ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, February 7, 2013

'ਬਹੁਗਿਣਤੀ ਭਾਵਨਾਵਾਂ' ਲਈ ਅਫਜ਼ਲ ਗੁਰੂ ਨੂੰ ਫਾਂਸੀ ਕਿਉਂ ?

ਫਜ਼ਲ ਬਾਰੇ ਭਾਰਤ ਦੀ ਸਰਬ ਉੱਚ ਅਦਾਲਤ ਨੇ ਫਾਂਸੀ ਦਾ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ 'ਅਫਜ਼ਲ ਗੁਰੁ ਖ਼ਿਲਾਫ ਭਾਵੇਂ ਕੋਈ ਠੋਸ ਸਬੂਤ ਨਹੀਂ ਹੈ ਪਰ ਇਸ ਦੇਸ਼ ਦੀਆਂ ਭਾਵਨਵਾਂ (ਸਮੂਹਿਕ ਚੇਤਨਾ)ਨੂੰ ਵੇਖਦੇ ਹੋਏ ਅਫਜ਼ਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ'।ਇਹ ਦੁਨੀਆਂ ਦੇ ਇਤਿਹਾਸ 'ਚ ਵੱਖਰੀ ਉਦਾਹਰਨ ਹੋਵੇਗੀ ਕਿ ਅਦਾਲਤ ਸਬੂਤਾਂ ਨਹੀਂ ਭਾਵਨਾਵਾਂ (ਸਮੂਹਿਕ ਚੇਤਨਾ)ਦੇ ਅਧਾਰ 'ਤੇ ਮਨੁੱਖੀ ਜ਼ਿੰਦਗੀਆਂ ਦੇ ਫੈਸਲੇ ਕਰਦੀ  ਹੈ। ਉਸ ਤੋਂ ਬਾਅਦ ਕਾਫੀ ਸਮਾਂ ਲੰਘਿਆ ਤੇ ਹੁਣ ਸੌਫਟ ਹਿੰਦੂ ਸਰਕਾਰ(ਯੂ ਪੀ ਏ)ਨੇ ਮੌਜੂਦਾ ਸਿਆਸੀ ਪਦਾਰਥਕ ਹਾਲਤਾਂ ਨੂੰ ਭਾਂਪਦਿਆਂ ਬੇਹਤਰ ਹਿੰਦੂ ਸਰਕਾਰ ਦਿਖਣ ਲਈ ਬਹੁਗਿਣਤੀ ਭਾਵਨਵਾਂ ਦਾ ਧਿਆਨ ਰੱਖਦੇ ਹੋਏ ਇਕ ਹੋਰ ਸਰਕਾਰੀ ਕਤਲ ਕਰ ਦਿੱਤਾ। ਟੈਲੀਵਿਜ਼ਨ ਦਿਖਾ ਰਿਹਾ ਹੈ ਕਿ 'ਰਾਸ਼ਟਰ ਖੁਸ਼ ਹੈ ਤੇ ਇਸ 'ਚ ਕੋਈ ਸ਼ੱਕ ਵੀ ਨਹੀਂ ਸੱਚਮੁੱਚ ਹੀ ਰਾਸ਼ਟਰ ਖੁਸ਼ ਹੈ। ਜਿਹੜਾ ਰਾਸ਼ਟਰ ਤੇ ਰਾਸ਼ਟਰੀ ਮਨੁੱਖ ਕਿਸੇ ਦੀ ਮੌਤ ਦੇ ਜਸ਼ਨ ਮਨਾ ਸਕਦਾ ਹੈ ਉਸ ਨੂੰ ਮਨੁੱਖੀ ਦੀ ਥਾਂ ਜੰਗਲੀ ਰਾਸ਼ਟਰ ਕਹਿਣਾ ਹੀ ਠੀਕ ਹੋਵੇਗਾ।

ਦਰਅਸਲ ਅਫਜ਼ਲ ਦੀ ਫਾਂਸੀ ਨੂੰ ਮੌਜੂਦਾ ਸਮੇਂ ਦੇ ਸਿਆਸੀ ਮਾਹੌਲ ਨੂੰ ਸਮਝੇ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ ਹੈ।ਭਾਰਤ ਜਦੋਂ ਆਰਥਿਕ ਮੰਦੀ ਦੇ ਬੇਹੱਦ ਖਤਰਨਾਕ ਦੌਰ 'ਚੋਂ ਗੁਜ਼ਰ ਰਿਹਾ ਹੈ ,ਉਸ ਸਮੇਂ ਦੇਸ਼ ਦਾ ਬਹੁਗਿਣਤੀ ਹਿੰਦੂ ਕਾਰਪੋਰੇਟ ਮੋਦੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹੈ।ਕੁੰਭ ਦਾ ਹਿੰਦੂ ਧਾਰਮਿਕ ਮੇਲਾ ਰਾਮ ਮੰਦਰ ਦਾ ਮੁੱਦਾ ਹੋ ਨਿਬੜਦਾ ਹੈ।ਕਾਂਗਰਸ 'ਤੇ ਹਿੰਦੂ ਵਿਰੋਧੀ ਪਾਰਟੀ ਹੋਣ ਦੇ ਸੰਘੀ ਇਲਜ਼ਾਮ ਲੱਗ ਰਹੇ ਹਨ ਤੇ ਦੇਸ਼-ਦੁਨੀਆ(ਯੂਰਪ-ਅਮਰੀਕਾ) 'ਚ ਕੱਟੜ ਫਾਂਸ਼ੀ ਹਿੰਦੂ ਮੋਦੀ ਨੂੰ ਪ੍ਰਧਾਨਮੰਤਰੀ 'ਤੇ ਵੱਡੀ ਸਹਿਮਤੀ ਤਿਆਰ ਕੀਤੀ ਜਾ ਰਹੀ ਹੈ।ਸੱਤ ਵਿਧਾਨ ਸਭਾਵਾਂ ਤੇ 2014 ਦੀਆਂ ਲੋਕ ਸਭਾ ਚੋਣਾਂ ਦਾ ਅਖਾੜਾ ਤਿਆਰ ਹੈ।ਅਜਿਹੇ 'ਚ ਕਾਂਗਰਸ ਵਲੋਂ ਅਫਜ਼ਲ ਨੂੰ ਬਲੀ ਦਾ ਬੱਕਰਾ ਬਣਾ ਕੇ ਦੇਸ਼ ਦੀ ਬਹੁਗਿਣਤੀ ਹਿੰਦੂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਕਾਂਗਰਸ ਸੌਫਟ ਹਿੰਦੂ ਪਾਰਟੀ ਨਹੀਂ ਬਲਕਿ ਮੋਦੀ ਤੇ ਸੰਘ ਤੋਂ ਚੰਗੀ ਹਿੰਦੂ ਪਾਰਟੀ ਹੈ।ਕਾਂਗਰਸ ਨੇ ਅਦਾਲਤ ਵਾਂਗ ਆਪਣੇ ਹਿੱਤ ਲਈ ਸਹੀ ਸਮੇਂ 'ਤੇ ਬਹੁਗਿਣਤੀ ਭਾਵਨਾਵਾਂ ਦਾ ਖਿਆਲ ਹੀ ਰੱਖਿਆ ਹੈ।

ਦਰ ਅਸਲ ਫਾਂਸੀ ਸਰਕਾਰੀ ਕਤਲ ਹੈ ਤੇ ਗੁਲਾਮ ਕਲਮ ਦੇ ਦੋਸਤਾਂ ਦਾ ਘੇਰਾ ਫਾਂਸੀ ਵਿਰੋਧੀ ਹੈ।ਮੇਰਾ ਮੰਨਣਾ ਹੈ ਕਿ ਫਾਂਸ਼ੀ ਸੰਘੀ ਅੱਤਵਾਦੀਆਂ ਸਾਧਵੀ ਪ੍ਰੱਗਿਆ ਠਾਕੁਰ ਜਾਂ ਕਰਨਲ ਪ੍ਰੋਹਿਤ ਨੂੰ ਵੀ ਨਹੀਂ ਹੋਣੀ ਚਾਹੀਦੀ।ਸੱਤਾ ਕੋਲ ਕਿਸੇ ਨੂੰ ਕਤਲ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਦੁਨੀਆ ਦੀ ਕਿਸੇ ਵੀ ਵਿਚਾਰਧਾਰਾ ਨਾਲ ਸਹਿਮਤੀ ਰੱਖਦਾ ਹੋਵੇ।

ਮੈਂ ਸਵੇਰੇ ਉੱਠਿਆ ਤੇ ਹਰ ਰੋਜ਼ ਦੀ ਤਰ੍ਹਾਂ ਟੀ ਵੀ ਖੋਲ੍ਹਿਆ।ਅਫਜ਼ਲ ਦੀ ਮੰਦਭਾਗੀ ਖ਼ਬਰ ਚੰਗਾ ਪੱਤਰਕਾਰ ਪੁੰਨਿਆ ਪ੍ਰਸੁੱਨ ਬਾਜਪਈ ਸੁਣਾ ਰਿਹਾ ਸੀ।ਮਨ ਖਰਾਬ ਹੋਇਆ ਤੇ ਸੋਚਿਆ ਹੁਣੇ ਗੁਲਾਮ ਕਲਮ 'ਤੇ ਅਫਜ਼ਲ ਨੂੰ ਸਰਧਾਂਜ਼ਲੀ ਦੇਣੀ ਚਾਹੀਦੀ ਹੈ।ਅਫਜ਼ਲ ਦੀ ਲਾਸ਼ ਘਰਦਿਆਂ ਨੂੰ ਨਾ ਦੇ ਕੇ ਜੇਲ੍ਹ 'ਚ ਦਬਾਅ ਦੇਣਾ ਘੌਰ ਮਨੁੱਖੀ ਹੱਕੀ ਉਲੰਘਣਾ ਹੈ,ਇਸ ਦਾ ਵੀ ਵਿਰੋਧ ਹੋਣਾ ਚਾਹੀਦਾ ਹੈ'।ਭਾਰਤ ਨੂੰ ਸਮਝਣ ਦੀ ਇਹ ਵੀ ਇਕ ਉਦਾਹਰਨ ਹੈ 'ਸੱਤਾ ਲਾਸ਼ ਤੋਂ ਵੀ ਡਰ ਰਹੀ ਹੈ,ਕਿਉਂਕਿ ਗੱਡੇ ਮੁਰਦੇ ਇਤਿਹਾਸ 'ਚ ਹਮੇਸ਼ਾ ਉੱਖੜਦੇ ਰਹੇ ਹਨ।ਮਨੁੱਖ ਹੱਕੀ,ਅਗਾਂਹਵਧੂ ਤੇ ਖੱਬੇਪੱਖੀਆਂ ਨੂੰ ਅਜਿਹੇ ਮਸਲਿਆਂ 'ਤੇ ਅੱਗੇ ਆਉਣ ਦੀ ਲੋੜ ਹੈ ਤੇ ਪਹਿਲਾਂ ਇਸ ਮਸਲੇ 'ਚ ਆਉਂਦੇ ਵੀ ਰਹੇ ਹਨ।ਫਿਲਹਾਲ ਕਾਹਲੀ 'ਚ ਇਹੀ । ਆਉਣ ਵਾਲੇ ਦਿਨਾਂ 'ਚ ਕੁਝ ਹੋਰ ਲੇਖਾਂ ਜ਼ਰੀਏ ਅਫਜ਼ਲ ਦੀ ਫਾਂਸ਼ੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।ਇਸ ਦੇ ਹੇਠਾਂ ਹੀ ਅਫਜ਼ਲ ਗੁਰੂ ਦੀ ਵਿਨੋਦ ਕੇ ਜੋਸ਼ ਨਾਲ ਮੁਲਾਕਾਤ ਹੈ,ਜਿਸ ਜ਼ਰੀਏ ਅਫਜ਼ਲ ਨੂੰ ਸਮਝਿਆ ਜਾ ਸਕਦਾ ਹੈ।-ਯਾਦਵਿੰਦਰ ਕਰਫਿਊ

ਫਾਂਸੀ ਦੇ ਤਖ਼ਤੇ ਤੋਂ ਅਫ਼ਜ਼ਲ ਗੁਰੂ …... 

(ਵਿਨੋਦ ਕੇ ਜੋਸ਼ ਦੀ ਅਫ਼ਜ਼ਲ ਗੁਰੂ ਨਾਲ ਮੁਲਾਕਾਤ)

ਕੀ ਮੌਤ ਦੀ ਦਹਿਲੀਜ਼ ਖੜ੍ਹੇ ਆਦਮੀਂ ਨੂੰ ਮੈਨੂੰ ਵੀ ਇਹੋ ਹੀ ਸਵਾਲ ਪੁੱਛਣਾ ਚਾਹੀਦਾ ਹੈ। ਇਕ ਪਲ ਲਈ ਮੈਂ ਉਲਝਣ ਵਿੱਚ ਪੈ ਗਿਆ, ਫੇਰ ਮੈਂ ਪੁੱਛ ਹੀ ਲਿਆ ਤੁਹਾਡਾ “ਕੀ ਹਾਲ ਹੈ?” “ਬਹੁਤ ਵਧੀਆ ਹੈ, ਧੰਨਵਾਦ ਜਨਾਬ।” ਉਸ ਨੇ ਗਰਮਜੋਸ਼ੀ ਨਾਲ ਕਿਹਾ। ਸਾਡੀ ਗੱਲਬਾਤ ਤਕਰੀਬਨ ਇੱਕ ਘੰਟਾ ਚੱਲੀ। ਅਸੀਂ ਦੋਵੇਂ ਹੀ ਉਸ ਸੀਮਤ ਸਮੇਂ ਵਿੱਚ ਵੱਧ ਤੋਂ ਵੱਧ ਗੱਲਬਾਤ ਕਰਨਾ ਚਾਹੁੰਦੇ ਸੀ। ਮੈਂ ਆਪਣੀ ਛੋਟੀ ਜਿਹੀ ਡਾਇਰੀ ਵਿੱਚ ਉਸਦੇ ਜਵਾਬ ਦਰਜ ਕਰਦਾ ਗਿਆ। ਉਹ ਇਸ ਤਰ੍ਹਾਂ ਦਾ ਆਦਮੀਂ ਲਗ ਰਿਹਾ ਸੀ ਜੋ ਦੁਨੀਆਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦਾ ਸੀ। ਪਰ ਫਾਂਸੀ ਦੀ ਸਜ਼ਾ ਮਿਲੇ ਵਿਅਕਤੀ ਹੋਣ ਦੀ ਸਥਿਤੀ ਵਿੱਚ ਲੋਕਾਂ ਤੱਕ ਪਹੁੰਚਣ ਦੀ ਆਪਣੀ ਮਜ਼ਬੂਤੀ ਨੂੰ ਉਹ ਵਾਰ-ਵਾਰ ਦੁਹਰਾ ਰਿਹਾ ਸੀ। 

ਪ੍ਰਸ਼ਨ: ਅਫ਼ਜ਼ਲ ਦੀਆਂ ਬਹੁਤ ਸਾਰੀਆਂ ਵਿਰੋਧੀ ਤਸਵੀਰਾਂ ਹਨ ਮੈਂ ਕਿਸ ਅਫ਼ਜ਼ਲ ਨਾਲ ਮਿਲ ਰਿਹਾ ਹਾਂ?
ਉੱਤਰ: ਕੀ ਇਸੇ ਤਰ੍ਹਾਂ ਹੈ? ਪਰ ਜਿੱਥੋਂ ਤੱਕ ਮੈਨੂੰ ਲਗਦਾ ਹੈ ਬਸ ਇਕ ਹੀ ਅਫ਼ਜ਼ਲ ਹੈ ਉਹ ਮੈਂ ਹਾਂ।

ਪ੍ਰ. ਉਹ ਅਫ਼ਜ਼ਲ ਕੌਣ ਹੈ?
ਉੱਤਰ: ਇਕ ਪਲ ਦੀ ਖਾਮੋਸ਼ੀ। ਅਫ਼ਜ਼ਲ ਇੱਕ ਨੌਜਵਾਨ ਦੇ ਤੌਰ ‘ਤੇ ਉਤਸ਼ਾਹੀ, ਬੁੱਧੀਮਾਨ ਤੇ ਆਦਰਸ਼ਵਾਦੀ ਹੈ। ਕਸ਼ਮੀਰ ਦਾ ਅਫ਼ਜ਼ਲ ਵਾਦੀ ਦੇ 1990 ਦੇ ਦਹਾਕੇ ਦੇ ਰਾਜਨੀਤਿਕ ਮਾਹੌਲ ਤੋਂ ਪ੍ਰਭਾਵਿਤ ਦੂਜੇ ਹਜ਼ਾਰਾਂ ਲੋਕਾਂ ਵਾਂਗ ਸੀ, ਜੋ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੈਂਬਰ ਸੀ ਤੇ ਜੋ ਸਰਹੱਦ ਪਾਰ ਕਸ਼ਮੀਰ ਦੇ ਦੂਜੇ ਹਿੱਸੇ ਵਿੱਚ ਚਲਾ ਗਿਆ ਸੀ। ਪਰ ਕੁਝ ਹੀ ਹਫ਼ਤਿਆਂ ਵਿੱਚ ਉਸ ਦਾ ਮੋਹ ਭੰਗ ਹੋ ਗਿਆ ਅਤੇ ਉਹ ਵਾਪਸ ਆ ਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਲੱਗਾ ਪਰ, ਸੁਰੱਖਿਆ ਏਜੰਸੀਆਂ ਨੇ ਮੈਨੂੰ ਇਸ ਦੀ ਇਜ਼ਾਜਤ ਨਹੀਂ ਦਿੱਤੀ। ਉਹ ਜਦੋਂ ਜੀਅ ਕਰਦਾ ਮੈਨੂੰ ਚੁੱਕ ਕੇ ਲੈ ਜਾਂਦੇ, ਬੁਰੀ ਤਰ੍ਹਾਂ ਤਸੀਹੇ ਦਿੰਦੇ, ਬਿਜਲੀ ਦੇ ਝਟਕੇ ਲਾਉਂਦੇ, ਬਰਫ਼ੀਲੇ ਪਾਣੀ ਵਿੱਚ ਜਮਾਉਂਦੇ, ਪੈਟਰੋਲ ਵਿੱਚ ਡੁਬੋਂਦੇ, ਮਿਰਚਾਂ ਦਾ ਧੂੰਆਂ ਦਿੰਦੇ ‘ਤੇ ਹੋਰ ਵੀ ਕਈ ਤਰੀਕੇ ਦੇ ਤਸ਼ੱਦਦ… ਤੇ ਅੰਤ ਉਹਨਾਂ ਨੇ ਇੱਕ ਝੂਠੇ ਕੇਸ ਵਿਚ ਫਸਾ ਦਿੱਤਾ। ਬਿਨ੍ਹਾਂ ਵਕੀਲ ਬਿਨ੍ਹਾਂ ਨਿਰਪੱਖ ਮੁਕੱਦਮੇ ਦੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਪੁਲਿਸ ਨੇ ਜੋ ਝੂਠ ਪੈਦਾ ਕੀਤੇ, ਉਹਨਾਂ ਨੂੰ ਮੀਡੀਆ ਵਿੱਚ ਤੁਸੀਂ, ਲੋਕਾਂ ਨੂੰ ਵੱਡੇ ਕਰ-ਕਰ ਦਿਖਾਇਆ ‘ਤੇ ਇਸੇ ਨੇ ਸ਼ਾਇਦ ਉਹ ਮਾਹੌਲ ਪੈਦਾ ਕੀਤਾ ਜਿਸ ਨੂੰ ਸੁਪਰੀਮ ਕੋਰਟ ਨੇ ‘ਰਾਸ਼ਟਰ ਦੀ ਸਮੂਹਿਕ ਚੇਤਨਾ’ ਕਿਹਾ ਸੀ, ਤੇ ਉਸ ‘ਸਮੂਹਿਕ ਚੇਤਨਾ’ ਨੂੰ ਸੰਤੁਸ਼ਟ ਕਰਨ ਲਈ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਹ ਹੈ ਮੁਹੰਮਦ ਅਫ਼ਜ਼ਲ ਜਿਸ ਨੂੰ ਤੁਸੀਂ ਮਿਲ ਰਹੇ ਹੋ। ਇਕ ਪਲ ਦੀ ਖਾਮੋਸ਼ੀ ਤੋਂ ਬਾਅਦ ਉਹ ਫਿਰ ਬੋਲਿਆ, ਪਰ ਮੈਨੂੰ ਨਹੀਂ ਪਤਾ ਕਿ ਬਾਹਰ ਦੀ ਦੁਨੀਆਂ ਨੂੰ ਇਸ ਅਫ਼ਜ਼ਲ ਬਾਰੇ ਕੁਝ ਪਤਾ ਹੈ ਕਿ ਨਹੀਂ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕੀ ਮੈਨੂੰ ਆਪਣੀ ਕਹਾਣੀ ਦੱਸਣ ਦਾ ਮੌਕਾ ਦਿੱਤਾ ਗਿਆ? ਤੁਹਾਨੂੰ ਲੱਗਦਾ ਹੈ ਇਹ ਇਨਸਾਫ਼ ਹੋਇਆ? ਕੀ ਤੁਸੀਂ ਕਿਸੇ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਤੇ ਲਟਕਾਉਣਾ ਚਾਹੋਗੇ? ਬਿਨ੍ਹਾਂ ਨਿਰਪੱਖ ਮੁਕੱਦਮੇ ਦੇ। ਬਿਨ੍ਹਾਂ ਇਹ ਸੁਣੇ ਕਿ ਉਸ ਨੂੰ ਜ਼ਿੰਦਗੀ ਵਿੱਚ ਕੀ-ਕੀ ਭੁਗਤਣਾ ਪਿਆ ਹੈ। ਲੋਕਤੰਤਰ ਦਾ ਮਤਲਬ ਇਹ ਤਾਂ ਨਹੀਂ ਨਾ?
ਅਫਜ਼ਲ ਗੁਰੂ ਬੇਟੇ ਗਾਲਿਬ ਤੇ ਪਤਨੀ ਤਬੱਸਮ ਨਾਲ(ਪੁਰਾਣੀ ਤਸਵੀਰ)

ਪ੍ਰ. ਤੁਹਾਡੀ ਜ਼ਿੰਦਗੀ ਤੋਂ ਹੀ ਗੱਲ ਸ਼ੁਰੂ ਕਰੀਏ, ਇਸ ਤੋਂ ਪਹਿਲਾਂ ਦੀ ਤੁਹਾਡੀ ਜ਼ਿੰਦਗੀ….?
ਉੱਤਰ: ਜਦੋਂ ਮੈਂ ਵੱਡਾ ਹੋ ਰਿਹਾ ਸੀ ਉਸ ਸਮੇਂ ਕਸ਼ਮੀਰ ਵਿੱਚ ਜ਼ਬਰਦਸਤ ਗੜਬੜੀ ਚਲ ਰਹੀ ਸੀ। ਮਕਬੂਲ ਭੱਟ ਨੂੰ ਫਾਂਸੀ ਹੋ ਗਈ ਸੀ। ਹਾਲਾਤ ਵਿਸਫੋਟਕ ਸਨ।ਕਸ਼ਮੀਰ ਦੇ ਲੋਕਾਂ ਨੇ ਇਕ ਵਾਰ ਫਿਰ ਕਸ਼ਮੀਰ ਮਸਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਲਈ ਚੋਣਾ ਰਾਹੀਂ ਜੰਗ ਲੜਨ ਦਾ ਇਰਾਦਾ ਕੀਤਾ। ਕਸ਼ਮੀਰ ਮਸਲੇ ਦੇ ਅੰਤਮ ਨਿਪਟਾਰੇ ਲਈ ਕਸ਼ਮੀਰੀ ਮੁਸਲਮਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ‘ਮੁਸਲਿਮ ਯੂਨਾਈਟਡ ਫਰੰਟ’ ਬਣਾ ਦਿੱਤਾ ਗਿਆ ਸੀ। ਇਸ ਫਰੰਟ ਨੂੰ ਮਿਲ ਰਹੇ ਭਾਰੀ ਸਮਰਥਨ ਨੂੰ ਵੇਖ ਕੇ ਦਿੱਲੀ ਦਾ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਅਤੇ ਨਤੀਜਾ ਇਹ ਹੋਇਆ ਕਿ ਚੋਣਾ ਵਿਚ ਅਸੀਂ ਵੱਡੇ ਪੱਧਰ ਤੇ ਧਾਂਦਲੀ ਹੁੰਦੀ ਵੇਖੀ। ਜਿੰਨ੍ਹਾਂ ਲੀਡਰਾਂ ਨੇ ਚੋਣਾ ਵਿਚ ਹਿੱਸਾ ਲਿਆ ਸੀ ਅਤੇ ਭਾਰੀ ਬਹੁਮਤ ਨਾਲ ਜਿੱਤੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬੇਇੱਜ਼ਤ ਕੀਤਾ ਗਿਆ ਤੇ ਜ਼ੇਲ੍ਹਾਂ ਵਿੱਚ ਡੱਕ ਦਿੱਤੇ ਗਏ ‘ਤੇ ਇਸ ਤੋਂ ਬਾਅਦ ਉਹਨਾਂ ਲੀਡਰਾਂ ਨੇ ਹੀ ਵਿਰੋਧ ਵਿੱਚ ਹਥਿਆਰ ਚੁੱਕਣ ਦਾ ਫੈਸਲਾ ਕਰ ਲਿਆ ਤੇ ਹਜ਼ਾਰਾਂ ਨੌਜਵਾਨਾਂ ਨੇ ਉਹਨਾਂ ਨਾਲ ਹੀ ਹਥਿਆਰ ਚੁੱਕ ਲਏ। ਮੈਂ ਵੀ ਸ਼੍ਰੀਨਗਰ ਦੇ ਜੇਹਲਮ ਮੈਡੀਕਲ ਕਾਲਜ ਵਿਚ ਆਪਣੀ ਐਮ.ਬੀ.ਬੀ.ਐਸ. ਵਿੱਚੇ ਛੱਡ ਦਿੱਤੀ। ਮੈਂ ਵੀ ਉਹਨਾਂ ਨੌਜਵਾਨਾਂ ਵਿਚ ਸ਼ਾਮਲ ਸੀ, ਜੋ ਜੇ.ਕੇ.ਐਲ.ਐਫ. (ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ) ਦੇ ਮੈਂਬਰ ਵਜੋਂ ਸਰਹੱਦ ਪਾਰ ਚਲੇ ਗਏ, ਪਰ ਪਾਕਿਸਤਾਨੀ ਲੀਡਰਾਂ ਦਾ ਕਸ਼ਮੀਰੀਆਂ ਨਾਲ ਹਿੰਦੋਸਤਾਨੀ ਲੀਡਰਾਂ ਵਰਗਾ ਵਰਤਾਅ (ਵਿਵਹਾਰ) ਦੇਖ ਕੇ ਮੇਰੀਆਂ ਅੱਖਾਂ ਤੋਂ ਪਰਦਾ ਹਟ ਗਿਆ। ਕੁਝ ਹੀ ਹਫ਼ਤਿਆਂ ਵਿੱਚ ਮੈਂ ਵਾਪਸ ਆ ਗਿਆ। ਸੁਰੱਖਿਆ ਬਲਾਂ ਦੇ ਸਾਹਮਣੇ ਮੈਂ ਆਤਮ ਸਮਰਪਣ ਕਰ ਦਿੱਤਾ ਤੇ ਬੀ.ਐਸ.ਐਫ. ਨੇ ਮੈਨੂੰ ਆਤਮ ਸਮਰਪਿਤ ਅੱਤਵਾਦੀ ਦਾ ਸਰਟੀਫਿਕੇਟ ਦੇ ਦਿੱਤਾ। ਹੁਣ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਡਾਕਟਰ ਤਾਂ ਨਹੀਂ ਬਣ ਸਕਿਆ, ਪਰ ਕਮਿਸ਼ਨ ਬੇਸਿਸ ‘ਤੇ ਦਵਾਈਆਂ ਤੇ ਮੈਡੀਕਲ ਨਾਲ ਸੰਬੰਧਿਤ ਡੀਲਰ ਬਣ ਗਿਆ (ਹੱਸ ਪੈਂਦਾ ਹੈ)। ਜੋ ਥੋੜ੍ਹੀ ਬਹੁਤ ਕਮਾਈ ਸੀ ਉਸ ਵਿੱਚ ਮੈਂ ਇੱਕ ਸਕੂਟਰ ਖਰੀਦ ਲਿਆ ਤੇ ਵਿਆਹ ਵੀ ਕਰਵਾ ਲਿਆ, ਪਰ ਇੱਕ ਦਿਨ ਵੀ ਐਸਾ ਨਹੀਂ ਬੀਤਿਆ ਜਦੋਂ “ਰਾਸ਼ਟਰੀ ਰਾਈਫਲਜ” ਤੇ “ਐਸ.ਟੀ.ਐਫ” ਦੇ ਜਵਾਨਾਂ ਦੇ ਤੰਗ ਕਰਨ ਦੇ ਭੈਅ ਵਿੱਚੋਂ ਅਜ਼ਾਦ ਹੋਇਆ ਹੋਵਾਂ। ਕਸ਼ਮੀਰ ਵਿੱਚ ਕੋਈ ਵੀ ਹਮਲਾ ਹੁੰਦਾ ਤਾਂ ਉਹ ਆਮ ਲੋਕਾਂ ਨੂੰ ਫੜ੍ਹ ਲੈਂਦੇ ਤੇ ਬੁਰੀ ਤਰ੍ਹਾਂ ਕੁਟਦੇ ਤੇ ਮੇਰੇ ਵਰਗੇ ਸਮਰਪਨ ਕਰ ਚੁੱਕੇ ਅੱਤਵਾਦੀਆਂ ਦੀ ਹਾਲਤ ਤਾਂ ਹੋਰ ਵੀ ਖ਼ਰਾਬ ਸੀ। ਉਹ ਸਾਨੂੰ ਹਫ਼ਤਿਆਂ ਬੱਧੀ ਬੰਦ ਰੱਖਦੇ, ਝੂਠੇ, ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੰਦੇ ਤੇ ਉਦੋਂ ਹੀ ਛੱਡਦੇ ਜਦੋਂ ਉਨ੍ਹਾਂ ਨੂੰ ਚੰਗੀ ਰਿਸ਼ਵਤ ਮਿਲ ਜਾਂਦੀ ਸੀ। ਮੈਨੂੰ ਕਈ ਵਾਰ ਇਹ ਝੱਲਣਾ ਪਿਆ। 22ਵੀਂ ਰਾਸ਼ਟਰੀ ਰਾਈਫਲ ਦੇ ਮੇਜਰ ਰਾਮ ਮੋਹਨ ਨੇ ਮੇਰੇ ਗੁਪਤ ਅੰਗਾਂ ‘ਤੇ ਬਿਜਲੀ ਦੇ ਝਟਕੇ ਦਿੱਤੇ। ਪਤਾ ਨਹੀਂ ਮੈਨੂੰ ਕਿੰਨੀ ਵਾਰ ਟੱਟੀਆਂ ਸਾਫ਼ ਕਰਨੀਆਂ ਪਈਆਂ। ਉਨ੍ਹਾਂ ਦੇ ਕੈਂਪਾਂ ਵਿੱਚ ਝਾੜੂ ਮਾਰਨਾ ਪਿਆ। ਇੱਕ ਵਾਰੀ ਤਾਂ ਮੈਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਰਿਸ਼ਵਤ ਦੇਣੀ ਪਈ ਤਾਂ ਕਿ ਮੈਂ ਹੁਮਹੁਮਾ ਸਥਿਤ ਐਸ.ਟੀ.ਐਫ. ਦੇ ਤਸ਼ੱਦਦ ਸੈਂਟਰ ਤੋਂ ਬਚ ਸਕਾਂ। ਡੀ.ਐਸ.ਪੀ. ਵਿਨੈ ਗੁਪਤਾ ਅਤੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਹ ਜ਼ਾਲਮਾਂਨਾ ਤਸ਼ੱਦਦ ਕੀਤੇ ਜਾਂਦੇ ਸਨ। ਉਹਨਾਂ ਦੇ ਇਕ ਤਜ਼ਰਬੇਕਾਰ ਇੰਸਪੈਕਟਰ ਸ਼ਾਂਤੀ ਸਿੰਘ ਨੇ ਮੈਨੂੰ ਤਿੰਨ ਘੰਟੇ ਤੱਕ ਬਿਜਲੀ ਦੇ ਕਰੰਟ ਦਿੱਤੇ, ਤੇ ਉਸ ਨੇ ਹਾਲਾਂ ਵੀ ਨਹੀਂ ਹੱਟਣਾ ਸੀ ਇਹ ਤਾਂ ਮੈਂ ਇਕ ਲੱਖ ਰੁਪਏ ਰਿਸ਼ਵਤ ਦੇਣ ਲਈ ਰਜ਼ਾਮੰਦ ਹੋ ਗਿਆ ਸੀ। ਮੇਰੀ ਪਤਨੀ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਬਾਕੀ ਪੈਸੇ ਲਈ ਮੇਰਾ ਸਕੂਟਰ ਵੀ ਵੇਚਣਾ ਪਿਆ। ਬਾਹਰ ਆਉਣ ਵੇਲੇ ਤੱਕ ਮੈਂ ਦਿਮਾਗ਼ੀ ਤੇ ਆਰਥਿਕ ਦੋਵਾਂ ਤਰ੍ਹਾਂ ਨਾਲ ਬੁਰੀ ੩੦ ਟੁੱਟ ਚੁੱਕਾ ਸੀ। 6 ਮਹੀਨੇ ਤੱਕ ਮੈਂ ਘਰੋਂ ਨਾ ਨਿਕਲ ਸਕਿਆ। ਆਪਣੇ ਜ਼ਖਮਾਂ ਦੀ ਵਿਆਖਿਆ ਕਰਦਿਆਂ ਅਫ਼ਜ਼ਲ ਦੇ ਚਿਹਰੇ ਤੇ ਇੱਕ ਪ੍ਰਸ਼ਨਾਤਮਿਕ ਸ਼ਾਂਤੀ ਛਾਈ ਹੋਈ ਸੀ। ਉਹ ਸ਼ਾਇਦ ਮੈਨੂੰ ਆਪਣੇ ਉੱਪਰ ਹੋਏ ਜ਼ੁਲਮਾਂ ਦੀ ਲੰਬੀ ਦਾਸਤਾਂ ਸੁਣਾਉਣਾ ਚਾਹੁੰਦਾ ਸੀ। ਪਰ ਮੇਰੇ ਦਿੱਤੇ ਟੈਕਸ ਦੇ ਪੈਸਿਆਂ ਨਾਲ ਚੱਲਣ ਵਾਲੇ ਸੁਰੱਖਿਆ ਬਲਾਂ ਦੀਆਂ ਭਿਆਨਕ ਕਾਰਗੁਜ਼ਾਰੀਆਂ ਨੂੰ ਮੈਂ ਹੋਰ ਨਹੀਂ ਸੁਣ ਸਕਿਆ। ਮੈਂ ਉਸ ਦੀ ਗੱਲ ਵਿਚ ਹੀ ਕੱਟ ਕੇ ਪੁੱਛਿਆ।
ਅਫਜ਼ਲ ਗੁਰੂ ਦੀ ਪਤਨੀ ਤਬੱਸਮ

ਪ੍ਰ. ਇਸ ਕੇਸ ਦੀ ਗੱਲ ਕਰੀਏ? ਸੰਸਦ ਉੱਪਰ ਹਮਲੇ ਪਿੱਛੇ ਕੀ ਘਟਨਾਵਾਂ ਸਨ? ਉੱਤਰ: ਐਸ.ਟੀ.ਐਫ. ਕੈਂਪ ਵਿੱਚ ਮੈਂ ਇਹ ਸਬਕ ਸਿੱਖਿਆ ਕਿ ਜਾਂ ਤਾਂ ਵਿਰੋਧ ਕਰਨ ਦੇ ਨਤੀਜੇ ਵਜੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਬੇ-ਤਹਾਸ਼ਾ ਜੁਲਮ ਸਹੋ ਤੇ ਜਾਂ ਫਿਰ ਬਿਨ੍ਹਾਂ ਸਵਾਲ ਕੀਤੇ ਐਸ.ਟੀ.ਐਫ. ਦੀ ਗੱਲ ਮੰਨਦੇ ਰਹੋ। ਜਦੋਂ ਡੀ.ਐਸ.ਪੀ. ਦਵਿੰਦਰ ਸਿੰਘ ਨੇ ਮੈਨੂੰ ਇੱਕ ਛੋਟਾ ਜਿਹਾ ਕੰਮ ਕਰਨ ਲਈ ਕਿਹਾ ਤਾਂ ਮੇਰੇ ਕੋਲ ਦੂਜਾ ਕੋਈ ਹੋਰ ਰਸਤਾ ਨਹੀਂ ਸੀ। ਉਸ ਨੇ ਇਹ ਹੀ ਕਿਹਾ ਸੀ, “ਛੋਟਾ ਜਿਹਾ ਕੰਮ”। ਉਸ ਨੇ ਕਿਹਾ ਕਿ ਮੈਂ ਇਕ ਆਦਮੀਂ ਨੂੰ ਦਿੱਲੀ ਲੈ ਜਾਵਾਂ, ਉਸਨੂੰ ਉੱਥੇ ਕਿਰਾਏ ਤੇ ਇਕ ਘਰ ਦਿਵਾਉਣਾ ਸੀ। ਮੈਂ ਉਸ ਆਦਮੀਂ ਨੂੰ ਪਹਿਲੀ ਵਾਰ ਮਿਲਿਆ ਸੀ। ਉਹ ਕਸ਼ਮੀਰੀ ਨਹੀਂ ਬੋਲ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਉਹ ਬਾਹਰ ਦਾ ਆਦਮੀਂ ਸੀ। ਉਸ ਨੇ ਆਪਣਾ ਨਾਂ ਮੁਹੰਮਦ ਦੱਸਿਆ (ਸੰਸਦ ਉੱਪਰ ਹਮਲਾ ਕਰਨ ਵਾਲੇ ਪੰਜ ਲੋਕਾਂ ਵਿਚੋਂ ਇਕ ਦੀ ਸ਼ਨਾਖਤ ਪੁਲਿਸ ਨੇ ਮੁਹੰਮਦ ਵਜੋਂ ਕੀਤੀ ਸੀ। ਇਨ੍ਹਾਂ ਪੰਜਾਂ ਨੂੰ ਸੁਰੱਖਿਆ ਬਲਾਂ ਵੱਲੋਂ ਮਾਰ ਦਿੱਤਾ ਗਿਆ ਸੀ।)। ਦਿੱਲੀ ਵਿੱਚ ਸਾਡੇ ਕੋਲ ਦਵਿੰਦਰ ਸਿੰਘ ਦੇ ਫੋਨ ਆਉਂਦੇ ਹੀ ਰਹਿੰਦੇ ਸਨ। ਮੁਹੰਮਦ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਸੀ। ਕਾਰ ਖਰੀਦਣ ਤੋਂ ਬਾਅਦ ਉਸ ਨੇ ਮੇਰੇ ਵਾਪਸ ਜਾਣ ਲਈ ਕਿਹਾ ਅਤੇ 35 ਹਜ਼ਾਰ ਰੁਪਏ ਵੀ ਦਿੱਤੇ। ਉਸ ਨੇ ਕਿਹਾ ਕਿ ਇਹ ਤੇਰੇ ਲਈ ਤੋਹਫ਼ਾ ਹੈ। ਈਦ ਲਈ ਮੈਂ ਕਸ਼ਮੀਰ ਚਲਾ ਗਿਆ। ਸ੍ਰੀਨਗਰ ਅੱਡੇ ਤੇ ਪਹੁੰਚਦਿਆਂ ਹੀ ਮੈਨੂੰ ਗ੍ਰਿਫ਼ਤਾਰ ਕਰ ਕੇ ਪਰੀਮਪੋਰਾ ਥਾਣੇ ਲੈ ਗਏ। ਤਸੀਹਿਆਂ ਦਾ ਦੌਰ ਫਿਰ ਸ਼ੁਰੂ ਹੋਇਆ। ਐਸ.ਟੀ.ਐਫ. ਹੈੱਡਕੁਆਟਰ ਤੋਂ ਮੈਨੂੰ ਦਿੱਲੀ ਲੈ ਆਏ ਦਿੱਲੀ ਪੁਲਿਸ ਦੇ ਤਸੀਹਾ ਸੈਂਟਰ ਵਿੱਚ ਮੈਂ ਉਹਨਾਂ ਨੂੰ ਜੋ ਕੁਝ ਮੈਨੂੰ ਮੁਹੰਮਦ ਬਾਰੇ ਪਤਾ ਸੀ, ਸਭ ਦੱਸ ਦਿੱਤਾ। ਪਰ ਉਹ ਜ਼ੋਰ ਦੇ ਰਹੇ ਸਨ ਕਿ ਮੈਂ ਇਹ ਕਹਾਂ ਕਿ ਇਸ ਮਾਮਲੇ ਵਿਚ ਮੇਰੇ ਚਾਚੇ ਦਾ ਮੁੰਡਾ ਸ਼ੌਕਤ, ਉਸ ਦੀ ਪਤਨੀ ਨਵਜੋਤ, ਐਸ.ਏ.ਆਰ. ਗਿਲਾਨੀ ਤੇ ਮੈਂ ਸ਼ਾਮਿਲ ਸਾਂ। ਉਹ ਚਾਹੁੰਦੇ ਸਨ ਕਿ ਮੈਂ ਮੀਡੀਆ ਦੇ ਸਾਹਮਣੇ ਇਹ ਬਿਆਨ ਦੇਵਾਂ। ਮੈਂ ਵਿਰੋਧ ਕੀਤਾ। ਪਰ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਪਰਿਵਾਰ ਉਹਨਾਂ ਦੇ ਕਬਜ਼ੇ ਵਿਚ ਹੈ ਤੇ ਉਹ (ਪੁਲਸ) ਮੇਰੇ ਪਰਿਵਾਰ ਨੂੰ ਮਾਰ ਦੇਣਗੇ ਤਾਂ ਮੇਰੇ ਕੋਲ ਉਹਨਾਂ ਦੀ ਗੱਲ ਮੰਨਣ ਤੋਂ ਬਿਨ੍ਹਾਂ ਦਜਾ ਕੋਈ ਰਸਤਾ ਨਹੀਂ ਬਚਿਆ। ਮੇਰੇ ਤੋਂ ਕੋਰੇ ਕਾਗਜ਼ਾਂ ‘ਤੇ ਸਾਈਨ ਕਰਵਾਏ ਗਏ ਤੇ ਮੀਡੀਆ ਨੂੰ, ਜੋ ਪੁਲਸ ਨੇ ਕਿਹਾ ਸੀ, ਉਹੀ ਕਹਿਣ ਲਈ ਤੇ ਹਮਲੇ ਬਾਰੇ ਆਪਣੀ ਜਿੰਮੇਵਾਰੀ ਕਬੂਲਨ ਲਈ ਮਜ਼ਬੂਰ ਕੀਤਾ ਗਿਆ। ਜਦ ਇੱਕ ਪੱਤਰਕਾਰ ਨੇ ਮੈਨੂੰ ਐਸ.ਏ.ਆਰ. ਗਿਲਾਨੀ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਗਿਲਾਨੀ ਬੇਕਸੂਰ ਹੈ। ਐਸ.ਪੀ. ਰਾਜਬੀਰ ਸਿੰਘ ਸਾਰੇ ਮੀਡੀਆ ਦੇ ਸਾਹਮਣੇ ਮੇਰੇ ਉੱਤੇ ਚੀਕਿਆ ਕਿ ਮੈਂ ਸਿਖਾਈਆਂ ਗਈਆਂ ਗੱਲਾਂ ਤੋਂ ਅੱਡ ਕੁਝ ਵੀ ਕਿਉਂ ਕਿਹਾ। ਉਹ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ ਕਿਉਂਕਿ ਮੈਂ ਉਹਨਾਂ ਦੀ ਕਹਾਣੀ ਬਦਲ ਦਿੱਤੀ ਸੀ। ਰਾਜਬੀਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਗਿਲਾਨੀ ਦੀ ਬੇਗੁਨਾਹੀ ਬਾਰੇ ਕਹੀ ਮੇਰੀ ਗੱਲ ਨੂੰ ਉਹ ਅੱਗੇ ਨਾ ਲਿਆਉਣ। ਅਗਲੇ ਦਿਨ ਰਾਜਬੀਰ ਸਿੰਘ ਨੇ ਮੇਰੀ ਗੱਲ ਮੇਰੀ ਪਤਨੀ ਨਾਲ ਕਰਵਾਈ ਤੇ ਨਾਲ ਕਿਹਾ ਕਿ ਜੇ ਮੈਂ ਉਹਨਾਂ ਨੂੰ ਜਿਉਂਦੇ ਦੇਖਣਾ ਚਾਹੁੰਦਾ ਹਾਂ ਤਾਂ ਮੈਂ ਪੁਲਸ ਨਾਲ ਸਹਿਯੋਗ ਕਰਾਂ। ਪਰਿਵਾਰ ਦੀ ਜਾਨ ਬਚਾਉਣ ਲਈ ਉਹਨਾਂ ਦੀਆਂ ਗੱਲਾਂ ਮੰਨਣਾ ਮੇਰੇ ਲਈ ਆਖਰੀ ਰਸਤਾ ਸੀ। ਕੁਝ ਅਫ਼ਸਰਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਮੇਰਾ ਕੇਸ ਕਮਜ਼ੋਰ ਕਰ ਦੇਣਗੇ ਜਿਸ ਨਾਲ ਮੈਂ ਕੁਝ ਦੇਰ ਪਿੱਛੋਂ ਛੁੱਟ ਜਾਵਾਂਗਾ। ਸੰਸਦ ਉੱਤੇ ਹਮਲੇ ਦੇ ਮਾਸਟਰ ਮਾਈਂਡ ਲੱਭਣ ਵਿੱਚ ਆਪਣੀ ਕਮਜ਼ੋਰੀ ਲਕੋਣ ਲਈ ਪੁਲਸ ਨੇ ਮੈਨੂੰ ਬਲੀ ਦਾ ਬਕਰਾ ਬਣਾ ਦਿੱਤਾ। ਆਮ ਜਨਤਾ ਨੂੰ ਬੇਵਕੂਫ ਬਣਾਇਆ ਗਿਆ। ਲੋਕ ਅਜੇ ਤੱਕ ਇਹ ਨਹੀਂ ਜਾਣਦੇ ਕਿ ਸੰਸਦ ਉੱਤੇ ਹਮਲਾ ਕਰਵਾਉਣ ਦਾ ਵਿਚਾਰ ਕਿਸਦਾ ਸੀ। ਮੈਨੂੰ ਇਸ ਮਾਮਲੇ ਵਿਚ ਕਸ਼ਮੀਰ ਦੀ ਐਸ.ਟੀ.ਐਫ. ਨੇ ਫਸਾਇਆ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੈਨੂੰ ਦਬੋਚ ਲਿਆ। ਮੀਡੀਆ ਨੇ ਵਾਰ-ਵਾਰ ਉਹ ਟੇਪ(ਸੰਸਦ ਉੱਤੇ ਹਮਲੇ ਦੀ) ਵਿਖਾਈ। ਪੁਲਸ ਅਫ਼ਸਰਾਂ ਨੇ ਇਨਾਮ ਹਾਸਲ ਕੀਤੇ ਤੇ ਮੈਨੂੰ ਸਜਾਏ ਮੌਤ ਮਿਲੀ। 

ਪ੍ਰ. ਤੁਸੀਂ ਆਪਣਾ ਕਾਨੂੰਨੀ ਬਚਾ ਕਿਉਂ ਨਹੀਂ ਕੀਤਾ?
ਉੱਤਰ:  ਮੈਂ ਕੀਹਦਾ ਮੂੰਹ ਵੇਖਦਾ। ਮੁਕੱਦਮੇ ਦੇ ਪਹਿਲੇ ਛੇ ਮਹੀਨੇ ਮੈਂ ਆਪਣੇ ਘਰ ਵਾਲਿਆਂ ਦੀ ਸ਼ਕਲ ਨਹੀਂ ਵੇਖੀ ਤੇ ਫੇਰ ਜੇ ਮੈਂ ਉਹਨਾਂ ਨੂੰ ਪਟਿਆਲਾ ਕੋਰਟ ਵਿੱਚ ਮਿਲਿਆ ਵੀ ਤਾਂ ਕੁਝ ਪਲਾਂ ਲਈ। ਮੇਰੇ ਲਈ ਵਕੀਲ ਕਰਨ ਵਾਲਾ ਕੋਈ ਨਹੀਂ ਸੀ। ਇਸ ਦੇਸ਼ ਵਿੱਚ ਕਾਨੂੰਨੀ ਸਹਾਇਤਾ ਮੂਲ ਅਧਿਕਾਰ ਹੈ, ਇਸ ਲਈ ਮੈਂ ਆਪਣੀ ਪੈਰਵੀ ਕਰਨ ਲਈ ਚਾਰ ਵਕੀਲਾਂ ਦੇ ਨਾਮ ਦਿੱਤੇ। ਪਰ ਜੱਜ ਐਸ.ਐਨ. ਢੀਂਗਰਾ ਨੇ ਕਿਹਾ ਕਿ ਚਾਰਾਂ ਨੇ ਮੇਰੀ ਪੈਰਵੀਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਅਦਾਲਤ ਨੇ ਜੋ ਵਕੀਲ ਮੈਨੂੰ ਦਿੱਤੀ, ਉਹ ਠੀਕ ਕੰਮ ਨਹੀਂ ਕਰ ਰਹੀ ਸੀ। ਉਸ ਨੇ ਮੇਰੇ ਤੋਂ ਸੱਚਾਈ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਫੇਰ ਉਹ ਇਸੇ ਕੇਸ ਨਾਲ ਜੁੜੇ ਕਿਸੇ ਦੂਜੇ ਮੁਜ਼ਰਿਮ ਦਾ ਕੇਸ ਵੇਖਣ ਲੱਗ ਪਈ। ਇਹ ਹੈ ਮੇਰਾ ਕੇਸ, ਜੋ ਮੁਕੱਦਮੇ ਦੇ ਸਭ ਤੋਂ ਮਹੱਤਵਪੂਰਨ ਦੌਰ ਵਿੱਚ ਪੂਰੀ ਤਰ੍ਹਾਂ ਬਿਨ੍ਹਾਂ ਪੈਰਵੀਂ ਤੋਂ ਰਿਹਾ। ਸੱਚ ਇਹ ਹੈ ਕਿ ਮੇਰਾ ਕੋਈ ਵਕੀਲ ਨਹੀਂ ਸੀ ਤੇ ਇਹੋ ਜਹੇ ਕਿਸੇ ਮਾਮਲੇ ਵਿਚ ਵਕੀਲ ਨਾ ਹੋਣ ਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ। ਜੇ ਮੈਨੂੰ ਫਾਂਸੀ ਦੇਣੀ ਹੀ ਸੀ ਤਾਂ ਏਨੀ ਲੰਬੀ ਕਾਨੂੰਨੀ ਪ੍ਰਕ੍ਰਿਆ ਦੀ ਕੀ ਲੋੜ ਸੀ, ਜੋ ਕਿ ਮੇਰੇ ਲਈ ਪੂਰੀ ਤਰ੍ਹਾਂ ਬੇਈਮਾਨੀ ਸੀ।


ਅਫਜ਼ਲ ਗੁਰੂ ਦਾ ਬੇਟਾ ਗਾਲਿਬ 
ਪ੍ਰ. ਤੁਸੀਂ ਦੁਨੀਆਂ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ?
ਉੱਤਰ: ਮੈਂ ਕੋਈ ਵਿਸ਼ੇਸ਼ ਅਪੀਲ ਨਹੀਂ ਕਰਨੀ। ਜੋ ਕੁਝ ਕਹਿਣਾ ਸੀ, ਉਹ ਮੈਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਆਪਣੀ ਅਪੀਲ ਵਿਚ ਕਹਿ ਚੁੱਕਾ ਹਾਂ। ਮੇਰੀ ਤਾਂ ਸਧਾਰਨ ਜਹੀ ਸਿਰਫ ਇਹੀ ਅਪੀਲ ਹੈ ਕਿ ਅੰਨ੍ਹੀ ਦੇਸ਼ਭਗਤੀ ਤੇ ਗ਼ਲਤ ਨਜ਼ਰੀਏ ਦੇ ਆਧਾਰ ‘ਤੇ ਆਪਣੇ ਸਾਥੀ ਦੇਸ਼ ਵਾਸੀਆਂ ਦੇ ਅਧਿਕਾਰਾਂ ਨੂੰ ਨਾ ਕੁਚਲੋ। ਮੈਂ ਐਸ.ਏ.ਆਰ. ਗਿਲਾਨੀ ਦੀ ਗੱਲ ਨੂੰ ਹੀ ਦੁਹਰਾਵਾਂਗਾ, ਜੋ ਉਸ ਨੇ ਟਰਾਇਲ ਕੋਰਟ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਕਹੀ ਸੀ, ਉਸਨੇ ਕਿਹਾ ਸੀ, “ਅਮਨ ਇਨਸਾਫ ਨਾਲ ਆਉਂਦਾ ਹੈ। ਜੇ ਇਨਸਾਫ਼ ਨਹੀਂ ਹੋਵੇਗਾ ਤਾਂ ਅਮਨ ਵੀ ਨਹੀਂ ਆਵੇਗਾ।” ਸ਼ਾਇਦ ਹੁਣ ਮੈਂ ਵੀ ਇਹੀ ਕਹਿਣਾ ਚਾਹੂੰਗਾ। ਤੁਸੀਂ ਮੈਨੂੰ ਫਾਂਸੀ ਦੇਣਾ ਚਾਹੁੰਦੇ ਹੋ, ਤਾਂ ਦੇ ਦਿਉ, ਪਰ ਯਾਦ ਰੱਖੋ ਕਿ ਇਹ ਹਿੰਦੋਸਤਾਨ ਦੀ ਨਿਆ ਪਾਲਿਕਾ ਦੇ ਮੱਥੇ ਤੇ ਕਲੰਕ ਹੋਵੇਗਾ।

ਪ੍ਰ. ਜੇਲ੍ਹ ਵਿਚ ਕੀ ਹਾਲਤ ਹੈ?
ਉੱਤਰ: ਮੈਨੂੰ ਹਾਈ ਰਿਸਕ ਸੈੱਲ ਵਿੱਚ ਇਕੱਲੇ ਨੂੰ ਰੱਖਿਆ ਗਿਆ ਹੈ। ਦੁਪਹਿਰ ਵੇਲੇ ਕੁਝ ਸਮੇਂ ਲਈ ਮੈਨੂੰ ਕੋਠੀ ਤੋਂ ਬਾਹਰ ਕੱਢਿਆ ਜਾਂਦਾ ਹੈ। ਨਾ ਰੇਡੀਓ, ਨਾ ਟੀ.ਵੀ.। ਅਖ਼ਬਾਰ ਜਿਹੜੇ ਮੈਂ ਮੰਗਵਾਉਂਦਾ ਹਾਂ, ਉਹ ਪਾਟੇ ਹੋਏ ਮਿਲਦੇ ਹਨ। ਮੇਰੇ ਬਾਰੇ ਕੋਈ ਖ਼ਬਰ ਲੱਗੀ ਹੋਵੇ ਤਾਂ ਅਖ਼ਬਾਰ ਦਾ ਉਹ ਹਿੱਸਾ ਕੱਟ ਲਿਆ ਜਾਂਦਾ ਹੈ।

ਪ੍ਰ. ਆਪਣੇ ਭਵਿੱਖ ਬਾਰੇ ਅਨਿਸਚਿਤਤਾ ਤੋਂ ਬਿਨ੍ਹਾਂ ਤੁਹਾਡੀ ਸਭ ਤੋਂ ਵੱਡੀ ਫ਼ਿਕਰ ਕੀ ਹੈ?
ਉੱਤਰ: ਹਾਂ, ਮੈਨੂੰ ਬਹੁਤ ਸਾਰੇ ਫ਼ਿਕਰ ਹਨ। ਅਨੇਕਾਂ ਜ਼ੇਲ੍ਹਾਂ ਵਿੱਚ ਸੈਂਕੜੇ ਕਸ਼ਮੀਰੀ ਬੰਦ ਹਨ, ਬਿਨ੍ਹਾਂ ਵਕੀਲ, ਬਿਨ੍ਹਾਂ ਮੁਕੱਦਮੇ ਤੇ ਬਿਨ੍ਹਾਂ ਕਿਸੇ ਹੱਕ ਦੇ। ਕਸ਼ਮੀਰ ਦੀਆਂ ਸੜਕਾਂ ‘ਤੇ ਚੱਲ ਰਹੇ ਆਮ ਆਦਮੀਂ ਦੀ ਜ਼ਿੰਦਗੀ ਵੀ ਕੈਦੀਆਂ ਨਾਲੋਂ ਕੁਝ ਵੱਖਰੀ ਨਹੀਂ। ਵਾਦੀ ਆਪਣੇ ਆਪ ਵਿੱਚ ਇਕ ਖੁਲ੍ਹੀ ਜ਼ੇਲ ਹੈ ਇਨ੍ਹੀਂ ਦਿਨੀਂ ਤਾਂ ਝੂਠੇ ਮੁਕਾਬਲਿਆਂ ਦੀਆਂ ਖ਼ਬਰਾਂ ਵੀ ਬਾਹਰ ਆ ਰਹੀਆਂ ਹਨ, ਪਰ ਇਹ ਤਾਂ ਇੱਕ ਬਹੁਤ ਵੱਡੇ ਬਰਫੀਲੇ ਪਹਾੜ ਦੀ ਚੋਟੀ ਮਾਤਰ ਹੈ। ਕਸ਼ਮੀਰ ਵਿੱਚ ਉਹ ਸਭ ਕੁਝ ਹੋ ਰਿਹਾ ਹੈ ਜੋ ਤੁਸੀਂ ਇੱਕ ਸਭਿਅਕ ਦੇਸ਼ ਵਿੱਚ ਕਦੇ ਦੇਖਣਾ ਨਹੀਂ ਚਾਹੋਗੇ। ਕਸ਼ਮੀਰੀ ਜ਼ੁਲਮ ਦਾ ਸਾਹ ਲੈਂਦੇ ਹਨ, ਅਨਿਆਂ ਵਿੱਚ ਜਿਉਂਦੇ ਹਨ। (ਇੱਕ ਪਲ ਲਈ ਉਹ ਰੁਕਿਆ) ਇਸ ਤੋਂ ਬਿਨ੍ਹਾਂ ਵੀ ਕਈ ਗੱਲਾਂ ਮੇਰੇ ਦਿਮਾਗ਼ ਵਿੱਚ ਆਉਂਦੀਆਂ ਹਨ। ਬੇ-ਘਰ-ਬਾਰ ਹੋਏ ਕਿਸਾਨ, ਉਹ ਦੁਕਾਨਦਾਰ, ਜਿਨ੍ਹਾਂ ਦੀਆਂ ਦੁਕਾਨਾਂ ਦਿੱਲੀ ਵਿੱਚ ਸੀਲ ਹੋ ਗਈਆਂ ਹਨ, ਵਗੈਰਾ-ਵਗੈਰਾ……। ਅਨਿਆਂ ਦੇ ਕਿੰਨੇ ਹੀ ਚਿਹਰੇ ਤੁਸੀਂ ਵੇਖ ਸਕਦੇ ਹੋ, ਪਛਾਣ ਵੀ ਸਕਦੇ ਹੋ, ਕੀ ਇਹ ਸਭ ਝੂਠ ਹੈ? ਕਦੀ ਸੋਚਿਆ ਹੈ ਉਨ੍ਹਾਂ ਹਜ਼ਾਰਾਂ ਲੋਕਾਂ ਬਾਰੇ ਜੋ ਇਸ ਸਭ ਨਾਲ ਪ੍ਰਭਾਵਿਤ ਹੋਣਗੇ ਉਨ੍ਹਾਂ ਦੀ ਰੋਜ਼ੀ ਰੋਟੀ ਉਨ੍ਹਾਂ ਦੇ ਪ੍ਰੀਵਾਰਾਂ…..? ਇਹ ਸਭ ਗੱਲਾਂ ਵੀ ਮੈਨੂੰ ਫ਼ਿਕਰਮੰਦ ਕਰਦੀਆਂ ਹਨ। (ਫਿਰ ਕੁਝ ਪਲਾਂ ਦੀ ਖਮੋਸ਼ੀ) ਅਤੇ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਹੈ, ਸੱਦਾਮ ਹੁਸੈਨ ਦੀ ਫਾਂਸੀ ਦੀ ਖ਼ਬਰ ਨਾਲ ਮੈਨੂੰ ਬਹੁਤ ਦੁੱਖ ਹੋਇਆ। ਇਨ੍ਹੇ ਖੁਲ੍ਹੇਆਮ ਅਤੇ ਬੇਹਯਾਈ ਨਾਲ ਬੇਇਨਸਾਫੀ ਹੋਈ ਹੈ। ਇਰਾਕ, ਮੈਸੋਪਟਾਮੀਆਂ ਦੀ ਧਰਤੀ, ਦੁਨੀਆਂ ਦੀ ਸਭ ਤੋਂ ਅਮੀਰ ਸਭਿਅਤਾ, ਜਿਸ ਨੇ ਗਣਿਤ ਦਾ ਗਿਆਨ ਦਿੱਤਾ। 60 ਮਿੰਟ ਦੀ ਘੜੀ,24 ਘੰਟੇ ਦਾ ਦਿਨ ਦਿੱਤਾ, ਉਸ ਨੂੰ ਅਮਰੀਕੀ ਧੂੜ ਵਿੱਚ ਮਿਲਾ ਰਹੇ ਹਨ। ਅਸਲ ਵਿੱਚ ਅਮਰੀਕੀ ਦੂਜੀਆਂ ਸਾਰੀਆਂ ਸੱਭਿਅਤਾਵਾਂ ਨੂੰ ਖ਼ਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਹੁਣ ਇਹ ਅਖੌਤੀ ਅਤਿਵਾਦ ਦੇ ਖਿਲਾਫ਼ ਜੰਗ ਸਿਰਫ਼ ਨਫ਼ਰਤ ਵਧਾਏਗੀ ਅਤੇ ਬਰਬਾਦੀ ਹੀ ਕਰੇਗੀ। ਮੈਂ ਤਾਂ ਕਹਿੰਦਾ ਹੀ ਜਾਵਾਂਗਾ ਕਿ ਮੈਨੂੰ ਕੀ ਕੀ ਫ਼ਿਕਰ ਹੈ।

ਪ੍ਰ. ਅੱਜ ਕੱਲ੍ਹ ਕੀ ਪੜ੍ਹ ਰਹੇ ਹੋ?
ਉੱਤਰ: ਹੁਣੇ ਅਰੁੰਧਤੀ ਰਾਇ ਨੂੰ ਪੜ੍ਹ ਕੇ ਹਟਿਆ ਹਾਂ। ਹੁਣ ਹੋਂਦ ਦੇ ਸੰਘਰਸ਼ ਉੱਤੇ ਸਾਰਤਰ ਦੀ ਕਿਤਾਬ ਪੜ੍ਹ ਰਿਹਾ ਹਾਂ। ਜੇਲ੍ਹ ਦੀ ਲਾਇਬ੍ਰੇਰੀ ਕੋਈ ਬਹੁਤੀ ਚੰਗੀ ਨਹੀਂ। ਇਸ ਲਈ ਮੈਨੂੰ ਨਜ਼ਰਬੰਦਾਂ ਅਤੇ ਕੈਦੀਆਂ ਦੇ ਅਧਿਕਾਰਾਂ ਲਈ ਬਣੀ ਹੋਈ ਕਮੇਟੀ ਦੇ ਮੈਂਬਰਾਂ ਨੂੰ ਕਿਤਾਬ ਮੰਗਵਾਉਣ ਲਈ ਬੇਨਤੀ ਕਰਨੀ ਪੈਂਦੀ ਹੈ।

ਪ੍ਰ. ਤੁਹਾਡੇ ਬਚਾਅ ਲਈ ਇੱਕ ਮੁਹਿੰਮ ਚੱਲ ਰਹੀ ਹੈ…….
ਉੱਤਰ: ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੈਂ ਅਹਿਸਾਨ-ਮੰਦ ਵੀ ਹਾਂ ਕਿ ਉੱਤਰ: ਹਜ਼ਾਰਾਂ ਲੋਕ ਸਾਹਮਣੇ ਆ ਕੇ ਕਹਿ ਰਹੇ ਹਨ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਹੈ। ਵਕੀਲ, ਵਿਦਿਆਰਥੀ, ਲੇਖਕ, ਬੁੱਧੀਜੀਵੀ ਅਤੇ ਬਾਕੀ ਲੋਕ ਇਸ ਬੇਇਨਸਾਫੀ ਵਿਰੁੱਧ ਆਵਾਜ਼ ਉਠਾ ਕੇ ਵੱਡਾ ਕੰਮ ਕਰ ਰਹੇ ਹਨ। ਸ਼ੁਰੂ ਵਿੱਚ,2009 ਵਿੱਚ ਮੁਕੱਦਮੇ ਦੇ ਸ਼ੁਰੂਆਤੀ ਦਿਨਾਂ ਦੇ ਹਾਲਾਤ ਐਸੇ ਸਨ ਕਿ ਇਨਸਾਫ਼ ਪਸੰਦ ਲੋਕਾਂ ਲਈ ਅੱਗੇ ਆਉਣਾ ਨਾ ਮੁਮਕਿਨ ਸੀ। ਜਦੋਂ ਹਾਈਕੋਰਟ ਨੇ ਐਸ.ਏ.ਆਰ. ਗਿਲਾਨੀ ਨੂੰ ਬਰੀ ਕਰ ਦਿੱਤਾ ਤਾਂ ਲੋਕਾਂ ਨੇ ਪੁਲਿਸ ਦੀ ਕਹਾਣੀ ‘ਤੇ ਸਵਾਲ ਉਠਾਉਣੇ ਸ਼ੁਰੁ ਕੀਤੇ ਅਤੇ ਜਿਵੇਂ-2 ਲੋਕਾਂ ਨੂੰ ਮੁਕੱਦਮੇ ਦੇ ਬਿਊਰੇ ਅਤੇ ਤੱਥਾਂ ਦੀ ਜਾਣਕਾਰੀ ਹੁੰਦੀ ਗਈ ਤਾਂ ਉਨ੍ਹਾਂ ਨੂੰ ਸਰਕਾਰੀ ਝੂਠ ਦਾ ਪਰਲਾ ਪਾਸਾ ਦਿਖਾਈ ਦੇਣ ਲੱਗਾ। ਫਿਰ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ। ਇਹ ਸੁਭਾਵਿਕ ਸੀ ਕਿ ਇਨਸਾਫ ਪਸੰਦ ਲੋਕ ਬੋਲਣਗੇ ਅਤੇ ਕਹਿਣਗੇ ਕਿ ਅਫ਼ਜ਼ਲ ਨਾਲ ਬੇਇਨਸਾਫੀ ਹੋਈ ਤੇ ਇਹ ਸੱਚ ਵੀ ਹੈ।

ਪ੍ਰ. ਤੁਹਾਡੇ ਪਰਵਾਰਿਕ ਮੈਂਬਰਾਂ ਦੀ ਇਸ ਕੇਸ ਬਾਰੇ ਵਿਰੋਧੀ ਰਾਇ ਕਿਉਂ ਹੈ?
ਉੱਤਰ: ਮੇਰੀ ਪਤਨੀ ਨੇ ਹਮੇਸ਼ਾ ਕਿਹਾ ਹੈ ਕਿ ਮੈਨੂੰ ਇਸ ਕੇਸ ਵਿੱਚ ਗਲਤ ਫਸਾ ਲਿਆ ਗਿਆ ਹੈ। ਉਸ ਨੇ ਵੇਖਿਆ ਹੈ ਕਿ ਕਿਸ ਤਰ੍ਹਾਂ ਐਸ.ਟੀ.ਐਫ. ਨੇ ਮੇਰੇ ਉੱਤੇ ਅੰਨਾ ਤਸ਼ੱਦਦ ਢਾਇਆ ਅਤੇ ਮੈਨੂੰ ਇੱਕ ਆਮ ਜ਼ਿੰਦਗੀ ਨਹੀਂ ਜਿਉਣ ਦਿੱਤੀ। ਉਹ ਇਹ ਵੀ ਜਾਣਦੀ ਹੈ ਕਿ ਉਨ੍ਹਾਂ ਨੇ ਮੈਨੂੰ ਕਿਸ ਤਰ੍ਹਾਂ ਇਸ ਕੇਸ ਵਿੱਚ ਫਸਾਇਆ। ਉਹ ਚਾਹੁੰਦੀ ਹੈ ਕਿ ਮੈਂ ਸਾਡੇ ਪੁੱਤਰ ਗਾਲਿਬ ਨੂੰ ਵੱਡਾ ਹੁੰਦਾ ਦੇਖਾਂ। ਮੇਰਾ ਇਕ ਵੱਡਾ ਭਰਾ ਹੈ ਜੋ ਜ਼ਾਹਿਰ ਹੈ ਕਿ ਐਸ.ਟੀ.ਐਫ. ਦੇ ਦਬਾ ਕਰਕੇ ਮੇਰੇ ਵਿਰੁੱਧ ਬੋਲ ਰਿਹਾ ਹੈ। ਇਹ ਬਦਕਿਸਮਤੀ ਹੈ ਕਿ ਉਹ ਇਸ ਤਰ੍ਹਾਂ ਕਰ ਰਿਹਾ ਹੈ। ਮੈਂ ਤਾਂ ਇਹ ਹੀ ਕਹਿ ਸਕਦਾ ਹਾਂ। ਵੇਖੋ ਅੱਜ ਕਸ਼ਮੀਰ ਦੀ ਸਚਾਈ ਇਹ ਹੈ, ਜਿਸ ਨੂੰ ਤੁਸੀਂ ਕਾਊਂਟਰ ਇਨਸਰਜੈਂਸੀ ਓਪਰੇਸ਼ਨ ਕਹਿੰਦੇ ਹੋ, ਉਹ ਕੋਈ ਵੀ ਗੰਦੀ ਸ਼ਕਲ ਅਖ਼ਤਿਆਰ ਕਰ ਸਕਦੇ ਹਨ। ਉਹ ਭਰਾ ਨੂੰ ਭਰਾ ਦੇ ਖਿਲਾਫ਼ ਤੇ ਗੁਆਂਢੀ ਨੂੰ ਗੁਆਂਢੀ ਦੇ ਖਿਲਾਫ਼ ਖੜ੍ਹਾ ਕਰ ਸਕਦੇ ਹਨ। ਆਪਣੀਆਂ ਗੰਦੀਆਂ ਚਾਲਾਂ ਦੇ ਨਾਲ ਉਹ ਸਮਾਜ ਨੂੰ ਤੋੜ ਰਹੇ ਹਨ। ਜਿੱਥੋਂ ਤੱਕ ਮੁਹਿੰਮ ਦਾ ਸਵਾਲ ਹੈ ਮੈਂ ਗਿਲਾਨੀ ਅਤੇ ਬਾਕੀ ਕਾਰਕੁੰਨਾਂ ਦੁਆਰਾ ਚਲਾਈ ਜਾ ਰਹੀ ਨਜ਼ਰਬੰਦਾਂ ਤੇ ਕੈਦੀਆਂ ਦੇ ਅਧਿਕਾਰਾਂ ਦੇ ਕਮੇਟੀ ਨੂੰ ਗੁਜਾਰਿਸ਼ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਲਈ ਆਗਾਹ ਕੀਤਾ ਸੀ।

ਪ੍ਰ. ਜਦੋਂ ਤੁਸੀਂ ਆਪਣੇ ਬੇਟੇ ਗਾਲਿਬ ਅਤੇ ਪਤਨੀ ਤਬੱਸੁਮ ਬਾਰੇ ਸੋਚਦੇ ਹੋ ਤਾਂ ਦਿਮਾਗ਼ ਵਿਚ ਕੀ ਆਉਂਦਾ ਹੈ?
ਉੱਤਰ: ਇਸ ਸਾਲ ਸਾਡੇ ਨਿਕਾਹ ਨੂੰ ਦਸ ਸਾਲ ਹੋ ਜਾਣਗੇ। ਅੱਧਾ ਸਮਾਂ ਤਾਂ ਮੇਰਾ ਜ਼ੇਲ ਵਿੱਚ ਹੀ ਬਤਿਆ ਹੈ ਤੇ ਓਦੂ ਪਹਿਲਾਂ ਵੀ, ਬਹੁਤ ਵਾਰ ਮੈਨੂੰ ਕਸ਼ਮੀਰ ਵਿਚ ਹਿੰਦੋਸਤਾਨੀ ਫੋਰਸਾਂ ਨੇ ਨਜ਼ਰਬੰਦ ਰੱਖਿਆ ਤੇ ਤਸੀਹੇ ਦਿੱਤੇ। ਤਬੱਸੁਮ ਮੇਰੇ ਜਿਸਮਾਨੀ ਤੇ ਦਿਮਾਗ਼ੀ ਜ਼ਖ਼ਮਾਂ ਦੀ ਗਵਾਹ ਹੈ। ਕਈ ਵਾਰ ਜਦੋਂ ਮੈਂ ਪੁਲਸ ਦੇ ਬੁੱਚੜ-ਖਾਨਿਆਂ ਵਿਚੋਂ ਮੁੜਦਾ ਤਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਅਨੇਕ ਤਰ੍ਹਾਂ ਦੇ ਜ਼ੁਲਮ ਹੋਏ। ਗੁਪਤ ਅੰਗਾਂ ਤੇ ਵੀ ਕਰੰਟ ਲਗਾਏ ਗਏ। ਏਸ ਮੁਸ਼ਕਿਲ ਵਕਤ ਵਿਚ ਤਬੱਸੁਮ ਨੇ ਮੈਨੂੰ ਜ਼ਿੰਦਾ ਰਹਿਣ ਦੀ ਉਮੀਦ ਦਿੱਤੀ। ਅਸੀਂ ਚੈਨ ਦੀ ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਮਾਣਿਆ। ਅਣਗਿਣਤ ਕਸ਼ਮੀਰੀ ਜੋੜਿਆਂ ਦੀ ਇਹੀ ਕਹਾਣੀ ਹੈ। ਹਰੇਕ ਕਸ਼ਮੀਰੀ ਘਰ ਵਿਚ ਇੱਕ ਡਰ ਦਾ ਪਰਛਾਵਾਂ ਹਰ ਵਕਤ ਮੰਡਰਾਉਂਦਾ ਰਹਿੰਦਾ ਹੈ। ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਬਹੁਤ ਖੁਸ਼ ਸੀ। ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਨਾਮ ‘ਤੇ ਅਸੀਂ ਉਸ ਦਾ ਨਾਂ ਰੱਖਿਆ। ਮੇਰੀ ਰੀਝ ਸੀ ਕਿ ਮੈਂ ਉਸਨੂੰ ਵੱਡੇ ਹੁੰਦੇ ਵੇਖਾਂ। ਪਰ ਮੈਂ ਉਸ ਨਾਲ ਬਹੁਤ ਘੱਟ ਰਹਿ ਸਕਿਆ। ਉਸਦੇ ਦੂਜੇ ਜਨਮ ਦਿਨ ਤੇ ਹੀ ਮੈਨੂੰ ਇਸ ਕੇਸ ਵਿੱਚ ਫਸਾ ਦਿੱਤਾ ਗਿਆ।

ਪ੍ਰ. ਤੁਸੀਂ ਕੀ ਚਾਹੁੰਦੇ ਹੋ ਕਿ ਉਹ ਵੱਡਾ ਹੋ ਕਿ ਕੀ ਬਣੇ?
ਉੱਤਰ: ਪੇਸ਼ੇਵਰ ਤੌਰ ‘ਤੇ ਪੁੱਛ ਰਹੇ ਹੋ ਤਾਂ ਡਾਕਟਰ ਕਿਉਂਕਿ ਇਹ ਮੇਰਾ ਅਧੂਰਾ ਸੁਪਨਾ ਹੈ। ਪਰ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਹਾਂ ਕਿ ਉਹ ਬੇਖੌਫ ਵੱਡਾ ਹੋਵੇ। ਮੈਂ ਚਾਹੁੰਦਾ ਹਾਂ ਕਿ ਉਹ ਬੇਇਨਸਾਫ਼ੀ ਦੇ ਖਿਲਾਫ ਆਵਾਜ ਉਠਾਵੇ। ਮੈਨੂੰ ਯਕੀਨ ਹੈ ਕਿ ਉਹ ਇਸੇ ਤਰ੍ਹਾਂ ਹੀ ਕਰੇਗਾ। ਬੇਇਨਸਾਫੀ ਦੀ ਕਹਾਣੀ ਮੇਰੀ ਪਤਨੀ ਤੇ ਬੇਟੇ ਤੋਂ ਬਿਹਤਰ ਕੌਣ ਸਮਝ ਸਕਦਾ ਹੈ।

ਪ੍ਰ. ਕਸ਼ਮੀਰ ਮੁੱਦੇ ਨੂੰ…. ਤੁਹਾਡੇ ਖਿਆਲ ਨਾਲ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?
ਉੱਤਰ: ਸਭ ਤੋਂ ਪਹਿਲਾਂ ਤਾਂ ਸਰਕਾਰ ਕਸ਼ਮੀਰੀ ਅਵਾਮ ਪ੍ਰਤੀ ਸੰਜੀਦਾ ਹੋਵੇ ਤੇ ਫੇਰ ਉਹ ਕਸ਼ਮੀਰ ਦੇ ਅਸਲੀ ਪ੍ਰਤੀਨਿਧੀਆਂ ਨਾਲ ਗੱਲਬਾਤ ਸ਼ੁਰੂ ਕਰੇ। ਮੇਰਾ ਯਕੀਨ ਕਰੋ, ਕਸ਼ਮੀਰ ਦੇ ਅਸਲੀ ਪ੍ਰਤੀਨਿਧ ਇਸ ਮਸਲੇ ਨੂੰ ਸੁਲਝਾ ਸਕਦੇ ਹਨ। ਪਰ ਜੇ ਸਰਕਾਰ ਆਪਣੇ ਕੀਤੇ ਜਾ ਰਹੇ ਉਪਾਵਾਂ (ਜਿਹਨਾਂ ਵਿਚ ਜਿਆਦਾਤਰ ਅਣਮਨੁੱਖੀ ਹਨ) ਨਾਲ ਹੀ ਸ਼ਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਇਸ ਸਮੱਸਿਆ ਦਾ ਹੱਲ ਕਦੇ ਨਹੀ ਹੋਵੇਗਾ। ਹੁਣ ਸਮਾਂ ਹੈ ਕਿ ਇਸ ਮਸਲੇ ਤੇ ਸੰਜੀਦਗੀ ਵਿਖਾਈ ਜਾਵੇ।

ਪ੍ਰ. ……ਤੇ ਉਹ ਅਸਲੀ ਪ੍ਰਤਨਿਧ ਕੌਣ ਹਨ?
ਉੱਤਰ: ਕਸ਼ਮੀਰੀ ਅਵਾਮ ਦੇ ਜਜ਼ਬਾਤ ਤੋਂ ਪਤਾ ਲਗਾਓ। ਮੈਂ ਕਿਸੇ ਵਿਅਕਤੀ ਦਾ ਨਾਮ ਨਹੀਂ ਲਵਾਂਗਾ। ਮੈਂ ਹਿੰਦੋਸਤਾਨੀ ਮੀਡੀਆਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਹਾਂ, ਤੁਸੀਂ ਪ੍ਰਾਪੇਗੰਡਾ ਦਾ ਜ਼ਰੀਆ ਨਾ ਬਣੋ। ਸੱਚਾਈ ਦੱਸੋ। ਆਪਣੀ ਲੱਛੇਦਾਰ ਭਾਸ਼ਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਖ਼ਬਰਾ ਨਾਲ ਉਹ (ਮੀਡੀਆ) ਸੱਚ ਨੂੰ ਤੋੜ-ਮਰੋੜ ਦਿੰਦੇ ਹਨ, ਅਧੂਰੀਆਂ ਰਿਪੋਰਟਾਂ ਦਿੰਦੇ ਹਨ, ਅੱਤਵਾਦੀਆਂ ਨੂੰ ਜਨਮ ਦਿੰਦੇ ਹਨ। ਉਹ ਅਸਾਨੀ ਨਾਲ ਖੂਫੀਆਂ ਏਜੰਸੀਆਂ ਦੇ ਖੇਡ ਵਿੱਚ ਫੱਸ ਜਾਂਦੇ ਹਨ। ਥੋਥੀ ਪੱਤਰਕਾਰਤਾ ਨਾਲ ਉਹ ਸਮੱਸਿਆ ਨੂੰ ਵਧਾ ਰਹੇ ਹਨ। ਕਸ਼ਮੀਰ ਬਾਰੇ ਗ਼ਲਤ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਰੋਕਿਆ ਜਾਣਾ ਚਾਹੀਦਾ ਹੈ। ਹਿੰਦੁਸਤਾਨੀਆਂ ਨੂੰ ਕਸ਼ਮੀਰ ਸੰਘਰਸ਼ ਦਾ ਪੂਰਾ ਇਤਿਹਾਸ ਜਾਨਣ ਦਿਉ, ਉਹਨਾਂ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਦਿਉ। ਸੱਚੇ ਪਰਜਾਤੰਤਰੀ ਸੱਚ ਨੂੰ ਦਬਾਉਣਗੇ ਨਹੀਂ। ਜੇ ਹਿੰਦੋਸਤਾਨੀ ਸਰਕਾਰ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਨਹੀਂ ਸਮਝੇਗੀ ਤਾਂ ਸਮੱਸਿਆ ਕਦੇ ਹੱਲ ਨਹੀਂ ਹੋਵੇਗੀ ਤੇ ਸੰਘਰਸ਼ ਕਸ਼ਮੀਰ ਵਿਚ ਸਦਾ ਚੱਲਦਾ ਰਹੇਗਾ। ਮੈਨੂੰ ਇਹ ਵੀ ਦੱਸੋ ਕਿ ਤੁਸੀਂ ਕਸ਼ਮੀਰੀਆਂ ਵਿੱਚ ਭਰੋਸੇ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਕਰ ਸਕਦੇ ਹੋ ਜਦ ਕਿ ਤੁਸੀਂ ਉਹਨਾਂ ਨੂੰ ਇਹ ਸੰਦੇਸ਼ ਦੇ ਰਹੇ ਹੋ ਕਿ ਹਿੰਦੋਸਤਾਨ ਦੀ ਨਿਆਇਕ ਪ੍ਰਕਿਰਿਆ ਲੋਕਾਂ ਨੂੰ ਬਿਨ੍ਹਾਂ ਵਕੀਲ ਦਿੱਤੇ, ਬਿਨਾਂ ਨਿਰਪੱਖ ਸੁਣਵਾਈ ਦੇ ਫਾਂਸੀ ਦੇ ਦਿੰਦੀ ਹੈ? ਦੱਸੋ, ਜਦੋਂ ਹਜ਼ਾਰਾਂ ਕਸ਼ਮੀਰੀ ਜ਼ੇਲ੍ਹਾਂ ਵਿੱਚ ਬੰਦ ਨੇ, ਜ਼ਿਆਦਾਤਰ ਕੋਲ ਵਕੀਲ ਨਹੀਂ, ਇਨਸਾਫ਼ ਦੀ ਕੋਈ ਉਮੀਦ ਨਹੀਂ, ਤਾਂ ਤੁਸੀਂ ਕਸ਼ਮੀਰੀਆਂ ਵਿੱਚ ਹਿੰਦੋਸਤਾਨੀ ਸਰਕਾਰ ਦੇ ਖਿਲਾਫ਼ ਬੇਭਰੋਸਗੀ ਹੋਰ ਨਹੀਂ ਵਧਾ ਰਹੇ? ਤੁਹਾਨੂੰ ਲੱਗਦਾ ਹੈ ਕਿ ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਤੇ ਸੁਧਾਰ ਦੀ ਕੋਸ਼ਿਸ਼ ਕਰਨ ਤੋਂ ਬਿਨ੍ਹਾਂ ਵੀ ਕਸ਼ਮੀਰ ਮੁੱਦੇ ਨੂੰ ਸੁਲਝਾ ਲਉਗੇ? ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਪਾਕਿਸਤਾਨ ਦੀਆਂ ਲੋਕਤੰਤਰਿਕ ਸੰਸਥਾਵਾਂ ਕੁਝ ਸੰਜੀਦਗੀ ਦਿਖਾਉਣ, ਨੇਤਾ, ਸੰਸਦ ਨਿਆਪਾਲਿਕਾ, ਮੀਡੀਆ, ਬੁੱਧੀਜੀਵੀ…. ਸਾਰੇ।

ਪ੍ਰ. ਸੰਸਦ ਉੱਤੇ ਹਮਲੇ ਵਿੱਚ ਨੌ ਸੁਰੱਖਿਆ ਜਵਾਨ ਮਾਰੇ ਗਏ। ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ਉੱਤਰ: ਅਸਲ ਵਿੱਚ, ਮੈਂ ਉਹਨਾਂ ਲੋਕਾਂ ਦਾ ਦਰਦ ਵੰਡਾਉਦਾ ਹਾਂ, ਜਿਹਨਾਂ ਦੇ ਆਪਣੇ ਇਸ ਹਮਲੇ ਵਿੱਚ ਮਾਰੇ ਗਏ। ਪਰ ਮੈਨੂੰ ਦੁੱਖ ਹੁੰਦਾ ਹੈ ਕਿ ਉਹਨਾਂ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਮੇਰੇ ਵਰਗੇ ਬੇਗੁਨਾਹ ਦੀ ਮੌਤ ਨਾਲ ਉਹਨਾਂ ਨੂੰ ਸੰਤੋਸ਼ ਮਿਲੇਗਾ। ਦੇਸ਼-ਭਗਤੀ ਦੇ ਸਭ ਤੋਂ ਭੈੜੀ ਮਿਸਾਲ ਵਿੱਚ ਉਹਨਾਂ ਨੂੰ ਪਿਆਦੇ ਵਾਂਗ ਵਰਤਿਆ ਜਾ ਰਿਹਾ ਹੈ। ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਸਾਹਮਣੇ ਆ ਕੇ ਸੱਚਾਈ ਨੂੰ ਦੇਖਣ।

ਪ੍ਰ. ਆਪਣੀ ਜ਼ਿੰਦਗੀ ਦੀ ਕੀ ਪ੍ਰਾਪਤੀ ਮੰਨਦੇ ਹੋ?
ਉੱਤਰ: ਮੇਰੀ ਸਭ ਤੋਂ ਵੱਡੀ ਪ੍ਰਾਪਤੀ ਸ਼ਾਇਦ ਇਹੀ ਹੈ ਕਿ ਮੇਰੇ ਕੇਸ ਅਤੇ ਮੇਰੇ ਨਾਲ ਹੋਈ ਬੇਇਨਸਾਫੀ ਦੇ ਵਿਰੁੱਧ ਮੁਹਿੰਮ ਨਾਲ ਐਸ.ਟੀ.ਐਫ. ਦੁਆਰਾ ਕੀਤੀਆਂ ਗਈਆਂ ਜ਼ਿਆਦਤੀਆਂ ਸਾਹਮਣੇ ਆਈਆਂ ਹਨ। ਮੈਨੂੰ ਖੁਸ਼ੀ ਹੈ ਕਿ ਹੁਣ ਲੋਕ ਸੁਰੱਖਿਆ ਬਲਾਂ ਦੁਆਰਾ ਆਮ ਆਦਮੀਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ, ‘ਮੁਕਾਬਲਿਆਂ’ ਵਿੱਚ ਹੋਈਆਂ ਮੌਤਾਂ, ਲੋਕਾਂ ਦੇ ਲਾਪਤਾ ਹੋਣ, ਟਾਰਚਰ ਸੈਂਟਰਾਂ ਬਾਰੇ ਗੱਲਾਂ ਕਰ ਰਹੇ ਹਨ…..। ਇੱਕ ਕਸ਼ਮੀਰੀ ਇਹਨਾਂ ਹਕੀਕਤਾਂ ਨਾਲ ਹੀ ਵੱਡਾ ਹੁੰਦਾ ਹੈ। ਕਸ਼ਮੀਰ ਤੋਂ ਬਾਹਰ ਬੈਠੇ ਲੋਕਾਂ ਨੂੰ ਰੱਤੀ ਭਰ ਵੀ ਇਲਮ ਨਹੀਂ ਕਿ ਸੁਰੱਖਿਆ ਬਲ ਕਸ਼ਮੀਰ ਵਿਚ ਕੀ-ਕੀ ਕਰ ਰਹੇ ਹਨ। ਮੇਰਾ ਗੁਨਾਹ ਨਾ ਹੁੰਦੇ ਹੋਏ ਵੀ ਭਾਵੇਂ ਮੈਨੂੰ ਮਾਰ ਦਿੱਤਾ ਜਾਏ, ਪਰ ਐਸਾ ਇਸ ਲਈ ਹੋਵੇਗਾ ਕਿ ਉਹ ਸੱਚਾਈ ਨੂੰ ਬਦਰਾਸ਼ਤ ਨਹੀਂ ਕਰ ਸਕਦੇ। ਇੱਕ ਕਸ਼ਮੀਰੀ ਨੂੰ ਬਿਨ੍ਹਾਂ ਵਕੀਲ ਦਿੱਤੇ ਫਾਂਸੀ ਉੱਤੇ ਲਟਕਾ ਦੇਣ ਨਾਲ ਉੱਠਣ ਵਾਲੇ ਸਵਾਲਾਂ ਦਾ ਉਹ ਸਾਹਮਣਾ ਨਹੀਂ ਕਰ ਸਕਦੇ। (ਕੰਨਾਂ ਨੂੰ ਪਾੜਦੀ ਹੋਈ ਘੰਟੀ ਵੱਜ ਉੱਠੀ। ਆਸੇ ਪਾਸੇ ਦੇ ਮੁਲਾਕਾਤੀ ਜਲਦੀ-ਜਲਦੀ ਗੱਲਾਂ ਕਰਨ ਲੱਗੇ। ਅਫ਼ਜ਼ਲ ਨੂੰ ਇਹ ਮੇਰਾ ਆਖ਼ਰੀ ਸਵਾਲ ਸੀ)

ਪ੍ਰ. ਤੁਸੀਂ ਕਿਸ ਤਰ੍ਹਾਂ ਜਾਣੇ-ਜਾਣਾ ਚਾਹੁੰਦੇ ਹੋ?
ਉੱਤਰ: (ਉਸਨੇ ਇੱਕ ਪਲ ਸੋਚ ਕੇ ਜਵਾਬ ਦਿੱਤਾ) ਅਫ਼ਜ਼ਲ, ਮੁਹੰਮਦ ਅਫ਼ਜ਼ਲ ਦੀ ਤਰ੍ਹਾਂ। ਕਸ਼ਮੀਰੀਆਂ ਦੇ ਲਈ ਮੈਂ ਅਫ਼ਜ਼ਲ ਹਾਂ ਤੇ ਹਿੰਦੋਸਤਾਨੀਆਂ ਦੇ ਲਈ ਵੀ। ਪਰ ਦੋਵਾਂ ਅਵਾਮਾਂ ਵਿਚ ਮੇਰੇ ਵਜ਼ੂਦ ਨੂੰ ਲੈ ਕੇ ਵੱਖ-ਵੱਖ ਨਜ਼ਰੀਏ ਹਨ। ਕੁਦਰਤੀ ਤੌਰ ‘ਤੇ ਮੈਂ ਕਸ਼ਮੀਰੀ ਲੋਕਾਂ ਦੇ ਫੈਸਲੇ ਉੱਤੇ ਭਰੋਸਾ ਕਰਾਂਗਾ, ਨਾ ਸਿਰਫ ਇਸ ਲਈ ਕਿ ਮੈਂ ਕਸ਼ਮੀਰੀ ਹਾਂ, ਸਗੋਂ ਇਸ ਲਈ ਵੀ ਕਿ ਉਹ (ਕਸ਼ਮੀਰੀ ਲੋਕ) ਉਸ ਹਕੀਕਤ ਨੂੰ ਬਾਖੂਬੀ ਜਾਣਦੇ ਹਨ, ਜਿਸ ਵਿੱਚੋਂ ਮੈਂ ਗੁਜ਼ਰਿਆ ਹਾਂ ਅਤੇ ਉਹ ਇਤਿਹਾਸ ਜਾਂ ਕਿਸੇ ਘਟਨਾ ਦੇ ਤੋੜੇ-ਮਰੋੜੇ ਬਿਆਨ ‘ਤੇ ਯਕੀਨ ਨਹੀਂ ਕਰਨਗੇ।

ਅਫ਼ਜ਼ਲ ਦੇ ਇਸ ਅੰਤਮ ਜਵਾਬ ਉੱਤੇ ਮੈਂ ਥੋੜਾ ਜਿਹਾ ਉਲਝ ਗਿਆ, ਪਰ ਧਿਆਨ ਨਾਲ ਸੋਚਿਆਂ ਮੈਨੂੰ ਉਸਦੀ ਗੱਲ ਦਾ ਮਤਲਬ ਸਮਝ ਆਇਆ। ਇੱਕ ਕਸ਼ਮੀਰੀ ਦੀ ਜ਼ੁਬਾਨੀ ਕਸ਼ਮੀਰ ਦੇ ਇਤਿਹਾਸ ਅਤੇ ਕਿਸੇ ਘਟਨਾ ਦੇ ਵੇਰਵੇ ਨੂੰ ਸੁਣ ਕੇ ਕਿਸੇ ਵੀ ਭਾਰਤੀ ਨੂੰ ਸਦਮਾਂ ਲੱਗਦਾ ਹੈ, ਕਿਉਂਕਿ ਕਸ਼ਮੀਰ ਦੇ ਬਾਰੇ ਵਿੱਚ ਆਮ ਭਾਰਤੀ ਦੀ ਜਾਣਕਾਰੀ ਦਾ ਜ਼ਰੀਆ ਸਕੂਲੀ/ਕਾਲਜੀ ਕਿਤਾਬਾਂ ਜਾਂ ਮੀਡੀਆ ਰਿਪੋਰਟਾਂ ਹੀ ਰਹੀਆਂ ਹਨ। ਅਫ਼ਜ਼ਲ ਨੇ ਮੇਰੇ ਨਾਲ ਵੀ ਇਹੀ ਕੀਤਾ। ਦੋ ਘੰਟੀਆਂ ਹੋਰ ਵੱਜੀਆਂ। ਮੁਲਾਕਾਤ ਖ਼ਤਮ ਕਰਨ ਦਾ ਸਮਾਂ ਹੋ ਗਿਆ। ਪਰ ਲੋਕ ਅਜੇ ਵੀ ਗੱਲੀਂ ਲੱਗੇ ਹੋਏ ਸਨ।ਮਾਈਕ ਬੰਦ ਕਰ ਦਿੱਤੇ ਗਏ। ਸਪੀਕਰ ਖ਼ਾਮੋਸ਼ ਹੋ ਗਏ। ਪਰ ਕੰਨਾਂ ‘ਤੇ ਜ਼ੋਰ ਦੇ ਕੇ ਅਤੇ ਬੁੱਲ੍ਹਾਂ ਦੇ ਹਿੱਲਣ ਤੋਂ ਬੋਲ ਅਜੇ ਵੀ ਸਮਝੇ ਜਾ ਸਕਦੇ ਸਨ। ਗਾਰਡਾਂ ਨੇ ਸਖ਼ਤੀ ਨਾਲ ਮੁਲਾਕਾਤੀਆਂ ਨੂੰ ਜਾਣ ਦੀਆਂ ਹਦਾਇਤਾਂ ਕੀਤੀਆਂ। ਜਦੋਂ ਉਹ ਨਹੀਂ ਗਏ ਤਾਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਤੇ ਮੁਲਾਕਾਤ ਦਾ ਕਮਰਾ ਹਨ੍ਹੇਰੇ ਵਿੱਚ ਡੁੱਬ ਗਿਆ। ਤਿਹਾੜ ਜੇਲ ਦੇ ਅਹਾਤੇ ਵਿਚ ਜੇਲ੍ਹ  ਨੰਬਰ 3 ਤੋਂ ਮੁੱਖ ਸੜਕ ਤੱਕ ਜਾਂਦੇ ਲੰਬੇ ਰਸਤੇ ਉੱਤੇ ਚੱਲਦੇ ਹੋਏ ਮੈਂ ਖ਼ੁਦ ਨੂੰ ਦੋ-ਤਿੰਨ ਤਰੀਕੇ ਦੇ ਲੋਕਾਂ ਦੇ ਝੁੰਡਾਂ ਵਿੱਚ ਚੱਲਦਾ ਮਹਿਸੂਸ ਕੀਤਾ। ਮਾਂ, ਬੀਵੀ ਅਤੇ ਬੇਟੀ, ਭਾਈ, ਭੈਣ ਤੇ ਬੀਵੀ ਜਾਂ ਦੋਸਤ ਤੇ ਭਰਾ। ਹਰ ਝੁੰਡ ਵਿੱਚ ਦੋ ਸਮਾਨਤਾਵਾਂ ਸਨ। ਉਹਨਾਂ ਕੋਲ ਖਾਲੀ ਸੂਤੀ ਝੋਲੇ ਸਨ। ਉਹਨਾਂ ਝੋਲਿਆਂ ਉੱਤੇ ਮਲਾਈ ਕੋਲ਼ਤੇ, ਮਿਕਸਡ-ਵੈਜੀਟੇਬਲ ਤੇ ਸ਼ਾਹੀ ਪਨੀਰ ਦੇ ਧੱਬੇ ਸਨ, ਜੋ ਅਕਸਰ ਟੀ.ਐਸ.ਪੀ. ਦੇ ਜਵਾਨ ਦੇ ਚਮਚੇ ਨਾਲ ਜਲਦਬਾਜ਼ੀ ਵਿੱਚ ਕੀਤੀ ਗਈ ਜਾਂਚ ਨਾਲ ਛਲਕ ਜਾਂਦੇ ਸਨ। ਦੂਜੀ ਗੱਲ ਜੋ ਮੈਂ ਵੇਖੀ ਉਹ ਇਹ ਕਿ ਸਭ ਨੇ ਸਸਤੇ ਗਰਮ ਕੱਪੜੇ ਤੇ ਪਾਟੇ-ਪੁਰਾਣੇ ਬੂਟ ਪਾਏ ਹੋਏ ਸਨ। ਉਹ ਗੇਟ ਨੰਬਰ 3 ਦੇ ਬਾਹਰ 588 ਨੰਬਰ ਦੀ ਤਿਲਕ ਨਗਰ- ਨਹਿਰੂ ਸਟੇਡੀਅਮ ਦੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਜੋ ਸ਼ਾਇਦ ਉਹਨਾਂ ਨੂੰ ਧੌਲਾ ਕੂਆਂ ਚੌਂਕ ਤੱਕ ਛੱਡ ਦੇਵੇਗੀ। ਉਹ ਇਸ ਦੇਸ਼ ਦੀ ਗਰੀਬ ਜਨਤਾ ਹੈ। ਯਾਦ ਆਇਆ ਰਾਸ਼ਟਰਪਤੀ ਅਬਦੁਲ ਕਲਾਮ ਦਾ ਕਹਿਣਾ ਕਿ ਕਿਵੇਂ ਗਰੀਬ ਲੋਕ ਮੌਤ ਦੀ ਸਜ਼ਾ ਦੇ ਹੱਕਦਾਰ ਬਣਦੇ ਹਨ। ਜਿਸ ਨਾਲ ਮੈਂ ਗੱਲਬਾਤ ਕੀਤੀ, ਉਹ ਵੀ ਗਰੀਬ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਕੋਲ ਕਿੰਨੇ ਟੋਕਣ (ਜੇਲ੍ਹ ਵਿੱਚ ਚੱਲਣ ਵਾਲੀ ਕਰੰਸੀ) ਹਨ, ਤਾਂ ਉਸ ਨੇ ਕਿਹਾ, “ਜਿਉਂਦੇ ਰਹਿਣ ਜੋਗੇ।”

ਪੰਜਾਬੀ ਤਰਜ਼ਮਾ-ਜਗਦੀਪ ਸਿੰਘ ਫਰੀਦਕੋਟ

Wednesday, February 6, 2013

ਮੁਕੰਮਲ ਔਰਤ ਕਿਸੇ-ਕਿਸੇ ਨੂੰ ਮਿਲਦੀ ਹੈ...

ਉਨ੍ਹਾਂ ਦਿਨਾਂ 'ਚ ਅਸੀਂ ਦੋਵੇਂ ਦਿੱਲੀ ਸੀ। ਮੋਬਾਇਲ 'ਤੇ ਇਮਰਾਨ ਦੀ ਘੰਟੀ ਖੜ੍ਹਕਦੀ ਹੈ।ਇਮਰੋਜ਼ ਨਾਲ ਮੁਲਾਕਾਤ ਕਰਨੀ ਹੈ,ਚੱਲ੍ਹੇਂ-ਗਾ।ਮੈਂ ਕਿਹਾ, ਮੁਲਾਕਾਤ ਤੋਂ ਪਹਿਲਾਂ ਕੇ.ਸਟਾਲਿਨ ਦੀ ਫਿਲਮ 'ਇੰਡੀਆ ਅਨਟੱਚਡ'(INDIA UNTOUCHED) (ਜਾਤ ਦੇ ਵਿਸ਼ੇ 'ਤੇ ਅਹਿਮ ਫਿਲਮ) ਦੇਖਣੀ ਪਊ। 'ਕਾਮਨ ਮਿਨੀਮਮ ਪ੍ਰੋਗਰਾਮ' ਬਣ ਜਾਂਦਾ ਹੈ।ਹੌਜ਼ ਖਾਸ ਦੇ ਨੇੜੇ ਇਕ ਸਮਾਜ ਸੇਵੀ ਜਥੇਬੰਦੀ ਦੇ ਦਫਤਰ 'ਚ ਫਿਲਮ ਦੇਖਣ ਤੋਂ ਬਾਅਦ ਇਮਰੋਜ਼ ਨਾਲ ਪੁਰਾਣੇ ਹੌਜ਼ ਖਾਸ ਵਾਲੇ ਘਰ 'ਚ ਮੁਲਾਕਾਤ ਹੰਦੀ ਹੈ। ਮੈਂ ਉਨ੍ਹਾਂ ਦਿਨਾਂ 'ਚ ਫਰਾਂਸ ਦੀ ਨਾਰੀਵਾਦੀ ਆਗੂ ਸਿਮੋਨ ਦੀ ਕਿਤਾਬ ' ਦ ਸੈਂਕੇਡ ਸੈਕਸ' ਤੇ ਉਸ ਦੀਆਂ ਕੁਝ ਹੋਰ ਲਿਖ਼ਤਾਂ ਤਾਜ਼ੀਆਂ-ਤਾਜ਼ੀਆਂ ਪੜ੍ਹੀਆਂ ਸੀ।ਇਮਰਾਨ ਨੇ ਇਮਰੋਜ਼ ਨਾਲ ਲੰਮੀ ਰਸਮੀ ਮੁਲਕਾਤ ਕੀਤੀ। ਮੈਂ ਇਮਰੋਜ਼ ਤੋਂ ਅੰਮ੍ਰਿਤਾ-ਇਮਰੋਜ਼ ਦੇ ਰਿਸ਼ਤੇ ਨੂੰ ਸਿਮੋਨ-ਸਾਰਤਰ ਦੀ ਖੁੱਲ੍ਹੀ ਕਿਤਾਬ ਵਰਗੀ ਜ਼ਿੰਦਗੀ ਦੇ ਸੰਦਰਭ 'ਚ ਸਮਝਣ ਦੀ ਕੋਸ਼ਿਸ਼ ਕੀਤੀ।ਫਰਾਂਸ, ਦਿੱਲੀ,ਪੈਰਿਸ,ਲਾਹੌਰ,ਪੰਜਾਬ ਦੇ ਭੂਗੋਲਿਕ,ਸਾਹਿਤਕ,ਸੱਭਿਆਚਾਰਕ ਤੇ ਸਿਆਸੀ ਪੱਖਾਂ ਦਾ ਤੁਲਣਾਤਮਿਕ ਅਧਿਐਨ ਕਾਫੀ ਦਿਲਚਸ ਲੱਗਿਆ।ਮੈਂ ਸੋਚਿਆ,ਇਸ 'ਤੇ ਥੋੜ੍ਹੀ ਹੋਰ ਮਿਹਨਤ ਕਰਕੇ ਯੂਰਪੀਅਨਾਂ ਤੋਂ ਪੰਜਾਬੀਆਂ ਤੱਕ ਦੇ ਔਰਤ-ਮਰਦ ਸਬੰਧਾਂ ਦੀਆਂ ਡੂੰਘਾਈਆਂ ਨੂੰ ਪੀੜ੍ਹੀਆਂ ਦੇ ਵਕਫਿਆਂ ਦੇ ਸਫਰ ਨਾਲ ਮਾਪਿਆ ਜਾ ਸਕਦਾ ਹੈਕੁਦਰਤੀ ਹੀ ਲਿਖਣ ਦਾ ਕਦੇ ਸਬੱਬ ਨਹੀਂ ਬਣਿਆ। ਇਮਰਾਨ ਨੇ ਉਸੇ ਸਮੇਂ ਕਿਸੇ ਹਿੰਦੀ ਅਖ਼ਬਾਰ ਲਈ ਇਹ ਮੁਲਾਕਾਤ ਲਿਖੀ,ਜਿਸ ਦੇ ਕੁਝ ਹਿੱਸੇ ਦੇਸ ਰਾਜ ਕਾਲੀ ਦੇ ਰਸਾਲੇ 'ਖ਼ਬਰ ਸਿਲਸਿਲਾ' 'ਚ ਛਪੇ ਹਨ।-ਯਾਦਵਿੰਦਰ ਕਰਫਿਊ


1958 'ਚ ਅੰਮ੍ਰਿਤਾ-ਇਮਰੋਜ਼
ਰਤ ਸਰੀਰ ਤੋਂ ਵੀ ਬਹੁਤ ਅੱਗੇ ਹੈ ਤੇ ਪੂਰੀ ਔਰਤ ਕਿਸੇ-ਕਿਸੇ ਨੂੰ ਹੀ ਮਿਲਦੀ ਹੈ। ਪੂਰੀ ਔਰਤ ਸਿਰਫ ਉਸ ਨੂੰ ਮਿਲਦੀ ਹੈ ਜਿਸ ਨੂੰ ਉਹ ਪਿਆਰ ਕਰਦੀ ਹੈ ਤੇ ਪਿਆਰ ’ਤੇ ਕੋਈ ਪਹਿਰਾ ਨਹੀਂ ਲਾਇਆ ਜਾ ਸਕਦਾ। ਇਹ ਕਹਿਣਾ ਹੈ ਮਸ਼ਹੂਰ ਆਰਟਿਸਟ ਇਮਰੋਜ਼ ਦਾ। ਉਹ ਕਹਿੰਦੇ ਹਨ ਇਸ਼ਕ ਅਤੇ ਧਰਮ ਇਨਸਾਨ ਦੇ ਬੇਹਦ ਨਿੱਜੀ ਮਸਲੇ ਹਨ। ਇਸ ’ਤੇ ਕੋਈ ਪਾਬੰਦੀ ਨਹੀਂ ਲਾ ਸਕਦਾ। ਕੁੜੀ ਨੇ ਕਿਸ ਨਾਲ ਜ਼ਿੰਦਗੀ ਬਿਤਾਉਣੀ ਹੈ, ਇਹ ਉਸ ’ਤੇ ਛੱਡ ਦਿਉ। ਲੱਖ ਕੋਸ਼ਿਸ਼ਾਂ ਕਰਕੇ ਵੀ ਤੁਸੀਂ ਉਸ ਦੇ ਮਨ ਨੂੰ ਬੰਨ੍ਹ ਨਹੀਂ ਸਕਦੇ। ਜੇ ਦਬਾਅ ’ਚ ਕੁੜੀ ਨੇ ਤੁਹਾਡੀ ਗੱਲ ਮੰਨ ਵੀ ਲਈ ਤਾਂ ਸਾਰੀ ਉਮਰ ਉਸ ਨੂੰ ਸਮਝੌਤੇ ਹੀ ਕਰਣੇ ਪੈਣਗੇ ਤੇ ਜਦੋਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਨਾਜਾਇਜ਼ ਸੰਬੰਧ ਆਖਦੇ ਹੋ। ਆਮ ਲੋਕਾਂ ਲਈ ਅੰਮ੍ਰਿਤਾ ਭਾਵੇਂ ਇਸ ਦੁਨੀਆਂ ’ਚ ਨਹੀਂ ਪਰ ਉਹ ਅੱਜ ਵੀ ਜਿੰਦਾ ਹੈ। ਜੇਕਰ ਤੁਸੀਂ ਉਨ੍ਹਾਂ ਨਾਲ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਮਰੋਜ਼ ਨਾਲ ਮਿਲਣਾ ਪਵੇਗਾ। ਉਨ੍ਹਾਂ ਵਿਚ ਅੰਮ੍ਰਿਤਾ ਵੀ ਜ਼ਿੰਦਾ ਹੈ। ਉਹ ਕਹਿੰਦੇ ਹਨ ਅੰਮ੍ਰਿਤਾ ਹੈ, ਅਸੀਂ ਇਸ ਤੋਂ ਕਿਵੇਂ ਇਨਕਾਰ ਕਰ ਸਕਦੇ ਹਾਂ। ਇਸੇ ਲਈ ਗੱਲਬਾਤ ਦੌਰਾਨ ਉਹ ਅੰਮ੍ਰਿਤਾ ਵਾਸਤੇ ‘ਹੈ’ ਸ਼ਬਦ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਨਾਲ ਹੋਈ ਲੰਮੀ ਮੁਲਾਕਾਤ ਦੇ ਕੁਝ ਖਾਸ ਹਿੱਸੇ।-ਇਮਰਾਨ ਖ਼ਾਨ

ਤੁਸੀਂ ਇਕ ਕਲਾਕਾਰ ਹੋ,ਪਰ ਤੁਸੀਂ ਅੱਜ ਤੱਕ ਆਪਣੀ ਕੋਈ ਪੇਂਟਿੰਗ ਵੇਚੀ ਨਹੀਂ ਤੇ ਨਾ ਹੀ ਕੋਈ ਪ੍ਰਦਰਸ਼ਨੀ ਲਾਈ, ਅਜਿਹਾ ਕਿਉਂ?
ਮੈਂ ਇਕ ਕਲਾਕਾਰ ਹਾਂ, ਇਹ ਗੱਲ ਮੈਨੂੰ ਪਤਾ ਹੈ। ਮੈਂ ਇਹ ਲੋਕਾਂ ਨੂੰ ਕਿਉਂ ਦੱਸਾਂ ਕਿ ਮੈਂ ਇਕ ਕਲਾਕਾਰ ਹਾਂ। ਜਿਸ ਨੂੰ ਮੇਰੀ ਪੇਂਟਿੰਗ ਪਸੰਦ ਹੋਵੇਗੀ ਉਹ ਆ ਕੇ ਲੈ ਜਾਵੇਗਾ। ਨਾ ਮੈਨੂੰ ਸ਼ੌਕ ਹੈ ਕਿ ਲੋਕ ਮੇਰੇ ਬਾਰੇ ਜਾਣਨ ਤੇ ਨਾ ਹੀ ਅੰਮ੍ਰਿਤਾ ਨੂੰ। ਜੇਕਰ ਅਸੀਂ ਪ੍ਰਦਰਸ਼ਨੀ ਲਾਉਂਦੇ ਵੀ ਹਾਂ ਤਾਂ ਉਥੇ ਅਜਿਹੇ ਲੋਕ ਆਉਂਦੇ ਹਨ ਜੋ ਸਾਨੂੰ ਜਾਣਦੇ ਨਹੀਂ, ਇਸ ਦਾ ਕੀ ਫਾਇਦਾ ਹੈ? ਇਹ ਸਬ ਫਿਜ਼ੂਲ ਹੈ। ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਕ ਕਲਾਕਾਰ ਹਾਂ ਹੋਰ ਕਿਸੇ ਨੂੰ ਪਤਾ ਹੋਣ ਜਾਂ ਨਾ ਹੋਣ ਨਾਲ ਕੀ ਫਰਕ ਪੈਂਦਾ ਹੈ। ਮੈਂ ਤੇ ਅੰਮ੍ਰਿਤਾ ਦੋਵੇਂ ਇਸੇ ਤਰ੍ਹਾਂ ਹੀ ਰਹਿੰਦੇ ਹਾਂ। ਬਹੁਤੇ ਲੇਖਕਾਂ ਦੀਆਂ ਕਿਤਾਬਾਂ ਦੇ ਪਹਿਲੇ 4-5 ਪੰਨਿਆਂ ’ਚ ਭੂਮਿਕਾ ਹੁੰਦੀ ਹੈ ਜੋ ਦੂਜੇ ਲੋਕਾਂ ਨੇ ਲਿਖੀ ਹੁੰਦੀ ਹੈ। ਇਹ ਸਿੱਧੇ ਤੌਰ ’ਤੇ ਲੇਖਕ ਨੂੰ ਔਬਲਾਈਜ਼ ਕਰਣ ਵਾਲੀ ਗੱਲ ਹੈ। ਅੰਮ੍ਰਿਤਾ ਦੀਆਂ ਤਕਰੀਬਨ 75 ਕਿਤਾਬਾਂ ਛਪੀਆਂ ਹਨ, ਮੈਂ ਉਨ੍ਹਾਂ ’ਤੇ ਅਜਿਹਾ ਕੁਝ ਨਹੀਂ ਵੇਖਿਆ। ਅਸੀਂ ਸਿਰਫ ਆਪਣੇ ਲਈ ਜ਼ਿੰਦਗੀ ਗੁਜ਼ਾਰੀ ਹੈ। ਮੈਂ ਅੰਮ੍ਰਿਤਾ ਨੂੰ ਜਾਣਦਾ ਹਾਂ ਤੇ ਅੰਮ੍ਰਿਤਾ ਮੈਨੂੰ। ਦੁਨੀਆਂ ’ਚ ਇਕ ਹੀ ਵਿਅਕਤੀ ਕਾਫੀ ਹੈ ਤੁਹਾਨੂੰ ਜਾਣਨ ਲਈ। ਮੈਂ ਅੰਮ੍ਰਿਤਾ ਦਾ ਸਮਾਜ ਹਾਂ ਤੇ ਉਹ ਮੇਰਾ। ਬਾਕੀ ਸਾਨੂੰ ਕਿਸੇ ਤੋਂ ਕੁਝ ਲੈਣਾ-ਦੇਣਾ ਨਹੀਂ।

ਜਿਹੜੇ ਮਾਂ-ਬਾਪ ਪਿਆਰ ’ਤੇ ਪਾਬੰਦੀ ਲਾਉਂਦੇ ਹਨ, ਉਨ੍ਹਾਂ ਬਾਰੇ ਕੀ ਸੋਚਦੇ ਹੋ?

ਪਿਆਰ ’ਤੇ ਕੋਈ ਪਾਬੰਦੀ ਨਹੀਂ ਲਾਈ ਜਾ ਸਕਦੀ। ‘ਲਵ ਇਜ਼ ਗੌਡ’ ਤੁਸੀਂ ਹੀ ਤਾਂ ਕਹਿੰਦੇ ਹੋ ਤੇ ਪਿਆਰ ’ਤੇ ਪਾਬੰਦੀ ਦੀ ਗੱਲ ਵੀ ਕਰਦੇ ਹੋ। ਜੇ ਦੋ ਇਨਸਾਨ ਇਕ-ਦੂਜੇ ਨੂੰ ਪਿਆਰ ਕਰਦੇ ਹਨ ਤਾਂ ਦੁਨੀਆਂ ਦਾ ਕੋਈ ਫੈਸਲਾ ਉਨ੍ਹਾਂ ’ਤੇ ਲਾਗੂ ਨਹੀਂ ਹੁੰਦਾ। ਜਿਹੜੇ ਮਾਪਿਆਂ ਨੂੰ ਲਗਦਾ ਹੈ ਕਿ ਉਹ ਪਿਆਰ ’ਤੇ ਪਹਿਰਾ ਲਾ ਸਕਦੇ ਹਨ ਇਹ ਉਨ੍ਹਾਂ ਦੀ ਬੜੀ ਵੱਡੀ ਭੁੱਲ ਹੈ। ਜਿਵੇਂ ਫੁੱਲ ਨੂੰ ਕੋਈ ਖਿੜ੍ਹਣ ਤੋਂ ਰੋਕ ਨਹੀਂ ਸਕਦਾ ਉਸੇ ਤਰ੍ਹਾਂ ਪਿਆਰ ਕਰ ਵਾਲਿਆਂ ’ਤੇ ਕੋਈ ਪਹਿਰਾ ਨਹੀਂ ਲਾਇਆ ਜਾ ਸਕਦਾ। ਮਾਪੇ ਅਜਿਹਾ ਇਸ ਕਰਕੇ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਵਿਆਹ ਵੀ ਇਸੇ ਤਰ੍ਹਾਂ ਹੋਇਆ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੋਸਾਇਟੀ ਨੂੰ ਵੀ ਜਵਾਬ ਦੇਣਾ ਹੁੰਦਾ ਹੈ। ਇਨਸਾਨ ਆਪਣੇ ਲਈ ਨਹੀਂ ਸੋਸਾਇਟੀ ਲਈ ਜੀ ਰਿਹਾ ਹੈ। ਦੋ ਨੌਜਵਾਨ ਲੋਕਾਂ ਦਾ ਇਹ ਨਿੱਜੀ ਮਸਲਾ ਹੈ ਕਿ ਉਹ ਕਿਸ ਨਾਲ ਰਹਿਣਾ ਪਸੰਦ ਕਰਦੇ ਹਨ।

ਤੁਹਾਡਾ ਰਹਿਣ-ਸਹਿਣ ਕਿਵੇਂ ਦਾ ਸੀ? 

ਅਸੀਂ ਸਾਦੀ ਜ਼ਿੰਦਗੀ ’ਚ ਯਕੀਨ ਰੱਖਦੇ ਹਾਂ। ਮੈਂ ਤੇ ਅੰਮ੍ਰਿਤਾ ਕਿਸੇ ਨੂੰ ਡਿਨਰ ’ਤੇ ਨਹੀਂ ਬੁਲਾਉਂਦੇ। ਇਹ ਤਾਂ ਸਾਡੀ ਮਰਜ਼ੀ ’ਤੇ ਹੈ ਕਿ ਅਸੀਂ ਕਿਸ ਨੂੰ ਬੁਲਾਉਣਾ ਹੈ ਤੇ ਕਿਸ ਨੂੰ ਨਹੀਂ। ਅਸੀਂ ਦੋਵੇਂ ਇਕੋ ਸਬਜ਼ੀ ਨਾਲ ਰੋਟੀ ਖਾਉਂਦੇ ਹਾਂ। ਜੇਕਰ ਅਸੀਂ ਕਿਸੇ ਨੂੰ ਬੁਲਾਈਏ ਤਾਂ ਸਾਨੂੰ ਉਸ ਵਾਸਤੇ ਸਬਜ਼ੀ ਵੀ ਬਨਾਉਣੀ ਪਵੇਗੀ। ਕੀ ਲੋੜ ਹੈ ਇਹ ਕਰਣ ਦੀ? ਲੋਕ ਨੌਕਰ ਕਿਉਂ ਰਖਦੇ ਹਨ, ਕਿਉਂਕਿ ਉਹ ਉਨ੍ਹਾਂ ਨੂੰ ਅਰਾਮ ਦਿੰਦੇ ਹਨ। ਮੈਂ ਆਪਣੇ ਕਮਰੇ ’ਚ ਪੇਂਟਿੰਗ ਬਣਾ ਰਿਹਾ ਹੁੰਦਾ ਹਾਂ ਤੇ ਅੰਮ੍ਰਿਤਾ ਆਪਣੇ ਕਮਰੇ ’ਚ ਲਿਖ ਰਹੀ ਹੁੰਦੀ ਹੈ ਤੇ ਸਾਨੂੰ ਨੌਕਰ ਦਾ ਧਿਆਣ ਰੱਖਣਾ ਪੈਂਦਾ ਹੈ ਕਿ ਉਹ ਕੀ ਕਰ ਰਿਹਾ ਹੈ। ਇਸੇ ਲਈ ਅਸੀਂ ਨੌਕਰ ਨਹੀਂ ਰਖਦੇ। ਜੇਕਰ ਔਰਤ ਘਰ ’ਚ ਰਹਿੰਦੀ ਹੈ ਤਾਂ ਉਸ ਨੂੰ ਖੁਦ ਰੋਟੀ ਬਨਾਉਣੀ ਚਾਹੀਦੀ ਹੈ। ਅੰਮ੍ਰਿਤਾ ਖੁਦ ਖਾਣਾ ਬਨਾਉਂਦੀ ਹੈ। ਅਸੀਂ ਦੋਵੇਂ ਰੱਲ ਕੇ ਰਸੋਈ ਦਾ ਸਾਰਾ ਕੰਮ ਕਰਦੇ ਹਾਂ।

ਤੁਸੀਂ ਤੇ ਅੰਮ੍ਰਿਤਾ ਮੁਸ਼ਾਇਰੇ ’ਚ ਨਹੀਂ ਜਾਂਦੇ, ਕਿਉਂ?

ਮੁਸ਼ਾਇਰਾ ਹੋਰ ਮੂਡ ਦਾ ਹੁੰਦਾ ਹੈ। ਅਸੀਂ ਉਸ ’ਚ ਫਿੱਟ ਨਹੀਂ ਬੈਠਦੇ। ਮੈਂ ਕਦੇ ਮੁਸ਼ਾਇਰੇ ’ਚ ਨਹੀਂ ਜਾਉਂਦਾ, ਅੰਮ੍ਰਿਤਾ ਸ਼ਾਇਦ ਇਕ ਵਾਰ ਗਈ ਹੈ। ਸ਼ਾਇਰ ਪਰਦੇ ਦੇ ਪਿੱਛੇ ਸ਼ਰਾਬ ਪੀ ਰਹੇ ਹੁੰਦੇ ਹਨ ਤੇ ਫਿਰ ਸ਼ਾਇਰੀ ਸੁਨਾਉਂਦੇ ਹਨ। ਛੋਟੇ-ਮੋਟੇ ਸ਼ਾਇਰਾਂ ਨੂੰ ਪਹਿਲਾਂ ਮੌਕਾ ਦਿੱਤਾ ਜਾਂਦਾ ਹੈ। ਵੱਡੇ ਸ਼ਾਇਰ ਬਾਅਦ ਵਿਚ ਆਉਂਦੇ ਹਨ ਤਾਂ ਜੋ ਭੀੜ ਬਣੀ ਰਹੇ। ਅਜਿਹਾ ਕਰ ਦੀ ਕੀ ਲੋੜ ਹੈ ਕਿਉਂ ਨਾ ਚੰਗੇ ਸ਼ਾਇਰਾਂ ਦੀਆਂ ਹੀ ਜ਼ਿਆਦਾ ਨਜ਼ਮਾਂ ਸੁਣ ਲਈਆਂ ਜਾਣ।
ਇਮਰਾਨ ਤੇ ਇਮਰੋਜ਼ ਹੌਜ਼ ਖ਼ਾਸ ਵਾਲੇ ਘਰ 'ਚ

ਤੁਸੀਂ ਖੁਦਾ ’ਚ ਯਕੀਨ ਰੱਖਦੇ ਹੋ?

ਲੋਕ ਮੰਦਰ, ਮਸਜਿਦ ਜਾਂ ਗੁਰਦਵਾਰੇ ਕਿਉਂ ਜਾਂਦੇ ਹਨ? ਕਿਉਂਕਿ ਉਨ੍ਹਾਂ ਨੇ ਖੁਦਾ ਤੋਂ ਕੁਝ ਮੰਗੁਣਾ ਹੁੰਦਾ ਹੈ। ਕੀ ਭਗਵਾਨ ਕਿਸੇ ਦਾ ਨੌਕਰ ਹੈ? ਉਹ ਕਿਸ-ਕਿਸ ਦੇ ਕੰਮ ਕਰਦਾ ਰਹੇਗਾ। ਤੁਸੀਂ ਭਗਵਾਨ ਕੋਲ ਸਿਰਫ ਮੰਗਣ ਜਾਂਦੇ ਹੋ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਨਹੀਂ ਜਾਉਂਦੇ। ਤੁਸੀਂ ਅਜਿਹਾ ਕਿਉਂ ਕਹਿੰਦੇ ਹੋ ਕਿ ਜੇਕਰ ਸਾਡਾ ਇਹ ਕੰਮ ਹੋ ਜਾਵੇਗਾ ਤਾਂ ਅਸੀਂ ਹਵਨ ਕਰਵਾਵਾਂਗੇ ਜਾਂ ਹੋਰ ਕੁਝ। ਤੁਸੀਂ ਸਿੱਧੇ ਤੌਰ ’ਤੇ ਭਗਵਾਨ ਨੂੰ ਰਿਸ਼ਵਤ ਦੇ ਰਹੇ ਹੋ। ਭਗਵਾਨ ਨੂੰ ਤਾਂ ਛੱਡ ਦਿਉ। ਕੋਈ ਕਹਿੰਦਾ ਹੈ ਭਗਵਾਨ ਮੇਰਾ ਵਿਆਹ ਕਰਵਾ ਦਿਉ, ਕੋਈ ਕਹਿੰਦਾ ਹੈ ਮੈਨੂੰ ਪਾਸ ਕਰਵਾ ਦਿਉ ਅਤੇ ਚੋਰ ਕਹਿੰਦਾ ਹੈ ਕਿ ਭਗਵਾਨ ਮੇਰੀ ਚੋਰੀ ’ਤੇ ਪਰਦਾ ਪਾਈੰ ਰੱਖੀਂ। ਚੋਰ ਇਹ ਨਹੀਂ ਕਹਿੰਦਾ ਕਿ ਭਗਵਾਨ ਚੋਰੀ ਦੀ ਆਦਤ ਛਡਵਾ ਦੇ। ਜੇਕਰ ਤੁਸੀਂ ਸੋਚਦੇ ਹੋ ਕਿ ਖੁਦਾ ਹੈ ਤਾਂ ਤੁਸੀਂ ਸਾਰੀਆਂ ਚੀਜ਼ਾਂ ਉਸ ’ਤੇ ਛੱਡ ਦਿੰਦੇ ਹੋ। ਜੇਕਰ ਸੋਚਦੇ ਹੋ ਕਿ ਉਹ ਨਹੀਂ ਹੈ ਤਾਂ ਤੁਸੀਂ ਦੋ ਤਰੀਕਿਆਂ ਨਾਲ ਸੋਚਦੇ ਹੋ। ਲੋਕ ਕਹਿੰਦੇ ਹਨ ਕਿ ਸਾਰਾ ਕੁਝ ਭਗਵਾਨ ਦੀ ਮਰਜ਼ੀ ਨਾਲ ਹੁੰਦਾ ਹੈ। ਜੇਕਰ ਕਿਸੇ ਦਾ ਕਤਲ ਹੁੰਦਾ ਹੈ ਤਾਂ ਉਹ ਵੀ ਭਗਵਾਨ ਦੀ ਮਰਜ਼ੀ ਨਾਲ ਹੋਇਆ ਹੈ। ਫਿਰ ਕਾਤਲ ਨੂੰ ਕਿਉਂ ਫੜਦੇ ਹੋ, ਭਗਵਾਨ ਨੂੰ ਫੜੋ ਜਾ ਕੇ। ਕਤਲ ’ਤੇ ਆ ਕੇ ਗੱਲ ਬਦਲ ਜਾਂਦੀ ਹੈ। ਤੁਸੀਂ ਸਿਰਫ ਆਪਣੇ ਫਾਇਦੇ ਲਈ ਭਗਵਾਨ ਨੂੰ ਇਸਤੇਮਾਲ ਕਰਦੇ ਹੋ।

ਤੁਸੀਂ ਲਗਭਗ 40 ਸਾਲ ਇਕੱਠੇ ਰਹੇ, ਫਿਰ ਵੀ ਕਦੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ?

ਇਜ਼ਹਾਰ ਕਰਣ ਦੀ ਲੋੜ ਹੀ ਕੀ ਹੈ। ਜੇਕਰ ਕੋਈ ਬਿਨਾ ਕੁਝ ਦੱਸੇ ਹੀ ਸੱਭ ਕੁਝ ਕਹਿ ਦੇਵੇ ਤਾਂ ਦੱਸਣ ਦੀ ਕੀ ਲੋੜ ਹੈ। 40 ਸਾਲਾਂ ’ਚ ਅਸੀਂ ਇਕ ਦੂਜੇ ਨੂੰ ‘ਆਈ ਲਵ ਯੂ’ ਨਹੀਂ ਕਿਹਾ। ਪਿਆਰ ਹੈ ਤਾਂ ਹੈ, ਦੱਸਣ ਦੀ ਕੀ ਲੋੜ ਹੈ। ਜੇਕਰ ਕੋਈ ਮੈਨੂੰ ਖੂਬਸੂਰਤ ਲਗਦਾ ਹੈ ਤਾਂ ਲਗਦਾ ਹੈ, ਉਸ ਨੂੰ ਆਪਣੇ ਆਪ ਅਹਿਸਾਸ ਹੋ ਜਾਵੇਗਾ। ਜੇਕਰ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੂੰ ਵੀ ਮੈਨੂੰ ਪਿਆਰ ਕਰ। ਪਿਆਰ ਨੂੰ ਇਜ਼ਹਾਰ ਦੀ ਜ਼ਰੂਰਤ ਨਹੀਂ। ਇਜ਼ਹਾਰ ਤਾਂ ਕੋਸ਼ਿਸ਼ ਹੈ ਪਿਆਰ ਬਨਾਉਣ ਦੀ।

ਅੰਮ੍ਰਿਤਾ ਜੀ ਦਾ ਕਮਰਾ ਘਰ ਦੀ ਸ਼ੁਰੂਆਤ ’ਚ ਸੀ ਤੇ ਤੁਹਾਡਾ ਅਖੀਰ ’ਚ, ਅਜਿਹਾ ਕਿਉਂ?

ਮੈਂ ਇਕ ਕਲਾਕਾਰ ਹਾਂ ਤੇ ਉਹ ਲੇਖਿਕਾ। ਪਤਾ ਨਹੀਂ ਕਦੋਂ ਉਹ ਲਿਖਣਾ ਸ਼ੁਰੂ ਕਰ ਦੇਵੇ ਤੇ ਮੈਂ ਪੇਂਟਿੰਗ ਬਨਾਉਣਾ। ਇੰਨਾ ਵੱਡਾ ਘਰ ਹੁੰਦਾ ਹੈ ਫਿਰ ਵੀ ਪਤੀ-ਪਤਨੀ ਇਕ ਬਿਸਤਰੇ ’ਤੇ ਕਿਉਂ ਸੋਂਦੇ ਹਨ? ਉਨ੍ਹਾਂ ਦਾ ਮਕਸਦ ਕੁਝ ਹੋਰ ਹੁੰਦਾ ਹੈ, ਸਾਡਾ ਅਜਿਹਾ ਕੋਈ ਮਕਸਦ ਨਹੀਂ ਇਸ ਲਈ ਅਸੀਂ ਅਲਗ ਸੌਂਦੇ ਹਾਂ। ਜੇਕਰ ਅਸੀਂ ਇਕੱਠੇ ਸੌਂਦੇ ਤਾਂ ਜੇਕਰ ਮੈਂ ਹਿਲਦਾ ਤਾਂ ਉਸ ਨੂੰ ਪਰੇਸ਼ਾਨੀ ਹੋਣੀ ਸੀ ਤੇ ਜੇਕਰ ਉਹ ਹਿਲਦੀ ਤਾਂ ਮੈਨੂੰ। ਅਸੀਂ ਇਕ ਦੂਜੇ ਨੂੰ ਪਰੇਸ਼ਾਨੀ ਨਹੀਂ ਦੇਣਾ ਚਾਹੁੰਦੇ। ਅੱਜਕਲ ਵਿਆਹ ਸਿਰਫ ਔਰਤ ਦੇ ਸਰੀਰ ਵਾਸਤੇ ਹੁੰਦੇ ਹਨ। ਮਰਦ ਵਾਸਤੇ ਔਰਤ ਸਿਰਫ ਸਰਵਿੰਗ ਵੂਮੈਨ ਹੈ, ਕਿਉਂਕਿ ਉਹ ਨੌਕਰ ਤੋਂ ਸਸਤੀ ਹੈ। ਆਮ ਵਿਅਕਤੀ ਨੂੰ ਔਰਤ ਸਿਰਫ ਸਰੀਰ ਤੱਕ ਹੀ ਮਿਲਦੀ ਹੈ, ਪਿਆਰ ਤਾਂ ਕਿਸੇ-ਕਿਸੇ ਨੂੰ ਹੀ ਮਿਲਦਾ ਹੈ।

ਤੁਸੀਂ ਅੰਮ੍ਰਿਤਾ ਜੀ ਨਾਲ ਆਪਣਾ ਜਨਮਦਿਨ ਪਹਿਲੀ ਵਾਰ ਮਨਾਇਆ ਸੀ। ਕਿਹੋ ਜਿਹਾ ਮਹਿਸੂਸ ਹੋਇਆ ਸੀ?

ਚੰਗਾ ਲੱਗਾ। ਉਹ ਤਾਂ ਬਾਈਚਾਂਸ ਹੀ ਮਨਾ ਲਿਆ। ਉਸਦੇ ਤੇ ਮੇਰੇ ਘਰ ’ਚ ਸਿਰਫ ਇਕ ਸੜਕ ਦਾ ਫਾਸਲਾ ਸੀ। ਮੈਂ ਉਸ ਨਾਲ ਮਿਲਣ ਜਾਂਦਾ ਰਹਿੰਦਾ ਸਾਂ। ਉਸ ਦਿਨ ਅਸੀਂ ਇਕੱਠੇ ਬੈਠੇ ਸੀ। ਮੈਂ ਉਸ ਨੂੰ ਦੱਸਿਆ ਕਿ ਅੱਜ ਦੇ ਦਿਨ ਹੀ ਮੈਂ ਪੈਦਾ ਹੋਇਆ ਸੀ। ਉਹ ਉਠ ਕੇ ਬਾਹਰ ਗਈ ਤੇ ਕੁਝ ਚਿਰ ਬਾਅਦ ਆ ਕੇ ਬੈਠ ਗਈ। ਸਾਡੇ ਪਿੰਡ ਜਨਮ ਦਿਨ ਮਨਾਉਣ ਦਾ ਰਿਵਾਜ਼ ਨਹੀਂ। ਪੈਦਾ ਹੋ ਗਏ ਤਾਂ ਹੋ ਗਏ। ਇਹ ਰਿਵਾਜ਼ ਤਾਂ ਅੰਗਰੇਜ਼ਾਂ ਦਾ ਹੈ। ਥੋੜੀ ਦੇਰ ਬਾਅਦ ਇਕ ਵਿਅਕਤੀ ਕੇਕ ਲੈ ਕੇ ਆਇਆ। ਉਸ ਨੇ ਕੇਕ ਕੱਟਿਆ। ਥੋੜ੍ਹਾ ਮੈਨੂੰ ਦਿੱਤਾ ਤੇ ਥੋੜ੍ਹਾ ਆਪ ਖਾਦਾ। ਨਾ ਉਸ ਨੇ ਮੈਨੂੰ ਹੈਪੀ ਬਰਥਡੇ ਕਿਹਾ ਨਾ ਮੈ ਥੈਂਕਯੂ। ਬੱਸ ਅਸੀਂ ਇਕ ਦੂਜੇ ਨੂੰ ਵੇਖਦੇ ਤੇ ਮੁਸਕੁਰਾਉਂਦੇ ਰਹੇ।

ਅੱਜ ਕਲ ਤੁਹਾਡੇ ਕੀ ਰੁਝਾਨ ਹਨ? 

ਹੁਣ ਮੈਂ ਘਰ ਹੀ ਰਹਿੰਦਾ ਹਾਂ। ਕੀ ਲੋੜ ਹੈ ਬਾਹਰ ਜਾਣ ਦੀ। ਕਵਿਤਾਵਾਂ ਲਿਖਦਾ ਹਾਂ, ਪੇਂਟਿੰਗ ਕਰਦਾ ਹਾਂ, ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ। ਕਦੇ-ਕਦੇ ਬਾਹਰ ਸਬਜ਼ੀ ਲੈਣ ਚਲਾ ਜਾਂਦਾ ਹਾਂ।

ਇਸ ਸਮੇਂ ਦੇ ਲੋਕਾਂ ਬਾਰੇ ਕੀ ਕਹੋਗੇ?

ਅੱਜ ਕਲ ਕੋਈ ਜ਼ਿੰਦਾ ਨਹੀਂ। ਸਭ ਡੈਡ ਹੋ ਚੁੱਕੇ ਹਨ। ਜੋ ਮੁਆਫੀ ਨਹੀਂ ਮੰਗਦਾ, ਉਹ ਮਰ ਚੁੱਕਿਆ ਹੈ। ਜ਼ਿੰਦਾ ਇਨਸਾਨ ਨੂੰ ਕਦੇ ਨਾ ਕਦੇ ਇਕ ਵਾਰ ਆਪਣੀ ਗਲਤੀ ਦਾ ਅਹਿਸਾਸ ਤਾਂ ਹੁੰਦਾ ਹੀ ਹੈ। ਗੁਜਰਾਤ ਦੇ ਦੰਗਿਆਂ ’ਚ ਇਕ ਹਜ਼ਾਰ ਤੋਂ ਵੱਧ ਮੁਸਲਮਾਨ ਮਾਰੇ ਗਏ ਪਰ ਅੱਜ ਤੱਕ ਉਥੇ ਦੇ ਕਿਸੇ ਬੰਦੇ ਨੇ ਗਲਤੀ ਨਹੀਂ ਮੰਨੀ। ਕਿਉਂ? ਕਿਉਂਕਿ ਉਹ ਮਰ ਚੁੱਕੇ ਨੇ। ਅੱਜ ਕੋਈ ਵੀ ਮਜ਼ਹਬ ਇਨਸਾਨ ਨਹੀਂ ਬਣਾ ਰਿਹਾ। ਸਾਰੇ ਆਪਣੇ ਇਸਤੇਮਾਲ ਲਈ ਭੀੜ ਇਕੱਠੀ ਕਰ ਰਹੇ ਹਨ। ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਦੂਜਿਆਂ ਨਾਲੋਂ ਚੰਗੇ ਹਾਂ ਕਿਉਂਕਿ ਸਭ ਵਹਿਸ਼ੀ ਹੋ ਚੁੱਕੇ ਹਨ।

ਇਮਰਾਨ ਖ਼ਾਨ
Mob: 9888265007

Tuesday, February 5, 2013

ਲਾਂਸਰ ਗੀਤ: “ਬ੍ਰਾਂਡ ਸੱਭਿਆਚਾਰ” ਖਪਤਕਾਰੀ ਮੰਡੀ ਦੀ ਇਸ਼ਤਿਹਾਰਬਾਜ਼ੀ !

ਪਿਛਲੇ ਦਿਨੀਂ ਮੇਰੇ ਦੋਸਤ ਪਰਮਜੀਤ ਕੱਟੂ (ਰਿਸਰਚ ਸਕਾਲਰ ,ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਇੱਕ ਬਹੁਚਰਚਿਤ ਅਤੇ “ਸਾਹਿਤਿਕ ਹਲਕਿਆਂ” ਵਿੱਚ ਵੀ ਕਾਫੀ ਸਲਾਹੇ ਜਾਣ ਵਾਲੇ ਗੀਤ ਦੀ ਸੱਭਿਆਚਾਰ ਦੇ ਸੰਦਰਭ ਵਿੱਚ ਰੱਖ ਕੇ ਕਾਫੀ ਜਿਆਦਾ ਜਾਂ ਲੋੜ ਤੋਂ ਵੱਧ ਹੀ ਉਸਤਤ ਕਰ ਦਿੱਤੀ | ਮੈਨੂੰ ਪਰਮਜੀਤ ਕੱਟੂ ਕੋਲੋਂ ਇਸ ਤੋਂ ਵੱਧ ਉਮੀਦ ਸੀ |ਪਰ ਮੈਂ ਇੱਥੇ ਪਰਮਜੀਤ ਦੇ ਗੀਤ ਬਾਰੇ ਲਿਖੇ ਰਿਵਿਊ ਦਾ ਰਿਵਿਊ ਨਹੀ ਪੇਸ਼ ਕਰ ਰਿਹਾ|

ਮੇਰੇ ਆਪਣੇ ਜੋ ਵਿਚਾਰ ਇਸ ਗੀਤ ਨੂੰ ਸੁਣ ਕੇ ਜਾਂ ਇਸ ਰਿਵਿਊ ਨੂੰ ਪੜ੍ਹ ਕੇ ਦਿਮਾਗ ਵਿੱਚ ਆਏ ਉਹਨਾਂ ਨੂੰ ਹੀ ਪੇਸ਼ ਕਰ ਰਿਹਾ ਹਾਂ ਬੇਸ਼ੱਕ ਅਸੀਂ ਸਾਰੇ ਮੌਜੂਦਾ “ਲੱਚਰ” ਅਤੇ “ਅਸ਼ਲੀਲ” ਗਾਇਕੀ ਖਿਲਾਫ਼ ਮੋਰਚਾ ਖੋਲੀ ਬੈਠੇ ਹਾਂ ਅਤੇ “ਬਲਾਤਕਾਰ” ਵਰਗੇ “ਘਿਨਾਉਣੇ” ਜੁਰਮਾਂ ਵਾਸਤੇ ਅੱਜ ਦੇ ਗੀਤ –ਸੰਗੀਤ ਨੂੰ ਵੀ ਇਸਦਾ ਦੋਸ਼ੀ ਠਹਿਰਾਉਂਦੇ ਹਾਂ| ਇਸ ਤਰ੍ਹਾਂ ਦੇ ਦੌਰ ਵਿੱਚ ਜਦੋਂ ਅਸੀਂ ਸਿਰਫ ਤੇ ਸਿਰਫ ਇੱਕ ਸਤਹੀ ਸੋਚ ਦਾ ਹੀ ਪ੍ਰਗਟਾਵਾ ਕਰਦੇ ਹਾਂ ਸਾਨੂੰ ਗੱਲ ਡੂੰਘੇ ਨਜ਼ਰੀਏ ਤੋਂ ਵਿਚਾਰਨੀ ਪਵੇਗੀ |ਵੇਖਣਾ ਪਵੇਗਾ ਕਿ ਮਰਦ ਜਮਾਤ ਦੀ ਔਰਤਾਂ ਉੱਪਰ ਕਾਇਮ ਹੈਜੇਮਨੀ ਇਸ ਕਦਰ ਹਾਵ੍ਹੀ ਹੈ ਜਿਸ ਦੇ ਤਹਿਤ ਪੂੰਜੀਪਤੀ ਜਮਾਤ ਦੀ ਨੁਮਾਇੰਦਗੀ “ਚਿੱਟੀ ਲਾਂਸਰ” ਵਾਲੀ “ਸੋਨੀਆ” ਹੀ ਕਰਦੀ ਦਿਸਦੀ ਹੈ | ਬੇਸ਼ੱਕ “ਲਾਂਸਰ” ਵਰਗੇ ਗੀਤ ਜਿੰਨ੍ਹਾਂ ਵਿੱਚ ਔਰਤ ਨੂੰ ਹੋਰਨਾਂ ਗੀਤਾਂ ਵਾਂਗ ਕੋਈ ਮੰਦੇ ਵਿਸ਼ੇਸ਼ਣਾਂ ਨਾਲ ਸੰਬੋਧਿਤ ਨਹੀ ਕੀਤਾ ਗਿਆ ਸਾਡੇ ਵਿਆਹਾਂ-ਸ਼ਾਦੀਆਂ ਵਿੱਚ ਬਿਨਾਂ ਕਿਸੇ ਹਿਚਕਿਚਾਹਟ ਦੇ ਵਜਾਏ ਜਾ ਸਕਦੇ ਹਨ, ਜਿੱਥੇ ਸਾਡੇ “ਬੁੱਧੀਜੀਵੀ” ਵੀ ਇਸ “ਬ੍ਰਾਂਡ ਸੱਭਿਆਚਾਰ” ਦੀ ਡਟਵੀਂ ਹਮਾਇਤ ਕਰਦੇ ਸੰਗੀਤ ਨੂੰ “ਹਰੀ ਝੰਡੀ” ਦੇ ਸਕਦੇ ਹਨ ਹਨ ਪਰ ਇਹੋ ਜਿਹੇ ਗੀਤਾਂ ਤੋਂ ਕਿਸੇ ਵੱਡੀ ਸਮਾਜਿਕ ਤਬਦੀਲੀ ਦੀ ਉਮੀਦ ਕਰਨਾ ਨਿਰੀ ਮੂਰਖਤਾਈ ਹੋਵੇਗੀ | ਦੂਜੇ ਪਾਸੇ ਉਸਤਤ ਕਰਨੀ ਚੰਗੀ ਗੱਲ ਹੁੰਦੀ ਹੈ ਤੇ ਜਰੂਰੀ ਵੀ, ਪਰ ਕਿਸੇ ਚੀਜ਼ ਦਾ ਕੋਈ ਵੀ ਪੱਖ ਉਸਦੇ ਕਾਬਿਲ ਤਾਂ ਹੋਵੇ! ਹੁਣ ਲਾਂਸਰ ਗੀਤ ਵਿੱਚ ਅਜਿਹਾ ਕੀ ਹੈ ?ਆਓ ਦੇਖੀਏ ਇਸ ਦੇ ਕੁਝ ਕੁ ਪਹਿਲੂਆਂ ਤੋਂ :

ਵਿਸ਼ਾ ਪੱਖ :

ਗੀਤ ਦਾ ਮੁੱਖ ਧੁਰਾ ਜਿਸਦੇ ਆਲੇ ਦੁਆਲੇ ਸਾਰਾ ਗੀਤ ਘੁਮਦਾ ਹੈ ਉਹ ਹੈ ਮਿਸਤੁਬਿਸ਼ੀ ਕੰਪਨੀ ਦੀ ਲਗਜਰੀ ਕਾਰ “ਲਾਂਸਰ” ਜਿਸਦੀ ਕਿ ਬਿਨਾਂ ਕਿਸੇ ਕੀਮਤ ਦੇ ਗੀਤਕਾਰ ਅਤੇ ਗਾਇਕ ਅੰਨ੍ਹੀ ਇਸ਼ਤਿਹਾਰਬਾਜੀ ਕਰ ਗਿਆ | ਨਿਮਨ ਮੱਧ ਵਰਗ ਦੇ “ਭਾਵਨਾਤਮਿਕ ਪ੍ਰਗਟਾਵੇ” ਨੂੰ ਇੰਝ ਕੈਸ਼ ਕਰਨਾ ਖਪਤਕਾਰੀ ਮੰਡੀ ਦੇ ਸੁਰ ‘ਚ ਹੋਰ ਉੱਚੀ ਸੁਰ ਮਿਲਾਉਣਾ ਹੀ ਹੈ | ਹੁਣ ਗੱਲ ਇੱਕੋ ਕਾਲਜ ਵਿੱਚ ਪੜ੍ਹਦੇ ਪਰਿੰਦਿਆਂ ਦੀ ਹੈ ਜਿੰਨ੍ਹਾਂ ਨੂੰ ਆਪਸ ਵਿੱਚ ਪਿਆਰ ਹੋ ਜਾਂਦਾ ਹੈ ਚਲੋ ਮੰਨ ਲਿਆ ਪਿਆਰ ਹੋਣਾ ਇੱਕ ਸਹਿਜ ਵਰਤਾਰਾ ਹੈ ਜਿਸਦਾ ਕਿ ਚੜ੍ਹਦੀ ਉਮਰੇ ਹੋ ਜਾਣਾ ਹੁੰਦਾ ਹੈ ਪਰ ਇਹ ਜਰੂਰੀ ਵੀ ਨਹੀ ਹੁੰਦਾ ਇਸਦੇ ਪਿੱਛੇ ਵੀ ਮਨੋਵਿਗਿਆਨਿਕ ਕਾਰਨ ਹਨ | ਇਸ ਪਿਆਰ ਦਾ ਖਾਸਾ ਵੀ ਜਮਾਤੀ ਹਿੱਤਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ | ਇਹ ਪਿਆਰ ਦਾ ਸੁਪਨਾ ਸਾਕਾਰ ਕਦੇ ਵੀ ਆਰਥਿਕ ਮੰਦਹਾਲੀ ’ਚ ਗੁਜਰ-ਬਸ਼ਰ ਕਰਨ ਵਾਲੇ ਹਾਸ਼ੀਏ ਤੋਂ ਪਾਰ ਵਸਦੇ ਮਨੁੱਖ ਦਾ ਕਦੇ ਵੀ ਨਹੀ ਹੋਵੇਗਾ | ਇਹ ਪਿਆਰ ਹਮੇਸ਼ਾ ਮੱਧ ਵਰਗੀ (ਨਿੱਕ ਬੁਰਜੂਆ) ਮੁੰਡੇ ਜਾਂ ਕੁੜੀ ਨੂੰ ਉੱਚ ਜਮਾਤੀ ਲਾਣੇ ਅਰਥਾਤ ਵੱਡੇ ਪੂੰਜੀਪਤੀ ਘਰਾਣੇ ਦੇ ਕਿਸੇ ਅਮੀਰਜਾਦੇ ਜਾਂ ਅਮੀਰਜ਼ਾਦੀ ਨਾਲ ਹੀ ਹੋਵੇਗਾ ? ਸੋ ਇੱਥੇ ਪਿਆਰ ਦੀਆਂ ਵੀ ਆਪਣੀਆਂ ਜਮਾਤੀ ਹੱਦਾਂ-ਸਰਹੱਦਾਂ ਪੂੰਜੀ ਦੀ ਚਕਾਚੌੰਧ ਹੇਠ ਦਬੀਆਂ ਹੋਈਆਂ ਹਨ | “ਲਾਂਸਰ” ਗੀਤ ਦਾ ਨਾਇਕ (ਮੁੰਡਾ) ਮੱਧ ਵਰਗੀ ਪਰਿਵਾਰ ਨਾਲ ਤਾਅਲੁਕ ਰਖਦਾ ਹੈ ਜਿਸਦੀਆਂ ਮਾਨਸਿਕ ਤੌਰ ਤੇ ਵੱਡੀਆਂ ਖਾਹਿਸ਼ਾਂ (ਥੋਥੇ ਹਵਾਈ ਸੁਪਨੇ) ਪ੍ਰਤੀ ਹੇਰਵੇ ਤੋਂ ਪਤਾ ਲਗਦਾ ਹੈ ਕਿ ਪੂੰਜੀ ਦੀ ਅਣਹੋਂਦ ਵਿੱਚ “ਰੰਝੇਟਾ” ਆਪਣੇ ਆਪ ਨੂੰ ਕੁੜੀ ਦੇ ਮੁਕਾਬਲੇ ਹੀਣਾ ਮਹਿਸੂਸ ਕਰਦਾ ਹੈ | ਉਸਦਾ ਇਹ ਕਹਿਣਾ ਕਿ : ਮੈਂ ‘ਰਾਹੀ’ ਮਿੰਨੀ ਬੱਸ ਦਾ ਸ਼ੌਕੀ ਪੜ੍ਹਣੇ ਦਾ ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ। ਉਸ ਵਾਸਤੇ “ਅੰਗੂਰ ਖੱਟੇ” ਵਾਲੀ ਕਹਾਵਤ ਨੂੰ ਚੰਗੀ ਤਰ੍ਹਾਂ ਪ੍ਰਭਾਸ਼ਿਤ ਕਰਦਾ ਹੈ |

ਗਲੋਬਲ ਪੂੰਜੀ ਦੇ ਸਮਕਾਲੀ ਦੌਰ ਵਿੱਚ ਹਰੇਕ ਕਿਸਮ ਦੀ ਕਲਾ (ਚਾਹੇ ਉਹ ਗੀਤ ਹੋਣ ਜਾਂ ਫਿਲਮਾਂ) ਬਾਜ਼ਾਰੀ ਕਦਰਾਂ ਕੀਮਤਾਂ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ, ਪੰਜਾਬੀ ਗੀਤ ਤਾਂ ਅੱਜ ਕੱਲ੍ਹ ਮਨੋਰੰਜਨ ਘੱਟ ““ਇਸ਼ਤਿਹਾਰਬਾਜ਼ੀ”” ਜਿਆਦਾ ਨਜਰ ਆਉਂਦੇ ਹਨ “ਲਾਂਸਰ”,”ਸਫਾਰੀ”, ”ਪਲੈਟੀਨਾ” “ਬੁਲਿਟ” ਇਸ ਦੀਆਂ ਚੰਗੀਆਂ ਅਤੇ ਤਾਜਾ ਉਦਾਹਰਨਾਂ ਹਨ | ਵੱਡੀ ਗੱਲ ਇੱਕ ਇਹ ਵੀ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਖਪਤਕਾਰੀ ਸੱਭਿਆਚਾਰ ਦੀ ਨੁਮਾਇੰਦਗੀ ਕਰਦੀ ਇਹ ‘ਸੰਗੀਤਿਕ ਮੰਡਲੀ’ ਦਾ ਅਸਲੀ ਉਪਭੋਗਤਾ ਕਾਲਜਾਂ ,ਯੂਨੀਵਰਸਿਟੀਆਂ ‘ਚ ਪੜ੍ਹਨ ਵਾਲਾ ਅਤੇ ਭਵਿੱਖ ਵਿੱਚ ਪੂੰਜੀਵਾਦੀ ਨਿਜਾਮ ਵਿੱਚ ਪੁਰਜੇ ਵਾਂਗ ਫਿੱਟ ਹੋਣ ਵਾਲਾ ਨੌਜਵਾਨ ਤਬਕਾ ਹੈ | ਮੰਡੀ ਦੀ ਆਪਣੀ ਇੱਕ ਰਾਜਨੀਤੀ ਹੁੰਦੀ ਹੈ, ਜਿਸ ਤਹਿਤ ਇੱਕ ਨਵਾਂ ਸੱਭਿਆਚਾਰ ਸਿਰਜਿਆ ਜਾਂਦਾ ਹੈ, ਮਤਲਬ ਕਿ ਸਮਾਜੀ ਅਤੇ ਜਮਾਤੀ ਚੇਤਨਾ ਨੂੰ ‘ਪੁਰਾਣੀਆਂ ਸੁਰਾਂ’ (ਜਮੀਨ ਦਾ ਮੋਹ ਤੇ ਲੋਨ ਦੀ ਲਾਲਸਾ) ਦੇ ਰੌਲੇ ਰੱਪੇ ਹੇਠਾਂ ਦਬਾ ਕੇ ਸਮਕਾਲੀ ਪੀੜ੍ਹੀ ਨੂੰ ਚੰਗੇ ਖਪਤਕਾਰ ਬਣਾਇਆ ਜਾ ਰਿਹਾ ਹੈ | ਹੁਣ ਗੱਲ ਦੋਬਾਰਾ ਹਥਲੇ ਗੀਤ ਦੀ ਕਰਦੇ ਹਾਂ ਕਿ ਗੀਤ ਵਿੱਚ ਜਮਾਤੀ ਚੇਤਨਾ ਨਾਮ ਦੀ ਕੋਈ ਚੀਜ਼ ਹੀ ਨਹੀ ਹੈ ਦੋ ਜਮਾਤਾਂ ਦੀ ਗੱਲ ਹੋ ਰਹੀ ਹੈ ਪਰ ਜਮਾਤੀ ਵਿਰੋਧਤਾਈ ਕਿਤੇ ਵੀ ਨਹੀ ਦਿਸਦੀ, ਬੱਸ ਮੱਧ ਵਰਗੀ ਜਮਾਤ ਬੁਰਜੂਆ ਜਮਾਤ ਵਰਗਾ ਨਾ ਹੋਣ ਦੀ ਸੂਰਤ ਵਿੱਚ “ਹੀਣ ਭਾਵਨਾ” ਨਾਲ ਆਪਣੇ ਆਪ ਨੂੰ ਹੀ “ਕੋਸ” ਰਹੀ ਹੈ |


ਉਹਦੇ ਟੌਮੀ ਲਿਖਿਆ ਹੁੰਦਾ ਨੇਫੇ ਜੀਨਾਂ ’ਤੇ
ਦਿਲ ਕਰਦਾ ਉਹਨੂੰ ਟੱਕਰਾਂ ਬਰੋਬਰ ਦਾ ਹੋਕੇ
ਪਰ ਬਹੁਤੇ ਲੋਨ ਨਹੀਂ ਮਿਲਦੇ ਘੱਟ ਜ਼ਮੀਨਾਂ ਤੇ
ਉਹ ਖੜ੍ਹੀ ਪੰਪ ਤੇ ਟੈਂਕੀ ਫੁੱਲ ਕਰਾਉਂਦੀ ਆ
 ਬੱਸ ਦੀ ਮੂਰ੍ਹਲੀ ਟਾਕੀ ਖੜ੍ਹਾ ਰੰਝੇਟਾ ਜਾਵੇ ਜੀ

ਇਹ ਸਤਰਾਂ ਕੀ ਸਾਬਿਤ ਕਰਦੀਆਂ ਹਨ ? ਇੱਕ ਪਾਸੇ ਪੰਜਾਬ ਦੇ ਛੋਟੇ ਕਿਸਾਨ (ਜੇਹਾ ਕਿ ਗੀਤ ਵਿੱਚ ਦਰਜ਼ ਹੈ) ਦਾ ਪਹਿਲਾਂ ਹੀ ਜਮੀਨਾਂ ਵੇਚਕੇ ਜਾਂ ਗਹਿਣੇ ਪਾਕੇ ਦੀਵਾਲਾ ਨਿਕਲਿਆ ਪਿਆ ਹੈ (ਭਾਵੇਂ ਕਿ ਇਹ ਵੀ ਇੱਕ ਅਟਲ ਪੂੰਜੀਵਾਦੀ ਵਿਕਾਸ ਦਾ ਨਿਯਮ ਹੈ) ਇਸੇ ਗੀਤ ’ਚ “ਦੂਜੇ ਪਾਸੇ ਘੱਟ ਜਮੀਨਾਂ ਉੱਤੇ ਲੋਨ ਦੀ ਰਕਮ ਦੇ ਵੀ ਘੱਟ ਮਿਲਣ ਦਾ ‘ਅਫਸੋਸ’ ਕੀਤਾ ਜਾ ਰਿਹਾ ਹੈ|” ਪੰਪ ਤੇ ਟੰਕੀ ਫੁੱਲ ਕਰਵਾ ਰਹੀ ਅਮੀਰਜ਼ਾਦੀ, ਬੱਸ ਦੀ ਮੂਹਰਲੀ ਟਾਕੀ ਖੜ੍ਹੇ (ਲਮਕਦੇ) “ਰੰਝੇਟੇ” ਨੂੰ ਬੁਰੀ ਕਿਉਂ ਨਹੀ ਲਗਦੀ ?? ਉਹ ਉਸਦੇ ਜਮਾਤੀ ਖਾਸੇ ਵਿੱਚ ਢਲਣ ਦੀ ,ਜਾਂ ਬਰਾਬਰ ਦਾ ਹੋ ਕੇ ਟੱਕਰਣ ਦੀ ਲਾਲਸਾ ਕਿਉਂ ਪਾਲੀ ਬੈਠਾ ਹੈ?? “ਰੰਝੇਟੇ” ਨੂੰ ਵੀਹ ਰੁਪਏ ਤੋਂ ਘੱਟ ਗੁਜਾਰਾ ਕਰਨ ਵਾਲੇ ਕਾਲਜਾਂ ਵਿੱਚ ਪੜ੍ਹਨ ਤੋਂ ਅਸਮਰੱਥ ਮੁੰਡੇ-ਕੁੜੀਆਂ ਦੀ ਹਾਸ਼ੀਏ ਤੋਂ ਪਰ੍ਹਾਂ ਧੱਕੀ ਜਾ ਚੁੱਕੀ ਜਮਾਤ ਦਾ ਫਿਕਰ ਕਿਉਂ ਨਹੀ ??? ਜਰੂਰੀ ਤਾਂ ਇਹ ਬਣਦਾ ਹੈ ਕਿ ਬ੍ਰਾਂਡਾਂ ਦੀ ਪੂਰਤੀ ਦੀ ਹਵਸ ਤੋਂ ਨਫਰਤ ਕਰਦਾ ਕੋਈ ਨਾਇਕ ਗੀਤ ਵਿੱਚ ਕਿਰਤ ਨੂੰ ਉੱਤਮ ਦਸਦਾ ਹੋਇਆ ਆਪਣੀ ਜਮਾਤ ਦੀ ਅਗਵਾਈ ਕਰੇ ਪਰ ਇਹ ਖਪਤਕਾਰੀ ਮੰਡੀ ਦੇ “ਵਿਧੀ ਵਿਧਾਨਾਂ” ਅਨੁਸਾਰ ਕਿਸੇ ਵੀ ਤਰ੍ਹਾਂ ਪੂੰਜੀਵਾਦੀ ਚੌਖਟੇ ਵਿੱਚ ਫਿੱਟ ਨਹੀ ਬੈਠਦਾ, ਸੋ ਉਸ ਤਰ੍ਹਾਂ ਦਾ ਨਾਇਕ ਅੱਜ ਕੱਲ੍ਹ ਦੇ ਗੀਤਾਂ ਵਿੱਚੋਂ ਅਲੋਪ ਹੋ ਗਿਆ ਹੈ |


ਭਾਸ਼ਾ ਪੱਖ : ਕੋਈ ਵੀ ਸਾਹਿਤਿਕ ਰਚਨਾ ਉੰਨੀ ਦੇਰ ਤੱਕ ਸਾਰਥਿਕ ਵਜੂਦ ਕਾਇਮ ਨਹੀ ਰੱਖ ਸਕਦੀ ਜਿੰਨੀ ਦੇਰ ਤੱਕ ਭਾਸ਼ਾ ਦੇ ਪੱਖ ਤੋਂ ਮਜਬੂਤ ਨਾਂ ਹੋਵੇ ਜਿਵੇਂ ਕਿ ਇਸ ਗੀਤ ਵਿੱਚਲੀ ਭਾਸ਼ਾ ’ਤੇ ਕੁਝ ਗੱਲਾਂ :


ਪਹਿਲਾ ਨਮੂਨਾ :


ਇਕੋ ਕਾਲਜ ਦੇ ਵਿਚ ਪੜ੍ਹਦੇ ਅਸੀਂ ਪਰਿੰਦੇ ਦੋ
 ਕਈਆਂ ਤੋਂ ਨੀਵੇਂ ਤਾਹੀਂ ਨਜ਼ਰੋਂ ਲਾਹੇ ਜੀ।

 ਦੋਵੇਂ ਪਰਿੰਦੇ ਨਜ਼ਰਾਂ ਤੋਂ ਨਹੀ ਲਾਹੇ ਗਏ ਇਕੱਲਾ ਹੀ ਲਾਹਿਆ ਗਿਆ ਹੈ ਉਹ ਵੀ “ਉਸਦੀ ਮਾਨਸਿਕ ਮਸ਼ੂਕ ਵੱਲੋਂ”

ਦੂਜਾ ਨਮੂਨਾ :


ਮੈਂ ਰਾਹੀ ਮਿੰਨੀ ਬੱਸ ਦਾ ਸ਼ੌਕੀ ਪੜ੍ਹਣੇ ਦਾ

ਕੀ ਮਿੰਨੀ ਬੱਸ ਵਿੱਚ ਸਫਰ ਕਰਦਾ ਹੋਇਆ ਕੋਈ ਮਨੁੱਖ “ਮਿੰਨੀ ਬੱਸ ਦਾ ਰਾਹੀ” ਹੋ ਸਕਦਾ ਹੈ ?ਇੱਥੇ ਗੀਤਕਾਰ ਸਵਾਰੀ ਨਾਲ ਮਿਲਦਾ –ਜੁਲਦਾ ਰਿਦਮਿਕ ਸ਼ਬਦ ਵਰਤਦਾ ਤਾਂ ਸ਼ਾਇਦ ਚੰਗਾ ਹੁੰਦਾ !

ਤੀਜਾ ਨਮੂਨਾ :


ਉਹਦੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ।

ਵਾਟਾਂ ਵੱਢਦੀ ਤਾਂ ਸੁਣਿਆ ਸੀ ਪਰ ਆਹਾ “ਫਾਹੇ ਵੱਢਦੀ ਜੀ” ਕੀ ਹੋਇਆ ?

ਚੌਥਾ ਨਮੂਨਾ :


ਮੈਂ ਕਦੇ ਫਾਲਤੂ ਬੈਠਾ ਨਾ ਕੰਨਟੀਨਾਂ ਤੇ
 ਉਦ੍ਹੇ ਟੌਮੀ ਲਿਖਿਆ ਹੁੰਦਾ ਨੇਫੇ ਜੀਨਾਂ ਤੇ

ਇਹਨਾਂ ਦੋਵਾਂ ਸਤਰਾਂ ਵਿੱਚ ਕੀ ਸਾਂਝਾ ਹੈ ? ਜੀਨਾਂ ਦੇ ਨੇਫੇ ਵੀ ਹੁੰਦੇ ਨੇ ?? ਜੇ ਜੀਨਾਂ ਦੇ ਨੇਫੇ ਹੁੰਦੇ ਤਾਂ ਬੈਲਟ ਦੇ ਬ੍ਰਾਂਡ ਦਾ ਜਿਕਰ ਸ਼ਾਇਦ ਲੇਖਕ ਭੁੱਲ ਗਿਆ ਹੈ !

ਪੰਜਵਾਂ ਨਮੂਨਾ :


ਮੈਂ ਦੋ ਜੀਨਾਂ ਨੂੰ ਬਦਲ ਬਦਲ ਪਾ ਲੈਂਦਾ ਹਾਂ
ਤਾਹੀਂਓਂ ਤਾਂ ਮੈਨੂੰ ਤੱਕ ਕੇ ਫੀਲਿੰਗ ਆਉਂਦੀ ਨਈਂ

ਫੀਲਿੰਗ ਦਾ ਮਸਲਾ ਕੀ ਜੀਨਾਂ ਤੇ ਅਟਕ ਗਿਆ ਜਾਂ “ਬ੍ਰਾਂਡ” ’ਤੇ ਅਟਕ ਗਿਆ ?? ਕੋਈ ਕੁਝ ਵੀ ਕਹੇ ਪ੍ਰਚਲਿਤ ਗੀਤ “ਲਾਂਸਰ”ਵਿੱਚ ਅਜਿਹਾ ਕੁਝ ਵੀ ਨਹੀ ਜਿਸ ਨੂੰ ਸਮੁੱਚੇ ਸਮਾਜ ਦੇ ਦੇ ਸਨਮੁਖ ਰੱਖ ਕੇ ਪਰਚਾਰਿਆ ਜਾਵੇ ਅਤੇ ਸੰਗੀਤਿਕ ਮੰਡੀ ਦੀ, ਤੇ ਬ੍ਰਾਂਡਾਂ (ਉਹਨਾਂ ਨੂੰ ਬਨਾਉਣ ਵਾਲਿਆਂ ਦੀ ਖਸਤਾ ਹਾਲਤ ਤੋਂ ਬਿਨਾਂ) ਦੀ ਨਜਾਇਜ਼ ਇਸ਼ਤਿਹਾਰਬਾਜ਼ੀ ਕੀਤੀ ਜਾਵੇ !

ਬਿੰਦਰਪਾਲ ਫਤਿਹ 

 +9191645-10678 
binderpal94@gmail.com

Monday, February 4, 2013

'ਵਿਰਾਸਤੀ ਭੂਤਾਂ' ਤੋਂ ਮੁਕਤੀ ਤੋਂ ਲੋੜ

ਰੇਕ ਦੇਸ਼,ਕੌਮ ਨੂੰ ਆਪਣੇ ਵਿਰਸੇ,ਆਪਣੀ ਪ੍ਰੰਪਰਾ ,ਆਪਣੀਆਂ ਰਵਾਇਤਾਂ 'ਤੇ ਮਾਣ ਹੁੰਦਾ ਹੈ ।ਹੋਣਾ ਵੀ ਚਾਹੀਦਾ ਹੈ । ਪਰ ਇੱਕ ਪੱਧਰ ਤੇ ਜਾ ਕੇ ਕੁਛ ਪ੍ਰੰਪਰਾਵਾਂ,ਪੈਰਾਂ ਵਿੱਚ ਬੇੜੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਇਹ ਗਿੱਲੇ ਕੱਪੜਿਆਂ ਵਾਂਗ ਹੋ ਜਾਂਦੀਆਂ ਹਨ ,ਜਿਹਨਾਂ ਨੂੰ ਛੱਡਣਾ ਵੀ ਔਖਾ ਹੁੰਦਾ ਹੈ ਅਤੇ ਮੋਢਿਆਂ ਤੇ ਚੱਕੀ ਰੱਖਣਾ ਵੀ ਸੰਭਵ ਨਹੀਂ ਹੁੰਦਾ । ਕੱਟੜਤਾ ਦੀ ਹੱਦ ਤੱਕ ਪ੍ਰੰਪਰਿਕ ਹੋ ਜਾਣਾ ਨਵੀਂ ਪੀੜੀ ਲਈ ਮਾਨਸਿਕ ਕਸ਼ਟਾਂ ਦਾ ਕਾਰਨ ਬਣਦਾ ਹੈ। ਕੱਟੜਤਾ ਚਾਹੇ ਕਿਸੇ ਵੀ ਕਿਸਮ ਦੀ ਹੋਵੇ , ਤਰੱਕੀ ਵਿੱਚ ਹਮੇਸ਼ਾ ਰੋੜਾ ਬਣਦੀ ਹੈ ।ਅਸੀਂ ਭਾਰਤੀ ਆਪਣੀਆਂ ਪ੍ਰੰਪਰਾਵਾਂ ਤੇ ਜਿਆਦਾ ਹੀ ਮਾਣ ਕਰਦੇ ਹਾਂ। ਜਦੋਂ ਵੀ ਸਾਨੂੰ ਵਿਕਸਿਤ ਮੁਲਕਾਂ ਦੀ ਬਰਾਬਰੀ ਨਾ ਕਰ ਸਕਣ ਦੀ ਕੋਈ ਦਲੀਲ ਨਹੀਂ ਲੱਭਦੀ ਤਾਂ ਅਸੀਂ ਆਪਣੀ ਅਮੀਰ ਵਿਰਾਸਤ ਵਾਲਾ ਝੁਰਲੂ ਕੱਢ ਮਾਰਦੇ ਹਾਂ । ਵਿਕਸਿਤ ਮੁਲਕਾਂ ਦੇ ਵਧੀਆ ਜੀਵਨ ਪੱਧਰ , ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ , ਕੁਸ਼ਲ ਪ੍ਰਸ਼ਾਸਨ ਆਦਿ ਸਬੰਧੀ ਜਦੋਂ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਤਾਂ ਅਸੀਂ ਆਪਣੀ ਵਿਰਾਸਤ ਤੇ ਅਮੀਰ ਪ੍ਰੰਪਰਾ ਵਾਲੀ ਤੂਤੀ ਵਜਾ ਕੇ ਉਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਬੱਚਿਆਂ ਵਾਂਗ ਫੜਾਂ ਮਾਰਦੇ ਹਾਂ ਕਿ ਸਾਡੀ ਸਭਿਅਤਾ ਐਨੇ ਹਜਾਰ ਸਾਲ ਪੁਰਾਣੀ ਹੈ ।ਭੂਤਕਾਲ ਦਾ ਭੂਤ , ਸਾਡੇ ਸਿਰੋਂ ਉੱਤਰਦਾ ਹੀ ਨਹੀਂ । ਪੁਰਾਣਾ ਹੋਣਾ,ਹਮੇਸ਼ਾ ਕੋਈ ਗੁਣ ਨਹੀਂ ਹੁੰਦਾ ਅੱਜ ਨਵੇਂ ਯੁੱਗ ਦੇ , ਨਵੇਂ ਸਾਧਨਾਂ ਰਾਹੀਂ , ਅਸੀਂ ਪੁਰਾਤਨਤਾ ਦਾ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਾਂ । ਸੂਚਨਾ ਕ੍ਰਾਂਤੀ ਦੇ ਸਾਧਨਾਂ ਨਾਲ ਇਹ ਸਮਝਿਆ ਜਾਂਦਾ ਸੀ ਕਿ ਅਗਿਆਨਤਾ ਦੂਰ ਹੋਵੇਗੀ , ਪਰ ਅਸੀਂ ਉਹਨਾਂ ਸਾਧਨਾਂ ਦੇ ਸਹਾਰੇ ਹੀ ਅਗਿਆਨਤਾ ਫੈਲਾਉਣ ਵਿੱਚ ਲੱਗੇ ਹੋਏ ਹਾਂ।ਅਸੀਂ ਪ੍ਰੰਪਰਾ ਅਤੇ ਪੁਰਾਤਨਤਾ ਦੀ ਮਾਰਕਿਟਿੰਗ ਕਰ ਕੇ ਜ਼ੋਰ ਸ਼ੋਰ ਨਾਲ ਵੇਚ ਰਹੇ ਹਾਂ।

ਅਸਲ ਵਿੱਚ ਅਸੀਂ ਅਜੀਬ ਕਿਸਮ ਦੇ ਵਿਕਾਸ ਦਾ ਸ਼ਿਕਾਰ ਹੋ ਰਹੇ ਹਾਂ । ਸਾਡੇ ਕੋਲ ਸਾਧਨ ਇੱਕੀਵੀਂ ਸਦੀ ਵਾਲੇ ਹਨ , ਪਰ ਸੋਚ ਸੋਲ੍ਹਵੀਂ ਸਦੀ ਵਾਲੀ । ਅਸੀਂ ''ਬਿੱਗ ਬੌਸ' ਅਤੇ ''ਸੰਨੀ ਲਿਓਨ' ਦੇ ਜਮਾਨੇ ਵਿੱਚ ਜੀਅ ਰਹੇ ਹਾਂ ਪਰ ਪ੍ਰੰਪਰਾ ਸਤਿਯੁੱਗ ਦੇ ਵੇਲਿਆਂ ਵਾਲੀ ਭਾਲਦੇ ਹਾਂ । ਸਾਡੇ ਇੱਕ ਹੱਥ ਲੈਪਟੌਪ ਤੇ ਦੂਜੇ ਹੱਥ ਪ੍ਰੰਪਰਾ ਵਾਲਾ ਛਣਕਣਾ ਫੜਿਆ ਹੋਇਆ ਹੈ ।ਭੱਜਦੇ ਕਨੇਡਾ ਵੱਲ ਨੂੰ ਹਾਂ ,ਗੁਣ ਪੰਜਾਬ ਦੇ ਗਾਉਂਦੇ ਹਾਂ । ਦੁਨੀਆਂ ਮੰਗਲ ਗ੍ਰਹਿ ਤੇ ਜਾਣ ਦੀ ਤਿਆਰੀ ਖਿੱਚੀ ਬੈਠੀ ਹੈ ,ਅਸੀਂ ਮਹਿੰਜੋਦੜੋ ਜਾਣ ਲਈ ਬਿਸਤਰੇ ਬੰਨੀ ਬੈਠੇ ਹਾਂ ।ਜੋ ਸੀ , ਜੋ ਹੈ , ਅਤੇ ਜੋ ਚਾਹੀਦਾ ਹੈ , ਇਹ ਤਿੰਨ ਵੱਖ ਵੱਖ ਚੀਜਾਂ ਹਨ । ਇਹ ਸੱਚਾਈ ਹੈ ਕਿ ਸਾਨੂੰ ਹਮੇਸ਼ਾਂ ਵਰਤਮਾਨ ਵਿੱਚ ਹੀ ਜੀਣਾ ਪੈਂਦਾ ਹੈ ।


ਜੋ ਬੀਤ ਗਿਆ ,ਉਸ ਨੇ ਵਾਪਸ ਨਹੀਂ ਆਉਣਾ । ਨਵੀਆਂ ਸਥਿਤੀਆਂ ਵਿੱਚ , ਨਵੇਂ ਨਿਯਮ ਆਪਣੇ ਆਪ ਹੋਂਦ ਵਿੱਚ ਆ ਜਾਂਦੇ ਹਨ । ਬਦਲਾਓ ਕੁਦਰਤ ਦਾ ਨਿਯਮ ਹੈ , ਪਰ ਅਸੀਂ ਇਸ ਤੋਂ ਇਨਕਾਰੀ ਹੋ ਰਹੇ ਹਾਂ । ਵਿਗਿਆਨ ਦੇ ਨਿਯਮਾਂ ਨੂੰ ਲਾਗੂ ਕਰਨ ਲਈ ਵੀ ਨਾਲ ਕੁਝ ਸ਼ਰਤਾਂ ਹੁੰਦੀਆਂ ਹਨ । ਉਹਨਾਂ ਹਾਲਤਾਂ ਤੋਂ ਬਾਹਰ , ਉਹ ਨਿਯਮ ਸਹੀ ਨਤੀਜੇ ਨਹੀਂ ਦਿੰਦੇ । ਭੌਤਿਕ ਵਿਗਿਆਨ ਦੇ ਸਧਾਰਨ ਨਿਯਮ ਵੀ ਚੰਨ ਦੀ ਸਤ੍ਹਾ ਤੇ ਧਰਤੀ ਵਰਗੇ ਨਤੀਜੇ ਨਹੀਂ ਦਿੰਦੇ । ਚੰਨ ਦੀ ਸਤ੍ਹਾ ਤੇ ਚੱਲਣ ਫਿਰਨ , ਖਾਣ ਪੀਣ ਆਦਿ ਦੇ ਵੱਖਰੇ ਨਿਯਮ ਹਨ । ਕਹਿਣ ਦਾ ਭਾਵ , ਬਦਲੇ ਹਾਲਾਤ ਵਿੱਚ ਆਪਣੇ ਆਪ ਨੂੰ ਬਦਲਣਾ ਪੈਂਦਾ ਹੈ । ਇਹ ਨਿਯਮ ਸਾਡੇ ਸਮਾਜਿਕ ਜੀਵਨ ਤੇ ਵੀ ਲਾਗੂ ਹੁੰਦੇ ਹਨ ।ਅੱਜ ਹਾਲਾਤ ਪੰਦਰ੍ਹਵੀਂ ਸਦੀ ਵਾਲੇ ਨਹੀਂ ਹਨ , ਇਸ ਲਈ ਉਸ ਸਦੀ ਵਾਲੇ ਸਾਰੇ ਨਿਯਮ ਅੱਜ ਦੇ ਮਨੁੱਖ ਤੇ ਲਾਗੂ ਨਹੀਂ ਹੋ ਸਕਦੇ ।ਸੂਚਨਾ ਕ੍ਰਾਂਤੀ ਨੇ ਮਨੁੱਖੀ ਜੀਵਨ ਨੂੰ ਹਿਲਾ ਕੇ ਰੱਖ ਦਿੱਤਾ ਹੈ । ਮੋਬਾਇਲ , ਲੈਪਟੌਪ , ਡਿਸ਼ ਟੀ.ਵੀ ਆਦਿ ਯੰਤਰ ਸਾਡੀ ਨਿੱਜੀ ਜਿੰਦਗੀ ਦੇ ਨਾਲ ਨਾਲ ਸਾਡੀ ਆਰਥਿਕ , ਸਮਾਜਿਕ 'ਤੇ ਪਰਿਵਾਰਕ ਜਿੰਦਗੀ 'ਤੇ ਵੀ ਅਸਰ ਪਾਉਂਦੇ ਹਨ । ਜਦੋਂ ਇੱਕ ਵਾਰ ਕੋਈ ਤਕਨੀਕ ਜਾਂ ਸਾਧਨ ਆ ਜਾਵੇ , ਫਿਰ ਉਸਨੂੰ ਜਿੰਦਗੀ 'ਚੋਂ ਮਨਫੀ ਕਰਨਾ ਮੁਸ਼ਕਿਲ ਹੁੰਦਾ ਹੈ । ਸਮੇਂ ਨੂੰ ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾ । ਕੱਲ ਤੱਕ ਜੋ ਬੇਹੱਦ ਅਸ਼ਲੀਲ ਮੰਨਿਆ ਜਾਂਦਾ ਸੀ , ਉਹ ਅੱਜ ਸਾਡੇ ਡਰਾਇੰਗ ਰੂਮਾਂ , ਬੈਡਰੂਮਾਂ ਵਿੱਚ ਹੀ ਨਹੀਂ , ਸਾਡੀ ਜੇਬ ਵਿੱਚ ਪਹੁੰਚ ਚੁੱਕਿਆ ਹੈ । ਅਸੀਂ ਪੁਰਾਤਨਤਾ ਦੀ ਜਿੰਨੀ ਮਰਜ਼ੀ ਦੁਹਾਈ ਪਾਈਏ , ਇਸ ਸੱਚਾਈ ਤੋਂ ਭੱਜ ਨਹੀਂ ਸਕਦੇ । ਸਾਨੂੰ ਇਸ ਦਾ ਸਾਹਮਣਾ ਕਰਨਾ ਹੀ ਪੈਣਾ ਹੈ । ਇਸ ਨਾਲ ਬਹੁਤ ਕੁਛ ਨੇ ਟੁੱਟਣਾ ਹੀ ਟੁੱਟਣਾ ਹੈ।

ਮਸ਼ਹੂਰ ਕਾਰਟੂਨਿਸਟ ਆਰ ਪ੍ਰਸਾਦ ਦਾ ਕਾਰਟੂਨ

ਸਾਡਾ ਵਿਰਸਾ ਅਮੀਰ ਸੀ ,ਪਰ ਇਸ ਵਿੱਚ ਸਭ ਚੰਗਾ ਨਹੀਂ ਸੀ । ਔਰਤਾਂ ਅਤੇ ਦਲਿਤਾਂ ਦੀ ਹਾਲਤ ਬੇਹੱਦ ਮਾੜੀ ਸੀ । ਹਰ ਵੇਲੇ ਬੀਤੇ ਦੀ ਸਿਫਤ ਤੇ ਵਰਤਮਾਨ ਦੀ ਨੁਕਤਾਚੀਨੀ ਕਰੀ ਜਾਣਾ ਕੋਈ ਸਿਆਣਪ ਨਹੀਂ ਹੈ । ਅਸੀਂ ਰੌਲਾ ਸੱਚ ਦਾ ਪਾਉਂਦੇ ਹਾਂ ਪਰ ਸਭ ਤੋਂ ਵੱਧ ਝੂਠ ਬੋਲਦੇ ਹਾਂ । ਨਵੀਂ ਪੀੜੀ ਦੇ ਨਸ਼ਿਆਂ ਵਿੱਚ ਗ੍ਰਸਤ ਹੋਣ ਦਾ ਰੌਲਾ ਪਾਉਣਾ ਫੈਸ਼ਨ ਜਿਹਾ ਬਣ ਗਿਆ ਹੈ । ਪਰ ਇਸ ਸਭ ਲਈ ਪੁਰਾਣੀ ਪੀੜੀ ਵਧੇਰੇ ਜਿੰਮੇਵਾਰ ਹੈ । ਅਸੀਂ ਐਨੇ ਨਿਰਾਸ਼ਾਵਾਦੀ ਹਾਂ ਕਿ ਮਿਹਨਤ ਕਰਨ ਵਾਲੇ ਨੌਜਵਾਨ ਸਾਨੂੰ ਨਜ਼ਰ ਹੀ ਨਹੀਂ ਆਉਂਦੇ । ਹਜਾਰਾਂ ਨੌਜਵਾਨ ਇਮਾਨਦਾਰੀ ਨਾਲ ਮਿਹਨਤ ਕਰ ਕੇ ਆਪਣੇ ਪਰਿਵਾਰ ਪਾਲ ਰਹੇ ਹਨ ਪਰ ਪੁਰਾਣੀ ਪੀੜੀ ਸਭ ਨੂੰ ਇੱਕੋ ਰੱਸੇ ਬੰਨ ਰਹੀ ਹੈ ।ਬਹਗਿਣਤੀ ਬਜ਼ੁਰਗਾਂ ਕੋਲ ਸਿਵਾਏ ਸਵੈ ਪ੍ਰਸ਼ੰਸਾ ਦੇ , ਅਗਲੀ ਪੀੜੀ ਨੂੰ ਦੇਣ ਲਈ ਗਾਹਲਾਂ ਤੋਂ ਸਿਵਾ ਹੋਰ ਕੋਈ ਉਸਾਰੂ ਨਜ਼ਰੀਆ ਨਹੀਂ ਹੈ । ਬਹੁਤ ਸਾਰੇ ਵਿਦਵਾਨ ਵੀ ਹਮਦਰਦੀ ਬਟੋਰਨ ਲਈ , ਆਪਣੇ ਵੇਲੇ ਦੇ ਹਾਲਾਤ ਨੂੰ ਵਧਾ ਚੜ੍ਹਾ ਕੇ ਦੱਸਦੇ ਹਨ । ਅਕਸਰ ਹੀ ਸੁਣਿਆ ਜਾਂਦਾ ਹੈ ਕਿ , ਜੀ ਅਸੀਂ ਸਾਇਕਲ ਤੇ ਸਕੂਲ ਜਾਂਦੇ ਸੀ , ਲਾਲਟੈਣ ਦੀ ਰੌਸ਼ਨੀ ਵਿੱਚ ਪੜਦੇ ਹੁੰਦੇ ਸੀ , ਵਗੈਰਾ , ਵਗੈਰਾ ।ਪਰ ਇਹ ਸਾਇਕਲ ਅਤੇ ਲਾਲਟੈਣ ਨੂੰ ਵਰਤਣਾ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਹੋਰ ਸਾਧਨ ਮੌਜੂਦ ਨਹੀਂ ਸਨ , ਜੇ ਹੁੰਦੇ , ਤਾਂ ਘੱਟ ਉਹ ਵੀ ਨਾ ਕਰਦੇ । ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਕੁਝ ਵਿਦਵਾਨ ਸਿਰਫ ਇਸ ਲਈ ਹੀ ਨਵੀਂ ਪੀੜੀ ਨੂੰ ਭੰਡੀ ਜਾਂਦੇ ਹਨ ਕਿ ਉਹ ਮੋਟਰਸਾਇਕਲਾਂ ਤੇ ਕਾਲਜ ਜਾਂਦੇ ਹਨ ।ਹਰ ਵੇਲੇ ਦੇ ਆਪਣੇ ਸੱਚ ਹੁੰਦੇ ਹਨ । ਇਹਨਾਂ ਨੌਜਵਾਨਾਂ 'ਚੋਂ ਹੀ ਆਈ.ਏ.ਐਸ, ਪੀ.ਸੀ.ਐਸ , ਚੰਗੇ ਡਾਕਟਰ , ਇੰਜਨੀਅਰ ਅਤੇ ਸਾਇੰਸਦਾਨ ਵੀ ਆ ਰਹੇ ਹਨ । ਸ਼ਾਮ ਨੂੰ ਖੇਡਾਂ ਦੇ ਮੈਦਾਨ ਅਤੇ ਜਿੰਮ ਵੀ ਭਰੇ ਹੁੰਦੇ ਹਨ । ਅੱਜ ਦੇ ਨੌਜਵਾਨ ਵੀ ਭਵਿੱਖ ਪ੍ਰਤੀ ਪਹਿਲੀ ਪੀੜੀ ਵਾਂਗ ਹੀ ਚੇਤੰਨ ਹਨ ਪਰ ਫਰਕ ਸਿਰਫ ਐਨਾ ਹੈ ਕਿ ਅਜੋਕੀ ਪੀੜੀ ਦਾ ਵਾਹ ਅਜਿਹੇ ਸਿਸਟਮ ਨਾਲ ਪਿਆ ਹੈ ਜਿਸਦਾ ਬੇੜਾ ਪੁਰਾਣੀ ਪੀੜੀ ਨੇ ਗਰਕ ਕੀਤਾ ਹੈ । ਗਲ ਵੱਢਵੇਂ ਮੁਕਾਬਲੇ ਦੇ ਦੌਰ ਵਿੱਚ , ਜਿੰਦਗੀ ਜੂੰ ਦੀ ਤੋਰੇ ਨਹੀਂ ਤੋਰੀ ਜਾ ਸਕਦੀ ।
ਐਮ ਐਫ ਹੁਸੈਨ ਦੀ ਸੰਘੀ ਕੱਟੜਤਾ ਦੀ ਭੇਂਟ ਚੜ੍ਹੀ  'ਭਾਰਤ ਮਾਤਾ' ਪੇਂਟਿੰਗ

ਅਸਲ ਵਿੱਚ ਸਾਡਾ ਸਾਰਾ ਨਜ਼ਰੀਆ ਹੀ ਨਾਂਹਵਾਦੀ ਹੈ । ਆਹ ਨਹੀਂ ਕਰਨਾ , ਔਹ ਨਹੀਂ ਕਰਨਾ , ਆਹ ਨਹੀਂ ਖਾਣਾ , ਔਹ ਨਹੀਂ ਪਾਉਣਾ । ਹਰ ਗੱਲ ਵਿੱਚ ਨਹੀਂ , ਨਹੀਂ , ਨਹੀਂ । ਕੋਈ ਨਹੀਂ ਕਹਿੰਦਾ ਕਿ ਫਲਾਣਾ ਕੰਮ ਕਰ ਵੀ ਸਕਦੇ ਹਾਂ । ਇਹ ਸਾਡੇ ਪ੍ਰੰਪਰਿਕ ਨਾਂਹਵਾਦੀ ਵਿਚਾਰਾਂ ਦਾ ਹੀ ਨਤੀਜਾ ਹੈ ਕਿ ਸਾਡੇ ਪੰਦਰਾ੍ਹਂ ਸੋਲ੍ਹਾਂ ਸਾਲਾਂ ਦੇ ਗੱਭਰੂਆਂ/ਮੁਟਿਆਰਾਂ ਨੂੰ ਬੱਚੇ ਹੀ ਸਮਝਿਆ ਜਾਂਦਾ ਹੈ ਜਦੋਂ ਕਿ ਅਖੌਤੀ 'ਗਰੀਬ ਵਿਰਾਸਤ' ਵਾਲੇ ਪੱਛਮੀਂ ਮੁਲਕਾਂ ਦੇ ਬੱਚੇ ਇਸ ਉਮਰੇ ਉਲੰਪਿਕ ਵਿੱਚ ਸੋਨ ਤਗਮੇ ਜਿੱਤ ਰਹੇ ਹਨ ।ਸਾਡੀ ਪ੍ਰੰਪਰਾ ਸਾਡੀ ਮਾਨਸਿਕ ਅਜਾਦੀ ਦੀ ਕੱਟੜ ਦੁਸ਼ਮਣ ਹੈ । ਇਹ ਸਾਡੀ ਅਜੀਬ ਭਾਰਤੀ ਮਾਨਸਿਕਤਾ ਹੈ ਕਿ ਅਸੀਂ ਇਕੱਲੇ ਫੈਸਲਾ ਲੈਣ ਦੇ ਕਾਬਲ ਬਣ ਹੀ ਨਹੀਂ ਸਕੇ । ਅਸੀਂ ਤਾਂ ਪਿਸ਼ਾਬ ਕਰਨ ਵੀ ਦੋ ਜਣੇ ਜਾਂਦੇ ਹਾਂ । ਸਾਡੀ ਮਾਨਸਿਕ ਨਿਪੁੰਸਕਤਾ ਦਾ ਵੱਡਾ ਕਾਰਨ ਸਾਡੀਆਂ ਥੋਥੀਆਂ ਰਵਾਇਤਾਂ ਅਤੇ ਵੇਲਾ ਵਿਹਾ ਚੁੱਕੀਆਂ ਪ੍ਰੰਪਰਾਵਾਂ ਹਨ ਜਿੰਨ੍ਹਾਂ ਨੂੰ ਪਾਲਣ ਲਈ ਹਰ ਪੀੜੀ ਨੂੰ ਮਜਬੂਰ ਕੀਤਾ ਜਾਂਦਾ ਹੈ ।

ਅਮਰੀਕਾ ਖੁਸ਼ਹਾਲ ਹੈ,ਆਸਟਰੇਲੀਆ ਖੁਸ਼ਹਾਲ ਹੈ, ਕਿਉਂਕਿ ਇਹਨਾਂ ਕੋਲ ਰਸਤਾ ਰੋਕਣ ਵਾਲੀ ਕੋਈ ਪ੍ਰੰਪਰਾ ਮੌਜੂਦ ਨਹੀਂ ਹੈ । ਇਹ ਲੋਕ ਆਪਣਾ ਆਪ ਘੜ ਰਹੇ ਹਨ ਜਦੋਂ ਕਿ ਅਸੀਂ ਨਵੀਨਤਾ ਅਤੇ ਪ੍ਰੰਪਰਾ ਦੇ ਗਧੀ ਗੇੜ ਵਿੱਚ ਫਸੇ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋ ਰਹੇ ਹਾਂ ।ਬਹੁਤੀ ਬੰਦਸ਼ ਮਨੋਰੋਗਾਂ ਨੂੰ ਜਨਮ ਦਿੰਦੀ ਹੈ । ਇਹਨਾਂ ਤੋਂ ਨਿਜਾਤ ਪਾਉਣ ਲਈ ਕੋਈ ਨਸ਼ੇ ਵੱਲ ਭੱਜਦਾ ਹੈ , ਤੇ ਕੋਈ ਰੇਲਵੇ ਲਾਇਨ ਵੱਲ ।

ਸਾਨੂੰ ਪੁਰਾਤਨਤਾ ਦੀ ਅਮੀਰੀ ਦੇ ਵਹਿਮ ਤੋਂ ਮੁਕਤ ਹੋਣਾ ਹੀ ਪੈਣਾ ਹੈ ।ਸਾਡਾ ਭੂਤਕਾਲ ਅਮੀਰ ਸੀ , ਪਰ ਵਰਤਮਾਨ ਲਗਭਗ ਕੰਗਾਲ ਹੈ। ਜੋ ਪੁਰਾਣਾ ਸਾਰਥਿਕ ਨਹੀਂ ਰਿਹਾ , ਉਹ ਛੱਡਣਾ ਹੀ ਪੈਣਾ ਹੈ । ਬਹੁਤ ਸਾਰੀਆਂ ਚੀਜਾਂ , ਨਵੇਂ ਸਿਰਿਓਂ ਪਰਿਭਾਸ਼ਿਤ ਕਰਨੀਆਂ ਪੈਣਗੀਆਂ । ਲਾਲਚ ਹਰ ਖੇਤਰ ਵਿੱਚ ਬੁਰੀ ਬਲਾ ਨਹੀਂ ਹੁੰਦਾ । ਇਮਾਨਦਾਰੀ ਨਾਲ ਵੱਧ ਮਿਹਨਤ ਕਰਕੇ ਚੰਗੇਰੀ ਜਿੰਦਗੀ ਜਿਊਣ ਦਾ ਲਾਲਚ ਅਪਨਾਉਣਾ ਹੀ ਹੋਵੇਗਾ । ਅੰਗੂਰ ਹਮੇਸ਼ਾ ਹੀ ਖੱਟੇ ਨਹੀਂ ਹੁੰਦੇ । ਉੱਦਮ ਅਤੇ ਸਿਰੜ ਨਾਲ ਉੱਚੇ ਅੰਗੂਰ ਵੀ ਤੋੜੇ ਜਾ ਸਕਦੇ ਹਨ । ਹੁਣ ਕਾਂ , ਕਦੇ ਵੀ ਘੜੇ ਵਿੱਚ ਵੱਟੇ ਸਿੱਟ ਕੇ ਪਾਣੀ ਨਹੀਂ ਪੀਵੇਗਾ । ਕਾਂ ਨੂੰ ਸਟਰਾਅ ਵਰਤਣ ਦੀ ਜਾਚ ਸਿੱਖਣੀ ਹੀ ਹੋਵੇਗੀ ।ਨਰਸਰੀ ਵਿੱਚ ਪੜਦੇ ਬੱਚੇ ਵੀ ਸਮਝਦੇ ਹਨ ਕਿ ਖਰਗੋਸ਼ ਭਾਵੇਂ ਦੋ ਦਿਨ ਸੁੱਤਾ ਰਹੇ ,ਕੱਛੂ ਰੇਸ ਨਹੀਂ ਜਿੱਤ ਸਕਦਾ ।

ਆਉਣ ਵਾਲੇ ਸਮੇ ਵਿੱਚ ਕਿਸੇ ਵੀ ਬੱਚੇ ਨੇ ਆਪਣੇ ਮਾਂ-ਬਾਪ ਤੋਂ ਪੁੱਛ ਕੇ ਫੈਸਲੇ ਨਹੀਂ ਕਰਨੇ । ਬੱਚਿਆਂ ਦੇ ਹੱਥ ਸਿਰਫ ਟੀ.ਵੀ ਦਾ ਰਿਮੋਟ ਹੀ ਨਹੀਂ ਆਇਆ ,ਘਰ ਦਾ ਕੰਟਰੋਲ ਵੀ ਆ ਚੁੱਕਿਆ ਹੈ ।ਅਜਿਹੇ ਸਮੇ ਵਿੱਚ ਬੱਚਿਆਂ ਤੋਂ ਸਰਵਣ ਪੁੱਤਾਂ ਵਰਗੇ ਵਿਹਾਰ ਦੀ ਉਮੀਦ ਕਰਨੀ ਬੇਵਕੂਫੀ ਹੀ ਹੋਵੇਗੀ । ਇਹ ਵੀ ਨਹੀਂ ਕਿ ਬੱਚੇ ਮਾਂ-ਬਾਪ ਨੂੰ ਪਿਆਰ ਨਹੀਂ ਕਰਨਗੇ । ਅਸਲ ਵਿੱਚ ਅਸੀਂ ਪਿਆਰ ਅਤੇ ਇੱਜਤ ਨੂੰ ਰਲਗੱਡ ਕਰੀ ਬੈਠੇ ਹਾਂ । ਬੱਚੇ ਮਾਪਿਆਂ ਨੂੰ ਕੁਦਰਤੀ ਪਿਆਰ ਤਾਂ ਕਰਦੇ ਹੀ ਹੁੰਦੇ ਹਨ , ਪਰ ਇੱਜ਼ਤ ਮਾਪਿਆਂ ਨੂੰ ਕਮਾਉਣੀ ਪੈਂਦੀ ਹੈ ।ਆਰਥਿਕ ਤੌਰ ਤੇ ਅਜਾਦ ਬੱਚੇ , ਪਿਓ ਦੀ ਨਜਾਇਜ਼ ਜੀ ਹਜੂਰੀ ਕਦੇ ਵੀ ਨਹੀਂ ਕਰਨਗੇ । ਲੱਖ ਰੌਲਾ ਪਾਉਣ ਤੇ ਵੀ ਨਵੀਂ ਪੀੜੀ 'ਪੌਪਕੌਰਨ' ਹੀ ਖਾਵੇਗੀ , ਭੱਠੀ ਤੋਂ ਦਾਣੇ ਕੋਈ ਨਹੀਂ ਚੱਬੇਗਾ ।ਹਰੇਕ ਔਰਤ ਨੂੰ ਮਾਂ, ਭੈਣ ਅਤੇ ਮਰਦ ਨੂੰ ਭਰਾ ਸਮਝਣ ਦਾ ਸਮਾਂ ਹੁਣ ਬੀਤ ਚੁੱਕਾ ਹੈ ।ਰਿਸ਼ਤਿਆਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਨਾਲ ਮਾਨਵੀ ਵਿਹਾਰ ਕਰਨਾ ਹੁਣ ਸਿੱਖਣਾ ਹੀ ਪੈਣਾ ਹੈ । ਆਪਣੇ ਗੁਣਾਂ- ਔਗੁਣਾਂ ਸਮੇਤ ਨਵੇਂ ਨੇ ਵਾਪਰ ਕੇ ਰਹਿਣਾ ਹੈ ।ਜਿਹੜੇ ਜਿੰਦਗੀ ਦੀ ਤੂਫਾਨੀ ਚਾਲ ਨਾਲ ਕਦਮ ਨਹੀਂ ਮੇਲ ਸਕਣਗੇ , ਖਤਮ ਹੋ ਜਾਣਗੇ ।ਆਉਣ ਵਾਲੀਆਂ ਪੀੜੀਆਂ ਨੂੰ ਇਸ ਚੌਵੀ ਗੁਣਾ ਸੱਤ (24x 7) ਵਾਲੀ ਜਿੰਦਗੀ ਦੇ ਹਾਣ ਦਾ ਬਨਾਉਣ ਦੀ ਜਿੰਮੇਵਾਰੀ ਵਰਤਮਾਨ ਪੀੜੀ ਦੀ ਹੈ ।ਇਸ ਸਭ ਲਈ ਪ੍ਰੰਪਰਾ,ਪੁਰਾਤਨਤਾ ਦੇ ਕੁਝ ਸੰਗਲ ਲਾਜ਼ਮੀ ਤੋੜਨੇ ਪੈਣਗੇ ।


ਘੱਟ ਜਮੀਨਾਂ , ਵੱਡੇ ਪਰਿਵਾਰਾਂ ਨੂੰ ਬੰਨ ਕੇ ਨਹੀਂ ਰੱਖ ਸਕਦੀਆਂ । ਜੱਟ ,ਜੱਟਾਂ ਵਾਲੇ ਗਰੂਰ ਚੋਂ ਜਿੰਨੀ ਛੇਤੀ ਬਾਹਰ ਆਵੇਗਾ,ਓਨਾ ਹੀ ਸੌਖਾ ਰਹੇਗਾ । ਆਉਣ ਵਾਲਾ ਸਮਾਂ ਛੋਟੇ ਪਰਿਵਾਰਾਂ ਦਾ ਹੋਵੇਗਾ । ਬੱਚੇ , ਦਾਦੇ ਦਾਦੀਆਂ ਤੋਂ ਮਹਿਰੂਮ ਰਹਿਣਗੇ ਤੇ ਬੁਢਾਪਾ ਬਿਰਧ ਆਸਰਮਾਂ ਵਿੱਚ ਗੁਜ਼ਰੇਗਾ ।ਇਹ ਸਭ ਬੇਹੱਦ ਕੌੜਾ ਲੱਗ ਸਕਦਾ ਹੈ ਪਰ ਨਵੇਂ ਦੀ ਨਿੰਦਿਆ ਕਰਨ ਨਾਲ ਸੱਚਾਈ ਬਦਲ ਨਹੀਂ ਜਾਣੀ । ਬਹੁਤ ਸਾਰੀਆਂ ਪ੍ਰੰਪਰਾਵਾਂ ,ਰਵਾਇਤਾਂ ਨੇ ਕੀਚਰ ਕੀਚਰ ਹੋਣਾ ਹੀ ਹੋਣਾ ਹੈ । ਨਵਾਂ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ,ਇਹ ਤਾਂ ਬੱਸ ਨਵਾਂ ਹੁੰਦਾ ਹੈ


ਲੇਖਕ:ਦਵਿੰਦਰ ਸਿੰਘ ਗਿੱਲ 

ਫੋਨ--98550-73018

Friday, February 1, 2013

ਲਾਂਸਰ ਗੀਤ: ਭਾਵਨਾਤਮਿਕ ਪ੍ਰਗਟਾਵੇ ਦੇ 'ਸਮਾਜਿਕ-ਸੱਭਿਆਚਾਰਕ' ਅਰਥ

ਸ ਗੰਧਲੀ ਗਾਇਕੀ ਦੇ ਦੌਰ ਵਿਚ ਬਹੁਤ ਸਾਰੇ ਚੰਗੇ ਗੀਤ ਵੀ ਆ ਰਹੇ ਹਨ। ਜਿਨ੍ਹਾਂ ਨੂੰ ਸੁਣ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਜ਼ਰੂਰੀ ਮਾੜਿਆਂ ਦਾ ਵਿਰੋਧ ਕਰਨਾ ਹੈ । ਇਨ੍ਹਾਂ ਵਿਚ ਮਾਨ ਭਰਾਵਾਂ ਦੀ ਸਤਰੰਗੀ ਪੀਂਘ, ਕੁਲਵਿੰਦਰ ਬਿੱਲੇ ਦਾ ਗੀਤ ਪੰਜਾਬ, ਹਰਜੀਤ ਹਰਮਨ ਦਾ ਸੰਸਾਰ, ਵਿਨੇਪਾਲ ਬੁੱਟਰ ਦਾ ਮੁਆਫੀਨਾਮਾ। ਅਸਲ ਵਿਚ ਮਾੜਿਆਂ ਵਲੋਂ ਖਿੱਚੀ ਲਕੀਰ ਦੇ ਬਰਾਬਰ ਚੰਗਿਆਂ ਵਲੋਂ ਵੱਡੀ ਲਕੀਰ ਖਿੱਚਣੀ ਪਵੇਗੀ ਤਾਂ ਜਾ ਕੇ ਕਿਤੇ ਕੋਈ ਅਸਰ ਹੋਵੇਗਾ। ਚਲੋ ਖੈਰ, ਅਸੀਂ ਆਪਣਾ ਆਪਣਾ ਕੰਮ ਇਮਾਨਦਾਰੀ ਨਾਲ ਕਰੀਏ ਤਾਂ ਹੀ ਕਿਸੇ ਚੰਗੇ ਨਤੀਜੇ ’ਤੇ ਪਹੁੰਚ ਸਕਾਂਗੇ। ਇਥੇ ਮੈਂ ਪਿਛਲੇ ਦਿਨੀਂ ਮਾਰਕੀਟ ਵਿਚ ਆਏ ਇਕ ਗੀਤ ਬਾਰੇ ਗੱਲ ਕਰਨ ਜਾ ਰਿਹਾਂ। ਇਸ ਗੀਤ ਦੇ ਕਈ ਚੰਗੇ ਪੱਖ ਨੇ।

ਗੀਤ ਹੈ ਜੱਸੀ ਗਿੱਲ ਦਾ - ਲਾਂਸਰ (lancer)। ਗੀਤ ਸ਼ੁਰੂ ਹੁੰਦਾ ਹੈ:

ਇਕੋ ਕਾਲਜ ਦੇ ਵਿਚ ਪੜ੍ਹਦੇ ਅਸੀਂ ਪਰਿੰਦੇ ਦੋ 
ਕਈਆਂ ਤੋਂ ਨੀਵੇਂ ਤਾਹੀਂ ਨਜ਼ਰੋਂ ਲਾਹੇ ਜੀ। 
ਮੈਂ ਰਾਹੀ ਮਿੰਨੀ ਬੱਸ ਦਾ ਸ਼ੌਕੀ ਪੜ੍ਹਣੇ ਦਾ 
ਉਦ੍ਹੀ ਚਿੱਟੀ ਲਾਂਸਰ ਵੱਢਦੀ ਜਾਂਦੀ ਫਾਹੇ ਜੀ।


ਸਿੱਧੇ ਤੌਰ ਤੇ ਇਹ ਗੀਤ ਆਮ ਪੇਂਡੂ ਨਿਮਨ ਮੱਧ ਵਰਗੀ ਮੁੰਡਿਆਂ ਦੇ ਖੂਬਸੂਰਤ ਕੁੜੀਆਂ ਨਾਲ ਪਿਆਰ ਨੂੰ ਪੇਸ਼ ਕਰਦਾ ਹੈ, ਪਿਆਰ ਜੋ ਹਾਲੇ ਵੀ ਇਕ ਸੁੱਚੀ ਭਾਵਨਾ ਮੰਨਿਆਂ ਜਾ ਰਿਹਾ ਹੈ, ਕਿਸੇ ਭੇਦ-ਭਾਵ, ਰੰਗ ਨਸਲ, ਜਾਤ-ਪਾਤ, ਊਚ-ਨੀਚ ਤੋਂ ਮੁਕਤ। ਪਰ ਅਸਿੱਧੇ ਤੌਰ ’ਤੇ ਸਾਡੇ ਸਮਕਾਲ ਦੀਆਂ ਪਰਤਾਂ ਨੂੰ ਬੜੀ ਸੰਜੀਦਗੀ ਨਾਲ ਫਰੋਲਦਾ ਹੈ। ਪਹਿਲੀ ਸਤਰ ਵਿਚ ਆਇਆ ਸ਼ਬਦ 'ਪਰਿੰਦੇ' ਸਾਰਿਆਂ ਦੀ ਬਰਾਬਰੀ ਦਾ ਪ੍ਰਤੀਕ ਹੈ। ਪਰਿੰਦੇ ਜਿਨ੍ਹਾਂ ਲਈ ਇਕੋ ਅੰਬਰ, ਇਕੋ ਹਵਾ, ਇਕੋ ਅਜ਼ਾਦੀ। ਪਰ ਪ੍ਰਬੰਧ ਨੇ ਪਰਿੰਦਿਆਂ ਨੂੰ ਵੀ ਉਚੇ ਨੀਵੇਂ ਬਣਾ ਕੇ ਰੱਖ ਦਿੱਤਾ ਹੈ। ਇਹੀ ਪਰਿੰਦੇ ਮਿੰਨੀ ਬੱਸ ਦੀ ਸਵਾਰੀ ਤੇ ਲਾਂਸਰ ਦੀ ਮਾਲਕੀ ਵਿਚ ਵੰਡ ਦਿੱਤੇ ਗਏ ਭਾਵ ਇਹ ਗੀਤ ਸਿੱਧੇ ਤੌਰ ’ਤੇ ਸਾਧਨ ਸੰਪੰਨ ਤੇ ਸਾਧਨਹੀਨ ਜਾਂ ਘੱਟ ਸਾਧਨ ਵਾਲਿਆਂ ਵਿਚਲੇ ਫਾਸਲੇ ਨੂੰ ਸੰਬੋਧਿਤ ਹੈ। ਗੀਤ ਸਮਾਜ ਦੇ ਦੋ ਵਰਗਾਂ ਦੀ ਹੈਸੀਅਤ ਨੂੰ ਸੰਬੋਧਿਤ ਹੈ। ਰਚਨਾਵਾਂ ਵਿਚ ਇਥੇ ਹੀ ਚੰਗੀ/ਮਾੜੀ ਜਾਂ ਹਾਂ-ਪੱਖੀ/ਨਾਂ-ਪੱਖੀ ਵਿਚਾਰਧਾਰਾ ਪਈ ਹੁੰਦੀ ਹੈ। ਚੰਗੀ ਕਲਾ ਨੂੰ ਹੋਰ ਕਿਸੇ ਨਾਅਰੇ ਦੀ ਲੋੜ ਨਹੀਂ ਹੁੰਦੀ।

ਮੈਂ ਕਦੇ ਫਾਲਤੂ ਬੈਠਾ ਨਾ ਕੰਨਟੀਨਾਂ ਤੇ 
ਉਦ੍ਹੇ ਟੌਮੀ ਲਿਖਿਆ ਹੁੰਦਾ ਨੇਫੇ ਜੀਨਾਂ ਤੇ 
ਦਿਲ ਕਰਦਾ ਉਹਨੂੰ ਟੱਕਰਾਂ ਬਰੋਬਰ ਦਾ ਹੋਕੇ 
ਪਰ ਬਹੁਤੇ ਲੋਨ ਨਹੀਂ ਮਿਲਦੇ ਘੱਟ ਜ਼ਮੀਨਾਂ ਤੇ 
ਉਹ ਖੜ੍ਹੀ ਪੰਪ ਤੇ ਟੈਂਕੀ ਫੁੱਲ ਕਰਾਉਂਦੀ ਆ 
ਬੱਸ ਦੀ ਮੂਰ੍ਹਲੀ ਟਾਕੀ ਖੜ੍ਹਾ ਰੰਝੇਟਾ ਜਾਵੇ ਜੀ

ਇਨ੍ਹਾਂ ਸਤਰਾਂ ਵਿਚ ਸਾਡੇ ਸਮਿਆਂ ਦਾ ਕਠੋਰ ਯਥਾਰਥ ਹੈ। ਇਕ ਪਾਸੇ ਕੰਟੀਨ ’ਤੇ ਵਿਹਲੇ ਨਾ ਬੈਠਣਾ ਤੇ ਪੜ੍ਹਣ ਦਾ ਸ਼ੌਕੀਨ ਤੇ ਦੂਜੇ ਪਾਸੇ ਮਹਿੰਗੇ ਬਰੈਂਡ। ਹੁਣ ਜੇ ਮਹਿੰਗੇ ਬਰੈਂਡਾਂ ਵਾਲਿਆਂ ਦੀ ਬਰੋਬਰੀ ਕਰਨ ਦਾ ਖਿਆਲ ਕਰਨਾ ਪੈਂਦਾ ਹੈ ਤਾਂ ਕਿਸੇ ਕਿਸਮ ਦੇ ਰੁਜ਼ਗਾਰ ਦੀ ਆਸ ਨਹੀਂ ...ਕਿਉਂਕਿ ਰੁਜ਼ਗਾਰ ਮਿਲਦਾ ਹੀ ਕਿੱਥੇ ਐ...ਤੇ ਜਿਹੜੇ ਬਰੋਬਰੀ ਕਰਨ ਲਗਦੇ ਆ ਉਨ੍ਹਾਂ ਨੂੰ ਵੀ ਜ਼ਮੀਨਾਂ ਤੋ ਲੋਨ ਲੈਣੇ ਪੈਂਦੇ ਆ। ਲੋਨ ਵੀ ਜ਼ਮੀਨ ਦੇ ਪੈਮਾਨਿਆਂ ’ਤੇ ਨਿਰਭਰ ਕਰਦੇ ਨੇ। ਇਹ ਕੌੜਾ ਸੱਚ ਹੈ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਚ ਘੁੰਮਦੀਆਂ ਪੰਜਾਬ ਦੇ ਪੇਂਡੂ ਮੁੰਡਿਆਂ ਦੀ ਗੱਡੀਆਂ ਮਾਪਿਆਂ ਦੀਆਂ ਜ਼ਮੀਨਾਂ ਨੂੰ ਧੂੰਆਂ ਬਣਾ ਕੇ ਉਡਾ ਰਹੀਆਂ ਹਨ। ਇਦ੍ਹੇ ਪਿੱਛੇ ਇਕ ਪਾਸੇ ਚਕਾਚੌਂਧ ਭਰਿਆ ਮਹਿੰਗੇ ਬਰਾਂਡਾ ਦਾ ਸੰਸਾਰ ਉਨ੍ਹਾਂ ਨੂੰ ਖਿੱਚਦਾ ਹੈ ਤੇ ਉਹ ਕਿਸੇ ਉਸਾਰੂ ਕੰਮ ਦੀ ਥਾਂ ਉਹ ਆਪਣੇ ਮਨਾਂ ਚ ਪਈ ਹੀਣ ਭਾਵਨਾ ਨੂੰ ਕੱਢਣ ਲਈ ਕਰਜ਼ਈ ਹੁੰਦੇ ਚਲੇ ਜਾਂਦੇ ਹਨ।

ਉਦ੍ਹੇ ਇਕ ਸੂਟ ਦੀ ਵਾਰੀ ਮਹੀਨਾ ਆਉਂਦੀ ਨਈਂ 
ਉਹ ਤਾਂ ਬਿਨਾਂ ਮੈਚਿੰਗ ਤੋਂ ਰਬਰ ਬੈਂਡ ਵੀ ਪਾਉਂਦੀ ਨਈਂ 
ਮੈਂ ਦੋ ਜੀਨਾਂ ਨੂੰ ਬਦਲ ਬਦਲ ਪਾ ਲੈਂਦਾ ਹਾਂ 
ਤਾਹੀਂਓਂ ਤਾਂ ਮੈਨੂੰ ਤੱਕ ਕੇ ਫੀਲਿੰਗ ਆਉਂਦੀ ਨਈਂ 
ਉਦ੍ਹੀ ਕਾਰ ਦੇ ਸ਼ੀਸ਼ੇ ਪਿੱਛੇ sonia ਲਿਖਿਆ ਏ 
ਤੇ ਮੈਂ ਚੇਤਕ ਮੂਹਰੇ ਮਿਹਰ ਕਰੀ ਲਿਖਵਾਏ ਜੀ 

ਪਹਿਰਾਵਿਆਂ ਦੇ ਪੈਮਾਨਿਆਂ ਨਾਲ ਮਨੁੱਖ ਦੀ ਸਥਿਤੀ ਨੂੰ ਸਾਡੇ ਸਮਕਾਲ ਨੇ ਕਿੰਨੀ ਕਰੂਰਤਾ ਨਾਲ ਜੋੜ ਲਿਆ ਹੈ। ਉਪਰੋਕਤ ਸਤਰਾਂ ਇਸਦਾ ਕਮਾਲ ਦਾ ਪ੍ਰਮਾਣ ਹਨ। ਸੂਟਾਂ ਦੀ ਬਹੁਤਾਤ ਤੇ ਸਿਰਫ ਦੋ ਜੀਨਾਂ ਦਾ ਹੋਣਾ, ਤੇ ਫਿਰ ਇਹ ਦੋ ਜੀਨਾਂ ਵਿਚ ਸਾਡੇ ਸਮਕਾਲ ਨੂੰ ਫੀਲਿੰਗ ਨਾ ਆਉਣਾ। ਇਸ ਤੋਂ ਵੱਡਾ ਵਿਅੰਗ ਹੋਰ ਕੋਈ ਨਹੀਂ ਹੋ ਸਕਦਾ ਇਹੋ ਜਿਹੀ ਸਥਿਤੀ ’ਤੇ। ਅਸਲ ਵਿਚ ਇਹ ਸਭਿਆਚਾਰਕ ਸਾਮਰਾਜਵਾਦ ਦੇ ਪੈਂਤੜੇ ਨੂੰ ਮੁਖਾਤਿਬ ਹੈ। ਇਸ ਵਰਤਾਰੇ ਬਾਰੇ ਜੇਮਜ਼ ਪੈਤਰਾਸ ਦੀਆਂ ਧਾਰਨਾਵਾਂ ਵੀ ਬਹੁਤ ਮਹੱਤਵਪੂਰਨ ਹਨ। ਉਹ ਲਿਖਦਾ ਹੈ:

“[ਸਭਿਆਚਾਰਕ ] ਸਾਮਰਾਜਵਾਦ ਦਾ ਅਰਥ ਪੱਛਮੀ ਦੇਸ਼ਾਂ ਦੇ ਹਾਕਮ ਵਰਗ [ਅਤੇ ਹਰ ਦੇਸ਼ ਦੇ ਪੂੰਜੀਪਤੀਆਂ] ਦੁਆਰਾ ਆਮ ਲੋਕਾਂ ਦੇ ਸਭਿਆਚਾਰਕ ਜੀਵਨ ਵਿਚ ਯੋਜਨਾਬੱਧ ਘੁਸਪੈਠ ਰਾਹੀਂ ਸਰਦਾਰੀ ਕਾਇਮ ਕਰਨਾ ਹੈ ਤਾਂ ਕਿ ਪੀੜਿਤ ਜਨਤਾ ਦੀਆਂ ਕਦਰਾਂ-ਕੀਮਤਾਂ, ਚਰਿੱਤਰ, ਸੰਸਥਾਵਾਂ ਅਤੇ ਪਛਾਣ ਨੂੰ ਸਾਮਰਾਜਵਾਦੀ ਵਰਗ ਦੇ ਜਮਾਤੀ ਹਿੱਤਾਂ ਦੇ ਅਨੁਕੂਲ ਬਣਾਇਆ ਜਾ ਸਕੇ।...ਸਭਿਆਚਾਰਕ ਸਾਮਰਾਜਵਾਦ ਜਨਤਾ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਅਤੇ ਇਕਮੁੱਠਤਾ ਦੀ ਪਰੰਪਰਾ ਨਾਲੋਂ ਤੋੜ ਕੇ ਉਸਦੀ ਥਾਂ ਮੀਡੀਏ ਦੁਆਰਾ ਪੈਦਾ ਕੀਤੀਆਂ ਉਨ੍ਹਾਂ ‘ਜ਼ਰੂਰਤਾਂ ‘ ਨੂੰ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਹੜੀਆਂ ਹਰ ਨਵੇਂ ਪ੍ਰਚਾਰ ਨਾਲ ਬਦਲਦੀਆਂ ਰਹਿੰਦੀਆਂ ਹਨ। ਇਸਦਾ ਰਾਜਨੀਤਿਕ ਮਕਸਦ ਮਨੁੱਖ ਨੂੰ ਟੁਕੜਿਆਂ ਵਿਚ ਵੰਡ ਕੇ ਇਕ ਦੂਜੇ ਤੋਂ ਵੱਖ ਕਰਨਾ, ਜਨਤਾ ਨੂੰ ਜਮਾਤ ਅਤੇ ਭਾਈਚਾਰੇ ਦੇ ਪਰੰਪਰਾਗਤ ਬੰਧਨਾਂ ਤੇ ਸੰਘਰਸ਼ਾਂ ਤੋਂ ਬੇਮੁੱਖ ਕਰਨਾ ਹੈ। ...ਜਨ-ਮਾਧਿਅਮ, ਪ੍ਰਚਾਰ-ਪਾਸਾਰ, ਵਿਗਿਆਪਨ ਤੇ ਲੌਕਿਕ ਮਨੋਰੰਜਨਤਾ ਅਤੇ ਬੁੱਧੀਜੀਵੀ ਅੱਜਕੱਲ੍ਹ [ਇਸ ਵਿਚ ]ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।”

ਕਮਾਲ ਤੋਂ ਹੋਰ ਵੀ ਹੋਈ ਹੈ ਕਿ ਕਾਰ ਦੇ ਉੱਤੇ 'Sonia' ਲਿਖਿਆ ਹੈ ਤੇ ਸਕੂਟਰ ’ਤੇ 'ਮਿਹਰ ਕਰੀਂ ਦਾਤਿਆ' ਲਿਖਿਆ ਹੋਇਆ ਹੈ। ਇਥੇ ਸੋਨੀਆਂ ਆਪਣੇ ਆਪ ਚ ਹੀ ਸਮਕਾਲੀ ਰਾਜਨੀਤੀ ਦਾ ਪ੍ਰਤੀਕ ਹੈ ਅਤੇ ਨਿੱਜਤਾ ਦਾ ਵੀ ਪ੍ਰਤੀਕ ਹੈ, ਜਦੋਂ ਕਿ ਦੂਜੇ ਪਾਸੇ ਨਾਇਕ ਮੁੰਡੇ ਨੇ ਨਿੱਜੀ ਪਛਾਣ ਦੀ ਥਾਂ ਸਮੂਹ ਦੇ ਭਲੇ ਦੀ ਗੱਲ ਲਿਖਵਾਈ ਹੋਈ ਹੈ ਪਰ ਦਾਤੇ ਦੀ ਮਿਹਰ ਕਦੋਂ ਹੋਵੇਗੀ ਤੇ ਕੀ ਹੋਵੇਗੀ? ਇਹ ਸਵਾਲ ਬੜਾ ਗੁੰਝਲਦਾਰ ਹੈ। ਇਸ ਦੇ ਨਾਲ ਹੀ sonia ਨਾਂ ਦਾ ਅੰਗਰੇਜ਼ੀ ਚ ਲਿਖਿਆ ਹੋਣਾ ਤੇ 'ਮਿਹਰ ਕਰੀਂ ਦਾਤਿਆ' ਪੰਜਾਬੀ ਚ ਲਿਖਿਆ ਹੋਣਾ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਸੱਚ ਪੇਸ਼ ਕਰਦਾ ਹੈ। ਅਮੀਰ ਸ਼੍ਰੇਣੀ ਦੇ ਅੰਗਰੇਜ਼ੀ ਮੋਹ ਤੇ ਆਮ ਪੇਂਡੂ ਲੋਕਾਂ ਦਾ ਹਾਲੇ ਵੀ ਪੰਜਾਬੀ ਨਾਲ ਜੁੜਿਆ ਹੋਣਾ ਇਸ ਵੀਡੀਓ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ ਹੈ।

ਉਹਨੂੰ ਚਾਅ ਬੜਾ ਯੁਵਰਾਜ ਦਾ ਸੈਂਕੜਾ ਕੀਤੇ ਦਾ 
ਤੇ ਮੈਂ ਸ਼ੁਭਚਿੰਤਕ ਮੰਗੇ ਤੇ ਕੁਲਜੀਤੇ ਦਾ 
ਬੇਸ਼ੱਕ ਨਰਿੰਦਰਾ ਸੋਚਾਂ ਦੇ ਵਿਚ ਦੂਰੀ ਐ 
ਪਰ ਮਜ਼ਾ ਬੜਾ ਇਕ ਤਰਫੋਂ ਆਸ਼ਕੀ ਕੀਤੇ ਦਾ 
ਉਦ੍ਹੇ ਸ਼ਹਿਰ ਦੇ ਚਰਚੇ ਹੁੰਦੇ ਨੇ ਡਿਸਕਵਰੀ ਤੇ 
ਬਾਠਾਂ ਕਲਾਂ ਨੂੰ ਖੰਨਿਓਂ ਮਿੰਨੀ ਬੱਸ ਨਾ ਆਵੇ ਜੀ..

ਗੀਤ ਦੀਆਂ ਆਖਰੀ ਸਤਰਾਂ ਸਾਡੇ ਵਿਚ ਵਧੇ ਹੋਏ ਪਾੜੇ ਨੂੰ ਹੋਰ ਵੀ ਖੂਬਸੂਰਤੀ ਨਾਲ ਪੇਸ਼ ਕਰਦੀਆਂ ਹਨ। ਇਕ ਪਾਸੇ ਅਮੀਰਾਂ ਦੀ ਖੇਡ ਹੈ ਤੇ ਅਮੀਰਾਂ ਦੇ ਸਰੋਕਾਰ, ਬਿਜ਼ਨਸ, ਚਾਅ ਸਭ ਇਸੇ ਨਾਲ ਜੁੜਿਆ ਹੋਇਐ। ਦੂਜੇ ਪਾਸੇ ਲੋਕਲ ਖੇਡ ਕਬੱਡੀ ਦਾ ਮੋਹ ਹੈ ਤੇ ਗੀਤ ਸਪਸ਼ਟ ਤੌਰ ਤੇ ਸੋਚਾਂ ਵਿਚਲੀ ਦੂਰੀ ਨੂੰ ਸਤਰਾਂ ਰਾਹੀਂ ਹੀ ਦੱਸ ਰਿਹਾ ਹੈ। ਮੀਡੀਆ ਕਿਵੇਂ ਇਸ ਪਾੜੇ ਨੂੰ ਵਧਾ ਰਿਹਾ ਇਸ ਦਾ ਪ੍ਰਮਾਣ ਇਕ ਪਾਸੇ ਸ਼ਹਿਰ ਦੇ ਚਰਚੇ ਡਿਸਕਵਰੀ ਚੈਨਲ ਤੇ ਹੋਣੈ ਤੇ ਦੂਜੇ ਪਾਸੇ ਆਮ ਪਿੰਡਾਂ ਨੂੰ ਹਾਲੇ ਤਕ ਸਿੱਧੀ ਬੱਸ ਦਾ ਪ੍ਰਬੰਧ ਵੀ ਨਾ ਹੋਣਾ। ਇਹ ਵਿਅੰਗ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਭਾਵੇਂ ਨਾਇਕ ਹਾਲੇ ਵੀ ਇਕ ਤਰਫਾ ਮੁਹੱਬਤ ਦੀ ਗੱਲ ਕਰਦਾ ਦਿਸਦਾ ਹੈ ਪਰ ਵੀਡੀਓ ਵਿਚ ਮਹਿੰਗੀ ਕਾਰ ਦਾ ਉਸ ਦੇ ਚਾਵਾਂ ਦੇ ਗੁਲਾਬ ਨੂੰ ਧੂੜ ਵਿਚ ਰੋਲ ਦੇਣ ਦਾ ਦ੍ਰਿਸ਼ ਇਸ ਪਾੜੇ ਦੀ ਕਰੂਰਤਾ ਦਾ ਸੰਕੇਤ ਹੈ ਅਤੇ ਸਾਡੀ ਅਜਿਹੀ ਇਕਤਰਫਾ ਭਾਵਨਾ ਲਈ ਸਵਾਲ ਵੀ ਹੈ। ਜਿੱਥੇ ਸ਼ੌਕ ਪੜ੍ਹਣ ਦਾ ਹੈ ਪਰ ਸਮਕਾਲ ਚਕਾਚੌਂਧ ਦਾ।  

ਜ਼ਰੂਰੀ ਨਹੀਂ ਗੀਤ ਵਿਚ ਕਿਸੇ ਕਿਸਮ ਦਾ ਸਿੱਧਾ ਹੱਲ ਹੀ ਦੇ ਦਿੱਤਾ ਜਾਵੇ। ਜਿਹੜਾ ਪ੍ਰਭਾਵ ਇਹ ਹੈ ਕਿ ਗੀਤ ਵਿਚ ਅਮੀਰ ਕੁੜੀ ਵੱਲ ਹੀ ਆਕਰਸ਼ਣ ਕਿਉਂ ਹੈ? ਅਸਲ ਵਿਚ ਮੀਡੀਏ ਨੇ ਸਾਡੀ ਸੁਹਜ ਚੇਤਨਾ ਹੀ ਅਜਿਹੀ ਬਣਾ ਦਿੱਤੀ ਕਿ ਸਾਨੂੰ ਮਹਿੰਗੀਆਂ ਕਾਰਾਂ, ਅਮੀਰ ਨਾਰਾਂ ਤੇ ਵੱਡੀਆਂ ਬਾਜ਼ਾਰਾਂ ਹੀ ਚੰਗੀਆਂ ਲਗਦੀਆਂ ਨੇ। ਮਨੁੱਖ ਹੁਣ ਮੀਡੀਆ, ਕੰਪਿਊਟਰ, ਇੰਟਰਨੈੱਟ ਆਦਿ ਸੰਚਾਰ ਸਾਧਨਾਂ ਰਾਹੀਂ ਪੈਦਾ ਕੀਤੇ ਪ੍ਰਵਚਨਾਂ ਵਿਚ ਗੁਆਚ ਕੇ ਰਹਿ ਗਿਆ ਹੈ ਜਿਸ ਬਾਰੇ ਫ਼ੈਡਰਿਕ ਜੇਮਸਨ ਕਹਿੰਦਾ ਹੈ ਕਿ “ਗਲੋਬਲ ਪੂੰਜੀਵਾਦ ਦਾ ਇਹ ਪੇਚੀਦਾ ਤਾਣਾ-ਬਾਣਾ ਮਨੁੱਖ ਲਈ ਇੰਨਾ ਦਿਸ਼ਾ-ਭਟਕਾਊ ਬਣ ਗਿਆ ਹੈ ਕਿ ਉਹ ਇਸ ਵਿਚ ਆਪਣੀ ਸਥਿਤੀ ਦਾ ਸਹੀ ਅਨੁਮਾਨ ਹੀ ਨਹੀਂ ਲਾ ਸਕਦਾ।”

ਕਿਸੇ ਗੀਤ ਤੇ ਉਸਦੀ ਵੀਡਓ ਵਿਚ ਇਸ ਕਦਰ ਸਮਕਾਲੀ ਯਥਾਰਥ ਨੁੰ ਪੇਸ਼ ਕਰ ਸਕਣਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਚੰਗੀ ਗੱਲ ਹੈ ਕਿ ਗੀਤਾਂ ਵਿਚ ਆਮ ਮੁੰਡੇ ਵੀ ਨਾਇਕ ਵਜੋਂ ਆ ਰਹੇ ਨੇ ਤੇ ਇਹ ਨਾਇਕ ਬਾਰੇ ਪ੍ਰਚਲਿਤ ਪੈਮਾਨਿਆਂ ਨੂੰ ਵੀ ਤੋੜ ਰਹੇ ਨੇ। ਤੇ ਸਵਾਲ ਵੀ ਖੜ੍ਹੇ ਕਰ ਰਹੇ ਨੇ ਕਿ ਕੀ ਬਣੇਗਾ ਪਿਆਰ ਵਰਗੀ ਸੱਚੀ-ਸੁੱਚੀ ਭਾਵਨਾ ਦਾ? ਪੜ੍ਹਣ ਦਾ ਸ਼ੌਕ ਰੱਖਣ ਵਾਲਿਆਂ ਨੂੰ ਕਦੋਂ ਚੰਗੀ ਜ਼ਿੰਦਗੀ ਮਿਲੇਗੀ? ਮਾੜਿਆਂ ਦਾ ਵਿਰੋਧ ਵੀ ਜ਼ਰੂਰੀ ਹੈ ਪਰ ਚੰਗਿਆਂ ਦੀ ਪ੍ਰਸੰਸਾ ਲਾਜ਼ਮੀ ਹੈ।

ਪਰਮਜੀਤ ਸਿੰਘ ਕੱਟੂ, ਰਿਸਰਚ ਸਕਾਲਰ
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ। 9463124131 
Email--pkattu@yahoo.in
MOB-9463124131

'ਬਨਾਨਾ ਰਿਪਬਲਿਕ': ਭਾਰਤੀ ਸਰਮਾਏਦਾਰੀ,ਸਿਆਸਤ ਤੇ ਮੀਡੀਆ ਦਾ ਘਾਤਕ ਕਾਕਟੇਲ

ਸੰਨ 1944 ਵਿੱਚ ਜੇ ਆਰ ਡੀ ਟਾਟਾ,ਘਨਸ਼ਿਆਮ ਦਾਸ ਬਿਰਲਾ ਤੇ ਸਰ ਪੁਰਸ਼ੋਤਮ ਠਾਕੁਰ ਦਾਸ ਵਰਗੇ ਅੱਠ ਵੱਡੇ ਪੂੰਜੀਪਤੀਆਂ ਨੇ ਮਿਲਕੇ ਨਹਿਰੂ ਦੇ ਮੌਜੂਦਾ 'ਸਮਾਜਵਾਦੀ' ਮਾਡਲ ਦਾ ਚੌਖਟਾ ਤਿਆਰ ਕੀਤਾ ਸੀ।ਇਸ ਮਾਡਲ ਨੂੰ ਲਾਗੂ ਕਰਨ ਲਈ 6% ਪੂੰਜੀ ਪੱਲਿਉਂ ਪਾ ਕੇ ਬਾਕੀ 94% ਧਨ ਲੋਕਾਂ ਤੋਂ ਟੈਕਸ ਦੇ ਰੂਪ 'ਚ ਇਕੱਠਾ ਕਰਕੇ ਸਰਵਜਨਕ ਖੇਤਰ ਤੇ ਹੋਰ ਯੋਜਨਾਵਾਂ ਚਾਲੂ ਕਰਨ ਤੇ ਲਾਇਆ।ਦਿਮਾਗੀ ਕਸਰਤ ਕਰਕੇ ਬਣਾਈਆਂ ਇਨ੍ਹਾਂ ਯੋਜਨਾਵਾਂ ਨੂੰ ਹੌਲੀ-ਹੌਲੀ ਬੂਰ ਪੈਣਾ ਸ਼ੁਰੂ ਹੋਇਆ,ਜਿਸਦਾ ਫ਼ਲ ਇਹ ਹੈ ਕਿ ਸੰਨ 1957 ਚ ਭਾਰਤ ਦੇ ਇਹਨਾਂ 22 ਵੱਡੇ ਪੂੰਜੀਪਤੀ ਘਰਾਣਿਆਂ ਦੀ ਕੁੱਲ ਪੂੰਜੀ 312.6 ਕਰੋੜ ਸੀ, ਸੁੱਖ ਨਾਲ ਵੱਧ ਫੁੱਲ਼ਕੇ ਹੁਣ ਇਨ੍ਹਾਂ ਘਰਾਣਿਆਂ ਦੇ 100 ਵਾਰਸ ਦੇਸ਼ ਦੀ ਕੁਲ ਜਾਇਦਾਦ ਦੇ 25% ਹਿੱਸੇ ਤੇ ਕਾਬਜ ਹਨ।
Illustration: Uttam Ghosh Courtesy rediff.com

ਸਰਵਜਨਕ ਖੇਤਰ ਹੁਣ ਨਿੱਜੀਕਰਨ-ਉਦਾਰੀਕਰਨ ਦੀਆਂ ਪੌੜੀਆਂ ਚੜ੍ਹਦਾ ਹੋਇਆ ਭਾਰਤ ਦੇ ਸਿਰਫ ਵੀਹ ਫੀਸਦੀ ਲੋਕਾਂ ਦੇ ਵਿਕਾਸ ਤੱਕ ਸਿਮਟ ਗਿਆ ਹੈ,ਤੇ ਇਨ੍ਹਾਂ ਵੀਹ ਫੀਸਦੀ ਪੂੰਜੀਪਤੀਆਂ ਦਾ ਸਵਰਗੀ ਵਿਕਾਸ 'ਰੱਬੀ ਕ੍ਰਿਪਾ' ਦਾ ਕ੍ਰਿਸ਼ਮਾ ਨਹੀਂ ਬਲਕਿ ਨਰਕੀ ਜ਼ਿੰਦਗੀ ਜਿਊਣ ਲਈ ਮਜ਼ਬੂਰ 80% ਗਰੀਬ ਕਿਰਤੀ ਜਮਾਤ ਦੀ ਲੁੱਟ 'ਤੇ ਵਿਨਾਸ਼ ਉੱਤੇ ਉਸਰਿਆ ਹੋਇਆ ਹੈ।ਸਾਡੇ 'ਲੋਕਤੰਤਰੀ ਸਮਾਜਵਾਦੀ' ਗਣਰਾਜ ਵਿੱਚ ਅਮੀਰੀ ਗਰੀਬੀ ਦਾ ਲਾਗਾਤਾਰ ਵੱਧ ਰਿਹਾ ਪਾੜਾ ਅਲਾਦੀਨ ਦੇ ਚਿਰਾਗ ਚੋਂ ਨਿਕਲੇ ਜਿੰਨ ਵਾਂਗ ਅਚਾਨਕ ਨਹੀਂ ਪ੍ਰਗਟਿਆ ਬਲਕਿ ਯੋਜਨਾਬੱਧ ਰੂਪ 'ਚ ਨਿਰੰਤਰ ਸ਼ਰੇਆਮ ਵਾਪਰਦਾ ਆ ਰਿਹਾ ਹੈ।

ਪਿਛਲੇ ਕੁਝ ਅਰਸੇ 'ਚ (ਖਾਸ ਕਰ ਭ੍ਰਿਸ਼ਟਾਚਾਰਕ ਮਾਮਲਿਆਂ ਤੋਂ ਲੈ ਕੇ) ਮੇਹਨਤਕਸ਼ਾਂ ਦੀ ਕਿਰਤ ਲੁੱਟ ਕੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਵਾਲੇ ਪੂੰਜੀਪਤੀ ਘਰਾਣੇ,ਰਾਜਨੀਤੀਵਾਨ ਤੇ ਮੀਡੀਆ ਕਾਰਪੋਰੇਸ਼ਨ ਗੱਠਜੋੜ ਦੇ ਧੋਖਾਧੜੀ ਤੇ ਭ੍ਰਿਸ਼ਟਾਚਾਰ ਦੇ ਅਨੇਕਾਂ ਕੇਸ ਸਾਹਮਣੇ ਆਏ।ਇਹ ਕੇਸ ਦਰਸਾਉਂਦੇ ਹਨ ਕਿ ਕਿਸ ਕਦਰ ਇਸ ਗੱਠਜੋੜ ਨੇ ਵੱਧ ਤੋਂ ਵੱਧ ਪੂੰਜੀ ਹੜੱਪਣ ਲਈ ਕੂਟਨੀਤੀ ਤਿਆਰ ਕਰਕੇ ਇਸਨੂੰ ਲਾਗੂ ਕਰਨ ਲਈ ਜ਼ਮੀਨ ਤਿਆਰ ਕੀਤੀ।ਪੂੰਜੀਪਤੀ (ਦੇਸੀ-ਬਦੇਸ਼ੀ ਦੋਵੇਂ) ਆਪਣੇ ਸਰਮਾਏ ਦੀ ਸਲਤਨਤ ਨੂੰ ਹੋਰ ਵਧੇਰੇ ਵਧਾਉਣ ਫੈਲਾਉਣ ਲਈ ਸਰਕਾਰੀ ਅਰਥਸ਼ਾਸ਼ਤਰੀਆਂ ਤੇ ਨੀਤੀ ਘਾੜਿਆਂ ਤੋਂ ਆਪਣੇ ਲੁਟੇਰੇ ਹਿੱਤਾਂ ਅਨੁਸਾਰ ਨੀਤੀਆਂ ਯੋਜਨਾਵਾਂ ਤਿਆਰ ਕਰਵਾਉਂਦੇ ਰਹਿੰਦੇ ਹਨ ਤੇ ਇਨ੍ਹਾਂ ਨੀਤੀਆਂ ਦੇ ਲਾਭਕਾਰੀ ਤੇ ਲੋਕ ਭਲਾਈ ਵਾਲੀਆਂ ਹੋਣ ਦਾ ਭਰਮ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਕੀਤਾ ਜਾਂਦਾ ਹੈ।ਇਹਨਾਂ ਨੀਤੀਆਂ ਸਬੰਧੀ ਲੋਕ ਰਜ਼ਾ ਬਣਾਉਣ ਲਈ ਜਿੱਥੇ ਮੀਡੀਆ ਆਪਣੀ ਭੂਮਿਕਾ ਨਿਭਾਉਂਦਾ ਹੈ,ਉੱਥੇ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਲਈ ਸਿੱਧੇ-ਅਸਿੱਧੇ ਢੰਗ ਨਾਲ ਰਾਜਨੀਤੀ ਦਾ ਵੀ ਪੂਰਾ ਸਮਰਥਨ ਹੁੰਦਾ ਹੈ।

by Manjul Courtesy : Manjul.com
90ਵਿਆਂ ਦੀਆਂ ਲੋਕ ਵਿਰੋਧੀ ਨਵੀਆਂ ਆਰਥਿਕ ਨੀਤੀਆਂ ਤਹਿਤ ਪੂੰਜੀਪਤੀਆਂ ਦੀ ਇਜਾਰੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਰਾਜਨੀਤੀ ਤੇ ਮੀਡੀਆ ਨੇ ਹੋਰ ਵੱਧ ਤੇਜੀ ਦਿਖਾਈ।ਅਮਰੀਕੀ ਲੁਟੇਰਿਆਂ ਤੇ ਭਾਰਤੀ ਵੱਡੇ ਪੂੰਜੀਪਤੀਆਂ ਦੇ ਹਿੱਤ ਅਨੁਕੂਲ ਨੀਤੀਆਂ ਨੂੰ ਭਾਰਤੀ ਲੋਕਾਂ ਤੇ ਥੋਪਣ ਲਈ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ,ਮੋਨਟੇਕ ਸਿੰਘ ਆਹਲੂਵਾਲੀਆ ਨੂੰ ਯੋਜਨਾ ਕਮਿਸ਼ਨ ਦਾ ਚੇਅਰਮੈਨ ਤੇ ਪੀ ਚਿਦੰਬਰਮ ਨੂੰ ਵਿੱਤ ਮੰਤਰੀ ਬਨਾਉਣ ਦੀ ਯੋਜਨਾ ਵਿਸ਼ਵ ਬੈਂਕ ਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਵੱਲੋਂ ਘੜੀ ਹੋਣ ਦੇ ਚਰਚੇ ਜੱਗ ਜ਼ਾਹਰ ਹਨ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਵਿੱਤ ਮੰਤਰੀ ਦੀ ਭੂਮਿਕਾ ਸੁਚੱਜੇ ਢੰਗ ਤੇ ਅਮਰੀਕੀ ਇਸ਼ਾਰੇ ਮੁਤਾਬਕ ਪੂਰੀ ਤਰਾ੍ਹਂ ਨਾ ਨਿਭਾਉਣ ਕਾਰਨ ਪ੍ਰਣਬ ਦਾਦਾ ਨੂੰ ਇਸ ਮਹੱਤਵਪੂਰਨ ਅਹੁਦੇ ਤੋਂ ਲਾਭੇਂ ਹੋਣਾ ਪਿਆ।ਉਧਰ ਸ਼ੁਰੂ-ਸ਼ੁਰੂ 'ਚ ਐੱਫ ਡੀ ਆਈ ਦੀ ਨੀਤੀ ਨੂੰ ਲਾਗੂ ਕਰਨ 'ਚ ਢਿੱਲਮੱਠ ਦਿਖਾਉਣ ਬਦਲੇ ਪ੍ਰਧਾਨ ਮੰਤਰੀ ਜੀ ਨੂੰ ਨਿਊਯਾਰਕ ਰਸਾਲੇ 'ਟਾਈਮ' 'ਚ 'ਨਾਕਾਮਯਾਬ ਪ੍ਰਧਾਨ ਮੰਤਰੀ' ਵਜੋਂ ਪੇਸ਼ ਕਰਨ ਦੀ ਘੁਰਕੀ ਵੀ ਸਹਿਣੀ ਪਈ।


ਇਸੇ ਤਰਾ੍ ਸੱਤਾ ਦੇ ਗਲਿਆਰਿਆਂ 'ਚ ਆਏ ਦਿਨ ਭ੍ਰਿਸ਼ਟਾਚਾਰ ਤੇ ਆਪਸੀ ਦੇਣਦਾਰੀਆਂ ਦੇ ਅਨੇਕਾਂ ਕੇਸ ਵਾਪਰਦੇ ਹਨ ਜਿਹਨਾਂ ਵਿੱਚੋਂ ਜ਼ਿਆਦਾਤਰ ਟੀ ਵੀ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਨਹੀਂ ਬਣਦੇ ਕਿਉਂਕਿ ਕੇਂਦਰ ਤੇ ਰਾਜ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਦੇਸ਼ ਦੇ ਮਹੱਤਵਪੂਰਨ ਟੀ ਵੀ ਚੈਨਲਾਂ ਤੇ ਅਖ਼ਬਾਰਾਂ ਤੇ ਕਬਜ਼ਾ ਹੈ।ਮੀਡੀਆ ਵਿਚਾਰਕ ਦਿਲੀਪ ਖਾਨ ਅਨੁਸਾਰ ਰਿਲਾਇੰਸ ਦਾ ਮਾਲਕ ਮੁਕੇਸ਼ ਅੰਬਾਨੀ ਸਿੱਧੇ ਤੌਰ ਤੇ 25 ਟੀ ਵੀ ਚੈਨਲਾਂ ਤੇ ਅਸਿਧੇ ਤੌਰ ਤੇ ਅਨੇਕਾਂ ਪ੍ਰਮੁੱਖ ਰਾਸ਼ਟਰੀ ਟੀ ਵੀ ਚੈਨਲਾਂ ਤੇ ਅਖ਼ਬਾਰਾਂ ਦਾ ਮਾਲਕ ਤੇ ਹਿੱਸੇਦਾਰ ਹੈ।ਬਿਰਲਾ,ਟਾਟਾ ਤੇ ਮਹਿੰਦਰਾ ਵਰਗੇ ਪੂੰਜੀਪਤੀ ਘਰਾਣੇ ਵੀ ਮੀਡੀਆ ਮੰਡੀ ਉੱਪਰ ਆਪਣੀ ਇਜਾਰੇਦਾਰੀ ਜਮਾਉਣ ਦੀ ਦੌੜ ਵਿੱਚ ਹਨ।ਭਾਰਤ ਵਿਚ 650 ਟੀ ਵੀ ਚੈਨਲਾਂ ਤੋਂ ਇਲਾਵਾ ਵੱਖ-ਵੱਖ ਭਸ਼ਾਵਾਂ 'ਚ ਨਿਕਲਣ ਵਾਲੇ 2000 ਅਖ਼ਬਾਰ,30 ਤੋਂ ਵੱਧ ਐੱਮ ਐੱਫ ਰੇਡੀਉ ਚੈਨਲ,245 ਰੇਡੀਉ ਸ਼ਟੇਸ਼ਨ ਅਤੇ ਦੇਸ਼ ਵਿੱਚ ਹਰ ਸਾਲ 1000 ਤੋਂ ਉਪਰ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ।ਇਹਨਾਂ ਪ੍ਰਚਾਰ ਮਾਧਿਅਮਾਂ ਦੀਆਂ ਕਾਰਪੋਰੇਸ਼ਨਾਂ ਉੱਪਰ ਵੋਟ ਪਾਰਟੀਆਂ ਤੇ ਪੂੰਜੀਪਤੀ ਘਰਾਣਿਆਂ ਦਾ ਕਬਜ਼ਾ ਹੋਣ ਕਰਕੇ ਇਹ ਸੰਚਾਰ ਮਾਧਿਅਮ ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਦੇ ਸਭ ਤੋਂ ਵੱਡੇ ਹਿਤੈਸ਼ੀ ਹਨ।ਅੰਗਰੇਜ਼ੀ-ਹਿੰਦੀ ਦੇ ਲੱਖਾਂ ਦੀ ਗਿਣਤੀ 'ਚ ਛਪਣ ਵਾਲੇ ਪ੍ਰਮੁੱਖ ਅਖ਼ਬਾਰਾਂ (ਹਿੰਦੂਸਤਾਨ ਟਾਇਮਜ਼,ਟਾਈਮਜ਼ ਆਫ ਇੰਡੀਆ,ਇੰਡੀਅਨ ਐਕਸਪ੍ਰੈੱਸ,ਭਾਸਕਰ,ਜਾਗਰਨ,ਨਵੀਂ ਦੁਨੀਆਂ ਆਦਿ) ਉੱਪਰ ਇਸੇ ਜੁੰਡਲੀ ਦਾ ਏਕਾਧਿਕਾਰ ਸਥਾਪਿਤ ਹੈ।

ਇੱਥੇ ਜਗਮੋਹਣ ਰੈੱਡੀ ਵਰਗਾ ਸੰਸਦ ਮੈਂਬਰ ਸਰਕਾਰੀ ਖਜਾਨੇ ਚੋਂ ਇਕ ਨਿੱਜੀ ਸਮੂਹ 'ਸ਼ਾਖਸ਼ੀ ਮੀਡੀਆ ਸਮੂਹ' ਨੂੰ ਰਾਜ ਸਰਕਾਰ ਦੁਆਰਾ ਪ੍ਰਿੰਟ ਮੀਡੀਆ ਲਈ ਨਿਸ਼ਚਿਤ ਕੀਤੇ 200 ਕਰੋੜ ਰੁਪਏ ਵਿੱਚੋਂ 101.63 ਕਰੋੜ ਦੇ ਇਸ਼ਤਿਹਾਰ ਦੇਣ ਦੀ ਸ਼ਰੇਆਮ ਕੁਤਾਹੀ ਕਰਦਾ ਹੈ। (ਭਾਵੇਂ ਬਾਅਦ ਵਿਚ ਇਸਦਾ ਵਿਰੋਧ ਹੋਣ ਰੈੱਡੀ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ) ਨਿੱਜੀ ਕਾਰਪੋਰੇਸ਼ਨਾਂ ਨੂੰ ਰਾਜਨੇਤਾਵਾਂ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਨਿੱਜੀ ਲਾਭ ਪਹੁੰਚਾਉਣ ਦੇ ਜਿੱਥੇ ਅਨੇਕਾਂ ਕਿੱਸੇ ਦੱਬੇ-ਦਬਾਏ ਰਹਿ ਜਾਂਦੇ ਹਨ, ਉੱਥੇ ਸਾਹਮਣੇ ਆਏ ਕੇਸ ਵੀ ਹੌਲੀ-ਹੌਲੀ ਠੰਢੇ ਬਸਤੇ ਪਾ ਦਿੱਤੇ ਜਾਂਦੇ ਹਨ ਬਲਕਿ ਦੋਸ਼ੀਆਂ ਨੂੰ ਮੁੜ ਉੱਚ ਅਹੁਦਿਆਂ ਨਾਲ ਨਿਵਾਜਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।


ਅਸੀਂ ਦੇਖਦੇ ਹਾਂ ਕਿ ਅਨੇਕਾਂ ਲੋਕਪੱਖੀ,ਅਗਾਂਹਵਧੂ ਤੇ ਵਿਗਿਆਨਕ ਖ਼ਬਰਾਂ ਤੇ ਪ੍ਰੋਗਰਾਮ ਸੋਚੇ ਸਮਝੇ ਤਰੀਕੇ ਨਾਲ ਮੀਡੀਆ (ਇਲੈੱਕਟ੍ਰਾਨਿਕ ਤੇ ਪ੍ਰਿੰਟ) 'ਚੋਂ ਬਲੈੱਕ ਆਊਟ ਕਰ ਦਿੱਤੇ ਜਾਂਦੇ ਹਨ।ਉਦਾਹਰਣ ਵਜੋਂ ਸਾਡੇ ਸਮਿਆਂ 'ਚ 20 ਜੁਲਾਈ 2010 ਨੂੰ ਔਰਤਾਂ ਨੇ 50,000 ਦਾ ਵਿਸ਼ਾਲ ਇਕੱਠ ਕਰਕੇ 'ਔਰਤਾਂ ਦੀ ਇੱਜ਼ਤ ਬਚਾਉ ਕਮੇਟੀ' ਦੇ ਝੰਡੇ ਹੇਠ ਝਾਰਗ੍ਰਾਮ 'ਚ ਇਕੱਠੀਆਂ ਹੋ ਕੇ ਸੋਨਾਮੁਖੀ ਪਿੰਡ ਵਿਚ ਔਰਤਾਂ ਨਾਲ ਹੋਏ ਬਲਾਤਕਾਰ ਦੀਆਂ ਘਟਨਾਵਾਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ।ਐਨੀ ਵੱਡੀ ਗਿਣਤੀ ਵਿਚ ਐਨੇ ਗੰਭੀਰ ਮੁੱਦੇ ਤੇ ਹੋਇਆ ਔਰਤਾਂ ਦਾ ਇਹ ਮੁਜ਼ਾਹਰਾ ਮੀਡੀਆ ਦੀ ਸੁਰਖ਼ੀ ਨਹੀਂ ਬਣਿਆ।ਅਜਿਹੀਆਂ ਹੋਰ ਵੀ ਉਦਾਹਰਣਾਂ ਹਨ ਕਿ ਸੰਚਾਰ ਸਾਧਨਾਂ ਉੱੋਪਰ ਮੁੱਖ ਧਾਰਾ ਦਾ ਕਬਜ਼ਾ ਹੋਣ ਕਾਰਨ ਲੋਕਪੱਖੀ ਤਾਕਤਾਂ ਨੂੰ ਸਪੇਸ ਨਹੀਂ ਦਿੱਤੀ ਜਾਂਦੀ।ਅਜਿਹੀ ਸਥਿਤੀ ਵਿਚ ਖਰੀਆਂ ਕਮਿਊਨਿਸਟ ਇਨਕਲਾਬੀ ਜਮਹੂਰੀ ਤੇ ਲੋਕਪੱਖੀ ਸ਼ਕਤੀਆਂ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ ਕਿ ਆਪਣੇ ਲੋਕਪੱਖੀ ਨਵਾਂ ਸਮਾਜ ਸਿਰਜਣ ਦੇ ਪ੍ਰੋਗਰਾਮ ਦੀ ਰਸਾਈ ਜਨ ਸਧਾਰਨ ਤੱਕ ਕਰਨ ਅਤੇ ਜ਼ਰਜ਼ਰੇ ਹੋ ਚੁੱਕੇ ਭਾਰਤੀ ਰਾਜ ਪ੍ਰਬੰਧ ਦੇ ਕਿਰਦਾਰ ਨੂੰ ਲੋਕਾਂ ਤੱਕ ਹੋ ਵੱਧ ਸਪੱਸ਼ਟ ਕਰਨ ਲਈ ਬਦਲਵੇਂ ਪ੍ਰਚਾਰ ਮਾਧਿਅਮਾਂ ਦਾ ਨੈੱਟਵਰਕ ਸਥਾਪਤ ਕਰਨਾ ਹੋਵੇਗਾ।ਵੱਖ-ਵੱਖ ਲੋਕਪੱਖੀ ਤਾਕਤਾਂ ਵੱਲੋਂ ਭਾਵੇਂ ਆਪਣੇ ੱਿਵਤ ਮੂਜ਼ਬ ਲਗਾਤਾਰ ਪ੍ਰਚਾਰ ਪ੍ਰਾਪੇਗੰਡਾ ਜਾਰੀ ਹੈ ਪਰ ਸਚਾਈ ਇਹ ਵੀ ਹੈ ਕਿ ਇਹ ਨਾਕਾਫੀ ਹੈ।

ਕਮਿਊਨਿਸਟ ਇਨਕਲਾਬੀ ਜਮਹੂਰੀ ਤੇ ਲੋਕਪੱਖੀ ਸ਼ਕਤੀਆਂ ਵੱਲੋਂ ਆਪਣੀ ਸਮਝ ਨੂੰ ਹੋਰ ਵੱਧ ਨਿਖਾਰਦਿਆਂ,ਇਕਜੁੱਟ ਕਰਦਿਆਂ ਬਦਲਵੇਂ ਲੋਕਪੱਖੀ ਪ੍ਰਚਾਰ ਮਾਧਿਅਮਾਂ ਦਾ ਨੈੱਟਵਰਕ ਸਥਾਪਤ ਕਰਨਾ ਚਾਹੀਦਾ ਹੈ।

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 
98764-42052

Thursday, January 31, 2013

ਕਵਿਤਾ ਤੋਂ ਪਰੇ ‘ਇੱਕ ਪਾਸ਼ ਇਹ ਵੀ’

ਪਾਸ਼ ਬਾਰੇ ਲਿਖਣਾ ਜਾਂ ਗੱਲ ਤੋਰਨੀ ਆਪਣੇ ਆਪ ਵਿਚ ਬਹੁਤ ਵੱਡੀ ਗੱਲ ਹੈ। ਜਿਹਨਾਂ ਦਿਨਾਂ ਵਿਚ ਮੈਂ ਪੈਦਾ ਹੋਇਆ ਉਹ ਉਹਨੀਂ ਦਿਨੀਂ ਜਿਸਮਾਨੀ ਤੌਰ ’’ਤੇ ਜਹਾਨੋਂ ਰੁਖ਼ਸਤ ਹੋ ਚੁੱਕਿਆ ਸੀ। ਪਰ ਫਿਰ ਵੀ ਇਹ ਪਾਸ਼ ਹੀ ਸੀ ਜੋ ਅੱਜ ਸਾਡੇ ਮਨਾਂ ਵਿੱਚ ਹੈ ਦਾ ਸੰਕਲਪ ਧਾਰੀ ਬੈਠਾ ਹੈ। ਪੰਜਾਬੀ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਮੈਂ ਪਾਸ਼ ਬਾਰੇ ਸਿਰਫ਼ ਸੁਣਿਆ ਹੀ ਸੀ ਜਾਂ ਕਹਿ ਲਵੋ ਕੁਝ ਕਵਿਤਾਵਾਂ ਆਪਣੇ ਕਾਮਰੇਡ ਆੜੀਆਂ ਦੀ ਸੰਗਤ ਵਿਚ ਪੜੀਆਂ ਵੀ ਹੋਣ। ਪਰ ਉਦੋਂ ਪਾਸ਼ ਮੇਰੇ ਲਈ ਇੱਕ ਸਾਧਾਰਨ ਕਵੀ ਹੀ ਸੀ।

ਇਸ ਲਈ ਮੈਂ ਕਈ ਵਾਰ ਸੋਚਦਾ ਹੁੰਦਾ। ਉਦੋਂ ਮੈਂ ਉਸਦੇ ਉਬਾਲਿਆ ਨੂੰ ਦੇਖਿਆ ਹੀ ਸੀ ਪਰ ਸੂਖਮਤਾਂ ਦੀਆਂ ਪਰਤਾਂ ਅੱਜ ਮੇਰੇ ਸਾਹਮਣੇ ਹਨ। ਜੋ ਪਰਤ-ਦਰ-ਪਰਤ ਖੁੱਲ ਰਹੀਆਂ ਹਨ।
ਪਾਸ਼ (ਵਿੱਗ ਪਾ ਕੇ ) ਅਤੇ ਦੋਸਤ ਮਿੱਤਰ ----(ਫੋਟੋ ਪਾਸ਼ ਬਲੌਗ ਤੋਂ)

ਯੂਨਿਵਰਸਿਟੀ ’ਚ ਬੱਲ ਬਾਬਾ (ਗੁਰਦਿਆਲ ਬੱਲ) ਦੀ ਬੈਠਕ ਵਿੱਚ ਪਾਸ਼ ਉੱਭਰਿਆ। ਜਦੋਂ ਉਸਨੇ ਗਾਲ੍ਹ ਕੱਢ ਕੇ (ਆਮ ਤੌਰ ’’ਤੇ ਬੱਲ ਬਾਬਾ ਜਿਹਨਾਂ ਨੂੰ ਪਿਆਰ ਕਰਦਾ ਉਹਨਾਂ ਨੂੰ ਹੀ ਗਾਲ੍ਹਾਂ ਕੱਢਦੈ) ਕਹਿੰਦਾ ਪਾਸ਼ ਕੁੜੀ...ਚੋ... ਬੰਦਾ ਥੋੜੀ ਸੀ। ਟੇਡਾ, ਬਿਗੜਿਆ, ਅੜਬ, ਉਂਝ ਮੋਮ ਵਰਗਾ ਦੁਆਬੀਆ ਜੱਟ ਸੀ। ਉਹ ਜੋ ਧਾਰਦਾ ਕਰਦਾ। ਜ਼ਿੰਦਗੀ ਦੇ ਅਰਥ ਲੱਭਣ ਤੁਰਿਆ ਹੋਇਆ ਬੰਦਾ ਸੀ। ਫਿਰ ਜਗਿਆਸਾ ਆਪਣੇ ਸਿਖ਼ਰ ’’ਤੇ ਪਹੁੰਚੀ ਤੇ ਪਾਸ਼ ਨੇ ਪੜ੍ਹਨਾ ਸ਼ੁਰੂ ਕੀਤਾ। ਉਸਦੀ ਕਵਿਤਾ ਪੜੀ ਪਰ ਕਾਮਰੇਡਾ ਵਾਂਗ ਰੱਟਾ ਨਹੀਂ ਮਾਰਿਆ। ਚਿੱਠੀਆਂ ਪੜੀਆਂ ਤੇ ਸੁਆਲ ਖੜੇ ਹੋਏ।

ਮੈਨੂੰ ਪਾਸ਼ ਦੀ ਕਵਿਤਾ ਨਾਲੋਂ ਉਸਦੀ ਜ਼ਿੰਦਗੀ ਅਤੇ ਸੋਚਣ ਦੇ ਤਰੀਕੇ ਅਤੇ ਜਿਊਣ ਦੇ ਸਲੀਕੇ ਨੇ ਜ਼ਿਆਦਾ ਪ੍ਰਭਾਵਿਤ ਕੀਤਾ। ਹਾਲਾਂਕਿ ਰਜਿੰਦਰ ਰਾਹੀ ਦੀ ਕਿਤਾਬ ‘ਜਿੱਥੇ ਪਾਸ਼ ਰਹਿੰਦਾ ਹੈ’’’ ਨੂੰ ਉਸਦੀ ਵਿਚਾਰਧਾਰਾ ਦੇ ਉਲਟ ਗਰਦਾਨਿਆਂ ਗਿਆ ਹੈ। ਪਰ ਰਾਜਿੰਦਰ ਰਾਹੀ ਨੇ ਵੀ ਉਸਦੀ ਸੂਖਮਤਾਂ ਨੂੰ ਪ੍ਰਤੱਖ ਕੀਤਾ। ਮੈਨੂੰ ਲੱਗਦਾ ਇਹ ਪੰਜਾਬੀਆਂ ਦੀ ਤ੍ਰਾਸਦੀ ਰਹੀ ਜਿੱਥੇ ਸੂਖਮਤਾਂ ਨੂੰ ਮਨਫੀ ਕਰਕੇ ਦੇਖਿਆ ਜਾਂਦਾ ਰਿਹਾ ਹੈ। ਪਾਸ਼ ਕੋਲ ਪੰਜਾਬੀ ਸੁਭਾਅ ਦੀ ਅਣਖ ਤੋਂ ਇਲਾਵਾ ਸੂਖਮਤਾਂ ਵੀ ਸੀ। ਜ਼ਿੰਦਗੀ ਨਾਲ ਮੁਹੱਬਤ ਤੇ ਪ੍ਰਕਿਰਤੀ ਨਾਲ ਅਥਾਹ ਸਾਂਝ ਵੀ ਝਲਕਦੀ ਸੀ।

ਸਮਸ਼ੇਰ ਸੰਧੂ ਦੀ ਪਿਛਲੇ ਦਿਨੀਂ ਛਪੀ ਕਿਤਾਬ ‘‘’ਇੱਕ ਪਾਸ਼ ਇਹ ਵੀ’’’ ਮੇਰੇ ਹਥਲੇ ਲੇਖ ਦੇ ਲਿਖਣ ਦਾ ਇੱਕ ਕਾਰਨ ਹੈ। ‘‘’ਇੱਕ ਪਾਸ਼ ਇਹ ਵੀ’’’ ਪਾਸ਼ ਦੇ ਸਿਰਫ ਇੱਕ ਕਵੀ ਤੇ ਉਹ ਵੀ ਮਾਰਕਸੀ ਝੁਕਾਅ ਵਾਲੇ ਦੇ ਬਿੰਬ ਨੂੰ ਤੋੜਦੀ ਹੈ।

ਪਾਸ਼ ਇਸ ਕਿਤਾਬ ਰਾਹੀਂ ਮੈਨੂੰ ਲੱਗਦਾ ਇਸ ਰੂਪ ਵਿਚ ਸਾਡੇ ਸਾਹਮਣੇ ਪ੍ਰਤੱਖ ਹੋਇਆ ਕਿ ਉਹ ਸਭ ਤੋਂ ਪਹਿਲਾਂ ਇੱਕ ਅਜਿਹਾ ਵਿਕਾਸਸ਼ੀਲ ਇਨਸਾਨ ਸੀ, ਜੋ ਇੱਕ ਥਾਂ ਖੜ ਨਹੀਂ ਸਕਦਾ ਸੀ। ਉਹ ਇੱਕ ਚਿੰਤਕ ਹੈ ਦੇ ਰੂਪ ਵਿਚ ਸਾਡੇ ਸਾਹਮਣੇ ਦਿ੍ਰਸ਼ਵਾਨ ਹੁੰਦਾ ਹੈ।ਉਸਦੀਆਂ ਚਿੱਠੀਆਂ ਦੀ ਭਾਸ਼ਾ,ਗੱਲ ਕਰਨ ਦਾ ਢੰਗ ਉਸਦੇ ਸੋਚਣ ਦੇ ਬ੍ਰਹਿਮੰਡੀ ਵਰਤਾਰੇ ਨੂੰ ਸਾਡੇ ਸਾਹਮਣੇ ਰੱਖਦੀ ਹੈ। ਜਿਸ ’ਤੇ ਮੈਨੂੰ ਲੱਗਦਾ ਕੋਈ ਵੀ ਕਿੰਤੂ ਨਹੀਂ ਕਰਦਾ ਹੋਵੇਗਾ।

ਇਹ ਪਾਸ਼ ਹੀ ਸੀ ਜਿਸਨੇ ਬੌਧਿਕਤਾ ਦਾ ਪੰਜਾਬੀ ਵਿਚ ਸ਼ਿਖ਼ਰ ਛੂਹਿਆ ਤੇ ਕਦੇ ਵੀ ਉਸਦਾ ਨਾਟਕੀ ਮੰਚਨ ਨਹੀਂ ਕੀਤਾ। ਜੋ ਕਿ ਇਸ ਸਦੀ ਦੇ ਪੰਜਾਬੀ ਅਦਬ ਦਾ ਸਭ ਤੋਂ ਵੱਡਾ ਦੁਖਾਂਤ ਹੈ। ਉਸਦੇ ਮਿੱਤਰ ਮੰਡਲ ਵਿਚ ਬੱਕਰੀਆਂ ਵਾਲੇ ਕਾਮੇ,ਸਮਗਲਰ,ਅਮਲੀ ਅਤੇ ਇੱਥੋਂ ਤੱਕ ਉੱਘੇ ਮਾਰਕਸੀ ਚਿੰਤਕ ਭਗਵਾਨ ਸਿੰਘ ਜੋਸ਼ ਹੁਰੀਂ ਵੀ ਸ਼ਾਮਿਲ ਸਨ।

‘‘ਇੱਕ ਪਾਸ਼ ਇਹ ਵੀ’’ ਕਿਤਾਬ ਦੇ ‘‘ਸੰਨਾਟਾ ਛਾ ਗਿਆ ਪਾਸ਼ ਦੀ ਕਵਿਤਾ ਨਾਲ’’ ਲੇਖ ਵਿਚ ਮੌਜੂਦਾ ਪ੍ਰਬੰਧਕੀ ਸਾਹਿਤ ਦੇ ਝੰਡਾ ਬਰਦਾਰਾ ਨੂੰ ਤਿੱਖੀ ਚੋਭ ਲਾਈ ਹੈ। ਜਿਸਦਾ ਜੁਆਬ ਉਹਨਾਂ ਕੋਲ ਨਹੀਂ ਹੁੰਦਾ ਅਤੇ ਇਸਤੋਂ ਇਲਾਵਾ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਉਹ ਪ੍ਰਬੰਧਕੀ ਸਾਹਿਤਕਾਰਾਂ (ਜਿਹਨਾਂ ਨੂੰ ਫ਼ਿਲਹਾਲ ਵਾਲਾ ਗੁਰਬਚਨ ਸਾਹਿਤ ਦੇ ਜਥੇਦਾਰ ਕਹਿ ਕੇ ਮੁਖਾਤਿਬ ਹੁੰਦਾ ਹੈ) ਤੋਂ ਨਿਖੇੜਦਾ ਹੈ। ਪਾਸ਼ ਦੀ ਜੇਲ ਵਿਚ ਦੀਵਾਲੀ ’ਤੇ ਕੀਤੀ ਠੂਹ-ਠਾਹ ਉਸਦੀ ਮਾਨਸਿਕ ਪ੍ਰੋੜਤਾ ਦੇ ਸਿਖਰ ਨੂੰ ਛੂੰਹਦੀ ਹੈ। ਉੱਥੇ ਉਸਦੀ ਇਸ ਵਾਰੇ ਘਰਦਿਆਂ ਨੂੰ ਲਿਖੀ ਚਿੱਠੀ ਕਿਸੇ ਵੀ ਬੰਦੇ ਨੂੰ ਰਵਾਉਣ ਦੀ ਸਮਰੱਥਾ ਰੱਖਦੀ ਹੈ।

ਇਹ ਪਾਸ਼ ਹੀ ਹੈ ਜੋ ਇਕੋ ਸਮੇਂ ਕਈ ਪ੍ਰਸਥਿਤੀਆਂ ਦੇ ਸਨਮੁੱਖ ਹੋ ਕੇ ਵਿਚਾਰਦਾ ਹੈ। ਜਿੱਥੇ ਉਹ ਖੁੱਲ ਕੇ ਆਪਣੇ ਇਸ਼ਕਾਂ ਦੀ ਗੱਲ ਕਰਦਾ ਹੈ। ਉੱਤੇ ਆਪਣੇ ਮਿੱਤਰਾਂ ਨਾਲ ਲੜਦਾ, ਬਹਿਸਦਾ ਕਈ ਵਾਰ ਅੱਤ ਭਾਵੁਕ ਹੋ ਕੇ ਕੋਟੇ (ਰਿਵਾਲਵਰ) ਨਾਲ ਫਾਇਰ ਵੀ ਕਰ ਦਿੰਦਾ ਹੈ। ਆਰਥਿਕ ਕਾਰਨਾਂ ਕਰਕੇ ਮਿਲਖਾ ਸਿੰਘ ਦੀ ਜੀਵਨੀ ਲਿਖਦਾ ਹੈ। ਉੱਥੇ ਜਸਵੰਤ ਕੰਵਲ ਦੇ ਰੇਖਾ-ਚਿੱਤਰ ਰਾਹੀਂ ਵਾਰਤਕ ਦੇ ਸਿਖਰ ਤੇ ਬਲਵੰਤ ਗਾਰਗੀ ਹੁਰਾਂ ਤੋਂ ਵੀ ਅੱਗੇ ਨਿਕਲ ਕੇ ਆਉਦਾ ਹੈ।

ਪਰ ਸਭ ਤੋਂ ਵੱਡੀ ਗੱਲ ਜੋ ਕਿ ਇਸ ਪੁਸਤਕ ਦੀ ਵਾਰ-ਵਾਰ ਅੱਗੇ ਨਿਕਲ ਕੇ ਆਉਦੀ ਹੈ। ਉਹ ਪਾਸ਼ ਦਾ ਲਿਖਿਆ ਲੇਖ ‘‘ਹੁਸਨ...ਖੂਬਸੂਰਤੀ...ਸੁੰਦਰ ਹੈ! ਜਿਸਨੂੰ ਮੈਂ ਵਾਰ-ਵਾਰ ਪੜਿਆ ਤੇ ਸਾਰੀ ਰਾਤ ਜਾਗਦਾ ਰਿਹਾ ਤੇ ਸੋਚਦਾ ਰਿਹਾ ਕਿ ਪਾਸ਼ ਸਾਡਾ ਹੈ..

ਸਾਡੇ ਸਮਿਆਂ ਦਾ ਪਾਸ਼ ਜਿਸਨੂੰ ਮਨੁੱਖ ਦੇ ਆਦਿ ਤੋਂ ਬਾਅਦ ਦੀ ਸਮੁੱਚੀ ਬੌਧਿਕਤਾ ਦਾ ਲੇਪ ਚੜ ਚੁੱਕਿਆ ਹੈ। ਜਿਸ ਕੋਲ ਮਨੁੱਖ ਲਈ ਛੱਡਣ ਲਈ ਸਵਾਲ ਹੀ ਨਹੀਂ ਸਨ। ਬਲਕਿ ਅਣਸੁਲਝੇ ਸਵਾਲਾਂ ਦੇ ਜਵਾਬ ਵੀ ਪਾਸ਼ ਰੱਖਦਾ ਸੀ। ਫਿਰ ਵੀ ਪਾਸ਼ ਅੱਜ ਵੀ ਇੱਕ ਇਨਕਲਾਬੀ ਕਵੀ ਹੈ। ਸਿਰਫ ਗਰਮ ਖੱਬੇਪੱਖੀਆਂ ਦੀ ਧਰੋਹਰ। ਮੈਨੂੰ ਲੱਗਦਾ ਪਾਸ਼ ਇਸਤੋਂ ਬਹੁਤ ਵੱਡਾ ਹੈ। ਅਕਾਸ਼ ਦੀ ਤਰਾਂ ਹਿਸਾਬ ਦੇ ਇਨਫਾਂਇਟ ਦੀ ਤਰਾਂ ਜਿਸਦਾ ਹਿਸਾਬ ਹੋ ਹੀ ਨਹੀਂ ਸਕਦਾ। ਅੱਜ ਮੈਨੂੰ ਲੱਗਦਾ ਪਾਸ਼ ਨੂੰ ਉਸਦੀ ਕਵਿਤਾ ਤੋਂ ਅੱਗੇ ਹੋ ਕੇ ਵੇਖਣਾ ਬਣਦਾ ਹੈ। ਉਸਦੀਆਂ ਹੋਰ ਰਚਨਾਵਾਂ ਰਾਹੀਂ, ਜਿਸ ਲਈ ਸਮਸ਼ੇਰ ਸੰਧੂ ਵਧਾਈ ਦਾ ਪਾਤਰ ਹੈ। ਜਿਸਨੇ ਪਾਸ਼ ਦੀ ਬ੍ਰਹਿਮੰਡੀ ਸ਼ਖਸ਼ੀਅਤ ਨੂੰ ਸਾਡੇ ਰੂਬਰੂ ਕੀਤਾ।

ਇਹ ਕਿਤਾਬ ਮੈਨੂੰ ਲੱਗਦਾ ਸਿਰਫ ਪੰਜਾਬੀ ਦੇ ਪਾਠਕਾਂ ਲਈ ਹੀ ਨਹੀਂ ਹੈ। ਇਹ ਬਾਬੇ ਨਾਨਕ ਦੇ ਉੱਜੜ ਜਾਓ ਦੇ ਸੰਕਲਪ ਨੂੰ ਧਾਰਦੀ ਕਿਤਾਬ ਹੈ। ਖ਼ਾਸ ਤੌਰ ’ਤੇ ਪਾਸ਼ ਦਾ ਲਿਖਿਆ ‘‘ਹੁਸਨ...ਖੂਬਸੂਰਤੀ...ਸੁੰਦਰਤਾ’’ ਲੇਖ ਜੋ ਪੰਜਾਬੀ ਅਦਬ ਦਾ ਸਿਖ਼ਰ ਹੈ ਅਤੇ ਯੂਨਿਵਰਸਿਟੀਆਂ ਵਿਚ ਪੰਜਾਬੀ ਸਾਹਿਤ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਇਕ ਜੁਆਬ।

ਜਰਮਨ ਫਿਲਾਸਫੀ ਨੂੰ ਰਟਣਾ ਅਤੇ ਬੌਧਿਕਤਾ ਨੂੰ ਪ੍ਰਮਣਿਤ ਕਰਨਾ ਬੋਧਿਕਤਾ ਨਹੀਂ ਹੁੰਦੀ। ਬਲਕਿ ਬੌਧਿਕਤਾ ਹਰ ਸਾਹਿਤ ਦੀ ਰੂਹ ਵਿਚ ਹੁੰਦੀ ਹੈ। ਜਿਨਾਂ ਚਿਰ ਸਾਡੇ ਕੋਲ ਪਾਸ਼ ਅਤੇ ਉਸ ਵਰਗੀਆਂ ਹੋਰ ਲਿਖਤਾਂ ਹਨ। ਉਨਾਂ ਚਿਰ ਪੱਛਮੀ ਚਿੰਤਨ ਬਾਅਦ ਦੀ ਗੱਲ ਹੈ। ਕਿਉਕਿ ਜਿਸ ਧਰਤੀ ’ਤੇ ਤੁਸੀਂ ਸਾਹ ਲੈਂਦੇ ਹੋ ਉਸਦੀ ਮਿੱਟੀ ਵਿੱਚੋ ਉਪਜਿਆ ਇਕ ਸੱਚਾ ਸ਼ਬਦ ਵਿਆਪਕ ਅਰਥ ਦਿੰਦਾ ਹੈ। ਫਿਰ ਪਾਸ਼ ਦੀ ਲਿਖਤ ਉਸਨੂੰ ਹੋਰ ਵੀ ਵਿਆਪਕ ਕਰ ਦਿੰਦੀ ਹੈ। ਜੋ ਸਮਾਜਿਕ, ਰਾਜਨਿਤਕ ਦੇ ਨਾਲ ਅਤਿਅੰਤ ਸੂਖ਼ਮ ਵੀ ਹੈ। ਜਿਸਦੀਆਂ ਪਰਤਾਂ ਨੂੰ ਫਰੋਲਣਾ ਅਤੇ ਹੋਰ ਵਿਆਪਕ ਬਣਾਉਣਾ ਸਾਡੀ ਪੀੜੀ ਦਾ ਕੰਮ ਹੈ। ਜਿਸਦੇ ਲਈ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਜੁਆਬਦੇਹ ਵੀ ਹੋਵਾਂਗੇ।

ਤਰਨਦੀਪ ਦਿਓਲ 
Mob. 9914900729
Email--tarandeol87@gmail.com

ਪੱਤਰਕਾਰੀ ਲਈ ਕੋਈ ਵਿੱਦਿਅਕ ਯੋਗਤਾ ਲਾਜ਼ਮੀ ਕਿਉਂ ਨਹੀਂ?


ਮੇਰੇ ਨਾਂ ਪਿੱਛੇ ਇਕ ਛੋਟੀ ਜਿਹੀ ਸੱਚੀ ਕਹਾਣੀ ਹੈ। ਸਾਡੇ ਸ਼ਹਿਰ 'ਚ ਬੱਚਿਆਂ ਦਾ ਇਕ ਮਸ਼ਹੂਰ ਡਾਕਟਰ ਹੋਇਆ ਕਰਦਾ ਸੀ ਜਿਸਦਾ ਨਾਂ ਸੀ ਨਰਿੰਦਰ ਪਾਲ ਸਿੰਘ। ਬਹੁਤ ਹੀ ਕਾਬਲ, ਯੋਗਤਾ-ਭਰਪੁਰ ਤੇ ਕੰਮ ਪ੍ਰਤੀ ਸਮਰਪਿਤ ਪਰ ਸੁਭਾਅ ਪੱਖੋਂ ਥੋੜ੍ਹਾ ਗੁੱਸੇਖੋਰ ਤੇ ਨਿਯਮਾਂ ਦਾ ਪੱਕਾ ਡਾਕਟਰ ਸੀ। ਖੈਰ, ਇਹ ਸਾਰੀਆਂ ਵਿਸ਼ੇਸ਼ਤਾਵਾਂ ਤਾਂ ਮੇਰੇ 'ਚ ਨਹੀਂ ਪਰ ਮੇਰੀ ਅੰਮੀਂ ਦੱਸਦੀ ਹੁੰਦੀ ਹੈ ਕਿ ਉਸ ਡਾਕਟਰ ਤੋਂ ਪ੍ਰਭਾਵਿਤ ਹੋ ਕੇ ਹੀ ਮੇਰਾ ਨਾਂ ਰੱਖਿਆ ਗਿਆ ਸੀ 'ਨਰਿੰਦਰ ਪਾਲ ਸਿੰਘ'। ਬਚਪਨ 'ਚ ਮੈਂ ਇਸ ਡਾਕਟਰ ਸਾਹਿਬ ਦਾ ਬੀਮਾਰ-ਠਿਮਾਰ ਹੋਣ 'ਤੇ ਮਰੀਜ਼ ਵੀ ਰਿਹਾ ਹਾਂ। ਨਰਿੰਦਰ ਪਾਲ ਸਿੰਘ ਨਾਂ ਰੱਖਣਾ ਹੀ ਮੇਰੇ ਪਰਿਵਾਰ ਦਾ ਮਕਸਦ ਨਹੀਂ ਸੀ ਸ਼ਾਇਦ ਮੈਨੂੰ ਡਾਕਟਰ ਬਣਿਆਂ ਦੇਖਣਾ ਚਾਹੁੰਦੇ ਹੋਣਗੇ ਮੇਰੇ ਪਰਿਵਾਰ ਵਾਲੇ! ਇਸ ਗੱਲ ਦਾ ਇਲਮ ਤਾਂ ਨਹੀਂ ਮੈਨੂੰ ਪਰ ਲੱਗਦੈ ਨਾਂ ਰੱਖਣ ਪਿੱਛੇ ਇੱਛਾ ਇਹੀ ਰਹੀ ਹੋਵੇਗੀ ਮੇਰੀ ਅੰਮੀਂ ਦੀ? ਇਹ ਸਾਰੀ ਕਹਾਣੀ ਦੱਸਣ ਦਾ ਮੇਰਾ ਸਿਰਫ ਇਹੀ ਮਕਸਦ ਸੀ ਕਿ ਮੈਂ ਬਚਪਨ ਤੋਂ ਹੀ ਬਹੁਤ ਔਸਤ ਦਰਜੇ ਦਾ ਵਿਦਿਆਰਥੀ ਰਿਹਾ ਹਾਂ ਅਤੇ ਡਾਕਟਰ ਬਣਨ ਲਈ ਨਾ ਤਾਂ ਮੈਂ ਵਿਦਿਅਕ ਯੋਗਤਾ ਲੈ ਸਕਣ ਦੇ ਕਾਬਿਲ ਸੀ ਅਤੇ ਨਾ ਹੀ ਮੈਂ ਰਾਤਾਂ ਨੂੰ ਪੜ੍ਹਾਈ ਕਰ ਸਕਦਾ ਸੀ। ਜਿਉਂ-ਜਿਉਂ ਵੱਡੀਆਂ ਕਲਾਸਾਂ 'ਚ ਹੁੰਦੇ ਗਏ, ਇਕ ਵਾਰ ਤਾਂ ਸਿਰਫ ਇਹੀ ਇੱਛਾ ਰਹਿ ਗਈ ਸੀ ਕਿ ਘੱਟੋ-ਘੱਟ ਕਿਸੇ ਬੈਂਕ 'ਚ ਕਲਰਕ ਦੀ ਨੌਕਰੀ ਹੀ ਮਿਲ ਜਾਵੇ ਤਾਂ ਜ਼ਿੰਦਗੀ ਸੁਖਾਲੀ ਲੰਘ ਜਾਊ ਪਰ ਨਹੀਂ, ਕਿੰਨੇ ਹੀ ਬੈਂਕ ਦੇ ਪੇਪਰ ਦੇਣ ਤੋਂ ਬਾਅਦ ਵੀ ਗੱਲ ਨਹੀਂ ਬਣੀ।

ਬੀ.ਕਾਮ ਦੀ ਪੜ੍ਹਾਈ ਦੌਰਾਨ ਯਾਰਾਂ-ਦੋਸਤਾਂ ਤੋਂ ਸੁਣ ਕੇ ਵਕੀਲ ਬਣਨ ਦਾ ਚਾਅ ਵੀ ਚੜ੍ਹਿਆ ਸੀ ਪਰ ਜਦੋਂ ਵਕੀਲ ਬਣਨ ਲਈ ਪੜ੍ਹੀਆਂ ਜਾਣ ਵਾਲੀਆਂ ਮੋਟੀਆਂ-ਮੋਟੀਆਂ ਕਿਤਾਬਾਂ ਬਾਰੇ ਸੁਣਿਆਂ ਤੇ ਕਿੰਨੇ ਹੀ ਕਾਨੂੰਨ ਯਾਦ ਰੱਖਣ ਸਬੰਧੀ ਪਤਾ ਲੱਗਾ ਤਾਂ ਫੂਕ ਜਿਹੀ ਨਿਕਲ ਗਈ। ਆਖਰ ਕੀ ਕਰੀਏ? ਇਹ ਸਵਾਲ ਕਾਫੀ ਸਮਾਂ ਤੰਗ ਕਰਦਾ ਰਿਹਾ ਪਰ ਬਹੁਤਾ ਫਿਕਰਮੰਦ ਕਦੇ ਨਹੀਂ ਹੋਏ। ਇਕ ਦਿਨ ਕਿਸੇ ਦੂਸਰੇ ਸ਼ਹਿਰ ਤੋਂ ਆਉਂਦੇ ਮੇਰੇ ਸਹਿਪਾਠੀ ਨੇ ਆਪਣੇ ਕਿਸੇ ਮਿੱਤਰ ਲਈ ਮੇਰੇ ਤੋਂ ਕਿਤਾਬਾਂ ਵਾਲੀ ਮਾਰਕਿਟ 'ਚੋਂ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਦਾਖਲਾ ਫਾਰਮ (ਪ੍ਰੋਸਪੈਕਟਸ) ਮੰਗਵਾਇਆ। ਉਸ ਸਮੇਂ ਮੈਨੂੰ ਪਤਾ ਲੱਗਾ ਸੀ ਕਿ ਪੱਤਰਕਾਰੀ ਦੀ ਵੀ ਕੋਈ ਪੜ੍ਹਾਈ ਹੁੰਦੀ ਹੈ। ਲਿਖਣ-ਪੜ੍ਹਨ ਦਾ ਸ਼ੌਕ ਤਾਂ ਪਹਿਲਾਂ ਹੀ ਸੀ। ਕੁਝ ਨਾ ਸੁੱਝਦਾ ਦੇਖ ਕੇ ਤੇ ਬੀ.ਕਾਮ ਤੋਂ ਬਾਅਦ ਇਕ ਸਾਲ 'ਖਰਾਬ' ਕਰ ਲੈਣ ਤੋਂ ਬਾਅਦ ਪ੍ਰਾਈਵੇਟ ਤੌਰ 'ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਪੱਤਰਕਾਰੀ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਭਰ ਦਿੱਤਾ ਸੀ।

ਉਂਝ ਮੈਂ ਖਰਾਬ ਕੀਤੇ ਸਾਲ ਦੌਰਾਨ ਪੰਜਾਬੀ ਦੇ ਇਕ ਅਖਬਾਰ ਲਈ 7-8 ਮਹੀਨੇ ਪੱਤਰਕਾਰੀ ਵੀ ਕਰ ਲਈ ਸੀ। ਮਤਲਬ ਬਿਨਾਂ ਕਿਸੇ ਡਿਗਰੀ, ਯੋਗਤਾ ਤੋਂ ਪੱਤਰਕਾਰ ਪਹਿਲਾਂ ਬਣ ਗਿਆ ਸੀ, ਪੜ੍ਹਾਈ ਬਾਅਦ 'ਚ ਸ਼ੁਰੂ ਕੀਤੀ। ਹੈ ਕੋਈ ਐਸਾ ਕੰਮ ਜਿਸ 'ਚ ਨਾ ਕਿਸੇ ਵਿੱਦਿਅਕ ਯੋਗਤਾ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕੋਈ ਹੋਰ ਖਾਸ ਯੋਗਤਾ ਦੇਖੀ ਜਾਂਦੀ ਹੈ!!! ਇਸ ਸਾਰੀ ਵਿੱਥਿਆ ਪਿੱਛੇ ਮੁੱਖ ਸਵਾਲ ਤਾਂ ਇਹੀ ਵਾਰ-ਵਾਰ ਖੜ੍ਹਾ ਹੁੰਦਾ ਹੈ ਕਿ ਡਾਕਟਰ, ਵਕੀਲ ਜਾਂ ਇੰਜੀਨੀਅਰ ਬਣਨ ਲਈ ਤਾਂ ਖਾਸ ਡਿਗਰੀਆਂ ਤੇ ਯੋਗਤਾਵਾਂ ਦੀ ਜ਼ਰੂਰਤ ਪੈਂਦੀ ਹੈ ਪਰ ਪੱਤਰਕਾਰ ਬਣਨ ਲਈ ਕੋਈ ਖਾਸ ਵਿੱਦਿਅਕ ਯੋਗਤਾ ਦੀ ਜ਼ਰੂਰਤ ਕਿਉਂ ਨਹੀਂ? ਜੋ ਕੁਝ ਨਾ ਕਰ ਸਕਿਆ ਉਹ ਪੱਤਰਕਾਰ ਬਣ ਗਿਆ! ਭਾਰਤੀ ਲੋਕਤੰਤਰ ਦੇ ਚਾਰ ਮੁੱਖ ਥਮਲੇ ਹਨ- ਲੋਕ ਨੁਮਾਇੰਦੇ ਜਾਂ ਕਾਨੂੰਨਸਾਜ਼ (ਸਿਆਸੀ ਹਸਤੀਆਂ), ਅਫਸਰਸ਼ਾਹੀ, ਅਦਾਲਤਾਂ (ਜੱਜ) ਅਤੇ ਮੀਡੀਆ (ਪੱਤਰਕਾਰ)। ਅਫਸਰ ਤੇ ਜੱਜ ਬਣਨ ਲਈ ਖਾਸ ਵਿੱਦਿਅਕ ਯੋਗਤਾ ਤੇ ਮਿਹਨਤ ਦੀ ਲੋੜ ਪੈਂਦੀ ਹਨ। ਲੋਕ ਨੁਮਾਇੰਦਾ ਬਣਨ ਲਈ ਵਿੱਦਿਅਕ ਯੋਗਤਾ ਦੀ ਨਹੀਂ ਤਾਂ ਖਾਸ ਦਾਅਪੇਚਾਂ ਦੀ ਸਮਝ ਹੋਣੀ ਤੇ 'ਹੋਰ ਬਹੁਤ ਕੁਝ' ਹੋਣਾ ਲਾਜ਼ਮੀ ਹੈ ਪਰ ਮੀਡੀਆਕਰਮੀ ਬਣਨ ਲਈ ਨਾ ਤਾਂ ਕੋਈ ਵਿੱਦਿਅਕ ਯੋਗਤਾ ਦੇਖੀ ਜਾਂਦੀ ਹੈ ਅਤੇ ਨਾ ਹੀ ਇਹ ਦੇਖਿਆ ਜਾਂਦਾ ਹੈ ਕਿ ਬਾਕੀ ਤਿੰਨ ਥਮਲਿਆਂ ਨਾਲ ਸਬੰਧਿਤ ਪੱਤਰਕਾਰ ਤਾਲਮੇਲ ਬਿਠਾ ਸਕੇਗਾ ਜਾਂ ਨਹੀਂ।

ਹੁਣ ਮੈਂ ਸਰਗਰਮ ਪੱਤਰਕਾਰੀ ਨਾਲ ਜੁੜਿਆ ਹੋਇਆ ਨਹੀਂ ਹਾਂ ਪਰ ਸਰਗਰਮ ਪੱਤਰਕਾਰਾਂ ਨਾਲ ਰਾਬਤਾ ਰੱਖਣ ਵਾਲੇ ਪੇਸ਼ੇ 'ਚ ਹਾਂ। ਪੱਤਰਕਾਰੀ ਦਾ ਅੱਜਕੱਲ੍ਹ ਮੈਂ ਜ਼ਿਆਦਾ ਨੇੜਿਓਂ ਬਲਾਤਕਾਰ ਹੁੰਦਾ ਦੇਖ ਰਿਹਾਂ ਹਾਂ। ਛੋਟੇ ਕਸਬਿਆਂ/ਸ਼ਹਿਰਾਂ 'ਚ ਤਾਂ ਸਥਿਤੀ ਹੋਰ ਵੀ ਜ਼ਿਆਦਾ ਮਾੜੀ ਹੈ। ਅੱਗੇ ਗੱਲ ਕਰਨ ਤੋਂ ਪਹਿਲਾਂ ਤਿੰਨ ਦਿਲਸਚਪ ਉਦਾਹਰਣਾਂ ਸਾਂਝੀਆਂ ਕਰਾਂਗਾ। ਪਹਿਲੀ। ਨਵਾਂ-ਨਵਾਂ ਪੱਤਰਕਾਰ ਬਣਿਆਂ ਇਕ ਨੌਜਵਾਨ ਮਿਲਿਆ। ਗੱਲਬਾਤ ਤੁਰੀ ਤਾਂ ਪਤਾ ਲੱਗਿਆ ਕਿ ਉਹ ਕਾਂਗਰਸ ਪਾਰਟੀ ਦਾ ਬਲਾਕ ਪੱਧਰ ਦਾ ਕੋਈ ਆਗੂ ਸੀ ਅਤੇ ਸੂਬੇ 'ਚ ਕਾਂਗਰਸ ਦੀ ਸਰਕਾਰ ਨਾ ਬਣਨ ਦੇ 'ਡਰ' ਵੱਜੋਂ ਪੱਤਰਕਾਰ ਬਣ ਗਿਆ ਸੀ।

ਦੂਜੀ। ਵਧੀਕ ਡਿਪਟੀ ਕਮਿਸ਼ਨਰ ਦੀ ਮੀਟਿੰਗ ਦਾ ਇਕ ਪ੍ਰੈੱਸ ਨੋਟ ਈ-ਮੇਲ ਕੀਤਾ। ਦੂਜੇ ਦਿਨ ਇਕ ਪੱਤਰਕਾਰ ਦਾ ਫੋਨ ਆਇਆ ਤੇ ਕਹਿੰਦਾ ਤੁਸੀਂ ਪ੍ਰੈੱਸ ਨੋਟ ਗਲਤ ਭੇਜ ਦਿੱਤਾ ਹੈ। ਮੈਂ ਆਖਿਆ, ਅੱਜ ਤਾਂ ਕੋਈ ਪ੍ਰੈੱਸ ਨੋਟ ਹੀ ਨਹੀਂ ਭੇਜਿਆ। ਕਹਿੰਦਾ, ਉਹ ਜਿਹੜਾ ਮੀਟਿੰਗ ਵਾਲਾ ਭੇਜਿਆ ਸੀ ਉਸ 'ਚ ਤੁਸੀਂ ਡਿਪਟੀ ਕਮਿਸ਼ਨਰ ਦਾ ਨਾਂ ਗਲਤ ਲਿਖ ਦਿੱਤਾ। ਮੈਂ ਕਿਹਾ ਪਰ ਮੈਂ ਤਾਂ ਡਿਪਟੀ ਕਮਿਸ਼ਨਰ ਦਾ ਨਾਂ ਹੀ ਨਹੀਂ ਲਿਖਿਆ ਉਸ ਮੀਟਿੰਗ ਦੀ ਪ੍ਰਧਾਨਗੀ ਤਾਂ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਸੀ। ਪੱਤਰਕਾਰ ਕਹਿੰਦਾ ਪਰ ਭਾਅ ਜੀ ਅੱਗੇ ਤਾਂ ਹਮੇਸ਼ਾਂ ਡਿਪਟੀ ਕਮਿਸ਼ਨਰ ਕਰਦਾ ਹੁੰਦਾ ਏ ਪ੍ਰਧਾਨਗੀ, ਮੈਨੂੰ ਮੁੱਖ ਦਫਤਰ ਵਾਲਿਆਂ ਨੇ ਕਿਹਾ ਏ ਕਿ ਪਤਾ ਕਰਕੇ ਦੱਸ ਖਬਰ ਗਲਤ ਤਾਂ ਨਹੀਂ। ਮੈਂ ਪੁੱਛਿਆਂ ਬਾਈ ਜੀ ਕੀ ਕਮਲੀਆਂ ਗੱਲਾਂ ਕਰੀ ਜਾਂਦੇ ਓ? ਇਹ ਉਹੀ ਪੱਤਰਕਾਰ ਸੀ ਜਿਸਨੇ ਮੈਨੂੰ ਪਹਿਲੀ ਵਾਰ ਮਿਲ ਕੇ ਆਪਣੀ ਦੁਕਾਨ ਦਾ ਵਿਜੀਟਿੰਗ ਕਾਰਡ ਦੇ ਕੇ ਕਿਹਾ ਸੀ ਕਿ 'ਇਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ'।

ਤੀਜੀ। ਕਿਸੇ ਪੱਤਰਕਾਰ ਮਿੱਤਰ ਨੂੰ ਇਕ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਕਿ ਉਹ ਆਪਣੀ ਪੜ੍ਹਾਈ ਦੌਰਾਨ ਹਮੇਸ਼ਾ ਅੱਵਲ ਦਰਜੇ ਦਾ ਵਿਦਿਆਰਥੀ ਰਿਹਾ ਹੈ ਅਤੇ ਆਈ.ਏ.ਐਸ. ਦੀ ਪ੍ਰੀਖਿਆ 'ਚ ਵੀ ਅੱਵਲ ਸੀ। ਆਪਣੇ ਕੰਮ ਪ੍ਰਤੀ ਵੀ ਉਹ ਬਹੁਤ ਜ਼ਿਆਦਾ ਸਮਰਪਿਤ ਹੈ ਪਰ ਕਿੰਨੀ ਨਮੋਸ਼ੀ ਵਾਲੀ ਗੱਲ ਹੈ ਕਿ ਇਕ ਦਸਵੀਂ ਪਾਸ (ਜਾਂ ਫੇਲ੍ਹ) ਪੱਤਰਕਾਰ ਉਸਨੂੰ ਕਈ ਮਾਮਲਿਆਂ 'ਚ ਇੰਝ ਸਵਾਲ ਕਰਨਗੇ ਜਿਵੇਂ ਸਾਰੀ ਗਲਤੀ ਡਿਪਟੀ ਕਮਿਸ਼ਨਰ ਦੀ ਹੀ ਹੋਵੇ। ਸਲਾਹਾਂ ਵੀ ਇੰਝ ਦੇਣਗੇ ਜਿਵੇਂ ਜ਼ਿਲਾ ਅਧਿਕਾਰੀ ਸਿਰੇ ਦੇ ਨਿਕੰਮੇ ਤੇ ਬੁੱਧੂ ਹਨ। ਉਨ੍ਹਾਂ ਦੱਸਿਆ ਕਿ ਇਕ ਵਾਰ ਤਲਖੀ 'ਚ ਉਨ੍ਹਾਂ ਇਕ ਪੱਤਰਕਾਰ ਨੂੰ ਆਖ ਦਿੱਤਾ ਸੀ ਪਹਿਲਾਂ ਆਪਣੀ ਡਿਗਰੀ ਲਿਆ ਕੇ ਦਿਖਾਈ ਫੇਰ ਗੱਲ ਕਰੀਂ ਤੇ ਅੱਜ ਤੱਕ ਉਨ੍ਹਾਂ ਕਿਸੇ ਪ੍ਰੈੱਸ ਕਾਨਫਰੰਸ 'ਚ ਉਸ ਪੱਤਰਕਾਰ ਨੂੰ ਦੇਖਿਆ ਤੱਕ ਨਹੀਂ। ਇਕ ਉਦਾਹਰਣ ਹੋਰ। ਆਚਾਰ ਦਾ ਕੰਮ ਕਰਦੇ ਮੇਰੇ ਇਕ ਦੋਸਤ ਕੋਲ ਕਿਸੇ ਚੈਨਲ ਦਾ ਪੱਤਰਕਾਰ ਦੱਸਕੇ ਆਇਆ ਇਕ ਬੰਦਾ ਕਹਿੰਦਾ ਮੈਂ ਚੈਕਿੰਗ ਕਰਨੀ ਹੈ ਤੁਹਾਡੇ ਮਾਲ ਦੀ ਅਤੇ ਡਰਦਿਆਂ ਮੇਰੇ ਦੋਸਤ ਨੇ ਉਸਨੂੰ ਪੰਜ ਸੌ ਰੁਪਿਆ ਦੇ ਦਿੱਤਾ ਸੀ। ਮੈਨੂੰ ਇਹ ਗੱਲ ਉਸ ਨੇ ਬਹੁਤ ਦੇਰ ਬਾਅਦ ਦੱਸੀ ਤੇ ਮੈਨੂੰ ਸੁਣਕੇ ਉਸ 'ਤੇ ਗੁੱਸਾ ਵੀ ਆਇਆ ਤੇ ਅਖੌਤੀ ਪੱਤਰਕਾਰ ਦੇ ਗੋਡੇ ਭੰਨ੍ਹਣ ਦਾ ਤਾਅ ਵੀ ਚੜ੍ਹਿਆ। ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਦਰਅਸਲ ਪੱਤਰਕਾਰੀ ਨੂੰ ਅਸੀਂ ਜਿੰਨੀ ਹਲਕੀ ਪੱਧਰ 'ਤੇ ਲੈਂਦੇ ਹਾਂ ਇਹ ਮਸਲਾ ਓਨਾ ਹੀ ਗੰਭੀਰ ਹੈ। ਜਣਾ-ਖਣਾ ਪੱਤਰਕਾਰ ਬਣ ਜਾਣ ਨਾਲ ਇਸ ਪੇਸ਼ੇ 'ਚ ਅੰਤਾਂ ਦਾ ਨਿਘਾਰ ਆਇਆ ਹੈ। ਮੈਨੂੰ ਇਹ ਗੱਲ ਵੀ ਅੱਜ ਤੱਕ ਸਮਝ ਨਹੀਂ ਪੈ ਰਹੀ ਕਿ ਜਦੋਂ ਪੱਤਰਕਾਰੀ ਨਾਲ ਸਾਡਾ ਸਭ ਦਾ ਵਾਸਤਾ ਹੈ ਤਾਂ ਇਸ ਨੂੰ ਸਕੂਲੀ ਪੱਧਰ ਤੋਂ ਪੜ੍ਹਾਈ ਦਾ ਹਿੱਸਾ ਕਿਉਂ ਨਹੀਂ ਬਣਾਇਆ ਜਾ ਰਿਹਾ। ਬਹੁਤਿਆਂ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਪੱਤਰਕਾਰ ਦੇ ਅਧਿਕਾਰ ਤੇ ਜ਼ਿੰਮੇਵਾਰੀਆਂ ਕੀ ਹਨ। ਕਾਰਜ ਖੇਤਰ ਕੀ ਹੈ। ਪੱਤਰਕਾਰ ਕੀ-ਕੀ ਕਰ ਸਕਦਾ ਹੈ ਤੇ ਖਬਰ ਲਗਵਾਉਣ ਲਈ ਪੱਤਰਕਾਰਾਂ ਨੂੰ ਪੈਸੇ ਦੇਣੇ ਹੁੰਦੇ ਹਨ ਜਾਂ ਨਹੀਂ। ਬਹੁਤੇ ਲੋਕਾਂ ਨੇ ਤਾਂ ਆਪਣਾ ਕੰਮ-ਧੰਦਾ ਚਮਕਾਉਣ ਲਈ ਵੀ ਪੱਤਰਕਾਰੀ ਦੀ ਆੜ ਲਈ ਹੋਈ ਹੈ। ਹਰ ਬੰਦਾ ਰੋਜ਼ ਸਵੇਰੇ ਅਖਬਾਰ ਪੜ੍ਹਦਾ ਹੈ ਪਰ ਅਖਬਾਰੀ ਪ੍ਰਕਿਰਿਆ ਬਾਰੇ ਬਹੁਤਿਆਂ ਨੂੰ ਉੱਕਾ ਹੀ ਜਾਣਕਾਰੀ ਨਹੀਂ ਹੈ ਕਿ ਖਬਰ ਕਿਵੇਂ ਲਿਖੀ ਤੇ ਭੇਜੀ ਜਾਂਦੀ ਹੈ, ਕਿਵੇਂ ਐਡਿਟ ਹੁੰਦੀ ਹੈ ਤੇ ਕਿਵੇਂ ਛਪਦੀ ਹੈ। ਕੀ ਪਾਠਕਾਂ ਨੂੰ ਇਸ ਪ੍ਰਕਿਰਿਆ ਦੀ ਮੁੱਢਲੀ ਜਾਣਕਾਰੀ ਨਹੀਂ ਹੋਣੀ ਚਾਹੀਦੀ? ਕਿਉਂ ਨਾ ਪੱਤਰਕਾਰੀ ਨੂੰ ਸਕੂਲੀ ਪੱਧਰ ਤੋਂ ਹੀ ਵਿੱਦਿਅਕ ਕੋਰਸਾਂ ਦਾ ਹਿੱਸਾ ਬਣਾਇਆਂ ਜਾਵੇ?

ਇਕ ਗੱਲ ਤਾਂ ਬਹੁਤ ਸਪੱਸ਼ਟ ਹੈ ਕਿ ਇਸ ਖੇਤਰ 'ਚ ਸੁਧਾਰ ਤਾਂ ਹੀ ਆ ਸਕਦਾ ਹੈ ਜੇਕਰ ਕੋਈ ਸਖਤ ਕਦਮ ਚੁੱਕੇ ਜਾਣ। ਕਿਉਂ ਨਾ ਕੋਈ ਅਜਿਹੀ ਸੰਸਥਾ ਬਣਾਈ ਜਾਵੇ ਜੋ ਪੱਤਰਕਾਰੀ ਦੇ ਪੇਸ਼ੇ 'ਚ ਆਉਣ ਤੋਂ ਪਹਿਲਾਂ ਲਾਇਸੰਸ ਜਾਰੀ ਕਰੇ। ਇਹ ਲਾਇਸੰਸ ਸਿਰਫ ਵਿੱਦਿਅਕ ਯੋਗਤਾ ਪੂਰੀ ਕਰਨ ਵਾਲੇ ਤੇ ਸਿਖਲਾਈ ਪ੍ਰਾਪਤ ਪੱਤਰਕਾਰਾਂ ਦੇ ਹੀ ਜਾਰੀ ਹੋਣ। ਜਿਵੇਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਬਾਰ ਕੌਂਸਲ ਆਫ ਇੰਡੀਆ ਵਕੀਲ ਦੀ ਪ੍ਰੈਕਟਿਸ ਕਰਨ ਲਈ ਲਾਇਸੰਸ ਜਾਰੀ ਕਰਦੀ ਹੈ ਤੇ ਅਦਾਲਤਾਂ ਮੁਕੱਦਮੇ ਲੜਨ ਲਈ ਸਿਰਫ ਉਨ੍ਹਾਂ ਵਕੀਲਾਂ ਨੂੰ ਹੀ ਆਗਿਆ ਦਿੰਦੀ ਹੈ ਜਿਨ੍ਹਾਂ ਕੋਲ ਲਾਇਸੰਸ ਹੁੰਦਾ ਹੈ, ਇਸੇ ਪ੍ਰਕਾਰ ਪੱਤਰਕਾਰੀ ਦੇ ਪੇਸ਼ੇ ਲਈ ਵੀ ਇਕ ਪੇਸ਼ੇਵਰ ਯੋਗਤਾ ਨਿਰਧਾਰਿਤ ਕੀਤੀ ਜਾਵੇ ਤੇ ਲਾਇਸੰਸਿਗ ਅਥਾਰਟੀ ਬਣਾਈ ਜਾਵੇ। ਡਾਕਟਰ ਬਣਨ ਲਈ ਵੀ ਅਜਿਹੀ ਹੀ ਪ੍ਰਕਿਰਿਆ 'ਚੋਂ ਹੋ ਕੇ ਲੰਘਣਾ ਪੈਂਦਾ ਹੈ, ਫੇਰ ਪੱਤਰਕਾਰਾਂ ਲਈ ਅਜਿਹਾ ਕੋਈ ਪ੍ਰਬੰਧ ਕਿਉਂ ਨਹੀਂ ਹੈ?

ਮੈਂ ਦੋ ਮਾਸਟਰ ਡਿਗਰੀਆਂ (ਪੱਤਰਕਾਰੀ ਤੇ ਪੰਜਾਬੀ ਸਾਹਿਤ) ਕਰਕੇ ਪੱਤਰਕਾਰ ਬਣਿਆਂ ਸੀ ਅਤੇ ਮੇਰੇ ਵਾਂਗ ਹੀ ਇਕ ਨੌਵੀਂ ਪਾਸ ਬੰਦਾ ਵੀ ਪੱਤਰਕਾਰ ਅਖਵਾਉਂਦਾ ਹੈ। ਕੋਈ ਫਰਕ ਹੀ ਨਹੀਂ ਪੜ੍ਹੇ-ਲਿਖੇ ਪੱਤਰਕਾਰ ਤੇ ਦੂਜਿਆਂ ਦਾ? ਹੋਰ ਕਿਸੇ ਪੇਸ਼ੇ 'ਚ ਅਜਿਹਾ ਵਰਤਾਰਾ ਵੇਖਣ ਨੂੰ ਨਹੀਂ ਮਿਲਦਾ! ਵੈਸੇ ਮੈਨੂੰ ਪਤਾ ਲੱਗਿਆ ਸੀ ਕਿ ਡਾ. ਨਰਿੰਦਰ ਪਾਲ ਸਿੰਘ ਅਮਰੀਕਾ 'ਚ ਟਵਿਨ ਟਾਵਰ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਹਲਾਕ ਹੋ ਗਿਆ ਸੀ।

ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਸਰਗਰਮ ਪੱਤਰਕਾਰੀ ਨੂੰ ਤਲਾਕ ਦੇਣ ਤੋਂ ਬਾਅਦ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।