹੀਂ ਹੋ ਸਕੇ। ਬਾਈਕਾਟ ਦੇ ਹਵਾਲੇ ਨਾਲ ਇਹ ਪੱਖ ਵੀ ਧਿਆਨ ਦੀ ਮੰਗ ਕਰਦੇ ਹਨ ਕਿ ਗਰਮੀ ਦੇ ਮੌਜੂਦਾ ਕਹਿਰ ਵਿੱਚ ਖੇਤਾਂ ਵਿੱਚ ਵੱਟਾਂ-ਬੰਨ੍ਹਿਆਂ ਉੱਤੇ ਹਰਾ ਘਾਹ ਨਹੀਂ ਹੈ ਅਤੇ ਕਣਕ ਦੀ ਵਾਢੀ ਅਤੇ ਜੀਰੀ ਦੀ ਲਵਾਈ ਦੇ ਵਿਚਕਾਰਲਾ ਸਮਾਂ ਖੇਤ ਮਜ਼ਦੂਰਾਂ ਲਈ ਮੰਦੀ ਦਾ ਸਮਾਂ ਹੁੰਦਾ ਹੈ। ਉਪਰੋਂ ਖੇਤ ਮਜ਼ਦੂਰ ਦੇ ਲਗਾਤਾਰ ਘਟਦੇ ਕੰਮ ਦੇ ਦਿਨ ਖੇਤੀ ਸੰਕਟ ਦੇ ਅਹਿਮ ਪੱਖ ਵਜੋਂ ਦਰਜ ਕੀਤੇ ਜਾ ਰਹੇ ਹਨ।

ਬਾਉਪੁਰ ਤੋਂ ਦਲਜੀਤ ਅਮੀ ਦੀ ਰਿਪੋਰਟ
ਲੇਖ਼ਕ  ਪੰਜਾਬ ਦੇ ਜਾਣੇ ਪਛਾਣੇ ਦਸਤਾਵੇਜ਼ੀ ਫਿਲਮਸਾਜ਼ ਹਨ।
ਵਾਇਆ 'ਅਨਹਦ ਬਾਜੇ ਬੱਜੇ' 

Friday, May 23, 2014

ਬੋਲ ਕਿ ਲਬ ਅਜ਼ਾਦ ਹੈਂ ਤੇਰੇ, ਬੋਲ ਕਿ ਸੱਚ ਜ਼ਿੰਦਾ ਹੈ

The election of a new government in India is the result of a democratic exercise so vast that any critique of the mandate needs to be respectful. And more so, if it is a pre-emptive one. Yet, there are good reasons why some of us are fearful. Let’s begin with the much-proclaimed promise of ‘development’ and the great enthusiasm among the middle and elite classes for the ‘Gujarat model’. Just for the record, the state has always been among the more enterprising and prosperous ones. And in the last decade, even by the simplistic yardstick of economic growth, Maharashtra, Bihar and Tamil Nadu have done better than Gujarat. In any case, economic growth is not the only measure of success, as a large number of Indians are marginalised and suffer on many other counts. Will their voices be heard in an economic model driven above all by corporate policies? Will there be any focus on social measures that are so crucial for the underprivileged? Will the ‘development’ be inclusive and for all?

While we are being asked to move past the 2002 carnage, there is no hesitation in invoking memories of the Partition or going as far back as Babar! What scares me is that let alone any remorse, apology or concern for those whose scars have still not healed, there is a fearful rise in prejudice and its legitimacy. Clearly evident in these elections is a religiously charged ethos, created through the campaign, revealing that under the ‘development’ story the core remains divisive politics. Amit Shah’s speeches in Muzaffarnagar, Modi’s refusal to wear the skull cap, while he wore every other headgear during the campaign, Praveen Togadia asking Muslims to be thrown out of “Hindu areas”, to name a few.


But my greatest immediate fear is the attack on freedom of expression. Democracy works because there is room for differences that enable people to change their minds and governments and voice their dissent in ways that are civil and democratic. The BJP and its supporters have always been too eager to silence critics through blatant censorship and vandalism. I have personally suffered during the release of Fire and the making of Water. But never did I know that even making a harmless appeal to vote for secular parties would invite such wrath from the Modi supporters. Today my differing view has been responded to by such crass tweets like “Take your kid and go to Pakistan”! The dangerous subtext is alarming.

In 2008, I made Firaaq, a film on how ordinary people grappled with the aftermath of the Gujarat carnage. The film did not point fingers, yet the stand taken against violence was clear. While it got much appreciation and accolades, it also got flak from those who chose to see it with a less open mind. The release of the film saw dismal returns, and I was told that primarily it was because it came too close to the elections. Nevertheless, the film did get released. But today, if I had to release the film, even after the elections and the projected victory of the NDA, I think it would face far more blatant opposition. As an artist, I feel vulnerable and threatened much more today than I have ever felt before. For the first time, I can feel media self-censoring itself, playing safe—an indication of times to come. The silence is going to be deafening and the naysayers very few. Today I ask myself, are my fears truly unfounded?

Nandita Das
Actress/Filmmaker

Courtesy-Outlook Magzine

Sunday, May 11, 2014

'ਵਿਚਾਰਕ ਡ੍ਰੋਨਵਾਦੀਆਂ' ਤੋਂ ਦੂਰ ਰਹਿਣ 'ਚ ਹੀ ਭਲਾਈ--ਉਦੈ ਪ੍ਰਕਾਸ਼

ਉਦੈ ਪ੍ਰਕਾਸ਼ ਕਾਰਲ ਮਾਰਕਸ ਦੇ ਘਰ(ਜਰਮਨੀ)
'ਜਿੱਥੇ ਬਹੁਤ ਜ਼ਿਆਦਾ ਕਲਾ ਹੋਵੇਗੀ,ਓਥੇ ਜੀਵਨ ਨਹੀਂ ਹੋਵੇਗਾ'। ਇਹੋ ਜਿਹਾ ਕੁਝ ਰਘੁਵੀਰ ਸਹਾਏ (ਹਿੰਦੀ ਸਾਹਿਤਕਾਰ/ਪੱਤਰਕਾਰ) ਜੀ ਨੇ ਲਿਖਿਆ ਸੀ।ਇਹ ਠੀਕ ਹੈ। ਪਰ ਮੈਨੂੰ ਇਹ ਵੀ ਲੱਗਦਾ ਹੈ ਕਿ 'ਜਿੱਥੇ ਬਹੁਤ ਜ਼ਿਆਦਾ ਰਾਜਨੀਤੀ ਹੋਵੇਗੀ, ਓਥੇ ਵੀ ਜੀਵਨ ਨਹੀਂ ਹੋਵੇਗਾ'। 

ਸ਼ਾਇਦ ਕਿਸੇ ਇਕ ਦਾ ਵਾਧੂ ਉਲਾਰਪਣ ਮਨੁੱਖ ਦੇ ਜੀਵਨ ਤੇ ਮਨੁੱਖੀ ਗੁਣਾਂ ਨੂੰ ਖ਼ਤਮ ਕਰਦਾ ਹੈ। ਮੈਂ ਕਈ ਵਾਰ ਅਜਿਹੇ ਵਿਅਕਤੀਆਂ ਬਾਰੇ ਸੋਚਦਾ ਹਾਂ ਜਿਨ੍ਹਾਂ ਦਾ ਰਾਜਨੀਤੀ ਤੋਂ ਬਿਨਾਂ ਦੂਜਾ ਕੋਈ ਚਿਹਰਾ ਜਾਂ ਪਛਾਣ ਨਹੀਂ ਹੈ। ਉਹ ਆਪਣੇ ਉਲਾਰਪਣ(ਵਿਚਾਰਕ) 'ਚ ਸਮਾਜਿਕ-ਪਰਿਵਾਰਕ ਸੁਭਾਵਕ ਮਨੁੱਖੀ ਰਿਸ਼ਤਿਆਂ ਨਾਤਿਆਂ ਨੂੰ,ਜ਼ਰੂਰੀ ਮਨੁੱਖੀ ਸੰਵੇਦਨਾਵਾਂ ਤੋਂ ਦੂਰ ਹੋਣ ਦੇ ਆਪਣੇ 'ਗੁਣਾਂ' ਨੂੰ  ਕਿਸੇ 'ਮਾਣ' ਤੇ ਹੰਕਾਰ ਵਜੋਂ ਐਲਾਨਦੇ ਹਨ। ਉਨ੍ਹਾਂ ਦਾ ਦੋਸਤ ਹੋਣਾ ਜਾਂ ਉਨ੍ਹਾਂ ਦੀ ਸੰਵੇਦਨਾ ਦਾ ਪਾਤਰ ਬਣਨ ਲਈ ਉਨ੍ਹਾਂ ਦੀ ਰਾਜਨੀਤੀ ਦਾ ਹਮਾਇਤੀ ਹੋਣਾ ਜਾਂ ਉਨ੍ਹਾਂ ਦੀਆਂ 'ਕਲਾਵਾਂ' ,'ਆਸਥਾਵਾਂ', 'ਧਰਮਾਂ',ਵਿਚਾਰਾਂ ਵਗੈਰਾ ਦਾ ਪ੍ਰਸ਼ੰਸਕ ਹੋਣਾ ਇਕ ਜ਼ਰੂਰੀ ਸ਼ਰਤ ਹੁੰਦੀ ਹੈ। 

ਮੈਨੂੰ  ਨਿਜੀ ਤੌਰ 'ਤੇ ਇਹ ਵੱਡੀ ਦੁਖਦਾਈ ਗੱਲ ਲੱਗਦੀ ਹੈ ਕਿਉਂਕਿ ਰਾਜਨੀਤੀ ਜਾਂ ਕਲਾਵਾਂ ਦੀ ਹੋਂਦ ਹੀ ਮਨੁੱਖੀ ਜ਼ਿੰਦਗੀ ਦੇ ਨੇੜੇ ਹੋਣਾ ਹੈ। ਉਸਦੀ ਡੂੰਘੀ ਸੰਵੇਦਨਾ ਦੇ ਨੇੜੇ ਪਹੁੰਚਣ ਦੇ ਇਹ ਸਹਿਜ ਸਮਾਜਿਕ-ਮਨੁੱਖੀ ਸੰਦ ਸਨ ਤੇ ਹੁਣ ਵੀ ਇਨ੍ਹਾਂ ਨੂੰ ਹੀ ਹੋਣਾ ਚਾਹੀਦਾ ਹੈ।


ਜੋ ਉਲਾਰ ਰਾਜਨੀਤੀ ਤੇ ਕਲਾ ਦੇ ਅਤੀ ਮੋਹ 'ਚ ਜੀਵਨ ਨੂੰ ਖੋ ਦਿੰਦੇ ਹਨ,ਜੀਵਨ ਜਗਤ ਵੀ ਉਨ੍ਹਾਂ ਨੂੰ ਤਿਆਗ ਦਿੰਦਾ ਹੈ'। 


ਅਜਿਹੇ ਲੋਕ ਕਿਸੇ ਯੰਤਰਿਕ ਰੋਬੋਟ ਜਾਂ ਡ੍ਰੋਨ ਦੇ ਰੂਪ 'ਚ ਬਦਲ ਜਾਂਦੇ ਹਨ। ਯੰਤਰਿਕ ਮਨੁੱਖ,ਕਠਪੁਤਲਾ ਜਾਂ ਕਠਪੁਤਲੀ। 


ਜੇ ਇਹ ਡ੍ਰੋਨ ਦੀ ਤਰ੍ਹਾਂ ਹਮਲਾਵਾਰ ਹੋ ਜਾਂਦੇ ਹਨ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਜਿਸਨੂੰ ਇਹ ਆਪਣਾ ਨਿਸ਼ਾਨਾ ਬਣਾਉਂਦੇ ਨੇ।ਉਸਦਾ ਨਾਸ਼ ਕਰਨ ਦੇ ਨਾਲ ਨਾਲ ਹੋਰ ਮਨੁੱਖਤਾ ਦਾ ਵੀ ਨੁਕਸਾਨ ਕਰਦੇ ਹਨ।ਕਿਉਂਕਿ ਕਿ ਅੱਜ ਤੱਕ ਕੋਈ ਡ੍ਰੋਨ ਬਿਨਾਂ 'ਬਾਈ ਲੇਟਰਲ ਕੈਜੂਇਲਟੀ' ਦੇ ਨਹੀਂ ਪਾਇਆ ਗਿਆ। 


ਅਜਿਹੇ ਡ੍ਰੋਨਾਂ ਤੇ ਡ੍ਰੋਨਵਾਦੀਆਂ ਤੋਂ ਦੂਰ ਰਹਿਣ 'ਚ ਹੀ ਭਲਾਈ ਹੈ।


ਉਦੈ ਪ੍ਰਕਾਸ਼ 

ਲੇਖ਼ਕ ਹਿੰਦੀ ਦੇ ਮਸ਼ਹੂਰ ਕਵੀ,ਕਹਾਣੀਕਾਰ ਤੇ ਫਿਲਮਸਾਜ਼ ਹਨ। ਇਨ੍ਹਾਂ ਦੀਆਂ 'ਉਪਰਾਂਤ' ਤੇ 'ਮੋਹਨਦਾਸ' ਕਹਾਣੀਆਂ 'ਤੇ ਫੀਚਰ ਫਿਲ਼ਮਾਂ ਬਣ ਚੁੱਕੀਆਂ ਹਨ।

Thursday, May 8, 2014

ਸੁਰਾਂ ਤੋਂ ਪਾਰ ਜ਼ੰਜੀਰਾਂ ਤੋੜਦੀ ਕਵਿਤਾ ਦੇ ਫ਼ੈਲਦੇ ਅਰਥ

ਤੂਮ ਲਾਖ ਲਗਾਓ ਜ਼ੰਜੀਰੇ, ਹਮ ਹਰ ਜ਼ੰਜੀਰ ਕੋ ਤੋੜੇਂਗੇ, 
ਖੋਨੇ ਕੋ ਕੁਛ ਨਹੀਂ ਪਾਸ ਹਮਾਰੇ, ਛੀਨੇਗੇ ਤੁਝ ਸੇ ਵੀ ਇਤਨਾ, 
ਖੋਨੇ ਕੋ ਕੁਛ ਨਾ ਛੋਡੇਂਗੇ,

ਇੱਕ ਕੁੜੀ ਪੰਜਾਬੀ ਲਹਿਜ਼ੇ ਵਿੱਚ ਇਹ ਗੀਤਨੁਮਾ ਕਵਿਤਾ ਸੈਕਟਰ ਸਤਾਰਾਂ ਦੇ ਪਲਾਜ਼ਾ ਵਿੱਚ ਗਾ ਰਹੀ ਹੈ। ਉਸ ਦਾ ਸੁਰ ਵਾਰ-ਵਾਰ ਉਖੜਦਾ ਹੈ। ਕਈ ਅੱਖਰਾਂ ਉੱਤੇ ਉਹ ਅੜਕਦੀ ਹੈ। ਕਈ ਅੱਖਰਾਂ ਨੂੰ ਉਹ ਦੁਹਰਾਕੇ ਦਰੁਸਤ ਕਰਦੀ ਹੈ। ਉਖੜਦਾ ਸੁਰ, ਅੜਕਦੇ ਅੱਖਰ ਅਤੇ ਦੁਹਰਾਅ ਉਸ ਦੇ ਚਿਹਰੇ ਦੀ ਦ੍ਰਿੜਤਾ ਵਿੱਚ ਖਲਲ ਨਹੀਂ ਪਾਉਂਦੇ। ਉਸ ਦੇ ਦੁਆਲੇ ਸਰੋਤਿਆਂ ਦੇ ਘੇਰਾ ਹੈ। ਕੁਝ ਆਉਂਦੇ-ਜਾਂਦੇ ਲੋਕ ਇਸ ਘੇਰੇ ਦੇ ਵਿੱਚੋਂ ਇਹ ਦੇਖਣ ਦਾ ਤਰਦੱਦ ਕਰ ਰਹੇ ਹਨ ਕਿ ਅੰਦਰੋਂ ਆਉਂਦੀ ਆਵਾਜ਼ ਕਿਸ ਦੀ ਹੈ। ਘੇਰਾ ਬਣਾਉਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਹਨ। ਤਖ਼ਤੀਆਂ ਉੱਤੇ ਨਾਅਰੇਨੁਮਾ ਲਿਖਤਾਂ ਦਰਜ ਹਨ। ਇਨ੍ਹਾਂ ਉੱਤੇ ਲਿਖਿਆ ਹੈ, "ਵਿਕਾਸ ਕੇ ਨਾਮ ਪਰ ਉਜਾੜਾ ਬੰਦ ਕਰੋ।"

"ਘਰ ਅਧਿਕਾਰ ਸਭ ਕਾ ਅਧਿਕਾਰ।" 
"ਚੰਡੀਗੜ੍ਹ ਪ੍ਰਸ਼ਾਸਨ ਹੋਸ਼ ਕਰੋ।" 

ਕੁਝ ਅੰਗਰੇਜ਼ੀ ਵਿੱਚ ਸਵਾਲ ਲਿਖੇ ਹਨ ਕਿ ਸ਼ਹਿਰ ਨੂੰ ਬਣਾਉਣ, ਵਸਾਉਣ ਅਤੇ ਸਾਫ਼-ਸੁਥਰਾ ਰੱਖਣ ਵਾਲਿਆਂ ਦੇ ਹਕੂਕ ਦੀ ਜ਼ਾਮਨੀ ਕੌਣ ਭਰੇਗਾ?ਚੰਡੀਗੜ੍ਹ ਨੂੰ ਖ਼ੂਬਸੂਰਤ ਸ਼ਹਿਰ ਦਾ ਰੁਤਬਾ ਦੇਣ ਵਾਲਿਆਂ ਦਾ ਉਜਾੜਾ ਕਿਉਂ?

ਇਨ੍ਹਾਂ ਸਵਾਲਾਂ ਨਾਲ ਜੋੜ ਕੇ ਉਸ ਕੁੜੀ ਦੇ ਬੋਲਾਂ ਦੇ ਅਰਥ ਸਾਫ਼ ਹੁੰਦੇ ਹਨ। ਕਵਿਤਾ ਤੋਂ ਬਾਅਦ ਉਹ ਕੁੜੀ ਸਾਹਮਣੇ ਜਮਾਂ ਹੋਈ ਖਲਕਤ ਨਾਲ ਗੱਲ ਸ਼ੁਰੂ ਕਰਦੀ ਹੈ। ਉਹ ਆਪਣੀ ਪਛਾਣ ਤੋਂ ਸ਼ੁਰੂ ਕਰਦੀ ਹੈ ਕਿ ਯੂਨੀਵਰਸਿਟੀ ਵਿੱਚ ਪੜ੍ਹਣਾ ਅਤੇ ਸ਼ਹਿਰ ਨੂੰ ਸਮਝਣਾ ਆਪਸ ਵਿੱਚ ਕਿਵੇਂ ਜੁੜਦਾ ਹੈ। ਪੰਜਾਬ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਉਸ ਵੇਲੇ ਪੰਜ ਨੰਬਰ ਕਲੋਨੀ ਗਏ ਸਨ ਜਦੋਂ ਇਸ ਦੇ ਢਾਹੇ ਜਾਣ ਦੀਆਂ ਖ਼ਬਰਾਂ ਨਵੰਬਰ 2013 ਵਿੱਚ ਅਖ਼ਬਾਰਾਂ ਵਿੱਚ ਛਪੀਆਂ ਸਨ। ਇਹ ਕੁੜੀ ਉਨ੍ਹਾਂ ਵਿੱਚੋਂ ਇੱਕ ਹੈ। ਠੰਢ ਵਿੱਚ ਬਿਨਾਂ ਛੱਤ ਤੋਂ ਬੈਠੇ ਮਜ਼ਦੂਰਾਂ ਦੀ ਹੋਣੀ ਇਨ੍ਹਾਂ ਵਿਦਿਆਰਥੀਆਂ ਦੇ ਮਨ ਉੱਤੇ ਅਸਰਅੰਦਾਜ਼ ਹੋਈ। ਯੂਨੀਵਰਸਿਟੀ ਵਿੱਚ ਪੜ੍ਹ ਕੇ ਨੀਤੀਆਂ ਅਤੇ ਇਨ੍ਹਾਂ ਨੂੰ ਲਾਗੂ ਕਰਨ ਦੇ ਤੌਰ-ਤਰੀਕੇ ਸਮਝ ਆਉਂਦੇ ਹਨ। ਜਦੋਂ ਇਹੋ ਪੜ੍ਹਾਈ ਉਜੜੇ ਮਜ਼ਦੂਰਾਂ ਦੇ ਹਾਲਾਤ ਨਾਲ ਦੋਚਾਰ ਹੁੰਦੀ ਹੈ ਤਾਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ। ਨਤੀਜੇ ਵਜੋਂ ਇਹ ਵਿਦਿਆਰਥੀ ਮਜ਼ਦੂਰਾਂ ਦੀਆਂ ਕਲੋਨੀਆਂ ਨਾਲ ਜੁੜੀਆਂ ਨੀਤੀਆਂ ਦਾ ਅਧਿਐਨ ਕਰਦੇ ਹਨ ਅਤੇ ਮਜ਼ਦੂਰਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਦੇ ਹਨ। ਜਲਸੇ ਵਿੱਚ ਉਹ ਕੁੜੀ ਸਵਾਲ ਪੁੱਛਦੀ ਹੈ, "ਸਾਨੂੰ ਸਾਰਿਆਂ ਨੂੰ ਇਨ੍ਹਾਂ ਮਜ਼ਦੂਰਾਂ ਨਾਲ ਖੜਨਾ ਚਾਹੀਦਾ ਹੈ। ਇਨ੍ਹਾਂ ਤੱਕ ਲੜਨ ਅਤੇ ਹੱਕ ਮੰਗਣ ਦੀ ਸੋਝੀ ਲੈਕੇ ਜਾਣੀ ਚਾਹੀਦੀ ਹੈ। ਕੀ ਇਹ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ?"

ਆਲੇ ਦੁਆਲੇ ਜੁੜੀ ਭੀੜ ਉਸ ਕੁੜੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੈ। ਇਸੇ ਤਰਜ਼ ਉੱਤੇ ਡਾ ਪਿਆਰੇ ਲਾਲ ਗਰਗ, ਮਨਮੋਹਨ ਸ਼ਰਮਾ, ਰਾਜਵਿੰਦਰ ਸਿੰਘ ਬੈਂਸ ਅਤੇ ਲਲਨ ਸਿੰਘ ਬੰਗੇਲ ਤਕਰੀਰਾਂ ਕਰਦੇ ਹਨ। ਅਰਜੁਨ ਸ਼ਿਓਰਾਨ ਦੱਸਦੇ ਹਨ ਕਿ ਪੰਡਿਤ ਕਲੋਨੀ, ਮਜ਼ਦੂਰ ਕਲੋਨੀ, ਨਹਿਰੂ ਕਲੋਨੀ ਅਤੇ ਕੁਲਦੀਪ ਕਲੋਨੀ ਨੂੰ ਢਾਹੁਣ ਦਾ ਨੋਟਿਸ ਜਾਰੀ ਹੋਇਆ ਹੈ। ਇਨ੍ਹਾਂ ਕਲੋਨੀਆਂ ਦੇ ਤਕਰੀਬਨ ਵੀਹ ਹਜ਼ਾਰ ਵਾਸੀਆਂ ਨੂੰ ਦਸ ਤਰੀਕ ਨੂੰ ਬੇਘਰ ਕਰ ਦਿੱਤਾ ਜਾਵੇਗਾ। ਅਰਜੁਨ ਸ਼ਹਿਰ ਦੇ ਪਿਛੋਕੜ ਦੀ ਗੱਲ ਕਰਦੇ ਹਨ ਕਿ ਕਦੇ ਇਸ ਥਾਂ ਤੋਂ ਸਿੰਧੂ ਘਾਟੀ ਸਭਿਅਤਾ ਦੀਆਂ ਨਿਸ਼ਾਨੀਆਂ ਮਿਲੀਆਂ ਸਨ। ਉਹ ਸਭਿਅਤਾ ਹੁਣ ਸਿਰਫ਼ ਕਿਤਾਬਾਂ ਵਿੱਚ ਦਰਜ ਹੋ ਗਈ ਹੈ। ਕੀ ਮੌਜੂਦਾ ਵਿਕਾਸ ਮਜ਼ਦੂਰਾਂ ਨੂੰ ਘਰਾਂ ਜਾਂ ਸ਼ਹਿਰਾਂ ਦੀ ਥਾਂ ਕਿਤਾਬਾਂ ਤੱਕ ਮਹਿਦੂਦ ਕਰਨ ਉੱਤੇ ਲੱਗਿਆ ਹੋਇਆ ਹੈ? ਅਰਜੁਨ ਦਾ ਵਕਾਲਤ ਦਾ ਹੁਨਰ ਵੀ ਉਸ ਕੁੜੀ ਦੀ ਪੜ੍ਹਾਈ ਨਾਲ ਜੋਟੀ ਪਾਉਂਦਾ ਜਾਪਦਾ ਹੈ। ਇਸ ਤਰ੍ਹਾਂ ਇਸ ਸ਼ਹਿਰ ਦੇ ਸ਼ਹਿਰੀ ਦੀ ਪਛਾਣ ਕੁਝ ਬਦਲਦੀ ਜਾਪਦੀ ਹੈ। ਸੁੱਖ-ਸਹੂਲਤਾਂ ਅਤੇ ਨੌਕਰੀਆਂ-ਤਰੱਕੀਆਂ ਨਾਲ ਜੁੜਿਆ ਸ਼ਹਿਰ ਸਰੋਕਾਰਾਂ ਨਾਲ ਜੁੜਦਾ ਜਾਪਦਾ ਹੈ। ਇਨ੍ਹਾਂ ਵਿਦਿਆਰਥੀਆਂ, ਵਕੀਲਾਂ, ਡਾਕਟਰਾਂ, ਪੱਤਰਕਾਰਾਂ ਅਤੇ ਅਧਿਆਪਕਾਂ ਦਾ ਮਜ਼ਦੂਰਾਂ ਦੇ ਪੱਖ ਵਿੱਚ ਬੋਲਣਾ 'ਪੱਥਰਾਂ ਦੇ ਸ਼ਹਿਰ' ਵਿੱਚ ਪਸਰੀ ਚੁੱਪ ਤੋੜਦਾ ਜਾਪਦਾ ਹੈ। 

ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿੱਚ ਬੁੱਧੀਜੀਵੀ ਤਬਕੇ ਦੇ ਲੋਕ ਹਰ ਮੁੱਦੇ ਉੱਤੇ ਰੋਸ-ਮੁਜ਼ਾਹਰੇ ਕਰਨ ਆਉਂਦੇ ਹਨ। ਇਨ੍ਹਾਂ ਮੁੱਦਿਆਂ ਵਿੱਚ ਕੌਮੀ ਅਤੇ ਕੌਮਾਂਤਰੀ ਮੁੱਦੇ ਸ਼ਾਮਲ ਹੁੰਦੇ ਹਨ। ਜਮਹੂਰੀਅਤ, ਨਿਰਪੱਖਤਾ, ਵੰਨ-ਸਵੰਨਤਾ, ਇਨਸਾਫ਼ ਅਤੇ ਮਨੁੱਖਤਾ ਨਾਲ ਜੁੜੇ ਤਮਾਮ ਸਵਾਲ ਵੱਖ-ਵੱਖ ਘਟਨਾਵਾਂ ਦੇ ਹਵਾਲੇ ਨਾਲ ਇਸੇ ਥਾਂ ਉੱਤੇ ਵਿਚਾਰੇ ਜਾਂਦੇ ਹਨ। ਅਮਰੀਕਾ ਦੀ ਜੰਗੀ ਮੁਹਿੰਮ, ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ, ਕਸ਼ਮੀਰ ਵਿੱਚ ਹੁੰਦੀ ਨਾਇਨਸਾਫ਼ੀ ਅਤੇ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਉੱਤੇ ਸਵਾਲ ਇਸੇ ਥਾਂ ਉੱਤੇ ਕੀਤੇ ਜਾਂਦੇ ਹਨ। ਹਰ ਵਾਰ ਜਲਸਿਆਂ ਤੋਂ ਬਾਅਦ ਇਹ ਗੱਲ ਹੁੰਦੀ ਹੈ ਕਿ ਨਵੀਂ ਪੀੜੀ ਇਨ੍ਹਾਂ ਸਵਾਲਾਂ ਵਿੱਚ ਦਿਲਚਸਪੀ ਨਹੀਂ ਲੈਂਦੀ।

ਕਲੋਨੀਆਂ ਢਾਹੁਣ ਦੇ ਖ਼ਿਲਾਫ਼ ਚੱਲ ਰਹੇ ਜਲਸੇ ਵਿੱਚ ਇਸ ਕੁੜੀ ਨੇ ਪੁਰਾਣੀ ਪੀੜ੍ਹੀ ਦੇ ਖ਼ਦਸ਼ਿਆਂ ਨੂੰ ਘਟਾ ਦਿੱਤਾ ਜਾਪਦਾ ਹੈ। ਡਾ ਪਿਆਰੇ ਲਾਲ ਗਰਗ ਅਤੇ ਮਨਮੋਹਨ ਸ਼ਰਮਾ ਨੂੰ ਤਾਂ ਵਿਦਿਆਰਥੀਆਂ ਦੀ ਝੁੱਗੀਆਂ-ਝੋਪੜੀਆਂ ਦੇ ਵਾਸੀਆਂ ਨਾਲ ਸਾਂਝ ਸਮੁੱਚੇ ਸਮਾਜ ਲਈ ਆਸ ਦੀ ਕਿਰਨ ਜਾਪਦੀ ਹੈ। ਜਦੋਂ ਇਹ ਕੁੜੀ ਮਜ਼ਦੂਰਾਂ ਦੀ ਜਾਗਰੂਕਤਾ, ਏਕੇ ਅਤੇ ਹਕੂਕ ਦੇ ਮਸਲਿਆਂ ਵਿੱਚ ਪੜ੍ਹੇ-ਲਿਖੇ ਤਬਕੇ ਦੀ ਸ਼ਮੂਲੀਅਤ ਦੀ ਗੱਲ ਕਰਦੀ ਹੈ ਤਾਂ ਇਹ ਪੁਰਾਣੀ ਪੀੜ੍ਹੀ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਨਵੇਂ ਸਿਰੇ ਤੋਂ ਕਰਵਾਉਂਦੀ ਹੈ।

ਰਾਜਵਿੰਦਰ ਬੈਂਸ ਮਨੁੱਖੀ ਹਕੂਕ ਦੇ ਮਾਮਲਿਆਂ ਦੀ ਪੈਰਵੀ ਲਈ ਜਾਣੇ-ਜਾਂਦੇ ਹਨ। ਉਹ ਇਨ੍ਹਾਂ ਮਾਮਲਿਆਂ ਨੂੰ ਵਕਾਲਤ ਤੋਂ ਜ਼ਿਆਦਾ ਅਹਿਮ ਮੰੰਨਦੇ ਹਨ। ਉਨ੍ਹਾਂ ਦੀ ਦਲੀਲ ਹੈ ਕਿ ਬਸਤੀਆਂ ਨੂੰ ਤੋੜ ਕੇ ਮਜ਼ਦੂਰਾਂ ਨੂੰ ਬੇਘਰ ਕਰਨਾ ਜਮਹੂਰੀ ਅਤੇ ਮਨੁੱਖੀ ਹਕੂਕ ਦੇ ਖ਼ਿਲਾਫ਼ ਹੈ। ਉਹ ਚੰਡੀਗੜ੍ਹ ਨਾਲ ਜੋੜ ਕੇ ਸਮਝਾਉਂਦੇ ਹਨ ਕਿ ਇੱਕ ਝੁੱਗੀ ਲਈ ਕਾਰ ਤੋਂ ਵੀ ਘੱਟ ਥਾਂ ਦੀ ਲੋੜ ਹੈ। ਉਹ ਆਪਣੇ ਅਧਿਐਨ ਨੂੰ ਵੀ ਮਜ਼ਦੂਰਾਂ ਦੇ ਮਸਲੇ ਨਾਲ ਜੋੜਦੇ ਹਨ ਅਤੇ ਦੱਸਦੇ ਹਨ ਕਿ ਪੂਰੀ ਦੁਨੀਆਂ ਵਿੱਚ ਬਸਤੀਆਂ ਦੀ ਥਾਂ ਮਜ਼ਦੂਰਾਂ ਦੀਆਂ ਰਿਹਾਇਸ਼ੀ ਇਮਾਰਤਾਂ ਅਤੇ ਕਾਰੋਬਾਰੀ ਸਹੂਲਤਾਂ ਉਸਾਰੀਆਂ ਗਈਆਂ ਹਨ। ਇਸ ਤਰ੍ਹਾਂ ਰਿਹਾਇਸ਼ੀ ਅਤੇ ਕਾਰੋਬਾਰੀ ਲੋੜਾਂ ਦਾ ਧਿਆਨ ਇੱਕੋ ਵੇਲੇ ਰੱਖਿਆ ਜਾ ਸਕਦਾ ਹੈ। ਰਾਜਵਿੰਦਰ ਬੈਂਸ ਮੁਤਾਬਕ ਇਸ ਤਰ੍ਹਾਂ ਝੁੱਗੀਆਂ ਨੂੰ ਤੋੜਨਾ ਪ੍ਰਸ਼ਾਸਨ ਦੀ ਗ਼ੈਰ-ਸੰਜੀਦਗੀ ਦੀ ਨਿਸ਼ਾਨੀ ਹੈ। ਜਲਸੇ ਵਿੱਚ ਰਾਜਵਿੰਦਰ ਬੈਂਸ ਦੀ ਵਕਾਲਤ, ਲਲਨ ਸਿੰਘ ਬੰਘੇਲ ਦਾ ਫਲਸਫ਼ਾ, ਪਿਆਰੇ ਲਾਲ ਦੀ ਡਾਕਟਰੀ, ਅਰਜੁਨ ਸ਼ਿਓਰਾਨ ਦਾ ਇਤਿਹਾਸ, ਸਚਿੰਦਰਪਾਲ ਪਾਲੀ ਦੀ ਸਿਆਸਤ ਅਤੇ ਉਸ ਕੁੜੀ ਦੀ ਕਵਿਤਾ ਇੱਕਸੁਰ ਹੋਕੇ ਪ੍ਰਸ਼ਾਸਨ ਦੇ ਫ਼ੈਸਲੇ ਉੱਤੇ ਠੋਸ ਸਵਾਲ ਕਰ ਰਹੀ ਹੈ। ਪੰਡਿਤ ਕਲੋਨੀ ਤੋਂ ਆਏ ਰਾਮੇਸ਼ ਸਿੰਘ ਇਸ ਜਲਸੇ ਦਾ ਨਿਚੋੜ ਪੇਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਵਿਦਿਆਰਥੀਆਂ ਦੀ ਆਮਦ ਨਾਲ ਮਜ਼ਦੂਰਾਂ ਨੂੰ ਬਲ ਮਿਲਿਆ ਹੈ। ਉਨ੍ਹਾਂ ਨੂੰ ਦੋ ਦਿਨ ਬਾਅਦ ਆਪਣੀਆਂ ਕਲੋਨੀਆਂ ਤੋੜੇ ਜਾਣ ਦਾ ਡਰ ਹੈ ਪਰ ਆਸ ਵੀ ਹੈ ਕਿ ਸ਼ਾਇਦ ਇਸ ਤਬਕੇ ਦੀ ਇਮਦਾਦ ਨਾਲ ਪ੍ਰਸ਼ਾਸਨ ਆਪਣਾ ਫ਼ੈਸਲਾ ਵਾਪਸ ਲੈ ਹੀ ਲਵੇ।

ਜਲਸਾ ਅੰਤਿਮ ਪੜਾਅ ਉੱਤੇ ਹੈ ਪਰ ਉਸ ਕੁੜੀ ਦੀ ਕਵਿਤਾ ਦੇ ਅਰਥ ਲਗਾਤਾਰ ਫੈਲ ਰਹੇ ਹਨ। ਉਹ ਕੁੜੀ ਆਪਣੇ ਨਾਲਦੀਆਂ ਕੁੜੀਆਂ ਵਿੱਚ ਰਲ ਗਈ ਹੈ ਪਰ ਉਸ ਦੀ ਕਵਿਤਾ ਤੇਰ-ਮੇਰ ਦੀ ਪਿਰਤ ਦੀਆਂ ਜ਼ੰਜੀਰਾਂ ਤੋੜ ਕੇ ਦਰਦਮੰਦੀ ਦੀ ਤਸਵੀਰ ਬਣਦੀ ਜਾਪਦੀ ਹੈ। ਜਦੋਂ ਇਹ ਜਲਸਾ ਵਿਖਰ ਰਿਹਾ ਹੈ ਤਾਂ ਕਵਿਤਾ ਦਾ ਉਖੜਦਾ ਸੁਰ ਅਤੇ ਅੜਕਦੇ ਅੱਖਰ ਪਿੱਛੇ ਰਹਿ ਗਏ ਹਨ ਪਰ ਅਰਥ ਹਵਾ ਵਿੱਚ ਫੈਲ ਰਹੇ ਹਨ।

ਦਲਜੀਤ ਅਮੀ 
ਲੇਖ਼ਕ  'ਗਲੋਬਲ ਪੰਜਾਬ ਟੀ ਵੀ' ਦੇ ਮੁੱਖ ਸੰਪਾਦਕ ਤੇ ਪੰਜਾਬ ਦੇ ਜਾਣੇ ਪਛਾਣੇ ਦਸਤਾਵੇਜ਼ੀ ਫਿਲਮਸਾਜ਼ ਹਨ।

ਰਿਪੋਰਟ ਬਲੌਗ 'ਅਨਹਦ ਬਾਜੇ ਬੱਜੇ' ਤੋਂ ਚੋਰੀ

ਹਾਈਵੇਅ : ਹੱਦਾਂ ਵੰਗਾਰਦੀ 'ਅਨਹਦ ਅਵਸਥਾ'

ਜਹਾਂ ਸੇ ਤੁਮ ਮੁਝੇ ਲਾਏ ਹੋ ਵਹਾਂ ਮੈਂ ਜਾਣਾ ਨਹੀਂ ਚਾਹਤੀ 
ਜਹਾਂ ਤੁਮ ਮੁਝੇ ਲੇ ਜਾ ਰਹੇ ਹੋ ਵਹਾਂ ਮੈਂ ਪਹੁੰਚਣਾ ਨਹੀਂ ਚਾਹਤੀ 
ਲੇਕਿਨ ਯੇ ਸਫ਼ਰ ਬਹੁਤ ਅੱਛਾ ਹੈ ਔਰ ਚਾਹਤੀ ਹੂੰ ਕਿ ਖਤਮ ਨਾ ਹੋ…
(ਸੰਵਾਦ,ਆਲੀਆ ਭੱਟ,ਫ਼ਿਲਮ ਹਾਈਵੇਅ)

ਸ ਸੰਵਾਦ ਨੂੰ ਉਧੇੜਕੇ ਸਮਝਣ ‘ਚ ਅਸੀ ਹਾਈਵੇਅ ਨੂੰ ਸਮਾਜ ਦੇ ਉੱਚ ਤਬਕੇ ਬਨਾਮ ਨੀਵੇਂ ਤਬਕੇ ਦੇ ਰੂਪ ‘ਚ ਪ੍ਰਭਾਸ਼ਿਤ ਕਰਨ ਬਹਿਜਾਂਗੇ।ਇਹ ਫ਼ਿਲਮ ਕਿਸੇ ਸਮਾਜਵਾਦ ਦੇ ਸਿਧਾਂਤ ਮੁਤਾਬਕ ਉਲੀਕੀ ਵੀ ਨਹੀਂ ਗਈ।ਇਹ ਧਰਤੀ ਅੰਦਰਲੇ ਵਿਚਰ ਰਹੇ ਹਜ਼ਾਰਾਂ ਚਿਹਰਿਆਂ ਦਾ ਆਪਣੀ ਤਰ੍ਹਾਂ ਦਾ ਖੋਜ ਪ੍ਰਬੰਧ ਹੈ।ਭਾਰਤ ਅੰਦਰ ਵੱਖ ਵੱਖ ਥਾਵਾਂ ‘ਤੇ ਵਿਚਰ ਰਹੀ ਕਹਾਣੀ ਦਾ ਲੋਕ ਗੀਤਾਂ ਰਾਹੀ ਤਰਜਮਾਨੀ ਕਰਨ ਦਾ ਪ੍ਰਗਟਾਵਾ ਸਾਨੂੰ ਫ਼ਿਲਮ ਅੰਦਰਲੀ ਲੋਕ ਧਾਰਾ ਤੋਂ ਹੀ ਸਮਝਨਾ ਪਵੇਗਾ।ਫ਼ਿਲਮ ਅੰਦਰ ਜਾਣ ਲਈ ਸਾਨੂੰ ‘ਜੁਗਨੀ ਦਾ ਬਤੌਰ ਕੁੜੀ ਪ੍ਰਗਟਾਵੇ’ ਦਾ ਅਧਾਰ,‘ਜੁਗਨੀ ਇੱਕ ਅਜ਼ਾਦ ਖਿਆਲ ਸੋਚ ਦਾ ਨਾਮ ਹੈ’ ਦਾ ਅਧਾਰ ਅਤੇ ‘ਜੁਗਨੀ ਦਾ ਸੂਫੀਆਨਾ’ ਦਾ ਅਧਾਰ ਵੀ ਮੰਨ ‘ਚ ਰੱਖਕੇ ਚਲਣਾ ਪਵੇਗਾ।ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੇਰਾ ਹਮੇਸ਼ਾ ਤੋਂ ਮੰਨਣਾ ਹੈ ਕਿ ਪੰਜਾਬੀ ਕੋਲ ਜੁਗਨੀ ਇੱਕ ਅਜਿਹਾ ਪ੍ਰਵਾਹ ਹੈ ਜਿੰਨੇ ਹਰ ਕਥਾਨਕ ਨੂੰ ਆਪਣਾ ਨਾਮਕਰਨ ਦਿੱਤਾ ਅਤੇ ਸਮੇਂ ਮੁਤਾਬਕ ਆਪਣੇ ਆਪ ‘ਚ ਤਬਦੀਲ ਵੀ ਕਰਦੀ ਰਹੀ ਹੈ।ਸ਼ਾਇਦ ਅਜਿਹਾ ਸੁਭਾਅ ਕਿਸੇ ਹੋਰ ਲੋਕ ਗੀਤ ਪ੍ਰਬੰਧ ਕੋਲ ਨਹੀਂ ਹੈ ਅਤੇ ਇਸ ਨੂੰ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕਰਨ ਦਾ ਅੰਦਾਜ ਇਮਤਿਆਜ਼ ਤੋਂ ਪਹਿਲਾਂ ਕਿਸੇ ਫ਼ਿਲਮਸਾਜ਼ ਨੇ ਨਹੀਂ ਵਖਾਇਆ।ਇਸ ਫ਼ਿਲਮ ਨੂੰ ਵੇਖਣ ਲਈ ਗਾਣਿਆਂ ਦਾ ਸ਼ਾਬਦਿਕ ਮੁਹਾਂਦਰਾ ਵੀ ਸਮਝਨਾ ਪਵੇਗਾ।ਜੁਗਨੀ (ਪਟਾਖਾ ਗੁੱਡੀ),ਸੂਹਾ ਸਾਹਾ (ਲੋਰੀ) ਅਤੇ ਕਬੀਰ ਵਾਣੀ ਤੋਂ ਆਸਰਾ ਲੈਂਦਾ ‘ਤੂੰ ਕੁਜਾ’ ਫ਼ਿਲਮ ਦੇ ਕਿਰਦਾਰਾਂ ਦੀ ਪਛਾਣ ਕੁੰਜੀ ਹਨ।


ਜਿਸ ਤਰ੍ਹਾਂ ਜ਼ਿੰਦਗੀ ਕਿਰਦਾਰਾਂ ਅਤੇ ਕਹਾਣੀਆਂ ਦੇ ਸੰਵਾਦ ਦਾ ਸੁਮੇਲ ਹੁੰਦਾ ਹੈ ਜੋ ਯਥਾਰਥੀ ਕਥਾਨਕ ‘ਚ ਮਨੋਦਸ਼ਾ ਹੁੰਦੀ ਹੈ ਅਤੇ ਬੀਤੀਆਂ ਯਾਦਾਂ ਚੋਂ ਅਸੀ ਬਹੁਤ ਕੁਝ ਲੱਭਦੇ ਹਾਂ।ਅਸੀ ਆਮ ਜ਼ਿੰਦਗੀ ‘ਚ ਵਿਚਰ ਰਹੇ ਤਮਾਮ ਤਰ੍ਹਾਂ ਦੇ ਸਬੰਧਾਂ ਨਾਲ ਜੁੜਦੇ ਹਾਂ।ਸੋ ਜਦੋਂ ਫਿਲਮਾਂ ਕਹਾਣੀ ਅਤੇ ਕਥਾਨਕ ਪੱਖੋਂ ਅਜਿਹੀ ਭੂਮਿਕਾ ਨਿਭਾਉਂਦੀਆਂ ਹਨ ਉਦੋਂ ਉਦੋਂ ਉਹ ਮੈਨੂੰ ਜ਼ਿਆਦਾ ਛੂੰਹਦੀਆਂ ਹਨ।ਇਹ ਕਹਾਣੀ ਇਮਤਿਆਜ਼ ਦੇ ਜ਼ਹਿਨ ‘ਚ ਪਿਛਲੇ 15 ਸਾਲਾਂ ਤੋਂ ਘੁੰਮ ਰਹੀ ਸੀ।ਪਰ ਇਸ ਕਹਾਣੀ ਨੂੰ ਕਹਿਣਾ ਇੱਕ ਨਿਰਦੇਸ਼ਕ ਲਈ ਉਦੋਂ ਹੀ ਸੰਭਵ ਹੋ ਸਕਣਾ ਸੀ ਜਦੋਂ ਉਹ ਆਪਣੀਆਂ ਸ਼ਰਤਾਂ ‘ਤੇ ਕੰਮ ਕਰੇ।ਕਈ ਵਾਰ ਬਜ਼ਾਰੀ ਮੰਗ ਥੱਲੇ ਨਿਰਦੇਸ਼ਕ ਇੱਕ ਕਲਾਕਾਰ ਦੀ ਤਰ੍ਹਾਂ ਨਹੀਂ ਸੋਚਦਾ ਸਗੋਂ ਉਹਨੂੰ ਮਜਬੂਰੀ ‘ਚ ਬਜ਼ਾਰ ਮੁਤਾਬਕ ਹੀ ਸੋਚਨਾ ਪੈਂਦਾ ਹੈ।ਕਿਸੇ ਵੀ ਫ਼ਿਲਮ ਨੂੰ ਵੇਖਣ ਵੇਲੇ ਮੈਂ ਸਭ ਤੋਂ ਪਹਿਲਾਂ ਸਿਰਫ ਕਹਾਣੀ ਹੀ ਲੱਭਦਾ ਹਾਂ।ਕਿਸੇ ਕਹਾਣੀ ਦੀ ਰਵਾਨਗੀ ਲਈ ਦੋ ਸ਼ਰਤਾਂ ਹਨ।ਕਹਾਣੀ ਦਾ ਹੋਣਾ ਅਤੇ ਕਹਾਣੀ ਦਾ ਕਹਿਣਾ।ਇਮਤਿਆਜ਼ ਦੀ ਫ਼ਿਲਮ ਅੰਦਰ ਕਹਾਣੀ ਦਾ ਵਜ਼ਨ ਬਹੁਤ ਖਾਸ ਹੁੰਦਾ ਹੈ ਅਤੇ ਇਮਤਿਆਜ਼ ਦਾ ਕਹਾਣੀ ਕਹਿਣ ਦਾ ਜ਼ਰੀਆ ਵੀ ਉਨਾਂ ਹੀ ਮਹੱਤਵਪੂਰਨ ਹੁੰਦਾ ਹੈ।ਕੋਈ ਕਹਾਣੀ ਦਰਸ਼ਕ ਨੂੰ ਆਪਣੀ ਦੁਨੀਆਂ ਦੀ ਜਾਂ ਕਹਿ ਸਕਦੇ ਹਾਂ ਕਿ ਮੈਨੂੰ ਆਪਣੀ ਜ਼ਿੰਦਗੀ ਵਰਗੀ ਲੱਗੇ ਇਹ ਨਿਰਦੇਸ਼ਕ ਦਾ ਅਸਲ ਫਲ ਹੁੰਦਾ ਹੈ।ਸੋ ਇਮਤਿਆਜ਼ ਦਾ ਘੱਟ ਲਾਈਟਾਂ ਨਾਲ ਕੈਮਰਾ ਸੈਟਅਪ,ਬੈਕਗਰਾਉਂਡ ਧੁਨੀ ਦਾ ਹਲਕਾ ਪ੍ਰਯੋਗ ਜਿੱਥੇ ਫ਼ਿਲਮ ਦੇ ਤਕਨੀਕੀ ਅਧਾਰ ਹਨ ਉੱਥੇ ਇਮਤਿਆਜ਼ ਉਸ ਨੂੰ ਆਪਣੇ ਅੰਦਾਜ਼ ਯਾਤਰਾ ਰਾਹੀਂ ਕਹਿ ਰਿਹਾ ਹੈ,ਇਹ ਉਸਦੀ ਆਪਣੀ ਵਿਚਾਰਧਾਰਾ ਹੈ।ਇੱਕ ਚੀਨੀ ਕਹਾਵਤ ਹੈ ਕਿ ਘੁੰਮਿਆ ਬੰਦਾ ਹਮੇਸ਼ਾ ਘਰ ਦੇ ਜ਼ਿਆਦਾ ਨੇੜੇ ਹੁੰਦਾ ਹੈ।


ਇਮਤਿਆਜ਼ ਦਾ ਵਿਚਾਰ ਵੀ ਬਾਹਰੀ ਕਥਾਨਕ ਰਾਹੀਂ ਅੰਦਰ ਦੀ ਯਾਤਰਾ ਜਾਂ ਅੰਦਰ ਦੀ ਖੋਜ ਹੀ ਹੁੰਦਾ ਹੈ।ਲਵ ਆਜ ਕੱਲ੍ਹ ‘ਚ ਇਮਤਿਆਜ਼ 60-70 ਦੇ ਦਹਾਕੇ ਦੀ ਪੇਸ਼ਕਾਰੀ ਨੂੰ ਗੀਤਾਂ ਦੇ ਹਵਾਲੇ ਰਾਹੀਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਸਤਰ ‘ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ’ ਤੋਂ ਕਹਿੰਦਾ ਹੈ।ਰਾਕਸਟਾਰ ‘ਚ ਇਮਤਿਆਜ਼ ‘ਰੂਮੀ’ ਅਤੇ ‘ਫਰੀਦ’ ਰਾਹੀਂ ਅਤੇ ਹਾਈਵੇਅ ‘ਚ ਉਹ ਜੁਗਨੀ,ਕਬੀਰ ਰਾਹੀਂ ਬਿਆਨ ਕਰ ਰਿਹਾ ਹੈ।ਇਮਤਿਆਜ਼ ਦੀ ਹਰ ਫ਼ਿਲਮ ਅੰਦਰਲਾ ਫਲਸਫਾ ਦੋ ਧਾਰੀ ਚਲਦਾ ਹੈ।ਉਸਦੇ ਫਿਲਮਾਂ ਅੰਦਰਲੇ ਪਾਤਰ ‘ਜਿਨ ਖੋਜਾ ਤਿਨ ਪਾਇਆ ਗਹਿਰੇ ਪਾਣੀ ਬੈਠ’ ‘ਚ ਵਿਚਰਦੇ ਤਾਂ ਹਨ ਪਰ ‘ਬੁਲ੍ਹੇ ਸ਼ਾਹ ਅਸਮਾਨੀ ਉਡੀਆਂ ਫੜ੍ਹਦਾ ਜਿਹੜਾ ਅੰਦਰ ਸੀ ਉਹਨੂੰ ਫੜ੍ਹਿਆ ਹੀ ਨਹੀਂ’ ਵਾਲੇ ਦਵੰਦ ‘ਚ ਚਲਦੇ ਹੋਏ ਉਹ ਆਪਣੀ ਪਛਾਣ ਲਈ ਤੜਪਦੇ ਹਨ ਅਤੇ ਕੌਸ਼ਿਸ਼ ਕਰਦੇ ਹਨ।ਬਲੈਕ ਫਰਾਈ ਡੇ ਅਤੇ ਗੈਂਗਸ ਆਫ ਵਾਸੇਪੁਰ ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਨੇ ਕਿਹਾ ਸੀ ਕਿ ਮੈਨੂੰ ਈਰਖਾ ਹੁੰਦੀ ਹੈ ਕਿ ਮੈਂ ਇਮਤਿਆਜ਼ ਵਰਗੀ ਦਾਰਸ਼ਨਿਕ ਅਤੇ ਪ੍ਰੇਮ ਕਹਾਣੀ ਨਹੀਂ ਬਣਾ ਪਾਉਂਦਾ। ਬਲਦੇਵ ਸਿੰਘ ਦੇ ਸੜਕਨਾਮਾ ਦਾ ਕਿਤਾਬ ਸ਼ੁਰੂ ਹੋਣ ਤੋਂ ਪਹਿਲਾ ਸੜਕ ਦਾ ਰੂਪਕ ਪੜ੍ਹ ਕੇ ਵੇਖੋ।ਉਸ ਤੋਂ ਬਾਅਦ ਸੜਕ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਵੇਖੋ।ਤੁਸੀ ਮਹਿਸੂਸ ਕਰੋਗੇ ਕਿ ਜ਼ਿੰਦਗੀ ਦੇ ਤਮਾਮ ਪਾਤਰ ਅਤੇ ਸੰਸਾਰ ਦੀਆਂ ਤਮਾਮ ਕਹਾਣੀਆਂ ਕਿੰਝ ਵਿਚਰ ਰਹੀਆਂ ਹਨ।ਹੁਣ ਹਾਈਵੇਅ ਦੇ ਦੋ ਪਾਤਰਾਂ ਨੂੰ ਵੇਖੋ।ਮਹਾਂਵੀਰ(ਰਣਦੀਪ ਹੁੱਡਾ) ਅਤੇ ਵੀਰਾ(ਆਲੀਆ ਭੱਟ)

ਵੀਰਾ ਵੇਖਣ ਵਾਲੇ ਨੂੰ ਪਹਿਲਾਂ ਆਪਣੀ ਬੇਬੱਸੀ ਅਤੇ ਉਲਝਨ ਨਾਲ ਜੋੜਦੀ ਹੈ ਫਿਰ ਉਸ ਦਵੰਦ ਦੇ ਅਧਾਰ ਨਾਲ ਜੋੜਦੀ ਹੈ।ਵੀਰਾ ਆਪਣੀ ਕਹਾਣੀ ਮਹਾਂਵੀਰ ਨੂੰ ਦੱਸਦੀ ਹੋਈ ਆਪਣੇ ਘਰ ਦੀ ਮਾਨਸਿਕਤਾ ਨਹੀਂ ਦੱਸ ਰਹੀ ਸਗੋਂ ਵੀਰਾ ਅਤੇ ਉਸਦਾ ਬਾਲ ਯੋਣ ਉਤਪੀੜਨ(ਚਾਈਲਡ ਸੈਕਸ ਐਬਿਊਜ਼) ਅਤੇ ਉਸਦੀ ਅਵਾਜ਼ ਅਤੇ ਉਸ ਅਵਾਜ਼ ਦਾ ਸਾਹਮਣੇ ਵਾਲਾ ਸੁਣਨ ਵਾਲਾ ਦਰਮਿਆਨ ਖਾਮੋਸ਼ੀ ਜਿਸ ਕੈਨਵਸ ਨੂੰ ਉਕੇਰ ਰਹੀ ਹੈ ਉਸ ਨੂੰ ਸੋਚਣ ‘ਤੇ ਜ਼ੋਰ ਦੇ ਰਹੀ ਹੈ।ਵੀਰਾ ਦੇ ਆਪਣਾ ਰਿਸ਼ਤੇਦਾਰ ਉਹਦੀ ਬਾਲ ਉੱਮਰ ਤੋਂ ਹੀ ਉਹਦਾ ਉਤਪੀੜਨ ਕਰਦਾ ਰਿਹਾ ਅਤੇ ਜਦੋਂ ਉਹਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਅਤੇ ਉਹਨੇ ਵੀ ਸਮਾਜ ਦੇ ਡਰੋਂ ਚੁੱਪ ਰਹਿਣ ਦੀ ਹਦਾਇਤ ਹੀ ਦਿੱਤੀ ਹੁੰਦੀ ਹੈ।ਇਹ ਖਾਮੋਸ਼ੀ ਨੂੰ ਦੋ ਪੱਧਰ ‘ਤੇ ਬਿਆਨ ਕਰਦਾ ਹੈ।ਜੁਰਮ ਨੂੰ ਅੰਜਾਮ ਦੇਣ ਵਾਲਾ ਸਾਨੂੰ ਚੁੱਪ ਹੋਣ ਦਾ ਖੋਫ ਦਿੰਦਾ ਹੈ,ਜੁਰਮ ਨੂੰ ਸਹਿਣ ਵਾਲਾ ਚੁੱਪ ਦੀ ਤੜਪ ‘ਚ ਹੈ ਅਤੇ ਉਸੇ ਜੁਰਮ ਨੂੰ ਸ਼ਹਿ ਦੇਣ ਵਾਲਾ(ਸਮਾਜ ਦੇ ਡਰੋਂ) ਚੁੱਪ ਨੂੰ ਫਿਰ ਸਵੀਕਾਰਤਾ ਹੀ ਦੇ ਰਿਹਾ ਹੈ।ਇਸ ਕਥਾਨਕ ਤੋਂ ਇਮਤਿਆਜ਼ ਜੋ ਬਿਆਨ ਕਰ ਰਿਹਾ ਹੈ ਉਹ ਇਹ ਹੈ ਕਿ ਅਸੀ ਲੋਕ ਅਜਿਹੇ ਪ੍ਰਬੰਧ ‘ਚ ਹਾਂ ਜਿੱਥੇ ਅਸੀ ਅਸੀ ਨਹੀਂ।ਅਸੀ ਲੋਕ ਹਾਂ ਅਤੇ ਲੋਕ ਬਣਕੇ ਹੀ ‘ਮੈਂ’ ਦਾ ਹੋਣਾ ਸੋਚਦੇ ਹਾਂ।ਸਮਾਜ ਨੂੰ ਅਸੀ ਉਹ ਪੱਖ ਹੀ ਦਿਖਾਉਣਾ ਚਾਹੁੰਦੇ ਹਾਂ ਜਿਸ ਦੀ ਸਮਾਜ ਵਡਿਆਈ ਕਰੇ ਫਿਰ ਚਾਹੇ ਉਹ ਚੰਗਾ ਹੋਵੇ ਜਾਂ ਮਾੜਾ।ਲੈਟਸ ਬੀ ਸੈਨਸੀਬਲ ਦੇ ਮਖੌਟਿਆਂ ‘ਚ ਅਸੀ ਅਸੀ ਨਹੀਂ ਰਹੇ।ਸਭ ਕੁਝ ਨਕਲੀ ਜਿਹਾ ਹੀ ਚੱਲ ਰਿਹਾ ਹੈ।ਇਸੇ ਦਾ ਸ਼ਿਕਾਰ ਵੀਰਾ ਹੈ।ਇਸੇ ਸ਼ਿਕਾਰ ‘ਚ ਘਰ ਉਹਦੇ ਲਈ ਜੇਲ੍ਹ ਹੈ ਅਤੇ ਅਗਵਾ ਹੋਣਾ ਉਹਦੇ ਲਈ ਅਜ਼ਾਦੀ।ਫ਼ਿਲਮ ਦੀ ਕਹਾਣੀ ‘ਚ ਯੋਣ ਉਤਪੀੜਨ ਦਾ ਕਥਾਨਕ ਇੱਕ ਜ਼ਰੀਆ ਹੈ ਪਰ ਅਸੀ ਲੋਕ ਬਨਾਉਟੀ ਹੀ ਹਾਂ ਅਤੇ ਸਾਡੇ ਹਲਾਤ ਵੀ ਅਜਿਹੇ ਹਨ।ਇਹਦੀਆਂ ਜੜਾਂ ਬਹੁਤ ਪੁਰਾਣੀਆਂ ਬੈਠੀਆ ਹੋਈਆਂ ਹਨ।ਇਹ ਤੁਹਾਡੇ ‘ਤੇ ਹੈ ਕਿ ਸੋਚੋ ਇੱਕ ਮਾਂ ਆਪਣੀ ਧੀ ਦਾ ਦੁੱਖ ਜਾਨਣ ਦੇ ਬਾਵਜੂਦ ਉਹਨੂੰ ਚੁੱਪ ਰਹਿਣ ਦੀ ਹਦਾਇਤ ਕਿਉਂ ਜਾਰੀ ਕਰਦੀ ਹੈ।ਆਖਰ ਉਹਦੀ ਕੀ ਮਜਬੂਰੀ ਰਹੀ ਹੋਵੇਗੀ।

ਮਹਾਂਵੀਰ ਦਾ ਪਾਤਰ ਤੜਪ ਦਾ ਅਨੁਪ੍ਰਾਸ ਵੀ ਹੈ ਅਤੇ ਸਮਾਜ ਦੀ ਦੇਣ ਦਾ ਅੰਗਾਰ ਵੀ ਹੈ।ਉਹ ਬਚਪਨ ਤੋਂ ਹੀ ਆਪਣੀ ਮਾਂ ਨੂੰ ਨੀਲਾਮ ਹੁੰਦੇ ਵੇਖਦਾ ਆਇਆ ਹੈ।ਵੀਰਾ ਦੇ ਹਲਾਤ ਅਤੇ ਮਹਾਂਵੀਰ ਦੇ ਹਲਾਤਾਂ ‘ਚ ਮਰਦਪ੍ਰਧਾਨ ਵਰਤਾਰਾ ਹੈ।ਦੋਵੇਂ ਜਗ੍ਹਾ ਔਰਤ ਦਰਦ ‘ਚ ਹੈ ਅਤੇ ਉਸੇ ਦਰਦ ਦਾ ਵਿਆਜ਼ ਮਹਾਂਵੀਰ ਹੈ।ਉਹ ਆਪਣੇ ਹੋਣ ਦਾ ਕਾਰਨ ਜਾਣਦਾ ਹੈ ਅਤੇ ਆਪਣੇ ਅੰਜਾਮ ਨੂੰ ਵੀ ਜਾਣਦਾ ਹੈ।ਇੱਥੇ ਇਹ ਸਮਝਨਾ ਦਿਲਚਸਪ ਹੋਵੇਗਾ ਮਹਾਂਵੀਰ ਦੀ ਮਾਂ ਆਪਣਾ ਸ਼ਰੀਰ ਵੇਚਦੀ ਹੈ ਪਰ ਉਹਦੀ ਆਤਮਾ ‘ਚ ਪਿਆਰ ਆਪਣੇ ਮੁੰਡੇ ਲਈ ਅਥਾਹ ਹੈ ਅਤੇ ਮਹਾਂਵੀਰ ਹੱਥੋਂ ਅਗਵਾ ਹੋਈ ਵੀਰਾ ਇਹ ਜਾਣਦੇ ਹੋਏ ਵੀ ਕਿ ਉਹ ਅਗਵਾਕਾਰ ਹੈ ਉਸਦੇ ਬਾਵਜੂਦ ਉਹਦੀ ਤੜਪ ਨੂੰ ਸਮਝ ਰਹੀ ਹੈ ਅਤੇ ਉਹਨੂੰ ਆਪਣੀ ਮਾਂ ਦੇ ਨੇੜੇ ਕਰ ਰਹੀ ਹੈ ਜਿੱਥੋਂ ਮਹਾਂਵੀਰ ਦੂਰ ਅਜੀਬੋ ਗਰੀਬ ਕੋਝੇ ਰਾਹਵਾਂ ‘ਤੇ ਆ ਗਿਆ ਹੈ ਜਿੱਥੋਂ ਉਹ ਨਹੀਂ ਆਉਣਾ ਚਾਹੁੰਦਾ ਸੀ ਜਾਂ ਕਹਿ ਲਓ ਇਹ ਉਹਦਾ ਆਪਣਾ ਚੁਣਾਵ ਨਹੀਂ ਸੀ।ਨਾਰੀਤਵ ਦਾ ਰੂਪ ‘ਵੀਰਾਂ’ ਹੀ ਨਾਰੀਤਵ ਦੇ ਦੂਜੇ ਰੂਪ ਤੱਕ ਉਸ ਭਟਕੇ ਮਹਾਂਵੀਰ ਨੂੰ ਪਹੁੰਚਾਉਂਦੀ ਹੈ ਜਿੱਥੇ ਮਹਾਂਵੀਰ ਦਾ ਹੋਣਾ ਅਸਲ ਹੈ।ਇਹ ਜੁਗਨੀ ਹੈ।ਇਹ ਉਹ ਅਨਹਦ ਹੈ ਜੋ ਮੰਜ਼ਿਲ ਨਹੀਂ ਪਰ ਆਤਮਾ ਰੋਸ਼ਨ ਹੈ,ਬੰਦਾ ਖੁਦ ਨੂੰ ਜਾਣ ਰਿਹਾ ਹੈ।ਮਹਾਂਵੀਰ ਸ਼ੇਕਸਪੀਅਰ ਦੀ ਲੇਡੀ ਮੇਕਬੇਥ ਵਾਂਗੂ ਨਹੀਂ ਜਾਂ ਕਹਿ ਲਓ ਕਿ ਕਿਸੇ ਕੰਪਲਸਿਵ ਡਿਸਆਰਡਰ ‘ਚ ਨਹੀਂ ਜਿੱਥੇ ਉਹ ਅਪਰਾਧ ਕਰਕੇ ਬਾਰ ਬਾਰ ਇਸ ਭੁਲੇਖੇ ‘ਚ ਹੈ ਕਿ ਉਹ ਗਲਤ ਕਰ ਗਿਆ ਹੈ ਅਤੇ ਸਬੂਤ ਮਿਟਾਉਂਦਾ ਫਿਰੇ।ਸਗੋਂ ਮਹਾਂਵੀਰ ਅੰਮ੍ਰਿਤਾ ਪ੍ਰੀਤਮ ਦੇ ਪਿੰਜਰ ਦੇ ਰਸ਼ੀਦ ਵਰਗਾ ਹੈ ਜੋ ਅਪਰਾਧ ਕਰ ਬੈਠਾ ਹੈ ਪਰ ਉਸਨੂੰ ਸੁਧਾਰਦਾ ਹੋਇਆ ਕੁਝ ਪਾ ਰਿਹਾ ਹੈ ਜੋ ਉਹਨੂੰ ਹੋਣ ਦੇ ਅਸਲ ਤੱਕ ਲੈ ਜਾਵੇਗਾ।


ਇਹਨੂੰ ਸਮਝਨਾ ਜ਼ਰੂਰੀ ਹੈ ਜਿਸ ਕਥਾਨਕ ਚੋਂ ਮਹਾਂਵੀਰ ਪੈਦਾ ਹੁੰਦਾ ਹੈ।ਇੱਕ ਫ਼ਿਲਮ ਆਈ ਸੀ ਕੁਝ ਸਾਲ ਪਹਿਲਾਂ ‘ਪੈਰੋਂ ਤਲੇ’ ਨਾਮ ਦੀ ਜੋ ਕਿ ਸਿਧਾਰਥ ਸ਼੍ਰੀ ਨਿਵਾਸਨ ਦੀ ਫ਼ਿਲਮ ਸੀ।ਇਸ ਫ਼ਿਲਮ ਨੂੰ ਪੀ.ਵੀ.ਆਰ ਡਾਇਰੈਕਟਰ ਰੇਅਰ ਤਹਿਤ ਰਲੀਜ਼ ਕੀਤਾ ਗਿਆ ਸੀ।ਇਹ ਕਹਾਣੀ ਦਿੱਲੀ ਦੇ ਕਥਾਨਕ ‘ਚ ਸ਼ਹਿਰਾਂ ਦੇ ਹੁੰਦੇ ਵਿਕਾਸ ਤੋਂ ਅੱਗੇ ਹੈ।ਸ਼ਹਿਰ ਪਿੰਡਾਂ ਦੀ ਹੱਦ ਨੂੰ ਦੈਂਤ ਵਾਂਗੂ ਫੈਲਦੇ ਆ ਗਏ ਹਨ।ਕੱਟੇ ਜਾ ਰਹੇ ਪਲਾਟ ਅਤੇ ਉਹਨਾਂ ਦੀ ਰਾਖੀ ਲਈ ਮਜਦੂਰਾਂ ਦੀ ਇੱਕ ਵਿਥਿਆ ਹੈ ਅਤੇ ਉਹਨਾਂ ਪਲਾਟਾਂ ਦੇ ਮਾਲਕਾਂ ਦਾ ਮਜਦੂਰਾਂ ਉੱਪਰ ਹਵਸੀ ਰੂਪ ਅਤੇ ਮੈਕਡੋਨਾਲਡੀ ਬਰਗਰ ਜ਼ਿੰਦਗੀ ਵਾਲਿਆਂ ਦਾ ਉਹਨਾਂ ਪ੍ਰਤੀ ਜਜ਼ਬਾਤੋਂ ਕੋਰਾ ਵਰਤਾਰਾ ਦੂਜਾ ਪੱਖ ਹੈ।ਸ਼ਹਿਰੀ ਅਮੀਰੀ ਦਾ ਹਵਸੀ ਖੁਰਾਕ ਤੱਕ ਉਹਨਾਂ ਤੱਕ ਪਹੁੰਚ ਕਰਨਾ ਅਤੇ ਉਹਨਾਂ ਮਜਦੂਰਾਂ ਦਾ ਇਸ ਸ਼ਹਿਰੀਕਰਨ ‘ਚ ਗਰੀਬੀ ਦੇ ਉੱਪਰ ਹੋਰ ਗਰੀਬੀ ਦਾ ਵੱਧਕੇ ਆ ਜਾਣਾ ਅਤੇ ਮਜਬੂਰਨ ਆਪਣਾ ਆਪ ਸੌਂਪ ਦੇਣਾ ਅਤੇ ਉਸ ਚੋਂ ਗਰੀਬ ਬੰਦਿਆ ਦੀ ਨਫਰਤ ਅਤੇ ਅੰਗਾਰ ਚੋਂ ਉਪਜਦਾ ਜੁਰਮ 21ਵੀਂ ਸਦੀ ਦੀ ਤਸਵੀਰ ਹੈ।ਮੈਂ ਜਦੋਂ ਵੇਖਦਾ ਹਾਂ ਫਿਲਮ ਨੂੰ ਤਾਂ ਮੈਂ ‘ਪੈਰੋਂ ਤਲੇ’ ਦੇ ਅੰਤ ਚੋਂ ਮਹਾਂਵੀਰ ਵਰਗੇ ਕਿਰਦਾਰਾਂ ਦਾ ਜਨਮ ਵੇਖਦਾ ਹਾਂ।

ਇਮਤਿਆਜ਼ ਵੀਰਾਂ ਦੇ ਸੁਫਨਿਆਂ ਦਾ ਘਰ ਕਸ਼ਮੀਰ ‘ਚ ਵਿਖਾਉਂਦਾ ਹੈ ਅਤੇ ਉਸ ਚੁੱਪ ਨੂੰ ਤੋੜਦੀ ਪਾਤਰ ‘ਅਸੀ’ ਸਮਾਜ ਤੋਂ ‘ਮੈਂ’ ਦੇ ਹੋਣ ਨੂੰ ਪਾਉਂਦੀ ਹੈ ਅਤੇ ਆਪਣੀ ਤਰ੍ਹਾਂ ਦੀ ਦੁਨੀਆਂ ਦਾ ਨਿਰਮਾਣ ਕਰਦੀ ਹੈ।

ਇਹ ਕੁਝ ਅਜਿਹੀ ਅਵਸਥਾ ਹੈ ਕਿ ‘ਬੋਲ ਕਿ ਲਬ ਅਜ਼ਾਦ ਹੈ ਤੇਰੇ’।ਇਸ ਸਭ ਦਾ ਅਹਿਸਾਸ ਕਰਦੇ ਵੀਰਾਂ ਅਤੇ ਮਹਾਂਵੀਰ ਦੋਵੇਂ ਆਪਣੇ ਆਪ ਨੂੰ ਪਾ ਜਾਂਦੇ ਹਨ।ਇਹ ਵੀ ਦਿਲਚਸਪ ਹੈ ਕਿ ਅਜਿਹਾ ਉਹਨਾਂ ਲਈ ਸੰਭਵ ਬਣਾਉਂਦਾ ਹੈ ਲਦਾਖ,ਕਸ਼ਮੀਰ,ਹਿਮਾਚਲ।ਜਿਸਨੂੰ ਮੈਂ ਇੰਝ ਵੇਖਦਾ ਹਾਂ ਕਿ ਇਹ ਵੀ ਭਾਰਤ ਦੇ ਅਣਗੋਲੇ ਹਨ।ਵੀਰਾਂ ਅਤੇ ਮਹਾਂਵੀਰ ਦਾ ਅੰਤਲਾ ਕਥਾਨਕ ਸੂਫੀਆਂ ਦੇ ਗ੍ਰਹਿ ਲਾਉਣ ਵਰਗਾ ਹੈ ਜਿੱਥੇ ਉਹ ਇੱਕ ਦੂਜੇ ਦੇ ਪੂਰਕ ਬਣਦੇ ਹਨ।ਜਿੱਥੇ ਮਹਾਂਵੀਰ ਨੂੰ ਸਮਝ ਆ ਗਈ ਹੈ ਕਿ ਗੋਲੀ ਨਾਲ ਇੱਕ ਬੰਦਾ ਨਹੀਂ ਮਰਦਾ ਸਗੋਂ ਦੋ ਮਰਦੇ ਹਨ।ਇੱਕ ਗੋਲੀ ਖਾਣ ਵਾਲਾ ਅਤੇ ਦੂਜਾ ਗੋਲੀ ਮਾਰਨ ਵਾਲਾ।ਜਿੱਥੇ ਮਹਾਂਵੀਰ ਨੂੰ ਮਹਿਸੂਸ ਹੁੰਦਾ ਹੈ ਕਿ ਉਸਦੀ ਮਾਂ ਨੂੰ ਵੇਚਣ ਵਾਲਾ ਉਹਦਾ ਪਿਓ ਅਤੇ ਵੀਰਾਂ ਨੂੰ ਅਗਵਾ ਕਰਨ ਵਾਲਾ ਉਹ ਆਪ ਆਪਣੇ ਪਿਓ ਵਰਗਾ ਹੀ ਬਣ ਗਿਆ।ਅਪਰਾਧਬੋਧ ਚੋਂ ਨਿਕਲਦਾ ਮਹਾਂਵੀਰ ਵੀਰਾਂ ਦੀ ਗੋਦ ‘ਚ ਜਾਕੇ ਮਮਤਾ ਦੀ ਸਾਂਝ ਨੂੰ ਪਾਉਂਦਾ ਹੈ।

ਇੱਥੇ ਵੀਰਾਂ ਹੈ,ਵੀਰਾਂ ਜੁਗਨੀ ਹੈ,ਜੁਗਨੀ ਅਜ਼ਾਦ ਖਿਆਲ ਮਹਾਂਵੀਰ ਅਤੇ ਵੀਰਾਂ ਹੈ।ਦੋਵਾਂ ਦੀ ਅਵਸਥਾ ਅਨਹਦ ਹੈ ਰਣਦੀਪ,ਆਲੀਆ,ਇਮਤਿਆਜ਼,ਰਹਿਮਾਨ ਅਤੇ ਇਰਸ਼ਾਦ ਕਾਮਿਲ ਲਈ,ਚੰਗੀਆਂ ਫ਼ਿਲਮਾਂ ਦੇ ਕਦਰਦਾਨੋ ਇਸ ਫ਼ਿਲਮ ਨੂੰ ਤੁਸੀ ਆਪਣੇ ਖਾਸ ਸੰਗ੍ਰਹਿ ਦਾ ਹਿੱਸਾ ਬਣਾ ਸਕਦੇ ਹੋ।

ਹਰਪ੍ਰੀਤ ਸਿੰਘ ਕਾਹਲੋਂ 

ਲੇਖਕ ਨੌਜਵਾਨ ਫਿਲਮਸਾਜ਼ ਤੇ ਵਿਸਲੇਸ਼ਕ ਹੈ। ਸਿਨੇਮੇ ਨੂੰ ਸ਼ਬਦਾਂ ਜ਼ਰੀਏ ਫੜ੍ਹਦਾ ਹੈ।

Monday, April 7, 2014

ਹਿੰਦੀ ਕਿਤੇ ਇਕੱਲੀ ਨਹੀਂ ਜਾਂਦੀ, ਹਿੰਦੂਤਵੀ ਵਿਚਾਰਧਾਰਾ ਨਾਲ ਲੈ ਕੇ ਜਾਂਦੀ ਹੈ: ਚਮੜੀਆ

ਜਸਪਾਲ ਸਿੰਘ ਸਿੱਧੂ ਦੀ ਕਿਤਾਬ 'Embedded Journalism , Punjab'  ਲੋਕ ਅਰਪਣ


ਸਿੱਧੂ ਦਮਦਮੀ ਬੋਲਦੇ ਹੋਏ
ਲੋਕ ਪਹਿਲਕਦਮੀ (People Initative's ) ਵੱਲੋਂ ਚੰਡੀਗੜ੍ਹ ਵਿਚ ਉਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਕਿਤਾਬ Embedded Journalism , Punjab (ਪੰਜਾਬ ਦੀ ਹਮ-ਬਿਸਤਰ ਪੱਤਰਕਾਰੀ) ਪਾਠਕਾਂ ਦੇ ਹੱਥਾਂ ਤੱਕ ਪੁਜਦੀ ਕੀਤੀ ਗਈ । Embedded Journalism , Punjab ,ਭਾਰਤੀ ਹਕੂਮਤ ਵੱਲੋਂ 80ਵਿਆਂ ਦੌਰਾਨ ਸਿੱਖ ਨਸ਼ਲਕੁਸ਼ੀ ਦੇ ਦੌਰ ‘ਚ ਪੱਤਰਕਾਰੀ ਦੇ ਰੋਲ ‘ਤੇ ਚਰਚਾ ਕਰਦੀ ਇਸ ਕਿਸਮ ਦੀ ਪਲੇਠੀ ਕਿਤਾਬ ਹੈ, ਜੋ ਸਰਕਾਰੀ ਸਰਪ੍ਰਸਤੀ ਨਾਲ ਹੋਣ ਵਾਲੀ ਇਕ ਪਾਸੜ ਪੱਤਰਕਾਰੀ ਉਤੇ ਭੈ-ਮੁਕਤ ਵਿਸ਼ਲੇਸ਼ਣ ਕਰਦੀ ਹੈ ।

ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ, ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ 2002 ਵਿਚ ਜਦੋਂ ਨਾਟੋ ਫੋਜਾਂ ਨੇ ਐਟਮੀ ਹਥਿਆਰਾਂ ਦੀਆਂ ਕੁਫਰ-ਰਿਪੋਟਾਂ ਨੁੰ ਅਧਾਰ ਬਣਾ ਕੇ ਇਰਾਕ ਤੇ ਹਮਲਾ ਕੀਤਾ ਤਾਂ 600 ਪੱਤਰਕਾਰ ਫੌਜ ਦੀ ਛਤਰੀ ਥੱਲੇ ਬੜੀ “ਦਲੇਰਾਨਾ” ਰਿਪੋਰਟਿੰਗ ਕਰਦੇ ਵਿਖਾਏ ਗਏ। ਉਨ੍ਹਾਂ ਪੱਤਰਕਾਰਾਂ ਨੇ ਇਸ “ਯੁਧ-ਨਾਟ” ਤੋਂ ਸਿਰਫ ਤੇ ਸਿਰਫ ਅਮਰੀਕੀ ਪੱਖ ਦੀਆਂ ਖਬਰਾਂ ਹੀ ਨਸ਼ਰ ਕੀਤੀਆਂ । ਸੰਸਾਰ ਪੱਧਰ ਤੇ ਵਿਚਾਰਵਾਨਾਂ ਨੇ ਕਦਰਾਂ ਕੀਮਤਾਂ ਤੋਂ ਡਿੱਗੀ ਹੋਈ ਇਸ ਤਰ੍ਹਾਂ ਦੀ ਪੱਤਰਕਾਰੀ ਨੁੰ Embedded Journalism ਦਾ ਨਾਂ ਦਿਤਾ । ਇਸ ਤਰ੍ਹਾਂ ਦੀ ਪੱਤਰਕਾਰੀ ਲਈ ਪੰਜਾਬੀ ‘ਚ ਢੁਕਵੇ ਸ਼ਬਦ ਦੀ ਘਾੜਤ ਘੜਦਿਆਂ ਪੰਜਾਬੀ ਸਿਆਣਿਆਂ ਨੇ “ਹਮ-ਬਿਸਤਰ ਪੱਤਰਕਾਰੀ” ਅਤੇ “ਦਰਬਾਰੀ ਪੱਤਰਕਾਰੀ” ਵਰਗੇ ਨਾਵਾਂ ਦੀ ਦੱਸ ਪਾਈ ਹੈ।

ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਭਾਵੇਂ ਇਹ ਸ਼ਬਦ ਇਰਾਕ ਯੁਧ ਤੋਂ ਬਾਅਦ ਘੜਿਆ ਗਿਆ ਹੈ ਪਰ ਇਸ ਤਰ੍ਹਾਂ ਦੀ ਪੱਤਰਕਾਰੀ ਸੰਸਾਰ ‘ਚ ਕੋਈ ਨਵੀਂ ਗੱਲ ਨਹੀਂ । ਦਸਿਆ ਗਿਆ ਕਿ ਸਾਡੇ ਖਿਤੇ ਵਿਚ ਕਸ਼ਮੀਰ, ਉਤਰ-ਪੂਰਬੀ ਸੂਬਿਆਂ ਸਣੇ ਪੰਜਾਬ ‘ਚ ਇਸ ਤਰ੍ਹਾਂ ਦੀ ਹਕੂਮਤੀ ਸਰਪ੍ਰਸਤੀ ਵਾਲੀ ਇਕਪਾਸੜ ਪੱਤਰਕਾਰੀ ਦਹਾਕਿਆਂ ਤੋਂ ਚਾਲੂ ਹੈ । ਉਨ੍ਹਾਂ ਸਣੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਦੀ ਖਾੜਕੂ ਲਹਿਰ ਦੌਰਾਨ ਇਕਪਾਸੜ ਪੱਤਰਕਾਰੀ ਤੇ ਸਰਕਾਰੀ ਲਾਭਪਾਤਰੀ ਪੱਤਰਕਾਰਾਂ ਦੇ ਲਹਿਰ ਦੌਰਾਨ ਨਿਭਾਏ ਅਨੈਤਿਕ ਰੋਲ ੳਤੇ ਚਰਚਾ ਕੀਤੀ।


ਸੁਖਦੇਵ ਸਿੰਘ ਤੇ ਅਨਿਲ ਚਮੜੀਆ
ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਿੱਧੂ ਦਮਦਮੀ ਨੇ ਦੱਸਿਆ ਕਿ ਸਰਕਾਰੀ ਸੰਚਾਰ ਮਹਿਕਮੇ ਥੱਲੇ ਚਲਦੇ ਰੇਡੀਉ ਅਤੇ ਟੀਵੀ ਸਟੇਸ਼ਨ ਵਿਚ “ਕਰਨ” ਨਾਲੋਂ “ਨਾ-ਕਰਨ” ਦੀ ਸੂਚੀ ਵੱਡੀ ਹੁੰਦੀ ਸੀ । ਉਨ੍ਹਾਂ ਮੂਜ਼ਬ ਅਜਿਹੇ ਅਦਾਰਿਆਂ ‘ਚ ਕੰਮ ਕਰਨ ਵਾਲੇ ਪੱਤਰਕਾਰਾਂ ਦੀ “ਕੰਡੀਸ਼ਨਿੰਗ” ਹੀ ਇਉਂ ਹੋ ਜਾਂਦੀ ਹੈ ਕਿ ਇਕ ਸਮੇਂ ਪਿਛੋਂ ਉਹ ਆਪਣੇ ਪੱਧਰ ਤੇ ਹੀ ਸਰਕਾਰ ਦੇ ਹਿੱਤਾਂ ਦੀ ਪੂਰਤੀ ਵਾਲੀ ਪੱਤਰਕਾਰੀ ਕਰਨ ਲੱਗ ਜਾਂਦੇ ਹਨ । ਦਮਦਮੀ ਨੇ ਕਿਹਾ ਕਿ ਪ੍ਰਈਵੇਟ ਚੈਨਲਾਂ ਦੀ ਆਮਦ ਤੋਂ ਪਹਿਲਾਂ ਉਹ ਬੜੇ ਆਸਵੰਦ ਸਨ ਕਿ ਪ੍ਰਈਵੇਟ ਚੈਨਲ ਲੋਕਾਂ ਦੀ ਅਵਾਜ਼ ਬਣਨਗੇ , ਪਰ ਹੋਇਆ ਇਸ ਤੋਂ ਉਲਟ । ਉਨ੍ਹਾਂ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਇਸ ਮਸਲੇ ਤੇ ਬੱਝਵੇ ਰੂਪ ‘ਚ ਇਸ ਤਰ੍ਹਾਂ ਦਾ ਕੰਮ ਪਹਿਲੀ ਵਾਰ ਹੋਇਆ ਹੈ।

ਅੰਗਰੇਜ਼ੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਰਹੇ ਸੁਖਦੇਵ ਸਿੰਘ ਨੇ ਪੰਜਾਬ ‘ਚ 1982 ਤੋਂ 1996 ਦੇ ਦੌਰ ਦੀ ਪੱਤਰਕਾਰੀ ਦੀ ਗੱਲ ਕਰਦਿਆਂ ਕਿਹਾ ਕਿ ਉਹ ਦੌਰ ਐਮਰਜੰਸੀ ਨਾਲੋਂ ਵੀ ਖਤਰਨਾਕ ਸੀ । ਉਘੇ ਪੱਤਰਕਾਰ ਕੁਲਦੀਪ ਨਈਅਰ ਦੀ ਲਿਖਤ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਕੁਲਦੀਪ ਨਈਅਰ ਲਿਖਦਾ ਹੈ ਕਿ ਜਦੋਂ ਨਿਊਯਾਰਕ ਟਾਇਮਜ਼ ਦਾ ਇਕ ਪੱਤਰਕਾਰ ਪੂਰਬੀ-ਪਾਕਿਸਤਾਨ (ਹੁਣ ਬੰਗਲਾਦੇਸ਼) ਦੀ ਜੰਗ ਮੌਕੇ ਉਸ ਨੁੰ ਪੁਛਦਾ ਹੈ ਕਿ ਤੁਹਾਡੀ ਭਾਰਤੀ ਪ੍ਰੈਸ ਨੁੰ ਕੋਈ ਖਾਸ ਹਦਾਇਤਾਂ ਹਨ ? ਤਾਂ ਜੁਆਬ ‘ਚ ਕੁਲਦੀਪ ਨਈਅਰ ਕਹਿੰਦਾ ਹੈ ਕਿ ਨਹੀਂ ਅਸੀਂ ਤਾਂ ਸਵੈ-ਇਛਤ, ਸਵੈ ਅਨੁਸ਼ਾਸ਼ਨ ਨਾਲ ਆਪਣੀ ਜਿਮੇਵਾਰੀ ਸਮਝਦਿਆਂ ਹੋਇਆਂ ਲੋਕਾਂ ਨੁੰ ਇਹ ਦਿਖਾ ਰਹੇ ਹਾਂ ਕਿ ਲੋਕ ਪੂਰਬੀ ਪਾਕਿਸਤਾਨ ‘ਚ ਲੋਕਾਂ ਦੇ ਮਾੜੇ ਹਾਲ ਨੇ ਤੇ ਕਤਲੋਗਾਰਤ ਹੋ ਰਹੀ ਹੈ । ਕੁਲਦੀਪ ਨਈਅਰ ਇਹ ਸਭ ਕੁਝ “ਦੇਸ਼-ਭਗਤੀ” ਦੇ ਭਾਵ ਨਾਲ ਕਰ ਰਿਹਾ ਸੀ ।

ਉਨ੍ਹਾਂ ਦੱਸਿਆ ਕਿ ਸਿੱਖ ਨਸਲਕੁਸ਼ੀ ਦੇ ਦੌਰ ‘ਚ ਲੋਕ ਸੰਪਰਕ ਦੇ ਉਚ ਅਧਿਕਾਰੀ ਉਘੇ ਪੱਤਰਕਾਰਾਂ ਨੁੰ ਉਨ੍ਹਾਂ ਦੀ ਹੈਸੀਅਤ ਮੁਤਾਬਕ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨਾਲ ਚਾਹ ਜਾਂ ਰੋਟੀ ਦਾ ਸੱਦਾ ਦਿੰਦੇ ਸਨ । ਉਘੀਆਂ ਪੰਜਾਬੀ ਅਖਬਾਰਾਂ ਦੇ ਕਈ ਸੰਪਾਦਕ ਬੀਬੀ ਇੰਦਰਾ ਨਾਲ ਟੁਕੜ ਸਾਝਾਂ ਵੀ ਕਰ ਆਏ ਸਨ ।
ਕਿਤਾਬ Embedded Journalism , Punjab ਲੋਕ ਅਰਪਣ

ਨਿਜੀ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਸ ਦੌਰ ‘ਚ ਕਿਵੇਂ ਉਨ੍ਹਾਂ ਵੱਲੋਂ ਭੇਜੀਆਂ ਖਬਰਾਂ ਨੁੰ ਤੋੜ ਮੜੋੜ ਕੇ ਤੱਥਾਂ ਤੋਂ ਉਲਟ ਛਾਪ ਦਿਤਾ ਜਾਂਦਾ ਸੀ । ਉਨ੍ਹਾਂ ਦੱਸਿਆਂ ਕਿ ਏਸੀਆਂ ਖੇਡਾਂ ‘ਚ ਲੋਕਾਂ ਸਾਹਮਣੇ ਆਪਣਾ ਪੱਖ ਰੱਖਣ ਦੀ ਗੱਲ ਨੁੰ ਮੀਡੀਏ ਨੇ ਏਸੀਆ ਖੇਡਾਂ ਦਾ ਬਾਈਕਾਟ ਬਣਾ ਕੇ ਪੇਸ਼ ਕਰ ਦਿੱਤਾ ਸੀ ।

ਅਖਬਾਰਾਂ ਰਾਹੀ ਕਿਵੇਂ ਦਿਮਾਗਾਂ ‘ਚ ਜ਼ਹਿਰ ਭਰਿਆ ਜਾਂਦਾ ਹੈ , ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਦੌਰ ‘ਚ ਸਿੱਖ ਹਾਕੀ ਖਿਡਾਰੀਆਂ ਨੁੰ ਕੇਰਲਾ ‘ਚ ਹੂਟਿੰਗ ਦਾ ਸਾਹਮਣਾ ਕਰਨਾ ਪਿਆ । ਕਈ ਭੇਦ ਜ਼ਾਹਰ ਕਰਦਿਆਂ ਉਨ੍ਹਾਂ ਦੱਸਿਆ ਕਿ ਖਾੜਕੂ ਸੰਘਰਸ਼ ਦੌਰਾਨ ਪੰਜਾਬ ਦਾ ਪੁਲਿਸ ਮੁਖੀ ਏਜੰਸੀਆਂ ਦੇ ਪੱਤਰਕਾਰਾਂ ਦੀਆਂ ਬਦਲੀਆਂ ਕਰਵਾਉਣ ਤੇ ਰੋਕਣ ਦਾ ਅਧਿਕਾਰ ਰੱਖਦਾ ਸੀ ।

ਸਿੱਖ ਚਿੰਤਕ ਅਜਮੇਰ ਸਿੰਘ ਨੇ ਕੁਲਦੀਪ ਨਈਅਰ ਦੇ ਮਸਲੇ ‘ਚ ਸਪੱਸਟ ਕੀਤਾ ਕਿ ਉਹ ਸਰਕਾਰ ਦੀ ਮਨ ਇਛਤ ਰਿਪਰਟਿੰਗ ਪੈਸਿਆਂ ਲਈ ਨਹੀਂ ਸਗੋਂ ਆਪਣੇ ਅੰਦਰਲੇ ਦੇਸ਼ ਭਗਤੀ ਦੇ ਭਾਵ ਲਈ ਕਰਦਾ ਹੈ । ਇਹ ਇਕ ਪੁਜੀਸ਼ਨ ਹੈ। ਪੱਤਰਕਾਰ ਵੱਲੋਂ ਦੇਸ਼ ਭਗਤੀ ਅਤੇ ਧਾਰਮਿਕ ਸੰਕੀਰਨਤਾ ਦੇ ਅਧਾਰ ਤੇ ਰਾਜਨੀਤੀ ਕਰਨਾ ਬਹੁਤ ਘਾਤਕ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਇਮਾਨਦਾਰ , ਦਲੇਰ ਤੇ ਸੱਚਾ ਹੋਣ ਦੇ ਨਾਲ-ਨਾਲ ਦਰਪੇਸ਼ ਮਸਲੇ ਬਾਰੇ ਮਨੁਖਤਾਵਾਦੀ ਸਮਝ ਰੱਖਦਾ ਹੋਵੇ । ਉਨ੍ਹਾਂ ਦੱਸਿਆ ਕਿ ਖਾੜਕੂ ਸੰਗਰਸ਼ ਦੌਰਾਨ ਖਾੜਕੂ ਮੁਡਿਆਂ ਨੁੰ ਪੱਤਰਕਾਰਾਂ ਨੁੰ ਵੱਡੀ ਰਕਮ ਦੇ ਕੇ ਜਾਂ ਬੰਦੂਕ ਦੀ ਨੋਕ ਤੇ ਖਬਰ ਲਵਾਉਂਣੀ ਪੈਦੀ ਸੀ । ਉਨ੍ਹਾਂ ਕੋਲ ਆਪਣਾ ਪੱਖ ਰੱਖਣ ਲਈ ਹੋਰ ਕੋਈ ਹੱਲ ਵੀ ਨਹੀਂ । ਪੰਜਾਬ ‘ਚ ਇਸ ਗੱਲ ਦਾ ਰੌਲਾ ਪੈਂਦਾ ਰਿਹਾ ਹੈ ਕਿ ਇਹ ਪੱਤਰਕਾਰੀ ਦੀ ਆਜ਼ਾਦੀ ਤੇ ਹਮਲਾ ਹੈ । ਪਰ ਦੂਜੇ ਪਾਸੇ ਸਰਕਾਰੀ ਪੱਤਰਕਾਰੀ ਤੇ ਕੋਈ ਸਵਾਲ ਨਹੀਂ ਉਠਾਉਂਦਾ ਸੀ ।

ਇਸ ਮੌਕੇ ਬੋਲਦਿਆਂ ਪੱਤਰਕਾਰ ਤੇ ਸਿੱਖ ਚਿੰਤਕ ਕਰਮਜੀਤ ਸਿੰਘ ਨੇ ਕਿਹਾ ਕਿ ਪੱਤਰਕਾਰੀ ‘ਚ ਸ਼ਬਦਾਂ ਦਾ ਵੱਡਾ ਰੋਲ ਹੁੰਦਾ ਹੈ। ਕਿਸੇ ਵੇਲੇ ਜੋ ਮਹਿਕਮਾਂ ਏ ਪੰਜਾਬੀ ਹੁੰਦਾ ਸੀ ਉਸ ਨੁੰ ਭਾਸ਼ਾ ਵਿਭਾਗ ਬਣਾ ਦਿਤਾ ਗਿਆ । ਉਨ੍ਹਾਂ ਕਿਹਾ ਕਿ militant ਦਾ ਢੁਕਵਾਂ ਤਰਜਮਾਂ “ਖਾੜਕੂ” ਹੈ । ਪਰ ਪੰਜਾਬੀ ਅਖਬਾਰਾਂ ਦੇ ਸੰਪਾਦਕ ਜਬਰੀ ਇਸ ਦੇ ਅਰਥ ਅਤਿਵਾਦੀ ਕਰਵਾਉਂਦੇ ਰਹੇ।

ਹਮਬਿਸਤਰ ਪੱਤਰਕਾਰੀ ਦੀ ਮਿਸਲ ਦਿੰਦਆਂ ਉਨ੍ਹਾਂ ਦੱਸਿਆਂ ਕਿ ਇਕ ਪੰਜਾਬੀ ਦੇ ਅਖਬਾਰ ਨੇ ਜਰਨਲ ਲਾਭ ਸਿੰਘ ਦੀ ਸ਼ਹੀਦੀ ਦੀ ਖਬਰ ਲਿਖਦਿਆਂ ਕਲਪਨਾਂ ਨੁੰ ਵੀ ਰੰਗ ਦੇ ਦਿਤਾ ਤੇ ਲਿਖਿਆ ਕਿ ਉਸ ਦੀ ਲਾਸ਼ ਨੁੰ ਗਿਰਝਾਂ ਵੀ ਖਾਣ ਤੋਂ ਇਨਕਾਰੀ ਸਨ। ਉਨ੍ਹਾਂ ਦੱਸਿਆ ਕਿ ਉਸ ਦੌਰ ‘ਚ ਸਿੱਖ ਦਿੱਖ ਵਾਲੇ ਪੱਤਰਕਾਰ ਹੀ ਸਿੱਖਾਂ ਦੇ ਵਿਰੁਧ ਭੁਗਤਾਏ ਗਏ ।

ਨਿਜੀ ਤਜ਼ਰਬੇ ਸਾਂਝੇ ਕਰਦਿਆਂ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਪੱਤਰਕਾਰ ਚੰਚਲ ਮਨੋਹਰ ਸਿੰਘ ਨੇ ਦਸਿਆ ਕਿ ਅੰਮ੍ਰਿਤਸਰ ਜ਼ਿਲੇ ‘ਚ ਅਜੀਤ ਸਿੰਘ ਨਾਂ ਦੇ ਡੀਐਸਪੀ ਨੇ ਇਕ ਨੌਜਵਾਨ ਮੁੰਡੇ ਦੇ ਸਬੰਧ ‘ਚ ਕਹਾਣੀ ਘੜੀ ਕਿ ਉਹ ਆਪਣੀ ਮਹਿਬੂਬਾਂ ਦੀ 6 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕਰਦਾ ਰਿਹਾ ਹੈ । ਕਹਾਣੀ ਸਰਾਸਰ ਝੂਠੀ ਤੇ ਮੁੰਡਿਆਂ ਨੁੰ ਬਦਨਾਮ ਕਰਨ ਲਈ ਘੜੀ ਗਈ ਸੀ ਪਰ ਪੱਤਰਕਾਰ ਸਭ ਸੱਚ ਜਾਣ ਕੇ ਸੁਣ ਰਹੇ ਸਨ । ਉਨ੍ਹਾਂ ਵੱਲੋਂ ਉਲਟ ਸਵਾਲ ਪੁਛਣ ਤੇ ਅਜੀਤ ਸਿੰਘ ਭੜ੍ਹਕ ਪਿਆ। ਉਨ੍ਹਾਂ ਦੱਸਿਆ ਕਿ ਉਸ ਦੌਰ ‘ਚ ਸੱਚ ਲਿਖਣ ਵਾਲੇ ਨੁੰ ਖਾੜਕੂ ਲਹਿਰ ਦਾ ਹਮਦਰਦ ਬਣਾ ਕੇ ਪੇਸ਼ ਕਰ ਦਿਤਾ ਜਾਂਦਾ ਸੀ । ਉਨ੍ਹਾਂ ਕਿਹਾ ਕਿ ਖੱਬੇ ਪੱਖੀ ਪੱਤਰਕਾਰ ਹਰ ਉਸ ਬੰਦੇ ਨੁੰ ਫਿਰਕਾ ਪ੍ਰਸਤ ਕਰਾਰ ਦਿੰਦੇ ਸਨ ਜੋ ਕਾਮਰੇਡ ਨਹੀਂ ਸੀ ।

ਬਜ਼ੁਰਗ ਪੱਤਰਕਾਰ ਦਲਬੀਰ ਸਿੰਘ ਟ੍ਰਿਬਿਊਨ ਨੇ ਦੱਸਿਆ ਕਿ ਉਹ ਪੱਤਰਕਾਰਾਂ ਨੁੰ ਪਲਾਟ ਵੰਡੇ ਜਾਣ ਦੇ ਵਿਰੋਧ ‘ਚ ਰਹੇ ਹਨ । ਉਨ੍ਹਾਂ ਸਿੱਖ ਨੌਜਵਾਨੀ ਤੇ ਆਪਣੇ ਨਾਲ ਵਾਪਰੇ ਤਮਾਮ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ 84 ਵਾਪਰਨ ਤੋਂ ਪਹਿਲਾਂ ਅਮ੍ਰਿਤਸਰ ਦੇ ਡੀਸੀ ਵੱਲੋਂ ਕਰਵਾਈ ਹਿੰਦੂ ਸਿੱਖ ਸਹਿਮਤੀ ਮੀਟਿੰਗ ਨੁੰ ਗਲਤ ਅਖਬਾਰੀ ਰਿਪੋਟਾਂ ਨੇ ਸਿਰੇ ਨਹਿੰ ਚੜਨ ਦਿਤਾ ।

ਪੱਤਰਕਾਰ ਹਮੀਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਨਿਰਪੱਖ ਪੱਤਰਕਾਰੀ ਦੀ ਕਲਪਨਾ ਕਰਨੀ ਬਹੁਤ ਔਖੀ ਹੈ । ਹਰ ਬੰਦਾ ਵਾਪਰ ਰਹੀਆਂ ਘਟਨਾਵਾਂ ਬਾਰੇ ਆਪਣਾ ਤਜ਼ਰਬਾ ਰੱਖਦਾ ਹੈ। ਇਸ ਦੇ ਬਾਵਯੂਦ ਪੱਤਰਕਾਰ ਵੱਖਰਤਾਈਆਂ (diversity ) ਦੀ ਰਾਖੀ ਲਈ ਗੰਭੀਰ ਹੋਣਾ ਚਾਹੀਦਾ ਹੈ। ਪੱਤਰਕਾਰ ਦਾ ਕਿਸੇ ਮਨੁਖਤਾ ਪੱਖੀ ਵਿਚਾਰ ਨਾਲ ਲਗਾਅ ਬਹੁਤ ਜਰੂਰੀ ਹੈ । ਉਨ੍ਹਾਂ ਕਿਹਾ ਕਿ ਸਭ ਕਾਸੇ ਦੇ ਬਾਵਯੂਦ ਪੱਤਰਕਾਰ ਕੋਲ ਅੱਜ ਵੀ ਇਕ ਸਪੇਸ ਹੈ ਜਿਸ ਦੀ ਵਰਤੋਂ ਕਰਨੀ ਪੱਤਰਕਾਰ ਦੇ ਫਰਜ਼ਾਂ ‘ਚ ਸ਼ੁਮਾਰ ਹੈ ।

ਗੱਲਬਾਤ ਨੁੰ ਸਮੇਟਦਿਆਂ , ਦਿੱਲੀ ਤੋਂ ਉਘੇ ਮੀਡੀਆਂ ਕਾਰਕੁਨ ਅਨਿਲ ਚਮੜੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰਵਾਈ ਗਈ ਇਕ ਸਟੱਡੀ ‘ਚ ਇਹ ਸਾਬਤ ਹੋਇਆ ਹੈ ਕਿ ਐਮਰਜੰਸੀ ਅਤੇ ਅੱਜ ਦੇ ਆਮ ਹਲਾਤ ਵਿਚ ਹੋਣ ਵਾਲੀ ਪੱਤਰਕਾਰੀ ਵਿਚ ਕੋਈ ਫਰਕ ਨਹੀਂ ਹੈ। ਟੀਵੀ ਚੈਨਲਾਂ ਦੀਆਂ ਹੇੜਾਂ ਦੇ ਬਾਵਯੂਦ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਉਨੀ ਕੁ ਹੀ ਗਿਣਤੀ ‘ਚ ਟੀਵੀ ਸਟੂਡੀਊ ਤੱਕ ਪਹੁੰਚਦੇ ਹਨ, ਜਿਨੇ ਐਮਰਜੰਸੀ ਵੇਲੇ। ਉਨ੍ਹਾਂ ਕਿਹਾ ਕਿ ਜੋ ਭਾਰਤੀ ਹੁਕਮਰਾਨਾਂ ਨੇ ਪੰਜਾਬ ‘ਚ ਕੀਤਾ ਸੀ ਉਹੀ ਕਸਮੀਰ ‘ਚ ਵੀ ਦੁਹਰਾਇਆ ਗਿਆ । ਮੀਡੀਆ ਨੁੰ ਕਸ਼ਮੀਰ ‘ਚ ਵੀ ਪੰਜਾਬ ਦੀ ਤਰਜ਼ 'ਤੇ ਹੀ ਵਰਤਿਆ ਗਿਆ । ਭਾਰਤੀ ਫੋਜ ਵੱਲੋਂ ਕੀਤੇ ਜਾਂਦੇ ਬਲਾਤਕਰਾਂ ਨੁੰ ਮੀਡੀਆਂ ਕਦੇ ਵੀ ਜ਼ਾਹਰ ਨਹੀਂ ਕਰਦਾ।

ਮੀਡੀਏ ਲਈ ਖਿੱਤੇ ਦੇ ਲੋਕਾਂ ਦੀ ਜੁਬਾਨ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਕਿਹਾ ਕਿ "ਜਿਥੇ ਵੀ ਕਿਤੇ ਹਿੰਦੀ ਜਾਂਦੀ ਹੈ ਇਕੱਲੀ ਨਹੀਂ ਜਾਂਦੀ ਉਹ ਆਪਣੇ ਨਾਲ ਹਿੰਦੂਤਵ ਦੀ ਵਿਚਾਰਧਾਰਾ ਲੈ ਕੇ ਜਾਂਦੀ ਹੈ । ਉਨ੍ਹਾਂ ਪੰਜਾਬ ‘ਚ ਪੰਜਾਬੀ ਅਖਬਾਰਾਂ ਦਾ ਡਿਗ ਰਹੀ ਪਾਠਕ ਗਿਣਤੀ ਤੇ ਹਿੰਦੀ ਅਖਬਾਰਾਂ ਦਾ ਪੰਜਾਬ ਦੀ ਸਰਜਮੀਨ ਤੇ ਮਨਾਪਲੀ ਬਣਾਏ ਜਾਣ ਨੁੰ ਚਿੰਤਾ ਦਾ ਵਿਸ਼ਾ ਦੱਸਿਆ । ਉਨ੍ਹਾਂ ਉਦਾਹਰਨ ਦੇ ਕੇ ਕਿਹਾ ਕਿ "ਪਿਛਲੇ ਸਮੇਂ 'ਚ ਜਿਹੜੇ-ਜਿਹੜੇ ਗੈਰ-ਹਿੰਦੀ ਭਸ਼ਾਈ ਸੂਬਿਆਂ 'ਚ ਹਿੰਦੀ ਅਖ਼ਬਾਰਾਂ ਦਾ ਵਿਸਥਾਰ ਹੋਇਆ ਹੈ,ਉਨ੍ਹਾਂ 'ਚ ਬੀ ਜੇ ਪੀ ਵੀ ਵਧੀ ਫੁੱਲੀ ਹੈ। ਪੰਜਾਬ 'ਚ ਹਿੰਦੀ ਅਖ਼ਬਾਰਾਂ ਦੇ ਵਿਸਥਾਰ ਦੇ ਨਾਲ-ਨਾਲ ਭਾਜਪਾ ਦੇ ਵਿਸਥਾਰ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ-ਸਮਝਿਆ ਜਾ ਸਕਦਾ ਹੈ। ਉਨ੍ਹਾਂ ਪੰਜਾਬੀਆਂ ਨੁੰ ਕਿਹਾ ਕਿ ਤੁਹਾਡੀ ਜ਼ੁਬਾਨ ‘ਚ ਸੈਕੜੇ ਸ਼ਬਦ ਉਹ ਵੜ੍ਹ ਗਏ ਨੇ ਜੋ ਤੁਹਾਡੇ ਨਹੀਂ । ਬਹੁਤ ਸਾਰੀਆਂ ਬੋਲੀਆਂ ਖਤਮ ਹੋ ਗਈਆਂ ਹਨ ਤੇ ਕੁਝ ਖਤਮ ਹੋਣ ਦੇ ਕੰਢੇ ਹਨ । ਉਨ੍ਹਾਂ ਦੁਖ ਪ੍ਰਗਟ ਕੀਤਾ ਕਿ ਪੰਜਾਬ ਨਾਲ ਵਾਪਰੀ ਤ੍ਰਸਦੀ ਬਾਰੇ ਮੀਡੀਆ ‘ਚ ਕੋਈ ਚਰਚਾ ਨਹੀਂ ਹੁੰਦੀ । ਉਨ੍ਹਾਂ ਮਨੁਖਤਾ ਖਿਲਾਫ ਹੋ ਰਹੇ ਜੁਲਮਾਂ ਖਿਲਾਫ ਕਲਮਾਂ ਚੁਕਣ ਦਾ ਸੱਦਾ ਦਿੱਤਾ ।

ਟੀਮ 'ਲੋਕ ਪਹਿਲਕਦਮੀ' ਨੇ ਕਿਹਾ ਕਿ ਕਿ ਇਹ ਮਨੁੱਖੀ ਤੇ ਵਿਚਾਰਧਾਰਕ ਸੰਕੀਰਨਤਾਵਾਂ ਦਾ ਦੌਰ ਹੈ ਤੇ ਸਾਡੇ ਉਪਰਾਲੇ ਇਨ੍ਹਾਂ ਸੰਕੀਰਨਤਾ ਤੋਂ ਮੁਕਤੀ ਦੀ ਇਕ ਨਿੱਕੀ ਜਿਹੀ ਕੋਸ਼ਿਸ਼ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਦੀਪ ਕੌਰ,ਗੁਰਦਰਸ਼ਨ ਸਿੰਘ ਢਿੱਲੋਂ,ਦਲਜੀਤ ਅਮੀ,ਸੁਰਿੰਦਰ ਸਿੰਘ ਕਿਸ਼ਨਪੁਰਾ,ਪ੍ਰੀਤਮ ਰੁਪਾਲ,ਸ਼ਿਵਇੰਦਰ ਸਿੰਘ,ਪ੍ਰਭਜੋਤ ਸਿੰਘ ,ਜਸਦੀਪ ਸਿੰਘ, ਗੰਗਵੀਰ ਸਿੰਘ,ਖੁਸ਼ਹਾਲ ਸਿੰਘ,ਚਰਨਜੀਤ ਤੇਜਾ ਤੇ ਯਾਦਵਿੰਦਰ ਵੀ ਹਾਜ਼ਰ ਸਨ।

ਡਾ. ਗੁਰਭਗਤ: ਸਿਰਜਣਾ ਨੂੰ ਸਮਰਪਿਤ ਸਖ਼ਸ਼

ਡਾ. ਗੁਰਭਗਤ ਸਿੰਘ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਵਿਦਵਾਨ ਸਨ ਜਿਨ੍ਹਾਂ ਨੇ ਬਿਨਾਂ ਕਿਸੇ ਆਹੁਦੇ-ਉਪਾਧੀਆਂ ਦੇ ਚੱਕਰ ਤੋਂ ਨਿਰੰਤਰ ਚਿੰਤਨ ਦੇ ਖੇਤਰ ਵਿਚ ਸਾਧਨਾ ਕੀਤੀ। ਅੰਤਰਅਨੁਸ਼ਾਸਨੀ ਤੇ ਤੁਲਨਾਤਮਕ ਅਧਿਐਨ ਦੇ ਖੇਤਰ ਵਿਚ ਉਨ੍ਹਾਂ ਪੰਜਾਬੀ ਤੇ ਅੰਗਰੇਜ਼ੀ ਵਿਚ ਬਹੁਤ ਕੰਮ ਕੀਤਾ। ਉਨ੍ਹਾਂ ਨੇ ਵਿਸ਼ਵ ਦੇ ਨਵੇਂ ਗਿਆਨ/ਸਿਧਾਂਤ ਨਾਲ ਪੰਜਾਬੀਆਂ ਨੂੰ ਜੋੜਿਆ ਪੰਜਾਬੀ ਸਭਿਆਚਾਰ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਉਨ੍ਹਾਂ ਨੇ ਕਈ ਮੌਲਿਕ ਧਾਰਨਾਵਾਂ ਪੇਸ਼ ਕੀਤੀਆਂ ਖਾਸਕਰ ਉਨ੍ਹਾਂ ਨੇ ਗੁਰਬਾਣੀ ਨੂੰ ਵਿਸ਼ਵ ਚਿੰਤਨ ਨਾਲ ਜੋੜਿਆ ਸਰਬੱਤ ਦੇ ਭਲੇ ਨੂੰ ਵਿਸ਼ਵ ਦੇ ਭਲੇ ਨਾਲ ਜੋੜਿਦਿਆਂ ਗਲੋਬ ਲਈ ਮਾਰਗ ਦਰਸ਼ਕ ਦੱਸਿਆ। ਇਸੇ ਲਈ ਉਹ ਪਿਛਲੇ ਕਈ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਨ ਵਿਚ ਜੁਟੇ ਹੋਏ ਸਨ। ਮੈਨੂੰ ਯਾਦ ਹੈ ਕਿ ਦੋ ਕੁ ਮਹੀਨੇ ਪਹਿਲਾਂ ਮੈਂ ਆਪਣੀ ਪੁਸਤਕ ਦੀ ਭੂਮਿਕਾ ਲਿਖਣ ਲਈ ਉਨ੍ਹਾਂ ਨੂੰ ਮਿਲਿਆ ਤਾਂ ਉਹ ਕਹਿੰਦੇ “ਅਨੁਦਾਵ ਵਾਲਾ ਕੰਮ ਹਾਲੇ ਚੱਲ ਰਿਹੈ... ਬਸ ਤਿੰਨ ਚਾਰ ਮਹੀਨਿਆਂ ਦਾ ਕੰਮ ਬਾਕੀ ਆ... ਤੂੰ ਇਹ ਕਿਤਾਬ ਛਪਵਾ ਲੈ...ਅਗਲੀ ਦੀ ਭੂਮਿਕਾ ਲਿਖਾਗਾਂ।” ਮੈਨੂੰ ਮਾਣ ਸੀ ਕਿ ਉਹ ਮੈਨੂੰ ਇਸ ਕਾਬਲ ਤਾਂ ਸਮਝਦੇ ਸੀ ਕਿ ਮੇਰੀ ਪੁਸਤਕ ਦੀ ਭੂਮਿਕਾ ਲਿਖਣਗੇ। ਉਹ ਨਿਰੰਤਰ ਪੰਜਾਬੀ ਯੂਨੀਵਰਸਿਟੀ ਦੀ ਭਾਈ ਗੰਡਾ ਸਿੰਘ ਰੈਫਰੈਂਸ ਲਾਇਬਰੇਰੀ ਵਿਚ ਪੜ੍ਹਣ ਆਉਂਦੇ ਵਿਦਿਆਰਥੀਆਂ ਨੂੰ ਸਮਝਾਉਂਦੇ ਵੀ ਰਹਿੰਦੇ। ਜਦੋਂ ਮੈਂ ਉਨ੍ਹਾਂ ਦੀ ਅਕਾਦਮਿਕ ਤੇ ਸਿਰਜਣਾਤਮਕ ਨਿਰੰਤਰਤਾ ਬਾਰੇ ਸੋਚਦਾ ਹਾਂ ਤਾਂ ਮੈਨੂੰ ਸੁਰਜੀਤ ਪਾਤਰ ਦੀਆਂ ਸਤਰਾਂ ਯਾਦ ਆ ਜਾਂਦੀਆਂ ਹਨ ਜਿਨ੍ਹਾਂ ਵਿਚ ਉਹ ਪਟਿਆਲੇ ਦਾ ਹਾਲ ਲਿਖਦਿਆਂ ਕਹਿੰਦੇ ਹਨ ਕਿ ਪਟਿਆਲੇ ਹੀ:

ਗੁਰਭਗਤ ਮਿਲਿਆ 
ਜਿਸ ਨੇ ਸਿਖਾਇਆ ਕਿਵੇਂ ਆਪਣੀ ਸਿਰਜਣਾ ਨੂੰ 
ਮਰ ਸਮਰਪਿਤ ਕਰੀਦੀ ਹੈ 
  
ਡਾ. ਗੁਰਭਗਤ ਸਿੰਘ ਦਾ ਜਨਮ 21 ਸਤੰਬਰ 1938 ਨੂੰ ਕੋਟਕਪੂਰਾ ਵਿਖੇ ਹੋਇਆ। ਡਾ. ਗੁਰਭਗਤ ਸਿੰਘ ਡਾ. ਸੁਤਿੰਦਰ ਸਿੰਘ ਨੂਰ ਤੇ ਸੁਖਿੰਦਰ ਤਿੰਨ ਭਰਾ। ਸੁਖਿੰਦਰ ਲੰਮੇ ਸਮੇਂ ਤੋਂ ਕੈਨੇਡਾ ਵਸਿਆ ਹੋਇਆ ਹੈ ਤੇ ਡਾ. ਨੂਰ ਵੀ ਪਿੱਛਲੇ ਸਮੇਂ ਵਿਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ। ਡਾ. ਨੂਰ ਨੇ ਆਪਣੀ ਸਾਹਿਤਕ ਸਵੈ-ਜੀਵਨੀ (ਜਦੋਂ ਸ਼ਬਦ ਜਾਗਿਆ) ਵਿਚ ਲਿਖਿਆ ਹੈ ਕਿ ਉਨ੍ਹਾਂ ਬਚਪਨ ਵਿਚ ਸੁਣਿਆ “...ਜਦੋਂ ਮੇਰੇ ਵੱਡੇ ਭਰਾ ਗੁਰਭਗਤ ਸਿੰਘ ਦਾ ਜਨਮ ਹੋਇਆ ਸੀ ਉਦੋਂ ਮੇਰਾ ਬਾਬਾ ਜੰਗਲਾਂ ’ਚ ਜਾ ਕੇ ਸ਼ੇਰਨੀ ਦਾ ਦੁੱਧ ਲਿਆਇਆ ਸੀ ਤੇ ਗੁਰਭਗਤ ਸਿੰਘ ਨੂੰ ਉਸ ਦੀਆਂ ਬੂੰਦਾਂ ਪਾਣੀ ’ਚ ਪਾ ਕੇ ਪਿਲਾਈਆਂ ਸਨ ਤਾਂ ਕਿ ਉਹ ਲਾਇਕ ਬਣੇ।” ਤੇ ਸਚਮੁੱਚ ਡਾ. ਗੁਰਭਗਤ ਸਿੰਘ ਆਪਣੇ ਬਾਬੇ ਦਾ ਸਭ ਤੋਂ ਲਾਇਕ ਪੋਤਾ ਬਣਿਆ। 

ਪਟਿਆਲੇ ਦੇ ਭੂਤਵਾੜੇ ਦਾ ਜਦੋਂ ਵੀ ਜ਼ਿਕਰ ਹੰਦਾ ਹੈ ਤਾਂ ਡਾ. ਗੁਰਭਗਤ ਸਿੰਘ ਵੀ ਵੱਡੇ ‘ਭੂਤ’ ਸਨ। ਡਾ. ਨੂਰ ਭੂਤਵਾੜੇ ਬਾਰੇ ਲਿਖਦੇ ਹਨ “ ਜਦੋਂ 1965 ਵਿਚ ਮੈਂ ਐਮ.ਏ. ਅੰਗਰੇਜੀ ਕਰਨ ਲਈ ਪਟਿਆਲੇ ਪਹੁੰਚਿਆ ਉਥੇ ਭੂਤਵਾੜਾ ਸਥਾਪਤ ਹੀ ਨਹੀਂ ਸੀ, ਉਸ ਦੀ ਪਛਾਣ ਵੀ ਕਾਇਮ ਹੋ ਚੁੱਕੀ ਸੀ। ਉਸ ਨਾਲ ਗੁਰਭਗਤ ਸਿੰਘ, ਹਰਿੰਦਰ ਸਿੰਘ ਮਹਿਬੂਬ, ਹਰਦਿਲਜੀਤ ਲਾਲੀ, ਨਵਤੋਜ ਭਾਰਤੀ, ਕੁਲਵੰਤ ਗਰੇਵਾਲ ਤੇ ਕਈ ਹੋਰ ਜਣੇ ਸਬੰਧਤ ਸਨ। ਭੂਤਵਾੜਾ ਪ੍ਰੀਤ ਨਗਰ, ਲੋਅਰ ਮਾਲ, ਪ੍ਰੋ. ਪ੍ਰੀਤਮ ਸਿੰਘ ਦੀ ਕੋਠੀ, ‘ਅਰਵਿੰਦ’ ਦੇ ਸਾਹਮਣੇ ਸਥਿਤ ਸੀ। ਦੋ ਕਮਰਿਆਂ, ਇਕ ਰਸੋਈ, ਬਰਾਂਡੇ ਤੇ ਵੱਡੇ ਵਿਹੜੇ ਵਾਲੀ ਕੋਠੀ। ਇਥੇ ਰਹਿਣ ਵਾਲੇ ਕਦੋਂ ਸੌਂਦੇ, ਕਦੋਂ ਜਾਗਦੇ ਸਨ, ਆਸੇ ਪਾਸੇ ਕਿਸੇ ਨੂੰ ਪਤਾ ਨਹੀਂ ਸੀ। ਉਹ ਹਮੇਸਾ ਇਨ੍ਹਾਂ ਨੂੰ ਜਾਗਦੇ ਹੀ ਦੇਖਦੇ, ਰਾਤ ਨੂੰ ਸੰਗੀਤ ਦੀਆਂ ਧੁਨਾਂ ਉਚੀਆਂ ਹੁੰਦੀਆਂ, ਗਾਇਕੀ ਸੁਣਦੀ। ਆਏ ਗਏ ਦਾ ਦਿਨ ਰਾਤ ਮੇਲਾ ਲੱਗਿਆ ਰਹਿੰਦਾ। ਕਦੇ ਧਮਾਲ ਪੈਂਦੀ ਤੇ ਕਦੇ ਸਾਰੀ ਰਾਤ ਕਿਤਾਬਾਂ ਵਿਚਾਰਨ ਦਾ, ਸਾਇਰੀ ਦਾ ਦਰਬਾਰ ਲੱਗਿਆ ਰਹਿੰਦਾ। ਆਂਢੀਆਂ ਗੁਆਂਢੀਆਂ ਨੇ ਇਸ ਥਾਂ ਦਾ ਨਾਂ ‘ਭੂਤਵਾੜਾ’ ਰੱਖ ਦਿੱਤਾ ਅਤੇ ਭੂਤਵਾੜੇ ‘ਚ ਰਹਿਣ ਵਾਲਿਆਂ ਨੇ ਇਹ ਨਾਂ ਸਵੀਕਾਰ ਕਰ ਲਿਆ ਤੇ ਉਨ੍ਹਾਂ ਨੂੰ ‘ਭੂਤ’ ਆਖਿਆ ਜਾਣ ਲੱਗ ਪਿਆ। ਗੁਰਭਗਤ ਸਿੰਘ ਖਾਲਸਾ ਕਾਲਜ ਪੜ੍ਹਾ ਰਿਹਾ ਸੀ, ਨਵਤੇਜ ਭਾਰਤੀ ਤੇ ਹਰਿੰਦਰ ਮਹਿਬੂਬ ਭਾਸਾ ਵਿਭਾਗ ਵਿਚ ਕੰਮ ਕਰਦੇ ਸਨ ਤੇ ਭੂਤਵਾੜੇ ਦਾ ਸਾਰਾ ਖਰਚ ਉਨ੍ਹਾਂ ਦੇ ਜਿੰਮੇ ਸੀ। ਹੋਰ ਜਿੰਨਾ ਕਿਸੇ ਕੋਲ ਹੁੰਦਾ, ਸਾਂਝੇ ਲੰਗਰ ‘ਚ ਪੈ ਜਾਂਦਾ। ਗੱਲ ਖਰਚ ਜਾਂ ਅਖਰਚ ਦੀ ਨਹੀਂ ਸੀ, ਪੜ੍ਹਨ-ਪੜ੍ਹਾਉਣ ਤੇ ਗਿਆਨ ਦੇ ਮਾਹੌਲ ਨੂੰ ਵਿਕਸਤ ਕਰਨ ਦੀ ਸੀ।” ਇਸ ਤਰ੍ਹਾਂ ਡਾ. ਗੁਰਭਗਤ ਸਿੰਘ ਨੇ ਆਰਥਿਕ ਅਤੇ ਗਿਆਨ ਦੇ ਤੌਰ ’ਤੇ ਭੂਤਵਾੜੇ ਵਿਚ ਯੋਗਦਾਨ ਪਾਇਆ। 

ਡਾ. ਗੁਰਭਗਤ ਸਿੰਘ ਨੇ ਅੰਗਰੇਜ਼ੀ ਵਿਚ ਅੰਤਰਅਨੁਸ਼ਾਸਨੀ ਪੀ-ਐਚ.ਡੀ. ਯੂਨੀਵਰਸਿਟੀ ਆੱਫ ਕੈਲੀਫੋਰਨੀਆ ਤੋਂ ਪ੍ਰਾਪਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਅੰਗਰੇਜ਼ੀ ਵਿਭਾਗ ਵਿਚ ਪ੍ਰੋਫੈਸਰ ਤੇ ਮੁਖੀ ਵਜੋਂ ਅਤੇ ਡੀਨ ਭਾਸ਼ਾਵਾਂ ਵਜੋਂ ਕਾਰਜਸ਼ੀਲ ਰਹੇ। ਉਨ੍ਹਾਂ ਨੇ ਨਿਊਯੌਰਕ ਮਿਊਨਿਕ ਪੈਰਿਸ ਲੈਸਟਰ ਟੋਕੀਓ ਅਲਬਰਟਾ ਸ਼ਿਕਾਗੋ ਵਾਸ਼ਿੰਗਟਨ ਆਦਿ ਥਾਵਾਂ ’ਤੇ ਹੋਈਆ ਅੰਤਰਰਾਸ਼ਟਰੀ ਪੱਧਰ ਦੀਆਂ ਅਕਾਦਮਿਕ ਕਾਨਫਰੰਸਾਂ ਵਿਚ ਹਿੱਸਾ ਲਿਆ। ਉਨ੍ਹਾਂ ਦੀਆਂ ਉਨ੍ਹਾਂ ਦੀਆਂ ਪ੍ਰਸਿੱਧ ਅੰਗਰੇਜ਼ੀ ਪੁਸਤਕਾਂ ‘ਪੋਇਟਰੀ ਆਫ਼ ਮੈਟਾਕਾਂਸ਼ਿਸਨੈੱਸ (1982), ਵੈਸਟਰਨ ਪੋਇਟਿਕਸ ਐਂਡ ਈਸਟਰਨ ਥਾਟ (1983), ਲਿਟਰੇਚਰ ਐਂਡ ਫੋਕਲੋਰ ਆਫ਼ਟਰ ਪੋਸਟ-ਸਟਰਕਚਰਲਿਜ਼ਮ (1991), ਡਿਫਰੈਂਸ਼ਲ ਮਲਟੀਲੌਂਗ (ਸੰਪਾ. 1992), ਟ੍ਰਾਂਸਕਲਚਰ ਪੋਇਟਿਕਸ (1998), ਸਿੱਖਇਜ਼ਮ ਐਂਡ ਪੋਸਟ ਮਾਡਰਨ ਥਾਟ (1999), ਪੂਰਨ ਸਿੰਘ (2004), ਦਿ ਸਿੱਖ ਮੈਮਰੀ (2009), ਵਿਸਮਾਦ (ਅਨੁ. 2013) ਆਦਿ ਹਨ। ਪੰਜਾਬੀ ਵਿੱਚ ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ‘ਕੌਮੀ ਆਜ਼ਾਦੀ ਵੱਲ’ (1993) ‘ਕਾਵਿ-ਸ਼ਾਸਤਰ: ਦੇਹ ਤੇ ਕ੍ਰਾਂਤੀ’ (1995), ‘ਉਤਰਆਧੁਨਿਕਵਾਦ’ (2000), ‘ਵਿਸ਼ਵ ਚਿਤਨ ਅਤੇ ਪੰਜਾਬੀ ਸਾਹਿਤ’ (2003) ਅਤੇ ‘ਵਿਸਮਾਦੀ ਪੂੰਜੀ’ (2010) ਹਨ। ਇਸ ਵੇਲੇ ਵੀ ਅਕਾਦਮਿਕ ਖੇਤਰ ਵਿਚ ਅੰਤਰਅਨੁਸ਼ਾਸਨੀ ਤੇ ਤੁਲਨਾਤਮਕ ਅਧਿਐਨ ਦੀ ਸਭ ਤੋਂ ਵੱਧ ਮਹੱਤਤਾ ਮੰਨੀ ਜਾ ਰਹੀ ਹੈ ਤੇ ਡਾ. ਗੁਰਭਗਤ ਸਿੰਘ ਇਨ੍ਹਾਂ ਦੋਵਾਂ ਵਿਚ ਹੀ ਉਸਤਾਦ ਸਨ। ਉਨ੍ਹਾਂ ਨੇ ਪੰਜਾਬੀ ਤੇ ਅੰਗਰੇਜ਼ੀ ਵਿਚ ਬਹੁਤ ਮੁੱਲਵਾਨ ਕੰਮ ਕੀਤਾ ਜਿਸ ਦੀ ਪ੍ਰਸਿੱਧੀ ਅੰਤਰਰਾਸ਼ਟਰੀ ਪੱਧਰ ਦੀ ਹੈ। 

ਡਾ. ਗੁਰਭਗਤ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਗੁਆਂਢ ’ਚ ਰਹਿੰਦੇ ਸਨ। ਉਮਰ ਦਾ ਅੱਠਵਾਂ ਦਹਾਕਾ ਸੀ। ਹਫਤਾ ਕੁ ਪਹਿਲਾਂ ਘਰੇ ਦੌਰਾ ਪੈ ਕੇ ਡਿਗੇ ਪਏ ਮਿਲੇ। ਕਈ ਦਿਨ ਹਸਪਤਾਲ ਦਾਖਲ ਰਹੇ। 3 ਅਪ੍ਰੈਲ ਨੂੰ ਉਹ ਆਪਣੇ ਕਈ ਅਧੂਰੇ ਪ੍ਰੋਜੈਕਟ ਛੱਡ ਕੇ ਸਾਨੂੰ ਆਖ਼ਰੀ ਅਲਵਿਦਾ ਕਹਿ ਗਏ...ਉਹ ਜਿਨ੍ਹਾਂ ਨੇ ਸਿਰਜਣਾ ਨੂੰ ਸਾਰੀ ਉਮਰ ਸਮਰਪਿਤ ਕਰ ਦਿੱਤੀ ਸੀ..... 

ਪਰਮਜੀਤ ਸਿੰਘ ਕੱਟੂ 
ਰਿਸਰਚ ਸਕਾਲਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, 
ਪਟਿਆਲਾ। 
9463124131

Sunday, March 23, 2014

'ਲੋਕ ਪਹਿਲਕਦਮੀ' “EMBEDDED JOURNALISM” ਕਿਤਾਬ 'ਤੇ ਕਰਵਾਏਗੀ ਚਰਚਾ




'ਲੋਕ ਪਹਿਲਕਦਮੀ' ਤਨਜ਼ੀਮ 6 ਅਪ੍ਰੈਲ (ਐਤਵਾਰ) ਨੂੰ ਜਾਣੇ ਪਛਾਣੇ ਪੱਤਰਕਾਰਾਂ ਜਸਪਾਲ ਸਿੰਘ ਸਿੱਧੂ ਤੇ ਅਨਿਲ ਚਮੜੀਆ ਵਲੋਂ ਸੰਪਾਦਤ ਕਿਤਾਬ 'ਐਮਬੇਡਡ ਜਰਨਲਿਜ਼ਮ,ਪੰਜਾਬ' (ਜੁੜਤ ਪੱਤਰਕਾਰੀ,ਪੰਜਾਬ) ਉੱਤੇ ਚਰਚਾ ਕਰਵਾਏਗੀ। ਇਹ ਵਿਚਾਰ-ਚਰਚਾ ਚੰਡੀਗੜ੍ਹ ਦੇ ਗੁਰਦੁਆਰਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਲਾਟ ਨੰਬਰ 1, ਸੈਕਟਰ 28ਚੰਡੀਗੜ੍ਹ  ਦੇ ਕਾਨਫਰੰਸ ਹਾਲ 'ਚ 11 ਤੋਂ 2 ਵਜੇ ਤੱਕ ਚੱਲੇਗੀ। ਚਰਚਾ ਦੇ ਮੁੱਖ ਬੁਲਾਰੇ ਜਗਤਾਰ ਸਿੰਘ(ਲੇਖਕ 'ਖਾਲਿਸਤਾਨ ਸਟਰਗਲ: ਏ ਨਾਨ ਮੂਵਮੈਂਟ' ਤੇ ਸਾਬਕਾ ਪੱਤਰਕਾਰ,ਇੰਡੀਅਨ ਐਕਸਪ੍ਰੈਸ) ਤੇ ਹਮੀਰ ਸਿੰਘ(ਸੀਨੀਅਰ ਪੱਤਰਕਾਰ,ਪੰਜਾਬੀ ਟ੍ਰਿਬਿਊਨ) ਹੋਣਗੇ। ਇਹ ਕਿਤਾਬ ' ਜਨ ਮੀਡੀਆ ਪ੍ਰਕਾਸ਼ਨ ਦਿੱਲੀ' ਵਲੋਂ ਛਾਪੀ ਗਈ ਹੈ। 

ਕਿਤਾਬ 'ਚ ਇਕ ਲੇਖ ਪੱਤਰਕਾਰ ਜਸਪਾਲ ਸਿੱਧੂ ਵਲੋਂ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਲੇਖਕਾਂ 'ਚ ਪ੍ਰੋ.ਪ੍ਰੀਤਮ ਸਿੰਘ(ਪ੍ਰੋਫੈਸਰ,ਔਕਸਫੋਰਡ ਯੂਨੀਵਰਸਿਟੀ), ਰਾਮ ਨਰਾਇਣ ਕੁਮਾਰ (ਮਨੁੱਖੀ ਅਧਿਕਾਰ ਕਾਰਕੁੰਨ) ਪਤਵੰਤ ਸਿੰਘ(ਸਿੱਖ ਬੁੱਧੀਜੀਵੀ),ਤ੍ਰਿਲੋਕ ਸਿੰਘ ਦੀਪ(ਤਤਕਾਲੀ ਸੀਨੀਅਰ ਪੱਤਰਕਾਰ,ਦਿਨਮਾਨ),ਪ੍ਰੈਸ ਕੌਂਸਲ ਆਫ ਇੰਡੀਆ ਦੀ ਰਿਪੋਰਟ ਸ਼ਾਮਲ ਹੈ। 1990-91 'ਚ ਕੇਂਦਰ ਸਰਕਾਰ ਵਲੋਂ ਪੱਤਰਕਾਰ ਬੀ ਜੀ ਵਰਗੀਜ਼ ਦੀ ਅਗਵਾਈ 'ਚ ਕਸ਼ਮੀਰ ਤੇ ਪੰਜਾਬ ਦੀ ਪੱਤਰਕਾਰੀ ਦੇ ਹਲਾਤਾਂ ਦਾ ਸਰਵੇਖਣ ਕਰਨ ਲਈ ਪ੍ਰੈਸ ਕੌਂਸਲ ਦੀ ਇਕ ਟੀਮ ਭੇਜੀ ਗਈ ਸੀ।ਜਿਸ ਦੀ ਹੀ ਰਿਪੋਰਟ ਨੂੰ ਕਿਤਾਬ ਜ਼ਰੀਏ ਪਹਿਲੀ ਵਾਰ ਛਾਪਿਆ ਜਾ ਰਿਹਾ ਹੈ। 'ਐਮਬੇਡਡ ਜਰਨਲਿਜ਼ਮ' (ਜੁੜਤ ਪੱਤਰਕਾਰੀ) ਦਾ ਕਨਸੈਪਟ 2004 'ਚ ਅਮਰੀਕਾ ਵਲੋਂ ਇਰਾਕ 'ਤੇ ਕੀਤੇ ਹਮਲੇ ਦੌਰਾਨ ਉਦੋਂ ਸਾਹਮਣੇ ਆਇਆ ਸੀ ਜਦੋਂ ਅਮਰੀਕੀ ਫੌਜ ਆਪਣੇ ਨਾਲ 600 ਪੱਤਰਕਾਰਾਂ ਨੂੰ ਜੰਗ ਦੇ ਮੈਦਾਨ 'ਚ ਲੈ ਕੇ ਗਈ ਤੇ ਉਹ ਸਿਰਫ਼ ਫੌਜ ਦੀ ਸੂਚਨਾ ਦੇ ਅਧਾਰ 'ਤੇ ਹੀ ਰਿਪੋਰਟਟਿੰਗ ਕਰਦੇ ਹਨ।ਜਿਸ ਨਾਲ ਪੱਤਰਕਾਰੀ ਸਰਕਾਰੀ ਪ੍ਰਚਾਰ ਹੋ ਨਿੱਬੜੀ। ਉਸ ਮੌਕੇ ਪੂਰੀ ਦੁਨੀਆ 'ਚ 'ਜੁੜਤ ਪੱਤਰਕਾਰੀ' ਦੀ ਕਾਫੀ ਅਲੋਚਨਾ ਹੋਈ ਸੀ। 

ਇਸੇ ਸ਼ਬਦ ਨੂੰ ਮੁੱਖ ਰੱਖ ਕੇ ਜਸਪਾਲ ਸਿੱਧੂ ਤੇ ਅਨਿਲ ਚਮੜੀਆ ਨੇ 'ਓਪਰੇਸ਼ਨ ਬਲਿਊ ਸਟਾਰ' 'ਚ ਮੀਡੀਆ ਦੇ ਇਕ ਪਾਸੜ ਰਵੱਈਏ ਦੀਆਂ ਪਰਤਾਂ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੁਤਾਬਕ ਅਸਲ ਮੰਗਾਂ ਮਸਲਿਆਂ ਨੂੰ ਦਬਾਅ ਕੇ ਸਟੇਟ ਪੱਤਰਕਾਰੀ ਜ਼ਰੀਏ 'ਪਾਪੂਲਰ ਸਪੋਰਟ' ਕਿਵੇਂ ਹਾਸਲ ਕਰਦੀ ਹੈ,ਇਹਦੀਆਂ ਉਦਾਹਰਨਾਂ ਇਸ ਕਿਤਾਬ 'ਚ ਦਰਜ ਹਨ। ਪ੍ਰੋ. ਪ੍ਰੀਤਮ ਸਿੰਘ ਦਾ ਲੇਖ ਕਹਿੰਦਾ ਹੈ ਕਿ 'ਬਲਿਊ ਸਟਾਰ' ਦੀ ਮੀਡੀਆ ਨੇ ਇਕਤਰਫਾ ਰਿਪੋਰਟਿੰਗ ਕੀਤੀ ਤੇ ਚੀਜ਼ਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ। 

'ਲੋਕ ਪਹਿਲਕਦਮੀ' ਵਲੋਂ ਸਾਰੇ ਦੋਸਤਾਂ ਮਿੱਤਰਾਂ ਨੂੰ ਵਿਚਾਰ-ਚਰਚਾ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ।ਹਰ ਵਿਅਕਤੀਗਤ ਤੇ ਵਿਚਾਰਧਾਰਕ ਵਿਰੋਧ ਤੇ ਪੱਖ ਦਾ ਸਵਾਗਤ ਹੈ। ਅਸੀਂ ਸਹਿਮਤੀਆਂ ਦੀ ਦੌਰ 'ਚ ਅਸਹਿਮਤੀਆਂ ਨੂੰ ਹਮੇਸ਼ਾ ਤਰਜ਼ੀਹ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਦਿੰਦੇ ਰਹਾਂਗੇ। 

ਟੀਮ 'ਲੋਕ ਪਹਿਲਕਦਮੀ' 

ਨੈਨਇੰਦਰ ਸਿੰਘ (98761-10958) ਜਸਦੀਪ ਸਿੰਘ(99886-38850) ਗੰਗਵੀਰ ਰਠੌੜ-(99889-54521) ਕਪਿਲ ਦੇਵ (98725-96106) ਇਮਰਾਨ ਖਾਨ (98882-650070) ਹਰਪ੍ਰੀਤ ਸਿੰਘ ਕਾਹਲੋਂ (94641-41678)